

ਬਰਾਤ ਦੇ ਪ੍ਰਬੰਧ ਦੀ ਤਾਕਤ ਨਹੀਂ ਸੀ, ਤੇ ਨਾ ਹੀ ਇਨ੍ਹਾਂ ਦੇ ਪਿੰਡ ਵਿੱਚ ਆਰਾਮ ਦੇ ਵਾਸਤੇ ਲੋੜੀਂਦੇ ਮਕਾਨ ਸਨ। ਇਸ ਕਰ ਕੇ ਸਰਦਾਰ ਰਾਮ ਨਰਾਇਣ ਸਿੰਘ ਦੀ ਮਨਸ਼ਾ ਨਾਲ ਸਰਹਿੰਦ ਦਾ ਮੁਕਾਮ ਸ਼ਾਦੀ ਲਈ ਨੀਯਤ ਹੋਇਆ, ਜਿੱਥੇ ਖ਼ਾਸ ਪ੍ਰਬੰਧ ਕਰਨੇ ਪਏ ਤੇ ਉਂਜ ਵੀ ਇਸ ਵਿਆਹ ਤੇ ਖੂਬ ਦਿਲ ਖੋਹਲ ਕੇ ਰੁਪਯਾ ਖ਼ਰਚ ਕੀਤਾ ਗਿਆ ਤੇ ਇਸ ਤਰ੍ਹਾਂ ਨਾਲ ਲਗਭਗ ੭੦ ਲੱਖ ਰੁਪਯਾ ਵਿਆਹ ਤੇ ਖ਼ਰਚ ਆ ਗਿਆ।
੧੮੬੯ ਨੂੰ ਕਾਬਲ ਦੇ ਅਮੀਰ ਅਲੀ ਸ਼ੇਰ ਖਾਂ ਦੇ ਆਉਣ ਤੇ ਅੰਬਾਲੇ ਵਿੱਚ ਇੱਕ ਭਾਰੀ ਜਲਸਾ ਹੋਇਆ, ਜਿਸ ਵਿੱਚ ਪੰਜਾਬ ਦੇ ਰਈਸ ਸਭ ਸ਼ਾਮਲ ਹੋਏ ਸਨ। ਮਹਾਰਾਜਾ ਮਹਿੰਦਰ ਸਿੰਘ ਨੂੰ ਵੀ ਇਸ ਵਿੱਚ ਆਉਣਾ ਪਿਆ। ਫਿਰ ਮਾਰਚ ੧੮੭੦ ਵਿੱਚ ਜੋ ਦਰਬਾਰ ਸ਼ਾਹਜ਼ਾਦਾ ਸਾਹਿਬ ਹਿਜ਼ ਰਾਇਲ ਹਾਈਨੈਂਸ ਐਲਫਰਡ ਰਾਬਰਟ ਸਾਹਿਬ ਬਹਾਦਰ ਦੇ ਆਉਣ ਤੇ ਲਾਹੌਰ ਵਿੱਚ ਹੋਇਆ, ਇਹ ਜਲਸਾ ਮਹਾਰਾਜਾ ਸਾਹਿਬ ਵਾਸਤੇ ਇੰਨਾ ਮੁਬਾਰਕ ਹੋਇਆ ਕਿ ਇੱਥੋਂ ਅਖਤਿਆਰ ਲੈ ਕੇ ਵਾਪਸ ਮੁੜੇ। ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਯੂਨੀਵਰਸਟੀ ਕਾਇਮ ਹੋਈ ਤੇ ਮਹਾਰਾਜਾ ਸਾਹਿਬ ਨੇ ਆਪਣੀ ਦਰ੍ਯਾਦਿਲੀ ਨਾਲ ੫੬ ਹਜ਼ਾਰ ਰੁਪਯਾ ਪੰਜਾਬ ਯੂਨੀਵਰਸਟੀ ਨੂੰ ਦਾਨ ਦਿੱਤਾ। ਫਿਰ ਮਹਾਰਾਜਾ ਸਾਹਿਬ ਲਾਰਡ ਮੀਓ ਸਾਹਿਬ ਬਹਾਦਰ ਵੈਸਰਾਇ ਹਿੰਦ ਦੇ ਸੱਦਣ ਤੇ ਸ਼ਿਮਲੇ ਗਏ ਤੇ ਓਥੋਂ ਓਹਨਾਂ ਨੂੰ ਨਾਈਟ ਗ੍ਰੇਂਡ ਕਮਾਂਡ ਤਬਕਾ ਏ ਅਲੀ ਸਤਾਰਾਏ ਹਿੰਦ ਦਾ ਖ਼ਿਤਾਬ ਮਿਲਿਆ।
ਸ਼ਿਮਲੇ ਤੋਂ ਮੁੜਨ ਤੇ ਮਹਾਰਾਜਾ ਸਾਹਿਬ ਨੂੰ ਆਪਣੇ ਬੈਨੋਈ ਰਾਣਾ ਸਾਹਿਬ ਧੌਲਪੁਰ ਦੇ ਚਲਾਣਾ ਕਰ ਜਾਣ ਦੇ ਕਾਰਨ ਮਾਤਮ ਪੁਰਸੀ ਵਾਸਤੇ ਧੌਲਪੁਰ ਜਾਣਾ ਪਿਆ, ਫਿਰ ਉੱਥੋਂ ਮੁੜ ਕੇ ਇਸੇ ਸਾਲ ਲਫਟੰਟ ਗਵਰਨਰ ਸਾਹਿਬ ਪੰਜਾਬ ਦੇ ਕਹਿਣ ਤੇ ਦਰਯਾਏ ਸਤਲੁਜ ਦੇ ਖੋਹਲਣ ਦੀ ਰਸਮ ਆਪ ਨੇ ਅਦਾ ਕੀਤੀ।
੨੨ ਨਵੰਬਰ ੧੮੭੦ ਨੂੰ ਮਹਾਰਾਜਾ ਸਾਹਿਬ ਨੇ ਪਟਯਾਲੇ ਵਿੱਚ ਇੱਕ ਭਾਰੀ ਦਰਬਾਰ ਕੀਤਾ। ਸਰ ਲੈਪਲ ਗ੍ਰਿਫਨ ਸਾਹਿਬ ਵੀ ਉਸ ਵੇਲੇ ਇੱਥੇ ਮੌਜੂਦ ਸਨ, ਮਹਾਰਾਜਾ ਸਾਹਿਬ ਨੇ ਆਪਣੇ ਅਹੁਦੇਦਾਰਾਂ ਨੂੰ ੭੦ ਹਜ਼ਾਰ ਰੁਪਯੇ ਦੀਆਂ ਖਿਲਅਤਾਂ ਵੰਡੀਆਂ ਤੇ ਸੋਨੇ ਦੇ ਕੜੇ ਤੇ ਦੋਸ਼ਾਲੇ ਇਨਾਮ ਵਿੱਚ ਦਿਤੇ। ਖਲੀਫਾ ਮੁਹੰਮਦ ਹਸਨ ਵਜ਼ੀਰ ਆਜ਼ਮ ਮਾਸਟਰ ਰਾਮਚੰਦ ਦੀਵਾਨ ਇਮਦਾਦ ਅਲੀ ਖਾਂ ਮੀਰਮੁਨਸ਼ੀ ਮੁਹੰਮਦ ਹੁਸੈਨ ਸਾਹਿਬ ਵੱਡੇ ਵੱਡੇ ਅਹੁਦੇਦਾਰਾਂ ਨੂੰ ਇੱਕ ਇੱਕ ਹਜ਼ਾਰ ਰੁਪਯਾਂ ਦੀ ਆਮਦਨੀ ਦੇ ਪਿੰਡ ਉਹਨਾਂ ਦੀ ਚੰਗੀ ਖਿਦਮਤ ਦੇ ਬਦਲੇ ਸਦਾ ਲਈ ਦਿਤੇ। ਇਸੇ ਸਾਲ ਮਹਾਰਾਜਾ ਸਾਹਿਬ ਨੇ ਨਾਰਨੌਲ ਦੇ ਇਲਾਕੇ ਦਾ ਦੌਰਾ ਕੀਤਾ।
੨੦ ਜਨਵਰੀ ੧੮੭੧ ਨੂੰ ਮਹਾਰਾਜਾ ਸਾਹਿਬ ਕਲਕੱਤਾ ਜਾਣ ਵਾਸਤੇ ਸਵਾਰ ਹੋਏ। ਉੱਥੇ ਪੁੱਜ ਕੇ ਇੱਕ ਖ਼ਾਸ ਦਰਬਾਰ ਵਿੱਚ ਜੋ ਇਸੇ ਗਰਜ਼ ਵਾਸਤੇ ਕੀਤਾ ਗਿਆ ਸੀ, ਤਬਕਾ ਏ ਆਲੀ ਸਤਾਰਾਏ ਹਿੰਦ ਦਾ ਖ਼ਿਤਾਬ ਪ੍ਰਾਪਤ ਕੀਤਾ ਤੇ ਫਿਰ ਇੱਥੋਂ ਗਯਾ, ਪਟਣਾ ਤੇ ਬਨਾਰਸ ਹੁੰਦੇ ਹੋਏ ਮਾਰਚ ਦੇ ਮਹੀਨੇ ਵਾਪਸ ਪਟ੍ਯਾਲੇ ਆ ਗਏ।
੩੧ ਅਕਤੂਬਰ ੧੮੭੧ ਨੂੰ ਮਹਾਰਾਜਾ ਭਗਵਾਨ ਸਿੰਘ ਨਾਭੇ ਵਾਲੇ ਦਿਲ ਦੀ ਬੀਮਾਰੀ ਨਾਲ ਚਲਾਣਾ ਕਰ ਗਏ। ਆਪ ਦੇ ਕੋਈ ਸੰਤਾਨ ਨਹੀਂ ਸੀ। ਇਸ ਕਰ ਕੇ ਇਹਨਾਂ ਦੀ ਥਾਂ ਤੇ ਮਹਾਰਾਜਾ ਜੀਂਦ ਦੀ ਮਨਸ਼ਾ ਦੇ ਨਾਲ ੫ ਮਈ ੧੮੬੧ ਨੂੰ ਸਰਦਾਰ ਹੀਰਾ ਸਿੰਘ ਜੀ ਬਢਰੁਖਾਂ ਵਾਲੇ ਜੋ ਭਾਈ ਤਲੋਕਾ ਦੇ ਖਾਨਦਾਨ ਵਿੱਚੋਂ ਹੋਣ ਕਰ ਕੇ ਰਿਆਸਤ ਦੇ ਹੱਕਦਾਰ ਸਨ, ਮਹਾਰਾਜਾ ਬਨਾਣ ਲਈ ਚੁਣੇ ਗਏ ਤੇ ਗਵਰਨਮੈਂਟ ਦੀ ਮਨਜ਼ੂਰੀ ਨਾਲ ੧੦ ਅਗਸਤ ੧੮੭੧ ਨੂੰ ਸ੍ਰ: ਹੀਰਾ ਸਿੰਘ ਸਾਹਿਬ ਦੇ ਗੱਦੀ ਤੇ ਬੈਠਣ ਦੀ ਰਸਮ ਅਦਾ ਕੀਤੀ ਗਈ।
ਮਹਾਰਾਜਾ ਸਾਹਿਬ ਸ਼ਿਮਲੇ ਗਏ। ਇੱਥੇ ਲਾਟ ਸਾਹਿਬ ਬਹਾਦਰ ਨੂੰ ਮਿਲੇ। ਯਤੀਮਖਾਨੇ ਨੂੰ ੧੨ ਹਜ਼ਾਰ ਰੁਪਯਾ ਦਾਨ ਦਿੱਤਾ। ਆਪ ਜਦ ਮੁੜ ਕੇ ਪਟਯਾਲੇ ਆਏ ਤਦ ਇੱਥੇ ਵਿੱਦ੍ਯਾ ਪ੍ਰਾਪਤੀ ਵਾਸਤੇ ਇੱਕ ਖ਼ਾਸ ਕਾਲਜ ਦੀ ਨੀਂਹ ਰੱਖੀ, ਜਿਸ ਦਾ ਨਾਮ 'ਮਹਿੰਦਰਾ ਕਾਲਜ' ਰਖ੍ਯਾ ਗਿਆ। ੬੦