ੴ ਸਤਿਗੁਰ ਪ੍ਰਸਾਦਿ॥
ਪੁਰਾਤਨ ਜਨਮ ਸਾਖੀ
ਸ੍ਰੀ ਗੁਰੂ ਨਾਨਕ ਦੇਵ ਜੀ
ਸੰਪਾਦਨ
ਭਾਈ ਸਾਹਿਬ ਭਾਈ ਵੀਰ ਸਿੰਘ
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਇਸ ਜਨਮ ਸਾਖੀ ਦੀ ਵਿਥਯਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਯਾ ਨੂੰ 'ਜਨਮ ਸਾਖੀ' ਆਖਦੇ ਹਨ। ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ। ਬਾਲੇ ਵਾਲੀ ਜਨਮ ਸਾਖੀ ਵਿਚ ਉਸ ਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲ੍ਯਾ ਦੱਸ ਦੇਂਦਾ ਹੈ ਕਿ ਉਹ ਐਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਅਖ਼ੀਰ ਯਾ ਰਤਾ ਮਗਰੋਂ ਦੀ ਜਾਪਦੀ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ, ਜੇ ਬੜੀ ਪੁਰਾਣੀ ਸਮਝੀ ਜਾਵੇ ਤਾਂ ਬੀ, ਦਸਮੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ।
ਇਹ ਜਨਮ ਸਾਖੀ, ਜੋ ਆਪ ਦੇ ਹੱਥ ਵਿਚ ਹੈ, ਆਪਣੀ ਅੰਦਰਲੀ ਉਗਾਹੀ ਤੋਂ ਛੇਵੇਂ ਸਤਿਗੁਰਾਂ ਦੇ ਵੇਲੇ ਦੇ ਲਗ ਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਅੰਤ ਵਿਚ ਅੰਕਤਾ ਪਹਿਲੀ ਦੀ ਦੂਜੀ ਟੂਕ)। ਪਰ ਅੱਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਬੀ ਦਸਵੇਂ ਪਾਤਸ਼ਾਹ ਦੇ ਸਮੇਂ ਜਾ ਪੈਣ ਦਾ ਇਕ ਇਸ਼ਾਰਾ ਮੌਜੂਦ ਹੈ। ਜੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਸਨ, ਤਦ ਉਹਨਾਂ ਦਾ ਅਜੇ ਤਕ ਪਤਾ ਨਹੀਂ ਚਲਦਾ। ਇਹ ਪੁਰਾਤਨ ਰਵਾਯਤ ਹੈ ਅਰ ਕੰਮ ਵਿਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਵਿਰਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸਦੀ ਵਿਯਾ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ
ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਫਿਕਰੇ ਅਤੇ ਸਤਰਾਂ ਮਿਲਦੀਆਂ ਹਨ, ਅਰ ਉਤਾ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ, ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ; ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਬੀ ਹੋਵੇ ਜੋ ਇਸ ਦਾ ਬੀ ਮੂਲ ਹੋਵੇ, ਇਹ ਗਲ ਅਜੇ ਖੋਜ ਦੀ ਮੁਥਾਜ ਹੈ। ਬਾਲੇ ਵਾਲੀ ਜੋ ਪ੍ਰਸਿਧ ਹੈ ਸੋ ਇਸੇ ਨੂੰ ਵਿਗਾੜ ਕੇ, ਯਾ ਜੇ ਕੋਈ ਹੋਰ ਬੀ ਸੀ- ਜੋ ਮਿਲਦੀ ਨਹੀਂ - ਤਾਂ ਦੋਹਾਂ ਨੂੰ, ਵਿਗਾੜ ਕੇ ਹਿੰਦਾਲੀਆਂ ਨੇ ਆਪਣਾ ਮਤਲਬ ਸਾਧਣ ਲਈ, ਹਿੰਦਾਲ ਦੀ ਉਨ੍ਹਾਂ ਨਾਲ ਬਰਾਬਰੀ ਤੇ ਵਡਿਆਈ ਦੇ ਵਾਕ ਪਾਉਣ ਖਾਤਰ ਲਿਖੀ। ਇਹ ਗੱਲ ਬਾਬੇ ਹਿੰਦਾਲ ਦੀ ਆਪਣੀ ਜਨਮ ਸਾਖੀ ਪੜ੍ਹਿਆਂ ਸਹੀ ਹੋ ਜਾਂਦੀ ਹੈ।
ਇਸ ਜਨਮ ਸਾਖੀ ਦੀ, ਜੋ ਆਪ ਦੇ ਹੱਥਾਂ ਵਿਚ ਹੈ, ਮੁੜਕੇ ਪਰਵਿਰਤੀ ਇਸ ਤਰ੍ਹਾਂ ਹੋਈ ਕਿ ਕਾਲਬਕ ਨਾਮੇ ਇਕ ਅੰਗ੍ਰੇਜ਼ ਨੂੰ ਇਸ ਦਾ ਇਕ ਪੁਰਾਤਨ ਨੁਸਖ਼ਾ ਹੱਥ ਆਇਆ, ਉਸ ਨੇ ਇਹ 'ਈਸਟ ਇੰਡੀਆ ਕੰਪਨੀ ਨੂੰ ਦਿੱਤਾ, ਜਿਨ੍ਹਾਂ ਨੇ ਇਸ ਨੂੰ 'ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰਖਿਆ। ਸੰਨ ੧੮੮੩ ਈ: ਵਿਚ ਅੰਮ੍ਰਿਤਸਰ ਦੇ ਸਿੱਖਾਂ ਨੇ ਲੈਫ਼ਟੀਨੈਂਟ ਗਵਰਨਰ ਪਾਸ ਬਿਨੈ ਕੀਤੀ ਕਿ ਉਹਨਾਂ ਦੇ ਪੜ੍ਹਨ ਲਈ ਇਹ ਜਨਮ ਸਾਖੀ ਇੰਡੀਆ ਆਫਿਸ ਲੰਡਨ ਤੋਂ ਮੰਗਵਾ ਦਿਤੀ ਜਾਵੇ। ਸੋ 'ਮਿਸਟਰ ਰਾਸ' ਲਾਇਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁਤੇ ਪੰਜਾਬ ਵਿਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਰਿਤਸਰ ਵਿਚ ਪੜਤਾਲ ਹੋ ਸਕੇ।
ਲੈਫ਼ਟੀਨੈਂਟ ਗਵਰਨਰ ਜਨਰਲ ਪਾਸ ਸਿੱਖਾਂ ਵਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸਾਖਾਂ ਦੀ ਸਰਕਾਰੀ ਤੌਰ ਤੇ ਫੋਟੋ ਲੈ
*ਦੇਖੋ ਦੀਬਾਚਾ, ਜਨਮ ਸਾਖੀ ਫੋਟੋ ਹੋਈ ਹੋਈ ਦਾ, ੧੮੮੫ ਈ:।
ਕੇ ਕੁਛ ਕਾਪੀਆਂ ਫੋਟੋ ਜ਼ਿੰਕੋਗ੍ਰਾਫੀ ਦੇ ਤ੍ਰੀਕੇ ਤੇ ਛਾਪੀਆਂ ਗਈਆਂ, ਤੇ 'ਸਰ ਚਾਰਲਸ ਐਚਿਸਨ ਲੈਫ਼ਟੀਨੈਂਟ ਗਵਰਨਰ ਪੰਜਾਬ' ਨੇ ਚੋਣਵੇਂ ਥਾਂਈਂ ਇਹੋ ਸੁਗਾਤ ਵਜੋਂ ਦਿੱਤੀਆਂ। ਥੋੜੇ ਹੀ ਚਿਰ ਪਿਛੋਂ ਸਿੰਘ ਸਭਾ ਲਾਹੌਰ ਨੇ ਪੱਥਰ ਦੇ ਛਾਪੇ ਵਿਚ ਇਸ ਦਾ ਉਤਾਰਾ ਛਪਵਾਇਆ। ਇਸ ਨੂੰ ਲੋਕੀਂ ਵਲੈਤ ਵਾਲੀ ਜਨਮ ਸਾਖੀ ਆਖਣ ਲੱਗ ਪਏ।
੧੮੮੫ ਈ: ਵਿਚ ਲਿਖੇ ਦੀਬਾਚੇ ਵਿਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਆਪਣੇ ਦੌਰੇ ਵਿਚ ਉਨ੍ਹਾਂ ਨੂੰ ਇਕ ਜਨਮ ਸਾਖੀ ਹਾਫ਼ਜ਼ਾਬਾਦ ਵਿਚ ਹੱਥ ਆਈ, ਜਿਸ ਨੂੰ ਪੜਤਾਲ ਕਰਨ ਤੇ ਉਹ ਵਲੈਤ ਵਾਲੀ ਦੇ ਨਾਲ ਦੀ ਹੀ ਸਾਬਤ ਹੋਈ, ਕੇਵਲ ਕਿਤੇ ਕਿਤੇ ਅੱਖਰਾਂ, ਪਦਾਂ ਜਾਂ ਫ਼ਿਕਰਿਆਂ ਦਾ ਕੁਛ ਕੁਛ ਫ਼ਰਕ ਸੀ। ਇਸਦਾ ਨਾਮ ਓਹਨਾਂ ਨੇ 'ਹਾਫ਼ਜ਼ਾਬਾਦ ਵਾਲੀ ਸਾਖੀ ਠਹਿਰਾਇਆ। ਇਹ ਨੁਸਖ਼ਾਮਲੂਮ ਹੁੰਦਾ ਹੈ ਕਿ 'ਮਿਸਟਰ ਮੇਕਾਲਿਫ਼ ਪਾਸ ਪੁੱਜਾ। ਓਨ੍ਹਾਂ ਇਸ ਨੂੰ ਆਪਣੇ ਖਰਚ ਤੇ ਗੁਰਮੁਖੀ ਅੱਖਰਾਂ ਵਿਚ ਛਪਵਾਯਾ, ਵਿਰਾਮ ਆਪ ਲਗਾਏ, ਸ਼ਬਦ ਵਖਰੇ ਕਰਕੇ ਛਾਪੇ। ਇਸ ਦੀ ਭੂਮਿਕਾ ਭਾਈ ਗੁਰਮੁਖ ਸਿੰਘ ਜੀ ਪ੍ਰੋਫੈਸਰ ਓਰੀਐਂਟਲ ਕਾਲਜ ਨੇ ਲਿਖੀ ਤੇ ਇਹ ਬੀ ਪੱਥਰ ਦੇ ਛਾਪੇ ਵਿਚ ੧੮੮੫ ਈ: ਸੰਨ ਵਿਚ ੧੫ ਨਵੰਬਰ ਨੂੰ ਛਪ ਗਈ। ਇਸ ਉਤਾਰੇ ਨੂੰ ਲੋਕੀਂ 'ਮੈਕਾਲਫ਼ ਵਾਲੀ ਜਨਮ ਸਾਖੀ ਆਖਣ ਲੱਗ ਪਏ।
ਇਸ ਤੋਂ ਮਗਰੋਂ ਭਾਈ ਕਰਮ ਸਿੰਘ ਜੀ ਹਿਸਟੋਰੀਅਨ ਨੇ ੧੭੯੦ ਦਾ ਉਤਾਰਾ, ਜੋ ਇਸੇ ਜਨਮ ਸਾਖੀ ਦਾ ਇਕ ਨੁਸਖਾ ਸੀ, ਤਸਵੀਰਾਂ ਬੀ ਇਸ ਵਿਚ ਸਨ, ਲਾਹੌਰ ਕਿਸੇ ਕਿਤਾਬ ਫਰੋਸ਼ ਕੋਲ ਡਿੱਠਾ ਸੀ, ਫਿਰ ਉਨ੍ਹਾਂ ਨੇ ਲਾਹੌਰ ਜਨਮ-ਸਥਾਨ ਦੇ ਗੁਰਦੁਆਰੇ ਪਾਸ, ਫੇਰ ਫੀਰੋਜ਼ਪੁਰ ਵਿਚ ੧੭੮੭ ਦਾ ਇਕ ਨੁਸਖਾ ਡਿੱਠਾ ਸੀ, ਜਿਸ ਵਿਚ ਲਿਖਿਆ ਸੀ ਕਿ ੧੭੨੭ ਵਿਚ ਬੁਰਹਾਨਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ। ਇਕ ਕਾਪੀ ਓਹਨਾਂ ਸ਼ਿਕਾਰਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲਪੁਰ ਦੇ ਇਲਾਕੇ ਬੰਦਈਆਂ