ਕਲਪਨਾ-ਆਧਾਰਿਤ ਹੈ। ਸਿਰਜਣਾਤਮਕਤਾ ਦੀ ਚਿੰਨ੍ਹ - ਪ੍ਰਕਿਰਿਆ ਰਾਹੀਂ ਜੋ ਰਚਨਾ ਪ੍ਰਬੰਧ ਬਣਦਾ ਹੈ, ਉਸ ਦੇ ਬਹੁ-ਪਰਤੀ ਅਤੇ ਬਹੁ-ਅਰਥੀ ਹੱਦ ਦਾ ਸੁਆਲ ਹਮੇਸਾਂ ਬਣਿਆ ਰਹਿੰਦਾ ਹੈ। ਰਚਨਾਵਾਂ ਦਾ ਅਧਿਐਨ ਸਿਰਜਣਾਤਮਕ ਨਾ ਹੋ ਕੇ ਵਿਸ਼ਲੇਸ਼ਣਾਤਮਕ ਹੁੰਦਾ ਹੈ, ਜੋ ਕਲਪਨਾ ਮੁਖ ਨਾ ਹੋ ਕੇ ਵਿਵੇਕਮਈ ਤੇ ਤਰਕਮਈ ਹੁੰਦਾ ਹੈ । ਇਸੇ ਕਰਕੇ ਅਚੇਤ ਵਿਚਾਰਧਾਰਕ ਤੱਤਾਂ ਦੀ ਸੰਭਾਵਨਾ ਘੱਟ ਹੁੰਦੀ ਹੈ। ਦੂਸਰਾ ਇਹ ਕਿ ਸਾਹਿਤ ਆਲੋਚਨਾਵਾਦੀ ਪ੍ਰਕ੍ਰਿਤੀ ਹੀ ਮੂਲ ਰੂਪ ਵਿਚ ਸਜੱਗ ਪਾਠਕ ਦੀ ਹੁੰਦੀ ਹੈ। ਸਜੱਗ ਪਾਠਕ ਰਚਨਾਵੀ ਪਾਠ ਤੇ ਆਲੋਚਨਾ ਪਾਠ ਉਸਾਰਦਾ ਹੈ, ਜਿਸਦੀ ਪ੍ਰਕਿਤੀ ਅਤੇ ਅਧਾਰ ਵਿਸ਼ੇਸ਼ ਕਿਸਮ ਦੀਆਂ ਸਮਾਜਕ ਕਦਰਾਂ ਕੀਮਤਾਂ ਅਤੇ ਵਿਚਾਰਧਾਰਕ ਤੱਤ ਹੁੰਦੇ ਹਨ। ਇਸੇ ਕਰਕੇ ਆਲੋਚਨਾ ਸਿਰਫ ਅੰਗ ਨਿਖੇੜ, ਵਿਗਿਆਨ, ਸੁਹਜ-ਸ਼ਾਸਤਰ ਜਾਂ ਰਚਨਾਵਾਂ ਦੀ ਵਿਆਖਿਆ ਹੀ ਨਹੀਂ ਹੁੰਦੀ, ਸਗੋਂ ਵਿਚਾਰਧਾਰਕ ਆਧਾਰ ਦੀ ਧਾਰਨੀ ਵੀ ਹੁੰਦੀ ਹੈ, ਜਿਹੜੀ ਸਮਾਜ ਵਿਚ ਚੱਲ ਰਹੇ ਜਮਾਤੀ ਸੰਘਰਸ਼ ਵਿਚ ਫੈਸਲਾਕੁਨ ਰੋਲ ਵੀ ਅਦਾ ਕਰਦੀ ਹੈ।
ਸਮਾਜ ਕੋਈ ਮਨੁੱਖ ਦਾ ਇਕੱਠ ਮਾਤਰ ਨਹੀਂ, ਸਗੋਂ ਅਜਿਹਾ ਸਮੂਹ ਹੈ, ਜਿਹੜਾ ਮਾਨਵੀ ਮੁੱਲਾਂ ਦੀ ਵੀ ਸਥਾਪਨਾ ਕਰਦਾ ਹੈ। ਸਮਾਜ ਵਿਚ ਸਭ ਕੁਝ ਸਾਂਵਾਂ ਨਹੀਂ ਹੁੰਦਾ, ਅਸਾਂਵਾਂ ਵੀ ਹੁੰਦਾ ਹੈ, ਉਸ ਸਮਾਜ ਵਿਚ, ਜਿਸ ਵਿਚ ਨਿੱਜੀ ਮਲਕੀਅਤ ਦਾ ਸੰਕਲਪ ਹੋਵੇ । ਇਸੇ ਕਾਰਨ ਸਮਾਜ ਅਗਾਂਊਂ ਜਮਾਤੀ ਸਮਾਜ ਵਿਚ ਵੰਡਿਆ ਜਾਂਦਾ ਹੈ। ਅਜਿਹੇ ਸਮਾਜ ਵਿਚ ਰਚੀ ਗਈ ਹਰ ਚੀਜ਼ ਦੀ ਪ੍ਰਕਿਤੀ ਜਮਾਤੀ ਹੁੰਦੀ ਹੈ ਅਤੇ ਜਿਸ ਦਾ ਆਧਾਰ ਵਿਚਾਰਧਾਰਕ ਹੁੰਦਾ ਹੈ। ਸਾਹਿਤ ਅਤੇ ਆਲੋਚਨਾ ਵੀ ਇਸੇ ਤਰ੍ਹਾਂ ਸਮਾਜਕ ਵਰਤਾਰਿਆਂ ਵਾਂਗ ਵਿਚਾਰਧਾਰਕ ਆਧਾਰ ਦੇ ਧਾਰਨੀ ਹੁੰਦੇ ਹਨ। ਅਜਿਹੇ ਆਧਾਰਾਂ ਨੂੰ ਸਮਝਣ ਅਤੇ ਅਧਿਐਨ ਕਰਨ ਵੱਲ ਹੱਥਲੀ ਪੁਸਤਕ ਇਕ ਯਤਨ ਹੈ। ਇਸ ਅਧਿਐਨ ਦੀਆ ਆਪਣੀਆਂ ਸੀਮਾਵਾਂ ਹਨ। ਇਸ ਵਿਚ ਸੁਚੇਤ ਰੂਪ ਵਿਚ ਸਿਧਾਂਤਕ ਅਤੇ ਵਿਚਾਰਧਾਰਕ ਦ੍ਰਿਸ਼ਟੀਆਂ ਨਾਲ ਪ੍ਰਤੀਬੱਧ ਆਲੋਚਨਾ ਵਿਧੀਆਂ ਦਾ ਅਧਿਐਨ ਪ੍ਰਸਤੁਤ ਹੈ।
ਇਉਂ ਇਹ ਪੁਸਤਕ ਪੰਜਾਬੀ ਆਲੋਚਨਾ ਅਤੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਹੈ। ਇਸ ਵਿਚ ਸਾਹਿਤ, ਆਲੋਚਨਾ ਅਤੇ ਪੰਜਾਬੀ ਦੀਆਂ ਪ੍ਰਤੀਨਿਧ, ਵਿਹਾਰਕ ਆਲੋਚਨਾ ਪ੍ਰਵਿਰਤੀਆਂ ਦਾ ਅਧਿਐਨ-ਵਿਸਲੇਸ਼ਣ ਅਤੇ ਮੁਲਾਂਕਣ ਹੈ। ਪ੍ਰਗਤੀਵਾਦ, ਸੰਰਚਨਾਵਾਦ ਅਤੇ ਚਿੰਨ੍ਹ ਵਿਗਿਆਨ ਨੂੰ ਸਿਧਾਂਤਕ ਅਤੇ ਵਿਹਾਰਕ ਰੂਪ 'ਚ ਸਮਝਣ ਦਾ ਯਤਨ ਤੁਹਾਡੇ ਸਨਮੁੱਖ ਹੈ। ਆਧੁਨਿਕ ਸੰਸਾਰ ਵਿਚ ਹੋਰ ਯੁੱਧਾ ਵਾਂਗ ਵਿਚਾਰਾਂ ਦਾ ਯੁੱਧ ਵੀ ਹੈ। ਇਸੇ ਯੁੱਧ ਵਿਚ ਅੱਜ ਦੇ ਸਮੇਂ ਵਿਚ ਇਤਿਹਾਸ ਦਾ ਅੰਤ' ਅਤੇ 'ਵਿਚਾਰਧਾਰਾ ਦਾ ਅੰਤ' ਜਿਹੇ ਵਿਚਾਰ ਵੀ ਉਭਾਸਰ ਰਹੇ ਹਨ। ਇਉਂ ਹੀ ਲੇਖਕ ਦਾ ਅੰਤ' ਅਤੇ 'ਮਨੁੱਖ ਦਾ ਅੰਤ ਵੀ ਦ੍ਰਿਸ਼ਟੀਗੋਚਰ ਹੋਏ ਹਨ। ਇਉਂ ਵਿਚਾਰਾਂ ਵਿਚ ਅੰਤ ਬੋਧ ਖ਼ਾਸ ਰੂਪ ਵਿਚ ਪ੍ਰਵਾਹਮਾਨ ਹੈ। ਪਰੰਤੂ ਅੰਤ ਬੋਧ ਦੇ ਸਮਾਨਾਂਤਰ ਹੁਣਵੇਂ ਸਮੇਂ ਵਿਚ ਮਹਾਂਬਿਰਤਾਂਤ ਦਾ ਅੰਤ' ਵਿਸ਼ੇਸ਼ ਰੂਪ 'ਚ ਚਰਚਿਤ ਹੈ, ਜਿਹੜਾ ਸਿੱਧੇ ਅਸਿੱਧੇ ਰੂਪ ਵਿਚ ਵਿਚਾਰਧਾਰਕ ਪਰਿਪੇਖ ਦਾ ਧਾਰਨੀ ਹੈ। ਇਸ ਨੂੰ ਅਗਾਂਹ ਤੱਕ ਵਿਸਤਾਰ ਕੇ ਉੱਤਰ-ਆਧੁਨਿਕ ਸਥਿਤੀ ਵਜੋਂ ਸਮਾਨਾਂਤਰ- ਵਿਚਾਰਧਾਰਾ ਰਾਹੀਂ ਪ੍ਰਸਤੁਤ ਕੀਤਾ ਜਾ ਰਿਹਾ ਹੈ । ਜਦੋਂ ਤੱਕ ਸਰਮਾਏਦਾਰੀ ਅਤੇ ਸਾਮਰਾਜੀ ਮਹਾਂਬਿਰਤਾਂਤਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਹੋਂਦ ਬਰਕਰਾਰ ਹੈ, ਉਦੋਂ ਤੱਕ ਸਰਬਹਾਰੇ ਦੀ ਮੁਕਤੀ ਦੇ ਮਹਾਂ ਬਿਰਤਾਂਤ ਦੀ ਸਾਰਥਕਤਾ ਤੋਂ ਇਨਕਾਰ ਵਿਸ਼ੇਸ਼ ਵਿਚਾਰਧਾਰਾ ਦਾ ਮਹੀਨ ਤੇ ਸੂਖਮ ਰੂਪ 'ਚ