(6) ਆਦਰ ਸੂਚਕ ਸ਼ਬਦ
(i) ਵਿਸ਼ੇਸ਼ਕ ਵਜੋਂ ਆਦਰਸੂਚਕ ਸ਼ਬਦ- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਆਦਰਸੂਚਕ ਸ਼ਬਦ ਵਿਸ਼ੇਸ਼ਕਾਂ ਵਜੋਂ ਕਾਰਜਸ਼ੀਲ ਹੁੰਦੇ ਹਨ। ਇਹ ਸ਼ਬਦ ਹਨ- ਸ਼੍ਰੀ, ਸ੍ਰੀਮਾਨ, ਜਨਾਬ, ਭਾਈ ਸਾਹਿਬ, ਜੀ, ਹੁਰੀਂ ਆਦਿ। ਵਿਸ਼ੇਸ਼ ਨੁਕਤਾ ਇਹ ਹੈ ਕਿ ਪੰਜਾਬੀ ਨਾਂਵ- ਵਾਕੰਸ਼ ਵਿਚ ਆਦਰਸੂਚਕ ਸ਼ਬਦ ਮੁੱਖ-ਸ਼ਬਦ ਅਰਥਾਤ ਨਾਂਵ ਤੋਂ ਪਹਿਲਾਂ ਵੀ ਆ ਸਕਦੇ ਹਨ ਅਤੇ ਪਿਛੋਂ ਵੀ। ਹੇਠਾਂ ਦਰਜ ਵਾਕ (ੳ) ਉਹ ਆਦਰਸੂਚਕ ਸ਼ਬਦ ਨਾਂਵ ਤੋਂ ਪਹਿਲਾਂ ਹੈ ਅਤੇ ਵਾਕ (ਅ) ਵਿਚ ਪਿਛੋਂ। ਇਸਦੇ ਨਾਲ ਹੀ ਵਾਕ (ੲ) ਵਿਚ ਆਦਰਸੂਚਕ ਨਾਂਵ ਤੋਂ ਪਹਿਲਾਂ ਵੀ ਹੈ ਅਤੇ ਪਿਛੋਂ ਵੀ।
(ੳ) ਸ਼੍ਰੀ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
(ਅ) ਹਰਨਾਮ ਸਿੰਘ ਜੀ ਇਕ ਵਧੀਆ ਕਵੀ ਹੋਏ ਹਨ।
(ੲ) ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ।
(ii) ਵਿਸ਼ੇਸ਼ਕ ਵਜੋਂ ਵਿਸ਼ੇਸ਼ਣ- ਇਕ ਸ਼ਬਦ ਵਿਸ਼ੇਸ਼ਣ ਵੀ ਨਾਂਵ ਦੇ ਵਿਸ਼ੇਸ਼ਕ ਵਜੋਂ ਵਰਤਿਆ ਜਾਂਦਾ ਹੈ। ਵਿਸ਼ੇਸ਼ਕ ਵਜੋਂ ਵਿਸ਼ੇਸ਼ਣ ਸ਼ਬਦ ਧੁਣਵਾਚੀ, ਗਿਣਤੀ ਮਿਣਤੀ ਵਾਚਕ ਆਦਿ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਜਿਵੇਂ-
(ੳ) ਹੁਸ਼ਿਆਰ ਮੁੰਡੇ ਹਰ ਇਮਤਿਹਾਨ ਪਾਸ ਕਰ ਲੈਂਦੇ ਹਨ।
(ਅ) ਉਸ ਨੇ ਮੋਹਣ ਕੋਲੋਂ ਪੰਜ ਰੁਪਏ ਲਏ।
(ੲ) ਇਥੇ ਕਤਾਰ ਵਿਚ ਬੈਠਾ ਪੰਜਵਾਂ ਮੁੰਡਾ ਬਹੁਤ ਚੁਸਤ ਹੈ।
(iii) ਵਿਸ਼ੇਸਕ ਵਜੋਂ ਵਿਸ਼ੇਸ਼ਣ-ਵਾਕੰਸ਼- ਵਿਸ਼ੇਸ਼ਣ ਸ਼ਬਦ ਤੋਂ ਇਲਾਵਾ ਪੰਜਾਬੀ ਨਾਂਵ- ਵਾਕੰਸ਼ ਦੀ ਬਣਤਰ ਵਿਚ ਵਿਸ਼ੇਸ਼ਣ ਵਾਕੰਸ਼ ਦੀ ਇਕ ਵਿਸ਼ੇਸ਼ਕ ਵਜੋਂ ਕਾਰਜ ਕਰਦਾ ਹੈ। ਇਸ ਪ੍ਰਕਾਰ ਦੇ ਕੁਝ ਵਾਕ ਇਹ ਹਨ-
(ੳ) ਲਾਲ ਪੱਗ ਵਾਲਾ ਮੁੰਡਾ ਦਸਵੀਂ ਜਮਾਤ ਵਿਚ ਪੜ੍ਹਦਾ ਹੈ।
(ਅ) ਬਰਾਂਡੇ ਵਿਚ ਬੈਠੀ ਕੁੜੀ ਮੋਹਣ ਦੀ ਭੈਣ ਹੈ।
(iv) ਵਿਸ਼ੇਸ਼ਕ ਵਜੋਂ ਕਿਰਿਆ-ਵਾਕੰਸ਼- ਪੰਜਾਬੀ ਨਾਂਵ-ਵਾਕੰਸ਼ ਦੀ ਬਣਤਰ ਵਿਚ ਕਿਰਿਆ-ਵਾਕੰਸ਼ ਵੀ ਇਕ ਵਿਸ਼ੇਸ਼ਕ ਵਜੋਂ ਕਾਰਜ ਕਰਦੇ ਮਿਲਦੇ ਹਨ। ਜਿਵੇਂ-
(ੳ) ਦੌੜਦਾ ਹੋਇਆ ਮੁੰਡਾ ਇਥੇ ਆ ਕੇ ਬੈਠ ਗਿਆ।
(ਅ) ਸੁੱਤੇ ਪਏ ਮੋਹਣ ਨੂੰ ਇਕ ਸੁਪਨਾ ਆਇਆ।
(v) ਵਿਸ਼ੇਸ਼ਕ ਵਜੋਂ ਨਾਂਵ-ਵਾਕੰਸ਼- ਹੇਠਲੇ ਵਾਕ ਵਿਚ ਮੋਟੀ ਛਪਾਈ ਵਾਲੇ ਅੰਸ਼ ਨਾਵ-ਵਾਕੰਸ਼ ਹਨ ਜੋ ਵਿਸ਼ੇਸ਼ਕ ਵਜੋਂ ਕਾਰਜਸ਼ੀਲ ਹਨ।
(ੳ) ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਕਲ ਇਥੇ ਆਉਣਗੇ।
(vi) ਵਿਸ਼ੇਸ਼ਕ ਵਜੋਂ ਆਦਰਸੂਚਕ ਸ਼ਬਦ- ਪੰਜਾਬੀ ਨਾਂਵ-ਵਾਕੰਸ਼ ਵਿਚ ਆਦਰਸੂਚਕ ਸ਼ਬਦ ਹੀ ਵਿਸ਼ੇਸ਼ਕ ਹੁੰਦੇ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਆਦਰਸੂਚਕ ਸ਼ਬਦ ਮੁੱਖ ਸ਼ਬਦ ਤੋਂ ਪਹਿਲਾਂ ਦੀ ਆ ਸਕਦੇ ਹਨ ਅਤੇ ਪਿਛੋਂ ਵੀ।
(ੳ) ਸ਼੍ਰੀਮਾਨ ਹਰਨਾਮ ਜੀ ਆਏ ਹਨ।
(ਅ) ਹਰਨਾਮ ਹੁਰੀਂ ਆਏ ਹਨ।
(ੲ) ਸ੍ਰੀਮਾਨ ਹਰਨਾਮ ਜੀ ਆਏ ਹਨ।