ਵਰਤੀ ਗਈ ਹੋਵੇ ਤਾਂ ਹੀ ਸੰਭਾਵਕ ਸੰਚਾਲਕ ਕਿਰਿਆ ਆ ਸਕਦੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਦੇ ਛੇ ਸ਼ਬਦ ਸੰਭਾਵਕ ਸੰਚਾਲਕ ਕਿਰਿਆ ਵਜੋਂ ਵਰਤੇ ਜਾਂਦੇ ਹਨ ਉਹ ਹਨ- ਸਕ, ਹੋ, ਕਰ, ਚੁਕ, ਦਸ ਅਤੇ ਦਿਸ। ਹੇਠਲੇ ਵਾਕ ਵਿਚ 'ਕਰਦਾ' ਇਸ ਵੰਨਗੀ ਦਾ ਸ਼ਬਦ ਹੈ।
ਉਹ ਆਪਣੇ ਭਰਾ ਦੀ ਸਲਾਹ ਲੈ ਲਿਆ ਕਰਦਾ ਸੀ।
ਪੰਜਾਬੀ ਕਿਰਿਆ ਵਾਕੰਸ਼ ਵਿਚਲੇ ਸ਼ਬਦਾਂ ਦੀ ਗਿਣਤੀ ਪੱਖੋਂ ਕਿਹਾ ਜਾ ਸਕਦਾ ਹੈ ਕਿ ਕਰਤਰੀ ਕਿਰਿਆ ਵਾਕੰਸ਼ ਵਿਚ ਵੱਧ ਤੋਂ ਵੱਧ ਚਾਰ ਕਿਰਿਆ ਸ਼ਬਦ ਆ ਸਕਦੇ ਹਨ। ਜੇ ਇਹਨਾਂ ਨਾਲ ਦਬਾਅ ਵਾਚਕ ਅਤੇ ਨਾਂਹਵਾਚਕ ਸ਼ਬਦ ਵੀ ਸ਼ਾਮਿਲ ਹੋਣ ਤਾਂ ਇਹ ਗਿਣਤੀ ਛੇ ਤੱਕ ਪਹੁੰਚ ਜਾਂਦੀ ਹੈ । ਇਸੇ ਤਰ੍ਹਾਂ ਕਰਮਣੀ ਕਿਰਿਆ ਵਾਕੰਸ਼ ਵਿਚ ਵੱਧ ਤੋਂ ਵੱਧ ਪੰਜ ਕਿਰਿਆ ਸ਼ਬਦ ਆ ਸਕਦੇ ਹਨ ਅਤੇ ਜੇ ਨਾਂਹਵਾਚੀ ਅਤੇ ਦਬਾਅਵਾਚੀ ਸ਼ਬਦ ਵੀ ਸ਼ਾਮਲ ਹੋਣ ਤਾਂ ਇਹ ਗਿਣਤੀ ਸੱਤ ਤੱਕ ਪਹੁੰਚ ਜਾਂਦੀ ਹੈ। ਸ਼ਬਦਾਂ ਦੀ ਗਿਣਤੀ ਅਨੁਸਾਰ ਕੁਝ ਵਾਕ ਲਏ ਜਾ ਸਕਦੇ ਹਨ ਜਿਹਨਾਂ ਵਿਚ ਨਾਂਹਵਾਚਕ ਅਤੇ ਦਬਾਅਵਾਚਕ ਸ਼ਬਦ ਨਹੀਂ ਵਰਤੇ ਗਏ।
(ੳ) ਉਸ ਨੇ ਮੈਨੂੰ ਕਿਤਾਬ ਦਿੱਤੀ। (ਇਕ ਸ਼ਬਦ)
(ਅ) ਉਹ ਦੋ ਘੰਟੇ ਗਾਉਂਦਾ ਰਿਹਾ। (ਦੋ ਸ਼ਬਦ)
(ੲ) ਪੂਰੇ ਪੰਜ ਵਜੇ ਗੱਡੀ ਤੁਰ ਪਈ ਸੀ। (ਤਿੰਨ ਸ਼ਬਦ)
(ਸ) ਉਹ ਅਕਸਰ ਇਥੇ ਆਉਂਦਾ ਰਹਿੰਦਾ ਹੁੰਦਾ ਸੀ। (ਚਾਰ ਸ਼ਬਦ)
(ਹ) ਮਹੀਨਾ ਪਹਿਲਾਂ ਇਸ ਥਾਂ ਉੱਤੇ ਪਕੌੜੇ ਤਲੇ ਜਾ ਰਹੇ ਹੁੰਦੇ ਸਨ । (ਪੰਜ ਸ਼ਬਦ)
ਉਪਰੋਕਤ ਚਰਚਾ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਿਰਿਆ- ਵਾਕੰਸ਼ ਦੀ ਬਣਤਰ ਬੜੀ ਗੁੰਝਲਦਾਰ ਹੈ। ਮੁਖ ਕਿਰਿਆ ਅਤੇ ਸਹਾਇਕ ਕਿਰਿਆ ਤੋਂ ਇਲਾਵਾ ਸੰਚਾਲਕ ਕਿਰਿਆ ਰੂਪਾਂ ਦਾ ਵਰਤਾਰਾ ਬੜਾ ਜਟਿਲ ਹੈ। ਸੰਚਾਲਕ ਕਿਰਿਆ ਦੇ ਸਾਰੇ ਰੂਪ ਇਕੱਠੇ ਇਕ ਵਾਰ ਵਿਚ ਨਹੀਂ ਵਰਤੇ ਜਾਂਦੇ। ਉਂਜ ਇਹਨਾਂ ਦੀ ਵਾਕ ਵਰਤੋਂ ਲਈ ਤਰਤੀਬ ਨਿਸ਼ਚਤ ਹੈ।
ਪ੍ਰਸ਼ਨ- ਮੇਲ ਅਤੇ ਅਧਿਕਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ?
ਉੱਤਰ- ਹਰ ਭਾਸ਼ਾ ਦੀ ਵਾਕ-ਬਣਤਰ ਵਿਚ ਸ਼ਬਦ ਵਿਸ਼ੇਸ਼ ਤਰਤੀਬ ਵਿਚ ਪੱਕੇ ਜਾਂਦੇ ਹਨ ਅਤੇ ਵੱਖ-ਵੱਖ ਵਾਕ ਬਣਤਰਾਂ ਵਿਚ ਇਕ ਹੀ ਸ਼ਬਦ ਦੇ ਵੱਖ-ਵੱਖ ਰੂਪ ਵਰਤੇ ਜਾਂਦੇ ਹਨ। ਮਿਸਾਲ ਵਜੋਂ ਪੰਜਾਬੀ ਦੇ ਸ਼ਬਦ 'ਆ' ਦੇ ਰੂਪ ਆਇਆ, ਆਏ, ਆਈ, ਆਈਐ, ਆਉਂਦਾ, ਆਵੇਗੀ ਆਦਿ ਕਈ ਹਨ ਜੋ ਵੱਖ-ਵੱਖ ਵਿਆਕਰਨਕ ਸ਼੍ਰੇਣੀਆਂ (ਲਿੰਗ, ਵਚਨ, ਕਾਲ, ਪੁਰਖ, ਭਾਵ, ਵਾਚ ਆਦਿ) ਦਾ ਸੰਕੇਤ ਕਰਦੇ ਹਨ। ਅਜਿਹੇ ਕਿਰਿਆ ਰੂਪਾਂ ਤੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਆਦਿ ਸ਼ਬਦਾਂ ਦੇ ਵਿਭਿੰਨ ਰੂਪ ਵੀ ਵਿਭਿੰਨ ਵਿਆਕਰਨਕ ਸ਼੍ਰੇਣੀਆਂ ਦੇ ਧਾਰਨੀ ਹੁੰਦੇ ਹਨ। ਵਾਕ ਵਿਚਲੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਵਿਚ ਵਿਆਕਰਨਕ ਸ਼੍ਰੇਣੀਆਂ ਦੀ ਸਾਂਝ ਨੂੰ 'ਮੇਲ' (Concord) ਕਿਹਾ ਜਾਂਦਾ ਹੈ। ਵਿਆਕਰਨਕ ਮੇਲ ਅਸਲ ਵਿਚ ਵਿਭਿੰਨ ਸ਼ਬਦਾਂ ਦੀ ਆਪਸ ਵਿਚ ਵਿਆਕਰਨਕ ਸ਼੍ਰੇਣੀਆਂ ਦੀ ਸਮਤਾ ਦਾ ਨਾਮ ਹੈ।
ਇਸ ਤੋਂ ਉਲਟ ਕੁਝ ਸ਼ਬਦ ਅਜਿਹੇ ਹੁੰਦੇ ਹਨ ਜੋ ਵਾਕ ਵਿਚਲੇ ਕਿਸੇ ਹੋਰ ਸ਼ਬਦ/ ਸ਼ਬਦਾਂ ਦੇ ਰੂਪ ਦਾ ਨਿਰਧਾਰਨ ਕਰਦੇ ਹਨ। ਇਸ ਵਰਤਾਰੇ ਨੂੰ ਅਧਿਕਾਰ (Government) ਕਿਹਾ ਜਾਂਦਾ ਹੈ। ਮੇਲ ਅਤੇ ਅਧਿਕਾਰ ਬਾਰੇ ਅੱਡ-ਅੱਡ ਗੱਲ ਕੀਤੀ ਗਈ ਹੈ।
ਮੇਲ- ਉਪਰ ਸੰਕੇਤ ਕੀਤਾ ਗਿਆ ਹੈ ਕਿ ਵਾਕ ਵਿਚਲੇ ਸ਼ਬਦਾਂ ਵਿਚ ਵਿਆਕਰਨਕ