ਖ਼ਸ ਦੇ ਤੀਲੇ ਤੇ ਗੁਲਾਬ
ਖ਼ਸ ਦੇ ਤੀਲੇ ਬੋਲ ਪਏ ਤੇ ਮੱਧਮ ਧੁੰਨਿ ਇਕ ਲਾਈ:
"ਸੁਣ ਗੁਲਾਬ! ਤੂੰ ਮਹਿਕ ਆਪਣੀ ਦੀ ਐਡੀ ਧੂਮ ਮਚਾਈ ?
"ਫੁੱਲਾਂ ਨੂੰ ਹੀ ਨਿਰੀ ਮਹਿਕ ਹੈ ਰਬ ਨੇ ਨਹੀਂ ਲਗਾਈ,
"ਨੀਵੇਂ ਅਸਾਂ ਤੀਲਿਆਂ ਅੰਦਰ ਬੀ ਸੁਗੰਧਿ ਹੈ ਪਾਈ।”
ਖਿੜ ਗੁਲਾਬ ਨੇ ਹਸ ਹਸ ਤਕ ਤਕ ਨੀਵੀਂ ਨੀਝ ਲਗਾਈ,
ਆਖੇ: "ਸੋਣੋ! ਸਲਾਹੁਤ ਅਪਣੀ ਮੈਨੂੰ ਕਦੇ ਨ ਭਾਈ,
"ਰਚਣਹਾਰ ਨੇ ਰੂਪ ਗੰਧਿ ਦੀ ਮੈਂ ਵਿਚ ਹੱਟੀ ਪਾਈ।
"ਮੈਥੋਂ ਉਚ ਜਾਤੀ ਦੀ ਬੁਲਬੁਲ ਕਦਰ ਓਸ ਆ ਪਾਈ,
"ਜੋ ਕੁਛ ਰੌਲਾ ਪਵੇ ਜਗਤ ਵਿਚ ਬੁਲਬੁਲ ਧੂਮ ਮਚਾਈ,
"ਗਵੀਵਣਹਾਰ, ਗਵਾਵਣਹਾਰਾਂ ਸੁਹਣੀ ਮੌਜ ਬਣਾਈ,
"ਕਿਰਤਾਰਥ ਹੋ ਰਹੇ ਅਸੀਂ ਹਾਂ ਸਾਡੀ ਕੁਛ ਨ ਵਡਾਈ:” ੩੨.
ਇਸ਼ਕ ਦੀ ਅੱਗ
ਬਲ ਪਉ ਅੱਗ ਇਸ਼ਕ ਦੀ ਭੜ ਭੜ 'ਅਨ-ਇਸ਼ਕੀ' ਸਭ ਸੱਟੀਂ ਸਾੜ,
ਆੜ ਆੜ ਜੋ ਲੁਕੇ ਪਾਪ ਪੁੰਨ ਫੜ ਫੜ ਇਸ ਭਾਂਬੜ ਵਿਚ ਵਾੜ।
'ਅਨ-ਆਪਾ' ਅਣਹੋਇਆ ਮੇਰਾ ਸੜ ਸੜ ਇਸ ਵਿਚ ਹੋਵੇ ਰਾਖ,
ਰਹਿਮਤ ਮੀਂਹ ਕਮਲਾ ਹੋ ਵੱਸੇ ਕੜ ਕੜ ਧੜ ਧੜ ਗਗਨਾ ਪਾੜ।
'ਮੈਂ ਤੇਰਾ, ਮੈਂ ਤੇਰਾ' ਗਾਂਦਾ ਆਪਾ ਮੇਰਾ ਹੁਸਨ ਵਜੂਦ,
ਚਰਨ ਸ਼ਰਨ ਵਰਨ ਇਕ ਵਰਨੀ ਰਹੇ ਵਿਚ ਨਾ ਕੋਈ ਆੜ।
ਫੇਰ ਕਦੇ ਨ ਵਿੱਥ ਵਾਪਰੇ ਦੂਰ ਹਜ਼ੂਰੀ ਕਦੇ ਨ ਹੋਇ,
ਸਦਾ ਹਜ਼ੂਰੀ, ਸਦਾ ਹਜ਼ੂਰੀ, ਪ੍ਰੀਤਮ ਚਰਨੀਂ ਐਸਾ ਵਾੜ। ੩੩.