ਪਿਆਰ ਅੱਥਰੂ
ਪਯਾਰ ਅੱਥਰੂ ਤੈਂ ਨੈਣੋਂ ਢਰਦੇ
ਢਰਦੇ ਤੁਧੇ ਨ ਦਿਸਦੇ
ਕਿਉਂ ਦਿਖਲਾਵੇਂ ਲੋਕਾਂ ਤਾਈਂ,
ਮਹਿਰਮ ਨਹੀਂ ਇਸ ਰਸ ਦੇ।
ਇਹ ਹੈ ਭੇਟ, ਨਿਮਾਣੀ ਭੇਟਾ
ਕਰ ਪ੍ਰੀਤਮ ਨੂੰ ਭੇਟਾ,
ਓਸੇ ਦੀ ਇਹ ਦਾਤ ਸੁਹਾਵੀ
ਤੇਰੇ ਨਹੀਂ ਇਹ ਵਸ ਦੇ। ੧.
(ਕਸੌਲੀ १२-१०-१६५४)
ਦਾਨ ਸੁਭਾਵ
ਟਾਹਣੀ ਖਿੜਯਾ ਗੁਲਾਬ ਪਯਾ
ਗੰਧਿ ਸੁਗੰਧਿ ਵਡੰਦਾ,
ਫੂਲਦਾਨ ਵਿਚ ਕਟਕੇ ਲਾਇਆ
ਦਾਨ ਸੁਗੰਧਿ ਕਰੰਦਾ।
ਪੱਤੀ ਪੱਤੀ ਹੋ ਜੇ ਕਿਰਦਾ
ਤਦ ਬੀ ਮੁਸ਼ਕਾਂ ਮਾਰੇ,
ਦਾਨ ਸੁਭਾਵ ਬਣਾਕੇ ਰਹੁ ਤੂੰ
ਦੇਂਦਾ ਤੇ ਵਿਗਸੰਦਾ। ੨.
(ਬੰਬਈ ८-२-१९५३)
ਪੀੜ
ਪੀੜ ਜਗਤ ਦਾ ਪੀਰ ਹੈ
ਦੇਵੇ ਮਤਿ ਸੁਮੱਤਿ,
ਅਕਲ ਸਿਖਾਂਦੀ ਮੂਰਖਾਂ
ਦੇਂਦੀ ਕੱਟਿ ਕੁਮੱਤਿ।
ਦਾਨੇ ਤਾਈਂ ਪੀੜ ਏ
ਸਿਖਲਾਵੇ ਉਪਕਾਰ,
ਸੰਤਾਂ ਤਈਂ ਸਿਖਾਲਦੀ
ਪਰ-ਵਿਰਾਗ* ਦੀ ਗੱਤਿ। ੩.
(ਕਸੌਲੀ २-१०-१९५४)
ਮੋਰਨੀ ਤੇ ਕੋਇਲ
ਮੋਰਨੀ- ਮੋਰਨੀ ਪੁਛਦੀ ਕੋਇਲੇ! ਕਿਉਂ ਰੋਂਦੀ ਰਹਿੰਦੀ?
ਵਿਚ ਵਿਛੋੜੇ, ਮੇਲ ਵਿਚ, ਤੂੰ ਕੂਕ ਕੁਕੇਂਦੀ?
ਸੁਣਕੇ ਕੋਇਲ ਰੋ ਪਈ, ਇਹ ਦੁਖੜਾ ਆਖੇ:-
ਕੋਇਲ- ਜਦ ਪ੍ਰੀਤਮ ਪਰਦੇਸ ਮੈਂ ਦੁਖ ਬਿਰਹੋਂ ਕਹਿੰਦੀ।
ਜਦ ਪ੍ਰੀਤਮ ਘਰ ਆ ਗਿਆ ਤਦ ਗਲੇ ਨ ਲੱਗਾਂ
ਤੜਪ ਤੜਪ ਕੂਕਾਂ ਫਿਰਾਂ ਮੂੰਹ ਚੁੰਮ ਨ ਲੈਂਦੀ,
ਮਤ ਚੁਭ ਜਾਏ ਚੁੰਝ ਮੈਂ, ਉਹ ਨਾਜ਼ਕ ਢੋਲਾ,
ਤੜਫਨ ਇਉਂ ਵਿਚ ਮੇਲਦੇ ਬੀ ਲੱਗੀ ਰਹਿੰਦੀ।
ਪੱਲੇ ਮੇਰੇ ਪੈ ਗਿਆ ਨਿਤ ਤੜਫ਼ਨ ਸਹੀਏ!
ਕੁਕਣ ‘ਪੁੜਾ ਸੁਹਾਗ' ਦਾ ਤੜਫ਼ਨ 'ਹਥ-ਮਹਿੰਦੀ' ੪.
(ਬੰਬਈ ८-२-१९५३)
––––––––––
* ਸ਼ਾਕਸ਼ਾਤਕਾਰ ਹੋਣ ਤੋਂ ਬਾਦ ਦਾ ਵਿਰਾਗ।
ਪੁਸ਼ਕਰ
ਪੁਸ਼ਕਰ ਤੇਰੇ ਪਾਣੀ ਸੁਹਣੇ
ਪਰ ਸਨਸਾਰਾਂ' ਵੇੜ੍ਹੇ,
ਮੈਲੇ ਕੀਤੇ ਲੋਕਾਂ ਤੇਰੇ,
ਸੁਹਣੇ ਚਾਰ ਚੁਫੇਰੇ।
ਕਰਨ ਆਰਤੀ, ਫੁੱਲ ਚੜ੍ਹਾਵਨ,
'ਤੀਰਥ-ਰਾਜ' ਪੁਕਾਰਨ,
ਕੁਦਰਤ ਰਚੇ ਨਜ਼ਾਰੇ ਨਾਂ ਕੁਈ
ਸੁਆਰ ਸ਼ਿੰਗਾਰੇ ਤੇਰੇ! ੫
(ਅਜਮੇਰ ੧੭-੯-੧੯੩੩)-ਖ:ਸ:੨੪-੫-੧੯੭੮
ਸੁੰਞਾ ਸੀਨਾ
ਜਿਸ ਸੀਨੇ ਤੜਪਨ ਨਹੀਂ ਪਈ
ਸੁੰਞਾ ਸੀਨਾ ਸਹੀਓ!
ਦਿਲ ਉਸ ਸੀਨੇ ਧਉਂਕਣ? ਨਾਲੋਂ
ਜ਼ਰਾ ਬੀ ਵੱਧ ਨਹੀਓਂ।
ਦੁੱਪੜ ਜਿਵੇਂ ਅਨਾੜੀ ਦੇ ਹੱਥ
ਧਾਪ ਧਾਪ ਦਿਲ ਵਜਦਾ,
ਰਸ ਰੰਗ ਜਿੰਦ ਹੁਲਾਰੇ ਵਾਲੀ
ਉਸ ਦੇ ਅੰਦਰ ਨਹੀਓਂ। ੬.
(ਬੰਬਈ ਫਰਵਰੀ ੧੯੫੩)
––––––––––––––––––
1. ਮਗਰਮੱਛਾਂ। 2. ਕੋਲੇ ਭਖਾਣ ਲਈ ਇਕ ਮਸ਼ਕ ਜੋ ਹਵਾ ਦੇਂਦੀ ਹੈ।
ਤੇਰੇ ਆਸ਼ਿਕ
ਧੰਨ ਉਹ ਤੇਰੇ ਆਸ਼ਿਕ ਦਾਤਾ!
ਜਿਨ੍ਹ ਪ੍ਰੀਤ ਤੁਧੇ ਸੰਗ ਪਾਲੀ।
ਸੁਹਣੀ ਛੋਹ ਸੁਗੰਧੀ ਵਾਲੀ
ਹਾਂ, ਪਯਾਰ ਕਿ ਧੱਪੇ ਵਾਲੀ।
ਇਕੋ ਜਿਹੀ ਜਿਨ੍ਹਾਂ ਨੇ ਦੇਖੀ
ਤੇ ਪਯਾਰ ਪਯਾਰ ਹੈ ਭਰਿਆ
ਦਰਸ ਦਿਹੋ ਆਸ਼ਕ ਆਪਣੇ ਦਾ
ਜਿਨ੍ਹ ਪ੍ਰੀਤਿ ਇਹੋ ਜਿਹੀ ਘਾਲੀ। ੭.
(ਬੰਬਈ १०-१०-१९५४)
ਕਰਨੀ ਵਿਚ ਅਨਯਾਇ
(ਧੋਤਾ ਜਾ ਰਿਹਾ ਕਪੜਾ ਮੈਲਾ ਕਰਨ ਵਾਲੇ ਇਨਸਾਨ ਨੂੰ:-)
ਡਿੱਠਾ ਤੈਂਡਾ ਨਿਆਂ ਮਨੁੱਖਾ!
ਡਿੱਠਾ ਤੈਂਡਾ ਨਯਾਇ,
ਆਪੇ ਮੈਲਾਂ ਲਾਕੇ ਮੈਨੂੰ
ਫਿਰ ਪਟੜੇ ਪਟਕਾਇਂ!
ਪਟਕਣ ਪਟੜੇ ਤੈਨੂੰ ਚਾਹੀਏ
ਜੋ ਮੈਲਾ ਪਯਾ ਲਾਵੇਂ:
ਜੀਭ ਤੇਰੀ ਤੇ ਨਯਾਉਂ ਵਸੇਂਦਾ
ਕਰਨੀ ਵਿਚ ਅੱਨਯਾਇ। ੮.
(ਬੰਬਈ ੧੫-੧-੧੯੫੫)
ਵਿੱਥ
ਸੁਣ ਨੀ ਝੀਲ ਪਾਣੀਏਂ ਵਾਲੀ!
ਲਗੀ ਰਹੋ ਨਿਜ ਸੋਮੇ ਨਾਲ:
ਤਰੋ ਤਾਜ਼ਗੀ ਨਿਰਮਲਤਾਈ
ਨਿਭਦੀ ਰਹਿਸੀ ਤੇਰੇ ਨਾਲ।
ਪੈਣ ਨ ਦੇਵੀਂ ਵਿੱਥ ਵਿਚਾਲੇ
ਰਹਿਸੇਂ ਫਿਰ ਨੀ ਤੂੰ ਖੁਸ਼ਹਾਲ।
ਵਿੱਥ ਬੁਰੀ ਅਤਿ ਦੇਇ ਵਿਛੋੜੇ
ਵਿਚ ਵਿਛੋੜੇ ਉਲਟਨ ਹਾਲ। ੯.
(ਬੰਬਈ २०-१-१६५)
ਖੇਮ ਕੁਸ਼ਲ ਕਲਯਾਣ
(ਉਮਰ ਖਯਾਮ ਦੀ ਇਕ ਰੁਬਾਈ ਦੀ ਤਸਵੀਰ ਪਰ)
ਟੁੱਕਰ ਹੋਵੇ ਖਾਣ ਨੂੰ
ਠੰਡਾ ਜਲ ਹੋ ਪਾਣ,
ਮਾਣਨ ਨੂੰ ਹੋ ਨਾਮ ਰਸ
ਗਾਵਣ ਨੂੰ ਰਬ ਗਾਣ,
ਸੰਗਤ ਆ ਕੀਰਤਨ ਕਰੇ
ਅਰਸ਼ੀ ਛਾਵੇ ਸ਼ਾਨ
ਫਿਰ ਜੰਗਲ ਮੰਗਲ ਬਣੇ
ਖੇਮ ਕੁਸ਼ਲ ਕਲਯਾਣ। ੧੦.
(ਅੰਮ੍ਰਿਤਸਰ ੭-੧੦-੧੯੫੬)
ਸੁਹਣੀ ਰੂਹ
ਭਾਰਿਆਂ ਕਰੇਂ ਜਿ ਅੱਜ ਆਪ ਨੂੰ,
ਕੱਲ ਕੀਕੂੰ ਉਡ ਸਕਸੇਂ ਰੂਹ!
ਉਡਦੀ ਰਹੁ ਵਿਚ ਗਗਨਾਂ ਉੱਚੀ,
ਹੰਸ ਹੁਮਾ ਨ ਸੱਕਣ ਛੂਹ।
ਸੁਣ ਨੀ ਸੁਹਣੀ ਖਯਾਲ ਇਕ ਹੁੰਦੇ,
ਉੱਡਣ ਦੇਣ ਨ ਆਪਣੇ ਭਾਰ।
ਕਰਨਾ ਨਹੀਂ ਵਿਸਾਹ ਇਨ੍ਹਾਂ ਦਾ,
'ਪ੍ਰੀਤਮ-ਖਯਾਲੋਂ ਮੁੜੇ ਨ ਮੂੰਹ। ੧੧.
(ਡੇਹਰਾਦੂਨ ੮-੫-੧੯੫੫)
ਸਿੱਧਾ ਤੱਕਲਾ
'ਸਾਈਆਂ ਮੇਰੇ' 'ਸਾਈਆਂ ਮੇਰੇ !
ਲਗੀ ਰਹੇ ਇਕ ਲੱਲ ।
ਤਕਲਾ ਰਖੀਂ ਸਿੱਧਾ ਮੇਰਾ
ਪਵੇ ਨ ਇਸ ਵਿਚ ਵੱਲ।
ਹੋਰ ਖ਼ਯਾਲ ਦੀ ਜਾ ਮੁਹਾਠ ਨੂੰ
ਮੈਂ ਮੱਥਾ ਨਾ ਲੱਗੇ,
'ਚਰਨ-ਛੋਹ' ਆਪਣੀ ਤੋਂ ਸਾਈਆਂ
ਪਲ ਭਰ ਪਰੇ ਨ ਘੱਲ। ੧੨.
(ਡੇਹਰਾਦੂਨ ੪-੫-੧੯੫੫)
–––––––––––––
ਭੁੱਲਣ ਬਾਣ
ਭੁੱਲਾਂ ਹੁੰਦੀਆਂ ਰਹੀਆਂ ਸਾਂਈਆਂ!
ਕਰ ਕਰ ਕੇ ਮੈਂ ਰੋਈ,
ਤੂੰ ਰੁਮਾਲ ਲੈ ਅੱਥਰੂ ਪੂੰਝੇ
ਅੰਮੀ ਹੋ ਜਿਉਂ ਕੋਈ।
ਛੁਟ ਛੂਟ 'ਭੁਲਣ ਬਾਣ ਅਸਾਡੀ
ਪਰਤ ਪਰਤ ਮੁੜ ਆਵੇ,
'ਬਖਸ਼ਿਸ਼ ਬਾਣ' ਤੁਸਾਡੀ ਸਾਂਈਆਂ!
ਰੁਕੇ ਨ ਦੇਣੋਂ ਢੋਈ। ੧੩.
(ਕਲਕੱਤਾ ੨੨-੧-੧੯੫੬)ਖ:ਸ:੫-੯-੧੯੭੯
ਜੁਗਨੂੰ ਦਾ ਚਮਕਾਰ
ਸੁਣ ਜੁਗਨੂੰ ਤੂੰ ਦੇਖ ਰਿਹਾ ਹੈਂ
ਚੰਦ ਸੂਰ ਚਮਕਾਰ,
ਬਿਜਲੀ, ਤਾਰੇ, ਦੀਵੇ, ਅਗਨੀ
ਚਾਨਣ ਦਾ ਪਾਸਾਰ,
ਸਹਿਮ ਖਾਇ ਕਿਉਂ ਬੰਦ ਕਰੇਂ ਨ
ਨਿੱਕੀ ਨਿਜ ਚਮਕਾਰ ?
ਜੁਗਨੂੰ ਆਖੇ: "ਵੱਸ ਨ ਆਪਣੇ
ਹੁਕਮ ਕਮਾਈਏ ਕਾਰ!” ੧੪.
(ਬੰਬਈ ੧੭-੩-੧੯੫੫)
ਨਿਰਮਾਣਤਾ
ਪਹਿਲੇ ਹੈਸੀ ਮਗਰੋਂ ਹੋਸੀ,
ਤੈਥੋਂ ਇਹ ਸੰਸਾਰ
ਬੜੇ ਬੜੇ ਹੋ ਗਏ ਤੇ ਹੋਸਣ,
ਕਲਮ ਚਲਾਵਣਹਾਰ।
ਘੁਣ ਵਾਂਗੂ ਦੋ ਅੱਖਰ ਵਾਹਕੇ,
ਮਾਣ ਕਰੇਂ ਕਿਸ ਗਲ ਦਾ?
ਕੀਹ ਹੈ ਚਾਨਣ ਤੇਰਾ ਜਿੰਦੇ,
ਜੁਗਨੂੰ ਦਾ ਚਮਕਾਰ। ੧੫.
(ਬੰਬਈ ੧੮-੩-੧੯੫੫)
ਹਰਦਾ ਰਹੁ ਦੁਖ
ਦੁਨੀਆਂ ਦਾ ਦੁਖ ਦੇਖ ਦੇਖ ਦਿਲ
ਦੁਖ ਹਰਨੇ ਨੂੰ ਕਰਦਾ,
ਕਰਦਿਆਂ ਹਿੰਮਤ ਐਦਾਂ ਜਾਪੇ
ਜਿਉਂ ਦੁਖ ਜਾਂਦੈ ਹਰਦਾ।
ਨਜ਼ਰ ਉਘਾੜ ਜਿ ਦੇਖੋ ਦੁਨੀਆਂ
ਭਰੀ ਦੁਖਾਂ ਦੇ ਨਾਲੇ
ਫਿਰ ਭੀ ਹਰਦਾ ਰਹੁ ਦੁਖ ਸੁਹਣੇ।
ਕਰ ਜੋ ਤੈਥੋਂ ਸਰਦਾ। ੧੬.
(ਬੰਬਈ ੧੫-੧-੧੯੫੫)
ਯਾਦ
ਵਿੱਚ ਵਿਛੋੜੇ 'ਯਾਦ' ਸਜਨ ਨੂੰ,
ਹੋਣ ਨ ਦੇਂਦੀ ਉਹਲੇ,
ਦਿਲ ਵਿਚ 'ਯਾਦ ਸਜਨ ਦੀ,
ਕਰਦੀ ਦਿੱਸੇ ਚੁਹਲੇ।
ਕਦੀ ਰੁਆਵੇ ਕਦੀ ਹਸਾਵੇ
ਥਰਹਰ ਥਰਹਰ ਲਾਵੇ,
ਕਦੀ ਸੁਪਨ ਦੇ ਚਾੜ ਪੰਘੂੜੇ
ਮੇਲ ਗਾਉਂਦੀ ਸੁਹਲੇ। ੧੭.
(ਬੰਬਈ-੧੯੫੪)
ਦਰਸ਼ਨ ਤਾਂਘ
ਝਲਕ ਦਿਖਾਈ ਇੱਕ ਸੁਹਾਵੀ
ਸਾਨੂੰ ਰੱਜ ਨ ਆਈ
ਚਮਕ ਉਠੀ ਸਿਕ ਹੋਰ ਚਮਕ ਕੇ
ਦਰਸ਼ਨ-ਤਾਘ ਸਵਾਈ।
ਜਿਉਂ ਚਾਤ੍ਰਿਕ ਨੂੰ ਬੂੰਦ ਮਿਲੇ ਇਕ
'ਹੋਰ ਮਿਲੇ' ਇਉਂ ਤੜਫ਼ੇ
ਮੁੜ ਦਰਸ਼ਨ ਦੇ, ਮੁੜ ਦਰਸ਼ਨ ਦੇ,
ਏ ਚਾਤ੍ਰਿਕ ਵਿਲਪਾਈ। ੧੮.
(ਬੰਬਈ-੧੯੫੪)
ਹੇ ਅਸਲੀਅਤ!
ਹੇ ਅਸਲੀਅਤ 'ਮੈਂ ਮੇਰੀ ਦੀ,
ਕਦੇ ਤਾਂ ਇਸ ਤੋਂ ਨਿਖੜਿਆ ਕਰ।
ਲਾਹ ਕੇ ਉਪਰੋਂ ਓਪਰੇ ਕਪੜੇ,
ਰੰਗ ਆਪਣੇ ਨਿਖਰਿਆ ਕਰ।
ਮਤਾਂ ਕਿਤੇ ਉਹ ਅਸਲਾਂ ਮਾਲਕ,
ਰੀਝ ਪਵੇ ਤੈਂ ਨਿਖਰੀ ਤੇ।
ਮਾਰ ਲਵੇ ਕੋਈ ਜੱਫਾ ਤੈਨੂੰ,
ਜਫਿਓਂ ਫੇਰ ਨ ਨਿਕਲਿਆ ਕਰ। ੧੯.
(ਬੰਬਈ-१३-२-१९५२)
ਜਦ ਆ ਜਾਂਦੇ ਹੋ
ਜਦ ਆ ਜਾਂਦੇ ਹੋ ਆਪਣੀ ਖੁਸ਼ੀ,
ਤਦ ਫੜ ਕੇ ਪਾਸ ਬਹਾਂਦੇ ਹੋ।
ਮਸਤਾਂਦੇ ਹੋ ਰਾਗ ਆਪਣੇ,
ਲੈ ਵਿਚ ਵਿਲੈ ਕਰਾਂਦੇ ਹੋ।
ਹਿੱਲਣ ਬੋਲਣ ਤਾਬ ਰਹੇ ਨਾ,
ਤਕ ਤਕ ਖੁਸ਼ੀ ਮਨਾਂਦੇ ਹੋ।
ਤਿਲਕਣ ਬਾਜ਼ੀ ਲਾਇ ਚੁਪਾਤੇ,
'ਮੋਹਿਆ' ਛਡ ਟੁਰ ਜਾਂਦੇ ਹੋ। ੨੦.
(ਜੁਹੂ-੧੭-੩-੧੯੫੨)
ਪਿਰਮ ਰਸ ਪਿਆਲਾ
ਪਿਰਮ ਰਸਾਂ ਦਾ ਜੇ ਮਿਲੇ ਪਯਾਲਾ,
ਲੁਕ ਲੁਕ ਡਰ ਡਰ ਪੀ!
ਇਕੋ ਵੇਰ ਡੀਕ ਨਾ ਲਾਵੀਂ,
ਘੁਟ ਘੁਟ ਭਰ ਭਰ ਪੀ!
ਪੀ ਕੇ ਹੋਸ਼ ਸੰਭਾਲੀ ਰੱਖੀਂ,
ਸੂਫ਼ੀਆਂ ਪਾਸੋਂ ਵਧਵੀਂ।
ਗੁੱਟ ਰਹੀ ਅੰਦਰੋਂ ਮਦ ਭਰਿਆ,
ਕਦੇ ਨ ਅਰਬਰ* ਬੀ। ੨੧.
(ਜੁਹੂ-੧੭-੨-੧੯੫੨)
ਹੋਰ ਨ ਨਜ਼ਰੀਂ ਆਵੇ
ਮੈਂ ਅੰਨ੍ਹੀ ਨੂੰ ਨਿੱਤ ਸੁਆਰੇਂ
ਹਾਰ ਸ਼ਿੰਗਾਰ ਲਗਾਵੇਂ,
ਸੁੰਦਰਤਾ ਦਾ ਮੇਰੇ ਅੰਦਰ
ਸੁੱਤਾ ਨਾਦ ਜਗਾਵੇਂ!
ਰਸ ਮੱਤੀ ਇਸ ਜਾਗ ਅੰਦਰਲੀ
ਮੈਂ ਹੁਣ ਅੱਖਾਂ ਮੰਗਾਂ
ਵੇਖਾਂ ਕਿਵੇਂ ਦੀਦਾਰ ਤੁਹਾਡਾ
ਹੋਰ ਨ ਨਜ਼ਰੀਂ ਆਵੇ। ੨੨.
(ਡੇਹਰਾਦੂਨ)
–––––––––––––
* ਅਟਾਂਗ ਸਟਾਂਗ।
ਜੁਦਾਈ
ਸ਼ਾਲਾ! ਕਹਿਰ ਕੀਤੋਈ ਡਾਢਾ,
ਘੜੀਓਈ ਜਦੋਂ ਜੁਦਾਈ,
ਐਪਰ ਬਿਨਾ ਜੁਦਾਈ ਕਿਸ ਨੇ
'ਪਰੇਮ-ਕੀਮ' ਸੀ ਪਾਈ?
ਧੁਪ ਨੂੰ ਛਾਉਂ, ਛਾਉਂ ਨੂੰ ਧੁਪ ਤਿਉਂ
ਮਿਲ ਵਿਛੁੜਨ ਰੰਗ ਲਾਵਨ
ਤੀਰ ਪ੍ਰੇਮ ਦੇ ਦੋਏ ਹਨ ਏ
ਝੱਲੇਂ ਤਾਂ ਸੁਖਦਾਈ। ੨੩.
(ਬੰਬਈ ੧੯੫੪)
ਸਾਈਂ ਸਦਾ ਸੰਭਾਲ
ਰੌਲਾ ਪਾ ਨ ਡੰਡ
ਸਹਿਜੇ ਸਹਿਜੇ ਯਾਦ ਕਰ
ਜੋ ਤੇਰੇ ਹੈ ਸੰਗ
ਗਾਫ਼ਲ ਜਿਸ ਤੋਂ ਤੂ ਰਹੇਂ।੧।
ਸਾਈਂ ਸਦਾ ਸੰਭਾਲ
ਜੋ ਵੱਸੇ ਤੈਂ ਅੰਦਰੇ,
ਉਹ ਹੈ ਤੇਰੇ ਨਾਲ
ਸਹਿਜੇ ਸਹਿਜੇ ਯਾਦ ਰਖ।੨।
ਬੰਗਲੂ ਪਵੇ ਜਿ ਯਾਦ ਦਾ
ਵਿਛੇ ਪਯਾਰ ਦੀ ਸੇਜ।
ਕਰ ਆਸਾ ਆ ਜਾਇ ਜੇ
ਪ੍ਰੀਤਮ ਸੈਲ ਮਜੈਜ²।੩।੨੪.
(ਕਸੌਲੀ-੧੪-੮-੧੯੫੧)
–––––––––––––––
1. ਭੁਲ। 2. ਮੈਲੇ ਦਾ ਸ਼ੌਕੀਨ।
ਲਾਲੀ ਲਾਲ ਨੂੰ
(ਰਾਗ ਮਾਲਾ ਦੇ ਇਕ ਚਿੱਤਰ ਨੂੰ ਵੇਖਕੇ)
ਗਲਵਕੜੀ ਸਾਡੀ ਬਿਧਮਾਤਾ,
ਐਸੀ ਰਚ ਨ ਸਕੀਵ।
ਖੁਲ੍ਹ ਨ ਸਕੇ ਕਦੀ ਰੰਗ-ਰਤੜੀ,
ਪਈ ਹੀ ਰਹੇ ਸਦੀਵ।
ਦੇਖ ਮੁਸੱਵਰ ਨੇ ਗਲਵਕੜੀ,
ਕਿਸ ਬਿਧਿ ਰਚਿ ਦਿਖਲਾਈ।
ਪਈ ਪਈ ਏ ਪਈ ਰਹੇਗੀ,
ਖੁਲ੍ਹ ਨ ਕਦੇ ਸਕੀਵ। ੨੫.
(ਕਸੌਲੀ-੧੪-੮-੧੯੫੬)- ਖ:ਸ: ੨੨-੨-੧੯੭੯
ਜਲ ਥਲ ਕਰ ਦਿਓ
ਹੇ ਅਸਮਾਨ ਤੋਂ ਤਰੁਟ ਤਰੁਟ ਪੈਂਦੇ ਪਾਣੀਓ!
ਹੇ ਧਰਤੀ ਦਿਓ ਚੜ੍ਹੇ ਸੈਲੋ*!
ਹੋ ਨਦੀਆਂ ਨਦਾਂ ਦੇ ਉਮੰਡ ਤੂਫਾਨੋ!
ਨਾ ਡੋਬੋ, ਨਾ ਰੋੜੋ, ਨਾ ਵਹਾ ਲਿਜਾਓ
ਖੇਤੀਆਂ, ਪਿੰਡ, ਮਰਦ, ਪਸ਼ੂ, ਮਹਲ ਮਾੜੀਆਂ ਤੇ ਜ਼ਿਮੀਆਂ,
ਧਾਰੋ ਖਾਂ ਰੂਪ ਮੇਰੇ ਸਾਈਆਂ ਜੀ ਦੀਆਂ ਮਿਹਰਾਂ ਦਾ,
ਕੂਲੇ ਕੂਲੇ ਕਦਮਾਂ ਦੀ ਛੁਹ ਲੈ ਆਓ,
ਰੋੜ੍ਹ ਲਿਜਾਓ ਮੇਰੀਆਂ ਗ਼ਫ਼ਲਤਾਂ,
ਉਕਾਈਆਂ, ਬੇ-ਪਰਵਾਹੀਆਂ,
ਭਰ ਦਿਓ ਮੇਰੇ ਪਿਆਰਾਂ ਵਾਲੇ ਸੁਕਦੇ ਸਰੋਵਰ,
ਜਲ ਥਲ ਕਰ ਦਿਓ ਮੇਰੇ ਬਿਰਹੋਂ ਦੇ ਮਾਰੂ ਥਲੇ। ੨੬.
(ਕਸੌਲੀ-੨੩-੮-੧੯੫੨)
––––––––––––
* ਪਰਬਤੇ।
ਲੜ ਲਾਏ ਦੀ ਲਾਜ
ਜਿਸਦੀ ਬਾਂਹ ਫੜੀਏ ਇਕ ਵਾਰੀ
ਉਸਦੀ ਲਾਜ ਨਿਬਾਹੀਏ।
ਇਕ ਵਾਰੀ ਜੋ ਕੀਤਾ ਆਪਣਾ
ਲਗਦੇ ਵਾਹ ਅਪਨਾਈਏ।
ਔਗੁਣ ਉਸਦੇ ਛਾਣੀਏ ਨਾਹੀਂ
ਅਪਨਾ ਬਿਰਦ ਰਖਾਈਏ।
ਭੁਲ ਸੁਧਰੀਵੇ ਬਖਸ਼ਿਸ਼ ਕੀਤਿਆਂ
ਬਖਸ਼ਿਸ਼ ਸਦਾ ਕਰਾਈਏ। ੨੭.
(੩੦-੭-੧੯੩੬)
ਉਚੇ ਦਾ ਪਿਆਰ
ਉਹ ਹੈ ਪਯਾਰ ਫਰਸ਼ ਤੋਂ ਚਾਕੇ
ਨਜ਼ਰ ਅਰਸ਼ ਤੇ ਲੁਆਵੇ,
ਸੈ ਅਸਮਾਨੀਂ ਉਡਣ ਵਾਲੇ
ਮੋਢੇ ਖੰਭ ਉਗਾਵੇ।
ਭਰੇ ਹੀਏ ਵਿਚ ਚਾਉ ਅਮਿਟਵਾਂ
ਤਾਣ ਉਡਾਰੀ ਵਾਲਾ
ਫਰਸ਼ਾ ਤੋਂ ਮੋਹ ਤੋੜ ਤੋੜ ਕੇ
ਅਰਸ਼ਾਂ ਵਿਚ ਖਿਡਾਵੇ। ੨੮.
ਹੁਸਨ ਮਨ ਦਾ, ਹੁਸਨ ਰੂਹ ਦਾ
ਅਜਬ ਸਰਕਾਰ ਹੈ ਤੇਰੀ 'ਹੁਸਨ ਦਾ ਮੁਲ ਪਿਆ ਜਿੱਥੇ।
ਹੁਸਨ ਮਨ ਦਾ, ਹੁਸਨ ਰੂਹ ਦਾ ਕਿ ਹੈਵੇ ਤੁਲ ਰਿਹਾ ਜਿੱਥੇ।
ਰਿਆਕਾਰੀ ਕਰਮ ਸਾਰੇ, ਧਰਮ ਕਰਨੇ ਦਿਖਾਵੇ ਦੇ,
ਹਠ ਧਰਮੀ ਤੇ ਤਪ ਸਾਰਾ ਹੈ ਐਵੇਂ ਰੁਲ ਰਿਹਾ ਜਿੱਥੇ।
ਤਗਾਦੇ ਛੋਡ ਦੇ ਸਾਰੇ ਦਿਲਾ! ਲੈ ਲਾ ਹੁਸਨ ਦੀ ਤੂੰ,
ਰਹੋ ਇਸ ਦੁਆਰ ਤੇ ਘੁੰਮਦਾ ਹੁਸਨ ਪਰਫੁਲ ਰਿਹਾ ਜਿੱਥੇ।
ਗੁਨਹਗਾਰੀ ਤੋਂ ਧੋ ਹੋਸੀ, ਹੁਸਨ ਦੇ ਜ਼ੋਰ ਧੁਪ ਜਾਸੀ,
ਹੁਸਨ ਸਾਗਰ ਨੂੰ ਜਾ ਮਿਲਸੇਂ, ਹੁਸਨ ਘੁਲ ਮਿਲ ਰਿਹਾ ਜਿੱਥੇ।
ਸਿਦਕ ਦੀ ਰਾਸ ਪੱਲੇ ਬੰਨ੍ਹ, ਹੁਸਨ ਵਾਪਾਰ ਕਰਦਾ ਤੁਰ,
ਹੁਸਨ ਦੇ ਦੇਸ਼ ਪਹੁੰਚੇਂਗਾ, ਹੁਸਨ ਹੈ ਖੁਲ ਰਿਹਾ ਜਿੱਥੇ।
ਹੁਸਨ ਸੁਹਣੇ ਨੂੰ ਰਖ ਨਜ਼ਰੇ, ਹੁਸਨ ਦਿਲ ਦਾ ਵਧਾਈ ਜਾ,
ਹੁਸਨ ਦਰਬਾਰ ਜਾ ਮਿਲਸੇਂ, ਹੁਸਨ ਘੁਲ ਮਿਲ ਰਿਹਾ ਜਿੱਥੇ ੨੯॥
(ਕਸੌਲੀ ੫-੯-੧੯੫੦)
ਖਿਮਾ ਸੰਜੋਅ*
ਧਾਰੀ ਹੈ 'ਖਿਮਾ' ਮਾਨੋ ਧਾਰੀ ਹੈ 'ਸੰਜੋਅ’,
ਢਾਲ ਰਖਯਾ ਕਾਰਨੀ ਪਿਆਰੀ ਹੈ ਸੰਜੋਅ।
ਵੈਰੀਆਂ ਦੇ ਵਾਰ ਖੜਗ 'ਖਿਮਾ' ਦੀ ਹਟਾਏ,
ਢਾਲ, ਤਲਵਾਰ, ਰਖਯਾਕਾਰੀ ਹੈ ਸੰਜੋਅ।
ਗਿਆਨ ਵਾਲੇ ਚਾਨਣੇ ਦੀ ਚਿਮਨੀ ਹੈ ਖਿਮਾ,
ਐਸਾ ਗਯਾਨ ਦੇਂਵਦਾ ਏ ਮਿੱਠੀ ਮਿੱਠੀ ਲੋਅ।
ਠੰਢ ਦੋ ਦਿਲਾਂ ਨੂੰ ਏ ਪਾਂਦੀ ਹੈ ਖਿਮਾ,
ਅੱਥਰੂ ਚਾਰ ਅਖੀਆਂ ਦੇ ਰੋਕੇ ਵਿਚ ਖਲੋਅ।
ਵਾਰ ਕਰਨਾ ਸੌਖਾ ਪਰ ਅਉਖੀ ਹੈ ਖਿਮਾ,
ਸੂਰਮਾ ਜੋ ਧਾਰ ਏਸ, ਵਿਰਲਾ ਕੋਈ ਕੋਅ।
ਅਉਖਾ ਭਾਵੇਂ ਕੰਮ ਹੈ ਪੈ ਧਾਰੀਓ ਖਿਮਾ,
ਗਹਿਣਾ ਹੈ ਵਡਿਤ ਦਾ, ਫ਼ਕੀਰੀ ਦੀ ਸੰਜੋਅ। ੩੦.
(ਕਸੌਲੀ-੬-੯-੧੯੫੦)
––––––––––––––
* ਖਿਮਾਂ ਦਾ ਕਵਚ।
ਹੱਕ ਦੀ ਪਛਾਣ
ਸਭ ਕੋਈ ਹੱਕ ਪਛਾਣਦਾ-ਆਪਨਾ ਆਪਣਾ ਹੱਕ।
'ਪਰ ਦਾ ਹੱਕ' ਪਛਾਣਦਾ, ਵਿਰਲਾ ਬੰਦਾ ਹੱਕ।
ਇਸ ਅਨਸਯਾਣੂ ਰਵਸ਼ ਤੋਂ, ਦੁਨੀ ਸੁਹਾਵਾ ਬਾਗ਼।
ਬਨ ਦੁੱਖਾਂ ਦਾ ਬਣ ਗਿਆ, ਕਉੜਤਣ ਲਾ-ਹੱਕ।
ਫ਼ਰਜ਼ ਪਛਾਣੇ ਆਪਣਾ, ਆਪਣੇ ਹੱਕ ਦੇ ਨਾਲ।
ਅਪਣਾ ਫ਼ਰਜ਼ ਪਛਾਣਕੇ, ਫੇਰ ਪਛਾਣੇ ਹੱਕ।
ਧੱਕਾ ਧੋੜਾ ਨਾ ਕਰੋ, ਸਭ ਦਾ ਚਿਤਵੋ ਸੁੱਖ।
ਦੁੱਖ ਨ ਦੇਣਾ ਕਿਸੇ ਜੀਅ, ਕਰਨਾ ਨਾ 'ਨਾ-ਹੱਕ'।
'ਇਕ-ਤੁਲਨਾ' ਜਗ ਵਰਤਸੀ, ਜਿਸ ਦਾ ਸਿੱਟਾ ਸੁੱਖ।
ਸਭ ਦੇ ਹਿੱਸੇ ਆਵਸੀ, ਸਭ ਨੂੰ ਪਹੁੰਚੇ ਹੱਕ। ੩੧.
(ਰਾਜ ਵਿਲਾ, ਕਸੌਲੀ ੧੨-੧੦-੧੯੭੮)
-ਖਾ:ਸ: ੧੨-੧੦-੧੯੭੮
ਖ਼ਸ ਦੇ ਤੀਲੇ ਤੇ ਗੁਲਾਬ
ਖ਼ਸ ਦੇ ਤੀਲੇ ਬੋਲ ਪਏ ਤੇ ਮੱਧਮ ਧੁੰਨਿ ਇਕ ਲਾਈ:
"ਸੁਣ ਗੁਲਾਬ! ਤੂੰ ਮਹਿਕ ਆਪਣੀ ਦੀ ਐਡੀ ਧੂਮ ਮਚਾਈ ?
"ਫੁੱਲਾਂ ਨੂੰ ਹੀ ਨਿਰੀ ਮਹਿਕ ਹੈ ਰਬ ਨੇ ਨਹੀਂ ਲਗਾਈ,
"ਨੀਵੇਂ ਅਸਾਂ ਤੀਲਿਆਂ ਅੰਦਰ ਬੀ ਸੁਗੰਧਿ ਹੈ ਪਾਈ।”
ਖਿੜ ਗੁਲਾਬ ਨੇ ਹਸ ਹਸ ਤਕ ਤਕ ਨੀਵੀਂ ਨੀਝ ਲਗਾਈ,
ਆਖੇ: "ਸੋਣੋ! ਸਲਾਹੁਤ ਅਪਣੀ ਮੈਨੂੰ ਕਦੇ ਨ ਭਾਈ,
"ਰਚਣਹਾਰ ਨੇ ਰੂਪ ਗੰਧਿ ਦੀ ਮੈਂ ਵਿਚ ਹੱਟੀ ਪਾਈ।
"ਮੈਥੋਂ ਉਚ ਜਾਤੀ ਦੀ ਬੁਲਬੁਲ ਕਦਰ ਓਸ ਆ ਪਾਈ,
"ਜੋ ਕੁਛ ਰੌਲਾ ਪਵੇ ਜਗਤ ਵਿਚ ਬੁਲਬੁਲ ਧੂਮ ਮਚਾਈ,
"ਗਵੀਵਣਹਾਰ, ਗਵਾਵਣਹਾਰਾਂ ਸੁਹਣੀ ਮੌਜ ਬਣਾਈ,
"ਕਿਰਤਾਰਥ ਹੋ ਰਹੇ ਅਸੀਂ ਹਾਂ ਸਾਡੀ ਕੁਛ ਨ ਵਡਾਈ:” ੩੨.
ਇਸ਼ਕ ਦੀ ਅੱਗ
ਬਲ ਪਉ ਅੱਗ ਇਸ਼ਕ ਦੀ ਭੜ ਭੜ 'ਅਨ-ਇਸ਼ਕੀ' ਸਭ ਸੱਟੀਂ ਸਾੜ,
ਆੜ ਆੜ ਜੋ ਲੁਕੇ ਪਾਪ ਪੁੰਨ ਫੜ ਫੜ ਇਸ ਭਾਂਬੜ ਵਿਚ ਵਾੜ।
'ਅਨ-ਆਪਾ' ਅਣਹੋਇਆ ਮੇਰਾ ਸੜ ਸੜ ਇਸ ਵਿਚ ਹੋਵੇ ਰਾਖ,
ਰਹਿਮਤ ਮੀਂਹ ਕਮਲਾ ਹੋ ਵੱਸੇ ਕੜ ਕੜ ਧੜ ਧੜ ਗਗਨਾ ਪਾੜ।
'ਮੈਂ ਤੇਰਾ, ਮੈਂ ਤੇਰਾ' ਗਾਂਦਾ ਆਪਾ ਮੇਰਾ ਹੁਸਨ ਵਜੂਦ,
ਚਰਨ ਸ਼ਰਨ ਵਰਨ ਇਕ ਵਰਨੀ ਰਹੇ ਵਿਚ ਨਾ ਕੋਈ ਆੜ।
ਫੇਰ ਕਦੇ ਨ ਵਿੱਥ ਵਾਪਰੇ ਦੂਰ ਹਜ਼ੂਰੀ ਕਦੇ ਨ ਹੋਇ,
ਸਦਾ ਹਜ਼ੂਰੀ, ਸਦਾ ਹਜ਼ੂਰੀ, ਪ੍ਰੀਤਮ ਚਰਨੀਂ ਐਸਾ ਵਾੜ। ੩੩.
ਦਿਲਗੀਰੀਆਂ ਨੂੰ ਦੂਰ ਕਰ
ਦਿਲਗੀਰੀਆਂ ਨੂੰ ਦੂਰ ਕਰ, ਦਿਲ-ਤੰਗੀਆਂ ਨੂੰ ਪਰੇ ਸੁੱਟ,
ਦਿਲਿ ਹੈਕੜਾਂ ਨਾ ਵੜਨਦੇ ਦਿਲ-ਝਵੀਂ ਨੂੰ ਤੂੰ ਜੜੋਂ ਪੁੱਟ।
ਘਾਟੇ ਨਫ਼ੇ ਦੁਖ ਸੁੱਖ ਆਕੇ ਘੇਰਦੇ ਇਨਸਾਨ ਨੂੰ
ਇਨਸਾਨ ਨੇ ਰਹਿਣਾ ਨਹੀਂ ਦੁਖ ਜਾਣਗੇ ਸਭ ਖੁੱਟ ਨਿਖੁੱਟ।
ਰੰਞਾਣ ਨਾ ਇਸ ਜਿੰਦ ਨੂੰ ਇਸ ਸ੍ਰੀਫ ਨੂੰ ਸੁਖ ਲੈਣ ਦੇ,
ਏ ਸ੍ਰੀਫ ਤੇਰੀ ਜਿੰਦੜੀ ਇਸ ਨੂੰ ਪਿਆ ਨ ਮਾਰ ਕੁੱਟ।
ਭਰ ਪ੍ਰੇਮ ਦੇ ਰਸ ਪਯਾਲਿਓਂ ਨਿੱਕਾ ਜਿਹਾ ਇਕ ਵਾਰ ਘੁਟ
ਭਰ ਭਰ ਕੇ ਪੀ ਫਿਰ ਸ੍ਵਾਦ ਲਾ ਲਾ ਵੀਂਵਦਾ ਹੋ ਜਾਇਂ ਗੁੱਟ
ਮਹਿਫ਼ਲ ਲਗੇ ਰਸ ਰੰਗ ਦੀ ਦਫ਼ ਚੰਗ ਨਾਲੇ ਪੈ ਵਜਨ,
ਭੁਲ ਜਾਇ ਟੂਕ ਧੰਧਾਲ ਨੂੰ ਟੁਕ ਬੇਖ਼ੁਦੀ ਦੀ ਮੌਜ ਲੁੱਟ।
ਖੜ੍ਹਕੇ ਖ਼ੁਦੀ ਦੇ ਕੇਂਦਰ ਤੇ ਘੁੰਮ ਜਾ ਦੁਆਲੇ ਬੇਖ਼ੁਦੀ,
ਭੁਲ ਜਾਣ ਤਦ ਦਿਲਗੀਰੀਆਂ ਆਪੇ ਹੀ ਜਾਵਣ ਓ ਨਿਖੁਟ।
ਸੁਣ! ਏ ਨਸ਼ਾ ਜੇ ਪੀ ਲਵੇਂ 'ਸਦ ਹੋਸ਼' ਦਾ ਮਾਲਕ ਰਹੇ।
ਕਮ-ਅਕਲੀਆਂ, ਦਿਲ-ਤੰਗੀਆਂ ਸਭ ਜਾਣ ਛੂਟ, ਹਾਂ ਜਾਣ ਛੁੱਟ ੩੪
ਐਉਂ ਨਹੀਂ ਐਉਂ
ਪੀਣ ਲਗੀ ਭਰਿ ਜ਼ਹਿਰ ਪਿਆਲਾ
ਸੁਖ ਨੀਂਦੇ ਸਉਂ ਜਾਉਂ।
'ਦੁੱਖ ਵਿਛੋੜੇ ਤੋਂ ਛੁਟ ਜਾਵਾਂ
ਅਪਣੀ ਅਲਖ ਮੁਕਾਉਂ।
ਦਰਦੀ ਹੱਥ ਕਿਸੇ ਦਰਦਣ ਦੇ
ਆ ਵੀਣੀ ਫੜ ਲੀਤੀ,
ਪਰਵਾਨੇ ਵਲ ਧਯਾਨ ਦੁਆ ਕੇ,
ਕਿਹਾ: 'ਐਉਂ ਨਹੀਂ ਐਉਂ। ੩੫.
ਆਯਾ ਹਾਂ ਪਯਾਰ ਕਰਨੇ
ਆਯਾ ਹਾਂ ਪਯਾਰ ਕਰਨੇ, ਕਰਸਾਂ ਪਿਆਰ ਕਰਸਾਂ,
ਜੀਵਾਂ ਏ ਪ੍ਰੇਮ ਜੀਵਨ, ਵਿਚੇ ਪਿਆਰ ਟੁਰਸਾਂ।
ਕੋਈ ਜਿ ਵੈਰ ਕਰਦਾ, ਉਸ ਤੇ ਤਰਸ ਮੈਂ ਖਾਵਾਂ
ਵੈਰੀ ਨੂੰ ਪਯਾਰ ਕਰਨਾ, ਕਰਦਾ ਨ ਪਯਾਰ ਰੁਕਸਾਂ।
ਕੋਈ ਨ ਓਪਰਾ ਹੈ, ਵੈਰੀ ਨ ਕੋਈ ਮੈਨੂੰ,
ਕੀਤੀ ਬਦੀ ਕਿਸੇ ਦੀ ਹਿਰਦੇ ਕਦੀ ਨ ਧਰਸਾਂ।
ਕਰਕੇ ਪਿਆਰ ਦੱਸਾਂ, ਕਰਨਾ ਮੈਂ ਹਿਤ ਸਿਖਾਵਾਂ,
ਮੁਰਦੇ ਜਿਵਾਇ ਦੇਸਾਂ ਜੀਵਨ ਪਰੇਮ ਭਰਸਾਂ । ੩੬.
ਪ੍ਰਾਰਥਨਾ
ਹੇ ਸੁੰਦਰ! ਹੇ ਸੁੰਦਰ! ਹੇ ਪੂਰਨ ਸਰਵੱਤ੍ਰ!
ਆਨੰਦਮ ਆਨੰਦ ਤੂੰ! ਹੇ ਤੂੰ ਪਰਮ ਪਵਿੱਤ੍ਰ!
ਹੈਂ ਤੂੰ, ਸੈਂ ਤੂੰ, ਹੋਵਸੇਂ, ਚੈਤਨਮ੍ ਚੇਤੰਨ,
ਲੀਲ੍ਹਾ ਤਊ ਅਨੂਪਮੰ ਚਿੱਤ੍ਰਮ੍ ਪਰਮ ਵਚਿੱਤ੍ਰ।
ਵਿਸਮਾਦਮ ਵਿਸਮਾਦ ਹੈਂ ਤੇਰਾ ਖੇਲ ਪਰੇਮ,
ਪਾਦ ਪਦਮ ਪਰ ਬੰਦਨਾ, ਹੋ ਫਬਨਾ ਦੇ ਮਿੱਤ੍ਰ!
ਵੈਰਾਗਮ ਅਨੁਰਾਗ ਤੂੰ! ਪ੍ਰੇਮੀ, ਪ੍ਰੀਤਮ, ਪ੍ਰੇਮ!
ਬੰਦਉਂ ਬਾਰਮ ਬਾਰ ਮੈਂ ਹੇ ਅਵਿਚਿੱਤ੍ਰ ਵਚਿੱਤ੍ਰ!
ਕਰਤਾ, ਭਰਤਾ, ਖੇਲਤਾ; ਖੇਲਤ ਰਹੋ ਅਲੇਪ,
ਪਾਰਬ੍ਰਹਮ ਪੁਰਖੋਤਮੰ ਵਿਸਤ੍ਰਿਤ ਧਰਤਿ ਨਖਯਤ੍ਰ!
ਸੁਹਣਿਆਂ ਦਾ ਸੁਹਣਾ ਤੁਈਂ, ਸਰਬ ਸੁਹਜ ਦਾ ਮੂਲ
ਪ੍ਰਤਿਬਿੰਬਮ ਤੋਂ ਸੁਹਜ ਦਾ ਸੁਹਜ ਜੁ ਵਿੱਚ ਜਗੱਤ੍ਰ
ਸ਼ਰਣਾਗਤ ਸ਼ਰਣਾਗਤਮ ਸ਼ਰਣ ਸੂਰ ਹੋ ਆਪ,
'ਸੁੰਦਰ ਸ਼ਰਣਿ' ਫਬਾਉ ਮੈਂ, ਹੇ ਸੁੰਦਰ ਛਬਿ ਚਿੱਤ੍ਰ! ੩੭.
ਖ਼ੁਦੀ ਤੇ ਬੇਖ਼ੁਦੀ
ਖ਼ੁਦ ‘ਖ਼ੁਦੀ' 'ਮਰਕਜ਼ ਖ਼ੁਦੀ, ਮਰਕਜ਼ ਤੇ ਟਿਕਕੇ ਸੁਹਣਿਆਂ!
ਘੁੰਮ ਜਾਹ ਦੁਆਲੇ ਖੁਦੀ ਦੇ, ਮਰਕਜ਼ ਤੇ ਆਪਣਾ ਰੱਖ ਪਾਵ।
ਮਰਕਜ਼ ਟਿਕੇ ਟਿਕ ਖੇਲਣਾ, ਇਹ ਖੇਲ ਹੈ ਨਟ-ਰਾਜ' ਦੀ
ਏਕ ਪਦ ਮਰਕਜ਼ ਟਿਕੇ, ਘੁੰਮ ਜਾਇ ਦੁਆਲੇ ਦੂਜ ਪਾਵ।
ਤੂੰ ਦੇਖ ਪੇੜ ਗੁਲਾਬ ਨੂੰ: ਜੋ ਟਿਕ ਕੇ ਆਪਣੇ ਪੈਰ ਤੇ,
ਖੇੜੇ ਵਸੇਂਦਾ ਆਪ ਹੈ, ਖੇੜੇ ਸੁਗੰਧੀ ਦਏ ਲਾਵ।
ਸੂਰਜ ਨੂੰ ਬਿਦ ਕੇ ਮਰਕਜ਼, ਅਪਣੇ ਮਰਕਜ਼ ਤੇ ਘੁੰਮੇ
ਦੇਖ ਧਰਤੀ ਲਹਿ ਲਹੀ, ਹੈ ਜੀਵ ਪਾਲੇ, ਦਏ ਚਾਵ।
ਘੁੱਥੀ ਜੁ ਬਿਜਲੀ ਮਰਕਜ਼ੋਂ, ਮਰਕਜ਼ ਢੰਡੇਂਦੀ ਹੈ ਫਿਰੇ
ਗਗਨਾਂ ਚੜੀ ਬੀ ਤੜਫਦੀ, ਡਿੱਗੇ ਤਾਂ ਮਰਕਜ਼ ਵੱਲ ਜਾਵ।
ਮਰਕਜ਼ ਖ਼ੁਦੀ ਦਾ ਭਾਲਕੇ ਓਸੇ ਤੇ ਹੈ ਟਿਕ ਜਾਵਣਾ,
ਦੂਜੀ ਖ਼ੁਦੀ ਨੂੰ ਫੇਰਨਾ, ਬੇਖੁਦੀ ਦਾ ਹਈ ਭਾਵ।
ਬੇਖ਼ੁਦੀ ਯਾਦਾਂ ਦੀ, ਸਖੀਏ! ਲਿਵ ਵਿਖਖੇ ਲੈ ਜਾਂਵਦੀ,
ਹਾਂ, ਹੋਸ਼ ਉੱਚੀ ਲਾ ਦਏ, ਮਰਕਜ਼ ਦਾ ਦੇਂਦੀ ਹੈ ਟਿਕਾਵ
ਮੂਰਛਾਂ, ਬੇਹੋਸ਼ੀਆਂ ਨਾ ਬੇਖੁਦੀ ਕਰ ਜਾਣੀਓ,
ਢੱਠੇ ਦਿਲਾਂ ਕਮਜ਼ੋਰੀਆਂ, ਨਾ ਬੇਖ਼ੁਦੀ ਦਾ ਦਿਓ ਨਾਵ।
ਮੂਸਾ ਨੇ ਕਹਿਆ ਤੂਰ ਤੇ, ‘ਰੱਬਾ! ਦਿਖਾ ਮੂੰਹ ਆਪਣਾ’,
ਅਵਾਜ਼ ਆਈ, 'ਮੈਂ ਅਹੰ' ਕਿ 'ਮੈਂ ਅਹੰ' ਤੂੰ ਤਾਬ ਲਿਆਵ।
ਤਾਬ ਨਾ ਸੋ ਝੱਲਣੇ ਦੀ ਡਿਗ ਪਿਅੰਬਰ ਸੀ ਪਿਆ
'ਬੇਖ਼ੁਦੀ' ਸੀ ਹੋ ਗਈ ਜਦ 'ਬਾ-ਖ਼ੁਦਾ' ਸੀ ਹੋ ਗਿਆਵ। ੩੮.
ਲੈ ਚਲ ਆਪਣੇ ਦੇਸ਼
ਲੈ ਚੱਲ ਆਪਣੇ ਦੇਸ਼, ਪੀਆ ਹੁਣ
ਲੈ ਚੱਲ ਆਪਣੇ ਦੇਸ਼।
ਦੇਸ਼ ਬਿਦੇਸ਼ ਹੋ ਗਿਆ ਅਪਣਾ,
ਤੇਰਾ ਦੇਸ਼ ਸ੍ਵਦੇਸ਼।
ਅੰਗਨ ਹੋ ਪਰਦੇਸ਼ ਗਿਆ ਏ,
ਓਪਰੇ' ਆਪਣੇ ਖੇਸ਼।
ਲੈ ਚੱਲ ਆਪਣੇ ਦੇਸ਼, ਪੀਆ! ਹੁਣ,
ਲੈ ਚੱਲ ਅਪਣੇ ਦੇਸ਼।
ਸਖੀ ਸਹੇਰੀ ਲਗਣ ਬਿਗਾਨੀ,
ਹੱਸਣ ਖਿੜਨ ਕਲੇਸ਼।
ਲਗੇ ਨ ਦਿਲ ਕਿਸਿ ਆਹਰ ਲਾਇਆਂ,
ਜਾਂਦੀ ਕੁਈ ਨ ਪੇਸ਼।
ਲੈ ਚੱਲ ਕੋਲ ਤੇ ਕੋਲੇ ਰੱਖੀਂ,
ਰਖੀਂ ਕੋਲ ਹਮੇਸ਼।
ਲੈ ਚੱਲ ਅਪਣੇ ਦੇਸ਼, ਪੀਆ ਹੁਣ,
ਲੈ ਚੱਲ ਅਪਣੇ ਦੇਸ਼। ੩੯.
––––––––––––
1. ਓਪਰੇ= ਜਿਨ੍ਹਾਂ ਨਾਲ ਉਪੇਕਸ਼ਾ ਹੋ ਗਈ।
2. ਖੇਸ਼= ਪਰਾਏ।
ਰਿਵੀ ਸੁਹਾਵੀ
ਬੜੀ ਤੜਕੇ ਰਿਵੀ ਆਈ ਸੁਹਾਈ,
ਕਹੇ, ਤੈਂ 'ਦੇਸ਼-ਪ੍ਰੀਤਮ' ਤੋਂ ਹਾਂ ਆਈ।
ਹੁਈਆਂ ਸੀਤਲ ਛੁਹ ਉਸ ਖੁਨਕਾਂ ਦੇ ਘਰ ਨੂੰ।
ਤੁਧੇ ਦੇ ਵਾਸਤੇ ਓਹ ਖੁਨਕੀ ਲਿਆਈ।
ਬਿਖਰ ਰਹੀਆਂ ਸੀ ਜੁਲਫ਼ਾਂ ਲਾਲ ਸੰਦੀਆਂ,
ਲਗੇ ਗਲ ਨਾਲ ਮੈਂ ਉਨ੍ਹ ਛੋਹ ਪਾਈ।
ਉਹ ਖੁਸ਼ਬੋਈ ਲਯਾਈਆਂ ਨਾਲ ਆਪਣੇ,
ਉਠੀ ਬਿਸਤਰ ਤੋਂ ਲੈ ਲਾਲਨ ਤੋਂ ਆਈ।
ਸੁਗੰਧੀ ਲਾਲ ਦੀ ਲੈ ਝੂਮ ਆਣੀ।
ਕਿਸਲ' ਜਗਰਾਤਿਆ ਦੀ ਫਿਸਲ ਜਾਈ।
ਕਈ ਨਖ਼ਰੇ ਅਦਾਵਾਂ ਨਾਜ਼ ਉਸਦੇ,
ਲੁਕਾ ਵਿਚ ਚਾਲ ਅਪਨੀ ਲੇ ਹਾਂ ਆਈ।
ਤੁਧੇ ਨੂੰ ਲਾ ਦਿਆਂ ਗਮਜੇ ਅਨਯਾਲੇ,
ਰੁਕਮ ਪੈ ਜਾਇ ਹੁਸਨਾ ਦੀ ਜੋ ਜਾਈ।
ਉਹ ਨਰਗਸ ਵਾਂਝ ਮਸਤੇ 'ਨੈਣ-ਪ੍ਰੀਤਮ'
ਨਜ਼ਰ ਇਕ ਪਾ ਰਹੇ ਸਨ ਆਲਸਾਈ।
ਨਿਸ਼ਾਨਾ ਬਨ ਉਠੀਕੇ ਉਸ ਨਜ਼ਰ ਦਾ,
ਜਿਨੇ ਛਹਿਬਰ ਹੈ ਨੂਰਾਂ ਦੀ ਲਗਾਈ।
ਸਬਾ ਦੇਂਦੀ ਸੁਨੇਹੇ ਲੰਘ ਗਈ ਓ,
ਗਈ ਹੁਸਨਾਂ ਦੀ ਕੋਮਲ ਛੁਹ ਲਗਾਈ। ੪੦.
(ਬੰਬਈ ੨੮-੨-੧੯੫੦)
–––––––––––––––
1. ਕਿਸਲ=ਦੁਖ। 2. ਉਠ ਖੜਾ ਹੋਕੇ।
ਮੁਸ਼ਕੀ ਬਹਾਰ
ਤੇਰੇ ਬਗੀਚੇ
ਮੁਸ਼ਕਿਆ ਏ ਬੇਦ-ਮੁਸ਼ਕ
ਖਿੜ ਪਈਏ ਬਹਾਰ,
ਮੈਂ ਸੁਣਿਐਂ
ਅਤਾਰ ਆ ਪਹੁੰਚਾ ਤੈਂ ਦੁਆਰ,
ਵੜ ਗਿਆ ਬਗੀਚੇ
ਤੋੜ ਲਵੇਗਾ ਫੁੱਲ
ਲੁਟ ਲਏਗਾ ਬਹਾਰ।
ਪਾਏਗਾ ਦੇਗ, ਚਾੜੇਗਾ ਭੱਠੀ
ਖਿੱਚ ਲਊ ਸੁਗੰਧੀ
ਫੇਰ ਮਾਰੂ ਵਗਾਹ ਕਰਕੇ ਫੁੱਲਾਂ ਦਾ ਫ਼ੋਗ
ਕਰਕੇ ਭੁਲਾਂ ਦਾ ਸੋਗ।
ਹੁਣ ਵੇਲਾ ਏ, ਹੋ ਹੁਸ਼ਯਾਰ!
ਖ਼ਬਰਦਾਰ! ਖ਼ਬਰਦਾਰ!
ਆਪਣੀ ਮੁਸ਼ਕੀ ਬਹਾਰ, ਰੱਖੀਂ ਸੰਭਲ ਸੰਭਾਲ
ਉਠ ਕਰ ਅਰਦਾਸ।
'ਸਾਈਆਂ! ਨਜ਼ਰ ਟਪਾਰ, ਲਗੇ ਨ ਮੇਰੀ ਬਹਾਰ,
'ਰਹੇ ਮੁਸ਼ਕੀ ਹਮੇਸ਼'
ਮੇਰੇ ਸਾਂਈਆਂ! ਹਮੇਸ਼। ੪੧.
(ਕਸੌਲੀ-੧੨-੯-੧੯੫੨)
ਕਰੇਂ ਅੱਛਾ ਸਦਾ ਅੱਛਾ
ਕਰੇਂ ਅੱਛਾ, ਕਰੇਂ ਅੱਛਾ, ਕਰੇਂ ਜੋ ਕੁਛ ਸਦਾ ਅੱਛਾ,
ਕਹਾਂ ਉਸਨੂੰ ਸਦਾ ਅੱਛਾ, ਜੁ ਕਰਸੇਂ ਤੂੰ ਖੁਦਾ ਅੱਛਾ।
ਕਰੇਂ ਅੱਛਾ, ਕਹਾਂ ਅੱਛਾ, ਮੈਂ ਮਨ ਵਿਚ ਬੀ ਮਨਾਂ ਅੱਛਾ,
ਲਗੇ ਅੱਛਾ, ਲੁਆ ਅੱਛਾ, ਕੀਆ ਤੇਰਾ ਸਦਾ ਅੱਛਾ।
ਵੰਡੀਵੇ ਖੈਰ ਦਰ ਤੇਰੇ, ਕਹਿਣ ਅੱਛੇ ਇਹ ਗਲ ਅੱਛੀ,
ਪਵੇ ਇਹ ਖ਼ੈਰ ਮੈਂ ਝੋਲੀ, ਤਿ ਕਰ ਦਿਸਦੀ ਸਦਾ ਰੱਛਾ।
ਪਏ ਗੁੰਝਲ ਮਨੁਖਾਂ ਨੂੰ, ਵਲੇਵੇਂ-ਦਾਰ ਹੋ ਰਹੇ ਹਨ,
ਜਿਨੂੰ ਪਰਖੋ ਉਹੀ ਗੁੱਛਾ, ਉਹੋ ਹੈ ਫੈਣੀਆਂ ਲੱਛਾ।
ਰਜ਼ਾ ਤੇਰੀ ਤੋਂ ਵਿਛੜ ਕੇ, ਕਿ ਮਰਜ਼ੀ ਰਖ ਰਜ਼ਾ ਤੋਂ ਵੱਖ,
ਸੁਰਤ ਨੂੰ ਪੈਣ ਵਲ ਤੇ ਵਲ, ਬਣੇ ਏ ਗੁੰਝਲਾਂ ਲੱਛਾ।
ਨਿਕਲ ਜਾਵਣ ਏ ਵਲ ਸਾਰੇ, ਤੇਰੀ ਇਕ ਮੇਹਰ ਦਾ ਸਦਕਾ,
ਲਗਾ ਦੇਵੇਂ ਕਲਸ਼ ਆਪਣੀ, ਖਿਚਾ ਦੇਵੇਂ ਖਿਚਾਅ ਅੱਛਾ।
ਉਲਝ ਮਨ ਦੇ ਸੁਲਝ ਜਾਵਨ, ਖੁਲਣ ਗੁੰਝਲ ਖਿੜਨ ਲੱਛੇ,
ਸਰਲ ਹੋ ਜਾਇ ਮਨ ਸਛਾ, ਬਨਾ ਮੈਨੂੰ ਖ਼ੁਦਾ ਅੱਛਾ।
ਕਰੇਂ ਅੱਛਾ, ਕਹਾਂ ਅੱਛਾ, ਰਹਾਂ ਅੱਛਾ ਇਹ ਕਹਿੰਦਾ ਮੈਂ
ਲੁਆ ਮਿਠੀ ਰਜ਼ਾ ਆਪਣੀ, ਕਿ ਤੂੰ ਹੈਂ ਰੱਬ ਮਿਠਾ ਅੱਛਾ। ੪੨.
(ਕਸੌਲੀ ੨੯-੮-੧੯੫੦ –ਖ:ਸ: ੧-੩-੧੯੭੯)
ਬੁਲ ਬੁਲ
ਮੈਂ ਗੀਤ ਅਪਨਾ ਕਿਸੇ ਨੂੰ ਨਾ ਸੁਣਾਨੀ,
ਨਾ ਮੰਗਦੀ ਮਾਯਾ, ਨਾ ਕਦਰ ਦਾਨੀ,
ਮੈਂ ਗੀਤ ਅਪਨਾ ਹਾਂ ਆਪੂੰ ਨੂੰ ਸੁਣਾਵਾਂ,
ਤੇ ਦਸਤਕ ਓਸਦੇ ਹਾਂ ਦਰ ਤੇ ਲਾਵਾਂ।
ਜੋ ਬਿਨ ਕੰਨਾਂ ਹਜ਼ਾਰਾਂ ਕੰਨ ਵਾਲਾ,
ਗਨੀ ਸੁਣਨੋ, ਪੈ ਕੂਲੇ ਮੰਨ ਵਾਲਾ।
ਜੇ 'ਚੁਪ-ਨਗਮੇਂ ਕਿ ਦਿਲ ਵਿਚ ਹੋ ਰਹੇ ਹਨ,
ਜੋ ਦਿਲ ਵਿਚ ਜਾਗਦੇ ਕਿ ਸੋ ਰਹੇ ਹਨ।
ਉਂ ਸੁਣਾ ਲੈਂਦਾ ਪੈ ਮਾਨੋ ਅਨਸੁਣੇ ਹਨ,
ਕਦੇ ਸੋਚਣ ਤੋਂ ਪਹਿਲੇ ਉਸ ਸੁਣੇ ਹਨ,
ਕਦੇ ਮੇਰੀ ਜੇ ਇਹ ਨਗਮਾ-ਸਰਾਈ'
ਜਿਹਦੀ ਕੀਮਤ ਨਹੀਂ ਹੈ ਇਕ ਰਾਈ,
ਕਿਸੇ ਇਕ ਮੋਜ ਅਪਨੀ ਵਿਚ ਆਕੇ-
ਸੁਣੇ ਉਸਨੇ ਸੰਗੀਤ ਅਪਨੀ ਰਲਾਕੇ,
ਤਦੋਂ ਬੇਮੁਲ ਇਹ ਨਗ਼ਮਾ-ਸਰਾਈ,
ਲਹਿਰ ਵਿਚ ਲਹਿਰ ਉਮਡੇਗੀ ਆਈ।
ਨਾ 'ਸੋਜ਼ੇ ਦਿਲ ਸੁਣਾ ਬੁਲਬੁਲ ਤੂੰ ਗਾਕੇ,
ਨਾ "ਖੂਨੇ ਦਿਲ" ਵਹਾ ਅਥਰੂ ਬਣਾਕੇ,
ਮਤਾ ਹੋ ਜਾਏ ਰਾਜ਼ੇ-ਦਿਲ ਓ ਅਫ਼ਸ਼ਾ²
2 ਜੋ ਰਖਯਾ ਸੀ ਲੁਕਾ ਪਿਨਹਾ ਹੀ ਪਿਨਹਾ'।
ਲਿਆ ਸੁਣ ਖ਼ਾਰ' ਨੇ ਜੇ ਰਾਜ਼ ਲੁਕਿਆ,
ਲਪਕ ਸੀਨੇ ਚੁਭੇ, ਨ ਜਾਇ ਰੁਕਿਆ।
'ਗ਼ਮੇ ਦਿਲ' ਫਿਰ ਬਹੇਗਾ ਖੂਨ ਹੋ ਹੋ,
ਕਿ 'ਜ਼ਖ਼ਮੇ ਵਿਨ੍ਹ ਨਾ ਸ਼ੱਕੇਗਾ ਭੀ ਰੋਰੋ।
੪੩. (ਕਸੌਲੀ ੯-੮-੧੯੫੩)
––––––––––––––––––––
1. ਨਗਮਾਂ ਗਾਨਾਂ। 2. ਜਾਹਰ। 3. ਛਿਪਾਕੇ। 4. ਕੰਡੇ।
ਤੇਰੀ ਰਜ਼ਾ
ਤੇਰੀ ਰਜ਼ਾ, ਤੇਰੀ ਰਜ਼ਾ, ਮਿੱਠੀ ਲਗੇ ਤੇਰੀ ਰਜ਼ਾ,
ਮਰਜ਼ੀ ਮਿਰੀ ਸੁਰ ਕਰ ਲਏਂ ਤੂੰ, ਨਾਲ ਅਪਨੀ ਦੇ ਰਜ਼ਾ।
ਦੋਵੇਂ ਸੁਰਾਂ ਇਕ ਹੋ ਵਜਣ, ਕੈਸਾ 'ਸੁਰੀਲਾ ਰਾਗ ਹੋ,
ਵੈਰਾਗ ਦੀ ਫਿਰ ਲੋੜ ਨਾ, ਕ੍ਰਾਮਤ ਕਰੇ ਤੇਰੀ ਰਜ਼ਾ।
ਰਾਗ ਇਹ ਵੈਰਾਗ ਹੋਕੇ, ਰਾਗ ਮਿੱਠਾ ਛਿੜ ਪਵੇ,
ਵੈਰਾਗ ਕਉੜੱਤਣ ਹਿਰੇ, ਮਿੱਠਤ ਭਰੇ ਤੇਰੀ ਰਜ਼ਾ।
ਤਾਰੇ ਨ, ਚੜਿਆਂ ਸੂਰਜੇ, ਗੁੱਸੇ ਹੁਏ ਤੁਰ ਜਾਂਵਦੇ*,
ਚਾਨਣੀ-ਸੁਰ ਆਪਣੀ, ਵਿਚ ਮੇਲ ਦੇ ਸੂਰਜ ਰਜ਼ਾ।*
ਲੋਅ ਤਾਰਿਆਂ ਵਾਲੜੀ, ਵਿਚ ਧੁੱਪ ਦੇ ਮਿਲ ਜਾਂਵਦੀ*,
ਮਰਜ਼ੀ ਮਿਰੀ ਰਲ ਜਾਏ ਤੀਕੂੰ, ਸੁਹਣਿਆ! ਤੇਰੀ ਰਜ਼ਾ।
ਹੇ ਸੰਗੀਤਕ ਸੁਹਣਿਆਂ! ਸਾਡੇ ਨ ਐਪਰ ਵੱਸ ਹੈ,
ਸੂਰਜ ਤਰ੍ਹਾਂ ਖੁਦ ਆ ਮਿਲੋ ਮਰਜ਼ੀ ਰਲਾ ਲਓ ਵਿਚ ਰਜ਼ਾ।
ਬੇਸੁਰੀ ਸਾਡੀ ਹਟਾਵੋ, ਇਕ ਸੁਰੀ ਦੇਵੋ ਲਗਾ,
ਮਰਜ਼ੀ ਅਸਾਡੀ ਲੀਨ ਹੋ, ਇਕੋ ਰਹੇ ਤੇਰੀ ਰਜ਼ਾ।
ਜਲ ਧਰਤੀਓਂ ਜੋ ਭਾਫ ਉਠੇ ‘ਸਮੁੰਦਰ ਭਾਫ' ਉਸ ਆ ਮਿਲੇ
ਦੋਏ ਮਿਲਿਵਰਖਾ ਕਰਨ, ਇਉਂਮੇਲਮਰਜ਼ੀ ਵਿਚਰਜ਼ਾ। ੪੪.
(ਕਸੌਲੀ ੧੦-੯-੧੯੫੦)
––––––––––––––
ਸੂਰਜ ਚੜਨ ਤੇ ਤਾਰੇ ਗੁਸੇ ਹੋਕੇ ਕਿਤੇ ਨਹੀਂ ਜਾਂਦੇ ਬਲਕਿ ਆਪਣੀ ਚਾਨਣੀ ਸੂਰਜ ਦੀ ਰੋਸ਼ਨੀ ਵਿਚ ਮਿਲਾਕੇ ਰਜਾਂ ਵਿਚ ਰਾਜ਼ੀ ਰਹਿੰਦੇ ਹਨ।
ਉਮੈਦਵਾਰ
ਵਿਚ ਆਸ਼ਾ ਦੇ ਰਹੇ ਉਮੈਦਾਵਰ
ਨ ਮਿਲੇ ਇਨਸਾਨ ਬਣਕੇ ਆ ਤੁਸੀਂ,
ਨ ਮਿਲੇ ਰੱਬ ਬਣਕੇ ਜਾ ਅਸੀਂ।
ਮਿਲ ਜਿ ਪੈਂਦੇ ਜਾਣੀਏ ਕੀਹ ਹੋਵਦਾ!
ਰੱਜ ਜਾਂਦੀ ਆ ਕੁਈ, ਦਿਲ ਭਿੱਜਿਆ ਸੌਂ ਜਾਂਵਦਾ।
ਤੇਰੀਆਂ ਉਡੀਕਾਂ ਰਖਿਆ ਹੈ ਜਾਗਦੇ
ਦਿਲ ਨੂੰ ਉਮਾਹੀ ਰਖਿਆ ਵਿਚ ਤਾਂਘ ਦੇ
ਸਾਈਆਂ!
ਨ ਮੁੱਕੇ ਤਾਂਘ ਏ, ਦਰਸ਼ਨ ਬੀ ਸਾਨੂੰ ਦੇਵਣਾ,
ਦੇ ਦਰਸ, ਰੱਜ ਨ ਦੇਵਣੀ ਵਿਚ ਪਯਾਰ ਸਦ ਉਮਲੇਵਣਾ।
ਪ੍ਰਿਯ ਰੂਪ ਤੇਰਾ ਆਖਦੇ
ਸਾਈਆਂ! ਅਸਾਂ ਪਿਆਰਨਾ।
ਸਾਥੋਂ ਪਿਆਰ ਕਰਾਵਨਾ।
ਮਿਲਕੇ ਬੀ ਪਯਾਰ ਕਰਾਵਨਾ। ੪੫.
(ਬੰਬਈ ੨੮-੧੨-੧੯੫੪)
ਦੇਹੀ-ਜਿੰਦ-ਰੂਹ
ਦੇਹੀ- ਦੇਹੀ ਵਿਚ ਅਭਿਮਾਨ ਦੇ ਬੋਲ ਉਠੀ,
ਮੇਰੇ ਜਿਹਾ ਨਾ ਕੋਈ ਸੰਸਾਰ ਲੋਕੋ
ਤੁਰਦੀ ਫਿਰਦੀ ਤੇ ਕੰਮ ਮੈਂ ਸ੍ਵਾਰਦੀ ਹਾਂ,
ਖਾਂਦੀ ਪੀਂਦੀ ਤੇ ਕਰਾਂ ਬਹਾਰ ਲੋਕੋ!
ਸੁਹਣਾਂ ਗਾਉਂਦੀ ਤੇ ਮਹਿਕਾਂ ਸੁੰਘਦੀ ਮੈਂ,
ਧੁਨਾਂ ਸੁਣਾਂ ਤੇ ਕਰਾਂ ਵਿਹਾਰ ਲੋਕੋ!
ਆਪ ਸੁਖ ਪਾਵਾਂ ਚਾਹਾਂ ਸੁਖ ਦੇਵਾਂ,
ਮੇਰਾ ਉੱਚੜਾ ਹੈ ਬਲਕਾਰ ਲੋਕੋ!
ਜਿੰਦ- ਦੇਹੀ ਅੰਦਰੇ ਲੁਕੀ ਸੀ ਜਿੰਦ ਬੈਠੀ,
ਸਹਿਜੇ ਬੋਲਕੇ ਆਖਦੀ: 'ਹੋਸ਼ ਵਾਰੀ!
ਐਡੇ ਉੱਚੜੇ ਬੋਲ ਨ ਬੋਲ ਦੇਹੀਏ!
ਅਪਨੀ ਅਸਲ ਦੀ ਕਰੀਂ ਪਛਾਣ ਪਯਾਰੀ!
ਤੇਰੇ ਵਿਚ ਨ ਹੋਸ਼ ਹਵਾਸ ਆਪਣਾ,
ਤੇਰੇ ਵਿਚ ਨ ਗਿਆਨ ਦੀ ਤਾਨ ਸਾਰੀ।
ਪੱਥਰ ਵਾਂਙ ਤੂੰ ਪਈ ਨ ਹੱਲ ਸੱਕੇਂ,
ਦੋਹੁੰ ਦਿਨਾਂ ਵਿਚ ਜਾਇ ਤੈਂ ਆਬ ਮਾਰੀ।'
ਦੇਹੀ- ਕੌਣ ਬੋਲਦਾ ਕੋਠੜੀ ਕਿਸੇ ਲੁਕਿਆ?
ਮੈਨੂੰ ਆਖਦਾ ਹਾਂ ਨਿਕਾਰੜੀ ਮੈਂ।
ਬਾਹਰ ਆ ਖਲੋ ਖਾਂ ਸਾਹਮਣੇ ਤੂੰ,
ਚੰਗੀ ਕਰਾਂ ਪਛਾਣ ਤੁਹਾਰੜੀ ਮੈਂ।
ਕੋਈ ਰੂਪ ਨ ਰੰਗ ਅਕਾਰ ਤੇਰਾ,
ਦੱਸੀ ਸੂਰਤ ਨ ਕਦੇ ਪਿਆਰੜੀ ਤੋਂ।
ਵਾਜ ਗੂੰਜ ਵਾਂਙੂ ਕਿਤੋਂ ਆਂਵਦੀ ਤੂੰ,
ਕੋਈ ਕਾਰ ਨ ਕਦੇ ਸੁਆਰੜੀ ਤੋਂ।
ਜਿੰਦ- ਤੂੰ ਤਾਂ ਬੁੱਤ ਕਲਬੂਤ ਨਿਰਜਿੰਦ ਦੇਹੀਏ!
ਮੇਰੇ ਬਿਨਾਂ ਤੂੰ ਅਗਨ ਦਾ ਭੋਗ ਹੋਵੇਂ।
ਵੇਖਣ ਸੁਣਨ ਤੇ ਸੁੰਘਣ ਦੇ ਅੰਗ ਤੇਰੇ,
ਮੇਰੇ ਬਿਨਾਂ ਨ ਕਿਸੇ ਹੀ ਜੋਗ ਹੋਵੇਂ।
ਮੇਰੇ ਤੇਜ ਕਰਕੇ ਮੌਜਾਂ ਮਾਣਦੀ ਤੂੰ,
ਮੇਰੇ ਬਿਨਾਂ ਤੂੰ ਸੁੱਕੜਾ ਫੋਗ ਹੋਵੇਂ।
ਮੇਰੇ ਬਿਨਾਂ ਤੈਂ ਸਾੜਦੇ ਲੱਕੜਾਂ ਤੇ,
ਹਿੱਕੇ ਦੱਬ ਦੇਂਦੇ, ਘਰੀਂ ਸੋਗ ਹੋਵੇ।
ਦੇਹੀ- ਬਹੁਤਾ ਮਾਣ ਤੂੰ ਤੇਜਦਾ ਕਰੇਂ ਜਿੰਦੇ,
ਮੇਰੇ ਬਿਨਾਂ ਤੈਨੂੰ ਕੌਣ ਸਯਾਣਦਾ ਹੈ?
ਮੇਰੇ ਆਸਰੇ ਕਰੇਂ ਬਹਾਰ ਸਾਰੀ,
ਨਹੀਂ ਤਾਂ ਭੋਗ ਕਿਹੜਾ ਤੈਨੂੰ ਜਾਣਦਾ ਹੈ!
ਰੂਹ- ਝਗੜਾ ਦੇਖ ਕੇ ਦੁਹਾਂ ਦਾ ਰੂਹ ਹੱਸੀ,
ਹੱਸ ਦੁਹਾਂ ਨੂੰ ਆਖਦੀ ਲੜੋ ਨਾਂਹੀ।
ਦੋਵੇਂ ਸੋਭਦੇ ਹੋ ਖੰਡ ਖੀਰ ਵਾਂਙੂ,
ਆਪੋ ਵਿਚ ਕਰ ਈਰਖਾ ਸੜੋ ਨਾਂਹੀ।
ਜੋੜ ਦੁਹਾਂ ਦਾ ਧੁਰਾਂ ਤੋਂ ਰੱਬ ਕੀਤਾ,
ਮੇਲਣਹਾਰ ਦੇ ਨੁਕਸ ਹੁਣ ਫੜੋ ਨਾਂਹੀ।
ਨਾਲ ਪਯਾਰ ਦੇ ਕਰੋ ਵਿਹਾਰ ਚੰਗੇ,
ਗਲ ਗਲ ਤੇ ਆਪ ਵਿਚ ਅੜੋ ਨਾਂਹੀ।
ਮੇਰੇ ਪਿਤਾ ਕਿਰਪਾਲ ਪਰਮੇਸ਼ਰੇ ਨੇ
ਮੇਰੀ ਖ਼ਾਤਰੇ ਜੰਗ ਰਚਾਇਆ ਹੈ।
ਸੂਰਜ ਚੰਦ ਤਾਰੇ ਪੌਣ ਤੇਜ ਪਾਣੀ
ਕੁਦਰਤ ਨੂਰ ਦਾ ਰੰਗ ਖਿੜਾਇਆ ਹੈ।
ਮੰਦਰ ਦੇਹਿ ਰਚਾਈ ਮੈਂ ਵੱਸਣੇ ਨੂੰ
ਤਾਣ ਜਿੰਦ ਦਾ ਵਿਚ ਰਚਾਇਆ ਹੈ।
ਜੀਉਂਦਾ ਠਾਠ ਬਣਾਇਆ ਮੈਂ ਵਾਸਤੇ ਹੈ,
ਮੇਰੇ ਵਾਸਤੇ ਤੁਸਾਂ ਮਿਲਾਇਆ ਹੈ।
ਜਿੰਦ ਦੇਹ ਦੇ ਵਿਚ ਮੈਂ ਵੱਸਣਾ ਹੈ,
ਐਪਰ ਵੱਸਣਾ ਵਾਂਙ ਪੰਧਾਊਆਂ ਦੇ।
ਏਥੇ ਵੱਸ ਮੈਂ ਪਿਤਾ ਨੂੰ ਯਾਦ ਕਰਨਾ,
ਐਪਰ ਯਾਦ ਕਰਨਾ ਵਾਂਙ ਸਾਊਆਂ ਦੇ।
ਤਾਰ ਪ੍ਰੇਮ ਦੀ ਰੱਖਣੀ ਵਿਚ ਉਸ ਦੇ,
ਨੇਹੁੰ ਲਗਣ ਨ ਨਾਲ ਬਟਾਊਆਂ ਦੇ।
ਖੱਟੀ ਖੱਟਣੀ ਨੇਕੀ ਤੇ ਪ੍ਰੇਮ ਵਾਲੀ,
ਕਾਰੇ ਨਹੀਂ ਕਰਨੇ ਘਰ-ਗੁਆਉਆਂ ਦੇ।
ਸੁਣੋ ਜਿੰਦ ਤੇ ਦੇਹਿ ਇਹ ਗਲ ਮੇਰੀ
ਥੋੜੇ ਦਿਨਾਂ ਦੀ ਉਮਰ ਸੁਹਾਵਣੀ ਹੈ।
ਜਿੰਦ ਬਹੁਤ ਸਹਾਉਣੀ ਸੱਤਿਆ ਹੈ,
ਦੇਹਿ ਰੰਗਲੀ ਮਨ ਨੂੰ ਭਾਉਣੀ ਹੈ।
ਕੁਦਰਤ ਪਯਾਰੀ ਤੇ ਭੂਮਿ ਰੰਗਾਵਲੀ ਹੈ,
ਬਿਨਾਂ ਪ੍ਰੇਮ ਦੇ ਸਭ ਡਰਾਉਣੀ ਹੈ।
ਪ੍ਰੇਮ ਤਾਰ ਇਕ ਸ੍ਵਰਾ ਇਕ ਰੰਗ ਕਰਦੀ
ਰਚੀ ਰੱਬ ਦੀ ਸਭ ਲੁਭਾਉਣੀ ਹੈ। ੪੬.
ਪੰਥ ਜਗਾਵਾ
੧. ਲੱਛਣ
ਐ ਕੌਮ ਵਾਹਦਾਨੀ ਨੇਕੀ ਕਮਾਨ ਵਾਲੀ!
ਅੱਕਾਲ ਦੇ ਕਲੌਤੀ ਭਾਣੇ ਮਨਾਣ ਵਾਲੀ!
ਐ ਕੌਮ ਸੂਰਿਆਂ ਦੀ, ਐ ਜ਼ਾਤ ਅਸ਼ਰਫ਼ਾਂ ਦੀ!
ਦੁਖੜੇ ਪਰਾਏ ਆਪਣੇ ਸਿਰ ਤੇ ਓਠਾਣ ਵਾਲੀ!
ਐ ਧਰਮੀਆਂ ਦੀ ਵਾੜੀ, ਸੰਤੋਖ ਦੀ ਬਗੀਚੀ !
ਨਾਨਕ ਗੁਰੂ ਦੀ ਲਾਈ, ਨੌ ਸਤਿਗੁਰਾਂ ਦੀ ਪਾਲੀ !
੨. ਗੁਣ
ਐ ਬਾਨੀਆਂ ਦੇ ਖੂਨੋਂ ਸਿੰਜੀ ਹੋਈ ਕਿਆਰੀ!
ਪਰਮਾਤਮਾ ਪ੍ਰਭੂ ਤੋਂ ਵਿਛੁੜੇ ਮਿਲਾਣ ਵਾਲੀ!
ਨੇਕੀ ਦੀ ਯਾਦਗਾਰੀ, ਬਦੀਆਂ ਭੁਲਾਣ ਵਾਲੀ!
ਉਪਕਾਰੀਆਂ ਦੀ ਮਾਤਾ, ਬੱਧੇ ਛਡਾਣ ਵਾਲੀ!
ਐ ਧਰਮ ਦੀ ਸ਼ਮਅ ਤੇ ਕੁਰਬਾਨ ਹੋਣ ਵਾਲੀ!
ਐ ਦੀਨ ਰੱਖਿਆ ਤੇ ਜਿੰਦੜੀ ਘੁਮਾਣ ਵਾਲੀ!
ਐ ਕੌਮ ਸਾਦਕਾਂ ਦੀ, ਐ ਕੌਮ ਸਾਬਰਾਂ ਦੀ!
ਦੁਖਾਂ ਨੂੰ ਝੱਲ ਕੇ ਬੀ ਘਬਰਾ ਨ ਜਾਣ ਵਾਲੀ!
੩. ਕਰਤਵਯ
ਐ ਤੇਜ ਦੀ ਭਵਾਨੀ! ਭਾਰਤ ਦੀ ਰਾਜ ਰਾਣੀ!
ਧਰਮਾਂ ਦੀ ਵੇਖ ਹਾਨੀ ਖੰਡਾ ਉਠਾਣ ਵਾਲੀ!
ਐ ਮੋਤੀਆਂ ਤੋਂ ਸੂਚੀ, ਐ ਹੀਰਿਆਂ ਤੋਂ ਪੱਕੀ,
ਲਾਲਾਂ ਤੋਂ ਮਹਿੰਗ ਮੁਲੀ, ਬੇਅੰਤ ਸ਼ਾਨ ਵਾਲੀ!
ਐ ਰਾਜ ਜੋਗ ਵਾਲੀ, ਮ੍ਰਿਗਰਾਜਿਆਂ ਤੇ ਭਾਰੂ,
ਐ ਦੁਸ਼ਮਨਾਂ ਦੇ ਦਿਲ ਤੇ ਲੋਹਾ ਬਿਠਾਣ ਵਾਲੀ!
ਐ ਜ਼ਾਲਮਾਂ ਦੀ ਦੁਸ਼ਮਣ, ਐ ਧਰਮੀਆਂ ਦੀ ਰਖਯਕ!
ਐ ਬੇਕਸਾਂ ਦੀ ਬਾਜੂ ਬਨਕੇ ਬਚਾਣ ਵਾਲੀ !
ਅਬਦਾਲੀਆਂ ਤੇ ਬਿਜਈ ਦੁੱਰਾਨੀਆਂ ਤੇ ਹਾਵੀ
ਖੰਡਾ ਔਰੰਗਜ਼ੇਬੀ ਖੁੰਢਾ ਕਰਾਣ ਵਾਲੀ!
੪. ਉਪਕਾਰ ਸਮਰਣ
ਐ ਕੌਮ ਖਾਲਸਾਈ! ਆਈ ਹੈ ਕੀ ਤਬਾਹੀ ?
ਜਾਗੀ ਨ ਨੀਂਦ ਕਰਕੇ, ਜਦ ਦੀ ਲਈ ਨਿਹਾਲੀ।
ਉਠ ਯਾਦ ਕਰ ਓ ਵੇਲਾ, ਇਕ ਦਿਨ ਸੀ ਔਜ ਪਰ ਤੂੰ,
ਸਾਨੀ ਨਹੀਂ ਸੀ ਕੋਈ, ਚਰਨਾਂ ਤੇ ਸੀ ਖੁਸ਼ਹਾਲੀ।
ਸੁਸਤੀ ਸੀ ਦੂਰ ਕੋਹਾਂ, ਉਪਕਾਰ ਕਰ ਰਹੀ ਸੀ,
ਦੇਸਾਂ ਤੇ ਝੂਲਦਾ ਸੀ ਝੰਡਾ ਤੇਰਾ ਅਕਾਲੀ।
ਗੋਦੀ ਤਿਰੀ ਦੇ ਸੂਰੇ ਦੁਨੀਆਂ ਬਚਾ ਰਹੇ ਸੇ,
ਕਯਾ ਜਾਨ ਪਾ ਰਿਹਾ ਸੀ ਖੰਡਾ ਤੇਰਾ ਨਿਰਾਲੀ।
ਜ਼ਖਮਾਂ ਤੇ ਲਾਏ ਮੱਲਮ ਦਿਲ ਦੇ ਗੁਬਾਰ ਧੋਤੇ,
ਦੁਖੀਆਂ ਦੇ ਦਰਦ ਵੰਡੇ ਧਰਮਾਂ ਦੀ ਸ਼ਰਮ ਪਾਲੀ।
ਆਪਣੇ ਤੇ ਦੁਖ ਸਹਾਰੇ, ਸੀਨੇ ਉਨ੍ਹਾ ਦੇ ਠਾਰੇ।
ਮਸ਼ਕੂਰ ਹੈ ਖੁਦਾਈ ਜੈਸੀ ਤੂੰ ਘਾਲ ਘਾਲੀ।
ਤੂੰ ਵਸੀਓ ਦਿਲਾਂ ਵਿਚ ਫੁਲਾਂ ਦੀ ਵਾਸ ਵਾਂਗੂੰ
ਦੁਨੀਆ ਵਸਾ ਰਿਹਾ ਸੀ ਤੇਰਾ ਖਿਆਲ ਆਲੀ।
ਸ਼ਰਵਤ ! ਤੇਰੀ ਨੂੰ ਖਲਕਤ ਲੈਂਦੀ ਰਹੀ ਉਧਾਰੀ
ਅਜ ਤੇਰੇ ਦਿਲ ਦੇ ਟੁਕੜੇ ਦਰ ਦਰ ਦੇ ਹਨ ਸਵਾਲੀ।
੫. ਸੋਚਨਾ
ਕਿੱਥੇ ਗਈ ਹਮਿੱਸਤ ? ਹਿੰਮਤ ਨੂੰ ਹੋ ਗਿਆ ਕੀ?
ਵਹਦਤ ਪਰਸਤ ਤੇਰੇ ਕਿੱਥੇ ਲੁਕੇ ਅਕਾਲੀ ?
ਕਮਜ਼ੋਰ ਹੋ ਰਹੀ ਹੈ, ਪੀਲਾ ਪਿਆ ਹੈ ਚਿਹਰਾ,
––––––––––––
* ਸ਼ਰਵਤ = wealth, power, influence
ਕਿਸ ਮਾਂਦਗੀ ਨੇ ਮਾਰੀ? ਆਈ ਕਿਹੀ ਬਿਹਾਲੀਂ ?
ਤੂੰ ਹੋ ਕੇ ਬੇਟਿਕਾਣਾ ਦਰ ਦਰ ਦੀ ਹੋ ਰਹੀ ਹੈਂ
ਬਚੜੇ ਤੇਰੇ ਨੇ ਰੁਲਦੇ ਅੱਜ ਟੱਡਦੇ ਹਥਾਲੀ।
ਤੂੰ ਬੇਖ਼ੁਦੀ ਦੀ ਕੈਦਣ, ਤੂੰ ਸੁਸਤ ਬੇਖ਼ਬਰ ਤੂੰ,
ਜਿਤਨੇ ਨੇ ਐਬ ਜਗਦੇ ਕਿਸ ਤੋਂ ਰਹੀ ਤੂੰ ਖਾਲੀ ?
ਸੰਸਾਰ ਨੂੰ ਜਗਾ ਕੇ ਤੂੰ ਆਪ ਸੌਂ ਗਈ ਕਿਉਂ?
ਕਿਆ ਸਤਿਗੁਰਾਂ ਸੀ ਤੈਨੂੰ ਏਹੋ ਅਕਲ ਸਿਖਾਲੀ?
ਕਿਸ ਖ਼ਾਬ ਵਿਚ ਪਈ ਤੂੰ? ਉਤੋਂ ਦੁਪਹਿਰ ਆਈ,
ਉਠ ਜਾਗ ਮਾਰ ਝਾਤੀ ਸਭ ਉਡ ਗਈ ਧੁੰਦਾਲੀ
੬. ਉੱਦਮ
ਉਠ ਦੇਖ ਬਾਗ਼ ਦੁਨੀਆਂ ਕਯਾ ਦੇ ਰਿਹਾ ਬਹਾਰਾਂ,
ਬਾਗ਼ ਇਲਮ ਬਨਾਇਆ ਵਿਦਯਾ ਨੇ ਬਨਕੇ ਮਾਲੀ।
ਸਰਸਬਜ਼ ਹੋ ਰਹੇ ਹਨ ਸਾਰੇ ਧਰਮ ਦੇ ਬੂਟੇ,
ਮੁਰਝਾ ਰਹੇ ਨੇ ਐਪਰ ਤੇਰੇ ਬਿਰਖ ਤੇ ਡਾਲੀ।
ਸਭ ਨਾਲ ਵਾਲਿਆਂ ਨੇ ਮੰਜ਼ਲ ਮੁਕਾ ਲਈ ਹੈ
ਪਰ ਤੂੰ ਅਜੇ ਹੈਂ ਸੁੱਤੀ ਲੈ ਲੇਫ਼ ਤੇ ਨਿਹਾਲੀ,
ਇਸ ਬੇਕਸੀ ਦੀ ਨੀਂਦੇ ਵਹਿਸ਼ਤ ਭਰੀ ਬੜਾਵੇਂ,
ਜੋ ਕੁਝ ਤੂੰ ਵੇਖਦੀ ਹੈਂ, ਇਹ ਖ਼ਾਬ ਹਨ ਖ਼ਿਆਲੀ,
ਉਠ ਜਾਗ ਭਾਗ ਭਰੀਏ ਆਲਸ ਤਿਆਗ ਛੇਤੀ
ਮੁੱਦਤ ਤੋਂ ਬੀਤ ਚੁੱਕੀ ਜ਼ੁਲਮਤ ਦੀ ਰਾਤ ਕਾਲੀ
ਹੈਂ ਤੇਗ ਮਾਰਕੇ ਤੂੰ ਹੁਣ ਸੌਂ ਗਈ ਹੈਂ ਕੈਸੀ?
ਪਾਸਾ ਨ ਪਰਤ ਉੱਠੀ, ਉਠਿ ਹੋਸ਼ ਨਾ ਸੰਭਾਲੀ,
ਹੈਰਾਨ ਹੈ ਜ਼ਮਾਨਾ ਇਹ ਦੇਖ ਤੇਰੀ ਗਫਲਤ,
ਬੇਹੋਸ਼ ਹੋ ਰਹੀ ਹੈਂ ਸੁੱਤੇ ਜਗਾਨ ਵਾਲੀ।
ਉਠ ਉੱਨਤੀ ਦੇ ਰਣ ਵਿਚ ਲੈ ਕਲਮ ਮਾਰ ਵਧਕੇ
ਜੈਸੀ ਕਿਸੇ ਜ਼ਮਾਨੇ ਤਲਵਾਰ ਸੀ ਵਿਖਾਲੀ।
ਹੁਣ ਸੌਣ ਦਾ ਨਾ ਵੇਲਾ, ਉਠ ਵੇਖ ਜਗ ਤੇ ਮੇਲਾ,
ਕੈਸਾ ਸਮਾਂ ਸੁਹੇਲਾ ਹਿਹ ਜਾ ਰਿਹਾ ਹੈ ਖ਼ਾਲੀ,
ਇਸ ਘੂਕ ਨੀਂਦ ਸੌਣਾ, ਕਿਸ ਨੇ ਹੈ, ਹਾ ਸਿਖਾਯਾ ?
ਕਿਸ ਬੇਰਹਿਮ ਨੇ ਦਿਤੀ ਘੁੱਟੀ ਖੁਮਾਰ ਵਾਲੀ?
ਇਸ ਨੀਂਦ ਦੀ ਕੁਚਾਟੇ, ਕਈਆਂ ਨੇ ਘਰ ਡੁਬਾਏ
ਇਸ ਨੀਂਦ, ਤੇਰੇ ਸਾਹਵੇਂ ਕਈਆਂ ਦੀ ਜਿਲਦ ਗਾਲੀ।
2. ਸ਼ੋਕ
ਕਦ ਤਕ ਏ ਨੀਂਦ ਗ਼ਫ਼ਲਤ, ਕਦ ਤਕ ਖ਼ੁਮਾਰ ਆਲਸ,
ਆਖ਼ਰ ਤੇਰੀ ਰਹੇਗੀ ਕਦ ਤਕ ਏ ਬੇਖ਼ਿਆਲੀ ?
ਮੁੜ ਮੁੜ ਪਿਆ ਜਗਾਵਾਂ ਫੜ ਫੜ ਜਗਾ ਬਿਠਾਵਾਂ
ਕੈਸੀ ਚੜੀ ਖ਼ੁਮਾਰੀ ਪਰਤੀ ਨ ਹੋਸ਼ ਹਾਲੀ।
ਸੌਂ ਜਾਇ ਜਾਗਕੇ ਤੇ ਕਹਿੰਦੇ ਕਹਾਂਦਿਆਂ ਹੀ
ਖ਼ਬਰੇ ਏ ਬੇਖ਼ੁਦੀ ਦੀ ਕਿਸ ਨੇ ਦੁਆ ਪਿਆਲੀ ?
ਖ਼ਬਰੇ ਪ੍ਰਭੂ ਹੀ ਜਾਣੇ, ਕੀ ਕੁਝ ਹੈ ਹੋਣ ਵਾਲਾ
ਇਹ ਨੀਂਦ ਖਾਲਸੇ ਦੀ ਹੈ ਇਲਤੋਂ ਨ ਖਾਲੀ! ੪੭.
ਸੁਤੰਤ੍ਰਤਾ ਦੀ ਦੇਵੀ
ਓਹੋ ਚੰਦ ਚੜਿਆ ਅਸਮਾਨੀ, ਓਹੋ ਸੂਰਜ ਉਦੇ ਹੋਇਆ,
ਉਹੋ ਨਛਤਰ ਘੁੰਮਦੇ ਸਿਰ ਤੇ, ਉਹੋ ਚਾਨਣ ਉਹੋ ਲੋਇਆ।
ਗ੍ਰਹਿ ਮਾਲਾ ਹੈ ਉਹੋ ਉਦਾਲੇ ਭਉਂਦੀ ਚੱਕਰ ਲਾਂਦੀ ਏ,
ਸੂਰਜ ਤੋਂ ਲੈ ਚਾਨਣ, ਚਾਨਣ ਦੁਆਲੇ ਵੰਡਦੀ ਜਾਂਦੀ ਏ।
ਰਿਸ਼ਮ ਰਿਸ਼ਮ ਪਰ ਇਸਦੀ, ਤੱਕੋ 'ਤਾਣ' ਲਿਸ਼ਕ ਲਿਸ਼ਕੇਂਦੀ ਏ
ਛੁਹ ਅਪਨੀ ਲਾ ਲਾ ਕੇ ਨੈਣਾਂ ਜਾਂਦੀ ਤਾਣ ਭਰੇਂਦੀ ਏ।
ਪੌਣ-ਜੁ ਸਦਾ ਉਦਾਲੇ ਰਹਿੰਦੀ ਉਹੋ ਪੌਣ ਪਈ ਘੁੱਲਦੀ ਏ
ਪਰ ਅਜ ਨਖ਼ਰੇ ਹੋਰ ਕਿਸੇ ਵਿਚ ਮੰਦ ਮੰਦ ਪਈ ਝੁਲਦੀ ਏ,
ਹਾਂ ਅਜ ਜਫੀਆਂ ਪਾ ਪਾ ਮਿਲਦੀ ਭਰੀ ਉਮਾਹ ਵਿਚ ਆਂਦੀ ਏ
ਚੜਦੀ ਕਲਾ ਦੀ ਛੋਹ ਲਗਾਂਦੀ ਲਪਟ ਉਮਾਹ ਦੇ ਜਾਂਦੀ ਏ
ਧਰਤੀ ਉਹੋ, ਮਟਕ ਹੋਰ ਹੈ, ਘਾਹ ਇਸਦੇ ਵਿਚ ਦਮਕ ਰਹੀ,
ਓਹੋ ਪਾਣੀ ਲਹਰ ਲਹਰ ਪਰ, ਹੋਰ ਚਮਕ ਪਰ ਚਮਕ ਰਹੀ।
ਬਦਲ ਗਿਆ ਹੈ ਸੁਹਜ ਤਰ੍ਹਾਂ ਦਾ ਕਿਥੋਂ ਲੈ ਲਿਆ ਰੰਗ ਨਵਾਂ
ਮਾਣ ਭਰਿਆ ਜੋ ਆਖ ਰਿਹਾ ਹੈ-ਹੁਣ ਨਾ ਅਗੇ ਕਿਸੇ ਨਿਵਾਂ।
ਉਹੀ ਬਾਗ ਬਨ ਬੋਲੇ ਓਹੋ ਓਹੋ ਪਾਵਸ ਲਾਇ ਝੜੀ
ਪਰ ਠੰਢਕ ਅਜ ਰਹੇ ਵੰਨ ਦੀ ਹੋਰ ਸੁਆਦ ਇਕ ਜਾਇ ਭਰੀ।
ਆਪਾ ਸਤਿਕਾਰੇ ਹੈ ਆਪੇ ਮਿਠੀ ਨਾਲ ਫੁਹਾਰ ਪਵੇ:-
ਮਾਣ ਦੁਏ ਦਾ ਭੰਗ ਨ ਕਰਨਾ ਅਪਣਾ ਪਰ ਨਾ ਭੰਗ ਹੁਵੇਂ।
ਉਹੋ ਮਹਿਲ ਮਾੜੀਆਂ ਮੰਦਰ, ਸ਼ਹਿਰ ਗਿਰਾਂ ਤੇ ਬਸਤੀਆਂ ਓ
ਓਹੋ ਪਰਬਤ ਬਰਫ਼ਾਂ ਕੱਜੇ, ਉਹੋ ਵਾਦੀਆਂ ਪਸਤੀਆਂ ਓ।
ਅਜ ਆਪਣੇ ਲਗਣ ਵਧੇਰੇ ਵਧ ਪਿਆਰੇ ਦਿਸਣ ਓ।
ਫ਼ਖ਼ਰ ਭਰਨ ਦਿਲ ਵਿਚ ਉਹ ਸਾਰੇ ਰੰਗ ਨਵੇਂ ਵਿਚ ਲਿਸ਼ਕਣ ਓ।
ਕਿਥੋਂ ਭਈ ਇਹ ਦੱਸੋ ਸਾਨੂੰ ਵੰਨ ਨਵਾਂ ਏ ਲਿਆਏ ਹੋ?
ਸੁੰਦਰਤਾ ਵਿਚ ਪਿਆਰ ਲਗਨ ਏ ਕਿਵੇਂ ਪਏ ਦਿਖਲਾਏ ਓ?
ਓਹੋ ਮੋਰ ਪਾਹਿਲਾਂ ਪਾਦੇ, ਓਹੋ ਕੋਇਲ ਕੂਕ ਰਹੀ,
ਉਹੋ ਪਪੀਏ ਪ੍ਰਿਉ ਪ੍ਰਿਉ ਕਰਦੇ, ਉਹੋ ਚਕੋਰ ਹੈ ਚੁਹਕ ਪਈ,
ਡਾਲ ਉਹੋ ਹਨ, ਸੁਰਾਂ ਉਹੀ ਹਨ, ਲੈ ਉਹੋ ਹੈ ਲਹਿਰ ਵਰੀ।
ਪੁਰ ਤਾਸੀਰ ਹੋਰ ਹੈ ਹੋਈ 'ਨਵ ਜੀਵਨ ਉਮੰਗ ਭਰੀ।
ਕਹੁ ਸੰਗੀਤਕੋ! ਕਿਥੋਂ ਹੈ ਇਹ ਉਮੰਗ, ਤੁਸਾਂ ਨੇ ਲੱਭ ਲਈ,
ਬਦਲ ਗਿਆ ਪਰਭਾਉ ਸਭਸ ਦਾ, ਕਿਵੇਂ ਨਵੀਂ ਏ ਫੱਬ ਆਈ?
ਇਤਨੇ ਨੂੰ ਇਕ ਦੂਰ ਦੇਸ਼ ਤੋਂ ਬੁਲ ਬੁਲ ਉਡਦੀ ਆਇ ਗਈ,
ਗਾਂਦੀ ਪਈ ਵਧਾਵਾ ਸੁਹਣੀ ਸੁਰ ਝੀਣੀ ਕੁਛ ਚਾਉ ਮਈ।
ਵਧੋ ਵਧਾਈ ਹਿੰਦ ਦੇ ਜਾਇਓ ਵਧੋ ਵਧਾਈ ਤੁਸਾਂ ਤਈਂ
ਉੱਠੋ ਦੇਖੋ ਅਜ ਤੁਸਾਂ ਵਿਚ ਕੌਣ ਆਈ ਹੈ ਭਾਗਮਈ।
ਦੇਖੋ ਅਰਸ਼ਾਂ ਵਿਚ ਖਲੋਤੀ ਸੁਤੰਤਰਤਾ ਦੀ ਦੇਵੀ ਆ
ਆਪਣੀ ਪ੍ਰਭਾ ਖਿਲਾਰੀ ਜਾ ਰਹੀ ਚੰਦ ਚਾਂਦਨੀ ਜਿਕੁਰ ਲਾ।
ਤਾਣ, ਮਾਣ, ਸਤਿਕਾਰਨ ਸ੍ਵੈ ਨੂੰ, ਉਮੰਗ ਨਵੀਂ ਤੇ ਨਵੀਂ ਨਵੀਂ
ਭਰਦੀ ਹਰ ਦਿਲ ਅੰਦਰ ਜਾਂਦੀ, ਫੇਰ ਨਾ ਦਿਲ ਖਾ ਜਾਇ ਝਵੀ।
ਇਸਦਾ ਹੈ ਪਰਭਾਉ ਨਿਰਾਲਾ, ਬਦਲੇ ਸਭ ਪਰਭਾਵਾਂ ਨੂੰ।
ਰੂਪ ਰੰਗ ਹਰ ਸ਼ੈ ਦਾ ਬਦਲੇ ਭਰੇ ਮਨਾਂ ਵਿਚ ਚਾਵਾਂ ਨੂੰ,
ਪੂਜਾ ਇਸ ਦੀ ਕਰੋ ਸਦਾ ਹੀ, ਨਿਜ ਪੂਜਾ ਦੀ ਪਿਆਰੀ ਏ,
ਗ਼ਫ਼ਲਤ ਕਰੋ ਜੇ ਪੂਜਾ ਅੰਦਰ ਸਮਝੋ ਇਸ ਤੁਰਨ ਤਿਆਰੀ ਏ,
ਧਰਮ ਤਖਤ ਹੈ ਇਸਨੂੰ ਪਿਆਰਾ ਅਮਨ ਆਰਤੀ ਭਾਂਦੀ ਸੂ,
ਦੀਪ ਲੋਅ ਹਕਾਂ ਦੀ ਚਾਹੇ ਫ਼ਰਜ਼ ਸੁਗੰਧਿ ਸੁਹਾਂਦੀ ਸੂ।
ਸਾਹਸ ਦਾ ਭੋਜਨ ਇਹ ਕਰਦੀ ਹਿੰਮਤ ਅੰਮ੍ਰਿਤ ਪੀਂਦੀ ਏ,
ਆਪਾ ਵਾਰਨ ਜਗਵੇਦੀ ਤੇ ਬਲੀਆਂ ਲੈ ਖੁਸ਼ ਥੀਂਦੀਏ।
ਬੇ-ਲਗਾਮੀਆਂ ਭਾਣ ਨ ਇਸਨੂੰ ਖਿਲਰੀ ਖੁਲ੍ਹ ਨ ਭਾਵੇ ਸੂ,
ਮਿਤ ਮਰਿਯਾਦਾ ਅੰਦਰ 'ਖੁਲ ਜੋ ਉਸਦੀ ਪਉਣ ਸੁਹਾਵੇ ਸੂ,
ਸਾਗਰ, ਚੰਦ, ਤਾਰੇ ਤੇ ਸੂਰਜ ਖੁਲ੍ਹਾਂ ਦਾ ਰੰਗ ਮਾਣਨ ਓ।
ਪਰ ਮਰਿਯਾਦਾ ਭੰਨ ਨ ਟੁਰਦੇ, ਤਦੇ ਸੁਹਾਉ ਸੁਹਾਵਨ ਓ।
ਇਸ ਪ੍ਰਕਾਰ ਦੀ ਪੂਜਾ ਇਸਦੀ ਸਦਾ ਕਰੇ ਜੋ ਦੇਸ ਸਖੀ!
ਸੁਖ ਵਧਾਵੇ ਨਿਤ ਇਹ ਉਸਦੇ ਦੁਖ ਪੱਟੀ ਦੇ ਮੇਸ ਸਖੀ
ਜਦੋਂ ਹਿੰਦੀਆਂ ਪੂਜਾ ਇਸਦੀ ਆਪਨੇ ਮਨੋ ਵਿਸਾਰੀ ਸੀ,
ਤਦੋਂ ਹਿੰਦ ਤੋਂ ਇਸ ਦੇਵੀ ਨੇ ਲੰਮੀ ਲਾਈ ਉਡਾਰੀ ਸੀ।
ਆਖਣ ਗੁਰੂ ਗੋਬਿੰਦ ਸਿੰਘ ਸਹੀਓ! ਪਰਗਟ ਕੀਤੀ ਦੇਵੀ ਸੀ।
ਹੋਰ ਨਹੀਂ ਸੀ ਦੇਵੀ ਸਹੀਓ। ਸ੍ਵੈਤੰਤ੍ਰਤਾ ਦੀ ਦੇਵੀ ਸੀ।
ਸਦੀਆਂ ਤੋਂ ਰੁਸ ਗਈ ਹਿੰਦ ਤੋਂ ਮੋੜ ਉਹਨਾਂ ਨੇ ਆਂਦੀ ਸੀ,
ਸੋ ਇਕ ਬਰਸ ਖਾਲਸੇ ਉਸਦੀ ਪੂਜਾ ਸੇਵ ਸੁਹਾਂਦੀ ਸੀ
ਪੂਜਾ ਜਦੋਂ ਵਿਸਾਰੀ ਉਹਨਾਂ ਚਲੀ ਗਈ ਫਿਰ ਦੇਵੀ ਏ।
ਵਿਚ ਗੁਲਾਮੀ ਕਸ਼ਟ ਸਹਾਰੇ ਹਿੰਦ ਨੇ ਜਦ ਨਾ ਸੇਵੀ ਏ।
ਹੁਣ ਮੁੜ ਆਈ ਫੇਰ ਸੁਹਾਵੀ, ਆ ਵਾਹਨ ਖ਼ੁਸ਼ ਆਏ ਸੂ,
ਪੂਜਾ ਦੇ ਸਾਮਾਨ ਜੋ ਕੀਤੇ, ਬਲੀਦਾਨ ਸਭ ਭਾਏ ਸੂ।
ਹੁਣ ਆਈ ਦਾ ਆਦਰ ਕਰਨਾ ਪੂਜਾ ਕਰਨੀ ਗਯਾਨ ਮਈ
ਰਚੋ ਆਰਤੀ ਕੀਰਤਨ ਇਸਦੇ ਧਯਾਨ ਧਰੋ ਰਹੁ ਧਯਾਨ ਮਈ,
ਫਿਰ ਇਹ ਪੂਜਾ-ਪਿਆਰੀ ਦੇਵੀ ਸਦਾ ਰਹੇਗੀ ਦੇਸ਼ ਵਿਖੇ,
ਦੈਂਤ ਗੁਲਾਮੀ ਫੇਰ ਤੁਸਾਂ ਵਿਚ ਆਇ ਨ ਕਿਸ ਹੀ ਵੇਸ ਵਿਖੇ। ੪੮.
–––––––––––
* ਮਿਟਾ ਦੇਂਦੀ ਹੈ।
ਮੈਂ ਕੰਨ ਵਿਚ ਇਕ ਗਲ ਕਰਨੀ ਸੀ
ਮੇਰੇ ਸਾਂਈਆਂ!
ਮੈਂ ਅਜ ਇਕੱਲਿਆਂ ਤੁਸਾਂ ਨਾਲ ਇਕ ਗਲ ਕਰਨੀ ਸੀ,
ਹਾਂ, ਮੈਂ ਤੁਹਾਡੇ ਕੰਨ ਵਿਚ ਇਕ ਗਲ ਕਰਨੀ ਸੀ,
ਪਰ ਦੇਖੋ ਨਾ!
ਤੁਸਾਡਾ ਨਾਉ ਲੈਂਦੇ ਸਵੇਰੇ ਹੀ ਆ ਗਏ,
ਕੀਰਤਨ ਕਰਦੇ ਸਵੇਰੇ ਹੀ ਆ ਗਏ।
ਆਖਣ ਲੱਗੇ, ਤੁਸਾਡੀਆਂ ਗਲਾਂ ਕਰਨੀਆਂ ਹਨ,
ਤੁਸਾਡੀਆਂ ਸੋਆਂ ਸੁਣਨੀਆਂ ਹਨ,
ਮੈਂ ਜਾਤਾ:
ਓ ਤੁਸਾਡੀ ਬਾਸ ਬਸਾ ਦੇਣਗੇ।
ਮੈਂ ਕਿਹਾ:
ਦਿਲਾ! ਇਨ੍ਹਾਂ ਦੀ ਦਾਰੀ ਪਹਿਲੇ ਕਰ
ਕਿਤੇ ਦਿਲ ਨਾ ਢਹਿ ਪਵੇ ਨੇ।
ਮੈਂ ਸੁਣਿਆ ਸੀ:
ਦਿਲ ਤੁਸਾਡੇ ਵਸਣ ਦਾ ਘਰ ਹੈ।
ਤੁਸਾਂ ਸਾਡੀ ਦੁਨੀਆਂ ਵਿਚ ਦਿਲ ਆਪਣਾ ਨਸ਼ੇਮਨ* ਬਨਾਯਾ ਹੈ।
ਮੈਂ ਕਿਹਾ:
ਮੈਂ ਕਿਤੇ ਆਪ ਦੇ ਨਿਸ਼ੇਮਨ ਨੂੰ ਠੇਸ ਨਾ ਲਾ ਬੈਠਾਂ।
ਹਾਂ, ਉਹ ਤੁਹਾਡਾ ਨਾਂ ਲੈਂਦੇ ਆਏ ਸਨ ਨਾ,
ਪਰ ਮੈਂ, ਮੇਰੇ ਸਾਈਆਂ!
ਅਜ ਤੁਸਾਂ ਨਾਲ ਵਖਰਿਆਂ ਇਕ ਗਲ ਕਰਨੀ ਸੀ।
–––––––––––––––
* ਨਸ਼ੇਮਨ = ਘੋਸਲਾ ਯਾ ਰਹਿਣ ਦੀ ਜਗ੍ਹਾ।
ਹਾਂ, ਓਹ ਬੈਠੇ ਰਹੇ, ਰੋਟੀ ਵੇਲਾ ਲੰਘ ਗਿਆ,
ਦੁਪਹਿਰਾਂ ਹੋ ਆਈਆਂ ਓਹ ਆਏ,
ਓਹ ਗਏ ਓਹ ਗਏ ਓਹ ਆਏ।
ਪਰ ਹਾਂ ਦੁਪਹਿਰਾਂ ਢਲ ਗਈਆਂ,ਸਾਂਈਆਂ
ਓਹ ਆਏ, ਓਹ ਗਏ, ਓਹ ਆਏ।
ਸ਼ਾਮਾਂ ਪੁੱਜ ਪਈਆਂ।
ਮੈਂ ਤੁਸਾਂ ਨਾਲ ਅਜ ਇਕ ਕੰਨ ਵਿਚ ਗਲ ਕਰਨੀ ਸੀ।
ਓਹ ਆ ਗਏ, ਫਿਰ ਮੈਂ ਕਿੰਝ ਕਰਦਾ।
ਓਹ ਤੁਹਾਡਾ ਨਾਂ ਜੁ ਲੈਂਦੇ ਸਨ, ਕਹਿੰਦੇ ਸਨ ਤੁਹਾਡੇ ਹਾਂ।
ਰਾਤ ਪੈ ਗਈ।
ਓਹ ਅਜੇ ਆਉਂਦੇ ਹਨ, ਤੁਹਾਡਾ ਨਾਂ ਲੈਂਦੇ ਹਨ।
ਮੈਂ ਹੁਣ ਕਿੰਞ ਕਰਾਂ?
ਅੱਧੀ ਰਾਤ ਹੋ ਗਈ, ਥਕਾਨ ਨੇ ਆ ਡੇਰੇ ਲਾਏ ਹਨ
ਨੀਂਦ ਅੱਖੀਂ ਮੱਲੋ ਮੱਲੀ ਵੜਦੀ ਹੈ।
ਹਾਇ, ਸਾਈਆਂ!
ਮੈਂ ਤੁਸਾਂ ਦੇ ਕੰਨ ਵਿਚ ਇਕ ਗਲ ਕਰਨੀ ਸੀ।
ਪਰ ਓਹ ਅਜੇ ਬੈਠੇ ਹਨ, ਤੁਹਾਡਾ ਨਾਂ ਲੈਂਦੇ ਹਨ,
ਸੋਆਂ ਪੁਛਦੇ ਹਨ, ਤੁਹਾਡਾ ਵਾਸਤਾ ਪਾਂਦੇ ਹਨ।
ਮੈਂ ਕਿੰਞ ਆਦਰ ਨਾ ਕਰਾਂ, ਕਿੰਝ ਕਹਾਂ ਜਾਓ!
ਮੈਂ ਤੁਹਾਨੂੰ ਤੜਕੇ ਤੋਂ ਵਾਜਾਂ ਤਾਂ ਮਾਰੀਆਂ ਹਨ
ਪਰ ਹੌਲੇ ਹੌਲੇ। ਮਨ ਹੀ ਮਨ ਵਿਚ! ਤੁਸੀਂ ਸੁਣਦੇ ਰਹੇ ਹੋ,
ਪਰ ਮੈਨੂੰ ਇਕੱਲ ਨਹੀਂ ਮਿਲੀ ਤੁਸਾਂ ਨਾਲ!
ਹਾਂ, ਉਫ਼, ਹਾਂ, ਵਾਹ ਵਾਹ, ਧੰਨ ਤੂੰ।
ਮੇਰੇ ਸਾਈਆਂ!
ਓਹ ਗਏ ਹਨ, ਹੁਣ ਉਠੇ ਹਨ।
ਤਾਰਾ ਮੰਡਲ ਗੇੜ ਖਾ ਗਿਆ ਹੈ।
ਮੇਰੇ ਅੰਗ ਥੱਕ ਗਏ ਹਨ, ਨੀਂਦ ਘੁਟਦੀ ਹੈ,
ਤਾਣ ਹਾਰ ਦੇਂਦਾ ਹੈ।
ਮੇਰੇ ਅੰਦ੍ਰ ਸਵੇਰੇ ਤੜਕੇ ਚਾ ਸੀ ਮੁਟਿਆਰ ਦਾ, ਵਯਾਹ ਪ੍ਰਾਪਤ ਦਾ।
ਮੈਂ ਉਮਾਹ ਵਿਚ ਸਾਂ, ਜੋਬਨ ਬਾਲਾ ਹੋ ਹੋ ਉਮਲਦਾ ਸੀ,
ਦਿਲ ਤੁਸਾਂ ਨਾਲ ਇਕ ਗਲ ਕੰਨ ਵਿਚ ਕਰਨ ਨੂੰ ਉਛਲਦਾ ਸੀ
ਹਾਂ, ਪਰ ਓਹ ਨਾਮ ਲੇਵਹ ਆਪਦੇ ਤੜਕੇ ਆ ਗਏ।
ਉਹ ਕੀਰਤਨ ਕਰਦੇ ਸਨ, 'ਤੁਹਾਡੇ ਹਾਂ' ਦਸਦੇ ਸਨ,
ਸੋਆਂ ਲੈਣ ਆਏ ਹਾਂ ਕਹਿੰਦੇ ਸਨ।
ਪਰ ਹੁਣ ਸਾਂਈਆਂ!
ਮੇਰੇ ਘਰ ਦੇ ਗਗਨ ਮੰਡਲ ਵਿਚ ਨਿਕੀ ਨਿਕੀ ਧੂੜ ਕੇਹੀ ਹੈ?
ਕਿਉਂ ਜਾਪਦੀ ਹੈ, ਥਕਾਨ ਅਕਾਨ ਕਿਉਂ ਹੈ?
ਸਾਂਈਆਂ ਜੀ-
ਜੀਓ ਦੇਖੋ ਨਾ, ਅਜ ਮੈਂ ਰਾਤ ਰਹਿੰਦੀ ਉਠਕੇ ਤ੍ਰੇਲ ਭਿੰਨੇ
ਫੁਲ ਤੋੜੇ ਤੇ ਸਿਹਰਾ ਪ੍ਰੋਤਾ, ਮੈਂ ਕਿਹਾ ਤੁਸਾਂ ਨਾਲ ਕੰਨ ਵਿਚ
ਗਲ ਕਰਨ ਵੇਲੇ ਇਹ ਸਿਹਰਾ ਤੁਹਾਡੇ ਗਲ ਪਾਵਾਂ।
ਪਰ ਹੁਣ ਤਕ, ਓਹ ਸਿਹਰਾ ਗਿਲੇ ਸਾਫ਼ੇ (ਰੁਮਾਲ)
ਵਿਚ ਪਿਆ ਹੀ ਸੁਕ ਗਿਆ ਹੈ।
ਮੇਰੇ ਸਾਈਂ,
ਮੈਂ ਨੂਰ ਦੇ ਤੜਕੇ ਮੈਂ ਚੰਦਨ ਕੇਸਰ ਕਪੂਰ ਰਗੜਿਆ ਸੀ।
ਮੈਂ ਚਾਂਦੀ ਦੀ ਡਬੀ ਵਿਚ ਪਾਕੇ ਰਖਿਆ ਸੀ,
ਮੈਂ ਕਿਹਾ ਕੰਨ ਵਿਚ ਗਲ ਕਰਨ ਲਗਿਆਂ,
ਮੈਂ ਆਪਦੇ ਪੁਸ਼ਾਕੇ ਤੇ ਇਸਦਾ ਤਰੌਂਕਾ* ਕਰਸਾਂ,
ਪਰ ਹਾਇ ਬੰਦ ਪਈ ਡਬੀ ਵਿਚੋਂ ਕੁੰਗੂੰ ਸੁਕ ਗਿਆ ਹੈ।
––––––––––––
* ਛੱਟਾ ਮਾਰਸਾਂ।
ਜੀਓ ਜੀ-
ਹਾਂ ਮੈਂ ਅੰਮ੍ਰਿਤ ਵੇਲੇ ਲਾਲ ਲਾਲ ਲੰਮੀਆਂ ਲੰਮੀਆਂ ਦਾਖਾਂ ਚੋਂ
ਚੋ ਕੇ ਸੋਨੇ ਦੇ ਫੁੱਲ ਕੌਲ ਵਿਚ ਰਖੇ ਸਨ।
ਮੈਂ ਕਿਹਾ ਸੀ,
ਅੱਜ ਇਕ ਗਲ ਕੰਨ ਵਿਚ ਵਖਰਿਆਂ ਕਰਨੀ ਹੈ,
ਗਲ ਕਰਕੇ ਤੁਹਾਡੇ ਸੁਹਣੇ ਲਬਾਂ ਨਾਲ ਲਾਵਾਂ,
ਆਪੂੰ ਲਾਵਾਂ, ਜੋ ਤੁਹਾਡੇ ਸੁਹਣੇ ਹੱਥਾਂ ਨੂੰ ਚਾਣ ਦੀ ਖੇਚਲ ਨਾ ਹੋਵੇ
ਹਾਇ, ਓਹ ਮੇਰਾ ਰਸ ਕੌਲ ਵਿਚ ਹੀ ਪਿਆ ਪਿਆ ਸੁਕ ਗਿਆ।
ਕੋਲ ਤਾਂ ਮੈਂ ਕੱਜ ਕੇ ਰਖਿਆ ਸੀ।
ਕਿਸੇ ਨੂੰ ਮੈਂ ਕੌਲ ਦੇ ਕੋਲ ਜਾਂਦਾ ਨਹੀਂ ਡਿੱਠਾ।
ਹਾਂ ਜੀਓ ਸ਼ਾਮਾ ਤੋੜੀ ਓਹ ਆਉਂਦੇ ਰਹੇ।
ਸ਼ਾਮਾ ਵੇਲੇ ਮੈਂ ਕਿਹਾ ਸੀ,
ਦਿਲਾ! ਕਿਤੇ ਖਿਸਕ ਚਲ, ਜੋ ਇਕੱਲ ਮਿਲ ਜਾਵੇ
ਤੇ ਮੈਂ ਤੁਸਾਂ ਦੇ ਕੰਨਾਂ ਵਿਚ ਗਲ ਕਰ ਲਵਾਂ।
ਮੈਂ ਮਲਕੜੇ ਸ਼ਾਮਾਂ ਵੇਲੇ ਪਿਛਵਾੜਿਓਂ ਖਿਸਕੀ ਤੇ ਜਾ ਪਾਣੀਆਂ
ਦੀ ਛਾਤੀ ਤੇ ਲਕੜ ਤਾਰੀ, ਉਤੇ ਜਾ ਡੇਰਾ ਲਾਇਆ
ਮੈਂ ਕਿਹਾ ਤੁਸੀਂ ਉਥੇ ਕੋਮਲ ਵੇਗ ਆ ਮਿਲੋਗੇ,
ਹਾਂ ਮੇਰੀ ਗਲ ਕੰਨਾਂ ਵਿਚ ਸੁਣ ਲਓਗੇ।
ਪਰ ਮੇਰੇ ਸਾਂਈਆਂ ਜੀਓ-
ਓਹ ਓਥੇ ਬੀ ਆ ਗਏ, ਕਿਸ਼ਤਿਆਂ ਉਤੇ ਬੈਠਕੇ ਆ ਗਏ।
ਮੈਂ ਤੁਹਾਡੇ ਕੰਨ ਵਿਚ ਗਲ ਕਰਨ ਨੂੰ ਵਿਆਕੁਲ ਹੋਕੇ
ਆਪਣੀ ਲਕੜ ਤਿਲਕਾਈ, ਇਕ ਬੰਨੇ ਲਾਈ,
ਇਕ ਬੁਲਬੁਲ ਦੇ ਪ੍ਰੀਤਮਾਂ ਦੇ ਗੁਲਜ਼ਾਰ ਵਿਚ ਲੁਕਵੀਂ ਥਾਂ
ਲੱਭਕੇ ਤੁਸਾਡੀਆਂ ਤਾਂਘਾਂ ਵਿਚ ਜਾ ਚੌਂਕੜੀ ਮਾਰੀ ਕਿ ਤੁਸੀਂ
ਮਲਕੜੇ ਆਕੇ ਕੰਨ ਵਿਚ ਮੇਰੀ ਗਲ ਸੁਣ ਜਾਓਗੇ।
ਜੀਓ ਜੀ! ਮੈਂ ਵਾਜਾਂ ਜੁ ਮਾਰੀਆਂ,
ਵਾਜਾਂ ਤਾ ਮੇਰੀਆਂ ਸਾਰਾ ਦਿਨ ਸਹਿਜੇ ਸਹਿਜੇ ਟੁਰੀਆਂ ਰਹੀਆਂ,
ਤੁਸੀਂ ਸੁਣਦੇ ਹੀ ਰਹੇ ਹੋ ਨਾ।
ਪਰ ਦਾਤਾ! ਦੇਖੋ ਓ ਓਥੇ ਬੀ ਆ ਪਹੁੰਚੇ।
ਮੈਂ ਦਾਰੀ ਕੀਤੀ, ਪਰ ਮੈਂ ਵਿਆਕੁਲ ਸਾਂ,
ਮੇਰੇ ਸੀਨੇ ਵਿਚ ਗਲ ਤੜਪ ਰਹੀ ਸੀ ਕਿ ਕਿਵੇਂ ਤੁਸੀਂ ਮਿਲੋ
ਤੇ ਕੰਨ ਵਿਚ ਗਲ ਕਰ ਲਵਾਂ।
ਫੇਰ ਸਾਂਈਆਂ ਜੀਓ!
ਮੈਂ ਕਿਹਾ ਮੈਂ ਹੁਣ ਜੇ ਆਪਣੇ ਘਰ ਜਾਵਾਂ ਤਾਂ ਜ਼ਰੂਰ ਇਕੱਲ ਹੋਊ।
ਮੈਂ ਉਡਕੇ ਜਾਵਾਂ।
ਫੇਰ ਸਾਈਆਂ ਜੀਓ!
ਮੈਂ ਉਥੋਂ ਘਰ ਆਯਾ, ਗੁਲਾਬਾਂ ਦੇ ਪਿਛੋਂ ਪਿਛੋਂ,
ਮਲਕੜੇ ਮਲਕੜੇ, ਬਜਰੇ ਵਿਚ ਬੈਠ ਕੇ ਮੈਂ ਕਿਹਾ,
ਮੈਂ ਸਹਜੇ ਅੰਦਰ ਵੜਕੇ ਬੂਹੇ ਮਾਰਕੇ ਤੁਸਾਂ ਨਾਲ
ਵਖਰਿਆਂ ਗਲ ਕਰ ਲਵਾਂਗਾ।
ਪਰ ਦਾਤਾ ਜੀਓ!
ਮੇਰੇ ਅੱਪੜਨ ਤੋਂ ਪਹਿਲਾਂ ਉਹ ਬੂਹੇ ਅਗੇ ਖੜੇ ਸਨ ਤੁਹਾਡੇ ਨਾਮ ਲੇਵਾ।
ਮੈਂ ਕਿਹਾ ਸੀ ਮੈਂ ਤੁਸਾਂ ਨਾਲ ਅੱਜ ਇਕ ਕੰਨ ਵਿਚ ਗਲ ਕਰਨੀ ਹੈ।
ਪਰ ਉਹ ਬੈਠੇ ਰਹੇ, ਬੈਠੇ ਰਹੇ, ਮੈਂ ਸਾਰੀ ਦਾਰੀ ਕੀਤੀ ਓਹ ਨਹੀਂ ਗਏ!
ਦਾਤਾ ਜੀਓ, ਹੁਣ ਉਠੇ ਹਨ।
ਹੁਣ ਕਿੰਝ ਗਲ ਕਰਾਂ? ਤੁਸੀਂ ਕਿੰਞ ਆਓ?
ਸਾਂਈਆਂ ਜੀਓ!
ਨੈਣ ਝੁਕ ਝੁਕ ਕੇ ਪੈ ਰਹੇ ਹਨ, ਜੀਭ ਹਾਰ ਚੁਕੀ ਹੈ,
ਤਨ ਸਿਥਿਲ ਹੈ। ਵਾਜਾਂ ਤਾਂ ਮੇਰੀਆਂ ਅਜੇ ਬੀ ਜਾਰੀ ਹਨ,
ਹਾਂ ਵਾਜਾਂ ਜਾਰੀ ਹਨ, ਤੁਸੀਂ ਸੁਹਣੇ ਸੁਹਣੇ ਜੀਓ ਸੁਣ ਹੀ ਰਹੇ ਹੋ।
ਪਰ ਜੀਓ ਜੀ!
ਮੇਰੇ ਘਰ ਬਰੀਕ ਬਰੀਕ ਧੂੜ ਉਡ ਰਹੀ ਹੈ,
ਅੰਗਨ ਮੇਰੇ ਬੁਹਾਰਨ ਜੋਗੇ ਹੋ ਗਏ ਹਨ,
ਕਿੰਞ ਆਖਾਂ ਆਓ!
ਮੈਂ ਗਲ ਤਾਂ ਅਜੇ ਬੀ ਕਰਨੀ ਹੈ,
ਹਾਇ ਮੇਰਾ ਚਾ ਕਿੱਥੇ ਗਿਆ,
ਉਮਾਹ ਨੂੰ ਕੀ ਹੋ ਗਿਆ?
ਮੇਰਾ ਮੁਟਿਆਰ ਮੁਟਿਆਰ ਬਾਲਾ ਬਾਲਾ
ਜੋਬਨ ਹੁਲਾਰਾ ਬੁਢਾਪੇ ਪੈ ਰਿਹਾ ਹੈ
ਹੁਣ ਮੈਂ ਕਿੰਞ ਗਲ ਕਰਸਾਂ।
ਦਾਤਾ ਜੀਓ। ਸਾਂਈਆਂ ਜੀਓ!
ਮੈਂ ਕਰਨੀ ਗਲ ਜ਼ਰੂਰ ਹੈ,
ਹਾਂ ਇਕ ਗਲ ਮੈਂ ਅਜ ਤੁਸਾਂ ਦੇ ਕੰਨ ਵਿਚ ਕਰਨੀ ਸੀ।
ਕਿੰਞ ਕਰਾਂ।
ਮਹੀਨ ਮਹੀਨ ਧੂੜ ਮੈਥੋਂ ਝੱਲ ਨਹੀਂ ਹੁੰਦੀ ਸੁਹਣੇ ਸੁਹਣੇ ਜੀਓ!
ਤੁਸਾਂ ਨੂੰ ਕਿੰਞ ਸੱਦਾਂ?
ਹੁਣ ਮੈਂ ਕਿੰਝ ਕਰਾਂ?
ਸਾਂਈਆਂ ਜੀਓ!
ਮੈਂ ਅੱਜ ਤੁਸਾਡੇ ਕੰਨ ਵਿਚ ਇਕ ਗਲ ਕਰਨੀ ਸੀ। ੪੯
ਦੇਹ ਅਪਣੀ ਸੁਹਬਤ
ਸੁਹਬਤ ਤੇਰੇ ਖ੍ਯਾਲਾਂ ਵਾਲੀ ਲੈ ਅਸਮਾਨੀਂ ਚੜ੍ਹਦੀ।
ਓਥੇ ਹੋਣ ਦਿਦਾਰ ਤੁਸਾਡੇ ਫਬਨ ਇਲਾਹੀ ਫੜਦੀ।
ਅਕਲਮੰਦਾਂ ਦੀ ਸੁਹਬਤ ਕਰਕੇ ਮੈਂ ਹੇਠਾਂ ਡਿਗ ਆਵਾਂ,
ਦੇਖਾਂ ਤੁਹਾਨੂੰ ਜ਼ਿਮੀਂ ਖੜੋਤਾ ਅਕਲ ਸਹਿਸਿਆਂ ਅੜਦੀ। ੧।
ਖ੍ਯਾਲ ਅਪਣੇ ਦੀ ਸੁਹਬਤ ਸਾਨੂੰ ਦੇ ਖੰਭ ਖ੍ਯਾਲ ਨੂੰ ਲਾਵੀਂ,
ਖ੍ਯਾਲ ਕਿਸੇ ਦੀ ਸੁਹਬਤ ਦੇ ਕੇ ਉਡਦਾ ਕੋਈ ਮਿਲਾਵੀਂ
ਉਡਦੇ ਅਸੀਂ ਉਡਾਰੀਂ ਰਹੀਏ ਅਰਸੀਂ ਤੈਨੂੰ ਤੱਕੀਏ,
ਇਹ ਸਿਕ ਸਾਡੀ ਪੂਰ ਸੁਹਣਿਆਂ! ਦਾਨਿਓਂ ਦੂਰ ਰਹਾਵੀਂ। ੨। ੫੦
(ਦਿੱਲੀ ੩੧-੧੨-੧੯੨੦) ਖਾ:ਸ; ੩੦-੩-੧੯੭੮
ਆਪਣੀ ਕਰਨੀ ਵਿਚੋਂ ਆਪਾ ਪਰੇ ਰਖੋ!
ਜੋ ਕਰੀਔ ਸੋ ਭਲਾ ਕਰੀਔ, ਉ ਨਾ ਅਪਣੇ ਤੇ ਨਾ ਧਰੀਐ।
ਕਰੇਂਦੇ ਨਾ-ਕਰੇਂਦੇ ਹੋ, ਸੁਖਾਂ ਸਾਰਿਆਂ ਨੂੰ ਵਰ ਲਈਔ।
ਜਿੰਮੇਵਾਰੀ ਜੋ ਕਰਨੇ ਦੀ, ਨਾ ਆਵੇਗੀ ਤੁਸਾਂ ਉਤੇ,
ਨਾ ਦਿਲ ਨੂੰ ਮੈਲ ਲੱਗੇਗੀ, ਖ਼ੁਦੀ ਪਿਛੇ ਨਾ ਜਾ ਮਰੀਔ।
ਜੇ ਕਰਨੀ ਆਪਣੀ ਵਿਚੋਂ ਕਿ ਆਪਾ ਦੂਰ ਰੱਖੋਗੇ,
ਫਲੰ ਕੀਤੇ ਤੋਂ ਬਚ ਰਹਿਸੋ, ਸੁ ਭੇਟਾ ਕਰ ਇਸੇ ਧਰੀਔ।
ਜਿ ਕਰਕੇ ਸ਼ੁਭ ਦਿਖਾਵੋਗੇ ਤਾਂ ਸ਼ੋਭ ਪਾ ਲਓਗੇ ਸੱਚ,
ਪੈ ਰਸ ਆਪੇ ਦਾ ਆਪੇ ਤੋਂ, ਜਏ ਹਰੀਔ ਜਏ-ਹਰੀਔ। ੫੧।
(ਕਸੌਲੀ ੬-੯-੧੯੫੦) ਖ:ਸ: ੧੯੭੮
ਨੋਟ:- ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸੰਨ ੧੯੩੩ ਵਿਚ ਮਾਊਂਟ ਆਬੂ ਪਧਾਰੇ ਸਨ। ਆਪ ੧੬ ਸਤੰਬਰ ੧੯੩੩ ਨੂੰ ਡੇਹਰਾਦੂਨ ਤੋਂ ਚੱਲਕੇ ਰਾਤੀਂ ਦਿੱਲੀ ਅੱਪੜੇ। ੧੭ ਨੂੰ ਉਥੋਂ ਚੱਲਕੇ ਅਜਮੇਰ ਪੁਜੇ। ਸ਼ਾਮਾਂ ਨੂੰ ਅੱਨਾ ਸਾਗਰ ਝੀਲ ਵੇਖੀ ਤੇ ਫੇਰ ਪੁਸ਼ਕਾਰ ਪਧਾਰੇ। ਜਿਥੇ ਜਿਥੇ ਬੀ ਆਪ ਪਧਾਰੇ ਉਥੋਂ ਦੀ ਯਾਦ ਨਾਲ ਅਲੰਕ੍ਰਿਤ ਕਾਵ੍ਯ ਤਰੰਗ ਨਾਲੋ ਨਾਲ ਅੰਕਤ ਹੁੰਦੇ ਰਹੇ। ੨੦ ਸਤੰਬਰ ਨੂੰ ਸਵੇਰੇ ਮਾਊਂਟ ਆਬੂ ਪਹੁੰਚ ਗਏ। ਪੁਸ਼ਕਰ ਤੀਰਥ ਤੱਕ ਕੇ ਆਪ ਨੇ ਇਕ ਰੁਬਾਈ ਲਿਖੀ ਸੀ। (ਦੇਖੋ ਇਸੇ ਪੁਸਤਕ ਦੀ ਕਵਿਤਾ ਨੰ: ੫) -ਸੰਪਾਦਕ
ਅੱਨਾ ਸਾਗਰ ਝੀਲ
ਇਹ ਨਾ ਝੀਲ, ਹੈ ਸੁੰਦਰੀ ਪਾਣੀਆਂ ਦੀ,
ਦੋਹੁੰ ਗੋਦੀਆਂ ਵਿਚ ਜੋ ਲੇਟ ਰਹੀ ਏ।
ਲੜੀ ਪੱਬੀਆਂ ਦੀ ਕੁਦਰਤ ਛਬੀ ਵਾਲੀ,
ਇਕ ਪਾਸੇ ਇਸ ਗੋਦ ਵਿਚ ਖੇਡ ਰਹੀ ਏ
ਕਾਰੀਗਰੀ ਦੀ ਗੋਦ ਹੈ ਦੂਏ ਪਾਸੇ,
ਵਿਚ ਹੱਸਦੀ ਹੋ ਨਿਲੇਟ ਰਹੀ ਏ।
ਆਪ ਸੋਹਿਣੀ ਸੁਹਜ ਚੁਫੇਰਿਓਂ ਲੈ,
ਸੁਹਜ ਵੰਡਦੀ ਸੁਹਜ ਸਮੇਟ ਰਹੀ ਏ। ੫੨
(ਅਜਮੇਰ ੧੭-੯-੧੯੩੩) ਖਾ.ਸ. ੭-੧੧-੧੯੭੯
ਸੂਚਨਾ:- ਦੱਸਦੇ ਹਨ ਕਿ ਅਜਮੇਰ ਰਾਜਾ ਅਜਾਪਾਲ ਨੇ ਵਸਾਇਆ ਸੀ। ਇਸ ਦੇ ਪੁਤਰ ਅਰਨੋ ਯਾ ਅੱਨਾ ਨੇ ਝੀਲ ਦੇ ਇਕ ਪਾਸੇ ਪੱਕਾ ਕਿਨਾਰਾ ਬਨਵਾਇਆ ਜਿਸ ਪਰ ਸ਼ਾਹਜਹਾਨ ਨੇ ਆਪਣੇ ਸਮੇਂ ਸੰਗਮਰਮਰ ਦੀਆਂ ਬਾਰਾਂ ਦਰੀਆਂ ਵਰਗੀਆਂ ਸੁਹਣੀਆਂ ਇਮਾਰਤਾਂ ਉਸਰਵਾਈਆਂ। ਅੱਨਾ ਤੋਂ ਝੀਲ ਦਾ ਨਾਮ ਅੱਨਾ ਸਾਗਰ ਪਿਆ ਹੈ। ਪਤਾ ਲਗਾ ਹੈ ਕਿ ਅੱਨਾ ਸੰਨ ੧੧੫੦ ਈ. ਵਿਚ ਜੀਉਂਦਾ ਸੀ। ਅਜਾਪਾਲ ਰਾਜਾ ਨੂੰ ਪੱਛਮੀ ਖੋਜੀ ੧੧੦੦ ਵਿਚ ਹੋਇਆ ਸਹੀ ਕਰਦੇ ਹਨ। -ਸੰਪਾਦਕ
––––––––––––
ਇਕ ਫੁੱਲ ਦਾ ਨਾਮ -water lily.
ਮਾਊਂਟ ਆਬੂ ਝਲਕਾਂ
ਭਰਥਰੀ ਹਰੀ ਦੀ ਗੁਫ਼ਾ
ਸੁੰਦਰੀਆਂ ਤਜ ਭਰਥਰੀ ਨੱਠਾ
ਨੇਹੁ ਦਰੀਂ ਸੰਗ ਆਨ ਲਗਾਯਾ।
ਕਵਿਤਾ ਸੁੰਦਰੀ ਨਾਲੇ ਆਈ
ਕਿਵੇਂ ਨ ਇਸਨੇ ਨੇਹੁੰ ਤੁੜਾਯਾ।
ਦਰੀਂ ਵਸੰਦਿਆਂ ਕਵਿਤਾ ਸੁੰਦਰੀ
ਦੋ ਪੁਤਾਂ ਨੂੰ ਜਨਮ ਦਿਵਾਯਾ,
'ਨੀਤੀ' ਤੇ 'ਵੈਰਾਗ' ਸ਼ਤਕ ਬਨ
ਵਿਦਵਾਨਾਂ ਨੂੰ ਜਿਨ੍ਹਾਂ ਲੁਭਾਯਾ। ੫੩।
(ਆਬੂ ੧੨-੧੦-੩੩) ਖ.ਸ. ੭-੧-੧੯੮੦
ਟੂਕ:- ਭਰਥਰੀ ਹਰੀ ਨੇ ਲਿਖਿਆ ਹੈ 'ਏਕਾ ਨਾਰੀ ਸੁੰਦਰੀ ਵਾ ਦਰੀ ਵਾ'। ਅਰਥਾਤ ਇਕੇ ਨਾਰੀ ਚਾਹੀਦੀ ਹੈ ਚਾਹੇ ਇਸਤ੍ਰੀ ਚਾਹੇ ਕੰਦ੍ਰਾ। ਉਸ ਕਥਨ ਪਰ ਇਹ ਸਵੈਯਾ ਭਾਈ ਸਾਹਿਬ ਜੀ ਨੇ ਲਿਖਿਆ। ਭਰਥਰੀ ਦੀ ਗੁਫ਼ਾ ਅਚਲੇਸ਼੍ਵਰ ਹੈ। ਅਚਲ ਗੜ੍ਹ ਦੀ ਚੜਾਈ ਤੋਂ ਹੇਠਾਂ ਝੀਲ ਕਿਨਾਰੇ ਜਿਸ ਵਿਚ ਤ੍ਰੈ ਮਹਿਆਂ (ਸਾਂਡ- He buffalo) ਦੇ ਪੱਥਰ ਦੇ ਬੁੱਤ ਹਨ ਤੇ ਇਕ ਤੀਰੰਦਾਜ਼ ਹੈ। ਭਾਈ ਵੀਰ ਸਿੰਘ ਜੀ ਅਚਲਗੜ੍ਹ ੨੭ ਸਤੰਬਰ ੧੯੩੩ ਨੂੰ ਗਏ ਸਨ।
-ਸੰਪਾਦਕ
–––––––––––––––
ਦਰੀ = ਕ੍ਰੰਦਾ।
ਮਾਊਂਟ ਆਬੂ ਯਾਤ੍ਰਾ :-
ਆਬੂ ਦੀਆਂ ਗੁਫ਼ਾਂ
ਗੁਫਾ! ਕੁੰਦਰਾਂ ਆਬੂ! ਤੇਰੀਆਂ
ਅਸਾਂ ਫਿਰੇ ਫਿਰ ਡਿਠੀਆਂ।
ਥਾਉਂ ਸੁਹਾਵੇ ਪਾਣੀ ਹਰ ਥਾਂ
ਛਾਂਵਾਂ ਮਿਠੀਆਂ ਮਿਠੀਆਂ।
ਕਿਤੇ ਮੂਰਤੀ ਕਿਤੇ ਸਾਧ ਹੈ
ਕਿਤੇ ਦੁਏ ਹਨ ਬੈਠੇ,
ਪਰ ਜਿੰਦ-ਕਣੀਆਂ ਝੂਮ ਝੁੰਮਦੀਆਂ
ਅਸਾਂ ਨਾ ਕਿਧਰੇ ਡਿਠੀਆਂ। ੫੪।
(ਮਾਊਂਟ ਆਬੂ ਸਤੰਬਰ ੧੯੩੩)ਖ.ਸ.੨੬-੬-੧੯੮੦
ਮਾਊਂਟ ਆਬੂ ਯਾਤ੍ਰਾ ਝਲਕੇ-
ਰਾਮ ਝਰੋਖਾ ਆਦਿ
ਦੇਖਯਾ ਉਹ ਰਾਮ ਝਰੋਖਾ ਚੜ੍ਹਕੇ
ਗੁਹ ਹਾਥੀ ਦੇ ਦਰਸ਼ਨ ਕਰੇ।
ਫੁਯਾ ਮਨ ਦੇਖ ਗੁਫ਼ਾ ਚੰਪਾ ਦੀ
'ਇਸ ਇਕਾਂਤ ਬਹਿ ਪਾਪ ਝਰੇ।
ਭਾਸ਼ਾ ਉਸ ਇਕਾਂਤ ਵਿਚ ਐਦਾਂ
ਗੁਰ ਨਾਨਕ ਪ੍ਯਾ ਹੁਕਮ ਕਰੇ:-
'ਰਹੁ ਨਿਰਅੰਜਨ ਅੰਜਨ ਮੱਧੇ
ਸਿਮਰ ਨਿਰੰਜਨ ਭਗਤ ਤਰੇ। ੫੫
(ਮਾਊਂਟ ਆਬੂ ਸਤੰਬਰ ੧੯੩੩) ਖਾ.ਸ. ੧੪-੨-੧੯੮੦
ਮਾਊਂਟ ਆਬੂ ਯਾਤ੍ਰਾ ਝਲਕੇ-
ਸੰਗ ਮਰਮਰ ਦਾ ਕੇਵਲ ਲਟਕਨ
ਹੇ ਲਟਕਨ ਸੰਗ ਮਰਮਰ ਦੇ! ਤੁਧ
ਕਿਸ ਕਾਰੀਗਰ ਘੜਿਆ ?
ਮੂੰਹੋਂ ਬੁਲਾ, ਹੇਠਾਂ ਪਲਮਾਇਆ
ਛਤ ਗੁਬੰਦ ਵਿਚ ਜੜਿਆ।
ਫੁਲ ਜਿੰਦ ਪੱਥਰ ਵਿਚ ਲਾਈ,
'ਸ਼ਿਲਾ' 'ਕਮਲ' ਇਕ ਕੀਤੇ,
ਨਜ਼ਰ ਫਸੇ ਜਦ ਨਕਸ਼ ਸੁਹਾਵੇ,
ਮੁੜੇ ਨ ਪਿੱਛੇ, ਅੜਿਆ! । ੫੬।
(ਮਾਊਂਟ ਆਬੂ ਸਤੰਬਰ ੧੯੩੩) ਖਾ.ਸ. ੨੮-੨-੧੯੮੦
ਮਾਊਂਟ ਆਬੂ ਦੇ ਝਲਕੇ-
ਆਬੂ ਨੂੰ ਅਲਵਿਦਿਆ ਅਲਵਿਦਿਆ
ਅਲਵਿਦਿਆ ਆਬੂ!
ਅਸੀਂ ਹੁਣ ਹੇਠਾਂ ਹਾਂ ਚੱਲੇ।
ਤੁਸੀਂ ਰਹੇ ਸਰਵੇ ਇਸ ਸ਼ਿਖਰੇ,
ਅਸੀਂ ਹਾਂ ਖ਼ੁਸ਼ ਰਹੀਏ ਥੱਲੇ।
ਦਿਨ ਜੁ ਬਿਤਾਏ ਨਾਲ ਤੁਸਾਡੇ,
ਓਹ ਸੁਰਤ ਹੁਲਾਰਿਆਂ ਬੀਤੇ,
'ਕੋਮਲ ਉਨਰ-ਨਜ਼ਾਰੇ-ਯਾਦਾਂ
ਤੁਸਾਂ ਨਾਲ ਅਸਾਡੇ ਘੱਲੇ। ੫੭।
(ਆਬੂ ੧੫-੧੦-੧੯੩੩)ਖਾ.ਸ. ੬-੩-੧੯੮੦
–––––––––––––
ਤੇਜਪਾਲ ਦੇ ਮੰਦਰ ਦੇ ਵੱਡੇ ਗੁੰਬਜ਼ ਦਾ ਕੇਵਲ ਲਟਕਨ ਜੇ ਆਪਣੀ ਕਾਰੀਗਰੀ ਵਿਚ ਅਤਿ ਕਮਾਲ ਦੀ ਵਸਤੂ ਹੈ।
ਹੇ ਬੰਬਈ!
ਤੂੰ ਸੁਹਣੀ, ਪਰ ਤੈਥੋਂ ਸੁਹਣੇ
ਤੋਂ ਸਾਗਰ ਦੇ ਦਰਸ਼ਨ,
ਸਾਗਰ ਗਲ ਲਗ ਆਈ ਪਵਨ ਦੇ
ਤੈਥੋਂ ਸੁਹਣੇ ਪਰਸਨ,
ਮਾਨੁਖ ਦੇ ਹਥਾਂ ਨੇ ਤੈਨੂੰ
ਸਾਜ ਸੰਵਾਰ ਸ਼ਿੰਗਾਰਿਆ,
ਕੁਦਰਤ ਰਚੇ ਸਾਗਰ ਤੋਂ ਵਰਸਨ
ਦਰਸਨ-ਸਰਸਨ-ਹਰਸਨ। ੫੮।
(ਬੰਬਈ ੧੪-੫-੧੯੪੬) ਖ.ਸ ੨੦-੩-੧੯੮੦
ਬੰਬਈ ਤੋਂ ਦਿੱਲੀ ਆ ਕੇ
ਸੁਣ ਬਬਾਨੀ ਗਰਮ ਹਵਾਏ!
ਮੁੜ ਆਏ ਇਸ ਦੇਸ਼।
ਤਪਨੀਏਂ ਆਪ, ਤਪਾਨੀਏਂ ਹੋਰਾਂ,
ਇਹ ਕੀ ਧਾਰਿਆ ਈ ਵੇਸ?
ਉਤਰ-
ਟੁਰ ਆਈ ਸਾਗਰ ਤੋਂ ਠਾਰਨ,
ਠਾਰ ਠਾਰ ਤਪ ਗਈਆਂ।
'ਲਾਜਪਾਲ ਹੁਣ 'ਜਲ ਜੀ' ਆਸਣ,
ਠਰਸਾਂ ਆਪ ਠਾਰਸਾਂ ਦੇਸ। ੫੯।
(੧੯੪੬)ਖ.ਸ. ੩-੪-੧੯੮੦
ਤਪਤ ਤਵਿਆਂ ਤੇ ਇੰਞ ਬੈਠੇ
ਜਿਵੇਂ ਆਸਣ ਤੇ ਯੋਗੀ ਜਨ
ਧਾਰਨਾ:- ਫਿਰਾਤਾ ਹੈ ਹਮੇਂ ਕਹਾਂ ਕਹਾਂ
ਯਿਹ ਕਿਸਮਤ ਕਾ ਬਦਲ ਜਾਨਾ।
ਧਰਮ ਤਿਆਗ੍ਯਾ ਜਦੋਂ ਭਾਰਥ, ਘਟਾ ਕਸ਼ਟਾਂ ਦੀ ਚੜ੍ਹਿ ਆਈ।
ਵਗੇ ਆਂਧੀ ਅਨਰਥਾਂ ਦੀ ਜ਼ੁਲਮ ਬਿਜਲੀ ਕਰੇ ਧਾਈ।
ਝੜੀ ਪਾਪਾਂ ਦੀ ਆ ਲੱਗੀ ਪਿਆ ਹਨੇਰਾ ਅਵਿਯਾ ਦਾ।
ਗੁਰੂ ਨਾਨਕ ਨੇ ਤਦ ਜਗ ਵਿਚ ਧਰਮ ਦੀ ਵਾੜੀ ਆ ਲਾਈ।
ਅਧਰਮ ਅਰ ਪਾਪ ਸਭ ਹਤਕੇ, ਉਦੇ ਕੀਤਾ ਧਰਮ ਸੂਰਜ,
ਕੀਏ ਉਪਦੇਸ਼ ਥਾਂ ਥਾਂ ਤੇ, ਤੇ ਕੀਰਤ ਪ੍ਰਭੂ ਦੀ ਫੈਲਾਈ।
ਧਰਮ ਵਾੜੀ ਨੂੰ ਲਾ ਜਗ ਵਿਚ, ਗਏ ਸਚ ਖੰਡ ਨੂੰ ਸ੍ਰੀ ਗੁਰ,
ਗੁਰੂ ਅੰਗਦ ਰਹੇ ਮਗਰੋਂ, ਜਿਨ੍ਹਾਂ ਸਭ ਕਾਰ ਭੁਗਤਾਈ।
ਗੁਰੂ ਅਮਰ ਦਾਸ ਗੁਰੂ ਰਾਮ ਦਾਸ ਤਿਨ੍ਹਾਂ ਮਗਰੋਂ ਹੁਏ ਸਤਿਗੁਰ,
ਧਰਮ ਉਪਦੇਸ਼ ਅੰਮ੍ਰਿਤ ਸੰਗ ਸਿੰਜੀ ਵਾੜੀ ਜਿਨ੍ਹਾਂ ਭਾਈ।
ਭਏ ਪੰਚਮ ਗੁਰੂ ਅਰਜਨ ਲਗੇ ਸਤਿ ਧਰਮ ਫੈਲਾਵਨ,
ਬਚਾਕੇ ਨਰਕ ਥੋਂ ਪਾਪੀ, ਕਿ ਪੌੜੀ ਸੁਰਗ ਨੂੰ ਲਾਈ,
ਗੁਰਾਂ ਉਪਕਾਰ ਜੋ ਕੀਤੇ, ਕਿਵੇਂ ਗਿਣਤੀ ਦੇ ਵਿਚ ਆਵਨ,
ਖਲਵਾੜੇ 'ਚੋਂ ਜਿਉ ਵੰਨਗੀ ਕਹਾਂ ਸਤਿਗੁਰ ਦੀ ਵਡਿਆਈ।
ਲਵਾਏ ਖੂਹ ਬਾਵਲੀਆਂ ਬਣਾਏ ਤਾਲ ਤੇ ਮੰਦਰ,
ਕਈ ਸ਼ਹਿਰਾ ਦੀ ਨੀਂਹ ਰੱਖੀ, ਜੋ ਸਾਡੀ ਹੋਇ ਭਲਿਆਈ।
ਰਚ੍ਯਾ ਸੁੰਦਰ ਹਰੀ ਮੰਦਰ, ਲਵਾਯਾ ਤਾਲ ਚੌਫੇਰੇ,
ਜੋ ਪ੍ਰਭ ਕੀਰਤ ਦੇ ਗਾਇਨ ਵਿਚ, ਅਹੇ ਸਚਖੰਡ ਦੀ ਨ੍ਯਾਈਂ।
ਭਵ ਸਾਗਰ ਥੀਂ ਰਖਣ ਹਿਤ, ਬਨਾਇਆ ਗੁਰ ਨੇ ਬੋਹਿਬ ਇਕ।
ਚੜੇ ਜੋ ਪਾਰ ਹੋਵੇ ਝਟ, ਕਰੋ ਸੰਸਾ ਨ ਇਕ ਰਾਈ।
ਗੁਰੂ ਹੈ ਗਰੰਥ ਨਾਂ ਜਿਸਦਾ, ਓ ਹੈ ਜਹਾਜ਼ ਮੁਕਤੀ ਦਾ।
ਕਮਾਏ ਹੁਕਮ ਜੋ ਉਸਦਾ, ਪਰਮ ਗਤਿ ਤਿਸਨੇ ਹੈ ਪਾਈ।
ਜਦ ਇਹ ਉਪਕਾਰ ਗੁਰ ਕੀਤੇ, ਤਾਂ ਦੁਸ਼ਟਾਂ ਖਾਰ ਬਹੁ ਖਾਧੀ।
ਨ ਭਾਵੇਂ ਚੰਦ ਜਿਉਂ ਚੋਰਾਂ ਤਿਨ੍ਹਾਂ ਨੇਕੀ ਨ ਤਿਉਂ ਭਾਈ।
ਲਗੇ ਆਖਣ ਕਿ ਪੈਕੰਬਰ ਦੀ ਉਸਤੁਤਿ ਗਰੰਥ ਵਿਚ ਪਾਵੋ।
ਲਵੋ ਚੰਦੂ ਦਾ ਯਾ ਨਾਤਾ ਨਹੀਂ ਬਾਜ਼ੀ ਹੈ ਹਿਰ ਆਈ।
ਬ੍ਰਹਮ ਵਿਦ੍ਯਾ ਦੇ ਧ੍ਰਿਸ਼ਟਾਤਾ ਨਾ ਡੋਲੇ ਗੁਰੂ ਜੀ ਜਿਉਂ ਪਰਬਤ।
ਨਾ ਮੰਨਯਾ ਦੁਸ਼ਟ ਮੰਤਰ ਨੂੰ ਰਖੀ ਦੇ ਜਾਨ ਸਚਿਆਈ।
ਕਈ ਦਿਨ ਨੀਂਦ ਭੋਜਨ ਥੋਂ ਰਹੇ ਵਿਰਵੇ ਸ੍ਰੀ ਸਤਿਗੁਰ
ਉਬਲਦੀ ਦੇਗ ਪਾਣੀ ਵਿਚ ਪਵਿਤਰ ਦੇਹੀ ਤਦ ਪਾਈ।
ਨਾ 'ਸੀ', 'ਹਾਏ' ਗੁਰਾਂ ਕੀਤੀ, ਦਿਖਾਈ ਅਨਿੰਨ ਭਗਤੀ ਨਿਜ
ਸਹੇ ਸਭ ਖੇਦ ਦੇਹੀ ਤੇ ਰਹੇ ਪ੍ਰਭ ਸੰਗ ਲਿਵ ਲਾਈ।
ਤਪਤ ਤਵਿਆਂ ਤੇ ਇੰਞ ਬੈਠੇ ਜਿਵੇਂ ਆਸਣ ਤੇ ਯੋਗੀ ਜਨ।
ਜੋ ਬਾਣੀ ਵਿਚ ਕਿਹਾ ਗੁਰ ਨੇ ਉਹੋ ਹੀ ਕਰਕੇ ਦਿਖਲਾਈ।
ਜਾ ਤੱਤੀ ਰੇਤ ਪਾਈ ਦੇਹ ਤੇ, ਨਿਕਲ ਆਏ ਫਲੂਹੇ ਬਹੁ,
ਵਧੇ ਹਦੋਂ ਸਰੀਰਕ ਦੁਖ ਸਹੀ ਗੁਰ ਨੇ ਪ੍ਰਭੂ ਭਾਈ।
ਕਰ ਇਸ਼ਨਾਨ ਰਾਵੀ ਵਿਚ ਪੜ੍ਹੇ, ਫਿਰ ਜਾਪ ਜਪੁਜੀ ਦਾ
ਤਿਆਗੀ ਦੇਹ, ਕਿਸੀ ਦੀ ਨਾ ਗੁਰੂ ਨੇ ਚਿਤਵੀ ਬੁਰਿਆਈ
ਦਈ ਸਿਖ੍ਯਾ ਸਿਖਾਂ ਨੂੰ ਇਹ ਰਹੋ ਇਥੇ ਜਿਉਂ ਜਲ ਕਮਲੇ
ਪ੍ਰਭੂ ਸਿਮਰੋ ਦਿਨੇ ਰਾਤੀਂ ਸਦਾ ਇਸੇ ਥਾਂ ਨਾ ਰਹਿਣਾ ਈ
ਪ੍ਰਭੂ ਭਾਣੇ ਨੂੰ ਸਿਰ ਮੱਥੇ ਤੇ ਰਖਕੇ ਨਾਮ ਧਿਆਵੋ ਸਭ੬੦॥
ਖ.ਸ. ੮-੬-੧੯੭੮
ਦੁਖ ਭਰ ਕੋਈ ਨ ਰੋਵੇ
ਰਾਤ ਹਨੇਰੀ ਬਦੱਲ ਕਾਲੇ, ਵਾਉ ਉਲਟ ਹੈ ਵਗਦੀ,
ਹੈ ਤੂਫ਼ਾਨ ਸਮੁੰਦ੍ਰ ਮਚਿਆ, ਲਹਰ ਕਹਰ ਦੀ ਵਜਦੀ।
ਬੇੜੀ ਨਿਕਲ ਗਈ ਹੈ ਹੱਥੋਂ, ਸੁਤੇ ਪਏ ਮੁਹਾਣੇਂ,
ਇਸ ਬਿਪਤਾ ਤੋਂ ਬਚ ਜਾਣ ਦਾ, ਰਸਤਾ ਕੁਈ ਨ ਜਾਣੇ।
ਕੁਛ ਸੁਤੇ ਹਨ ਪਏ ਮੁਸਾਫ਼ਰ, ਪਤਾ ਨਹੀਂ ਕੀ ਹੋਵੇ?
ਜੋ ਜਾਗਣ ਸੋ ਹਸਣ ਖਿੜ ਖਿੜ, ਦੁਖ ਭਰ ਕੋਈ ਨ ਰੋਵੇ। ੬੧।
ਅਰਜ਼ੋਈ
ਜੁ ਲਾਈ ਆਪ ਸੀ ਸਾਈਆਂ! ਪੁਗਾ ਦੇ,
ਨਿਬਾਹ ਦੇ ਸੇਵ, ਹਾਂ ਲੇਖੇ ਲਗਾ ਦੇ।
ਤੇਰੀ ਹੈ ਮਿਹਰ ਸੇਵਾ ਦਾ ਜੁ ਬਖਸ਼ਣ,
ਬਿਰਦ ਤੇਰਾ ਸਿਰੇ ਉਸਨੂੰ ਚੜ੍ਹਾ ਦੇ।
ਤਿਰਾ ਹੈ ਬਾਗ ਫੁੱਲ ਤੇਰੇ ਸੁਹਾਵੇ,
ਤਿਰਾ ਹੈ ਤਾਣ ਜੋ ਚਿਮਨਾ ਖਿੜਾ ਦੇ।
ਕਿ ਕਾਮਾ ਫੁਲ ਲਿਆ ਕੇ ਪੇਸ਼ ਧਰਦਾ,
ਤੂੰ ਕਰ ਪਰਵਾਨ, ਜ਼ਰਾ ਕੁ ਮੁਸਕਰਾ ਦੇ॥੬੨॥
(ਖਾਲਸਾ ਸਮਾਚਾਰ)
–––––––––––––––––––
* ਇਸ ਕਵਿਤਾ ਵਿਚ ਇਸ਼ਾਰਾ ਕੌਮ ਦੀ ਗ਼ਫ਼ਲਤ ਵਲ ਜਾਪਦਾ ਹੈ। ਇਹ ਕਵਿਤਾ ਡਾ. ਹਰਨਾਮ ਸਿੰਘ ਸ਼ਾਨ ਦੀ ਪੁਸਤਕ "ਵਿਆਖਿਆ ਕਲਮ ਦੀ ਕਰਾਮਾਤ" ਵਿਚੋਂ ਲਈ ਹੈ ਤੇ ਸ਼ਾਨ ਜੀ ਨੇ ਅਗੋਂ ਰਾਵਲਪਿੰਡੀ ਦੇ ਮਾਸਕ ਪੱਤਰ "ਫਲੇਰੇ" ਦੇ ਅਕਤੂਬਰ, 1941 ਵਿਚੋਂ ਲਈ ਹੈ। ਸੰਪਾਦਕ
ਨੈਣਾਂ ਨਾਲ ਅੰਮ੍ਰਿਤ ਪੀ
ਖਿੜ ਗੁਲਾਬ ਵਿਚ ਸੁੰਦਰਤਾ ਦੇ
ਡੁਲ੍ਹ ਡੁਲ੍ਹ ਮਾਨੋਂ ਪੈਂਦਾ,
ਪਰ ਹੇਠਾਂ ਕੰਡਾ ਛਹਿ ਬੈਠਾ,
ਮਸਤਾਂ ਨੂੰ ਪਿਆ ਕਹਿੰਦਾ:
'ਨੈਣਾਂ ਨਾਲ ਨੇਹੁਂ ਨਾਲ ਇਸਦੇ
ਲਾਕੇ ਪੀ ਲਓ ਅੰਮ੍ਰਿਤ,
"ਜੱਫਾ-ਮਾਰ' ਨੇਹੁੰ ਜੋ ਲਾਂਦਾ
ਉਹ ਪੀੜਾਂ ਬੀ ਸਹਿੰਦਾ ।੬੩।
ਖਾ.ਸ. ੧੨ ਦਸੰਬਰ,੧੯੫੭
ਹੋਰ ਨ ਨਜ਼ਰੀਂ ਆਵੇ
ਮੈਂ ਅੰਨ੍ਹੀ ਨੂੰ ਨਿੱਤ ਸੁਆਰੇਂ
ਹਾਰ ਸ਼ਿੰਗਾਰ ਲਗਾਵੇਂ,
ਸੁੰਦਰਤਾ ਦਾ ਮੇਰੇ ਅੰਦਰ
ਸੁੱਤਾ ਨਾਦ ਜਗਾਵੇਂ।
ਰਸ ਮੱਤੀ ਇਸ ਜਾਗ ਅੰਦ੍ਰਲੀ
ਮੈਂ ਹੁਣ ਅੱਖਾਂ ਮੰਗਾਂ,
ਵੇਖਾਂ ਕਿਵੇਂ ਦੀਦਾਰ ਤੁਹਾਡਾ
ਹੋਰ ਨ ਨਜ਼ਰੀਂ ਆਵੇ। ੬੪।
ਖਾ.ਸ. ੮ ਫਰਵਰੀ, ੧੯੭੯
ਗ਼ਰਜ਼ਾਂ
ਗਰਜ਼ਾਂ ਮਾਰ ਮੁਕਾਈਆਂ ਲੋੜਾਂ,
ਚੁਣ ਚੁਣ ਦੂਰ ਵਗਾਹੀਆਂ
ਰਕਤ ਬੀਜ ਦਾਨਵ ਦੇ ਵਾਂਙੂ,
ਹੋਰ ਹੋਰ ਉਗ ਆਈਆਂ।
ਪਰ-ਸੁਆਰਥ ਉਪਕਾਰ ਰੂਪ ਲੈ,
ਕਦੇ ਵੇਸ ਕਈ ਕਰ ਕਰ;
ਮੁੜ ਮੁੜ ਆਈਆਂ ਪਯਾਰ ਮੇਰੇ ਨੂੰ,
ਬਜ ਲਾਵਣ ਉਹ ਸਾਈਆਂ। ੬੫।
(ਨਵੀ ਦਿੱਲੀ ੨੦-੪-੧੯੪੦)
ਖ.ਸ. ੧੭-੪-੧੯੭੯
––––––––––––––
* ਰਕਤਬੀਜ ਇਕ ਰਾਕਸ਼ਸ਼ ਦਾ ਨਾਮ ਹੈ ਜਿਸਦੇ ਖੂਨ ਤੋਂ ਹੋਰ ਰਾਕਸ਼ਸ਼ ਪੈਦਾ ਹੋ ਜਾਂਦੇ ਹਨ।
ਵਾਹ ਤੇਰੀਆਂ ਦਾਨਾਈਆਂ
ਵਾਹ ਤੇਰੀਆਂ ਦਾਨਾਈਆਂ ਦੁਨੀਆਂ!
ਵਾਹ ਤੇਰੀਆਂ ਦਾਨਾਈਆਂ!
ਖੰਭ ਅਕਲ ਦੇ ਸੜਦੇ ਜਿੱਥੇ
ਹੋਣੀਆਂ ਉਹ ਵਰਤਾਈਆਂ!
ਗੁਰੂ ਅਰਜਨ ਬੇਦੋਸੇ ਪਕੜੇ
ਕੀਤੀਆਂ ਰੇਤ ਵਿਛਾਈਆਂ।
ਉਤੋਂ ਹੋਰ ਤੱਤੀਆਂ ਰੇਤਾਂ
ਭਰ ਭਰ ਕੜਛ ਪਵਾਈਆਂ।
ਕਰੋੜਾਂ ਲੱਖਾਂ ਲੋਕਾਂ ਹੁਣ ਤਕ
ਨਿੰਦੀਆਂ ਤੁਧ ਅਨਿਆਈਆਂ!
ਫਿਟਕਾਰਾਂ ਫਿਟਕਾਰਾਂ ਮਿਲਦੀਆਂ
ਅਜ ਤਕ ਤੁਸਾਂ ਦਾਨਾਈਆਂ! ੬੬।
ਖ.ਸ. ੧੨ ਜੂਨ,੧੯੮੦
ਨਾਮ ਦਾ ਵਾਸਤਾ
ਜਦੋਂ ਅਕਲ ਦੀ ਵੰਡ ਸੀ ਤੁਸਾਂ ਕੀਤੀ
ਬੰਦੀ ਗੈਰ ਹਾਜ਼ਰ ਤਦੋਂ ਰਹੀ ਸਾਈਆਂ!
ਰਹੀ ਊਂਘਦੀ, ਬੈਠੀ ਸਾਂ ਪਾਸ ਭਾਵੇਂ
ਜਦੋਂ ਮਸਤਕੇ ਤੇ ਕਲਮਾਂ ਤੁਸਾਂ ਵਾਹੀਆਂ।
ਏਥੇ ਆਈ ਤਾਂ ਛਪਨ ਹੋ ਤੁਸੀਂ ਬੈਠੇ
ਇਕ ਨਾਮ ਤੁਸਾਡਾ ਯਾਦ ਰਹਿ ਗਿਆ ਏ,
ਓਸ ਨਾਮ ਦੇ ਵਾਸਤੇ ਘੱਤਦੀ ਹਾਂ
ਜਦੋਂ ਜਦੋਂ ਚੋਟਾਂ ਸਿਰ ਆਣ ਪਈਆਂ॥੬੭॥
(ਬੰਬਈ ੨੦-੨-੧੯੫੨)ਖ.ਸ.੧੯-੬-੧੯੮੦
ਇਕ ਸੁਹਣੀ ਵੀਚਾਰ
ਜੇਹੀ ਮਿਲੀ ਸੁ ਖਾਇਕੇ ਸੌਂ ਕੇ ਪੌਣੀ ਰਾਤ,
ਕਿਰਤ ਕਮਾਈ ਧਰਮ ਦੀ ਕਰ ਕੀਤੀ ਗੁਜ਼ਰਾਨ।
ਭਲਾ ਚਿਤਵਿਆ ਸਭਸ ਦਾ ਕਿਸੇ ਨ ਦਿੱਤਾ ਦੁੱਖ
ਫਿਰ ਜੋ ਸਾਂਈਂ ਪਯਾਰਿਆਂ ਦੇਵੇ ਕਿਉਂ ਕੋਈ ਤਾਅਨ।
ਕਿਉਂ ਆਖਣ ਉਸ: ਭੋਲਿਆ! ਸਾਂਈਂ ਮਗਰ ਨ ਲੱਗ
ਜਦ ਓ ਸਾਰੇ ਹੋ ਰਹੇ ਮਾਇਆ ਦੇ ਪਿਛ-ਲੱਗ
ਮਾਇਆ ਨੇ ਸਿਖਲਾਇਆ ਲੋਚੋ ਅਪਣਾ ਆਪ,
ਖ਼ੁਦਗਰਜ਼ੀ ਦੇ ਲਾਭ ਨੂੰ ਸਾਜੋ ਅਪਣਾ ਮਾਪ।
'ਮੈਂ ਮੈਂ' 'ਮੈਂ ਮੈਂ' ਕੂਕਦੇ ਖਿੱਚ ਰਹੇ ਤਲਵਾਰ।
ਸਾਂਈਆਂ ਜੀ ਤੋਂ ਭੁੱਲਕੇ ਸਭ ਦਾ ਭਲਾ ਵਿਸਾਰ,
ਸੁਖ ਨ ਪੈਦਾ ਹੋਵਣਾ, ਕਰ ਲਓ ਬੈਠ ਵਿਚਾਰ॥੬੮॥
(ਕਸੌਲੀ ੧੫-੯-੫੨) ਖ.ਸ ੩ ਜੁਲਾਈ, ੧੯੮੦
ਕਰਤ੍ਰੀ ਸ਼ਕਤੀ ਵਾਲੇ ਤੇ ਖੋਰੀ
'ਕਰਤ੍ਰੀ ਸ਼ਕਤਿ' ਜਿਨ੍ਹਾਂ ਵਿਚ ਪਾਈ
ਓਹ ਕਰਨੋ ਨਹੀਂ ਰਹਿੰਦੇ,
ਕੀਤੇ ਨਾਲ ਚੰਦ ਜਿਉਂ ਚਮਕਣ
ਖੋਰੀ* ਚਮਕ ਨ ਸਹਿੰਦੇ।
ਚਾਂਦ-ਮਾਰੀ' ਦਾ ਚੰਦ ਉਨ੍ਹਾਂ ਨੂੰ
ਖੋਰੀ" ਹੈਨ ਬਣਾ ਲੈਂਦੇ,
ਪਰ ਓ ਫੁੰਡੇ ਜਾਂਦੇ ਹਸਦੇ
ਕਿਸੇ ਨਾਲ ਨਾ ਖਹਿੰਦੇ। ੬੯।
(੧੩-੯-੧੯੪੧) ਖ.ਸ. ੨੯ ਅਗਸਤ, ੧੯੮੦
ਵਿਦਯਾ ਦੀ ਪੁਕਾਰ
ਰੂਪ ਧਾਰਕੇ ਤੇਜ ਪ੍ਰਤਾਪ ਵਾਲਾ
ਵਿਦਯਾ ਸੂਰਜ ਦੇ ਵਾਂਗ ਹੈ ਦੇਸ਼ ਆਈ।
ਖੜੀ ਤਖ਼ਤ ਪ੍ਰਕਾਸ਼ ਤੇ ਕੂਕਦੀ ਏ
ਮੇਰੀ ਸ਼ਰਨ ਆਵੋ ਮੇਰੀ ਸ਼ਰਨ ਭਾਈ।
ਜਿਸਨੂੰ ਲੋੜ ਹੈ ਸੁਖ ਅਰਾਮ ਵਾਲੀ
ਮੇਰੀ ਸ਼ਰਨ ਆਵੇ ਸਾਰਾ ਜ਼ੋਰ ਲਾਈ।
ਕਾਮਯਾਬੀ ਦਾ ਤੁਰਲਾ ਜੋ ਲੋਚਦਾ ਹੈ
ਮੇਰੀ ਸ਼ਰਨ ਆਵੇ ਕਰੇ ਅਜ ਧਾਈ॥੭੦॥
ਖਾ.ਸ. ੨੦ ਮਾਰਚ, ੧੯੧੯
–––––––––
* ਬਦਲੇ ਦੀ ਭਾਵਨਾ ਵਾਲੇ।
1. ਬਦਲਾ ਲੈਣ ਦੀ ਮਾਰ ਦੇ ਦਾਇਰੇ ਵਿਚ।
ਸੱਜਣ (ਠੱਗ) ਦੀ ਭੈਣ
ਲਟਕ ਰਹੀ ਦਰ ਨਾਲ ਸੁਹਣਿਆਂ! ਸੱਜਣ ਦੀ ਇਕ ਭੈਣ,
ਪਕੜ ਦਲੀਜਾਂ ਦੀ ਦਈ ਰੱਖੀ ਬੋਲ ਰਹੀ ਏ ਬੈਣ:
"ਮਹਿਲ ਅੰਦਰ ਦੇ ਲਾਇਕ ਨਾ ਮੈਂ ਲਗੇ ਰਹਿਣ ਦਰ ਨੈਣ,
"ਦਰ-ਢੱਠਣੀ ਨਾਂ ਖੋਹੀਂ ਦਾਤਾ! ਇਹੋ ਮਿਰਾ ਸੁਖ ਚੈਨ
"ਚਰਣ ਧੂੜ ਦੇ ਕਿਣਕਿਆਂ ਸਿਕਦੀ, ਬੈਠ ਰਹੀ ਹਾਂ ਦ੍ਵਾਰ,
"ਕਿਣਕੇ ਕਦੀ ਉੜੀਂਦੇ ਕੁਛ ਤਾਂ ਮੈਂ ਨੈਣਾਂ ਵਿਚ ਪੈਣ।
"ਆਪ ਗਏ ਟੁਰ ਸੱਜਣ ਦ੍ਵਾਰੇ ਕੌਡੇ ਦੇ ਤੁਰ ਧਾਮ,
"ਦੁਹੁਂ ਤੋਂ ਬੜੀ ਕੁਟਿਲ ਦਰ ਤੇਰੇ ਬੈਠ ਰਹੀ ਦਿਨ ਰੈਣ।
"ਟੱਪਣ ਦੇਣ ਦਲ਼ੀਜ ਨ ਮੈਨੂੰ ਮੇਰੇ ਆਪਣੇ ਦੋਸ਼,
“ਪਕੜ ਮੁਹਾਠ ਤੇਰੀ ਦੀ ਸਾਈਆਂ! ਇਸ ਵਿਚ ਮੰਨਾਂ ਚੈਨ
"ਤ੍ਰਠਾ ਰਹੀਂ, ਦਈ ਮੈਂ ਰੱਖੀਂ, ਦਰ ਲਟਕਣ ਦੀ ਦਾਤ,
"ਝਾਤ ਬੰਨ੍ਹ ਅੰਦਰ ਨੂੰ ਤਕਦੇ ਸਦਾ ਰਹਿਣ ਮੈਂ ਨੈਣ॥੭੧॥
(ਕਸੌਲੀ ੨੬-੯-੧੯੫੧)ਖ.ਸ. ੧੧-੯-੧੯੮੦
ਤੜਪ
ਪਈ ਤੜਪਾਂਦੀ ਅੰਦਰ ਸਿਕ ਕੁਈ ਧੂ ਪਾਂਦੀ ਹੈ
ਅਣ ਬੁਝਦੀ ਕੁਈ ਡੰਝ ਕਾਲਜਾ ਖੁਹ ਖੂਹ ਕੇ ਲਈ ਜਾਂਦੀ ਹੈ
ਕੁਝ ਹੁੰਦਾ ਕੁਝ ਹੁੰਦਾ ਭਾਸੇ, ਕੀ ਭਾਸੇ? ਕੁਈ ਸਮਝ ਨਹੀਂ
ਪੀੜ ਕਲੇਜੇ, ਨੀਰ ਨੈਣ ਵਿਚ ਘੁਲਦੀ ਜਿੰਦੜੀ ਜਾਂਦੀ ਹੈ॥੭੨॥
––––––––––––––––
ਇਹ ਕਵਿਤਾ ਸ੍ਰੀ ਕਲਗੀਧਰ ਚਮਤਕਾਰ (ਉਤ੍ਰਾਰਧ) ਅਧਿਆਏ 84 "ਇਬਰਾਹੀਮ ਅਜਮੇਰ ਸਿੰਘ" ਪੰਨਾ-206 ਤੇ ਹੈ। -ਸੰਪਾਦਕ
ਜੋੜਨਹਾਰ ਬੂੰਦ
ਦੇਹ ਇਕ ਬੂੰਦ ਸੁਰਾਹੀਓਂ ਸਾਨੂੰ
ਸੋਚ ਸਮੁੰਦਰ ਬੋੜੇ।
ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ
ਆਸ ਅੰਦੇਸੇ ਤੋੜੇ।
ਰੰਗ ਸੁਹਾਵੇ ਤੇ ਨੌਰੰਗੀ
ਪੀਂਘ ਘੁਕੇ ਆਨੰਦੀ,
ਆਣ ਹੁਲਾਰੇ ਅਮਰ ਸੁਖਾਂ ਦੇ
ਮੁੜਨ ਨਾ, ਐਸਾ ਜੋੜੇ॥੭੩॥
ਪਵਾਂ ਨ ਕਿਸੇ ਭੁਲੇਵੇਂ
(ਅਭਿਨੰਦਨ ਗ੍ਰੰਥ ਭੇਟਾ ਹੋਣ 'ਤੇ)
ਜਗਤ ਪ੍ਰਸਿੱਧ ਦਾਨਿਆਂ ਮਿਲਕੇ ਮੂਰਤ ਇਕ ਬਨਾਈ,
ਚੁਣ ਚੁਣ ਸੁਹਣੇ ਰੰਗ ਅਨੇਕਾਂ ਇਹ ਤਸਵੀਰ ਫਬਾਈ,
ਇਹ ਤਸਵੀਰ ਜੜੀ ਵਿਚ ਸ਼ੀਸ਼ੇ, ਸ਼ੀਸ਼ਾ ਸੀ ਕਰਾਮਾਤੀ,
ਜੜੀ ਮੂਰਤ ਨੂੰ ਪਿਆ ਦਿਸਾਵੇ ਨਾਲੇ ਆਪਾ ਝਾਤੀ।
ਪਰ ਜਦ ਗਹੁ ਕਰ ਦ੍ਰਿਸ਼ਟੀ ਕੀਤਾ:
ਮੂੰਹ ਦਿੱਸਣ ਵਾਲੇ ਸ਼ੀਸ਼ੇ ਦਾ ਕੰਮ ਬੀ ਇਹ ਪ੍ਯਾ ਦੇਵੇ,
ਜਦ ਮੈਂ ਤੱਕਾਂ ਇਸ ਮੂਰਤ ਵਿਚ ਪਵਾਂ ਨ ਕਿਸੇ ਭੁਲੇਵੇਂ॥੭੪॥
ਖ.ਸ. ੭ ਜੂਨ ੧੯੭੯
––––––––––––
ਨੋਟ:- ਅਭਿਨੰਦਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਰਖਿਆ ਤੇ ਉਥੇ ਹੀ ਕਈ ਦਿਨ ਪਿਆ ਰਿਹਾ। ਇਹ ਅਭਿਨੰਦਨ ਗ੍ਰੰਥ ਕਿਸੇ ਵੇਲੇ ਭਾਈ ਸਾਹਿਬ ਜੀ ਨੇ ਸਰਸਰੀ ਤੌਰ 'ਤੇ ਡਿੱਠਾ ਤੇ ਜੋ ਖਿਆਲ ਆਏ ਇਸ ਕਵਿਤਾ ਵਿਚ ਕਲਮਬੰਦ ਕਰ ਦਿਤੇ। -ਸੰਪਾਦਕ, ਗਿਆਨੀ ਮਹਾਂ ਸਿੰਘ
ਨਾਮ ਕਿਉਂ ਛਿਪਾਇਆ
(ਡਾਕਟਰ ਪਦ ਮਿਲਣ 'ਤੇ)
ਨਾਮ ਅਸਤਿ ਹੈ ਸਾਡਾ ਨੀ ਸਹੀਓ!
ਹਾਂ ਸੱਤ੍ਯ ਹੈ ਨਾਮ ਇਕ ਸਾਈਂ।
ਏਸ ਲਈ ਅਸੀਂ ਨਾਮ ਛਿਪਾਈਏ
ਅਸੱਤਿ ਦੀ ਕੀਹ ਵਡਿਆਈ?
ਐਪਰ:-
ਦਾਨਿਆਂ ਇਕ ਵਿਸ਼ੇਸ਼ਣ ਘੱਲਿਆ
"ਇਸ ਨਾਮ ਦੇ ਨਾਲ ਲੈ ਲਾਈ"
ਸੱਜਣ ਨਾਲ ਵਧਾਈਆਂ ਘੱਲਣ
ਤੇ ਰਸਮ ਕਹੇ ਇਹ ਆਈ:
"ਘੱਲ ਸ਼ੁਕਰਾਨੇ," ਅਸੀਂ ਹਿਰਾਨੇ
ਨਿਤ ਨਾਮ ਤਾਂ ਰਹੇ ਛਿਪਾਈ,
ਨਾਮ ਅੱਸਤਿ ਨੂੰ ਮਿਲ੍ਹਾ ਵਿਸ਼ੇਸ਼ਣ
ਹੁਣ ਕੀਕੂੰ ਫਬਾਈਏ ਭਾਈ!
ਸੱਜਣੋ! ਜਿਨ੍ਹਾਂ ਨੇ ਘੱਲੀ ਵਧਾਈ
ਇਕ ਦਿਓ ਅਸੀਸ ਸੁਖਦਾਈ:-
"ਸਤਿਨਾਮ ਰਹੀਂ ਲਿਵਲਾਈ
ਰਬ ਰਜ਼ਾਈ ਇਹ ਰੰਗ ਲਾਈ ॥੭੫॥
ਖਾ.ਸ. ੭ ਜੂਨ ੧੯੭੯
ਨੋਟ:- ਭਾਈ ਵੀਰ ਸਿੰਘ ਹੁਰਾਂ ਸਦਾ ਆਪਣੇ ਆਪ ਨੂੰ ਛਿਪਾ ਕੇ ਰਖਿਆ ਕਿਸੇ ਪੁਸਤਕ ਤੇ ਨਾਮ ਨਹੀਂ ਦਿੱਤਾ, ਸਦਾ ਛਿਪੇ ਰਹਿਣ ਦੀ ਚਾਹ ਰਹੀ। ਇਸਦਾ ਕਾਰਨ ਦਸ ਰਹੇ ਹਨ। -ਸੰਪਾਦਕ
ਸਤਵੰਤ ਕੌਰ ਦੀ ਅਮਾਂ ਦਾ ਬਿਰਹਾ
ਵਿਛੁੜ ਕੇ ਤੂੰ ਸੁਹਣੀਏ!
ਮੱਲਿਆ ਕਿਹੜਾ ਮੁੱਖ’ ਨੀ?
ਨਿੱਜ ਜੰਮਦੀਓ ਤੂੰ ਬਚੜੀਏ!
ਅੱਤ ਚੰਗੇਰੀ ਕੁੱਖ ਨੀ?
ਕਿਹਾ ਭੁਲਾਵਾ ਛਲ ਗਿਆ,
ਹੋ ਗਈ ਕੇਹੀ ਚੁੱਖ ਨੀ!
ਹਾਵੇ ਖਾ ਗਏ ਜਿੰਦੜੀ,
ਦਿਲ ਨੂੰ ਖਾ ਗਈ ਧੁੱਖ ਨੀ।
… … …
ਡੋਲੇ ਬੇੜੀ ਸਿਦਕ ਦੀ
ਲੱਦ ਗਏ ਦਿਲ-ਸੁੱਖ ਨੀ।
ਸੁਪਨੇ ਵਿਚ ਹੀ ਆ ਮਿਲੇ,
ਦੇਖਾਂ ਤੇਰਾ ਮੁੱਖ ਨੀ॥੭੬॥
–––––––––––––––
1. ਸਤਵੰਤ ਕੌਰ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਿਤ ਨਾਵਲ "ਸਤਵੰਤ ਕੌਰ" ਦੀ ਨਾਇਕਾ ਹੈ। ਸਿੱਖ ਕੌਮ ਦੀਆਂ ਚੜਦੀਆਂ ਕਲਾਂ ਬਾਰੇ ਵਧੇਰੇ ਜਾਨਕਾਰੀ ਲਈ ਪੜੋ ਨਾਵਲ "ਸਤਵੰਤ ਕੌਰ" ਜੇ ਭਾਈ ਵੀਰ ਸਿੰਘ ਸਾਹਿਤ ਸਦਨ, ਗੋਲ ਮਾਰਕਿਟ, ਨਵੀਂ ਦਿੱਲੀ-11001 ਤੋਂ ਮਿਲ ਸਕਦਾ ਹੈ।
2 ਮੁਲਕ ਦਾ ਸੰਖੇਪ ਪੰਜਾਬੀ ਸਰੂਪ ਗੀਤਾਂ ਵਿਚ ਮੁੱਖ ਹੈ।
ਯਥਾ- 'ਇਕ ਮੇਏ ਇਕ ਵਿਛੁੜੇ ਇਕਨਾ ਮੱਲ ਲਏ ਮੁੱਖ'। -ਸੰਪਾਦਕ
ਸਤਵੰਤ ਕੌਰ ਦਾ ਬਿਰਹਾ
ਕਿਸੇ ਗੁਆਂਢਣ ਨੇ ਆਖਿਆ ਮਾਏ!
ਤੇਰਾ ਪਿਓ ਭਰਾ ਗਿਆ ਆਇ!
ਜੀ ਵਿਚ ਹੋਈਆਂ ਸ਼ਾਦੀਆਂ ਮਾਏ!
ਮੇਰੇ ਮਨ ਵਿਚ ਹੋਇਆ ਏ ਚਾਇ!
ਮੇਰੀ ਰਾਣੀਏ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,
ਪੁੱਤ੍ਰਾਂ ਵਾਲੀਏ ਮਾਏ! ੧
ਪੱਕੀ ਖੂਹੀ ਘੜਾ ਰੰਗਲਾ,
ਨੀ ਜਿੱਥੇ ਅੰਬੜੀ ਪਾਣੀ ਭਰੇ !
ਇਕ ਭਰ ਧਰੇ ਦੂਜਾ ਸਿਰ ਧਰੇ,
ਨੀ ਸਾਨੂੰ ਧੀਆਂ ਨੂੰ ਯਾਦ ਕਰੇ।
ਮੇਰੀ ਰਾਣੀਏ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,
ਪੁੱਤ੍ਰਾਂ ਵਾਲੀਏ ਮਾਏ ! ੨,
ਸਾਂ ਢੁਲ ਪਰਛਾਵੇਂ ਬਹਿੰਦੀਆਂ ਮਾਏ!
ਅਸੀਂ ਮਾਵਾਂ ਤੇ ਧੀਵੜੀਆਂ!
ਨੀ ਮੈਂ ਸਿਰ ਗੁੰਦਾਂ ਤੇਡੜਾ ਮਾਏ!
ਤੂੰ ਕਰ ਗੱਲਾਂ ਮਿੱਠੜੀਆਂ!
ਮੇਰੀ ਰਾਣੀਏਂ....... ! ३.
ਅੰਬੜਿ ਅੰਬੜਿ ਕਰਾਂ ਮੈਂ ਮਾਏ!
ਮੇਰੀ ਅੰਬੜੀ ਕੇਡਾ ਹਿੱਤ ਨੀ!
ਮਨੋ ਵਿਸਾਰੀ ਧੀਵੜੀ ਮਾਏ!
ਮੇਰੀ ਅੰਮੀ ਸੁਖਾਲੜਾ ਚਿਤ ਨੀ।
ਮੇਰੀ ਰਾਣੀਏਂ.....!४.
ਕੰਧ ਕੰਧਾਰੀ ਬੈਠੀ ਹਾਂ ਮਾਏ!
ਮੇਰਾ ਚਿੱਤ ਭਰਾਵਾਂ ਦੇ ਵਿਚ ਨੀ!
ਮੇਰੇ ਨੈਣ ਛਮਾ ਛਮ ਰੋਂਵਦੇ!
ਮੇਰਾ ਕਾਲਜਾ ਧੂਹਦੀ ਖਿੱਚ ਨੀ।
ਮੇਰੀ ਰਾਣੀਏਂ.... !੫॥੭੭॥
ਅੱਛਾ ਹੈ ਕੁਛ ਲੇ ਜਾਨੇ ਸੇ ਦੇ ਕਰ ਹੀ ਕੁਛ ਜਾਨਾ
ਜੋਬਨ ਸਮੇਂ ਮਿਤ੍ਰ ਬਹੁ ਆਏ,
ਭਾਂਤ ਭਾਂਤ ਕੇ ਲਾਡ ਲਡਾਏ।
ਗੁਣ ਗਾਵੈਂ ਜਸ ਕਹਿ ਰੀਝਾਵੈਂ,
ਹਸ ਹਸ ਮਿਲੈਂ ਪ੍ਰਸੰਨ ਹੁਇ ਜਾਵੈਂ।
ਜਬ ਆਵੈਂ ਤਬ ਅਧਿਕ ਲਡਾਵੈਂ,
ਉਪਮਾਂ ਕਰਤ ਥਕਤ ਹ੍ਵੈ ਜਾਵੈਂ।
ਮੈਂ ਸਮਝਾ: ਸਭ ਕਾ ਸਿਰਤਾਜ,
ਮੈਂ ਬਿਨ ਕੌਨ ਗਰੀਬ ਨਿਵਾਜ ?
ਹਾਇ ਸ਼ੋਕ! ਅਬ ਰੰਗ ਬਿਨਾਸਾ,
ਅਪਦਾ ਆਣ ਚਾਣਚਕ ਗ੍ਰਾਸਾ।
ਮਿਤ੍ਰ ਸਖਾ ਕੋ ਨਦਰ ਨ ਆਵੇ,
ਇਸ ਆਪਤ ਤੇ ਮੋਹਿ ਬਚਾਵੇ,
ਟੂਟ ਚਲੇ ਸਭ ਤਨ ਕੇ ਸਾਜੇ,
ਸਿਰ ਪਰ ਮੌਤ ਨਗਾਰਾ ਬਾਜੇ।
ਅਬੀ ਕਿ ਪਲ ਕੋ ਮੁਹਤ ਕਿ ਕਾਲ।
ਕਾਲ ਬਲੀ ਗ੍ਰਸ ਕਰ ਹੈ ਕਾਲ।
ਬ੍ਰਿਥਾ ਹੁਤੋ ਵਹ ਸੁੰਦਰ ਰੰਗ,
ਬ੍ਰਿਥਾ ਰੂਪ ਅਰ ਅਗਰੇ ਅੰਗ।
ਮੈ ਨ ਰਹਾ ਗੁਣ ਰਹੇ ਨ ਮੇਰੇ।
ਕੌਨ ਕਾਜ ਯਹ ਜਨਮ ਲੀਓ ਰੇ?
ਸਮਝ ਨ ਪਰੀ ਕਾਲ ਗ੍ਰਸ ਲਇਆ।
ਕੇਵਲ ਭੋਗ ਕਾਲ ਕਾ ਭਇਆ।
ਕਾਲ ਛੁਧਾ ਨਿਰਵਾਰਨ ਕਾਜਾ?
ਕ੍ਯਾ ਬਿਧਿ ਨੇ ਸਭ ਜਗ ਉਪਰਾਜਾ ?
ਮੁਖ ਪਸਾਰ ਮੁਹਿ ਕਾਲ ਨਿਹਾਰੇ,
ਅਹੋ ਕਾਲ! ਹਮ ਭੋਗ ਤਿਹਾਰੇ!
ਸੁੱਕੇ ਫੁੱਲ ਨਾ ਰਹੀ ਖੁਸ਼ਬੇ ਰੱਤੀ,
ਰਸ ਰੂਪ ਤੇ ਰੰਗ ਦਾ ਨਾਸ਼ ਹੋਇਆ।
ਵਾਹਵਾਂ ਲਾ ਥੱਕੇ, ਮਾਲੀ ਹਾਰ ਹੁੱਟੇ,
ਬਲੀ ਕਾਲਦਾ ਇਕ ਨਾਂ ਵਾਲਖੋਹਿਆ।
ਸਮੇਂ ਪੁੱਜਣੇ ਤੇ ਪੱਤੇ ਸਿੱਟ ਸੁੱਕੇ,
ਪਾਣੀ ਪੌਣ ਤੇ ਖਾਦ ਨਾ ਕੁਝ ਪੋਹਿਆ।
ਸ਼ਹਤ ਡੂੰਮਣੇ, ਗਾਂਧੀ ਨੂੰ ਅਤਰ ਫੁਲ ਜੋ
ਜੀਉਂਦੇਬਖਸ਼ਿਆਂ, ਉਨ੍ਹਾਂ ਦੇ ਜੱਗ ਮੋਹਿਆ॥੭੮॥
ਖਾ:ਸ: ੨੧ ਜਨਵਰੀ, ੧੯੦੧
ਸੁੰਦਰਤਾ ਦਾ ਰਸ ਮਾਣਨ ਹਿਤ
ਆਪਾ ਮਗਨ ਗੁਲਾਬ ਇਕ ਖਿੜਿਆ
ਵਿਚ ਗੁਲਜ਼ਾਰ ਖੜਾ ਸਰਦਾਰ।
ਡੁੱਲ੍ਹ ਡੁੱਲ੍ਹ ਪੈਂਦੀ ਵੇਖ ਸੁੰਦਰਤਾ
ਗਿਆ ਬਲੱਕ ਰਹਿ ਮੈਂ ਮਗਨਾਰ।
ਤੂੰ ਲੀਤਾ ਰਸ ਸੁਆਦ ਸੁੰਦਰਤਾ
ਹਸ ਬੋਲੇ ਕੰਢੇ ਦੋ ਚਾਰ:-
ਕਾਹਲੇ ਕਈ ਏਸ ਥਾਂ ਆਏ
ਲੈਣੇ ਨੂੰ ਹਥ ਦੇਣ ਪਸਾਰ।
ਦੰਦ ਅਸਾਡੇ ਚੁਭਣ ਉਨ੍ਹਾਂ ਨੂੰ
ਛਿੜੇ ਪੀੜ ਪਰ ਰੋਵਨਹਾਰ।
ਸੁੰਦਰਤਾ ਦੇ ਰਸ ਮਾਣਨ ਹਿਤ
ਸਦਾ ਵਿੱਥ ਹੈ ਕੁਛ ਦਰਕਾਰ॥੭੯॥
(੨੧-੪-੧੯੨੭) ਖ.ਸ.੨੩-੧੦-੧੯੮੦
ਸੱਚੀ ਸੁਹਾਗਣ
ਗੁਰਬਾਣੀ ਨੇਂਹੁ ਲਗਾਈਏ;
ਪੜ, ਗਾ, ਸੁਣ ਕਾਰ ਕਮਾਈਏ।
ਫਿਰ ਪੀਂਘ ਚੜਾਈਏ ਨਾਮ ਦੀ,
'ਛੁਹ-ਨਾਮੀ' ਮਿਲੇ ਇਨਾਮ ਦੀ।
ਜਦ ਸ੍ਯਾਣ ਹੁਕਮ ਦੀ ਆਂਵਦੀ,
ਸ਼ਹੁ ਸਚੇ ਸਿਉਂ ਬਣ ਜਾਂਵਦੀ,
ਸਚ ਨਾਮ ਸੁਹਾਗਣ ਪਾਂਵਦੀ,
ਗੁਰਬਾਣੀ ਐਦਾਂ ਗਾਂਵਦੀ:-
"ਹੁਕਮੁ ਜਿਨਾ ਨੋ ਮਨਾਇਆ॥
ਤਿਨ ਅੰਤਰਿ ਸਬਦੁ ਵਸਾਇਆ॥
ਸਹੀਆ ਸੇ ਸੋਹਾਗਣੀ
ਜਿਨ ਸਹ ਨਾਲਿ ਪਿਆਰੁ ਜੀਉ॥੮੦॥”
(ਚੰਡੀਗੜ੍ਹ ੨੧-੮-੧੯੫੫) ਖ.ਸ.੮-੫-੧੯੮੦
––––––––––––––
* ਸਿਰੀ ਰਾਗ ਮ: 1, ਪੰਨਾ-721
ਸਿਰੇ ਚੜ੍ਹੇ ਨੂੰ ਕਾਈ
ਬੁਤ-ਤਰਾਸ਼ ਬੁਤ ਘੜਿਆ ਇਕ
ਕਰ ਅਰਦਾਸ ਜਿੰਦ ਲੈ ਪਾਈ।
ਆਕੜ ਆਕੜ ਤੁਰੇ ਬੁੱਤ ਓ
ਪਰ ਬੁਤ-ਤਰਾਸ਼ ਵਿਸਰਾਈ।
ਜੋ ਕੁਛ ਤੂੰ ਹੁਣ ਹੈਵੇਂ ਸੁਹਣੇ!
ਤੂੰ ਆਪ ਨਹੀਂ ਮੈਂ ਬਣਿਆਂ
ਸਿਰੇ ਚੜੇ ਆਪੇ ਵਿਚ ਮੁੜਕੇ
ਤੂੰ ਕਿਉਂ ਇਹ ਕਾਈ ਲਾਈ ?॥੮੧॥
(ਬੰਬਈ ੨੨-੨-੧੯੫੩)
ਖ.ਸ. ੨੨-੫-੧੯੮੦
ਹਾਜ਼ਰ ਸਦਾ ਹਜ਼ੂਰ
ਲੁਕੇ ਨ ਡੁੱਬੇ ਸੂਰ ਨਿਤ ਚੜਿਆ ਨਿਤ ਚਮਕਦਾ,
ਬੱਦਲ ਧੁੰਦ ਕੁਹੀੜ ਧਰਤੀ ਉਤੋਂ ਉੱਠਕੇ
ਦੇਂਦੀਆਂ ਉਹਲਾ ਤਾਣ ਧਰਤੀ ਨੂੰ ਹੀ ਸੁਹਣਿਆਂ!
ਹਾਜ਼ਰ ਸਦਾ ਹਜ਼ੂਰ ਜੋ ਨੂਰਾਂ ਦਾ ਨੂਰ ਹੈ
ਪਰਦਾ ਕੁਈ ਨ ਤਾਣ ਉਹਲੇ ਹੈ ਉਹ ਹੋਵਦਾ
'ਖ੍ਯਾਲ-ਗੁਬਾਰ' ਖਲੇਰ ਲੈਨੈ ਅਪਣੇ ਆਪ ਤੂੰ
ਆਪੂੰ ਲੈਨੈ ਵਾਂਞ ਨੂਰੋਂ ਆਪਣੇ ਆਪ ਨੂੰ
ਕਰ ਲੈਨਾਂ ਹੈਂ ਦੂਰ ਹਾਜ਼ਰ ਸਦਾ ਹਜੂਰੀਓ॥੮੨॥
(ਕਸੌਲੀ ੫-੮-੧੯੫੫) ਖ.ਸ. ੧੫-੫-੧੯੮੦
ਬੇਗੁਨਾਹੀ ਤੇ ਗੁਨਹਗਾਰੀ
ਫਾਰਸੀ ਦਾਨੇ ਕਿਸੇ ਹੈ ਗਲ ਆਖੀ ਸ੍ਵਾਦ ਦਾਰ,
ਨਾਲ ਉਸਦੇ ਸੁਣ ਸੁਣਾਵਾਂ ਹੋਰ ਗਲ ਇਕ ਨਮਕਦਾਰ।
"ਕਰਨੀ ਤੋਬਾ ਵਿਚ ਜਵਾਨੀ ਰੰਗ ਹੈ ਪੈਰੀਬਰੀ,
"ਬਾਘ ਜ਼ਾਲਮ ਬੀ ਬੁਢਾਪੇ ਹੋ ਜਏ ਪਰਹੇਜ਼ਗਾਰ।”
ਮੌਜ ਕੁਦਰਤ ਦੀ ਸਖੀ! ਪਰ ਰੰਗ ਰੰਗੀ ਦੇਖੀਏ,
ਜੋ ਜੁਆਨੀ ਰਹੇ ਸਾਬਤ ਵਿਚ ਬੁਢਾਪੇ ਗੁਨਹਗਾਰ।
ਬੇਗੁਨਾਹੀ ਗੁਨਹਗਾਰੀ ਵੱਸ ਨਹੀਂ ਹਉਂ ਦੇ ਸਖੀ!
ਵੱਸ ਜਿਸਦੇ ਹੈ, ਸਖੀ! ਉਹ ਆਪ ਹੈਵੇ ਕਿਰਦਗਾਰ !
ਵੱਸ ਵਾਲੇ ਦੇ, ਸਖੀ! ਵਿਚ ਵੱਸ ਪਉ ਤੂੰ ਮਲਕੜੇ
ਤੇਰੀ ਅਸਮਤ ਦਾ ਉਹ ਆਪੇ ਜਾਇਗਾ ਬਣ ਜਿੰਮੇਵਾਰ।
ਸਭ ਕੁਛ ਹਵਾਲੇ ਓਸਦੇ ਕਰਕੇ ਤੂੰ ਚੰਚੜ ਓਸ ਨੂੰ
ਗਲ ਗਲੱਕੜੀ ਨਾ ਖੁਲ੍ਹੇ ਤੇ ਲੈ ਬਣਾ ਇਹ ਕਿਰਤ ਕਾਰ।
ਵਿਚ ਬੁਢਾਪੇ ਵਿਚ ਜਵਾਨੀ ਵਿੱਚ ਹਰ ਇਕ ਹਾਲ ਦੇ
ਰੱਖਸੀ ਉਹ ਰੱਖਸੀ ਹੋਵਨ ਨ ਦੇਸੀ ਸ਼ਰਮਸਾਰ ॥੮੩॥
(ਸਫਰ ਵਿਚ- ੬-੧-੧੯੫੧)ਖ:ਸ: ੨੮-੧੧-੧੯੭੯
––––––––––––
ਬਾਘ = ਸ਼ੇਰ
ਅੱਜ ਸਾਡਾ ਅੰਦਰ ਕੀ ਸੋਚੇ?
ਇਕ ਸਾਲ ਬਤੀਤ ਹੈ ਹੋਰ ਭਿਆ,
ਫਿਰ ਆਇ ਗਈ ਗੁਰੂ ਪੁੰਨਮ ਪ੍ਯਾਰੇ!
ਝਾਤੀ ਮਾਰ ਦਿਲ ਆਪਨਾ ਵੇਖੀਏ:
ਬਰਸ ਦਿਨਾ ਹਨ ਕੀਤੇ ਕੀ ਕਾਰੇ?
ਕਿੰਨੀਕੁ ਦੁਖੀਆਂ ਦੀ ਸੇਵਾ ਕਮਾਈ,
ਕਿੰਨੇ ਉਗਾਏ ਪਰੇਮ ਦੇ ਕਿਆਰੇ?
ਰੱਬ ਦੇ ਨੇੜੇ ਹਾਂ ਕਿੰਨੇਕੁ ਆਏ?
ਮਾਯਾ ਦੀ ਖਿੱਚੋਂ ਹਾਂ ਕਿੰਨੇ ਕੁ ਨ੍ਯਾਰੇ? ॥੧॥
ਓਥੇ ਹੀ ਹਾਂ ਜਿਥੇ ਪਰੂੰ ਨੂੰ ਸੀਗੇ,
ਅੱਗੇ ਨੂੰ ਹੈ ਕੁਝ ਪੈਰ ਉਠਾਯਾ?
ਵਾਧੇ ਦਾ ਸਾਲ ਏ ਸਾਲ ਸੁਭਾਗਾ,
ਘਾਟਾ ਹੀ ਘਾਟਾ ਚੁਫੇਰਿਓਂ ਪਾਯਾ?
ਮਾਯਾ ਨੇ ਹੇਠਾਂ ਹੀ ਹੇਠਾਂ ਬਹਾਯਾ,
ਕਿ ਹਿੰਮਤ ਨੇ ਉਪਰ ਤੋਂ ਉਪਰ ਓਠਾਯਾ ?
ਪਸੂਆਂ ਜਿਵੇਂ ਖੇਡ, ਖਾਧੇ ਤੇ ਸੁੱਤੇ,
ਕਿ ਹੈ ਦੇਵਤਾ ਏ ਮਨੁਖੋਂ ਬਨਾਯਾ ? ॥੨॥
ਹਿੰਮਤ ਜੇ ਕਰਦੀ ਰਹੀ ਹੈ ਅਗੇਰੇ,
ਵਧਾਈ ਵਧਾਈ ਹੈ ਤਾਂ ਅਜ ਵਧਾਈ!
ਉਲਟੀ ਜੇ ਹੁੰਦੀ ਰਹੀ ਹੈ ਕਮਾਈ,
ਤਾਂ ਵੈਰਾਗ ਕਰ ਅੱਜ ਕਰਲੌ ਸਫਾਈ।
ਅੱਗੇ ਲਈ ਨੇਮ ਧਾਰੋ ਕਿ ਕਰੀਏ,
ਕਾਰਜ ਜਿਨ੍ਹਾਂ ਤੋਂ ਹੋ ਪ੍ਰਭੂ ਦੀ ਵਡਾਈ।
ਮਾਣੋਂ ਖੁਸ਼ੀ ਨੂੰ ਪ੍ਰਭੂ ਖ਼ੌਫ਼ ਅੰਦਰ,
ਸਨਮੁਖ ਰਹਨ ਵਿਚ ਹੈ ਸੱਚੀ ਵਧਾਈ॥੩॥੮੪॥
ਭਾਈ ਸਾਹਿਬ ਭਾਈ ਵੀਰ ਸਿੰਘ
ਭਾਈ ਸਾਹਿਬ ਡਾ. ਵੀਰ ਸਿੰਘ ਜੀ ਦਾ ਜਨਮ 5 ਦਸੰਬਰ, 1872 ਨੂੰ ਅੰਮ੍ਰਿਤਸਰ ਦੇ ਇਕ ਅਤਿਅੰਤ ਧਾਰਮਿਕ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਡਾਕਟਰ ਚਰਨ ਸਿੰਘ ਤੇ ਨਾਨਾ ਗਿਆਨੀ ਹਜ਼ਾਰਾ ਸਿੰਘ ਆਪਣੇ ਸਮੇਂ ਦੇ ਪ੍ਰਸਿੱਧ ਕਵੀ ਅਤੇ ਵਿਦਵਾਨ ਸਨ। ਦੋਹਾਂ ਦਾ ਹੀ ਬ੍ਰਿਜ ਭਾਸ਼ਾ ਉਪਰ ਚੰਗਾ ਅਧਿਕਾਰ ਸੀ, ਸਿਖ ਇਤਿਹਾਸ ਅਤੇ ਧਾਰਮਿਕ ਗ੍ਰੰਥਾਂ ਦੀ ਉਨ੍ਹਾਂ ਨੂੰ ਚੰਗੀ ਪਕੜ ਸੀ। ਦੋਹਾਂ ਪਰਿਵਾਰਾਂ ਦੀ ਰਹਿਣੀ ਬਹਿਣੀ ਵੀ ਸਿਖੀ ਮਰਯਾਦਾ ਅਨੁਸਾਰ ਢਲੀ ਹੋਈ ਸੀ। ਭਾਈ ਸਾਹਿਬ ਵੀਰ ਸਿੰਘ ਨੂੰ ਕਾਵਿ-ਰਚਨਾ, ਵਿਦਵਤਾ, ਧਾਰਮਿਕਤਾ ਅਤੇ ਮਰਯਾਦਿਤ ਰਹਿਣੀ ਬਹਿਣੀ ਦੀ ਜਾਗ ਆਪਣੇ ਪਰਿਵਾਰ ਪਾਸੋਂ ਹੀ ਪ੍ਰਾਪਤ ਸੀ।
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਮੁੱਢਲੀ ਸਿਖਿਆ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਪਾਸੋਂ ਪ੍ਰਾਪਤ ਕੀਤੀ। ਗਿਆਨੀ ਜੀ ਆਪਣੇ ਸਮੇਂ ਦੇ ਪ੍ਰਸਿੱਧ ਵਿਦਵਾਨ ਸਨ। ਅੰਗਰੇਜ਼ ਵਿਦਵਾਨ ਮਕਾਲਿਫ਼ ਨੇ ਆਪਣੀ ਪ੍ਰਸਿੱਧ ਪੁਸਤਕ 'ਦੀ ਸਿਖ ਰਿਲੀਜੀਨ' ਲਿਖਣ ਵਾਸਤੇ ਜਿਨ੍ਹਾਂ ਚੋਣਵੇਂ ਵਿਦਵਾਨਾਂ ਪਾਸੋਂ ਸਹਾਇਤਾ ਲਈ, ਗਿਆਨੀ ਜੀ ਉਨ੍ਹਾਂ ਵਿਚੋਂ ਇਕ ਸਨ। ਆਪਣੇ ਦੇਸ਼ ਦੀ ਵਿਦਿਆ ਅਤੇ ਧਰਮ ਵਿਚ ਭਲੀ ਪ੍ਰਕਾਰ ਦੀਖਿਅਤ ਹੋਣ ਬਾਅਦ ਉਹ ਆਧੁਨਿਕ ਢੰਗ ਦੀ ਵਿਦਿਆ ਪ੍ਰਾਪਤ ਕਰਨ ਲਈ ਚਰਚ ਮਿਸ਼ਨ ਹਾਈ ਸਕੂਲ, ਅੰਮ੍ਰਿਤਸਰ ਵਿਚ ਦਾਖ਼ਲ ਹੋਏ ਅਤੇ ਏਥੋਂ ਹੀ ਮੈਟ੍ਰਿਕੁਲੇਸ਼ਨ ਇਮਤਿਹਾਨ ਪਾਸ ਕੀਤਾ। ਮਿਸ਼ਨ ਸਕੂਲ ਵਿਚ ਬਾਈਬਲ ਦੀ ਸਿਖਿਆ ਲਾਜ਼ਮੀ ਹੁੰਦੀ ਸੀ। ਇਸ ਪ੍ਰਕਾਰ ਭਾਈ ਸਾਹਿਬ ਨੂੰ ਬਚਪਨ ਤੋਂ ਹੀ ਆਪਣੇ ਧਰਮ ਦਾ ਤੁਲਨਾਤਮਕ ਅਧਿਅਨ ਕਰਨ ਦਾ ਮੌਕਾ ਮਿਲਿਆ।
ਵਿਦਿਆ ਪ੍ਰਾਪਤੀ ਬਾਅਦ ਭਾਈ ਸਾਹਿਬ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਪੇਸ਼ ਹੋਈ, ਪਰ ਉਨ੍ਹਾਂ ਆਪਣਾ ਸੁਤੰਤਰ ਕੰਮ ਸ਼ੁਰੂ ਕਰਨਾ ਹੀ ਯੋਗ ਸਮਝਿਆ। ਸਰਦਾਰ ਵਜ਼ੀਰ ਸਿੰਘ ਨਾਲ ਭਿਆਲੀ ਪਾ ਕੇ ਉਨ੍ਹਾਂ ਵਜ਼ੀਰ ਹਿੰਦ ਪ੍ਰੈਸ ਨਾਮ ਦਾ ਛਾਪਾਖ਼ਾਨਾ ਸ਼ੁਰੂ ਕੀਤਾ, ਭਾਈ
ਭਾਈ ਸਾਹਿਬ ਨੇ ਆਪਣੀ ਸਹਿਤਕਾਰੀ ਦਾ ਆਰੰਭ 1893 ਵਿਚ 'ਨਿਰਗੁਣਿਆਰਾ' ਨਾਮ ਦੇ ਮਾਸਿਕ ਮਾਸਿਕ ਪੱਤਰ ਨਾਲ ਕੀਤੀ। ਅਗਲੇ ਹੀ ਸਾਲ ਉਨ੍ਹਾਂ 'ਖ਼ਾਲਸਾ ਟਰੈਕਟ ਸੋਸਾਇਟੀ ਨਾਮ ਦੀ ਸੰਸਥਾ ਸਥਾਪਿਤ ਕੀਤੀ ਅਤੇ ਨਿਰਗੁਣਿਆਰਾ ਉਸੇ ਦੇ ਪ੍ਰਬੰਧ ਹੇਠ ਆ ਗਿਆ। ਖ਼ਾਲਸਾ ਟਰੈਕਟ ਸੋਸਾਇਟੀ ਨੇ ਹਰ ਮਹੀਨੇ ਸਿਖ ਧਰਮ, ਇਤਿਹਾਸ ਅਤੇ ਸਮਾਜ ਸੁਧਾਰ ਨਾਲ ਸੰਬੰਧਿਤ ਟਰੈਕਟ ਛਾਪੇ। ਇਨ੍ਹਾਂ ਦੀ ਗਿਣਤੀ 1300 ਦੇ ਲਗਪਗ ਹੈ। ਪਰ ਭਾਈ ਸਾਹਿਬ ਇਸ ਕੰਮ ਨਾਲ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋਏ। ਹੌਲੇ ਹੌਲੇ ਉਨ੍ਹਾਂ ਦੀ ਕਲਮ ਰਸਦੀ ਗਈ। ਉਨ੍ਹਾਂ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਆਦਿਕ ਨਾਵਲ ਲਿਖੇ। ਸਿਖ ਇਤਿਹਾਸ ਨਾਲ ਸੰਬੰਧਿਤ ਨਾਵਲਾਂ ਨੂੰ ਅਦੁਤੀ ਸਫ਼ਲਤਾ ਮਿਲੀ। ਪੰਜਾਬੀ ਪਾਠਕਾਂ ਲਈ ਨਾਵਲ ਅਸਲੋਂ ਨਵੀਂ ਤਰ੍ਹਾਂ ਦਾ ਸਾਹਿਤ-ਰੂਪ ਸਨ। ਇਹ ਸਿਖ ਇਤਿਹਾਸ ਦਾ ਅਜੇਹਾ ਕਲਪਨਾਤਮਕ ਚਿਤਰ ਪੇਸ਼ ਕਰਦੇ ਸਨ ਕਿ ਮਨ ਖਾਹਮਖਾਹ ਮੋਹਿਆ ਜਾਂਦਾ ਸੀ। ਇਨ੍ਹਾਂ ਨਾਵਲਾਂ ਨੇ ਪੰਜਾਬੀ ਬੋਲੀ ਲਈ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਪਾਠਕ ਪੈਦਾ ਕੀਤੇ। ਇਹ ਆਪਣੇ ਆਪ ਵਿਚ ਬੜੀ ਮਹੱਤਵ
ਭਰਪੂਰ ਪ੍ਰਾਪਤੀ ਸੀ। ਇਨ੍ਹਾਂ ਨਾਵਲਾਂ ਨੇ ਭਾਈ ਸਾਹਿਬ ਨੂੰ ਖ਼ਾਲਸਾ ਸਮਾਚਾਰ ਨਾਮ ਦਾ ਸਪਤਾਹਿਕ ਅਖ਼ਬਾਰ ਸ਼ੁਰੂ ਕਰਨ ਲਈ ਪਰੇਰਨਾ ਦਿਤੀ। ਕਲਮ ਰਸ ਚੁੱਕੀ ਸੀ, ਸਿਖ ਧਰਮ ਅਤੇ ਇਤਿਹਾਸ ਸੰਬੰਧੀ ਉਨ੍ਹਾਂ ਦਾ ਅਧਿਅਨ ਗਹਿਰਾ ਹੋ ਚੁੱਕਾ ਸੀ ਤੇ ਪਾਠਕਾਂ ਦੀ ਬਹੁਤ ਵੱਡੀ ਗਿਣਤੀ ਉਨ੍ਹਾਂ ਦੇ ਕਲਮ ਦੇ ਜਾਦੂ ਦੇ ਅਸਰ ਨੂੰ ਕਬੂਲ ਚੁੱਕੀ ਸੀ। ਖ਼ਾਲਸਾ ਸਮਾਚਾਰ 1899 ਤੋਂ ਲੈ ਕੇ ਅਜ ਦਿਨ ਤਕ ਬਾਕਾਇਦਗੀ ਨਾਲ ਛਪ ਰਿਹਾ ਹੈ। ਇਸੇ ਗੱਲ ਤੋਂ ਭਾਈ ਸਾਹਿਬ ਦੀ ਅਡੋਲ ਸਾਹਿਤ-ਸਾਧਨਾ ਦਾ ਕੁਝ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸ ਪੱਤਰ ਵਿਚ ਛਪੀਆਂ ਬਹੁਤ ਸਾਰੀਆਂ ਰਚਨਾਵਾਂ ਹੀ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਅਤੇ ਅਸ਼ਟਗੁਰ ਚਮਤਕਾਰ ਵਿਚ ਸ਼ਾਮਲ ਹਨ।
ਭਾਈ ਸਾਹਿਬ ਜੀ ਦੀ ਸਾਹਿਤ-ਸਾਧਨਾ ਇਕਾਗਰ ਵੀ ਹੈ ਤੇ ਵੰਨਸੁਵੰਨ ਵੀ। ਉਨ੍ਹਾਂ ਨੇ ਕਵਿਤਾ ਅਤੇ ਵਾਰਤਕ ਦੇ ਲਗਪਗ ਹਰ ਰੂਪ ਦੀ ਸਿਰਜਣਾ ਕੀਤੀ। ਇਹ ਫ਼ੈਸਲਾ ਕਰਨਾ ਮੁਸ਼ਕਿਲ ਹੋਵੇਗਾ ਕਿ ਪੰਜਾਬੀ ਕਵਿਤਾ ਅਤੇ ਵਾਰਤਕ ਵਿਚੋਂ ਕਿਸ ਉਪਰ ਉਨ੍ਹਾਂ ਦੇ ਉਪਕਾਰ ਵਧੇਰੇ ਹਨ। ਪੰਜਾਬੀ ਵਾਰਤਕ ਦੇ ਆਧੁਨਿਕ ਮੁਹਾਂਦਰੇ ਨੂੰ ਨਿਖ਼ਾਰਨ ਵਿਚ ਉਨ੍ਹਾਂ ਦਾ ਯੋਗਦਾਨ ਸਭ ਤੋਂ ਵਧੀਕ ਹੈ। ਪੰਜਾਬੀ ਨਿਬੰਧ, ਨਾਵਲ, ਨਾਟਕ ਦੇ ਜਨਮਦਾਤਾ ਤਾਂ ਨਿਸਚੇ ਹੀ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ। ਸੰਪਾਦਨ ਕਲਾ ਵਿਚ ਵੀ ਭਾਈ ਸਾਹਿਬ ਬੜੇ ਪ੍ਰਬੀਣ ਸਨ। ਏਥੇ ਇਸ਼ਾਰਾ ਕੇਵਲ 'ਨਿਰਗੁਣਿਆਰਾ' ਜਾਂ 'ਖ਼ਾਲਸਾ ਸਮਾਚਾਰ' ਦੇ ਸੰਪਾਦਨ ਵਲ ਨਹੀਂ। ਆਪ ਲਗਨ ਵਾਲੇ ਖੋਜੀ ਅਤੇ ਡੂੰਘੀ ਵਿਦਵਤਾ ਵਾਲੇ ਸੋਧਕ, ਆਲੋਚਕ ਤੇ ਟੀਕਾਕਾਰ ਸਨ। ਪੁਰਾਤਨ ਜਨਮ ਸਾਖੀ ਅਤੇ ਕਥਿਤ ਸਵੈਯੇ ਭਾਈ ਗੁਰਦਾਸ ਦੇ ਸੰਪਾਦਨ, ਉਨ੍ਹਾਂ ਦੀ ਸੰਤੁਲਿਤ ਖੋਜ ਬਿਰਤੀ ਅਤੇ ਸੰਪਾਦਨ-ਯੋਗਤਾ ਦੇ ਗਵਾਹ ਹਨ। ਇਹ ਦੋਵੇਂ ਪੁਸਤਕਾਂ ਹਥਲਿਖਿਤ ਰਚਨਾਵਾਂ ਦੇ ਇਕਾਗਰ ਅਧਿਅਨ ਦਾ ਸਿੱਟਾ ਹਨ। ਗੁਰਪ੍ਰਤਾਪ ਸੂਰਜ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ (ਗਿਆਨੀ ਗਿਆਨ ਸਿੰਘ) ਦੇ ਸੰਪਾਦਨ ਵੀ ਡੂੰਘੀ ਲਗਨ ਅਤੇ ਵਿਦਵਤਾ ਦੇ ਲਖਾਇਕ ਹਨ। ਗੁਰਪ੍ਰਾਤਪ ਸੂਰਜ ਗ੍ਰੰਥ ਵੱਡੇ
ਆਕਾਰ ਵਾਲੀ ਰਚਨਾ ਹੈ। ਭਾਈ ਸਾਹਿਬ ਨੇ ਇਸ ਦੀਆਂ ਪ੍ਰਾਪਤ ਪ੍ਰਤੀਆਂ (ਕਾਪੀਆਂ) ਦੇ ਆਧਾਰ ਤੇ ਇਸ ਦੇ ਪਾਠ ਦੀ ਯੋਗ ਸੁਧਾਈ ਕੀਤੀ। ਬ੍ਰਿਜਭਾਸ਼ਾ ਦੀ ਰਚਨਾ ਹੋਣ ਕਾਰਨ ਇਹ ਪੰਜਾਬੀ ਪਾਠਕਾਂ ਲਈ ਦੁਰਬੋਧ ਹੁੰਦੀ ਜਾ ਰਹੀ ਸੀ। ਭਾਈ ਸਾਹਿਬ ਨੇ ਇਸ ਉਪਰ ਅਧਿਕਾਰੀ ਵਿਦਵਾਨ ਵਾਂਗ ਟਿਪਣੀਆਂ ਲਿਖੀਆਂ ਅਤੇ ਉਸ ਨੂੰ ਆਮ ਪੰਜਾਬੀ ਪਾਠਕ ਲਈ ਸੁਬੋਧ ਬਣਾਇਆ। ਇਸ ਦੇ ਮੁਢ ਵਿਚ ਲਿਖੀ ਲੰਮੀ ਭੂਮਿਕਾ ਉਚੇ ਪੱਧਰ ਦੀ ਆਲੋਚਨਾਤਮਕ ਪ੍ਰਤਿਭਾ ਦੀ ਹਾਮੀ ਭਰਦੀ ਹੈ। ਭਾਈ ਸਾਹਿਬ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਪਾਠ ਸੋਧ ਕੇ ਉਸ ਉਪਰ ਵੀ ਥਾਂ ਪਰ ਥਾਂ ਉਚਿਤ ਟਿਪਣੀਆਂ ਲਿਖੀਆਂ ਹਨ। ਸਾਧਾਰਣ ਅਤੇ ਰਲਗਡ ਬੋਲੀ ਕਾਰਨ ਇਹ ਰਚਨਾ ਵਿਸ਼ੇਸ਼ ਧਿਆਨ ਦੀ ਅਧਿਕਾਰੀ ਨਹੀਂ ਸੀ ਬਣ ਸਕੀ। ਪਰ ਇਸ ਦੀ ਇਤਿਹਾਸ- ਵਸਤੂ ਬੜੀ ਮਹੱਤਵਸ਼ਾਲੀ ਅਤੇ ਇਤਿਹਾਸ-ਦ੍ਰਿਸ਼ਟੀ ਬੜੀ ਨਿਰਮੈਲ ਹੈ। ਭਾਈ ਸਾਹਿਬ ਨੇ ਇਸ ਦੀ ਉਤਮਤਾ ਨੂੰ ਪਛਾਣਿਆ। ਅਣਘੜੇ ਹੀਰੇ ਵਰਗੀ ਚਮਕ ਹੈ ਏਸ ਰਚਨਾ ਦੀ। ਭਾਈ ਸਾਹਿਬ ਦੇ ਯੋਗ ਸੰਪਾਦਨ ਸਦਕਾ ਇਹ ਰਚਨਾ ਅਸਲੋਂ ਗੁੰਮ-ਗੁਆਚਣ ਤੋਂ ਬਚ ਗਈ। ਅਜ ਇਹ ਸਿਖ ਇਤਿਹਾਸ ਦੇ ਕਿਸੇ ਵੀ ਵਿਦਿਆਰਥੀ ਲਈ ਬੜਾ ਵਡਮੁੱਲਾ ਖ਼ਜ਼ਾਨਾ ਹੈ। ਭਾਈ ਵੀਰ ਸਿੰਘ ਵਿਦਵਤਾ ਦੇ ਕਾਰਜ ਵਿਚ ਆਪਣੀ ਉਮਰ ਦੇ ਅੰਤਿਮ ਸਮੇਂ ਤਕ ਜੁਟੇ ਰਹੇ। ਆਦਿ ਗ੍ਰੰਥ ਦਾ ਵੱਡੇ ਆਕਾਰ ਵਾਲਾ ਟੀਕਾ-ਸੰਥਾ ਸ੍ਰੀ ਗੁਰੂ ਗ੍ਰੰਥ ਸਾਹਿਬ- ਉਨ੍ਹਾਂ ਦੀ ਅਧੂਰੀ ਪਰ ਵੱਡੇ ਮਹਤੱਵ ਵਾਲੀ ਕਿਰਤ ਹੈ। ਉਹ ਆਦਿ ਗ੍ਰੰਥ ਦਾ 607 ਪੰਨਿਆਂ ਤਕ ਹੀ ਆਪਣਾ ਕੰਮ ਮੁਕਾ ਸਕੇ। ਪਰ ਏਨੇ ਕੰਮ ਲਈ ਵੀ ਇਕ ਮੁਕੰਮਲ ਜ਼ਿੰਦਗੀ ਦੀ ਮਿਹਨਤ ਹੈ। ਇਹ ਰਚਨਾ ਸਤ ਜਿਲਦਾਂ ਵਿਚ 3076 ਪੰਨਿਆਂ ਤੇ ਫੈਲੀ ਹੋਈ ਹੈ। ਭਾਈ ਸਾਹਿਬ ਨੇ ਗੁਰੂ ਗ੍ਰੰਥ ਨਾਲ ਸੰਬੰਧਿਤ ਲਿਖਿਤ ਅਤੇ ਮੌਖਿਕ ਸਭਨਾਂ ਟੀਕਾ ਪਰਣਾਲੀਆਂ ਦਾ ਅਧਿਅਨ ਕੀਤਾ ਅਤੇ ਫੇਰ ਇਕ ਸੁਚੱਜੇ ਪਾਰਖੂ ਵਾਂਗ ਸਭਨਾਂ ਦੇ ਗ੍ਰਹਿਣਯੋਗ ਤੱਤ ਗ੍ਰਹਿਣ ਕੀਤੇ ਅਤੇ ਇਕ ਨਿਸ਼ਚੇਕਾਰੀ ਸੰਥਿਆ ਤਿਆਰ ਕੀਤੀ। ਗੁਰੂ ਗ੍ਰੰਥ ਦਾ ਕੋਈ ਵੀ ਖੋਜੀ ਵਿਦਿਆਰਥੀ ਇਸ ਰਚਨਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਇਸ ਰਚਨਾ ਦਾ
ਇਤਨੇਂ ਗਿਆਨਵਾਨ ਹੋਣ ਦੇ ਬਾਵਜੂਦ ਭਾਈ ਸਾਹਿਬ ਇਹ ਲੋਕ ਤੇ ਪਰਲੋਕ ਨਾਲ ਪ੍ਰੇਮ ਦਾ ਰਿਸ਼ਤਾ ਜੋੜਣਾ ਹੀ ਪਸੰਦ ਕਰਦੇ ਸਨ। ਇਸੇ ਲਈ ਉਹ ਬਾਰ ਬਾਰ ਕਵਿਤਾ ਵਲ ਰਜੂਅ ਕਰਦੇ ਹਨ। ਗਿਆਨ ਦੇ ਮੁਕਾਬਲੇ ਤੇ ਪ੍ਰੇਮ ਦੀ ਮਹਿਮਾ ਉਨ੍ਹਾਂ ਇਸ ਪ੍ਰਕਾਰ ਕੀਤੀ ਹੈ
ਵਲਵਲਾ
ਜਿਨ੍ਹਾਂ ਉਚਿਆਈਆਂ ਉਤੋਂ
ਬੁੱਧੀ ਖੰਭ ਸਾੜ ਢੱਠੀ
ਮੱਲੋ ਮੱਲੀ ਉਥੇ ਦਿਲ
ਮਾਰਦਾ ਉਡਾਰੀਆਂ
ਪਿਆਲੇ ਅਣਡਿੱਠੇ ਨਾਲ
ਬੁੱਲ੍ਹ ਲਗ ਜਾਣ ਉਥੇ
ਰਸ ਤੇ ਸਰੂਰ ਚੜ੍ਹੇ
ਝੂੰਮਾ ਆਉਣ ਪਿਆਰੀਆਂ
ਗਿਆਨੀ ਸਾਨੂੰ ਹੋੜਦਾ
ਤੇ "ਵਹਿਮੀ ਢੋਲਾ” ਆਖਦਾ ਏ
"ਮਾਰੇ ਗਏ ਜਿਨ੍ਹਾਂ ਲਾਈਆਂ
ਬੁੱਧੋਂ ਪਾਰ ਤਾਰੀਆਂ?
ਬੈਠ ਵੇ ਗਿਆਨੀ
ਬੁੱਧੀ ਮੰਡਲ ਦੀ ਕੈਦ ਵਿਚ
ਵਲਵਲੇ ਦੇ ਦੇਸ ਸਾਡੀਆਂ
ਲਗ ਗਈਆਂ ਯਾਰੀਆਂ
(ਪੁਸਤਕ, ਲਹਿਰ ਹੁਲਾਰੇ 'ਚੋਂ)
ਉਂਝ ਤਾਂ ਭਾਈ ਸਾਹਿਬ ਜੀਵਨ ਭਰ ਕਾਵਿ-ਰਚਨਾ ਨਾਲ ਸੰਬੰਧਿਤ ਰਹੇ, ਪਰ 1900-1933 ਤਕ ਦਾ ਸਮਾਂ ਤਾਂ ਉਨ੍ਹਾਂ ਲਈ ਨਿਰੰਤਰ ਕਾਵਿ ਸਾਧਨਾ ਦਾ ਸਮਾਂ ਸੀ। ਨਿਨਾਣ-ਭਰਜਾਈ, ਰਾਣਾ ਸੂਰਤ ਸਿੰਘ, ਮਟਕ ਹੁਲਾਰੇ, ਲਹਿਰ ਹੁਲਾਰੇ, ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ, ਪ੍ਰੀਤ ਵੀਣਾ, ਸਾਹਿਤਕ ਕਲੀਆਂ, ਸਿਕਾਂ ਸਧਰਾਂ, ਆਵਾਜ਼ ਆਈ, ਅਰਸ਼ੀ ਛੂਹ ਆਦਿ ਇਸੇ ਸਮੇਂ ਦੀਆਂ ਰਚਨਾਵਾਂ ਹਨ। ਕਵੀ ਭਾਈ ਵੀਰ ਸਿੰਘ ਦੀ ਕੀਰਤੀ ਦਾ ਆਧਾਰ ਇਹੋ ਕਾਵਿ-ਰਚਨਾਵਾਂ ਹਨ। ਭਾਈ ਵੀਰ ਸਿੰਘ ਦੀ ਕਾਵਿ-ਪ੍ਰਤਿਭਾ ਦਾ ਪਹਿਲਾ ਸਪੱਸ਼ਟ ਸੰਕੇਤ ਰਾਣਾ ਸੂਰਤ ਸਿੰਘ ਦੇ ਪ੍ਰਕਾਸ਼ਿਤ ਹੋਣ ਤੇ ਮਿਲਿਆ। ਆਪਣੇ ਕਵੀ-ਜੀਵਨ ਦੇ ਮੁਢਲੇ ਪੜਾਅ ਉਪਰ ਹੀ ਇਸ ਮਹਾ-ਕਾਵਿ 14,000 ਤੋਂ ਵੱਧ ਪੰਕਤੀਆਂ ਦੇ ਆਕਾਰ ਵਾਲੇ ਗ੍ਰੰਥ ਦੀ ਰਚਨਾ ਨਾਲ ਭਾਈ ਸਾਹਿਬ ਮਹਾਕਵੀ ਦੇ ਰੂਪ ਵਿਚ ਸਥਾਪਿਤ ਹੋ ਗਏ। ਇਸ ਰਚਨਾ ਦਾ ਪ੍ਰਮੁਖ ਪਾਤਰ ਰਾਣੀ ਰਾਜ ਕੌਰ ਹੈ। ਰਾਣੀ ਦਾ ਪਤੀ ਰਾਣਾ ਸੂਰਤ ਸਿੰਘ ਦਾ ਜਵਾਨੀ ਵਿਚ ਹੀ ਇਕ ਜੰਗ ਵਿਚ ਸ਼ਹੀਦ ਹੋ ਜਾਂਦਾ ਹੈ। ਰਾਣਾ ਪਰਮਾਰਥਕ ਬਿਰਤੀ ਵਾਲਾ ਵਿਅਕਤੀ ਸੀ ਤੇ ਰਾਣੀ ਦਾ ਉਸ ਨਾਲ ਬੜਾ ਤੀਖਨ ਪਿਆਰ ਸੀ। ਰਾਣੇ ਦਾ ਵਿਛੋੜਾ ਰਾਣੀ ਲਈ ਅਸਹਿ ਸੀ। ਇਕ ਦੂਜਾ ਰਾਜਾ ਕਪਟ-ਕਿਰਿਆ ਰਾਹੀਂ ਰਾਣੀ ਨੂੰ ਭਰਮਾਣ ਦਾ ਜਤਨ ਕਰਦਾ ਹੈ। ਰਾਣੀ ਏਸ ਕਪਟ-ਜਾਲ ਵਿਚ ਨਹੀਂ ਫਸਦੀ, ਪਰ ਪਤੀ ਦਾ ਵਿਛੋੜਾ ਉਸ ਨੂੰ ਬਹੁਤ ਵਿਆਕੁਲ ਕਰਦਾ ਹੈ। ਅੰਤ ਸਤਿਸੰਗ ਨਾਲ ਉਸ ਨੂੰ ਗੁਰਮਤਿ ਦਾ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਉਹ ਰਾਜ-ਜੋਗ ਦੀ ਅਵਸਥਾ ਪ੍ਰਾਪਤ ਕਰਦੀ ਹੈ। ਅਧਿਆਤਮਿਕਤਾ ਤੇ ਸੰਸਾਰਕਤਾ ਦੇ ਸੁਮੇਲ ਨੂੰ ਪ੍ਰਾਪਤ ਕਰਕੇ ਉਹ ਰਾਜ-ਕਾਜ ਨੂੰ ਵੀ ਸੰਭਾਲਦੀ ਹੈ ਅਤੇ ਨਿਰਲਿਪਤ ਰਹਿ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਦੀ ਹੈ। ਏਸ ਪਹਿਲੀ ਰਚਨਾ ਰਾਹੀਂ ਹੀ ਕਵੀ ਭਾਈ ਵੀਰ ਸਿੰਘ ਨੇ ਆਪਣੀ ਕਾਵਿ-ਸਿਰਜਣਾ ਦਾ ਚਿਹਰਾ ਮੁਹਰਾ ਨਿਸ਼ਚਿਤ ਕਰ ਲਿਆ ਸੀ। ਭਾਈ ਵੀਰ ਸਿੰਘ ਦੀ ਸਮੁੱਚੀ ਰਚਨਾ ਧਰਮ-ਕੇਂਦਰਿਤ ਹੈ। ਧਰਮ ਉਨ੍ਹਾਂ ਦੀ ਕਾਵਿ-ਰਚਨਾ ਦਾ ਪ੍ਰਕਾਸ਼-ਬਿੰਦੂ ਹੈ। ਉਨ੍ਹਾਂ ਦੀ ਮਾਨਵਤਾ ਅਤੇ ਪ੍ਰਕਿਰਤੀ-ਪ੍ਰੇਮ ਦਾ
ਅਣਡਿਠਾ ਰਸਦਾਤਾ
ਬੁਲ੍ਹਾਂ ਅਧਖੁਲ੍ਹਿਆਂ ਨੂੰ, ਹਾਇ
ਮੇਰੇ ਬੁਲ੍ਹਾਂ ਅਧਮੀਟਿਆਂ ਨੂੰ
ਛੁਹ ਗਿਆ ਨੀ, ਲਗ ਗਿਆ ਨੀ
ਕੌਣ, ਕੁਝ ਲਾ ਗਿਆ?
ਸ੍ਵਾਦ ਨੀ ਅਗੰਮੀ ਆਈਆ
ਰਸ ਝਰਨਾਟ ਛਿੜੀ
ਲੂੰ ਲੂੰ ਲਹਿਰ ਉਠਿਆ
ਤੇ ਕਾਂਬਾ ਮਿੱਠਾ ਆ ਗਿਆ
ਹੋਈ ਹਾਂ ਸੁਆਦ ਸਾਰੀ
ਆਪੇ ਤੋਂ ਮੈਂ ਆਪ ਵਾਰੀ
ਐਸੀ ਰਸ ਭਰੀ ਹੋਈ
ਸਵਾਦ ਸਾਰੇ ਧਾ ਗਿਆ
ਹਾਇ, ਦਾਤਾ ਦਿੱਸਿਆ ਨਾ
ਸਵਾਦ ਜਿਨ੍ਹੇ ਦਿਤਾ ਐਸਾ
ਦੇਂਦਾ ਰਸਦਾਨ ਦਾਤਾ
ਆਪਾ ਕਿਉਂ ਲੁਕਾ ਗਿਆ?
(ਪੁਸਤਕ, ਲਹਿਰ ਹੁਲਾਰੇ ਵਿਚੋਂ)
ਮਨੁਖ ਦੀ ਥਾਂ ਪ੍ਰਭੂ ਨੂੰ ਆਪਣੀ ਕਾਵਿ-ਸਿਰਜਣਾ ਦਾ ਮੁਖ ਸੋਮਾ ਬਣਾ ਲੈਣ ਕਾਰਨ ਹੀ ਭਾਈ ਸਾਹਿਬ ਦੀ ਕਵਿਤਾ ਵਿਚ ਸਮਾਜਿਕਤਾ ਤੋਂ ਵਧੀਕ ਨਿਰਲਿਪਤੀ ਉਪਰ ਬਲ ਹੈ। ਸਮਾਜਿਕਤਾ ਅਤੇ ਅਧਿਆਤਮਿਕਤਾ ਦੋਵੇਂ ਹੀ ਧਰਮ ਦੇ ਅੰਗ ਹਨ। ਸਾਡੇ ਕਵੀ ਨੇ ਬਹੁਤਾ ਜ਼ੋਰ ਅਧਿਆਤਮਿਕਤਾ ਉਪਰ ਦਿੱਤਾ ਹੈ। ਇਸੇ ਲਈ ਉਨ੍ਹਾਂ ਨੂੰ ਨਾ ਤਾਂ ਬਾਹਰਮੁੱਖੀ ਸੁੰਦਰਤਾ ਰਿਝਾ ਸਕਦੀ ਹੈ ਅਤੇ ਨਾ ਹੀ ਸੰਘਰਸ਼-ਪ੍ਰਧਾਨ ਜੀਵਨ ਆਪਣੇ ਵਲ ਖਿਚ ਸਕਦਾ ਹੈ:
(1) ਅੱਖੀਆਂ
ਅਰੂਪ ਦੇ ਦੀਦਾਰ ਦੀ ਤੜਫ਼ਨ
ਤੋਂ ਬਣੀਆਂ ਅੱਖੀਆਂ
ਪਰ ਰੂਪ ਦੇ ਕਰ ਸਾਮ੍ਹਣੇ
ਰੁਖ ਬਾਹਰ ਦਾ ਦੇ ਰਖੀਆਂ
ਦੇਖਣ ਨਜ਼ਾਰੇ ਸੋਹਿਣੇ, ਰੀਝਣ
ਤੇ ਰਚ ਰਚ ਜਾਣ, ਪਰ
ਮਿਟਦੀ ਨ ਤਾਂਘ ਅਰੂਪ ਦੀ
ਪਲ ਰੂਪ ਤੇ ਫਿਰ ਭੁੱਖੀਆ
(ਪੁਸਤਕ, ਲਹਿਰਾਂ ਦੇ ਹਾਰ)
(2) ਮੇਰੀ ਜਿੰਦੇ
ਤੇਰਾ ਥਾਉਂ ਕਿਸੇ ਨਦੀ ਕਿਨਾਰੇ
ਤੇਰਾ ਥਾਂਉਂ ਕਿਸੇ ਜੰਗਲ ਬੇਲੇ
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ
ਤੇ ਗਾਂਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ
ਤੂੰ ਆਪੇ 'ਆਪੇ' ਨਾਲ ਖੇਲੇਂ
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ
ਤੇਰੇ ਚਾਰ ਚੁਫੇਰੇ ਝਮੇਲੇ?
(ਪੁਸਤਕ, ਲਹਿਰ ਹੁਲਾਰੇ ਵਿਚੋਂ)
ਨਦੀ ਦੇ ਕਿਨਾਰੇ, ਜੰਗਲ-ਬੇਲੇ ਜਾਂ ਅਰਸ਼ ਕਵੀ ਦੇ ਨਿਵਾਸ- ਸਥਾਨ ਹਨ, ਪ੍ਰੇਮ-ਸਥਾਨ ਨਹੀਂ। ਕਿਉਂਕਿ ਕਵੀ ਦੀ ਦਿਲਚਸਪੀ ਜੀਵਨ ਵਿਚ ਨਹੀਂ ਜੀਵਨ ਦੇ ਅਰਥ ਵਿਚ ਹੈ, ਇਸੇ ਲਈ ਉਹ ਪ੍ਰਕਿਰਤੀ ਦੀ ਸੁੰਦਰਤਾ ਤੋਂ ਵਧੀਕ ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਅਤੇ ਉਪਦੇਸ਼ ਵਲ ਰੁਚਿਤ ਹੈ। ਕਦੀ ਕਦੀ ਉਹ ਪ੍ਰਕਿਰਤੀ ਨੂੰ ਕਿਸੇ ਇਤਿਹਾਸਕ ਵੇਰਵੇ ਨਾਲ ਵੀ ਸੰਬੰਧਿਤ ਕਰਦੇ ਹਨ ਪਰ ਅਪਵਾਦ ਰੂਪ ਵਿਚ। ਪ੍ਰਮੁੱਖ ਰੂਪ ਵਿਚ, ਉਹ ਜਾਂ ਤਾਂ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਹਨ ਅਤੇ ਜਾਂ ਕੋਈ ਉਪਦੇਸ਼ ਗ੍ਰਹਿਣ ਕਰਦੇ ਹਨ। ਉਨ੍ਹਾਂ ਦੀ ਪ੍ਰਸਿੱਧ ਰਚਨਾ 'ਜੀਵਨ ਕੀ ਹੈ?” ਵਿਚ ਵੀ ਪ੍ਰਕਿਰਤੀ ਰਾਹੀਂ ਇਕ ਵਿਸ਼ੇਸ਼ ਪ੍ਰਕਾਰ ਦਾ ਜੀਵਨ ਦਰਸ਼ਨ ਸਿਰਜਣ ਦਾ ਆਹਰ ਹੈ। ਜਿਵੇਂ ਕਿ ਪਹਿਲੇ ਕਿਹਾ ਜਾ ਚੁਕਾ ਹੈ, ਆਧੁਨਿਕ ਕਾਵਿ ਮਨੁੱਖ ਕੇਂਦਰਿਤ ਹੈ ਇਸੇ ਲਈ ਉਹ ਵਧੇਰੇ ਮੂਰਤਭਾਵੀ ਹੈ, ਇਸ ਦੇ ਉਲਟ ਭਾਈ ਵੀਰ ਸਿੰਘ-ਕਾਵਿ ਰੱਬ-ਕੇਂਦਰਿਤ ਹੈ ਅਤੇ ਉਸ ਵਿਚ ਅਮੂਰਤਭਾਵੀ ਹੋਣ ਦੀ ਪ੍ਰਵਿਰਤੀ ਬੜੀ ਪ੍ਰਬਲ ਹੈ। ਕਦੀ ਕਦੀ ਭਾਈ ਸਾਹਿਬ ਪ੍ਰਕਿਰਤੀ ਦਾ ਮੂਰਤ ਚਿਤਰ ਵੀ ਪੇਸ਼ ਕਰਦੇ ਹਨ। ਪਰ ਸਹਿਜੇ ਹੀ ਉਸ ਤੋਂ ਕੋਈ ਅਮੂਰਤ ਉਪਦੇਸ਼ ਗ੍ਰਹਿਣ ਕਰਨਾ ਚਾਹੁੰਦੇ ਹਨ। ਹੇਠਾਂ ਦੋ ਉਦਾਹਰਣ ਪੇਸ਼ ਹਨ। ਪਹਿਲੇ ਵਿਚ
(1) ਵੈਰੀ ਨਾਗ ਦਾ ਪਹਿਲਾ ਝਲਕਾ
ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿਚ ਵੱਜਦਾ
ਕੁਦਰਤ ਦੇ 'ਕਾਦਰ' ਦਾ ਜਲਵਾ
ਲੈ ਲੈਂਦਾ ਇਕ ਸੱਜਦਾ
(ਪੁਸਤਕ, ਮਟਕ ਹੁਲਾਰੇ ਵਿਚੋਂ)
(2) ਇਛਾਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ- ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾਬਲ ਤੂੰ ਜਾਰੀ ?
ਨੈ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਬੀ ਨਹਿਂ ਹਾਰੀ,
ਸੈਲਾਨੀ ਤੇ ਪੰਛੀ ਮਾਲੀ
ਹਨ ਸਭ ਆਰਾਮ ਵਿਚ ਆਏ,
ਸਹਿਮ ਸ੍ਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ।
ਉਤਰ- ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓ ਕਰ ਆਰਾਮ ਨਹੀਂ ਬਹਿੰਦੇ
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ-
ਸੋ ਚਾਲ ਪਏ ਨਿਤ ਵਹਿੰਦੇ।
(ਪੁਸਤਕ, ਮਟਕ ਹੁਲਾਰੇ ਵਿਚੋਂ)
ਕੁਦਰਤ ਹੀ ਨਹੀਂ ਮਨੁੱਖੀ ਸੁੰਦਰਤਾ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਵਿਸ਼ੇਸ਼ ਸੀ। ਇਸਤਰੀ ਦੀ ਸੁੰਦਰਤਾ ਦਾ ਚਿਤਰ ਪੇਸ਼ ਕਰਨ ਵੇਲੇ ਵੀ ਉਹ ਸੁੰਦਰਤਾ ਦੇ ਅਰਥ ਵਿਚ ਦਿਲਚਸਪੀ ਰਖਦੇ ਹਨ। ਕਸ਼ਮੀਰਨ ਲੱਲੀ ਬਾਉਰੀ ਹੋ ਕੇ ਨੰਗੀ ਫਿਰਦੀ ਰਹਿੰਦੀ ਸੀ। ਭਾਈ ਸਾਹਿਬ ਦੀ ਨਜ਼ਰ ਉਸ ਦੇ ਸਰੀਰ ਦੇ ਕਿਸੇ ਅੰਗ ਵਲ ਨਹੀਂ ਜਾਂਦੀ, ਅਚਾਨਕ ਲੱਲੀ ਕਪੜੇ ਮੰਗਣ ਲਗ ਪੈਂਦੀ ਹੈ। ਭਾਈ ਸਾਹਿਬ ਇਸ ਸਥਿਤੀ ਵਿਚੋਂ ਅਰਥ ਗ੍ਰਹਿਣ ਕਰਦੇ ਹਨ-
ਲੱਲੀ
ਨਗਨ ਸੁੰਦਰਤਾ ਯਾਣੀ ਨਿਯਾਣੀ
ਪਰਦਾ ਲੋੜ ਨਾ ਰਖਦੀ,
ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ੍ਹ ਭਖਦੀ,
'ਹੁਸਨ ਅਹਿਸਾਸ' ਜਦੋਂ 'ਆਪੇ' ਦਾ
ਮਦ ਭਰ ਆਪੇ ਤਕਦੀ
ਆਪੇ ਤੇ ਆਸ਼ਕ ਹੋ ਆਪੇ
'ਮਦ-ਆਪੇ' ਦਾ ਛਕਦੀ,
ਤਦੋਂ ਡਰੇ ਮਤ ਨਜ਼ਰ ਕਿਸੇ ਦੀ
ਪੈ ਕੇ ਮੈਲ ਲਗਾਵੇ,
ਨਜ਼ਰ ਦੂਸਰੀ ਤੋਂ ਸ਼ਰਮਾਵੇ,
'ਆਪਾ' ਪਈ ਲੁਕਾਵੇ।
(ਪੁਸਤਕ, ਮਟਕ ਹੁਲਾਰੇ ਵਿਚੋਂ)
ਧਰਮ-ਭਾਵਨਾ ਜੀਵਨ ਦੇ ਬੁਨਿਆਦੀ ਮਸਲਿਆਂ ਨਾਲ ਸੰਬੰਧਿਤ ਹੁੰਦੀ ਹੈ। ਇਸੇ ਕਰਕੇ ਹੀ ਧਰਮ-ਭਾਵੀ ਭਾਈ ਵੀਰ ਸਿੰਘ ਜ਼ਿੰਦਗੀ ਦੇ ਚੁਣਵੇਂ ਵੇਰਵਿਆਂ ਨੂੰ ਵੀ ਬੁਨਿਆਦੀ ਸੱਚ ਨਾਲ ਜੋੜਨ ਦਾ ਜਤਨ ਕਰਦੇ ਹਨ। ਲੋਕ ਨੂੰ ਪਰਲੋਕ ਨਾਲ ਜੋੜੇ ਬਿਨਾਂ ਧਾਰਮਿਕ ਕਾਵਿ ਦੀ ਰਚਨਾ ਨਹੀਂ ਹੋ ਸਕਦੀ ਇਸੇ ਕਰਕੇ ਹੀ ਭਾਈ ਸਾਹਿਬ ਕੁਦਰਤ
'ਕਵਿ-ਰੰਗ' ਸੁੰਦਰਤਾ
ਕਵਿਤਾ ਦੀ ਸੁੰਦਰਤਾਈ
ਉੱਚੇ ਨਛੱਤਰੀਂ ਵਸਦੀ
ਆਪਣੇ ਸੰਗੀਤ ਲਹਿਰੇ
ਆਪਣੇ ਪ੍ਰਕਾਸ਼ ਲੱਸਦੀ
ਇਕ ਸ਼ਾਮ ਨੂੰ ਏ ਓਥੋਂ
ਹੇਠਾਂ ਪਲਮਦੀ ਆਈ
ਰਸ ਰੰਗ ਨਾਲ ਕੰਬਦੀ
ਸੰਗੀਤ ਥਰਥਰਾਈ। ....
(ਪੁਸਤਕ, ਮਟਕ ਹੁਲਾਰੇ ਵਿਚੋਂ)
ਇਹ ਹੈ, ਸੰਖੇਪ ਵਿਚ, ਭਾਈ ਵੀਰ ਸਿੰਘ ਦੀ ਕਾਵਿ ਸੰਰਚਨਾ ਦਾ ਪ੍ਰਕਾਸ਼-ਬਿੰਦੂ ਪਰ ਭਾਈ ਸਾਹਿਬ ਵੀਰ ਸਿੰਘ ਆਪ ਇਕ ਸਮਾਜਿਕ ਸੰਸਥਾ ਬਣ ਚੁਕੇ ਸਨ॥੮੫॥
ਨਵੰਬਰ, 1980 -ਡਾ. ਹਰਿਭਜਨ ਸਿੰਘ, ਪੀ.ਐਚ.ਡੀ.
(ਦਿੱਲੀ ਯੂਨੀਵਰਸਿਟੀ)
ਭਾਈ ਵੀਰ ਸਿੰਘ ਜੀ ਦਾ ਖਾਨਦਾਨੀ ਪਿਛੋਕੜ
ਅਠਾਰ੍ਹਵੀਂ ਸਦੀ ਦੇ ਸ਼ੁਰੂ ਦਾ ਸਮਾਂ ਸੀ ਜਦ ਮੁਲਤਾਨ ਦੇ ਚੁੱਘ ਖਾਨਦਾਨ ਦੇ ਮਸ਼ਹੂਰ ਦੀਵਾਨ ਕੌੜਾ ਮੱਲ ਨੇ ਸ਼ੋਰਕੋਟ ਤੋਂ ਲਹਿੰਦੇ ਨੂੰ ਇਕ ਛੋਟੇ ਜਿਹੇ ਪਿੰਡ ਵਿਚ, ਚੌਧਰੀ ਵੱਲੂ ਮੱਲ ਦੇ ਘਰ ਜਨਮ ਲਿਆ। ਲਾਹੌਰ ਦੇ ਸੂਬੇ ਜ਼ਕਰੀਆ ਖਾਂ ਦੇ ਅਹਿਦ ਵਿਚ ਲਾਹੌਰ ਦੀ ਕਲਮੀ ਫੌਜ ਵਿਚ ਦੀਵਾਨ ਸਾਹਿਬ ਦਾ ਨਾਮ ਵਿਸ਼ੇਸ਼ ਫੌਜੀ ਅਹੁਦੇਦਾਰਾਂ ਦੀ ਸੂਚੀ ਵਿਚ ਮਿਲਦਾ ਹੈ। ਇਹ ਉਸ ਸਮੇਂ ਦਾ ਜ਼ਿਕਰ ਹੈ ਜਦ ਬੰਦਾ ਸਿੰਘ ਬਹਾਦੁਰ ਦੀ ਸ਼ਹੀਦੀ ਹੋ ਚੁਕੀ ਸੀ ਤੇ ਫੱਰੁਖ਼ਸੀਅਰ ਨੇ ਸਿਖਾਂ ਲਈ ਕਤਲ ਦਾ ਹੁਕਮ ਦੇ ਰਖਿਆ ਸੀ। ਮੁਗ਼ਲ ਰਾਜ ਦਾ ਤਪ ਤੇਜ ਢਲ ਚੁਕਾ ਸੀ ਤੇ ਦੇਸ਼ ਵਿਚ ਬਦਅਮਨੀ ਦਾ ਜ਼ੋਰ ਵਧ ਰਿਹਾ ਸੀ।
ਪੰਜਾਬ ਦਾ ਸੂਬਾ ਅਬਦੁਲ ਸਮੱਦ ਖਾਂ ਸੀ। 1726 ਈ: ਵਿਚ ਇਸ ਨੂੰ ਲਾਹੌਰ ਤੋਂ ਬਦਲ ਕੇ ਮੁਲਤਾਨ ਭੇਜ ਦਿਤਾ ਗਿਆ ਤੇ ਉਸ ਦੀ ਥਾਂ ਉਸ ਦੇ ਪੁੱਤ੍ਰ ਜ਼ਕਰੀਆ ਖ਼ਾਂ ਨੂੰ ਲਾਹੌਰ ਦਾ ਹਾਕਮ ਬਣਾ ਦਿਤਾ ਗਿਆ। ਜ਼ਕਰੀਆ ਖ਼ਾਂ ਦੇ ਰਾਜ ਵਿਚ ਸਿਖਾਂ ਉਤੇ ਘੋਰ ਅਤਯਾਚਾਰ ਹੋਏ। ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਆਦਿ ਦੀਆਂ ਸ਼ਹੀਦੀਆਂ ਵੀ ਇਸੇ ਸਮੇਂ ਵਿਚ ਹੋਈਆਂ। 1745 ਈ: ਵਿਚ ਜ਼ਕਰੀਆ ਖ਼ਾਂ ਮਰ ਗਿਆ ਤੇ ਇਸ ਦਾ ਵੱਡਾ ਪੁੱਤ੍ਰ ਯਾਹਯਾ ਖ਼ਾਂ ਲਾਹੌਰ ਦਾ ਨਾਇਬ ਹਾਕਮ ਬਣ ਬੈਠਾ। ਯਾਹਯਾ ਖ਼ਾਂ ਨੇ ਰਾਜ ਸੰਭਾਲਦੇ ਸਾਰ ਦੀਵਾਨ ਲਖਪਤ ਰਾਇ ਨੂੰ ਆਪਣਾ ਵਜ਼ੀਰ ਬਣਾ ਲਿਆ। ਕੁਝ ਚਿਰ ਮਗਰੋਂ ਇਸ ਦਾ ਛੋਟਾ ਭਰਾ ਸ਼ਾਹ ਨਵਾਬ ਖ਼ਾਂ ਯਾਹਯਾ ਖ਼ਾਂ ਨੂੰ ਕੈਦ ਕਰਕੇ ਲਾਹੌਰ ਤੇ ਕਬਜ਼ਾ ਕਰ ਬੈਠਾ, ਪਰ ਯਾਹਯਾ ਖ਼ਾਂ ਦੇ ਕੈਦੋਂ ਨੱਸ ਜਾਣ ਦੇ ਕਾਰਨ ਇਹ ਆਪ ਡਰਦਾ ਦਿੱਲੀ ਨੂੰ ਨੱਸ ਗਿਆ ਤੇ ਫਿਰ ਮੁਲਤਾਨ ਜਾਕੇ ਆਕੀ ਹੋ ਬੈਠਾ। 1748 ਈ: ਵਿਚ ਮੀਰ ਮੁਅੱਯਨਲ ਮੁਲਕ (ਮੀਰ ਮੰਨੂੰ) ਲਾਹੌਰ ਤੇ ਮੁਲਤਾਨ ਦਾ ਸੂਬਾ ਨੀਯਤ ਹੋਇਆ। ਮੀਰ ਮੰਨੂੰ ਨੇ ਦੀਵਾਨ ਲਖਪਤ ਰਾਇ ਨੂੰ
ਮੁਲਤਾਨ ਦੀ ਫ਼ਤਹ ਦੀ ਖੁਸ਼ੀ ਵਿਚ ਮੀਰ ਮੰਨੂੰ ਵਲੋਂ ਦੀਵਾਨ ਕੌੜਾ ਮੱਲ ਨੂੰ 'ਮਹਾਰਾਜਾ ਬਹਾਦੁਰ' ਦਾ ਖ਼ਿਤਾਬ ਮਿਲਿਆ ਤੇ ਮੁਲਤਾਨ ਦਾ ਹਾਕਮ ਬਣਾਇਆ ਗਿਆ। ਮਹਾਰਾਜਾ ਕੌੜਾ ਮੱਲ ਨੇ ਇਕ ਨਗਰ ਵਸਾਇਆ, ਜਿਸ ਦਾ ਨਾਮ 'ਗੜ੍ਹ ਮਹਾਰਾਜਾ ਕੌੜਾ ਮੱਲ' ਰਖਿਆ, ਜੋ ਹੁਣ ਤਕ 'ਗੜ੍ਹ ਮਹਾਰਾਜਾ' ਕਰਕੇ ਝੰਗ ਦੇ ਜ਼ਿਲੇ ਪਾਕਿਸਤਾਨ ਵਿਚ ਪ੍ਰਸਿੱਧ ਹੈ।
ਜਦ ਆਪ ਦੇ ਅੰਮ੍ਰਿਤਸਰ ਆ ਟਿਕਣ ਦੀ ਸੋ ਆਪ ਦੀ ਬ੍ਰਿਧ ਮਾਤਾ ਨੂੰ, ਜੋ ਵੀਹ ਪੰਝੀ ਵਰ੍ਹੇ ਤੋਂ ਉਡੀਕ ਵਿਚ ਸੀ, ਮਿਲੀ ਤਾਂ ਦੋਹਾਂ ਪੁੱਤਰਾਂ ਨੂੰ ਨਾਲ ਲੈ, ਕੋਈ 1828 ਈਸਵੀ ਦੇ ਲਗ ਪਗ ਅੰਮ੍ਰਿਤਸਰ ਵਡੇ ਪੁਤਰ ਪਾਸ ਆ ਗਈ। ਅੰਮਾਂ ਦੇ ਅੰਮ੍ਰਿਤਸਰ ਆਉਣ ਤੇ ਬਾਬਾ ਜੀ ਨੇ ਕਟੜਾ ਗਰਬਾ ਸਿੰਘ ਵਿਚ ਆਪਣਾ ਮਕਾਨ ਬਣਵਾਇਆ। ਇਸ ਗਲੀ ਦਾ ਨਾਮ ਹੁਣ ਤਕ ਆਪ ਦੇ ਨਾਮ ਤੇ ਮਸ਼ਹੂਰ ਹੈ।
ਬਾਬਾ ਜੀ ਦੀ ਉਮਰ ਚਾਲੀ ਵਰ੍ਹੇ ਦੇ ਲਗ ਪਗ ਹੋ ਚੁਕੀ ਸੀ, ਸਦਾ ਅਤੀਤ ਰਹਿੰਦੇ। ਪਰ ਮਾਵਾਂ ਨੂੰ ਵੰਸ਼ ਦਾ ਬੜਾ ਖਿਆਲ ਹੁੰਦਾ ਹੈ। ਛੋਟੇ ਦੋਨੋਂ ਪੁਤ੍ਰ ਸਿਧੇ ਸਾਦੇ ਹੋਣ ਕਰਕੇ ਮਾਂ ਦੀ ਨਜ਼ਰ ਵੱਡੇ ਪੁਤ੍ਰ ਤੇ ਹੀ ਪੈਂਦੀ ਕਿ ਕਿਵੇਂ ਇਹ ਵਿਆਹ ਕਰ ਲੈਣ ਪਰ ਬਾਬਾ ਜੀ ਉੱਕਾ ਹੀ ਨਾਂਹ ਕਰ ਦਿੰਦੇ। ਮਾਤਾ ਕਈ ਵੇਰੀ ਬੜੀ ਨਿਰਾਸ ਹੋ ਜਾਂਦੀ ਸੀ, ਪਰ ਫਿਰ ਭੀ ਹਿੰਮਤ ਨਾ ਹਾਰੀ। ਆਖਰ ਬੜੀਆਂ ਔਕੜਾਂ ਤੇ
ਬਾਬਾ ਕਾਹਨ ਸਿੰਘ ਗੁਰਬਾਣੀ ਦੇ ਪ੍ਰੇਮੀ, ਨਾਮ ਰਸੀਏ ਤੇ ਕਰਨੀ ਵਾਲੇ ਸੰਤ ਸਨ। ਆਪ ਸੰਸਕ੍ਰਿਤ ਦੇ ਵਿਦਵਾਨ ਤੇ ਬ੍ਰਿਜ ਭਾਸ਼ਾ ਵਿਚ ਕਵਿਤਾ ਭੀ ਕਹਿੰਦੇ ਸਨ। ਹੱਥ ਵਿਚ ਸ਼ਫਾ ਹੋਣ ਕਰਕੇ ਸਮੇਂ ਦੇ ਚੰਗੇ ਉਘੇ ਵੈਦ ਤੇ ਹਕੀਮ ਮੰਨੇ ਜਾਂਦੇ ਸਨ। ਲਗ ਪਗ 91 ਵਰ੍ਹੇ ਦੀ ਉਮਰ ਵਿਚ 4 ਮਈ, 1878 ਈ: ਸ਼ਨੀਵਾਰ ਨੂੰ ਬਾਬਾ ਜੀ ਪ੍ਰਲੋਕ ਸਿਧਾਰ ਗਏ।
ਬਾਬਾ ਕਾਹਨ ਸਿੰਘ ਜੀ ਦੇ ਸਚਖੰਡ ਵਾਸ ਹੋਣ ਸਮੇਂ ਡਾਕਟਰ ਚਰਨ ਸਿੰਘ ਜੀ ਦੀ ਉਮਰ ਕੋਈ 25 ਸਾਲ ਦੇ ਲਗ ਪਗ ਸੀ। ਆਪ ਨੇ ਭੀ ਪਿਤਾ ਵਾਂਗ ਛੋਟੀ ਉਮਰ ਵਿਚ ਕੁਝ ਸਮਾਂ ਤਪੱਸ੍ਵੀ ਜੀਵਨ ਬਿਤੀਤ ਕੀਤਾ। ਪਿਤਾ ਪਾਸੋਂ ਗੁਰਸਿਖੀ ਤੇ ਪਰਮਾਰਥ ਦੀ ਲਗਨ ਤੋਂ ਛੁਟ ਆਯੁਰਵੈਦਿਕ ਵਿਦਯਾ ਤੇ ਤਜ਼ਰਬੇ ਦਾ ਭੰਡਾਰ ਵੀ ਵਿਰਸੇ ਵਿਚ ਮਿਲਿਆ। ਮੁੱਢਲੀ ਵਿਦਯਾ ਗਿਆਨੀ ਸੰਤ ਸਿੰਘ ਜੀ ਘੜਿਆਲੀਆਂ ਦੀ ਗਲੀ ਵਾਲਿਆਂ ਪਾਸੋਂ ਪ੍ਰਾਪਤ ਕੀਤੀ ਤੇ ਮਗਰੋਂ ਐਲੋਪੈਥਿਕ ਡਾਕਟਰੀ ਵੀ ਸਿਖੀ। ਕੁਝ ਸਮਾਂ ਅੰਮ੍ਰਿਤਸਰ ਅਤੇ ਅਜਨਾਲੇ ਵਿੱਚ ਨੌਕਰੀ ਕੀਤੀ ਤੇ ਫਿਰ ਆਪਣਾ ਸੁਤੰਤ੍ਰ ਕੰਮ ਸ਼ੁਰੂ ਕਰ ਦਿਤਾ। ਇਨ੍ਹਾਂ ਦਿਨਾਂ ਵਿਚ ਆਪ ਦੇ ਉਤਸ਼ਾਹ ਤੇ ਪ੍ਰੇਰਨਾ ਨਾਲ ਸਿੰਘ ਸਭਾ, ਅੰਮ੍ਰਿਤਸਰ ਵਲੋਂ ਗਰੀਬਾਂ ਲਈ ਹਸਪਤਾਲ, ਸਿੰਘ ਸਭਾ ਡਿਸਪੈਂਸਰੀ, ਖੋਹਲੀ ਗਈ, ਜਿਸ ਵਿਚ ਆਪ ਮੁਫ਼ਤ ਸੇਵਾ ਕਰਨ ਤੋਂ ਛੁੱਟ ਦਵਾਈਆਂ ਦੇ ਖਰਚ ਦਾ ਭੀ ਵੱਡਾ ਹਿੱਸਾ ਆਪਣੀ ਜੇਬ ਵਿਚੋਂ ਹੀ ਦਿੰਦੇ ਰਹੇ।
ਅੰਮ੍ਰਿਤਸਰ ਦੇ ਪ੍ਰਸਿੱਧ ਗਿਆਨੀ ਹਜ਼ਾਰਾ ਸਿੰਘ ਜੀ ਦੀ ਸਪੁਤ੍ਰੀ ਨਾਲ ਡਾਕਟਰ ਚਰਨ ਸਿੰਘ ਜੀ ਦਾ ਵਿਆਹ 1869 ਈਸਵੀ ਦੇ ਲਗਪਗ ਹੋਇਆ। ਸੰਤਾਨ ਚਾਰ ਲੜਕੇ ਤੇ ਦੋ ਲੜਕੀਆਂ ਹੋਈਆਂ।
ਡਾਕਟਰ ਚਰਨ ਸਿੰਘ ਜੀ ਹਿੰਦੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਦੇਵਿਦਵਾਨ ਤੇ ਅੰਗਰੇਜ਼ੀ, ਫਾਰਸੀ ਦੇ ਚੰਗੇ ਜਾਣੂ ਸਨ। ਆਪ ਕਵਿਤਾ ਭੀ ਕਹਿੰਦੇ ਸਨ। ਡਾਕਟਰੀ ਵਿਚ ਆਪ ਬੜੇ ਸਫ਼ਲ ਸਨ। ਉਨ੍ਹਾਂ ਦੇ ਮੇਲੀ ਦਸਦੇ ਹਨ ਕਿ ਆਪ ਇਤਨੇ ਹਮਦਰਦੀ ਤੇ ਗਰੀਬ ਤਰਸ ਸਨ ਕਿ ਗਰੀਬ ਬੀਮਾਰਾਂ ਤੋਂ ਬਿਨਾਂ ਫੀਸ ਲਏ ਉਨ੍ਹਾਂ ਦੇ ਘਰ ਦੇਖਣ ਜਾਂਦੇ ਤੇ ਬਹੁਤ ਵਾਰੀ ਗਰੀਬ ਮਰੀਜ਼ਾਂ ਦੀ ਖੁਰਾਕ ਦਾ ਪ੍ਰਬੰਧ ਭੀ ਆਪ ਕਰ ਦਿਆ ਕਰਦੇ ਸਨ । ਲੋੜਵੰਦਾਂ ਨੂੰ ਪੈਸੇ, ਕਪੜੇ, ਅਨੂਪਾਨ ਭੀ ਦਾਨ ਦੇਂਦੇ। ਲੋਕਾਂ ਦੇ ਦਿਲਾਂ ਵਿਚ ਆਪ ਲਈ ਬੜਾ ਪਿਆਰ ਤੇ ਸਤਿਕਾਰ ਸੀ। ਘਰ ਵਿਚ ਵਿਦਯਾ ਦੇ ਪ੍ਰਚਾਰ ਦਾ ਪ੍ਰਵਾਹ ਹਮੇਸ਼ਾਂ ਚਲਦਾ ਰਹਿੰਦਾ। ਅਨੇਕਾਂ ਵਿਰਕਤ ਤੇ ਡੇਰੇਦਾਰ, ਸੰਤ ਤੇ ਗ੍ਰਿਹਸਤੀਆਂ ਨੇ ਆਪ ਪਾਸੋਂ ਗੁਰ ਪ੍ਰਤਾਪ ਸੂਰਜ ਗ੍ਰੰਥ ਪੜ੍ਹਿਆ। ਆਪ ਇਸ ਵਿਚ ਖਾਸੀ ਮਹਾਰਤ ਰਖਦੇ ਸਨ। ਸਿਖੀ ਪਿਆਰ ਵਾਲੇ ਬੰਦੇ ਸਨ। ਵਿਦਵਾਨਾਂ ਨੂੰ ਕੱਠੇ ਕਰਕੇ ਕੌਮ ਦੀ ਆਰਥਕ ਤੇ ਪਰਮਾਰਥਿਕ ਦਸ਼ਾ ਉਤੇ ਵਿਚਾਰਾਂ ਕਰਦੇ ਤੇ ਉਨਤੀ ਦੇ ਸਾਧਨ ਸੋਚਦੇ ਰਹਿੰਦੇ। ਸਿਖਾਂ ਵਿਚ ਗੁਰਪੁਰਬਾਂ ਦੇ ਮਨਾਣ ਦਾ ਪ੍ਰਚਾਰ ਕੀਤਾ। ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਆਪ ਉਘੇ ਸੇਵਕ ਸਨ। ਪਹਿਲਾਂ ਪਹਿਲ ਆਪ ਨੇ ਹੀ ਅੰਮ੍ਰਿਤਸਰ ਵਿਖੇ ਕਵੀ ਦਰਬਾਰਾਂ ਦੀ ਰਸਮ ਚਲਾਈ ਤੇ ਇਸ ਤਰ੍ਹਾਂ ਸਮੇਂ ਦੇ ਪ੍ਰਸਿੱਧ ਕਵੀਆਂ ਤੇ ਲਿਖਾਰੀਆਂ ਨੂੰ ਸਿਖ ਸਮਾਗਮਾਂ ਉਤੇ ਗੁਰੂ ਸਾਹਿਬਾਨ ਤੇ ਸਿੰਘਾਂ ਦੀਆਂ ਕਰਨੀਆਂ ਬਾਰੇ ਕਵਿਤਾ ਕਹਿਣ ਲਈ ਪ੍ਰੇਰਿਆ। ਆਪ ਨੇ ਪੰਜਾਬੀ ਭਾਸ਼ਾ ਵਿਚ ਕਈ ਇਕ ਪੁਸਤਕਾਂ ਤੇ ਟ੍ਰੈਕਟ ਲਿਖੇ। ਆਪ ਦੀਆਂ ਰਚਿਤ ਛਪੀਆਂ ਪੁਸਤਕਾਂ ਵਿਚੋਂ 'ਜੰਗ ਮੜੌਲੀ', 'ਹੀਰ ਭਾਈ ਗੁਰਦਾਸ' ਤੇ 'ਸ਼ਰਾਬ ਕੌਰ' ਮਸ਼ਹੂਰ ਹਨ। 'ਬਾਣੀ ਬਿਉਰਾ', ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੇਰਵਾ ਹੈ ਤੇ 'ਸ਼ਬਦ ਬ੍ਰਿਤੀ ਪ੍ਰਕਾਸ਼', ਜਿਸ ਵਿਚ ਸ਼ਬਦ ਦੀਆਂ ਤਿੰਨਾਂ ਬ੍ਰਿਤੀਆਂ ਤੇ ਧੁਨੀਆਂ ਬਾਰੇ ਵਿਦਵਤਾ ਭਰੀ ਖੋਜ ਹੈ, ਦੋਵੇਂ
ਆਪਦੀ ਅਣਥੱਕ ਮਿਹਨਤ ਦਾ ਨਮੂਨਾ ਹਨ। ਆਪ ਨੇ 'ਸ਼ਕੁੰਤਲਾ ਨਾਟਕ' ਦੀ ਭੀ ਪੰਜਾਬੀ ਵਿਚ ਅਨੁਵਾਦ ਕੀਤਾ। 'ਅਟੱਲ ਪ੍ਰਕਾਸ਼' ਆਪ ਦੀ ਮੁਢਲੀ ਬ੍ਰਿਜ ਭਾਸ਼ਾ ਦੀ ਕਹੀ ਕਵਿਤਾ ਦਾ ਨਮੂਨਾ ਹੈ। ਇਨ੍ਹਾਂ ਤੋਂ ਛੁਟ ਆਪਦੇ ਰਚਿਤ ਹੋਰ ਅਨੇਕਾਂ ਛੋਟੇ ਛੋਟੇ ਪੁਸਤਕ ਖਾਲਸਾ ਟ੍ਰੈਕਟ ਸੁਸਾਇਟੀ ਵਲੋਂ ਛਪੇ, ਜਿਨ੍ਹਾਂ ਵਿਚੋਂ ‘ਫਰਿਯਾਦ’, 'ਗੜਗੱਜ ਬੋਲੇ, ਲਾਟੂ ਸਿੰਘ ਅਡੋਲਕ ਸਿੰਘ, 'ਜੈ ਜੈ ਸੀਤਾ ਰਾਮ’, 'ਸੁਸ਼ੀਲਾ’ ਆਦਿ ਮਸ਼ਹੂਰ ਹਨ।
ਡਾਕਟਰ ਜੀ ਦਾ ਦੇਹਾਂਤ 14 ਨਵੰਬਰ, 1908 ਈਸਵੀ ਨੂੰ 55 ਸਾਲ ਦੀ ਆਯੂ ਵਿਚ ਹੋਇਆ। ਭਾਈ ਸਾਹਿਬ ਦੀ ਮਾਤਾ, ਜਿਸ ਦਾ ਨਾਮ ਉੱਤਮ ਕੌਰ ਸੀ,ਦਾ ਦਿਹਾਂਤ ਕੋਈ ਦੱਸ ਸਾਲ ਪਿਛੋਂ 9 ਅਪ੍ਰੈਲ, 1918 ਨੂੰ ਹਾਲ ਬਾਜ਼ਾਰ ਵਾਲੇ ਮਕਾਨ ਵਿਚ ਹੋਇਆ।
ਭਾਈ ਵੀਰ ਸਿੰਘ ਜੀ ਦਾ ਆਲਾ ਦੁਆਲਾ ਬਚਪਨ ਤੋਂ ਹੀ ਧਾਰਮਿਕ ਤੇ ਵਿਦਵਾਨ ਸੀ। ਬਾਬਾ ਕਾਹਨ ਸਿੰਘ ਜੀ ਦੀਆਂ ਨਾਮ- ਰਸ ਰੱਤੀਆਂ ਲੋਰੀਆਂ ਤੇ ਵਿਦਵਾਨ ਪਿਤਾ ਦਾ ਪਿਆਰ ਵਾਲਾ ਹੱਥ ਆਪ ਦੇ ਮੁਢਲੇ ਜੀਵਨ ਦੇ ਆਗੂ ਸਨ। ਬ੍ਰਿਧ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਦਾ ਭੀ ਆਪ ਨਾਲ ਖਾਸ ਸਨੇਹ ਸੀ। ਬਚਪਨ ਦਾ ਬਹੁਤਾ ਸਮਾਂ ਭਾਈ ਸਾਹਿਬ ਇਨ੍ਹਾਂ ਪਾਸ ਹੀ ਰਹੇ ਤੇ ਸਿਖੀ ਜੀਵਨ ਦੀ ਬਹੁਤੀ ਸ਼ਿਖਸ਼ਾ ਨਾਨਾ ਜੀ ਦੀਆਂ ਨਜ਼ਰਾਂ ਹੇਠ ਹੀ ਹੋਈ ਤੇ ਵਿਦਯਾ ਲਾਭ ਵੀ ਪ੍ਰਾਪਤ ਕੀਤਾ। ਗਿਆਨੀ ਹਜ਼ਾਰਾ ਸਿੰਘ ਜੀ ਇਕ ਸਿਆਣੇ ਟੀਕਾ ਕਾਰ ਸਨ। ਉਨ੍ਹਾਂ ਨੇ ਉਰਦੂ, ਫ਼ਾਰਸੀ ਦੇ ਕਈ ਪੜ੍ਹਾਈ ਦੇ ਕੋਰਸਾਂ ਦਾ ਉਲਥਾ ਪੰਜਾਬੀ ਵਿਚ ਕੀਤਾ ਤੇ ਸ਼ੇਖ਼ ਸਾਅਦੀ ਦੀਆਂ ਦੋ ਪ੍ਰਸਿੱਧ ਪੁਸਤਕਾਂ 'ਗੁਲਿਸਤਾਨ' ਤੇ 'ਬੋਸਤਾ' ਦਾ ਵੀ ਫ਼ਾਰਸੀ ਤੋਂ ਪੰਜਾਬੀ ਅਨੁਵਾਦ ਕੀਤਾ। ਭਾਈ ਸਾਹਿਬ ਉਸ ਸਮੇਂ ਸਕੂਲ ਅਵਸਥਾ ਵਿਚ ਸਨ ਤੇ ਉਲਥਾ ਕਰਨ ਦੇ ਕੰਮ ਵਿਚ ਆਪਣੇ ਨਾਨਾ ਜੀ ਦਾ ਹੱਥ ਵਟਾਂਦੇ ਸਨ। ਨਾਨਾ ਜੀ ਦੇ ਕਹਿਣ ਤੇ ਆਪ ਨੇ ਕਈ ਇਕ ਪੁਸਤਕਾਂ ਸਮੁਚੀਆਂ ਵੀ ਉਲਥਾ ਕੀਤੀਆਂ। ਪਰ ਇਸ ਕਰਤੱਵ ਵਿਚ ਆਪ ਤਸੱਲੀ ਚਿਤ ਨਹੀਂ ਸਨ, ਤੇ ਇਕ ਦਿਨ ਆਪ ਨੇ ਨਾਨਾ ਜੀ ਨੂੰ ਕਹਿ ਹੀ ਦਿੱਤਾ ਕਿ ਇਹ ਤਾਂ ਠੀਕ ਹੈ ਕਿ ਪੰਜਾਬੀ ਵਿਚ ਪੁਸਤਕਾਂ ਨਹੀਂ
ਨਵੰਬਰ, 1980 ਭਾਈ ਵੀਰ ਸਿੰਘ ਸਾਹਿਤ ਸਦਨ
ਨਵੀਂ ਦਿੱਲੀ