ਸੋ ਪਰ-ਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖ਼ੀਰ ਅੰਤਕਾ ਵਿਚ ਦਿਤੇ ਹਨ ਤੇ ਛੋਟੇ ਸਲੋਕ ਆਦਿਕ ਵਿਚੇ ਹੀ ਰਹਿਣ ਦਿਤੇ ਹਨ, ਪਰ ਹੇਠਾਂ ਟੂਕਾਂ ਵਿਚ ਦੱਸ ਦਿੱਤਾ ਹੈ ਕਿ ਇਹ ਪਾਠ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਨਹੀਂ ਹਨ, ਜਿਸ ਤੋਂ ਪਾਠਕਾਂ ਨੂੰ ਇਸ ਗੱਲ ਦੇ ਸਮਝਣ ਵਿਚ ਸੁਗਮਤਾ ਹੋ ਜਾਵੇ ਕਿ ਠੀਕ ਗੁਰੂ ਜੀ ਦੇ ਉਚਾਰੇ ਵਾਕ ਕਿਹੜੇ ਹਨ, ਜੋ ਗੁਰਬਾਣੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।
(੬) ਹਰ ਸਾਖੀ ਉਤੇ ਅਸਾਂ ਨੰਬਰ ੧,੨,੩,੪ ਆਦਿ ਦਿੱਤੇ ਹਨ, ਅਸਲ ਪੋਥੀ ਵਿਚ ਨਹੀਂ ਹਨ, ਪਾਠਕਾਂ ਦੀ ਸੁਖੈਨਤਾ ਵਾਸਤੇ ਹਨ।
(੭) ਉਦਾਸੀ ਪਹਿਲੀ, ਦੂਸਰੀ ਆਦਿਕ ਜੋ ਮੋਟੇ ਸਿਰਨਾਵੇਂ ਦਿੱਤੇ ਹਨ, ਉਹ ਬੀ ਅਸਾਂ ਲਿਖੇ ਹਨ, ਪੋਥੀ ਵਿਚ ਸਿਰਨਾਵੇਂ ਦੇ ਕੇ ਉਦਾਸੀ ਸਿਰਲੇਖ ਨਹੀਂ ਲਿਖਿਆ, ਉਂਞ 'ਤ੍ਰਿਤੀਆ ਉਦਾਸੀ ਉਤ੍ਰਾਖੰਡ ਕੀ ਇਸ ਤਰ੍ਹਾਂ ਦੀ ਇਬਾਰਤ ਉਦਾਸੀ ਦੇ ਆਰੰਭ ਵਿਚ ਅਸਲੀ ਨੁਸਖੇ ਵਿਚ ਹੈ।
ਅੰਮ੍ਰਿਤਸਰ
ਜੁਲਾਈ ਅਗਸਤ ੧੯੨੬