

ਓਹੋ ਮੋਰ ਪਾਹਿਲਾਂ ਪਾਦੇ, ਓਹੋ ਕੋਇਲ ਕੂਕ ਰਹੀ,
ਉਹੋ ਪਪੀਏ ਪ੍ਰਿਉ ਪ੍ਰਿਉ ਕਰਦੇ, ਉਹੋ ਚਕੋਰ ਹੈ ਚੁਹਕ ਪਈ,
ਡਾਲ ਉਹੋ ਹਨ, ਸੁਰਾਂ ਉਹੀ ਹਨ, ਲੈ ਉਹੋ ਹੈ ਲਹਿਰ ਵਰੀ।
ਪੁਰ ਤਾਸੀਰ ਹੋਰ ਹੈ ਹੋਈ 'ਨਵ ਜੀਵਨ ਉਮੰਗ ਭਰੀ।
ਕਹੁ ਸੰਗੀਤਕੋ! ਕਿਥੋਂ ਹੈ ਇਹ ਉਮੰਗ, ਤੁਸਾਂ ਨੇ ਲੱਭ ਲਈ,
ਬਦਲ ਗਿਆ ਪਰਭਾਉ ਸਭਸ ਦਾ, ਕਿਵੇਂ ਨਵੀਂ ਏ ਫੱਬ ਆਈ?
ਇਤਨੇ ਨੂੰ ਇਕ ਦੂਰ ਦੇਸ਼ ਤੋਂ ਬੁਲ ਬੁਲ ਉਡਦੀ ਆਇ ਗਈ,
ਗਾਂਦੀ ਪਈ ਵਧਾਵਾ ਸੁਹਣੀ ਸੁਰ ਝੀਣੀ ਕੁਛ ਚਾਉ ਮਈ।
ਵਧੋ ਵਧਾਈ ਹਿੰਦ ਦੇ ਜਾਇਓ ਵਧੋ ਵਧਾਈ ਤੁਸਾਂ ਤਈਂ
ਉੱਠੋ ਦੇਖੋ ਅਜ ਤੁਸਾਂ ਵਿਚ ਕੌਣ ਆਈ ਹੈ ਭਾਗਮਈ।
ਦੇਖੋ ਅਰਸ਼ਾਂ ਵਿਚ ਖਲੋਤੀ ਸੁਤੰਤਰਤਾ ਦੀ ਦੇਵੀ ਆ
ਆਪਣੀ ਪ੍ਰਭਾ ਖਿਲਾਰੀ ਜਾ ਰਹੀ ਚੰਦ ਚਾਂਦਨੀ ਜਿਕੁਰ ਲਾ।
ਤਾਣ, ਮਾਣ, ਸਤਿਕਾਰਨ ਸ੍ਵੈ ਨੂੰ, ਉਮੰਗ ਨਵੀਂ ਤੇ ਨਵੀਂ ਨਵੀਂ
ਭਰਦੀ ਹਰ ਦਿਲ ਅੰਦਰ ਜਾਂਦੀ, ਫੇਰ ਨਾ ਦਿਲ ਖਾ ਜਾਇ ਝਵੀ।
ਇਸਦਾ ਹੈ ਪਰਭਾਉ ਨਿਰਾਲਾ, ਬਦਲੇ ਸਭ ਪਰਭਾਵਾਂ ਨੂੰ।
ਰੂਪ ਰੰਗ ਹਰ ਸ਼ੈ ਦਾ ਬਦਲੇ ਭਰੇ ਮਨਾਂ ਵਿਚ ਚਾਵਾਂ ਨੂੰ,
ਪੂਜਾ ਇਸ ਦੀ ਕਰੋ ਸਦਾ ਹੀ, ਨਿਜ ਪੂਜਾ ਦੀ ਪਿਆਰੀ ਏ,
ਗ਼ਫ਼ਲਤ ਕਰੋ ਜੇ ਪੂਜਾ ਅੰਦਰ ਸਮਝੋ ਇਸ ਤੁਰਨ ਤਿਆਰੀ ਏ,
ਧਰਮ ਤਖਤ ਹੈ ਇਸਨੂੰ ਪਿਆਰਾ ਅਮਨ ਆਰਤੀ ਭਾਂਦੀ ਸੂ,
ਦੀਪ ਲੋਅ ਹਕਾਂ ਦੀ ਚਾਹੇ ਫ਼ਰਜ਼ ਸੁਗੰਧਿ ਸੁਹਾਂਦੀ ਸੂ।
ਸਾਹਸ ਦਾ ਭੋਜਨ ਇਹ ਕਰਦੀ ਹਿੰਮਤ ਅੰਮ੍ਰਿਤ ਪੀਂਦੀ ਏ,
ਆਪਾ ਵਾਰਨ ਜਗਵੇਦੀ ਤੇ ਬਲੀਆਂ ਲੈ ਖੁਸ਼ ਥੀਂਦੀਏ।
ਬੇ-ਲਗਾਮੀਆਂ ਭਾਣ ਨ ਇਸਨੂੰ ਖਿਲਰੀ ਖੁਲ੍ਹ ਨ ਭਾਵੇ ਸੂ,
ਮਿਤ ਮਰਿਯਾਦਾ ਅੰਦਰ 'ਖੁਲ ਜੋ ਉਸਦੀ ਪਉਣ ਸੁਹਾਵੇ ਸੂ,
ਸਾਗਰ, ਚੰਦ, ਤਾਰੇ ਤੇ ਸੂਰਜ ਖੁਲ੍ਹਾਂ ਦਾ ਰੰਗ ਮਾਣਨ ਓ।
ਪਰ ਮਰਿਯਾਦਾ ਭੰਨ ਨ ਟੁਰਦੇ, ਤਦੇ ਸੁਹਾਉ ਸੁਹਾਵਨ ਓ।
ਇਸ ਪ੍ਰਕਾਰ ਦੀ ਪੂਜਾ ਇਸਦੀ ਸਦਾ ਕਰੇ ਜੋ ਦੇਸ ਸਖੀ!
ਸੁਖ ਵਧਾਵੇ ਨਿਤ ਇਹ ਉਸਦੇ ਦੁਖ ਪੱਟੀ ਦੇ ਮੇਸ ਸਖੀ