

੮. ਸੁਲਤਾਨ ਪੁਰ ਨੂੰ ਤਿਆਰੀ
ਤਬ ਆਗਿਆ ਪਰਮੇਸਰ ਕੀ ਹੋਈ ਜੋ ਗੁਰੂ ਨਾਨਕ ਬਾਹਿਰ ਆਇਆ, ਤਾਂ ਬਾਬੇ ਨਾਨਕ ਦਾ ਬਹਣੇਯਾ ਜੈਰਾਮ ਥਾ, ਸੋ ਨਵਾਬ ਦਉਲਤ ਖਾਨ ਦਾ ਮੋਦੀ ਸਾ, ਜੈਰਾਮ ਸੁਣਿਆਂ, ਜੋ ਨਾਨਕ ਹੈਰਾਨ ਰਹੰਦਾ ਹੈ, ਕੰਮ ਕਾਜ ਕਿਛੁ ਨਹੀਂ ਕਰਦਾ, ਤਬਿ ਓਨਿ ਕਿਤਾਬਤ ਲਿਖੀ, ਜੋ ਨਾਨਕ ਤੂ ਅਸਾਂ ਜੋਗੁ ਮਿਲੁ। ਤਬਿ ਇਹ ਕਿਤਾਬਤ ਗੁਰੂ ਨਾਨਕ ਪੜੀ ਤਾਂ ਆਖਿਓਸੁ, 'ਹੋਵੈ ਤਾਂ ਜੈਰਾਮ ਜੋਗ ਮਿਲਹਾਂ। ਤਬਿ ਘਰਿ ਦਿਆਂ ਆਦਮੀਆਂ ਆਖਿਆ, 'ਜੋ ਇਹੁ ਜਾਵੇ ਤਾਂ ਭਲਾ ਹੋਵੇ, ਮਤੁ ਇਸਦਾ ਮਨੁ ਉਹਾਂ ਟਿਕੈ । ਤਬਿ ਗੁਰੂ ਨਾਨਕ ਸੁਲਤਾਨ ਪੁਰ ਕਉ ਲਗਾ ਪਹੁੰਚਣ। ਤਬਿ ਬਾਬਾ ਜੀ ਉਠਿ ਚਲਿਆ, ਤਬਿ ਬਾਬੇ ਦੀ ਇਸਤ੍ਰੀ ਲਗੀ ਬੈਰਾਗੁ ਕਰਣੇ। ਆਖਿਓਸੁ: 'ਜੀ ਤੂੰ ਅਸਾਂ ਜਗੁ ਅਗੇ ਨਾਹਿ ਸੀ ਮੁਹਿ ਲਾਇਦਾ, ਪਰਦੇਸਿ ਗਇਆ ਕਿਉਂ ਕਰਿ ਆਵਹਿਗਾ'। ਤਬ ਬਾਬੇ ਆਖਿਆ, 'ਭੋਲੀਏ! ਅਸੀਂ ਇਥੇ ਕਿਆ ਕਰਦੇ ਆਹੇ? ਅਰੁ ਓਥੈ ਕਿਆ ਕਰਹਗੇ? ਅਸੀਂ ਤੁਹਾਡੇ ਕਿਤੈ ਕੰਮਿ ਨਾਹੀ' । ਤਬਿ ਓਨਿ ਫਿਰਿ ਬੇਨਤੀ ਕੀਤੀਆਸ, 'ਜੋ ਜੀ ਤੁਸੀਂ ਘਰਿ ਬੈਠੇ ਹੋਂਦੇ ਆਹੇ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਿਸਾਹੀ ਹੋਂਦੀ ਆਹੀ, ਜੀ ਇਹੁ ਸੰਸਾਰੁ ਮੇਰੇ ਕਿਤੈ ਕਾਮਿ ਨਾਹੀ' ਤਬਿ ਗੁਰੂ ਮਿਹਰਵਾਨੁ ਹੋਆ ਆਖਿਓਸੁ, 'ਤੂ ਚਿੰਤਾ ਕਿਛੁ ਨ ਕਰ, ਦਿਨੁ ਦਿਨੁ ਤੇਰੀ ਪਾਤਿਸਾਹੀ ਹੋਵੇਗੀ'। ਤਬਿ ਓਨਿ ਕਹਿਆ, 'ਜੀ ਮੈ ਪਿਛੇ ਰਹਂਦੀ ਨਾਹੀ, ਮੈਨੂੰ ਨਾਲੇ ਲੈ ਚਲ। ਤਬਿ ਬਾਬੇ ਆਖਿਆ, 'ਪਰਮੇਸਰ ਕੀਏ! ਹੁਣ ਤਾਂ" ਮੈਂ ਜਾਂਦਾ ਹਾਂ, ਜੇ ਮੇਰੇ ਰੁਜਗਾਰ ਦੀ ਕਾਈ ਬਣਸੀ ਤਾਂ ਮੈਂ ਸਦਾਇ ਲੇਸਾਂ। ਤੂੰ ਆਗਿਆ ਮੰਨਿ ਲੈ । ਤਬਿ ਓਹੁ ਚੁਪ ਕਰਿ ਰਹੀ। ਤਬਿ ਗੁਰੂ ਨਾਨਕ ਭਾਈਆਂ ਬੰਧਾਂ ਪਾਸੂ ਬਿਦਾ ਕੀਤਾ 'ਸੁਲਤਾਨ ਪੁਰ ਕਉ ਚਲਿਆ 'ਬੋਲਹੁ ਵਾਹਿਗੁਰੂ।
੧. 'ਏ ਹੁਣ ਤਾਂ ਹਾ: ਬਾ: ਨੁਸਖੇ ਦੇ ਅੱਖਰ ਹਨ।
੨. ਕੀਤਾ ਦੀ ਥਾਂ ਪਾਠਾਂਤ੍ਰ ਹੋਇਆ ਬੀ ਹੈ।