

ਜੰਗ ਦੇ ਮੈਦਾਨ 'ਚੋਂ
ਜੋ ਨਾਲ ਲਿਆਈ ਹੈ
ਬੈਲਟ, ਬੂਟ ਟੋਪੀ ਤੇ
ਵਰਦੀ ਵਰਦੀ ਦੀ ਜੇਬ ਵਿਚ
ਇਕ ਤਸਵੀਰ
ਤੇ ਤਸਵੀਰ ਨੂੰ ਲਿਖਿਆ
ਆਖ਼ਰੀ ਖ਼ਤ
ਜਿਸ ਨੂੰ ਪੋਸਟ ਕਰਨ ਤੋਂ ਪਹਿਲਾਂ ਹੀ
ਸ਼ਹੀਦ ਹੋ ਗਏ ਸਨ
ਲਿਖਣ ਵਾਲੇ ਹੱਥ
ਉਸ ਖ਼ਤ ਨੇ ਲਾਈ ਹੈ
ਫ਼ਿਕਰ ਦੀ ਝੜੀ
ਭੈਣਾਂ ਦੇ ਵਿਆਹ ਦੀ
ਘਰ ਦਾ ਕਰਜ਼ ਲਾਹੁਣ ਦੀ
ਮਾਂ ਦਾ ਇਲਾਜ ਕਰਾਉਣ ਦੀ
ਢਹਿੰਦਾ ਘਰ ਬਨਾਉਣ ਦੀ
ਭਾਈ ਨੂੰ ਨੌਕਰੀ ਦਿਵਾਉਣ ਦੀ
ਤੇ ਤਸਵੀਰ ਲਈ ਹੈ ਖ਼ਤ ਵਿਚ
ਸਿਰਫ਼ ਖ਼ੁਸ਼ਕ ਹੋਠਾਂ ਦਾ ਸਪਰਸ਼
ਗਰਮ ਸਾਹਾਂ ਦੀ ਮਹਿਕ
ਉਹ ਨਹੀਂ ਆਇਆ
ਪਰ ਆ ਗਿਆ ਹੈ
ਲੋਕਾਂ ਦੀ ਹਮਦਰਦੀ ਦਾ ਹੜ੍ਹ
ਉਡ ਗਈ ਹੈ
ਅੱਖਾਂ ਦੀ ਨਰਮ ਘਾਹ 'ਚੋਂ
ਅੱਥਰੂਆਂ ਦੀ ਤਰੇਲ
ਠੰਡੀ ਹੋ ਗਈ ਹੈ
ਟੁੱਟੇ ਤਾਰੇ ਦੀ ਚਿਖ਼ਾ
ਉਹ ਨਹੀਂ ਆਇਆ ਹੈ
ਪਰ ਤਸਵੀਰ ਦੇ ਨਾਂ ਕਰ ਗਿਆ ਹੈ
ਅੱਥਰੂਆਂ ਦਾ ਸੈਲਾਬ
ਅਧੂਰੇ ਸੁਪਨਿਆਂ ਦਾ ਸੰਤਾਪ
'ਸ਼ਹੀਦ ਦੀ ਪਤਨੀ' ਦਾ ਖ਼ਿਤਾਬ
ਵਿਧਵਾ ਜੂਨ ਦਾ ਸਰਾਪ
ਫੜਾ ਗਿਆ ਹੈ ਹੱਥ ਵਿਚ