ਅਫ਼ਸਾਨੇ
ਅਸੀਂ ਕਮਲੇ ਦੀਵਾਨੇ ਰਹਿ ਗਏ,
ਇਸ਼ਕ ਦੇ ਭਰਦੇ ਹਰਜ਼ਾਨੇ ਰਹਿ ਗਏ।
ਉਹਨੇ ਕਿਸ ਨਾਲ ਕਰੇ ਵਾਅਦੇ ਨਹੀਂ ਪਤਾ,
ਸਾਡੇ ਲਈ ਬਸ ਬਹਾਨੇ ਰਹਿ ਗਏ।
ਚਾਵਾਂ ਨਾਲ ਦੱਸਦਾ ਸੀ ਨਾਮ ਸਭ ਨੂੰ,
ਹੁਣ ਕੰਨੀਂ ਸੁਣਦੇ ਤਾਅਨੇ ਰਹਿ ਗਏ।
ਉਹਨੇ ਜੋੜ ਲਈ ਕਹਾਣੀ ਗ਼ੈਰਾਂ ਨਾਲ,
ਸਾਡੇ ਇਸ਼ਕ ਦੇ ਅਫ਼ਸਾਨੇ ਰਹਿ ਗਏ।
ਦੋਸਤੀ ਤੋਂ ਕਰੀਬ
ਉਹਦੇ ਨਾਲ ਇਕ ਰਿਸ਼ਤਾ ਅਜੀਬ ਰਿਹਾ,
ਥੋੜ੍ਹਾ ਦੋਸਤੀ ਤੋਂ ਸੀ ਕਰੀਬ ਰਿਹਾ।
ਜਦ ਤੱਕ ਰਹੀ ਗੱਲਬਾਤ ਉਸ ਨਾਲ,
ਗੱਲ ਕਹਿ ਨਾ ਹੋਈ, ਇਹੋ ਨਸੀਬ ਰਿਹਾ।
ਜਵਾਨੀ ਸਾਰੀ ਦਾਅ 'ਤੇ ਲਾਅ,
ਦਿਲਾ ਤੈਨੂੰ ਪਛਤਾਵਾ ਹੀ ਕਿਉਂ ਅਜ਼ੀਜ਼ ਰਿਹਾ।
ਉਹਨੇ ਵਾਅਦਾ ਵੀ ਨਹੀਂ ਕੀਤਾ ਮੁੜ ਆਉਣ ਦਾ,
ਤੇ ਇਹ ਪਾਗਲ ਦਿਲ ਅੱਜ ਵੀ ਉਹਨੂੰ ਉਡੀਕ ਰਿਹਾ।
ਦੋਸਤ ਰਹਿ ਲਵਾਂਗੇ
ਚੱਲ ਕੱਖ ਨਹੀਂ ਹੁੰਦਾ,
ਏਦਾਂ ਦਿਲ ਵੱਖ ਨਹੀਂ ਹੁੰਦਾ।
ਤੂੰ ਕਹਿੰਦੀ ਚੱਲ ਦੋਸਤ ਰਹਿ ਲਵਾਂਗੇ,
ਪਰ ਏਦਾਂ ਰਿਸ਼ਤਾ ਰੱਖ ਨਹੀਂ ਹੁੰਦਾ।
ਚੱਲ ਜੀ ਲਵਾਂਗੇ ਆਪੋ-ਆਪਣੀ,
ਜਿਉਣਾ ਸੌਖਾ ਭਾਵੇਂ ਬੇਸ਼ੱਕ ਨਹੀਂ ਹੁੰਦਾ।
ਨਾ ਰੱਖ ਸਿਰ ਮੇਰੇ ਮੋਢੇ 'ਤੇ,
ਮੇਰੇ ਤੋਂ ਗੈਰਾਂ ਦਾ ਭਾਰ ਚੱਕ ਨਹੀਂ ਹੁੰਦਾ।
ਪਿਆਰ ਛੱਡ ਦੋਸਤ ਰਹਿੰਦੇ ਹਾਂ
ਅਰਮਾਨਦੀਪ ਸਿੰਘ, ਗੁਰਮਨਪ੍ਰੀਤ ਸਿੰਘ
ਸਮਰਪਣ
"ਉਸ ਪਿਆਰ ਨੂੰ, ਜੋ ਸਿਰਫ਼ ਦੋਸਤ ਰਿਹਾ।"
ਮੁੱਖ ਬੰਦ
'ਪਿਆਰ ਛੱਡ ਦੋਸਤ ਰਹਿੰਦੇ ਹਾਂ' ਕਿਤਾਬ ਮੇਰੇ ਅਤੇ ਮੇਰੇ ਭਰਾ ਗੁਰਮਨ ਦੀਆਂ ਚੋਣਵੀਆਂ ਗ਼ਜ਼ਲਾਂ, ਕਵਿਤਾਵਾਂ, ਕਵਿਤਾਵਾਂ ਵਰਗੀਆਂ ਸਤਰਾਂ ਅਤੇ ਜਜ਼ਬਾਤਾਂ ਦਾ ਉਹ ਸੰਗ੍ਰਹਿ ਹੈ, ਜਿਨਾਂ ਨੂੰ ਅਸੀਂ ਇਕ ਥਾਂ 'ਤੇ ਇਕੱਤਰ ਕੀਤਾ ਹੈ। ਇਸ ਕਿਤਾਬ ਦੀ ਹਰ ਇਕ ਲਿਖਤ ਆਪਣੇ ਆਪ ਵਿਚ ਇਕ ਕਹਾਣੀ ਹੈ, ਜੋ ਸਿਰਫ ਸਾਡੀ ਹੀ ਨਹੀਂ, ਹਰ ਪਾਠਕ ਦੀ ਕਹਾਣੀ ਹੈ। ਗੱਲ ਪਿਆਰ ਦੀ ਹੋਵੇ, ਦੋਸਤੀ ਦੀ ਜਾਂ ਫਿਰ ਦੋਸਤੀ ਵਿਚ ਹੋਏ ਪਿਆਰ ਦੀ, ਹਰ ਵਿਸ਼ੇ ਅਤੇ ਰਿਸ਼ਤੇ ਦੀ ਅਹਿਮੀਅਤ ਸਮਝਦੇ ਹੋਏ ਇਸ ਕਿਤਾਬ ਵਿਚ ਉਸ 'ਤੇ ਗੱਲ ਕੀਤੀ ਗਈ ਹੈ। ਕਿਤਾਬ ਦੀ ਸ਼ਬਦਾਵਲੀ ਵੀ ਮੇਰੀ ਉਮਰ ਅਤੇ ਸਮਝ ਦੇ ਵਾਂਗ ਹੀ ਹਲਕੀ ਹੈ, ਜੋ ਕਿ ਅਸੀਂ ਰੋਜ਼ਾਨਾ ਬੋਲਚਾਲ ਵਿਚ ਇਸਤੇਮਾਲ ਕਰਦੇ ਹਾਂ।
ਸਾਂਝੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਮੈਂ ਆਪਣੇ ਪਿਆਰ ਨੂੰ ਕਿਸੇ ਇਕ ਕਿਤਾਬ ਵਿਚ ਬਿਆਨ ਨਹੀਂ ਕਰ ਸਕਦਾ ਪਰ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੇ ਕੋਲ ਪਿਆਰ, ਮੁਹੱਬਤ ਅਤੇ ਦੋਸਤੀ ਤੋਂ ਪਰ੍ਹੇ ਹੋਰ ਵੀ ਅਨੇਕਾਂ ਅਜਿਹੇ ਵਿਸ਼ੇ ਹਨ, ਜੋ ਮੈਂ ਆਪਣੀਆਂ ਆਉਣ ਵਾਲੀਆਂ ਕਿਤਾਬਾਂ ਵਿਚ ਪੇਸ਼ ਕਰਾਂਗਾ ਅਤੇ ਪੰਜਾਬ ਪੰਜਾਬੀਅਤ ਦਾ ਵਾਰਿਸ ਹੋਣ 'ਤੇ ਆਪਣੇ ਮਾਣ ਦਾ ਪ੍ਰਗਟਾਵਾ ਕਰਾਂਗਾ। ਪੰਜਾਬ ਦੇ ਪਾਣੀ, ਹਕੂਮਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਡੀ ਆਵਾਜ਼ ਹਮੇਸ਼ਾ ਹੀ ਬੁਲੰਦ ਰਹੇਗੀ।
ਪੰਜਾਬ ਦੀ ਧਰਤੀ ਦੇ ਜਾਏ ਕਦੇ ਵੀ ਨਫ਼ਰਤ ਨਹੀਂ ਵੇਚਦੇ। ਇਸ ਧਰਤੀ 'ਤੇ ਸਦਾ ਪਿਆਰ ਕਰਨ ਵਾਲੇ ਅਤੇ ਵੰਡਣ ਵਾਲੇ ਹੀ ਜੰਮੇ ਹਨ।