

੩੯. ਇਕ ਵੈਰਾਗੀ ਬਾਲਕ
ਤਬ ਏਕ ਦਿਨਿ ਗੁਰੂ ਕੀ ਆਗਿਆ ਹੋਈ, ਜੋ ਪਿਛਲੇ ਪਹਰਿ ਰਾਤਿ ਕਉ ਕੀਰਤਨ ਹੋਵੈ ਤਾਂ ਇਕੁ ਲੜਕਾ ਬਰਸਾਂ ਸਤਾਂ ਕਾ ਘਰ ਤੇ ਉਠਿ ਆਵੈ, ਆਇ ਗੁਰੂ ਜੀ ਕੈ ਪਿਛੈ ਖੜਾ ਹੋਵੈ। ਜਬ ਆਰਤੀ ਕੀਰਤਿ ਹੋਵੈ, ਤਾਂ ਉਠਿ ਜਾਵੈ॥ ਤਬ ਬਾਬੈ ਇਕ ਦਿਨਿ ਕਹਿਆ: 'ਅਜੁ ਏਹੁ ਲੜਕਾ ਪਕੜਿ ਰਖਣਾ। ਜਬ ਮਥਾ ਟੇਕ ਕਰਿ ਚਲਿਆ, ਤਾਂ ਸੰਗਤਿ ਪਕੜਿ ਰਖਿਆ, ਆਣਿ ਹਾਜਰੁ ਕੀਤਾ। ਤਬ ਬਾਬੈ ਪੁਛਿਆ, ਆਖਿਆ: 'ਏ ਲੜਕੇ! ਤੂੰ ਜੋ ਇਤੁ ਵਖਤਿ ਉਠਿ ਆਂਵਦਾ ਹੈ, ਸੋ ਕਿਉਂ ਆਂਵਦਾ ਹੈਂ? ਅਜੇ ਤੇਰਾ ਵਖਤੁ ਖਾਵਣ ਖੇਡਣ ਸਉਣ ਦਾ ਹੈ'। ਤਦਹੂੰ ਉਸਿ ਲੜਕੈ ਆਖਿਆ: 'ਜੀ ਇਕ ਦਿਨਿ ਮੇਰੀ ਮਾਤਾ ਕਹਿਆ ਜੋ ਬੇਟਾ -ਤੁ ਅਗਿ ਬਾਲ-ਤਾ ਮੈਂ ਆਗਿ ਲਗਾ ਬਾਲਣਿ। ਜਾਂ ਲਕੜੀਆਂ ਪਾਈਆਂ ਤਾਂ ਪਹਿਲੇ ਨਿਕੜੀਆਂ ਕਉ ਲਗੀ, ਤਾਂ ਪਿਛਹੁੰ ਵਡੀਆਂ ਕਉ ਲਾਗੀ। ਤਦਹੂੰ ਮੈ ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿਂ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ ਲਕੜੀਆਂ ਕੀ ਨਿਆਈ। ਤਾਂ ਮੈਂ ਆਖਿਆ: ਜੋ ਗੁਰੂ ਜਪਿ ਲੇਹਿ । ਤਦਿ ਸੰਗਤਿ ਹੈਰਾਨ ਹੋਇ ਰਹੀ ਸੁਣਿਕੈ ਤਬ ਬਾਬੇ ਦੀ ਖੁਸੀ ਹੋਈ ਲੜਕਾ ਪੈਰੀ ਪਇਆ। ਤਾਂ ਗੁਰੂ ਬਾਬੈ ਤਿਤੁ ਮਹਿਲਿ ਸਬਦੁ ਬੋਲਿਆ ਸਿਰੀ ਰਾਗੁ ਵਿਚਿ ਮ:੧*-ਸਿਰੀ ਰਾਗੁ ਮਹਲਾ ੫॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ॥
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ॥
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
ਅੰਧੇ ਤੂੰ ਬੈਠਾ ਕੰਧੀ ਪਾਹਿ॥
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ਰਹਾਉ॥
ਹਰੀ ਨਾਹੀ ਨਹ ਡਡਰੀ ਪਕੀ ਵਢਣਹਾਰ॥
*ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ ਮ:੧ ਲਿਖਣਾ ਭੁੱਲ ਹੈ।