ਅ) ਸਾਖੀ ਨੰਬਰ ੩੦ ਵਿਚ ਮਰਦਾਨੇ ਦਾ ਵਾਕ ਹੈ:- 'ਜੋ ਤੇਰਾ ਅਹਾਰ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰ ਕਰਹਿ'। ਇਸ ਵਿਚ 'ਮੇਰਾ ਅਹਾਰ ਕਰਹਿ' ਇਤਨੇ ਅੱਖਰ ਵਾਧੂ ਹਨ। 'ਸੇ ਮੇਰਾ ਹੋਵੈ ਤੇ 'ਸੋ ਮੇਰਾ ਅਹਾਰ ਕਰਹਿ ਦੋਵੇਂ ਇਕ ਮਤਲਬ ਰਖਦੇ ਹਨ, ਦੋਹਾਂ ਵਿਚੋਂ ਇਕ ਬਿਲੋੜਾ ਹੈ, ਅਸਲੀ ਕਰਤਾ ਆਪਣੇ ਨੁਸਖੇ ਵਿਚ ਇਹ ਭੁੱਲ ਨਹੀਂ ਛੱਡ ਸਕਦਾ। ਇਹ ਭੁੱਲ ਉਤਾਰੇ ਦੀ ਹੈ, ਹਾ:ਬਾ: ਨੁਸਖਾ ਇਸ ਦੀ ਪ੍ਰੋਢਤਾ ਕਰਦਾ ਹੈ, ਜਿਸ ਵਿਚ ਕਿ 'ਸੋ ਮੇਰਾ ਅਹਾਰ ਕਰਹਿ ਪਾਠ ਨਹੀਂ ਹੈ।
(ੲ) ਸਾਖੀ ਨੰ: ੩੧ ਵਿਚ ਜਦ ਗੁਰੂ ਜੀ `ਪਿਛਹੁ ਰਾਤੀ ਸਦੜਾ ਸ਼ਬਦ ਦਾ ਭੋਗ ਪਾਉਂਦੇ ਹਨ ਤਾਂ ਆਖਦੇ ਹਨ: 'ਬਾਬਾ ਜੀ ਮਾਤਾ ਜੀ ਅਸੀਂ ਜੇ ਆਏ ਹਾਂ, ਜੋ ਕਹਿ ਥਾ ਆਵਹਿਂਗੇ ਇਸ ਵਿਚ 'ਕਹਿ ਥਾ' ਪਾਠ ਅਸ਼ੁੱਧ ਹੈ ਚਾਹੀਦਾ ਹੈ 'ਕਹਿਆ ਥਾ' ਇਹ 'ਆ ਕੰਨੇ ਦਾ ਰਹਿ ਜਾਣਾ ਉਤਾਰਾ ਕਰਨ ਵਾਲੇ ਦੀ ਉਕਾਈ ਹੈ, ਇਸ ਦੀ ਪੁਸ਼ਟੀ ਹਾਫ਼ਜ਼ਾਬਾਦੀ ਨੁਸਖੇ ਤੋਂ ਹੁੰਦੀ ਹੈ, ਜਿਸ ਵਿਚ ਪਾਠ ਹੈ- 'ਕਹਿਆ ਥਾ'।
(ਸ) ਸਾਖੀ ਨੂੰ ੩੦ ਵਿਚ ਇਹ ਪਾਠ 'ਜਾਂ ਇਹ ਬਚਨ ਕਰਹਿ ਜੋ ਮੇਰੇ ਕਰਮ ਭੀ ਨਾ ਬੀਚਾਰਹਿ'। 'ਮੇਰੇ ਕਰਮ ਭੀ ਨਾ ਬੀਚਾਰਹਿ ਤੋਂ ਸਾਬਤ ਹੁੰਦਾ ਹੈ ਕਿ ਪਹਿਲੇ ਫ਼ਿਕਰੇ 'ਜਾਂ ਇਹ ਬਚਨ ਕਰਹਿ ਵਿਚ ਬੀ 'ਭੀ' ਪਦ ਚਾਹੀਦਾ ਸੀ ਕਿਉਂਕਿ ਪਹਿਲੇ ਇਹ ਗੱਲ ਮਰਦਾਨਾ ਮੰਗ ਆਯਾ ਹੈ ਕਿ ਜੋ ਤੇਰਾ ਅਹਾਰ ਹੈ ਸੋ ਮੇਰਾ ਹੋਵੈ, ਹੁਣ ਦੂਸਰੀ ਗੱਲ ਮੰਗਦਾ ਹੈ ਕਿ ਮੇਰੇ ਕਰਮ ਭੀ ਨਾ ਬੀਚਾਰਹਿ! ਇਸ ਵਿਚ ਪਈ 'ਭੀ' ਦੱਸਦੀ ਹੈ ਕਿ ਪਹਿਲੇ ਇਕ ਗੱਲ ਹੋਰ ਮੰਗ ਆਯਾ ਹੈ, ਤਾਂਤੇ ਜ਼ਰੂਰੀ ਹੋ ਗਿਆ ਕਿ ਜਦ ਮਰਦਾਨਾ ਕਹਿੰਦਾ ਹੈ 'ਜਾਂ ਇਹ ਬਚਨ ਕਰਹਿ ਇਸ ਵਿਚ ਭੀ ਪਦ, 'ਭੀ' ਆਵੇ। ਹਾਫ਼ਜ਼ਾਬਾਦੀ ਨੁਸਖਾ ਇਸ ਗੱਲ ਦੀ ਪ੍ਰੋਢਤਾ ਕਰਦਾ ਹੈ, ਕਿਉਂਕਿ ਉਸ ਵਿਚ ਏਥੇ 'ਭੀ' ਪਦ ਹੈ. ਤੇ ਪਾਠ ਹੈ- 'ਜੋ ਇਹ ਬੀ ਬਚਨ ਕਰਹਿਂ।