

ਮਨੁੱਖ ਬੋਲੀ ਤੋਂ ਵਾਂਝਾ ਨਹੀਂ ਹੁੰਦਾ। ਸੰਚਾਰ ਪ੍ਰਬੰਧ ਜਾਂ ਵਿਚਾਰ ਵਟਾਂਦਰਾ ਇਸ਼ਾਰਿਆਂ ਜਾਂ ਸਰੀਰਕ ਹਿੱਲਜੁਲ ਨਾਲ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਪਰ ਇਹ ਸਭ ਕੁਝ ਭਾਸ਼ਾ ਦੇ ਘੇਰੇ ਵਿਚ ਨਹੀਂ ਆਉਂਦੇ। ਭਾਸ਼ਾ ਪਸ਼ੂ, ਪੰਛੀ ਜ਼ਰੂਰ ਬੋਲਦੇ ਜਾਪਦੇ ਹਨ ਪਰ ਉਹ ਮਨ ਚਾਹੇ ਪ੍ਰਬੰਧ ਜਾਂ ਹਰੇਕ ਸਮੇਂ ਨਵੀਂ ਗੱਲ ਨਵੇਂ ਢੰਗ ਨਾਲ ਕਹਿ ਸਕਣ ਅਤੇ ਬਦਲਦੇ ਸਮਾਜ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਵਾਲੀ ਭਾਸ਼ਾ ਨਹੀਂ ਬੋਲ ਸਕਦੇ। ਭਾਸ਼ਾ ਤਾਂ ਭਾਵੇਂ ਦੋਹਾਂ ਹਾਲਤਾਂ ਵਿਚ ਹੀ ਜਾਪਦੀ ਹੈ ਪਰ ਮਨੁੱਖੀ ਭਾਸ਼ਾ ਦੂਜੇ ਜੀਵਾਂ ਦੀ ਭਾਸ਼ਾ ਨਾਲੋਂ ਵਧੇਰੇ ਵਿਕਸਿਤ ਪੱਧਰ ਦਾ ਕ੍ਰਿਸ਼ਮਾ ਹੈ। ਮਨੁੱਖ ਨੂੰ ਭਾਸ਼ਾ ਉਹਦੇ ਸਮਾਜਿਕ ਜੀਵ ਹੋਣ ਵਜੋਂ ਪ੍ਰਾਪਤ ਹੋਈ ਹੈ।
ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿਚ ਆਉਣ ਤੋਂ ਬਹੁਤ ਪਹਿਲਾਂ ਉਹ ਭਾਸ਼ਾ ਪੈਦਾ ਹੋ ਚੁੱਕੀ ਹੁੰਦੀ ਹੈ। ਅੱਜ ਤੱਕ ਹੋਈ ਖੋਜ ਮੁਤਾਬਕ ਮਨੁੱਖ ਤੇ ਭਾਸ਼ਾ ਨਾਲੋਂ-ਨਾਲ ਪੈਦਾ ਹੋਏ ਸਨ। ਏਸੇ ਲਈ ਬੋਲਚਾਲ ਦੀ ਭਾਸ਼ਾ ਨੂੰ ਲਿਖਣਾ ਸਿਖਣ ਤੋਂ ਪਹਿਲਾ ਉਸਨੂੰ ਬੋਲਣੀ ਸਿੱਖ ਲੈਂਦੇ ਹਾਂ।
ਭਾਸ਼ਾ ਮਨੁੱਖੀ ਅਵਾਜ਼ਾਂ ਦੀ ਇਕ ਲੜੀ ਹੈ। ਜਿਹੜੀਆਂ ਇਕ ਸਮੂਹ ਵਿਚ ਜੁੜ ਕੇ ਸਰੋਤੇ ਤੀਕ ਅਰਥ ਗ੍ਰਹਿਣ ਕਰਵਾਉਂਦੀਆਂ ਹਨ। ਇੰਝ ਭਾਸ਼ਾ ਸ੍ਵੈ-ਇਛਤ ਭਾਸ਼ਾ ਧੁਨੀਆਂ ਦਾ ਇਕ ਸਿਸਟਮ ਹੈ। ਜਿਸ ਸਦਕਾ ਇਕ ਸਮਾਜ ਵਿਸ਼ੇਸ਼ ਦੇ ਸਮੂਹ ਮਨੁੱਖ ਜਿਨ੍ਹਾਂ ਨੇ ਉਸ ਸਮਾਜ ਵਿਸ਼ੇਸ਼ ਦੇ ਸਿਸਟਮ ਨੂੰ ਸਮਝਿਆ ਜਾਣਾ ਹੁੰਦਾ ਹੈ। ਆਪਸ ਵਿਚ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਮਨੁੱਖੀ ਆਵਾਜ਼ਾਂ ਸਾਡੇ ਉਚਾਰਨ ਅੰਗਾਂ ਦੇ ਵੱਖ-ਵੱਖ ਕਾਰਜਾਂ ਦੀ ਸਹਾਇਤਾ ਨਾਲ ਹਵਾ ਦੀ ਥਰਥਰਾਹਟ ਰਾਹੀਂ ਬੁਲਾਰੇ ਤੋਂ ਲੈ ਕੇ ਸਰੋਤੇ ਦੇ ਸੁਣਨ ਯੰਤਰਾਂ ਤੀਕ ਨਿਯਮਤ ਅਮਲ ਤੱਕ ਪੁੱਜਦੀਆਂ ਹਨ। ਸਰੋਤਾਂ ਤੇ ਬੁਲਾਰਾ ਉਸੇ ਸਮਾਜ ਵਿਸ਼ੇਸ਼ ਦੇ ਪ੍ਰਾਣੀ ਹੁੰਦਿਆਂ ਹੋਇਆਂ ਸਾਡੇ ਸਥਾਪਿਤ ਸਿਸਟਮ ਤੋਂ ਜਾਣੂ ਹੁੰਦੇ ਹੋਏ ਕੋਈ ਔਖ ਮਹਿਸੂਸ ਨਹੀਂ ਕਰਦੇ। ਇਹ ਔਖ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਉਸ ਭਾਸ਼ਾ ਵਿਸ਼ੇਸ਼ ਦੀ ਪ੍ਰੀਵਾਰਕ ਸਾਂਝੇ ਤੋਂ ਲਾਂਭੇ ਜਾਣਗੇ ਜਾਂ ਜਦੋਂ ਸਮਾਜਿਕ ਤੌਰ ਤੇ ਕੋਈ ਭਾਸ਼ਾ ਦੂਜੇ ਸਮਾਜਕ ਘੇਰੇ ਵਿਚ ਆਉਂਦੀ ਹੋਵੇ।
ਸੋਸਿਊਰ ਨੇ ਭਾਸ਼ਾ ਨੂੰ ਚਿੰਨ ਪ੍ਰਣਾਲੀ ਕਿਹਾ ਹੈ। ਇਸ ਤੋਂ ਪਹਿਲਾਂ ਭਾਸ਼ਾ ਨੂੰ ਨਾਮਾਵਾਲੀ ਕਿਹਾ ਜਾਂਦਾ ਹੈ। ਇਸ ਮੱਤ ਅਨੁਸਾਰ ਮਨੁੱਖ ਆਪਣੇ ਅਨੁਭਵ ਵਿਚ ਆਉਣ ਵਾਲੇ ਵਸਤੂ ਸੰਸਾਰ ਦਾ ਨਾਮਕਰਨ ਕਰਦਾ ਹੈ ਅਤੇ ਇਹੋ ਭਾਸ਼ਾ ਹੁੰਦੀ ਹੈ। ਪਰ ਸੋਸਿਊਰ ਨੇ ਕਿਹਾ ਭਾਸ਼ਾ ਨਾਮ ਰਚਨਾ ਨਹੀਂ ਚਿੰਨ ਰਚਨਾ ਹੈ।
(P.NO. 17, ਪੰਜਾਬੀ ਭਾਸ਼ਾ ਸ੍ਰੋਤ ਅਤੇ ਸਰੂਪ-ਬੂਟਾ ਸਿੰਘ ਬਰਾੜ)
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ, ਜੋ ਕਿ ਆਪ-ਹੁਦਰੀ ਹੁੰਦੀ ਹੈ। ਇਹ ਭਾਸ਼ਾ ਪਰੰਪਰਾ ਪ੍ਰਾਪਤ ਤੇ ਗੈਰ ਜਮਾਂਦਰੂ ਹੁੰਦੀ ਹੈ। ਉਚਾਰ ਮੁੱਖ ਹੋਣ ਕਰਕੇ ਭਾਸ਼ਾ ਦਾ ਇਕ ਸਿਸਟਮਬੱਧ ਹੈ। ਭਾਸ਼ਾ ਪ੍ਰਮੁੱਖ ਤੌਰ ਤੇ ਮਾਨਵ ਕੇਂਦਰਿਤ ਹੁੰਦੀ ਹੈ ਅਤੇ ਭਾਸ਼ਾ ਸਮਾਜਿਕ ਵਰਤਾਰੇ ਦਾ ਹੀ ਇਕ ਰੂਪ ਹੁੰਦੀ ਹੈ।