

ਤੇ ਆਪੋ ਆਪਣੇ ਧਰਮਾਂ ਸੰਬੰਧੀ ਵਿਆਖਿਆ ਲਈ ਇਸ ਭਾਸ਼ਾ ਵਿਚ ਸਾਹਿੱਤ ਰਚਨਾ ਕੀਤੀ। ਪੰਜਾਬੀ ਭਾਸ਼ਾ ਦੇ ਇਸ ਸਰਬ-ਸਾਂਝੇ ਰੂਪ ਦਾ ਨਿਖਾਰ, ਇਸ ਦੀ ਵਿਕਾਸ-ਗਤੀ ਨੂੰ ਤੇਜ਼ ਕਰਨ ਦਾ ਜ਼ਿੰਮੇਵਾਰ ਬਣਿਆ ।
13. ਵਾਰਤਕ ਦਾ ਬਹੁ-ਪੱਖੀ ਵਿਕਾਸ ਇਸ ਕਾਲ ਦੇ ਸਾਹਿੱਤ ਦੀ ਇਕ ਹੋਰ ਬਹੁਤ ਵੱਡੀ ਦੇਣ ਹੈ। ਮੱਧ- ਕਾਲ ਦੇ ਸਾਰੇ ਗੱਦ-ਰੂਪ, ਯਥਾ ਜਨਮ-ਸਾਖੀਆਂ, ਟੀਕੇ, ਗੋਸ਼ਟਾਂ, ਜਪੁ-ਪਰਮਾਰਥ, ਹੁਕਮ-ਨਾਮੇ ਤੇ ਬਹੁਤ ਸਾਰੀਆਂ ਸਨਾਤਨੀ ਕਿਰਤਾਂ ਦੇ ਵੱਡਮੁਲੇ ਅਨੁਵਾਦ ਪ੍ਰਾਪਤ ਹੁੰਦੇ ਹਨ। ਆਕਾਰ, ਪ੍ਰਕਾਰ, ਭਿੰਨਤਾ ਤੇ ਵੰਨ-ਸੁਵੰਨਤਾ ਕਰਕੇ ਇਹ ਵਾਰਤਕ ਉਸ ਵੇਲੇ ਦੀਆਂ ਹੋਰ ਗਵਾਂਢੀ ਪ੍ਰਾਂਤਕ ਭਾਸ਼ਾਵਾਂ ਦੇ ਟਾਕਰੇ ਤੇ ਵਧੇਰੇ ਭਰਪੂਰ ਤੇ ਪ੍ਰਪੱਕ ਹੈ । ਇਸ ਵਾਰਤਕ ਤੋਂ ਸ਼ਬਦਾਵਲੀ ਦੀ ਬਹੁ-ਰੂਪਤਾ ਤੇ ਭਾਸ਼ਾਈ ਵਿਕਾਸ ਦਾ ਭਲੀ-ਭਾਂਤ ਅਨੁਮਾਨ ਲਗਦਾ ਹੈ। ਭਾਸ਼ਾ ਸੰਜੋਗਾਤਮਕ ਜਾਂ ਗੁੱਟਵੀਂ ਹੋਣ ਦੀ ਥਾਂ ਵਿਜੋਗਾਤਮਕ ਜਾਂ ਨਿਖੇੜੂ ਹੋਣ ਲਗ ਪਈ ਸੀ ਤੇ ਇਸ ਉਤੇ ਹਿੰਦਵੀ ਜਾਂ ਲਹਿੰਦੀ ਦਾ ਪ੍ਰਭਾਵ ਘਟਦਾ ਦਿਖਾਈ ਦਿੰਦਾ ਹੈ । ਤਤਸੱਮ ਸ਼ਬਦਾਵਲੀ ਦੀ ਵਰਤੋਂ ਦੇ ਨਾਲ ਅਧਿਆਤਮਿਕ ਤੇ ਸਦਾਚਾਰਿਕ ਵਿਸ਼ਿਆਂ ਨਾਲ ਸੰਬੰਧਿਤ ਸ਼ਬਦਾਵਲੀ ਨੂੰ ਤੱਦਭਵ ਰੂਪ ਦੇਣ ਜਾਂ ਪੰਜਾਬੀ ਆਉਣ ਦੀ ਰੁੱਚੀ ਪ੍ਰਤੱਖ ਦਿਖਾਈ ਦਿੰਦੀ ਹੈ । ਇਸ ਨਾਲ ਪੰਜਾਬੀ ਭਾਸ਼ਾ ਤੇ ਅਮੀਰੀ ਤੇ ਸ਼ਬਦ-ਭੰਡਾਰ ਵਿਚ ਨਿਸ਼ਚੇ ਹੀ ਵਾਧਾ ਹੋਇਆ ।
14. ਕਾਵਿ-ਖੇਤਰ ਵਿਚ ਵੀ ਬਹੁਤ ਸਾਰੇ ਨਵੇਂ ਕਾਵਿ-ਰੂਪ ਤੇ ਕਾਵਿ-ਛੰਦ ਵਰਤੋਂ ਵਿਚ ਲਿਆਂਦੇ ਗਏ। ਲੋਕ-ਛੰਦਾਂ ਜਾਂ ਲੋਕ-ਕਾਵਿ-ਰੂਪਾਂ ਨੂੰ ਸੁਚੇਤ ਤੋਰ ਤੇ ਅਪਣਾਇਆ ਗਿਆ । ਪ੍ਰਾਕਿਰਤੀ-ਚਿੱਤ੍ਰਣ ਤੇ ਦੇਸ਼ ਪਿਆਰ ਦੀ ਭਾਵਨਾ, ਇਸ ਕਾਲ ਦੀ ਕਵਿਤਾ ਦੇ ਦੋ ਹੋਰ ਉੱਘੜਵੇਂ ਪੱਖ ਹਨ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਇਸ ਸਾਹਿੱਤ ਲਈ ਖਿੱਚ ਤੇ ਉਤਸ਼ਾਹ ਭਰਿਆ।
15. ਲੌਕਿਕ ਤੇ ਅਧਿਆਤਮਿਕ ਸਾਹਿੱਤ ਸਿਰਜਨਾ ਲਈ ਇਸ ਕਾਲ ਵਿਚ ਵੱਖ ਵੱਖ ਜਾਤੀਆਂ, ਧਰਮਾਂ, ਸੰਪਰਦਾਵਾਂ ਵਲੋਂ ਡੇਰੇ, ਮੱਠ ਜਾਂ ਆਸ਼ਰਮ ਸਥਾਪਿਤ ਕੀਤੇ ਗਏ, ਜਿਨ੍ਹਾਂ ਵਿਚ ਨਿਰੰਤਰ ਸਾਹਿੱਤਕ ਪ੍ਰਵਾਹ ਚਲਦਾ ਸੀ । ਇਨ੍ਹਾਂ ਡੇਰਿਆਂ, ਮੱਠਾਂ ਜਾਂ ਆਸ਼ਰਮਾਂ ਨੂੰ ਉਸ ਵੇਲੇ ਦੀਆਂ ਸਾਹਿੱਤਕ ਸੰਸਥਾਵਾਂ ਸਮਝਿਆ ਜਾ ਸਕਦਾ ਹੈ।
16. ਗੁਰਮੁਖੀ ਲਿੱਪੀ ਦੀ ਪ੍ਰਾਚੀਨਤਾ ਬਾਰੇ ਅੱਜ ਕੋਈ ਭੁਲੇਖਾ ਬਾਕੀ ਨਹੀਂ ਰਹਿ ਗਿਆ ਤੇ 'ਇਕਾਦਸ਼ੀ ਮਹਾਤਮ ਵਰਗੀਆਂ ਤੇਰ੍ਹਵੀਂ ਸਦੀ ਦੀਆਂ ਰਚਨਾਵਾਂ ਦੇ ਅਧਿਐਨ ਤੋਂ ਵਰਤਮਾਨ ਗੁਰਮੁਖੀ ਦਾ ਪੁਰਾਣਾ ਰੂਪ ਪ੍ਰਤੱਖ ਭਾਂਤ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਕਾਲ ਵਿਚ ਗੁਰਮੁਖੀ ਲਿੱਪੀ ਨੂੰ ਸੋਧ ਕੇ. ਇਸ ਦੀਆਂ ਲਗਾਂ ਮਾਤ੍ਰਾਂ ਦਾ ਨਿਰਣਾ ਕਰਕੇ, ਹਰ ਪ੍ਰਕਾਰ ਦੇ ਸਾਹਿੱਤ ਲਿਖਣ ਲਈ ਇਸ ਦੀ ਵਰਤੋਂ ਹੋਣ ਲਗ ਪਈ ਸੀ । ਉਸ ਵੇਲੇ ਦੀਆਂ ਹਿੰਦੂ ਤੇ ਸਿੱਖ ਵਿਦਵਾਨਾਂ ਦੀਆਂ ਲਗਭਗ ਸਾਰੀਆਂ ਹੀ ਰਚਨਾਵਾਂ ਲਈ ਗੁਰਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਦੇ ਪ੍ਰਮਾਣ, ਪ੍ਰਾਪਤ ਹੱਥ- ਲਿਖਤੀ ਖਰੜਿਆਂ ਤੋਂ ਮਿਲ ਜਾਂਦੇ ਹਨ । ਪਰ ਮੁਸਲਮਾਨ ਲੇਖਕਾਂ ਵਲੋਂ ਫਾਰਸੀ ਲਿੱਪੀ ਦੀ ਵਰਤੋਂ. ਹੀ ਕੀਤੀ ਜਾਂਦੀ ਰਹੀ । ਲਿੱਪੀ ਦੀ ਇਸ ਭਿੰਨਤਾ ਨੂੰ ਧਾਰਮਿਕ ਸੰਸਕਾਰਾਂ ਦੀ ਦੇਣ ਆਖਿਆ ਜਾਂਦਾ ਹੈ।
17. ਅੱਜ ਅਸੀਂ ਜਦ ਅਠਾਰ੍ਹਵੀਂ ਸਦੀ ਤੇ ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਰਚੇ ਗਏ ਸਾਹਿੱਤ ਉੱਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਾਹਿੱਤ ਗੁਰੂ ਨਾਨਕ ਕਾਲ ਵਿਚ ਸਥਾਪਿਤ ਹੋ ਚੁੱਕੀ ਮਰਯਾਦਾ ਤੋਂ ਬਹੁਤ ਲਾਂਭੇ ਨਹੀਂ ਗਿਆ, ਜੇ ਥੋੜ੍ਹਾ ਵਰਕ ਦਿਖਾਈ ਦਿੰਦਾ ਹੈ ਤਾਂ ਉਹ ਸਮਾਜਿਕ ਤੇ ਰਾਜਸੀ ਪ੍ਰਵਿਰਤੀ ਕਰ ਕੇ ਹੀ ਹੈ। ਇਸ ਲਈ 1850 ਈ. ਤੱਕ ਦੇ ਸਾਹਿੱਤ ਨੂੰ ਇੱਕੋ ਧਾਰਾ ਦੀ ਉਪਜ ਹੀ ਆਖਿਆ ਜਾ ਸਕਦਾ ਹੈ।