ਮੱਧਕਾਲ ਖੇਤੀ, ਰਜਵਾੜਾਸ਼ਾਹੀ, ਧਰਮ, ਆਦਰਬਵਾਦ, ਸੈਨਿਕ ਸੱਤਾ, ਵੀਰਤਾ ਅਤੇ ਪਰਮ ਮਨੁੱਖ ਦਾ ਯੁਗ ਸੀ। ਆਧੁਨਿਕ ਕਾਲ ਵਿਗਿਆਨ, ਸਨਅਤ, ਮਸ਼ੀਨੀ ਤਕਨੀਕ, ਲੋਕਤੰਤ੍ਰ, ਵਾਪਾਰ, ਸਹਿਯੋਗ, ਸਹਿਵਾਸ ਅਤੇ ਜਨ-ਸਾਧਾਰਣ ਦਾ ਯੁਗ ਹੈ। ਨਵਯੁਗ ਆਗਮਨ ਨਾਲ ਅਸਾਧਾਰਣ ਪਰਿਸਥਿਤੀਆਂ ਉਤਪੰਨ ਹੋ ਰਹੀਆਂ ਹਨ। ਨਵੇਂ ਜੀਵਨ-ਮੁੱਢ ਉਪਜ ਰਹੇ ਹਨ। ਪੁਰਾਣੇ ਆਦਰਸ਼ਾਂ ਦਾ ਤਿਆਗ ਦੁਖਦਾਈ ਹੋ ਰਿਹਾ ਹੈ। ਸਮਾਜਕ, ਵਿਸ਼ੇਸ਼ ਕਰਕੇ ਪਰਿਵਾਰਕ ਸੰਬੰਧਾਂ ਦੀ ਭੰਨ-ਤੋੜ ਅਤੇ ਵਧ ਰਹੇ ਸਰੀਰਕ ਸੁੱਖਾਂ ਦੀ ਅਜਮਾਜਕ ਦੌੜ ਮਾਨਸਿਕ ਤਣਾਉ ਵਿੱਚ ਵਾਧਾ ਕਰ ਰਹੀ ਹੈ। ਇਸ ਤਣਾਓ ਦਾ ਇਲਾਜ ਸੁੱਖਾਂ ਦੇ ਸਮਾਜੀਕਰਣ ਵਿੱਚ ਹੈ, ਅਤੇ ਇਸ ਦਿਸ਼ਾ ਵਿੱਚ ਸੋਚਣਾ, ਕਹਿਣਾ ਅਤੇ ਕਰਨਾ ਆਰੰਭ ਕੀਤਾ ਜਾ ਚੁੱਕਾ ਹੈ, ਵਿਅਕਤੀਗਤ ਰੂਪ ਵਿੱਚ ਇਸ ਸਮੱਸਿਆ ਦੇ ਹੱਲ ਵਜੋਂ ਆਨੰਦ ਦੇ ਆਦਰਸ਼ ਦਾ ਆਸਰਾ ਵੀ ਲਿਆ ਜਾ ਸਕਦਾ ਹੈ। ਪਰਮ ਮਨੁੱਖ, ਵਿਅਕਤੀ ਵਿਸ਼ੇਸ਼ ਅਤੇ ਅਸਾਧਾਰਣ ਮਨੁੱਖਾਂ ਦੁਆਰਾ ਵਿਸ਼ੇਸ਼ ਪ੍ਰਕਾਰ ਦੀ ਮਨੋ-ਅਵਸਥਾ (ਆਨੰਦ) ਦੀ ਪ੍ਰਾਪਤੀ ਲਈ ਵਰਤੇ ਜਾਣ ਵਾਲੇ ਸਾਧਨ ਹੁਣ ਸਾਧਾਰਣ ਮਨੁੱਖਾਂ ਦੁਆਰਾ ਮਨ ਦੀ ਕਿਸੇ ਵਿਕ੍ਰਿਤੀ ਨੂੰ ਦੂਰ ਕਰ ਕੇ ਉਸ ਨੂੰ ਸਾਧਾਰਣ ਅਵਸਥਾ ਵਿੱਚ ਲਿਆਉਣ ਲਈ ਵਰਤੇ ਜਾਣ ਲੱਗ ਪਏ ਹਨ। ਉੱਨਤ ਅਤੇ ਅਮੀਰ ਪੱਛਮੀ ਦੇਸ਼ਾਂ ਵਿੱਚ ਯੋਗ, ਸਿਮਰਨ ਅਤੇ ਭਜਨ ਆਦਿਕ ਦਾ ਰਿਵਾਜ ਵਧ ਰਿਹਾ ਹੈ। ਇਨ੍ਹਾਂ ਅਭਿਆਸਾਂ ਰਾਹੀਂ ਮਨੁੱਖੀ ਮਨ ਨੂੰ ਦੁਖਦਾਇਕ ਅਤੇ ਅਮਿੱਤ ਪਰਿਸਥਿਤੀਆਂ ਤੋਂ ਪਰੋ ਜਾਣ ਅਤੇ ਪਰੇ ਰਹਿਣ ਦੀ ਜੁਗਤੀ ਦੱਸੀ ਜਾਂਦੀ ਹੈ। ਇਹ ਜਾਚ ਉਸ ਦੇ ਤਣਾਉ ਨੂੰ ਘੱਟ ਕਰਦੀ ਹੈ। ਪੱਛਮੀ ਦੇਸ਼ਾਂ ਦੇ ਲੋਕ ਹਰ ਸਾਲ ਛੁੱਟੀ ਉੱਤੇ ਜਾ ਕੇ ਵੀ ਆਪਣੇ ਕਾਰੋਬਾਰੀ ਅਤੇ ਸਮਾਜਕ ਮਾਹੌਲ ਤੋਂ ਪਿੱਛਾ ਛੁਡਾ ਲੈਂਦੇ ਹਨ ਅਤੇ ਅਜੋਕੀ ਮੈਡੀਕਲ ਸਾਇੰਸ ਕੋਲ ਅਜਿਹੀਆਂ ਦਵਾਈਆਂ ਵੀ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਮਾਨਸਿਕ ਤਣਾਉ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਨੰਦ-ਅਭਿਲਾਸ਼ੀ ਵੀ ਜੰਗਲਾਂ ਅਤੇ ਸਮਾਧੀਆਂ ਦੀ ਸਹਾਇਤਾ ਲੈਂਦੇ ਆਏ ਹਨ: ਕੁਝ ਇੱਕ ਨੇ ਨਸ਼ਿਆਂ ਦੀ ਸ਼ਰਨ ਲੈਣ ਨੂੰ ਵੀ ਮਾੜਾ ਨਹੀਂ ਮਿਥਿਆ।
ਜੰਗਲ-ਵਾਸ ਨੂੰ ਮੱਧਕਾਲ ਵਿੱਚ ਹੀ ਮਾੜਾ ਆਖਿਆ ਜਾਣ ਲੱਗ ਪਿਆ ਸੀ, ਤਾਂ ਵੀ ਇਸ ਪਿੱਛੇ ਕੁਝ ਲੁਕੇ ਹੋਏ ਮਨੋਰਥ ਨੂੰ ਕਦੇ ਮਾਝਾ ਨਹੀਂ ਸੀ ਮੰਨਿਆ ਗਿਆ। ਇਹ ਮਨੋਰਥ ਸੀ ਮਨ ਨੂੰ ਸੰਸਾਰਕ ਸੰਬੰਧਾਂ ਦੇ ਮੋਹ ਵਿੱਚ ਨਾ ਪੈਣ ਦੇਣਾ। ਇਸ ਹਾਲਤ ਨੂੰ ਪਾਣੀ ਵਿੱਚ ਉੱਗਣ ਵਾਲੇ ਕਮਲ ਦੇ ਦ੍ਰਿਸ਼ਟਾਂਤ ਰਾਹੀਂ ਸਮਝਾਇਆ ਜਾਂਦਾ ਸੀ । ਆਖਿਆ ਜਾਂਦਾ ਸੀ ਕਿ ਸੰਸਾਰਕ ਧਰਮ ਪਾਲਦਿਆਂ ਹੋਇਆਂ ਆਪਣੇ ਮਨ ਨੂੰ ਏਨਾ ਨਿਰਲੇਪ ਰੱਖਣ ਦੀ ਜਾਚ ਸਿੱਖੋ, ਜਿੰਨਾ ਮੁਰਗਾਬੀ ਆਪਣੇ ਖੰਭਾਂ ਨੂੰ ਰੱਖਦੀ ਹੈ। ਉਹ ਪਾਣੀ ਵਿੱਚ ਚੁੱਭੀ ਮਾਰ ਕੇ ਮੱਛੀ ਫੜਦੀ ਹੈ ਪਰ ਪਾਣੀ ਉਸਦੇ ਖੰਭਾਂ ਨੂੰ ਗਿੱਲਾ ਨਹੀਂ ਕਰਦਾ, ਜਿਸ ਕਰਕੇ ਉਹ ਸਹਿਜੇ ਹੀ ਉੱਡ ਸਕਦੀ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਜੀਵਨ ਨਾਲ ਪਾਣੀ ਅਤੇ ਮੁਰਗਾਬੀ ਵਾਲਾ ਰਿਸ਼ਤਾ ਇੱਕ ਸੁਆਰਥੀ ਸੰਬੰਧ ਹੈ। ਇਹ ਕਿਸੇ ਪ੍ਰਕਾਰ ਦੇ ਆਨੰਦ ਦਾ ਆਧਾਰ ਨਹੀਂ ਬਣ ਸਕਦਾ। ਜਿਨ੍ਹਾਂ ਲਈ ਬਣਦਾ ਹੈ ਉਨ੍ਹਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ 'ਆਨੰਦ' ਬਾਰੇ ਹੋਰ ਸੋਚਿਆ ਜਾਣ ਦੀ ਲੋੜ ਹੈ।