

ਸੱਚ ਆਖ ਭਾਬੀ ਸਾਨੂੰ ਗੱਲ ਦਿਲ ਦੀ, ਭਲਾ ਨਜ਼ਰ ਆਇਆ ਸਾਨੂੰ ਰੰਗ ਤੇਰਾ।
ਗਈ ਹੋਰ ਤੇ ਹੋਰ ਹੀ ਹੋ ਆਈਏ, ਚੋਲੀ ਵਿਚ ਨਹੀਂ ਮਿਉਂਦਾ ਅੰਗ ਤੇਰਾ।
ਰਾਝਾ ਰੱਬ ਦੀ ਜਾਤ ਤਹਿਕੀਕ ਕੀਤਾ ਤੂ ਏਂ ਸ਼ਮ੍ਹਾ ਤੇ ਉਹ ਹੈ ਪਤੰਗ ਤੇਰਾ।
ਆਖ ਅਹਿਮਦਾ ਸੱਤ ਮੁਬਾਰਕਾਂ ਨੇ, ਕੋਈ ਆਏ ਮਿਲਿਆ ਅੱਜ ਸੰਗ ਤੇਰਾ।
ਅਹਿਮਦ ਦੀਆਂ ਤੁਕਾਂ ਉਪਰੋਕਤ ਤੁਕਾਂ ਦਾ ਪ੍ਰਭਾਵ ਵੀ ਵਾਰਸ ਨੇ ਪੂਰੀ ਤਰ੍ਹਾਂ ਗ੍ਰਹਿਣ ਕਰਕੇ ਆਪਣੇ ਕਿੱਸੇ ਵਿਚ ਬੜੀ ਰੀਝ ਨਾਲ ਰੂਪਮਾਨ ਕੀਤਾ। ਅਹਿਮਦ ਬਹੁਤ ਪੜ੍ਹਿਆ ਲਿਖਿਆ ਨਹੀਂ ਜਾਪਦਾ। ਅਹਿਮਦ ਨੇ ਆਪਣੇ ਕਿੱਸੇ ਦਾ ਅੰਤ ਦੁਖਾਂਤ ਵਿਚ ਸਮੇਟਿਆ ਹੈ, ਪਰ ਮਰਨ ਉਪਰੰਤ ਉਨ੍ਹਾਂ ਦੀਆਂ ਰੂਹਾਂ ਨੂੰ ਮੱਕੇ ਭੇਜ ਦਿੰਦਾ ਹੈ :
ਡਿੱਠੇ ਹਾਜੀਆ ਮੌਕੇ ਦੇ ਰਾਹ ਤਿੰਨੇ, ਰਾਂਝਾ ਹੀਰ ਤੇ ਨਾਲ ਸੀ ਮੱਝ ਬੂਰੀ।
ਰਾਂਝਾ ਰਾਹ ਵਿਖਾਂਵਦਾ ਹਾਜੀਆਂ ਨੂੰ, ਹੀਰ ਵੰਡਦੀ ਲੰਗਰ ਦੇ ਵਿਚ ਚੂਰੀ।
ਏਸੇ ਸੰਕੇਤ ਤੋਂ ਮੁਕਬਲ ਤੇ ਵਾਰਿਸ ਨੇ ਆਪਣੇ ਕਿੱਸਿਆਂ ਨੂੰ ਪੂਰਨ ਦੁਖਾਂਤ ਬਣਾ ਦਿੱਤਾ, ਜਦ ਕਿ ਅਹਿਮਦ ਤੋਂ ਪਹਿਲਾਂ ਦੇ ਇਕੋ ਇਕ ਹੀਰ ਲੇਖਕ ਦਮੋਦਰ ਨੇ ਕੋਟ ਕਬੂਲੇ ਦੇ ਕਾਜ਼ੀ ਦੇ ਫੈਸਲੇ ਉਪਰੰਤ ਉਨ੍ਹਾਂ ਨੂੰ "ਉਭੈ ਵਲ ਸਿਧਾ" ਦਿੱਤਾ ਸੀ । ਨਿਸ਼ਚੇ ਹੀ ਮੁਕਬਲ ਤੇ ਵਾਰਿਸ ਦੇ ਕਿੱਸਿਆਂ ਦਾ ਮੂਲ ਸਰੋਤ ਅਹਿਮਦ ਦੀ ਹੀਰ ਹੈ।
(ਕ) ਬੀਰ ਕਾਵਿ-ਧਾਰਾ
ਗੁਰੂ ਨਾਨਕ ਕਾਲ ਦੀ ਸਭ ਤੋਂ ਪ੍ਰਸਿੱਧ, ਪ੍ਰਤੀਨਿਧ ਤੇ ਸ੍ਰੇਸ਼ਟ ਬੀਰ-ਰਸੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ 'ਚੰਡੀ ਦੀ ਵਾਰ' ਹੈ ਜਿਸ ਬਾਰੇ ਗੁਰਮਤਿ ਕਾਵਿ-ਧਾਰਾ ਵਾਲੇ ਭਾਗ ਵਿਚ ਵਿਚਾਰ ਕੀਤੀ ਜਾ ਚੁੱਕੀ ਹੈ। ਜਿੱਥੋਂ ਤਕ ਬੀਰ ਸਾਹਿੱਤ ਦੇ ਪ੍ਰਸਿੱਧ ਕਾਵਿ-ਰੂਪ 'ਵਾਰ' ਦਾ ਸੰਬੰਧ ਹੈ, ਇਸ ਕਾਲ ਵਿਚ ਸਭ ਤੋਂ ਵੱਧ ਵਾਰਾਂ ਲਿਖੀਆਂ ਗਈਆਂ, ਜਿਨ੍ਹਾਂ ਵਿਚ ਅਧਿਆਤਮਿਕ ਤੇ ਲੋਕਿਕ ਦੋਹਾਂ ਪ੍ਰਕਾਰਾਂ ਦੀਆਂ ਵਾਰਾਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ 22 ਵਾਰਾਂ, ਭਾਈ ਗੁਰਦਾਸ ਦੀਆਂ 39 ਵਾਰਾਂ ਤੇ ਭਾਈ ਗੁਰਦਾਸ ਦੂਜੇ ਦੀਆਂ 2 ਵਾਰਾਂ ਦਾ ਜ਼ਿਕਰ ਅਸੀਂ ਪਿੱਛੇ ਕਰ ਚੁੱਕੇ ਹਾਂ । ਯੋਧਿਆਂ ਦੀਆਂ 6 ਵਾਰਾਂ ਦਾ ਜ਼ਿਕਰ ਅਸੀਂ ਪੂਰਵ-ਨਾਨਕ ਕਾਲ ਤੇ ਸਾਹਿੱਤ ਵਿਚ ਕੀਤਾ ਸੀ । ਇਸ ਕਾਲ ਦੇ ਬੀਰ ਸਾਹਿੱਤ ਵਿਚ ਯੋਧਿਆਂ ਦੀਆਂ ਦੇ ਪ੍ਰਕਾਰ ਦੀਆਂ ਵਾਰਾਂ ਦੇ ਨਮੂਨੇ ਮਿਲਦੇ ਹਨ । ਇਕ ਤਾਂ ਵੱਖ-ਵੱਖ ਕਬੀਲਿਆਂ ਦੇ ਆਗੂਆਂ ਜਾਂ ਰਾਠਾਂ ਵਿਚਕਾਰ ਹੁੰਦੀਆਂ ਲੜਾਈਆਂ ਦੇ ਹਾਲ ਅਤੇ ਦੂਜਾ ਸਿੱਖਾਂ ਤੇ ਸ਼ਾਹੀ ਫੌਜਾਂ ਦੇ ਟਾਕਰਿਆਂ ਨਾਲ ਸੰਬੰਧਿਤ ਵਾਰਾਂ ਹਨ, ਜਿਹੜੀਆਂ ਢਾਡੀ ਤੇ ਮਰਾਸੀ ਗਾਉਂਦੇ ਫਿਰਦੇ ਸਨ । ਰਾਜਸੀ ਗੜਬੜ ਕਰਕੇ ਇਹ ਵਾਰਾਂ ਲਿਖਤੀ ਰੂਪ ਵਿਚ ਸੰਭਾਲੀਆਂ ਨਹੀਂ ਜਾ ਸਕੀਆਂ। ਉਨ੍ਹਾਂ ਵਾਰਾਂ ਵਿਚੋਂ ਤਿੰਨ ਵਾਰਾਂ ਇਸ ਕਾਲ ਦੀਆਂ ਹਨ: (ੳ) ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆ ਦੀ ਵਾਰ, (ਅ) ਜੋਧੇ ਵੀਰ ਪੂਰਬਾਣੀ ਕੀ ਵਾਰ, (ੲ) ਰਾਣਾ ਕੈਲਾਸ਼ ਤਥਾ ਮਾਲਦੇਵ ਦੀ ਵਾਰ।
ਸੰਖੇਪ ਵਿਚ ਇਨ੍ਹਾਂ ਵਾਰਾਂ ਦੇ ਨਮੂਨੇ ਇਸ ਪ੍ਰਕਾਰ ਹਨ :
(ੳ) ਮਲਕ ਮੁਰੀਦ ਤਥਾ ਚੰਦਰਹੜੇ ਦੀ ਵਾਰ ਵਿਚ ਅਕਬਰ ਦੇ ਸਮੇਂ ਦੇ ਇਨ੍ਹਾਂ ਦੋਹਾਂ ਯੋਧਿਆਂ ਨੂੰ ਇਕ ਦੂਜੇ ਨਾਲ ਲੜਦੇ ਵਿਖਾਇਆ ਗਿਆ ਹੈ :
ਕਾਬਲ ਵਿਚ ਮੁਰੀਦ ਖਾਂ, ਫੜਿਆ ਬਡ ਜੋਰ ।
ਚੰਦਰਹੜਾ ਲੈ ਫੌਜ ਕੋ, ਚੜਿਆ ਬਡ ਤੋਰ ।
ਦੁਹਾਂ ਕੰਧਾਰਾਂ ਮੂੰਹ ਜੁੜੇ, ਦੋਮਾਮੇ ਦੌਰ।
ਸ਼ਸਤਰ ਪੂਜ ਕੇ ਸੂਰਿਆਂ, ਸਿਰ ਬੱਧੇ ਟੌਰ।
ਹੋਲੀ ਖੇਲੇ ਚੰਦਰਹੜਾ, ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਗ ਵਗਨ ਕੌਰ।