

੭. ਵੈਦ
ਤਬਿ ਬਾਬਾ ਨਾਨਕੁ ਮਹੀਨੇ ਤਿੰਨ ਤਾਈ ਖਾਵੈ ਪੀਵੈ ਕਿਛੁ ਨਾਹੀ। ਅੰਦਰ ਚੁਪ ਕਰ ਪੈ ਰਿਹਾ। ਸਾਰਾ ਪਰਵਾਰ ਵੇਦੀਆਂ ਕਾ ਓਦਰਿਆ, ਸਭੇ ਲਗੇ ਆਖਣਿ: 'ਕਾਲੂ ਤੂੰ ਕਿਆ ਬੈਠਾ ਹੈਂ, ਜਿਸਦਾ ਪੁਤ੍ਰ ਪਇਆ ਹੈ, ਤੂ ਕੋਈ ਵੈਦ ਸਦਿ ਲੈ, ਕਿਛੁ ਦਾਰੂ ਕਰਿ। ਕਿਆ ਜਾਪੇ ਕਖੈ ਦੇ ਓਲੈ ਲਖੁ ਹੈ। ਤੇਰਾ ਪੁਤ੍ਰ ਚੰਗਾ ਹੋਵੇਗਾ। ਤਾਂ ਪੰਜੀਹੇ ਕਿਤਨੇ ਹੀ ਹੋਵਣਗੇ।' ਤਬ ਕਾਲੂ ਉਠਿ ਖੜਾ ਹੋਆ, ਜਾਇ ਕਰੁ ਵੈਦ ਸਦਿ ਘਿਨਿ ਆਇਆ। ਤਬਿ ਵੈਦੁ ਆਇ ਖੜਾ ਹੋਇਆ ਤਬਿ ਗੁਰੂ ਨਾਨਕ ਬਾਹੁ ਖਿੰਚਿ ਘਿਧੀ, ਪਗ ਛਿਕਿ ਕਰਿ ਉਠਿ ਬੈਠਾ, ਆਖਣਿ ਲਗਾ: 'ਰੇ ਵੈਦ! ਤੂੰ ਕਿਆ ਕਰਦਾ ਹੈ ?? ਤਬਿ ਵੈਦ ਕਹਿਆ: 'ਜੋ ਕਿਛੁ ਤੇਰੇ ਆਤਮੈ ਰੋਗ ਹੋਵੈ, ਸੋ ਵੇਖਦਾ ਹਾਂ।’ ਤਬ ਬਾਬਾ ਹਸਿਆ, ਸਲੋਕੁ ਦਿਤੋਸੁ:-
ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥੧॥ (ਪੰਨਾ ੧੨੭੯)
ਜਾਹਿ ਵੈਦਾ ਘਰਿ ਆਪਣੈ ਮੇਰੀ ਆਹਿ ਨ ਲੇਹਿ॥
ਹਮ ਰਤੇ ਸਹਿ ਆਪਣੈ ਤੂ ਕਿਸੁ ਦਾਰੂ ਦੇਹਿ॥
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ (ਪੰਨਾ ੧੨੭੯)
੧. 'ਅੰਦਰ ਚੁਪ ਕਰ ਪੈ ਰਿਹਾ ਏਹ ਪਦ ਹਾ:ਬਾ: ਪੋਥੀ ਦੇ ਹਨ।
੨. ਇਹ ਸਲੋਕ ਮਲਾਰ ਦੀ ਵਾਰ ਵਿਚ ਮ:੧ ਦਾ ਹੈ।
੩. ਇਹ ਗੁਰਬਾਣੀ ਨਹੀਂ ਹੈ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ।
੪. ਇਹ ਸਲੋਕ ਮਹਲੇ ਦੂਸਰੇ ਦਾ ਹੈ। ਕਿਸੇ ਉਤਾਰੇ ਵਾਲੇ ਨੇ ਭੁੱਲ ਨਾਲ ਮਹਲੇ ਪਹਿਲੇ ਵਿਚ ਏਥੇ ਪਾਇਆ ਹੈ।