

ਸੰਨਿਆਸੀ, ਬ੍ਰਹਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨ, ਉਦਾਸੀ, ਗ੍ਰਸਤੀ*, ਬੈਰਾਗੀ, ਖਾਨ, ਖਨੀਨ, ਉਮਰੇ, ਉਮਰਾਉ, ਕਰੋੜੀਏ ਜਿਮੀਦਾਰ, ਭੂਮੀਏ, ਜੋ ਕੇ ਆਵੈ, ਸੋ ਪਰਚਾ ਜਾਵੈ। ਸਭੇ ਲੋਕ ਉਸਤਤਿ ਕਰਨ।
ਤਬ ਜਿਥੈ ਬਾਬਾ ਰਹਿੰਦਾ ਸੀ ਉਸ ਗਿਰਾਉਂ ਪਾਸ ਇਕ ਕਰੋੜੀਆ ਰਹਿੰਦਾ ਸੀ। ਓਨ ਕਹਿਆ: 'ਏਹ ਕਉਣ ਹੈ? ਜੇ ਪੈਦਾ ਹੋਇਆ ਹੈ, ਸੋ ਸਭ ਇਸਕਾ ਨਾਉ ਲੈਤੇ ਹੈਨ। ਹਿੰਦੂ ਤਾਂ ਖਤਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਈਮਾਨ ਖੋਇਆ। ਕਿਆ ਈਮਾਨ ਮੁਸਲਮਾਨਾਂ ਕਾ ਜੋ ਹਿੰਦੂ ਉਪਰ ਈਮਾਨ ਕਰਤੇ ਹੈਨ? ਪਰ ਚਲਹੁ ਅਸੀਂ ਬੰਨ ਲੈ ਆਵਹਿ'। ਜਾਂ ਚੜਿਆ ਘੋੜੈ ਉਪਰ, ਤਾਂ ਘੋੜਾ ਫਰਕ ਪਇਆ। ਫਿਰ ਅਗਲੇ ਦਿਨ ਚੜਿਆ, ਤਾਂ ਆਂਵਦਾ ਆਂਵਦਾ ਰਾਹਿ ਵਿਚ ਅੰਧਾ ਹੋਇ ਗਇਆ, ਸੁਝਸ ਕਿਛ ਨਾਹੀ, ਤਾਂ ਬਹਿ ਗਇਆ। ਲੋਕਾਂ ਕਰਿਆ: 'ਜੀ ਅਸੀਂ ਡਰਦੇ ਆਖ ਨਾਹੀਂ ਸਕਦੇ, ਪਰ ਨਾਨਕ ਵਡਾ ਪੀਰ ਹੈ। ਤੁਸੀਂ ਉਸਕੀ ਬੰਦਗੀ ਸਿਮਰਣ ਕਰਹੁ । ਤਾਂ ਕਰੋੜੀਆ ਸਿਫਤ ਲਗਾ ਬਾਬੇ ਨਾਨਕ ਦੀ ਕਰਣ। ਅਤੇ ਪਾਸ ਲੋਕ ਭੀ ਲੱਗੇ ਬਾਬੇ ਵਲ ਸਿਜਦਾ ਕਰਨ। ਤਾਂ ਕਰੋੜੀਆ ਅਸਵਾਰ ਹੋਇਆ, ਤਾਂ ਪੱਟ ਘੋੜੇ, ਉਪਰਹੁ ਢਹਿ ਪਇਆ, ਦਿਸੈ ਕੁਛ ਨਾਹੀਂ। ਤਬ ਲੋਕ ਕਹਿਆ: 'ਦੀਵਾਨ ਜੀ ! ਤੂੰ ਭੁਲਦਾ ਹੈਂ ਜੋ ਘੋੜੇ ਚੜਦਾ ਹੈ, ਨਾਨਕ ਵਡਾ ਪੀਰ ਹੈ, ਤੂੰ ਪਿਆਦਾ ਹੋਇ ਕਰ ਚਲ, ਜੇ ਤੂੰ ਬਖਸੀਐ । ਤਾਂ ਕਰੋੜੀ ਪਿਆਦਾ ਹੋਇ ਚਲਿਆ। ਜਿਥੇ ਬਾਬੇ ਦੀ ਦਰਗਾਹ ਦਿਸ ਆਈ, ਤਾਂ ਤਿਥੈ ਖੜਾ ਹੋਇ ਕਰ ਲਗਾ ਸਲਾਮ ਕਰਣ। ਨੇੜੇ ਆਇਆ ਤਾਂ ਇਹੁ ਪੈਰੀ ਪਇਆ। ਬਾਬੇ ਬਹੁਤ ਖੁਸੀ ਕੀਤੀ। ਬਾਬੇ ਤਿੰਨ ਦਿਨ ਰਖਿਆ, ਬਾਬਾ ਬਹੁਤੁ ਖੁਸੀ ਹੋਆ। ਤਾਂ ਕਰੋੜੀ ਅਰਜ ਕੀਤੀ: 'ਬਾਬਾ ਜੀ! ਤੇਰਾ ਹੁਕਮੁ ਹੋਵੈ, ਤਾਂ ਇਕ ਚਕ ਬਨਾਵਾਂ ਤੇਰੇ ਨਾਂਵ ਕਾ, ਕਰਤਾਰ ਪੁਰ ਨਾਉਂ ਰਖੀਐ, ਧਰਮਸਾਲਾ ਪਾਈਐ'। ਤਾਂ ਕਰੋੜੀ ਵਿਦਿਆ ਹੋਇਆ। ਬੋਲੇ ਵਾਹਿਗੁਰੂ।