ਪਿਆਰ ਅੱਥਰੂ
ਪਯਾਰ ਅੱਥਰੂ ਤੈਂ ਨੈਣੋਂ ਢਰਦੇ
ਢਰਦੇ ਤੁਧੇ ਨ ਦਿਸਦੇ
ਕਿਉਂ ਦਿਖਲਾਵੇਂ ਲੋਕਾਂ ਤਾਈਂ,
ਮਹਿਰਮ ਨਹੀਂ ਇਸ ਰਸ ਦੇ।
ਇਹ ਹੈ ਭੇਟ, ਨਿਮਾਣੀ ਭੇਟਾ
ਕਰ ਪ੍ਰੀਤਮ ਨੂੰ ਭੇਟਾ,
ਓਸੇ ਦੀ ਇਹ ਦਾਤ ਸੁਹਾਵੀ
ਤੇਰੇ ਨਹੀਂ ਇਹ ਵਸ ਦੇ। ੧.
(ਕਸੌਲੀ १२-१०-१६५४)
ਦਾਨ ਸੁਭਾਵ
ਟਾਹਣੀ ਖਿੜਯਾ ਗੁਲਾਬ ਪਯਾ
ਗੰਧਿ ਸੁਗੰਧਿ ਵਡੰਦਾ,
ਫੂਲਦਾਨ ਵਿਚ ਕਟਕੇ ਲਾਇਆ
ਦਾਨ ਸੁਗੰਧਿ ਕਰੰਦਾ।
ਪੱਤੀ ਪੱਤੀ ਹੋ ਜੇ ਕਿਰਦਾ
ਤਦ ਬੀ ਮੁਸ਼ਕਾਂ ਮਾਰੇ,
ਦਾਨ ਸੁਭਾਵ ਬਣਾਕੇ ਰਹੁ ਤੂੰ
ਦੇਂਦਾ ਤੇ ਵਿਗਸੰਦਾ। ੨.
(ਬੰਬਈ ८-२-१९५३)
ਪੀੜ
ਪੀੜ ਜਗਤ ਦਾ ਪੀਰ ਹੈ
ਦੇਵੇ ਮਤਿ ਸੁਮੱਤਿ,
ਅਕਲ ਸਿਖਾਂਦੀ ਮੂਰਖਾਂ
ਦੇਂਦੀ ਕੱਟਿ ਕੁਮੱਤਿ।
ਦਾਨੇ ਤਾਈਂ ਪੀੜ ਏ
ਸਿਖਲਾਵੇ ਉਪਕਾਰ,
ਸੰਤਾਂ ਤਈਂ ਸਿਖਾਲਦੀ
ਪਰ-ਵਿਰਾਗ* ਦੀ ਗੱਤਿ। ੩.
(ਕਸੌਲੀ २-१०-१९५४)
ਮੋਰਨੀ ਤੇ ਕੋਇਲ
ਮੋਰਨੀ- ਮੋਰਨੀ ਪੁਛਦੀ ਕੋਇਲੇ! ਕਿਉਂ ਰੋਂਦੀ ਰਹਿੰਦੀ?
ਵਿਚ ਵਿਛੋੜੇ, ਮੇਲ ਵਿਚ, ਤੂੰ ਕੂਕ ਕੁਕੇਂਦੀ?
ਸੁਣਕੇ ਕੋਇਲ ਰੋ ਪਈ, ਇਹ ਦੁਖੜਾ ਆਖੇ:-
ਕੋਇਲ- ਜਦ ਪ੍ਰੀਤਮ ਪਰਦੇਸ ਮੈਂ ਦੁਖ ਬਿਰਹੋਂ ਕਹਿੰਦੀ।
ਜਦ ਪ੍ਰੀਤਮ ਘਰ ਆ ਗਿਆ ਤਦ ਗਲੇ ਨ ਲੱਗਾਂ
ਤੜਪ ਤੜਪ ਕੂਕਾਂ ਫਿਰਾਂ ਮੂੰਹ ਚੁੰਮ ਨ ਲੈਂਦੀ,
ਮਤ ਚੁਭ ਜਾਏ ਚੁੰਝ ਮੈਂ, ਉਹ ਨਾਜ਼ਕ ਢੋਲਾ,
ਤੜਫਨ ਇਉਂ ਵਿਚ ਮੇਲਦੇ ਬੀ ਲੱਗੀ ਰਹਿੰਦੀ।
ਪੱਲੇ ਮੇਰੇ ਪੈ ਗਿਆ ਨਿਤ ਤੜਫ਼ਨ ਸਹੀਏ!
ਕੁਕਣ ‘ਪੁੜਾ ਸੁਹਾਗ' ਦਾ ਤੜਫ਼ਨ 'ਹਥ-ਮਹਿੰਦੀ' ੪.
(ਬੰਬਈ ८-२-१९५३)
––––––––––
* ਸ਼ਾਕਸ਼ਾਤਕਾਰ ਹੋਣ ਤੋਂ ਬਾਦ ਦਾ ਵਿਰਾਗ।
ਪੁਸ਼ਕਰ
ਪੁਸ਼ਕਰ ਤੇਰੇ ਪਾਣੀ ਸੁਹਣੇ
ਪਰ ਸਨਸਾਰਾਂ' ਵੇੜ੍ਹੇ,
ਮੈਲੇ ਕੀਤੇ ਲੋਕਾਂ ਤੇਰੇ,
ਸੁਹਣੇ ਚਾਰ ਚੁਫੇਰੇ।
ਕਰਨ ਆਰਤੀ, ਫੁੱਲ ਚੜ੍ਹਾਵਨ,
'ਤੀਰਥ-ਰਾਜ' ਪੁਕਾਰਨ,
ਕੁਦਰਤ ਰਚੇ ਨਜ਼ਾਰੇ ਨਾਂ ਕੁਈ
ਸੁਆਰ ਸ਼ਿੰਗਾਰੇ ਤੇਰੇ! ੫
(ਅਜਮੇਰ ੧੭-੯-੧੯੩੩)-ਖ:ਸ:੨੪-੫-੧੯੭੮
ਸੁੰਞਾ ਸੀਨਾ
ਜਿਸ ਸੀਨੇ ਤੜਪਨ ਨਹੀਂ ਪਈ
ਸੁੰਞਾ ਸੀਨਾ ਸਹੀਓ!
ਦਿਲ ਉਸ ਸੀਨੇ ਧਉਂਕਣ? ਨਾਲੋਂ
ਜ਼ਰਾ ਬੀ ਵੱਧ ਨਹੀਓਂ।
ਦੁੱਪੜ ਜਿਵੇਂ ਅਨਾੜੀ ਦੇ ਹੱਥ
ਧਾਪ ਧਾਪ ਦਿਲ ਵਜਦਾ,
ਰਸ ਰੰਗ ਜਿੰਦ ਹੁਲਾਰੇ ਵਾਲੀ
ਉਸ ਦੇ ਅੰਦਰ ਨਹੀਓਂ। ੬.
(ਬੰਬਈ ਫਰਵਰੀ ੧੯੫੩)
––––––––––––––––––
1. ਮਗਰਮੱਛਾਂ। 2. ਕੋਲੇ ਭਖਾਣ ਲਈ ਇਕ ਮਸ਼ਕ ਜੋ ਹਵਾ ਦੇਂਦੀ ਹੈ।
ਤੇਰੇ ਆਸ਼ਿਕ
ਧੰਨ ਉਹ ਤੇਰੇ ਆਸ਼ਿਕ ਦਾਤਾ!
ਜਿਨ੍ਹ ਪ੍ਰੀਤ ਤੁਧੇ ਸੰਗ ਪਾਲੀ।
ਸੁਹਣੀ ਛੋਹ ਸੁਗੰਧੀ ਵਾਲੀ
ਹਾਂ, ਪਯਾਰ ਕਿ ਧੱਪੇ ਵਾਲੀ।
ਇਕੋ ਜਿਹੀ ਜਿਨ੍ਹਾਂ ਨੇ ਦੇਖੀ
ਤੇ ਪਯਾਰ ਪਯਾਰ ਹੈ ਭਰਿਆ
ਦਰਸ ਦਿਹੋ ਆਸ਼ਕ ਆਪਣੇ ਦਾ
ਜਿਨ੍ਹ ਪ੍ਰੀਤਿ ਇਹੋ ਜਿਹੀ ਘਾਲੀ। ੭.
(ਬੰਬਈ १०-१०-१९५४)
ਕਰਨੀ ਵਿਚ ਅਨਯਾਇ
(ਧੋਤਾ ਜਾ ਰਿਹਾ ਕਪੜਾ ਮੈਲਾ ਕਰਨ ਵਾਲੇ ਇਨਸਾਨ ਨੂੰ:-)
ਡਿੱਠਾ ਤੈਂਡਾ ਨਿਆਂ ਮਨੁੱਖਾ!
ਡਿੱਠਾ ਤੈਂਡਾ ਨਯਾਇ,
ਆਪੇ ਮੈਲਾਂ ਲਾਕੇ ਮੈਨੂੰ
ਫਿਰ ਪਟੜੇ ਪਟਕਾਇਂ!
ਪਟਕਣ ਪਟੜੇ ਤੈਨੂੰ ਚਾਹੀਏ
ਜੋ ਮੈਲਾ ਪਯਾ ਲਾਵੇਂ:
ਜੀਭ ਤੇਰੀ ਤੇ ਨਯਾਉਂ ਵਸੇਂਦਾ
ਕਰਨੀ ਵਿਚ ਅੱਨਯਾਇ। ੮.
(ਬੰਬਈ ੧੫-੧-੧੯੫੫)
ਵਿੱਥ
ਸੁਣ ਨੀ ਝੀਲ ਪਾਣੀਏਂ ਵਾਲੀ!
ਲਗੀ ਰਹੋ ਨਿਜ ਸੋਮੇ ਨਾਲ:
ਤਰੋ ਤਾਜ਼ਗੀ ਨਿਰਮਲਤਾਈ
ਨਿਭਦੀ ਰਹਿਸੀ ਤੇਰੇ ਨਾਲ।
ਪੈਣ ਨ ਦੇਵੀਂ ਵਿੱਥ ਵਿਚਾਲੇ
ਰਹਿਸੇਂ ਫਿਰ ਨੀ ਤੂੰ ਖੁਸ਼ਹਾਲ।
ਵਿੱਥ ਬੁਰੀ ਅਤਿ ਦੇਇ ਵਿਛੋੜੇ
ਵਿਚ ਵਿਛੋੜੇ ਉਲਟਨ ਹਾਲ। ੯.
(ਬੰਬਈ २०-१-१६५)
ਖੇਮ ਕੁਸ਼ਲ ਕਲਯਾਣ
(ਉਮਰ ਖਯਾਮ ਦੀ ਇਕ ਰੁਬਾਈ ਦੀ ਤਸਵੀਰ ਪਰ)
ਟੁੱਕਰ ਹੋਵੇ ਖਾਣ ਨੂੰ
ਠੰਡਾ ਜਲ ਹੋ ਪਾਣ,
ਮਾਣਨ ਨੂੰ ਹੋ ਨਾਮ ਰਸ
ਗਾਵਣ ਨੂੰ ਰਬ ਗਾਣ,
ਸੰਗਤ ਆ ਕੀਰਤਨ ਕਰੇ
ਅਰਸ਼ੀ ਛਾਵੇ ਸ਼ਾਨ
ਫਿਰ ਜੰਗਲ ਮੰਗਲ ਬਣੇ
ਖੇਮ ਕੁਸ਼ਲ ਕਲਯਾਣ। ੧੦.
(ਅੰਮ੍ਰਿਤਸਰ ੭-੧੦-੧੯੫੬)