ਦੇ ਝਰੋਖੇ ਵਿਚੋਂ ਵੇਖਿਆ ਗਿਆ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਪੁਆਧੀ ਉਪ-ਭਾਸ਼ਾ ਦੇ ਧੁਨੀ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਹਥਲੀਆਂ ਸਤਰਾਂ ਦਾ ਲੇਖਕ ਪੁਆਧ ਖਿੱਤੇ ਦਾ ਜੰਮਪਲ ਹੈ। ਇਹੀ ਕਾਰਨ ਹੈ ਕਿ ਪੁਆਧੀ ਉਪ- ਭਾਸ਼ਾ ਦੇ ਧੁਨੀ ਪ੍ਰਬੰਧ ਸੰਬੰਧੀ ਵਾਕਫ਼ੀਅਤ, ਸਥਾਨਕ ਲੋਕਾਂ ਦੀ ਬੋਲਚਾਲ ਅਤੇ ਪੁਆਧੀ ਉਪ-ਭਾਸ਼ਾ ਵਿਚ ਮਿਲਦੀਆਂ ਕੁਝ ਸਾਹਿਤਕ ਕਿਤਾਬਾਂ ਹਥਲਾ ਖੋਜ ਪਰਚਾ ਲਿਖਣ ਲਈ ਮੇਰੀ ਸਹਾਇਕ ਸਮੱਗਰੀ ਦਾ ਆਧਾਰ ਬਣੀਆਂ ਹਨ।
ਪੰਜਾਬੀ ਭਾਸ਼ਾ ਬਾਰੇ ਗੱਲ ਕਰੀਏ ਤਾਂ ਇਸ ਦਾ ਆਦਿ ਬਿੰਦੂ 'ਰਿਗਵੇਦ' ਦੇ ਨਾਲ ਜਾ ਜੁੜਦਾ ਹੈ ਪਰ ਵਿਕਸਿਤ ਰੂਪ 12ਵੀਂ ਸਦੀ ਵਿਚ ਸ਼ੇਖ ਫ਼ਰੀਦ ਦੀ ਰਚਨਾ ਤੋਂ ਵੇਖਿਆ ਜਾ ਸਕਦਾ ਹੈ, ਜਦਕਿ ਇਸ ਦੇ ਮੁਕਾਬਲੇ ਵਿਸ਼ਵੀ ਭਾਸ਼ਾ ਅੰਗਰੇਜ਼ੀ ਦਾ ਆਰੰਭ 14ਵੀਂ ਸਦੀ ਵਿਚ ਚੋਸਰ ਦੀ ਕਵਿਤਾ ਨਾਲ ਸਵਿਕਾਰਿਆ ਜਾਂਦਾ ਹੈ। ਡਾ. ਗ੍ਰੀਅਰਸਨ (Dr. G.A. Grierson) ਨੇ ਭਾਰਤੀ ਭਾਸ਼ਾਵਾਂ ਉੱਤੇ ਬਹੁਤ ਕੰਮ ਕੀਤਾ ਹੈ। ਡੀ. ਗ੍ਰੀਅਰਸਨ ਦਾ ਹੋਰ ਜ਼ੁਬਾਨਾਂ ਦੇ ਨਾਲ-ਨਾਲ ਪੰਜਾਬੀ ਜ਼ੁਬਾਨ ਉੱਤੇ ਵੀ ਬੜਾ ਸ਼ਲਾਘਾਯੋਗ ਕੰਮ ਹੋਇਆ ਮਿਲਦਾ ਹੈ। ਪੰਜਾਬੀ, ਬੋਲੀ ਦੀਆਂ ਉਪ-ਭਾਸ਼ਾਵਾਂ ਸੰਬੰਧੀ ਖੋਜ ਕਰਕੇ ਉਸ ਨੇ ਪੰਜਾਬੀ ਦੀਆਂ ਅੱਠ ਪ੍ਰਸਿੱਧ ਉਪ-ਭਾਸ਼ਾਵਾਂ ਦੱਸੀਆਂ ਹਨ: ਮਾਝੀ, ਦੁਆਬੀ, ਮਲਵਈ, ਪੁਆਧੀ, ਰਾਠੀ, ਭਟਿਆਣੀ, ਲਹਿੰਦੀ ਅਤੇ ਡੋਗਰੀ। ਇਨ੍ਹਾਂ ਬੋਲੀਆਂ ਦੇ ਆਪਣੇ-ਆਪਣੇ ਭੂਗੋਲਿਕ ਖੇਤਰ ਹਨ ਜਿਥੇ ਇਹ ਆਮ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਅਸੀਂ ਇਥੇ ਸਿਰਫ਼ 'ਪੁਆਧ' ਦੇ ਭੂਗੋਲਿਕ ਖੇਤਰ ਅਤੇ 'ਪੁਆਧੀ' ਉਪ-ਭਾਸ਼ਾ ਜਿਥੇ ਕਿ ਇਹ ਆਮ ਬੋਲੀ ਅਤੇ ਸਮਝੀ ਜਾਂਦੀ ਹੈ, ਦੀਆਂ ਹੱਦਾਂ ਦਾ ਹੀ ਜ਼ਿਕਰ ਕਰਾਂਗੇ।
ਪੁਆਧ ਦਾ ਨਾਮਕਰਨ
'ਪੁਆਧ' ਸ਼ਬਦ ਦੀ ਹੋਂਦ ਬਾਰੇ ਵੱਖ-ਵੱਖ ਲੇਖਕ/ਵਿਦਵਾਨਾਂ ਨੇ ਆਪੋ- ਆਪਣੀਆਂ ਰਾਵਾਂ ਵੱਖੋ-ਵੱਖ ਦਿੱਤੀਆਂ ਹਨ। ਦਰਅਸਲ ਇਸ ਖੇਤਰ ਦੀ ਅੱਲ੍ਹ ਜਾਂ ਸ਼ਬਦ 'ਪੁਆਧ' ਸੰਸਕ੍ਰਿਤ ਦੇ ਸ਼ਬਦ 'ਪੂਰਬਾਰਧ' ਭਾਵ 'ਪੂਰਵ-ਅਰਧ' ਦਾ ਰੂਪਾਂਤਰਨ ਹੈ, ਜਿਸ ਦਾ ਅਰਥ ਹੈ 'ਪੰਜਾਬ ਦੇ ਪੂਰਬ ਵਾਲੇ ਪਾਸੇ ਦਾ ਅੱਧਾ ਭਾਗ ਅਰਥਾਤ ਪੰਜਾਬ ਦੀ ਪੂਰਬੀ ਹਿੱਸਾ।' ਪੁਆਧ ਦਾ ਖੇਤਰ ਕਿਉਂਕਿ ਪੁਰਾਣੇ ਪੰਜਾਬ (ਸਮੇਤ ਪੱਛਮੀ ਪੰਜਾਬ), ਜਿਹੜਾ ਸਿੰਧੂ ਦਰਿਆ ਤੋਂ ਲੈ ਕੇ ਦਿੱਲੀ ਤੋਂ ਵੀ ਅੱਗੇ ਮਥਰਾ ਤੱਕ ਫੈਲਿਆ ਹੋਇਆ ਸੀ, ਦੇ ਪੂਰਬੀ ਅੱਧ ਤਕ ਮੰਨਿਆ ਜਾਂਦਾ ਹੈ। ਇਸ ਕਰਕੇ ਇਸ ਦਾ ਨਾਮ 'ਪੂਰਵ-ਅਰਧ' ਤੋਂ' 'ਪੁਵਾਧ' ਜਾਂ 'ਪੋਵਾਧ' ਪਿਆ। ਪੁਆਧੀ ਉਪ-ਭਾਸ਼ਾ ਵਿਚ 'ਵ' ਧੁਨੀ 'ਅ' ਵਿਚ ਬਦਲ ਜਾਂਦੀ ਹੈ, ਇਸ ਲਈ ਇਸ ਦਾ ਨਾਮ ਪੁਵਾਧ ਜਾਂ ਪੋਵਾਧ ਤੋਂ ਬਦਲ ਕੇ 'ਪੁਆਧ' ਹੋ ਗਿਆ।
ਭਾਸ਼ਾ ਖੋਜੀ ਡਾ. ਗ੍ਰੀਅਰਸਨ ਨੇ ਆਪਣੀ ਪੁਸਤਕ 'ਦਿ ਲਿੰਗੁਇਸਟਿਕ ਸਰਵੇ