ਪੰਜਾਬੀ ਸਾਹਿਤ ਦਾ ਇਤਿਹਾਸ
ਆਦਿ ਕਾਲ ਤੋਂ 1700 ਈ. ਤੱਕ
ਡਾ. ਪਰਮਿੰਦਰ ਸਿੰਘ
ਭੂਮਿਕਾ
(ਪਹਿਲਾ ਸੰਸਕਰਣ)
ਪੰਜਾਬੀ ਭਾਸ਼ਾ ਨੂੰ ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਉਚੇਰੀਆਂ ਸ੍ਰੇਣੀਆਂ ਦੀ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਬਣਾਉਣਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਇਕ ਪ੍ਰਮੁੱਖ ਟੀਚਾ ਹੈ। ਇਸ ਟੀਚੇ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਵੀ ਸੀ ਸਾਹਿਬਾਂ ਦੀ ਸਰਪ੍ਰਸਤੀ ਹੇਠ ਪੰਜਾਬੀ ਭਾਸ਼ਾ ਤੇ ਸਾਹਿੱਤ ਦਾ ਹਰ ਪੱਖੋਂ ਪ੍ਰਸਾਰ ਤੇ ਵਿਸਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਸ਼ੇਸ਼ ਮਨੋਰਥਾਂ ਦੀ ਪੂਰਤੀ ਹਿੱਤ ਡੂੰਘੀਆਂ ਖੋਜ ਪੁਸਤਕਾਂ ਦਾ ਨਿਰਮਾਣ, ਪੁਰਾਤਨ ਕਲਾਸਕੀ ਸਾਹਿੱਤ ਦਾ ਸੰਪਾਦਨ, ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੀ ਜਾਣ-ਪਛਾਣ, ਭਿੰਨ-ਭਿੰਨ ਸਾਹਿੱਤਿਕ ਰਿਸਾਲਿਆਂ ਦਾ ਪ੍ਰਕਾਸ਼ਨ ਆਦਿ ਯੋਜਨਾਵਾਂ ਚਾਲੂ ਹਨ। ਇਨ੍ਹਾਂ ਦੇ ਨਾਲ ਨਾਲ ਤਕਨੀਕੀ ਕੋਸ਼ ਸ਼ਬਦਾਵਲੀਆਂ ਤੇ ਸੰਕੇਤਾਵਲੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਮੁੱਢਲੇ ਤੇ ਬੁਨਿਆਦੀ ਸਾਹਿੱਤਿਕ ਯਤਨਾਂ ਤੋਂ ਇਲਾਵਾ ਕਾਲਜਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਪਾਠ-ਪੁਸਤਕਾਂ ਤਿਆਰ ਕਰਨ ਦੀ ਵੀ ਇਕ ਵੱਡੀ ਯੋਜਨਾ ਚਾਲੂ ਕੀਤੀ ਗਈ ਹੈ। ਪਿਛਲੇ ਕਈਆਂ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਕਾਲਜਾਂ ਦੀਆਂ ਬਹੁਤ ਸਾਰੀਆਂ ਜਮਾਤਾਂ ਲਈ ਸਿਲੇਬਸਾਂ ਅਨੁਸਾਰ ਪੰਜਾਬੀ ਪਾਠ-ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਹ ਹੱਥਲੀ ਪੁਸਤਕ ਪੰਜਾਬੀ ਸਾਹਿੱਤ ਦਾ ਇਤਿਹਾਸ' ਵੀ ਇਸੇ ਲੜੀ ਦੀ ਇਕ ਕੜੀ ਹੈ।
"ਪੰਜਾਬੀ ਸਾਹਿੱਤ ਦਾ ਇਤਿਹਾਸ' ਵਿਦਵਾਨ” ਲੇਖਕ ਡਾ. ਪਰਮਿੰਦਰ ਸਿੰਘ, ਹੈੱਡ, ਪੰਜਾਬੀ ਵਿਭਾਗ, ਗੋ. ਮਹਿੰਦਰਾ ਕਾਲਜ, ਪਟਿਆਲਾ ਨੇ ਬੜੀ ਘਾਲਣਾ ਤੇ ਸੂਝ ਨਾਲ ਤਿਆਰ ਕੀਤੀ ਹੈ। ਸਾਹਿੱਤ ਦੇ ਇਤਿਹਾਸ ਨੂੰ ਆਦਿ ਕਾਲ (ਪੂਰਵ-ਨਾਨਕ ਕਾਲ) ਤੋਂ ਲੈ ਕੇ 1700 ਈ. ਤਕ ਹੀ ਸੀਮਿਤ ਰਖਿਆ ਹੈ। ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਸੱਤ ਸੌ ਸਾਲ ਦੇ ਇਸ ਲੰਮੇ ਇਤਿਹਾਸਕ ਵਿਕਾਸ ਨੂੰ ਸੰਖੇਪ ਤੇ ਲੜੀਬੱਧ ਰੂਪ ਵਿਚ ਪੇਸ਼ ਕਰਨਾ ਬੜਾ ਔਖਾ ਕੰਮ ਹੈ, ਕਿਉਂਕਿ ਇਨ੍ਹਾਂ ਹੀ ਸਦੀਆਂ ਵਿਚ ਪੰਜਾਬੀ ਸਾਹਿੱਤ ਅੰਦਰ ਕਈ ਪ੍ਰਕਾਰ ਦੀਆਂ ਸਾਹਿੱਤਿਕ ਧਾਰਾਵਾਂ ਅਤੇ ਵੰਨਗੀਆਂ ਪੈਦਾ ਹੋਈਆਂ ਅਤੇ ਪੰਜਾਬ ਦੇ ਇਤਿਹਾਸ ਨੇ ਬੜੇ ਅਦਭੁੱਤ ਤੇ ਹੈਰਾਨੀਜਨਕ ਮੋੜ ਕੱਟੇ। ਇਤਿਹਾਸ ਦੀ ਲਗਾਤਾਰ ਵਹਿੰਦੀ ਧਾਰਾ ਨੂੰ ਨਿਯਮਾਂ ਤੇ ਸਿਧਾਂਤਾਂ ਦੇ ਚੌਖਟੇ ਵਿਚ ਨਿਯਮਿਤ ਕਰਕੇ ਸਾਹਿੱਤ ਦਾ ਸਮੁੱਚਾ ਬਿੰਬ ਉਜਾਗਰ ਕਰਨਾ ਕੋਈ ਸੌਖਾ ਕੰਮ ਨਹੀਂ, ਖ਼ਾਸ ਕਰਕੇ ਉਦੋਂ ਜਦੋਂ ਕਿ ਲੇਖਕ ਨੂੰ ਇਕ ਵਿਸ਼ੇਸ਼ ਸੰਜਮ, ਸੰਖੇਪ ਤੇ ਸਰਲ ਸ਼ੈਲੀ ਵਿਚ ਸਾਹਿੱਤ ਦੇ/ਸਮਗ੍ਰ ਇਤਿਹਾਸ ਦਾ ਸਰਵੇਖਣ ਵਰਣਨ ਤੇ ਮੁਲੰਕਣ ਕਰਨਾ ਪੈਂਦਾ ਹੈ।
ਸਾਹਿੱਤ ਦੇ ਇਤਿਹਾਸ ਦੀ ਇਸ ਪੁਸਤਕ ਨੂੰ ਪਾਠ-ਪੁਸਤਕ ਦੀਆਂ ਲੋੜਾਂ ਅਨੁਸਾਰ ਪੂਰੀ-ਸੂਰੀ, ਪਰ ਸਰਲ ਰੱਖਣਾ ਪਿਆ ਹੈ। ਇਸ ਮਨੋਰਥ ਦੀ ਪਾਲਣਾ ਵਿਚ ਲੇਖਕ ਦਾ ਇਹ ਯਤਨ ਬੜਾ ਵਿਗਿਆਨਕ, ਨਿਯਮਿਤ ਤੇ ਮਰਯਾਦਿਤ ਰਿਹਾ ਹੈ, ਜਿਹੜਾ ਆਪਣੇ ਆਪ ਵਿਚ ਮੁਕੰਮਲ ਤੇ ਸੰਪੂਰਣ ਵੀ ਹੈ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਪੱਧਰ ਦੇ ਅਨੁਕੂਲ ਵੀ ਹੈ। ਇਤਿਹਾਸਕਾਰ ਨੇ ਪੰਜਾਬੀ ਸਾਹਿੱਤ ਦੇ ਪਿਛੋਕੜ ਵਿਚ ਕੰਮ ਕਰਦੀਆਂ ਪੰਜਾਬ ਦੀਆਂ ਰਾਜਸੀ, ਧਾਰਮਿਕ, ਸਾਂਸਕ੍ਰਿਤਕ, ਸਾਹਿੱਤਿਕ ਤੇ ਆਰਥਿਕ
ਪਰਿਸਥਿਤੀਆਂ ਨੂੰ ਬੜੀ ਸਪੱਸ਼ਟਤਾ ਤੇ ਨਵੀਨਤਾ ਨਾਲ ਘੋਖ ਕੇ ਪੰਜਾਬੀ ਸਾਹਿੱਤ ਦੇ ਵਿਭਿੰਨ ਯੁਗਾਂ ਤੇ ਦੌਰਾਂ ਦੀ ਹੋਂਦ ਦਾ ਨਿਰਣਾ ਕੀਤਾ ਹੈ ਅਤੇ ਪੰਜਾਬ ਵਾਸੀਆਂ ਦੀਆਂ ਮਨੋਬਿਰਤੀਆਂ ਤੇ ਪ੍ਰਵਿਰਤੀਆਂ ਸਾਹਿੱਤ ਵਿਚ ਕਿਵੇਂ ਪ੍ਰਤਿਬਿੰਬਤ ਹੋਈਆਂ ਹਨ, ਇਨ੍ਹਾਂ ਸਾਰਿਆਂ ਤੱਤਾਂ ਤੇ ਦਿਸ਼ਾਂ ਦਾ ਮਨੋਵਿਗਿਆਨਿਕ ਅਧਿਐਨ ਵੀ ਪੇਸ਼ ਕੀਤਾ ਹੈ। ਇਨ੍ਹਾਂ ਗੱਲਾਂ ਤੋਂ ਇਲਾਵਾ, ਪੰਜਾਬੀ ਸਾਹਿੱਤ ਦੇ ਮਹਾਨ ਉਸਰੱਈਏ ਬਾਬਾ ਫਰੀਦ, ਗੁਰੂ ਨਾਨਕ, ਦਮੋਦਰ, ਸ਼ਾਹ ਹੁਸੈਨ, ਭਾਈ ਗੁਰਦਾਸ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਹਿੱਤਿਕ ਦੇਣ ਨੂੰ ਵਿਸ਼ੇਸ਼ ਵਿਧੀ ਨਾਲ ਬਿਆਨ ਕੀਤਾ ਹੈ।
ਇਸ ਸਾਰੇ ਯਤਨ ਵਿਚ ਵਿਦਵਾਨ ਲੇਖਕ ਨੇ ਇਤਿਹਾਸ ਦੀ ਇਸ ਵਿਸ਼ਾਲ ਸਾਮੱਗ੍ਰੀ ਨੂੰ ਜਿੱਥੇ ਖ਼ਾਸ ਸੁੱਚਮ ਨਾਲ ਨਿਭਾਇਆ ਹੈ, ਉਥੇ ਪੇਸ਼ ਕਰਨ ਦੀ ਸ਼ੈਲੀ ਨੂੰ ਵੀ ਸੁਆਦਲੀ, ਦਿਲਚਸਪ, ਰੋਚਕ ਤੇ ਮਨੋਹਰ ਰੱਖਣ ਦਾ ਭਰਪੂਰ ਉਪਰਾਲਾ ਕੀਤਾ ਹੈ।
ਆਸ ਹੈ ਇਹ ਸਾਹਿੱਤਿਕ ਪ੍ਰਯਤਨ ਵਿਦਿਆਰਥੀਆਂ ਤੇ ਪਾਠਕਾਂ ਦੀ ਸੁਹਜ-ਚੇਤਨਾ ਨੂੰ ਆਵੱਸ਼ ਟੁੰਬੇਗਾ ।
ਪ੍ਰੋਫੈਸਰ ਤੇ ਹੈੱਡ
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰੇਮ ਪ੍ਰਕਾਸ਼ ਸਿੰਘ
ਮੁੱਖ ਸੰਪਾਦਕ
ਪ੍ਰਵੇਸ਼ਿਕਾ
(ਪਹਿਲਾ ਸੰਸਕਰਣ)
ਕਿਸੇ ਭਾਸ਼ਾ ਦੇ ਸਾਹਿੱਤ ਨੂੰ, ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮੁੱਚੇ ਜੀਵਨ ਪ੍ਰਵਾਹ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ। ਲੋਕਾਂ ਦੇ ਜੀਵਨ ਪ੍ਰਵਾਹ ਨੂੰ ਘੜਨ, ਉਸਾਰਨ ਜਾਂ ਢਾਲਣ ਵਿਚ ਉਨ੍ਹਾਂ ਦੀ ਰਾਜਨੀਤਿਕ, ਸਮਾਜਿਕ, ਭਾਈਚਾਰਕ, ਸੰਪਰਦਾਇਕ ਜਾਂ ਧਾਰਮਿਕ ਦਸ਼ਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਲੋਕਾਂ ਦੀ ਮਨੋਬਿਰਤੀ ਨੂੰ ਉਨ੍ਹਾਂ ਦਾ ਸਭਿਆਚਾਰਕ ਤੇ ਰਾਜਸੀ ਇਤਿਹਾਸ ਉਤੇਜਿਤ ਜਾਂ ਪ੍ਰੇਰਿਤ ਕਰਦਾ ਹੈ ਤੇ ਉਹੋ ਮਨੋਬਿਰਤੀ ਪੂਰੇ ਜਾਂ ਅਧੂਰੇ ਰੂਪ ਵਿਚ ਉਨ੍ਹਾਂ ਦੇ ਸਾਹਿੱਤ ਵਿਚ ਪ੍ਰਤਿਬਿੰਬਤ ਹੁੰਦੀ ਹੈ, ਅਰਥਾਤ ਸਾਹਿੱਤ ਦਾ ਮੂਲ ਆਧਾਰ ਜਾਂ ਪ੍ਰੇਰਣਾ-ਸ੍ਰੋਤ ਲੋਕ-ਜੀਵਨ ਹੁੰਦਾ ਹੈ ਤੇ ਆਂਤ੍ਰਿਕ ਜਾਂ ਬਾਹਰੀ ਕਾਰਣਾਂ ਕਰਕੇ ਜਦੋਂ ਉਸ ਜੀਵਨ ਵਿਚ ਪਰਿਵਰਤਨ ਆ ਜਾਂਦਾ ਹੈ ਤਾਂ ਲੋਕਾਂ ਦੀ ਮਨੋਬਿਰਤੀ ਬਦਲ ਜਾਂਦੀ ਹੈ । ਇਸ ਤਰ੍ਹਾਂ ਜਦ ਅਸੀਂ ਕਿਸੇ ਭਾਸ਼ਾ ਦੀ ਸਮੁੱਚੀ ਸਾਹਿੱਤ ਸਿਰਜਣਾ ਜਾਂ ਸਾਹਿੱਤਿਕ ਵਿਕਾਸ ਨੂੰ, ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ ਇਤਿਹਾਸ ਦੀ ਗਤੀ ਨਾਲ ਮੇਲ ਕੇ ਆਦਿ ਤੋਂ ਵਰਤਮਾਨ ਤਕ ਅੰਕਿਤ ਕਰਦੇ ਹਾਂ ਤਾਂ ਇਹ ਸਾਹਿੱਤ ਦਾ ਇਤਿਹਾਸ ਬਣ ਜਾਂਦਾ ਹੈ ਅਤੇ ਜਿਥੇ ਕਿਧਰੇ ਵੀ ਇਸ ਸਮਾਜਿਕ ਇਤਿਹਾਸ ਦੀ ਗਤੀ ਵਿਚ ਕੋਈ ਪੜਾਅ, ਮੋੜ ਜਾਂ ਪਰਿਵਰਤਨ ਆ ਜਾਂਦਾ ਹੈ, ਜਿਹੜਾ ਸਾਹਿੱਤ ਦਾ ਸਰੂਪ ਜਾਂ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਬਣਦਾ ਹੈ ਤਾਂ ਉਸ ਨੂੰ ਅਸੀਂ ਇਕ ਵਿਸ਼ੇਸ਼ ਦੌਰ ਮਿਥ ਲੈਂਦੇ ਹਾਂ ਤੇ ਇਸ ਤਰ੍ਹਾਂ ਸਮੁੱਚੇ ਸਾਹਿੱਤਿਕ ਇਤਿਹਾਸ ਵਿਚ ਜਿਹੜੇ ਵੀ ਤੇ ਜਿੰਨੇ ਵੀ ਅਜਿਹੇ ਦੌਰ ਆਉਂਦੇ ਹਨ, ਉਨ੍ਹਾਂ ਨੂੰ ਜਦ ਅਸੀਂ ਭਿੰਨ-ਭਿੰਨ ਵਿਧੀਆਂ ਅਪਣਾ ਕੇ ਅਤੇ ਕੋਈ ਨਾਂ ਦੇ ਕੇ ਨਿਖੇੜਨ ਦਾ ਯਤਨ ਕਰਦੇ ਹਾਂ ਤਾਂ ਉਹ ਸਾਹਿੱਤ ਦੇ ਕਾਲ ਬਣ ਜਾਂਦੇ ਹਨ।
ਸਾਹਿੱਤ ਨੂੰ ਕਾਲਾਂ ਵਿਚ ਵੰਡਣ ਦਾ ਉੱਦੇਸ਼ ਜਾਂ ਮਨੋਰਥ ਜਿਥੇ ਭਿੰਨ-ਭਿੰਨ ਘਟਨਾਵਾਂ ਤੇ ਪ੍ਰਵਿਰਤੀਆਂ ਦੇ ਵਿਕਾਸ ਪੜਾਵਾਂ ਨੂੰ ਸਪੱਸ਼ਟ ਕਰਨਾ ਅਤੇ ਸਾਹਿੱਤ ਦੀਆਂ ਭਿੰਨ-ਭਿੰਨ ਧਾਰਾਵਾਂ ਦੇ ਸ੍ਰੋਤਾਂ ਅਤੇ ਪ੍ਰੇਰਣਾ ਦੇਣ ਵਾਲੇ ਤੱਤਾਂ ਦਾ ਨਿਰੂਪਣ ਕਰਨਾ ਹੁੰਦਾ ਹੈ, ਉਥੇ ਸਾਹਿੱਤ-ਰੂਪਾਂ ਦਾ ਵਿਕਾਸ, ਸਾਹਿੱਤ ਦੀਆਂ ਵੱਖ-ਵੱਖ ਅੰਤਰ-ਧਾਰਾਵਾਂ ਦਾ ਵਿਸ਼ਲੇਸ਼ਣ ਅਤੇ ਸਾਹਿੱਤ ਦੇ ਮੂਲ ਗੁਣਾਂ ਦੀ ਤੁਲਨਾਤਮਕ ਮੁਲੰਕਣ ਵੀ ਬਹੁਤ ਹੱਦ ਤਕ ਇਸੇ ਨਾਲ ਹੀ ਜੁੜਿਆ ਹੋਇਆ ਹੈ । ਇਕ ਯੁੱਗ ਦੀ ਸਾਹਿੱਤਿਕ ਚੇਤੰਨਤਾ ਉਪਰੋਕਤ ਆਂਤ੍ਰਿਕ ਜਾਂ ਬਾਹਰੀ ਕਾਰਣਾਂ ਕਰਕੇ ਜਦ ਮੱਧਮ ਪੈਣ ਲਗਦੀ ਹੈ ਅਤੇ ਨਵੀਂ ਚੇਤੰਨਤਾ ਨੂੰ ਜਨਮ ਦਿੰਦੀ ਦਿਖਾਈ ਦਿੰਦੀ ਹੈ ਤਾਂ ਨਿਸ਼ਚੇ ਹੀ ਇਸ ਨੂੰ ਅਸੀਂ ਨਵੇਂ ਦੌਰ ਜਾਂ ਕਾਲ ਦਾ ਆਰੰਭ ਆਖ ਸਕਦੇ ਹਾਂ ਅਤੇ ਜੀਵਨ-ਗਤੀ ਵਾਂਗ ਸਾਹਿੱਤ ਦੀ ਕਿਸੇ ਵਿਸ਼ੇਸ਼ ਰੁੱਚੀ, ਪ੍ਰਵਿਰਤੀ ਜਾਂ ਧਾਰਾ ਦੇ ਉੱਥਾਨ ਤੇ ਪਤਨ ਦੇ ਇਤਿਹਾਸਕ-ਕ੍ਰਮ ਨੂੰ ਸਾਹਮਣੇ ਰੱਖ ਕੇ ਨਿਖੇੜਨ ਦਾ ਯਤਨ ਕਰਦੇ ਹਾਂ, ਪਰ ਇਸ ਤੱਥ ਨੂੰ ਵੀ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ ਕਿ ਕਿਸੇ ਯੁਗ ਵਿਸ਼ੇਸ਼ ਦੀ ਸਾਹਿੱਤਿਕ ਚੇਤੰਨਤਾ ਪੂਰੀ ਤਰ੍ਹਾਂ ਕਦੇ ਵੀ ਖ਼ਤਮ ਜਾਂ ਲੋਪ ਨਹੀਂ ਹੁੰਦੀ । ਸਮਾਂ ਪਾ ਕੇ ਮੱਧਮ ਜ਼ਰੂਰ ਪੈ ਜਾਂਦੀ ਹੈ ਤੇ ਨਵੇਂ ਦੌਰ ਦੀ ਪ੍ਰਮੁੱਖ ਧਾਰਾ ਜਾਂ ਪ੍ਰਧਾਨ ਸੁਰ ਦੇ ਟਾਕਰੇ ਤੇ ਆਪਣਾ ਗੌਰਵ ਜਾਂ ਮਹੱਤਵ ਖੋਇਆ ਮਹਿਸੂਸ ਕਰਦੀ ਹੈ ਤੇ ਇਸ ਨਾਲ ਅਸੀਂ ਸਾਹਿੱਤ ਦੇ ਇਤਿਹਾਸ ਦੇ ਅਗਲੇ ਦੌਰ ਜਾਂ ਪੜਾਅ ਦਾ ਜ਼ਿਕਰ ਆਰੰਭ ਦਿੰਦੇ ਹਾਂ।
ਸਾਹਿੱਤ ਦੀ ਉਪਜ ਤੇ ਵਿਕਾਸ ਦਾ ਮੁੱਖ ਆਧਾਰ ਪਰੰਪਰਾ ਤੇ ਵਾਤਾਵਰਣ ਹੁੰਦਾ ਹੈ । ਪਰੰਪਰਾ ਨੂੰ ਤਿਆਗ ਕੇ ਅਤੇ ਆਪਣੇ ਦੌਰ ਜਾਂ ਕਾਲ ਦੇ ਵਾਤਾਵਰਣ ਵਲੋਂ ਅੱਖਾਂ ਮੀਟ ਕੇ ਸਾਹਿੱਤ ਦੀਆਂ ਮੂਲ ਪ੍ਰਵਿਰਤੀਆਂ ਜਾਂ ਵਿਕਾਸ-ਧਾਰਾਵਾਂ ਦਾ ਠੀਕ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਪਰੰਪਰਾਈ ਤੇ ਵਾਤਾਵਰਣਿਕ ਜੋੜ-ਨਿਖੇੜ ਸਾਹਿੱਤ ਦੇ ਇਤਿਹਾਸ ਦੇ ਅਧਿਐਨ ਲਈ ਲਾਹੇਵੰਦ ਹੋ ਸਕਦਾ ਹੈ। ਸਮਾਜ ਸ਼ਾਸਤਰੀਆਂ ਨੇ ਸਮਾਜਿਕ ਢਾਂਚੇ ਦੀ
ਬਣਤਰ ਦੇ ਕੁਝ ਆਧਾਰ ਮਿਥੇ ਹਨ ਤੇ ਇਸ ਬਣਤਰ ਵਿਚ ਸਮੇਂ ਸਮੇਂ ਹੁੰਦੇ ਪਰਿਵਰਤਨ ਦੇ ਕਾਰਣਾਂ ਦਾ ਵੀ ਪੂਰਨ ਭਾਂਤ ਵਿਸਲੇਸਣ ਕੀਤਾ ਹੈ । ਜਦ ਅਸੀਂ ਸਾਹਿੱਤ ਨੂੰ ਸਮਾਜ ਦਾ ਸ਼ੀਸ਼ਾ ਆਖਦੇ ਹਾਂ ਤਾਂ ਸਮਾਜਿਕ ਢਾਂਚੇ ਦੀ ਤਬਦੀਲੀ ਕਿਥੇ ਤੇ ਕਿਵੇਂ ਸਾਹਿਤ ਸਿਰਜਣਾ ਦੀ ਗਤੀ ਤੇ ਪ੍ਰਵਿਰਤੀ ਨੂੰ ਮੋੜ ਦਿੰਦੀ ਹੈ, ਇਹ ਸਮਝਣਾ ਅੱਖੀ ਗੱਲ ਨਹੀਂ।
ਕਿਸੇ ਭਾਸ਼ਾ ਦੇ ਤਿੰਨ-ਤਿੰਨ ਸਾਹਿੱਤਿਕ ਰੂਪਾਂ ਦੇ ਵਿਕਾਸ ਅਤੇ ਉਪਜੇ ਸਾਹਿੱਤ ਦੇ ਵਿਸ਼ੈ-ਵਸਤੂ ਦੇ ਬੌਧਿਕ, ਵਿਗਿਆਨਕ, ਨਿਸਚਿਤ ਅਤੇ ਸਿਲਸਿਲੇਵਾਰ ਜਾਂ ਲੜੀਬੱਧ ਅਧਿਐਨ ਨੂੰ ਸਾਹਿਤ ਦਾ ਇਤਿਹਾਸ ਆਖਿਆ ਜਾਂਦਾ ਹੈ। ਪੰਜਾਬੀ ਵਿਚ ਸਾਹਿੱਤ ਸਿਰਜਣਾ ਤਾਂ ਭਾਵੇਂ ਅੱਠਵੀਂ ਨੌਵੀਂ ਸਦੀ ਈਸਵੀ ਤੋਂ ਹੋ ਰਹੀ ਹੈ, ਪਰ ਸਾਹਿੱਤ ਦੇ ਇਤਿਹਾਸ ਲਿਖਣ ਵਲ ਵਿਦਵਾਨਾਂ ਦਾ ਧਿਆਨ ਵੀਹਵੀਂ ਸਦੀ ਵਿਚ ਹੀ ਗਿਆ ਹੈ ਅਤੇ ਨਿਸਚੇ ਹੀ ਇਸ ਨੂੰ ਪੱਛਮ ਪ੍ਰਭਾਵਾਂ ਦਾ ਸਿੱਟਾ ਆਖਿਆ ਜਾ ਸਕਦਾ ਹੈ। ਵਿਆਕਰਣ ਸ਼ਬਦਾਵਲੀਆਂ ਤੇ ਕੋਸ਼ਾਂ ਵਾਂਗ, ਆਪਣੇ ਪੁਰਾਤਨ ਸਾਹਿੱਤਿਕ ਵਿਰਸੇ ਨੂੰ ਸਾਂਭ ਕੇ ਉਸ ਨੂੰ ਇਤਿਹਾਸਕ-ਕ੍ਰਮ, ਘਟਨਾ ਕ੍ਰਮ ਜਾਂ ਪ੍ਰਵਿਰਤੀ ਅਨੁਸਾਰ ਤਰਤੀਬ ਦੇ ਕੇ ਉਸ ਦਾ ਯੋਗ ਮੁਲੰਕਣ, ਸਾਹਿੱਤ ਦੇ ਇਤਿਹਾਸ ਦੀ ਮੁੱਢਲੀ ਮੰਗ ਤੇ ਲੋੜ ਹੁੰਦੀ ਹੈ। ਪਹਿਲੋਂ ਪਹਿਲ ਅੱਡ- ਅੱਡ ਖੇਤਰਾਂ ਜਾਂ ਅੱਡ-ਅੱਡ ਰੁਚੀਆਂ ਵਾਲੇ ਲੇਖਕਾਂ ਨੂੰ ਇਕੱਤ੍ਰਿਤ ਜਾਂ ਸੰਗ੍ਰਹਿਤ ਕਰਕੇ ਉਨ੍ਹਾਂ ਦੇ ਮਹੱਤਵ ਨੂੰ ਦਰਸਾਉਣ ਲਈ ਉਨ੍ਹਾਂ ਨੂੰ ਰਚਨਾ-ਕਾਲ ਦੇ ਸੰਦਰਭ ਵਿਚ ਰੱਖ ਕੇ ਕੁਝ ਟੀਕਾ-ਟਿੱਪਣੀ ਸਮੇਤ ਪਾਠਕਾਂ ਦੇ ਦ੍ਰਿਸ਼ਟੀ-ਗੋਚਰ ਕੀਤਾ ਜਾਂਦਾ ਹੈ । ਇਹੋ ਜਿਹੇ ਮੁੱਢਲੇ ਯਤਨ ਨਿਰਸੰਦੇਹ ਪੱਛਮੀ ਵਿਦਵਾਨਾਂ ਵਲੋਂ ਹੀ ਕੀਤੇ ਗਏ, ਜਿਨ੍ਹਾਂ ਨੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਅਤੇ ਆਪਣੇ ਰਾਜ ਨੂੰ ਪੱਕਿਆ ਪੈਰਾਂ ਤੇ ਕਰਨ ਲਈ ਭਾਰਤ ਵਾਸੀਆਂ ਦੇ ਧਰਮ, ਸੰਸਕ੍ਰਿਤੀ, ਇਤਿਹਾਸ ਤੇ ਰਹੁ-ਰੀਤਾਂ ਦਾ ਡੂੰਘਾ ਅਧਿਐਨ ਕੀਤਾ ਤਾਂ ਜੋ ਉਨ੍ਹਾਂ ਦੇ ਸੰਸਕਾਰ ਤੇ ਭਾਵਨਾਵਾਂ ਨੂੰ ਧਿਆਨ ਵਿਚ ਰਖ ਕੇ ਰਾਜ-ਪ੍ਰਬੰਧ ਦੀਆਂ ਨੀਤੀਆਂ ਘੜੀਆਂ ਜਾ ਸਕਣ। ਇਸ ਉਦੇਸ਼ ਦੀ ਪੂਰਤੀ ਅਧੀਨ ਕੀਤੇ ਗਏ ਯਤਨਾਂ ਦੇ ਪ੍ਰਤਿਫਲ ਵਜੋਂ ਸਰ ਰਿਚਰਡ ਟੈਂਪਲ (ਲੀਜੰਡਜ਼ ਫ੍ਰਾਮ ਦੀ ਪੰਜਾਬ), ਨਾਰਟਰਨ (ਦੀ ਵਰਨੈਕੂਲਰ ਲਿਟਰੇਚਰ ਐਂਡ ਫੋਕਲੋਰ ਆਫ ਦੀ ਪੰਜਾਬ), ਗ੍ਰੀਅਰਸਨ (ਲਿੰਗੁਇਸਟਿਕ ਸਰਵੇ ਆਫ ਇੰਡੀਆ) ਤੇ ਅਜਿਹੀਆਂ ਕੁਝ ਕੁ ਹੋਰ ਭਾਸ਼ਾਈ ਤੇ ਸਾਹਿੱਤਿਕ ਮਹੱਤਵ ਵਾਲੀਆਂ ਕ੍ਰਿਤਾਂ ਸਾਹਮਣੇ ਆਈਆਂ। ਵਾਸਤਵ ਵਿਚ ਪੰਜਾਬੀ ਸਾਹਿੱਤ ਦੇ ਇਤਿਹਾਸ ਲਈ ਸਾਮਗ੍ਰੀ ਇਕੱਤਰ ਕਰਨ ਵਲ ਇਹ ਪਹਿਲਾ ਯਤਨ ਸੀ । ਬਾਬਾ ਬੁਧ ਸਿੰਘ (ਕਰਤਾ ਬੰਬੀਹਾ ਬੋਲ, ਹੰਸ-ਚੋਗ ਤੇ ਕੋਇਲ ਕੂ) ਤੇ ਮੌਲਾ ਬਖ਼ਤ ਕੁਸ਼ਤਾ (ਪੰਜਾਬ ਦੇ ਹੀਰੇ) ਪਹਿਲੇ ਪੰਜਾਬੀ ਵਿਦਵਾਨ ਹਨ ਜਿਨ੍ਹਾਂ ਨੇ ਪੰਜਾਬੀ ਸਾਹਿੱਤ ਦੇ ਇਤਿਹਾਸ ਦਾ ਕੱਚਾ ਖਰੜਾ ਤਿਆਰ ਕੀਤਾ ਤੇ ਡਾ. ਮੋਹਨ ਸਿੰਘ ਨੇ ਡੀ ਲਿੱਟ ਦੀ ਡਿਗਰੀ ਲਈ ਲਿਖੇ ਆਪਣੇ ਸੋਧ-ਪ੍ਰਬੰਧ (ਏ ਹਿਸਟਰੀ ਆਫ ਪੰਜਾਬੀ ਲਿਟਰੇਚਰ - ਲਾਹੌਰ 1933) ਦੁਆਰਾ ਇਸ ਨੂੰ ਨਿਯਮਿਤ, ਨਿਸਚਿਤ ਤੇ ਵਿਗਿਆਨਿਕ ਰੂਪ ਦਿੱਤਾ।
ਪੰਜਾਬੀ ਸਾਹਿੱਤ ਦੇ ਮੁੱਢਲੇ ਇਤਿਹਾਸਕਾਰਾਂ ਵਿਚ ਡਾ. ਬਨਾਰਸੀ ਦਾਸ ਜੈਨ, ਡਾ. ਗੁਪਾਲ ਸਿੰਘ ਦਰਦੀ ਤੇ ਡਾ. ਸੁਰਿੰਦਰ ਸਿੰਘ ਕੋਹਲੀ ਦੇ ਨਾਂ ਲਏ ਜਾ ਸਕਦੇ ਹਨ, ਜਿਨ੍ਹਾਂ ਨੇ ਪੰਜਾਬੀ ਪਾਠਕਾਂ ਨੂੰ ਸਹੀ ਅਰਥਾਂ ਵਿਚ ਆਪਣੇ ਸਾਹਿੱਤਿਕ ਵਿਰਸੇ ਤੋਂ ਜਾਣੂ ਕਰਵਾਇਆ। ਹੁਣ ਤਕ ਦੋ ਦਰਜਨ ਦੇ ਕਰੀਬ ਵਿਦਵਾਨਾਂ ਵੱਲੋਂ ਜਾਂ ਸੰਸਥਾਵਾਂ ਵੱਲੋਂ ਇਤਿਹਾਸ ਲਿਖੇ ਜਾਂ ਲਿਖਵਾਏ ਜਾ ਚੁੱਕੇ ਹਨ (ਜਿਨ੍ਹਾਂ ਦਾ ਵੇਰਵਾ ਇਸ ਪੁਸਤਕ ਦੇ ਅਖੀਰ ਵਿਚ ਦਿੱਤਾ ਗਿਆ ਹੈ) ਜਿਹੜੇ ਪੂਰੇ ਜਾਂ ਅਧੂਰੈ, ਸੰਖਿਪਤ ਜਾਂ ਵਿਸਤ੍ਰਿਤ, ਅੱਡ-ਅੱਡ ਲੋੜਾਂ ਜਾਂ ਦ੍ਰਿਸ਼ਟੀਆਂ ਦੇ ਲਖਾਇਕ, ਅੱਜ ਸਾਡੇ ਹੱਥਾਂ ਵਿਚ ਹਨ। ਹਰ ਵਿਅਕਤੀਗਤ ਯਤਨ ਕਿਸੇ ਨਾ ਕਿਸੇ ਪੱਖੋਂ ਊਣਾ ਜਾਂ ਅਪੂਰਨ ਹੈ ਅਤੇ ਹੁਣ ਤਕ ਛਪੇ ਕਿਸੇ ਵੀ ਇਤਿਹਾਸ ਨੂੰ ਪਰਿਪੂਰਨ, ਪ੍ਰਮਾਣਿਕ ਜਾਂ ਸਰਬ-ਪੱਖੀ ਨਹੀਂ ਆਖਿਆ ਜਾ ਸਕਦਾ।
ਸਾਹਿੱਤ ਦਾ ਇਹ ਹੱਥਲਾ ਇਤਿਹਾਸ ਵੀ ਇਕ ਨਿਸਚਿਤ ਤੇ ਨਿਯਮਿਤ ਵਿਧੀ ਅਨੁਸਾਰ, ਇਕ ਪਾਸ ਮਨੋਰਥ ਤੇ ਖ਼ਾਸ ਪੱਧਰ ਨੂੰ ਧਿਆਨ ਵਿਚ ਰੱਖ ਕੇ ਲਿਖਿਆ ਗਿਆ ਹੈ ਅਤੇ ਕੇਵਲ 1700 ਈ ਤੱਕ ਦੀ ਸਾਹਿੱਤਿਕ ਪ੍ਰਾਪਤੀ ਜਾਂ ਗਤੀ ਨੂੰ ਹੀ ਬਿਆਨਦਾ ਹੈ । ਬਹੁਤ ਡੂੰਘਾਈ ਜਾਂ ਵੇਰਵਿਆਂ ਵਿਚ ਜਾਣ ਦੀ ਥਾਂ, ਇਸ ਨੂੰ ਇਕ ਸੀਮਾ ਤਕ ਰੱਖਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੇ ਕਾਲਾਂ ਦੇ ਸਾਹਿੱਤਿਕ ਇਤਿਹਾਸ ਸੰਬੰਧੀ ਲੋੜੀਂਦੀ ਸਾਮਗ੍ਰੀ ਦਿੱਤੀ ਜਾ ਸਕੇ। 1700 ਈ. ਤੱਕ ਇਸ ਨੂੰ ਇਸ ਲਈ ਸੀਮਿਤ ਕੀਤਾ ਗਿਆ ਹੈ ਕਿਉਂਜੋ ਉਸ ਵੇਲੇ ਤਕ ਸਾਡੇ ਪੁਰਾਣੇ ਸਾਹਿੱਤ ਵਿਚ ਜਿਹੜੀ ਸਾਹਿੱਤਿਕ ਮਰਯਾਦਾ ਸਥਾਪਤ ਹੋ ਚੁੱਕੀ ਸੀ ਤੇ
ਸਾਹਿੱਤ ਦੇ ਜਿਹੜੇ ਜਿਹੜੇ ਰੂਪ ਜਾਂ ਪੱਖ ਅਪਣਾਏ ਜਾ ਚੁੱਕੇ ਸਨ, ਉਨ੍ਹਾਂ ਦੀ ਜਾਣਕਾਰੀ ਦੇ ਕੇ, ਪੁਰਾਤਨ ਪੰਜਾਬੀ ਸਾਹਿੱਤ ਦੇ ਗੌਰਵ ਨੂੰ ਦਰਸਾਇਆ ਜਾ ਸਕੇ ਅਤੇ ਉਨ੍ਹਾਂ ਕਾਰਣਾ ਦਾ ਵੀ ਵਿਸਲੇਸਣ ਕੀਤਾ ਜਾ ਸਕੇ ਜਿਨ੍ਹਾਂ ਦੇ ਆਧਾਰ ਤੇ ਗੁਰੂ ਨਾਨਕ ਕਾਲ ਦੇ ਸਾਹਿਤ ਨੂੰ, ਸੁਨਹਿਰੀ ਕਾਲ ਆਖਿਆ ਜਾਣ ਲਗ ਪਿਆ ਹੈ । ਜਿਸ ਤਰ੍ਹਾਂ ਉਪਰ ਹਵਾਲਾ ਦਿੱਤਾ ਜਾ ਚੁੱਕਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਨਾਲ ਤੇ ਅਖੀਰ ਸ਼ਕਤੀਸ਼ਾਲੀ ਮੁਗਲ ਸਮਰਾਟ ਦੀ ਮ੍ਰਿਤੂ ਨਾਲ ਸਮਾਜਿਕ ਤੇ ਰਾਜਸੀ ਜੀਵਨ ਵਿਚ ਇਕ ਨਵੇਂ ਦੌਰ ਦਾ ਆਰੰਭ ਹੁੰਦਾ ਹੈ। ਜੀਵਨ ਦੇ ਲਕਸ਼ ਆਦਰਸ ਜਾਂ ਕੀਮਤਾਂ ਵਿਚ ਇਕ ਮਹਾਨ ਤਬਦੀਲੀ ਆ ਗਈ ਤੇ ਜੁਗ ਗਰਦੀਆਂ ਤੇ ਬਦੇਸੀ ਹੱਲਿਆਂ ਕਾਰਣ ਸਮਾਜਿਕ ਢਾਂਚਾ ਬਿਖਰ ਗਿਆ ਅਤੇ ਇਸ ਅਨਿਸਚਿਤਤਾ ਕਾਰਣ ਸਾਹਿੱਤ ਦੀ ਗਤੀ ਵਿਚ ਵੀ ਰੋਕ ਪਈ। ਇਸ ਪੁਸਤਕ ਵਿਚ ਸਾਹਿਤਿਕ ਗਤੀ ਦੀ ਚੜ੍ਹਤ ਨੂੰ ਦਰਸਾਇਆ ਗਿਆ ਹੈ ਜਦ ਕਿ 1708 ਈ. ਤੋਂ ਇਸ ਦੇ ਪਤਨ ਦਾ ਦੌਰ ਆਰੰਭ ਹੋ ਜਾਂਦਾ ਹੈ।
ਸਾਹਿੱਤ ਦੇ 1700 ਈ. ਤੱਕ ਦੇ ਸਮੇਂ ਨੂੰ ਅਸੀਂ ਦੋ ਕਾਲਾਂ ਵਿਚ ਵੰਡਿਆ ਹੈ । 1500 ਈ. ਤੱਕ ਨੂੰ ਪੂਰਵ- ਨਾਨਕ ਕਾਲ ਤੇ 1501 ਤੋਂ 1700 ਈ. ਤੱਕ ਨੂੰ ਗੁਰੂ ਨਾਨਕ ਕਾਲ ਦਾ ਨਾਂ ਦਿੱਤਾ ਹੈ । ਸਾਹਿੱਤ ਦੇ ਇਤਿਹਾਸ ਨੂੰ ਕਾਲਾਂ ਵਿਚ ਵੰਡਣ ਤੇ ਹਰ ਕਾਲ ਨੂੰ ਢੁੱਕਵਾਂ ਨਾਂ ਦੇਣ ਸੰਬੰਧੀ ਵੀ ਸੰਖੇਪ ਵਿਚ ਇਥੇ ਚਰਚਾ ਕਰਨੀ ਜ਼ਰੂਰੀ ਪ੍ਰਤੀਤ ਹੁੰਦੀ ਹੈ। 850 ਈ ਤੋਂ 1500 ਈ ਤਕ ਰਚੇ ਗਏ ਸਾਹਿੱਤ ਨੂੰ ਇਨ੍ਹਾਂ ਨਾਵਾਂ ਨਾਲ ਅੰਕਿਤ ਕੀਤਾ ਜਾਂਦਾ ਹੈ :
(ੳ) ਪੰਜਾਬੀ ਸਾਹਿੱਤ ਦਾ ਮੁੱਢਲਾ ਕਾਲ ਜਾਂ ਆਦਿ ਕਾਲ
(ਅ) ਨਾਥ ਜੋਗੀਆਂ ਦਾ ਸਮਾਂ
(ੲ) ਫਰੀਦ ਕਾਲ
(ਸ) ਪੂਰਵ-ਨਾਨਕ ਕਾਲ
ਇਸੇ ਤਰ੍ਹਾਂ 1501 ਈ ਤੋਂ 1700 ਈ ਤੱਕ ਦੇ ਸਾਹਿਤਿਕ ਦੌਰ ਨੂੰ ਹੇਠ ਲਿਖੇ ਨਾ ਦਿੱਤੇ ਜਾਂਦੇ ਹਨ :
(ੳ) ਮੁਗ਼ਲ ਰਾਜ ਦਾ ਸਮਾਂ
(ਅ) ਗੁਰੂ ਸਾਹਿਬਾਨ ਦਾ ਜਮਾਨਾ
(ੲ) ਗੁਰੂ ਨਾਨਕ ਕਾਲ
(ਸ) ਵਿਚਕਾਰਲਾ ਸਮਾਂ (ਮੱਧ ਕਾਲ)
ਮੱਧ ਕਾਲ ਦੇ ਸਾਹਿੱਤ ਵਿਚ ਬਾਕੀ ਸਾਹਿੱਤਕਾਰਾਂ ਦੇ ਟਾਕਰੇ ਤੇ ਗੁਰੂ ਨਾਨਕ ਦੀ ਸਭ ਤੋਂ ਸ੍ਰੇਸ਼ਟ ਪਦਵੀ ਹੈ। ਉਹ ਨਾ ਕੇਵਲ ਇਕ ਮਹਾਨ ਸਾਹਿੱਤਕਾਰ ਹੀ ਸਨ ਸਗੋਂ ਸਮੁੱਚੀ ਗੁਰਮਤਿ ਕਾਵਿ-ਧਾਰਾ, ਆਪ ਦੀ ਪ੍ਰਤਿਭਾ ਤੇ ਸਖ਼ਸੀਅਤ ਦੇ ਦੁਆਲੇ ਹੀ ਘੁੰਮਦੀ ਹੈ ਅਤੇ ਇਸੇ ਲਈ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਆਪਣੀ ਰਚਨਾ ਵਿਚ 'ਨਾਨਕ' ਨਾਮ ਦੀ ਹੀ ਵਰਤੋਂ ਕੀਤੀ। ਮੱਧ ਕਾਲ ਦੇ ਸਾਹਿੱਤ ਦੀ ਪ੍ਰਧਾਨ ਸੁਰ ਵੀ ਧਾਰਮਿਕ ਭਾਵਾਂ ਵਾਲੀ ਸੀ, ਜਿਸ ਵਿਚ ਗੁਰਮਤਿ ਕਾਵਿ ਦਾ ਸਭ ਤੋਂ ਵੱਧ ਮਹੱਤਵ ਤੇ ਵਡੇਰਾ ਹੱਥ ਹੈ। ਇਸੇ ਲਈ ਇਸ ਕਾਵਿ-ਧਾਰਾ ਦੇ ਮੋਢੀ ਤੇ ਬਾਨੀ ਦੇ ਨਾਂ ਤੇ ਸਾਹਿੱਤ ਦੇ ਇਸ ਕਾਲ ਦਾ ਨਾਂ "ਗੁਰੂ ਨਾਨਕ ਕਾਲ ਰਖਣਾ ਢੁੱਕਵਾਂ ਤੇ ਉਚਿਤ ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਤੋਂ ਪਹਿਲਾਂ ਸਾਹਿਤ ਸਿਰਜਣਾ ਦੀ ਇਕ ਨਿਖੜਵੀਂ ਮਰਯਾਦਾ ਹੋਂਦ ਵਿਚ ਆ ਚੁੱਕੀ ਸੀ ਜਿਸ ਨੂੰ ਆਧਾਰ ਬਣਾ ਕੇ ਹੀ ਅਗਲੇ ਸਾਹਿੱਤ ਦਾ ਠੀਕ ਮੁੱਲ ਪਾਇਆ ਜਾ ਸਕਦਾ ਹੈ। ਬਾਬਾ ਫਰੀਦ ਦੀ ਸਖ਼ਸੀਅਤ ਵੀ ਨਿਸਚੇ ਹੀ ਅਦੁੱਤੀ ਹੈ ਅਤੇ ਵਿਦਵਾਨਾਂ ਨੇ ਉਸ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਆਖਿਆ ਹੈ, ਪਰ ਫਰੀਦ ਨੇ ਜਿਸ ਧਾਰਾ ਨੂੰ ਜਨਮ ਦਿੱਤਾ. ਉਸ ਦਾ ਵਿਕਾਸ ਕਾਫੀ ਸਮਾਂ ਪਾ ਕੇ ਹੋਇਆ। ਨਾਲ ਹੀ ਬਾਬਾ ਫਰੀਦ ਦੀ ਰਚਨਾ ਸਾਡੇ ਤਕ ਗੁਰੂ ਗ੍ਰੰਥ ਸਾਹਿਬ ਦੁਆਰਾ ਹੀ ਪੁੱਜੀ ਅਤੇ ਇਹ ਗੁਰਮਤਿ ਕਾਵਿ ਦਾ ਅੰਗ ਬਣ ਗਈ। ਇਸ ਲਈ ਪਹਿਲੇ ਕਾਲ ਨੂੰ ਬਾਬਾ ਫਰੀਦ ਕਾਲ ਦੀ ਬਜਾਇ 'ਪੂਰਵ-ਨਾਨਕ ਕਾਲ’ ਆਖਣਾ ਹੀ ਉਚਿੱਤ ਪ੍ਰਤੀਤ ਹੁੰਦਾ ਹੈ।
ਆਸ ਹੈ ਪੰਜਾਬੀ ਦੇ ਮੁੱਢਲੇ ਮੱਧ-ਕਾਲ ਦੇ ਸਾਹਿੱਤ ਦਾ ਇਹ ਸੰਖੇਪ ਇਤਿਹਾਸ, ਵਿਦਿਆਰਥੀਆਂ ਤੇ ਆਮ ਪਾਠਕਾਂ ਨੂੰ ਯੋਗ ਸੇਧ ਤੇ ਆਵੱਸ਼ਕ ਜਾਣਕਾਰੀ ਦੇਣ ਵਿਚ ਸਹਾਇਤਾ ਕਰੇਗਾ।
ਪਰਮਿੰਦਰ ਸਿੰਘ (ਡਾ.)
ਤਤਕਰਾ
ਭੂਮਿਕਾ
ਪ੍ਰਵੇਸ਼ਿਕਾ
1. ਪੰਜਾਬ ਤੇ ਪੰਜਾਬੀ
(ਓ) ਪਿਛੋਕੜ
(ਅ) ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ
(ੲ) ਪੰਜਾਬੀ ਭਾਸ਼ਾ ਦਾ ਵਿਕਾਸ
(ਸ) ਪੰਜਾਬੀ ਦੀਆਂ ਵਿਸ਼ੇਸ਼ਤਾਵਾਂ
(ਹ) ਗੁਰਮੁਖੀ ਲਿੱਪੀ
2. ਪੰਜਾਬੀ ਸਾਹਿੱਤ ਦਾ ਪੂਰਵ-ਨਾਨਕ ਕਾਲ
(ਓ) ਪਿਛੋਕੜ
ਅ) ਸਾਹਿੱਤ ਸਿਰਜਣਾ
(ੲ) ਸੰਭਾਵਨਾਵਾਂ
(ਸ) ਪ੍ਰਾਪਤੀਆਂ
3. ਆਦਿ ਕਾਲ ਦੇ ਸਾਹਿੱਤ ਦੀਆਂ ਪ੍ਰਮੁੱਖ ਧਾਰਾਵਾਂ ਤੇ ਮੂਲ ਪ੍ਰਵਿਰਤੀਆਂ
(ੳ) ਨਾਥ ਜੋਗੀਆਂ ਦਾ ਸਾਹਿੱਤ
ਗੋਰਖ ਨਾਥ
ਚਰਪਟ ਨਾਥ
ਚੌਰੰਗੀ ਨਾਥ
(ਅ) ਬਾਬਾ ਫਰੀਦ ਸ਼ਕਰ-ਗੰਜ
ਬਾਬਾ ਫਰੀਦ ਦੀ ਕਾਵਿ-ਕਲਾ
(ੲ) ਲੋਕ ਸਾਹਿੱਤ
(ਸ) ਵਾਰਾਂ
(ਹ) ਫੁਟਕਲ ਰਚਨਾ - ਕਿੱਸੇ ਤੇ ਵਾਰਤਕ ਆਦਿ
ਪੂਰਵ ਨਾਨਕ ਕਾਲ ਦੇ ਸਾਹਿੱਤ ਉੱਤੇ ਸਮੁੱਚੀ ਝਾਤ
4. ਗੁਰੂ ਨਾਨਕ ਕਾਲ
(ਓ) ਪਿਛੋਕੜ
(ਅ) ਗੁਰਮਤਿ ਕਾਵਿ-ਧਾਰਾ
(ੲ) ਸੂਫੀ ਕਾਵਿ-ਧਾਰਾ
(ਸ) ਕਿੱਸਾ ਕਾਵਿ-ਧਾਰਾ
(ਹ) ਬੀਰ ਕਾਵਿ-ਧਾਰਾ
(ਕ) ਵਾਰਤਕ
(ਖ) ਭਾਸ਼ਾ ਤੇ ਲਿੱਪੀ
5. ਗੁਰੂ ਨਾਨਕ ਕਾਲ ਦੇ ਸਾਹਿਤ ਦੀਆਂ ਪ੍ਰਮੁੱਖ ਧਾਰਾਵਾਂ ਤੇ ਪ੍ਰਵਿਰਤੀਆਂ
(ੳ) ਗੁਰਮਤਿ ਕਾਵਿ-ਧਾਰਾ
ਗੁਰੂ ਨਾਨਕ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਰਾਮ ਦਾਸ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਤੇਗ ਬਹਾਦਰ ਜੀ
ਗੁਰੂ ਗੋਬਿੰਦ ਸਿੰਘ ਜੀ
(ਅ) ਗੁਰੂ ਗ੍ਰੰਥ ਸਾਹਿਬ ਦੀ ਸਾਹਿੱਤਿਕ ਵਿਸ਼ੇਸ਼ਤਾ
(ੲ) ਭਾਈ ਗੁਰਦਾਸ ਤੇ ਹੋਰ ਭਗਤ ਕਵੀ
ਭਾਈ ਗੁਰਦਾਸ
ਭਗਤ ਛਜੂ
ਜੱਲ੍ਹਣ
ਭਗਤ ਕਾਨ੍ਹਾ
(ਸ) ਸੂਫੀ ਕਾਵਿ-ਧਾਰਾ
ਸ਼ਾਹ ਹੁਸੈਨ
ਸੁਲਤਾਨ ਬਾਹੂ
ਸ਼ਾਹ ਸ਼ਰਫ
ਮੌਲਾਨਾ ਅਬਦੀ
(ਹ) ਕਿੱਸਾ ਕਾਵਿ-ਧਾਰਾ
ਦਮੋਦਰ
ਪੀਲੂ
ਹਾਫ਼ਿਜ਼ ਬਰਖ਼ੁਰਦਾਰ
ਅਹਿਮਦ
(ਕ) ਬੀਰ ਕਾਵਿ-ਧਾਰਾ
(ਖ) ਗੁਰੂ ਨਾਨਕ ਕਾਲ ਦੀ ਵਾਰਤਕ
(1) ਗੋਸ਼ਠਾਂ ਜਾਂ ਗੋਸ਼ਟੀਆਂ
(ੳ) ਮੱਕੇ ਦੀ ਗੋਸ਼ਟ
(ਅ) ਗੋਸ਼ਟ ਆਤਮੇ ਕੀ
(ੲ) ਅਜਿੱਤੇ ਰੰਧਾਵੇ ਦੀ ਗੋਸ਼ਟਿ
(ਸ) ਬਹੁਤ ਸਾਰੀਆਂ ਹੋਰ ਗੋਸ਼ਟਾਂ
(ਹ) ਬਾਬੇ ਲਾਲ ਨਾਲ ਗੋਸ਼ਟਿ
(ਕ) ਗੋਸ਼ਟ ਗੋਰਖ-ਭਰਥਰੀ
(ਖ) ਗੋਸ਼ਟਿ ਸ੍ਰੀ ਕ੍ਰਿਸ਼ਨ ਅਰ ਊਧੋ
(2) ਟੀਕੇ
(ਓ) ਸਿੱਧ ਗੋਸ਼ਟ ਦਾ ਟੀਕਾ
(ਅ) ਟੀਕਾ ਬਾਰਾਂ-ਮਾਹ ਤੁਖਾਰੀ
ਸੁਖਮਨੀ ਸਹੰਸਰ ਨਾਮਾ
(3) ਜਨਮ ਸਾਖੀਆਂ
(4) ਵਚਨ
(5) ਹੁਕਮਨਾਮੇ
(6) ਅਨੁਵਾਦ
(7) ਫੁਟਕਲ
ਪੁਰਾਤਨ ਪੰਜਾਬੀ ਵਾਰਤਕ ਬਾਰੇ ਸਮੁੱਚੀ ਵਿਚਾਰ
6. 1700 ਈ. ਤੱਕ ਦੇ ਪੰਜਾਬੀ ਸਾਹਿੱਤ ਉੱਤੇ ਮੋੜਵੀਂ ਝਾਤ
ਸਹਾਇਕ ਪੁਸਤਕ-ਸੂਚੀ
ਅਧਿਆਇ ਪਹਿਲਾ
ਪੰਜਾਬ ਤੇ ਪੰਜਾਬੀ
(ੳ) ਪਿਛੋਕੜ
ਫਾਰਸੀ ਭਾਸ਼ਾ ਦੇ ਦੋ ਸ਼ਬਦਾਂ, 'ਪੰਜ ਤੇ ਆਬ' (ਪੰਜ-ਪਾਣੀ) ਦੇ ਮੇਲ ਨਾਲ ਪੰਜਾਬ ਬਣਿਆ, ਜਿਹੜਾ ਪੰਜ ਦਰਿਆਵਾਂ, ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਦੇ ਪਸਾਰ ਜਾਂ ਘੇਰੇ ਵਿਚ ਆਉਣ ਵਾਲੇ ਇਲਾਕੇ ਦੇ ਸਾਂਝੇ ਨਾਂ ਵਜੋਂ ਪ੍ਰਚੱਲਿਤ ਹੋਇਆ। ਭਾਵੇਂ ਸਮੇਂ ਸਮੇਂ ਇਸ ਦੇ ਹੋਰ ਨਾਂ ਵੀ ਰੱਖੇ ਜਾਂਦੇ ਰਹੇ, ਜਿਵੇਂ 'ਸਪਤਸਿੰਧੂ', 'ਪੰਚਨਦ, ਆਦਿ, ਪਰ ਸਭ ਤੋਂ ਪਹਿਲਾਂ ਅਕਬਰ ਦੇ ਰਾਜ ਸਮੇਂ ਹੋਏ ਰਾਜਸਥਾਨ ਦੇ ਕਵੀ ਸੁੰਦਰ ਦਾਸ ਦੀ ਕਵਿਤਾ ਵਿਚ 'ਪੰਜਾਬ' ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ । ਪੰਜਾਬ ਦੀਆਂ ਹੱਦਾਂ ਵੀ ਬਦਲਦੀਆਂ ਰਹੀਆਂ ਤੇ ਵੰਡੀਆਂ ਵੀ ਪੈਂਦੀਆਂ ਰਹੀਆਂ, ਪਰ ਇਕ ਸਭਿਆਚਾਰਿਕ ਇਕਾਈ ਵਜੋਂ ਪੰਜਾਬ ਹੁਣ ਇਕ ਸਾਂਝਾ ਨਿਸਚਿਤ ਤੇ ਸਥਾਈ ਕੇਂਦਰ ਬਣ ਚੁੱਕਾ ਹੈ ਅਤੇ ਇਸ ਵਿਚ ਵਸਣ ਵਾਲੇ ਲੋਕਾਂ ਦੀ ਭਾਸ਼ਾ ਲਈ ਵੀ ਸਰਵ-ਪ੍ਰਵਾਣਿਤ ਨਾਂ 'ਪੰਜਾਬੀ' ਰਖਿਆ ਜਾ ਚੁੱਕਾ ਹੈ। ਕੌਮੀ, ਰਾਜਸੀ, ਧਾਰਮਿਕ ਜਾਂ ਸੰਪਰਦਾਇਕ ਵੱਖਰ ਤੇ ਵਖੇਵਿਆਂ ਦੇ ਬਾਵਜੂਦ ਅੱਜ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਸੱਤ ਕਰੋੜ ਦੇ ਕਰੀਬ ਸਮਝੀ ਜਾਂਦੀ ਹੈ।
ਪੰਜਾਬ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਈਸਾ ਮਸੀਹ ਦੇ ਜਨਮ ਤੋਂ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਇਥੇ ਵਿਸ਼ਵ ਦੀ ਸਭ ਤੋਂ ਪੁਰਾਣੀ ਸਭਿਅਤਾ ਭਰਪੂਰ ਤੇ ਉਨੱਤ ਰੂਪ ਵਿਚ ਹੋਂਦ ਵਿਚ ਆ ਚੁੱਕੀ ਸੀ, ਜਿਸ ਨੂੰ 'ਸਿੰਧੂ ਵਾਦੀ ਦੀ ਸਭਿਅਤਾ' ਆਖਿਆ ਜਾਂਦਾ ਹੈ ਅਤੇ ਜਿਸ ਦੀ ਥੇਹ, ਹੜੱਪਾ ਤੇ ਮੋਹਿੰਜੋਦਾੜੋ ਨਾ ਦੀਆਂ ਥਾਵਾਂ ਤੇ ਲੱਭੇ ਹਨ। ਈਸਾ ਮਸੀਹ ਤੋਂ ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਮੱਧ-ਏਸ਼ੀਆ ਤੋਂ ਆਰੀਆ ਲੋਕ ਏਥੇ ਆ ਕੇ ਵਸ ਗਏ ਅਤੇ ਏਥੇ ਹੀ ਆਰੀਆ ਸਭਿਅਤਾ ਦਾ ਪਸਾਰ ਹੋਇਆ। ਆਰੀਆ ਦੇ ਕਬੀਲੇ ਭਾਰਤ ਵਿਚ ਲਗਭਗ ਦੋ ਹਜ਼ਾਰ ਸਾਲ ਤੱਕ ਲਗਾਤਾਰ ਆਉਂਦੇ ਰਹੇ ਅਤੇ ਏਥੋਂ ਦੀਆਂ ਦੋ ਆਦਿ ਕੌਮਾਂ, ਕੋਲ ਤੇ ਦ੍ਰਾਵਿੜ, ਜਿਹੜੀਆਂ ਕ੍ਰਮਵਾਰ ਆਸਾਮ, ਬੰਗਾਲ ਤੇ ਵਿੰਧਿਆਚਲ ਅਤੇ ਭਾਰਤ ਦੇ ਉੱਤਰ, ਪੱਛਮ ਅਤੇ ਦੱਖਣ ਵਿਚ ਵੱਸੀਆਂ ਹੋਈਆਂ ਸਨ, ਉੱਤੇ ਵਿਜੈ ਪ੍ਰਾਪਤ ਕਰ ਕੇ ਸਾਰੇ ਭਾਰਤ ਉੱਤੇ ਆਰੀਆ ਸਭਿਅਤਾ ਦੀ ਪ੍ਰਭੁਤਾ ਤੇ ਸ੍ਰੇਸ਼ਟਤਾ ਸਥਾਪਤ ਕਰਨ ਵਿਚ ਸਫਲ ਹੋ ਗਏ। ਹੋਰ ਆਰੀਆ ਟੋਲਾ ਪੰਜਾਬ ਵਿਚ ਪ੍ਰਵੇਸ਼ ਉਪਰੰਤ ਪੁਰਾਣੇ ਟੋਲੇ ਨੂੰ ਅੱਗੇ ਧੱਕ ਦਿੰਦਾ ਅਤੇ ਆਪ ਉਨ੍ਹਾਂ ਦੀ ਥਾਂ ਮੱਲ ਲੈਂਦਾ ਸੀ, ਇਸ ਲਈ ਵੈਦਿਕ ਕਾਲ ਤੱਕ ਇਹ ਪੰਜਾਬ ਤੇ ਉੱਤਰ-ਪ੍ਰਦੇਸ਼ ਦੇ ਦਰਿਆਵਾਂ ਤੋਂ ਅਗਾਂਹ ਨਾ ਜਾ ਸਕੇ । ਸੰਸਾਰ ਦੇ ਸਭ ਤੋਂ ਪੁਰਾਤਨ ਗ੍ਰੰਥ 'ਰਿਗਦੇਵ' ਦੀ ਰਚਨਾ ਦੇ ਪੰਜਾਬ ਦੇ ਦਰਿਆਵਾਂ ਕੰਢੇ ਹੋਣ ਬਾਰੇ, ਸਭ ਇਤਿਹਾਸਕਾਰ ਤੇ ਵਿਦਵਾਨ ਸਹਿਮਤ ਹਨ । ਇਸ ਤਰ੍ਹਾਂ ਦੋ ਅਤਿ ਮਹੱਤਵਪੂਰਨ ਤੱਥ ਪੰਜਾਬੀਆਂ ਦੇ ਗੌਰਵ ਨੂੰ ਵਧਾਉਣ ਲਈ ਕਾਫੀ ਹਨ : (ੳ) ਸੰਸਾਰ ਦੀ ਸਭ ਤੋਂ ਮੁੱਢਲੀ ਤੇ ਅਜੋਕੇ ਪ੍ਰਮਾਣਾਂ ਅਨੁਸਾਰ ਪੂਰਨ ਸ਼ਹਿਰੀ ਸਭਿਅਤਾ ਦਾ ਮੁੱਢ ਵੀਂ ਪੰਜਾਬ ਵਿਚ ਬੱਝਾ ਅਤੇ (ਅ) ਸੰਸਾਰ ਸਾਹਿੱਤ ਦੀ ਸਭ ਤੋਂ ਪ੍ਰਾਚੀਨ ਤੇ ਸ੍ਰੇਸ਼ਟਤਮ ਰਚਨਾ
'ਰਿਗਦੇਵ' ਦੀ ਸਿਰਜਨਾ ਵੀ ਪੰਜਾਬ ਵਿਚ ਹੋਈ, ਜਿਸ ਨੂੰ ਕੁਝ ਵਿਦਵਾਨ ਉਸ ਜਮਾਨੇ ਦੀ ਪੰਜਾਬੀ ਭਾਸ਼ਾ ਵਿਚ ਲਿਖਿਆ ਗਿਆ ਮੰਨਦੇ ਹਨ।
ਸਮੇਂ ਸਮੇਂ ਉੱਤਰ-ਪੱਛਮੀ ਸੀਮਾ ਵੱਲੋਂ ਪੰਜਾਬ ਉੱਤੇ ਅਨੇਕ ਹੱਲੇ ਹੁੰਦੇ ਰਹੇ ਅਤੇ ਯੂਨਾਨੀ, ਪਾਰਸੀ, ਚੀਨੀ, ਕੁਸ਼ਾਨ, ਹੂਨ, ਗੁੱਜਰ ਤੇ ਜੱਟ ਆਦਿ ਜਾਤੀਆਂ ਥੋੜ੍ਹੇ ਬਹੁਤੇ ਭਾਗ ਉਤੇ ਆਪਣਾ ਪ੍ਰਭਾਵ ਸਥਾਪਿਤ ਕਰਦੀਆਂ ਰਹੀਆਂ । ਸਮੁੱਚੇ ਪੰਜਾਬ ਉੱਤੇ ਛੋਟੇ-ਛੋਟੇ ਕਬੀਲਿਆਂ ਦੇ ਰਾਜੇ, ਰਾਜ ਕਰਦੇ ਸਨ ਜਿਸ ਦੇ ਫਲਸਰੂਪ ਚੰਦਰ ਗੁਪਤ ਮੌਰੀਆ ਤੋਂ ਪਹਿਲਾਂ ਪੰਜਾਬ ਕਦੇ ਵੀ ਕਿਸੇ ਰਾਜਨੀਤਿਕ ਇਕਾਈ ਵਿਚ ਨਾ ਬੱਝ ਸਕਿਆ, ਪਰ ਇਹ ਏਕਤਾ ਵੀ ਸਮਰਾਟ ਅਸ਼ੋਕ ਤੋਂ ਪਿਛੋਂ ਛੇਤੀ ਹੀ ਭੰਗ ਹੋ ਗਈ ਅਤੇ ਆਉਣ ਵਾਲੇ ਲਗਭਗ ਬਾਰਾਂ ਸੌ ਵਰ੍ਹੇ ਤਕ ਪੰਜਾਬ ਛੋਟੇ ਛੋਟੇ ਇਲਾਕਿਆਂ, ਟੋਟਿਆਂ ਜਾਂ ਖੰਡਾਂ ਵਿਚ ਵੰਡਿਆ ਗਿਆ ਅਤੇ ਦਸਵੀਂ ਸਦੀ ਈਸਵੀ ਦੇ ਅਖੀਰ ਤਕ ਸਿਵਾਇ ਜੈ ਪਾਲ ਵਰਗੇ ਇਕ ਅੱਧ ਰਾਜੇ ਦੇ, ਜਿਸ ਨੇ ਲਾਹੌਰ, ਮੁਲਤਾਨ ਤੇ ਕਸ਼ਮੀਰ ਦੇ ਸਾਰੇ ਇਲਾਕੇ ਉਤੇ ਇਕ ਸਕਤੀਸਾਲੀ ਰਾਜ ਕਾਇਮ ਕੀਤਾ, ਸਾਰਾ ਪੰਜਾਬ ਖੇਰੂੰ ਖੇਰੂੰ ਹੋਇਆ ਪਿਆ ਸੀ ਅਤੇ ਰਾਜਸੀ, ਸਭਿਆਚਾਰਿਕ ਜਾਂ ਪ੍ਰਬੰਧਕੀ, ਕਿਸੇ ਵੀ ਪੱਖੋਂ, ਇਕ ਇਕਾਈ ਵਿਚ ਬੱਝਾ ਪ੍ਰਤੀਤ ਨਹੀਂ ਸੀ ਹੁੰਦਾ।
ਗਿਆਰਵੀਂ ਸਦੀ ਦੇ ਆਰੰਭ ਤੋਂ ਹੀ ਮਹਿਮੂਦ ਗ਼ਜ਼ਨਵੀਂ ਦੇ ਹੱਲਿਆਂ ਨਾਲ ਪੰਜਾਬ ਅਸ਼ਾਂਤੀ ਦਾ ਅਖਾੜਾ ਬਣ ਗਿਆ ਅਤੇ ਲਗਭਗ ਸੌ ਵਰ੍ਹੇ ਤੱਕ ਪੱਛਮੀ ਪੰਜਾਬ ਗਜ਼ਨੀ ਦੇ ਅਧੀਨ ਰਿਹਾ ਅਤੇ ਫੇਰ ਲਗਭਗ ਤਿੰਨ ਸੌ ਸਾਲ ਤੱਕ ਗ਼ੁਲਾਮਾਂ, ਸੱਯਦਾਂ ਤੇ ਲੋਧੀਆਂ ਅਤੇ ਸ਼ੇਰ ਸ਼ਾਹ ਸੂਰੀ ਆਦਿ ਵੱਖ-ਵੱਖ ਸੁਲਤਾਨਾਂ ਤੇ ਮੁਸਲਮਾਨੀ ਖ਼ਾਨਦਾਨਾਂ ਦੀ ਕਿਸਮਤ, ਪੰਜਾਬ ਵਿਚ ਬਣਦੀ ਵਿਗੜਦੀ ਰਹੀ। ਜੋ ਵੀ ਬਾਹਰੋਂ ਆਇਆ ਉਸ ਨੇ ਏਥੋਂ ਦੀ ਵਸੋਂ ਨੂੰ ਲੁੱਟਿਆ, ਉਜਾੜਿਆ ਤੇ ਏਥੋਂ ਦੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦਾ ਨਾਸ਼ ਕੀਤਾ । ਪਹਿਲੀ ਵਾਰੀ ਕਈ ਸਦੀਆਂ ਬਾਅਦ ਮੁਗ਼ਲ ਬਾਦਸ਼ਾਹਾਂ ਵੇਲੇ ਏਥੇ ਅਮਨ-ਅਮਾਨ ਕਾਇਮ ਹੋਇਆ ਤੇ ਮੁੜ ਸ਼ਾਂਤ ਤੇ ਸੱਭਯ ਜੀਵਨ ਦਾ ਵਾਤਾਵਰਣ ਪੈਦਾ ਹੋਇਆ, ਜਿਹੜਾ ਅਠਾਰਵੀਂ ਸਦੀ ਦੇ ਮੁੱਢ ਤੱਕ, ਸਿਵਾਇ ਇੱਕਾ-ਦੁੱਕਾ ਘਟਨਾਵਾਂ ਦੇ, ਲਗਭਗ ਸਮਾਨ ਹੀ ਰਿਹਾ।
ਉਪਰੋਕਤ ਇਤਿਹਾਸਕ ਪਿਛੋਕੜ ਦਾ ਵਿਵਰਣ ਦੇਣ ਦਾ ਸਾਡਾ ਮਨੋਰਥ ਇਹ ਦੱਸਣਾ ਹੈ ਕਿ ਹਰ ਦੇਸ਼ ਦੀ ਭਾਸ਼ਾ ਤੇ ਸਾਹਿੱਤ ਦੀ ਨੁਹਾਰ ਨੂੰ ਘੜਨ, ਉਸਾਰਨ ਜਾਂ ਵਿਗਸਾਉਣ ਵਿਚ ਸਮੇਂ ਦੀ ਭੂਗੋਲਿਕ, ਰਾਜਸੀ ਤੇ ਸਭਿਆਚਾਰਕ ਸਥਿਤੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅਤੇ ਆਦਿ ਕਾਲ ਤੋਂ ਲੈ ਕੇ ਸਤਾਰਵੀਂ ਸਦੀ ਦੇ ਅਖੀਰ ਤੱਕ ਜਾਂ ਅਠਾਰਵੀਂ ਸਦੀ ਦੇ ਪਹਿਲੇ ਦਹਾਕੇ ਤਕ ਦੇ ਸਾਡੇ ਵਿਚਾਰ ਅਧੀਨ ਕਾਲ ਵਿਚ, ਪੰਜਾਬੀ ਵਿਚ ਜਿਹੜਾ ਵੀ ਸਾਹਿੱਤ ਰਚਿਆ ਗਿਆ. ਉਸ ਦਾ ਸਹੀ ਸਰਵੇਖਣ ਜਾਂ ਮੁਲਾਂਕਣ ਉਪਰੋਕਤ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾ ਸਕਦਾ ਹੈ।
ਜਿਸ ਤਰ੍ਹਾਂ ਰਾਜਸੀ ਤੇ ਇਤਿਹਾਸਕ ਤੌਰ ਤੇ ਪੰਜਾਬ ਵਿਚ ਅਣਗਿਣਤ ਤਬਦੀਲੀਆਂ ਆਉਂਦੀਆਂ ਰਹੀਆਂ, ਉਸੇ ਤਰ੍ਹਾਂ ਸਮਾਜਿਕ ਤੇ ਸਭਿਆਚਾਰਕ ਤੋਰ ਤੇ ਵੀ ਪੰਜਾਬ ਨੂੰ ਜਿੰਨੇ ਵੱਖ-ਵੱਖ ਪੜਾਵਾਂ ਵਿਚੋਂ ਲੰਘਣਾ ਪਿਆ, ਸ਼ਾਇਦ ਹੀ ਭਾਰਤ ਦੇ ਕਿਸੇ ਹੋਰ ਪ੍ਰਾਂਤ ਨੂੰ ਇਸ ਦਾ ਅਨੁਭਵ ਹੋਇਆ ਹੋਵੇ। ਦਰਾਵੜ, ਖੱਟੜ, ਸੱਖੜ, ਖੋਖਰ, ਆਰੀਏ, ਯੂਨਾਨੀ, ਪਾਰਥੀ, ਸਿਥੀਅਨ, ਹੂਨ, ਈਰਾਨੀ, ਮਿਸਰੀ, ਅਰਬੀ, ਤੁਰਕੀ, ਪਠਾਨ, ਗੱਲ ਕੀ ਸੈਂਕੜੇ ਨਿੱਕੀਆਂ ਵੱਡੀਆਂ ਕੌਮਾਂ, ਜਾਤੀਆਂ, ਕਬੀਲੇ ਪੰਜਾਬ ਵਿਚ ਆਏ । ਕਈਆਂ ਦਾ ਨਾਂ-ਨਿਸ਼ਾਨ ਮਿਟ ਗਿਆ, ਕਈ ਏਥੋਂ ਦੀ ਵਸੋਂ ਵਿਚ ਪੱਕੀ ਤਰ੍ਹਾਂ ਰਚ-ਮਿਚ ਗਏ, ਕਈ ਆਪਣੇ ਅੱਡਰੇ ਸੁਭਾਅ ਤੇ ਵਿਅਕਤਿਤਵ ਨੂੰ ਕਾਇਮ ਰੱਖਦੇ ਹੋਏ ਆਪਣਾ ਸਥਾਈ ਪ੍ਰਭਾਵ ਪਾਉਣ ਵਿਚ ਸਫਲ ਹੋਏ। ਬਾਹਰੋਂ ਆਉਣ ਵਾਲੀ ਹਰ ਜਾਤੀ ਜਾਂ ਕਬੀਲੇ ਨੇ ਆਪਣੀ ਸਭਿਅਤਾ ਰਹਿਣ-ਸਹਿਣ, ਚੱਜ-ਆਚਾਰ, ਭਾਸ਼ਾ
-------------
1. ਹਰਦੇਵ ਬਾਹਰੀ(ਡਾ.), ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਪਹਿਲਾ , ਪੰਨਾ 19
ਤੇ ਸੰਸਕ੍ਰਿਤੀ ਦੇ ਬਹੁਤੇ ਜਾਂ ਥੋੜ੍ਹੇ ਅੰਸ਼ ਵੀ ਨਾਲ ਲਿਆਂਦੇ। ਅੱਜ ਸਥਿਤੀ ਇਹ ਹੈ ਕਿ ਪੰਜਾਬੀ ਬਤੌਰ ਕੌਮ ਦੇ ਸੈਂਕੜੇ ਜਾਤੀਆਂ ਦਾ ਮਿਲਗੋਭਾ ਹੈ । ਇਨ੍ਹਾਂ ਦੀ ਸੰਸਕ੍ਰਿਤੀ ਵਿਚ ਸੈਂਕੜੇ ਬਦੇਸੀ ਅੰਸ਼ਾਂ ਦਾ ਮਿਸ਼ਰਣ ਹੈ ਤੇ ਸਹਿਜ ਸੁਭਾ ਹੀ ਇਨ੍ਹਾਂ ਦੀ ਭਾਸ਼ਾ ਵਿਚੋਂ ਵੈਦਿਕ ਭਾਸ਼ਾ ਤੋਂ ਲੈ ਕੇ ਹੁਣ ਤੱਕ ਦੀਆਂ ਸੈਂਕੜੇ ਹੋਰ ਭਾਸ਼ਾਵਾਂ ਦੇ ਸ਼ਬਦ ਤਤਸਮ ਜਾਂ ਤਦਭਵ ਰੂਪ ਵਿਚ ਪ੍ਰਾਪਤ ਤੇ ਸੁਰੱਖਿਅਤ ਹਨ।
ਇਨ੍ਹਾਂ ਜੁਗੋ ਜੁਗ ਵਾਪਰਣ ਵਾਲੀਆਂ ਤਬਦੀਲੀਆਂ, ਲੋਕਾਂ ਦੀਆਂ ਭਾਵਨਾਵਾਂ, ਰੁੱਚੀਆਂ, ਮਾਨਤਾਵਾਂ, ਰੀਝਾਂ, ਆਦਰਸ਼ਾਂ ਜਾਂ ਵਿਚਾਰ-ਧਾਰਾਵਾਂ ਦਾ ਪ੍ਰਗਟਾਵਾ ਜਾਂ ਤਿੰਨ ਤਿੰਨ ਪਰਿਸਥਿਤੀਆਂ ਦੇ ਫਲਸਰੂਪ ਉਸ ਸਿੱਟੇ ਜਾਂ ਪ੍ਰਤਿਕਰਮ ਹੀ ਸਮੁੱਚੇ ਸਾਹਿੱਤ ਦੀ ਨੁਹਾਰ ਜਾਂ ਰੂਪ-ਰੇਖਾ ਨੂੰ ਨਿਖਾਰਦੇ ਤੇ ਉਘਾੜਦੇ ਪ੍ਰਤੀਤ ਹੁੰਦੇ ਹਨ।
(ਅ) ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ
ਭਾਵੇਂ ਸਿੰਧ-ਵਾਦੀ ਦੀ ਉਨੱਤ ਤੇ ਵਿਗਸਤ ਸਭਿਅਤਾ ਦੀ ਆਪਣੀ ਉਨੰਤ ਤੇ ਵਿਗਸਤ ਭਾਸ਼ਾ ਤੇ ਲਿੱਪੀ ਸੀ ਅਤੇ ਇਸ ਦੇ ਪ੍ਰਮਾਣ ਪੁਰਾਤੱਤਵ ਵਿਭਾਗ (Archaeological Department) ਦੀਆਂ ਖੋਜਾਂ ਤੋਂ ਭਲੀ ਪ੍ਰਕਾਰ ਮਿਲਦੇ ਹਨ, ਪਰ ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਨੂੰ ਸਿੱਧ ਕਰਨ ਲਈ ਇਸ ਨੂੰ ਉਸ ਨਾਲ ਜੋੜਨਾ ਕਿਸੇ ਤਰ੍ਹਾਂ ਵੀ ਨਿਆਂਇ-ਸੰਗਤ ਪ੍ਰਤੀਤ ਨਹੀਂ ਹੁੰਦਾ, ਪਰ ਸਾਰੇ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ ਪੰਜਾਬੀ ਭਾਸ਼ਾ ਦਾ ਮੂਲ ਰਿਗਵੇਦ ਦੀ ਭਾਸ਼ਾ ਨਾਲ ਨਿਸ਼ਚੇ ਹੀ ਜਾ ਜੁੜਦਾ ਹੈ ਜਾਂ ਦੂਜੇ ਸ਼ਬਦਾਂ ਵਿਚ ਰਿਗਵੇਦ ਉਸ ਭਾਸ਼ਾ ਵਿਚ ਰਚਿਆ ਗਿਆ, ਜਿਹੜੀ ਬਹੁਤ ਹੱਦ ਤੱਕ ਉਸ ਵੇਲੇ ਦੇ ਪੰਜਾਬ ਵਿਚ ਵਰਤੀ ਜਾਂਦੀ ਸੀ ਅਤੇ ਸੰਭਵ ਹੈ ਕਿ ਉਸ ਵਿਚ ਕੋਲ ਦੇ ਦ੍ਰਾਵੜ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਸੰਮਲਿਤ ਹੋ ਗਏ ਹੋਣ। ਰਿਗਵੇਦ ਤੇ ਹੋਰ ਵੇਦਾਂ ਦੀ ਭਾਸ਼ਾ ਵਿਚਲਾ ਅੰਤਰ ਏਨਾ ਜਿਆਦਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਦੇ ਲਿਖੇ ਜਾਣ ਵਿਚ ਕਈਆਂ ਸਦੀਆਂ ਦਾ ਫਰਕ ਪੈ ਚੁੱਕਾ ਹੋਵੇਗਾ। ਵੈਦਿਕ ਭਾਸ਼ਾ ਨੂੰ ਸੋਧ ਕੇ ਅਤੇ ਵਿਆਕਰਣ ਦੇ ਨਿਯਮਾਂ ਅਨੁਸਾਰ ਢਾਲ ਕੇ ਜਦ ਸੰਸਕ੍ਰਿਤੀ ਦਾ ਜਨਮ ਹੋਇਆ ਤਾਂ ਆਮ ਬੋਲ-ਚਾਲ ਦੀ ਭਾਸ਼ਾ ਪ੍ਰਾਕ੍ਰਿਤੀ ਅਖਵਾਈ, ਜਿਹੜੀ ਅੱਠਵੀਂ ਜਾਂ ਨੌਵੀਂ ਸਦੀ ਈਸਵੀ ਤੱਕ ਪ੍ਰਚਲਿਤ ਰਹੀ ਅਤੇ ਜਿਸ ਦੇ ਤਿੰਨ ਰੂਪ (ੳ) ਮਾਗਧੀ (ਮਗਧ ਅਤੇ ਬਿਹਾਰ ਦੀ ਬੋਲੀ), (ਅ) ਸੋਰਸੈਨੀ (ਮਥਰਾ ਤੇ ਉਸ ਦੇ ਨਾਲ ਲਗਦੇ ਇਲਾਕੇ ਦੀ ਬੋਲੀ) ਅਤੇ (ੲ) ਮਹਾਰਾਸਟ੍ਰੀ (ਮਹਾਰਾਸ਼ਟ੍ਰ ਦੇ ਇਲਾਕੇ ਦੀ ਬੋਲੀ) ਮੰਨੇ ਜਾਂਦੇ ਹਨ । ਮਾਗਧੀ ਤੇ ਸੋਰਸੈਨੀ ਦੇ ਮੇਲ ਨਾਲ ਅਰਧ-ਮਾਗਧੀ ਪ੍ਰਾਕ੍ਰਿਤ ਹੋਂਦ ਵਿਚ ਆਈ, ਜਿਸ ਵਿਚ ਜੈਨ ਧਰਮ ਦੇ ਕੁਝ ਗ੍ਰੰਥ ਮਿਲਦੇ ਹਨ । ਸਮਾਂ ਪਾ ਕੇ ਜਦ ਇਨ੍ਹਾਂ ਪ੍ਰਾਕ੍ਰਿਤਾਂ ਵਿਚ ਹੀ ਚੋਖਾ ਸਾਹਿੱਤ ਰਚਿਆ ਜਾਣ ਲਗ ਪਿਆ ਅਤੇ ਆਮ ਬੋਲ-ਚਾਲ ਦੇ ਸ਼ਬਦਾਂ ਦਾ ਇਸ ਵਿਚ ਰਲਾ ਪੈਣ ਲੱਗਾ ਤਾਂ ਇਹ ਅਪਭ੍ਰੰਸ਼ ਜਾਂ ਭਿੱਟੀ ਹੋਈ ਬੋਲੀ ਬਣ ਗਈ । ਬਾਰ੍ਹਵੀਂ ਸਦੀ ਈਸਵੀ ਤੱਕ ਇਹ ਅਪਭ੍ਰੰਸ ਵੀ ਸਾਹਿੱਤਕ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਗਈ ਅਤੇ ਇਸ ਦਾ ਵਿਆਕਰਣ ਤਿਆਰ ਕਰ ਲਿਆ ਗਿਆ ।
ਡਾ. ਪ੍ਰੇਮ ਪ੍ਰਕਾਸ਼ ਸਿੰਘ ਦਾ ਮੱਤ ਹੈ ਕਿ ਕਿਉਂ ਜੋ ਪੰਜਾਬੀ ਦਾ ਸਾਰਾ ਪੁਰਾਤਨ ਸਾਹਿੱਤ ਲਹਿੰਦੀ ਵਿਚ ਹੈ, ਇਸ ਲਈ ਪੰਜਾਬੀ ਦਾ ਜਨਮ ਕਿਸੇ ਅਜਿਹੀ ਨਿਵੇਕਲੀ ਪ੍ਰਾਕ੍ਰਿਤੀ ਤੋਂ ਹੋਇਆ, ਜਿਹੜੀ ਹੋਰ ਉੱਤਰ- ਭਾਰਤੀ ਭਾਸ਼ਾਵਾਂ ਤੋਂ ਭਿੰਨ ਹੈ । ਉਨ੍ਹਾਂ ਦੀ ਖੋਜ ਅਨੁਸਾਰ ਇਹ ਕੈਕਈ ਪ੍ਰਾਕ੍ਰਿਤੀ ਹੈ, ਜਿਸ ਦਾ ਪੁਰਾਣਾ ਨਾਂ ਪੈਸ਼ਾਚੀ, ਟੱਕੀ, ਢੱਕੀ ਜਾਂ ਅਵਹੱਟ ਵੀ ਪ੍ਰਚਲਿਤ ਰਿਹਾ ਹੈ। ਏਸੇ ਕੈਕਈ ਪ੍ਰਾਕ੍ਰਿਤ ਨਾਲ ਉਨ੍ਹਾਂ ਨੇ ਪੰਜਾਬੀ ਦਾ ਮਾਂ-ਧੀ ਵਾਲਾ ਰਿਸਤਾ ਸਥਾਪਿਤ ਕੀਤਾ ਹੈ। ਉਨ੍ਹਾਂ ਦੇ ਇਸ ਸਿਧਾਂਤ ਦੀ ਜਿੱਥੇ ਹੋਰ ਸਭ ਉੱਘੇ ਵਿਦਵਾਨਾਂ ਨੇ ਪੁਸ਼ਟੀ ਕੀਤੀ ਹੈ, ਉਥੇ ਇਸ ਖੋਜ ਨਾਲ ਪੰਜਾਬੀ ਦੀ ਇਕ ਪ੍ਰਾਚੀਨ ਨਿਵੇਕਲੀ ਤੇ ਸੁਤੰਤਰ ਹਸਤੀ ਵੀ ਨਿੱਖਰ ਕੇ ਸਾਹਮਣੇ ਆਈ ਹੈ। ਪ੍ਰਸਿੱਧ ਭਾਸ਼ਾ-ਵਿਗਿਆਨੀ ਰਾਹੁਲ ਸਾਂਕ੍ਰਿਤਆਇਨ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਮੁੱਢ ਸੱਤਵੀਂ, ਅੱਠਵੀਂ ਸਦੀ ਮੰਨਦੇ ਹਨ ਅਤੇ ਉਨ੍ਹਾਂ ਅਨੁਸਾਰ ਨੌਵੀਂ-ਦਸਵੀਂ ਸਦੀ ਤਕ ਇਨ੍ਹਾਂ ਭਾਸ਼ਾਵਾਂ ਵਿਚ ਸੁਤੰਤਰ ਰੂਪ ਵਿਚ ਸਾਹਿੱਤ ਸਿਰਜਣਾ ਹੋਣ ਲੱਗ ਪਈ ਸੀ । ਜਦ ਅਸੀਂ ਪੰਜਾਬੀ ਸਾਹਿੱਤ ਦਾ ਮੁੱਢ ਨਾਥਾਂ ਜੋਗੀਆਂ ਦੀ ਰਚਨਾ ਨਾਲ ਮੰਨਦੇ ਹਾਂ ਤਾਂ ਉਪਰੋਕਤ ਕਥਨ ਦੀ ਪੁਸ਼ਟੀ ਹੋ ਜਾਂਦੀ ਹੈ।
(ੲ) ਪੰਜਾਬੀ ਭਾਸ਼ਾ ਦਾ ਵਿਕਾਸ
ਪੰਜਾਬੀ ਭਾਸ਼ਾ ਲਈ ਬਹੁਤ ਸਮੇਂ ਤਕ 'ਹਿੰਦੀ ਜਾਂ ਹਿੰਦਵੀਂ ਸ਼ਬਦ ਪ੍ਰਚਲਿਤ ਰਿਹਾ, ਕਿਉਂਜੋ ਬਾਹਰੋਂ ਆਏ ਮੁਸਲਮਾਨ ਹਿੰਦ ਵਿਚ ਪ੍ਰਵੇਸ਼ ਉਪਰੰਤ ਏਥੋਂ ਦੀ ਭਾਸ਼ਾ ਨੂੰ ਹਿੰਦਵੀ ਨਾਂ ਦਿੰਦੇ ਸਨ ਅਤੇ ਇਸ ਵਿਚ ਲਿਖੇ ਸਾਹਿੱਤ ਨੂੰ 'ਹਿੰਦਵੀ ਭਾਸ਼ਾ ਦਾ ਸਾਹਿੱਤ ਆਖਦੇ ਸਨ - ਵਿਸ਼ੇਸ਼ ਕਰਕੇ ਮੁਸਲਮਾਨ ਸਾਹਿੱਤਕਾਰ । ਇਹ ਭੁਲੇਖਾ ਇਸ ਹੱਦ ਤਕ ਕਾਇਮ ਰਿਹਾ ਕਿ ਉਨ੍ਹੀਵੀਂ ਸਦੀ ਦੇ ਅਖੀਰ ਵਿਚ ਹੋਇਆ ਕਵੀ ਇਮਾਮਦੀਨ ਆਪਣੀ ਰਚਨਾ ਨੂੰ 'ਹਿੰਦੀ' ਵਿਚ ਲਿਖੀ ਆਖਦਾ ਹੈ। ਉਂਝ ਦਸਵੀਂ ਗਿਆਰਵੀਂ ਸਦੀ ਵਿਚ ਬਾਹਰੋਂ ਆਏ ਸੈਲਾਨੀ, ਐਲਬਰੂਨੀ ਆਦਿ ਏਥੋਂ ਦੀ ਭਾਸ਼ਾ ਨੂੰ ਉਸ ਵੇਲੇ ਦੇ ਪ੍ਰਾਂਤਾਂ ਦੇ ਨਾਂ ਤੇ ਲਾਹੌਰੀ ਤੇ ਮੁਲਤਾਨੀ ਆਦਿ ਲਿਖਦੇ ਹਨ। ਪੰਜਾਬ ਪ੍ਰਾਂਤ ਦੇ ਸਾਂਝੇ ਨਾਂ ਤੇ ਏਥੋਂ ਦੀ ਭਾਸ਼ਾ ਲਈ ਪੰਜਾਬੀ ਸ਼ਬਦ ਕਦੋਂ ਪ੍ਰਚਲਿਤ ਹੋਇਆ, ਇਸ ਬਾਰੇ ਨਿਸ਼ਚੈ ਨਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪ੍ਰਾਪਤ ਸਾਹਿੱਤ ਦੇ ਆਧਾਰ ਤੇ 1635 ਈ ਵਿਚ ਲਿਖੀ "ਜਨਮ ਸਾਖੀ" ਵਿਚ ਭਾਈ ਮਨਮੁਖ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੇ ਰਹਿਣ ਦੀ ਥਾਂ ਬਾਰੇ ਜਿਹੜੇ ਸ਼ਬਦ ਅਖਵਾਏ ਗਏ, ਉਨ੍ਹਾਂ ਵਿਚ ਪਹਿਲੀ ਵਾਰ 'ਪੰਜਾਬ' ਸ਼ਬਦ ਲਿਖਿਆ ਮਿਲਦਾ ਹੈ - "ਲਾਹੌਰ ਤੋਂ ਕੋਸ ਪੰਦ੍ਰਾਂ ਕਰਤਾਰਪੁਰ ਬੰਨਿਆ ਹੈ, ਪੰਜਾਬ ਦੀ ਧਰਤੀ ਮਾਂਹਿ।"
ਪੰਜਾਬੀ' ਨਾਂ ਦੀ ਵਰਤੋਂ ਵੀ ਅਕਬਰ ਦੇ ਰਾਜ ਸਮੇਂ ਹੋਏ ਰਾਜਸਥਾਨ ਦੇ ਕਵੀ ਸੁੰਦਰ ਦਾਸ ਨੇ ਪਹਿਲੀ ਵਾਰ ਕੀਤੀ ਅਤੇ ਪਿੱਛੋਂ ਔਰੰਗਜ਼ੇਬ ਦੇ ਸਮਕਾਲੀ ਕਵੀ ਹਾਫ਼ਿਜ਼ ਬਰਖ਼ੁਰਦਾਰ (1675 ਈ.) ਨੇ ਆਪਣੀ ਕਵਿਤਾ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ :
ਹਜ਼ਰਤ ਮੇਮਨ ਨੇ ਫੁਰਮਾਇਆ. ਇਸ ਵਿਚ ਇਹ ਮਸਾਇਲ।
ਤੁਰਤ ਪੰਜਾਬੀ ਆਖ ਸੁਣਾਈਂ, ਜੇ ਕੋ ਹੋਵੇ ਮਾਇਲ।
ਪੰਜਾਬੀ ਭਾਸ਼ਾ ਦਾ ਵਰਤਮਾਨ ਰੂਪ ਲਗਭਗ ਇਕ ਹਜ਼ਾਰ ਸਾਲ ਪੁਰਾਣਾ ਹੈ । ਭਾਵੇਂ ਇਸ ਨੂੰ ਕੋਈ ਨਾਂ ਵੀ ਦਿੱਤਾ ਜਾਂਦਾ ਰਿਹਾ, ਇਸ ਦਾ ਵਜੂਦ ਕਾਇਮ ਸੀ ਤੇ ਪਿਛਲੇ ਇਕ ਹਜ਼ਾਰ ਸਾਲਾਂ ਵਿਚ ਇਸ ਵਿਚ ਰਚਿਆ ਗਿਆ ਸਾਹਿੱਤ ਸਾਡੇ ਹੱਥਾਂ ਵਿਚ ਹੈ।
ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਦੀ ਭਾਸ਼ਾ ਦੇ ਤਿੰਨ ਸਰੂਪ ਉੱਘੜ ਕੇ ਸਾਡੇ ਸਾਹਮਣੇ ਆਉਂਦੇ ਹਨ। ਇਕ ਤਾਂ ਸੰਤ ਭਾਖਾ, ਜਿਹੜੀ ਉਸ ਵੇਲੇ ਸਾਰੇ ਉੱਤਰੀ ਭਾਰਤ ਵਿਚ ਪ੍ਰਚਲਿਤ ਸੀ ਤੇ ਜਿਸ ਵਿਚ ਨਾਥਾਂ ਜੋਗੀਆਂ ਤੋਂ ਬਿਨਾਂ ਹੋਰ ਭਗਤਾਂ ਤੇ ਫਕੀਰਾਂ ਨੇ ਆਪਣੀ ਰਚਨਾ ਕੀਤੀ। ਦੂਜਾ ਰੂਪ ਲਹਿੰਦੀ ਜਾਂ ਮੁਲਤਾਨੀ ਦਾ ਹੈ, ਜਿਸ ਦੀ ਪ੍ਰਤੀਨਿਧਤਾ ਬਾਬਾ ਫਰੀਦ ਦੇ ਸ਼ਲੋਕ ਕਰਦੇ ਹਨ। ਭਾਸ਼ਾ ਦਾ ਤੀਜਾ ਰੂਪ ਉਹ ਲਾਹੌਰੀ ਜਾਂ ਕੇਂਦਰੀ ਪੰਜਾਬੀ ਹੈ, ਜਿਸ ਵਿਚ ਲੋਕ ਬੁਝਾਰਤਾਂ, ਲੋਕ ਅਖਾਣ ਤੇ ਵਾਰਾਂ ਆਦਿ ਰਚੇ ਮਿਲਦੇ ਹਨ।
ਗੁਰੂ ਨਾਨਕ ਕਾਲ, ਜਿਥੇ ਸਾਹਿੱਤ ਸਿਰਜਣਾ ਦੀ ਦ੍ਰਿਸ਼ਟੀ ਤੋਂ ਪੰਜਾਬੀ ਦਾ ਸੁਨਹਿਰੀ ਕਾਲ ਅਖਵਾਉਂਦਾ ਹੈ, ਉੱਥੇ ਭਾਸ਼ਾ ਦੀ ਦ੍ਰਿਸ਼ਟੀ ਤੋਂ ਵੀ ਇਸ ਦਾ ਬੇਹੱਦ ਮਹੱਤਵ ਹੈ । ਪੰਜਾਬੀ ਨਾ ਕੇਵਲ ਹਰ ਪੱਖੋਂ ਇਕ ਸੰਪੂਰਨ ਤੇ ਵਿਗਸਿਤ ਭਾਸ਼ਾ ਹੀ ਬਣ ਗਈ, ਸਗੋਂ ਇਸ ਦਾ ਆਧੁਨਿਕ ਸਰੂਪ ਪੂਰੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਗਿਆ । ਭਾਸ਼ਾ ਦੀ ਅਮੀਰੀ, ਵੰਨ-ਸੁਵੰਨਤਾ ਤੇ ਇਸ ਦੇ ਉਪ-ਰੂਪਾਂ ਨੂੰ ਆਦਿ ਗ੍ਰੰਥ ਵਿਚੋਂ ਭਲੀ ਪ੍ਰਕਾਰ ਦੇਖਿਆ ਜਾ ਸਕਦਾ ਹੈ। ਕਿੱਸਾ-ਕਾਵਿ, ਸੂਫੀ ਸਾਹਿੱਤ, ਵਾਰਾਂ ਤੇ ਹੋਰ ਅਣਗਿਣਤ ਸਾਹਿਤ ਜੋ ਇਸ ਕਾਲ ਵਿਚ ਰਚਿਆ ਗਿਆ, ਉਸ ਦੇ ਅਧਿਐਨ ਤੋਂ ਭਾਸ਼ਾ ਸੰਬੰਧੀ ਹੇਠ ਲਿਖੇ ਤੱਥ ਸਾਡੇ ਦ੍ਰਿਸ਼ਟੀ ਗੋਚਰ ਹੁੰਦੇ ਹਨ: (ੳ) ਲਹਿੰਦੀ ਜਾਂ ਮੁਲਤਾਨੀ ਦੇ ਟਾਕਰੇ ਤੇ ਇਸ ਦੇ ਕੇਂਦਰੀ ਰੂਪ ਦੀ ਪ੍ਰਧਾਨਤਾ ਹੋ ਗਈ। (ਅ) ਸੰਤ ਭਾਸ਼ਾ ਜਾਂ ਸਾਧ-ਭਾਖਾ ਪ੍ਰਚਲਿਤ ਤਾਂ ਰਹੀ, ਪਰ ਇਸ ਉੱਤੇ ਠੇਠ ਪੰਜਾਬੀ ਦਾ ਪ੍ਰਭਾਵ ਪ੍ਰਤੱਖ ਸੀ । (ੲ) ਭਾਈ ਗੁਰਦਾਸ ਦੇ ਕਬਿੱਤਾਂ ਤੇ ਸਵੱਯਾਂ ਨਾਲ ਪੰਜਾਬ ਵਿਚ ਬ੍ਰਿਜੀ ਦਾ ਪ੍ਰਵੇਸ਼ ਹੋ ਗਿਆ ਤੇ ਹਿੰਦੂ ਸਿੱਖ ਵਿਦਵਾਨਾਂ
---------------
1. ਇਸ ਨਾਂ ਤੋਂ ਕਈ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਨੂੰ ਹਿੰਦੀ ਵਿਚੋਂ ਨਿਕਲੀ ਆਪਣਾ ਸ਼ੁਰੂ ਕਰ ਦਿੱਤਾ, ਜਿਹੜੀ ਕਿ ਭੁੱਲ ਹੈ।
ਵਿਚ ਇਸ ਨੂੰ ਇਕ ਸਾਹਿਤਕ ਭਾਸ਼ਾ ਵਜੋਂ ਵਧੇਰੇ ਮਾਨਤਾ ਮਿਲਣ ਲੱਗੀ। ਮੁਸਲਮਾਨ ਲੇਖਕ ਕੇਂਦਰੀ ਜਾਂ ਲਹਿੰਦੀ ਦੀ ਵਰਤੋਂ ਕਰਦੇ ਹਨ, ਜਿਸ ਉੱਤੇ ਫਾਰਸੀ ਦਾ ਪ੍ਰਭਾਵ ਪ੍ਰਤੱਖ ਸੀ । ਭਾਸ਼ਾ ਦੇ ਵਿਕਾਸ ਦੀ ਇਹ ਪਰਵਿਰਤੀ ਤੇ ਗਤੀ ਉਨ੍ਹੀਵੀਂ ਸਦੀ ਦੇ ਅੱਧ ਤਕ ਚਲਦੀ ਰਹੀ, ਜਿਸ ਤੋਂ ਪਿਛੋਂ ਭਾਸ਼ਾ ਦਾ ਆਧੁਨਿਕ ਸਰੂਪ ਨਿਖਰਨ ਲੱਗਾ।
(ਸ) ਪੰਜਾਬੀ ਦੀਆਂ ਵਿਸ਼ੇਸ਼ਤਾਵਾਂ
ਪੰਜਾਬੀ ਬਾਰੇ ਡਾਕਟਰ ਭਾਈ ਵੀਰ ਸਿੰਘ ਲਿਖਦੇ ਹਨ- ‘ਪੰਜਾਬੀ ਇਕ ਮਾਂਜੀ ਹੋਈ ਸਾਹਿੱਤਕ ਭਾਖਾ ਹੈ, ਜਿਸ ਦਾ ਪਿੱਛਾ ਬੜਾ ਬਜੁਰਗ ਹੈ ਅਤੇ ਇਸ ਦਾ ਮੌਜੂਦਾ ਸਰੂਪ ਸ਼ਰੀਫ ਤੇ ਰਸਮਯ ਹੈ। ਇਹ ਪੰਜਾਬ ਦੇਸ਼ ਦੀ ਮਾਤ੍ਰੀ ਭਾਸ਼ਾ ਹੈ। ਚਾਹੇ ਵੈਦਿਕ ਸਮੇਂ ਤੋਂ ਅੱਜ ਦੀ ਬੋਲੀ ਵਿਚ ਬੜਾ ਹੀ ਫਰਕ ਪੈ ਚੁੱਕਾ ਹੈ, ਪਰ ਇਹ ਉਹੋ ਬੋਲੀ ਹੈ ਜੋ ਵਟਾਉ ਸਟਾਉ ਖਾਂਦੀ, ਬਦਲਦੀ ਤੇ ਮੰਜੀਂਦੀ, ਹੁਣ ਵਾਲੇ ਕੋਮਲ ਰੂਪ ਵਿਚ ਆ ਗਈ ਹੈ, ਪਰ ਆਪਣੇ ਸੋਮੇ ਨਾਲ ਵੀ ਨਦੀ ਦੇ ਸੋਮੇ ਵਾਂਗ ਸੰਬੰਧਿਤ ਹੈ ਅਤੇ ਆਪਣੀ ਰਾਜ-ਰਾਮਨੀ ਚਾਲ ਵਿਚ ਸ੍ਵੈਛੰਦ (ਸੁਤੰਤਰ) ਵੀ ਚਲ ਰਹੀ ਹੈ। ਇਸ ਦੀ ਸ਼ਾਨ ਹਿੰਦ ਦੀਆਂ ਹੋਰ ਭਾਸ਼ਾਵਾਂ ਤੋਂ ਮੱਧਮ ਨਹੀਂ ਹੈ, ਲੋੜ ਹੈ ਉਨ੍ਹਾਂ ਰਸੀਆਂ ਤੇ ਵਿਦਵਾਨਾਂ ਦੀ ਜੋ ਇਸ ਨੂੰ ਉੱਚੇ ਤੇ ਸੁੱਚੇ ਸਾਹਿੱਤ ਨਾਲ ਅਲੰਕ੍ਰਿਤ ਕਰਦੇ ਰਹਿਣ।"
ਭਾਈ ਸਾਹਿਬ ਦੇ ਉਪਰੋਕਤ ਕਥਨ ਤੋਂ ਪੰਜਾਬੀ ਦੀ ਪ੍ਰਾਚੀਨਤਾ ਤੇ ਅਮੀਰੀ ਦਾ ਪਤਾ ਲਗਦਾ ਹੈ। ਸਾਡੇ ਪਾਸ ਸ਼ਬਦਾਂ ਦਾ ਇਕ ਅਥਾਹ ਭੰਡਾਰ ਹੈ। ਅਸੀਂ ਹੋਰ ਭਾਸ਼ਾਵਾਂ ਤੋਂ ਬੜੀ ਉਦਾਰਤਾ ਨਾਲ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿਚ ਸ਼ਬਦ ਗ੍ਰਹਿਣ ਕੀਤੇ ਹਨ । ਲੋੜ ਅਨੁਸਾਰ ਉਨ੍ਹਾਂ ਨੂੰ ਆਪਣੇ ਉਚਾਰਣ ਅਨੁਸਾਰ ਢਾਲ ਲਿਆ ਜਾਂਦਾ ਹੈ। ਇਹ ਉਚਾਰਣ ਵਿਸ਼ੇਸਤਾ ਇਸ ਨੂੰ ਬਾਕੀ ਭਾਰਤੀ ਬੋਲੀਆਂ ਨਾਲੋਂ ਨਿਖੇੜਦੀ ਹੈ। ਪੰਜਾਬੀ ਦਾ ਆਪਣਾ ਵਿਆਕਰਣਿਕ ਪ੍ਰਬੰਧ ਹੈ, ਆਪਣੀ ਵੱਖਰੀ ਲਿੱਪੀ, ਅਖਾਣ ਮੁਹਾਵਰੇ, ਸ਼ਬਦ ਕੋਸ਼ ਉਪ- ਭਾਖਾਵਾਂ ਹਨ, ਜਿਨ੍ਹਾਂ ਦੇ ਵਿਸਤਾਰ ਵਿਚ ਜਾਣਾ ਇਥੇ ਉਚਿਤ ਪ੍ਰਤੀਤ ਨਹੀਂ ਹੁੰਦਾ। ਕੇਵਲ ਐਨਾ ਕਹਿਣਾ ਹੀ ਕਾਫੀ ਹੈ ਕਿ ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਪੰਜਾਬੀ ਇਕ ਸੰਪੂਰਨ ਤੇ ਜੀਉਂਦੀ ਜਾਗਦੀ ਭਾਸ਼ਾ ਹੈ ਅਤੇ ਸਮੇਂ ਸਮੇਂ ਲੋੜ ਅਨੁਸਾਰ ਇਸ ਵਿਚ ਪਰਿਵਰਤਨ ਤੇ ਵਾਧਾ ਹੁੰਦਾ ਰਹਿੰਦਾ ਹੈ।
(ਹ) ਗੁਰਮੁਖੀ ਲਿੱਪੀ
ਸੰਸਾਰ ਦੀ ਹਰ ਉਨਤ ਭਾਸ਼ਾ ਦੀ ਆਪਣੀ ਇਕ ਵਿਸ਼ੇਸ਼ ਲਿੱਪੀ ਹੁੰਦੀ ਹੈ, ਜਿਹੜੀ ਉਸ ਭਾਸ਼ਾ ਦੀਆਂ ਆਪਣੀਆਂ ਲੋੜਾਂ, ਧੁਨੀਆਂ ਤੇ ਉਚਾਰਣ ਭੇਦਾਂ ਅਨੁਸਾਰ ਢਾਲੀ ਜਾਂ ਘੜੀ ਗਈ ਹੁੰਦੀ ਹੈ। ਪੰਜਾਬੀ ਦੀ ਆਪਣੀ ਵੱਖਰੀ ਲਿੱਪੀ ਹੈ, ਜਿਸ ਨੂੰ ‘ਗੁਰਮੁਖੀ ਲਿੱਪੀ’ ਆਖਿਆ ਜਾਂਦਾ ਹੈ । ਪੰਜਾਬੀ ਭਾਸ਼ਾ ਦੀ ਪ੍ਰਾਚੀਨਤਾ ਵਾਂਗ, ਇਸ ਲਿੱਪੀ ਦੀ ਪ੍ਰਾਚੀਨਤਾ ਬਾਰੇ ਵੀ ਹੁਣ ਸਾਰੇ ਵਿਦਵਾਨ ਸਹਿਮਤ ਹਨ ਕਿ ਇਹ ਭਾਰਤ ਦੀ ਸਭ ਤੋਂ ਪੁਰਾਣੀ ਲਿੱਪੀ ਬ੍ਰਹਮੀ ਵਿਚੋਂ ਨਿਕਲੀ, ਜਿਸ ਦਾ 'ੜ' ਸ਼ਬਦ ਕੇਵਲ ਏਸੇ ਲਿੱਪੀ ਨੇ ਹੁਣ ਤੱਕ ਸਾਂਭਿਆ ਹੋਇਆ ਹੈ। ਭਾਵੇਂ ਕੁਝ ਭਾਰਤੀ ਤੇ ਬਦੇਸ਼ੀ ਵਿਦਵਾਨਾਂ ਦੀਆਂ ਰਾਵਾਂ ਦੇ ਆਧਾਰ ਤੇ ਇਹ ਭੁਲੇਖਾ ਕਾਫੀ ਸਮੇਂ ਤੱਕ ਚਲਦਾ ਰਿਹਾ ਕਿ ਇਹ ਲਿੱਪੀ ਗੁਰੂ ਅੰਗਦ ਦੇਵ ਜੀ ਨੇ ਬਣਾਈ, ਪਰ ਹੁਣ ਇਹ ਸਿੱਧ ਹੋ ਚੁੱਕਾ ਹੈ ਕਿ ਗੁਰਮੁਖੀ ਦੇ ਲਗਭਗ ਸਾਰੇ ਅੱਖਰ ਗੁਰੂ ਨਾਨਕ ਤੋਂ ਪਹਿਲਾਂ ਵਰਤੋਂ ਵਿਚ ਆ ਚੁੱਕੇ ਸਨ। ਇਸ ਸੰਬੰਧੀ ਪ੍ਰੋ. ਪ੍ਰੀਤਮ ਸਿੰਘ ਦਾ ਕਥਨ ਹੈ :
"ਇਤਿਹਾਸਕ ਦ੍ਰਿਸਟੀਕੋਣ ਤੋਂ ਗੁਰਮੁਖੀ ਅੱਖਰਾਂ ਦਾ ਰੂਪਕ ਮੁਤਾਲਿਆ ਕਰਨ ਵਾਲਿਆਂ ਨੂੰ ਅਜਿਹੇ ਲੱਛਣ ਬੜੇ ਘੱਟ ਮਿਲਦੇ ਹਨ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਹੀ ਹੋਂਦ ਵਿਚ ਨਹੀਂ ਸਨ ਆ ਚੁਕੇ ।"
----------------
1. ਡਾ. ਭਾਈ ਵੀਰ ਸਿੰਘ, ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ, ਭਾਗ ਪਹਿਲਾ, ਪੰਨਾ 65
2. ਪ੍ਰੋ. ਪ੍ਰੀਤਮ ਸਿੰਘ, ‘ਪੰਜਾਬ’, ਭਾਸ਼ਾ ਵਿਭਾਗ, ਪੰਜਾਬ, ਪੰਨਾ 391
ਸ੍ਰੀ ਜੀ. ਬੀ ਸਿੰਘ ਨੇ ਇਸ ਸੰਬੰਧ ਵਿਚ ਖੋਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਗੁਰਮੁਖੀ ਲਿੱਪੀ ਨੂੰ ਕਿਸੇ ਇਕ ਵਿਅਕਤੀ ਨੇ ਕਿਸੇ ਖ਼ਾਸ ਸਮੇਂ ਨਹੀਂ ਬਣਾਇਆ. ਸਗੋਂ ਇਹ ਬ੍ਰਹਮੀ ਲਿੱਪੀ ਤੋਂ ਵਿਕਾਸ ਕਰਕੇ, ਵੱਖ-ਵੱਖ ਇਤਿਹਾਸਿਕ ਪੜਾਵਾਂ ਵਿਚੋਂ ਲੰਘ ਕੇ, ਆਪਣੇ ਅੱਜ ਵਾਲੇ ਰੂਪ ਵਿਚ ਸਾਡੇ ਤੱਕ ਪੁੱਜੀ ਹੈ।
ਐਲਬਰੂਨੀ ਜੋ ਬਾਰ੍ਹਵੀਂ ਸਦੀ ਵਿਚ ਭਾਰਤ ਆਇਆ, ਉਹ ਆਪਣੀਆਂ ਲਿਖਤਾਂ ਵਿਚ ਪੰਜਾਬ ਵਿਚ ਪ੍ਰਚਲਿਤ ਤਿੰਨ ਲਿੱਪੀਆਂ, ਅਰਧ-ਨਾਗਰੀ, ਸਿੱਧ ਮਾਤ੍ਰਿਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕਰਦਾ ਹੈ। ਇਹ ਸਿੱਧ-ਮਾਤ੍ਰਿਕਾ ਤੇ ਭੱਟ-ਅੱਛਰੀ ਗੁਰਮੁਖੀ ਦੀਆਂ ਪੂਰਵ-ਕਾਲੀ ਲਿੱਪੀਆਂ ਹਨ। ਕਸ਼ਮੀਰ ਦੀ ਲਿੱਪੀ ਸ਼ਾਰਦਾ ਤੇ ਮਹਾਜਨੀ ਜਾਂ ਟਾਕਰੀ ਦਾ ਸੋਮਾ ਵੀ ਸਿੱਧ-ਮਾਤ੍ਰਿਕਾ ਹੀ ਹੈ।
ਕੁਝ ਵਿਦਵਾਨਾਂ ਅਨੁਸਾਰ 'ਸਿੱਧਮ' ਜਾਂ ਸਿੱਧ-ਮਾਤ੍ਰਿਕਾ, ਗੁਰਮੁਖੀ ਦਾ ਪੁਰਾਣਾ ਨਾਂ ਹੈ ਤੇ ਜਦ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਸੋਧ ਕੇ ਨਵਾਂ ਰੂਪ ਦੇ ਕੇ ਵਰਤੋਂ ਵਿਚ ਲਿਆਂਦਾ ਤਾਂ ਇਸ ਦਾ ਨਾਂ ਗੁਰਮੁਖੀ ਪੈ ਗਿਆ। ਪਰ ਇਹ ਗੱਲ ਨਿਸਚੇ ਨਾਲ ਆਖੀ ਜਾ ਸਕਦੀ ਹੈ ਕਿ ਇਹ ਲਿੱਪੀ ਸੁਰਾਂ ਜਾਂ ਧੁਨੀਆਂ ਸਮੇਤ, ਗੁਰੂਆਂ ਤੋਂ ਪਹਿਲਾਂ ਹੋਂਦ ਵਿਚ ਆ ਚੁੱਕੀ ਸੀ ਅਤੇ ਪਾਠਸ਼ਾਲਾਵਾਂ ਵਿਚ ਪੜ੍ਹਾਈ ਲਿਖਾਈ ਜਾਂਦੀ ਸੀ । ਇਸ ਦੇ ਉਸ ਵੇਲੇ 30 ਅੱਖਰ ਤੇ 13 ਸੁਰਾਂ ਸਨ । ਪਿਛੋਂ ਇਸ ਵਿਚ 31 ਵਿਅੰਜਨ ਤੇ 3 ਸ੍ਵਰ ਅੱਖਰ ਬਣ ਗਏ। ਉਚਾਰਣ ਵਿਚ ਵੀ ਸਮੇਂ ਸਮੇਂ ਫਰਕ ਪੈਂਦਾ ਰਿਹਾ ਜਿਵੇਂ ਈੜੀ ਨੂੰ ਈਵੜੀ ਤੇ ਐੜੇ ਨੂੰ ਆਇੜਾ ਉਚਾਰਿਆ ਜਾਂਦਾ ਸੀ । ਮੁਸਲਮਾਨਾਂ ਦੇ ਆਉਣ ਨਾਲ ਫ਼ਾਰਸੀ ਲਿੱਪੀ ਦੇ ਪ੍ਰਭਾਵ ਅਧੀਨ ਕੁਝ ਅੱਖਰਾਂ ਦੇ ਪੈਰ ਵਿਚ ਬਿੰਦੀ ਪਾਉਣ ਦਾ ਰਿਵਾਜ ਚਲ ਪਿਆ ਜਿਵੇਂ ਸ. ਜ਼. ਛ. ਖ਼, ਗ਼ ਆਦਿ ।
ਅਧਿਆਇ ਦੂਜਾ
ਪੰਜਾਬੀ ਸਾਹਿੱਤ ਦਾ ਪੂਰਵ-ਨਾਨਕ ਕਾਲ
(850 ਈ. ਤੋਂ 1500 ਈ. ਤੱਕ)
(ੳ) ਪਿਛੋਕੜ
ਹਰ ਕਾਲ ਦਾ ਸਾਹਿੱਤ ਆਪਣੇ ਸਮੇਂ ਦੀ ਆਵਾਜ ਹੁੰਦਾ ਹੈ। ਜਿਹੋ ਜਿਹੀ ਲੋਕਾਂ ਦੀ ਸਮਾਜਿਕ, ਭਾਈਚਾਰਿਕ, ਆਰਥਿਕ ਜਾਂ ਰਾਜਸੀ ਦਸ਼ਾ ਹੋਵੇਗੀ. ਸਾਹਿੱਤ ਵਿਚ ਉਸੇ ਦੀ ਤਰਜਮਾਨੀ ਹੋਵੇਗੀ, ਕੁਝ ਪ੍ਰਤਿਕਰਮਾਂ ਦੇ ਰੂਪ ਵਿਚ, ਕੁਝ ਪ੍ਰਤਿਬਿੰਬਾਂ ਦੇ ਰੂਪ ਵਿਚ, ਪਰ ਇਸ ਉੱਤੇ ਸੰਸਕਾਰਾਂ ਤੇ ਸੰਸਕ੍ਰਿਤੀ ਦੀ ਪਾਣ ਚੜ੍ਹਦੀ ਵੀ ਬੜੀ ਸੁਭਾਵਿਕ ਹੁੰਦੀ ਹੈ। ਪੰਜਾਬੀ ਸਾਹਿੱਤ ਦੇ ਆਦਿ-ਕਾਲ ਜਾਂ ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਸੰਬੰਧੀ ਕਿਸੇ ਪ੍ਰਕਾਰ ਦੀ ਚਰਚਾ ਕਰਨ ਤੋਂ ਪਹਿਲਾਂ ਉਪਰੋਕਤ ਤੱਥਾਂ ਦੇ ਆਧਾਰ ਤੇ ਇਸ ਕਾਲ ਦੇ ਪਿਛੋਕੜ ਬਾਰੇ ਸੰਖੇਪ ਜਿਹੀ ਜਾਣਕਾਰੀ ਲਾਹੇਵੰਦੀ ਹੋਵੇਗੀ।
ਪੰਜਾਬ ਦੇ ਸਮੁੱਚੇ ਇਤਿਹਾਸ ਵਿਚ ਇਹ ਕਾਲ ਅਸ਼ਾਂਤੀ, ਰਾਜਸੀ ਅਨਿਸਚਿਤਤਾ, ਸਦਾਚਾਰਿਕ ਤੇ ਧਾਰਮਿਕ ਗਿਰਾਵਟ ਅਤੇ ਕਈ ਪ੍ਰਕਾਰ ਦੀਆਂ ਲਹਿਰਾਂ ਤੇ ਅੰਦੋਲਨਾਂ ਕਰਕੇ ਸਾਡਾ ਧਿਆਨ ਖਿੱਚਦਾ ਹੈ। ਹਿੰਦੂ ਸ਼ਾਹੀ ਖ਼ਤਮ ਹੋ ਰਹੀ ਸੀ ਅਤੇ ਮੁਸਲਮਾਨਾਂ ਦੀ ਰਾਜਸੀ ਤਾਕਤ ਦਿਨੋਂ ਦਿਨ ਪੱਕੇ ਪੈਰਾਂ ਤੇ ਹੋ ਰਹੀ ਸੀ। ਮੁਸਲਮਾਨਾਂ ਦੇ ਨਿੱਤ ਦੇ ਹੱਲੇ ਕੇਵਲ ਲੁੱਟ ਮਾਰ ਜਾਂ ਰਾਜਸੀ ਤਾਕਤ ਲਈ ਨਹੀਂ ਸਗੋਂ ਇਸਲਾਮ ਦਾ ਪ੍ਰਚਾਰ ਤੇ ਪ੍ਰਸਾਰ ਵੀ ਇਨ੍ਹਾਂ ਦਾ ਵੱਡਾ ਮਨੋਰਥ ਸੀ। ਇਸ ਤਰ੍ਹਾਂ ਦੋ ਵੱਖਰੀਆਂ ਤੇ ਇਕ ਦੂਜੇ ਤੋਂ ਵਿਰੋਧੀ ਕੌਮਾਂ ਤੇ ਸੰਸਕ੍ਰਿਤੀਆਂ ਦਾ ਮੇਲ ਪੰਜਾਬ ਦੇ ਵਾਤਾਵਰਣ ਨੂੰ ਇਕ ਨਵੀਂ ਦਿਸ਼ਾ ਦੇ ਰਿਹਾ ਸੀ । ਕਮਜ਼ੋਰ ਰਾਜਸੀ ਤੇ ਪ੍ਰਬੰਧਕੀ ਢਾਂਚਾ ਜਿੱਥੇ ਬਦੇਸ਼ੀ ਤਾਕਤਾਂ ਨੂੰ ਹੱਲਿਆਂ ਲਈ ਪ੍ਰੇਰਦਾ ਹੈ, ਉਥੇ ਧਾਰਮਿਕ ਤੇ ਸਦਾਚਾਰਿਕ ਪਤਨ, ਨਵੇਂ ਮਤ ਦੀ ਵਿਚਾਰਧਾਰਾ ਤੇ ਪ੍ਰਵੇਸ਼ ਲਈ ਰਾਹ ਸਾਫ ਕਰਦਾ ਹੈ। ਸਾਡੇ ਵਿਚਾਰ-ਅਧੀਨ ਕਾਲ ਦੀ ਇਹ ਪ੍ਰਧਾਨ ਸਥਿਤੀ ਸੀ। ਭਾਵੇਂ ਇਸਲਾਮੀ ਰਾਜ ਪੱਕੀ ਤਰ੍ਹਾਂ ਤੇਰ੍ਹਵੀਂ ਸਦੀ ਦੇ ਆਰੰਭ ਵਿਚ ਹੀ ਸਥਾਪਿਤ ਹੋਇਆ ਪਰ ਦੋ ਸੌ ਵਰ੍ਹਿਆਂ ਦੇ ਹੱਲਿਆਂ ਨੇ ਪੰਜਾਬ ਦੇ ਰਾਜਸੀ ਢਾਂਚੇ ਨੂੰ ਖੇਰੂੰ ਖੇਰੂੰ ਕਰ ਦਿੱਤਾ ਸੀ। ਬ੍ਰਾਹਮਣਵਾਦ ਦੀ ਕੱਟੜਤਾਈ ਤੇ ਬੁੱਧ-ਮਤ ਦੀ ਕਮਜ਼ੋਰੀ ਕਾਰਣ ਨੌਵੀਂ ਦਸਵੀਂ ਸਦੀ ਵਿਚ ਜੋਗ ਮਤ ਦਾ ਜ਼ੋਰ ਵਧਿਆ ਜਿਸ ਨੇ ਜਾਤ-ਪਾਤ ਦਾ ਭੇਦ ਮਿਟਾਉਣ ਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਿਚ ਬਹੁਤ ਹਿੱਸਾ ਪਾਇਆ । ਇਸ ਦਾ ਤਿਆਗ ਅਤੇ ਆਤਮਿਕ ਉੱਚਤਾ ਲਈ ਮਨ ਉੱਤੇ ਕਾਬੂ ਇਨ੍ਹਾਂ ਦਾ ਮੁੱਖ ਉਪਦੇਸ਼ ਸੀ ।
ਨਾਥਾਂ ਜੋਗੀਆਂ ਤੋਂ ਬਿਨਾਂ ਲੋਕਾਂ ਉੱਤੇ ਦੂਜਾ ਉੱਘੜਵਾਂ ਪ੍ਰਭਾਵ ਮੁਸਲਮਾਨ ਸੂਫੀ ਫਕੀਰਾਂ ਦਾ ਸੀ ਜਿਨ੍ਹਾਂ ਨੇ ਇਸਲਾਮ ਦਾ ਪ੍ਰਚਾਰ ਕੀਤਾ । ਰਾਜ-ਸ਼ਕਤੀ ਦੇ ਜੁਲਮ ਦੇ ਡਰ ਤੋਂ ਬਿਨਾਂ ਵੀ ਬ੍ਰਾਹਮਣਵਾਦ ਤੋਂ ਤੰਗ ਆਏ ਲੋਕਾਂ ਨੂੰ ਇਸਲਾਮ ਵਿਚ ਆਸਰਾ ਲੱਭਾ । ਸੂਫੀ ਫਕੀਰਾਂ ਨੇ ਪੰਜਾਬ ਦੇ ਅੱਡ-ਅੱਡ ਥਾਵਾਂ ਤੇ ਆਪਣੇ ਕੇਂਦਰ ਬਣਾ ਕੇ ਆਪਣਾ ਦਾਰਸ਼ਨਿਕ, ਸਭਿਆਚਾਰ ਤੇ ਸਾਹਿੱਤਕ ਪ੍ਰਭਾਵ ਆਮ ਲੋਕਾਂ ਤੇ ਪਾਇਆ।
ਤੀਜਾ ਧਾਰਮਿਕ ਤੇ ਸਭਿਆਚਾਰਕ ਅੰਦੋਲਨ ਭਗਤੀ ਮਾਰਗ ਦਾ ਆਖਿਆ ਜਾ ਸਕਦਾ ਹੈ, ਜਿਨ੍ਹਾਂ ਦੇ ਆਗੂਆਂ ਨੇ ਭਾਰਤੀ ਤੇ ਇਸਲਾਮੀ ਫਲਸਫੇ ਦਾ ਨਚੋੜ ਕੱਢ ਕੇ ਸਮੇਂ ਦੀ ਮੰਗ ਤੇ ਲੋੜ ਅਨੁਸਾਰ ਉਸ ਨੂੰ ਢਾਲ ਕੇ ਦੇਸ਼ ਵਿਚ ਇਕ ਸਹਿਣਸ਼ੀਲਤਾ ਵਾਲਾ ਵਾਤਾਵਰਣ ਪੈਦਾ ਕੀਤਾ ਭਾਵੇਂ ਇਸ ਲਹਿਰ ਦਾ ਆਰੰਭ ਦੱਖਣ ਵਿਚ ਹੋਇਆ, ਪਰ ਇਸ ਦਾ ਸਿਖ਼ਰ ਗੁਰਮਤਿ ਧਾਰਾ ਦੇ ਰੂਪ ਵਿਚ ਪੰਜਾਬ ਵਿਚ ਪ੍ਰਗਟ ਹੋਇਆ ਆਖਿਆ ਜਾ ਸਕਦਾ ਹੈ।
ਵੱਖੋ-ਵੱਖ ਧਾਰਮਿਕ ਸੰਪਰਦਾਵਾਂ ਦੇ ਸਾਧੂ ਤੇ ਫਕੀਰ ਘੁੰਮ ਫਿਰ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦੇ ਜਾਂ ਡੇਰਿਆਂ, ਧਰਮਸ਼ਾਲਾਵਾਂ ਤੇ ਮਸਜਿਦਾਂ ਵਿਚ ਕੇਂਦਰ ਸਥਾਪਿਤ ਕਰ ਕੇ ਲੋਕਾਂ ਨੂੰ ਪ੍ਰੇਰਦੇ । ਇਹੋ ਜਿਹੇ ਧਾਰਮਿਕ ਤੇ ਸਭਿਆਚਾਰਕ ਰਲਗਡ ਜਾਂ ਖਿੱਚੋਤਾਣ ਵਾਲੇ ਵਾਤਾਵਰਣ ਵਿਚ, ਸਾਨੂੰ ਸਾਂਸਕ੍ਰਿਤਕ, ਦਾਰਸ਼ਨਿਕ ਤੇ ਧਾਰਮਿਕ ਵਿਸ਼ਵਾਸਾਂ ਦਾ ਇਕ ਅਜੀਬ ਮੇਲ ਤੇ ਵਿਰੋਧ ਦਿਖਾਈ ਦਿੰਦਾ ਹੈ।
ਰਾਜਸੀ ਗੜਬੜ ਦੇ ਕਾਰਣ ਜਿੱਥੇ ਸਾਹਿੱਤ ਦੀ ਉਪਜ ਦੀ ਸੰਭਾਵਨਾ ਘੱਟ ਹੁੰਦੀ ਹੈ, ਉਥੇ ਉਪਰੋਕਤ ਲਹਿਰਾਂ ਜਾਂ ਅੰਦੋਲਨਾਂ ਦੇ ਪ੍ਰਭਾਵ ਅਧੀਨ ਜਿਹੜਾ ਥੋੜ੍ਹਾ ਬਹੁਤ ਸਾਹਿਤ ਸਿਰਜਿਆ ਗਿਆ ਉਸ ਦੀ ਸਾਂਭ- ਸੰਭਾਲ ਪੂਰੀ ਤਰ੍ਹਾਂ ਨਾ ਹੋ ਸਕੀ । ਇਹੋ ਜਿਹਾ ਸਮਾਜਿਕ ਵਾਤਾਵਰਣ ਪੂਰਵ-ਨਾਨਕ 'ਕਾਲ ਵਿਚ ਸੀ, ਉਸ ਅਧੀਨ ਵਧੇਰੇ ਕਰਕੇ ਅਧਿਆਤਮਿਕ ਤੇ ਸਦਾਚਾਰਿਕ ਸਾਹਿੱਤ ਦੀ ਸਿਰਜਣਾ ਹੀ ਵਧੇਰੇ ਹੋਈ । ਇਹ ਤੱਥ ਵੀ ਧਿਆਨ ਵਿਚ ਰੱਖਣ ਵਾਲਾ ਹੈ, ਕਿ ਹਰ ਕਾਲ ਵਿਚ ਲੋਕ-ਸਾਹਿੱਤ ਦੀ ਧਾਰਾ ਨਿਰੰਤਰ ਵਹਿੰਦੀ ਰਹਿੰਦੀ ਹੈ, ਜਿਹੜੀ ਲੋਕ ਰੁਚੀਆਂ ਤੇ ਲੋਕ-ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ।
(ਅ) ਸਾਹਿੱਤ ਸਿਰਜਣਾ
ਕਾਫੀ ਸਮੇਂ ਤਕ ਸਾਡੇ ਵਿਦਵਾਨਾਂ ਵਿਚ ਇਹ ਵਾਦ-ਵਿਵਾਦ ਚਲਦਾ ਰਿਹਾ ਕਿ ਪੰਜਾਬੀ ਸਾਹਿੱਤ ਦਾ ਮੁੱਢ ਕਦੋਂ ਬੱਝਾ ? ਆਮ ਵਿਦਵਾਨਾਂ ਦੀ ਰੁਚੀ ਇਹ ਸਿੱਧ ਕਰਨ ਦੀ ਸੀ ਕਿ ਗੁਰੂਆਂ ਨਾਲ ਹੀ ਪੰਜਾਬੀ ਭਾਸ਼ਾ ਦਾ ਸਾਹਿੱਤਕ ਸਰੂਪ ਹੋਂਦ ਵਿਚ ਆਇਆ ਅਤੇ ਗੁਰੂ ਨਾਨਕ ਹੀ ਪੰਜਾਬੀ ਦੇ ਪਹਿਲੇ ਸਾਹਿੱਤਕਾਰ ਸਨ। ਗੁਰਮੁਖੀ ਲਿੱਪੀ ਬਾਰੇ ਵੀ ਇਹੀ ਧਾਰਣਾ ਸੀ ਕਿ ਇਹ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤੀ । ਇਨ੍ਹਾਂ ਵਿਚਾਰਾਂ ਤੇ ਪ੍ਰਚਲਿਤ ਹੋਣ ਦਾ ਇਕ ਕਾਰਣ ਇਹ ਪ੍ਰਤੀਤ ਹੁੰਦਾ ਹੈ ਕਿ ਸੰਸਕਾਰਾਂ ਵੱਸ ਸਾਡੇ ਵਿਦਵਾਨ ਵਡਿਆਈ ਹੀ ਇਸ ਗੱਲ ਵਿਚ ਸਮਝਦੇ ਸਨ ਕਿ ਗੁਰੂਆਂ ਨਾਲ ਹੀ ਆਪਣੀ ਭਾਸ਼ਾ, ਲਿੱਪੀ ਤੇ ਸਾਹਿੱਤ ਦਾ ਮੁੱਢ ਦਰਸਾਇਆ ਜਾਏ । ਦੂਜਾ ਕਾਰਣ ਖੋਜ ਦੀ ਅਣਹੋਂਦ ਹੈ। ਸਾਡੇ ਵਿਦਵਾਨਾਂ ਨੇ ਇਸ ਪਾਸੇ ਵੱਲ ਬਹੁਤੀ ਰੁਚੀ ਨਹੀਂ ਦਿਖਾਈ ਅਤੇ ਜੋ ਭੁਲੇਖਾ ਇਕ ਵਾਰ ਪ੍ਰਚਲਿਤ ਹੋ ਗਿਆ। ਉਸਨੂੰ ਜਿਉਂ ਦਾ ਤਿਉਂ ਅਪਣਾ ਲਿਆ । ਪਿਛਲੇ ਦੋ ਤਿੰਨ ਦਹਾਕਿਆਂ ਵਿਚ ਇਨ੍ਹਾਂ ਪ੍ਰਸ਼ਨਾਂ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ ਅਤੇ ਅੱਜ ਇਹ ਗੱਲ ਨਿਸ਼ਚਿਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਢੇਰ ਚਿਰ ਪਹਿਲਾਂ ਸਾਡੇ ਸਾਹਿੱਤ ਦੀ ਨਿਸ਼ਚਿਤ ਰੂਪ-ਰੇਖਾ ਨਿੱਖਰ ਚੁੱਕੀ ਸੀ । ਪੰਜਾਬੀ ਭਾਸ਼ਾ ਵੀ ਹੋਰ ਭਾਰਤੀ ਭਾਸ਼ਾਵਾਂ ਵਾਂਗ ਅੱਠਵੀਂ ਨੌਵੀਂ ਸਦੀ ਈ. ਤੱਕ ਵਿਕਾਸ-ਮਾਰਗ ਤੇ ਪੈ ਚੁੱਕੀ ਸੀ ਅਤੇ ਗੁਰਮੁਖੀ ਲਿੱਪੀ ਦੀ ਹੋਰ ਭਾਰਤੀ ਲਿੱਪੀਆਂ ਵਾਂਗ ਬ੍ਰਹਮੀ ਵਿਚੋਂ ਨਿਕਲ ਕੇ ਵਿਗਸਿਤ ਹੋਣ ਲੱਗੀ। ਇਸ ਗੱਲ ਦਾ ਸਿਹਰਾ ਡਾਕਟਰ ਮੋਹਨ ਸਿੰਘ ਜੀ ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਖੋਜ ਦੁਆਰਾ ਪੰਜਾਬੀ ਸਾਹਿੱਤ ਦੇ ਆਰੰਭ ਕਾਲ ਨੂੰ 850 ਈ. ਦੇ ਨੇੜੇ ਤੇੜੇ ਸਿੱਧ ਕੀਤਾ ਸਗੋਂ ਪ੍ਰਾਪਤ ਸਾਹਿੱਤ ਦੀਆਂ ਮਿਸਾਲਾਂ ਦੇ ਕੇ ਸਭ ਮੌਕੇ ਦੂਰ ਕਰ ਦਿੱਤੇ । ਸਾਹਿੱਤ ਸਿਰਜਣਾ ਦੀਆਂ ਸੰਭਾਵਨਾਵਾਂ ਬਾਰੇ ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ :
(ੲ) ਸੰਭਾਵਨਾਵਾਂ
(1) ਜੇ ਪੰਜਾਬੀ ਭਾਸ਼ਾ ਅੱਠਵੀਂ ਨੌਵੀਂ ਸਦੀ ਵਿਚ ਹੋਂਦ ਵਿਚ ਆ ਚੁੱਕੀ ਸੀ ਤਾਂ ਇਸ ਵਿਚ ਸਾਹਿੱਤ ਵੀ ਰਚਿਆ ਜਾਣ ਲਗ ਪਿਆ ਹੋਵੇਗਾ, ਵਿਸ਼ੇਸ਼ ਤੌਰ ਤੇ ਸਾਹਿੱਤ ਦਾ ਮੁੱਢਲਾ ਮੌਖਿਕ ਰੂਪ, ਲੋਕ-ਗੀਤ, ਬੁਝਾਰਤਾਂ ਤੇ ਲੋਕ-ਕਥਾ ਆਦਿ।
(2) ਕਿਸੇ ਬੋਲੀ ਦਾ ਸਾਹਿੱਤ ਇੱਕੋ ਦਿਨ ਵਿਚ ਪ੍ਰਫੁੱਲਤ ਤੇ ਅਮੀਰ ਨਹੀਂ ਹੋ ਜਾਂਦਾ ਸਗੋਂ ਇਸ ਦੇ ਪਿਛੇ ਸਦੀਆਂ ਦੀ ਘਾਲਣਾ ਹੁੰਦੀ ਹੈ। ਜਦ ਅਸੀਂ ਨਾਥ-ਜੋਗੀਆਂ ਦੀ ਰਚਨਾ ਤੇ ਬਾਬਾ ਫਰੀਦ ਦੇ ਸਲੋਕਾਂ ਦੀ ਨਿਪੁੰਨਤਾ ਤੇ ਸ੍ਰੇਸ਼ਟਤਾ ਦੇਖਦੇ ਹਾਂ ਤਾਂ ਨਿਸ਼ਚਾ ਹੁੰਦਾ ਹੈ ਕਿ ਇਹਨਾਂ ਤੋਂ ਪਹਿਲਾਂ ਵੀ ਸਾਹਿੱਤ ਸਿਰਜਣਾ ਜ਼ਰੂਰ ਹੁੰਦੀ ਰਹੀ ਹੋਵੇਗੀ, ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਤੇ ਸਮੇਂ ਦੇ ਗੇੜ ਕਾਰਣ ਸਾਡੇ ਹੱਥਾਂ ਤੱਕ ਪੁੱਜ ਸਕੀ।
(3) ਵਰਤਮਾਨ ਪ੍ਰਗਤੀ ਦੇ ਮਾਰਗ ਤੇ ਪੈਣ ਤੋਂ ਪਹਿਲਾਂ ਇਸ ਨੇ ਹੋਰ ਬੋਲੀਆਂ ਦੇ ਭਾਖਾਈ ਤੇ ਸਾਹਿੱਤਕ ਪ੍ਰਭਾਵਾਂ ਨੂੰ ਜਰੂਰ ਕਬੂਲਿਆ ਹੋਵੇਗਾ ਤੇ ਪਿਤਰੀ ਸੋਮੇ ਤੇ ਸ੍ਰਿਸ਼ਟੀ ਤੋਂ ਕਾਫੀ ਕੁਝ ਗ੍ਰਹਿਣ ਕੀਤਾ ਹੋਵੇਗਾ ਅਤੇ ਇਸ ਦਾ ਪ੍ਰਗਟਾਵਾ ਲੋਕ-ਬੋਲੀ ਵਿਚ ਹੋਇਆ ਹੋਵੇਗਾ। ਇਹ ਭਾਸ਼ਾਵਾਂ ਵੈਦਿਕ ਸੰਸਕ੍ਰਿਤ, ਪ੍ਰਾਕ੍ਰਿਤਾਂ ਤੇ ਅਪਭ੍ਰੰਸ਼ਾਂ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਬਹੁਤ ਪੁਰਾਣੇ ਸਮੇਂ ਤੋਂ ਨਿਸ਼ਚਿਤ ਸਾਹਿੱਤਕ ਪਰੰਪਰਾ ਬੱਝ ਚੁੱਕੀ ਸੀ । ਵੇਦ, ਉਪਨਿਸ਼ਦ ਪੁਰਾਣ ਅਤੇ ਮਹਾਂ-ਕਾਵਿ ਤੇ ਨਾਟਕ ਆਦਿ ਅਣਗਿਣਤ ਕਾਵਿ-ਰੂਪ ਇਨ੍ਹਾਂ ਭਾਸ਼ਾਵਾਂ ਵਿਚ ਹੋਂਦ ਵਿਚ ਆ ਚੁੱਕੇ ਸਨ। ਸਾਡੇ ਸਾਹਿੱਤ ਦੀਆਂ ਬਹੁਤ ਸਾਰੀਆਂ ਕਥਾਵਾਂ ਨਲ-ਦਮਯੰਤੀ, ਭਰਥਰੀ ਹਰੀ, ਗੋਪੀ ਚੰਦ, ਪੂਰਨ-ਭਗਤ ਆਦਿ । ਅਧਿਆਤਮਿਕ ਚਿੰਤਨ ਤੇ ਦਾਰਸ਼ਨਿਕ ਸ਼ਬਦਾਵਲੀ ਲਈ ਵੀ ਅਸੀਂ ਇਨ੍ਹਾਂ ਭਾਸ਼ਾਵਾਂ ਦੇ ਰਿਣੀ ਹਾਂ।
ਏਸੇ ਤਰ੍ਹਾਂ ਮੁਸਲਮਾਨਾਂ ਦੇ ਭਾਰਤ ਵਿਚ ਆਉਣ ਨਾਲ ਅਰਬੀ, ਫਾਰਸੀ ਤੇ ਤੁਰਕੀ ਆਦਿ ਭਾਸ਼ਾਵਾਂ ਨਾਲ ਸਾਡਾ ਮੇਲ-ਜੋਲ ਵਧਿਆ ਤੇ ਇਸਲਾਮ ਦੇ ਪ੍ਰਚਾਰ ਨਾਲ ਉਨ੍ਹਾਂ ਦੇ ਭਾਸ਼ਾਈ ਤੇ ਸਾਹਿੱਤਕ ਪ੍ਰਭਾਵਾਂ ਨੇ ਪੰਜਾਬੀ ਸਮਰੱਥਾ ਨੂੰ ਵਧਾਇਆ।
(ਸ) ਪ੍ਰਾਪਤੀਆਂ
ਪੂਰਵ-ਨਾਨਕ ਕਾਲ ਵਿਚ ਸਾਹਿੱਤ ਸਿਰਜਣਾ ਦੀਆਂ ਸੰਭਾਵਨਾਵਾਂ ਨੂੰ ਵਿਚਾਰਣ ਤੋਂ ਉਪਰੰਤ ਉਸ ਕਾਲ ਵਿਚ ਰਚੇ ਗਏ ਅਤੇ ਸਾਡੇ ਹੱਥਾਂ ਤਕ ਅਪੜੇ ਸਾਹਿੱਤ ਸੰਬੰਧੀ ਸੰਖੇਪ ਵਿਚ ਚਰਚਾ ਕਰਨੀ ਜ਼ਰੂਰੀ ਪ੍ਰਤੀਤ ਹੁੰਦੀ ਹੈ।
(1) ਪੰਜਾਬੀ ਸਾਹਿੱਤ ਦਾ ਮੁੱਢ ਅਸੀਂ ਨਾਥਾਂ ਜੋਗੀਆ ਦੀਆਂ ਰਚਨਾਵਾਂ ਤੋਂ ਮੰਨਦੇ ਹਾਂ। ਇਹ ਜੋਗੀ ਅੱਠਵੀਂ, ਨੌਵੀਂ ਤੇ ਦਸਵੀਂ ਸਦੀ ਵਿਚ ਉੱਤਰ ਪੱਛਮੀ ਭਾਰਤ ਵਿਚ ਵਿਚਰਦੇ ਰਹੇ ਅਤੇ ਬੁੱਧ ਮੱਤ ਤੋਂ ਪਿੱਛੋਂ ਇਨ੍ਹਾਂ ਦਾ ਜ਼ੋਰ ਵੱਧ ਗਿਆ। ਇਨ੍ਹਾਂ ਜੋਗੀਆਂ ਦੁਆਰਾ ਰਚੇ ਗਏ ਸਾਹਿੱਤ ਦੇ ਪੰਜਾਬੀ ਹੋਣ ਬਾਰੇ ਵਿਦਵਾਨਾਂ ਵਿਚ ਮਤਭੇਦ ਹੈ, ਕਿਉਂਜੋ ਹਿੰਦੀ ਸਾਹਿੱਤ ਵਾਲੇ ਵੀ ਨਾਥਾਂ ਜੋਗੀਆਂ ਤੋਂ ਆਪਣੇ ਸਾਹਿੱਤ ਦਾ ਮੁੱਢ ਮਿਥਦੇ ਹਨ, ਕਿਉਂਜੋ ਇਨ੍ਹਾਂ ਦੀ ਰਚਨਾ ਨਿਰੋਲ ਪੰਜਾਬੀ ਵਿਚ ਹੋਣ ਦੀ ਬਜਾਏ ਉਸ ਸਾਧ ਭਾਸ਼ਾ ਵਿਚ ਹੈ, ਜਿਹੜੀ ਸਾਰੇ ਉੱਤਰੀ ਭਾਰਤ ਵਿਚ ਉਸ ਵੇਲੇ ਪ੍ਰਚਲਿਤ ਸੀ। ਪੰਜਾਬ ਵਿਚ ਇਨ੍ਹਾਂ ਜੋਗੀਆਂ ਦੇ ਡੇਰੇ, ਮੱਠ ਤੇ ਯਾਦਾਂ ਅਤੇ ਉਨ੍ਹਾਂ ਦੁਆਰਾ ਰਚੇ ਗਏ ਸਾਹਿੱਤ ਉੱਤੇ ਪੰਜਾਬੀ ਮੁਹਾਵਰੇ, ਲਹਿਜੇ ਤੇ ਸ਼ਬਦਾਵਲੀ ਦੀ ਬਹੁਲਤਾ, ਇਨ੍ਹਾਂ ਦੇ ਪੰਜਾਬੀ ਹੋਣ ਬਾਰੇ ਕਿਸੇ ਸ਼ੰਕੇ ਦੀ ਗੁੰਜਾਇਸ ਨਹੀਂ ਛੱਡਦੇ।
(2) ਲੋਕ ਗੀਤ ਤੇ ਲੋਕ ਬੁਝਾਰਤਾਂ ਹਰ ਬੋਲੀ ਦੇ ਸਾਹਿੱਤ ਦਾ ਮੁੱਢਲਾ ਰੂਪ ਹੁੰਦੇ ਹਨ। ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਅੱਜ ਇਨ੍ਹਾਂ ਦਾ ਰੂਪ ਤੇ ਉਚਾਰਣ ਭਾਵੇਂ ਨਵੀਨ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਦੀ ਆਯੂ ਦੇਰ ਪੁਰਾਣੀ ਹੈ। ਵਿਸ਼ੇਸ਼ ਕਰਕੇ ਅਮੀਰ ਖੁਸਰੋ ਤੇ ਸੁਰਤੇ ਪੰਡਤ ਦੀਆਂ ਬੁਝਾਰਤਾਂ ਸਾਡਾ ਉਚੇਚਾ ਧਿਆਨ ਖਿੱਚਦੀਆਂ ਹਨ।
(3) ਬੀਰ-ਰਸੀ ਸਾਹਿਤ ਜਾਂ ਵਾਰਾਂ ਦੀ ਰਚਨਾ ਵੀ ਪੂਰਵ-ਨਾਨਕ ਕਾਲ ਵਿਚ ਹੋਣ ਲਗ ਪਈ ਸੀ ਤੇ ਇਸ ਕਾਲ ਦੀਆਂ ਰਚਿਤ ਛੇ ਵਾਰਾਂ ਸਾਡੇ ਹੱਥਾਂ ਤੱਕ ਪੁੱਜੀਆਂ ਹਨ। ਇਨ੍ਹਾਂ ਵਾਰਾਂ ਦੀਆਂ ਧੁੰਨਾਂ ਉਤੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਨੂੰ ਗਾਉਣ ਦਾ ਆਦੇਸ਼, ਨਿਸ਼ਚੇ ਹੀ ਇਨ੍ਹਾਂ ਦੀ ਪ੍ਰਾਚੀਨਤਾ ਨੂੰ ਸਿੱਧ ਕਰਦਾ ਹੈ।
(4) ਬਾਬਾ ਫਰੀਦ ਸ਼ਕਰਗੰਜ ਦੀ ਰਚਨਾ ਬਾਰੇ ਕਾਫੀ ਸਮੇਂ ਤਕ ਵਿਦਵਾਨਾਂ ਵਿਚ ਵਾਦ-ਵਿਵਾਦ ਚਲਦਾ ਰਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸ਼ੇਖ ਬ੍ਰਹਮ ਦੀ ਕ੍ਰਿਤ ਹਨ, ਨਾ ਕਿ ਬਾਬਾ ਫਰੀਦ ਦੀ, ਪਰ ਖੋਜ ਤੇ ਹੋਰ ਪ੍ਰਮਾਣਾਂ ਦੇ ਆਧਾਰ ਤੇ ਅੱਜ ਇਹ ਨਿਸ਼ਚਿਤ ਹੋ ਚੁੱਕਾ ਹੈ ਕਿ ਇਹ ਸਲੋਕ ਬਾਰ੍ਹਵੀਂ ਤੇਰ੍ਹਵੀਂ ਸਦੀ ਵਿਚ ਹੋਏ ਸ਼ੇਖ ਫਰੀਦ ਦੇ ਹਨ।
(5) ਵਾਰਤਕ ਸਾਹਿੱਤ ਤੇ ਹੋਰ ਫੁਟਕਲ ਰਚਨਾਵਾਂ ਦੀ ਪ੍ਰਾਪਤੀ ਤੇ ਹਵਾਲਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਵਿਚ ਭਿੰਨ-ਭਿੰਨ ਪ੍ਰਕਾਰ ਦੇ ਸਾਹਿੱਤ ਦੀ ਇਕ ਨਿਰੰਤਰ ਧਾਰਾ ਪੂਰਵ-ਨਾਨਕ ਕਾਲ ਤੋਂ ਚਲਦੀ ਆ ਰਹੀ ਹੈ। ਡਾ. ਮੋਹਨ ਸਿੰਘ ਪੁਸ਼ਯ ਦਾ ਹਵਾਲਾ ਦਿੰਦੇ ਹਨ, ਜਿਨ੍ਹਾਂ ਸਭ ਤੋਂ ਪਹਿਲਾਂ ਸੱਸੀ- ਪੁਨੂੰ ਦਾ ਕਿੱਸਾ ਲਿਖਿਆ । ਡਾ. ਤ੍ਰਿਲੋਚਨ ਸਿੰਘ ਬੇਦੀ ਨੇ ਤੇਰ੍ਹਵੀਂ ਸਦੀ ਦੀ ਇਕ ਵਾਰਤਕ ਰਚਨਾ 'ਏਕਾਦਸੀ ਮਹਾਤਮ' ਤੇ ਪ੍ਰੋ. ਪ੍ਰੀਤਮ ਸਿੰਘ ਨੇ 'ਫਰੀਦ ਜੀ ਕਾ ਪਧਤਿ ਨਾਮਾ' ਦੇ ਨਮੂਨੇ ਪੇਸ਼ ਕੀਤੇ ਹਨ। ਏਸੇ ਤਰ੍ਹਾਂ ਚਾਂਦ ਥਰਦਾਈ (1126-1162) ਦਾ 'ਪ੍ਰਿਥਵੀ ਰਾਜ ਰਾਸੋ' ਤੇ ਮਹਿਮੂਦ ਗਜ਼ਨਵੀ ਵਲੋਂ ਥਾਪੇ ਗਏ ਲਾਹੌਰ ਦੇ ਗਵਰਨਰ ਦੇ ਦਰਬਾਰੀ ਕਵੀ ਮਾਸੂਦ' ਦੁਆਰਾ ਪੰਜਾਬੀ ਵਿਚ ਪਹਿਲੀ ਵਾਰ ਰਚੇ ਗਏ ਸਤਵਾਰੇ', 'ਸੀਹਰਫੀਆਂ' ਤੇ 'ਬਾਰਾਮਾਂਹ ਸਾਡੇ ਉਪਰੋਕਤ ਕਥਨ ਦੀ ਪੁਸ਼ਟੀ ਕਰਦੇ ਹਨ।
ਅਗਲੇ ਅਧਿਆਇ ਵਿਚ ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਸੰਬੰਧੀ ਸਰਵ-ਪੱਖੀ ਵਿਚਾਰ ਕੀਤੀ ਜਾ ਰਹੀ ਹੈ।
ਅਧਿਆਇ ਤੀਜਾ
ਆਦਿ ਕਾਲ ਦੇ ਸਾਹਿੱਤ ਦੀਆਂ ਪ੍ਰਮੁੱਖ ਧਾਰਾਵਾਂ ਤੇ ਮੂਲ ਪਰਵਿਰਤੀਆਂ
ਆਦਿ ਕਾਲ ਵਿਚ ਰਚੇ ਤੇ ਸਾਡੇ ਤਕ ਪੁੱਜੇ ਸਾਹਿੱਤ ਸੰਬੰਧੀ ਸੰਖੇਪ ਚਰਚਾ ਪਿਛਲੇ ਅਧਿਆਇ ਵਿਚ ਕੀਤੀ ਜਾ ਚੁੱਕੀ ਹੈ । ਏਥੇ ਅਸੀਂ ਭਿੰਨ ਭਿੰਨ ਧਾਰਾਵਾਂ ਅਧੀਨ ਰਚੇ ਗਏ ਸਾਹਿੱਤ ਅਤੇ ਉੱਘੇ ਸਾਹਿੱਤਕਾਰਾਂ ਦੀ ਦੇਣ ਬਾਰੇ ਵਿਸਤਾਰ-ਪੂਰਵਕ ਵਿਚਾਰ ਕਰਨੀ ਹੈ ਅਤੇ ਉਨ੍ਹਾਂ ਪਰਵਿਰਤੀਆਂ ਜਾਂ ਰੁੱਚੀਆਂ ਦਾ ਵੀ ਪੂਰਨ- ਭਾਂਤ ਵਿਸ਼ਲੇਸ਼ਣ ਕਰਨਾ ਹੈ, ਜਿਨ੍ਹਾਂ ਅਧੀਨ ਇਸ ਸਾਹਿੱਤ ਦੀ ਸਿਰਜਣਾ ਹੋਈ।
(ੳ) ਨਾਥ ਜੋਗੀਆਂ ਦਾ ਸਾਹਿੱਤ
ਪੰਜਾਬੀ ਸਾਹਿੱਤ ਦੇ ਲਗਭਗ ਸਾਰੇ ਇਤਿਹਾਸਕਾਰ ਹੁਣ ਇਸ ਵਿਚਾਰ ਨਾਲ ਸਹਿਮਤ ਹਨ ਕਿ ਸਾਡੇ ਸਾਹਿੱਤ ਦਾ ਆਰੰਭ ਨਾਥ ਜੋਗੀਆਂ ਦੀਆਂ ਰਚਨਾਵਾਂ ਨਾਲ ਹੁੰਦਾ ਹੈ। ਇਹ ਜੋਗੀ ਅੱਠਵੀਂ ਸਦੀ ਤੋਂ ਗਿਆਰਵੀਂ ਸਦੀ ਤਕ ਸਾਰੇ ਉੱਤਰ-ਪੱਛਮੀ ਭਾਰਤ ਵਿਚ ਫੈਲੇ ਹੋਏ ਸਨ। ਜੋਗ ਮੱਤ ਦੇ ਆਰੰਭ ਬਾਰੇ ਵਿਦਵਾਨਾਂ ਵਿਚ ਕਾਫੀ ਮਤਭੇਦ ਹੈ। ਜੋਗ ਦਾ ਅਰਥ ਜੁੜਨਾ, ਅਰਥਾਤ ਮਨ ਦੀ ਸਾਧਨਾ ਦੁਆਰਾ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨਾ ਤੇ ਕਿਸੇ ਅੰਤਰੀਵ ਦੇ ਦਿੱਬ ਰਹੱਸ ਦੀ ਪ੍ਰਾਪਤੀ ਕਰਨਾ ਹੈ, ਜਿਸ ਵਿਚੋਂ 'ਅਨਹਦ ਨਾਦ' ਸੁਣਾਈ ਦਿੰਦਾ ਹੈ ਤੇ ਕਿਸੇ ਗੁੱਝੇ ਗਿਆਨ ਦੇ ਕੁਆੜ ਖੁੱਲ੍ਹ ਜਾਂਦੇ ਹਨ । ਜੋਗ ਮਤ ਨੇ ਸਮਾਜਿਕ ਖੇਤਰ ਵਿਚ ਵੀ ਕਾਫੀ ਸੁਧਾਰ ਲਿਆਂਦੇ ਅਤੇ ਮੇਲਿਆਂ, ਭੰਡਾਰੇ ਤੇ ਲੰਗਰ ਦਾ ਰਿਵਾਜ ਪਾਇਆ। ਆਮ ਲੋਕਾਂ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਕਰਨ ਦਾ ਯਤਨ ਕੀਤਾ ਅਤੇ ਰਾਜਿਆਂ ਵਿਚੋਂ ਵੀ ਅੱਯਾਸ਼ੀ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਸ਼ਿੱਸ਼ ਬਣਾਇਆ।
ਕੁਝ ਵਿਦਵਾਨ ਜੋਗੀਆਂ ਦੁਆਰਾ ਰਚੇ ਸਾਹਿੱਤ ਨੂੰ ਪੰਜਾਬੀ ਮੰਨਣ ਤੋਂ ਇਨਕਾਰੀ ਹਨ, ਕਿਉਂ ਜੋ ਹਿੰਦੀ ਸਾਹਿੱਤ ਵਾਲੇ ਵੀ ਆਪਣੇ ਸਾਹਿੱਤ ਦਾ ਆਰੰਭ ਇਨ੍ਹਾਂ ਜੋਗੀਆਂ ਦੀਆਂ ਰਚਨਾਵਾਂ ਤੋਂ ਮਿਥਦੇ ਹਨ, ਪਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਉਦਾਹਰਣਾਂ ਤੇ ਦਲੀਲਾਂ ਨਾਲ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਉੱਘੇ ਜੋਗੀਆਂ ਦੀ ਰਚਨਾ ਪੰਜਾਬੀ ਵਿਚ ਹੈ, ਜਾਂ ਉਸ ਉੱਤੇ ਪੰਜਾਬੀ ਦੀ ਪਾਣ ਚੜ੍ਹੀ ਹੋਈ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਵਿਚ ਉਹ ਲਿਖਦੇ ਹਨ ਕਿ ਇਨ੍ਹਾਂ ਜੋਗੀਆਂ ਦੀਆਂ ਬਹੁਤ ਸਾਰੀਆਂ ਥੇਹਾਂ, ਨਿਸ਼ਾਨੀਆਂ ਤੇ ਮੱਠ ਪੰਜਾਬ ਵਿਚ ਹਨ, ਜਿਵੇਂ ਗੋਰਖ ਨਾਥ ਦਾ ਜਨਮ, ਗੋਰਖਪੁਰ, ਤਹਿਸੀਲ ਗੁਜਰਖਾਨ ਜ਼ਿਲ੍ਹਾ ਰਾਵਲਪਿੰਡੀ ਵਿਚ ਹੋਇਆ। ਗੋਰਖ ਦਾ ਟਿੱਲਾ ਜਿਹਲਮ ਵਿਚ ਹੈ। ਪਿਸ਼ਾਵਰ ਵਿਚ 'ਗੋਰਖ ਹੱਟੜੀ ਅਤੇ ਸਿਆਲਕੋਟ ਵਿਚ 'ਪੂਰਨ ਦਾ ਖੂਹ' ਪ੍ਰਸਿੱਧ ਹਨ । ਰਤਨ ਨਾਥ ਜਿਹੜਾ ਗੋਰਖ ਦਾ ਚੇਲਾ ਸੀ. ਉਸ ਦੀ ਥਾਂ ਵੀ ਪਿਸ਼ਾਵਰ ਵਿਚ ਮਿਲਦੀ ਹੈ। ਚੌਰੰਗੀ ਨਾਥ ਦੀ ਧੂਣੀ ਅਬੋਹਰ ਵਿਚ ਹੈ ਤੇ ਚਰਪਟ ਨਾਥ ਨੂੰ ਚੰਬੇ ਰਿਆਸਤ ਦਾ ਰਾਜਗੁਰੂ ਮੰਨਿਆ ਜਾਂਦਾ ਹੈ। ਇਨ੍ਹਾਂ ਨਿਸ਼ਾਨੀਆਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਕਿਉਂ ਜੋ ਉਹ ਪੰਜਾਬ ਵਿਚ ਰਹੇ, ਵਿਚਰੇ ਜਾਂ ਅੱਡੇ ਕਾਇਮ ਕੀਤੇ ਅਤੇ ਪੰਜਾਬੀਆਂ ਵਿਚ ਆਪਣੇ ਮੱਤ ਦਾ ਪ੍ਰਚਾਰ ਕੀਤਾ, ਇਸ ਲਈ ਉਨ੍ਹਾਂ ਦੁਆਰਾ ਰਚਿਤ ਸਾਹਿੱਤ, ਉਸ ਵੇਲੇ ਦੀ ਸਾਹਿੱਤਿਕ ਬੋਲੀ ਜਾਂ ਲੋਕ-ਬੋਲੀ ਵਿਚ ਹੈ, ਜਿਸ ਉੱਤੇ ਸੰਤ ਭਾਖਾ ਦਾ ਅਸਰ ਜ਼ਰੂਰ ਹੈ। ਉਸ ਵੇਲੇ ਅਪਭ੍ਰੰਸ਼ ਤੇ ਅਜੋਕੀਆਂ ਬੋਲੀਆਂ ਦੇ ਫਰਕ ਜਾਂ ਵਖੇਵੇਂ ਏਨੇ ਘੱਟ ਸਨ ਕਿ ਇਨ੍ਹਾਂ ਨੂੰ ਹਿੰਦੀ ਤੇ ਪੰਜਾਬੀ ਵਾਲੇ ਦੋਵੇਂ ਆਪਣਾ ਮੂਲ ਸੋਮਾ ਮੰਨਦੇ ਹਨ। ਜੇ ਗਹੁ ਨਾਲ ਦੇਖੀਏ ਤਾਂ ਇਨ੍ਹਾਂ ਨਾਥ ਜੋਗੀਆਂ ਦੀ ਬੋਲੀ ਦਾ ਪਿੰਡਾ ਨਿਰੋਲ ਪੰਜਾਬੀ ਹੈ, ਭਾਵੇਂ ਉਸ ਉੱਤੇ ਸਾਧ-ਭਾਖਾ ਦੀ ਪਾਣ ਜ਼ਰੂਰ ਚੜ੍ਹੀ
ਹੋਈ ਹੈ, ਜਿਹੜੀ ਉਸ ਸਮੇਂ ਦੇ ਅਧਿਆਤਮਿਕ ਅਨੁਭਵ ਦੇ ਪ੍ਰਗਟਾ ਦੀ ਸਾਂਝੀ ਬੋਲੀ ਹੀ ਸੀ। ਹੇਠ ਲਿਖੀਆਂ ਤੁਕਾਂ ਤੋਂ ਇਸ ਦਾ ਪ੍ਰਮਾਣ ਮਿਲ ਜਾਂਦਾ ਹੈ :
ਜੋ ਘਰ ਤਿਆਗ ਕਰਾਵੈ ਜੋਗੀ, ਘਰ ਵਾਸੀ ਕੋ ਕਹੇ ਜੋ ਭੋਗੀ,
ਅੰਤਰ ਭਾਵ ਨਾ ਪਰਖੇ ਜੋਈ, ਗੋਰਖ ਆਖੇ ਮੂਰਖ ਸੋਈ।
ਜੋਗੀਆਂ ਦੁਆਰਾ ਰਚੇ ਸਾਹਿੱਤ ਦੇ ਪੰਜਾਬੀ ਹੋਣ ਦੀ ਅਗਲੀ ਵੱਡੀ ਦਲੀਲ ਇਹ ਹੈ ਕਿ ਪੰਜਾਬ ਦੇ ਸਾਹਿੱਤਕ ਅਤੇ ਸਭਿਆਚਾਰਕ ਜੀਵਨ ਉੱਤੇ ਇਨ੍ਹਾਂ ਜੋਗੀਆਂ ਦਾ ਪ੍ਰਭਾਵ ਸਦੀਆਂ ਤਕ ਦੇਖਿਆ ਜਾ ਸਕਦਾ ਹੈ। ਲੋਕ ਸਾਹਿੱਤ, ਕਿੱਸਾ-ਕਾਵਿ ਤੇ ਗੁਰਬਾਣੀ ਵਿਚ ਇਨ੍ਹਾਂ ਜੋਗੀਆਂ ਦੇ ਬਾਰ ਬਾਰ ਹਵਾਲੇ ਮਿਲਦੇ ਹਨ, ਜਿਹੜੇ ਪੰਜਾਬ ਨਾਲ ਇਨ੍ਹਾਂ ਦੇ ਨਿਕਟ ਸੰਬੰਧ ਨੂੰ ਦਰਸਾਉਂਦੇ ਹਨ।
ਹੁਣ ਸੰਖੇਪ ਵਿਚ ਉੱਘੇ ਜੋਗੀਆਂ ਤੇ ਉਨ੍ਹਾਂ ਦੀ ਰਚਨਾ ਬਾਰੇ ਵਿਚਾਰ ਕੀਤੀ ਜਾਂਦੀ ਹੈ :
ਗੋਰਖ ਨਾਥ : ਗੋਰਖ ਨਾਥ, ਜੋਗ ਪੰਥ ਵਿਚ ਸਭ ਤੋਂ ਵੱਧ ਸਤਿਕਾਰਿਆ ਹੋਇਆ ਨਾਂ ਹੈ ਅਤੇ ਪੰਜਾਬੀ ਸਾਹਿੱਤ ਵਿਚ ਉਸ ਦਾ ਜ਼ਿਕਰ ਬਾਰ ਬਾਰ ਆਇਆ ਹੈ। ਰਾਹੁਲ ਸਾਂਕ੍ਰਿਤਆਇਨ ਅਨੁਸਾਰ ਗੋਰਖ ਦਾ ਸਮਾਂ 809 ਈ. ਤੋਂ 949 ਈ. ਹੈ, ਪਰ ਡਾਕਟਰ ਮੋਹਨ ਸਿੰਘ ਉਨ੍ਹਾਂ ਨੂੰ 940 ਈ. ਤੋਂ 1040 ਈ. ਦੇ ਵਿਚਕਾਰ ਹੋਏ ਮਿਥਦੇ ਹਨ। ਆਪ ਮਛੰਦਰ ਨਾਥ ਦੇ ਚੇਲੇ ਸਨ, ਪਰ ਤਪ-ਸਾਧਨਾ ਕਰ ਕੇ ਆਪ ਆਪਣੇ ਗੁਰੂ ਤੋਂ ਵੱਧ ਪ੍ਰਸਿੱਧ ਹੋਏ । ਆਪ ਦਾ ਜਨਮ ਕਿਸੇ ਨੀਵੀਂ ਜਾਤ ਵਿਚ ਹੋਣ ਦੇ ਸੰਕੇਤ ਮਿਲਦੇ ਹਨ। ਗੋਰਖ ਦੇ ਨਾਂ ਨਾਲ ਕਈ ਪ੍ਰਕਾਰ ਦੀਆਂ ਕਰਾਮਾਤਾਂ ਦੀਆਂ ਕਥਾਵਾਂ ਜੁੜੀਆਂ ਹੋਈਆਂ ਹਨ ਆਪ ਦੀ ਸਿੱਖਿਆ ਦੇ ਮੋਟੇ ਮੋਟੇ ਅਸੂਲ ਇਹ ਸਨ - ਮੂਰਤੀ ਪੂਜਾ ਦੀ ਨਿਖੇਧੀ, ਹਠ-ਯੋਗ ਦਾ ਪ੍ਰਚਾਰ, ਜ਼ਾਤ-ਪਾਤ ਦਾ ਖੰਡਨ, ਕਾਮ ਤੇ ਕਾਬੂ, ਭੋਗ ਬਿਲਾਸ ਦੀ ਨਿੰਦਿਆ, ਤਪ ਤੇ ਤਪੱਸਿਆ ਅਤੇ ਏਕਤਾ ਤੇ ਸਮਾਨਤਾ ਲਈ ਸਾਂਝੇ ਲੰਗਰ ਤੇ ਸਾਂਝੀ ਪਾਠ-ਪੂਜਾ ।
ਉਪਰੋਕਤ ਵਿਚਾਰਾਂ ਦੇ ਪ੍ਰਚਾਰ ਲਈ ਆਪ ਨੇ ਸਾਹਿੱਤ ਸਿਰਜਣਾ ਕੀਤੀ, ਜਿਸ ਵਿਚ ਸਾਹਿੱਤਕ ਸੁਹਜ ਤੋਂ ਬਿਨਾਂ ਵਿਅੰਗ ਤੇ ਕਟਾਖਸ਼ ਵੀ ਸੀ । ਉਨ੍ਹਾਂ ਦੀ ਰਚਨਾ ਸ਼ਲੋਕਾਂ, ਸਬਦਾਂ ਤੇ ਦੋਹਿਆਂ ਵਿਚ ਹੈ ਤੇ ਖੂਬੀ ਇਹ ਹੈ ਕਿ ਇਸ ਸਾਰੀ ਰਚਨਾ ਨੂੰ ਰਾਗਾਂ ਵਿਚ ਬੰਨ੍ਹਿਆ ਗਿਆ ਹੈ ਵਿਸ਼ੇਸ਼ ਤੌਰ ਤੇ, ਰਾਗ ਭੈਰੋਂ, ਗਉੜੀ ਤੇ ਰਾਮਕਲੀ ਵਿਚ । ਉਨ੍ਹਾਂ ਦੀ ਰਚਨਾ ਵਿਚੋਂ ਕੁਝ ਕੁ ਉਦਾਹਰਣਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਨਾਂ ਕੇਵਲ ਉਨ੍ਹਾਂ ਦਾ ਪੰਜਾਬੀ ਰੰਗ ਤੇ ਪੰਜਾਬੀ ਉਚਾਰਣ ਹੀ ਉੱਘੜਦਾ ਹੈ ਸਗੋਂ ਕਾਵਿ-ਖੂਬੀਆਂ ਦੀ ਝਲਕ ਵੀ ਪੈਂਦੀ ਹੈ :
(1) ਮਾਯਾ ਜੋੜ ਕਹੈ ਮੈਂ ਠਾਕਰ, ਮਾਯਾ ਗਯੋ ਕਹਾਵੈ ਚਾਕਰ।
ਮਾਯਾ ਤਯਾਗ ਹੋਏ ਜੋ ਦਾਨੀ, ਕਹਿ ਗੋਰਖ ਤੀਨੋਂ ਅਗਿਆਨੀ।
(2) ਖਾਇਆ ਭੀ ਮਰੈ, ਅਣਖਾਇਆ ਭੀ ਮਰੈ,
ਗੋਰਖ ਕਹੈ, ਸੰਜਮੀ ਤਰੈ।
(3) ਖਾਟੈ ਝਰੈ, ਸਲੂਣੈ ਜਰੈ, ਮੀਠੇ ਉਪਜੈ ਰੋਗ।
ਕਹੈ ਗੋਰਖ ਸੁਨਹੁ ਸਿਧਹ, ਅੰਨ ਪਾਣੀ ਜੋਗ ।
(4) ਬਾਘਨਿ ਜਿੰਦ ਲੈ, ਬਾਘਨਿ ਬਿੰਦ ਲੈ, ਬਾਘਨਿ ਹਮਰੀ ਕਾਇਆ।
ਇਨ ਬਾਘਨਿ ਤ੍ਰੈ ਲੋਈ ਖਾਈ, ਬਦਤਿ ਗੋਰਖ ਰਾਇਆ।
(5) ਦਾਮਿ ਕਾਢ ਬਾਘਨਿ ਲੈ ਆਇਆ, ਮਾਉ ਕਹੇ ਮੇਰਾ ਪੂਤ ਬੇ ਆਹਿਆ।
ਗੀਲੀ ਲਕੜੀ ਕਉ ਘੁਨ ਲਾਇਆ, ਤਿਨ ਡਾਲ ਮੂਲ ਸਣਿ ਖਾਇਆ।
(6) ਜੋਗੀ ਹੋਇ ਪਰ ਨਿੰਦਿਆ ਝਖੈ, ਮਦ ਮਾਸ ਘਰੁ ਭਾਗ ਜੋ ਭਖੇ,
ਇਕੋਤਰ ਸੈ ਪੁਰਖਿ ਨਰਕੈ ਜਾਇ, ਸਤਿ ਸਤਿ ਭਾਖੰਤ ਗੋਰਖ ਰਾਏ।
(7) ਗੁਰੂ ਜੀ ਐਸਾ ਕਾਮ ਨਾ ਕੀਜੈ, ਜਾਂ ਤੇ ਅਸੀਂ ਮਹਾਂਰਸ ਛੀਜੈ।
ਗੋਡੇ ਭਏ ਡਗਮਗੇ, ਪੇਟ ਭਇਆ ਢਿਲ ਢਿਲਾ, ਕੇਸ ਬਗਲੇ ਕੇ ਪੰਖਾ।
(8) ਅਸੀਂ ਮਹਾਂਰਸ ਬਾਘਨਿ ਸੋਖਾ ਤਾਂ ਤੇ ਘੇਰ ਮਥਨ ਭਈ ਅੰਖਾ।
ਦਿਵਸ ਕਉ ਬਾਘਨਿ ਸੁਰਿ ਨਰ ਮੋਹੈ, ਰਾਤੀ ਸਾਇਰ ਸੋਖੈ।
ਮੂਰਖ ਲੋਕਾ ਅੰਧਲਾ ਪਸੂਆ, ਨਿਤ ਪ੍ਰਤਿ ਬਾਘਨਿ ਪੋਖੈ।
ਬਾਘਨਿ ਜਿੰਦ ਲੇਇ, ਬਾਘਨਿ ਬਿੰਦ ਲੇਇ, ਬਾਘਨਿ ਹਮਰੀ ਕਾਇਆ।
ਇਨਿ ਬਾਘਨਿ ਤ੍ਰੈਈ ਲੋਈ ਖਾਈ, ਬਦਤਿ ਗੋਰਖ ਰਾਇਆ।
(9) ਅਧਿਕ ਅਹਾਰ ਇੰਦਰੀ ਬਲੁ ਕਰੈ, ਛੁਟੈ ਗਿਆਨ ਮਥਨੁ ਚਿਤੁ ਧਰੇ।
ਬਿਆਪੈ ਨਿੰਦਰਾ, ਝਾਂਪੇ ਕਾਲ ਤਾਂ ਕੈ ਹਿਰਦੈ ਸਚਾ ਜੰਜਾਲ।
ਅੰਨ ਕੇ ਸੰਜਮੀ ਬਿੰਦ ਨਾ ਜਾਇ ਨਿੰਦਰਾ ਕੇ ਸੰਜਮੀ ਕਾਲ ਨਾ ਖਾਏ।
(10) ਪੜ੍ਹ ਗ੍ਰੰਥ ਜੋ ਗਿਆਨ ਬਖਾਨੇ, ਪਵਨ ਸਾਧ ਪਰਮਾਰਥ ਮਾਨੈ।
ਪਰਮ ਤੱਤ ਕਓ ਹੋਇ ਨ ਮਰਮੀ, ਕਹੈ ਗੋਰਖ ਸੋ ਮਹਾਂ ਅਧਰਮੀ।
(11) ਸੁਨ ਰੇ ਬਾਬਾ ਚੁਨੀਆਂ ਮੁਨੀਆਂ, ਉਲਟ ਭੇਦ ਸੋਂ ਉਲਟੀ ਦੁਨੀਆਂ।
ਸਤਿਗੁਰ ਕਹੈ ਸਹਜ ਕਾ ਸੰਧਾ, ਬਾਦ ਬਿਬਾਦ ਕਰੈ ਸੇ ਅੰਧਾ।
(12) ਚੰਦ ਨਹੀਂ ਸੂਰ ਦਿਵਸ ਨਹੀਂ ਰਜਨੀ।
ਓਂਕਾਰ ਨਹੀਂ ਨਿਰਾਕਾਰ, ਸੂਖਮ ਨਹੀਂ ਅਸਥੂਲ।
ਪਿੰਡ ਨਹੀਂ ਪ੍ਰਾਨ ਸਾਖਾ ਨਹੀਂ ਪੱਤਰ, ਵਾਕੇ ਕਲੀ ਨਾ ਮੂਲ।
ਡਾਲ ਨਹੀਂ ਫੁਲ ਜਾ ਕੇ ਬਿਰਛ ਨਾ ਬੇਲਾ।
ਸਿੱਖ ਨਾ ਸ਼ਾਖਾ ਜਾਂ ਕੇ ਗੁਰੂ ਨਹੀਂ ਚੇਲਾ।
(13) ਉਪਜੈ ਨਾ ਬਿਨਸੈ ਆਵੇ ਨਾ ਜਾਇ।
ਜਗ ਮਿਰਤ ਤਿਸ ਬਾਪ ਨਾ ਮਾਇ
ਭਵੰਤ ਗੋਰਖ ਹਮਰਾ ਤੋਂ ਸੇਓ
(14) ਬਿਨ ਪਰਚੈ ਜੋ ਵਸਤੁ ਬਿਚਾਰੈ, ਧਿਆਨ ਅਗਨ ਤਿਨ ਮਨ ਜਾਰੈ ।
ਗਿਆਨ ਮਗਨ ਬਿਨ ਰਹੇ ਅਬੋਲਾ, ਕਹੁ ਗੋਰਖ ਸੇ ਬਾਲਾ ਭੋਲਾ।
(15) ਕੋਮਲ ਪਿੰਡ ਕਹਾਵੇ ਚੇਲਾ, ਕਠਿਨ ਪਿੰਡ ਸੇ ਠਾਠਾ ਪੇਲਾ।
ਜੂਨਾ ਪਿੰਡ ਕਹਾਵੈ ਬੂੜ੍ਹਾ, ਕਹੈ ਗੋਰਖ ਇਹ ਤੀਨੋਂ ਮੂੜ੍ਹਾ।
ਉਪਰੋਕਤ ਉਦਾਹਰਣਾਂ ਕੇਵਲ ਨਮੂਨੇ ਮਾਤ੍ਰ ਹੀ ਹਨ, ਭਾਵੇਂ ਗੋਰਖ ਦੇ ਨਾਂ ਹੇਠ ਹੋਰ ਵੀ ਢੇਰ ਸਾਰੀ ਰਚਨਾ ਮਿਲਦੀ ਹੈ।
ਚਰਪਟ ਨਾਥ : ਗੋਰਖ ਦੇ ਚੇਲਿਆਂ ਵਿਚੋਂ ਚਰਪਟ ਨਾਥ ਸਭ ਤੋਂ ਪ੍ਰਸਿੱਧ ਹਨ । ਵਿਦਵਾਨਾਂ ਨੇ ਇਨ੍ਹਾਂ ਦਾ ਸਮਾਂ 890 ਈ. ਤੋਂ 990 ਈ ਮਿਥਿਆ ਹੈ। ਆਪ ਚੰਬਾ ਰਿਆਸਤ ਦੇ ਰਾਜਾ ਸਾਇਲ ਵਰਮਾ ਦੇ ਗੁਰੂ ਸਨ । ਰਿਆਸਤ ਦੇ ਸਿੱਕੇ ਉੱਤੇ ਮੁੰਦਰਾਂ ਦੇ ਨਿਸ਼ਾਨ ਮਿਲਦੇ ਹਨ, ਜਿਨ੍ਹਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ। ਚਰਪਟ ਦੀ ਰਚਨਾ ਦਾ ਦਾਰਸ਼ਨਿਕ ਪਿਛੋਕੜ ਤਾਂ ਗੋਰਖ ਵਾਲਾ ਹੀ ਸੀ, ਪਰ ਆਪਣੇ ਸਮਕਾਲੀ ਜੀਵਨ ਨੂੰ ਚਿੱਤਰਣ ਕਰਕੇ, ਅਲੰਕਾਰਾਂ, ਵਿਅੰਗ, ਟੋਕ ਤੇ ਹਾਸੇ ਕਰਕੇ ਕਾਵਿ ਸਿਰਜਣਾ ਦੀ ਬਹੁਰੂਪਤਾ ਕਰਕੇ ਅਤੇ ਇਸ ਦੀ ਪੰਜਾਬੀ ਲਹਿਜੇ ਤੇ ਉਚਾਰਣ ਕਰਕੇ ਪੰਜਾਬੀ ਸਾਹਿੱਤ ਵਿਚ ਉਸ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਰਚਨਾ ਦਾ ਨਮੂਨਾ ਇਸ ਪ੍ਰਕਾਰ ਹੈ:
(1) ਭੇਖਿ ਕਾ ਜੋਗੀ, ਮੈਂ ਨਾ ਕਹਾਉਂ, ਆਤਮਾ ਕਾ ਜੋਗੀ ਚਰਪਟ ਨਾਉਂ।
(2) ਦਿਹੈਂ ਭਿਖਿਆ, ਰਾਤੀਂ ਰਸ ਭੋਗ,
ਚਰਪਟ ਕਹੈ ਗਵਾਇਆ ਜੋਗ ।
(3) ਸਿੱਖ ਕੀ ਘਰਿਨੀ ਲਾਗੈ ਪਾਇ
ਉਸ ਕਾ ਰੂਪ ਦੇਖ, ਉਸ ਕਾ ਕਾਮ ਢਲ ਜਾਇ।
ਸਿਖਿ ਕੇ ਪੁਤ੍ਰਿ ਕਾ ਮੁਖ ਲੈ ਚਚੋਲੇ
ਜੈਸੇ ਕੁੱਤਾ ਹਾਂਡਿ ਕੋ ਬਰੋਲੇ।
(4) ਖਾਣ ਕੇ ਅਜਾਣਿ ਹੋਇ, ਬਾਤ ਤੂੰ ਲੈ ਪਛਾਣਿ
ਚੇਲੇ ਹੋਇਆਂ ਲਾਭ ਹੋਇਆ, ਗੁਰੂ ਹੋਇਆ ਹਾਣ।
ਡਾ. ਮੋਹਨ ਸਿੰਘ ਚਰਪਟ ਦਾ ਹਵਾਲਾ ਦਿੰਦੇ ਹੋਏ ਆਖਦੇ ਹਨ ਕਿ ਉਹ "ਪਹਿਲਾ ਮੱਧਕਾਲੀਨ ਦੰਭ ਬਿਦਾਰੂ ਹੋਇਆ ਹੈ। ਉਸ ਨੇ ਨਿਧੜਕ ਤੇ ਨਿਝੱਕ ਹੋ ਕੇ, ਗਿਰਹੀ ਤੇ ਉਦਾਸੀ, ਜੋਗੀ ਤੇ ਸੰਨਿਆਸੀ ਦੀ ਮਾਨਸਿਕ ਦਸ਼ਾ ਨੂੰ ਨੰਗਾ ਕੀਤਾ ਤੇ ਚੋਭ ਲਾਈ।"
ਚਰਪਟ ਇਸ ਸੰਸਾਰ ਨੂੰ 'ਕਾਟਿਉਂ ਕੀ ਬਾੜੀ' ਆਖਦਾ ਹੈ ਤੇ ਏਥੇ ਸੁਖੀ ਜੀਵਨ ਜੀਉਣ ਲਈ ਉਸ ਦੀ ਸਿੱਖਿਆ ਸੀ :
ਸੁਨ ਸਿਖਵੰਤਾ, ਸੁਨ ਪਤਵੰਤਾ
ਇਸ ਜੱਗ ਮੈਂ ਕੈਸੇ ਰਹਿਨਾ।
ਅੱਖੀਂ ਦੇਖਣਾ, ਕੰਨੀ ਸੁਨਣਾ,
ਮੁਖ ਸੇ ਕਛੁ ਨ ਕਹਿਨਾ ।
ਬਕਤੇ ਆਗੇ ਸ੍ਰੋਤਾ ਹੋਇਬਾ,
ਰਹੁ ਧੋਂਸ ਆਗੈ, ਮਸਕੀਨਾ।
ਗੁਰੂ ਆਗੈ ਚੇਲਾ ਹੋਇਬਾ,
ਇਹੋ ਬਾਤ ਪਰਬੀਨਾ।
ਚੋਰੰਗੀ ਨਾਥ : ਚੋਰੰਗੀ ਨਾਥ ਵੀ ਮਛੰਦਰ ਨਾਥ ਦਾ ਚੇਲਾ ਤੇ ਗੋਰਖ ਨਾਥ ਦਾ ਗੁਰ-ਭਾਈ ਸੀ । ਇਹ ਸਿਆਲਕੋਟ ਦੇ ਰਾਜਾ ਸਾਲਵਾਹਨ ਦਾ ਪੁੱਤਰ ਸੀ, ਜਿਸ ਨੂੰ ਪੂਰਨ ਭਗਤ ਵੀ ਕਹਿੰਦੇ ਹਨ। ਪ੍ਰਸਿੱਧ ਹਿੰਦੀ ਵਿਦਵਾਨ ਪੰਡਤ ਅਯੋਧਿਆ ਸਿੰਘ ਉਪਾਧਿਆਇ ਆਪ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਹਨ। ਚੋਰੰਗੀ ਨਾਥ ਬਾਰੇ ਡਾਕਟਰ ਮੋਹਨ ਸਿੰਘ ਕਿਸੇ ਪੁਰਾਣੇ ਗ੍ਰੰਥ ਦਾ ਹਵਾਲਾ ਦੇ ਕੇ ਆਖਦੇ ਹਨ ਕਿ ਇਸ ਗ੍ਰੰਥ ਵਿਚ ਦਰਜ ਕਵਿਤਾ ਵਿਚ ਚੋਰੰਗੀ ਨਾਥ ਆਪਣੀ ਆਤਮ-ਕਥਾ ਦਾ ਬਿਆਨ ਕਰਦਾ ਹੋਇਆ ਲਿਖਦਾ ਹੈ "ਮੈਂ ਸਾਲਵਾਹਨ ਦਾ ਪੁੱਤਰ ਹਾਂ ਅਤੇ ਮੈਨੂੰ ਪਿਉ ਨੇ ਅੰਨ੍ਹੇ ਖੂਹ ਵਿਚ ਸਿਟਵਾ ਦਿੱਤਾ, ਜਿੱਥੋਂ ਮੈਨੂੰ ਮਛੰਦਰ ਨਾਥ ਨੇ ਕਢਵਾਇਆ।" ਚੋਰੰਗੀ ਨਾਥ ਦੀ ਰਚਨਾ ਵਿਚ "ਪ੍ਰਾਣ ਸੰਗਲੀ" ਤੇ ਕੁਝ ਹੋਰ ਸ਼ਬਦ-ਸਲੋਕ ਸ਼ਾਮਲ ਹਨ । ਰਚਨਾ ਦਾ ਨਮੂਨਾ ਇਸ ਪ੍ਰਕਾਰ ਹੈ :
ਮਾਲੀ, ਲੋ ਮਲਮਾਲੀ ਲੋ
ਸੀਚੈ ਸਹਜ ਕਿਆਰੀ
ਉਨਮਨਿ ਕਲਾ ਏਕ ਪਹੂਪਨਿ
ਪਹਿਲੇ ਆਵਗਵਨ ਨਿਵਾਰੀ ।
ਇਨ੍ਹਾਂ ਤੋਂ ਬਿਨਾਂ ਰਤਨ ਨਾਥ, ਭਰਥਰੀ ਨਾਥ ਤੇ ਗੋਪੀ ਨਾਥ ਆਦਿ ਕਈ ਹੋਰ ਨਾਥਾਂ ਦਾ ਜ਼ਿਕਰ ਵੀ
--------------------
1. ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਪੰਨਾ 17
ਆਉਂਦਾ ਹੈ, ਜਿਨ੍ਹਾਂ ਦੀ ਰਚਨਾ ਦਾ ਵਿਸ਼ਾ ਤੇ ਉਦੇਸ਼ ਲਗਭਗ ਸਾਮਾਨ ਹੈ । ਇਨ੍ਹਾਂ ਨਾਥ ਜੋਗੀਆਂ ਨੂੰ ਅਸੀਂ ਪੰਜਾਬੀ ਸਾਹਿੱਤ ਦੇ ਮੋਢੀ ਇਸ ਕਰਕੇ ਆਖਿਆ ਹੈ ਕਿ ਇਨ੍ਹਾਂ ਨੇ ਪੰਜਾਬੀ ਨੂੰ ਅਪਭ੍ਰੰਸ ਤੋਂ ਲੋਕ ਭਾਸ਼ਾ ਦੀ ਪੱਧਰ ਤੱਕ ਲਿਆਂਦਾ। ਇਸ ਵਿਚ ਅਣਗਿਣਤ ਸਾਹਿਤ ਰਚਿਆ, ਲੋਕ ਛੰਦਾਂ ਤੇ ਕਾਵਿ-ਰੂਪਾਂ ਦੀ ਵਰਤੋਂ ਕੀਤੀ, ਕਵਿਤਾ ਤੇ ਰਾਗ ਨੂੰ ਜੋੜਿਆ ਤੇ ਗੁਰਮੁਖੀ ਦੀ ਮੂਲ ਲਿੱਪੀ, ਸਿੱਧ-ਮਾਤ੍ਰਿਕਾ ਦੀ ਵਰਤੋਂ ਕੀਤੀ।
(ਅ) ਬਾਬਾ ਫਰੀਦ ਸ਼ਕਰ-ਗੰਜ
(1173 ਈ. ਤੋਂ 1266 ਈ.)
ਬਾਬਾ ਫਰੀਦ ਸ਼ਕਰ-ਗੰਜ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਆਖਿਆ ਗਿਆ ਹੈ । ਭਾਵੇਂ ਬਾਬਾ ਫਰੀਦ ਤੋਂ ਪਹਿਲਾਂ ਵੀ ਪੰਜਾਬੀ ਵਿਚ ਸਾਹਿੱਤ ਦੀ ਰਚਨਾ ਹੋਣ ਲਗ ਪਈ ਸੀ ਅਤੇ ਸਾਡੇ ਪਾਸ ਰਚੇ ਗਏ ਸਾਹਿੱਤ ਦੇ ਉੱਤਮ ਨਮੂਨੇ ਵੀ ਮੌਜੂਦ ਹਨ, ਪਰ ਬਾਬਾ ਫਰੀਦ ਨੂੰ ਪੰਜਾਬੀ ਸਾਹਿੱਤ ਦਾ ਮੀਲ-ਪੱਥਰ ਇਸ ਲਈ ਆਖਿਆ ਜਾਂਦਾ ਹੈ ਕਿ ਇਕ ਤਾਂ ਇਨ੍ਹਾਂ ਦੇ ਜਨਮ-ਮਰਨ ਦੀਆਂ ਪੱਕੀਆਂ ਤਾਰੀਖਾਂ ਸਾਡੇ ਪਾਸ ਹਨ ਅਤੇ ਦੂਜਾ ਇਨ੍ਹਾਂ ਦੁਆਰਾ ਰਚਿਆ ਗਿਆ ਸਾਹਿੱਤ, ਆਦਿ ਗ੍ਰੰਥ ਵਿਚ ਸੰਕਲਿਤ ਹੋ ਕੇ ਆਪਣੇ ਵੱਧ ਤੋਂ ਵੱਧ ਅਸਲੀ ਰੂਪ ਵਿਚ ਸਾਡੇ ਤੱਕ ਪੁੱਜਾ ਹੈ। ਤੀਜੀ ਗੱਲ ਇਹ ਹੈ ਕਿ ਬਾਬਾ ਫਰੀਦ ਦੀ ਰਚਨਾ ਸ਼ੁੱਧ ਤੇ ਠੁਕਦਾਰ ਪੰਜਾਬੀ ਵਿਚ ਲਿਖੀ ਗਈ, ਜਿਹੜੀ ਲਹਿੰਦੀ ਜਾਂ ਮੁਲਤਾਨੀ ਮੁਹਾਵਰੇ ਦੀ ਹੈ ਅਤੇ ਜਿਹੜੀ ਬਹੁਤ ਸਮੇਂ ਤੱਕ ਪੰਜਾਬੀ ਦੇ ਵਿਦਵਾਨਾਂ ਦਾ ਸਾਹਿੱਤਿਕ ਮਾਧਿਅਮ ਬਣੀ ਰਹੀ। ਨਾਥਾਂ ਜੋਗੀਆਂ ਦੀ ਰਚਨਾ ਉਸ ਵੇਲੇ ਦੀ ਲੋਕ ਬੋਲੀ ਪੰਜਾਬੀ ਵਿਚ ਤਾਂ ਸੀ, ਪਰ ਉਸ ਉੱਤੇ ਸਾਧ ਭਾਖਾ ਦਾ ਰੰਗ ਭਾਰੂ ਹੈ। ਇਸ ਦੇ ਟਾਕਰੇ ਤੇ ਬਾਬਾ ਫਰੀਦ ਨਿਰੋਲ ਪੰਜਾਬੀ ਦਾ ਲੇਖਕ ਸੀ।
ਬਾਬਾ ਫਰੀਦ ਦੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਵਿਚ 132 ਸ਼ਲੋਕ ਅਤੇ ਰਾਗ ਆਸਾ ਤੇ ਸੂਹੀ ਵਿਚ ਦੋ- ਦੋ ਸ਼ਬਦ ਦਰਜ ਹਨ । ਬਾਬਾ ਫਰੀਦ ਦੇ ਕੇਵਲ 112 ਸਲੋਕ ਹੀ ਹਨ, ਬਾਕੀ 20 ਸ਼ਲੋਕ ਪਹਿਲੇ, ਤੀਜੇ ਤੇ ਪੰਜਵੇਂ ਗੁਰੂ ਦੇ ਟਿੱਪਣੀ ਵਜੋਂ ਦਿੱਤੇ ਗਏ ਹਨ । ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਕੁਝ ਰਚਨਾ ਬਾਬਾ ਫਰੀਦ ਦੇ ਨਾਂ ਹੇਠ ਪ੍ਰਚਲਿਤ ਹੈ, ਪਰ ਉਸ ਦੇ ਫਰੀਦ ਰਚਿਤ ਹੋਣ ਬਾਰੇ ਵਿਦਵਾਨਾਂ ਵਿਚ ਮਦਭੇਦ ਹੈ।
ਬਾਬਾ ਫਰੀਦ ਦਾ ਜਨਮ 1173 ਈ. ਵਿਚ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪਿੰਡ ਖੋਤਵਾਲ (ਹੁਣ ਪਿੰਡ ਚਉਲੀ ਮੁਸ਼ੈਖਾ) ਜ਼ਿਲ੍ਹਾ ਮੁਲਤਾਨ ਵਿਚ ਜਮਾਲੁਦੀਨ ਸੁਲੇਮਾਨ ਦੇ ਘਰ ਹੋਇਆ। ਆਪ ਦੀ ਰੁੱਚੀ ਧਰਮ ਵੱਲ ਸੀ, ਜਿਸ ਨੂੰ ਢਾਲਣ ਵਿਚ ਆਪ ਦੀ ਮਾਤਾ ਬੀਬੀ ਮਰੀਅਮ ਦਾ ਬਹੁਤ ਵੱਡਾ ਹੱਥ ਸੀ। ਆਪ ਨੇ ਗ਼ਜ਼ਨੀ ਤੇ ਕਾਬਲ ਵਿਚ ਇਸਲਾਮੀ ਵਿਦਿਆ ਪੜ੍ਹੀ ਅਤੇ ਦਿੱਲੀ ਦੇ ਖ੍ਵਾਜਾ ਬਖਤਿਆਰ ਕਾਕੀ ਦੇ ਮੁਰੀਦ ਬਣੇ । ਪਾਕ-ਪਟਨ ਵਿਚ ਆਪ ਦੀ ਗੱਦੀ ਅੱਜ ਤਕ ਕਾਇਮ ਹੈ।
ਬਾਬਾ ਫਰੀਦ ਦੇ ਨਾਂ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਉਨ੍ਹਾਂ ਦੇ ਸ਼ਰਧਾਲੂਆਂ ਜਾਂ ਚੇਲਿਆਂ ਨੇ ਜੋੜ ਲਈਆਂ। ਇਨ੍ਹਾਂ ਵਿਚੋਂ ਬਹੁਤੀਆਂ ਦਾ ਸੰਬੰਧ ਸ਼ੱਕਰ ਨਾਲ ਹੈ, ਪਰ ਅੱਜ ਸਾਰੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕਿ ਆਪਣੇ ਬਚਨਾਂ ਦੀ ਮਿਠਾਸ ਕਰਕੇ ਆਪ ਦਾ ਨਾਂ 'ਸ਼ਕਰ-ਗੰਜ' ਪੈ ਗਿਆ। ਆਪ ਨੇ ਫਿਰ ਤੁਰ ਕੇ ਇਸਲਾਮ ਦਾ ਪ੍ਰਚਾਰ ਕੀਤਾ ਤੇ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ। 'ਸੀਅਰੁਲ ਔਲੀਆ ਪੁਸਤਕ ਦਾ ਕਰਤਾ ਹਜ਼ਰਤ ਕਿਰਮਾਨੀ ਆਪ ਨੂੰ "ਪੀਰਾਂ ਦਾ ਪੀਰ" (ਸ਼ੈਖੁਲ ਮੁਸ਼ਾਇਖ) ਆਖਦਾ ਹੈ।
ਕਾਫੀ ਸਮੇਂ ਤਕ ਵਿਦਵਾਨਾਂ ਵਿਚ ਇਹ ਵਾਦ-ਵਿਵਾਦ ਚਲਦਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਫਰੀਦ ਦੀ ਰਚਨਾ ਬਾਬਾ ਫਰੀਦ ਸ਼ਕਰ-ਗੰਜ ਦੀ ਨਹੀਂ ਸਗੋਂ 'ਸੇਖ ਬ੍ਰਹਮ ਦੀ ਹੈ, ਜਿਹੜੇ ਫਰੀਦ ਦੀ ਗੱਦੀ ਦੇ ਬਾਰ੍ਹਵੇਂ ਪੀਰ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨਾਲ ਹੋਈ ਆਪਣੀ ਮੁਲਾਕਾਤ ਸਮੇਂ ਇਹ ਸ਼ਲੋਕ ਉਨ੍ਹਾਂ ਦੇ ਭੇਟ ਕੀਤੇ, ਜਿਹੜੇ ਗੁਰੂ ਜੀ ਨੇ ਆਪਣੀ ਥਾਣੀ ਨਾਲ ਸਾਂਭ ਰੱਖੇ। ਪਿੱਛੋਂ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਉਹੋ ਰਚਨਾ ਸ਼ਾਮਲ ਕਰ ਲਈ । ਭਾਵੇਂ ਖੋਜ ਤੇ ਦਲੀਲਾਂ ਦੇ
ਆਧਾਰ ਤੇ ਅੱਜ ਇਹ ਪੱਕੀ ਤਰ੍ਹਾਂ ਸਿੱਧ ਹੋ ਚੁੱਕਾ ਹੈ ਕਿ ਇਹ ਰਚਨਾ ਬਾਬਾ ਫਰੀਦ ਸ਼ਕਰ-ਗੰਜ ਦੀ ਹੈ, ਪਰ ਹੇਠਾਂ ਅਸੀਂ ਸੰਖੇਪ ਵਿਚ ਉਨ੍ਹਾਂ ਕਾਰਣਾਂ ਦਾ, ਜਿਨ੍ਹਾਂ ਅਧੀਨ ਇਹ ਭੁਲੇਖਾ ਪਿਆ ਤੇ ਉਹ ਦਲੀਲਾਂ, ਜਿਨ੍ਹਾਂ ਦੇ ਆਧਾਰ ਤੇ ਇਸ ਦੇ ਫਰੀਦ ਸ਼ਕਰ-ਗੰਜ ਰਚਿਤ ਹੋਣ ਬਾਰੇ ਨਿਸਚਾ ਹੋਇਆ ਦਰਜ ਕਰਨਾ ਜ਼ਰੂਰੀ ਸਮਝਦੇ ਹਾਂ :
(ੳ) ਸਭ ਤੋਂ ਪਹਿਲਾਂ ਇਸ ਭੁਲੇਖੇ ਦਾ ਮੁੱਢ ਮੈਕਾਲਫ ਤੋਂ ਬੱਝਿਆ ਪ੍ਰਤੀਤ ਹੁੰਦਾ ਹੈ, ਜਿਸ ਨੇ ਆਪਣੀ ਪੁਸਤਕ 'ਸਿੱਖ ਰਿਲੀਜਨ' ਵਿਚ ਇਨ੍ਹਾਂ ਸਲੋਕਾਂ ਨੂੰ ਸ਼ੇਖ ਬ੍ਰਹਮ ਕ੍ਰਿਤ ਦੱਸ ਕੇ ਆਖਿਆ ਕਿ ਸੇਖ ਬ੍ਰਹਮ ਨੇ ਰਚਨਾ ਕਰਨ ਸਮੇਂ ਆਪਣੀ ਗੱਦੀ ਦੇ ਮੋਢੀ ਬਾਬਾ ਫਰੀਦ ਦਾ ਨਾਂ ਵਰਤਿਆ, ਜਿਵੇਂ ਸਿੱਖ ਸਾਹਿਬਾਨ ਨੇ "ਨਾਨਕ ਨਾਮ ਦੀ ਵਰਤੋਂ ਕੀਤੀ ਹੈ।
(ਅ) ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨਾ ਨੇ ਫਰੀਦ ਦੇ ਸ਼ਲੋਕਾਂ ਵਿਚ ਆਈ ਇਸ ਤੁਕ - "ਜਿਤੁ ਆਸਣੁ ਹਮ ਬੈਠੇ, ਕੇਤੇ ਬੈਸਿ ਗਇਆ ਦਾ ਗ਼ਲਤ ਅਰਥ ਦੇ ਕੇ ਇਹ ਸਿੱਧ ਕੀਤਾ ਕਿ 'ਸੇਖ ਬ੍ਰਹਮ' ਆਖਦੇ ਹਨ- ਜਿਸ ਗੱਦੀ ਤੇ ਮੈਂ ਬੈਠਾ ਹਾਂ, ਮੈਥੋਂ ਪਹਿਲਾਂ ਕਈ ਫਰੀਦ ਬੈਠ ਚੁੱਕੇ ਹਨ।" ਇਸ ਲਈ ਇਹ ਰਚਨਾ ਸ਼ੇਖ ਫਰੀਦ ਦੀ ਨਹੀਂ, ਬਲਕਿ ਸ਼ੇਖ ਬ੍ਰਹਮ ਦੀ ਹੈ।
(ੲ) ਤੀਜਾ ਭੁਲੇਖਾ ਡਾਕਟਰ ਗੋਪਾਲ ਸਿੰਘ ਵਰਗੇ ਵਿਦਵਾਨਾਂ ਨੇ ਪਾਇਆ, ਜਿਹੜੇ ਆਖਦੇ ਸਨ ਕਿ ਗੁਰੂ ਨਾਨਕ ਸਾਹਿਬ ਤੋਂ ਤਿੰਨ ਸੌ ਸਾਲ ਪਹਿਲਾਂ ਪੰਜਾਬੀ ਦਾ ਸਾਹਿੱਤਕ ਰੂਪ ਏਨਾ ਵਿਗਸਤ ਤੇ ਬੋਲੀ ਦੀ ਠੇਠਤਾ ਤੇ ਪਕਿਆਈ ਏਨੇ ਨਹੀਂ ਹੋ ਸਕਦੇ, ਜਿੰਨੇ ਕਿ ਫਰੀਦ ਦੀ ਰਚਨਾ ਵਿਚੋਂ ਦਿਖਾਈ ਦਿੰਦੇ ਹਨ ਜਾਂ ਸ਼ੇਖ ਫਰੀਦ ਦੇ ਵੱਡੇ ਵਡੇਰੇ ਕੇਵਲ ਇਕੋ ਪੁਸ਼ਤ ਪਹਿਲਾਂ ਭਾਰਤ ਵਿਚ ਆਏ ਸਨ, ਇਸ ਲਈ ਉਨ੍ਹਾਂ ਪਾਸੋਂ ਏਨੀ ਠੇਠ ਭਾਸ਼ਾ ਦੀ ਆਸ ਨਹੀਂ ਰੱਖੀ ਜਾ ਸਕਦੀ।
(ਸ) ਬਾਵਾ ਬੁੱਧ ਸਿੰਘ ਦਾ ਮੱਤ ਹੈ ਕਿ ਇਹ ਰਚਨਾ ਦੋਹਾਂ ਫਰੀਦਾਂ ਦੀ ਹੋ ਸਕਦੀ ਹੈ ਤੇ ਸ਼ੇਖ ਬ੍ਰਹਮ ਨੇ ਬਾਬਾ ਫਰੀਦ ਦੇ ਸਲੋਕਾਂ ਦੇ ਨਾਲ ਹੀ ਆਪਣੀ ਰਚਨਾ ਸ਼ਾਮਿਲ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤੀ ।
(ਹ) ਇਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਫਰੀਦ ਦੀ ਰਚਨਾ ਦਾ ਰੰਗ ਏਨਾ ਇਸਲਾਮੀ ਨਹੀਂ, ਜਿੰਨਾ ਕਿ ਫਰੀਦ ਵਰਗ, ਇਸਲਾਮ ਦੇ ਪਰਚਾਰਕ ਤੇ ਪਹਿਲੀ ਪੀੜ੍ਹੀ ਦੇ ਸੂਫ਼ੀ ਫਕੀਰ ਦਾ ਹੋਣਾ ਚਾਹੀਦਾ ਹੈ। ਫਰੀਦ ਦੀ ਭਾਵ-ਧਾਰਾ ਵਿਚ ਬੁੱਧ ਮੱਤ ਜਾਂ ਉਪਨਿਸ਼ਦਾਂ ਵਾਲਾ ਰੰਗ ਪ੍ਰਧਾਨ ਹੈ । ਇਸ ਦਾ ਉੱਤਰ ਸਾਫ ਹੈ ਕਿ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਗੁਰੂ ਜੀ ਨੇ ਕੇਵਲ ਉਹੀ ਰਚਨਾ ਚੁਣੀ ਹੋਵੇਗੀ, ਜਿਸ ਵਿਚ ਇਸਲਾਮੀ ਹਵਾਲੇ ਬਹੁਤ ਨਾ ਹੋਣ, ਕਿਉਂਜੋ ਆਦਿ ਗ੍ਰੰਥ ਤੋਂ ਬਿਨਾਂ ਵੀ ਫਰੀਦ ਦੇ ਨਾਂ ਹੇਠ ਬਹੁਤ ਸਾਰੀ ਰਚਨਾ ਪ੍ਰਚਲਿਤ ਹੈ।
ਆਦਿ ਗ੍ਰੰਥ ਵਿਚ ਦਰਜ ਬਾਣੀ ਦੇ ਬਾਬਾ ਫਰੀਦ ਰਚਿਤ ਹੋਣ ਬਾਰੇ ਹੇਠ ਲਿਖੀਆਂ ਅਕੱਟ ਦਲੀਲਾਂ ਨੇ ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ :
(1) ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਸਮੇਂ ਵੱਖ-ਵੱਖ ਗੁਰੂਆਂ ਤੇ ਭਗਤਾਂ ਦੀ ਬਾਣੀ ਨੂੰ ਨਿਖੇੜਨ ਲਈ ਵਿਸ਼ੇਸ਼ ਸੰਕੇਤ ਦਿੱਤੇ ਹਨ ਅਤੇ ਹਰ ਬਾਣੀ ਦੇ ਨਾਲ ਸ਼ਬਦ "ਸੁਧ ਕੀਚੈ" ਵਰਤੇ ਹਨ । ਜੇ ਉਨ੍ਹਾਂ ਨੂੰ ਬਾਬਾ ਫਰੀਦ ਤੇ ਸ਼ੇਖ ਬ੍ਰਹਮ ਦੀ ਰਚਨਾ ਬਾਰੇ ਕੋਈ ਭੁਲੇਖਾ ਹੁੰਦਾ ਤਾਂ ਇਸ ਸੰਬੰਧੀ ਵੀ ਜ਼ਰੂਰ ਕੋਈ ਸੰਕੇਤ ਦੇ ਦਿੱਤਾ ਜਾਂਦਾ ।
(2) ਹਜ਼ਰਤ ਕਿਰਮਾਨੀ ਨੇ ਇਕ ਪੁਸਤਕ "ਸੀਅਰੁਲ ਔਲੀਆ' ਸ਼ੇਖ ਬ੍ਰਹਮ (1510 ਤੋਂ 1552 ਈ.) ਤੋਂ ਲਗਭਗ ਦੋ ਸੋ ਸਾਲ ਪਹਿਲਾਂ ਲਿਖੀ, ਜਿਸ ਵਿਚ ਕੁਝ ਉਹ ਸਲੋਕ ਦਰਜ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹਨ। ਇਹ ਸ਼ੇਖ ਬ੍ਰਹਮ ਦੇ ਕਿਵੇਂ ਹੋ ਗਏ ?
(3) ਉਸੇ ਪੁਸਤਕ ਵਿਚ ਲਿਖਿਆ ਹੈ - "ਦਰ ਜੁਬਾਨਿ ਮੁਲਤਾਨੀ ਅਸ਼ਿਆਰ ਸ਼ੀਰੀਂ ਵਾਰਵਾਂ ਅਸਤ ।" (ਮੁਲਤਾਨੀ ਜੁਬਾਨ ਵਿਚ ਮਿੱਠੇ ਤੇ ਰਵਾਂ ਸ਼ੇਅਰ) ਇਹ ਬਾਬਾ ਫਰੀਦ ਸ਼ਕਰ-ਗੰਜ ਬਾਰੇ ਹੀ ਹੋ ਸਕਦੇ ਹਨ, ਜਿਹੜੇ ਆਪਣੇ ਬਚਨਾਂ ਦੀ ਮਿਠਾਸ ਕਰਕੇ ਪ੍ਰਸਿੱਧ ਹਨ।
(4) ਬਾਬਾ ਫਰੀਦ ਰਚਿਤ ਹਰ ਸ਼ਲੋਕ ਉੱਤੇ ਫਰੀਦ ਦਾ ਨਾਂ ਮੋਹਰ ਵਾਂਗ ਅੰਕਿਤ ਹੈ। ਜੇ ਫਰੀਦ ਨੇ ਆਪ ਰਚਨਾ ਨਾ ਕੀਤੀ ਹੁੰਦੀ ਤਾਂ ਕਿਸੇ ਨੂੰ ਕੀ ਹੱਕ ਸੀ ਕਿ ਆਪ ਲਿਖ ਕੇ, ਉਨ੍ਹਾਂ ਉੱਤੇ ਫਰੀਦ ਦਾ ਨਾਂ ਜੜ ਦਿੰਦਾ।
(5) ਬਾਣੀ ਦੀ ਅੰਦਰਲੀ ਗਵਾਹੀ ਤੋਂ ਵੀ ਇਹੀ ਸਿੱਧ ਹੁੰਦਾ ਹੈ ਕਿ ਜਿਸ ਵਿਅਕਤੀ ਦੀ ਇਹ ਰਚਨਾ ਹੈ, ਉਹ ਬਾਬਾ ਫਰੀਦ ਸ਼ਕਰ-ਗੰਜ ਹੀ ਹੋ ਸਕਦੇ ਹਨ "ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇਹਿ ਤਨ ਸੁਕਾ ਪਿੰਜਰ ਥੀਆ, ਸੁਬਹ ਨਿਵਾਜ ਗੁਜਾਰ, ਇੰਨੀ ਨਿੱਕੀ ਜੰਘੀਐ ਥੱਲ ਡੂਗਰ ਭਵਿਓਮ" ਆਦਿ ਸ਼ੇਖ ਫਰੀਦ ਵਲ ਸੰਕੇਤ ਕਰਦੇ ਹਨ, ਜਿਹੜੇ 93 ਵਰ੍ਹਿਆਂ ਦੀ ਲੰਮੀ ਉਮਰ ਭੋਗ ਕੇ ਮਰੇ, ਜਦ ਕਿ ਸ਼ੇਖ ਬ੍ਰਹਮ ਕੇਵਲ 42 ਸਾਲ ਹੀ ਜੀਵੇ।
(6) ਲਾਜਵੰਤੀ ਰਾਮਾਕ੍ਰਿਸ਼ਨਾ ਨੇ ਤੁਕ ਦੇ ਗਲਤ ਅਰਥ ਕੀਤੇ ਹਨ। ਬਾਬਾ ਫਰੀਦ ਦਾ ਇਸ਼ਾਰਾ ਇਸ ਸੰਸਾਰ ਵਿਚ ਜੰਮਦੇ-ਮਰਦੇ ਜਾਂ ਆਉਂਦੇ ਜਾਂਦੇ ਲੋਕਾਂ ਵੱਲ ਹੈ, ਫਰੀਦ ਦੀ ਗੱਦੀ ਵੱਲ ਨਹੀਂ। ਚਲ ਚਲ ਗਈਆਂ ਪੰਖੀਆਂ, ਸਿਰ ਭਰਿਆ ਭੀ ਚਲਸੀ’ ਇਸ ਤੁੱਕ ਦਾ ਅਰਥ ਫਰੀਦ ਦੀ ਗੱਦੀ ਵੱਲ ਸੰਕੇਤ ਨਹੀਂ।
(7) ਡਾਕਟਰ ਗੋਪਾਲ ਸਿੰਘ ਜੀ ਦੀ ਦਲੀਲ ਵੀ ਵਜਨਦਾਰ ਨਹੀਂ ਹੈ, ਜਦ ਕਿ ਸਾਨੂੰ ਬਾਬਾ ਫਰੀਦ ਤੋਂ ਬਿਨਾਂ ਵੀ ਪੂਰਵ-ਨਾਨਕ ਕਾਲ ਦੀਆਂ ਹੋਰ ਸਾਹਿੱਤਕ ਕ੍ਰਿਤਾਂ ਪ੍ਰਾਪਤ ਹਨ। ਜੇ ਅਪਭ੍ਰੰਸ਼ ਦੀ ਪੱਧਰ ਤੋਂ ਨਿਕਲ ਕੇ ਸਾਡੀ ਭਾਸ਼ਾ ਅੱਠਵੀਂ ਨੌਵੀਂ ਸਦੀ ਵਿਚ ਵਿਕਾਸ ਦੇ ਮਾਰਗ ਤੇ ਪੈ ਗਈ ਸੀ ਤਾਂ ਬਾਬਾ ਫਰੀਦ ਦੇ ਸਮੇਂ ਤਕ ਇਸ ਦਾ ਠੁੱਕ ਬੱਝ ਜਾਣਾ ਅਸੁਭਾਵਿਕ ਨਹੀਂ।
(8) ਬਾਬਾ ਫਰੀਦ ਦੀ ਰਚਨਾ ਫਾਰਸੀ ਵਿਚ ਵੀ ਮਿਲਦੀ ਹੈ, ਜਿਸ ਤੋਂ ਉਨ੍ਹਾਂ ਦੇ ਕਵੀ ਹੋਣ ਬਾਰੇ ਕੋਈ ਸੱਕ ਨਹੀਂ । ਇਹ ਵੀ ਬਾਰ ਬਾਰ ਜ਼ਿਕਰ ਆਉਂਦਾ ਹੈ ਕਿ ਬਾਬਾ ਫਰੀਦ ਨੇ ਆਪਣੇ ਬਚਨਾਂ ਦੀ ਮਿਠਾਸ ਨਾਲ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਇਹ ਮਿਠਾਸ ਇਨ੍ਹਾਂ ਸਲੋਕਾਂ ਤੋਂ ਸਪੱਸ਼ਟ ਹੈ।
ਉਪਰੋਕਤ ਦਲੀਲਾ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਚਨਾ ਦੇ ਬਾਬਾ ਫਰੀਦ ਸ਼ਕਰ- ਗੰਜ ਦੀ ਹੋਣ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ।
ਬਾਬਾ ਫਰੀਦ ਦੀ ਕਾਵਿ-ਕਲਾ : ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਬਾਬਾ ਫਰੀਦ ਦੀ ਵਿਸ਼ੇਸ਼ ਥਾਂ ਹੈ। ਉਹ ਪਹਿਲੇ ਪੰਜਾਬੀ ਕਵੀ ਸਨ, ਜਿਨ੍ਹਾਂ ਦੀ ਰਚਨਾ ਸ਼ੁੱਧ ਤੇ ਠੇਠ ਪੰਜਾਬੀ ਵਿਚ ਹੈ ਤੇ ਅੱਜ ਦੀ ਪੰਜਾਬੀ ਦੇ ਬਹੁਤ ਨੇੜੇ ਪ੍ਰਤੀਤ ਹੁੰਦੀ ਹੈ । ਉਨ੍ਹਾਂ ਦੀ ਰਚਨਾ ਸ਼ਲੋਕਾਂ ਤੇ ਸ਼ਬਦਾਂ ਵਿਚ ਹੈ ਤੇ ਇਨ੍ਹਾਂ ਛੰਦਾਂ ਦੀ ਵਰਤੋਂ ਫਰੀਦ ਤੋਂ ਪਹਿਲਾਂ ਨਾਥ ਜੋਗੀਆਂ ਨੇ ਵੀ ਕੀਤੀ। ਬਾਬਾ ਫਰੀਦ ਦੀ ਸਾਰੀ ਰਚਨਾ ਵਿਚੋਂ ਸਦਾਚਾਰਿਕ ਤੇ ਅਧਿਆਤਮਿਕ ਸਿੱਖਿਆ ਮਿਲਦੀ ਹੈ, ਜਿਸ ਨੂੰ ਉਨ੍ਹਾਂ ਨੇ ਬੜੇ ਕਲਾ-ਮਈ, ਸਰਲ, ਰਵਾਂ ਤੇ ਸੰਜਮ-ਮਈ ਢੰਗ ਨਾਲ ਸਾਡੇ ਦ੍ਰਿਸ਼ਟੀ-ਗੋਚਰ ਕੀਤਾ ਹੈ । ਸੁਚੱਜੀ ਸ਼ਬਦ-ਚੋਣ, ਅਲੰਕਾਰ, ਬਿੰਬ, ਚਿੱਤਰ ਤੇ ਸੰਕੇਤ ਆਪ ਦੀ ਕਵਿਤਾ ਨੂੰ ਨਵੀਆਂ ਉਚਾਣਾਂ ਤੇ ਡੂੰਘਾਈ ਬਖ਼ਸਦੇ ਹਨ। ਭਾਵ ਤੇ ਬੁੱਧੀ ਨੂੰ ਇਕ-ਸੁਰ ਰੱਖ ਕੇ, ਉਨ੍ਹਾਂ ਨੇ ਵੱਡੇ ਤੋਂ ਵੱਡੇ ਅਧਿਆਤਮਿਕ ਸੱਚ ਨੂੰ ਸਰਲ, ਸਾਦੇ ਸਪੱਸਟ ਪਰ ਗੰਭੀਰ ਰੂਪ ਵਿਚ ਸਾਡੇ ਤਕ ਅਜਿਹੀ ਸ਼ੈਲੀ ਵਿਚ ਪੁਚਾਇਆ ਕਿ ਪੜ੍ਹਦਿਆਂ ਪੜ੍ਹਦਿਆਂ ਇਕ ਅਜੀਬ ਸਰੂਰ ਤੇ ਅਕਹਿ ਅਨੰਦ ਪ੍ਰਾਪਤ ਹੁੰਦਾ ਹੈ। ਫਰੀਦ ਦੀ ਰਚਨਾ ਇਕ ਨਿਪੁੰਨ ਕਲਾਕਾਰ ਦੀ ਘਾੜਤ ਪ੍ਰਤੀਤ ਹੁੰਦੀ ਹੈ ਤੇ ਇਸ ਦੇ ਅਨੇਕ ਭਾਗ ਮੁਹਾਵਰਾ ਬਣ ਕੇ ਲੋਕ-ਮੂੰਹਾਂ ਤੇ ਚੜ੍ਹ ਗਏ ਹਨ । ਏਥੋਂ ਤਕ ਕਿ ਆਮ ਲੋਕੀਂ ਆਪਣੇ ਵਿਚਾਰਾਂ ਦੀ ਪੁਸ਼ਟੀ ਵਜੋਂ ਫਰੀਦ ਬਾਣੀ ਵਿਚੋਂ ਹਵਾਲੇ ਦਿੰਦੇ ਹਨ। ਹੇਠਾਂ ਅਸੀਂ ਉਨ੍ਹਾਂ ਦੀ ਰਚਨਾ ਵਿਚੋਂ ਕੁਝ ਉਦਾਹਰਣਾਂ ਦਰਜ ਕਰ ਰਹੇ ਹਾਂ, ਜਿਨ੍ਹਾਂ ਤੋਂ ਉਨ੍ਹਾਂ ਦੀ ਕਾਵਿ-ਕਲਾ ਦੇ ਤਿੰਨ-ਤਿੰਨ ਪੱਖ ਉੱਘੜਦੇ ਹਨ :
(1) ਕੱਤਕਿ ਕੂੰਜਾਂ ਚੇਤਿ ਡਉਂ, ਸਾਵਣ ਬਿਜਲੀਆਂ।
ਸੀਆਲੇ ਸੋਹੰਦੀਆਂ ਪਿਰ ਗਲ ਬਾਹੜੀਆਂ।
(2) ਫਰੀਦਾ ਜੰਗਲੁ ਜੰਗਲੁ ਕਿਆ ਭਵਹਿ, ਵਣ ਕੰਡਾ ਮੋੜੇਹਿ,
ਵਸੀ ਰਥੁ ਹਿਆਲਿਆ, ਜੰਗਲੁ ਕਿਆ ਢੂੰਢਹਿ ।
(3) ਫਰੀਦਾ ਬਾਰਿ ਪਰਾਇਐ ਬੈਸਣਾ, ਸਾਂਈ ਮੂਝੇ ਨਾ ਦੇਹਿ
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।
(4) ਜੋਬਨ ਜਾਂਦੇ ਨਾ ਡਰਾਂ, ਜੇ ਸਹੁ ਪ੍ਰੀਤਿ ਨਾ ਜਾਇ।
ਫਰੀਦਾ ਕਿਤੀ ਜੋਬਨ ਪ੍ਰਤਿ ਬਿਨੁ, ਸੁਕਿ ਗਏ ਕੁਮਲਾਇ।
(5) ਫਰੀਦਾ ਜੇ ਤੂ ਅਕਲਿ ਲਤੀਫ, ਕਾਲੇ ਲਿਖ ਨਾ ਲੇਖੁ।
ਆਪਨੜੇ ਗਿਰੀਬਾਨ ਮਹਿ ਸਿਰ ਨੀਵਾਂ ਕਰ ਦੇਖੁ।
(6) ਬੁਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇਹਿ।
ਜੇ ਸਉ ਵਰ੍ਹਿਆਂ ਜੀਵਣਾ, ਭੀ ਤਨੁ ਹੋਸੀ ਖੇਹਿ।
ਬਾਬਾ ਫਰੀਦ ਦੀ ਰਚਨਾ ਦੇ ਦੋ ਪੱਖ ਨਾਲੋ ਨਾਲ ਚਲਦੇ ਹਨ - ਇਕ ਅਧਿਆਤਮਿਕ ਵਿਚਾਰਧਾਰਾ ਤੇ ਦੂਜਾ ਸਦਾਚਾਰਿਕ ਉੱਚਤਾ ਤੇ ਪਵਿੱਤਰਤਾ ਦਾ ਸੰਦੇਸ਼, ਪਰ ਖੂਬੀ ਇਹ ਹੈ ਏਨੇ ਮਹੱਤਵਪੂਰਨ ਤੇ ਗੰਭੀਰ ਵਿਸ਼ੇ ਨੂੰ ਵੀ ਅਜਿਹੀ ਭਾਸ਼ਾ ਤੇ ਸ਼ੈਲੀ ਵਿਚ ਪੇਸ਼ ਕੀਤਾ ਹੈ ਕਿ ਇਹ ਵੱਧ ਤੋਂ ਵੱਧ ਲੋਕ-ਜੀਵਨ ਤੇ ਲੋਕ ਅਨੁਭਵ ਦੇ ਨਿਕਟ ਦਿਖਾਈ ਦਿੰਦੀ ਤੇ ਪੜ੍ਹਦਿਆਂ ਪੜ੍ਹਦਿਆਂ ਹਿਰਦੇ ਦੀਆਂ ਡੂੰਘਾਣਾਂ ਤਕ ਉਤਰ ਜਾਂਦੀ ਹੈ । ਅਧਿਆਤਮਿਕ ਤੇ ਸਦਾਚਾਰਿਕ ਸਿੱਖਿਆ ਦੀਆਂ ਕੁਝ ਕੁ ਉਦਾਹਰਣਾਂ ਦੇਖੋ :
(1) ਫਰੀਦਾ ਕਾਲੀਂ ਜਿਨੀਂ ਨਾ ਰਾਵਿਆ, ਧਉਲੀ ਰਾਵੈ ਕੋਇ।
ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਇ।
(2) ਫਰੀਦਾ ਲੋੜੇ ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ ।
ਹੰਢੇ ਉਨ ਕਤਾਇਦਾ ਪੈਧਾ ਲੋੜੇ ਪੱਟੁ ।
(3) ਫਰੀਦਾ ਸ਼ਕਰ ਖੰਡ ਨਿਵਾਤ ਗੁੜ, ਮਾਖਿਓਂ ਮਾਝਾ ਦੁਧ।
ਸਭੈ ਵਸਤੂ ਮਿੱਠੀਆਂ, ਰੱਬ ਨਾ ਪੂਜਨਿ ਤੁਧ।
(4) ਰੁਖੀ ਸੁਖੀ ਖਾਇ ਕੈ, ਠੰਡਾ ਪਾਣੀ ਪੀਓ।
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਓ।
(5) ਫਰੀਦਾ ਚਿੰਤ ਖਟੋਲਾ, ਵਾਣੁ ਦੁਖ ਬਿਰਹ ਵਿਛਾਵਣ ਲੇਫੁ।
ਈਹੁ ਹਮਾਰਾ ਜੀਵਣਾ, ਤੂ ਸਾਹਿਬ ਸੱਚੇ ਵੇਖ।
(6) ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ ।
ਫਰੀਦਾ ਜਿਤ ਤਨ ਬਿਰਹੁ ਨ ਉਪਜੈ, ਸੋ ਤਨ ਜਾਣ ਮਸਾਣ।
(7) ਫਰੀਦਾ ਜਿੰਨੀ ਕੰਮੀ ਨਾਹਿ ਗਣ, ਤੇ ਕੰਮੜੇ ਵਿਸਾਰਿ।
ਮਤੁ ਸ਼ਰਮਿੰਦਾ ਥੀਵਹੀ, ਸਾਈਂ ਦੇ ਦਰਬਾਰਿ।
(8) ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹਿ ਭਰਾਂਦਿ।
ਦਰਵੇਸ਼ਾਂ ਨੂੰ ਲੋੜੀਐ, ਰੁਖਾਂ ਦੀ ਜੀਰਾਂਦ।
(9) ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ।
ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼ ।
(12) ਫਰੀਦਾ ਜਾਂ ਕੁਆਰੀ ਤਾ ਚਾਉ, ਵੀਵਾਹੀ ਤਾਂ ਮਾਮਲੇ ।
ਫਰੀਦਾ ਇਹੋ ਪਛੁਤਾਉ, ਵਤਿ ਕੁਆਰੀ ਨਾ ਥੀਐ।
(11) ਫਰੀਦਾ ਬੇ ਨਿਵਾਜਾ ਕੁੱਤਿਆ, ਏਹ ਨ ਭਲੀ ਰੀਤ।
ਕਬਹੀ ਚਲਿ ਨਾ ਆਇਆ, ਪੰਜੇ ਵਖਤ ਮਸੀਤਿ।
(12) ਫਰੀਦਾ ਤਨ ਸੁਕਾ ਪਿੰਜਰ ਥੀਆ, ਤਲੀਆਂ ਚੂੰਡਹਿ ਕਾਗ।
ਅਜੈ ਸੁ ਰੱਬ ਨਾ ਬਹੁੜਿਆ, ਦੇਖ ਬੰਦੇ ਦੇ ਭਾਗ।
(13) ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ।
ਕੇਲ ਕਰੇਂਦੇ ਹੰਝ ਨੋ, ਅਚਿੰਤੇ ਬਾਜ ਪਏ।
ਬਾਜ ਪਏ ਤਿਸੁ ਰੱਬ ਦੈ, ਕੇਲਾਂ ਵਿਸਰੀਆ
ਜੋ ਮਨਿ ਚਿਤ ਨ ਚੇਤਿਹਨਿ, ਸੇ ਗੱਲੀਂ ਰੱਬ ਕੀਆ।
(14) ਫਰੀਦਾ ਜੋ ਤੈ ਮਾਰਨਿ ਮੁੱਕੀਆਂ, ਤਿਨਾ ਨਾ ਮਾਰੈ ਘੁੰਮਿ।
ਆਪਨੜੇ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ।
(15) ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹੰਢਾਇ।
ਦੇਹੀ ਰੋਗੁ ਨ ਲਗਈ, ਪੱਲੈ ਸਭ ਕਿਛੁ ਪਾਇ।
(16) ਇਕੁ ਫਿੱਕਾ ਨਾ ਗਲਾਇ ਸਭਨਾ ਮੈਂ ਸੱਚਾ ਧਣੀ।
ਹਿਆਓ ਨ ਕੈਹੀ ਠਾਹਿ, ਮਾਣਕ ਸੱਭ ਅਮੋਲਵੇ।
ਬਾਬਾ ਫਰੀਦ ਦੀ ਅਧਿਆਤਮਿਕ ਵਿਚਾਰਧਾਰਾ ਬਾਰੇ ਡਾ. ਦੀਵਾਨ ਸਿੰਘ ਲਿਖਦੇ ਹਨ, "ਸਿਖਰਾਂ ਤੇ ਪੁੱਜਾ ਹੋਇਆ ਅਧਿਆਤਮਿਕ ਤੇ ਰਹੱਸਵਾਦੀ ਅਨੁਭਵ, ਯਥਾਰਥ ਨਾਲ ਇਸ ਤਰ੍ਹਾਂ ਰਲਿਆ ਮਿਲਿਆ ਹੈ, ਜਿਵੇਂ ਸੰਸਾਰ ਦੀਆਂ ਠੋਸ ਵਸਤਾਂ ਵਿਚ ਪੌਣ ਸੰਮਿਲਤ ਰਹਿੰਦੀ ਹੈ। ਭਗਤੀ ਰਸ ਨੇ ਇਸ ਕਵਿਤਾ ਵਿਚ ਸ਼ਾਂਤ ਰਸ ਦਾ ਅੰਮ੍ਰਿਤ ਘੋਲ ਦਿੱਤਾ ਹੈ । ਇਕ ਡੂੰਘਾ ਤੇ ਮਿੱਠਾ ਦਰਦ ਇਸ ਕਵਿਤਾ ਦੀ ਰੂਹ ਵਿਚ ਭਰਿਆ ਹੋਇਆ ਹੈ। ਕਰੁਣਾ ਰਸ ਦੇ ਨਾਲ ਸ਼ਿੰਗਾਰ ਰਸ ਦੀ ਚਾਸਣੀ, ਇਸ ਦਰਦ ਨੂੰ ਸਹਿਣਯੋਗ ਕਰਦੀ ਹੈ।"
ਭਾਵੇਂ ਫਰੀਦ ਦੀ ਰਚਨਾ ਆਕਾਰ ਵਿਚ ਬਹੁਤੀ ਨਹੀਂ, ਪਰ ਕਾਵਿ ਗੁਣਾਂ ਕਰਕੇ, ਵਿਸ਼ੇ ਦੀ ਸ੍ਰੇਸ਼ਟਤਾ, ਗੰਭੀਰਤਾ ਤੇ ਪਰਪੱਕਤਾ ਕਰ ਕੇ, ਇਸ ਰਚਨਾ ਦਾ ਪੰਜਾਬੀ ਸਾਹਿੱਤ ਵਿਚ ਉੱਤਮ ਤੇ ਸਦੀਵੀ ਸਥਾਨ ਹੈ।
(ੲ) ਲੋਕ ਸਾਹਿੱਤ
ਹਰ ਭਾਸ਼ਾ ਦੇ ਸਾਹਿੱਤ ਦਾ ਮੁੱਢਲਾ ਰੂਪ ਲੋਕ ਸਾਹਿੱਤ ਹੀ ਹੁੰਦਾ ਹੈ, ਜਿਸ ਵਿਚ ਲੋਕ-ਗੀਤ, ਬੁਝਾਰਤਾਂ, ਅਖਾਣ ਕਹਿ-ਮੁਕਰਨੀਆਂ ਤੇ ਦੋ-ਸੁਖਨੇ ਆਦਿ ਹੁੰਦੇ ਹਨ । ਕਹਿ-ਮੁਕਰਨੀਆਂ ਉਨ੍ਹਾਂ ਬੁਝਾਰਤਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਵਿਚ ਜਵਾਬ ਵੀ ਵਿਚੇ ਦਿੱਤਾ ਹੁੰਦਾ ਹੈ। ਦੋ-ਸੁਖਨੇ ਵਿਚ ਸਵਾਲ ਦੋ ਭਾਸ਼ਾਵਾਂ ਵਿਚ ਹੁੰਦਾ ਹੈ ਤੇ ਉੱਤਰ ਇਕ ਅਜਿਹੇ ਸ਼ਬਦ ਰਾਹੀਂ ਦਿੱਤਾ ਜਾਂਦਾ ਹੈ, ਜਿਹੜਾ ਦੋ ਭਾਸ਼ਾਵਾਂ ਵਿਚ ਸਾਂਝਾ ਹੋਵੇ। ਆਦਿ ਕਾਲ ਦੀਆਂ ਬਹੁਤ ਸਾਰੀਆਂ ਬੁਝਾਰਤਾਂ ਅਮੀਰ ਖ਼ੁਸਰੇ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ। ਪੁਰਾਣੀਆਂ ਬੁਝਾਰਤਾਂ ਪੁਸ਼ਤ-ਦਰ-ਪੁਸ਼ਤ ਸਾਡੇ ਤੱਕ ਪੁੱਜੀਆਂ ਹਨ ਤੇ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਅੱਜ ਭਾਵੇਂ ਇਨ੍ਹਾਂ ਦਾ ਰੰਗ-ਰੂਪ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਦੀ ਆਯੂ ਬਹੁਤ ਪੁਰਾਣੀ ਹੈ। ਉਦਾਹਰਣ ਲਈ ਹੇਠਾਂ ਕੁਝ ਬੁਝਾਰਤਾਂ ਨਮੂਨੇ ਮਾਤ੍ਰ ਦਰਜ ਕੀਤੀਆਂ ਜਾ ਰਹੀਆਂ ਹਨ:
ਕਹਿ ਮੁਕਰਨੀਆਂ
(1) ਇਕ ਸੁਘੜ ਮੈਂ ਡਿੱਠੀ ਨਾਰੀ।
ਪੰਡਤਾਂ ਨੂੰ ਲੱਗੇ ਬਹੁਤ ਪਿਆਰੀ ।
ਬੱਚੇ ਉਹਦੇ ਸੁੱਚੇ ਮੋਤੀ ।
ਮਿੱਤਰ ਪਿਆਰੇ ਦੱਸ ਪੜ੍ਹ ਕੇ ਪੋਥੀ। (ਪੋਥੀ)
(2) ਇਕ ਦੁਮੂੰਹੀ ਕਾਲਾ ਰੰਗ।
ਘੋੜੇ ਤੇ ਚੜ੍ਹ ਬਹੇ ਨਿਸ਼ੰਗ ।
ਜਿਸ ਰਾਹ ਲਏ, ਉਸੇ ਰਾਹ ਕੱਢੇ।
ਉਹਦਾ ਦਿੱਤਾ ਵਰਤੇ ਜੱਗੇ ।
ਛਟੇ ਪੇਟੇ ਨਾਹਿੰ ਕਮਾਵੈ ।
ਨਾਮ ਉਸ ਦਾ ਵਿਚੈ ਆਵੈ । (ਦਮੂਹੀ)
(3) ਸ਼ਾਮ ਰੰਗ ਤੇ ਮਸਤਕ ਬੱਗਾ
ਜਿਉਂ ਕ੍ਰਿਸ਼ਨ ਜੀ ਟਿੱਕਾ ਲੱਗਾ।
ਪਾਕ ਘਰ ਖੇਡਣ ਐਸੇ ਸ਼ਾਮ
ਮਨ ਮਾਂਹ ਵਿਚਾਰੋ ਉਨ ਕਾ ਨਾਮ । (ਮਾਂਹ)
ਬੁਝਾਰਤਾਂ :
(1) ਲੌਂਗ ਲਾਇਚੀ ਨਹਾਉਣ ਚੱਲੇ, ਲਾਚੀ ਮਾਰੀ ਟੁਭੀ,
ਲੌਂਗ ਸਿਰੋ ਸਿਰ ਪਿੱਟਣ ਲੱਗਾ, ਹਾਇ ਹਾਇ ਲਾਚੀ ਡੁਬੀ। (ਲੱਜ ਤੇ ਘੜਾ)
(2) ਹੱਥ ਲਾਇਆ ਉਹ ਮੈਲਾ ਲੱਗੇ
ਮੂੰਹ ਲਾਇਆ ਉਹ ਹੱਸੇ। (ਸ਼ੀਸ਼ਾ)
(3) ਪਹਿਲੋਂ ਜੰਮਿਆ ਮੈਂ, ਵਤ ਜੰਮੀ ਮੇਰੀ ਤਾਈ
ਛਿੱਕ ਛਿੱਕ ਕੇ ਮੈਂ ਪਿਓ ਜਮਾਇਆ।
ਵਤ ਜੰਮੀ ਮੇਰੀ ਮਾਈ। (ਦੁੱਧ, ਦਹੀਂ, ਮੱਖਣ, ਲੱਸੀ)
(4) ਨ੍ਹੇਰ ਨ੍ਹੇਰ ਘੁਪ ਥੰਮੀਆਂ
ਨੂੰਹ ਨੇ ਮਾਰੀ ਟੱਕਰ, ਸਹੁਰਾ ਜੰਮਿਆ। (ਕੁੰਜੀ ਜੰਦਰਾ)
(5) ਇਨੀ ਕੁ ਇਕ ਘੜੀ
ਰਾਣੀ ਵੀ ਨਹਾਤੀ, ਰਾਜਾ ਵੀ ਨਹਾਤਾ,
ਫੇਰ ਭਰੀ ਦੀ ਭਰੀ। (ਸੁਰਮੇਦਾਨੀ)
(6) ਐਧਰ ਕਾਠ, ਓਧਰ ਕਾਠ, ਵਿਚ ਬੈਠਾ ਜਗਨ ਨਾਥ। (ਬਾਦਾਮ)
(7) ਧਰਤੀ ਛੁਟੀ ਇਕ ਗੰਦਲ ਨਿਕਲ, ਰੋਡ ਮਰੋਡੀ ਜਾਣ।
ਜਾਂ ਤਾਂ ਬੁੱਝੇ ਸੁਘੜ ਸਿਆਣਾ, ਜਾਂ ਬੁੱਝੇ ਬੁਧਮਾਨ।
(8) ਇਕ ਨਾਮ ਕਰਤਾਰੋਂ ਪਾਈਐ, ਸੁਣ ਵੇ ਮੇਰਿਆ ਵੀਰਾ।
ਇਕ ਟਾਹਣੀ ਨੂੰ ਤ੍ਰੈ ਫਲ ਲੱਗੇ, ਹਿੰਗ, ਜਵੈਣ, ਜੀਰਾ।
(9) ਦੋ ਕਬੂਤਰ ਜੌੜੇ, ਜੋੜੀ ਖੰਭ ਉਨ੍ਹਾਂ ਦੇ ਕਾਲੇ।
ਚਾਲ ਉਨ੍ਹਾਂ ਦੀ ਅਟਕੀ ਮਟਕੀ, ਰੱਬ ਉਨ੍ਹਾਂ ਨੂੰ ਪਾਲੇ।
ਏਸੇ ਕਾਲ ਵਿਚ 'ਸੁਰਤਾ' ਨਾਂ ਦਾ ਇਕ ਪੰਡਿਤ ਹੋਇਆ, ਜਿਸ ਦੇ ਨਾਂ ਹੇਠ 360 ਬੁਝਾਰਤਾਂ ਪ੍ਰਚਲਿਤ ਹਨ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਆਈ ਇਸ ਤੁਕ ਦੇ ਆਧਾਰ ਤੇ, "ਜੰਮੇ ਜੀਓ ਜਾਣੇ ਕੇ ਥਾਉਂ, ਸੁਰਤਾ ਪੰਡਿਤ ਤਾਂ ਕਾ ਨਾਉਂ" ਇਹ ਆਖਿਆ ਜਾ ਸਕਦਾ ਹੈ ਕਿ ਸੁਰਤਾ ਪੰਡਤ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਇਆ ਹੋਵੇਗਾ । ਸੁਰਤੇ ਪੰਡਤ ਦੀਆਂ ਬਹੁਤੀਆਂ ਬੁਝਾਰਤਾਂ "ਕਹਿ ਮੁਕਰਨੇ" ਆਖੀਆਂ ਜਾ ਸਕਦੀਆਂ ਹਨ। ਉਦਾਹਰਣ ਲਈ :
(1) ਮੱਝ ਕੇਹੀ ? ਜ਼ਿਮੀਂ ਕੇਹੀ ? ਤ੍ਰੀਭਤ ਕੇਹੀ ?
ਮੱਝ ਲੋਹੀ, ਜਿਮੀਂ ਰੋਹੀ
ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ
(2) ਭੈੜੀ ਰੰਨ ਦੀ ਭੈੜੀ ਚਾਲ ?
ਆਏ ਪ੍ਰਾਹੁਣਾ ਕੁੱਟੇ ਬਾਲ
ਨੱਕ ਪੂੰਝਦੀ ਉਤਲੇ ਨਾਲ,
ਆਟਾ ਗੁੰਨ੍ਹੇ ਖੁਰਕੇ ਵਾਲ,
ਭੈੜੀ ਰੰਨ ਦੀ ਭੈੜੀ ਚਾਲ।
(3) ਇਕਾ ਪੁਤ ਨਾ ਜਾਈਂ ਰੰਨੇ ?
ਘਰ ਜਾਏ ਤਾਂ ਭਾਂਡੇ ਭੰਨੇ
ਬਾਹਰ ਜਾਏ ਤਾਂ ਮਾਪੇ ਅੰਨ੍ਹੇ
ਲਾਡਾਂ ਵਿਚ ਨਾ ਆਖਾ ਮੰਨੇ- ਇਕ ਪੁਤ ਨਾ ਜਾਈਂ ਰੰਨੇ।
(4) ਮੇਲੇ ਦੇ ਤ੍ਰੈ ਕੰਮ ਪੱਕੇ ?
ਧੂਪ, ਧੂੜ, ਨਿਕੰਮੇ ਧੱਕੇ-ਮੇਲੇ ਦੇ ਤ੍ਰੈ ਕੰਮ ਪੱਕੇ ।
ਏਸੇ ਤਰ੍ਹਾਂ "ਕੁੜੀਆਂ ਚਿੜੀਆਂ ਬੱਕਰੀਆਂ ਤੇ ਤਿੰਨ ਜਾਤਾਂ ਅੱਥਰੀਆਂ" ਜਾਂ "ਸੋ ਚਾਚਾ, ਇਕ ਪਿਓ, ਸੌ ਦਾਰੂ ਇਕ ਘਿਓ, ਸੌ ਬੇਰ ਇਕ ਸਿਓ ਆਦਿ ਵੀ ਸੁਰਤੇ ਪੰਡਤ ਦੀ ਕਿਰਤ ਦੱਸੇ ਜਾਂਦੇ ਹਨ ।
(ਸ) ਵਾਰਾਂ
ਪੰਜਾਬੀ ਸਾਹਿੱਤ ਦੀ ਬੀਰ-ਰਸੀ ਪਰੰਪਰਾ ਬਹੁਤ ਪੁਰਾਣੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਹੀ ਅਜਿਹੀ ਹੈ ਕਿ ਏਥੋਂ ਦੇ ਵਸਨੀਕਾਂ ਨੂੰ ਆਦਿ ਕਾਲ ਤੋਂ ਹੀ ਬਾਹਰਲੇ ਹੱਲਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਇਸ ਲਈ ਯੋਧਿਆਂ ਨੂੰ ਯੁੱਧ-ਖੇਤਰ ਵਿਚ ਜੂਝਣ ਦੀ ਪ੍ਰੇਰਣਾ ਦੇਣ ਲਈ ਵੱਧ ਚੜ੍ਹ ਕੇ ਬੀਰਤਾ ਦਿਖਾਉਣ ਵਾਲਿਆਂ ਦਾ ਜੱਸ ਗਾਉਣ ਲਈ ਵਾਰਾਂ ਰਚੀਆਂ ਜਾਂਦੀਆਂ ਰਹੀਆਂ।
ਪੂਰਵ-ਨਾਨਕ ਕਾਲ ਵਿਚ ਜਿਹੜੀਆਂ ਵਾਰਾਂ ਰਚੀਆਂ ਜਾਂਦੀਆਂ ਰਹੀਆਂ, ਉਨ੍ਹਾਂ ਦੇ ਲੇਖਕਾਂ ਦਾ ਸਾਨੂੰ ਪਤਾ ਨਹੀਂ । ਪੰਡਤ ਤਾਰਾ ਸਿੰਘ ਨਰੋਤਮ ਨੇ ਸਭ ਤੋਂ ਪਹਿਲੀ ਆਪਣੀ ਪੁਸਤਕ ‘ਗੁਰਮਤਿ ਨਿਰਣਯ ਸਾਗਰ’ ਵਿਚ ਉਨ੍ਹਾਂ ਵਾਰਾਂ ਦੇ ਨਮੂਨੇ ਦਰਜ ਕੀਤੇ, ਜਿਹੜੀਆਂ ਇਸ ਕਾਲ ਵਿਚ ਰਚੀਆਂ ਗਈਆਂ ਤੇ ਜਿਨ੍ਹਾਂ ਦੀਆਂ ਧਾਰਣਾਂ ਉੱਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਨੂੰ ਗਾਉਣ ਦਾ ਹੁਕਮ ਦਿੱਤਾ ਗਿਆ।
(1) ਰਾਇ ਕਮਾਲ ਮਉਜ ਦੀ ਵਾਰ
(2) ਟੁੰਡੇ ਅਸਰਾਜੇ ਦੀ ਵਾਰ
(3) ਸਿਕੰਦਰ ਇਬਰਾਹੀਮ ਦੀ ਵਾਰ
(4) ਲੱਲਾ ਬਹਿਲੀਮਾ ਦੀ ਵਾਰ
(5) ਹਸਨੇ ਮਹਿਮੇ ਦੀ ਵਾਰ
(6) ਮੂਸੇ ਦੀ ਵਾਰ
ਇਨ੍ਹਾਂ ਵਾਰਾਂ ਦੀਆਂ ਉਦਾਹਰਣਾਂ ਨਮੂਨੇ ਮਾਤ੍ਰ ਏਥੇ ਦਰਜ ਕੀਤੀਆਂ ਜਾ ਰਹੀਆਂ ਹਨ :
(1) ਰਾਣਾ ਰਾਇ ਕਮਾਲ ਦੀ ਰਣ ਭਾਗ ਬਾਹੀ।
ਮਉਜੇ ਦੀ ਤਲਵੰਡੀਓਂ, ਚੜ੍ਹਿਆ ਸਾਬਾਹੀ ।
ਢਾਲੀਂ ਅੰਬਰ ਛਾਇਆ, ਫਲੇ ਅੱਕ ਕਾਹੀ।
ਜੁਟੇ ਆਹਮੋ ਸਾਹਮਣੇ, ਨੇਜ਼ੇ ਝਲਕਾਹੀ
ਮਉਜੇ ਘਰ ਵਧਾਈਆਂ, ਘਰ ਚਾਚੇ ਧਾਹੀਂ। (ਰਾਇ ਕਮਾਲ ਮਉਜ ਦੀ ਵਾਰ)
(2) ਕਾਲ ਲੱਲਾ ਦੇ ਦੇਸ ਦਾ ਖੋਯਾ ਬਹਿਲੀਮਾ,
ਹਿੱਸਾ ਛਠਾ ਮਨਾਇ ਕੈ ਜਲ ਨਹਿਰੋਂ ਦੀਨਾ,
ਫਿਰਾਹੂੰਨ ਹੋਇ ਲੱਲਾ, ਨੇ ਰਣ ਮੰਡਯਾ ਧੀਮਾ,
ਭੇੜ ਦੁਹਾਂ ਵਿਚ ਮਚਿਆ, ਸੱਟ ਪਈ ਅਨੀਮਾ,
ਸਿਰ ਧੜ ਡਿਗੇ ਖੇਤ ਵਿਚ, ਜਿਉਂ ਬਾਹਣ ਢੀਮਾਂ,
ਦੇਖ ਮਾਰੇ ਲੱਲੇ ਬਹਿਲੀਮ ਨੇ, ਰਣ ਮੈਂ ਬਾਸੀਮਾ। (ਲੱਲਾ ਬਹਿਲੀਮਾ ਦੀ ਵਾਰ ਵਿਚੋਂ)
(3) ਹਸਨੇ ਮਹਿਮੇ ਰਾਣਿਆ, ਦੋਹਾਂ ਉਠਾਈ ਦਲ।
ਮਹਿਮਾ ਹਸਨਾ ਮਾਰਿਆ, ਦੁਧ ਤੋਂ ਮੱਖੀ ਗਈ ਟਲ।
ਬਹੁਤੇ ਰੰਗ ਵਿਗੁਤਿਆਂ, ਅਥਰਬਾਣ ਬੇਟ ਪਾਇਆ ਟੁਟ ਗੱਲ।
ਆਖੀਂ ਮਾਖੇ ਢਾਡੀਆਂ, ਦੋ ਸ਼ੀਂਹ ਨਾ ਟੁਰਦੇ ਰਲ।
ਮਹਿਮਾ ਹਸਨਾ ਰਾਜਪੂਤ, ਰਾਇ ਭਾਰੇ ਭੱਟੀ।
ਹਸਨੇ ਬਈਮਾਨਗੀ, ਨਾਲ ਮਹਿਮੇ ਬਟੀ।
ਭੇੜ ਦੋਹਾਂ ਦਾ ਮੱਚਿਆ, ਸਰ ਵਗੇ ਫਟੀ।
ਮਹਿਮੇ ਪਾਈ ਫਤਹ ਰਣ, ਗਲ ਹਸਨੇ ਘਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ। (ਹਸਨੇ ਮਹਿਮੇ ਦੀ ਵਾਰ ਵਿਚੋਂ)
(4) ਤ੍ਰੈ ਸੌ ਸੱਠ ਮਰਾਤਬਾ, ਇਕ ਗੁਰੀਏ ਡਗੇ।
ਚੜ੍ਹਿਆ ਮੂਸਾ, ਬਾਦਸ਼ਾਹ ਸਭ ਜੱਗੇ ਪਰੱਖੇ।
ਦੰਦ ਚਿਟੇ ਬਡ ਹਾਥੀਆਂ, ਚਹੁ ਕਿਤ ਵਰੱਗੇ।
ਰੁਤ ਪਛਾਤੀ ਬਗਲਿਆਂ, ਘਟ ਕਾਲੀ ਅੱਗੇ।
ਏਹੀ ਕੀਤੀ ਮੂਸਿਆ, ਕਿਨ ਕਰੀ ਨਾ ਅੱਗੇ। (ਮੂਸੇ ਦੀ ਵਾਰ ਵਿਚੋਂ)
(5) ਭਬਕਿਓ ਸ਼ੇਰ ਸਰਦੂਲ ਰਾਇ, ਰਣ ਮਾਰੂ ਬੱਜੇ
ਖਾਨ ਸੁਲਤਾਨ ਬਡ ਸੂਰਮੇ, ਵਿਚ ਰਣ ਦੇ ਗੱਜੇ।
ਖ਼ਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ।
ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ।
ਫਤਹਿ ਪਾਇ ਅਸਰਾਇ ਜੀ, ਸ਼ਾਹੀ ਘਰ ਸੱਸੇ।
ਡਾ. ਚਰਨ ਸਿੰਘ ਜੀ ਨੇ ਇਸ ਵਾਰ ਦਾ ਇਕ ਹੋਰ ਰੂਪ ਵੀ ਦਿੱਤਾ ਹੈ :
ਬੁਕਿਆ ਸ਼ੇਰ ਸਰਦੂਲ ਰਾਜਾ।
ਪ੍ਰ ਸੁਲਤਾਨ ਤੁਮ ਬੜੇ ਕਾਜਾ
ਖਤ ਲਿਖੇ ਟੂੰਡਾ ਅਸਰਾਜ ਨੂੰ
ਲੱਜ ਰਖੀਂ ਸਾਰੰਗ ਬਾਪ ਨੂੰ
ਟਿੱਕਾ ਦਿੱਤਾ ਸੁ ਰਾਜੇ ਆਪ ਨੂੰ । (ਟੁੰਡੇ ਅਸਰਾਜੇ ਦੀ ਵਾਰ)
(6) ਸਿਕੰਦਰ ਕਹੇ ਬ੍ਰਹਮ ਨੂੰ ਇਕ ਗੱਲ ਕਾਈ।
ਤੇਰੀ ਸਾਡੀ ਰਣ ਵਿਚ ਅਜ ਪਈ ਲੜਾਈ।
ਤੂੰ ਨਾਹੀਂ ਕਿ ਮੈਂ ਨਾਹੀਂ, ਇਹ ਹੁੰਦੀ ਆਈ।
ਰਾਜਪੂਤੀ ਜਾਤੀ ਨੱਸਿਆਂ ਰਣ ਲਾਜ ਮਰਾਹੀਂ।
ਲੜੀਏ ਆਹਮੋ ਸਾਹਮਣੇ, ਸੋ ਕਰੇ ਸੋ ਸਾਈਂ
ਪਾਪੀ ਖਲ ਬਰਾਹਮ ਪਰ ਚੜ੍ਹ ਆਏ ਸਿਕੰਦਰ
ਭੇੜ ਦੋਹਾਂ ਦਾ ਮਚਿਆ, ਬਡ ਰਣ ਦੇ ਅੰਦਰ
ਫੜਿਆ ਖਲ ਬਰਾਹਮ ਨੇ, ਕਰ ਬਡ ਅਡੰਬਰ
ਬੱਧਾ ਸੰਗਲ ਪਾਇਕੈ ਜਨ ਕੀਲੇ ਅੰਦਰ ।
ਆਪਣਾ ਹੁਕਮ ਮਨਾਇਕੇ ਛੱਡਿਆ ਜੱਗ ਅੰਦਰ। (ਸਿਕੰਦਰ ਇਬਰਾਹੀਮ ਦੀ ਵਾਰ)
ਇਹ ਵਾਰਾਂ ਆਕਾਰ ਵਿਚ ਬਹੁਤ ਲੰਮੀਆ ਨਹੀਂ, ਨਾ ਹੀ ਇਨ੍ਹਾਂ ਵਿਚ ਯੁੱਧ-ਖੇਤਰ ਦੇ ਨਜ਼ਾਰੇ, ਸੂਰਮਿਆਂ ਦੇ ਭੇੜ ਤੇ ਹਥਿਆਰਾਂ ਦੀ ਲਿਸ਼ਕ ਦਰਸਾਈ ਗਈ ਹੈ, ਜਿਹੜੀ ਨਜਾਬਤ ਦੀ ਵਾਰ' ਜਾਂ 'ਚੰਡੀ ਦੀ ਵਾਰ' ਵਿਚ ਸਾਡੀਆਂ ਅੱਖਾਂ ਸਾਹਮਣੇ ਆ ਖਲੋਂਦੀ ਹੈ। ਇਹ ਵਾਰਾਂ ਭੱਟ ਜਾਂ ਮਰਾਸੀ ਪੁਸ਼ਤੋ ਪੁਸ਼ਤ ਗਾਉਂਦੇ ਤੁਰੇ ਆ ਰਹੇ ਹਨ।
(ਹ) ਫੁਟਕਲ ਰਚਨਾ - ਕਿੱਸੇ ਤੇ ਵਾਰਤਕ ਆਦਿ
ਡਾਕਟਰ ਮੋਹਨ ਸਿੰਘ ਦਾ ਮਤ ਹੈ ਕਿ ਇਸ ਕਾਲ ਵਿਚ ਪੁਸ਼ਯ ਨਾਂ ਦਾ ਇਕ ਕਵੀ ਹੋਇਆ ਹੈ, ਜਿਸ ਨੇ ਸਭ ਤੋਂ ਪਹਿਲਾਂ ਸੱਸੀ ਪੁੰਨੂੰ ਦਾ ਕਿੱਸਾ ਲਿਖਿਆ। ਇਹ ਕਿੱਸਾ ਲਿਖਤੀ ਰੂਪ ਵਿਚ ਸਾਨੂੰ ਪ੍ਰਾਪਤ ਨਹੀਂ. ਇਸ ਲਈ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ।
ਅਮੀਰ ਖ਼ੁਸਰੋ (1253 ਤੋਂ 1325 ਈ.) ਲਾਹੌਰ, ਮੁਲਤਾਨ ਤੇ ਦਿੱਲੀ ਵਿਚ ਰਿਹਾ । ਫਾਰਸੀ ਵਿਚ ਇਸ ਨੇ ਢੇਰ ਰਚਨਾ ਕੀਤੀ ਪਰ ਡਾ. ਮੋਹਨ ਸਿੰਘ, ਸੁਜਾਨ ਰਾਏ ਦਾ ਹਵਾਲਾ ਦੇ ਕੇ ਆਖਦੇ ਹਨ ਕਿ "ਅਮੀਰ ਖ਼ੁਸਰੋ ਨੇ ਪੰਜਾਬ ਦੀ ਜਬਾਨ ਵਿਚ ਮਨੋਹਰ ਇਬਾਰਤ ਵਿਚ ਤੁਗਲਕ ਸ਼ਾਹ ਤੇ ਨਾਸਰ ਦੀਨ ਦੀ ਲੜਾਈ ਨੂੰ ਨਜ਼ਮਿਆ ਹੈ, ਜਿਸ ਨਜ਼ਮੀ ਰੂਪ ਨੂੰ ਹਿੰਦ ਦੀ ਜ਼ਬਾਨ ਵਿਚ ਵਾਰ ਕਹਿੰਦੇ ਹਨ।" ਇਸ ਵਾਰ ਤੋਂ ਬਿਨਾਂ ਅਮੀਰ ਖ਼ੁਸਰੋ ਦੀਆਂ ਬੁਝਾਰਤਾਂ ਦਾ ਅਸੀਂ ਪਿੱਛੇ ਹਵਾਲਾ ਦੇ ਆਏ ਹਾਂ । ਆਮ ਵਿਦਵਾਨਾਂ ਦਾ ਵਿਚਾਰ ਹੈ ਕਿ ਭਾਰਤੀ ਇਤਿਹਾਸ ਤੇ ਮਿਥਿਹਾਸ ਨਾਲ ਸੰਬੰਧਿਤ ਬਹੁਤ ਸਾਰੇ ਕਿੱਸੇ ਜਿਵੇਂ - ਸੋਰਠ ਬੀਜਾ, ਗੋਪੀ ਚੰਦ, ਮੈਨਾ-ਵੰਤੀ, ਰਸਾਲੂ, ਕੋਕਿਲਾ ਆਦਿ ਜ਼ਰੂਰ ਪੂਰਵ-ਨਾਨਕ ਕਾਲ ਵਿਚ ਹੀ ਲਿਖੇ ਗਏ ਹੋਣਗੇ, ਪਰ ਸਾਡੇ ਪਾਸ ਉਨ੍ਹਾਂ ਦੇ ਕੋਈ ਨਮੂਨੇ ਨਹੀਂ ।
ਆਮ ਵਿਚਾਰ ਇਹੀ ਰਿਹਾ ਹੈ ਕਿ ਪੰਜਾਬੀ ਵਾਰਤਕ ਦਾ ਆਰੰਭ ਲਗਭਗ ਸੋਲ੍ਹਵੀਂ ਸਦੀ ਵਿਚ ਹੋਇਆ, ਪਰ ਇਹ ਹੋ ਨਹੀਂ ਸਕਦਾ, ਕਿਉਂ ਜੋ ਸਾਡੇ ਪਾਸ ਅੱਠਵੀਂ ਨੌਵੀਂ ਸਦੀ ਤੋਂ ਸਾਹਿੱਤ ਦੀ ਇਕ ਨਿਰੰਤਰ ਧਾਰਾ ਚਲੀ ਆ ਰਹੀ ਹੈ ਤੇ ਉਸ ਵਿਚ ਵਾਰਤਕ ਦਾ ਆਭਾਵ ਨਹੀਂ ਹੋ ਸਕਦਾ। ਡਾਕਟਰ ਤ੍ਰਿਲੋਚਨ ਸਿੰਘ ਬੇਦੀ ਨੇ ਤੇਰ੍ਹਵੀਂ ਸਦੀ ਦੀ ਇਕ ਵਾਰਤਕ ਕ੍ਰਿਤ 'ਏਕਾਦਸ਼ੀ ਮਹਾਤਮ' ਦਾ ਹਵਾਲਾ ਦਿੱਤਾ ਹੈ। ਏਸੇ ਤਰ੍ਹਾਂ ਪ੍ਰੋ. ਪ੍ਰੀਤਮ ਸਿੰਘ ਨੇ ਫਰੀਦ ਜੀ ਕਾ ਪੱਧਤੀ ਨਾਮਾ' ਇਕ ਹੋਰ ਵਾਰਤਕ ਰਚਨਾ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਕਵਿਤਾ ਦੇ ਨਾਲ-ਨਾਲ ਵਾਰਤਕ ਦੀ ਰਚਨਾ ਵੀ ਹੁੰਦੀ ਰਹੀ ਹੋਵੇਗੀ। ਇਹ ਵਾਰਤਕ ਆਕਾਰ ਵਿਚ ਭਾਵੇਂ ਕਵਿਤਾ ਦੇ ਟਾਕਰੇ ਤੇ ਥੋੜ੍ਹੀ ਹੋਵੇ, ਪਰ ਲਿਖੀ ਜ਼ਰੂਰ ਜਾਂਦੀ ਰਹੀ । ਹੇਠਾਂ ਅਸੀਂ ਨਮੂਨੇ ਮਾਤ੍ਰ ਉਪਰੋਕਤ ਦੋਹਾਂ ਪੁਸਤਕਾਂ ਵਿਚੋਂ ਵਾਰਤਕ ਦੇ ਕੁਝ ਭਾਗ ਦਰਜ ਕਰਦੇ ਹਾਂ :
1. "(ਦੈਵ) ਤੇ ਦੀ ਪੂਜਾ ਕਰਣਿ । ਸੋ ਤੂਸੇ ਜਪਾਂ ਕਰੀ ਬੋਲੀ ਦੇਣਾ । ਤਬ ਸ੍ਰੀ ਬ੍ਰਮ੍ਹਾ ਜੀ ਨਾਰਦਾ ਕੀ ਬੋਲਦਾ ਹੈਨ। ਹੇ ਪੁਤਰ ਜੀ ਤੁਸੇ ਏਹੇ ਵਡਿ ਪਵਿਤ੍ਰ ਕਥਾ ਪੁਛੀ ਆਜ ਤਿਕ ਏਹੈ ਕਥਾ ਅਸੇ ਕੀਸਿ ਪਾਸ ਨਹੀਂ ਦਸਿ । ਏਹੀ ਜੇ ਕਥਾ ਹੈਨ ਸੋ ਮਹਾਂ ਗੁਪਤ ਵਾਰਤਾ ਹੈਨ। ਅਸੇ ਏਹੇ ਕਥਾ ਕੀਸਿ ਪਾਸ ਨਹੀਂ ਦਸਿ। ਆਜ ਤੇਰੇ ਪਾਸ ਮੈਂ ਕਥਾ ਦਸਦਾ ਹੈਨ ।" (ਇਕਾਦਸੀ ਮਹਾਤਮ)
2. "ਬਗੈਰ ਗੁਨਹ ਏਕ ਘੜੀ ਨਾਹੀ ਗੁਜਰੀ ਮੁਝ ਪਰਿ।
ਹਜੂਰਿ ਦਿਲ ਬੰਦਗੀ ਭੀ ਏਕ ਘੜੀ ਨਹੀਂ ਗੁਜਰੀ ।
ਯਾ ਨਿਸਚੇ ਜਾਨ। ਇਨ ਨਫਸ ਨੇ ਮੇਰੀ ਸਾਹਿਬ
ਨਾ ਰਾਹ ਮਾਰਯਾ ਹੈ। ਨਫਸ ਇੰਦ ਸਿਆਣਾ ਸੋਈ ਜੋ ਹਰ ਹਵਾਲੇ ਸ਼ੁਕਰ ਕਰੈ।
ਸਭ ਸੰਸਾਰ ਮੈਂ ਅਹਮਕ ਸੇ ਹੈਂ ਜੋ ਇੰਦਰਯਾ ਕੈ ਪੀਛੇ ਬਹਕਯਾ ਫਿਰੈਂ।
ਤਿਸ ਨੂੰ ਅੰਤ ਸਾਹਿਬ ਨਾ ਬਕਸੈਗਾ।" (ਫਰੀਦ ਜੀ ਕਾ ਪਸਤਿਨਾਮਾ)
ਇਸ ਕਾਲ ਦੀਆਂ ਹੋਰ ਵੀ ਫੁਟਕਲ ਰਚਨਾਵਾਂ ਦਾ ਹਵਾਲਾ ਕਈ ਵਿਦਵਾਨਾਂ ਨੇ ਦਿੱਤਾ ਹੈ, ਜਿੰਨੀ ਦੇਰ ਤਕ ਉਨ੍ਹਾਂ ਬਾਰੇ ਕੋਈ ਨਿਸ਼ਚਿਤ ਸਬੂਤ ਜਾਂ ਪਰਮਾਣ ਨਾ ਮਿਲੇ ਉਨ੍ਹਾਂ ਸੰਬੰਧੀ ਚਰਚਾ ਕਰਨੀ ਉੱਚਿਤ ਪ੍ਰਤੀਤ ਨਹੀਂ ਹੁੰਦੀ ।
ਪੂਰਵ-ਨਾਨਕ ਕਾਲ ਦੇ ਸਾਹਿੱਤ ਉੱਤੇ ਸਮੁੱਚੀ ਝਾਤ
1. ਪੂਰਵ-ਨਾਨਕ ਕਾਲ ਵਿਚ ਪੰਜਾਬੀ ਸਾਹਿੱਤ ਸਿਰਜਣਾ ਦੀ ਇਕ ਨਿਸ਼ਚਿਤ ਮਰਯਾਦਾ ਹੋਂਦ ਵਿਚ ਆ ਚੁੱਕੀ ਸੀ ਤੇ ਅੱਠਵੀਂ ਨੌਵੀਂ ਸਦੀ ਤੋਂ ਵੱਖ-ਵੱਖ ਖੇਤਰਾਂ, ਅੱਡ ਮਨੋਰਥਾਂ ਤੇ ਭਿੰਨ-ਭਿੰਨ ਕਲਾ-ਰੂਪਾਂ ਵਿਚ ਸਾਹਿੱਤ ਲਿਖਿਆ ਜਾਣ ਲਗ ਪਿਆ ਸੀ । ਇਸ ਸਾਹਿੱਤ ਦੇ ਪਿਛੇ ਸੰਸਕ੍ਰਿਤ, ਪ੍ਰਾਕਿਰਤਾਂ ਤੇ ਅਪਭ੍ਰੰਸ਼ਾਂ ਦੀ ਇਕ ਨਿਸ਼ਚਿਤ ਪਰੰਪਰਾ ਤੁਰੀ ਆ ਰਹੀ ਸੀ, ਜਿਨ੍ਹਾਂ ਵਿਚ ਕਈ ਸੌ ਸਦੀਆਂ ਤੋਂ ਉੱਤਮ ਸਾਹਿੱਤ ਲਿਖਿਆ ਜਾਂਦਾ ਰਿਹਾ ਸੀ । ਮੁਸਲਮਾਨਾਂ ਦੇ ਪੰਜਾਬ ਵਿਚ ਪ੍ਰਵੇਸ਼ ਨਾਲ, ਇਸ ਭਾਰਤੀ ਸਾਹਿੱਤ ਪ੍ਰਣਾਲੀ ਵਿਚ ਅਰਬੀ ਫਾਰਸੀ ਸਾਹਿੱਤਾਂ ਦੀ ਮਹਾਨ ਪਰੰਪਰਾ ਵੀ ਆ ਸ਼ਾਮਲ ਹੋਈ, ਜਿਨ੍ਹਾਂ ਨੇ ਪੰਜਾਬੀ ਸਾਹਿੱਤ ਲਈ ਨੀਹਾਂ ਦਾ ਕੰਮ ਕੀਤਾ।
2. ਮੱਧ ਕਾਲ ਦੇ ਲਗਭਗ ਸਾਰੇ ਕਲਾ- ਰੂਪਾਂ ਦਾ ਆਰੰਭ ਪੂਰਵ-ਨਾਨਕ ਕਾਲ ਵਿਚ ਹੋ ਚੁੱਕਾ ਸੀ, ਯਥਾ ਵੀਰ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ, ਅਧਿਆਤਮਕ ਕਾਵਿ ਤੇ ਵਾਰਤਕ ਆਦਿ । ਭਾਵੇਂ ਇਨ੍ਹਾਂ ਦੀ ਗਿਣਤੀ ਜਾਂ ਆਕਾਰ ਬਹੁਤਾ ਨਹੀਂ ਤੇ ਨਾ ਹੀ ਇਨ੍ਹਾਂ ਕਲਾ-ਰੂਪਾਂ ਦਾ ਉਸ ਵੇਲੇ ਤਕ ਪੂਰਨ ਭਾਂਤ ਵਿਸਤਾਰ ਜਾਂ ਵਿਕਾਸ ਹੀ ਹੋਇਆ ਸੀ । ਸਾਹਿੱਤਕ ਪਕਿਆਈ ਜਾਂ ਪਰਪੱਕਤਾ ਦੀ ਘਾਟ ਵੀ ਬਹੁਤੀਆਂ ਕਲਾ-ਕ੍ਰਿਤਾਂ ਵਿਚ ਪ੍ਰਤੱਖ ਦਿਖਾਈ ਦਿੰਦੀ ਹੈ।
3. ਇਸ ਕਾਲ ਦਾ ਜਿਹੜਾ ਸਾਹਿੱਤ ਸਾਨੂੰ ਅੱਜ ਪ੍ਰਾਪਤ ਹੈ, ਵਿਸ਼ੇਸ਼ ਤੋਰ ਤੇ ਲੋਕ-ਸਾਹਿੱਤ, ਲੋਕ-ਵਾਰਾਂ ਤੇ ਲੋਕ-ਬੁਝਾਰਤਾਂ ਆਦਿ ਇਨ੍ਹਾਂ ਦੀ ਭਾਸ਼ਾ ਤੇ ਲਹਿਜੇ ਵਿਚ ਨਿਸ਼ਚੇ ਹੀ ਸਮੇਂ ਦੇ ਬੀਤਣ ਨਾਲ ਅੱਜ ਤਬਦੀਲੀ ਆ ਗਈ ਹੈ, ਕਿਉਂਜੋ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ, ਇਹ ਵਰਤਮਾਨ ਰੂਪ ਦੇ ਬਹੁਤ ਨੇੜੇ ਪੁੱਜ ਗਈ ਹੈ। ਇਨ੍ਹਾਂ ਨੂੰ ਲਿਖਤੀ ਰੂਪ ਢੇਰ ਚਿਰ ਪਿੱਛੋਂ ਦਿੱਤਾ ਗਿਆ।
4. ਬਾਬਾ ਫਰੀਦ ਦੇ ਸ਼ਲੋਕ ਜ਼ਰੂਰ ਸ਼ੁੱਧ ਤੇ ਅਸਲੀ ਰੂਪ ਵਿਚ ਸਾਡੇ ਤਕ ਪੁੱਜੇ ਹਨ । ਇਸ ਦਾ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੋਣ ਉਪਰੰਤ ਇਹ ਮੂਲ ਰੂਪ ਵਿਚ ਸਾਂਭੇ ਰਹੇ ।
5. ਨਾਥਾਂ ਜੋਗੀਆਂ ਦਾ ਸਾਹਿੱਤ ਵੀ ਸਾਡਾ ਗੌਰਵਮਈ ਵਿਰਸਾ ਹੈ। ਅਧਿਆਤਮਿਕ ਵਿਚਾਰਧਾਰਾ ਤੋਂ ਬਿਨਾਂ ਇਸ ਰਚਨਾ ਦਾ ਮਹੱਤਵ ਇਸ ਗੱਲ ਵਿਚ ਵੀ ਹੈ ਕਿ ਇਸ ਨਾਲ ਸਾਡੀ ਭਾਸ਼ਾ ਅਪਭ੍ਰੰਸ ਦੇ ਰੂਪ ਤੋਂ ਨਿਕਲ ਕੇ ਲੋਕ ਭਾਸ਼ਾ ਵੱਲ ਆਈ । ਪੰਜਾਬੀ ਕਵਿਤਾ ਨੂੰ ਰਾਗਾਂ ਨਾਲ ਜੋੜਨ ਤੇ ਲੋਕ-ਛੰਦਾਂ ਤੇ ਕਾਵਿ-ਰੂਪਾਂ ਦਾ ਪ੍ਰਯੋਗ ਕਰਨ ਵਿਚ ਇਨ੍ਹਾਂ ਜੋਗੀਆਂ ਨੇ ਪਹਿਲ ਕੀਤੀ । ਮੱਧ-ਕਾਲ ਦੇ ਸਾਹਿੱਤ ਦੀ ਬਹੁਤ ਸਾਰੀ ਅਧਿਆਤਮਿਕ ਸ਼ਬਦਾਵਲੀ ਦੀ ਵਰਤੋਂ ਵੀ ਪਹਿਲੀ ਵਾਰ ਇਨ੍ਹਾਂ ਜੋਗੀਆਂ ਨਾਲ ਹੀ ਹੋਈ ।
6. ਪੰਜਾਬੀ ਦੀ ਮੂਲ ਲਿੱਪੀ 'ਸਿੱਧ-ਮਾਤ੍ਰਿਕਾ' ਦੀ ਵਰਤੋਂ ਪਹਿਲੋਂ ਪਹਿਲ ਇਨ੍ਹਾਂ ਜੋਗੀਆਂ ਨੇ ਹੀ ਕੀਤੀ, ਜਿਹੜੀ ਸੋਧੇ ਜਾਣ ਉਪਰੰਤ 'ਗੁਰਮੁਖੀ' ਅਖਵਾਈ ।
ਅਧਿਆਇ ਚੌਥਾ
ਗੁਰੂ ਨਾਨਕ ਕਾਲ
(1500 ਈ. ਤੋਂ 1700 ਈ.)
(ੳ) ਪਿਛੋਕੜ
ਗੁਰੂ ਨਾਨਕ ਕਾਲ ਵਿਚ ਰਚਿਆ ਗਿਆ ਸਾਹਿੱਤ, ਆਕਾਰ, ਗਿਣਤੀ ਤੇ ਗੁਣਾਂ ਕਰਕੇ ਏਨਾ ਵਿਸ਼ਾਲ ਤੇ ਬਹੁਪੱਖੀ ਹੈ ਕਿ ਯੋਗ ਤੌਰ ਤੇ ਇਸ ਨੂੰ ਪੰਜਾਬੀ ਸਾਹਿੱਤ ਦੇ ਇਤਿਹਾਸ ਦਾ "ਸੁਨਹਿਰੀ ਕਾਲ" ਆਖਿਆ ਜਾ ਸਕਦਾ ਹੈ। ਮੱਧ-ਕਾਲ ਦੇ ਪੰਜਾਬੀ ਸਾਹਿੱਤ ਦਾ ਕੋਈ ਵੀ ਵਿਸ਼ਾ, ਰੂਪ ਵੰਨਗੀ, ਧਾਰਾ ਜਾ ਪ੍ਰਵਿਰਤੀ ਅਜਿਹੀ ਨਹੀਂ ਸੀ, ਜਿਸ ਦੇ ਚਿੰਨ ਜਾਂ ਪ੍ਰਮਾਣੂ ਸਾਨੂੰ ਇਸ ਕਾਲ ਦੇ ਪ੍ਰਾਪਤ ਸਾਹਿੱਤ ਵਿਚੋਂ ਦਿਖਾਈ ਨਾ ਦੇਣ । ਪੂਰਵ-ਨਾਨਕ ਕਾਲ ਵਿਚ ਪੰਜਾਬੀ ਸਾਹਿੱਤ ਦੀ ਆਧਾਰ-ਸ਼ਿਲਾ ਤਾਂ ਰਖੀ ਜਾ ਚੁੱਕੀ ਸੀ ਪਰ ਇਹ ਸਾਹਿੱਤ ਨਿਸ਼ਚਿਤ ਜਾਂ ਨਿਯਮਿਤ ਲੀਹਾਂ ਤੇ ਨਹੀਂ ਸੀ ਉਸਰਿਆ । ਵਿਅਕਤੀਗਤ ਰਚਨਾਵਾਂ ਤੇ ਕੁਝ ਇਕ ਧਾਰਾਵਾਂ ਅਧੀਨ ਉੱਘੜ-ਦੁਘੜੀਆਂ ਕ੍ਰਿਤਾਂ ਕਿਸੇ ਨਿਰੰਤਰ ਗਤੀ ਦਾ ਪ੍ਰਭਾਵ ਨਹੀਂ ਪਾਉਂਦੀਆਂ ਤੇ ਜਿਹੜੀਆਂ ਰਚਨਾਵਾਂ ਸਾਡੇ ਤਕ ਪੁਜੀਆਂ ਵੀ ਹਨ, ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਵਾਦ-ਵਿਵਾਦ ਜਾਂ ਕਿੰਤੁ ਹੁੰਦੇ ਰਹੇ, ਪਰ ਇਸ ਕਾਲ ਬਾਰੇ ਭਾਰਤੀ ਤੇ ਪੱਛਮੀ ਸਭ ਵਿਦਵਾਨਾਂ ਦੀ ਸਾਂਝੀ ਰਾਏ ਹੈ ਕਿ ਇਸ ਸਮੇਂ ਰਚਿਆ ਗਿਆ ਸਾਹਿੱਤ, ਸਭ ਪੱਖਾਂ ਤੋਂ ਮਹਾਨ ਹੈ । ਸ਼ਾਇਦ ਇਸ ਮਹਾਨਤਾ ਦਾ ਹੀ ਸਿੱਟਾ ਹੈ ਕਿ ਕੁਝ ਵਿਦਵਾਨਾਂ ਨੇ ਉਪ- ਭਾਵਕ ਹੋ ਕੇ ਆਖਣਾ ਸ਼ੁਰੂ ਕਰ ਦਿੱਤਾ ਕਿ ਪੰਜਾਬੀ ਭਾਸ਼ਾ, ਲਿੱਪੀ ਤੇ ਸਾਹਿੱਤ ਦਾ ਮੁੱਢ ਹੀ ਇਸ ਕਾਲ ਵਿਚ ਬੱਝਾ । ਇਸ ਭੁਲੇਖੇ ਨੂੰ ਦੂਰ ਕਰਨ ਵਿਚ ਖੋਜੀਆਂ ਤੇ ਹੋਰ ਵਿਦਵਾਨਾਂ ਨੂੰ ਤੀਹ ਚਾਲੀ ਸਾਲ ਲੱਗ ਗਏ।
ਇਹ ਇਕ ਇਤਿਹਾਸਕ ਸਚਾਈ ਹੈ ਕਿ ਇਸ ਕਾਲ ਦੇ ਸਾਹਿੱਤ ਦੀਆਂ ਸ਼ਾਨਦਾਰ ਰਵਾਇਤਾਂ ਦੇ ਪਿਛੋਕੜ ਵਿਚ ਅਨੁਕੂਲ ਅਨੁਸਾਰੀ ਤੇ ਢੁੱਠਵਾਂ ਉਹ ਸਮਾਜਿਕ, ਧਾਰਮਿਕ ਤੇ ਰਾਜਸੀ ਵਾਤਾਵਰਣ ਸੀ, ਜਿਸ ਨੇ ਇਸ ਸਾਹਿੱਤ ਦੀ ਗਤੀ ਤੇ ਨੁਹਾਰ ਨੂੰ ਨਿਖਾਰਿਆ। ਏਥੇ ਉਸ ਬਾਰੇ ਸੰਖੇਪ ਜਿਹੀ ਚਰਚਾ ਕਰਨੀ ਜਰੂਰੀ ਪ੍ਰਤੀਤ ਹੁੰਦੀ ਹੈ।
ਗੁਰੂ ਨਾਨਕ ਕਾਲ ਤੇ ਮੁਗ਼ਲ ਰਾਜ ਦਾ ਸਮਾਂ ਲਗਭਗ ਇਕੋ ਹੀ ਹੈ। ਪਹਿਲੀ ਵਾਰੀ ਇਕ ਸ਼ਕਤੀ- ਸ਼ਾਲੀ ਰਾਜ ਦੀ ਸਥਾਪਨਾ ਨਾਲ ਦੇਸ਼ ਵਿਚ ਰਾਜਸੀ ਸਥਿਰਤਾ ਕਾਇਮ ਹੋ ਗਈ ਤੇ ਇਕ ਸ਼ਾਂਤ ਵਾਤਾਵਰਣ ਪੈਦਾ ਹੋਇਆ, ਜਿਹੜਾ ਲੋਕਾਂ ਨੂੰ ਕਈ ਸਦੀਆਂ ਬਾਅਦ ਨਸੀਬ ਹੋਇਆ । ਛੋਟੀਆਂ ਮੋਟੀਆਂ ਘਟਨਾਵਾਂ ਜੇ ਵਾਪਰਦੀਆਂ ਵੀ ਰਹੀਆਂ ਤਾਂ ਉਨ੍ਹਾਂ ਦਾ ਆਮ ਲੋਕਾਂ ਦੇ ਜੀਵਨ ਉੱਤੇ ਤੁਰੰਤ ਜਾਂ ਸਥਾਈ ਪ੍ਰਭਾਵ ਬਹੁਤ ਘੱਟ ਪਿਆ।
ਬਾਹਰੋਂ ਆਉਂਦੇ ਮੁਸਲਮਾਨੀ ਧਾੜਵੀਆਂ ਨੂੰ ਵੀ ਰੋਕ ਪੈ ਗਈ ਤੇ ਲੁੱਟ-ਮਾਰ, ਜ਼ੋਰ ਜਬਰ ਤੇ ਧੱਕੇ- ਸ਼ਾਹੀ ਦਾ ਦੌਰ ਕਾਫ਼ੀ ਹੱਦ ਤਕ ਮੱਧਮ ਪੈ ਗਿਆ । ਹਿੰਦੂਆਂ ਉੱਤੇ ਹੁੰਦੇ ਜ਼ੁਲਮ ਤੇ ਉਨ੍ਹਾਂ ਨੂੰ ਜਬਰੀ ਮੁਸਲਮਾਨ ਬਣਾਉਣ ਦੀ ਮੁਹਿੰਮ ਵੀ, ਸੂਫ਼ੀ ਫ਼ਕੀਰਾਂ ਦੇ ਉਦਾਰ ਵਿਵਹਾਰ ਤੇ ਭਗਤੀ ਲਹਿਰ ਦੇ ਆਗੂਆਂ ਦੇ ਪ੍ਰਚਾਰ ਕਾਰਣ ਪਹਿਲਾਂ ਜਿੰਨੇ ਜ਼ੋਰਾਂ ਤੇ ਨਾ ਰਹੀ। ਅਕਬਰ ਵਰਗੇ ਬਾਦਸ਼ਾਹਾਂ ਦੀ ਸੁਲਾਹ ਦੀ ਨੀਤੀ ਵੀ ਬਹੁਤ ਹੱਦ ਤਕ ਇਸ ਦੀ ਜ਼ਿੰਮੇਵਾਰ ਆਖੀ ਜਾ ਸਕਦੀ ਹੈ। ਭਗਤੀ ਅੰਦੋਲਨ ਦੇ ਪ੍ਰਭਾਵ ਅਧੀਨ ਦੇ ਸੰਸਕ੍ਰਿਤੀਆਂ ਦਾ ਮੇਲ, ਘ੍ਰਿਣਾ ਦੀ ਥਾਂ ਸ਼ਾਂਤੀ, ਉਦਾਰਤਾ ਤੇ ਨਿਰਲੇਪਤਾ ਦਾ ਜ਼ਿੰਮੇਵਾਰ ਬਣਿਆ । ਜਹਾਂਗੀਰ ਦੇ ਰਾਜ ਸਮੇਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਔਰੰਗਜ਼ੇਬ ਦੇ ਸਮੇਂ ਗੁਰੂ ਤੇਗ ਬਹਾਦਰ ਤੇ ਉਨ੍ਹਾਂ ਦੇ ਬਹੁਤ ਸਾਰੇ ਸੇਵਕਾਂ ਦਾ ਕਤਲ, ਇਨ੍ਹਾਂ ਬਾਦਸ਼ਾਹਾਂ ਦੀ ਕੱਟੜ-ਵਾਦੀ ਨੀਤੀ ਦਾ ਫਲ ਸੀ, ਜਿਸ ਦੇ ਵਿਰੁੱਧ ਪ੍ਰਤੀਕਰਮ ਵਜੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਸਾਮਰਾਜ ਦੇ ਖਿਲਾਫ ਇਕ ਸ਼ਕਤੀਸ਼ਾਲੀ ਅੰਦੋਲਨ ਚਲਾਇਆ ਤੇ ਲਤਾੜੀ ਹੋਈ ਸਾਧਾਰਣ ਜਨਤਾ ਦੇ ਮਨੋ-ਬੱਲ ਨੂੰ ਉੱਚਾ ਚੁੱਕਿਆ। ਇਸ ਤਰ੍ਹਾਂ ਗੁਰੂ ਨਾਨਕ ਦੀ ਸਿੱਖਿਆ ਨਾਲ ਜਿੱਥੇ ਭਗਤੀ ਮਾਰਗ ਪੰਜਾਬ ਵਿਚ ਆਪਣੇ ਸਿਖਰ ਤੇ ਪੁੱਜਾ ਉਥੇ ਗੁਰੂ ਗੋਬਿੰਦ ਸਿੰਘ ਦਾ ਸ਼ਕਤੀ ਦਾ ਪ੍ਰਚਾਰ, ਮੁਗ਼ਲ ਰਾਜ ਦੀ ਅਧੋਗਤੀ ਦਾ ਕਾਰਨ ਬਣਿਆ।
ਗੁਰੂ ਨਾਨਕ ਦੇ ਜਨਮ ਸਮੇਂ ਲੋਧੀਆਂ ਪਠਾਣਾਂ ਦਾ ਰਾਜ ਸੀ । ਇਹ ਰਾਜ ਕਿਸੇ ਤਰ੍ਹਾਂ ਵੀ ਲੋਕ-ਹਿਤੈਸੀ ਜਾਂ ਸ਼ਕਤੀਸ਼ਾਲੀ ਨਹੀਂ ਆਖਿਆ ਜਾ ਸਕਦਾ । ਭ੍ਰਿਸ਼ਟਾਚਾਰ, ਵੱਢੀ-ਖੋਰੀ, ਬੇਈਮਾਨੀ ਤੇ ਬੇ-ਇਨਸਾਫੀ ਜੋ ਉਸ ਵੇਲੇ ਵਿਆਪਕ ਸੀ, ਉਸ ਦਾ ਚਿੱਤਰ ਗੁਰੂ ਨਾਨਕ ਬਾਣੀ ਤੇ ਭਾਈ ਗੁਰਦਾਸ ਦੀ ਪਹਿਲੀ ਵਾਰ ਵਿਚੋਂ ਸਪੱਸ਼ਟ ਭਾਂਤ ਸਾਡੇ ਦ੍ਰਿਸ਼ਟੀਗੋਚਰ ਹੁੰਦਾ ਹੈ :
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਜਾਇ ਜਗਾਇਨ ਬੈਠੇ ਸੁੱਤੇ ।
ਜਾਂ
ਕਲਿ ਕਾਤੀ ਰਾਜੇ ਕਸਾਈ, ਧਰਮੁ ਪੰਖ ਕਰ ਉਡਰਿਆ,
ਕੂੜ ਅਮਾਵਸ, ਸਚੁ ਚੰਦ੍ਰਮਾ ਦੀਸੈ ਨਾਹੀਂ ਕੈ ਚੜ੍ਹਿਆ ।
ਭਾਈ ਗੁਰਦਾਸ ਦੇ ਸ਼ਬਦਾਂ ਵਿਚ ਉਸ ਵੇਲੇ ਦਾ ਚਿੱਤਰ ਦੇਖੋ :
ਕਲਿ ਆਈ ਕੁਤੇ ਮੁਹੀ, ਖਾਜ ਹੁਆ ਮੁਰਦਾਰ ਗੁਸਾਈਂ।
ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਯਾਨ ਬਿਨ, ਕੂੜ ਕੁਸੱਤ ਮੁਖਹੁ ਆਲਾਈ।
ਚੇਲੇ ਸਾਜ਼ ਵਜਾਇੰਦੇ, ਨੱਚਣ ਗੁਰੂ ਬਹੁਤ ਬਿਧ ਭਾਈ।
ਸੇਵਕ ਬੈਠਣ ਘਰਾਂ ਵਿਚ ਗੁਰੂ ਉਠ ਘਰੀਂ ਤਿਨਾੜੇ ਜਾਈ।
ਕਾਜ਼ੀ ਹੋਈ ਰਿਸ਼ਵਤੀ, ਵੱਢੀ ਲੈ ਕੇ ਹੱਕ ਗਵਾਈ।
ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਇ ਕਿਥਾਊਂ ਜਾਈ।
ਵਰਤਿਆ ਪਾਪ ਸਭਸ ਜੱਗ ਮਾਹੀ ।
ਗੁਰੂ ਨਾਨਕ ਨੇ ਲੋਧੀਆਂ ਦੇ ਭੈੜੇ ਰਾਜ ਦਾ ਜੋ ਚਿੱਤਰ ਬਾਬਰ-ਬਾਣੀ ਵਿਚ ਪੇਸ਼ ਕੀਤਾ ਹੈ, ਉਹ ਉਸ ਵੇਲੇ ਦੀ ਰਾਜਸੀ ਸਥਿਤੀ ਦੀ ਮੂੰਹ ਬੋਲਦੀ ਤਸਵੀਰ ਹੈ :
ਪਾਪ ਕੀ ਜੰਝ ਲੈ ਕਾਬਲਹੁ ਧਾਇਆ, ਜ਼ੋਰੀ ਮੰਗੇ ਦਾਨ ਵੇ ਲਾਲੋ।
ਸਰਮੁ ਧਰਮੁ ਦੁਇ ਛਪ ਖਲੋਏ, ਕੂੜੁ ਫਿਰੈ ਪਰਧਾਨ ਵੇ ਲਾਲੋ।
ਕਾਜੀਆਂ ਬ੍ਰਾਹਮਣਾਂ ਦੀ ਗੱਲ ਬੱਕੀ, ਅਗਦ ਪੜ੍ਹੇ ਸੈਤਾਣ ਵੇ ਲਾਲੋ।
ਅਤੇ ਰਾਜਿਆਂ ਦੀ ਦਸ਼ਾ ਕੀ ਸੀ :
ਸਾਹਾਂ ਸੁਰਤਿ ਗਵਾਈਆਂ ਰੰਗ ਤਮਾਸ਼ੈ ਚਾਇ।
ਬਾਬਰ ਵਾਣੀ ਫਿਰ ਗਈ, ਕੁਇਰੁ ਨ ਰੋਟੀ ਖਾਇ।
ਹਿੰਦੂ ਜਾਤੀ ਦੀ ਉਸ ਵੇਲੇ ਦੀ ਧਾਰਮਿਕ ਦਸ਼ਾ ਬਾਰੇ ਡਾਕਟਰ ਗੋਕਲ ਚੰਦ ਨਾਰੰਗ ਆਪਣੀ ਪ੍ਰਸਿੱਧ ਪੁਸਤਕ "ਟ੍ਰਾਂਸਫਾਰਮੇਸ਼ਨ ਔਫ ਸਿਖਿਜ਼ਮ' ਵਿਚ ਲਿਖਦੇ ਹਨ :
"ਅਸਲੀ ਧਰਮ ਦੇ ਸੋਮੇ ਨਿਰਾਰਥਕ ਰਸਮਾਂ ਰੀਤਾਂ, ਫੋਕੇ ਵਹਿਮਾਂ ਪੰਡਤਾਂ ਦੇ ਸਵਾਰਥ ਅਤੇ ਲੋਕਾਂ ਦੀ ਅਗਿਆਨਤਾ ਦੇ ਕਾਰਨ ਸੁੱਕ ਗਏ ਸਨ। ਅਸਲੀਅਤ ਦੀ ਥਾਂ ਕੇਵਲ ਦੇਖ-ਦਿਖਾਵਾ ਹੀ ਰਹਿ ਗਿਆ ਸੀ
ਅਤੇ ਹਿੰਦੂ ਮਤ ਦਾ ਉਚੇਰਾ ਅਧਿਆਤਮਵਾਦ ਭਿੰਨ-ਭਿੰਨ ਮਤਾਂ ਦੇ ਭੜਕੀਲੇ ਦਿਖਾਵੇ ਹੇਠ ਦੱਬ ਗਿਆ। ਸਦੀਆਂ ਤੋਂ ਹੋ ਰਹੇ ਹਮਲਿਆਂ, ਬਦੇਸ਼ੀ ਹਕੂਮਤ ਦੇ ਭੈੜਾ ਅਤੇ ਜ਼ੁਲਮਾਂ ਨੇ ਬਹੁਤ ਹੀ ਤਰਸਯੋਗ ਹਾਲਤ ਪੈਦਾ ਕਰ ਦਿੱਤੀ ਸੀ ਤੇ ਨਿਮੋਝੂਣਤਾ ਕਾਰਣ ਸਦਾਚਾਰਿਕ ਗਿਰਾਵਟ ਵੱਧ ਚੁੱਕੀ ਸੀ। ਇਹੋ ਜਿਹੀ ਹਾਲਤ ਸੀ, ਜਿਸ ਵਿਚ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਨੂੰ ਵੇਖਿਆ ।"
ਤੇ ਭਾਈ ਗੁਰਦਾਸ ਆਪਣੀ ਪਹਿਲੀ ਵਾਰ ਵਿਚ ਇਸ ਦਸ਼ਾ ਨੂੰ ਇੰਜ ਚਿੱਤਰਦੇ ਹਨ :
ਕਲਿਜੁਗ ਬੋਧ ਆਉਤਾਰ ਹੈ, ਬੋਧ ਅਬੋਧ ਨਾ ਦ੍ਰਿਸ਼ਟੀ ਆਵੈ।
ਕੋਈ ਨਾ ਕਿਸੇ ਵਰਜਦਾ, ਸੋਈ ਕਰੇ ਜੋਈ ਮਨ ਭਾਵੈ ।
ਕਿਸੇ ਪੂਜਾਈ ਸਿਲਾ ਸੁੰਨ, ਕੋਈ ਗੋਰੀਂ ਮੜੀ ਪੁਜਾਵੈ।
ਤੰਤ੍ਰ ਮੰਤ੍ਰ ਪਾਖੰਡ ਕਰ, ਕਲਹ ਕ੍ਰੋਧ ਬਹੁ ਵਾਦ ਵਧਾਵੈ।
ਆਪੋ ਧਾਪੀ ਹੋਇ ਕੈ, ਨਯਾਰੇ ਨਯਾਰੇ ਧਰਮ ਚਲਾਵੈ।
ਕੋਈ ਪੁਜੇ ਚੰਦਰ ਸੂਰ, ਕੋਈ ਧਰਤ ਅਕਾਸ਼ ਮਨਾਵੈ ।
ਪਾਉਣ ਪਾਣੀ ਬੈਸੰਤਰੋਂ, ਧਰਮ ਰਾਜ ਕੋਈ ਤ੍ਰਿਪਤਾਵੈ।
ਫੋਕਟ ਧਰਮੀ ਭਰਮ ਭੁਲਾਵੈ ।
ਉਸ ਵੇਲੇ ਸਮਾਜਿਕ ਦਸ਼ਾ ਧਾਰਮਿਕ ਦਸ਼ਾ ਤੋਂ ਵੀ ਭੈੜੀ ਸੀ । ਸਮਾਜ ਵਿਚ ਜਾਤੀ ਵੰਡੀਆਂ, ਊਚ- ਨੀਚ, ਵਹਿਮ-ਭਰਮ, ਭਿੱਟ-ਛੂਤ, ਫੋਕੀਆਂ ਰਸਮਾਂ, ਰੀਤਾਂ ਇਸ ਹੱਦ ਤਕ ਸਨ ਕਿ ਜੀਵਨ ਨਰਕ ਸਮਾਨ ਸੀ । ਭੇਖੀ ਸਾਨੂੰ ਝੂਠੀਆਂ ਕਰਾਮਾਤਾਂ ਦਿਖਾ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਪਿਛੇ ਲਾ ਰਹੇ ਸਨ । ਬ੍ਰਾਹਮਣਵਾਦ ਇਸ ਹੱਦ ਤਕ ਛਾਇਆ ਹੋਇਆ ਸੀ ਕਿ ਲੋਕਾਂ ਦੇ ਸਮਾਜਿਕ, ਭਾਈਚਾਰਿਕ ਜਾਂ ਸਦਾਚਾਰਿਕ ਜੀਵਨ ਉੱਤੇ ਵੀ ਉਨ੍ਹਾਂ ਦਾ ਠੱਪਾ ਲੱਗਾ ਹੋਇਆ ਸੀ । ਲੋਕਾਂ ਦੀ ਆਰਥਿਕ ਦਸ਼ਾ ਵੀ ਬੜੀ ਭੈੜੀ ਸੀ। ਕੇਵਲ ਰਾਜ ਅਧਿਕਾਰੀ ਜਾਂ ਲੁੱਟ-ਖਸੁੱਟ ਕਰਨ ਵਾਲੇ ਹਾਕਮ ਤੇ ਜਾਗਰੀਦਾਰ ਆਦਿ ਰੱਜ ਕੇ ਰੋਟੀ ਖਾਂਦੇ ਸਨ । ਆਮ ਜਨਤਾ ਦੀ ਜੀਵਨ-ਪੱਧਰ ਬਹੁਤ ਨੀਵੀਂ ਸੀ । ਅਜਿਹੀ ਦਸ਼ਾ ਵਿਚ ਰਚਿਆ ਗਿਆ ਸਾਹਿੱਤ ਜਿਥੇ ਆਪਣੀ ਸਮਕਾਲੀ ਜੀਵਨ ਦੀ ਹੂ-ਬ-ਹੂ ਤਸਵੀਰ ਪੇਸ਼ ਕਰਦਾ ਹੈ, ਉਥੇ ਇਸ ਦਸ਼ਾ ਵਿਚੋਂ ਨਿਕਲਣ ਦੀ ਪ੍ਰੇਰਣਾ ਦੇਣ ਵਾਲਾ ਅਮਰ ਸਾਹਿੱਤ ਵੀ ਰਚਿਆ ਗਿਆ, ਜਿਹੜਾ ਮਾਨਵ-ਵਾਦ ਦੀ ਦ੍ਰਿਸ਼ਟੀ ਤੋਂ ਲੋਕ-ਭਾਵਾਂ ਦੀ ਤਰਜਮਾਨੀ ਕਰਦਾ ਹੋਇਆ, ਉਨ੍ਹਾਂ ਦੀ ਅਗਵਾਈ ਦੇ ਸਮਰੱਥ ਬਣਿਆ।
ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਦਾ ਸੰਖੇਪ ਸਰਵੇਖਣ
(ਅ) ਗੁਰਮਤਿ ਕਾਵਿ-ਧਾਰਾ
ਗੁਰੂ ਨਾਨਕ ਕਾਲ ਵਿਚ ਰਚੇ ਗਏ ਸਮੁੱਚੇ ਸਾਹਿੱਤ ਵਿਚੋਂ ਸਭ ਤੋਂ ਸ੍ਰੇਸ਼ਟ ਰਚਨਾ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਹੈ, ਜਿਹੜੀ ਆਦਿ-ਗ੍ਰੰਥ ਵਿਚ ਸੰਕਲਿਤ ਕੀਤੀ ਗਈ ਹੈ । ਇਹ ਬਾਣੀ ਆਪਣੀ ਸਿੱਧਾਂਤਕ ਪਕਿਆਈ ਤੇ ਕਲਾਗਤ ਨਿਪੁੰਨਤਾ ਕਰਕੇ, ਮੱਧ-ਕਾਲ ਦੇ ਸਮੁੱਚੇ ਅਧਿਆਤਮਿਕ ਸਾਹਿੱਤ ਵਿਚ ਇਕ ਵਿਸ਼ੇਸ਼ ਸਥਾਨ ਰਖਦੀ ਹੈ। ਜਿਥੇ ਇਹ ਰਚਨਾ ਭਗਤੀ ਮਤ ਦੇ ਆਸ਼ਿਆਂ ਦੇ ਅਨੁਕੂਲ ਰਚੀ ਗਈ, ਉਥੇ ਇਸ ਦੀ ਇਕ ਵਿਲੱਖਣਤਾ ਇਹ ਹੈ ਕਿ ਇਹ ਲੋਕ-ਜੀਵਨ ਦੇ ਵੱਧ ਤੋਂ ਵੱਧ ਨਿਕਟ ਹੈ ਅਤੇ ਲੋਕ-ਭਾਸ਼ਾ ਤੇ ਪ੍ਰਚਲਿਤ ਕਾਵਿ-ਰੂਪਾਂ ਵਿਚ ਹੋਣ ਕਰਕੇ, ਲੋਕ-ਮਨਾਂ ਨੂੰ ਵੱਧ ਤੋਂ ਵੱਧ ਖਿੱਚ ਪਾਉਂਦੀ ਹੋਈ ਸਮਾਜਿਕ, ਸਭਿਆਚਾਰਿਕ ਤੇ ਧਾਰਮਿਕ ਖੇਤਰਾਂ ਵਿਚ ਉਨ੍ਹਾਂ ਦੀ ਸੁਚੇਤ ਭਾਂਤ ਅਗਵਾਈ ਕਰਦੀ ਹੈ। ਵਾਸਤਵ ਵਿਚ ਗੁਰੂ ਸਾਹਿਬਾਨ ਦਾ ਸਾਹਿੱਤ, ਪੰਜਾਬੀ ਕੌਮੀਅਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਚਰਿੱਤਰ ਦੀ ਨਵ-ਉਸਾਰੀ ਦਾ ਲਖਾਇਕ ਹੈ ਜਿਸ ਦਾ ਅਨੁਭਵ ਪੰਜਾਬੀਆਂ ਨੂੰ ਪਹਿਲੀ ਵਾਰ ਹੋਇਆ। ਗੁਰਮਤਿ ਸਾਹਿੱਤ ਬਾਰੇ ਡਾਕਟਰ ਮੋਹਨ ਸਿੰਘ ਲਿਖਦੇ ਹਨ: "ਗੁਰੂ ਸਾਹਿਬਾਨ ਨੇ :
------------------
1. ਡਾਕਟਰ ਮੋਹਨ ਸਿੰਘ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਨਾ 56
ਉੱਚੇ ਆਦਰਸ਼ਾਂ ਨੂੰ ਹਮੇਸ਼ਾਂ ਸਾਹਮਣੇ ਰਖਿਆ। ਉਹ ਮਨੁੱਖੀ ਆਤਮਾਵਾਂ ਦੇ ਉਸਰਈਏ ਸਨ। ਉਹ ਨਾ ਕੇਵਲ ਯਥਾਰਥ ਦੇ ਦਰਸ਼ਕ ਸਨ, ਸਗੋਂ ਅਜਿਹੇ ਘਾੜੇ ਸਨ ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਨਵਾਂ ਰੂਪ ਦਿੱਤਾ। ਉਨ੍ਹਾਂ ਵਿਚ ਆਪਣੀ ਰਚਨਾ ਪ੍ਰਤਿ ਵੀ ਸਤਿਕਾਰ ਸੀ ਤੇ ਮਨੁੱਖੀ ਆਤਮਾ ਲਈ ਜਿੰਮੇਵਾਰੀ ਦਾ ਅਹਿਸਾਸ ਵੀ। ਉਨ੍ਹਾਂ ਨੇ ਲੋਕ-ਸੱਤਾ ਤੇ ਲੋਕ ਅਧਿਆਤਮਿਕ ਸਰਮਾਏ ਨੂੰ ਸਾਕਾਰ ਕੀਤਾ। ਉਨ੍ਹਾਂ ਦਾ ਅਮਰ ਸਾਹਿੱਤ ਜੀਵਨ ਤੋਂ ਅਗੇਰੇ ਸੀ ।"
ਗੁਰਮਤਿ ਸਾਹਿੱਤ ਦਾ ਸਿਖਰ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ (1604 ਈ.) ਸੀ, ਜਿਸ ਵਿਚ ਗੁਰੂਆਂ ਤੋਂ ਬਿਨਾਂ ਹੋਰ ਭਗਤਾਂ ਤੇ ਫਕੀਰਾਂ ਦੀ ਰਚਨਾ ਵੀ ਦਰਜ ਹੈ । ਸੰਸਾਰ ਦੇ ਅਧਿਆਤਮਿਕ ਸਾਹਿੱਤ ਵਿਚ ਇਹ ਇਕ ਅਦੁੱਤੀ ਕ੍ਰਿਤ ਆਖੀ ਜਾ ਸਕਦੀ ਹੈ। ਇਸ ਸੰਬੰਧੀ ਸਰਬ-ਪੱਖੀ ਵਿਚਾਰ ਇਕ ਵੱਖਰੇ ਅਧਿਆਇ ਵਿਚ ਕੀਤੀ ਜਾ ਰਹੀ ਹੈ।
ਗੁਰੂ ਸਾਹਿਬਾਨ ਤੋਂ ਬਿਨਾਂ ਗੁਰੂ ਆਸ਼ਿਆਂ ਦੀ ਪੂਰਨ ਭਾਂਤ ਵਿਆਖਿਆ ਕਰਨ ਵਾਲੇ ਇਕ ਮਹਾਨ ਕਵੀ ਭਾਈ ਗੁਰਦਾਸ ਸਨ, ਜਿਨ੍ਹਾਂ ਦੀ ਰਚਨਾ ਭਾਵੇਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਪਰ ਉਸ ਦਾ ਦਰਜਾ ਸਾਹਿੱਤਕ ਤੇ ਸਿਧਾਂਤਕ ਪੱਖਾਂ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਹੋਰ ਉੱਘੇ ਭਗਤਾਂ ਵਿਚੋਂ ਭਗਤ ਕਾਨ੍ਹਾ, ਛੱਜੂ, ਜੱਲ੍ਹਣ, ਸੁਥਰਾ ਤੇ ਵਲੀ ਰਾਮ ਵਰਨਣ-ਯੋਗ ਨਾਂ ਹਨ, ਜਿਨ੍ਹਾਂ ਦੀ ਰਚਨਾ ਅੱਜ ਵੀ ਲੋਕ-ਮੂੰਹਾਂ ਤੇ ਚੜ੍ਹੀ ਹੋਈ ਹੈ।
(ੲ) ਸੂਫੀ ਕਾਵਿ-ਧਾਰਾ
ਪੰਜਾਬੀ ਵਿਚ ਸੂਫ਼ੀ ਕਾਵਿ-ਧਾਰਾ ਦਾ ਮੁੱਢ ਤਾਂ ਬਾਬਾ ਫਰੀਦ ਨਾਲ ਹੀ ਬੱਝ ਚੁੱਕਾ ਸੀ, ਪਰ ਡਾਕਟਰ ਮੋਹਨ ਸਿੰਘ ਉਨ੍ਹਾਂ ਨੂੰ ਪਹਿਲੇ ਪੜਾ ਦਾ ਸੂਫ਼ੀ ਆਖਦੇ ਹਨ, ਕਿਉਂਕਿ ਉਹ ਸ਼ਰ੍ਹਾਂ ਦੀਆਂ ਪਾਬੰਦੀਆਂ ਤੋਂ ਲਾਂਭੇ ਨਹੀਂ ਗਏ । ਇਸਲਾਮ ਦੇ ਨਾਲ ਹੀ ਸੂਫ਼ੀ ਮੱਤ ਭਾਰਤ ਵਿਚ ਫੈਲਿਆ । ਸਭ ਤੋਂ ਪਹਿਲਾਂ ਇਸ ਨੇ ਪੰਜਾਬ ਵਿਚ ਪੈਰ ਪਸਾਰੇ ਅਤੇ ਪੰਜਾਬੀ ਜੀਵਨ ਤੇ ਪੰਜਾਬੀ ਸਾਹਿੱਤ ਨੂੰ ਬੇਹੱਦ ਪ੍ਰਭਾਵਿਤ ਕੀਤਾ । ਪਿੱਛੋਂ ਸੂਫੀਆਂ ਨੇ ਇਸਲਾਮ ਦੇ ਮਜ਼੍ਹਬੀ ਕੱਟੜਵਾਦ ਦਾ ਤਿਆਗ ਕਰ ਦਿੱਤਾ ਅਤੇ ਵੇਦਾਂਤ ਤੇ ਭਾਗਵਤ ਧਰਮ ਦੇ ਪ੍ਰਭਾਵ ਗ੍ਰਹਿਣ ਕਰ ਲਏ । ਸ਼ਰੀਅਤ ਨਾਲੋਂ ਤਰੀਕਤ ਉੱਤੇ ਵੱਧ ਜ਼ੋਰ ਦਿੱਤਾ ਜਾਣ ਲੱਗਾ ਅਤੇ ਨਾਲ ਹੀ ਇਨ੍ਹਾਂ ਦੀ ਰਚਨਾ ਵਿਚੋਂ ਅਰਬੀ-ਈਰਾਨੀ ਨਾਲੋਂ ਭਾਰਤੀ ਤੇ ਪੰਜਾਬੀ ਰੰਗਣ ਵਧੇਰੇ ਦਿਖਾਈ ਦੇਣ ਲੱਗੀ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ "ਪੰਜਾਬੀ ਸੂਫ਼ੀ ਕਵਿਤਾ ਵਿਚ ਹੁਣ ਦਜਲੇ ਤੇ ਫਰਾਤ ਨਾਲੋਂ ਝਨਾ ਤੇ ਸਤਲੁਜ ਸੂਕਣ . ਲੱਗੇ ਅਤੇ ਹੀਰ ਰਾਂਝਾ ਸੱਸੀ ਪੁੰਨੂੰ ਆਦਿ ਪ੍ਰੀਤ ਦੇ ਆਦਰਸ਼ਕ ਪ੍ਰਮਾਣ ਸਮਝੇ ਜਾਣ ਲੱਗੇ। ਪੰਜਾਬ ਦਾ ਸਮਾਜਿਕ ਤੇ ਸਭਿਆਚਾਰਕ ਜੀਵਨ, ਏਥੋਂ ਦਾ ਚੌਗਿਰਦਾ, ਏਥੋਂ ਦੀ ਭਾਸ਼ਾ, ਲੋਕ ਛੰਦ, ਅਲੰਕਾਰ, ਚਿੰਨ੍ਹ ਤੇ ਬਿੰਬ ਸੂਫ਼ੀ ਕਵਿਤਾ ਦਾ ਸ਼ਿੰਗਾਰ ਬਣਨ ਲੱਗੇ । ਪਹਿਲੀ ਵਾਰ ਸੂਫ਼ੀ ਕਵੀਆਂ ਨੇ ਰੱਬ ਦੀ ਸਰਵ-ਵਿਆਪਕ ਹੋਂਦ ਨੂੰ ਸਵੀਕਾਰ ਕਰ ਕੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਚਾਰ ਕੀਤਾ, ਜਿਸ ਨਾਲ ਇਹ ਕਵਿਤਾ ਨਿਰੋਲ ਮੁਸਲਮਾਨੀ ਘੇਰਿਆਂ ਵਿਚੋਂ ਨਿਕਲ ਕੇ ਪੰਜਾਬੀਆਂ ਦੇ ਜੀਵਨ ਦਾ ਅੰਗ ਬਣ ਗਈ ।"
ਗੁਰੂ ਨਾਨਕ ਕਾਲ ਦੇ ਉੱਘੇ ਸੂਫੀ ਕਵੀਆਂ ਵਿਚ ਸ਼ਾਹ ਹੁਸੈਨ, ਸੁਲਤਾਨ ਬਾਹੂ ਤੇ ਸ਼ਾਹ ਸ਼ਰਫ ਵਿਸ਼ੇਸ਼ ਸਥਾਨ ਰਖਦੇ ਹਨ। ਇਨ੍ਹਾਂ ਸਭਨਾਂ ਬਾਰੇ ਵਿਸਤਾਰਪੂਰਬਕ ਚਰਚਾ ਅੱਗੇ ਕੀਤੀ ਗਈ ਹੈ।
(ਸ) ਕਿੱਸਾ ਕਾਵਿ-ਧਾਰਾ
ਭਾਵੇਂ ਡਾਕਟਰ ਮੋਹਨ ਸਿੰਘ ਪੰਜਾਬੀ ਕਿੱਸਾ-ਕਾਵਿ ਦਾ ਮੁੱਢ ਪੂਰਵ-ਨਾਨਕ ਕਾਲ ਵਿਚ ਹੀ ਮਿਥਦੇ ਹਨ, ਅਤੇ ਉਨ੍ਹਾਂ ਨੇ ਇਕ ਦੋ ਕਿੱਸਾਕਾਰਾਂ ਦੇ ਨਾਂ ਤੇ ਉਨ੍ਹਾਂ ਦੇ ਕਿੱਸਿਆਂ ਦਾ ਹਵਾਲਾ ਵੀ ਦਿੱਤਾ ਹੈ, ਪਰ ਉਨ੍ਹਾਂ ਕਿੱਸਿਆਂ ਦੇ ਨਮੂਨੇ ਪ੍ਰਾਪਤ ਨਾ ਹੋਣ ਕਰਕੇ, ਉਨ੍ਹਾਂ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਏਸੇ ਤਰ੍ਹਾਂ ਉਨ੍ਹਾਂ ਨੇ ਕੁਝ ਇਕ ਧਾਰਮਿਕ ਤੇ ਲੋਕਿਕ ਕਥਾਵਾਂ ਦੇ ਆਧਾਰ ਤੇ ਕਿੱਸੇ ਲਿਖੇ ਜਾਣ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਹੈ, ਪਰ ਉਨ੍ਹਾਂ ਕ੍ਰਿਤਾਂ ਦੇ ਵੀ ਕੋਈ ਪ੍ਰਮਾਣ ਸਾਡੇ ਤਕ ਨਹੀਂ ਪੁੱਜੇ। ਇਸ ਲਈ ਕਿੱਸਾ-ਕਾਵਿ ਦਾ
ਠੀਕ ਮੁੱਢ ਅਸੀਂ ਗੁਰੂ ਨਾਨਕ ਕਾਲ ਤੋਂ ਹੀ ਮਿਥਦੇ ਹਾਂ। ਫ਼ਾਰਸੀ ਕਵਿਤਾ ਦਾ ਪ੍ਰਸਿੱਧ ਰੂਪ ਮਸਨਵੀ ਪੰਜਾਬੀ ਕਿੱਸਾ-ਕਾਵਿ ਦਾ ਆਧਾਰ ਆਖਿਆ ਜਾ ਸਕਦਾ ਹੈ, ਕਿਉਂ ਜੋ ਫਾਰਸੀ ਕਵਿਤਾ ਵਿਚ ਲੰਬੀ ਕਹਾਣੀ ਨੂੰ ਇਹੀ ਨਾ ਦਿੱਤਾ ਜਾਦਾ ਸੀ । ਅਸੀਂ ਉਸ ਲਈ ਅਰਬੀ ਭਾਸ਼ਾ ਦਾ ਸ਼ਬਦ 'ਕਿੱਸਾ ਅਪਣਾ ਲਿਆ। ਜਿਥੇ ਫਾਰਸੀ ਮਸਨਵੀ ਵਿਚ ਹਰ ਪ੍ਰਕਾਰ ਦਾ ਵਿਸ਼ਾ ਲੈ ਲਿਆ ਜਾਂਦਾ ਸੀ, ਉਥੇ ਪੰਜਾਬੀ ਕਵੀਆਂ ਨੇ ਕੇਵਲ ਇਸ਼ਕ ਪ੍ਰੇਮ ਦੀ ਕਹਾਣੀ ਨੂੰ ਹੀ ਕਿੱਸਾ ਆਖਿਆ ਹੈ। ਕੁਝ ਇਕ ਵਿਦਵਾਨਾਂ ਦਾ ਵਿਚਾਰ ਹੈ ਕਿ ਪੰਜਾਬੀ ਦੇ ਬਹੁਤੇ ਕਿੱਸਾਕਾਰਾਂ ਨੇ ਆਪਣੇ ਕਿੱਸੇ ਨਿਰੋਲ ਫਾਰਸੀ ਦੇ ਆਧਾਰ ਤੇ ਹੀ ਉਸਾਰੇ ਹਨ, ਕੇਵਲ ਸਥਾਨਕ ਰੰਗਣ ਤੇ ਗ੍ਰਾਮੀਨ ਛੋਹਾਂ ਪੰਜਾਬੀਆਂ ਵਾਲੀਆਂ ਹਨ, ਬਾਕੀ ਢਾਚਾ ਫਾਰਸੀ ਮਸਨਵੀ ਵਾਲਾ ਹੀ ਹੈ।
ਗੁਰੂ ਨਾਨਕ ਕਾਲ ਦੇ ਪ੍ਰਸਿੱਧ ਕਿੱਸਾਕਾਰ : (1) ਦਮੋਦਰ (ਕਿੱਸਾ ਹੀਰ ਰਾਂਝਾ) (2) ਪੀਲੂ (ਕਿੱਸਾ ਮਿਰਜ਼ਾ ਸਾਹਿਬਾਂ), (3) ਹਾਫਜ ਬਰਖ਼ੁਰਦਾਰ (ਮਿਰਜ਼ਾ ਸਾਹਿਬਾਂ ਤੋਂ ਬਿਨਾਂ ਕਿੱਸਾ ਸੱਸੀ ਪੁੰਨੂੰ ਤੇ ਯੂਸਫ ਜੁਲੈਖਾਂ ਪਹਿਲੀ ਵਾਰ ਰਚੇ). (4) ਅਹਿਮਦ ਗੁਜਰ (ਬੈਂਤਾਂ ਵਿਚ ਹੀਰ ਰਾਂਝੇ ਦਾ ਕਿੱਸਾ) ਹੋਏ ਹਨ । ਸੋਲ੍ਹਵੀਂ ਤੇ ਸਤਾਰ੍ਹਵੀਂ, ਦੇ ਸਦੀਆਂ ਦੇ ਇਤਿਹਾਸ ਵਿਚ ਕੇਵਲ ਚਾਰ ਕਿੱਸਾਕਾਰਾ ਦਾ ਹੋਣਾ ਇਹ ਸਿੱਧ ਕਰਦਾ ਹੈ ਕਿ ਇਹ ਕਾਵਿ ਰੂਪ ਅਜੇ ਤੱਕ ਆਪਣੇ ਭਰਪੂਰ ਰੂਪ ਵਿਚ ਵਿਗਸਿਤ ਨਹੀਂ ਸੀ ਹੋਇਆ। ਅਗਲੀਆਂ ਦੋ ਸਦੀਆਂ ਵਿਚ ਜਿਥੇ ਕਿੱਸਾਕਾਰਾਂ ਦੀ ਗਿਣਤੀ ਸੌ ਦੇ ਕਰੀਬ ਅਤੇ ਕਿੱਸਿਆਂ ਦੀ ਰਚਨਾ ਕਈ ਸੈਂਕੜਿਆਂ ਤਕ ਜਾ ਪੁੱਜਦੀ ਹੈ, ਤਾਂ ਇਸ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਗੁਰੂ ਨਾਨਕ ਕਾਲ, ਕਿੱਸਾ-ਕਾਵਿ ਦਾ ਆਰੰਭਿਕ ਕਾਲ ਹੀ ਸੀ। ਕਿੱਸਿਆਂ ਦੇ ਵਿਸ਼ੇ ਵੀ ਇਸ ਕਾਲ ਵਿਚ ਸੀਮਿਤ ਹੀ ਰਹੇ। ਇਨ੍ਹਾਂ ਕਿੱਸਾਕਾਰਾਂ ਬਾਰੇ ਵਿਚਾਰ ਅਗਲੇ ਅਧਿਆਇ ਵਿਚ ਕੀਤੀ ਜਾ ਰਹੀ ਹੈ।
(ਹ) ਬੀਰ ਕਾਵਿ-ਧਾਰਾ
ਪੰਜਾਬੀ ਸਾਹਿੱਤ ਵਿਚ ਬੀਰ-ਕਾਵਿ ਦਾ ਆਰੰਭ ਪੂਰਵ-ਨਾਨਕ ਕਾਲ ਵਿਚ ਹੀ ਹੋ ਚੁੱਕਾ ਸੀ, ਜਿਸ ਬਾਰੇ ਚਰਚਾ ਕੀਤੀ ਜਾ ਚੁੱਕੀ ਹੈ। ਇਹ ਧਾਰਾ ਇਸ ਕਾਲ ਵਿਚ ਵੀ ਚਲਦੀ ਰਹੀ, ਪਰ ਬੀਰ-ਕਾਵਿ ਦੇ ਪ੍ਰਧਾਨ ਕਲਾ-ਰੂਪ 'ਵਾਰ' ਦਾ ਸਰੂਪ ਇਸ ਕਾਲ ਵਿਚ ਬਦਲ ਗਿਆ ਤੇ ਦੁਨਿਆਵੀ ਵਾਰਾਂ ਦੇ ਨਾਲ ਨਾਲ ਅਧਿਆਤਮਿਕ ਜਾਂ ਧਾਰਮਿਕ ਵਾਰਾਂ ਵੀ ਲਿਖੀਆਂ ਜਾਣ ਲੱਗ ਪਈਆਂ। ਅਜਿਹੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ, 39 ਵਾਰਾਂ ਭਾਈ ਗੁਰਦਾਸ ਨੇ ਰਚੀਆਂ ਤੇ ਦੋ ਵਾਰਾਂ ਦੂਜੇ ਗੁਰਦਾਸ ਦੇ ਨਾਂ ਹੇਠ ਪ੍ਰਚਲਿਤ ਹਨ ।
ਇਸ ਕਾਲ ਦੇ ਉੱਘੇ ਬੀਰ-ਰਸੀ ਕਵੀ ਅਬਦੁੱਲਾ, ਪੀਰ ਮੁਹੰਮਦ, ਹਾਫਿਜ਼, ਬਰਖ਼ੁਰਦਾਰ ਤੇ ਗੁਰੂ ਗੋਬਿੰਦ ਸਿੰਘ ਜੀ ਹਨ। ਗੁਰੂ ਗੋਬਿੰਦ ਸਿੰਘ ਰਚਿਤ 'ਚੰਡੀ ਦੀ ਵਾਰ' ਨਾਲ ਬੀਰ-ਕਾਵਿ ਸਿਖਰ ਤੇ ਪੁੱਜਦਾ ਹੈ । ਬੀਰ-ਕਾਵਿ ਦਾ ਦੂਜਾ ਕਲਾ-ਰੂਪ ਜੰਗਨਾਮਾ ਵੀ ਏਸੇ ਕਾਲ ਵਿਚ ਹਾਫਜ਼ ਬਰਖ਼ੁਰਦਾਰ ਰਾਹੀਂ ਸਾਡੇ ਤੱਕ ਪੁੱਜਾ। ਅਸਲ ਵਿਚ ਬੀਰ-ਕਾਵਿ ਦਾ ਸੰਬੰਧ ਪੰਜਾਬੀ ਜੀਵਨ ਨਾਲ ਇਸ ਹੱਦ ਤਕ ਹੈ ਕਿ ਇਸ ਦੀ ਰਚਨਾ ਹਰ ਕਾਲ ਵਿਚ ਨਿਰੰਤਰ ਹੁੰਦੀ ਆ ਰਹੀ ਹੈ ਤੇ ਆਧੁਨਿਕ ਕਾਲ ਵਿਚ ਵੀ ਜਿਥੇ ਸਾਹਿੱਤ ਦੇ ਹੋਰ ਅਨੇਕ ਨਵੇ - ਰੂਪ ਹੋਂਦ ਵਿਚ ਆ ਚੁੱਕੇ ਹਨ, ਬੀਰ ਕਾਵਿ ਦੀ ਲੋਕ-ਪ੍ਰਿਯਤਾ ਉਸੇ ਤਰ੍ਹਾਂ ਕਾਇਮ ਹੈ. ਭਾਵੇਂ ਇਸ ਲਈ ਕੋਈ ਕਾਵਿ-ਰੂਪ ਵੀ ਕਿਉਂ ਨਾ ਅਪਣਾਇਆ ਗਿਆ ਹੋਵੇ । ਸਾਡਾ ਇਹ ਨਿਸ਼ਚਿਤ ਮੱਤ ਹੈ ਕਿ ਜਦ ਤਕ ਪੰਜਾਬੀ ਕੌਮ ਤੇ ਪੰਜਾਬੀ ਸਾਹਿੱਤ ਜੀਉਂਦੇ ਹਨ, ਬੀਰ ਕਾਵਿ ਦੀ ਰਚਨਾ ਹੁੰਦੀ ਰਹੇਗੀ, ਕਿਉਂਜੋ ਪੰਜਾਬ ਦੀ ਭੂਗੋਲਿਕ ਸਥਿਤੀ, ਇਸ ਦਾ ਪੁਰਾਤਨ ਵਿਰਸਾ, ਪਰੰਪਰਾਵਾਂ, ਇਤਿਹਾਸ ਤੇ ਪੰਜਾਬੀ ਚਰਿੱਤਰ, ਸਭ ਇਸ ਧਾਰਾ ਨੂੰ ਜੀਉਂਦੀ ਰੱਖਣਗੇ।
(ਕ) ਵਾਰਤਕ
ਹਰ ਭਾਸ਼ਾ ਵਿਚ ਵਾਰਤਕ ਦਾ ਜਨਮ ਕਵਿਤਾ ਨਾਲੋਂ ਪਿੱਛੋਂ ਹੁੰਦਾ ਹੈ । ਪੂਰਵ-ਨਾਨਕ ਕਾਲ ਵਿਚ ਰਚੀ ਗਈ ਵਾਰਤਕ ਦੇ ਕੁਝ ਪ੍ਰਮਾਣ ਦੇ ਕੇ ਅਸੀਂ ਸਿੱਧ ਕੀਤਾ ਸੀ ਕਿ ਉਸ ਕਾਲ ਵਿਚ ਪੰਜਾਬੀ ਵਾਰਤਕ ਆਰੰਭ
ਹੋ ਚੁੱਕਾ ਸੀ । ਗੁਰੂ ਨਾਨਕ ਕਾਲ ਵਿਚ ਵਾਰਤਕ ਦੀ ਰਚਨਾ ਨਾ ਕੇਵਲ ਆਕਾਰ ਵਲੋਂ, ਸਗੋਂ ਵਿਸ਼ਿਆਂ, ਪਰਕਾਰ ਅਤੇ ਰੂਪਾਂ ਦੀ ਵਿਭਿੰਨਤਾ ਕਰ ਕੇ ਵੀ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ । ਜਨਮ ਸਾਖੀਆਂ, ਟੀਕੇ, ਜਪੁ, ਪਰਮਾਰਥ, ਬਚਨ, ਮਹਾਤਮ, ਗੋਸ਼ਟਾਂ ਤੇ ਹੁਕਮਨਾਮੇ ਇਸ ਕਾਲ ਦੀ ਵਾਰਤਕ ਦੇ ਕੁਝ ਕੁ ਉੱਘੇ ਰੂਪ ਹਨ। ਸ਼ੈਲੀ ਦੇ ਪੱਖੋਂ ਜਿੱਥੇ ਇਹ ਵਾਰਤਕ ਪਰਪੱਕ ਤੇ ਨਿਪੁੰਨ ਹੈ, ਉਥੇ ਦਾਰਸ਼ਨਿਕ, ਬਿਰਤਾਂਤਕ, ਵਰਣਨੀ, ਵਿਆਖਿਆਮਈ ਤੇ ਵਾਰਤਾਲਾਪੀ ਸਭ ਢੰਗਾਂ ਦੀ ਵਾਰਤਕ ਸਾਡੇ ਤਕ ਪੁੱਜੀ ਹੈ । ਮੁੱਢਲੀ ਵਾਰਤਕ ਦਾ ਜਿੱਥੇ ਕਵਿਤਾ ਨਾਲੋਂ ਬਹੁਤ ਨਿਖੇੜ ਦਿਖਾਈ ਨਹੀਂ ਦਿੰਦਾ ਹੈ, ਉਥੇ ਹੌਲੀ ਹੌਲੀ ਇਸ ਦਾ ਵਿਕਾਸ ਪ੍ਰਤੱਖ ਦਿਖਾਈ ਦਿੰਦਾ ਹੈ, ਜਿਸ ਤੋਂ ਇਕ ਨਿਸ਼ਚਿਤ ਸ਼ੈਲੀ ਹੋਂਦ ਵਿਚ ਆਉਣ ਲੱਗੀ ।
ਗੁਰੂ ਨਾਨਕ ਕਾਲ ਵਿਚ ਰਚੀ ਗਈ ਵਾਰਤਕ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ:
(1) ਪੁਰਾਤਨ ਜਨਮ ਸਾਖੀ, ਜਿਸ ਨੂੰ ਮੈਕਾਲਫ ਵਾਲੀ ਜਨਮ ਸਾਖੀ ਜਾਂ ਵਲੈਤ ਵਾਲੀ ਜਨਮ ਸਾਖੀ ਵੀ ਆਖਿਆ ਜਾਂਦਾ ਹੈ।
(2) ਭਾਈ ਬਿਧੀ ਚੰਦ ਵਾਲੀ ਸਾਖੀ
(3) ਸੋਢੀ ਮਿਹਰਬਾਨ ਦੀ ਜਨਮ ਸਾਖੀ
(4) ਤੀਹਾਂ ਆਦਿ ਸਾਖੀਆਂ
(5) ਗੁਰੂ ਜੀ ਕੇ ਮੁਹਿ ਦੀਆਂ ਸਾਖੀਆਂ
(6) ਗੋਸ਼ਟਾਂ ਗੁਰੂ ਨਾਨਕ ਜੀ ਦੀਆਂ-ਅਜਿਤੇ ਰੰਧਾਵੇ, ਜਨਕ, ਨਿਰੰਕਾਰ, ਕਲਜੁਗ ਤੇ ਕਾਰੂ ਨਾਲ
(7) ਬਾਬੇ ਲਾਲ ਤੇ ਦਾਰਾ ਸ਼ਕੋਅ ਦੀ ਗੋਸ਼ਟ
(8) ਜਪੁ ਪਰਮਾਰਥ
(9) ਹਾਜ਼ਰ ਨਾਮਾ
(10) ਸਿੱਧ ਗੋਸ਼ਟ ਦੀਆਂ ਟਿਪਣੀਆਂ
(11) ਛੱਜੂ ਭਗਤ ਦਾ ਗੀਤਾ ਮਹਾਤਮ
(12) ਹੁਕਮਨਾਮੇ
ਉਪਰੋਕਤ ਵੇਰਵੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਕਾਲ ਵਿਚ ਬਹੁ-ਪੱਖੀ ਵਾਰਤਕ ਰਚੀ। ਸਭ ਤੋਂ ਪ੍ਰਧਾਨ ਗੱਦ-ਰੂਪ ਜਨਮ-ਸਾਖੀਆਂ ਦਾ ਹੀ ਹੈ, ਜਿਹੜਾ ਆਕਾਰ ਤੇ ਪ੍ਰਕਾਰ ਦੋਹਾਂ ਪੱਖਾਂ ਤੋਂ ਉੱਤਮ ਹੈ। ਪ੍ਰੋ. ਪੂਰਨ ਸਿੰਘ ਪੁਰਾਤਨ ਪੰਜਾਬੀ ਵਾਰਤਕ ਬਾਰੇ ਲਿਖਦੇ ਹਨ, "ਪੰਜਾਬੀ ਸਾਹਿੱਤ ਗੁਰੂ ਨਾਨਕ ਜੀ ਦੇ ਮੰਦਰਾਂ ਦੇ ਆਲੇ-ਦੁਆਲੇ, ਬਿਰਛਾਂ ਦੀ ਛਾਵਾਂ ਵਿਚ ਪਲਿਆ । ਨਸਰ (ਵਾਰਤਕ) ਉਨ੍ਹਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੇਂਠ ਗੁਰੂ ਸਾਹਿਬ ਦੇ ਪਿਆਰੇ ਅੰਮ੍ਰਿਤ ਨਾਲ ਸਿੰਚੇ, ਗੁਲਾਬ ਦੀਆਂ ਪੱਤੀਆਂ ਵਾਂਗ ਸਿਫ਼ਤ ਸਮੀਰ ਨਾਲ ਹਿਲਦੇ ਸਨ ।"
ਜਨਮ ਸਾਖੀਆਂ ਦੀ ਭਾਸ਼ਾ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਸ਼ੈਲੀ ਤੇ ਸ਼ਬਦਾਵਲੀ ਉੱਤੇ ਮੁਸਲਮਾਨੀ ਰੰਗਤ ਚੜ੍ਹੀ ਹੋਈ ਹੈ। ਇਸ ਕਾਲ ਦੀ ਵਾਰਤਕ ਬਾਰੇ ਵੇਰਵੇ ਸਹਿਤ ਵਿਚਾਰ ਅਗਲੇ ਅਧਿਆਇ ਵਿਚ ਕੀਤੀ ਗਈ ਹੈ।
(ਖ) ਭਾਸ਼ਾ ਤੇ ਲਿੱਪੀ
ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਦੀ ਭਾਸ਼ਾ ਬਾਰੇ ਵੀ ਸੰਖੇਪ ਵਿਚ ਜ਼ਿਕਰ ਕਰਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ। ਪਿੱਛੇ ਅਸੀਂ ਲਿਖ ਚੁੱਕੇ ਹਾਂ ਕਿ ਇਸ ਕਾਲ ਦੀ ਪ੍ਰਧਾਨ ਸਾਹਿੱਤਕ ਰਚਨਾ, ਸਿੱਖ ਗੁਰੂ ਸਾਹਿਬਾਨ ਦੀ ਹੈ, ਜਿਸ ਦੇ ਪ੍ਰਮਾਣ ਸਾਨੂੰ ਆਦਿ ਗ੍ਰੰਥ ਵਿਚ ਮਿਲਦੇ ਹਨ। ਗੁਰੂ ਨਾਨਕ ਸਾਹਿਬ ਜਿਸ ਵੇਲੇ ਇਹ ਸ਼ਬਦ ਉਚਾਰਦੇ ਹਨ। 'ਬੋਲੀ ਅਵਰ ਤੁਮਾਰੀ' ਜਾਂ 'ਮਲੇਛ ਭਾਖਿਆ ਗਹੀ' ਤਾਂ ਪ੍ਰਤੱਖ ਤੌਰ ਤੇ ਉਨ੍ਹਾਂ ਦਾ ਨਿਸ਼ਾਨਾ ਤੇ ਆਦੇਸ਼ ਇਹ ਸੀ ਕਿ ਬਾਹਰਲੀਆਂ ਭਾਸ਼ਾਵਾਂ ਦੀ ਬਜਾਏ ਏਥੋਂ ਦੀ ਲੋਕ-ਭਾਸ਼ਾ ਨੂੰ
ਅਪਣਾਇਆ ਜਾਏ । ਇਹ ਰੁਚੀ ਸਾਨੂੰ ਸਾਰੇ ਗੁਰਮਤਿ ਸਾਹਿੱਤ ਵਿਚ ਦਿਖਾਈ ਦਿੰਦੀ ਹੈ । ਇਹ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਾਸ਼ਾ ਦੀ ਵੰਨ-ਸੁਵੰਨਤਾ ਦੇ ਅਣਗਿਣਤ ਪ੍ਰਯੋਗ ਮਿਲਦੇ ਹਨ, ਪਰ ਸਮੁੱਚੇ ਸਾਹਿੱਤ ਦੀ ਪ੍ਰਧਾਨ ਸੁਰ ਪੰਜਾਬੀ ਹੀ ਹੈ । ਭਾਵੇਂ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀ ਬਹੁਤੀ ਰਚਨਾ ਬ੍ਰਿਜੀ ਵਿਚ ਹੈ ਪਰ ਇਸ ਬ੍ਰਿਜੀ ਦਾ ਲਹਿਜਾ ਤੇ ਉਚਾਰਣ ਵੀ ਪੰਜਾਬੀ ਵਾਲਾ ਹੀ ਹੈ।
ਇਸ ਕਾਲ ਦੀ ਭਾਸ਼ਾ ਦੇ ਭਿੰਨ ਭਿੰਨ ਰੂਪ ਇਸ ਪ੍ਰਕਾਰ ਹਨ :
(ੳ) ਗੁਰੂ ਸਾਹਿਬਾਨ ਦੀ ਸਾਹਿੱਤਕ ਭਾਸ਼ਾ ਕੇਂਦਰੀ ਪੰਜਾਬੀ, ਜਿਸ ਉੱਤੇ ਕਿਤੇ ਕਿਤੇ ਸਾਧ ਭਾਸ਼ਾ ਤੇ ਹਿੰਦਵੀ ਦੀ ਪੁਠ ਚੜ੍ਹੀ ਹੋਈ ਹੈ।
(ਅ) ਕਿੱਸਾ ਕਾਵਿ ਤੇ ਸੂਫੀ ਕਵੀਆਂ ਦੀ ਬੋਲੀ ਜਿਹੜੀ ਲੋਕ-ਬੋਲੀ ਸੀ ਤੇ ਜਿਸ ਵਿਚ ਕੇਂਦਰੀ ਤੇ ਲਹਿੰਦੀ ਪੰਜਾਬੀ ਦੇ ਰਲਵੇਂ ਰੂਪ ਮਿਲਦੇ ਹਨ ।
(ੲ) ਭਾਈ' ਗੁਰਦਾਸ ਦੀ ਕੇਂਦਰੀ ਪੰਜਾਬੀ ਜਿਸ ਦਾ ਲਹਿਜਾ ਤੇ ਉਚਾਰਣ ਅਜੋਕੀ ਪੰਜਾਬੀ ਦੇ ਬਹੁਤ ਨੇੜੇ ਦਾ ਹੈ।
(ਸ) ਵਾਰਤਕ ਸਾਹਿੱਤ ਦੀ ਭਾਸ਼ਾ, ਜਿਸ ਨੂੰ ਪੁਰਾਣੀ ਪੰਜਾਬੀ ਆਖਿਆ ਜਾ ਸਕਦਾ ਹੈ।
ਗੁਰਮੁਖੀ ਲਿੱਪੀ ਨੂੰ ਸੋਧ ਕੇ ਇਸ ਨੂੰ ਪੰਜਾਬੀ ਉਚਾਰਣ ਦੇ ਮੁਤਾਬਿਕ ਢਾਲ ਕੇ ਅਤੇ ਨਵੀਂ ਤਰਤੀਬ ਦੇ ਕੇ, ਏਸੇ ਕਾਲ ਵਿਚ ਸਾਹਿੱਤਕ ਲੋੜਾਂ ਲਈ ਵਰਤੋਂ ਵਿਚ ਲਿਆਂਦਾ ਗਿਆ । ਭਾਵੇਂ ਮੁਸਲਮਾਨ ਲੇਖਕ ਫ਼ਾਰਸੀ ਲਿੱਪੀ ਦੀ ਵਰਤੋਂ ਕਰਦੇ ਰਹੇ, ਪਰ ਬਾਕੀ ਸਭ ਲੇਖਕ ਤੇ ਉਨ੍ਹਾਂ ਦੀਆਂ ਰਚਨਾਵਾਂ, ਗੁਰਮੁਖੀ ਲਿੱਪੀ ਵਿਚ ਹੀ ਸਾਡੇ ਤਕ ਅੱਪੜੀਆਂ ਹਨ।
ਉਪਰੋਕਤ ਸੰਖੇਪ ਸਰਵੇਖਣ ਤੇ ਇਸ ਕਾਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ ਤੇ ਅਸੀਂ ਇਸ ਕਾਲ ਨੂੰ ਨਿਸ਼ਚੇ ਹੀ 'ਪੰਜਾਬੀ ਸਾਹਿੱਤ ਦਾ ਸੁਨਹਿਰੀ ਕਾਲ' ਆਖ ਸਕਦੇ ਹਾਂ ।
ਅਧਿਆਇ ਪੰਜਵਾਂ
ਗੁਰੂ ਨਾਨਕ ਕਾਲ ਦੇ ਸਾਹਿੱਤ ਦੀਆਂ ਪ੍ਰਮੁੱਖ ਧਾਰਾਵਾਂ ਤੇ ਪਰਵਿਰਤੀਆਂ
ਪਿਛਲੇ ਅਧਿਆਇ ਵਿਚ ਅਸੀਂ ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਦਾ ਸੰਖੇਪ ਸਰਵੇਖਣ ਕੀਤਾ ਅਤੇ ਵੱਖ-ਵੱਖ ਧਾਰਾਵਾਂ ਅਧੀਨ ਹੋਈ ਸਾਹਿੱਤ-ਸਿਰਜਣਾ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਸੀ । ਇਸ ਅਧਿਆਇ ਵਿਚ ਹਰ ਧਾਰਾ ਦੇ ਉੱਘੇ ਲੇਖਕਾਂ ਦੀ ਸਮੁੱਚੀ ਸਾਹਿੱਤਕ ਦੇਣ ਤੇ ਸਾਹਿੱਤ ਵਿਚ ਉਨ੍ਹਾਂ ਦੇ ਸਥਾਨ ਬਾਰੇ ਸਰਵ-ਪੱਖੀ ਵਿਚਾਰ ਕੀਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਪਰਵਿਰਤੀਆਂ ਦਾ ਵੀ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦੁਆਰਾ ਉਸ ਕਾਲ ਵਿਚ ਰਚੇ ਸਾਹਿੱਤ ਦੀ ਨੁਹਾਰ ਪਛਾਣੀ ਜਾ ਸਕਦੀ ਹੈ।
(ੳ) ਗੁਰਮਤਿ ਕਾਵਿ-ਧਾਰਾ
ਸੋਲ੍ਹਵੀਂ ਸਤਾਰ੍ਹਵੀਂ ਸਦੀ ਵਿਚ ਰਚੇ ਗਏ ਪੰਜਾਬੀ ਸਾਹਿੱਤ ਵਿਚੋਂ ਗੁਰਮਤਿ ਕਾਵਿ-ਧਾਰਾ ਸਭ ਤੋਂ ਸ਼ਕਤੀਸ਼ਾਲੀ ਆਖੀ ਜਾ ਸਕਦੀ ਹੈ, ਕਿਉਂਜੋ ਇਸ ਕਾਲ ਦੀਆਂ ਹੋਰ ਸਾਰੀਆਂ ਸਾਹਿੱਤਕ ਪ੍ਰਾਪਤੀਆਂ ਨਾਲੋਂ ਜਿੱਥੇ ਆਕਾਰ ਵਿਚ ਇਹ ਸਭ ਤੋਂ ਵੱਧ ਹੈ, ਉਥੇ ਲੋਕ ਭਾਵਨਾਵਾਂ ਦੀ ਵੀ ਇਹ ਸਭ ਤੋਂ ਵੱਧ ਤਰਜਮਾਨੀ ਕਰਦੀ ਹੈ । ਸਾਰੇ ਗੁਰੂ ਸਾਹਿਬਾਨ ਨੇ ਸਮਾਜ ਨੂੰ ਅਧਿਆਤਮਿਕ, ਭਾਈਚਾਰਕ, ਸਦਾਚਾਰਿਕ ਤੇ ਸਭਿਆਚਾਰਿਕ ਆਦਿ, ਭਿੰਨ-ਭਿੰਨ ਪੱਖਾਂ ਤੋਂ ਉੱਨਤ ਕਰਨ ਲਈ, ਸਾਹਿੱਤ ਨੂੰ ਇਕ ਸਾਧਨ ਵਜੋਂ ਵਰਤਿਆ ਤੇ ਇਸ ਨੂੰ ਪਹਿਲੀ ਵਾਰੀ ਜੀਵਨ ਨਾਲ ਜੋੜ ਕੇ, ਲੋਕ-ਜੀਵਨ ਦੀ ਨਿੱਗਰ ਉਸਾਰੀ ਦਾ ਸਾਧਨ ਸਿੱਧ ਕੀਤਾ। ਉਨ੍ਹਾਂ ਨੇ ਆਚਰਣਕ ਪਵਿੱਤਰਤਾ ਤੇ ਆਤਮਿਕ ਉੱਚਤਾ ਲਈ ਅਮਰ ਸਾਹਿੱਤ ਦੀ ਸਿਰਜਣਾ ਕੀਤੀ ਤੇ ਇਸ ਨੂੰ ਵੱਧ ਤੋਂ ਵੱਧ ਲੋਕ-ਅਨੁਭਵ ਦੇ ਨੇੜੇ ਰੱਖ ਕੇ, ਲੋਕ-ਭਾਸ਼ਾ, ਲੋਕ-ਛੰਦਾਂ ਤੇ ਲੋਕ-ਪ੍ਰਿਯ ਕਾਵਿ-ਰੂਪਾਂ ਵਿਚ ਸ਼ਬਦ-ਬੱਧ ਕਰਕੇ, ਆਮ ਲੋਕਾਂ ਦੀ ਸੁਕੋਜ-ਤ੍ਰਿਪਤੀ ਵੀ ਕੀਤੀ । ਸਾਰੀ ਰਚਨਾ ਸੰਗੀਤਕ ਲੈਅ ਵਿਚ ਢਾਲ ਕੇ ਵੱਖ-ਵੱਖ ਰਾਗਾਂ ਤੇ ਰਾਗਣੀਆਂ ਵਿਚ ਇਸ ਨੂੰ ਗਾਉਣ ਦਾ ਆਦੇਸ਼ ਦਿੱਤਾ ਤਾਂ ਜੋ ਗੀਤ ਦੀ ਲੈਅ ਵਿਚ ਮਨ-ਮੁਗਧ ਹੋ ਕੇ ਜਨ-ਸਾਧਾਰਣ, ਆਤਮਿਕ ਤੇ ਮਾਨਸਿਕ ਅਨੰਦ ਪ੍ਰਾਪਤ ਕਰ ਸਕਣ।
ਗੁਰਮਤਿ ਸਾਹਿੱਤ ਵਿਚ ਜਿੱਥੇ ਜੀਵਨ ਦੀਆਂ ਅਮਰ ਸਚਾਈਆਂ ਰੂਪਮਾਨ ਕੀਤੀਆਂ ਗਈਆਂ ਹਨ, ਉਥੇ ਜੀਵਨ ਦੀ ਨਿਝੱਕ ਆਲੋਚਨਾ ਵੀ ਕੀਤੀ ਗਈ ਹੈ ਤੇ ਗਲਤ ਕੀਮਤਾਂ ਦਾ ਜ਼ੋਰਦਾਰ ਭਾਸ਼ਾ ਵਿਚ ਖੰਡਨ ਵੀ ਕੀਤਾ ਗਿਆ ਹੈ। ਗਿਆਨ ਦੁਆਰਾ ਲੋਕ-ਅਨੁਭਵ ਨੂੰ ਵਿਸ਼ਾਲ ਕਰਕੇ ਇਕ ਨਵੀਂ ਚੇਤੰਨਤਾ ਭਰੀ, ਜੀਵਨ ਦੀ ਨਵ-ਉਸਾਰੀ ਲਈ ਸਾਰਥਿਕ ਸੁਝਾਅ ਦਿੱਤੇ ਤੇ ਉਨ੍ਹਾਂ ਵਿਚ ਇਕ ਨਵਾਂ-ਬਲ ਭਰਿਆ, ਜਿਸ ਦੁਆਰਾ ਉਹ ਹਰ ਔਕੜ ਦਾ ਸਾਮ੍ਹਣਾ ਕਰਨ ਦੇ ਸਮਰੱਥ ਬਣ ਗਏ। ਨਵੀਆਂ ਨਰੋਈਆਂ ਲੀਹਾਂ ਉੱਤੇ ਕੌਮੀ' ਉਸਾਰੀ, ਇਸ ਸਾਹਿੱਤ ਦੀ ਸਭ ਤੋਂ ਵੱਡੀ ਕਰਾਮਾਤ ਆਖੀ ਜਾ ਸਕਦੀ ਹੈ। ਦੱਸਾਂ ਵਿਚੋਂ ਸੱਤ ਗੁਰੂ ਸਾਹਿਬਾਨ ਨੇ ਸਾਹਿੱਤ ਸਿਰਜਣਾ ਕੀਤੀ। ਇਨ੍ਹਾਂ ਤੋਂ ਬਿਨਾਂ ਗੁਰੂ ਆਸ਼ਿਆਂ ਦੀ ਵਿਆਖਿਆ ਲਈ ਅਣਗਿਣਤ ਸਾਹਿੱਤਕਾਰਾਂ ਵਲੋਂ ਕਰੜੀ ਘਾਲਣਾ ਕੀਤੀ ਗਈ ਤੇ ਗੱਦ ਤੇ ਪਦ ਦੋਹਾਂ ਰੂਪਾਂ ਵਿਚ ਇਕ ਨਵੀਂ ਸਾਹਿੱਤਕ ਧਾਰਾ ਵਹਿ ਤੁਰੀ, ਜਿਹੜੀ ਅੱਜ ਤਕ ਨਿਰੰਤਰ ਜਾਰੀ ਹੈ।
ਗੁਰੂ ਨਾਨਕ ਦੇਵ ਜੀ (1469-1539 ਈ.) : ਗੁਰੂ ਨਾਨਕ ਨਾਲ ਪੰਜਾਬੀ ਵਿਚ ਇਕ ਨਵੇਂ ਸਾਹਿੱਤਕ ਯੁਗ ਦਾ ਆਰੰਭ ਹੁੰਦਾ ਹੈ। ਆਪ ਨੇ ਗੁਰਮਤਿ ਦੀ ਇਕ ਨਵੀਂ ਵਿਚਾਰਧਾਰਾ ਦਾ ਮੁੱਢ ਬੰਨ੍ਹਿਆ
ਤੇ ਸਾਹਿੱਤ ਨੂੰ ਲੋਕ-ਜੀਵਨ ਨਾਲ ਜੋੜਨ ਦੀ ਨਵੀਂ ਪਿਰਤ ਪਾਈ । ਆਪ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਤੇ ਜਜ਼ਬਿਆਂ ਦੀ ਨਾ ਕੇਵਲ ਤਰਜਮਾਨੀ ਹੀ ਕੀਤੀ, ਸਗੋਂ ਨੀਵੇਂ ਨਿਤਾਣੇ ਤੇ ਲਤਾੜੇ ਹੋਏ ਲੋਕਾ ਦੇ ਹੱਕ ਵਿਚ ਇਕ ਜ਼ਬਰਦਸਤ ਆਵਾਜ ਬੁਲੰਦ ਕੀਤੀ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਸਾਥੀ ਦੱਸਿਆ :
ਨੀਚਾ ਅੰਦਰ ਨੀਚ ਜਾਤਿ, ਨੀਚੀ ਹਉ ਅਤਿ ਨੀਚ ।
ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ।
ਆਪ ਨੇ ਮਨੁੱਖਾਂ ਨੂੰ ਜਾਤ-ਪਾਤ, ਛੂਤ-ਛਾਤ, ਊਚ-ਨੀਚ ਤੇ ਸਮਾਜਿਕ ਭੇਦ-ਭਾਓ ਦੀਆਂ ਤੰਗ ਵਲਗਣਾਂ ਵਿੱਚੋਂ ਕੱਢ ਕੇ, ਉੱਚਾ, ਸੁੱਚਾ ਬਲਵਾਨ ਤੇ ਬੇਖ਼ੌਫ ਜੀਵਨ ਜੀਉਣ ਦੀ ਜਾਚ ਦੱਸੀ । ਅਧਿਆਤਮਿਕ ਪਵਿੱਤਰਤਾ ਤੇ ਸੱਚ ਦੀ ਪਛਾਣ ਉੱਤੇ ਜ਼ੋਰ ਦਿੱਤਾ, ਪਰ ਇਨ੍ਹਾਂ ਤੋਂ ਵੀ ਵੱਧ ਕੇ, ਉੱਚੇ ਆਚਾਰ ਨੂੰ ਮਹੱਤਵ ਦਿੰਦਿਆਂ ਹੋਇਆ ਆਖਿਆ :
ਸਚਹੁ ਉਰੇ ਸਭ ਕਉ, ਉਪਰ ਸਚੁ ਆਚਾਰ।
ਗੁਰੂ ਸਾਹਿਬ ਇਕ ਅਦੁੱਤੀ ਸ਼ਖ਼ਸੀਅਤ ਤੇ ਅਲੋਕਿਕ ਪ੍ਰਤਿਭਾ ਦੇ ਮਾਲਕ ਸਨ, ਇਕ ਮਹਾਨ ਰਹੱਸਵਾਦੀ, ਪ੍ਰਤਿਭਾ-ਸ਼ੀਲ ਕਵੀ, ਅਕਾਲ-ਪੁਰਖ ਦੇ ਅਨਿੰਨ ਭਗਤ, ਸੰਗੀਤ ਦੇ ਰਸੀਏ। ਇਨ੍ਹਾਂ ਸਭਨਾਂ ਖੂਬੀਆਂ ਦੇ ਪ੍ਰਮਾਣ ਸਾਨੂੰ ਉਨ੍ਹਾਂ ਦੇ ਰਚੇ ਹੋਏ ਸਾਹਿੱਤ ਵਿਚੋਂ ਮਿਲਦੇ ਹਨ। ਇਸ ਅਮਰ ਸਾਹਿੱਤ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਡੂੰਘੇ ਤੋਂ ਡੂੰਘੇ, ਗੰਭੀਰ ਤੋਂ ਗੰਭੀਰ ਅਤੇ ਸੂਖ਼ਮ ਅਧਿਆਤਮਿਕ ਵਿਸ਼ਿਆਂ ਨੂੰ ਲੋਕ-ਅਨੁਭਵ ਦੇ ਵੱਧ ਤੋਂ ਵੱਧ ਨੇੜੇ ਰਖਿਆ ਤੇ ਉਸ ਨੂੰ ਲੋਕ-ਭਾਸ਼ਾ ਦੇ ਮਾਧਿਅਮ ਰਾਹੀਂ ਰੂਪਮਾਨ ਕੀਤਾ ਹੈ। ਆਪ ਦਾ ਸਾਹਿੱਤ ਆਕਾਰ ਤੇ ਪ੍ਰਕਾਰ, ਗੁਣਾਂ ਤੇ ਗਿਣਤੀ ਵਲੋਂ ਪੰਜਾਬੀ ਸਾਹਿੱਤ ਨੂੰ ਇਕ ਅਮਰ ਦੇਣ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਆਪ ਦੀ ਜਿਹੜੀ ਬਾਣੀ ਦਰਜ ਹੈ, ਉਹ ਗੁਰੂ ਅਰਜਨ ਸਾਹਿਬ ਤੋਂ ਛੁੱਟ, ਬਾਕੀ ਸਭਨਾਂ ਨਾਲੋਂ ਵੱਧ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਆਪ ਦੇ ਨਾਂ ਹੇਠ ਬਹੁਤ ਸਾਰੀ ਬਾਣੀ ਪ੍ਰਚਲਿਤ ਹੈ, ਜਿਸ ਦੀ ਪ੍ਰਮਾਣਿਕਤਾ ਬਾਰੇ ਸ਼ੱਕ ਹੈ। ਆਦਿ ਗ੍ਰੰਥ ਵਿਚ ਦਰਜ ਆਪ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ - (1) ਜਪੁਜੀ ਸਾਹਿਬ. (2) ਰਾਗ ਆਸਾ, ਮਾਝ ਤੇ ਮਲ੍ਹਾਰ ਵਿਚ ਰਚੀਆਂ ਵਾਰਾਂ, (3) ਤੁਖਾਰੀ ਰਾਗ ਦਾ ਬਾਰ੍ਹਾਂ-ਮਾਂਹ, (4) ਰਾਗ ਆਸਾ, ਪੱਟੀ, (5) ਬਾਬਰ ਬਾਣੀ, (6) ਸੋਹਿਲਾ. (7) ਅਲਾਹੁਣੀਆਂ, (8) ਕਈ ਸ਼ਬਦ ਤੇ ਸ਼ਲੋਕ, (9) ਛੰਤ ਤੇ ਰੇਖਤਾ । ਵਿਦਵਾਨਾਂ ਅਨੁਸਾਰ ਇਸ ਸਾਰੀ ਬਾਣੀ ਦੇ ਕੁਲ 2949 ਬੰਦ ਹਨ।
ਗੁਰੂ ਸਾਹਿਬ ਦੀ ਸਾਰੀ ਬਾਣੀ ਰਾਗਾਂ ਵਿਚ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚੋਂ 19 ਰਾਗਾਂ ਵਿਚ ਆਪ ਦੀ ਬਾਣੀ ਮਿਲਦੀ ਹੈ। ਗੁਰੂ ਸਾਹਿਬ ਨੇ ਜੀਵਨ ਦੇ ਲਗਭਗ 24 ਵਰ੍ਹੇ ਦੇਸ਼ ਦੇਸ਼ਾਂਤਰਾਂ ਦਾ ਰਟਨ. ਕੀਤਾ ਅਤੇ ਆਪਣੇ ਸਮੇਂ ਦੇ ਹਰ ਧਰਮ, ਫਿਰਕੇ, ਜਾਤੀ ਤੇ ਵਿਚਾਰਧਾਰਾ ਦੇ ਆਗੂਆਂ ਤੇ ਵਿਦਵਾਨਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਆਪਣੇ ਲਈ ਮੌਲਿਕ, ਨਿੱਗਰ, ਵਿਗਿਆਨਕ ਤੇ ਉਪਯੋਗੀ ਮਾਰਗ ਧਾਰਨ ਕੀਤਾ। ਆਪ ਦੀ ਸਾਰੀ ਬਾਣੀ ਵਿਚੋਂ ਹੇਠ ਲਿਖੇ ਤਿੰਨ ਦਾਰਸ਼ਨਿਕ ਸਿੱਧਾਂਤ ਉੱਘੜਦੇ ਹਨ. ਜਿਨ੍ਹਾਂ ਨੂੰ ਆਪ ਨੇ ਸਪੱਸ਼ਟ ਤੇ ਨਿਸ਼ਚਿਤ ਭਾਸ਼ਾ ਵਿਚ ਸਾਡੇ ਦ੍ਰਿਸ਼ਟੀਗੋਚਰ ਕੀਤਾ। ਇਹ ਤਿੰਨ ਪੱਖ ਮਾਨਵ- ਸਮਾਜ ਦੀ ਆਦਿ ਕਾਲ ਤੋਂ ਜਿਗਿਆਸਾ ਰਹੇ ਹਨ ਤੇ ਹਰ ਧਾਰਮਿਕ ਆਗੂ ਨੇ ਆਪੋ ਆਪਣੀ ਸਮਝ ਤੇ ਆਪੋ ਆਪਣੀ ਬੁਧ ਤੇ ਪ੍ਰਤਿਭਾ ਦੁਆਰਾ ਉਨ੍ਹਾਂ ਦਾ ਉੱਤਰ ਦੇਣ ਜਾਂ ਲੱਭਣ ਦਾ ਯਤਨ ਕੀਤਾ । ਇਹ ਤਿੰਨ ਪੱਖ ਹਨ:
(ੳ) ਇਸ ਸੰਸਾਰ ਵਿਚ ਰਹਿੰਦਿਆਂ ਸਮਾਜਿਕ ਤੇ ਸਦਾਚਾਰਕ ਪੱਖ ਤੋਂ ਆਦਰਸ਼ਕ ਜੀਵਨ ਜੀਉਣ ਦੀ ਜਾਂਚ ।
(ਅ) ਆਤਮਾ ਤੇ ਪਰਮਾਤਮਾ ਸੰਬੰਧੀ ਸੱਚ ਦੀ ਭਾਲ ।
(ੲ) ਸ੍ਰਿਸ਼ਟੀ-ਰਚਨਾ ਜਾਂ ਵਿਸ਼ਵ ਦੇ ਪਸਾਰ ਨਾਲ ਸੰਬੰਧਿਤ ਰਹੱਸ - ਜਿਹੜੇ ਅੱਜ ਵਿਸ਼ਵ ਭਰ ਦੇ ਵਿਗਿਆਨੀਆਂ ਦੀਆਂ ਖੋਜਾਂ ਦਾ ਮੁੱਖ ਰੁਝੇਵਾਂ ਬਣਿਆ ਹੋਇਆ ਹੈ।
ਗੁਰੂ ਨਾਨਕ ਬਾਣੀ ਵਿਚ ਉਪਰੋਕਤ ਤਿੰਨਾਂ ਪੱਖਾਂ ਉੱਤੇ ਭਰਪੂਰ ਚਾਨਣ ਪਾਇਆ ਗਿਆ ਹੈ ਅਤੇ ਵਿਸ਼ੇਸ਼ ਕਰਕੇ ਆਸਾ ਦੀ ਵਾਰ, ਜਪੁਜੀ ਤੇ ਸਿੱਧ ਗੋਸ਼ਟਿ ਵਿੱਚੋਂ ਇਸ ਦੇ ਪ੍ਰਮਾਣ ਦੇਖੇ ਜਾ ਸਕਦੇ ਹਨ । ਜਿੱਥੇ ਦਾਰਸ਼ਨਿਕ ਪੱਖੋਂ ਗੁਰੂ ਜੀ ਦੀ ਬਾਣੀ ਅਦੁਤੀ ਤੇ ਮਹਾਨ ਹੈ, ਉਥੇ ਕਾਵਿ-ਕਲਾ ਦੀ ਦ੍ਰਿਸ਼ਟੀ ਤੋਂ ਵੀ ਇਸ ਨੂੰ ਸਰਬੋਤਮ ਸਥਾਨ ਪ੍ਰਾਪਤ ਹੈ । ਸਾਰੀ ਰਚਨਾ ਸੰਗੀਤਕ ਲੈ ਜਾਂ ਰਾਗਾਤਮਿਕਤਾ ਵਿਚ ਬੱਝੀ ਹੋਈ ਹੈ ਤੇ ਇਸ ਵਿਚ ਛੰਦਾਂ ਦੀ ਵੰਨ-ਸੁਵੰਨਤਾ ਤੋਂ ਬਿਨਾਂ ਸਾਰੇ ਰਸ ਵੀ ਦੇਖੇ ਜਾ ਸਕਦੇ ਹਨ। ਹੇਠਾਂ ਇਨ੍ਹਾਂ ਦੀਆਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ:
ਸ਼ਿੰਗਾਰ ਰਸ
ਮੇਰੀ ਰੁਣ ਝੁਣ ਲਾਇਆ
ਭੈਣੇ ਸਾਵਣ ਆਇਆ।
ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ।
ਚੂੜਾ ਭਨ ਪਲੰਘ ਸਿਉ ਮੁੰਧੇ, ਸਣੁ ਬਾਹੀਂ ਸਣੁ ਬਾਂਹਾ।!
ਏਤੇ ਵੇਸ ਕਰੇਂਦੀਏ ਮੁੰਧੇ, ਸ਼ਹੁ ਰਾਤੋ ਅਵਰਾਹਾ।
ਨਾ ਮਨਿਆਰੁ ਨ ਚੂੜੀਆਂ ਨਾ ਸੇ ਵੰਗੜੀਆਹਾ।
ਜੇ ਸਹੁ ਕੰਠ ਨ ਲੱਗੀਆਂ, ਜਲਨ ਸੇ ਬਾਹੜੀਆਂ।
ਰੋਦ੍ਰ ਰਸ
ਜੇ ਸਕਤਾ ਸਕਤੇ ਕਉ ਮਾਰੇ
ਤਾਂ ਮਨਿ ਰੋਸੁ ਨਾ ਹੋਈ।
ਸਕਤਾ ਸੀਹੁ ਮਾਰੇ ਪੈ ਵੱਗੇ,
ਖਸਮੇ ਸਾ ਪੁਰਸਾਈ।
ਅਦਭੁਤ ਰਸ
ਵਿਸਮਾਦ ਨਾਦ, ਵਿਸਮਾਦ ਵੇਦ।
ਵਿਸਮਾਦ ਜੀਅ, ਵਿਸਮਾਦ ਭੇਦ ।
ਵਿਸਮਾਦ ਰੂਪ, ਵਿਸਮਾਦ ਰੰਗ।
ਵਿਸਮਾਦ ਨਾਂਗੇ, ਫਿਰਹਿ ਜੰਤ।
ਵਿਸਮਾਦ ਪਉਣ, ਵਿਸਮਾਦ ਪਾਣੀ।
ਵਿਸਮਾਦ ਅਗਨੀ, ਖੇਡਹਿ ਵਿਡਾਣੀ।
ਹਾਸ ਰਸ
ਵਾਇਨ ਚੇਲੇ ਨਚਨਿ ਗੁਰ।
ਪੈਰ ਹਲਾਇਨ ਫੇਰਨਿ ਸਿਰ।
ਉਡਿ ਉਡਿ ਰਾਵਾ ਝਾਟੇ ਪਾਇ।
ਵੇਖੋ ਲੋਕੁ ਹਸੈ ਘਰਿ ਜਾਇ ।
ਰੋਟੀਆ ਕਾਰਣ ਪੂਰਹਿ ਤਾਲ।
ਆਪ ਪਛਾੜਹਿ ਧਰਤੀ ਨਾਲ।
ਕਰੁਣਾ ਰਸ
ਸੱਜਣ ਮੈਂਡੇ ਰਾਂਗੁਲੇ, ਜਾਇ ਸੁਤੇ ਜੀਰਾਣਿ।
ਹੰਭੀ ਵੰਵਾਂ ਡੂੰਮਣੀ, ਰੋਵਾਂ ਝੀਣੀ ਬਾਣਿ।
ਕੀ ਨ ਸੁਣੇ ਹੀ ਗੋਰੀਏ, ਆਪਨ ਕੰਨੀ ਸੋਇ।
ਲਗੀ ਆਵਹਿ ਸਾਹੁਰੇ, ਨਿਤ ਨ ਪੇਈਆ ਹੋਇ।
ਬੀਰ ਰਸ
ਇਹ ਭਵਜਲੁ ਜਗਤ ਸਬਦਿ ਗੁਰ ਤਰੀਐ ।
ਅੰਤਰ ਕੀ ਦੁਬਿਧਾ, ਅੰਤਰ ਜਰੀਐ।
ਪੰਚ ਬਾਣ ਲੇ ਜਮ ਕਉ ਮਾਰੈ।
ਰਾਗਨੰਤਰਿ ਧਣੂਖੁ ਚੜ੍ਹਾਇਆ।
ਸ਼ਾਂਤ ਰਸ
ਸਖੀਉ ਸਹੇਲੜੀਓ, ਮੇਰਾ ਪਿਰ ਵਣਜਾਰਾ ਰਾਮ।
ਹਰਿ ਨਾਮੁ ਵਣਜਾਰਿਆ, ਰਸ ਮੇਲ ਅਪਾਰਾ ਰਾਮ ।
ਅਨਦੋ ਅਨਹਦ ਵਾਜੈ, ਹੁਣ ਝੁਣਕਾਰੇ ਰਾਮ।
ਮੇਰਾ ਮਨੋ ਮੇਰਾ ਮਨੁ ਰਾਤਾ, ਲਾਲ ਪਿਆਰੇ ਰਾਮ ।
ਭਿਆਨਕ ਰਸ
ਭੈ ਵਿਚਿ ਪਵਣੁ ਵਹੈ ਸਦ ਵਾਓ।
ਭੈ ਵਿਚਿ ਚਲਹਿ ਲਖ ਦਰੀਆਉ।
ਭੈ ਵਿਚਿ ਅਗਨਿ ਕਢੈ ਵੇਗਾਰਿ ।
ਭੈ ਵਿਚਿ ਧਰਤੀ ਦਬੀ ਭਾਰਿ।
ਭੈ ਵਿਚ ਇੰਦੁ ਫਿਰੈ ਸਿਰ ਭਾਰਿ।
ਭੈ ਵਿਚਿ ਰਾਜਾ ਧਰਮ ਦੁਆਰੁ।
ਭੈ ਵਿਚਿ ਸੂਰਜ ਭੈ ਵਿਚਿ ਚੰਦੁ ।
ਕੋਹ ਕਰੋੜੀ ਚਲਤ ਨਾ ਅੰਤੁ।
ਬੀਭੱਤਸ ਰਸ
ਸਿਰ ਖੋਹਾਇ, ਪੀਅਹਿ ਮਲਵਾਣੀ, ਮੰਗਿ ਮੰਗਿ ਖਾਹੀ।
ਫੋਲਿ ਫਦੀਹਿਤ ਮੂਹਿ ਲੈਨਿ ਭੜਾਸਾਂ, ਪਾਣੀ ਦੇਖਿ ਸਗਾਹੀ।
ਭੇਡਾਂ ਵਾਂਗੂ ਸਿਰ ਖੋਹਾਇਹ, ਭਰੀਅਨਿ ਹੱਥ ਸੁਆਹੀ।
ਮਾਊ ਪੀਊ ਕਿਰਤੁ ਗਵਾਇਨਿ, ਟੱਬਰ ਰੋਵਨਿ ਧਾਹੀ।
ਸਾਰੇ ਰਸਾਂ ਤੋਂ ਬਿਨਾਂ ਗੁਰੂ ਜੀ ਨੇ ਅਨੇਕ ਛੰਦਾਂ ਨੂੰ ਬੜੀ ਕੁਸ਼ਲਤਾ ਨਾਲ ਨਿਭਾਇਆ ਹੈ, ਜਿਨ੍ਹਾਂ ਵਿਚ ਦੋਹਰਾ, ਸੋਰਠਾ, ਸਵੈਯਾ, ਚਉਪਦੇ, ਅਸ਼ਟਪਦੇ ਆਦਿ ਦੀ ਵਰਤੋਂ ਵਧੇਰੇ ਹੈ । ਏਸੇ ਤਰ੍ਹਾਂ ਆਪ ਦੀ ਰਚਨਾ ਦੀ ਅਲੰਕਾਰ ਯੋਜਨਾ ਵੀ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ, ਜਿਸ ਵਿਚ ਉਪਮਾ ਤੇ ਰੂਪਕ ਅਲੰਕਾਰਾਂ ਤੋਂ ਛੁਟ, ਦ੍ਰਿਸ਼ਟਾਂਤ, ਅਤਿ-ਕਥਨੀ, ਉਲੇਖ ਤੇ ਅਨੁਪ੍ਰਾਸ ਆਦਿ ਵਰਨਣ-ਯੋਗ ਹਨ। ਇਨ੍ਹਾਂ ਅਲੰਕਾਰਾਂ ਦੀਆਂ ਇਕ ਦੋ ਉਦਾਹਰਣਾਂ ਦੇਣੀਆਂ ਉਚਿੱਤ ਪ੍ਰਤੀਤ ਹੁੰਦੀਆਂ ਹਨ :
ਅਤਿ-ਕਥਨੀ ਅਲੰਕਾਰ
ਨਾਨਕ ਕਾਗਦ ਲੱਖ ਮਣਾਂ ਪੜਿ ਪੜਿ ਕੀਚੈ ਭਾਉ।
ਮਸੂ ਤੋਟਿ ਨ ਆਵਈ ਲੇਖਣਿ ਪਾਉਣ ਚਲਾਉ।
ਭੀ ਤੇਰੀ ਕੀਮਤਿ ਨਾ ਪਵੈ, ਹਉ ਕੇਵਡੁ ਆਖਾਂ ਨਾਉਂ ।
ਉਪਮਾ ਅਲੰਕਾਰ
ਜੈਸੇ ਜਲ ਮਹਿ ਕਮਲੁ ਨਿਰਾਲਮ ਮੁਰਗਾਈ ਨੈਸਾਣੇ।
ਸੁਰਤ ਸਬਦਿ ਭਵ ਸਾਗਰ ਤਰੀਐ, ਨਾਨਕ ਨਾਮੁ ਵਖਾਣੇ।
ਗੁਰੂ ਸਾਹਿਬ ਦੀਆਂ ਅਣਗਿਣਤ ਤੁਕਾਂ ਅਟੱਲ ਸਚਾਈਆਂ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਹਨ ਤੇ ਆਮ ਲੋਕਾਂ ਵੱਲੋਂ ਆਪੋ ਆਪਣੇ ਮੱਤ ਜਾਂ ਵਿਚਾਰਾਂ ਦੀ ਪੁਸ਼ਟੀ ਲਈ ਇਨ੍ਹਾਂ ਨੂੰ ਦੁਹਰਾਇਆ ਜਾਦਾ ਹੈ, ਜਿਵੇਂ :
(1) ਟੀਆ ਕਾਰਣਿ ਪੂਰਹਿ ਤਾਲ।
(2) ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।
(3 ਨਿਵੈ ਸੋ ਗਉਰਾ ਹੋਇ।
(4) ਧਨੁ ਪਿਰ ਇਹਿ ਨਾ ਆਖੀਅਨ ਬਹਿਨ ਇਕੱਠੇ ਹੋਇ ।
(5) ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ।
(6) ਵਖਤ ਵੀਚਾਰੇ, ਸੁ ਬੰਦਾ ਹੋਇ ।
(7) ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ।
(8) ਪੜ੍ਹਿਆ ਮੂਰਖੁ ਆਖੀਐ ਜਿਸੁ ਲਬੁ ਲੋਭ ਆਹੰਕਾਰ।
(9) ਮਨੁ ਅੰਧਾ, ਨਾਉਂ ਸੁਜਾਨੁ ।
(10) ਫਿਟੁ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ।
ਇਹੋ ਜਿਹੀਆਂ ਅਣਗਿਣਤ ਉਦਾਹਰਣਾਂ ਹੋਰ ਵੀ ਦਿੱਤੀਆਂ ਜਾ ਸਕਦੀਆਂ ਹਨ। ਗੁਰੂ ਸਾਹਿਬ ਦੀ ਸਮੁੱਚੀ ਕਾਵਿ-ਸਿਰਜਣਾ ਸਾਡੇ ਸਾਹਿੱਤ ਦਾ ਅਮਰ ਖਜਾਨਾ ਹੈ। ਉਨ੍ਹਾਂ ਨੇ ਬੜੇ ਮਾਣ ਨਾਲ ਆਪਣੇ ਆਪ ਨੂੰ ਸ਼ਾਇਰ ਆਖਿਆ- 'ਨਾਨਕ ਸ਼ਾਇਰ ਏਵ ਕਹਿਤ ਹੈ। ਭਾਵੇਂ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਆਪਣੇ ਵੇਲੇ ਦੇ ਸਮਕਾਲੀ ਮਸਲਿਆਂ ਨੂੰ ਆਪਣੀ ਬਾਣੀ ਦਾ ਆਧਾਰ ਬਣਾਇਆ, ਪਰ ਇਹ ਹਰ ਯੁੱਗ ਤੇ ਹਰ ਸਮੇਂ ਦੇ ਮਨੁੱਖਾਂ ਲਈ ਓਟ ਤੇ ਆਸਰਾ ਵੀ ਹੈ ਤੇ ਵੰਗਾਰ ਵੀ।
ਗੁਰੂ ਅੰਗਦ ਦੇਵ ਜੀ (1504-1552 ਈ.) : ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੁਰੂ ਅੰਗਦ ਦੇਵ ਗੁਰ-ਗੱਦੀ ਤੇ ਬਿਰਾਜਮਾਨ ਹੋਏ । ਆਪ ਦੀ ਰਚੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਦੇ ਰਚੇ ਹੋਏ 63 ਸ਼ਲੋਕਾਂ ਦਾ ਮੂਲ ਵਿਸ਼ਾ ਨਿਰਮਾਣਤਾ ਗੁਰੂ-ਭਗਤੀ ਸ਼ਰਧਾ ਤੇ ਪ੍ਰੇਮ ਹੈ। ਇਹ ਸ਼ਲੋਕ ਜਾਂ ਤਾਂ ਬਾਕੀ ਗੁਰੂਆਂ ਦੀਆਂ ਵਾਰਾਂ ਵਿਚ ਆਉਂਦੇ ਹਨ ਜਾਂ "ਵਾਰਾਂ ਤੋਂ ਵਧੀਕ" ਸ਼ਲੋਕਾਂ ਦੇ ਸਿਰਲੇਖ ਹੇਠ । ਇਹ ਸ਼ਲੋਕ ਬੜੀ ਸਾਦਾ ਤੇ ਸਰਲ ਸ਼ੈਲੀ ਵਿਚ ਹਨ ਅਤੇ ਇਨ੍ਹਾਂ ਵਿਚ ਜ਼ਿੰਦਗੀ ਦੀਆਂ ਪਰਮ-ਸਚਿਆਈਆਂ ਨੂੰ ਪ੍ਰਗਟਾਇਆ ਗਿਆ ਹੈ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੇ ਆਪ ਨੇ ਇਹ ਸਲੋਕ ਉਚਾਰਿਆ:
ਜਿਸ ਪਿਆਰੇ ਸਿਉਂ ਨੇਹ, ਤਿਸ ਆਗੈ ਮਰਿ ਚਲੀਐ
ਧ੍ਰਿਗ ਜੀਵਣੁ ਸੰਸਾਰ, ਤਾਕੇ ਪਾਛੇ ਜੀਵਣਾ।
ਆਪ ਦੀ ਰਚਨਾ ਦੇ ਕੁਝ ਕੁ ਨਮੂਨੇ ਇਸ ਪ੍ਰਕਾਰ ਹਨ :
(1) ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜ਼ਾਰ।
ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ ॥
(2) ਜੋ ਸਿਰਿ ਸਾਈਂ ਨਾ ਨਿਵੇ, ਸੋ ਸਿਰ ਦੀਜੈ ਡਾਰ ।
ਨਾਨਕ ਜਿਸ ਪਿੰਜਰ ਮੈਂ ਬ੍ਰਿਹਾ ਨਹੀਂ, ਸੋ ਪਿੰਜਰ ਲੈ ਜਾਰ।
(3) ਨਾਨਕ ਚਿੰਤਾ ਮਤੁ ਕਰੋ, ਚਿੰਤਾ ਤਿਸਿ ਹੀ ਹੈ।
ਜਲਿ ਮੈ ਜੰਤ ਉਪਾਇਕੈ, ਤਿਨਾ ਭੀ ਰੋਜ਼ੀ ਦੇ ।
ਆਪ ਦੇ ਰਚੇ ਹੋਏ ਬਹੁਤ ਸਾਰੇ ਸ਼ਲੋਕ ਲੋਕੋਕਤੀਆਂ ਬਣ ਗਈਆ ਹਨ, ਜਿਵੇਂ-
(1) ਹਉਮੈ ਦੀਰੁਘ ਰੋਗ ਹੈ, ਦਾਰੂ ਭੀ ਇਸਿ ਮਾਹਿ।
(2) ਨਾਲਿ ਇਆਣੇ ਦੋਸਤੀ ਕਦੇ ਨਾ ਆਵੈ ਰਾਸ।
(3) ਮੰਦਾ ਕਿਸ ਨੂੰ ਆਖੀਏ, ਜਾਂ ਸਭਨਾ ਸਾਹਿਬ ਏਕੁ ।
ਇਕ ਰਵਾਇਤ ਪ੍ਰਚਲਿਤ ਹੈ ਕਿ ਆਪ ਨੇ ਭਾਈ ਪੈੜੇ ਮੋਖੇ ਨੂੰ ਸੱਣ ਕੇ. ਭਾਈ ਬਾਲੇ ਪਾਸੋਂ ਗੁਰੂ ਨਾਨਕ ਦੇਵ ਜੀ ਬਾਰੇ ਸਮਾਚਾਰ ਸੁਣ ਕੇ ਉਨ੍ਹਾਂ ਦੇ ਆਧਾਰ ਤੇ ਉਸ ਪਾਸੋਂ ਪਹਿਲੀ ਜਨਮ-ਸਾਖੀ ਤਿਆਰ ਕਰਵਾਈ, ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਅਖਵਾਈ । ਗੁਰਮੁਖੀ ਲਿੱਪੀ ਨੂੰ ਵੀ ਆਪ ਨੇ ਸੋਧ ਕੇ ਗੁਰਬਾਣੀ ਨੂੰ ਲਿਖਣ ਲਈ ਵਰਤੋਂ ਵਿਚ ਲਿਆਂਦਾ ਤੇ ਇਸ ਨੂੰ ਪੜ੍ਹਾਈ ਲਈ ਵੀ ਪ੍ਰਚਲਿਤ ਕੀਤਾ।
ਗੁਰੂ ਅਮਰਦਾਸ ਜੀ (1479-1574 ਈ.): ਗੁਰੂ ਅਮਰਦਾਸ ਜੀ ਦੀ ਰਚਨਾ ਦਾ ਵਿਸ਼ਾ ਤਾਂ ਗੁਰੂ ਨਾਨਕ ਵਾਲਾ ਹੀ ਹੈ ਪਰ ਬਿਆਨ-ਢੰਗ, ਸ਼ੈਲੀ ਤੇ ਕਲਾਤਮਕ ਗੁਣਾਂ ਕਰਕੇ, ਇਸ ਨੂੰ ਪਛਾਣਿਆ ਜਾ ਸਕਦਾ ਹੈ। ਆਪ ਨੇ ਵਡੇਰੀ ਉਮਰ ਵਿਚ ਜਾ ਕੇ ਬਾਣੀ ਲਿਖਣੀ ਸ਼ੁਰੂ ਕੀਤੀ। ਆਪ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ :
(1) ਅਨੰਦ ਸਾਹਿਬ (2) ਚਾਰ ਵਾਰਾਂ - ਰਾਗ ਸੂਹੀ, ਰਾਗ ਗੁਜਰੀ, ਰਾਗ ਮਾਰੂ ਤੇ ਰਾਗ ਰਾਮਕਲੀ (3) ਅਸ਼ਟਪਦੀਆਂ, ਸ਼ਬਦ ਤੇ ਸ਼ਲੋਕ ਕੁਲ ਮਿਲਾ ਕੇ 896 ਹਨ। ਅਨੰਦ ਸਾਹਿਬ ਆਪ ਦੀ ਸਭ ਤੋਂ ਸ੍ਰੇਸ਼ਟ ਤੇ ਪ੍ਰਤਿਨਿਧ ਰਚਨਾ ਹੈ, ਜਿਸ ਵਿਚ ਦਾਰਸ਼ਨਿਕ ਵਿਚਾਰਾਂ ਤੇ ਆਤਮਿਕ ਰਹੱਸਾਂ ਨੂੰ ਬੜੇ ਭਾਵ-ਪੂਰਤ ਰੰਗ ਵਿਚ ਪੇਸ਼ ਕੀਤਾ ਹੈ। ਆਪ ਦੀ ਸਾਰੀ ਰਚਨਾ ਜਿੱਥੇ ਰਾਗਾਂ ਵਿਚ ਬੱਝੀ ਹੋਈ ਹੈ, ਉਥੇ ਸ਼ਬਦਾਂ ਦੀ ਚੋਣ, ਸੁਹਜ, ਲੈ ਤੇ ਤਾਲ ਵਿਚ ਇਕ ਵੱਖਰੀ ਮਿਠਾਸ ਦਿਸ ਆਉਂਦੀ ਹੈ । ਆਪ ਦੀ ਰਚਨਾ ਦੇ ਕੁਝ ਕੁ ਨਮੂਨੇ ਇਸ ਪ੍ਰਕਾਰ ਹਨ :
(1) ਸਤੀਆ ਇਹਿ ਨਾ ਆਖੀਅਨਿ, ਜੋ ਮੜ੍ਹੀਆਂ ਲਗ ਜਲੰਨਿ।
ਨਾਨਕ ਸਤੀਆਂ ਜਾਣੀਅਨਿ ਜੋ ਬਿਰਹੇ ਚੋਟ ਮਰੰਨਿ ।
(2) ਇਹ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤ ਨ ਹੋਇ।
(3) ਐਸਾ ਕੰਮ ਮੂਲੇ ਨਾ ਕੀਚੈ ਜਿਤੁ ਅੰਤਿ ਪਛੋਤਾਈਐ।
ਗੁਰੂ ਰਾਮਦਾਸ ਜੀ (1534-1581 ਈ): ਆਪ ਦੀ ਰਚਨਾ ਠੇਠ ਪੰਜਾਬੀ ਦਾ ਸੁੰਦਰ ਨਮੂਨਾ ਹੈ, ਜਿਸ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਦੀ ਰਚਨਾ ਦੀ ਖੂਬੀ ਪਰਮਾਤਮਾ ਤੇ ਗੁਰੂ ਲਈ ਅਥਾਹ ਪ੍ਰੇਮ ਤੇ ਸ਼ਰਧਾ ਹੈ, ਜਿਸ ਨੂੰ ਬਿਆਨ ਕਰਨ ਲਈ ਭਿੰਨ ਭਿੰਨ ਅਲੰਕਾਰਾਂ ਤੇ ਜੀਵਨ ਤੇ ਤਜਰਬਿਆਂ ਨਾਲ ਇਕ ਨਵਾਂ ਰੰਗ ਤੇ ਰਸ ਪੈਦਾ ਕੀਤਾ ਹੈ । ਕਵਿਤਾ ਵਿਚ ਲੈ, ਤਾਲ ਤੇ ਰਸ ਦੀ ਪ੍ਰਧਾਨਤਾ ਹੈ, ਭਾਵੇਂ ਤੁਕਾਂ ਦੀ ਲੰਬਾਈ ਕਈ ਵਾਰ ਵਾਰਤਕ ਦਾ ਭੁਲੇਖਾ ਪਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਵਾਰਾਂ ਆਪ ਜੀ ਦੀਆਂ ਹੀ ਹਨ ਜਿਨ੍ਹਾਂ ਦੀ ਗਿਣਤੀ 8 ਹੈ । ਆਪ ਜੀ ਦੇ ਰਚੇ ਹੋਏ ਕੁਲ ਸ਼ਬਦ 638 ਹਨ ਜਿਨ੍ਹਾਂ ਵਿਚ ਭਿੰਨ-ਭਿੰਨ ਛੰਦਾਂ ਤੇ ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਆਪ ਦੀ ਬਾਣੀ ਵਿਚੋਂ ਕੁਝ ਕੁ ਵੰਨਗੀਆਂ ਇਸ ਪ੍ਰਕਾਰ ਹਨ :
(1) ਹਰਿ ਪ੍ਰੇਮ ਬਾਣੀ ਮਨੁ ਮਾਰਿਆ, ਅਣੀਆਲੇ ਅਣੀਆਂ ਰਾਮ ਰਾਜੇ।
ਜਿਸੁ ਲਾਗੀ ਪੀੜ ਪਿਰੰਮ ਕੀ ਸੋ ਜਾਣੇ ਜਰੀਆ।
ਜੀਵਨ ਮੁਕਤਿ ਹੋ ਆਖੀਐ, ਮਰਿ ਜੀਵੇ ਮਰੀਆ।
(2) ਹਰਿ ਅੰਮ੍ਰਿਤ ਭਿੰਨੇ ਲੋਇਣਾ, ਮਨੁ ਪ੍ਰੇਮ ਰਤੰਨਾਂ ਰਾਮ ਰਾਜੇ।
ਮਨੁ ਰਾਮਿ ਕਸਵਟੀ ਲਾਇਆ, ਕੰਚਨ ਸੰਵਿੰਨਾ।
ਗੁਰਮੁਖ ਰੰਗ ਚਲੂਲਿਆ, ਮੇਰਾ ਮਨੁ ਤਨੋ ਭਿੰਨਾ।
ਜਨ ਨਾਨਕ ਮੁਸਕਿ ਝਕੋਲਿਆ, ਸਭ ਜਨਮੁ ਧਨੁ ਧੰਨਾ।
ਗੁਰੂ ਅਰਜਨ ਦੇਵ ਜੀ (1563 - 1606 ਈ) : ਗੁਰੂ ਅਰਜਨ ਦੇਵ ਜੀ ਦੀ ਪੰਜਾਬੀ ਸਾਹਿੱਤ ਨੂੰ ਸਭ ਤੋਂ ਵੱਡੀ ਦੇਣ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ, ਜਿਸ ਵਿਚ ਸਭ ਗੁਰੂ ਸਾਹਿਬਾਨ ਤੋਂ ਬਿਨਾਂ ਉਨ੍ਹਾਂ ਭਗਤਾਂ, ਸੂਫੀ ਫਕੀਰਾਂ ਤੇ ਭੱਟਾਂ ਆਦਿ ਦੀ ਰਚਨਾ ਦਰਜ ਹੈ, ਜਿਹੜੀ ਗੁਰਮਤਿ ਦੇ ਆਸੇ ਦੇ ਅਨੁਕੂਲ ਸੀ । ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ ਤੇ ਇਸ ਦੀ ਸਾਹਿੱਤਕ ਮਹਾਨਤਾ ਨੂੰ ਏਸੇ ਅਧਿਆਇ ਦੇ ਅਗਲੇ ਭਾਗ ਵਿਚ ਵਿਚਾਰਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ, ਜਿਸ ਦੇ ਕੁਲ 2312 ਸ਼ਬਦ ਬਣਦੇ ਹਨ। ਆਪ ਜੀ ਦੀਆਂ ਮੁੱਖ ਰਚਨਾਵਾਂ ਇਹ ਹਨ - (1) ਸੁਖਮਨੀ (2) ਫੁਨਹੇ (3) ਬਾਰਾਂ ਮਾਹ (4) ਮਾਰੂ ਡਖਣੇ (5) ਵਾਰਾਂ ਜਿਨ੍ਹਾਂ ਦੀ ਗਿਣਤੀ 6 ਹੈ। ਇਨ੍ਹਾਂ ਤੋਂ ਇਲਾਵਾ ਸਹਿਸਕ੍ਰਿਤੀ, ਅਸ਼ਟਪਦੀਆਂ ਤੇ ਸ਼ਲੋਕ ਆਦਿ ਵੀ ਆਪ ਜੀ ਦੀ ਕ੍ਰਿਤ ਹਨ। ਆਪ ਦੀ ਬਾਣੀ ਦੀ ਭਾਸ਼ਾ ਸ਼ੁੱਧ ਤੇ ਠੇਠ ਪੰਜਾਬੀ ਹੈ, ਪਰ ਸਾਧ ਭਾਸ਼ਾ ਪ੍ਰਾਕ੍ਰਿਤ, ਸੰਸਕ੍ਰਿਤ, ਬ੍ਰਜੀ ਤੇ ਲਹਿੰਦੀ ਵਿਚ ਵੀ ਆਪ ਨੇ ਬਾਣੀ ਰਚੀ। ਦਾਰਸ਼ਨਿਕ ਪੱਖ ਤੋਂ ਆਪ ਦੀ ਰਚਨਾ ਪਹਿਲੇ ਚਾਰ ਗੁਰੂਆਂ ਤੋਂ ਵੱਖਰੀ ਨਹੀਂ, ਪਰ ਆਪ ਦੀ ਰਚਨਾ ਉੱਤੇ ਆਪ ਦੇ ਵਿਅਕਤਿਤ੍ਵ ਦੀ ਮੋਹਰ ਲੱਗੀ ਹੋਈ ਹੈ। ਕਵਿਤਾ ਦੀ ਮਿਠਾਸ, ਰਵਾਨਗੀ ਅਤੇ ਸੁਚੱਜੀ ਸ਼ਬਦ ਚੋਣ ਤੇ ਸ਼ਬਦ ਜੜਤ ਆਪ ਦੀ ਰਚਨਾ ਦੇ ਸ੍ਰੇਸ਼ਟ ਗੁਣ ਹਨ। " ਸੁਖਮਨੀ' ਪੰਜਾਬੀ ਸਾਹਿੱਤ ਵਿਚ ਪ੍ਰਬੰਧ-ਕਾਵਿ ਦਾ ਇਕ ਉੱਤਮ ਨਮੂਨਾ ਹੈ। ਆਪ ਦੀ ਬਾਣੀ ਵਿਚੋਂ ਕੁਝ ਕੁ ਨਮੂਨੇ ਇਸ ਪ੍ਰਕਾਰ ਹਨ :
(1) ਮੇਰਾ ਮਨੁ ਲੋਚੈ ਗੁਰ ਦਰਸਨ ਤਾਈਂ।
ਬਿਲਪ ਕਰੇ ਚਾਤ੍ਰਿਕ ਕੀ ਨਿਆਈਂ ।
ਤ੍ਰਿਖਾ ਨਾ ਉੱਤਰੈ, ਸਾਂਤਿ ਨ ਆਵੈ,
ਬਿਨ ਦਰਸਨ ਸੰਤ ਪਿਆਰੇ ਜੀਓ,
ਹਓ ਘੋਲੀ ਜੀਓ ਘੋਲਿ ਘੁਮਾਈ ।
ਗੁਰ ਦਰਸਨ ਸੰਤ ਪਿਆਰੇ ਜੀਓ।
(2) ਜਾਂ ਕਉ ਮੁਸ਼ਕਲ ਅਤਿ ਬਣੇ, ਢੋਈ ਕੋਈ ਨ ਦੇਇ।
ਲਾਗੂ ਹੋਇ ਦੁਸਮਨਾ ਸਾਕ ਭਿ ਭਜਿ ਖਲੇ।
ਸਭੋ ਭਜੈ ਆਸਰਾ ਚੁਕੈ ਸਭ ਅਸਰਾਉ।
ਚਿਤ ਆਵੈ ਉਸ ਪਾਰਬ੍ਰਹਮ ਤਾਂ ਲਗੇ ਨ ਤੱਤੀ ਵਾਉ।
(3) ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੇਰਾ।
ਹਉ ਸੰਮਲਿ ਥੱਕੀ ਜੀ, ਉਹ ਕਦੇ ਨਾ ਬੋਲੇ ਕਉਰਾ।
(4) ਗਰੀਬਾਂ ਉਪਰ ਜੇ ਖਿੰਜੈ ਦਾੜੀ।
ਪਾਰ ਬ੍ਰਹਮ ਸਾ ਅਗਨਿ ਮਹਿ ਸਾੜੀ।
(5) ਸਖੀ ਕਾਜਲ ਹਾਰ ਤੰਬੋਲ ਸਭੈ ਕਛੁ ਸਾਜਿਆ।
ਸੋਲਹ ਕੀਏ ਸੀਗਾਰ ਕਿ ਅੰਜਨ ਪਾਜਿਆ।
ਜੇ ਘਰਿ ਆਵੈ ਕੰਤ ਤ ਸਭੁ ਕਿਛੁ ਪਾਈਐ।
ਅਰਿ ਹਾਂ ਕੰਤੈ ਬਾਝੁ ਸੀਗਾਰ, ਸਭ ਬਿਰਥਾ ਜਾਈਐ।
ਗੁਰੂ ਤੇਗ਼ ਬਹਾਦਰ ਜੀ (1621 - 1675 ਈ.) : ਗੁਰੂ ਤੇਗ਼ ਬਹਾਦਰ ਜੀ ਦੁਆਰਾ ਰਚੀ ਬਾਣੀ ਵਿਚ 59 ਪਦੇ ਤੇ 57 ਸਲੋਕ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ
ਕਰਵਾਏ । ਆਮ ਵਿਚਾਰ ਇਹੀ ਹੈ ਕਿ ਗੁਰੂ ਜੀ ਨੇ ਇਹ 57 ਸਲੋਕ ਬੰਦੀਖਾਨੇ ਵਿਚ ਹੀ ਉਚਾਰੇ । ਇਨ੍ਹਾਂ ਵਿਚ ਸੰਸਾਰ ਦੀ ਨਾਸ਼ਮਾਨਤਾ ਤੇ ਵੈਰਾਗ ਦਾ ਰੰਗ ਪ੍ਰਧਾਨ ਹੈ । ਇਨ੍ਹਾਂ 'ਚੋਂ ਬਹੁਤੇ ਸ਼ਲੋਕ ਲੋਕਾਂ ਦੇ ਮੂੰਹਾਂ ਤੇ ਚੜ੍ਹੇ ਹੋਏ ਹਨ ਜਿਨ੍ਹਾਂ ਦੀਆਂ ਕੁਝ ਕੁਝ ਕੁ ਉਦਾਹਰਣਾਂ ਇਸ ਪ੍ਰਕਾਰ ਹਨ :
(1) ਭੈ ਕਾਹੂ ਕਉ ਦੇਤ ਨਹਿ ਭੈ ਮਾਨਤ ਆਨਿ ।
ਕਹੁ ਨਾਨਕ ਸੁਨ ਰੇ ਮਨਾਂ, ਗਿਆਨੀ ਤਾਹਿ ਬਖਾਨ।
(2) ਜਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ।
ਕਹੁ ਨਾਨਕ ਸੁਨ ਰੇ ਮਨਾ, ਤਿਹ ਘਟਿ ਬ੍ਰਹਮ ਨਿਵਾਸ।
(3) ਜੋ ਪ੍ਰਾਨੀ ਮਮਤਾ ਤਜੇ, ਲੋਭ ਮੋਹ ਅਹੰਕਾਰ ।
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ।
(4) ਜਿਉਂ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ।
ਇਨ ਮੈਂ ਕਛੁ ਸਾਚੇ ਨਹੀਂ, ਨਾਨਕ ਬਿਨ ਭਗਵਾਨ ।
(5) ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗਿ ਨਾ ਕੋਇ।
ਕਹੁ ਨਾਨਕ ਹਰਿ ਭਜ ਮਨਾ, ਅੰਤਿ ਸਹਾਈ ਹੋਇ।
(6) ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਇ।
ਕਹੁ ਨਾਨਕ ਸੁਨ ਰੇ ਮਨਾ, ਹਰਿ ਭਾਵੇ ਸੋ ਹੋਇ।
(7) ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਇ।
ਇਹ ਮਾਰਗ ਸੰਸਾਰ ਕੋ ਨਾਨਕ ਥਿਰੁ ਨਹੀਂ ਕੋਇ।
ਗੁਰੂ ਗੋਬਿੰਦ ਸਿੰਘ ਜੀ (1666 - 1708 ਈ): ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਰਚਨਾ ਦਸਮ ਗ੍ਰੰਥ ਵਿਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਆਪ ਦਾ ਇੱਕੋ ਦੋਹਾ ਦਰਜ ਹੈ। ਸਿਵਾਇ 'ਚੰਡੀ ਦੀ ਵਾਰ' ਅਤੇ ਦੋ ਸ਼ਬਦਾਂ ਦੇ, ਆਪ ਦੀ ਬਾਕੀ ਸਾਰੀ ਰਚਨਾ ਬ੍ਰਜੀ ਵਿਚ ਹੈ ਭਾਵੇਂ ਆਪ ਦੀ ਸਾਰੀ ਰਚਨਾ ਵਿਚ ਹੀ ਵਿਲੱਖਣਤਾ ਤੇ ਮੌਲਿਕਤਾ ਹੈ, ਪਰ ਏਥੇ ਅਸੀਂ ਕੇਵਲ ਉਨ੍ਹਾਂ ਦੀ ਪੰਜਾਬੀ ਰਚਨਾ ਬਾਰੇ ਹੀ ਸੰਖੇਪ ਵਿਚ ਵਿਚਾਰ ਕਰਾਂਗੇ।
'ਚੰਡੀ ਦੀ ਵਾਰ' ਆਪ ਦੀ ਇੱਕੋ ਇਕ ਪ੍ਰਤੀਨਿਧ ਪੰਜਾਬੀ ਰਚਨਾ ਹੈ, ਜਿਸ ਨੂੰ 'ਭਗਉਤੀ ਦੀ ਵਾਰ' ਆਖਿਆ ਜਾਂਦਾ ਹੈ । ਇਸ ਵਾਰ ਦਾ ਪਿਛੋਕੜ ਮਾਰਕੰਡੇਯ ਰਿਸ਼ੀ ਦੁਆਰਾ ਵਰਣਿਤ ਇਕ ਪੋਰਾਣਿਕ ਕਥਾ ਹੈ, ਜਿਸ ਨੂੰ ਗੁਰੂ ਜੀ ਨੇ ਪਹਿਲਾਂ ਬ੍ਰਜੀ ਵਿਚ 'ਚੰਡੀ ਚਰਿਤ੍ਰ' ਨਾਂ ਹੇਠ ਲਿਖਿਆ ਤੇ ਪਿਛੋਂ ਪੰਜਾਬੀ ਰੂਪ ਵਿਚ ਉਸੇ ਨੂੰ 'ਚੰਡੀ ਦੀ ਵਾਰ' ਆਖਿਆ । ਇਸ ਵਾਰ ਨੂੰ ਲਿਖਣ ਦਾ ਮਨੋਰਥ ਜਨ-ਸਾਧਾਰਣ ਵਿਚ ਆਤਮਿਕ ਬਲ ਦੇ ਨਾਲ-ਨਾਲ ਬੀਰਤਾ ਦੀ ਪਾਣ ਚਾੜ੍ਹ ਕੇ ਉਨ੍ਹਾਂ ਨੂੰ ਜਬਰ ਤੇ ਜ਼ੁਲਮ ਦੇ ਵਿਰੁੱਧ ਡਟ ਕੇ ਖਲੋਣ ਦੇ ਸਮਰੱਥ ਬਣਾਉਣਾ ਹੈ। ਗੁਰੂ ਜੀ ਆਪ ਬੀਰ-ਰਸੀ ਅਨੁਭਵ ਦੇ ਸੁਆਮੀ ਸਨ. ਇਸ ਲਈ ਇਸ ਵਾਰ ਵਿਚੋਂ ਵੀ ਬੀਰ ਰਸ ਡਲ੍ਹਕਾਂ ਮਾਰਦਾ ਹੈ।
ਭਾਵੇਂ ਬੀਰ-ਰਸੀ ਵਾਰਾਂ ਲਿਖਣ ਦਾ ਰਿਵਾਜ ਪੂਰਵ-ਨਾਨਕ ਕਾਲ ਤੋਂ ਹੀ ਚਲ ਪਿਆ ਸੀ, ਪਰ ਉਹ ਵਾਰਾਂ, ਆਕਾਰ, ਪਸਾਰ ਜਾਂ ਵਿਸ਼ੇ ਦੀ ਅਪੂਰਨਤਾ ਕਰਕੇ ਸਾਧਾਰਣ ਪੱਧਰ ਦੀਆਂ ਪ੍ਰਤੀਤ ਹੁੰਦੀਆਂ ਹਨ। ਅੱਜ ਤਕ ਪ੍ਰਾਪਤ ਸਮੱਗਰੀ ਦੇ ਆਧਾਰ ਤੇ, ਚੰਡੀ ਦੀ ਵਾਰ ਨੂੰ ਹੀ ਪੰਜਾਬੀ ਦੀ ਪਹਿਲੀ ਪ੍ਰਮਾਣਿਕ ਬੀਰ-ਰਸੀ ਰਚਨਾ ਆਖਿਆ ਜਾ ਸਕਦਾ ਹੈ । ਗੁਰੂ ਜੀ ਨੇ ਸਾਹਿੱਤ ਦੀ ਪੁਰਾਣੀ ਪਰੰਪਰਾ ਨੂੰ ਕਾਇਮ ਰਖਦਿਆਂ ਹੋਇਆਂ, ਸ਼ੁਰੂ ਵਿਚ ਅਕਾਲ ਪੁਰਖ ਦੀ ਉਸਤਿਤ ਗਾਈ ਹੈ ਤੇ ਅੰਤ ਵਿਚ ਇਸ ਵਾਰ ਦੇ ਪਾਠ ਦੇ ਮਹਾਤਮ ਨੂੰ ਇਨ੍ਹਾਂ ਸ਼ਬਦਾਂ ਨਾਲ ਪ੍ਰਗਟਾਇਆ 'ਬਹੁੜ ਨਾ ਜਨਮੀਂ ਆਇਆ, ਜਿਨ ਇਹ ਗਾਇਆ।"
ਭਗਉਤੀ ਨੂੰ ਅਕਾਲ ਪੁਰਖ ਦੀ ਸ਼ਕਤੀ ਦਾ ਚਿੰਨ੍ਹ ਮੰਨ ਕੇ, ਪਹਿਲਾਂ ਉਸ ਅੱਗੇ ਅਰਾਧਨਾ ਕੀਤੀ ਗਈ, ਜਿਸ ਤੋਂ ਵਰ ਪ੍ਰਾਪਤ ਕਰਕੇ ਹੀ ਯੋਧੇ ਜੰਗ ਜਿੱਤਦੇ ਹਨ। ਇਸ ਵਾਰ ਦੇ ਪਾਤਰ ਨੂੰ ਚਿੰਨ੍ਹਾਤਮਕ ਚਰਿੱਤਰਾਂ ਦੇ
ਰੂਪ ਵਿਚ ਪਰਖਿਆਂ ਹੀ ਇਸ ਦਾ ਸਹੀ ਅਰਥ ਸਾਡੇ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਵਾਰ ਵਿਚ ਵਰਣਿਤ ਸੁਰ ਤੇ ਅਸੁਰ ਵਾਸਤਵ ਵਿਚ ਸਮਾਜ ਦੀਆਂ ਸਾਊ ਤੇ ਜ਼ਾਲਮ ਜਾਂ ਚੰਗੀਆ ਜਾਂ ਮਾੜੀਆਂ ਸ਼ਕਤੀਆਂ ਹਨ ਤੇ ਅਖੀਰ ਵਿਚ ਸੱਚ (ਚੰਗਿਆਈ) ਦੀ ਜਿੱਤ ਦਿਖਾਈ ਗਈ ਹੈ।
ਵਾਰ ਵਿਚ ਬੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ, ਪਰ ਹਾਸ-ਰਸ, ਬੀਭਤੱਸ-ਰਸ ਤੇ ਅਦਭੁਤ-ਰਸ ਵੀ ਆ ਜਾਂਦੇ ਹਨ। ਹੇਠ ਲਿਖੀਆਂ ਉਦਾਹਰਣਾਂ ਤੋਂ ਇਨ੍ਹਾਂ ਰਸਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ :
ਸੱਟ ਪਈ ਜਮਧਾਣੀ, ਦਲਾਂ ਮੁਕਾਬਲਾ,
ਧੂਹ ਲਈ ਕਿਰਪਾਣੀ, ਦੁਰਗਾ ਮਿਆਨ ਤੇ
ਚੰਡੀ ਰਾਖਸ਼ ਖਾਣੀ, ਵਾਹੀ ਦੈਂਤ ਨੂੰ
ਕੋਪਰ ਚੂਰ ਚੁਆਣੀ, ਲੱਥੀ ਕਰਗ ਲੈ
ਪਾਖਰ ਤੁਰਾ ਪਲਾਣੀ, ਰੜਕੀ ਧਰਤ ਜਾਇ ।
ਲੈਂਦੀ ਅਘਾ ਸਿਧਾਣੀ, ਸਿੰਗਾਂ ਧੌਲ ਦਿਆਂ
ਕੂਰਮ ਸਿਰ ਲਹਿਲਾਣੀ, ਦੁਸ਼ਮਣ ਮਾਰ ਕੇ।
ਦੈਂਤਾਂ ਦੀ ਹਾਲਤ ਬਿਆਨ ਕਰਕੇ ਹਾਸ ਰਸ ਉਪਜਾਇਆ ਗਿਆ ਹੈ :
ਧੂੜਿ ਲਪੇਟੇ ਧੂਰੇ, ਸਿਰਦਾਰ ਜਟਾਲੇ,
ਉਖਲੀਆਂ ਨਾਸਾਂ ਜਿਨ੍ਹਾਂ, ਮੂੰਹ ਜਾਪਣ ਆਲੇ।
ਧਾਏ ਦੇਵੀ ਸਾਹਮਣੇ, ਬੀਰ ਮੁਛਲੀਆਲੇ।
ਬੀਰ-ਰਸ ਦੇ ਪ੍ਰਭਾਵ ਨੂੰ ਤਿੱਖਾ ਕਰਨ ਲਈ ਅਤੇ ਯੁੱਧ ਦਾ ਦ੍ਰਿਸ਼ ਅੱਖਾਂ ਸਾਹਮਣੇ ਸਾਕਾਰ ਕਰਨ ਲਈ, ਗੁਰੂ ਸਾਹਿਬ ਨੇ ਬਹੁਤ ਸੁਹਣੇ ਅਲੰਕਾਰ ਵਰਤੇ ਹਨ :
ਬੀਰ ਪਰੋਤੇ ਬਰਛੀਏਂ, ਜਣ ਡਾਲ ਚਮੁੱਟੇ ਆਵਲੇ।
ਇਕ ਵਢੇ ਤੇਗੀ ਤੜਫੀਅਨ, ਮਦ ਪੀਤੇ ਲਟਿਨ ਬਾਵਲੇ।
ਇਕ ਚੁਣ ਚੁਣ ਝਾੜੀਓਂ ਕੱਢਿਅਨ, ਰੇਤ ਵਿਚੋਂ ਸੋਇਨਾ ਡਾਵਲੇ ।
ਉਪਮਾ ਅਲੰਕਾਰ ਦੀਆਂ ਕੁਝ ਇਕ ਹੋਰ ਵੰਨਗੀਆਂ :
ਗੱਜੇ ਦੁਰਗਾ ਘੇਰ ਕੇ, ਜਣ ਘਣੀਅਰ ਕਾਲੇ ।
ਜਾਂ
ਮਾਰੇ ਜਾਪਣੇ ਬਿਜਲੀ, ਸਿਰ ਭਾਰਿ ਮੁਨਾਰੇ ।
ਜਾਂ
ਵਗੇ ਰਤੁ ਝਲਾਰੀਂ, ਜਿਉਂ ਗੇਰੂ ਬਸਤਰਾਂ।
ਬੀਰ-ਰਸੀ ਰਚਨਾ ਦੀ ਇਕ ਲੋੜ ਢੁੱਕਵੀਂ ਸ਼ਬਦਾਵਲੀ ਦੀ ਹੁੰਦੀ ਹੈ, ਜਿਸ ਦੁਆਰਾ ਨਾ ਕੇਵਲ ਬੀਰਤਾ ਦਾ ਪ੍ਰਭਾਵ ਹੀ ਉਪਜਾਇਆ ਜਾਂਦਾ ਹੈ, ਸਗੋਂ ਪਾਠਕਾਂ ਦੇ ਸਾਹਮਣੇ ਜੰਗ ਦਾ ਨਕਸ਼ਾ ਵੀ ਉਲੀਕਿਆ ਜਾਂਦਾ ਹੈ ਜਿਸ ਤੋਂ ਪੜ੍ਹਨ ਸੁਣਨ ਵਾਲੇ ਸਮਝਣ ਕਿ ਸਾਰਾ ਕੁਝ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ । ਇਸ ਪੱਖ ਤੋਂ ਵੀ ਇਹ ਵਾਰ ਇਕ ਉੱਤਮ ਕ੍ਰਿਤ ਆਖੀ ਜਾ ਸਕਦੀ ਹੈ।
ਚੰਡੀ ਦੀ ਵਾਰ ਨਿਸ਼ਚੇ ਹੀ ਪੰਜਾਬੀ ਸਾਹਿੱਤ ਦੀ ਇਕ ਅਮਰ ਰਚਨਾ ਹੈ। ਇਸ ਵਾਰ ਤੋਂ ਬਿਨਾਂ 'ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਵਾਲਾ ਸ਼ਬਦ ਵੀ ਗੁਰੂ ਜੀ ਦੀ ਪੰਜਾਬੀ ਰਚਨਾ ਦਾ ਇਕ ਉੱਤਮ ਨਮੂਨਾ ਹੈ, ਜਿਹੜਾ ਆਮ ਲੋਕਾਂ ਦੇ ਮੂੰਹ ਤੇ ਚੜ੍ਹਿਆ ਹੋਇਆ ਹੈ । ਮਿੱਤ੍ਰ ਪਿਆਰੇ, ਅਕਾਲ ਪੁਰਖ ਦੇ ਵਿਛੋੜੇ ਵਿਚ ਜੀਵ-ਆਤਮਾ ਦੀ ਜੋ ਹਾਲਤ ਹੁੰਦੀ ਹੈ, ਉਸ ਨੂੰ ਸੰਕੇਤਾਂ ਤੇ ਪ੍ਰਤੀਕਾਂ ਦੀਆਂ ਕਲਾ-ਮਈ ਛੋਹਾਂ ਦੁਆਰਾ ਰੂਪਮਾਨ ਕੀਤਾ ਗਿਆ ਹੈ :
ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,
ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।
(ਅ) ਗੁਰੂ ਗ੍ਰੰਥ ਸਾਹਿਬ ਦੀ ਸਾਹਿੱਤਿਕ ਵਿਸ਼ੇਸ਼ਤਾ
ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਾਲਫ, ਜਿਸ ਨੇ ਸਿੱਖ ਧਰਮ ਸੰਬੰਧੀ ਖੋਜ ਕਰਦਿਆਂ ਤੇ ਸਿੱਖ ਇਤਿਹਾਸ ਤੇ ਗੁਰਬਾਣੀ ਨੂੰ ਅੰਗਰੇਜ਼ੀ ਰੂਪ ਦਿੰਦਿਆਂ ਸਾਰੀ ਉਮਰ ਲਾ ਦਿੱਤੀ. ਗੁਰੂ ਗ੍ਰੰਥ ਸਾਹਿਬ ਦੀ ,ਪ੍ਰਮਾਣਿਕਤਾ ਬਾਰੇ ਲਿਖਦਾ ਹੈ :
"ਸਿੱਖ ਮੱਤ ਤੇ ਹੋਰ ਮੱਤਾਂ ਵਿਚ ਇਹ ਇਕ ਵੱਡਾ ਫਰਕ ਹੈ ਕਿ ਸਿੱਖੀ ਸਿਧਾਂਤ ਸਾਡੇ ਪਾਸ ਬਿਲਕੁਲ ਠੀਕ ਤੇ ਸ਼ੁੱਧ ਰੂਪ ਵਿਚ ਮੌਜੂਦ ਹਨ। ਸਿੱਖ ਗੁਰੂਆਂ ਦੀ ਬਾਣੀ ਬਿਨਾਂ ਕਿਸੇ ਮਿਲਾਵਟ ਦੇ ਐਨ ਉਸੇ ਤਰ੍ਹਾਂ ਸਾਡੇ ਤਕ ਪਹੁੰਚੀ ਹੈ, ਜਿਸ ਤਰ੍ਹਾਂ ਕਿ ਉਨ੍ਹਾਂ ਆਪ ਉਚਾਰੀ ਸੀ। ਦੁਨੀਆਂ ਦੇ ਵੱਡੇ ਮਹਾਂ-ਪੁਰਸ਼ਾਂ ਦੇ ਬਾਰੇ ਅਸੀਂ ਪੜ੍ਹਦੇ ਸੁਣਦੇ ਹਾਂ ਪਰ ਉਨ੍ਹਾਂ ਦੇ ਖਿਆਲ ਹੂ-ਬਹੂ ਉਸੇ ਸ਼ਕਲ ਵਿਚ ਸਾਡੇ ਤਕ ਨਹੀਂ ਪਹੁੰਚੇ। ਜਾਂ ਤਾਂ ਰਵਾਇਤਾਂ ਦੀ ਸ਼ਕਲ ਵਿਚ ਤੇ ਜਾਂ ਕਿਸੇ ਹੋਰ ਲਿਖਾਰੀ ਰਾਹੀਂ ਉਨ੍ਹਾਂ ਨੂੰ ਅੰਕਿਤ ਕੀਤਾ ਗਿਆ ਸੀ। ਫੀਸਾਗੋਰਸ ਨੇ ਕਈ ਉਪਦੇਸ਼ ਦਿੱਤੇ ਪਰ ਉਸ ਦੀ ਕੋਈ ਵੀ ਲਿਖਤ ਸਾਡੇ ਤਕ ਨਹੀਂ ਪਹੁੰਚੀ, ਸੁਕਰਾਤ ਦੇ ਖਿਆਲ ਸਾਡੇ ਤਕ ਅਫਲਾਤੂਨ ਤੋਂ ਜੇਨ-ਫੋਨ ਰਾਹੀਂ ਆਏ ਹਨ। ਸੁਕਰਾਤ ਦੀ ਕੋਈ ਲਿਖਤ ਸੰਸਾਰ ਵਿਚ ਪ੍ਰਾਪਤ ਨਹੀਂ । ਮਹਾਤਮਾ ਬੁੱਧ ਦੀ ਵੀ ਆਪਣੀ ਕੋਈ ਲਿਖਤ ਮੌਜੂਦ ਨਹੀਂ। ਕਨਫਿਊਸ਼ਸ਼ ਦੇ ਚਲਾਏ ਹੋਏ ਮੱਤ ਦੇ ਅਸੂਲ, ਜਿਸ ਤਰ੍ਹਾਂ ਉਸ ਨੇ ਦੱਸੇ ਸਨ. ਉਨ੍ਹਾਂ ਦਾ ਕੋਈ ਆਪਣਾ ਲਿਖਤੀ ਰਿਕਾਰਡ ਨਹੀਂ। ਹਜ਼ਰਤ ਈਸਾ ਨੇ ਆਪਣੀ ਸਿੱਖਿਆ ਨੂੰ ਲਿਖਤ ਵਿਚ ਲਿਆਂਦਾ ਹੀ ਨਹੀਂ। ਮੈਥੀਓ, ਮਾਰਕ, ਲੂਕਾ ਤੇ ਯੂਹੰਨਾ ਦੀਆਂ ਲਿਖਤਾਂ ਦੁਆਰਾ ਈਸਾਈ ਮੱਤ ਦੇ ਅਸੂਲਾਂ ਦਾ ਪਤਾ ਲਗਦਾ ਹੈ । ਕੁਰਾਨ ਸ਼ਰੀਫ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਆਪ ਨਹੀਂ ਸੀ ਲਿਖਿਆ ਇਸ ਦੇ ਸਾਰੇ ਸੂਰੇ, ਨਬੀ ਦੇ ਸ਼ਰਧਾਲੂਆਂ ਨੇ ਹੀ ਰਿਕਾਰਡ ਕੀਤੇ ਸਨ।"
ਗੁਰੂ ਗ੍ਰੰਥ ਸਾਹਿਬ ਰਾਹੀਂ ਸਾਡੇ ਤਕ ਗੁਰੂਆਂ ਤੇ ਹੋਰ ਭਗਤਾਂ ਦੀ ਬਾਣੀ ਆਪਣੇ ਸ਼ੁੱਧ ਸਰੂਪ ਵਿਚ ਮੌਜੂਦ ਹੈ, ਜਿਸ ਲਈ ਅਸੀਂ ਗੁਰੂ ਅਰਜਨ ਦੇਵ ਜੀ ਦੇ ਰਿਣੀ ਹਾਂ ਜਿਨ੍ਹਾਂ ਨੇ ਬੜੀ ਘਾਲਣਾ ਤੇ ਯੋਜਨਾ-ਬੱਧ ਤਰੀਕੇ ਨਾਲ ਸਾਰੀ ਬਾਣੀ ਨੂੰ ਇਕੱਤਰ ਕੀਤਾ ਅਤੇ ਪੂਰੀ ਤਰ੍ਹਾਂ ਪੁਛ ਛਾਣ ਕਰਕੇ, ਕੇਵਲ ਪ੍ਰਮਾਣਿਕ ਰਚਨਾ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤਾ।
ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਉਨ੍ਹਾਂ ਦੀ ਬਾਣੀ ਵਿਚ ਰਲਾ ਪਾਉਣ ਦਾ ਯਤਨ ਆਰੰਭ ਹੋ ਗਿਆ ਸੀ, ਜਿਹੜਾ ਦੂਜੇ ਤੇ ਤੀਜੇ ਗੁਰੂ ਸਾਹਿਬਾਨ ਦੇ ਵੇਲੇ ਤਕ ਜਾਰੀ ਰਿਹਾ ਤੇ ਨਾਨਕ ਨਾਮ ਵਰਤ ਕੇ ਸਾਧਾਰਣ ਵਿਚਾਰਾਂ ਨੂੰ ਘਟੀਆ ਸ਼ੈਲੀ ਵਿਚ ਪ੍ਰਚਲਿਤ ਕੀਤਾ ਗਿਆ । ਬਾਣੀ ਵਿਚ ਰਲਾ ਪਾਉਣ ਦੇ ਜ਼ਿੰਮੇਵਾਰ ਮੁੱਖ ਤੋਰ ਤੇ ਦੋ ਧੜੇ ਆਖੇ ਜਾ ਸਕਦੇ ਹਨ। ਇਕ ਗੁਰ-ਗੱਦੀ ਦੇ ਦਾਅਵੇਦਾਰ ਤੇ ਦੂਜੇ ਉਹ ਘੱਟ ਮਾਨਤਾ ਵਾਲੇ ਸੰਤ ਫਕੀਰ, ਜਿਹੜੇ ਗੁਰੂ ਨਾਨਕ ਦਾ ਨਾਂ ਵਰਤ ਕੇ ਆਪਣੀ ਸ਼ੋਭਾ ਤੇ ਕੀਰਤੀ ਵਧਾਉਣਾ ਲੋਚਦੇ ਸਨ । ਨਿੱਜੀ ਈਰਖਾ ਕਾਰਨ ਗੁਰੂ ਘਰ ਦਾ ਮਖੋਲ ਉਡਾਉਣ ਲਈ ਵੀ 'ਕੱਚੀ ਬਾਣੀ ਰਚੀ ਗਈ ਜਿਸ ਤੋਂ ਗੁਰਮਤਿ ਦੇ ਆਸ਼ਿਆਂ ਬਾਰੇ ਭੁਲੇਖਾ ਪੈਣ ਦੀ ਸੰਭਾਵਨਾ ਪੈਦਾ ਹੋ ਗਈ, ਕਿਉਂਜੋ 'ਕੱਚੀ' ਤੇ 'ਸੱਚੀ' ਬਾਣੀ ਨਾਲੋਂ ਨਾਲ ਪ੍ਰਚਲਿਤ ਹੋ ਗਈਆਂ। ਏਸੇ ਕਰਕੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸੱਚੀ ਬਾਣੀ ਪੜ੍ਹਨ ਦੀ ਪ੍ਰੇਰਣਾ ਦਿੰਦਿਆਂ ਹੋਇਆ ਆਖਿਆ ਸੀ :
ਆਵਹ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸੱਚੀ ਬਾਣੀ।
ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰਿ ਬਾਣੀ।
ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ।
ਬਾਣੀ ਤਾਂ ਕੱਚੀ ਸਤਿਗੁਰੂ ਬਾਝਹੁ, ਹੇਰ ਕਚੀ ਬਾਣੀ।
ਕਹਦੇ ਕਚੇ ਸੁਣਦੇ ਕਚੇ, ਕਚੀ ਆਖਿ ਵਖਾਣੀ।
ਗੁਰੂ ਅਰਜਨ ਦੇਵ ਜੀ ਨੇ ਕੱਚੀ ਤੇ ਸੱਚੀ ਬਾਣੀ ਦਾ ਨਿਖੇੜ ਕਰਨ ਲਈ ਅਤੇ ਗੁਰੂਆਂ ਦੇ ਮਿਸ਼ਨ ਨੂੰ ਸਦੀਵਤਾ ਦੇਣ ਲਈ, ਆਦਿ-ਗ੍ਰੰਥ ਦੀ ਬੀੜ ਤਿਆਰ ਕਰਨ ਦਾ ਫੈਸਲਾ ਕੀਤਾ। ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਕਿਵੇਂ ਇਕੱਤਰ ਕੀਤੀ ਅਤੇ ਇਸ ਵਿਚ ਭਗਤ ਬਾਣੀ ਨੂੰ ਕਿਉਂ ਸ਼ਾਮਲ ਕੀਤਾ। ਇਸ ਬਾਰੇ ਵਿਦਵਾਨਾਂ ਵਿਚ ਕਾਫੀ ਮੱਤਭੇਦ ਹੈ। ਪਰ ਬਹੁ-ਗਿਣਤੀ ਇਸ ਵਿਚਾਰ ਦੀ ਧਾਰਣੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਬਾਣੀ ਦੀ ਸੰਭਾਲ ਸ਼ੁਰੂ ਹੋ ਗਈ ਸੀ ਤੇ ਗੁਰ-ਗੱਦੀ ਮਿਲਣ ਸਮੇਂ ਪਹਿਲੇ ਗੁਰੂਆਂ ਦੀ ਬਾਣੀ ਵੀ ਨਾਲ ਹੀ ਦਿੱਤੀ ਜਾਂਦੀ ਸੀ । ਭਗਤ ਬਾਣੀ ਬਾਰੇ ਵਿਚਾਰ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਗਤਾਂ ਦੀ ਰਚਨਾ ਇਕੱਤਰ ਕੀਤੀ ਅਤੇ ਉਸ ਨੂੰ ਆਪਣੀ ਬਾਣੀ ਦੇ ਨਾਲ ਹੀ ਸਾਂਭ ਲਿਆ। ਗੁਰੂ ਅਰਜਨ ਦੇਵ ਜੀ ਨੇ ਜਿਸ ਰਚਨਾ ਨੂੰ ਗੁਰੂ ਆਸ਼ੇ ਦੇ ਅਨੁਕੂਲ ਸਮਝਿਆ, ਉਸ ਨੂੰ ਆਦਿ ਗ੍ਰੰਥ ਵਿਚ ਸ਼ਾਮਲ ਕਰ ਲਿਆ ।
ਗੁਰੂ ਅਰਜੁਨ ਦੇਵ ਜੀ ਦੁਆਰਾ ਆਦਿ-ਗ੍ਰੰਥ ਦੀ ਬੀੜ 1604 ਈ. ਵਿਚ ਸੰਪੂਰਨ ਹੋਈ । ਵਿਦਵਾਨਾਂ ਦੀ ਬਹੁ-ਸੰਮਤੀ ਇਸ ਮੱਤ ਨਾਲ ਸਹਿਮਤ ਹੈ ਕਿ ਭਾਈ ਗੁਰਦਾਸ ਦੇ ਹੱਥਾਂ ਦੀ ਲਿਖੀ ਹੋਈ ਪਹਿਲੀ ਬੀੜ ਅੱਜ ਵੀ ਕਰਤਾਰਪੁਰ ਵਿਚ ਸਾਂਭੀ ਪਈ ਹੈਂ । ਸੰਪਾਦਨਾ ਸਮੇਂ ਕੱਚੀ ਤੇ ਸੱਚੀ ਬਾਣੀ ਦਾ ਨਿਰਣਾ ਕਰਨਾ, ਉਸ ਨੂੰ ਵਿਆਕਰਣਿਕ ਨਿਯਮਾਂ ਅਨੁਸਾਰ ਢਾਲਣਾ, ਸਾਰੀ ਬਾਣੀ ਵਿਚ ਸ਼ਬਦ-ਜੋੜਾਂ ਦੀ ਇਕਸਾਰਤਾ ਲਿਆਉਣੀ. ਵੱਖ-ਵੱਖ ਗੁਰੂਆਂ ਦੀ ਬਾਣੀ ਦੇ ਨਿਖੇੜ ਲਈ 'ਮਹਲਾ' ਸ਼ਬਦ ਦੀ ਵਰਤੋਂ, ਬਾਣੀ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਗਾਉਣ ਦੀਆਂ ਧੁਨੀਆਂ ਦੇ ਸੰਕੇਤ ਦੇਣੇ, ਗੁਰੂ ਅਰਜਨ ਦੇਵ ਜੀ ਦੀ ਸੰਪਾਦਨ-ਕਲਾ ਦੇ ਕੁਝ ਕੁ ਚਮਤਕਾਰ ਹਨ ।
ਗੁਰੂ ਗ੍ਰੰਥ ਸਾਹਿਬ ਦੀ ਸਾਹਿੱਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਡੰਕਨ ਗ੍ਰੀਨਲੀਜ਼ ਲਿਖਦਾ ਹੈ-
"ਵਿਸ਼ਵ ਦੀਆਂ ਧਰਮ-ਪੁਸਤਕਾਂ ਵਿਚੋਂ ਸ਼ਾਇਦ ਹੀ ਕਿਸੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿੱਤਕ ਖੂਬਸੂਰਤੀ ਹੋਵੇ ਜਾਂ ਇਕ-ਰਸ ਅਨੁਭਵੀ, ਗਿਆਨ ਦੀ ਉੱਚਤਾ ਹੋਵੇ ।"
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਇਕ ਹੋਰ ਵਿਦਵਾਨ ਆਖਦਾ ਹੈ :
"ਗੁਰੂ ਭਾਵੇਂ ਕੋਈ ਹੋਵੇ, ਮਹਾਨ ਉਦੋਂ ਹੀ ਆਖਣਾ ਚਾਹੀਦਾ ਹੈ, ਜਦੋਂ ਉਹ ਮਨੁੱਖ ਦੇ ਮਨ, ਬਚਨ ਤੇ ਕਰਮ ਖੇਤਰ ਵਿਚ ਸਿੱਧਾਂਤਕ ਜਾਂ ਕਲਾਤਮਕ ਪ੍ਰੇਰਣਾ ਦਾ ਪ੍ਰਮਾਣ ਬਣ ਕੇ, ਵਿਆਪਕ ਤੇ ਪ੍ਰਬਲ ਰੂਪ ਵਿਚ ਛਾ ਜਾਏ। ਜਿੰਨੀ ਵੱਧ ਮਾਤਰਾ ਵਿਚ, ਜਿੰਨੇ ਵੱਧ ਸਮੇਂ ਲਈ, ਕੋਈ ਗ੍ਰੰਥ ਕਰਮ ਕਰੇਗਾ, ਉਨਾ ਹੀ ਵੱਧ ਮਹਾਨ ਤੇ ਪ੍ਰਭਾਵਸ਼ਾਲੀ, ਉਹ ਮੰਨਿਆ ਜਾਏਗਾ ।'
ਉਪਰੋਕਤ ਕਥਨ ਗੁਰੂ ਗ੍ਰੰਥ ਸਾਹਿਬ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ। ਇਸ ਦੀ ਮਹਾਨਤਾ ਦਾ ਅਨੁਮਾਨ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕਿ ਇਹ ਧਾਰਮਿਕ, ਦਾਰਸ਼ਨਿਕ, ਇਤਿਹਾਸਕ, ਸਮਾਜਿਕ ਤੇ ਸਾਹਿੱਤਿਕ ਸਭ ਪੱਖਾਂ ਤੋਂ ਇਕ ਉੱਤਮ ਕਲਾਕ੍ਰਿਤ ਹੈ। ਆਕਾਰ ਵਿਚ ਇਹ ਮੱਧ ਕਾਲ ਦੇ ਰਚੇ ਸਾਰੇ ਗ੍ਰੰਥਾਂ ਤੋਂ ਵੱਡਾ ਹੈ ਤੇ ਡਾ. ਮੋਹਨ ਸਿੰਘ ਅਨੁਸਾਰ ਇਹ ਰਿਗਵੇਦ ਤੋਂ ਤਿੰਨ ਗੁਣਾਂ ਵੱਡਾ ਹੈ । ਇਸ ਵਿਚ ਕੁਲ ਮਿਲਾ ਕੇ 5894 ਸ਼ਬਦ ਹਨ, ਜਿਨ੍ਹਾਂ ਵਿਚੋਂ 4756 ਗੁਰੂਆਂ ਦੇ ਅਤੇ 938 ਭਗਤਾਂ ਤੇ ਭੱਟਾਂ ਦੇ ਹਨ। ਇਸ ਦੇ 1430 ਪੰਨੇ ਹਨ। ਸਾਰੀ ਬਾਣੀ ਦੀ ਤਰਤੀਬ ਰਾਗਾਂ ਅਨੁਸਾਰ ਹੈ, ਜਿਹੜੀ ਕੁਲ 31 ਰਾਗਾਂ ਵਿਚ
-------------------
1. Duncan Greenless, "The Gospel of Guru Granth Sahib", p xii
2. ਜੋਗਿੰਦਰ ਸਿੰਘ (ਪ੍ਰੋ.). ਸ੍ਰੀ ਗੁਰੂ ਗ੍ਰੰਥ ਦਰਪਣ: ਪੰਨਾ 10
ਹੈ । ਇਹ ਸਾਰੇ ਰਾਗ ਕੰਮਾ, ਰੁੱਤਾਂ, ਇਲਾਕਿਆਂ ਤੇ ਮਨੁੱਖੀ ਭਾਵਾ ਦੀ ਪ੍ਰਤਿਨਿਧਤਾ ਕਰਦੇ ਹਨ। ਇਹ ਰਾਗ- ਪ੍ਰਬੰਧ ਨਿਰੋਲ ਮੌਲਿਕ ਹੈ ਜਿਸ ਵਿਚ ਕਾਵਿ ਤੇ ਸੰਗੀਤ ਦਾ ਸੁੰਦਰ ਸੰਜੋਗ ਹੈ । ਸਾਰੀ ਰਚਨਾ ਪਿੰਗਲ ਦੇ ਨਿਯਮਾਂ ਜਾਂ ਛੰਦ ਪ੍ਰਬੰਧ ਅਧੀਨ ਨਹੀਂ, ਸਗੋਂ ਰਾਗ ਦੀ ਲੈ ਮੁਤਾਬਿਕ ਚਲਦੀ ਹੈ ਤੇ ਏਸੇ ਲਈ ਮਾਤਰਾ ਵੱਧ ਘੱਟ ਹਨ। ਤੇਲ ਨਾਲੋਂ ਰਾਗ ਦੀ ਲੈ ਨੂੰ ਪਹਿਲ ਦਿੱਤੀ ਗਈ ਹੈ।
ਭਾਸ਼ਾ ਦੇ ਪੱਖ ਤੋਂ ਆਦਿ ਗ੍ਰੰਥ ਵਿਚ ਵੱਖ-ਵੱਖ ਇਲਾਕਿਆਂ ਦੇ ਪ੍ਰਾਂਤਿਕ ਭਾਸ਼ਾਵਾਂ ਦਾ ਮਿਸ਼ਰਨ ਹੈ. ਕਿਉਂਜੋ ਇਸ ਦੇ ਰਚਨਹਾਰੇ ਵੱਖ-ਵੱਖ ਥਾਵਾਂ ਦੇ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਗੁਰਮੁਖੀ ਲਿੱਪੀ ਵਿਚ ਢਾਲਣ ਲਗਿਆਂ ਤੇ ਇਸ ਵਿਚ ਵਿਆਕਰਣਕ ਇਕਸਾਰਤਾ ਲਿਆਉਣ ਲਈ ਜੋੜਾਂ ਨੂੰ ਸ਼ੁੱਧ ਤੇ ਨਿਸ਼ਚਿਤ ਰੂਪ ਦੇਣ ਲਗਿਆਂ ਜੋ ਤਬਦੀਲੀਆਂ ਕੀਤੀਆ, ਉਨ੍ਹਾਂ ਵਿਚ ਸਾਰੀ ਬਾਣੀ ਉੱਤੇ ਪੰਜਾਬੀ ਰੰਗਣ , ਜ਼ਰੂਰ ਚੜ੍ਹ ਗਈ । ਡਾ. ਟੱਪ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਮਹੱਤਤਾ ਇਸ ਦੇ ਭਾਸ਼ਾਈ ਗੁਣਾਂ ਕਰਕੇ ਸਵੀਕਾਰਦਾ ਹੈ ਤੇ ਇਸ ਨੂੰ ਹਿੰਦਵੀ ਉਪ-ਭਾਖਾਵਾਂ ਦਾ ਖਜ਼ਾਨਾ ਆਖਦਾ ਹੈ । ਕੇਂਦਰੀ ਪੰਜਾਬੀ ਤੋਂ ਛੁੱਟ ਲਹਿੰਦੀ, ਸਿੰਧੀ, ਬ੍ਰਜ- ਭਾਸ਼ਾ, ਸੰਸਕ੍ਰਿਤ, ਫਾਰਸੀ ਤੇ ਰੇਖਤਾ ਆਦਿ ਸਭ ਦੇ ਨਮੂਨੇ ਅਸੀਂ ਆਦਿ ਗ੍ਰੰਥ ਵਿਚ ਦੇਖਦੇ ਹਾਂ!
ਭਾਸ਼ਾਈ ਪ੍ਰਯੋਗਾਂ ਦੇ ਨਾਲ ਨਾਲ ਅਸੀਂ ਆਦਿ ਗ੍ਰੰਥ ਵਿਚ ਕਾਵਿ ਰੂਪਾਂ ਤੇ ਕਾਵਿ-ਛੰਦਾਂ ਦੀ ਵੰਨ- ਸੁਵੰਨਤਾ ਵੀ ਦੇਖਦੇ ਹਾਂ । ਬਾਰਾਮਾਹ, ਪੱਟੀ, ਸਤਵਾਰਾ, ਘੋੜੀਆਂ, ਅਲਾਹੁਣੀਆਂ, ਖਟਮਾਸਾ, ਆਰਤੀ, ਮਾਝਾ, ਛਿੰਝ ਆਦਿ 55 ਪ੍ਰਕਾਰ ਦੇ ਲੋਕ ਕਾਵਿ-ਰੂਪ ਆਦਿ-ਗ੍ਰੰਥ ਵਿਚ ਮਿਲਦੇ ਹਨ। ਏਸੇ ਤਰ੍ਹਾਂ ਅਣਗਿਣਤ ਪ੍ਰਮਾਣਿਕ ਛੰਦਾਂ ਦੀ ਕਲਾਮਈ ਵਰਤੋਂ ਕੀਤੀ ਮਿਲਦੀ ਹੈ, ਜਿਨ੍ਹਾਂ ਦੀ ਉਦਾਹਰਣ ਹੋਰ ਕਿਧਰੇ ਘੱਟ ਹੀ ਦੇਖੀ ਜਾ ਸਕਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਅਮਰ-ਸੱਚ ਜਾਂ ਸਦੀਵੀ ਤੱਤਾਂ ਨੂੰ ਇਸ ਤਰ੍ਹਾਂ ਨਿਭਾਇਆ ਗਿਆ ਹੈ ਕਿ ਇਸ ਵਿਚਲੀਆਂ ਹਜ਼ਾਰਾਂ ਤੁਕਾਂ ਅਖਾਣ ਬਣ ਕੇ ਲੋਕ ਮੂੰਹਾਂ ਤੇ ਚੜ੍ਹ ਗਈਆਂ ਹਨ। ਉਦਾਹਰਣ ਵਜੋਂ:
(1) ਮਾਇਆਧਾਰੀ ਅਤਿ ਅੰਨ੍ਹਾ ਅਤਿ ਬੋਲਾ।
(2) ਨਿਵੇ ਸੋ ਗਉਰਾ ਹੋਏ।
(3) ਪਾਪਾ ਬਾਝਹੁੰ ਹੋਵੇ ਨਾਹੀਂ, ਮਾਇਆ ਸਾਥਿ ਨਾ ਜਾਈ।
(4) ਮਨੁ ਤੂੰ ਜੋਤਿ ਸਰੂਪ ਹੈਂ, ਆਪਣਾ ਮੂਲ ਪਛਾਣਿ ॥
(5) ਹਉਮੈ ਦੀਰਘੁ ਰੋਗਿ ਹੈ, ਦਾਰੂ ਭੀ ਇਸ ਮਾਹਿ।
(6) ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹਿ ।
(7) ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ।
(8) ਘੱਲੇ ਆਵਹਿ ਨਾਨਕਾ, ਸਦੇ ਉਠੀ ਜਾਇ।
(9) ਵਿਦਿਆ ਵੀਚਾਰੀ ਤਾਂ ਪਰਉਪਕਾਰੀ।
(10) ਭੁਖੇ ਮੁਲਾਂ, ਘਰੇ ਮਸੀਤਿ।
(11) ਪੜ੍ਹਿਆ ਮੂਰਖ ਆਖੀਐ, ਜਿਸ ਲਬੁ ਲੋਭ ਅਹੰਕਾਰ।
(12) ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ।
(13) ਸਚੈ ਮਾਰਗਿ ਚਲਦਿਆਂ ਉਸਤਤਿ ਕਰੇ ਜਹਾਨ।
(14) ਮਨਿ ਜੀਤੇ ਜਗੁ ਜੀਤ ।
(15) ਗੁਰੂ ਜਿਨ੍ਹਾਂ ਕਾ ਅੰਧੁਲਾ, ਚੇਲੇ ਨਾਹੀ ਠਾਉ।
(16) ਕਾਮੁ ਕ੍ਰੋਧ ਕਾਇਆ ਕਉ ਗਾਲੈ, ਜਿਉਂ ਕੰਚਨ ਸੋਹਾਗਾ ਢਾਲੈ।
(17) ਨਿੰਦਕ ਕਾ ਝੂਠਾ ਬਿਉਹਾਰ।
(18) ਅਕਲੀਂ ਸਾਹਿਬ ਸੇਵੀਐ, ਅਕਲੀਂ ਪਾਈਐ ਮਾਨ।
(19) ਜੋ ਆਇਆ ਸੋ ਚਲਸੀ ।
(20) ਨਾਲ ਇਆਨੇ ਦੋਸਤੀ, ਕਦੇ ਨ ਆਵਿ ਰਾਸਿ।
ਭਾਰਤੀ ਵਿਦਵਾਨਾਂ ਨੇ ਕਾਵਿ ਦੀ ਸ੍ਰੇਸ਼ਟਤਾ ਦਾ ਆਧਾਰ ਰਸਾਂ ਨੂੰ ਮੰਨਿਆ ਹੈ। ਕੋਈ ਵੀ ਅਜਿਹਾ ਰਸ ਨਹੀਂ ਜਿਸ ਦੇ ਪਰਮਾਣ ਆਦਿ ਗ੍ਰੰਥ ਵਿਚੋਂ ਨਾ ਮਿਲਦੇ ਹੋਣ। ਜੀਵ-ਆਤਮਾ ਦੇ ਪਰਮਾਤਮਾ ਨਾਲੋਂ ਵਿਛੋੜੇ ਨੂੰ ਅਤੇ ਉਸ ਨਾਲ ਮੇਲ ਦੀ ਤਾਂਘ ਨੂੰ ਸ਼ਿੰਗਾਰ-ਰਸ ਦੇ ਵਾਤਾਵਰਣ ਵਿਚ ਬਿਆਨ ਕੀਤਾ ਗਿਆ ਹੈ । ਸ਼ਿੰਗਾਰ ਤੋਂ ਛੁੱਟ ਸ਼ਾਂਤ ਰਸ ਜਾਂ ਭਗਤੀ ਰਸ ਦੀ ਪ੍ਰਧਾਨਤਾ ਹੈ ਪਰ ਕਰੁਣਾ, ਰੌਦ੍ਰ, ਬੀਰ, ਅਦਭੁੱਤ, ਬੀਭੱਤਸ, ਭਿਆਨਕ ਤੇ ਹਾਸ ਰਸ ਆਦਿ ਬਾਕੀ ਰਸਾਂ ਦੀ ਵਰਤੋਂ ਵੀ ਆਮ ਹੈ। ਸ਼ਿੰਗਾਰ ਰਸ ਦੀ ਇਕ ਉਦਾਹਰਣ ਵੇਖੋ:
ਤੇਰੇ ਬੰਕੇ ਲੋਇਨ ਦੰਤ ਰਸੀਲਾ।
ਸੋਹਣੇ ਨਕ ਜਿਨਿ ਲੰਮੜੇ ਵਾਲਾ।
ਕੰਚਨ ਕਾਇਆ ਸੁਇਨੇ ਕੀ ਢਾਲਾ।
ਤੇਰੀ ਚਾਲ ਸੁਹਾਵਣੀ, ਮਧੁਰਾਣੀ ਬਾਣੀ।
ਕੁਹਕਨਿ ਕੋਕਿਲਾ ਤਰਲ ਜੁਆਣੀ ।
ਅਲੰਕਾਰ ਨੂੰ ਕਵਿਤਾ ਦਾ ਗਹਿਣਾ ਆਖਿਆ ਜਾਂਦਾ ਹੈ । ਆਦਿ ਗ੍ਰੰਥ ਦੀ ਸਾਰੀ ਬਾਣੀ ਜਿੱਥੇ ਤਿੰਨ ਭਿੰਨ ਅਲੰਕਾਰਾਂ ਨਾਲ ਸਜੀ-ਸ਼ਿੰਗਾਰੀ ਗਈ ਹੈ, ਉਥੇ ਇਹ ਇਨ੍ਹਾਂ ਦੇ ਭਾਰ ਥੱਲੇ ਦਬੀ ਪ੍ਰਤੀਤ ਨਹੀਂ ਹੁੰਦੀ, ਸਗੋਂ ਨਿਵੇਕਲੀ ਛਬ ਨਾਲ ਡਲ੍ਹਕਾਂ ਮਾਰਦੀ ਹੈ। ਭਾਰਤੀ ਅਚਾਰੀਆਂ ਵਲੋਂ ਦੱਸੇ ਗਏ ਅਲੰਕਾਰਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸ ਦੇ ਨਮੂਨੇ ਆਦਿ ਗ੍ਰੰਥ ਵਿਚੋਂ ਨਾ ਮਿਲਦੇ ਹੋਣ, ਪਰ ਰੂਪਕ ਤੇ ਉਪਮਾ ਅਲੰਕਾਰਾਂ ਦੀ ਏਨੀ ਬਹੁਲਤਾ ਤੇ ਵਿਸ਼ਾਲਤਾ ਹੈ ਕਿ ਸਮੁੱਚੇ ਬ੍ਰਹਿਮੰਡ ਵਿਚੋਂ ਜਾਂ ਧਰਤੀ ਤੋਂ ਲੈ ਕੇ ਆਕਾਸ਼ ਤਕ ਦੀ ਹਰ ਪ੍ਰਾਕ੍ਰਿਤਕ ਵਸਤੂ ਨੂੰ, ਇਨ੍ਹਾਂ ਦੀ ਲਪੇਟ ਵਿਚ ਲੈ ਆਂਦਾ ਗਿਆ ਹੈ । ਰੂਪਕ ਅਲੰਕਾਰ ਦੀ ਇਕ ਉਦਾਹਰਣ ਦੇਖੋ, ਜਿਹੜੀ ਕਾਵਿਕ-ਕਲਪਨਾ ਤੇ ਅਲੰਕਾਰਕ ਸਹਜ ਦਾ ਇਕ ਉੱਚਤਮ ਨਮੂਨਾ ਹੈ :
ਗਗਨ ਮੈ ਥਾਲਿ ਰਵਿ ਚੰਦ ਦੀਪਕ ਬਨੈ
ਤਾਰਿਕਾ ਮੰਡਲ ਜਨਕ ਮੋਤੀ
ਧੂਪ ਮਲਿਆਨਲੋ, ਪਵਨ ਚਵਰੋ ਕਰੈ।
ਸਗਲ ਬਨਰਾਇ ਫੁਲੰਤ ਜੋਤੀ ।
ਅਲੰਕਾਰਾਂ ਤੋਂ ਬਿਨਾਂ ਸ਼ਬਦ-ਚਿਤ੍ਰਾਂ, ਭਾਵ-ਚਿਤ੍ਰਾਂ, ਕਾਵਿ-ਬਿੰਬਾਂ ਤੇ ਸੁੰਦਰ ਪ੍ਰਤੀਕਾਂ ਦੀਆਂ ਅਣਗਿਣਤ ਉਦਾਹਰਣਾਂ ਮਿਲਦੀਆਂ ਹਨ । ਸ਼ਬਦ-ਚਿਤ੍ਰ ਦੀ ਇਕ ਉਦਾਹਰਣ ਦੇਖੋ :
ਚਾਂਦਨਾਂ, ਚਾਂਦਨ ਆਂਗਨਿ
ਪ੍ਰਭ ਜੀਓ, ਅੰਤਰਿ ਚਾਂਦਨਾ ।
ਅਰਾਧਨਾ ਅਰਾਧਨ ਨੀਕਾ
ਹਰਿ ਹਰਿ ਨਾਮੁ ਅਰਾਧਨਾ।
ਫਰੀਕ ਦੇ ਸ਼ਲੋਕਾਂ ਵਿਚੋਂ ਕਾਵਿ-ਬਿੰਬਾਵਲੀ ਦੀ ਇਕ ਸੁੰਦਰ ਉਦਾਹਰਣ ਦੇਖੋ:
ਫਰੀਦਾ ਦਰੀਆਵੈ ਕੰਨੇ ਬਗਲਾ, ਬੈਠਾ ਕੇਲਿ ਕਰੇ।
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ।
ਆਦਿ ਗ੍ਰੰਥ ਵਿਚ ਅਨੇਕ ਇਤਿਹਾਸਕ, ਮਿਥਿਹਾਸਕ ਜਾਂ ਪੌਰਾਣਿਕ ਹਵਾਲੇ ਮਿਲਦੇ ਹਨ, ਜਿਨ੍ਹਾਂ ਵਿਚੋਂ ਭਾਰਤੀ ਸੰਸਕ੍ਰਿਤੀ ਦੇ ਕਈ ਰੂਪ ਤੇ ਪ੍ਰਮਾਣ ਸਾਹਮਣੇ ਆਉਂਦੇ ਹਨ। ਵੱਖ-ਵੱਖ ਧਰਮਾਂ, ਜਾਤੀਆਂ, ਫਿਰਕਿਆਂ, ਸੰਪਰਦਾਵਾਂ, ਯਥਾ ਜੋਗੀਆਂ, ਸਿੱਧਾਂ ਬੋਧੀਆਂ, ਜੈਨੀਆਂ, ਮੁਸਲਮਾਨਾਂ, ਬ੍ਰਾਹਮਣਾਂ, ਵੈਸ਼ਨਵਾਂ, ਸੂਫੀਆਂ, ਸੰਤਾਂ. ਬੈਰਾਗੀਆਂ ਆਦਿ ਦੇ ਕਰਮ ਕਾਂਡ, ਵੇਸ ਵਰਤ-ਵਰਤਾਰੇ ਜਾਂ ਵਿਵਹਾਰ ਦੇ ਸੰਕੇਤ ਮਿਲਦੇ ਹਨ, ਜਿਨ੍ਹਾਂ ਸੰਬੰਧੀ
ਚਰਚਾ ਕਰਕੇ, ਗੁਰਮਤਿ ਦੇ ਆਸ਼ਿਆਂ ਨੂੰ ਉਘਾੜਨ ਦਾ ਯਤਨ ਕੀਤਾ ਗਿਆ ਹੈ । ਉਦਾਹਰਣ ਲਈ :
(1) ਹਾਥ ਕਮੰਡਲ ਕਾਪੜੀਆ
(2) ਮੂੰਡ ਮੁੰਡਾਇ, ਜਟਾ ਸਿਖ ਬਾਜੀ
(3) ਘੋਲੀ ਗੇਰੂ ਰੰਗ ਚੜ੍ਹਾਇਆ ।
(4) ਪੂਜਾ ਅਰਜਾ ਬੰਦਨ ਡੰਡਾਉਤ
ਘਟ ਕਰਮਾ ਰਹੁ ਰਹਤਾ।
(5) ਅੱਖੀ ਤੇ ਮੀਟਹਿ ਨਾਕ ਪਕੜਹਿ ।
ਡਰਾਣ ਕਉ ਸੰਸਾਰ ।
(6) ਘੰਗਰੂ ਬਾਂਧਿ ਭਏ ਰਾਮਦਾਸਾ, ਰੋਟੀਅਮ ਕੇ ਉਪਾਵਾ।
(7) ਅੱਖੀਂ ਤ ਮੀਟਹਿ ਨਾਕ ਪਕੜਹਿ, ਠਗਣ ਕਉ ਸੰਸਾਰ।
(8) ਰਹੇ ਬੇਬਾਣੀ, ਮੜ੍ਹੀ ਮਸਾਣੀ, ਅਲਮਲ ਖਾਈ ਸਿਰ ਛਾਈ ਪਾਈ।
ਆਦਿ ਗ੍ਰੰਥ ਬਾਰ੍ਹਵੀਂ ਸਦੀ ਤੋਂ ਸਤਾਰਵੀਂ ਸਦੀ ਤਕ ਦੇ ਭਾਰਤੀ ਸਮਾਜ ਦੀ ਇਕ ਜਿਉਂਦੀ ਜਾਗਦੀ ਤਸਵੀਰ ਹੈ, ਸ਼ਾਇਦ ਹੀ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਹੋਵੇ ਜਿਸ ਸੰਬੰਧੀ ਆਦਿ ਗ੍ਰੰਥ ਵਿਚ ਚਰਚਾ ਨਾ ਮਿਲਦੀ ਹੋਵੇ । ਨਾਵਾਂ ਥਾਵਾਂ ਦੇ ਵੇਰਵਿਆਂ ਨਾਲ ਵੀ ਇਹ ਗ੍ਰੰਥ ਭਰਪੂਰ ਹੈ।
ਆਦਿ ਗ੍ਰੰਥ ਦੀ ਸਾਰੀ ਰਚਨਾ, ਸ੍ਰੇਸ਼ਟਤਮ ਕਾਵਿ-ਗੁਣਾਂ, ਕਲਾਤਮਿਕ ਛੋਹਾਂ. ਭਾਸ਼ਾਈ ਵੰਨ-ਸੁਵੰਨਤਾ ਅਤੇ ਡੂੰਘੇ ਮਾਨਵੀ ਭਾਵਾਂ ਨੂੰ ਬਿਆਨ ਕਰਨ ਵਾਲੀ ਇਕ ਕਲਾਸੀਕਲ ਕਲਾ-ਕ੍ਰਿਤ ਹੈ, ਜਿਸ ਨੇ ਪੰਜਾਬੀ ਭਾਸ਼ਾ ਦੇ ਸਾਹਿੱਤ ਨੂੰ ਹਰ ਪੱਖੋਂ ਅਮੀਰ ਕੀਤਾ। ਇਸ ਦੀ ਸਿੱਖਿਆ ਕਿਸੇ ਇਕ ਜਾਤੀ ਜਾਂ ਫਿਰਕੇ ਲਈ ਨਹੀਂ, ਸਗੋਂ ਸਾਰੀ ਲੋਕਾਈ ਲਈ ਹੈ। ਗੁਰੂ ਗ੍ਰੰਥ ਸਾਹਿਬ ਦੇ ਨਿਯਮ ਨਿਰੋਲ ਸਿਧਾਂਤਕ ਜਾਂ ਦਾਰਸ਼ਨਿਕ ਨਹੀਂ, ਸਗੋਂ ਨਿੱਤ ਦੇ ਜੀਵਨ ਵਿਚ ਅਮਲੀ ਰੂਪ ਵਿਚ ਅਗਵਾਈ ਕਰਨ ਵਾਲੇ ਹਨ - ਏਸੇ ਲਈ ਇਸ ਨੂੰ - 'ਗੁਰੂ ਦੀ ਪਦਵੀ ਦੇ ਕੇ ਸਤਿਕਾਰਿਆ ਜਾਂਦਾ ਹੈ ।
(ੲ) ਭਾਈ ਗੁਰਦਾਸ ਤੇ ਹੋਰ ਭਗਤ ਕਵੀ
ਭਾਈ ਗੁਰਦਾਸ (1543-1637) : ਭਾਈ ਗੁਰਦਾਸ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ । ਬਾਲਪਨ ਤੋਂ ਹੀ ਗੁਰੂ ਘਰ ਨਾਲ ਆਪ ਦਾ ਨਿਕਟ ਸੰਬੰਧ ਸੀ । ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮਕਾਲੀ ਤੇ ਨਿਕਟਵਰਤੀ ਹੋਣ ਕਰਕੇ ਗੁਰਮਤਿ ਦੇ ਸਭ ਪੱਖਾਂ ਤੋਂ ਆਪ ਕੇਵਲ ਭਲੀ ਪ੍ਰਕਾਰ ਜਾਣੂੰ ਹੀ ਨਹੀਂ ਸਨ, ਸਗੋਂ ਆਪਣੇ ਵੇਲੇ ਦੇ ਸਭ ਤੋਂ ਵੱਡੇ ਵਿਆਖਿਆਕਾਰ ਵੀ ਸਨ । ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਪਹਿਲੀ ਬੀੜ ਆਪ ਦੇ ਹੱਥੀਂ ਲਿਖਵਾਈ, ਜਿਸ ਕਰਕੇ ਆਪ ਨੂੰ ਸਾਰੀ ਬਾਣੀ ਨੂੰ ਵਿਚਾਰਨ, ਉਸ ਨੂੰ ਟਕਸਾਲੀ ਰੂਪ ਦੇਣ, ਵਿਆਕਰਣਕ ਨੇਮਾਂ ਅਨੁਸਾਰ ਢਾਲਣ ਤੇ ਲਿੱਪੀ-ਬੱਧ ਕਰਨ ਦਾ ਅਵਸਰ ਪ੍ਰਾਪਤ ਹੋਇਆ, ਜਿਸ ਨਾਲ ਆਪ ਦੀ ਪ੍ਰਤਿਭਾ ਦਾ ਬਹੁ-ਪੱਖੀ ਵਿਕਾਸ ਹੋਇਆ।
ਭਾਈ ਗੁਰਦਾਸ ਨੇ ਪੰਜਾਬੀ ਵਿਚ ਸਭ ਤੋਂ ਵੱਧ, ਅਰਥਾਤ 39 ਵਾਰਾਂ ਸ਼ੁੱਧ ਪੰਜਾਬੀ ਵਿਚ ਲਿਖੀਆਂ ਅਤੇ 600 ਤੋਂ ਉੱਪਰ ਕਬਿੱਤ ਤੇ ਸਵੱਯੇ ਬ੍ਰਜ ਭਾਸ਼ਾ ਵਿਚ ਲਿਖੇ । ਰਵਾਇਤ ਪ੍ਰਚਲਿਤ ਹੈ ਕਿ ਆਪ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਲਈ ਜਦ ਗੁਰੂ ਅਰਜਨ ਦੇਵ ਜੀ ਨੇ ਆਖਿਆ ਤਾਂ ਆਪ ਨੇ ਬੜੀ ਨਿਰਮਾਣਤਾ ਨਾਲ, ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੇਰੀ ਰਚਨਾ ਗੁਰਬਾਣੀ ਦੇ ਤੁਲ ਨਹੀਂ । ਇਸ ਤੇ ਗੁਰੂ ਜੀ ਨੇ ਆਪ ਦੀ ਰਚਨਾ ਨੂੰ 'ਗੁਰੂ ਗ੍ਰੰਥ ਸਾਹਿਬਸ ਦੀ ਕੁੰਜੀ' ਕਹਿ ਕੇ ਸਨਮਾਨਿਆ, ਕਿਉਂਜੋ ਇਸ ਵਿਚ ਗੁਰਬਾਣੀ ਦੇ ਆਸ਼ਿਆਂ ਦੀ ਵਿਸਥਾਰ-ਪੂਰਵਕ ਵਿਆਖਿਆ ਤੇ ਗੁਰਮਤਿ ਦੇ ਫਲਸਫੇ ਨੂੰ ਦਲੀਲਾਂ ਤੇ ਉਦਾਹਰਣਾਂ ਦੇ ਨਾਲ ਸਪੱਸ਼ਟ ਕੀਤਾ ਗਿਆ ਹੈ।
ਭਾਈ ਗੁਰਦਾਸ ਆਪਣੇ ਸਮੇਂ ਦੇ ਉੱਘੇ ਵਿਦਵਾਨ, ਨਿਪੁੰਨ ਕਵੀ, ਭਾਰਤੀ ਧਰਮ ਦਰਸਨ ਦੇ ਸਰਬ ਪੱਖੀ ਗਿਆਤਾ, ਵਿਸ਼ਾਲ ਤਜ਼ਰਬੇ ਦੇ ਮਾਲਕ, ਗੁਰੂ ਤੇ ਗੁਰਮਤਿ ਵਿਚ ਅਟੁੱਟ ਸ਼ਰਧਾ ਦੇ ਧਾਰਨੀ ਇਕ ਸਰੇਸ਼ਟ ਉਤੌਮ ਤੇ ਨਿਰਮਲ ਸ਼ਖ਼ਸ਼ੀਅਤ ਵਾਲੇ ਮਨੁੱਖ ਸਨ । ਆਪ ਦੀ ਕਾਵਿਕ ਪਰਪੱਕਤਾ ਤੇ ਬੌਧਿਕ ਨਿਪੁੰਨਤਾ ਦੇ ਚਮਤਕਾਰ ਸਮੁੱਚੀ ਰਚਨਾ ਵਿਚੋਂ ਵੇਖੇ ਜਾ ਸਕਦੇ ਹਨ. ਜਿਸ ਕਰਕੇ ਇਸ ਨੂੰ ਬਿਨਾਂ ਝਿਜਕ ਦੇ ਉਤਕ੍ਰਿਸ਼ਟ (ਕਲਾਸੀਕਲ) ਸਾਹਿੱਤ ਵਿਚ ਦਰਜਾ ਦਿੱਤਾ ਜਾ ਸਕਦਾ ਹੈ।
ਭਾਈ ਸਾਹਿਬ ਨੇ ਪੰਜਾਬ ਤੋਂ ਬਾਹਰ ਰਹਿੰਦੇ ਗੁਰ-ਸਿੱਖਾਂ ਲਈ ਬ੍ਰਜੀ ਵਿਚ ਕਬਿੱਤ ਤੇ ਸਵੱਯੇ ਲਿਖੇ, ਜਿਸ ਸਮੇਂ ਗੁਰੂ ਸਾਹਿਬ ਵਲੋਂ ਆਪ ਨੂੰ ਆਗਰਾ ਕੇਂਦਰ ਵਿਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਗਿਆ । ਭਾਈ ਗੁਰਦਾਸ ਦੀ ਦੇਖਾ-ਦੇਖੀ ਬਹੁਤ ਸਾਰੇ ਹੋਰ ਵਿਦਵਾਨ ਵੀ ਬ੍ਰਜੀ ਵਿਚ ਆਪਣੀ ਰਚਨਾ ਕਰਨ ਲਗੇ ਤੇ ਸਮਾਂ ਪਾ ਕੇ ਇਹ ਰੁਚੀ ਇਸ ਹੱਦ ਤਕ ਵਧੀ ਕਿ ਆਉਣ ਵਾਲੇ ਲਗਭਗ ਤਿੰਨ ਸੌ ਸਾਲਾਂ ਤਕ ਹਿੰਦੂ ਸਿੱਖ ਵਿਦਵਾਨਾਂ ਦੀ ਮੁੱਖ ਸਾਹਿੱਤਕ ਭਾਸ਼ਾ ਬ੍ਰਜੀ ਹੀ ਬਣ ਗਈ । ਭਾਈ ਵੀਰ ਸਿੰਘ ਨਾਲ ਮੁੜ ਸ਼ੁੱਧ ਪੰਜਾਬੀ ਦਾ ਰਿਵਾਜ ਪਿਆ, ਜਿਨ੍ਹਾਂ ਨੇ ਸਾਹਿੱਤਕ ਸਿਰਜਣਾ ਲਈ ਮਾਤ ਭਾਸ਼ਾ ਨੂੰ ਪਹਿਲ ਦੇ ਕੇ ਆਉਣ ਵਾਲੇ ਸਭ ਸਾਹਿੱਤਕਾਰਾਂ ਨੂੰ ਬ੍ਰਜੀ ਪ੍ਰਭਾਵ ਤੋਂ ਮੁਕਤ ਕੀਤਾ ।
ਭਾਈ ਗੁਰਦਾਸ ਦੁਆਰਾ ਰਚੀਆਂ ਗਈਆਂ 39 ਵਾਰਾਂ ਦੀ ਬੋਲੀ ਸ਼ੁੱਧ ਪੰਜਾਬੀ ਹੈ, ਜਿਹੜੀ ਸਾਡੀ ਅੱਜ ਦੀ ਭਾਸ਼ਾ ਦੇ ਬਹੁਤ ਨੇੜੇ ਹੈ। ਕਈ ਵਿਦਵਾਨ ਭਾਈ ਗੁਰਦਾਸ ਦੁਆਰਾ ਰਚੀਆਂ ਵਾਰਾਂ ਦੀ ਗਿਣਤੀ 41 ਦੱਸਦੇ ਹਨ, ਪਰ 40ਵੀਂ ਤੇ 41ਵੀਂ ਵਾਰ ਦੀ ਅੰਦਰਲੀ ਗਵਾਹੀ ਤੇ ਖੋਜ ਦੁਆਰਾ ਸਿੱਧ ਹੋ ਚੁੱਕਾ ਹੈ ਕਿ ਇਹ ਦੂਜੇ ਗੁਰਦਾਸ ਦੀਆਂ ਹਨ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਸੀ । 41ਵੀਂ ਵਾਰ ਦੀਆਂ ਹੇਠ ਲਿਖੀਆਂ ਤੁਕਾਂ ਉਪਰੋਕਤ ਕਥਨ ਦੀ ਪੁਸ਼ਟੀ ਕਰਦੀਆਂ ਹਨ :
ਪੀਓ ਪਹੁਲ ਖੰਡੇਧਾਰ ਹੁਇ ਜਨਮ ਸੁਹੇਲਾ।
ਸੰਗਤਿ ਕੀਨੀ ਖਾਲਸਾ, ਮਨਮੁਖੀ ਦੁਹੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰ ਚੇਲਾ।
ਜਿਸ ਤਰ੍ਹਾਂ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਭਾਈ ਗੁਰਦਾਸ ਦੀ ਸਮੁੱਚੀ ਰਚਨਾ ਦਾ ਵਿਸ਼ਾ ਗੁਰਮਤਿ ਦੀ ਵਿਆਖਿਆ ਹੈ। ਪਹਿਲੀਆਂ 19 ਵਾਰਾਂ ਦਾ ਵਿਸ਼ਾ ਗੁਰੂ ਤੇ ਸੰਗਤ ਦੀ ਮਹਾਨਤਾ, ਸਿੱਖ ਦਾ ਆਦਰਸ਼ਕ ਆਚਰਣ, ਸੰਸਾਰ ਦੀ ਉਤਪਤੀ ਆਦਿ ਹੈ। ਪਹਿਲੀ ਵਾਰ ਵਿਚ ਗੁਰੂ ਨਾਨਕ ਤੇ ਹੋਰ ਗੁਰੂਆਂ ਦਾ ਜੀਵਨ ਬ੍ਰਿਤਾਂਤ ਅਤੇ ਇਸਲਾਮ ਤੇ ਹੋਰ ਭਾਰਤੀ ਧਰਮਾਂ ਦਾ ਦਾਰਸ਼ਨਿਕ ਵਿਸ਼ਲੇਸ਼ਣ ਹੈ। 20ਵੀਂ ਵਾਰ ਤੋਂ 28ਵੀਂ ਵਾਰ ਵਿਚ ਸਿੱਖ ਧਰਮ ਦਾ ਹੋਰ ਧਰਮਾਂ ਨਾਲੋਂ ਫਰਕ ਦੱਸ ਕੇ ਸਿੱਖੀ ਦੀ ਵਿਸ਼ੇਸ਼ਤਾ ਦਰਸਾਈ ਹੈ। ਵਾਰ ਨੰਬਰ 30 ਤੋਂ 38 ਵਿਚ ਸਿੱਖੀ ਦੇ ਵਿਰੋਧੀਆਂ ਦਾ ਪਾਜ ਉਘਾੜ ਕੇ, ਗੁਰੂ ਸਾਹਿਬਾਂ ਦੇ ਧਰਮ ਦੀ ਉੱਚਤਾ ਦੱਸੀ ਹੈ। 39ਵੀਂ ਵਾਰ ਮੁੰਦਾਵਣੀ ਦੇ ਰੂਪ ਵਿਚ ਹੈ। ਇਨ੍ਹਾਂ ਵਾਰਾਂ ਵਿਚ ਭਾਰਤੀ ਦਰਸ਼ਨ ਤੇ ਮਿਥਿਹਾਸ, ਭਾਰਤੀ ਧਰਮ- ਗ੍ਰੰਥਾਂ, ਸਮਾਜਿਕ, ਧਾਰਮਿਕ ਤੇ ਰਾਜਸੀ ਅਧੋਗਤੀ ਦਾ ਹਾਲ ਤੇ ਸਿੱਖ ਫਲਸਫ਼ੇ ਤੇ ਪ੍ਰਚਾਰ ਦਾ ਇਤਿਹਾਸ ਆਦਿ ਸਹਿਜ ਸੁਭਾ ਹੀ ਆ ਗਏ ਹਨ।
ਆਪਣੀ ਪਹਿਲੀ ਵਾਰ ਵਿਚ ਭਾਈ ਸਾਹਿਬ, ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਦਸ਼ਾ ਨੂੰ ਇਸ ਤਰ੍ਹਾਂ ਚਿਤਰਦੇ ਹਨ :
ਕਲਿ ਆਈ ਕੁਤੇ ਮੁਹੀ, ਖਾਜੁ ਹੋਇਆ ਮੁਰਦਾਰ ਗੁਸਾਈਂ
ਰਾਜੇ ਪਾਪ ਕਮਾਂਵਦੇ, ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨ, ਕੂੜ ਕੁਸਹਿ ਮੁਖਹੁ ਆਲਾਈ।
ਚੇਲੇ ਸਾਜ ਵਜਾਇੰਦੇ, ਨਚਨਿ ਗੁਰੂ ਬਹੁਤ ਬਿਧ ਭਾਈ।
ਸੇਵਕ ਬੈਠਨਿ ਘਰਾਂ ਵਿਚ, ਗੁਰ ਉਠ ਘਰੀਂ ਤਿਨਾਂੜੇ ਜਾਈ।
ਕਾਜੀ ਹੋਇ ਰਿਸਵਤੀ, ਵੱਢੀ ਲੈ ਕੇ ਹੱਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤੁ, ਭਾਵੇਂ ਆਇ ਕਿਥਾਊਂ ਜਾਈ ।
ਵਰਤਿਆ ਪਾਪ ਸਭਸ ਜਗ ਮਾਹੀ ।
ਗੁਰੂ ਨਾਨਕ ਦੇ ਆਗਮਨ ਨਾਲ ਜੋ ਤਬਦੀਲੀ ਆਈ ਤੇ ਜਿਸ ਤਰ੍ਹਾਂ ਪਾਪ ਤੇ ਅਗਿਆਨਤਾ ਦਾ ਹਨੇਰਾ ਦੂਰ ਹੋਇਆ, ਉਸ ਦਾ ਵਰਣਨ, ਏਸੇ ਵਾਰ ਵਿਚ ਭਾਈ ਗੁਰਦਾਸ ਇਸ ਤਰ੍ਹਾਂ ਕਰਦੇ ਹਨ :
ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਧ ਜਗ ਚਾਨਣ ਹੋਆ।
ਜਿਉ ਕਰ ਸੂਰਜ ਨਿਕਲਿਆ, ਤਾਰੇ ਛਪਿ ਅੰਧੇਰ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰ ਧਰੋਆ।
ਜਿੱਥੇ ਬਾਬਾ ਪੈਰ ਧਰੈ, ਪੂਜਾ ਆਸਣੁ ਥਾਪਣਿ ਸੋਆ।
ਸਿੱਧ ਆਸਣਿ ਸਭਿ ਜਗਤ ਦੇ, ਨਾਨਕ ਆਦਿ ਮਤੇ ਜੋ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ਨਉਂ ਖੰਡਿ ਪ੍ਰਿਥਵੀ ਸੱਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ।
ਜਿਥੇ ਆਪ ਨੇ ਦਾਰਸ਼ਨਿਕ ਤੇ ਅਧਿਆਤਮਿਕ ਵਿਸ਼ਿਆਂ ਨੂੰ ਬੜੀ ਸੁਗਮਤਾ ਤੇ ਪੂਰਨ ਸਪੱਸ਼ਟਤਾ ਨਾਲ ਨਿਭਾਇਆ ਹੈ, ਉਥੇ ਆਪਣੇ ਵਿਚਾਰਾਂ ਨੂੰ ਉੱਤਮ ਕਲਾ ਦਾ ਰੂਪ ਦੇਣ ਵਿਚ ਵੀ ਆਪ ਦੀ ਘਾਲਣਾ ਬੇ- ਮਿਸਾਲ ਹੈ। ਆਪ ਨੇ ਵਾਰ ਕਾਵਿ-ਰੂਪ ਨੂੰ ਗੁਰੂ ਸਾਹਿਬਾਨ ਵਾਂਗ, ਬੀਰ ਭਾਵਾਂ ਦੀ ਬਜਾਇ ਅਧਿਆਤਮਿਕ ਮਨੋਰਥਾਂ ਲਈ ਅਪਣਾਇਆ ਤੇ ਇਸ ਲਈ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ।
ਆਪ ਇਕ ਬਲਵਾਨ ਤੇ ਸ੍ਰੇਸ਼ਟ ਕਲਪਨਾ ਦੇ ਮਾਲਕ ਸਨ, ਜਿਸ ਸਦਕਾ ਬ੍ਰਹਿਮੰਡ ਤੇ ਸਾਰੀ ਸ੍ਰਿਸ਼ਟੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਸਨ । ਏਸੇ ਕਲਪਨਾ ਦੇ ਸਹਾਰੇ ਅਤੀਤ ਦੇ ਅਦ੍ਰਿਸ਼ਟ ਸੰਸਾਰ ਨੂੰ ਸਾਡੇ ਦ੍ਰਿਸ਼ਟੀਗੋਚਰ ਕਰ ਦਿੰਦੇ ਹਨ ਤੇ ਇਨ੍ਹਾਂ ਨੂੰ ਆਪਣੀ ਰਚਨਾ ਵਿਚ ਭਿੰਨ-ਭਿੰਨ ਚਿੱਤਰਾਂ ਤੇ ਬਿੰਬਾਂ ਦੁਆਰਾ ਰੂਪਮਾਨ ਕਰਦੇ ਹਨ। ਆਪ ਦੀ ਅਲੰਕਾਰ-ਯੋਜਨਾ ਵੀ ਹੈਰਾਨ ਕਰਨ ਵਾਲੀ ਹੈ। ਜੜ੍ਹ ਵਸਤੂਆਂ ਨੂੰ ਚੇਤੰਨ ਗੁਣਾਂ ਵਾਲੇ ਦਰਸਾ ਕੇ, ਸਾਧਾਰਨ ਤੋਂ ਸਾਧਾਰਨ ਵਸਤੂ ਨੂੰ ਆਧਾਰ ਬਣਾ ਕੇ, ਰੂ-ਕਾਂ, ਉਪਮਾਵਾਂ ਤੇ ਦ੍ਰਿਸ਼ਟਾਂਤਾਂ ਦੀ ਝੜੀ ਲਾ ਦਿੰਦੇ ਹਨ। ਇਕ ਚੀਜ਼ ਦੇ ਗੁਣ, ਕਰਮ ਤੇ ਸੁਭਾ ਨੂੰ ਬਿਆਨਣ ਲਈ ਚੁਣ ਚੁਣ ਕੇ ਮਿਸਾਲਾਂ ਦਿੰਦੇ ਤੇ ਅੰਤਲੀ ਤੁਕ ਤੇ ਆ ਕੇ ਆਪਣੇ ਮਨੋਰਥ ਜਾਂ ਸਿਧਾਂਤ ਦੀ ਪੁਸ਼ਟੀ ਵਜੋਂ ਕਿਸੇ ਪਰਮ ਸਚਾਈ ਨੂੰ ਬਿਆਨ ਕਰਦੇ ਹਨ । ਝੂਠੇ ਜਾਂ ਸਾਂਗਧਾਰੀ ਗੁਰੂ ਦਾ ਸਿੱਖ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ, ਇਸ ਨੂੰ ਬਿਆਨ ਕਰਨ ਲੱਗਿਆਂ ਆਪ ਦੀ ਕਲਾ ਦਾ ਕਮਾਲ ਦੇਖੋ :
ਜੇ ਮਾਂ ਪੁੱਤੇ ਵਿੱਸ ਦੇਇ, ਤਿਸ ਤੇ ਕਉਣ ਪਿਆਰਾ ।
ਜੇ ਘਰ ਭੰਨੇ ਪਾਹਰੂ, ਕੌਣ ਰੱਖਣਹਾਰਾ ।
ਬੇੜੀ ਡੋਬੇ ਪਾਤਣੀ, ਕੌਣ ਪਾਰ ਉਤਾਰਾ।
ਆਗੂ ਲੈ ਉਝੜ ਪਵੇ, ਕਿਸ ਕਰੇ ਪੁਕਾਰਾ।
ਜੇਕਰ ਖੋਤੇ ਖਾਇ ਵਾੜ, ਕੋ ਲਏ ਨਾ ਸਾਰਾ।
ਜੇ ਗੁਰ ਭਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰਾ।
ਭਾਈ ਗੁਰਦਾਸ ਦੀ ਅਗਲੀ ਖੂਬੀ ਆਪ ਦਾ ਸੰਜਮੀ ਤੇ ਸੂਤ੍ਰਿਕ ਬਿਆਨ ਹੈ । ਇੱਕੋ ਤੁਕ ਵਿਚ ਕਈ ਵਾਰੀ ਪੂਰੀ ਕਥਾ ਬਿਆਨ ਕਰ ਦਿੰਦੇ ਹਨ, ਜਿਨ੍ਹਾਂ ਤੋਂ ਜਿਥੇ ਆਪ ਦੇ ਬਹੁ-ਪੱਖੀ ਤੇ ਅਸੀਮ ਗਿਆਨ ਦੀ ਸੋਝੀ ਹੁੰਦੀ ਹੈ, ਉਥੇ ਅਜਿਹੀ ਰਚਨਾ ਦੇ ਭਾਵਾਂ ਦੀ ਸਮਝ ਤਾਂ ਹੀ ਪੈਂਦੀ ਹੈ ਜੇ ਉਨ੍ਹਾਂ ਵਿਚ ਆਏ ਹਵਾਲਿਆਂ ਜਾਂ ਸੰਕੇਤਾਂ ਦੀ ਪਾਠਕ ਨੂੰ ਪਹਿਲਾਂ ਹੀ ਸੂਝ ਜਾਂ ਜਾਣਕਾਰੀ ਹੋਏ । ਉਦਾਹਰਣ ਲਈ:
ਵੈਦ ਚੰਗੇਰੀ ਉਠਣੀ, ਲੈ ਸਿਲ ਵੱਟਾ ਕਚਰਾ ਭੰਨਾ।
ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਵਣ ਰੰਨਾ।
ਪਕੜ ਚਲਾਇਆ ਰਾਵਲੈ, ਪਾਉਂਦੀ ਉਘੜ ਗਏ ਸੁਕੰਨਾ ।
ਮਾਣਸ ਦੇਹੀ ਪਸੂ ਉਤਪੰਨਾ।
ਜਾਂ
ਭਗਤ ਭਗਤ ਜਗਿ ਵੱਜਿਆ, ਚਹੁੰ ਕੂੰਟਾਂ ਦੇ ਵਿਚ ਚਮਰੇਟਾ ।
ਪਾਣਾ ਗੰਢੈ ਰਾਹ ਵਿਚ, ਕੁਲਾ ਧਰਮ ਢੇਇ ਢੇਰ ਸਮੇਟਾ।
ਜਿਉਂ ਕਰਿ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਮੇਟਾ।
ਚਹੁੰ ਵਰਨਾ ਉਪਦੇਸਦਾ ਗਿਆਨ ਧਿਆਨ ਕਰ ਭਗਤਿ ਸਹੇਟਾ।
ਨਾਵਣਿ ਆਇਆ ਸੰਗੁ ਮਿਲ, ਬਨਾਰਸ ਕਰਿ ਰੰਗਾ ਬੇਟਾ।
ਕਢਿ ਕਸੀਰਾ ਸਉਪਿਆ, ਰਵਿਦਾਸੇ ਗੰਗਾ ਦੀ ਭੇਟਾ।
ਲਗਾ ਪੁਰਬ ਅਭੀਰ ਦਾ, ਡਿੱਠਾ ਚਲਿਤ ਅਚਰਜ ਅਮੇਟਾ।
ਲਾਇਆ ਕਸੀਰਾ ਹਥਿ ਕਢਿ, ਸੂਤ੍ਰ ਇਕ ਜਿਉਂ ਤਾਣਾ ਪੇਟਾ।
ਭਗਤ ਜਨਾ ਹਰਿ ਮਾਂ ਪਿਓ ਬੇਟਾ।
ਏਸੇ ਤਰ੍ਹਾਂ ਕਈ ਵਾਰ ਆਪ ਇੱਕੋ ਤੱਥ ਦੀ ਪੁਸ਼ਟੀ ਵਜੋਂ ਅਜਿਹੀਆਂ ਭਿੰਨ-ਭਿੰਨ ਮਿਸਾਲਾਂ ਦਿੰਦੇ ਹਨ ਕਿ ਸਾਰੀਆਂ ਦੀਆਂ ਸਾਰੀਆਂ ਤੁਕਾਂ ਅਖਾਣ ਬਣਨ ਦੇ ਸਮਰੱਥ ਹੋ ਕੇ, ਲੋਕ-ਮੂੰਹਾਂ ਤੇ ਚੜ੍ਹ ਜਾਂਦੀਆਂ ਹਨ :
ਗਿੱਦੜ ਦਾਖ ਨਾ ਅਪੜੈ, ਆਖੇ ਥੁ ਕਉੜੀ।
ਨਚਣ ਨੱਚ ਨਾ ਜਾਣਦੀ, ਆਖੇ ਭੂੰਇ ਸਉੜੀ।
ਬੋਲੈ ਅਗੈ ਗਾਵੀਐ, ਭੈਰਉਂ ਸੋ ਗਉੜੀ।
ਹੰਸਾਂ ਨਾਲ ਟਟੀਹਰੀ, ਕਿਉਂ ਪਹੁੰਚੇ ਦਉੜੀ।
ਸਾਵਣ ਵਣ ਹਰਿਆਵਲ, ਅੱਜ ਜੰਮੇ ਆਉੜੀ।
ਬੇ ਮੁਖ ਸੁਖ ਨਾ ਦੇਖਈ, ਜਿਉਂ ਛੁਟੜ ਛਉੜੀ।
ਭਾਈ ਗੁਰਦਾਸ ਹਾਸ ਤੇ ਵਿਅੰਗਮਈ ਸ਼ੈਲੀ ਦੇ ਵੀ ਉਸਤਾਦ ਸਨ । ਮੂਰਖਾਂ ਦਾ ਸੰਗ ਕਿਵੇਂ ਰਾਵਾਂ- ਰੌਲੀ ਬਣ ਜਾਂਦਾ ਹੈ, ਇਸ ਵਿਚਾਰ ਨੂੰ ਦਰਸਾਉਣ ਲਈ ਭਾਈ ਗੁਰਦਾਸ ਜੀ ਦਾ ਬਿਆਨ ਵੇਖੋ:
ਠੰਡੈ ਖੂਹਹੁੰ ਨ੍ਹਾਏ ਕੈ, ਪੱਗ ਵਿਸਾਰ ਆਇਆ ਸਿਰ ਨੰਗੈ।
ਘਰ ਵਿਚ ਰੰਨਾ ਕਮਲੀਆਂ, ਧੁਸੀ ਲੀਤੀ ਵੇਖ ਕੁਢਗੈ।
ਰੰਨਾ ਦੇਖ ਪਿਟਾਂਦੀਆਂ, ਢਾਹਾਂ ਮਾਰ ਹੋਇ ਨਿਸੰਗੈ।
ਲੋਕ ਸਿਆਪੇ ਆਇਆ, ਰੰਨਾ ਪੁਰਖ ਜੁੜੇ ਲੈ ਖੰਗੈ।
ਨਾਇਣ ਪੁਛਦੀ ਪਿਟਦੀਆਂ, ਕਿੱਤ ਦੇ ਨਾਇ ਅਲਾਹੁਣੀ ਅੰਗੈ।
ਸਹੁਰੇ ਪਛਹ ਜਾਇਕੇ, ਕਉਣ ਮੂਆ ਨੂੰਹ ਉੱਤਰ ਮੰਗੈ।
ਕਾਵਾਂ ਰੌਲਾ ਮੂਰਖ ਸੰਗੈ ।
ਇਹੋ ਜਿਹੀਆਂ ਹੋਰ ਅਨੇਕ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਭਾਈ ਸਾਹਿਬ ਦੀ ਕਾਵਿ-ਕਲਾ ਦੇ ਪ੍ਰਮਾਣ ਮਿਲ ਸਕਦੇ ਹਨ । ਵਿਸ਼ੇ ਅਨੁਸਾਰ ਆਪ ਦੀ ਕਾਵਿ-ਬੋਲੀ ਬਦਲ ਜਾਂਦੀ ਹੈ । ਗੰਭੀਰ ਵਿਸ਼ੇ ਲਈ ਗੰਭੀਰ ਸ਼ਬਦਾਵਲੀ, ਦਾਰਸ਼ਨਿਕ ਤੇ ਅਧਿਆਤਮਿਕ ਵਿਸ਼ਿਆਂ ਲਈ ਢੁਕਵੀਂ ਤੇ ਅਨੁਕੂਲ ਚੋਣ, ਹਰ ਵਿਸ਼ੇ ਨੂੰ ਤਰਤੀਬ ਵਿਚ ਬੰਨ੍ਹਣਾ, ਉਸਾਰਨਾ ਤੇ ਅਖੀਰ ਵਿਚ ਆ ਕੇ ਸਾਰੀ ਗੱਲ ਦਾ ਕਿਸੇ ਪਰਮ ਤੱਤ ਜਾਂ ਪਰਮ ਸਚਿਆਈ ਦੁਆਰਾ ਨਿਪਟਾਰਾ ਕਰਨਾ, ਆਪ ਦੀ ਰਚਨਾ ਦੀ ਇਕ ਹੋਰ ਖੂਬੀ ਹੈ । ਨਿਰਸੰਦੇਹ ਮੱਧ-
ਕਾਲ ਦੇ ਸਾਰੇ ਕਵੀਆਂ ਵਿਚੋਂ ਆਪ ਸ਼ਰੋਮਣੀ ਪਦਵੀ ਦੇ ਹੱਕਦਾਰ ਹਨ।
ਭਗਤ ਛੱਜੂ (ਮ੍ਰਿਤੂ 1642 ਈ): ਆਪ ਲਾਹੌਰ ਦੇ ਰਹਿਣ ਵਾਲੇ, ਜਾਤ ਦੇ ਭਾਟੀਆ ਤੇ ਸਰਾਫੀ ਦਾ ਕੰਮ ਕਰਨ ਵਾਲੇ ਉੱਘੇ ਭਗਤ ਹੋਏ ਹਨ। ਆਪ ਜਹਾਂਗੀਰ ਦੇ ਸਮਕਾਲੀ ਸਨ । ਸ਼ਾਇਦ ਲੋਕ-ਮੂੰਹਾਂ ਤੇ ਚੜ੍ਹੀ ਹੇਠ ਲਿਖੀ ਉਕਤੀ ਏਸੇ ਛੱਜੂ ਭਗਤ ਦੀ ਹੈ :
ਜੋ ਸੁਖ ਛੱਜੂ ਦੇ ਚੁਬਾਰੇ ।
ਉਹ ਨਾ ਬਲਖ਼ ਨਾ ਬੁਖ਼ਾਰੇ।
ਛੱਜੂ ਭਗਤ ਵੈਰਾਗੀ ਸਨ ਤੇ ਇਸਤਰੀਆਂ ਨੂੰ ਨਾਥਾਂ ਜੋਗੀਆਂ ਵਿਚ ਬੇਹੱਦ ਨਿੰਦਦੇ ਸਨ । ਆਪ ਨੇ ਬਹੁਤੀ ਰਚਨਾ ਨਹੀਂ ਕੀਤੀ। ਆਪ ਦੀ ਭਾਸ਼ਾ ਵੀ ਪੁਰਾਣੀ ਕਿਸਮ ਦੀ ਹੈ । ਲੋਕਾਂ ਨੂੰ ਆਪਣੇ ਸ਼ਲੋਕਾਂ ਰਾਹੀਂ ਸਿੱਧੇ ਪੱਧਰੇ ਢੰਗ ਨਾਲ ਉਪਦੇਸ਼ ਦਿੱਤੇ ਹਨ। ਇਸਤਰੀ ਨਿੰਦਿਆ ਦੀਆਂ ਉਦਾਹਰਣਾਂ ਦੇਖੋ :
ਕਾਗਦ ਸੰਦੀ ਪੁਤਲੀ, ਤਓ ਨਾ ਤ੍ਰਿਆ ਨਿਹਾਰ ।
ਯੋਹੀ ਮਾਰ ਲਿਜਾਵਹੀ, ਯਥਾ ਬਲੋਚਨ ਧਾੜ।
ਜਾਂ
ਨਾਰੀ ਨਤਵਾਰੀ ਇਕ ਉੱਜਲ ਥੀਆਂ ਤਿੱਖੀਆਂ।
ਛੱਜੂ ਮਾਰਨ ਬਿਭਚਾਰੀ, ਬਿਬੇਕੀ ਤੇ ਉਬਰੇ।
ਇਕ ਵਿਚਾਰ ਇਹ ਵੀ ਹੈ ਕਿ ਇਸਤਰੀ ਨਿੰਦਿਆ ਕਰਕੇ ਹੀ ਆਪ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਾ ਹੋ ਸਕੀ । ਰਚਨਾ ਦੇ ਕੁਝ ਕੁ ਹੋਰ ਨਮੂਨੇ ਦੇਖੋ:
(1) ਨਾ ਕੋ ਦਿਸੈ ਜਿਉਂਦਾ, ਨਾ ਕੋ ਮੁਇਆ।
ਛੱਜੂ ਏਹੁ ਜਗ ਸੱਚੇ ਦਾ ਪੇਖਾ, ਦਿਸੇ ਨਿਤ ਨਇਆ।
(2) ਜੇ ਲੋੜਹਿ ਸੁਖ ਮਾਣਿਆਂ, ਕਰ ਸਾਧਾਂ ਦਾ ਸੰਗਿ
ਛੰਜੂ ਸਾਧਾਂ ਕੇ ਸੰਗਿ ਮੇਂ, ਅੱਠੇ ਪਹਿਰ ਅਨੰਦ।
(3) ਏਹ ਦਿਲ ਅਜਬ ਕਤਾਬ, ਹਰਫ ਨਾ ਦੂਜਾ ਲਿਖੀਐ।
ਸੋ ਦਮ ਕਿੱਤ ਹਿਸਾਬ, ਜਿਤ ਦਮ ਸਾਈਂ ਵਿਸਰੇ ।
ਜੱਲ੍ਹਣ (ਮ੍ਰਿਤੂ 1644 ਈ.) : ਜੱਲ੍ਹਣ ਜਾਤ ਦਾ ਸੰਧੂ ਜੱਟ ਸੀ । ਇਸ ਦਾ ਜਨਮ ਪਿੰਡ ਭਡਾਣਾ ਜ਼ਿਲ੍ਹਾ ਲਾਹੌਰ ਵਿਚ ਸੋਲ੍ਹਵੀਂ ਸਦੀ ਦੇ ਅਖੀਰ ਵਿਚ ਹੋਇਆ। ਜੱਲ੍ਹਣ ਦੀਆਂ 313 ਸਾਖੀਆਂ ਤੇ 42 ਬਿਸ਼ਨਪਦੇ ਮਿਲਦੇ ਹਨ । ਸਾਰੀ ਰਚਨਾ ਦੇਹੜਿਆਂ ਵਿਚ ਹੈ । ਆਪ ਨੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਬੜੇ ਹਾਸ- ਰਸੀ ਢੰਗ ਨਾਲ ਪੇਸ਼ ਕੀਤਾ ਹੈ। ਬੋਲੀ ਠੇਠ ਤੇ ਸ਼ੁੱਧ ਹੈ। ਕਵਿਤਾ ਵਿਚ ਰਸ. ਲੈ ਤੇ ਰਵਾਨੀ ਹੈ । ਜੱਲ੍ਹਣ ਨੇ ਬੜੇ ਸਿੱਧੇ ਪੱਧਰੇ ਢੰਗ ਨਾਲ ਆਪਣੀ ਗੱਲ ਨੂੰ ਪੇਸ਼ ਕੀਤਾ ਹੈ । ਜੱਲ੍ਹਣ ਦੀ ਭਗਤੀ ਕਰਨ ਵਾਲੀ ਮਾਲਾ ਦਾ ਵਰਣਨ ਦੇਖੋ :
ਵੱਡਾ ਕਿੱਕਰ ਵੱਢ ਕੇ, ਜਪ-ਮਾਲ ਬਣਾਇਆ।
ਉਚੇ ਟਿੱਬੇ ਬਹਿ ਕੇ, ਠਾਹ ਠਾਹ ਵਜਾਇਆ।
ਲੋਕਾਂ ਦੀਆਂ ਜਮ ਮਾਲੀਆਂ, ਜੱਲ੍ਹਣ ਦਾ ਜਪ-ਮਾਲ
ਸਾਰੀ ਉਪਰ ਜਪੇਂਦਿਆਂ, ਇਕ ਨਾ ਖੁਥਾ ਵਾਲ।
ਜੱਲ੍ਹਣ ਦੀ ਰਚਨਾ ਦੇ ਕੁਝ ਕੁ ਹੋਰ ਨਮੂਨੇ ਦੇਖੋ :
(1) ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਹਿਆ।
ਬੁਢੇ ਹੋ ਕੇ ਮਾਲਾ ਫੇਰੀ, ਰੱਬ ਦਾ ਉਲਾਮ੍ਹਾ ਲਾਹਿਆ।
(2) ਪੁੱਤਾਂ ਨੂੰ ਲੈ ਗਈਆਂ ਨੂੰਹਾਂ, ਧੀਆਂ ਨੂੰ ਲੈ ਗਏ ਹੋਰ।
ਬੁਢਾ ਬੁਢੀ ਇਉਂ ਬੈਠੇ, ਜਿਉਂ ਸੰਨ੍ਹ ਲਾ ਗਏ ਚੋਰ।
(3) ਅੰਨ ਵਹੁਟੀ, ਅੰਨ ਲਾੜਾ, ਅੰਨ ਦਾ ਵਿਹਾਰ ਸਾਰਾ
ਅੰਨ ਮੋਟਾ ਅੰਨ ਜਾੜ੍ਹਾ, ਅੰਨ ਰੋਵੇ ਅੰਨ ਹੱਸੇ।
ਜੱਲ੍ਹਣ ਜਿਸ ਘਰ ਅੰਨ ਨਾ ਪੱਕੇ,
ਨਾ ਕੋਈ ਰੋਏ, ਨਾ ਕੋਈ ਹੱਸੇ।
(4) ਹੱਥੀਂ ਦੇਈਏ, ਹੱਥੀਂ ਲੇਈਏ, ਹੱਥੀਂ ਬੰਨ੍ਹੀਏ ਪੱਲੇ।
ਐਸਾ ਕੋਈ ਨਾ ਜੱਲ੍ਹਣਾ, ਜੋ ਮੁਇਆਂ ਨੂੰ ਘੱਲੇ।
ਭਗਤ ਕਾਨ੍ਹਾ : ਭਗਤ ਕਾਨ੍ਹਾ ਲਾਹੌਰ ਦਾ ਰਹਿਣ ਵਾਲਾ ਸੀ । ਇਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ। ਆਪ ਦੀ ਕਵਿਤਾ ਉੱਤੇ ਵੇਦਾਂਤ ਦੀ ਰੰਗਣ ਹੈ ਜਾਂ ਸੂਫੀ ਕਵੀ ਸ਼ਾਹ ਹੁਸੈਨ ਦਾ ਪ੍ਰਭਾਵ ਦਿਖਾਈ ਦਿੰਦਾ ਹੈ । ਕਵਿਤਾ ਵਿਚ ਪਕੇਰਾਪਨ ਹੈ ਅਤੇ ਵਹਾ ਜਾਂ ਰਵਾਨੀ ਕਰ ਕੇ ਸਾਰੀ ਰਚਨਾ ਤਾਲ-ਬੱਧ ਹੈ । ਉਦਾਹਰਣ ਲਈ:
ਅਉਝੜ ਪੰਥ ਪ੍ਰੇਮ ਦੇ ਪੈਂਡੇ, ਮੈਂ ਇਕ ਇਕੱਲੜੀ ਮੁੱਠੀ ।
ਗੜੀ ਸਾਂਗ ਲਗੀ ਤਨ ਮੇਰੇ, ਕਰਕ ਕਲੇਜੇ ਨੂੰ ਉੱਠੀ ।
ਜੇ ਸਉ ਆਖੇ ਮੁੜਸਾਂ ਨਾਹੀਂ, ਜੇਕਰ ਕੱਢੇ ਖੱਲ ਅਪੁੱਠੀ ।
ਕਾਨ੍ਹਾਂ ਕਹੇ ਮੈਂ ਬਲਿ ਚੜ੍ਹ ਕੂਕਾਂ, ਮੈਂ ਇਸ਼ਕ ਪੁੰਨੂੰ ਦੇ ਲੁੱਠੀ ।
ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਆਪ ਦੀ ਰਚਨਾ ਨੂੰ ਗੁਰੂ ਆਸ਼ਿਆਂ ਵਿਰੁੱਧ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤਾ ਗਿਆ। ਵਿਸ਼ੇਸ਼ ਕਰ ਕੇ ਉਸ ਦੀ ਰਚਨਾ ਦੇ ਅਪਸਾਰੀ, ਨਿਰਾਸ਼ਾਵਾਦੀ ਤੇ ਵੈਰਾਗਮਈ ਭਾਵਾਂ ਕਰਕੇ, ਜਿਸ ਦੀ ਉਦਾਹਰਣ ਹੇਠ ਲਿਖੀ ਪਉੜੀ ਵਿਚੋਂ ਦੇਖੀ ਜਾ ਸਕਦੀ ਹੈ :
ਸਮਝ ਦਿਵਾਨਿਆਂ ਵੇ ਦੁਨੀਆਂ ਫਾਨੀ।
ਗਰਬ ਨ ਕੀਜੀਐ ਵੇ, ਯਾਰ ਰਾਹਿ ਹਵਾਨੀ ।
ਗਾਫਲ ਗਫਲਤ ਕਰੈ ਆਸਾਨੀ।
ਤੇ ਸਿਰ ਮੌਤ ਸਾਹਿਬ ਸੁਲਤਾਨੀ ।
ਕੋਈ ਅਮਲ ਨ ਕੀਤੇ, ਇਸ ਵਕਤ ਜੁਆਨੀ !
ਮੂੰਹ ਸਪੇਦੀਆਂ, ਮਰਗ ਨਿਸ਼ਾਨੀ ।
ਕਥਨੀ ਕਥ ਜੋ ਅਮਲ ਕਮਾਈ।
ਬੰਦਾ ਕਾਹਨਾ ਕਹਿ ਸਮਝਾਈ।
ਉਪਰੋਕਤ ਕਵੀਆਂ ਤੋਂ ਛੁੱਟ ਇਸੇ ਧਾਰਾ ਦੇ ਇਸੇ ਕਾਲ ਦੇ ਹੋਰ ਕਵੀਆਂ ਵਿਚ ਸੁਥਰਾ, ਪੀਲੂ, ਜੱਟਮਲ ਲਾਹੌਰੀ ਤੇ ਵਲੀ ਰਾਮ ਆਦਿ ਦੇ ਨਾਂ ਗਿਣਵਾਏ ਜਾ ਸਕਦੇ ਹਨ। ਜਿਨ੍ਹਾਂ ਭਗਤ ਕਵੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਹੈ, ਉਨ੍ਹਾਂ ਬਾਰੇ ਏਥੇ ਵੱਖਰੀ ਚਰਚਾ ਕਰਨ ਦੀ ਲੋੜ ਪ੍ਰਤੀਤ ਨਹੀਂ ਹੁੰਦੀ, ਕਿਉਂ ਜੋ ਇਕ ਤਾਂ ਉਨ੍ਹਾਂ ਦੀ ਸਮੁੱਚੀ ਰਚਨਾ ਗੁਰਮਤਿ ਦੇ ਆਸ਼ਿਆਂ ਦੇ ਅਨੁਕੂਲ ਸੀ, ਜਿਸ ਬਾਰੇ ਪਿੱਛੇ ਜ਼ਿਕਰ ਹੋ ਚੁੱਕਾ ਹੈ। ਦੂਜਾ ਬਹੁਤ ਸਾਰੇ ਭਗਤ ਕਵੀ ਪੰਜਾਬੋਂ ਬਾਹਰ ਦੇ ਸਨ ਤੇ ਉਨ੍ਹਾਂ ਦੀ ਰਚਨਾ ਪੰਜਾਬੀ ਵਿਚ ਨਾ ਹੋਣ ਕਰ ਕੇ, ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਉਨ੍ਹਾਂ ਦਾ ਜ਼ਿਕਰ ਕਰਨਾ ਉਚਿੱਤ ਪ੍ਰਤੀਤ ਨਹੀਂ ਹੁੰਦਾ ।
(ਸ) ਸੂਫੀ ਕਾਵਿ-ਧਾਰਾ
ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ-ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿੱਤ ਦੀ ਇਕ ਉੱਘੀ ਤੇ
ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ-ਕਾਲ ਵਿਚ ਹੀ ਬਾਬਾ ਫਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ । ਬਾਬਾ ਫਰੀਦ ਪਹਿਲੇ ਪੜਾ ਦਾ ਸੂਫ਼ੀ ਸੀ, ਜਿੱਥੇ ਇਸਲਾਮੀ ਸ਼ਰ੍ਹਾ ਦੇ ਨਿਯਮਾਂ ਦੀ ਕਰੜੀ ਪਾਲਣਾ ਕੀਤੀ ਜਾਂਦੀ ਸੀ ਅਤੇ ਹੱਜ, ਨਿਮਾਜ਼ਾ, ਰੋਜੇ ਤੇ ਜਕਾਤਾਂ ਉੱਤੇ ਜ਼ੋਰ ਦਿੱਤਾ ਹੁੰਦਾ ਸੀ । ਗੁਰੂ ਨਾਨਕ ਕਾਲ ਵਿਚ ਸੂਫੀ ਮੱਤ ਆਪਣੇ ਦੂਜੇ ਪੜਾ ਵਿਚ ਦਾਖਲ ਹੁੰਦਾ ਹੈ, ਜਿੱਥੇ ਸ਼ਰੀਅੱਤ ਦੀ ਥਾਂ ਤਰੀਕਤ, ਉੱਤੇ ਜ਼ੋਰ ਹੁੰਦਾ ਹੈ। ਸੂਫੀ ਮਤ ਵਿਚ ਭਾਰਤੀ ਵੈਦਾਂਤ ਤੇ ਭਗਵਤਵਾਦ ਦੇ ਪ੍ਰਭਾਵਾਂ ਨੇ ਰੂਪ ਤੇ ਵਿਸ਼ੇ ਦੇ ਪੱਖ ਤੋਂ ਕਾਫੀ ਤਬਦੀਲੀ ਲਿਆਂਦੀ । ਇਹ ਤਬਦੀਲੀ ਸਪੱਸ਼ਟ ਰੂਪ ਵਿਚ ਸ਼ਾਹ ਹੁਸੈਨ ਤੇ ਬੁਲ੍ਹੇ ਦੀ ਕਵਿਤਾ ਵਿਚੋਂ ਦੇਖੀ ਜਾ ਸਕਦੀ ਹੈ।
ਰੂਪ ਜਾਂ ਕਲਾ ਦੇ ਪੱਖ ਤੋਂ ਸੂਫੀਆਂ ਨੇ ਪੰਜਾਬ ਦੇ ਉਨ੍ਹਾਂ ਪ੍ਰਚਲਿਤ ਛੰਦਾਂ ਨੂੰ ਅਪਣਾਇਆ ਜਿਨ੍ਹਾਂ ਦੀ ਸਾਝ ਲੋਕਾਂ ਨਾਲ ਪਹਿਲਾਂ ਹੀ ਪੈ ਚੁੱਕੀ ਸੀ । ਜਿੱਥੇ ਬਾਬਾ ਫਰੀਦ ਨੇ ਦੋਹਾ ਛੰਦਾਂ ਦੀ ਵਰਤੋਂ ਕੀਤੀ ਉਥੇ ਸ਼ਾਹ ਹੁਸੈਨ ਨਾਲ ਕਾਫ਼ੀ ਤੇ ਸੁਲਤਾਨ ਬਾਹੂ ਨਾਲ ਦੋਹਿੜੇ ਤੇ ਸੀਹਰਫੀ ਦਾ ਰਿਵਾਜ ਪਿਆ । ਦੂਜਾ ਉੱਘੜਦਾ ਪੱਖ, ਨਿਰੋਲ, ਪੰਜਾਬੀ ਜੀਵਨ ਵਿਚੋਂ ਲਏ ਚਿੰਨ੍ਹ ਜਾਂ ਪ੍ਰਤੀਕ ਹਨ, ਜਿਨ੍ਹਾਂ ਨੂੰ ਸੂਫੀ ਕਵੀਆਂ ਨੇ ਆਪਣੇ ਅਧਿਆਤਮਿਕ ਅਨੁਭਵਾਂ ਦੇ ਪ੍ਰਗਟਾ ਲਈ ਵਰਤਿਆ । ਪ੍ਰਿੰਸੀਪਲ ਤੇਜਾ ਸਿੰਘ ਦਾ ਇਸ ਸੰਬੰਧੀ ਕਥਨ ਹੈ ਕਿ "ਪੰਜਾਬੀ ਸੂਫ਼ੀ ਕਵਿਤਾ ਵਿਚ ਹੁਣ ਦਜਲੇ ਤੇ ਫਰਾਤ ਨਾਲੋਂ ਝਨਾ ਤੇ ਸਤਲੁਜ ਸ਼ੂਕਣ ਲਗੇ ਅਤੇ ਹੀਰ-ਰਾਂਝਾ, ਸੱਸੀ-ਪੁੰਨੂੰ ਆਦਿ ਪ੍ਰੀਤ ਦੇ ਆਦਰਸ਼ਕ ਪ੍ਰਮਾਣ ਸਮਝੇ ਜਾਣ ਲਗੇ ।" ਸਥਾਨਕ ਚੋਗਿਰਦੇ ਵਿਚੋਂ ਨਿੱਤ ਜੀਵਨ ਦੀਆਂ ਸਾਧਾਰਨ ਵਸਤਾਂ, ਯਥਾ ਬੇੜੀ, ਪੱਤਣ, ਮਲਾਹ, ਚਰਖਾ, ਤਕਲਾ, ਮਾਹਲ, ਖੂਹ, ਟਿੰਡਾਂ ਆਦਿ ਨੂੰ ਲੈ ਕੇ ਇਨ੍ਹਾ ਦੁਆਰਾ ਸੂਫੀ ਰਹੱਸਵਾਦ ਦਾ ਪ੍ਰਗਟਾਵਾ ਕੀਤਾ ਜਾਣ ਲੱਗਾ, ਜਿਸ ਨਾਲ ਔਖੇ ਤੋਂ ਔਖੇ ਧਾਰਮਿਕ ਸਿਧਾਂਤ, ਲੋਕਾਂ ਦੀ ਸਮਝ ਵਿਚ ਸੌਖੀ ਤਰ੍ਹਾਂ ਆਉਣ ਲੱਗੇ।
ਗੁਰੂ ਨਾਨਕ ਕਾਲ ਦੇ ਉੱਘੇ ਸੂਫ਼ੀ ਕਵੀ ਇਹ ਹਨ :
(1) ਸ਼ਾਹ ਹੁਸੈਨ (1539 ਤੋਂ 1593 ਈ.)
(2) ਸੁਲਤਾਨ ਬਾਹੂ (1631 ਤੋਂ 1691 ਈ.)
(3) ਸ਼ਾਹ ਸ਼ਰਫ (1659 ਤੋਂ 1725 ਈ.)
(4) ਮੌਲਾਨਾ ਅਬਦੀ (ਜਨਮ ਮਰਨ ਦੀਆਂ ਪੱਕੀਆਂ ਤਾਰੀਖ਼ ਨਹੀਂ)
ਏਥੇ ਸੰਖੇਪ ਵਿਚ ਇਨ੍ਹਾਂ ਚੌਹਾਂ ਦੇ ਜੀਵਨ ਦੀਆਂ ਰਚਨਾਵਾਂ ਸੰਬੰਧੀ ਵਿਚਾਰ ਕੀਤੀ ਜਾ ਰਹੀ ਹੈ।
ਸ਼ਾਹ ਹੁਸੈਨ (1539 ਤੋਂ 1593 ਈ ਤਕ) : ਸ਼ਾਹ ਹੁਸੈਨ ਨੂੰ ਮਾਧੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ । ਆਪ ਦਾ ਜਨਮ 1539 ਈ. ਵਿਚ ਸ਼ੇਖ ਉਸਮਾਨ ਦੇ ਘਰ ਹੋਇਆ ਜਿਹੜੇ ਜੁਲਾਹਿਆਂ ਦਾ ਕੰਮ ਕਰਦੇ ਸਨ । ਇਸ ਸੰਬੰਧੀ ਸ਼ਾਹ ਹੁਸੈਨ ਦੀ ਰਚਨਾ ਵਿਚ ਵੀ ਹਵਾਲਾ ਮਿਲਦਾ ਹੈ :
ਨਾਉਂ ਹੁਸੈਨਾਂ ਤੇ ਜਾਤ ਜੁਲਾਹਾ,
ਗਾਲ੍ਹਾਂ ਦੇਂਦੀਆਂ ਤਾਣੀਆਂ ਵਾਲੀਆਂ।
ਆਪ ਬਚਪਨ ਤੋਂ ਹੀ ਬੜੇ ਸੂਝਵਾਨ ਸਨ। ਦਸ ਸਾਲ ਦੀ ਉਮਰ ਵਿਚ ਸਾਰਾ-ਕੁਰਾਨ ਜ਼ਬਾਨੀ ਯਾਦ ਕਰ ਕੇ ਹਾਫਿਜ਼ ਬਣ ਗਏ । ਬਾਰ੍ਹਾਂ ਵਰ੍ਹੇ ਤਕ ਆਪ ਨੇ ਦਾਤਾ ਗੰਜ ਬਖ਼ਸ਼ ਦੇ ਤਕੀਏ ਉੱਤੇ ਸੂਫ਼ੀ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਆਪਣੇ ਆਪ ਨੂੰ ਸ਼ਰ੍ਹਾ ਦੇ ਅਸੂਲਾਂ ਮੁਤਾਬਿਕ ਢਾਲਿਆ ਅਤੇ ਕਈ ਕਈ ਰਾਤਾਂ ਰਾਵੀ ਦਰਿਆ ਦੇ ਠੰਢੇ ਪਾਣੀ ਵਿਚ ਖੜ੍ਹੋ ਕੇ ਕੁਰਾਨ ਸ਼ਰੀਫ ਪੜ੍ਹਦੇ ਰਹੇ । ਹੁਸੈਨ ਨੇ ਆਪਣੀ ਜ਼ਿੰਦਗੀ ਦੇ ਪਹਿਲੇ 36 ਸਾਲ ਬੜੀ ਕਰੜੀ ਤਪੱਸਿਆ ਕੀਤੀ।
ਸ਼ਾਹ ਹੁਸੈਨ ਦੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੁੜੀਆਂ ਹੋਈਆਂ ਹਨ। ਇਕ ਕਰਾਮਾਤ ਇਹ ਹੈ ਕਿ ਜਦ ਆਪ ਪੀਰ ਸਾਦੁਅਲਾ ਦੇ ਚੇਲੇ ਬਣੇ ਤਾਂ ਸੂਫੀ ਮੱਤ ਦਾ ਅਜਿਹਾ ਰੰਗ ਚੜ੍ਹਿਆ ਕਿ ਉਨ੍ਹਾਂ ਨੇ ਕੁਰਾਨ ਸ਼ਰੀਫ ਨੂੰ ਖੂਹ ਵਿਚ ਵਗਾਹ ਮਾਰਿਆ। ਜਦ ਬਾਕੀ ਚੇਲਿਆਂ ਨੇ ਇਸ ਨੂੰ ਕੁਫਰ ਕਹਿ ਕੇ ਰੌਲਾ
ਪਾਇਆ ਤਾਂ ਆਪ ਦੇ ਹੁਕਮ ਨਾਲ ਕੁਰਾਨ ਸ਼ਰੀਫ ਖੂਹ ਵਿਚੋਂ ਬਾਹਰ ਆ ਗਿਆ, ਜਿਹੜਾ ਪਹਿਲਾ ਵਾਂਗ ਬਿਲਕੁਲ ਸੁੱਕਾ ਸੀ ।
ਦੂਜੀ ਕਰਾਮਾਤ ਮਾਧੋ ਲਾਲ ਨਾਲ ਸੰਬੰਧਿਤ ਹੈ। ਸ਼ਾਹਦਰੇ ਦੇ ਇਕ ਹਿੰਦੂ ਨੌਜਵਾਨ ਮਾਧੋ ਲਾਲ ਨਾਲ ਹੁਸੈਨ ਦਾ ਪਿਆਰ, ਇਸ਼ਕ ਦੀ ਹੱਦ ਤਕ ਜਾ ਪੁੱਜਾ । ਮਾਧੋ ਲਾਲ ਦੇ ਮਾਪੇ ਹਰਦਵਾਰ ਜਾਣ ਲੱਗੇ ਤਾਂ ਹੁਸੈਨ ਨੇ ਉਸ ਨੂੰ ਆਪਣੇ ਪਾਸ ਕਹਿ ਕੇ ਰੋਕ ਲਿਆ ਕਿ ਮਾਪਿਆਂ ਨੂੰ ਜਾਣ ਦੇ, ਮੈਂ ਤੈਨੂੰ ਉਨ੍ਹਾਂ ਤੋਂ ਪਹਿਲਾਂ ਉਥੇ ਪੁਚਾ ਦਿਆਂਗਾ । ਕੁਝ ਦਿਨਾਂ ਬਾਅਦ ਸ਼ਾਹ ਹੁਸੈਨ ਨੇ ਕਿਹਾ, "ਮਾਧੋ ਅੱਖਾਂ ਮੀਟ ਤੈਨੂੰ ਹਰਦਵਾਰ ਪੁਚਾਈਏ ।" ਜਦ ਮਾਧੋ ਨੇ ਅੱਖਾਂ ਖੋਲ੍ਹੀਆਂ ਤਾਂ ਉਹ ਹਰਦਵਾਰ ਆਪਣੇ ਮਾਪਿਆਂ ਪਾਸ ਬੈਠਾ ਸੀ ।
ਮਾਧੋ ਲਾਲ ਨਾਲ ਹੀ ਇਕ ਹੋਰ ਕਰਾਮਾਤ ਸੰਬੰਧਿਤ ਹੈ ਕਿ ਮਾਧੋ ਦੀ ਮ੍ਰਿਤੂ ਹੋ ਗਈ । ਮਾਪੇ ਰੋਣ ਪਿੱਟਣ ਲਗ ਪਏ । ਨਿਤ ਵਾਂਗ ਸਮੇਂ ਸਿਰ ਜਦ ਮਾਧੋ, ਸ਼ਾਹ ਹੁਸੈਨ ਦੇ ਡੇਰੇ ਨਾ ਪੁੱਜਾ ਤਾਂ ਉਹ ਉਸ ਦੇ ਘਰ ਪਹੁੰਚ ਗਏ । ਜਦ ਮਾਧੋ ਦੀ ਮੌਤ ਬਾਰੇ ਸ਼ਾਹ ਹੁਰਾਂ ਨੂੰ ਦੱਸਿਆ ਗਿਆ ਤਾਂ ਉਹ ਕਹਿਣ ਲਗੇ 'ਇਹ ਝੂਠ ਹੈ। ਅੰਦਰ ਮਾਧੋ ਦੀ ਲਾਸ਼ ਕੋਲ ਗਏ ਤੇ ਆਖਿਆ, 'ਉਠ ਮਾਧੋ ਹੁਣ ਸੋਣਾ ਠੀਕ ਨਹੀਂ, ਅਸੀਂ ਤੈਨੂੰ ਉਡੀਕਦੇ ਰਹੇ । ਮਾਧੋ ਝੱਟ ਉਠ ਬੈਠਾ । ਸਭ ਲੋਕ ਹੈਰਾਨ ਰਹਿ ਗਏ। ਇਹੋ ਜਿਹੀਆਂ ਹੋਰ ਕਈ ਕਰਾਮਾਤਾਂ ਯਥਾ 'ਸ਼ਰਾਬ ਨੂੰ ਦੁੱਧ ਵਿਚ ਬਦਲ ਦੇਣਾ' ਜਾਂ 'ਮੁੰਨੇ ਹੋਏ ਮੂੰਹ ਦਾ ਦਾੜ੍ਹੀ ਵਾਲਾ ਹੋ ਜਾਣਾ' ਇਤਿਆਦਿ ਸ਼ਾਹ ਹੁਸੈਨ ਦੇ ਨਾਂ ਨਾਲ ਸੰਬੰਧਿਤ ਹਨ।
ਹੁਸੈਨ ਨੂੰ ਲਾਲ ਕਪੜੇ ਪਾਉਣ ਕਰਕੇ ਵੀ ਲਾਲ ਹੁਸੈਨ ਆਖਿਆ ਜਾਂਦਾ ਹੈ ਤੇ ਮਾਧੋ ਲਾਲ ਨਾਲ ਇਸ਼ਕ ਕਰਕੇ ਵੀ ਮਾਧੋ ਲਾਲ ਹੁਸੈਨ । ਹੁਸੈਨ ਮੁਲਾਮਤੀ ਜਾਂ ਕਲੰਦਰੀ ਫਿਰਕੇ ਦਾ ਅਨੁਯਾਈ ਸੀ, ਭੰਗ ਤੇ ਸ਼ਰਾਬ ਪੀਂਦਾ ਸੀ ਤੇ ਨਸ਼ੇ ਵਿਚ ਆ ਕੇ ਨੱਚਦਾ ਗਾਉਂਦਾ ਸੀ । ਆਪਣੇ ਆਪ ਦੇ ਮਲੰਗ ਜਾਂ ਭੰਗੀ ਹੋਣ ਬਾਰੇ ਉਹ ਆਪਣੀ ਰਚਨਾ ਵਿਚ ਲਿਖਦਾ ਹੈ :
ਅਮਲਾਂ ਦੇ ਉਪਰ ਹੋਗ ਨਿਬੇੜਾ
ਕਿਆ ਸੂਫ਼ੀ ਕਿਆ ਭੰਗੀ।
ਜਾਂ
ਸ਼ਾਹ ਹੁਸੈਨ ਫਕੀਰ ਸਾਈਂ ਦਾ।
ਇਹ ਦੁਆਇ ਮਲੰਗ ਦੀ।
ਹੁਸੈਨ ਦੀ ਮੌਤ 1593 ਈ. ਵਿਚ ਹੋਈ। ਉਸ ਦੀ ਕਬਰ ਅੱਜ ਵੀ ਬਾਗ਼ਬਾਨਪੁਰੇ (ਲਾਹੌਰ) ਵਿਚ ਕਾਇਮ ਹੈ, ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਸ਼ਾਹ ਹੁਸੈਨ ਦੀ ਸਮੁੱਚੀ ਰਚਨਾ 163 ਕਾਫ਼ੀਆਂ ਹਨ ਜਿਹੜੀਆਂ ਆਕਾਰ ਤੇ ਕਾਵਿ ਗੁਣਾਂ ਕਰ ਕੇ ਪੰਜਾਬੀ ਸਾਹਿੱਤ ਵਿਚ ਵਿਸ਼ੇਸ਼ ਸਥਾਨ ਰਖਦੀਆਂ ਹਨ। ਕਾਫ਼ੀਆਂ ਵਿਚ ਅਖੀਰ ਤੇ, ਥਾਂ ਪਰ ਥਾਂ ਇਹ ਸ਼ਬਦ ਆਉਂਦੇ ਹਨ - "ਕਹੇ ਹੁਸੈਨ ਫਕੀਰ ਸਾਈਂ ਦਾ" ਜਾਂ "ਕਹੇ ਹੁਸੈਨ ਫਕੀਰ ਨਿਮਾਣਾ" । ਇਹ ਕਾਫ਼ੀਆਂ ਰਾਗਾਂ ਅਨੁਸਾਰ ਹਨ। ਇਸ ਸੰਬੰਧੀ ਮੌਲਾ ਬਖ਼ਸ਼ ਕੁਸ਼ਤਾ ਲਿਖਦੇ ਹਨ - "ਉਨ੍ਹਾਂ ਮੁਖ਼ਤਲਿਫ ਰਾਗਾਂ ਰਾਗਣੀਆਂ ਤੇ ਇਹ ਕਾਫ਼ੀਆਂ ਲਿਖੀਆਂ ਜੋ ਪੰਜਾਬੀ ਬੋਲੀ ਵਿਚ ਪਹਿਲੀ ਤੇ ਸਫਲ ਕੋਸ਼ਿਸ਼ ਅਤੇ ਮਾਨਯੋਗ ਸਰਮਾਇਆ ਹੈ।" ਡਾ. ਸੁਰਿੰਦਰ ਸਿੰਘ ਕੋਹਲੀ, ਸ਼ਾਹ ਹੁਸੈਨ ਨੂੰ "ਨਵੀਨ ਪੰਜਾਬੀ ਵਿਚ ਲਿਖਣ ਵਾਲਾ ਪਹਿਲਾ ਸੂਫ਼ੀ ਕਵੀ" ਆਖਦੇ ਹਨ।
ਇਕ ਰਵਾਇਤ ਪ੍ਰਚਲਿਤ ਹੈ ਕਿ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਅਤੇ ਬੇਨਤੀ ਕੀਤੀ ਕਿ ਉਸ ਦੀ ਰਚਨਾ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਿਆ ਜਾਏ, ਪਰ ਗੁਰੂ ਜੀ ਨੇ ਨਾਂਹ ਕਰ ਦਿੱਤੀ ਕਿਉਂ ਜੋ ਉਸ ਦੀ ਰਚਨਾ ਵਿਚ ਰੱਬ ਦੇ ਰੂਪ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਹੈ। ਡਾਕਟਰ ਮੋਹਨ ਸਿੰਘ ਆਪਣੀ ਸੰਪਾਦਿਤ ਪੁਸਤਕ "ਕਾਫ਼ੀਆਂ ਸ਼ਾਹ ਹੁਸੈਨ" ਵਿਚ ਲਿਖਦੇ ਹਨ :
"ਭਾਵੇਂ ਹੁਸੈਨ ਪਾਸ ਵਿਚਾਰ ਤੇ ਗੀਤਕਾਰੀ ਦੀ ਜਿੰਨੀ ਵੀ ਦਾਤ ਸੀ, ਸਭ ਰੱਬੀ ਦੇਣ ਸੀ ਤੇ ਉਸ ਉੱਤੇ ਕਿਸੇ ਦਾ ਪ੍ਰਭਾਓ ਨਹੀਂ ਪਿਆ ਪ੍ਰੰਤੂ ਜਗਤ ਨੂੰ ਰੱਬੀ ਸੁਨੇਹੇ ਦੇਣ ਦੇ ਰਾਮ ਨਾਮ ਚਿਤਾਉਣ ਦੀ ਪਿਰਤ ਗੁਰਦੇਵ ਨੇ ਪਾ ਦਿੱਤੀ ਹੋਈ ਸੀ। ਉਸ ਦੀ ਵਿਚਾਰ-ਧਾਰਾ ਤੇ ਸ਼ਬਦਾਵਲੀ ਸਭ ਗੁਰਮਤਿ ਤੇ ਗੁਰਬਾਣੀ ਵਾਲੀ ਸੀ । ਹੁਸੈਨ ਨੇ ਰਾਗ ਰਾਗਣੀਆਂ ਦਾ ਪ੍ਰਯੋਗ ਵੀ ਗੁਰਬਾਣੀ ਅਨੁਸਾਰ ਹੀ ਕੀਤਾ। ਉਸ ਨੇ ਅਚੇਤ ਜਾਂ ਸੁਚੇਤ ਗੁਰਬਾਣੀ ਦਾ ਅਸਰ ਅਵੱਸ਼ ਕਬੂਲ ਕੀਤਾ ।"
ਸ਼ਾਹ ਹੁਸੈਨ ਦੀ ਰਚਨਾ ਵਿਚੋਂ ਸੂਫੀਆਂ ਵਾਲੇ ਸਾਰੇ ਉੱਘੇ ਲੱਛਣ ਦੇਖੇ ਜਾ ਸਕਦੇ ਹਨ। ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨਾ ਆਪਣੀ ਪੁਸਤਕ 'ਪੰਜਾਬੀ ਸੂਫੀ ਪੇਇਟਸ' ਵਿਚ ਲਿਖਦੀ ਹੈ ਕਿ ਸ਼ਾਹ ਹੁਸੈਨ ਦਾ ਸੂਫ਼ੀ ਰਹੱਸਵਾਦ ਭਾਰਤ ਤੇ ਈਰਾਨੀ ਵਿਚਾਰਾਂ ਦਾ ਚੰਗਾ ਮੇਲ ਹੈ। ਆਪਣੇ ਵਿਚਾਰਾਂ ਤੇ ਸਿਧਾਂਤਾਂ ਵਿਚ ਉਹ ਪੂਰਨ ਤੌਰ ਤੇ ਭਾਰਤੀ ਹੈ ਤੇ ਨਿਤ ਦੇ ਜੀਵਨ ਵਿਚ ਉਹ ਈਰਾਨੀ ਸੰਪਰਦਾ ਦਾ ਉਪਾਸ਼ਕ ਹੈ । ਜਿੱਥੋਂ ਤਕ ਉਨ੍ਹਾਂ ਦੀ ਕਵਿਤਾ ਦਾ ਸੰਬੰਧ ਹੈ. ਉਸ ਵਿਚ ਸਦਾਚਾਰਕ ਪੱਖ ਤੋਂ ਕੋਈ ਕਮਜ਼ੋਰੀ ਨਹੀਂ ਦਿਸਦੀ। ਆਪ ਦੀ ਰਚਨਾ ਸਦਾਚਾਰਕ ਤੇ ਦਾਰਸ਼ਨਿਕ ਪੱਖੋਂ ਬਹੁਤ ਮਹੱਤਤਾ ਵਾਲੀ ਹੈ।
ਕੁਝ ਆਲੋਚਕਾਂ ਨੇ ਸਾਹ ਹੁਸੈਨ ਨੂੰ ਬਿਰਹੋਂ ਦਾ ਕਵੀ ਆਖਿਆ ਹੈ। ਉਸ ਦੀਆਂ ਕਾਫੀਆਂ ਵਿਚ ਬਿਰਹੋਂ ਦਾ ਵਰਨਣ ਬੜੀ ਤੀਬਰਤਾ ਤੇ ਬਿਹਬਲਤਾ ਨਾਲ ਕੀਤਾ ਮਿਲਦਾ ਹੈ। ਉਸ ਨੇ ਆਪਣੇ ਰੱਬੀ ਪਿਆਰ ਜਾਂ ਇਸ਼ਕ ਹਕੀਕੀ ਨੂੰ ਬੜੇ ਵੇਗ-ਮਈ ਢੰਗ ਨਾਲ ਬਿਆਨ ਕੀਤਾ ਹੈ। ਉਦਾਹਰਣ ਲਈ :
ਦਰਦ ਵਿਛੋੜੇ ਦਾ ਹਾਲ ਨੀਂ ਮੈਂ ਕੈਹਨੂੰ ਆਖਾਂ ?
ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੋਂ ਪਿਆ ਸਾਡੇ ਖ਼ਿਆਲ ਨੀਂ, ਮੈਂ ਕੇਹਨੂੰ ਆਖਾਂ ?
ਕਹੇ ਹੁਸੈਨ ਫ਼ਕੀਰ ਸਾਈਂ ਦਾ,
ਵੇਖ ਨਿਮਾਣਿਆਂ ਦਾ ਹਾਲ ਨੀਂ ਮੈਂ ਕੈਹਨੂੰ ਆਖਾਂ ?
ਜਾਂ
ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ।
ਮਾਸ ਝੜੇ ਝੜ ਪਿੰਜਰ ਹੋਇਆ, ਕਣ ਕਣ ਹੋਈਆਂ ਹੱਡੀਆਂ।
ਇਸ਼ਕ ਛੁਪਾਇਆ ਛੁਪਦਾ ਨਾਹੀਂ, ਬਿਰਹੋਂ ਤਣਾਵਾਂ ਗੱਡੀਆਂ।
ਰਾਂਝਾ ਜੋਗੀ ਮੈਂ ਜੋਗਿਆਣੀ, ਮੈਂ ਕੇ ਕਰ ਛੱਡੀਆਂ।
ਕਹੈ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਲੱਗੀਆਂ ।
ਮੌਤ ਦਾ ਭੈ ਜਾਂ ਸੰਸਾਰ ਦੀ ਨਾਸ਼ਮਾਨਤਾ ਨੂੰ ਬਾਬਾ ਫਰੀਦ ਤੇ ਹੋਰ ਸੂਫੀ ਕਵੀਆਂ ਨੇ ਬਿਆਨ ਕੀਤਾ ਹੈ। ਸ਼ਾਹ ਹੁਸੈਨ ਵੀ ਆਪਣੇ ਢੰਗ ਨਾਲ ਮੌਤ ਦੀ ਅਟੱਲਤਾ ਨੂੰ ਦਰਸਾ ਕੇ ਜੀਵਨ ਵਿਚ ਇਹ ਚੰਗੇ ਅਮਲਾਂ ਜਾਂ ਸ਼ੁਭ-ਕਰਮਾਂ ਦੀ ਪ੍ਰੇਰਣਾ ਦਿੰਦਾ ਹੈ :
ਇਕ ਦਿਨ ਤੈਨੂੰ ਸੁਪਨਾ ਥੀਸਣ, ਗਲੀਆਂ ਬਾਬਲ ਵਾਲੀਆਂ।
ਉਡ ਗਏ ਭੌਰ ਫੁੱਲਾਂ ਦੇ ਕੋਲੋਂ, ਸਣ ਪੱਤਰਾਂ ਸਣ ਡਾਲੀਆਂ।
ਦੁਨੀਆਂ ਤੋਂ ਮਰ ਜਾਵਣਾ, ਵੱਤ ਨਾ ਆਵਣਾ,
ਜੋ ਕੁਝ ਕੀਤਾ ਬੁਰਾ ਭਲਾ, ਸੋ ਕੀਤਾ ਆਪਣਾ ਪਾਵਣਾ।
ਸ਼ਾਹ ਹੁਸੈਨ ਨੇ ਈਸਾਈ ਸੂਫੀਆਂ ਵਾਂਗ ਇਸ਼ਕ ਹਕੀਕੀ ਨੂੰ ਬੜੇ ਧੜਕਦੇ ਤੇ ਵੈਰਾਗ ਮਈ ਢੰਗ ਨਾਲ ਪੇਸ਼ ਕੀਤਾ ਹੈ। ਇਹ ਢੰਗ ਉਸ ਦੀ ਸਾਰੀ ਕਵਿਤਾ ਉੱਤੇ ਛਾਇਆ ਹੋਇਆ ਹੈ:
ਇਸ਼ਕ ਫਕੀਰਾਂ ਦਾ ਕਾਇਮ ਦਾਇਮ, ਕਬਹੂੰ ਨਾ ਥੀਵਾ ਬੇਹਾ ।
ਤੈਨੂੰ ਰੱਬ ਨਾ ਭੁਲਈ, ਦੁਆਇ ਫਕੀਰਾਂ ਦੀ ਏਹਾ।
ਰੱਬ ਨਾ ਭੁਲਈ, ਹੋਰ ਸਭ ਕੁਝ ਭੁਲੀ, ਰੱਬ ਨਾ ਭੁਲਣ ਜੇਹਾ ।
ਹੋਰਨਾਂ ਨਾਲ ਹੁਸੰਦੀ ਖਿਡੰਦੀ, ਸ਼ਾਹਾਂ ਤੋਂ ਘੁੰਗਟ ਕੇਹਾ ?
ਸ਼ਹੁ ਨਾਲ ਤੂੰ ਮੂਲ ਨਾ ਬੋਲੇਂ, ਇਹ ਗੁਮਾਨ ਕਵੇਹਾ।
ਚਾਰੇ ਨੈਣ ਗਡਾਵਡ ਹੋਏ, ਵਿਚ ਵਿਚੋਲਾ ਕੇਹਾ।
ਉੱਛਲ ਨਦੀਆਂ ਤਾਰੂ ਹੋਈਆਂ, ਵਿਚ ਬਰੇਤਾ ਕੇਹਾ।
ਧੰਨੇ ਭਗਤ ਨੇ ਰੱਬ ਕੋਲੋਂ ਜੀਵਨ ਨਿਰਬਾਹ ਲਈ ਘੱਟੋ ਘੱਟ ਚੀਜ਼ਾਂ ਦੀ ਮੰਗ ਕੀਤੀ ਸੀ, ਜਿਨ੍ਹਾਂ ਦੀ ਪ੍ਰਾਪਤੀ ਉਪਰੰਤ ਹੀ ਨਿਸ਼ਚਿਤ ਹੋ ਕੇ ਰੱਬ ਦਾ ਨਾਮ ਜਪਿਆ ਜਾ ਸਕਦਾ ਹੈ । ਸ਼ਾਹ ਹੁਸੈਨ ਵੀ ਆਪਣੇ ਸੂਫੀ ਅੰਦਾਜ਼ ਵਿਚ ਰੱਬ ਪਾਸੋਂ ਕੁਝ ਚੀਜ਼ਾਂ ਮੰਗਦਾ ਹੈ :
ਜੇਤੀ ਜੇਤੀ ਦੁਨੀਆਂ ਮੇਰੇ ਰਾਮ ਜੀ, ਤੈਥੋਂ ਮੰਗਦੀ।
ਕੂੰਡਾ ਦੇਈਂ, ਡੰਡਾ ਦਈਂ, ਕੋਠੀ ਦੇਈਂ ਭੰਗ ਦੀ ।
ਸਾਫ਼ੀ ਦਈਂ, ਮਿਰਚਾਂ ਦਈਂ, ਮਿਣਤੀ ਦੇਈਂ ਰੰਗ ਦੀ।
ਪੋਸਤ ਦਈਂ, ਬਾਟੀ ਦਈਂ, ਚਾਟੀ ਦਈਂ ਖੰਡ ਦੀ।
ਗਿਆਨ ਦਈਂ, ਧਿਆਨ ਦਈਂ, ਮਹਿਮਾ ਸਾਧੂ ਸੰਗ ਦੀ।
ਸ਼ਾਹ ਹੁਸੈਨ ਫਕੀਰ ਸਾਈਂ ਦਾ, ਇਹੀ ਦੁਆ ਮਲੰਗ ਦੀ।
ਉਪਰੋਕਤ ਉਦਾਹਰਣਾਂ ਤੋਂ ਅਸੀਂ ਸਹਿਜੇ ਹੀ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸ਼ਾਹ ਹੁਸੈਨ ਨਿਸ਼ਚੇ ਹੀ ਮੱਧ-ਕਾਲ ਦੇ ਸੂਫ਼ੀ ਸਾਹਿੱਤ ਦਾ ਇਕ ਸ਼ਰੋਮਣੀ ਕਵੀ ਸੀ ਜਿਸ ਨਾਲ ਸੂਫ਼ੀ ਵਿਚਾਰਧਾਰਾ ਆਪਣੇ ਇਤਿਹਾਸਕ ਵਿਕਾਸ ਦੀ ਇਕ ਨਵੀਂ ਮੰਜ਼ਿਲ ਤੇ ਪੁੱਜ ਜਾਂਦੀ ਹੈ।
ਸੁਲਤਾਨ ਬਾਹੂ (1631 ਤੋਂ 1691 ਈ. ) : ਮੁਹੰਮਦ ਬਖ਼ਸ਼ ਨੇ ਆਪਣੇ ਕਿੱਸੇ ਸੈਫੁਲ-ਮਲੂਕ ਵਿਚ ਬਹੁਤ ਉੱਘੇ ਪੰਜਾਬੀ ਕਵੀਆਂ ਬਾਰੇ ਬੜੇ ਸੰਖੇਪ ਪਰ ਭਾਵਪੂਰਤ ਢੰਗ ਨਾਲ ਵਿਚਾਰ ਪੇਸ਼ ਕੀਤੇ ਹਨ। ਸੁਲਤਾਨ ਬਾਹੂ ਬਾਰੇ ਉਹ ਲਿਖਦਾ ਹੈ :
ਫੇਰ ਸੁਲਤਾਨ ਬਾਹੂ ਹਿਕ ਹੋਇਆ, ਖ਼ਾਸਾ ਮਰਦ ਹੱਕਾਨੀ।
ਦੋਹੜ ਪਾਕ ਜ਼ਬਾਨ ਉਹਦੀ ਦੇ ਰੋਸ਼ਨ ਦੋਹੀਂ ਜਹਾਨੀਂ।
ਸੁਲਤਾਨ ਬਾਹੂ ਦਾ ਜਨਮ 1631 ਈ. ਵਿਚ ਝੰਗ ਜ਼ਿਲ੍ਹੇ ਦੇ ਪਿੰਡ ਅਵਾਣ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਬਾਜ਼ੀਦ ਮੁਹੰਮਦ ਸੀ । ਮੁੱਢਲੀ ਵਿਦਿਆ ਮਾਤਾ ਪਾਸੋਂ ਪ੍ਰਾਪਤ ਕਰ ਕੇ ਆਪ ਹਜ਼ਰਤ ਹਬੀਬੁਲਾ ਕਾਦਰੀ ਦੇ ਚੇਲੇ ਬਣ ਗਏ। ਆਪ ਅਰਬੀ, ਫ਼ਾਰਸੀ ਦੇ ਚੰਗੇ ਵਿਦਵਾਨ ਸਨ ਅਤੇ ਫਾਰਸੀ ਵਾਰਤਕ ਵਿਚ ਆਪ ਨੇ 40 ਦੇ ਕਰੀਬ ਪੁਸਤਕਾਂ ਲਿਖੀਆਂ, ਜਿਨ੍ਹਾਂ ਵਿਚ ਸੂਫ਼ੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਪੰਜਾਬੀ ਵਿਚ ਆਪ ਦੀਆਂ ਕਾਫੀਆਂ ਤੇ ਸੀਹਰਫ਼ੀਆਂ ਬੜੀਆਂ ਪ੍ਰਸਿੱਧ ਹਨ। ਆਪ ਦੀ ਰਚਨਾ ਦੀ ਹਰ ਤੁਕ ਦੇ ਅਖ਼ੀਰ ਤੇ 'ਹੂ' ਆਉਂਦਾ ਹੈ, ਜਿਸ ਨਾਲ ਕਵਿਤਾ ਵਿਚ ਇਕ ਸੰਗੀਤਕ ਲੈ ਆ ਜਾਂਦੀ ਹੈ। ਏਸੇ ਹੂ ਦੀ ਰਚਨਾ ਨਾਲ ਹੀ ਬਾਹੂ ਦੀ ਕਵਿਤਾ ਹੋਰ ਕਵੀਆਂ ਨਾਲੋਂ ਨਿਖੇੜੀ ਜਾ ਸਕਦੀ ਹੈ।
ਸੁਲਤਾਨ ਬਾਹੂ ਦਾ ਪਿਤਾ ਝੰਗ ਦੇ ਇਲਾਕੇ ਦਾ ਇਕ ਚੰਗਾ ਜ਼ਿਮੀਂਦਾਰ ਸੀ ਤੇ ਬਾਹੂ ਵੀ ਕੁਝ ਚਿਰ ਖੇਤੀ ਕਰਦਾ ਰਿਹਾ। ਆਮ ਸੂਫੀ ਫਕੀਰਾਂ ਤੋਂ ਉਲਟ ਬਾਹੂ ਬੜੀ ਸ਼ਾਹਾਨਾ ਸੱਜ-ਧਜ ਨਾਲ ਰਹਿੰਦਾ ਸੀ । ਜਦ ਉਹ ਚਲਦਾ ਸੀ ਤਾਂ ਉਸ ਦੇ ਸਿਰ ਤੇ ਸੁਨਹਿਰੀ ਛਤਰ ਝੁਲਦਾ ਸੀ ਤੇ ਨੌਕਰ ਪੇਟੀਆਂ ਬੰਨ੍ਹ ਕੇ ਅਰਦਲ ਵਿਚ, ਨਾਲ ਤੁਰਦੇ ਸਨ । ਉਸ ਦੀਆਂ 4 ਵਹੁਟੀਆਂ ਤੇ 17 ਦਾਸੀਆਂ ਸਨ ।
ਹੋਰ ਸੂਫ਼ੀਆਂ ਦੇ ਟਾਕਰੇ ਤੇ ਸੁਲਤਾਨ ਬਾਹੂ ਦੀ ਰਚਨਾ ਵਿਚ ਬੌਧਿਕ ਅੰਸ਼ ਵਧੇਰੇ ਹੈ। ਪੰਜਾਬੀ
ਵਿਚ ਬੈਂਤਾਂ ਤੇ ਦੋਹੜਿਆਂ ਰਾਹੀਂ ਉਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਆਪ ਦੀ ਪੰਜਾਬੀ ਰਚਨਾ 'ਆਬਯਾਤ ਬਾਹੂ' ਨਾ ਦੇ ਸੰਗ੍ਰਹਿ ਵਿਚ ਦਰਜ ਹੈ। ਬਾਹੂ ਦੀ ਰਚਨਾ ਵਿਚ ਸੂਫੀ ਮਤ ਦੇ ਸਦਾਚਾਰਕ ਤੇ ਨੈਤਿਕ ਪੱਖ ਉੱਤੇ ਵਧੇਰੇ ਜ਼ੋਰ ਹੈ। ਉਹ ਮਜਹਬੀ ਦਿਖਾਵਿਆਂ ਤੇ ਭੇਖਾਂ ਦਾ ਖੰਡਨ ਕਰਦਾ ਹੋਇਆ ਆਖਦਾ ਹੈ:
ਜੇ ਰੱਬ ਮਿਲਦਾ ਜੰਗਲ ਭੰਵਿਆਂ, ਮਿਲਦਾ ਗਊਆਂ ਵੱਛੀਆਂ ਹੂ।
ਜੇ ਰੱਬ ਮਿਲਦਾ ਵਾਲ ਵਧਾਇਆ, ਮਿਲਦਾ ਭੇਡਾਂ ਸਸੀਆਂ ਹੂ।
ਜੇ ਰੱਬ ਮਿਲਦਾ ਤੀਰਥ ਨ੍ਹਾਤਿਆਂ, ਮਿਲਦਾ ਡਡੂਆਂ ਮੱਛੀਆਂ ਹੂ।
ਬਾਹੂ ਰੱਬ ਉਨ੍ਹਾਂ ਨੂੰ ਮਿਲਦਾ, ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਹੂ।
ਮੰਦਰਾਂ ਤੇ ਮਸੀਤਾਂ ਦੇ ਉੱਚੇ ਦਰਵਾਜ਼ਿਆਂ ਦੀ ਆਲੋਚਨਾ ਕਰਦਾ ਹੋਇਆ ਉਹ ਆਖਦਾ ਹੈ ਕਿ ਰੱਬ ਤਕ ਪਹੁੰਚਣ ਦਾ ਰਾਹ ਤਾਂ ਬਹੁਤ ਨਿੱਕਾ, ਮੇਰੀ ਸਮਾਨ ਹੈ, ਜਿਥੋਂ ਤਕ ਪਹੁੰਚਣ ਲਈ ਪੰਡਤਾਂ ਤੇ ਮੁਲਾਣਿਆਂ ਪਾਸੋਂ ਛੁਪ ਛੁਪ ਕੇ ਚੋਰੀ ਲੰਘਣਾ ਪੈਂਦਾ ਹੈ :
ਮਜ਼੍ਹਬਾਂ ਦੇ ਦਰਵਾਜ਼ੇ ਉਚੇ, ਰਾਹ ਰਥਾਨੀ ਮੋਰੀ ਹੂ।
ਪੰਡਤਾਂ ਤੇ ਮਲਵਾਣਿਆਂ ਕੋਲੋਂ, ਛਪ ਛਪ ਲੰਘਦੇ ਚੋਰੀ ਹੂ।
ਅੱਡੀਆਂ ਮਾਰਨ ਤੇ ਕਰਨ ਬਖੇੜੇ, ਦਰਦ-ਮੰਦਾਂ ਦੀਆਂ ਘੋੜੀਂ ਹੂ।
ਬਾਹੂ ਚਲ ਉਥਾਈਂ ਵੱਸੀਏ, ਜਿਥੇ ਦਾਵਾ ਨਾ ਕਿਸੇ ਹੋਰੀਂ ਹੂ।
ਝੰਗ ਦਾ ਵਸਨੀਕ ਹੋਣ ਕਰ ਕੇ, ਉਸ ਦੀ ਬੋਲੀ ਉੱਤੇ ਲਹਿੰਦੀ ਦਾ ਪ੍ਰਭਾਵ ਪ੍ਰਤੱਖ ਹੈ । ਬਾਹੂ ਕਰਮ- ਕਾਂਡ , ਸ਼ਰ੍ਹਾ, ਨਰਕ-ਸੁਰਗ, ਪੂਰਬ-ਪੱਛਮ ਸਭ ਤੋਂ ਉੱਪਰ ਉੱਠ ਕੇ ਕੇਵਲ ਰੱਬੀ ਮੇਲ ਦਾ ਇੱਛਕ ਹੈ, ਜਿਸ ਦੀ ਸੋਝੀ ਉਸ ਨੂੰ ਮੁਰਸ਼ਦ ਦੀ ਕਿਰਪਾ ਨਾਲ ਹੋਈ :
ਅਲਫ ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮੇਰੇ ਮਨ ਲਾਈ ਹੂ ।
ਨਫ਼ੀ ਇਬਾਦਤ ਦਾ ਪਾਣੀ ਮਿਲਿਆ, ਹਰ ਰੰਗੇ ਹਰ ਜਾਈ ਹੂ।
ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁਲਣ ਤੇ ਆਈ ਹੂ ।
ਜੀਵੇ ਮੁਰਸ਼ਦ ਕਾਮਿਲ ਬਾਹੂ, ਜੈਂ ਇਹ ਬੂਟੀ ਲਾਈ ਹੂ ।
ਅਤੇ ਸ਼ਰ੍ਹਾਂ ਧਰਮ ਜਾਂ ਜਾਤ ਦੇ ਬੰਧਨ ਤੋੜਦਾ ਹੋਇਆ ਉਹ ਸਿੱਧਾ ਰੱਬ ਨਾਲ ਮੇਲ ਲੋਚਦਾ ਹੈ :
ਨਾ ਮੈਂ ਹਿੰਦੂ ਨਾ ਮੈਂ ਮੁਸਲਮ, ਨਾ ਮੈਂ ਮੁਲਾਂ ਕਾਜ਼ੀ ਹੂ।
ਨਾ ਦਿਲ ਦੋਜ਼ਖ ਮੰਗੇ ਮੇਰਾ, ਨਾ ਸ਼ੋਕ ਬਹਿਸ਼ਤੀ ਰਾਜ਼ੀ ਹੂ।
ਬਾਝ ਵਸਾਲ ਰੱਬ ਦੇ ਬਾਹੂ, ਹੋਰ ਝੂਠੀ ਹਭ ਬਾਜ਼ੀ ਹੂ ।
ਤੇ ਨਾ ਉਥੇ ਕੁਫਰ ਇਸਲਾਮ ਦੀ ਮੰਜ਼ਿਲ, ਨਾ ਉਥੇ ਮੌਤ ਹਯਾਤੀ ਹੂ।
ਨਾ ਉਥੇ ਮਸ਼ਰਕ ਨਾ ਉਥੇ ਮਗਰਥ, ਨਾ ਉਥੇ ਦਿਹੁੰ ਤੇ ਰਾਤੀਂ ਹੂ।
ਸ਼ਾਹ ਰਗ ਤੋਂ ਨਜ਼ਦੀਕ ਸੁਣੀਂਦਾ, ਬਾਹੂ ਪਾ ਅੰਦਰੂਨੀ ਝਾਤੀ ਹੂ ।
ਦਿਖਾਵੇ ਜਾਂ ਉਪਰੋਂ ਕਲਮਾਂ ਪੜ੍ਹਨ ਵਾਲੀਆਂ ਨੂੰ ਹਲੂਣਾ ਦਿੰਦਾ ਹੋਇਆ ਬਾਹੂ ਆਖਦਾ ਹੈ :
ਜੋ- ਫਬਾਨੀ ਕਲਮਾਂ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ ਹੂ।
ਦਿਲ ਦਾ ਕਲਮਾ ਆਸ਼ਕ ਪੜ੍ਹਦੇ, ਕੀ ਜਾਨਣ ਯਾਰ ਗਲੋਈ ਹੂ।
ਜਾਂ
ਪੇ-ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਆਲਮ ਹੋਏ ਸਾਰੇ ਹੂ।
ਇਕ ਹਰਫ ਇਸ਼ਕ ਦਾ ਨਾ ਪੜ੍ਹ ਜਾਣਨ, ਭੁਲੇ ਫਿਰਨ ਵਿਚਾਰੇ ਹੂ।
ਬਾਹੂ ਅਨੁਸਾਰ ਜਿਨ੍ਹਾਂ ਨੂੰ ਇਕ ਰੱਬ ਦੀ ਪਛਾਣ ਆ ਗਈ, ਉਨ੍ਹਾਂ ਨੂੰ ਕੁਰਾਨ ਪੜ੍ਹਨ ਦੀ ਲੋੜ ਨਹੀਂ :
ਜੀਮ-ਜਿਨ੍ਹਾਂ ਸ਼ਹੁ ਅਲਫ ਥੀਂ ਪਾਇਆ, ਉਹ ਫਿਰ ਕੁਰਾਨ ਨਾ ਪੜ੍ਹਦੇ ਹੂ ।
ਉਹ ਮਾਰਨ ਦਮ ਮੁਹੱਬਤ ਵਾਲਾ, ਦੂਰ ਹੋਏ ਸਭ ਪਰਦੇ ਹੂ ।
ਦੋਜ਼ਖ ਭਿਸ਼ਤ ਗੁਲਾਮ ਤਿਨ੍ਹਾਂ ਦੇ, ਚਾ ਕੀਤੇ ਨੇ ਬਰਦੇ ਹੂ ।
ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ, ਜਿਹੜੇ ਵਾਹਦਤ ਦੇ ਵਿਚ ਵੜਦੇ ਹੂ ।
ਭਾਵੇਂ ਬਾਹੂ ਨੂੰ ਸ਼ਾਹ ਹੁਸੈਨ ਜਿੰਨੀ ਪ੍ਰਸਿੱਧੀ ਪ੍ਰਾਪਤ ਨਹੀਂ ਹੋਈ, ਪਰ ਉਸ ਦਾ ਸੂਫ਼ੀ ਅਨੁਭਵ ਤੇ ਕਾਵਿ- ਕਲਾ ਕਿਸੇ ਤਰ੍ਹਾਂ ਵੀ ਸ਼ਾਹ ਹੁਸੈਨ ਨਾਲੋਂ ਘੱਟ ਨਹੀਂ।
ਸ਼ਾਹ-ਸ਼ਰਫ (1659 ਤੋਂ 1725 ਈ. ) : ਮੁਹੰਮਦ ਬਖ਼ਸ਼ ਕਿੱਸਾ 'ਸੈਫੁਲ-ਮਲੂਕ' ਵਿਚ ਸ਼ਾਹ ਸ਼ਰਫ਼ ਬਾਰੇ ਲਿਖਦਾ ਹੈ :
ਸੁਖਨ ਸ਼ਰੀਫ਼ ਸ਼ਰੀਫ ਦੇ ਰੱਜੇ, ਕੱਥੇ ਸ਼ਾਹ ਸ਼ਰਫ ਦੇ।
ਪੰਧ ਪਿਆ ਨੂੰ ਰਾਹ ਦਿਖਾਵਣ, ਰਾਹਬਰ ਉਸ ਤਰਫ ਦੇ।
ਸ਼ਾਹ ਸ਼ਰਫ਼ ਦਾ ਜਨਮ ਬਟਾਲੇ ਵਿਚ 1659 ਈਸਵੀ ਵਿਚ ਹੋਇਆ। ਆਪ ਦੇ ਵੱਡੇ ਵਡੇਰੇ ਖੱਤਰੀ ਸਨ। ਕਿਸੇ ਘਰੋਗੀ ਘਟਨਾ ਕਰਕੇ ਮਨ ਉਪਰਾਮ ਹੋ ਗਿਆ ਤੇ ਆਪ ਘਰ-ਬਾਰ ਤਿਆਗ ਕੇ ਫਕੀਰ ਹੋ ਗਏ। ਆਪ ਆਪਣੇ ਸਮੇਂ ਦੇ ਬੜੇ ਉੱਘੇ ਸੂਫ਼ੀ ਸਨ । 66 ਵਰ੍ਹੇ ਦੀ ਆਯੂ ਭੋਗ ਕੇ ਆਪ ਦਾ ਦਿਹਾਂਤ ਹੋ ਗਿਆ।
ਸ਼ਾਹ ਸ਼ਰਫ ਦੀਆਂ ਰਚੀਆਂ ਹੋਈਆਂ ਕਾਫ਼ੀਆਂ ਵਿਚ ਲੋਹੜੇ ਦਾ ਸੋਜ ਤੇ ਦਰਦ ਹੈ । ਪ੍ਰਭੂ ਮੇਲ ਲਈ ਉਹ ਮੱਛੀ ਵਾਂਗ ਤੜਫਦਾ ਤੇ ਕੂੰਜ ਵਾਂਗ ਕੁਰਲਾਉਂਦਾ ਹੈ । ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਮੰਜ਼ਲ ਬੜੀ ਕਠਿਨ ਹੈ ਜਿਸ ਨੂੰ ਉਹ ਭਿੰਨ ਭਿੰਨ ਉਪਮਾਵਾਂ ਤੇ ਰੂਪਕਾਂ ਰਾਹੀਂ ਪ੍ਰਗਟ ਕਰਦਾ ਹੈ :
ਪੈ ਚੱਕੀ ਆਪ ਪੀਸਾਈਐ, ਵਿਚ ਰੰਗਣ ਤਾਵਣ ਤਾਈਐ।
ਇਉਂ ਕਪੜ ਰੰਗ ਰੰਗਾਈਐ, ਤਾਂ ਨਾਮ ਮਜੀਠ ਸਦਾਈਐ।
ਇਉਂ ਪ੍ਰੇਮ ਪਿਆਲਾ ਪੀਵਣ, ਜੰਗ ਅੰਦਰ ਮਰ ਮਰ ਜੀਵਣ।
ਵਿਚ ਅਹਿਰਣ ਤਾਵਣ ਤਾਈਐ, ਤੇ ਅਹਿਰਣ ਸੱਟ ਸਹਾਈਐ।
ਹੋਇ ਰੂੰਈਂ ਆਪ ਤੁੰਬਾਈਐ, ਤਿਲ ਘਾਣੀ ਮਾਹਿ ਪੀੜਾਈਐ ।
ਵਿਚ ਆਵੀ ਪਾਇ ਪਕਾਈਐ, ਇਉਂ ਦੀਪਕ ਜੋਤ ਜਗਾਈਐ।
ਕਟ ਬਿਰਖ ਰਬਾਬ ਘੜਾਈਐ, ਹੋਇ ਛੇਲੀ ਆਪ ਕਸਾਈਐ।
ਕਰਤਾਰ ਵੀਚਾਰ ਵਜਾਈਐ, ਇਉਂ ਸ਼ਰਫ ਸਰੋਦ ਸੁਣਾਈਐ।
ਪਰਮਾਤਮਾ ਨੂੰ ਪੀਆ ਤੇ ਆਪਣੇ ਆਪ ਨੂੰ ਇਸਤਰੀ ਮੰਨ ਕੇ ਵੀ ਸ਼ਾਹ ਸ਼ਰਫ਼ ਨੇ ਵਿਛੋੜੇ ਦੇ ਗੀਤ ਗਾਏ ਹਨ। ਹੇਠ ਲਿਖੀ ਉਦਾਹਰਣ ਵਿਚ ਭਾਸ਼ਾ ਕੁਝ ਵੱਖਰੀ ਕਿਸਮ ਦੀ ਹੋ ਗਈ ਹੈ, ਜਿਹੜੀ ਬ੍ਰਜੀ ਨਾਲ ਰਲਦੀ ਮਿਲਦੀ ਹੈ :
ਮੈਂ ਪੁਛਾਂ ਪੰਡਤ ਜੋਇਸੀ, ਪੀਆ ਕਬਹੂ ਮਿਲਾਵਾ ਹੋਇਸੀ।
ਮਿਲ ਦਰਦ ਵਿਛੋੜਾ ਖੋਇਸੀ, ਤਪ ਰਹੀਅਸ, ਮਾਏ ਜੀ ਉਬਲੇ।
ਨਿਸ ਕਾਗ ਉਡਾਰਉਂ ਬਨ ਰਹਉਂ
ਨਿਤ ਤਾਰੇ ਗਿਨਤੀ, ਨਾ ਸਵਉਂ
ਮੈਂ ਪੀਆ ਬਿਨ ਪਲ ਨਾ ਵਿਹਾਵੇ
ਜਿਉਂ ਜਲ ਬਿਨ ਮਛਲੀ ਤੜਫਾਵੇ
ਜਿਉਂ ਬਿਛਰੀ ਕੂੰਜ ਕੁਰਲਾਵੇ।
ਸ਼ੇਖ ਸ਼ਰਫ਼ ਨਾ ਥੀਓ ਉਤਾਵਲਾ।
ਇਕ ਚੋਟ ਨਾ ਥੀਵਨ ਚਾਵਲਾ ।
ਕਿਆ ਦਰਸ਼ਨ ਭੂਲਾ ਬਾਵਲਾ।
ਸੱਯਦ ਮੁਹੰਮਦ ਲਤੀਫ ਆਪਣੀ ਪੁਸਤਕ ਤਾਰੀਖ ਲਾਹੌਰ ਵਿਚ ਲਿਖਦਾ ਹੈ ਕਿ ਸ਼ਾਹ ਸ਼ਰਫ ਬਹੁਤ ਵੱਡਾ ਫਾਜ਼ਲ-ਵਿਦਵਾਨ ਸੀ ਤੇ ਉਨ੍ਹਾਂ ਦਾ ਜੁਹਦ ਤੇ ਤਪ-ਭਗਤੀ ਦੂਰ ਦੂਰ ਤਕ ਮਸ਼ਹੂਰ ਸੀ ।
ਮੌਲਾਨਾ ਅਬਦੀ : ਆਪ ਦਾ ਪੂਰਾ ਨਾਂ ਮੋਲਾਨਾ ਮੁਹੰਮਦ ਅਬਦੁਲਾ ਅਬਦੀ ਤੇ ਪਿਤਾ ਦਾ ਨਾਂ ਮੀਆ ਜਾਨ ਮੁਹੰਮਦ ਸੀ । ਆਪ ਪਿੰਡ ਮਲਕਾ ਹਾਂਸ, ਤਹਿਸੀਲ, ਪਾਕਪਟਨ ਜਿਲ੍ਹਾ ਮਿੰਟਗੁਮਰੀ ਦੇ ਵਸਨੀਕ ਸਨ। ਇਹ ਉਹੀ ਮਲਕਾ ਹਾਂਸ ਹੈ ਜਿੱਥੇ ਅਠਾਰਵੀਂ ਸਦੀ ਵਿਚ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਹੀਰ ਰਾਂਝਾ ਦੀ ਸਿਰਜਣਾ ਕੀਤੀ। ਆਪ ਦੇ ਜਨਮ ਮਰਨ ਦੀਆਂ ਤਾਰੀਖ਼ਾ ਬਾਰੇ ਕੋਈ ਪੱਕਾ ਸਬੂਤ ਨਹੀਂ ਮਿਲਦਾ, ਪਰ ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਆਪ ਦਾ ਜਨਮ ਜਹਾਂਗੀਰ ਦੇ ਰਾਜ ਸਮੇਂ ਹੋਇਆ ਤੇ ਮ੍ਰਿਤੂ ਔਰੰਗਜ਼ੇਬ ਦੇ ਰਾਜ ਸਮੇਂ । ਆਪ ਲਗਭਗ ਚਾਲੀ ਵਰ੍ਹੇ ਤਕ ਕਾਵਿ-ਸਿਰਜਣਾ ਕਰਦੇ ਰਹੇ । ਆਪ ਨੇ ਬੜਾ ਪਵਿੱਤਰ ਜੀਵਨ ਜੀਵਿਆ ਤੇ ਚੱਕੀ ਪੀਹ ਕੇ ਆਪਣੇ ਬਾਲ ਬੱਚੇ ਦਾ ਪੇਟ ਭਰਦੇ ਰਹੇ। ਸ਼ਰ੍ਹਾ ਦੀ ਵਿਆਖਿਆ ਦੇ ਆਪ ਉਸਤਾਦ ਸਨ ਜਿਸ ਸੰਬੰਧੀ ਆਪ ਦੀ ਸਮੁੱਚੀ ਰਚਨਾ 'ਬਾਗ਼ ਅਨਵਾਹ ਨਾਂ ਹੇਠ ਪ੍ਰਾਪਤ ਹੈ। ਆਪ ਦੀ ਕਵਿਤਾ ਦਾ ਨਮੂਨਾ ਇਸ ਪ੍ਰਕਾਰ ਹੈ :
(1) ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ ।
ਵਿਚੇ ਬੇੜੇ ਛੇੜੇ ਕੱਪਰ, ਵਿਚ ਮਲਾਹ ਮੁਹਾਣੇ।
ਚੌਦਾਂ ਤਬਕ ਦਿਲੇ ਦੇ ਅੰਦਰ, ਤੰਬੂ ਵਾਂਗਣ ਤਾਣੇ।
ਜੇ ਕੋਈ ਮਹਿਰਮ ਦਿਲ ਦਾ ਹੋਵੇ, ਸੋਈ ਰੱਬ ਪਛਾਣੇ।
(2) ਪੁਛ ਅਬਦੁਲਾ ਜਵਾਨੀ ਤਾਈਂ, ਕਿਆ ਕੁਝ ਮੇਰਾ ਹਾਲ।
ਜੌਹਰ ਖੂਬੀ ਤੇਰੀ ਆਹੀ, ਕਾ ਨਾ ਰਿਹਾ ਸਾਲ।
ਜਿਉਂ ਘੁਣ ਖਾਧੀ ਲਕੜੀ, ਪਈ ਤਰਖਾਣੇ ਵੱਸ।
ਜੌਹਰ ਖੂਬੀ ਮੇਰੀ ਆਹੀ, ਪੀਰੀ ਖੜਿਆ ਖੱਸ।
ਅਬਦੀ ਰਚਿਤ ਇਹ ਤੁਕ 'ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ" ਅਟੱਲ ਸਚਾਈ ਬਣ ਕੇ ਲੋਕ-ਮੂੰਹਾਂ ਤੇ ਚੜ੍ਹ ਗਈ ਹੈ।
(ਹ) ਕਿੱਸਾ ਕਾਵਿ-ਧਾਰਾ
ਅਧਿਆਤਮਿਕ ਕਾਵਿ ਤੋਂ ਛੁਟ ਗੁਰੂ ਨਾਨਕ ਕਾਲ ਦੀ ਸਭ ਤੋਂ ਪ੍ਰਤਿਨਿਧ ਤੇ ਸ੍ਰੇਸ਼ਟ ਕਾਵਿ-ਧਾਰਾ, ਕਿੱਸਾ ਸਾਹਿੱਤ ਹੈ। ਉਂਝ ਤਾਂ ਪੰਜਾਬੀ ਸਾਹਿੱਤ ਦੇ ਹਰ ਕਾਲ ਵਿਚ ਕਿੱਸੇ ਲਿਖੇ ਜਾਂਦੇ ਰਹੇ, ਪਰ ਲਿਖਤੀ ਤੇ ਪ੍ਰਾਪਤ ਰੂਪ ਵਿਚ ਕਿੱਸਾ ਸਾਹਿੱਤ ਦਾ ਆਰੰਭ ਦਮੋਦਰ ਨਾਲ ਹੀ ਹੁੰਦਾ ਹੈ। ਡਾ. ਮੋਹਨ ਸਿੰਘ ਨੇ ਪੂਰਵ ਨਾਨਕ ਕਾਲ ਵਿਚ ਰਚੇ ਗਏ ਇਕ ਦੋ ਕਿੱਸਿਆਂ ਦਾ ਹਵਾਲਾ ਵੀ ਦਿੱਤਾ ਹੈ ਤੇ ਬਹੁਤ ਸਾਰੇ ਕਿੱਸੇ ਲਿਖੇ ਜਾਣ ਦੀ ਸੰਭਾਵਨਾ ਉੱਤੇ ਵੀ ਜ਼ੋਰ ਦਿੱਤਾ ਹੈ, ਪਰ ਵਾਸਤਵ ਵਿਚ ਦਮੋਦਰ ਨਾਲ ਹੀ ਪੰਜਾਬੀ ਕਿੱਸਾ ਕਾਵਿ ਦਾ ਆਰੰਭ ਮੰਨਿਆ ਜਾਂਦਾ ਹੈ, ਕਿਉਂਜੋ ਹੋਰ ਕੋਈ ਵੀ ਕਿੱਸਾ ਲਿਖਤੀ ਰੂਪ ਵਿਚ ਸਾਡੇ ਤਕ ਨਹੀਂ ਪੁੱਜਾ ।
ਗੁਰੂ ਨਾਨਕ ਕਾਲ ਦੇ ਉੱਘੇ ਕਿੱਸਾਕਾਰ ਇਹ ਹਨ :
(1) ਦਮੋਦਰ (ਸੋਲ੍ਹਵੀਂ ਸਦੀ)
(2) ਪੀਲੂ (ਅਕਬਰ ਤੇ ਜਹਾਂਗੀਰ ਦੇ ਸਮੇਂ)
(3) ਹਾਫਜ਼ ਬਰਖ਼ੁਰਦਾਰ (ਔਰੰਗਜ਼ੇਬ ਦੇ ਰਾਜ ਸਮੇਂ ਹੋਇਆ)
(4) ਅਹਿਮਦ (1660 ਈ. ਵਿਚ ਹੀਰ ਦਾ ਕਿੱਸਾ ਲਿਖਿਆ)
ਹੇਠਾਂ ਸੰਖੇਪ ਵਿਚ ਇਨ੍ਹਾਂ ਚੌਹਾਂ ਕਵੀਆਂ ਬਾਰੇ ਵਿਚਾਰ ਕੀਤੀ ਜਾ ਰਹੀ ਹੈ :
ਦਮੋਦਰ : ਦਮੋਦਰ ਨਾਲ ਪੰਜਾਬੀ ਕਿੱਸਾ ਪਰੰਪਰਾ ਦਾ ਆਰੰਭ ਹੁੰਦਾ ਹੈ। ਉਸ ਨੇ ਸਭ ਤੋਂ ਪਹਿਲਾਂ 'ਹੀਰ ਰਾਂਝੇ' ਦਾ ਕਿੱਸਾ ਲਿਖਿਆ, ਜਿਹੜਾ ਦਵੱਈਆ ਛੰਦ ਵਿਚ ਹੈ। ਪੰਜਾਬੀ ਵਿਚ ਹੀਰ ਰਾਂਝੇ ਦਾ ਕਿੱਸਾ
ਲਿਖਣ ਲਈ ਲਗਭਗ ਦੋ ਸੌ ਕਵੀਆਂ ਨੇ ਵੱਖ-ਵੱਖ ਰੂਪਾਂ ਤੇ ਵੱਖ-ਵੱਖ ਛੰਦਾਂ ਵਿਚ ਹੱਥ ਅਜ਼ਮਾਇਆ ਹੈ । ਇਹ ਵਾਰਤਕ ਤੇ ਕਵਿਤਾ ਦੋਹਾਂ ਰੂਪਾਂ ਵਿਚ ਲਿਖਿਆ ਗਿਆ ਤੇ ਪੰਜਾਬੀ ਤੋਂ ਛੁੱਟ ਬਹੁਤ ਸਾਰੀਆਂ ਭਾਰਤੀ ਤੇ ਬਦੇਸ਼ੀ ਭਾਸ਼ਾਵਾਂ ਵਿਚ ਵੀ ਇਹ ਕਿੱਸਾ ਲਿਖਿਆ ਮਿਲਦਾ ਹੈ।
ਦਮੋਦਰ ਦੇ ਜੀਵਨ ਬਾਰੇ ਜਿੰਨੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਸ ਦਾ ਆਧਾਰ ਉਸ ਦਾ ਰਚਿਆ ਇਹ ਕਿੱਸਾ ਹੀ ਹੈ, ਜਿਸ ਵਿਚ ਉਹ ਲਿਖਦਾ ਹੈ :
ਨਾਉਂ ਦਮੋਦਰ ਜ਼ਾਤ ਗੁਲਾਟੀ, ਆਇਆ ਸਿੱਕ ਸਿਆਲੀਂ ।
ਆਪਣੇ ਮਨ ਵਿਚ ਮਸਲਤ ਕੀਤੀ, ਬਹਿ ਕੇ ਇਥਾਈਂ ਜਾਲੀ ।
ਵੜਿਆ ਵੰਝ ਚੂਚਕ ਦੇ ਸ਼ਹਿਰੇ, ਜਿੱਥੇ ਸਿਆਲ ਅਬਦਾਲੀ।
ਆਖ ਦਮੋਦਰ ਖੁਸ਼ੀ ਹੋਈ ਉਸ, ਦੇਖ ਉਨ੍ਹਾਂ ਦੀ ਚਾਲੀ।
ਉਥੇ ਕੀਤਾ ਰਹਿਣ ਦਮੋਦਰ, ਉਹ ਵਸਤੀ ਖੁਸ਼ ਆਹੀ।
ਚੂਚਕ ਬਹੁੰ ਦਿਲਾਸਾ ਦਿਤਾ, ਤਾਂ ਦਿਲਗੀਰੀ ਲਾਹੀ।
ਚੂਚਕ ਨੂੰ ਜੋ ਵੰਝ ਮਿਲਿਆ, ਸੇ ਨਾਲੇ ਕੁੰਦੀ ਤਾਈ।
ਆਖ ਦਮੋਦਰ ਹੋਯਾ ਦਿਲਾਸਾ, ਤਾਂ ਹੱਟੀ ਏਥੇ ਬਣਾਈ।
ਉਪਰੋਕਤ ਕਥਨ ਅਨੁਸਾਰ ਦਮੋਦਰ ਜਾਤ ਦਾ ਗੁਲਾਟੀ ਅਰੋੜਾ ਸੀ । ਰੋਜ਼ਗਾਰ ਦੀ ਭਾਲ ਵਿਚ ਹੀਰ ਦੇ ਪਿਤਾ ਚੂਚਕ ਦੇ ਸ਼ਹਿਰ ਝੰਗ ਸਿਆਲਾਂ ਵਿਚ ਗਿਆ ਅਤੇ ਚੂਚਕ ਦੇ ਦਿਲਾਸਾ ਦੇਣ ਤੇ ਉਥੇ ਹੀ ਹੱਟੀ ਪਾ ਕੇ ਰਹਿਣ ਲੱਗ ਪਿਆ। ਇਹ ਹਵਾਲਾ ਕਿਧਰੇ ਨਹੀਂ ਮਿਲਦਾ ਕਿ ਦਮੋਦਰ ਕਦੋਂ ਹੋਇਆ ਅਤੇ ਉਸ ਨੇ ਇਹ ਕਿੱਸਾ ਕਿਹੜੇ ਸਮੇਂ ਲਿਖਿਆ ਪਰ ਉਸ ਦੇ ਕਿੱਸੇ ਵਿਚ ਅਕਬਰ ਬਾਦਸ਼ਾਹ ਦਾ ਜ਼ਿਕਰ ਪੰਜ ਛੇ ਵਾਰੀ ਆਇਆ ਹੈ, ਜਿਵੇਂ :
(1) ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ ਨਾ ਹੁਜਤ ਕਾਈ।
(2) ਅਕਬਰ ਸ਼ਾਹ ਦਾ ਰਾਜ ਵਡੇਰਾ, ਜੇ ਤੈਨੂੰ ਕਜ਼ਾ ਦਿੱਤੀ ਆਈ।
(3) ਹਿਕੇ ਦਵੀਹਾਂ ਅਕਬਰ ਗ਼ਾਜ਼ੀ, ਕੱਛਾਂ ਆਪ ਕਛੀਹਾਂ।
(4) ਕਿਸ ਨੂੰ ਆਖਾਂ ਤੁਧ ਸਦਾਈਂ, ਕਿਛ ਅਕਬਰ ਮੈਂ ਤੇ ਧਾਇਆ।
(5) ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜ੍ਹੇ ਸਵਾਏ।
ਦੂਜਾ ਹਵਾਲਾ, ਦਮੋਦਰ ਦੇ ਕਿੱਸੇ ਵਿਚ ਉਸ ਸੰਮਤ ਦਾ ਆਉਂਦਾ ਹੈ, ਜਦੋਂ ਅੰਤ ਵਿਚ ਹੀਰ ਤੇ ਰਾਂਝੇ ਦਾ ਆਪਸ ਵਿਚ ਮੇਲ ਹੁੰਦਾ ਹੈ:
ਪੰਦਰ ਸੌ ਉਨੱਤਰੀ ਆਹਾ, ਸੰਮਤ ਬਿਰਕਮ ਰਾਏ।
ਹੀਰ ਤੇ ਰਾਂਝਾ ਹੋਏ ਇਕੱਠੇ, ਉਸ ਸੰਮਤ ਝੇੜੇ ਰੱਬ ਚੁਕਾਏ।
ਪਾਤਸ਼ਾਹੀ ਜੇ ਅਕਬਰ ਸੰਦੀ ਦਿਨ ਦਿਨ ਚੜ੍ਹੇ ਸਵਾਏ।
ਆਖ ਦਮੋਦਰ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ।
ਪਰ ਅਕਬਰ ਦੇ ਰਾਜ ਦਾ ਬਿਕ੍ਰਮੀ ਸੰਮਤ 1613 ਤੋਂ 1662 ਬਣਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਹੀਰ ਰਾਂਝੇ ਦਾ ਮੇਲ ਤੇ ਅਕਬਰ ਦੇ ਰਾਜ ਦਾ ਕੋਈ ਸੰਬੰਧ ਨਹੀਂ । 1529 ਬਿਕ੍ਰਮੀ ਵਿਚ ਬਹਿਲੋਲ ਲੋਧੀ ਦਾ ਰਾਜ ਸੀ । ਇਕ ਹੋਰ ਹਵਾਲਾ ਵੀ ਮਿਲਦਾ ਹੈ ਕਿ ਜਦ ਰਾਂਝਾ ਹੀਰ ਨੂੰ ਖੇੜਿਆਂ ਤੋਂ ਕੱਢ ਕੇ ਲੈ ਆਇਆ ਤੇ ਪਿਛੋਂ ਵਾਹਰ ਨੇ ਉਨ੍ਹਾਂ ਨੂੰ ਆ ਘੇਰਿਆ ਅਤੇ ਦੋਹਾਂ ਨੂੰ ਮਾਰ ਕੁੱਟ ਕੇ, ਕੋਟ ਕਬੂਲੇ ਦੇ ਜਿਸ ਹਾਕਮ ਦੇ ਸਾਹਮਣੇ ਪੇਸ਼ ਕੀਤਾ. ਉਸ ਦਾ ਨਾਂ ਅਬੁਲ-ਫਤਹ ਸੀ:
ਅਬੁਲ ਫਤਹ ਆਖੇ ਸੁਣ ਹਜ਼ਰਤ, ਕਿਤ ਨੂੰ ਇਨ੍ਹਾਂ ਮਰੇਂਦੇ।
ਪਕੜ ਸਿਆਲ ਦੇਵਹੁ ਅਲੀ ਨੂੰ, ਸ਼ਰਮਿੰਦਾ ਕਿੱਤ ਕਰੇਂਦੇ।
ਇਤਿਹਾਸਕ ਹਵਾਲਿਆਂ ਅਨੁਸਾਰ ਅਬੁਲ-ਫਤਹ ਲੋਧੀਆਂ ਦੇ ਵੇਲੇ ਕੋਟ ਕਬੂਲੇ ਦਾ ਹਾਕਮ ਸੀ, ਜਿਸ ਨੂੰ ਸਿੱਧਾ ਕਰਨ ਲਈ ਸ਼ੇਰ ਸੂਰੀ ਨੇ ਹੈਬਤ ਖ਼ਾਂ ਨੂੰ ਭੇਜਿਆ ਸੀ । ਇਸ ਅਨੁਸਾਰ ਹੀਰ ਰਾਂਝੇ ਦੀ ਵਾਰਤਾ ਬਹਿਲੋਲ ਲੋਧੀ ਜਾਂ ਸ਼ੇਰ ਸ਼ਾਹ ਸੂਰੀ ਵੇਲੇ ਹੋਈ।
ਇਕ ਹੋਰ ਗੱਲ ਜਿਹੜੀ ਭੁਲੇਖਾ ਪਾਉਂਦੀ ਹੈ, ਉਹ ਦਮੋਦਰ ਦਾ ਆਪਣੇ ਕਿੱਸੇ ਵਿਚ ਬਾਰ-ਬਾਰ ਇਹ ਲਿਖਣਾ ਹੈ ਕਿ ਹੀਰ ਰਾਂਝੇ ਦੀ ਸਾਰੀ ਘਟਨਾ ਉਸ ਦੇ ਸਾਹਮਣੇ ਵਾਪਰੀ ਅਤੇ ਉਸ ਨੇ ਜੋ ਕੁਝ ਲਿਖਿਆ ਹੈ, ਅੱਖੀਂ ਡਿੱਠੇ ਦੇ ਆਧਾਰ ਉੱਤੇ ਹੈ। ਉਹ ਆਖਦਾ ਹੈ :
(1) ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ।
ਸਉਂਕ ਸਉਂਕ ਉੱਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ।
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਾਇਉਇ ।
ਆਖ ਦਮੋਦਰ ਅਗੇ ਕਿੱਸਾ, ਜੋਈ ਸੁਣੋ ਸਭ ਕੋਈ।
(2) ਦੇਖ ਦਮੋਦਰ ਹੀਰ ਦੀ ਚਾਲੀ, ਕਿੱਸਾ ਆਣ ਬਣਾਏ।
(3) ਆਖ ਦਮੋਦਰ ਅੱਖੀਂ ਡਿੱਠਾ, ਲੱਗੀ ਹੋਣ ਲੜਾਈ।
(4) ਆਖ ਦਮੋਦਰ ਵੇਖ ਧੀਦੋ ਨੂੰ, ਅਸਾਂ ਦਿਲ ਫਹਾਇਆ।
(5) ਆਖ ਦਮੋਦਰ ਮੈਂ ਛਪ ਖਲੋਤਾ, ਜਿੱਥੇ ਦੋ ਬੂਟੇ ਇਕ ਕਾਹੀ।
ਇਸ ਤਰ੍ਹਾਂ ਸਾਡੇ ਪਾਸ ਤਿੰਨ ਹਵਾਲੇ ਹਨ ਜਿਨ੍ਹਾਂ ਦੇ ਆਧਾਰ ਤੇ ਅਸੀਂ ਕਿਸੇ ਸਿੱਟੇ ਤੇ ਪੁੱਜਣਾ ਹੈ। ਉਹ ਹਵਾਲੇ ਹਨ, ਸੰਮਤ 1529, ਅਕਬਰ ਦਾ ਰਾਜ ਤੇ ਦਮੋਦਰ ਦਾ ਅੱਖੀਂ ਦੇਖ ਕੇ ਕਿੱਸਾ ਲਿਖਣ ਦਾ ਦਾਅਵਾ। ਦਮੋਦਰ ਨੇ ਹੀਰ ਰਾਂਝੇ ਦੀ ਕਹਾਣੀ ਆਪਣੀ ਜਵਾਨੀ ਵੇਲੇ ਦੇਖੀ ਜਦੋਂ ਲੋਧੀਆਂ ਜਾਂ ਸ਼ੇਰ ਸ਼ਾਹ ਸੂਰੀ ਦਾ ਰਾਜ ਸੀ, ਪਰ ਇਹ ਕਿੱਸਾ ਉਸ ਨੇ ਬੁਢਾਪੇ ਵੇਲੇ ਲਿਖਿਆ ਜਿਸ ਵੇਲੇ ਅਕਬਰ ਦਾ ਰਾਜ ਕਾਇਮ ਹੋ ਚੁੱਕਾ ਸੀ ਤੇ ਹਰ ਪਾਸੇ ਉਸ ਦੀ ਧਾਂਕ ਪੈ ਰਹੀ ਸੀ । ਕਵੀ ਨੇ ਕੇਵਲ ਕਿੱਸਾ ਲਿਖਣ ਸਮੇਂ ਵੇਲੇ ਦੇ ਸ਼ਹਿਨਸ਼ਾਹ ਅਕਬਰ ਦੀ ਉਸਤਤਿ ਕੀਤੀ ਹੈ।
ਕੁਝ ਵਿਦਵਾਨਾਂ ਦੇ ਦਮੋਦਰ ਦੇ ‘ਅੱਖੀਂ ਡਿੱਠਾ ਕਿੱਸਾ ਲਿਖਣ" ਦੇ ਦਾਅਵੇ ਨੂੰ ਨਿਰਮੂਲ ਤੇ ਕਾਵਿ- ਕਥਨੀ ਆਖਿਆ ਹੈ ਤੇ ਦੋ ਦਲੀਲਾਂ ਦਿੱਤੀਆਂ ਹਨ। ਇਕ ਤਾਂ ਇਹ ਕਿ, ਕੀ ਦਮੋਦਰ ਹੀਰ ਰਾਂਝੇ ਦੇ ਮਗਰ ਮਗਰ ਤੁਰਿਆ ਫਿਰਦਾ ਸੀ, ਜੋ ਹਰ ਘਟਨਾ ਵੇਲੇ ਆਪਣੇ ਆਪ ਨੂੰ ਹਾਜ਼ਰ ਨਾਜ਼ਰ ਦੱਸਦਾ ਹੈ? ਦੂਜੀ ਇਹ ਸੀ ਕਿ ਜਿਸ ਚੂਚਕ ਨੇ ਦਮੋਦਰ ਨੂੰ ਦਿਲਾਸਾ ਦੇ ਕੇ ਉੱਥੇ ਹੱਟੀ ਪੁਆਈ. ਉਸ ਦੀ ਧੀ ਦਾ ਕਿੱਸਾ ਜੋੜਨ ਦੀ, ਉਸ ਨੇ ਕਿਵੇਂ ਜੁਰੱਤ ਕੀਤੀ । ਪਹਿਲੇ ਇਤਰਾਜ਼ ਦਾ ਉੱਤਰ ਇਹ ਹੈ ਕਿ ਦਮੋਦਰ ਨੇ ਸੱਚ ਮੁੱਚ ਅੱਖੀਂ ਡਿੱਠਾ ਕਿੱਸਾ ਹੀ ਲਿਖਿਆ। ਜਿੱਥੇ ਸੰਭਵ ਤੋਰ ਤੇ ਉਹ ਆਪ ਹਾਜ਼ਰ ਨਹੀਂ ਵੀ ਹੋ ਸਕਦਾ ਸੀ, ਉਸ ਬਾਰੇ ਵੀ ਉਸ ਨੂੰ ਪੂਰੀ ਜਾਣਕਾਰੀ ਸੀ ਕਿਉਂ ਜੋ ਉਹ ਚੂਚਕ ਪਰਿਵਾਰ ਦਾ ਨਿਕਟ-ਵਰਤੀ ਸੀ । ਕਿੱਸਾ ਖ਼ਤਮ ਕਰ ਕੇ ਅਖ਼ੀਰ ਵਿਚ ਫੇਰ ਉਹ ਲਿਖਦਾ ਹੈ :
ਪੂਰੀ ਭਈ ਕਥਾ ਹੀਰੇ ਦੀ, ਇਹ ਸੰਮ ਇਸ਼ਕ ਨਾ ਕੋਈ।
ਜਿਉਂ ਚਾਈ ਤਿਉਂ ਤੋੜ ਨਿਭਾਈ, ਜਾਣਤ ਹੈ ਤ੍ਰੈ ਲੋਈ।
ਨਾਉਂ ਦਮੋਦਰ ਜ਼ਾਤ ਗੁਲ੍ਹਾਟੀ ਡਿੱਠਾ ਸੋ ਲਿਖਿਓਈ।
ਵਿਚ ਸਿਆਲੀਂ ਪਾਸ ਚੂਚਕ ਦੇ, ਅਸਾਂ ਤਾਂ ਰਹਿਣ ਕੀਤੋਈ।
ਦੂਜੀ ਗੱਲ ਦਾ ਉੱਤਰ ਇਹ ਹੈ ਕਿ ਦਮੋਦਰ ਨੇ ਜਵਾਨੀ ਵੇਲੇ ਇਹ ਪ੍ਰੀਤ ਕੌਤਕ ਦੇਖਿਆ, ਪਰ ਬੁਢਾਪੇ ਵੇਲੇ ਇਸ ਨੂੰ ਲਿਖਿਆ, ਜਿਸ ਵੇਲੇ ਚੂਚਕ ਮਰ ਚੁੱਕਾ ਹੋਵੇਗਾ। ਇਹ ਸੰਭਵ ਹੈ ਕਿ ਚੂਚਕ ਦੀ ਮੌਤ ਪਿੱਛੋਂ ਦਮੋਦਰ ਝੰਗ ਛੱਡ ਕੇ ਕਿਧਰੇ ਹੋਰ ਚਲਾ ਗਿਆ ਹੋਵੇ ਤੇ ਉਥੇ ਜਾ ਕੇ ਇਹ ਕਿੱਸਾ ਲਿਖਿਆ ਹੋਵੇ। ਉਂਜ ਕਹਾਣੀ ਦਿਆਂ ਵੇਰਵਿਆਂ ਘਟਨਾਵਾਂ, ਨਾਵਾਂ, ਥਾਵਾਂ ਤੇ ਹਵਾਲਿਆਂ, ਲੋਕਾਂ ਦੇ ਰਹਿਣ ਸਹਿਣ, ਚੱਜ-ਆਚਾਰ
ਤੇ ਵਿਵਹਾਰ ਨੂੰ ਜਿਸ ਬਾਰੀਕੀ ਨਾਲ ਇਸ ਕਿੱਸੇ ਵਿਚ ਬਿਆਨਿਆ ਗਿਆ ਹੈ, ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਦਮੋਦਰ ਨੇ ਬਹੁਤ ਕੁਝ ਅੱਖੀਂ ਵੇਖ ਕੇ ਲਿਖਿਆ ।
ਦਮੋਦਰ ਰਚਿਤ ਇਹ ਇੱਕੋ 'ਕਿੱਸਾ ਹੀਰ ਰਾਂਝਾ' ਸਾਡੇ ਤਕ ਪੁੱਜਾ ਹੈ। ਉਹ ਇਕ ਪ੍ਰੌਢ ਕਵੀ ਸੀ ਤੇ ਉਸ ਵਿਚ ਇਕ ਨਿਪੁੰਨ ਕਲਾਕਾਰ ਵਾਲੇ ਸਾਰੇ ਗੁਣ ਮੌਜੂਦ ਹਨ, ਇਸ ਲਈ ਸੰਭਵ ਹੈ ਕਿ ਹੀਰ ਤੋਂ ਬਿਨਾਂ ਵੀ ਉਸ ਨੇ ਹੋਰ ਕਾਵਿ-ਰਚਨਾ ਕੀਤੀ ਹੋਵੇ, ਜਿਹੜੀ ਸਾਡੇ ਤਕ ਨਹੀਂ ਪੁੱਜ ਸਕੀ। ਪਹਿਲਾਂ ਇਹ ਕਿੱਸਾ ਸਰ ਰਿਚਰਡ ਟੈਂਪਲ ਨੇ ਮਰਾਸੀਆਂ ਪਾਸੋਂ ਸੁਣ ਕੇ, ਹੋਰ ਕਿੱਸਿਆਂ ਦੇ ਨਾਲ ਲੀਜੰਡਜ਼ ਔਫ ਦੀ ਪੰਜਾਬ (1884- 89) ਵਿਚ ਪ੍ਰਕਾਸ਼ਿਤ ਕੀਤਾ। ਸਭ ਤੋਂ ਪਹਿਲਾਂ ਬੇਦੀ ਗੰਗਾ ਸਿੰਘ ਨੇ ਇਕ ਪੁਰਾਣੇ ਹੱਥ-ਲਿਖਤੀ ਖਰੜੇ ਨੂੰ ਆਧਾਰ ਬਣਾਕੇ, ਦਮੋਦਰ ਰਚਿਤ ਕਿੱਸੇ ਨੂੰ ਪ੍ਰਕਾਸ਼ਿਤ ਕੀਤਾ। ਇਸ ਦੇ ਕੁੱਲ 961 ਬੰਦ ਹਨ। ਵੱਖ-ਵੱਖ ਵਿਦਵਾਨਾਂ ਦੁਆਰਾ ਸੰਪਾਦਿਤ ਹੀਰ ਦਮੋਦਰ ਵਿਚ 950 ਤੋਂ 990 ਤਕ ਬੰਦਾਂ ਦਾ ਵਰਣਨ ਮਿਲਦਾ ਹੈ ।
ਦਮੋਦਰ ਦੇ ਸਾਰੇ ਕਿੱਸੇ ਵਿਚ ਇਕੋ ਦਵੱਯਾ ਛੰਦ ਚਲਦਾ ਹੈ, ਜਿਹੜਾ 28 ਮਾਤ੍ਰਾ ਦਾ ਹੈ। ਇਸ ਦੀ ਬੋਲੀ ਝਾਂਗੀ ਜਾਂ ਲਹਿੰਦੀ ਪੰਜਾਬੀ ਹੈ ਜਿਸ ਵਿਚ ਫ਼ਾਰਸੀ ਦੇ ਤਤਸੱਮ ਸ਼ਬਦ ਵੀ ਵਰਤੇ ਮਿਲਦੇ ਹਨ। ਇਹ ਕਿੱਸਾ ਸੁਆਲਾ ਜੁਆਬਾਂ ਜਾਂ ਨਾਟਕੀ ਢੰਗ ਨਾਲ ਲਿਖਿਆ ਗਿਆ ਹੈ. ਭਾਵੇਂ ਕਵੀ ਵਲੋਂ ਆਪਣਾ ਸਿੱਧਾ ਬਿਆਨ ਵੀ ਕਈ ਥਾਈਂ ਮਿਲਦਾ ਹੈ। ਕਲਾ ਦੀ ਦ੍ਰਿਸ਼ਟੀ ਤੋਂ ਦਮੋਦਰ ਦੀ ਹੀਰ ਦਾ ਕਿੱਸਾ ਵਾਰਸ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ । ਫਰਕ ਕੇਵਲ ਇੰਨਾ ਹੈ ਕਿ ਵਾਰਸ ਵਿਚ ਵਿਸਥਾਰ ਹੈ ਤੇ ਉਹ ਇੱਕੋ ਗੱਲ ਨੂੰ ਲਮਕਾਈ ਤੁਰਿਆ ਜਾਂਦਾ ਹੈ ਜਦ ਕਿ ਦਮੋਦਰ ਵਿਚ ਸੰਜਮ, ਸੰਕੋਚ ਤੇ ਸੰਖੇਪਤਾ ਹੈ। ਕਾਵਿ-ਸੁਹਜ ਵੀ ਦਮੋਦਰ ਵਿਚ ਵਾਰਿਸ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ।
ਕਹਾਣੀ ਦੀਆਂ ਘਟਨਾਵਾਂ, ਪਾਤਰਾਂ ਦੇ ਸੁਭਾ ਦੇ ਆਲੇ-ਦੁਆਲੇ ਦਾ ਬਿਆਨ ਦਮੋਦਰ ਨੇ ਬੜੀ ਰੀਝ ਤੇ ਬਰੀਕੀ ਨਾਲ ਕੀਤਾ ਹੈ ਅਤੇ ਆਪਣੀ ਸ਼ਖ਼ਸੀਅਤ ਦੀਆਂ ਨਿੱਜੀ ਛੋਹਾਂ ਲਾ ਕੇ ਬਿਆਨ ਨੂੰ ਰੰਗੀਨ ਬਣਾਇਆ ਹੈ । ਉਸ ਦੀ ਮਨੋ-ਵਿਗਿਆਨਕ ਸੂਝ ਵੀ ਪਕੇਰੀ ਸੀ, ਜਿਸ ਦੇ ਪ੍ਰਮਾਣ ਪਾਤਰਾਂ ਦੇ ਚਰਿੱਤਰਾਂ ਵਿਚੋਂ ਮਿਲਦੇ ਹਨ ।
ਦਮੋਦਰ ਨੇ ਆਪਣੇ ਕਿੱਸੇ ਵਿਚ ਥਾਂ-ਥਾਂ ਤੇ ਸਥਾਨਕ ਰੰਗਣ ਭਰੀ ਹੈ ਤੇ ਆਪਣੇ ਵੇਲੇ ਦੇ ਪੰਜਾਬ ਦੀ ਪੇਂਡੂ ਸਭਿਅਤਾ ਦੇ ਸੋਹਣੇ ਚਿੱਤਰ ਉਲੀਕੇ ਹਨ । ਜਨਮ, ਵਿਆਹ ਸ਼ਾਦੀਆਂ ਆਦਿ ਦੀਆਂ ਰਸਮਾਂ ਤੇ ਜ਼ਾਤਾਂ, ਗੋਤਾਂ, ਕਿੱਤਿਆ ਆਦਿ ਦੇ ਵੇਰਵੇ ਸਾਰੀ ਕਹਾਣੀ ਨੂੰ ਸਜੀਵਤਾ ਬਖ਼ਸ਼ਦੇ ਹਨ।
ਹੀਰ ਦੀ ਸੁੰਦਰਤਾ ਬਿਆਨਣ ਲਗਿਆਂ ਜਿੱਥੇ ਵਾਰਿਸ ਨੇ ਸਾਰਾ ਜ਼ੋਰ ਲਾ ਦਿੱਤਾ, ਇਸ ਦੇ ਉਲਟ ਦਮੋਦਰ ਨੇ ਰਾਂਝੇ ਦੀ ਸੁੰਦਰਤਾ ਨੂੰ ਰੀਝ ਨਾਲ ਚਿੱਤਿਆ ਹੈ ਕਿ ਦੇਖਣ ਵਾਲੇ ਸਭ ਇਸਤਰੀ ਮਰਦ ਮੋਹਤ ਹੋ ਜਾਂਦੇ ਸਨ :
ਜੇ ਧੀਦੋ ਚੜ੍ਹੇ ਘੋੜੇ, ਬਾਹਰ ਪੰਖੀ ਨਾ ਠਹਿਰਾਇਣ ।
ਨਰ ਨਾਰੀ ਜੋ ਕੋਈ ਦੇਖੇ, ਪਲ ਨ ਪਲਕਾ ਲਾਇਣ।
ਇਸ ਸੰਬੰਧੀ ਹੋਰ ਵੇਰਵਿਆਂ ਤੋਂ ਛੁੱਟ ਦਮੋਦਰ ਇਕ ਘਟਨਾ ਬੜੇ ਸੁਆਦਲੇ ਢੰਗ ਨਾਲ ਬਿਆਨਦਾ ਹੈ। ਜਦ ਰਾਂਝਾ ਭਰਾਵਾਂ ਨਾਲ ਰੁਸ ਕੇ ਘਰੋਂ ਨਿਕਲ ਤੁਰਦਾ ਹੈ ਤਾਂ ਰਾਹ ਵਿਚ ਰਾਤ ਇਕ ਮਸੀਤ ਵਿਚ ਕੱਟਦਾ ਹੈ । ਮਸੀਤ ਦੇ ਖੂਹ ਤੋਂ ਕੁੜੀਆਂ ਪਾਣੀ ਭਰਨ ਆਉਂਦੀਆਂ ਹਨ ਤਾਂ ਇਕ ਝੀਉਰਾਂ ਦੀ ਕੁੜੀ ਰਾਂਝੇ ਤੇ ਮੋਹਿਤ ਹੋ ਜਾਂਦੀ ਹੈ ਅਤੇ ਘਰ ਜਾ ਕੇ ਮਾਂ ਨੂੰ ਆਖਦੀ ਹੈ :
ਘਿੰਨ ਘੜਾ ਸਿਰ ਉਤੋਂ ਮਾਏ, ਨਹੀਂ ਤਾਂ ਭੋਇੰ ਮਰੇਂਦੀ।
ਵਿਚ ਮਸੀਤੇ ਚੰਦ ਫਾਥੋਈ, ਮੈਂ ਵਰ ਨਹੀਂਏ ਦੇਂਦੀ।
ਅੱਗੋਂ ਮਾਂ ਆਪਣੀ ਧੀ ਨੂੰ ਤਾਂ ਝਿੜਕ ਕੇ ਬਿਠਾ ਦਿੰਦੀ ਹੈ, ਪਰ ਆਪ ਮਸੀਤ ਵਿਚਲੇ ਚੰਦ ਨੂੰ ਦੇਖਣ ਤੁਰ ਪੈਂਦੀ ਹੈ ਤੇ ਦਮੋਦਰ ਦੇ ਸ਼ਬਦਾਂ ਵਿਚ ਉਹ ਆਪ ਹੀ ਉਸ ਉੱਤੇ ਮੋਹਿਤ ਹੋ ਕੇ ਆਖ ਉਠਦੀ ਹੈ :
ਹੈ ਜੇ ਚੁਖ ਵਡੇਰਾ ਹੋਵੇ, ਮੈਂ ਆਪ ਨਕਾਹ ਬਨ੍ਹਾਈਂ।
ਦਮੋਦਰ ਰਚਿਤ ਕਿੱਸੇ ਵਿਚ ਭਾਵੇਂ ਸਾਰੇ ਰਸ ਆ ਗਏ ਹਨ, ਪਰ ਇਨ੍ਹਾਂ ਵਿਚ ਸ਼ਿੰਗਾਰ, ਬੀਰ ਤੇ ਕਰੁਣਾ ਰਸ ਦੀਆਂ ਅਣਗਿਣਤ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ। ਹੀਰ ਤੇ ਨੂਰ ਖਾਂ ਚੰਧੜ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਦਮੋਦਰ ਹੀਰ ਦੀ ਬੀਰਤਾ ਨੂੰ ਇਉਂ ਬਿਆਨ ਕਰਦਾ ਹੈ :
ਹੀਰੇ ਧਰੂਹ ਕਰ ਮਾਰੀ ਮਿਸਰੀ, ਸਿਰ ਨੂਰੇ ਦੇ ਸੱਟੀ।
ਆਈ ਰਾਸ, ਨਾ ਗਈ ਘੁਸਾਂਵੀਂ, ਧਰਤੀ ਰੱਤ ਵਿਰੱਤੀ।
ਅੱਧਾ ਧੜ ਹੰਨੇ ਵਿਚ ਫਾਥਾ, ਅੱਧਾ ਢੱਠਾ ਧਰਤੀ।
ਆਖ ਦਮੋਦਰ ਕੀਕਣ ਦਿਸੈ, ਜਿਉਂ ਧੋਬੀ ਸੁੱਥਣ ਘੱਤੀ।
ਕਰੁਣਾ-ਰਸ ਦੀ ਇਕ ਉਦਾਹਰਣ ਦੇਖੋ। ਜਦ ਹੀਰ ਸਹੁਰੀਂ ਤੁਰਨ ਲਗਦੀ ਹੈ ਤਾਂ ਦਮੋਦਰ ਉਸ ਦ੍ਰਿਸ਼ ਨੂੰ ਕਿਵੇਂ ਬਿਆਨ ਕਰਦਾ ਹੈ :
ਰੋਂਦੇ ਆਤਣ ਤੇ ਰੋਂਦੇ ਵਿਹੜੇ, ਜਿਉਂ ਜਿਉਂ ਵਿਦਾ ਕਰੇਂਦੀ।
ਰੋਵਣ ਬਿਰਖ, ਬੰਬੁਲ ਪੰਖੇਰੂ, ਸਹੀਆਂ ਵਾਰੇ ਦੇਂਦੀ।
ਰੋਵੇ ਮਾਉਂ ਨਾ ਮੂੰਹੋਂ ਅਲਾਵੇ, ਫਿਰਦੀ ਪੇਟ ਖੁਹੇਂਦੀ।
ਆਖ ਦਮੋਦਰ, ਆਖੇ ਮਹਿਰੀ, ਮੈਂ ਰਾਂਝੇ ਤਾਈ ਦੇਂਦੀ।
ਰੋਵਣ ਪੱਤਰ ਦੱਖਤਾਂ ਸੰਦੇ ਰੋਵਣ ਬੂਟੇ ਕਾਹੀਂ।
ਰੋਵੇ ਬੁਢੀ ਨੱਢੀ ਲੋਕਾ, ਰੋਵਣ ਸੱਤੇ ਪਾਹੀਂ ।
ਰਸਾਂ ਤੋਂ ਬਿਨਾਂ ਅਲੰਕਾਰਾਂ ਦੀ ਵੰਨ-ਸੁਵੰਨਤਾ ਵੀ ਕਵੀ ਦੇ ਕਾਵਿ-ਕੌਸ਼ਲ ਨੂੰ ਉਘਾੜਦੀ ਹੈ । ਸ਼ਬਦ ਤੇ ਅਰਥ ਦੇਹਾਂ ਵੰਨਗੀਆਂ ਦੇ ਅਲੰਕਾਰ ਸਾਰੀ ਕਵਿਤਾ ਦਾ ਸ਼ਿੰਗਾਰ ਹਨ । ਏਥੇ ਇਕ ਦੇ ਉਦਾਹਰਣਾਂ ਦੇਣੀਆਂ ਉਚਿੱਤ ਪ੍ਰਤੀਤ ਹੁੰਦੀਆਂ ਹਨ:
ਰੂਪ ਅਲੰਕਾਰ-
ਬਾਬਲ ਥਾਜ ਤੇ ਚਰਗ ਪਿਤ੍ਰੀਏ, ਸ਼ਿਕਰੇ ਬਾਸ਼ੇ ਭਾਈ।
ਮਾਊਂ ਘੁਮਾਈ ਕੂੰਜ ਥੀ ਉਡਸੀ, ਸੀ ਚਾਨੇ ਭਰਜਾਈ।
ਕਦੀ ਸਮਝ ਸਿਆਣੀ ਧੀਏ, ਮਤ ਨ ਤੈਨੂੰ ਕਾਈ।
ਕੈਂਦੀ ਧੀ ਤੇ ਨੂੰਹ ਕੈਂਦੀ ਹੈ, ਜਿਨ੍ਹਾਂ ਜ਼ਿਮੀਂ ਵਧਾਈ।
ਉਮਮਾ ਅਲੰਕਾਰ-
ਤਾਂ ਕੁੱਦੀ ਵਿਚਹੁੰ ਹਰਣੀ ਵਾਂਗਣ, ਜਾਂ ਉਸ ਇਹ ਸੁਣਾਇਆ।
ਕੇ ਤੂੰ ਅੰਨ੍ਹਾ ਕੇ ਕੱਪ ਕੱਢਿਆ, ਮੈਨੂੰ ਸੁਣ ਨਹੀਂ ਪਾਇਆ।
ਜੋਗਣੀਆਂ ਰਤ ਪੀਵਨ ਆਈਆਂ, ਸੀਸ ਧੜਾਂ ਤੇ ਨਾਂਹੀ।
ਆਖ ਦਮੋਦਰ ਲਾਲ ਜ਼ਿੰਮੀਂ ਸਭ, ਅਲਤਾ ਜਿਵੇਂ ਵਿਵਾਹੀ।
ਅਤਿ-ਕਥਨੀ ਅਲੰਕਾਰ - (ਇਹ ਪ੍ਰੋਢੋਕਤੀ ਅਲੰਕਾਰ ਵੀ ਹੈ)
ਅੰਬਰ ਕਾਲਾ ਇਤ ਬਿਧ ਹੋਇਆ, ਅਸਾਂ ਦਰਦਮੰਦਾਂ ਦੀਆਂ ਆਹੀਂ।
ਤਾਰੇ ਚਿਣਗਾਂ ਜੁੱਸੇ ਵਿਚੋਂ, ਅੰਬਰ ਗਈਆਂ ਤਦਾਹੀਂ
ਅਨੁਪ੍ਰਾਸ ਅਨੁਸਾਰ –
ਰੱਤੀ ਰਤ ਨਾ ਮਾਸਾ ਮਾਸਹਿ
ਜਾਂ - ਭਲਕ ਥੀਆ, ਭਲਾ ਭਾਇਆ
ਜਾਂ - ਚਲਣ ਤੇ ਚਿਤ ਚਾਇਆ
ਜਾਂ- ਪਾਟਾ ਪੇਟ ਕੇ ਪੱਟੀ ਬੱਝੇ
ਦਮੋਦਰ ਦੇ ਕਿੱਸੇ ਵਿਚ ਬਹੁਤ ਸਾਰੇ ਮੁਹਾਵਰੇ ਤੇ ਉਕਤੀਆਂ ਸਹਿਜ-ਸੁਭਾ ਆ ਗਈਆਂ ਹਨ:
ਕੂੜੀ ਦੁਨੀਆਂ ਤੇ ਕੂੜਾ ਆਲਮ,
ਜਾਂ - ਡਿਠੇ ਬਾਝਹੂੰ ਦੋਸ਼ ਨਾ ਦੀਜੇ
ਜਾਂ - ਮੰਗਣ ਕੋਲੋਂ ਮਰਨ ਚੰਗੇਰਾ ।
ਦਮੋਦਰ ਦੇ ਕਿੱਸੇ ਵਿਚ ਜਿੱਥੇ ਬਿਆਨ ਦੀ ਰੰਗੀਨੀ ਹੈ, ਉਥੇ ਇਸ ਵਿਚ ਬਹੁਤੀ ਥਾਈਂ ਸਰੋਦੀ ਅੰਸ਼ ਵੀ ਆ ਗਿਆ ਹੈ। ਜਦ ਹੀਰ ਤੇ ਰਾਂਝੇ ਦਾ ਪਿਆਰ ਲੋਕਾਂ ਦਾ ਚਰਚਾ ਬਣ ਗਿਆ ਤਾਂ ਹੀਰ ਦੀ ਸਹੇਲੀ ਦੇ ਮੂੰਹੋਂ ਦਮੋਦਰ ਇਸ ਨੂੰ ਇੰਜ ਬਿਆਨ ਕਰਵਾਉਂਦਾ ਹੈ :
ਹੁਲੀ ਹੀਰੇ, ਹੁਲੀ ਭੈਣੇ, ਗੱਲ ਤੁਸਾਡੀ ਹੁਲੀ।
ਹੁਣੇ ਤਾਂ ਚੂਚਕ ਬਾਪ ਸੁਣੇਂਦਾ, ਤਾਮ ਪਕੇ ਨ ਚੁਲ੍ਹੀ ।
ਚਾਕਾਂ ਨਾਲ ਕਰੇਂ ਅਸ਼ਨਾਈਂ, ਫਿਰਨੀ ਏਂ ਕੋਸੋਂ ਖੁਲ੍ਹੀ ।
ਸੁਣ ਤੂੰ ਸੱਚ ਸਿਆਣੀ ਕੁੜੀਏ, ਚਾਕ ਉਤੇ ਚਾ ਡੁਲ੍ਹੀ ।
ਭਾਵੇਂ ਕਿਤੇ ਕਿਤੇ ਕਿੱਸੇ ਵਿਚ ਕੁਝ ਕੁ ਕਾਵਿ-ਦੋਸ਼ ਦਿਖਾਈ ਦਿੰਦੇ ਹਨ, ਜਿਵੇਂ ਤੁਕਾਂ ਦੇ ਤੋਲ ਵਿਚ ਫਰਕ ਜਾਂ ਮਾਤ੍ਰਾ ਦਾ ਵਾਧਾ ਘਾਟਾ ਆਦਿ, ਪਰ ਤਾਂ ਵੀ ਦਮੋਦਰ ਰਚਿਤ ਇਹ ਕਿੱਸਾ ਬਹੁਤ ਸਾਰੇ ਕਾਰਣਾਂ ਕਰ ਕੇ ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਰਖਦਾ ਹੈ।
ਪੀਲੂ :
ਮਿਰਜ਼ਾ ਸਾਹਿਬਾਂ ਦਾ ਕਿੱਸਾ ਸਭ ਤੋਂ ਪਹਿਲਾਂ ਪੀਲੂ ਨੇ ਲਿਖਿਆ ਹੈ। ਪੀਲੂ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਦੋਂ ਹੋਇਆ। ਇਸ ਸਾਰੇ ਵਿਦਵਾਨਾਂ ਵਿਚ ਮਤ-ਭੇਦ ਹੈ। ਹਾਫਜ਼ ਬਰਖ਼ੁਰਦਾਰ ਜਿਸ ਨੇ ਮਿਰਜ਼ਾ ਸਾਹਿਬਾਂ ਤੋਂ ਛੁਟ ਹੀਰ ਦੇ ਕਈ ਕਿੱਸੇ ਲਿਖੇ ਅਤੇ ਜਿਹੜਾ 1676 ਈ ਅਰਥਾਤ ਔਰੰਗਜ਼ੇਬ ਦੇ ਰਾਜ ਸਮੇਂ ਹੋਇਆ, ਉਹ ਪੀਲੂ ਦੀ ਬਹੁਤ ਤਰੀਫ਼ ਕਰਦਾ ਹੈ ਅਤੇ ਆਖਦਾ ਹੈ :
ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭਲ ਕਰੇਣ।
ਉਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧੀ ਦਸਤ ਧਰੇਣ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੀਲੂ ਨਿਸ਼ਚੇ ਹੀ 1676 ਈ. ਤੋਂ ਪਹਿਲਾਂ ਤੇ ਦਮੋਦਰ ਤੋਂ ਪਿਛੋਂ ਹੋਇਆ ਹੈ। ਅਹਿਮਦ ਯਾਰ ਨੇ ਆਪਣੇ ਤੋਂ ਪਹਿਲਾਂ ਹੋ ਚੁੱਕੇ ਸਾਰੇ ਕਵੀਆਂ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ । ਪੀਲੂ ਬਾਰੇ ਉਹ ਲਿਖਦਾ ਹੈ :
ਪੀਲੂ ਨਾਲ ਨਾ ਰੀਸ ਕਿਸੇ ਦੀ, ਉਸ ਵਿਚ ਸੋਜ਼ ਅਲਹਿਦੀ।
ਮਸਤ ਨਿਗਾਹ ਕੀਤੀ ਉਹ ਪਾਸੇ, ਕਿਸੇ ਫਕੀਰ ਵਲ ਦੀ।
ਏਸੇ ਤਰ੍ਹਾਂ ਸੈਫ਼ੂਲ-ਮਲੂਕ ਦਾ ਕਰਤਾ ਮੁਹੰਮਦ ਬਖ਼ਸ਼ ਵੀ ਪੀਲੂ ਦੀ ਉਸਤਤ ਕਰਦਾ ਹੋਇਆ ਲਿਖਦਾ ਹੈ-
ਛੜੀ ਛਿੜੀ ਗੱਲ ਆਖੀ ਲੇਕਿਨ ਜੋ ਆਖੀ ਸੋ ਹੱਛੀ।
ਪੀਲੂ ਸੁਥਰਾ ਪਹਿਲੇ ਹੋਏ, ਬਹੁਤ ਜ਼ਿਮੀਂ ਜਦ ਕੱਛੀ।
ਸਿਵਾਇ ਮਿਰਜ਼ਾ ਸਾਹਿਬਾਂ ਦੇ ਕਿੱਸੇ ਦੇ, ਪੀਲੂ ਦੀ ਹੋਰ ਕੋਈ ਰਚਨਾ ਸਾਨੂੰ ਨਹੀਂ ਮਿਲਦੀ। ਇਹ ਕਿੱਸਾ ਵੀ ਲਿਖਤੀ ਰੂਪ ਵਿਚ ਨਹੀਂ ਸਗੋਂ ਲੋਕਾਂ ਦੇ ਮੂੰਹੋਂ ਸੁਣ ਕੇ ਸਭ ਤੋਂ ਪਹਿਲਾਂ ਸਵਿਨਰਟਨ ਨੇ ਆਪਣੀ ਪੁਸਤਕ "ਰੋਮਾਂਟਿਕ ਟੇਲਜ਼ ਔਫ ਦੀ ਪੰਜਾਬ" ਵਿਚ ਪ੍ਰਕਾਸ਼ਿਤ ਕੀਤਾ। ਸਰ ਰਿਚਰਡ ਟੈਂਪਲ ਨੇ ਵੀ ਆਪਣੀ ਪੁਸਤਕ "ਲੀਜੰਡਜ਼ ਐਫ ਦੀ ਪੰਜਾਬ" ਵਿਚ ਪੀਲੂ ਦੇ ਕਿੱਸੇ ਦਾ ਕੁਝ ਹਿੱਸਾ ਛਾਪਿਆ । ਇਸ ਤਰ੍ਹਾਂ ਪੀਲੂ ਦਾ ਇਹ ਕਿੱਸਾ ਅਧੂਰੇ ਰੂਪ ਵਿਚ ਪ੍ਰਾਪਤ ਹੈ ਜਿਸ ਦੀ ਲੜੀ ਵੀ ਕਈ ਥਾਈਂ ਟੁੱਟਦੀ ਹੈ।
ਡਾ. ਜੀਤ ਸਿੰਘ ਸੀਤਲ ਅਨੁਸਾਰ ਪੀਲੂ ਕੌਮ ਦਾ ਮੁਸਲਮਾਨ ਜੱਟ ਸੀ ਅਤੇ ਪਿੰਡ ਵੈਰੋਵਾਲ, ਤਹਿਸੀਲ
ਤਰਨ ਤਾਰਨ, ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਉਹ ਅਕਬਰ ਤੇ ਜਹਾਂਗੀਰ ਬਾਦਸ਼ਾਹ (1556 ਤੋਂ 1627 ਈ ) ਦੇ ਰਾਜ ਸਮੇਂ ਹੋਇਆ। ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਆਪ ਫਕੀਰਾਨਾਂ ਤਬੀਅਤ ਦੇ ਮਾਲਕ ਸਨ । ਜਦ ਜ਼ਰਾ ਜਵਾਨ ਹੋਏ ਤਾਂ ਸੈਰ ਦੇ ਸ਼ੌਕ ਕਾਰਨ ਘਰ ਤੋਂ ਨਿਕਲੇ । ਗੁਰੂ ਅਰਜਨ ਦੇਵ ਜੀ ਦੇ ਦੀਦਾਰ ਕਰਨ ਅਤੇ ਸਾਹ ਹੁਸੈਨ ਦੇ ਸੂਫੀਆਨਾ ਕਲਾਮ ਸੁਣਨ ਪਿਛੋਂ ਆਪ ਫਕੀਰਾਨਾਂ ਭੇਸ ਵਿਚ ਇਲਾਕਾ ਬਾਰ ਵਲ ਚਲੇ ਗਏ । ਰਾਵੀ ਤੋਂ ਪਾਰ ਜਦ ਦਾਨਾਬਾਦ ਖਰਲਾਂ ਵਿਚ ਗਏ ਤਾਂ ਜਿਵੇਂ ਮਿਰਜ਼ਾ ਸਾਹਿਬਾਂ ਦਾ ਚਰਚਾ ਸੁਣਿਆ, ਤਿਵੇਂ ਕਵਿਤਾ ਵਿਚ ਲਿਖ ਦਿੱਤਾ ।
ਪੀਲੂ ਦੀ ਤਾਰੀਫ ਜਿੰਨੀ ਹੋਰ ਸ਼ਾਇਰ ਕਰਦੇ ਹਨ, ਉਸ ਦੀ ਕਵਿਤਾ ਉਸ ਦੇ ਮੁਕਾਬਲੇ ਤੇ ਏਨੀ ਉੱਚੀ ਪ੍ਰਤੀਤ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਇਕ ਪੀਲੂ ਭਗਤ ਦਾ ਜ਼ਿਕਰ ਆਉਂਦਾ ਹੈ। ਆਮ ਵਿਚਾਰ ਇਹੀ ਹੈ ਕਿ ਪੀਲੂ ਭਗਤ ਹੀ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਣ ਵਾਲਾ ਹੈ। ਇਸ ਦਾ ਨਿਰਣਾ ਕਰਦੇ ਹੋਏ ਡਾ. ਗੋਪਾਲ ਸਿੰਘ ਦਰਦੀ ਲਿਖਦੇ ਹਨ :
"ਅਸੀਂ ਸਮਝਦੇ ਹਾਂ ਕਿ ਸਭ ਕੁਝ ਪੀਲੂ ਦੀ ਕਵਿਤਾ ਕਰ ਕੇ ਨਹੀਂ, ਉਸ ਦੀ ਫਕੀਰੀ ਸ਼ੁਹਰਤ ਦਾ ਸਿਰ ਸਦਕਾ ਆਖਿਆ ਗਿਆ ਹੋਣਾ ਹੈ, ਜਾਂ ਉਸ ਦਾ ਮਿਰਜ਼ਾ ਸਾਹਿਬਾਂ ਦਾ ਸਭ ਤੋਂ ਪਹਿਲਾ ਲਿਖਾਰੀ ਹੋਣ ਕਰਕੇ ਉਸ ਦੀ ਤਾਰੀਫ ਕੀਤੀ ਗਈ ਹੈ।"
ਪੀਲੂ ਦਾ ਹੇਠ ਲਿਖਿਆ ਦੋਹੜਾ ਆਮ ਲੋਕਾਂ ਦੀ ਜ਼ਬਾਨ ਤੇ ਹੈ :
ਪੀਲੂ ਆਖੇ ਸ਼ਾਇਰਾ, ਕਿਤ ਵਲ ਗਿਆ ਜਹਾਨ।
ਬਹਿ ਬਹਿ ਗਈਆਂ ਮਜਲਸਾਂ, ਲਗ ਲਗ ਗਏ ਦੀਵਾਨ।
ਪੀਲੂ ਅਸਾਂ ਨਾਲੋਂ ਸੇ ਭਲੇ, ਜੋ ਜੰਮਦਿਆਂ ਹੀ ਮੋਏ।
ਉਹਨਾਂ ਚਿੱਕੜ ਪਾਉਂ ਨਾ ਬੋੜਿਆ, ਨਾ ਆਲੂਦ ਭਏ ।
ਪੀਲੂ ਦਾ ਮਿਰਜ਼ਾ ਸਾਹਿਬਾਂ ਦਾ ਕਿੱਸਾ, ਲੋਕਾਂ ਵਿਚ ਏਨਾ ਹਰਮਨ ਪਿਆਰਾ ਹੈ ਕਿ ਇਸ ਦਾ ਲਗਭਗ ਅੱਧਾ ਭਾਗ ਹਰ ਇਕ ਨੂੰ ਜ਼ਬਾਨੀ ਯਾਦ ਹੈ ਤੇ ਜਦ ਕਿਧਰੇ ਕੋਈ ਗਾਇਕ ਮਿਰਜ਼ੇ ਦੇ ਸੱਦ ਰੂਪ ਵਿਚ ਲਿਖੇ ਕਿੱਸੇ ਨੂੰ ਗਾਉਣ ਲਗਦਾ ਹੈ ਤਾਂ ਉਨ੍ਹਾਂ ਦੇ ਦਿਲਾਂ ਨੂੰ ਧੂਹ ਪੈਂਦੀ ਹੈ । ਸਾਹਿਬਾਂ ਦੀ ਸੁੰਦਰਤਾ ਦਾ ਵਰਣਨ ਪੀਲੂ ਦੇ ਸ਼ਬਦਾਂ ਵਿਚ ਦੇਖੋ :
ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ।
ਫੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ।
ਤੇਲ ਭੁਲਾਵੇਂ ਭੁਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ ।
ਵਣਜ ਗਵਾ ਲਏ ਬਾਣੀਆਂ, ਬਲ੍ਹਦ ਗੰਵਾਇ ਜੱਟ।
ਤਿੰਨ ਸੋ ਨਾਂਗਾ ਪਿੜ ਰਿਹਾ, ਹੋ ਗਏ ਚੌੜ ਚੁਪੱਟ ।
ਸਾਹਿਬਾਂ ਦੀ ਸੁੰਦਰਤਾ ਦੀ ਤਾਰੀਫ ਮਿਰਜ਼ੇ ਦੇ ਮੂੰਹੋਂ ਕਵੀ ਨੇ ਇੰਜ ਕਰਵਾਈ ਹੈ :
ਕੱਢ ਕਲੇਜਾ ਲੈ ਗਈ ਖਾਨ ਖੀਵੇ ਦੀ ਧੀ।
ਗਜ਼ ਗਜ਼ ਲੰਮੀਆਂ ਮੀਢੀਆਂ, ਰੰਗ ਜੋ ਗੋਰਾ ਸੀ।
ਜੇ ਦੇਵੇ ਪਿਆਲਾ ਜ਼ਹਿਰ ਦਾ, ਮੈਂ ਮਿਰਜ਼ਾ ਲੈਂਦਾ ਪੀ।
ਜੇ ਮਾਰੇ ਬਰਛੀ ਕੱਸ ਕੇ, ਮੈਂ ਕਦੇ ਨਾ ਕਰਦਾ ਸੀ।
ਪੀਲੂ ਨੇ ਮਿਰਜ਼ੇ ਦੀ ਘੋੜੀ 'ਬੱਕੀ' ਦੀ ਤਾਰੀਫ ਕਰਨ ਲਗਿਆਂ ਵੀ ਕਮਾਲ ਕਰ ਦਿੱਤੀ ਹੈ। ਜਦ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲਿਜਾਣ ਲਗਦਾ ਹੈ ਤਾਂ ਸਾਹਿਬਾਂ ਆਖਦੀ ਹੈ ਕਿ ਤੇਰੀ ਘੋੜੀ ਬੜੀ ਮਾੜੀ ਹੈ। ਮੇਰੇ ਪਿਉ ਦੀਆਂ ਘੋੜੀਆਂ ਤਾਂ ਬਹੁਤ ਤਕੜੀਆਂ ਹਨ ਜਿਹੜੀਆਂ ਭੱਜਿਆਂ ਨੂੰ ਜਾਣ ਨਹੀਂ ਦੇਣਗੀਆਂ। ਇਸ ਤੇ ਮਿਰਜ਼ਾ ਬੜੇ ਹਿਰਖ਼ ਨਾਲ ਆਪਣੀ ਬੱਕੀ ਦੀ ਤਾਰੀਫ, ਇਨ੍ਹਾਂ ਸ਼ਬਦਾਂ ਵਿਚ ਕਰਦਾ ਹੈ :
ਕੰਨ ਲੰਮੇ ਖੁਰ ਪਤਲੇ, ਦੁੰਮ ਬੱਕੀ ਦੀ ਸਿਆਹ ।
ਦੇਖ ਕੇ ਇਸ ਦੀ ਤੋਰ ਨੂੰ ਝੋਰੇ ਚਿਤ ਨਾ ਪਾ ।
ਬਾਈ ਡੋਗਰ ਜਿਨ੍ਹਾਂ ਦੇ, ਬਹਿਣ ਪੁਆਂਦੀ ਆ।
ਬਾਪ ਦੇ ਖਾਤਿਆਂ ਚਰ ਕੇ ਬੱਕੀ ਨੂੰ ਲਈਆਂ ਬਣਾ।
ਦਸ ਮਹੀਆਂ ਦਾ ਘਿਓ ਦਿਤਾ, ਬੱਕੀ ਦੇ ਢਿਡ ਪਾ।
ਮੇਰੀ ਬੱਕੀ ਤੋਂ ਡਰਣ ਫਰੇਸ਼ਤੇ, ਮੈਥੋਂ ਡਰੇ ਖ਼ੁਦਾ ।
ਚੁੱਭੀ ਵਿਚ ਪਤਾਲ ਲਾ, ਉੜਕੇ ਚੜ੍ਹੇ ਆਕਾਸ਼ ।
ਚੜ੍ਹਨਾ ਆਪਣੀ ਮੌਜ ਨੂੰ, ਮੇਰੀ ਬੱਕੀ ਨੂੰ ਲਾਜ ਨਾ ਲਾ ।
ਸਿਰ ਸਿਆਲਾਂ ਦੇ ਵੱਢ ਕੇ, ਦੇਵਾਂ ਜੰਡ ਚੜ੍ਹਾ।
ਬੱਕੀ ਦੇ ਵੇਲ ਪਰ ਬਹਿ ਕੇ, ਬੱਕੀ ਨੂੰ ਲਾਜ ਨਾ ਲਾ ।
ਮੱਧ ਕਾਲ ਦੇ ਹੋਰ ਕਵੀਆਂ ਵਾਂਗ ਪੀਲੂ ਨੇ ਵੀ ਇਸਤਰੀ ਜਾਤੀ ਦੀ ਭੰਡੀ ਕੀਤੀ ਹੈ। ਜਦ ਕੰਮੂ ਬ੍ਰਾਹਮਣ ਹੱਥ ਸਾਹਿਬਾਂ ਦਾ ਸੁਨੇਹਾ ਮਿਰਜ਼ੇ ਨੂੰ ਮਿਲਦਾ ਹੈ ਕਿ ਸਾਹਿਬਾਂ ਦੇ ਵਿਆਹ ਦੀ ਤਾਰੀਖ਼ ਮੁਕੱਰਰ ਹੋ ਚੁੱਕੀ ਹੈ ਤੇ ਉਸ ਤੋਂ ਪਹਿਲਾਂ ਆ ਕੇ ਉਸ ਨੂੰ ਦਾਨਾਬਾਦ ਲੈ ਜਾਵੇ ਤਾਂ ਮਿਰਜ਼ਾ ਝਟਪਟ ਤਿਆਰ ਹੋ ਕੇ ਬੱਕੀ ਤੇ ਚੜ੍ਹਨ ਲਗਦਾ ਹੈ, ਪਰ ਵੰਝਲ ਉਸ ਨੂੰ ਰੋਕਦਾ ਹੈ :
ਚੜ੍ਹਦੇ ਮਿਰਜੇ ਖਾਨ ਨੂੰ, ਜੱਟ ਵੰਝਲ ਦੇਂਦਾ ਮੱਤ।
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨਾਂ ਦੀ ਮੱਤ।
ਹੱਸ ਹੱਸ ਲਾਉਂਦੀਆਂ ਯਾਰੀਆਂ, ਪਿੱਛੋਂ ਰੋ ਰੋ ਦਿੰਦੀਆਂ ਦੱਸ।
ਲੱਖੀਂ ਹੱਥ ਨਾ ਆਉਂਦੀ ਦਾਨਸ਼ਮੰਦਾਂ ਦੀ ਪੱਤ ।
ਸਾਹਿਬਾਂ ਨੂੰ ਕੱਢ ਕੇ ਮਿਰਜ਼ਾ ਲੈ ਜਾਂਦਾ ਹੈ ਤੇ ਰਾਹ ਵਿਚ ਝੱਟ ਕੁ ਆਰਾਮ ਕਰਨ ਲਈ ਲੇਟ ਜਾਂਦਾ ਹੈ । ਸਾਹਿਬਾਂ ਵਾਸਤਾ ਪਾਉਂਦੀ ਹੈ ਕਿ ਮੈਨੂੰ ਛੇਤੀ ਦਾਨਾਬਾਦ ਲੈ ਚਲ ਕਿਉਂਜੋ ਉਸ ਦੇ ਭਰਾ ਉਨ੍ਹਾਂ ਦਾ ਪਿੱਛਾ ਕਰ ਕੇ ਰਾਹ ਵਿਚ ਹੀ ਆ ਘੇਰਣਗੇ । ਪਰ ਮਿਰਜ਼ੇ ਨੂੰ ਆਪਣੀ ਬਹਾਦਰੀ ਉੱਤੇ ਏਨਾ ਗੁਮਾਨ ਹੈ ਕਿ ਉਹ ਸਾਹਿਬਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ ਹੈ :
ਮੈਨੂੰ ਕੋਈ ਨਾ ਦੀਂਹਦਾ ਸੂਰਮਾ, ਜਿਹੜਾ ਮੈਥੇ ਹੱਥ ਕਰੇ।
ਕਟਕ ਭਿੜਾ ਦਿਆਂ ਟੱਕਰੀਂ, ਮੈਥੋਂ ਵੀ ਰਾਠ ਡਰੇ।
ਵਲ ਵਲ ਵੱਢ ਦਿਆਂ ਸੂਰਮੇ, ਜਿਉਂ ਖੇਤੀ ਨੂੰ ਪੈਣ ਗੜੇ।
ਸਿਰ ਸਿਆਲਾਂ ਦੇ ਵੱਢ ਕੇ, ਸਿੱਟੂੰਗਾ ਵਿਚ ਰੜੇ।
ਸਾਹਿਬਾਂ ਸੁੱਤੇ ਮਿਰਜ਼ੇ ਦਾ ਤੀਰਾਂ ਦਾ ਭਰਿਆ ਝੋਲਾ ਜੰਡ ਉੱਤੇ ਟੰਗ ਦਿੰਦੀ ਹੈ ਕਿ ਕਿਧਰੇ ਮਿਰਜ਼ਾਂ ਉਸ ਦੇ ਭਰਾਵਾਂ ਨੂੰ ਮਾਰ ਨਾ ਦੇਵੇ । ਬਾਹਰ ਆ ਕੇ ਸੁੱਤੇ ਪਏ ਮਿਰਜ਼ੇ ਨੂੰ ਘੇਰ ਲੈਂਦੀ ਹੈ ਤੇ ਮਿਰਜ਼ਾ ਆਪਣਾ ਝੋਲਾ ਨਾ ਦੇਖ ਕੇ ਆਖਦਾ ਹੈ :
ਮੰਦਾ ਕੀਤਾ ਸੁਣ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਈ ਜੰਡ ।
ਤਿੰਨ ਸੋ ਕਾਨੀ ਮਿਰਜ਼ੇ ਜੁਆਨ ਦੀ. ਦਿੰਦਾ ਸਿਆਲਾਂ ਨੂੰ ਫੰਡ।
ਪਹਿਲੋਂ ਮਾਰਾਂ ਵੀਰ ਸ਼ਮੀਰ ਨੂੰ, ਦੂਜੀ ਕੁੱਲੇ ਤੇ ਤੰਗ।
ਤੀਜੀ ਮਾਰਾਂ ਜੋੜ ਕੇ, ਜੈਹੰਦੀ ਹੈਂ ਤੂੰ ਮੰਗ।
ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਦੇ ਸੰਗ।
ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਦੁਖਾਂਤ, ਚਰਿੱਤਰ ਦਾ ਦੁਖਾਂਤ ਹੈ। ਮਿਰਜ਼ੇ ਨੂੰ ਆਪਣੀ ਬਹਾਦਰੀ ਉੱਤੇ ਗੁਮਾਨ ਸੀ ਤੇ ਪੀਲੂ ਇਨ੍ਹਾਂ ਸ਼ਬਦਾਂ ਨਾਲ ਇਸ ਤੱਥ ਨੂੰ ਪੇਸ਼ ਕਰਦਾ ਹੈ :
ਮਿਰਜਾ ਮਾਰਿਆ ਮਲਕੁਤ ਮੌਤ ਨੇ, ਕੁਝ ਮਾਰਿਆ ਖੁਦੀ ਗੁਮਾਨ ।
ਵਿਚ ਕਬਰਾਂ ਦੇ ਛੱਪ ਗਿਆ, ਮਿਰਜਾ ਸੋਹਣਾ ਛੈਲ ਜੁਆਨ ।
ਭਾਵੇਂ ਪੰਜਾਬੀ ਦੇ ਮੁੱਢਲੇ ਆਲੋਚਕ ਬਾਵਾ ਬੁੱਧ ਸਿੰਘ, ਪੀਲੂ ਦੇ ਕਿੱਸੇ ਨੂੰ "ਇਕ ਜਟਕੀ ਕਹਾਣੀ, ਜਟਕੀ ਬੋਲੀ ਵਿਚ ਸੁਣਾਈ ਹੋਈ' ਆਖਦੇ ਹਨ, ਪਰ ਆਲੋਚਕਾਂ ਨੇ ਇਸ ਕਿੱਸੇ ਦੇ ਕਾਵਿ-ਗੁਣਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਮੇਲਾ ਬਖ਼ਸ਼ ਕੁਸ਼ਤਾ ਅਨੁਸਾਰ, "ਉਸ ਵਿਚ ਸੋਜ ਤੇ ਰਵਾਨੀ ਬੜੀ ਹੈ, ਤਸ਼ਬੀਹਾਂ, ਇਸ਼ਤਿਆਰੇ ਤੇ ਮੁਹਾਵਰੇ ਸੋਹਣੇ ਵਰਤੇ ਹਨ।"
ਪੰਜਾਬ ਦੇ ਆਮ ਗਾਇਕ ਹੇਠ ਲਿਖੀਆਂ ਤੁਕਾਂ ਵੀ ਮਿਰਜੇ ਦੀ ਰਚਨਾ ਕਹਿਕੇ ਸੁਣਾਉਂਦੇ ਫਿਰਦੇ ਹਨ ਪਰ ਇਨ੍ਹਾ ਦਾ ਸੰਬੰਧ ਕਿੱਸੇ ਦੀ ਕਹਾਣੀ ਨਾਲ ਬਿਲਕੁਲ ਨਹੀਂ ਜੁੜਦਾ । ਇਹ ਗੱਲ ਵੀ ਸਪੱਸ਼ਟ ਹੈ ਕਿ ਲੋਕ-ਮੂੰਹਾਂ ਤੇ ਚੜ੍ਹ ਚੜ੍ਹ ਕੇ ਇਸ ਕਿੱਸੇ ਵਿਚ ਹੋਰ ਵੀ ਬਹੁਤ ਥਾਈਂ ਰਲਾ ਪੈ ਗਿਆ ਹੈ, ਜਿਸ ਦਾ ਨਿਰਣਾ ਕਰਨਾ ਸੌਖਾ ਨਹੀਂ :
ਹੁਜਰੇ ਸ਼ਾਹ ਮੁਕੀਮ ਦੇ, ਇਕ ਜੱਟੀ ਅਰਜ ਕਰੇ।
ਮੈਂ ਬਕਰਾ ਦੇਨੀ ਆਂ ਪੀਰ ਦਾ, ਜੇ ਸਿਰ ਦਾ ਸਾਈਂ ਮਰੇ।
ਪੰਜ ਸੱਤ ਮਰਨ ਗੁਆਂਢਣਾਂ, ਰਹਿੰਦੀਆਂ ਨੂੰ ਤਾਪ ਚੜ੍ਹੇ।
ਹੱਟੀ ਸੜੇ ਕਿਰਾੜ ਦੀ, ਜਿੱਥੇ ਦੀਵਾ ਨਿੱਤ ਬਲੇ।
ਕੁੱਤੀ ਮਰੇ ਫਕੀਰ ਦੀ, ਜਿਹੜੀ ਚਉਂ ਚਉਂ ਨਿੱਤ ਕਰੇ।
ਗਲੀਆਂ ਹੋਵਣ ਸੁੰਝੀਆਂ, ਵਿਚ ਮਿਰਜ਼ਾ ਯਾਰ ਫਿਰੇ।
ਮਿਰਜ਼ੇ ਦੀ ਲੋਕ-ਪ੍ਰਿਯਤਾ ਕਿਸੇ ਪਰਮਾਣ ਜਾਂ ਗਵਾਹੀ ਦੀ ਮੁਥਾਜ ਨਹੀਂ। ਉਸ ਦੇ ਕਿੱਸੇ ਦੀਆਂ ਬਹੁਤ ਸਾਰੀਆਂ ਤੁਕਾਂ ਨਾ ਕੇਵਲ ਆਮ ਲੋਕਾਂ ਦੇ ਮੂੰਹਾਂ ਤੇ ਚੜ੍ਹੀਆਂ ਹੋਈਆਂ ਹਨ, ਸਗੋਂ ਪਿਛੋਂ ਹੋਏ ਕਵੀਆਂ ਨੇ ਹੂ- ਬ-ਹੂ ਇਹ ਤੁਕਾਂ ਅਪਣਾ ਲਈਆਂ।
ਹਾਫ਼ਿਜ਼ ਬਰਖ਼ੁਰਦਾਰ : ਸੈਫੁਲ-ਮਲੂਕ ਦਾ ਕਰਤਾ ਮੁਹੰਮਦ ਬਖ਼ਸ਼ ਹਾਫ਼ਿਜ਼ ਬਰਖ਼ੁਰਦਾਰ ਬਾਰੇ ਆਖਦਾ ਹੈ :
ਹਾਫਿਜ਼ ਬਰਖ਼ੁਰਦਾਰ ਮੁਸੱਨਿਫ, ਗੋਰ ਜਿਨ੍ਹਾਂ ਦੀ ਚਿੱਟੀ ।
ਹਰ ਹਰ ਬੈਂਤ ਉਹਦਾ ਵੀ ਡਿੱਠਾ, ਜਿਉਂ ਮਿਸਰੀ ਦੀ ਖਿੱਟੀ।
ਏਸੇ ਤਰ੍ਹਾਂ ਅਹਿਮਦ ਯਾਰ ਹਾਫ਼ਿਜ਼ ਬਾਰੇ ਆਪਣੀ ਰਾਏ ਦਿੰਦਾ ਹੋਇਆ ਲਿਖਦਾ ਹੈ :
ਲੋਕਾਂ ਸੈ ਪਏ ਕਿੱਸੇ ਜੋੜੇ, ਪੜ੍ਹੇ ਜਿਨ੍ਹਾਂ ਰਸਾਲੇ ।
ਪਰ ਗਲ ਵਲ ਨਾ ਡਿੱਠਾ, ਹਾਫਜ਼ ਮੁਸਲਮਾਨੀ ਵਾਲੇ।
ਨੱਕ ਦੀ ਸੇਧੇ ਉਹੋ ਹਕੀਕਤ ਲਿਖੀ ਉਸ ਸੁਖਾਲੀ।
ਹਰ ਕੋਈ ਔਰਤ ਉਹਨੂੰ ਜਾਣੇ, ਚਰਖਾ ਕੱਤਣ ਵਾਲੀ।
ਹਾਫਜ਼ ਬਰਖ਼ੁਰਦਾਰ ਦਾ ਜਨਮ ਸ਼ਾਹ ਜਹਾਨ ਦੇ ਰਾਜ ਸਮੇਂ ਪਿੰਡ ਮੁਸਲਮਾਨੀ ਵਿਚ ਹੋਇਆ। ਉਹ ਜ਼ਾਤ ਦਾ ਰਾਂਝਾ ਜੱਟ ਸੀ । ਪੜ੍ਹਿਆ ਲਿਖਿਆ ਤੇ ਵਿਦਵਾਨ ਆਦਮੀ ਸੀ । ਉਸ ਨੇ ਹੇਠ ਲਿਖੇ ਕਿੱਸੇ ਲਿਖੇ: (1) ਮਿਰਜ਼ਾ ਸਾਹਿਬਾਂ (2) ਯੂਸਫ਼ ਜ਼ੁਲੈਖਾਂ (3) ਸੱਸੀ ਪੁੰਨੂੰ । ਇਨ੍ਹਾਂ ਤੋਂ ਬਿਨਾਂ ਕੁਝ ਕੁ ਧਾਰਮਿਕ ਰਚਨਾਵਾਂ ਵੀ ਉਸ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਹਨ। ਇਕ ਬਾਰਾਂ-ਮਾਹ ਤੇ ਤਿੰਨ ਸੀਹਰਫ਼ੀਆਂ ਦੇ ਹਵਾਲੇ ਵੀ ਮਿਲਦੇ ਹਨ ।
------------------
1. "ਗੋਰ ਜਿਨ੍ਹਾਂ ਦੀ ਚਿੱਟੀ" ਤੋਂ ਭਾਵ ਪਿੰਡ ਚਿੱਟੀ, ਸੇਖਾਂ ਜ਼ਿਲ੍ਹਾ ਸਿਆਲਕੋਟ ਹੈ, ਜਿਥੇ ਹਾਫ਼ਿਜ਼ ਦੀ ਕਬਰ ਹੈ।
2. "ਮੁਸਲਮਾਨੀ ਵਾਲੇ" ਤੋਂ ਭਾਵ ਮੁਸਲਮਾਨੀ ਨਾਂ ਦੇ ਪਿੰਡ ਤੋਂ ਹੈ, ਜਿਥੇ ਹਾਫਿਜ਼ ਦਾ ਜਨਮ ਹੋਇਆ, ਇਹ ਜ਼ਿਲ੍ਹਾ ਸਰਗੋਧਾ ਵਿਚ ਹੈ।
ਹਾਫ਼ਜ਼ ਤੋਂ ਪਹਿਲਾਂ ਪੀਲੂ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖ ਚੁੱਕਾ ਸੀ । ਇਸ ਨੇ ਉਸ ਕਿੱਸੇ ਨੂੰ, ਉਸੇ ਬਹਿਰ ਤੇ ਉਸੇ ਛੰਦ ਵਿਚ ਦੋਬਾਰਾ ਲਿਖਿਆ ਤੇ ਕਹਾਣੀ ਦੀ ਟੁੱਟਵੀਂ ਲੜੀ ਨੂੰ ਵੀ ਮੁਕੰਮਲ ਕੀਤਾ। ਇਸ ਦੇ ਨਾਲ ਹੀ ਉਸ ਨੇ ਬਹੁਤ ਸਾਰੀਆਂ ਤੁਕਾਂ ਵੀ ਪੀਲੂ ਵਾਲੀਆ ਹੀ ਲੈ ਕੇ ਆਪਣੇ ਕਿੱਸੇ ਵਿਚ ਜੜ ਦਿੱਤੀਆਂ। ਆਪਣੇ ਇਸ ਕਿੱਸੇ ਨੂੰ ਲਿਖਣ ਦੀ ਉਚਿਤਤਾ ਬਾਰੇ ਬਰਖ਼ੁਰਦਾਰ ਦਲੀਲ ਦਿੰਦਾ ਹੋਇਆ ਆਖਦਾ ਹੈ ਕਿ ਸਾਹਿਬਾਂ ਦੀ ਰੂਹ ਪੀਲੂ ਦੀ ਕਬਰ ਤੇ ਗਈ ਕਿ ਤੇਰੇ ਲਿਖੇ ਕਿੱਸੇ ਨੂੰ ਲੋਕਾਂ ਗਾ ਗਾ ਕੇ ਮੇਰੇ ਇਸ਼ਕ ਨੂੰ ਬਦਨਾਮ ਕਰ ਦਿੱਤਾ ਹੈ ਤੇ ਮੈਨੂੰ ਮਿਰਜ਼ੇ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਕਥਰ ਵਿਚੋਂ ਆਵਾਜ਼ ਦੇ ਕੇ ਪੀਲੂ ਨੇ ਕਾਂ ਹੱਥ ਸੁਨੇਹਾ ਭੇਜਿਆ ਅਤੇ ਬਰਖ਼ੁਰਦਾਰ ਨੂੰ ਮੁੜ ਇਹੀ ਕਿੱਸਾ ਲਿਖਣ ਦੀ ਪ੍ਰੇਰਣਾ ਦਿੱਤੀ । ਹਾਫਜ਼ ਦਾ ਕਿੱਸਾ ਪੀਲੂ ਨਾਲੋਂ ਵਧੇਰੇ ਵਿਸਤਾਰ ਵਿਚ ਹੈ। ਇਸ ਵਿਚ ਕਰਾਮਾਤਾਂ, ਜਾਦੂ ਤੇ ਪਰਾਸਰੀਰਕ ਸ਼ਕਤੀਆਂ ਦਾ ਵੀ ਵਰਣਨ ਹੈ ਅਤੇ ਹੋਣੀ ਨੂੰ ਵੀ ਬਲਵਾਨ ਸਿੱਧ ਕੀਤਾ ਹੈ।
ਸਾਹਿਬਾਂ ਦੀ ਸੁੰਦਰਤਾ ਦਾ ਵਰਣਨ ਹਾਫ਼ਿਜ਼ ਦੇ ਸ਼ਬਦਾਂ ਵਿਚ ਦੇਖੋ :
ਸਾਹਿਬਾਂ ਰੰਗ ਮਜੀਠ ਦਾ, ਜਿਉਂ ਜਿਉਂ ਧਰਤ ਰੰਗੀਨ।
ਉਹਦੀ ਜੁਤੀ ਤੇ ਦੋ ਵਾਲੀਆਂ, ਦੋ ਬਤਕਾਂ ਚਗ ਚੁਗੰਨ।
ਨਕ ਕੁੰਡੀ ਦਾ ਪਿਪਲਾ, ਜ਼ੁਲਫ਼ਾਂ ਨਾਗ ਪਲਮੰਨ ।
ਉਹਦੀਆਂ ਸੁਰਖ਼ ਲਬਾਂ ਦੰਦ ਉੱਜਲੇ, ਜਿਉਂ ਮੋਤੀ ਲਾਲ ਮਘੰਨ ।
ਜਾਂ ਗਲ ਕਰੇਂਦੀ ਹੱਸ ਕੇ, ਮੁਖ ਤੋਂ ਫੁਲ ਝੜੰਨ।
ਸਾਹਿਬਾਂ ਦੇ ਤਿੱਖੇ ਨੈਣ ਕਟਾਰੀਆਂ, ਉਸਰ ਖਾ ਮਰੰਨ ।
ਜਿਉਂ ਤੇਜ਼ੀ ਸੂਰਜ ਸਾਹਮਣੇ, ਲਾਟਾਂ ਨੈਣ ਮਚੰਨ ।
ਉਪਰ ਭੋਛਨ ਕੱਢਵਾਂ ਵਿਚ, ਤਿਲੀਅਰ ਚੋਗ ਚੁਗੰਨ।
ਹਾਫ਼ਿਜ਼ ਬਰਖ਼ੁਰਦਾਰ ਰਚਿਤ ਦੂਜਾ ਪ੍ਰਸਿੱਧ ਕਿੱਸਾ ਸੱਸੀ ਪੁੰਨੂੰ' ਹੈ, ਜਿਸ ਦੇ ਪੰਜਾਬੀ ਵਿਚ ਪਹਿਲਾਂ ਹੀ ਲਿਖੇ ਜਾ ਚੁੱਕਣ ਬਾਰੇ ਡਾਕਟਰ ਮੋਹਨ ਸਿੰਘ ਨੇ ਹਵਾਲਾ ਦਿੱਤਾ ਹੈ । ਪਰ ਇਸ ਕਿੱਸੇ ਨੂੰ ਪੂਰੇ ਵਿਸਤਾਰ ਵਿਚ ਪਹਿਲੀ ਵਾਰ ਲਿਖਣ ਦਾ ਸਿਹਰਾ ਹਾਫ਼ਿਜ਼ ਸਿਰ ਹੀ ਹੈ । ਭਾਵੇਂ ਸੱਸੀ ਦਾ ਕਿੱਸਾ ਹੀ ਅਰਥਾਂ ਵਿਚ ਹਾਸ਼ਮ ਦੇ ਹੱਥਾਂ ਵਿਚ ਜਾ ਕੇ ਅਮਰ ਹੋਇਆ ਪਰ ਹਾਫ਼ਿਜ਼ ਦਾ ਬਿਆਨ ਵੀ ਘੱਟ ਕਲਾ-ਮਈ ਨਹੀਂ। ਸੱਸੀ ਦੇ ਜਨਮ ਬਾਰੇ ਉਸ ਦਾ ਬਿਆਨ ਦੇਖੋ :
ਹਾਫ਼ਿਜ਼ ਜੇ ਰੱਬ ਆਵੇ ਮਿਹਰ ਤੇ, ਕੱਲਰ ਕੌਣ ਕਰੇ।
ਸੁੱਕੇ ਢੀਂਗਰ ਕੁਦਰਤੀ ਕਰਦਾ ਰੱਬ ਹਰੇ।
ਰੱਬ ਭਰਿਆਂ ਤੋਂ ਕਰਦਾ ਸੱਖਣੇ, ਖਾਲੀ ਫੇਰ ਭਰੇ।
ਯਾਰੋ ਜੇਡੀ ਕੁਦਰਤ ਰੱਬ ਨੂੰ, ਏਡਾ ਕੋਣ ਕਰੇ।
ਸੱਸੀ ਦੀ ਥਲਾਂ ਵਿਚ ਮੌਤ ਨੂੰ ਕਵੀ ਬੜੇ ਕਰੁਣਾ-ਮਈ ਢੰਗ ਨਾਲ ਰੂਪਮਾਨ ਕਰਦਾ ਹੈ :
ਸੱਸੀ ਦਾ ਮਾਤਮ, ਬਘਿਆੜਾਂ ਗਿੱਦੜ ਕੀਤਾ ਆ।
ਲੂੰਮੜੀਆਂ ਤੇ ਪਾਹੜੇ ਉਸ ਨੂੰ, ਰੋਵਣ ਪੱਲਾ ਪਾ।
ਉਹੋ ਮੋਰ ਜੰਗਲ ਦੇ ਝਾਗਰੀ, ਕੁਰਲਾਵਣ ਕੂੰਜਾਂ ਆ।
ਨਿਤ ਦੁਧ ਨਾ ਦਿੱਤਾ ਹਰਨੀਆਂ, ਥੱਕੇ ਪਗ ਵਿਹਾ।
ਇਹ ਇਸ਼ਕ ਕਰੇਸੀ ਤਖਤਾ, ਵਣ ਤਿਣ ਧਾਈਂ ਰੋਣ।
ਸੱਸੀ ਘਿਨ ਮੋਈ ਗਲ ਯਾਰ ਦਾ, ਘੱਟ ਥਲਾਂ ਵਿਚ ਸੋਗ।
ਪਰ ਹਾਫਿਜ਼ ਦੀ ਬਹੁਤੀ ਪ੍ਰਸਿੱਧੀ ਉਸ ਦੇ ਕਿੱਸੇ ਯੂਸਫ਼ ਜ਼ੁਲੈਖਾਂ ਕਰਕੇ ਹੋਈ, ਜਿਸ ਨੂੰ ਪਹਿਲੀ ਵਾਰ ਉਸ ਨੇ ਪੰਜਾਬੀ ਵਿਚ ਲਿਖਿਆ । ਇਸ ਦਾ ਹਵਾਲਾ ਕੁਰਾਨ ਸ਼ਰੀਫ ਵਿਚ ਮਿਲਦਾ ਹੈ । ਸੰਖੇਪ ਵਿਚ ਕਹਾਣੀ
ਇਸ ਪ੍ਰਕਾਰ ਹੈ ਕਿ ਯਾਕੂਬ ਦੇ ਸਭ ਤੋਂ ਛੋਟੇ ਪੁੱਤਰ ਯੂਸਫ ਨੂੰ ਭਰਾਵਾਂ ਨੇ ਖੂਹ ਵਿਚ ਸੁੱਟ ਦਿੱਤਾ ਤੇ ਪਿਤਾ ਨੂੰ ਦੱਸਿਆ ਕਿ ਉਸ ਨੂੰ ਬਘਿਆੜ ਖਾ ਗਿਆ ਹੈ। ਪਿਤਾ ਰੋ ਰੋ ਕੇ ਅੰਨ੍ਹਾ ਹੋ ਜਾਂਦਾ ਹੈ । ਇਕ ਕਾਫਲੇ ਵਾਲੇ ਉਸ ਨੂੰ ਖੂਹ ਵਿਚੋਂ ਕੱਢ ਕੇ ਮਿਸਰ ਵਿਚ ਵੇਚ ਦਿੰਦੇ ਹਨ, ਜਿਥੇ ਉਸ ਉੱਤੇ ਜੁਲੈਖਾਂ ਮੋਹਤ ਹੋ ਜਾਂਦੀ ਹੈ । ਯੂਸਫ਼ ਜੁਲੈਖਾਂ ਦੇ ਜਾਲ ਵਿਚ ਨਹੀਂ ਫਸਦਾ ਤੇ ਉਸ ਵਲੋਂ ਤੋਹਮਤ ਲਾਉਣ ਤੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ । ਮਿਸਰ ਦੇ ਬਾਦਸ਼ਾਹ ਨੂੰ ਸੁਪਨੇ ਦੀ ਤਾਅਬੀਰ ਦੱਸਣ ਉੱਤੇ ਯੂਸਫ ਪਹਿਲਾਂ ਉਸਦਾ ਵਜ਼ੀਰ ਪਿੱਛੋਂ ਆਪ ਹੀ ਬਾਦਸ਼ਾਹ ਬਣ ਜਾਂਦਾ ਹੈ ਤੇ ਜੁਲੈਖਾਂ ਨਾਲ ਵਿਆਹ ਹੋ ਜਾਂਦਾ ਹੈ ।
ਹਾਫ਼ਿਜ਼ ਬਰਖ਼ੁਰਦਾਰ ਦੁਆਰਾ ਲਿਖੇ ਇਸ ਕਿੱਸੇ ਉੱਤੇ ਫ਼ਾਰਸੀ ਦਾ ਪ੍ਰਭਾਵ ਬਾਕੀ ਕਿੱਸਿਆਂ ਨਾਲੋਂ ਵੱਧ ਹੈ । ਜ਼ੁਲੈਖਾਂ ਦੀ ਸੁੰਦਰਤਾ ਦਾ ਵਰਣਨ ਦੇਖੋ :
ਮੂੰਹ ਮਹਿਤਾਬ ਸਨੋਬਰ ਕਾਮਤ, ਅੱਖੀਂ ਰੋਸ਼ਨ ਦੀਵੇ ।
ਪਲਕਾਂ ਤੀਰ ਕਮਾਨਾਂ ਅਥਰੂ, ਦੰਦ ਚੰਬੇ ਦੀਆਂ ਕਲੀਆਂ।
ਨਾਜ਼ਕ ਬਦਨ ਸਰਾਹੀ ਗਰਦਨ, ਉਂਗਲੀਆਂ ਜਿਉਂ ਫਲੀਆਂ।
ਠੋਡੀ ਸੇਬ ਅਲਫ ਜੂੰ ਬੀਨੀ, ਲੌਂਗ ਨਵਾਬ ਸਮਾਵੇ।
ਗੁਲ ਲਾਲਾ ਤੋਂ ਰੰਗ ਸਵਾਇਆ, ਦੇਖ ਪਰੀ ਸ਼ਰਮਾਵੇ।
ਪਰ ਯੂਸਫ ਦੀ ਸੁੰਦਰਤਾ ਬੇ-ਮਿਸਾਲ ਸੀ :
ਭੁਲ ਗਏ ਉਹ ਫਖ਼ਰ ਰੰਨਾਂ ਦੇ, ਲਾਫਾਂ ਵਿਸਰ ਗਈਆਂ।
ਯੂਸਫ ਦੇ ਵਲ ਤਾਰਿਆਂ ਵਾਂਗੂੰ, ਤਰ ਤਰ ਵੇਖਣ ਪਈਆਂ ।
ਡਾ. ਪਿਆਰ ਸਿੰਘ, ਯੂਸਫ-ਜੁਲੈਖਾਂ ਬਾਰੇ ਲਿਖਦੇ ਹਨ -"ਬਰਖ਼ੁਰਦਾਰ ਦੇ ਕਲਾਮ ਵਿਚ, ਖ਼ਾਸ ਕਰਕੇ ਯੂਸਫ-ਜੁਲੈਖਾਂ ਵਿਚ ਜੋ ਸੋਜ਼, ਜੋ ਮਧੁਰਤਾ ਆਉਂਦੀ ਹੈ, ਉਹ ਪੰਜਾਬੀ ਦੀਆਂ ਬਹੁਤ ਘੱਟ ਰਚਨਾਵਾਂ ਦਾ ਵਿਰਸਾ ਹੈ।"
ਹਾਫਿਜ਼ ਨਾਲ ਪੰਜਾਬੀ ਕਿੱਸਾਕਾਰੀ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਡਾ. ਮੋਹਨ ਸਿੰਘ ਅਨੁਸਾਰ, "ਹਾਫਿਜ਼ ਬਰਖ਼ੁਰਦਾਰ ਇਕ ਮਹਾਨ ਸਾਹਿਤਕਾਰ ਸੀ, ਜਿਹੜਾ ਸ਼ਾਹਜ਼ਾਦਿਆਂ ਤੇ ਕਿਰਸਾਨਾਂ, ਅਨਪੜ੍ਹਾਂ ਤੇ ਵਿਦਵਾਨ-ਮੌਲਾਣਿਆਂ ਨਾਲ ਇਕ ਸਮਾਨ ਘੁਲਿਆ ਮਿਲਿਆ ਹੈ। ਉਹ ਜਨ-ਸਿਖਿਆ ਤੇ ਲੋਕ-ਸਾਹਿਤ ਦੇ ਮਹਾਨ ਕਾਰਜ ਨੂੰ ਸੰਪੂਰਨ ਕਰ ਸਕਿਆ ।"
ਡਾ. ਜੀਤ ਸਿੰਘ ਸੀਤਲ ਹਾਫ਼ਿਜ਼ ਬਰਖ਼ੁਰਦਾਰ ਦੀ ਕਾਵਿ ਕਲਾ ਦਾ ਮੁਲਾਂਕਣ ਕਰਦੇ ਹੋਏ ਲਿਖਦੇ ਹਨ :
"ਹਾਫਜ਼ ਬਰਖ਼ੁਰਦਾਰ ਇਸ ਗੱਲ ਦੀ ਸੇਧ, ਸ਼ਬਦਾਂ ਤੇ ਕਥਾ-ਵਸਤੂ ਦਾ ਸੰਕੋਚ, ਮਤਲਬ ਦਾ ਖੁਲ੍ਹਾ ਡੁਲ੍ਹਾ ਬਿਆਨ, ਢੁਕਵੇਂ ਰੂਪਕ ਤੇ ਦ੍ਰਿਸ਼ਟਾਂਤ, ਉੱਚੇ ਭਾਵ, ਸੋਚ ਉਡਾਰੀ ਆਦਿ ਵਰਗੇ ਅੰਸ਼. ਉਸਨੂੰ ਕਾਵਿ-ਕਲਾ ਵਿਚ ਨਿਪੁੰਨ ਬਣਾਉਂਦੇ ਹਨ। ਬਰਖ਼ੁਰਦਾਰ ਵਿਚ ਤਰਤੀਬ ਪੱਧਰੀ ਤੇ ਸੰਵਾਰੀ ਹੋਈ ਹੈ ਤੇ ਬਣਤਰ ਸੰਤੁਲਤ ਹੈ।"
ਨਿਸ਼ਚੇ ਹੀ ਹਾਫਜ਼ ਬਰਖ਼ੁਰਦਾਰ ਦਾ ਪੰਜਾਬੀ ਕਿੱਸਾ-ਕਾਵਿ ਵਿਚ ਵਿਸ਼ੇਸ਼ ਸਥਾਨ ਹੈ। ਜੇ ਉਸ ਨੇ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਨੂੰ ਆਧਾਰ ਬਣਾ ਕੇ ਕੁਝ ਭਾਗ ਹੂ-ਬਹੂ ਨਕਲ ਕਰ ਕੇ ਵੀ ਪੇਸ਼ ਕੀਤੇ ਹਨ, ਤਾਂ ਵੀ ਉਸਦੀ ਰਚਨਾ ਵਿਚ ਉਸ ਦਾ ਆਪਣਾ ਵੱਖਰਾ ਰੰਗ ਹਰ ਥਾਂ ਕਾਇਮ ਰਹਿੰਦਾ ਹੈ।
ਅਹਿਮਦ : ਅਹਿਮਦ ਔਰੰਗਜ਼ੇਬ ਦੇ ਰਾਜ ਸਮੇਂ ਹੋਇਆ। ਉਸ ਦੀ ਪ੍ਰਸਿੱਧੀ ਇਸ ਗੱਲ ਵਿਚ ਹੈ ਕਿ ਉਸ ਨੇ ਪਹਿਲੀ ਵਾਰ ਹੀਰ ਦਾ ਕਿੱਸਾ ਬੈਂਤ ਵਿਚ ਲਿਖਿਆ ਅਤੇ 1662 ਈ ਵਿਚ ਸੰਪੂਰਨ ਕੀਤਾ । ਕਿੱਸੇ ਦੇ ਅਖ਼ੀਰ ਵਿਚ ਇਹ ਸਤਰਾਂ ਦਰਜ ਕੀਤੀਆਂ ਗਈਆਂ ਹਨ:
ਸੰਨ ਬੀਸ ਤੇ ਚਾਰ ਔਰੰਗ-ਸ਼ਾਹੀ, ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ ।
ਅਹਿਮਦ ਦੇ ਕਿੱਸੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਏਸੇ ਕਿੱਸੇ ਨੂੰ ਆਧਾਰ ਬਣਾ ਕੇ ਪਿੱਛੋਂ
ਮੁਕਬਲ ਤੇ ਵਾਰਿਸ ਨੇ ਆਪਣੇ ਕਿੱਸਿਆਂ ਦੀ ਉਸਾਰੀ ਕੀਤੀ । ਏਥੋਂ ਤਕ ਕਿ ਮੁਕਬਲ ਤੇ ਵਾਰਿਸ ਦੀਆਂ ਅਨੇਕ ਤੁਕਾਂ, ਥੋੜ੍ਹੇ ਬਹੁਤ ਫਰਕ ਨਾਲ ਅਹਿਮਦ ਨਾਲ ਮਿਲਦੀਆਂ ਹਨ। ਉਦਾਹਰਣ ਲਈ :
ਅਹਿਮਦ : ਅਸਾਂ ਸਬਰ ਕੀਤਾ, ਤੁਸਾਂ ਸਬਰ ਕਰਨਾ
ਖ਼ਾਤ ਲਿਖ ਕੇ ਉਨ੍ਹਾਂ ਕਾਸ ਚਲਾਇਆ ਏ ।
ਵਾਰਿਸ : ਅਸਾਂ ਸਬਰ ਕੀਤਾ, ਤੁਸਾਂ ਸਬਰ ਕਰਨਾ,
ਹੁਕਮ ਇਨ੍ਹਾਂ ਦਾ ਮਯੀਤ ਨ ਆਇਆ ਏ।
ਅਹਿਮਦ : ਹੀਰ ਛੱਤਿਆਂ ਨਾਲ ਮੈਂ ਮਸ-ਭਿੰਨਾਂ,
ਤਦੋਂ ਜੀਓ ਮੇਰਾ ਉਨ ਖੱਸਿਆ ਸੀ।
ਵਾਰਿਸ : ਤੂੰ ਛੱਤਿਆ ਨਾਲ ਉਹ ਮੱਸ-ਭਿੰਨਾ,
ਤਦੋਂ ਦੋਹਾਂ ਦਾ ਜੀ ਰਲ ਗਿਆ ਸੀ ਨੀ।
ਇਸ ਸਾਂਝ ਦਾ ਜ਼ਿਕਰ ਕਰਦਾ ਹੋਇਆ, ਮੌਲਾ ਬਖ਼ਸ਼ ਕੁਸ਼ਤਾ ਲਿਖਦਾ ਹੈ- "ਇੰਜ ਜਾਪਦਾ ਹੈ ਕਿ ਅਹਿਮਦ ਨੇ ਹੀਰ ਦਾ ਨਕਸ਼ਾ ਡੋਲਿਆ ਤੇ ਵਾਰਿਸ਼ ਸ਼ਾਹ ਨੇ ਉਸ ਵਿਚ ਰੰਗ ਭਰ ਕੇ, ਉਸ ਨੂੰ ਮੁਕੰਮਲ ਕੀਤਾ । ਬਾਅਜ਼ ਥਾਂ ਤੇ ਖਿਆਲਤ ਦਾ ਆਪਸ ਵਿਚ ਟਾਕਰਾ ਵੀ ਹੋ ਗਿਆ ਹੈ । ਮੁਕਬਲ ਨੇ ਵੀ ਅਹਿਮਦ ਦੀ ਕਹਾਣੀ, ਸ਼ਬਦਾਵਲੀ ਤੇ ਕਾਵਿ-ਰੂਪ ਬੈਂਤ ਦੀ ਖੁੱਲ੍ਹ ਕੇ ਵਰਤੋਂ ਕੀਤੀ। ਅਹਿਮਦ ਦੀ ਹੀਰ ਦੇ ਕੁੱਲ 232 ਬੰਦ ਹਨ । ਬੋਲੀ ਭਾਵੇਂ ਠੇਠ ਹੈ, ਪਰ ਵਾਰਸੀ ਦੀ ਸ਼ਬਦਾਵਲੀ ਵੀ ਆ ਗਈ ਹੈ। ਅਹਿਮਦ ਦੀ ਹੀਰ ਦਾ ਨਮੂਨਾ ਦੇਖੋ । ਰਾਂਝਾ ਜੋਗੀ ਬਣਕੇ ਜਦ ਰੰਗਪੁਰ ਖੇੜਿਆਂ ਵਿਚ ਹੀਰ ਨੂੰ ਲੱਭਦਾ ਫਿਰਦਾ ਹੈ, ਤਾਂ ਉਸ ਦ੍ਰਿਸ਼ ਨੂੰ ਉਹ ਇਸ ਤਰ੍ਹਾਂ ਚਿੱਤ੍ਰਦਾ ਹੈ :
ਨਜ਼ਰ ਬਾਜ਼ ਫਿਰਦਾ ਵਿਚ ਖੇੜਿਆਂ ਦੇ, ਅੰਤ ਤ੍ਰਿੰਝਣੀ ਪਾਉਂਦਾ ਝਾਤੀਆਂ ਨੀ ।
ਇਕ ਹੱਸਦੀਆਂ, ਖੇਡਦੀਆਂ, ਗਾਂਵਦੀਆਂ ਨੀ, ਇਕ ਬੈਠੀਆਂ ਚੁਪ ਚੁਪਾਤੀਆਂ ਨੀ ।
ਕੋਈ ਸਾਂਵਲੀਆਂ ਨੀ, ਕੋਈ ਗੋਰੀਆਂ ਨੀਂ, ਕੋਈ ਲੰਮੀਆਂ ਕੋਈ ਸੰਘਾਤੀਆਂ ਨੀ ।
ਇਕ ਭਿੰਨੜੇ ਨੈਣ ਅਨੂਪ ਕੁੜੀਆਂ, ਕਈ ਸੋਹਣੀਆਂ ਨੀ, ਇਕ ਦਾਤੀਆਂ ਨੀ ।
ਇਕ ਨਜ਼ਰ ਛੁਪਾ ਕੇ ਦੇਖਦੀਆਂ ਨੀ, ਇਕ ਜ਼ਾਹਰਾ ਮਾਰਦੀਆਂ ਝਾਤੀਆਂ ਨੀ ।
ਇਕ ਕੱਢ ਘੁੰਗਟ ਸ਼ਰਮਾਉਂਦੀਆਂ ਨੀ, ਇਕ ਖੋਲ੍ਹ ਵਿਖਾਂਦੀਆਂ ਛਾਤੀਆਂ ਨੀ ।
ਕਿੱਥੋਂ ਆਇਓਂ ਵੇ ਰਾਵਲਾ ਜਾਏਂ ਕਿੱਥੇ ? ਮਿਲ ਨਾਥ ਨੂੰ ਪੁੱਛਦੀਆਂ ਬਾਤੀਆਂ ਨੀ ।
ਜਦ ਪਿੰਡ ਦਾ ਚੱਕਰ ਲਾ ਕੇ ਰਾਂਝਾ ਪਿੰਡੋਂ ਬਾਹਰ ਧੂਣੀ ਰਮਾ ਕੇ ਬਹਿ ਜਾਂਦਾ ਹੈ ਤਾਂ ਪਿੰਡ ਦੀਆਂ ਔਰਤਾਂ ਜੋਗੀ ਦੇ ਦਰਸ਼ਨ ਕਰਨ ਜਾਂਦੀਆਂ ਹਨ। ਤੀਵੀਆਂ ਦੀਆਂ ਕਿਸਮਾਂ ਅਹਿਮਦ ਨੇ ਖੂਬ ਬਿਆਨੀਆਂ ਹਨ। ਇਹ ਪ੍ਰਭਾਵ ਵੀ ਵਾਰਿਸ ਨੇ ਅਹਿਮਦ ਪਾਸੋਂ ਹੀ ਗ੍ਰਹਿਣ ਕੀਤਾ ਲਗਦਾ ਹੈ ਜਦ ਉਹ ਆਪਣੇ ਕਿੱਸੇ ਵਿਚ ਮੱਝਾਂ ਦੀਆਂ, ਸੱਪਾਂ ਦੀਆਂ, ਜੋਗੀਆਂ ਦੀਆਂ ਤੇ ਹੋਰ ਕਈ ਚੀਜ਼ਾਂ ਦੀਆਂ ਕਿਸਮਾਂ ਬਿਆਨ ਕਰਦਾ ਹੈ :
ਮਹਿਰ ਬੇਟੀਆਂ ਸੰਦਲ ਭਿੰਨੀਆਂ ਨੀ, ਨਾਲ ਡੁਮੇਟੀਆਂ ਰਾਗ ਸੁਣਾਵਣੇ ਨੂੰ।
ਇਕ ਖਤਰੇਟੀਆਂ ਇਕ ਬੂਮਨੇਟੀਆਂ ਨੀ, ਇਕ ਸਈਦੇ ਦੀਆਂ ਚਤਰ ਬਦਾਵਣੇ ਨੂੰ ।
ਇਕ ਨੇਟੀਆਂ, ਇਕ ਅਛੇਟੀਆਂ ਨੀ, ਇਕ ਕਹਿਰੇਟੀਆਂ ਝੁੰਮਰ ਪਾਵਣੇ ਨੂੰ ।
ਇਕ ਲੁਹਾਰੀਆਂ, ਇਕ ਭਟਿਆਰੀਆਂ ਨੀ, ਇਕ ਠਠਾਰੀਆਂ ਬੋਲੀਆਂ ਪਾਵਣੇ ਨੂੰ ।
ਸਭੇ ਆਪਣੇ ਆਪਣੇ ਹਾਲ ਅੰਦਰ, ਮੁਸ਼ਤਾਕ ਜੋਬਨ ਦਾ ਰੂਪ ਵਿਖਾਵਣੇ ਨੂੰ ।
ਜਦ ਹੀਰ, ਰਾਂਝੇ ਜੋਗੀ ਨੂੰ ਬਾਗ਼ ਵਿਚੋਂ ਮਿਲ ਕੇ ਆਉਂਦੀ ਹੈ ਤਾਂ ਉਸ ਦੀ ਭਾਬੀ ਸਹਿਤੀ ਉਸ ਨੂੰ ਮਖ਼ੌਲ ਨਾਲ ਪੁਛਦੀ ਹੈ :
ਸੱਚ ਆਖ ਭਾਬੀ ਸਾਨੂੰ ਗੱਲ ਦਿਲ ਦੀ, ਭਲਾ ਨਜ਼ਰ ਆਇਆ ਸਾਨੂੰ ਰੰਗ ਤੇਰਾ।
ਗਈ ਹੋਰ ਤੇ ਹੋਰ ਹੀ ਹੋ ਆਈਏ, ਚੋਲੀ ਵਿਚ ਨਹੀਂ ਮਿਉਂਦਾ ਅੰਗ ਤੇਰਾ।
ਰਾਝਾ ਰੱਬ ਦੀ ਜਾਤ ਤਹਿਕੀਕ ਕੀਤਾ ਤੂ ਏਂ ਸ਼ਮ੍ਹਾ ਤੇ ਉਹ ਹੈ ਪਤੰਗ ਤੇਰਾ।
ਆਖ ਅਹਿਮਦਾ ਸੱਤ ਮੁਬਾਰਕਾਂ ਨੇ, ਕੋਈ ਆਏ ਮਿਲਿਆ ਅੱਜ ਸੰਗ ਤੇਰਾ।
ਅਹਿਮਦ ਦੀਆਂ ਤੁਕਾਂ ਉਪਰੋਕਤ ਤੁਕਾਂ ਦਾ ਪ੍ਰਭਾਵ ਵੀ ਵਾਰਸ ਨੇ ਪੂਰੀ ਤਰ੍ਹਾਂ ਗ੍ਰਹਿਣ ਕਰਕੇ ਆਪਣੇ ਕਿੱਸੇ ਵਿਚ ਬੜੀ ਰੀਝ ਨਾਲ ਰੂਪਮਾਨ ਕੀਤਾ। ਅਹਿਮਦ ਬਹੁਤ ਪੜ੍ਹਿਆ ਲਿਖਿਆ ਨਹੀਂ ਜਾਪਦਾ। ਅਹਿਮਦ ਨੇ ਆਪਣੇ ਕਿੱਸੇ ਦਾ ਅੰਤ ਦੁਖਾਂਤ ਵਿਚ ਸਮੇਟਿਆ ਹੈ, ਪਰ ਮਰਨ ਉਪਰੰਤ ਉਨ੍ਹਾਂ ਦੀਆਂ ਰੂਹਾਂ ਨੂੰ ਮੱਕੇ ਭੇਜ ਦਿੰਦਾ ਹੈ :
ਡਿੱਠੇ ਹਾਜੀਆ ਮੌਕੇ ਦੇ ਰਾਹ ਤਿੰਨੇ, ਰਾਂਝਾ ਹੀਰ ਤੇ ਨਾਲ ਸੀ ਮੱਝ ਬੂਰੀ।
ਰਾਂਝਾ ਰਾਹ ਵਿਖਾਂਵਦਾ ਹਾਜੀਆਂ ਨੂੰ, ਹੀਰ ਵੰਡਦੀ ਲੰਗਰ ਦੇ ਵਿਚ ਚੂਰੀ।
ਏਸੇ ਸੰਕੇਤ ਤੋਂ ਮੁਕਬਲ ਤੇ ਵਾਰਿਸ ਨੇ ਆਪਣੇ ਕਿੱਸਿਆਂ ਨੂੰ ਪੂਰਨ ਦੁਖਾਂਤ ਬਣਾ ਦਿੱਤਾ, ਜਦ ਕਿ ਅਹਿਮਦ ਤੋਂ ਪਹਿਲਾਂ ਦੇ ਇਕੋ ਇਕ ਹੀਰ ਲੇਖਕ ਦਮੋਦਰ ਨੇ ਕੋਟ ਕਬੂਲੇ ਦੇ ਕਾਜ਼ੀ ਦੇ ਫੈਸਲੇ ਉਪਰੰਤ ਉਨ੍ਹਾਂ ਨੂੰ "ਉਭੈ ਵਲ ਸਿਧਾ" ਦਿੱਤਾ ਸੀ । ਨਿਸ਼ਚੇ ਹੀ ਮੁਕਬਲ ਤੇ ਵਾਰਿਸ ਦੇ ਕਿੱਸਿਆਂ ਦਾ ਮੂਲ ਸਰੋਤ ਅਹਿਮਦ ਦੀ ਹੀਰ ਹੈ।
(ਕ) ਬੀਰ ਕਾਵਿ-ਧਾਰਾ
ਗੁਰੂ ਨਾਨਕ ਕਾਲ ਦੀ ਸਭ ਤੋਂ ਪ੍ਰਸਿੱਧ, ਪ੍ਰਤੀਨਿਧ ਤੇ ਸ੍ਰੇਸ਼ਟ ਬੀਰ-ਰਸੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ 'ਚੰਡੀ ਦੀ ਵਾਰ' ਹੈ ਜਿਸ ਬਾਰੇ ਗੁਰਮਤਿ ਕਾਵਿ-ਧਾਰਾ ਵਾਲੇ ਭਾਗ ਵਿਚ ਵਿਚਾਰ ਕੀਤੀ ਜਾ ਚੁੱਕੀ ਹੈ। ਜਿੱਥੋਂ ਤਕ ਬੀਰ ਸਾਹਿੱਤ ਦੇ ਪ੍ਰਸਿੱਧ ਕਾਵਿ-ਰੂਪ 'ਵਾਰ' ਦਾ ਸੰਬੰਧ ਹੈ, ਇਸ ਕਾਲ ਵਿਚ ਸਭ ਤੋਂ ਵੱਧ ਵਾਰਾਂ ਲਿਖੀਆਂ ਗਈਆਂ, ਜਿਨ੍ਹਾਂ ਵਿਚ ਅਧਿਆਤਮਿਕ ਤੇ ਲੋਕਿਕ ਦੋਹਾਂ ਪ੍ਰਕਾਰਾਂ ਦੀਆਂ ਵਾਰਾਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ, ਭਾਈ ਗੁਰਦਾਸ ਦੀਆਂ 39 ਵਾਰਾਂ ਤੇ ਭਾਈ ਗੁਰਦਾਸ ਦੂਜੇ ਦੀਆਂ 2 ਵਾਰਾਂ ਦਾ ਜ਼ਿਕਰ ਅਸੀਂ ਪਿੱਛੇ ਕਰ ਚੁੱਕੇ ਹਾਂ । ਯੋਧਿਆਂ ਦੀਆਂ 6 ਵਾਰਾਂ ਦਾ ਜ਼ਿਕਰ ਅਸੀਂ ਪੂਰਵ-ਨਾਨਕ ਕਾਲ ਤੇ ਸਾਹਿੱਤ ਵਿਚ ਕੀਤਾ ਸੀ । ਇਸ ਕਾਲ ਦੇ ਬੀਰ ਸਾਹਿੱਤ ਵਿਚ ਯੋਧਿਆਂ ਦੀਆਂ ਦੇ ਪ੍ਰਕਾਰ ਦੀਆਂ ਵਾਰਾਂ ਦੇ ਨਮੂਨੇ ਮਿਲਦੇ ਹਨ । ਇਕ ਤਾਂ ਵੱਖ-ਵੱਖ ਕਬੀਲਿਆਂ ਦੇ ਆਗੂਆਂ ਜਾਂ ਰਾਠਾਂ ਵਿਚਕਾਰ ਹੁੰਦੀਆਂ ਲੜਾਈਆਂ ਦੇ ਹਾਲ ਅਤੇ ਦੂਜਾ ਸਿੱਖਾਂ ਤੇ ਸ਼ਾਹੀ ਫੌਜਾਂ ਦੇ ਟਾਕਰਿਆਂ ਨਾਲ ਸੰਬੰਧਿਤ ਵਾਰਾਂ ਹਨ, ਜਿਹੜੀਆਂ ਢਾਡੀ ਤੇ ਮਰਾਸੀ ਗਾਉਂਦੇ ਫਿਰਦੇ ਸਨ । ਰਾਜਸੀ ਗੜਬੜ ਕਰਕੇ ਇਹ ਵਾਰਾਂ ਲਿਖਤੀ ਰੂਪ ਵਿਚ ਸੰਭਾਲੀਆਂ ਨਹੀਂ ਜਾ ਸਕੀਆਂ। ਉਨ੍ਹਾਂ ਵਾਰਾਂ ਵਿਚੋਂ ਤਿੰਨ ਵਾਰਾਂ ਇਸ ਕਾਲ ਦੀਆਂ ਹਨ: (ੳ) ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਦੀ ਵਾਰ, (ਅ) ਜੋਧੇ ਵੀਰ ਪੂਰਬਾਣੀ ਕੀ ਵਾਰ, (ੲ) ਰਾਣਾ ਕੈਲਾਸ਼ ਤਥਾ ਮਾਲਦੇਵ ਦੀ ਵਾਰ।
ਸੰਖੇਪ ਵਿਚ ਇਨ੍ਹਾਂ ਵਾਰਾਂ ਦੇ ਨਮੂਨੇ ਇਸ ਪ੍ਰਕਾਰ ਹਨ :
(ੳ) ਮਲਕ ਮੁਰੀਦ ਤਥਾ ਚੰਦਰਹੜੇ ਦੀ ਵਾਰ ਵਿਚ ਅਕਬਰ ਦੇ ਸਮੇਂ ਦੇ ਇਨ੍ਹਾਂ ਦੋਹਾਂ ਯੋਧਿਆਂ ਨੂੰ ਇਕ ਦੂਜੇ ਨਾਲ ਲੜਦੇ ਵਿਖਾਇਆ ਗਿਆ ਹੈ :
ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜੋਰ ।
ਚੰਦਰਹੜਾ ਲੈ ਫੌਜ ਕੋ, ਚੜਿਆ ਬਡ ਤੋਰ ।
ਦੁਹਾਂ ਕੰਧਾਰਾਂ ਮੂੰਹ ਜੁੜੇ, ਦੋਮਾਮੇ ਦੌਰ।
ਸ਼ਸਤਰ ਪੂਜ ਕੇ ਸੂਰਿਆਂ, ਸਿਰ ਬੱਧੇ ਟੌਰ।
ਹੋਲੀ ਖੇਲੇ ਚੰਦਰਹੜਾ, ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਗ ਵਗਨ ਕੌਰ।
ਮੈਂ ਵੀ ਰਾਇ ਸਦਾਇਸਾਂ, ਵੜਿਆ ਲਾਹੌਰ ।
ਦੋਨੋਂ ਸੂਰੇ ਸਾਹਮਣੇ, ਜੂਝੇ ਵਿਚ ਠੌਰ।
(ਅ) ਜੋਧੇ ਵੀਰ ਪੂਰਬਾਣੀ ਕੀ ਵਾਰ ਵਿਚ ਜੋਧਾ ਤੇ ਵੀਰਾ ਦੋ ਭਰਾਵਾਂ ਦਾ ਹਾਲ ਹੈ, ਜਿਹੜੇ ਅਕਬਰ ਦੇ ਰਾਜ ਵਿਚ ਸ਼ਾਹੀ, ਖਜਾਨੇ ਲੁਟਕੇ ਗਰੀਬਾਂ ਦੀ ਸਹਾਇਤਾ ਕਰਦੇ ਸਨ । ਸ਼ਾਹੀ ਫੌਜਾਂ ਨਾਲ ਉਨ੍ਹਾਂ ਦੀ ਕਈ ਵਾਰ ਟੱਕਰ ਹੋਈ, ਪਰ ਉਨ੍ਹਾਂ ਨੇ ਈਨ ਨਾ ਮੰਨੀ। ਭੱਟਾਂ ਦੁਆਰਾ ਉਨ੍ਹਾਂ ਦੀ ਬਹਾਦਰੀ ਦੀ ਵਾਰ ਬਣਾਈ ਗਈ ਜੋ ਇਸ ਪ੍ਰਕਾਰ ਹੈ :
ਜੋਧਾਂ ਬੀਰਾ ਦੋਹੇਂ ਸਾਹਮਣੇ, ਬਾਤਾਂ ਕਰੈ ਕਰਾਰੀਆਂ।
ਬਸੰਤ੍ਰ ਧੋਵੇ ਕਪੜੇ, ਰਾਜਾ ਪਵਨ ਦੇਹਿ ਬੁਹਾਰੀਆਂ।
ਚੜ੍ਹਿਆ ਰਾਣਾ ਜੋਧ ਬੀਰ, ਹਾਥੀ ਸੋਹਨ ਹਬਾਰੀਆਂ।
ਧੂਹ ਮਿਆਨੋਂ ਕੱਢੀਆਂ, ਬਿਜਲੀ ਜਿਉਂ ਚਮਕਾਰੀਆਂ।
ਕਹੀ ਕੀਤੀ ਜੋਧ ਬੀਰ, ਪੁਰਬਾਣੀ ਗੱਲਾਂ ਭਾਰੀਆਂ।
ਜੋਧ ਬੀਰ ਪੂਰਬਾਣੀਏ, ਦੋਏ ਗੱਲਾਂ ਕਰਨ ਕਰਾਰੀਆਂ।
ਫੌਜਾਂ ਚੜ੍ਹੀਆਂ ਬਾਦਸ਼ਾਹ, ਅਕਬਰ ਨੇ ਭਾਰੀਆਂ।
ਸਨਮੁਖ ਹੋਏ ਰਾਜਪੂਤ, ਉਤਰੀ ਰਣਕਾਰੀਆਂ।
ਇੰਦਰ ਸਣੇ ਅਪੱਛਰਾਂ, ਦੋਹਾਂ ਨੂੰ ਕਰਨ ਜੁਹਾਰੀਆਂ।
ਏਹੀ ਕੀਤੀ ਜੋਧ ਵੀਰ, ਪਾਤਸ਼ਾਹੀ ਗੱਲਾਂ ਸਾਰੀਆਂ।
(ੲ) ਰਾਣਾ ਕੈਲਾਸ਼ ਤਥਾ ਮਾਲਦੇਵ ਦੀ ਵਾਰ, ਦੇ ਰਾਜਪੂਤ ਭਰਾਵਾਂ ਦੀ ਵਾਰ ਹੈ ਜਿਹੜੇ ਜਹਾਂਗੀਰ ਦੀ ਨੀਤੀ ਕਰ ਕੇ ਇਕ ਦੂਜੇ ਦੇ ਵੈਰੀ ਬਣ ਗਏ। ਯੁੱਧ ਵਿਚ ਦੋਹਾਂ ਧਿਰਾਂ ਦਾ ਘਾਣ ਹੁੰਦਾ ਦੇਖ ਕੇ, ਕਿਸੇ ਸੰਬੰਧੀ ਨੇ ਵਿਚ ਪੈ ਕੇ ਸੁਲ੍ਹਾ ਕਰਵਾ ਦਿੱਤੀ । ਇਸ ਘਟਨਾ ਨੂੰ ਢਾਡੀਆਂ ਨੇ ਇਸ ਤਰ੍ਹਾਂ ਗਾਇਆ:
ਧਰਤ ਘੋੜਾ, ਪਰਬਤ ਪਲਾਨ, ਸਿਰ ਟੱਟਰ ਅੰਬਰ।
ਨਹੀਂ ਸੈ ਸਦੀ ਨੜ੍ਹਿਨਵੇਂ, ਰਾਣਾ ਜਲ ਕੰਬਰ।
ਢੁਕਾ ਰਾਏ ਅਮੀਰ ਦੇਵ, ਕਰ ਮੇਘ ਅਡੰਬਰ।
ਆਨਤ ਖੰਡਾ ਰਾਣਿਆਂ, ਕੈਲਾਸ਼ੇ ਅੰਦਰ।
ਬਿਜਲੀ ਜਿਉਂ ਚਮਕਾਣੀਆਂ, ਤੇਗਾਂ ਵਿਚ ਅੰਬਰ।
ਮਾਲਦੇਵ ਕੈਲਾਸ਼ ਨੂੰ, ਬੰਨ੍ਹਿਆ ਕਰ ਸੰਬਰ।
ਫਿਰ ਅਧਾ ਧਨ ਮਾਲ ਦੇ ਛੱਡਿਆ ਗੜ੍ਹ ਅੰਦਰ।
ਮਾਲ ਦਿਓ ਜੱਸ ਖੱਟਿਆ ਵਾਂਗ ਸ਼ਾਹ ਸਿਕੰਦਰ।
ਗੁਰੂ ਹਰਿਗੋਬਿੰਦ ਸਾਹਿਬ ਦੇ ਦਰਬਾਰ ਵਿਚ ਹਰ ਰੋਜ਼ ਸ਼ਾਮ ਦੇ ਦੀਵਾਨ ਵਿਚ ਢਾਡੀ, ਜੋਧਿਆਂ ਦੀਆਂ ਵਾਰਾਂ ਗਾਇਆ ਕਰਦੇ ਸਨ । ਇਨ੍ਹਾਂ ਢਾਡੀਆਂ ਵਿਚ ਅਬਦੁੱਲਾ ਤੇ ਨੱਥੂ ਮਲ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਵਿਸ਼ੇਸ਼ ਤੌਰ ਤੇ ਆਉਂਦਾ ਹੈ.. "ਨੱਥੂ ਢੱਡ ਵਜਾਏ, ਅਬਦੁਲ ਹਥ ਰਬਾਬ ਲੈ ।" ਇਨ੍ਹਾਂ ਨੇ ਗੁਰੂ ਗੋਬਿੰਦ ਸਾਹਿਬ ਬਾਰੇ ਵੀ ਇਕ ਵਾਰ ਆਖੀ ਜੋ ਇਸ ਪ੍ਰਕਾਰ ਹੈ :
ਦੋ ਤਲਵਾਰੀਂ ਬੱਧੀਆਂ, ਇਕ ਮੀਰੀ ਤੇ ਇਕ ਪੀਰੀ ਦੀ।
ਇਕ ਅਜ਼ਮਤ ਦੀ ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਬਖੀਰ ਦੀ।
ਕਟਕ ਸਿਪਾਹੀ ਨੀਲ ਨਰ, ਮਾਰ ਦੁਸ਼ਟਾਂ ਕਰੇ ਤਗੀਰ ਦੀ।
ਪੱਗ ਤੇਰੀ, ਕੀ ਜਹਾਂਗੀਰ ਦੀ।
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦਰਬਾਰੀ ਕਵੀ ਮੀਰ ਛਬੀਲਾ ਤੇ ਮੀਰ ਮੁਸ਼ਕੀ ਸਨ। ਉਨ੍ਹਾਂ ਨੇ ਭੰਗਾਣੀ ਦੇ ਯੁੱਧ ਦੀ ਵਾਰ ਲਿਖੀ ਜਿਸ ਦੀਆਂ ਕੁਝ ਤੁਕਾਂ ਇਸ ਪ੍ਰਕਾਰ ਹਨ :
ਤੂੰ ਸਾਢ ਤਿਹੱਥੀ ਮੇਦਨੀ, ਸਭ ਧੰਦੇ ਲਾਈ।
ਤੂੰ ਵੱਡਾ ਪੁਰਖ ਮਹਾਂ ਬਲੀ, ਧੁਰ ਅਜ਼ਮਤ ਪਾਈ ।
ਤੂੰ ਜਗ ਆਇਓਂ ਬਲਰਾਜ ਹੋਇ, ਤੂੰ ਵੇਲ ਵਧਾਈ।
ਤੂੰ ਜਨਕ ਧਰੇ ਸਿਰ ਸਿਹਰੇ, ਸੀਤਾ ਪਰਨਾਈ।
ਤੂੰ ਨਾਮੇ ਉੱਤੇ ਬਹੁੜਿਉਂ, ਮੋਈ ਗਊ ਜਿਵਾਈ।
ਤੂੰ ਦਰੋਪਤਾ ਦੀ ਪੰਜ ਰਾਖੀਆ, ਕਾਇਮ ਕਜਵਾਈ।
ਤੂੰ ਮੱਛ ਅਕਾਸ਼ੋਂ ਲਾਹਿਆ, ਪਰ ਧਨਖ ਚਲਾਈ।
ਨਾਨਕ ਅੰਗਦ ਅਮਰਦਾਸ ਰਲਿ ਭਗਤ ਕਮਾਈ।
ਤੂੰ ਚਹੁੰ ਜੁਗਾਂ ਵਿਚ ਪੜ੍ਹਦਾ, ਚਾਰ ਵੇਦ ਉਗਾਹੀ।
ਤੇਗ ਬੱਧੀ ਗੁਰੂ ਗੋਬਿੰਦ ਸਿੰਘ, ਦਸਵੀਂ ਪਾਤਸ਼ਾਹੀ।
ਇਸੇ ਕਾਲ ਦੀ ਇਕ ਹੋਰ ਵਾਰ ਮਿਲਦੀ ਹੈ, ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ। ਇਸ ਦਾ ਨਾਂ 'ਭੇੜੇ ਕੀ ਵਾਰ ਪਾਤਸ਼ਾਹੀ 10" ਹੈ। ਇਸ ਵਿਚ ਅਨੰਦਪੁਰ ਛੱਡਣ ਦਾ ਹਾਲ ਹੈ। ਵਾਰ ਦੀ ਬੋਲੀ ਠੇਠ ਪੰਜਾਬੀ ਹੈ ਪਰ ਗਾਉਣ ਦੀ ਧਾਰਨਾ ਨੂੰ ਕਾਇਮ ਰੱਖਣ ਲਈ ਛੰਦਾਂ ਵਿਚ ਖੁਲ੍ਹ ਲਈ ਗਈ ਹੈ।
ਉਦਾਹਰਣ ਦੇਖੋ :
ਅਨੰਦਗੜ੍ਹ ਨੂੰ ਰਾਜਿਆਂ, ਮਿਲਿ ਹਾਥੀ ਢੋਇਆ।
ਕੁੰਡੇ ਮਾਰੇ ਮੁਹਾਵਤਾਂ, ਭੀਹਾਵਲੁ ਹੋਇਆ।
ਬਰਛਾ ਸਿੰਘ ਬਚਿੱਤਰ ਦਾ ਮੁਲ ਮਹੰਗੇ ਹੋਇਆ ।
ਲਾਇ ਸੁ ਤਣ ਗਜ ਹਸਤਿ ਦੇ ਮੀਨ ਸੀਖ ਪਰੋਇਆ।
ਸੈ ਰਾਜਪੂਤਾਂ ਮਾਰ ਕੇ, ਜਮ ਹਾਥੀ ਹੋਇਆ।
ਇਨ੍ਹਾਂ ਵਾਰਾਂ ਤੋਂ ਬਿਨਾਂ ਹੋਰ ਵੀ ਵਾਰਾਂ ਲਿਖੇ ਜਾਣ ਦੀ ਸੰਭਾਵਨਾ ਹੈ, ਪਰ ਉਹ ਸਾਡੇ ਤਕ ਨਹੀਂ ਪੁੱਜ ਸਕੀਆਂ । ਪਰ ਮੁਹੰਮਦ ਕਾਸਥੀ ਦੁਆਰਾ ਲਿਖਿਆ 'ਜੰਗਨਾਮਾ ਇਮਾਮ ਹੁਸੈਨ,' ਬਰਖ਼ੁਰਦਾਰ ਦਾ ਵੀ ਏਸੇ ਨਾਂ ਹੇਠ ਲਿਖਿਆ ਜੰਗਨਾਮਾ ਅਤੇ ਮਿਹਰਵਾਨ ਦੁਆਰਾ ਰਚੀ ਗਈ 'ਪੀਰਾ ਦੀ ਵਾਰ' ਦੇ ਹਵਾਲੇ ਮਿਲਦੇ ਹਨ। ਮੋਲਾ ਬਖ਼ਸ਼ ਕੁਸ਼ਤਾ ਨੇ ਦੀਵਾਨ ਨਿਆਮਤ ਖਾਨ ਜਾਨ ਦੁਆਰਾ ਲਿਖੀ ਇਕ ਹੋਰ ਵਾਰ ਦਾ ਵੀ ਜ਼ਿਕਰ ਕੀਤਾ ਹੈ, ਜਿਸ ਦਾ ਨਾਂ 'ਦੀਵਾਨ ਅਲਿਫ ਖਾਨ ਦੀ ਵਾਰ' ਹੈ। ਇਸ ਵਾਰ ਵਿਚੋਂ ਇਕ ਉਦਾਹਰਣ ਇਸ ਪ੍ਰਕਾਰ ਹੈ :
ਪਹਿਲੇ ਅੱਲਾ ਸਿਮਰੀਏ, ਜਿਨ ਸਭਸ ਉਪਾਇਆ।
ਬੇਲ ਜਲਾਵਣ ਕਾਰਨੇ, ਰੱਖੇ ਨਹੀਂ ਕਾਇਆ।
ਨਾਮ ਮੁਹੰਮਦ ਲੀਜੀਏ, ਸਭਨਾਂ ਸਰਦਾਰ।
ਪੰਥ ਵਿਖਾਲਿਆ ਦੀਨ ਦਾ ਸਗਲੇ ਸੰਸਾਰ।
ਜਿਨ੍ਹਾਂ ਕਲਮਾ ਆਖਿਆ, ਸੇ ਲਗੇ ਪਾਰ।
ਦਿਲ ਵਿਚ ਰੱਖੀ ਜਿਨ ਦਗਾ, ਤੇ ਸੱਟੀ ਮਾਰ।
(ਖ) ਗੁਰੂ ਨਾਨਕ ਕਾਲ ਦੀ ਵਾਰਤਕ
ਅਸੀਂ ਪਿਛੇ ਜ਼ਿਕਰ ਕਰ ਚੁੱਕੇ ਹਾਂ ਕਿ ਪੂਰਵ-ਨਾਨਕ ਕਾਲ ਵਿਚ ਸਾਡੀ ਪੁਰਾਤਨ ਵਾਰਤਕ ਦਾ ਪੂਰਨ ਤੌਰ ਤੇ ਵਿਕਾਸ ਹੋ ਚੁੱਕਾ ਸੀ ਤੇ ਭਿੰਨ-ਭਿੰਨ ਰੂਪਾਂ ਤੇ ਵੰਨਗੀਆਂ ਦੀ ਵਾਰਤਕ ਕਾਫੀ ਮਾਤ੍ਰਾ ਵਿਚ ਅੱਜ ਸਾਨੂੰ ਪ੍ਰਾਪਤ ਹੈ, ਜਿਸ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ :
(1) ਗੋਸ਼ਠਾਂ ਜਾਂ ਗੋਸ਼ਟੀਆਂ
(2) ਟੀਕੇ
(3) ਜਨਮ ਸਾਖੀਆਂ
(4) ਹੁਕਮਨਾਮੇ
(5) ਵਚਨ
(6) ਅਨੁਵਾਦ
(7) ਫੁਟਕਲ
(1) ਗੋਸ਼ਠਾਂ ਜਾਂ ਗੋਸ਼ਟੀਆਂ-
ਗੋਸ਼ਠ ਦਾ ਅਰਥ ਹੈ ਚਰਚਾ, ਵਿਚਾਰ ਵਟਾਂਦਰਾ ਜਾਂ ਬਹਿਸ ਕਰਨੀ। ਪੁਰਾਣੇ ਜਮਾਨੇ ਵਿਚ ਮਹਾਂ-ਪੁਰਸ਼ ਜਾਂ ਵਿਦਵਾਨ ਲੋਕ ਆਪਣੇ ਵਿਚਾਰਾਂ ਨੂੰ ਆਮ ਲੋਕਾਂ ਤਕ ਪੁਚਾਉਣ ਲਈ ਪ੍ਰਸ਼ਨ-ਉੱਤਰ ਢੰਗ ਅਪਣਾਉਂਦੇ ਸਨ । ਧਾਰਮਿਕ ਜਾਂ ਸਿੱਧਾਂਤਕ ਸਮੱਸਿਆਵਾਂ ਨੂੰ ਸਪੱਸ਼ਟ ਕਰਨ ਲਈ ਕਲਪਤ ਪਾਤਰਾਂ ਰਾਹੀਂ ਜਾਂ ਕਿੰਤੁ ਕਰਨ ਵਾਲੇ ਕਿਸੇ ਹੋਰ ਵਿਅਕਤੀ ਦੇ ਮੂੰਹੋਂ ਅਤੇ ਜਾਂ ਫੇਰ ਆਪ ਹੀ ਕਿਸੇ ਵਿਸ਼ੇ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਜਿਹੜਾ ਢੰਗ ਅਪਣਾਇਆ ਜਾਂਦਾ ਸੀ, ਉਸ ਨੂੰ ਗੋਸ਼ਠਾਂ ਆਖਿਆ ਜਾਂਦਾ ਸੀ । ਪੁਰਾਤਨ ਪੰਜਾਬੀ ਵਾਰਤਕ ਵਿਚ ਹੇਠ ਲਿਖੀਆਂ ਗੋਸ਼ਠਾਂ ਦਾ ਜ਼ਿਕਰ ਆਉਂਦਾ ਹੈ :
(ੳ) ਮੱਕੇ ਦੀ ਗੋਸ਼ਟਿ : ਇਹ ਸ਼ਾਹ ਸ਼ਰਫ ਤੇ ਗੁਰੂ ਨਾਨਕ ਵਿਚਕਾਰ ਹੋਈ ਗੋਸ਼ਟਿ ਹੈ ਜਿਹੜੀ ਫ਼ਾਰਸੀ ਤੇ ਪੰਜਾਬੀ ਦੀ ਰਲੀ ਮਿਲੀ ਰਚਨਾ ਹੈ । ਨਮੂਨਾ ਦੇਖੋ :
''ਤਾਂ ਫਿਰ ਸ਼ਾਹ ਸ਼ਰਫ ਸੁਆਲ ਕੀਤਾ ਹੇ ਬਾਬਾ ਨਾਨਕ ਜੀ ਏਹੁ ਜੋ
ਫਕੀਰੀ ਕੇ ਬਸਤਰ ਪਹਿਰਤੇ ਹੈਨਿ॥ ਹਰੁ ਫਕੀਰੀ ਕਾ ਭੇਖ ਕਰਿ ਕੇ ਆਪ
ਕਉ ਬਡਾ ਕਹਲਾਵਤੇ ਹੈਨਿ॥ ਸੋ ਤੇ ਇਸ ਤਰ੍ਹਾਂ ਕੀ ਫਕੀਰੀ ਹਾਸਲ ਨਾ
ਹੋਈ। ਨ ਗਿਰਹੀ ਨ ਉਦਾਸੀ ਕੋਰਾ ਹੀ ਰਹਿਆ ॥ ਤਾਂ ਬਾਬੇ ਆਖਿਆ.... ।"
(ਅ) ਗੋਸ਼ਟਿ ਆਤਮੇ ਕੀ: "ਤਬ ਪ੍ਰਮਾਤਮੇ ਕਹਿਆ: ਜੋ ਇਸ ਦੇਹੀ ਮਹਿ ਅਠ ਰੋਗ ਨਿਤਾਪ੍ਰਤ ਲਗਤੇ ਹੈਨ। ਕਿਸੇ ਤੇ ਮਨੁਖ ਉਬਰਤਾ ਹੈ, ਕਈ ਮਰ ਜਾਤੇ ਹੈਨ, ਸੋ ਕਵਨ ਕਉਨ ਰੋਗ ਹੈਨ । ਕਾਮ, ਕ੍ਰੋਧ, ਮੋਹ, ਅਹੰਕਾਰ, ਭੁਖ, ਪਿਆਰ. ਲਬ, ਨਿੰਦਾ ਇਨ੍ਹਾਂ ਵਸਤਾਂ ਪਰ ਸੰਸਾਰ ਦੀ ਸੁਰਤਿ ਹੈ। ਇਹੁ ਵਸਤੂ ਸੰਸਾਰ ਕੀਆ ਪ੍ਰਕਿਰਤਿ ਕਉ ਭਲੀਆਂ ਹਨ। ਇਨ੍ਹਾਂ ਬਿਨਾਂ ਸੰਸਾਰ ਨਹੀਂ ਹੋਤਾ । ਸੰਸਾਰ ਸਾਥ ਤੋਂ ਹੀ ਰਹਿ ਆਵੈ, ਜਾਂ ਇਹ ਵਸਤੂ ਹੋਵਨ । ਪਰ ਏਹੁ ਮੁਕਤ ਕੇ ਸਹਾਈ ਨਾਹੀਂ ।"
(ੲ) ਅਜਿੱਤੇ ਰੰਧਾਵੇ ਦੀ ਗੋਸ਼ਟਿ: "ਅਜਿਤੇ ਰੰਧਾਵੇ ਕਹਿਆ' ਸਚੇ ਪਾਤਸ਼ਾਹ ਤੇਰੇ ਵਚਨ ਸੁਣਿ ਕੇ ਮਨ ਵਿਚ ਬਹੁਤੁ ਗਨਤੀ ਪਈ ਹੈ । ਜੇ ਭਾਵੇਂ ਤਾਂ ਸੁਣੀਐ । ਅਰਦਾਸਿ ਕਰਾਂ । ਬਚਾ ਅਜਿਤਿਆ, ਬਚਨ ਹੈ, ਅਰਦਾਸਿ ਕਰ, ਗੁਰੂ ਸੁਣਦਾ ਹੈ । ਜੋ ਕਿਛੁ ਪੁਛੇਂਗਾ।"
(ਸ) ਬਹੁਤ ਸਾਰੀਆਂ ਗੋਸ਼ਟਾਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਨ ਯਥਾ: 'ਨਿਰੰਕਾਰ ਨਾਲ ਗੋਸ਼ਟਿ, 'ਕਲਜੁਗ ਨਾਲ ਗੋਸ਼ਟਿ, 'ਕਾਰੂੰ ਨਾਲ ਗੋਸ਼ਟਿ, 'ਗੋਸ਼ਟਿ ਅਜਿਤੇ ਰੰਧਾਵੇ ਨਾਲ' ਜਾਂ 'ਗੋਰਖ ਨਾਲ ਗੋਸ਼ਟਿ ।
(ਹ) ਬਾਬੇ ਲਾਲ ਨਾਲ ਗੋਸ਼ਟਿ : ਇਹ ਬਾਬਾ ਲਾਲ ਦੀ ਦਾਰਾ ਸ਼ਿਕੋਹ ਨਾਲ ਹੋਈ ਗੋਸ਼ਟਿ ਹੈ ਜਿਸ ਵਿਚ ਪ੍ਰਸ਼ਨ-ਉੱਤਰ ਬੜੇ ਸੰਖੇਪ ਹਨ। ਉਦਾਹਰਣ ਲਈ ਦੇਖੋ :
'ਘਰ ਫਕੀਰ ਕਾ ਕਹਾਂ ਹੈ?" ਕੇ ਸਰੀਰ ਅਰ ਜੀਊ।‘
'ਮਹਮਾਨ ਫਕੀਰ ਦਾ ਕਉਨ ਹੈ ?" 'ਕੇ ਸਰੀਰ ਅਰ ਜੀਊ।‘
"ਤੋਸ਼ਾ ਫਕੀਰ ਕਾ ਕਿਆ ਹੈ ?" 'ਕੇ ਭਰੋਸਾ ਭਗਵਾਨ ਕਾ।‘
"ਗੰਜ ਫਕੀਰ ਕਾ ਕਿਆ ਹੈ?" “ਕੇ ਸਰੀਰ ਅਰੋਗ।“
ਮੇਲਾ ਫਕੀਰ ਕਾ ਕਿਆ ਹੈ ?" ਕੇ ਆਪਣਾ ਆਪ ਭਲਾਵਣਾ।
(ਕ) ਗੋਸ਼ਟਿ ਗੋਰਖ-ਭਰਥਰੀ: ਇਸ ਵਿਚ ਗੋਰਖ ਨਾਥ ਨੇ ਰਾਜਾ ਭਰਥਰੀ ਨੂੰ ਜੋਗ ਮਤ ਦੀਆਂ ਬਰੀਕੀਆਂ ਸਮਝਾਈਆਂ ਹਨ। ਨਮੂਨਾ ਦੇਖੋ:
ਤਬਿ ਰਾਜੇ ਭਰਥਰੀ ਕਹਿਆ, "ਗੁਸਾਈਂ ਜੀ, ਇਸ ਅੰਧ ਗੁਬਾਰ ਤੇ ਮੁਝ ਕਉ ਨਿਕਾਲਿ ਲੇਹੁ । ਮੇਰਾ ਮਨੁ ਬਿਨਾ ਤੇਰੇ ਦਰਸ਼ਨ ਠਹਰਤਾ ਨਾਹੀਂ । ਮੁਝ ਕਉ ਕਿਰਤਾਰਥ ਕਰਉਂ।" ਤਬਿ ਸ੍ਰੀ ਗੋਰਖ ਕਹਿਆ, "ਜਿ ਹੋ ਰਾਜਾ ਲੋਕ ਮਹਿ ਦੁਖ, ਭੂਖ, ਉਦਾਸੀ, ਭੂਮੀ, ਸੇਜਾ, ਸੀਤ ਬਿਸਤਰਾ, ਉਸਨ, ਆਹਾਰ, ਲੱਜਾ, ਨਾਧ, ਭਿਖਿਆ, ਬਿਓਹਾਰ, ਨੀਚ, ਊਚ ਸਮਾਨੋ, ਅਧੀਨ ਮਾਰਗ, ਮਾਨਹੀਨ ਕੋ ਕਹਾਵਤ, ਨਿਲਜ ਰੂਪ ਫਿਰਨਾ, ਕੋਈ ਬੁਰਾ ਕਹੇ ਤਾਂ ਖਿਮਾ ਹੋਇ ਰਹਿਣਾ।"
(ਖ) ਗੋਸ਼ਟਿ ਸ਼੍ਰੀ ਕ੍ਰਿਸ਼ਨ ਅਰ ਊਧੋ : ਸ੍ਰੀ ਕ੍ਰਿਸ਼ਨ ਜੀ ਤੇ ਊਧੋ ਵਿਚਕਾਰ ਹੋਏ ਪ੍ਰਸ਼ਨ-ਉੱਤਰ ਦਰਜ ਹਨ। ਇਹ ਵੀ ਬਾਬੇ ਲਾਲ ਵਾਲੀ ਗੋਸ਼ਟਿ ਵਾਂਗ ਬੜੀ ਸੰਖੇਪ ਹੈ। ਉਦਾਹਰਣ ਲਈ :
ਤਪੁ ਕਿਆ ਕਹੀਐ ? ਸਭਨਾਂ ਭੋਗਾਂ ਤੇ ਪਰੇ ਰਹਿਣਾ
ਦਾਨ ਕਿਆ ਕਹੀਐ ? ਅਗਲਾ ਦੁਖਾਵਣਾ ਨਾਹੀਂ
ਸੂਰਮਾ ਕਿਆ ਕਹੀਐ ? ਮਨ ਜੀਤਣਾ
ਮਿਤ ਕਿਆ ਕਹੀਐ ? ਜੇਤਾ ਹੋਵੇ ਤੇਹਾ ਆਖਣਾ
ਸ਼ਾਂਤਿ ਕਿਆ ਕਹੀਏ ? ਇੰਦਰੀਆਂ ਵਸ ਕਰਨੀਆਂ।
(2) ਟੀਕੇ
ਪੁਰਾਤਨ ਵਾਰਤਕ ਦੀ ਇਕ ਹੋਰ ਮਹੱਤਵਪੂਰਨ ਵੰਨਗੀ ਟੀਕੇ ਹਨ। ਇਨ੍ਹਾਂ ਨੂੰ ਪਰਮਾਰਥ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਬਹੁਤੇ ਟੀਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਹੀ ਹਨ। ਵੇਰਵਾ ਇਸ ਪ੍ਰਕਾਰ ਹੈ :
(ੳ) ਟੀਕਾ ਸਿੱਧ ਗੋਸ਼ਟਿ
(ਅ) ਜਪੁ ਪਰਮਾਰਥ
(ੲ) ਟੀਕਾ ਦੱਖਣੀ ਓਅੰਕਾਰ
(ਸ) ਟੀਕਾ ਬਾਰਾਂ ਮਾਹ ਤੁਖਾਰੀ
(ਹ) ਟੀਕਾ ਪੱਟੀ
(ਕ) ਸੁਖਮਨੀ ਸਹੰਸਰ ਨਾਮਾਂ
(ੳ) ਸਿੱਧ ਗੋਸ਼ਟਿ ਦਾ ਟੀਕਾ : ਇਹ ਬਹੁਤ ਸਾਰੀਆਂ ਜਿਲਦਾਂ ਜਾਂ ਸੈਂਚੀਆਂ ਵਿਚ ਲਿਖਿਆ ਮਿਲਦਾ ਹੈ । ਇਹ ਅਸਲ ਵਿਚ ਬਟਾਲੇ ਵਿਚ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟਿ ਦਾ ਟੀਕਾ ਹੈ। ਵਾਰਤਕ ਦਾ ਨਮੂਨਾ ਇਸ ਪ੍ਰਕਾਰ ਹੈ :
"ਤਬ ਸਿਧਹੁ ਗੁਰੂ ਬਾਬੇ ਨਾਨਕ ਜੀ ਕਉ ਨਮਸਕਾਰ ਕੀਆ ਜਿ ਧੰਨ ਹੋ ਨਾਨਕ । ਤਬ ਫੇਰ ਸਿਧਹੁ ਕੇ ਕਹਿਆ ਜਿ ਏਂ ਨਾਨਕ ਜੀ, ਤੂੰ ਪੂਰਾ ਭਾਇਆ ਹੈ। ਪਰ ਜੀ ਇਬ ਤੂ ਇਨ ਸਿਧਹੁ ਕੇ ਕਹਿਐ ਜੋਗ ਮਹਿ ਆਓ ਅਰ ਮੁੰਦਰਾ ਪਹਰ, ਬਿਭੂਤ ਲਗਾਇ ਖਿੰਬ ਡੰਡਾ ਲੇਹਿ, ਜਿਤ ਤੇਰਾ ਪੰਥ ਚਲੇ। ਤਬ ਗੁਰੂ ਬਾਬਾ ਨਾਨਕ ਜੀ ਬੋਲ ਉਠਿਆ - ਮੁੰਦਾ ਸੰਤੋਖ..."
(ਅ) ਟੀਕਾ ਬਾਰਾਂ-ਮਾਹ ਤੁਖ਼ਾਰੀ : ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਈ ਟੀਕੇ, ਇਸ ਦੌਰ ਵਿਚ ਤਿਆਰ ਕੀਤੇ ਗਏ ਪਰ ਰਾਗ ਆਸਾ ਪੱਟੀ ਤੇ ਤੁਖ਼ਾਰੀ ਰਾਗ ਦੇ ਬਾਰਾਂ-ਮਾਂਹ ਦੇ ਟੀਕੇ ਹੀ ਪ੍ਰਾਪਤ ਹਨ। ਇਨ੍ਹਾਂ ਵਿਚੋਂ ਤੁਖਾਰੀ ਰਾਗ ਦੇ ਟੀਕੇ ਦਾ ਆਰੰਭ ਇਸ ਤਰ੍ਹਾਂ ਹੈ :
"ਆਤਮ ਰਾਮ ਸਾਥਿ ਗੁਰੂ ਬਾਬਾ ਨਾਨਕ ਜੀ ਗਿਆਨ ਗੋਸ਼ਟੀ ਕਾ ਪ੍ਰਬੰਧ ਕਰਤਾ ਹੈ ਮਨ ਕੈ ਸਾਥਿ ।
ਗੁਰੂ ਬਾਬਾ ਨਾਨਕ ਜੀ ਕਿਆ ਕਹਿਤਾ ਹੈ, ਤੁਖਾਰੀ ਰਾਗ ਮਹਿ, ਆਤਮ ਕੀ ਪ੍ਰਕਿਰਤੀ ਬਰਨਤਾ ਹੈ। ਪਰਮੇਸਰੁ ਕੇ ਮਿਲਣੇ ਕੀ ਪਦਵੀ ਕਾ ਮਾਰਗ ਖੋਜਤਾ ਹੈ। ਦੇਖ ਬਾਬਾ ਨਾਨਕ ਜੀ ਕਿਆ ਕਹਤਾ ਹੈ...
ਸੁਖਮਨੀ ਸਹੰਸਰ ਨਾਮਾ : ਟੀਕਾ ਜਾਂ ਪਰਮਾਰਥ ਸਾਹਿੱਤ ਵਿਚ "ਸੁਖਮਨੀ ਸਹੰਸਰ ਨਾਮਾ` ਇਕ ਹੋਰ ਮਹੱਤਵਪੂਰਨ ਰਚਨਾ ਹੈ, ਜਿਸ ਦੇ ਲਿਖਣ ਦੀ ਤਾਰੀਖ਼ ਸੰਮਤ 1703 ਮਾਘ ਸੁਦੀ ਇਕ ਹੈ ਤੇ ਲੇਖਕ ਦਾ ਨਾਂ ਬਾਵਾ ਅਮਰੀਕ ਚੰਦ ਹੈ। ਉਦਾਹਰਣ ਦੇਖੋ:
"ਏਕਨ ਨੋ ਸੁਖਮਨੀ ਸਹੰਸਰ ਨਾਮਾ ਮਹਲਾ ਅਠਵਾਂ । ਪਰਮਾਰਥ ਸਾਥਿ ਲਿਖਣੇ ਕਾ ਆਰੰਭ ਭੈਆ । ਸ੍ਰੀ ਸਤਿਗੁਰੂ ਮਿਹਰਬਾਨ ਜੀ ਕੀ ਆਗਿਆ ਸਾਥਿ ਹੋਆ। ਹਜੂਰਿ ਤੇ ਹੁਕਮੁ ਹੋਆ ਸੀ ਜਿ ਜਬ ਹਮਿ ਦਰਗਹਿ ਕੋ ਚਲਹਿਗੇ । ਤਬ ਤੁਮਾਰੇ ਮੁਖ ਤੇ ਕਹਾਵਹਿਗੇ ਤਿਤ ਸੰਸਾਰ ਕਾ ਭਲਾ ਹੋਵੈ ।"
ਜਪੁ-ਪਰਮਾਰਥ, ਜਪੁਜੀ ਸਾਹਿਬ ਦਾ ਟੀਕਾ ਹੈ ਜਿਹੜਾ ਕਿ ਲੇਖਕ ਨੇ ਆਪ ਨਹੀਂ, ਸਗੋਂ ਇਸ ਨੂੰ ਗੁਰੂ ਅੰਗਦ ਦੇਵ ਜੀ ਵਲੋਂ ਕੀਤਾ ਗਿਆ ਦਰਸਾਇਆ ਹੈ । ਉਦਾਹਰਣ ਲਈ ਜਪੁਜੀ ਦੀ ਪਉੜੀ, "ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ, ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾਂ ਲਿਵਤਾਰ" ਦਾ ਟੀਕਾ ਵਾਰਤਕ ਵਿਚ ਇਸ ਤਰ੍ਹਾਂ ਕੀਤਾ ਮਿਲਦਾ ਹੈ :
"ਕਹੈ ਜੀ ਪਰਮੇਸ਼ਰ ਕਾ ਵਿਚਾਰ ਜੋ ਸੋਚ ਕਰਿ ਕਰਿ ਕੀਤਾ ਲੋੜੈ ਤਾਂ ਨਾਹੀਂ ਹੋਂਦਾ । ਕਹੈ ਜੀ ਜੇ ਚੁਪ ਕਰਿ ਕਰਿ ਮੋਨਿ ਲਾਇ ਕਰ ਕੀਤਾ ਲੋੜੈ ਤਾਂ ਨਾਹੀਂ ਹੋਂਦਾ। ਕਹੈ ਜੀ ਜੇ ਚੁਪ ਕਰਿ ਕਰਿ ਮੋਨਿ ਲਾਇ ਕਰ ਲਿਵਤਾਰਿ ਲਾਇ ਕਰ ਬਹਿ ਰਹੀਐ ਤਾਂ ਪਾਈਐ ਕਿ ਨਾ ਪਾਈਐ? ਕਹੈ ਜੀ ਨਾ ।"
(3) ਜਨਮ ਸਾਖੀਆਂ
ਇਸ ਕਾਲ ਦੀ ਵਾਰਤਕ ਦਾ ਸਭ ਤੋਂ ਪ੍ਰਤਿਨਿਧ ਰੂਪ ਜਨਮ ਸਾਖੀਆਂ ਹਨ। ਗੁਰੂ ਨਾਨਕ ਸਾਹਿਬ ਦੇ ਜੀਵਨ ਬ੍ਰਿਤਾਂਤ ਨੂੰ ਬਹੁਤ ਸਾਰੇ ਵਿਦਵਾਨਾਂ ਨੇ ਲਿਖਿਆ, ਜਿਹੜੀਆਂ ਜਨਮ-ਸਾਖੀਆਂ ਦੇ ਨਾਂ ਹੇਠ ਪ੍ਰਚਲਿਤ ਹੋਇਆ। ਹੋਰ ਬਹੁਤ ਸਾਰੀਆਂ ਜੀਵਨੀਆਂ ਵੀ ਏਸੇ ਨਾਂ ਹੇਠ ਲਿਖੀਆਂ ਗਈਆਂ। ਇਨ੍ਹਾਂ ਜਨਮ ਸਾਖੀਆਂ ਦਾ ਵੇਰਵਾ ਇਸ ਪ੍ਰਕਾਰ ਹੈ :
(ੳ) ਪੁਰਾਤਨ ਜਨਮ ਸਾਖੀ, ਵਲਾਇਤ ਵਾਲੀ ਜਨਮ ਸਾਖੀ ਜਾਂ ਕੌਲਬਰੁਕ ਵਾਲੀ ਜਨਮ ਸਾਖੀ।
(ਅ) ਸੋਢੀ ਮਿਹਰਬਾਨ ਵਾਲੀ ਜਨਮ ਸਾਖੀ।
(ੲ) ਭਾਈ ਬਾਲੇ ਵਾਲੀ ਜਨਮ ਸਾਖੀ।
(ਸ) ਬਿਧੀ ਚੰਦ ਜਾਂ ਹੰਦਾਲੀਆਂ ਵਾਲੀ ਜਨਮ ਸਾਖੀ।
(ਹ) ਜਨਮ ਸਾਖੀ ਸ੍ਰੀ ਮਿਹਰਬਾਨ ਜੀ ਕੀ।
(ਕ) ਆਦਿ ਸਾਖੀਆਂ ਬਾਬੇ ਕੀਆਂ।
(ਖ) ਸਤਿਗੁਰੂ ਜੀ ਦੇ ਮੂੰਹ ਦੀਆਂ ਸਾਖੀਆਂ।
(ਗ) ਜਨਮ ਸਾਖੀ ਭਗਤ ਕਬੀਰ ਜੀ ਕੀ।
ਇਨ੍ਹਾਂ ਸਾਰੀਆਂ ਜਨਮ ਸਾਖੀਆਂ ਵਿਚੋਂ ਪੁਰਾਤਨ ਜਨਮ ਸਾਖੀ ਹੀ ਸਭ ਤੋਂ ਪੁਰਾਣੀ ਤੇ ਸਭ ਤੋਂ ਛੋਟੀ ਹੈ, ਜਿਸ ਵਿਚ ਕੇਵਲ 57 ਸਾਖੀਆਂ ਹਨ । 1926 ਈ. ਵਿਚ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਸੰਪਾਦਤ ਕਰ ਕੇ ਛਾਪਿਆ । ਈਸਟ ਇੰਡੀਆ ਕੰਪਨੀ ਦੇ ਇਕ ਅਧਿਕਾਰੀ ਮਿਸਟਰ ਕੋਲਬਰੁਕ ਨੂੰ ਇਕ ਹੱਥ-ਲਿਖਤੀ ਖਰੜਾ ਲੱਭਾ, ਜਿਸਨੂੰ ਉਸ ਨੇ ਈਸਟ ਇੰਡੀਆ ਕੰਪਨੀ ਦੇ ਸਪੁਰਦ ਕਰ ਦਿੱਤਾ । ਕੰਪਨੀ ਨੇ ਇਹ ਖਰੜਾ ਲੰਡਨ ਇੰਡੀਆ ਆਫ਼ਿਸ ਲਾਇਬ੍ਰੇਰੀ ਵਿਚ ਸੰਭਾਲ ਰਖਿਆ। 1883 ਈ. ਵਿਚ ਸਿੱਖਾਂ ਦੀ ਮੰਗ ਤੇ ਇਸ ਖਰੜੇ ਨੂੰ ਵਲਾਇਤ ਤੋਂ ਮੰਗਵਾ ਕੇ ਇਸਦੀ ਇਕ ਫੋਟੋ ਕਾਪੀ ਲਾਹ ਲਈ। ਇਸੇ ਦਾ ਨਾਂ ਵਲਾਇਤ ਵਾਲੀ ਜਨਮ ਸਾਖੀ ਪੈ ਗਿਆ । ਪ੍ਰੋ. ਗੁਰਮੁਖ ਸਿੰਘ ਨੂੰ ਇਸ ਜਨਮ ਸਾਖੀ ਦਾ ਇਕ ਹੋਰ ਨੁਸਖਾ ਹਾਵੀਜ਼ਾਬਾਦ ਤੋਂ ਮਿਲਿਆ ਜਿਸ ਨੂੰ ਮੈਕਾਲਫ ਨੇ ਆਪਣੇ ਖਰਚ ਤੇ ਛਾਪਿਆ ਤੇ ਪ੍ਰੋ. ਗੁਰਮੁਖ ਸਿੰਘ ਵਲੋਂ ਇਸ ਦੀ ਭੂਮਿਕਾ
ਲਿਖੀ ਗਈ। ਵਲਾਇਤ ਵਾਲੀ ਤੇ ਹਾਫਜਾਬਾਦ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਹੀ ਭਾਈ ਵੀਰ ਸਿੰਘ ਵਲੋਂ ਪੁਰਾਤਨ ਜਨਮ ਸਾਖੀ ਤਿਆਰ ਕੀਤੀ ਗਈ। ਇਸ ਨੂੰ ਉਨ੍ਹਾਂ ਨੇ 1635 ਈ ਦੀ ਰਚਨਾ ਸਿੱਧ ਕੀਤਾ ਹੈ। ਇਸ ਜਨਮ ਸਾਖੀ ਦੀ ਵਾਰਤਕ ਦਾ ਇਕ ਨਮੂਨਾ ਦੇਖੋ:
'ਤਬਿ ਮਰਦਾਨੇ ਆਖਿਆ, ਜੀ ਖੁਦਾਇ ਏਕ ਹੈ, ਕਿਉਂ?" ਤਬਿ ਬਾਬੇ ਆਖਿਆ, "ਹੇ ਮਰਦਾਨਿਆਂ! ਖੁਦਾਇ ਏਕੁ ਹੈ ।" ਤਬ ਮਰਦਾਨੇ ਅਰਜ਼ ਕੀਤੀ, ਆਖਿਓਸ : "ਜੀ ਪਾਤਸ਼ਾਹ ਉਹ ਕਿਸ ਕੀ ਪੈਦਾਇਸ਼ ਹੈ ਅਤੇ ਉਹ ਕਿਸ ਕੀ ਪੈਦਾਇਸ਼ ਹੈ ਜੋ ਸੁਖਪਾਲਿ ਵਿਚ ਚੜ੍ਹਿਆ ਜਾਂਦਾ ਹੈ ਅਤੇ ਉਹ ਪੈਰਾਂ ਤੇ ਉਪੋਹਾਣੇ ਭੀ ਹੈਨਿ ਅਤੇ ਪਿੰਡੋਂ ਨਾਂਗੇ। ਕਾਂਧੇ ਈਥੇ ਤੇ ਲਈ ਆਦਿ ਹੈਂਗ ਅਤੇ ਉਹੋ ਬੈਠੇ ਚਿਕਦੇ ਹਿਨਿ ।"
ਤਬਿ ਬਾਬੇ ਆਖਿਆ, "ਮਰਦਾਨਿਆ! ਤਪ ਤੇ ਰਾਜ ਹੈ, ਰਾਜ ਤੇ ਨਰਕ ਹੈ ਅਤੇ ਜੋ ਕੋਇ ਆਇਆ ਹੈ ਮਾਤਾ ਕੇ ਪੇਟ ਤੇ ਨਾਂਗਾ ਆਇਆ ਹੈ ਅਤੇ ਸੁਖ ਦੁਖੁ ਪਿਛਲਾ ਲੇਖੁ ਚਲਿਆ ਜਾਇ ।"
ਉਪਰੋਕਤ ਵਾਰਤਕ ਦੀ ਭਾਸ਼ਾ ਬੜੀ ਰਲੀ ਮਿਲੀ ਹੈ। ਇਹ ਲਹਿੰਦੀ ਤੇ ਹਿੰਦਵੀ ਦਾ ਮਿਸ਼ਰਤ ਰੂਪ ਹੈ। ਭਾਈ ਬਾਲੇ ਵਾਲੀ ਜਾਂ ਗੁਰੂ ਨਾਨਕ ਜੀ ਦੀਆਂ ਹੋਰ ਜਨਮ ਸਾਖੀਆਂ ਇਸ ਤੋਂ ਪਿਛੋਂ ਦੀ ਕ੍ਰਿਤ ਸਿੱਧ ਹੋ ਚੁੱਕੀਆਂ ਹਨ। ਪੁਰਾਤਨ ਜਨਮ ਸਾਖੀ ਦੀ ਵਾਰਤਕ ਹਰ ਪੱਖੋਂ ਸੰਪੂਰਣ ਤੇ ਉੱਤਮ-ਗੱਦ-ਸ਼ੈਲੀ ਦਾ ਪ੍ਰਮਾਣ ਹੈ। ਵਿਚਾਰਾਂ ਤੇ ਬਿਆਨ ਵਿਚ ਜਿੱਥੇ ਪਰਸਥਿਤੀ ਜਾਂ ਵਿਚਾਰ ਅਨੁਸਾਰ ਗੰਭੀਰਤਾ, ਭਾਵੁਕਤਾ ਜਾਂ ਸਰਲਤਾ ਹੈ, ਉਥੇ ਭਾਸ਼ਾ ਦੇ ਪੱਖ ਤੋਂ ਇਹ ਪੁਰਾਣੀ ਪੰਜਾਬੀ ਦਾ ਇਕ ਪ੍ਰਮਾਣਿਕ ਨਮੂਨਾ ਹੈ, ਜਿਹੜਾ ਉਸ ਵੇਲੇ ਦੀ ਗੱਲ ਰਚਨਾ ਵਿਚ ਆਮ ਤੌਰ ਤੇ ਦੇਖਿਆ ਜਾ ਸਕਦਾ ਹੈ। ਪੁਰਾਤਨ ਜਨਮ ਸਾਖੀ ਦੇ ਲੇਖਕ ਦੇ ਬਿਆਨ ਦੀ ਭਾਵਕਤਾ ਦੀ ਇਕ ਉਦਾਹਰਣ ਹੇਠਾਂ ਦਿੱਤੀ ਜਾਂਦੀ ਹੈ, ਜਿਹੜੀ ਯਥਾਰਥਕ ਚਿੱਤਰ ਦਾ ਇਕ ਨਮੂਨਾ ਹੈ ਤੇ ਲੇਖਕ ਦੀ ਮਨੋ-ਸੂਝ ਦਾ ਵੀ ਲਖਾਇਕ ਹੈ । ਲੰਮੀ ਉਦਾਸੀ ਤੋਂ ਬਾਅਦ ਗੁਰੂ ਜੀ ਜਦ ਤਲਵੰਡੀ ਪਰਤਦੇ ਹਨ ਤਾਂ ਆਪ ਕੁਝ ਮੀਲ ਬਾਹਰ ਹੀ ਬਹਿ ਜਾਂਦੇ ਹਨ ਤੇ ਕੇਵਲ ਮਰਦਾਨੇ ਨੂੰ ਘਰ ਭੇਜਦੇ ਹਨ :
"ਤਾਂ ਮਾਤਾ ਉਠਿ ਖੜੀ ਹੋਈ, ਕੁਛ ਕਪੜੇ, ਕੁਝ ਮਠਿਆਈ ਲੈਕਰ, ਪਿਛਹੁ ਆਇ ਮਰਦਾਨੇ ਨੂੰ ਆਇ ਮਿਲੀ, ਤਾਂ ਆਖਿਓਸ 'ਮਰਦਾਨਿਆ! ਮੈਨੂੰ ਨਾਨਕ ਮਿਲਾਇ । ਤਾਂ ਮਰਦਾਨਾ ਚੁਪ ਕਰਿ ਰਹਿਆ । ਉਥਹੁੰ ਚਲੇ । ਆਵਦੇ ਆਂਵਦੇ ਜਾਂ ਕੋਹਾਂ ਦੁਹੁ ਉਪਰ ਆਏ ਤਾਂ ਬਾਬਾ ਬੈਠਾ ਹੈ । ਤਬ ਬਾਬੇ ਡਿਠਾ ਜੋ ਮਾਤਾ ਤੇ ਮਰਦਾਨਾ ਆਏ, ਤਬ ਬਾਬਾ ਆਇ ਕਰ ਪੈਰੀਂ ਪਇਆ, ਤਾਂ ਮਾਤਾ ਲਗੀ ਬੈਰਾਗੁ ਕਰਣਿ, ਸਿਰ ਚੁਮਿਓਸ । ਆਖਿਓਸ, "ਹਉਂ ਵਾਰੀ ਬੇਟਾ, ਹਉਂ ਤੁਥ ਵਿਟਹੁ ਵਾਰੀ, ਤੇਰੇ ਨਾਉਂ ਵਿਟਹੁ ਵਾਰੀ, ਜਿਥੇ ਤੂੰ ਫਿਰਦਾ ਹੈ, ਤਿਸ ਥਾਉਂ ਵਿਟਹੁ ਹਓ ਵਾਰੀ । ਤੁਧੁ ਨਿਹਾਲ ਕੀਤੀ, ਮੈਨੂੰ ਆਪਣਾ ਮੁਹੁ ਵਿਖਾਇਓ ।" ਤਬ ਬਾਬਾ ਮਾਤਾ ਕਾ ਮੁਹੁ ਦੇਖ ਕਰ ਗਦੁ ਗਦੁ ਹੋਇ ਗਇਆ । ਲਗਾ ਬੈਰਾਗੁ ਕਰਣਿ, ਬੈਰਾਗ ਕਰ ਕੇ ਹਸਿਆ।"
(4) ਵਚਨ
ਪੁਰਾਤਨ ਪੰਜਾਬੀ ਵਾਰਤਕ ਦਾ ਇਕ ਰੂਪ 'ਵਚਨ' ਜਾਂ 'ਬਚਨ' ਹੈ, ਜਿਸ ਦੇ ਕਈ ਨਮੂਨੇ ਮਿਲਦੇ ਹਨ, ਯਥਾ 'ਵਚਨ ਸਾਂਈਂ ਲੋਕਾਂ ਦੇ, ਵਚਨ ਫ਼ਕੀਰਾਂ ਦੇ' ਆਦਿ । ਮਹਾਂਪੁਰਸ਼ਾਂ ਜਾਂ ਗੁਰੂਆਂ ਦੇ ਵਚਨ ਸ਼ਰਧਾਲੂਆਂ ਲਈ ਖ਼ਾਸ ਖਿੱਚ ਰੱਖਦੇ ਸਨ, ਇਸ ਲਈ ਇਨ੍ਹਾਂ ਨੂੰ ਸੰਭਾਲਿਆ ਗਿਆ । ਅਜਿਹਾ ਇਕ ਵਚਨ ਨਮੂਨੇ ਮਾਤ੍ਰ ਹੇਠਾਂ ਦਿੱਤਾ ਜਾਂਦਾ ਹੈ। ਇਸ ਦਾ ਸਿਰਲੇਖ ਹੈ, "ਸਾਖੀ ਗੁਰੂ ਅਮਰਦਾਸ ਜੀ ਕੀ !" ਇਹ ਵਚਨ ਇਕ ਪ੍ਰਕਾਰ ਦੇ ਰਹਿਤਨਾਮੇ ਹੀ ਸਨ –
"ਸ੍ਰੀ ਸਤਿਗੁਰੂ ਬੋਲਿਆ ਜੁ ਪੰਜਿ ਕੰਮ ਨ ਕਰੇ ਅਤੇ ਪੰਜਿ ਕੰਮ ਕਰੈ, ਜੇ ਗੁਰੂ ਕਰਾਵੈ ਨ ਕਰੈ ਪੰਜਿ ਕੰਮ । ਪਰ ਦਰਬੁ ਨ ਹਿਰੇ । ਪਰ ਇਸਤਰੀ ਨ ਰਵੈ । ਪਰ ਨਿੰਦਾ ਨਾ ਕਰੈ । ਜੂਆ ਨ ਖੇਲੇ । ਮਦੁ ਮਾਸੁ ਨ ਖਾਇ। ਪੰਜਿ ਕੰਮ ਕਰੇ ਸੁ ਜੀਵਨ ਮੁਕਤ ਹੈ। ਸੰਗਤਿ ਨਿਤ ਜਾਇ, ਕਿਛੁ ਮਹਿ ਪਾਵਣੈ ਨੇ ਲੈ ਜਾਇ ਅਤੇ ਆਰਤੀ ਕੀਰਤਨ ਸੁਣਿ ਸਵੈਂ । ਅਰਥੀ ਤੇ ਦੁਖੀਐ ਨਿਮਾਣੇ ਕੋ ਮਾਣੁ ਦੇਇ, ਪਰਉਪਕਾਰ ਕਰਾਵੈ ਲੋਚੈ। ਜਿਸਨੋ ਕੁੜਮਾਈ ਕੋਈ ਨਾ ਕਰੈ ਤਿਸ ਨੇ ਪੁਨ ਅਰਥ ਲੋਚਿ ਕਰਿ ਕਰਾਵੈ ਅਕੇ ਆਪਿ ਕਰੈ ।"
(5) ਹੁਕਮਨਾਮੇ
ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਲਿਖੇ ਗਏ ਪੱਤਰ ਹੁਕਮਨਾਮੇ ਅਖਵਾਏ । ਸੰਗਤਾਂ ਨੂੰ ਲੰਗਰ ਲਈ ਮਾਇਆ ਜਾਂ ਰਾਸ਼ਨ ਭੇਜਣ, ਸ਼ਸਤਰ, ਘੋੜੇ ਭੇਜਣ ਜਾਂ ਕਿਸੇ ਹੋਰ ਮਨੋਰਥ ਲਈ ਅਜਿਹਾ ਕੀਤਾ ਜਾਂਦਾ ਸੀ । ਗੁਰੂ ਸਾਹਿਬ ਹੁਕਮਨਾਮੇ ਤੇ ਕਿਸੇ ਥਾਂ ਆਪਣੇ ਹੱਥ ਨਾਲ ਖਾਸ ਨਿਸ਼ਾਨ ਲਾ ਦਿੰਦੇ ਸਨ, ਬਾਕੀ ਖ਼ਤ ਉਨ੍ਹਾਂ ਦਾ ਕੋਈ ਸੇਵਕ ਹੀ ਲਿਖਦਾ ਸੀ । ਹੁਕਮਨਾਮਿਆਂ ਦੀ ਵਾਰਤਕ ਦਾ ਨਮੂਨਾ ਦੇਖੋ:
"ਸਿਰੀ ਗੁਰੂ ਜੀਓ ਕੀ ਆਗਿਆ ਹੈ ਸਰਬਤਿ ਸੰਗਤ ਨਉਸ਼ਹਰੇ ਕੀ ਗੁਰੂ ਰਖੇਗਾ ਸੰਗਤਿ ਗੁਰੂ ਗੁਰੂ ਜਪਣਾ ਜਨਮ ਸਓਰੇਗਾ । ਸੰਗਤਿ ਦਿਵਾਲੀ ਨੇ ਦਰਸ਼ਨਿ ਆਵਣਾ ਜੋ ਗੁਰੂ ਕੇ ਨਿਵਤ ਕਾ ਹੋਵੇ, ਸੋ ਆਪੈ ਲੈ ਆਵਣਾ, ਹੋਰਸ ਕਿਸੇ ਨੋ ਨਾਹੀ ਦੇਣਾ ।"
(6) ਅਨੁਵਾਦ
ਮੌਲਿਕ ਰਚਨਾਵਾਂ ਦੇ ਨਾਲ-ਨਾਲ ਇਸ ਕਾਲ ਵਿਚ ਬਹੁਤ ਸਾਰੀਆਂ ਪੁਰਾਣੀਆਂ ਪ੍ਰਸਿੱਧ ਜਾਂ ਸ੍ਰੇਸ਼ਟ ਰਚਨਾਵਾਂ ਦੇ ਅਨੁਵਾਦ ਵੀ ਹੋਏ। ਇਨ੍ਹਾਂ ਅਨੁਵਾਦਾਂ ਵਿਚ ਬਹੁਤੀ ਵਾਰੀ ਮੂਲ ਰਚਨਾ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਸੀ । ਇਸ ਕਾਲ ਵਿਚ ਹੋਏ ਹੇਠ ਲਿਖੇ ਅਨੁਵਾਦ ਸਾਡਾ ਵਿਸ਼ੇਸ਼ ਧਿਆਨ ਖਿੱਚਦੇ ਹਨ :
(ੳ) ਟੀਕਾ ਵੇਦਾਂਤ ਸਾਰ
(ਅ) ਛੱਜੂ-ਭਗਤ ਦਾ ਗੀਤਾ ਮਹਾਤਮ
(ੲ) ਬਿਬੇਕ ਸਾਰ ਜਾਂ ਗੀਤਾ ਸਾਰ
(ਸ) ਭੋਗਲ ਪੁਰਾਣ
(ਹ) ਆਦਿ ਰਾਮਾਇਣ
(ਕ) ਵਿਸ਼ਨੂੰ ਪੁਰਾਣ
(ਖ) ਭਗਵਤ ਗੀਤਾ
ਆਦਿ ਰਾਮਾਇਣ ਵਿਚੋਂ ਕੁਝ ਭਾਗ ਉਦਾਹਰਣ ਲਈ ਹੇਠਾਂ ਦਿੱਤਾ ਜਾਂਦਾ ਹੈ :
"ਤਬ ਰਾਵਣ ਸਭੇ ਹੀ ਵਰ ਲੈ ਕਰਿ ਘਰਿ ਆਇਆ, ਤਬ ਆਇ ਕਰ ਮਾਈ ਕੀ ਲੰਕਾ ਉਸਾਰੀ । ਜਿਉਂ ਜਿਉਂ ਸ੍ਰੀ ਮਹਾਦੇਵ ਵਿਧਿ ਕਹੀ ਥੀ, ਤਿਉਂ ਤਿਉਂ ਹੀ ਕੀਨੀ । ਅਰੁ ਇਤਿ ਭੀ ਉਸੀ ਭਾਂਤਿ ਰਚੀ। ਦਰਵਾਜ਼ਾ ਇਸ ਲੰਕਾ ਦਾ ਭੀ ਦੱਖਣ ਦੀ ਓਰ ਭਇਆ ਅਰ ਪੜਨਾਲੇ ਭਲਿ ਗਏ । ਮਾਟੀ ਕੀ ਲੰਕਾ ਮੰਚਿਤ ਸੀ, ਈਸ਼ਵਰ ਕੀ ਦ੍ਰਿਸ਼ਟੀ ਦੇਖਣੇ ਸਾਥ ਸੋਨੇ ਕੀ ਭਈ । ਤਬ ਸ੍ਰੀ ਮਹਾਦੇਵ ਕੇ ਪ੍ਰਸਾਦਿ ਰਾਜੇ ਰਾਵਣ ਤੀਨ ਲੋਕ ਕਾ ਰਾਜੁ ਪਾਇਆ ।"
"ਬਿਬੇਕ ਸਾਰ" ਵਿਚ ਡੂੰਘੀਆਂ ਸਿਧਾਂਤਕ ਗੱਲਾਂ ਦਾ ਨਿਚੋੜ ਕੀਤਾ ਗਿਆ ਹੈ। ਇਸ ਵਿਚ ਅਧਿਆਤਮਿਕ ਵਿਚਾਰਾਂ ਨੂੰ ਪ੍ਰਸ਼ਨੋਤਰੀ ਦੇ ਰੂਪ ਵਿਚ ਬਿਆਨਿਆ ਜਾਂਦਾ ਹੈ । ਉਦਾਹਰਣ ਲਈ :
ਪ੍ਰਸ਼ਨ : ਸੰਤ ਬਚਨ ਸ੍ਰਵਣ ਕਾ ਫਲ ਕਿਆ ਹੈ ?
ਉੱਤਰ : ਜਿਵੇਂ ਕਿਸੇ ਲਾਹੌਰ ਜਾਣਾ ਹੋਵੇ । ਅਗੇ ਉਸ ਡਿਠਾ ਨਹੀਂ । ਮਾਰਗ ਵਿਖੇ ਜਿੱਥੇ ਕੋਈ ਸ਼ਹਰੁ ਦੇਖਦਾ ਹੈ ਪਕੇ ਮਹਲ ਚਉਬਾਰੇ, ਉਸ ਸ਼ਹਿਰ ਨੂੰ ਲਾਹੋਰ ਮੰਨ ਕੇ ਠਹਿਰ ਜਾਂਦਾ ਹੈ। ਪਰ ਜਿਸ ਖੁਰੇ ਅਤੇ ਨਿਸ਼ਾਨੀਆਂ ਲਾਹੌਰ ਵਾਸੀ ਪਾਸੋਂ ਸੁਣੀਆਂ ਸਮਝੀਆਂ ਹੋਂਦੀਆਂ ਹੈਨਿ, ਸੌ ਮਾਰਗ ਵਿਖੇ ਅਟਕਦਾ ਕਿਥਾਹੁੰ ਨਹੀਂ. ਤੋੜਿ ਲਗਾ ਜਾਂਦਾ ਹੈ । ਏਹੁ ਸਹਾਇਤਾ ਸੰਭਵ ਬਚਨ ਕੀ। ਮੇਰੇ ਮਨੁ ਗੁਰਮਤੁ ਹਰਿ ਹਰਿ ਰਾਖਾ ॥ ਹਰਿ ਹਰਿ ਆਣਿ ਮਿਲਾਇਓ ਗੁਰੂ ਸਾਧੂ ਗੁਰਿ ਮਿਲਿਐ ਹਰਿ ਪਰਾਖਾ।
ਸਲੋਕ - ਕਬੀਰੁ ਹਮ ਭੀ ਚਲੇ ਜਾਤ ਥੇ ਲੇਕ ਬੇਟ ਕੇ ਸਾਥ।
ਰਗ ਮੈਂ ਸਤਿਗੁਰ ਮਿਲੈ, ਦੀਪਕ ਦੀਨੋ ਹਾਥਿ।
ਏਸੇ ਤਰ੍ਹਾਂ ਗੀਤਾ ਸਾਰ' ਵਿਚੋਂ ਵੀ ਇਕ ਉਦਾਹਰਣ ਦੇਣੀ ਉਚਿੱਤ ਪ੍ਰਤੀਤ ਹੁੰਦੀ ਹੈ। "ਹੇ ਅਰਜਨ ਇਹ ਗੀਤਾ ਸਾਰ ਹੈ। ਬਿਧਿਆ ਕੇ ਅੰਧਕਾਰ ਕੇ ਨਾਸ ਕਰਤੀ ਹੈ। ਦਰਪਨ ਦੀ ਨਿਆਈਂ ਦਰਸਨੁ ਦੇਵੇ ਹੈ । ਆਪ ਨੇ ਹੀ ਬਿਖੈ ਪਰਮਾਤਮਾ ਦਾ ਦਰਸ਼ਨੁ ਦਿਖਾਵੈ ਹੈ। ਇਸ ਗੀਤਾ ਸਾਰੁ ਬਿਖੈ ਬ੍ਰਹਮ ਗਿਆਨੁ ਹੈ । ਬੇਦੋਂ ਅਰ ਸ਼ਾਸਤਰੋਂ ਦਾ ਨਿਹਚਾ ਹੈ, ਗੁਹਜਿ ਬੇਦ ਦਾ ਅਰਥ ਪ੍ਰਗਟ ਕਰਿ ਕਹਤੀ ਹੈ। ਪੁੰਨ ਰੂਪ ਹੈ । ਪਾਪੋਂ ਕਾ ਨਾਸ ਕਰਤੀ ਹੈ। ਜੋ ਕੋਊ ਇਸ ਬਿਸਨ ਕਾ ਮਹਾਤਮੁ ਪਾਠ ਕਰੈ ਅਥਵਾ ਕੋਉ ਸ੍ਰਵਣ ਕਰੈ, ਸੋ ਪਰਮਪਦ ਪਾਵੈ।"
ਵਿਸ਼ਨੂੰ ਪੁਰਾਣ ਇਕ ਹੋਰ ਮਹੱਤਵਪੂਰਨ ਗ੍ਰੰਥ ਹੈ, ਜਿਸ ਦਾ ਅਨੁਵਾਦ ਇਸ ਕਾਲ ਵਿਚ ਹੋਇਆ। ਅਨੁਵਾਦ ਵਿਚ ਵੀ ਭਾਸ਼ਾ ਤੇ ਲਹਿਜਾ, ਮੂਲ ਲਿਖਤ ਵਾਲਾ ਵਧੇਰੇ ਹੈ। ਇਸ ਛੋਟੀ ਉਦਾਹਰਣ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ :
"ਹੇ ਮਤੇ ਕਥਾ ਪ੍ਰਹਿਲਾਦ ਦੀ ਕਹਤਾ ਹੈਂ, ਤੂੰ ਸ੍ਰਵਣ ਕਰਿ। ਦੈਂਤ ਕੇ ਉਦ੍ਰ ਤੇ ਦੋ ਪੂੜ ਉਤਪਤਿ ਭਏ । ਏਕ ਹਰਨਾਕਸ । ਅਰ ਦੂਸਰਾ ਹਰਨਾਕਸਪੁ, ਸਤਿਜੁਗ ਵਿਖੇ ਥੇ। ਹਰਨਾਛਸ ਕਓ ਭਗਵਾਨ ਬੈਰਾਹਿ ਰੂਪ ਧਾਰ ਕਰਿ ਨਾਸ ਕੀਤਾ, ਤਿਸ ਕੇ ਪੀਛੇ ਹਰਨਾਕਸਪੁ ਤ੍ਰਿਲੋਕੀ ਕਾ ਰਾਜ ਕਰਤਾ ਥਾ ।"
ਭਗਵਤ ਗੀਤਾ ਦੇ ਅਨੁਵਾਦ ਵਿਚ ਹਿੰਦਵੀ ਜਾਂ ਸਾਧ-ਭਾਖਾ ਦਾ ਰੰਗ ਵਧੇਰੇ ਹੈ। ਵਿਸ਼ੇਸ਼ ਤੌਰ ਤੇ ਧਾਰਮਿਕ ਜਾਂ ਅਧਿਆਤਮਿਕ ਸ਼ਬਦਾਵਲੀ ਤਾਂ ਹੂ-ਬਹੂ ਤੇ ਤਤਸਮ ਰੂਪ ਵਿਚ ਵਰਤੀ ਹੈ, ਜਿਵੇਂ:
ਸ੍ਰੀ ਕ੍ਰਿਸ਼ਨ ਭਗਵਾਨ ਜੀ ਉਧਵਿ ਕਹੇਂ ਹੈਂ। ਕਿ ਹੇ ਉਧਵਿ ਬਾਣ ਪ੍ਰਸਦਿ ਆਸ੍ਰਮਿ ਕੀ ਪਰਮੁ ਨਿਰੂਪਣ ਕਰੇਂ ਹੋ, ਤੂੰ ਸਰਵਣਿ ਕਰਿ । ਜੁ ਗ੍ਰਿਹਸਥੀ ਬਨ ਵਿਖੇ ਗਾਇਆ ਚਾਹੈ । ਤਬ ਇਸਤਰੀ ਕਉ ਪੁਤਹੁ ਕਉ ਸਉਪੈ ਅਰ ਆਰਿਬਲਾ ਤੀਸਰਾ ਅਸੁ ਬਨ ਬਿਖੇ ਬਤੀਤ ਕਰੈ। ਕੰਦਿ ਮੂਲੁ ਅਹਾਰੁ ਕਰੈ । ਜੁ ਭੂਮਿ ਕੇ ਖੋਟੇ ਤੇ ਨਿਕਾਸਹਿ ਸੁ ਕੰਦਿ ਮੂਲ ਕਹਾਵੈ ।"
ਏਸੇ ਲੜੀ ਦੀ ਅਗਲੀ ਰਚਨਾ 'ਛੱਜੂ ਭਗਤ ਦਾ ਗੀਤਾ ਮਹਾਤਮ' ਹੈ। ਛੱਜੂ ਭਗਤ ਕਵੀ ਵੀ ਸੀ ਤੇ ਕਵਿਤਾ ਵਾਲੇ ਭਾਗ ਵਿਚ ਅਸੀਂ ਉਸ ਦੀ ਕਵਿਤਾ ਬਾਰੇ ਚਰਚਾ ਕਰ ਚੁੱਕੇ ਹਾਂ । ਉਸ ਦੀ ਵਾਰਤਕ ਦਾ ਨਮੂਨਾ ਇਸ ਪ੍ਰਕਾਰ ਹੈ :
"ਹੇ ਲਛਮੀ, ਸੁਮੇਰ ਪਰਬਤ ਪਰ ਦੇਵ ਲੋਕ ਮੇਂ ਇੰਦਰ ਆਪਣੀ ਸਭਾ ਲਗਾਇ ਬੈਠਾ ਥਾ। ਅਗੇ ਉਰਬਸ਼ੀ ਨਿਰਤਕਾਰੀ ਬਡੀ ਕਰ ਰਹੀ ਥੀ ਅਰ ਸਭ ਸਭਾ ਅਰਇੰਦਰ ਬਡੀ ਪਰਸੰਨਤਾ ਮੇਂ ਥੇ । ਇਤਨੇ ਮੇ ਏਕ ਚਤਰਭੁਜ ਰੂਪਧਾਰੀ ਕੇ ਦੇ ਪਾਰਖਦ ਲੇ ਆਏ ਵਿਮਾਨ ਪਰ ਚਾੜ੍ਹ ਕੇ। ਅਰ ਇੰਦਰ ਕੇ ਸਭ ਦੇਵਤਾ ਕੇ ਰੂਬਰੂ ਕਹਾ ਤੂੰ ਉਠ, ਇਸ ਕਉ ਬੈਠਣੇ ਦੇਹ ।"
"ਭੋਗਲ ਪੁਰਾਣ" ਜਿਸ ਤਰ੍ਹਾਂ ਇਸ ਦੇ ਨਾਂ ਤੋਂ ਹੀ ਪ੍ਰਗਟ ਹੈ ਅਜਿਹਾ ਪੁਰਾਣ ਹੈ ਜਿਸ ਦੀ ਮਿਥਿਹਾਸਕ ਦ੍ਰਿਸ਼ਟੀ ਤੋਂ ਦੀਪਾਂ, ਲੋਆਂ, ਖੰਡਾਂ, ਬ੍ਰਹਿਮੰਡਾਂ, ਸ੍ਰਿਸ਼ਟੀ ਤੇ ਹੋਰ ਮੰਡਲਾਂ ਆਦਿ ਸਾਰੇ ਵਿਸ਼ਵਾਸਾਂ ਨੂੰ ਪ੍ਰਗਟਾਇਆ ਗਿਆ ਹੈ। ਇਸ ਵਾਰਤਕ ਦੀ ਸ਼ਬਦਾਵਲੀ ਪੁਰਾਤਨ ਢੰਗ ਦੀ ਹੈ ਤੇ ਵਾਕ ਛੋਟੇ ਹਨ ਜਿਨ੍ਹਾਂ ਦੀ ਬਣਤਰ ਕਵਿਤਾ ਵਰਗੀ ਹੈ। ਤੱਥਾਂ ਨੂੰ ਬੜੇ ਸਿੱਧੇ ਪੱਧਰੇ ਢੰਗ ਨਾਲ ਬਿਆਨਿਆ ਹੈ :
"ਆਦਿ ਬ੍ਰਹਮਾ ਬ੍ਰਹਮੋ ਤੇ ਮਨਸਾ ਦੇਵੀ । ਤਾਂ ਤੇ ਓਅੰਕਾਰ ਸ਼ਬਦ । ਅਨਹਦ ਭਇਓ ਤੇ ਪ੍ਰਿਥਮੇ ਅਕਾਸ ਉਤਪੰਨਾ। ਅਕਾਸ ਤੇ ਵਾਇ ਉਤਪੰਨੀ । ਵਾਇ ਤੇ ਤੇਜ ਉਤਪੰਨਾ । ਤੇਜ ਤੇ ਪਾਣੀ ਉਤਪੰਨਾ । ਪਾਣੀ ਤੇ ਪ੍ਰਿਥਵੀ ਉਤਪੰਨੀ । ਪਾਣੀ ਮਧੇ ਬ੍ਰਹਿਮੰਡ ਉਪਾਇਆ। ਬ੍ਰਹਿਮੰਡ ਫੁਟ ਕੁਟਿਕਾ ਭਟਿਆ ਤੇ ਜਲ ਮਧੇ ਵਿਸ਼ਨੂੰ ਰਹੇ ਹੈਂ । ਵਿਸ਼ਨੂੰ ਕੇ ਨਾਭ ਕਵਲ ਮਧੇ ਬ੍ਰਹਮਾ ਰਹੈ ਹੈ । ਸੋ ਬ੍ਰਿਹਮਾ ਉਤਪੰਨ ਕੀਉ!"
(7) ਫੁਟਕਲ
ਵਿਸ਼ੈ-ਬੱਧ ਜਾਂ ਰੂਪ-ਬੱਧ ਗੱਦ ਲਿਖਤਾਂ ਤੋਂ ਬਿਨਾਂ ਬਹੁਤ ਸਾਰੀਆਂ ਫੁਟਕਲ ਰਚਨਾਵਾਂ ਵੀ ਇਸ ਕਾਲ ਵਿਚ ਹੋਂਦ ਵਿਚ ਆਈਆਂ। ਇਨ੍ਹਾਂ ਵਿਚੋਂ ਕੁਝ ਇਕ ਰਚਨਾਵਾਂ ਦਾ ਹਵਾਲਾ ਦੇਣਾ ਜ਼ਰੂਰੀ ਹੁੰਦਾ ਹੈ-
(ੳ) ਪੰਦ-ਨਾਮਾ (ਹਾਜ਼ਿਰਨਾਮਾ)
(ਅ) ਥਾਣੀ ਬਿਹੰਗਮ
(ੲ) ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ।
(ਸ) ਸਿੰਘਾਸਨ ਬਤੀਸੀ
(ਹ) ਮਸਲੇ ਸ਼ੇਖ ਫਰੀਦ ਕੇ
ਸਿੰਘਾਸਨ ਬਤੀਸੀ ਦੀ ਇਕ ਉਦਾਹਰਣ ਦੇਖੋ :
"ਅਥ ਸੋਲ੍ਹਵੀਂ ਪੁਤਲੀ ਚਲੀ । ਜਬ ਰਾਜਾ ਭੋਜ ਚਾਹਿਆ ਜੋ ਸ਼ੁਭ ਕਾਲ ਸਿੰਘਾਸਨ ਪਰ ਬੈਸੀਏ । ਤਬ ਪੁਤਲੀ ਸੋਲ੍ਹਵੀ ਬੋਲੀ ! "ਹੇ ਰਾਜਾ ਭੇਜ ! ਜੇ ਕੋਊ ਉਦਾਰ ਹੈ ਸੋ ਯਾ ਸਿੰਘਾਸਨ ਪਰ ਬੈਸੇ ।" ਤਉ ਰਾਜਾ ਪੁਛਿਆ ਜੋ ਕੈਸੈ ? ਤਬ ਪੁਤਲੀ ਕਹਿਆ, "ਰਾਜਾ ਵਿਕ੍ਰਮਾਜੀਤ ਦੇਸਾਂ ਮਹਿ ਫਿਰਤਾ ਫਿਰਤਾ ਪਦਮਨੀ ਖੰਡ ਮੇ ਗਇਆ -"
ਬਾਣੀ ਬਿਹੰਗਮ ਦੀ ਪ੍ਰੋਸ਼ਨੇਤਰੀ ਸ਼ੈਲੀ ਦੀ ਉਦਾਹਰਣ ਦੇਖੋ :
"ਜੀ, ਸਚੇ ਪਾਤਿਸ਼ਾਹ ! ਸੁਰਤਿ ਕਉ ਉਕਤਿ ਜੋ ਹੈ ਜੁਗਤਿ ਜੋ ਨਾਹੀ ਸੇ ਕਉਣ ਬਿਧਿ ਹੈ?" ਤੇ ਨਿਰੰਕਾਰ ਵਲੋਂ ਇਸ ਦਾ ਉੱਤਰ ਹੈ :
"ਸੁਣ ਦਾਸ ਜੀ। ਉਕਤਿਮੇ ਸਿਆਣਪ ਹੈ. ਜੁਗਤਿ ਮੇ ਸਿਆਣਪ ਨਾਹੀਂ । ਉਕਤਿ ਕਰਿ ਕੈ ਨਾਮੁ ਅਰਾਧਿਦਾ ਹੈ ਤਿਸ ਦਾ ਅਰਾਧਿਆ ਥਾਇੰ ਪਉਂਦਾ ਨਾਹੀਂ । ਉਕਤ ਦਾ ਨਾਉਂ ਕਥਨੀ ਹੈ, ਜੁਗਤਿ ਦਾ ਨਾਉਂ ਪ੍ਰੇਮ ਹੈ।" ਫੇਰ ਬਾਬੇ ਅਰਦਾਸ ਕੀਤੀ, "ਜੀ ਪਾਤਿਸ਼ਾਹ! ਉਕਤਿ ਕਥਨੀ ਕਿਉਂ ਕਰਿ ਹੋਈ, ਜੁਗਤਿ ਪ੍ਰੇਮ ਨਾਲ ਕਿਉਂ ਕਰ ਰਲੀ?" ਹੁਕਮ ਹੋਇਆ. "ਉਕਤਿ ਬੋਲਣਾ ਹੈ, ਜੁਗਤਿ ਸਬਦੁ ਹੈ । ਉਕਤਿ ਝਗੜਾ ਹੈ. ਜੁਗਤਿ ਬੇੜ ਹੈ। ਜੁਗਤਿ ਵਿਚ ਪ੍ਰੇਮ ਇਤੁ ਰਖਿਆ ਹੈ ਜੁ ਜੁਗਤਿ ਕਰਿ ਕੈ, ਬੋਲਦੈ ਨਾਹੀਂ, ਮਨ ਕਉ ਸਮਝਜਾਇੰਦੇ ਹੈਨ। ਇਸ ਵਾਸਤੇ ਪ੍ਰੇਮ ਨਾਲ ਰਲੀ ਹੈ । ਜੇ ਉਕਤਿ ਥਾਇੰ ਪਾਉਂਦੀ ਹੋਵੇ ਤਾਂ ਜੁਗਤਿ ਕੋਈ ਕਾਸ ਨੂੰ ਕਰੈ ।"
"ਮਸਲੇ ਸ਼ੇਖ ਫਰੀਦ ਕੇ" ਦੀ ਵਾਰਤਕ ਦੀ ਇਕ ਉਦਾਹਰਣ ਤੋਂ ਪਤਾ ਲਗਦਾ ਹੈ ਕਿ ਇਸ ਉੱਤੇ ਲਹਿੰਦੀ ਮੁਸਲਮਾਨੀ ਧਾਰਮਿਕ ਸ਼ਬਦਾਵਲੀ ਦਾ ਪ੍ਰਭਾਵ ਕਿੰਨਾ ਜਿਆਦਾ ਹੈ । ਵਾਰਤਕ ਦਾ ਰੂਪ ਵੀ ਵਧੇਰੇ ਵਿਗਸਿਤ ਹੈ :
"ਤਾਂ ਹੁਕਮ ਤਕ ਤਾਲਹ ਦਾ ਹੋਇਆ । ਇਕ ਦਿਨ ਸ਼ੇਖੁ ਫਰੀਦ ਚਲਿਆ ਜਾਂਦਾ ਅਗੇ ਥੀਂ ਸ਼ੱਕਰ ਦੇ ਲੱਦੇ ਮਿਲ ਗਏ । ਤਬ ਬਾਬੇ ਫਰੀਦ ਦੇ ਮੂੰਹੋਂ ਖੁਦਾਇ ਅਖਾਇਆ ਜੀ ਬਾਬਾ ਇਹਨਾਂ ਲੱਦਿਆਂ ਵਿਚ ਕਿਆ . ਹੈ ਤਾਂ ਉਹ ਬਖੀਲੇ ਅਹੇ, ਓਨਾਂ ਥਾਹੁ ਨਿਕਲਿਆ ਕਿ ਇਨ੍ਹਾਂ ਵਿਚ ਖਾਸਾ ਹੈ। ਤਾਂ ਸੇਖੁ ਫਰੀਦ ਕਹਿਆ ਕਿ ਜਾਹ ਬਾਬਾ ਖੁਦਾਇ ਕਰੇ ਖਾਸ ਹੀ ਖਾਸਾ ਹੋਸੀ । ਜਾਂ ਜਾਇ ਕਰ ਕਢਨ ਤਾਂ ਵਿਚਹੁ ਕਖੁ ਅਤੇ ਪੁਰਾਣੇ ਲੀਲੜੇ ਅਤੇ ਮਲੀਹੁ ਭੂਰੀਆਂ ਢੀਮਾਂ-ਠੀਕਰੀਆਂ ਚੀਥੜੇ ਇਹ ਗੱਲਾਂ ਵਿਚੋਂ ਨਿਕਲੇਸੁ। ਵਪਾਰੀ ਲਗੇ ਸਿਰੇ ਸਿਰ ਪਿੱਟਣ । ਹਾਇ ਹਾਇ ਜਵਾਲ ਖੁਦਾਇ ਦਾ । ਲਦੇ ਸ਼ੱਕਰ ਦੇ ਭਰੇ ਸੁ ਅਸਾਂ ਤੋਂ ਕੀ ਜਵਾਲ ਹੋਇਆ ਜਿ ਇਹ ਸ਼ੰਕਰਹੁ ਮਲੀਹ ਚੀਥੜੇ ਕਖ ਠੀਕਰੀਆਂ ਲਗੀਆਂ ਨਿਕਲਣ । ਇਸ ਜਵਾਲ ਅਸਾਡੇ ਸਿਰ ਹੋਇਆ। ਕਿਸ ਕਰਹੁ ਇਹ ਜਵਾਲ ਥੀਆ ।"
"ਹਕੀਕਤ ਰਾਹ ਮੁਕਾਮ ਰਾਜੇ ਰਾਇ ਸਿੰਘ ਦਾ ਬੇਟਾ, ਰਾਜੈ ਸ਼ਿਵਨਾਭ ਕਾ ਪੋਤਾ ਹੈ । ਤਿਸ ਥਾਨਿ ਗੁਰੂ ਜੀਓ ਕੀ ਧਰਮਸ਼ਾਲਾ ਹੈ। ਸੰਗੀਤ ਜੁੜਦੀ ਹੈ। ਕੀਰਤਨ ਹੋਤਾ ਹੈ । ਰਸੋਈ ਬੀਸ ਮਣ ਲੂਣ ਦਿਹਾੜੀ ਪਾਉਂਦਾ ਹੈ। ਨਾਗਾ ਪਟਣੁ ਬੀਜਾਨਗਰ ਤੇ ਤਿਨ ਸੈ ਵੀਹ ਕੋਹ ਹੈ । ਅਰ ਭਾਟੜਿਆਂ ਦੇ ਬੰਕਾਪੁਰ ਤੇ ਅਸੀਹ ਕੋਹ ਹੈਨਿ ।"
ਪੰਦ-ਨਾਮਾ ਜਾਂ ਹਾਜ਼ਿਰਨਾਮਾ ਇਕ ਹੋਰ ਵਾਰਤਕ ਰਚਨਾ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਤ
ਦੱਸਿਆ ਜਾਂਦਾ ਹੈ, ਪਰ ਵਿਦਵਾਨ ਇਸ ਨਾਲ ਸਹਿਮਤ ਨਹੀਂ । ਇਹ ਕਿਸੇ ਮੁਸਲਮਾਨ ਫਕੀਰ ਦੀ ਰਚਨਾ ਹੋ ਸਕਦੀ ਹੈ। ਇਸ ਵਾਰਤਕ ਦਾ ਨਮੂਨਾ ਦੇਖੋ:
"ਈਮਾਨ ਦੋਸਤ ਹੈ, ਬੇਈਮਾਨ ਕਹਰ ਹੈ। ਕਿਬਰ ਕਹਿਤ ਹੈ, ਨਫਸ
ਸ਼ੈਤਾਨ ਹੈ। ਗੁਮਾਨ ਕਾਫਰ ਹੈ, ਬੇ-ਦਿਆਨਤ ਨਾਪਾਕ ਹੈ। ਮੋਮ ਦਿਲ
ਪਾਕ ਹੈ, ਹਿਰਸ ਬੇਰੂਹ ਹੈ। ਬੇਹਿਰਸ ਅਉਲੀਆ ਹੈ, ਦਰਦਮੰਦ
ਦਰਵੇਸ਼ ਹੈ। ਬੇਦਰਦ ਕਸਾਬ ਹੈ। ਜ਼ੋਰ ਜ਼ੁਲਮ ਹੈ, ਹਿੰਮਤ ਕਤੇਬ ਹੈ।"
ਪੁਰਾਤਨ ਪੰਜਾਬੀ ਵਾਰਤਕ ਬਾਰੇ ਸਮੁੱਚੀ ਵਿਚਾਰ
1. ਪੁਰਾਤਨ ਪੰਜਾਬੀ ਵਾਰਤਕ ਦਾ ਆਰੰਭ ਪੂਰਵ ਨਾਨਕ ਕਾਲ ਵਿਚ ਹੋ ਚੁੱਕਾ ਸੀ ਅਤੇ ਬਾਰਵੀਂ ਤੇਰਵੀਂ ਸਦੀ ਦੀ ਵਾਰਤਕ ਦੇ ਨਮੂਨੇ 'ਏਕਾਦਸ਼ੀ ਮਹਾਤਮ' ਤੇ ਫਰੀਦ ਜੀ ਕਾ ਪਧਤਿ-ਨਾਮਾ' ਦੇ ਰੂਪ ਵਿਚ ਅੱਜ ਸਾਨੂੰ ਪ੍ਰਾਪਤ ਹਨ। ਇਨ੍ਹਾਂ ਤੋਂ ਛੁਟ ਹੋਰ ਵਾਰਤਕ ਕ੍ਰਿਤਾਂ ਦੀਆਂ ਸੰਭਾਵਨਾਵਾਂ ਦੇ ਸਬੂਤ ਪ੍ਰਤੱਖ ਹਨ। ਭਾਵੇਂ ਉਨ੍ਹਾਂ ਦੇ ਨਮੂਨੇ ਸਾਡੇ ਤਕ ਨਹੀਂ ਪੁੱਜ ਸਕੇ । ਇਸ ਦਾ ਕਾਰਨ ਜੁਗ-ਗਰਦੀਆਂ ਤੇ ਬਦੇਸ਼ੀ ਹੱਲਿਆਂ ਕਾਰਨ ਹੋਈ ਤਬਾਹੀ ਹੈ, ਜਿਸ ਦੀ ਮਾਰ ਹੇਠ ਸਭ ਤੋਂ ਪਹਿਲਾਂ ਕਲਾ ਤੇ ਸਾਹਿੱਤ ਹੀ ਆਉਂਦੇ ਹਨ।
2. ਗੁਰੂ ਨਾਨਕ ਕਾਲ ਵਿਚ ਰਚੀ ਗਈ ਵਾਰਤਕ, ਆਕਾਰ ਪ੍ਰਕਾਰ ਤੇ ਭਿੰਨਤਾ ਕਰਕੇ ਸਾਡਾ ਵਿਸ਼ੇਸ਼ ਧਿਆਨ ਮੰਗਦੀ ਹੈ। ਉਪਰ ਦਿੱਤੇ ਕਾਰਨਾਂ ਕਰਕੇ ਭਾਵੇਂ ਰਚੀ ਗਈ ਸਾਰੀ ਵਾਰਤਕ ਸਾਡੇ ਤਕ ਨਹੀਂ ਵੀ ਪੁੱਜੀ, ਪਰ ਜਿਹੜੀ ਪ੍ਰਾਪਤ ਹੈ, ਉਸ ਦਾ ਅਧਿਐਨ ਵਾਰਤਕ ਦੀ ਇਕ ਬੱਝਵੀਂ ਮਰਯਾਦਾ ਦਾ ਸੂਚਕ ਹੈ। ਜਨਮ ਸਾਖੀਆਂ, ਟੀਕੇ ਜਾਂ ਪਰਮਾਰਥ, ਗੋਸ਼ਠਾਂ, ਵਚਨ, ਹੁਕਮਨਾਮੇ ਉਸ ਕਾਲ ਦੀ ਵਾਰਤਕ ਦੇ ਕੁਝ ਕੁ ਉੱਘੇ ਰੂਪ ਹਨ।
3. ਵਿਸ਼ੈ-ਪੱਖ ਤੋਂ ਸਾਰੀ ਲਗਭਗ ਵਾਰਤਕ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹੈ ਜਿਸ ਵਿਚ ਸਦਾਚਾਰਕ ਤੇ ਆਤਮਿਕ ਜੀਵਨ ਦੀ ਅਗਵਾਈ, ਲੇਖਕਾਂ ਦਾ ਮੂਲ ਮਨੋਰਥ ਸੀ।
4. ਸ਼ੈਲੀ ਦੇ ਪੱਖ ਤੋਂ ਇਹ ਵਾਰਤਕ ਕਾਫ਼ੀ ਭਰਪੂਰ ਜਾਂ ਨਿਪੁੰਨ ਸੀ ਅਤੇ ਉਸ ਵੇਲੇ ਤਕ ਦੀਆਂ ਹੋਰ ਸਾਰੀਆਂ ਗਵਾਂਢੀ ਭਾਸ਼ਾਵਾਂ ਦੇ ਟਾਕਰੇ ਤੇ ਇਹ ਵਧੇਰੇ ਗੌਰਵਮਈ ਸੀ। ਇਸ ਵਿਚ ਵਿਤ੍ਰਾਂਤੀ, ਵਰਣਨੀ, ਵਾਰਤਾਲਾਪੀ, ਕਾਰ-ਵਿਹਾਰ, ਵਿਆਖਿਆਮਈ ਤੇ ਦਾਰਸ਼ਨਿਕ, ਸਭ ਤਰ੍ਹਾਂ ਦੀਆਂ ਵਾਰਤਕ ਵੰਨਗੀਆਂ ਸ਼ਾਮਲ ਹਨ :
5. ਬਹੁਤੀਆਂ ਵਾਰਤਕ ਲਿਖਤਾਂ ਵਿਚ ਸਵਾਲ-ਜਵਾਬ ਜਾਂ ਪ੍ਰਸ਼ਨੋਤਰੀ ਢੰਗ ਵਰਤਿਆ ਗਿਆ, ਜਿਸ ਨਾਲ ਪਾਠਕਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਨਾਟਕੀ ਰਸ ਤੇ ਸੁਆਦ ਮਿਲਦਾ ਸੀ ।
6. ਪੁਰਾਣੀ ਵਾਰਤਕ ਦੁਆਰਾ ਆਧੁਨਿਕ ਸਾਹਿੱਤ ਦੇ ਹੇਠ ਲਿਖੇ ਰੂਪਾਂ ਦਾ ਮੁੱਢ ਬੱਝਦਾ ਪ੍ਰਤੀਤ ਹੁੰਦਾ ਹੈ :
(ੳ) ਜੀਵਨੀ (ਅ) ਇਤਿਹਾਸਕਾਰੀ (ੲ) ਨਿੱਕੀ ਕਹਾਣੀ (ਸ) ਆਲੋਚਨਾ ।
(ੳ) ਜਨਮ-ਸਾਖੀਆਂ ਇਕ ਪ੍ਰਕਾਰ ਦੀਆਂ ਵੱਖ-ਵੱਖ ਮਹਾਂ-ਪੁਰਸ਼ਾਂ ਦੀਆਂ ਜੀਵਨੀਆਂ ਹਨ, ਭਾਵੇਂ ਇਨ੍ਹਾਂ ਵਿਚੋਂ ਬਹੁ-ਗਿਣਤੀ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਹੈ। ਜੀਵਨੀ ਲਿਖਣ ਲਗਿਆਂ ਵਿਗਿਆਨਕ ਜਾਂ ਸਾਹਿੱਤਿਕ ਦ੍ਰਿਸ਼ਟੀਕੋਣ ਦੀ ਥਾਂ ਸ਼ਰਧਾ ਦਾ ਰੰਗ ਬਲਵਾਨ ਹੈ। ਜੀਵਨੀਆਂ ਵਿਚ ਕੁਝ ਅਜਿਹੇ ਤੱਥ ਵੀ ਸ਼ਾਮਲ ਕਰ ਦਿੱਤੇ ਗਏ ਹਨ, ਜਿਹੜੇ ਅਜੋਕੀ ਯਥਾਰਥਵਾਦੀ ਰੁਚੀ ਅਧੀਨ ਮੰਨਣਯੋਗ ਪ੍ਰਤੀਤ ਨਹੀਂ ਹੁੰਦੇ, ਤਾਂ ਵੀ ਇਹ ਸਫਲ ਜੀਵਨੀਆਂ ਹਨ।
(ਅ) ਦੂਜਾ ਰੂਪ ਇਤਿਹਾਸਕਾਰੀ ਹੈ, ਜਿਹੜਾ ਰਾਜਸੀ ਨਾਲੋਂ, ਧਾਰਮਿਕ ਤੇ ਸਮਾਜਿਕ ਇਤਿਹਾਸ ਵਧੇਰੇ ਹੈ। ਇਹ ਇਤਿਹਾਸ ਵੀ ਭਾਵੇਂ ਬਹੁਤੀ ਵਾਰ ਲੜੀਬੱਧ ਨਹੀਂ ਸੀ, ਪਰ ਤਾਂ ਵੀ
ਇਤਿਹਾਸ ਲਈ ਮੁੱਢਲੀ ਸਾਮੱਗ੍ਰੀ ਨਿਸ਼ਚੇ ਹੀ ਇਸ ਤੋਂ ਪ੍ਰਾਪਤ ਹੋਈ ਹੈ।
(ੲ) ਤੀਜਾ ਰੂਪ ਨਿੱਕੀ ਕਹਾਣੀ ਵਾਲਾ ਹੈ। ਜਨਮ ਸਾਖੀਆਂ ਇਕ ਪ੍ਰਕਾਰ ਨਾਲ ਕਿਸੇ ਮਹਾਂ-ਪੁਰਸ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਤੇ ਘਟਨਾਵਾਂ ਹੀ ਹੁੰਦੀਆਂ ਹਨ। ਭਾਵੇਂ ਇਨ੍ਹਾਂ ਵਿਚ ਅੱਜਕਲ੍ਹ ਦੀ ਹੁਨਰੀ ਨਿੱਕੀ ਕਹਾਣੀ ਵਾਲੇ ਸਾਰੇ ਗੁਣ ਜਾਂ ਤੱਤ ਨਹੀਂ ਮਿਲਦੇ, ਪਰ ਕਹਾਣੀ ਰਸ ਦੀ ਘਾਟ ਇਨ੍ਹਾਂ ਵਿਚ ਨਹੀਂ ਦਿਸਦੀ।
(ਸ) ਚੌਥਾ ਰੂਪ ਆਲੋਚਨਾ ਦਾ ਹੈ। ਕਿਤਾਬੀ ਆਲੋਚਨਾ ਦਾ ਮੁੱਢਲਾ ਰੂਪ ਟੀਕੇ ਜਾਂ ਪਰਮਾਰਥ ਹੀ ਹੁੰਦੇ ਹਨ, ਜਿਨ੍ਹਾਂ ਦੁਆਰਾ ਕਿਸੇ ਰਚਨਾ ਦੇ ਔਖੇ ਜਾਂ ਗੁੰਝਲਦਾਰ ਵਿਚਾਰਾਂ ਦੇ ਭਾਵਾ ਨੂੰ ਪਾਠਕਾ ਲਈ ਸੋਖਾ ਕਰ ਕੇ ਪੇਸ਼ ਕੀਤਾ ਗਿਆ ਹੁੰਦਾ ਹੈ । ਖੰਡਨ ਮੰਡਨ ਵੀ ਇਸ ਦੇ ਨਾਲ ਹੀ ਹੋ ਜਾਂਦਾ ਹੈ, ਅਰਥਾਤ ਆਪਣੇ ਕਿਸੇ ਵਿਚਾਰ ਦੀ ਦਲੀਲਾਂ ਨਾਲ ਪੁਸ਼ਟੀ ਤੇ ਵਿਰੋਧੀ ਵਿਚਾਰਾਂ ਦਾ ਦਲੀਲਾਂ ਨਾਲ ਖੰਡਨ ।
7. ਵੱਖ-ਵੱਖ ਵਿਦਵਾਨਾਂ ਨੇ ਆਪੋ ਆਪਣੀ ਪ੍ਰਤਿਭਾ ਅਨੁਸਾਰ, ਆਪਣੇ ਲਿਖਣ ਢੰਗ ਵਿਚ ਵਿਸ਼ੇਸ਼ਤਾਵਾਂ ਪੈਦਾ ਕੀਤੀਆਂ ਹਨ। ਕਿਸੇ ਨੇ ਆਪਣੀ ਲਿਖਤ ਵਿਚ ਵਾਰਤਾਲਾਪ ਨੂੰ ਲਿਆਂਦਾ, ਕਿਸੇ ਨੇ ਬੋਲੀ ਨੂੰ ਅਲੰਕਾਰਕ ਬਣਾ ਕੇ ਉਸ ਵਿਚ ਕਾਵਿ-ਮਈ ਰਸ ਪੈਦਾ ਕੀਤਾ ਅਤੇ ਕਿਸੇ ਨੇ ਪਾਠਕ ਨਾਲ ਨਿੱਜੀ ਸਾਂਝ ਪਾ ਕੇ ਉਸ ਨੂੰ ਗੱਲ ਸਮਝਾਉਣ ਦਾ ਉਪਰਾਲਾ ਕੀਤਾ । ਸਾਰੀ ਵਾਰਤਕ ਕਾਵਿ-ਮਈ ਸੀ । ਇਕੋ ਥਾਂ ਵਾਰਤਕ ਲਿਖਦਿਆਂ ਲਿਖਦਿਆਂ ਕਵਿਤਾ ਆਰੰਭ ਕਰ ਦਿੱਤੀ ਜਾਂਦੀ ਸੀ, ਜਾਂ ਫੇਰ ਦੋਹਾਂ ਦਾ ਸੁਮੇਲ ਹੋ ਜਾਂਦਾ ਸੀ ।
8. ਵਾਰਤਕ ਲਈ ਵਰਤੀ ਜਾਂਦੀ ਭਾਸ਼ਾ ਠੇਠ ਨਹੀਂ ਸੀ । ਸ਼ੁੱਧ ਪੰਜਾਬੀ ਨਾਲੋਂ ਸਾਧ-ਭਾਸ਼ਾ ਦਾ ਰੰਗ ਪ੍ਰਧਾਨ ਸੀ ਜਾਂ ਫੇਰ ਲਹਿੰਦੀ ਦੀ ਸ਼ਬਦਾਵਲੀ ਤੇ ਲਹਿਜਾ ਪ੍ਰਬਲ ਸੀ । ਵਾਰਤਕ ਲਈ ਵਰਤੀ ਗਈ ਹਰ ਪ੍ਰਕਾਰ ਦੀ ਭਾਸ਼ਾ ਉੱਤੇ ਹੋਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਅਸਰ ਪ੍ਰਤੱਖ ਸੀ । ਧਾਰਮਿਕ, ਅਧਿਆਤਮਿਕ ਤੇ ਸਦਾਚਾਰਕ ਸ਼ਬਦਾਵਲੀ ਤਤਸਮ ਰੂਪ ਵਿਚ ਅਪਣਾ ਲਈ ਜਾਂਦੀ ਸੀ ਤੇ ਬਾਕੀ ਨੂੰ ਤਦਭਵ ਰੂਪ ਦੇਣ ਦਾ ਯਤਨ ਕੀਤਾ ਜਾਂਦਾ ਸੀ । ਵਾਰਤਕ ਲਈ ਵਰਤੀ ਜਾਣ ਵਾਲੀ ਭਾਸ਼ਾ ਦੀ ਸ਼ਬਦ-ਚੋਣ ਵਿਚ ਵੀ ਕੋਈ ਨਿਸ਼ਚਿਤ ਵਿਧੀ, ਰੂਪ-ਰੇਖਾ, ਜਾਂ ਨਿਯਮਾਵਲੀ ਨਹੀਂ ਸੀ ਅਪਣਾਈ ਜਾਂਦੀ । ਭਾਸ਼ਾ ਦਾ ਕੋਈ ਟਕਸਾਲੀ ਰੂਪ ਹਾਲੀ ਤਕ ਨਹੀਂ ਸੀ ਨਿੱਖਰਿਆ । ਸ਼ਬਦਾਵਲੀ ਸੰਜੋਗਾਤਮਿਕ ਜਾਂ ਗੁਟ ਸੀ ਤੇ ਹੌਲੀ- ਹੌਲੀ ਸਮੇਂ ਦੇ ਬੀਤਣ ਨਾਲ ਇਨ੍ਹਾਂ ਦਾ ਵਿਯੋਗਾਤਮਿਕ ਜਾਂ ਨਿੱਖੜਵਾਂ ਸਰੂਪ ਸਾਹਮਣੇ ਆਉਣ ਲੱਗਾ।
9. ਵਾਕ ਬਣਤਰ ਬੜੀ ਅਜੀਬ ਸੀ ਤੇ ਕਿਸੇ ਵੀ ਵਿਆਕਰਣਿਕ ਨਿਯਮ ਅਨੁਸਾਰ ਨਹੀਂ ਸੀ ਹੁੰਦੀ । ਵਾਕ ਕਵਿਤਾ ਵਰਗੇ ਟੁੱਟਵੇਂ ਤੇ ਛੋਟੇ-ਛੋਟੇ ਹੁੰਦੇ ਸਨ । ਬਿਆਨ ਏਨਾ ਸੰਜਮੀ, ਸੰਕੁਚਿਤ ਜਾਂ ਅਸਪੱਸ਼ਟ ਹੁੰਦਾ ਸੀ ਕਿ ਕਈ ਵਾਰੀ ਅਰਥ ਸਮਝਣ ਵਿਚ ਵੀ ਕਾਫੀ ਔਖਿਆਈ ਪੇਸ਼ ਆਉਂਦੀ ਸੀ।
10. ਪੁਰਾਤਨ ਵਾਰਤਕ ਵਿਚ ਬਿਸ੍ਰਾਮ ਚਿੰਨ੍ਹਾਂ ਦੀ ਵਰਤੋਂ ਉੱਕਾ ਹੀ ਨਹੀਂ ਸੀ ਕੀਤੀ ਜਾਂਦੀ। ਕੇਵਲ ਵਾਕ ਦੇ ਅਖੀਰ ਵਿਚ । ਦਾ ਨਿਸ਼ਾਨ ਹੁੰਦਾ ਸੀ ਜਾਂ ਕਈ ਵਾਰੀ ਚਲਦੇ ਵਾਕ ਵਿਚ ਵੀ ਇਹੀ ਨਿਸ਼ਾਨ ਜੜ ਦਿੱਤਾ ਜਾਂਦਾ ਸੀ । ਪੈਰ੍ਹੇ ਬਣਾਉਣ ਦਾ ਵੀ ਰਿਵਾਜ ਨਹੀਂ ਸੀ । ਕੇਵਲ ਪ੍ਰਸ਼ਨੋਤਰੀ ਸਮੇਂ ਪੈਰ੍ਹਾ-ਵੰਡ ਸਹਿਜ ਸੁਭਾ ਹੋ ਜਾਂਦੀ ਸੀ ਜਾਂ ਇਕ ਕਹਾਣੀ ਜਾਂ ਸਾਖੀ ਮੁੱਕਣ ਤੇ ਪੈਰ੍ਹਾ ਬਦਲ ਲਿਆ ਜਾਂਦਾ ਸੀ ।
11. ਸ਼ਬਦ-ਜੋੜਾਂ ਦੀ ਵੀ ਇਕਸਾਰਤਾ ਨਹੀਂ ਸੀ। ਇਕੋ ਲਿਖਤ ਵਿਚ ਇਕੋ ਸ਼ਬਦ ਦੇ ਭਿੰਨ-ਭਿੰਨ ਸ਼ਬਦ- ਜੋੜ ਹੁੰਦੇ ਸਨ । ਗੁਰਬਾਣੀ ਵਾਲੀਆਂ ਲਗਾਂ ਮਾਤ੍ਰਾਂ ਵਾਰਤਕ ਵਿਚ ਆਮ ਸਨ, ਖ਼ਾਸ ਤੌਰ ਤੇ ਸਿਹਾਰੀ, ਔਂਕੜ, ਦੁਲੈਂਕੜੇ ਤੇ ਦੁਲਾਈਆਂ ਦੀ ਵਰਤੋਂ ਸ਼ਬਦ-ਜੋੜਾਂ ਨੂੰ ਆਮ ਬੋਲ-ਚਾਲ ਦੇ ਲਹਿਜੇ ਅਨੁਸਾਰ ਢਾਲ ਲਿਆ ਜਾਂਦਾ ਸੀ।
12 ਵਾਰਤਕ ਦਾ ਲਹਿਜਾ ਭਾਸ਼ਨਕਾਰੀ ਜਾਂ ਕਥਾਕਾਰੀ ਵਾਲਾ ਸੀ ਤੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਇਹ ਲਿਖਤ ਪੜ੍ਹਨ ਲਈ ਨਹੀਂ ਸਗੋਂ ਬਹੁਤ ਸਾਰੇ ਲੋਕਾਂ ਦੇ ਇਕੱਠ ਨੂੰ ਸੁਣਾਉਣ ਲਈ ਲਿਖੀ ਗਈ ਹੋਵੇ।
13. ਵਾਰਤਕ ਲਿਖਣ ਵਾਲੇ ਨੂੰ ਸਾਹਿੱਤਕਾਰ ਨਹੀਂ ਸੀ ਸਮਝਿਆ ਜਾਂਦਾ ਤੇ ਵਾਰਤਕ ਰਚਨਾ ਨੂੰ ਵੀ ਉੱਤਮ ਸਾਹਿੱਤਕ ਕਿਰਤ ਦਾ ਦਰਜਾ ਪ੍ਰਾਪਤ ਨਹੀਂ ਸੀ. ਇਸ ਲਈ ਵਾਰਤਕ ਲਿਖਤਾਂ ਵਿਚ ਸਾਹਿੱਤਕ ਸੋਹਜ ਦੀ ਘਾਟ ਪ੍ਰਤੱਖ ਸੀ । ਕਲਾ ਦਾ ਨਿਖਾਰ ਜਾਂ ਸੰਚਾਰ ਵੀ ਦਿਖਾਈ ਨਹੀਂ ਦਿੰਦਾ ।
14. ਬਹੁਤੀ ਪੰਜਾਬੀ ਵਾਰਤਕ ਗੁਰਮਤਿ ਸਿਧਾਤਾਂ ਜਾਂ ਸਿੱਖੀ ਜੀਵਨ ਨਾਲ ਸੰਬੰਧਿਤ ਸੀ ਭਾਵੇਂ ਲਿਖਣ ਵਾਲੇ ਕੋਈ ਵੀ ਹੋਣ । ਇਸ ਤੋਂ ਪਿੱਛੋਂ ਹਿੰਦੂ ਵਿਚਾਰ-ਧਾਰਾ ਨਾਲ ਸੰਬੰਧਿਤ ਵਾਰਤਕ ਆਉਂਦੀ ਹੈ ਜਿਹੜੀ ਮੌਲਿਕ ਨਾਲੋਂ ਵੱਧ ਅਨੁਵਾਦਾਂ ਦੇ ਰੂਪ ਵਿਚ ਪ੍ਰਾਪਤ ਹੈ। ਮੁਸਲਮਾਨੀ ਮੱਤ ਨਾਲ ਸੰਬੰਧਿਤ ਪੰਜਾਬੀ ਵਾਰਤਕ ਦੇ ਬਹੁਤ ਘੱਟ ਨਮੂਨੇ ਮਿਲਦੇ ਹਨ। ਕੇਵਲ "ਪੰਦਨਾਮਾ" ਜਾਂ "ਮਸਲੇ ਸ਼ੇਖ ਫਰੀਦ ਕੇ" ਵਰਗੀਆਂ ਇੱਕਾ-ਦੁਕਾ ਰਚਨਾਵਾਂ ਹੀ ਸਾਡੇ ਤਕ ਅਪੜੀਆਂ ਹਨ।
15. ਪੁਰਾਤਨ ਪੰਜਾਬੀ ਵਾਰਤਕ ਦੀ ਇਕ ਵੱਡੀ ਦੇਣ "ਗੁਰਮੁਖੀ ਲਿੱਪੀ ਦੀ ਪ੍ਰਾਚੀਨਤਾ' ਨੂੰ ਸਿੱਧ ਕਰਨ ਦਾ ਇਕ ਨਿੱਗਰ ਪ੍ਰਮਾਣ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀ ਪੰਜਾਬੀ ਕਵਿਤਾ ਦਾ ਕੋਈ ਨਮੂਨਾ ਲਿਖਤੀ ਰੂਪ ਵਿਚ ਸਾਡੇ ਤਕ ਨਹੀਂ ਅਪੜਿਆ, ਪਰ "ਏਕਾਦਸ਼ੀ ਮਹਾਤਮ" ਜਿਸ ਬਾਰੇ ਵਿਦਵਾਨਾਂ ਨੇ ਤੇਰ੍ਹਵੀਂ ਸਦੀ ਦੀ ਗੱਦ-ਰਚਨਾ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ. ਉਹ ਅਜਿਹੀ ਲਿੱਪੀ ਵਿਚ ਪ੍ਰਾਪਤ ਹੈ ਜਿਹੜੀ ਗੁਰਮੁਖੀ ਨਾਲ ਏਨੀ ਮਿਲਦੀ ਹੈ ਕਿ ਇਸ ਨੂੰ ਵਰਤਮਾਨ ਗੁਰਮੁਖੀ ਦਾ ਮੁੱਢਲਾ ਰੂਪ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਭੁਲੇਖਾ ਕਿ ਗੁਰਮੁਖੀ ਲਿੱਪੀ ਗੁਰੂ ਅੰਗਦ ਦੇਵ ਜੀ ਨੇ ਬਣਾਈ, ਵੀ ਦੂਰ ਹੋ ਜਾਂਦਾ ਹੈ।
ਸਮੁੱਚੇ ਤੌਰ ਤੇ ਅਸੀਂ ਆਖ ਸਕਦੇ ਹਾਂ ਕਿ ਸਤਾਰ੍ਹਵੀਂ ਸਦੀ ਦੇ ਅਖੀਰ ਤੱਕ ਸਾਡੇ ਪਾਸ ਪੰਜਾਬੀ ਵਾਰਤਕ ਦਾ ਇਕ ਭੰਡਾਰ ਮੌਜੂਦ ਸੀ ਜਿਸ ਦੀ ਵੰਨ-ਸੁਵੰਨਤਾ, ਤੇ ਅਨਿਕਤਾ ਕਾਫ਼ੀ ਗੌਰਵਮਈ ਹੈ। ਜੇ ਇਸ ਤੱਥ ਨੂੰ ਵੀ ਧਿਆਨ ਵਿਚ ਰਖੀਏ ਕਿ ਬਦੇਸ਼ੀ ਹੱਲਿਆਂ ਤੇ ਜਗ-ਗਰਦੀਆਂ ਕਰ ਕੇ ਬਹੁਤ ਸਾਰਾ ਸਾਹਿੱਤ ਤਬਾਹ ਹੋ ਗਿਆ ਹੋਵੇਗਾ ਅਤੇ ਸਾਡੇ ਤਕ ਨਹੀਂ ਪੁੱਜ ਸਕਿਆ, ਤਾਂ ਪ੍ਰਾਪਤ ਗੱਦ-ਸਾਹਿੱਤ ਦਾ ਮੁੱਲ ਹੋਰ ਵੀ ਵੱਧ ਜਾਂਦਾ ਹੈ।
ਅਧਿਆਇ ਛੇਵਾਂ
1700 ਈ. ਤੱਕ ਦੇ ਪੰਜਾਬੀ ਸਾਹਿੱਤ ਉੱਤੇ ਮੋੜਵੀਂ ਝਾਤ
ਪਿਛਲੇ ਪੰਨਿਆਂ ਤੇ ਅਸੀਂ ਸੰਖੇਪ ਵਿਚ ਪੰਜਾਬੀ ਸਾਹਿੱਤ ਦੇ ਆਦਿ ਕਾਲ ਤੋਂ ਲੈ ਕੇ ਸਤਾਰ੍ਹਵੀਂ ਸਦੀ ਦੇ ਅਖ਼ੀਰ ਤਕ, ਇਸ ਦੀ ਗਤੀ ਤੇ ਇਸ ਦੇ ਵਿਕਾਸ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਇਤਿਹਾਸ ਦੇ ਵੱਖ-ਵੱਖ ਪੜਾਵਾਂ ਨੂੰ ਵੱਖ-ਵੱਖ ਲੇਖਕਾਂ, ਪ੍ਰਵਿਰਤੀਆਂ ਤੇ ਧਰਾਵਾਂ ਦੇ ਆਧਾਰ ਤੇ ਨਿਖੇੜਨ ਦਾ ਯਤਨ ਕੀਤਾ ਹੈ ਅਤੇ ਸਮੁੱਚੇ ਤੌਰ ਤੇ ਇਨ੍ਹਾਂ ਪ੍ਰਭਾਵਾਂ ਅਧੀਨ ਹੋਈ ਸਾਹਿੱਤ ਸਿਰਜਨਾ ਨੂੰ ਇਤਿਹਾਸਕ ਕ੍ਰਮ ਵਿਚ ਰਖ ਕੇ, ਇਕ ਲੜੀ ਵਿਚ ਬੰਨ੍ਹਣ ਦਾ ਯਤਨ ਕੀਤਾ ਹੈ। ਹਰ ਲਹਿਰ, ਧਾਰਾ ਜਾਂ ਪ੍ਰਵਿਰਤੀ ਦੇ ਪਿਛੋਕੜ ਨੂੰ ਵੀ ਸੰਖੇਪ ਵਿਚ ਬਿਆਨਿਆ ਗਿਆ ਹੈ ਤੇ ਉਨ੍ਹਾਂ ਕਾਰਕਾਂ ਦਾ ਵੀ ਅਧਿਐਨ ਕੀਤਾ ਗਿਆ ਹੈ, ਜਿਨ੍ਹਾਂ ਕਰ ਕੇ ਕਿਸੇ ਵਿਸ਼ੇਸ਼ ਕਾਲ ਵਿਚ, ਵਿਸ਼ੇਸ਼ ਪੱਤਰ, ਰੰਗ-ਢੰਗ ਜਾਂ ਰੂਪ ਦਾ ਸਾਹਿੱਤ ਰਚਿਆ ਗਿਆ, ਉਥੇ ਉਨ੍ਹਾਂ ਸੰਭਾਵਨਾਵਾਂ ਵਲ ਵੀ ਇਸ਼ਾਰਾ ਕੀਤਾ ਗਿਆ ਹੈ ਜਿੱਥੇ ਸਾਹਿੱਤ ਰਚਿਆ ਤਾਂ ਅਵੱਸ਼ ਗਿਆ ਹੋਵੇਗਾ, ਪਰ ਭਿੰਨ-ਭਿੰਨ ਕਾਰਨਾਂ ਕਰ ਕੇ ਸਾਡੇ ਹੱਥਾਂ ਤਕ ਨਹੀਂ ਪੁੱਜਿਆ। ਪਾਠਕਾਂ ਦੀ ਪੱਧਰ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਬਹੁਤੀ ਡੂੰਘਾਈ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਇਕ ਪ੍ਰਕਾਰ ਦਾ ਆਲੋਚਨਾਤਮਿਕ ਸਰਵੇਖਣ ਵੀ ਕੀਤਾ ਹੈ, ਜਿਸ ਦੇ ਆਧਾਰ ਤੇ ਅਸੀਂ ਪੂਰਵ-ਨਾਨਕ ਕਾਲ ਤੇ ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਬਾਰੇ ਹੇਠ ਲਿਖੇ ਨਚੋੜ ਜਾਂ ਸਿੱਟੇ ਕੱਢ ਸਕਦੇ ਹਾਂ :
1. ਹੋਰ ਸਾਰੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਵਿਚ ਵੀ ਅੱਠਵੀਂ ਸਦੀ ਵਿਚ ਸਾਹਿੱਤ ਸਿਰਜਣਾ ਹੋਣ ਲਗ ਪਈ ਸੀ, ਜਿਸ ਦੇ ਬਹੁਤ ਸਾਰੇ ਨਮੂਨੇ ਅੱਜ ਸਾਨੂੰ ਪ੍ਰਾਪਤ ਹਨ, ਪਰ ਸਮੇਂ ਦੇ ਉੱਥਲ ਪੁੱਥਲ ਤੇ ਜੁਗ-ਗਰਦੀਆਂ ਕਾਰਨ ਸਭ ਕੁਝ ਸਾਡੇ ਤਕ ਨਹੀਂ ਪੁੱਜ ਸਕਿਆ । ਕੁਝ ਵਿਦਵਾਨਾਂ ਵਿਚ ਜਿਹੜੀ ਕਾਫ਼ੀ ਸਮੇਂ ਤਕ ਇਹ ਧਾਰਨਾ ਤੁਰੀ ਆ ਰਹੀ ਸੀ ਕਿ ਪੰਜਾਬੀ ਭਾਸ਼ਾ, ਪੰਜਾਬੀ ਸਾਹਿੱਤ ਤੇ ਗੁਰਮੁਖੀ ਲਿੱਪੀ ਦਾ ਮੁੱਢ, ਸਿੱਖ ਗੁਰੂ ਸਾਹਿਬਾਨ ਨਾਲ ਹੀ ਬੱਝਾ, ਉਹ ਸਮਾਪਤ ਹੋ ਚੁੱਕੀ ਹੈ ਤੇ ਇਨ੍ਹਾਂ ਤਿੰਨਾਂ ਦਾ ਪ੍ਰਾਚੀਨਤਾ ਬਾਰੇ ਹੁਣ ਕਿਸੇ ਪ੍ਰਕਾਰ ਦਾ ਭੁਲੇਖਾ ਬਾਕੀ ਨਹੀਂ ਰਹਿ ਗਿਆ।
2. ਪੂਰਵ-ਨਾਨਕ ਕਾਲ ਵਿਚ ਰਚੇ ਗਏ ਸਾਹਿੱਤ-ਰੂਪਾਂ ਤੇ ਵੰਨਗੀਆਂ ਵਿਚ, ਲੋਕ-ਸਾਹਿੱਤ, ਲੋਕ-ਵਾਰਾਂ, ਬੁਝਾਰਤਾਂ, ਨਾਥ-ਜੋਗੀਆਂ ਦੀਆਂ ਰਚਨਾਵਾਂ ਤੇ ਸਭ ਤੋਂ ਮਹੱਤਵਪੂਰਨ ਸਾਹਿੱਤ ਪ੍ਰਾਪਤੀ, ਬਾਬਾ ਫਰੀਦ ਦੀ ਰਚਨਾ ਹੈ, ਜਿਸ ਨੂੰ ਵਿਦਵਾਨਾਂ ਨੇ ਪੰਜਾਬੀ ਸਾਹਿੱਤ ਦਾ ਇਕ ਮੀਲ-ਪੱਥਰ ਆਖਿਆ ਹੈ ਤੇ ਇਸ ਦੇ ਕਰਤਾ ਨੂੰ ਪੰਜਾਬੀ ਸਾਹਿੱਤ ਦਾ ਪਿਤਾਮਾ ਕਹਿ ਕੇ ਸਨਮਾਨਿਆ ਹੈ । ਵਾਰਤਕ ਰਚਨਾ, ਜਿਹੜੀ ਹਰ ਭਾਸ਼ਾ ਵਿਚ ਕਵਿਤਾ ਨਾਲੋਂ ਪਿੱਛੋਂ ਹੋਂਦ ਵਿਚ ਆਉਂਦੀ ਹੈ, ਉਸ ਦਾ ਮੁੱਢ ਵੀ ਪੂਰਵ-ਨਾਨਕ ਕਾਲ ਵਿਚ ਹੀ ਬੱਝ ਚੁੱਕਾ ਸੀ।
3. ਪੂਰਵ-ਨਾਨਕ ਕਾਲ ਵਿਚ ਸਾਹਿੱਤ ਸਿਰਜਨਾ ਦੀ ਇਕ ਨਿਸ਼ਚਿਤ ਰੂਪ-ਰੇਖਾ ਉੱਘੜ ਆਈ ਸੀ ਤੇ ਇਕ ਮਰਯਾਦਾ ਦੀ ਸਥਾਪਤੀ ਤੇ ਸਾਹਿੱਤਕ ਗਤੀ ਦੀ ਸੇਧ ਆਪਣੀ ਉੱਚਤਾ, ਭਰਪੂਰਤਾ, ਸਰਬੰਗਤਾ ਤੇ ਵਿਸ਼ਾਲਤਾ ਕਰਕੇ ਨਵੀਆਂ ਸਿਖਰਾਂ ਨੂੰ ਛੋਹਣ ਲਗੀ ਤੇ ਇਸ ਨੂੰ ਸਾਹਿੱਤ ਦੇ ਇਤਿਹਾਸ ਦਾ 'ਸੁਨਹਿਰੀ ਕਾਲ' ਆਖਿਆ ਗਿਆ। 4. ਗੁਰੂ ਨਾਨਕ ਕਾਲ ਵਿਚ ਰਚੇ ਗਏ ਸਾਹਿੱਤ ਵਿਚ ਇਕ ਰੂਪਕ ਪਕਿਆਈ ਤੇ ਸਿਧਾਂਤਕ ਨਿਪੁੰਨਤਾ ਦੇਖੀ ਜਾ ਸਕਦੀ ਹੈ । ਗੁਰੂਆਂ, ਭਗਤਾਂ ਤੇ ਹੋਰ ਮਹਾਂ-ਪੁਰਸਾਂ ਦੀਆਂ ਅਦੁੱਤੀ ਰਚਨਾਵਾਂ ਦੇ ਨਾਲ-ਨਾਲ
ਲੌਕਿਕ ਸਾਹਿੱਤ ਦੀ ਰਚਨਾ ਕਰਨ ਵਾਲੇ ਅਨੇਕ ਲਿਖਾਰੀ ਵੀ ਹੋਂਦ ਵਿਚ ਆ ਗਏ।
5. ਇਸ ਕਾਲ ਵਿਚ ਸਾਹਿੱਤ, ਸਮਾਜ ਤੇ ਧਰਮ ਚੇਤਨ ਤੌਰ ਤੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਦਿਖਾਈ ਦੇਂਦੇ ਹਨ । ਸਾਹਿੱਤ ਨੂੰ ਮਨੁੱਖੀ ਆਤਮਾ ਦੀ ਉੱਚਤਾ, ਸਮਾਜਿਕ ਭਾਈਚਾਰਕ ਸੁਧਾਰ ਤੇ ਬੌਧਿਕ ਪ੍ਰਗਟਾਉ ਲਈ ਵਰਤਿਆ ਜਾਣ ਲੱਗਾ । ਅਧਿਆਤਮਿਕ ਸੱਚ ਨੂੰ ਵਿਅਕਤੀਗਤ ਪੂਰਨਤਾ ਤੇ ਨਿੱਜੀ ਮੁਕਤੀ ਜਾਂ ਕਲਿਆਣ ਦਾ ਸਾਧਨ ਸਮਝਣ ਦੀ ਬਜਾਇ, ਇਸ ਨੂੰ ਸਮਾਜੀ ਅਰਥ ਦਿੱਤੇ ਗਏ। ਤੇ ਸਾਹਿੱਤ ਨੂੰ ਏਸੇ ਮਨੋਰਥ ਲਈ ਸਿਰਜਿਆ ਤੇ ਪ੍ਰਚਾਰਿਆ ਗਿਆ ।
6. ਗੁਰੂ ਨਾਨਕ ਕਾਲ ਵਿਚ ਹੀ ਸਾਹਿੱਤ ਤੇ ਭਾਸ਼ਾ ਦੀ ਕੌਮੀ ਦ੍ਰਿਸ਼ਟੀ ਤੋਂ ਉਸਾਰੀ ਹੋਣ ਲੱਗੀ। ਇਕ ਸਾਹਿੱਤਕ ਜਾਗ੍ਰਿਤੀ ਦਾ ਯੁਗ ਸ਼ੁਰੂ ਹੋਇਆ ਤੇ ਆਪਣੇ ਪਿਤਰੀ ਵਿਰਸੇ ਨੂੰ ਸੰਭਾਲਣ ਤੇ ਇਸ ਦੇ ਗੋਰਵ ਨੂੰ ਦਰਸਾਉਣ ਲਈ ਉਚੇਚੇ ਯਤਨ ਹੋਏ। ਕਲਾਸੀਕਲ ਜਾਂ ਆਮ ਸਮਝ ਤੋਂ ਪਰੇ ਦੀਆਂ ਭਾਸ਼ਾਵਾਂ ਤਿਆਗ ਕੇ ਪਹਿਲੀ ਵਾਰੀ ਲੋਕ ਭਾਸ਼ਾ ਦੀ ਮਹਾਨਤਾ ਤੇ ਮਹੱਤਵ ਨੂੰ ਸਾਹਮਣੇ ਰਖਦਿਆਂ ਹੋਇਆਂ, ਇਸੇ ਨੂੰ ਹੀ ਉੱਚੇ ਤੋਂ ਉੱਚੇ ਅਧਿਆਤਮਿਕ ਸਾਹਿੱਤ ਦੀ ਸਿਰਜਣਾ ਦਾ ਮਾਧਿਅਮ ਸਵੀਕਾਰ ਕੀਤਾ ਗਿਆ ।
7. ਗੁਰੂ ਨਾਨਕ ਕਾਲ ਵਿਚ, ਪਹਿਲੇ ਕਾਲ ਦੇ ਟਾਕਰੇ ਤੇ ਸਮਾਜਿਕ ਤੇ ਰਾਜਸੀ ਹਾਲਤਾਂ ਵਧੇਰੇ ਅਨੁਸਾਰੀ ਹੋਣ ਕਰਕੇ, ਨਵੀਂ ਸਾਹਿੱਤਕ ਜਾਗ੍ਰਿਤੀ ਦੇ ਅੰਦੋਲਨ ਦਾ ਆਰੰਭ ਹੋਇਆ ਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੇ ਗੈਰ-ਸਰਕਾਰੀ ਘੇਰਿਆਂ ਵਿਚ ਮਾਨਤਾ ਪ੍ਰਾਪਤ ਹੋਣ ਲੱਗੀ ਤੇ ਪੰਜਾਬੀ ਸਾਹਿੱਤਕਾਰਾਂ ਨੂੰ ਸਨਮਾਨ, ਇਨਾਮ ਤੇ ਹੋਰ ਸਰਪ੍ਰਸਤੀ ਮਿਲੀ ।
8. ਗੁਰੂ ਗ੍ਰੰਥ ਸਾਹਿਬ ਵਰਗੀ ਵਿਸ਼ਵ-ਪ੍ਰਸਿੱਧੀ ਦੀ ਅਦੁੱਤੀ ਰਚਨਾ ਦੀ ਸੰਪਾਦਨਾ ਵੀ ਏਸੇ ਕਾਲ ਵਿਚ ਹੋਈ । ਸਿੱਖ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀਆਂ ਰਚਨਾਵਾਂ ਕਰਕੇ ਇਸ ਕਾਲ ਨੂੰ ਭਗਤੀ ਕਾਵਿ ਦਾ ਸਿਖਰ ਆਖਿਆ ਜਾ ਸਕਦਾ ਹੈ।
9. ਭਾਵੇਂ ਸੂਫ਼ੀ ਕਾਵਿ ਦਾ ਆਰੰਭ ਬਾਬਾ ਫਰੀਦ ਨਾਲ ਹੀ ਹੋ ਜਾਂਦਾ ਹੈ, ਪਰ ਕੁਝ ਵਿਦਵਾਨਾਂ ਨੇ ਉਨ੍ਹਾਂ ਨੂੰ ਪਹਿਲੇ ਪੜਾ ਦਾ ਸੂਵੀ ਆਖਿਆ ਹੈ। ਗੁਰੂ ਨਾਨਕ ਕਾਲ ਵਿਚ ਸੂਫ਼ੀ ਕਾਵਿ ਦਾ ਭਾਰਤੀ ਰੂਪ, ਪੂਰੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਗਿਆ ਜਿਸ ਦੀ ਪ੍ਰਤੀਨਿਧਤਾ ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਵਰਗੇ ਸੂਫ਼ੀ ਕਵੀ ਕਰਦੇ ਹਨ ।
10. ਕਿੱਸਾ-ਕਾਵਿ ਦੇ ਆਰੰਭ ਦੀਆਂ ਸੰਭਾਵਨਾਵਾਂ ਤਾਂ ਭਾਵੇਂ ਪੂਰਵ-ਨਾਨਕ ਕਾਲ ਵਿਚ ਦੇਖੀਆਂ ਜਾ ਸਕਦੀਆਂ ਹਨ ਤੇ ਕੁਝ ਇਕ ਕਿੱਸਿਆਂ ਦੇ ਰਚੇ ਜਾਣ ਦੇ ਹਵਾਲੇ ਵੀ ਮਿਲਦੇ ਹਨ, ਪਰ ਸਹੀ ਅਰਥਾਂ ਵਿਚ ਕਿੱਸਾ-ਕਾਵਿ ਦਾ ਵਿਕਾਸ ਗੁਰੂ ਨਾਨਕ ਕਾਲ ਵਿਚ ਹੋਇਆ ਤੇ ਪੰਜਾਬ ਦੀਆਂ ਪ੍ਰੀਤ ਕਹਾਣੀਆਂ ਤੋਂ ਬਿਨਾਂ ਗ਼ੈਰ-ਪੰਜਾਬੀ ਕਹਾਣੀਆਂ ਨੂੰ ਵੀ ਕਿੱਸਿਆਂ ਦਾ ਵਿਸ਼ਾ ਬਣਾਇਆ ਗਿਆ । ਪਰ ਇਹ ਇਕ ਅਸਲੀਅਤ ਹੈ ਕਿ ਕਿੱਸਾ-ਕਾਵਿ ਦਾ ਭਰਪੂਰ ਤੇ ਬਹੁ-ਪੱਖੀ ਵਿਕਾਸ ਅਠਾਰਵੀਂ ਤੇ ਉਨ੍ਹੀਵੀਂ ਸਦੀ ਵਿਚ ਹੀ ਹੋਇਆ।
11. ਗੁਰੂ ਨਾਨਕ ਕਾਲ ਦੀ ਇਕ ਹੋਰ ਵੱਡੀ ਦੇਣ, ਲੋਕ-ਵਾਰਾਂ ਜਾਂ ਬੀਰ-ਰਸੀ ਵਾਰਾਂ ਦੇ ਨਾਲ-ਨਾਲ ਅਧਿਆਤਮਿਕ ਵਾਰਾਂ ਦੀ ਸਿਰਜਣਾ ਹੈ। ਇਨ੍ਹਾਂ ਵਾਰਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ ਤੇ ਭਾਈ ਗੁਰਦਾਸ ਦੀਆਂ 39 ਵਾਰਾਂ ਵਿਸ਼ੇਸ਼ ਤੋਰ ਤੇ ਸਾਡਾ ਧਿਆਨ ਖਿਚਦੀਆਂ ਹਨ । ਵਾਰ ਰੂਪ ਵਿਚ ਇਹ ਪ੍ਰਯੋਗ, ਇਕ ਅਤੀ ਸਫਲ ਪ੍ਰਾਪਤੀ ਆਖਿਆ ਜਾ ਸਕਦਾ ਹੈ, ਜਿਸ ਨਾਲ ਵਾਰ ਦੇ ਕਲਾ-ਰੂਪ ਨੂੰ ਨਵੇਂ ਅਰਥ ਤੇ ਨਵੀਂ ਦਿਸ਼ਾ ਪ੍ਰਦਾਨ ਹੋਈ।
12. ਗੁਰੂ ਨਾਨਕ ਕਾਲ ਦੇ ਸਾਹਿੱਤ ਵਿਚ ਹੀ ਪਹਿਲੀ ਵਾਰੀ ਸਮੁੱਚੀ ਪੰਜਾਬੀ ਕੌਮ ਦਾ ਚਰਿੱਤ੍ਰ ਉਘਾੜਿਆ ਤੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੇ ਸਾਂਝੇ ਤੌਰ ਤੇ ਪੰਜਾਬੀ ਨੂੰ ਆਪਣੀ ਮਾਤ-ਭਾਸ਼ਾ ਵਜੋਂ ਅਪਣਾਇਆ
ਤੇ ਆਪੋ ਆਪਣੇ ਧਰਮਾਂ ਸੰਬੰਧੀ ਵਿਆਖਿਆ ਲਈ ਇਸ ਭਾਸ਼ਾ ਵਿਚ ਸਾਹਿੱਤ ਰਚਨਾ ਕੀਤੀ। ਪੰਜਾਬੀ ਭਾਸ਼ਾ ਦੇ ਇਸ ਸਰਬ-ਸਾਂਝੇ ਰੂਪ ਦਾ ਨਿਖਾਰ, ਇਸ ਦੀ ਵਿਕਾਸ-ਗਤੀ ਨੂੰ ਤੇਜ਼ ਕਰਨ ਦਾ ਜ਼ਿੰਮੇਵਾਰ ਬਣਿਆ ।
13. ਵਾਰਤਕ ਦਾ ਬਹੁ-ਪੱਖੀ ਵਿਕਾਸ ਇਸ ਕਾਲ ਦੇ ਸਾਹਿੱਤ ਦੀ ਇਕ ਹੋਰ ਬਹੁਤ ਵੱਡੀ ਦੇਣ ਹੈ। ਮੱਧ- ਕਾਲ ਦੇ ਸਾਰੇ ਗੱਦ-ਰੂਪ, ਯਥਾ ਜਨਮ-ਸਾਖੀਆਂ, ਟੀਕੇ, ਗੋਸ਼ਟਾਂ, ਜਪੁ-ਪਰਮਾਰਥ, ਹੁਕਮ-ਨਾਮੇ ਤੇ ਬਹੁਤ ਸਾਰੀਆਂ ਸਨਾਤਨੀ ਕਿਰਤਾਂ ਦੇ ਵੱਡਮੁਲੇ ਅਨੁਵਾਦ ਪ੍ਰਾਪਤ ਹੁੰਦੇ ਹਨ। ਆਕਾਰ, ਪ੍ਰਕਾਰ, ਭਿੰਨਤਾ ਤੇ ਵੰਨ-ਸੁਵੰਨਤਾ ਕਰਕੇ ਇਹ ਵਾਰਤਕ ਉਸ ਵੇਲੇ ਦੀਆਂ ਹੋਰ ਗਵਾਂਢੀ ਪ੍ਰਾਂਤਕ ਭਾਸ਼ਾਵਾਂ ਦੇ ਟਾਕਰੇ ਤੇ ਵਧੇਰੇ ਭਰਪੂਰ ਤੇ ਪ੍ਰਪੱਕ ਹੈ । ਇਸ ਵਾਰਤਕ ਤੋਂ ਸ਼ਬਦਾਵਲੀ ਦੀ ਬਹੁ-ਰੂਪਤਾ ਤੇ ਭਾਸ਼ਾਈ ਵਿਕਾਸ ਦਾ ਭਲੀ-ਭਾਂਤ ਅਨੁਮਾਨ ਲਗਦਾ ਹੈ। ਭਾਸ਼ਾ ਸੰਜੋਗਾਤਮਕ ਜਾਂ ਗੁੱਟਵੀਂ ਹੋਣ ਦੀ ਥਾਂ ਵਿਜੋਗਾਤਮਕ ਜਾਂ ਨਿਖੇੜੂ ਹੋਣ ਲਗ ਪਈ ਸੀ ਤੇ ਇਸ ਉਤੇ ਹਿੰਦਵੀ ਜਾਂ ਲਹਿੰਦੀ ਦਾ ਪ੍ਰਭਾਵ ਘਟਦਾ ਦਿਖਾਈ ਦਿੰਦਾ ਹੈ । ਤਤਸੱਮ ਸ਼ਬਦਾਵਲੀ ਦੀ ਵਰਤੋਂ ਦੇ ਨਾਲ ਅਧਿਆਤਮਿਕ ਤੇ ਸਦਾਚਾਰਿਕ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਨੂੰ ਤੱਦਭਵ ਰੂਪ ਦੇਣ ਜਾਂ ਪੰਜਾਬੀ ਆਉਣ ਦੀ ਰੁੱਚੀ ਪ੍ਰਤੱਖ ਦਿਖਾਈ ਦਿੰਦੀ ਹੈ । ਇਸ ਨਾਲ ਪੰਜਾਬੀ ਭਾਸ਼ਾ ਤੇ ਅਮੀਰੀ ਤੇ ਸ਼ਬਦ-ਭੰਡਾਰ ਵਿਚ ਨਿਸ਼ਚੇ ਹੀ ਵਾਧਾ ਹੋਇਆ ।
14. ਕਾਵਿ-ਖੇਤਰ ਵਿਚ ਵੀ ਬਹੁਤ ਸਾਰੇ ਨਵੇਂ ਕਾਵਿ-ਰੂਪ ਤੇ ਕਾਵਿ-ਛੰਦ ਵਰਤੋਂ ਵਿਚ ਲਿਆਂਦੇ ਗਏ। ਲੋਕ-ਛੰਦਾਂ ਜਾਂ ਲੋਕ-ਕਾਵਿ-ਰੂਪਾਂ ਨੂੰ ਸੁਚੇਤ ਤੋਰ ਤੇ ਅਪਣਾਇਆ ਗਿਆ । ਪ੍ਰਾਕਿਰਤੀ-ਚਿੱਤ੍ਰਣ ਤੇ ਦੇਸ਼ ਪਿਆਰ ਦੀ ਭਾਵਨਾ, ਇਸ ਕਾਲ ਦੀ ਕਵਿਤਾ ਦੇ ਦੋ ਹੋਰ ਉੱਘੜਵੇਂ ਪੱਖ ਹਨ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਇਸ ਸਾਹਿੱਤ ਲਈ ਖਿੱਚ ਤੇ ਉਤਸ਼ਾਹ ਭਰਿਆ।
15. ਲੌਕਿਕ ਤੇ ਅਧਿਆਤਮਿਕ ਸਾਹਿੱਤ ਸਿਰਜਨਾ ਲਈ ਇਸ ਕਾਲ ਵਿਚ ਵੱਖ ਵੱਖ ਜਾਤੀਆਂ, ਧਰਮਾਂ, ਸੰਪਰਦਾਵਾਂ ਵਲੋਂ ਡੇਰੇ, ਮੱਠ ਜਾਂ ਆਸ਼ਰਮ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚ ਨਿਰੰਤਰ ਸਾਹਿੱਤਕ ਪ੍ਰਵਾਹ ਚਲਦਾ ਸੀ । ਇਨ੍ਹਾਂ ਡੇਰਿਆਂ, ਮੱਠਾਂ ਜਾਂ ਆਸ਼ਰਮਾਂ ਨੂੰ ਉਸ ਵੇਲੇ ਦੀਆਂ ਸਾਹਿੱਤਕ ਸੰਸਥਾਵਾਂ ਸਮਝਿਆ ਜਾ ਸਕਦਾ ਹੈ।
16. ਗੁਰਮੁਖੀ ਲਿੱਪੀ ਦੀ ਪ੍ਰਾਚੀਨਤਾ ਬਾਰੇ ਅੱਜ ਕੋਈ ਭੁਲੇਖਾ ਬਾਕੀ ਨਹੀਂ ਰਹਿ ਗਿਆ ਤੇ 'ਇਕਾਦਸ਼ੀ ਮਹਾਤਮ ਵਰਗੀਆਂ ਤੇਰ੍ਹਵੀਂ ਸਦੀ ਦੀਆਂ ਰਚਨਾਵਾਂ ਦੇ ਅਧਿਐਨ ਤੋਂ ਵਰਤਮਾਨ ਗੁਰਮੁਖੀ ਦਾ ਪੁਰਾਣਾ ਰੂਪ ਪ੍ਰਤੱਖ ਭਾਂਤ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਕਾਲ ਵਿਚ ਗੁਰਮੁਖੀ ਲਿੱਪੀ ਨੂੰ ਸੋਧ ਕੇ. ਇਸ ਦੀਆਂ ਲਗਾਂ ਮਾਤ੍ਰਾਂ ਦਾ ਨਿਰਣਾ ਕਰਕੇ, ਹਰ ਪ੍ਰਕਾਰ ਦੇ ਸਾਹਿੱਤ ਲਿਖਣ ਲਈ ਇਸ ਦੀ ਵਰਤੋਂ ਹੋਣ ਲਗ ਪਈ ਸੀ । ਉਸ ਵੇਲੇ ਦੀਆਂ ਹਿੰਦੂ ਤੇ ਸਿੱਖ ਵਿਦਵਾਨਾਂ ਦੀਆਂ ਲਗਭਗ ਸਾਰੀਆਂ ਹੀ ਰਚਨਾਵਾਂ ਲਈ ਗੁਰਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦੇ ਪ੍ਰਮਾਣ, ਪ੍ਰਾਪਤ ਹੱਥ- ਲਿਖਤੀ ਖਰੜਿਆਂ ਤੋਂ ਮਿਲ ਜਾਂਦੇ ਹਨ । ਪਰ ਮੁਸਲਮਾਨ ਲੇਖਕਾਂ ਵਲੋਂ ਫਾਰਸੀ ਲਿੱਪੀ ਦੀ ਵਰਤੋਂ. ਹੀ ਕੀਤੀ ਜਾਂਦੀ ਰਹੀ । ਲਿੱਪੀ ਦੀ ਇਸ ਭਿੰਨਤਾ ਨੂੰ ਧਾਰਮਿਕ ਸੰਸਕਾਰਾਂ ਦੀ ਦੇਣ ਆਖਿਆ ਜਾਂਦਾ ਹੈ।
17. ਅੱਜ ਅਸੀਂ ਜਦ ਅਠਾਰ੍ਹਵੀਂ ਸਦੀ ਤੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਰਚੇ ਗਏ ਸਾਹਿੱਤ ਉੱਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਹਿੱਤ ਗੁਰੂ ਨਾਨਕ ਕਾਲ ਵਿਚ ਸਥਾਪਿਤ ਹੋ ਚੁੱਕੀ ਮਰਯਾਦਾ ਤੋਂ ਬਹੁਤ ਲਾਂਭੇ ਨਹੀਂ ਗਿਆ, ਜੇ ਥੋੜ੍ਹਾ ਵਰਕ ਦਿਖਾਈ ਦਿੰਦਾ ਹੈ ਤਾਂ ਉਹ ਸਮਾਜਿਕ ਤੇ ਰਾਜਸੀ ਪ੍ਰਵਿਰਤੀ ਕਰ ਕੇ ਹੀ ਹੈ। ਇਸ ਲਈ 1850 ਈ. ਤੱਕ ਦੇ ਸਾਹਿੱਤ ਨੂੰ ਇੱਕੋ ਧਾਰਾ ਦੀ ਉਪਜ ਹੀ ਆਖਿਆ ਜਾ ਸਕਦਾ ਹੈ।