卐
ਸਤਿ ਨਾਮੁ
ਸਰਵ ਮੰਗਲ ਮੰਗਲਯੇ ਸ਼ਿਵੇ ਸਰਵਾਰਥ ਸਾਧਿਕੇ ।
ਸ਼ਰਣਯ ਤ੍ਰਯਮਬਕੇ ਗੌਰੀ ਨਾਰਾਯਣੀ ਨਮੋਸਤੁਤੇ ॥
ਪੰਜਾਬੀ ਕਵਿਤਾ
ਔਰ
ਸ਼ਬਦਾਲੰਕਾਰ
(ਗੁਰਮੁਖੀ ਸੰਸਕਰਣ)
ਸਮਰਪਨ :-
ਮੇਰਾ ਇਸ ਮੇਂ ਕੁਛ ਨਹੀਂ ਜੋ ਹੈ ਸੋ ਤੇਰਾ ।
ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ॥
ਦੇ ਅਨੁਰੂਪ ਜਿਸ ਦੀ ਇਹ ਵਸਤੂ ਹੈ ਤੇ ਜਿਨ੍ਹਾਂ ਗੁਰੂ ਜਨਾਂ ਦੀ ਇਹ ਦਾਤ ਹੈ, ਉਨ੍ਹਾਂ ਨੂੰ ਈ ਕ੍ਰਿਤੱਗਤਾ ਪੂਰਵਕ ਸੰਪਾਦਕ ਵਲੋਂ ਸਮਰਪਨ ਹੈ।
ਸੰਪਾਦਕ :-
ਜਗਤ ਰਾਮ ਸੂਦ
ਬਡੇਸਰੋਂ ਤਹਿਸੀਲ ਗੜ੍ਹਸ਼ੰਕਰ
ਸਾਡਾ ਦੇਸ਼ ਨਾਇੱਕ :-
ਵਿਸ੍ਵ ਪ੍ਰੇਮ ਪਸਾਰਨਕਾਰਨ ਮੁਰਸ਼ਿਦ ਕੋ ਬੋਲ ਅਡੋਲ ਫੜੇ ਹੈਂ ।
ਸਤ ਨਿਮਿਤ ਹੀ ਰੋਪ ਕੈ ਪਾਉਂ ਨਾ ਏਧਰ ਨਾ ਓਧਰ ਜੁ ਰੰਚ ਟਰੇ ਹੈਂ ।
ਜੀਤ ਲੀਓ ਬਸੁਧਾ ਭਰ ਕੋ ਮਨ ਕੋਊ ਸੋਂ ਰੋਖ ਕਰੇਂ ਨਾ ਲੜੇ ਹੈਂ ।
ਧੀਰ ਧੁਰੀਨ ਜਗਤ ਪਰੀਯ ਭੁਇੰ ਪਰ ਆਜ ਜਵਾਹਰ ਦ੍ਰਿਸ਼ਟ ਪੜੇ ਹੈਂ ॥
ਇਹ ਤੁਕ ਬੰਦੀ ਸੰਨ ੧੯੫੪ ਜਾਂ ੧੯੫੫ ਈ: 'ਚ ਸ਼੍ਰੀ ਨਹਿਰੂ ਜੀ ਦੇ ਜਨਮ ਦਿਨ ਤੇ, ਅਖਬਾਰ ਮਿਲਾਪ ਦੇ ਇੱਕ ਖੁਲੇ ਨਿਮੰਤ੍ਰਨ ਤੇ ਕੀਤੀ ਗਈ ਥੀ, ਜਿਹੜੀ ਇੱਕ ਪੁਰਾਨੀ ਪ੍ਰਬਾ ਦੇ ਪਾਲਨ ਨਮਿਤ ਏਥੇ ਵੀ ਪੁਜ ਸ਼੍ਰਧਾ ਦੇ ਨਾਲ ਦਿੱਤੀ ਗਈ ਹੈ।
ਕ੍ਰਿਤੱਗਤਾ :-
ਅਤਿ ਅਪਾਰ ਜੇ ਸਰਿਤਵਰ, ਜੋ ਨ੍ਰਿਪ ਸੇਤੁ ਕਰਾਹਿ ।
ਚੜ੍ਹਿ ਪਿਪੀਲਿਕਾ ਪਰਮ ਲਘੁ, ਬਿਨ ਸ਼੍ਰਮ ਪਾਰਹਿ ਜਾਹਿ ॥
ਬਾਲ ਕਾਂਡ ।। ਦੋਹਾ ੧੮ ॥
ਜਿਨ੍ਹਾਂ ਗ੍ਰੰਥਾਂ ਤੇ ਨਿਕੀਆਂ ਬੜੀਆਂ ਕ੍ਰਿਤੀਆਂ ਦੇ ਆਸਰੇ ਏਸ ਗਹਨ ਵਿਸ਼ਯ 'ਚ ਅਸਾਂ ਹਥ ਪਾਇਆ ਹੈ, ਉਨ੍ਹਾਂ ਦੇ ਰਚਨਹਾਰੇ ਤੇ ਜਿਨ੍ਹਾਂ ਗੁਰੂ ਜਨਾਂ ਦੀ ਸਾਕਸ਼ਾਤ ਸੰਗਤ ਨਾਲ ਇਹ ਸੁਬੁਧ ਪ੍ਰਾਪਤ ਹੋਈ ਹੈ, ਇਹ ਸੰਪਾਦਕ ਉਨ੍ਹਾਂ ਦੀ ਪੁੱਜ ਕ੍ਰਿਤੱਗਤਾ ਮੰਨਦਾ ਹੈ ।
ਜਗਤ ਰਾਮ ਸੂਦ
-------------------------------------------------------------------
ਪ੍ਰਕਾਸ਼ਕ :- ਜਗਤ ਰਾਮ ਸੂਦ, (ਸੰਪਾਦਕ) ਮੁਦ੍ਰਕ :- ਸ਼੍ਰੀ ਦੇਵ ਦੱਤ ਸ਼ਾਸਤਰੀ, ਵੀ. ਵੀ. ਆਰ. ਆਈ. ਪ੍ਰੈੱਸ ਸਾਧੂ, ਅਸ਼ਰਮ ਹੁਸ਼ਿਆਰਪੁਰ ।
ਉਚੇਚਾ ਧੰਨਬਦਾ :-
ਸ਼੍ਰੀ ਸੁਰਜੀਤ ਸਿੰਘ ਜੀ ਕੰਵਲ ਐਮ. ਏ. ਗਿਆਨੀ ਟੀਚਰ ਸ਼੍ਰੀ ਗੁਰੂ ਹਰ ਗੋਬਿੰਦ Higher Secondary Kh. School ਖੁਆਸਪੁਰ ਹੀਰਾਂ(ਹੁਸ਼ਿਆਰਪੁਰ) ਦੇ ਅਸਾਂ ਵਿਸ਼ੇਸ਼ ਕਰਕੇ ਆਭਾਰੀ ਹਾਂ, ਜਿਨਾਂ ਨੇ ਇਸ ਦੇ ਮੁਸਵਦੇ ਨੂੰ ਦੇਖਿਆ ਤੇ ਲਿਖਾਈ ਨੂੰ ਪੰਜਾਬੀ ਸ਼ੈਲੀ ਦੇ ਅਨੁਸਾਰ ਸੋਧਿਆ। ਇਸ ਦੇ ਨਾਲ ਈ ਅਸਾਂ ਕੰਵਲ ਜੀ ਤੋਂ ਖਿਮਾ ਚਾਹੁੰਦੇ ਹਾਂ, ਕਿ ਅਸਾਂ ਉਨ੍ਹਾਂ ਦੀ ਮਿਹਨਤ ਦਾ ਪੂਰਾ ੨ ਲਾਭ ਨਹੀਂ ਉਠਾਇਆ, ਕਿਉਂਕਿ ਜਿਹੜੇ ਉੱਧਰਣ ਪੁਰਾਣੀ ਗੁਰਮੁਖੀ, ਦੇਵ ਨਾਗਰੀ, ਹਿੰਦੀ ਅਥਵਾ ਫ਼ਾਰਸੀ ਰਸਮੁਲਖਤ (ਲਿਪੀ) ਦੀਆਂ ਪੋਥੀਆਂ ਚੋਂ ਲਏ ਹਨ, ਉਨ੍ਹਾਂ 'ਚ ਤਬਦੀਲੀ ਕਰਨੇ ਦਾ ਅਸਾਂ ਨੂੰ ਕੋਈ ਅਧਿਕਾਰ ਨਹੀਂ ਏ । ਹੁਣ ਪੁਸਤਕ ਦੀ ਲਿਖਾਈ 'ਚ ਜੇ ਕੋਈ ਕਸਰ ਕੋਰ ਹੋਵੇਗੀ ਤਾਂ ਉਹ ਮੇਰੀ ਸੰਪਾਦਕ ਦੀ ਅਸਾਵਧਾਨੀ ਦੇ ਕਾਰਣ ਹੋਵੇਗੀ। ਕੰਵਲ ਜੀ ਦੇ ਸਾਹਿੱਤ ਪ੍ਰੇਮ ਨੇ ਅਸਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
ਇਸ ਦੇ ਨਾਲ ਈ ਅਸਾਂ ਪ੍ਰੈਸ ਦੇ ਭੀ ਧੰਨਵਾਦੀ ਹਾਂ, ਵਿਸ਼ੇਸ਼ ਕਰਕੇ ਗੁਰਮੁਖੀ ਵਿਭਾਗ ਦੇ, ਜਿਨ੍ਹਾਂ ਨੇ ਬੜੀ ਸਾਵਧਾਨੀ ਤੇ ਪ੍ਰੇਮ ਨਾਲ ਇਸ ਕੰਮ ਨੂੰ ਕੀਤਾ ।
ਜਗਤ ਰਾਮ ।
ਵਿਸ਼ੈ-ਸੂਚੀ
ਅਲੰਕਾਰ
ਪ੍ਰਾਕੱਥਨ
ਉੱਦੇਸ਼
ਵਿਸ਼ੈ ਪ੍ਰਾਰੰਭਾ
ਅਰਥ ਸ਼ਕਤੀ
ਅਲੰਕਾਰ ਵਰਣਨ
੧. ਅਨੁਪ੍ਰਾਸ
੨. ਚਿਤ੍ਰ
੩. ਪੁਨਰੁਕਤ ਪ੍ਰਕਾਸ਼
੪. ਪੁਨਰੁਕਤ ਬਦਾਭਾਸ
੫. ਪ੍ਰਹੇਲਿਕਾ
੬. ਭਾਸ਼ਾ ਸਮਕ
੭. ਜਮਕ
੮. ਬ੍ਰਕੋਕਤੀ (ਟਾਂਚ)
੯. ਵੀਪਸਾ
੧੦. ਸ਼ਲੇਸ
੧੧. ਉਪਸੰਘਾਰ
卐 ਸਤਿ ਨਾਮ 卐
ਪ੍ਰਾਕਥਨ
ਇਹ ਪੁਸਤਕ ਪਹਿਲੋਂ ਸੰ ੧੯੪੮ ਈ: 'ਚ ਫਾਰਸੀ ਅਖਰਾਂ ਤੇ ਹਿੰਦਵੀ ਭਾਸ਼ਾ 'ਚ ਲਿਖੀ ਗਈ ਥੀ । ਬਲਕਿ ਉਸ ਤੋਂ ਪਹਿਲਾਂ ਇੱਕ ਨਿਕਾ ਜੇਹਾ ਪੋਥੂ ਇਸੇ ਵਿਸ਼ੈ--ਪੰਜਾਬੀ ਸ਼ਬਦਾਲੰਕਾਰਾਂ--ਉਤੇ ਛਪਵਾ ਭੀ ਛਡਿਆ ਸੀ, ਲਿਪੀ ਉਸਦੀ ਫਾਰਸੀ ਤੇ ਜ਼ਬਾਨ ਪੰਜਾਬੀ ਥੀ । ਗਤਿ ਉਸਦੀ ਇੱਕ ਉਰਦੂ ਦੇ ਪੁਰਾਨੇ ਪ੍ਰਸਿੱਧ ਕਵੀ ਦੇ-ਸ਼ਬਦਾਂ ‘ਚ:-
੧ ਡਾਸਨ* ਨੇ ਇੱਕ ਜੂਤਾ ਬਨਾਯਾ ਮੈਂ ਨੇ ਇੱਕ ਮਜ਼ਮੂੰ ਲਿਖਾ ।
ਮੇਰਾ ਮਜ਼ਮੂੰ ਨਾ ਚਲਾ ਔਰ ਉਸਕਾ ਜੂਤਾ ਚਲ ਗਯਾ ॥
ਵਾਲੀ ਹੀ ਹੋਈ। ਇਸ ਬਾਤ ਨੇ ਅਸਾਂ ਨੂੰ ਨਿਰੁਤਸਾਹ ਨਹੀਂ ਕੀਤਾ, ਅਸਾਂ ਹੋਰ ਮਸਾਲਾ ਬਟੋਰਦੇ ਰਹੇ ਤੇ ਪੋਥੀ ਫਾਰਸੀ ਅਖਰਾਂ ਤੇ ਹਿੰਦਵੀ ਭਾਸ਼ਾ 'ਚ ਲਿਖ ਛਡੀ । ਉਹ ਹਥ ਲਿਖੀ ਪੋਥੀ ਸ਼੍ਰੀ ਡਾ: ਮੋਹਨ ਸਿੰਘ ਦੀਵਾਨਾ ਐਮ. ਏ. ਪੀ. ਏਚ. ਡੀ ਨੂੰ ਦਿਖਾਈ, ਤੇ ਉਨ੍ਹਾਂ ਨੇ :-
੨ ਜਨ ਸੁਕ੍ਰਿਤ ਸਿੰਧੂ ਸਮ ਕੋਈ।
ਦੇਖ ਪੂਰ ਵਿਧੂ ਬਾਢੇ ਜੋਈ ।।
ਦੇ ਅਨੁਰੂਪ ਪੋਥੀ 'ਚ ਦਿਤੇ ਗਾਏ ਉਦਾਹਰਣਾਂ ਨੂੰ ਪੁੱਜ ਪ੍ਰਸ਼ੰਸਾ ਪ੍ਰਦਾਨ ਕੀਤੀ ਤੇ ਪੁਸਤਕ ਨੂੰ ਪੰਜਾਬੀ ਗੁਰਮੁਖੀ ਦਾ ਜਾਮਾ ਪਹਨਾਉਨ ਤੇ ਉਦਾਹਰਣਾਂ 'ਚ ਭਾਈ ਗੁਰਦਾਸ, ਗੁਰੂ ਗੋਬਿੰਦ ਸਿੰਘ ਜੀ ਤੇ ਕੁਛ ਹੋਰ ਪੰਜਾਬੀ ਕਵੀਆਂ ਦੀ ਕਵਿਤਾਆਂ ਦੇ ਉਦਾਹਰਣ ਜੋੜਨੇ ਦਾ
------------------------------------------
ਸੂਚਨਾ :— * ਉਹਨੀਂ ਦਿਨੀਂ ਡਾਸਨ ਦੇ ਬੂਟ ਖੂਬ ਮਸ਼ਹੂਰ ਹੋਏ ਸਨ ।
ਆਦੇਸ਼ ਕੀਤਾ । ਅਜੇਹੀ ਸੁੰਦਰ ਸੱਮਤਿ ਨੂੰ ਪ੍ਰਵਾਨ ਕਰਨੇ ਨੂੰ ਕਿਸ ਨੂੰ ਆਨਾ ਕਾਨੀ ਹੋ ਸਕਦੀ ਹੈ । ਸੋ ਅਸਾਂ ਇਸ ਨੂੰ ਸਿਰ ਮਥੇ ਧਰਿਆ । ਦਸ ਗ੍ਰੰਥੀ ਚੋਂ ਦਿੱਤੇ ਉਦਾਹਰਣਾਂ ਨੇ ਪੋਥੀ ਦੀ ਸੋਭਾ ਨੂੰ ਹੋਰ ਚਮਕਾਯਾ ਤੇ ਪੁਸਤਕ ਨੂੰ ਅਧਿਕ ਉਪਯੋਗੀ ਬਨਾਇਆ ਹੈ। ਫੇਰ ਉਹ ਨਵਾਂ ਮੁਸਵਿਦਾ ਕਿਨ੍ਹਾਂ ਦੋ ਚਾਰ ਹੋਰ ਸ਼੍ਰੀਮਾਨਾਂ ਨੂੰ ਭੀ ਦਿਖਾਇਆ ਗਯਾ, ਪਰ ਕਿਸੇ ਬੁਧੀਮਾਨ ਦੇ ਕਥਨਾਨੁਸਾਰ "ਸਮਝ ਅਪਨੀ ਅਪਨੀ ਖ਼ਿਆਲ ਅਪਨਾ ਅਪਨਾ" ਉਦਾਹਰਣਾਂ ਪੁਰ ਮੁਗਧ ਹੋਨੇ ਵਾਲੇ ਸੱਜਨ ਭੀ ਮਿਲੇ ਤੇ ਕਿਸੇ ਭਾਈ ਨੇ ਆਖਿਆ ਕਿ ਪੰਜਾਬੀ ਉਦਾਹਰਣਾਂ ਨੂੰ ਰਖ ਕੇ ਬਾਕੀ ਹੋਰ ਹੋਰ ਭਾਸ਼ਾਆਂ ਦੇ ਉਦਾਹਰਣ ਕਢ ਦਿੱਤੇ ਜਾਉਨ । ਇਹ ਸੰਕੀਰਣ ਜਿਹਾ ਸੁਝਾਉ ਅਸਾਂ ਨੂੰ ਮਨਜ਼ੂਰ ਨਹੀਂ ਹੋਇਆ। ਅਸਤੂ ਅਜੇਹੀ ! ਪੰਜਾਬੀ ਪੁਸਤਕ ਲਿਖਨੇ ਦਾ ਆਪਨਾ ਵਿਚਾਰ ਭੀ ਕੋਈ ੩੦-੩੫ ਸਾਲਾਂ ਦਾ ਪੁਰਾਨਾ ਸੀ। ਸੰ ੧੯੫੦ ਈ: ਵਿੱਚ ਇਸ ਮਾਲਾ ਦੀ ਇੱਕ ਲੜੀ ਪਰੋ ਕੇ "ਪੰਜਾਬੀ ਸਾਹਿੱਤ ਔਰ ਸਭੂਸ਼ਿਤ ਹੀਰ, ਪ੍ਰਸਤਾਵਨਾ ਭਾਗ" ਨਾਮ ਦੀ ਛਪਵਾ ਭੀ ਦਿਤੀ । ਅੱਖਰ ਉਸਦੇ ਫ਼ਾਰਸੀ ਤੇ ਜ਼ਬਾਨ ਹਿੰਦਵੀ ਏ । ਹਸ਼ਰ (ਗਤਿ) ਉਸਦਾ ਵੀ ਨਾ ਕਹਨੇ ਯਗਯ ਹੈ । ਇਹ ਪੁਸਤਕ "ਪੰਜਾਬੀ ਕਵਿਤਾ ਔਰ ਸ਼ਬਦਾ-ਲੰਕਾਰ" ਜਿਹੜੀ ਆਪ ਦੇ ਹਥਾਂ 'ਚ ਹੈਂ, ਉਸ ਮਾਲਾ ਦੀ ਦੂਜੀ ਲੜੀ ਹੈ । ਅਗਲੀ ਲੜੀ ਅਰਥਾਲੰਕਾਰਾਂ ਤੇ ਹੋਵੇਗੀ । ਛਪਨੇ ਨੂੰ ਦੇਰ ਕਿਤਨੀ ਕੁ ਲਗੇਗੀ ਇਹ ਗੱਲ ਆਪ ਪਾਠਕਾਂ ਤੇ ਪਾਰਖੂਆਂ ਤੇ ਭੀ ਨਿਰਭਰ ਹੈ ।। ਵਿਸ਼ੇਸ਼ਤਾ ਇਸ ਮਾਲਾ ਦੀ ਇਹ ਹੈ ਕਿ ਉਦਾਹਰਣਾਂ ਦੇ ਸਥਲ (References to Contents) ਭੀ ਦੇ ਦਿੱਤੇ ਗਏ ਹਨ, ਜਿਸ ਕਰਕੇ ਅਲੰਕਾਰ ਸਮਝਨਾ ਸੌਖਾ ਹੋ ਗਯਾ ਹੈ । ਇਹ ਚੀਜ਼, ਜਿਥੇ ਤਾਈਂ ਅਸਾਂ ਨੂੰ ਗਿਆਤ ਹੈ, ਚਾਲੂ ਹਿੰਦੀ ਅਲੰਕਾਰ ਪੁਸਤਕਾਂ 'ਚ ਭੀ ਨਹੀਂ ਮਿਲਦੀ । ਦੂਜੀ ਖੂਬੀ ਇਹ ਹੈ ਕਿ ਹਿੰਦੀ ਭਾਸ਼ਾ ਦੇ ਉਦਾਹਰਣ ਤਾਂ ਲਗ ਭਗ ਹਰ ਇੱਕ ਅਲੰਕਾਰ 'ਚ ਮਿਲਨਗੇ ਹੀ
ਜਿਹੜੇ ਆਪਨੀ ਟਹਕ ਦੇ ਨਾਲ ਨਾਲ ਪੰਜਾਬੀ ਛੰਦਾਂ ਨੂੰ ਪਰਖਨ ਤਾਈਂ ਕਸਉਟੀ ਦਾ ਕੰਮ ਭੀ ਦੇਨਗੇ, ਕਿਤੇ ਕਿਤੇ ਉਰਦੂ ਦੇ ਤੇ ਫਾਰਸੀ ਦੇ ਨਮੂਨੇ ਭੀ ਦਿਤੇ ਗਏ ਹਨ, ਕੋਈ ਨਾ ਕੋਈ ਨਮੂਨਾ ਅੰਗ੍ਰੇਜ਼ੀ ਦਾ ਭੀ ਮਿਲੂਗਾ ਸੋ ਜਿਨ੍ਹਾਂ ਸਜਨਾਂ ਨੂੰ ਇਸ ਵਿਸ਼ੈ-ਅਲੰਕਾਰ (ਸਨਅਤ)—ਵਲੋਂ ਉੱਕੀ ਉਦਾਸੀਨਤਾ ਹੈ ਉਨ੍ਹਾਂ ਨੂੰ ਪਤਾ ਲਗ ਜਾਵੇਗਾ ਕਿ ਸਾਰੀਆਂ ਭਾਸ਼ਾਆਂ ਦੇ ਵਿਦਵਾਣਾਂ ਨੇ ਸਾਹਿਤ ਵਿੱਚ ਇਨ੍ਹਾਂ ਦਾ ਥਾਉਂ ਮਨਿਆ ਹੈ । ਤੇ ਜਿਹੜੇ ਭਾਈਆਂ ਨੂੰ ਪੰਜਾਬੀ ਛੁਟ ਹੋਰ ਉਦਾਹਰਣ ਨਹੀਂ ਸੁਖਾਉਂਦੇ ਉਹ ਅਨਰੁਚਦਿਆਂ ਛੰਦਾਂ ਨੂੰ ਛਡ ਕੇ ਨਿਰੋਲ ਪੰਜਾਬੀ ਛੰਦਾਂ ਦਾ ਚਾਖਾ ਕਰ ਲੈਨ ॥
ਖਿਮਾ ਜਾਚਨਾ
ਆਪਨੇ ਰਾਮ ਕਿਸੇ ਭੀ ਭਾਸ਼ਾ ਦੇ ਪੰਡਿਤ ਯਾ ਗਿਆਨੀ ਨਹੀਂ ਹੈਂ, ਨਾ ਹੀ ਕੋਈ ਉਪਾਧੀ ਧਾਰੀ ਹੈਂ ॥ ਸ਼ਕੁੰਤਲਾ ਨਾਟਕ 'ਚ ਆਇਆ ਹੈ ਕਿ ਜਿਸ ਵੇਲੇ ਉਹ ਆਪਨੇ ਪਤਿ ਦੇ ਘਰ ਭੇਜੀ ਜਾਨੇ ਲਗੀ ਤਾਂ ਬਣ ਦੇਵੀਆਂ ਭਾਂਤਿ ੨ ਦੇ ਗਹਿਣੇ ਤੇ ਕਪੜੇ ਦੇ ਗਈਆਂ । ਕਣਵ ਮੁਨਿ ਦੇ ਪੁਛਨੇ ਪਰ ਕਿ ਸ਼ਕੁੰਤਲਾ ਨੂੰ ਗਹਣੇ ਤੇ ਕਪੜੇ ਪਹਨਾ ਦਿਤੇ ਗਯੇ ? ਲੜਕੀਆਂ ਨੇ ਆਖਿਆ ਕਿ ਅਸਾਂ ਬਣਾਂ' ਚ ਰਹਨੇ ਵਾਲੀਆਂ ਇਨ੍ਹਾਂ ਭੂਸ਼ਣਾਂ ਨੂੰ ਜਾਨਦੀਆਂ ਤਾਂ ਨਹੀਂ, ਪਰੰਤੂ ਚਿਤ੍ਰਾਂ ਨੂੰ ਦੇਖ ਦੇਖ ਕੇ ਪਹਨਾ ਦਿਤੇ । ਸੋ ਆਪਨੇ ਰਾਮ ਨੇ ਭੀ ਹਿੰਦੀ ਭਾਸ਼ਾ ਦੇ ਅਲੰਕਾਰ ਗ੍ਰੰਥਾਂ ਦੇ ਲਕਸ਼ਣ ਤੇ ਉਦਾਹਰਣ ਸਾਮਨੇ ਰਖ ਕੇ ਪੰਜਾਬੀ ਦੇ ਉਜੇਹੇ ਛੰਦਾਂ ਦਾ ਸੰਗ੍ਰਹ ਕਰ ਛਡਿਆ ਹੈ । ਜਿਥੇ ਕਿਤੇ ਭੁਲ ਚੁਕ ਹੋਵੇ ਗੁਣੀ ਗਿਆਨੀ, ਅਸਾਂ ਨੂੰ ਉਨ੍ਹਾਂ ਲਈ ਖਿਮਾ ਕਰਨ ਤੇ ਆਪ ਸੋਧ ਕੇ ਪਾਠ ਦਾ ਆਨੰਦ ਲੈ ਲੈਨ । ਇਹ ਹੋਰ ਭੀ ਕਿਰਤਗਤਾ ਹੋਵੇਗੀ ਜੇ ਉਜੇਹੀਆਂ ਭੁੱਲਾਂ ਚੂਕਾਂ ਦਾ ਪਤਾ ਸੰਪਾਦਕ ਨੂੰ ਭੀ ਦੇ ਦਿੱਤਾ ਜਾਵੇ, ਤਾਕਿ ਅਗਾਹਾਂ ਨੂੰ ਯਥਾ ਸੰਭਵ ਉਹ ਠੀਕ ਹੋ ਸਕਨ ॥
ਲਿਖਾਉਟ :- ਆਪਨੇ ਰਾਮ ਨੂੰ ਗੁਰਮੁਖੀ ਲਿਖਾਉਟ ਦਾ ਅਭਿਆਸ ਨਹੀਂ । ਸੋ ਇਸ ਲਿਖਾਈ 'ਚ ਕੁਛ ਖਿਚੜ ਮਿਚੜ ਜਿਹਾ ਹੀ ਹੈ । ਅਸਾਂ ਸਮਝਦੇ ਹਾਂ ਕਿ ਲਿਖਾਈ ਤਾਂ ਇੱਕ ਪੱਤਲ ਹੈ, ਸੋ ਪਾਠਕ ਸੱਜਨ ਪੱਤਲ ਯਾ ਡੂਨੇ ਦਾ ਖਿਆਲ ਨਾ ਕਰਕੇ ਉਸ ਵਿੱਚ ਪਰੋਸੇ ਗਏ ਪਾਕ (ਪਕਵਾਨ) ਦਾ ਈ ਸੁਆਦ ਚਖਨੇ ਦੀ ਕਿਰਪਾ ਕਰਨ ।। ਓਂ ਤਾਂ ਇਸੇ ਨਮੂਨੇ ਦੀ ਲਿਖਾਈ ਕਈ ਪੁਰਾਨੀਆਂ ਪੋਥੀਆਂ 'ਚ ਭੀ ਮਿਲਦੀ ਹੈ ॥
ਉੱਦੇਸ਼:- ਇਸ ਪਰਿਸ਼੍ਰਮ ’ਚ ਹੈ, ਸਾਹਿੱਤ ਸੇਵਾ ਤੇ ਰਿਖੀ ਰਿਣ ਦੇ ਨਿਬੇੜੇ । ਇਓਂ ਭੀ ਕਹਿਆ ਗਿਆ ਹੈ :—
No man when he hath lighted a candle, putteth it in a secret place, neither under a bushel, but on a candle stick, that they which come in may see the light.
(st. Luke 1/3 1/3)
ਅਰਥਾਤ :-ਕੋਈ ਆਦਮੀ, ਜਦੋਂ ਉਹ ਮੋਮ ਬੱਤੀ ਜਗਾਉਂਦਾ ਹੈ, ਉਸ ਨੂੰ ਕਿਸੇ ਲੁਕਵੇਂ ਛਿਪਵੇਂ ਥਾਉਂ ਨਹੀਂ ਧਰਦਾ ਤੇ ਨਾਂ ਹੀ ਕਿਸੇ ਬੁਸ਼ਲ (ਕਾਠ ਦੇ ਬਨੇ ਪੀਪੇ) ਦੇ ਟੇਠ ਰਖਦਾ ਹੈ, ਪਰੰਤੂ ਦੀਵਟ ਉੱਤੇ ਖਡੀ ਕਰਦਾ ਹੈ, ਤਾਂ ਕਿ ਜਿਹੜੇ ਕੋਈ ਉਥੇ ਅੰਦਰ ਆਵਨ ਉਹ ਚਾਨਣਾ ਦੇਖਨ ।
ਸੰਤ ਲੀਯੂਕ 1/3 1/3
ਸੰਪਾਦਕ
卐 ਸਤਿ ਨਾਮ 卐
ਯਾ ਦੇਵੀ ਸਤੂਯਤੇ ਨਿਤਯਮ ਬ੍ਰਹਮੇਂਦ੍ਰ ਸੁਰਮਾਨਵਈ
ਸਾ ਮੇ ਵਾਸਤੁ ਜੀਹਬਾਗ੍ਰੇ ਪਦਮ ਹਸਤਾ ਸਰਸ੍ਵਤੀ ॥
ਅਥ ਵਿਸ਼ੈ ਪ੍ਰਾਰੰਭਾ
ਕਿਸੇ ਭੀ ਭਾਸ਼ਾ ਨੂੰ ਲਿਆ ਜਾਵੇ, ਉਸ ਦੇ ਪੰਡਿਤਾਂ ਤੇ ਆਚਾਰਯਾਂ ਨੇ ਉਸ ਨੂੰ ਸੁੰਦਰ, ਚਮਕਦਾਰ ਤੇ ਚਮਤਕਾਰਯੁਕਤ ਅਤੇ ਰਸਭਰੀ ਬਣਾਉਨ ਦੇ ਯਤਨ ਕੀਤੇ ਹਨ। ਉਸ ਚਮਤਕਾਰ ਨੂੰ ਜੋ ਕਿਸੇ ਕਥਨ ਵਿੱਚ ਪਾਇਆ ਜਾਂਦਾ ਹੈ, ਸਾਹਿਤ ਵਿੱਚ ਅਲੰਕਾਰ ਆਖਦੇ ਹਨ । ਉਹ ਭੂਸ਼ਨ ਭੀ ਆਖਿਆ ਜਾਂਦਾ ਹੈ । ਫ਼ਾਰਸੀ ਅਤੇ ਉਰਦੂ ਵਾਲੇ ਉਸ ਨੂੰ ਸਨਅਤ ਕਹਿੰਦੇ ਹਨ। ਸਨਅਤ ਦੇ ਅਰਥ ਹਨ ਕਲਾ-ਕਾਰੀ ।
ਅਲੰਕਾਰਾਂ ਦੇ ਭੇਦ
ਅਲੰਕਾਰਾਂ ਦੇ ਮੂਲ ਵਿੱਚ ਦੋ ਭੇਦ ਹਨ; ਫੇਰ ਅੱਗੇ ਉਨ੍ਹਾਂ ਭੇਦਾਂ ਦੇ ਹੋਰ ੨ ਪ੍ਰਕਾਰ ਹਨ । ਮੂਲ ਭੇਦਾਂ ਦੇ ਨਾਲ ਇੱਕ ਤੀਜਾ ਮਿਸਾ ਭੇਦ ਭੀ ਬਨ ਗਿਆ ਹੈ ।
ਮੂਲ ਭੇਦ ਇਹ ਹਨ :-
੧. ਸ਼ਬਦਾਲੰਕਾਰ : — ਉਹ ਚਮਤਕਾਰ ਜਿਹੜਾ ਕਿਸੀ ਸ਼ਬਦ ਵਿੱਚ ਪਾਇਆ ਜਾਵੇ ।
੨. ਅਰਥਾਲੰਕਾਰ :- ਅਰਥਾਂ ਵਿੱਚ ਪਾਇਆ ਜਾਨੇ ਵਾਲਾ ਚਮਤਕਾਰ ।
੩. ਉਭਯਾਲੰਕਾਰ :—ਉਭੈ ਦੇ ਅਰਥ ਹਨ ਦੋਨੋਂ । ਸੋ ਜਿਸ ਵਾਕ ਵਿੱਚ ਸ਼ਬਦਾਲੰਕਾਰ ਅਤੇ ਅਰਥਾਲੰਕਾਰ ਦੋਨੋਂ ਹੀ ਹੋਵਨ, ਉਸ ਜਗਹ ਉਭੈ ਅਲੰਕਾਰ ਆਖਿਆ ਜਾਂਦਾ ਹੈ ।
ਅਰਥ ਸ਼ਕਤੀ
ਅਲੰਕਾਰਾਂ ਵਿੱਚ ਪ੍ਰਵੇਸ਼ ਕਰਨੇ ਤੋਂ ਪਹਿਲਾਂ ਇਹ ਜਾਨਣਾ ਆਵੱਸ਼ਕ ਹੈ ਕਿ ਉਹ ਸੱਤਾ ਜਿਹੜੀ ਸ਼ਬਦਾਂ ਦੇ ਅਰਥ ਸੁਝਾਉਂਦੀ ਹੈ ਸਾਹਿੱਤ ਵਿੱਚ ਸ਼ਕਤੀ ਆਖੀ ਜਾਂਦੀ ਹੈ । ਇਹ ਤਿੰਨ ਪ੍ਰਕਾਰ ਦੀ ਹੈ।
੧. ਅਭਿਦਾ - ਕਿਸੇ ਸ਼ਬਦ ਦਾ ਅਥਵਾ ਕਿਸੇ ਵਾਕ ਦਾ ਸਿੱਧਾ ਸਾਦਾ ਅਰਥ ਦੱਸਨ ਵਾਲੀ ਸ਼ਕਤੀ ਨੂੰ ਅਭਿਦਾ ਕਿਹਾ ਜਾਂਦਾ ਹੈ । ਅਤੇ ਉਹ ਅਰਥ ਸ਼ਬਦਾਰਥ ਨਾਂਉ ਧਰਾਉਂਦਾ ਹੈ ।
ਉਦਾਹਰਣ :-
(ਓ) ਵਿਦਿਆਰਥੀ ਪੜ੍ਹ ਰਹੇ ਹਨ । ਇਸ ਵਾਕ ਦਾ ਤਾਤਪਰਯ ਹੈ, ਕਿ ਉਹ ਆਪਣੀਆਂ ੨ ਪੋਥੀਆਂ ਖੋਲੀ ਬੈਠੇ ਤੇ ਪਾਠ ਰਟ ਰਹੇ ਹਨ ।
(ਅ) ਖੇਤ ਵਿੱਚ ਡੰਗਰ ਘੁਸੇ ਹੋਏ ਦੇਖ ਕਰਕੇ ਕਾਮੇ ਨੂੰ ਆਖਿਆ, "ਜਾਹ ਔਹ ਡੰਗਰ ਕਢਿ ਆਉ। ਤਾਤਪਰਯ ਸਪਸ਼ਟ ਹੈ; ਖੇਤ ਵਿੱਚੋਂ ਡੰਗਰ ਬਾਹਿਰ ਕਰ ਦੇਨਾ । ਇਹ ਅਭਿਦਾ ਸ਼ਕਤੀ ਹੋਈ ।
ਲਕਸ਼ਣਾ - ਕਿਸੇ ਸ਼ਬਦ ਯਾ ਵਾਕ ਦਾ ਸਿਧਾ ਸਾਦਾ ਅਰਥ ਨਾਂ ਕਰਦੇ ਹੋਏ ਪ੍ਰਯੋਗ ਦੀ ਰੂਹੜੀ ਦੇ ਅਨੁਸਾਰ (ਜਿਸ ਪ੍ਰਕਾਰ ਲੀਹ
ਚਲੀ ਹੋਈ ਹੈ ਉਸ ਦੇ ਅਨੁਸਾਰ) ਸਾਥ ਮਿਲਦਾ ਹੋਇਆ ਅਰਥ ਕਰਨਾ ਲਕਸ਼ਣਾ ਸ਼ਕਤੀ ਦਾ ਕੰਮ ਹੈ, ਅਤੇ ਐਸਾ ਅਰਥ ਲਕਸ਼ਾਰਥ ਕਿਹਾ ਜਾਂਦਾ ਹੈ । ਉਦਾਹਰਣ :-
(ਓ) ਗੰਗਾ ਬਾਸੀ । ਗੰਗਾ ਦੇ ਪ੍ਰਵਾਹ ਵਿੱਚ ਨਹੀਂ, ਬਲਕਿ ਗੰਗਾ ਦੇ ਕਿਨਾਰੇ ਬਸੀ ਹੋਈ ਬਸਤੀ ਦਾ ਬਸਨੀਕ ।
(ਅ) ਸ: ਫ਼ਜ਼ਲ ਸ਼ਾਹ ਨੇ ਧੀਦੋ (ਰਾਂਝਾ) ਦੇ ਪਿਤਾ ਦੇ ਚਲਾਨਾ ਕਰ ਜਾਉਨ ਦੇ ਪਿਛੋਂ ਉਸ ਦੀ ਬੇਬਸੀ ਤੇ ਔਕੜਾਂ ਦਾ ਚਿਤ੍ਰ ਖਿਚਦੇ ਹੋਏ ਲਿਖਿਆ ਹੈ :—
ਦੂਤੀ ਵਿਹੜਾ ਤੇ ਦੁਸ਼ਮਨ ਜਾਨ ਭਾਈ,
ਲਗੇ ਭਰ ਭਰ ਦੇਨ ਸੁਲਾਈਆਂ ਜੇ।
ਇਸ ਥਾਂਉ "ਵਿਹੜਾ" ਦਾ ਅਰਥ ਹੈ, “ਵਿਹੜੇ ਦੇ ਬਸਨੀਕ, ਸ਼ਰੀਕ ਇਤਿਆਦੀ ।”
(ੲ) ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚਕੇ ਸਵਾਰੀਆਂ ਆਖਦੀਆਂ ਹਨ ਅਮੁਕ ਸਟੇਸ਼ਨ ਆ ਗਿਆ। ਵਾਸਤਵ 'ਚ ਆਉਂਦੀ ਤਾਂ ਗੱਡੀ ਹੈ ।
(ਸ) ਕਿਸੇ ਮਨੁਖ ਦੀ ਬਾਬਤ ਕਹਿਣਾ, ਉਹ ਤਾਂ ਖੋਤਾ ਹੈ ।” ਏਸ ਦਾ ਅਭਿਪ੍ਰਾਯ ਹੈ, ਕਿ, "ਉਹ ਸਮਝਦਾਰ ਨਹੀਂ ।" ਵਿਪ੍ਰੀਤ ਲਕਸ਼ਣਾ :-ਵਿਪ੍ਰੀਤ ਦਾ ਅਰਥ ਹੈ ਉਲਟਾ, ਸੋ ਜਦੋਂ ਲਕਸ਼ਾਰਥ ਉਲਟਾ ਲਗਾਇਆ ਜਾਵੇ, ਤਦੋਂ ਵਿਪ੍ਰੀਤ ਲਕਸ਼ਨਾ ਕਹੀ ਜਾਂਦੀ ਹੈ । ਜਿਵੇਂ ਕਿਸੇ ਦੁਬਲੇ ਪਤਲੇ ਆਦਮੀ ਨੂੰ ਕਹਿਣਾ “ਆਈਏ ਭੀਂ ।”
੩. ਵਿਅੰਜਨਾ ਸ਼ਕਤੀ - ਜਿਸ ਸਥਾਨ ਪਰ ਉੱਪਰ ਦੱਸੇ ਦੋਹਾਂ ਢੰਗਾਂ ਦੇ ਅਰਥ ਨਾ ਕਰਕੇ ਇੱਕ ਟੇਢਾ ਮੇਡਾ ਜਿਹਾ
ਅਰਥ ਸਮਝਨਾ ਪਵੇ, ਊਹਾਂ ਵਿਅੰਜਨਾ ਸ਼ਕਤੀ ਹੁੰਦੀ ਏ । ਜਿਵੇਂ ਘਰ ਵਿੱਚ ਕਿਸੇ ਪੜ੍ਹਨ ਜਾਣ ਵਾਲੇ ਬੱਚੇ ਨੂੰ ਆਖਨਾ, "ਕਾਕਾ ਜੀ ੧੦ ਬੱਜਨ ਨੂੰ ਹੋਣ ਲੱਗੇ ਹਨ ।" ਇਸ ਦਾ ਅਭਿਪ੍ਰਾਯ ਹੈ, “ਪਾਠ ਸ਼ਾਲਾ ਨੂੰ ਜਾਓ ।” ਕਿਸੇ ਨੂੰ ਆਖਣਾ, "ਅਨ੍ਹੇਰਾ ਹੋਣ ਲੱਗਾ ਹੈ ।” ਹਾਲੀ ਸਮਝੇਗਾ, ਮੈਨੂੰ ਹਲ ਛਡਣੇ ਨੂੰ ਕਹਿਆ ਜਾ ਰਿਹਾ ਹੈ । ਪੜ੍ਹਨੇ ਵਾਲਾ ਸਮਝੇਗਾ, ਮੈਨੂੰ ਪੋਥੀ ਢੱਪਨ ਨੂੰ ਆਖਿਆ ਗਿਆ ਹੈ । ਅਵਸਰ ਦੇ ਅਨੁਸਾਰ ਇੱਕ ਵਾਕ ਦੇ ਕਈ ਅਰਥ ਲਗ ਗਏ । ਇਹ ਸ਼ਕਤੀ "ਵਿਅੰਜਨਾ" ਤੇ ਅਰਥ ਵਿਅੰਗਾਰਥ ਹੋਏ ।
ਅਲੰਕਾਰ ਵਰਣਨ
(ਸ਼ਬਦਾਲੰਕਾਰ)
ਇਹ ਦੱਸ ਆਏ ਹਾਂ ਕਿ ਜਦੋਂ ਕਿਸੇ ਸ਼ਬਦ ਵਿੱਚ ਕੋਈ ਚਮਤਕਾਰ ਹੋਵੇ ਤਦੋਂ ਉਸ ਸਥਾਨ ਤੇ ਸ਼ਬਦਾਲੰਕਾਰ ਹੁੰਦਾ ਹੈ । ਇਸ ਦੀ ਇੱਕ ਜਾਚ ਇਉਂ ਭੀ ਕੀਤੀ ਜਾਂਦੀ ਹੈ, ਕਿ ਅਲੰਕਾਰਕ ਸ਼ਬਦ ਦੇ ਥਾਉਂ ਤੇ, ਉਸ ਦਾ ਸਮਾਨਾਰਥੀ ਕੋਈ ਹੋਰ ਸ਼ਬਦ ਰਖ ਦੇਣੇ ਨਾਲ ਉਹ ਚਮਤਕਾਰ ਨਾ ਰਹੇ, ਤਦੋਂ ਪਹਿਲੇ ਸ਼ਬਦ 'ਚ ਅਲੰਕਾਰ ਹੁੰਦਾ ਹੈ।
ਸ਼ਬਦ ਅਲੰਕਾਰਾਂ ਦੇ ਦਸ ਭੇਦ :-
੧. ਅਨੁਪ੍ਰਾਸ, ੨. ਚਿੱਤ੍ਰ, ੩. ਪੁਨਰੁਕਤ ਪ੍ਰਕਾਸ, ੪. ਪੁਨਰੁਕਤ- ਬਦਾਭਾਸ, ੫. ਪ੍ਰਹੇਲਿਕਾ, ੬. ਭਾਸ਼ਾ ਸਮਕ, ੭. ਜਮਕ, ੯. ਬਕ੍ਰੋਕਤਿ, ੯. ਵੀਪਸਾ, ੧੦. ਸ਼ਿਲੇਸ਼ ।
੧. ਅਨੁਪ੍ਰਾਸ (ਉਰਦੂ ਤਾਂ ਫਾਰਸੀ "ਤਜਨੀਸ "।)
ਅਨੁਪ੍ਰਾਸ ਦੇ ਅਰਥ ਹਨ ਅੱਖਰਾਂ ਦਾ ਆਪਸੀ ਭਾਈਚਾਰਾ ।
ਲਕਸ਼ਣ :— ਵਿਅੰਜਨ ਸਮ ਬਰੁ ਸ੍ਵਰ ਅਸਮ, ਵਰਨ ਆਏਂ ਬਹੁ ਬਾਰ । ਜਿਸ ਕਥਨ 'ਚ ਕੋਈ ਇੱਕ ਅੱਖਰ ਦੋ ਤਿੰਨ ਬਾਰ ਆ ਜਾਏ ਸ੍ਵਰ ਭਾਵੇਂ ਹੋਰ ੨ ਹੀ ਹੋਵਨ । (ਓ, ਅ, ੲ, ਤੇ ਇਨ੍ਹਾਂ ਦੇ ਆਪਸੀ ਮੇਲ ਨਾਲ ਬਨੇ ਹੋਏ ਅੱਖਰ ਸ੍ਵਰ ਹਨ, ਸ਼ੇਸ਼ ਸਾਰੇ ਅੱਖਰ ਵਿਅੰਜਨ ਹਨ)।
ਅਨੁਪ੍ਰਾਸ ਦੇ ਅੱਗੇ ਪੰਜ ਭੇਦ ਹਨ :-੧. ਛੇਕਾਨੁਪ੍ਰਾਸ, ੨. ਬ੍ਰਿਤਿਅਨੁਪ੍ਰਾਸ, ੩. ਸ਼ਰੁਤ੍ਯਨੁਪ੍ਰਾਸ, ੪. ਲਾਟਾਨੁਪ੍ਰਾਸ, ਪ. ਅੰਤ੍ਯਨੁਪ੍ਰਾਸ ।
੧. ਛੇਕਾਨੁਪ੍ਰਾਸ
ਭੂਸ਼ਨ ਕਵੀ ਦਾ ਦਿੱਤਾ ਹੋਇਆ ਲਕਸ਼ਣ ਹੈ।
ਸ੍ਵਰ ਸਮੇਤ ਅਛਰ ਕਿ ਪਦ ਆਵਤ ਸਹਸ ਪ੍ਰਕਾਸ ।
ਭਿਨ ਅਭਿਨ ਪਦਨ ਸੋਂ ਛੇਕ ਲਾਟ ਅਨੁਪ੍ਰਾਸ ।
ਕੋਈ ਇੱਕ ਅੱਖਰ ਜਾਂ ਪਦ (ਦੋ ਤਿੰਨ ਜੁੜੇ ਹੋਏ ਅੱਖਰ) ਦੋ ਤਿੰਨ ਜਾਂ ਅਧਿਕ ਬਾਰ ਆਵਨ, ਜਿਵੇਂ :-(ਅਕਾਲ ਉਸਤਤ ਚੌਂ) ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ ॥ ੮੯
ਇੰਦ੍ਰਾਨ ਇੰਦ੍ਰ, ਬਾਲਾਨਬਾਲ । ਰੰਕਾਨ ਰੰਕ, ਕਾਲਾਨ ਕਾਲ ॥ ੯੦
ਅਨਭੂਤ ਅੰਗ, ਆਭਾ ਅਭੰਗ । ਗਤ ਮਿਤ ਅਪਾਰ, ਗੁਣ ਗਣ ਉਦਾਰ ॥੯੧
ਮੁਨੀ ਗਣ ਪ੍ਰਣਾਮ, ਨਿਰਭੈ ਨਿਕਾਮ । ਅਤਿਦੁਤਿ ਪ੍ਰਚੰਡ, ਮਿਤਿਗਤਿ ਅਖੰਡ ॥
ਛੰਦ ੮੯, ੯੦ ਵਿੱਚ ਪਦਾਵ੍ਰਤੀ ਹੈ ਤੇ ੯੧, ੯੨ ਵਿੱਚ ਇੱਕ ਵਰਣ ਦੀ ।
ਹੋਰ ਉਦਾਹਰਣ (ਪੂਰਨ ਕਾਦਰ ਯਾਰ ਚੋਂ) : -
ਅਲਫ ਆਏ ਯੋਗੀ ਸਭ ਦੇਖਨੇ ਨੂੰ, ਬੈਠੇ ਚਾਰ ਚੁਫੇਰਿਓਂ ਘਤ ਘੇਰਾ।
ਰਾਣੀ ਸੁੰਦਰਾਂ ਮੂੰਹ ਤੋਂ ਲਾਹ ਪੜਦਾ, ਸਭਨਾਂ ਤਾਈਂ ਦੀਦਾਰ ਦਾ ਦੇ ਫੇਰਾ ॥
ਅਲਫ ਤਾਂ ਆਏ ਵਿੱਚ ‘ਅ’, ਚਾਰ ਚੁਫੇਰਿਓਂ 'ਚ 'ਚ', ਘਤ
ਘੇਰਾ 'ਚ 'ਘ' 'ਦੀਦਾਰ' 'ਦਾ’, ‘ਦੇ' 'ਚ 'ਦ' ਦੀ ਆਵ੍ਰਿਤ ਹੋਈ ਹੈ ।
ਸੋ ਇਸ ਵਿੱਚ ਛੇਕਾਨੁਪ੍ਰਾਸ ਹੋਈ ॥
ਹੋਰ ਓਦਾਹਰਣ ਹੀਰ ਸੱਯਦ ਫ਼ਜ਼ਲ ਸ਼ਾਹ ਵਿਚੋਂ :—
ਕਾਰੀਗਰਾਂ ਸਦਵਾ ਬਨਵਾ ਲਈ ਕਿਸ਼ਤੀ ਸੈਰ ਕਾਰਨ ਦਰਿਆ ਸਾਈਂ ।
ਚੋਬੀ ਬੰਗੁਲਾ ਰੰਗੁਲਾ ਵਿੱਚ ਧਰਿਆ ਪਲੰਗ ਹੀਰ ਦਾ ਛੇਜ ਵਛਾ ਸਾਈਂ ।
ਇਸ ਬੈਂਤ ਦੇ “ਸਦਵਾ", "ਬਨਵਾ" ਦੇ ‘ਵਾ’ ਅਰੁ ਬੰਗੁਲਾ ਤਾਂ ਰੰਗੁਲਾ ਦੀ ਅੰਗੁਲਾ ਵਾਲੀ ਧੁਅਨੀ ਤੋਂ ਛੇਕ ਅਨੁਪ੍ਰਾਸ ਪ੍ਰਗਟ ਹੈ ।
ਓਰਦੂ ਉਦਾਹਰਣ : “ਚੰਦ ਦਿਨੋਂ ਸੇ ਚੌਕ ਮੇਂ ਚਰਚਾ ਚੋਰੀ ਕਾ ਚੌ ਚੰਦ ਹੁਆ, ਇਸ ਵਿੱਚ 'ਚ' ਕਈ ਬਾਰ ਆਇਆ ਹੈ।
੨. ਵ੍ਰਿਤ੍ਯ ਨੁਪ੍ਰਾਸ= (ਵਰਿੱਤਿ+ਅਨੁਪ੍ਰਾਸ)
ਵ੍ਰਿਤਿ ਦੇ ਸ਼ਬਦਾਰਥ ਅਵਜੀਉਕਾ ਤੇ ਸੂਤ੍ਰ ਦੀ ਵਿਆਖਿਆ ਹਨ । ਇਥੇ ਸੂਤ੍ਰ ਦੀ ਵਿਆਖਿਆ ਲਗਦੇ ਹਨ । ਅਲੰਕਾਰਾਂ ਵਿੱਚ ਇਹ ਵ੍ਰਿਤਿ ਅੱਖਰਾਂ ਦੀ ਵੰਡ ਦੇ ਨਾਲ ਚਲਦੀ ਏ । ਨਾਗਰੀ ਅਤੇ ਗੁਰਮੁਖੀ ਅੱਖਰਾਂ ਦਾ ਲਿਖਾਈ ਦਾ ਕ੍ਰਮ (ਚਾਲ) ਇਕੋ ਈ ਹੈ ਇਹਨਾ ਨੂੰ ਤਿੰਨਾ ਦਲਾਂ 'ਚ ਬੰਡਿਆ ਗਿਆ ਹੈ ।
੧. ਬੋਲਨੇ ਤੇ ਸੁਨਨੇ ਨੂੰ ਕੋਮਲ ਤੇ ਮੁਲਾਇਮ ਭਾਸਨੇ ਵਾਲੇ ਅੱਖਰ ਕੋਮਲਾ-ਵ੍ਰਿਤਿ 'ਚ ਆਉਂਦੇ ਹਨ। ਉਹ ਹਨ ਯ, ਰ, ਲ, ਵ, ਸ ਤਾਂ ਹ ।
੨. ਪਰੁਸ਼ਾਵ੍ਰਿਤਿ ਦੇ ਅੱਖਰ :-
ਟ, ਠ, ਡ, ਢ, ਸ਼ ਤੇ ਦੁਤ ਬਰਨ ।
੩. ਉਪਨਾਗਰਿਕ ਦੇ ਬਰਨ :-
ਉਪਰ ਆਏ ਕੋਮਲਾ ਤੇ ਪਰੁਸ਼ਾਵ੍ਰਿਤਿ ਦੇ ਅੱਖਰਾਂ ਨੂੰ ਛੱਡ ਕੇ ਸ਼ੇਸ਼ ਸਾਰੇ ਅੱਖਰ ਉਪਨਾਗਰਿਕਾਵ੍ਰਿਤਿ ਦੇ ਹਨ। ਇਸੇ ਨੂੰ ਵੈਦਰਭੀ ਭੀ ਆਖਿਆ ਜਾਂਦਾ ਹੈ।
ਅੱਖਰ ਵਰਗ :—ਮੁਖ ਦੇ ਕਿਸੇ ਇਕੋ ਸਥਾਨ ਤੋਂ ਬੋਲੇ ਜਾਨੇ ਵਾਲੇ ਅੱਖਰ ਇੱਕ ਵਰਗ 'ਚ ਆਉਂਦੇ ਹਨ, ਤੇ ਉਨ੍ਹਾਂ ਦੇ ਨਾਉਂ ਪਹਲੇ ਅੱਖਰ ਦੇ ਨਾਉਂ ਤੇ ਲਏ ਜਾਂਦੇ ਹਨ ।
ਕਵਰਗ—ਕ, ਖ, ਗ, ਘ, ਙ ।
ਚਵਰਗ—ਚ, ਛ, ਜ, ਝ, ਞ ।
ਟਵਰਗ—ਟ, ਠ, ਡ, ਢ, ਣ ।
ਤਵਰਗ- ਤ, ਥ, ਦ, ਧ, ਨ ।
ਪਵਰਗ—ਪ, ਫ, ਬ, ਭ, ਮ ।
ਵ੍ਰਿਤੀਆਂ ਦੇ ਉਦਾਹਰਣ :--
(੧) ਕੋਮਲਾ :-- ਇਸ ਵਿੱਚ ਯ, ਰ, ਲ, ਵ, ਸ, ਹ ਦੀ ਅਧਿਕਤਾ ਚਾਹੀਏ ।
ਸਥਲ :--ਜਿਸ ਦਿਨ ਧੀਦੋ ਤਾਂ ਹੀਰ ਦੀ ਪਹਿਲੇ ਈ ਦਿਨ ਭੇਂਟ ਹੋਈ । ਗੁੱਸੇ, ਗਿਲੇ, ਗੁਫਤਾਰ ਆਦਿ ਤੋਂ ਪਿਛੋਂ:-
(੧) ਹੀਰ ਹੱਸ ਕੇ ਆਖਿਆ ਚਲ ਘਰੀਂ,
ਦੇ ਅਨੋਖੜੀ ਮੀਤ ਮਿਹਮਾਨ ਪਿਆਰੇ ।
ਰਾਂਝੇ ਆਖਿਆ ਚਲੋ ਜੀ ਬਿਸਮਿੱਲਾ,
ਟੁਰਿਆ ਯਾਦ ਕਰ ਅਲੀ ਮਰਦਾਨ ਪਿਆਰੇ ।
* ਚਾਲ ਚਾਲ ਸੈਈਆਂ ਨਾਲ ਨਾਲ ਗਈਆਂ,
ਜੋ ਜੋ ਹੀਰ ਦੀਆਂ ਰਾਜ਼ਦਾਨ ਪਿਆਰੇ ।
ਸੰਗ ਸੰਗ ਸੈਈਆਂ ਸੰਗ ਸੰਗ ਰਾਂਝਾ,
ਗਰਜ਼ ਝੰਗ ਦੀ ਜਾਨ ਪਛਾਨ ਪਿਆਰੇ ।
ਇਸ * 'ਚਾਲ ਚਾਲ' ਵਾਲੇ ਛੰਦ ਵਿੱਚ 'ਲ' ਅਰੁ 'ਸ' ਕਈ ਬੇਰ ਆਏ ਹਨ ।
(੨) ਹੀਰ ਸੈਦੇ ਨਾਲ ਬਿਆਹ ਕਰਾਉਨਾ ਨਹੀਂ ਮਨਦੀ, ਸੋ ਹੀਰ ਦੀ ਮਾਂਉ ਨੇ ਕਾਜ਼ੀ ਨੂੰ ਬੁਲਵਾਇਆ, ਜਿਸ ਦੇ ਪਾਸ ਹੀਰ ਪੜ੍ਹਦੀ ਭੀ ਰਹੀ ਸੀ । ਕਾਜ਼ੀ ਹੀਰ ਨੂੰ ਆਖਦਾ ਏ :-
ਨਾ ਮਾਕੂਲ ਮਜਹੂਲ ਫਜੂਲ ਐਂਵੇ,
ਹੋਏ ਏਂ ਤੂਲ ਮਿਸਾਲ ਖਜੂਰ ਹੀਰੇ ।
ਦਿਲੋਂ ਧਾਰ ਖੇੜਾ ਵਸੇ ਖੇੜਾ ਵਿਹੜਾ,
ਬੇੜਾ ਪਾਰ ਫ਼ਜ਼ਲੋਂ ਪਹਿਲੇ ਪੂਰ ਹੀਰੇ ।
ਇਸ ਬੈਤ ਦੇ ਪਹਿਲੇ ਚਰਨ ਵਿੱਚ 'ਲ' ਦੀ ਤੇ 'ਰ' ਦੀ ਆਵ੍ਰਿਤਿ ਹੈ ਸੋ ਇਹ ਕੋਮਲਾ ਹੈ । ਦੂਜੇ ਚਰਨ ਵਿੱਚ 'ੜ' ਕਈ ਬੇਰ ਆਇਆ ਹੈ ਸੋ ਇਹ ਪਰੁਸ਼ਾ ਹੈ ।
(੩) ਚੰਡ ਰਾਕਸ਼ਸ਼ ਨੂੰ ਉਸ ਦਾ ਭਾਈ ਬਨ ਵਿੱਚ ਰਹ ਰਹੀ ਇੱਕ ਦੇਵੀ ਦੀ ਸੁੰਦਰਤਾ ਦਸਦਾ ਹੋਇਆ ਆਖਦਾ ਹੈ :
ਹਰਿ ਸੋਂ ਮੁਖ ਹੈ ਹਰਤੀ ਦੁਖ ਹੈ ਅਲਿਕੈ ਹਰਿ ਹਾਰ ਪ੍ਰਭਾਹਰਨੀ ਹੈ ।
ਲੋਚਨ ਹੈਂ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿ ਸੀ ਬਰੁਨੀ ਹੈ ।
ਕੇਹਰ ਸੋਂ ਕਰਹਾ ਚਲਬੇ ਹਰਿ ਪੈ ਹਰਿ ਕੀ ਹਰਨੀ ਤਰਨੀ ਹੈ।
ਹੈ ਕਰਿਭੈ ਹਰਿ ਪੈ ਹਰਿ ਸੋਂ ਹਰਿ ਗਲ ਕੀਏ ਹਰਿ ਕੀ ਧਰਨੀ ਹੈ ।
ਇਸ ਸਵੱਯੇ ਵਿੱਚ 'ਹ', 'ਰ', 'ਸ' ਦੀ ਕਈ ਬੇਰ ਆਵ੍ਰਿਤਿ ਹੈ, ਸੋ ਇਹ ਕੋਮਲਾ ਵ੍ਰਿਤਿ ਹੈ ।
੨. ਉਪ ਨਾਗਰਕਾ ਵ੍ਰਿਤਿ
ਉਦਾਹਰਣ
ਪ੍ਰਭ ਜੀ ਤੋ ਕੰਹ ਲਾਜ ਹਮਾਰੀ ।
ਨੀਲ ਕੰਠ ਨਰ ਹਰ ਨਾਰਾਯਣ ਨੀਲ ਵਸਨ ਬਨਵਾਰੀ।
ਪਰਮ ਪੁਰੁਖ ਪਰਮੇਸ੍ਵਰ ਸੁਆਮੀ ਪਾਵਨ ਪੌਨ ਅਹਾਰੀ ।
ਮਾਧੋ ਮਹਾ ਜੋਤ ਮਧੂ ਮਰਦਨ ਮਾਨ ਮੁਕੰਦ ਮੁਰਾਰੀ ।
ਨਿਰ ਵਿਕਾਰ ਨਿਰ ਜੁਰ ਨਿਦ੍ਰਾ ਬਿਨ ਨਿਰਬਿਖ ਨਰਕ ਨਿਵਾਰੀ ।
ਕ੍ਰਪਾ ਸਿੰਧੂ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨ ਕਾਰੀ ।
ਧਨੁਰ ਪਾਨ ਧ੍ਰਿਤਮਾਨ ਧਰਾ ਧਰ ਅਨਵਿਕਾਰ ਅਸਧਾਰੀ !
ਹੌਂ ਮਤਿ ਮੰਦ ਚਰਨ ਸਰਨਾਗਤ ਕਰ ਗਹ ਲਯੋ ਉਬਾਰੀ ।
ਇਸ ਛੰਦ ਵਿੱਚ ਪਹਲੀ ਤੁਕ 'ਚ "ਨ" ਦੂਜੀ 'ਚ 'ਪ’ ਤੀਜੀ ’ਚ 'ਮ’, ਚੌਥੀ 'ਚ ‘ਨ’ ਪੰਜਵੀਂ 'ਚ 'ਕ' ਛੇਵੀਂ ਤੁਕ ਵਿੱਚ 'ਧ' ਕਈ ੨ ਬਾਰ ਆਏ ਹਨ । ਇਹ ਅੱਖਰ ਉਪਨਾਗਰਕਾ ਵ੍ਰਿਤਿ ਦੇ ਹਨ।
ਪੰਜਾਬੀ ਉਦਾਹਰਣ :
ਜੋਗੀ ਵੇਸ ਰਾਂਝਾ ਤੇ ਸਹਤੀ ਸੰਵਾਦ ਹੀਰ ਸੱਯਦ ਫ਼ਜ਼ਲ ਸ਼ਾਹ ਚੋਂ’ ਰਾਂਝਾ ਬੋਲਿਆ ।
ਬ੍ਰਹਮ ਸੂਰਤ ਆਤਮਾ ਧਰਮ ਮੂਰਤ ਪਰਮ ਜੋਤ ਕੇ ਹਮੀਂ ਨਿਧਾਨ ਸਹਤੀ।
ਗੁਰੂ ਸਾਰੇ ਜਗਤ ਕੇ ਜੁਗਤ ਜੋਗੀ, ਸਗਲੀ ਤੀਰਥੋਂ ਕੇ ਅਸਨਾਨ ਸਹਤੀ।
ਗੇ ਸੁਨ ਨਾਰੀ ਹੋ ਨਾਰੀ ਅਨਾਰੀ ਨਾੜੀ ਵੈਦਗੀ ਹਮੇਂ ਪਛਾਨ ਸਹਤੀ ।
ਕਰੇਂ ਰੂਪ ਸਰੂਪ ਅਨੂਪ ਕਾਰਨ ਗਰਬ ਗਰਵ ਗਰੂਪ ਗੁਮਾਨ ਸਹਤੀ।
ਬਾਲ ਨਾਥ ਕਾ ਮੈਂ ਬਾਲ ਨਾਥ ਜੋਗੀ ਨਾਥ ਨਾਥ ਅਨਾਥ ਨਥਾਨ ਸਹਤੀ ।
ਸਹਤੀ ਨਾਮ ਔਰ ਬਾਤ ਭੀ ਨਹੀਂ ਸਹਤੀ ਕਹਤੀ ਔਰ ਭੀ ਚਤੁਰ ਜਬਾਨ ਸਹਤੀ ।
ਰੀਤ ਪੀਤ ਨਾਂ ਮੀਤ ਅਤੀਤ ਜੋਗੀ ਗੁਣ ਗਿਆਨ ਕੇ ਗੁਣ ਗਾਨ ਸਹਤੀ।
ਕਾਮ ਕਾਮਨਾ ਕਾਮ ਨਾਕਾਮ ਜੋਗੀ ਕਾਮ ਕਾਮ ਕੀ ਕਾਮ ਨਾਂ ਖਾਨ ਸਹਤੀ ।
੩. ਪਰੁਸ਼ਾ ਵ੍ਰਿਤਿ ਦੇ ਉਦਾਹਰਣ:
ਧੀਦੋ ਤੇ ਉਸ ਦੀਆਂ ਭਰਜਾਈਆਂ ਦਾ ਬਾਦ ਬਿਬਾਦ । ਧੀਦੋ ਨੇ ਆਖਿਆ, ਮੈਂ ਘਰੋਂ ਨਿਕਲ ਜਾਵਾਂਗਾ, ਤਾਂ ਭਰਜਾਈ ਬੋਲੀ :-
ਸੁਨ ਵੇ ਖੋਟਿਆ ਛੋਟਿਆ ਝੋਟਿਆ ਵੇ, ਸੀਨੇ ਨਾਲ ਕੰਧਾਂ ਜ਼ੋਰੀ ਢਾਈਆਂ ਜੇ ।
ਨਾਂ ਬੈਦ ਹਕੀਮ ਤਬੀਬ ਨਾੜੀ, ਨਾਂ ਤੂੰ ਸੰਤ ਮਹੰਤ ਗੁਸਾਈਆਂ ਜੇ ।
ਧੀਦੋ ਕਹਿਆ :-
ਛੋਟਾ ਹਾਂ ਨਾਹੀਂ ਖੋਟਾ ਕਰਮ ਖੋਟਾ, ਤਾਹੀਂ ਭਾਈਆਂ ਜ਼ਿਰਾਂ ਟਕਾਈਆਂ ਜੇ ।
ਪਿਛੋਂ ਤੁਸੀਂ ਰਲ ਕੇ ਪੋਚਾ ਦੇਣ ਆਈਆ..........................
ਹੋਰ ਉਦਾਹਰਣ :-
ਧੀਦੋ ਘਰੋਂ ਨਿਕਲ ਤੁਰਿਆ, ਤੇ ਹੀਰ ਦੇ ਨਗਰ ਦੀ ਧਾਈ ਕਰ ਲਈ । ਜਾਂ ਉਹ ਚਨ੍ਹਾਂ ਦੇ ਪਾਸ ਪਹੁੰਚਿਆ ਤਾਂ ਸਾਰੀਆਂ ਬੇੜੀਆਂ ਜਾ ਚੁਕੀਆਂ ਸਨ, ਇੱਕ ਖੜੀ ਥੀ, ਕਿ ਉਹ ਭੀ ਠਿਲ ਪਈ, ਧੀਦੋ ਦੂਰੋਂ ਟਾਹਰਾਂ ਮਾਰਦਾ ਹੈ :
ਚੜ੍ਹੀ ਹਡੀ ਚਨ੍ਹਾਂ ਦਾ ਪਾੜ ਵਡਾ ਸ਼ਾਇਦ ਫੇਰ ਮੁੜ ਸੂ ਸ਼ਾਸਸਾਰ ਮੀਆਂ!
ਬੇੜੀ ਮੋੜ ਕੇ ਲਈਂ ਚੜ੍ਹਾ ਮੈਨੂੰ ਤੈਨੂੰ ਕਹਾਂ ਵੰਗਾਰ ਵੰਗਾਰ ਮੀਆਂ ।
ਹੀਰ ਬਿਆਹੀ ਜਾ ਰਹੀ ਸੀ, ਰਾਹ ਚੋਂ ਦਾਜੜ ਮੈਸਾਂ ਵਾਪਿਸ ਭੱਜ ਆਈਆਂ । ਹੀਰ ਦਾ ਸਸੁਰ ਮਹਰ ਅੱਜੂ ਉਨ੍ਹਾਂ ਨੂੰ ਲੈਨ ਗਿਆ, ਤਾਂ ਮਹਰ ਚੂਚਕ ਹੀਰ ਦੇ ਪਿਤਾ ਨੇ ਰਾਂਝੇ ਨੂੰ ਨਾਲ ਤੋਰ ਦਿੱਤਾ। ਜਿੱਥੇ ਬਰਾਤ ਮੈਸਾਂ ਦੀ ਉਡੀਕ ਲਈ ਅਟਕੀ ਹੋਈ ਸੀ, ਜਦੋਂ ਇਹ ਉੱਥੇ ਅਪੜੇ, ਤਾਂ ਬਰਾਤੀ ਸ਼ਿਕਾਰ ਖੇਡਨ ਚਲੇ ਗਏ ਹੋਏ ਸਨ । ਹੀਰ ਨੇ ਰਾਂਝੇ ਨੂੰ ਪਾਸ ਬੁਲਾ ਲਿਆ, ਇਹ ਗੱਲਾਂ ਕਰਦੇ ਸਨ ਕਿ ਸੈਦਾ, ਜਿਸ ਦੇ ਨਾਲ ਹੀਰ ਬਿਆਹੀ ਗਈ ਸੀ, ਆਨ ਨਿਕਲਿਆ, ਤੇ ਰਾਂਝੇ ਨਾਲ ਗੁੱਥਮ ਗੁੱਥਾ ਹੋ ਗਿਆ । ਹੀਰ ਨੇ ਆਪਣੇ ਮਾਹੀ ਦਾ ਪੱਖ ਲਿਆ । ਮਹਰ ਅਜੂ ਨੇ ਦੇਖਿਆ ਕਿ ਗੱਲ ਬਿਗੜ ਰਹੀ ਏ, ਉਸ ਨੇ ਆਪਣੇ ਪੁੱਤ੍ਰ ਨੂੰ ਡਾਂਟਿਆ ਤੇ ਸਹਜ ਸੁਭਾਉ ਦੇ ਨਾਲ ਹੀਰ ਕੋਲੋਂ ਮਾਜਰਾ ਪੁੱਛਿਆ ।
ਹੀਰੇ ਹਾਰ ਹੀਰੇ ਹਾਰ ਤੋੜ ਗਲੋਂ ਗਲੋਂ ਗਲ ਫ਼ਰੇਬ ਬਨਾ ਮੀਆਂ।
ਆਖੇ ਸਚ ਆਖਾਂ ਏ ਪਰ ਸਚ ਮੱਨੀ, ਕਚ ਵਾਂਗ ਨਾਂ ਕਚ ਕਮਾ ਮੀਆਂ ।
ਸੁਤੀ ਨੀਂਦ ਮਿੱਠੀ ਸੁਫਨੇ ਮਾਂਉ ਡਿਠੀ ਉੱਠੀ ਮੀਟ ਮੁਠੀ ਅਭੜ ਭਾ ਮੀਆਂ ।
ਵਿੱਸਰ ਭੋਲ ਮੁਠੀ ਮੱਠੀ ਹਾਰ ਆਇਆ ਰਿਸ਼ਤਾ ਤੋੜਿਆ ਨਾਲ ਕਜ਼ਾ ਮੀਆਂ ।
ਡੋਲੀ ਵਿੱਚ ਹੀਰੇ ਹੀਰੇ ਕੁਝ ਡੁਲ੍ਹੇ, ਕੁਝ ਜ਼ਿਮੀ ਤੇ ਜਾ ਬਜਾ ਮੀਆਂ।
ਡਰਦੀ ਮੂਲ ਨਾਂ ਦੱਸਿਆ ਲਾਗੀਆਂ ਨੂੰ ਦਾਮਨ ਗੀਰ ਸੀ ਸ਼ਰਮਹਿਆ ਮੀਆਂ ।
ਇਨ੍ਹਾਂ ਬੈਤਾਂ ਵਿੱਚ ਟਵਰਗ ਵਾਲੇ ਅੱਖਰ ਕਈ ਬਾਰ ਆਏ ਹਨ।
ਸੂਚਨਾ :—ਪਰੁਸ਼ਾਇਰਿਤ ਅਧਿਕ ਕਰਕੇ ਵੀਰ ਰਸ ਦੀ ਕਵਿਤਾ 'ਚ ਬਰਤੀ ਜਾਂਦੀ ਹੈ । ਸ. ਫ਼ਜ਼ਲ ਸ਼ਾਹ ਨੇ ਇਸ ਦਾ ਪ੍ਰਯੋਗ ਸ਼ਿੰਗਾਰ ਰਸ ਵਿੱਚ ਕੀਤਾ ਹੈ, ਤੇ ਕਵੀ ਵਰ ਹਿਰਦਾ ਰਾਸ ਨੇ ਹਨੂਮਾਨ ਨਾਟਕ ਵਿੱਚ ਸ਼ਾਂਤੀ ਰਸ 'ਚ ਇਹ ਵ੍ਰਿਤਿ ਦਿਖਾਈ ਹੈ । ਜਿਹੜੀ ਬੜੀ ਹੀ ਮਿੱਠਤ ਭਰੀ ਹੈ ।
ਉਦਾਹਰਣ :-
ਹਨੂਮਾਨ ਨਾਟਕ ਵਿੱਚੋਂ, ਜਿਸ ਦਿਨ ਰਾਮ ਚੰਦ੍ਰ ਪੰਚ ਵਟੀ ਪਹੁੰਚੇ ਤੇ ਅਗਸਤ ਮੁਨਿ ਨੂੰ ਮਿਲੇ । ਅੰਕ ੩
ਏਕ ਘਟੀ ਨ ਘਟੀ ਸੀਆ ਕੇ ਦੁਖ ਰਾਮ ਰਹੇ ਮੁਨਿ ਕੇ ਨਿਕਟੀ।
ਘਟਿ ਕੇ ਸੁਤ ਸੋਂ ਤਿਨ ਨਾਰ ਜੁਟੀ ਮਾਨੋ ਧੂਰ ਜਟੀ ਨਹਿ ਕਾਮ ਛਟੀ ।
ਦੁਪਣੀ ਫਟ ਜਾਤ ਜਹਾਂ ਤਮ ਕੀ ਪ੍ਰਗਟੀ ਘਟਿ ਮੈ ਗੁਰ ਗਆਨ ਗਟੀ।
ਕਰਬੇ ਕੰਹ ਮੁਕਤਿ ਹਟੀ ਬਰਟੀ ਤਹਾਂ ਪਰਨ ਕੁਟੀ ਰਘੁਨਾਥ ਠਟੀ ੫੬॥
ਜਹਾਂ ਸਿੰਘ ਕੁਰੰਗ ਨ ਬੈਰ ਗਟੀ ਮ੍ਰਿਗ ਸੰਤਤ ਸਿੰਘਨ ਦੂਧ ਜੁਟੀ।
ਸੋਊ ਨੈਕੁ ਨ ਦੇਖਤ ਜਾਤ ਲਟੀ ਅਹਿ ਪੌਢਤ ਮੋਰਨ ਪੁੰਛ ਤਟੀ ।
ਚਢ ਕੇਹਰ ਕੰਧ ਅਜਾ ਲਪਟੀ ਨਹ ਭੂਖ ਲਗੇ ਕਬਹੂੰ ਝਪਟੀ ।
ਜਿਨ ਕੀ ਦੁਖ ਫਾਂਸ ਕਹੂੰ ਨ ਕਟੀ ਤਿਨ ਕੇ ਸਿਰ ਹੈ ਸੁਖ ਸ਼ਾਂਤਿ ਸਟੀ ।੫੭।
ਜਿਨ ਕੀ ਧੁਨਿ ਨੈਨਨਿ ਜੋਤਿ ਘਟੀ ਤਿਨ ਕੇ ਸੰਗ ਮੁਕਤਿ ਫਿਰੇ ਲਪਟੀ ।
ਜਿਨ ਕੇ ਰਿਦਗ੍ਰੰਥ ਮਹਾਂ ਚਿਕਟੀ ਕਰ ਸ੍ਵਛ ਚਲੇ ਮਾਨੋ ਦੂਧ ਘਟੀ ।
ਮੁਨਿ ਬ੍ਰਿੰਦ ਜਹਾਂ ਜਹਿ ਬੇਦ ਪਟੀ, ਸੁਕ ਸਾਰਸ ਹੰਸ ਚਕੋਰ ਚਟੀ ।
ਨਿਸ ਬਾਸਰ ਕਾਮ ਕਮਾਨ ਟੁਟੀ ਸੀਆ ਤੇ ਰਤਿ ਸੀ ਲਟ ਜਾਤ ਲਟੀ ।੫੮।
ਸਬ ਕੇ ਮੁਖ ਨਿਕਤਤ ਬਾਕ ਨਟੀ, ਸੁ ਅਗਸਤ ਪਢਾਵਤ ਹਾਥ ਛਟੀ ।
ਤਪ ਤੇਜਨ ਤੇ ਰਵਿ ਜੋਤਿ ਹਟੀ, ਕਪਟੀ ਨ ਰਹੇ ਤਹਾਂ ਏਕ ਘਟੀ ।
ਹਰਿ ਪੂਜਨ ਕੀ ਜਹਾਂ ਆਰ ਭਈ, ਭਰਿ ਨੈਨ ਨਿਹਾਰ ਰਮਾ ਲਪਟੀ।
ਜਹਾਂ ਈਂਧਨ ਚੰਦਨ ਕੀ ਖਪਟੀ, ਕਵਿ ਰਾਮ ਕਹੈ ਸੋਈ ਪੰਚ ਵਟੀ । ੫੯।
(ਇਨ੍ਹਾਂ ਛੰਦਾਂ 'ਚ 'ਟ' ਦੀ ਆਵ੍ਰਿਤਿ ਕਈ ਬਾਰ ਹੋਈ ਏ ।)
੩. ਸ਼ਰੁਤਯਨੁਪ੍ਰਾਸ (ਸ਼ਰੁਤਿ+ਅਨੁਪ੍ਰਾਸ)
ਲਕਸ਼ਣ :— ਜਹਾਂ ਤਾਲੁ ਕੰਠਾਦਿ ਕੀ ਬਿਅੰਜਨ ਸਮਤਾ ਹੋਯ ।
ਸੋਈ ਸ਼ਰੁਤਯਨੁਪ੍ਰਾਸ ਹੈ, ਕਹਤ ਸੁਘਰ ਕਵਿ ਲੋਯ ।
ਤਾਲੂ, ਕੰਠ ਆਦਿ ਮੁਖ ਦੇ ਕਿਸੇ ਇਕੋ ਸਥਾਨ ਤੋਂ ਬੋਲੇ ਜਾਨੇ ਵਾਲੇ ਅੱਖਰਾਂ ਦੀ ਸਮਤਾ ਜਿਸ ਕਵਿਤਾ ਵਿੱਚ ਹੋਵੇ, ਉਹ ਸ਼ਰੁਤਿਅਨੁਪ੍ਰਾਸ ਹੈ, ਸੁਘਰ (ਸਿਆਨੇ) ਕਵਿ ਲੋਕ ਇਹ ਗੱਲ ਕਹਿੰਦੇ ਹਨ ।
ਅਖਰਾਂ ਦੇ ਉਚਾਰਣ ਸਥਾਨ ਇਉਂ ਹਨ :-
(੧) ਅ, ਆ, ਕਵਰਗ, ਹ ਤਾਂ ਵਿਸਰਗ ਕੰਠ ਤੋਂ ਬੋਲੇ ਜਾਂਦੇ ਹਨ।
(੨) ਇ, ਈ, ਚਵਰਗ ਤੇ ਸ਼ ਦਾ ਉਚਾਰਨ ਤਾਲੂ ਤੋਂ ਹੁੰਦਾ ਹੈ ।
(੩) ਟਵਰਗ ਮੂਰਧਾ ਤੋਂ ।
(੪) ਤਵਰਗ, ਲ, ਸ ਦੰਦਾ ਤੋਂ,
(੫) ਉ, ਊ ਤੇ ਪਵਰਗ ਓਂਨਾ ਤੋਂ,
(੬) ਏ ਐ ਦਾ ਉਚਾਰਨ ਤਾਲੂ ਤੋਂ,
(੭) ਓ ਤਾਂ ਐ ਦਾ ਉਚਾਰਨ ਕੰਠ ਅਰੁ ਓਂਠ ਤੋਂ,
(੮) ਵ ਦਾ ਓਠ ਅਰੁ ਦੰਤ ਤੋਂ,
(੯) ਪੰਜਵਾਂ ਵਰਨ ਤਾਂ ਅਨੁਸੁਆਰ ਨਾਸਿਕਾ ਤੋਂ ।
ਸ਼ਰੁਤਿਅਨੁਪ੍ਰਾਸ ਦੇ ਉਦਾਹਰਣ :-
ਪਹਿਲਾਂ ਦੱਸਿਆ ਜਾ ਚੁਕਿਆ ਹੈ ਕਿ ਮਹਰੀ ਮਲਕੀ ਨੇ ਕਾਜ਼ੀ ਨੂੰ ਸਦਵਾ ਭੇਜਿਆ, ਸੋ ਉਹ ਹੀਰ ਨੂੰ ਸਮਝਾਉਂਦਾ ਹੋਇਆ ਆਖਦਾ ਹੈ। ਵਾਲਦੈਨ ਦੇ ਦੇਣ ਤੋਂ ਸੁਰਖਰੂ ਹੋ ਵਿੱਚ ਦੀਨ ਦੁਨਿਆ ਮਸਰੂਰ ਹੀਰੇ। ਦੁਨੀਆ ਵਿੱਚ ਜੇ ਬਾਪ ਨੂੰ ਨਸ਼ਰ ਕਰਸੈਂ, ਹੋਵਸੈਂ ਯੌਮ ਨਸ਼ੂਰ ਨਸ਼ੂਰ ਹੀਰੇ ।
ਇਸ ਛੰਦ ਵਿੱਚ 'ਲ', 'ਦ', 'ਤ', 'ਨ' ਅੱਖਰਾਂ ਦੀ ਅਧਿਕਤਾ ਹੈ, ਜਿਹੜੇ ਮੁੱਖ ਦੇ ਇਕੋ ਸਥਾਨ ਦੰਦਾਂ ਤੋਂ ਉਚਾਰੇ ਜਾਂਦੇ ਹਨ । ਅਜੇਹੀ ਕਵਿਤਾ 'ਚ ਇੱਕ ਧਾਰਾ ਪ੍ਰਵਾਹ ਉਤਪਨ ਹੋ ਆਉਂਦਾ ਹੈ, ਸੋ ਉਹ ਕੱਨਾਂ ਨੂੰ ਮਿੱਠਾ ਭਾਸਦਾ ਹੈ । ਅਲੰਕਾਰ ਮੰਜੂਸ਼ਾ 'ਚ ਉਦਾਹਰਨ ਆਇਆ ਹੈ :-
“ਤੁਲਸੀ ਦਾਸ ਸੀਦਤ ਨਿਸਿ-ਦਿਨ ਦੇਖਤ ਤੁਮ੍ਹਾਰਿ ਨਿਠੁਰਾਈ ।”
੪. ਲਾਟਾਨੁਪ੍ਰਾਸ (ਲਾਟ+ਅਨੁਪ੍ਰਾਸ)
ਲਕਸ਼ਣ :- ਸ਼ਬਦ ਅਰਥ ਏਕੈ ਰਹੈ ਅਨਵੈ ਕਰਤੰਹ ਭਦ ।
ਸ਼ਬਦ ਤੇ ਅਰਥ ਉਹੀ ਰਹਨ ਪਰੰਤੂ ਜਾਚ ਕਰਨੇ ਨਾਲ ਭੇਦ ਦਾ ਪਤਾ ਲਗੇ ।
ਉਦਾਹਰਣ :-
ਔਰਨ ਕੇ ਜਾਂਚੇ ਕਹਾ ਨਹੀਂ ਜਾਂਚਿਓ ਸਿਬਰਾਜ ।
ਔਰਨ ਕੇ ਜਾਂਚੇ ਕਹਾ ਜੋ ਜਾਂਚਿਓ ਸਿਬਰਾਜ ।
ਜੇ ਸ਼੍ਰੀ ਸ਼ਿਵਾ ਜੀ ਤੋਂ ਨਹੀਂ ਮੰਗਿਆ ਤਾਂ ਕਿਆ ਮੰਗਿਆ, ਅਰੁ, ਜੇ ਸ਼ਿਵਾ ਜੀ ਤੋਂ ਮੰਗ ਲਿਆ ਤਾਂ ਫੇਰ ਹੋਰ ਕਿਸੀ ਤੋਂ ਕੀ ਮੰਗਨਾ ।
ਹੋਰ ਉਦਾਹਰਣ :
ਪੂਤ ਸਪੂਤ ਕਾਹੇ ਧਨ ਸੰਚਯ ।
ਪੂਤ ਕਪੂਤ ਕਾਹੇ ਧਨ ਸੰਚਯ ॥
੫. ਅੰਤਯਨੁਪ੍ਰਾਸ (ਅੰਤ + ਅਨੁਪ੍ਰਾਸ)
ਲਕਸ਼ਣ :- ਵਿਅੰਜਨ ਸੁਅਰ ਯੁਤ ਏਕ ਸੇ ਜੋ ਤੁਕਾਂਤ ਮੇਂ ਹੋਇ ।
ਤੁਕ ਦੇ ਅੰਤ 'ਚ ਅੱਖਰ ਭੀ ਤੇ ਲਗ ਮਾਤ੍ਰਾ ਭੀ ਇਕੋ ਈ ਹੋਣ । ਦੋਹਾ, ਕਬਿਤ, ਚੋਪਾਈ, ਸਵੱਯਾ ਇਤਿਆਦਿ ਛੰਦ ਇਸ ਦੇ ਉਦਾਹਰਣ ਹਨ ।
ਉਦਾਹਰਣ (ਕਾਫ਼ੀ ਸਾਧੂ ਈਸ਼ਰ ਦਾਸ)
ਸਤ ਗੁਰ ਹੈਂ ਸੁਖਦਾਈ ਸਬ ਕੇ ਸ਼ਰਣ ਤਿਨ੍ਹਾਂ ਕੀ ਜਾ ਲੈ ਤੂੰ ।
ਸੋਲਾਂ ਕਲਾ ਸੰਪੂਰਣ ਫਲਿਆ ਵੇਦ ਕਹਨ ਅਜ਼ਮਾ ਲੈ ਤੂੰ ।
ਲਖ ਲਖ ਓਟ ਪਨਾਹ ਜਿਨ੍ਹਾਂ ਦੀ, ਤਾਂ ਕੀ ਓਟ ਤਕਾ ਲੈ ਤੂੰ ।
ਸੁੰਞੇ ਮੰਦਰ ਅੰਦਰ ਦੀਵਾ, ਸਤਗੁਰ ਸਿਖ ਮਚਾ ਲੈ ਤੂੰ ।
ਈਸ਼ਰ ਦਾਸ ਵਿਸਾਰ ਨਹੀਂ ਗੁਰੂ ਨਾਨਕ ਨਾਮ ਧਿਆ ਲੈ ਤੂੰ ।
ਇਨ੍ਹਾਂ ਤੁਕਾਂ ਦੇ ਅੰਤ ਵਿੱਚ 'ਲੈ ਤੂੰ' ਬਲਕਿ 'ਆ ਲੈ ਤੂੰ’ ਆਇਆ ਹੈ ।
२. ਚਿਤ੍ਰ
ਲਕਸ਼ਣ ਦੋਹਾ :-ਲਿਖੇ ਸੁਨੇ ਅਚਰਜ ਬਢੇ ਰਚਨਾਂ ਹੋਇ ਬਿਚਿਤ੍ਰ ।
ਕਾਮ ਧੇਨੂ ਆਦਿਕ ਘਨੇ ਭੂਸ਼ਨ ਬਰਨਤ ਚਿਤ੍ਰ ।
ਇਹ ਬਚਿਤ੍ਰਤਾ ਕਈਆਂ ਢੰਗਾਂ ਦੀ ਹੈ । ਇੱਕ ਇਹ ਹੈ ਕਿ ਬਰਨ (ਅੱਖਰ) ਅਜੇਹੀ ਜੁਗਤੀ ਨਾਲ ਰੱਖੇ ਜਾਂਦੇ ਹਨ ਕਿ ਉਸ ਤੋਂ
ਕਮਲ-ਬੰਧ, ਧਨੁਖ, ਚੌਰੀ ਇਤਿਆਦੀ ਚਿਤ੍ਰ ਬਣ ਜਾਂਦੇ ਹਨ । ਪਰ ਅਜੇਹੀ ਰਚਨਾ ਦੇ ਅਰਥ ਕਰਨੇ ਨੂੰ ਕਠਿਨਾਈ ਪੈਂਦੀ ਏ ਸੋ ਕਵੀ ਅਜੇਹੀਆਂ ਰਚਨਾਆਂ ਤੋਂ ਬਚਦੇ ਈ ਹਨ । ਅਸਤੂ ਭੂਸ਼ਨ ਜੀ ਦਾ ਕਾਮ ਧੇਨੂੰ ਦਾ ਉਦਾਹਰਣ : (ਇਹ ਇੱਕ ਛੰਦ ਦੇ ੭x੪=੨੮ ਛੰਦ ਬਣ ਜਾਂਦੇ ਹਨ ।)
ਧੁਵ ਜੋ |
ਗੁਰਤਾ |
ਤਿਨ ਕੋ |
ਗੁਰੂ ਭੂਸ਼ਨ |
ਦਾਨਿ ਬੜੋ |
ਗਿਰਜਾ |
ਪਿਵ ਹੈ |
ਹੁਵ ਜੋ |
ਹਰਤਾ |
ਰਿਨ ਕੋ |
ਤਰੂ ਭੂਸ਼ਨ |
ਦਾਨਿ ਬੜੋ |
ਸਿਰਜਾ |
ਛਿਵ ਹੈ |
ਭੁਵ ਜੋ |
ਭਰਤਾ |
ਦਿਨ ਕੋ |
ਨਰੂ ਭੂਸ਼ਨ |
ਦਾਨਿ ਬੜੋ |
ਸਰਜਾ |
ਸਿਵ ਹੈ |
ਤੁਵ ਜੋ |
ਕਰਤਾ |
ਇਨ ਕੋ |
ਅਰੂ ਭੂਸ਼ਨ |
ਦਾਨਿ ਬੜੋ |
ਬਰਜਾ |
ਨਿਵ ਹੈ |
ਹੀਰ ਮਃ ਫ਼ਜ਼ਲ ਸ਼ਾਹ 'ਚ ਦੋ ਚਿੱਠੀਆਂ ਹਨ। ਇੱਕ ਹੀਰ ਵੱਲੋਂ ਰਾਂਝੇ ਨੂੰ ਤੇ ਫੇਰ ਰਾਂਝੇ ਵੱਲੋਂ ਹੀਰ ਨੂੰ । ਇੱਕ ਤੁਕ ਫਾਰਸੀ ਜ਼ਬਾਨ ਦੀ ਹੈ ਤੇ ਦੂਜੀ ਪੰਜਾਬੀ । ਸਰਲ ਪੜ੍ਹਦੇ ਜਾਓ, ਚਾਹੇ ਇਕੱਲੀ ਫਾਰਸੀ ਦੀ, ਭਾਂਵੇ ਪੰਜਾਬੀ ਦੀ । ਤਾਤ ਪਰਯ ਇਕੋ ਰਹਿੰਦਾ ਹੈ, ਚਿੱਠਿਆਂ ਤਿੰਨ ਬਣ ਜਾਂਦੀਆਂ ਹਨ ।
ਨਮੂਨਾ ਇਹ ਹੈ :- ਰਾਂਝਾ । ਐ ਯਾਰ ਦਿਲਦਾਰ ਗ਼ਮਖਵਾਰ ਦਿਲਬਰ ਵਫਾਦਾਰ ਮਹਰਮ ਇਸਰਾਰ ਦਿਲਬਰ ਪਯਾਰੇ ਪਯਾਰੇ ਸੋਹਨੇ ਸਾਰੇ ਸਾਰੇ ਪੀਰਾਂ ਤਾਰੇ ਤਾਰੇ ਤਾਰ ਰਾਂਝਾ ।
ਐ ਮਾਹ ਰੋਸ਼ਨ ਵੈ ਗੁਲਿ ਗੁਲਸ਼ਨ ਐ ਸਰੂਏ ਰਵਾਂ ਜੂਇਬਾਰ ਰਾਂਝਾ ।
ਤੇਰੇ ਰੂਪ ਸਰੂਪ ਅਨੂਪ ਵਾਲੀ ਰਹੇ ਸਦਾ ਬਹਾਰ ਬਹਾਰ ਰਾਂਝਾ ।
ਹਮਹ ਸਾਲ ਹਮਹ ਰੋਜ਼ ਹਮਹ ਸਾਅਤ ਹਮਹ ਹਾਲ ਬਾਸ਼ੀ ਕਾਰਗਾਰ ।
ਸਦਾ ਰਹੇਂ ਸਲਾਮਤ ਜਾਨ ਸੇਤੀ ਸ਼ਾਦ ਨਾਲ ਮੁਰਾਦ ਹਜ਼ਾਰ ਰਾਂਝਾ ।
ਖਬਰ ਹੀਰ ਦਿਲਗੀਰ ਚਿਹ ਮੇ ਪੁਰਸੀ ਦਾਈ ਫਾਤਿਹਾ ਖੈਰ ਗੁਜ਼ਾਰ ਰਾਂਝਾ ।
ਮੇਰੀ ਖੈਰ ਕੀ ਖੈਰ ਬਦ ਖੈਰ ਸਮਝੀ ਪਢੀਂ ਫਾਤਿਹਾ ਖੈਰ ਮਜ਼ਾਰ ਰਾਂਝਾ ।
ਖਬਰ ਖੈਰ ਤੋਂ ਆਰਜ਼ੂ ਜੋ ਦਾਰਮ ਕੋਸਤ ਖਾਲਿਕ ਲੈਲੋ ਨਿਹਾਰ ਰਾਂਝਾ ।
ਤੇਰੀ ਖੈਰ ਦਾ ਖੈਰ ਜੇ ਪਵੇ ਝੋਲੀ ਖੈਰੋਂ ਖੈਰ ਏਹੋ ਦਰਕਾਰ ਰਾਂਝਾ ।
ਤੂ ਜ਼ਿ ਬਹਰ ਖੁਦਾ ਖੁਦ ਆ ਰਾਂਝਾ ਮੁਰਦਮ ਬਾਜ਼ ਆਈ ਬਚਿਹ ਕਾਰ ।
ਆਪ ਆ ਤੇ ਪਕੜ ਉਠਾ ਬੰਦੀ ਮੂਈ ਫੇਰ ਕੀ ਤੁਸਾਂ ਸੰਵਾਰ ਰਾਂਝਾ ।
ਹਮਚੋ ਲਫਜ ਦਰਦਮ ਕੋ ਬਦਗ਼ਮ ਖਵਾਂਦਨ ਦਰਦਮ ਦਰਦ ਗਰਦਦ ਬਾਰ ੨ ।
ਲਫਜ਼ ਦਰਦ ਹੋਵੇ ਉਲਟਾ ਲਿਖੇ ਕੋਈ ਤਾਂ ਭੀ ਦਰਦ ਹੋਵੇ ਵਾਰ ਵਾਰ ਰਾਂਝਾ।
ਸੀਨਹ ਬਿਰਯਾਂ ਦਾਰਮ ਜਿਸਮ ਉਰਯਾਂ ਦਾਰਮ, ਚਸ਼ਮ ਗਿਰਧਾਂ ਦਾਰਮ ਅਬਰਵਾਰ ਰਾਂਝਾ ।
ਲਗੀ ਅੱਗ ਨ ਬੁਝਦੀ ਸੜੇ ਸੀਨਾ ਅਖੀਂ ਵਸਦੀਆਂ ਘਟਾ ਗੁਬਾਰ ਰਾਂਝਾ ।
ਇਖਤਸਾਰ ਗੁਫ਼ਤਮ ਦੋ ਸਿਹ ਚਾਰ ਕਲਮਹ ਬਤੋ ਆਇੰਦਹ ਅਖਤਯਾਰ ।
ਥੋੜਾ ਲਿਖਿਆ ਜਾਣੀ ਬਹੁਤ ਜਾਨੀ ਅਗੇ ਜਿਵੇਂ ਮਰਜ਼ੀ ਸਰਕਾਰ ਰਾਂਝਾ ।
ਦਰਦ ਯਾਰ ਦਾਦੀ ਦਰ ਦਯਾਰ ਦੁਸ਼ਮਨ ਬਹਰਿ ਫ਼ਜ਼ਲ ਕਦੂਮ ਬਯਾਰ ।
ਜੇ ਕਰ ਪਯਾਰ ਸਾਡਾ ਦਰਕਾਰ ਤੈਨੂੰ ਕਰੀਂ ਫ਼ਜ਼ਲ ਦੀ ਨਜ਼ਰ ਨਜ਼ਾਰ ਰਾਂਝਾ।
ਦ੍ਰਿਸ਼ਟਿ ਕੂਟਕ :- ਦੇਖਨੇ 'ਚ ਧੋਖਾ ਦੇਨੇ ਵਾਲੀ ਰਚਨਾ :-
ਪੰਜ ਮੈਸਾਂ ਤਿੰਨ ਕਟੀਆਂ ਦੋ ਪੂਲੇ ਲਿਆਈਆਂ ਜਟੀਆਂ ।
ਸਾਰਾ ਸਾਰਾ ਪਾਉਨਾ, ਭੱਨ ਕੇ ਨਹੀਂ ਗੰਵਾਉਨਾ।
ਇੱਥੇ ਕੱਟੀਆਂ ਦਾ ਤਾਤ ਪਰਯ ਹੈ,ਕੱਢ ਛਡੀਆਂ, ਸੋ ਪੰਜਾਂ ਚੋਂ ਤਿੰਨ ਗਈਆਂ, ਸ਼ੇਸ਼ ਦੋ ਰਹਿ ਗਈਆਂ । ਦੋ ਪੂਲੇ, ਦੋ ਮੈਸਾਂ ਪੂਰਾ ੨ ਵੰਡੇ ਆਗਿਆ ।
ਹੋਰ ਭੀ :-
ਆਟਾ ਘਰ ਵਿੱਚ ਤਿੰਨ ਪਾਓ, ਸਾਰਾ ਛਡਿਆ ਗੁਨ੍ਹ ।
ਬਹੂ ਅਯਾਨੇ ਫੂੜ ਸੀ, ਤਿਨ ਤਿਨ ਪਕਾਏ ਮੱਨ ।
ਨੂਹ, ਸਸ, ਮਾਂ ਧੀ, ਨਨਦ ਭਰਜਾਈ, ਰੋਟੀ ਕਿੱਨੀ ੨ ਵੰਡੇ ਆਈ।
ਇਹ ਛੇ ਨਹੀਂ ਹਨ, ਤਿੰਨ ਜਨੀਆਂ ਈ ਹਨ ।
ਗਤਾ-ਗਤ :—ਸੀਧੋ ਉਲਟੋ ਬਾਂਚਿਏ, ਏਕੈ ਅਰਥ ਪ੍ਰਮਾਨ ।
ਕਿਸੇ ਪਾਸਿਉਂ ਭੀ ਪੜ੍ਹੋ, ਇਕੋ ਗੱਲ ਰਹੇਗੀ । ਇਸ ਦਾ ਨਮੂਨਾ ਮੀਆਂ ਖੁਸਰੋ ਦਾ ਇੱਕ ਫਾਰਸੀ ਛੰਦ ਏ :-
ਸ਼ਕਰ ਬਤਰਾਜ਼ੂਏ ਵਜ਼ਾਰਤ ਬਰ ਕਸ਼ ।
ਸ਼ੌ ਹਮਰਹ ਬੁਲਬੁਲ ਬਲਬ ਹਰ ਮਹਵਸ਼ ।
شكر بترازوی وزارارت برکش
شو هره بلبل بلب هر مهرش
ਅੰਗ੍ਰੇਜ਼ੀ ਦਾ ਉਦਾਹਰਣ ਹੈ :
Able was I ere I saw Elba.
ਪੰਜਾਬੀ ਉਦਾਹਰਣ, ਸ: ਫ਼ਜ਼ਲ ਸ਼ਾਹ ਨੇ ।
ਹਮ ਚੋ ਲਫਜ਼ ਦਰਦਮ ਕੋ ਬਰਗ਼ਮ ਖ੍ਵਾਂਦਨ ਦਰਦਮ ਦਰਦ ਗਰਦੰਦ ਬਾਰ ਬਾਰ ਰਾਂਝਾ ।
ਲਫਜ਼ ਦਰਦ ਹੋਵੇ ਉਲਟਾ ਲਿਖੇ ਕੋਈ ਤਾਂ ਭੀ ਦਰਦ ਹੋਵੇ ਬਾਰ ੨ ਰਾਂਝਾ ।
ਬੈਂਤ 'ਚ ਸ਼ਬਦ ਦਰਦ ਇਸ ਸੁੰਦ੍ਰਤਾ ਨਾਲ ਦਿਖਾਇਆ ਹੈ, ਜੋ ਗਤਾ ਗਤ ਦਾ ਉਦਾਹਰਣ ਬਣ ਗਿਆ ਹੈ ।। ਇਸ ਦੀਆਂ ਹੋਰ ਭੀ ਭਾਂਤਾਂ ਹਨ, ਪਰ ਪੰਜਾਬੀ ਉਦਾਹਰਣ ਨਹੀਂ ਹਨ ।
੩. ਪੁਨਰੁਕਤ ਪ੍ਰਕਾਸ਼
ਏਕ ਸ਼ਬਦ ਬਹੁ ਬਾਰ ਜਹੱ, ਪਰੇ ਰੁਚਿਰਤਾ ਅਰਥ ।
ਕਿਸੇ ਭਾਵ 'ਚ ਅਧਿਕ ਰੁਚਿਰਤਾ ਪੈਦਾ ਕਰਨੇ ਦੇ ਵਾਸਤੇ ਕੋਈ
ਸ਼ਬਦ ਬਾਰ ਬਾਰ ਆਵੇ ਤਾਂ ਉਸ ਥਾਉਂ ਪੁਨਰੁਕਤ ਪ੍ਰਕਾਸ਼ ਕਹਿਆ ਜਾਂਦਾ ਹੈ । ਜਿਵੇਂ :-
ਨਾਰਦ ਆਦਿਕ ਬੇਦ ਬਯਾਸਕ ਮੁਨਿ ਮਹਾਨ ਅਨੰਤ ।
ਧਯਾਇ ਧਯਾਇ ਥੇਕ ਸਭੈ ਕਰ ਕੋਟ ਕਸ਼ਟ ਦੁਰੰਤ ।
ਗਾਇ ਗਾਇ ਥੇਕ ਗੰਧਰਬ ਨਾਚ ਅਪਛਰ ਅਪਾਰ !
ਸੋਧ ਸੋਧ ਥੇਕ ਮਹਾਸੁਰ ਪਾਯੋ ਨਹੀਂ ਪਾਰ ।
ਇਸ ਛੰਦ 'ਚ ਧਯਾਇ, ਗਾਯ, ਅਰੁ ਸੋਧ ਦੀ ਆਵ੍ਰਿਤਿ ਹੈ ।
ਪੰਜਾਬੀ ਉਦਾਹਰਣ :-- ਜਦ ਰਾਂਝਾ ਚਨ੍ਹਾਂ ਪਾਰ ਕਰ ਚੁਕਿਆ, ਤਾਂ ਲੁਡਨ ਉਸ ਨੂੰ ਆਪਣੇ ਘਰ ਲੈ ਗਿਆ, ਤੇ ਉਥੇ :
ਹਰ ਦੋ ਜ਼ਨਾਂ ਲੁਡਨ ਬਾਹੋਂ ਪਕੜ ਰਾਂਝੇ, ਆਖਨ ਸੁਨਦਾ ਰਹੀਂ ਬਰਖੁਰਦਾਰ ਮੀਆਂ ।
ਕਰੀਂ ਲੁਤਫ ਨਿਗਾਹ ਤੇ ਖਾਹ ਖਾਣਾ, ਦਸੀਂ ਨਾਮ ਪਤਾ ਘਰ ਬਾਰ ਮੀਆਂ ।
ਸ਼ਫ਼ਕਤ ਮਾਦਰੀ ਵੇਖਕੇ ਕਹੀਆਂ ਰਾਂਝੇ, ਕੀਤਾ ਹਾਲ ਅਹਵਾਲ ਅਜ਼ਹਾਰ ਮੀਆਂ ।
ਕਾਰਨ ਸਿਕ ਔਲਾਦ ਨਾਸ਼ਾਦ ਦੋਵੇਂ, ਸ਼ਾਦ ੨ ਹੋ ਕਰਨ ਪਿਆਰ ਮੀਆਂ ।
ਏਥੇ 'ਸ਼ਾਦ ਸ਼ਾਦ' 'ਚ ਪੁਨਰੁਕਤ ਪ੍ਰਕਾਸ਼ ਹੈ।
ਹੋਰ ਉਦਾਹਰਣ:- ਰਾਂਝਾ ਜੋਗੀ ਬਣ ਕੇ ਰੰਗਪੁਰ ’ਚ ਕਾਲੇ ਬਾਗ ਆਨ ਟਿਕਿਆ । ਹੀਰ ਨੇ ਉਸ ਨੂੰ ਪਛਾਨ ਲਿਆ ਸੀ, ਪਰ ਹੋਰ ਕਿਸੇ ਨੂੰ ਪਤਾ ਨਹੀਂ ਥਾ । ਹੀਰ ਨੇ ਉਸ ਦੇ ਵਾਸਤੇ ਛਾਂਦਾ ਭੇਜਿਆ । ਭਰਿਆ ਥਾਲ ਹਥੀਂ ਹੀਰ ਸ਼ੀਰ ਪਾਯਾ, ਖੰਡ ਧੂੜ ਉਤੋਂ ਦਿਤਾ ਢਕ ਸਾਈਂ ਉਤੇ ਪੰਜ ਰੁਪੱਯੇ ਚਾ ਨਕਦ ਰਖੇ ਘਲੇ ਹੀਰ ਸਹਤੀ ਧਕ ਧਕ ਸਾਈਂ । ਸਹਤੀ ਥਾਲ ਉਠਾਲ ਨਿਹਾਲ ਹੋ ਕੇ, ਮਾਰ ਛਾਲ ਨਿਕਲੀ ਵਾਂਗ ਬਕ ਸਾਈਂ ਇੱਕ ਆਨ ਅੰਦਰ ਬਾਗ ਆਨ ਪਹੁੰਤੀ, ਨੇੜੇ ਜਾ ਜੋਗੀ ਖਲੀ ਝਕ ਸਾਈਂ । ਜੋਗੀ ਹੱਸ ਪਏ ਸੂਰਤ ਦੇਖ ਸਹਤੀ ਕਹਿਆ ਚਲੀ ਆ ਲਾ ਧੜਕ ਸਾਈਂ ।
ਫੇਰ ਝਕ ਉਤਾਰ ਕੇ ਪਾਸ ਆਈ ਸਹਤੀ ਛਨਕ ਛਨਕ ਛਨਕ ਸਾਈਂ ।
ਛਨਕ ਛਨਕ ਛਨਕ 'ਚ ਪੁਨਰੁਕਤ ਪ੍ਰਕਾਸ਼ ਹੈ । ਹਿੰਦੀ ਵਾਲਿਆਂ ਉਦਾਹਰਣ ਦਿਤਾ ਹੈ:
ਬਨਿ ਬਨਿ ਬਨਿ ਬਨਿਤਾ ਚਲੀਂ ਗਨਿ ਗਨਿ ਗਨਿ ਡਗ ਦੇਤ ।
ਧਨ ਧਨ ਧਨ ਅਖੀਆਂ ਸੁਛਬਿ, ਸਨਿ ਸਨਿ ਸਨਿ ਸੁਖ ਲੇਤ ।
੩. ਪੁਨਰੁਕਤ-ਬਦਾ ਭਾਸ
ਜਾਨ ਪਰੈ ਪੁਨਰੁਕਤਿ ਸੀ, ਪੈ ਪੁਨਰੁਕਤਿ ਨ ਹੋਯ ।
ਬਦਾ ਭਾਸ ਪੁਨਰੁਕਤ ਤੋਹਿ, ਭੂਸਨ ਕਹ ਸਬ ਕੋਯ ।
ਇਸ ਵਿੱਚ ਕੋਈ ਸੇ ਦੋ ਸ਼ਬਦ ਅਜੇਹੇ ਹੁੰਦੇ ਹਨ ਜਿਨ੍ਹਾਂ ਦਾ ਅਰਥ ਇਕੋ ਜਾਨ ਪੈਂਦਾ ਹੈ, ਪਰੰਤੂ ਉਸ ਥਾਉਂ ਤੇ ਅਰਥ ਅਲਗ ਅਲਗ ਲਗਦਾ ਹੈ ।
ਉਦਾਹਰਣ (ਚੰਡੀ ਚਿਰਿਤ੍ਰ ਸਵੱਯਾ ੩੪ ।)
ਬੀਰ ਬਲੀ ਸਿਰਦਾਰ ਦਈਤ ਸੁਕ੍ਰੋਧ ਕੈ ਮਿਆਨ ਤੇ ਖਗੁ ਨਿਕਾਰਿਓ ॥
ਏਕ ਦਧੋ ਤਿਨ ਚੰਡਿ ਪ੍ਰਚੰਡ ਕੈ ਦੂਸਰ ਰੇਹਰਿ ਕੇ ਸਿਰ ਝਾਰਿਓ ।
ਚੰਡ ਸੰਭਾਰ ਤਬੈ ਬਲ ਧਾਰਿ ਲਯੋ ਗਹਿ ਨਾਰਿ ਧਰਾ ਪਰ ਮਾਰਿਓ ।
ਜਿਉਂ ਧੁਬੀਆ ਸਰਤਾ ਤਟ ਜਾਇ ਕੈ ਲੈ ਪਟ ਕੋ ਪਟ ਸਾਥ ਪਛਾਰਿਓ ।੨।
ਇਸ ਛੰਦ 'ਚ 'ਪਟਕੋ’ ਤੇ ‘ਪਛਾਰਿਓ' ਇਕੋ ਅਰਥ ਦੇ ਜਾਨ ਪੈਂਦੇ ਹਨ, ਪਰ ਪਟਕੋ ਦਾ ਅਰਥ ਹੈ 'ਪਟ ਕੋ' ਕਪੜੇ ਨੂੰ ।
ਹੀਰ ਦੇ ਮਾਪਿਆਂ ਨੇ ਧੀਦੋ (ਰਾਂਝੇ) ਨੂੰ ਕਾਮਸੀ ਤੋਂ ਹਟਾ ਦਿਤਾ ਤੇ ਉਹ ਉਨ੍ਹਾਂ ਦੇ ਘਰੋਂ ਚਲਾ ਗਿਆ । ਹੀਰ ਨੇ ਬਹੁਤ ਦੁੱਖ ਮੰਨਿਆ, ਉਹ ਰੋ ਰਹੀ ਸੀ, ਉਸ ਦੀ ਮਾਂਉਂ ਉਸ ਨੂੰ ਸਮਝਾਉਦੀ ਹੈ :
ਰੋਂਦੀ ਹੀਰ ਦੀ ਮਾਂਉਂ ਪੁਕਾਰ ਸੁਨੀ, ਮੱਤ ਦੇ ਆਖੇ ਮੱਤ ਬਕ ਧੀਆ।
ਡਾਰੀ ਡਾਰ ਕੁਆਰੀਆਂ ਹਿਰਨੀਆਂ ਦੀ ਵਿੱਚ ਚਾਕ ਮਿਲਯੋ ਸ਼ਰਬਕ ਧੀਆ ।੩।
ਪਿਛੇ ਚਾਕ ਚਲਾਕ ਰਲਾਕ ਰਲ ਕੇ, ਪਰਦਾ ਚਾ ਉਤਾਰਿਓ ਝਕ ਧੀਆ ।
ਵਿੱਚ ਤਿੰਜਣਾ ਢੋਲ ਢਮਕ ਇਕੈ ਨਾਲ ਚਾਕ ਦੇ ਘੋਲ ਘੁਲਕ ਧੀਆ ।੪।
ਦਸ ਕਦੋਂ ਭਾਈ ਤੇਰੇ ਵੀਰ ਭਾਈ ਬਾਪ ਬਾਹਰ ਜਾਨੋਂ ਦਿਤੋ ਡਕ ਧੀਆ।
ਅੰਤ ਮਾਰ ਪੈਜ਼ਾਰ ਦੀ ਖਾਨ ਜਿਹੜੇ ਰਾਹੀਂ ਖੇਡਦੇ ਬੁਝ ਬੁਝਕ ਧੀਆ ।੫।
ਇਸ 'ਭਾਈ' ਤੇਰੇ ਵੀਰ ਵਿੱਚ ਭਾਈ ਤੇ ਵੀਰ ਸਮਾਨਾਰਥੀ। (ਇਕੋ ਅਰਥ ਵਾਲੇ) ਜਾਨ ਪੈਂਦੇ ਹਨ, ਪਰੰਤੂ ਭਾਈ ਦਾ ਅਰਥ ਇਥੇ 'ਚੰਗਾ ਲਗਿਆ' ਹੈ । ਫੇਰ ਹੀਰ ਆਪਣੀ ਮਾਉਂ ਨੂੰ ਆਖਦੀ ਏ :
ਜਿਸ ਵੇਲੜੇ ਤੁਸਾਂ ਜਵਾਬ ਦਿਤਾ, ਮੇਰਾ ਗਿਆ ਕਲੇਜੜਾ ਘਟ ਮਾਏਂ ।
ਸੁੰਜਾ ਜੀ ਮੇਰਾ ਮੇਰੇ ਵਸ ਨਾਹੀਂ, ਛਜ ਪਾਇਕੇ ਛੰਡ ਨ ਛਟ ਮਾਏਂ ।੬।
ਖੱਟੀ ਹੋਰ ਕਾਰਣ ਖੂਹਾ ਪਵੇ ਖਾਤਰ, ਮਤਾਂ ਪਵੇਂ ਖਾਤਰ ਖੂਹਾ ਖਟ ਮਾਏਂ।
ਮਨ ਜੀ ਰਾਂਝਨੇ ਬਾਹਜ ਲਗਦਾ ਨ, ਮਰਸਾਂ ਅੰਤ ਮੰਜੀ ਪੈਕੇ ਖਟ ਮਾਏਂ ।੭।
‘ਮੰਜੀ ਪੈਕੇ ਖਟ' ਦੇ ‘ਮੰਜੀ ਤੇ ਖਟ’ ਦੇ ਅਰਥ ਇਕੋ ਜਾਪ ਦੇ ਹਨ, ਪਰੰਤੂ ਇਸ ਖਟ ਦਾ ਅਰਥ ਮੰਜੀ ਨਹੀਂ, ਬਲਕਿ ਖਟ ਲੈਣਾ, ਪ੍ਰਾਪਤ ਕਰਨਾ ਹੈ । ਸਾਰੀ ਬੈਂਤ ਦਾ ਅਰਥ ਹੈ ਮੇਰਾ ਚਿਤ ਰਾਂਝੇ ਦੇ ਬਿਨਾ ਲਗਦਾ ਨਹੀਂ, ਸੋ ਮੈਂ ਮੰਜੇ ਪੈ ਕੇ (ਬੀਮਾਰ ਹੋ ਕੇ) ਮਰ ਜਾਵਾਂਗੀ ਤੇ ਅੰਤ ਖਟ ਲਵਾਂਗੀ (ਆਪਣਾ ਅੰਤ ਕਰ ਲਵਾਂਗੀ) ਅੱਗੇ ਚਲ ਕੇ ਮਲਕੀ (ਹੀਰ ਦੀ ਮਾਂ) ਕਹਿੰਦੀ ਹੈ :
ਕੱਚਾ ਸ਼ੀਰ ਪੀਤਾ ਇਨਸਾਨ ਏਂ ਪਰ, ਸ਼ੀਰ ਤੇਰੀ ਲਗੀ ਜਾਗ ਹੀਰੇ ।
ਗਫਲਤ ਸੌਨ ਗੰਵਾ ਨ ਉਮਰ ਸੋਨਾ, ਸੋਨਾ ਛਡ ਅਖੀਂ ਖੋਲ ਜਾਗ ਹੀਰੇ (੮)
ਏਥੇ ‘ਸੌਨ ਗੰਵਾ ਨ ਉਮਰ ਸੋਨਾ' ਵਿੱਚ 'ਸੌਨ' ਤੇ 'ਸੋਨਾ' ਇਕੋ ਅਰਥ ਵਾਲੇ ਜਾਪਦੇ ਹਨ, ਪਰ 'ਸੋਨਾ' ਸ਼ਬਦ ਉਮਰ ਦਾ ਵਿਸ਼ੇਸ਼ਨ ਹੈ, ਅਰਥਾਤ ਸੋਨੇ ਜੋਹੀ ਉਮਰ ।
ਹੋਰ ਉਦਾਹਰਣ : ਸੋਹਨੀ ਮਹੀਵਾਲ ਦਾ ਕਿੱਸਾ ਅਰੰਭ ਕਰਦਿਆਂ ਸ: ਫ਼ਜ਼ਲ ਸ਼ਾਹ ਆਪਣੇ ਆਪ ਨੂੰ ਸੰਬੋਧਨ ਕਰਕੇ ਆਖਦੇ ਹਨ ।
ਬਸ ਬਸ ਮੀਆਂ ਮਤੀਂ ਦਸ ਨਾਹੀ, ਇਸ਼ਕ ਜਾਨਦਾ ਨਹੀਂ ਬਖੇੜਿਆਂ ਨੂੰ ।
ਮਤਾਂ ਸਬ ਨਸੀਹਤਾਂ ਘੋਲ ਪੀਵੇ ਕਾਹਨੂੰ ਛੇੜਿਆਈ ਅਨਛੇੜਿਆਂ ਨੂੰ ।
'ਮਤੀਂ' ਦਾ ਅਰਥ ਹੈ ਨਸੀਹਤਾਂ, ‘ਮਤਾਂ' ਦਾ ਅਰਥ ਇਥੇ ਨਸੀਹਤਾਂ ਨਹੀਂ, ਬਲਕਿ ਇਸ ਦਾ ਤਾਤ ਪਰਯ ਹੈ, 'ਕਿਤੇ ਇਉਂ ਨ ਹੋਵੇ' । 'ਕਹੀਂ ਐਸਾ ਨਾਂ ਹੋ ਕਿ'
੫. ਪ੍ਰਹੇਲਿਕਾ (ਪਹੇਲੀ, ਬੁਝਾਰਤ)
ਕਿਸੇ ਪਦਾਰਥ ਦੇ ਲੱਛਣ, ਰੰਗ ਰੂਪ ਦੱਸ ਦਿੱਤਾ ਜਾਂਦਾ ਹੈ ਫੇਰ ਸੁਣਨੇ ਵਾਲੇ ਓਹ ਪਦਾਰਥ ਬੁਝਦੇ ਹਨ, ਇਹ ਦੋ ਪ੍ਰਕਾਰ ਦੀਆਂ ਹਨ:- ੧. ਬੁੱਝ ਪਹੇਲੀਆਂ, ੨. ਬਿਨ ਬੁੱਝ ਪਹੇਲੀਆਂ ।
੧. ਬੁੱਝ ਪਹੇਲੀ ਵਿੱਚ ਉੱਤਰ ਭੀ ਵਿੱਚੇ ਹੁੰਦਾ ਹੈ, ਥੋਹੜਾ (ਦਿਮਾਗ) ਮਸਤਿਸ਼ਕ ਤੋਂ ਕੰਮ ਲੈਨਾ ਪੈਂਦਾ ਹੈ । ਮੀਆਂ ਖੁਸਰੋ ਦੀਆਂ ਪਹੇਲੀਆਂ ਬੜੇ ਸੁੰਦਰ ਉਦਾਹਰਣ ਹਨ । ਜਿਵੇਂ:—
ਓ) ਇਧਰ ਕੋ ਆਵੇ ਉਧਰ ਕੋ ਜਾਵੇ, ਹਰ ਹਰ ਫੇਰ ਕਾਟ ਵਹ ਖਾਵੇ ।
ਜਿਸ ਦਮ ਅਟਕ ਰਹੇ ਵਹ ਨਾਰੀ, ਖੁਸਰੋ ਕਹੇ ਵਰੇ ਕੋ ਆਰੀ ॥
ਉੱਤਰ—ਆਰੀ
ਅ) ਟੂਟੀ ਟੂਟ ਕੇ ਧੂਪ ਮੇਂ ਪੜੀ ਜਿਓਂ ਜਿਓਂ ਸੁਖੀ ਹੂਈ ਬੜੀ ॥
ਉਤਰ-ਬੜੀ।
ੲ) ਮੀਆਂ ਖੁਸਰੋ ਦੀ ਕਵਿਤਾ ਵਿਚੋਂ ਈ ਫਾਰਸੀ ਉਰਦੂ ਸ਼ੈਲੀ ਦਾ ਉਦਾਹਰਣ :-
ਗੁੰਗਾ ਬਹਰਾ ਪੰਛੀ ਬੋਲੇ ਬੋਲਾ ਆਪ ਕਹਾਵੇ ।
ਦੇਖ ਸਪੈਦੀ ਹੋਤ ਅੰਗਾਰਾ, ਗੁੰਗੇ ਸੇ ਭਿੜ ਜਾਵੇ ॥
ਬਾਂਸ ਕਾ ਮੰਦਿਰ ਵਾ ਕਾ ਬਾਸਾ, ਬਾਸੇ ਕਾ ਵਰ ਖਾਜਾ ।
ਸੰਗ ਮਿਲੇ ਤੋਂ ਸਿਰ ਪਰ ਰੱਖੇਂ ਵਾਕੋ ਰਾਨੀ ਰਾਜਾ ॥
ਸੀ ਸੀ ਕਰ ਕੇ ਨਾਮ ਬਤਾਇਆ, ਵਾ ਮੇਂ ਬੈਠਾ ਏਕ ।
ਉਲਟਾ ਸੀਧਾ ਹਰ ਫਿਰ ਦੇਖੋ, ਵਹੀ ਏਕ ਕਾ ਏਕ ॥
ਬੁੱਝ ਪਹੇਲੀ ਮੈਂ ਕਹੀ ਤੂ ਸੁਨ ਲੇ ਮੇਰੇ ਲਾਲ ।
ਅਰਬੀ ਹਿੰਦੀ ਫ਼ਾਰਸੀ ਤੀਨੋਂ ਕਰੋ ਖਿਆਲ ॥
ਉੱਤਰ ਹੈ, ਲਾਲ ।। ਅਰਬੀ ਬੋਲੀ ਵਿੱਚ ਲਾਲ ਦਾ ਅਰਥ ਹੈ ਗੂੰਗਾ ਬਹਰਾ, ਫ਼ਾਰਸੀ ਬੋਲੀ ਵਿੱਚ, ਇੱਕ ਕੀਮਤੀ (ਬਹੁ ਮੁੱਲਵਾਨ) ਪੱਥਰ ਨੂੰ ਆਖਦੇ ਹਨ, ਹਿੰਦੀ ਤੇ ਪੰਜਾਬੀ ਵਿੱਚ ਲਾਲ (ਸੁਰਖ਼) ਨਾਉਂ ਦਾ ਜਨਾਉਰ, ਇਹ ਚਿੜੀ ਤੋਂ ਭੀ ਛੋਟਾ ਹੁੰਦਾ ਹੈ ਇਹਨਾਂ ਦੀ ਲੜਾਈ ਕਰਾਈ ਜਾਂਦੀ ਹੈ, ਕਿਸੇ ਪਾਸਿਓਂ ਭੀ ਪੜ੍ਹੋ ਲਾਲ ਹੀ ਬਣਦਾ ਹੈ ।।
ਠੇਠ ਪੰਜਾਬੀ ਬੋਲੀ ਦਾ ਉਦਾਹਰਣ ਆਪਨੇ ਰਾਮ ਦੇ ਪਾਸ ਕੋਈ ਹੈ ਨਹੀਂ ।
२. ਬਿਨ ਬੁੱਝ ਪਹੇਲੀਆਂ :-
ੳ) ਨੀਲੀ ਟੱਲੀ ਚਾਉਲ ਬੱਧੇ, ਦਿਨੇ ਗੁਆਚੇ ਰਾਤੀਂ ਲੱਝੇ । (ਅੰਬਰ ਤਾਰੇ)
ਅ) ਔਹ ਗਈ—ਨਿਗਹ
ੲ) ਥੜੇ ਪੁਰ ਥੜਾ ਉੱਤੇ ਲਾਲ ਕਬੂਤਰ ਖੜਾ ॥ ਦੀਵਾ
ਸ) ਤੂੰ ਚਲ ਮੈਂ ਆਇਆ-ਦਰਵਾਜ਼ੇ ਦੇ ਦੋ ਪੱਲੇ ॥
ਹ) ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ।
ਆਉਨ ਕੂੰਜਾਂ ਦੇਣ ਬੱਚੇ ਨਦੀ ਨ੍ਹਾਵਨ ਚੱਲੀਆਂ ॥ (ਹਲਟ ਦੀਆਂ ਟਿੰਡਾ)
੬. ਭਾਸ਼ਾ ਸਮਕ
ਕਵਿਤਾ ਵਿੱਚ ਕਿਨ੍ਹਾਂ ਭੀ ਦੋ ਬੋਲੀਆਂ ਦੇ ਸ਼ਬਦਾਂ ਦਾ ਖਿੱਚੜ ਮੇਲ ਭਾਸ਼ਾ ਕਮਕ ਹੁੰਦਾ ਹੈ । ਉਰਦੂ ਤੇ ਹਿੰਦੀ ਵਿੱਚ ਏਸਦੇ ਬਹੁਤ
ਨਮੂਨੇ ਮਿਲਦੇ ਹਨ । ਸ: ਫ਼ਜ਼ਲ ਸ਼ਾਹ ਦੀ ਲਿਖੀ ਹੀਰ ਵਿੱਚ ਉਹ ਦੋ ਚਿਠੀਆਂ ਇਹ ਦਾ ਉਦਾਹਰਣ ਹਨ, ਜਿਨ੍ਹਾਂ ਦੀ ਬਾਬਤ ਚਿਤ੍ਰ ਅਲੰਕਾਰ 'ਚ ਆਖ ਆਏ ਹਾਂ, ਚਿੱਠੀ ਸਰਲ ਪੜ੍ਹਦੇ ਜਾਈਏ ਤਾਂ ਭਾਸ਼ਾ ਸਮਕ ਹੈ । ਤੇ ਜਾਂ ਫਾਰਸੀ ਅਲਗ ਤੇ ਪੰਜਾਬੀ ਅਲਗ ਪੜ੍ਹੀਏ, ਤਦੋਂ ਚਿਤ੍ਰ ਅਲੰਕਾਰ ਹੈ । ਉਦਾਹਰਣ ਚਿਤ੍ਰ ਅਲੰਕਾਰ 'ਚ ਦੇਖੀਏ।।
ਹੋਰ ਉਦਾਹਰਣ :— ਕੁੱਲੀਆਤ ਨਜ਼ੀਰ ਅਕਬਰਾਬਾਦੀ ਚੋਂ :-
ਕਹਾਂ ਤਕ ਖਾਈਏ ਗ਼ਮ ਅਬ ਤੋ ਗ਼ਮ ਖਾਯਾ ਨਹੀਂ ਜਾਤਾ ।
ਦਿਲਿ ਬੇਤਾਬ ਕੋ ਬਾਤੋਂ ਸੇ ਸਮਝਾਇਆ ਨਹੀਂ ਜਾਤਾ ।
ਕਦਮ ਰਖਤਾ ਹੂੰ ਜਿਸ ਜਾ ਵਾਂ ਸੇ ਸਰਕਾਯਾ ਨਹੀਂ ਜਾਤਾ।
ਯਹ-ਪੱਥਰ ਹਾਥ ਸੇ ਤਿਲ ਭਰ ਭੀ ਸਰਕਾਆ ਨਹੀਂ ਜਾਤਾ ।
ਪੜਾ ਹੂੰ ਦਸ਼ਤ ਮੇਂ ਰਸਤਹ ਕਹੀਂ ਪਾਯਾ ਨਹੀਂ ਜਾਤਾ ।
ਜੋ ਚਾਹੂੰ ਭਾਗ ਜਾਊਂ ਭਾਗ ਭੀ ਜਾਯਾ ਨਹੀਂ ਜਾਤਾ ।
ਮਕਾਨਿ ਯਾਰ ਦੂਰ ਅਜ਼ ਮਨ ਨ ਪਰ ਦਾਰਮ ਨ ਪਾ ਐਦਿਲ ।
ਅਜਬ ਦਰ ਮੁਸ਼ਕਿਲ ਉਫਤਾਦਮ ਚੁਨਾਂ ਤੈ ਸਾਜ਼ਮ ਈਂ ਮੰਜ਼ਲ ।
ਨਾਂ ਮੇਰੇ ਪੰਖ ਨ ਪਾਓਂ ਬਲ ਮੈਂ ਅਪੰਖ ਪੀਯਾ ਦੂਰ ।
ਉੜ ਨ ਸਕੂ ਗਿਰ ਗਿਰ ਪੜੂ ਬਿਰਹੂੰ ਬਸੂਰ ਬਸੂਰ ॥
ਇਧਰ ਦਿਲ ਮੁਝ ਸੇ ਕਹਤਾ ਹੈ ਕਿ ਤੂ ਚਲ ਯਾਰ ਕੇ ਡੇਰੇ ।
ਉਧਰ ਤਨ ਮੁਝ ਕੋ ਕਹਤਾ ਹੈ ਕਿ ਤੂ ਮਤ ਮੁਝ ਕੋ ਦੁਖ ਦੇਰੇ ।
ਜੁ ਕਹਨਾ ਦਿਲ ਕਾ ਕਰਤਾ ਹੂੰ ਤੋਂ ਰਹਤਾ ਹੈ ਵਰ ਘਰ ਮੇਰੇ ।
ਵ ਗਰ ਤਨ ਕੀ ਸੁਨੂੰ ਤੋ ਔਰ ਦੁਖ ਪੜਤੇ ਹੈਂ ਬਹੁਤੇਰੇ ।
ਨਾਂ ਦਿਲ ਮਾਨੇ ਨਾਂ ਤਨ ਮਾਨੇ ਹਰ ਇੱਕ ਅਪਨੀ ਤਰਫ਼ ਫੇਰੇ ।
ਕਰੰ ਕਯਾ ਮੈਂ ਨਜ਼ੀਰ ਐਸੀ ਜੁ ਮੁਸ਼ਕਿਲ ਆਨ ਕਰ ਘੇਰੇ ।
ਦਿਲਮ ਦਿਲਦਾਰ ਮੇ ਜੋਯਦ ਤਨਮ ਆਰਾਮ ਮੇਂ ਖ੍ਵਾਹਦ ।
ਆਜਾਯਬ ਕਸ਼ਮਕਸ਼ ਦਾਰਮ ਕਿ ਜਾਨਮ ਮੁਫਤ ਬਰ ਆਮਦ ।।
ਦਿਲ ਚਾਹੇ ਦਿਲਦਾਰ ਕੋ ਤਨ ਚਾਹੇ ਆਰਾਮ ।
ਦੁਬਿਧਾ ਮੇਂ ਦੋਨੋਂ ਗਏ ਮਾਯਾ ਮਿਲੀ ਨਾ ਰਾਮ ।
ਓਦਾਹਰਣ ਮੀਆਂ ਖੁਸਰੋ ਦੀ ਕਵਿਤਾ 'ਚੋਂ -
ਮਕੁਨ ਤਗ਼ਾਫ਼ਲ ਜ਼ਿ ਹਾਲ ਮਿਸਕੀਂ ਦੁਰਾਏ ਨੈਨਾਂ ਬਨਾਏ ਬਤੀਆਂ ।
ਕਿ ਤਾਬ ਹਿਜਰਾਂ ਨਦਾਰਮਐ ਜਾਂ ਨਾਂ ਲੇਹੂ ਕਾਹੇ ਲਗਾਏ ਛਤੀਆਂ।
ਯਕਾ ਯਕ ਅਜ਼ ਦਿਲ ਦੋ ਚਸ਼ਮ ਜਾਦੂ ਬਸਦ ਫਰੇਬਮ ਬਿਬੁਰਦ ਤਸਕੀਂ
ਕਿਸੇ ਪੜੀ ਹੈ ਜੋ ਜਾ ਸੁਨਾਵੇ ਪਿਆਰੇ ਪੀ ਕੋ ਹਮਾਰੀ ਬਤੀਆਂ।
ਚੂੰ ਸ਼ਮਅ ਸੋਜ਼ਾ ਚੂੰ ਜ਼ੱਰਹ ਹੈਰਾਂ ਹਮੇਸ਼ਹ ਗਿਰਿਯਾਂ ਬਇਸ਼ਕ ਆਂ ਮਹ
ਨਾਂ ਨੀਂਦ ਨੈਨਾਂ ਨ ਅੰਗ ਚੈਨਾਂ ਨਾ ਆਪ ਆਵੇਂ ਨਾ ਭੇਜੇਂ ਪਤੀਆਂ ।
ਬਹਕ ਰੋਜਿ ਵਸਾਲ ਦਿਲਬਰ ਕਿ ਦਾਦ ਮਾਰਾ ਫਰੇਬ ਖੁਸਰੋ ।
ਸਪੀਤ ਮਨ ਦੀ ਦੁਰਾਏ ਰਾਖੂੰ ਜੁ ਜਾਨੇ ਪਾਉਂ ਪੀਆ ਕੀ ਘੜੀਆਂ ।
ਪੰਜਾਬੀ ਫਾਰਸੀ ਉਦਾਹਰਣ (ਹਾਸ ਰਸ 'ਚ)
੧. ਬੇਰੀ ਹੇਠ ਨਿਸ਼ਸਤਹ ਬੂਦਮ, ਇੱਟ ਆਈ ਘੁਘਿਆਂਦੀ ।
ਜੇ ਮਨ ਉਫਤਦ ਪੇਨ ਹਟਦਾ ਭੇਜਾ ਕਢ ਲੈ ਜਾਂਦੀ ।
ਇੱਕ ਹੋਰ ਭੀ :-
੨. ਘੋੜਿਆਂ ਰਾ ਦਰ ਬੇਹੜ ਬਸਤੀ, ਰਾਹ ਜ਼ਨਾਂ ਬੰਦ ਕਰਦੀ
ਈਂ ਚਿਹ ਭਲਮਨਸਊ ਅਸਤ ॥
੭. ਜਮਕਾਲੰਕਾਰ
ਲਕਸ਼ਣ :— ਓਹੀ ਅਖ਼ਰ (ਸ਼ਬਦ) ਮੁੜ ਮੁੜ ਆਵੇ, ਅਰਥ ਹੋਰ ਈ ਹੋਰ ।
ਇਸ ਦੇ ਦੋ ਭੇਦ ਕੀਤੇ ਜਾਂਦੇ ਹਨ :— (੧) ਸ਼ਬਦਾਂ ਦਾ ਜਿਉਂ ਦਾ ਤਿਓਂ ਰਹਿਨਾ ਤੇ (੨) ਸ਼ਬਦਾਂ ਦਾ ਤੋੜ ਕੇ ਅਰਥ ਲਗਾਨਾ ਯਾ ਟੁਕੜਿਆਂ ਨੂੰ ਪਹਲੇ ਅੱਖਰ ਅਥਵਾ ਅਗਲੇ ਅੱਖਰ ਨਾਲ ਜੋੜ ਕੇ ਅਰਥ ਕਰਨਾ ।
ਉਦਾਹਰਣ : —ਕੋਮਲਾ ਵ੍ਰਿਤੀ ਦਾ ਸਵੈਯਾ ਛੰਦ ਦੇਖੋ, “ਹਰੀ” ਸ਼ਬਦ ਦੇ ਕਈ ਅਰਥ ਹਨ ।
ਹੀਰ ਦੀ ਵੇਸ਼ ਭੂਸ਼ਾ ਦੀ ਪ੍ਰਸੰਸਾ ਵਿੱਚ : (ਹੀਰ ਸ: ਫਜ਼ਲ ਸ਼ਾਹ) ਕਦੇ ਨਾਲ ਸਾਲੂ ਲਾਲ ਸ਼ਾਲ ਜੋੜ ਪਾਏ ਕੌਨ ਏਸੇ ਜੋੜੇ ਭੰਗ ਪੱਟੀ ਮਾਰ ਦੋਪਟੇ ਦੋਪਟੇ ਸੈਫਾਂ ਸਾਫ਼ ਫਿਰਨ ਨਾਂ ਫਿਟਨ ਨਸੰਗ ਮੀਆਂ ।੧।
ਮਾਯਾਦਾਰ ਭੂਛਨ ਛਣ ਛਣ ਕਰਦਾ ਮਾਯਾਦਾਰ ਸਾਹੂਕਾਰ ਜਦੋਂ ਝੰਗ ਮੀਆਂ ।
ਖਾਲਦਾਰ ਚਿਤਰੇ ਹੋਏ ਬਾਹਨੂੰ ਸਨ, ਜਿਵੇਂ ਚਿਤਰੇ ਸ਼ੇਰ ਪਲੰਗ ਮੀਆਂ ॥੨॥
ਆਖੇ ਚਿਕਨ ਕਸੀਦਾ ਕਿਸੀਦਾ ਨੈਨੂੰ ਨਾਹੀਂ ਖ਼ੌਫ ਸੀਨੇ ਸੀਣੇ ਤੰਗ ਮੀਆਂ ।
ਸਾਲਾਰੀ ਸਿਪਹ ਸਾਲਾਰੀ ਕੱਟੀ ਝੰਗ ਸਾਰੀ ਸੰਗ ਜੰਗ ਮੀਆਂ ।੩।
ਗੁਲ ਬਦਨ ਇਜ਼ਾਰ ਗੁਲਬਦਨ ਆਹੀ ਕੱਜੇ ਨੰਗ ਨਾਮੂਸ ਦੇ ਨੰਗ ਮੀਆਂ ।
ਨਾਲੇ ਪਿਟਾਂਦੇ ਪਟਾਂਦੇ ਰਖਵਾਲੇ ਡੰਗ ਮਾਰਦੇ ਮਾਰ ਦੇ ਢੰਗ ਮੀਆਂ ॥੪॥
ਜੋੜੇ |
ਜੋੜਦੀ ਏ (ਜੜੋਤੀ ਹੈ) |
ਜੋੜਾ (ਦੋ ਨਗ) |
ਪੋਟਾ |
ਦੋ ਪੱਟਾਂ ਦਾ |
ਦੁਪੱਟਾ ਨਾਉਂ ਕਪੜੇ ਦਾ |
ਮਾਯਦਾਰ |
ਮਾਂਡੀ, ਮਾਵਾ ਲਗਿਆ ਹੋਇਆ |
ਰੁਪੈਯੇ ਪੈਸੇ ਵਾਲਾ |
ਚਿਤਰੇ |
ਚਿਤ੍ਰਕਾਰੀ ਕੀਤੀ ਹੋਈ |
ਚਿਤਰਾ-ਸੀਂਹ ਦੀ ਜਾਤ ਦਾ ਇੱਕ ਜਾਨਵਰ |
ਕਿਸੀਦਾ |
ਰੇਸ਼ਮ ਦਾ ਕਢਿਆ ਹੋਇਆ |
ਕਿਸੀ ਦਾ, ਕਿਸੇ ਦਾ |
ਸੀਨੇ |
ਛਾਤੀ |
ਸਿਲਾਈ ਦੇ ਨਮੂਨੇ |
ਸਾਲਾਰੀ |
ਓੜ੍ਹਨ ਦਾ ਇੱਕ ਬਸਤਰ |
ਸਰਦਾਰੀ |
ਗੁਲਬਦਨ |
ਫੁਲਾਂ ਜੇਹੀ ਦੇਹੀ ਵਾਲੀ |
ਗੁਲਬਦਨ, ਇੱਕ ਭਾਂਤ ਦਾ ਰੇਸ਼ਮੀ ਕਪੜਾ |
ਨੰਗ |
ਸ਼ਰਮ, ਹਿਯਾ |
ਉਘੜਾਪਨਾ |
ਪਟਾਂਦੇ |
ਪਟ ਦੇ, ਰੇਸ਼ਮ ਦੇ |
ਗੋਡਿਆਂ ਤੋਂ ਉਪਰ ਦਾ ਥਾਉਂ, ਰਾਨ |
ਮਾਰਦੇ |
ਮਾਰਨਾ |
ਮਾਰ, ਸਰਪ, ਮਾਰਦੇ ਡੰਗ ਸਰਪ ਵਾਂਗ |
ਇਹ ਦੋਨਾਂ ਪ੍ਰਕਾਰਾਂ ਦਾ ਉਦਾਹਰਣ ਹੈ । ਸ਼ਬਦ ਨੂੰ ਤੋੜ ਜੋੜ ਕਰਕੇ ਭੀ ਤੇ ਜਿਓਂ ਦਾ ਤਿਓਂ ਰਖਕੇ ਭੀ।
ਹੋਰ ਭੀ :-(ਸੋਹਨੀ ਦੀ ਸੁੰਦਰਤਾ ਵਿਖੇ)
ਹੋਠ ਲਾਲ* ਉਸਦੇ ਵਾਂਗ ਲਾਲ* ਰੱਤੇ,
ਲਾਲ* ਵੇਖ ਸ਼ਰਮਾਉਂਦੇ ਲਾਲੀਆਂ ਨੂੰ ।
ਵਲਾਂ ਵਾਲੀਆਂ* ਉਸ ਦੀਆਂ ਵਾਲੀਆਂ* ਸਨ,
ਲਯਾ ਲੁਟ ਜਹਾਨ ਦਿਆਂ ਵਾਲੀਆਂ* ਨੂੰ ।।
*ਇਹ ਸ਼ਬਦ ਜਮਕ ਨੂੰ ਪ੍ਰਗਟ ਕਰਦੇ ਹਨ ।।
ਏਸ ਉਦਾਹਰਣ 'ਚ ਸ਼ਬਦਾਂ ਦੇ ਜਿਓਂ ਦੇ ਤਿਓਂ ਰਹਨੇ ਦੇ ਨਮੂਨੇ ਆ ਗਏ ਹਨ।
੮. ਬਕ੍ਰੋਕਤੀ (ਟਾਂਚ)
ਕੋਈ ਗੱਲ ਵਿਅੰਗ 'ਚ ਕਰਨੀ ਯਾ ਕਿਸੀ ਦੀ ਸਿੱਧੀ ਸਾਦੀ ਗੱਲ ਨੂੰ ਤੋੜ ਮਰੋੜ ਕੇ ਮਖੋਲ ’ਚ ਪਾ ਲੈਨਾ । ਵਿਅੰਗ ਦੀ ਵਿਆਖਿਆ ਅਰੰਭ 'ਚ ਈ ਕਰ ਆਏ ਹਾਂ । ਸੋ ਟਾਂਚ ਕਰਨ ਦੇ ਢੰਗ ਹਨ। (ਓ) ਵਿਅੰਗ ਚਿ, (ਅ) ਕੰਠ ਧੁਅਨੀ (Accent Emphsis) ਨਾਲ । ਉਦਾਹਰਣ :-
ਹੀਰਿਆਂ ਤੇ ਜਵਾਹਰਾਤ ਦਾ ਇੱਕ ਬਿਓਪਾਰੀ ਬੈਠਾ ਹੋਇਆ ਮੋਤੀਆਂ ਦਾ ਹਾਰ ਗੁੰਧ ਰਿਹਾ ਸੀ । ਉਹ ਦੀ ਬਾਰਾਂ ਚੌਦਾਂ ਬਰਿਹਾਂ ਦੀ ਲੜਕੀ ਆਈ, ਜਿਹੜੀ ਉਸ ਨੇ ਓਪਰੀ ਆਈ ਹੋਈ ਪਾਲੀ ਪਨਾਸੀ ਸੀ । ਲੜਕੀ ਨੇ ਇੱਕ ਮੋਤੀ ਚੁਕ ਲਯਾ ਤੇ ਬੋਲੀ 'ਅੱਬਾ ! ਅਹ ਮੋਤੀ ਮੈਂ ਲੈ ਲਵਾਂ ?' ਮੋਤੀ ਲੜਕੀ ਦੇ ਹੱਥ ਉਤੋਂ ਚੁਕ ਕੇ ਬੜੇ ਪਿਆਰ ਭਰੇ ਸ਼ਬਦਾਂ 'ਚ ਉਹ ਬੋਲਿਆ, ਤੂੰ ਤੇ ਆਪ ਮੇਰੇ ਘਰ ਦਾ ਮੋਤੀ ਹੈਂ । ਲੜਕੀ ਉਹਦੇ ਗਲ ਨਾਲ ਗਲਫੜੀ ਪਾ ਕੇ ਬੋਲੀ, 'ਅੱਬਾ ਮੈਨੂੰ ਪੱਥਰ ਕਿਉਂ ਬਨਾਂਦੇ ਓ ?’
ਇਹ ਵਿਅੰਗ ਨਾਲ, ਕਿਸੇ ਦੀ ਗਲ ਤੋੜ ਮਰੋੜ ਕੇ, ਮਖੌਲ ਹੈ । ਬਰੋਕਕਤੀ ਹੈ ।
(ਅ) ਹੋਰ ਉਦਾਹਰਣ, ਅਜੇਹਾ ਈ । ਇੱਕ ਬੁਜ਼ੁਰਗ ਨੂੰ ਅੰਬਾਂ ਦਾ ਬਹੁਤ ਸ਼ੌਕ ਸੀ, ਇੱਕ ਦਿਨ ਉਹ ਅੰਬ ਚੂਪ ਰਹੇ ਸਨ ਕਿ ਉਨ੍ਹਾਂ ਦਾ ਇੱਕ ਮਿਤ੍ਰ ਆਨ ਪਹੁੰਚਾ ਤੇ ਬੋਲਿਆ, 'ਸਾਹਬ, ਅਜ ਕਲ ਤਾਂ ਅੰਬ ਗਧੇ ਭੀ ਨਹੀਂ ਖਾਂਦੇ ।' ਉਹ ਬੋਲੇ, 'ਗਧੇ ਨਹੀਂ ਖਾਂਦੇ ਤਾਤ ਪਰਯ ਇਹ ਕਿ ਆਦਮੀ ਖਾ ਲੈਂਦੇ ਹਨ ।
(ੲ) ਗਹਣਿਆਂ ਭਰੀ ਹੀਰ 'ਚ ਆਈ ਟਾਂਚ ਖੂਬ ਹੈ ।
ਪੁਨਰੁਕਤ ਪ੍ਰਕਾਸ਼ ਅਲੰਕਾਰ ਵਿੱਚ ਇੱਕ ਬੈਂਤ ਆਈ ਹੈ, 'ਜੋਗੀ ਹਸ ਪਯੇ ਸੂਰਤ ਦੇਖ ਸਹਤੀ.... ਸੋ ਸਹਤੀ ਜੋਗੀ ਦੇ ਪਾਸ ਪਹੁੰਚ ਕੇ ਪੁਛਦੀ ਏ, ‘ਦੱਸ ਮੈਂ ਤੇਰੇ ਵਾਸਤੇ ਕਿਆ ਲਿਆਈ ਹਾਂ ।'
ਜੋਗੀ ਆਖਿਆ ਇਹ ਕੀ ਗੱਲ ਮੁਸ਼ਕਿਲ ਸਚ ਕਹੇਂਗੇ ਬੁਝ ਬੁਝਕ ਸਾਈਂ । ਬਾਲ ਖੰਡ ਮਲਾਈ ਤੇ ਨਜ਼ਰ ਸਾਡੀ ਉੱਪਰ ਪੰਜ ਪੈਸੇ ਜਾਨੀਂ ਪਕ ਸਾਈਂ । ਪਰੰਤੂ ਸਹਤੀ ਤਾਂ ਘਰੋਂ ਖੀਰ ਖੰਡ ਦਾ ਥਾਲ ਤੇ ਪੰਜ ਰੁਪਯੇ ਲੈ ਕੇ ਚੱਲੀ ਸੀ । ਸੋ ਉਹ ਜੋਗੀ ਨੂੰ ਟਾਂਚਾਂ ਕਰਨ ਲਗ ਪਈ ।
ਸਹਤੀ ਹੱਸ ਕਹਿਆ ਵਾਹ ਵਾਹ ਸਾਈਂ ਆਪ ਹੋ ਕੋਈ ਅੰਤਰ ਫਹੀਮ ਮੌਲਾ । ਏਸੇ ਬੁਝ ਬੁਝਕੜ ਨਾਥ ਜੀ ਹੋ ਸਮਝੋ ਕੁਲਈ ਪੀਤਲ ਸੋਇਨਾ ਸੀਮ ਮੌਲਾ ।।
ਮੁਠ ਵਿੱਚ ਲੈਂਦੇ ਬੁਝ ਪੁੜ ਚੱਕੀ ਰਮਲ ਅਕਲ ਦੇ ਕੋਟ ਅਜ਼ੀਮ ਮੌਲਾ ।
ਪੱਥਰ ਡੋਬਦੇ ਤੇ ਤੂੜੀ ਤਾਰ ਦੇਂਦੇ, ਮਾਦਰ ਜ਼ਾਦ ਹੋ ਵਲੀ ਕਦੀਮ ਮੌਲਾ ।
ਪਿੰਡੋ ਪਿੰਡ ਭਾਜੜ ਸਿਰ ਤੇ ਫਿਰਨ ਚਾਈ ਨਾਮ ਪੁਛਿਆ ਕਹਿਆ ਮੁਕੀਮ ।
ਅਖੀਂ ਦਿਸੇ ਨਾਹੀਂ ਨਾਮ ਰੋਸ਼ਨ ਬੀਬੀ, ਦਿਤਾ ਖ਼ੈਰ ਨਾਂ ਇਸਮ ਕਰੀਮ ।
ਭੂਤ ਭੂਤ ਵਾਂਗੂ ਕਰਤੂਤ ਏਹਾ ਮਾਰੋ ਇਟ ਵਟਾ ਪੱਥਰ ਢੀਮ ਮੌਲਾ ।
ਐਸੇ ਆਪ ਹੋ ਕਿਸ਼ਫ਼ ਕਲੂਬ ਫ਼ਜ਼ਲੋਂ ਕਿਉਂ ਨਾ ਕਰੇ ਜਹਾਨ ਤਾਜ਼ੀਮ ਮੌਲਾਂ :
ਇਹ ਆਪ ਵਿਅੰਗ ਬੋਲ ਬੋਲ ਕੇ ਟਾਂਚਾਂ ਕੀਤੀਆਂ ਹੋਈਆਂ ਦਾ ਉਦਾਹਰਣ ਹੈ ।
ਹੀਰ ਸ: ਵਾਰਿਸ ਸ਼ਾਹ ਵਿੱਚ ਆਈ ਸਹਤੀ ਦੀ ਬਕ੍ਰੋਕਤਿ ਮਗਰ ਤਿਤਰਾਂਦੇ ਅੱਨਾ ਬਾਜ਼ ਛੁਟਾ ਜਾ ਚੰਮੜੇ ਦਾਂਦ ਪਤਾਲੂਆਂ ਨੂੰ । ਅੱਨਾ ਘਲਿਆ ਅੰਬ ਅਨਾਰ ਵੇਖਣ ਜਾ ਲਗਾ ਈ ਲੈਣ ਕਚਾਲੂਆਂ ਨੂੰ । ਘਲਿਆ ਫੁਲ ਗੁਲਾਬ ਦੇ ਤੋੜ ਲਿਆਵੀਂ ਜਾ ਚੰਬੜੇ ਤੂਤ ਸੰਭਾਲੂਆਂ ਨੂੰ । ਅੱਨਾ ਮੋਹਰੇ ਲਾਇਆ ਸੀ ਕਾਫਲੇ ਦੇ ਲੁਟਵਾਯਾ ਸੂ ਸਾਥ ਦੇ ਚਾਲੂਆਂ ਨੂੰ । ਝੂਠ ਕਹਿੰਦਿਆ ਸ਼ਰਮ ਨ ਆਉਂਦੀ ਏ ਚੋਰਾਂ ਯਾਰਾਂ ਤੇ ਠਗਾਂ ਉਧਾਲੂਆਂ ਨੂੰ । ਵਾਰਸ ਸ਼ਾਹ ਤੰਦੂਰ ਵਿੱਚ ਦਬ ਬੈਠਾ ਕਮਲਾ ਘਲਿਆ ਰੰਗਣੇ ਸਾਲੂਆਂ ਨੂੰ ।
ਸੂਚਨਾ :—(ਇਨ੍ਹਾਂ ਦੋਹਾਂ ਪੰਜਾਬੀ ਟਾਂਚਾਂ 'ਚ ਕੋਈ ਬਰੀਕੀ ਦੀ ਗਲ ਨਹੀਂ ।)
੯. ਵੀਪਸਾ ਅਲੰਕਾਰ
ਲਕਸ਼ਣ :- ਆਦਰ, ਅਸ਼ਚਰਯ, ਤਾਕੀਦ ਹਿਤ ਅੱਖਰ ਆਵੇ ਬਹੁ ਬਾਰ ।
ਆਦਰ ਦੱਸਨੇ ਨੂੰ, ਵਿਸਮੈਤਾ ਪ੍ਰਗਟ ਕਰਨੇ ਨੂੰ ਅਥਵਾ ਤਗੀਦ ਕਰਨੇ ਦੇ ਵਾਸਤੇ ਕੋਈ ਸ਼ਬਦ ਬਾਰ ੨ ਆਵੇ । ਜਿਵੇਂ :-
ਧਨ ਧਨ ਧਨ ਕੋ ਆਖੀਏ ਜਾ ਕਾ ਜਗਤ ਗੁਲਾਮ ।
ਇਹ ਧਨ ਧਨ ਆਦਰ ਸੂਚਕ ਹਨ ।
ਹੀਰ ਚਨ੍ਹਾਂ ਤੋਂ ਰਾਂਝੇ ਨੂੰ ਆਪਣੇ ਘਰ ਲੈ ਆਈ । ਹੀਰ ਦੀ ਮਾਂਉ ਰਾਂਝੇ ਨਾਲ ਗੱਲਾਂ ਕਰ ਰਹੀ ਸੀ, ਕਿ ਏਨੇ ਵਿੱਚ ਮਹਰ ਚੂਚਕ, ਹੀਰ ਦਾ ਬਾਪ ਭੀ ਬਾਹਰੋਂ ਘਰ ਆ ਪੁੱਜਾ । ਉਹ ਰਾਂਝੇ ਦਾ ਬ੍ਰਤਾਂਤ ਸੁਨ ਕੇ :-
ਵੇਖ ਹੂਸਨ ਤੇ ਹਸਨ ਤਕਰੀਰ ਸੁਨ ਕੇ ਚੂਚਕ ਹੋ ਫਿਦਾ* ਫਿਦਾ* ਸਾਈਂ । ਆਖੇ ਜੀਉ ਅਇਆਂ ਮਰਹਬਾ* ਸਾਈਂ ਮਰਹਬਾ*ਸਾਈਂ ਮਰਹਬਾ*ਸਾਈਂ ।
* ਇਨ੍ਹਾਂ ਸ਼ਬਦਾਂ 'ਚ ਆਦਰ ਤੇ ਵਿਸਮਯਤਾ ਹੈ ।
ਰਾਂਝਾ ਕੰਨ ਪੜਵਾ ਤੇ ਜੋਗੀ ਬਨ ਜਦੋਂ ਰੰਗ ਪੁਰ ਪੁਜਾ ਤਾਂ ਅੱਗੇ ਖੂਹ ਤੇ ਕੁੜੀਆਂ ਪਾਣੀ ਭਰਦੀਆਂ ਸਨ । ਸੋ :— ਇਤਨੇ ਵਿੱਚ ਸਿੱਧੇ ਆਪ ਸਰਕ ਆਏ ਪਾਣੀ ਭਰਦੀਆਂ ਵੇਖ ਮੁਟਿਆਰ ਜੋਗੀ । ਕੁੜੀਆਂ ਆਉਂਦੇ ਨਾਥ ਨੂੰ ਵੇਖ ਕਹਿਆ, ਨਮਸਕਾਰ* ਜੋਗੀ ਨਮਸਕਾਰ* ਜੋਗੀ !
*ਇਹ ਉਦਾਹਰਣ ਆਦਰ ਸੂਚਕ ਹੈ ।
ਸਹਤੀ ਦੀ ਬਕ੍ਰੋਕਤੀ ਸੁਨ ਕੇ ਜੋਗੀ ਨੇ ਉਸ ਨੂੰ ਕਹਿਆ, ਰੂਮਾਲ ਚੁਕ ਕੇ ਤਾਂ ਦੇਖ । ਸਹਤੀ ਨੇ ਰੁਮਾਲ ਹਟਾਇਆ ਤਾਂ ਕੀ ਦੇਖਦੀ ਏ ਕਿ ਥਾਲ ਵਿੱਚ ਖੀਰ ਖੰਡ ਦੀ ਥਾਉਂ ਮਲਾਈ ਤੇ ਰੁਪਯਾਂ ਦੀ ਥਾਉਂ ਪੈਸੇ ਹਨ ਉਸ ਨੂੰ ਬੜਾ ਅਸਚਰਯ ਹੋਇਆ, ਜੋਗੀ ਨੂੰ ਭੋਜਨ ਕਰਾਕੇ ਘਰ ਵਾਪਿਸ ਆਈ। ਉਸ ਨੇ ਜੋਗੀ ਦਾ ਭੇਤ ਭੀ ਪੁੱਛ ਲਿਆ ਸੀ । ਸੋ ਘਰ ਆ ਕੇ ਹੀਰ ਨੂੰ ਕਹਿੰਦੀ ਏ :-
ਮੈਂ ਭੀ ਪੀਰ ਕਾਮਿਲ ਆਮਿਲ ਜਾਨ ਹੋਈ ਖਾਕ ਪਾ ਉਹਦੀ ਜਾਨ ਸਾਲ ਹੀਰੇ ।
ਮੇਰਾ ਮਰਨ ਜੀਵਨ ਉਹਦੇ ਨਾਲ, ਤੂ ਭੀ ਬੋਲ ਪਾਲ ਹੀਰੇ ਬੋਲ ਪਾਲ ਹੀਰੇ ।
ਜੋਗੀ ਸੋਗੀ ਵਿਜੋਗੀ ਤੇ ਰੋਗੀ ਹੋਇਆ ਕਨ ਪਾੜ ਮੁਨਾਇ ਕੇ ਵਾਲ ਹੀਰੇ ।
ਪਿਆਸਾ ਆਬ ਜ਼ੁਲਾਲ ਵਸਾਲ ਰਾਂਝਾ ਜਲਦ' ਪਿਆਲ ਹੀਰੇ ਜਲਦ ਪਿਆਲ ਹੀਰੇ ।
ਇਹ ੧-੨ ਤਾਕੀਦ ਹਿਤ ਹਨ ।
ਹੁਨ ਇਹ ਤਿਨੇ (ਸਹਤੀ, ਹੀਰ ਤੇ ਰਾਂਝਾ) ਇੱਕ ਦੂਜੇ ਦੇ ਭੇਤ ਨੂੰ
ਜਾਨਦੇ ਹਨ ਸੋ ਸਹਤੀ ਨੇ ਇੱਕ ਮਕਰ ਦਾ ਮਤਾ ਪਕਾਇਆ, ਤੇ ਹੀਰ ਨੂੰ ਕਪਾਹ ਚੁਗਣ ਜਾਨ ਦੇ ਬਹਾਨੇ ਘਰਦਿਆਂ ਤੋਂ ਪੁੱਛ ਕੇ ਖੇਤਾਂ ਨੂੰ ਨਾਲ ਲੈ ਗਈ। ਉਥੇ ਹੀਰ ਦੇ ਪੈਰ ਵਿੱਚ ਇਕ ਸੂਲ ਚਭੋ ਕੇ ਲਹੂ ਕੱਢ ਕੇ ਰੋਣ ਤੇ ਚੀਕਾਂ ਮਾਰਨ ਲੱਗ ਪਈ, ਆਖੇ ਇਸ ਨੂੰ ਕੀੜਾ ਡਸ ਗਿਆ ਏ । ਸੋ ਏਸ ਅਵਸਥਾ ਦੀ ਬਾਬਤ ਕਵੀ ਲਿਖਦਾ ਏ :--
ਵੇਖ ਮਕਰ ਇਬਲੀਸ ਇਬਲੀਸ ਕਹਿਆ ਵਾਹ* ਵਾਹ ਸਹਤੀ ਵਾਹ ਵਾਹ ਸਹਤੀ।
ਫੇਰ ਹੀਰ ਪਵਾ ਚਵਾ ਮੰਜੀ ਆਈ ਘਰਾਂ ਨੂੰ ਹਾਲ ਤਬਾਹ ਸਹਤੀ ।
* ਇਹ ਸ਼ਬਦ ਵਿਸਮਯਤਾ ਸੂਚਕ ਹਨ ।
੧੦. ਸ਼ਲੇਸ਼ਾਲੰਕਾਰ
ਸ਼ਲੇਸ਼ ਹੁੰਦਾ ਹੈ ਕਿਸੇ ਸ਼ਬਦ ਦਾ ਗੁੱਝਾ ਪ੍ਰਯੋਗ । ਦੋ ਅਰਥਾ ਸ਼ਬਦ ਬਰਤਨਾ :
ਉਦਾਹਰਣ ਹਿੰਦੀ :-
ਕਹਨਾਵਤ ਮੈਂ ਯਹ ਸੁਨੀ ਪੋਖਤ ਤਨ ਕੋ ਨੇਹ ।
ਨੇਹ ਲਗਾਏ ਅਬ ਲਗੀ ਸੂਖਨ ਸਗਲੀ ਦੇਹ ।
ਪਹਲੇ ਨੇਹ ਦਾ ਅਰਥ ਤੇਲ ਹੈ ਤੇ ਦੂਜੇ ਦਾ ਪਿਆਰ । ਛੰਦ ਦਾ ਅਰਥ ਹੈ, ਕਿ ਮੈਂ ਤਾਂ ਲੋਕਾਂ ਤੋਂ ਸੁਨਿਆ ਹੋਇਆ ਸੀ ਨੇਹ ਲਗਾਉਨ ਨਾਲ ਦੇਹੀ ਪਲਦੀ ਹੈ, ਪਰ ਮੈਂ ਜਦੋਂ ਦਾ ਨੇਹ ਲਾਇਆ ਏ, ਮੇਰੀ ਦੇਹੀ ਤਾਂ ਸੁਕਨ ਲਗ ਪਈ ਏ । ਨੇਹ ਸ਼ਬਦ ਵਿੱਚ ਸ਼ਲੇਸ਼ ਹੈ।
ਧੀਦੋ ਦੇ ਮਾਂ ਬਾਪ ਚਲਾਨੇ ਕਰ ਗਯੇ, ਭਾਈਆਂ ਨੇ ਭੋਂਇ ਅਲਗ ਕਰ ਦਿੱਤੀ, ਉਹ ਹਲ ਵਾਹੁੰਦਾ ਸੀ, ਭਰਜਾਈਆਂ ਉਹਦਾ ਰੋਟੀ ਟੁਕ ਪਕਾ ਕਰ ਦੇਂਦੀਆਂ ਸਨ। ਉਹ ਰੋਟੀ ਲੈ ਕੇ ਖੇਤੀਂ ਆਈਆਂ ਉਥੇ ਆਪੋ ਵਿਚੀ ਤਕਰਾਰ ਹੋ ਗਿਆ। ਉਹ ਬੋਲੀਆਂ :-
ਤੈਨੂੰ ਰਨ ਚਾਹਿਏ ਤੁਧ ਜੇਹੀ ਸੋਹਨੀ ਕਿਥੋਂ ਢੂਡਿਏ ਵਿੱਚ ਖੁਦਾਈਆਂ ਜੇ ਜਾਈਂ ਹੀਰ ਸਿਆਲ ਵਿਆਹ ਲਿਆਵੀਂ ਜੇ ਕਰ ਜੋੜੀਆਂ ਰਬ ਬਨਾਈਆਂ ਜੇ ॥
ਖੈਰ ਭਰਜਾਈਆਂ ਤਾਂ ਘਰ ਨੂੰ ਚਲੀਆਂ ਆਈਆਂ, ਧੀਦੋ ਰੋਂਦਾ ਰੋਂਦਾ ਖੇਤ ਵਿੱਚੇ ਫੇਰ ਸੌਂ ਗਿਆ। ਤੇ ਸੁਤਿਆਂ :—
ਮਿਠੀ ਨੀਂਦ ਅੰਦਰ ਸੂਰਤ ਹੀਰ ਡਿੱਠੀ, ਬਾਲੇ ਚੰਦ ਵਾਂਗੂ ਹੋਸ਼ਨਾਈਆਂ ਜੇ ।
ਪਲਕ ਪਲਕ ਲੱਗੀ ਅਭੜ ਭਾਹ ਰਾਂਝੇ ਅਖੀਂ ਫੇਰ ਚਾ ਰੱਬ ਖੁਲਾਈਆਂ ਜੇ ।
ਪੁਤਲੀ ਅਖੀਆਂ ਦੇ ਵਿੱਚ ਹੀਰ ਪੁਤਲੀ ਅਖੀ ਮਸਤ ਅਲਸਤ ਕਰਾਈਆ
ਸ਼ਾਮ ਸ਼ਾਮ ਆਇਆ ਘਰੀਂ ਭਾਬੀਆਂ ਨੇ ਅਖੀਂ ਦੇਖ ਕਹਿਆ ਅਖੀ ਆਈਆਂ ਜੇ ।
ਦੂਤੀ ਵਿਹੜਾ ਤੇ ਦੁਸ਼ਮਨ ਜਾਨ ਭਾਈ, 'ਲਗੇ ਭਰ ੨ ਦੇਨ ਸੁਲਾਈਆਂ' ਜੇ
ਫ਼ਜ਼ਲ ਸ਼ਾਹ ਤਬੀਬ ਹਬੀਬ ਬਾਹਜੋਂ ਕਰੇ ਕੌਨ ਮਰੀਜ਼ ਦਵਾਈਆਂ ਜੇ ।
ਇਥੇ 'ਸੁਲਾਈਆਂ ਭਰ ਭਰ ਦੇਨ' ਦਾ ਤਾਤਪਰਯ ਔਖਦ ਦੀ ਸੁਲਾਈ ਨਹੀਂ, ਬਲਕਿ ਚੋਭਵੀਆਂ ਗੱਲਾਂ ਆਖਨਾ ਹੈ । ਤਾਂਹੀ ਤਾਂ ਕਵੀ ਆਖਦਾ ਹੈ ਕਿ, ਤਬੀਬ ਹਬੀਬ ਬਾਹਜੋਂ ਕੌਨ ਦਵਾਈ ਕਰੇ ।
ਹੋਰ ਉਦਾਹਰਣ :-ਹੀਰ ਦੀ ਜਨੇਤ ਆ ਗਈ ਹੈ, ਉਹ ਆਪਣੇ ਪਿਆਰੇ ਦੀ ਜੁਦਾਈ 'ਚ ਰੋ ਕਰਲਾ ਰਹੀ ਏ, ਆਖਦੀ ਏ :-
ਤੇਰਾ ਫੰਦੜਾ* ਖੜੀ ਉਡੀਕਨੀ ਹਾਂ ਮਿਲ ਪਾਹੰਦੀਆ ਓ ਲਵੀਂ ਫੰਦ ਰਾਂਝਾਂ ਜੇ ਦਰ ਬੰਦ ਕੀਤੇ ਸ਼ਹਰ ਚੌਂਕੀਦਾਰਾਂ, ਬਾਹਰੋਂ ਆਇਕੇ ਪਾ ਕਮੰਦ ਰਾਂਝਾ ।
*ਫੰਦੜਾ ਦੇ ਅਰਥ ਰਸਤੇ ਦੇ ਵੀ ਹੁੰਦੇ ਹਨ, ਤੇ ਜਨੋਰਾਂ ਨੂੰ ਪਸਾਉਨ ਦਾ ਕੋਈ ਯੰਤ੍ਰ ਬੀ । 'ਲਵੀਂ ਫੰਦ' ਨੂੰ ਦੇਖ ਕਰਕੇ ਫੰਦੜੇ ਦੇ ਅਰਥ ਉਹ ਫੰਦਾ ਸਮਝਨੇ ਨਹੀਂ ਚਾਹੀਦੇ, ਬਲਕਿ ਰਾਹ ਦੇ ਦੁਰੇਡੇ ਪਨ (Distance) ਦੇ ਹਨ ।
ਹਿੰਦੀ ਵਾਲਿਆਂ ਉਦਾਹਰਣ ਦਿਤੇ ਹਨ :-(ਸ਼ਾਯਦ ਬੀਰ ਸਤ ਸਈ ਦਾ ਛੰਦ ਹੈ)
ਪਾਵਸ ਮੇਂ ਹੀ ਧਨੁਸ਼ ਅਬ, ਸਰਿਤਾ ਤੀਰ ਹੀ ਤੀਰ ।
ਰੋਦਨ ਹੀ ਮੇਂ ਲਾਲਦ੍ਰਿਗ ਨੌ ਰਸ ਹੀ ਮੇਂ ਬੀਰ ।
ਤੀਰ ਦੇ ਦੋ ਅਰਥ ਹਨ, ਨਦੀ ਕਿਨਾਰਾ, ਧਨੁਸ਼ਬਾਨ ਦੇ ਤੀਰ। ਹੋਰ ਉਦਾਹਰਣ ਹਿੰਦੀ ਵਾਲਿਆਂ ਰਾਮਾਯਣ ਚੋਂ ਦਿੱਤਾ ਹੈ ।
ਰਾਵਣ ਸਿਰ ਸਰੋਜ ਬਨਚਾਰੀ ।
ਚਲਿ ਰਘੁਬੀਰ ਸਿਲੀਮੁਖ ਧਾਰੀ ।
ਇਸ ਨੂੰ ਇਸ ਤੋਂ ਪਹਲੀ ਚੌਪਾਈ, ਹੋਰ ਸਪਸ਼ਟ ਕਰਦੀ ਹੈ, ਉਹ ਹੈ :-
ਤੁਰਤ ਉਠਾਇ ਕੋਪ ਰਘੁਨਾਯਕ । ਛਾਂੜੇ ਅਤਿ ਕਰਾਲ ਬਹੁ ਸਾਯਕ ।
ਰਾਮ ਨੇ ਬਹੁਤ ਸਾਰੇ ਭਿਆਵਨੇ ਸਾਯਕ ਕਹਿਏ ਤੀਰ ਛਡੇ, ਜਿਹੜੇ ਰਾਵਣ ਦੇ ਸਿਰ ਰੂਪੀ ਕੰਵਲ ਬਨ ਵਿੱਚ ਭੋਰੇ ਰੂਪ ਹੋ ਕਰ ਘੁਸ ਗਏ । ਸਿਲੀ ਮੁਖ ਦੇ ਅਰਥ ਤੀਰ ਭੀ ਹੈ ਤੇ ਭੰਵਰਾ ਭੀ। ਸੋ ਇਸ ਛੰਦ 'ਚ ਸਿਲੀ ਮੁਖ ਸ਼ਬਦ ਦੇ ਪ੍ਰਯੋਗ ਦੀ ਖੂਬੀ ਹੈ ।
ਓਰਦੂ ਉਦਾਹਰਣ :-
ਸਨਮਕਦਹ ਮੇਂ ਮਹਵਿ ਬੁਤ ਭੀ ਹੈ, ਨਮਾਜ਼ ਮੈਂ ਕਿਬਲਾ ਰੁ ਭੀ ਹੈ ।
ਸ਼ੇਖ ਮੇਰਾ ਖ਼ੂਬ ਹੈ ਪੀਰ ਭੀ ਹੈ ਗੁਰੂ ਭੀ ਹੈ ।
ਏਥੇ 'ਪੀਰ' ਦੇ ਤੇ ਗੁਰੂ ਦੇ ਅਰਥ ਗੁੱਝੇ ਹਨ, ਪਖੰਡੀ, ਧੋਖੇ- ਬਾਜ । ਇਸ ਅਲੰਕਾਰ 'ਚ ਵਿਅੰਗਾਰਥ ਕਰਨੇ ਪੈਂਦੇ ਹਨ ।
ਮੂਲ ਵਿਸ਼ਯ-ਸ਼ਬਦਾਲੰਕਾਰ-ਇੱਥੇ ਸਮਾਪਤ ਹੁੰਦਾ ਹੈ ।
ਸਮਾਪਤਮਸਤੂ ਸ਼ੁਭਮਸਤੂ ॥
-----------------------
ਉਪਸੰਘਾਰ
ਇਹ ਸ਼ਬਦ ਅਲੰਕਾਰਾਂ ਉੱਪਰ ਇੱਕ ਨਿੱਕਾ ਜਿਹਾ ਪੋਥ ਸਾਹਿਤ ।। ਪਰੇਮੀਆਂ ਤੇ ਸਾਹਿਤ ਪਾਰਖੂਆਂ ਦੀ ਭੇਟ ਹੈ, ਜੋ ਕੁਛ ਭੀ ਇਹ ਹੈ ਸੋ ਆਪ ਦੱਸੇਗਾ, ਆਪਨੇ ਗਮ ਨੇ ਤਾਂ ਏਸ ਵਿੱਚ ਰਹਿ ਗਈਆਂ ਤ੍ਰੋਟਾਂ ਦੇ ਵਾਸਤੇ ਛਮਾਂ ਮੰਗਨੀ ਏ, ਅਰੁ ਪੰਡਿਤਾਂ ਅਤੇ ਗੁਣੀਆਂ ਤੇ ਗਿਆਨੀਆਂ ਨੂੰ ਨਿਵੇਦਨ ਕਰਨਾ ਹੈ ਕਿ ਉਹ ਅਜੇਹੀਆਂ ਭੁੱਲਾਂ ਨੂੰ ਆਪ ਸੋਧ ਕੇ ਪੜ੍ਹ ਲੈਣ ਤੇ ਲੇਖਕ ਨੂੰ ਉਨ੍ਹਾਂ ਭੁੱਲਾਂ ਦੀ ਸੂਚਨਾ ਦੇਣ ਦੀ ਕਿਰਪਾ ਕਰਨ, ਅਗਲੇ ਸੰਸਕਰਨ ਵਿੱਚ ਯਥਾ ਸੰਭਵ ਉਨ੍ਹਾਂ ਨੂੰ ਸੁਧਾਰਨੇ ਤੇ ਸੋਧਨੇ ਦਾ ਯਤਨ ਕੀਤਾ ਜਾਊਗਾ। "ਇਤੀ ਸ਼ੁਭਮ"
ਸਮਾਪਤੀ ਪੁਰ ਉਸ ਸਰਵ ਗਿਆਤਾ ਪ੍ਰਭੂ ਦਾ ਬਹੁਤ ੨ ਧੰਨਵਾਦ ਹੈ, ਜੋ ਇਹ ਕੋਈ ੨੮-੩੦ ਵਰ੍ਹਿਆਂ ਦਾ ਇੱਕ ਪੁਰਾਨਾ ਸੰਕਲਪ ਰੂਪੀ ਬੀਜ ਅੰਕੁਰ ਲੈ ਆਇਆ ਹੈ, ਸਾਹਿਤ ਪ੍ਰੇਮੀਆਂ ਤੇ ਪਾਰਖੂਆਂ ਤੋਂ ਬੇਨਤੀ ਹੈ ਕਿ ਉਹ ਇਸ ਦੀ ਟਹਲ ਸੇਵਾ ਕਰਦੇ ਰਹਿਣ ਦਾ ਅਸਾਂ ਨੂੰ ਅਸ਼ੀਰਵਾਦ ਪ੍ਰਦਾਨ ਕਰਨ ॥
ਸਾਹਿੱਤ ਸੇਵੀ ।
ਜਗਤ ਸੂਦ ।