ਸਿਆਸੀ ਚੌਧਰ ਦੀ ਉੱਚੀ ਅਟਾਰੀ ਉੱਤੇ ਬੈਠ ਕੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਜਾਣਾ ਸੰਭਵ ਨਹੀਂ। ਇਸ ਉੱਚੀ ਅਟਾਰੀ ਦਾ ਨਾਂ ਹੈ 'ਸੋਵਰਿਨੇਟੀ'। ਅਜੋਕੀ ਵਾਪਾਰਕ ਨਿਰਭਰਤਾ ਸੋਵਰਿਨੇਟੀ ਦੀਆਂ ਕਲਰਾਠੀਆਂ ਕੰਧਾਂ ਨੂੰ ਡੇਗਣ ਦੇ ਆਹਰ ਵਿਚ ਹੈ। ਇਨ੍ਹਾਂ ਕੰਧਾਂ ਦੇ ਢਹਿ ਜਾਣ ਨਾਲ ਮਨੁੱਖੀ ਸਮਾਜਾਂ ਲਈ ਨਿਰਭਰਤਾ ਦੀ ਸਰਵ ਵਿਆਪਕਤਾ ਨੂੰ ਵੇਖ ਸਕਣਾ ਸੰਭਵ ਹੋ ਜਾਵੇਗਾ। ਨਿਰਭਰਤਾ ਉੱਤੇ ਆਧਾਰਿਤ ਰਿਸ਼ਤਿਆਂ ਨੂੰ ਨਿਭਾਉਣ ਲਈ ਮਨੁੱਖੀ ਸਮਾਜ ਨੂੰ ਵਾਪਾਰ ਦੀ ਸ੍ਰੇਸ਼ਟਤਾ ਸਵੀਕਾਰ ਕਰਨੀ ਪਵੇਗੀ। ਉਪ੍ਰੋਕਤ ਪ੍ਰਸ਼ਨਾਂ ਦਾ ਠੀਕ ਉੱਤਰ ਉਨ੍ਹਾਂ ਕੋਲ ਹੈ, ਜਿਹੜੇ ਮਨੁੱਖੀ ਸਮਾਜਾਂ ਦੀ ਨਿਰਭਰਤਾ ਦੇ ਵਿਸ਼ਵਾਸੀ ਹਨ ਅਤੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਜਿਹੜੇ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ, ਉਹ ਇਕ ਦੂਜੇ ਨੂੰ ਘੁਰਦੇ ਅਤੇ ਇਕ ਦੂਜੇ ਨਾਲ ਹਥਿਆਰਾਂ ਦੀ ਬੋਲੀ ਬੋਲਦੇ ਚੰਗੇ ਨਹੀਂ ਲੱਗਦੇ। ਆਪਣੇ ਘਰ ਆਟਾ ਨਾ ਹੋਣ ਦੀ ਹਾਲਤ ਵਿਚ ਅਸੀਂ ਗੁਆਂਢੀਆਂ ਦੇ ਘਰੋਂ ਆਟਾ ਉਧਾਰ ਲੈਣ ਜਾਂਦੇ ਹਾਂ, ਪਰ ਹੱਥ ਵਿਚ ਟਕੂਆ ਤਲਵਾਰ ਜਾਂ ਬਰਛੀ ਲੈ ਕੇ ਨਹੀਂ, ਸਗੋਂ ਆਟਾ ਪੁਆਉਣ ਲਈ ਬੋਲੀ ਦਾ ਪ੍ਰਬੰਧ ਕਰ ਕੇ। "ਸਾਡੇ ਆਪਸੀ ਰਿਸ਼ਤੇ ਸਿਆਸੀ ਅਤੇ ਸੈਨਿਕ ਨਹੀਂ ਹਨ, ਸਗੋਂ ਆਰਥਕ ਅਤੇ ਵਾਪਾਰਕ ਹਨ। ਦੁਨੀਆਂ ਦੇ ਦੇਸ਼ ਸਰਵ ਸੱਤਾ-ਸੰਪੰਨ ਨਹੀਂ ਹਨ, ਸਗੋਂ ਇਕ ਦੂਜੇ ਉੱਤੇ ਨਿਰਭਰ ਹਨ। ਸਰਵ-ਸੱਤਾ-ਸੰਪੰਨਤਾ ਇਕ ਪ੍ਰਕਾਰ ਦੀ ਵਹਿਸ਼ਤ ਹੈ, ਜਾਂਗਲੀਅਤ ਹੈ। ਅਸੀਂ ਜੰਗਲੀ ਰਿਸ਼ਤਿਆਂ ਦਾ ਤਿਆਗ ਕਰਕੇ ਸੱਚਿਅ ਮਨੁੱਖੀ ਰਿਸ਼ਤਿਆਂ ਦੇ ਧਾਰਨੀ ਬਣਨ ਵਾਲੇ ਹਾਂ। ਸਾਡੇ ਮਨੁੱਖੀ ਹਿੱਤ ਸਾਰੀ ਮਨੁੱਖਤਾ ਨਾਲ ਸਾਂਝੇ ਹਨ।"
ਉਪ੍ਰੋਕਤ ਪ੍ਰਸ਼ਨਾਂ ਦਾ ਇਸ ਤੋਂ ਵੱਖਰਾ ਕੋਈ ਉੱਤਰ ਇੱਕੀਵੀ ਸਦੀ ਦੀ ਮਨੁੱਖਤਾ ਨੂੰ ਮਨਜ਼ੂਰ ਨਹੀਂ ਹੋਵੇਗਾ। ਇਹ ਉੱਤਰ ਸੱਤਾ, ਸੈਨਾ ਅਤੇ ਸਿਆਸਤ ਦਾ ਉੱਤਰ ਨਹੀਂ, ਸਗੋਂ ਸੱਭਿਆਚਾਰ, ਵਾਪਾਰ ਅਤੇ ਸਿਆਣਪ ਦਾ ਉੱਤਰ ਹੈ। ਪੱਛਮੀ ਯੌਰਪ ਦੇ ਦੇਸ਼ ਸਾਂਝੀ ਮਾਰਕੀਟ ਦੀ ਸਥਾਪਨਾ ਕਰ ਕੇ ਇਸ ਉੱਤਰ ਦੀ ਰੂਪ-ਰੇਖਾ ਉਲੀਕ ਸਕਣਗੇ ਤਾਂ ਸੰਸਾਰ ਵਿਚ ਸੁਖ-ਸੁੰਦਰਤਾ ਵਧੇਗੀ। ਜੇ ਇਕ ਗੁਆਢੀ ਆਪਣੇ ਗੁਆਂਢੀ ਨੂੰ ਪਿਸਤੌਲ ਵਿਖਾ ਕੇ ਉਸ ਕੋਲੋਂ ਦਸ ਰੁਪਏ ਉਧਾਰ ਮੰਗਦਾ ਹੋਇਆ ਮੂਰਖ ਅਤੇ ਹਾਸੇ ਹੀਣਾ ਲੱਗਦਾ ਹੈ ਤਾਂ ਉਹ ਦਿਨ ਵੀ ਦੂਰ ਨਹੀਂ, ਜਦੋਂ ਹਥਿਆਰਾਂ ਦੇ ਬਦਲੇ ਵਿਚ ਲੋੜ ਦੀਆਂ ਚੀਜ਼ਾਂ ਲੈਣ ਦੀ ਨੀਅਤ ਰੱਖਣ ਵਾਲੇ ਦੇਸ਼ ਨੀਚ ਅਤੇ ਨਿਰਲੱਜ ਆਖੇ ਜਾਣਗੇ। ਆਤਮਾ ਜਾਂ ਰੂਹ ਦੀ ਸਰਵ ਵਿਆਪਕਤਾ, ਰੱਬ ਦਾ ਸਾਂਝਾ ਰਾਜ ਸੱਤਾ ਅਤੇ ਸੈਨਾ ਦੀ ਸਰਦਾਰੀ ਆਦਿਕ ਕਈ ਵਿਚਾਰ ਅਤੇ ਵਿਸ਼ਵਾਸ ਅਜ਼ਮਾ ਕੇ ਵੇਖ ਲਏ ਗਏ ਹਨ। ਇਹ ਸਮੁੱਚੀ ਧਰਤੀ ਨੂੰ ਮਨੁੱਖਾ ਦਾ ਸਾਂਝਾ ਘਰ ਬਣਾਉਣ ਵਿਚ ਸਫਲ ਨਹੀਂ ਹੋ ਸਕੇ। ਇਨ੍ਹਾਂ ਨੇ ਇਸ ਦਿਸ਼ਾ ਵਿਚ ਯਥਾ