

ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ। ਬਾਬਾ ਲੱਗਾ ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ ਦੀ ਖ਼ਬਰ ਲਏ ਨਾਹੀਂ, ਘਰ ਦੇ ਆਦਮੀ ਆਖਣ : 'ਜੋ ਅੱਜ ਕਲ ਫ਼ਕੀਰਾਂ ਨਾਲ ਉਠ ਜਾਂਦਾ ਹੈ'। ਬੋਲੇ ਵਾਹਿਗੁਰੂ।
੪. ਖੇਤ ਹਰਿਆ
ਤਬ ਆਗਿਆ ਪਰਮੇਸਰ ਕੀ ਹੋਈ, ਜੋ ਇਕ ਦਿਨ ਕਾਲੂ ਕਹਿਆ: 'ਨਾਨਕ ਇਹ ਘਰ ਦੀਆਂ ਮਹੀਂ ਹਨ ਤੂੰ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੈ ਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ। ਉਹ ਆਇ ਗਇਆ; ਉਨ ਭੱਟੀ ਕਹਿਆ: 'ਭਾਈ ਵੇ! ਤੂੰ ਜੋ ਖੇਤ ਉਜਾੜਿਆ ਹੈ, ਸੋ ਕਿਉ ਉਜਾੜਿਆ ਹੈ? ਇਸ ਉਜਾੜੇ ਦਾ ਜਵਾਬ ਦੇਹ'। ਤਬ ਗੁਰੂ ਨਾਨਕ ਕਹਿਆ 'ਭਾਈ ਵੇ! ਤੇਰਾ ਕਿਛੁ ਨਾਹੀਂ ਉਜਾੜਿਆ! ਕਿਆ ਹੋਇਆ ਜਿ ਕਿਸੈ ਮਹੀਂ ਮੂੰਹ ਪਾਇਆ ? ਖੁਦਾਇ ਇਸੈ ਵਿਚ ਬਰਕਤ ਘੱਤਸੀ। ਤਾਂ ਭੀ ਉਹ ਰਹੈ ਨਾਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ: 'ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ'। ਤਬ ਕਾਲੂ ਨੂੰ ਸਦਾਇਆ। ਤਬ ਰਾਇ ਬੁਲਾਰ ਆਖਿਆ: 'ਕਾਲੂ ਇਸ ਪੁਤ੍ਰ ਨੂੰ ਸਮਝਾਇਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛਡਿਆ ਆਹੀ। ਭਾਈ ਵੇ! ਏਹ ਉਜਾੜਾ ਜਾਇ ਭਰ ਦੇਹ, ਨਾਹੀ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ'। ਤਬ ਕਾਲੂ ਕਹਿਆ, 'ਜੀ ਮੈਂ ਕਿਆ ਕਰੀਂ? ਏਹ ਅਜੈ ਭੀ ਦਿਵਾਨਾ ਫਿਰਦਾ ਹੈ'। ਤਬ ਰਾਇ ਬੁਲਾਰ