Back ArrowLogo
Info
Profile
ਕਠਨਾਈਆਂ ਪਿਛੋਂ ਮਾਤਾ ਦੀ ਇਕ ਸਿੱਕ ਸਿਰੇ ਚੜ੍ਹੀ ਤੇ 1830 ਈ: ਦੇ ਕਰੀਬ ਬਾਬਾ ਜੀ ਦਾ ਅੰਮ੍ਰਿਤਸਰ ਵਿਚ ਹੀ ਵਿਆਹ ਹੋ ਗਿਆ। ਵਿਆਹ ਪਿਛੋਂ ਬਾਬਾ ਜੀ ਦੇ ਘਰ ਕਈ ਬੱਚੇ ਹੋਏ ਪਰ ਗੁਜ਼ਰ ਗਏ। ਕੁਝ ਸਮੇਂ ਬਾਦ ਇਕ ਲੜਕੀ ਤੇ ਫੇਰ ਡਾਕਟਰ ਚਰਨ ਸਿੰਘ ਜੀ ਦਾ ਜਨਮ ਹੋਇਆ। ਡਾਕਟਰ ਜੀ ਦੇ ਜਨਮ ਦੀ ਤਾਰੀਖ 7 ਮਾਰਚ, 1853 ਈਸਵੀ ਮੰਗਲਵਾਰ ਸਹੀ ਹੁੰਦੀ ਹੈ।

ਬਾਬਾ ਕਾਹਨ ਸਿੰਘ ਗੁਰਬਾਣੀ ਦੇ ਪ੍ਰੇਮੀ, ਨਾਮ ਰਸੀਏ ਤੇ ਕਰਨੀ ਵਾਲੇ ਸੰਤ ਸਨ। ਆਪ ਸੰਸਕ੍ਰਿਤ ਦੇ ਵਿਦਵਾਨ ਤੇ ਬ੍ਰਿਜ ਭਾਸ਼ਾ ਵਿਚ ਕਵਿਤਾ ਭੀ ਕਹਿੰਦੇ ਸਨ। ਹੱਥ ਵਿਚ ਸ਼ਫਾ ਹੋਣ ਕਰਕੇ ਸਮੇਂ ਦੇ ਚੰਗੇ ਉਘੇ ਵੈਦ ਤੇ ਹਕੀਮ ਮੰਨੇ ਜਾਂਦੇ ਸਨ। ਲਗ ਪਗ 91 ਵਰ੍ਹੇ ਦੀ ਉਮਰ ਵਿਚ 4 ਮਈ, 1878 ਈ: ਸ਼ਨੀਵਾਰ ਨੂੰ ਬਾਬਾ ਜੀ ਪ੍ਰਲੋਕ ਸਿਧਾਰ ਗਏ।

ਬਾਬਾ ਕਾਹਨ ਸਿੰਘ ਜੀ ਦੇ ਸਚਖੰਡ ਵਾਸ ਹੋਣ ਸਮੇਂ ਡਾਕਟਰ ਚਰਨ ਸਿੰਘ ਜੀ ਦੀ ਉਮਰ ਕੋਈ 25 ਸਾਲ ਦੇ ਲਗ ਪਗ ਸੀ। ਆਪ ਨੇ ਭੀ ਪਿਤਾ ਵਾਂਗ ਛੋਟੀ ਉਮਰ ਵਿਚ ਕੁਝ ਸਮਾਂ ਤਪੱਸ੍ਵੀ ਜੀਵਨ ਬਿਤੀਤ ਕੀਤਾ। ਪਿਤਾ ਪਾਸੋਂ ਗੁਰਸਿਖੀ ਤੇ ਪਰਮਾਰਥ ਦੀ ਲਗਨ ਤੋਂ ਛੁਟ ਆਯੁਰਵੈਦਿਕ ਵਿਦਯਾ ਤੇ ਤਜ਼ਰਬੇ ਦਾ ਭੰਡਾਰ ਵੀ ਵਿਰਸੇ ਵਿਚ ਮਿਲਿਆ। ਮੁੱਢਲੀ ਵਿਦਯਾ ਗਿਆਨੀ ਸੰਤ ਸਿੰਘ ਜੀ ਘੜਿਆਲੀਆਂ ਦੀ ਗਲੀ ਵਾਲਿਆਂ ਪਾਸੋਂ ਪ੍ਰਾਪਤ ਕੀਤੀ ਤੇ ਮਗਰੋਂ ਐਲੋਪੈਥਿਕ ਡਾਕਟਰੀ ਵੀ ਸਿਖੀ। ਕੁਝ ਸਮਾਂ ਅੰਮ੍ਰਿਤਸਰ ਅਤੇ ਅਜਨਾਲੇ ਵਿੱਚ ਨੌਕਰੀ ਕੀਤੀ ਤੇ ਫਿਰ ਆਪਣਾ ਸੁਤੰਤ੍ਰ ਕੰਮ ਸ਼ੁਰੂ ਕਰ ਦਿਤਾ। ਇਨ੍ਹਾਂ ਦਿਨਾਂ ਵਿਚ ਆਪ ਦੇ ਉਤਸ਼ਾਹ ਤੇ ਪ੍ਰੇਰਨਾ ਨਾਲ ਸਿੰਘ ਸਭਾ, ਅੰਮ੍ਰਿਤਸਰ ਵਲੋਂ ਗਰੀਬਾਂ ਲਈ ਹਸਪਤਾਲ, ਸਿੰਘ ਸਭਾ ਡਿਸਪੈਂਸਰੀ, ਖੋਹਲੀ ਗਈ, ਜਿਸ ਵਿਚ ਆਪ ਮੁਫ਼ਤ ਸੇਵਾ ਕਰਨ ਤੋਂ ਛੁੱਟ ਦਵਾਈਆਂ ਦੇ ਖਰਚ ਦਾ ਭੀ ਵੱਡਾ ਹਿੱਸਾ ਆਪਣੀ ਜੇਬ ਵਿਚੋਂ ਹੀ ਦਿੰਦੇ ਰਹੇ।

ਅੰਮ੍ਰਿਤਸਰ ਦੇ ਪ੍ਰਸਿੱਧ ਗਿਆਨੀ ਹਜ਼ਾਰਾ ਸਿੰਘ ਜੀ ਦੀ ਸਪੁਤ੍ਰੀ ਨਾਲ ਡਾਕਟਰ ਚਰਨ ਸਿੰਘ ਜੀ ਦਾ ਵਿਆਹ 1869 ਈਸਵੀ ਦੇ ਲਗਪਗ ਹੋਇਆ। ਸੰਤਾਨ ਚਾਰ ਲੜਕੇ ਤੇ ਦੋ ਲੜਕੀਆਂ ਹੋਈਆਂ।

90 / 93
Previous
Next