

੫੫. ਮਖਦੂਮ ਬਹਾਵਦੀਂ ਦਾ ਚਲਾਣਾ
ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ ਮਖਦੂਮ ਬਹਾਵਦੀ ਮੁਲਤਾਨ ਕਾ ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੈ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ ਨਮਾਜ਼ ਗੁਜਾਰਿਣ। ਤਦਹੁੰ ਮਖਦੂਮ ਬਹਾਵਦੀ ਕੀ ਅਖੀ ਭਰਿ ਆਈਆ ਅੰਝੂ, ਲਗਾ ਬੈਰਾਗੁ ਕਰਿਣ। ਤਬ ਮੁਰੀਦਾ ਪੁਛਿਆ ਜੋ ਜੀਵੈ ਪੀਰ ਸਲਾਮਤਿ! ਸੁ ਤੁਸੀ ਜੋ ਰੋਏ, ਸੋ ਕਿਉਂ ਰੋਏ? ਤਬ ਮਖਦੂਮ ਬਹਾਵਦੀ ਆਖਿਆ: 'ਏ ਬੰਦਿਓ ਖੁਦਾਇ ਕਿਓ। ਇਹ ਬਾਤਿ ਕਹਣੇ ਕੀ ਨਾਂਹੀਂ'। ਤਾਂ ਮੁਰੀਦਾਂ ਆਖਿਆ: 'ਜੀਵੈ ਪੀਰ ਸਲਾਮਤ ਮਿਹਰਿ ਕਰਕੈ ਆਖੀਐ'। ਤਬ ਮਖਦੂਮ ਬਹਾਵਦੀ ਆਖਿਆ: 'ਏ ਯਾਰੋ! ਅਜ ਤੇ ਈਮਾਨੁ ਕਿਸੈ ਕਾ ਠਉੜ ਰਹੈਗਾ ਨਾਹੀ ਸਭ ਬੇਈਮਾਨ ਹੋਇ ਜਾਵਨਿਗੇ । ਤਬ ਮੁਰੀਦਾਂ ਕਹਿਆ: 'ਜੀਵੈ ਪੀਰ ਸਲਾਮਤ! ਮਿਹਰ ਕਰਕੈ ਦਸੀਐ।' ਤਬ ਮਖਦੂਮ ਬਹਾਵਦੀ ਆਖਿਆ: 'ਯਾਰੋ! ਇਕ ਹਿੰਦੂ ਜਬ ਭਿਸਤ ਕਉ ਆਵੈਗਾ। ਤਬ ਭਿਸਤ ਵਿਚ ਉਜਾਲਾ ਹੋਵੇਗਾ'। ਤਬ ਜਿਤਨੇ ਸਿਆਣੇ ਥੇ; ਤਿਤਿਨਿਆ ਕਾ ਇਮਾਨ ਠਉੜ ਨ ਰਹਿਆ, ਤਾਂ ਲਗੈ ਆਖਣਿ: 'ਜੀਣੈ ਪੀਰ ਸਲਾਮਤਿ। ਜੋ ਪੜੇ ਲੋਕ ਆਖਦੇ ਹਿਨਿ, ਜੋ ਹਿੰਦੂ ਕਉ ਭਿਸਤੁ ਲਿਖਿਆ ਨਾਹੀ, ਅਤੈ ਤੁਸਾਂ ਇਉਂ ਆਖਿਆ ਹੈ ਸੋ ਕਿਉ ਕਰਿ ਜਾਣੀਐ'। ਤਬ ਮਖਦੂਮ ਬਹਾਵਦੀ ਆਖਿਆ: 'ਜੇ ਤੁਸਾਂ ਵਿਚ ਕੋਈ ਭਲਾ ਪੜਿਆ ਸਿਆਣਾ ਹੋਵੈ ਸੋ ਲੈ ਆਵਹੁ । ਤਬ ਉਨ੍ਹਾਂ ਇਕ ਇਲਮਵਾਨ ਹਾਜਰੁ ਕੀਤਾ, ਤਬ ਮਖਦੂਮ ਬਹਾਵਦੀ ਇਕੁ ਸਲੋਕੁ ਲਿਖਿ ਦਿਤਾ:-
ਜੋ ਅਸਾ ਲਦਣ ਲਦਿਆ ਅਸਾਡੀ ਕਰਿ ਕਾਇ॥
ਅਤੈ ਮੁਹੋਂ ਆਖਿਓਸੁ: ਜੇ 'ਨਾਨਕ ਨਾਉਂ ਹੈ ਸੁ ਦਰਵੇਸ ਕਾ, ਤਲਵੰਡੀ* ਰਹਂਦਾ ਹੈ। ਜਬ ਮਾਗੈ ਤਾਂ ਦੇਵਨਾ'। ਤਦਹੂ ਆਦਮੀ ਤਲਵੰਡੀ ਆਇਆ,
*ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰ ਪੁਰ ਰਹਿੰਦੇ ਹਨ, ਜਦੋਂ ਗੁਰੂ ਨਾਨਕ ਜੀ ਬਾਲ ਅਵਸਥਾ ਜਾਂ ਚੜਦੀ ਜਵਾਨੀ ਵਿਚ ਸਨ, ਤਦ ਤਲਵੰਡੀ ਰਹਿੰਦੇ ਸਨ।