

(*ਤਬ ਫੇਰ ਕਾਲੂ ਬੋਲਿਆ, ‘ਬੱਚਾ! ਤੂ ਹੱਟ ਬਹੁ, ਅਸਾਡੀ ਭੀ ਹੱਟ ਹੈ। ਤਬ ਫੇਰ ਗੁਰੂ ਨਾਨਕ ਜੀ ਦੂਜੀ ਪਉੜੀ ਆਖੀ:-
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ॥੨॥
ਤਬ ਫਿਰ ਕਾਲੂ ਕਹਿਆ, ਬੱਚਾ, ਜੇ ਤੂੰ ਹੱਟ ਨਾਹੀਂ ਬਹਿੰਦਾ, ਤਾਂ ਘੋੜੇ ਲੈ ਕਰ ਸੌਦਾਗਰੀ ਕਰ, ਤੇਰੀ ਆਤਮਾ ਉਦਾਸ ਹੈ, ਪਰ ਤੂੰ ਰੁਜ਼ਗਾਰ ਭੀ ਕਰ, ਅਤੇ ਪ੍ਰਦੇਸ ਭੀ ਦੇਖਿ, ਅਸੀਂ ਆਖਾਂਹੇ ਜੇ ਰੁਜਗਾਰ ਗਇਆ ਹੈ: ਹੁਣ ਆਂਵਦਾ ਹੈ। ਤਬ ਗੁਰ ਨਾਨਕ ਜੀ ਤੀਜੀ ਪਉੜੀ ਆਖੀ:-
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥
ਖਰਚੁ ਬੰਨ੍ਹ ਚੰਗਿਆਈਆ ਮਤੁ ਮਨ ਜਾਣਹਿ ਕਲੁ॥
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ॥
ਤਬ ਫੇਰ ਕਾਲੂ ਆਖਿਆ: 'ਨਾਨਕ ਤੂ ਅਸਾਥਹੁ ਗਇਆ ਹੈਂ, ਪਰ ਤੂ ਜਾਹਿ ਚਾਕਰੀ ਕਰ। ਦੌਲਤ ਖ਼ਾਨ ਕਾ ਮੋਦੀ ਤੇਰਾ ਬਹਿਣੇਈ ਹੈ, ਓਹ ਚਾਕਰੀ ਕਰਦਾ ਹੈ, ਤੂੰ ਭੀ ਜਾਇ ਜੈਰਾਮ ਨਾਲ ਚਾਕਰੀ ਕਰ, ਮਤ ਤੇਰਾ ਆਤਮਾ ਓਥੈ ਟਿਕੈ। ਅਸਾਂ ਤੇਰਾ ਖਟਨ ਛਡਿਆ ਹੈ। ਬੇਟਾ, ਜੇਕਰ ਤੂ ਉਦਾਸ ਹੋਇ ਕਰ ਜਾਸੀ, ਤਾਂ ਸਭ ਕੋਈ ਆਖਸੀ, ਜੇ ਕਾਲੂ ਦਾ ਪੁਤ੍ਰ ਫਕੀਰ ਹੋਇ ਗਇਆ, ਲੋਕ ਮੇਹਣੇ ਦੇਸਨ'। ਤਬ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ:-
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ॥
ਬੰਨੁ ਬਦੀਆ ਕਰਿ ਧਾਵਣੀ ਤਾਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ
ਕਰਿ ਚੜੈ ਚਵਗਣ ਵੰਨੁ॥੪॥੨॥*) (ਪੰਨਾ ੫੯੫)
* "ਤਬ ਫੇਰ ਕਾਲੂ... ਤੋਂ ਚਵਗਣ ਵੰਨ" -ਤਕ ਹਾਫ਼ਜ਼ਾਬਾਦ ਵਾਲੀ ਪੋਥੀ ਵਿਚ ਵਾਧਾ ਹੈ ਅਤੇ ਓਸ ਤੋਂ ਪਿਛੋਂ ਵਲੈਤੀ ਪੋਥੀ ਨਾਲ ਮਿਲ ਜਾਂਦੀ ਹੈ। ਇੰਨੀਆਂ ਸਤਰਾਂ ਵਲੈਤ ਵਾਲੀ ਪੋਥੀ ਵਿਚ ਨਹੀਂ ਹਨ।