卐 ਸਤਿ ਨਾਮ 卐
ਯਾ ਦੇਵੀ ਸਤੂਯਤੇ ਨਿਤਯਮ ਬ੍ਰਹਮੇਂਦ੍ਰ ਸੁਰਮਾਨਵਈ
ਸਾ ਮੇ ਵਾਸਤੁ ਜੀਹਬਾਗ੍ਰੇ ਪਦਮ ਹਸਤਾ ਸਰਸ੍ਵਤੀ ॥
ਅਥ ਵਿਸ਼ੈ ਪ੍ਰਾਰੰਭਾ
ਕਿਸੇ ਭੀ ਭਾਸ਼ਾ ਨੂੰ ਲਿਆ ਜਾਵੇ, ਉਸ ਦੇ ਪੰਡਿਤਾਂ ਤੇ ਆਚਾਰਯਾਂ ਨੇ ਉਸ ਨੂੰ ਸੁੰਦਰ, ਚਮਕਦਾਰ ਤੇ ਚਮਤਕਾਰਯੁਕਤ ਅਤੇ ਰਸਭਰੀ ਬਣਾਉਨ ਦੇ ਯਤਨ ਕੀਤੇ ਹਨ। ਉਸ ਚਮਤਕਾਰ ਨੂੰ ਜੋ ਕਿਸੇ ਕਥਨ ਵਿੱਚ ਪਾਇਆ ਜਾਂਦਾ ਹੈ, ਸਾਹਿਤ ਵਿੱਚ ਅਲੰਕਾਰ ਆਖਦੇ ਹਨ । ਉਹ ਭੂਸ਼ਨ ਭੀ ਆਖਿਆ ਜਾਂਦਾ ਹੈ । ਫ਼ਾਰਸੀ ਅਤੇ ਉਰਦੂ ਵਾਲੇ ਉਸ ਨੂੰ ਸਨਅਤ ਕਹਿੰਦੇ ਹਨ। ਸਨਅਤ ਦੇ ਅਰਥ ਹਨ ਕਲਾ-ਕਾਰੀ ।
ਅਲੰਕਾਰਾਂ ਦੇ ਭੇਦ
ਅਲੰਕਾਰਾਂ ਦੇ ਮੂਲ ਵਿੱਚ ਦੋ ਭੇਦ ਹਨ; ਫੇਰ ਅੱਗੇ ਉਨ੍ਹਾਂ ਭੇਦਾਂ ਦੇ ਹੋਰ ੨ ਪ੍ਰਕਾਰ ਹਨ । ਮੂਲ ਭੇਦਾਂ ਦੇ ਨਾਲ ਇੱਕ ਤੀਜਾ ਮਿਸਾ ਭੇਦ ਭੀ ਬਨ ਗਿਆ ਹੈ ।
ਮੂਲ ਭੇਦ ਇਹ ਹਨ :-
੧. ਸ਼ਬਦਾਲੰਕਾਰ : — ਉਹ ਚਮਤਕਾਰ ਜਿਹੜਾ ਕਿਸੀ ਸ਼ਬਦ ਵਿੱਚ ਪਾਇਆ ਜਾਵੇ ।
੨. ਅਰਥਾਲੰਕਾਰ :- ਅਰਥਾਂ ਵਿੱਚ ਪਾਇਆ ਜਾਨੇ ਵਾਲਾ ਚਮਤਕਾਰ ।
੩. ਉਭਯਾਲੰਕਾਰ :—ਉਭੈ ਦੇ ਅਰਥ ਹਨ ਦੋਨੋਂ । ਸੋ ਜਿਸ ਵਾਕ ਵਿੱਚ ਸ਼ਬਦਾਲੰਕਾਰ ਅਤੇ ਅਰਥਾਲੰਕਾਰ ਦੋਨੋਂ ਹੀ ਹੋਵਨ, ਉਸ ਜਗਹ ਉਭੈ ਅਲੰਕਾਰ ਆਖਿਆ ਜਾਂਦਾ ਹੈ ।
ਅਰਥ ਸ਼ਕਤੀ
ਅਲੰਕਾਰਾਂ ਵਿੱਚ ਪ੍ਰਵੇਸ਼ ਕਰਨੇ ਤੋਂ ਪਹਿਲਾਂ ਇਹ ਜਾਨਣਾ ਆਵੱਸ਼ਕ ਹੈ ਕਿ ਉਹ ਸੱਤਾ ਜਿਹੜੀ ਸ਼ਬਦਾਂ ਦੇ ਅਰਥ ਸੁਝਾਉਂਦੀ ਹੈ ਸਾਹਿੱਤ ਵਿੱਚ ਸ਼ਕਤੀ ਆਖੀ ਜਾਂਦੀ ਹੈ । ਇਹ ਤਿੰਨ ਪ੍ਰਕਾਰ ਦੀ ਹੈ।
੧. ਅਭਿਦਾ - ਕਿਸੇ ਸ਼ਬਦ ਦਾ ਅਥਵਾ ਕਿਸੇ ਵਾਕ ਦਾ ਸਿੱਧਾ ਸਾਦਾ ਅਰਥ ਦੱਸਨ ਵਾਲੀ ਸ਼ਕਤੀ ਨੂੰ ਅਭਿਦਾ ਕਿਹਾ ਜਾਂਦਾ ਹੈ । ਅਤੇ ਉਹ ਅਰਥ ਸ਼ਬਦਾਰਥ ਨਾਂਉ ਧਰਾਉਂਦਾ ਹੈ ।
ਉਦਾਹਰਣ :-
(ਓ) ਵਿਦਿਆਰਥੀ ਪੜ੍ਹ ਰਹੇ ਹਨ । ਇਸ ਵਾਕ ਦਾ ਤਾਤਪਰਯ ਹੈ, ਕਿ ਉਹ ਆਪਣੀਆਂ ੨ ਪੋਥੀਆਂ ਖੋਲੀ ਬੈਠੇ ਤੇ ਪਾਠ ਰਟ ਰਹੇ ਹਨ ।
(ਅ) ਖੇਤ ਵਿੱਚ ਡੰਗਰ ਘੁਸੇ ਹੋਏ ਦੇਖ ਕਰਕੇ ਕਾਮੇ ਨੂੰ ਆਖਿਆ, "ਜਾਹ ਔਹ ਡੰਗਰ ਕਢਿ ਆਉ। ਤਾਤਪਰਯ ਸਪਸ਼ਟ ਹੈ; ਖੇਤ ਵਿੱਚੋਂ ਡੰਗਰ ਬਾਹਿਰ ਕਰ ਦੇਨਾ । ਇਹ ਅਭਿਦਾ ਸ਼ਕਤੀ ਹੋਈ ।
ਲਕਸ਼ਣਾ - ਕਿਸੇ ਸ਼ਬਦ ਯਾ ਵਾਕ ਦਾ ਸਿਧਾ ਸਾਦਾ ਅਰਥ ਨਾਂ ਕਰਦੇ ਹੋਏ ਪ੍ਰਯੋਗ ਦੀ ਰੂਹੜੀ ਦੇ ਅਨੁਸਾਰ (ਜਿਸ ਪ੍ਰਕਾਰ ਲੀਹ
ਚਲੀ ਹੋਈ ਹੈ ਉਸ ਦੇ ਅਨੁਸਾਰ) ਸਾਥ ਮਿਲਦਾ ਹੋਇਆ ਅਰਥ ਕਰਨਾ ਲਕਸ਼ਣਾ ਸ਼ਕਤੀ ਦਾ ਕੰਮ ਹੈ, ਅਤੇ ਐਸਾ ਅਰਥ ਲਕਸ਼ਾਰਥ ਕਿਹਾ ਜਾਂਦਾ ਹੈ । ਉਦਾਹਰਣ :-
(ਓ) ਗੰਗਾ ਬਾਸੀ । ਗੰਗਾ ਦੇ ਪ੍ਰਵਾਹ ਵਿੱਚ ਨਹੀਂ, ਬਲਕਿ ਗੰਗਾ ਦੇ ਕਿਨਾਰੇ ਬਸੀ ਹੋਈ ਬਸਤੀ ਦਾ ਬਸਨੀਕ ।
(ਅ) ਸ: ਫ਼ਜ਼ਲ ਸ਼ਾਹ ਨੇ ਧੀਦੋ (ਰਾਂਝਾ) ਦੇ ਪਿਤਾ ਦੇ ਚਲਾਨਾ ਕਰ ਜਾਉਨ ਦੇ ਪਿਛੋਂ ਉਸ ਦੀ ਬੇਬਸੀ ਤੇ ਔਕੜਾਂ ਦਾ ਚਿਤ੍ਰ ਖਿਚਦੇ ਹੋਏ ਲਿਖਿਆ ਹੈ :—
ਦੂਤੀ ਵਿਹੜਾ ਤੇ ਦੁਸ਼ਮਨ ਜਾਨ ਭਾਈ,
ਲਗੇ ਭਰ ਭਰ ਦੇਨ ਸੁਲਾਈਆਂ ਜੇ।
ਇਸ ਥਾਂਉ "ਵਿਹੜਾ" ਦਾ ਅਰਥ ਹੈ, “ਵਿਹੜੇ ਦੇ ਬਸਨੀਕ, ਸ਼ਰੀਕ ਇਤਿਆਦੀ ।”
(ੲ) ਰੇਲਵੇ ਸਟੇਸ਼ਨ ਦੇ ਨੇੜੇ ਪਹੁੰਚਕੇ ਸਵਾਰੀਆਂ ਆਖਦੀਆਂ ਹਨ ਅਮੁਕ ਸਟੇਸ਼ਨ ਆ ਗਿਆ। ਵਾਸਤਵ 'ਚ ਆਉਂਦੀ ਤਾਂ ਗੱਡੀ ਹੈ ।
(ਸ) ਕਿਸੇ ਮਨੁਖ ਦੀ ਬਾਬਤ ਕਹਿਣਾ, ਉਹ ਤਾਂ ਖੋਤਾ ਹੈ ।” ਏਸ ਦਾ ਅਭਿਪ੍ਰਾਯ ਹੈ, ਕਿ, "ਉਹ ਸਮਝਦਾਰ ਨਹੀਂ ।" ਵਿਪ੍ਰੀਤ ਲਕਸ਼ਣਾ :-ਵਿਪ੍ਰੀਤ ਦਾ ਅਰਥ ਹੈ ਉਲਟਾ, ਸੋ ਜਦੋਂ ਲਕਸ਼ਾਰਥ ਉਲਟਾ ਲਗਾਇਆ ਜਾਵੇ, ਤਦੋਂ ਵਿਪ੍ਰੀਤ ਲਕਸ਼ਨਾ ਕਹੀ ਜਾਂਦੀ ਹੈ । ਜਿਵੇਂ ਕਿਸੇ ਦੁਬਲੇ ਪਤਲੇ ਆਦਮੀ ਨੂੰ ਕਹਿਣਾ “ਆਈਏ ਭੀਂ ।”
੩. ਵਿਅੰਜਨਾ ਸ਼ਕਤੀ - ਜਿਸ ਸਥਾਨ ਪਰ ਉੱਪਰ ਦੱਸੇ ਦੋਹਾਂ ਢੰਗਾਂ ਦੇ ਅਰਥ ਨਾ ਕਰਕੇ ਇੱਕ ਟੇਢਾ ਮੇਡਾ ਜਿਹਾ
ਅਰਥ ਸਮਝਨਾ ਪਵੇ, ਊਹਾਂ ਵਿਅੰਜਨਾ ਸ਼ਕਤੀ ਹੁੰਦੀ ਏ । ਜਿਵੇਂ ਘਰ ਵਿੱਚ ਕਿਸੇ ਪੜ੍ਹਨ ਜਾਣ ਵਾਲੇ ਬੱਚੇ ਨੂੰ ਆਖਨਾ, "ਕਾਕਾ ਜੀ ੧੦ ਬੱਜਨ ਨੂੰ ਹੋਣ ਲੱਗੇ ਹਨ ।" ਇਸ ਦਾ ਅਭਿਪ੍ਰਾਯ ਹੈ, “ਪਾਠ ਸ਼ਾਲਾ ਨੂੰ ਜਾਓ ।” ਕਿਸੇ ਨੂੰ ਆਖਣਾ, "ਅਨ੍ਹੇਰਾ ਹੋਣ ਲੱਗਾ ਹੈ ।” ਹਾਲੀ ਸਮਝੇਗਾ, ਮੈਨੂੰ ਹਲ ਛਡਣੇ ਨੂੰ ਕਹਿਆ ਜਾ ਰਿਹਾ ਹੈ । ਪੜ੍ਹਨੇ ਵਾਲਾ ਸਮਝੇਗਾ, ਮੈਨੂੰ ਪੋਥੀ ਢੱਪਨ ਨੂੰ ਆਖਿਆ ਗਿਆ ਹੈ । ਅਵਸਰ ਦੇ ਅਨੁਸਾਰ ਇੱਕ ਵਾਕ ਦੇ ਕਈ ਅਰਥ ਲਗ ਗਏ । ਇਹ ਸ਼ਕਤੀ "ਵਿਅੰਜਨਾ" ਤੇ ਅਰਥ ਵਿਅੰਗਾਰਥ ਹੋਏ ।
ਅਲੰਕਾਰ ਵਰਣਨ
(ਸ਼ਬਦਾਲੰਕਾਰ)
ਇਹ ਦੱਸ ਆਏ ਹਾਂ ਕਿ ਜਦੋਂ ਕਿਸੇ ਸ਼ਬਦ ਵਿੱਚ ਕੋਈ ਚਮਤਕਾਰ ਹੋਵੇ ਤਦੋਂ ਉਸ ਸਥਾਨ ਤੇ ਸ਼ਬਦਾਲੰਕਾਰ ਹੁੰਦਾ ਹੈ । ਇਸ ਦੀ ਇੱਕ ਜਾਚ ਇਉਂ ਭੀ ਕੀਤੀ ਜਾਂਦੀ ਹੈ, ਕਿ ਅਲੰਕਾਰਕ ਸ਼ਬਦ ਦੇ ਥਾਉਂ ਤੇ, ਉਸ ਦਾ ਸਮਾਨਾਰਥੀ ਕੋਈ ਹੋਰ ਸ਼ਬਦ ਰਖ ਦੇਣੇ ਨਾਲ ਉਹ ਚਮਤਕਾਰ ਨਾ ਰਹੇ, ਤਦੋਂ ਪਹਿਲੇ ਸ਼ਬਦ 'ਚ ਅਲੰਕਾਰ ਹੁੰਦਾ ਹੈ।
ਸ਼ਬਦ ਅਲੰਕਾਰਾਂ ਦੇ ਦਸ ਭੇਦ :-
੧. ਅਨੁਪ੍ਰਾਸ, ੨. ਚਿੱਤ੍ਰ, ੩. ਪੁਨਰੁਕਤ ਪ੍ਰਕਾਸ, ੪. ਪੁਨਰੁਕਤ- ਬਦਾਭਾਸ, ੫. ਪ੍ਰਹੇਲਿਕਾ, ੬. ਭਾਸ਼ਾ ਸਮਕ, ੭. ਜਮਕ, ੯. ਬਕ੍ਰੋਕਤਿ, ੯. ਵੀਪਸਾ, ੧੦. ਸ਼ਿਲੇਸ਼ ।
੧. ਅਨੁਪ੍ਰਾਸ (ਉਰਦੂ ਤਾਂ ਫਾਰਸੀ "ਤਜਨੀਸ "।)
ਅਨੁਪ੍ਰਾਸ ਦੇ ਅਰਥ ਹਨ ਅੱਖਰਾਂ ਦਾ ਆਪਸੀ ਭਾਈਚਾਰਾ ।
ਲਕਸ਼ਣ :— ਵਿਅੰਜਨ ਸਮ ਬਰੁ ਸ੍ਵਰ ਅਸਮ, ਵਰਨ ਆਏਂ ਬਹੁ ਬਾਰ । ਜਿਸ ਕਥਨ 'ਚ ਕੋਈ ਇੱਕ ਅੱਖਰ ਦੋ ਤਿੰਨ ਬਾਰ ਆ ਜਾਏ ਸ੍ਵਰ ਭਾਵੇਂ ਹੋਰ ੨ ਹੀ ਹੋਵਨ । (ਓ, ਅ, ੲ, ਤੇ ਇਨ੍ਹਾਂ ਦੇ ਆਪਸੀ ਮੇਲ ਨਾਲ ਬਨੇ ਹੋਏ ਅੱਖਰ ਸ੍ਵਰ ਹਨ, ਸ਼ੇਸ਼ ਸਾਰੇ ਅੱਖਰ ਵਿਅੰਜਨ ਹਨ)।
ਅਨੁਪ੍ਰਾਸ ਦੇ ਅੱਗੇ ਪੰਜ ਭੇਦ ਹਨ :-੧. ਛੇਕਾਨੁਪ੍ਰਾਸ, ੨. ਬ੍ਰਿਤਿਅਨੁਪ੍ਰਾਸ, ੩. ਸ਼ਰੁਤ੍ਯਨੁਪ੍ਰਾਸ, ੪. ਲਾਟਾਨੁਪ੍ਰਾਸ, ਪ. ਅੰਤ੍ਯਨੁਪ੍ਰਾਸ ।
੧. ਛੇਕਾਨੁਪ੍ਰਾਸ
ਭੂਸ਼ਨ ਕਵੀ ਦਾ ਦਿੱਤਾ ਹੋਇਆ ਲਕਸ਼ਣ ਹੈ।
ਸ੍ਵਰ ਸਮੇਤ ਅਛਰ ਕਿ ਪਦ ਆਵਤ ਸਹਸ ਪ੍ਰਕਾਸ ।
ਭਿਨ ਅਭਿਨ ਪਦਨ ਸੋਂ ਛੇਕ ਲਾਟ ਅਨੁਪ੍ਰਾਸ ।
ਕੋਈ ਇੱਕ ਅੱਖਰ ਜਾਂ ਪਦ (ਦੋ ਤਿੰਨ ਜੁੜੇ ਹੋਏ ਅੱਖਰ) ਦੋ ਤਿੰਨ ਜਾਂ ਅਧਿਕ ਬਾਰ ਆਵਨ, ਜਿਵੇਂ :-(ਅਕਾਲ ਉਸਤਤ ਚੌਂ) ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ ॥ ੮੯
ਇੰਦ੍ਰਾਨ ਇੰਦ੍ਰ, ਬਾਲਾਨਬਾਲ । ਰੰਕਾਨ ਰੰਕ, ਕਾਲਾਨ ਕਾਲ ॥ ੯੦
ਅਨਭੂਤ ਅੰਗ, ਆਭਾ ਅਭੰਗ । ਗਤ ਮਿਤ ਅਪਾਰ, ਗੁਣ ਗਣ ਉਦਾਰ ॥੯੧
ਮੁਨੀ ਗਣ ਪ੍ਰਣਾਮ, ਨਿਰਭੈ ਨਿਕਾਮ । ਅਤਿਦੁਤਿ ਪ੍ਰਚੰਡ, ਮਿਤਿਗਤਿ ਅਖੰਡ ॥
ਛੰਦ ੮੯, ੯੦ ਵਿੱਚ ਪਦਾਵ੍ਰਤੀ ਹੈ ਤੇ ੯੧, ੯੨ ਵਿੱਚ ਇੱਕ ਵਰਣ ਦੀ ।
ਹੋਰ ਉਦਾਹਰਣ (ਪੂਰਨ ਕਾਦਰ ਯਾਰ ਚੋਂ) : -
ਅਲਫ ਆਏ ਯੋਗੀ ਸਭ ਦੇਖਨੇ ਨੂੰ, ਬੈਠੇ ਚਾਰ ਚੁਫੇਰਿਓਂ ਘਤ ਘੇਰਾ।
ਰਾਣੀ ਸੁੰਦਰਾਂ ਮੂੰਹ ਤੋਂ ਲਾਹ ਪੜਦਾ, ਸਭਨਾਂ ਤਾਈਂ ਦੀਦਾਰ ਦਾ ਦੇ ਫੇਰਾ ॥
ਅਲਫ ਤਾਂ ਆਏ ਵਿੱਚ ‘ਅ’, ਚਾਰ ਚੁਫੇਰਿਓਂ 'ਚ 'ਚ', ਘਤ