ਦੁਪਹਿਰੇ ਪਿਤਾ ਜੀ ਆਏ ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧ ਸੀ, ਏਥੇ ਆਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣਕੇ ਛਲ ਖੇਡਿਆ ਸੂ। ਜਿਸ ਸਰਾਂ ਵਿਚ ਉਤਰਿਆ ਹੈ, ਓਥੋਂ ਦਾ ਸਰਦਾਰ ਆਕੇ ਸਾਰੀ ਸੂੰਹ ਦੇ ਗਿਆ ਹੈ ਅਰ ਹੁਣ ਉਹ ਹਵਾਲਾਤ ਵਿਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ: 'ਵਹਿਮਣ ਕੁੜੀਏ। ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ'। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ ਅਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਘ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿਚ, ਲੱਗੀਆਂ ਉਡੀਕਾਂ ਤੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ! ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੇਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ। ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ ਤਾਂ ਮੈਂ ਬਨ ਨੂੰ ਗਈ। ਇਸ ਵੇਲੇ ਦੋ ਆਦਮੀ ਹੋਰ ਡਿੱਠੇ ਜੋ ਇਕ ਰੁੱਖ ਦੇ ਹੇਠਾਂ ਬੈਠੇ ਗਾਉਂ ਰਹੇ ਸਨ। ਇਨ੍ਹਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ, ਅਰ ਜੋ ਗਾਉਂਦੇ
ਸਨ ਸੋ ਇਹ ਸੀ:-
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ॥
ਜਿਉ ਰਾਖਹਿ ਕਿਰਪਾ ਧਾਰਿ ਤਿਵੈ ਸੁਖੁ ਪਾਈਐ॥੧॥
1. ਇਹ ਸ਼ਬਦ ਸੂਹੀ ਮਹਲਾ ੧ ਵਿਚ ਹੈ।