ਤੂੰ ਤੇ ਮੈਂ
ਆਲੇ-ਦੁਆਲੇ ਭੀੜ ਆ ਇੰਝ,
ਪੜ੍ਹਨ ਬੈਠਾ ਜਿਵੇਂ ਕਹਾਣੀ ਕੋਈ।
ਇੰਝ ਪੈਰਾਂ ਵਿਚ ਲਿਪਟੇ ਨਾਗ ਮੇਰੇ,
ਬੂਟਾ ਜਿਵੇਂ ਰਾਤ ਦੀ ਰਾਣੀ ਕੋਈ।
ਸੋਹਣੀਆਂ ਸ਼ਾਮਾਂ ਹੁਣ ਵੀ ਲਗਦੀਆਂ,
ਤੇਰੇ ਬਾਅਦ ਨਹੀਂ ਲੱਗੀ ਸੁਹਾਣੀ ਕੋਈ।
ਚੇਤੇ ਨੇ ਇੱਕਲੇ-ਇੱਕਲੇ ਬੋਲ ਤੇਰੇ,
ਪਰ ਹੁਣ ਚੇਤੇ ਮੂੰਹ ਜ਼ੁਬਾਨੀ ਨਹੀਂ।
ਇਸ ਹੱਦ ਤੱਕ ਡੂੰਘਾ ਲਹਿਗਿਆ ਮੈਂ,
ਜਿਵੇਂ ਸਮੁੰਦਰ ਏ ਕੋਈ ਅੱਖ ਦਾ ਪਾਣੀ ਨਹੀਂ।
ਇਸ ਕਦਰ ਚੁੱਭਦਾ ਕਈ ਲੋਕਾਂ ਨੂੰ ਮੈਂ,
ਜਿਵੇਂ ਬਿਨ੍ਹਾਂ ਫੁੱਲ ਦੇ ਗੁਲਾਬ ਦੀ ਟਾਹਣੀ ਕੋਈ।
ਕਾਲੀਆਂ ਘਟਾਵਾਂ ਛਾਅ ਗਈਆਂ,
ਨਾ ਰੰਗ ਅਸਮਾਨ 'ਚ ਅਸਮਾਨੀ ਕੋਈ।
ਇੰਝ ਵਿੱਛੜੇ ਤੂੰ ਤੇ ਮੈਂ,
ਜਿਵੇਂ ਲਿਖੀ ਅਰਮਾਨ ਦੀ ਹੋਵੇ ਕਹਾਣੀ ਕੋਈ।