ਪੂਰਨਮਾਸ਼ੀ (ਨਾਵਲ)
ਜਸਵੰਤ ਸਿੰਘ ਕੰਵਲ
ਭਾਗ-1
ਜੱਟਾ ਤੇਰੀ ਜੂਨ ਬੁਰੀ
ਹਲ ਛੱਡਕੇ ਚਰੀ ਨੂੰ ਜਾਣਾ
ਮੂੰਹ-ਹਨੇਰੀ ਸਵੇਰ ਭਗਤਾਂ ਦਾ ਸਮਾਂ ਹੁੰਦਾ ਹੈ, ਜਿਸ ਵਿੱਚ ਉਹ ਆਪਣੇ ਆਪ ਨੂੰ ਸਹਿਜ-ਆਤਮਾ ਵਿੱਚ ਜੋੜਦੇ ਹਨ। ਹਾਲੀ ਖੇਤਾਂ ਵਿੱਚ ਜੈਗ ਪਿੱਛੇ, ਆਰਥਿਕ ਹਾਲਤ ਵਿੱਚ ਬੁੱਢੀ ਹੋ ਰਹੀ ਜਿੰਦਗੀ ਨੂੰ ਮਿੱਠੀ ਤੇ ਲੰਮੀ ਹੇਕ ਚ ਗਾ-ਗਾ ਕੇ ਬਚਾਉਂਦੇ ਹਨ । ਏਸੇ ਹੀ ਸਵੇਰ ਵਿੱਚ ਕਈ ਸੁਆਣੀਆਂ ਨੂੰ ਪੀਹ ਕੇ ਡੰਗ ਟਪਾਉਣ ਦਾ ਫਿਕਰ ਪਿਆ ਹੁੰਦਾ ਏ ਤੇ ਉਹਨਾਂ ਦੇ ਜਵਾਨ ਡੋਲੇ ਚੱਕੀ ਪੀਹਿਦੇ, ਗੰਢ ਵਿੱਚੋਂ ਆਟੇ ਦੀ ਲਗਾਤਾਰ ਧਾਰ ਵਗਾ ਦੇਂਦੇ ਹਨ । ਬਹੁਤ ਸੁਆਣੀਆਂ ਚਾਟੀਆਂ ਵਿੱਚ ਮਧਾਣੀਆਂ ਪਾ ਕੇ ਦੁੱਧ ਰਿੜਕਣਾ ਸ਼ੁਰੂ ਕਰ ਦਿੰਦੀਆਂ ਹਨ ।ਪੇਂਡੂ ਜਵਾਨੀ ਮੱਖਣਾ ਵਿੱਚ ਘੁਲ ਕੇ ਲਿਸ਼ਕਦੀ ਹੈ । ਅਮਲੀ ਰਜਾਈਆਂ ਹੇਠ ਉੱਘਦੇ, ਪਾਲੇ ਤੇ ਨਸ਼ੇ ਦੀ ਤੋੜ ਦੇ ਭੰਨੇ ਹੱਡ, “ਕੱਠੇ ਕਰਨ ਦਾ ਜਤਨ ਕਰਦੇ ਹਨ । ਕੁੱਕੜ ਦੀ ਬਾਂਗ ਸੁਣਕੇ ਉਹ ਰਜਾਈ ਦਾ ਉੱਚਾ ਹੋਇਆ ਲੜ ਦੱਬ ਕੇ ਫਿਰ ਸੌ ਜਾਂਦੇ ਹਨ । ਜਿਵੇਂ ਉਹਨਾਂ ਦੀ ਜਿੰਦਗੀ ਵਿੱਚੋਂ ਮੂਲ ਉਤਸ਼ਾਹ ਅਮਲ ਮੁੱਕ ਗਿਆ ਹੋਵੇ ।
ਨਵੇਂ ਪਿੰਡ ਦੀ ਨਿਆਂਈ ਵਿੱਚ ਇੱਕ ਖੂਹ ਚਲ ਰਿਹਾ ਸੀ । ਪੈੜ ਦੁਆਲੇ ਬੋਤਾ ਆਵਾਗਵਨ ਦੀ ਫੇਰੀ ਵਾਂਗ ਘੁੰਮ ਰਿਹਾ ਸੀ ।ਉਸਨੂੰ ਆਪਣੀ ਮੰਜਿਲ ਦਾ ਪਤਾ ਨਹੀਂ ਸੀ । ਗੋਲ ਚੱਕਰ ਦਾ ਕੋਈ ਸਿਰਾ ਨਹੀਂ ਨਾ ਹੁੰਦਾ । ਭਰੀਆਂ ਟਿੰਡਾਂ ਜੀਵਨ ਦੇ ਵਲਵਲਿਆਂ ਵਾਂਗ ਭਰ ਕੇ ਉੱਛਲਦੀਆਂ ਅਤੇ ਖਾਲੀ ਹਸਰਤ ਆਹਾਂ ਵਾਂਗ ਹਿਰਦੇ ਖੂਹ ਵਿੱਚ ਮੁੜ ਟੁੱਭੀ ਮਾਰ ਜਾਂਦੀਆਂ । ਹਲਟ ਦੀ ਚਾਲ ਜਿੰਦਗੀ ਦੀ ਜੱਦੋ- ਜਹਿਦ ਦਾ ਸੰਦੇਸ਼ ਬਣੀ ਹੋਈ ਸੀ ।ਯਾਦ ਦੇ ਆਪ ਮੁਹਾਰੇ ਵਹਾਅ ਵਾਂਗ ਪਾਣੀ ਆੜ ਵਿੱਚ ਦੀ ਖੇਤਾਂ ਨੂੰ ਰੁੜਿਆ ਜਾ ਰਿਹਾ ਸੀ । ਬੂੜੀਆਂ ਕੋਲ “ਕੁੱਤੇ” ਦੀ ਵਜਦੀ “ਟੱਚ-ਟੱਚ” ਕਿਸਾਨ ਮਾਲਕ ਨੂੰ ਦੱਸਦੀ ਕਿ ਉਸਦਾ ਛੋਟਾ ਸੰਸਾਰ ਚੱਲ ਰਿਹਾ ਹੈ। ਪਾਣੀ ਦਾ ਪਰਵਾਹ ਪਾਲੇ ਨਾਲ ਮੁਰਝਾਈ ਸੇਂਜੀ ਨੂੰ ਉਦੋਸਾਉਣ ਦਾ ਅਵਸਰ ਦੇ ਰਿਹਾ ਸੀ । ਦੋ ਦੋ ਤਿੰਨ ਤਿੰਨ ਉਂਗਲ ਸਿਰ ਚੱਕਦੀ ਸੇਂਜੀ ਨੂੰ ਪਾਣੀ ਡੁਬੈ ਰਿਹਾ प्ती।
ਖੂਹ ਦੇ ਨੇੜੇ ਦੋ ਤਿੰਨ ਵਾੜੇ ਮਨੁੱਖ ਜੇਡੀਆਂ ਉੱਚੀਆਂ ਕੰਧਾ ਨਾਲ ਵਲੇ ਹੋਏ ਸਨ । ਕੱਚੀਆਂ ਕੰਧਾਂ ਮਾਰੂ ਮੀਹਾਂ ਦੀ ਵਾਛੜ ਵਿੱਚ ਵੀ ਸਿਦਕਵਾਨ ਹੋਈਆਂ ਖੜੀਆਂ ਸਨ । ਚੀਕਣੇ ਛੱਪੜਾਂ ਵਿੱਚੋਂ ਕੰਧਾਂ ਦੀਆਂ ਇੱਟਾਂ ਨੂੰ ਕਿਸਾਨ ਨੇ ਵਿਹਲੀ ਰੁੱਤ ਵਿੱਚ ਕਹੀਆਂ ਅਤੇ ਗੰਦਾਲੀਆਂ ਨਾਲ ਹਿਲਾ ਹਿਲਾ ਕੇ ਕੱਢਿਆ ਸੀ । ਵਾੜਿਆਂ ਵਿੱਚ ਮੱਕੀ ਤੇ ਚਰੀ ਦੀਆਂ ਪੂਲੀਆਂ ਦੀਆਂ ਵੱਡੀਆਂ ਵੱਡੀਆਂ ਦੋਨਾਂ ਲੱਗੀਆਂ ਹੋਈਆਂ ਸਨ । ਬਹੁਤੀਆਂ ਦੁਆਲੇ ਕੰਡਿਆਲੀਆਂ ਵਾੜਾਂ ਕੀਤੀਆਂ ਹੋਈਆਂ ਸਨ ਅਤੇ ਬੇਹਿੰਮਤੀਆਂ ਦੀਆਂ ਦੋਨਾਂ ਵਿੱਚ ਪਸ਼ੂਆਂ ਨੇ ਖਾਹ ਖੋਹ ਕੇ ਘੁਰਨੇ ਪਾ ਛੱਡੇ ਸਨ । ਗੋਹੇ ਨੂੰ ਪਾਥੀਆਂ ਬਣਆ ਸਾੜਿਆ ਜਾ ਰਿਹਾ ਸੀ, ਜਿਹੜਾ ਪੈਲੀ ਦੀ ਉਪਜ ਵਿੱਚ ਸਬਤੋਂ ਸਹਾਈ ਹੁੰਦਾ ਹੈ । ਗੋਹਾ ਕਿਸਾਨ ਦਾ ਚੰਗਾ ਮਿੱਤਰ ਹੈ । ਪਰ ਅਫਸੋਸ ਜਿੱਥੇ ਬਲ ਹੈ ਓਥੇ ਸਿਆਣਪ ਨਹੀਂ, ਜਿਸ ਕਰਕੇ ਪਿੰਡਾਂ ਵਿੱਚ ਹਾਰੀ ਜਿੰਦਗੀ ਵਿੰਗੇ ਲੱਕ ਕੁੱਬੀ ਕੁੱਬੀ ਜੀ ਰਹੀ ਹੈ।
ਕਿਆਰੇ ਮੋੜਦੇ ਕਿਸਾਨ ਨੇ ਨੇੜੇ ਦੇ ਖੇਤ ਵਿੱਚੋਂ ਬੋਤੇ ਨੂੰ "ਹੂੰ ਹੂੰ ਬੋਤਿਆ" ਆਖ ਲਲਕਾਰਾ ਮਾਰਿਆ। ਬੋਤੇ ਦੀ ਚਾਲ ਵਿੱਚ ਇੱਕਦਮ ਫੁਰਤੀ ਆ ਗਈ ਅਤੇ ਕੁੱਤੇ ਦੀ ਹੌਲੀ ਹੌਲੀ ਵਜਦੀ “ਟੱਚ-ਟੱਚ ਨਾਚ ਦੇ ਕਾਹਲੇ ਸਾਜ ਵਾਂਗ "ਟਿੱਚ ਟਿੱਚ ਟਿੱਚ “ ਕਰ ਉਠੀ । ਬੈਂਤ ਤੋਂ ਦੀ ਘੁੰਮਦੀਆਂ ਟਿੰਡਾਂ ਦਾ ਪਾਣੀ ਪਾਰਸੇ ਦੀ ਥਾਂ ਬਹੁਤਾ ਖੂਹ ਵਿੱਚ ਡੁਲਣ ਲੱਗਾ। ਕਦੇ ਕਦੇ ਮਾਹਲ ਦੇ ਬੈਡ ਦੀਆਂ ਰੱਬੀਆਂ ਤੋਂ ਉਤਾਂਹ ਹੇਠਾਂ ਹੋਣ ਨਾਲ ਇੱਕ ਤਕੜਾ ਧੜਕਾ ਪੈਦਾ ਹੁੰਦਾ, ਜਿਸ ਦੇ ਖੜਾਕ ਨਾਲ ਨੇੜ ਤੋੜ ਦੇ ਘਰਾਂ ਵਿੱਚ ਖਬਰ ਹੋ ਜਾਂਦੀ ਸੀ ਕਿ ਅੱਜ ਨਿਆਈਂ ਵਾਲਾ ਖੂਹ ਵਗ ਰਿਹਾ ਹੈ । ਕਈਆਂ ਜੱਟੀਆਂ ਨੂੰ ਟੱਬਵਰ ਦੇ ਮੇਲੇ ਕੱਪੜੇ ਧੋਣ ਦਾ ਚੇਤਾ ਆਉਂਦਾ ਅਤੇ ਆਪਣੇ ਕੰਮਾਂ ਨੂੰ ਛੋਹਲੀ ਨਾਲ ਨਬੇੜਨ ਲੱਗ ਜਾਂਦੀਆਂ।
ਕਿਸਾਨ ਵਗਦੇ ਖਾਲ ਦੀ ਵੱਟੇ-ਵੱਟ ਖੂਹ ਤੇ ਆ ਗਿਆ । ਰਾਹ ਵਿੱਚ ਵਗਦੇ ਪਾਣੀ ਨੂੰ ਧਿਆਨ ਨਾਲ ਵੇਖਦਾ ਆਇਆ ਕਿਤੇ ਪਾਣੀ ਟੁੱਟ ਤਾਂ ਨਹੀਂ ਗਿਆ । ਖੂਹ ਦੇ ਪਾਣੀ ਦਾ ਫ਼ਜੂਲ ਟੁੱਟ ਹਾਣਾ ਜੱਟ ਨੂੰ ਬੜਾ ਦੁਖੀ ਕਰਦਾ । ਅਜਿਹੇ ਮੌਕੇ ਉਹ ਕਦੇ ਆਪ ਨੂੰ ਤੇ ਕਦੇ ਰੱਬ ਨੂੰ
ਗਾਲਾਂ ਦੇਣੇ ਸੰਕੋਚ ਨਹੀਂ ਕਰਦਾ । ਕਿਉਂਕਿ ਕਿਸਾਨ ਦੇ ਵਿਸ਼ਵਾਸ ਵਿੱਚ ਰੱਬ ਹਰੇਕ ਚੰਗੇ ਮੰਦੇ ਕੰਮ ਦਾ ਕਰਤਾ ਹੈ। ਕਿਸਾਨ ਨੇ ਮੋਢੇ ਤੋਂ ਕਹੀ ਲਾਹ ਕੇ ਇੱਕ ਪਾਸੇ ਰੱਮੀ ਅਤੇ ਵਗਦੇ ਸੋਤੇ ਨੂੰ ਮੁਹਾਰ ਤੋਂ ਛਤ ਸੁਸ਼ਕਾਰ ਮਾਰ ਰੋਕਿਆ । ਸਿਆਣਾ ਜਾਨਵਰ ਭੱਟ ਦਮ ਲੈਣ ਲਈ ਰੁਕ ਗਿਆ । ਬੋਤਾ ਪਿਛਲੀਆਂ ਲੱਤਾਂ ਚੌੜੀਆਂ ਕਰਕੇ ਚੀਅੜ (ਪੇਸ਼ਾਬ ) ਕਰਨ ਲੱਗ ਪਿਆ। ਮਾਲਕ ਨੇ ਬੀਡੀ ਉਸਦੇ ਕੰਨ ਤੋਂ ਥੋੜੀ ਥੱਲੇ ਸਰਕਾ ਦਿੱਤੀ, ਤਾਂ ਜੁ ਅੰਥੀ ਥਾਂ ਨੂੰ ਹਵਾ ਲੱਗ ਜਾਵੇ ।
ਹੁਣ ਥੋੜਾ ਚਾਨਣ ਹੋ ਚੁੱਕਾ ਸੀ । ਹਲਟ ਦੇ ਖਲੋ ਜਾਣ ਨਾਲ ਉਸਦੇ ਚੱਲਣ ਵੇਲੇ ਦਾ ਰੌਲਾ ਮੁੱਕ ਗਿਆ ਸੀ ਅਤੇ ਨੇੜੇ ਦੇ ਵਾੜੇ ਵਿੱਚ ਕਿਸੇ ਦੇ ਪਾਥੀਆਂ ਪੱਥਣ ਦੀ ਅਵਾਜ ਆ ਰਹੀ ਸੀ । ਕਦੇ ਕੋਈ ਬੰਦਾ ਮਦਾਨ ਜਾਂਦਾ ਦਿਖਾਈ ਦਿੰਦਾ । ਬੋਤੇ ਦੇ ਪਿਸ਼ਾਬ ਕਰ ਹਟਣ ਪਿੱਛੋ ਮਾਲਕ ਨੇ ਫੇਰ ਬੀਡੀ ਉੱਤੇ ਕਰ ਦਿੱਤੀ ਅਤੇ ਹੂੰਗਰ ਮਾਰ ਕੇ ਉਸਨੂੰ ਤੋਰ ਦਿੱਤਾ । ਪਾਰਸੇ ਵਿੱਚ ਹੁਣ ਫਿਰ ਟਿੰਡਾਂ ਦੀਆਂ ਲਗਾਤਾਰ ਧਾਰਾਂ ਪੈਣ ਲੱਗੀਆਂ ਅਤੇ ਖਾਲ ਦਾ ਉਤਰਿਆ ਪਾਣੀ ਸਹੀ ਟਿਕਾਣੇ ਵਗਨ ਲੱਗਾ ।ਕਿਸਾਨ ਕਹੀ ਚੁਬੱਚੇ ਵਿੱਚ ਰੱਖ ਕੇ ਬਹਿ ਗਿਆ ਅਤੇ ਜੁੱਤੀ ਲਾਹ ਕੇ ਠਰੇ ਪੈਰਾਂ ਨੂੰ ਖੂਹ ਦੇ ਨਿਕਲਦੇ ਨਿੱਘੇ ਪਾਣੀ ਵਿੱਚ ਨਿਘਾਸ ਦੇਣ ਲਈ ਰੱਖ ਲਿਆ। ਓਦੋਂ ਹੀ ਕਿਸੇ ਨੇ ਲੋਹੇ ਦੀ ਕੜਾਹੀ ਕੋਲ ਰੱਖੀ ਅਤੇ ਉਸਦੀ ਅਵਾਜ ਨਾਲ ਕਿਸਾਨ ਤ੍ਰਭਕਿਆ।
"ਕੌਣ ਹੈ ?
ਫੇਰ ਆਪ ਹੀ ਜਨਾਨੀ ਵੇਖ ਕੇ ਝੇਪਰ ਗਿਆ।
““ਰੂਪ ਅੱਜ ਤੈਨੂੰ ਪਾਲੇ “ਚ ਕੀ ਵਖਤ ਪਿਆ ਏ ।" ਤੀਵੀਂ ਨੇ ਰੂਪ ਨੂੰ ਇਉਂ ਕਿਹਾ ਜਿਵੇਂ ਉਸ ਨਾਲ ਅੱਗੇ ਵੀ ਗੱਲਾਂ ਬਾਤਾਂ ਦੀ ਬੁਕਲ ਖੁੱਲੀ ਹੋਵੇ ।
“ਮੈਂ ਤਾਂ ਡਰ ਈ ਗਿਆ ਸੀ ਬਚਨੋ, ਚੋਰਾਂ ਵਾਂਗ ਤੂੰ ਗੈਬ ਚੋਂ ਕਿਧਰੋ ਨਿਕਲ ਆਈ ।
“ਤੈਨੂੰ ਸਾਰੇ ਚੋਰ ਹੀ ਦੀਂਹਦੇ ਆ ।" ਬਚਨੋ ਖਾਲ ਦੀ ਵੱਟ ਉੱਤੇ ਗੋਹੇ ਨਾਲ ਲਿਬੜੇ ਹੱਥ ਧੋਣ ਬਹਿ ਗਈ । ਤੂੰ ਬਚਕੇ ਰਹੀ ਕਿਤੇ ਲੁੱਟਿਆ ਨਾਂ ਜਾਈਂ ।
“ਅੰਦਰੋਂ ਤਾਂ ਸਾਰਾ ਲੁੱਟਿਆ ਪਿਆ ਆਂ ।"
ਬਚਨੀ ਨੇ ਚੁਫੇਰੇ ਤੱਕਦਿਆਂ ਆਖਿਆ:
“ਤੈਨੂੰ ਕੀਹਨੇ ਲੁੱਟ ਲਿਆ ?
“ਤੂੰ ਤਾਂ ਇਉਂ ਪੁੱਛਦੀ ਐ ਜਿਵੇਂ ਤੈਨੂੰ ਕੁਸ ਪਤਾ ਈ ਨੀ ਹੁੰਦਾ ।" ਰੂਪ ਨੇ ਟੇਢਿਆਂ ਵੇਖਦਿਆਂ ਕਿਹਾ।
“ਮੈਂ ਕਿਹੜਾ ਅੰਤਰਜਾਮੀ ਆਂ, ਬਈ ਤੇਰੇ ਦਿਲ ਦੀਆਂ ਬੁਝ ਲਵਾਂ । ਦੱਸੇ ਬਿਨਾ ਕੋਈ ਕਿਵੇਂ ਜਾਣੇ ", ਬਚਨੀ ਨੇ ਸਬ ਜਾਣਦਿਆਂ ਬੁਝਦਿਆਂ ਪੁੱਛਿਆ ।
“ ਖਰਚੀਏ ਤੇਰੀਆਂ ਬਰਛੀਆਂ ਰਾਤ ਦਿਨ ਡਾਕੇ ਮਾਰਦੀਆਂ, ਮਰ ਜਾਣ ਤੇਰੀਆਂ ਅੱਖਾਂ ।" ਰੂਪ ਨੇ ਬਚਨੀਆਂ ਅੱਖਾਂ ਵਿੱਚ ਅੱਖਾਂ ਗੱਡਦਿਆਂ ਕਿਹਾ।
ਬਚਨੋ ਅੰਦਰ ਬੜੀ ਖੁਸ਼ ਹੋਈ । ਉਹ ਬੜੇ ਚਿਰ ਦੀ ਰੂਪ ਦੀ ਜਵਾਨੀ ਤੇ ਮਰਦੀ ਸੀ । ਉਹ ਰੂਪ ਦੇ ਸ਼ਰੀਕੇ ਕਬੀਲੇ ਚੋਂ ਉਹਦੀ ਭਾਬੀ ਲਗਦੀ ਸੀ । ਬਚਨੋ ਦੇ ਮਾਲਕ ਸਾਧੂ ਸਿੰਘ ਦਾ ਇਹ ਦੂਜਾ ਵਿਆਹ ਸੀ । ਉਸਦੀ ਉਮਰ ਘਰਵਾਲੀ ਨਾਲੋਂ ਪੰਦਰਾਂ ਵਰੇ ਵੱਡੀ ਸੀ ਅਤੇ ਰੇਸ਼ੇ ਦੀ ਬਿਮਾਰੀ ਨਾਲ ਥੋੜਾ ਜੁੜਿਆ ਰਹਿੰਦਾ ਸੀ । ਭਾਂਵੇ ਬਚਨੋ ਰੂਪ ਨਾਲੋਂ ਸੱਤ ਅੱਠ ਵਰੇ ਵੱਡੀ ਸੀ, ਪਰ ਫਿਰ ਵੀ ਜਵਾਨੀ ਬੁੱਢੇ ਹੱਡਾਂ ਨਾਲੋਂ ਅਲੂਏ ਪਿੰਡੇ ਵੱਲ ਕੁਦਰਤੀ ਖਿੱਚ ਰੱਖਦੀ ਐ। ਬਚਨੋ ਬਹੁਤ ਹੁਸ਼ਿਆਰ ਤੇ ਖਚਰੀ ਸੀ । ਕਈ ਬੰਦੇ ਖਚਰੀ ਚਲਾਕੀ ਨੂੰ ਸਿਆਣਪ ਸਮਝਦੇ ਹਨ । ਬਚਨੋ ਨੂੰ ਆਪਣੀ ਅਜਿਹੀ ਸਿਆਣਪ ਤੇ ਬੜਾ ਮਾਣ ਸੀ । ਚੰਚਲਤਾ ਔਰਤ ਦੀ ਫਿਤਰਤ ਨੂੰ ਹਰ ਪਹਿਲੂ ਤੋਂ ਨੰਗਿਆਂ ਕਰ ਦਿੰਦੀ ਹੈ । ਇਸਦੇ ਉਲਟ ਰੂਪ ਸੀਲ-ਸੁਭਾਅ, ਦਿਲ ਦਾ ਨਿਰਛਲ ਤੇ ਭੋਲਾ ਸੀ । ਕਪਟ ਹੀਣ ਨਿਰਛਲਤਾ ਤਜਰਬੇ ਵਿੱਚ ਆ ਕੇ ਗੱਭੀਰ ਸਿਆਣਪ ਬਣ ਜਾਂਦੀ ਹੈ ਅਤੇ ਜਿੰਦਗੀ ਦੀਆਂ ਬਾਹਰਲੀਆਂ ਅਦਾਵਾਂ ਵਿੱਚੋਂ ਨਿਕਲ ਕੇ ਅੰਦਰ ਰਸ ਵਰਤਣ ਹੋ ਜਾਂਦੀ ਹੈ । ਸਬ ਕੁਝ ਜਾਣਦਿਆਂ ਬੁਝਦਿਆਂ ਬਚਨੋ ਨੇ ਰੂਪ ਨੂੰ ਪਰਤਾਉਣ ਲਈ ਕਿਹਾ:
“ਅਸੀਂ ਤੇਰੇ ਕਿੱਥੋਂ ਪਸਿੰਦ ਆਂ, ਤੈਨੂੰ ਤਾਂ ਰੂਪ ਦਾ ਹੰਕਾਰ ਐ।"
ਨਾਂ ਭਾਬੀ, ਸੌਂਹ ਗਊ ਦੀ, ਮੇਰੇ ਚਿੱਤ “ਚ ਉੱਕੀ ਕੋਈ ਗੱਲ ਨਹੀਂ। ਮੈਨੂੰ ਐਵੇਂ ਭਰਮ ਵੱਢ ਵੱਢ ਖਾਂਦਾ ਐ।"
“ਇਹਦਾ ਤਾਂ ਪਰਤਿਆਵਾ ਆ ਜਾਵੇਗਾ। ਬਚਨੋ ਨੇ ਗੋਹੇ ਦੀ ਲਿੱਬੜੀ ਕੜਾਹੀ ਧੰਦਿਆਂ ਕਿਹਾ।
“ਜਦੋਂ ਤੇਰਾ ਚਿੱਤ ਕਰੇ ਪਰਤਿਆ ਲਈ।" ਰੂਪ ਤੇ ਬਚਨੋ ਦੀਆਂ ਅੱਖਾਂ, ਇੱਕ ਦੂਜੇ ਨੂੰ ਮੁਸਕਰਾਉਂਦਿਆਂ ਕੁਝ ਸਮਝ-ਸਮਝਾ ਰਹੀਆਂ ਸਨ, ਜਿਹੜਾ ਕੁਝ ਸੰਗਦਿਆਂ ਮਨੁੱਖ ਕਦੇ ਆਖ ਨਹੀਂ ਸਕਦਾ ।
ਜਦ ਬਚਨੋ ਵਾੜੇ ਵਿੱਚੋਂ ਘੱਗਰਾ ਪਾ ਕੇ ਬਾਹਰ ਨਿੱਕਲੀ, ਚੜਦੇ ਵੱਲ ਲਾਲੀ ਦਾ ਪਰਕਾਸ਼ ਦੱਸਦਾ ਸੀ ਕਿ ਸੂਰਜ ਨਿਕਲਣ “ਚ ਬਹੁਤੀ ਦੇਰ ਨਹੀਂ । ਬਚਨੋ ਦੀ ਬੁੱਕਲ ਰਕਾਣਾਂ ਵਾਂਗ ਮਾਰੀ ਹੋਈ ਸੀ ਅਤੇ ਘੁੰਡ ਨੂੰ ਸੂਤ ਕਰਦਿਆਂ ਹਿੱਕ ਲੂਹਵੀਂ ਸੈਨਤ ਮਾਰੀ । ਰੂਪ ਕਸੀਸ ਵੱਟ ਕੇ ਰਹਿ ਗਿਆ । ਬਚਨੋ ਦੀ ਹਿੱਕ ਤੇ ਪਿਆ ਸੋਨੇ ਦਾ ਤਵੀਤ ਰੂਪ ਦਾ ਮੂੰਹ ਚਿੜਾਅ ਰਿਹਾ ਸੀ । ਉਸ ਜੋਰ ਦੀ ਕਹੀ ਪੀਨ ਪਰਨੇ ਭੇਜੇ ਮਾਰੀ ਤੇ ਬੁੱਲਾਂ ਨੂੰ ਦੰਦਾਂ ਹੇਠ ਤੋੜਦਾ, ਕਿਆਰਾ ਮੋੜਨ ਚਲਿਆ ਗਿਆ ।
ਰੂਪ ਅਠਾਰਾਂ ਵਰਿਆਂ ਦਾ ਅਨਦਾੜੀਆ ਗੱਭਰੂ ਸੀ । ਉਸ ਵਰਗਾ ਸੋਹਣਾ ਉੱਚਾ-ਲੰਮਾ ਤੇ ਭਰਿਆ ਜਵਾਨ ਨੇੜੇ ਤੇੜੇ ਨਹੀਂ ਸੀ । ਜਿਵੇਂ ਸੋਹਣੀ ਦੇ ਮਾਪਿਆਂ ਨੇ ਆਪਣੀ ਧੀ ਦਾ ਨਾਂ ਸੋਹਣੀ ਕਰਕੇ ਸੋਹਣੀ ਰੱਖਿਆ ਸੀ, ਇਸ ਤਰਾਂ ਹੀ ਰੂਪ ਦੇ ਮਾਂ ਪਿਉਂ ਨੇ ਰੂਪ ਦੀ ਸੁੰਦਰਤਾ ਕਰਕੇ ਇਸਦਾ ਨਾਮ ਰੂਪ ਰੱਖਿਆ ਸੀ । ਸਿਹਤ ਆਪਣੇ ਆਪ ਵਿੱਚ ਨਰੋਆ ਹੁਸਨ ਹੈ। ਨਕਸ਼ਾ ਦੀ ਤੀਖਣਤਾ ਨਾਲ ਗੋਰਾ ਰੰਗ ਮਿੱਠਾ ਪਿਆਰ ਬਣ ਗਿਆ ਸੀ । ਪਰ ਇਹਨਾਂ ਦੋਹਾਂ ਵਿੱਚ ਸਿਹਤ ਭਰਪੂਰ ਜੁਆਨ ਲਹੂ ਨੇ ਸੁਹਾਗ ਸੰਗ ਜੱਫੀ ਵਿੱਚ ਘੁੱਟ ਸੁੱਟਿਆਂ ਸੀ । ਲੰਘਦੇ ਪਾਂਧੀ ਰੂਪ ਨੂੰ ਵੇਖਕੇ ਇੱਕ ਹਸਰਤ ਨਾਲ ਲੈ ਜਾਂਦੇ ਕਿ ਉਹਨਾਂ ਨਵੇਂ ਪਿੰਡ ਵਿੱਚ ਰੱਬ ਦੀ ਕਿਤੇ ਵਿਹਲੇ ਬਹਿ ਕੇ ਬਣਾਈ ਸੂਰਤ ਵੇਖੀ ਹੈ । ਉਹ ਸਧਾਰਨ ਆਦਮੀ ਲਈ ਲੋਹੜੇ ਦੀ ਖਿੱਚ ਰੱਖਦਾ ਸੀ ।
ਉਸ ਦੇ ਮਾਂ ਪਿਉ ਨੂੰ ਮਰਿਆਂ ਚਿਰ ਹੋ ਗਿਆ ਸੀ । ਇੱਕ ਵੱਡੀ ਭੈਣ ਬਸੰਤ ਕੌਰ ਸੀ, ਜਿਸਦਾ ਵਿਆਹ ਉਸਦੇ ਪਿਉ ਨੇ ਆਪਣੇ ਜਿਉਂਦੇ ਜੀ ਕਰ ਦਿੱਤਾ ਸੀ ਅਤੇ ਉਹ ਆਪਨੇ ਸਹੁਰੀਂ ਸੁਖੀ ਵਸਦੀ ਸੀ । ਛੋਟੀ ਉਮਰ “ਚ ਹੀ ਰੂਪ ਨੂੰ ਉਸਦੇ ਪਿਤਾ ਨੇ ਦੁੱਧ-ਘਿਓ ਖੁੱਲਾ ਖਾਣ ਨੂੰ ਦਿੱਤਾ ਸੀ, ਉਹ ਸਾਲਾਂ ਨੂੰ ਮਹੀਨ ਤੇ ਮਹੀਨਿਆਂ ਨੂੰ ਦਿਨ ਬਣਾ ਕੇ ਜਵਾਨੀ ਚੜਿਆ ਸੀ । ਪਿਤਾ ਦੀ ਮੌਤ ਪਿੱਛੇ ਵੀ ਘਰੇ ਦੇ ਲਵੇਰੀਆਂ ਰਹੀਆਂ ਸਨ । ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ । ਉਸਦਾ ਆਪਨਾ ਵਿਆਹ ਮਾਤਾ ਪਿਤਾ ਸੁਰਗਵਾਸ ਹੋਣ ਪਿੱਛੋਂ ਹੋਇਆ ਸੀ, । ਉਹਨਾ ਦਿਨਾ ਵਿੱਚ ਘਰ ਨੂੰ ਭੈਣ ਬਸੰਤ ਕੌਰ ਨੇ ਸਾਂਭਿਆ । ਪਰ ਉਹ ਬਹੁਤਾ ਸਮਾ ਏਥੇ ਨਾ ਟਿਕ ਸਕੀ, ਕਿਉਂਕਿ ਕਿ ਉਸਦੇ ਆਪਣੇ ਸਹੁਰੇ ਘਰ ਵੀ ਦੋ ਹਲ ਦੀ ਵਾਹੀ ਚਲਦੀ ਸੀ ਤੇ ਏਥੋਂ ਨਾਲੋਂ ਕੰਮ ਵੀ ਡਿੱਗਣਾ ਸੀ ।
ਰੂਪ ਦੀ ਆਪਣੀ ਵਹੁਟੀ ਨਾਲ ਛੇਤੀ ਅਣਬਣ ਹੋਗਈ, ਕਿਉਂਕਿ ਉਹ ਯਾਰਾਂ ਦੀ ਢਾਣੀ ਵਿੱਚ ਬੈਠਾ ਚਿਰ ਲਾ ਦੇਂਦਾ ਸੀ ਤੇ ਅੱਧੀ ਰਾਤ ਗਈ ਘਰ ਆਉਣ ਤੇ ਘਰਆਲੀ ਝਗੜਾ ਕਰਦੀ ਸੀ । ਰੂਪ ਨੇ ਆਪਣੀ ਪਹਿਲੀ ਉਮਰ “ਚ ਰੱਜ ਕੇ ਅਜਾਦੀ ਮਾਣੀ ਸੀ । ਉਸ ਤੋਂ ਇਹ ਰੋਕ ਤੇ ਬੰਧਨ ਸਹਾਰੇ ਨਹੀਂ ਜਾਂਦੇ, ਇਸ ਦੇ ਉਲਟ ਉਸ ਦੀ ਘਰ ਵਾਲੀ ਭਰੇ ਪਰਿਵਾਰ ਵਿੱਚੋਂ ਆਈ ਸੀ ਅਤੇ ਉਸ ਦਾ ਇਕੱਲੀ ਦਾ ਘਰ ਜੀ ਨਹੀਂ ਸੀ ਲੱਗਦਾ, ਫਿਰ ਰਾਤ ਨੂੰ । ਦਿਨ ਸੌਦਾ ਕਰਦਿਆਂ ਦਿਹਾੜੀ ਲੰਘ ਜਾਂਦੀ, ਪਰ ਰਾਤ ਨੂੰ ਹਨੇਰੇ ਵਿੱਚ ਡੁੱਬ ਡੁੱਬ ਜਾਂਦੇ ਜੀਅ ਨੂੰ ਕੌਣ ਧਰਵਾਸ ਦੇਂਦਾ । ਜੇਕਰ ਰੂਪ ਦੇ ਘਰ ਵਾਲੀ ਥੋੜਾ ਗਿਲਾ ਮਰੋੜ ਮਹਿਸੂਸ ਕਰ ਕੇ ਪੇਕੀਂ ਚਲੀ ਜਾਂਦੀ, ਫਿਰ ਉਸ ਨੂੰ ਪਿੱਛਾ ਵਿਗੁਚਦੇ ਦਾ ਫਿਕਰ ਤੋੜ ਤੋੜ ਖਾਂਦਾ ਹੈ । ਇੱਕ ਸਾਲ ਦੇ ਸਮੇ ਵਿੱਚ ਇਹ ਖਿੱਚੋਤਾਣ ਦੋਹਾਂ ਵਿਚਕਾਰ ਵਧੇਰੇ ਹੋ ਗਈ । ਰੂਪ ਏਨਾਂ ਵਿੱਚ ਉਸਤੇ ਧੱਸ ਵੀ ਦੇਂਦਾ ਰਿਹਾ। ਉਠਦੀ ਮੂੰਹ-ਜੋਰ ਜਵਾਨੀ ਵਿੱਚ ਦਾਬੇ ਦੀਆਂ ਰੁਚੀਆਂ ਕੁਦਰਤੀ ਜਾਗ ਰਹੀਆਂ ਸਨ, ਜਿਹੜੀਆਂ ਮਰਦ ਮਨੁੱਖ ਔਰਤ ਨੂੰ ਗੁਲਾਮ ਰੱਖਣ ਲਈ ਆਪਣੇ ਪੁਰਾਣੇ ਬਜੁਰਗਾਂ ਤੋਂ ਵਿਰਾਸਤ ਵਿੱਚ ਲੈਂਦਾ ਹੈ । ਰੂਪ ਦੀ ਹੁਸਨ ਜਵਾਨੀ ਨੇ ਉਸਦੀ ਵਹੁਟੀ ਨੂੰ ਇੱਕ ਤਰਾਂ ਸ਼ੱਕੀ ਕਰ ਦਿੱਤਾ ਸੀ ।ਉਹ ਰੂਪ ਦੇ ਸੁਹੱਪਣ ਸਾਹਵੇਂ ਰੁਪਈਏ ਵਿੱਚ ਇੱਕ ਆਨਾ ਵੀ ਨਹੀਂ ਸੀ । ਅਜਿਹੀ ਅਵਸਥਾ ਵਿੱਚ ਔਰਤ ਆਪਣੇ ਮਰਦ ਦੀ ਸੱਚੀ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੀ ਅਤੇ ਉਸਦੇ ਵਿਰੋਧ ਵਿੱਚ ਹਰ ਨਿਰਮੂਲ ਗੱਲ ਦਾ ਅਸਰ ਕਬੂਲ ਜਾਂਦੀ ਹੈ । ਖਿੱਚੋਤਾਣ ਇੱਕ ਤਰਾਂ ਦੀ ਲੜਾਈ ਵਿੱਚ ਬਦਲ ਗਈ ਤੇ ਰੂਪ ਔਖਾ ਹੋਇਆ ਉਸਨੂੰ ਮਾਰਨ ਲੱਗ ਜਾਂਦਾ । ਦੁਖੀ ਹੋਇਆ ਰੂਪ ਇਹ ਜੰਜਾਲ ਗਲੋਂ ਲਾਹ ਦੇਣਾ ਚਾਹੁੰਦਾ । ਅਖੀਰ ਇੱਕ ਦਿਨ ਝਗੜਾ ਏਥੋਂ ਤੱਕ ਵਧਿਆ ਕਿ ਰੂਪ ਨੇ ਉਸਨੂੰ ਸਦਾ ਲਈ ਪੇਕੇ ਵਾੜ ਦਿਤਾ ਤੇ ਆਪ ਵੀ ਕਦੇ ਉਸਨੂੰ ਲੈਣ ਨਹੀਂ ਗਿਆ ਕਈ ਮਹੀਨੇ ਲੰਘ ਜਾਣ ਪਿੱਛੋਂ ਉਹਦੇ ਸੋਹਰਿਆਂ ਤੋਂ ਪੰਚਾਇਤ ਜੁੜਕੇ ਆਈ, ਪਰ ਉਸਨੇ ਪੰਚਾਇਤ ਨੂੰ ਸਾਫ਼ ਸਾਫ਼ ਜਵਾਬ ਦੇ ਕੇ ਮੋੜ ਦਿੱਤਾ । ਉਹ ਕਈ ਵਾਰ ਇਸ ਮਾਮਲੇ ਵਿੱਚ ਆਪਣਾ ਦੋਸ਼ੀ ਹੋਣਾ ਵੀ ਮੰਨਦਾ ਹੈ, ਪਰ ਵਧੇਰੇ ਮੂੰਹ-ਜੌਰ ਤੇ ਵਧੇਰੇ ਕੱਥੀ ਹੋਣ ਦਾ ਖਿਆਲ ਉਸਦੇ ਕਸੂਰ ਨੂੰ ਢਕ ਲੈਂਦਾ ਹੈ । ਉਹ ਆਪਣੀ ਵਹੁਟੀ ਨੂੰ ਛੱਡ ਕੇ ਤੇ ਦਿਲੋਂ ਭੁਲਾ ਕੇ ਪਰਸੰਨ ਸੀ । ਇੱਕ ਕੀਮਤੀ ਚੀਜ ਵੀ ਜਦ ਜਿੰਦਗੀ ਲਈ ਭਾਰ ਸਾਬਤ ਹੁੰਦੀ ਹੈ, ਤਾਂ ਉਸ ਨੂੰ ਤਿਆਗਣ ਦਾ ਅਫਸੋਸ ਸਤਾਉਣ ਦਾ ਕਾਰਨ ਨਹੀਂ ਬਣਦਾ ।
ਅੱਜ ਰੂਪ ਨੂੰ ਆਪ ਹਲਟ ਜੋੜਨਾ ਪਿਆ ਸੀ, ਕਿਉਂਕਿ ਉਸਦਾ ਸੀਰੀ ਕਈ ਦਿਨਾਂ ਦਾ ਕਿਸੇ ਰਿਸ਼ਤੇਦਾਰੀ ਚ ਗਿਆ ਹੋਇਆ ਸੀ ।ਰੂਪ
ਦੇ ਬੋਤੇ ਨੂੰ ਮਾਰੇ ਹੋਕਰੇ ਨੇੜੇ ਦੇ ਘਰਾਂ ਤੱਕ ਸਾਫ ਸੁਨਦੇ ਸਨ । ਚੁੱਪ ਫਿਜਾ ਵਿੱਚ ਅਵਾਜ ਦੂਰ ਤੱਕ ਚਲੀ ਜਾਂਦੀ ਹੈ । ਬਚਨੋ ਤੇ ਰੂਪ ਦੇ ਘਰ ਖੂਹ ਤੋਂ ਦੂਰ ਨਹੀਂ ਸਨ । ਰੂਪ ਦੇ ਲਲਕਾਰਿਆਂ ਨੇ ਬਚਨੀ ਨੂੰ ਅੱਜ ਸਵਖਤੇ ਹੀ ਜਗਾ ਦਿੱਤਾ ਸੀ । ਛੇਤੀ ਦੁੱਧ ਰਿੜਕ ਉਸ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ, ਤੇ ਪਾਥੀਆਂ ਪੱਥ ਕੇ ਰੂਪ ਨੂੰ ਮਿਲਣ ਦਾ ਮੌਕਾ ਮਸੀ ਹੱਥ ਲਿਆ ਸੀ । ਜਿੰਦਗੀ ਪਿਆਰ ਦੀ ਆਸ਼ਕ ਹੈ ਪਰ ਜਵਾਨੀ ਪਿਆਰ ਵਿੱਚ ਕਤਲ ਹੈ । ਫਿਤਰਤ ਜਿੰਦਗੀ ਨੂੰ ਉਸ ਦੀਆਂ ਲੋੜਾ ਅਨੁਸਾਰ: ਹਸਾਂਦੀ ਤੇ ਜਖਮੀ ਕਰਦੀ ਹੈ।
ਖੂਹ ਚੱਲ ਰਿਹਾ ਸੀ ਤੇ ਰੂਪ ਦੇ ਦਿਮਾਗ ਵਿੱਚ ਬਚਨੋ ਦੇ ਖਿਆਲ ਘੁੰਮ ਰਹੇ ਸਨ । ਉਸ ਸੋਚਦਾ "ਬਚਨੀ ਮੇਰੇ ਨਾਲ ਐਨੀਆਂ ਖੁੱਲ ਕੇ ਗੱਲਾਂ ਕਿਉਂ ਕਰਦੀ ਰਹੀ। " ਉਸ ਦੀਆਂ ਨਜਰਾਂ ਥੋੜੇ ਸਮੇ ਤੋਂ ਕਿਸੇ ਚੌਹ ਮੋਹ ਵਿੱਚ ਰਹਿੰਦੀਆਂ । ਸਾਧੂ ਵੀ ਹੁਣ ਦਿਨੋ ਦਿਨ ਮਾਤ ਪੈਂਦਾ ਜਾਂਦਾ ਏ ਤੇ ਇਹਦੀ ਜਵਾਨੀ ਹਾਲੇ ਖਸਮਾਂ ਨੂੰ ਖਾਂਦੀ ਏ । ਇੱਕ ਕੁੜੀ ਜੰਮ ਕੇ ਵੀ ਕੋਈ ਬੁੱਢੀ ਹੋ ਜਾਂਦੀ ਏ ? ਇਹਦੇ ਸਰੀਰ ਦੀ ਤਾਂ ਜੜਤੀ ਹੀ ਲਿਫਣ ਵਾਲੀ ਨਹੀਂ । ਜਦੋਂ ਲੀੜੇ ਪਾ ਕੇ ਨਿਕਲਦੀ ਹੈ ਤਾਂ ਸਾਲੀ ਦਾ ਮੁਸ਼ਕੀ ਰੰਗ ਮਹਿਕ ਉੱਠਦਾ ਏ ।
ਫਿਰ ਉਹ ਬਚਨੀ ਬਾਰੇ ਕੁਝ ਹੋਰ ਖਿਆਲ ਕਰਨ ਲੱਗ ਪਿਆ ।
“ਭਲਾ ਅੱਜ ਉਹ ਮੇਰੇ ਕੋਲ ਏਨਾ ਚਿਰ ਕਿਉਂ ਬੈਠੀ ਰਹੀ ਤੇ ਮੈਂ ਕੁਸ ਪੁੱਛਿਆ ਵੀ ਨਾ ਤੇ ਉਹਨੂੰ ਸਰਮ ਆ ਗਈ । ਉਸ ਨੇ ਆਲੇ-ਦੁਆਲੇ ਨੂੰ ਤੱਕਿਆ ਜਿਵੇਂ ਉਹ ਕੁਝ ਚੋਰੀ ਕਰਦਾ ਫੜਿਆ ਗਿ ਹੋਵੇ । ਫਿਰ ਉਹ ਹੇਠਲਾ ਬੁੱਲ ਦਬਾ ਕੇ ਹੱਸ ਪਿਆ।
ਉਸਦੀ ਘਰਵਾਲੀ ਨੂੰ ਛੱਡਿਆਂ ਪੂਰੇ ਛੇ ਮਹੀਨੇ ਹੋ ਗਏ ਸਨ ਤੇ ਸਾਕ ਹਾਲੇ ਕੋਈ ਨਹੀਂ ਹੋਇਆ ਸੀ । ਛੱਡੀ ਵਹੁਟੀ ਤੋਂ ਕੋਈ ਛੇਤੀ ਸਾਕ ਨਹੀ ਸੀ ਕਰਦਾ । ਉਸਦੀ ਕੁਲ ਜਮੀਨ ਦਸ ਘੁਮਾਂ ਸੀ । ਨਵੇਂ ਪਿੰਡ ਦੀ ਦਸ ਘਮਾਂ ਲਾਇਲਪੁਰ ਦੀਆਂ ਬਾਰਾਂ ਦੇ ਇੱਕ ਮੁਰੱਬੇ ਦਾ ਮੁਕਾਬਲਾ ਕਰਦੀ ਸੀ । ਸਾਰੀ ਜਮੀਨ ਕੱਸੀ ਜਾਂ ਖੂਹ ਤੇ ਸੀ । ਰੂਪ ਦਾ ਪਿਤਾ ਪਹਿਲੀ ਉਮਰ ਵਿੱਚ ਅਮਰੀਕਾ ਹੋ ਆਇਆ ਸੀ, ਜਿਸ ਕਰਕੇ ਘਰ ਵਿੱਚ ਪੇਸੇ ਵੱਲੋਂ ਬੰਦਿਆਈ ਨਹੀਂ ਗਈ ਸੀ । ਭਾਂਵੇ ਸਾਰਾ ਕੁਝ ਰੂਪ ਦੀ ਭੈਣ ਦੇ ਹੱਥ ਵੱਸ ਹੋਣ ਕਰਕੇ ਚੋਰੀ ਛਿੱਪੇ ਬਹੁਤ ਕੁਝ ਲੈ ਗਈ ਸੀ, ਪਰ ਰੂਪ ਦੇ ਖਾਣ ਪੀਣ ਲਈ ਕਾਫੀ ਕੁਝ ਸੀ । ਕਈ ਇਕ ਆਉਂਦੇ ਸਾਕ ਉਸ ਆਪ ਹੀ ਮੋੜ ਜਦਿੱਤੇ ਸਨ । ਉਹ ਕਿਸੇ ਛੱਡੀ ਪਤਨੀ ਦਾ ਵੱਡਾ ਨੁਕਸ ਸਮਝਦੇ ਸਨ । ਪਿਤਾ ਦੇ ਮਰਨ ਪਿੱਛੋਂ ਉਹ ਅੱਠਵੀਂ ਚੋਂ ਹਟ ਗਿਆ ਸੀ ਤੇ ਜੋ ਕੁਝ ਆਉਂਦਾ ਸੀ ਭੁੱਲ ਚੁੱਕਾ ਸੀ ਜਾਂ ਭੁੱਲਦਾ ਜਾ ਰਿਹਾ ਸੀ । ਪਹਿਲੀ ਉਮਰ ਚ ਉਸਨੂੰ ਵਿੱਦਿਆ ਨਾਲੋਂ ਹਾਣੀ ਮੁੰਡਿਆਂ ਦੀ ਖੇਡ ਦਾ ਸ਼ੁਗਲ ਪਿਆਰਾ ਸੀ।
ਰੂਪ ਸੇਂਜੀ ਵੇਖਦਾ ਵੇਖਦਾ ਖੂਹ ਵੱਲ ਨੂੰ ਮੁੜਿਆ । ਉਸ ਬੋਤੇ ਨੂੰ ਇੱਕ ਵਾਰ ਰੋਕ ਕੇ ਦਮ ਦੁਆਇਆ । ਦਮ ਲੈ ਕੇ ਬੈਤਾ ਦੂਣਾ ਹੋ ਕੇ ਵਗਦਾ ਸੀ । ਜਦ ਉਸ ਬੋਤੇ ਨੂੰ ਤੋਰਿਆ ਤਾਂ ਉਦੋਂ ਬਚਨੀ ਪਿੰਡ ਵੱਲੋਂ ਖਾਲੀ ਟੈਕਰੀ ਚੱਕੀ ਆ ਰਹੀ ਸੀ । ਰੂਪ ਨੂੰ ਉਹਦੀ ਤੋਰ ਮੁਰਗਾਈ ਤੁਰਦੀ ਜਾਪੀ । ਵਾਡੇ ਵੜਦਿਆਂ ਬਚਨੋ ਅਨੁਖੀ ਸੈਨਤ ਵਿੱਚ ਮੁਸਕੁਰਾਈ । ਰੂਪ ਨੇ ਧੁੜਧੁੜੀ ਲੈਂਦਿਆਂ ਮਹਿਸੂਸ ਕੀਤਾ, ਜਿਵੇਂ ਉਸ ਦੀਆਂ ਅੱਖਾਂ ਬੁਲਾਵਾ ਦੇ ਰਹੀਆਂ ਹੋਣ, ਉਸਤੋਂ ਬਚਨੋ ਦਾ ਇੰਝ ਮੁਸਕੁਰਾਉਣਾ ਸਹਾਰਿਆ ਨਾ ਗਿਆ । ਉਸ ਵਾੜੇ ਦੇ ਪਿਛਲੇ ਪਾਸੇ ਚਾਰ ਚੁਫੇਰੇ ਨਜਰ ਮਾਰੀ, ਉਸਨੂੰ ਕੋਈ ਨਹੀਂ ਸੀ ਵਿਖ ਰਿਹਾ। ਉਹ ਬੜੀ ਫੁਰਤੀ ਨਾਲ ਕੰਧ ਟੱਪ ਗਿਆ । ਬਚਨੋ ਦੀਆਂ ਅੱਖਾਂ ਤੇ ਬੁੱਲ ਗੁੱਝੇ ਹੱਸ ਰਹੇ ਸਨ ਅਤੇ ਉਹ ਛੋਟੀ ਜਿਹੀ ਗਹੀਰੀ ਵਿੱਚੋਂ ਪਾਥੀਆਂ ਕੱਢ ਕੱਢ ਆਪਣੀ ਟੋਕਰੀ ਵਿੱਚ ਰੱਖ ਰਹੀ ਸੀ ।ਉਸ ਰੂਪ ਤੋਂ ਹੌਲੀ ਜਿਹੀ ਪੁੱਛਿਆ:
“ਅੱਜ ਤੂੰ ਚੋਰਾਂ ਵਾਂਗ.....।”
“ਮੈਂ ਕਿਹਾ ਅੱਜ ਮੈਂ ਚੋਰੀ ਕਰਕੇ ਵੇਖ ਲਾਂ।"
ਉਸ ਧੜਕਦੇ ਦਿਲ ਨਾਲ ਬਚਨੋ ਦੀ ਬਾਂਹ ਫੜ ਲਈ । ਦੂਜੇ ਹੱਥ ਨਾਲ ਬਚਨੋ ਨੇ ਗਹੀਰੀ ਚੋਂ ਪਾਥੀ ਖਿੱਚੀ ਤੇ ਸਾਰੀ ਗਹੀਰੀ ਢਹਿ ਗਈ । ਬਚਨੋ ਨੀਮ ਰਜ਼ਾਮੰਦੀ ਵਿੱਚ ਬਾਂਹ ਛੁਡਾਉਣ ਦਾ ਯਤਨ ਕਰ ਰਹੀ ਸੀ ।
“ਰੂਪ ਸੌਂਹ ਭਰਾ ਦੀ ।"
ਬਚਨੋ ਖੁਦ ਰੂਪ ਨੂੰ ਨਹੀਂ ਛੱਡਣਾ ਚਾਹੁੰਦੀ ਸੀ, ਪਰ ਉਹ ਆਪਣੇ ਸੁਆਰਥ ਦੀ ਜਿੱਤ ਨਾਲ ਸੱਚੀ ਵੀ ਰਹਿਣਾ ਚਾਹੁੰਦੀ ਸੀ, ਜਿਸਨੂੰ ਰੂਪ ਅੱਲੜ ਸੁਭਾਅ ਵਿੱਚ ਨਹੀਂ ਸਮਝ ਸਕਦਾ ਸੀ । ਉਹਨਾ ਕਾਰਨਾ ਨੂੰ ਉਹ ਦੋਵੇਂ ਨਹੀਂ ਸਮਝਦੇ ਸਨ, ਜਿੰਨਾ ਨੇ ਦੋਹਾਂ ਨੂੰ ਖਿੱਚ ਕੇ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ । ਘਰ ਨੂੰ ਜਾਂਦੀ ਬਚਨੋ ਪਰਸੰਨ ਚਿੱਤ ਸੋਚ ਰਹੀ ਸੀ, ਕਿ ਚੰਗਾ ਹੋਵੇ ਜੇ ਰੂਪ ਨਿੱਤ ਹੀ ਹਲਟ ਜੋੜਿਆ ਕਰੇ ।
ਸੁਣ ਵੇ ਮੁੰਡਿਆ ਫੁੱਲ ਵਾਲਿਆ
ਫੁੱਲ ਤੇਰਾ ਲਾਹ ਲਾਂਗੇ