ਅੰਦਰ ਬਾਹਰ ਹੈ, ਅੰਦਰ ਹੋਣ ਕਰਕੇ ਬਾਹਰ ਢੂੰਡਣਾ ਨਹੀਂ ਪੈਂਦਾ। ਪਿਆਰ ਨਾਲ ਯਾਦ ਕਰਦਿਆਂ ਹੀ ਆਪਣਾ ਆਪ ਲਖਾ ਦੇਂਦਾ ਹੈ। ਉਸ ਪਿਆਰੇ ਨਾਲ ਜੁੜੇ ਰਹਿਣਾ ਜੀਵਨ ਹੈ ਤੇ ਓਸ ਤੋਂ ਵਿਛੁੜਨਾ ਮੌਤ ਹੈ। ਇਸੇ ਮੇਲ ਨੂੰ ਕਿਹਾ ਗਿਆ ਸੀ ਕਿ 'ਤੂੰ ਆਤਮਾਂ ਹੈ।" ਇਹ ਅਸਲੀ ਜੀਵਨ ਹੈ, ਸੰਸਾਰ ਏਸ ਜੀਵਨ ਤੋਂ ਬਾਹਰ ਹੈ; ਏਸੇ ਕਰਕੇ ਦੁਖੀ ਹੈ। ਏਸ ਜੀਵਨ ਬਿਨਾਂ ਜੋ ਜੀਵਨ ਹੈ ਉਹ ਜੀਵਨ ਨਹੀਂ" : ਇਹ ਕਹਿਕੇ ਆਪ ਖੱਬੇ ਪਾਸੇ ਤੱਕੇ ਤੇ ਬੇਲੇ: 'ਮਰਦਾਨਿਆ! ਰਬਾਬ ਵਜਾ ਕਿ ਬਾਣੀ ਆਈ ਹੈ'। ਆਪ ਤਾਂ ਕਹਿੰਦੇ ਹੀ ਲਿਵ ਲੀਨ ਹੋ ਗਏ ਤੇ ਮਰਦਾਨੇ ਨੇ ਇਕ ਸਾਜ਼ ਵਜਾਇਆ ਜੋ ਸਰੋਦੇ ਨਾਲ ਕੁਛ ਮਿਲਦਾ ਜੁਲਦਾ ਸੀ, ਮੈਨੂੰ ਪਿਛੋਂ ਪਤਾ ਲੱਗਾ ਕਿ ਇਸ ਦਾ ਨਾਉਂ ਰਬਾਬ ਹੈ ਅਰ ਪਿਆਰੇ ਦੇ ਪਿਆਰੇ ਜੀ ਦੀ ਵਿਉਂਤ ਦਾ ਹੈ। ਸਾਜ਼ ਇਹ ਐਡਾ ਸੁਰੀਲਾ ਸੀ ਕਿ ਛਿੜਦਿਆਂ ਹੀ ਜੀ ਜੁੜ ਗਿਆ। ਡਾਢੀ ਹੀ ਪਿਆਰੀ ਸੁਰ ਨਾਲ ਗਾਵਣਹਾਰ ਨੇ ਇਹ ਗਾਂਵਿਆ:
ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥
ਜੈ ਜਗਦੀਸ ਤੇਰਾ ਜਸੁ ਜਾਚਉ ਮੈ ਹਰਿ ਬਿਨੁ ਰਹਨੁ ਨ ਜਾਈ ॥੧॥
ਰਹਾਉ॥ ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥
ਸ੍ਰੀਧਰ ਨਾਥ ਮੇਰਾ ਮਨੁ ਲੀਨਾ ਪ੍ਰਭੁ ਜਾਨੈ ਪੀਰ ਪਰਾਈ ॥੧॥
(ਅੰਕ-੧੨੩੨)
ਜਦ ਸਮਾਪਤੀ ਹੋਈ ਤੇ ਪਿਤਾ ਜੀ ਨੇ ਫੇਰ ਆਪ ਅੱਗੇ ਘਰ ਚੱਲਣ ਲਈ ਬੇਨਤੀ ਕੀਤੀ। ਪਿਆਰੇ ਦੇ ਪਿਆਰੋ ਜੀ ਨੇ ਆਯਾ ਕੀਤੀ ਕਿ ਅਸੀਂ ਏਸ ਮਨ ਵਿਚ ਹੀ ਚੰਗੇ ਹਾਂ ਕਿ ਜਿਥੇ ਪਿਆਰੀ ਪੁਤ੍ਰੀ ਵਾਹਿਗੁਰੂ ਨੂੰ ਵਾਜਾਂ ਮਾਰਦੀ ਰਹੀ ਹੈ, ਪਰੰਤੂ ਮੇਰੇ ਥਿੜਕਦੇ ਬੁੱਲਾਂ ਦੀ ਅਤੇ ਮਾਤਾ ਪਿਤਾ ਜੀ ਦੀ ਹੱਥ ਬੰਨ੍ਹਵੀਂ ਅਰਜ਼ੋਈ ਫੇਰ ਹੋਈ ਤੇ ਦੀਨ ਦਿਆਲ ਜੀ ਨੇ ਪਰਵਾਨ ਕਰ ਲਿਆ ਅਰ ਸਾਡੇ ਪਾਪੀਆਂ ਦੇ ਰਾਜਸੀ ਮਕਾਨ ਵਿਚ ਚਰਨ ਪਾਏ।
ਸਾਡੇ ਲਈ ਹੁਣ ਚਾਉ ਖੁਸ਼ੀਆਂ, ਅਨੰਦ, ਮੰਗਲ, ਬਿਨੋਦ ਅਚਰਜ ਰੰਗਾਂ ਦੇ ਖੁੱਲ੍ਹ ਪਏ। ਮੈਂ ਕੀਹ ਆਖਾਂ, ਸਾਡਾ ਅੱਜ ਜੀਵਨ ਹੀ ਹੋਰ ਹੋ ਗਿਆ। ਪਿਆਰੇ ਦੇ ਪਿਆਰੇ ਜੀ ਦੀ ਸੇਵਾ ਦੇ ਰੰਗ ਵਿਚ ਜੋ ਰਸ ਸੀ ਸੋ ਸਾਨੂੰ ਹੀ ਪਤਾ ਹੈ। ਉਸ ਰੰਗ ਨੂੰ ਦੱਸ ਸਕਣਾ ਖਰਾ ਕਠਨ ਹੈ।
1. ਇਹ ਸ਼ਬਦ ਰਾਗੂ ਸਾਰੰਗ ਅਸਟਪਦੀਆਂ ਮਹਲਾ ੧ ਘਰੁ ੧ ਵਿਚ ਹੈ।