

ਤਬ ਮੰਤਰਾਂ ਕੀ ਕਲਾ ਦੂਰਿ ਹੋਈ॥ ਤਬ ਡਿਬੀ ਵਿਚਿ ਪਾਣੀ ਪਾਇਆ। ਤਬ ਪਾਣੀ ਪਾਇਆ" ਤਬ ਸਿੱਧਾਂ ਪਾਸਿ ਭਰਿ ਲੈ ਆਇਆ। ਤਬ ਸਭਨਾ ਸਿੱਧਾਂ ਪਾਣੀ ਪੀਤਾ, ਪਰ ਪਾਣੀ ਨਿਖੁਟੇ ਨਾਹੀ। ਤਬ ਮਹਾਂਦੇਉ ਪੁਛਿਆ: ਤੂੰ ਗਿਰਹੀ ਹੈਂ ਕਿ ਉਦਾਸੀ ਹੈਂ? ਤਦਹੁੰ ਬਾਬੈ ਆਖਿਆ: 'ਜੋ ਉਦਾਸੀ ਕੇ ਲਛਣ ਕਉਣੁ ਹੈਨਿ ਅਰੁ ਗਿਰਹੀ ਕੇ ਲਛਣ ਕਉਣ ਹੈਨਿ?' ਤਬ ਮਹਾਦੇਉ ਬੋਲਿਆ:
ਸਲੋਕੁ ॥ ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥
ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥
ਬੋਲੈ ਈਸਰੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥
(ਪੰਨਾ ੯੫੨)
ਤਬ ਗੁਰੂ ਜਬਾਬੁ ਦਿਤਾ:-
ਮ:੧॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ॥
ਕੰਨ ਪੜਾਇ ਕਿਆ ਖਾਜੈ ਭੁਗਤਿ॥ ਆਸਤਿ ਨਾਸਤਿ ਏਕੋ ਨਾਉ॥
ਕਉਣੁ ਸੁ ਅਖਰੁ ਜਿਤੁ ਰਹੈ ਹਿਆਉ॥ ਧੂਪ ਛਾਂਵ ਜੋ ਸਮ ਕਰਿ ਸਹੈ
ਤਾ ਨਾਨਕੁ ਆਖੈ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੂਤ॥
ਨਾ ਸੰਸਾਰੀ ਨਾ ਅਉਧੂਤ॥ ਨਿਰੰਕਾਰ ਜੋ ਰਹੈ ਸਮਾਇ॥
ਕਾਹੇ ਭੀਖਿਆ ਮੰਗਣਿ ਜਾਇ ॥੭॥ (ਪੰਨਾ ੯੫੩)
ਤਬ ਫਿਰਿ ਗੋਪੀ ਚੰਦੁ ਬੋਲਿਆ, ਗੋਪੀ ਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ:- ਮ:੧॥
ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥
ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥
ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥ (ਪੰਨਾ ੯੫੨)
੧. ਇਹ ਪਾਠ ਹਾ:ਬਾ:ਨੁ: ਵਿਚ ਦੁਬਾਰਾ ਨਹੀਂ ਹੈ।
੨. ਇਨ੍ਹਾਂ ਸਲੋਕਾਂ ਦੇ ਉਤਰ ਪ੍ਰਸ਼ਨ ਵਿਚੇ ਹੀ ਹਨ, ਪਰ ਸਾਖੀ ਦੇ ਕਰਤਾ ਨੇ ਇਨ੍ਹਾਂ ਦੇ ਉਤਰ ਰਤਨਮਾਲ ਆਦਿ ਤੋਂ ਬੀ ਲਏ ਹਨ। ਦੇਖੋ ਅੰਤਕਾ ੪।