

ਤੀਜੀ ਪ੍ਰਕਾਰ ਦੀ ਪ੍ਰਾਰਥਨਾ ਨੂੰ ਪੂਜਾ, ਅਰਾਧਨਾ ਜਾਂ ਉਪਾਸਨਾ ਆਖ ਸਕਦੇ ਹਾਂ। 'ਯਾਚਨਾ' ਦਾ ਕੇਂਦ ਪ੍ਰਾਰਥਕ ਦਾ ਆਪਾ ਹੈ ਅਤੇ 'ਸਾਲਸੀ' ਉਸ ਦੇ ਆਲੇ-ਦੁਆਲੇ ਨਾਲ ਸੰਬੰਧਤ ਹੈ। ਪੂਜਾ, ਭਗਤੀ, ਅਰਾਧਨਾ ਜਾਂ ਉਪਾਸਨਾ ਦਾ ਕੇਂਦ ਪਰਮਾਤਮਾ ਹੈ। ਇਸ ਪ੍ਰਾਰਥਨਾ ਰਾਹੀਂ ਪ੍ਰਾਰਥਕ ਈਸ਼ਵਰ ਨੂੰ ਉਸ ਦੇ ਆਪਣੇ ਰੂਪ-ਸਰੂਪ ਵਿੱਚ ਜਾਣਨ ਅਤੇ ਪਿਆਰਨ ਦੀ ਇੱਛਾ ਕਰਦਾ ਹੈ। ਲੇਖ ਦੇ ਆਰੰਭ ਵਿੱਚ ਮੈਂ ਲਿਖਿਆ ਸੀ ਕਿ ਅਸੀਂ ਈਸ਼ਵਰ ਨੂੰ ਸੰਪੂਰਣ ਰੂਪ ਜਾਣ ਨਹੀਂ ਸਕਦੇ, ਅਜੇਹਾ ਅਧਿਆਤਮਕ ਆਗੂਆਂ ਦਾ ਫੈਸਲਾ ਹੈ। ਇਸ ਲਈ ਅਸੀਂ ਆਪਣੀ ਲੋੜ, ਪਸੰਦ ਅਤੇ ਸਮਰੱਥਾ ਅਨੁਸਾਰ ਆਪਣਾ ਈਸ਼ਵਰ ਚਿਤਵਣਾ ਹੁੰਦਾ ਹੈ ਜਾਂ ਚਿਤਵਿਆ ਹੁੰਦਾ ਹੈ। ਉਹ ਰੂਪ ਸਰੂਪ ਸਾਡੀ ਕਲਪਨਾ, ਸਾਡੀ ਬੌਧਿਕਤਾ ਅਤੇ ਸਾਡੇ ਵਿਸ਼ਵਾਸਾਂ ਦੀ ਸੁੰਦਰਤਾ ਦੀ ਸਿਖਰ ਹੁੰਦੀ ਹੈ। ਆਰਾਧਨਾ ਜਾਂ ਉਪਾਸਨਾ ਨਾਂ ਦੀ ਪ੍ਰਾਰਥਨਾ ਰਾਹੀਂ ਅਸੀਂ ਆਪਣੇ ਆਪੇ ਦੀ ਸ੍ਰੇਸ਼ਟਤਮ ਅਵਸਥਾ ਨੂੰ ਆਪਣੇ ਆਪੇ ਤੋਂ ਬਾਹਰ ਵੇਖਣ, ਪਿਆਰਨ ਅਤੇ ਸਤਿਕਾਰਨ ਦੀ ਕਿਰਿਆ ਕਰ ਰਹੇ ਹੁੰਦੇ ਹਾਂ। ਇਹ ਬਹੁਤ ਖ਼ਤਰਨਾਕ ਖੇਡ ਹੈ। ਇਹ ਪ੍ਰਾਰਥਕ ਵਿੱਚ ਆਤਮ-ਉੱਚਤਾ (self aggrandisement) ਦਾ ਭਾਵ ਪੈਦਾ ਕਰ ਸਕਦੀ ਹੈ। ਅਜੇਹਾ ਭਾਵ ਵਿਅਕਤੀ ਦੀ ਪ੍ਰਸੰਨਤਾ ਉੱਤੇ ਭਾਰੂ ਹੋ ਜਾਂਦਾ ਹੈ । ਜੇ ਪ੍ਰਾਰਥਕ ਦੀ ਹਉਮੈ ਸ਼ਕਤੀਸ਼ਾਲੀ ਹੋਵੇ ਤਾਂ ਉਹ ਆਪਣੇ ਲਈ ਵੱਡੇ ਮਤਰੇ ਮੁੱਲ ਲੈ ਲੈਂਦਾ ਹੈ। ਬਹੁਤੇ ਸੂਫ਼ੀ ਫ਼ਕੀਰ ਇਸੇ ਭਾਵਨਾ ਅਧੀਨ ਇਸਲਾਮੀ ਸ਼ਰਹ ਨਾਲ ਟੱਕਰ ਲਾ ਕੇ ਕਸ਼ਟ ਭੋਗਦੇ ਰਹੇ ਹਨ। ਉਨ੍ਹਾਂ ਦੀ ਕਵਿਤਾ ਨੂੰ ਸਲਾਹਿਆ ਜਾ ਸਕਦਾ ਹੈ; ਪਰ ਉਨ੍ਹਾਂ ਦੇ ਆਚਾਰ ਵਿਵਹਾਰ ਨੂੰ ਅਪਣਾਉਣਾ ਸਾਡੀ ਪ੍ਰਸੰਨਤਾ ਵਿੱਚ ਘਾਟਾ ਪਾ ਸਕਦਾ ਹੈ।
ਜਿਨ੍ਹਾਂ ਕੋਲ ਸੰਸਾਰਕ ਸੁਖ-ਸਾਧਨ ਲੋੜੀਂਦੀ ਮਾਤ੍ਰਾ ਵਿੱਚ ਮੌਜੂਦ ਹੋਣ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਇਹ ਸੁਖ-ਸਾਧਨ ਸਾਡੀ ਯਾਚਨਾ ਨਾਂ ਦੀ ਪ੍ਰਾਰਥਨਾ ਦੇ ਸਿੱਟੇ ਵਜੋਂ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਆਰਮੁੱਚਤਾ ਦਾ ਭਾਵ ਸਹਿਜੇ ਹੀ ਸਿਰ ਚੁੱਕ ਸਕਦਾ ਹੈ। ਇਸ ਲਈ ਅਰਾਧਨਾ, ਉਪਾਸਨਾ ਜਾਂ ਭਜਨ ਆਦਿਕ ਦੇ ਰੂਪਾਂ ਵਿੱਚ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਲਈ ਜੀਵਨ ਦੇ ਸਮਾਜਕ-ਆਰਥਕ ਵਿਕਾਸ ਦੀ ਕੁਝ ਕੁ ਜਾਣਕਾਰੀ ਅਤੇ ਉਸ ਜਾਣਕਾਰੀ ਦਾ ਲੋੜੀਂਦਾ ਸਤਿਕਾਰ ਬਹੁਤ ਜ਼ਰੂਰੀ ਗੱਲਾਂ ਹਨ।
ਚੌਥੀ ਪ੍ਰਕਾਰ ਦੀ ਪ੍ਰਾਰਥਨਾ ਅਸਲ ਵਿੱਚ ਪ੍ਰਾਰਥਨਾ ਨਹੀਂ। ਇਸ ਵਿੱਚ ਪ੍ਰਾਰਥਕ ਆਪਣੇ ਇਸ਼ਟ ਕੋਲੋਂ ਕੁਝ ਮੰਗਦਾ ਨਹੀਂ: ਨਾ ਆਪਣੇ ਲਈ, ਨਾ ਕਿਸੇ ਹੋਰ ਲਈ; ਨਾ ਹੀ ਉਸ ਨੂੰ ਪਿਆਰਨ, ਸਤਿਕਾਰਨ, ਸਲਾਹੁਣ ਅਤੇ ਰੀਝਾਉਣ ਦੀ ਇੱਛਾ ਕਰਦਾ ਹੈ। ਇਸ ਪ੍ਰਾਰਥਨਾ ਨੂੰ ਮਗਨਤਾ, ਲਿਵਲੀਨਤਾ, ਸੁਰਤ-ਸ਼ਬਦ-ਸੰਜੋਗ, ਸਮਾਧੀ ਆਦਿਕ ਕੋਈ ਵੀ ਨਾਂ ਦੇ ਸਕਦੇ ਹਾਂ। ਇਸ ਪ੍ਰਾਰਥਨਾ ਰਾਹੀਂ ਪ੍ਰਾਰਥਕ ਆਪਣੇ ਇਸ਼ਟ ਨੂੰ ਆਪਣੇ ਬਾਹਰ ਨਹੀਂ ਸਗੋਂ ਆਪਣੇ ਅੰਦਰ ਸਮਾਇਆ ਹੋਇਆ ਅਨੁਭਵ ਕਰਦਾ ਹੈ। ਇਸ ਅਨੁਭਵ ਰਾਹੀਂ ਉਹ ਕਿਸੇ ਦੇ ਦੱਸੇ ਹੋਏ ਜਾਂ ਆਪਣੀ ਕਲਪਨਾ ਸਮਰੱਥਾ ਆਦਿਕ ਰਾਹੀਂ ਆਪਣੇ ਲਈ ਚੁਣੇ ਹੋਏ ਅੰਸ਼ ਰੂਪ ਪਰਮਾਤਮਾ ਦਾ ਸਾਖਿਆਤਕਾਰ ਨਹੀਂ ਕਰਦਾ ਸਗੋਂ ਉਸ ਨੂੰ ਉਸ ਦੇ ਆਪਣੇ ਅਸਲੀ ਅਤੇ ਸੰਪੂਰਣ ਰੂਪ ਵਿੱਚ ਵੇਖਦਾ, ਜਾਣਦਾ ਜਾਂ ਅਨੁਭਵ ਕਰਦਾ ਹੈ; ਇਹ ਵੱਖਰੀ ਗੱਲ ਹੈ ਕਿ ਆਪਣੇ ਅਨੁਭਵ ਨੂੰ ਭਾਸ਼ਾ ਰਾਹੀਂ ਹੂ-ਬ-ਹੂ ਪਰਗਣ ਕਰਨਾ ਉਸ ਲਈ ਸੰਭਵ ਨਹੀਂ ਹੁੰਦਾ।
ਇਹ ਪ੍ਰਾਰਥਕ ਦੀ ਨਹੀਂ ਸਗੋਂ ਮਨੁੱਖੀ ਭਾਸ਼ਾ ਦੀ ਕਮਜ਼ੋਰੀ ਮੰਨੀ ਜਾਂਦੀ ਹੈ।