

ਆਇਕੈ ਲਗਾ ਪੁੱਛਣਿ, ਆਖਿਓਸੁ: ਗੁਸਾਈ ਤੇਰਾ ਨਾਮੁ ਕਿਆ ਹੈ? ਕਵਨ ਜਾਤਿ ਹੈ? ਤੁਮ ਜੋਗੀ ਹਉ ? ਕਿਰਪਾ ਕਰੀਐ, ਤਾਂ ਭੀਤਰਿ ਮਹਲੀ ਚਲਹੁ । ਤਬ ਬਾਬਾ ਬੋਲਿਆ ਸਬਦੁ ਰਾਗੁ ਮਾਰੂ ਵਿਚਿ ਮ:੧॥
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ॥
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ॥੧॥
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ॥
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ॥੧॥ਰਹਾਉ॥
ਤਬ ਰਾਜੇ ਪੁਛਿਆ: 'ਜੀ ਤੁਮ ਬ੍ਰਹਮਣ ਹਉ ?' ਤਬ ਬਾਬਾ ਪਉੜੀ ਦੂਜੀ ਬੋਲਿਆ:-
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ॥
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ॥੨॥
ਤਬ ਰਾਜੈ ਫਿਰਿ ਪੁਛਿਆ: 'ਜੀ ਤੁਮ ਖੱਤ੍ਰੀ ਹਉ ?' ਤਬ ਬਾਬਾ ਤੀਜੀ ਪਉੜੀ ਬੋਲਿਆ:-
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ॥
ਏਕੈ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ॥੩॥*
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ
ਜੀਅਹੁ ਰਹੈ ਨਿਭਰਾਤੀ॥
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ॥੪॥
ਤਬ ਰਾਜੇ ਸਿਭਨਾਭਿ ਪੁਛਿਆ 'ਜੀ ਤੁਮ ਗੋਰਖਨਾਥ ਹਉ?' ਤਦਹੁ ਬਾਬਾ ਬੋਲਿਆ ਪਉੜੀ ਪੰਜਵੀਂ-
*ਹਾ:ਬਾ: ਨੁਸਖੇ ਵਿਚ ਏਥੇ ਪਾਠ ਹੈ: 'ਜੀ ਤੁਮ ਹਿੰਦੂ ਜਾਂ ਮੁਸਲਮਾਨ ਹੋ? ਤਬ ਗੁਰੂ ਬਾਬਾ ਚੌਥੀ ਪਉੜੀ ਬੋਲਿਆ-' ਇਸ ਤੋਂ ਜਾਪਦਾ ਹੈ ਕਿ ਵਲੈਤ ਵਾਲੀ ਦਾ ਉਤਾਰਾ ਕਰਨ ਵਾਲੇ ਤੋਂ ਇਹ ਪ੍ਰਸਨ ਰਹਿ ਗਿਆ ਹੈ, ਜੇ ਪ੍ਰਸੰਗ ਚੱਲੇ ਹੋਏ ਦੇ ਸਿਲਸਿਲੇ ਵਿਚ ਜਰੂਰੀ ਗੱਲ ਹੈਸੀ।