

ਇਕੋ ਰਾਜਾ ਰਹਿਆ। ਤਬਿ ਓਹੁ ਕੀੜੀ ਗਈ, ਆਖਿਓਸੁ- ਹੇ ਰਾਜਾ! ਬਾਤ ਸੁਨੁ, ਅਬਿ ਮੇਰੀ ਰੋਟੀ ਮਨਹਿਗਾ ?-। ਤਬਿ ਰਾਜਾ ਹਥਿ ਜੋੜ ਖੜਾ ਹੋਆ। ਆਖਿਓਸੁ ਭਲਾ ਹੋਵੈ ਜੀ-। ਤਬਿ ਉਸਿ ਕੀੜੀ ਹੁਕਮ ਕੀਤਾ ਕੀੜੀਆਂ ਜੋਗੁ-ਜਾਹੁ ਅੰਮ੍ਰਿਤੁ ਲੈ ਆਵਹੁ ਅਤੇ ਸਤ ਕੁੰਡੀ ਅੰਮ੍ਰਿਤ ਕੇ ਹੈਨ ਪਾਤਾਲ ਬਿਖੈ, ਅਤੇ ਸਤ ਕੁੰਡ ਬਿਖ ਕੇ ਹੈਂ ਪਤਾਲ ਬਿਖੈ-। ਤਬਿ ਓਹ ਕੀੜੀਆਂ ਗਈਆਂ, ਜਾਇ ਕਰਿ ਅੰਮ੍ਰਿਤੁ ਮੁਖੁ ਭਰਿ ਲੇ ਆਈਆਂ, ਜਿਸ ਕਉ ਉਹ ਲਾਵਨਿ ਸੋਈ ਉਠਿ ਖੜਾ ਹੋਵੇ। ਤਬਿ ਬਾਵਨ ਖੂਹਣੀ ਲਸਕਰੁ ਉਠਿ ਖੜਾ ਹੋਆ, ਪਰਮੇਸਰਿ ਕੀ ਆਗਿਆ ਨਾਲਿ। ਤਬਿ ਰਾਜਾ ਉਠਿ ਕਰ ਰੋਟੀ ਖਾਵਣਿ ਗਇਆ ਬਾਵਨ ਖੂਹਣੀ ਸਾਥਿ। ਜਬਿ ਰੋਟੀ ਮਿਲੀ ਤਾਂ ਠੰਢੀ, ਅਤੇ ਜਾਂ ਘੋੜਿਆਂ ਨੇ ਘਾਸੁ ਮਿਲਿਆ ਤਾਂ ਭਿੰਨਾ ਹੋਆ, ਅਤੇ ਦਾਣਾ ਮਿਲਿਆ ਸੋ ਚਿਥਿਆ ਹੋਆ। ਤਬਿ ਰਾਜੇ ਪੁਛਿਆ:- ਐਸੀ ਰੋਟੀ ਠੰਢੀ ਕਿਉਂ ਮਿਲੀ ? ਅਤੇ ਘਾਸ ਭਿੰਨਾ, ਦਾਣਾ ਚਿਥਿਆ ?- ਤਬਿ ਕੀੜੀ ਕਹਿਆ: ਹੇ ਰਾਜਾ! ਅਗੈ ਇਕੁ ਰਾਜਾ ਆਇਆ ਥਾ ਤਿਸ ਕਿਉ ਮੈਂ ਰੋਟੀ ਕੀਤੀ ਆਹੀ, ਤਿਸਤੇ ਜੋ ਰਹਿਆ ਥਾ ਸੋ ਮੈਂ ਤੇਰੇ ਲਸਕਰ ਕਉ ਪਰੋਸਿਆ ਹੈ, ਅਤੇ ਜੇ ਉਸਦਿਆਂ ਘੋੜਿਆਂ ਦਾ ਦਾਣਾ ਬਚਿਆ ਥਾ ਸੋ ਤੇਰਿਆਂ ਘੋੜਿਆਂ ਕਉ ਦਿਤਾ ਅਤੇ ਜੋ ਉਸਦਿਆਂ ਘੋੜਿਆਂ ਦਾ ਘਾਸਾ ਰਹਿਆ ਥਾ, ਸੋ ਤਿਰਿਆਂ ਘੋੜਿਆਂ ਤਾਈਂ ਪਇਆ-। ਜਬਿ ਰਾਜੈ ਜਾਇ ਕਰ ਦੇਖੈ ਤਾਂ ਕਈ ਅਬਾਰ ਹੀ ਭਰੇ ਪਇ ਹੈਨਿ। ਤਬਿ ਰਾਜੈ ਕਾ ਅਭਿਮਾਨੁ ਚੂਰਿ ਹੋਆ ਆਖਿਓਸੁ:- ਐਸੇ ਰਾਜੇ ਵਰਤੇ ਹੈਨ-। ਤਬਿ ਰਾਜਾ ਫਿਰਿ ਘਰਿ ਆਇਆ' ਤਬਿ ਬਾਬਾ ਬੋਲਿਆ:-
ਸਲੋਕ ਮ:੧ ॥ ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ॥
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ॥
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ॥
ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ॥
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ॥੧॥(ਪੰਨਾ ੧੪੪)
ਤਬ ਮਰਦਾਨਾ ਪੈਰੀ ਪਇਆ। ਬੋਲਹੁ ਵਾਹਿਗੁਰੂ