Back ArrowLogo
Info
Profile

ਦੁਖ ਭਰ ਕੋਈ ਨ ਰੋਵੇ

ਰਾਤ ਹਨੇਰੀ ਬਦੱਲ ਕਾਲੇ, ਵਾਉ ਉਲਟ ਹੈ ਵਗਦੀ,

ਹੈ ਤੂਫ਼ਾਨ ਸਮੁੰਦ੍ਰ ਮਚਿਆ, ਲਹਰ ਕਹਰ ਦੀ ਵਜਦੀ।

ਬੇੜੀ ਨਿਕਲ ਗਈ ਹੈ ਹੱਥੋਂ, ਸੁਤੇ ਪਏ ਮੁਹਾਣੇਂ,

ਇਸ ਬਿਪਤਾ ਤੋਂ ਬਚ ਜਾਣ ਦਾ, ਰਸਤਾ ਕੁਈ ਨ ਜਾਣੇ।

ਕੁਛ ਸੁਤੇ ਹਨ ਪਏ ਮੁਸਾਫ਼ਰ, ਪਤਾ ਨਹੀਂ ਕੀ ਹੋਵੇ?

ਜੋ ਜਾਗਣ ਸੋ ਹਸਣ ਖਿੜ ਖਿੜ, ਦੁਖ ਭਰ ਕੋਈ ਨ ਰੋਵੇ। ੬੧।

ਅਰਜ਼ੋਈ

ਜੁ ਲਾਈ ਆਪ ਸੀ ਸਾਈਆਂ! ਪੁਗਾ ਦੇ,

ਨਿਬਾਹ ਦੇ ਸੇਵ, ਹਾਂ ਲੇਖੇ ਲਗਾ ਦੇ।

 

ਤੇਰੀ ਹੈ ਮਿਹਰ ਸੇਵਾ ਦਾ ਜੁ ਬਖਸ਼ਣ,

ਬਿਰਦ ਤੇਰਾ ਸਿਰੇ ਉਸਨੂੰ ਚੜ੍ਹਾ ਦੇ।

 

ਤਿਰਾ ਹੈ ਬਾਗ ਫੁੱਲ ਤੇਰੇ ਸੁਹਾਵੇ,

ਤਿਰਾ ਹੈ ਤਾਣ ਜੋ ਚਿਮਨਾ ਖਿੜਾ ਦੇ।

 

ਕਿ ਕਾਮਾ ਫੁਲ ਲਿਆ ਕੇ ਪੇਸ਼ ਧਰਦਾ,

ਤੂੰ ਕਰ ਪਰਵਾਨ, ਜ਼ਰਾ ਕੁ ਮੁਸਕਰਾ ਦੇ॥੬੨॥

(ਖਾਲਸਾ ਸਮਾਚਾਰ)

–––––––––––––––––––

* ਇਸ ਕਵਿਤਾ ਵਿਚ ਇਸ਼ਾਰਾ ਕੌਮ ਦੀ ਗ਼ਫ਼ਲਤ ਵਲ ਜਾਪਦਾ ਹੈ। ਇਹ ਕਵਿਤਾ ਡਾ. ਹਰਨਾਮ ਸਿੰਘ ਸ਼ਾਨ ਦੀ ਪੁਸਤਕ "ਵਿਆਖਿਆ ਕਲਮ ਦੀ ਕਰਾਮਾਤ" ਵਿਚੋਂ ਲਈ ਹੈ ਤੇ ਸ਼ਾਨ ਜੀ ਨੇ ਅਗੋਂ ਰਾਵਲਪਿੰਡੀ ਦੇ ਮਾਸਕ ਪੱਤਰ "ਫਲੇਰੇ" ਦੇ ਅਕਤੂਬਰ, 1941 ਵਿਚੋਂ ਲਈ ਹੈ।                                                                         ਸੰਪਾਦਕ

54 / 93
Previous
Next