ਨਾਂ ਭਾਬੀ, ਸੌਂਹ ਗਊ ਦੀ, ਮੇਰੇ ਚਿੱਤ “ਚ ਉੱਕੀ ਕੋਈ ਗੱਲ ਨਹੀਂ। ਮੈਨੂੰ ਐਵੇਂ ਭਰਮ ਵੱਢ ਵੱਢ ਖਾਂਦਾ ਐ।"
“ਇਹਦਾ ਤਾਂ ਪਰਤਿਆਵਾ ਆ ਜਾਵੇਗਾ। ਬਚਨੋ ਨੇ ਗੋਹੇ ਦੀ ਲਿੱਬੜੀ ਕੜਾਹੀ ਧੰਦਿਆਂ ਕਿਹਾ।
“ਜਦੋਂ ਤੇਰਾ ਚਿੱਤ ਕਰੇ ਪਰਤਿਆ ਲਈ।" ਰੂਪ ਤੇ ਬਚਨੋ ਦੀਆਂ ਅੱਖਾਂ, ਇੱਕ ਦੂਜੇ ਨੂੰ ਮੁਸਕਰਾਉਂਦਿਆਂ ਕੁਝ ਸਮਝ-ਸਮਝਾ ਰਹੀਆਂ ਸਨ, ਜਿਹੜਾ ਕੁਝ ਸੰਗਦਿਆਂ ਮਨੁੱਖ ਕਦੇ ਆਖ ਨਹੀਂ ਸਕਦਾ ।
ਜਦ ਬਚਨੋ ਵਾੜੇ ਵਿੱਚੋਂ ਘੱਗਰਾ ਪਾ ਕੇ ਬਾਹਰ ਨਿੱਕਲੀ, ਚੜਦੇ ਵੱਲ ਲਾਲੀ ਦਾ ਪਰਕਾਸ਼ ਦੱਸਦਾ ਸੀ ਕਿ ਸੂਰਜ ਨਿਕਲਣ “ਚ ਬਹੁਤੀ ਦੇਰ ਨਹੀਂ । ਬਚਨੋ ਦੀ ਬੁੱਕਲ ਰਕਾਣਾਂ ਵਾਂਗ ਮਾਰੀ ਹੋਈ ਸੀ ਅਤੇ ਘੁੰਡ ਨੂੰ ਸੂਤ ਕਰਦਿਆਂ ਹਿੱਕ ਲੂਹਵੀਂ ਸੈਨਤ ਮਾਰੀ । ਰੂਪ ਕਸੀਸ ਵੱਟ ਕੇ ਰਹਿ ਗਿਆ । ਬਚਨੋ ਦੀ ਹਿੱਕ ਤੇ ਪਿਆ ਸੋਨੇ ਦਾ ਤਵੀਤ ਰੂਪ ਦਾ ਮੂੰਹ ਚਿੜਾਅ ਰਿਹਾ ਸੀ । ਉਸ ਜੋਰ ਦੀ ਕਹੀ ਪੀਨ ਪਰਨੇ ਭੇਜੇ ਮਾਰੀ ਤੇ ਬੁੱਲਾਂ ਨੂੰ ਦੰਦਾਂ ਹੇਠ ਤੋੜਦਾ, ਕਿਆਰਾ ਮੋੜਨ ਚਲਿਆ ਗਿਆ ।
ਰੂਪ ਅਠਾਰਾਂ ਵਰਿਆਂ ਦਾ ਅਨਦਾੜੀਆ ਗੱਭਰੂ ਸੀ । ਉਸ ਵਰਗਾ ਸੋਹਣਾ ਉੱਚਾ-ਲੰਮਾ ਤੇ ਭਰਿਆ ਜਵਾਨ ਨੇੜੇ ਤੇੜੇ ਨਹੀਂ ਸੀ । ਜਿਵੇਂ ਸੋਹਣੀ ਦੇ ਮਾਪਿਆਂ ਨੇ ਆਪਣੀ ਧੀ ਦਾ ਨਾਂ ਸੋਹਣੀ ਕਰਕੇ ਸੋਹਣੀ ਰੱਖਿਆ ਸੀ, ਇਸ ਤਰਾਂ ਹੀ ਰੂਪ ਦੇ ਮਾਂ ਪਿਉਂ ਨੇ ਰੂਪ ਦੀ ਸੁੰਦਰਤਾ ਕਰਕੇ ਇਸਦਾ ਨਾਮ ਰੂਪ ਰੱਖਿਆ ਸੀ । ਸਿਹਤ ਆਪਣੇ ਆਪ ਵਿੱਚ ਨਰੋਆ ਹੁਸਨ ਹੈ। ਨਕਸ਼ਾ ਦੀ ਤੀਖਣਤਾ ਨਾਲ ਗੋਰਾ ਰੰਗ ਮਿੱਠਾ ਪਿਆਰ ਬਣ ਗਿਆ ਸੀ । ਪਰ ਇਹਨਾਂ ਦੋਹਾਂ ਵਿੱਚ ਸਿਹਤ ਭਰਪੂਰ ਜੁਆਨ ਲਹੂ ਨੇ ਸੁਹਾਗ ਸੰਗ ਜੱਫੀ ਵਿੱਚ ਘੁੱਟ ਸੁੱਟਿਆਂ ਸੀ । ਲੰਘਦੇ ਪਾਂਧੀ ਰੂਪ ਨੂੰ ਵੇਖਕੇ ਇੱਕ ਹਸਰਤ ਨਾਲ ਲੈ ਜਾਂਦੇ ਕਿ ਉਹਨਾਂ ਨਵੇਂ ਪਿੰਡ ਵਿੱਚ ਰੱਬ ਦੀ ਕਿਤੇ ਵਿਹਲੇ ਬਹਿ ਕੇ ਬਣਾਈ ਸੂਰਤ ਵੇਖੀ ਹੈ । ਉਹ ਸਧਾਰਨ ਆਦਮੀ ਲਈ ਲੋਹੜੇ ਦੀ ਖਿੱਚ ਰੱਖਦਾ ਸੀ ।
ਉਸ ਦੇ ਮਾਂ ਪਿਉ ਨੂੰ ਮਰਿਆਂ ਚਿਰ ਹੋ ਗਿਆ ਸੀ । ਇੱਕ ਵੱਡੀ ਭੈਣ ਬਸੰਤ ਕੌਰ ਸੀ, ਜਿਸਦਾ ਵਿਆਹ ਉਸਦੇ ਪਿਉ ਨੇ ਆਪਣੇ ਜਿਉਂਦੇ ਜੀ ਕਰ ਦਿੱਤਾ ਸੀ ਅਤੇ ਉਹ ਆਪਨੇ ਸਹੁਰੀਂ ਸੁਖੀ ਵਸਦੀ ਸੀ । ਛੋਟੀ ਉਮਰ “ਚ ਹੀ ਰੂਪ ਨੂੰ ਉਸਦੇ ਪਿਤਾ ਨੇ ਦੁੱਧ-ਘਿਓ ਖੁੱਲਾ ਖਾਣ ਨੂੰ ਦਿੱਤਾ ਸੀ, ਉਹ ਸਾਲਾਂ ਨੂੰ ਮਹੀਨ ਤੇ ਮਹੀਨਿਆਂ ਨੂੰ ਦਿਨ ਬਣਾ ਕੇ ਜਵਾਨੀ ਚੜਿਆ ਸੀ । ਪਿਤਾ ਦੀ ਮੌਤ ਪਿੱਛੇ ਵੀ ਘਰੇ ਦੇ ਲਵੇਰੀਆਂ ਰਹੀਆਂ ਸਨ । ਖਾਣ ਪੀਣ ਦੀ ਕੋਈ ਪਰਵਾਹ ਨਹੀਂ ਸੀ । ਉਸਦਾ ਆਪਨਾ ਵਿਆਹ ਮਾਤਾ ਪਿਤਾ ਸੁਰਗਵਾਸ ਹੋਣ ਪਿੱਛੋਂ ਹੋਇਆ ਸੀ, । ਉਹਨਾ ਦਿਨਾ ਵਿੱਚ ਘਰ ਨੂੰ ਭੈਣ ਬਸੰਤ ਕੌਰ ਨੇ ਸਾਂਭਿਆ । ਪਰ ਉਹ ਬਹੁਤਾ ਸਮਾ ਏਥੇ ਨਾ ਟਿਕ ਸਕੀ, ਕਿਉਂਕਿ ਕਿ ਉਸਦੇ ਆਪਣੇ ਸਹੁਰੇ ਘਰ ਵੀ ਦੋ ਹਲ ਦੀ ਵਾਹੀ ਚਲਦੀ ਸੀ ਤੇ ਏਥੋਂ ਨਾਲੋਂ ਕੰਮ ਵੀ ਡਿੱਗਣਾ ਸੀ ।
ਰੂਪ ਦੀ ਆਪਣੀ ਵਹੁਟੀ ਨਾਲ ਛੇਤੀ ਅਣਬਣ ਹੋਗਈ, ਕਿਉਂਕਿ ਉਹ ਯਾਰਾਂ ਦੀ ਢਾਣੀ ਵਿੱਚ ਬੈਠਾ ਚਿਰ ਲਾ ਦੇਂਦਾ ਸੀ ਤੇ ਅੱਧੀ ਰਾਤ ਗਈ ਘਰ ਆਉਣ ਤੇ ਘਰਆਲੀ ਝਗੜਾ ਕਰਦੀ ਸੀ । ਰੂਪ ਨੇ ਆਪਣੀ ਪਹਿਲੀ ਉਮਰ “ਚ ਰੱਜ ਕੇ ਅਜਾਦੀ ਮਾਣੀ ਸੀ । ਉਸ ਤੋਂ ਇਹ ਰੋਕ ਤੇ ਬੰਧਨ ਸਹਾਰੇ ਨਹੀਂ ਜਾਂਦੇ, ਇਸ ਦੇ ਉਲਟ ਉਸ ਦੀ ਘਰ ਵਾਲੀ ਭਰੇ ਪਰਿਵਾਰ ਵਿੱਚੋਂ ਆਈ ਸੀ ਅਤੇ ਉਸ ਦਾ ਇਕੱਲੀ ਦਾ ਘਰ ਜੀ ਨਹੀਂ ਸੀ ਲੱਗਦਾ, ਫਿਰ ਰਾਤ ਨੂੰ । ਦਿਨ ਸੌਦਾ ਕਰਦਿਆਂ ਦਿਹਾੜੀ ਲੰਘ ਜਾਂਦੀ, ਪਰ ਰਾਤ ਨੂੰ ਹਨੇਰੇ ਵਿੱਚ ਡੁੱਬ ਡੁੱਬ ਜਾਂਦੇ ਜੀਅ ਨੂੰ ਕੌਣ ਧਰਵਾਸ ਦੇਂਦਾ । ਜੇਕਰ ਰੂਪ ਦੇ ਘਰ ਵਾਲੀ ਥੋੜਾ ਗਿਲਾ ਮਰੋੜ ਮਹਿਸੂਸ ਕਰ ਕੇ ਪੇਕੀਂ ਚਲੀ ਜਾਂਦੀ, ਫਿਰ ਉਸ ਨੂੰ ਪਿੱਛਾ ਵਿਗੁਚਦੇ ਦਾ ਫਿਕਰ ਤੋੜ ਤੋੜ ਖਾਂਦਾ ਹੈ । ਇੱਕ ਸਾਲ ਦੇ ਸਮੇ ਵਿੱਚ ਇਹ ਖਿੱਚੋਤਾਣ ਦੋਹਾਂ ਵਿਚਕਾਰ ਵਧੇਰੇ ਹੋ ਗਈ । ਰੂਪ ਏਨਾਂ ਵਿੱਚ ਉਸਤੇ ਧੱਸ ਵੀ ਦੇਂਦਾ ਰਿਹਾ। ਉਠਦੀ ਮੂੰਹ-ਜੋਰ ਜਵਾਨੀ ਵਿੱਚ ਦਾਬੇ ਦੀਆਂ ਰੁਚੀਆਂ ਕੁਦਰਤੀ ਜਾਗ ਰਹੀਆਂ ਸਨ, ਜਿਹੜੀਆਂ ਮਰਦ ਮਨੁੱਖ ਔਰਤ ਨੂੰ ਗੁਲਾਮ ਰੱਖਣ ਲਈ ਆਪਣੇ ਪੁਰਾਣੇ ਬਜੁਰਗਾਂ ਤੋਂ ਵਿਰਾਸਤ ਵਿੱਚ ਲੈਂਦਾ ਹੈ । ਰੂਪ ਦੀ ਹੁਸਨ ਜਵਾਨੀ ਨੇ ਉਸਦੀ ਵਹੁਟੀ ਨੂੰ ਇੱਕ ਤਰਾਂ ਸ਼ੱਕੀ ਕਰ ਦਿੱਤਾ ਸੀ ।ਉਹ ਰੂਪ ਦੇ ਸੁਹੱਪਣ ਸਾਹਵੇਂ ਰੁਪਈਏ ਵਿੱਚ ਇੱਕ ਆਨਾ ਵੀ ਨਹੀਂ ਸੀ । ਅਜਿਹੀ ਅਵਸਥਾ ਵਿੱਚ ਔਰਤ ਆਪਣੇ ਮਰਦ ਦੀ ਸੱਚੀ ਗੱਲ ਤੇ ਵੀ ਵਿਸ਼ਵਾਸ ਨਹੀਂ ਕਰਦੀ ਅਤੇ ਉਸਦੇ ਵਿਰੋਧ ਵਿੱਚ ਹਰ ਨਿਰਮੂਲ ਗੱਲ ਦਾ ਅਸਰ ਕਬੂਲ ਜਾਂਦੀ ਹੈ । ਖਿੱਚੋਤਾਣ ਇੱਕ ਤਰਾਂ ਦੀ ਲੜਾਈ ਵਿੱਚ ਬਦਲ ਗਈ ਤੇ ਰੂਪ ਔਖਾ ਹੋਇਆ ਉਸਨੂੰ ਮਾਰਨ ਲੱਗ ਜਾਂਦਾ । ਦੁਖੀ ਹੋਇਆ ਰੂਪ ਇਹ ਜੰਜਾਲ ਗਲੋਂ ਲਾਹ ਦੇਣਾ ਚਾਹੁੰਦਾ । ਅਖੀਰ ਇੱਕ ਦਿਨ ਝਗੜਾ ਏਥੋਂ ਤੱਕ ਵਧਿਆ ਕਿ ਰੂਪ ਨੇ ਉਸਨੂੰ ਸਦਾ ਲਈ ਪੇਕੇ ਵਾੜ ਦਿਤਾ ਤੇ ਆਪ ਵੀ ਕਦੇ ਉਸਨੂੰ ਲੈਣ ਨਹੀਂ ਗਿਆ ਕਈ ਮਹੀਨੇ ਲੰਘ ਜਾਣ ਪਿੱਛੋਂ ਉਹਦੇ ਸੋਹਰਿਆਂ ਤੋਂ ਪੰਚਾਇਤ ਜੁੜਕੇ ਆਈ, ਪਰ ਉਸਨੇ ਪੰਚਾਇਤ ਨੂੰ ਸਾਫ਼ ਸਾਫ਼ ਜਵਾਬ ਦੇ ਕੇ ਮੋੜ ਦਿੱਤਾ । ਉਹ ਕਈ ਵਾਰ ਇਸ ਮਾਮਲੇ ਵਿੱਚ ਆਪਣਾ ਦੋਸ਼ੀ ਹੋਣਾ ਵੀ ਮੰਨਦਾ ਹੈ, ਪਰ ਵਧੇਰੇ ਮੂੰਹ-ਜੌਰ ਤੇ ਵਧੇਰੇ ਕੱਥੀ ਹੋਣ ਦਾ ਖਿਆਲ ਉਸਦੇ ਕਸੂਰ ਨੂੰ ਢਕ ਲੈਂਦਾ ਹੈ । ਉਹ ਆਪਣੀ ਵਹੁਟੀ ਨੂੰ ਛੱਡ ਕੇ ਤੇ ਦਿਲੋਂ ਭੁਲਾ ਕੇ ਪਰਸੰਨ ਸੀ । ਇੱਕ ਕੀਮਤੀ ਚੀਜ ਵੀ ਜਦ ਜਿੰਦਗੀ ਲਈ ਭਾਰ ਸਾਬਤ ਹੁੰਦੀ ਹੈ, ਤਾਂ ਉਸ ਨੂੰ ਤਿਆਗਣ ਦਾ ਅਫਸੋਸ ਸਤਾਉਣ ਦਾ ਕਾਰਨ ਨਹੀਂ ਬਣਦਾ ।
ਅੱਜ ਰੂਪ ਨੂੰ ਆਪ ਹਲਟ ਜੋੜਨਾ ਪਿਆ ਸੀ, ਕਿਉਂਕਿ ਉਸਦਾ ਸੀਰੀ ਕਈ ਦਿਨਾਂ ਦਾ ਕਿਸੇ ਰਿਸ਼ਤੇਦਾਰੀ ਚ ਗਿਆ ਹੋਇਆ ਸੀ ।ਰੂਪ
ਦੇ ਬੋਤੇ ਨੂੰ ਮਾਰੇ ਹੋਕਰੇ ਨੇੜੇ ਦੇ ਘਰਾਂ ਤੱਕ ਸਾਫ ਸੁਨਦੇ ਸਨ । ਚੁੱਪ ਫਿਜਾ ਵਿੱਚ ਅਵਾਜ ਦੂਰ ਤੱਕ ਚਲੀ ਜਾਂਦੀ ਹੈ । ਬਚਨੋ ਤੇ ਰੂਪ ਦੇ ਘਰ ਖੂਹ ਤੋਂ ਦੂਰ ਨਹੀਂ ਸਨ । ਰੂਪ ਦੇ ਲਲਕਾਰਿਆਂ ਨੇ ਬਚਨੀ ਨੂੰ ਅੱਜ ਸਵਖਤੇ ਹੀ ਜਗਾ ਦਿੱਤਾ ਸੀ । ਛੇਤੀ ਦੁੱਧ ਰਿੜਕ ਉਸ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ, ਤੇ ਪਾਥੀਆਂ ਪੱਥ ਕੇ ਰੂਪ ਨੂੰ ਮਿਲਣ ਦਾ ਮੌਕਾ ਮਸੀ ਹੱਥ ਲਿਆ ਸੀ । ਜਿੰਦਗੀ ਪਿਆਰ ਦੀ ਆਸ਼ਕ ਹੈ ਪਰ ਜਵਾਨੀ ਪਿਆਰ ਵਿੱਚ ਕਤਲ ਹੈ । ਫਿਤਰਤ ਜਿੰਦਗੀ ਨੂੰ ਉਸ ਦੀਆਂ ਲੋੜਾ ਅਨੁਸਾਰ: ਹਸਾਂਦੀ ਤੇ ਜਖਮੀ ਕਰਦੀ ਹੈ।
ਖੂਹ ਚੱਲ ਰਿਹਾ ਸੀ ਤੇ ਰੂਪ ਦੇ ਦਿਮਾਗ ਵਿੱਚ ਬਚਨੋ ਦੇ ਖਿਆਲ ਘੁੰਮ ਰਹੇ ਸਨ । ਉਸ ਸੋਚਦਾ "ਬਚਨੀ ਮੇਰੇ ਨਾਲ ਐਨੀਆਂ ਖੁੱਲ ਕੇ ਗੱਲਾਂ ਕਿਉਂ ਕਰਦੀ ਰਹੀ। " ਉਸ ਦੀਆਂ ਨਜਰਾਂ ਥੋੜੇ ਸਮੇ ਤੋਂ ਕਿਸੇ ਚੌਹ ਮੋਹ ਵਿੱਚ ਰਹਿੰਦੀਆਂ । ਸਾਧੂ ਵੀ ਹੁਣ ਦਿਨੋ ਦਿਨ ਮਾਤ ਪੈਂਦਾ ਜਾਂਦਾ ਏ ਤੇ ਇਹਦੀ ਜਵਾਨੀ ਹਾਲੇ ਖਸਮਾਂ ਨੂੰ ਖਾਂਦੀ ਏ । ਇੱਕ ਕੁੜੀ ਜੰਮ ਕੇ ਵੀ ਕੋਈ ਬੁੱਢੀ ਹੋ ਜਾਂਦੀ ਏ ? ਇਹਦੇ ਸਰੀਰ ਦੀ ਤਾਂ ਜੜਤੀ ਹੀ ਲਿਫਣ ਵਾਲੀ ਨਹੀਂ । ਜਦੋਂ ਲੀੜੇ ਪਾ ਕੇ ਨਿਕਲਦੀ ਹੈ ਤਾਂ ਸਾਲੀ ਦਾ ਮੁਸ਼ਕੀ ਰੰਗ ਮਹਿਕ ਉੱਠਦਾ ਏ ।
ਫਿਰ ਉਹ ਬਚਨੀ ਬਾਰੇ ਕੁਝ ਹੋਰ ਖਿਆਲ ਕਰਨ ਲੱਗ ਪਿਆ ।
“ਭਲਾ ਅੱਜ ਉਹ ਮੇਰੇ ਕੋਲ ਏਨਾ ਚਿਰ ਕਿਉਂ ਬੈਠੀ ਰਹੀ ਤੇ ਮੈਂ ਕੁਸ ਪੁੱਛਿਆ ਵੀ ਨਾ ਤੇ ਉਹਨੂੰ ਸਰਮ ਆ ਗਈ । ਉਸ ਨੇ ਆਲੇ-ਦੁਆਲੇ ਨੂੰ ਤੱਕਿਆ ਜਿਵੇਂ ਉਹ ਕੁਝ ਚੋਰੀ ਕਰਦਾ ਫੜਿਆ ਗਿ ਹੋਵੇ । ਫਿਰ ਉਹ ਹੇਠਲਾ ਬੁੱਲ ਦਬਾ ਕੇ ਹੱਸ ਪਿਆ।
ਉਸਦੀ ਘਰਵਾਲੀ ਨੂੰ ਛੱਡਿਆਂ ਪੂਰੇ ਛੇ ਮਹੀਨੇ ਹੋ ਗਏ ਸਨ ਤੇ ਸਾਕ ਹਾਲੇ ਕੋਈ ਨਹੀਂ ਹੋਇਆ ਸੀ । ਛੱਡੀ ਵਹੁਟੀ ਤੋਂ ਕੋਈ ਛੇਤੀ ਸਾਕ ਨਹੀ ਸੀ ਕਰਦਾ । ਉਸਦੀ ਕੁਲ ਜਮੀਨ ਦਸ ਘੁਮਾਂ ਸੀ । ਨਵੇਂ ਪਿੰਡ ਦੀ ਦਸ ਘਮਾਂ ਲਾਇਲਪੁਰ ਦੀਆਂ ਬਾਰਾਂ ਦੇ ਇੱਕ ਮੁਰੱਬੇ ਦਾ ਮੁਕਾਬਲਾ ਕਰਦੀ ਸੀ । ਸਾਰੀ ਜਮੀਨ ਕੱਸੀ ਜਾਂ ਖੂਹ ਤੇ ਸੀ । ਰੂਪ ਦਾ ਪਿਤਾ ਪਹਿਲੀ ਉਮਰ ਵਿੱਚ ਅਮਰੀਕਾ ਹੋ ਆਇਆ ਸੀ, ਜਿਸ ਕਰਕੇ ਘਰ ਵਿੱਚ ਪੇਸੇ ਵੱਲੋਂ ਬੰਦਿਆਈ ਨਹੀਂ ਗਈ ਸੀ । ਭਾਂਵੇ ਸਾਰਾ ਕੁਝ ਰੂਪ ਦੀ ਭੈਣ ਦੇ ਹੱਥ ਵੱਸ ਹੋਣ ਕਰਕੇ ਚੋਰੀ ਛਿੱਪੇ ਬਹੁਤ ਕੁਝ ਲੈ ਗਈ ਸੀ, ਪਰ ਰੂਪ ਦੇ ਖਾਣ ਪੀਣ ਲਈ ਕਾਫੀ ਕੁਝ ਸੀ । ਕਈ ਇਕ ਆਉਂਦੇ ਸਾਕ ਉਸ ਆਪ ਹੀ ਮੋੜ ਜਦਿੱਤੇ ਸਨ । ਉਹ ਕਿਸੇ ਛੱਡੀ ਪਤਨੀ ਦਾ ਵੱਡਾ ਨੁਕਸ ਸਮਝਦੇ ਸਨ । ਪਿਤਾ ਦੇ ਮਰਨ ਪਿੱਛੋਂ ਉਹ ਅੱਠਵੀਂ ਚੋਂ ਹਟ ਗਿਆ ਸੀ ਤੇ ਜੋ ਕੁਝ ਆਉਂਦਾ ਸੀ ਭੁੱਲ ਚੁੱਕਾ ਸੀ ਜਾਂ ਭੁੱਲਦਾ ਜਾ ਰਿਹਾ ਸੀ । ਪਹਿਲੀ ਉਮਰ ਚ ਉਸਨੂੰ ਵਿੱਦਿਆ ਨਾਲੋਂ ਹਾਣੀ ਮੁੰਡਿਆਂ ਦੀ ਖੇਡ ਦਾ ਸ਼ੁਗਲ ਪਿਆਰਾ ਸੀ।
ਰੂਪ ਸੇਂਜੀ ਵੇਖਦਾ ਵੇਖਦਾ ਖੂਹ ਵੱਲ ਨੂੰ ਮੁੜਿਆ । ਉਸ ਬੋਤੇ ਨੂੰ ਇੱਕ ਵਾਰ ਰੋਕ ਕੇ ਦਮ ਦੁਆਇਆ । ਦਮ ਲੈ ਕੇ ਬੈਤਾ ਦੂਣਾ ਹੋ ਕੇ ਵਗਦਾ ਸੀ । ਜਦ ਉਸ ਬੋਤੇ ਨੂੰ ਤੋਰਿਆ ਤਾਂ ਉਦੋਂ ਬਚਨੀ ਪਿੰਡ ਵੱਲੋਂ ਖਾਲੀ ਟੈਕਰੀ ਚੱਕੀ ਆ ਰਹੀ ਸੀ । ਰੂਪ ਨੂੰ ਉਹਦੀ ਤੋਰ ਮੁਰਗਾਈ ਤੁਰਦੀ ਜਾਪੀ । ਵਾਡੇ ਵੜਦਿਆਂ ਬਚਨੋ ਅਨੁਖੀ ਸੈਨਤ ਵਿੱਚ ਮੁਸਕੁਰਾਈ । ਰੂਪ ਨੇ ਧੁੜਧੁੜੀ ਲੈਂਦਿਆਂ ਮਹਿਸੂਸ ਕੀਤਾ, ਜਿਵੇਂ ਉਸ ਦੀਆਂ ਅੱਖਾਂ ਬੁਲਾਵਾ ਦੇ ਰਹੀਆਂ ਹੋਣ, ਉਸਤੋਂ ਬਚਨੋ ਦਾ ਇੰਝ ਮੁਸਕੁਰਾਉਣਾ ਸਹਾਰਿਆ ਨਾ ਗਿਆ । ਉਸ ਵਾੜੇ ਦੇ ਪਿਛਲੇ ਪਾਸੇ ਚਾਰ ਚੁਫੇਰੇ ਨਜਰ ਮਾਰੀ, ਉਸਨੂੰ ਕੋਈ ਨਹੀਂ ਸੀ ਵਿਖ ਰਿਹਾ। ਉਹ ਬੜੀ ਫੁਰਤੀ ਨਾਲ ਕੰਧ ਟੱਪ ਗਿਆ । ਬਚਨੋ ਦੀਆਂ ਅੱਖਾਂ ਤੇ ਬੁੱਲ ਗੁੱਝੇ ਹੱਸ ਰਹੇ ਸਨ ਅਤੇ ਉਹ ਛੋਟੀ ਜਿਹੀ ਗਹੀਰੀ ਵਿੱਚੋਂ ਪਾਥੀਆਂ ਕੱਢ ਕੱਢ ਆਪਣੀ ਟੋਕਰੀ ਵਿੱਚ ਰੱਖ ਰਹੀ ਸੀ ।ਉਸ ਰੂਪ ਤੋਂ ਹੌਲੀ ਜਿਹੀ ਪੁੱਛਿਆ:
“ਅੱਜ ਤੂੰ ਚੋਰਾਂ ਵਾਂਗ.....।”
“ਮੈਂ ਕਿਹਾ ਅੱਜ ਮੈਂ ਚੋਰੀ ਕਰਕੇ ਵੇਖ ਲਾਂ।"
ਉਸ ਧੜਕਦੇ ਦਿਲ ਨਾਲ ਬਚਨੋ ਦੀ ਬਾਂਹ ਫੜ ਲਈ । ਦੂਜੇ ਹੱਥ ਨਾਲ ਬਚਨੋ ਨੇ ਗਹੀਰੀ ਚੋਂ ਪਾਥੀ ਖਿੱਚੀ ਤੇ ਸਾਰੀ ਗਹੀਰੀ ਢਹਿ ਗਈ । ਬਚਨੋ ਨੀਮ ਰਜ਼ਾਮੰਦੀ ਵਿੱਚ ਬਾਂਹ ਛੁਡਾਉਣ ਦਾ ਯਤਨ ਕਰ ਰਹੀ ਸੀ ।
“ਰੂਪ ਸੌਂਹ ਭਰਾ ਦੀ ।"
ਬਚਨੋ ਖੁਦ ਰੂਪ ਨੂੰ ਨਹੀਂ ਛੱਡਣਾ ਚਾਹੁੰਦੀ ਸੀ, ਪਰ ਉਹ ਆਪਣੇ ਸੁਆਰਥ ਦੀ ਜਿੱਤ ਨਾਲ ਸੱਚੀ ਵੀ ਰਹਿਣਾ ਚਾਹੁੰਦੀ ਸੀ, ਜਿਸਨੂੰ ਰੂਪ ਅੱਲੜ ਸੁਭਾਅ ਵਿੱਚ ਨਹੀਂ ਸਮਝ ਸਕਦਾ ਸੀ । ਉਹਨਾ ਕਾਰਨਾ ਨੂੰ ਉਹ ਦੋਵੇਂ ਨਹੀਂ ਸਮਝਦੇ ਸਨ, ਜਿੰਨਾ ਨੇ ਦੋਹਾਂ ਨੂੰ ਖਿੱਚ ਕੇ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ । ਘਰ ਨੂੰ ਜਾਂਦੀ ਬਚਨੋ ਪਰਸੰਨ ਚਿੱਤ ਸੋਚ ਰਹੀ ਸੀ, ਕਿ ਚੰਗਾ ਹੋਵੇ ਜੇ ਰੂਪ ਨਿੱਤ ਹੀ ਹਲਟ ਜੋੜਿਆ ਕਰੇ ।
ਸੁਣ ਵੇ ਮੁੰਡਿਆ ਫੁੱਲ ਵਾਲਿਆ
ਫੁੱਲ ਤੇਰਾ ਲਾਹ ਲਾਂਗੇ
ਜੁੱਤੀ ਮਾਰ ਕੇ ਮਲਾਹਜਾ ਪਾ ਲਾਗੇ ।
ਭਾਗ-ਦੂਜਾ
ਲੈ ਪੈਣਾ ਕੁੜੀ ਸਾਗ ਨੂੰ ਚੱਲੀ
ਖੜੀ ਉਡੀਕੇ ਸਾਥਣ ਨੂੰ
ਕੱਚੀ ਕੈਲ ਮਰੋੜੇ ਦਾਤਣ ਨੂੰ ।
ਪਰਛਾਂਵੇ ਢਲ ਚੁੱਕੇ ਸਨ, ਪਰ ਸ਼ਾਮ ਦੇ ਵੇਹੜੇ ਵਿੱਚ ਹਾਲੇ ਕਾਫੀ ਧੁੱਪ ਸੀ । ਚਾਰ ਚਰਖੇ "ਘੂੰ-ਘੂੰ" ਚਲ ਰਹੇ ਸਨ । ਆਕੜੇ ਛੱਜ ਚੋਂ ਅੱਧਾ ਛਪ ਮੁੱਕ ਚੁੱਕਾ ਸੀ, ਬਾਕੀ ਰਹਿੰਦੇ ਨੂੰ ਮੁਕਾਉਣ ਲਈ ਸਾਰੀਆਂ ਹੱਥੀਂ ਨੂੰ ਛੋਹਲੀ ਨਾਲ ਘੁਮਾ ਰਹੀਆਂ ਸਨ । ਤਰਿੰਝਣ ਵਿੱਚ ਦੋ ਕੁੜੀਆਂ ਮੁਟਿਆਰਾਂ, ਇੱਕ ਪੰਜਾਹ ਦੇ ਲਗਭਗ ਬੁੱਢੀ ਅਤੇ ਇੱਕ ਤੀਹਾਂ ਕੁ ਵਰਿਆਂ ਦੀ ਬਹੁਟੀ ਪੱਟਾਂ ਵਿੱਚ ਬਾਲ ਪਾਈ ਕੱਤ ਰਹੀ ਸੀ । ਬੁੱਢੀ ਸ਼ਾਮੋ ਦੀ ਮਾਂ ਸੀ, ਦੂਜੀ ਮੁਟਿਆਰ ਉਸਦੀ ਸਹੇਲੀ ਚੰਨੋ । ਬਾਲ ਵਾਲੀ ਬਹਟੀ ਦੋਹਾਂ ਦੀ ਘਰਾਂ ਵਿੱਚੋ ਭਾਬੀ ਸੀ।
ਸੱਜੇ ਹੱਥ ਨਾਲ ਉਹ ਚਰਖੇ ਨੂੰ ਪੂਰੇ ਜੋਰ ਨਾਲ ਘੁਮਾ ਰਹੀਆਂ ਸਨ। ਚਰਮਖਾਂ ਦੇ ਆਸਰੇ ਖਲੋਤਾ ਤੱਕਲਾ ਮਸ਼ੀਨ ਦੇ ਧੁਰੇ ਵਾਂਗ ਘੁੰਮ ਰਿਹਾ ਸੀ । ਤੰਦ ਪਾਉਣ ਵੇਲੇ ਰਤਾ ਕੁ ਅਟਕਦਾ ਤੇ ਮੁੜ ਆਪਣੀ ਰਫਤਾਰ ਫੜ ਲੈਂਦਾ । ਮੁਟਿਆਰਾਂ ਦੀਆਂ ਬਾਹਾਂ ਲਗਰਾਂ ਵਾਂਗ ਤੰਦ ਪਾਉਂਦੀਆਂ ਤੇ ਉੱਚੀਆਂ ਉੱਠਦੀਆਂ । ਚੇਹਰਾ ਦੇਖਣ ਤੋਂ ਸ਼ਾਮੋ ਦੇ ਬੱਗੇ ਬੱਗੇ ਰੰਗ “ਚ ਲੁਕੀ ਸਿੱਖੀ ਦਾ ਪਤਾ ਲੱਗਦਾ ਸੀ, ਪਰ ਚੰਨੋ ਦਾ ਮੂੰਹ ਸਾਊਪੁਣੇ ਵਿੱਚ ਮਿੱਠਾ ਹੁਸਨ ਬਣਿਆ ਹੋਇਆ ਸੀ। ਕੱਤਦੀ ਸ਼ਾਮੇ ਨੂੰ ਗਲੀ ਵਿੱਚ ਲੰਘਦੇ ਆਦਮੀ ਚੰਗੀ ਤਰਾਂ ਦਿਸਦੇ ਸਨ। ਉਸ ਜਾਣ ਕੇ ਚਰਖਾ ਇਸ ਵਿਉਂਤ ਨਾਲ ਡਾਹਿਆ ਸੀ । ਛੋਪ ਵੱਲ ਵੇਖ ਕੇ ਉਹ ਗਲੀ ਵੱਲ ਝਾਤ ਮਾਰਦੀ । ਇਵੇਂ ਪਰਤੀਤ ਹੁੰਦਾ ਜਿਵੇਂ ਕਿਸੇ ਦੀ ਗੁੱਝੀ ਉਡੀਕ ਨੇ ਉਸਨੂੰ ਬੇਕਰਾਰ ਕਰ ਦਿੱਤਾ ਸੀ । ਗੁੱਡੇ ਸੁੱਟ ਸੁੱਟ ਉਸ ਆਪਣੀ ਮਾਂ ਦੀਆਂ ਪੂਣੀਆਂ ਜੋੜ ਦਿੱਤੀਆਂ ਸਨ ।ਪਰ ਉਸਦਾ ਜੀਅ ਹੁਣ ਕੱਤਣ ਵੱਲੋਂ ਉਚਾਟ ਹੋ ਗਿਆ ਸੀ । ਰਹਿ-ਰਹਿ ਕੇ ਉਸਦੇ ਗੋਰੇ ਰੰਗ ਵਿੱਚ ਚਿਣਗਾਂ ਫੁੱਟ ਰਹੀਆਂ ਸਨ । ਉਹ ਬਾਰ ਬਾਰ ਗਲੀ ਵੱਲ ਨੂੰ ਤੱਕ ਰਹੀ ਸੀ ।
ਚੰਨੋ ਨੇ ਕੰਧ ਦੀ ਭੇਜੀ ਜਾਂਦੀ ਛਾਂ ਨੂੰ ਵੇਖ ਕੇ ਕਿਹਾ:
"ਸਿਆਲਾਂ ਦੇ ਦਿਨ ਕੀ ਹੁੰਦੇ, ਵਿੰਹਦਿਆਂ ਹੀ ਮੁੱਕ ਜਾਂਦੇ ਐ ।"
“ਹਾਂ ਬੀਬੀ ਹੁਣ ਅਜੇ ਦੁਪਹਿਰਾ ਸੀ । ਅੱਜ ਤਾਂ ਛਪ ਵੀ ਮੁੱਕਣਾ ਨੀਂ ", ਵਹੁਟੀ ਨੇ ਸੁਭਾਵਿਕ ਉੱਤਰ ਦਿੱਤਾ ।
“ਚਲ ਜੇ ਨਾ ਮੁੱਕੂ ਤੇ ਨਾ ਸਹੀ, ਅਸੀਂ ਸਾਗ ਨੂੰ ਵੀ ਜਾਣਾ ਹੈ ।" ਸ਼ਾਮੋ ਨੇ ਚਰਖਾ ਚੁੱਕਣ ਦੀ ਸਲਾਹ ਨਾਲ ਕਿਹਾ।
“ਜੇ ਸਾਗ ਨੂੰ ਜਾਣਾ ਹੈ ਤਾਂ ਕੁਵੇਲਾ ਕਿਉਂ ਕਰਦੀਓਂ”, ਵਹੁਟੀ ਨੇ ਸ਼ਾਮੋ ਦੇ ਖਿਆਲ ਦੀ ਪ੍ਰੋੜ੍ਹਤਾ ਵਿੱਚ ਆਖਿਆ।
“ਸ਼ਾਮੋ ਅੜੀਏ ਹੋਰ ਨਾ ਗੁੱਡਾ ਸੁੱਟੀ ਹੁਣ । ਚੱਲ ਖਸਮਾਂ ਨੂੰ ਖਾਵੇ ਰਾਤ ਨੂੰ ਕੱਤ ਲਾਂ ਗੀਆਂ, ਕਿਉਂ ਤਾਈ ?" ਚੰਨੋ ਨੇ ਬੁੱਢੀ ਵੱਲ ਵੇਖਦਿਆਂ ਕਿਹਾ।
“ਥੋਡੀ ਮਰਜੀ ਐ ਧੀਏ ।" ਸ਼ਾਮੋ ਦੀ ਮਾ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ ।
ਗਲੀ ਵਿੱਚ ਦੀ ਕੋਈ ਸੰਤਰੇ ਰੰਗੀ ਪੱਗ ਵਾਲਾ ਲੰਘ ਗਿਆ । ਸ਼ਾਮੇ ਦੀਆਂ ਗੱਲ੍ਹਾਂ ਇਕਦਮ ਸੰਤਰੇ ਦੀਆਂ ਛਿੱਲੜਾ ਵਾਂਗ ਭਖ ਉੱਠੀਆਂ। ਪਰ ਦੂਜੇ ਹੀ ਪਲ ਨਿਸ਼ਾਨਾ ਉੱਕ ਜਾਣ ਵਾਂਗ ਸਿਰ ਫੇਰਿਆ।
ਚੰਨੋ ਨੇ ਸਬ ਤੋਂ ਪਹਿਲਾਂ ਪੂਣੀਆਂ ਕੱਤ ਕੇ ਚਰਖਾ ਖੜਾ ਕਰ ਦਿੱਤਾ ਅਤੇ ਰੋੜ ਕੇ ਉਸਨੂੰ ਨੁੱਕਰ ਵਿੱਚ ਕਰ ਦਿੱਤਾ । ਕੱਤਦਿਆਂ ਉਸਦੀ ਸਲਵਾਰ ਉੱਤੇ ਪੂਣੀਆਂ ਵਿੱਚੋਂ ਭੰਨ ਨਿਕਲ ਨਿਕਲ ਵਿਖਰਦਾ ਰਿਹਾ ਸੀ । ਪੱਟਾਂ ਕੋਲੋਂ ਫੜਕੇ ਉਸਨੇ ਸਲਵਾਰ ਨੂੰ ਝੰਜੋੜਿਆ ਅਤੇ ਭੰਨ ਕਬੂਤਰ ਦੇ ਖੱਬਾਂ ਵਾਂਗ ਆਲੇ ਦੁਆਲੇ ਖਿੰਡ ਗਿਆ । ਉਸ ਕੱਤਣੀ ਦਾ ਢੱਕਣ ਚੁੱਕ ਕੇ ਗਲੋਟੇ ਆਪਣੀ ਚੁੰਨੀ ਦੀ ਝੋਲੀ ਵਿੱਚ ਉਲਟਾਏ ।
ਚੰਗਾ ਮੈਂ ਆਪਣਾ ਪੈਣਾ ਲੈ ਕੇ ਆਉਂਦੀ ਹਾਂ । “ਚੰਨੋ ਨੇ ਘਰ ਨੂੰ ਜਾਂਦਿਆਂ ਸ਼ਾਮੋ ਨੂ ਆਖਿਆ ।
“ਅੜੀਏ ਭੋਰਾ ਟੁੱਕ ਤਾਂ ਖਾ ਲੈ ਦੇਣ ਦੇ, ਮੈਨੂੰ ਤਾਂ ਭੁੱਖ ਲੱਗੀ ਐ।" ਸ਼ਾਮੋ ਨੇ ਵੀ ਚਰਖਾ ਖੜਾ ਕਰਦਿਆਂ ਕਿਹਾ।
ਚੰਨੋ ਤੇ ਸ਼ਾਮੋ ਦੇ ਘਰਾਂ ਵਿਚਕਾਰ ਧਰਮਸ਼ਾਲਾ ਹੀ ਸੀ, ਜਿਸ ਵਿੱਚ ਇੱਕ ਬਿਰਧ ਸਾਧੂ ਰਹਿੰਦਾ ਸੀ । ਧਰਮਸ਼ਾਲਾ ਦੇ ਉੱਚੇ ਪਿੱਪਲ ਦੀ ਛਾਂ ਚੰਨੋ ਦੇ ਕੋਠੇ ਤੇ ਆ ਜਾਂਦੀ ਸੀ, ਜਿਸ ਥੱਲੇ ਦੋਹਾਂ ਸਹੇਲੀਆਂ ਦਾ ਬਚਪਨ ਹਾੜ੍ਹ ਦੀਆਂ ਰੁੱਤਾਂ ਵਿੱਚ ਪੰਜ-ਗੀਟੜਾ ਖੇਡਦਿਆਂ ਲੰਘਿਆ ਸੀ ।ਉਹ ਕਿੰਨੀ ਵਾਰ ਹੀ ਖੇਡਦਿਆਂ ਲੜੀਆਂ ਸਨ, ਅਤੇ ਭਰਾਵਾਂ ਦੀਆਂ ਗਾਲਾਂ ਦੇਦੀਆਂ ਨੂੰ ਮਾਂ ਆ ਕੇ ਛੁਡਾਉਂਦੀ ਹੁੰਦੀ ਸੀ । ਨਿੱਕੀਆਂ ਲੜਾਈਆਂ ਤੇ ਰੋਸੇ ਕਈ ਵਾਰ ਗੂਹੜੇ ਪਿਆਰ ਵਿੱਚ ਬਦਲ ਜਾਂਦੇ ਹਨ । ਹੁਣ ਦੋਹਾਂ ਸਹੇਲੀਆਂ ਦਾ ਪਿਆਰ ਜੀਵਨ ਦੇ ਦੁੱਖ-ਸੁੱਖ ਦਾ ਸਾਂਝੀਵਾਲ ਬਣਿਆ ਹੋਇਆ ਸੀ।
ਚੰਨੋ ਤਿੰਨਾਂ ਭਰਾਵਾਂ ਦੀ ਭੈਣ ਸੀ ਅਤੇ ਉਸਦੇ ਮਾ-ਬਾਪ ਮਰ ਚੁੱਕੇ ਸਨ । ਘਰ ਦਾ ਬਹੁਤਾ ਕੰਮ ਇਸ ਨੂੰ ਕਰਨਾ ਪੈਂਦਾ ਸੀ । ਵੱਡੇ ਭਰਾ ਕਰਤਾਰੇ ਦੀ ਵਹੁਟੀ ਵੀ ਥੋੜਾ ਬਹੁਤ ਸਹਾਰਾ ਦੇਂਦੀ ਸੀ, ਪਰ ਚੰਨੋ ਉਸਨੂੰ ਨਵੀਂ ਨਵੀਂ ਕਰਕੇ ਬਹੁਤਾ ਕੰਮ ਨਹੀਂ ਲਾਉਂਦੀ ਸੀ । ਇਹਨਾਂ ਦਾ ਘਰ ਆਮ ਪੇਂਡੂ ਕਿਸਾਨਾਂ ਦੇ ਘਰਾਂ ਵਾਂਗ ਕੱਚਾ ਸੀ । ਇੱਕ ਪਾਸਿਓਂ ਘੁੰਮਿਆਂ ਦੀ ਕੰਧ ਮੀਂਹ ਦੀ ਝੜੀ ਕਾਰਨ ਡਿੱਗ ਪਈ ਸੀ, ਜਿਸ ਨਾਲ ਤੂੜੀ ਵਾਲੇ ਕੋਠੇ ਦੀ ਛੱਤ ਦਾ ਖੱਪਾ ਢਹਿ ਗਿਆ ਸੀ । ਘੋਲੋਂ ਤੇ ਕੁਝ ਆਰਥਿਕ ਤੰਗੀ ਕਰਕੇ ਕੰਧ ਬਣਾਈ ਨਹੀਂ ਸੀ ਗਈ ਅਤੇ ਕੰਡਿਆਂ ਵਾਲੀ ਵਾੜ ਹੀ ਕਰ ਦਿੱਤੀ ਸੀ । ਵੇਹੜੇ ਵਿੱਚ ਦੇ ਬਲਦ, ਇੱਕ ਮੱਝ ਅਤੇ ਇੱਕ ਮੁਹਾਰ ਬਿਨਾ ਬੈਤਾ ਖਲੋਤੇ ਸਨ । ਸਾਰੇ ਪਸ਼ੂ ਲਿੱਸੇ ਹੀ ਸਨ । ਇਵੇਂ ਜਾਪਦਾ ਸੀ, ਜਿਵੇਂ ਬੈਲਾਂ ਅਤੇ ਬੱਤਿਆਂ ਤੋਂ ਕੱਤੇ ਦੇ ਮਹੀਨੇ ਲੋੜ ਤੋਂ ਵੱਧ ਕੰਮ ਲਿਆ ਗਿਆ ਸੀ ਅਤੇ ਹੁਣ ਵੀ ਦਾਣੇ ਤੇ ਪੱਠਿਆਂ ਨਾਲ ਇਹਨਾ ਦੀ ਚੰਗੀ ਸੇਵਾ ਨਹੀਂ ਹੋ ਰਹੀ ਸੀ । ਅਸਲ ਵਿੱਚ ਕਰਤਾਰਾ ਵੈਲੀਆਂ ਨਾਲ ਸ਼ਰਾਬ ਪੀਕੇ ਸਮਾਂ ਗਵਾ ਦਿੰਦਾ ਸੀ ਤੇ ਉਸਤੋਂ ਛੋਟੇ ਹਾਲੇ ਨਿਆਣੇ ਸਨ, ਜਿੰਨਾਂ ਨੂੰ ਕੰਮ ਨਾਲੋਂ ਖੇਡ ਪਿਆਰੀ ਸੀ । ਪਸ਼ੂਆਂ ਨੂੰ ਵੀ ਚੰਨੋ ਹੀ ਵਧੇਰੇ ਸਾਂਭਦੀ ਸੀ ।
ਚਰੀ ਦੇ ਕੁਤਰੇ ਦੇ ਦੋ ਟੋਕਰੇ ਬਲਦਾਂ ਨੂੰ ਅਤੇ ਇੱਕ ਟੈਕਰਾ ਮੱਝ ਨੂੰ ਚੰਨੋ ਨੇ ਹੀ ਪਾਇਆ ਸੀ ਅਤੇ ਬੋਤਿਆਂ ਨੂੰ ਛੋਲਿਆਂ ਦੇ ਮਿੱਸੇ ਨੀਰੇ ਦੀ ਇੱਕ ਟੋਕਰੀ ਪਾ ਦਿੱਤੀ । ਬਲਦ ਕਾਹਲੀ ਕਾਹਲੀ ਖਾਣ ਲੱਗ ਪਏ ਅਤੇ ਇੱਕ ਦੂਜੇ ਨੂੰ ਸਿੰਗ ਹਿਲਾ ਹਿਲਾ ਛੇਤੀ ਖਾਣੇਂ ਰੋਕ ਰਹੇ ਸਨ । ਪਸ਼ੂਆਂ ਨੂੰ ਭੁੱਖ ਦਾ ਅਹਿਸਾਸ ਹੈ ਅਤੇ ਬਹੁਤਾ ਖਾਣ ਦੀ ਖੁਦ ਗਰਜੀ । ਖੁਦਗਰਜ਼ੀ ਭੁੱਖ ਦਾ ਹਿੱਸਾ ਹੈ।
ਚੰਨੋ ਨੇ ਕੁਤਰੇ ਦੇ ਲਿਬੜੇ ਹੱਥ ਧੋਤੇ ਅਤੇ ਕੋਲ ਖਲੋਤੀ ਆਪਣੀ ਭਜਨ ਭਾਬੀ ਦੀਆਂ ਗੱਲਾਂ ਗਿੱਲੇ ਗਿੱਲੇ ਹੱਥੀ ਘੁੱਟ ਸੁੱਟੀਆਂ । ਥਕੇਵਾਂ ਪਿਆਰ ਵਿੱਚ ਹੱਸਲਾ ਮੰਗਦਾ ਹੈ । ਭਜਨੋ ਦੀਆਂ ਗੱਲਾਂ ਤਰੇਲ ਧੋਤੇ ਗੁਲਾਬ ਵਾਂਗ ਮੁਸਕਾ ਖਿੜ ਉੱਠੀਆਂ। ਉਸ ਚੰਨੋ ਨੂੰ ਬਾਹਾਂ ਵਿੱਚ ਲੈਂਦਿਆਂ ਕਿਹਾ:
“ਮੇਰਾ ਜੀਅ ਇਉਂ ਕਰਦਾ ਕਿ, ਕਿਵੇਂ ਤੂੰ ਮੇਰੇ ਕੋਲੋਂ ਪਰ੍ਹਾਂ ਨਾ ਹੋਵੇ ।"
“ਲੈ ਭਾਬੀ, ਮੈਂ ਤੈਥੋਂ ਲਾਉਣੇ ਈ ਕਿਵੇਂ ਹੋ ਸਕਦੀ ਹਾਂ, ਮੈਨੂੰ ਕਿਤੇ ਤੇਰਾ ਮੋਹ ਨੀ ? ਤੂੰ ਭਾਬੀ ਸੱਚ ਨਹੀਂ ਮੰਨਣਾ, ਮੈਨੂੰ ਤਾਂ ਤੇਰਾ ਬਹੁਤਾ ਈ ਪਿਆਰ ਆਉਂਦਾ ਏ", ਚੰਨੋ ਨੇ ਜੋਰ ਦੀ ਕੰਘੀ ਘੁਟਦਿਆਂ ਕਿਹਾ।
“ਪਰ ਚੰਨੋ ਜਦੋਂ ਵਿਆਹੀ ਗਈ ?"
"ਊਂਹ ਜਾਹ ਪਰਾਂ ।" ਚੰਨੋ ਨੇ ਜੱਫੀ ਛੱਡ ਮੂੰਹ ਫ਼ੇਰ ਲਿਆ। ਕੁਆਰੇ ਪਨ ਦੀਆਂ ਤਰਜਾਂ ਵਿੱਚ ਸ਼ਰਮ-ਛੋਹ ਨੇ ਲਰਜਾ ਛੇੜ ਦਿੱਤਾ ਅਤੇ ਜਿੰਦਗੀ ਦਾ ਸਾਜ ਇੱਕ ਵਾਰ “ਚ ਹੀ ਝੁਣਝੁਣਾ ਗਿਆ । ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਨਨਾਣ ਭਰਜਾਈ ਦੀ ਚੰਗੀ ਨਹੀਂ ਲੰਘਦੀ, ਪਰ ਚੰਨੋ ਤੇ ਭਜਨੋ ਦੇ ਘਿਉ ਸ਼ੱਕਰ ਹੋਣ ਦਾ ਖਾਸ ਕਾਰਨ ਸੀ । ਹਰ ਨਵੀਂ ਵਹੁਟੀ ਨੂੰ ਨਵੇਂ ਤੇ ਓਪਰੇ ਮਾਹੌਲ ਵਿੱਚ ਅੰਦਰ ਸਾਂਝਾ ਕਰਨ ਲਈ ਇੱਕ ਸਹੇਲੀ ਦੀ ਭੁੱਖ ਹੁੰਦੀ ਹੈ ਅਤੇ ਇਹ ਕਾਰਨ ਭਜਨ ਤੇ ਠੀਕ ਢੁਕਦਾ ਸੀ । ਚੰਨੋ ਮਾਂ ਅਤੇ ਭੈਣ ਪਿਆਰ ਤੋਂ ਸੱਖਣੀ ਸੀ। ਉਹਦੇ ਅੰਦਰ ਸੱਖਣੇ ਘਰ ਅਤੇ ਦਿਲ ਵਿੱਚ ਭਜਨ ਭਾਬੀ, ਸਹੇਲੀ, ਮਾਂ ਅਤੇ ਭੈਣ ਬਣਕੇ ਵੱਸ ਗਈ ਸੀ । ਚੰਨੋ ਦਾ ਭਜਨ ਨੂੰ ਫੁੱਲਾਂ ਵਾਂਗ ਸਾਂਭ ਰੱਖਣਾ, ਭਜਨੈ ਨੂੰ ਅਸਲੋਂ ਹੀ ਮੁੱਲ ਖਰੀਦ ਗਿਆ। ਉਹ ਦੋਵੇਂ ਇੱਕ ਦੂਜੀ ਦੀ ਹਮਦਰਦੀ ਵਿੱਚ ਪੰਘਰ ਪੰਘਰ ਜਾਂਦੀਆਂ।
ਚੰਨੋ ਨੇ ਰੋਟੀ ਵਾਲੇ ਆਲੇ ਵਿੱਚੋਂ ਪੈਣਾ ਕੱਢਿਆ ਅਤੇ ਸ਼ਾਮੇ ਨੂੰ ਦਰਾਂ ਵਿੱਚ ਖਲੈ ਕੇ ਅਵਾਜ ਮਾਰੀ ।
“ਅਨੀ ਤੈਥੋਂ ਹਾਲੇ ਤਾਂਈ ਰੋਟੀ ਨਹੀਂ ਖਾਧੀ ਗਈ ।“
“ਰੋਟੀ ਕਦੋਂ ਦੀ ਖਾਧੀ ਐ, ਮੈਂ ਤਾਂ ਤੈਨੂੰ “ਡੀਕਦੀ ਸਾਂ ।" ਸ਼ਾਮੋ ਵੀ ਬਾਹਰ ਆ ਗਈ ਸੀ । ਸ਼ਾਮੋ, ਚੰਨੋ ਨਾਲੋਂ ਇੱਕ ਸਾਲ ਵੱਡੀ ਸੀ ਤੇ ਚੰਨੋ ਨਾਲੋਂ ਸਰੀਰ ਦੀ ਵੀ ਭਾਰੀ ਸੀ ।ਸੋਲਾਂ ਸਤਾਰਾਂ ਵਿੱਚ ਧੜਕਦੀਆਂ ਅੱਲੜ ਜਵਾਨੀਆਂ ਪਿੰਡ ਦੀ ਫ਼ਿਜਾ ਨੂੰ ਖੇੜ ਬਖਸ਼ ਰਹੀਆਂ ਸਨ।
ਚੰਨੋ ਦਾ ਸਰੀਰ ਸੂਤਵਾਂ ( ਭਾਰਾ ਨਾ ਹੌਲਾ ) ਅਤੇ ਨਕਸ਼ ਸ਼ਾਮੇ ਨਾਲੋਂ ਬਹੁਤ ਤਿੱਖੇ ਸਬ ਤੋਂ ਵੱਧ ਚਮਕੀਲੀਆਂ ਤੇ ਸੋਹਣੀਆਂ ਉਸਦੀਆਂ ਅੱਖਾਂ ਸਨ, ਜਿੰਨਾਂ ਵਿੱਚ ਸ਼ਰਮ ਤੇ ਭੋਲਾਪਣ ਹਾਲੇ ਕੰਘੀਆਂ ਪਾਈ ਸੁੱਤੇ ਪਏ ਸਨ । ਉਸ ਦਾ ਮਿੱਠਾ ਹੁਸਨ ਦਰਸ਼ਕਾਂ ਲਈ ਸ਼ੇਖ ਬੁਲਾਵੇ ਦਾ ਕਾਰਨ ਨਹੀਂ ਸੀ, ਸਗੋਂ ਸਿਆਣਪ ਵਿੱਚ ਖੀਵਾ ਅਤੇ ਖਾਮੋਸ਼ ਖਿੱਚ ਰੱਖਦਾ ਸੀ । ਪਰ ਹਰ ਕੁੜੀ ਦਾ ਖਾਮੋਸ਼ ਜੋਬਨ ਵੀ ਹਰ ਗੱਭਰੂ ਮੁੰਡੇ ਲਈ ਉੱਚਾ ਹੋਇਆ ਲਲਕਾਰਾ ਹੈ, ਜਿਸ ਨੂੰ ਉਸ ਦੇ ਸੂਹੇ ਹੋਏ ਕੰਨ ਹਉਂਕੇ ਖਿੱਚ-ਖਿੱਚ ਸੁਣਦੇ ਅਤੇ ਅਵੱਸ਼ ਵਿੱਚ ਅਸਹਾਰ ਦੇ ਭਾਰ ਹੇਠ ਪੁੰਗਰਦੇ ਅਰਮਾਨ ਦਰੜੀਂਦੇ ਜਾਂਦੇ ਸਨ ।
ਸ਼ਾਮੋ ਨੂੰ ਦਿਆਲੇ ਦੇ ਉਪਰੋਥਲੀ ਗਲੀ ਵਿੱਚ ਵੜਦੇ ਗੇੜਿਆਂ ਨੇ ਪੱਟ ਸੁੱਟਿਆ ਸੀ । ਦਿਆਲਾ ਬਾਈਆਂ ਵਰਿਆਂ ਦਾ ਭਰਿਆ ਗੱਭਰੂ ਸੀ, ਜਿਸ ਹਲ-ਵਾਹੀ ਛੱਡ ਦਿੱਤੀ ਸੀ । ਉਹ ਨਹਾ ਧੋ ਕੇ ਪਹਿਣ ਪਚਰ ਕੇ ਖੁੰਡਾਂ ਤੇ ਬਹਿ ਧੁੱਪ ਸੇਕਦਾ ਸੀ । ਤਿੱਲੇ ਵਾਲੀ ਜੁੱਤੀ, ਚਿੱਟੇ ਲੱਠੇ ਦਾ ਚਾਦਰਾ ਅਤੇ ਕਬੂਤਰ ਦੇ ਖਿੱਲਰੇ ਪਰਾਂ ਵਾਂਗ ਸੰਤਰੇ ਰੰਗੀ ਪੱਗ ਦਾ ਸ਼ਮਲਾ ਉਸ ਦੇ ਸਿਰ ਤੇ ਜਵਾਨੀ ਦੀ ਮੜਕ ਵਿੱਚ ਤੁਰਦਿਆਂ ਝੂਲਦਾ ਰਹਿੰਦਾ । ਦੇਖਣ ਵਾਲਿਆਂ ਨੂੰ ਉਹ ਹਮੇਸ਼ਾ ਸ਼ਰਾਬੀ ਜਾਪਦਾ । ਪਰ ਜਿਸ ਗੱਭਰੂ ਵਿੱਚ ਪਿਆਰ ਆ ਜਾਵੇ, ਉਸ ਵਿੱਚ ਕੁਦਰਤੀ ਜਿੰਦਗੀ ਦਾ ਸਰੂਰ ਜਾਗ ਪੈਂਦਾ ਹੈ । ਭਾਵੇਂ ਉਹ ਦਿਨ-ਦਿਨ ਵਿਗੜ ਰਿਹਾ ਸੀ, ਪਰ ਫ਼ਿਰ ਵੀ ਯਾਰਾਂ ਦਾ ਯਾਰ, ਦਿਲ ਦਾ ਖਰਾ ਤੇ ਜਿਗਰੇ ਵਾਲਾ ਮੁੰਡਾ ਸੀ । ਰੰਗ ਦਾ ਸਾਉਲਾ, ਨਕਸ਼ਾਂ ਦਾ ਤਿੱਖਾ ਤੇ ਕੱਦ ਦਾ ਥੋੜਾ ਮਧਰਾ ਸੀ । ਮੁੱਛਾ ਨੂੰ ਕੁੰਦ ਅਤੇ ਕੱਪੜੇ ਪਾ ਕੇ ਪੂਰਾ ਜਚਦਾ ਜਚਦਾ ਗੱਭਰੂ ਦਿਸਦਾ ।
ਦਿਆਲੇ ਦੀ ਯਾਦ ਸ਼ਾਮੋ ਦੇ ਦਿਲ ਵਿੱਚ ਕੁਤਕਤਾਰੀਆਂ ਲੈ ਲੈ ਉੱਠ ਰਹੀ ਸੀ । ਉਸਦਾ ਆਨੀ-ਬਹਾਨੀ ਚਨੋ ਨੂੰ ਸਾਰੀ ਗੱਲ ਦੱਸਣ ਨੂੰ ਜੀ ਕਰਦਾ ਸੀ । ਜਿੰਦਗੀ ਵਿੱਚ ਆਪਣੇ ਪਿਆਰ ਪਰਸੰਸਾ ਦੀ ਕਿੰਨੀ ਭੁੱਖ ਹੈ ? ਤਾਂ ਜੋ ਕੁਝ ਉਹ ਅਮਲ ਕਰਦੀ ਹੈ, ਸਾਥੀ ਤੋਂ ਉਸਦੀ ਮਿੱਠੀ ਤਾਈਦ ਮੰਗਦੀ ਹੈ । ਉਹ ਦੋਵੇਂ ਫਰਮਾਹਾਂ ਵਾਲੇ ਖੂਹ ਕੋਲ ਦੀ ਲੰਘਦੀਆਂ ਦਾਤੇ ਪਿੰਡ ਨੂੰ ਜਾਣ ਵਾਲੀ ਡੰਡੀ ਪੈ ਗਈਆਂ । ਫਰਵਾਹਾਂ ਦੇ ਬਰੀਕ ਪੱਤਿਆਂ ਦੀ ਸਰਕਦੀ ਹਵਾ ਮਿੱਠਾ ਜਿਹਾ ਸੰਗੀਤ ਛੇੜ ਰਹੀ ਸੀ । ਖੇਤਾਂ ਵਿੱਚੋਂ ਗਿੱਠ-ਗਿੱਠ ਪੁੰਗਰੀ ਕਣਕ ਨੇ ਧਰਤੀ ਨੂੰ ਢਕ ਲਿਆ ਸੀ । ਧਰਤ ਅਸਮਾਨ ਦੇ ਦੁਮੇਲੇ ਤੱਕ ਹਰਿਆਵਲ ਹੀ ਹਰਿਆਵਲ ਦਿਸਦੀ ਸੀ । ਖੇਤਾਂ ਵਿੱਚ ਕਿਤੇ-ਕਿਤੇ ਬੇਰੀ, ਕਿੱਕਰ, ਟਾਹਲੀ ਅਤੇ ਤੂਤ ਦੇ ਬਰਿਛਾਂ ਉੱਤੇ ਆਥਣ ਦੀ ਧੁੱਪ ਪੈ ਰਹੀ ਸੀ । ਅਸਮਾਨ ਵਿੱਚ ਕਿਧਰੇ ਕੋਈ ਬਾਵਰਾ ਬੱਦਲ ਉੱਡ ਰਿਹਾ ਸੀ । ਸਰੋਂ ਦੀਆਂ ਓਲੀਆਂ ਕਣਕਾਂ ਨਾਲੋਂ ਉੱਚੀਆਂ ਹੋ ਨਿਕਲੀਆਂ ਸਨ । ਵਿਰਲੇ ਵਿਰਲੇ ਖਿੜੇ ਸਰੋਂ ਦੇ ਫੁੱਲ ਉਠਦੀਆਂ ਜਵਾਨੀਆਂ ਦੇ ਦਿਲਾਂ ਦੇ ਵਲਵਲੇ ਜਾਗ ਰਹੇ ਜਾਪਦੇ ਸਨ । ਜਿੰਦਗੀ ਦੀ ਰੂਹ ਪਿੰਡਾਂ ਵਿੱਚੋਂ ਨਿਕਲ ਕੇ ਖੇਤੀ ਆ ਗਈ ਸੀ ਅਤੇ ਕੁਦਰਤ ਦੀ ਵਿਸ਼ਾਲ ਬੁੱਕਲ ਵਿੱਚ ਖੇੜਾ- ਖੇੜਾ ਹੋ ਰਹੀ ਸੀ ।
ਗੁੱਝੇ ਹਾਸੇ ਨੂੰ ਰੋਕਦਿਆਂ ਸ਼ਾਮੋ ਨੇ ਪੁੱਛਿਆ:
“ਭਲਾ ਚੰਨੋ ਦਿਆਲਾ ਕਿਹੋ ਜਿਹਾ ਹੈ ?"
“ਭਲਾ ਮੈਨੂੰ ਕੀ ਪਤਾ, ਪਿਆ ਹੋਵੇ ਆਪਣੇ ਘਰ ।"
“ਅੰਨੀਏ, ਮੈਂ ਤੈਥੋਂ ਉਂਝ ਈ ਪੁੱਛਦੀ ਆਂ ।" ਸ਼ਾਮੋ ਨੇ ਬੇਮਾਲੂਮ ਜਿਹੀ ਤਿਉੜੀ ਪਾ ਕੇ ਫੇਰ ਮੱਥਾ ਢਿੱਲਾ ਛੱਡਦਿਆਂ ਕਿਹਾ।
“ਮੈ ਲੜ ਪੂੰ ਗੀ ਸ਼ਾਮੇ ਜੇ ਮੇਰੇ ਕੋਲ ਇਹੋ ਜਿਹੀ ਗੱਲ ਕੀਤੀ ਤਾਂ, ਆਹੋ ।" ਚੰਨੋ ਨੇ ਮਿੱਠੇ ਜਿਹੇ ਗੁੱਸੇ ਵਿੱਚ ਕਿਹਾ।
ਸ਼ਾਮੋ ਨੇ ਉਹਦੀ ਵੱਖੀ ਵਿੱਚ ਚੂੰਡੀ ਵੱਢੀ ।
“ਤੂੰ ਤਾਂ ਜਰੂਰ ਲੜ ਪੱਗੀ, ਬਹੁਤਿਆਂ ਹਿਰਖਾਂ ਵਾਲੀ ।"
ਚੰਨੋ ਨੇ ਪੀੜ ਤੋਂ ਕਸੀਸ ਵੰਟਦਿਆਂ ਸ਼ਾਮੇ ਦੀ ਪਿੱਠ ਵਿੱਚ ਮੁੱਕੀ ਧਰ ਦਿੱਤੀ ।
“ਤੂੰ ਫੇਰ ਕਾਹਤੋਂ ਬਿਗਾਨਿਆਂ ਦੇ ਨਾ ਲੈਂਦੀ ਏ, ਕੋਈ ਚੰਗਾ ਮਾੜਾ ਆਪਣੇ ਘਰ ਮਰੇ, ਸਾਨੂੰ ਕਿਸੇ ਨਾਲ ਕੀ ?
“ਨੀ ਉਹਦਾ ਤਾਂ ਮੂੰਹ ਸੁੱਕਦਾ ਏ ਹਰਦਮ ਨਾਂ ਲੈਂਦੇ ਦਾ ।
"ਉਹਦਾ ਨਾ ਤੂੰ ਲਈ ਜਾ, ਮੈਨੂੰ ਨਾ ਸੁਣਾ ।" ਚੰਨੋ ਵਗ ਕੇ ਥੋੜਾ ਅੱਗੇ ਹੋ ਗਈ।
"ਕੋਈ ਨਾ ਫਿਕਰ ਨਾ ਕਰ, ਤੇਰੇ ਵੀ ਗਾਹਕ ਉੱਠ ਪੈਣਗੇ ਅੱਜ ਭਲਕ ਈ ।"