ਪਿਆਰ ਛੱਡ ਦੋਸਤ ਰਹਿੰਦੇ ਹਾਂ
ਅਰਮਾਨਦੀਪ ਸਿੰਘ, ਗੁਰਮਨਪ੍ਰੀਤ ਸਿੰਘ
ਸਮਰਪਣ
"ਉਸ ਪਿਆਰ ਨੂੰ, ਜੋ ਸਿਰਫ਼ ਦੋਸਤ ਰਿਹਾ।"
ਮੁੱਖ ਬੰਦ
'ਪਿਆਰ ਛੱਡ ਦੋਸਤ ਰਹਿੰਦੇ ਹਾਂ' ਕਿਤਾਬ ਮੇਰੇ ਅਤੇ ਮੇਰੇ ਭਰਾ ਗੁਰਮਨ ਦੀਆਂ ਚੋਣਵੀਆਂ ਗ਼ਜ਼ਲਾਂ, ਕਵਿਤਾਵਾਂ, ਕਵਿਤਾਵਾਂ ਵਰਗੀਆਂ ਸਤਰਾਂ ਅਤੇ ਜਜ਼ਬਾਤਾਂ ਦਾ ਉਹ ਸੰਗ੍ਰਹਿ ਹੈ, ਜਿਨਾਂ ਨੂੰ ਅਸੀਂ ਇਕ ਥਾਂ 'ਤੇ ਇਕੱਤਰ ਕੀਤਾ ਹੈ। ਇਸ ਕਿਤਾਬ ਦੀ ਹਰ ਇਕ ਲਿਖਤ ਆਪਣੇ ਆਪ ਵਿਚ ਇਕ ਕਹਾਣੀ ਹੈ, ਜੋ ਸਿਰਫ ਸਾਡੀ ਹੀ ਨਹੀਂ, ਹਰ ਪਾਠਕ ਦੀ ਕਹਾਣੀ ਹੈ। ਗੱਲ ਪਿਆਰ ਦੀ ਹੋਵੇ, ਦੋਸਤੀ ਦੀ ਜਾਂ ਫਿਰ ਦੋਸਤੀ ਵਿਚ ਹੋਏ ਪਿਆਰ ਦੀ, ਹਰ ਵਿਸ਼ੇ ਅਤੇ ਰਿਸ਼ਤੇ ਦੀ ਅਹਿਮੀਅਤ ਸਮਝਦੇ ਹੋਏ ਇਸ ਕਿਤਾਬ ਵਿਚ ਉਸ 'ਤੇ ਗੱਲ ਕੀਤੀ ਗਈ ਹੈ। ਕਿਤਾਬ ਦੀ ਸ਼ਬਦਾਵਲੀ ਵੀ ਮੇਰੀ ਉਮਰ ਅਤੇ ਸਮਝ ਦੇ ਵਾਂਗ ਹੀ ਹਲਕੀ ਹੈ, ਜੋ ਕਿ ਅਸੀਂ ਰੋਜ਼ਾਨਾ ਬੋਲਚਾਲ ਵਿਚ ਇਸਤੇਮਾਲ ਕਰਦੇ ਹਾਂ।
ਸਾਂਝੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮੈਂ ਆਪਣੇ ਪਿਆਰ ਨੂੰ ਕਿਸੇ ਇਕ ਕਿਤਾਬ ਵਿਚ ਬਿਆਨ ਨਹੀਂ ਕਰ ਸਕਦਾ ਪਰ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੇ ਕੋਲ ਪਿਆਰ, ਮੁਹੱਬਤ ਅਤੇ ਦੋਸਤੀ ਤੋਂ ਪਰ੍ਹੇ ਹੋਰ ਵੀ ਅਨੇਕਾਂ ਅਜਿਹੇ ਵਿਸ਼ੇ ਹਨ, ਜੋ ਮੈਂ ਆਪਣੀਆਂ ਆਉਣ ਵਾਲੀਆਂ ਕਿਤਾਬਾਂ ਵਿਚ ਪੇਸ਼ ਕਰਾਂਗਾ ਅਤੇ ਪੰਜਾਬ ਪੰਜਾਬੀਅਤ ਦਾ ਵਾਰਿਸ ਹੋਣ 'ਤੇ ਆਪਣੇ ਮਾਣ ਦਾ ਪ੍ਰਗਟਾਵਾ ਕਰਾਂਗਾ। ਪੰਜਾਬ ਦੇ ਪਾਣੀ, ਹਕੂਮਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਆਵਾਜ਼ ਹਮੇਸ਼ਾ ਹੀ ਬੁਲੰਦ ਰਹੇਗੀ।
ਪੰਜਾਬ ਦੀ ਧਰਤੀ ਦੇ ਜਾਏ ਕਦੇ ਵੀ ਨਫ਼ਰਤ ਨਹੀਂ ਵੇਚਦੇ। ਇਸ ਧਰਤੀ 'ਤੇ ਸਦਾ ਪਿਆਰ ਕਰਨ ਵਾਲੇ ਅਤੇ ਵੰਡਣ ਵਾਲੇ ਹੀ ਜੰਮੇ ਹਨ।
ਇਸ ਕਿਤਾਬ ਵਿਚ ਵੀ ਗੱਲ ਪਿਆਰ ਦੀ ਹੀ ਹੈ, ਉਸ ਪਿਆਰ ਦੀ ਜੋ ਦੋਸਤੀ ਵਿਚ ਹੁੰਦਾ, ਇਕ ਤਰਫਾ ਅਤੇ ਪਾਕ-ਪਵਿੱਤਰ ਹੁੰਦਾ ਹੈ। ਇਹ ਕਿਤਾਬ ਖਰੀਦ ਕੇ ਪੜ੍ਹਨ ਵਾਲਿਆਂ ਦਾ ਮੈਂ ਸਦਾ ਹੀ ਕਰਜ਼ਦਾਰ ਰਹਾਂਗਾ। ਉਮੀਦ ਹੈ ਆਪ ਸਭ ਪਾਠਕ ਇਸ ਕਿਤਾਬ ਨੂੰ ਵੀ ਸਾਡੀ ਪਹਿਲੀ ਕਿਤਾਬ 'ਰਾਬਤੇ' ਦੇ ਵਾਂਗ ਸਿਰ ਮੱਥੇ ਪਰਵਾਨ ਕਰੋਗੇ ਅਤੇ ਰੱਜਵਾਂ ਪਿਆਰ ਬਖਸ਼ਿਸ਼ ਕਰੋਗੇ।
ਅਰਮਾਨਦੀਪ ਸਿੰਘ ਸੋਹੀ
ਸੋਹੀਆਂ ਕਲਾਂ, ਅੰਮ੍ਰਿਤਸਰ
ਤਤਕਰਾ
ਇਸ਼ਕ-ਇਸ਼ਕ ਹੁੰਦਾ
ਧੁਖਦਾ ਰਹਿੰਦਾ, ਰਾਖ ਨਹੀਂ ਹੁੰਦਾ।
ਕਿੰਝ ਆਖਾਂ ਕੇ ਆਖ ਨਹੀਂ ਹੁੰਦਾ।
ਉਹਨੇ ਹਾਸੇ ਦੇ ਵਿਚ ਗੱਲ ਟਾਲ ਦੇਣੀ ਏ,
ਉਹ ਕੀ ਜਾਣੇ ਇਸ਼ਕ-ਇਸ਼ਕ ਹੁੰਦਾ।
ਮਜ਼ਾਕ ਨਹੀਂ ਹੁੰਦਾ।
ਅਕੀਦਤ
ਕਿਸੇ ਜਾਲ ਸੁੱਟਿਆ ਹੁਸਨਾਂ ਦਾ,
ਕਿਸੇ ਸੁੱਟੇ ਰਾਹੀਂ ਪੈਸੇ ਸੀ।
ਅਸੀਂ ਕਦਰਾਂ ਦੇ ਭੁੱਖੇ ਰਹੇ ਸ਼ੁਰੂ ਤੋਂ,
ਉਨਕੋ ਯੇ ਬਾਤ ਸਮਝਾਏ ਕੈਸੇ ਜੀ।
ਹੱਟੀਆਂ ਮੰਡੀਆਂ ਹਰ ਥਾਂ ਨੇਂ,
ਇੱਥੇ ਕੋਈ ਇਸ਼ਕ ਬਜ਼ਾਰ ਨਹੀਂ।
ਬਸ ਉਹ ਨੀ ਵਿਕਦਾ ਮੁੱਲ ਇੱਥੇ,
ਜੋ ਮੁੱਲ ਲੱਗਣ ਲਈ ਤਿਆਰ ਨਹੀਂ।
ਕਹਿੰਦੇ ਕੋਈ ਇਹਦੀ ਜਾਤ ਨਹੀਂ,
ਇਹ ਵੀ ਕਿੱਡੀ ਮੁਸੀਬਤ ਏ।
ਪਰ ਸਭ ਜਾਤਾਂ ਦੇ ਲੋਕ ਨੇ ਇੱਥੇ,
ਇਸ਼ਕ ਵੀ ਇਕ ਅਕੀਦਤ ਏ।
ਰੱਬ-ਸਬੱਬੀ
ਕੀ ਸੋਚਾਂ ਸੋਚਕੇ ਕਰਲੂ ਮੈਂ,
ਜਦ ਭੁੱਲ ਹੀ ਜਾਣਾ ਕੱਲ੍ਹ ਨੂੰ ਮੈਂ।
ਤੈਨੂੰ ਗਲ਼ ਲਾਉਣ ਨੂੰ ਜੀ ਕਰਦਾ,
ਪਰ ਛੱਡ ਦਾ ਨਹੀਂ ਉਸ ਗੱਲ ਨੂੰ ਮੈਂ।
ਗੁੱਸੇ ਗਿਲ੍ਹੇ ਰੱਖ ਕੇ ਬੈਠਾ ਹਾਂ,
ਕਿਸਮਤ ਕੋਲੋਂ ਅੱਕ ਕੇ ਬੈਠਾ ਹਾਂ।
ਮੁੱਦਤਾਂ ਪਹਿਲਾਂ ਹੱਸਿਆ ਸੀ ਜਦ,
ਉਸੇ ਤਸਵੀਰ ਨੂੰ ਤੱਕ ਕੇ ਬੈਠਾ ਹਾਂ।
ਤੇਰੇ ਬਾਅਦ ਕੋਈ ਤੇਰੇ ਜਿਹੀ,
ਨਾ ਮਿਲੀ ਤੇ ਨਾ ਹੀ ਲੱਭੀ ਮੈਂ।
ਖਬਰੇ ਕਿਹੜੇ ਪੁੰਨ ਕੀਤੇ ਸੀ,
ਜੋ ਤੈਨੂੰ ਮਿਲ ਗਿਆ ਰੱਬ ਸਬੱਬੀ ਮੈਂ।
ਹਾਲੇ ਟੁੱਟੀ ਯਾਰੀ ਤਾਜ਼ੀ ਤਾਜ਼ੀ
ਮਿਲਦਾ ਦਿਲ ਨੂੰ ਚੈਨ ਕਿਉਂ ਨਹੀਂ?
ਦਿਨ ਜਿਹੀ ਹੁੰਦੀ, ਰੈਣ ਕਿਉਂ ਨਹੀਂ?
ਬੱਸ ਇਕੋ ਸ਼ਖਸ ਦੀ ਗੱਲ ਆਉਂਦੀ,
ਲੋਕੀ ਪਾਗਲ ਕਹਿਣ ਕਿਉਂ ਨਹੀਂ?
ਮੌਤ-ਮੌਤ ਦਾ, ਨਾਮ ਰਹਿੰਦਾ ਜਪਦਾ,
ਤੇ ਉਹਦੇ ਬਿਨ ਫਿਰ ਮਰਿਆ ਵੀ ਨਹੀਂ।
ਇੰਞ ਲੱਗਦਾ ਉਹਨੇ ਸੱਚ ਕਿਹਾ ਸੀ,
ਮੈਂ ਇਸ਼ਕ ਉਹਨੂੰ ਕਰਿਆ ਹੀ ਨਹੀਂ।
ਮੈਂ ਕਿਉਂ ਆਖਾਂ ਉਹ ਮੇਰੀ ਹੋਜੇ,
ਉਹ ਜਿੱਥੇ ਰਹੇ, ਰਹੇ ਰਾਜੀ ਬਾਜੀ।
ਭੁੱਲਜਾਂਗਾ ਉਹਨੂੰ ਕੁਝ ਚਿਰ ਪਾ ਕੇ,
ਹਾਲੇ ਟੁੱਟੀ ਯਾਰੀ ਤਾਜ਼ੀ-ਤਾਜ਼ੀ।
ਉਹਦੀ ਤਲੀਆਂ ਦੀ ਛੋਹ ਦਾ ਅਹਿਸਾਸ,
ਹੈ ਅੱਜ ਵੀ ਮੇਰੀਆਂ ਤਲੀਆਂ ਨੂੰ।
ਸਾਡੀਆਂ ਪੈੜਾਂ ਜਿੱਥੇ ਛਪੀਆਂ ਪਈਆਂ,
ਅਸੀਂ ਭੁੱਲ ਗਏ ਉਹਨਾਂ ਗਲੀਆਂ ਨੂੰ।
ਫੱਕਰ ਹੋ ਗਿਆ ਸੁਭਾਅ ਇਹ ਮੇਰਾ,
ਤੇ ਹੋਇਆ ਉਹਦੇ ਜਾਣ ਦੇ ਬਾਅਦ।
ਉਹਦੀ ਅੱਖ ਨਹੀਂ ਰੋਈ ਸਬੂਤ ਦਿੰਦੀ ਏ,
ਕੋਈ ਮਿਲ ਗਿਆ ਹੋਊ ਅਰਮਾਨ ਦੇ ਬਾਅਦ।
ਪਿਆਰ-ਪਰਿਭਾਸ਼ਾ
ਉਹ ਪਿਆਰ ਨਹੀਂ, ਉਹ ਧੋਖਾ ਸੀ।
ਕੁਝ ਨਜ਼ਰਾਂ ਦਾ, ਕੁਝ ਨਜ਼ਰੀਏ ਦਾ,
ਕੁਝ ਦਿਲ ਦਾ, ਕੁਝ ਦਿਮਾਗ ਦਾ,
ਕੁਝ ਤੇਰੇ ਹੁੰਦਿਆ ਦਾ, ਕੁਝ ਬਾਅਦ ਦਾ।
ਪਿਆਰ ਉਹ ਹੁੰਦਾ, ਜੋ ਮਾਂ ਬਾਪ ਦਾ ਹੁੰਦਾ।
ਜੋ ਇਕ ਸ਼ੈਤਾਨ ਤੇ ਪਾਪ ਦਾ ਹੁੰਦਾ,
ਇਕ ਪੁਜਾਰੀ ਤੇ ਪਾਠ ਦਾ ਹੁੰਦਾ,
ਪਿਆਰ ਉਹ ਹੁੰਦਾ, ਜੋ ਮਾਂ ਬਾਪ ਦਾ ਹੁੰਦਾ।
ਇਕ ਤਰਫ਼ਾ ਖਿਆਲ ਹੁੰਦਾ, ਪਿਆਰ ਨਹੀਂ।
ਚਾਰ ਨੈਣਾਂ ਦਾ ਦੋ ਹੋਣਾ, ਗੱਲ ਆਮ ਨਹੀਂ,
ਤੇ ਦੋ ਦਿਲਾਂ ਦੀ ਹੁੰਦੀ ਕਦੇ, ਤਕਰਾਰ ਨਹੀਂ,
ਇਕ ਤਰਫ਼ਾ ਖਿਆਲ ਹੁੰਦਾ, ਪਿਆਰ ਨਹੀਂ।
ਇਸ਼ਕ-ਕਿਤਾਬ
ਛੱਡ ਕੇ ਸਾਰੇ ਤਿਉਹਾਰ ਬੈਠਾ ਹਾਂ,
ਆਪਣੇ ਆਪ ਨੂੰ ਮਾਰ ਬੈਠਾ ਹਾਂ।
ਜ਼ਿੰਦਗੀ ਇਕ ਸਫ਼ਰ ਕਹਿੰਦੇ ਨੇਂ,
ਸਫ਼ਰ ਦੇ ਅੱਧ ਵਿਚਕਾਰ ਬੈਠਾ ਹਾਂ।
ਗੱਲ ਇਹ ਨਹੀਂ ਕਿ ਉਹ ਮਿਲੀ ਨਹੀਂ,
ਗੱਲ ਇਹ ਹੈ ਕਿ ਕਿਉਂ ਮਿਲੀ ਸੀ ਉਹ,
ਉਹਦੇ ਜਾਣ ਨਾਲ ਮੁਰਝਾ ਗਈ ਏ,
ਕਲੀ ਦਿਲ ਦੇ ਬਾਗ਼ 'ਚ ਖਿਲੀ ਸੀ ਜੋ।
ਝੂਠੀਆਂ ਕਿਤਾਬਾਂ ਇਸ਼ਕ ਦੀਆਂ
ਇਹ ਝੂਠੀ ਇਸ਼ਕ ਕਹਾਣੀ ਏ।
ਰੋਂਦਾਂ ਨਹੀਂ ਹਾਂ ਤੈਨੂੰ ਯਾਦ ਕਰਕੇ,
ਇਹ ਤਾਂ ਅੱਖ ਦਾ ਪਾਣੀ ਏ।
ਉਹ ਵੀ ਤੇਰੇ ਵਾਂਗ ਹੀ ਕਮਾਲ ਸੀ,
ਪਤਾ ਨਹੀਂ ਜੁਲਫ਼ਾਂ ਸੀ ਜਾਂ ਜਾਲ ਸੀ।
ਨਾ ਮੈਂ ਤੇਰੇ ਨਾਲ ਗਿਣ ਕੇ ਪਲ ਕੱਟੇ,
ਤੇ ਗਿਣੇ ਤੇਰੇ ਬਾਅਦ ਮੈਂ ਸਾਲ ਨਹੀਂ।
ਇਸ਼ਕ ਦਾ ਮਤਲਬ
ਕਿਹਨੂੰ ਕਿਹਨੂੰ ਖਬਰਾਂ ਨੇ,
ਕਿੰਨੀਆਂ ਲੱਗੀਆਂ ਕਬਰਾਂ ਨੇ।
ਅੱਜ ਤੱਕ ਦੱਬੇ ਹਾਸੇ ਕਿੰਨੇ,
ਜ਼ਾਲਿਮ ਇਹਨਾਂ ਸਬਰਾਂ ਨੇ।
ਗੁਨਾਹ ਕੀਤਾ ਹੋਊ ਜੇ ਸਜਾ ਮਿਲੀ,
ਹੋਰ ਇੰਨਾ ਵੀ ਨਹੀਂ ਪੱਧਰਾ ਮੈਂ।
ਕਿੰਨੀ ਵਾਰ ਖਾਲੀ ਮੋੜੀਆਂ,
ਦਿਲ ਦਰਵਾਜ਼ੇ ਤੋਂ ਸੱਧਰਾਂ ਮੈਂ।
ਉਹਦੇ ਪੈਰੀ ਬੰਦ ਜੁੱਤੀ,
ਸਾਡੇ ਟੁੱਟੀਆਂ ਵੱਦਰਾਂ ਨੇ।
ਕੌਣ ਦੱਸੇ ਹੁਸਨ ਵਾਲਿਆਂ ਨੂੰ,
ਸਾਨੂੰ ਮੋਹਣਾ ਏ ਬਸ ਕਦਰਾਂ ਨੇ।
ਇਹੀ ਤਾਂ ਸਭ ਤੋਂ ਆਮ ਗੱਲ ਹੈ,
ਕਿ ਤੈਨੂੰ ਲੱਗਦਾ ਹਾਂ ਵੱਖਰਾ ਮੈਂ।
ਅਰਮਾਨ ਇਸ਼ਕ ਦਾ ਮਤਲਬ ਦੱਸਾਂ ਤੈਨੂੰ,
ਜੇ ਤੈਨੂੰ ਕਿਧਰੇ ਟੱਕਰਾਂ ਮੈਂ ।
ਦਿਲਾਂ ਦੇ ਮਸਲੇ
ਨੈਣੋਂ ਹੰਝੂ ਡੋਲੇ ਨਹੀਂ,
ਵਰਕੇ ਦਿਲ ਦੇ ਫ਼ੋਲੇ ਨਹੀਂ।
ਉਹ ਗੱਲ ਵੱਖਰੀ ਕਿ ਬੋਲੇ ਨਹੀਂ,
ਪਰ ਅੱਜ ਤੱਕ ਰੱਖੇ ਓਹਲੇ ਨਹੀਂ।
ਲਿਖ ਲਿਖ ਭਰੀ ਵਰਕੇ ਬੈਠਾਂ,
ਪਰ ਜਜ਼ਬਾਤ ਨੋਟਾਂ ਨਾਲ ਤੋਲੇ ਨਹੀਂ।
ਯਾਦ ਤੇਰੀ ਨਿੱਤ ਆਉਂਦੀ ਰਹਿੰਦੀ,
ਇਹ ਭੁੱਲ ਗਈ ਕੇ ਤੂੰ ਕੋਲੇ ਨਹੀਂ।
ਤੇਰੇ ਬਾਅਦ ਦਿਲ ਭਰਿਆ ਰਹਿੰਦਾ,
ਤੇ ਨੈਣ ਵੀ ਹੁੰਦੇ ਹੌਲੇ ਨਹੀਂ।
ਦਿਲਾਂ ਦੇ ਮਸਲੇ ਹੱਲ ਦਿਲ ਨਾਲ ਹੁੰਦੇ,
ਇਹ ਦਿਮਾਗਾਂ ਦੇ ਰੌਲੇ ਨਹੀਂ।
ਜਾਂਦੀ ਵਾਰੀ ਦੱਸਿਆ ਵੀ ਨਹੀਂ
ਬੱਦਲ ਵਰ੍ਹਕੇ ਤੁਰ ਗਿਆ ਏ,
ਸੱਜਣ ਲੜ ਕੇ ਤੁਰ ਗਿਆ ਏ।
ਜਿੱਤੀ ਬੈਠੇ ਸਾਂ ਜਿਸ ਸ਼ਖਸ ਨੂੰ,
ਉਹ ਸਾਥੋਂ ਹਰ ਕੇ ਤੁਰ ਗਿਆ ਏ।
ਕਿਸੇ ਲੰਬੇ ਪੈਂਡੇ 'ਤੇ ਨਿਕਲਿਆ ਲੱਗਦਾ,
ਜੋ ਤੜਕੇ-ਤੜਕੇ ਤੁਰ ਗਿਆ ਏ।
ਸਾਡੇ ਦਿਲ ਵਿਚ ਨਿੱਘ ਮਾਨਣ ਵਾਲਾ,
ਸੁਣ ਦਿਮਾਗ ਦੀ ਠਰ ਕੇ ਤੁਰ ਗਿਆ ਏ।
ਜਾਂਦੀ ਵਾਰੀ ਦੱਸਿਆ ਵੀ ਨਹੀਂ,
ਉਹ ਇਹ ਕੀ ਕਰ ਕੇ ਤੁਰ ਗਿਆ ਏ।
ਅਰਮਾਨ ਜ਼ਿੱਦੀ ਦਾ ਪਤਾ ਨਹੀਂ,
ਕਿਸ ਗੱਲ 'ਤੇ ਅੜ ਕੇ ਤੁਰ ਗਿਆ ਏ।
ਸੁੱਕਾ ਇਕ ਗੁਲਾਬ
ਸੁੱਕਾ ਇਕ ਗੁਲਾਬ ਪਿਆ, ਡਾਇਰੀ ਦੇ ਵਿਚ,
ਟੁੱਟਾ ਇਕ ਖਵਾਬ ਪਿਆ, ਸ਼ਾਇਰੀ ਦੇ ਵਿਚ।
ਤੇਰਾ ਦਿੱਤਾ ਤੋਹਫ਼ਾ ਪਿਆ, ਅਲਮਾਰੀ ਦੇ ਵਿਚ,
ਬੁਝਿਆ ਇਕ ਦੀਪ ਪਿਆ, ਬਾਰੀ ਦੇ ਵਿਚ।
ਨਾ ਤੇਰੇ ਜਿਹਾ ਕੋਈ ਯਾਰ ਜੁੜਿਆ,
ਇਸ ਲੰਘੀ ਉਮਰ ਗੁਜ਼ਾਰੀ ਦੇ ਵਿਚ।
ਨਾ ਜਿਸ ਪਲ ਤੇਰਾ ਖਿਆਲ ਆਵੇ,
ਉਹ ਪਲ ਨਾ ਲੰਘੇ ਦਿਹਾੜੀ ਦੇ ਵਿਚ।
ਨਾ ਸਾਰੀ ਉਮਰ ਜਿੱਤਕੇ ਉਹ ਸਵਾਦ ਮਿਲਿਆ,
ਜਿੰਨਾ ਮਿਲਿਆ ਬਾਜ਼ੀ ਹਾਰੀ ਦੇ ਵਿਚ।
ਹਾਦਸੇ ਤਮਾਮ ਹੋਏ ਅਰਮਾਨ ਇਸ ਜ਼ਿੰਦਗੀ ਵਿਚ,
ਪਰ ਫੱਟ ਭਰੇ ਨਹੀਂ, ਜੋ ਮਿਲੇ ਯਾਰੀ ਦੇ ਵਿਚ।
ਜ਼ੁਲਫ਼ਾਂ ਦੇ ਜਾਲ
ਦਿਨ, ਰਾਤ, ਹਫਤੇ 'ਤੇ ਮਹੀਨੇ ਸਾਲ ਲੰਘ ਗਏ,
ਜੋ ਪਲ ਤੇਰੇ ਨਾਲ ਲੰਘੇ, ਬਾਕਮਾਲ ਲੰਘ ਗਏ।
ਉਂਝ ਤਾਂ ਤੇਰੇ ਬਿਨ ਵੀ ਦਿਨ ਲੰਘੀ ਜਾਂਦੇ ਨੇ,
ਪਰ ਉਹਨਾਂ ਦੀ ਰੀਸ ਨਹੀਂ, ਜੋ ਤੇਰੇ ਨਾਲ ਲੰਘ ਗਏ।
ਖਿਆਲਾਂ ਤੇਰਿਆਂ ਵਿਚ ਸਮੇਂ ਦਾ ਪਤਾ ਨਹੀਂ ਲੱਗਾ,
ਬੀਤੇ ਵਕਤ ਨਾਲ, ਚੰਗੇ-ਮਾੜੇ ਸਾਰੇ ਹਾਲ ਲੰਘ ਗਏ।
ਨਾ ਫੇਰ ਰਾਹ ਮਿਲੇ ਉਹ ਜਿੱਥੇ ਤੂੰ ਮਿਲਣਾ,
ਅਸੀਂ ਗਲ਼ੀ-ਗਲ਼ੀ ਕਰਦੇ ਭਾਲ ਲੰਘ ਗਏ।
ਖੁਦ ਵੀ ਗਏ ਗਵਾਚ ਤੈਨੂੰ ਭਾਲਦੇ-ਭਾਲਦੇ,
ਪਤਾ ਨਹੀਂ ਕਿੰਨੇ ਹੀ ਸਾਲ-ਗਾਲ ਲੰਘ ਗਏ।
ਸਾਰੀ ਉਮਰ ਨਾਗ ਨਗਨਾਂ ਤੋਂ ਡਰਦੇ ਰਹੇ,
ਤੇ ਆਈ ਅੰਤ ਦੀ ਜ਼ੁਲਫ਼ਾਂ ਦੇ ਜਾਲ ਡੰਗ ਗਏ।
ਗੀਤਾਂ ਦੇ ਵਿਚ ਗਾਉਂਦਾ ਦੇਖ
ਹਾਸੇ ਵਿਚ ਬੇਫਿਕਰੀ
ਲਿਬਾਸ ਚ ਫ਼ਕੀਰੀ ਦੇਖ
ਹੁਣ ਸਿੱਧੀ ਅੱਖ ਮਿਲਾ ਨਹੀਂ ਹੋਣੀ
ਤੂੰ ਕਰ ਨਜ਼ਰ ਮੈਨੂੰ ਟੀਰੀ ਦੇਖ
ਨਜ਼ਮਾਂ ਗ਼ਜ਼ਲਾਂ ਪੜ੍ਹ ਮੇਰੀਆਂ
ਤੁੱਕ ਆਰੰਭ ਤੋਂ ਮੇਰੀ ਅਖੀਰੀ ਦੇਖ
ਤੇਰੀ ਯਾਦਾਂ ਦੇ ਗੁਲਾਮ ਦੇ
ਮੋਢੇ ਕਹੀ ਤੇ ਨਾਲ ਸੀਰੀ ਦੇਖ
ਤੇਰੀ ਯਾਦਾਂ ਦਾ ਪਹਾੜ ਢਾ ਢਾ ਕੇ
ਵੱਟਾਂ ਖੇਤ ਵਿਚ ਪਾਉਂਦਾ ਦੇਖ
ਹੋਊ ਸੁਣਿਆ ਲੋਕਾਂ ਤੋਂ ਮੌਣ ਹੋਗਿਆ
ਤੇ ਗੀਤਾਂ ਦੇ ਵਿਚ ਗਾਉਂਦਾ ਦੇਖ
ਦੋਸਤੀ ਨੂੰ ਪਿਆਰ ਨਾ ਸਮਝੀਂ
ਤੇਰੇ ਨਾਲ ਦੋਸਤੀ ਏ, ਪਿਆਰ ਨਾ ਸਮਝੀਂ।
ਬਸ ਕਿਹਾ ਤੂੰ ਚੰਗੀ ਲੱਗੇ,
ਇਹਨੂੰ ਤੂੰ ਇਜ਼ਹਾਰ ਨਾ ਸਮਝੀਂ।
ਮੈਂ ਪਾਗਲ ਹਾਂ ਜੋ ਲਿਖਦਾ ਹਾਂ,
ਮੈਨੂੰ ਤੂੰ ਫ਼ਨਕਾਰ ਨਾ ਸਮਝੀਂ।
ਜੇ ਤੂੰ ਹੀਰ ਏ ਤਾਂ ਮੈਂ ਵੀ ਆਮ ਨਹੀਂ,
ਇਹ ਗੱਲ ਸੱਚੀ ਏ ਹੰਕਾਰ ਨਾ ਸਮਝੀਂ।
ਤੇਰੇ ਲੋਕ ਬੜੇ ਦੀਵਾਨੇ ਨੇ ਇੱਥੇ,
ਪਰ ਮੈਨੂੰ ਤੂੰ ਭੀੜ ਦਾ ਹਿੱਸੇਦਾਰ ਨਾ ਸਮਝੀਂ।
ਉਂਝ ਤਾਂ ਬੋਲਾਂ ਦਾ ਪੱਕਾ ਹਾਂ ਮੈਂ,
ਪਰ ਜੇ ਮੁੱਕਰ ਗਿਆ ਤਾਂ ਮਕਾਰ ਨਾ ਸਮਝੀਂ।
ਤੇਰੇ ਨਾਲ ਦੋਸਤੀ ਏ, ਪਿਆਰ ਨਾ ਸਮਝੀਂ।
ਬੁੱਲਾ ਕੀ ਜਾਣਾ ਮੈਂ ਕੌਣ
ਨਾ ਮੈਂ ਤੈਨੂੰ ਯਾਦ ਕਰਦਾਂ,
ਨਾ ਮੈਂ ਤੈਨੂੰ ਭੁੱਲਿਆ ਅੱਜ ਤੱਕ।
ਤੇਰੇ ਬਾਅਦ ਤੇਰੇ ਜਿੰਨਾ,
ਕਿਸੇ ਨਾਲ ਨਹੀਂ ਖੁੱਲ੍ਹਿਆ ਅੱਜ ਤੱਕ।
ਮੇਰੀ ਵੀਰਾਨ ਜੰਗਲ ਜਿਹੀ ਜ਼ਿੰਦਗੀ ਵਿਚ,
ਨਾ ਕੋਈ ਹਨੇਰ ਤੇਰੇ ਜਿਹਾ ਝੁੱਲਿਆ ਅੱਜ ਤੱਕ।
ਮੈਂ ਕੌਣ ਇਹ ਮੈਨੂੰ ਕਿਵੇਂ ਪਤਾ ਹੋਊ,
ਇਹ ਤਾਂ ਤੈਨੂੰ ਵੀ ਨਹੀਂ ਪਤਾ 'ਬੁੱਲਿਆ' ਅੱਜ ਤੱਕ।
ਜੋ ਬੰਦ ਦਰਵਾਜ਼ਾ ਤੂੰ ਕਰਕੇ ਗਈ ਸੀ,
ਉਹ ਕਿਸੇ ਲਈ ਨਹੀਂ ਖੁੱਲਿਆ ਅੱਜ ਤੱਕ।
ਹਾਂ ਦੱਸਿਆ ਤੇ ਹੈ ਮੈਂ ਤੈਨੂੰ ਨਹੀਂ ਯਾਦ ਕਰਦਾ,
ਪਰ ਨਾ ਮੈਂ ਤੈਨੂੰ ਭੁੱਲਿਆ ਅੱਜ ਤੱਕ।
ਤੂੰ ਤੇ ਮੈਂ
ਆਲੇ-ਦੁਆਲੇ ਭੀੜ ਆ ਇੰਝ,
ਪੜ੍ਹਨ ਬੈਠਾ ਜਿਵੇਂ ਕਹਾਣੀ ਕੋਈ।
ਇੰਝ ਪੈਰਾਂ ਵਿਚ ਲਿਪਟੇ ਨਾਗ ਮੇਰੇ,
ਬੂਟਾ ਜਿਵੇਂ ਰਾਤ ਦੀ ਰਾਣੀ ਕੋਈ।
ਸੋਹਣੀਆਂ ਸ਼ਾਮਾਂ ਹੁਣ ਵੀ ਲਗਦੀਆਂ,
ਤੇਰੇ ਬਾਅਦ ਨਹੀਂ ਲੱਗੀ ਸੁਹਾਣੀ ਕੋਈ।
ਚੇਤੇ ਨੇ ਇੱਕਲੇ-ਇੱਕਲੇ ਬੋਲ ਤੇਰੇ,
ਪਰ ਹੁਣ ਚੇਤੇ ਮੂੰਹ ਜ਼ੁਬਾਨੀ ਨਹੀਂ।
ਇਸ ਹੱਦ ਤੱਕ ਡੂੰਘਾ ਲਹਿਗਿਆ ਮੈਂ,
ਜਿਵੇਂ ਸਮੁੰਦਰ ਏ ਕੋਈ ਅੱਖ ਦਾ ਪਾਣੀ ਨਹੀਂ।
ਇਸ ਕਦਰ ਚੁੱਭਦਾ ਕਈ ਲੋਕਾਂ ਨੂੰ ਮੈਂ,
ਜਿਵੇਂ ਬਿਨ੍ਹਾਂ ਫੁੱਲ ਦੇ ਗੁਲਾਬ ਦੀ ਟਾਹਣੀ ਕੋਈ।
ਕਾਲੀਆਂ ਘਟਾਵਾਂ ਛਾਅ ਗਈਆਂ,
ਨਾ ਰੰਗ ਅਸਮਾਨ 'ਚ ਅਸਮਾਨੀ ਕੋਈ।
ਇੰਝ ਵਿੱਛੜੇ ਤੂੰ ਤੇ ਮੈਂ,
ਜਿਵੇਂ ਲਿਖੀ ਅਰਮਾਨ ਦੀ ਹੋਵੇ ਕਹਾਣੀ ਕੋਈ।
ਸਮਾਂ ਤੇ ਸੱਜਣ
ਉਲਝੇ ਮਸਲੇ ਸੁਲਝਾਉਂਦੇ ਨਹੀਂ,
ਅਸੀਂ ਇਕ-ਦੂਜੇ ਨੂੰ ਬੁਲਾਉਂਦੇ ਨਹੀਂ।
ਬੇਸ਼ੱਕ ਚਾਹਤ ਮੁੱਕਦੀ ਜਾਂਦੀ ਏ,
ਇਹ ਮਤਲਬ ਨਹੀਂ ਕਿ ਚਾਹੁੰਦੇ ਨਹੀਂ।
ਉਹ ਗੈਰਾਂ ਜਿਹਾ ਸਲੂਕ ਕਰਦਾ,
ਤੇ ਗੈਰ ਗੈਰਾਂ ਨੂੰ ਸਤਾਉਂਦੇ ਨਹੀਂ।
ਖੁੱਲ੍ਹੀਆਂ ਅੱਖਾਂ 'ਚ ਵੀ ਖਾਬ ਉਹਦੇ,
ਦੱਸ ਫੇਰ ਕੀ ਹੋਇਆ ਜੇ ਸੌਂਦੇ ਨਹੀਂ।
ਮੈਨੂੰ ਇਕ-ਦੂਜੇ ਦੇ ਹਾਣੀ ਲੱਗਦੇ ਨੇ,
ਮੁੜ ਸਮਾਂ ਤੇ ਸੱਜਣ ਆਉਂਦੇ ਨਹੀਂ।
ਜ਼ਿੰਦਗੀ ਦਾ ਇਕਰਾਰ
ਕਿਵੇਂ ਕਹਿਦਾਂ ਕੇ ਨਫ਼ਰਤ ਕਰਦਾ ਹਾਂ,
ਜਾਣਦਾ ਜ਼ਮਾਨਾ ਕੇ ਬਸ ਤੈਨੂੰ ਪਿਆਰ ਕੀਤਾ।
ਕਿਵੇਂ ਕਹਿਦਾਂ ਗੱਲ ਦਿਲ ਦੀ ਕਹੀ ਨਹੀਂ,
ਜਾਣਦਾ ਜ਼ਮਾਨਾ ਕਿੰਝ ਲਿਖ-ਲਿਖ ਇਜ਼ਹਾਰ ਕੀਤਾ।
ਕੋਰਾ ਵਰਕਾ ਨਹੀਂ ਮੁੜ ਲੱਭਿਆ ਉਸ 'ਤੇ,
ਜਿਸ ਕਾਪੀ 'ਤੇ ਤੇਰਾ ਨਾਮ ਉਤਾਰ ਦਿੱਤਾ।
ਕਿਵੇਂ ਕਹਿਤਾ ਤੂੰ ਕੇ ਅੱਗੇ ਵੱਧ ਗਿਆ ਹੋਣਾ,
ਜਾਣਦੀ ਏਂ ਤੂੰ ਤੇਰੇ ਨਾਲ ਜ਼ਿੰਦਗੀ ਦਾ ਇਕਰਾਰ ਕੀਤਾ।
ਆਖਰੀ ਮੁਲਾਕਾਤ
ਵੱਧ ਜਾਂਦੀ ਏ ਧੜਕਨ ਤੇ ਔਖੇ-ਔਖੇ ਸਾਹ ਹੋ ਜਾਂਦੇ,
ਜਦ ਵੀ ਪੈਰ ਮੇਰੇ ਓਹਦੇ ਪਿੰਡ ਦੇ ਰਾਹ ਹੋ ਜਾਂਦੇ।
ਓਹਦੇ ਨਾਲ ਜੋ ਲੰਘਿਆ ਸਮਾਂ ਬਹੁਤ ਸੋਹਣਾ ਸੀ,
ਜਿੰਨੇ ਪਲ ਉਹਦੇ ਨਾਲ ਸੀ ਕਾਸ਼! ਓਨੇ ਮੇਰੇ ਸਾਹ ਹੋ ਜਾਂਦੇ।
ਅੱਜ ਵੀ ਉਹਦਾ ਨਾਮ ਲੋਕ ਮੇਰੇ ਨਾਲ ਜੋੜਦੇ ਨੇ,
ਕਿੰਨਾਂ ਚੰਗਾ ਹੁੰਦਾ ਜੇ ਅਸੀਂ ਵੀ ਓਹਦੇ ਨਾਂ ਹੋ ਜਾਂਦੇ।
ਸਾਡੀ ਆਖਰੀ ਮੁਲਾਕਾਤ ਅਧੂਰੀ ਸੀ, ਗਿਲੇ ਸ਼ਿਕਵੇ,
ਤੇ ਵਰਦੀ ਬਰਸਾਤ ਦੇ ਨਾਲ ਦੋ-ਦੋ ਕੱਪ ਚਾਹ ਹੋ ਜਾਂਦੇ।
ਅਰਮਾਨ ਮੱਚਦੇ ਰਹਿੰਦੇ ਹਾਂ ਜੋ ਉਹਦੇ ਜਾਣ ਦੇ ਬਾਅਦ,
ਕਈ ਵਾਰ ਸੋਚਾਂ ਕਿੰਨਾ ਚੰਗਾ ਹੁੰਦਾ ਜੇ ਸਵਾਹ ਹੋ ਜਾਂਦੇ।
ਪਹਿਲੀ ਦਫ਼ਾ ਮੁਹੱਬਤ
ਕੀ-ਕੀ ਚੱਲਦਾ ਮਨ ਵਿੱਚ ਮੇਰੇ,
ਮੇਰੇ ਤੋਂ ਕਿਸੇ ਨੂੰ ਜਾਂਦਾ ਕਿਹਾ ਨਹੀਂ।
ਟੁੱਟ ਜਾਵੇ ਆਸ ਟੁੱਟਣ 'ਤੇ ਜਿਹੜਾ,
ਹੁਣ ਦਿਲ ਏਦਾਂ ਦਾ ਰਿਹਾ ਨਹੀਂ।
ਦੇਖ ਪੱਤੇ ਝੜਦੇ ਰੁੱਖ ਸੁੱਕ ਗਿਆ ਸਮਝੇ,
ਮੈਨੂੰ ਮਿਲਿਆ ਪੱਤਝੜ ਵਿਚ ਜਿਹੜਾ।
ਪਰਤ ਆਉਣ ਦੇ ਬਹਾਰਾਂ ਇਕ ਵਾਰ,
ਮੈਂ ਦੇਖੀ ਹਰਿਆ ਭਰਿਆ ਕਰਦੂੰ ਵਿਹੜਾ।
ਉਹ ਹੋਈ ਪਹਿਲੀ ਦਫ਼ਾ ਮੁਹੱਬਤ,
ਮੈਂ ਕੀਤੀ ਆਖਰੀ ਵਾਰ ਸੀ ਜੋ।
ਜੁੜੀਆਂ ਤੰਦਾਂ ਟੁੱਟਦੀਆਂ ਵੀ ਨੇ,
ਨਾ ਕਰੀਂ ਸਵਾਲ ਕਿਉਂ?
ਸਭ ਕੁਝ ਇਹਦੇ ਥੱਲੇ ਹੀ ਆ,
ਇਹ ਇਸ਼ਕ ਉੱਚੇ ਅਸਮਾਨ ਵਰਗਾ।
ਕਰਾਂ ਦੁਆ ਸਭਨੂੰ ਇਸ਼ਕ ਹੋਏ,
ਪਰ ਨਾ ਕਿਸੇ ਦਾ ਹਸ਼ਰ ਹੋਏ ਅਰਮਾਨ ਵਰਗਾ।
ਅਜਨਬੀ ਮੁਹੱਬਤ
ਵਗਦੇ ਦਰਿਆਵਾਂ 'ਚ ਪਾਣੀ ਰੁੱਕ ਜਾਂਦੇ,
ਜੇ ਨਾਲ ਹਾਣਾ ਦੇ ਹਾਣੀ ਰੁੱਕ ਜਾਂਦੇ।
ਹਨੇਰੀਆਂ ਝੱਖੜ ਹਵਾ ਦੇ ਬੁੱਲੇ ਆਉਂਦੇ ਰਹਿੰਦੇ,
ਭਲਾਂ ਫੇਰ ਕਿਹੜਾ ਮੁਹੱਬਤ ਦੇ ਬੋਹੜ ਸੁੱਕ ਜਾਂਦੇ।
ਉਹਦੇ ਬਿਨਾਂ ਵੀ ਦਿਨ ਲੰਘੀ ਜਾਂਦੇ ਨੇ,
ਜੇ ਉਹ ਹੁੰਦੀ ਤਾਂ ਲੰਘ ਇਹ ਦੁੱਖ ਜਾਂਦੇ।
ਅਰਮਾਨ ਬੈਠੇ ਉਸਦੀ ਯਾਦ ਵਿੱਚ,
ਅੱਖਰ ਤੋੜ-ਤੋੜ ਜੋੜੀ ਤੁੱਕ ਤੇ ਤੁੱਕ ਜਾਂਦੇ।
ਕਿੰਨਾ ਚੰਗਾ ਹੁੰਦਾ ਜੇ ਉਹ ਸੁਪਨਾ ਸੱਚ ਹੁੰਦਾ,
ਲੈ ਬਰਾਤ ਉਹਦੇ ਵਿਹੜੇ ਢੁੱਕ ਜਾਂਦੇ।
ਜੇ ਉਹ ਅਜਨਬੀ ਜਿਹੀ ਮੁਹੱਬਤ ਮਿਲ ਜਾਂਦੀ,
ਸਾਡੇ ਜਨਮਾਂ ਦੇ ਗੇੜ ਮੁੱਕ ਜਾਂਦੇ।
ਪਹਿਲਾਂ-ਪਹਿਲਾਂ ਹੱਸਦੇ ਸੀ
ਪਹਿਲਾਂ-ਪਹਿਲਾਂ ਹੱਸਦੇ ਸੀ,
ਹੁਣ ਦੇਖਕੇ ਮੱਠਾ-ਮੱਠਾ ਖੰਘ ਜਾਂਦੇ ਨੇ।
ਬਸ ਇੰਝ ਹੀ ਨਜ਼ਰ ਮਿਲਾਉਂਦੇ,
ਨੈਣ ਚੁਰਾਉਂਦੇ ਸੱਜਣ ਲੰਘ ਜਾਂਦੇ ਨੇ।
ਗੱਲ੍ਹਾਂ ਕਰਕੇ ਸੁਰਖ਼ ਲਾਲ ਰੰਗੀਆਂ,
ਅੱਖਾਂ ਸੁਰਮੇ ਨਾਲ ਭਰ ਸੰਗ ਜਾਂਦੇ ਨੇ।
ਕੀ ਉਹਨਾਂ ਦੀ ਸਿਫ਼ਤ ਕਰਾਂ,
ਉਹ ਨਾਲ ਅਦਾਵਾਂ ਸੂਲੀ ਟੰਗ ਜਾਂਦੇ ਨੇ।
ਜਿਸ ਦਿਨ ਨਾ ਉਹਦਾ ਦੀਦਾਰ ਹੋਏ,
ਉਹ ਦਿਨ ਤਾਂ ਭਾਣੇ ਭੰਗ ਜਾਂਦੇ ਨੇ।
ਅਰਮਾਨ ਹੁਸਨ ਵਾਲਿਆਂ ਤੋਂ ਬਚਕੇ ਰਹਿੰਦਾ,
ਜਿਹੜੇ ਆਪਣੇ ਰੰਗਾਂ ਵਿਚ ਰੰਗ ਜਾਂਦੇ ਨੇ।
ਪਿਆਰ ਜਾਂ ਦੋਸਤੀ?
ਦਿਨ ਨਹੀਂ ਲੰਘਦੇ ਸੌਂ-ਸੌਂ ਕੇ,
ਨਜ਼ਰ ਘਟਾ ਲਈ ਰਾਤਾਂ ਰੋ-ਰੋ ਕੇ।
ਉਹ ਇਕ ਵਾਰ ਨਾ ਹੋਈ ਮੇਰੀ,
ਮੈਂ ਕਈ ਵਾਰ ਦੇਖਿਆ ਉਹਦਾ ਹੋ-ਹੋ ਕੇ।
ਬਹੁਤ ਪਰਖੀ ਉਸਨੇ ਉਲਫ਼ਤ ਮੇਰੀ,
ਤੇ ਮੈਂ ਵੀ ਕਰਦਾ ਰਿਹਾ ਉਹ ਜੋ-ਜੋ ਕਹੇ।
ਉਹਦੇ ਨਾਲ ਜੋ ਰੰਗ ਜ਼ਿੰਦਗੀ ਦੇ ਸੀ,
ਉਹਦੇ ਬਾਅਦ ਨਾ ਲੱਗਦੇ ਓਹੋ ਜਿਹੇ।
ਅੱਖਰ ਥੁੜ ਗਏ ਲਿਖਦੇ ਦੇ,
ਨਾ ਥੁੜੇ ਦਰਦ ਜੋ ਉਹਦੇ ਬਾਅਦ ਸਹੇ।
ਪਿਆਰ ਛੱਡ ਦੋਸਤੀ ਮੰਗ ਸੀ ਤੇਰੀ,
ਨਾ ਪਿਆਰ ਰਿਹਾ ਨਾ ਦੋਸਤ ਰਹੇ।
ਉਹਦੀਆਂ ਗੱਲਾਂ
ਉਹ ਹੱਸੀ ਮੈਂ ਹੱਸਿਆ,
ਹੱਸ-ਹੱਸ ਕਰੀਆਂ ਗੱਲਾਂ।
ਸਿੱਧੀਆਂ ਵੱਜੀਆਂ ਦਿਲ ਨੂੰ ਆਣ ਕੇ,
ਕੀਤੀਆਂ ਸੀ ਬੜੀਆਂ ਗੱਲਾਂ।
ਉਂਝ ਤਾਂ ਕਦੇ ਪੀਤਾ ਨਹੀਂ ਮੈਂ,
ਪਰ ਜ਼ਹਿਰ ਵਾਂਗ ਸੀ ਲੜੀਆਂ ਗੱਲਾਂ।
ਸਾਰੇ ਪੁੱਛਣ ਹਾਲ ਮੇਰਾ,
ਜੀਹਦੇ-ਜੀਹਦੇ ਵੀ ਕੰਨੀ ਚੜ੍ਹੀਆਂ ਗੱਲਾਂ।
ਇਕ ਪਾਸੇ ਮੈਂ ਇਕ ਪਾਸੇ ਉਹ,
ਵਿੱਚ ਆਣ ਕੇ ਖੜ੍ਹੀਆਂ ਗੱਲਾਂ।
ਉਹ ਨਹੀਂ ਅੱਗੇ ਵੱਧਣ ਦੇਂਦੀਆਂ,
ਜੋ ਉਹਨੇ ਸੀ ਕਰੀਆਂ ਗੱਲਾਂ।
ਉਹਦੇ ਜਾਣ ਪਿੱਛੋਂ
ਉਹਦੇ ਜਾਣ ਪਿੱਛੋਂ ਰੁਲ ਚੱਲਿਆ ਸੀ,
ਪਿੱਤਲ ਭਾਅ ਤੁਲ ਚੱਲਿਆ ਸੀ।
ਬੱਸ ਰਹਿ ਗਿਆ ਸੀ ਉਹਦਾ ਨਾਂ ਚੇਤੇ,
ਮੈਂ ਖੁਦ ਨੂੰ ਵੀ ਭੁੱਲ ਚੱਲਿਆ ਸੀ।
ਹਾਸੇ ਸਾਰੇ ਓਹਦੇ ਹਿੱਸੇ ਲਿਖ,
ਗ਼ਮ ਸਾਰੇ ਲੈ ਮੁੱਲ ਚੱਲਿਆ ਸੀ।
ਲੋਕੀਂ ਆਖਣ ਲੱਗ ਗਏ ਸੀ ਪਾਗਲ ਮੈਨੂੰ,
ਹੱਥੀਂ ਕੰਡੇ ਫੜ ਮਿੱਧ ਫੁੱਲ ਚੱਲਿਆ ਸੀ।
ਬਚਾ ਗਈਆਂ ਦੁਆਵਾਂ ਰੱਬ ਨੂੰ ਕੀਤੀਆਂ,
ਜ਼ਹਿਰ ਜਵਾਨੀ ਤੇ ਡੁੱਲ੍ਹ ਚੱਲਿਆ ਸੀ।
ਸ਼ੁਕਰ ਹੈ ਲੱਗੀ ਨਹੀਂ ਚਾਬੀ ਕਿਸੇ ਤੋਂ,
ਜਿੰਦਰਾ ਦਿਲ ਦਾ ਖੁੱਲ੍ਹ ਚਲਿਆ ਸੀ।
ਵਿਸ਼ਾ ਮੁਹੱਬਤ ਦਾ
ਅੱਖਾਂ ਤੋਂ ਪੜਦਾ ਲਾਹ ਕੇ ਦੇਖ,
ਦਿਲ ਮੇਰੇ ਨੂੰ ਕਹਾ ਕੇ ਦੇਖ।
ਮੈਂ ਮਾੜਾ ਹਾਂ ਹਰ ਕੋਈ ਕਹਿੰਦਾ,
ਤੂੰ ਮੇਰੀ ਜਗ੍ਹਾ ਆ ਕੇ ਦੇਖ।
ਚੰਗੀ ਨਹੀਂ ਹੁੰਦੀ ਬੇਪਰਵਾਹੀ ਇਹ,
ਥੋੜ੍ਹੀ ਜਿਹੀ ਫ਼ਿਕਰ ਜਤਾ ਕੇ ਦੇਖ।
ਖੌਰੇ ਤੇਰੀ ਆਖੀ ਮੋੜ ਨਾ ਹੋਏ,
ਕਦੇ ਕੋਲ ਬਹਿ ਸਮਝਾ ਕੇ ਦੇਖ।
ਇਸ਼ਕ ਕਰਦਾ ਹਾਂ ਕਰਨਾ ਨਾ ਆਵੇ,
ਵਿਸ਼ਾ ਮੁਹੱਬਤ ਦਾ ਮੈਨੂੰ ਪੜ੍ਹਾ ਕੇ ਦੇਖ।
ਲੋਕ ਭੁੱਲ ਜਾਣਗੇ ਹੀਰ-ਰਾਂਝਾ,
ਆਪਣੇ ਨਾਂ ਨਾਲ ਮੇਰਾ ਨਾਂ ਰਲਾ ਕੇ ਦੇਖ।
ਬੇਪਰਵਾਹ
ਸੱਧਰਾਂ ਉਲਝਾ ਬੈਠੇ ਹਾਂ,
ਦਿਲ ਸਮਝਾ ਬੈਠੇ ਹਾਂ।
ਦਿਲ ਦੇ ਕੇ ਦਿਲ ਮਿਲਿਆ ਨਹੀਂ,
ਤੇ ਕਦਰਾਂ ਵੀ ਗਵਾ ਬੈਠੇ ਹਾਂ।
ਓਹਲੇ ਬੈਠੇ ਕਿਸੇ ਕਿਨਾਰੇ 'ਤੇ,
ਹੋ ਹਾਸਿਆਂ ਤੋਂ ਖਫ਼ਾ ਬੈਠੇ ਹਾਂ।
ਉਹਦੇ ਨਾਲ ਹੱਸੇ ਹਾਸੇ ਰਵਾਉਂਦੇ ਨੇ,
ਉਂਝ ਵਾਅਦੇ ਲਾਰੇ ਤਾਂ ਭੁਲਾ ਬੈਠੇ ਹਾਂ।
ਤੂੰ ਦਿਲ ਹੀ ਨਾ ਲਾਈਂ ਚੰਗਾ ਏ,
ਅਸੀਂ ਤਾਂ ਹੋ ਬੇਪਰਵਾਹ ਬੈਠੇ ਹਾਂ।
ਸੂਰਜ ਹੱਸਿਆ ਤਾਰੇ ਹੱਸੇ
ਸੂਰਜ ਹੱਸਿਆ ਤਾਰੇ ਹੱਸੇ,
ਆਪਣੇ ਤੇ ਗ਼ੈਰ ਸਾਰੇ ਹੱਸੇ।
ਇਕੱਠੇ ਹੱਸੇ ਹਾਸੇ ਹੱਸੇ,
ਕੁੱਝ ਵਾਅਦੇ ਸਾਰੇ ਲਾਰੇ ਹੱਸੇ।
ਬਚਪਨ ਜਵਾਨੀ ਦੇ ਕਿੰਨੇ ਸਾਲ ਸੀ,
ਇੱਕਲੇ-ਇੱਕਲੇ ਕਰ ਚਾਰੇ ਹੱਸੇ।
ਇੱਕ ਵਾਰ ਰੋਇਆ ਮੂਹਰੇ ਕਿਸੇ ਦੇ,
ਉਹ ਰੋਣੇ ਮੇਰੇ 'ਤੇ ਓਹ ਕਈ ਵਾਰੇ ਹੱਸੇ।
ਇਲਮ
ਲੇਖੋਂ ਬਾਹਰ ਜੋ ਹੁੰਦਾ ਹੈ,
ਦਿਲ ਓਹਨੂੰ ਹੀ ਚਾਹੁੰਦਾ ਕਿਉਂ ਹੁੰਦਾ ਹੈ?
ਇਸ਼ਕ ਦਾ ਇਹ ਰੋਗ ਅਵੱਲਾ,
ਨਾ ਹੱਸ ਹੁੰਦਾ, ਨਾ ਰੋ ਹੁੰਦਾ ਹੈ।
ਇੰਝ ਹੀ ਸਭ ਨੂੰ ਮਰਨਾ ਪੈਂਦਾ,
ਇੰਝ ਹੀ ਸਭ ਤੋਂ ਜਿਉਂ ਹੁੰਦਾ ਹੈ।
ਜਾ ਕੇ ਸਿੱਖ 'ਗੁਰਮਨਾ' ਇਲਮ ਕੋਈ,
ਪਿਆਰ ਨਾਲ ਕਿੱਥੇ ਦਿਲ ਖੋਹ ਹੁੰਦਾ ਹੈ।
ਧੋਖੇ ਦਾ ਮਤਲਬ
ਮੇਰੇ ਹੱਥੋਂ ਹੱਥ ਛੁਡਾ ਕੇ ਗਈ ਸੀ,
ਕਿਸੇ ਗ਼ੈਰ ਨੂੰ ਅਪਣਾ ਕੇ ਗਈ ਸੀ।
ਮੈਨੂੰ ਗਲ਼ ਤੋਂ ਲਾਹ ਕੇ ਉਹ,
ਕਿਸੇ ਨੂੰ ਗਲ ਲਾ ਕੇ ਗਈ ਸੀ।
ਸਾਹਮਣੇ ਦੇਖੇ ਸੁਪਨੇ ਚੂਰ ਹੁੰਦੇ,
ਉਹ ਪੈਰੀਂ ਕੱਚ ਵਿਛਾ ਕੇ ਗਈ ਸੀ।
ਮੈ ਨਾ-ਸਮਝ ਸਮਝਦਾ ਰਿਹਾ ਓਹਨੂੰ ਆਪਣਾ,
ਉਹ ਧੋਖੇ ਦਾ ਮਤਲਬ ਸਮਝਾ ਕੇ ਗਈ ਸੀ।
ਇਕ ਤਰਫ਼ਾ ਇਸ਼ਕ
ਮੇਰਾ ਤੇਰੇ 'ਤੇ ਹੱਕ ਨਹੀਂ ਕੋਈ,
ਮੈਂ ਤੇਰਾ ਹਾਂ ਸ਼ੱਕ ਨਹੀਂ ਕੋਈ।
ਇਕ ਤਰਫ਼ਾ ਇਸ਼ਕ ਸਹਿ ਨਹੀਂ ਹੁੰਦਾ,
ਇਸ ਤੋਂ ਕੌੜਾ ਅੱਕ ਨਹੀਂ ਕੋਈ।
ਤੈਨੂੰ ਨਜ਼ਰਾਂ ਤੋਂ ਕਿਵੇਂ ਬਚਾਵਾਂ,
ਤੈਨੂੰ ਨਾ ਦੇਖੇ ਐਸੀ ਅੱਖ ਨਹੀਂ ਕੋਈ।
ਲੱਭਲਾ ਭੀੜ 'ਚ ਮੈਂ ਨਹੀਂ ਮਿਲਣਾ,
ਮੇਰੇ ਵਰਗੇ ਇੱਥੇ ਲੱਖ ਨਹੀਂ ਕੋਈ।
ਤੇਰੇ ਬਾਰੇ ਮੇਰੀ ਮਾਂ ਪੁੱਛੇ
ਮੇਰੇ ਤੋਂ ਤੇਰਾ ਨਾਂ ਪੁੱਛੇ,
ਤੇਰੇ ਬਾਰੇ ਮੇਰੀ ਮਾਂ ਪੁੱਛੇ।
ਵਿਗੜਿਆ ਮੈਂ ਸੁਧਰ ਗਿਆ ਜੋ,
ਖੌਰੇ ਮੇਰੇ ਤੋਂ ਤਾਂ ਪੁੱਛੇ।
ਪੁੱਛੇ ਮੈਨੂੰ ਕਿਵੇਂ ਦੱਸਾਂ?
ਕਿਵੇਂ ਕਹਾਂ ਕਿ ਨਾ ਪੁੱਛੇ।
ਤੇਰੇ ਬਾਰੇ ਸੋਚ ਖਿੜਿਆ ਰਹਿਣਾ,
ਹੱਸਦੇ ਨੂੰ ਕੋਲ ਆ ਪੁੱਛੇ ।
ਕਹਿੰਦੀ ਆਪਾਂ ਵਿਚੋਲਾ ਪਾ ਲਵਾਂਗੇ,
ਬਸ ਤੇਰਾ ਸ਼ਹਿਰ ਗਰਾਂ ਪੁੱਛੇ।
ਮੇਰੇ ਤੋਂ ਤੇਰਾ ਨਾਂ ਪੁੱਛੇ,
ਤੇਰੇ ਬਾਰੇ ਮੇਰੀ ਮਾਂ ਪੁੱਛੇ।
ਇਸ਼ਕ ਉਸ ਕਮਲੀ ਦਾ
ਇੱਕ ਸ਼ਖਸ ਸੀ ਹੱਸ ਕੇ ਮਿਲਿਆ,
ਨਾਂ ਪਤਾ ਸੀ ਦੱਸ ਕੇ ਮਿਲਿਆ।
ਉਂਝ ਤਾਂ ਭੁੱਲ ਜਾਂਦਾ ਹਾਂ ਰਾਹੀ ਮੈਂ,
ਪਰ ਉਹ ਸੀ ਦਿਲ ਵਿਚ ਵੱਸ ਕੇ ਮਿਲਿਆ।
ਉਂਝ ਤਾਂ ਭੀੜਾਂ ਜਾਂਦੀਆਂ ਨੱਸ ਮੇਰੇ ਤੋਂ,
ਉਹ ਸੀ ਭੀੜ ਵਿਚੋਂ ਨੱਸ ਕੇ ਮਿਲਿਆ।
ਉਹ ਸੀ ਇਸ਼ਕ ਉਸ ਕਮਲੀ ਦਾ,
ਜੋ ਸੀਨੇ ਮੇਰੇ ਕੱਸ ਕੇ ਮਿਲਿਆ।
ਅਫ਼ਸਾਨੇ
ਅਸੀਂ ਕਮਲੇ ਦੀਵਾਨੇ ਰਹਿ ਗਏ,
ਇਸ਼ਕ ਦੇ ਭਰਦੇ ਹਰਜ਼ਾਨੇ ਰਹਿ ਗਏ।
ਉਹਨੇ ਕਿਸ ਨਾਲ ਕਰੇ ਵਾਅਦੇ ਨਹੀਂ ਪਤਾ,
ਸਾਡੇ ਲਈ ਬਸ ਬਹਾਨੇ ਰਹਿ ਗਏ।
ਚਾਵਾਂ ਨਾਲ ਦੱਸਦਾ ਸੀ ਨਾਮ ਸਭ ਨੂੰ,
ਹੁਣ ਕੰਨੀਂ ਸੁਣਦੇ ਤਾਅਨੇ ਰਹਿ ਗਏ।
ਉਹਨੇ ਜੋੜ ਲਈ ਕਹਾਣੀ ਗ਼ੈਰਾਂ ਨਾਲ,
ਸਾਡੇ ਇਸ਼ਕ ਦੇ ਅਫ਼ਸਾਨੇ ਰਹਿ ਗਏ।
ਦੋਸਤੀ ਤੋਂ ਕਰੀਬ
ਉਹਦੇ ਨਾਲ ਇਕ ਰਿਸ਼ਤਾ ਅਜੀਬ ਰਿਹਾ,
ਥੋੜ੍ਹਾ ਦੋਸਤੀ ਤੋਂ ਸੀ ਕਰੀਬ ਰਿਹਾ।
ਜਦ ਤੱਕ ਰਹੀ ਗੱਲਬਾਤ ਉਸ ਨਾਲ,
ਗੱਲ ਕਹਿ ਨਾ ਹੋਈ, ਇਹੋ ਨਸੀਬ ਰਿਹਾ।
ਜਵਾਨੀ ਸਾਰੀ ਦਾਅ 'ਤੇ ਲਾਅ,
ਦਿਲਾ ਤੈਨੂੰ ਪਛਤਾਵਾ ਹੀ ਕਿਉਂ ਅਜ਼ੀਜ਼ ਰਿਹਾ।
ਉਹਨੇ ਵਾਅਦਾ ਵੀ ਨਹੀਂ ਕੀਤਾ ਮੁੜ ਆਉਣ ਦਾ,
ਤੇ ਇਹ ਪਾਗਲ ਦਿਲ ਅੱਜ ਵੀ ਉਹਨੂੰ ਉਡੀਕ ਰਿਹਾ।
ਦੋਸਤ ਰਹਿ ਲਵਾਂਗੇ
ਚੱਲ ਕੱਖ ਨਹੀਂ ਹੁੰਦਾ,
ਏਦਾਂ ਦਿਲ ਵੱਖ ਨਹੀਂ ਹੁੰਦਾ।
ਤੂੰ ਕਹਿੰਦੀ ਚੱਲ ਦੋਸਤ ਰਹਿ ਲਵਾਂਗੇ,
ਪਰ ਏਦਾਂ ਰਿਸ਼ਤਾ ਰੱਖ ਨਹੀਂ ਹੁੰਦਾ।
ਚੱਲ ਜੀ ਲਵਾਂਗੇ ਆਪੋ-ਆਪਣੀ,
ਜਿਉਣਾ ਸੌਖਾ ਭਾਵੇਂ ਬੇਸ਼ੱਕ ਨਹੀਂ ਹੁੰਦਾ।
ਨਾ ਰੱਖ ਸਿਰ ਮੇਰੇ ਮੋਢੇ 'ਤੇ,
ਮੇਰੇ ਤੋਂ ਗੈਰਾਂ ਦਾ ਭਾਰ ਚੱਕ ਨਹੀਂ ਹੁੰਦਾ।
ਚੰਨ ਜਿਹਾ ਦਾਗ਼ੀ ਏ
ਅੱਖੋਂ ਓਹਲੇ ਹੋ ਕੇ ਬਹਿੰਦਾ ਏ,
ਮੇਰਾ ਚੈਨ ਖੋਹ ਕੇ ਬਹਿੰਦਾ ਏ।
ਐਸਾ ਵੀ ਕੀ ਏ ਉਹਦੇ ਵਿਚ,
ਜੋ ਮੇਰੇ ਤੋਂ ਖੁਦ ਨੂੰ ਲੁਕੋ ਕੇ ਬਹਿੰਦਾ ਏ।
ਚੰਨ ਜਿਹਾ ਏ ਦਾਗ਼ੀ ਏ,
ਪਰ ਫੇਰ ਵੀ ਮੈਨੂੰ ਮੋਹ ਕੇ ਬਹਿੰਦਾ ਏ।
ਖਿੜ-ਖਿੜ ਹੱਸਦਾ ਸੁਣਿਆ ਸੀ ਮੈਂ,
ਹੱਸਦਾ-ਹੱਸਦਾ ਡਿੱਗ ਖਲੋਕੇ ਬਹਿੰਦਾ ਏ।
ਇਕ ਦਿਨ ਇਕੱਲਾ ਬੈਠਾ ਦੇਖਿਆ ਸੀ ਮੈਂ,
ਪਤਾ ਨਹੀਂ ਕਿਓਂ ਅੱਖੀਆਂ ਭਿਓਂ ਕੇ ਬਹਿੰਦਾ ਏ।
ਅੱਖੋਂ ਓਹਲੇ ਹੋ ਕੇ ਬਹਿੰਦਾ ਏ,
ਮੇਰਾ ਚੈਨ ਖੋਹ ਕੇ ਬਹਿੰਦਾ ਏ।
ਰਹੇ ਮੁਹੱਬਤ ਜ਼ਿੰਦਾ
ਰਹੇ ਮੁਹੱਬਤ ਜ਼ਿੰਦਾ, ਲਿਖਵਾਉਂਦੀ ਰਹੇ,
ਇਸ ਕਮਲੇ ਦੀ ਰੋਟੀ, ਪਕਵਾਉਂਦੀ ਰਹੇ।
ਮਰ ਜਾਣੇ ਜਜ਼ਬਾਤ ਬਿੰਨ ਇਹਦੇ,
ਹੱਸਦੀ ਰਹੇ, ਰਵਾਉਂਦੀ ਰਹੇ।
ਜੇ ਬਹਿਜਾਂ ਸਭ ਕੁਝ ਹਾਰ ਕੇ ਮੈਂ,
ਜਿੰਦ ਮੇਰੀ ਢਾਉਂਦੀ ਰਹੇ।
ਬਹੁਤ ਕੁਝ ਦੱਸ ਮੈਂ ਕੀ ਮੰਗਾਂ?
ਬੱਸ ਉਹ ਹਰ ਰੋਜ਼ ਨਜ਼ਰੀ ਆਉਂਦੀ ਰਹੇ।
ਇਸ਼ਕ ਦੇ ਕਰਕੇ
ਇਸ਼ਕ-ਇਸ਼ਕ ਕਰਕੇ ਰੋਇਆ,
ਮੈਂ ਤਾਂ ਇਸ਼ਕ ਕਰਕੇ ਰੋਇਆ।
ਵਗਦੀਆਂ ਹਵਾਵਾਂ ਠਾਰਦੀਆਂ ਸੀ,
ਮੈਂ ਤਾਂ ਤਨਹਾਈ 'ਚ ਸੜ ਕੇ ਰੋਇਆ।
ਲੋਕ ਰੋਂਦੇ ਨੇਂ ਮਰਿਆਂ ਨੂੰ,
ਮੈਂ ਖੁਦ ਤੇਰੇ 'ਤੇ ਮਰ ਕੇ ਰੋਇਆ।
ਲੱਗਾ ਪਤਾ ਲੋਕ ਕਿਉਂ ਰੋਂਦੇ ਨੇਂ,
ਜਦ ਤੇਰੇ ਤੋਂ ਸੀ ਹਰ ਕੇ ਰੋਇਆ।
ਉਹਦੇ ਬਾਅਦ ਜ਼ਿੰਦਗੀ
ਉਹਦੇ ਬਾਅਦ ਕੀ ਜ਼ਿੰਦਗੀ?
ਰਿਹਾ ਕਿੱਦਾਂ ਜੀਅ ਜ਼ਿੰਦਗੀ।
ਕਿੱਦਾਂ ਚੱਲਦੀ, ਪੁੱਛਦੀ ਮੇਰੇ ਤੋਂ,
ਜੇ ਕਦੇ ਹੁੰਦੀ ਸੀ ਜ਼ਿੰਦਗੀ।
ਇਸ਼ਕ ਤਾਂ ਪਹਿਲੀ ਉਮਰ ਦੀਆਂ ਗੱਲਾਂ,
ਹੁਣ ਪਿਆਰ ਬਾਰੇ ਸੋਚਦੀ ਨਹੀਂ ਜ਼ਿੰਦਗੀ।
ਇਹ ਤਾਂ ਉਹੀ ਹਰਾ ਗਈ ਗੁਰਮਨ ਨੂੰ,
ਉਂਝ ਏਡੀ ਮਜਾਲ ਵਾਲੀ ਕਿੱਥੇ ਸੀ ਜ਼ਿੰਦਗੀ।
ਜਾਂ ਤੂੰ ਜਾਂ ਕੋਈ ਹੋਰ ਵੀ ਨਹੀਂ
ਹੱਥ ਫੜ ਲਿਆ ਜੇ ਛੱਡਣਾ ਨਹੀਂ ਮੈਂ,
ਕਦੇ ਦਿਲ 'ਚੋਂ ਤੈਨੂੰ ਕੱਢਣਾ ਨਹੀਂ ਮੈਂ।
ਭਾਵੇਂ ਰਹਿਜਾਂ ਮੈਂ ਜ਼ਮਾਨੇ ਤੋਂ ਪਿੱਛੇ,
ਪਰ ਤੇਰੇ ਬਿਨ ਅੱਗੇ ਵਧਣਾ ਨਹੀਂ ਮੈਂ।
ਮੈਨੂੰ ਕਹਿਣਗੇ ਲੋਕੀਂ ਕਮਲਾ-ਝੱਲਾ,
ਪਰ ਤੇਰੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਮੈਂ।
ਜਾਂ ਤੂੰ ਜਾਂ ਫੇਰ ਕੋਈ ਹੋਰ ਵੀ ਨਹੀਂ,
ਕਿਸੇ ਗ਼ੈਰ ਨਾਲ ਵੱਸਣਾ ਨਹੀਂ ਮੈਂ।
ਸੁਪਨੇ ਵਿਚ ਮੁਲਾਕਾਤ
ਰੱਬ ਤੋਂ ਕੀਤੀਆਂ ਦੁਆਵਾਂ ਵਿਚ ਮੰਗਿਆ ਉਹਨੂੰ,
ਆਉਂਦੀਆਂ-ਜਾਂਦੀਆਂ ਰਾਹਾਂ 'ਚ ਮੰਗਿਆ ਉਹਨੂੰ।
ਇਹ ਮੰਦਿਰ, ਗੁਰਦੁਆਰੇ, ਮਸਜਿਦਾਂ ਦੇਖਦਾ?
ਇਹਨਾਂ ਸਭ ਥਾਵਾਂ 'ਚ ਮੰਗਿਆ ਉਹਨੂੰ।
ਉਹਨੂੰ ਬਸ ਇਕ ਥਾਂ ਨਹੀਂ ਮੰਗਿਆ,
ਉਹਦੇ ਕੋਲ ਜਾ ਨਹੀਂ ਮੰਗਿਆ।
ਪਿਆਰ ਦੇਖ ਭਾਵੇਂ ਮਿਲ ਜਾਂਦੀ,
ਪਰ ਹੌਂਸਲਾ ਜਤਾ ਨਹੀਂ ਮੰਗਿਆ।
ਉਹਦੇ ਦੀਦਾਰੇ ਮੰਗ ਹੋਇਆ ਸ਼ੁਦਾਈ ਮੈਂ,
ਰੌਣਕ ਚਿਹਰੇ ਦੀ ਗਵਾਈ ਮੈਂ।
ਬਸ ਓਦੋਂ ਦਾ ਇੰਤਜ਼ਾਰ 'ਚ ਹਾਂ,
ਇਕ ਵਾਰ ਸੁਪਨੇ 'ਚ ਕਿਹਾ ਸੀ ਆਈ ਮੈਂ।
ਕੌਲ-ਇਕਰਾਰ
ਜਿਨ੍ਹਾਂ ਨਾਲ ਤੂੰ ਗਈ ਸੀ, ਦੇਖ ਪਰਤ ਆਈਆਂ ਬਹਾਰਾਂ ਉਹ,
ਜੋ ਯਾਰ ਤੇਰੇ ਵਿਚ ਮੈਂ ਖੋਇਆ ਸੀ, ਨਾ ਮਿਲਿਆ ਲੱਖ ਹਜ਼ਾਰਾਂ 'ਚੋਂ।
ਦੱਸ ਪਿਆਰ ਦੀ ਮੰਡੀ ਕਿੰਝ ਜਾਵਾਂ ਮੈਂ, ਬਿਨ ਕੋਠੀਆਂ ਕਾਰਾਂ ਤੋਂ,
ਜੋ ਵਫ਼ਾ ਤੂੰ ਕਮਾਕੇ ਗਈਂ ਏਂ, ਨਹੀਂ ਮਿਲਦੀ ਇਸ਼ਕ ਬਜ਼ਾਰਾਂ 'ਚੋਂ।
ਤੇਰਾ ਪਰਤ ਆਉਣਾ ਮੁੜ ਮੇਰੇ ਕੋਲ, ਹੈ ਕਿਤੇ ਵੱਡਾ ਤਿਉਹਾਰਾਂ ਤੋਂ,
ਮੇਰੇ ਜਿਹੇ ਰੁੱਖਾਂ ਨੂੰ ਕਿੰਨਾ ਚਾਅ ਹੁੰਦਾ, ਤੂੰ ਪੁੱਛਕੇ ਦੇਖ ਬਹਾਰਾਂ ਤੋਂ।
ਦਿਲ ਨਹੀਂ ਰਹਿੰਦੇ ਪਹਿਲਾਂ ਜਿਹੇ, ਜੇ ਕੋਈ ਫਿਰਜੇ ਕੌਲ-ਇਕਰਾਰਾਂ ਤੋਂ,
ਅਰਮਾਨ ਰਹਿਣਾ ਪੈਂਦਾ ਬਚਕੇ ਫਿਰ, ਆਸ਼ਿਕ ਪਾਗਲ ਅਵਾਰਾ ਤੋਂ।
ਫੁੱਲ ਤਾਂ ਫੁੱਲ ਹੁੰਦੇ ਨੇਂ
ਕਿੰਝ ਤੈਨੂੰ ਮੈਂ ਭੁੱਲਦਾ ਨਹੀਂ, ਕਿੰਝ ਚੁੱਕਦਾ ਹਾਂ ਰੋਜ਼ ਦੁੱਖਾਂ ਨੂੰ,
ਤੇਰੀ ਯਾਦ ਮੇਰੀ ਇਬਾਦਤ ਏ, ਦੱਸ ਪੱਤਿਆਂ ਦਾ ਕੀ ਬੋਝ ਰੁੱਖਾਂ ਨੂੰ।
ਓਹ ਕਹਿੰਦੀ ਫੁੱਲ ਤਾਂ ਫੁੱਲ ਹੁੰਦੇ ਨੇਂ, ਕੁਝ ਲਿਖ ਇਹਨਾਂ 'ਤੇ ਸਤਰਾਂ ਵੇ!
ਉਹ ਨਹੀਂ ਜਾਣਦੀ ਜਿਨ੍ਹਾਂ ਨੂੰ ਮੈਂ ਜਾਣਾ, ਉਹ ਫੁੱਲ ਪਏ ਨੇਂ ਕਬਰਾਂ 'ਤੇ।
ਕੌਣ ਕਿਸੇ ਲਈ ਮਰਦਾ ਇੱਥੇ, ਜਿਉਂਦੇ ਜੀਅ ਪੈਣ ਕਦਰਾਂ ਜੇ,
ਜਰਦੇ-ਜਰਦੇ ਠੋਕਰਾਂ ਨੂੰ, ਇਹ ਦਿਲ ਹੋ ਗਏ ਨੇ ਪੱਥਰਾਂ ਜਿਹੇ।
ਉਲਫ਼ਤ-ਨਫ਼ਰਤ ਮੌਤ ਤੇ ਜ਼ਿੰਦਗੀ, ਕੋਈ ਛੱਡਿਆ ਨਹੀਂ ਹਰ ਰਾਹ ਗਿਆ ਹਾਂ,
ਇਹ ਫਿਰ ਕੈਸਾ ਮੋੜ ਹੈ ਜ਼ਿੰਦਗੀ ਦਾ, ਮੁੜ ਤੇਰੇ ਕੋਲ ਜੋ ਆ ਗਿਆ ਹਾਂ।
ਤੇਰੇ ਨਾਲ ਜ਼ਿੰਦਗੀ
ਗੱਲਾਂ ਮਿਲਕੇ ਕਰਨੀਆਂ ਤੇਰੇ ਨਾਲ, ਅੱਡ ਹੋਗਿਆਂ ਨੂੰ ਹੋਏ ਸਾਲ ਕਈ।
ਨਾ ਤੂੰ ਟੱਕਰੀ ਨਾ ਕੋਈ ਤੇਰੇ ਜੇਹੀ, ਅੱਖ ਅੱਜ ਵੀ ਤੈਨੂੰ ਭਾਲ ਰਹੀ।
ਤੇਰੇ ਬਾਅਦ ਕੀ ਹੋਗਿਆ ਪਤਾ ਨਹੀਂ, ਤੇਰੇ ਨਾਲ ਜ਼ਿੰਦਗੀ ਕਮਾਲ ਰਹੀ।
ਤੂੰ ਪੁੱਛਕੇ ਦੇਖ ਖਬਰੇ ਠੀਕ ਹੋਜੇ, ਉਂਝ ਤੇਰੇ ਬਿਨ ਤਾਂ ਕੋਈ ਹਾਲ ਨਹੀਂ।
ਲੋਕੀਂ ਸ਼ਾਇਰ ਕਹਿੰਦੇ ਨੇ ਕਮਲੇ ਨੂੰ, ਤੂੰ ਤੋੜਿਆ ਤੁਕਾਂ ਜੋੜਦਾ ਰਹਿੰਦਾ।
ਲੇਖੇ ਲੱਗ ਗਏ ਸਾਲ ਗਾਲੇ, ਜਜ਼ਬਾਤਾਂ ਨੂੰ ਨੋਟਾਂ ਦੇ ਨਾਲ ਤੋਲਦਾ ਰਹਿੰਦਾ।
ਕੀ ਪਤਾ ਕਦ ਹਕੀਕੀ ਰਾਬਤੇ ਹੋਣੇ, ਹੰਝੂ ਭਰ-ਭਰ ਅੱਖ ਨੂੰ ਡੋਲਦਾ ਰਹਿੰਦਾ।
ਮੈਂ ਕਿਉਂ ਫਿਰ ਕਾਗਜ਼ 'ਤੇ ਲਿਖਦਾਂ ਕੁਝ, ਜੇ ਤੂੰ ਮੇਰੇ ਨਾਲ ਬੋਲਦਾ ਰਹਿੰਦਾ।
ਨਾ ਕੁਝ ਤੇਰੇ ਲਈ ਮੈਂ ਲਿਖਿਆ, ਆਹ ਵਿਚ ਕਿਤਾਬਾਂ ਲੋਕਾਂ ਜੋ ਪੜ੍ਹਿਆ ਏ।
ਕਿਉਂ ਤੈਨੂੰ ਨਫ਼ਰਤ ਹੋ ਗਈ ਮੇਰੇ ਨਾਲ, ਮੈਂ ਬਸ ਇਸ਼ਕ ਹੀ ਤਾਂ ਕਰਿਆ ਏ।
ਸੁਣਿਆ ਦੁਨੀਆਦਾਰੀ ਤੋਂ ਦੂਰ ਕਿਤੇ, ਜਾ ਫ਼ਕੀਰਾਂ ਦੇ ਨਾਲ ਰਲਿਆ ਏ।
ਜ਼ਿੰਦਗੀ ਨੂੰ ਜੀਣ ਲੱਗ ਪਿਆ, ਅਰਮਾਨ ਜਦ ਦਾ ਤੇਰੇ ਤੇ ਮਰਿਆ ਏ।
ਉਹਦਾ ਚਿਹਰਾ ਤੱਕਦਾ ਰਹਿੰਦਾ
ਉਹਦਾ ਚਿਹਰਾ ਤੱਕਦਾ ਰਹਿੰਦਾ, ਸੂਰਜ ਵਾਂਗ ਭੱਖਦਾ ਰਹਿੰਦਾ।
ਗੱਲ ਕਹਿਣੀ ਆ ਤੇ ਕਹਿ ਵੀ ਨਹੀਂ ਸਕਦਾ।
ਚਾਹੁੰਦਾ ਹਾਂ ਪਰ ਝਕਦਾ ਰਹਿੰਦਾ, ਉਹਦਾ ਚਿਹਰਾ ਤੱਕਦਾ ਰਹਿੰਦਾ।
ਉਹ ਫੁੱਲ ਗੁਲਾਬ ਦਾ, ਤੇ ਕਿੱਕਰ ਤੋਂ ਡਿੱਗਿਆ ਕੰਡਾ ਮੈਂ।
ਉਹ ਹੈ ਹੀ ਇਹਨੀਂ ਚੰਗੀ, ਦੱਸ ਕਿਉਂ ਨਾ ਉਹਤੋਂ ਸੰਗਾਂ ਮੈਂ।
ਰੱਬ ਪੁੱਛੇ ਮੈਨੂੰ ਹੁਣ, ਕਿਉਂ ਨਾਮ ਤੇਰਾ ਜਪਦਾ ਰਹਿੰਦਾ।
ਉਹਦਾ ਚਿਹਰਾ ਤੱਕਦਾ ਰਹਿੰਦਾ, ਸੂਰਜ ਵਾਂਗ ਭੱਖਦਾ ਰਹਿੰਦਾ।
ਭਾਵੇਂ ਦੋਵੇਂ ਮਿੱਟੀ ਹਾਂ, ਪਰ ਮਿੱਟੀ ਉੱਚੀ ਆ ਜਨਾਬ ਦੀ।
ਮੈਂ ਉਹ ਘਟਾ ਬਣ ਗਈ, ਉਹ ਮਿੱਟੀ ਸੁੱਚੀ ਆ ਪੰਜਾਬ ਦੀ।
ਉਹ ਮਿੱਟੀ ਪਾਕ ਮੈਂ ਧੂੜ ਹਾਂ, ਤਾਹੀਓਂ ਉਹਤੋਂ ਦੂਰ ਹਾਂ।
ਉਹਦੇ ਜਿਹਾ ਬਸ ਕਹਿਣ ਨੂੰ ਹਾਂ, ਪਰ ਮੈਂ ਮਿੱਟੀ ਜ਼ਰੂਰ ਹਾਂ।
ਹਾਸੇ ਕੋਲ਼ੇ ਉਂਝ ਬਾਹਲੇ ਨਹੀਂ, ਉਹਨੂੰ ਸੋਚ ਹੱਸਦਾ ਰਹਿੰਦਾ।
ਉਹਦਾ ਚਿਹਰਾ ਤੱਕਦਾ ਰਹਿੰਦਾ, ਸੂਰਜ ਵਾਂਗ ਭੱਖਦਾ ਰਹਿੰਦਾ।
ਉਹਦੇ ਜਿਹੀ ਕੋਈ ਹੋਰ ਨਹੀਂ
ਉਹਦੇ ਜਿਹੀ ਕੋਈ ਹੋਰ ਨਹੀਂ, ਇਹ ਗੱਲ 'ਚ ਕੋਈ ਚੋਰ ਨਹੀਂ।
ਉਹ ਸੋਹਣੀ ਸੁਨੱਖੀ ਤੇ ਹੈ ਹੀ, ਪਰ ਸਾਦਗੀ ਦਾ ਵੀ ਕੋਈ ਤੋੜ ਨਹੀਂ।
ਉਹਦੇ ਜਿਹੀ ਕੋਈ ਹੋਰ ਨਹੀਂ...।
ਉਹਨੂੰ ਰੱਬ ਨੇ ਆਪ ਘੜਿਆ, ਐਵੇਂ ਤੇ ਨਹੀਂ ਦਿਲ ਉਹਤੇ ਮਰਿਆ।
ਫੱਬਿਆ ਨਹੀਂ ਸੀ ਦਿਲ ਕੋਈ, ਪਰ ਮੂਹਰੇ ਉਹਦੇ ਚੱਲਿਆ ਜ਼ੋਰ ਨਹੀਂ।
ਉਹਦੇ ਜਿਹੀ ਕੋਈ ਹੋਰ ਨਹੀਂ...।
ਉਹਨੂੰ ਘੜਤਾ ਸਿਫ਼ਤ ਨੂੰ ਅੱਖਰ ਨਹੀ ਘੜੇ, ਉਹਦੇ ਗੁਣ ਪਰੇ ਤੋਂ ਪਰੇ।
ਮੈਂ ਕਰਾਂ ਕੋਸ਼ਿਸ਼ ਸਿਫ਼ਤ ਕਰਾਂ, ਪਰ ਲੱਗੇ ਇੰਝ ਬਸ ਵਰਕੇ ਭਰੇ।
ਉਹਨੂੰ ਦੇਖ ਚੜ੍ਹਦੀ ਆ ਜੋ, ਇਹ ਅੱਖਰਾਂ ਵਿਚ ਉਹ ਲੋਰ ਨਹੀਂ।
ਉਹਦੇ ਜਿਹੀ ਕੋਈ ਹੋਰ ਨਹੀਂ...।
ਸਾਰੇ ਮੁੰਡੇ ਮਾੜੇ ਨਹੀਂ ਹੁੰਦੇ
ਦਿਲ ਦੇ ਵਰਕੇ ਭਾਰੇ ਨਹੀਂ ਹੁੰਦੇ, ਹੰਝੂ ਸਾਰੇ ਖਾਰੇ ਨਹੀਂ ਹੁੰਦੇ।
ਐਵੇਂ ਕਹਿ ਦਿੰਦੇ ਨੇ ਲੋਕ ਅਕਸਰ, ਸਾਰੇ ਮੁੰਡੇ ਮਾੜੇ ਨਹੀਂ ਹੁੰਦੇ।
ਦਿਲਾਂ 'ਚ ਉਹ ਵੀ ਚਾਅ ਰੱਖਦੇ ਨੇ, ਪਰ ਅਕਸਰ ਹੀ ਗਵਾ ਰੱਖਦੇ ਨੇ,
ਹੁੰਦੇ ਨਿਕੰਮੇ ਜਾ ਮਿਹਨਤੀ, ਮੁੰਡੇ ਜਨਾਬ ਵਿਚਾਰੇ ਨਹੀਂ ਹੁੰਦੇ।
ਐਵੇਂ ਕਹਿ ਦਿੰਦੇ ਨੇ ਲੋਕ ਅਕਸਰ, ਸਾਰੇ ਮੁੰਡੇ ਮਾੜੇ ਨਹੀਂ ਹੁੰਦੇ।
ਰਿਸ਼ਤੇ ਨਿਭਾਉਣੇ ਕਿਹੜੇ ਸੌਖੇ ਪਏ ਨੇ, ਪੈਰ-ਪੈਰ 'ਤੇ ਧੋਖੇ ਪਏ ਨੇ,
ਅਜੋਕੇ ਸਮੇਂ ਦੀਆਂ ਅਜੋਕੀਆਂ ਗੱਲਾਂ, ਹਾਸਿਆਂ ਦੇ ਜਨਾਬ ਸੋਕੇ ਪਏ ਨੇ।
ਬਸ ਫ਼ਿਕਰਾਂ ਹੁੰਦੀਆਂ ਜਦ ਟੋਕਣ, ਦਿਲੀਂ ਕੋਈ ਸਾੜੇ ਨਹੀਂ ਹੁੰਦੇ।
ਐਵੇਂ ਕਹਿ ਦਿੰਦੇ ਨੇ ਲੋਕ ਅਕਸਰ, ਸਾਰੇ ਮੁੰਡੇ ਮਾੜੇ ਨਹੀ ਹੁੰਦੇ।
ਤੇਰੀਆਂ ਯਾਦਾਂ
ਬਿਨਾਂ ਸੱਦੇ ਜੋ ਆਉਂਦੀਆਂ ਤੇਰੀਆਂ ਯਾਦਾਂ ਵੀ ਕਮਾਲ ਨੇ।
ਕਰ ਅੱਖ ਗਿੱਲੀ ਗਲ਼ ਲਾਉਂਦੀਆਂ ਤੇਰੀ ਯਾਦਾਂ ਵੀ ਕਮਾਲ ਨੇ।
ਕੁਝ ਖੈਰ ਨਹੀਂ ਤੇਰੇ ਮਗਰੋਂ, ਪਰ ਤੂੰ ਪੁੱਛ ਨਾ ਕੀ ਹਾਲ ਨੇ।
ਜਿਨ੍ਹਾਂ ਆਸਰੇ ਦਿਨ ਲੰਘੀ ਜਾਂਦੇ, ਤੇਰੀਆਂ ਯਾਦਾਂ ਵੀ ਕਮਾਲ ਨੇਂ।
ਪੁਰਾਣੇ ਜ਼ਖਮ ਹਰੇ ਕਰ ਦੇਣੇ, ਯਾਰ ਨਵਿਆਂ ਦੀ ਭਾਲ ਨੇ।
ਤੈਨੂੰ ਭੁੱਲਣ ਨਹੀਂ ਦੇਂਦੀਆਂ, ਤੇਰੀਆਂ ਯਾਦਾਂ ਵੀ ਕਮਾਲ ਨੇ।
ਜਿੰਨਾ ਨਿਕਲਾਂ ਫੱਸਦਾ ਜਾਵਾਂ, ਇਹ ਜ਼ੁਲਫ਼ਾਂ ਨੇ ਜਾਂ ਜਾਲ ਨੇ।
ਜਿਨ੍ਹਾਂ ਅੱਜ ਤੱਕ ਮੈਨੂੰ ਬੰਨ੍ਹ ਕੇ ਰੱਖਿਆ, ਤੇਰੀਆਂ ਯਾਦਾਂ ਵੀ ਕਮਾਲ ਨੇ।
ਤੇਰੇ ਤੋਂ ਵੱਧ ਸਮਾਂ ਹੰਢਾਇਆ ਮੇਰੇ ਨਾਲ, ਪਾੜੇ ਚੁੰਨੀ ਨਾਲੋਂ ਰੁਮਾਲ ਨੇ।
'ਅਰਮਾਨ' ਲੀਰੋ-ਲੀਰ ਕੀਤਾ ਪਿਆ, ਤੇਰੀਆਂ ਯਾਦਾਂ ਵੀ ਕਮਾਲ ਨੇ।
ਸੱਜਣਾਂ ਦੇ ਸੱਜਣ
ਸ਼ਕਲਾਂ ਯਾਦ ਨੇ, ਪਰ ਨਾਂ ਨਹੀਂ ਚੇਤੇ,
ਕੇ ਕਿਹੜੇ ਕਿਹੜੇ ਸੀ।
ਉਂਝ ਸਾਡੇ ਸੱਜਣਾ ਕੋਲ ਸੱਜਣ ਬਥੇਰੇ ਸੀ,
ਹੁਸਨਾਂ ਦੀ ਆਕੜ ਰੱਖੀ ਓਹਨਾਂ,
ਨਾ ਸਾਡੀ ਰਾਹ ਤੱਕੀ ਓਹਨਾਂ,
ਕੱਚੀ ਉਮਰ ਦੇ ਤੰਦ ਕਹਾਂ?
ਜਾਂ ਦੱਸਾਂ ਸਾਡੀ ਯਾਰੀ ਕਿੰਨੀ ਪੱਕੀ ਓਹਨਾਂ।
ਨਾਂ ਹੁਣ ਓਹਨਾਂ ਵਿਚੋਂ ਇੱਕ ਰਿਹਾ,
ਓਦੋਂ ਓਹਨਾਂ ਨਾਲ ਜਿਹੜੇ-ਜਿਹੜੇ ਸੀ।
ਉਂਝ ਸਾਡੇ ਸੱਜਣਾਂ ਕੋਲ ਸੱਜਣ ਬਥੇਰੇ ਸੀ।
ਅੱਜ ਵੀ ਕੋਈ ਘਾਟ ਨਹੀਂ ਓਹਨੂੰ,
ਹੁਸਨ ਵਾਲਿਆਂ ਦੇ ਮੁਰੀਦ ਥੁੜਦੇ ਕਦੇ ਨਹੀਂ ਹੁੰਦੇ।
ਅੱਧੀ ਉਮਰ ਲੰਘੀ ਤੋਂ ਸਮਝ ਆਈ,
ਬੀਤਿਆ ਵਕਤ ਤੇ ਪਰਦੇਸੀ ਸੱਜਣ ਮੁੜਦੇ ਨਹੀਂ ਹੁੰਦੇ।
ਥਾਂ-ਥਾਂ ਡੇਰੇ ਓਹਨਾਂ ਦੇ,
ਚੇਤੇ ਨਹੀਂ ਆਖਰੀ ਵਾਰ ਕਿਹੜੇ ਵਿਹੜੇ ਸੀ।
ਉਂਝ ਸਾਡੇ ਸੱਜਣਾਂ ਕੋਲ ਸੱਜਣ ਬਥੇਰੇ ਸੀ।
ਕਾਫ਼ਿਰ ਅੱਖਾਂ ਵਾਲਾ
ਕਾਫ਼ਿਰ ਅੱਖਾਂ ਵਾਲਾ,
ਕੋਈ ਇਹਦੇ ਤੋਂ ਮੋਹ ਦੀ ਆਸ ਨਹੀਂ।
ਗੱਲਾਂ ਕਰਦਾ ਰੱਬ ਦੀਆਂ ਬੱਸ,
ਤੇ ਕਹਿੰਦਾ ਰੱਬ 'ਤੇ ਮੈਨੂੰ ਵਿਸ਼ਵਾਸ ਨਹੀਂ।
ਮੁੱਲ ਮਿਹਨਤ ਦਾ ਹੁੰਦਾ ਫ਼ਲ ਜਿਵੇਂ,
ਅੱਜ ਨੂੰ ਹੁੰਦਾ ਕੱਲ੍ਹ ਜਿਵੇਂ।
ਕੱਲ੍ਹ ਦੀ ਕਰਦਾ ਉਡੀਕ ਰਹਿੰਦਾ,
ਤੇ ਨਾਲੇ ਆਖੇ ਕੋਈ ਕੱਲ੍ਹ ਤੋਂ ਮੈਨੂੰ ਆਸ ਨਹੀਂ।
ਗੱਲਾਂ ਕਰਦਾ ਰੱਬ ਦੀਆਂ ਬੱਸ,
ਤੇ ਕਹਿੰਦਾ ਰੱਬ 'ਤੇ ਮੈਨੂੰ ਵਿਸ਼ਵਾਸ ਨਹੀਂ।
ਮਾਘ ਦੇ ਵਿਚ ਲੋਅ ਜਿਵੇਂ, ਹਾੜ ਦੇ ਵਿਚ ਸ਼ੀਤ ਜਿਹਾ।
ਬੈਠਾ ਨਿੰਮ ਥੱਲੇ ਲੱਭ ਜਾਊਗਾ, ਮੁੰਡਾ ਸ਼ਿਵ ਦੇ ਗੀਤ ਜਿਹਾ।
ਜ਼ਿੰਦਗੀ ਨਾਲੋਂ ਮੌਤ ਚੰਗੀ, ਥੋੜ੍ਹੀ ਨਹੀਂ ਬਹੁਤ ਚੰਗੀ।
ਇਹ ਗੱਲ ਅਰਮਾਨ ਦੀ ਆਈ ਮੈਨੂੰ ਰਾਸ ਨਹੀਂ।
ਗੱਲਾਂ ਕਰਦਾ ਰੱਬ ਦੀਆਂ ਬੱਸ,
ਤੇ ਕਹਿੰਦਾ ਰੱਬ 'ਤੇ ਮੈਨੂੰ ਵਿਸ਼ਵਾਸ ਨਹੀਂ।
ਮੈਨੂੰ ਮੇਰੇ 'ਤੇ ਯਕੀਨ ਨਹੀਂ
ਤੂੰ ਝੂਠੀ, ਤੇਰੇ ਵਾਅਦੇ ਝੂਠੇ, ਮੈਨੂੰ ਤੇਰੇ 'ਤੇ ਇਤਬਾਰ ਨਹੀਂ।
ਇਹ ਸਭ ਜੋ ਲਿਖਿਆ ਮੈਂ, ਏਦਾਂ ਦਾ ਕੋਈ ਸੀਨ ਨਹੀਂ।
ਅਸਲੀਅਤ ਵਿੱਚ ਮੈਨੂੰ ਮੇਰੇ 'ਤੇ ਯਕੀਨ ਨਹੀਂ,
ਕਦੋਂ ਕੀਹਨੂੰ ਕਿਉਂ ਛੱਡਦਾਂ, ਬਿੰਨ ਪੁੱਛੇ ਦੱਸੇ ਜ਼ਿੰਦਗੀ 'ਚੋਂ ਕੱਢਦਾਂ
ਅੱਗੇ ਵੱਧਣ ਵੇਲੇ ਮੈਂ ਪਿੱਛੇ ਹਟਜਾਂ, ਜਾਂ ਫਿਰ ਲੋੜ ਵੇਲੇ ਮੈਂ ਪਾਸਾ ਵੱਟਜਾਂ
ਤੇਰੇ ਨਾਲ ਇਹ ਸਭ ਨਾ ਕਰਦਾ, ਬਸ ਇਹਨਾਂ ਗੱਲਾਂ ਤੋਂ ਡਰਦਾ,
ਮੈਂ ਮੇਰੇ 'ਤੇ ਯਕੀਨ ਨਹੀਂ ਕਰਦਾ...।
ਤੇਰੇ ਹਾਸਿਆਂ ਦਾ ਮੈਂ ਗਮ ਨਾ ਬਣਜਾ, ਐਵੇਂ ਅਸੀਂ ਤੁਸੀਂ ਤੋਂ ਹਮ ਨਾ ਬਣਜਾ।
ਮੇਰੇ ਵਾਂਗੂ ਤੇਰੇ ਹਾਸੇ ਵੀ ਨਾ ਕਤਲ ਹੋ ਜਾਣ,
ਐਵੇਂ ਤੇਰੀ ਜ਼ਿੰਦਗੀ ਦਾ ਮੈਂ ਯਮ ਨਾਂ ਬਣਜਾਂ।
ਐਵੇਂ ਮੇਰੇ ਵਾਂਗੂ ਲਿਖ-ਲਿਖ ਕੇ, ਦੁਨੀਆਂ ਨੂੰ ਤੂੰ ਮੋਹ ਨਾ ਜਾਏ,
ਜੇ ਮੇਰੇ ਨਾਲ ਕਿਸੇ ਨੇ ਕੀਤਾ ਏ, ਓਹ ਮੈਥੋਂ ਤੇਰੇ ਨਾਲ ਕਿਤੇ ਹੋ ਨਾਂ ਜਾਏ।
ਇਹ ਖਿਆਲ ਜਦ ਵੀ ਆਏ, ਮੇਰਾ ਮੇਰੇ ਤੋਂ ਹੋਰ ਯਕੀਨ ਚੁੱਕਿਆ ਜਾਏ।
ਮੇਰੀ ਹਾਸੇ ਹੱਸਦੀ ਹਸੀਨ ਜ਼ਿੰਦਗੀ, ਮੇਰੇ ਤੋਂ ਹੀ ਜਰੀ ਨਹੀਂ ਜਾਣੀ।
ਜੋ ਮੇਰੇ ਨਾਲ ਹੋਈ ਏ, ਓਹ ਤੇਰੇ ਨਾਲ ਮੇਰੇ ਤੋਂ ਕਰੀ ਨਹੀਂ ਜਾਣੀ।
ਦਿੱਲ ਟੁੱਟਿਆ ਤਾਂ ਤੂੰ ਜਰ ਲੈਣਾ,
ਪਰ ਪੀੜ ਯਕੀਨ ਟੁੱਟੇ ਦੀ ਜਰੀ ਨਹੀਂ ਜਾਣੀ।
ਸੱਚੀਂ ਉਦੋਂ ਉਦੋਂ ਹੀ ਕਹਿਰ ਹੋਇਆ ਏ,
ਜਦੋਂ ਆਪਣਾ ਕੋਈ ਜ਼ਹਿਰ ਹੋਇਆ ਏ।
ਜਦੋਂ-ਜਦੋਂ ਵੀ ਯਕੀਨ ਟੁੱਟੇ ਨੇ,
ਹਰ ਆਸਾਂ ਦਾ ਤਬਾਹ ਸ਼ਹਿਰ ਹੋਇਆ ਏ।
ਉਦੋਂ ਅਸਲ ਸੀਨੇ ਵਿਚ ਉੱਠਦਾ ਦਰਦ ਆ,
ਜਦੋਂ ਪੜ੍ਹਦਾ ਨਹੀਂ ਕੋਈ ਲਿਖੀਆਂ ਫਰਦਾਂ।
ਮੇਰੀ ਅਧੂਰੀ ਲਿਖੀ ਆ ਰੱਬ ਨੇਂ, ਕਿੰਝ ਪੂਰੀ ਨਿਭਾਉਣ ਦਾ ਵਾਅਦਾ ਕਰਦਾਂ।
ਬਸ ਇਹਨਾਂ ਗੱਲਾਂ ਤੋਂ ਡਰਦਾ, ਮੈਂ ਮੇਰੇ 'ਤੇ ਯਕੀਨ ਨਹੀਂ ਕਰਦਾ।
ਤੂੰ ਕਿੱਥੋਂ ਸੁਣਿਆ ਮੁੰਡੇ ਰੋਂਦੇ ਨਹੀਂ ਹੁੰਦੇ
ਪੱਥਰਾਂ ਜਿਹੇ ਦਿਲ ਸੁਣੀਂਦੇ,
ਮੋਮ ਦੇ ਵਾਂਗ ਚੋਂਦੇ ਨਹੀਂ ਹੁੰਦੇ।
ਸੁਣੀਆਂ ਗੱਲਾਂ ਅਫ਼ਵਾਹ ਵੀ ਹੁੰਦੀਆਂ,
ਤੂੰ ਕਿੱਥੋਂ ਸੁਣਿਆ ਮੁੰਡੇ ਰੋਂਦੇ ਨਹੀਂ ਹੁੰਦੇ।
ਦਿਲ ਭਰਿਆ-ਭਰਿਆ ਰਹਿੰਦਾ, ਮੁੱਖ ’ਤੇ ਹਾਸੇ ਹੁੰਦੇ ਨੇ,
ਅੱਖਾਂ ਓਹਦੀਆਂ ਦੇਖੀਂ, ਦੁੱਖ ਖਾਸੇ ਹੁੰਦੇ ਨੇ।
ਨਿੱਤ ਹੀ ਨਵੇਂ ਕਿੱਸੇ ਹਰ ਰੋਜ ਹੁੰਦੇ ਨੇ,
ਤੂੰ ਕੀ ਜਾਣੇ ਕਿੰਨੇ ਰਿਸ਼ਤਿਆਂ ਦੇ ਬੋਝ ਹੁੰਦੇ ਨੇ।
ਜਦ ਕਿਧਰੇ ਵੀ ਵਧੀਕੀ ਹੋਏ,
ਇਹ ਡਿੱਗ ਪੈਂਦੇ ਕਿਉਂਕਿ ਪੱਕੇ ਬਨੇਰੇ ਚੋਂਦੇ ਨਹੀਂ ਹੁੰਦੇ।
ਸੁਣੀਆਂ ਗੱਲਾਂ ਅਫਵਾਹ ਵੀ ਹੁੰਦੀਆਂ,
ਤੂੰ ਕਿੱਥੋਂ ਸੁਣਿਆ ਮੁੰਡੇ ਰੋਂਦੇ ਨਹੀਂ ਹੁੰਦੇ।
ਕੋਈ ਮਾਂ ਨਾਲ ਕੋਈ ਬਾਪ ਨਾਲ, ਉਹਦੇ ਵੀ ਤਾਂ ਗਿਲੇ ਹੋਣਗੇ,
ਜੋ ਮਲ੍ਹਮ ਚੱਕੀ ਫਿਰਦਾ ਏ, ਜ਼ਖਮ ਉਹਨੂੰ ਵੀ ਤਾਂ ਮਿਲੇ ਹੋਣਗੇ।
ਮਰ ਮੁੱਕ ਜਾਣਾ ਤਾਂ ਅੱਡ ਮੁੱਦਾ,
ਜਿਉਂਦੇ ਜੀਅ ਚੈਨ ਦੀ ਨੀਂਦੇ ਸੌਂਦੇ ਨਹੀਂ ਹੁੰਦੇ।
ਸੁਣੀਆਂ ਗੱਲਾਂ ਅਫਵਾਹ ਵੀ ਹੁੰਦੀਆਂ,
ਤੂੰ ਕਿੱਥੋਂ ਸੁਣਿਆ ਮੁੰਡੇ ਰੋਂਦੇ ਨਹੀਂ ਹੁੰਦੇ।
ਪਰ ਇਕ-ਦੂਜੇ ਤੋਂ ਦੂਰ ਰਹਾਂਗੇ
ਹਾਂ ਨੇੜੇ ਚਾਹੇ ਜਰੂਰ ਰਹਾਂਗੇ, ਪਰ ਇਕ-ਦੂਜੇ ਤੋਂ ਦੂਰ ਰਹਾਂਗੇ।
ਇਹ ਦਿਲ ਜੁੜੇ ਸੀ, ਬਸ ਇਸੇ ਗੱਲੋਂ ਚੂਰ ਰਹਾਂਗੇ।
ਹਾਂ ਨੇੜੇ ਚਾਹੇ ਜ਼ਰੂਰ ਰਹਾਂਗੇ, ਪਰ ਇਕ-ਦੂਜੇ ਤੋਂ ਦੂਰ ਰਹਾਂਗੇ।
ਦੂਰ ਖੜ ਦੇਖਾਂਗੇ,
ਬੋਲੀ ਅੱਖੀਆਂ ਦੀ ਪੜ ਦੇਖਾਂਗੇ।
ਗੱਲਾਂ ਤਾਂ ਕਈ ਹੋਣਗੀਆਂ ਕਹਿਣ ਨੂੰ,
ਪਰ ਚੁੱਪ ਰਹਿਣ ਨੂੰ ਮਜਬੂਰ ਰਹਾਂਗੇ।
ਹਾਂ ਨੇੜੇ ਚਾਹੇ ਜ਼ਰੂਰ ਰਹਾਂਗੇ, ਪਰ ਇਕ-ਦੂਜੇ ਤੋਂ ਦੂਰ ਰਹਾਂਗੇ।
ਜਿਵੇਂ ਤਾਰੇ ਦਿੱਸਦੇ ਨੇ, ਪਰ ਦੂਰ ਨੇ,
ਇਹ ਰਿਸ਼ਤੇ ਜੁੜੇ ਸੀ, ਤਾਹੀਂ ਟੁੱਟਣ ਨੂੰ ਮਜਬੂਰ ਨੇ।
ਜੇ ਪੁੱਛਿਆ ਕਿਸੇ ਬੇਵਫਾ ਸੀ ਕੌਣ? ਇਕ-ਦੂਜੇ ਨੂੰ ਬੇਕਸੂਰ ਕਹਾਂਗੇ।
ਹਾਂ ਨੇੜੇ ਚਾਹੇ ਜ਼ਰੂਰ ਰਹਾਂਗੇ, ਪਰ ਇਕ-ਦੂਜੇ ਤੋਂ ਦੂਰ ਰਹਾਂਗੇ।
ਗੁਰਮਨ ਨਾਮ ਭੁਲਾਈ ਨਾ ਤੂੰ, ਹੁਣ ਇਹਤੋਂ ਗੱਲ ਵਧਾਈਂ ਨਾ ਤੂੰ।
ਇਸ਼ਕ ਨਾਲ ਤੈਨੂੰ ਨਫ਼ਰਤ ਹੋਜੂ, ਹੱਦੋਂ ਵਧ ਕੇ ਚਾਹੀਂ ਨਾ ਤੂੰ।
ਜੇ ਹੋਈਆਂ ਲਿਖੀਆਂ ਤਾਂ ਫਿਰ ਮਿਲਾਂਗੇ, ਵਿੱਚ ਉਹਦੇ ਦਸਤੂਰ ਰਹਾਂਗੇ।
ਹਾਂ ਨੇੜੇ ਚਾਹੇ ਜਰੂਰ ਰਹਾਂਗੇ, ਪਰ ਇਕ-ਦੂਜੇ ਤੋਂ ਦੂਰ ਰਹਾਂਗੇ।
ਜੀ ਕਰਦਾ ਏ ਮਰ ਦੇਖਾ
ਮੈਂ ਦੀਵਾ ਉਹ ਸੂਰਜ,
ਓਹਦੇ ਮੂਹਰੇ ਮੇਰੀ ਲੋਅ ਨਹੀਂ ਕੋਈ।
ਲੱਖਾਂ ਮੁਰੀਦ ਨੇ ਦੇਖੇ ਉਹਦੇ,
ਭੀੜ ਆ ਇਕ ਦੋ ਨਹੀਂ ਕੋਈ।
ਰਹਿੰਦੀ ਉਹ ਅਸਮਾਨ ਉੱਚੇ 'ਚ,
ਰਹਿ ਧਰਤੀ 'ਤੇ ਉਹਨੂੰ ਖੜ ਦੇਖਾਂ।
ਮੈਂ ਸੁਣਿਆ ਹੁੰਦੀਆਂ ਨਹੀਂ ਮਰਿਆਂ ਨੂੰ ਬੰਦਿਸ਼ਾਂ ਕੋਈ,
ਜੀ ਕਰਦਾ ਏ ਮਰ ਦੇਖਾਂ।
ਬੜੀ ਕਰਦਾਂ ਕੋਸ਼ਿਸ਼ ਸਿੱਧਾ ਤੱਕ ਨਹੀਂ ਹੁੰਦਾ,
ਮਿਹਣਾ ਜੱਗ ਦਾ ਹੁਣ ਖੱਟ ਨਹੀਂ ਹੁੰਦਾ।
ਨਾ ਹੀ ਹੁੰਦਾ ਹੋ ਦੂਰ ਓਹਤੋਂ,
ਤੇ ਕੋਲ ਵੀ ਓਹਦੇ ਭੱਜ ਨਹੀਂ ਹੁੰਦਾ।
ਉਹ ਸੂਚੀ ਲਿਖਾਈ ਪੰਜਾਬੀ ਜਿਵੇਂ,
ਦੱਸ ਕਿੱਦਾਂ ਓਹਨੂੰ ਪੜ ਦੇਖਾਂ।
ਮੈਂ ਸੁਣਿਆ ਹੁੰਦੀਆਂ ਨਹੀਂ ਮਰਿਆਂ ਨੂੰ ਬੰਦਿਸ਼ਾਂ ਕੋਈ,
ਜੀ ਕਰਦਾ ਏ ਮਰ ਦੇਖਾਂ।
ਨਾ ਮਸਲਾ ਕੋਈ ਜਾਤ ਦਾ ਹੋਣਾ,
ਨਾ ਉੱਚੀ-ਨੀਵੀਂ ਔਕਾਤ ਦਾ ਹੋਣਾ।
ਨਾ ਹੋਣਾ ਰੌਲਾ ਪ੍ਰਾਂਤ ਦਾ ਕੋਈ,
ਨਾ ਦਿਨ ਦਾ ਹੋਣਾ ਨਾ ਰਾਤ ਦਾ ਹੋਣਾ।
ਦੂਰ ਰਹਿ ਫਿਰਾਂ ਤੱਪਦਾ ਮੈਂ,
ਗਲ ਲੱਗ, ਮੈਂ ਠਰ ਦੇਖਾਂ।
ਮੈਂ ਸੁਣਿਆ ਹੁੰਦੀਆਂ ਨਹੀਂ ਮਰਿਆਂ ਨੂੰ ਬੰਦਿਸ਼ਾਂ ਕੋਈ,
ਜੀ ਕਰਦਾ ਏ ਮਰ ਦੇਖਾਂ।
ਜੇ ਮੈਂ ਰੋ ਪਿਆ
ਜੇ ਮੈਂ ਰੋ ਪਿਆ, ਚੁੱਪ ਤੇ ਕਰਾਏਂਗੀ ਨਾ?
ਜੇ ਮੈਂ ਰੋ ਪਿਆ, ਗਲ਼ ਨਾਲ ਲਾਏਂਗੀ ਨਾ?
ਜੇ ਮੈਂ ਰੋ ਪਿਆ, ਰੋਂਦੇ ਨੂੰ ਦੇਖ ਹੱਸੇਂਗੀ ਤੇ ਨਹੀਂ?
ਜੇ ਮੈਂ ਰੋ ਪਿਆ, ਮੈਂ ਰੋਇਆ ਸੀ, ਕਿਸੇ ਨੂੰ ਦਸੇਂਗੀ ਤੇ ਨਹੀਂ?
ਮੁੰਡਾ ਹੋ ਕੇ ਵੀ ਰੋਂਦਾ ਉਹ,
ਕਿਤੇ ਇਹ ਸੋਚੀਂ ਨਾ।
ਮੈਂ ਰੋਕ ਕੇ ਰੱਖ ਲੈਂਦਾ ਜਜ਼ਬਾਤ ਆਪਣੇ,
ਪਰ ਜੇ ਰੋ ਪਿਆ ਤਾਂ ਰੋਕੀ ਨਾ।
ਕੁੱਝ ਅੱਥਰੂ ਮੈਨੂੰ ਵਹਾਅ ਲੈਣ ਦਈਂ,
ਦਿਲ ਨੂੰ ਥੋੜਾ ਸਮਝਾ ਲੈਣ ਦਈਂ।
ਜੇ ਸਮਝਾ ਨਾ ਹੋਇਆ ਦਿਲ ਮੈਥੋਂ,
ਨਾਲ ਰਲ ਸਮਝਾਏਂਗੀ ਨਾ?
ਜੇ ਮੈਂ ਰੋ ਪਿਆ, ਚੁੱਪ ਤੇ ਕਰਾਏਂਗੀ ਨਾ?
ਗੱਲਾਂ ਹਾਸਿਆਂ ਨੂੰ ਖਾ ਗਈਆਂ ਜੇ,
ਮੈਂ ਕੌਣ ਸੀ? ਮੈਨੂੰ ਭੁਲਾ ਗਈਆਂ ਜੇ।
ਨਾਲ ਰਲ ਓਹਨਾਂ ਨੂੰ ਭੁਲਾਏਂਗੀ ਨਾ,
ਜੇ ਮੈਂ ਰੋ ਪਿਆ, ਚੁੱਪ ਤੇ ਕਰਾਏਂਗੀ ਨਾ?
ਦੱਸ ਹਾਲ ਕਿਵੇਂ ਲਫ਼ਜ਼ਾਂ 'ਚ ਪੇਸ਼ ਕਰਦਾਂ..?
ਦੇਸ ਹਾਲ ਕਿਵੇਂ ਲਫ਼ਜ਼ਾਂ 'ਚ ਪੇਸ਼ ਕਰਦਾਂ..?
ਭੁੱਲਾਂ ਓਹਨੂੰ ਹੌਲੀ ਹੌਲੀ, ਜਾ ਨਸ਼ਾ ਮੈਂ ਤੇਜ਼ ਕਰਦਾਂ ?
ਜਿਨੂੰ ਦੇਖਿਆਂ ਬਿਨ ਕਦੇ ਤੋੜ ਸੀ ਲਗਦੀ,
ਅੱਜ ਕਲ ਬਸ ਓਹਦੇ ਤੋਂ ਮੈਂ ਪਰਹੇਜ਼ ਕਰਦਾਂ।
ਦੱਸ ਹਾਲ ਕਿਵੇਂ ਲਫਜ਼ਾਂ 'ਚ ਪੇਸ਼ ਕਰਦਾਂ..?
ਭੁੱਲਾਂ ਓਹਨੂੰ ਹੌਲੀ ਹੌਲੀ, ਜਾਂ ਨਸ਼ਾ ਮੈਂ ਤੇਜ਼ ਕਰਦਾ..?
ਸਾਹ ਮੇਰੇ ਠਹਿਰ ਜਾਣ,
ਕਰ ਕੋਈ ਐਸਾ ਕਹਿਰ ਜਾਣ।
ਉਹ ਆ ਜੇ ਗਲ ਲੱਗਜੇ,
ਖੁਆਬ ਮੇਰੇ ਨਾ ਓਹਦੇ ਸ਼ਹਿਰ ਜਾਣ।
ਓਹਦੀ ਦੂਰੀ 'ਚ ਹੌਲੀ-ਹੌਲੀ ਸੜ ਰਿਹਾ,
ਨਿੱਤ ਬਿਨ ਓਹਦੇ ਜੀਅ ਕੇ ਮਰ ਰਿਹਾ ਹਾਂ।
ਕਿਉਂ ਵਿਛੋੜਾ ਢੋਂਦਾ ਮੈਂ,
ਕਿਉਂ ਹਾਸਿਆਂ ਤੋਂ ਗੁਰੇਜ਼ ਕਰਦਾ?
ਦੱਸ ਹਾਲ ਕਿਵੇਂ ਲਫ਼ਜਾਂ 'ਚ ਪੇਸ਼ ਕਰਦਾਂ.. ?
ਭੁੱਲਾਂ ਓਹਨੂੰ ਹੌਲੀ-ਹੌਲੀ, ਜਾ ਨਸ਼ਾ ਮੈਂ ਤੇਜ ਕਰਦਾਂ..?
ਲੰਘੀਆਂ ਬਹਾਰਾਂ ਮੁੜ ਆਉਂਦੀਆਂ
ਲੰਘੀਆਂ ਬਹਾਰਾਂ ਮੁੜ ਆਉਂਦੀਆਂ,
ਕਿਉਂ ਮੇਰੇ ਤੋਂ ਇੰਤਜ਼ਾਰ ਨਹੀਂ ਹੋਇਆ।
ਐਡਾ ਕੀ ਹੋਇਆ ਪੱਥਰ ਦਾ ਮੈਂ?
ਮੈਨੂੰ ਕਿਸੇ ਨਾਲ ਕਿਉਂ ਪਿਆਰ ਨਹੀਂ ਹੋਇਆ?
ਸੂਰਜ ਢਲੇ ਤੋਂ ਸਵੇਰ ਵੀ ਹੋਵੇ,
ਬੱਦਲ ਮੀਂਹ ਤੋਂ ਫੇਰ ਵੀ ਹੋਵੇ।
ਮੰਨਿਆ ਕਦੇ-ਕਦੇ ਦੇਰ ਵੀ ਹੋਵੇ,
ਕਿਉਂ ਪੈਰਾਂ 'ਤੇ ਰੱਖ ਭਾਰ ਨਹੀਂ ਹੋਇਆ।
ਐਡਾ ਕੀ ਹੋਇਆ ਪੱਥਰ ਦਾ ਮੈਂ?
ਮੈਨੂੰ ਕਿਸੇ ਨਾਲ ਕਿਉਂ ਪਿਆਰ ਨਹੀਂ ਹੋਇਆ?
ਤੈਨੂੰ ਦੱਸਾਂ ਦਿਲ ਡਰਨ ਲੱਗ ਗਿਆ,
ਅੱਖਾਂ 'ਚੋਂ ਦਿਲ ਪੜ੍ਹਨ ਲੱਗ ਗਿਆ।
ਤੂੰ ਗਲ ਲਾਇਆ ਨਹੀਂ, ਇਹ ਠਰਿਆ ਨਹੀਂ,
ਤਪਦਾ ਤਪਦਾ ਸੜਨ ਲੱਗ ਗਿਆ,
ਪਰ ਰਿਹਾ ਅੱਜ ਤਾਈਂ ਬੇਵਸ ਹੀ।
ਉਹਦੀਆਂ ਯਾਦਾਂ ਨੂੰ ਸਾੜ ਨਹੀਂ ਹੋਇਆ,
ਐਡਾ ਕੀ ਹੋਇਆ ਪੱਥਰ ਦਾ ਮੈਂ?
ਮੈਨੂੰ ਕਿਸੇ ਨਾਲ ਕਿਉਂ ਪਿਆਰ ਨਹੀਂ ਹੋਇਆ।
ਨਹੀਂ ਫੱਬਣਾ ਤੂੰ ਉਹਨੂੰ
ਨਹੀਂ ਫੱਬਣਾ ਤੂੰ ਓਹਨੂੰ,
ਓਹਦੇ ਉੱਚੇ ਕਿਰਦਾਰ ਨੇ।
ਬੜਾ ਫਰਕ ਆ ਤੇਰੇ 'ਚ,
ਉਹ ਵੱਡੇ ਸਰਦਾਰ ਨੇ।
ਉਹ ਮਹਿਲਾਂ 'ਚ ਵੱਸਦੇ ਨੇ,
ਤੁਹਾਡੇ ਟਿੱਬਿਆਂ 'ਚ ਉਜਾੜ ਨੇ।
ਨਹੀਂ ਫੱਬਣਾ ਤੂੰ ਉਹਨੂੰ,
ਉਹਦੇ ਉੱਚੇ ਕਿਰਦਾਰ ਨੇ।
ਮੰਜਿਆਂ 'ਤੇ ਦੱਸ ਬਹਿਣਗੇ ਕਿਵੇਂ?
ਕਮਰੇ ਕੱਚਿਆਂ 'ਚ ਦੱਸ ਰਹਿਣਗੇ ਕਿਵੇਂ?
ਹੱਥ ਭਰੇ ਨੇ ਉਹਦੇ ਗਹਿਣਿਆਂ ਨਾਲ,
ਤੇ ਸਿਰ ਤੇਰੇ ਕਰਜਿਆਂ ਦੇ ਭਾਰ ਨੇ।
ਨਹੀਂ ਫੱਬਣਾ ਤੂੰ ਓਹਨੂੰ,
ਉਹ ਵੱਡੇ ਸਰਦਾਰ ਨੇ।
ਬੈਠ ਕੇ ਲਿਖ ਸ਼ਾਇਦ ਤਰਜੇਂਗਾ,
ਨਹੀਂ ਤੇ ਐਵੇਂ ਗਰੀਬੀ 'ਚ ਮਰਜੇਂਗਾ।
ਬਣਜੇਗਾਂ ਕੋਈ ਅਫਸਰ ਸਰਕਾਰੀ,
ਜੇ ਚਾਰ ਜਮਾਤਾਂ ਪੜ੍ਹਜੇਂਗਾ।
ਉਹਦਾ ਸੁਪਨਾ ਪੂਰਾ ਜੇ ਨਾ ਵੀ ਹੋਇਆ,
ਕੁਝ ਤਾਂ ਸੁਪਨੇ ਪੂਰੇ ਕਰਜੈਂਗਾ।
ਵਹਿਣਾ ਸੁਪਨੇ ਤੂੰ ਜਿਹਨਾਂ ਦੇ,
ਉਹ ਉਹਨਾਂ ਲਈ ਸ਼ੈਹਾਂ ਬੇਕਾਰ ਨੇ।
ਬੜਾ ਫਰਕ ਆ ਕਿਸਮਤ `ਚ ਵੀ,
ਉਹ ਵੱਡੇ ਸਰਦਾਰ ਨੇ।
ਉਹਦੇ ਕੰਨ ਨੂੰ ਲੱਗਾ ਫ਼ੋਨ ਦੇਖ
ਉਹਦੇ ਕੰਨ ਨੂੰ ਲੱਗਾ ਫੋਨ ਦੇਖ,
ਮੇਰੇ ਦਿਲ ਦੇ ਜਖ਼ਮਾਂ ਨੂੰ ਲੱਗਾ ਲੂਣ ਦੇਖ।
ਉਂਝ ਤਾਂ ਨਿਕਲੀ ਸੀ ਜਾਨ ਤੱਕ ਓਹਨੂੰ,
ਪਰ ਰੂਹ ਨੂੰ ਮਿਲਿਆ ਸਕੂਨ ਦੇਖ।
ਸੀ ਕਰਦਾ ਚਿੱਤ ਫੋਨ ਖੋਹਲਾਂ,
ਇਕ ਵਾਰੀ ਆਪਿਓ ਬਾਹਰ ਹੋਲਾਂ।
ਪਰ ਓਹਦੇ 'ਤੇ ਮੇਰਾ ਹੱਕ ਕਾਹਦਾ,
ਹੱਕ ਜਤਾਉਣ ਨੂੰ ਫਿਰਾਂ, ਤੂੰ ਜਨੂੰਨ ਦੇਖ।
ਓਹਦੇ ਕੰਨ ਨੂੰ ਲੱਗਾ ਫੋਨ ਦੇਖ,
ਮੇਰੇ ਦਿਲ ਦੇ ਜ਼ਖ਼ਮਾਂ ਨੂੰ ਲੱਗਾ ਲੂਣ ਦੇਖ।
ਜਿਹਨੂੰ ਹਰ ਥਾਂ ਟੋਲਦਾ ਰਿਹਾ,
ਸਭ ਨੂੰ ਜਿਸ ਬਾਰੇ ਬੋਲਦਾ ਰਿਹਾ।
ਓਹਨੂੰ ਕਦੇ ਕਵਾ ਹੀ ਨਾ ਹੋਇਆ,
ਤੂੰ ਇਕ ਤਰਫੇ ਇਸ਼ਕ ਦੀ ਜੂਨ ਦੇਖ।
ਓਹਦੇ ਕੰਨ ਨੂੰ ਲੱਗਾ ਫੋਨ ਦੇਖ,
ਦਿਲ ਦੇ ਜਖ਼ਮਾਂ ਨੂੰ ਲੱਗਾ ਲੂਣ ਦੇਖ।
ਖੌਰੇ ਬੇ-ਦਰਦੀ ਕਿਉਂ ਕਰਦੀ ਆ
ਖੌਰੇ ਬੇ-ਦਰਦੀ ਕਿਉਂ ਕਰਦੀ ਆ?
ਐਵੀਂ ਰੋਜ਼ ਕਿਉਂ ਲੜਦੀ ਆ?
ਰਹਿੰਦੀ ਵੀ ਨਹੀਂ ਮੇਰੇ ਨਾਲ,
ਤੇ ਮੇਰੇ ਬਿਨ ਵੀ ਮਰਦੀ ਆ।
ਖੌਰੇ ਬੇ-ਦਰਦੀ ਕਿਉਂ ਕਰਦੀ ਆ?
ਕੋਈ ਗੱਲ ਦਿਲ 'ਚ ਆ ਕਰੇ,
ਆਪਣਾ ਹੱਕ ਜਿਤਾ ਕਰੇ।
ਜੇ ਕਹਿੰਦੀ ਮੈਂ ਨਹੀਂ ਸਮਝਦਾ,
ਫੇਰ ਉਹ ਸਮਝਾ ਕਰੇ।
ਸੇਕ ਦਿਲ ਉਹਦੇ ਦਾ ਵੀ ਠਾਰੂ ਮੈਂ,
ਕਿਉਂ ਐਵੇਂ ਰਹਿੰਦੀ ਸੜਦੀ ਆ।
ਖੌਰੇ ਬੇ-ਦਰਦੀ ਕਿਉਂ ਕਰਦੀ ਆ..?
ਜਾਂ ਆਪਣਾ ਨਾ ਸਮਝੇ ਜਾਂ ਹੱਕ ਨਹੀਂ,
ਸਮਝੇ ਇੰਝ ਕਿ ਮੈਂ ਵੱਖ ਨਹੀਂ।
ਜੇ ਉਹ ਭਿੱਜੇ ਮੈਂ ਠਰਦਾ ਹਾਂ,
ਉਹਦੀ ਆਈ? ਚੱਲ ਮੈਂ ਮਰਦਾ ਹਾਂ।
ਉਹ ਸਮਝੇ ਨਾ ਗੱਲ ਦਿਲ ਦੀ,
ਉਂਝ ਕਿੰਨਾ ਉਹ ਪੜ੍ਹਦੀ ਆ।
ਖੌਰੇ ਬੇ-ਦਰਦੀ ਕਿਉਂ ਕਰਦੀ ਆ?
ਹੁਣ ਬਸ ਕਰੀਏ
ਬਹੁਤ ਭਰਲਿਆ ਮਨ,
ਹੁਣ ਹੱਸ ਕਰੀਏ।
ਨਹੀਂ ਨਿਭਣਾ ਰਿਸ਼ਤਾ ਇਹ,
ਹੁਣ ਬੱਸ ਕਰੀਏ।
ਇਹ ਤੰਦਾਂ ਇਸ਼ਕ ਦੀਆਂ ਕੱਚੀਆਂ,
ਕਿੰਨਾ ਚਿਰ ਖਿੱਚਾਂਗੇ।
ਇਹ ਲੜਾਈਆਂ ਦੇ ਮੀਂਹ 'ਚ,
ਕਿੰਨਾ ਚਿਰ ਭਿੱਜਾਂਗੇ।
ਨਹੀਂ ਹੋਣਾ ਹੁਣ ਇਕ-ਦੂਜੇ ਦਾ,
ਦਿਲ ਨੂੰ ਪੱਕਾ ਦੱਸ ਕਰੀਏ।
ਬਹੁਤ ਭਰਲਿਆ ਮਨ,
ਹੁਣ ਹੱਸ ਕਰੀਏ।
ਨਹੀਂ ਨਿਭਣਾ ਰਿਸ਼ਤਾ ਇਹ,
ਹੁਣ ਬਸ ਕਰੀਏ।
ਪਿਆਰ ਕਰਿਆ ਤਾਂ ਸੀ,
ਭਾਵੇਂ ਨਿਭਿਆ ਨਹੀਂ।
ਅਪਣਾ ਇਕ ਹੋਣਾ ਖੌਰੇ,
ਲਿਖਿਆ ਹੀ ਨਹੀਂ।
ਬੜਾ ਰਹਿ ਲਿਆ ਇਕ-ਦੂਜੇ ਦਾ,
ਚਲ ਦਿਲ ਨੂੰ ਮੁੜ ਆਪਣੇ ਵੱਸ ਕਰੀਏ।
ਹੁਣ ਨਹੀਂ ਨਿਭਣਾ ਰਿਸ਼ਤਾ ਇਹ,
ਹੁਣ ਬਸ ਕਰੀਏ।
ਸੁਪਨੇ ਗਵਾਉਣੇ ਚੰਗੇ ਨੇ,
ਉਮਰਾਂ ਗਵਾਉਣ ਨਾਲੋਂ।
ਇਕ ਵਾਰੀ ਟੁੱਟ ਰੋਣਾ ਚੰਗਾ,
ਰੋਜ਼ ਟੁੱਟ-ਟੁੱਟ ਰੋਣ ਨਾਲੋਂ।
ਰੋ ਕੇ ਮੁੜ ਜੀਲਾਂਗੇ,
ਰੋਣਾ ਘੁੱਟ-ਘੁੱਟ ਕੇ ਪੀਲਾਂਗੇ।
ਇੱਥੇ ਸੁਲਝਾਉਣਾ ਸੌਖਾ ਹੈ,
ਗੁਰਮਨਾ ਐਵੇਂ ਨਾ ਗੱਲ ਨੂੰ ਘੜਮਸ ਕਰੀਏ।
ਬਹੁਤ ਭਰ ਲਿਆ ਮਨ,
ਹੁਣ ਹੱਸ ਕਰੀਏ।
ਨਹੀਂ ਨਿਭਣਾ ਰਿਸ਼ਤਾ ਇਹ,
ਹੁਣ ਬਸ ਕਰੀਏ।
ਜੇ ਹੋ ਸਕੇ ਤਾ ਮਾਫ਼ ਕਰੀਂ
ਦਿਲ ਲਾਇਆ ਦਿਲ ਤੋੜਿਆ,
ਇਕ ਮਤਲਬੀ ਕਰਿੰਦਾ ਹਾਂ।
ਜੇ ਹੋ ਸਕੇ ਤਾਂ ਮਾਫ਼ ਕਰੀਂ,
ਮੈਂ ਖੁਦ ਦੇ ਕੀਤੇ 'ਤੇ ਸ਼ਰਮਿੰਦਾ ਹਾਂ।
ਇਸ਼ਕ ਨੂੰ ਸੀ ਖੇਡ ਬਣਾਇਆ,
ਸਾਊਪੁਣੇ ਦਾ ਸੀ ਭੇਸ ਬਣਾਇਆ।
ਦਿਲ ਭੋਲੇ ਠੱਗਦਾ ਰਿਹਾ,
ਰਵਾ ਤੈਨੂੰ ਤੱਕਦਾ ਰਿਹਾ।
ਰਿਹਾ ਨਾ ਇਕ ਕਿਨਾਰੇ 'ਤੇ,
ਨਹਿਰ ਵਾਂਗ ਸੀ ਵਗਦਾ ਰਿਹਾ।
ਹੁਣ ਸਮੁੰਦਰ ਵਿਚ ਹਾਂ ਆ ਰਲਿਆ,
ਤੇ ਰੋਜ਼ ਖਾਰੇ ਹੰਝੂ ਪੀਂਦਾ ਹਾਂ।
ਜੇ ਹੋ ਸਕੇ ਤਾਂ ਮਾਫ ਕਰੀਂ,
ਮੈਂ ਖੁਦ ਦੇ ਕੀਤੇ 'ਤੇ ਸ਼ਰਮਿੰਦਾ ਹਾਂ।
ਭਰ ਨਹੀਂ ਸਕਦਾ ਹਰਜਾਨਾ ਮੈਂ,
ਜਿਵੇਂ ਦਿਲ ਤੋੜਿਆ ਸੀ ਤੇਰਾ ਮੈਂ।
ਇਕ ਆਖਰੀ ਗੱਲ ਲਿਖ ਰਿਹਾਂ ਹਾਂ ਤੇਰੇ ਲਈ,
ਸ਼ਾਇਦ ਨਾ ਦੇਖਾਂ ਕੱਲ ਦਾ ਸਵੇਰਾ ਮੈਂ।
ਭਾਰ ਲੈ ਦਿਲ 'ਤੇ ਨਹੀਂ ਸੀ ਮਰਨਾ,
ਬਸ ਤਾਂ ਹੀ ਸੀ ਜਿੰਦਾ ਮੈਂ।
ਜੇ ਹੋ ਸਕੇ ਤਾਂ ਮਾਫ ਕਰੀਂ,
ਮੈਂ ਖੁਦ ਦੇ ਕੀਤੇ 'ਤੇ ਸ਼ਰਮਿੰਦਾ ਹਾਂ।
ਇੱਕ ਸਵਾਲ ਦਿਲ ਮੇਰੇ ਦਾ
ਇੱਕ ਸਵਾਲ ਦਿਲ ਮੇਰੇ ਦਾ,
ਦੱਸ ਰੋਵੇਂਗੀ ਜਾ ਹੱਸੇਂਗੀ।
ਜਦ ਪੁਛਿਆ ਉਹਨੇ ਮੇਰੇ ਬਾਰੇ,
ਉਹਨੂੰ ਕੀ ਦੱਸੇਂਗੀ?
ਕੀ ਕਹੇਂਗੀ ਬੜਾ ਚੰਗਾ ਸੀ?
ਜਾਂ ਮਤਲਬੀ ਬੰਦਾ ਸੀ?
ਬੜਾ ਕਰਦਾ ਸੀ ਮੇਰਾ ਹੱਕ ਜਤਾਉਂਦਾ ਸੀ,
ਜਾਂ ਮਤਲਬੀ ਸੀ ਮੈਂਨੂੰ ਰਵਾਉਂਦਾ ਸੀ।
ਜਦ ਤੂੰ ਝੂਠ ਬੋਲੇਂਗੀ,
ਪਿਆਰ ਨੂੰ ਦਿਲ 'ਚ ਕਿਵੇਂ ਦੱਬੇਂਗੀ।
ਜਦ ਪੁੱਛਿਆ ਉਹਨੇ ਮੇਰੇ ਬਾਰੇ,
ਉਹਨੂੰ ਕੀ ਦੱਸੇਂਗੀ?
ਮੈਨੂੰ ਬੇਵਫ਼ਾ ਹੀ ਕਹਿ ਦੇਵੀਂ ਤੂੰ,
ਉਂਝ ਵੀ ਬੇਵਫ਼ਾ ਹੀ ਆ ਮੈਂ।
ਬਸ ਤੇਰਾ ਨਾਮ ਹੀ ਲਿਖਿਆ ਆ,
ਉਂਝ ਤਾਂ ਖ਼ਾਲੀ ਸਫਾ ਹੀ ਆ ਮੈਂ।
ਇਸ਼ਕ ਦੇ ਕਾਬਿਲ ਹੀ ਨਹੀਂ ਆ,
ਇੱਥੇ ਗੱਲ ਮੁਕਾਂਦੀ ਐਵੇਂ ਗੱਲਾਂ 'ਚ ਦੱਸੇਂਗੀ।
ਜਦ ਪੁਛਿਆ ਉਹਨੇ ਮੇਰੇ ਬਾਰੇ,
ਮੈਨੂੰ ਬੇਵਫ਼ਾ ਹੀ ਦੱਸੇਂਗੀ।
ਤੈਨੂੰ ਕਦੇ ਨਾ ਪਿਆਰ ਹੋਏ
ਜਿਵੇਂ ਮੈਂ ਤਰਸਿਆਂ ਤੂੰ ਨਾ ਤਰਸੇਂ,
ਇਹ ਗ਼ਮ ਤੇਰੇ 'ਤੇ ਨਾ ਵਰਸੇ।
ਬਸ ਖੁਸ਼ੀਆਂ ਹੋਣ ਤੇਰੇ ਆਸੇ ਪਾਸੇ,
ਤੇ ਤੂੰ ਉਹ ਖੁਸ਼ੀਆਂ ਦੀ ਹੱਕਦਾਰ ਹੋਏਂ।
ਮੈਂ ਕਰਾਂ ਦੁਆ ਤੇਰੇ ਲਈ,
ਤੈਨੂੰ ਕਦੇ ਨਾ ਪਿਆਰ ਹੋਏ।
ਦਿਲ ਲੱਗੇ ਨਾ, ਦਿਲ ਟੁੱਟੇ ਨਾ,
ਹਾਸਾ ਤੇਰਾ ਕਦੇ ਰੁੱਸੇ ਨਾ।
ਖੁਸ਼ੀਆਂ ਦੀਆਂ ਬਹਾਰਾਂ ਰਹਿਣ ਸਦਾ,
ਤੇ ਇਹ ਰੁੱਤ ਕਦੇ ਮੁੱਕੇ ਨਾ।
ਫੁੱਲ ਵਾਂਗ ਰਹੇ ਤੇਰਾ ਚਿਹਰਾ ਖਿੜਿਆ,
ਕਿਸੇ ਗੱਲ ਦਾ ਨਾ ਤੇਰੇ `ਤੇ ਭਾਰ ਹੋਏ।
ਮੈਂ ਕਰਾਂ ਦੁਆ ਤੇਰੇ ਲਈ,
ਤੈਨੂੰ ਕਦੇ ਨਾ ਪਿਆਰ ਹੋਏ।
ਬੜਾ ਹੱਸਦਾ ਸੀ ਮੈਂ,
ਹੁਣ ਦੇਖ...
ਸੁਪਨੇ ਮੁੜ ਕੇ ਜੀਣ ਨਹੀਂ ਦੇਂਦੇ,
ਐਵੇਂ ਨਾ ਬੁਣ ਦੇਖ।
ਬਹੁਤੇ ਚਾਅ ਨਾ ਲਾਈਂ ਕਦੀ,
ਇਹ ਨਾ ਹੋਏ ਯਾਰ ਮਾਰ ਹੋਏ।
ਮੈਂ ਕਰਾਂ ਦੁਆ ਤੇਰੇ ਲਈ,
ਤੈਨੂੰ ਕਦੇ ਨਾ ਪਿਆਰ ਹੋਏ।
ਉਹਨੂੰ ਚਾਹੁਣਾ ਨਹੀਂ ਆਉਂਦਾ
ਉਹਨੂੰ ਮਿਲਣਾ ਮਿਲਾਉਣਾ ਨਹੀਂ ਆਉਂਦਾ,
ਸ਼ਾਇਦ ਉਹਨੂੰ ਚਾਹੁਣਾ ਨਹੀਂ ਆਉਂਦਾ।
ਗੱਲ ਗੱਲ 'ਤੇ ਦਿਲ ਜਿਹਾ ਤੋੜ ਦੇਂਦੀ ਆ,
ਖੌਰੇ ਇਹ ਰਿਸ਼ਤਾ ਹੀ ਨਿਭਾਉਣਾ ਨਹੀਂ ਆਉਂਦਾ।
ਉਹਨੂੰ ਮਿਲਣਾ ਮਿਲਾਉਣਾ ਨਹੀਂ ਆਉਂਦਾ,
ਸ਼ਾਇਦ ਉਹਨੂੰ ਚਾਹੁਣਾ ਨਹੀਂ ਆਉਂਦਾ।
ਇਸ਼ਕ ਤੋਂ ਪਹਿਲਾਂ ਚਾਹਵੇ ਤਾਂ ਸਈ,
ਮੈਨੂੰ ਗਲ ਲਾਵੇ ਤਾਂ ਸਈ।
ਉਹ ਰੁੱਸਦੀ ਤਾਂ ਮੈਂ ਮਨਾ ਲੈਣਾ,
ਪਰ ਉਹਨੂੰ ਮਨਾਉਣਾ ਨਹੀਂ ਆਉਂਦਾ।
ਜਿਹਨੂੰ ਚਾਹੁੰਦਾ ਹਾਂ ਮੈਂ,
ਉਹਨੂੰ ਚਾਹੁਣਾ ਨਹੀਂ ਆਉਂਦਾ।
ਮਿਲੀ ਤੇ ਦਿਲ ਭਾਰਾ ਸੀ ਉਹਦਾ,
ਰੋਇਆ ਦਿਲ ਵਿਚਾਰਾ ਸੀ ਉਹਦਾ।
ਭਰ ਗਈਆਂ ਸੀ ਅੱਖਾਂ ਮੇਰੀਆਂ ਵੀ
ਜਦ ਕਿਹਾ ਦਿਲ ਤੈਨੂੰ ਖੋਣਾ ਨਹੀਂ ਚਾਹੁੰਦਾ।
ਬਹੁਤ ਚਾਹੁਣਾ ਹਾਂ ਮੈਂ ਉਹਨੂੰ,
ਭਾਵੇਂ ਉਹਨੂੰ ਚਾਹੁਣਾ ਨਹੀਂ ਆਉਂਦਾ।
ਹੋ ਜਾਣਾ ਇਸ਼ਕ ਮੈਨੂੰ ਡਰ ਲੱਗਦਾ
ਨਿੱਤ ਗੱਲ ਮੈਥੋਂ ਕਰ ਨਹੀਂ ਹੋਣੀ,
ਅੱਖੀਆਂ ਦੀ ਬੋਲੀ ਪੜ੍ਹ ਨਹੀਂ ਹੋਣੀ।
ਕਿਸੇ ਗੱਲੋਂ ਲੰਘਦਾ ਨੀਵੀਂ ਪਾ ਕੇ,
ਤੇਰਾ ਹੁਸਨ ਸਿਰ ਮੇਰੇ ਜਾਣਾ ਚੜ੍ਹ ਲੱਗਦਾ।
ਜੇ ਤੱਕ ਲਿਆ ਤੈਨੂੰ ਅੱਖੀਆਂ 'ਚ,
ਹੋ ਜਾਣਾ ਇਸ਼ਕ ਮੈਨੂੰ ਡਰ ਲੱਗਦਾ।
ਤੂੰ ਮੈਥੋਂ ਮੈਨੂੰ ਹੀ ਖੋਹ ਲੈਣਾ,
ਹੱਸ ਦੇ ਪੱਲ ਮੋਹ ਲੈਣਾ।
ਤੈਨੂੰ ਦੇਖ ਕੇ ਹੀ ਜਿਉਂਦਾ ਮੈਂ,
ਤੈਨੂੰ ਦੇਖ ਕੇ ਮੈਂ ਜਾਣਾ ਮਰ ਲੱਗਦਾ।
ਜੇ ਤੱਕ ਲਿਆ ਤੈਨੂੰ ਅੱਖੀਆਂ 'ਚ,
ਹੋ ਜਾਣਾ ਇਸ਼ਕ ਮੈਨੂੰ ਡਰ ਲੱਗਦਾ।
ਇਸ਼ਕ ਆ ਤੇਰੇ ਨਾਲ,
ਪਰ ਜਤਾਂਵਾਂ ਕਿੱਦਾਂ?
ਤੂੰ ਅੱਗ ਮੈਂ ਪਾਣੀ,
ਤੈਨੂੰ ਗਲ ਲਾਵਾਂ ਕਿੱਦਾਂ?
ਲਾ ਲਿਆ ਜੇ ਗਲ ਤੈਨੂੰ,
ਪਾਣੀ ਨੇ ਵੀ ਜਾਣਾ ਸੜ ਲੱਗਦਾ।
ਜੇ ਤੱਕ ਲਿਆ ਤੈਨੂੰ ਅੱਖੀਆਂ 'ਚ,
ਹੋ ਜਾਣਾ ਇਸ਼ਕ ਮੈਨੂੰ ਡਰ ਲਗਦਾ।
ਮੈਨੂੰ ਮੇਰਾ ਪਿਆਰ ਚੇਤੇ ਆ
ਤੈਨੂੰ ਕੀਤਾ ਇਜ਼ਹਾਰ ਚੇਤੇ ਆ,
ਮੈਨੂੰ ਮੇਰਾ ਪਿਆਰ ਚੇਤੇ ਆ।
ਉਹ ਭੋਲਾ ਚਿਹਰਾ ਤੇ ਤੇਜ਼ ਨਜ਼ਰਾਂ,
ਹਾਸਾ ਬੁੱਲ੍ਹੀਆਂ ਵਿਚਕਾਰ ਚੇਤੇ ਆ।
ਤੈਨੂੰ ਲੁੱਕ-ਲੁੱਕ ਵੇਖਣਾ,
ਤੈਨੂੰ ਮੰਗ ਮੱਥਾ ਟੇਕਣਾ।
ਤੈਨੂੰ ਪਾਉਣ ਨੂੰ ਮੰਗੀਆਂ ਸੀ ਜਿਹੜੀਆਂ,
ਉਹ ਸੁੱਖਾਂ ਦਾ ਭਾਰ ਚੇਤੇ ਆ।
ਤੈਨੂੰ ਕੀਤਾ ਇਜ਼ਹਾਰ ਚੇਤੇ ਆ,
ਮੈਨੂੰ ਮੇਰਾ ਪਿਆਰ ਚੇਤੇ ਆ।
ਤੂੰ ਦੱਸ ਤੈਨੂੰ ਚੇਤੇ ਆ ਜਾਂ ਨਹੀਂ,
ਤੂੰ ਚਾਹੁੰਦੀ ਸਾਂ ਜਾਂ ਨਹੀਂ।
ਅੱਜ ਤੱਕ ਕਿਸੇ ਨਾਲ ਨਹੀਂ ਨਿਭਾਈ ਮੈਂ,
ਤੇਰੇ ਨਾਲ ਸਕਦਾ ਸੀ ਨਿਭਾ ਜਾਂ ਨਹੀਂ।
ਤੂੰ ਮੇਰੇ ਪਿਆਰ ਦਾ ਕੀਤਾ ਸੀ ਜੋ,
ਉਹ ਇਨਕਾਰ ਚੇਤੇ ਆ।
ਹਾਂ ਮੈਨੂੰ ਮੇਰਾ ਪਿਆਰ ਚੇਤੇ ਆ।
ਚਾਰ ਸਾਲ ਬਾਹਲੇ ਨਹੀਂ ਹੁੰਦੇ,
ਇਸ਼ਕ ਚ ਸਮੇਂ ਗਾਲੇ ਨਹੀਂ ਹੁੰਦੇ।
ਜੇ ਉਦੋਂ ਦਿਲ ਨਾ ਟੁੱਟਦਾ,
ਖੌਰੇ ਅੱਜ ਆਹ ਅੱਖਰ ਪਾਲੇ ਨਹੀਂ ਹੁੰਦੇ।
ਹਾਂ ਖੁਸ਼ ਹਾਂ ਕਿਤੇ ਨਾ ਕਿਤੇ ਆਪਾਂ ਮਿਲੇ ਨਹੀਂ।
ਪਰ ਰੋਕੇ ਕੱਟੇ ਜੋ ਉਹ ਤਿਉਹਾਰ ਚੇਤੇ ਆ,
ਹਾਂ ਮੈਨੂੰ ਮੇਰਾ ਪਿਆਰ ਚੇਤੇ ਆ।
ਤੈਨੂੰ ਕੁਝ ਕਹਿਣ ਆਇਆ ਹਾਂ
ਤੇਰੇ ਕੋਲ ਕੁੱਝ ਕਹਿਣ ਆਇਆ ਹਾਂ,
ਦੋ ਪਲ ਕੋਲੇ ਬਹਿਣ ਆਇਆ ਹਾਂ।
ਨੱਸ ਨਾ ਮੇਰੀ ਗੱਲ ਸੁਣ,
ਤੇਰਾ ਦਿਲ ਲੈਣ ਆਇਆ ਹਾਂ।
ਤੈਨੂੰ ਕੁੱਝ ਕਹਿਣ ਆਇਆ ਹਾਂ,
ਦੋ ਪਲ ਕੋਲੇ ਬਹਿਣ ਆਇਆ ਹਾਂ।
ਰੱਬ ਤੋਂ ਮੰਗੇ ਵਰ ਜਿਹੀ ਆ,
ਦਿਲ ਮੇਰੇ ਘਰ ਜਿਹੀ ਆ।
ਕਿਸੇ ਨਾਲ ਦੇਖ ਤੈਨੂੰ ਦਿਲ ਮੱਚੇ,
ਕੋਲੇ ਬੈਠੀ ਤੂੰ ਹਵਾ ਥਰ ਜਿਹੀ ਆ।
ਤੇਰੀ ਅੱਖੀਆਂ ਦੇ ਸਮੁੰਦਰ 'ਚ ਜਾਵਾ ਵੱਸ ਮੈਂ,
ਤਾਹੀਂਓ ਨਦੀ ਬਣ ਵਹਿਣ ਆਇਆ ਹਾਂ।
ਤੇਰੇ ਕੋਲ ਕੁੱਝ ਕਹਿਣ ਆਇਆ ਹਾਂ,
ਤੇਰਾ ਦਿਲ ਲੈਣ ਆਇਆ ਹਾਂ।
ਮੰਨ ਜਾਏ ਤੂੰ ਤਾਂ ਤਿਉਹਾਰ ਮਨਾਈਏ,
ਵਿਆਹ ਦਾ ਵੀ ਵਿਚਾਰ ਬਣਾਈਏ।
ਤੁਹਾਡੇ ਗਾਉਣ ਸੁਹਾਗ ਬਹਿਕੇ,
ਅਸੀਂ ਘਰੇ ਘੋੜੀਆਂ ਗਵਾਈਏ।
ਜੇ ਕਹੇਂ ਤਾਂ ਕੱਲ ਹੀ ਵਿਆਹ ਕੇ ਲੈਜਾਂ,
ਚੁੰਨੀ ਸਿਰ ਚੜਾ ਕੇ ਲੈਜਾਂ।
ਬੇਬੇ ਮੇਰੀ ਨੂੰ ਪਸੰਦ ਤੂੰ,
ਜੀਅ ਕਰੇ ਕੱਲ ਹੀ ਵਿਚੋਲਾ ਪਾ ਕੇ ਲੈਜਾਂ।
ਸਾਡੇ ਵਿਹੜੇ ਦੀ ਸ਼ਾਨ ਬਣੇਂਗੀ,
ਨੂੰਹ ਤੂੰ ਜਦ ਆਣ ਬਣੇਂਗੀ।
ਬੇਫਿਕਰਾਂ ਜਿਹਾ ਬੇਈਮਾਨ ਹਾਂ ਮੈਂ,
ਪਰ ਤੂੰ ਮੇਰਾ ਮਾਣ ਬਣੇਂਗੀ।
ਕੀ ਕੀ ਦੱਸਾਂ ਬੋਲ ਕੇ ਮੈਂ,
ਕੀ ਕੁੱਝ ਰੱਖ ਵਿਚ ਜਿਹਨ ਆਇਆ ਹਾਂ।
ਤੇਰੇ ਕੋਲ ਕੁੱਝ ਕਹਿਣ ਆਇਆ ਹਾਂ,
ਤੈਥੋਂ ਤੈਨੂੰ ਲੈਣ ਆਇਆ ਹਾਂ।
ਉਂਜ ਤਾਂ ਆਕੜ ਖੋਰ ਆ ਉਹ
ਉਂਝ ਤੇ ਆਕੜ ਖੋਰ ਹੈ ਉਹ,
ਪਰ ਮੂਹਰੇ ਮੇਰੇ ਅੱਖਾਂ ਨੀਵੀਆਂ ਕਰ ਲੈਂਦਾ ਏ।
ਬਾਹਲਾ ਚੰਗਾ ਨਹੀਂ ਕਹਿੰਦੀ ਮੈਂ,
ਉਂਝ ਮੇਰੀ ਚੰਗੀ ਮਾੜੀ ਜਰ ਲੈਂਦਾ ਏ।
ਗਲ ਲਾ ਚੁੱਪ ਕਰਾ ਲਵੇ,
ਤੇ ਚੁੱਪ 'ਚੋਂ ਹੀ ਸਭ ਕੁੱਝ ਪੜ੍ਹ ਲੈਂਦਾ ਏ।
ਲੱਖ ਰਿਹਾ ਹੋਊ ਮਾੜਾ ਉਹ,
ਮੇਰੇ ਲਈ ਜਾਨ ਹਥੇਲੀ 'ਤੇ ਧਰ ਲੈਂਦਾ ਏ।
ਉਂਝ ਤੇ ਆਕੜ ਖੋਰ ਹੈ,
ਪਰ ਮੂਹਰੇ ਮੇਰੇ ਅੱਖਾਂ ਨੀਵੀਆਂ ਕਰ ਲੈਂਦਾ ਏ।
ਕਦੇ ਉਲਝਿਆ ਕਦੇ ਵਿਦਵਾਨ ਲੱਗੇ,
ਦਿਲ ਰੱਬ ਦਿਮਾਗ ਉਹਦਾ ਸ਼ੈਤਾਨ ਲੱਗੇ।
ਗੁੱਸੇ ਵਿੱਚ ਬਲੇ ਵਾਂਗ ਅੱਗ ਦੇ,
ਪਰ ਮੱਥਾ ਚੁੰਮ ਕੇ ਮੇਰਾ ਠਰ ਲੈਂਦਾ ਏ।
ਉਂਝ ਤਾਂ ਆਕੜ ਖੋਰ ਏ ਉਹ,
ਪਰ ਮੂਹਰੇ ਮੇਰੇ ਅੱਖਾਂ ਨੀਵੀਆਂ ਕਰ ਲੈਂਦਾ ਏ।
ਚੰਗਾ ਸੀ ਜਾ ਮਾੜਾ,
ਇਸ ਨਾਲ ਮੇਰਾ ਵਾਹ ਨਹੀਂ ਕੋਈ।
ਉਹ ਮੰਜਿਲ ਹੈ ਮੇਰੀ,
ਇਕੱਲਾ ਰਾਹ ਨਹੀਂ ਕੋਈ।
ਉਹਦੇ ਨਾਲ ਉਹਦੀ ਹੋਕੇ ਰਹਿਣਾ ਮੈਂ,
ਉਹਦੀ ਰੂਹ ਨੂੰ ਛੋਹ ਕੇ ਬਹਿਣਾ ਮੈਂ।
ਮੰਨਿਆ ਹੋਏਗਾ ਬੇਪਰਵਾਹ ਉਹ,
ਉਹਦੇ ਤਾਂ ਫਿਕਰਾਂ ਵਾਂਗ ਗਲ ਪੈਣਾ ਮੈਂ।
ਗਲ ਲੱਗ ਕਰਨਾ ਇਜ਼ਹਾਰ ਉਹਨੂੰ,
ਕਦੇ ਕਦੇ ਟਿੱਬਿਆਂ 'ਤੇ ਵੀ ਬੱਦਲ ਵਰ ਲੈਂਦਾ ਏ।
ਉਂਝ ਤਾਂ ਆਕੜ ਖੋਰ ਹੈ ਉਹ,
ਪਰ ਮੂਹਰੇ ਮੇਰੇ ਅੱਖਾਂ ਨੀਵੀਆਂ ਕਰ ਲੈਂਦਾ ਏ।
ਪਿਆਰ ਛੱਡ ਦੋਸਤ ਰਹਿੰਦੇ ਹਾਂ
ਹਾਸੇ ਹੱਸ ਤੂੰ ਨਾਲ ਮੇਰੇ, ਐਵੇਂ ਅੱਖ ਨਾ ਡੋਲ ਤੂੰ।
ਮੈਂ ਅੱਖੀਆਂ ਪੜਲੀਆਂ ਤੇਰੀਆਂ, ਚੁੱਪ ਰਹਿ ਕੁੱਝ ਨਾ ਬੋਲ ਤੂੰ।
ਇੱਕ ਉਮੀਦ ਆ ਦਿਲ ਤੇਰੇ 'ਚ, ਇੱਕ ਡਰ ਵੀ ਹੈ ਖੋਣ ਦਾ।
ਕਿਵੇਂ ਸਮਝਾਵਾਂ ਤੈਨੂੰ ਗੱਲਾਂ ਦੇ ਵਿਚ,
ਤੈਨੂੰ ਹੱਕ ਨਹੀਂ ਦੇ ਸਕਦਾ ਗਲ ਲਾਉਣ ਦਾ।
ਇਹ ਪਿਆਰ ਮੁਹੱਬਤ ਛੱਡ ਪਰੇ, ਆਪਾਂ ਦੋਸਤੀ ਰੱਖ ਲੈਂਦੇ ਹਾਂ।
ਪਿਆਰ ਛੱਡ, ਦੋਸਤ ਰਹਿੰਦੇ ਹਾਂ।
ਮੈਨੂੰ ਪਤਾ ਤੂੰ ਚਾਹੁੰਦੀ ਮੈਨੂੰ, ਪਰ ਮੈਂ ਚਾਹ ਕੇ ਵੀ ਚਾਹ ਨਹੀਂ ਸਕਦਾ।
ਉਹ ਗੱਲ ਸਮਝ ਮੇਰੇ ਵੀ ਨਹੀਂ ਆਈ,
ਕਿੰਝ ਦੱਸਾਂ ਤੈਨੂੰ ਮੈਂ ਸਮਝਾ ਨਹੀਂ ਸਕਦਾ।
ਮੇਰਾ ਜੋ ਸੁਭਾਅ ਹੋ ਗਿਆ, ਸੱਚ ਮੰਨੇ ਤਾਂ ਤੂੰ ਝੱਲ ਨਹੀਂ ਪਾਉਣਾ।
ਇਹ ਇਸ਼ਕ ਚੰਦਰੇ ਨੇ ਪਹੇਲੀ ਬਣ ਜਾਣਾ, ਉਸ ਪਹੇਲੀ ਦਾ ਹੱਲ ਨਹੀਂ ਹੋਣਾ।
ਇਹ ਗੱਲ ਕਰ ਨਜ਼ਰਾਂ ਨਾ ਝੁਕਾਅ,
ਇਹ ਗੱਲ ਭੁੱਲ ਪਹਿਲਾਂ ਵਾਂਗ ਵਹਿੰਦੇ ਹਾਂ।
ਪਿਆਰ ਛੱਡ, ਦੋਸਤ ਰਹਿੰਦੇ ਹਾਂ।
ਸੱਚ ਜਾਣੀਂ ਦਿਲ ਤੋੜਨਾ ਨਹੀਂ ਸੀ, ਪਰ ਇਕ ਦਿਨ ਇਹ ਟੁੱਟਣਾ ਹੀ ਸੀ।
ਮੈਂ ਹਾਸਿਆਂ ਪਿੱਛੇ ਜੋ ਕਰੀ ਬੈਠਾ, ਇੱਕ ਦਿਨ ਉਹ ਸਬਰ ਮੁੱਕਣਾ ਹੀ ਸੀ।
ਤੈਨੂੰ ਦੱਸ ਦੇਵਾਂ ਪਹਿਲਾਂ, ਕੋਈ ਝੂਠ ਨਹੀਂ ਕਹਿਣ ਲੱਗਾ,
ਮੇਰੇ ਤੋਂ ਅੱਜ ਤੱਕ ਬੋਲ ਨਹੀਂ ਹੋਇਆ,
ਪਤਾ ਨਹੀਂ ਹਿੰਮਤ ਕੀਹਦੀ ਹਾਂ ਲੈਣ ਲੱਗਾ।
ਹੈ ਇੱਕ ਕੁੜੀ, ਪਰ ਨਾਮ ਨਹੀ ਦੱਸਣਾ ਮੈਂ,
ਉਹਦੇ ਲਈ ਹੰਝੂ ਵਹਿੰਦੇ ਨੇ, ਉਹਦੇ ਨਾਲ ਹੀ ਮੁੜ ਹੱਸਣਾ ਮੈਂ।
ਉਹਦੇ ਨਾਲ ਹੀ ਸੁਪਨੇ ਦੇਖੇ, ਉਹਦੇ ਨਾਲ ਹੀ ਪੁੱਗਣੇ ਉਹ,
ਜਿਹੜੇ ਬੂਟੇ ਹੁੰਦੇ ਨੇ ਪਿਆਰ ਦੇ, ਉਹਦੇ ਆਈ 'ਤੇ ਹੀ ਉੱਗਣੇ ਉਹ।
ਦਿਲ ਉਹਦੇ ਨਾਮ ਕਰਤਾ ਮੈਂ, ਕਿੰਝ ਦਿਲ 'ਚ ਵਸਾਲਾਂ ਤੈਨੂੰ,
ਉਹ ਤਾਂ ਮੇਰੇ ਵਜੂਦ ਜਿਹੀ ਹੋ ਗਈ ਹੈ, ਤੂੰ ਹੀ ਦੱਸ ਕਿੰਝ ਭੁਲਾ ਲਾਂ ਉਹਨੂੰ।
ਅੱਜ ਯਾਰੀ ਲਾ ਮੈਂ, ਕੱਲ੍ਹ ਤੋੜਨਾ ਨਹੀਂ ਚਾਹੁੰਦਾ,
ਜੇ ਉਹ ਨਾ ਹੁੰਦੀ ਦਿਲ ਮੇਰੇ 'ਚ,
ਨਾ ਖੌਰੇ ਤੇਰਾ ਇਹ ਗੁਲਾਬ ਮੈਂ ਮੋੜਣਾ ਚਾਹੁੰਦਾ।
ਹਾਂ ਪਰ ਰਹਿੰਦੇ ਹਾਂ ਵਾਂਗ ਦੋਸਤਾਂ ਦੇ, ਬਹੁਤੀ ਨੇੜੇ ਵੀ ਤੇ ਦੂਰ ਵੀ ਨਾ ਹੋਵਾਂਗੇ।
ਤੂੰ ਦਿਲ ਤੁੜਵਾ ਤੇ ਮੈਂ ਤੋੜ, ਦੋਵੇਂ ਨਾ ਰੋਵਾਂਗੇ।
ਮੈਨੂੰ ਪਤਾ ਇੰਨੀ ਸੌਖੀ ਨਹੀਂ ਗੱਲ ਇਹ, ਜੋ ਪੀੜਾਂ ਨੇ ਇਸ ਰਿਸ਼ਤੇ ਦੀਆਂ ਚੱਲ ਦੋਵੇਂ ਸਹਿੰਦੇ ਹਾਂ।
ਪਿਆਰ ਛੱਡ, ਦੋਸਤ ਰਹਿੰਦੇ ਹਾਂ।
ਪਿਆਰ-ਪਿਆਰ ਕਰਦੀ ਕਰਦੀ, ਦੋਸਤੀ ਵੀ ਗਵਾ ਨਾ ਲਈਂ
ਗੱਲ ਤੂੰ ਸਮਝਾਇਆ ਸਮਝੇ ਨਾ, ਕਰ ਨਾ ਯਾਰ ਐਵੇਂ ਜਿੱਦ ਤੂੰ,
ਇਹ ਇਸ਼ਕ ਬੂਟਾ ਕਿੱਕਰ ਦਾ, ਇੱਥੇ ਹੀ ਦੇ ਮਿੱਧ ਤੂੰ।
ਜੇ ਮੈਂ ਖੁਦ ਮੂੰਹੋਂ ਕਹਿ ਰਿਹਾ ਹਾਂ, ਕੋਈ ਗੱਲ ਤਾਂ ਹੋਵੇਗੀ,
ਅੱਜ ਰੋਂਦੀ ਆ ਮੈਨੂੰ ਪਾਉਣ ਲਈ, ਕੱਲ੍ਹ ਪਾ ਕੇ ਵੀ ਤੂੰ ਰੋਵੇਂਗੀ।
ਕਈ ਗੱਲਾਂ ਹੋਈਆਂ ਨਾਲ ਮੇਰੇ, ਐਵੇਂ ਮੈਨੂੰ ਗਲ ਲਾ ਨਾ ਲਈਂ।
ਪਿਆਰ-ਪਿਆਰ ਕਰਦੀ ਕਰਦੀ, ਦੋਸਤੀ ਵੀ ਗਵਾ ਨਾ ਲਈਂ।
ਮੈਨੂੰ ਚੰਗਾ ਸਮਝੇ ਤੂੰ, ਮੈਂ ਤੇਰਾ ਮਾੜਾ ਚਾਹੁੰਦਾ ਨਹੀਂ।
ਖੋਟ ਭਰੀ ਦਿਲ ਮੇਰੇ 'ਚ, ਤਾਹੀਓਂ ਤੈਨੂੰ ਦਿਲ 'ਚ ਵਸਾਉਂਦਾ ਨਹੀਂ।
ਮੇਰੇ ਤੋਂ ਚੰਗੇ ਕਈ ਮਿਲ ਜਾਣੇ, ਫੁੱਲ ਇਸ਼ਕ ਦੇ ਕਈ ਖਿਲ ਜਾਣੇ।
ਦਿਲ ਮੇਰੇ 'ਚ ਪਰ ਖਿਲਣਾ ਨਹੀਂ, ਇਸ਼ਕ ਮੁਹੱਬਤ ਵਾਲਾ ਬਾਗ ਨਹੀਂ।
ਦਿਲ ਤੁੜਵਾਇਆ ਮੈਂ ਤੇ ਤੋੜੇ ਵੀ, ਮੇਰੇ ਤੇ ਲੱਗੇ ਦਾਗ਼ ਕਈ।
ਕੀ ਹੁੰਦਾ ਸੀ ਉਸਤੋਂ ਪਹਿਲਾਂ, ਖੁਦ ਨੂੰ ਹੀ ਭੁੱਲ ਗਿਆ ਹਾਂ।
ਐਸਾ ਦਿਲ 'ਚ ਵਸਾਇਆ ਕੋਈ, ਕੀ ਦੱਸਾਂ ਰੁਲ ਗਿਆ ਹਾਂ।
ਮੇਰੇ ਪਿੱਛੇ ਕਿਉਂ ਸਭ ਭੁੱਲੀ ਬੈਠੀ, ਕਿਤੇ ਖੁਦ ਨੂੰ ਵੀ ਭੁਲਾ ਨਾ ਲਈਂ।
ਪਿਆਰ-ਪਿਆਰ ਕਰਦੀ ਕਰਦੀ, ਦੋਸਤੀ ਵੀ ਗਵਾ ਨਾ ਲਈਂ।
ਜਿਹਦੇ ਮੁਹਰੇ ਮੰਗਦੀ ਤੂੰ, ਓਹ ਰੱਬ ਵੀ ਹੋਣਾ ਗਵਾਹ ਮੇਰਾ।
ਦਿਨ ਵਿੱਚ ਤਾਂ ਮੈਂ ਹੱਸਦਾ ਰਹਿੰਦਾ, ਕਦੀ ਹਨੇਰੇ ਤੋਂ ਪੁੱਛੀਂ ਸੁਭਾਅ ਮੇਰਾ।
ਮੇਰੀਆਂ ਰਾਤਾਂ ਤਾਂ ਰੋ ਕੇ ਲੰਘਣ, ਸਮਝੀ ਨਾ ਤੂੰ ਸੌਂ ਕੇ ਲੰਘਣ।
ਇਹ ਹਾਸੇ ਖੁਸ਼ੀਆਂ ਨੇ ਜੋ ਸਾਰੇ, ਮੇਰੇ ਤੋਂ ਪਾਸੇ ਹੋ ਕੇ ਲੰਘਣ।
ਬਸ ਦੁੱਖ ਨੇ ਕੋਲ ਮੇਰੇ, ਤਾਹੀਓਂ ਕਿਸੇ ਨੂੰ ਕੋਲੇ ਆਉਣ ਨਹੀਂ ਦੇਂਦਾ,
ਕੋਈ ਰੋਕ ਲੈਂਦਾ ਏ ਹੱਥ ਫੜ, ਓਹ ਗੱਲਾਂ ਅੱਖਰਾਂ 'ਚ ਵਹਾਉਣ ਨਹੀਂ ਦੇਂਦਾ,
ਤੂੰ ਸਾਰੀ ਉਮਰ ਪਛਤਾਵੇਂਗੀ, ਗੁਰਮਨ ਨੂੰ ਆਦਤ ਬਣਾ ਨਾ ਲਈਂ।
ਪਿਆਰ ਪਿਆਰ ਕਰਦੀ ਕਰਦੀ ਦੋਸਤੀ ਵੀ ਗਵਾ ਨਾ ਲਈਂ।
ਸੋਚਿਆ ਸੀ ਅਲਵਿਦਾ ਕਹਿਕੇ ਜਾਵੇਂਗਾ ਤੂੰ
ਅੱਖੀਓਂ ਓਹਲੇ ਹੋਇਆ ਤੂੰ, ਹੰਝੂ ਲੱਭਣ ਆਉਂਦੇ ਤੈਨੂੰ ਰਾਤਾਂ ਨੂੰ।
ਜਿਨਾਂ ਫਿੱਕ ਪਾਈ ਆਪਣੇ 'ਚ, ਸਦਕੇ ਜਾਈਏ ਓਹਨਾਂ ਹਾਲਾਤਾਂ ਨੂੰ।
ਬੈਠਾ ਰਹਿੰਦਾ ਹਾਂ ਦਰ ਖੋਲ੍ਹ ਕੇ, ਕਦੇ ਤਾਂ ਆਵੇਂਗਾ ਤੂੰ।
ਹਾਂ ਪਤਾ ਸੀ ਹੋਣਾ ਜੁਦਾ ਆਪਾਂ, ਸੋਚਿਆ ਸੀ ਅਲਵਿਦਾ ਕਹਿਕੇ ਜਾਵੇਂਗਾ ਤੂੰ।
ਕੀ ਮਿਲੇ ਕੁੱਝ ਦਿਨਾਂ ਲਈ, ਫੱਟ ਸਾਰੀ ਉਮਰੇ ਭਰਨੇ ਨਹੀਂ।
ਕਿਆਰੀ ਫੁੱਲਾਂ ਦੀ ਹੋਈ ਜ਼ਮੀਨ ਬੰਜਰ,
ਹੁਣ ਮੀਂਹ ਪਿਆਰਾਂ ਵਾਲੇ ਵਰਨੇ ਨਹੀਂ।
ਤੂੰ ਤੇਜ ਮੈਂ ਭੋਲਾ ਸੀ, ਮੈਨੂੰ ਲੱਗਦਾ ਸੀ ਪਿਆਰ ਜਤਾਏਂਗਾ ਤੂੰ।
ਹਾਂ ਪਤਾ ਸੀ ਹੋਣਾ ਜੁਦਾ ਆਪਾਂ, ਸੋਚਿਆ ਸੀ ਅਲਵਿਦਾ ਕਹਿਕੇ ਜਾਵੇਂਗਾ ਤੂੰ।
ਯਾਦ ਤਾਂ ਚਲ ਅੱਜ ਵੀ ਕਰਦਾ ਹਾਂ, ਪਰ ਪਹਿਲਾ ਵਾਂਗ ਰੋਣਾ ਛੱਡਤਾ,
ਫੱਟ ਦਿਲ ‘ਤੇ ਜੋ ਲੱਗੇ ਨੇ, ਅੱਖੀਆਂ ਦੇ ਪਾਣੀਆਂ ਨਾਲ ਧੋਣਾ ਛੱਡਤਾ।
ਜੇ ਕਿਧਰੇ ਰਾਹੀਂ ਮਿਲੇ ਆਪਾਂ, ਦੱਸ ਫਿਰ ਬੁਲਾਏਂਗਾ ਤੂੰ?
ਹਾਂ ਪਤਾ ਸੀ ਹੋਣਾ ਜੁਦਾ ਆਪਾਂ, ਸੋਚਿਆ ਸੀ ਅਲਵਿਦਾ ਕਹਿਕੇ ਜਾਵੇਂਗਾ ਤੂੰ।
ਹੋਣਾ ਵੱਖ ਸੀ ਫਿਰ ਕਿਉਂ ਮਿਲੇ ਆਪਾਂ?
ਜਾਣਾ ਟੁੱਟ ਹੀ ਸੀ, ਫਿਰ ਕਿਉਂ ਖਿਲੇ ਆਪਾਂ?
ਕੁੱਝ ਅਜੋਕੀਆਂ ਕਹਾਣੀਆਂ ਵਾਂਗ,
ਬੁਣੇ ਪਿਆਰ ਦੇ ਸੀ ਕਈ ਸਿਲ ਸਿਲੇ ਆਪਾਂ।
ਪਤਾ ਨਹੀਂ ਸੀ ਇੰਝ ਦੂਰ ਹੋਣਗੇ, ਜ਼ਿੰਦਗੀ ਦੇ ਇਹ ਦਸਤੂਰ ਹੋਣਗੇ।
ਸ਼ੀਸ਼ੇ ਦੇ ਮਹਿਲਾਂ ਜਿਹੇ ਸੁਪਨੇ ਸੀ, ਨਹੀਂ ਪਤਾ ਸੀ ਇੰਝ ਚੂਰ ਹੋਣਗੇ।
ਬਿਨ ਚਾਹੇ ਦਿਲ ਮਿਲੇ ਸੀ, ਨਹੀਂ ਪਤਾ ਸੀ ਇੰਝ ਮਜਬੂਰ ਹੋਣਗੇ।
ਜੇ ਰੱਬ ਕਰੇ ਮੌਕਾ ਮਿਲੇ, ਫਿਰ ਉਸ ਸਮੇਂ ਜਾ ਮੁੜ ਚਾਹਵੇਂਗਾ ਤੂੰ।
ਹਾਂ ਪਤਾ ਸੀ ਹੋਣਾ ਜੁਦਾ ਆਪਾਂ, ਸੋਚਿਆ ਸੀ ਅਲਵਿਦਾ ਕਹਿਕੇ ਜਾਵੇਂਗਾ ਤੂੰ।
ਇਕ ਕੁੜੀ ਮੈਂ ਜਾਂਦੀ ਇਕੱਲੀ ਦੇਖੀ
ਸੂਰਤ ਮੈਂ ਕੋਈ ਅਵੱਲੀ ਦੇਖੀ, ਇੱਕ ਕੁੜੀ ਮੈਂ ਜਾਂਦੀ ਇਕੱਲੀ ਦੇਖੀ।
ਕੁੱਝ ਫ਼ਿਕਰਾਂ ਨਾਲ ਸੀ ਓਹਦੇ, ਉਲਝੇ ਹੋਏ ਖਿਆਲ ਸੀ ਓਹਦੇ।
ਹੱਥੀਂ ਕਿਤਾਬ ਉਂਝ ਬੋਝ ਸੀ ਢੋਂਦੀ, ਖੌਰੇ ਘਰ ਦੀ ਯਾਦ ਸੀ ਆਉਂਦੀ।
ਅੱਖ ਓਹਦੀ 'ਚ ਨੀਰ ਸੀ ਦੇਖਿਆ, ਪੂਰਾ ਚਿਹਰਾ ਨਹੀਂ।
ਸਿਰ ਦਾ ਅੱਧਾ ਚੀਰ ਸੀ ਦੇਖਿਆ,
ਖਵਾਇਸ਼ਾਂ ਦੱਬੀਆਂ-ਦੱਬੀਆਂ ਸੀ ਲੱਗਦੀਆਂ,
ਜਿੰਮੇਦਾਰੀਆਂ ਦੀ ਮੱਲੀ ਦੇਖੀ।
ਸੂਰਤ ਮੈਂ ਕੋਈ ਅਵੱਲੀ ਦੇਖੀ, ਇੱਕ ਕੁੜੀ ਮੈਂ ਜਾਂਦੀ ਇਕੱਲੀ ਦੇਖੀ।
ਥੱਕ ਕੇ ਬਹਿ ਗਈ ਓਹ, ਚੁੱਪ-ਚੁੱਪ 'ਚ ਬੜਾ ਕੁਝ ਕਹਿ ਗਈ ਓਹ।
ਥੱਲੇ ਨੂੰ ਕੇਰਾਂ ਸਿਰ ਝੁਕਾ, ਕਿਤੇ ਦਿਲ ‘ਚ ਏਨੀ ਹਿੰਮਤ ਜਗਾ।
ਫਿਰ ਰਾਹੇ ਆਪਣੇ ਪੈ ਗਈ ਓਹ, ਕੇਰਾਂ ਤਾਂ ਥੱਕ ਕੇ ਸੀ ਬਹਿ ਗਈ ਓਹ।
ਜਿਵੇਂ ਬੁੱਲਾ ਹਵਾ ਦਾ ਲੈ ਗਿਆ ਸੀ ਓਹਨੂੰ,
ਹਵਾ ਤੇਜ ਸੀ, ਉਦੋਂ ਚੱਲੀ ਦੇਖੀ।
ਸੂਰਤ ਸੀ ਮੈਂ ਅਵੱਲੀ ਦੇਖੀ, ਇਕ ਕੁੜੀ ਮੈਂ ਜਾਂਦੀ ਇਕੱਲੀ ਦੇਖੀ।
ਉਹ ਕੁੜੀ ਸੀ ਆਸ ਕਿਸੇ ਦੀ, ਪੱਗ ਕਿਸੇ ਦੀ, ਵਿਸ਼ਵਾਸ ਕਿਸੇ ਦੀ।
ਧੀ ਸੀ ਓਹ, ਪੁੱਤ ਸੀ ਓਹ, ਖੁਸ਼ੀਆਂ ਵਾਲੀ ਰੁੱਤ ਸੀ ਓਹ।
ਕਿੰਨਿਆਂ ਦਾ ਹੀ ਹਾਸਾ ਸੀ, ਕਿੰਨਿਆਂ ਦੇ ਦਿਲ 'ਚ ਓਹਦਾ ਵਾਸਾ ਸੀ।
ਇੱਜਤ ਸੀ ਪਿਆਰ ਸੀ, ਲਾਇਕ ਵੀ ਵਫ਼ਾਦਾਰ ਵੀ।
ਨਿੱਕੀ ਜਿਹੀ ਜਿੰਦ ਸੀ ਉਹ, ਜਿਹਦੇ ਮੋਢਿਆਂ ਤੇ ਖੁਸ਼ੀਆਂ ਵਾਲੀ ਪੱਲੀ ਦੇਖੀ।
ਸੂਰਤ ਮੈਂ ਇਕ ਅਵੱਲੀ ਦੇਖੀ, ਇੱਕ ਕੁੜੀ ਮੈਂ ਜਾਂਦੀ ਇਕੱਲੀ ਦੇਖੀ...!
ਮੁਲਾਕਾਤਾਂ
ਮੁਹੱਬਤ ਵਿਚ ਮੁਲਾਕਾਤਾਂ ਨਹੀਂ ਹੁੰਦੀਆਂ,
ਮੁਲਾਕਾਤਾਂ ਵਿੱਚ ਮੁਹੱਬਤ ਹੁੰਦੀ ਆ।
ਤੇਰੇ ਦਿਲਾਸੇ
ਤੂੰ ਸੋਹਣਾ ਤੇਰੇ ਐਬ ਸੋਹਣੇ,
ਉਹਤੋਂ ਕਿਤੇ ਸੋਹਣੇ ਤੇਰੇ ਹਾਸੇ ਨੇ।
ਤੇਰੇ ਦਿੱਤੇ ਦੁੱਖ ਵੀ ਸੋਹਣੇ,
ਤੇ ਕਈ ਸੋਹਣਿਆਂ ਤੋਂ ਸੋਹਣੇ ਤੇਰੇ ਦਿਲਾਸੇ ਨੇ।
ਤੇਰੇ ਨਾਲ
ਚੰਨ ਕੀ ਤੇ ਦਾਗ ਕੀ?
ਇਸ਼ਕ ਚ ਹੁੰਦੇ ਹਿਸਾਬ ਨਹੀਂ।
ਜੇ ਕੰਡੇ ਨਹੀਂ ਪਸੰਦ ਤੈਨੂੰ,
ਛੱਡਣਾ ਪੈਣਾ ਗੁਲਾਬ ਵੀ।
ਹਾਸਿਆਂ ਦਾ ਕੋਈ ਮੁੱਲ ਨਹੀਂ ਹੁੰਦਾ,
ਪਏ ਰੋਣ ਲਈ ਕੁਝ ਗਵਾਉਣਾ ਇੱਥੇ।
ਮੈਨੂੰ ਪੱਕਾ ਪਤਾ ਏ ਉਹ ਖੁਸ਼ ਹੀ ਹੋਊ,
'ਅਰਮਾਨ' ਤੇਰੇ ਨਾਲ ਹੋਣਾ ਜਿੱਥੇ।
ਤੇਰੇ ਬਾਅਦ
ਬਸ ਜਾਨ ਜਾਣੋਂ ਰਹਿ ਗਈ,
ਤੇਰੇ ਜਾਣ ਬਾਅਦ।
ਹੋਰ ਤਾਂ ਸ਼ਾਇਦ ਕੁਝ ਨਹੀਂ ਰਿਹਾ,
ਤੇਰੇ ਜਾਣ ਬਾਅਦ।
ਮੈਨੂੰ ਸੁਣਿਆ ਨਹੀਂ ਕਿਸੇ ਨੇ,
ਤੇਰੇ ਜਾਣ ਬਾਅਦ।
ਤਾਹੀਂ ਲਿਖਣ ਲੱਗ ਪਿਆ ਮੈਂ,
ਤੇਰੇ ਜਾਣ ਬਾਅਦ।
ਓਹ ਹਾਸੇ, ਉਹ ਦਿਲਾਸੇ,
ਹੁਣ ਇੱਕ ਪਾਸੇ, ਮੈਂ ਇੱਕ ਪਾਸੇ।
ਤੇਰੇ ਜਾਣ ਬਾਅਦ।
ਨਾ ਤੇਰੇ ਜਿਹਾ ਕੋਈ ਜੁੜਿਆ ਮੁੜਕੇ,
ਲੋਕ ਬਥੇਰੇ ਜੁੜੇ ਤੇਰੇ ਬਾਅਦ ਵੀ।
ਨਾ ਤੇਰੇ ਜਿਹਾ ਤੋੜਿਆ ਕਿਸੇ ਨੇਂ,
ਲੋਕਾਂ ਬਥੇਰਾ ਤੋੜਿਆ ਤੇਰੇ ਬਾਅਦ ਵੀ।
ਤੇਰਾ ਛੱਡ ਜਾਣਾ ਵੀ ਅਜੀਬ ਸੀ,
ਮੈਂ ਰੋਇਆ ਨਹੀਂ,
ਪਰ ਫੇਰ ਹੱਸਿਆ ਵੀ ਨਹੀਂ।
ਚੰਗਾ ਮਾੜਾ ਮੇਰਾ ਮੈਂ ਕੀ ਜਾਣਾਂ,
ਤੇਰੇ ਜਾਣ ਬਾਅਦ,
ਕਿਰਦਾਰ ਵੀ ਮਾੜਾ ਦੱਸਦੇ ਨੇ ਲੋਕ।
ਸੁਣਿਆ ਨਹੀਂ ਤੇਰੇ ਬਾਅਦ ਕਿਸੇ ਨੇ ਮੈਨੂੰ,
ਤੇ ਮੈਂ ਵੀ ਲਿਖਣ ਲੱਗ ਪਿਆ।
ਗੱਲ ਮੁਹੱਬਤ ਦੀ ਹੁੰਦੀ ਸੀ,
ਕਿ ਤੇਰੇ ਬਾਅਦ ਕਿਸੇ ਨਾਲ
ਹੋਈ ਕਿਉਂ ਨਹੀਂ?
ਤੇਰਾ ਨਾਮ
ਸੱਜਣਾਂ ਦਾ ਸਾਨੂੰ ਖਤ ਨਾ ਆਏ,
ਤਾਂ ਵੀ ਸਾਨੂੰ ਮੱਤ ਨਾ ਆਏ।
ਜੇ ਮਿਲੇ ਤਾਂ ਨੀਵੀਂ ਪਾਲੂੰ,
ਤੈਨੂੰ ਕੋਈ ਪੈਗਾਮ ਨਹੀਂ ਪਾਉਂਦਾ।
ਲਿਖਤਾਂ ਦਾ ਸਿਲਸਲਾ ਬਰਕਰਾਰ ਰਹੂ,
ਡਰ ਨਾ ਤੇਰਾ ਨਾਮ ਨਹੀਂ ਆਉਂਦਾ।
ਤੇਰੇ ਬਿਨ੍ਹਾਂ
ਵਗਦੇ ਦਰਿਆਵਾਂ ਵਿਚ ਜਿਉਂ ਕੱਖ ਕੋਈ,
ਇੰਝ ਤੇਰੇ ਬਿਨ੍ਹਾਂ ਜ਼ਿੰਦਗੀ ਲੰਘੀ ਜਾਂਦੀ ਏ।
ਧੋਖਾ ਤੇ ਪਿਆਰ
ਧੋਖਾ ਪਿਆਰ ਤੋਂ ਕਿਤੇ ਪਿਆਰਾ ਹੁੰਦਾ,
ਤੂੰ ਸ਼ਾਇਰਾਂ ਤੋਂ ਪੁੱਛ ਤੇਰੇ ਜਿਹੇ ਸੱਜਣਾਂ ਦੀ ਕੀਮਤ।
ਪੱਥਰ ਦਿਲ
ਹਰ ਰਾਹੀ ਠੇਡਾ ਖਾ ਕੇ ਡਿੱਗਿਆ,
ਇਕ ਤੂੰ ਹੀ ਠੋਕਰ ਮਾਰੀ, ਮੇਰੇ ਪੱਥਰ ਜਿਹੇ ਦਿਲ ਨੂੰ।
ਅੱਜ ਵੀ
ਮੈਨੂੰ ਅੱਜ ਵੀ ਚੰਗਾ ਲੱਗਦਾ,
ਤੇਰਾ ਨਾਂ ਲਿਖ, ਆਪਣਾ ਨਾਂ ਲਿਖਣਾ।
ਉਹ ਕਹਿੰਦੀ ਹੁੰਦੀ ਸੀ
ਉਹ ਕਹਿੰਦੀ ਹੁੰਦੀ ਸੀ,
ਤੂੰ ਤੇ ਮੈਂ ਦੋ ਹੋ ਕੇ ਵੀ ਇੱਕ ਹਾਂ।
ਜੇ ਤੂੰ ਨਾ ਹੁੰਦੀ
ਜੇ ਤੂੰ ਨਾ ਹੁੰਦੀ, ਕੋਈ ਹੋਰ ਹੁੰਦਾ,
ਮੈਂ ਧੋਖਾ ਖਾਧਾ ਕਰਮਾਂ ਦਾ।
ਕਿਹੜੇ ਮੇਲ?
ਤੁਹਾਡੇ ਉੱਚੇ ਦਰ ਤੇ ਸਾਡੇ ਖੁੱਲ੍ਹੇ ਵਿਹੜੇ,
ਜਿੱਥੇ ਮਿਲ ਨਹੀਂ ਹੁੰਦਾ ਉੱਥੇ ਮੇਲ ਕਿਹੜੇ?
ਉਹਦੀਆਂ ਲਿਖਤਾਂ
ਮੈਂ ਜਦ ਵੀ ਉਹਨੂੰ ਤੱਕਿਆ ਏ, ਉਹ ਚੰਗਾ ਹੀ ਲੱਗਿਆ ਏ।
ਬੇਸ਼ਕ ਉਹ ਸਲੇਰਾ ਲੱਗੇ, ਤਾਂ ਵੀ ਹਰ ਰੰਗ ਉਹਨੂੰ ਫੱਬਿਆ ਏ।
ਉਹਦੀਆਂ ਅਜਿਹੀਆਂ ਲਿਖਤਾਂ 'ਚ, ਕੌਣ ਹੈ 'ਉਹ'?
ਫੇਰ ਕੀ ਹੋਇਆ?
ਸਮਾਂ ਰੁਕਿਆ ਨਹੀਂ ਮੇਰਾ,
ਮੇਰੀ ਘੜੀ ਤੇਰੇ ਕੋਲ ਰਹਿ ਜਾਣ ਨਾਲ।
ਹਾਲ ਠੀਕ ਨਹੀਂ ਹੋਣਾ ਤੇਰਾ,
ਮੇਰਾ ਘੜੀ ਤੇਰੇ ਕੋਲ ਬਹਿ ਜਾਣ ਨਾਲ।
ਮੈਂ ਅੱਗੇ ਵੱਧ ਰਹੀ ਆਂ,
ਤੂੰ ਵੀ ਪਿੱਛੇ-ਪਿੱਛੇ ਆਈ ਚੱਲ।
ਮੈਂ ਤੈਨੂੰ ਸਭ ਤੋਂ ਉੱਤੇ ਦੇਖਣਾ ਚਾਹੁੰਦੀ ਹਾਂ,
ਲਿਖ ਮੇਰੇ ਬਾਰੇ ਗਾਈ ਚੱਲ।
ਸਾਡਾ ਰਿਸ਼ਤਾ ਫਿੱਕਾ ਪੈ ਗਿਆ ਬੇਸ਼ਕ,
ਪਰ ਚਾਹਵਾਂ ਕੇ ਤੇਰੀ ਜ਼ਿੰਦਗੀ 'ਚ ਕੋਈ ਫਿੱਕ ਨਾ ਹੋਏ।
ਚੱਲ ਦੱਸ ਫੇਰ ਕੀ ਹੋਇਆ?
ਜੇ ਆਪਾਂ ਇੱਕ ਨਾ ਹੋਏ....
ਤੂੰ ਮੈਂ ਤੇ ਦੋ ਕੱਪ ਚਾਹ
ਮਿੱਠੀ ਬਾਤ,
ਮੱਠੀ ਬਰਸਾਤ,
ਸੁਰਖ ਲਾਲ ਸ਼ਾਮ
ਤੇ ਕਾਲੀ ਰਾਤ।
ਵਿਚ ਦੋ ਮੁਸਾਫ਼ਰ
ਤੇ ਉਹ ਮੰਜਿਲਾਂ ਵਾਲਾ ਰਾਹ।
ਕੁਝ ਗੱਲਬਾਤ ਪਏ ਕਰਦੇ ਨੇਂ,
ਤੂੰ ਮੈਂ ਤੇ ਦੋ ਕੱਪ ਚਾਹ।
ਕੱਚੀ ਉਮਰ ਦੇ ਵਾਅਦੇ
ਮੈਨੂੰ ਵੀ ਨਹੀਂ ਚੇਤੇ, ਉਹ ਵੀ ਭੁੱਲ ਗਈ ਹੋਣੀ ਆ।
ਕੱਚੀ ਉਮਰੇ ਦੇ ਵਾਅਦੇ, ਪੱਕੇ ਥੋੜ੍ਹੀ ਹੁੰਦੇ।
ਕੱਚੀ ਉਮਰ ਦਾ ਪਿਆਰ
ਧੁੰਦਲੀਆਂ ਜਿਹੀਆਂ ਚੇਤੇ ਗੱਲਾਂ ਗੂੜ੍ਹੇ ਪਿਆਰ ਦੀਆਂ,
ਕੱਚੀ ਉਮਰ ਦਾ ਪਿਆਰ ਦਿਲ ਪੱਥਰ ਕਰ ਗਿਆ।
ਤੇਰੇ ਖ਼ਿਆਲ
ਇਹ ਕਿਸੇ ਵਕਤ ਵੀ ਇਕੱਲਿਆਂ ਨਹੀਂ ਛੱਡ ਦੇ ਮੈਨੂੰ,
ਤੇਰੇ ਖਿਆਲਾਂ ਨੂੰ ਮੇਰਾ ਬੜਾ ਖ਼ਿਆਲ ਰਹਿੰਦਾ।
ਸਾਡੀ ਕਹਾਣੀ
ਬੱਸ ਏਨੀ ਕੁ ਸੀ ਕਹਾਣੀ ਸਾਡੀ,
ਮਿਲੇ ਸੀ ਪਰ ਮੇਲ ਨਹੀਂ ਹੋਇਆ।
ਦੋ ਰੂਹਾਂ ਦਾ ਮੇਲ
ਦੋ ਰੂਹਾਂ ਦਾ ਮੇਲ ਵੀ ਨਹੀਂ ਹੋਇਆ,
ਅੱਖਾਂ ਚਾਰ ਕਰਦਿਆਂ ਇਕ ਦਿਲ ਵੀ ਟੁੱਟ ਗਿਆ।
ਡਰ ਲੱਗਦਾ ਹੈ
ਉਹ ਕਿਸੇ ਗੈਰ ਦੀ ਹੈ, ਡਰ ਲੱਗਦਾ ਹੈ।
ਬੇਵਫਾਂ ਦੇ ਸ਼ਹਿਰ ਦੀ ਹੈ, ਡਰ ਲੱਗਦਾ ਹੈ।
ਇਹ ਮੁਹੱਬਤ ਯਾਰੇ ਜਹਿਰ ਜਿਹੀ ਹੈ, ਡਰ ਲੱਗਦਾ ਹੈ।
ਉਹਦੀ ਇੱਕ ਤੱਕਣੀ ਹੀ ਮਾਰੇਗੀ, ਡਰ ਲੱਗਦਾ ਹੈ।
ਉਹਤੇ ਜਵਾਨੀ ਵੀ ਕਹਿਰ ਜਿਹੀ ਹੈ, ਡਰ ਲੱਗਦਾ ਹੈ।
ਉਹਦੇ ਨਾਲ ਚਾਅ
ਉਹਦੇ ਨਾਲ ਚਾਅ ਨੇ ਕੁਝ,
ਉਹਦੇ ਲਈ ਬਚੇ ਸਾਹ ਨੇ ਕੁਝ।
ਉਹਦੇ ਦਿਲ ਚ ਵੀ ਕੁਝ ਹੋਵੇ,
ਦਿਲ ਦੇ ਵਰਕਿਆਂ 'ਤੇ ਨਾਂ ਨੇ ਕੁਝ।
ਦੋ ਤਾਂ ਅੱਖਰ ਵੀ ਰਲਦੇ ਦੋਵਾਂ ਦੇ,
ਸਾਰੇ ਰਲ ਨਾ ਜਾਣ ਵੱਖਰੇ ਤਾਂ ਨੇ ਕੁਝ।
ਉਹਨੇ ਕਿਹਾ ਤਾਂ ਉਂਝ ਹੀ ਵਿਕ ਗਏ,
ਉਂਝ ਸਾਡੇ ਵੀ ਭਾਅ ਨੇ ਕੁਝ।