

ਤਬਿ ਸਿਧਾਂ ਆਖਿਆ: ‘ਬਾਲਕੇ! ਤੂੰ ਜੋਗੀ ਹੋਇ ਦਰਸਨੁ ਭੇਖੁ ਲੇਉ। ਤਬਿ ਬਾਬੇ ਸਬਦ ਉਠਾਇਆ ਰਾਗੁ ਸੂਹੀ ਲਾਲਤਾ* ਵਿਚ:-
ਸੂਹੀ ਮਹਲਾ ੧ ਘਰੁ ੭॥
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੧॥
ਗਲੀ ਜੋਗੁ ਨ ਹੋਈ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ॥੧॥ਰਹਾਉ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥
ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥੨॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥
ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗੁ ਜੁਗਤਿ ਇਵ ਪਾਈਐ॥੩॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥
ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ॥੪॥੧॥੮॥
(ਪੰਨਾ ੭੩੦)
ਤਬਿ ਸਿਧਾਂ 'ਆਦੇਸੁ ਆਦੇਸੁ ਕੀਤਾ, 'ਜੋ ਇਹੁ ਕੋਈ ਮਹਾਂ ਪੁਰਖ ਹੈ, ਜਿਸ ਕੇ ਬੈਠਣੇ ਸਾਥਿ ਬੜੁ ਹਰਿਆ ਹੋਆ ਭੰਡਰੇ ਕਾ। ਤਬਿ ਗੁਰੂ ਬਾਬਾ ਓਥਹੁ ਰਵਿਦਾ ਰਹਿਆ॥
* 'ਲਾਲਤਾ' ਪਾਠ ਹਾਫ਼ਜਾਬਾਦੀ ਨੁਸਖੇ ਵਿਚ ਨਹੀਂ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਨਹੀਂ, ਤਾਂਤੇ ਇਹ ਅਸ਼ੁੱਧੀ ਹੈ ਲਿਖਾਰੀ ਦੀ।