ਸੂਚੀ
ਅਮਰੀਕਾ ਵਿੱਚ
ਪੀਲ਼ੇ ਦੈਂਤ ਦਾ ਸ਼ਹਿਰ
ਉਕਸਾਹਟ ਦੀ ਸਲਤਨਤ
ਭੀੜ
ਮੇਰੀਆਂ ਮੁਲਾਕਾਤਾਂ
ਗਣਰਾਜ ਦਾ ਇੱਕ ਬਾਦਸ਼ਾਹ
ਸ੍ਰਿਸ਼ਟਾਚਾਰ ਦਾ ਇੱਕ ਉਪਦੇਸ਼ਕ
ਜ਼ਿੰਦਗੀ ਦੇ ਮਾਲਕ
ਲੇਖ
ਇੱਕ ਅਮਰੀਕੀ ਰਸਾਲੇ ਵੱਲੋਂ ਪ੍ਰਾਪਤ ਹੋਏ ਸੁਆਲਨਾਮੇ ਦਾ ਜੁਆਬ
ਬੁਰਜੂਆ ਪ੍ਰੈੱਸ
ਨੀਗਰੋ ਮਜ਼ਦੂਰਾਂ ਦੇ ਵਿਰੁੱਧ
ਅਮਰੀਕਾ ਵਿੱਚ ਪੂੰਜੀਵਾਦੀ ਦਹਿਸ਼ਤ
“ਸੱਭਿਆਚਾਰ ਦੇ ਸੁਆਮੀਓ" ਤੁਸੀਂ ਕਿਸ ਪਾਸੇ ਹੋ?
ਅਮਰੀਕਾ ਦੇ ਪੱਤਰਕਾਰਾਂ ਨੂੰ ਜੁਆਬ
ਚਿੱਠੀਆਂ
ਖਾਣ-ਪੁੱਟਾਂ ਦੀ ਪੱਛਮੀ ਫੈਡਰੇਸ਼ਨ ਦੇ ਆਗੂਆਂ ਵਿਲੀਅਮ ਡੀ. ਹੇਅਵੁਡ ਅਤੇ ਚਾਰਲਸ ਮੋਏਰ ਨੂੰ
ਨਿਊਯਾਰਕ ਦੀਆਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ
ਐਲ. ਬੀ. ਕਰਾਸਿਨ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਵੀ. ਪੀ. ਪੇਸ਼ਕੋਵਾ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਆਈ.ਪੀ. ਲੇਡੀਜ਼ਨੀਕੋਵ ਨੂੰ
ਆਈ.ਪੀ. ਲੇਡੀਜ਼ਨੀਕੋਵ ਨੂੰ
ਕੇ. ਪੀ. ਪਿਆਤਨਿਤਸਕੀ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਏ. ਵੀ. ਐਮਫਿਤੀਤਰੋਵ ਨੂੰ
ਵਾਈ. ਪੀ. ਪੇਸ਼ਕੋਵਾ ਨੂੰ
ਅਮਰੀਕਾ ਵਿੱਚ
ਪੀਲ਼ੇ ਦੈਂਤ ਦਾ ਸ਼ਹਿਰ
...ਧੂੰਏਂ ਨਾਲ ਰੱਲਗਡ ਹੋਈ ਧੁੰਦ ਧਰਤੀ ਤੇ ਸਾਗਰ ਉੱਤੇ ਛਾਈ ਹੋਈ ਹੈ ਅਤੇ ਸ਼ਹਿਰ ਦੀਆਂ ਹਨ੍ਹੇਰੀਆਂ ਇਮਾਰਤਾਂ ਤੇ ਸਾਗਰ ਕੰਢੇ ਚਿਕੜੀਲੇ ਪਾਣੀਆਂ ਵਿੱਚ ਮੀਂਹ ਦੀਆਂ ਕਣੀਆਂ ਸਹਿਜੇ ਸਹਿਜੇ ਡਿੱਗ ਰਹੀਆਂ ਹਨ।
ਜਹਾਜ਼ ਦੇ ਇੱਕ ਪਾਸੇ ਪਰਵਾਸੀ ਇਕੱਠੇ ਹੁੰਦੇ ਅਤੇ ਉਹ ਆਸਵੰਦ ਤੇ ਸ਼ੱਕੀ, ਸਹਿਮੀਆਂ ਤੇ ਖੁਸ਼ ਜਿਗਿਆਸੂ ਨਜ਼ਰਾਂ ਨਾਲ ਆਪਣੇ ਆਸੇ ਪਾਸੇ ਅਬੋਲ ਝਾਕਦੇ ਹਨ।
"ਉਹ ਕੀ ਹੈ ?" ਪੋਲੈਂਡ ਦੀ ਇੱਕ ਕੁੜੀ, ਅਜ਼ਾਦੀ ਦੇ ਬੁੱਤ ਵੱਲ ਹੈਰਾਨੀ ਨਾਲ ਝਾਕਦੀ ਹੋਈ ਬੜੀ ਹਲੀਮੀ ਨਾਲ ਪੁੱਛਦੀ ਹੈ।
"ਅਮਰੀਕੀ ਦੇਵੀ", ਕੋਈ ਇੱਕ ਉੱਤਰ ਦੇਂਦਾ ਹੈ।
ਤਾਂਬੇ ਦੀ ਬਣੀ ਔਰਤ ਦਾ ਭਾਰੀ ਅਕਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਜੰਗਾਲ ਨਾਲ ਕੱਜਿਆ ਹੋਇਆ ਹੈ। ਬੇਹਿਸ ਚਿਹਰਾ, ਅੰਨ੍ਹੀਆਂ ਨਜ਼ਰਾਂ ਧੁੰਦ ਵਿੱਚੋਂ ਸਾਗਰ ਦੇ ਬਰੇਤੇ ਵੱਲ ਝਾਕਦੀਆਂ ਹਨ। ਜਿਵੇਂ ਤਾਂਬੇ ਦਾ ਬੁੱਤ ਸੂਰਜ ਦੀ ਉਡੀਕ ਕਰ ਰਿਹਾ ਹੋਵੇ ਤਾਂ ਜੋ ਉਸ ਦੀਆਂ ਬੇਨੂਰ ਅੱਖਾਂ ਵਿੱਚ ਨਜ਼ਰ ਪਰਤ ਆਵੇ। ਅਜ਼ਾਦੀ ਦੀ ਦੇਵੀ ਦੇ ਪੈਰਾਂ ਹੇਠ ਬਹੁਤ ਥੋੜ੍ਹੀ ਥਾਂ ਹੈ, ਇੰਝ ਜਾਪਦਾ ਹੈ ਜਿਵੇਂ ਉਹ ਸਾਗਰ ਦੀਆਂ ਪਥਰਾਈਆਂ ਲਹਿਰਾਂ ਦੇ ਥੜ੍ਹੇ 'ਤੇ ਖਲ੍ਹਤੀ ਹੋਵੇ। ਸਾਗਰ ਤੇ ਜਹਾਜ਼ਾਂ ਦੇ ਮਸਤੂਲਾਂ ਉੱਤੇ ਪਸਰੀ ਉਸ ਦੀ ਬਾਂਹ ਉਸ ਦੀ ਦਿੱਖ ਨੂੰ ਇੱਕ ਮਾਣਮੱਤੀ ਸ਼ਾਨ ਤੇ ਸੁੰਦਰਤਾ ਪ੍ਰਦਾਨ ਕਰਦੀ ਹੈ। ਮਿਸ਼ਾਲ ਉਸ ਦੇ ਹੱਥ ਵਿੱਚ ਇਤਨੀ ਮਜ਼ਬੂਤੀ ਨਾਲ ਪਕੜੀ ਹੋਈ ਹੈ, ਇੰਝ ਜਾਪਦਾ ਹੈ ਜਿਵੇਂ ਹੁਣੇ ਬਲ ਉੱਠੇਗੀ, ਉਸ ਦੀ ਰੌਸ਼ਨ ਲਾਟ ਭੂਰੇ ਧੂੰਏਂ ਨੂੰ ਦੂਰ ਕਰ ਦੇਵੇਗੀ ਅਤੇ ਆਪਣੇ ਆਲੇ ਦੁਆਲੇ ਨੂੰ ਤੀਬਰ ਤੇ ਖੁਸ਼ੀਆਂ ਭਰਪੂਰ ਚਾਨਣ ਵਿੱਚ ਡੋਬ ਦੇਵੇਗੀ।
ਅਤੇ ਧਰਤੀ ਦੀ ਉਸ ਅਣਗੌਲੀ ਕਾਤਰ ਦੇ ਆਲੇ ਦੁਆਲੇ, ਜਿਸ ਉੱਤੇ ਉਹ ਖਲ੍ਹਤੀ ਹੈ, ਇਤਿਹਾਸੋਂ ਪਹਿਲਾਂ ਦੇ ਦਾਨਵਾਂ ਵਾਂਗ ਲੋਹੇ ਦੇ ਭਾਰੀ ਬੇੜੇ ਰੀਂਗ ਰਹੇ ਹਨ ਅਤੇ ਨਿੱਕਚੂ ਸੈਲਾਨੀ ਬੇੜੀਆਂ ਭੁੱਖੇ ਸ਼ਿਕਾਰੀ ਜਾਨਵਰਾਂ ਵਾਂਗ ਏਧਰ ਓਧਰ ਦੌੜ ਰਹੀਆਂ ਹਨ। ਘੁਗੂ ਹਵਾਂਕਦੇ ਹਨ, ਰੋਹ ਭਰੀਆਂ ਸੀਟੀਆਂ ਚੀਕਦੀਆਂ ਹਨ, ਲੰਗਰਾਂ ਦੇ ਸੰਗਲ ਖੜਕਦੇ ਹਨ ਅਤੇ ਸਾਗਰ ਦੀਆਂ ਲਹਿਰਾਂ ਬੇਦਰਦੀ ਨਾਲ ਕੰਢੇ ਨਾਲ ਟਕਰਾ ਰਹੀਆਂ ਹਨ।
ਹਰ ਸ਼ੈਅ ਦੌੜ ਰਹੀ ਹੈ, ਕਾਹਲੀ ਵਿੱਚ ਹੈ, ਤੀਬਰਤਾ ਨਾਲ ਥਰਥਰਾ ਰਹੀ ਹੈ। ਸਟੀਮਰਾਂ
ਦੇ ਚੱਪੂ ਤੇਜ਼ੀ ਨਾਲ ਪਾਣੀ ਨੂੰ ਰਿੜਕ ਰਹੇ ਹਨ, ਜੋ ਪੀਲੀ ਝੱਗ ਨਾਲ ਕੱਜਿਆ ਹੋਇਆ ਹੈ ਅਤੇ ਉਸ ਨੂੰ ਝੁਰੜੀਆਂ ਦੀਆਂ ਸਿਉਣਾਂ ਵੱਜੀਆਂ ਹੋਈਆਂ ਹਨ।
ਅਤੇ ਹਰ ਸ਼ੈਅ - ਲੋਹਾ, ਪੱਥਰ, ਪਾਣੀ ਤੇ ਲੱਕੜ - ਉਸ ਜੀਵਨ ਦੇ ਵਿਰੁੱਧ ਰੋਸ ਪ੍ਰਗਟ ਕਰਦੀ ਜਾਪਦੀ ਹੈ, ਜਿਸ ਵਿੱਚ ਨਾ ਤਾਂ ਸੂਰਜ ਦੀ ਰੌਸ਼ਨੀ ਹੈ, ਨਾ ਗੀਤ ਹਨ ਤੇ ਨਾ ਹੀ ਖੁਸ਼ੀ ਅਤੇ ਜੋ ਥਕਾ ਦੇਣ ਵਾਲੀ ਕਰੜੀ ਮਿਹਨਤ ਦਾ ਕੈਦੀ ਹੈ। ਹਰ ਸ਼ੈਅ ਜੋ ਕਿਸੇ ਮਨੁੱਖ ਦੋਖੀ ਗੁੱਝੀ ਸ਼ਕਤੀ ਦੀ ਅਣਚਾਹੀ ਆਗਿਆ ਵਿੱਚ ਹੈ ਕਰਾਹ ਰਹੀ ਹੈ, ਹੁਆਂਕ ਰਹੀ ਹੈ, ਦੰਦੀਆਂ ਪੀਹ ਰਹੀ ਹੈ। ਪਾਣੀਆਂ ਦੇ ਵਿਸ਼ਾਲ ਸੀਨੇ ਉੱਤੇ, ਜਿਸ ਉਤੇ ਲੋਹੇ ਦਾ ਹੱਲ ਵਗਿਆ ਹੋਇਆ ਹੈ ਤੇ ਲੰਗਾਰ ਪਏ ਹੋਏ ਹਨ, ਤੇਲ ਦੇ ਥਿੰਦੇ ਧੱਬੇ ਵਿਖਾਈ ਦੇਂਦੇ ਹਨ, ਲੱਕੜ ਦੇ ਛੱਡੇ ਤੇ ਮੁੰਨੇ ਹੋਏ ਵਾਲਾਂ ਦੇ ਗੁੱਛੇ, ਤੀਲੇ ਅਤੇ ਖੁਰਾਕ ਦੀ ਰਹਿੰਦ ਖੂੰਹਦ ਦੇ ਟੁਕੜੇ ਖਿਲਰੇ ਹੋਏ ਹਨ। ਇੱਕ ਬੇਰਹਿਮ ਤੇ ਵੈਲੀ ਤਾਕਤ ਅਦਿੱਖ ਤੌਰ 'ਤੇ ਕਾਰੇ ਲੱਗੀ ਹੋਈ ਹੈ। ਇਸ ਚਕਰਾ ਦੇਣ ਵਾਲੀ ਮਸ਼ੀਨ ਨੂੰ ਇਹ ਤਾਕਤ ਨਿਰਦਈ ਤੇ ਅਕਾਊ ਢੰਗ ਨਾਲ ਚਲਾਉਂਦੀ ਹੈ। ਇਸ ਮਸ਼ੀਨ ਵਿੱਚ ਜਹਾਜ਼ ਤੇ ਗੋਦੀਆਂ ਕੇਵਲ ਛੋਟੇ ਛੋਟੇ ਹਿੱਸੇ ਪੁਰਜ਼ੇ ਹਨ ਅਤੇ ਮਨੁੱਖ ਇੱਕ ਤੁੱਛ ਜਿਹਾ ਪੇਚ ਹੈ, ਜੋ ਲੋਹੇ ਤੇ ਲੱਕੜ ਦੇ ਉੱਲਝੇ ਹੋਏ ਕੋਕੇ ਤੇ ਗੁੰਦੇ ਤਾਣੇ ਪੇਟੇ ਵਿਚਾਲੇ, ਸਟੀਮਰਾਂ, ਬੇੜੀਆਂ ਤੇ ਕਾਰਾਂ ਨਾਲ ਲੱਦੇ ਬਜਰਿਆਂ ਦੇ ਸ਼ੋਰ ਸ਼ਰਾਬੇ ਵਿਚਾਲੇ ਇੱਕ ਅਦਿੱਖ ਨੁਕਤਾ ਹੈ।
ਬੌਂਦਲਿਆ, ਰੌਲੇ ਨਾਲ ਬੋਲਾ ਹੋਇਆ, ਨਿਰਜੀਵ ਪਦਾਰਥ ਦੇ ਇਸ ਪਾਗਲ ਨਾਚ ਰਾਹੀਂ ਥੱਕਿਆ ਟੁੱਟਿਆ ਇਹ ਦੋ ਲੱਤਾਂ ਵਾਲਾ ਜੀਵ, ਸਿਰ ਤੋਂ ਪੈਰਾਂ ਤੱਕ ਧੁਆਂਖਿਆ ਤੇ ਥਿੰਦਾ ਬੰਦਾਰ, ਜਿਸ ਦੇ ਆਪਣੇ ਦੋਵੇਂ ਹੱਥ ਆਪਣੀਆਂ ਜੇਬਾਂ ਵਿੱਚ ਤੁੰਨ੍ਹੇ ਹੋਏ ਹਨ, ਖੋਚਰੀ ਨਜ਼ਰਾਂ ਨਾਲ ਮੇਰੇ ਵੱਲ ਝਾਕ ਰਿਹਾ ਹੈ। ਇਸ ਦੇ ਚਿਹਰੇ ਉੱਤੇ ਥਿੰਧੀ ਧੂੜ ਦਾ ਇੱਕ ਲੇਪ ਚੜ੍ਹਿਆ ਹੋਇਆ ਹੈ, ਜਿਸ ਉੱਤੇ ਮਨੁੱਖੀ ਅੱਖਾਂ ਦੀ ਕਿਰਨ ਦੇ ਚਾਨਣ ਦੀ ਨਹੀਂ, ਸਗੋਂ ਚਿੱਟੇ ਦੰਦਾਂ ਦੀ ਸਫੈਦੀ ਦੀ ਸੁੰਦਰਤਾ ਵਿਖਾਈ ਦੇਂਦੀ ਹੈ।
ਹੌਲੀ ਹੌਲੀ ਸਟੀਮਰ ਬੇੜਿਆਂ ਦੀ ਭੀੜ ਵਿੱਚੋਂ ਰਾਹ ਬਣਾਉਂਦਾ ਤੁਰਦਾ ਹੈ। ਪਰਵਾਸੀਆਂ ਦੇ ਚਿਹਰੇ ਅਜੀਬ ਜਿਹੇ ਭੂਰੇ ਤੇ ਬੇਹਿੱਸ ਵਿਖਾਈ ਦੇਂਦੇ ਹਨ, ਜਿਨ੍ਹਾਂ ਦੀਆਂ ਅੱਖਾਂ ਵਿੱਚ ਭੇਡਾਂ ਵਰਗੀ ਸਮਾਨਤਾ ਵਿਖਾਈ ਦੇਂਦੀ ਹੈ। ਜਹਾਜ਼ ਦੇ ਇੱਕ ਪਾਸੇ ਇਕੱਠੇ ਹੋਏ ਉਹ ਚੁੱਪਚਾਪ ਧੁੰਧ ਵੱਲ ਵੇਖਦੇ ਹਨ।
ਇਸ ਧੁੰਦ ਵਿੱਚ ਸਮਝੋਂ ਬਾਹਰੀ ਇੱਕ ਵਿਸ਼ਾਲ ਚੀਜ਼ ਨੇ ਜਿਸ ਵਿੱਚੋਂ ਖੋਖਲੀ ਬੁੜਬੁੜ ਸੁਣਾਈ ਦੇਂਦੀ ਹੈ, ਜਨਮ ਲਿਆ ਹੈ, ਇਹ ਵੱਧਦੀ ਹੈ, ਇਸ ਦਾ ਭਾਰੀ ਸੁਗੰਧਮਈ ਸਾਹ ਲੋਕਾਂ ਤੱਕ ਪੁੱਜਦਾ ਹੈ ਅਤੇ ਇਸ ਦੀ ਅਵਾਜ਼ ਦਾ ਇੱਕ ਡਰਾਉਣਾ ਤੇ ਰੀਝਵਾਨ ਲਹਿਜਾ ਹੈ।
ਇਹ ਇੱਕ ਸ਼ਹਿਰ ਹੈ। ਇਹ ਨਿਊਯਾਰਕ ਹੈ। ਵੀਹ ਮੰਜ਼ਲੇ ਘਰ, ਕਾਲੀਆਂ ਖਾਮੋਸ਼ ਅਕਾਸ਼ ਛੋਂਹਦੀਆਂ ਇਮਾਰਤਾਂ, ਕੰਢੇ ਉੱਤੇ ਖਲੋਤੀਆਂ ਹਨ। ਚੌਕ ਹਨ, ਜਿਨ੍ਹਾਂ ਵਿੱਚ ਖੂਬਸੂਰਤ ਬਣਨ ਦੀ ਕੋਈ ਵੀ ਇੱਛਾ ਨਹੀਂ, ਭਾਰੀਆਂ ਬੋਝਲ ਤੇ ਬੇਡੌਲ ਇਮਾਰਤਾਂ ਉਦਾਸ ਤੇ ਗਮਗੀਨ
ਉਤਾਂਹ ਨੂੰ ਝਾਕ ਰਹੀਆਂ ਹਨ। ਹਰ ਘਰ ਵਿੱਚ ਆਪਣੀ ਉਚਾਈ ਬਾਰੇ ਇੱਕ ਘੁਮੰਡੀ ਆਕੜ ਅਤੇ ਇਸ ਦੀ ਕਰੂਪਤਾ ਮਹਿਸੂਸ ਕੀਤੀ ਜਾਂਦੀ ਹੈ। ਖਿੜਕੀ ਵਿੱਚ ਕੋਈ ਫੁੱਲ ਨਹੀਂ ਅਤੇ ਵੇਖਣ ਨੂੰ ਕੋਈ ਬੱਚਾ ਨਹੀਂ...।
ਇਸ ਦੂਰੀ ਤੋਂ ਸ਼ਹਿਰ ਇੱਕ ਚੌੜੇ ਜਬਾੜੇ ਵਾਂਗ ਵਿਖਾਈ ਦੇਂਦਾ ਹੈ, ਜਿਸ ਵਿਚਲੇ ਕਾਲੇ ਦੰਦ ਉੱਘੜ ਦੁੱਘੜੇ ਉੱਚੇ ਨੀਵੇਂ ਹਨ। ਇਹ ਅਸਮਾਨ ਵਿੱਚ ਕਾਲੇ ਧੂੰਏਂ ਦੇ ਬੱਦਲਾਂ ਦੇ ਸਾਹ ਛੱਡਦਾ ਹੈ ਅਤੇ ਇੱਕ ਮੋਟਾਪੇ ਦੇ ਸ਼ਿਕਾਰ ਪੇਟੂ ਵਾਂਗ ਹੌਂਕਦਾ ਹੈ।
ਸ਼ਹਿਰ ਵਿੱਚ ਦਾਖਲ ਹੋਣਾ ਪੱਥਰ ਤੇ ਲੋਹੇ ਦੇ ਪੇਟ ਵਿੱਚ ਦਾਖਲ ਹੋਣ ਵਾਂਗ ਹੈ, ਇੱਕ ਅਜਿਹਾ ਪੇਟ ਜੋ ਲੱਖਾਂ ਲੋਕਾਂ ਨੂੰ ਨਿਗਲ ਗਿਆ ਹੈ ਅਤੇ ਉਹਨਾਂ ਨੂੰ ਪੀਹ ਰਿਹਾ ਹੈ ਤੇ ਹਜ਼ਮ ਕਰ ਰਿਹਾ ਹੈ।
ਗਲੀ ਇੱਕ ਤਿਲਕਵਾਂ ਲੋਭੀ ਗਲਾ ਹੈ ਜਿਸ ਦੀ ਡੂੰਘਾਈ ਵਿੱਚ ਸ਼ਹਿਰ ਦੀ ਖਾਧ ਖੁਰਾਕ ਦੇ ਕਾਲੇ ਭੋਰੇ -ਜੀਉਂਦੇ ਮਨੁੱਖ ਤਰਦੇ ਹਨ । ਹਰ ਥਾਂ 'ਤੇ ਸਿਰ ਉੱਤੇ, ਪੈਰਾਂ ਹੇਠ, ਆਲੇ ਦੁਆਲੇ ਲੋਹੇ ਦੀ ਟੁਣਕਾਰ ਆਪਣੀ ਜਿੱਤ ਤੇ ਖੁਸ਼ ਹੋ ਰਹੀ ਹੈ। ਸੋਨੇ ਦੀ ਤਾਕਤ ਰਾਹੀਂ ਸਜੀਵ ਰੂਪ ਧਾਰ ਕੇ ਤੇ ਜੋਸ਼ ਨਾਲ ਭਰਪੂਰ ਇਹ ਮਨੁੱਖ ਦੇ ਦੁਆਲੇ ਆਪਣਾ ਜਾਲਾ ਤਣਦਾ ਹੈ, ਉਸ ਦਾ ਸੰਘ ਘੋਪਦਾ ਹੈ, ਉਸ ਦਾ ਲਹੂ ਤੇ ਦਿਮਾਗ ਚੂਸਦਾ ਹੈ, ਉਸ ਦੇ ਪੱਠਿਆਂ ਤੇ ਤੰਤੂਆਂ ਨੂੰ ਹੜੱਪਦਾ ਹੈ ਅਤੇ ਬੇਅਵਾਜ਼ ਪੱਥਰ ਉੱਤੇ ਸਸਤਾਂਦਿਆਂ ਵਧਦਾ ਹੀ ਵੱਧਦਾ ਜਾਂਦਾ ਹੈ ਅਤੇ ਕਿਤੇ ਬਹੁਤ ਦੂਰ ਦੁਰਾਡੇ ਤੱਕ ਆਪਣੀ ਜ਼ੰਜੀਰ ਨੂੰ ਫੈਲਾ ਰਿਹਾ ਹੈ।
ਅਥਾਹ ਮੋਟੇ ਕੀੜਿਆਂ ਵਾਂਗ ਇੰਜਣ ਕੁਰਬਲ ਕੁਰਬਲ ਕਰ ਰਹੇ ਹਨ, ਉਹਨਾਂ ਦੇ ਪਿੱਛੇ ਡੱਬੇ ਘਿਸਟਦੇ ਜਾ ਰਹੇ ਹਨ, ਇੰਜਣਾਂ ਦੇ ਹਾਰਨ ਮੋਟੀਆਂ ਬਤਕਾਂ ਵਾਂਗ ਟਰੈਂ ਟਰੈਂ ਕਰਦੇ ਹਨ, ਬਿਜਲੀ ਦੀਆਂ ਤਾਰਾਂ ਨੀਰਸ ਗੁਣ-ਗੁਣਾਉਂਦੀਆਂ ਹਨ। ਗਲ ਘੋਟੂ ਹਨ। ਆਪਣੇ ਵਿੱਚ ਜਜ਼ਬ ਕੀਤੀਆਂ ਹਜ਼ਾਰਾਂ ਕੁਰੱਖਤ ਆਵਾਜ਼ਾਂ ਨਾਲ ਧੜਕਦੀਆਂ ਹਨ। ਜਿਵੇਂ ਸਪੰਜ ਆਪਣੇ ਅੰਦਰ ਨਮੀ ਨੂੰ ਜਜ਼ਬ ਕਰ ਲੈਂਦਾ ਹੈ ਉੱਪਰੋਂ ਹੇਠਾਂ ਦਬਾਇਆਂ। ਫੈਕਟਰੀਆਂ ਦੇ ਧੂਏਂ ਨਾਲ ਪਲੀਤ ਹੋਇਆ ਇਹ ਨਿਰਦਈ ਸ਼ਹਿਰ ਉੱਚੀਆਂ, ਕਾਲਖ ਲਿੱਪੀਆਂ ਕੰਧਾਂ ਵਿਚਾਲੇ ਬੇਹਰਕਤ ਲਟਕ ਰਿਹਾ ਹੈ।
ਚੌਂਕਾਂ ਅਤੇ ਲੋਕਾਂ ਲਈ ਛੋਟੇ ਬਾਗਾਂ ਵਿੱਚ, ਜਿੱਥੇ ਰੁੱਖਾਂ ਦੀਆਂ ਸ਼ਾਖਾਂ ਉੱਤੇ ਧੂੜ ਲਿਬੜੇ ਨਿਰਜਿੰਦ ਪੱਤੇ ਸਿਰ ਨਿਵਾਈ ਲਟਕਦੇ ਹਨ। ਕਾਲੇ ਯਾਦਗਾਰੀ ਬੁੱਤ ਖਲ੍ਹੋਤੇ ਹਨ । ਬੁੱਤਾਂ ਦੇ ਚਿਹਰੇ ਮਿੱਟੀ ਦੀ ਮੋਟੀ ਤਹਿ ਨਾਲ ਕੱਜੇ ਹੋਏ ਹਨ। ਅੱਖਾਂ ਜੋ ਕਿਸੇ ਸਮੇਂ ਆਪਣੇ ਦੇਸ਼ ਦੇ ਪਿਆਰ ਨਾਲ ਦਗ ਦਗ ਕਰਦੀਆਂ ਸਨ, ਸ਼ਹਿਰ ਦੀ ਧੂੜ ਨਾਲ ਭਰੀਆਂ ਹੋਈਆਂ ਹਨ। ਇਹ ਤਾਂਬੇ ਦੇ ਲੋਕ, ਜੋ ਬਹੁ-ਮੰਜ਼ਲੀਆਂ ਇਮਾਰਤਾਂ ਦੇ ਜਾਲ ਵਿਚਾਲੇ ਬਹੁਤ ਹੀ ਨਿਆਸਰੇ ਤੇ ਇਕੱਲੇ ਹਨ ਅਤੇ ਜੋ ਉੱਚੀਆਂ ਕੰਧਾਂ ਦੇ ਹਨ੍ਹੇਰੇ ਪਰਛਾਵੇਂ ਵਿੱਚ ਗਿਠਮੁੱਠੀਆਂ ਨਾਲੋਂ ਉੱਚੇ ਨਹੀਂ, ਆਪਣੇ ਦੁਆਲੇ ਪਸਰੇ ਹੋਏ ਪਾਗਲਪਣ ਦੇ ਰੌਲੇ ਵਿੱਚ ਆਪਣਾ ਰਾਹ ਭੁੱਲ ਗਏ ਹਨ ਅਤੇ ਅੱਧ-ਅੰਨ੍ਹਿਆਂ ਵਾਂਗ ਖਲ੍ਹੋਤੇ ਹਨ। ਆਪਣੇ ਪੈਰਾਂ ਵਿੱਚ ਲੋਕਾਂ ਦੀ ਹਾਬੜੀ ਹੋਈ