ੴ ਸਤਿਗੁਰ ਪ੍ਰਸਾਦਿ ॥
ਸਿੱਖ ਮਿਸਲਾਂ ਦੀ ਉਤਪਤੀ ਅਤੇ
ਮਹਾਰਾਜਾ ਰਣਜੀਤ ਦੁਆਰਾ ਖਾਲਸਾ ਰਾਜ ਦੀ ਸਥਾਪਨਾ
ਕ੍ਰਿਤ:
RAJ KHALSA
PART – I
Rise of Sikh Missals and Khalsa Kingdom
Established by MAHARAJA RANJIT SINGH
Wirtten by
Giani Gian Singh ji
ਸ੍ਰੀ ਅਕਾਲ ਤਖ਼ਤ ਸਾਹਿਬ ਦੇ
੪੦੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ
Dedicated to 400th Formation Anniversary of
Sri Akal Takhat Sahib
ਸੇਵਾ: ਭਾਈ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ)
Made Available by:
Bhai Baljinder Singh ji
© Baljinder Singh 16914 Lassen Street, Northridge, CA 91343 USA
ਤਤਕਰਾ
|
੧. ਪਹਿਲੀ ਮਿਸਲ ਭੰਗੀ ਸਰਦਾਰਾਂ ਦੀ |
੨੬ |
ਜਮਾਨ ਸ਼ਾਹ ਦੀ ਚੜ੍ਹਾਈ |
|
ਸ਼ਜਰਾ |
੨੭ |
ਰਣਜੀਤ ਸਿੰਘ ਵੱਲੋਂ ਸਹਾਇਤਾ |
|
੨. ਦੂਜੀ ਮਿਸਲ ਰਾਮਗੜ੍ਹੀਏ ਸਰਦਾਰ |
੨੮ |
ਇਕ ਕਹਾਣੀ |
|
ਸ਼ਜਰਾ |
੨੯ |
ਲਾਹੌਰ ਤੇ ਕਬਜਾ |
|
੩. ਤੀਜੀ ਮਿਸਲ ਘਨੱਯਾਂ ਸਰਦਾਰਾਂ ਦੀ |
੩੦ |
ਭਸੀਨ ਦੀ ਲੜਾਈ |
|
ਸ਼ਜਰਾ |
੩੧ |
ਫਤਹ ਪਾਕੇ ਮੁੜਨਾ |
|
੪. ਚੌਥੀ ਮਿਸਲ ਨਕੇਈ ਸਰਦਾਰ |
੩੨ |
ਖੜਕ ਸਿੰਘ ਦਾ ਜਨਮ |
|
ਸ਼ਜਰਾ |
੩੩ |
ਮਹਾਰਾਜਾ ਦਾ ਖਿਤਾਬ |
|
੫. ਪੰਜਵੀਂ ਮਿਸਲ ਡਲੇ ਵਾਲੇ ਸਰਦਾਰ |
੩੪ |
ਆਪਣਾ ਸਿੱਕਾ ਚਲਾਇਆ |
|
ਸ਼ਜਰਾ |
੩੫ |
ਸ਼ਹਿਰ ਲਾਹੌਰ ਦਾ ਪ੍ਰਬੰਧ |
|
੬. ਛੇਵੀਂ ਮਿਸਲ ਕਰੋੜੀਆਂ ਦੇ ਸਰਦਾਰ |
੩੬ |
ਸਾਹਿਬ ਸਿੰਘ ਤੇ ਹਮਲਾ |
|
ਖਾਲਸੇ ਦਾ ਦਿੱਲੀ ਤੇ ਕਬਜਾ |
੩੭ |
ਦਲ ਸਿੰਘ ਦੀ ਕੈਦ ਤੇ ਅਕਾਲ ਗੜ੍ਹ ਤੇ ਚੜ੍ਹਾਈ |
|
੭. ਸੱਤਵੀਂ ਮਿਸਲ ਸ਼ਹੀਦਾਂ ਦੀ |
੩੮ |
ਗੁਜਰਾਤ ਤੇ ਦੂਜੀ ਵਾਰ ਲੜਾਈ |
|
ਸ਼ਜਰਾ |
੩੯ |
ਦਲ ਸਿੰਘ ਦਾ ਚਲਾਣਾ |
|
੮. ਅੱਠਵੀਂ ਮਿਸਲ ਫੈਜਲਾਪੁਰੀਆ |
੪੦ |
ਕਸੂਰ ਦੀ ਅਧੀਨਤਾ |
|
ਸ਼ਜਰਾ |
੪੧ |
ਫਤਹ ਸਿੰਘ ਨਾਲ ਮਿਤਰਾਨਾ |
|
੯. ਨਾਵੀਂ ਮਿਸਲ ਨਿਸ਼ਾਨਾਂ ਵਾਲੀ |
੪੨ |
ਸਦਾ ਕੌਰ ਦੀ ਸਹਾਇਤਾ |
|
ਸ਼ਜਰਾ |
੪੩ |
ਧਨੀ ਪੋਠੋਹਾਰ ਦੀ ਜਿੱਤ |
|
੧੦. ਦਸਵੀਂ ਮਿਸਲ ਸ਼ੁਕਰਚਕੀਆ |
੪੪ |
ਡਸਕਾ ਤੇ ਚਨ੍ਯੋਟ |
|
ਸ਼ਜਰਾ |
੪੫ |
ਕਸੂਰ ਦਾ ਰਾਜ ਵਿਦਰੋਹ |
੧ |
ਸਾਲਬਾਹਨ ਦੇ ਰਾਜ ਦਾ ਹਾਲ |
੪੬ |
ਫਗਵਾੜੇ ਦੀ ਫਤੇਹ |
੨ |
ਰਾਜਾ ਸੈਹਸਰਾ (ਸਾਂਹਸੀ) ਦਾ ਹਾਲ |
੪੭ |
ਕਸੂਰ ਤੇ ਫਿਰ ਚੜ੍ਹਾਈ |
੩ |
ਸਰਦਾਰ ਚੜ੍ਹਤ ਸਿੰਘ ਦਾ ਹਾਲ |
੪੮ |
ਮੁਲਤਾਨ ਦੀ ਲੜਾਈ |
੪ |
ਵਜੀਰਾਬਾਦ ਰੋਹਤਾਸ ਤੇ ਧਨੀ ਦੇ ਇਲਾਕੇ ਤੇ ਚੜ੍ਹਾਈ |
੪੯ |
ਸ਼੍ਰੀ ਅੰਮ੍ਰਿਤਸਰ ਤੇ ਅਧਿਕਾਰ |
੫ |
ਚੜ੍ਹਤ ਸਿੰਘ ਦੀ ਸ਼ਹਾਦਤ |
੫੦ |
ਝੰਗ ਤੇ ਹਮਲਾ |
੬ |
ਮਹਾਂ ਸਿੰਘ ਗੱਦੀ ਤੇ |
੫੧ |
ਸ਼੍ਰੀ ਅੰਮ੍ਰਿਤਸਰ ਦਾ ਪ੍ਰਬੰਧ |
੭ |
ਮੁਲਤਾਨ ਤੇ ਪਠਾਨਕੋਟ ਤੇ ਚੜ੍ਹਾਈ |
੫੨ |
ਮੁਸਲਮਾਨ ਰਈਸਾਂ ਦਾ ਸ਼ਰਨ ਵਿੱਚ ਆਉਣਾ |
੮ |
ਮਹਾਂ ਸਿੰਘ ਦੀ ਭੈਣ ਦਾ ਆਨੰਦ |
੫੩ |
ਰਾਜ ਪ੍ਰਬੰਧ ਵੱਲ ਧਿਆਨ |
੯ |
ਸਾਹੀਵਾਲ ਤੇ ਕਬਜਾ |
੫੪ |
ਜਸਵੰਤ ਰਾਏ ਦੀ ਅੰਗਰੇਜਾਂ ਤੋਂ ਭਾਂਜ ਤੇ ਪੰਜਾਬ ਵਿੱਚੋਂ ਸਹਾਇਤਾ ਲਈ ਇੱਛਾ |
੧੦ |
ਰਸੂਲ ਨਗਰ ਦੀ ਫਤਹਿ |
੫੫ |
ਲਾਰਡ ਲੀਕ ਦਾ ਸੰਦੇਸ਼ਾ |
੧੧ |
ਸ਼ੇਰੇ ਪੰਜਾਬ ਦਾ ਜਨਮ |
੫੬ |
ਜਸਵੰਤ ਰਾਏ ਤੇ ਅੰਗਰੇਜ |
੧੨ |
ਸ਼ਹਿਰ ਜੰਮੂ ਤੇ ਚੜ੍ਹਾਈ |
੫੭ |
ਮਹਾਰਾਜਾ ਪਟਿਆਲੇ ਵਿੱਚ |
੧੩ |
ਮਹਾਂ ਸਿੰਘ ਦੀ ਜਿੱਤ |
੫੮ |
ਰਾਏ ਅਲ੍ਯਾਸ ਦੇ ਇਲਾਕੇ ਦੀ ਜਬਤੀ |
੧੪ |
ਜੈ ਸਿੰਘ ਨੂੰ ਫਿਰ ਹਾਰ |
੫੯ |
ਜਵਾਲਾ ਮੁਖੀ ਦੇ ਦਰਸ਼ਨ ਤੇ ਗੋਰਖਿਆਂ ਦਾ ਜਿਕਰ |
੧੫ |
ਰਾਜਾ ਸੰਸਾਰ ਚੰਦ ਦੀ ਮਦਦ |
੬੦ |
ਸ਼ੇਰ ਸਿੰਘ ਦਾ ਜਨਮ |
੧੬ |
ਜੈ ਸਿੰਘ ਦਾ ਪਸਚਾਤਾਪ |
੬੧ |
ਕਸੂਰ ਦੀ ਫਤਹ |
੧੭ |
ਮਹਾਂ ਸਿੰਘ ਦਾ ਜੰਮੂ ਤੇ ਫਿਰ ਹਮਲਾ |
੬੨ |
ਮੁਲਤਾਨ ਤੇ ਚੜ੍ਹਾਈ |
੧੮ |
ਜੈ ਸਿੰਘ ਨਾਲ ਸੰਬੰਧ |
੬੩ |
ਮੁਲਤਾਨ ਤੋਂ ਬਹਾਵਲਪੁਰ ਵੱਲ |
੧੯ |
ਸਰਦਾਰ ਮਹਾਂ ਸਿੰਘ ਦਾ ਚਲਾਣਾ |
੬੪ |
ਫੌਜ ਵਿੱਚ ਵਾਧਾ |
੨੦ |
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ |
੬੫ |
ਅਦੀਨਾ ਨਗਰ ਦੀ ਫਤਹ |
੨੧ |
ਸ਼ਾਹ ਜਮਾਨ ਦਾ ਹਮਲਾ |
੬੬ |
ਮਹਾਰਾਜੇ ਦਾ ਦੂਜੀ ਵੇਰ ਪਟਿਆਲੇ ਜਾਣਾ |
੨੨ |
ਸ਼ਾਹਨਚੀ ਨੂੰ ਭਾਂਜ |
੬੭ |
ਅੰਬਾਲੇ ਵੱਲ ਦੌਰਾ |
੨੩ |
ਮਹਾਰਾਜਾ ਰਣਜੀਤ ਸਿੰਘ ਦੀ ਵਿਰੋਧਤਾ |
੬੮ |
ਨਰਾਇਨ ਗੜ੍ਹ ਦਾ ਘੇਰਾ |
੨੪ |
ਰਾਣੀ ਸਦਾ ਕੌਰ ਦੀ ਸਹਾਇਤਾ |
੬੯ |
ਪਠਾਨਕੋਟ ਤੇ ਕਬਜਾ |
੨੫ |
ਦੀਵਾਨ ਲਖਪਤ ਰਾਇ ਦੀ ਮੌਤ |
੭੦ |
ਮਹਾਰਾਜੇ ਦਾ ਦਰਬਾਰ ਤੇ ਸਿਆਲਕੋਟ ਗੁਜਰਾਤ ਤੇ ਚੜ੍ਹਾਈ |
੭੧ |
ਸ਼ੇਖੂਪੁਰੇ ਦੀ ਜਿੱਤ |
੧੧੬ |
ਬੇਗਮ ਦਾ ਨਸਣਾ |
੭੨ |
ਅੰਗਰੇਜਾਂ ਦਾ ਵਕੀਲ ਆਇਆ |
੧੧੭ |
ਅਟਕ ਦੇ ਕਿਲ੍ਹੇ ਦੀ ਲੜਾਈ |
੭੩ |
ਗੋਬਿੰਦ ਗੜ੍ਹ ਦੇ ਕਿਲ੍ਹੇ ਦੀ ਉਸਾਰੀ |
੧੧੮ |
ਕਸ਼ਮੀਰ ਦੀ ਚੜ੍ਹਾਈ ਰੋਕ ਦਿੱਤੀ |
੭੪ |
ਮੁਲਤਾਨ ਤੋਂ ਖਰਾਜ ਦੀ ਵਸੂਲੀ |
੧੧੯ |
ਮਖਡ ਦੀ ਫਤੇਹ |
੭੫ |
ਮਾਲ ਅਫਸਰ ਦਾ ਨੀਯਤ ਹੋਣਾ |
੧੨੦ |
ਵਜੀਰ ਖਾਂ ਦੀ ਮੁਲਤਾਨ ਤੇ ਚੜ੍ਹਾਈ |
੭੬ |
ਅੰਗਰੇਜਾਂ ਨਾਲ ਸੰਬੰਧ |
੧੨੧ |
ਕਸ਼ਮੀਰ ਤੇ ਦੂਜੀ ਵਾਰ ਦੀ ਚੜ੍ਹਾਈ |
੭੭ |
ਅੰਗਰੇਜੀ ਸਫੀਰ ਤੇ ਮਹਾਰਾਜਾ ਦਾ ਮਿਲਾਪ |
੧੨੨ |
ਦੀਵਾਨ ਮੋਹਕਮ ਚੰਦ ਦਾ ਚਲਾਣਾ |
੭੮ |
ਸਤਲੁਜ ਤੋਂ ਪਾਰ ਚੜ੍ਹਾਈ |
੧੨੩ |
ਅਕਾਲੀ ਫੂਲਾ ਸਿੰਘ |
੭੯ |
ਫਿਰੋਜਪੁਰ, ਫਰੀਦਕੋਟ ਤੇ ਮਲੇਰਕੋਟਲੇ ਦੀ ਫਤਹ |
੧੨੪ |
ਅੰਗਰੇਜਾਂ ਤੇ ਗੋਰਖਿਆਂ ਦਾ ਜੰਗ |
੮੦ |
ਅੰਬਾਲੇ ਤੇ ਕਬਜਾ |
੧੨੫ |
ਰਾਮਗੜ੍ਹੀਆ ਮਿਸਲ ਦਾ ਅੰਤ |
੮੧ |
ਦਸਤਾਰ ਬਦਲਣਾ |
੧੨੬ |
ਪੰਡਤ ਦੀਨਾ ਨਾਥ |
੮੨ |
ਮਹਾਰਾਜੇ ਦੀ ਵਾਪਸੀ |
੧੨੭ |
ਝੰਗ ਲ੍ਯਾ ਪਾਕਪਟਨ ਦਾ ਕਬਜਾ |
੮੩ |
ਕਰਨਲ ਅਖਤਰ ਲੋਨੀ ਅੰਗਰੇਜੀ ਸਫੀਰ ਦੀ ਸਹਾਇਤਾ ਲਈ ਆਏ |
੧੨੮ |
ਬਹਾਵਲ ਪੁਰ ਦਾ ਨਜਰਾਨਾ |
੮੪ |
ਸਫੀਰ ਦੀ ਸਪਾਹ ਦੇ ਨਾਲ ਅਕਾਲੀਆਂ ਦਾ ਝਗੜਾ |
੧੨੯ |
ਮੁਲਤਾਨ ਤੋਂ ਨਜਰਾਨਾ |
੮੫ |
ਫਸਾਦ ਦਾ ਅਸਰ |
੧੩੦ |
ਮਾਨਕੇਰਾ ਦਾ ਨਜਰਾਨਾ |
੮੬ |
ਸੁਲਾਹ ਦੀਆਂ ਗੱਲਾਂ |
੧੩੧ |
ਝੰਗ ਅਕਾਲ ਗੜ੍ਹ ਤੇ ਉੱਚ ਦੇ ਰਈਸ ਕੈਦ ਹੋਏ |
੮੭ |
ਮਹਾਰਾਜਾ ਦਾ ਹੱਦ ਦੀ ਪਕਿਆਈ ਕਰਨਾ |
੧੩੨ |
ਭਾਈ ਰਾਮ ਸਿੰਘ ਕੈਦ ਹੋ ਗਿਆ |
੮੮ |
ਗੋਰਖਿਆਂ ਨੂੰ ਭਾਂਜ ਤੇ ਕਾਂਗੜੇ ਦਾ ਕਬਜਾ |
੧੩੩ |
ਸ਼ਾਹਜਾਦਾ ਖੜਗ ਸਿੰਘ ਤਖਤ ਤੇ |
੮੯ |
ਹਰਿਆਣਾ ਤੇ ਜੰਮੂ ਤੇ ਕਬਜਾ |
੧੩੪ |
ਪਹਾੜੀ ਰਿਆਸਤਾਂ ਦਾ ਦੌਰਾ |
੯੦ |
ਗੁਜਰਾਤ ਤੇ ਕਬਜਾ |
੧੩੫ |
ਰਾਮਗੜ੍ਹੀਆ ਦੇ ਜਬਤ ਕੀਤੇ ਇਲਾਕੇ ਦਾ ਪ੍ਰਬੰਧ ਤੇ ਮੁਲਤਾਨ ਦੀ ਚੜ੍ਹਾਈ |
੯੧ |
ਸ਼ਾਹਜਮਾਨ ਦਾ ਅੰਨ੍ਹਿਆਂ ਹੋਕੇ ਪੰਜਾਬ ਵਿੱਚ ਆਉਣਾ |
੧੩੬ |
ਸ਼ਾਹਜਾਦਾ ਸ਼ੇਰ ਸਿੰਘ ਦਾ ਹਜਾਰੇ ਦਾ ਇਲਾਕਾ ਫਤੇਹ ਕਰਨਾ |
੯੨ |
ਕਲਾਕਛ ਸ਼ਾਹੀਵਾਲ ਤੇ ਖੁਸ਼ਾਬ ਦੀ ਫਤਹ |
੧੩੭ |
ਸ਼ਾਹਜਾਦਾ ਖੜਕ ਸਿੰਘ ਦੀ ਮੁਲਤਾਨ ਤੇ ਚੜ੍ਹਾਈ |
੯੩ |
ਸ਼ਾਹ ਸ਼ੁਜਾ ਨਾਲ ਮੁਲਾਕਾਤ |
੧੩੮ |
ਪਿਸ਼ਾਵਰ ਤੇ ਕਬਜਾ |
੯੪ |
ਮੁਲਤਾਨ ਦੀ ਚੜ੍ਹਾਈ |
੧੩੯ |
ਜਮਾਂਦਾਰ ਖੁਸ਼ਹਾਲ ਸਿੰਘ ਤੇ ਕਰੋਪੀ |
੯੫ |
ਮਿੱਠਾ ਟਿਵਾਣਾ ਤੇ ਉੱਚ ਦੀ ਫਤਹ |
੧੪੦ |
ਪਹਾੜੀ ਰਾਜਿਆਂ ਤੋਂ ਖਰਾਜ ਵਸੂਲ ਕਰਨਾ |
੯੬ |
ਵਜੀਰਾਬਾਦ ਤੇ ਨਕੇਈ ਸਰਦਾਰਾਂ ਦੇ ਇਲਾਕੇ ਦੀ ਜਬਤੀ |
੧੪੧ |
ਕਸ਼ਮੀਰ ਤੇ ਚੜ੍ਹਾਈ |
੯੭ |
ਪਹਾੜੀ ਇਲਾਕੇ ਤੋਂ ਖਰਾਜ |
੧੪੨ |
ਕਸ਼ਮੀਰ ਦੀ ਫਤਹ |
੯੮ |
ਨਿਧਾਨ ਸਿੰਘ ਦੀ ਕੈਦ |
੧੪੩ |
ਮਹਾਰਾਜਾ ਦਾ ਮੁਲਤਾਨ ਵੱਲ ਦੌਰਾ |
੯੯ |
ਭੰਬਰ ਦੇ ਰਈਸ ਤੇ ਚੜ੍ਹਾਈ |
੧੪੪ |
ਕਸ਼ਮੀਰਾ ਸਿੰਘ ਤੇ ਮੁਲਤਾਨਾ ਸਿੰਘ ਦਾ ਜਨਮ |
੧੦੦ |
ਲੂਣ ਦੀਆਂ ਖਾਨਾਂ ਤੇ ਕਾਬਲ ਦਾ ਬਾਦਸ਼ਾਹ |
੧੪੫ |
ਡੇਹਰਾ ਜਾਤ ਦੇ ਇਲਾਕੇ ਦੀ ਫਤਹ |
੧੦੧ |
ਰਾਜਪੂਤਾਂ ਤੋਂ ਖਰਾਜ ਲੈਣ ਤੇ ਕਿਲ੍ਹਾ ਗੁਲੇਰ ਦੀ ਜਿੱਤ |
੧੪੬ |
ਲਾਹੌਰ ਵੱਲ ਮੁੜਨਾ |
੧੦੨ |
ਫੈਜਲਾਪੁਰ ਦੀ ਜਿੱਤ |
੧੪੭ |
ਹਜਾਰਾ ਦੇ ਮੁਸਲਮਾਨਾਂ ਦੀ ਬਗਾਵਤ |
੧੦੩ |
ਜਮਾਂਦਾਰ ਖੁਸ਼ਹਾਲ ਸਿੰਘ ਦਾ ਹਾਲ |
੧੪੮ |
ਸਰਦਾਰ ਹਰੀ ਸਿੰਘ ਗਵਰਨਰ ਕਸ਼ਮੀਰ ਬਣਾਏ ਗਏ |
੧੦੪ |
ਸ਼ਾਹਸ਼ੁਜਾ ਤੇ ਜਮਾਨਸ਼ਾਹ |
੧੪੯ |
ਮੀਆਂ ਗੁਲਾਬ ਸਿੰਘ ਨੂੰ ਜਾਗੀਰ |
੧੦੫ |
ਸ਼ਾਹਜਾਦਾ ਖੜਕ ਸਿੰਘ ਦਾ ਵਿਆਹ |
੧੫੦ |
ਮਿਸਟਰ ਮੋਰ ਕਰਾਫਟ |
੧੦੬ |
ਭਿੰਬਰ ਦੀ ਜਬਤੀ |
੧੫੧ |
ਸਰਦਾਰਨੀ ਸਦਾ ਕੌਰ ਦੇ ਇਲਾਕੇ ਦੀ ਜਬਤੀ ਤੇ ਸ਼ੇਰ ਸਿੰਘ ਨੂੰ ਜਾਗੀਰ |
੧੦੭ |
ਜੈਮਲ ਸਿੰਘ ਦਾ ਚਲਾਣਾ |
੧੫੨ |
ਮੁੰਗੇਰਾਂ ਦੇ ਕਿਲ੍ਹੇ ਦਾ ਫਤਹ ਹੋਣਾ |
੧੦੮ |
ਕਾਬਲ ਦੇ ਵਜੀਰ ਦੀ ਸਹਾਇਤਾ |
੧੫੩ |
ਬਹਾਵਲਪੁਰ ਤੋਂ ਨਜਰਾਨਾ ਵਸੂਲ ਕਰਨਾ |
੧੦੯ |
ਕਸ਼ਮੀਰ ਦੀ ਫਤਹ ਅਤਾ ਮੁਹੰਮਦ ਖਾਂ ਤੇ ਸ਼ਾਹ ਸ਼ੁਜਾ ਪਨਾਹ ਵਿੱਚ ਆ ਗਏ |
੧੫੪ |
ਦੋ ਫਰਾਂਸੀਸੀ ਫੌਜੀ ਅਫਸਰਾਂ ਦੀ ਲਾਹੌਰ ਦਰਬਾਰ ਦੀ ਨੌਕਰੀ |
੧੧੦ |
ਅਟਕ ਦੇ ਕਿਲ੍ਹੇ ਤੇ ਮਹਾਰਾਜਾ ਲਾਹੌਰ ਦਾ ਕਬਜਾ |
੧੫੫ |
ਹਜਾਰਾ ਦਾ ਰਾਜ ਵਿਦਰੋਹ ਤੇ ਫਤੇ |
੧੧੧ |
ਸ਼ਾਹ ਸ਼ਜਾਉਲ ਮੁਲਕ ਨੇ ਹੀਰਾ ਦੇ ਦਿੱਤਾ |
੧੫੬ |
ਗੁਲਾਬ ਸਿੰਘ ਨੂੰ ਰਾਜਾ ਦਾ ਖਿਤਾਬ |
੧੧੨ |
ਕੋਹਿਨੂਰ ਹੀਰੇ ਬਾਬਤ ਮਹਾਰਾਜਾ ਸਾਹਿਬ ਦੀ ਰਾਏ ਤੇ ਹੋਰ ਲੇਖਕਾਂ ਦੇ ਕਥਨ
|
੧੫੭ |
ਪਖਲੀ ਤੇ ਧਮਤੋੜ ਦੇ ਜਿਮੀਂਦਾਰ ਦੀ ਬਗਾਵਤ |
੧੧੩ |
ਨੂਰਪੁਰ ਦੇ ਇਲਾਕੇ ਦੀ ਜਬਤੀ |
੧੫੮ |
ਰੋਹਤਾਸ ਦੇ ਮੁਕਾਮ ਤੇ ਫੌਜ ਦੀ ਗਿਣਤੀ |
੧੧੪ |
ਹਜੂਰੀ ਬਾਗ |
੧੫੯ |
ਪਿਸ਼ਾਵਰ ਤੋਂ ਨਜਰਾਨਾ ਲੈਣਾ ਤੇ ਮੁਹੰਮਦ ਅਜੀਮ ਖਾਂ ਦਾ ਜੰਗ ਦਾ ਇਸ਼ਤਿਹਾਰ |
੧੧੫ |
ਸ਼ਾਹ ਸ਼ਜਾਉਲ਼ ਮੁਲਕ ਦੀ ਬਿਪਤਾ |
੧੬੦ |
ਅਫਗਾਨਾਂ ਦੇ ਨਾਲ ਲੜਾਈ ਕਿਲ੍ਹਾ ਜਹਾਂਗੀਰਾ ਤੇ ਸਿੱਖਾਂ ਦਾ ਕਬਜਾ ਤੇ ਫਿਰ ਭ੍ਯਾਨਕ ਲੜਾਈ |
੧੬੧ |
ਅਟਕ ਦਾ ਮਹਾਰਾਜੇ ਨੂੰ ਰਾਹ ਦੇਣਾ |
੨੦੧ |
ਲੇਡੀ ਦਾ ਰਣਵਾਸ ਵਿੱਚ ਜਾਣਾ ਤੇ ਰਾਣੀਆਂ ਨੂੰ ਮਿਲਣਾ |
੧੬੨ |
ਅੰਮ੍ਰਿਤਸਰ ਦੀ ਸ਼ਹਿਰ ਪਨਾਹ ਤੇ ਜਿੱਤ ਦੀ ਖੁਸ਼ੀ |
੨੦੨ |
ਹੋਲੀ ਦਾ ਤਿਉਹਾਰ |
੧੬੩ |
ਸੰਸਾਰਚੰਦ ਦੀ ਮੌਤ |
੨੦੩ |
ਅੰਗ੍ਰੇਜਾਂ ਦੀ ਵਿਦਾਇਗੀ |
੧੬੪ |
ਰਾਮਾਨੰਦ ਦੀ ਮੌਤ |
੨੦੪ |
ਪੀਰ ਮੁਹੰਮਦ ਖਾਂ ਦਾ ਆਉਣਾ |
੧੬੫ |
ਮਿਸਰ ਦੀਵਾਨ ਚੰਦ ਦੀ ਮੌਤ |
੨੦੫ |
ਸਰਦਾਰ ਹਰੀ ਸਿੰਘ ਦਾ ਜਮਰੌਦ ਤੇ ਕਬਜਾ ਤੇ ਕਾਬਲ ਨਾਲ ਲੜਾਈ |
੧੬੬ |
ਯੂਸਫਜੇਈ ਪਠਾਣਾਂ ਤੇ ਫਤਹ |
੨੦੬ |
ਸਰਦਾਰ ਹਰੀ ਸਿੰਘ ਦਾ ਚਲਾਣਾ |
੧੬੭ |
ਦੀਵਾਨ ਮੋਹਕਮ ਚੰਦ ਦੇ ਘਰਾਣੇ ਤੇ ਕ੍ਰੋਪੀ |
੨੦੭ |
ਮਹਾਰਾਜੇ ਦਾ ਸ਼ੋਕ ਕਰਨਾ |
੧੬੮ |
ਜਨਰਲ ਵੰਟੋਰਾ ਸਾਹਿਬ ਦਾ ਵਿਵਾਹ |
੨੦੮ |
ਪਠਾਣਾਂ ਦੀ ਸ਼ਕੱਸਤ ਤੇ ਫਤਹਿਗੜ੍ਹ ਦਾ ਕਿਲ੍ਹਾ |
੧੬੯ |
ਕੋਟਲੇਰ ਦੇ ਕਿਲ੍ਹੇ ਦੀ ਫਤਹ |
੨੦੯ |
ਮੁਲਤਾਨ ਦਾ ਰਾਜ ਵਿਦਰੋਹ |
੧੭੦ |
ਗੰਡਗੜ੍ਹ ਦੇ ਜਿਮੀਦਾਰਾਂ ਦਾ ਫਸਾਦ |
੨੧੦ |
ਦੀਵਾਨ ਸਾਵਣ ਮੱਲ |
੧੭੧ |
ਕਿਲ੍ਹਾ ਸ੍ਰੀ ਕੋਟ ਦੀ ਜਿੱਤ |
੨੧੧ |
ਕਪਤਾਨ ਬਰਨਸ ਸਾਹਿਬ ਕਾਬਲ ਭੇਜੇ ਗਏ |
੧੭੨ |
ਪਿਸ਼ਾਵਰ ਤੋਂ ਖਰਾਜ ਵਸੂਲ ਕੀਤਾ ਗਿਆ |
੨੧੨ |
ਦੋਸਤ ਮੁਹੰਮਦ ਖਾਂ ਨੂੰ ਹਟਾ ਕੇ ਸ਼ਾਹ ਸ਼ੁਜਾ ਨੂੰ ਗੱਦੀ ਤੇ ਬਿਠਾਣ ਦੀ ਵਿਚਾਰ |
੧੭੩ |
ਬਹਾਵਲਪੁਰ ਦੇ ਨਵਾਬ ਤੇ ਮੰਡੀ ਦੇ ਰਾਜੇ ਦੀ ਮੌਤ |
੨੧੩ |
ਅੰਗ੍ਰੇਜੀ ਸਫੀਰ ਮਹਾਰਾਜ ਪਾਸ |
੧੭੪ |
ਮਹਾਰਾਜੇ ਦੀ ਬਿਮਾਰੀ |
੨੧੪ |
ਸਫੀਰਾਂ ਦਾ ਆਦੀਨਾ ਨਗਰ ਜਾਕੇ ਪੁੱਜਣਾ ਤੇ ਮਹਾਰਾਜਾ ਨੇ ਤੋਹਫੇ ਦੇਣੇ |
੧੭੫ |
ਲੇਲੀ ਘੋੜੇ ਦੇ ਵਾਸਤੇ ਪਿਸ਼ਾਵਰ ਵੱਲ ਫੌਜ |
੨੧੫ |
ਸ਼ਾਹ ਸ਼ੁਜਾ ਨਾਲ ਇਕਰਾਰ ਹੋਣਾ |
੧੭੬ |
ਇੰਗਲੈਂਡ ਦੇ ਬਾਦਸ਼ਾਹ ਨੂੰ ਤੋਹਫੇ |
੨੧੬ |
ਲਾਰਡ ਆਕਲੈਂਡ ਤੇ ਮਹਾਰਾਜੇ ਦੀ ਮੁਲਾਕਾਤ |
੧੭੭ |
ਮਹਾਰਾਜਾ ਵੱਲ ਤੋਹਫੇ |
੨੧੭ |
ਗਵਰਨਰ ਦਾ ਲਾਹੌਰ ਤੇ ਅੰਮ੍ਰਿਤਸਰ ਆਉਣਾ |
੧੭੮ |
ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਚੜ੍ਹਦੀ ਕਲਾ ਵਿੱਚ |
੨੧੮ |
ਅੰਗਰੇਜੀ ਫੌਜ ਦੀ ਸਹਾਇਤਾ |
੧੭੯ |
ਲਾਹੌਰ ਵਿੱਚ ਹੈਜਾ ਤੇ ਕਸ਼ਮੀਰ ਵਿੱਚ ਭੁਚਾਲ |
੨੧੯ |
ਕਾਬਲ ਤੇ ਕੰਧਾਰ ਦੀ ਫਤਹ |
੧੮੦ |
ਸੱਯਦ ਅਹਿਮਦ ਦੀ ਫਿਰ ਪਿਸ਼ਾਵਰ ਤੇ ਚੜ੍ਹਾਈ |
੨੨੦ |
ਸ਼ਾਹਜਾਦਾ ਖੜਕ ਸਿੰਘ ਨੂੰ ਰਾਜ ਤਿਲਕ |
੧੮੧ |
ਅਨਰੋਧ ਚੰਦ ਦਾ ਅੰਗਰੇਜੀ ਇਲਾਕੇ ਵਿੱਚ ਪਨਾਹ ਲੈਣੀ |
੨੨੧ |
ਸ਼ੇਰੇ ਪੰਜਾਬ ਦਾ ਚਲਾਣਾ |
੧੮੨ |
ਮਹਾਰਾਜਾ ਦਾ ਲੇਲੀ ਘੋੜਾ ਮੰਗਾਣਾ |
੨੨੨ |
ਮਹਾਰਾਜਾ ਰਣਜੀਤ ਸਿੰਘ ਦੇ ਗੁਣ ਤੇ ਸੁਭਾਵ |
੧੮੩ |
ਸੱਯਦ ਅਹਿਮਦ ਖਾਂ ਦਾ ਅੰਤ |
|
ਮਹਾਰਾਜਾ ਖੜਕ ਸਿੰਘ |
੧੮੪ |
ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਤੋਹਫੇ |
੧ |
ਮਹਾਰਾਜਾ ਖੜਕ ਸਿੰਘ ਦਾ ਤਖਤ ਤੇ ਬੈਠਣਾ |
੧੮੫ |
ਮਹਾਰਾਜਾ ਦੀ ਪ੍ਰਸਿੱਧਤਾ ਤੇ ਫੌਜੀ ਗਿਣਤੀ ਦਾ ਲੇਖਾ |
੨ |
ਚੇਤ ਸਿੰਘ ਦਾ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਤਖਤ ਤੋਂ ਅਲੈਹਦਗੀ |
੧੮੬ |
ਗਵਰਨਰ ਜਨਰਲ ਹਿੰਦ ਦਾ ਮਹਾਰਾਜਾ ਸਾਹਿਬ ਨਾਲ ਮਿਲਣ ਦਾ ਖਿਆਲ |
੩ |
ਮਹਾਰਾਜਾ ਖੜਕ ਸਿੰਘ ਦਾ ਚਲਾਣਾ |
੧੮੭ |
ਕਪੂਰਥਲੇ ਦੇ ਸਰਦਾਰ ਪਾਸ ਠਹਿਰਨਾ |
੪ |
ਕੰਵਰ ਨੌਨਿਹਾਲ ਸਿੰਘ |
੧੮੮ |
ਡੇਹਰਾ ਗਾਜੀ ਖਾਂ ਦੇ ਇਲਾਕੇ ਦੀ ਜਬਤੀ ਤੇ ਮੁਲਤਾਨ ਦਾ ਖਰਾਜ ਵਸੂਲ ਕਰਨਾ |
੫ |
ਕੰਵਰ ਦਾ ਚਲਾਣਾ |
੧੮੯ |
ਸ਼ਾਹਜਾਦਾ ਸ਼ੇਰ ਸਿੰਘ ਕਸ਼ਮੀਰ ਦਾ ਗਵਰਨਰ ਨੀਯਤ ਹੋਇਆ |
੬ |
ਕੰਵਰ ਨੌਨਿਹਾਲ ਸਿੰਘ ਦੇ ਗੁਣ |
੧੯੦ |
ਸ਼ਾਹਸ਼ੁਜਾ ਦੀ ਸਹਾਇਤਾ ਲਈ ਯਾਚਨਾ |
|
ਰਾਣੀ ਚੰਦ ਕੌਰ |
੧੯੧ |
ਸੱਖਰ ਤੇ ਕਬਜਾ |
|
ਮਹਾਰਾਜਾ ਸ਼ੇਰ ਸਿੰਘ |
੧੯੨ |
ਜਨਰਲ ਅਲਾਰਡ ਵਲਾਇਤ ਨੂੰ |
੭ |
ਲਾਰਡ ਐਲਨ ਬਰਗ ਦੀ ਸ਼ਾਹਜਾਦਾ ਪ੍ਰਤਾਪ ਸਿੰਘ ਨਾਲ ਮੁਲਾਕਾਤ |
੧੯੩ |
ਅਨਰੋਧ ਚੰਦ ਨੂੰ ਕਾਂਗੜੇ ਦੀ ਜਗੀਰ ਦਿੱਤੀ |
੮ |
ਮਹਾਰਾਜਾ ਸ਼ੇਰ ਸਿੰਘ ਤੇ ਸ਼ਾਹਜਾਦਾ ਪ੍ਰਤਾਪ ਸਿੰਘ ਦਾ ਕਤਲ ਹੋਣਾ |
੧੯੪ |
ਭਵਾਨੀ ਦਾਸ ਦੀ ਮੌਤ |
੯ |
ਧਿਆਨ ਸਿੰਘ ਦਾ ਕਤਲ ਹੋਣਾ |
੧੯੫ |
ਪਿਸ਼ਾਵਰ ਤੇ ਕਬਜਾ |
੧੦ |
ਮਹਾਰਾਜਾ ਸ਼ੇਰ ਸਿੰਘ ਦੇ ਗੁਣ |
੧੯੬ |
ਲਾਹੌਰ ਦੀ ਫੌਜ ਦਾ ਪਿਸ਼ਾਵਰ ਸ਼ਹਿਰ ਤੇ ਕਬਜਾ |
|
ਮਹਾਰਾਜਾ ਦਲੀਪ ਸਿੰਘ |
੧੯੭ |
ਲਦਾਖ ਤੇ ਤਿੱਬਤ ਦੀ ਫਤਹ ਦਾ ਇਨਾਮ |
੧੧ |
ਸਰਦਾਰ ਜਵਾਹਰ ਸਿੰਘ ਵਜੀਰ ਹੋ ਗਏ |
੧੯੮ |
ਫਰਾਂਸ ਵੱਲੋਂ ਤੋਹਫੇ |
੧੨ |
ਸਿੱਖਾਂ ਦੀ ਪਹਿਲੀ ਲੜਾਈ |
੧੯੯ |
ਕੰਵਰ ਨੌਨਿਹਾਲ ਸਿੰਘ ਦਾ ਵਿਵਾਹ |
੧੩ |
ਫੇਰੂ ਸ਼ਹਿਰ ਦੀ ਦੂਜੀ ਲੜਾਈ ਜਿਸ ਨੂੰ ਦੂਜਾ ਮਹਾਂਭਾਰਤ ਕਹਿਣਾ ਠੀਕ ਹੈ |
੨੦੦ |
ਮਹਾਰਾਜਾ ਦਾ ਜੰਗੀ ਲਾਟ ਨੂੰ ਬਾਗ ਵਿਖਾਣਾ ਤੇ ਫਿਰ ਮਿਲਨਾ |
੧੪ |
ਬਦੋਵਾਲ ਦਾ ਜੰਗ (ਤੀਜੀ ਲੜਾਈ) |
੧੫ |
ਚੌਥੀ ਲੜਾਈ ਅਲੀਵਾਲ ਤੇ |
|
|
੧੬ |
ਸ਼ੁਭਰਾਵਾਂ ਦਾ ਮੈਦਾਨ (ਪੰਜਵੀਂ ਲੜਾਈ) |
|
|
|
ਸਿੱਖਾਂ ਦੇ ਦੂਜੇ ਜੰਗ ਦਾ ਪ੍ਰਾਰੰਭ |
|
|
੧੭ |
ਮੁਲਤਾਨ ਦੇ ਸੂਬੇ ਦੀਵਾਨ ਮੂਲਰਾਜ ਦਾ ਰਾਜ ਵਿਦਰੋਹ |
|
|
੧੮ |
ਸਿੱਖਾਂ ਦਾ ਦੂਜਾ ਜੰਗ ਰਾਮਨਗਰ ਦੀ ਲੜਾਈ |
|
|
੧੯ |
ਗੁਜਰਾਤ ਦੀ ਲੜਾਈ |
|
|
੨੦ |
ਹੁਣ ਥੋੜ੍ਹਾ ਜਿਹਾ ਹਾਲ ਰਾਣੀ ਸਾਹਿਬਾਂ ਜਿੰਦ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਪਾਠਕਾਂ ਦੀ ਭੇਟਾ ਕੀਤਾ ਜਾਂਦਾ ਹੈ |
|
|
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥
ਰਾਜ ਖਾਲਸਾ
ਅਰਥਾਤ
ਤ੍ਵਾਰੀਖ ਖਾਲਸਾ-ਹਿੱਸਾ ਤੀਜਾ
ਪਹਿਲੀ ਮਿਸਲ ਭੰਗੀ ਸਰਦਾਰਾਂ ਦੀ
ਸ਼ਜਰਾ
ਸਿੱਖ ਸਰਦਾਰਾਂ ਵਿੱਚ ਭੰਗੀਆਂ ਦੀ ਮਿਸਲ ਇੱਕ ਬੜੀ ਪ੍ਰਸਿੱਧ ਤੇ ਸ਼ਕਤੀਵਾਨ ਮਿਸਲ ਹੋਈ ਹੈ। ਸਾਰਿਆਂ ਤੋਂ ਪਹਿਲਾਂ ਸਿੱਖਾਂ ਦੇ ਇਸੇ ਜੱਥੇ ਨੂੰ ਆਪਣੀ ਹਕੂਮਤ ਕਾਇਮ ਕਰਨ ਲਈ ਦੇਸ਼ਵਾਸੀਆਂ ਵੱਲੋਂ ਪ੍ਰੇਰਨਾ ਕੀਤੀ ਗਈ ਤੇ ਇਨ੍ਹਾਂ ਹਕੂਮਤ ਕਾਇਮ ਕੀਤੀ। ੧੫ ਹਜ਼ਾਰ ਸਵਾਰ ਇਸ ਦੇ ਅਧੀਨ ਸੀ। ਲਗਭਗ ਪੰਜਾਬ ਦੇ ਸਾਰੇ ਹਿੱਸੇ ਜਿਹਾ ਕਿ ਗੁਜਰਾਤ, ਸਿਆਲਕੋਟ, ਝੰਗ, ਮੁਲਤਾਨ, ਡੇਹਰਾ ਜਾਤ ਆਦਿਕ ਤੇ ਖ਼ਾਸ ਕਰ ਲਾਹੌਰ ਵੀ ਇਨ੍ਹਾਂ ਦੇ ਕਬਜ਼ੇ ਵਿੱਚ ਸੀ।
ਭਾਵੇਂ ਅੰਮ੍ਰਿਤਸਰ ਉਂਜ ਵੀ ਸਾਰੇ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਕਿੰਤੂ ਇਸ ਸ਼ਹਿਰ ਦਾ ਪ੍ਰਬੰਧ ਇਸੇ ਮਿਸਲ ਦੇ ਹੱਥ ਵਿੱਚ ਹੋਣ ਕਰ ਕੇ ਇਸ ਘਰਾਣੇ ਦੀ ਰਾਜਧਾਨੀ ਵੀ ਇਹ ਹੀ ਸ਼ਹਿਰ ਸੀ। ਚੌਧਰੀ ਭੂਮਾ ਸਿੰਘ ਦਾ ਪੁੱਤਰ ਹਰੀ ਸਿੰਘ ਇਸ ਮਿਸਲ ਦਾ ਮਾਲਕ ਸੀ। ਸਰਦਾਰ ਹਰੀ ਸਿੰਘ
ਅਸਲ ਵਿੱਚ ਪਿੰਡ ਹੋਠਾ, ਪ੍ਰਗਨਾ, ਬਦਹਨੀ ਇਲਾਕਾ ਮਾਲਵਾ ਵਿੱਚ ਸੀ, ਕਿੰਤੂ ਮੁਸਲਮਾਨ ਹਾਕਮਾਂ ਦੇ ਅੱਤਯਾਚਾਰ ਤੇ ਅਨੀਤ ਤੇ ਇਹ ਪਿੰਡ ਨੱਥੂ ਜ਼ਿਲ੍ਹਾ ਝੰਗ ਵਿੱਚ ਜਾ ਵੱਸੇ। ਇਸ ਸਰਦਾਰ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਤੇ ਸਰਦਾਰ ਹਰੀ ਸਿੰਘ ਦੇ ਪਿਤਾ ਭੂਮਾ ਸਿੰਘ ਨੇ ਖ਼ਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥੋਂ ਛਕਿਆ ਸੀ। ਸਰਦਾਰ ਹਰੀ ਸਿੰਘ ਬੜਾ ਬਹਾਦਰ ਜਵਾਂ ਮਰਦ ਸੀ ਤੇ ਇਸ ਦਾ ਜੱਥਾ ਸਾਰੇ ਖਾਲਸੇ ਵਿੱਚ ਮੋਹਰੀ ਸਮਝਿਆ ਜਾਂਦਾ ਸੀ।
ਪਹਿਲਾਂ ਖਾਲਸਾ ਸਿਰਫ ਸੋਧ ਦਾ ਕੰਮ ਕਰਦਾ ਸੀ। ਜਿੱਥੇ ਕਿਧਰੇ ਹਾਕਮਾਂ ਵੱਲੋਂ ਅਤਿਆਚਾਰ ਤੇ ਅਨੀਤੀ ਹੋਣ ਦੀ ਖ਼ਬਰ ਸੁਣਦਾ, ਝੱਟ ਉੱਥੇ ਹੀ ਪੁੱਜਦਾ। ਇਸ ਕਰ ਕੇ ਦਿਨ ਕਿਤੇ, ਰਾਤ ਕਿਤੇ ਰਹਿਣਾ ਪੈਂਦਾ। ਕਿੰਤੂ ਹਾਕਮਾਂ ਦੇ ਜ਼ੁਲਮ ਅੱਤਯਾਚਾਰਾਂ ਤੋਂ ਤੰਗ ਆਈ ਪਰਜਾ ਨੇ ਇਸ ਸਰਦਾਰ ਨੂੰ ਜ਼ੋਰ ਨਾਲ ਪ੍ਰੇਰਨਾ ਕੀਤੀ ਕਿ ਜਦ ਤੱਕ ਤੁਸੀਂ ਆਪ ਇਲਾਕੇ ਤੇ ਕਬਜ਼ਾ ਨਹੀਂ ਕਰੋਗੇ, ਤਦ ਤੱਕ ਪਰਜਾ ਸੁਖੀ ਨਹੀਂ ਹੋ ਸਕਦੀ ਤੇ ਨਾ ਹੀ ਜੁਲਮ ਤੇ ਅੱਤਯਾਚਾਰਾਂ ਤੋਂ ਲੋਕੀ ਬਚ ਸਕਦੇ ਹਨ। ਇਸ ਵਾਸਤੇ ਖ਼ਾਸ ਖ਼ਾਸ ਹਾਕਮ: ਜਿਨ੍ਹਾਂ ਘੋਰ ਅੱਤ੍ਯਾਚਾਰ ਕਰਨੇ ਸ਼ੁਰੂ ਕਰ ਰੱਖੇ ਹਨ, ਓਨ੍ਹਾਂ ਨੂੰ ਸੋਧ ਕੇ ਓਨ੍ਹਾਂ ਦੇ ਇਲਾਕੇ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਓ ਤਾਂ ਜੋ ਪਰਜਾ ਨਿਤ ਦੇ ਕਸ਼ਟਾਂ ਦੇ ਹੱਥੋਂ ਛੁਟਕਾਰਾ ਪਾ ਜਾਵੇ। ਇਹ ਪਰਜਾ ਦੀ ਯਾਚਨਾ ਇਨ੍ਹਾਂ ਸਰਦਾਰਾਂ ਨੇ ਪ੍ਰਵਾਨ ਕਰ ਲਈ। ਗੋਇਆ ਕਿ ਇਹ ਪਹਿਲੇ ਸਰਦਾਰ ਸਨ, ਜਿਨ੍ਹਾਂ ਰਾਜ ਪ੍ਰਬੰਧ ਆਪਣੇ ਹੱਥ ਵਿੱਚ ਲਿਆ।
ਇਸ ਮਿਸਲ ਵਿੱਚ ਝਜਾ ਸਿੰਘ ਵਸਨੀਕ ਪੰਜਵੜ ਤਸੀਲ ਤਰਨਤਾਰਨ, ਮੀਹਾਂ ਸਿੰਘ, ਨੱਥਾ ਸਿੰਘ, ਜਗਤ ਸਿੰਘ ਵਸਨੀਕ ਬਦਹਨੀ, ਗੁਲਾਬ ਸਿੰਘ ਥੀਹਾਂ ਵਾਲਾ, ਗੁਰਬਖ਼ਸ਼ ਸਿੰਘ ਰੋੜਾਂ ਵਾਲਾ, ਅਘੜ ਸਿੰਘ ਖੰਗੋਰਾ, ਸਾਵਲ ਸਿੰਘ, ਗੁਰਬਖ਼ਸ ਸਿੰਘ ਸਾਨੀ ਕਲਸੀ ਵਾਲਾ, ਠਾਕਰ ਸਿੰਘ ਰੋਸਾ ਵਾਲਾ ਗੁਰਜ ਸਿੰਘ ਤੇ ਲਹਿਣਾ ਸਿੰਘ ਆਦਿਕ ਸਰਦਾਰਾਂ ਵਿੱਚੋਂ ਸਾਰੇ ਇੱਕ ਦੂਜੇ ਨਾਲੋਂ ਵੱਧ ਕੇ ਸੂਰਬੀਰ ਜਵਾਂ ਮਰਦ ਤੇ ਬਹਾਦਰ ਸਨ ਤੇ ਏਹਨਾਂ ਸਾਰਿਆਂ ਦਾ ਜੱਥੇਦਾਰ ਸਰਦਾਰ ਹਰੀ ਸਿੰਘ ਸੀ। ਇਹ ਸਰਦਾਰ ਆਪਣੇ ਜੱਥੇ ਦੇ ਨਾਲ ਸਾਰੇ ਪੂਰਬੀ ਇਲਾਕੇ ਤੇ ਰਾਜਪੂਤਾਨਾ ਆਦਿਕ ਦੀ ਸੋਧ ਦੇ ਸਾਰੇ ਹਲਿਆਂ ਵਿੱਚ ਸ਼ਾਮਿਲ ਰਿਹਾ। ਇਸ ਤੋਂ ਛੁਟ ਕਸੂਰ ਤੇ ਸਰਹੰਦ ਆਦਿ ਪਿੰਡਾਂ ਦੀ ਸੋਧ ਕਰਨ ਤੇ ਸ਼ਾਹੀ ਫੌਜ ਵੱਲੋਂ ਸਿੱਖਾਂ ਤੇ ਹੋਣ ਵਾਲੇ ਹਮਲਿਆਂ ਦੀ ਰੋਕ ਵੇਲੇ ਇਹ ਸਰਦਾਰ ਆਪਣੇ ਜੱਥੇ ਸਮੇਤ ਸਭ ਤੋਂ ਪਹਿਲਾਂ ਮੈਦਾਨ ਵਿੱਚ ਉੱਤਰਦਾ ਸੀ।
ਜਦ ਖਾਲਸੇ ਨੇ ੧੨ ਮਿਸਲਾਂ ਵਿੱਚ ਸਾਰੇ ਪੰਜਾਬ ਨੂੰ ਵੰਡਿਆ, ਤਦ ਗੁਜਰਾਤ, ਚਨਯੋਟ, ਝੰਗ, ਅੰਮ੍ਰਿਤਸਰ ਤੇ ਖ਼ਾਸ ਕਰ ਲਾਹੌਰ ਤੇ ਕਬਜ਼ਾ ਕਰ ਕੇ ਅੰਮ੍ਰਿਤਸਰ ਨੂੰ ਇਸ ਨੇ ਆਪਣੀ ਰਾਜਧਾਨੀ ਬਣਾਇਆ।
ਇਹ ਸਰਦਾਰ ਆਪਣੇ ਵੇਲੇ ਦਾ ਬੜਾ ਸਿਆਣਾ ਤੇ ਦੂਰਦਰਸ਼ੀ ਹੋ ਬੀਤਿਆ ਹੈ। ਸੰਮਤ ੧੮੦੩ ਨੂੰ ਸ਼ਹਿਰ ਅੰਮ੍ਰਿਤਸਰ ਵਿੱਚ ਇਸ ਨੇ ਆਪਣੇ ਨਾਮ ਦਾ ਇੱਕ ਕਟੜਾ ਵਸਾਇਆ। ਸੋਹਣੇ ਤੇ ਬਹੁਮੁੱਲੇ ਘੋੜੇ ਰੱਖਣ ਦਾ ਇਹਨੂੰ ਬਹੁਤ ਸ਼ੌਕ ਸੀ। ਮੁਸਲਮਾਨ ਹਾਕਮਾਂ ਦੀ ਸੋਧ ਦੇ ਕੰਮ ਵਿੱਚ ਇੰਨਾ ਪ੍ਰਬੀਨ ਸੀ, ਕਿ ਸੌ ਸੌ ਕੋਹ ਤੱਕ ਇਹ ਧਾਵਾ ਕਰ ਕੇ ਬਿਜਲੀ ਦੀ ਤਰ੍ਹਾਂ ਅਨਿਆਈਆਂ ਤੇ ਜਾ ਪੈਂਦਾ। ਕਈ ਵਾਰ ਇਸ ਨੇ ਲਾਹੌਰ ਸ਼ਹਿਰ ਦੇ ਹਾਕਮਾਂ ਦੇ ਛੱਕੇ ਛੁਡਾ ਦਿੱਤੇ। ਆਪਣੇ ਜੱਥੇ ਵਿੱਚ ਜਵਾਨ ਤੇ ਸੁੰਦਰ ਸ਼ਕਲ ਸੂਰਤ ਵਾਲੇ ਸਿੰਘ ਰੱਖਦਾ ਸੀ। ਦਵਾਬਾ ਬਾਰੀ ਦੇ ਵਿੱਚ ਇਸ ਦੇ ਪੱਲੇ ਦਾ ਕੋਈ ਸਰਦਾਰ ਨਹੀਂ ਸੀ।
ਮੁਲਤਾਨ ਤੇ ਚੜ੍ਹਾਈ ਕਰ ਕੇ ਇਸ ਨੇ ਫਤਹ ਪਾਈ। ਡੇਹਰਾ ਜਾਤ ਤੋਂ ਇਸ ਨੇ ਮਾਲੀਆ ਲਿਆ। ਅਬਦੁਲ ਸਮੁੰਦ ਖਾਂ ਦੇ ਮੈਗਜ਼ੀਨ ਨੂੰ ਇਸ ਨੇ ਲੁੱਟਿਆ। ਸਿਆਲਕੋਟ ਚਨਯੋਟ ਕਰਯਾਲ ਮੈਰੋਵਾਲ ਝੰਗ ਮੁਲਤਾਨ ਆਦਿਕ ਅੱਠ ਲੱਖ ਦੇ ਮਾਲੀਏ ਵਾਲੇ ਮੁਲਕ ਤੇ ਇਸ ਨੇ ਆਪਣਾ ਕਬਜ਼ਾ ਕਰ ਲਿਆ ਤੇ ਸਾਰੇ ਮੁਲਕ ਵਿੱਚ ਇਸ ਦੀ ਦੋਹੀ ਫਿਰਨ ਲੱਗੀ।
ਸੰਮਤ ੧੮੧੮ ਨੂੰ ਕਸੂਰ ਫਤਹ ਕਰਨ ਵਾਸਤੇ ਵੀ ਸਭ ਤੋਂ ਪਹਿਲਾਂ ਇਸੇ ਸਰਦਾਰ ਦੀ ਸੈਨਾ ਨਿੱਕਲੀ ਸੀ, ਫਿਰ ਭਰਤਪੁਰ ਦੇ ਰਾਜੇ ਦੀ ਪੁਕਾਰ ਸੁਣ ਓਹਦੀ ਸਹਾਇਤਾ ਲਈ ਦਿੱਲੀ ਤੇ ਚੜ੍ਹਾਈ ਕੀਤੀ। ਸਰਹੰਦ ਡੇਹਰਾ ਜਾਤ ਦਾ ਇਲਾਕਾ ਸਹਾਰਨਪੁਰ ਚੰਦੌਸੀ ਖੋਰਜ ਦੇ ਸੋਧਨ ਵਿੱਚ ਇਸ ਨੇ ਬੜੀ ਸੂਰਮਤਾ ਵਖਾਈ।
ਇਨ੍ਹਾਂ ਦਾ ਪਹਿਲਾ ਵਿਵਾਹ ਪੰਜਵੜ ਵਿੱਚ ਹੋਇਆ। ਇਸ ਵਿੱਚੋਂ ਦੋ ਪੁੱਤਰ ਗੰਡਾ ਸਿੰਘ ਤੇ ਝੰਡਾ ਸਿੰਘ ਹੋਏ। ਇਸ ਸਿੰਘਣੀ ਦੇ ਚਲਾਣਾ ਕਰ ਜਾਣ ਤੇ ਦੂਜੀ ਵੇਰ ਵਿਆਹ ਕਰਨ ਤੇ ਚੜ੍ਹਤ ਸਿੰਘ, ਦੀਵਾਨ ਸਿੰਘ ਤੇ ਦੇਸੂ ਸਿੰਘ ਪੰਜ ਲੜਕੇ ਹੋਏ।
ਸੰਮਤ ੧੮੨੭ ਬਿਕ੍ਰਮੀ ਨੂੰ ਸਰਦਾਰ ਹਰੀ ਸਿੰਘ ਨੇ ਪਟਿਆਲੇ ਮਹਾਰਾਜਾ ਅਮਰ ਸਿੰਘ ਦੀ ਸਹਾਇਤਾ ਲਈ ਹਾਂਸੀ ਹਿਸਾਰ ਲਾਗੇ ਭੱਟੀਆਂ ਤੇ ਚੜ੍ਹਾਈ ਕੀਤੀ। ਇਸੇ ਰਣ ਵਿੱਚ ਆਪ ਸ਼ਹੀਦ ਹੋ ਗਏ।
ਸਰਦਾਰ ਹਰੀ ਸਿੰਘ ਦੇ ਲੜਕਿਆਂ ਵਿੱਚੋਂ ਸਰਦਾਰ ਝੰਡਾ ਸਿੰਘ ਬੜਾ ਹੋਣਹਾਰ ਸੂਰਬੀਰ ਸੀ ਤੇ ਅਕਲਮੰਦ ਸੀ। ਮਿਸਲ ਦੇ ਸਾਰੇ ਸਿੰਘਾਂ ਨੇ ਇਹਨੂੰ ਆਪਣਾ ਜੱਥੇਦਾਰ ਬਣਾ ਲਿਆ। ਇਸ ਨੇ ਆਪਣੀ ਦਾਨਾਈ ਤੇ ਬਹਾਦਰੀ ਨਾਲ ਆਪਣੀ ਮਿਸਲ ਦੇ ਨਾਮ ਨੂੰ ਰੌਸ਼ਨ ਕੀਤਾ।
ਸਰਦਾਰ ਝੰਡਾ ਸਿੰਘ ਨੂੰ ਦੂਜੀ ਵੇਰ ਮੁਲਤਾਨ ਤੇ ਚੜ੍ਹਾਈ ਕਰਨੀ ਪਈ। ਇਸ ਲੜਾਈ ਵਿੱਚ ਅੱਗੇ ਲਿਖੇ ਸਰਦਾਰ ਆਪ ਦੇ ਨਾਲ ਸਨ: ਬਾਘ ਸਿੰਘ ਜਲਾਲਵਾਲੀਆ, ਤਾਰਾ ਸਿੰਘ ਚੈਨਪੁਰੀ ਚੈਨਪੁਰੀਆ, ਕਰਮ ਸਿੰਘ ਖੋਸਾ, ਰਾਏ ਸਿੰਘ ਤੇ ਸ਼ੇਰ ਸਿੰਘ ਬੂੜੀਆਵਾਲੇ, ਰਾਏ ਸਿੰਘ ਸਰਾਏ ਵਾਲਾ, ਕਰਮ ਸਿੰਘ ਛੀਨਾ, ਈਸ਼ਰ ਸਿੰਘ ਗੋੜੀਆ ਵਾਲਾ, ਸਿਧ ਸਿੰਘ ਦੋਧਾ, ਸਾਹਬ ਸਿੰਘ, ਤਾਰਾ ਸਿੰਘ ਸਿਆਲ ਕੋਟੀਆ, ਸਾਵਲ ਸਿੰਘ ਰੰਧਾਵਾ, ਗੁਜਰ ਸਿੰਘ ਲਹਿਣਾ ਸਿੰਘ ਰਤਨ ਗੜ੍ਹੀਆ, ਸੋਭਾ ਸਿੰਘ ਨਿਆਜ਼ ਬੇਗ ਵਾਲਾ।
ਮੁਲਤਾਨ ਦੇ ਸੂਬੇ ਨੇ ਸਰਦਾਰ ਝੰਡਾ ਸਿੰਘ ਨੂੰ ੫੦ ਹਜ਼ਾਰ ਦੇ ਕੇ ਵਾਪਸ ਕਰਨਾ ਚਾਹਿਆ, ਕਿੰਤੂ ਓਥੇ ਦੀ ਪਰਜਾ ਦੇ ਦੁੱਖਾਂ ਨੂੰ ਦੇਖ ਕੇ ਇਨ੍ਹਾਂ ਨੂੰ ਸ਼ਹਿਰ ਤੇ ਕਬਜ਼ਾ ਕਰਨ ਵਿੱਚ ਭਲਿਆਈ ਮਲੂਮ ਹੋਈ। ਪਹਿਲਾਂ ਤਾਂ ਮੁਲਤਾਨ ਦੇ ਹਾਕਮ ਨੂੰ ਕੈਦ ਕਰ ਲਿਆ, ਕਿੰਤੂ ਜਦ ਓਹਨੇ ਅੱਗੋਂ ਨੂੰ ਸਿੱਧੇ ਰਾਹ ਟੁਰਨ ਦਾ ਪ੍ਰਣ ਕੀਤਾ, ਤਦ ਓਹਨੂੰ ਕੁਝ ਇਲਾਕਾ ਵਾਪਸ ਦੇ ਦਿੱਤਾ। ਕੁਝ ਮਹੀਨਿਆਂ ਪਿੱਛੋਂ ਸਰਦਾਰ ਝੰਡਾ ਸਿੰਘ ਨੇ ਸਰਦਾਰ ਜਮੀਤ ਸਿੰਘ ਤੇ ਦੀਵਾਨ ਸਿੰਘ ਨੂੰ ਮੁਲਤਾਨ ਦਾ ਪ੍ਰਬੰਧ ਸੌਂਪ ਕੇ ਅੱਗੇ ਚੜ੍ਹਾਈ ਕੀਤੀ ਤੇ ਇਲਾਕੇ ਨੂੰ ਚੰਗੀ ਤਰ੍ਹਾਂ ਸੋਧਿਆ। ਅਹਿਮਦਾਬਾਦ ਦਾ ਨਵਾਬ ਅਹਿਮਦ ਖਾਂ ੨੦ ਹਜ਼ਾਰ ਰੁਪਯਾ ਨਜ਼ਰਾਨਾ ਲੈ ਕੇ ਅੱਗੋਂ ਆ ਮਿਲਿਆ।
ਸਰਦਾਰ ਝੰਡਾ ਸਿੰਘ ਨੇ ੨੦ ਹਜ਼ਾਰ ਜਵਾਨ ਨਾਲ ਲੈ ਕੇ ਬਹਾਵਲਪੁਰ ਤੇ ਹੱਲਾ ਬੋਲਿਆ। ਨਵਾਬ ਨੇ ਅੱਗੋਂ ਵਾਸਤੇ ਨਿਆਇ ਕਰਨ ਦਾ ਪ੍ਰਣ ਕੀਤਾ ਤੇ ਇੱਕ ਲੱਖ ਰੁਪਯਾ ਜੁਰਮਾਨੇ ਵਜੋਂ ਪੇਸ਼ ਕੀਤਾ ਤੇ ਅੱਗੋਂ ਨੂੰ ਅਧੀਨ ਰਹਿਣਾ ਪ੍ਰਵਾਨ ਕੀਤਾ। ਇਸੇ ਤਰ੍ਹਾਂ ਨਾਲ ਇਹ ਸਾਰਾ ਇਲਾਕਾ ਤੇ ਡੇਹਰਾ ਜਾਤ ਆਦਿਕ ਜੋ ਕਿ ਦੁਰਾਨੀਆਂ ਦੇ ਕਬਜ਼ੇ ਵਿੱਚ ਸਨ, ਆਪਣੇ ਅਧੀਨ ਕਰ ਕੇ ਵਾਪਸ ਅੰਮ੍ਰਿਤਸਰ ਆ ਗਿਆ। ਸ੍ਰੀ ਹਰਿਮੰਦਰ ਸਾਹਿਬ ਜੀ ਹਾਜ਼ਰ ਹੋ ਕੇ ਬੜੀ ਤਕੜੀ ਰਕਮ ਭੇਟ ਚੜ੍ਹਾਈ ਤੇ ਦੀਵਾਲੀ ਦੇ ਮੇਲੇ ਨੂੰ ਰੌਣਕ ਦਿੱਤੀ। ਇਸ ਤਰ੍ਹਾਂ ਨਾਲ ਇਸ ਮਿਸਲ ਦੀ ਆਮਦਨ ਇੱਕ ਕਰੋੜ ਦੇ ਕਰੀਬ ਹੋ ਗਈ।
ਇਸੇ ਸਾਲ ਤੈਮੂਰ ਸ਼ਾਹ ਨੇ ਇਹ ਹਾਲ ਸੁਣ ਕੇ ਮੁਲਤਾਨ ਤੇ ਚੜ੍ਹਾਈ ਕਰ ਦਿੱਤੀ। ਸਿੱਖਾਂ ਦੀ ਫੌਜ ਓਥੇ ਨਾ ਹੋਣ ਦੇ ਕਾਰਨ ਮੁਲਤਾਨ ਤੇ ਕਬਜ਼ਾ ਕਰ ਕੇ ਮੁਜ਼ੱਫਰ ਖਾਂ ਨੂੰ ਉੱਥੋਂ ਦਾ ਹਾਕਮ ਬਣਾ ਦਿੱਤਾ, ਕਿੰਤੂ ਇਹ ਖ਼ਬਰ ਸੁਣਦੇ ਹੀ ਸਰਦਾਰ ਝੰਡਾ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਲਤਾਨ ਤੇ ਹਮਲਾ ਕਰ ਦਿੱਤਾ। ਸੱਤ ਦਿਨ ਭਿਆਨਕ ਜੰਗ ਹੋਣ ਦੇ ਮਗਰੋਂ
ਖਾਲਸੇ ਨੇ ਫਤੇ ਪਾਈ ਤੇ ਸਰਦਾਰ ਝੰਡਾ ਸਿੰਘ ਨੇ ਆਪਣੇ ਭਰਾ ਗੰਡਾ ਸਿੰਘ ਨੂੰ ਇਸ ਇਲਾਕੇ ਦਾ ਹਾਕਮ ਨਿਯਤ ਕਰ ਦਿੱਤਾ ਤੇ ਆਪ ਸ੍ਰੀ ਅੰਮ੍ਰਿਤਸਰ ਵਾਪਸ ਮੁੜ ਕੇ ਆ ਗਿਆ।
ਕੁਝ ਮੁੱਦਤ ਪਿੱਛੋਂ ਸਰਦਾਰ ਝੰਡਾ ਸਿੰਘ ਨੇ ੧੨ ਹਜ਼ਾਰ ਜਵਾਨ ਨੂੰ ਨਾਲ ਲੈ ਕੇ ਜੰਮੂ ਦੇ ਇਲਾਕੇ ਤੇ ਚੜ੍ਹਾਈ ਕਰ ਦਿੱਤੀ। ਰਣਜੀਤ ਦੇਵ ਨਾਮ ਦਾ ਜੰਮੂ ਦਾ ਰਾਜਾ ਟਾਕਰੇ ਵਾਸਤੇ ਨਿੱਕਲਿਆ। ਦੋਹਾਂ ਧਿਰਾਂ ਵੱਲੋਂ ਜਾਨ ਹੂਲਵੀਂ ਲੜਾਈ ਹੋਈ। ਫਤੇ ਖਾਲਸੇ ਦੇ ਹੱਥ ਰਹੀ। ਜੰਮੂ ਦੇ ਰਾਜੇ ਤੋਂ ਇੱਕ ਲੱਖ ਰੁਪਯਾ ਸਾਲਾਨਾ ਲੈਣਾ ਕਰ ਕੇ ਸਰਦਾਰ ਝੰਡਾ ਸਿੰਘ ਵਾਪਸ ਮੁੜ ਆਇਆ। ਫਿਰ ਆਪਣੇ ਮਿੱਤਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਨਾਲ ਲੈ ਕੇ ਦਰ੍ਯਾਇ ਅਟਕ ਤੋਂ ਪਾਰ ਡੇਹਰਾ ਅਸਮਾਈਲ ਖਾਂ ਤੱਕ ਪੁੱਜਾ ਤੇ ਉੱਥੋਂ ਆਪਣੇ ਪਿਤਾ ਸਰਦਾਰ ਹਰੀ ਸਿੰਘ ਦੇ ਵੇਲੇ ਦਾ ਨੀਯਤ ਕੀਤਾ ਹੋਇਆ ਮਾਮਲਾ ਵਸੂਲ ਕਰ ਕੇ, ਆਪਣੇ ਅਧੀਨ ਬਣਾ ਕੇ ਵਾਪਸ ਆ ਗਿਆ।
ਫਿਰ ਕਿਲ੍ਹਾ ਭਰਤਪੁਰ ਨੂੰ ਫਤਹਿ ਕਰ ਕੇ ਆਪਣੇ ਮਿੱਤਰ ਸਰਦਾਰ ਗੁਰਬਖ਼ਸ਼ ਸਿੰਘ ਨੂੰ ਉੱਥੋਂ ਦਾ ਮਾਲਕ ਬਣਾਇਆ ਤੇ ਫਿਰ ਖ੍ਵਾਜਾ ਹਮੀਦ ਖਾਂ ਦੀ ਸਰਾਂ ਵਿੱਚ ਜਹਾਨ ਖਾਂ ਨੂੰ ਸਕੱਸਤ ਦੇ ਕੇ ਓਹਦੇ ਪਾਸੋਂ ਲੜਾਈ ਦਾ ਸਾਮਾਨ ਤੇ ਤੋਪਾਂ ਆਦਿਕ ਲੁੱਟ ਲਈਆਂ। ਜਮਜ਼ਮ ਨਾਮ ਦੀ ਜੇਹੜੀ ਤੋਪ ਲਾਹੌਰ ਦੇ ਅਜਾਇਬ ਘਰ ਵਿੱਚ ਰੱਖੀ ਹੋਈ ਹੈ ਤੇ ਭੰਗੀਆਂ ਦੀ ਤੋਪ ਦੇ ਨਾਮ ਤੇ ਪ੍ਰਸਿੱਧ ਹੈ, ਇਸੇ ਲੜਾਈ ਵਿੱਚ ਇਨ੍ਹਾਂ ਦੇ ਹੱਥ ਆਈ ਸੀ।
ਸੰਮਤ ੧੮੨੮ ਵਿੱਚ ਇਨ੍ਹਾਂ ਅੰਮ੍ਰਿਤਸਰ ਵਿੱਚ ਇੱਕ ਬੜਾ ਪੱਕਾ ਕਿਲ੍ਹਾ ਬਣਵਾਇਆ, ਇਸ ਵਿਚ ਹੋਰ ਤਰ੍ਹਾਂ ਦਾ ਲੜਾਈ ਦਾ ਸਾਮਾਨ ਤੇ ਖ਼ਜ਼ਾਨਾ ਇਕੱਠਾ ਕਰ ਕੇ ਰਹਿਣ ਲੱਗੇ।
੧੮੩੦ ਬਿਕ੍ਰਮੀ ਨੂੰ ਇਨ੍ਹਾਂ ਕਸੂਰ ਤੇ ਚੜ੍ਹਾਈ ਕੀਤੀ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਸ ਦਾ ਸਰਦਾਰ ਝੰਡਾ ਸਿੰਘ ਨਾਲ ਬੜਾ ਹਿਤ ਸੀ, ਓਹ ਭੀ ਨਾਲ ਸੀ। ਤਿੰਨ ਮਹੀਨੇ ਤੱਕ ਓਥੋਂ ਦੇ ਪਠਾਣ ਇਨ੍ਹਾਂ ਦੇ ਨਾਲ ਲੜਦੇ ਰਹੇ, ਕਿੰਤੂ ਅੰਤ ਨੂੰ ਖਾਲਸੇ ਦੀ ਤਲਵਾਰ ਦੇ ਅੱਗੇ ਨਾ ਠਹਿਰ ਸਕੇ। ਸਰਦਾਰ ਝੰਡਾ ਸਿੰਘ ਨੇ ਕਸੂਰ ਤੇ ਫਤਹ ਪਾਈ ਤੇ ਓਥੋਂ ਦੇ ਕਿਲ੍ਹੇ ਵਿੱਚ ਆਪਣੀ ਛਾਉਣੀ ਬਣਾ ਕੇ ਤੇ ਅੱਗੋਂ ਨੂੰ ਉਸ ਇਲਾਕੇ ਦੇ ਪਠਾਣਾਂ ਤੋਂ ਇੱਕ ਲੱਖ ਰੁਪਯਾ ਸਾਲਾਨਾ ਲੈਣਾ ਕਰ ਕੇ ਅੰਮ੍ਰਿਤਸਰ ਮੁੜ ਆਇਆ।
ਸੰਮਤ ੧੮੩੧ ਨੂੰ ਜੰਮੂ ਦੇ ਰਾਜਾ ਰਣਜੀਤ ਦੇਵ ਦੇ ਆਪਣੇ ਪੁੱਤਰ ਬ੍ਰਿਜ ਦੇਵ ਨਾਲ ਫਸਾਦ ਹੋ ਗਿਆ, ਤਦ ਓਹਨੇ ਸਰਦਾਰ ਝੰਡਾ ਸਿੰਘ ਨੂੰ ਆਪਣੀ ਸਹਾਇਤਾ ਵਾਸਤੇ ਬੁਲਾਇਆ। ਉਧੋ ਚੱਕ ਦੇ ਪਾਸ ਲੜਾਈ ਹੋਈ। ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਸਰਦਾਰ ਝੰਡਾ ਸਿੰਘ ਨਾਲ ਖੁਨਸਿਆ ਹੋਇਆ ਸੀ। ਓਹ ਬ੍ਰਿਜਰਾਜ ਦੇਵ ਸਿੰਘ ਵੱਲੋਂ ਲੜਨ ਆਇਆ, ਕਿੰਤੂ ਬੰਦੂਕ ਦੇ ਫੱਟ ਜਾਣ ਨਾਲ ਮਰ ਗਿਆ।
੧੮੩੨ ਵਿੱਚ ਸਰਦਾਰ ਝੰਡਾ ਸਿੰਘ ਸ਼ਿਕਾਰ ਗਏ ਹੋਏ ਸਨ। ਇੱਕ ਦਿਨ ਅਚਨਚੇਤ ਕਿਸੇ ਦੁਸ਼ਮਣ ਦੇ ਵਾਰ ਨਾਲ ਮਾਰੇ ਗਏ। ਸਰਦਾਰ ਝੰਡਾ ਸਿੰਘ ਦੇ ਮਗਰੋਂ ਓਹਨਾਂ ਦਾ ਭਰਾ ਗੰਡਾ ਸਿੰਘ ਮਿਸਲ ਦਾ ਜੱਥੇਦਾਰ ਬਣਿਆ। ਜੰਮੂ ਵਾਲੇ ਰਾਜੇ ਦੀ ਲੜਾਈ ਅਜੇ ਖਤਮ ਨਹੀਂ ਹੋਈ ਸੀ। ਦੋਹੀਂ ਪਾਸੀਂ ਸਿੰਘਾਂ ਦੇ ਜੱਥੇ ਹੋਣ ਕਰ ਕੇ ਕੁਝ ਅਜਿਹੇ ਸਰਦਾਰ ਜੋ ਦੋਹਾਂ ਧਿਰਾਂ ਦੇ ਖੈਰਖਾਹ ਸਨ, ਵਿੱਚ ਪੈ ਗਏ ਤੇ ਮੈਦਾਨ ਜੰਗ ਵਿੱਚੋਂ ਮੋੜ ਆਂਦਾ। ਅੰਮ੍ਰਿਤਸਰ ਪੁੱਜ ਕੇ ਫੈਸਲਾ ਹੋਣਾ ਸੀ, ਕਿੰਤੂ ਆਪਸ ਵਿੱਚ ਕੋਈ ਸਮਝੌਤਾ ਨਾ ਹੋ ਸਕਿਆ ਕਿਉਂਕਿ ਗੰਡਾ ਸਿੰਘ ਨੂੰ ਦੱਸਿਆ ਗਿਆ ਸੀ ਕਿ ਸ੍ਰ. ਝੰਡਾ ਸਿੰਘ ਨੂੰ ਘਨੱਯਾਂ ਨੇ ਮਰਵਾਇਆ ਹੈ। ਸਰਦਾਰ ਗੰਡਾ ਸਿੰਘ ਨੇ ਸ. ਜੱਸਾ ਸਿੰਘ ਨੂੰ ਨਾਲ ਲੈ ਕੇ ਘਨੱਯਾਂ ਨੂੰ ਸੋਧਣ ਲਈ ਕੂਚ ਕਰ ਦਿੱਤਾ। ਘਨੱਯਾਂ ਨੂੰ ਕੁਝ ਨੁਕਸਾਨ ਪੁੱਜਾ। ਇਨ੍ਹਾਂ ਦਾ ਕੁਝ ਇਲਾਕਾ ਜੱਸਾ ਸਿੰਘ ਰਾਮਗੜ੍ਹੀਆ ਤੇ ਕੁਝ ਗੰਡਾ ਸਿੰਘ ਨੇ ਆਪਣੇ ਵਸੀਕਾਰ ਵਿੱਚ ਕਰ ਲਿਆ। ਫਿਰ ਇਸੇ ਤਰ੍ਹਾਂ ਕੁਝ ਚਿਰ ਲੜਾਈ ਹੋਂਦੀ ਰਹੀ। ਇਸੇ ਸਮੇਂ ਵਿੱਚ ਸਰਦਾਰ ਮਨਸਾ ਸਿੰਘ ਸਿਆਲਕੋਟ ਵਾਲੇ ਚਲਾਣਾ ਕਰ ਗਏ। ਇਨ੍ਹਾਂ ਦੇ ਸੰਤਾਨ ਨਹੀਂ
ਸੀ। ਮਨਸਾ ਸਿੰਘ ਦੀ ਤੀਵੀਂ ਨੇ ਹਕੀਕਤ ਸਿੰਘ ਦੇ ਭਰਾ ਤਾਰਾ ਸਿੰਘ ਨਾਲ ਆਨੰਦ ਪੜ੍ਹਾ ਲਿਆ।
ਪਠਾਨਕੋਟ ਦੇ ਮੁਕਾਮ ਤੇ ਘਨੱਯਾਂ ਦਾ ਤੇ ਭੰਗੀ ਸਰਦਾਰਾਂ ਦਾ ਫਿਰ ਟਾਕਰਾ ਹੋ ਗਿਆ। ੧੪ ਦਿਨਾਂ ਤੱਕ ਲੜਾਈ ਹੋਂਦੀ ਰਹੀ, ਸਰਦਾਰ ਗੰਡਾ ਸਿੰਘ ਗੋਲੀ ਨਾਲ ਮਾਰਿਆ ਗਿਆ। ਇਸ ਸਰਦਾਰ ਦੇ ਮਾਰੇ ਜਾਣ ਨਾਲ ਇਹ ਮਿਸਲ ਕਮਜ਼ੋਰ ਹੋ ਗਈ। ਸਰਦਾਰ ਗੰਡਾ ਸਿੰਘ ਤੋਂ ਪਿੱਛੋਂ ਇਨ੍ਹਾਂ ਦਾ ਨਿੱਕਾ ਭਰਾ ਸਰਦਾਰ ਚੜ੍ਹਤ ਸਿੰਘ ਇਸ ਮਿਸਲ ਦਾ ਆਗੂ ਬਣਿਆ। ਇਸ ਨੇ ਅੰਮ੍ਰਿਤਸਰ ਵਿੱਚ ਆਪਣੇ ਨਾਮ ਦਾ ਇੱਕ ਕਟੜਾ ਵਸਾਇਆ। ਇਸੇ ਦੇ ਸਮੇਂ ਵਿੱਚ ਜ਼ਮਾਨ ਸ਼ਾਹ ਕਾਬਲ ਦਾ ਹਾਕਮ ਪੰਜਾਬ ਵਿੱਚ ਆਇਆ। ਲਾਹੌਰ ਤੇ ਕਬਜ਼ਾ ਕਰ ਕੇ ਸਾਰੇ ਦੇਸ ਵਿੱਚ ਆਪਣਾ ਸਿੱਕਾ ਬਿਠਾ ਦਿੱਤਾ, ਕਿੰਤੂ ਸਿੱਖਾਂ ਨੂੰ ਕਾਬੂ ਵਿੱਚ ਰਖਣਾ ਕੋਈ ਆਸਾਨ ਗੱਲ ਨਹੀਂ ਸੀ, ਇਸ ਲਈ ਓਹ ਕਾਬਲ ਵਾਪਸ ਚਲਾ ਗਿਆ। ਤਦ ਓਹਦੇ ਪਿੱਛੇ ੧੮੩੪ ਬਿਕ੍ਰਮੀ ਨੂੰ ਸਰਦਾਰ ਮਹਾਂ ਸਿੰਘ ਸ਼ੁਕਰਚਕੀਆ ਦੇ ਨਾਲ ਲੜਾਈ ਵਿੱਚ ਸ੍ਰ. ਚੜ੍ਹਤ ਸਿੰਘ ਮਾਰਿਆ ਗਿਆ ਤੇ ਬਹੁਤ ਸਾਰਾ ਇਲਾਕਾ ਓਹਦੇ ਕਬਜ਼ੇ ਵਿੱਚੋਂ ਨਿੱਕਲ ਗਿਆ।
ਚੜ੍ਹਤ ਸਿੰਘ ਤੋਂ ਪਿੱਛੋਂ ਓਹਦਾ ਨਿੱਕਾ ਭਾਈ ਦੇਸੂ ਸਿੰਘ ਆਗੂ ਬਣਿਆ, ਕਿੰਤੂ ਇਹ ਕਮਜ਼ੋਰ ਦਿਲ ਹੋਣ ਕਰ ਕੇ ਪ੍ਰਬੰਧ ਚੰਗੀ ਤਰ੍ਹਾਂ ਨਾ ਕਰ ਸਕਿਆ, ਜਿਸ ਤੋਂ ਇਨ੍ਹਾਂ ਦੇ ਇਲਾਕੇ ਵਿੱਚ ਆਪਾ ਧਾਪੀ ਪੈ ਗਈ। ਜੋ ਜਿੱਥੇ ਸੀ, ਉੱਥੇ ਹੀ ਮਾਲਕ ਬਣ ਬੈਠਾ। ਮੁਲਤਾਨ ਤੇ ਦੁਰਾਨੀਆਂ ਨੇ ਕਬਜ਼ਾ ਕਰ ਲਿਆ। ਕੇਵਲ ਚਨਯੋਟ ਤੇ ਕਾਲਕੋਟ ਦੇ ਇਲਾਕੇ ਵਿੱਚੋਂ ਪੰਜਾਹ ਹਜ਼ਾਰ ਰੁਪਯਾ ਵਸੂਲ ਹੋ ਕੇ ਓਹਦੇ ਖ਼ਜ਼ਾਨੇ ਵਿੱਚ ਆਉਂਦਾ ਰਿਹਾ। ਸਰਦਾਰ ਮਹਾਂ ਸਿੰਘ ਸ਼ੁਕਰਚਕੀਆ ਦੇ ਨਾਲ ਸਦਾ ਹੀ ਓਹਦੀ ਅਣਬਣ ਰਹੀ। ਕਦੇ ਉਹ ਜ਼ੋਰ ਫੜ ਜਾਂਦਾ ਰਿਹਾ, ਕਦੇ ਇਹ। ੧੮੪੬ ਬਿਕ੍ਰਮੀ ਨੂੰ ਇੱਕ ਲੜਾਈ ਵਿੱਚ ਦੇਸੂ ਸਿੰਘ ਵੀ ਮਾਰਿਆ ਤੇ ਕਰਮ ਸਿੰਘ: ਜਿਸ ਨੂੰ ਲੋਕੀਂ ਸਭ ਦੇ ਸਦਗੁਣਾਂ ਦੇ ਕਾਰਨ ਦੂਲਾ ਸਰਦਾਰ ਕਿਹਾ ਕਰਦੇ ਸੀ, ਜੱਥੇਦਾਰ ਬਣਿਆ। ਇਹ ਆਦਮੀ ਬੜਾ ਦਾਨਾ, ਸਿਆਣਾ ਤੇ ਦੂਰਦਰਸ਼ੀ ਸੀ, ਇਸ ਨੇ ਵੀ ਆਪਣੇ ਨਾਮ ਤੇ ਸ੍ਰੀ ਅੰਮ੍ਰਿਤਸਰ ਵਿੱਚ ਇੱਕ ਕਟੜਾ ਜੋ ਹੁਣ ਤੱਕ ਦੂਲੋ ਕੇ ਨਾਮ ਤੇ ਪ੍ਰਸਿੱਧ ਹੈ ਵਸਾਇਆ। ਕਈ ਵੇਰ ਸਰਦਾਰ ਮਹਾਂ ਸਿੰਘ ਸ਼ੁਕਰਚਕੀਆ ਜਿਸ ਦੇ ਨਾਲ ਇਸ ਖਾਨਦਾਨ ਦੀ ਮੁਦਤ ਤੋਂ ਅਣਬਣ ਚਲੀ ਆਉਂਦੀ ਸੀ, ਇਸ ਦੀ ਲੜਾਈ ਹੋਈ, ਕਿੰਤੂ ੧੮੪੯ ਬਿਕ੍ਰਮੀ ਨੂੰ ਇਹ ਵੀ ਲੜਾਈ ਵਿੱਚ ਮਾਰਿਆ ਗਿਆ। ਸਰਦਾਰ ਕਰਮ ਸਿੰਘ ਦੇ ਚਲਾਣਾ ਕਰਨ ਸਮੇਂ ਉਹਦਾ ਲੜਕਾ ਜੱਸਾ ਸਿੰਘ ਚਨਯੋਟ ਵਿੱਚ ਸੀ, ਇਹ ਹੀ ਕਾਰਨ ਹੈ ਕਿ ਦੂਰ ਹੋਣ ਦੇ ਕਾਰਨ ਆਪਣੇ ਪਿਤਾ ਦੀ ਜਗ੍ਹਾ ਓਹ ਨਹੀਂ ਲੈ ਸਕਿਆ। ਦੇਸੂ ਸਿੰਘ ਦਾ ਲੜਕਾ ਗੁਲਾਬ ਸਿੰਘ ਜੋ ਉਸ ਵੇਲੇ ਮਾਝੇ ਦੇ ਇਲਾਕੇ ਵਿੱਚ ਹੋਣ ਕਰ ਕੇ ਸ੍ਰੀ ਅੰਮ੍ਰਿਤਸਰ ਜੀ ਤੋਂ ਨੇੜੇ ਸੀ, ਅੰਮ੍ਰਿਤਸਰ ਵਿੱਚ ਪੁੱਜ ਕੇ ਓਹਦੀ ਗੱਦੀ ਤੇ ਬੈਠ ਗਿਆ। ਕਿੰਤੂ ਇਹ ਵੀ ਅਜਿਹਾ ਪ੍ਰਬੰਧ ਨਾ ਕਰ ਸਕਿਆ ਜਿਹਾ ਕਿ ਕਰਨਾ ਚਾਹੀਦਾ ਸੀ, ਜਿਸ ਤੋਂ ਕਈ ਇਲਾਕੇ ਇਸ ਦੇ ਕਬਜ਼ੇ ਵਿੱਚੋਂ ਨਿੱਕਲ ਗਏ। ਸਿਆਲੋਂ ਦੇ ਇਲਾਕੇ ਦਾ ਮਾਮਲਾ ਵੀ ਬੰਦ ਹੋ ਗਿਆ, ਕੇਵਲ ਸ਼ਹਿਰ ਅੰਮ੍ਰਿਤਸਰ ਤੇ ਕੋਹਾਲੀ ਮਜੀਠਾ, ਨੁਸਹਿਰਾ, ਸਰਹਾਲੀ ਆਦਿਕ ਇਲਾਕੇ ਇੱਕ ਲੱਖ ਦੀ ਆਮਦਨ ਦੇ ਸਣੇ ਅਧੀਨ ਰਹੇ। ਬਾਕੀ ਦਾ ਸਾਰਾ ਇਲਾਕਾ ਇਸ ਦੇ ਅਧੀਨ ਜਿਹੜੇ ਸਰਦਾਰ ਸਨ, ਉਨ੍ਹਾਂ ਦੇ ਆਪਣੇ ਵਸੀਕਾਰ ਵਿੱਚ ਕਰ ਲਿਆ।
ਇਸ ਤੋਂ ਪਿੱਛੋਂ ਜਦ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ। ਤਦ ਗੁਲਾਬ ਸਿੰਘ ਨੇ ਖੁਣਸ ਖਾ ਕੇ ਚੜ੍ਹਾਈ ਕਰ ਦਿੱਤੀ। ਓਪਰੋਂ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਫੌਜ ਲੈ ਕੇ ਟਾਕਰੇ ਲਈ ਲਾਹੌਰ ਤੋਂ ਬਾਹਰ ਨਿੱਕਲ ਗਿਆ। ਸੰਮਤ ੧੮੫੬ ਬਿਕ੍ਰਮੀ ਨੂੰ ਭੂਮੀਣ ਦੇ ਮੁਕਾਮ ਤੇ ਦੋਵੇਂ ਫੌਜਾਂ ਆਹਮੋਂ-ਸਾਹਮਣੇ ਹੋਈਆਂ। ਅਜੇ ਦੋਹਾਂ ਧਿਰਾਂ ਤੋਂ ਇੱਕ ਮਾਮੂਲੀ ਜਿਹੀ
ਲੜਾਈ ਹੋਈ ਸੀ ਕਿ ਇੱਕ ਦਿਨ ਰਾਤ ਨੂੰ ਗੁਲਾਬ ਸਿੰਘ ਅਜਿਹਾ ਸੁੱਤਾ ਕਿ ਮੁੜ ਕੇ ਉੱਠਿਆ ਹੀ ਨਹੀਂ, ਸੁੱਤੇ ਦਾ ਹੀ ਦਮ ਨਿੱਕਲ ਗਿਆ।
ਗੁਲਾਬ ਸਿੰਘ ਦੇ ਇੰਜ ਚਲਾਣਾ ਕਰ ਜਾਣ ਤੇ ਉਹਦੇ ਸਾਰੇ ਸਾਥੀ ਹੌਂਸਲਾ ਛੱਡ ਬੈਠੇ ਤੇ ਚੁੱਪਚਾਪ ਆਪਣੇ ਘਰਾਂ ਨੂੰ ਚਲੇ ਗਏ। ਮਹਾਰਾਜਾ ਰਣਜੀਤ ਸਿੰਘ ਵਿਜੇ ਦਾ ਨਗਾਰਾ ਵਜਾਂਦੇ ਲਾਹੌਰ ਵਿੱਚ ਜਾ ਵੜੇ।
ਗੁਲਾਬ ਸਿੰਘ ਦਾ ਪੁੱਤਰ ਗੁਰਦਿੱਤ ਸਿੰਘ ਉਸ ਵੇਲੇ ਕੇਵਲ ਦਸਾਂ ਵਰਿਹਾਂ ਦਾ ਸੀ, ਗੁਲਾਬ ਸਿੰਘ ਦੇ ਚਲਾਣੇ ਦੀ ਖ਼ਬਰ ਸੁਣ ਕੇ ਓਹਦੇ ਨੌਕਰਾਂ ਨੇ ਕੋਹਾਲੀ ਦਾ ਇਲਾਕਾ ਦਬਾ ਲਿਆ ਤੇ ਕਹਿ ਦਿੱਤਾ ਕਿ ਅਸਾਂ ਜੋ ਤਨਖਾਹ ਲੈਣੀ ਹੈ, ਉਸ ਦੇ ਬਦਲੇ ਇਹ ਇਲਾਕਾ ਸਾਂਭ ਲਿਆ ਹੈ, ਕੇਵਲ ਸ਼ਹਿਰ ਅੰਮ੍ਰਿਤਸਰ ਦੀ ਆਮਦਨੀ ਨਾਲ ਗੁਰਦਿੱਤ ਸਿੰਘ ਦੀ ਮਾਤਾ ਜਿਸ ਦਾ ਨਾਮ ਸੁਖਾਂ ਸੀ, ਘਰ ਦਾ ਪ੍ਰਬੰਧ ਕਰਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰਨੀ ਸੁਖਾਂ ਤੋਂ ਜ਼ਮਜ਼ਮ ਨਾਮ ਦੀ ਤੋਪ ਮੰਗੀ, ਇਹਨੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਅੱਗੋਂ ਜੰਗ ਲਈ ਤਿਆਰ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਪੁੱਜ ਕੇ ਕਿਲ੍ਹੇ ਦੇ ਦੋ ਪਾਸੀਂ ਘੇਰਾ ਪਾ ਲਿਆ, ਪੰਜ ਘੰਟੇ ਤੱਕ ਲੜਾਈ ਹੋਂਦੀ ਰਹੀ, ਕਿੰਤੂ ਜਦ ਸਰਦਾਰਨੀ ਸੁਖਾਂ ਨੇ ਕੋਈ ਵਾਹ ਨਾ ਦੇਖੀ, ਤਦ ਕਿਲ੍ਹਾ ਖ਼ਾਲੀ ਕਰ ਕੇ ਆਪਣੇ ਪੁੱਤਰ ਗੁਰਦਿੱਤ ਸਿੰਘ ਸਮੇਤ ਕਿਲ੍ਹਾ ਰਾਮਗੜ੍ਹੀਆ ਦੇ ਵਿੱਚ ਚਲੀ ਗਈ, ਇਸ ਤਰ੍ਹਾਂ ੧੮੬੦ ਬਿਕ੍ਰਮੀ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸ੍ਰੀ ਅੰਮ੍ਰਿਤਸਰ ਤੇ ਹੋ ਗਿਆ, ਇਸ ਤਰ੍ਹਾਂ ਨਾਲ ਭੰਗੀਆਂ ਦੀ ਮਿਸਲ ਲਾਹੌਰ ਦਰਬਾਰ ਨਾਲ ਮਿਲ ਗਈ।
ਗੁਰਦਿੱਤ ਸਿੰਘ ਆਪਣੀ ਮਾਤਾ ਸਮੇਤ ਬੜੀ ਮੁਦਤ ਤੱਕ ਸਰਦਾਰ ਯੋਧ ਸਿੰਘ ਰਾਮਗੜ੍ਹੀਆ ਦੇ ਆਸਰੇ ਬੈਠਾ ਰਿਹਾ। ਕੁਛ ਮੁਦਤ ਪਿੱਛੋਂ ਜੋਧ ਸਿੰਘ ਆਦਿਕ ਸਰਦਾਰਾਂ ਦੀ ਸਫਾਰਸ਼ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਹੋਵਾਲ ਦੇ ਇਲਾਕੇ ਦੀ ਜਾਗੀਰ ਦੇ ਦਿੱਤੀ, ਕਿੰਤੂ ਇਹ ਉੱਥੇ ਜਾ ਕੇ ਜਾਗੀਰ ਦਾ ਪ੍ਰਬੰਧ ਨਾ ਕਰ ਸਕਿਆ, ਜਿਸ ਤੋਂ ਇਸ ਨੇ ਕੁਝ ਨਕਦ ਸਹਾਇਤਾ ਆਪਣੇ ਗੁਜ਼ਾਰੇ ਵਾਸਤੇ ਲੈ ਕੇ ਜਾਗੀਰ ਛੱਡ ਦਿੱਤੀ।
ਗੁਰਦਿੱਤ ਸਿੰਘ ਸਾਹੋਵਾਲ ਦੀ ਜਾਗੀਰ ਛੱਡ ਕੇ ਆਪਣੇ ਸਹੁਰੇ ਘਰ ਆ ਰਿਹਾ, ਜਿੱਥੇ ੧੮੮੪ ਬਿਕ੍ਰਮੀ ਨੂੰ ਮਰ ਗਿਆ, ਕਿੰਤੂ ਓਹਦੇ ਪੁੱਤਰ ਅਜੀਤ ਸਿੰਘ (ਇਹ ਨੇਤਰਹੀਨ ਸੀ) ਤੇ ਮੂਲ ਸਿੰਘ ਪੰਜਵੜ ਆਦਿਕ ਆਪਣੇ ਪੁਰਾਣੇ ਪਿੰਡ, ਜੋ ਇਨ੍ਹਾਂ ਦੀ ਖ਼ਾਸ ਮਾਲਕੀ ਸਨ, ਆਬਾਦ ਰੱਖੇ। ਸੋ ਅਜੀਤ ਸਿੰਘ ਦੇ ਪੁੱਤਰ ਠਾਕਰ ਸਿੰਘ ਤੇ ਹੁਕਮ ਸਿੰਘ ਹੁਣ ਤੱਕ ਇਸ ਪਿੰਡ ਵਿੱਚ ਆਬਾਦ ਤੇ ਮੌਜੂਦ ਹਨ, ਪਹਿਲਾਂ ਜ਼ੈਲਦਾਰ ਤੇ ਕੁਰਸੀ ਨਸ਼ੀਨ ਹੋ ੧੯੦ ਰੁਪਯੇ ਸਰਕਾਰ ਵੱਲੋਂ ਜਾਗੀਰ ਮਾਫ਼ੀ ਹੈ ਦੋ ਹਜ਼ਾਰ ਵਿਘਾ ਜ਼ਮੀਨ ਦੇ ਮਾਲਕ ਤੇ ਜਿਮੀਦਾਰ ਹਨ, ਅਰਥਾਤ ਪੰਜ ਖੂਹ ਅਜੇ ਤੱਕ ਉਨ੍ਹਾਂ ਦੇ ਨਾਮ ਮਾਫ਼ੀ ਹਨ ਤੇ ਝੰਡਾ ਸਿੰਘ ਦੇ ਵੇਲੇ ਦੇ ਬੜੇ ਆਲੀਸ਼ਾਨ ਮਕਾਨ ਮੌਜੂਦ ਹਨ।
ਦੂਜੀ ਮਿਸਲ ਰਾਮਗੜ੍ਹੀਏ ਸਰਦਾਰ
ਸ਼ਜਰਾ
*੫੦੦) ਦਾ ਜਾਗੀਰਦਾਰ ਹੈ।
**ਸ੍ਰੀ ਹਰਿਗੋਬਿੰਦਪੁਰ ਵਿੱਚ ੬੦੦) ਦਾ ਜਾਗੀਰਦਾਰ ਹੈ।
***ਇਹ ਗ੍ਰੰਥ ਪੂਰੇ ਵਿੱਚ ੩੦੦) ਦਾ ਜਾਗੀਰਦਾਰ ਹੈ।
ਇਸ ਮਿਸਲ ਦੇ ਕਰਤਾ ਧਰਤਾ ਸਰਦਾਸ ਜੱਸਾ ਸਿੰਘ ਰਾਮਗੜ੍ਹੀਆ ਸੀ। ਇਨ੍ਹਾਂ ਦੇ ਵੱਡੇ ਤਰਖਾਣ ਸਨ, ਜੋ ਕਿ ਸੁਰ ਸਿੰਘ ਦੇ ਰਹਿਣ ਵਾਲੇ ਸਨ। ਕਿੰਤੂ ੧੭੭੨ ਵਿੱਚ ਇਹਦੇ ਦਾਦਾ ਹਰਦਾਸ ਸਿੰਘ ਦੇ ਚਲਾਣਾ ਕਰ ਜਾਣ ਤੇ ਇਨ੍ਹਾਂ ਦੇ ਪਿਤਾ ਸਰਦਾਰ ਭਗਵਾਨ ਸਿੰਘ ਨੇ ਆਪਣੀ ਵਸੋ ਈਚੋਗਿਲ ਪ੍ਰਗਨਾ ਲਾਹੌਰ ਵਿੱਚ ਕਰ ਲਈ।
ਸਰਦਾਰ ਜੱਸਾ ਸਿੰਘ ਦਾ ਦਾਦਾ ਸਰਦਾਰ ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਸਿੰਘਾਂ ਵਿੱਚੋਂ ਸੀ। ਕਿੰਤੂ ਜਦ ਸਤਿਗੁਰੂ ਜੀ ਮੁਲਕ ਦੱਖਣ ਵੱਲ ਚਲੇ ਗਏ ਤਦ ਇਹ ਆਪਣੇ ਘਰ ਚਲਾ ਆਇਆ। ਕਿੰਤੂ ਜਦ ਲਛਮਣ ਦਾਸ ਬੈਰਾਗੀ (ਬਾਬਾ ਬੰਦਾ) ਖਾਲਸੇ ਨਾਲ ਮਿਲ ਕੇ ਜ਼ਾਲਮਾਂ ਦੀ ਸੋਧ ਲਈ ਸਤਿਗੁਰੂ ਜੀ ਦਾ ਹੁਕਮ ਲੈ ਕੇ ਪੰਜਾਬ ਵੱਲ ਆਇਆ ਤਦ ਕਾਫੀ ਚਿਰ ਤੱਕ ਸਰਦਾਰ ਹਰਦਾਸ ਸਿੰਘ ਹਰ ਲੜਾਈ ਵਿੱਚ ਉਹਦੇ ਨਾਲ ਰਿਹਾ ਤੇ ੧੭੭੨ ਬਿਕ੍ਰਮੀ ਨੂੰ ਬਜਵਾੜੇ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ। ਸਰਦਾਰ ਹਰਦਾਸ ਸਿੰਘ ਦੀ ਤਰ੍ਹਾਂ ਓਹਨਾਂ ਦਾ ਬੇਟਾ ਭਗਵਾਨ ਸਿੰਘ ਵੀ ਬੜਾ ਬਲਵਾਨ ਤੇ ਕੌਮੀ ਪਿਆਰ ਵਾਲਾ ਸੀ। ਇਹ ਵੀ ਅਨੇਕਾਂ ਜੰਗਾਂ ਵਿੱਚ ਸ਼ਾਮਿਲ ਰਿਹਾ। ਇਹਦੇ ਚਾਰ ਲੜਕੇ ਸਨ ਜੱਸਾ ਸਿੰਘ, ਮਾਲੀ ਸਿੰਘ, ਖ਼ੁਸ਼ਹਾਲ ਸਿੰਘ, ਤਾਰਾ ਸਿੰਘ। ਜਿਸ ਸਮੇਂ ਵਿੱਚ ਲਾਹੌਰ ਦੇ ਸੂਬੇ ਨੇ ਬੜੀ ਔਕੜ ਵਿੱਚ ਪਿਆ
ਵੇਖ ਕੇ ਸਿੰਘਾਂ ਦਾ ਇੱਕ ਜੱਥਾ ਆਪਣੇ ਪਾਸ ਰਹਿਣ ਦੀ ਖਾਲਸੇ ਅੱਗੇ ਦਰਖ਼ਾਸਤ ਦਿੱਤੀ ਸੀ, ਓਸ ਵੇਲੇ ਸਰਦਾਰ ਭਗਵਾਨ ਸਿੰਘ ਸਵਾਰਾਂ ਦੇ ਨਾਲ ਲਾਹੌਰ ਸੀ ਤੇ ਆਪਣੇ ਗੁਣਾਂ ਦੇ ਨਾਲ ੧੦੦ ਸਵਾਰਾਂ ਦਾ ਸਰਦਾਰ ਬਣ ਗਿਆ। ਜਦ ੧੭੯੭ ਬਿਕ੍ਰਮੀ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਤਦ ਇਸ ਲੜਾਈ ਵਿੱਚ ਇੱਕ ਮੌਕੇ ਤੇ ਸਰਦਾਰ ਭਗਵਾਨ ਸਿੰਘ ਨੇ ਆਪਣੇ ਆਪ ਨੂੰ ਜੋਖੋਂ ਵਿੱਚ ਪਾ ਕੇ ਸੂਬਾ ਲਾਹੌਰ ਦੀ ਜਾਨ ਬਚਾਈ, ਜਿਸ ਤੇ ਸੂਬੇ ਨੇ ਇੰਨ੍ਹਾਂ ਦੇ ਪੰਜੇ ਲੜਕਿਆਂ ਨੂੰ ਪੰਜ ਪਿੰਡ ੧ ਵੱਲਾ, ੨ ਵੇਰਕਾ, ੩ ਸੁਲਤਾਨਵਿੰਡ, ੪ ਤੁੰਗ, ੫ ਚੰਬਾ ਦੇ ਕੇ ਸਿੰਘ ਦੀ ਥਾਂ ਰਸਾਲਦਾਰ ਕਰ ਦਿੱਤਾ।
ਜਦ ਅਦੀਨਾ ਬੇਗ ਦੁਆਬਾ ਬਿਸਤ ਜਲੰਧਰ ਦੇ ਹਾਕਮ ਨੇ ਜ਼ੋਰ ਫੜਿਆ ਤੇ ਨਿਤਾਪ੍ਰਤਿ ਓਹਦਾ ਸਿੰਘਾਂ ਦੇ ਨਾਲ ਭੇੜ ਰਹਿਣ ਲੱਗਾ, ਤਦ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਅਦੀਨਾ ਬੇਗ ਪਾਸ ਭੇਜਿਆ। ਸਰਦਾਰ ਜੱਸਾ ਸਿੰਘ ਦੀ ਹੁਸ਼ਿਆਰੀ, ਦਾਨਾਈ ਤੇ ਸਜੀਲੀ ਫਬੀਲੀ ਸ਼ਕਲ ਵੇਖ ਅਦੀਨਾ ਬੇਗ ਇੰਨਾ ਪ੍ਰਸੰਨ ਹੋਇਆ ਕਿ ਇੱਕ ਵੱਡੇ ਇਲਾਕੇ ਦਾ ਸਰਦਾਰ ਬਣਾ ਦਿੱਤਾ। ਮੁਦਤ ਤੱਕ ਇਹ ਉੱਥੇ ਰਿਹਾ। ਕਿੰਤੂ (ਜਿਹਾ ਕਿ ਦੂਜੇ ਹਿੱਸੇ ਵਿੱਚ ਵਰਣਨ ਹੋ ਚੁੱਕਾ ਹੈ) ਜਦ ਰਾਮਗੜ੍ਹ (ਅੰਮ੍ਰਿਤਸਰ) ਵਿੱਚ ਸਿੱਖਾਂ ਦਾ ਮੀਰ ਮੁਅੰਯੁਨਲ ਮੁਲਕ ਦੇ ਨਾਲ ਟਾਕਰਾ ਹੋਇਆ ਤਦ ਸਰਦਾਰ ਜੱਸਾ ਸਿੰਘ ਅਦੀਨਾ ਬੇਗ ਤੋਂ ਅੱਡ ਹੋ ਕੇ ਝੱਟ ਖਾਲਸੇ ਨਾਲ ਆ ਮਿਲਿਆ। ਤੇ ਫਿਰ ਜਦੋਂ ਖਾਲਸੇ ਨੇ ਕੌੜਾ ਮੱਲ ਨੂੰ ਨਾਲ ਲੈ ਕੇ ਮੁਲਤਾਨ ਵਿੱਚ ਸ਼ਾਹ ਨਿਵਾਜ਼ ਖਾਂ ਨੂੰ ਬੇਦਖ਼ਲ ਕਰਨ ਵਾਸਤੇ ਕੂਚ ਕੀਤਾ, ਤਦ ਕਿਲ੍ਹਾ ਰਾਮਗੜ੍ਹ ਸਰਦਾਰ ਜੱਸਾ ਸਿੰਘ ਦੇ ਹਵਾਲੇ ਕੀਤਾ ਗਿਆ। ਇਸ ਸਮੇਂ ਤੋਂ ਲੈ ਕੇ ਕਾਫੀ ਮੁਦਤ ਤੱਕ ਇਹ ਕਿਲ੍ਹਾ ਸਰਦਾਰ ਜੱਸਾ ਸਿੰਘ ਦੇ ਕਬਜ਼ੇ ਰਹਿਣ ਦੇ ਕਾਰਨ ਇਨ੍ਹਾਂ ਦਾ ਨਾਮ ਹੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਸ਼ਹੂਰ ਹੋ ਗਿਆ। ਐਥੋਂ ਤੱਕ ਕਿ ਹੁਣ ਤੱਕ ਉਨ੍ਹਾਂ ਦੀ ਸਾਰੀ ਕੌਮ ਦੇ ਆਦਮੀ ਆਪਣੇ ਆਪ ਨੂੰ ਰਾਮਗੜ੍ਹੀਏ ਅਖਵਾਂਦੇ ਹਨ।
ਫਿਰ ਜਦੋਂ ਅਦੀਨਾ ਬੇਗ ਮਰ ਗਿਆ, ਤਦ ਜਿੰਨੇ ਇਲਾਕੇ ਤੇ ਸ੍ਰ. ਜੱਸਾ ਸਿੰਘ ਸਰਦਾਰ ਸੀ; ਓਹ ਸਾਰਾ ਇਲਾਕਾ ਸਰਦਾਰ ਜੱਸਾ ਸਿੰਘ ਜੀ ਦੇ ਕਬਜ਼ੇ ਵਿੱਚ ਆ ਗਿਆ। ਸ. ਜੱਸਾ ਸਿੰਘ ਦੀ ਫੌਜ ਹਮੇਸ਼ਾ ਕਿਲ੍ਹਾ ਰਾਮਗੜ੍ਹ ਵਿੱਚ ਰਹਿੰਦੀ ਸੀ। ਦੁਰਾਨੀ ਅਹਿਮਦ ਸ਼ਾਹ ਦੇ ਨਾਲ ਖਾਲਸੇ ਵੱਲੋਂ ਸਦਾ ਹੀ ਲੜਦਾ ਰਿਹਾ। ਇਹ ਜਦੋਂ ਸਿੱਖਾਂ ਨੇ (ਜਿਹਾ ਕਿ ਦੂਜੇ ਹਿੱਸੇ ਵਿੱਚ ਦੱਸਿਆ ਹੈ) ਕਸੂਰ ਸ਼ਹਿਰ ਜਿੱਤਿਆ, ਤਦ ਓਸ ਵੇਲੇ ਵੀ ਇਹ ਨਾਲ ਸੀ, ਜਿਸ ਤੋਂ ਇਹ ਸਰਦਾਰ ਬੜਾ ਹੀ ਪ੍ਰਸਿੱਧ ਹੋ ਗਿਆ। ਇਸ ਨੇ ਆਪਣੇ ਤਿੰਨੇ ਭਰਾ ਖ਼ੁਸ਼ਹਾਲ ਸਿੰਘ, ਮਾਲੀ ਸਿੰਘ, ਤਾਰਾ ਸਿੰਘ ਨਾਲ ਸਲਾਹ ਕਰ ਕੇ ੩੦੦੦ ਜਵਾਨ ਆਪਣੇ ਪਾਸ ਰੱਖ ਲਿਆ ਤੇ ਸਾਰੇ ਪੰਜਾਬ ਵਿੱਚ ਅਮਨ ਕਾਇਮੀ, ਪੂਜਾ ਦੀ ਰੱਖਿਆ ਤੇ ਜ਼ਾਲਮ ਹਾਕਮਾਂ ਦੀ ਸੋਧ ਲਈ ਦੌਰਾ ਸ਼ੁਰੂ ਕਰ ਦਿੱਤਾ। ਅਨਿਆਈ ਹਾਕਮਾਂ ਤੋਂ ਜੋ ਕੁਝ ਜੁਰਮਾਨਾ ਵਸੂਲ ਹੋਂਦਾ ਓਹ ਕਿਲ੍ਹਾ ਰਾਮਗੜ੍ਹ ਵਿੱਚ ਇਕੱਠਾ ਹੁੰਦਾ ਰਹਿੰਦਾ ਸੀ।
ਫਿਰ ਜਦੋਂ ਇਹਨੇ ਖਾਲਸਾ ਪੰਥ ਦੇ ਨਾਲ ਸ਼ਾਮਿਲ ਹੋ ਕੇ ਅਹਿਮਦ ਸ਼ਾਹ ਦੁਰਾਨੀ ਨੂੰ ਆਖ਼ਰੀ ਹਮਲੇ ਤੇ ਸਖ਼ਤ ਸ਼ਕਸਤ ਦਿੱਲੀ ਤੇ ਕੁੱਲ ਮੁਸਲਮਾਨ ਹਾਕਮਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਤਦ ਇਸ ਨੇ ੭ ਲੱਖ ਰੁਪਏ ਦੇ ਇਲਾਕੇ ਬਟਾਲਾ ਕਲਾਨੌਰ ਤੇ ਸ੍ਰੀ ਹਰਿਗੋਬਿੰਦਪੁਰ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣੀ ਵਸੋਂ ਸ੍ਰੀ ਹਰਿਗੋਬਿੰਦਪੁਰ ਹੀ ਕਰ ਲਈ। ਮੁਕਦੀ ਗੱਲ ਇਹ ਕਿ ਜਿੰਨੀਆਂ ਵੀ ਲੜਾਈਆਂ ਖਾਲਸੇ ਦੀਆਂ ਮੁਸਲਮਾਨਾਂ ਨਾਲ ਹੋਈਆਂ ਓਹਨਾਂ ਸਾਰੀਆਂ ਵਿੱਚ ਇਹ ਪੰਥ ਵੱਲੋਂ ਹੋ ਕੇ ਬੜੀ ਬਹਾਦਰੀ ਤੇ ਜਵਾਂਮਰਦੀ ਨਾਲ ਲੜਦਾ ਰਿਹਾ। ਸਰਹੰਦ ਦੀ ਆਖ਼ਰੀ ਤਬਾਹੀ ਦੇ ਵੇਲੇ ਜਦੋਂ ਜ਼ੈਨ ਖਾਂ ਨੂੰ ਖਾਲਸੇ ਨੇ ਸ਼ਕਸਤ ਦਿੱਤੀ ਸੀ, ਸਰਦਾਰ ਜੱਸਾ ਸਿੰਘ ਨੇ ਆਪਣੀ ਸੂਰਮਤਾ ਦਿਖਾਈ ਸੀ। ਇਨ੍ਹਾਂ ਦੀ ਵਧੀ ਹੋਈ ਤਾਕਤ ਤੇ ਬੁਲੰਦ ਹੌਸਲੇ ਦੇ ਸਾਹਮਣੇ ਕੋਈ ਬੋਲ ਨਹੀਂ ਸਕਿਆ, ਜਿਸ ਤੋਂ ਦਵਾਬੇ ਦੇ ਇਲਾਕੇ ਜਲੰਧਰ ਦੇ ਅੱਗੇ ਪਿੱਛੇ
ਜਿੱਥੋਂ ਕਿ ੧੦ ਲੱਖ ਦਾ ਸਾਲਾਨਾ ਮਾਮਲਾ ਆਉਂਦਾ ਸੀ, ਕਬਜ਼ਾ ਕਰ ਲਿਆ ਤੇ ੧੦ ਹਜ਼ਾਰ ਸਵਾਰ ਆਪਣੇ ਪਾਸ ਰੱਖਣ ਲੱਗਾ। ਮਨੀਵਾਲ ਕਲਾਨੌਰ ਸ਼ਹਿਰੀ ਮਰਲਾ ਦਬੋਨ ਝੋਰਾ ਮਕਨਾ ਪੁਰ, ਮੇਘਵਾਲ, ਉਰਮਰ ਟਾਂਡਾ, ਸਰੀਹਾ ਮਿਆਨੀ ਆਦਿਕ ਸਾਰੇ ਇਲਾਕੇ ਇਨ੍ਹਾਂ ਦੇ ਅਧੀਨ ਸੀ। ਫਿਰ ਇਸ ਨੇ ਜਸਵਾਲਾ, ਅਨਾਰਪੁਰ, ਦੀਪਾਲਪੁਰ, ਚੰਬਾ, ਹਰੀਪੁਰ, ਕਟੋਚੀ ਆਦਿਕ ਦੇ ਪਹਾੜੀ ਇਲਾਕਿਆਂ ਦੀ ਸੋਧ ਸ਼ੁਰੂ ਕੀਤੀ। ਸਾਰਿਆਂ ਨੂੰ ਆਪਣੇ ਅਧੀਨ ਕਰ ਕੇ ਦੋ ਲੱਖ ਰੁਪਯਾ ਸਾਲਾਨਾ ਖਰਾਜ ਲੈਣਾ ਪ੍ਰਵਾਨ ਕਰ ਕੇ ਚਲਾ ਆਇਆ ਤੇ ਹਲਵਾਰਾ ਵਿੱਚ ਜੋ ਕਿ ਰਾਵੀ ਦੇ ਕੰਢੇ ਤੇ ਹੈ ਇੱਕ ਕਿਲ੍ਹਾ ਬਣਾ ਕੇ ਓਸ ਵਿੱਚ ਆਪਣੇ ਭਾਈ ਮਾਲੀ ਸਿੰਘ ਨੂੰ ੪੦੦੦ ਸਵਾਰ ਸਮੇਤ ਛੱਡ ਆਇਆ ਤਾਂ ਜੋ ਪਹਾੜੀ ਰਾਜਿਆਂ ਦੀ ਦੇਖ ਭਾਲ ਰੱਖਣ। ਇਸੇ ਤਰ੍ਹਾਂ ਆਪਣੇ ਦੂਜੇ ਭਰਾਵਾਂ ਵਿੱਚੋਂ ਹਰ ਇੱਕ ਨੂੰ ਦੂਜਿਆਂ ਇਲਾਕਿਆਂ ਵਿੱਚ ਕਾਫੀ ਜਾਗੀਰਾਂ ਦੇ ਕੇ ਮੁਲਕ ਦਾ ਪ੍ਰਬੰਧ ਸੌਂਪ ਦਿੱਤਾ।
ਥੋੜ੍ਹੇ ਹੀ ਚਿਰ ਵਿੱਚ ਇਹ ਸਰਦਾਰ ਇੰਨਾ ਪ੍ਰਸਿੱਧ ਹੋ ਗਿਆ ਕਿ ਇਸ ਦੀ ਮਿਸਲ ਭੰਗੀਆਂ ਦੀ ਮਿਸਲ ਨਾਲੋਂ ਵੀ ਪ੍ਰਤਾਪਵਾਨ ਹੋ ਗਈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਇਸ ਦੀ ਅਣਬਣ ਰਿਹਾ ਕਰਦੀ ਸੀ, ਕਿੰਤੂ ਇਹ ਏਨਾ ਬਹਾਦਰ ਸੀ ਕਿ ਓਹਨੂੰ ਕਦੇ ਇਹਦੇ ਸਾਹਮਣੇ ਕਾਮਯਾਬੀ ਨਹੀਂ ਹੋਈ। ਇੱਕ ਵਾਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਫੜ ਲਿਆ, ਕਿੰਤੂ ਬਾਕੀ ਸਰਦਾਰਾਂ ਦੇ ਕਹਿਣ ਤੇ ਬਹੁਮੁਲਾ ਸਰੋਪਾਓ ਦੇ ਕੇ ਛੱਡ ਦਿੱਤਾ। ਓਸ ਵੇਲੇ ਇਹ ਸਰਦਾਰ ਇੰਨੀਆਂ ਚੜ੍ਹਦੀਆਂ ਕਲਾਂ ਵਿੱਚ ਸੀ ਕਿ ਸਾਰੇ ਪਾਸੇ ਇਸ ਦੀ ਮਨੀਂਦੀ ਸੀ। ਲਗਾਤਾਰ ਤਿੰਨ ਵੇਰ ਕਟੋਚੀ ਦੇ ਰਾਜੇ ਨੇ ਜੈ ਸਿੰਘ ਘਨੱਯਾ ਵਾਲੇ ਦੀ ਮਿਸਲ ਵਾਲੇ ਨੂੰ ਨਾਲ ਲੈ ਕੇ ਇਸ ਤੇ ਚੜ੍ਹਾਈ ਕੀਤੀ, ਕਿੰਤੂ ਹਰ ਵਾਰ ਭਾਂਜ ਖਾ ਕੇ ਚਲਾ ਗਿਆ। ਇਸ ਤਰ੍ਹਾਂ ਐਸ਼ਵਰਜਵਾਨ, ਤੇਜਸ੍ਵੀ ਤੇ ਪ੍ਰਤਾਪੀ ਹੋ ਜਾਣ ਤੇ ਇਸ ਦੇ ਗਿਰਦ ਕੁਝ ਅਜਿਹੇ ਆਦਮੀ ਇਕੱਠੇ ਹੋ ਗਏ, ਜਿਸ ਤੋਂ ਆਮ ਸਿੰਘਾਂ ਨੂੰ ਇਸ ਤੋਂ ਨੋਟਿਸ ਲੈਣਾ ਪਿਆ। ਸਰਦਾਰ ਮਹਾਂ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੈ ਸਿੰਘ ਘਨੱਯਾ ਆਦਿਕ ਨੇ ਮਿਲ ਕੇ ੧੮੩੧ ਬਿਕ੍ਰਮੀ ਨੂੰ ਇਸ ਦੀ ਸੋਧ ਲਈ ਤਿਆਰੀ ਕਰ ਦਿੱਤੀ। 8 ਸਾਲ ਤੱਕ ਆਪਸ ਵਿੱਚ ਲੜਾਈ ਰਹੀ। ਇਸ ਦਾ ਭਰਾ ਤਾਰਾ ਸਿੰਘ ਲੜਾਈ ਵਿੱਚ ਮਾਰਿਆ ਗਿਆ। ਦੂਜਾ ਭਰਾ ਖ਼ੁਸ਼ਹਾਲ ਸਿੰਘ ਫੱਟੜ ਹੋ ਗਿਆ, ਜਿਸ ਤੋਂ ਇਹਨੂੰ ਬਹੁਤ ਨੁਕਸਾਨ ਪੁੱਜਾ ਅਤੇ ਹਰ ਹਾਲ ਜੱਸਾ ਸਿੰਘ ਨੂੰ ਮੁਲਕ ਛੱਡਣਾ ਪਿਆ। ੧੮੩੫ ਬਿਕ੍ਰਮੀ ਨੂੰ ਇਹ ਪੰਜਾਬ ਛੱਡ ਕੇ ਮਾਲਵੇ ਦੇ ਪਾਸੇ ਚਲਾ ਗਿਆ, ਕਿੰਤੂ ਇਹ ਬੜਾ ਦਲੇਰ ਤੇ ਸਿਆਣਾ ਸੀ। ਇਸ ਕਰ ਕੇ ਇਹਨੇ ਕੁਝ ਪ੍ਰਵਾਹ ਨਾ ਕੀਤੀ ਤੇ ਹਿੰਮਤ ਨਾ ਹਾਰੀ। ਉੱਥੇ ਜਾ ਕੇ ਵੀ ੪੦੦੦ ਸਵਾਰ ਆਪਣੇ ਪਾਸ ਰੱਖ ਕੇ ਸੋਧ ਦਾ ਕੰਮ ਨਾ ਛੱਡਿਆ। ਮਹਾਰਾਜਾ ਸਾਹਿਬ ਪਟਿਆਲਾ ਨੇ ਪ੍ਰਸੰਨ ਹੋ ਕੇ ਇਸ ਨੂੰ ਜਾਗੀਰ ਦਿੱਤੀ ਤੇ ਇਸ ਦੇ ਲੜਕੇ ਜੋਧ ਸਿੰਘ ਨੂੰ ਆਪਣੇ ਪਾਸ ਰੱਖ ਲੀਤਾ।
ਜਿਨ੍ਹਾਂ ਦਿਨਾਂ ਵਿੱਚ ਸਰਦਾਰ ਜੱਸਾ ਸਿੰਘ ਹਾਂਸੀ ਹਿਸਾਰ ਦੇ ਇਲਾਕੇ ਵਿੱਚ ਦੌਰਾ ਕਰ ਰਿਹਾ ਸੀ, ਇੱਕ ਦਿਨ ਹਿਸਾਰ ਦਾ ਇੱਕ ਬ੍ਰਾਹਮਣ ਆਇਆ ਤੇ ਫਰਯਾਦ ਕੀਤੀ ਕਿ ਮੇਰੀ ਘਰ ਵਾਲੀ ਨੂੰ ਇੱਥੋਂ ਦੇ ਹਾਕਮ ਨੇ ਧੱਕੇ ਨਾਲ ਆਪਣੇ ਘਰ ਪਾ ਲਿਆ ਹੈ। ਸਰਦਾਰ ਜੱਸਾ ਸਿੰਘ ਓਸ ਵੇਲੇ ਚਾਰ ਹਜ਼ਾਰ ਸਵਾਰ ਨਾਲ ਲੈ ਕੇ ਓਥੇ ਪੁੱਜਾ। ਸਰਦਾਰ ਜੱਸਾ ਸਿੰਘ ਦੀ ਅਵਾਈ ਸੁਣ ਹਾਕਮ ਸ਼ਹਿਰੋਂ ਫੌਜ ਲੈ ਕੇ ਬਾਹਰ ਨਿੱਕਲਿਆ। ਘਮਸਾਣ ਦਾ ਜੰਗ ਮਚ ਗਿਆ। ਖਾਲਸੇ ਨੇ ਅਨੇਕਾਂ ਬਹੁਮੁੱਲੀਆਂ ਜਾਨਾਂ ਹੂਲ ਕੇ ਬ੍ਰਾਹਮਣੀ ਨੂੰ ਹਾਕਮ ਦੇ ਘਰੋਂ ਕੱਢ ਆਂਦਾ ਤੇ ਹਾਕਮ ਨੂੰ ਫੜ ਲਿਆ। ਹਾਕਮ ਦੇ ਇਸ ਅਨਿਆਏ ਦੀ ਪੜਤਾਲ ਹੋਈ। ਦੋਸ਼ੀ ਸਾਬਤ ਹੋਣ ਤੇ ਪ੍ਰਾਣ ਦੰਡ ਦਿੱਤਾ ਗਿਆ।
ਬ੍ਰਾਹਮਣੀ ਬ੍ਰਾਹਮਣ ਦੇ ਹਵਾਲੇ ਕੀਤੀ ਗਈ। ਬ੍ਰਾਹਮਣ ਦੀ ਬ੍ਰਾਦਰੀ ਨੇ ਨਾਲ ਮਿਲਾਣੋਂ ਇਨਕਾਰ ਕਰ ਦਿੱਤਾ, ਕਿੰਤੂ ਸਰਦਾਰ ਜੱਸਾ ਸਿੰਘ ਦੇ ਯਤਨ ਨਾਲ ਫਿਰ ਓਹਨਾਂ ਸ਼ਾਮਲ ਕਰ ਲਿਆ। ਸਾਰੇ ਇਲਾਕੇ ਦੇ ਵਿੱਚ ਦੌਰਾ ਕਰ ਕੇ ਸਰਦਾਰ ਜੱਸਾ ਸਿੰਘ ਨੇ ਰਈਸਾਂ ਤੋਂ ਨਜ਼ਰਾਨੇ ਲਏ।
ਇਸ ਸੋਧ ਵਿੱਚ ਜੱਸਾ ਸਿੰਘ ਦੇ ਹੱਥ ਮਾਲ ਦੌਲਤ ਨਹੀਂ ਆਉਣੀ ਸੀ, ਓਹ ਤਾਂ ਕੇਵਲ ਪਾਪੀਆਂ ਨੂੰ ਦੰਡ ਦੇਂਦਾ ਤੇ ਦੀਨਾਂ ਦੀ ਸਹਾਇਤਾ ਕਰ ਰਿਹਾ ਸੀ। ਇਸ ਕਰ ਕੇ ਖ਼ਰਚ ਵਜੋਂ ਬਹੁਤ ਤੰਗ ਹੋ ਗਿਆ। ਇੱਕ ਜਗ੍ਹਾ ਬੈਠ ਕੇ ਅੰਤਰ ਧਿਆਨ ਹੋ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ! ਪ੍ਰਦੇਸ ਦਾ ਮਾਮਲਾ ਹੈ, ਐਸ ਵੇਲੇ ਸਹਾਇਤਾ ਕਰੋ। ਅਰਦਾਸ ਕਰ ਚੁੱਕਣ ਤੇ ਪਿਆਸ ਲੱਗੀ, ਆਦਮੀ ਨੂੰ ਖੂਹ ਤੋਂ ਪਾਣੀ ਲੈਣ ਲਈ ਭੇਜਿਆ, ਕੱਢਣ ਲੱਗਿਆਂ ਗੜਵੀ ਖੂਹ ਵਿੱਚ ਡਿੱਗ ਪਈ। ਗੜਵੀ ਕੱਢਣ ਲਈ ਜਦ ਆਦਮੀ ਖੂਹ ਵਿੱਚ ਵੜਿਆ ਤਦ ਓਹਨੂੰ ੪ ਸੰਦੂਕ ਖੂਹ ਵਿੱਚੋਂ ਮਿਲੇ ਜੋ ਬਾਹਰ ਕੱਢਣ ਤੇ ਖੋਹਲੇ ਗਏ, ਜਿਸ ਵਿੱਚੋਂ ੪ ਲੱਖ ਮੋਹਰਾਂ ਨਿੱਕਲੀਆਂ, ਗੋਇਆ ਕਿ ਓਹਦੀ ਮੂੰਹ ਮੰਗੀ ਮੁਰਾਦ ਮਿਲੀ, ਅਚਨਚੇਤ ਇੰਨਾ ਧਨ ਹੱਥ ਆ ਜਾਣ ਤੋਂ ਜੱਸਾ ਸਿੰਘ ਬੜਾ ਖ਼ੁਸ਼ ਹੋਇਆ। ਓਹਨੇ ਅਕਾਲ ਪੁਰਖ ਦਾ ਧੰਨਵਾਦ ਕਰ ਕੇ ਸਾਰੀਆਂ ਮੋਹਰਾਂ ਫੌਜ ਵਿੱਚ ਵੰਡ ਦਿੱਤੀਆਂ। ਫਿਰ ਓਹਨੇ ਪੂਰਬੀ ਇਲਾਕੇ ਵੱਲ ਕੂਚ ਕੀਤਾ।
ਪਾਨੀਪਤ ਕਰਨਾਲ ਹੋਂਦਾ ਹੋਇਆ ਮੇਰਠ ਪੁੱਜਾ। ਓਥੋਂ ਦੇ ਰਈਸ ਪਾਸੋਂ ਦਸ ਹਜ਼ਾਰ ਰੁਪਯਾ ਨਜ਼ਰਾਨੇ ਦਾ ਲੈ ਕੇ ਅੱਗੋਂ ਵਾਸਤੇ ਪੰਜ ਹਜ਼ਾਰ ਸਾਲਾਨਾ ਲੈਣ ਦਾ ਇਕਰਾਰ ਕਰ ਕੇ ਅੱਗੇ ਵਧਿਆ। ਇਸ ਤਰ੍ਹਾਂ ਨਾਲ ਸੋਧ ਕਰਦਾ ਮਥਰਾ ਤੇ ਆਗਰੇ ਤੱਕ ਅਪੜ ਗਿਆ। ਕੋਈ ਇਹਦੇ ਸਾਹਮਣੇ ਖੜ੍ਹਾ ਨਾ ਹੋਇਆ। ਫਿਰ ਇਧਰੋਂ ਮੁੜਦਾ ਹੋਇਆ ਦਿੱਲੀ ਜਾ ਵੜਿਆ। ਕਿਸੇ ਨੂੰ ਇਹਦੇ ਟਾਕਰੇ ਦੀ ਹਿੰਮਤ ਨਾ ਪਈ। ੪ ਤੋਪਾਂ ਤੇ ਬਹੁਤ ਸਾਰਾ ਸ਼ਾਹੀ ਸਾਮਾਨ ਕਿਲ੍ਹੇ ਵਿੱਚੋਂ ਲੈ ਆਇਆ। ਕਿਸੇ ਨੇ ਏਹਦੇ ਵੱਲ ਅੱਖ ਪੱਟ ਕੇ ਨਾ ਵੇਖਿਆ। ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਦੇ ਗੁਰਦੁਆਰਿਆਂ ਦੀ ਮੁਰੰਮਤ ਵਾਸਤੇ ਸਰਦਾਰ ਸ਼ੇਰ ਸਿੰਘ ਬੂੜੀਏ ਵਾਲੇ, ਗੁਰਦਿਤ ਸਿੰਘ ਲਾਡੋਵਾਲੀਏ, ਬਘੇਲ ਸਿੰਘ ਛਲੋਦੀ ਵਾਲੇ, ਕਰਮ ਸਿੰਘ ਸ਼ਾਹਬਾਦੀਆ, ਗੁਰਬਖ਼ਸ਼ ਸਿੰਘ ਅੰਬਾਲਵੀ ਆਦਿਕ ਸਾਰੇ ਰਈਸ ਓਸ ਇਲਾਕੇ ਵਿੱਚ ਅਪੜ ਕੇ ਖਾਲਸਾ ਸੈਨਾ ਸਮੇਤ ਸੇਵਾ ਵਿੱਚ ਲੱਗੇ ਹੋਏ ਸਨ। ਸਰਦਾਰ ਜੱਸਾ ਸਿੰਘ ਨੇ ਵੀ ਓਨ੍ਹਾਂ ਦੇ ਨਾਲ ਸੇਵਾ ਵਿੱਚ ਸ਼ਾਮਿਲ ਹੋ ਕੇ ਹੱਥ ਵਟਾਇਆ। ਇਸੇ ਤਰ੍ਹਾਂ ਪੰਜ ਸਾਲ ਤੱਕ ਇਹ ਰਾਜਪੂਤਾਨਾ ਤੇ ਪੂਰਬੀ ਇਲਾਕੇ ਵਿੱਚ ਸੋਧ ਕਰਦਾ ਰਿਹਾ। ਕਿਧਰੇ ਇੱਕ ਥਾਂ ਜੰਮ ਕੇ ਨਹੀਂ ਬੈਠਾ। ਇਸ ਤੋਂ ਪਿੱਛੋਂ ਸਮੇਂ ਨੇ ਫਿਰ ਪਲਟਾ ਖਾਧਾ। ਘਨੱਯੇ ਸਰਦਾਰਾਂ ਤੇ ਰਾਜਾ ਸੰਸਾਰ ਚੰਦ ਵਿੱਚ ਅਣਬਣ ਹੋ ਗਈ। ਓਧਰ ਮਹਾਂ ਸਿੰਘ ਸ਼ੁਕਰਚਕੀਏ ਨੇ ਜੈ ਸਿੰਘ ਘਨਈਏ ਕੋਲੋਂ ਬਦਲਾ ਲੈਣ ਵਾਸਤੇ ਸਰਦਾਰ ਜੱਸਾ ਸਿੰਘ ਨੂੰ ਇਸ ਸ਼ਰਤ ਤੇ ਪੰਜਾਬ ਵਿੱਚ ਆਪਣੀ ਮਦਦ ਲਈ ਸੱਦਿਆ ਕਿ ਜੇ ਜੈ ਸਿੰਘ ਨੂੰ ਜਿੱਤ ਲਿਆ ਤਦ ਤੁਹਾਨੂੰ ਸਾਰਾ ਇਲਾਕਾ ਆਪਣਾ ਮਿਲ ਜਾਵੇਗਾ। ਜੱਸਾ ਸਿੰਘ ਰਾਮਗੜ੍ਹੀਆ ਨੇ ਜੋ ਬੜਾ ਹੀ ਸਿਆਣਾ ਆਦਮੀ ਸੀ, ਮਹਾਂ ਸਿੰਘ ਨੂੰ ਲਿਖਿਆ ਕਿ ਮੈਨੂੰ ਤੁਹਾਡੀ ਮਦਦ ਕਰਨ ਵਿੱਚ ਕੋਈ ਸੰਕੋਚ ਨਹੀਂ, ਕਿੰਤੂ ਅਜਿਹਾ ਨਾ ਹੋਵੇ ਕਿ ਜੈ ਸਿੰਘ ਆਪਣੀ ਪੋਤੀ (ਗੁਰਬਖ਼ਸ਼ ਸਿੰਘ ਦੀ ਲੜਕੀ) ਦਾ ਨਾਤਾ ਤੇਰੇ ਲੜਕੇ ਨਾਲ ਕਰ ਕੇ ਤੇ ਕਟੋਚੀ ਦੇ ਰਾਜੇ ਨੂੰ ਕਾਂਗੜੇ ਦਾ ਕਿਲ੍ਹਾ ਵਾਪਸ ਦੇ ਕੇ ਸੁਲਾਹ ਕਰ ਲਵੇ ਤੇ ਮੈਂ ਜਿਹਾ ਹੁਣ ਹਾਂ ਤਿਹਾ ਹੀ ਰਹਿ ਜਾਵਾਂ, ਇਸ ਕਰ ਕੇ ਚੰਗਾ ਹੋਵੇ ਕਿ ਤੁਸੀਂ ਆਪ ਫ਼ੈਸਲਾ ਕਰ ਲਵੋ ਤੇ ਮੈਨੂੰ ਬੁਲਾਉਣ ਦੀ ਕੋਈ ਲੋੜ ਨਹੀਂ। ਕਿੰਤੂ ਮਹਾਂ ਸਿੰਘ ਸ਼ੁਕਰਚਕੀਆ ਇਹ ਗੱਲ ਚੰਗੀ ਤਰ੍ਹਾਂ ਸਮਝੀ ਬੈਠਾ ਸੀ ਕਿ ਜੈ ਸਿੰਘ ਨੂੰ ਜਿੱਤ ਲੈਣਾ ਮੇਰੇ ਵਸ ਦੀ ਗੱਲ ਨਹੀਂ, ਜਿਸ ਕਰ ਕੇ ਓਹਨੇ ਜੱਸਾ ਸਿੰਘ ਨੂੰ ਦੂਜੀ ਵਾਰ ਫਿਰ ਸੁਨੇਹਾ ਭੇਜਿਆ ਕਿ ਜੋ ਕਦੀ ਜੈ ਸਿੰਘ ਅਜਿਹਾ ਕਰ ਵੀ ਦੇਵੇ ਜਿਹਾ ਕਿ ਤੁਹਾਨੂੰ ਸ਼ੱਕ ਹੈ ਤਦ ਵੀ ਅਸਾਂ ਜੋ ਬਚਨ ਤੁਹਾਡੇ ਨਾਲ ਕੀਤਾ ਹੈ, ਉਸ ਤੋਂ ਪਿੱਛੇ ਨਾ ਹਟਾਂਗੇ। ਸੋ ਇਸ ਦੂਜੀ ਵਾਰ ਦੀ ਲਿਖਤੀ ਚਿੱਠੀ ਤੇ ੧੮੪੨ ਨੂੰ ਜਦ ਸਰਦਾਰ ਜੱਸਾ ਸਿੰਘ ਪੰਜਾਬ ਵਿੱਚ ਦਾਖਲ ਹੋਇਆ ਅਤੇ
ਸਰਦਾਰ ਮਹਾਂ ਸਿੰਘ ਸ਼ੁਕਰਚਕੀਆ ਅਮਰ ਸਿੰਘ ਨਕਈ ਦਲ ਸਿੰਘ ਤੇ ਬਾਲਾ ਸਿੰਘ ਆਦਿਕ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਟਾਲੇ ਵੱਲ; ਜੋ ਜੈ ਸਿੰਘ ਦੀ ਰਾਜਧਾਨੀ ਸੀ, ਮੂੰਹ ਕੀਤਾ। ਓਧਰੋਂ ਜੈ ਸਿੰਘ ਵੀ ਆਪਣੀ ਫੌਜ ਲੈ ਕੇ ਮੈਦਾਨ ਜੰਗ ਵਿੱਚ ਨਿੱਕਲਯਾ। ਦੋਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ। ਸਵੇਰ ਤੋਂ ਸੰਧਯਾ ਤੱਕ ਲੜਾਈ ਦਾ ਮੈਦਾਨ ਖੂਬ ਗਰਮ ਰਿਹਾ, ਕਿੰਤੂ ਸੰਧਯਾ ਵੇਲੇ ਜੈ ਸਿੰਘ ਦਾ ਲੜਕਾ ਗੁਰਬਖ਼ਸ਼ ਸਿੰਘ ਲੜਾਈ ਦੇ ਮੈਦਾਨ ਵਿੱਚ ਜੱਸਾ ਸਿੰਘ ਰਾਮਗੜ੍ਹੀਏ ਦੇ ਤੀਰ ਦਾ ਨਿਸ਼ਾਨਾ ਬਣਿਆ ਤੇ ਓਹਦੇ ਮਰਦੇ ਹੀ ਜੈ ਸਿੰਘ ਦਾ ਹੌਸਲਾ ਟੁੱਟ ਗਿਆ ਅੰਤ ਨੂੰ ਸਿੱਟਾ ਇਹ ਹੋਇਆ ਕਿ ਜੈ ਸਿੰਘ ਭਾਂਜ ਖਾ ਗਿਆ ਤੇ ਲੜਾਈ ਬੰਦ ਹੋਈ। ਸਰਦਾਰ ਜੱਸਾ ਸਿੰਘ ਨੇ ਫਤਹ ਪਾ ਕੇ ਬਟਾਲਾ, ਕਲਾਨੌਰ, ਹਾਜੀਪੁਰ, ਕਾਦੀਆਂ, ਦਾਤਾਰ ਪੁਰ ਤੇ ਹਰਗੋਬਿੰਦਪੁਰ ਆਦਿਕ ਆਪਣੇ ਪੁਰਾਣੇ ਮੁਲਕ ਤੇ ਕਬਜ਼ਾ ਕਰ ਲਿਆ।
ਜਦ ਜੈ ਸਿੰਘ ਘਨੱਯਾ ਨੇ ਵੇਖਿਆ ਕਿ ਓਹਦੀ ਕੁਝ ਪੇਸ਼ ਨਹੀਂ ਜਾਂਦੀ, ਤਦ ਓਹਨੇ ਮਹਾਂ ਸਿੰਘ ਸ਼ੁਕਰਚਕੀਏ ਦੇ ਲੜਕੇ ਰਣਜੀਤ ਸਿੰਘ ਨਾਲ ਆਪਣੀ ਪੋਤਰੀ ਜੋ ਪ੍ਰਲੋਕਵਾਸੀ ਗੁਰਬਖ਼ਸ਼ ਸਿੰਘ ਦੀ ਲੜਕੀ ਸੀ, ਦਾ ਨਾਤਾ ਕਰ ਦਿੱਤਾ ਤੇ ਜਿਹਾ ਕਿ ਸਰਦਾਰ ਜੱਸਾ ਸਿੰਘ ਨੇ ਲਿਖਿਆ ਸੀ ਕਟੋਚੀ ਦੇ ਰਾਜੇ ਨੂੰ ਕਾਂਗੜੇ ਦਾ ਕਿਲ੍ਹਾ ਵਾਪਸ ਦੇ ਕੇ ਸੁਲਾਹ ਕਰ ਲਈ। ਕਿੰਤੂ ਸਰਦਾਰ ਮਹਾਂ ਸਿੰਘ ਬਚਨ ਦੇ ਚੁੱਕਾ ਸੀ, ਇਸ ਕਰ ਕੇ ਉਸ ਨੇ ਜੱਸਾ ਸਿੰਘ ਦੇ ਰਾਹ ਵਿੱਚ ਰੁਕਾਵਟ ਹੋਣੀ ਚੰਗੀ ਨਾ ਸਮਝੀ ਤੇ ਜੈ ਸਿੰਘ ਦੇ ਅੱਥਰੂ ਇਸ ਤਰ੍ਹਾਂ ਪੂੰਝੇ ਕਿ ਓਹਦਾ ਖ਼ਾਸ ਇਲਾਕਾ ਓਹਨੂੰ ਦਵਾ ਦਿੱਤਾ।
ਜਦ ਮਹਾਰਾਜਾ ਰਣਜੀਤ ਸਿੰਘ ਦਾ ਸਤਾਰਾ ਚਮਕ ਰਿਹਾ ਸੀ, ਤਦ ਸਦਾ ਕੌਰ ਨੇ ਰਣਜੀਤ ਸਿੰਘ ਦੀ ਮਦਦ ਤੇ ਸਿੰਘ ਸਾਹਿਬ ਤੇ ਚੜ੍ਹਾਈ ਕਰ ਕੇ ਤੇ ਬਿਆਸ ਦੇ ਕੰਢੇ ਮਿਆਨੀ ਦੇ ਕਿਲ੍ਹੇ ਨੂੰ ਘੇਰ ਲਿਆ। ਦੁਹਾਂ ਪਾਸਿਆਂ ਤੋਂ ਲੜਾਈ ਸ਼ੁਰੂ ਹੋ ਗਈ। ਬੇਦੀ ਸਾਹਿਬ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਸੁਲਹ ਹੋ ਜਾਵੇ, ਲੜਾਈ ਨਾ ਹੋਵੇ, ਪ੍ਰੰਤੂ ਸਦਾ ਕੌਰ ਨੇ ਨਾ ਮੰਨਿਆ। ਇੰਨੇ ਨੂੰ ਦਰਯਾਏ ਬਿਆਸ ਦੇ ਹੜ ਨੇ ਸਦਾ ਕੌਰ ਦੀ ਸੈਨਾ ਦਾ ਬੜਾ ਨੁਕਸਾਨ ਕੀਤਾ। ਬਹੁਤ ਸਾਰੇ ਊਠ, ਘੋੜੇ, ਤੰਬੂ ਤੇ ਸਿਪਾਹੀ ਰੁੜ ਗਏ ਤੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਆਪਣੀ ਰਾਜਧਾਨੀ ਪਿੰਡ ਸੋਹੀਆ ਵਿੱਚ ਪੁੱਜੀ।
੧੮੬੦ ਬਿਕ੍ਰਮੀ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬੜੇ ਇਲਾਕੇ ਜਿੱਤ ਕੇ ਪ੍ਰਸਿੱਧਤਾ ਪ੍ਰਾਪਤ ਕਰ ੮੦ ਵਰ੍ਹਿਆਂ ਦੀ ਆਯੂ ਵਿੱਚ ਚਲਾਣਾ ਕਰ ਗਿਆ ਤੇ ਓਹਦਾ ਲੜਕਾ ਜੋਧ ਸਿੰਘ ਓਹਦੀ ਜਗ੍ਹਾ ਤੇ ਗੱਦੀ ਤੇ ਬੈਠਾ। ਸਰਦਾਰ ਜੱਸਾ ਸਿੰਘ ਇੱਕ ਬੜਾ ਹੀ ਲਾਇਕ, ਦਾਨਾ, ਤੇ ਬਹਾਦਰ ਆਦਮੀ ਸੀ ਇਸ ਕਰ ਕੇ ਓਹਨੇ ਆਪਣੇ ਸਮੇਂ ਦੇ ਸਰਦਾਰਾਂ ਦੀ ਕਦੇ ਪ੍ਰਵਾਹ ਨਹੀਂ ਕੀਤੀ ਸੀ। ਇਸ ਦਾ ਏਨਾ ਦਬਦਬਾ ਤੇ ਰੋਅਬ ਸੀ ਕਿ ਦੂਜੇ ਸਰਦਾਰ ਏਹਦਾ ਨਾਮ ਸੁਣ ਕੇ ਡਰ ਜਾਂਦੇ ਸਨ। ਹੌਂਸਲੇ ਵਾਲਾ ਤੇ ਇੰਨਾ ਸੂਰਮਾ ਸੀ ਕਿ ਜਿੱਥੇ ਤੋਪਾਂ ਤੇ ਬੰਦੂਕਾਂ ਦੀਆਂ ਗੋਲੀਆਂ ਮੀਂਹ ਵਾਂਗ ਵਸਦੀਆਂ ਹੋਂਦੀਆਂ ਸਨ ਓਥੇ ਨਿਡਰ ਹੋ ਕੇ ਅੱਪੜ ਜਾਂਦਾ ਸੀ। ਦਾਨੀ ਤੇ ਸ਼ਰਨ ਪਾਲ ਇੰਨਾ ਸੀ ਕਿ ਜੇ ਕੋਈ ਏਹਦੀ ਸ਼ਰਨ ਆ ਜਾਏ, ਤਦ ਇਹ ਓਹਦੀ ਰੱਖਿਆ ਲਈ ਆਪਣੀ ਜਾਨ ਤੱਕ ਵੀ ਦੇ ਦੇਣ ਨੂੰ ਤਿਆਰ ਹੋ ਜਾਂਦਾ ਸੀ। ਨਵਾਬ ਭੰਬੂ ਖਾਂ ਗ਼ੁਲਾਮ ਕਾਦਰ ਖਾਂ ਦਾ ਭਰਾ ਸ਼ਾਹਆਲਮ ਦਿੱਲੀ ਦੇ ਬਾਦਸ਼ਾਹ ਨੂੰ ਮਾਰ ਕੇ ਇਹਦੀ ਸ਼ਰਨ ਵਿੱਚ ਆ ਗਿਆ। ਇਸ ਨੇ ਮਾਝੇ ਦੇ ਇਲਾਕੇ ਵਿੱਚ ਇੱਕ ਪਿੰਡ ਜਾਗੀਰ ਦੇ ਕੇ ਇਸ ਨੂੰ ਓਥੇ ਰੱਖਿਆ, ਓਹਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ। ਸਰਦਾਰ ਦਾ ਇੱਕ ਬ੍ਰਾਹਮਣ: ਜੋ ਮਹਾਰਾਜਾ ਰਣਜੀਤ ਸਿੰਘ ਦਾ ਦੋਸ਼ੀ ਸੀ, ਜਦ ਨੱਸ ਕੇ ਓਹਦੇ ਪਾਸ ਆਇਆ ਤਦ ਇਹਨੇ ਚਾਰ ਮਹੀਨੇ ਤੱਕ ਓਹਦੇ ਵਾਸਤੇ ਲੜਾਈ ਜਾਰੀ ਰੱਖੀ, ਕਿੰਤੂ ਓਹਨੂੰ ਵਾਪਸ ਨਾ ਕੀਤਾ।
ਏਹਦਾ ਲੜਕਾ ਜੋਧ ਸਿੰਘ ਵੀ ਬੜਾ ਸਿਆਣਾ ਤੇ ਦੂਰ ਅੰਦੇਸ਼ ਨਿੱਕਲਿਆ। ਇਸ ਨੇ ਆਪਣੇ ਬਾਪ ਦੀ ਜਗ੍ਹਾ ਬੈਠਦਿਆਂ ਹੀ ਸੰਸਾਰ ਚੰਦ ਨਾਲ ਦੋਸਤੀ ਪਾ ਲਈ। ਗੱਡੋ ਮਾਲਾ, ਭੰਗਾ ਤੇ
ਹੁਸ਼ਿਆਰਪੁਰ ਆਦਿਕ ਪਰਗਣਿਆਂ ਨੂੰ ਆਹਲੂਵਾਲੀਏ ਸਰਦਾਰ ਨਾਲ ਜੰਗ ਕਰ ਕੇ ਛੁਡਾ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ। ਫਿਰ ਹੁਸ਼ਿਆਰਪੁਰ ਰਾਜਾ ਦੇ ਕਬਜ਼ੇ ਵਿੱਚ ਸੀ। ਬੈਹਗਾ ਕਵਾਰਾ ਨਵਾਬ ਭੰਬੂ ਖਾਂ ਨੂੰ ਜਾਗੀਰ ਵਿੱਚ ਦਿੱਤਾ, ਤੇ ਮੇਹਰ ਸਿੰਘ ਠਾਕਰ ਸਿੰਘ ਹਜ਼ਾਰਾ ਸਿੰਘ ਆਦਿਕ ਸਰਦਾਰ ਜਿਨ੍ਹਾਂ ਵਿੱਚ ਫੌਜੀ ਸਰਦਾਰ ਵੀ ਸਨ, ਆਪਣੀ ਰਿਆਸਤ ਵਿੱਚੋਂ ਕੱਢ ਦਿੱਤਾ। ਜਿਨ੍ਹਾਂ ਨੂੰ ਫਤਹ ਸਿੰਘ ਆਹਲੂਵਾਲੀਆ ਨੇ ਆਪਣੀ ਰਿਆਸਤ ਵਿੱਚੋਂ ਕੱਢ ਦਿੱਤਾ ਸੀ, ਪੰਜ ੨ ਪਿੰਡ ਜਾਗੀਰ ਵਿੱਚ ਦੇ ਕੇ ਆਪਣੇ ਪਾਸ ਰੱਖ ਲਏ।
ਸਰਦਾਰ ਗੁਰਦਿਤ ਸਿੰਘ ਭੰਗੀ ਤੇ ਲਛਮੀ ਫਗਵਾੜਾ ਵਾਲੀ ਨੂੰ; ਜੋ ਮਹਾਰਾਜਾ ਰਣਜੀਤ ਸਿੰਘ ਤੋਂ ਹਾਰ ਕੇ ਇਹਦੀ ਪਨਾਹ ਵਿੱਚ ਆਈ ਸੀ ਤੇ ਮਹਾਰਾਜਾ ਦੀ ਕੁਝ ਪ੍ਰਵਾਹ ਨਾ ਕੀਤੀ, ੧੮੬੨ ਬਿਕ੍ਰਮੀ ਨੂੰ ਓਹਦਾ ਚਾਚਾ ਤਾਰਾ ਸਿੰਘ ਮਰ ਗਿਆ। ਤਦ ਓਹਦੇ ਪੁੱਤਰ ਦੀਵਾਨ ਸਿੰਘ ਨੇ ਜੋਧ ਸਿੰਘ ਨਾਲ ਲੜ ਕੇ ਆਪਣੀ ਜਾਇਦਾਦ ਵੰਡ ਲਈ ਤੇ ਕਾਦੀਆਂ ਦੇ ਤਅੱਲਕੇ ਦੇ ੮੪ ਪਿੰਡ ਜਿਨ੍ਹਾਂ ਦੀ ਆਮਦਨੀ ੮ ਲੱਖ ਸਾਲਾਨਾ ਸੀ, ਕਬਜ਼ਾ ਕਰ ਲਿਆ।
ਇਨ੍ਹਾਂ ਹੀ ਦਿਨਾਂ ਵਿੱਚ ਸਰਦਾਰ ਫਤਹ ਸਿੰਘ ਆਹਲੂਵਾਲੀਆ ਨੇ ਤਾਰਾ ਸਿੰਘ ਘਨੱਯਾ ਦੀ ਮਦਦ ਨਾਲ ਤੇ ਸਰਦਾਰਨੀ ਬਘੇਲ ਸਿੰਘ ਆਦਿਕ ੨੦ ਹਜ਼ਾਰ ਦਾ ਲਸ਼ਕਰ ਇਕੱਠਾ ਕਰ ਕੇ ਸਰਦਾਰ ਜੋਧ ਸਿੰਘ ਦੇ ਇਲਾਕੇ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਇਧਰੋਂ ਇਹ ਵੀ ਸਰਦਾਰ ਨਿਧਾਨ ਸਿੰਘ ਆਦਿਕ ਦੀ ਮਦਦ ਲੈ ਕੇ ਮੁਕਾਬਲੇ ਵਾਸਤੇ ਅੱਪੜ ਗਿਆ ਤੇ ਕਨਾਲਾ ਕਿਲ੍ਹੇ ਤੇ ਮੋਰਚਾ ਲੱਗਿਆ। ਕਿੰਤੂ ਸਰਦਾਰ ਜੋਧ ਸਿੰਘ ਦੀ ਹਿੰਮਤ ਤੇ ਜਵਾਂ ਮਰਦੀ ਨੇ ਸਰਦਾਰ ਫਤਹ ਸਿੰਘ ਦੀ ਕੋਈ ਪੇਸ਼ ਨਾ ਜਾਣ ਦਿੱਤੀ ਤੇ ਉਸ ਨੂੰ ਹਾਰ ਕੇ ਵਾਪਸ ਮੁੜਨਾ ਪਿਆ।
ਮਹਾਰਾਜਾ ਰਣਜੀਤ ਸਿੰਘ ਨੇ ਇਹ ਸਮਝ ਕੇ ਕਿ ਸਰਦਾਰ ਜੋਧ ਸਿੰਘ ਬੜਾ ਬਹਾਦਰ ਤੇ ਸਿਆਣਾ ਹੈ, ਆਪਸ ਵਿੱਚ ਮਿਤਰਾਨਾ ਸੰਬੰਧ ਵਧਾਉਣ ਲਈ ਅੰਮ੍ਰਿਤਸਰ ਅੱਪੜ ਕੇ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਮੁਲਾਕਾਤ ਕੀਤੀ ਤੇ ਦੋਹਾਂ ਨੇ ਆਪਸ ਵਿੱਚ ਹਮੇਸ਼ਾਂ ਸੁਲਾਹ ਰੱਖਣ ਲਈ ਸ੍ਰੀ ਦਰਬਾਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਤੱਗਯਾ ਕੀਤੀ।
ਇਹ ਹੀ ਕਾਰਨ ਹੈ ਕਿ ਸਰਦਾਰ ਜੋਧ ਸਿੰਘ ਹਮੇਸ਼ਾ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਤੇ ਕਸੂਰ ਆਦਿਕ ਲੜਾਈਆਂ ਵਿੱਚ ਸ਼ਾਮਿਲ ਹੋ ਕੇ ਮਦਦ ਦੇਂਦਾ ਰਿਹਾ, ਬਲਕਿ ਇੰਨ੍ਹਾਂ ਦੀ ਭਾਰੀ ਸਹਾਇਤਾ ਨੂੰ ਮੁੱਖ ਰੱਖ ਕੇ ਮਹਾਰਾਜਾ ਰਣਜੀਤ ਸਿੰਘ ਨੇ ੨੫ ਹਜ਼ਾਰ ਰੁਪਯਾ ਦੀ ਸਾਲਾਨਾ ਆਮਦਨੀ ਦੇ ਪ੍ਰਗਨੇ ਘੁਮਣ ਨੂੰ ਗੁਲਾਬ ਸਿੰਘ ਪਾਸੋਂ ਲੈ ਕੇ ਸਰਦਾਰ ਜੋਧ ਸਿੰਘ ਨੂੰ ਦੇ ਦਿੱਤਾ, ਤੇ ਫਿਰ ੧੮੬੮ ਬਿਕ੍ਰਮੀ ਨੂੰ ੧੧ ਪਿੰਡ ਸ਼ੇਖੂਪੁਰ ਦੇ ਇਲਾਕੇ ਦੇ: ਜਿਨ੍ਹਾਂ ਦੀ ਆਮਦਨ ੧੨ ਹਜ਼ਾਰ ਰੁਪਯਾ ਸਾਲਾਨਾ ਸੀ, ਬਖ਼ਸ਼ੀ। ਮਹਾਰਾਜਾ ਰਣਜੀਤ ਸਿੰਘ ਇਸ ਸਰਦਾਰ ਦੀ ਏਨੀ ਇੱਜ਼ਤ ਕਰਦੇ ਕਿ ਦਰਬਾਰ ਵਿੱਚ 'ਬਾਬਾ ਜੀ' ਕਹਿ ਕੇ ਆਪਣੇ ਪਾਸ ਬਿਠਾ ਲੈਂਦੇ। ੧੮੭੩ ਬਿਕ੍ਰਮੀ ਨੂੰ ਇਹ ਸਰਦਾਰ ਚਲਾਣਾ ਕਰ ਗਿਆ। ਜਾਇਦਾਦ ਦੀ ਵੰਡ ਬਾਬਤ ਇਹਦੇ ਖਾਨਦਾਨ ਵਿੱਚ ਝਗੜਾ ਹੋ ਗਿਆ। ਹੁਣ ਇਹ ਮੌਕਾ ਤੱਕ ਓਸ ਨੇ ਦੀਵਾਨ ਸਿੰਘ, ਵੀਰ ਸਿੰਘ, ਤੇ ਮਹਤਾਬ ਸਿੰਘ, ਤਿੰਨਾਂ ਭਰਾਵਾਂ ਨੂੰ ਨਾਦੌਣ ਦੇ ਮੁਕਾਮ ਤੇ ਫ਼ੈਸਲੇ ਲਈ ਸਦਿਆ, ਕਿੰਤੂ ਇਨ੍ਹਾਂ ਨੇ ਓਥੇ ਆ ਕੇ ਜੋ ਸਲੂਕ ਕੀਤਾ ਓਸ ਤੋਂ ਤੰਗ ਪੈ ਕੇ ਮਹਾਰਾਜਾ ਨੇ ਇਨ੍ਹਾਂ ਨੂੰ ਕੈਦ ਕਰ ਦਿੱਤਾ ਤੇ ਇਨ੍ਹਾਂ ਦੇ ਮੁਲਕ ਤੇ ਕਬਜ਼ਾ ਕਰ ਲਿਆ। ਫਿਰ ੬ ਮਹੀਨੇ ਪਿੱਛੋਂ ਚੰਦ ਸਿੰਘ ਸਰਦਾਰ ਦੀ ਸਫਾਰਿਸ਼ ਤੇ ਇਨ੍ਹਾਂ ਨੂੰ ਜੇਲ੍ਹ ਵਿੱਚੋਂ ਕੱਢ ਕੇ ੫੩ ਹਜ਼ਾਰ ਦੀ ਜਾਗੀਰ ਬਖ਼ਸ਼ੀ। ਦੀਵਾਨ ਸਿੰਘ ਨਾ ਮੰਨਿਆ। ਓਹ ਨੱਸ ਕੇ ਪਟਿਆਲੇ ਟੁਰ ਗਿਆ। ਕਿੰਤੂ ਮਹਾਰਾਜਾ ਨੇ ਦੇਸਾ ਸਿੰਘ ਮਜੀਠਾ ਤੇ ਹਿੰਮਤ ਸਿੰਘ ਦੀ ਰਾਹੀਂ ਇੱਕ ਸਾਲ ਮਗਰੋਂ ਦੀਵਾਨ ਸਿੰਘ ਨੂੰ ਤਕੜੀ ਜਾਗੀਰ ਦੇਣ ਦਾ ਬਚਨ ਕਰ ਕੇ ਲਾਹੌਰ ਬੁਲਾਇਆ ਤੇ ਇਹਨੂੰ ਬੜੀ ਇੱਜ਼ਤ ਨਾਲ ਇੱਕ ਫੌਜ ਦਾ ਅਫਸਰ ਨੀਯਤ ਕਰ ਕੇ ਬਾਰਾਮੂਲਾ ਦੀ ਲੜਾਈ ਵਾਸਤੇ ਭੇਜ ਦਿੱਤਾ, ਜਿੱਥੇ ਓਹ ਬੜਾ ਹੀ ਪ੍ਰਸੰਸਾਯੋਗ ਕੰਮ ਕਰ ਕੇ ੧੮੯੧ ਵਿੱਚ ਮਰ ਗਿਆ। ਓਹਦਾ ਲੜਕਾ ਮੰਗਲ
ਸਿੰਘ, ਖ਼ਾਸ ਸਵਾਰਾਂ ਦਾ ਅਫਸਰ ਸੀ। ਧਰਮਕੋਟ ਕਾਲੂ ਵਾਲਾ ਪੱਤਰਾ ਕਡੇਲਾ ੯੦੦੦ ਦੀ ਜਾਗੀਰ ਵਿੱਚ ਓਹਨੂੰ ਮਿਲਿਆ। ਫਿਰ ੪੦੦੦ ਸਿਪਾਹੀਆਂ ਦਾ ਅਫਸਰ ਬਣਾ ਕੇ ਪਿਸ਼ਾਵਰ ਭੇਜਿਆ ਗਿਆ। ੧੮੯੧ ਬਿਕ੍ਰਮੀ ਨੂੰ ਜਮਰੌਦ ਦੀ ਲੜਾਈ ਵਿੱਚ ਜਿਸ ਵਿੱਚ ਹਰੀ ਸਿੰਘ ਨਲਵਾ ਮਾਰਿਆ ਗਿਆ ਸੀ, ਇਹ ਵੀ ਸ਼ਾਮਿਲ ਸਨ। ਫਿਰ ਮੁਲਕ ਕੋਹਸਤਾਨ ਦਾ ਇਲਾਕਾ ਤੇ ਸੁਕੇਤ ਮੰਡੀ ਆਦਿਕ ਵਿੱਚ ਫਿਰਦਾ ਰਿਹਾ। ਇੱਥੋਂ ਦਾ ਪ੍ਰਬੰਧ ਵੀ ਓਹਨੇ ਚੰਗਾ ਕੀਤਾ ਅਤੇ ਸਤਲੁਜ ਦੀ ਲੜਾਈ ਤੱਕ ਉੱਥੇ ਹੀ ਰਿਹਾ। ਫਿਰ ਦੂਜੀ ਲੜਾਈ ਵੇਲੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਦੀ ਸੜਕ ਦਾ ਇੰਤਜ਼ਾਮ ਰਖਣ ਵਿੱਚ ਸ੍ਰ. ਮੰਗਲ ਸਿੰਘ ਨੇ ਅੰਗਰੇਜ਼ਾਂ ਨੂੰ ਬਹੁਤ ਮਦਦ ਦਿੱਤੀ ਤੇ ਹਰੀ ਸਿੰਘ ਆਦਿਕ ਮਸ਼ਹੂਰ ਡਾਕੂਆਂ ਨੂੰ ਫੜਵਾਇਆ, ਜਿਸ ਦੇ ਬਦਲੇ ਵਿੱਚ ਸਾਗਰਯੂ ਆਦਿਕ ਤਿੰਨ ਹਜ਼ਾਰ ਸੱਤ ਸੌ ਨਕਦੀ ਦੀ ਜਾਗੀਰ ਮਿਲੀ, ਜਿਸ ਤੋਂ ਕੁਲ ਆਮਦਨੀ ੯੦੦੦ ਹੋ ਗਈ, ਜਿਸ ਵਿੱਚੋਂ ੩੬੦੦ ਰੁਪਯੇ ਦੀ ਹਮੇਸ਼ਾ ਦੀ ਤੇ ੫੪੦੦ ਰੁਪਯੇ ਦੀ ਇਨ੍ਹਾਂ ਦੀ ਜ਼ਿੰਦਗ਼ੀ ਤੱਕ ਦੀ ਸੀ। ਸੋ ਮੰਗਲ ਸਿੰਘ ਦੇ ਚਲਾਣਾ ਕਰਨ ਤੋਂ ਬੰਦ ਹੋ ਗਈ। ਇਹ ਸਰਦਾਰ ਅੰਗਰੇਜ਼ਾਂ ਦਾ ਵੱਡਾ ਸ਼ੁਭਚਿੰਤਕ ਸੀ। ਸੰਮਤ ੧੯੧੮ ਬਿਕ੍ਰਮੀ ਨੂੰ ਜੋਧ ਸਿੰਘ ਦੇ ਮਰਨ ਪਿੱਛੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਵੀ ਇਸ ਦੇ ਸਪੁਰਦ ਕਰ ਦਿੱਤਾ ਗਿਆ, ਜੋ ਇਸ ਨੇ ਬੜੀ ਚੰਗੀ ਤਰ੍ਹਾਂ ਕੀਤਾ। ਇਸ ਨੂੰ ਆਨਰੇਰੀ ਮੈਜਸਟ੍ਰੇਟੀ ਦੇ ਅਖਤਿਆਰ ਮਿਲੇ ਹੋਏ ਸਨ। ਸੰਮਤ ੧੯੩੩ ਨੂੰ ‘ਪ੍ਰਿੰਸ ਆਫ ਵੇਲਜ਼' ਦੇ ਹਿੰਦ ਵਿਚ ਆਉਣ ਤੇ ਇਸ ਸਰਦਾਰ ਨੂੰ “ਸਤਾਰਾਏ ਹਿੰਦ" ਦਾ ਖ਼ਿਤਾਬ ਮਿਲਿਆ ਤੇ ਸੰਮਤ ੧੯੩੩ ਵਿੱਚ ਚਲਾਣਾ ਕਰ ਗਿਆ।
ਇਹ ਸਰਦਾਰ ਬੜਾ ਸੱਚਾ ਧਰਮ ਵਾਲਾ ਸੀ। ਇਸ ਦੇ ਤਿੰਨ ਪੁੱਤਰ ਸਨ: ਸ੍ਰ. ਗੁਰਦਿਤ ਸਿੰਘ ੧੯੧੪ ਬਿਕ੍ਰਮੀ ਨੂੰ ਰਸਾਲਦਾਰ ਬਣਾ ਕੇ ਅਵਧ ਵੱਲ ਭੇਜਿਆ, ਜਿੱਥੇ ਉਹਨੇ ਬਹੁਤ ਚੰਗਾ ਕੰਮ ਕੀਤਾ। ਫਿਰ ਪੁਲਿਸ ਵਿੱਚ ਅੱਵਲ ਦਰਜੇ ਦਾ ਇਨਸਪੈਕਟਰ ਹੋ ਗਿਆ। ੧੯੪੪ ਤੋਂ ਓਹਨੂੰ ੧੨੦੦ ਰੁਪਯੇ ਸਾਲਾਨਾ ਦੀ ਪਿਨਸ਼ਨ ਮਿਲ ਗਈ ਤੇ ਅੰਮ੍ਰਿਤਸਰ ਆ ਕੇ ਰਹਿਣ ਲੱਗਾ।
ਦੂਜਾ ਸੁਚੇਤ ਸਿੰਘ ਮੁਨਸਫ਼ ਸੀ। ੧੯੩੬ ਬਿਕ੍ਰਮੀ ਨੂੰ ਮਰ ਗਿਆ। ਇਸ ਦਾ ਪੁੱਤਰ ਬਿਸ਼ਨ ਸਿੰਘ ਪੁਲਿਸ ਵਿੱਚ ਨੌਕਰ ਹੈ। ਤੀਜਾ ਸ਼ੇਰ ਸਿੰਘ ਵੀ ਪੁਲਿਸ ਵਿੱਚ ਨੌਕਰ ਸੀ ਜੋ ੧੯੪੫ ਵਿੱਚ ਮਰ ਗਿਆ। ਇੱਕ ਵੱਡਾ ਪੁੱਤਰ ਸੰਤ ਸਿੰਘ ਬੀ.ਏ. ਪਾਸ ਕਰ ਕੇ ਮਰ ਗਿਆ। ਸੁੰਦਰ ਸਿੰਘ ਤਾਲੀਮ ਪਾ ਰਿਹਾ ਹੈ (ਅੱਜ ਕੱਲ੍ਹ ਆਨਰੇਰੀ ਮੈਜਸਟ੍ਰੇਟ ਹੈ) ਤਿੰਨ ਹਜ਼ਾਰ ਦੀ ਜਾਗੀਰ ਸਾਲਾਨਾ ਹਮੇਸ਼ਾ ਦੀ ਇਸ ਖਾਨਦਾਨ ਵਾਸਤੇ ਸਰਕਾਰ ਵੱਲੋਂ ਮਾਫ਼ ਹੈ। ਰਾਮਗੜ੍ਹੀਆਂ ਦਾ ਬੁੰਗਾ ਜਿਕਣ ਦੂਜਿਆਂ ਬੁੰਗਿਆਂ ਨਾਲੋਂ ਵੱਡਾ ਹੈ, ਇਕੁਣ ਹੀ ਰਾਮਗੜ੍ਹੀਆਂ ਦਾ ਕਟੜਾ ਵੀ ਬਾਕੀ ਸਾਰਿਆਂ ਕਟੜਿਆਂ ਨਾਲੋਂ ਵੱਡਾ ਹੈ।
ਤੀਜੀ ਮਿਸਲ ਘਨੱਯਾਂ ਸਰਦਾਰਾਂ ਦੀ
ਸ਼ਜਰਾ
ਇਸ ਮਿਸਲ ਦਾ ਕਰਤਾ ਸਰਦਾਰ ਜੈ ਸਿੰਘ ਸੀ, ਜੋ ਕਾਹਨਾ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। ਇਹ ਹੀ ਕਾਰਨ ਹੈ ਕਿ ਇਹਨੂੰ ਘਨੱਯਾ ਸਰਦਾਰ ਸੱਦਦੇ ਸਨ। ਕਈ ਇਹ ਵੀ ਕਹਿੰਦੇ ਹਨ ਕਿ ਇਹ ਸਰਦਾਰ ਬੜਾ ਹੀ ਸੁੰਦਰ ਜਵਾਨ ਸੀ। ਇਸ ਕਰ ਕੇ ਵੀ ਲੋਕੀਂ ਇਹਨੂੰ ਘਨੱਯਾ (ਕ੍ਰਿਸ਼ਨ) ਦੇ ਨਾਮ ਤੋਂ ਪੁਕਾਰਦੇ ਸਨ।
ਇਸ ਦਾ ਪਿਤਾ ਖ਼ੁਸ਼ਹਾਲ ਸਿੰਘ ਇੱਕ ਸਾਧਾਰਾਨ ਆਦਮੀ ਸੀ। ਜਦ ਖਾਲਸੇ ਦਾ ਡੰਕਾ ਮੁਲਕ ਵਿੱਚ ਵੱਜਣ ਲੱਗਾ, ਤਾਂ ਜ਼ਾਲਮ ਤੁਰਕਾਂ ਨੇ ਸਖ਼ਤੀਆਂ ਕਰਨ ਵਿੱਚ ਅਤਿ ਕਰ ਦਿੱਤੀ। ਤਦ ਸਰਦਾਰ ਜੈ ਸਿੰਘ ਜੋ ਆਪਣੀ ਧੀਰਤਾ, ਬੀਰਤਾ ਤੇ ਗੰਭੀਰਤਾ ਦੇ ਕਾਰਨ ਪ੍ਰਸਿੱਧ ਸੀ, ਨਵਾਬ ਕਪੂਰ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਫਿਰ ਹਕੀਕਤ ਸਿੰਘ, ਮਹਤਾਬ ਸਿੰਘ, ਤਾਰਾ ਸਿੰਘ, ਜੀਵਨ ਸਿੰਘ ਬਹੁਤ ਸਾਰੇ ਭਾਈ ਬੰਦਾਂ ਨੂੰ ਆਪਣੇ ਨਾਲ ਸ਼ਾਮਿਲ ਕਰ ਕੇ ਤੁਰਕਾਂ ਦੀ ਸੋਧ ਕਰਨ ਲੱਗ ਪਿਆ। ਜਦ ਤੁਰਕਾਂ ਦੀ ਸੋਧ ਕਰਨ ਦੇ ਕਾਰਨ ਇਹ ਸਿੰਘਾਂ ਦੇ ਜੱਥਿਆਂ ਵਿੱਚ ਪ੍ਰਸਿੱਧ ਹੋ ਗਿਆ, ਤਦ ਏਹਨੇ ਬੀ ੪੦੦ ਸਵਾਰ ਨਾਲ ਰੱਖ ਕੇ ਪਿੰਡ ਸੋਹੀਆਂ, ਜੋ ਕਿ ਅੰਮ੍ਰਿਤਸਰ ਤੋਂ ੯ ਮੀਲ ਦੀ ਵਿੱਥ ਤੇ ਹੈ, ਆਪਣੇ ਸਹੁਰੇ ਪਿੰਡ ਜਾ ਕੇ ਅੱਡਰਾ ਜੱਥਾ ਬਣਾ ਲਿਆ ਤੇ ਇਸ ਇਲਾਕੇ ਦੇ ਜ਼ਾਲਮ ਤੁਰਕ ਹਾਕਮਾਂ ਦੀ ਸੋਧ ਕਰ ਕੇ ਕਬਜ਼ਾ ਕਰ ਲਿਆ। ਹਕੀਕਤ ਸਿੰਘ ਤੇ ਮਹਿਤਾਬ ਸਿੰਘ ਨੂੰ ਸੰਗਤਪੁਰੇ ਦੀ ਹਕੂਮਤ ਸਪੁਰਦ ਕੀਤੀ।
ਇਸ ਦਾ ਭਰਾ ਝੰਡਾ ਸਿੰਘ ਰਾਵਲ ਕੋਟ ਦੀ ਲੜਾਈ ਵਿੱਚ ਜੋ ਨਧਾਨ ਸਿੰਘ ਰੰਧਾਵੇ ਨਾਲੇ ਹੋਈ ਸੀ, ਮਾਰਿਆ ਗਿਆ। ਇਸ ਦੀ ਤੀਵੀਂ ਨਾਲ ਜੈ ਸਿੰਘ ਨੇ ਆਨੰਦ ਪੜ੍ਹਾ ਲਿਆ, ਜਿਸ ਦੇ ਕਾਰਨ ਪਿੰਡ ਨਾਗਮੁਕੇਰੀਆ, ਹਾਜ਼ੀਪੁਰ, ਦਾਤਾਰਪੁਰ, ਕਰਵਟ ਅਡੀਆਂ ਆਦਿਕ ਪਿੰਡਾਂ ਤੇ ਵੀ ਇਹਦਾ ਕਬਜ਼ਾ ਹੋ ਗਿਆ।
ਅਮਰ ਸਿੰਘਾਂ ਬਘਾਂ, ਝੰਡਾ ਸਿੰਘ ਬਾਕਰਪੁਰੀਆ, ਲਖਾ ਸਿੰਘ ਕਾਹਨੂਵਾਲਾ, ਅਮਰ ਸਿੰਘ ਖੋਖਰਾ, ਬੁਧ ਸਿੰਘ ਧਰਮ ਕੋਟੀਆ, ਝੰਡਾ ਸਿੰਘ ਕਰੋਹ ਆਦਿਕ ਵੱਡੇ ਵੱਡੇ ਸਰਦਾਰ ਇਹਦੇ ਨਾਲ ਸਨ। ੧੮੧੭ ਬਿਕ੍ਰਮੀ ਵਿੱਚ ਇਹਦੇ ਘਰ ਲੜਕਾ ਉਤਪੰਨ ਹੋਇਆ। ਓਹਦਾ ਵਿਆਹ ਸਦਾ ਕੌਰ ਦੇ ਨਾਲ ਹੋਇਆ। ਇਸ ਤੋਂ ਪਿੱਛੇ ਹੌਲੀ ਹੌਲੀ ਪਠਾਨਕੋਟ ਕੋਰਾਹਾ ਹਾਲੀ ਪੁਰ, ਸੁਜਾਨ ਪੁਰ, ਦੀਨਾ ਨਗਰ, ਗੜ੍ਹਸੰਕਰ ਆਦਿਕ ਬਹੁਤ ਸਾਰੇ ਇਲਾਕੇ ਜੈ ਸਿੰਘ ਦੇ ਕਬਜ਼ੇ ਵਿੱਚ ਆ ਗਏ, ਸਰਹੰਦ ਤੇ ਪੂਰਬੀ ਇਲਾਕੇ, ਜਿਨ੍ਹਾਂ ਦਾ ਵਰਨਣ ਦੂਜੇ ਹਿੱਸੇ ਵਿੱਚ ਹੋ ਚੁੱਕਾ ਹੈ, ਦੇ ਜੰਗਾਂ ਵਿੱਚ ਆਪਣੀ ਕੌਮ ਦੇ ਨਾਲ ਰਿਹਾ।
ਪਹਿਲਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਨਾਲ ਇਹਦੀ ਬਹੁਤ ਦੋਸਤੀ ਸੀ, ਕਿੰਤੂ ਸ਼ਹਿਰ ਕਸੂਰ ਦੀ ਚੜ੍ਹਾਈ ਸਮੇਂ ਇਨ੍ਹਾਂ ਦੀ ਕਿਸੇ ਗਲੇ ਅਜੋੜ ਹੋ ਗਈ। ਸੰਮਤ ੧੮੩੧ ਨੂੰ ਜਦ ਰਾਜਾ ਰਣਜੀਤ ਦੇਵ ਜੰਮੂ ਵਾਲੇ ਨੇ ਝੰਡਾ ਸਿੰਘ ਨੂੰ ਆਪਣੀ ਮਦਦ ਵਾਸਤੇ ਬੁਲਾਇਆ, ਤਦ ਇਹ ਸਰਦਾਰ ਸ਼ੁਕਰਚਕੀਆ ਵੱਲੋਂ ਬ੍ਰਿਜ ਰਾਜ ਦੇਵ ਦੇ ਵੱਲੋਂ ਗਿਆ। (ਵੇਖੋ ਭੰਗੀਆਂ ਦੀ ਮਿਸਲ ਦਾ ਹਾਲ)
ਸੰਮਤ ੧੮੩੪ ਨੂੰ ਜੈ ਸਿੰਘ ਤੇ ਹਕੀਕਤ ਸਿੰਘ ਨੇ ਆਪਣੇ ਖਾਨਦਾਨ ਦੇ ਨਾਮ ਤੇ ਇੱਕ ਕਟੜਾ ਸ਼ਹਿਰ ਅੰਮ੍ਰਿਤਸਰ ਵਿੱਚ ਵਸਾਇਆ। ਫਿਰ ਜਦ ਆਪਣੇ ਵੈਰੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਹਲੂਵਾਲੀਏ ਤੇ ਸ਼ੁਕਰਚਕੀਆ ਦੀ ਮਦਦ ਨਾਲ ਪੰਜਾਬ ਵਿੱਚੋਂ ਬਾਹਰ ਚਲੇ ਜਾਣ ਵਾਸਤੇ ਮਜਬੂਰ ਕੀਤਾ, ਤਦ ਇਹ ਲਗਭਗ ਓਹਦੇ ਸਾਰੇ ਇਲਾਕੇ ਤੇ ਕਬਜਾ ਕਰ ਬੈਠਾ ਤੇ ਇਸ ਦਾ ਪ੍ਰਤਾਪ ਵੱਧ ਗਿਆ। ਇਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੜਾ ਬਹਾਦਰ ਸਮਝਦਾ ਸੀ। ਇਹਨਾਂ ਹੀ ਦਿਨਾਂ ਵਿਚ ਕਟੋਚੀ ਦੇ ਰਾਜਾ ਸੰਸਾਰ ਚੰਦ ਨੇ ਆਪਣਾ ਕਾਂਗੜੇ ਦਾ ਕਿਲ੍ਹਾ: ਜੋ ਪਹਿਲਾਂ ਸੈਫ ਅਲੀ ਖਾਂ ਸ਼ਾਹੀ ਲਸ਼ਕਰ ਦੇ ਅਧੀਨ ਸੀ, ਓਸ ਦੇ ਮਰਨ ਪਿੱਛੋਂ ਓਸ ਦੇ ਲੜਕੇ ਜੀਵਨ ਖਾਂ ਪਾਸੋਂ ਖ਼ਾਲੀ ਕਰਾਣ ਲਈ ਸ੍ਰ. ਜੈ ਸਿੰਘ ਨੂੰ ਸਦਿਆ। ਰਾਜਾ ਸੰਸਾਰ ਚੰਦ ਦੀ ਬਿਨੈ ਤੇ ਸ੍ਰ. ਜੈ ਸਿੰਘ ਨੇ ਆਪਣੇ ਲੜਕੇ ਗੁਰਬਖ਼ਸ਼ ਸਿੰਘ ਤੇ ਬਘੇਲ ਸਿੰਘ ਨੂੰ ਫੌਜ ਦੇ ਕੇ ਭੇਜਿਆ, ਤਾਂ ਜੋ ਇਹ ਜਾ ਕੇ ਕਿਲ੍ਹੇ ਨੂੰ ਘੇਰਾ ਪਾ ਲੈਣ, ਜਿੱਥੇ ਪੁੱਜਦੇ ਹੀ ਇਨ੍ਹਾਂ ਨੇ ਕਬਜਾ ਕਰ ਲਿਆ। ਰਾਜਾ ਸੰਸਾਰ ਚੰਦ ਇਹ ਵੇਖ ਕੇ ਕਿ ਇਸ ਕਿਲ੍ਹੇ ਦਾ ਪ੍ਰਬੰਧ ਮੇਰੇ ਹੱਥ ਵਿੱਚ ਮੁਸਲਮਾਨ ਨਹੀਂ ਰਹਿਣ ਦੇਣਗੇ, ਕਿਲ੍ਹੇ ਦਾ ਪ੍ਰਬੰਧ ਇਨ੍ਹਾਂ ਸਿੰਘਾਂ ਦੇ ਹੱਥ ਹੀ ਰਹਿਣ ਦਿੱਤਾ। ਇਸ ਮਿਸਲ ਦਾ ਜ਼ੋਰ ਵੇਖ ਕੇ ਹੋਰ ਵੀ ਜਿੰਨੇ ਪਹਾੜੀ ਰਾਜੇ ਸਨ, ਸਾਰਿਆਂ ਨੇ ਸਰਦਾਰ ਜੈ ਸਿੰਘ ਦੀ ਅਧੀਨਤਾ ਪ੍ਰਵਾਨ ਕਰ ਲਈ।
੧੮੩੪ ਬਿਕ੍ਰਮੀ ਨੂੰ ਜਦ ਜੰਮੂ ਦਾ ਰਾਜਾ ਰਣਜੀਤ ਦੇਵ ਮਰ ਗਿਆ ਤੇ ਉਹਦਾ ਵੱਡਾ ਲੜਕਾ ਜੈ ਰਾਜ ਦੇਵ ਗੱਦੀ ਤੇ ਬੈਠਾ, ਤਦ ਓਹਨੇ ਭੰਗੀ ਸਰਦਾਰਾਂ ਤੋਂ ਆਪਣੇ ਉਸ ਮੁਲਕ ਦਾ ਹਿੱਸਾ ਜੋ ਓਹਨਾਂ ਨੇ ਆਪਣੇ ਕਬਜ਼ੇ ਵਿਚ ਕਰ ਲਿਆ, ਛੁਡਾਉਣ ਵਾਸਤੇ ਹਕੀਕਤ ਸਿੰਘ ਨੂੰ ਆਪਣੀ ਮਦਦ ਵਾਸਤੇ ਬੁਲਾ ਭੇਜਿਆ। ਜਦ ਇਹ ਆਪਣੇ ਲਸਕਰ ਨੂੰ ਲੈ ਕੇ ਕੜੀਆ ਵਾਲੇ ਜਾ ਉੱਤਰਿਆ, ਤਦ ਓਹਦੇ ਕਹਿਣ ਤੇ ੩੪ ਹਜਾਰ ਰੁਪਯਾ ਦੇ ਬਦਲੇ ਓਸ ਦਾ ਇਲਾਕਾ ਦੇ ਦਿੱਤਾ ਗਿਆ, ਕਿੰਤੂ ਇਲਾਕਾ ਲੈ ਕੇ ਬ੍ਰਿਜਰਾਜ ਦੇਵ ਨੇ ਰੁਪਯਾ ਨਾ ਦਿੱਤਾ। ਇਹ ਗੱਲ ਘਨੱਯਾ ਸਰਦਾਰਾਂ ਨੂੰ ਬੜੀ ਅਯੋਗ ਪ੍ਰਤੀਤ ਹੋਈ। ਓਹਨਾਂ ਨੇ ਭੰਗੀ ਸਰਦਾਰ ਗੁਜਰ ਸਿੰਘ ਤੇ ਭਾਗ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਕੜੀਆ ਵਾਲਾ ਇਲਾਕਾ ਰਾਜਾ ਪਾਸੋਂ ਲੈ ਲਿਆ ਤੇ ਓਹਦੇ ਬਚਨ ਭੰਗ ਕਰਨ ਦੀ ਸਜ਼ਾ ਦੇਣ ਲਈ ਖ਼ਾਸ ਜੰਮੂ ਤੇ ਚੜ੍ਹਾਈ ਕਰ ਦਿੱਤੀ। ਅੰਤ ਨੂੰ
ਜਦ ਰਾਜੇ ਨੇ ਵੇਖਿਆ ਕਿ ਸਿੰਘ ਸਰਦਾਰਾਂ ਨੂੰ ਜਿੱਤਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਤਦ ਓਹਨੇ ੩੦ ਹਜ਼ਾਰ ਰੁਪਯਾ ਦੇਣਾ ਕਰ ਕੇ ਹਕੀਕਤ ਸਿੰਘ ਨੂੰ ਵਾਪਸ ਕਰ ਦਿੱਤਾ, ਕਿੰਤੂ ਜਦ ਇੱਕ ਸਾਲ ਤੱਕ ਨੀਯਤ ਰਕਮ ਹਕੀਕਤ ਸਿੰਘ ਤੱਕ ਨਾ ਪੁੱਜੀ ਤਦ ਓਹਨੇ ਸਰਦਾਰ ਮਹਾਂ ਸਿੰਘ ਨੂੰ ਨਾਲ ਲੈ ਕੇ ਜੰਮੂ ਤੇ ਫਿਰ ਚੜ੍ਹਾਈ ਕਰ ਦਿੱਤੀ। ਮਹਾਂ ਸਿੰਘ ਨੇ ਚਪਰਾੜ ਵੱਲ ਕੂਚ ਕੀਤਾ। ਓਧਰੇ ਹਕੀਕਤ ਸਿੰਘ ਜਫਰਵਾਲ ਵਾਲੇ ਰਾਹ ਆਇਆ। ਰਾਜਾ ਬ੍ਰਿਜਰਾਜ ਦੇਵ ਇਨ੍ਹਾਂ ਦੀ ਅਵਾਈ ਸੁਣ ਕੇ ਜੰਮੂ ਛੱਡ ਕੇ ਨੱਸ ਗਿਆ। ਪ੍ਰੰਤੂ ਜਦ ਮਹਾਂ ਸਿੰਘ ਨੇ ਇਹ ਖ਼ਬਰ ਸੁਣੀ, ਤਦ ਜੰਮੂ ਸ਼ਹਿਰ ਵਿੱਚ ਦਾਖਲ ਹੋ ਗਿਆ। ਸ਼ਹਿਰ ਵਾਲਿਆਂ ਬੜੀ ਸਖ਼ਤ ਵਿਰੋਧਤਾ ਕੀਤੀ ਤੇ ਲੜਾਈ ਸ਼ੁਰੂ ਕਰ ਦਿੱਤੀ, ਜਿਸ ਤੋਂ ਸ਼ਹਿਰ ਨੂੰ ਅੱਗ ਲੱਗ ਗਈ। ਸਰਦਾਰ ਮਹਾਂ ਸਿੰਘ ਕਬਜ਼ਾ ਕਰ ਕੇ ਕੁਝ ਦਿਨਾਂ ਪਿੱਛੋਂ ਵਾਪਸ ਚਲਾ ਆਇਆ। ਥੋੜ੍ਹੇ ਚਿਰ ਪਿੱਛੋਂ ਹੀ ਹਕੀਕਤ ਸਿੰਘ ਚਲਾਣਾ ਕਰ ਗਿਆ। ਹਕੀਕਤ ਸਿੰਘ ਦੇ ਮਰਨੇ ਦੀ ਖ਼ਬਰ ਸੁਣ ਕੇ ਜੈ ਸਿੰਘ ਘਨੱਯਾ ਨੇ ਇਹਦੇ ਪੁੱਤਰ ਜੈਮਲ ਸਿੰਘ ਨੂੰ ਆਪਣੇ ਪਾਸ ਸੱਦਿਆ ਤੇ ਓਹਨੂੰ ਬੜੀ ਤਸਲੀ ਦਿੱਤੀ।
ਬ੍ਰਿਜਰਾਜ ਦੇਵ ਜੰਮੂ ਦੇ ਵਾਲੀ ਨੇ ਸਰਦਾਰ ਮਹਾਂ ਸਿੰਘ ਪਾਸੋਂ ਜੋ ਹਾਰ ਖਾਧੀ ਸੀ, ਓਹਦਾ ਬਦਲਾ ਲੈਣ ਲਈ ਜੈ ਸਿੰਘ ਤੇ ਮਹਾਂ ਸਿੰਘ ਵਿੱਚ ਅਣਬਣ ਕਰਾ ਦਿੱਤੀ। ਜੈ ਸਿੰਘ ਨੇ ੧੮੪੦ ਬਿਕ੍ਰਮੀ ਨੂੰ ਮਹਾਂ ਸਿੰਘ ਦੇ ਇਲਾਕੇ ਵਿਚ ਜਾ ਡੇਰਾ ਜਮਾਇਆ। ਰਸੂਲਪੁਰਾ, ਮੰਡਿਆਲਾ ਆਦਿਕ ਤੇ ਹੱਥ ਸਾਫ ਕਰਦੇ ਨਕਈ ਸਿੰਘ: ਜੋ ਸਰਦਾਰ ਮਹਾਂ ਸਿੰਘ ਦਾ ਸਬੰਧੀ ਸੀ, ਓਨ੍ਹਾਂ ਦੇ ਇਲਾਕੇ ਵਿੱਚ ਵੀ ਦਖ਼ਲ ਦੇ ਦਿੱਤਾ। ੧੮੪੧ ਨੂੰ ਦੀਪਮਾਲਾ ਤੇ ਮਹਾਂ ਸਿੰਘ ਨੇ ਅੰਮ੍ਰਿਤਸਰ ਪੁੱਜ ਕੇ ਜੈ ਸਿੰਘ ਨਾਲ ਸੁਲਾਹ ਕਰਨ ਦੀ ਬਹੁਤ ਸਾਰੀ ਕੋਸ਼ਿਸ਼ ਕੀਤੀ, ਕਿੰਤੂ ਉਹਨੇ ਬ੍ਰਿਜਰਾਜ ਦੇਵ ਸਿੰਘ ਦੇ ਹੱਥ ਚੜ੍ਹ ਕੇ ਇੱਕ ਨਾ ਮੰਨੀ।
ਮਹਾਂ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਓਹਦਾ ਮੁਲਕ ਵਾਪਸ ਦਵਾਣ ਦੇ ਇਕਰਾਰ ਤੇ ਪੰਜਾਬ ਵਿੱਚ ਸੱਦਿਆ। ਕਟੋਚੀ ਦਾ ਰਾਜਾ ਸੰਸਾਰ ਚੰਦ ਵੀ ਇਹਨਾਂ ਦੇ ਵੱਲ ਹੋ ਗਿਆ। ਜਦ ਸਰਦਾਰ ਜੈ ਸਿੰਘ ਨੂੰ ਪਤਾ ਲੱਗਾ ਕਿ ਜੱਸਾ ਸਿੰਘ ਰਾਮਗੜ੍ਹੀਆ ਆ ਰਿਹਾ ਹੈ, ਤਦ ਪਹਿਲਾਂ ਓਹਨੇ ਗੁਰਬਖ਼ਸ ਸਿੰਘ ਦੋਦੀਆਂ ਨੂੰ ਕੁਝ ਫੌਜ ਦੇ ਕੇ ਭੇਜਿਆ ਤਾਂ ਜੋ ਬਿਆਸ ਤੋਂ ਪਾਰ ਹੀ ਓਹਦੇ ਨਾਲ ਲੜਾਈ ਸ਼ੁਰੂ ਕਰ ਦੇਵੇ ਤੇ ਓਹਨੂੰ ਉੱਥੇ ਹੀ ਰੋਕ ਦੇਵੇ। ਬੰਡਾਲੇ ਦੇ ਨੇੜੇ ਲੜਾਈ ਹੋਈ ਗੁਰਬਖਸ਼ ਸਿੰਘ ਮਾਰਿਆ ਗਿਆ। ਜੱਸਾ ਸਿੰਘ ਫਤੇਯਾਬ ਹੋ ਕੇ ਅੱਗੇ ਵਧਿਆ। ਇੰਨੇ ਨੂੰ ਹੀ ਮਹਾਂ ਸਿੰਘ ਤੇ ਸੰਸਾਰ ਚੰਦ ਵੀ ਓਹਨੂੰ ਜਾ ਮਿਲੇ। ਜੱਸਾ ਸਿੰਘ ਰਾਮਗੜ੍ਹੀਆ ਦਾ ਦੂਜਾ ਟਾਕਰਾ ਘਨੱਯਾਂ ਸਰਦਾਰਾਂ ਨਾਲ ਵਟਾਲੇ ਦੇ ਪਾਸ ਹੋਇਆ। ਛੀ ਘੰਟੇ ਤੱਕ ਦੋਹਾਂ ਪਾਸਿਆਂ ਤੋਂ ਲੜਾਈ ਦਾ ਮੈਦਾਨ ਗਰਮ ਰਿਹਾ। ਤੀਰ ਤੇ ਗੋਲੀਆਂ ਮੀਂਹ ਵਾਂਗ ਵਸਦੀਆਂ ਰਹੀਆਂ। ਸਰਦਾਰ ਗੁਰਬਖ਼ਸ ਸਿੰਘ ਤੀਰ ਲੱਗਣ ਨਾਲ ਮਾਰਿਆ ਗਿਆ। ਲੜਕੇ ਦੀ ਮੌਤ ਨੇ ਜੈ ਸਿੰਘ ਦਾ ਲੱਕ ਤੋੜ ਦਿੱਤਾ। ਘਨੱਯਾਂ ਦੀ ਫੌਜ ਨਿਰਾਸ਼ ਹੋ ਕੇ ਪਿੱਛੇ ਹਟ ਗਈ। ਜਦ ਜੈ ਸਿੰਘ ਨੇ ਵੇਖਿਆ ਕਿ ਮੇਰੀ ਕੁਝ ਪੇਸ਼ ਨਹੀਂ ਜਾਂਦੀ ਤਦ ਓਹਨੇ ਆਪਣੀ ਪੋਤਰੀ ਮਹਤਾਬ ਕੌਰ, ਜੋ ਸਰਦਾਰ ਗੁਰਬਖ਼ਸ਼ ਸਿੰਘ ਦੀ ਲੜਕੀ ਸੀ, ਦਾ ਨਾਤਾ ਸਰਦਾਰ ਮਹਾਂ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰ ਕੇ ਸੁਲਾਹ ਕਰ ਲਈ ਤੇ ਕਾਂਗੜੇ ਦਾ ਕਿਲ੍ਹਾ ਸੰਸਾਰ ਚੰਦ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇੱਕ ਸਾਲ ਪਿੱਛੋਂ ਜੈ ਸਿੰਘ ਨੇ ਆਪਣੀ ਪੋਤਰੀ ਮਹਤਾਬ ਕੌਰ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਰ ਦਿੱਤੀ, ਕਿੰਤੂ ਇਸ ਵਿਆਹ ਤੋਂ ਥੋੜ੍ਹੇ ਚਿਰ ਮਗਰੋਂ ਹੀ ੧੮੫੦ ਬਿਕ੍ਰਮੀ ਵਿਚ ਚਲਾਣਾ ਕਰ ਗਿਆ। ਇਸ ਦੇ ਦੋ ਪੁੱਤਰ ਨਿਧਾਨ ਸਿੰਘ ਤੇ ਭਾਗ ਸਿੰਘ ਹੋਰ ਸਨ। ਸਰਦਾਰਨੀ ਸਦਾ ਕੌਰ ਜੋ ਓਹਦੇ ਲੜਕੇ ਗੁਰਬਖ਼ਸ਼ ਸਿੰਘ ਦੀ ਸਿੰਘਣੀ ਸੀ, ਮਿਸਲ ਦੀ ਮਾਲਕ ਬਣੀ। ਇਹ ਸਰਦਾਰਨੀ ਬੜੀ ਦਾਨਾ ਤੇ ਬਹਾਦਰ ਸਿੰਘਣੀ ਸੀ ਤੇ ਇਸ ਨੇ ਆਪਣੇ ਜਵਾਈ ਮਹਾਰਾਜਾ ਰਣਜੀਤ ਸਿੰਘ ਨਾਲ ਮੇਲ ਕਰ ਕੇ ਹਰ ਮੌਕੇ ਤੇ ਆਪਣੀ ਫੌਜ ਨਾਲ ਮਦਦ ਦੇ ਕੇ ਇਨ੍ਹਾਂ ਦੀ ਤਾਕਤ ਨੂੰ ਵਧਾਇਆ। ਇੱਕ ਵੇਰ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੀ
ਮਦਦ ਨਾਲ ਫੌਜ ਲੈ ਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆਂ ਨੂੰ ਮਿਆਨੀ ਦੇ ਕਿਲ੍ਹੇ ਵਿੱਚ ਜਾ ਘੇਰਿਆ ਤੇ ਮੁਦਤ ਤੱਕ ਓਹਦੇ ਨਾਲ ਲੜਦੀ ਰਹੀ, ਕਿੰਤੂ ਦਰਯਾਇ ਬਿਆਸਾ ਵਿੱਚ ਆਏ ਹੜ ਨੇ ਇਹਨੂੰ ਤੰਗ ਕਰ ਦਿੱਤਾ ਜਿਸ ਤੋਂ ਇਹ ਵਾਪਸ ਮੁੜ ਆਈ। ਪਰ ਦੂਜੇ ਸਾਲ ਹੀ ਫਿਰ ਸਦਾ ਕੌਰ ਨੇ ਰਾਮਗੜ੍ਹੀਆਂ ਨੂੰ ਸ਼ਕਸਤ ਦੇ ਕੇ ਵਟਾਲਾ ਕਲਾਨੌਰ ਤੇ ਕਾਦੀਆਂ ਦੇ ਪ੍ਰਗਣੇ ਰਾਮਗੜ੍ਹੀਆਂ ਤੋਂ ਛੁਡਾ ਲਏ। ੧੮੭੧ ਬਿਕ੍ਰਮੀ ਤੱਕ ਇਸ ਅਕਲਮੰਦ ਤੇ ਦੂਰਦਰਸ਼ੀ ਸਿੰਘਣੀ ਨੇ ਆਪਣੀ ਮਿਸਲ ਨੂੰ ਵੀ ਕਾਇਮ ਰੱਖਿਆ ਤੇ ਆਪਣੇ ਜਵਾਈ ਨੂੰ ਵੀ ਮਦਦ ਦੇ ਕੇ ਓਹਦੀ ਉੱਨਤੀ ਵਿੱਚ ਸਹਾਇਤਾ ਕਰਦੀ ਰਹੀ।
੧੮੫੭ ਵਿੱਚ ਝੰਡਾ, ਕਲਾਨੌਰ, ਦੀਨਾ ਨਗਰ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਲਤਨਤ ਵਿੱਚ ਸ਼ਾਮਿਲ ਕਰ ਲਏ ਤੇ ਸਦਾ ਕੌਰ ਨੇ ਇੱਕ ਪਰਗਣਾ ਤੇ ਕਿਲ੍ਹਾ ਅਟਲ ਗੜ੍ਹਾ ਆਪਣੇ ਦੋਹਤੇ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ: ਜੋ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਸਨ, ਦੇ ਦਿੱਤਾ। ਕੁਝ ਦਿਨ ਮਗਰੋਂ ਸਦਾ ਕੌਰ ਚਲਾਣਾ ਕਰ ਗਈ। ਮਹਾਰਾਜਾ ਰਣਜੀਤ ਸਿੰਘ ਨੇ ਹੇਮ ਸਿੰਘ ਨੂੰ: ਜੋ ਸਰਦਾਰ ਜੈ ਸਿੰਘ ਘਨੱਯਾ ਦਾ ਭਤੀਜਾ ਸੀ, ੪੦ ਹਜ਼ਾਰ ਦਾ ਇਲਾਕਾ ਦੇ ਕੇ ਆਪਣੇ ਅਧੀਨ ਕਰ ਲਿਆ। ਫਿਰ ਜਦੋਂ ਮਹਾਰਾਜਾ ਸਾਹਿਬ ਨੇ ਕਸੂਰ ਫਤੇ ਕੀਤਾ, ਤਦ ਉਹਨੂੰ ਖਡੀਆਂ ਦਾ ਦਸ ਹਜ਼ਾਰ ਦਾ ਇਲਾਕਾ ਹੋਰ ਬਖਸ਼ਿਆ। ਹੇਮ ਸਿੰਘ ਦੇ ਮਰਨ ਪਿੱਛੋਂ ਓਹਦਾ ਲੜਕਾ ਅਮਰ ਸਿੰਘ ਗੱਦੀ ਤੇ ਬੈਠਾ। ਓਹਨੂੰ ਮਹਾਰਾਜਾ ਨੇ ਮੁਲਤਾਨ ਤੇ ਕਸ਼ਮੀਰ ਦੀ ਲੜਾਈ ਤੇ ਭੇਜਿਆ। ਓਥੋਂ ਮੁੜਨ ਤੇ ਓਹਨੂੰ ਕੰਜਰੀ ਦੇ ਪੁੱਲ ਦਾ ਕੰਮ ਸੌਂਪਿਆ ਗਿਆ, ਜਿਥੇ ੧੮੮੩ ਬਿਕ੍ਰਮੀ ਨੂੰ ਓਹ ਮਰ ਗਿਆ। ਉਸ ਤੋਂ ਪਿੱਛੋਂ ਸਰੂਪ ਸਿੰਘ, ਅਨੂਪ ਸਿੰਘ, ਅਤਰ ਸਿੰਘ ਓਹਦੇ ਤਿੰਨ ਲੜਕੇ ੩੦ ਹਜ਼ਾਰ ਦੀ ਜਾਗੀਰ ਦੇ ਮਾਲਕ ਬਣੇ। ੧੮੯੧ ਵਿੱਚ ਸਰੂਪ ਸਿੰਘ ਦੇ ਮਰਨ ਪਿੱਛੋਂ ਲਾਹੌਰ ਦੀ ਸਰਕਾਰ ਨੇ ਓਹਨਾਂ ਦੀ ਜਾਗੀਰ ਜਬਤ ਕਰ ਲਈ। ਹੁਣ ਓਹਨਾਂ ਦੀ ਔਲਾਦ ਦੇ ਅਧੀਨ ਕੇਵਲ ਇੱਕ ਪਿੰਡ ਰੁਖਾਂ ਵਾਲਾ ਰਹਿ ਗਿਆ ਹੈ। ਅਤਰ ਸਿੰਘ ਦਾ ਪੁੱਤਰ ਮੇਘ ਸਿੰਘ ਸਰਕਾਰੀ ਰਸਾਲੇ ਵਿਚ ਨੌਕਰ ਹੋ ਗਿਆ। ਓਹਦੇ ਪਾਸ ਦੋ ਪਿੰਡ ਸਨ, ਜੋ ਹੁਣ ਤੱਕ ਹਨ। ੬੦੦ ਰੁਪਯਾ ਸਾਲਾਨਾ ਹਮੇਸ਼ਾਂ ਦੀ ਮਾਫ਼ੀ ਹੈ। ਇਸ ਖਾਨਦਾਨ ਵਿਚੋਂ ਸਭ ਤੋਂ ਵੱਡੇ ਸਰਦਾਰ ਜਗਤ ਸਿੰਘ ਪਾਸ ੧੧੨੫ ਏਕੜ ਜ਼ਮੀਨ ਦਾ ਇਲਾਕਾ ਹੈ।
ਚੌਥੀ ਮਿਸਲ ਨਕੇਈ ਸਰਦਾਰ
ਸ਼ਜਰਾ
ਸਰਦਾਰ ਹੀਰਾ ਸਿੰਘ ਜਿਨ੍ਹਾਂ ਦੇ ਪਿਤਾ ਦਾ ਨਾਮ ਚੌਧਰੀ ਹੇਮਰਾਜ ਪਿੰਡ ਭੜਵਾਲ ਪ੍ਰਗਣਾ ਚੂਨੀਆਂ ਦੇ ਵਸਨੀਕ ਇਸ ਮਿਸਲ ਦੇ ਮਾਲਕ ਸਨ। ਇਹਨਾਂ ਦਾ ਜਨਮ ੧੭੬੩ ਬਿਕ੍ਰਮੀ ਸੀ। ਜਦ ਜਵਾਨ ਹੋਏ ਤਦ ਸਿੱਖ ਮਜ੍ਹਬ ਗ੍ਰਹਿਣ ਕੀਤਾ ਤੇ ਸਿੰਘਾਂ ਦੇ ਜੱਥਿਆਂ ਵਿੱਚ ਭਰਤੀ ਹੋ ਕੇ ਦੇਸ਼ ਤੇ ਕੌਮ ਦੀ ਸੇਵਾ ਵਿੱਚ ਲੱਗ ਪਏ। ਬੜੇ ਹੌਂਸਲੇ ਵਾਲੇ ਤੇ ਜਵਾਨ ਮਰਦ ਸੀ। ਸਰਹੱਦ ਤੇ ਕਸੂਰ ਦੀ ਲੜਾਈਆਂ ਵਿੱਚ ਇਨ੍ਹਾਂ ਬੜਾ ਨਾਮਨਾ ਪਾਇਆ। ਹੋਰ ਸਰਦਾਰ ਵਾਂਗ ਇੱਕ ਜੱਥਾ ਆਪਣਾ ਬਣਾ ਕੇ ਜਾਲਮ ਹਾਕਮਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਪਹਿਲਾਂ ਆਪਣੇ ਇਲਾਕੇ ਦੇ ਕੱਚੇ ਪਿੱਲੇ ਤੇ ਲੰਡੀ ਬੁਚੀ ਨੂੰ ਸੋਧ ਕਬਜ਼ੇ ਵਿੱਚ ਆਂਦਾ। ਫਿਰ ਆਪਣਾ ਜੱਥਾ ਤਕੜਾ ਬਣਾ ਦੂਜੇ ਇਲਾਕਿਆਂ ਵਿੱਚ ਵੀ ਫਿਰਨ ਲੱਗੇ। ਦ੍ਰਿੜ ਸੰਕਲਪ ਤੇ ਬਹਾਦਰ ਹੋਣ ਦੇ ਕਾਰਨ ਜਿਧਰ ਕਦਮ ਉਠਾਏ, ਫਤਹ ਨੇ ਪੈਰ ਚੁੰਮੇਂ। ੧੮੧੬ ਬਿਕ੍ਰਮੀ ਵਿੱਚ ਕਲਨਕਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਕਮਰ ਸਿੰਘ, ਚੀਮਾ ਲਾਲ ਸਿੰਘ, ਰੂਪਾ ਸਿੰਘ, ਗੱਲਾ ਲੈਲ ਸਿੰਘ, ਵੈੜਾ ਲਾਲ ਸਿੰਘ, ਧਬੀ ਨਥਾ ਸਿੰਘ, ਧੋਲ ਸਦਾ ਸਿੰਘ ਹਾਡਾ ਨਿਕਾਦੇ ਇਲਾਕੇ ਦੇ ਸਾਰੇ ਸਰਦਾਰ ਇਨ੍ਹਾਂ ਦੇ ਸਾਥ ਹੋ ਗਏ। ਇਸੇ ਕਰ ਕੇ ਇਸ ਮਿਸਲ ਦਾ ਨਾਮ ਨਕੇਈ ਮਿਸਲ ਹੋ ਗਿਆ। ੮ ਹਜ਼ਾਰ ਸਵਾਰ ਹੀਰਾ ਸਿੰਘ ਦੇ ਨਾਲ ਰਹਿਣ ਲੱਗਾ ਤੇ ਭੜਵਾਲ ਚੂਨੀਆਂ ਦੀਪਾਲ ਪੁਰ, ਕੰਗਨ ਪੁਰ, ਜੇਠੂ ਪੁਰਾ, ਖਡੀਆਂ ਮੁਸਤਫਾ ਬਾਦ, ਸ਼ੇਰਗੜ੍ਹ, ਦੇਵ ਸਾਲ ਫਰੀਦ ਆਬਾਦ ਮੰਦਰ ਜਮੇਰ ਮਾਂਗਾ ਆਦਿਕ ੪੫ ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ।
ਇਨ੍ਹਾਂ ਦਿਨਾਂ ਵਿੱਚ ਸ਼ੇਖ ਸੁਬਹਾਨ ਖਾਂ ਕੁਰੇਸ਼ੀ ਰਈਸ ਪਾਕ ਪਟਨ ਗਊ ਹਤਿਆ ਦਾ ਬੜਾ ਜ਼ੋਰ ਦੇਂਦਾ ਸੀ ਤੇ ਓਹਦੀ ਹਿੰਦੂ ਪ੍ਰਜਾ ਬੜੇ ਦੁਖਾਂ ਵਿੱਚ ਸੀ। ਹਿੰਦੂਆਂ ਦੇ ਫਰਯਾਦੀ ਹੋਣ ਤੇ ਕਈ ਵੇਰ ਹੀਰਾ ਸਿੰਘ ਨੇ ਇਹਨੂੰ ਇਸ ਗੱਲ ਤੋਂ ਰੋਕਿਆ ਕਿ ਪ੍ਰਜਾ ਦੇ ਮਜ਼ਹਬੀ ਜਜਬਾਤ ਤੇ ਸੱਟ ਨਾ
ਮਾਰੋ, ਕਿੰਤੂ ਜਦ ਓਸ ਨੇ ਨਾ ਮੰਨੀ ਤਦ ੧੮੨੬ ਬਿਕ੍ਰਮੀ ਵਿੱਚ ਹੀਰਾ ਸਿੰਘ ਨੇ ਓਸ ਤੇ ਚੜ੍ਹਾਈ ਕਰ ਦਿੱਤੀ। ਓਧਰ ਸਾਰੇ ਮੁਸਲਮਾਨ ਇਕੱਠੇ ਹੋ ਗਏ, ਕਿੰਤੂ ਅਚਨਚੇਤ ਲੜਾਈ ਦੇ ਵਿੱਚ ਹੀਰਾ ਸਿੰਘ ਗੋਲੀ ਨਾਲ ਮਾਰਿਆ ਗਿਆ। ਲਾਚਾਰ ਇਹਦੀ ਫੌਜ ਨੂੰ ਵਾਪਸ ਮੁੜਨਾ ਪਿਆ। ਓਸ ਵੇਲੇ ਹੀਰਾ ਸਿੰਘ ਦਾ ਬੇਟਾ ਦਲ ਸਿੰਘ ਅਨਜਾਨ ਸੀ। ਇਸ ਕਰ ਕੇ ਓਹਦੇ ਚਾਚੇ ਦਾ ਪੁੱਤ ਭਰਾ ਨਾਹਰ ਸਿੰਘ ਓਹਦੀ ਜਗ੍ਹਾ ਤੇ ਬੈਠਾ, ਇਹ ਵੀ ਬਹੁਤ ਥੋੜ੍ਹੇ ਦਿਨ ਜੀਵਿਆ। ਫਿਰ ਤਪਦਿਕ ਨਾਲ ਬੀਮਾਰ ਹੋ ਕੇ ਕੁਝ ਮਹੀਨਿਆਂ ਪਿੱਛੋਂ ਚਲਾਣਾ ਕਰ ਗਿਆ। ਇਸ ਤੋਂ ਪਿਛੋਂ ਓਹਦਾ ਨਿੱਕਾ ਭਰਾ ਰਨ ਸਿੰਘ ਮਿਸਲ ਦਾ ਮਾਲਕ ਬਣਿਆ। ਇਹ ਬੜਾ ਹੁਸ਼ਿਆਰ ਤੇ ਲਾਇਕ ਆਦਮੀ ਸੀ। ਇਸ ਨੇ ਮਿਸਲ ਨੂੰ ਬਹੁਤ ਰੌਣਕ ਦਿੱਤੀ ਤੇ ਇਲਾਕਾ ਨਕੇ ਦੇ ਬੜੇ ਬੜੇ ਸੋਹਣੇ ਜਵਾਨ ੨੦ ਹਜ਼ਾਰ ਆਦਮੀ ਆਪਣੇ ਨਾਲ ਕਰ ਲਏ। ਓਹਨਾਂ ਨੂੰ ਕਈ ਤਰ੍ਹਾਂ ਜੰਬੂਰਾਂ ਤੇ ਹਥਿਆਰਾਂ ਨਾਲ ਸਨਧਬੰਧ ਕਰ ਕੇ ਸਦਾ ਆਪਣੇ ਨਾਲ ਰੱਖਣ ਲੱਗਾ। ਪਿੰਡ ਕੋਟ ਕਮਾਲੀਆ ਗਲਗੀਰਾਂ ਖਰਲ ਤੇ ਕੁਝ ਹਿੱਸਾ ਤਹਿਸੀਲ ਸ਼ਰਕਪੁਰ ਦਾ ਇਸ ਨੇ ਆਪਣੇ ਮਾਤੈਹਤ ਕਰ ਲਿਆ। ਸੱਯਦ ਵਾਲੇ ਦੇ ਕਪੂਰ ਸਿੰਘ ਦੀ ਜਦ ਇਸ ਦੇ ਨਾਲ ਲੜਾਈ ਹੋਈ ਤਦ ਇਹਨੇ ਓਹਨੂੰ ਸ਼ਕਸਤ ਦੇ ਕੇ ਓਹਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ੧੮੩੯ ਨੂੰ ਇਹ ਸਰਦਾਰ ਚਲਾਣਾ ਕਰ ਗਿਆ। ਇਸ ਦੇ ਤਿੰਨ ਬੇਟੇ ਭਗਵਾਨ ਸਿੰਘ, ਖ਼ਜ਼ਾਨ ਸਿੰਘ ਤੇ ਗਿਆਨ ਸਿੰਘ ਸਨ। ਭਗਵਾਨ ਸਿੰਘ ਆਪਣੇ ਬਾਪ ਦੀ ਜਗ੍ਹਾ ਬੈਠਾ, ਕਿੰਤੂ ਇਹ ਆਪਣੀ ਜਾਇਦਾਦ ਸੰਭਾਲ ਨਹੀਂ ਸਕਿਆ ਤੇ ਵਜੀਰ ਸਿੰਘ, ਕੰਵਰ ਸਿੰਘ ਦੇ ਭਰਾ ਨੇ ਓਹਦਾ ਬਹੁਤ ਸਾਰਾ ਇਲਾਕਾ ਦਬਾ ਲਿਆ। ਭਗਵਾਨ ਸਿੰਘ ਨੇ ਆਪਣੀ ਭੈਣ ਦਾ ਨਾਤਾ ਮਹਾਂ ਸਿੰਘ ਦੇ ਲੜਕੇ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ, ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਓਹਦੀ ਮਦਦ ਤੇ ਹੋ ਗਿਆ ਤੇ ਜੇਹੜਾ ਇਲਾਕਾ ਓਹਦਾ ਵਜ਼ੀਰ ਸਿੰਘ ਨੇ ਦਬਾ ਲਿਆ ਸੀ, ਛਡਾ ਲਿਆ। ਫਿਰ ੧੮੪੫ ਬਿਕ੍ਰਮੀ ਵਿੱਚ ਮਹਾਂ ਸਿੰਘ ਨੇ ਭਗਵਾਨ ਸਿੰਘ ਤੇ ਵਜ਼ੀਰ ਸਿੰਘ ਨੂੰ ਅੰਮ੍ਰਿਤਸਰ ਬੁਲਾ ਕੇ ਪਹਿਲਾਂ ਇਨ੍ਹਾਂ ਦੀ ਆਪਸ ਵਿੱਚ ਸੁਲਾਹ ਕਰਾਈ ਤੇ ਫਿਰ ਜੈ ਸਿੰਘ ਘਨੱਯਾ ਦੇ ਟਾਕਰੇ ਤੇ ਇਸ ਨੂੰ ਖੜ੍ਹਾ ਕਰ ਦਿੱਤਾ ਗਿਆ। ਇਸ ਲੜਾਈ ਵਿੱਚ ਜੈ ਸਿੰਘ ਨੂੰ ਹਾਰ ਹੋਈ। ਪਰੰਤੂ ਇਸ ਦੇ ਪਿੱਛੋਂ ਭਗਵਾਨ ਸਿੰਘ ਤੇ ਵਜ਼ੀਰ ਸਿੰਘ ਦੀ ਆਪਸ ਵਿੱਚ ਫਿਰ ਲੜਾਈ ਹੋ ਗਈ। ਸੰਮਤ ੧੮੩੫ ਨੂੰ ਵਜ਼ੀਰ ਸਿੰਘ ਦੇ ਹੱਥੋਂ ਭਗਵਾਨ ਸਿੰਘ ਮਾਰਿਆ ਗਿਆ ਤੇ ਓਹਦੀ ਜਗ੍ਹਾ ਓਹਦਾ ਛੋਟਾ ਭਾਈ ਗਿਆਨ ਸਿੰਘ ਸਰਦਾਰ ਬਣਿਆ। ਇਸ ਦੇ ਪਿੱਛੋਂ ਸਰਦਾਰ ਹੀਰਾ ਸਿੰਘ ਮਿਸਲ ਦੇ ਅਸਲ ਬਾਨੀ ਦੇ ਪੁੱਤਰ ਦਲ ਸਿੰਘ ਤੇ ਵਜ਼ੀਰ ਸਿੰਘ ਵਿੱਚ ਲੜਾਈ ਸ਼ੁਰੂ ਹੋ ਗਈ। ਦਲ ਸਿੰਘ ਚਾਹੁੰਦਾ ਸੀ ਕਿ ਵਜ਼ੀਰ ਸਿੰਘ ਨੂੰ ਕਤਲ ਕਰ ਕੇ ਨਿੱਕਲ ਜਾਵੇ, ਕਿੰਤੂ ਓਹਦੇ ਨੌਕਰਾਂ ਨੇ ਓਸ ਦਾ ਵੀ ਕੰਮ ਪੂਰਾ ਕਰ ਦਿੱਤਾ।
ਸੰਮਤ ੧੮੪੯ ਬਿਕ੍ਰਮੀ ਨੂੰ ਮਹਾਂ ਸਿੰਘ ਦੇ ਮਗਰੋਂ ਭਗਵਾਨ ਸਿੰਘ ਨੇ ਆਪਣੀ ਭੈਣ ਦਾਤਾਰ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕਰ ਦਿੱਤਾ, ਜਿਸ ਦੇ ਘਰ ਸੰਮਤ ੧੮੫੪ ਬਿਕ੍ਰਮੀ ਵਿੱਚ ਮਹਾਰਾਜਾ ਖੜਗ ਸਿੰਘ ਉਤਪੰਨ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਐਸ਼ਵਰਜ ਤੇ ਪ੍ਰਤਾਪ ਵਧਣ ਦੇ ਨਾਲ ਜਿਵੇਂ ਹੋਰ ਇਲਾਕੇ ਇਨ੍ਹਾਂ ਦੀ ਸਲਤਨਤ ਵਿੱਚ ਭੇਟ ਹੋ ਗਏ। ਇਵੇਂ ਹੀ ਨਕੇਈ ਖਾਨਦਾਨ ਨੇ ਵੀ ਆਪਣੀ ਜਾਇਦਾਦ ਖਾਲਸਾ ਸਲਤਨਤ ਵਿੱਚ ਮਿਲਾ ਦਿੱਤੀ। ਸੰਮਤ ੧੮੬੪ ਬਿਕ੍ਰਮੀ ਵਿੱਚ ਜਦ ਗਿਆਨ ਸਿੰਘ ਮਰ ਗਿਆ ਤਦ ਓਹਦੇ ਲੜਕੇ ਕਾਹਨ ਸਿੰਘ ਨੂੰ ਭੜਵਾਲ ਵਿੱਚ ੧੫ ਹਜ਼ਾਰ ਦੀ ਜਾਗੀਰ ਦਿੱਤੀ ਤੇ ਖਜ਼ਾਨ ਸਿੰਘ ਨੂੰ ਨਾਨਕੋਟ ਦਾ ਇਲਾਕਾ ਬਖਸ਼ਿਆ। ਭਾਵੇਂ ਕਾਹਨ ਸਿੰਘ ਦਾ ਲੜਕਾ ਅਤਰ ਸਿੰਘ ਮੁਲਤਾਨ ਦੀ ਲੜਾਈ ਵਿੱਚ ਦੁਸ਼ਮਨਾਂ ਨਾਲ ਜਾ ਮਿਲਿਆ ਸੀ, ਕਿੰਤੂ ਕਾਹਨ ਸਿੰਘ ਦੇ ਬੁਢਾਪੇ ਨੂੰ ਵੇਖ ੨੪੩) ਦੀ ਪਿਨਸਨ ਜੀਉਂਦਿਆਂ ਰਹਿਣ ਤਕ ਗਿਆਰਾਂ ਹਜ਼ਾਰ ਨੌ ਸੌ ਨੱਬੇ ਦੀ ਜਾਗੀਰ ਦਿੱਤੀ ਤੇ ਪ੍ਰਗਨਾ ਬਹੜਵਾਲ ਦਾ ਆਨਰੇਰੀ ਮੈਜਸਟ੍ਰੇਟ ਨੀਯਤ ਕੀਤਾ।
ਸੰਮਤ ੧੯੧੪ ਵਿੱਚ ਕਾਹਨ ਸਿੰਘ ਦਾ ਬੇਟਾ ਚਤਰ ਸਿੰਘ ਤੇ ਸੰਮਤ ੧੯੩੧ ਵਿਚ ਕਾਹਨ ਸਿੰਘ ਮਰ ਗਿਆ। ਹੁਣ ਰਣਜੋਧ ਸਿੰਘ ਜ਼ਿਲ੍ਹਾ ਮਿੰਟਗੁਮਰੀ ਵਿੱਚ ਖਾਨਦਾਨ ਦਾ ਵਾਰਸ ਹੋਇਆ, ਕਿੰਤੂ ਸਤ ਹਜ਼ਾਰ ਚਾਰ ਸੌ ਦੀ ਜਾਗੀਰ ਤੇ ੧੪ ਸੌ ਘੂਮਾ ਜ਼ਮੀਨ ਦੀ ਮਾਲਕੀ ਜੋ ਆਖੀਰ ਵਿੱਚ ਰਹਿ ਗਈ ਸੀ, ਇੰਜ ਵੰਡੀ ਗਈ: ਰਣਜੋਧ ਸਿੰਘ ਨੂੰ ਦੋ ਹਜ਼ਾਰ ਦੀ ਜਾਗੀਰ ਹਮੇਸ਼ਾਂ ਵਾਸਤੇ, ਈਸ਼ਰ ਸਿੰਘ ਨੂੰ ਬਾਰਾਂ ਸੌ, ਅਤਰ ਸਿੰਘ ਨੂੰ ਉਮਰ ਭਰ ਲਈ ੨੪੦), ਠਾਕਰ ਸਿੰਘ, ਪ੍ਰਤਾਪ ਸਿੰਘ, ਲਹਿਣਾ ਸਿੰਘ ਤੇ ਕਾਹਨ ਸਿੰਘ ਦੀ ਤੀਵੀਂ ਨੂੰ ਉਮਰ ਭਰ ਲਈ ਛੀ ਛੀ ਸੌ ਜੋ ਇਨ੍ਹਾਂ ਦੇ ਮਰਨ ਪਿੱਛੋਂ ਸਲਤਨਤ ਵਿੱਚ ਸ਼ਾਮਿਲ ਹੋ ਗਈ। ਅਤਰ ਸਿੰਘ ਜੈਲਦਾਰ ਹੈ, ਈਸ਼ਰ ਸਿੰਘ ਤੇ ਲਹਿਣਾ ਸਿੰਘ ਦੋਵੇਂ ਮੁਸਲਮਾਨ ਹੋ ਗਏ। ਲਹਿਣਾ ਸਿੰਘ ਦਰਯਾਏ ਰਾਵੀ ਦੇ ਕੰਢੇ ਚਾਰ ਹਜ਼ਾਰ ਘੁਮਾਂ ਜ਼ਮੀਨ ਦਾ ਮਾਲਕ ਹੈ।
ਪੰਜਵੀਂ ਮਿਸਲ ਡਲੇ ਵਾਲੇ ਸਰਦਾਰ
ਸ਼ਜਰਾ
ਡੱਲੇ ਵਾਲੀ ਮਿਸਲ ਦਾ ਕਰਤਾ ਸਰਦਾਰ ਗੁਲਾਬ ਸਿੰਘ ਡਲੇ ਵਾਲੀ ਇਲਾਕਾ ਸੁਲਤਾਨਪੁਰ ਦਵਾਬਾ ਬਿਸਤ ਜਾਲੰਧਰ ਦਾ ਵਸਨੀਕ ਸੀ। ਇਸ ਦਾ ਬਾਪ ਸਰਧਾ ਰਾਮ ਖੱਤਰੀ ਦੁਕਾਨਦਾਰ ਸੀ। ੧੭੮੩ ਵਿੱਚ ਇਸ ਨੇ ਸਿੱਖਾਂ ਦਾ ਮਜ਼ਬ ਕਬੂਲ ਕੀਤਾ ਤੇ ਦੇਸ਼ ਤੇ ਕੌਮ ਦੀ ਸੇਵਾ ਲਈ ਮੈਦਾਨ ਵਿੱਚ ਨਿੱਕਲ ਪਿਆ। ਆਦਮੀ ਹੋਨਹਾਰ ਤੇ ਬੜਾ ਦਿਲ ਵਾਲਾ ਸੀ, ਥੋੜ੍ਹੇ ਹੀ ਦਿਨਾਂ ਵਿੱਚ ਇਸ ਨੇ ਸਿੱਖਾਂ ਦੇ ਜੱਥਿਆਂ ਵਿੱਚ ਸ਼ਾਮਿਲ ਹੋ ਕੇ ਲਾਹੌਰ, ਕਸੂਰ, ਤੇ ਜਾਲੰਧਰ ਆਦਿਕ ਇਲਾਕਿਆਂ ਦੀ ਸੋਧ ਵਿੱਚ ਬੜੀ ਸੂਰਮਤਾ ਵਿਖਾਈ। ਫਿਰ ਥੋੜ੍ਹੇ ਜਿਹੇ ਸਰਦਾਰਾਂ ਨੂੰ ਲੈ ਕੇ ਆਪਣਾ ਵੱਖਰਾ ਜੱਥਾ ਬਣਾ ਲਿਆ। ਇਸ ਦੀ ਜ਼ਬਾਨ ਮਿੱਠੀ ਤੇ ਆਪ ਬੜਾ ਮਿਲਣਸਾਰ ਸੀ। ਇਸ ਕਰ ਕੇ ਇਹਦੇ ਸਾਰੇ ਮੇਲੂ ਇਸ ਤੇ ਬੜਾ ਖੁਸ਼ ਰਹਿੰਦੇ ਸਨ ਤੇ ਆਪਣੇ ਸਾਥੀਆਂ ਵਿੱਚ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਜਵਾਨ ਮਰਦ ਤੇ ਦਲੇਰ ਅਜਿਹਾ ਸੀ ਕਿ ਇੱਕ ਵਾਰ ਵਿਸਾਖੀ ਦੇ ਸਮੇਂ (ਸੰਮਤ ਬਿਕ੍ਰਮੀ ੧੮੦੭) ਕੇਵਲ ਡੇਢ ਸੌ ਸਵਾਰਾਂ ਦੇ ਨਾਲ ਜਾਲੰਧਰ ਸ਼ਹਿਰ ਵਿੱਚ ਜਾ ਵੜਿਆ, ਉੱਥੋਂ ਦੇ ਹਾਕਮ ਦੀ ਸਪਾਹ ਨਾਲ ਲੜਾਈ ਸ਼ੁਰੂ ਹੋ ਗਈ। ਸੈਂਕੜੇ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਖਾਲਸਾ ਫੌਜ ਵਿੱਚ ਜੋ ਓਹਨੀ ਦਿਨੀਂ ਕਰਤਾਰਪੁਰ ਠਹਿਰੀ ਹੋਈ ਸੀ, ਜਾ ਮਿਲਿਆ। ਉਸੇ ਦਿਨ ਤੋਂ ਖਾਲਸਾ ਜੱਥਿਆਂ ਵਿੱਚ ਇਹਦੀ ਬਹਾਦਰੀ ਦੀ ਕੀਰਤੀ ਫੈਲ ਗਈ। ਦਿਨ-ਬ-ਦਿਨ ਓਹਦੀ ਤਰੱਕੀ ਦਾ ਹਾਲ ਵੇਖ ਕੇ ਹਰਦਿਆਲ ਸਿੰਘ, ਗੁਰਦਿਆਲ ਸਿੰਘ, ਜੈਮਲ ਸਿੰਘ ਆਦਿਕ ਓਹਦੇ ਭਾਈਬੰਦਾਂ ਨੇ ਵੀ ਅੰਮ੍ਰਿਤ ਛਕ ਲਿਆ। ਸਿੰਘ ਸਜ ਗਏ ਤੇ ਜੱਥਿਆਂ ਵਿੱਚ ਸ਼ਾਮਿਲ ਹੋ ਕੇ ਮੁਲਕ ਦੀ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ।
ਇਕ ਦਿਨ ਸੰਮਤ ੧੮੦੮ ਬਿਕ੍ਰਮੀ ਨੂੰ ਇਸੇ ਗੁਲਾਬ ਸਿੰਘ ਨੇ ਐਮਨਾਬਾਦ ਤੇ ਛਾਪਾ ਮਾਰਿਆ। ਜਸਪਤਰਾਏ ਨੇ ਪਿੱਛਾ ਕੀਤਾ, ਕਿੰਤੂ ਬੜੀ ਬਹਾਦਰੀ ਨਾਲ ਨਿੱਕਲ ਆਇਆ। ਉਪਰੰਤ
ਸੰਮਤ ੧੮੧੦ ਨੂੰ ਜਦ ਉੱਥੋਂ ਰੋੜੀ ਸਾਹਿਬ ਦਾ ਮੇਲਾ ਲੱਗਾ ਤੇ ਹੋਰ ਪਾਸੇ ਤੋਂ ਸਿੰਘ ਇਕੱਠੇ ਹੋਏ ਅਤੇ ਜਿਸ ਵੇਲੇ ਜਸਪਤ ਰਾਏ ਨੇ ਸਿੰਘਾਂ ਨੂੰ ਉਥੋਂ ਉਠਾਣਾ ਚਾਹਿਆ ਤੇ ਗੁਰਦੁਆਰੇ ਦੀ ਬੇਅਦਬੀ ਕੀਤੀ ਤਦ ਉਸੇ ਗੁਲਾਬ ਸਿੰਘ ਨੇ ਉਹਨੂੰ ਗੋਲੀ ਨਾਲ ਮਾਰ ਦਿੱਤਾ, ਚੂੰਕਿ ਸਰਦਾਰ ਕਰੋੜਾ ਸਿੰਘ ਤੇ ਗੁਲਾਬ ਸਿੰਘ ਦੋਵੇਂ ਆਪਸ ਵਿੱਚ ਧਰਮ ਦੇ ਭਰਾ ਬਣੇ ਹੋਏ ਸਨ। ਇਸ ਵਾਸਤੇ ਦੋਨਾਂ ਨੇ ਏਕਾ ਕਰ ਕੇ ੧੮੧੩ ਵਿੱਚ ਹਰਦੁਵਾਰ ਵੱਲ ਕੂਚ ਕੀਤਾ। ਪਹਿਲਾਂ ਤਾਂ ਗੰਗਾ ਦੇ ਪੰਡਿਆਂ ਨੂੰ ਸੋਧਿਆ ਫਿਰ ਨਜੀਬਾਬਾਦ ਦੇ ਨਜੀਬ ਖਾਂ ਰੋਹੇਲੇ ਨੂੰ ਜਾ ਘੇਰਿਆ। ਭਾਵੇਂ ਨਵਾਬ ਦੋਂਦੇ ਖਾਂ ਨੇ ਬੜੀ ਸਰਗਰਮੀ ਨਾਲ ਇਨ੍ਹਾਂ ਦਾ ਟਾਕਰਾ ਕੀਤਾ, ਕਿੰਤੂ ਛੇਤੀ ਹੀ ਮੈਦਾਨ ਛੱਡ ਕੇ ਨੱਸ ਪਿਆ। ਮੇਰਠ ਦੇ ਨਵਾਬ ਜ਼ਾਬਤਾ ਖਾਂ ਦਾ ਅੜਵੰਗਪੁਣਾ ਦੂਰ ਕੀਤਾ। ਮੁਜ਼ਫਰਨਗਰ, ਦੇਵਬੰਦ, ਮੀਰਾਪੁਰ ਦੇ ਵੱਲ ਫੇਰਾ ਪਾਇਆ। ਇਨ੍ਹਾਂ ਸਾਰਿਆਂ ਨੇ ਟਾਕਰੇ ਦੀ ਹਿੰਮਤ ਨਾ ਰਖਣ ਦੇ ਕਾਰਨ ਨਜ਼ਰਾਨੇ ਪੇਸ਼ ਕਰ ਕੇ ਅਧੀਨਤਾ ਸ੍ਵੀਕਾਰ ਕਰ ਲਈ। ਫਿਰ ਸਹਾਰਨਪੁਰ ਜਾ ਪੁੱਜੇ। ਉੱਥੇ ਵੀ ਆਪਣਾ ਸਿੱਕਾ ਬਿਠਾ ਕੇ ਪੰਜਾਬ ਨੂੰ ਵਾਪਸ ਮੁੜ ਆਏ।
੧੮੧੫ ਬਿਕਰਮੀ ਨੂੰ ਜਦ ਐਹਮਦ ਸ਼ਾਹ ਅਬਦਾਲੀ ਮੁਲਕ ਹਿੰਦੋਸਤਾਨ ਵਿਚ ਬਹੁਤ ਸਾਰੀ ਦੌਲਤ ਲੁੱਟ ਕੇ ਹਿੰਦੂ ਨੌਜਵਾਨ ਲੜਕੀਆਂ ਨੂੰ ਬਦੋ ਬਦੀ ਫੜ ਕੇ ਵਾਪਸ ਹੋਇਆ ਤੇ ਦਰਯਾਏ ਰਾਵੀ ਨੂੰ ਲੰਘਣ ਸਮੇਂ ਸਿੱਖਾਂ ਨੇ ਓਹਦੇ ਲਸ਼ਕਰ ਨੂੰ ਜਾ ਘੇਰਿਆ ਤਾਂ ਇਸ ਲੜਾਈ ਵਿੱਚ ਵੀ ਇਹ ਦੋਵੇਂ ਸਰਦਾਰ ਸ਼ਾਮਲ ਸਨ। ਬਹੁਤ ਸਾਰਾ ਲੁੱਟ ਦਾ ਮਾਲ ਇਨ੍ਹਾਂ ਦੇ ਹੱਥ ਆਇਆ। ਹਿੰਦੂ ਲੜਕੀਆਂ ਨੂੰ ਜਾਲਮਾਂ ਪਾਸੋਂ ਛੁਡਾ ਕੇ ਘਰੋ ਘਰੀ ਅਪੜਾ ਦਿੱਤਾ। ਇਸੇ ਸਾਲ ਕਿਸੇ ਮੁਖਬਰ ਨੇ ਖ਼ਬਰ ਦਿੱਤੀ ਕਿ ਸ਼ਾਹੀ ਖਜਾਨੇ ਦਾ ਪੰਜ ਲਖ ਰੁਪਯਾ ਸਰਾਏ ਰਾਵਲਪਿੰਡੀ ਤੇ ਰੋਹਤਾਸ ਦੇ ਇਲਾਕੇ ਦਾ ਵਸੂਲ ਹੋ ਕੇ ਲਾਹੌਰ ਆ ਰਿਹਾ ਹੈ। ਖਾਲਸੇ ਨੂੰ ਜ਼ਾਲਮਾਂ ਦੀ ਸੋਧਾਦਿ ਵਿੱਚ ਕਈ ਦਿਨ ਕੜਾਕੇ ਹੀ ਬੀਤਦੇ ਸਨ। ਇਹ ਖ਼ਬਰ ਸੁਣਦੇ ਹੀ ਇਹ ਦੋਵੇਂ ਸਰਦਾਰ ਡੇਹਰਾ ਬਾਬਾ ਨਾਨਕ ਤੋਂ ਚੱਲ ਕੇ ਜੇਹਲਮ ਦੇ ਪਾਸ ਬਿਜਲੀ ਦੀ ਤਰ੍ਹਾਂ ਕੜਕ ਕੇ ਵੈਰੀ ਤੇ ਜਾ ਪਏ। ਖ਼ਜ਼ਾਨੇ ਦਾ ਮੁਹਾਫਜ਼ ਥੋੜ੍ਹੀ ਜਿਹੀ ਲੜਾਈ ਨਾਲ ਨੱਸ ਗਿਆ। ਇਨ੍ਹਾਂ ਨੇ ਪੰਜ ਲਖ ਰੁਪਯਾ ਲੁੱਟ ਕੇ ਖਾਲਸੇ ਦੇ ਦਲਾਂ ਵਿਚ ਲਿਆ ਕੇ ਰਸਦ ਲੈ ਆਂਦੀ।
ਇਸ ਦੀਆਂ ਐਹੋ ਜਿਹੀਆਂ ਬਹਾਦਰੀਆਂ ਤੇ ਵੰਡ ਛਕਣ ਦੇ ਸੁਭਾਓ ਤੋਂ ਪੰਥ ਵਿੱਚ ਇਹਦਾ ਬੜਾ ਮਾਨ ਹੋਂਦਾ ਸੀ। ਇਸ ਦੇ ਜੱਥੇ ਦੇ ਲੋਕ ਇਹਦੇ ਨਾਲ ਰਹਿਣਾ ਪਸੰਦ ਕਰਦੇ ਸਨ। ਹੌਲੀ ਹੌਲੀ ਗੁਲਾਬ ਸਿੰਘ ੬ ਹਜ਼ਾਰ ਸਵਾਰ ਦਾ ਮਾਲਕ ਬਣ ਗਿਆ।
ਸੰਮਤ ੧੮੧੬ ਨੂੰ ਆਲੂ ਕਲਾਨੌਰ ਦੇ ਜੰਗ ਵਿੱਚ ਸ਼ਹੀਦ ਹੋ ਗਿਆ। ਇਸ ਦੇ ਪੁੱਤਰ ਜੈ ਪਾਲ ਸਿੰਘ ਤੇ ਹਰਦਿਆਲ ਸਿੰਘ ਬਸੌਲੀ ਦੇ ਮੁਕਾਮ ਤੇ ਨਿੱਕੇ ਘਲੂਘਾਰਾ ਵਿੱਚ ਸ਼ਹੀਦ ਹੋ ਗਏ ਸਨ। ਇਸ ਕਰ ਕੇ ਇਨ੍ਹਾਂ ਦੇ ਮੁਸਾਹਬ ਗੁਰਦਿਆਲ ਸਿੰਘ ਨੂੰ ਪੰਥ ਖਾਲਸੇ ਨੇ ਮਿਸਲ ਦਾ ਆਗੂ ਬਣਾਇਆ, ਕਿੰਤੂ ਇਹ ਵੀ ਇੱਕ ਸਾਲ ਮਗਰੋਂ ਢਾਬੇ ਦੀ ਲੜਾਈ ਵਿੱਚ ਗੋਲੀ ਨਾਲ ਮਾਰਿਆ ਗਿਆ। ਇਸ ਤੋਂ ਪਿੱਛੋਂ ਇਸ ਦੀ ਮਿਸਲ ਦਾ ਜੱਥੇਦਾਰ ਤਾਰਾ ਸਿੰਘ ਬਣਿਆ।
ਇਹ ਤੋੜਾਵਾਲੀ ਦਾ ਰਹਿਣ ਵਾਲਾ ਸੀ। ਪਹਿਲਾਂ ਇਹ ਬੱਕਰੀਆਂ ਚਾਰਿਆ ਕਰਦਾ ਸੀ। ਸਿੱਖਾਂ ਦਾ ਐਸ਼ਵਰਜ, ਪ੍ਰਤਾਪ ਕੁਰਬਾਨੀ ਤੇ ਨਿਸ਼ਕਾਮ ਪੰਥ ਸੇਵਾ ਦੇਖ ਬਕਰੀਆਂ ਵੇਚ ਕੇ ਅੰਮ੍ਰਿਤ ਛੱਕ ਸਿੰਘ ਸਜ ਗਿਆ ਤੇ ਗੁਲਾਬ ਸਿੰਘ ਡਲੇ ਵਾਲੇ ਦੇ ਨਾਲ ਲੜਾਈਆਂ ਵਿੱਚ ਸ਼ਾਮਿਲ ਰਹਿਣ ਲੱਗਾ। ਇਹ ਆਦਮੀ ਬਹਾਦਰ ਤੇ ਸਿਆਣਾ ਸੀ ਤੇ ਆਪਣੇ ਸੁਭਾਓ ਨਾਲ ਹਰ ਇੱਕ ਨੂੰ ਖ਼ੁਸ਼ ਰੱਖਦਾ ਸੀ। ਇਸ ਕਰ ਕੇ ਗੁਲਾਬ ਸਿੰਘ ਦੀ ਜ਼ਿੰਦਗੀ ਵਿੱਚ ਹੀ ਖ਼ਾਸ ਆਦਮੀਆਂ ਵਿਚੋਂ ਸਮਝਿਆ ਜਾਂਦਾ ਸੀ। ਆਪਣੀ ਦਾਨਾਈ ਤੇ ਹਿੰਮਤ ਨਾਲ ਮਿਸਲ ਦਾ ਜੱਥੇਦਾਰ ਬਣ ਗਿਆ। ਥੋੜ੍ਹੇ ਦਿਨਾਂ ਮਗਰੋਂ ਇਹਦੇ ਪ੍ਰਤਾਪ ਦਾ ਸਤਾਰਾ ਅਜਿਹਾ ਚਮਕਿਆ ਜਦ ਇਹ ਸਰਦਾਰ ਹਰੀ ਸਿੰਘ ਭੰਗੀ ਦੇ ਨਾਲ ਕਸੂਰ ਦੀ ਲੜਾਈ ਵਿਚ ਗਿਆ, ਤਦ ਬੜੀ ਬਹਾਦਰੀ ਦੇ ਜੌਹਰ ਵਿਖਾਏ। ਅਦੀਨਾ ਬੇਗ ਦੇ ਦੀਵਾਨ ਬਿਸੰਭਰ ਦਿਆਲ ਦੇ ਨਾਲ ਲੜਾਈ ਹੋਣ ਤੇ ਓਸ ਨੂੰ ਮਾਰ
ਦਿੱਤਾ ਤੇ ਇਹਦੇ ਤਿੰਨ ਲੱਖ ਰੁਪਯਾਂ ਦੇ ਇਲਾਕੇ ਤੇ ਕਬਜਾ ਕਰ ਲਿਆ। ਆਪਣੇ ਬਰਾਦਰੀ ਤੇ ਸੰਬੰਧੀਆਂ ਨੂੰ ਗੁਰੂ ਘਰ ਦੀ ਸਿਖਿਆ ਦੇ ਕੇ ਸਾਰਿਆਂ ਨੂੰ ਸਿੰਘ ਸਜਾ ਲਿਆ। ਇਸੇ ਤਰ੍ਹਾਂ ਇਸ ਦਾ ਸੁਚਾ ਆਚਰਨ ਉੱਚਾ ਜੀਵਨ ਵੇਖ ਚੌਧਰੀ ਗੌਹਰ ਦਾਸ ਸਾਕਨ ਕਿੰਗ ਜੋ ਦਰਿਆਏ ਸਤਲਜ ਦੇ ਲੈਂਹਦੇ ਪਾਸੇ ਹੈ, ਸਿੰਘ ਬਣ ਗਿਆ। ਚੌਧਰੀ ਦੇ ਸਿੰਘ ਬਣਦੇ ਹੀ ਇਸ ਦਾ ਸਾਰਾ ਪਿੰਡ ਸਿੰਘ ਸਜ ਗਿਆ ਤੇ ਸਾਰੇ ਦੇ ਸਾਰੇ ਤਾਰਾ ਸਿੰਘ ਦੇ ਜੱਥੇ ਵਿਚ ਸ਼ਾਮਿਲ ਹੋ ਗਏ। ਥੋੜ੍ਹੇ ਹੀ ਚਿਰ ਵਿੱਚ ਤਾਰਾ ਸਿੰਘ ਦੇ ਜੱਥੇ ਵਿੱਚ ੧੦ ਹਜ਼ਾਰ ਸਿੰਘ ਹੋ ਗਿਆ।
ਜੇਠ ਸੰਮਤ ੧੮੨੦ ਬਿਕ੍ਰਮੀ ਨੂੰ ਇਸ ਨੇ ਸਿੱਖਾਂ ਦੇ ਨਾਲ ਸ਼ਾਮਿਲ ਹੋ ਕੇ ਸਰਹਿੰਦ ਤੇ ਹਮਲਾ ਕੀਤਾ, ਜੈਨ ਖਾਂ ਸਰਹੰਦ ਦਾ ਹਾਕਮ ਮਾਰਿਆ ਗਿਆ। ਇਸ ਨੇ ਧਰਮਕੋਟ ਘੋਗ ਰਾਨਾ ਬਦੋਵਾਲ ਦਖਣੀ ਆਦਿ ਤੇ ਆਪਣਾ ਕਬਜਾ ਕਰ ਲਿਆ ਤੇ ਖ਼ਾਸ ਕਸਬਾ ਰਾਹੂੰ ਨੂੰ ਆਪਣਾ ਕੇਂਦਰੀ ਅਸਥਾਨ ਬਣਾ ਕੇ ੮ ਲੱਖ ਦੀ ਆਮਦਨੀ ਦੇ ਮੁਲਕ ਤੇ ਕਬਜ਼ਾ ਕਰ ਬੈਠਾ, ਦਿਨ-ਬ-ਦਿਨ ਇਹਦਾ ਸਤਾਰਾ ਚਮਕਣ ਲੱਗਾ।
ਸਰਦਾਰਾਨ ਥਾਨੇਸਰੀ, ਰੋਪੜ, ਸਿਆਲੀਆਂ, ਖੇੜੀ, ਖਮਾਨੋ ਸਾਰੇ ਇਸ ਦੇ ਅਧੀਨ ਹੋ ਗਏ।
ਇਕ ਵਾਰ ਦੀ ਗੱਲ ਹੈ ਕਿ ਸੰਸਾਰ ਚੰਦ ਨੇ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਨੂੰ ਟਪਲਾ ਦੇ ਕੇ ਤਾਰਾ ਸਿੰਘ ਤੇ ਚੜ੍ਹਾਈ ਕਰਾ ਦਿੱਤੀ ਤੇ ਕਿਲ੍ਹਾ ਦੱਖਣੀ ਤੇ ੨੦ ਦਿਨਾਂ ਤੱਕ ਲੜਾਈ ਹੋਂਦੀ ਰਹੀ। ਕਿੰਤੂ ਤਾਰਾ ਸਿੰਘ ਨੇ ਆਪਣੀ ਬਹਾਦਰੀ ਤੇ ਜਵਾਂਮਰਦੀ ਨਾਲ ਓਹਨੂੰ ਗਾਲਬ ਨਹੀਂ ਹੋਣ ਦਿੱਤਾ ਤੇ ਸਾਰੇ ਨਾਕਾਮਯਾਬ ਹੋ ਕੇ ਵਾਪਸ ਮੁੜੇ।
ਸੰਮਤ ੧੮੫੯ ਬਿਕ੍ਰਮੀ ਨੂੰ ਇਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਵੀ ਸ਼ਕਸਤ ਦਿੱਤੀ। ਇਹ ਸਰਦਾਰ ਬੜਾ ਦਾਨੀ ਸੀ। ਹਰ ਪਿੰਡ ਵਿੱਚ ਇਸ ਨੇ ਗ਼ਰੀਬਾਂ ਲਈ ਲੰਗਰ ਲਾਏ ਹੋਏ ਸਨ। ਆਪਣੀ ਪ੍ਰਜਾ ਨੂੰ ਬੜਾ ਪ੍ਰਸੰਨ ਰੱਖਦਾ ਸੀ। ਇਹ ਹੀ ਕਾਰਨ ਹੈ ਕਿ ਜਦ ਕਦੀ ਇਸ ਤੇ ਕੋਈ ਦੁਸ਼ਮਣ ਹਮਲਾ ਕਰਦਾ ਤਦ ਪ੍ਰਜਾ ਇਕੱਠੀ ਹੋ ਕੇ ਮਦਦ ਲਈ ਨਿੱਕਲ ਆਉਂਦੀ ਤੇ ਵੈਰੀ ਦੀ ਕੋਈ ਪੇਸ਼ ਜਾਣ ਨਾ ਦੇਂਦੀ। ਇੱਕ ਵਾਰ ਇਹ ਸਰਦਾਰ ੩੦ ਮੀਲ ਦਾ ਧਾਵਾ ਕਰ ਕੇ ਦਾਦਾਪਰ ਤੇ ਅਚਨਚੇਤ ਜਾ ਪਿਆ ਤੇ ਓਥੋਂ ਦੇ ਅਨਿਯਾਈ ਹਾਕਮ ਨੂੰ ਪਾਰ ਬੁਲਾਇਆ।
ਇਸ ਦੇ ਤਿੰਨ ਪੁੱਤਰ ਸਨ ਗੁਜਰ ਸਿੰਘ ਨੂੰ ਪ੍ਰਗਣਾ ਤੇ ਕਿਲ੍ਹਾ ਘੁੰਗਰਾਣਾ ਧਰਮਕੋਟ ਤੇ ਦਸੌਂਧਾ ਸਿੰਘ ਨੂੰ ਕਿਲ੍ਹਾ ਦੱਖਣੀ ਬਦੋਵਾਲ ਸਤਲੁਜ ਦੇ ਖੱਬੇ ਪਾਸੇ ਤੇ ਤੀਜੇ ਝੰਡਾ ਸਿੰਘ ਨੂੰ ਦਵਾਬਾ ਬਿਸਤ ਜਾਲੰਧਰ ਨਕੋਦਰ ਮਾਝਪੁਰ ਬਲੋ ਕੀ ਤੀਹ ਤੀਹ ਹਜ਼ਾਰ ਦੀ ਆਮਦਨੀ ਦੀਆਂ ਜਾਗੀਰਾਂ ਦੇ ਕੇ ਅੱਡ ਕਰ ਦਿੱਤਾ। ਬਾਕੀ ਮੁਲਕ ਜੋ ਪੰਜ ਲੱਖ ਦੇ ਕਰੀਬ ਸੀ, ਆਪਣੇ ਪਾਸ ਰੱਖਿਆ ਜੋ ਸੰਮਤ ੧੮੬੪ ਨੂੰ ਭਾਗ ਸਿੰਘ ਦੇ ਚਲਾਣਾ ਕਰ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਲਤਨਤ ਵਿੱਚ ਸ਼ਾਮਿਲ ਕਰ ਲਿਆ। ਤਾਰਾ ਸਿੰਘ ਦੀ ਸਿੰਘਣੀ ਨੇ ਹਾਥੀ ਦਾ ਇੱਕ ਜ਼ੰਜੀਰ ਪੰਜ ਘੋੜੇ ੬ ਲੱਖ ਰੁਪਯਾ ਮਹਾਰਾਜਾ ਰਣਜੀਤ ਸਿੰਘ ਨੂੰ ਮਾਤਮ ਪੁਰਸੀ ਤੇ ਆਉਣ ਦੇ ਸਮੇਂ ਭੇਟਾ ਵਜੋਂ ਦਿੱਤਾ। ਮਹਾਰਾਜਾ ਕਿਲ੍ਹੇ ਦੇ ਵਿਚ ਜਾਣਾ ਚਾਹੁੰਦਾ ਸੀ। ਤਾਰਾ ਸਿੰਘ ਦੀ ਸਿੰਘਣੀ ਨੇ ਅੰਦਰ ਜਾਣ ਦੀ ਆਗਿਆ ਨਾ ਦਿੱਤੀ। ਫੌਜ ਨੇ ਝੱਟ ਕਿਲ੍ਹੇ ਤੇ ਤੋਪ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਓਦਰੋਂ ਤਾਰਾ ਸਿੰਘ ਦੀ ਸਿੰਘਣੀ ਨੇ ਵੀ ਉੱਤਰ ਵਿੱਚ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ। ਦੋਪੈਹਰ ਤੱਕ ਇੰਨੀ ਸਖ਼ਤ ਲੜਾਈ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਦਿਲ ਭੈ ਭੀਤ ਹੋ ਗਏ ਤੇ ਪੈਰ ਉੱਖੜਨ ਲੱਗੇ। ਕਿਲ੍ਹੇ ਵਿੱਚ ਦੇ ਕੁਝ ਨੌਕਰਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਹਲ ਦਿੱਤਾ। ਹੁਣ ਕੀ ਸੀ? ਮਹਾਰਾਜਾ ਰਣਜੀਤ ਸਿੰਘ ਦੀ ਫਤਹ ਹੋਈ। ਝੰਡਾ ਸਿੰਘ ਦੇ ਪਾਸ ਸਤ ਪਿੰਡ ਮਾਲਪੁਰ ਨਕੋਦਰ ਬਲੋਕੀ ਆਦਿ ਰਹਿਣ ਦਿੱਤੇ ਤੇ ਦੋ ਪਿੰਡ ਸਰਦਾਨੀ ਰਤਨ ਕੌਰ ਦੇ ਗੁਜ਼ਾਰੇ ਵਾਸਤੇ ਓਹਨੂੰ ਦਿੱਤੇ, ਜੋ ੧੮੭੭ ਬਿਕ੍ਰਮੀ ਨੂੰ ਬੇਦੀ ਬਿਕ੍ਰਮ ਸਿੰਘ ਦੇ ਕਬਜ਼ੇ ਵਿੱਚ ਆ ਗਏ ਤੇ ਸਿੱਖਾਂ ਦੇ ਪੁੱਤਰ ਰੋਟੀ ਤੋਂ ਆਤਰ ਹੋ ਗਏ।
ਕਿਲ੍ਹਾ ਦੱਖਣੀ ਤਾਂ ਪਹਿਲਾਂ ਹੀ ਦਸੌਂਧਾ ਸਿੰਘ ਤੋਂ ਬੇਦੀ ਸਾਹਿਬ ਸਿੰਘ ਨੇ ਲੈ ਲਿਆ ਸੀ। ਸੋ ਜਦੋਂ ੧੮੬੪ ਤੇ ੬੫ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਲੰਘ ਕੇ ਰਾਜਪੂਤਾਨਾ ਰਾਇਕੋਟਾਂ ਦਾ ਮੁਲਕ ਆਪਣੇ ਮਿੱਤ੍ਰਾਂ ਵਿੱਚ ਵੰਡ ਦਿੱਤਾ। ਓਸੇ ਵੇਲੇ ਗੁਜਰ ਸਿੰਘ, ਦਸੌਂਧਾ ਸਿੰਘ ਪਾਸੋਂ ਵੀ ਘੁਘਰਾਨਾ ਤੇ ਬੱਦੋਵਾਲ ਦਾ ਇਲਾਕਾ ਲੈ ਕੇ ਸਰਦਾਰ ਗੁਰਦਿੱਤ ਸਿੰਘ ਡੱਲੇ ਵਾਲੇ ਨੂੰ ਦੇ ਦਿੱਤਾ। ਓਹਨਾਂ ਨੇ ਬੜਾ ਹੀ ਵਾਵੇਲਾ ਕੀਤਾ। ਕਿੰਤੂ ਜਦ ਓਹਨਾਂ ਦੀ ਕੋਈ ਪੇਸ਼ ਨਾ ਗਈ ਤਦ ਦਸੌਂਧਾ ਸਿੰਘ ਆਪਣੇ ਸਹੁਰੇ ਟੁਰ ਗਿਆ, ਜਿੱਥੇ ਓਹਨੇ ਚਲਾਣਾ ਕੀਤਾ। ਇਹਨਾਂ ਦੀ ਸੰਤਾਨ ਕੋਈ ਨਹੀਂ ਸੀ। ਗੁਜਰ ਸਿੰਘ ਤੇ ਝੰਡਾ ਸਿੰਘ ਨੂੰ ਬੱਲੂ ਦੇ ਪਿੰਡਾਂ ਵਿੱਚੋਂ ਅੱਧ ਮਿਲ ਗਿਆ। ਇਹ ਪਿੰਡ ਤਾਰਾ ਸਿੰਘ ਨੇ ਉਦਾਸੀ ਸਾਧਾਂ ਨੂੰ ਦੇ ਰਖੇ ਸਨ। ਰਤਨ ਕੌਰ ਦੀ ਮਹਾਰਾਜਾ ਨੇ ਇੱਕ ਹਜ਼ਾਰ ਅੱਠ ਸੌ ਰੁਪਯਾ ਮਾਹਾਵਾਰ ਪਿਨਸ਼ਨ ਨੀਯਤ ਕਰ ਦਿੱਤੀ ਜੋ ਓਹ ਆਪਣੀ ਜਿੰਦਗੀ ਭਰ ੧੯੦੬ ਤੱਕ ਖਾਂਦੀ ਰਹੀ। ਇਸ ਦੇ ਗੁਜਰਨ ਨਾਲ ੨੦੦ ਰੁਪਯਾ ਸਾਲਾਨਾ ਦੀ ਪਿਨਸ਼ਨ ਨਾਰਲ ਸਿੰਘ ਨੂੰ ਮਿਲੀ। ਬਖਤਾਵਰ ਸਿੰਘ ਤੇ ਨਾਰਲ ਸਿੰਘ ਨੂੰ ਪਿੰਡ ਬਲੋਕੀ ਤੇ ਸ਼ਰਕਪੁਰ ਦਾ ਅੱਧਾ ਜਿਮੀਂਦਾਰਾ ਤੇ ੨੮੦ ਰੁਪਯੇ ਦੀ ਸਾਲਾਨਾ ਜਾਗੀਰ ਮਿਲੀ। ਨਾਰਲ ਸਿੰਘ ਨੇ ਅੰਗ੍ਰੇਜ਼ੀ ਫੌਜ ਵਿੱਚ ਸੂਬੇਦਾਰ ਰਹਿ ਕੇ ੬੮੫ ਰੁਪਈਏ ਸਾਲਾਨਾ ਦੀ ਪਿਨਸ਼ਨ ਪ੍ਰਾਪਤ ਕੀਤੀ। ਹੁਣ ਏਹਦਾ ਪੁੱਤਰ ਅਮਰ ਸਿੰਘ ੬੮੫ ਰੁਪਯੇ ਦੀ ਜਾਗੀਰ ਤੇ ੪੦ ਘੁਮਾਂ ਜ਼ਮੀਨ ਦਾ ਮਾਲਕ ਪਿੰਡ ਬਲੋਕੀ ਜ਼ਿਲ੍ਹਾ ਜਲੰਧਰ ਵਿੱਚ ਹੈ।
ਛੇਵੀਂ ਮਿਸਲ ਕਰੋੜੀਆਂ ਦੇ ਸਰਦਾਰ
ਇਸ ਮਿਸਲ ਦੇ ਬਨਾਣ ਵਾਲੇ ਅਸਲ ਵਿੱਚ ਸਰਦਾਰ ਸ਼ਾਮ ਸਿੰਘ, ਕਰਮ ਸਿੰਘ ਵਸਨੀਕ ਪੇਚਗੜ੍ਹ ਦੇ ਹੋਏ ਹਨ। ਕਿੰਤੂ ਪਿੱਛੋਂ ਇਹ ਮਿਸਲ ਕਰੋੜਾ ਸਿੰਘ ਪਿੰਡ ਬਰਕੀਆਂ ਦੇ ਮਾਤੈਹਤ ਹੋ ਗਈ ਤੇ ਓਹਨੇ ਆਪਣੀ ਯੋਗਤਾ ਦਾਨਾਈ ਤੇ ਯਤਨ ਨਾਲ ਇਹਨੂੰ ਅਜਿਹੀ ਉੱਨਤੀ ਦਿੱਤੀ ਕਿ ਬਾਰਾਂ ਹਜ਼ਾਰ ਜਵਾਨ ਸਰਦਾਰ ਇਹਦੇ ਨਾਲ ਨਿੱਕਲਣ ਲੱਗੇ ਤੇ ੯-੧੦ ਲੱਖ ਰੁਪਯੇ ਦੀ ਆਮਦਨੀ ਦਾ ਇਲਾਕਾ ਇਹਦੇ ਨਾਲ ਸ਼ਾਮਿਲ ਹੋ ਗਿਆ। ਇਸ ਕਰ ਕੇ ਇਹ ਮਿਸਲ ਬਹੁਤਾ ਕਰ ਕੇ ਇਸੇ ਨਾਮ ਤੋਂ ਪ੍ਰਸਿੱਧ ਹੈ। ਸ੍ਰ. ਸ਼ਾਮ ਸਿੰਘ ਤੇ ਕਰਮ ਸਿੰਘ ਦੇ ਬਹੁਤ ਸਾਰੇ ਸੰਬੰਧੀਆਂ ਨੂੰ ਖਾਨ ਬਹਾਦਰ ਸੂਬਾ ਲਾਹੌਰ ਨੇ ਧੱਕੇ ਨਾਲ ਮੁਸਲਮਾਨ ਕਰ ਲਿਆ ਸੀ। ਦੀਵਾਨ ਦਰਬਾਰਾ ਸਿੰਘ ਤੋਂ ਸ੍ਰ. ਕਰਮ ਸਿੰਘ ਜੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਸਿੱਖਾਂ ਨਾਲ ਸ਼ਾਮਿਲ ਹੋ ਗਏ ਤੇ ਮੁਸਲਮਾਨਾਂ ਦੀ ਸੋਧ ਚੰਗੀ ਤਰ੍ਹਾਂ ਕਰ ਕੇ ਆਪਣੇ ਸੰਬੰਧੀਆਂ ਦਾ ਬਦਲਾ ਵੀ ਲਿਆ।
ਇਹ ਬੜਾ ਮਿਲਨਸਾਰ ਤੇ ਸਮਝਦਾਰ ਆਦਮੀ ਸੀ। ਇਸ ਕਰ ਕੇ ਆਪਣੀ ਸਿਆਣਪ ਨਾਲ ਚੰਗੀ ਤਰੱਕੀ ਕਰ ਗਿਆ ਤੇ ਇੱਕ ਵੱਖਰਾ ਜੱਥਾ ਬਣਾ ਦਿੱਤਾ।
੧੭੯੭ ਬਿਕ੍ਰਮੀ ਵਿੱਚ ਨਾਦਰ ਸ਼ਾਹ ਦੇ ਹਮਲੇ ਦੇ ਵੇਲੇ ਮਾਰਿਆ ਗਿਆ। ਇਸ ਤੋਂ ਪਿੱਛੋਂ ਇਹਦਾ ਸਾਥੀ ਕਰਮ ਸਿੰਘ ਇਹਦੀ ਜਗ੍ਹਾ ਤੇ ਜੱਥੇਦਾਰ ਬਣਿਆ। ਜਦ ਤੱਕ ਜੀਉਂਦਾ ਰਿਹਾ, ਇਸ ਨੇ ਬੜੀ ਬਹਾਦਰੀ ਦੇ ਕੰਮ ਕੀਤੇ। ਨਾਸਰਉਦੀਨ ਮਾਲਕ ਜਾਲੰਧਰ ਦੀ ਲੜਾਈ ਵਿੱਚ ਜੋ ਅਦੀਨਾ ਬੇਗ ਖਾਂ ਤੇ ਸੋਢੀ ਵਡਭਾਗ ਸਿੰਘ ਦੇ ਟਾਕਰੇ ਤੇ ਹੋਈ, ਖੈਰਸ਼ਾਹ ਸਿਪਾਹਸਾਲਾਰ ਦਾ ਸਿਰ ਇਸੇ ਨੇ ਕੱਟ ਕੇ ਅਦੀਨਾ ਬੇਗ ਦੇ ਸਾਹਮਣੇ ਰੱਖ ਦਿੱਤਾ ਤੇ ਨਾਸਰਉਦੀਨ ਥਾਂ ਤੇ ਜਿੱਤ ਪ੍ਰਾਪਤ ਕਰ ਕੇ ਜਾਲੰਧਰ ਸ਼ਹਿਰ ਵਿੱਚ ਆਪਣਾ ਦਬਦਬਾ ਬਿਠਾ ਦਿੱਤਾ। ਫਿਰ ਕਰਮ ਸਿੰਘ ੧੮੦੩ ਬਿਕ੍ਰਮੀ ਵਿੱਚ ਦੁਰਾਨੀਆਂ ਦੇ ਟਾਕਰੇ ਤੇ ਕੰਮ ਆਇਆ। ਇਸ ਦੀ ਥਾਂ ਕਰੋੜਾ ਸਿੰਘ ਜੋ ਪਿੰਡ ਬਰਕੀਆਂ ਦਾ ਵਸਨੀਕ ਤੇ ਸਦਾ ਤੋਂ ਇਹਦੇ ਨਾਲ ਰਹਿਣ ਵਾਲਾ ਸੀ, ਮਿਸਲ ਦਾ ਜੱਥੇਦਾਰ ਬਣਿਆ। ਇਹ ਅਜਿਹਾ ਦਾਨਾ ਤੇ ਸਾਹਿਬ ਇਕਬਾਲ ਨਿੱਕਲਿਆ ਕਿ ਇਸ ਦੇ ਵੇਲੇ ਇਸ ਮਿਸਲ ਨੂੰ ਬੜੀ ਹੀ ਤਰੱਕੀ ਨਸੀਬ ਹੋਈ। ਮਹਾਰਾਜਾ ਭਰਤਪੁਰ ਨੇ ਵੀ ਇਨ੍ਹਾਂ ਦੇ ਨਾਲ ਹੋ ਕੇ ਕਈ ਜੰਗ ਮਾਰੇ। ਫਰੁਖਾਬਾਦ ਤੱਕ ਇਸ ਦੇ ਘੋੜੇ ਨੂੰ ਰੋਕਣ ਵਾਲਾ ਕੋਈ ਨਾ ਨਿੱਕਲਿਆ। ਸਤ ਹਜ਼ਾਰ ਸਵਾਰ ਇਸ ਨੇ ਆਪਣੇ ਜੱਥੇ ਵਿੱਚ ਰੱਖ ਲਏ। ੧੮੧੬ ਬਿਕ੍ਰਮੀ ਨੂੰ ਇਸ ਨੇ ਸ਼ਾਮ ਚੌਰਾਸੀ ਤੇ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਗਨਿਆਂ ਵਿੱਚ ਆਪਣੀ ਦੋਹੀ ਫਿਰਾਈ ਤੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ। ਇੱਕ ਵਾਰ ਵਟਾਲੇ ਦੇ ਪਾਸ ਬਲੰਦ ਖਾਂ ਸਿਪਾਹਸਾਲਾਰ ਦਾ ਸਿੱਖਾਂ ਨਾਲ ਟਾਕਰਾ ਹੋ ਗਿਆ। ਕਰੋੜਾ ਸਿੰਘ ਦਾ ਦਲ ਇਸ ਜੰਗ ਵਿਚ ਸ਼ਰੀਕ ਸੀ। ਦੁਰਾਨੀ ਬੁਰੀ ਤਰ੍ਹਾਂ ਤਾਂਜ ਪਾ ਕੇ ਨੱਠੇ ਤੇ ਦੁਰਾਨੀਆਂ ਦਾ ਖ਼ਜ਼ਾਨਾ ਸਰਦਾਰ ਕਰੋੜਾ ਸਿੰਘ ਜੀ ਦੇ ਹੱਥ ਆਇਆ। ਇਨ੍ਹਾਂ ਇਹ ਸਾਰੀ ਰਕਮ ਓਸੇ ਵੇਲੇ ਜੱਥਿਆਂ ਵਿੱਚ ਵੰਡ ਦਿੱਤੀ।
ਸੰਮਤ ੧੮੧੮ ਨੂੰ ਨਵਾਬ ਗੁਲਾਮ ਕਾਦਰ ਖਾਂ ਰੋਹੇਲੇ ਦੀ ਲੜਾਈ ਵਿੱਚ ਤਰਾਵੜੀ ਦੇ ਮੁਕਾਮ ਤੇ ਇਹ ਸਰਦਾਰ ਮਾਰਿਆ ਗਿਆ ਤੇ ਸਰਦਾਰ ਬਘੇਲ ਸਿੰਘ ਧਾਲੀਵਾਲ ਵਾਲੇ ਜੋ ਇਨ੍ਹਾਂ ਦੇ ਅੰਗਸੰਗ ਰਹਿਣ ਵਾਲੇ ਸੀ, ਮਿਸਲ ਦੇ ਆਗੂ ਬਣੇ। ਇਹ ਸਰਦਾਰ ਵੀ ਬੜਾ ਹਿੰਮਤ ਵਾਲਾ ਤੇ ਜਵਾਂਮਰਦ ਸੀ। ਖੁਰੰਦੀਨ, ਕੇਵਰੀ, ਛਲੋਦੀ, ਜਮੀਅਤਗੜ੍ਹ ਆਦਿਕ ਤਿੰਨ ਲੱਖ ਦੇ ਇਲਾਕੇ ਤੇ ਇਸ ਨੇ ਕਬਜ਼ਾ ਕਰ ਕੇ ਛਲੋਦੀ ਜ਼ਿਲ੍ਹਾ ਕਰਨਾਲ ਵਿਚ ਆਪਣਾ ਨਿਵਾਸ ਅਸਥਾਨ ਬਣਾਇਆ ਤੇ ਇਸ ਤੋਂ ਛੁਟ ਦਵਾਬਾ ਬਿਸਤ ਜਾਲੰਧਰ ਤੇ ਜਿਲ੍ਹਾ ਹੁਸ਼ਿਆਰਪੁਰ ਦਾ ਦੋ ਲੱਖ ਦਾ ਇਲਾਕਾ ਜੋ ਅੱਗੇ ਹੀ ਇਸ ਮਿਸਲ ਦੇ ਅਧੀਨ ਸੀ, ਇਨ੍ਹਾਂ ਦੇ ਪਾਸ ਰਿਹਾ।
ਸੰਮਤ ੧੮੨੫ ਬਿਕ੍ਰਮੀ ਨੂੰ ਹਿੰਦੁਸਤਾਨ ਵਿੱਚ ਅਨ੍ਯਾਏ ਹੋਂਦਾ ਸੁਣ ੩੦ ਹਜ਼ਾਰ ਸਿੰਘਾਂ ਦਾ ਦਲ ਨਾਲ ਲੈ ਕੇ ਇਸ ਨੇ ਪੂਰਬ ਵੱਲ ਚੜ੍ਹਾਈ ਕਰ ਦਿੱਤੀ। ਪਹਿਲਾਂ ਸ਼ਹਿਰ ਜਲਾਲਾਬਾਦ ਪੁੱਜੇ। ਇੱਥੋਂ
ਦੇ ਹਾਕਮ ਨੇ ਮੁਹੰਮਦ ਹਸਨ ਖਾਂ ਨੂੰ; ਜਿਸ ਨੇ ਇੱਕ ਬ੍ਰਾਹਮਣ ਦੀ ਲੜਕੀ ਨੂੰ ਧੱਕੇ ਨਾਲ ਆਪਣੇ ਘਰ ਵਿੱਚ ਪਾ ਰੱਖਿਆ ਸੀ, ਓਸ ਦੇ ਕੀਤੇ ਦਾ ਫਲ ਚਖਾਇਆ। ਫਿਰ ਅਲੀਗੜ੍ਹ, ਖੁਰਜਾ, ਚੰਦੋਸੀ, ਹਾਤਰਸ, ਅਟਾਵਾ ਆਦਿਕ ਨੂੰ ਜਾ ਘੇਰਿਆ। ਫਿਰ ਫਰੁਖਾਬਾਦ ਪੁੱਜੇ। ਉੱਥੋਂ ਦਾ ਨਵਾਬ ਈਸਾ ਖਾਂ ਖੂਬ ਲੜਿਆ। ਤਿੰਨ ਦਿਨ ਤੱਕ ਮੈਦਾਨ ਗਰਮ ਰਿਹਾ। ਈਸਾ ਖਾਂ ਦੇ ਭੱਜ ਜਾਣ ਤੇ ਖਾਲਸਾਈ ਸੈਨਾ ਅੱਗੇ ਵਧੀ। ਮੁਰਾਦਾਬਾਦ, ਅਨੂਪ ਸ਼ਹਿਰ, ਬਲੰਦ ਨਗਰ, ਬਜਨੌਰ, ਆਦਿਕ ਅਸਥਾਨ; ਜਿੱਥੇ ਇਸ ਇਲਾਕੇ ਦੇ ਹਾਕਮ ਨੇ ਹਾਰ ਕੇ ਖਾਲਸੇ ਦੀ ਈਨ ਮੰਨੀ ਤੇ ਇਧਰੋਂ ਖਾਲਸਾ ਵਾਪਸ ਮੁੜਿਆ। ਇਸ ਲੜਾਈ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆਦਿਕ ਕਈ ਸਰਦਾਰ ਫਟੜ ਹੋਏ ਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ।
ਉਧਰੋਂ ਮੁੜ ਕੇ ਸਰਦਾਰ ਬਘੇਲ ਸਿੰਘ ਨੇ ਦਵਾਬਾ ਬਿਸਤ ਜਾਲੰਧਰ ਦੇ ਪਿੰਡ ਵਲਵਨ ਦੇ ਰਈਸ ਮੁਹੰਮਦ ਖਾਂ ਨੂੰ: ਜੋ ਇਸ ਮਿਸਲ ਦਾ ਕਰੋੜਾ ਸਿੰਘ ਦੇ ਵੇਲੇ ਤੇ ਮਾਤੈਹਤ ਸੀ ਤੇ ਇਸ ਨੇ ਕੁਝ ਚਿਰ ਤੋਂ ਖਰਾਜ ਦੇਣਾ ਬੰਦ ਕਰ ਰੱਖਿਆ ਸੀ, ਜਾ ਘੇਰਿਆ। ਓਹਨੂੰ ਜਾਗੀਰ ਤੋਂ ਬੇਦਖਲ ਕਰ ਦਿੱਤਾ ਤੇ ਇੱਥੇ ਆਪਣਾ ਇੱਕ ਕਿਲ੍ਹਾ ਬਣਾਇਆ। ਇਸੇ ਤਰ੍ਹਾਂ ਦੀਵਾਨ ਸਿੰਘ ਨੂਰਮਹਿਲ ਵਾਲੇ ਤੋਂ ਓਹਦਾ ਇਲਾਕਾ ਲੈ ਲਿਆ।
ਸੰਮਤ ੧੮੩੪ ਬਿਕ੍ਰਮੀ ਨੂੰ ਜਦ ਮਹਾਰਾਜਾ ਅਮਰ ਸਿੰਘ ਪਟਿਆਲੇ ਵਾਲਾ ਨੇ ਇਸ ਦੇ ਇਲਾਕੇ ਵਿਚ ਦਖਲ ਦੇਣਾ ਸ਼ੁਰੂ ਕੀਤਾ ਤਦ ਇਨ੍ਹਾਂ ਨੇ ੨੦ ਹਜਾਰ ਸਵਾਰ ਨਾਲ ਲੈ ਕੇ ਖ਼ਾਸ ਸ਼ਹਿਰ ਪਟਿਆਲੇ ਤੇ ਹਮਲਾ ਕਰ ਦਿੱਤਾ। ਮਹਾਰਾਜਾ ਅਮਰ ਸਿੰਘ ਵੀ ਫੌਜ ਲੈ ਕੇ ਸਾਹਮਣੇ ਆ ਗਿਆ। ਘੜਾਮ ਦੇ ਮੁਕਾਮ ਤੇ ਦੋਨਾਂ ਲਸ਼ਕਰਾਂ ਦਾ ਸਾਹਮਣਾ ਹੋ ਗਿਆ, ਪ੍ਰੰਤੂ ਅੰਤ ਨੂੰ ਸੁਲਾਹ ਹੋ ਗਈ ਤੇ ਮਹਾਰਾਜਾ ਅਮਰ ਸਿੰਘ ਨੇ ਆਪਣੇ ਲੜਕੇ ਸਾਹਿਬ ਸਿੰਘ ਨੂੰ ਬਘੇਲ ਸਿੰਘ ਪਾਸੋਂ ਅੰਮ੍ਰਿਤ ਛਕਾ ਕੇ ਹਮੇਸ਼ਾਂ ਵਾਸਤੇ ਸੰਬੰਧ ਜੋੜ ਲਿਆ। ਇਸ ਦਿਨ ਤੋਂ ਮਗਰੋਂ ਹਰ ਇੱਕ ਲੜਾਈ ਦੇ ਸਮੇਂ ਇਹ ਸਰਦਾਰ ਮਹਾਰਾਜਾ ਪਟਿਆਲਾ ਨੂੰ ਮਦਦ ਦੇਂਦਾ ਰਿਹਾ।
ਸਰਦਾਰ ਬਘੇਲ ਸਿੰਘ ਬੜਾ ਹੀ ਦੂਰਅੰਦੇਸ਼ ਤੇ ਅਕਲਮੰਦ ਸੀ। ਜਦ ੧੮੩੭ ਬਿਕ੍ਰਮੀ ਨੂੰ ਨਵਾਬ ਅਬਦੁਲਾ ਖਾਂ ਨੂੰ ਦਿੱਲੀ ਦੇ ਵਜੀਰ ਆਜ਼ਮ ਨੇ ਸਿੱਖਾਂ ਪਾਸੋਂ ਇਲਾਕਾ ਖ਼ਾਲੀ ਕਰਾਣ ਵਾਸਤੇ ਸ਼ਾਹਜਾਦਾ ਫਰਖੰਦਾ ਬਖਤ ਦੇ ਨਾਲ ਅਣਗਿਣਤ ਸੈਨਾ ਭੇਜੀ ਜਿਨ੍ਹਾਂ ਸਭ ਤੋਂ ਪਹਿਲਾਂ ਬਘੇਲ ਸਿੰਘ ਦੇ ਇਲਾਕੇ ਵਿੱਚੋਂ ਲੰਘਣਾ ਸੀ, ਇਨ੍ਹਾਂ ਦੇ ਨਾਲ ਬਿਨਾਂ ਕਿਸੇ ਤਰ੍ਹਾਂ ਦਾ ਟਾਕਰਾ ਕੀਤੇ ਤੇ ਫੌਜ ਲੰਘ ਗਈ। ਬਲਕਿ ਇਸ ਇਲਾਕੇ ਦੇ ਕਈ ਸਿੰਘ ਸਰਦਾਰਾਂ ਨਾਲ ਸ਼ਾਹਜਾਦੇ ਨੇ ਬੜੀ ਮਿਲਤ ਰੱਖੀ। ਜਦ ਸ਼ਾਹਜ਼ਾਦਾ ਫੌਜ ਲੈ ਕੇ ਪਟਿਆਲੇ ਅਪੜਿਆ, ਤਦ ਬਘੇਲ ਸਿੰਘ ਨੇ ਸਮਝ ਲਿਆ ਕਿ ਹੁਣ ਸ਼ਾਹੀ ਲਸ਼ਕਰ ਨੂੰ ਸੋਧਨ ਦਾ ਸਮਾਂ ਆ ਗਿਆ ਹੈ। ਮਹਾਰਾਜਾ ਪਟਿਆਲੇ ਨੇ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਪੰਜਾਬ ਵੱਲੋਂ ੫੦ ਹਜਾਰ ਸਿੰਘ ਦੇ ਜੱਥੇ ਸਦ ਲਏ। ਹੁਣ ਸ਼ਾਹਜ਼ਾਦਾ ਦੀ ਹੋਸ਼ ਉਡੀ ਤੇ ਆਪਣੇ ਆਪ ਨੂੰ ਚਾਰਿਆਂ ਪਾਸਿਆਂ ਤੋਂ ਸਿੰਘਾਂ ਵਿੱਚ ਘੇਰਿਆ ਵੇਖਿਆ। ਇਸ ਤੋਂ ਛੁਟ ਬਚਾਓ ਦੀ ਕੋਈ ਸੂਰਤ ਨਾ ਦਿੱਸੀ ਤਾਂ ਸਰਦਾਰ ਬਘੇਲ ਸਿੰਘ ਨੂੰ ਵਿਚ ਪਾ ਕੇ ਜਿਵੇਂ ਕਿਵੇਂ ਬਣੇ ਸੁਲਾਹ ਕਰ ਕੇ 'ਜਾਨ ਬਚੀ ਤਾਂ ਲਖਾਂ ਪਾਏ" ਸਮਝ ਘਰ ਵਾਪਸ ਪੁੱਜੇ। ਸਰਦਾਰ ਬਘੇਲ ਸਿੰਘ ਨੂੰ ਕਿਹਾ ਗਿਆ ਓਹਨੇ ਆਣ ਕੇ ਸਾਫ ਕਹਿ ਦਿੱਤਾ ਕਿ ੫੦ ਲੱਖ ਸਿੰਘ ਇਕੱਠਾ ਹੋਇਆ ਹੈ। ਇਨ੍ਹਾਂ ਦੇ ਆਉਣ ਤੇ ਜੋ ਖ਼ਰਚ ਹੋਇਆ, ਉਹ ਲਏ ਤੋਂ ਬਿਨਾਂ ਖਾਲੀ ਹੱਥ ਇਨ੍ਹਾਂ ਦਾ ਮੁੜਨਾ ਅਸੰਭਵ ਹੈ। ਅੰਤ ਨੂੰ ਵਜ਼ੀਰ ਨੇ ਦਿੱਲੀ ਤੋਂ ਬਹੁਤ ਸਾਰਾ ਰੁਪਯਾ ਮੰਗਾ ਕੇ ਸਰਦਾਰ ਬਘੇਲ ਸਿੰਘ ਦੀ ਰਾਹੀਂ ਸਿੰਘਾਂ ਨੂੰ ਦੇ ਕੇ ਮੁਸ਼ਕਲ ਨਾਲ ਪਿੱਛਾ ਛੁਡਾ ਕੇ ਜਾਨ ਬਚਾਈ ਤੇ ਵਾਪਸ ਦਿੱਲੀ ਆਏ।
੧੮੪੫ ਬਿਕ੍ਰਮੀ ਨੂੰ ਰਾਨਾ ਰਾਓ ਮਰਹੱਟਾ ਨੇ ਪੰਜਾਬ ਤੇ ਹਮਲਾ ਕੀਤਾ, ਤਦ ਓਸ ਵੇਲੇ ਵੀ ਸਰਦਾਰ ਬਘੇਲ ਸਿੰਘ ਨੇ ਇਸੇ ਤਰ੍ਹਾਂ ਦੀ ਚਾਲ ਚਲੀ। ਇਸੇ ਤਰ੍ਹਾਂ ਜਦ ਕਦੀ ਵੀ ਦਿੱਲੀ ਵੱਲੋਂ ਕੋਈ ਹਮਲਾ ਹੋਣ ਲੱਗਾ, ਤਦ ਸਰਦਾਰ ਬਘੇਲ ਸਿੰਘ ਓਹਨਾਂ ਦੇ ਨਾਲ ਮਿਲ ਜਾਂਦਾ ਰਿਹਾ। ਕਿੰਤੂ
ਜਿਉਂ ਹੀ ਕਿ ਸੈਨਾ ਪੰਜਾਬ ਦੇ ਵਿਚਕਾਰ ਪੁੱਜਦੀ ਤੇ ਚਾਰਿਆਂ ਪਾਸਿਆਂ ਤੋਂ ਸਿੱਖਾਂ ਵਿੱਚ ਘੇਰੀ ਜਾਂਦੀ, ਤਦੋਂ ਹੀ ਸਰਦਾਰ ਬਘੇਲ ਸਿੰਘ ਖਾਲਸੇ ਨੂੰ ਹਰਜਾਨੇ ਦਵਾ ਕੇ ਫੌਜ ਨੂੰ ਵਾਪਸ ਕਰ ਦੇਂਦਾ। ਇਸ ਜਮਾਨੇ ਵਿੱਚ ਦਿੱਲੀ ਦਾ ਤਖ਼ਤ ਆਖ਼ਰੀ ਦਮਾਂ ਤੇ ਸੀ ਤੇ ਕੇਵਲ ਦਿੱਲੀ ਦੀਆਂ ਕੰਧਾਂ ਦੇ ਅੰਦਰ ਤੇ ਓਹ ਵੀ ਨਾਮ ਮਾਤ੍ਰ ਹਕੂਮਤ ਸੀ। ਬਾਕੀ ਸਾਰੇ ਇਲਾਕੇ ਓਧਰ ਮਰਹੱਟਿਆਂ ਤੇ ਇਧਰ ਸਿੱਖਾਂ ਦੇ ਅਧੀਨ ਹੋਏ ਹੋਏ ਸਨ। ਇਸ ਵਾਸਤੇ ਬਘੇਲ ਸਿੰਘ ਨੇ ਚਾਹਿਆ ਕਿ ਇੱਕ ਹੱਥ ਮਾਰ ਕੇ ਦਿੱਲੀ ਵਿੱਚ ਖਾਲਸੇ ਦੀ ਹਕੂਮਤ ਕਾਇਮ ਕਰ ਦਿੱਤੀ ਜਾਵੇ। ਓਹਨੇ ਇਸੇ ਖ਼ਿਆਲ ਤੋਂ ਪੰਜਾਬ ਦੇ ਸਾਰੇ ਸਿੱਖ ਰਾਜਿਆਂ ਨੂੰ ਬੁਲਾ ਭੇਜਿਆ, ਹਰ ਇੱਕ ਸਿੱਖ ਸਰਦਾਰ ਆਪਣੇ ਆਪਣੇ ਜੱਥੇ ਲੈ ਕੇ ਆ ਪੁੱਜੇ।
ਖਾਲਸੇ ਦਾ ਦਿੱਲੀ ਤੇ ਕਬਜ਼ਾ
ਬਘੇਲ ਸਿੰਘ ਨੇ ਸੰਮਤ ੧੮੪੬-੪੭ ਵਿੱਚ ੪੦ ਹਜ਼ਾਰ ਖਾਲਸੇ ਦਾ ਲਸ਼ਕਰ ਨਾਲ ਲੈ ਕੇ ਦਿੱਲੀ ਤੇ ਚੜ੍ਹਾਈ ਕਰ ਦਿੱਤੀ। ਸਿੱਖ ਰਾਹ ਦੇ ਸਾਰੇ ਇਲਾਕੇ ਨੂੰ ਸਰ ਕਰਦੇ ਦਿੱਲੀ ਦੇ ਪਾਸ ਟਿਲਾ ਮਜਨੂੰ ਤੇ ਜਾ ਪੁੱਜੇ ਤੇ ਅਜਮੇਰੀ ਦਰਵਾਜ਼ੇ ਵੱਲੋਂ ਅੰਦਰ ਜਾ ਕੇ ਸ਼ਹਿਰ ਦੇ ਕਈ ਬਜ਼ਾਰਾਂ ਤੇ ਆਪਣਾ ਪਹਿਰਾ ਲਾ ਦਿੱਤਾ। ਕਟੜਾ ਨੀਲਾ ਤੇ ਮੁਗਲ ਮਹਲੇ ਵਿਚ ਜਾ ਪੁੱਜੇ। ਸ਼ਹਿਰ ਦੇ ਲੋਕੀਂ ਨੱਸ ਪਏ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਆਹਲੂਵਾਲੀਆ ਖ਼ਾਸ ਸ਼ਾਹੀ ਕਿਲ੍ਹੇ ਵਿੱਚ ਜਾ ਵੜੇ। ਇੱਥੇ ਸਿੰਘਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਤਖ਼ਤ ਤੇ ਬਿਠਾ ਕੇ ਬਾਦਸ਼ਾਹ ਬਣਾ ਦਿੱਤਾ ਤੇ ਇਸੇ ਦਿਨ ਤੋਂ ਇਹ ਸਿੱਖਾਂ ਵਿੱਚ ਬਾਦਸ਼ਾਹ ਦੇ ਨਾਮ ਤੋਂ ਪ੍ਰਸਿੱਧ ਹੋ ਗਿਆ।
ਮਿਰਜ਼ਾ ਗੌਹਰ ਅਲੀਸ਼ਾਹ ਸਾਨੀ ਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਆਖਿਆ ਕਿ ਜਿਸ ਤਰ੍ਹਾਂ ਹੋ ਸਕੇ ਸਿੱਖਾਂ ਦੇ ਹੱਥੋਂ ਜਾਨ ਛੁਡਾਓ। ਸਰਦਾਰ ਬਘੇਲ ਸਿੰਘ ਨੂੰ ਸੱਦਿਆ ਗਿਆ। ਇਨ੍ਹਾਂ ਨੇ ਸਾਫ਼ ਸਾਫ ਕਹਿ ਦਿੱਤਾ ਕਿ ਖਾਲਸਾ ਤੁਹਾਡਾ ਮੁਲਕ ਖੋਹਣਾ ਨਹੀਂ ਚਾਹੁੰਦਾ। ਤੁਸੀਂ ਜੁਲਮ ਤੇ ਅਨਯਾਇ ਕਰਨਾ ਛੱਡ ਦੇਵੋ। ਇੱਥੇ ਜੇਹੜੇ ਜੇਹੜੇ ਸਿੰਘਾਂ ਦੇ ਗੁਰਦੁਆਰੇ ਹਨ ਬਣਾ ਦੇਵੋ ਤੇ ਖਾਲਸੇ ਨੂੰ ਹਰਜਾਨਾ ਦੇ ਦੇਵੋ। ਇਹ ਵਾਪਸ ਚਲੇ ਜਾਣਗੇ। ਸਿਮਰੂ ਬੇਗਮ ਜਿਸ ਦਾ ਬਾਦਸ਼ਾਹ ਤੇ ਬਹੁਤਾ ਵਸੀਕਾਰ ਸੀ, ਇਹ ਗੱਲ ਓਹਦੇ ਦਿਲ ਲੱਗੀ ਤੇ ਅੱਗੇ ਵੀ ਇੱਕ ਵੇਰ ਸ੍ਰ. ਬਘੇਲ ਸਿੰਘ ਨੇ ਸਿਮਰੂ ਬੇਗਮ ਨੂੰ ਬਚਾਇਆ ਸੀ। ਓਹਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਤੇ ਬਘੇਲ ਸਿੰਘ ਨੂੰ ਬਿਠਾ ਕੇ ਫੈਸਲਾ ਕਰਾ ਦਿੱਤਾ ਕਿ:
(੧) ਖਾਲਸੇ ਨੂੰ ਤਿੰਨ ਲੱਖ ਰੁਪਯਾ ਹਰਜਾਨਾ ਦਿੱਤਾ ਜਾਵੇ।
(੨) ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਕੰਮ ਸਰਦਾਰ ਬਘੇਲ ਸਿੰਘ ਦੇ ਅਧੀਨ ਕਰ ਦਿੱਤਾ ਜਾਏ।
(੩) ਜਦ ਤੱਕ ਗੁਰਦੁਆਰਿਆਂ ਦੀ ਸੇਵਾ ਨਾ ਹੋ ਜਾਏ ਸ੍ਰ. ਬਘੇਲ ਸਿੰਘ ੪੦੦੦ ਸਵਾਰਾਂ ਨਾਲ ਇੱਥੇ ਰਹੇ।
ਇਹ ਸ਼ਰਤਾਂ ਦੋਹਾਂ ਧਿਰਾਂ ਨੇ ਮਨਜ਼ੂਰ ਕਰ ਲਈਆਂ।
ਪਹਿਲਾਂ ਤੇਲੀਵਾੜਾ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਠਹਿਰਨ ਵਾਲੇ ਅਸਥਾਨ ਤੇ ਗੁਰਦੁਆਰਾ ਬਣਵਾਇਆ।
ਫਿਰ ਮਹਲਾ ਜੈਪੁਰ ਵਿੱਚ ਬੰਗਲਾ ਸਾਹਿਬ ਦੇ ਨਾਮ ਤੇ ਓਸ ਥਾਂ ਤੇ ਗੁਰਦੁਆਰਾ ਬਣਵਾਇਆ, ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤਿ ਸਮਾਏ ਸਨ। ਜਮਨਾ ਦੇ ਕੰਢੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਦੇ ਅੰਗੀਠੇ ਦੀ ਯਾਦਗਾਰ ਕਾਇਮ ਕੀਤੀ। ਫਿਰ ਗੁਰਦੁਆਰਾ ਰਕਾਬਗੰਜ ਓਸ ਜਗ੍ਹਾ ਤੇ ਬਣਵਾਇਆ ਜਿੱਥੇ ਲੱਖੀ ਨਾਮ ਦੇ ਸਿੱਖ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰ ਲੈ ਜਾ ਕੇ ਦਾਹ ਕਰਮ ਕੀਤਾ ਸੀ। ਫਿਰ ਕੋਤਵਾਲੀ ਦੇ ਲਾਗੇ ਉਸ ਜਗ੍ਹਾ ਦੀ ਤਲਾਸ਼ ਸ਼ੁਰੂ ਕੀਤੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ
ਸਾਹਿਬ ਜੀ ਦੇ ਸਰੀਰ ਨਾਲੋਂ ਸੀਸ ਜੁਦਾ ਹੋਇਆ ਸੀ। ਇੱਕ ਬੁੱਢੀ ਤੀਵੀਂ; ਜੋ ਮਾਸ਼ਕੀ ਦੀ ਤੀਵੀਂ ਸੀ, ਨੇ ਦੱਸਿਆ ਕਿ ਬੋਹੜ ਦੇ ਦਰਖਤ ਦੇ ਪਾਸ ਜਿੱਥੇ ਮਸਜਦ ਬਣੀ ਹੋਈ ਹੈ, ਓਥੇ ਇਹ ਘਟਨਾ ਬੀਤੀ ਸੀ। ਮੇਰਾ ਖਾਵੰਦ ਓਸ ਵੇਲੇ ਮਸ਼ਕ ਲੈ ਕੇ ਪਾਸ ਖਲੋਤਾ ਹੋਇਆ ਸੀ। ਸਰਦਾਰ ਬਘੇਲ ਸਿੰਘ ਨੇ ਓਸ ਥਾਂ ਤੇ ਇੱਕ ਨਿੱਕਾ ਜਿਹਾ ਥੜਾ ਬਣਵਾ ਦਿੱਤਾ। ਮੁਸਲਮਾਨ ਤਲਵਾਰਾਂ ਲੈ ਕੇ ਨਿੱਕਲ ਆਏ। ਓਧਰ ਖਾਲਸਾ ਵੀ ਪਿੱਛੇ ਰਹਿਣ ਵਾਲਾ ਨਹੀਂ ਸੀ। ਓਹ ਵੀ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡਦਾ ਆ ਗਜਿਆ। ਦੋਹਾਂ ਧਿਰਾਂ ਤਲਵਾਰਾਂ ਧੂ ਲਈਆਂ। ਇੱਕ ਮਾਮੂਲੀ ਜਿਹੀ ਝੜਪ ਹੋਣ ਦੇ ਮਗਰੋਂ ਵਜ਼ੀਰ ਆਜਮ ਆ ਗਿਆ। ਸ੍ਰ. ਬਘੇਲ ਸਿੰਘ ਨੇ ਉਹਨੂੰ ਸਾਫ ਸਾਫ ਕਹਿ ਦਿੱਤਾ ਕਿ ਆਪਣੇ ਇਕਰਾਰਨਾਮੇ ਦੇ ਮੂਜਬ ਇਹ ਜਗ੍ਹਾ ਲੈ ਦੇਵੋ। ਨਹੀਂ ਤਾਂ ਇਹ ਖ਼ਬਰ ਸੁਨ ਕੇ ਹੀ ਪੰਜਾਬ ਵਿੱਚੋਂ ਖਾਲਸਾ ਵਹੀਰਾਂ ਪਾ ਕੇ ਆ ਜਾਏਗਾ ਤੇ ਫਿਰ ਜਾਨ ਬਚਾਣੀ ਮੁਸ਼ਕਿਲ ਹੋ ਜਾਵੇਗੀ। ਇਹ ਸੁਣ ਕੇ ਵਜ਼ੀਰ ਨੇ ਇਸ ਝਗੜੇ ਨੂੰ ਇੰਜ ਨਿਪਟਾਇਆ, ਦੋਹਾਂ ਪਾਸਿਆਂ ਤੋਂ ਕੁਝ ਜਗ੍ਹਾ ਛੱਡ ਦਿੱਤੀ ਤੇ ਓਹ ਥੜਾ ਵੀ ਕਾਇਮ ਰੱਖਿਆ ਤੇ ਮਸਜਦ ਵੀ ਓਹਦੇ ਪਾਸ ਬਨਵਾ ਦਿੱਤੀ ਤੇ ਸਿੱਖਾਂ ਨੂੰ ਖ਼ੁਸ਼ ਕਰਨ ਵਾਸਤੇ ਕੁਝ ਜ਼ਮੀਨ ਤੇ ਕੋਤਵਾਲੀ ਵੱਲ ਛੱਡ ਕੇ ਇੱਕ ਬਾਰਾਂ ਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੋਹਲਣ ਲਈ ਬਨਵਾ ਦਿੱਤੀ। ਇਸ ਗੁਰਦੁਆਰੇ ਦਾ ਨਾਮ ਸੀਸ ਗੰਜ ਹੈ। ਇੱਥੋਂ ਦੀ ਸੇਵਾ ਵਾਸਤੇ ਇੱਕ ਸਿੰਘ ਨੀਯਤ ਕੀਤਾ ਗਿਆ। ਸੰਮਤ ੧੯੧੪ ਬਿਕ੍ਰਮੀ ਜਦ ਕਿ ਗ਼ਦਰ ਹੋ ਜਾਣ ਤੇ ਅੰਗਰੇਜ਼ਾਂ ਨੇ ਦਿੱਲੀ ਫਤਹ ਕੀਤੀ ਤੇ ਸਿੱਖਾਂ ਨੇ ਸਰਕਾਰ ਨੂੰ ਬਹੁਤ ਮਦਦ ਦਿੱਤੀ। ਤਦ ਰਾਜਾ ਸਰੂਪ ਸਿੰਘ ਜੀਂਦ ਵਾਲੇ ਨੇ ਅੰਗਰੇਜ਼ਾਂ ਨਾਲ ਸਲਾਹ ਕਰ ਕੇ ਓਹ ਮਸਜਦ ਵੱਲ ਦੀ ਜਗ੍ਹਾ ਲੈ ਕੇ ਗੁਰਦੁਆਰੇ ਦੀ ਜਗ੍ਹਾ ਨੂੰ ਖੁੱਲ੍ਹਾ ਕਰਵਾ ਦਿੱਤਾ ਤੇ ਨਵੇਂ ਸਿਰੇ ਬਣਵਾਇਆ। ਮੁਸਲਮਾਨਾਂ ਨੇ ਕਲਕੱਤੇ ਅਪੀਲ ਕਰ ਕੇ ਇੱਕ ਵੇਰ ਫਿਰ ਜਗ੍ਹਾ ਤੇ ਮਸਜਦ ਬਣਵਾਈ, ਕਿੰਤੂ ਰਾਜਾ ਰਘਬੀਰ ਸਿੰਘ ਜੀਂਦ ਵਾਲੇ ਨੇ ਵਲਾਇਤ ਤੋਂ ਮੰਜੂਰੀ ਮੰਗਾ ਕੇ ਓਸ ਮਸਜਦ ਦੀ ਜਗ੍ਹਾ ਇੱਕ ਸੁੰਦਰ ਗੁਰਦੁਆਰਾ ਬਣਵਾ ਦਿੱਤਾ।
ਉਪਰੋਕਤ ਗੁਰਦੁਆਰਿਆਂ ਦੇ ਬਣ ਜਾਣ ਦੇ ਮਗਰੋਂ ਸਰਦਾਰ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਮੈਂ ਪੰਜਾਬ ਵੱਲ ਜਾਂਦਾ ਹਾਂ। ਬਾਦਸ਼ਾਹ ਨੇ ਹਾਥੀ ਦੀ ਤੇ ਸੋਨੇ ਦੀ ਇੱਕ ਜ਼ੰਜੀਰ ਤੇ ਪੰਜ ਘੋੜੇ ਬਹੁਤ ਸਾਰੇ ਤੋਹਫੇ ਤੇ ਇੱਕ ਬਹੁਮੁੱਲਾ ਸਰੋਪਾ ਦੇ ਕੇ ਕਿਹਾ ਕਿ ਪ੍ਰਸੰਨਤਾ ਨਾਲ ਜਾਣਾ।
ਗੱਲਾਂ ਵਿੱਚ ਹੀ ਬਾਦਸ਼ਾਹ ਨੇ ਪੁੱਛਿਆ ਕਿ ਖਾਲਸੇ ਦੀ ਧਾਕ ਸਾਰੇ ਮੁਲਕ ਵਿੱਚ ਬੈਠ ਗਈ ਹੈ ਹਰ ਇੱਕ ਆਦਮੀ ਇਨ੍ਹਾਂ ਦਾ ਲੋਹਾ ਮੰਨਦਾ ਹੈ, ਕਿੰਤੂ ਇਹ ਅੱਡ ਅੱਡ ਜੱਥੇ ਬਣਾ ਕੇ ਰਹਿੰਦੇ ਹਨ, ਤੇ ਆਪਸ ਵਿੱਚ ਵੀ ਇੱਕ ਦੂਜੇ ਨਾਲ ਇਨ੍ਹਾਂ ਦੇ ਝਗੜੇ ਹੁੰਦੇ ਰਹਿੰਦੇ ਹਨ, ਇਸ ਦਾ ਕੀ ਕਾਰਨ ਹੈ? ਸਰਦਾਰ ਬਘੇਲ ਸਿੰਘ ਨੇ ਉੱਤਰ ਵਿੱਚ ਕਿਹਾ ਕਿ ਰਾਏ ਦਾ ਅਡਰਾਪਨ ਹੋਣਾ ਸੁਭਾਵਿਕ ਗੱਲ ਹੈ। ਖਾਲਸਾ ਭਾਵੇਂ ਕਿੰਨੇ ਵੀ ਜੱਥੇ ਬਣਾ ਕੇ ਰਹੇ, ਫਿਰ ਖਾਲਸਾ ਹੈ ਤੇ ਦਸ਼ਮਣ ਦੇ ਟਾਕਰੇ ਲਈ ਇੱਕ ਹੈ। ਅਸੀਂ ਘਰ ਵਿੱਚ ਅੱਡ ਹੋ ਸਕਦੇ ਹਾਂ, ਕਿੰਤੂ ਜਦ ਕੌਮ ਦਾ ਸਵਾਲ ਆ ਜਾਏ ਤਦ ਆਪਣੇ ਅਡਰੇਪਨ ਭੁਲ ਕੇ ਇੱਕ ਦੂਜੇ ਨਾਲੋਂ ਅੱਗੇ ਵਧ ਕੇ ਜਾਣ ਨੂੰ ਤਿਆਰ ਹੋਵਾਂਗੇ। ਬਾਦਸ਼ਾਹ ਨੇ ਸਰਦਾਰ ਬਘੇਲ ਸਿੰਘ ਦੀ ਜ਼ਬਾਨੀ ਇਹ ਗੱਲ ਸੁਣ ਕੇ ਉਂਗਲੀ ਦੰਦਾਂ ਵਿੱਚ ਲੈ ਲਈ ਤੇ ੫੦੦੦ ਰੁਪਯਾ ਕੜਾਹ ਪ੍ਰਸ਼ਾਦ ਲਈ ਦੇ ਕੇ ਸਰਦਾਰ ਸਾਹਿਬ ਨੂੰ ਰੁਖਸਤ ਕੀਤਾ। ਸ੍ਰ. ਬਘੇਲ ਸਿੰਘ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਚੱਲ ਕੇ ਆਪਣੇ ਨਿਵਾਸ ਅਸਥਾਨ ਛਲੋਦੀ ਵਿੱਚ ਅਪੜ ਕੇ ਇਲਾਕੇ ਦਾ ਪ੍ਰਬੰਧ ਕਰਨ ਲੱਗਾ। ਦੱਸਿਆ ਜਾਂਦਾ ਹੈ ਕਿ ਓਹ ਜਦ ਤੱਕ ਜੀਉਂਦਾ ਰਿਹਾ ਸ਼ਹਿਰ ਦਿੱਲੀ ਦੀ ਚੁੰਗੀ ਦਾ ਚੌਥਾ ਹਿੱਸਾ ਘਰ ਬੈਠਿਆਂ ਓਹਦੇ ਪਾਸ ਅੱਪੜਦਾ ਰਿਹਾ।
੧੮੫੭ ਬਿਕ੍ਰਮੀ ਨੂੰ ਬਘੇਲ ਸਿੰਘ ਅੰਮ੍ਰਿਤਸਰ ਗਿਆ, ਸ੍ਰੀ ਦਰਬਾਰ ਸਾਹਿਬ ਅਸ਼ਨਾਨ ਕਰ ਕੇ ਤਰਨਤਾਰਨ ਸਾਹਿਬ ਗਿਆ। ਸਰਦਾਰ ਗੁਲਾਬ ਸਿੰਘ ਦੇ ਚਲਾਣੇ ਦੀ ਖ਼ਬਰ ਸੁਣੀ, ਓਹਨਾਂ ਦਾ
ਇਲਾਕਾ ਸਬਰਾਓ ਤੇ ਸਰਹਾਲੀ ਆਦਿਕ ਦਾ ਪ੍ਰਬੰਧ ਕਰਨ ਲੱਗਾ। ੧੮੫੯ ਬਿਕਮੀ ਨੂੰ ਸਰਦਾਰ ਬਘੇਲ ਸਿੰਘ ਮਰ ਗਿਆ। ਓਸ ਤੋਂ ਪਿੱਛੋਂ ਸਰਦਾਰਨੀ ਰਾਮ ਕੌਰ ਨੇ ਜਿਲ੍ਹਾ ਹੁਸ਼ਿਆਰਪੁਰ ਦੇ ਦੋ ਲੱਖ ਦੇ ਇਲਾਕੇ ਤੇ ਕਬਜਾ ਕਰੀ ਰੱਖਿਆ ਤੇ ਰਤਨ ਕੌਰ ਨੇ ਛਲੋਦੀ ਵਾਲੇ ੩ ਲੱਖ ਦੇ ਇਲਾਕੇ ਤੇ। ਸੰਮਤ ੧੮੬੩ ਬਿਕ੍ਰਮੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰਤਨ ਕੌਰ ਦਾ ਇੱਕ ਲੱਖ ਦਾ ਖੁਰਦੀਨ ਦਾ ਇਲਾਕਾ ਜੋਧ ਸਿੰਘ ਕਲਸੀਏ ਵਾਲੇ ਨੂੰ ਤੇ ਪ੍ਰਗਣਾ ਬਹਲੋਪੁਰ ਆਪਣੇ ਨੌਕਰ ਵੀਰ ਭਾਨ ਨੂੰ ਦੇ ਦਿੱਤਾ।
੧੮੬੫ ਬਿਕ੍ਰਮੀ ਨੂੰ ਸਤਲੁਜ ਦੇ ਪਰਲੇ ਪਾਸੇ ਦਾ ਮੁਲਕ ਜਦ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਿਆ ਤਦ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਹੋ ਕੇ ਇਕਰਾਰਨਾਮੇ ਲਿਖੇ ਗਏ ਤੇ ਲੁਧਿਆਣੇ ਵਿੱਚ ਛਾਉਣੀ ਬਣ ਗਈ।
ਰਤਨ ਕੌਰ ਅੰਗਰੇਜ਼ਾਂ ਦੇ ਪਾਸ ਫਰਯਾਦੀ ਦੀ ਸ਼ਕਲ ਵਿੱਚ ਪੁਚਾਈ ਗਈ। ਕਰਨਲ ਲੂਨੀ ਅਕਟਰ ਨੇ ਪ੍ਰਗਨਾ ਖੁਰਦੀਨ ਵਾਪਸ ਦਵਾ ਦਿੱਤਾ। ੧੯੦੫ ਵਿੱਚ ਜਦ ਰਤਨ ਕੌਰ ਮਰ ਗਈ ਤਦ ਅੰਗਰੇਜ਼ਾਂ ਨੇ ਓਹਦਾ ਇਹ ਇਲਾਕਾ ਜ਼ਬਤ ਕਰ ਲਿਆ। ਰਤਨ ਕੌਰ ਦਾ ਇਲਾਕਾ ਛਲੋਦੀ ਵਾਲਾ ਅੱਗੇ ਆ ਚੱਕਾ ਸੀ। ਕਿਹਾ ਜਾਂਦਾ ਹੈ ਕਿ ਰਤਨ ਕੌਰ ਦਾ ਮਾਲ ਜ਼ਬਤ ਕਰਨ ਲਈ ਮਾਲੀ ਸਾਹਿਬ ਛਲੋਦੀ ਗਏ। ਤਦ ਓਹਦੇ ਖਜਾਨੇ ਵਿਚੋਂ ੭੫ ਲੱਖ ਰੁਪਏ ਜਵਾਹਰਾਤ ਤੇ ਗਹਿਣੇ ਆਦਿਕ ਨਿੱਕਲੇ। ਇੱਕ ਗਹਿਣਾ ੫੦ ਹਜ਼ਾਰ ਦਾ ਇੱਕ ਘੰਟਾ ੨ ਲੱਖ ਦਾ, ਤੇ ਇੱਕ ਛੜੀ ੩੦ ਹਜ਼ਾਰ ਦੀ ਸੀ। ਇਹ ਮਾਲ ਵੇਖ ਕੇ ਮਾਲੀ ਸਾਹਿਬ ਹੈਰਾਨ ਰਹਿ ਗਿਆ। ਸੰਤਾਨ ਨਾ ਹੋਣ ਦੇ ਕਾਰਨ ਸਰਦਾਰ ਬਘੇਲ ਸਿੰਘ ਦੀ ਇਹ ਸਾਰੀ ਜਾਇਦਾਦ ਤੇ ਅੰਗਰੇਜ਼ਾਂ ਨੇ ਕਬਜਾ ਕਰ ਲਿਆ। ਇਸ ਤੋਂ ਦੌਲਤ ਵਾਲੇ ਤੇ ਜਾਗੀਰਾਂ ਵਾਲਿਆਂ ਨੂੰ ਇਹ ਸਿਖਿਆ ਮਿਲਦੀ ਹੈ ਕਿ ਆਪਣੀ ਦੌਲਤ ਤੇ ਜਾਇਦਾਦ ਨੇਕੀ ਦੇ ਕੰਮਾਂ ਤੇ ਖ਼ਰਚ ਕੀਤਾ ਕਰਨ। ਜਿਸ ਤੋਂ ਓਹਨਾਂ ਨੂੰ ਇੱਥੇ ਕੀਰਤੀ ਹੋਵੇ ਤੇ ਅੱਗਾ ਸੌਰੇ।
ਸੱਤਵੀਂ ਮਿਸਲ ਸ਼ਹੀਦਾਂ ਦੀ
ਸ਼ਜਰਾ
ਇਸ ਮਿਸਲ ਦਾ ਅਸਲ ਮਾਲਕ ਦੀਪ ਸਿੰਘ ਸ਼ਹੀਦ ਪਿੰਡ ਪੋਹੂਵਿੰਡ ਪ੍ਰਗਨਾ ਅੰਮ੍ਰਿਤਸਰ ਦਾ ਸੀ ਤੇ ਗੁਰਬਖ਼ਸ਼ ਸਿੰਘ ਵਸਨੀਕ ਪਿੰਡ ਲੀਲ ਪ੍ਰਗਨਾ ਖੇਮਕਰਨ ਸੁਧ ਸਿੰਘ ਵਸਨੀਕ ਪ੍ਰਗਨਾ ਜਾਲੰਧਰ ਪਿੰਡ ਦੁਕੋਹਾ ਪ੍ਰੇਮ ਸਿੰਘ, ਸ਼ੇਰ ਸਿੰਘ, ਦਰਗਾਹਾ ਸਿੰਘ, ਹੀਰਾ ਸਿੰਘ ਆਦਿਕ ਓਹਦੇ ਸਾਥੀ ਸਨ। ਪਹਿਲਾਂ ਸ਼ਹੀਦ ਦੀਪ ਸਿੰਘ ਤੇ ਬੁੱਢਾ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਸ ਰਿਹਾ ਕਰਦੇ ਸਨ। ਕਿੰਤੂ ਜਦ ਓਹ ਦੱਖਣ ਵੱਲ ਟੁਰ ਗਏ ਤਦ ਇਹ ਦਮਦਮੇ ਸਾਹਿਬ ਰਹਿਣ ਲੱਗੇ। ਦਮਦਮਾ ਸਾਹਿਬ ਵਿਚ ਸ਼ਹੀਦ ਦੀਪ ਸਿੰਘ ਦਾ ਲਾਇਆ ਹੋਇਆ ਖੂਹ ਤੇ ਬੁੱਢਾ ਸਿੰਘ ਦੇ ਲਾਏ ਹੋਏ ਬੇਰੀ ਦੇ ਦਰੱਖਤ ਹੁਣ ਤੱਕ ਮੌਜੂਦ ਤੇ ਕਾਇਮ ਹਨ।
੧੭੬੪ ਬਿਕ੍ਰਮੀ ਵਿੱਚ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਵਿੱਚ ਬੰਦੇ ਬਹਾਦਰ ਨੇ ਇਸ ਮੁਲਕ ਵਿਚ ਆ ਕੇ ਸਮਾਨਾ, ਸਢੌਰਾ, ਵਾਮਲਾ ਤੇ ਸਹਾਰਨਪੁਰ ਦੇ ਮੁਸਲਮਾਨਾਂ ਦੀ ਸੋਧ ਕੀਤੀ ਤੇ ਸਾਰੇ ਮੁਲਕ ਵਿੱਚ ਸਿੱਖਾਂ ਦਾ ਦਬਦਬਾ ਬੈਠ ਗਿਆ, ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਾਥੀਆਂ ਸਮੇਤ ਬੰਦੇ ਦੇ ਨਾਲ ਹੋ ਕੇ ਬੜੀ ਸੁਰਮਤਾ ਵਿਖਾਈ। ਐਥੋਂ ਤੱਕ ਕਿ ਮੈਦਾਨ ਵਿਚ ਸਭ ਤੋਂ ਅੱਗੇ ਜਾਂਦੇ ਸਨ। ਇਸੇ ਕਰ ਕੇ ਇਨ੍ਹਾਂ ਦੇ ਜੱਥੇ ਦਾ ਨਾਮ ਸ਼ਹੀਦਾਂ ਦੀ ਮਿਸਲ ਪਿਆ।
੧੭੮੩ ਬਿਕ੍ਰਮੀ ਨੂੰ ਬਾਬਾ ਦੀਪ ਸਿੰਘ ਨੇ ਉਸ ਗੁਰੂ ਗ੍ਰੰਥ ਸਾਹਿਬ ਤੋਂ ਜੋ ਸ੍ਰੀ ਗੁਰੂ ਕਲਗੀਧਰ ਜੀ ਨੇ ਦਮਦਮੇ ਸਾਹਿਬ ਤਿਆਰ ਕਰਵਾਈ ਸੀ, ਚਾਰ ਉਤਾਰੇ ਕਰਵਾਏ। ਇੱਕ ਤਾਂ ਅਕਾਲ ਤਖ਼ਤ ਅੰਮ੍ਰਿਤਸਰ, ਦੂਜਾ ਪਟਨਾ ਸਾਹਿਬ, ਤੀਜਾ ਆਨੰਦਪੁਰ ਸਾਹਿਬ ਤੇ ਚੌਥਾ ਦਮਦਮਾ ਸਾਹਿਬ ਵਿੱਚ ਹੈ। ਅਸਲ ਗੁਰੂ ਗ੍ਰੰਥ ਸਾਹਿਬ ਜੀ ਜਿਸ ਨੂੰ ਦਸਮ ਪਾਤਸ਼ਾਹ ਜੀ ਨੇ ਤਿਆਰ ਕੀਤਾ ਸੀ, ਖਾਲਸਾ ਜੀ ਦੇ ਲਸ਼ਕਰ ਵਿੱਚ ਰਿਹਾ ਕਰਦਾ ਸੀ, ਕਿੰਤੂ ਵੱਡੇ ਘੱਲੂਘਾਰੇ ਵਿੱਚ ਦੁਰਾਨੀਆਂ ਦੇ ਹੱਥ ਆ ਗਿਆ ਜੋ ਉਸ ਨੂੰ ਕਾਬਲ ਲੈ ਗਏ।
ਸੰਮਤ ੧੮੧੬ ਬਿਕ੍ਰਮੀ ਨੂੰ ਜਦ ਆਦੀਨਾਬੇਗ ਦੇ ਮਰਨ ਪਿੱਛੋਂ ਜਾਲੰਧਰ ਦਾ ਇਲਾਕਾ ਸਿੱਖਾਂ ਦੇ ਕਬਜ਼ੇ ਵਿੱਚ ਆਇਆ ਉਸ ਵੇਲੇ ਬਾਬਾ ਦੀਪ ਸਿੰਘ ਨੇ ਸਿਆਲਕੋਟ ਦਾ ਇਲਾਕਾ ਮੁਹੰਮਦ ਅਮੀਨ ਤੋਂ ਫਤਹ ਕਰ ਕੇ ਆਪਣੇ ਸਾਥੀ ਦਿਆਲ ਸਿੰਘ ਤੇ ਨੱਥਾ ਸਿੰਘ ਸ਼ਹੀਦ ਨੂੰ ਦੇ ਦਿੱਤਾ, ਜੋ
ਸ਼ਹੀਦ ਕਰਮ ਸਿੰਘ ਦੇ ਸਮੇਂ ਤੱਕ ਕੁਝ ਸਾਲਾਨਾ ਪੁਚਾਂਦੇ ਰਹੇ, ਕਿੰਤੂ ਗੁਲਾਬ ਸਿੰਘ ਦਾ ਅਦੌੜਪਣਾ ਵੇਖ ਕੇ ਓਹਨਾਂ ਨੇ ਓਹ ਜਾਗੀਰ ਦਰਬਾਰ ਸ਼ੇਰ ਬਾਬਾ ਨਾਨਕ ਸਾਹਿਬ ਦੇ ਨਾਮ ਲਾ ਦਿੱਤੀ।
ਸੰਮਤ ੧੮੧੭ ਬਿਕ੍ਰਮੀ ਨੂੰ ਦੀਪ ਸਿੰਘ ਜੀ ਨੇ ਕਰਤਾਰਪੁਰ ਵਿੱਚ ੬ ਮਹੀਨੇ ਠਹਿਰ ਕੇ ਦਮਦਮੇ ਸਾਹਿਬ ਵਾਲੀ ਬੀੜ ਨੂੰ ਕਰਤਾਰਪੁਰ ਵਾਲੀ ਬੀੜ ਦੇ ਨਾਲ ਸੋਧਿਆ। ਪ੍ਰਸ਼ਾਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਲੰਗਰ ਵਿੱਚੋਂ ਛਕਦੇ ਰਹੇ। ਸੰਮਤ ੧੮੧੮ ਨੂੰ ਜਦ ਦੁਰਾਨੀ ਕੁਝ ਕੁ ਤਕੜੇ ਹੋਏ ਤੇ ਓਹਨਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ, ਤਦ ਓਸ ਵੇਲੇ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਇਹ ਗੱਲ ਸੁਣ ਕੇ ਦਮਦਮਾ ਸਾਹਿਬ ਵਿੱਚ ਨਾ ਰਿਹਾ ਗਿਆ। ਓਹਨਾਂ ਨੇ ਝਟਪਟ ਆਪਣੀ ਜਗ੍ਹਾ ਨਥਾ ਸਿੰਘ ਨੂੰ ਛੱਡ ਕੇ ਸ੍ਰੀ ਅੰਮ੍ਰਿਤਸਰ ਵੱਲ ਸ਼ਹੀਦ ਹੋਣ ਦੇ ਇਰਾਦੇ ਤੋਂ ਕੂਚ ਕੀਤਾ। ਓਸ ਸਮੇਂ ਜਗੇ ਬ੍ਰਾਹਮਣ ਨੀਹਾਂ ਵਾਲੇ, ਭੰਜੂ ਕੇ ਗੁਰੂ ਚੌਤਰੇ, ਲਖੀ ਜੰਗਲ, ਫੂਲ ਮੇਹਰਾਜ, ਦਰਾਜ, ਭਚੂ, ਗੋਬਿੰਦ ਪੁਰਾ, ਕੋਟ ਆਦਿਕ ਪਿੰਡਾਂ ਵਿੱਚ ਜੇਹੜਾ ਖਾਲਸਾ ਉੱਤਰਿਆ ਹੋਇਆ ਸੀ, ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਜਿਸ ਨੇ ਗੁਰੂ ਦੇ ਰਾਹ ਵਿੱਚ ਸਿਰ ਦੇਣਾ ਹੈ, ਸਾਡੇ ਨਾਲ ਆਵੇ। ਸੋ ਓਸੇ ਵੇਲੇ ਪੰਜ ਹਜ਼ਾਰ ਸਵਾਰ ਸ਼ਹੀਦ ਹੋਣ ਵਾਲੇ ਤਿਆਰ ਹੋ ਗਏ। ਦੁਸਹਿਰਾ ਕਰ ਕੇ ਉੱਥੋਂ ਕੂਚ ਕੀਤਾ। ਸਿੱਖਾਂ ਦੀ ਅਵਾਈ ਸੁਨ ਦੁਰਾਨੀ ਦੀ ਫੌਜ ਵੀ ਸਮੁੰਦਰ ਦੀ ਤਰ੍ਹਾਂ ਠਾਠਾਂ ਮਾਰਨ ਲੱਗੀ। ਜਹਾਨ ਖਾਂ ਸੈਨਾ ਲੈ ਕੇ ਗੋਲਵਾੜ ਦੇ ਪਾਸ ਆ ਡਟਿਆ। ਦੋਹਾਂ ਪਾਸਿਆਂ ਤੋਂ ਖੂਬ ਲੜਾਈ ਹੋਈ। ਸਿੰਘਾਂ ਨੇ ਅੰਮ੍ਰਿਤਸਰ ਪੁੱਜਣ ਦੀ ਕੋਸ਼ਿਸ਼ ਵਾਸਤੇ ਅਜਿਹੀ ਤਲਵਾਰ ਚਮਕਾਈ ਤੇ ਬਹਾਦਰੀ ਵਿਖਾਲੀ, ਕਿ ਛੀ ਕੋਹ ਦੇ ਵਿਚਕਾਰ ਲਾਸ਼ ਤੇ ਲਾਸ਼ ਚੜ੍ਹਾ ਦਿੱਤੀ। ਸਾਰੀ ਧਰਤੀ ਖੂਨ ਨਾਲ ਰੰਗੀ ਗਈ। ਰਾਮਸਰ ਤੀਰਥ ਦੇ ਲਾਗੇ ਸ਼ਹੀਦ ਦੀਪ ਸਿੰਘ ਦੇ ਨਾਲ ਸ਼ਾਹ ਜਮਾਲ ਪੰਜ ਹਜ਼ਾਰੀ ਆ ਅੜਿਆ। ਦੋਵੇਂ ਬਹੁਤ ਲੜੇ। ਆਖ਼ਰ ਥੋੜੀ ਦੇਰ ਬਾਦ ਦੋਹਾਂ ਨੇ ਬਹਾਦਰੀ ਦੇ ਜੌਹਰ ਦਿਖਾ ਕੇ ਬਾਬਾ ਜੀ ਨੇ ਜਮਾਲ ਸ਼ਾਹ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ, ਤੇ ਦੀਪ ਸਿੰਘ ਜੀ ਦੀ ਤਲਵਾਰ ਨਾਲ ਓਹਨਾਂ ਦਾ ਆਪਣਾ ਸੀਸ ਵੀ ਧੜ ਨਾਲੋਂ ਅੱਡ ਹੋ ਗਿਆ। ਦੀਪ ਸਿੰਘ ਦਾ ਸ਼ਹੀਦ ਅਸਥਾਨ ਰਾਮਸਰ ਦੇ ਲਾਗੇ ਬਣਿਆ ਹੋਇਆ ਹੈ। ਇਸੇ ਤਰ੍ਹਾਂ ਜੱਥੇਦਾਰ ਰਾਮ ਸਿੰਘ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋਇਆ, ਜਿਸ ਦਾ ਸ਼ਹੀਦਗੰਜ, ਰਾਮਗੜ੍ਹੀਆਂ ਦੇ ਕਟੜੇ ਵਿੱਚ ਤੇ ਸੱਜਣ ਸਿੰਘ, ਬਹਾਦਰ ਸਿੰਘ, ਅੱਖੜ ਸਿੰਘ, ਹੀਰਾ ਸਿੰਘ ਆਦਿਕ ਕਈ ਸਿੰਘ ਗੁਰੂ ਦੇ ਬਾਗ਼ ਵਿੱਚ ਸ਼ਹੀਦ ਹੋਏ। ਓਹਨਾਂ ਦਾ ਅਸਥਾਨ ਬਾਗ਼ ਵਿੱਚ ਹੈ। ਅੰਤ ਨੂੰ ਇਸ ਲੜਾਈ ਵਿੱਚ ਸਿੰਘ ਕਾਮਯਾਬ ਹੋਏ ਤੇ ਗਿਲਜੇ ਅੰਮ੍ਰਿਤਸਰ ਛੱਡ ਕੇ ਨੱਸ ਗਏ।
ਜਦ ਇਸ ਲੜਾਈ ਦਾ ਹਾਲ ਗੁਰਬਖ਼ਸ਼ ਸਿੰਘ ਤੇ ਦਰਗਾਹ ਸਿੰਘ ਨੇ ਸੁਣਿਆ ਤਦ ਓਸੇ ਵੇਲੇ ਆਨੰਦਪੁਰ ਸਾਹਿਬ ਤੋਂ ਦੋ ਹਜ਼ਾਰ ਸਿੰਘ ਲੈ ਕੇ ਚੜ੍ਹ ਆਏ ਤੇ ਦੁਰਾਨੀਆਂ ਨਾਲ ਲੜਦੇ ਭਿੜਦੇ ਅੰਮ੍ਰਿਤਸਰ ਆ ਪੁੱਜੇ। ਸਿੰਘਾਂ ਨੂੰ ਆਪਣੇ ਗੁਰਦੁਆਰੇ ਹਰਿਮੰਦਰ ਦੀ ਹਾਲਤ ਵੇਖ ਕੇ ਬੜਾ ਕਲੇਸ਼ ਹੋਇਆ। ਓਹਨਾਂ ਰਾਤੀਂ ਛਾਪਾ ਮਾਰਿਆ ਤੇ ਦੁਰਾਨੀਆਂ ਦੇ ਥਾਣੇ ਤਸੀਲਾਂ ਸਾਰੇ ਸਾੜ ਦਿੱਤੇ। ਤਹਿਮੂਰ ਸ਼ਾਹ ਨੇ ਸਿੰਘਾਂ ਦਾ ਇਹ ਹਾਲ ਵੇਖ ਕੇ ਕਾਬਲ, ਮੁਲਤਾਨ, ਰੁਹਤਾਸ ਆਦਿਕ ਅਸਥਾਨਾਂ ਤੋਂ ਫੌਜਾਂ ਸਦ ਲਈਆਂ ਤੇ ਸਿੰਘਾਂ ਦਾ ਖੁਰਾ ਖੋਜ ਮਿਟਾਣ ਦਾ ਹੁਕਮ ਦਿੱਤਾ। ਸ਼ਾਹ ਨਿਜਾਮਉਦੀਨ ਸਰਬੁਲੰਦ ਖਾਂ, ਜਾਬਰ ਖਾਂ, ਜ਼ਾਲਮ ਖਾਂ ਆਦਿਕ ਫੌਜਦਾਰ ੨੦ ਹਜ਼ਾਰ ਲੜਾਕੇ ਪਠਾਣਾਂ ਦੇ ਨਾਲ ਮੈਦਾਨ ਵਿਚ ਆਏ। ਓਧਰ ੯ ਮੱਘਰ ੧੮੧੮ ਨੂੰ ਗੁਰਬਖ਼ਸ਼ ਸਿੰਘ ਆਦਿਕ ਜੱਥੇਦਾਰਾਂ ਨੇ ਵੀ ਦੁਸ਼ਮਣ ਦੀ ਚੜ੍ਹਾਈ ਸੁਣ ਕੇ ਧਰਮਯੁੱਧ ਲਈ ਕਮਰਕਸੇ ਕਰ ਲਏ ਤੇ ਅਰਦਾਸ ਕਰ ਕੇ ਸ਼ਹੀਦ ਹੋਣ ਲਈ ਤਿਆਰ ਹੋ ਬੈਠੇ। ਦਿਨ ਚੜ੍ਹਦੇ ਨੂੰ ਦੁਰਾਨੀ ਆ ਪੁੱਜੇ। ਅੰਮ੍ਰਿਤਸਰ ਸਰੋਵਰ ਦੇ ਪਿਛਲੇ ਪਾਸੇ ਇੱਕ ਬੜੀ ਭ੍ਯਾਨਕ ਲੜਾਈ ਹੋਈ। ਅੰਤ ਨੂੰ ਜਦ ਗੁਰਬਖ਼ਸ ਸਿੰਘ, ਬਸੰਤ ਸਿੰਘ, ਨਿਹਾਲ ਸਿੰਘ ਆਦਿਕ ਵੱਡੇ ਵੱਡੇ ਜੱਥੇਦਾਰ ਸ਼ਹੀਦ ਹੋ
ਗਏ ਤੇ ਦੁਰਾਨੀਆਂ ਦੀ ਫੌਜ ਪਿੱਛੋਂ ਹੋਰ ਬਹੁਤ ਸਾਰੀ ਆ ਗਈ, ਤਦ ਸਿੰਘ ਬਾਸਰਾ ਦੀ ਬੀੜ ਵਿੱਚ ਜਾ ਘੁਸੇ। ਦੁਰਾਨੀ ਮੈਦਾਨ ਖਾਲੀ ਵੇਖ ਕੇ ਮੁੜ ਗਿਆ।
ਗੁਰਬਖ਼ਸ਼ ਸਿੰਘ ਨੂੰ ਅਕਾਲ ਤਖ਼ਤ ਦੇ ਪਿੱਛੇ, ਬਸੰਤ ਸਿੰਘ ਥੜੇ ਸਾਹਿਬ ਦੇ ਪਾਸ ਨਿਹਾਲ ਸਿੰਘ ਚੁਰਸਤੀ ਅਟਾਰੀ ਦੇ ਪਾਸ: ਜੋ ਜਿੱਥੇ ਸ਼ਹੀਦ ਹੋਇਆ, ਓਸੇ ਥਾਂ ਤੇ ਓਹਦੀ ਸਮਾਧ ਬਣਾ ਦਿੱਤੀ ਤੇ ਇਹ ਅਸਥਾਨ ਹੁਣ ਤੱਕ ਅੰਮ੍ਰਿਤਸਰ ਵਿੱਚ ਸ਼ਹੀਦਗੰਜ ਦੇ ਨਾਮ ਤੇ ਮਸ਼ਹੂਰ ਹਨ। ਹੁਣ ਦੀਪ ਸਿੰਘ ਦੀ ਥਾਂ ਸੁਧ ਸਿੰਘ, ਗੁਰਬਖਸ ਸਿੰਘ ਦੀ ਜਗ੍ਹਾ ਸੂਬਾ ਸਿੰਘ, ਬਸੰਤ ਸਿੰਘ ਦੀ ਜਗ੍ਹਾ ਪ੍ਰੇਮ ਸਿੰਘ ਸ਼ਹੀਦਾਂ ਦੇ ਜੱਥੇ ਦੇ ਜੱਥੇਦਾਰ ਬਣੇ।
ਸੁਧ ਸਿੰਘ ੧੮੧੯ ਬਿਕਰਮੀ ਨੂੰ ਪਿੰਡ ਦੁਕੋਹੇ ਦੇ ਲਾਗੇ ਪਠਾਣਾਂ ਦੀ ਲੜਾਈ ਵਿੱਚ ਮਾਰਿਆ ਗਿਆ। ਕਰਮ ਸਿੰਘ ਇਸ ਦੀ ਜਗ੍ਹਾ ਤੇ ਨੀਯਤ ਹੋਇਆ। ਸਰਦਾਰ ਕਰਮ ਸਿੰਘ ਚੌਧਰੀ ਬੀਰ ਸਿੰਘ ਦਾ ਪੁੱਤਰ, ਪਿੰਡ ਮਰਾਨਾ ਪ੍ਰਗਨਾ ਲਾਹੌਰ ਦਾ ਰਹਿਣ ਵਾਲਾ ਸੀ। ਸੰਮਤ ੧੮੨੦ ਬਿਕਰਮੀ ਨੂੰ ਜਦ ਸਿੰਘਾਂ ਨੇ ਜੈਨ ਖਾਂ ਨੂੰ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਤੇ ਸਾਰੇ ਮੁਲਕ ਵਿੱਚ ਆਪਣਾ ਦਬਦਬਾ ਬਣਾਇਆ, ਓਸ ਵੇਲੇ ਕਰਮ ਸਿੰਘ ਨੇ ਵੀ ਸ਼ਾਹਜ਼ਾਦਪੁਰ ਮਾਜਰੀ ਕੇਸਰੀ ਆਦਿਕ ਇੱਕ ਲਖ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਆਪ ਕੇਸਰੀ ਵਿੱਚ ਰਿਹਾ ਕਰਦਾ ਸੀ ਤੇ ਸ਼ਾਹਜਾਦ ਪੁਰ ਵਿਚ ਧਰਮ ਸਿੰਘ ਸੀ। ਕਿੰਤੂ ਜਦ ਓਹ ਮਰ ਗਿਆ ਓਸ ਦੀ ਸਰਦਾਰਨੀ ਮਾਈ ਦੇਸਾਂ ਨੂੰ ਵਡਾ ਪਿੰਡ ਗੁਜ਼ਾਰੇ ਲਈ ਦੇ ਕੇ ਆਪ ਸਾਹਜ਼ਾਦ ਪੁਰ ਰਹਿਣ ਲੱਗਾ। ਜਦ ਮਾਈ ਦੇਸਾਂ ਮਰ ਗਈ ਤਦ ਓਹਦਾ ਇਲਾਕਾ ਵੀ ਇਹਦੇ ਕਬਜ਼ੇ ਵਿੱਚ ਹੀ ਆ ਗਿਆ। ਦਮਦਮਾ ਸਾਹਿਬ ਦੇ ਪਾਸ ਰਾਣੀਆਂ ਵਾਲੇ ਨਵਾਬ ਜਾਬਤਾ ਖਾਂ ਰਾਜਪੂਤ ਦਾ ਰਾਜ ਸੀ। ਸਿੰਘਾਂ ਨਾਲ ਓਹਦੀ ਸਦਾ ਛੇੜ ਛਾੜ ਰਹਿੰਦੀ ਸੀ। ਸਿੰਘਾਂ ਨੇ ਇਕ ਫਿਰ ਅਜਿਹੇ ਹੱਥ ਦਸੇ ਕਿ ਜ਼ਾਬਤਾ ਖਾਂ ਨੇ ਦਾਦੂ, ਧਰਮ ਪੁਰਾ, ਰਾਮ ਪੁਰਾ ਤਲੋਕੇ ਵਾਲਾ ਕੇਵਲ ਤੇ ਹੁਨਾ ਪਕਾ ਆਦਿਕ ਪਿੰਡ ਸ਼ਹੀਦ ਕਰਮ ਸਿੰਘ ਨੂੰ ਕੰਖਰ ਗੁਰਦੁਆਰੇ ਦੇ ਵਾਸਤੇ ਇਸ ਸ਼ਰਤ ਤੇ ਦਿੱਤੇ ਕਿ ਮੇਰੇ ਮੁਲਕ ਵਿੱਚ ਕੋਈ ਸਿੰਘ ਦਾਖਲ ਨਾ ਹੋਵੇ। ਓਹਨਾਂ ੧੨ ਪਿੰਡਾਂ ਵਿੱਚੋਂ ੭ ਪਿੰਡ ਜਿਨ੍ਹਾਂ ਦੀ ਆਮਦਨੀ ੩੬ ਸੌ ਰੁਪਯਾ ਸਾਲਾਨਾ ਹੁਣ ਤੱਕ ਗੁਰਦੁਆਰੇ ਦੇ ਨਾਮ ਮਾਫ਼ੀ ਹੈ।
ਦਮਦਮਾ ਸਾਹਿਬ ਵਿੱਚ ੪੦੪ ਸਿੰਘ, ੨ ਤੋਪਾਂ, ੧੦ ਜੰਬੂਰੇ ਰਿਹਾ ਕਰਦੇ ਸਨ। ਨੱਥਾ ਸਿੰਘ ਸ਼ਹੀਦ ਓਥੋਂ ਦਾ ਮੁਖਤਾਰ ਸੀ, ਜਿਸ ਨੂੰ ਦੀਪ ਸਿੰਘ ਜੀ ਸ਼ਹੀਦ ਆਪਣੀ ਥਾਂ ਤੇ ਬਿਠਾ ਗਏ ਸਨ। ਸਰਦਾਰ ਕਰਮ ਸਿੰਘ ਨੇ ਇਨ੍ਹਾਂ ਨੂੰ ਇੱਥੋਂ ਬਦਲ ਕੇ ਅਮਲੀ ਜਾਗੀਰ ਵਿੱਚ ਭੇਜ ਦਿੱਤਾ ਤੇ ਇਨ੍ਹਾਂ ਦੀ ਜਗ੍ਹਾ ਤੇ ਰਣ ਸਿੰਘ ਨੂੰ ਨੀਯਤ ਕਰ ਦਿੱਤਾ। ਇਸ ਨੇ ਤੀਹਨਾ ਪਿੰਡ ਦਬਾ ਲਿਆ ਜੋ ਹੁਣ ਤੱਕ ਇਹਦੀ ਔਲਾਦ ਮਹਤਾਬ ਸਿੰਘ ਪਾਸ ਹੈ।
ਸੰਮਤ ੧੮੨੫ ਬਿਕ੍ਰਮੀ ਨੂੰ ਖਾਲਸੇ ਨੇ ਬ੍ਰਾਹਮਣ ਦੀ ਫਰਯਾਦ ਸੁਣ ਕੇ ਜਲਾਲਾਬਾਦ ਲੁਹਾਰੀ ਦੇ ਨਵਾਬ ਤੇ ਚੜ੍ਹਾਈ ਕੀਤੀ ਤਦ ਓਸ ਵੇਲੇ ਸ਼ਹੀਦ ਕਰਮ ਸਿੰਘ ਸੈਨਾਪਤੀ ਬਣਿਆ ਤੇ ਇਸ ਮੁਕਾਬਲੇ ਵਿੱਚ ਇਸ ਨੇ ਬੜੀ ਜਵਾਂਮਰਦੀ ਨਾਲ ਕਾਮਯਾਬੀ ਪ੍ਰਾਪਤ ਕੀਤੀ।
ਇਹ ਇੱਕ ਬੜਾ ਬਹਾਦਰ ਦਲੇਰ ਤੇ ਜਵਾਂਮਰਦ ਸੀ। ਇੱਕ ਲੱਖ ਦਾ ਇਲਾਕਾ ਇਸ ਦੇ ਅਧੀਨ ਸੀ। ਪ੍ਰਗਣਾ ਰਨਖੰਡੀ ਤੇ ਬੜਥਾ ਜਸਈ ਦਾ ਇੱਕ ਲੱਖ ਦਾ ਇਲਾਕਾ ਜੋ ਸਹਾਰਨਪੁਰ ਜ਼ਿਲ੍ਹੇ ਦੇ ਵਿੱਚ ਹੈ, ੩੦ ਸਾਲ ਤੱਕ ਇਸ ਦੇ ਅਧੀਨ ਰਿਹਾ। ਇਸ ਦਾ ਚਲਾਣਾ ਸੰਮਤ ੧੮੫੧ ਵਿੱਚ ਹੋਇਆ। ਪਿੱਛੋਂ ਇਹ ਦੇ ਬੇਟੇ ਗੁਲਾਬ ਸਿੰਘ ਦੀ ਬੇਇੰਤਜ਼ਾਮੀ ਤੋਂ ੧੮੬੯ ਨੂੰ ਜਦ ਸਰ ਕਰ ਕੇ ਅੰਗਰੇਜ਼ਾਂ ਨੇ ਬੰਦੋਬਸਤ ਕੀਤਾ ਤਦ ਇਹਦੇ ਹੱਥੋਂ ਇਹ ਇਲਾਕੇ ਨਿੱਕਲ ਗਏ। ਗੁਲਾਬ ਸਿੰਘ ਬੇਸਮਝ ਸੀ ਤੇ ਓਹ ਹੋਰ ਹੋਰ ਖਿਆਲਾਂ ਵਿਚ ਲੱਗਾ ਰਹਿੰਦਾ ਸੀ। ਸੰਮਤ ੧੯੦੦ ਨੂੰ ਜਦ ਹਰਦਵਾਰ ਤੇ ਕੁੰਭ ਦਾ ਮੇਲਾ ਵੇਖ ਕੇ ਮੁੜਦੀ ਵਾਰ ਪਿੰਡ ਬੜ੍ਹਤੇ ਵਿੱਚ ਡੇਰਾ ਕੀਤਾ, ਤਦ ਉਸ ਵੇਲੇ ਵੀ ਹਮੇਸ਼ਾਂ ਦੇ ਤਰੀਕੇ ਤੇ ਚੌਧਰੀ ਨਜ਼ਰਾਂ ਲੈ ਕੇ ਮਿਲੇ। ੧੮੬੨ ਬਿਕ੍ਰਮੀ ਨੂੰ ਜਦ ਅੰਗਰੇਜ਼ਾਂ ਦੀ ਸਲਤਨਤ ਕਰਨਾਲ ਤੱਕ ਪੁੱਜੀ ਤਦ ਉਸ ਵੇਲੇ ਗੁਲਾਬ ਸਿੰਘ ਨੇ ਕਰਨਲ
ਅਖਤਰਲੋਨੀ ਨੂੰ ਮਿਲ ਕੇ ਓਹਨਾਂ ਦੀ ਪਨਾਹ ਵਿੱਚ ਰਹਿਣ ਦੀ ਬਿਨੈ ਕੀਤੀ, ਜਿਸ ਤੋਂ ਸਾਹਿਬ ਬਹਾਦਰ ਨੇ ਖ਼ੁਸ਼ ਹੋ ਕੇ ਇਹ ਚਿੱਠੀ ਲਿਖ ਦਿੱਤੀ:
'ਸਿੱਖ ਸਰਦਾਰ ਗੁਲਾਬ ਸਿੰਘ ਕੇਸਰੀ ਵਾਲੇ ਨੇ ਇਸ ਪਿੰਡ ਵਿੱਚ ਆ ਕੇ ਕੰਪਨੀ ਦੀ ਬੜੀ ਸੇਵਾ ਕੀਤੀ ਹੈ ਤੇ ਪਨਾਹ ਲੀਤੀ ਹੈ। ਜੇਹੜਾ ਅਫਸਰ ਮੇਰੇ ਪਿੱਛੇ ਕਮਾਨ ਤੇ ਆਵੇ, ਓਹ ਓਸ ਨੂੰ ਆਪਣਾ ਵਫ਼ਾਦਾਰ ਸਮਝ ਕੇ ਆਪਣੀ ਪਨਾਹ ਵਿੱਚ ਰੱਖੇ ਤੇ ਜੋ ਕੁਝ ਇਸ ਦੇ ਮੁਲਕ ਵਿਚ ਹਨ ਲਾਭ ਹੋਵੇ ਓਸ ਤੇ ਵੀ ਧਿਆਨ ਰਖੇ।‘
ਹਸਤਾਖਰ ਲੋਨੀ ਅਖਤਰਾ ੬-੧-੧੮੦੪ ਈ:।
ਫਿਰ ਜਦ ਅੰਗਰੇਜ਼ਾਂ ਦੀ ਛਾਵਣੀ ੧੮੬੫ ਵਿੱਚ ਲੁਧਿਆਣੇ ਬਣੀ, ਤਦ ਇਸ ਰਿਆਸਤ ਦਾ ਨਾਮ ਵੀ ਚੌਤੀ ਘਰਾਂ ਵਿੱਚ ਗਿਣਿਆ ਗਿਆ।
ਸੰਮਤ ੧੯੦੧ ਬਿ. ਨੂੰ ਗੁਲਾਬ ਸਿੰਘ ਦੇ ਪਿੱਛੋਂ ਓਹਦਾ ਪੁੱਤਰ ਸ਼ਿਵ ਕਰਪਾਲ ਸਿੰਘ ਗੱਦੀ ਤੇ ਬੈਠਾ। ਸੰਮਤ ੧੯੩੬ ਨੂੰ ਸਤਲੁਜ ਦੀ ਲੜਾਈ, ਸੰਮਤ ੧੯੧੪ ਨੂੰ ਦਿੱਲੀ ਦੇ ਗਦਰ ਵਿੱਚ ਇਸ ਨੇ ਵੀ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਨੇਕਨਾਮੀ ਦੀ ਚਿੱਠੀ ਲਈ। ਸੰਮਤ ੧੯੨੮ ਬਿਕ੍ਰਮੀ ਨੂੰ ਇਸ ਦੇ ਮਰਨ ਤੇ ਇਹਦੇ ਲੜਕੇ ਸਰਦਾਰ ਜੀਵਨ ਸਿੰਘ ਨੇ ਇਹਦੀ ਜਗ੍ਹਾ ਸੰਭਾਲੀ। ਸਰਦਾਰ ਜੀਵਨ ਸਿੰਘ ਦਾ ਵਿਵਾਹ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਵਾਲਾ ਦੀ ਲੜਕੀ ਬਚਿਤਰ ਕੌਰ ਦੇ ਨਾਲ ਹੋਇਆ ਜਿਸ ਸਮੇਂ ੨੦ ਲੱਖ ਤੋਂ ਉੱਪਰ ਰੁਪਯਾ ਸਰਦਾਰ ਜੀਵਣ ਸਿੰਘ ਦੇ ਘਰ ਪੁੱਜਾ ਰਕਮ ਦਾ ਵੇਰਵਾ ਇੰਜ ਹੈ:
ਕੁੜਮਾਈ ਹੋਣ ਸਮੇਂ ੧੨੫ ਘੋੜੇ, ੩ ਹਾਥੀ, ੪੧ ਊਠ, ੧੨੫ ਮੋਹਰਾਂ, (ਇਕ ਮੋਹਰ ੨੦) ਦੀ ਸੀ ਵਿਆਹ ਦੇ ਮੌਕੇ ਤੇ ੫੦ ਘੋੜੇ, ੮੧ ਊਠ, ੫ ਹਾਥੀ, ੨ ਰਥ, ੨ ਬੱਘੀਆਂ, ੧ ਡੋਲਾ, ੧ ਸੁਖਪਾਲ ਚਾਂਦੀ ਦਾ, ੧ ਡੋਰਾ ਬਨਾਤ ਦਾ ਸਾਇਬਾਨ ਸਮੇਤ ਲਕੜਾਂ ਤੇ ਚਾਂਦੀ, ੫ ਭੈਂਸਾਂ, ੭ ਗਊਆਂ, ੬੦੦ ਤੇਵਰ, ੨੩੫ ਜਨਾਨਾ ਪੁਸ਼ਾਕ, ੧੨੫ ਮਰਦਾਵੀਆਂ ਪੁਸ਼ਾਕਾਂ, ੧੨੫ ਖਿਲਤਾਂ, ੧੨੫ ਦੁਸ਼ਾਲੇ, ਇਹ ਹਰ ਇੱਕ ਪੁਸ਼ਾਕ ਖਿਲਤ ਤੇ ਦੁਸ਼ਾਲੇ, ੧੦੦ ਤੋਂ ਲੈ ਕੇ ੧੦੦੦ ਰੁਪਯਾ ਮੁੱਲ ਤੱਕ ਦੇ ਸਨ, ੧੪ ਹਜ਼ਾਰ ਰੁਪਯਾ ਨਕਦ, ੧੧ ਹਜਾਰ ਅਸ਼ਰਫੀ।
ਮੁਕਲਾਵਾ ਸਾਰੀਆਂ ਚੀਜ਼ਾਂ ਵਿਆਹ ਦੇ ਸਮੇਂ ਨਾਲੋਂ ਅਧੀਆਂ ਦਿੱਤੀਆਂ ਗਈਆਂ। ਇਨ੍ਹਾਂ ਹੀ ਤਰਾਵਜਾ ਤੇ ਪੰਜਵੀਂ ਵੇਰ ਮੁਕਲਾਵੇ ਤੋਂ ਅੱਧ ਸਮਾਨ ਦਿੱਤਾ ਗਿਆ। ਬਾਕੀ ਰਿਹਾ ਹੋਈ ਤੇਤੀਆਂ ਦਾ ਦੀਵਾਲੀ ਲੋਹੀ ਆਦਿਕ ਦਿਹਾੜੇ ਇਨ੍ਹਾਂ ਤੇ ਵੀ ਹਰ ਸਾਲ ਇੱਕ ਲੱਖ ਤੋਂ ਘੱਟ ਨਹੀਂ ਦਿੱਤਾ ਗਿਆ ਤੇ ੧੦ ਹਜ਼ਾਰ ਰੁਪਯਾ ਨਕਦ ਸਾਲਾਨਾ ਬੀਬੀ ਸਾਹਿਬ ਦੀਆਂ ਪੁਸ਼ਾਕਾਂ ਦਾ ਨੀਯਤ ਹੈ। ਇਸ ਤੋਂ ਅੱਧ ਓਹਦੀ ਲੜਕੀ ਦਾ ਤੇ ਓਹਦੇ ਬਰਾਬਰ ਓਹਦੇ ਲੜਕੇ ਦਾ ਪਟਿਆਲੇ ਤੋਂ ਨੀਯਤ ਹੈ। ਜਦੋਂ ਬੀਬੀ ਸਾਹਿਬ ਪਟਿਆਲੇ ਆਉਣ ੩੫੦੦ ਨਕਦ ਤੇ ਇਨੇ ਹੀ ਦਾ ਸਮਾਨ ਜਾਣ ਵੇਲੇ ਦਿੱਤਾ ਜਾਂਦਾ ਹੈ। ਜਦ ਕਦੇ ਕਿਸੇ ਵਿਆਹ ਦੇ ਸਮੇਂ ਤੇ ਆਉਣ, ਤਦ ੧੨ ਹਜ਼ਾਰ ਨਕਦ ਤੇ ਇੰਨਾ ਹੀ ਸਾਮਾਨ ਜਾਣ ਵੇਲੇ ਹੋਂਦਾ ਹੈ। ਇਸ ਤੋਂ ਛੁਟ ੪ ਲੱਖ ਦਾ ਗਹਿਣਾ ਬੀਬੀ ਸਾਹਿਬ ਦਾ ਤੇ ੧੨੫ ਲੱਖ ਦਾ ਗਹਿਣਾ ਸਰਦਾਰ ਸਾਹਿਬ ਦਾ ਇੱਕ ਵੇਰ ਅੱਗੇ ਮਿਲਿਆ ਸੀ, ਹੁਣ ਫਿਰ ਦੋ ਲੱਖ ਦਾ ਗਹਿਣਾ ਬੀਬੀ ਸਾਹਿਬ ਦੀ ਲੜਕੀ ਤੇ ਲੜਕੇ ਨੂੰ ਦਿੱਤਾ ਗਿਆ ਹੈ।
ਸਰਦਾਰ ਜੀਵਣ ਸਿੰਘ ਦੀ ਜਾਗੀਰ ਦੀ ਆਮਦਨੀ ਸਾਲਾਨਾ ੪੮ ਹਜ਼ਾਰ ਰੁਪਈਏ ਦੀ ਹੈ। ਇਨ੍ਹਾਂ ਦਾ ਇੱਕ ਬੁੰਗਾ, ਜੀਹਦਾ ਨਾਮ ਸ਼ਹੀਦ ਬੁੰਗਾ ਤੇ ਇੱਕ ਹਵੇਲੀ ਤੇ ੧੨ ੧੪ ਦੁਕਾਨਾਂ ਅੰਮ੍ਰਿਤਸਰ ਵਿੱਚ ਹਨ। ੧੦ ਜਨਵਰੀ ੧੮੯੦ ਈਸਵੀ ਨੂੰ ਗਵਰਨਰ ਪੰਜਾਬ ਵੱਲੋਂ ਸੀ. ਐੱਸ. ਆਈ. (ਸਟਾਫ ਆਫ ਇੰਡੀਆ) ਦਾ ਖਿਤਾਬ ਸ੍ਰ. ਜੀਵਣ ਸਿੰਘ ਨੂੰ ਮਿਲਿਆ। ਇਸ ਰਈਸ ਦੇ ਜ਼ੈਲਦਾਰ ਜੋ ਚਵੀ ਹਜ਼ਾਰ ਸਾਲਾਨਾ ਦੇ ਹਨ, ਓਨ੍ਹਾਂ ਦੀ ਕਮੀਸ਼ਨ ਆਦਿਕ ਸਭ ਕਾਰਵਾਈ ਇਨ੍ਹਾਂ ਦੀ ਰਾਹੀਂ ਹੋਂਦੀ ਹੈ। ਇਨ੍ਹਾਂ ਨੂੰ ੧੮੦੯ ਦੇ ਕਾਇਦੇ ਕਾਨੂੰਨ ਅਨੁਸਾਰ (ਕਮਿਸ਼ਨ ਦਾ)
ਫੀ ਰੁਪਿਆ ਜਾਗੀਰ ਸਰਕਾਰੇ ਦਾਖਲ ਕਰਨਾ ਪੈਂਦਾ ਹੈ। ਸਰਦਾਰ ਜੀਵਣ ਸਿੰਘ ਦੀ ਜਾਗੀਰ ਦੀ ਆਮਦਨ ੪੮ ਹਜ਼ਾਰ ਰੁਪਯਾ ਸਾਲਾਨਾ ਹੈ।
ਅੱਠਵੀਂ ਮਿਸਲ ਫੈਜ਼ਲਾਪੁਰੀਆ
ਸ਼ਜਰਾ
ਇਸ ਮਿਸਲ ਨੂੰ ਫੈਜੁਲਾ ਪੁਰੀਆ ਦੀ ਮਿਸਲ ਵੀ ਕਹਿੰਦੇ ਹਨ। ਇਹਦਾ ਕਾਰਨ ਇਹ ਹੈ ਕਿ ਜਦ ਸਰਦਾਰ ਕਪੂਰ ਸਿੰਘ ਨੇ; ਜੋ ਇਸ ਮਿਸਲ ਦਾ ਬਾਨੀ ਤੇ ਪਿੰਡ ਫੈਜੁਲਾਪੁਰ ਦਾ ਰਹਿਣ ਵਾਲਾ ਸੀ, ਆਪਣੇ ਇਲਾਕੇ ਤੇ ਕਬਜਾ ਕੀਤਾ ਤਦ ਇਨ੍ਹਾਂ ਦਾ ਨਾਮ ਫੈਜੁਲਾਪੁਰੀਏ ਪੈ ਗਿਆ। ਫੈਜ਼ਲਾਪੁਰ ਮੁਸਲਮਾਨੀ ਨਾਮ ਹੋਣ ਕਰ ਕੇ ਇਸ ਪਿੰਡ ਦਾ ਇਨ੍ਹਾਂ ਨੇ ਨਾਮ ਸਿੰਘ ਪੁਰੀਏ ਰੱਖ ਦਿੱਤਾ ਤੇ ਮਸ਼ਹੂਰ ਹੋ ਗਿਆ।
ਕਪੂਰ ਸਿੰਘ ਦਾ ਪੂਰਾ ਬਿਰਤਾਂਤ ਇਸ ਤਰ੍ਹਾਂ ਹੈ ਕਿ ਸੰਮਤ ੧੭੮੩ ਬਿਕ੍ਰਮੀ ਨੂੰ ਜਦ ਇਹਨੇ ਵੇਖਿਆ ਕਿ ਮੁਸਲਮਾਨ ਹਿੰਦੂਆਂ ਤੇ ਜ਼ੁਲਮ ਕਰ ਰਹੇ ਹਨ ਤੇ ਸਿੱਖਾਂ ਦੀ ਇੱਕ ਬੜੀ ਬਹਾਦਰ ਕੌਮ ਉਤਪੰਨ ਹੋਈ ਹੈ, ਜੋ ਮੁਸਲਮਾਨਾਂ ਨੂੰ ਓਹਨਾਂ ਦੀ ਕਰਨੀ ਦਾ ਬਦਲਾ ਦੇਣ ਲਈ ਤਤਪਰ ਹੋਈ ਹੈ, ਤਦ ਇਹ ਵੀ ਆਪਣੀ ਖ਼ੁਸ਼ੀ ਨਾਲ ਅੰਮ੍ਰਿਤਸਰ ਪੁੱਜ ਕੇ ਆਪਣੇ ਸਕੇ ਭਰਾ ਦੀਵਾਨ ਸਿੰਘ
ਤੇ ਹੋਰ ਬਹੁਤ ਸਾਰੇ ਜਿਮੀਦਾਰਾਂ ਨੂੰ ਨਾਲ ਲੈ ਕੇ ਅੰਮ੍ਰਿਤ ਛਕ ਸਿੰਘ ਸਜ ਗਿਆ ਤੇ ਦੀਵਾਨ ਦਰਬਾਰਾ ਸਿੰਘ ਦੇ ਨਾਲ ਹੋ ਕੇ ਮੁਸਲਮਾਨਾਂ ਦੀ ਸੋਧ ਕਰਨ ਲੱਗਾ।
ਸੰਮਤ ੧੭੯੦ ਬਿਕ੍ਰਮੀ ਵਿੱਚ ਜਦੋਂ ਕਿ ਦਿੱਲੀ ਦੇ ਬਾਦਸ਼ਾਹ ਨੇ ਸਿੱਖਾਂ ਦੇ ਵਾਸਤੇ ਇੱਕ ਲੱਖ ਦੀ ਜਾਗੀਰ ਤੇ ਨਵਾਬੀ ਦਾ ਖਤਾਬ ਮਨਜੂਰ ਕੀਤਾ ਤਦ ਇਹ ਖਤਾਬ ਸਰਦਾਰ ਕਪੂਰ ਸਿੰਘ ਨੂੰ ਹੀ ਦਿੱਤਾ ਗਿਆ। ਨਵਾਬ ਕਪੂਰ ਸਿੰਘ ਆਪਣੇ ਆਪ ਵਿੱਚ ਵੱਡੇ ਹੌਸਲੇ ਵਾਲਾ ਤੇ ਬਹਾਦਰ ਸਿੰਘ ਸੀ। ਲੜਾਈ ਦੇ ਮੈਦਾਨ ਵਿੱਚ ਮਸਤ ਹਾਥੀ ਦੀ ਤਰ੍ਹਾਂ ਅੱਗੇ ਚਲਾ ਜਾਂਦਾ ਸੀ ਤੇ ਕਦੇ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ। ਇਸ ਦੇ ਸਾਰੇ ਸਰੀਰ ਤੇ ਫਟਾਂ ਦੇ ਚਿੰਨ੍ਹ ਸਨ ਤੇ ਇਸ ਨੂੰ ਇਸ ਗੱਲ ਤੇ ਫਖਰ ਸੀ ਕਿ ਇਸ ਨੇ ਰਣਛੇਤਰ ਵਿੱਚ ਸਰੀਰ ਜ਼ਖ਼ਮਾਂ ਨਾਲ ਛਾਨਣੀ ਕਰਵਾ ਲਿਆ ਹੈ, ਕਿੰਤੂ ਕਦੇ ਪਿੱਛੇ ਨਹੀਂ ਹਟਿਆ। ਨਵਾਬ ਕਪੂਰ ਸਿੰਘ ਨੂੰ ਸਿੱਖੀ ਦੇ ਪ੍ਰਚਾਰ ਦਾ ਬੇਹਦ ਸ਼ੌਕ ਸੀ। ਹਜਾਰਾਂ ਹੀ ਅੱਡ ਅੱਡ ਜਾਤੀ ਦੇ ਆਦਮੀਆਂ ਨੂੰ ਇਸ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਊਚ ਨੀਚ ਦੀ ਕੋਈ ਪ੍ਰਵਾਹ ਨਾ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਪੂਰਾ ਕਰਦਾ ਰਿਹਾ। ਖਾਲਸੇ ਵਿੱਚ ਇਸ ਨੂੰ ਬੜੀ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਲੋਕੀਂ ਇਸ ਦੇ ਹੱਥੋਂ ਅੰਮ੍ਰਿਤ ਛਕਣਾ ਚੰਗਾ ਖ਼ਿਆਲ ਕਰਦੇ ਸਨ। ਮਹਾਰਾਜਾ ਆਲਾ ਸਿੰਘ ਵਾਲੀਏ ਪਟਿਆਲਾ ਨੇ ਵੀ ਇਨ੍ਹਾਂ ਦੇ ਹੱਥੋਂ ਹੀ ਅੰਮ੍ਰਿਤ ਛਕਿਆ, ਜਿਸ ਦੀ ਯਾਦਗਾਰ ਵਿੱਚ ਇੱਕ ਖੂਹ ਪਿੰਡ ਠੀਕਰੀ ਵਿੱਚ, ਜਿੱਥੇ ਕਿ ਨਵਾਬ ਕਪੂਰ ਸਿੰਘ ਰਿਹਾ ਕਰਦਾ ਸੀ, ਲਗਵਾ ਦਿੱਤਾ ਜੋ ਹੁਣ ਤੱਕ ਮੌਜੂਦ ਹੈ। ਨਵਾਬ ਕਪੂਰ ਸਿੰਘ ਨੂੰ ਆਮ ਲੋਕੀ ਕਿਸ ਨਜ਼ਰ ਨਾਲ ਵੇਖਦੇ ਸਨ? ਇਸ ਗੱਲ ਦਾ ਪਤਾ ਕੇਵਲ ਇੱਕ ਇਸ ਗੱਲ ਤੋਂ ਹੀ ਲੱਗ ਸਕਦਾ ਹੈ ਕਿ ਜਿਸ ਦਰੱਖਤ ਦੇ ਹੇਠਾਂ ਇਨ੍ਹਾਂ ਦਾ ਡੇਰਾ ਸੀ ਓਹ ਤਨਖਾਂਰਦਾਂ ਨੂੰ ਹਿੰਦੂ ਮੁਸਲਮਾਨ ਮੁਤਬਰਕ ਸਮਝ ਕੇ ਓਹਨਾਂ ਦੇ ਅੱਗੇ ਸੁਖਣਾ ਸੁਖਦੇ ਹਨ ਤੇ ਉੱਥੇ ਕੜਾਹ ਪ੍ਰਸ਼ਾਦ ਲਿਆ ਕੇ ਵੰਡਦੇ ਹਨ।
ਤਿੰਨ ਹਜ਼ਾਰ ਤੋਂ ਉੱਪਰ ਸਵਾਰ ਓਹਨਾਂ ਦੇ ਨਾਲ ਰਹਿੰਦੇ ਸਨ। ਭਾਵੇਂ ਇਨ੍ਹਾਂ ਦੇ ਨਾਲ ਦੇ ਸਵਾਰਾਂ ਦੀ ਗਿਣਤੀ ਦੂਜੀਆਂ ਮਿਸਲਾਂ ਦੇ ਸਿੰਘਾਂ ਨਾਲੋਂ ਘੱਟ ਸੀ, ਕਿੰਤੂ ਬਹਾਦਰੀ ਸੂਰਮਤਾ ਤੇ ਸਿੱਖੀ ਦੇ ਪ੍ਰਚਾਰ ਵਿੱਚ ਕਿਸੇ ਦੂਜੀ ਮਿਸਲ ਨਾਲੋਂ ਘੱਟ ਨਹੀਂ ਸਨ। ਜਿਸ ਪਾਸੇ ਕਦਮ ਉਠਾਏ ਕਦੇ ਵਾਪਸ ਨਾ ਮੁੜਦੇ।
ਨਵਾਬ ਕਪੂਰ ਸਿੰਘ ਨੇ ਦਿੱਲੀ ਦੀਆਂ ਦੀਵਾਰਾਂ ਤੱਕ ਹੱਥ ਮਾਰਿਆ ਤੇ ਸੈਂਕੜੇ ਮੁਸਲਮਾਨ ਹਾਕਮਾਂ ਤੇ ਰਈਸਾਂ ਨੂੰ ਸੋਧਿਆ। ਦਰਯਾਏ ਸਤਲੁਜ ਦੇ ਚੜ੍ਹਦੇ ਤੇ ਲੈਂਹਦੇ ੬ ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ। ਇਸ ਵਿੱਚ ਸੰਦੇਹ ਨਹੀਂ ਕਿ ਧਨ ਤੇ ਦੌਲਤ ਦੇ ਕਾਰਨ ਕਈ ਮਿਸਲਾਂ ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਵੱਡੀਆਂ ਸਨ, ਕਿੰਤੂ ਇਨ੍ਹਾਂ ਦੀ ਬਜ਼ੁਰਗੀ ਤੇ ਪਵਿੱਤ੍ਰ ਆਚਰਣ ਹੋਣ ਦੇ ਕਾਰਨ ਸਾਰੇ ਹੀ ਆਪਣਾ ਆਗੂ ਸਮਝਦੇ ਸਨ। ਇਸ ਵਾਸਤੇ ਸਾਰੀਆਂ ਮਿਸਲਾਂ ਇਨ੍ਹਾਂ ਦਾ ਹਰ ਤਰ੍ਹਾਂ ਨਾਲ ਅਦਬ ਤੇ ਸਤਕਾਰ ਕਰਦੀਆਂ ਰਹਿੰਦੀਆਂ ਸਨ।
ਮੌਲਵੀ ਬੂਟੇਸ਼ਾਹ ਆਪਣੀ ਤਾਰੀਖ ਵਿੱਚ ਨਵਾਬ ਕਪੂਰ ਸਿੰਘ ਦੀ ਬਾਬਤ ਇਨ੍ਹਾਂ ਅੱਖਰਾਂ ਵਿੱਚ ਜ਼ਿਕਰ ਕਰਦਾ ਹੈ: 'ਨਵਾਬ ਕਪੂਰ ਸਿੰਘ ਪਰਤਾਪੀ, ਸੁੰਦਰ ਉੱਚੇ ਕੱਦ, ਚੌੜੀ ਛਾਤੀ, ਬੜਾ ਤਾਕਤਵਰ ਤੇ ਨਿਹਾਇਤ ਦਾਨੀ ਸੀ। ਇਸ ਦੇ ਲੰਗਰ ਵਿੱਚੋਂ ਗ਼ਰੀਬਾਂ ਨੂੰ ਹਰ ਵੇਲੇ ਪ੍ਰਸ਼ਾਦ ਮਿਲਦਾ ਰਹਿੰਦਾ ਸੀ, ਜੇਹੜਾ ਇੱਕ ਵੇਰ ਇਸ ਨੂੰ ਮਿਲਦਾ ਓਹਦਾ ਦਿਲ ਇਨ੍ਹਾਂ ਤੋਂ ਵਿਛੜਨ ਤੇ ਨਾ ਕਰਦਾ। ਫਤੇਹ ਨੇ ਹਮੇਸ਼ਾਂ ਇਨ੍ਹਾਂ ਦੇ ਕਦਮ ਚੁੰਮੇ।"
ਸੰਮਤ ੧੮੧੩ ਨੂੰ ਜਦ ਲਾਹੌਰ ਦੇ ਸੂਬੇ ਅਦੀਨਾ ਬੇਗ ਨਾਲ ਅਣਬਣ ਹੋ ਗਈ ਤਦ ਓਸ ਨੇ ਨਵਾਬ ਕਪੂਰ ਸਿੰਘ ਨਾਲ ਦੋਸਤੀ ਪਾ ਕੇ ਆਪਣਾ ਸਾਥੀ ਬਣਾ ਲਿਆ ਤੇ ਅਦੀਨਾ ਬੇਗ ਦੇ ਮਰਨ ਦੇ ਪਿਛੋਂ ਬਹੁਤ ਸਾਰਾ ਇਲਾਕਾ ਦਵਾਬਾ ਬਿਸਤ ਜਾਲੰਧਰ ਦਾ ਨਵਾਬ ਕਪੂਰ ਸਿੰਘ ਦੇ ਕਬਜ਼ੇ ਵਿੱਚ ਆ ਗਿਆ।
ਸੰਮਤ ੧੮੧੭ ਬਿ. ਨੂੰ ਨਵਾਬ ਕਪੂਰ ਸਿੰਘ ਨੇ ਪੰਥ ਖਾਲਸੇ ਨੂੰ ਅੰਮ੍ਰਿਤਸਰ ਇਕੱਠਾ ਕਰ ਕੇ ਆਪਣੀ ਮਿਸਲ ਦੀ ਸਰਦਾਰੀ ਦੀ ਦਸਤਾਰ ਆਪਣੇ ਛੋਟੇ ਭਰਾ ਖੁਸ਼ਹਾਲ ਸਿੰਘ ਨੂੰ ਦਿੱਤੀ (ਇਹ ਨੂੰ ਇਨ੍ਹਾਂ ਨੇ ਆਪਣਾ ਮੁਤਬੰਨਾ ਬਣਾਇਆ ਹੋਇਆ ਸੀ) ਕਿੰਤੂ ਜੱਥੇਦਾਰੀ ਦੀ ਦਸਤਾਰ ਆਪਣੇ ਸ਼ਾਗਿਰਦ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਤੀ। ਅੱਸੂ ਸੁਦੀ ਇਕਾਦਸ਼ੀ ਨੂੰ ਆਪ ਚਲਾਣਾ ਕਰ ਗਏ। ਇਨ੍ਹਾਂ ਦੀ ਸਮਾਧ ਬਾਬਾ ਅਟੱਲ ਦੇ ਪਾਸ ਹੁਣ ਤੱਕ ਬਣੀ ਹੋਈ ਹੈ। ਇਹ ਸਮਾਧ ਮਹਾਰਾਜਾ ਰਣਜੀਤ ਸਿੰਘ ਕਪੂਰਥਲੇ ਵਾਲੇ ਨੇ ਬਣਵਾਈ ਸੀ।
ਨਵਾਬ ਕਪੂਰ ਸਿੰਘ ਦੇ ਚਲਾਣੇ ਮਗਰੋਂ ਓਹਨਾਂ ਦਾ ਛੋਟਾ ਭਾਈ ਖ਼ੁਸ਼ਹਾਲ ਸਿੰਘ ਮਿਸਲ ਦਾ ਮਾਲਕ ਬਣਿਆ। ਸਿੱਖੀ ਦੇ ਪ੍ਰਚਾਰ ਗ਼ਰੀਬਾਂ ਤੇ ਦੁਖੀਆਂ ਦੀ ਰੱਖਿਆ ਤੇ ਜਾਲਮਾਂ ਦੀ ਸੋਧ ਵਿਚ ਇਹ ਆਪਣੇ ਵੱਡਿਆਂ ਨਾਲ ਕਿਸੇ ਤਰ੍ਹਾਂ ਘੱਟ ਨਹੀਂ ਸੀ। ਇਸ ਨੇ ਵੀ ਅਨੇਕਾਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ।
ਸੰਮਤ ੧੮੨੦ ਨੂੰ ਸਰਹੰਦ ਦਾ ਸੂਬਾ ਜੈਨ ਖਾਂ ਨਵਾਬ ਕਪੂਰ ਸਿੰਘ ਦੇ ਸਾਥੀ ਨੈਹਰਾਜ ਸਿੰਘ ਦੇ ਹੱਥੋਂ ਮਾਰਿਆ ਗਿਆ ਤੇ ਖਾਲਸੇ ਨੇ ੫੨ ਲੱਖ ਦੇ ਮੁਲਕ ਤੇ ਕਬਜ਼ਾ ਕਰ ਲਿਆ, ਤਦ ਸਰਦਾਰ ਖ਼ੁਸ਼ਹਾਲ ਸਿੰਘ ਨੇ ਵੀ ਕੰਟੋਲਾ, ਘਨੋਲੀ, ਭਰਤਗੜ੍ਹ, ਆਦਿਕ ਡੇਢ ਲੱਖ ਦੇ ਇਲਾਕੇ ਤੇ ਆਪਣਾ ਕਬਜਾ ਕਰ ਲਿਆ।
੧੮੨੫ ਬਿਕ੍ਰਮੀ ਨੂੰ ਸ਼ੇਖ ਨਜਾਮਉਦੀਨ ਜਾਲੰਧਰ ਦੇ ਹਾਕਮ ਨਾਲ ਲੜਾਈ ਹੋ ਗਈ। ਸ਼ੇਖ ਨੂੰ ਮੈਦਾਨ ਜੰਗ ਵਿੱਚ ਭਾਰੀ ਭਾਂਜ ਆਈ, ਇਹ ਇਲਾਕਾ ਸਰਦਾਰ ਖੁਸ਼ਹਾਲ ਸਿੰਘ ਦੇ ਹੱਥ ਆ ਗਿਆ, ਤੇ ਹੁਣ ਇਨ੍ਹਾਂ ਆਪਣੀ ਵਸੋਂ ਖ਼ਾਸ ਜਾਲੰਧਰ ਸ਼ਹਿਰ ਵਿੱਚ ਰੱਖੀ, ਜਾਲੰਧਰ, ਬਲੰਦ ਗੜ੍ਹ, ਹੈਬਤ ਪੁਰ, ਪੱਟੀ, ਨੂਰ ਪੁਰ, ਬੈਹਰਾਮ ਪੁਰ ਤਿੰਨ ਲੱਖ ਦਾ ਇਲਾਕਾ ਓਹਦੇ ਬੇਟੇ ਬੁੱਧ ਸਿੰਘ ਦੇ ਕਬਜ਼ੇ ਵਿੱਚ ਆ ਗਿਆ, ਬਹੁਤ ਸਾਰੇ ਪਿੰਡ ਇਲਾਕਾ ਜਸਤ ਬਨੋੜ ਮਹਾਰਾਜਾ ਪਟਿਆਲਾ ਦੀ ਮਦਦ ਨਾਲ ਰਾਏਕੋਟ ਦੇ ਰਈਸ ਤੋਂ ਜਿੱਤ ਲਏ। ੨੩ ਚੇਤ ਸੰਮਤ ੧੮੫੨ ਬਿਕ੍ਰਮੀ ਨੂੰ ਕਿਲ੍ਹਾ ਲਾਮੜੇ ਵਿੱਚ ਸਰਦਾਰ ਖ਼ੁਸ਼ਹਾਲ ਸਿੰਘ ਦੇ ਗੁਜ਼ਰ ਜਾਣ ਤੇ ਓਹਨਾਂ ਦਾ ਲੜਕਾ ਬੁੱਧ ਸਿੰਘ ਇਨ੍ਹਾਂ ਦੀ ਜਗ੍ਹਾ ਤੇ ਬੈਠਾ। ਇਸ ਨੇ ਵੀ ਆਪਣੇ ਵੱਡਿਆਂ ਦੇ ਕਦਮਾਂ ਤੇ ਚੱਲ ਕੇ ਬੜੀ ਕੀਰਤੀ ਉਤਪੰਨ ਕੀਤੀ।
ਜੇਹੜੇ ਆਵੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਗੁਰਦੁਆਰੇ ਬਣਾਉਣ ਲਈ ਬਣਾਏ ਸਨ, ਓਹਨਾਂ ਦੀਆਂ ਇਟਾਂ ਨੂਰ ਦੀਨ ਪੰਜਾਬ ਦੇ ਹਾਕਮ ਨੇ ਚੁੱਕ ਕੇ ਆਪਣੇ ਮਕਾਨ ਬਣਵਾ ਲਏ ਸਨ। ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹੋ ਹੀ ਇੱਟਾਂ ਇਸ ਤਾਲਾਬ ਨੂੰ ਲੱਗਣਗੀਆਂ। ਸੋ ਗੁਰੂ ਜੀ ਦੇ ਇਹ ਵਾਕ ਚੇਤੇ ਕਰ ਕੇ ਸਰਦਾਰ ਬੁੱਧ ਸਿੰਘ ਨੇ ਨੂਰਦੀਨ ਦੇ ਮਕਾਨ ਗਿਰਵਾ ਕੇ ਓਹੋ ਹੀ ਇੱਟਾਂ ਸ੍ਰੀ ਤਰਨਤਾਰਨ ਦੇ ਤਾਲਾਬ ਤੇ ਲਾਈਆਂ, ਜਿਸ ਤੇ ਇੱਕ ਲੱਖ ਰੁਪਯਾ ਖ਼ਰਚ ਹੋਇਆ।
ਸਰਦਾਰ ਬੁਧ ਸਿੰਘ ਨੇ ਕਸੂਰ ਤੇ ਮੁਲਤਾਨ ਦੇ ਜੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੱਤਾ ਸੀ, ਕਿੰਤੂ ਕੁਝ ਕਾਰਨਾਂ ਕਰ ਕੇ ਆਪਸ ਵਿੱਚ ਅਣਬਣ ਹੋ ਗਈ, ਜਿਸ ਤੋਂ ਸਰਦਾਰ ਬੁਧ ਸਿੰਘ ਸਤਲੁਜ ਤੋਂ ਪਾਰ ਚਲਾ ਗਿਆ ਤੇ ਫਿਰ ਕਦੀ ਲਾਹੌਰ ਨਹੀਂ ਆਇਆ। ੧੮੭੩ ਬਿਕ੍ਰਮੀ ਨੂੰ ਇਹਨਾਂ ਚਲਾਣਾ ਕੀਤਾ। ਇਸ ਦਾ ਇਲਾਕਾ ਲਾਹੌਰ ਦਰਬਾਰ ਨਾਲ ਮਿਲ ਗਿਆ।
ਇਨ੍ਹਾਂ ਦੇ ੭ ਲੜਕੇ ਸਨ, ਜਿਨ੍ਹਾਂ ਵਿੱਚੋਂ ਅਮਰ ਸਿੰਘ ਸਭ ਤੋਂ ਵੱਡਾ ਸੀ ਜੋ ਆਪਣੇ ਪਿਤਾ ਦੀ ਜਗ੍ਹਾ ਖਾਨਦਾਨ ਦਾ ਮਾਲਕ ਬਣਿਆ। ਇਸ ਵੇਲੇ ਇਨ੍ਹਾਂ ਦੇ ਕਬਜ਼ੇ ਵਿਚ ਕੇਵਲ ੧ ਲੱਖ ਦਾ ਇਲਾਕਾ ਰਹਿ ਗਿਆ ਸੀ। ਸ੍ਰ. ਅਮਰ ਸਿੰਘ ਨੇ ਆਪਣੇ ਭਾਈ ਭੂਪਾਲ ਸਿੰਘ ਨੂੰ ਘਨੋਲੀ, ਗੁਪਾਲ ਸਿੰਘ ਨੂੰ ਮਨੌਲੀ, ਲਾਲ ਸਿੰਘ ਨੂੰ ਬੰਗਾ, ਹਰਦਿਆਲ ਸਿੰਘ ਨੂੰ ਬੇਲਾ, ਗੁਰਦਿਆਲ ਸਿੰਘ ਨੂੰ ਅਟਲਗੜ੍ਹ, ਦਿਆਲ ਸਿੰਘ ਨੂੰ ਕੰਬੋਲਾ ਦੇ ਕੇ ਆਪਣੇ ਪਾਸ ਭਰਤ ਗੜ੍ਹ ਦਾ ਇਲਾਕਾ ਰੱਖਿਆ, ਕਿੰਤੂ ਸਰਦਾਰ ਅਮਰ ਸਿੰਘ ਆਪਣੇ ਇਕਲੌਤੇ ਪੁੱਤਰ ਕਿਰਪਾਲ ਸਿੰਘ ਦੇ
(ਜਿਨ੍ਹਾਂ ਦੀ ਸੰਤਾਨ ਕੋਈ ਨਹੀਂ ਸੀ) ਚਲਾਣਾ ਕਰ ਜਾਣ ਤੇ ਉੱਪਰਾਮ ਹੋ ਗਿਆ, ਥਾਨੇਸਰ ਦੇ ਪਾਸ ਸਹੰਤ ਤੀਰਥ ਤੇ ਸੰਮਤ ੧੯੦੪ ਬਿਕ੍ਰਮੀ ਨੂੰ ਚਲਾਣਾ ਕਰ ਗਿਆ।
ਅਮਰ ਸਿੰਘ ਦੇ ਸੰਤਾਨਹੀਨ ਮਰਨ ਦੇ ਕਾਰਨ ਓਹਨਾਂ ਦੀ ਜਾਗੀਰ ਘਨੋਲੀ ਤੇ ਮਨੋਲੀ ਦੇ ਵਿੱਚ ਵੰਡੀ ਕੇ ਹਿੱਸਾ ਸਰਦਾਰੀ ਸਰਦਾਰ ਜੈ ਸਿੰਘ ਮਨੋਲੀ ਵਾਲੇ ਨੂੰ ਵੱਡਾ ਭਰਾ ਹੋਣ ਦੇ ਕਾਰਨ ਮਿਲੀ। ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਪਿਆ ਜਿਸ ਤੇ ਫੈਸਲਾ ਹੋਇਆ ਕਿ ਅੱਗੋਂ ਨੂੰ ਇਸ ਖਾਨਦਾਨ ਦਾ ਕੋਈ ਆਦਮੀ ਜੇ ਸੰਤਾਨ ਹੀਨ ਚਲਾਣਾ ਕਰ ਜਾਏ ਤਦ ਓਹਦੀ ਤੀਵੀਂ ਨੂੰ ਇੱਕ ਹਜ਼ਾਰ ਰੁਪਯਾ ਨਕਦ ਗੁਜ਼ਾਰੇ ਵਾਸਤੇ ਦਿੱਤਾ ਜਾਵੇ। ਬਾਕੀ ਜਾਗੀਰ ਤੇ ਸਾਮਾਨ ਅੱਧਾ ਗੱਦੀ ਨਸ਼ੀਨ ਨੂੰ ਤੇ ਅੱਧਾ ਬਾਕੀਆਂ ਭਰਾਵਾਂ ਵਿੱਚ ਵੰਡ ਦਿੱਤਾ ਜਾਵੇ। ਇਹ ਹੀ ਰਵਾਜ ਹੁਣ ਤੱਕ ਇਨ੍ਹਾਂ ਦੇ ਖਾਨਦਾਨ ਵਿਚ ਚਲਿਆ ਆਉਂਦਾ ਹੈ ਤੇ ਇਸੇ ਢੰਗ ਨਾਲ ਰਿਆਸਤ ਬੇਲਾ ਅਟਲਗੜ੍ਹ ਤੇ ਬੰਗਾ ਰਈਸ ਦੇ ਸੰਤਾਨਹੀਨ ਮਰ ਜਾਣ ਦੇ ਕਾਰਨ ਵੰਡੀਆਂ ਗਈਆਂ ਹਨ।
੧੨ ਅੱਸੂ ਸੰ. ੧੯੩੪ ਨੂੰ ਸਰਦਾਰ ਜੈ ਸਿੰਘ ਦੇ ਚਲਾਣਾ ਕਰ ਜਾਣ ਤੇ ਉਹਨਾਂ ਦਾ ਨੇਤਰਹੀਨ ਲੜਕਾ ਅਵਤਾਰ ਸਿੰਘ ੧੯੫੩ ਨੂੰ ਚਲਾਣਾ ਕਰ ਗਿਆ। ਇਹਨਾਂ ਦਾ ਇੱਕ ਲੜਕਾ ਸੀ।
ਇਹਨਾਂ ਦੇ ਪਾਸ ਪਹਿਲਾਂ ੧-੨੩ ਵਿੱਚ ੬੯੬੫੬-੮-੦ ਜਾਗੀਰ ਸੀ। ਹੁਣ ੭੫੧੦੨-੧੨-੦ ਰੁਪਯੇ ਹੈ, ਜਿਸ ਦਾ ਵੇਰਵਾ ਇਹ ਹੈ: ੪੦ ਹਜ਼ਾਰ ਦੋ ਸੌ ਇੱਕ ਰੁਪਯੇ ਦੀ ਤੇ ੧੮ ਹਜਾਰ ਦੀ ਆਮਦਨੀ ਬਾਗ਼ ਤੇ ਜ਼ਮੀਨਾਂ ਦੀ ਤੇ ੧੪ ਹਜ਼ਾਰ ਬੈਂਕ ਦਾ ਸੂਦ, ਦੋ ਲੱਖ ਰੁਪਯਾ ਜਿਮੀਂਦਾਰਾਂ ਬੂੜੀਆਂ ਤੋਂ ਵੱਖਰਾ ਤੇ ਪੰਜਾਹ ਹਜ਼ਾਰ ਦਾ ਜਿਮੀਂਦਾਰ ਰਿਆਸਤ ਕੁਟਗਰ ਤੋਂ ਖਰੀਦਿਆ ਗਿਆ। ਇਹ ਸਾਰੀ ਮਿਲ ਕੇ ਕੁੱਲ ਆਮਦਨੀ ਕਰੀਬ ੮੦ ਹਜ਼ਾਰ ਦੀ ਮਨੋਲੀ ਰਿਆਸਤ ਦੀ ਹੈ। ਇੰਨੀ ਤਰੱਕੀ ਦਾ ਕਾਰਨ ਮੁਸ਼ਨੀ ਚੜ੍ਹਤ ਸਿੰਘ ਹੈ। ੧੭ ਹਜ਼ਾਰ ਦੀ ਜਾਗੀਰ ੪ ਹਜਾਰ ਦੀ ਆਮਦਨੀ ਬਾਗ ਤਹ ਘਨੋਲੀ ਤੋਂ ਉੱਤਮ ਸਿੰਘ, ਪ੍ਰਤਾਪ ਸਿੰਘ ਦੀ ਹੈ, ਬਾਕੀ ਫੂਲਾ ਸਿੰਘ ਹਰਬੰਸ ਸਿੰਘ, ਸਮਸ਼ੇਰ ਸਿੰਘ ਕੰਦੋਲੇ ਦੇ ਸਰਦਾਰਾਂ ਦੇ ਪਾਸ ਛੀ ਛੀ ਹਜ਼ਾਰ ਦੀ ਜਾਗੀਰ ਤੇ ਇੱਕ ਇੱਕ ਹਜ਼ਾਰ ਦੀ ਬਾਗਾਂ ਦੀ ਆਮਦਨ ਹੈ, ਇਸ ੭੫ ਹਜ਼ਾਰ ੧੦੨ ਦੀ ਜਾਗੀਰ ਵਿਚੋਂ ੮੫੨੧ ਕਮੀਸ਼ਨ ਵਜੋਂ ਸਰਕਾਰੀ ਖਜਾਨੇ ਵਿੱਚ ਦੇਣਾ ਪੈਂਦਾ ਹੈ।
ਨਾਵੀਂ ਮਿਸਲ ਨਿਸ਼ਾਨਾਂ ਵਾਲੀ
ਸ਼ਜਰਾ
ਜਿਸ ਜ਼ਮਾਨੇ ਵਿੱਚ ਖਾਲਸੇ ਦਾ ਦਲ ਕਾਇਮ ਹੋਇਆ ਤੇ ਖਾਲਸਾ ਜ਼ਾਲਮਾਂ ਦੀ ਸੋਧ ਤੇ ਮੁਲਕ ਰੱਖਿਆ ਲਈ ਦੂਰ ਦੂਰ ਤੱਕ ਚੜ੍ਹਾਈ ਕਰਨ ਲੱਗਾ, ਓਸ ਸਮੇਂ ਇਸ ਮਿਸਲ ਦੇ ਬਾਨੀ ਖਾਲਸਾ ਜੱਥਿਆਂ ਦੇ ਅੱਗੇ ਖਾਲਸਾ ਕੌਮ ਦਾ ਨਿਸ਼ਾਨ ਲੈ ਕੇ ਚਲਦੇ ਸਨ, ਇਸ ਕਰ ਕੇ ਇਸ ਮਿਸਲ ਦਾ ਨਾਮ ਨਿਸ਼ਾਨਾਂ ਵਾਲੀ ਮਿਸਲ ਮਸ਼ਹੂਰ ਹੋ ਗਿਆ।
ਇਸ ਮਿਸਲ ਦੇ ਬਾਨੀ ਸਰਦਾਰ ਦਸੌਂਧਾ ਸਿੰਘ ਤੇ ਸੰਗਤ ਸਿੰਘ ਸਨ। ਇਹਨਾਂ ਦੇ ਪਿਤਾ ਦਾ ਨਾਮ ਚੌਧਰੀ ਸਾਹਿਬ ਰਾਏ ਤੇ ਰਹਿਣ ਵਾਲੇ ਪਿੰਡ ਮਨਸੂਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਨ। ਜੈ ਸਿੰਘ ਵਸਨੀਕ ਕੈਰੋਂ ਤੇ ਕੌਰ ਸਿੰਘ, ਮਾਨ ਸਿੰਘ ਵਸਨੀਕ ਢੰਡ ਕਸੇਲ ਪ੍ਰਗਨਾ ਤਰਨਤਾਰਨ ਵੀ ਇਨ੍ਹਾਂ ਦੇ ਨਾਲ ਸਨ। ਇਹਨਾਂ ਸਾਰੇ ਸਰਦਾਰਾਂ ਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਛੱਕ ਕੇ ਸਿੱਖ ਧਰਮ ਦੀ ਤਰੱਕੀ ਤੇ ਜ਼ਾਲਮਾਂ ਦੀ ਸੋਧ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਐਥੋਂ ਤੱਕ ਕਿ ਇਹ ਵੀ ਹੌਲੀ ਹੌਲੀ ਸਰਹੱਦ, ਮੇਰਠ, ਕਸੂਰ ਦੇ ਜੰਗਾਂ ਵਿੱਚ ਸ਼ਾਮਿਲ ਹੋਣ ਦੇ ਕਾਰਨ ਇੰਨੇ ਮਸ਼ਹੂਰ ਹੋ ਗਏ ਕਿ ੧੨ ਹਜ਼ਾਰ ਸਵਾਰ ਰੱਖ ਕੇ ਆਪਣਾ ਅਡਰਾ ਜੱਥਾ ਬਣਾ ਲਿਆ। ਸਿੰਘਾਂ ਵਾਲਾ, ਸਾਹਨੇਵਾਲ, ਸਰਾਏ ਲਸ਼ਕਰੀ ਖਾਂ, ਦੋਰਾਹਾ, ਸੌਂਟੀ, ਅਲਮੋਹ, ਜੀਰਾ, ਲਧੜ ਖੇੜੀ, ਅੰਬਾਲਾ, ਸ਼ਾਹਅਬਾਦ ਆਦਿਕ ਇਲਾਕਿਆਂ ਨੂੰ ਫਤਹ ਕਰ ਕੇ ਆਪਣੇ ਕਬਜੇ ਵਿੱਚ ਲੈ ਆਂਦਾ। ਸ਼ਹਿਰ ਅੰਬਾਲਾ ਇਨ੍ਹਾਂ ਦੀ ਰਾਜਧਾਨੀ ਸੀ।
ਸੰ: ੧੮੨੨ ਨੂੰ ਦਸੌਂਧਾ ਸਿੰਘ ਜਾਬਤਾ ਖਾਂ ਦੀ ਲੜਾਈ ਵਿਚ ਮਾਰਿਆ ਗਿਆ ਤੇ ਸੰਗਤ ਸਿੰਘ ਇਸ ਦਾ ਭਰਾ ਮਿਸਲ ਦਾ ਮਾਲਕ ਬਣਿਆ। ਇਸ ਨੇ ਅੰਬਾਲਾ ਸ਼ਹਿਰ ਪਨਾਹ ਬਣਵਾਇਕੇ ਕਿੰਤੂ ਇੱਥੋਂ ਦਾ ਪੌਣ ਪਾਣੀ ਇਹਦੇ ਅਨਕੂਲ ਨਾ ਹੋਣ ਕਰ ਕੇ ਗੁਰਬਖਸ ਸਿੰਘ ਤੇ ਲਾਲ ਸਿੰਘ ਆਪਣੇ ਸੰਬੰਧੀਆਂ ਨੂੰ ਮੋੜਵਾ ਲਿਆ ਤੇ ਇਸ ਇਲਾਕੇ ਦਾ ਪ੍ਰਬੰਧ ਸੌਂਪ ਕੇ ਤੇ ਆਪ ਸਿੰਘਾਂ ਵਾਲੇ ਜ਼ੀਰੇ ਦੇ ਪਾਸ, ਜਿਸ ਜਗ੍ਹਾ ਨੂੰ ਇਸ ਨੇ ਆਪ ਵਸਾਇਆ ਸੀ; ਜਾ ਵਸਿਆ, ਜਿੱਥੇ ੧੮੩੧ ਵਿੱਚ ਚਲਾਣਾ ਕੀਤਾ। ਇਸ ਦੇ ਤਿੰਨ ਪੁੱਤਰ ਸਨ, ਕਪੂਰ ਸਿੰਘ, ਮੇਹਰ ਸਿੰਘ ਤੇ ਅਨੂਪ ਸਿੰਘ, ਕਿੰਤੂ ਤਿੰਨਾਂ ਦੇ ਅਨਜਾਣ ਹੋਣ ਦੇ ਕਾਰਨ ਸਰਦਾਰ ਧਿਆਨ ਸਿੰਘ, ਖੂਸਰ ਪੂਰਾ ਸੰਗਤ ਸਿੰਘ ਇਲਾਕੇ ਦਾ ਸਰਪ੍ਰਸਤ ਨੀਯਤ ਹੋਇਆ ਤੇ ਖ਼ਾਸ ਅੰਬਾਲੇ ਰਹਿਣ ਲੱਗਾ। ਸਿੰਘ ਵਾਲੇ ਦਾ ਇੰਤਜ਼ਾਮ ਜੈ ਸਿੰਘ ਦੇ ਸਪੁਰਦ ਹੋਇਆ। ੧੮੩੬ ਬਿਕ੍ਰਮੀ ਮੇਹਰ ਸਿੰਘ ਦੇ ਬਾਲਕ ਹੋਣ ਤੇ ਧਿਆਨ ਸਿੰਘ ਇਲਾਕੇ ਦਾ ਪ੍ਰਬੰਧ ਇਹਦੇ ਹਵਾਲੇ ਕਰ ਕੇ ਆਪ ਸਿੰਘਾਂ ਵਾਲੇ ਚਲਾ ਗਿਆ। ਪਿੱਛੋਂ ਇਨ੍ਹਾਂ ਦੇ ਦੁਸ਼ਮਣਾਂ ਨੇ ਸਿਰ ਚੁੱਕਿਆ। ਮੇਹਰ ਸਿੰਘ ਨੂੰ ਮਰਵਾ ਦਿੱਤਾ।
ਹੁਣ ਗੁਰਬਖ਼ਸ਼ ਸਿੰਘ ਇਲਾਕੇ ਦਾ ਮਾਲਕ ਬਣਿਆ। ਧਿਆਨ ਸਿੰਘ ਨੇ ਆਪਣੇ ਦੋਹਤੇ ਦਾ ਬਦਲਾ ਲੈਣ ਲਈ ਗੁਰਬਖ਼ਸ਼ ਸਿੰਘ ਤੇ ਕਰੜਾ ਹਮਲਾ ਕੀਤਾ, ਕਿੰਤੂ ਨਾਕਾਮਯਾਬ ਰਿਹਾ।
ਸੰਗਤ ਸਿੰਘ ਦਾ ਦੂਜਾ ਲੜਕਾ ਕਪੂਰ ਸਿੰਘ ਆਪਣੇ ਲੜਕੇ ਫਤਹਿ ਸਿੰਘ ਸਮੇਤ ਦਿਆਲ ਸਿੰਘ ਦੀ ਲੜਾਈ ਵਿੱਚ ਮਾਰਿਆ ਗਿਆ। ਓਹਦਾ ਤੀਜਾ ਲੜਕਾ ਅਨੂਪ ਸਿੰਘ ਕਾਫੀ ਮੁਦਤ ਤੱਕ ਸਰਾਏ ਲਸ਼ਕਰ ਵਿਚ ੧੧ ਹਜ਼ਾਰ ਦੀ ਜਾਗੀਰ ਤੇ ਰਿਹਾ। ੧੮੫੪ ਨੂੰ ਜਦ ਇਹ ਸੰਤਾਨ ਹੀਨ ਚਲਾਣਾ ਕਰ ਗਿਆ ਤਦ ਸੰਮਤ ੧੮੬੪ ਨੂੰ ਇਸ ਦਾ ਇਲਾਕਾ ਇਸ ਦੀ ਸਰਦਾਰਨੀ ਦਰ੍ਯਾਈ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਵਿੱਚ ਸ਼ਾਮਿਲ ਹੋ ਗਿਆ। ਇਕੁਣ ਹੀ ਜਦ ਗੁਰਬਖਸ ਸਿੰਘ ਮਰ ਗਿਆ, ਤਦ ਮਹਾਰਾਜਾ ਨੇ ਦੀਵਾਨ ਮੋਹਕਮ ਚੰਦ ਨੂੰ ਭੇਜ ਕੇ ਓਹਦਾ ਇਲਾਕਾ ਵੀ ਦਯਾਕੌਰ ਤੋਂ ਲੈ ਕੇ ਸਲਤਨਤ ਵਿੱਚ ਮਿਲਾ ਲਿਆ।
ਜਦੋਂ ਇਸ ਮੁਲਕ ਤੇ ਅੰਗਰੇਜ਼ਾਂ ਦਾ ਅਧਿਕਾਰ ਹੋਇਆ ਤਾਂ ੧੮੮੭ ਵਿੱਚ ਸਾਰਾ ਇਲਾਕਾ ਦਯਾ ਕੌਰ ਵਾਲਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਪਿਆ।
ਦਸਵੀਂ ਮਿਸਲ ਸ਼ੁਕਰਚਕੀਆ
ਸ਼ਜਰਾ
*ਮਹਾਰਾਜਾ ਦੇ ਪੁਤ੍ਰ ਤਾਰਾ ਸਿੰਘ, ਮੁਲਤਾਨਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਵੀ ਹੋਏ ਹਨ।
ਇਹ ਬੜੀ ਮਸ਼ਹੂਰ ਮਿਸਲ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸੇ ਵਿੱਚੋਂ ਹੋਏ ਹਨ, ਜਿਨ੍ਹਾਂ ਦੇ ਪ੍ਰਤਾਪ ਦੇ ਸਾਹਮਣੇ ਸਾਰੀਆਂ ਮਿਸਲਾਂ ਇੰਜ ਅਲੋਪ ਹੋ ਗਈਆਂ ਜਿਕੁਣ ਸੂਰਜ ਨਿੱਕਲਣ ਤੇ ਤਾਰਿਆਂ ਦੀ ਰੌਸ਼ਨੀ ਅਲੋਪ ਹੋ ਜਾਂਦੀ ਹੈ। ਭਾਵੇਂ ਇਸ ਮਿਸਲ ਦਾ ਮੁੱਢ ਸਰਦਾਰ ਬੁੱਢਾ ਸਿੰਘ ਤੋਂ ਹੈ, ਜਿਨ੍ਹਾਂ ਦੇ ਪਿੱਛੇ ਦਾ ਸੰਬੰਧ ਸਾਲਬਾਹਨ ਨਾਲ ਮਿਲਦਾ ਹੈ, ਕਿੰਤੂ ਇਸ ਮਿਸਲ ਨੂੰ ਮਸ਼ਹੂਰ ਕਰਨ ਵਾਲਾ ਸ੍ਰ. ਚੜ੍ਹਤ ਸਿੰਘ ਸੀ, ਜੋ ਸ੍ਰ. ਬੁੱਢਾ ਸਿੰਘ ਦਾ ਪੋਤਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ। ਸ੍ਰ. ਚੜ੍ਹਤ ਸਿੰਘ ਜਾਂ ਬੁੱਢਾ ਸਿੰਘ ਦਾ ਹਾਲ ਲਿਖਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਗੁਜਰਾਤ ਕਾਠੀਆਵਾੜ ਦੇ ਇਲਾਕੇ ਵਿੱਚ ਸਾਲਬਾਹਨ ਨਾਮ ਦਾ ਇੱਕ ਰਾਜਾ ਹੋਇਆ। ਇਧਰ ਗੰਗਾ ਦੇ ਕਿਨਾਰੇ ਉਜੈਨ ਸ਼ਹਿਰ ਬਿਕਰਮਾਜੀਤ ਦੀ ਰਾਜਧਾਨੀ ਸੀ। ਮਹਾਰਾਜਾ ਬਿਕਰਮਾਜੀਤ ਗੰਧਰਬ ਸੈਨ ਦਾ ਪੁੱਤਰ ਸੀ ਤੇ ਆਪਣੇ ਵੱਡੇ ਭਰਾ ਹਰਭਰਤ (ਭਰਥਰੀ ਜੀ) ਦੇ ਤਯਾਗੀ ਹੋ ਜਾਣ ਦੇ ਮਗਰੋਂ ਸੰਮਤ ੩੧੧੧ ਯੁਧਿਸ਼ਟਰ ਨੂੰ ਉਜੈਨ ਦੀ ਗੱਦੀ ਤੇ ੪੨ ਸਾਲ ਦੀ ਉਮਰ ਵਿੱਚ ਬੈਠਾ। ਇਹ ਬੜਾ ਬਹਾਦਰ ਨਿਡਰ ਦਾਨੀ ਤੇ ਸੂਰਮਾ ਸੀ, ਦਾਨੀ ਸੁਭਾਵ ਦੇ ਕਾਰਨ ਸਾਰੇ ਪ੍ਰਸਿੱਧ ਸੀ।
ਸੰਮਤ ੩੧੪੩ ਨੂੰ ਕੌਮ ਕੇਸ਼ਕ ਦੇ ਜੇਹੜੇ ਆਦਮੀ ਆ ਕੇ ਹਿੰਦੋਸਤਾਨ ਨੂੰ ਦਬਾ ਬੈਠੇ ਸਨ, ਮਹਾਰਾਜਾ ਬਿਕ੍ਰਮਾਂ ਜੀਤ ਨੇ ਓਹਨਾਂ ਨੂੰ ਹਿੰਦ ਵਿਚੋਂ ਕੱਢਣ ਲਈ ਬੜੇ ਜੰਗੋਜਦਲ ਕੀਤੇ। ਆਪ ਜਦੋਂ
----------------------
*ਇਹਨਾਂ ਦਾ ਵਿਸ਼ੇਸ਼ ਹਾਲ ਸੰਧਾਵਾਲੀਏ ਖਾਨਦਾਨ ਵਿੱਚ ਦਿੱਤਾ ਜਾਵੇਗਾ।
ਦਿੱਲੀ ਦੇ ਤਖ਼ਤ ਤੇ ਬੈਠਾ ਓਦੋਂ ਤੋਂ ਆਪਨਾ ਸੰਮਤ ਚਲਾਇਆ। ਹੁਣ ਸੰਮਤ ੧੯੮੦ ਹੈ। ਸ਼ਕ ਲੋਕਾਂ ਨੂੰ ਕਤਲ ਕਰਨ ਦੇ ਕਾਰਨ ਇਤਿਹਾਸਾਂ ਵਿੱਚ ਇਸ ਦਾ ਨਾਮ ਸ਼ੱਕ ਕਾਰੀ ਆਇਆ ਹੈ, ਕਿਉਂਕਿ ਬਿਕ੍ਰਮਾ ਜੀਤ ਦੇ ਨਾਮ ਦੇ ਕਈ ਹੋਰ ਵੀ ਰਾਜੇ ਹੋਏ ਹਨ।
ਰਾਜਾ ਸਾਲਬਾਹਨ ਗੁਜਰਾਤ ਵਿਚ ਸ਼ਬਪੁਰ ਦਾ ਰਾਜਾ ਸੀ ਤੇ ਨਰਬਦਾ ਨਦੀ ਇਹਨਾਂ ਦੋਨਾਂ ਰਾਜਿਆਂ ਦੇ ਮੁਲਕ ਦੇ ਵਿਚਕਾਰ ਹੱਦ ਸੀ, ਪ੍ਰੰਤੂ ਜਦ ਸਾਲਬਾਹਨ ਦਾ ਪਿਤਾ ਚਲਾਣਾ ਕਰ ਗਿਆ ਤੇ ਇਹ ੧੫ ਬਰਸ ਦੀ ਉਮਰ ਵਿੱਚ ਗੱਦੀ ਤੇ ਬੈਠਾ, ਤਦ ਮਹਾਰਾਜਾ ਬਿਕਰਮਾਜੀਤ ਦੇ ਵਜ਼ੀਰ ਹੰਸਰਾਮ ਬ੍ਰਾਹਮਣ ਨੇ ਦਰਯਾਏ ਨਰਬਦਾ ਨੂੰ ਟਪ ਕੇ ਰਾਜਾ ਸਾਲਬਾਹਨ ਦੇ ਮੁਲਕ ਵਿੱਚ ਹੱਥ ਵਧਾਣਾ ਸ਼ੁਰੂ ਕੀਤਾ। ਭਾਵੇਂ ਰਾਜਾ ਸਾਲਬਾਹਨ ਬਿਕਰਮਾਜੀਤ ਤੋਂ ਛੋਟੇ ਮੁਲਕ ਦਾ ਮਾਲਕ ਸੀ, ਕਿੰਤੂ ਫਤੇਹ ਤੇ ਸ਼ਕਸਤ ਰੱਬ ਦੇ ਹੱਥ ਹੈ, ਰਾਜਾ ਸਾਲਬਾਹਨ ਨੇ ਬਹੁਤ ਕੋਸ਼ਿਸ਼ ਕੀਤੀ ਕਿ ਬਿਕਰਮਾਜੀਤ ਦੇ ਟਾਕਰੇ ਤੇ ਖੜਾ ਨਾ ਹੋਵੇ, ਇਸੇ ਕਰ ਕੇ ਮਹਾਰਾਜਾ ਬਿਕਰਮਾਜੀਤ ਨੂੰ ਲਿਖਿਆ ਕਿ ਆਪ ਬਜ਼ੁਰਗ ਸ਼ੁਧ ਆਚਰਨ ਦਾਨੇ ਤੇ ਨਿਆਏਕਾਰੀ ਹੋ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਲੜਾਈ ਕੀਤੀ ਜਾਵੇ। ਆਪ ਆਪਣੇ ਵਜ਼ੀਰ ਨੂੰ ਮੇਰੇ ਇਲਾਕੇ ਵਿੱਚੋਂ ਸੱਦ ਲਓ, ਕਿੰਤੂ ਵਜੀਰ ਦੀ ਸ਼ਰਾਰਤ ਨਾਲ ਇਹ ਮਾਮਲਾ ਜਿੱਤਿਆ ਨਹੀਂ ਗਿਆ। ਅੰਤ ਨੂੰ ਨਰਬਦਾ ਦੇ ਕੰਢੇ ਦੋਹਾਂ ਧਿਰਾਂ ਦੀ ਲੜਾਈ ਸ਼ੁਰੂ ਹੋ ਗਈ। ਬਹੁਤ ਚਿਰ ਤੱਕ ਲੜਾਈ ਹੋਂਦੀ ਰਹੀ। ਓਹ ਆਖਣ ਲੱਗਾ ਸੰਮਤ ੧੫੩ ਬਿਕਰਮੀ ਵਿੱਚ ਮਹਾਰਾਜਾ ਬਿਕ੍ਰਮ ੧੩੫ ਬਿਕ੍ਰਮੀ ਨੂੰ ਓਥੋਂ ਦੀ ਲੜਾਈ ਵਿੱਚ ਮਾਰਿਆ ਗਿਆ।
ਓਸ ਦਾ ਸਾਰਾ ਮੁਲਕ ਰਾਜਾ ਸਾਲਬਾਹਨ ਦੇ ਕਬਜ਼ੇ ਵਿੱਚ ਆ ਗਿਆ। ਲਿਖਿਆ ਹੈ ਕਿ ਸਾਲਬਾਹਨ ਦੀ ਰਾਣੀ ਛਿਤਰ ਮਤੀ ਬੜੀ ਪਤਿਬ੍ਰਤਾ ਤੇ ਈਸ਼ਵਰ ਦੀ ਭਗਤ ਸੀ। ਜੰਗ ਦੇ ਦਿਨਾਂ ਵਿੱਚ ਰਾਣੀ ਈਸ਼ਵਰ ਅਰਾਧਨ ਵਿੱਚ ਲਗੀ ਰਹੀ। ਓਸ ਨੂੰ ਅੰਤਰ ਧਿਆਨ ਹੋਇਆ ਪਤਾ ਲੱਗਾ ਕਿ ਤੇਰਾ ਪਤੀ ਇਸ ਲੜਾਈ ਵਿਚ ਫਤੇ ਪਾਵੇਗਾ। ਸੋ ਅਜਿਹਾ ਹੀ ਹੋਇਆ। ਇਸ ਗੱਲ ਤੋਂ ਜਾਣੂੰ ਹੋ ਕੇ ਰਾਜਾ ਸਾਲਬਾਹਨ ਨੇ ਰਾਣੀ ਨਾਲ ਬੜਾ ਪਿਆਰਾ ਤੇ ਚੰਗਾ ਸਲੂਕ ਕੀਤਾ। ਰਾਜਾ ਸਾਲਬਾਹਨ ਨੇ ਓਸੇ ਸਾਲ ਤਖ਼ਤ ਤੇ ਬੈਠ ਕੇ ਬਿਕ੍ਰਮਾਜੀਤ ਦੇ ਸੰਮਤ ਨੂੰ ਵੀ ਕਾਇਮ ਰਖ੍ਯਾ ਤੇ ਓਸ ਦੇ ਨਾਮ ਦਾ ਸਾਕਾ ਜਾਰੀ ਕੀਤਾ ਜੋ ਹੁਣ ੧੮੧੮ ਸਾਕਾ ਲਿਖਿਆ ਜਾਂਦਾ ਹੈ। ਇਸ ਮਹਾਰਾਜਾ ਨੇ ਸਾਰੇ ਮੁਲਕ ਵਿੱਚ ਪੰਜਾਬ ਨੂੰ ਬਹੁਤ ਪਸੰਦ ਕੀਤਾ ਤੇ ਸਿਆਲਕੋਟ ਸ਼ਹਿਰ ਨੂੰ ਜਿਸ ਨੂੰ ਰਾਜਾ ਸਲ ਨੇ ਬਿਕਰਮਾਜੀਤ ਤੋਂ ੩੩੪੩ ਵਰ੍ਹੇ ਪਹਿਲੇ ਆਬਾਦ ਕੀਤਾ ਸੀ ਆਪਣਾ ਰਾਜਧਾਨੀ ਬਣਾਇਆ। ਰਾਜਾ ਬਿਕਰਮਾਜੀਤ ਦੇ ਬੇਟੇ ਸੀਲਸੈਨ ਨੂੰ ਕਸ਼ਮੀਰ ਦਾ ਸਤੰਤਰ ਰਾਜਾ ਕੀਤਾ। ਰਾਜਾ ਸਾਲਬਾਹਨ ਦੇ ਲੜਕੇ ੧੬ ਸੀ, ਪਰ ਛਿਤਰਾਮਤੀ ਦੇ ਪੇਟ ਵਿੱਚੋਂ ਰਾਜਾ ਸਾਲ ਬੜਾ ਬਹਾਦਰ ਤੇ ਦਾਨਾ ਸੀ, ਜਿਸ ਤੇ ਤਪ ਕਰਨ ਦੀ ਜਗ੍ਹਾ ਪਾਉਂਟਾ ਸਾਹਿਬ ਪਾਸ ਰਿਆਸਤ ਨਾਹਨ ਵਿਚ ਇਕ ਪਹਾੜੀ ਮਸ਼ਹੂਰ ਹੈ। ਦੂਜਾ ਬੇਟਾ ਪੂਰਨ ਭਗਤ ਸੀ, ਜਿਸ ਦੀ ਸਿਆਣਪ ਤੇ ਸ਼ੁਧ ਆਚਰਨ ਦੇ ਕਿੱਸੇ ਸਾਰੇ ਪੰਜਾਬ ਵਿੱਚ ਮਸ਼ਹੂਰ ਹਨ। ਤੀਜਾ ਬੇਟਾ ਜੋਂਧਰ ਬੜਾ ਬਹਾਦਰ ਮਸ਼ਹੂਰ ਹੋਇਆ। ਚੌਥਾ ਬਲੰਦ, ਪੰਜਵਾਂ ਧਰਮ, ਛੇਵਾਂ ਰੂਪਾ, ਸਤਵਾਂ ਸੁੰਦਰ, ਅੱਠਵਾਂ ਕਸੂਰ ਆਦਿਕ ਸੋਲਾਂ ਸਨ, ਕਿੰਤੂ ਰਾਜਾ ਸਾਲਬਾਹਨ ਦੇ ਗੁਜ਼ਰਨ ਮਗਰੋਂ ਰਸਾਲੂ ਤਖ਼ਤ ਤੇ ਬੈਠਾ ਤੇ ਇਸ ਨੇ ਬੜੇ ਚੰਗੇ ਚੰਗੇ ਕੰਮ ਕੀਤੇ। ਓਸੇ ਸਮੇਂ ਵਿੱਚ ਇੱਕ ਸਰਕਪ ਨਾਮ ਦੇ ਰਾਜਾ ਨੇ ਚੋਪੜ ਦੇ ਪਾਸੇ ਨੂੰ ਜਿੱਤ ਕੇ ਉਸ ਦੀ ਕਲਾ ਨਾਮ ਦੀ ਸੁੰਦਰ ਲੜਕੀ ਨੂੰ ਜੋ ਸ਼ੁਭ ਗੁਣ ਸੰਪੰਨ ਸੀ, ਵਿਆਹ ਲਿਆ। ਸਰਕਪ ਚੌਪੜ ਖੇਡਣ ਵਿੱਚ ਬੜਾ ਮਸ਼ਹੂਰ ਸੀ। ਇਸ ਨੇ ਕਈ ਰਾਜਿਆਂ ਨਾਲ ਸਿਰ ਧੜ ਦੀ ਬਾਜ਼ੀ ਲਾ ਕੇ ਚੌਪੜ ਖੇਡਿਆ ਤੇ ਬਾਜ਼ੀ ਜਿੱਤ ਕੇ ਓਹਨਾਂ ਦੇ ਸਿਰ ਕੱਟ ਲਏ। ਇਸੇ ਕਰ ਕੇ ਇਹਦਾ ਨਾਮ ਸਿਰਕੱਪ ਮਸ਼ਹੂਰ ਹੋ ਗਿਆ। ਜਦ ਓਸ ਨੇ ਇਸ ਰਾਜਾ ਤੋਂ ਬਾਜ਼ੀ ਜਿੱਤ ਕੇ ਸਿਰ ਕਪਣਾ ਚਾਹਿਆ ਤਦ ਵਜ਼ੀਰ ਨੇ ਕਿਹਾ ਕਿ ਸਿਰ ਕਪਣ ਦੀ ਜਗ੍ਹਾ ਇਸ ਦੀ ਲੜਕੀ ਨਾਲ ਵਿਆਹ ਕਰ ਲਓ। ਰਾਜਾ ਨੇ ਇਹ ਗੱਲ ਮੰਨ ਲਈ ਤੇ
ਵਿਆਹ ਕਰ ਕੇ ਇਸ ਲੜਕੀ ਨੂੰ ਅੱਟਕ ਦੇ ਪਾਸ ਕਿਲ੍ਹਾ ਬਣਵਾ ਕੇ ਓਸ ਦੇ ਵਿੱਚ ਰੱਖਿਆ। ਇਹ ਮਹਲ ਹੁਣ ਤੱਕ ਦਰ੍ਯਾ ਅੱਟਕ ਤੇ ਬਣੇ ਹੋਏ ਹਨ ਤੇ ਇਸ ਘਟਨਾ ਦੇ ਗੀਤ ਤੇ ਕਿੱਸੇ ਹੁਣ ਤੱਕ ਸਾਰੇ ਪੰਜਾਬ ਵਿੱਚ ਗਾਵੇਂ ਜਾਂਦੇ ਹਨ।
੧. ਸਾਲਬਾਹਨ ਦੇ ਰਾਜ ਦਾ ਹਾਲ
ਜਮਾਨੇ ਦੇ ਬਦਲਣ ਨਾਲ ਓਹਨਾਂ ਦਾ ਰਾਜ ਜਾਂਦਾ ਰਿਹਾ ਤੇ ਇਸ ਪ੍ਰੀਵਰਤਨ ਵਿੱਚ ਇਹ ਸਾਰੇ ਦੁਸ਼ਮਣਾਂ ਦੇ ਹੱਥੋਂ ਮਾਰੇ ਗਏ। ਕੇਵਲ ਇੱਕ ਰਾਜਾ ਸੋਹਾਂਦ ਨਾਮ ਦਾ ਜੋਂਧਰਦੀ ਸੰਤਾਨ ਵਿੱਚੋਂ ਨੱਸ ਕੇ ਬਚਿਆ ਤੇ ਓਹਦੀ ਰਾਣੀ ਗਰਭਵਤੀ ਸੀ। ਓਸ ਨੇ ਨੱਸ ਕੇ ਸਾਂਹਸੀਆਂ ਦੀ ਛਪਰੀ ਵਿੱਚ ਪਨਾਹ ਲਈ, ਉੱਥੇ ਓਹਨੂੰ ਲੜਕਾ ਉਤਪੰਨ ਹੋਇਆ, ਲੜਕਾ ਪਲਦਾ ਰਿਹਾ। ਕੁਝ ਸਮੇਂ ਮਗਰੋਂ ਸੋਹਾਂਦ ਦੀ ਕਿਸਮਤ ਨੇ ਫਿਰ ਪਲਟਾ ਖਾਧਾ ਤੇ ਓਹਨੇ ਕੁਝ ਮੁਲਕ ਆਪਣੇ ਦੁਸ਼ਮਣਾਂ ਤੋਂ ਛੁਡਾ ਲਿਆ। ਜਦ ਇਸ ਨੂੰ ਆਪਣੀ ਰਾਣੀ ਦੇ ਹਾਲ ਦਾ ਪਤਾ ਲੱਗਾ, ਤਦ ਉਸ ਨੂੰ ਲੜਕੇ ਸਮੇਤ ਲੈ ਆਇਆ। ਓਸ ਵੇਲੇ ਓਹਦੀ ਰਾਜਧਾਨੀ ਵੇਂਈਨ, ਪੌਂਈਨ, ਅੰਮ੍ਰਿਤਸਰ ਦੇ ਜਿਲ੍ਹੇ ਵਿੱਚ ਸੀ। ਅੱਜ ਕੱਲ੍ਹ ਇੱਥੇ ਓਹਦੀ ਸੰਤਾਨ ਸੰਧਾਂਵਾਲੀਏ ਸਰਦਾਰ ਤੇ ਲਾਡੋਲੀ ਵਾਲੀ ਮੌਜੂਦ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਾਇਦਾਦ ਤੇ ਜ਼ਮੀਨ ਆਦਿਕ ਕੁਝ ਮਾਲਕੀ ਵੀ ਹੈ। ਰਾਜਾ ਸੋਹਾਂਦ ਨੇ ਆਪਣੇ ਲੜਕੇ ਦਾ ਨਾਮ ਸੈਂਹਸਰ ਰੱਖਿਆ, ਜੋ ਲੋਕਾਂ ਨੇ ਵਿਗਾੜ ਕੇ ਸਾਂਹਸੀ ਬਣਾ ਲਿਆ। ਇਸੇ ਤਰ੍ਹਾਂ ਨਾਲ ਜਿਕੁਣ ਬੈਰਾੜ ਦੀ ਸੰਤਾਨ ਬੈਰਾੜ, ਸੰਧੂ ਦੀ ਸੰਧੂ ਤੇ ਵੋਲਟ ਦੀ ਸੰਤਾਨ ਵੋਲਟ ਮਸ਼ਹੂਰ ਹੋ ਗਈ, ਇਸੇ ਤਰ੍ਹਾਂ ਇਹਦੀ ਸੰਤਾਨ ਦਾ ਗੋਤ ਵੀ ਸਾਂਹਸੀ ਦੇ ਨਾਮ ਤੇ ਮਸ਼ਹੂਰ ਹੋ ਗਿਆ।
ਇਸ ਨੇ ਇੱਕ ਪਿੰਡ ਅੰਮ੍ਰਿਤਸਰ ਤੋਂ ੪ ਕੋਹ ਦੇ ਫਾਸਲੇ ਤੇ ਵਸਾਯਾ, ਜਿਸ ਦੇ ਖੰਡਰ ਹੁਣ ਤੱਕ ਮਿਲਦੇ ਹਨ ਤੇ ਓਥੋਂ ਬਹੁਤ ਸਾਰੀਆਂ ਇੱਟਾਂ ਕੱਢ ਕੇ ਅੰਗਰੇਜ਼ਾਂ ਨੇ ਸੰ. ੧੯੪੨ ਵਿੱਚ ਰੇਲ ਦੀ ਸੜਕ ਤੇ ਵਰਤੀਆਂ ਹਨ ਤੇ ਅੰਮ੍ਰਿਤਸਰ ਭੇਜੀਆਂ ਸਨ।
੨. ਰਾਜਾ ਸੈਹਸਰਾ (ਸਾਂਹਸੀ) ਦਾ ਹਾਲ
ਰਾਜਾ ਸੈਹਸਰਾ ਜਿਸ ਨੂੰ ਲੋਕੀਂ ਸਾਂਹਸੀ ਕਹਿੰਦੇ ਹਨ, ਬੜਾ ਬਹਾਦਰ ਤੇ ਜਵਾਂ ਮਰਦ ਹੋਇਆ ਹੈ। ਓਸ ਤੋਂ ਪਿੱਛੋਂ ਓਹਦੇ ਲੜਕੇ ਕਰਤੂ ਨੇ ੧੦੧੧ ਬਿਕ੍ਰਮੀ ਨੂੰ ਆਪਣੇ ਬਾਪ ਦੀ ਯਾਦਗਾਰ ਵਿੱਚ ਇੱਕ ਪਿੰਡ ਵਸਾਇਆ ਤੇ ਓਹਦਾ ਨਾਮ ਰਾਜਾ ਸਾਂਹਸੀ ਰੱਖਿਆ ਤੇ ਉੱਥੇ ਹੀ ਆਪਣੀ ਰਾਜਧਾਨੀ ਬਣਾਈ, ਕਿੰਤੂ ਜ਼ਮਾਨੇ ਦੇ ਗੇੜ ਤੇ ਮੁਸਲਮਾਨਾਂ ਦੇ ਜ਼ੁਲਮ ਨੇ ਇਹ ਸਲਤਨਤ ਕਾਇਮ ਨਾ ਰਹਿਣ ਦਿੱਤੀ। ਕਰਤੂ ਇੱਕ ਲੜਾਈ ਵਿੱਚ ਮਾਰਿਆ ਗਿਆ, ਓਸ ਤੋਂ ਪਿੱਛੋਂ ਓਹਦਾ ਇੱਕ ਲੜਕਾ ਵੇਈਨ ਪੇਈਨ ਵਿੱਚ ਰਿਹਾ ਕਰਦਾ ਸੀ, ਜਿੱਥੇ ਹੁਣ ਵੀ ਇਸ ਖਾਨਦਾਨ ਦੀ ਥੋੜੀ ਜਿਹੀ ਮਾਲਕੀ ਹੈ। ਓਹ ਇਸ ਇਲਾਕੇ ਦਾ ਜਾਗੀਰਦਾਰ ਬਣਿਆ, ਜਿਸ ਦੇ ਪੁੱਤਰ ਚੌਧਰੀ ਭਾਗ ਮੱਲ ਨੂੰ ਸ਼ਾਹਜਹਾਂ ਬਾਦਸ਼ਾਹ ਵੱਲੋਂ ਤਸੀਲ ਤਰਨਤਾਰਨ ਦੇ ਲਾਗੇ ਦੇ ਇਲਾਕੇ ਯੂਸਫ ਪੁਰ ਆਦਿਕ ਦੀ ਚੌਧਰਾਈ ਤੇ ਮਾਫੀ ਦੀ ਸਨਦ ਤੇ ਸਰੋਪਾ ਮਿਲਿਆ। ਇਹ ਦੋਵੇਂ ਪਿਓ ਪੁੱਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਜੀ ਦੇ ਬੜੇ ਸਿੱਖ ਸਨ।
ਸੰਮਤ ੧੭੩੫ ਬਿਕ੍ਰਮੀ ਨੂੰ ਚੌਧਰੀ ਭਾਗ ਮੱਲ ਦੇ ਘਰ ਇੱਕ ਲੜਕਾ ਉਤਪੰਨ ਹੋਇਆ, ਇਹਦਾ ਨਾਮ ਬੁੱਢਾ ਰੱਖਿਆ ਗਿਆ। ਵਡਿਆਂ ਹੋਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕ ਕੇ ਬੁੱਢਾ ਸਿੰਘ ਬਣ ਗਿਆ। ਇਹ ਪਹਿਲਾਂ ਗੁਰੂ ਜੀ ਦੇ ਨਾਲ ਤੇ ਫਿਰ ਬਾਬੇ ਬੰਦੇ ਨੇ ਨਾਲ ਰਹਿ ਕੇ ਬੜੀ ਬਹਾਦਰੀ ਨਾਲ ਜੰਗ ਕਰਦਾ ਰਿਹਾ। ਇਸ ਦੇ ਕੋਲ ਇੱਕ ਬੜਾ ਹੀ ਤੇਜ਼ ਚੱਲਣ ਵਾਲਾ ਦੇਸੀ ਨਾਮ ਦਾ ਘੋੜਾ ਸੀ। ਓਸ ਘੋੜੇ ਦੀ ਬਾਬਤ ਕਿਹਾ ਜਾਂਦਾ ਹੈ ਕਿ ਸਰਦਾਰ ਬੁੱਢਾ ਸਿੰਘ ਓਸ ਤੇ ਸਵਾਰ ਹੋ ਕੇ ਪੰਜਾਬ ਪੰਜਾਹ ਸੱਠ ਸੱਠ ਕੋਹ ਦੇ ਫਾਸਲੇ ਤੇ ਜਾ ਕੇ ਸੰਧ੍ਯਾ ਤੱਕ ਮੁੜ ਆਇਆ ਕਰਦੇ ਸਨ ਤੇ ਕੋਈ ਸਵਾਰ ਓਹਨਾਂ ਦਾ ਪਿੱਛਾ ਨਹੀਂ ਕਰ ਸਕਦਾ ਸੀ। ਇਸ ਘੋੜੇ ਕਰ ਕੇ "ਬੁੱਢਾ ਸਿੰਘ ਦੇਸੀ" ਮਸ਼ਹੂਰ ਹੋ ਗਿਆਪ ਇਸ ਦੇ ਦੋ ਪੁੱਤਰ ਸਨ। ਚੰਦਾ
ਸਿੰਘ ਤੇ ਨੌਧ ਸਿੰਘ ਓਹਨਾਂ ਦੇ ਨਾਮ ਸਨ। ਇਹ ਦੋਨੋਂ ਜਵਾਂਮਰਦੀ ਤੇ ਬਹਾਦਰੀ ਵਿੱਚ ਆਪਣੇ ਪਿਤਾ ਨਾਲੋਂ ਕੁਝ ਘੱਟ ਨਹੀਂ ਸਨ। ਇਨ੍ਹਾਂ ਨੇ ੧੭੮੧ ਵਿਚ ਰਸੂਲ ਨਗਰ ਨੂੰ: ਜਿਸ ਦਾ ਨਾਮ ਅੱਜਕਲ੍ਹ ਰਾਮਗੜ੍ਹ ਹੈ। ਲੜਾਈ ਕਰ ਕੇ ਫਤਹ ਕੀਤਾ ਤੇ ਸਦਾ ਹੀ ਆਪਣੇ ਨਾਲ ੪੦ ੫੦ ਸਵਾਰਾਂ ਦਾ ਜੱਥਾ ਰੱਖ ਕੇ ਜਾਲਮਾਂ ਨੂੰ ਸੋਧਦੇ ਰਹਿੰਦੇ ਸਨ। ਓਹ ਜਮਾਨੇ ਵਿਚ ਮਜੀਠ ਦੇ ਗਿਲ ਜੱਟ ਸਿੱਖਾਂ ਬਾਬਤ ਮੁਖਬਰੀਆਂ ਕਰਦੇ ਸਨ। ਸਿੱਖਾਂ ਨੂੰ ਫੜਵਾ ਕੇ ਲਾਹੌਰ ਦੇ ਸੂਬੇ ਖਾਨਬਹਾਦਰ ਤੋਂ ਬਹੁਤ ਸਾਰਾ ਇਨਾਮ ਆਦਿਕ ਲੈਂਦੇ ਰਹਿੰਦੇ ਸਨ। ਚੰਦਾ ਸਿੰਘ ਤੇ ਨੌਧ ਸਿੰਘ ਗੁਜਰਾਂਵਾਲੇ ਜ਼ਿਲ੍ਹੇ ਵਿੱਚ ਸ਼ੁਕਰ ਚੱਕ ਨਾਮ ਦੇ ਪੁਰਾਣੇ ਪਿੰਡ ਵਿੱਚ ਆ ਵੱਸੇ ਤੇ ਇਸ ਨੂੰ ਨਵੇਂ ਸਿਰੇ ਆਬਾਦ ਕਰਨ ਲੱਗੇ। ਸੋ ਉਹਨਾਂ ਦੀ ਮਿਸਲ ਵੀ "ਸੁਕਰਚਕੀਏ' ਨਾਮ ਤੋਂ ਮਸ਼ਹੂਰ ਹੋ ਗਈ।
ਸਰਦਾਰ ਬੁੱਢਾ ਸਿੰਘ ਆਪਣੇ ਦੋਹਾਂ ਪੁੱਤਰਾਂ ਸਮੇਤ ਸ਼ੁਕਰਚੱਕ ਦੇ ਵਿੱਚ ਰਿਹਾ ਅਤੇ ਅੱਗੇ ਪਿੱਛੇ ਦੇ ਸਾਰੇ ਇਲਾਕੇ ਦਾ ਆਪਣੇ ਬਾਹੂਬਲ ਨਾਲ ਸਰਦਾਰ ਬਣ ਗਿਆ।
੩. ਸਰਦਾਰ ਚੜ੍ਹਤ ਸਿੰਘ ਦਾ ਹਾਲ
ਸੰਮਤ ੧੭੯੩ ਬਿਕ੍ਰਮੀ ਵਿੱਚ ਸਰਦਾਰ ਬੁੱਢਾ ਸਿੰਘ ਆਪਣੇ ਪੁੱਤਰ ਨੌਧ ਸਿੰਘ ਸਮੇਤ ਮਜੀਠੇ ਪਿੰਡ ਦੇ ਲਾਗੇ ਪਠਾਣਾਂ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ। ਇਨ੍ਹਾਂ ਦੇ ਸਰੀਰ ਤੇ ਦੋ ਇੱਕ ਫੱਟ ਤੀਰ ਗੋਲੀ ਤੇ ਤਲਵਾਰ ਦੇ ਸਨ। ਕਹਿੰਦੇ ਹਨ ਕਿ ਜੰਗ ਵਿੱਚ ਦੁਸ਼ਮਣ ਦੇ ਸਾਹਮਣੇ ਮਸਤ ਹਾਥੀ ਵਾਂਗ ਸਿੱਧਾ ਜਾਂਦਾ ਸੀ।
ਨੌਧ ਸਿੰਘ ਦਾ ਪੁੱਤਰ ਸਰਦਾਰ ਚੜ੍ਹਤ ਸਿੰਘ ਸੰਮਤ ੧੭੭੦ ਬਿਕ੍ਰਮੀ ਵਿੱਚ ਜੰਮਿਆ ਸੀ। ਆਪਣੇ ਚਾਚੇ ਚੰਦਾ ਸਿੰਘ ਦੇ ਨਾਲ; ਜਿਸ ਦੀ ਔਲਾਦ ਵਿੱਚੋਂ ਸੰਧਾਵਾਲੀਆਂ ਵਿਚੋਂ ਇਕ ਮਸ਼ਹੂਰ ਸਰਦਾਰ ਹੋਇਆ ਹੈ, ਪ੍ਰਵਰਸ਼ ਪਾਂਦਾ ਰਿਹਾ ਹੈ। ਜਦ ੧੬ ਵਰ੍ਹਿਆਂ ਦੀ ਉਮਰ ਵਿੱਚ ਪੁੱਜਾ ਤਦ ਓਹ ਆਪਣੇ ਪਿਤਾ ਤੇ ਦਾਦਾ ਦੇ ਦੋਸਤਾਂ ਨੂੰ ਨਾਲ ਲੈ ਕੇ ਖਾਲਸਾ ਪੰਥ ਦੇ ਜੱਥਿਆਂ ਵਿੱਚ ਜਾ ਸ਼ਾਮਿਲ ਹੋਇਆ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਵਿੱਚ: ਜਿਨ੍ਹਾਂ ਦਾ ਜਿਕਰ ਦੂਜੇ ਹਿੱਸੇ ਵਿੱਚ ਕੀਤਾ ਹੈ, ਉਸ ਨੇ ਪੰਥ ਦੇ ਨਾਲ ਮਿਲ ਕੇ ਖੂਬ ਹੱਥ ਦੱਸੇ ਅਤੇ ਮਾਅਰਕੇ ਮਾਰੇ। ਇਸ ਤੋਂ ਪਿੱਛੋਂ ਸਿੱਖਾਂ ਦੇ ਜੱਥਿਆਂ ਦੇ ਨਾਲ ਜਦ ਇਸ ਨੇ ਕਸੂਰ, ਚੂਨੀਆਂ, ਜਾਲੰਧਰ, ਬਜਵਾੜਾ ਤੇ ਨਕੋਦਰ ਆਦਿਕ ਲੜਾਈਆਂ ਵਿੱਚ ਚੰਗੀ ਕੀਰਤੀ ਪਾਈ, ਤਦ ਇਨ੍ਹਾਂ ਤੋਂ ਅੱਡ ਹੋ ਕੇ ੩੦੦ ਸਵਾਰ ਆਪਣੇ ਪਾਸ ਰੱਖ ਕੇ ਹਮੀਦ ਖਾਂ ਹਾਕਮ ਗੁਜਰਾਂਵਾਲੇ ਤੇ ਚੜ੍ਹਾਈ ਕਰ ਦਿੱਤੀ ਤੇ ੧੮੦੭ ਵਿੱਚ ਉਸ ਨੂੰ ਉੱਥੋਂ ਕੱਢ ਕੇ ਕਬਜਾ ਕਰ ਲਿਆ। ਸਭ ਤੋਂ ਪਹਿਲਾਂ ੧੭੫੭ ਬਿਕ੍ਰਮੀ ਵਿੱਚ ਇਸ ਦੇ ਗੋਤ ਭਰਾ ਸਾਂਹਸੀ ਨੇ ਗੁਜਰਾਂਵਾਲਾ ਵਸਾਇਆ ਸੀ ਤੇ ਇਸ ਦਾ ਨਾਮ ਖਾਨਪੁਰ ਰੱਖਿਆ। ਕਿੰਤੂ ੧੬੬੧ ਵਿੱਚ ਗੁੱਜਰ ਜੱਟਾਂ ਨੇ ਚੱਠੇ ਜੱਟਾਂ ਦੀ ਮਦਦ ਨਾਲ ਓਹਨਾਂ ਤੋਂ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਲਿਆ ਤੇ ਇਸ ਦਾਵੇ ਤੇ ਚੜ੍ਹਤ ਸਿੰਘ ਨੇ ਆਪਣਾ ਦਖ਼ਲ ਜਮਾ ਲਿਆ।
ਸੰਮਤ ੧੮੧੧ ਬਿਕ੍ਰਮੀ ਵਿੱਚ ਉੱਥੇ ਇੱਕ ਕਿਲ੍ਹਾ ਬਣਵਾ ਕੇ ਹਰ ਤਰ੍ਹਾਂ ਦਾ ਲੜਾਈ ਦਾ ਸਾਮਾਨ ਇਕੱਠਾ ਕਰਨ ਲੱਗਾ। ਫਿਰ ਸਿੱਖ ਸਰਦਾਰਾਂ ਨੂੰ ਆਪਣੇ ਨਾਲ ਮਿਲਾ ਕੇ ਅਬਦੁਲਾ ਖਾਂ ਲਾਹੌਰ ਦੇ ਸੂਬੇ ਦੀ ਖ਼ਬਰ ਜਾ ਲਈ ਅਤੇ ਓਸ ਨੂੰ ਭਾਰੀ ਸ਼ਕਸਤ ਦਿੱਤੀ।
ਫਿਰ ਸਿਆਲਕੋਟ ਦੇ ਹਾਕਮ ਨੂਰਦੀਨ ਤੇ ਚੜ੍ਹਾਈ ਕੀਤੀ। ਓਹ ਨੱਸ ਕੇ ਜੰਮੂ ਚਲਾ ਗਿਆ। ਓਸ ਦਾ ਜਿੰਨਾ ਮਾਲ ਅਸਬਾਬ ਸੀ, ਇਨ੍ਹਾਂ ਦੇ ਹੱਥ ਆਇਆ। ਸਰਦਾਰ ਚੜਤ ਸਿੰਘ ਉੱਥੋਂ ਦੀ ਹਕੂਮਤ ਆਪਣੇ ਛੋਟੇ ਭਾਈ ਦਲ ਸਿੰਘ ਨੂੰ ਸੌਂਪ ਕੇ ਆਪ ਗੁਜਰਾਂਵਾਲੇ ਵਾਪਸ ਆ ਗਿਆ ਤੇ ਇੱਕ ਹਜ਼ਾਰ ਸਵਾਰ ਨੌਕਰ ਰੱਖ ਕੇ ਜ਼ਾਲਮਾਂ ਦੀ ਸੋਧ ਕਰਨ ਲੱਗਾ।
ਇੰਨੇ ਵਿੱਚ ੧੮੧੭ ਬਿਕ੍ਰਮੀ ਨੂੰ ਤਹਿਮੂਰ ਸ਼ਾਹ ਨੂੰ ੨੦ ਹਜ਼ਾਰ ਫੌਜ, ੧੨ ਤੋਪਾਂ ਦੇ ਕੇ ਗੁਜਰਾਂਵਾਲੇ ਭੇਜ ਦਿੱਤਾ। ਉਸ ਨੇ ਪੁੱਜਦੇ ਹੀ ਕਿਲ੍ਹੇ ਦੇ ਹਰ ਪਾਸੀਂ ਘੇਰਾ ਪਾ ਲਿਆ। ਸਰਦਾਰ ਚੜ੍ਹਤ ਸਿੰਘ
ਅੰਦਰ ਬੈਠਾ ਇੱਕ ਮਹੀਨੇ ਤੱਕ ਬੜੀ ਬਹਾਦਰੀ ਨਾਲ ਲੜਦਾ ਰਿਹਾ। ਕਿੰਤੂ ਰਸਦ ਤੰਗੀ ਤੇ ਦੁਖਦਾਈ ਦੀ ਸੂਰਤ ਫੜਨ ਲੱਗੀ। ਇੰਨੇ ਨੂੰ ਇਹ ਖ਼ਬਰ ਸਰਦਾਰ ਝੰਡਾ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੇ ਕੰਨਾਂ ਵਿੱਚ ਪੁੱਜੀ। ਓਹ ਝਟ ਫੌਜ ਲੈ ਕੇ ਮਦਦ ਨੂੰ ਅੱਪੜ ਗਏ ਤੇ ਰਾਤ ਦੇ ਵੇਲੇ ਪੁਜਦੇ ਹੀ ਇੱਕ ਹੱਲਾ ਇੰਨੇ ਜ਼ੋਰ ਦਾ ਬੋਲ ਦਿੱਤਾ ਕਿ ਵੈਰੀ ਨੂੰ ਸੱਤੇ ਸੁਧਾਂ ਭੁੱਲ ਗਈਆਂ। ਆਪਣਾ ਆਪ ਸੰਭਾਲਣਾ ਕਠਨ ਹੋ ਗਿਆ। ਨੂਰਦੀਨ ਦੀ ਫੌਜ ਦੇ ਸਿਪਾਹੀ ਤੇ ਅਫਸਰ ਜਿੱਥੇ ਸਨ, ਓਥੋਂ ਹੀ ਨੱਸ ਟੁਰੇ।
ਇਹ ਖ਼ਬਰ ਅੰਦਰ ਸਰਦਾਰ ਚੜ੍ਹਤ ਸਿੰਘ ਨੂੰ ਵੀ ਮਾਲੂਮ ਹੋ ਗਈ। ਓਹ ਬੀ ਫੌਜ ਲੈ ਕੇ ਕਿਲ੍ਹੇ ਵਿਚੋਂ ਬਾਹਰ ਨਿੱਕਲ ਆਇਆ ਤੇ ਸਿੱਖਾਂ ਦੀ ਫੌਜ ਦੇ ਨਾਲ ਮਿਲ ਕੇ ਦੁਸ਼ਮਣਾਂ ਦੇ ਨਾਲ ਜੰਗ ਸ਼ੁਰੂ ਕਰ ਦਿੱਤਾ। ਇਸ ਲੜਾਈ ਵਿੱਚ ਤਿੰਨ ਹਜ਼ਾਰ ਤੋਂ ਵਧੀਕ ਮੁਸਲਮਾਨ ਮਾਰੇ ਗਏ ਅਤੇ ਓਹਨਾਂ ਦਾ ਸਾਰਾ ਲੜਾਈ ਦਾ ਸਾਮਾਨ ਤੋਪਾਂ ਹਾਥੀ ਘੋੜੇ ਸਰਦਾਰ ਚੜ੍ਹਤ ਸਿੰਘ ਦੇ ਹੱਥ ਆਇਆ।
੪. ਵਜ਼ੀਰਾਬਾਦ ਰੋਹਤਾਸ ਤੇ ਧਨੀ ਦੇ ਇਲਾਕੇ ਤੇ ਚੜ੍ਹਾਈ
ਹੁਣ ਸਰਦਾਰ ਚੜ੍ਹਤ ਸਿੰਘ ਦਾ ਹੌਂਸਲਾ ਬਹੁਤ ਵਧ ਗਿਆ। ਅਹਿਮਦ ਸ਼ਾਹ ਦੁਰਾਨੀ ਦੇ ਸੂਬੇਦਾਰ ਤੋਂ ਵਜ਼ੀਰਾਬਾਦ ਖੋਹ ਕੇ ਸਰਦਾਰ ਗੁਰਬਖ਼ਸ਼ ਸਿੰਘ: ਜੋ ਇਨ੍ਹਾਂ ਦਾ ਸਹੁਰਾ ਲੱਗਦਾ ਸੀ, ਦੇ ਹਵਾਲੇ ਕਰ ਦਿੱਤਾ। ਦੂਜੇ ਸਾਲ ਅਹਿਮਦ ਸ਼ਾਹ ਦੇ ਚਾਚੇ ਸਰਬੁਲੰਦ ਖਾਂ ਸੂਬੇਦਾਰ ਰੋਹਤਾਸ ਤੇ ਚੜ੍ਹਾਈ ਕਰ ਕੇ ਓਸ ਤੋਂ ਰੋਹਤਾਸ ਦਾ ਕਿਲ੍ਹਾ ਲੈ ਲਿਆ। ਫਿਰ ਧਨੀ ਚਕਵਾਲ, ਜਲਾਲਪੁਰ, ਪਿੰਡ ਦਾਦਨ ਖਾਂ, ਕੋਟ ਸਾਹਿਬ ਖਾਂ ਤੇ ਕੋਟ ਰਾਜਾ ਆਦਿਕ ਲੂਣ ਮਿਆਣੀ ਤੇ ਭੇਰੇ ਆਦਿਕ ਸਮੇਤ ਸਰਦਾਰ ਚੜ੍ਹਤ ਸਿੰਘ ਦੇ ਕਬਜ਼ੇ ਵਿੱਚ ਆ ਗਿਆ। ਇਸ ਵਿਚੋਂ ਲੂਣ ਮਿਆਣੀ, ਅਹਿਮਦਾਬਾਦ ਤੇ ਅਲੀਪੁਰ ਦਾ ਇਲਾਕਾ ਆਪਣੇ ਨੌਕਰ ਸਰਦਾਰ ਦਲ ਸਿੰਘ ਨੂੰ ਸੌਂਪ ਦਿੱਤਾ ਤੇ ਪਿੰਡ ਦਾਦਨ ਖਾਂ ਵਿਚ ਸ੍ਰਦਾਰ ਨਿਧਾਨ ਸਿੰਘ ਤੇ ਕਪੂਰ ਸਿੰਘ ਛੱਡ ਕੇ ਇੱਕ ਕਿਲ੍ਹਾ ਬਣਵਾਉਣ ਦਾ ਹੁਕਮ ਦਿੱਤਾ ਤੇ ਆਪਣੀ ਮਿਸਲ ਦੇ ਬੁੱਧ ਸਿੰਘ, ਗੋਰ ਸਿੰਘ ਦੋ ਸਰਦਾਰਾਂ ਨੂੰ ਉੱਥੇ ਆਪ ਰਹਿ ਕੇ ਕਿਲ੍ਹੇ ਦੀ ਤਿਆਰੀ ਦਾ ਪ੍ਰਬੰਧ ਸੌਂਪਿਆ। ਫਿਰ ਲੂਣ ਮਿਆਣੀ ਦੀ ਖਾਣ ਤੇ ਕਬਜ਼ਾ ਕਰ ਕੇ ਲੂਣ ਦੀ ਮੰਡੀ ਲੂਣ ਮਿਆਣੀ ਤੋਂ ਚੁੱਕ ਕੇ ਰਾਮਨਗਰ ਵਿਚ ਮੰਡੀ ਬਣਾ ਦਿੱਤੀ।
ਹੁਣ ਸਾਰੇ ਮੁਲਕ ਵਿੱਚ ਸਰਦਾਰ ਚੜ੍ਹਤ ਸਿੰਘ ਦਾ ਦਬਦਬਾ ਬੈਠ ਗਿਆ, ਜਿਸ ਪਾਸੇ ਕਦਮ ਉਠਾਂਦਾ ਵੈਰੀ ਇਨ੍ਹਾਂ ਦੀ ਅਵਾਈ ਦੀ ਖ਼ਬਰ ਸੁਣ ਕੇ ਭਜ ਟੁਰਦਾ। ਐਮਨਾਬਾਦ ਨੂੰ ਵੀ ਫਤਹ ਕਰ ਕੇ ਇਨ੍ਹਾਂ ਆਪਣੇ ਇਲਾਕੇ ਵਿੱਚ ਮਿਲਾ ਲਿਆ।
੫. ਚੜ੍ਹਤ ਸਿੰਘ ਦੀ ਸ਼ਹਾਦਤ
ਜੰਮੂ ਦਾ ਹਾਕਮ ਰਣਜੀਤ ਦੇਵ ਸੀ। ਤਖ਼ਤ ਬਾਬਤ ਇਸ ਦੀ ਆਪਣੇ ਲੜਕੇ ਬ੍ਰਿਜਰਾਜ ਦੇਵ ਨਾਲ ਅਣਬਣ ਹੋ ਗਈ, ਕਿਉਂਕਿ ਓਹ ਆਪਣੇ ਨਿੱਕੇ ਲੜਕੇ ਦਲੇਲ ਸਿੰਘ ਨੂੰ: ਜੋ ਇਸ ਨੂੰ ਬਹੁਤ ਪਿਆਰਾ ਸੀ, ਗੱਦੀ ਤੇ ਬਿਠਾਣਾ ਚਾਹੁੰਦਾ ਸੀ। ਕਿੰਤੂ ਬਿਰਜਰਾਜ ਦੇਵ ਆਪਣੀ ਜਿੰਦਗੀ ਵਿੱਚ ਅਜਿਹਾ ਕਰਨ ਨਹੀਂ ਦੇਂਦਾ ਸੀ। ਇਸ ਨੇ ਆਪਣੇ ਪਿਤਾ ਦੀ ਫੌਜ ਨੂੰ ਪਾੜ ਕੇ ਅੱਧੀ ਆਪਣੇ ਵੱਲ ਕਰ ਲਈ, ਕਿੰਤੂ ਉਸ ਨੂੰ ਇਸ ਫੌਜ ਤੇ ਚੂੰਕਿ ਪੂਰਾ ਭਰੋਸਾ ਨਹੀਂ ਸੀ। ਇਸ ਕਰ ਕੇ ਇਸ ਨੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ, ਸ੍ਰ. ਹਕੀਕਤ ਸਿੰਘ, ਜੈ ਸਿੰਘ ਘਨੱਯਾ ਨੂੰ ਸੱਦ ਭੇਜਿਆ। ਜਦ ਇਹ ਖ਼ਬਰ ਰਣਜੀਤ ਦੇਵ ਨੂੰ ਅੱਪੜੀ ਤਦ ਓਹ ਬੜਾ ਡਰਿਆ। ਭੰਗੀ ਸਰਦਾਰਾਂ ਦੀ ਸ਼ਰਨ ਚਲਾ ਗਿਆ, ਜਿਸ ਤੋਂ ਸਰਦਾਰ ਝੰਡਾ ਸਿੰਘ ਭੰਗੀ ਇਸ ਦੀ ਮਦਦ ਲਈ ਚੱਲ ਪਿਆ। ਦੋਨਾਂ ਫੌਜਾਂ ਦਾ ਜਫਰਵਾਲ ਦੇ ਨਾਲੇ ਉੱਤੇ ਊਧੋ ਚੱਕ ਦੇ ਪਾਸ ਮੁਕਾਬਲਾ ਹੋ ਗਿਆ। ਕੁਝ ਦਿਹਾੜੇ ਆਪਸ ਵਿੱਚ ਖੂਬ ਗੋਲੀ ਤੇ ਤਲਵਾਰ ਚੱਲੀ। ਅਜੇ ਕੋਈ ਫੈਸਲਾ ਨਹੀਂ
--------------------
ਹੋਇਆ ਸੀ ਕਿ ਮੈਦਾਨ ਦੇ ਵਿੱਚ ਸਰਦਾਰ ਚੜ੍ਹਤ ਸਿੰਘ ਦੀ ਬੰਦੂਕ ਫਟ ਗਈ ਤੇ ਇਸ ਦੇ ਫਟਦਿਆਂ ਹੀ ਗੋਲੀ ਲੱਗਣ ਨਾਲ ਸਰਦਾਰ ਚੜ੍ਹਤ ਸਿੰਘ ਜੀ ਸ਼ਹੀਦ ਹੋ ਗਏ। ਇਹ ਸੰਮਤ ੧੮੨੩ ਦੀ ਗੱਲ ਹੈ। ਸਰਦਾਰ ਚੜ੍ਹਤ ਸਿੰਘ ਦੇ ਚਲਾਣਾ ਕਰ ਜਾਣ ਤੇ ਸਰਦਾਰ ਜੈ ਸਿੰਘ ਨੇ ਇਨ੍ਹਾਂ ਦੀ ਫੌਜ ਦਾ ਪ੍ਰਬੰਧ ਆਪਣੇ ਹੱਥ ਲਿਆ ਤੇ ਲੜਾਈ ਦਾ ਮੈਦਾਨ ਗਰਮ ਰੱਖਿਆ, ਕਿੰਤੂ ਸਰਦਾਰ ਚੜ੍ਹਤ ਸਿੰਘ ਦੇ ਚਲਾਣਾ ਕਰ ਜਾਣ ਤੇ ਸਰਦਾਰ ਜੈ ਸਿੰਘ ਤੇ ਹਕੀਕਤ ਸਿੰਘ ਦੇ ਦਿਲ ਟੁੱਟ ਚੁੱਕੇ ਸਨ ਤੇ ਮੈਦਾਨ ਛੱਡਣਾ ਵੀ ਮੁਸ਼ਕਿਲ ਸੀ, ਇਸ ਕਰ ਕੇ ਇਨ੍ਹਾਂ ਨੇ ਇੱਕ ਆਦਮੀ ਦੀ ਰਾਹੀਂ ਸਰਦਾਰ ਝੰਡਾ ਸਿੰਘ ਨੂੰ ਵੀ ਗੋਲੀ ਦਾ ਨਿਸ਼ਾਨਾ ਬਣਵਾ ਦਿੱਤਾ। ਇਸ ਸਰਦਾਰ ਦੇ ਮਰਨ ਨਾਲ ਭੰਗੀਆਂ ਦੀ ਮਿਸਲ ਦਾ ਲੱਕ ਵੀ ਟੁੱਟ ਗਿਆ ਤੇ ਜਦ ਇਹ ਗੱਲ ਰਣਜੀਤ ਦੇਵ ਨੇ ਸੁਣੀ ਤਦ ਓਹ ਵੀ ਨਿਰਾਸ਼ ਹੋ ਗਿਆ। ਓਸ ਵੇਲੇ ਓਸ ਨੇ ਇਹ ਉੱਚਿਤ ਸਮਝਿਆ ਕਿ ਆਪਣੇ ਵੱਡੇ ਲੜਕੇ ਬ੍ਰਿਜਰਾਜ ਦੇਵ ਨੂੰ (ਜਿਸ ਦੇ ਸਿਰ ਤੋਂ ਇਹ ਸਾਰੀ ਕਲਾ ਉੱਠੀ ਹੈ) ਗੱਦੀ ਤੇ ਬਠਾ ਦੇਵੇ ਤੇ ਸਿੱਖਾਂ ਦੀ ਫੌਜ ਨੂੰ ਕੁਝ ਨਜ਼ਰਾਨਾ ਦੇ ਕੇ ਵਾਪਸ ਮੋੜ ਦਿੱਤਾ ਜਾਵੇ। ਸੋ ਅਜਿਹਾ ਹੀ ਕੀਤਾ। ਰਾਜਾ ਰਣਜੀਤ ਦੇਵ ਨੇ ਆਪਣੀ ਗੱਦੀ ਬ੍ਰਿਜ ਰਾਜਦੇਵ ਨੂੰ ਦੇ ਦਿੱਤੀ ਤੇ ਇੱਕ ਲੱਖ ੨੫ ਹਜ਼ਾਰ ਰਪੱਯਾ ਸਰਦਾਰ ਜੈ ਸਿੰਘ ਘਨੱਯਾ, ਤੇ ਇੰਨੀ ਹੀ ਰਕਮ ਮਿਸਲ ਭੰਗੀਆਂ ਨੂੰ ਦੇ ਕੇ ਸਿੱਖਾਂ ਦੇ ਲਸ਼ਕਰ ਨੂੰ ਵਾਪਸ ਕਰ ਦਿੱਤਾ। ਰਣਜੀਤ ਦੇਵ ਦੀ ਇਹ ਚਾਲਾਕੀ, ਜਿਸ ਦੇ ਨਾਲ ਸਿੱਖਾਂ ਦੇ ਘਰ ਵਿਚ ਹੀ ਇੱਕ ਤਰ੍ਹਾਂ ਨਾਲ ਲੜਾਈ ਕਰ ਕੇ ਇਨ੍ਹਾਂ ਦੇ ਦੋ ਬਹੁਮੁੱਲੇ ਸਰਦਾਰ ਸ਼ਹੀਦ ਹੋ ਗਏ ਸਨ, ਖੁਲ੍ਹ ਗਈ ਤੇ ਕੁਝ ਸਰਦਾਰਾਂ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸੁਲਾਹ ਕਰਾ ਦਿੱਤੀ।
੬. ਮਹਾਂ ਸਿੰਘ ਗੱਦੀ ਤੇ
ਸਰਦਾਰ ਚੜ੍ਹਤ ਸਿੰਘ ਦੇ ਦੋ ਪੁੱਤ ਸਨ, ਮਹਾਂ ਸਿੰਘ ਤੇ ਸੈਹਜ ਸਿੰਘ। ਇੱਕ ਲੜਕੀ ਬੀਬੀ ਰਾਜ ਕੌਰ ਸੀ, ਜਿਸ ਦਾ ਵਿਆਹ ਸਰਦਾਰ ਗੁਜਰ ਸਿੰਘ ਮਿਸਲ ਭੰਗੀਆਂ ਵਾਲੀ ਦੇ ਨਾਲ ਹੋਇਆ। ਸਰਦਾਰ ਚੜ੍ਹਤ ਸਿੰਘ ਤੋਂ ਪਿੱਛੋਂ ਓਹਦਾ ਵੱਡਾ ਲੜਕਾ ਸਰਦਾਰ ਮਹਾਂ ਸਿੰਘ ਗੱਦੀ ਤੇ ਬੈਠਾ। ਪਿਤਾ ਦੇ ਚਲਾਣੇ ਦੇ ਵੇਲੇ ਇਨ੍ਹਾਂ ਦੀ ਆਯੂ ਕੇਵਲ ੧੨ ਬਰਸ ਦੀ ਸੀ। ਇਸ ਕਰ ਕੇ ਕੁਝ ਚਿਰ ਇਨ੍ਹਾਂ ਦਾ ਸਰਪਰਸਤ ਸਰਦਾਰ ਜੈ ਸਿੰਘ ਘਨੱਯਾ ਬਣਿਆ ਰਿਹਾ। ਜੈ ਸਿੰਘ ਨੇ ਸਰਦਾਰ ਮਹਾਂ ਸਿੰਘ ਦਾ ਵਿਆਹ ਰਾਜਾ ਗਜਪਤ ਸਿੰਘ ਜੀਂਦ ਵਾਲੇ ਦੀ ਲੜਕੀ ਨਾਲ ਕਰਾ ਦਿੱਤਾ, ਜਿਸ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ।
੭. ਮੁਲਤਾਨ ਤੇ ਪਠਾਨਕੋਟ ਤੇ ਚੜ੍ਹਾਈ
ਸਰਦਾਰ ਮਹਾਂ ਸਿੰਘ ਦੀ ਭੰਗੀ ਸਰਦਾਰਾਂ ਨਾਲ ਸੁਲਾਹ ਹੋ ਗਈ ਸੀ। ਪਹਿਲੇ ਇਨ੍ਹਾਂ ਮੁਲਤਾਨ ਤੇ ਮਿਲ ਕੇ ਚੜ੍ਹਾਈ ਕੀਤੀ। ਇਹ ਹਾਲ ਵਿਸਥਾਰ ਨਾਲ ਭੰਗੀਆਂ ਦੀ ਮਿਸਲ ਦੇ ਹਾਲ ਵਿੱਚ ਅਸੀਂ ਲਿਖ ਚੁੱਕੇ ਹਾਂ। ਮੁਲਤਾਨ ਮੁੜਨ ਸਾਰ ਪਿੰਡ ਧਾਰਾ ਨੂੰ ਆਪਣੇ ਕਬਜ਼ੇ ਵਿੱਚ ਲਿਆਉਂਦੇ ਅਹਿਮਦਾਬਾਦ ਤੇ ਚੜ੍ਹਾਈ ਕੀਤੀ ਤੇ ਅਹਿਮਦ ਖਾਂ ਤੋਂ ਅਹਿਮਦ ਸ਼ਾਹ ਵਾਲੀ ਤੋਪ ਜਿੱਤ ਲਈ। ਹਕੀਕਤ ਸਿੰਘ ਘਨੱਯਾ ਦੇ ਭਰਾ ਤਾਰਾ ਸਿੰਘ ਨੇ ਜਦ ਮਨਸਾ ਸਿੰਘ ਭੰਗੀ ਸਰਦਾਰ ਦੀ ਵਿਧਵਾ ਸਿੰਘਣੀ ਨਾਲ ਆਨੰਦ ਪੜ੍ਹ ਕੇ ਓਸ ਦੀ ਜਾਗੀਰ ਸੰਭਾਲ ਲਈ। ਤਦ ਸਰਦਾਰ ਗੰਡਾ ਸਿੰਘ ਨੇ ਇਸ ਤੇ ਚੜ੍ਹਾਈ ਕਰ ਕੇ ਕਿੰਨਾ ਹੀ ਚਿਰ ਪਠਾਨਕੋਟ ਤੇ ਘੇਰਾ ਪਾਈ ਰੱਖਿਆ। ਇਸ ਲੜਾਈ ਵਿੱਚ ਵੀ ਮਹਾਂ ਸਿੰਘ ਓਹਦੇ ਨਾਲ ਸੀ। ਕਿੰਤੂ ਜਦ ਇਸ ਲੜਾਈ ਵਿੱਚ ਗੰਡਾ ਸਿੰਘ ਮਾਰਿਆ ਗਿਆ ਤੇ ਦੇਸੂ ਸਿੰਘ ਓਹਦੀ ਜਗ੍ਹਾ ਤੇ ਬੈਠਾ ਤੇ ਓਹ ਪਠਾਨਕੋਟ ਦਾ ਘੇਰਾ ਉਠਾ ਕੇ ਚਲੇ ਗਏ, ਤਦ ਸਰਦਾਰ ਮਹਾਂ ਸਿੰਘ ਭੰਗੀਆਂ ਨਾਲੋਂ ਹਟ ਕੇ ਗੁਜਰਾਂਵਾਲੇ ਆ ਗਿਆ ਕਿਉਂਕਿ ਦੇਸੂ ਸਿੰਘ ਇੱਕ ਸੁਖ ਜੀਵੜਾ ਮਨੁੱਖ ਸੀ ਤੇ ਓਹਦੇ ਸਮੇਂ ਵਿੱਚ ਭੰਗੀ ਸਰਦਾਰਾਂ ਨੂੰ ਕੁਝ
ਨੁਕਸਾਨ ਪੁੱਜਾ ਸੀ। ਸਰਦਾਰ ਮਹਾਂ ਸਿੰਘ ਨੇ ਹੁਣ ਮੈਦਾਨ ਵਿੱਚ ਕਦਮ ਰੱਖਿਆ ਤੇ ਪਿੰਡੀ ਭੱਟੀਆਂ, ਸਾਹੀਵਾਲ, ਈਸਾ ਖੇਲ, ਮੂਸਾ ਖੇਲ ਆਦਿਕ ਤੇ ਕਬਜ਼ਾ ਕਰ ਲਿਆ।
੮. ਮਹਾਂ ਸਿੰਘ ਦੀ ਭੈਣ ਦਾ ਆਨੰਦ
ਇਸ ਤੋਂ ਪਿੱਛੋਂ ਸਰਦਾਰ ਮਹਾਂ ਸਿੰਘ ਨੇ ਆਪਣੀ ਭੈਣ ਦਾ ਵਿਵਾਹ ਸਰਦਾਰ ਗੁਜਰ ਸਿੰਘ ਭੰਗੀਆਂ ਦੀ ਮਿਸਲ ਦੇ ਸਰਦਾਰ ਨਾਲ ਕਰ ਦਿੱਤਾ। ਇਸ ਸਰਦਾਰ ਦੇ ਕਬਜ਼ੇ ਵਿੱਚ ਲਾਹੌਰ ਦਾ ਤੀਜਾ ਹਿੱਸਾ ਤੇ ਗੁਜਰਾਤ ਦਾ ਇਲਾਕਾ ਸੀ। ਇਸ ਆਨੰਦ ਕਾਰਜ ਹੋਣ ਨਾਲ ਸਰਦਾਰ ਮਹਾਂ ਸਿੰਘ ਦੀ ਤਾਕਤ ਬਹੁਤ ਵਧ ਗਈ।
ਗੁਜਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਗੁਜਰਾਤ ਤੇ ਆਪਣੇ ਪਿਤਾ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ਪਿਤਾ ਪੁੱਤ੍ਰ ਦੇ ਵਿਚਕਾਰ ਲੜਾਈ ਸ਼ੁਰੂ ਹੋ ਗਈ। ਸਰਦਾਰ ਮਹਾਂ ਸਿੰਘ ਨੇ ਵਿੱਚ ਪੈ ਕੇ ਸੁਲਹ ਕਰਾ ਦਿੱਤੀ। ਸਾਹਿਬ ਸਿੰਘ ਨੂੰ ਸਦਓਰਾ ਦਾ ਇਲਾਕਾ ਗੁਜ਼ਾਰੇ ਵਾਸਤੇ ਮਿਲ ਗਿਆ।
੯. ਸਾਹੀਵਾਲ ਤੇ ਕਬਜ਼ਾ
ਸਰਦਾਰ ਮਹਾਂ ਸਿੰਘ ਨੇ ਇਹ ਝਗੜਾ ਨਿਪਟਾ ਕੇ ਸਾਹੀਵਾਲ ਤੇ ਰੁਹਤਾਸ ਆਦਿਕ ਵੱਲ ਘੋੜੇ ਦੀਆਂ ਵਾਗਾਂ ਮੋੜੀਆਂ। ਇਨ੍ਹਾਂ ਨੂੰ ਫਤਹ ਕਰ ਕੇ ਲੋਹਾਰਾਂ ਦੀ ਕੋਟਲੀ ਨੂੰ ਕਬਜ਼ੇ ਵਿੱਚ ਆਂਦਾ। ਰਾਮਦਾਸਪੁਰ ਤੇ ਹਮਲਾ ਕੀਤਾ, ਏਥੋਂ ਦੇ ਹਾਕਮ ਨਜ਼ਰਾਨੇ ਲੈ ਕੇ ਹਾਜ਼ਰ ਹੋਏ। ਦੋ ਮਹੀਨੇ ਇਸ ਤਰ੍ਹਾਂ ਸਰਦਾਰ ਮਹਾਂ ਸਿੰਘ ਨੇ ਦੌਰਾ ਕਰ ਕੇ ਕਈ ਸ਼ਹਿਰਾਂ ਤੇ ਕਬਜ਼ਾ ਕਰ ਲਿਆ ਜਿਸ ਤੋਂ ਸਰਦਾਰ ਮਹਾਂ ਸਿੰਘ ਦਾ ਦਬਦਬਾ ਸਾਰੇ ਇਲਾਕੇ ਵਿੱਚ ਬਹਿ ਗਿਆ।
੧੦. ਰਸੂਲ ਨਗਰ ਦੀ ਫਤਹ
ਅਹਿਮਦਾਬਾਦ ਵਾਲੇ ਅਹਿਮਦ ਖਾਂ ਤੋਂ ਜੋ ਤੋਪ ਅਹਿਮਦ ਸ਼ਾਹ ਵਾਲੀ ਸਰਦਾਰ ਮਹਾਂ ਸਿੰਘ ਨੇ ਜਿੱਤੀ ਸੀ, ਓਹ ਰਸੂਲ ਨਗਰ ਵਾਲੇ ਪੀਰ ਮੁਹੰਮਦ ਖਾਂ ਦੇ ਪਾਸ ਇਮਾਨਤ ਵਜੋਂ ਰੱਖ ਦਿੱਤੀ ਸੀ। ਓਹ ਉਸ ਤੋਂ ਮੰਗੀ। ਪੀਰ ਮੁਹੰਮਦ ਖਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੂੰ ਇਹ ਗੱਲ ਬੜੀ ਅਯੋਗ ਪ੍ਰਤੀਤ ਹੋਈ। ਉਸ ਨੇ ਓਸੇ ਵੇਲੇ ਰਸੂਲ ਨਗਰ ਨੂੰ ਘੇਰਾ ਪਾਇਆ, ਤਿੰਨ ਮਹੀਨੇ ਤੀਕਨ ਪੰਜਾਬ ਪੀਰ ਸ਼ਾਹ ਮੁਹੰਮਦ ਖਾਂ ਅੰਦਰ ਬੈਠਾ ਲੜਦਾ ਰਿਹਾ। ਅੰਤ ਨੂੰ ਸਰਦਾਰ ਮਹਾਂ ਸਿੰਘ ਦੀ ਫਤਹ ਹੋਈ।
੧੧. ਸ਼ੇਰੇ ਪੰਜਾਬ ਦਾ ਜਨਮ
ਸਰਦਾਰ ਮਹਾਂ ਸਿੰਘ ਅਜੇ ਰਸੂਲ ਨਗਰ ਦੀ ਲੜਾਈ ਤੋਂ ਵਿਹਲਾ ਨਹੀਂ ਹੋਇਆ ਸੀ ਕਿ ਓਹਨੂੰ ਖ਼ਬਰ ਮਿਲੀ ਕਿ ਗੁਜਰਾਂਵਾਲੇ ਓਹਦੇ ਘਰ ੨ ਮੱਘਰ ਸੰਮਤ ੧੮੩੭ ਮੰਗਲਵਾਰ ਲੜਕੇ ਨੇ ਜਨਮ ਲਿਆ ਹੈ। ਇਹ ਖ਼ਬਰ ਸੁਣ ਕੇ ਮਹਾਂ ਸਿੰਘ ਨੂੰ ਬੜੀ ਖ਼ੁਸ਼ੀ ਹੋਈ। ਗ਼ਰੀਬਾਂ ਨੂੰ ਦਿਲ ਖੋਹਲ ਕੇ ਇਨਾਮ ਦਿੱਤਾ ਤੇ ਇਸ ਲੜਕੇ ਦਾ ਨਾਮ ਰੰਜੀਤ (ਰਣਜੀਤ) ਰੱਖਿਆ।
ਰਸੂਲ ਨਗਰ ਦੀ ਜਿੱਤ ਦੇ ਮਗਰੋਂ ਇਸ ਸ਼ਹਿਰ ਦਾ ਨਾਮ ਰਾਮਨਗਰ ਰੱਖਿਆ ਤੇ ਅਲੀਪੁਰ ਜੋ ਖ਼ਾਸ ਪੀਰ ਮੁਹੰਮਦ ਖਾਂ ਦੇ ਅਧੀਨ ਸੀ, ਓਹਦਾ ਨਾਮ ਅਕਾਲ ਗੜ੍ਹ ਰੱਖਿਆ ਤੇ ਇਨ੍ਹਾਂ ਦੇ ਨਾ ਜਗ੍ਹਾ ਦੀ ਹਕੂਮਤ ਆਪਣੇ ਨੌਕਰ ਦਲ ਸਿੰਘ ਦੇ ਸਪੁਰਦ ਕਰ ਕੇ ਆਪ ਗੁਜਰਾਂ ਵਾਲੇ ਵਾਪਸ ਚਲਾ ਗਿਆ।
੧੨. ਸ਼ਹਿਰ ਜੰਮੂ ਤੇ ਚੜ੍ਹਾਈ
ਰਾਜਾ ਬ੍ਰਿਜਰਾਜ ਦੇਵ ਨੇ ਜੰਮੂ ਦੀ ਗੱਦੀ ਤੇ ਬੈਠ ਕੇ ਸ੍ਰ. ਹਕੀਕਤ ਸਿੰਘ ਘਨੱਯਾ ਵਾਲੇ ਨੂੰ ੩੦੦੦੦ ਸਾਲਾਨਾ ਦੇਣ ਦਾ ਇਕਰਾਰ ਕੀਤਾ ਸੀ। ਇਹ ਰਕਮ ਦੋ ਵਰ੍ਹੇ ਤੀਕਣ ਇਸ ਨੇ ਨਾ ਪੁਚਾਈ। ਮੰਗਣ ਤੇ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਬਚਨ ਭੰਗ ਕਰਨ ਤੇ ਸਰਦਾਰ ਹਕੀਕਤ ਸਿੰਘ ਨੇ ਸ੍ਰ. ਮਹਾਂ ਸਿੰਘ ਨੂੰ ਲਿਖਿਆ ਕਿ ਇੱਕ ਪਾਸੇ ਤੋਂ ਤੁਸੀਂ ਜੰਮੂ ਤੇ ਚੜ੍ਹਾਈ ਕਰੋ ਦੂਜੇ ਪਾਸੇ
ਤੋਂ ਮੈਂ ਆਉਂਦਾ ਹਾਂ। ਇਹ ਖਬਰ ਸੁਣਦੇ ਹੀ ਸਰਦਾਰ ਮਹਾਂ ਸਿੰਘ ਫੌਜ ਲੈ ਕੇ ਝਟ ਜਾ ਪੁੱਜਾ। ਕਿੰਤੂ ਹਕੀਕਤ ਸਿੰਘ ਸਮੇਂ ਤੇ ਨਾ ਅੱਪੜ ਸਕਿਆ। ਸਰਦਾਰ ਮਹਾਂ ਸਿੰਘ ਦੇ ਆਉਣ ਦੀ ਖ਼ਬਰ ਸੁਣ ਕੇ ਬ੍ਰਿਜਰਾਜ ਦੇਵ ਸ਼ਹਿਰ ਛੱਡ ਕੇ ਨੱਸ ਗਿਆ। ੨੩ ਮਾਘ ਸੰਮਤ ੧੮੪੩ ਨੂੰ ਸਰਦਾਰ ਮਹਾਂ ਸਿੰਘ ਨੇ ਸ਼ਹਿਰ ਤੇ ਕਬਜ਼ਾ ਕਰ ਲਿਆ।
੧੩. ਮਹਾਂ ਸਿੰਘ ਦੀ ਜਿੱਤ
ਮਹਾਂ ਸਿੰਘ ਜੰਮੂ ਤੋਂ ਮੁੜ ਕੇ ਰਾਜਨਗਰ ਹੋਂਦਾ ਹੋਇਆ ਗੁਜਰਾਂਵਾਲੇ ਆਇਆ ਤੇ ੧੮੪੪ ਬਿਕ੍ਰਮੀ ਨੂੰ ਦੀਵਾਲੀ ਦੇ ਮੇਲੇ ਤੇ ਸ੍ਰੀ ਅੰਮ੍ਰਿਤਸਰ ਜੀ ਗਿਆ। ਜੈ ਸਿੰਘ ਘਨੱਯਾ ਵੀ ਇਸ ਸਮੇਂ ਆਇਆ ਹੋਇਆ ਸੀ। ਦੋਹਾਂ ਸਰਦਾਰਾਂ ਵਿੱਚ ਜੰਮੂ ਦੇ ਮਾਮਲੇ ਤੋਂ ਵਿਗੜ ਗਈ ਕਿਉਂਕਿ ਜੈ ਸਿੰਘ ਨੇ ਸਰਦਾਰ ਮਹਾਂ ਸਿੰਘ ਨੂੰ ਜੰਮੂ ਜਾਣਾ ਕਹਿ ਕੇ ਆਪ ਨਹੀਂ ਪੁੱਜਾ ਸੀ। ਇਸ ਗੱਲ ਤੋਂ ਮੂੰਹ ਮੋਟੇ ਹੋ ਗਏ ਤੇ ਮਜੀਠੇ ਦੇ ਪਾਸ ਇਕ ਮਾਮੂਲੀ ਜਿਹੀ ਝੜਪ ਹੋਈ, ਜਿਸ ਵਿਚ ਸਰਦਾਰ ਮਹਾਂ ਸਿੰਘ ਜੀ ਫਤੇਹਯਾਬ ਹੋਏ ਤੇ ਜੈ ਸਿੰਘ ਨੂੰ ਸ਼ਕਸਤ ਮਿਲੀ।
੧੪. ਜੈ ਸਿੰਘ ਨੂੰ ਫਿਰ ਹਾਰ
ਜੈ ਸਿੰਘ ਨੇ ਫਿਰ ਫੌਜ ਇਕੱਠੀ ਕਰ ਕੇ ਮਹਾਂ ਸਿੰਘ ਤੋਂ ਮਜੀਠੇ ਵਾਲਾ ਬਦਲਾ ਲੈਣਾ ਚਾਹਿਆ। ਇਸ ਦੀ ਖ਼ਬਰ ਮਹਾਂ ਸਿੰਘ ਨੂੰ ਵੀ ਮਿਲ ਗਈ। ਓਸ ਨੇ ਆਪਣੇ ਬਚਾਓ ਤੇ ਦੂਰ ਰਹਿਣ ਦੀ ਇਹ ਵਿਓਂਤ ਕਢੀ ਕਿ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਨੂੰ ਜੋ ਜੈ ਸਿੰਘ ਦਾ ਕੱਟਰ ਵੈਰੀ ਸੀ ਤੇ ਉਸ ਵੇਲੇ ਸਤਲਜ ਤੋਂ ਪਾਰ ਫਿਰ ਰਿਹਾ ਸੀ, ਇਸ ਸ਼ਰਤ ਤੇ ਬੁਲਾ ਭੇਜਿਆ ਕਿ ਜੇਕਰ ਕਾਮਯਾਬੀ ਹੋਈ ਤਦ ਤੁਹਾਡਾ ਮੁਲਕ ਤੁਹਾਨੂੰ ਦੇ ਦਿੱਤਾ ਜਾਏਗਾ, ਤੁਸੀਂ ਮੇਰੀ ਮਦਦ ਕਰੋ। ਸੋ ਜੱਸਾ ਸਿੰਘ ਰਾਮਗੜ੍ਹੀਆ ਓਹਨਾਂ ਸਾਰੀਆਂ ਫੌਜਾਂ ਨੂੰ: ਜੋ ਓਹਦੀ ਰੋਕ ਲਈ ਜੈ ਸਿੰਘ ਨੇ ਭੇਜੀਆਂ ਸਨ, ਸ਼ਕਸਤ ਦੇਂਦਾ ਮਹਾਂ ਸਿੰਘ ਦੇ ਪਾਸ ਅੱਪੜ ਗਿਆ ਤੇ ਨੌਸ਼ੈਹਰੇ ਦੇ ਮੁਕਾਮ ਤੇ ਜੈ ਸਿੰਘ ਘਨੱਯਾ ਨਾਲ ਇਹਨਾਂ ਦੀ ਖੂਬ ਲੜਾਈ ਹੋਈ। ਸਰਦਾਰ ਮਹਾਂ ਸਿੰਘ ਦੀ ਫਤਹ ਹੋਈ ਤੇ ਜੈ ਸਿੰਘ ਨੱਸ ਕੇ ਨੂਰਪੁਰ ਦੇ ਕਿਲ੍ਹੇ ਵਿੱਚ ਜਾ ਲੁਕਿਆ। ਮਹਾਂ ਸਿੰਘ ਨੇ ਉੱਥੇ ਤੱਕ ਉਸ ਦਾ ਪਿੱਛਾ ਕੀਤਾ ਤੇ ਨੂਰ ਪੁਰ ਦੇ ਕਿਲ੍ਹੇ ਨੂੰ ਵੀ ਘੇਰ ਲਿਆ। ਕਿੰਤੂ ਫਿਰ ਇਹ ਖ਼ਿਆਲ ਕਰ ਕੇ ਕਿ ਨੱਠੇ ਹੋਏ ਦਾ ਪਿੱਛਾ ਕਰਨਾ ਠੀਕ ਨਹੀਂ, ਘੇਰਾ ਚੁੱਕ ਕੇ ਦੀਨਾ ਨਗਰ ਆ ਗਿਆ। ਕਿਉਂਕਿ ਉਸ ਦੀ ਜਿੱਤ ਤਾਂ ਹਰ ਹਾਲ ਹੋ ਹੀ ਚੁੱਕੀ ਸੀ।
੧੫. ਰਾਜਾ ਸੰਸਾਰ ਚੰਦ ਦੀ ਮਦਦ
ਰਾਜਾ ਸੰਸਾਰ ਚੰਦ ਨੇ ਦੀਨਾਨਗਰ ਆਣ ਕੇ ਸਰਦਾਰ ਮਹਾਂ ਸਿੰਘ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਜੈ ਸਿੰਘ ਤੋਂ ਕਾਂਗੜੇ ਦਾ ਕਿਲ੍ਹਾ ਲੈ ਦੇਵੋ, ਤਦ ਮੈਂ ਤੁਹਾਨੂੰ ਦੋ ਲੱਖ ਰੁਪਯਾ ਦੇਵਾਂਗਾ। ਸਰਦਾਰ ਮਹਾਂ ਸਿੰਘ ਨੇ ਇਕਰਾਰ ਕਰ ਲਿਆ। ਗੁਜਰਾਂਵਾਲੇ ਪੁੱਜ ਕੇ ਇੱਕ ਹਜਾਰ ਸਵਾਰ ਦਿਆਰਾਮ ਅਹਿਮਦ ਸਾਲਹ ਅਫਸਰਾਂ ਦੇ ਨਾਲ ਕਾਂਗੜੇ ਵੱਲ ਸੰਸਾਰ ਚੰਦ ਦੀ ਮਦਦ ਲਈ ਭੇਜੇ। ਇਸ ਫੌਜ ਨੇ ਕਾਂਗੜੇ ਪੁੱਜਦੇ ਹੀ ਸੰਸਾਰ ਚੰਦ ਦੀ ਫੌਜ ਨਾਲ ਲੈ ਕੇ ਕਿਲ੍ਹੇ ਦੇ ਚਹੁੰ ਪਾਸੀ ਘੇਰਾ ਪਾ ਲਿਆ। ਕੁਝ ਦਿਨ ਲੜਾਈ ਹੁੰਦੀ ਰਹੀ। ਕਿੰਤੂ ਜਦ ਦਿਆਰਾਮ ਨੇ ਫੌਜ ਦੇ ਵਾਸਤੇ ਸੰਸਾਰ ਚੰਦ ਤੋਂ ਖ਼ਰਚ ਮੰਗਿਆ, ਤਦ ਰਾਜਾ ਨੇ ਸਾਫ ਜਵਾਬ ਦੇ ਦਿੱਤਾ ਕਿ ਜਦ ਤੱਕ ਕਿਲ੍ਹਾ ਫਤਹ ਨਹੀਂ ਹੁੰਦਾ ਮੈਂ ਇੱਕ ਪਾਈ ਨਹੀਂ ਦੇਵਾਂਗਾ। ਫੌਜ ਭੁੱਖ ਦੇ ਨਾਲ ਦੁਖੀ ਹੋਣ ਲੱਗੀ। ਉਧਰੋਂ ਮਹਾਂ ਸਿੰਘ ਦੀਆਂ ਚਿੱਠੀਆਂ ਪੁੱਜਦੀਆਂ ਸਨ ਕਿ ਖ਼ਰਚ ਰਾਜਾ ਤੋਂ ਲੈ ਲਓ। ਇਸੇ ਗੱਲ ਤੇ ਉਹਨਾਂ ਦੀ ਲੜਾਈ ਹੋ ਗਈ। ਅਹਿਮਦ ਸਾਲਹ ਉੱਥੇ ਹੀ ਮਾਰਿਆ ਗਿਆ। ਦਿਆਰਾਮ ਬੜੀ ਬੁਰੀ ਹਾਲਤ ਵਿੱਚ ਫੌਜ ਲੈ ਕੇ ਵਾਪਸ ਗੁਜਰਾਂਵਾਲਾ ਪੁੱਜਾ। ਮਹਾਂ ਸਿੰਘ ਨੂੰ ਆਪਣੀ ਫੌਜ ਦੀ ਅਜੇਹੀ ਦੁਰਦਸ਼ਾ ਵੇਖ ਕੇ ਬੜਾ ਗੁੱਸਾ ਆਇਆ ਤੇ ਸੋਚਿਆ ਕਿ ਆਪ ਜਾ ਕੇ ਰਾਜਾ ਸੰਸਾਰ ਚੰਦ ਨੂੰ ਇਸ ਬੇਵਫ਼ਾਈ ਦੀ ਸਜ਼ਾ ਦੇਵਾਂ। ਕਿੰਤੂ ਸਮਾਂ ਅਜਿਹਾ ਨਹੀਂ ਸੀ, ਇਸ ਕਰ ਕੇ ਲਹੂ ਦੇ ਘੁੱਟ
ਭਰਕੇ ਚੁੱਪ ਹੋ ਗਿਆ ਤੇ ਆਪਣੇ ਇਸ ਖ਼ਿਆਲ ਨੂੰ ਫਿਰ ਕਿਸੇ ਯੋਗ ਤੇ ਅਨੁਕੂਲ ਵੇਲੇ ਤੇ ਪੂਰਾ ਕਰਨ ਦਾ ਨਿਸ਼ਚਾ ਕੀਤਾ।
੧੬. ਜੈ ਸਿੰਘ ਦਾ ਪਸਚਾਤਾਪ
ਜਦ ਰਾਜਾ ਸੰਸਾਰ ਚੰਦ ਨੇ ਵੇਖਿਆ ਕਿ ਕਿਲ੍ਹਾ ਫਤਹ ਨਹੀਂ ਹੋਂਦਾ, ਤਦ ਇਹ ਚਾਲ ਚੱਲੀ ਕਿ ਜੈ ਸਿੰਘ ਨੂੰ ਕਹਿ ਭੇਜਿਆ ਕਿ ਜੇ ਤੁਸੀਂ ਕਿਲ੍ਹਾ ਖਾਲੀ ਕਰ ਦੇਵੋ, ਮੇਰੇ ਨਾਲ ਸੁਲਾਹ ਰੱਖੋ, ਤਦ ਮੈਂ ਤੁਹਾਡੇ ਨਾਲ ਹੋ ਕੇ ਮਹਾਂ ਸਿੰਘ ਤੋਂ ਬਦਲਾ ਲੈ ਦਿਆਂਗਾ। ਜੈ ਸਿੰਘ ਸੰਸਾਰ ਚੰਦ ਦੀ ਚਾਲ ਨਾ ਸਮਝ ਸਕਿਆ। ਕਿਲ੍ਹਾ ਖਾਲੀ ਕਰ ਦਿੱਤਾ ਤੇ ਕਿਹਾ ਕਿ ਚਲੋ ਹੁਣ ਮਹਾਂ ਸਿੰਘ ਤੇ ਹਮਲਾ ਕਰੀਏ। ਸੰਸਾਰ ਚੰਦ ਨੇ ਕਿਲ੍ਹਾ ਲੈ ਹੀ ਲਿਆ ਸੀ, ਹਮਲਾ ਕਰਨੋਂ ਸਾਫ ਇਨਕਾਰ ਕਰ ਦਿੱਤਾ। ਇਸ ਸੁੱਕੇ ਜਵਾਬ ਨੂੰ ਸੁਣ ਕੇ ਜੈ ਸਿੰਘ ਬਹੁਤ ਪਛਤਾਇਆ ਪਰੰਤੂ ਹੁਣ ਕੀ ਹੋ ਸਕਦਾ ਸੀ। ਕਿਸੇ ਸਚ ਕਿਹਾ ਹੈ, 'ਵੇਲੇ ਵਕਤ ਵਿਹਾਇਆ ਕੀ ਹੋਂਦਾ ਪਛੋਤਾਇਆਂ।'
੧੭. ਮਹਾਂ ਸਿੰਘ ਦਾ ਜੰਮੂ ਤੇ ਫਿਰ ਹਮਲਾ
ਇਨ੍ਹਾਂ ਹੀ ਦਿਨਾਂ ਵਿੱਚ ਮਹਾਂ ਸਿੰਘ ਨੂੰ ਖ਼ਬਰ ਮਿਲੀ ਕਿ ਜੰਮੂ ਸ਼ਹਿਰ ਵਿੱਚ ਫਿਰ ਰੌਣਕ ਵਧ ਗਈ ਹੈ। ਬ੍ਰਿਜਰਾਜ ਦੇਵ ਜੰਮੂ ਵਾਪਸ ਆ ਗਿਆ ਹੈ। ਇਹ ਸੁਣਦੇ ਹੀ ਮਹਾਂ ਸਿੰਘ ਨੇ ਝਟ ਜੰਮੂ ਤੇ ਚੜ੍ਹਾਈ ਕਰ ਦਿੱਤੀ ਤੇ ਓਥੋਂ ਦੇ ਹਾਕਮਾਂ ਨੂੰ ਖ਼ਬਰ ਵੀ ਨਹੀਂ ਸੀ ਹੋਈ ਕਿ ਇਹ ਝਟ ਅੱਪੜ ਗਏ। ਲੜਾਈ ਦਾ ਬਹੁਤ ਸਾਰਾ ਸਾਮਾਨ ਖਾਲਸੇ ਦੇ ਹੱਥ ਆਇਆ। ਬਾਰੂਦ ਘਰ ਨੂੰ ਅੱਗ ਲੱਗ ਗਈ। ਇੱਥੋਂ ਹੋ ਕੇ ਮਹਾਂ ਸਿੰਘ ਨੇ ਪਿੰਡ ਬਹਾਦਰ ਵੱਲ ਵਾਗਾਂ ਮੋੜੀਆਂ। ਆਲਮ ਸਿੰਘ ਨੇ ਤੇ ਇਸ ਸੂਬੇ ਦੇ ਹੋਰ ਰਈਸ ਸਰਦਾਰ ਮਹਾਂ ਸਿੰਘ ਨੂੰ ਅੱਗੋਂ ਹੋ ਮਿਲੇ। ਇਸ ਦੌਰੇ ਵਿੱਚ ਸ੍ਰ. ਮਹਾਂ ਸਿੰਘ ਦੇ ਨਾਲ ਓਹਨਾਂ ਦਾ ਛੋਟੀ ਉਮਰ ਦਾ ਲੜਕਾ ਮਹਾਰਾਜਾ ਰਣਜੀਤ ਸਿੰਘ ਵੀ ਸੀ। ਅਚਣਚੇਤ ਓਹਨੂੰ ਚੀਚਕ ਨਿੱਕਲ ਆਈ ਤੇ ਓਹ ਅਜਿਹਾ ਬੀਮਾਰ ਹੋਇਆ ਕਿ ਬਚਣ ਦੀ ਕੋਈ ਆਸ ਨਾ ਰਹੀ। ਮਹਾਂ ਸਿੰਘ ਬਹੁਤ ਘਬਰਾਇਆ ਤੇ ਰਾਮਨਗਰ ਬਹੁਤ ਸਾਰਾ ਰੁਪ੍ਯਾ ਖੈਰਾਤ ਵਿਚ ਵੰਡਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ। ਵਾਹਿਗੁਰੂ ਨੇ ਕ੍ਰਿਪਾ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ੨੧ ਦਿਨ ਮਗਰੋਂ ਅਰੋਗ ਹੋ ਕੇ ਅਸ਼ਨਾਨ ਕੀਤਾ, ਕਿੰਤੂ ਅਫ਼ਸੋਸ ਕਿ ਚੀਚਕ ਨਾਲ ਇੱਕ ਅੱਖ ਇਨ੍ਹਾਂ ਦੀ ਜਾਂਦੀ ਰਹੀ। ਮਹਾਂ ਸਿੰਘ ਨੂੰ ਇਸ ਦਾ ਗ਼ਮ ਤਾਂ ਬਹੁਤ ਹੋਇਆ, ਪਰੰਤੂ ਉਸ ਵੇਲੇ ਜਾਨ ਬਚ ਜਾਣਾ ਵੀ ਵੱਡੇ ਸ਼ੁਕਰ ਦੀ ਗੱਲ ਸੀ।
੧੮. ਜੈ ਸਿੰਘ ਨਾਲ ਸੰਬੰਧ
ਜੈ ਸਿੰਘ ਘਨੱਯਾ ਨੇ ਆਪਣੀ ਪੋਤੀ ਸਰਦਾਰ ਗੁਰਬਖ਼ਸ਼ ਸਿੰਘ ਦੀ ਲੜਕੀ ਮਹਤਾਬ ਕੌਰ ਦਾ ਰਿਸ਼ਤਾ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਕੇ ਸਰਦਾਰ ਮਹਾਂ ਸਿੰਘ ਨੂੰ ਆਪਣਾ ਮਿੱਤ੍ਰ ਬਣਾ ਲਿਆ। ਜੱਸਾ ਸਿੰਘ ਰਾਮਗੜ੍ਹੀਆ, ਜਿਸ ਦੀ ਕਿ ਜੈ ਸਿੰਘ ਨਾਲ ਦੁਸ਼ਮਣੀ ਸੀ, ਓਸ ਨੇ ਮਹਾਂ ਸਿੰਘ ਨੂੰ ਕਤਲ ਕਰਨ ਦੀ ਗੋਂਦ ਗੁੰਦ ਕੇ ਆਪਣੇ ਸਰਦਾਰ ਨੂੰ ਨਾਲ ਲੈ ਕੇ ਅਜੇਹੇ ਸਮੇਂ ਜਦ ਕਿ ਮਹਾਂ ਸਿੰਘ ਦੌਰਾ ਕਰ ਰਿਹਾ ਸੀ, ਹਮਲਾ ਕਰ ਦਿੱਤਾ। ਮਹਾਂ ਸਿੰਘ ਨੇ ਵੀ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ। ਦੁਹਾਂ ਧਿਰਾਂ ਵਿੱਚ ਭ੍ਯਾਨਕ ਜੰਗ ਹੋਈ। ਬਹੁਤ ਸਾਰੇ ਆਦਮੀ ਮਾਰੇ ਗਏ। ਅੰਤ ਨੂੰ ਮਹਾਂ ਸਿੰਘ ਦੀ ਫਤੇ ਹੋਈ ਤੇ ਜੱਸਾ ਸਿੰਘ ਹਾਰ ਖਾ ਕੇ ਨੱਸ ਗਿਆ। ਜੋਧ ਸਿੰਘ ਕਲਾਲ ਵਾਲੀਆ ਕਿਲ੍ਹਾ ਸੋਧਰੇ ਦਾ ਘੇਰਾ ਕਰਦਾ ਮਾਰਿਆ ਗਿਆ।
੧੮੪੭ ਬਿਕ੍ਰਮੀ ਨੂੰ ਗੁਜਰ ਸਿੰਘ ਭੰਗੀ ਮਰ ਗਿਆ ਤੇ ਓਹਦਾ ਲੜਕਾ ਸਾਹਿਬ ਸਿੰਘ ਆਪਣੇ ਬਾਪ ਦੀ ਜਾਇਦਾਦ ਤੇ ਕਬਜ਼ਾ ਕਰਨ ਵਾਸਤੇ ਲਾਹੌਰ ਗਿਆ। ਪਿੱਛੋਂ ਸ੍ਰ. ਮਹਾਂ ਸਿੰਘ ਨੇ ਜਾ ਕੇ ਕਿਲ੍ਹਾ ਸ੍ਰੋਧੇ ਨੂੰ ਘੇਰਾ ਪਾ ਲਿਆ। ਸਾਹਿਬ ਸਿੰਘ ਦੀ ਫੌਜ ਕਿਲ੍ਹੇ ਅੰਦਰ ਲੜਦੀ ਰਹੀ। ਅਜੇ ਇਹ ਜੰਗ ਖਤਮ ਹੀ ਹੋਈ ਸੀ ਕਿ ਮਹਾਂ ਸਿੰਘ ਫੱਟੜ ਤੇ ਬੀਮਾਰ ਹੋ ਗਿਆ ਤੇ ਆਪਣੇ ਲੜਕੇ ਰਣਜੀਤ ਸਿੰਘ ਨੂੰ ਦਲ ਸਿੰਘ ਦੀ ਦੇਖ ਭਾਲ ਵਿੱਚ ਸੋਧ ਤੇ ਕਿਲ੍ਹਾ ਫਤਹ ਕਰਨ ਦਾ
ਕਹਿ ਕੇ ਗੁਜਰਾਂਵਾਲੇ ਆਇਆ। ਪਿੱਛੋਂ ਮਹਾਰਾਜਾ ਰਣਜੀਤ ਸਿੰਘ ਬਰਾਬਰ ਕਿਲ੍ਹੇ ਵਾਲਿਆਂ ਨਾਲ ਲੜਦਾ ਰਿਹਾ। ਇੰਨੇ ਨੂੰ ਖ਼ਬਰ ਪੁੱਜੀ ਕਿ ਜੱਸਾ ਸਿੰਘ ਰਾਮਗੜ੍ਹੀਆ ਆ ਰਿਹਾ ਹੈ, ਓਹਦੇ ਨਾਲ ਸਰਦਾਰ ਕਰਮ ਸਿੰਘ ਦੂਲੋ ਦਲ ਸਿੰਘ ਤੇ ਜੋਧ ਸਿੰਘ ਭੰਗੀ ਇੱਕ ਇੱਕ ਸਰਦਾਰ ਭਾਰੀ ਫੌਜ ਲੈ ਕੇ ਲੜਾਈ ਕਰਨ ਵਾਸਤੇ ਆ ਰਹੇ ਹਨ। ਰਣਜੀਤ ਸਿੰਘ ਨੇ ਇਹ ਖ਼ਬਰ ਸੁਣਦੇ ਹੀ ਕਿਲ੍ਹੇ ਦਾ ਘੇਰਾ ਛੱਡ ਦਿੱਤਾ ਤੇ ਝੱਟ ਓਹਨਾਂ ਦਾ ਰਾਹ ਰੋਕਣ ਲਈ ਉਸ ਪਾਸੇ ਟੁਰ ਪਿਆ। ਕੋਟਰਾਜਾ ਦੇ ਪਾਸ ਦੋਨਾਂ ਫੌਜਾਂ ਦਾ ਟਾਕਰਾ ਹੋਇਆ। ਭਾਵੇਂ ਰਣਜੀਤ ਸਿੰਘ ਪਾਸ ਐਸੀ ਫੌਜ ਵੀ ਨਹੀਂ ਸੀ, ਤਦ ਵੀ ਰਣਜੀਤ ਸਿੰਘ ਨੂੰ ਫਤਹ ਹੋਈ। ਜੱਸਾ ਸਿੰਘ ਰਾਮਗੜ੍ਹੀਆ ਆਦਿਕ ਨੱਸ ਗਏ। ਮਹਾਰਾਜਾ ਰਣਜੀਤ ਸਿੰਘ ਦੀ ਇਹ ਪਹਿਲੀ ਫਤਹ ਸੀ।
੧੯. ਸਰਦਾਰ ਮਹਾਂ ਸਿੰਘ ਦਾ ਚਲਾਣਾ
ਇਸ ਤੋਂ ਪਿੱਛੋਂ ਗੁਜਰਾਂਵਾਲੇ ਤੋਂ ਖ਼ਬਰ ਆਈ ਕਿ ੫ ਵਿਸਾਖ ਸੰਮਤ ੧੮੪੭ ਨੂੰ ਸਰਦਾਰ ਮਹਾਂ ਸਿੰਘ ਚਲਾਣਾ ਕਰ ਗਏ। ਇਹ ਖ਼ਬਰ ਸੁਣਦੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਂਵਾਲੇ ਵੱਲ ਕੂਚ ਕੀਤਾ ਤੇ ਉੱਥੇ ਅੱਪੜ ਕੇ ਆਪਣੇ ਪਿਤਾ ਦਾ ਦਾਹ ਕਰਮ ਕਰ ਕੇ ਪਾਠ ਰਖਾ ਦਿੱਤਾ।
੨੦. ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ
ਸਰਦਾਰ ਮਹਾਂ ਸਿੰਘ ਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ ੧੦ ਸਾਲ ਦੀ ਸੀ, ਪਿਤਾ ਦੀ ਜਾਏਦਾਦ ਦੇ ਮਾਲਕ ਬਣੇ ਕਿੰਤੂ ਇਹ ਨੌ ਨਿਹਾਲ ਅਜਿਹਾ ਪ੍ਰਤਾਪੀ ਤੇ ਐਸ਼ਵਰਜ ਵਾਲਾ ਨਿੱਕਲਿਆ ਕਿ ਓਹਦੇ ਇਕਬਾਲ ਦੇ ਸਾਹਮਣੇ ਪੰਜਾਬ ਦੀਆਂ ਸਾਰੀਆਂ ਤਾਕਤਾਂ ਮਾਤ ਹੋ ਗਈਆਂ। ਮੁਲਤਾਨ, ਕਸ਼ਮੀਰ, ਪਿਸ਼ਾਵਰ, ਡੇਹਰਾਜਾਤ ਤੇ ਸਤਲੁਜ ਦੇ ਵਿਚਕਾਰ ਦਾ ਸਾਰਾ ਮੁਲਕ ਇਸ ਦੇ ਕਬਜ਼ੇ ਵਿੱਚ ਆ ਗਿਆ। ਇੱਕ ਅਜਿਹਾ ਬਹਾਦਰ, ਇਕਬਾਲ ਵਾਲਾ ਤੇ ਉੱਚ ਖਿਆਲ ਵਾਲਾ ਹੋਇਆ ਕਿ ਇਨ੍ਹਾਂ ਦੇ ਰੋਅਬ ਦਾਬ ਦਾ ਸਿੱਕਾ ਅਜਿਹਾ ਲੋਕਾਂ ਦੇ ਦਿਲਾਂ ਵਿੱਚ ਬੈਠਾ ਕਿ ਵੱਡੀਆਂ ਵੱਡੀਆਂ ਸਲਤਨਤਾਂ ਇਨ੍ਹਾਂ ਦਾ ਨਾਮ ਸੁਣ ਕੇ ਕੰਬ ਜਾਂਦੀਆਂ ਸਨ ਤੇ ਅਟਕ ਜੇਹੇ ਅਸਗਾਹ ਦਰਯਾ ਨੇ ਵੀ ਓਹਨਾਂ ਨੂੰ ਰਸਤਾ ਦਿੱਤਾ ਅਤੇ ਸ਼ਾਹ ਸੁਜਾਹ ਕਾਬਲ ਦੇ ਬਾਦਸ਼ਾਹ ਨੇ ਓਹਦਾ ਪਾਣੀ ਭਰਿਆ। ਓਹਦੀ ਹਿੰਮਤ, ਦ੍ਰਿੜ੍ਹਤਾ, ਬਹਾਦਰੀ, ਪ੍ਰਤਾਪ, ਦਾਨੀ ਸੁਭਾਓ ਤੇ ਉਕਤੀਆਂ ਯੁਕਤੀਆਂ ਸੁਣ ਸੁਣ ਕੇ ਅਕਲ ਦੰਗ ਰਹਿ ਜਾਂਦੀ ਸੀ।
ਪਹਿਲੀਆਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਆਯੂ ਛੋਟੀ ਹੋਣ ਦੇ ਕਾਰਨ ਰਿਆਸਤ ਦਾ ਪ੍ਰਬੰਧ ਨੌਕਰਾਂ ਦੇ ਹੱਥਾਂ ਵਿੱਚ ਸੀ। ਲਖਪਤ ਰਾਇ ਜੋ ਸ੍ਰ. ਮਹਾਂ ਸਿੰਘ ਦੇ ਵੇਲੇ ਤੋਂ ਇਨ੍ਹਾਂ ਦਾ ਨੌਕਰ ਸੀ, ਰਿਆਸਤ ਦੇ ਕੰਮ ਵਿੱਚ ਬੜਾ ਦਖ਼ਲ ਦੇਂਦਾ ਰਿਹਾ। ਜੋ ਕੁਝ ਇਹ ਕਰਦਾ ਮਨਜੂਰ ਹੋ ਜਾਂਦਾ। ਇਹ ਆਦਮੀ ਇਹ ਪਸੰਦ ਨਹੀਂ ਕਰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਰਿਆਸਤ ਦੇ ਕੰਮ ਵਿੱਚ ਦਖ਼ਲ ਦੇਵੇ। ਮਹਾਰਾਜਾ ਰਣਜੀਤ ਸਿੰਘ ਨੂੰ (੧੦) ਰੁਪਯੇ ਰੋਜ਼ ਖਰਚ ਵਜੋਂ ਮਿਲਦੇ ਸੀ। ਜੇ ਕਦੀ ਮਹਾਰਾਜਾ ਰਣਜੀਤ ਸਿੰਘ ਕੋਈ ਕੰਮ ਆਪਣੀ ਮਨਸ਼ਾ ਦੇ ਅਨੁਸਾਰ ਕਰਾਣਾ ਚਾਹੁੰਦਾ ਤਦ ਲਖਪਤ ਰਾਇ ਠੀਕ ਓਹਦੇ ਉਲਟ ਕਰਨ ਦੀ ਕੋਸ਼ਿਸ਼ ਕਰਦਾ। ਪੰਜ ਸਾਲ ਤੱਕ ਇਹੋ ਹੀ ਹਾਲ ਰਿਹਾ। ਕਿੰਤੂ ਜਦ ਮਹਾਰਾਜੇ ਦੀ ਆਯੂ ੧੫ ਸਾਲ ਦੀ ਹੋਈ, ਤਦ ਇਨ੍ਹਾਂ ਆਪਣੇ ਆਪ ਹਰ ਇੱਕ ਕੰਮ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ, ਪਰ ਇਹਨਾਂ ਦੀ ਮਾਤਾ ਤੇ ਲਖਪਤ ਰਾਇ ਦੋਹਾਂ ਨੂੰ ਬੜਾ ਬੁਰਾ ਭਾਸਦਾ ਸੀ।
੨੧. ਸ਼ਾਹ ਜ਼ਮਾਨ ਦਾ ਹਮਲਾ
ਕਾਬਲ ਦਾ ਬਾਦਸ਼ਾਹ ਸ਼ਾਹ ਜਮਾਨ ਇੱਕ ਭਾਰੀ ਫੌਜ ਨਾਲ ਲੈ ਕੇ ਸੰਮਤ ੧੮੫੩ ਨੂੰ ਸਿੰਘਾਂ ਨੂੰ ਤਾੜਨਾ ਕਰਨ ਵਾਸਤੇ ਪੰਜਾਬ ਵਿੱਚ ਆਇਆ। ਓਸੇ ਵੇਲੇ ਖਾਲਸਾ ਜੀ ਦਾ ਦਲ ਇੱਕ ਜਗ੍ਹਾ ਨਹੀਂ ਸੀ। ਸਾਰੇ ਪੰਜਾਬ ਦੇ ਵਿੱਚ ਵੱਖੋ ਵੱਖ ਦਲਾਂ ਵਿੱਚ ਵੰਡਿਆ ਹੋਇਆ ਸੀ। ਇਸ ਕਰ ਕੇ ਓਹਦੇ ਰੋਕਣ ਵਾਲਾ ਕੋਈ ਨਾ ਹੋਇਆ। ਇਕੱਲਾ ਦੁਕੱਲਾ ਕੋਈ ਸਰਦਾਰ ਉਹਦੇ ਮੁਕਾਬਲੇ ਦੀ ਹਿੰਮਤ
ਨਹੀਂ ਰੱਖਦਾ ਸੀ। ਇਸ ਕਰ ਕੇ ਉਹਦੇ ਸਰਦਾਰ ਜਿਨ੍ਹਾਂ ਦੇ ਇਲਾਕੇ ਵਿਚੋਂ ਓਸ ਨੇ ਲੰਘਣਾ ਸੀ, ਜਾਣ ਕੇ ਅੱਗੇ ਪਿੱਛੇ ਹੋ ਗਏ, ਜਿਸ ਤੋਂ ਬਾਦਸ਼ਾਹ ਬਿਨਾਂ ਕਿਸੇ ਖਟਕੇ ਦੇ ਲਾਹੌਰ ਪੁੱਜ ਗਿਆ। ਲਾਹੌਰ ਤਿੰਨ ਆਦਮੀਆਂ ਦੇ ਕਬਜ਼ੇ ਵਿੱਚ ਸੀ। ਤਿੰਨੇ ਲਾਹੌਰ ਖਾਲੀ ਛੱਡ ਕੇ ਨੱਸ ਗਏ। ਕੁਝ ਦਿਨ ਜ਼ਮਾਨਸ਼ਾਹ ਲਾਹੌਰ ਠਹਿਰਿਆ ਤੇ ਸਿੱਖਾਂ ਦੇ ਪ੍ਰਬੰਧ ਲਈ ਕਈ ਪਾਸੀਂ ਫੌਜਾਂ ਭੇਜੀਆਂ, ਕਿੰਤੂ ਸਿੱਖਾਂ ਦਾ ਇਹਦੀਆਂ ਫੌਜਾਂ ਦੇ ਹੱਥ ਆ ਜਾਣਾ ਕੋਈ ਮਾਮੂਲੀ ਗੱਲ ਨਹੀਂ ਸੀ। ਇੰਨੇ ਨੂੰ ਕਾਬਲ ਤੋਂ ਬਾਦਸ਼ਾਹ ਨੂੰ ਇੱਕ ਅਜਿਹੀ ਜ਼ਰੂਰੀ ਚਿੱਠੀ ਆਈ ਕਿ ਓਹਨੂੰ ਝਟ ਪਟ ਵਾਪਸ ਜਾਣਾ ਪੈ ਗਿਆ, ਕਿੰਤੂ ਆਪਣੇ ਪਿੱਛੇ ਸ਼ਾਹਨਚੀ ਨੂੰ ਜੋ ਓਹਦੀ ਫੌਜ ਦਾ ਸਿਪਾਹ ਸਾਲਾਰ ਸੀ, ਬਹੁਤ ਸਾਰੀ ਫੌਜ ਦੇ ਕੇ ਸਿੱਖਾਂ ਨੂੰ ਮੁਕਾਣ ਲਈ ਛੱਡ ਗਿਆ।
੨੨. ਸ਼ਾਹਨਚੀ ਨੂੰ ਭਾਂਜ
ਸ਼ਾਹਨਚੀ ਨੂੰ ਪਤਾ ਲੱਗਾ ਕਿ ਰਾਮਨਗਰ ਵੱਲ ਬਹੁਤ ਸਾਰੇ ਸਿੱਖ ਇਕੱਠੇ ਹੋਏ ਹਨ, ਓਸ ਨੇ ਇਧਰ ਕੂਚ ਕੀਤਾ। ਸ਼ਹਿਰ ਰਾਮਨਗਰ ਸ੍ਰ. ਮਹਾਂ ਸਿੰਘ ਦੇ ਇਲਾਕੇ ਵਿੱਚ ਸੀ, ਇਸ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਫੌਜ ਲੈ ਕੇ ਓਹਦਾ ਮੁਕਾਬਲਾ ਕੀਤਾ। ਸਰਦਾਰ ਮਿਲਖਾ ਸਿੰਘ ਪਿੰਡੀ ਵਾਲਾ, ਬੁਧ ਸਿੰਘ, ਵਰਨ ਸਿੰਘ ਸਰਾਏ ਕਾਲਾ ਵਾਲੇ, ਜੋਧ ਸਿੰਘ ਅਟਾਰੀ ਵਾਲਾ ਤੇ ਧਰਮ ਸਿੰਘ ਜਲਾਲੀਆਂ ਆਦਿਕ ਸਰਦਾਰਾਂ ਨੂੰ ਆਪਣੀ ਮਦਦ ਵਾਸਤੇ ਬੁਲਾਇਆ। ਦੋਹਾਂ ਧਿਰਾਂ ਵਿੱਚ ਇੱਕ ਭ੍ਯਾਨਕ ਲੜਾਈ ਹੋਈ। ਸ਼ਾਹਨਚੀ ਨੂੰ ਭਾਜੜ ਪੈਣ ਹੀ ਲੱਗੀ ਸੀ ਕਿ ਉਹ ਆਪ ਹੀ ਰਾਮਨਗਰ ਦਾ ਘੇਰਾ ਚੁੱਕ ਕੇ ਮੁਲਕ ਨੂੰ ਲੁੱਟਣ ਪੁੱਟਣ ਲੱਗ ਪਿਆ। ਇਸ ਨੇ ਹਿੰਦੂਆਂ ਤੇ ਬੇਹੱਦ ਸਖ਼ਤੀਆਂ ਕਰ ਕੇ ਜੋ ਕੁਝ ਓਹਨਾਂ ਦੇ ਘਰਾਂ ਵਿੱਚ ਸੀ, ਕਢਾ ਲਿਆ। ਕੋਈ ੧੫-੨੦ ਹਜਾਰ ਦੇ ਕਰੀਬ ਆਦਮੀ ਤੇ ਤੀਵੀਆਂ ਜਿਨ੍ਹਾਂ ਦੀ ਆਯੂ ੧੦ ਤੋਂ ੨੦ ਦੇ ਦਰਮਿਆਨ ਸੀ, ਫੜ ਕੇ ਲੈ ਚਲਿਆ।
ਸਾਰੇ ਪੰਜਾਬ ਵਿੱਚ ਹਾਹਾਕਾਰ ਮਚ ਗਈ, ਜਿਸ ਨੂੰ ਸੁਣ ਕੇ ਸਿੱਖ ਸਰਦਾਰ ਬਰਦਾਸਤ ਨਾ ਕਰ ਸਕੇ। ਅੰਮ੍ਰਿਤਸਰ ਦੇ ਮੁਕਾਮ ਤੇ ਇਕੱਠੇ ਹੋ ਸਲਾਹ ਕਰ ਕੇ ਸਭ ਨੇ ਚੜ੍ਹਾਈ ਕਰ ਦਿੱਤੀ। ਇੰਨੇ ਨੂੰ ਸ਼ਾਹਨਚੀ ਦਾ ਲਸ਼ਕਰ ਲੁੱਟ ਮਾਰ ਕਰਦਾ ਗੁਜਰਾਤ ਪੁੱਜਾ। ਓਧਰੋਂ ਠੀਕ ਮੌਕੇ ਤੇ ਖਾਲਸੇ ਦਾ ਦਲ ਵੀ ਪੁੱਜ ਗਿਆ। ਅੱਗ ਸ੍ਰ. ਸਾਹਿਬ ਸਿੰਘ ਭੰਗੀ ਨੇ ੫੦੦ ਸਵਾਰ ਨਾਲ ਲੈ ਕੇ ਬਾਹਰ ਨਿੱਕਲ ਹੱਥ ਮਿਲਾਯਾ। ਓਸੇ ਵੇਲੇ ਪਿਛਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੀ ਆ ਗਈ। ਇੱਕ ਭਾਰੀ ਲੜਾਈ ਹੋਈ। ਸ਼ਾਹਨਚੀ, ਜੋ ਅੱਗੇ ਵਧਦਾ ਚਲਾ ਆ ਰਿਹਾ ਸੀ, ਗੋਲੀ ਦਾ ਨਿਸ਼ਾਨਾ ਬਣਿਆ। ਉਸ ਦੇ ਡਿਗਦੇ ਹੀ ਦੁਰਾਨੀ ਫੌਜ ਭੱਜ ਨਿਕਲੀ। ਸਿੰਘ ਗਿਲਜਿਆਂ ਦਾ ਪਿੱਛਾ ਕਰਦੇ ਜੇਹਲਮ ਤੱਕ ਅਪੜੇ। ਦੁਰਾਨੀ ਸਿੰਘਾਂ ਨੂੰ ਹੱਥ ਜੋੜਦੇ ਗਏ ਕਿ ਸਾਨੂੰ ਨਾ ਮਾਰੋ। ੧੦-੧੨ ਕੋਹ ਵਿੱਚ ਅਨਗਿਨਤ ਦੁਰਾਨੀ ਮਾਰੇ ਗਏ।
੨੩. ਮਹਾਰਾਜਾ ਰਣਜੀਤ ਸਿੰਘ ਦੀ ਵਿਰੋਧਤਾ
ਐਸ ਸਮੇਂ ਪੰਜਾਬ ਵਿੱਚ ਬਿਨਾਂ ਸਿੱਖਾਂ ਦੇ ਹੋਰ ਕੋਈ ਤਾਕਤ ਨਹੀਂ ਸੀ ਕਿੰਤੂ ਉਸ ਵੇਲੇ ਸਾਰਿਆਂ ਵਿੱਚੋਂ ਇੱਕ ਸਰਦਾਰ ਮਹਾਂ ਸਿੰਘ ਦੇ ਲੜਕੇ ਦੀ ਸੂਰਮਤਾ ਦੀਆਂ ਖਬਰਾਂ ਲੋਕਾਂ ਦੇ ਦਿਲਾਂ ਵਿਚ ਕੰਡੇ ਦੀ ਤਰ੍ਹਾਂ ਚੁਭਦੀਆਂ ਸਨ। ਹਸਮਤ ਖਾਂ ਨਾਮ ਦਾ ਇੱਕ ਚਠਾ ਜਿਮੀਂਦਾਰ ਜਿਸ ਦਾ ਇਲਾਕਾ ਝਨਾਂ ਦੇ ਕੰਢੇ ਤੇ ਸੀ, ਮਹਾਰਾਜਾ ਸਾਹਿਬ ਦੇ ਟਾਕਰੇ ਤੇ ਖੜਾ ਹੋਇਆ। ਹਸ਼ਮਤ ਖਾਂ ਨੇ ਚਾਹਿਆ ਕਿ ਇਸ ਨੌ ਨਿਹਾਲ ਨੂੰ ਕਿਸੇ ਮਾਮੂਲੀ ਜਹੇ ਤਰੀਕੇ ਨਾਲ ਹੀ ਨਸ਼ਟ ਕਰ ਦੇਵਾਂ। ਇੱਕ ਦਿਹਾੜੇ ਮਹਾਰਾਜਾ ਰਣਜੀਤ ਸਿੰਘ ਜਦ ਇਕੱਲਾ ਸ਼ਿਕਾਰ ਖੇਡ ਕੇ ਉਸ ਦੇ ਇਲਾਕੇ ਵਿੱਚ ਦੀ ਆ ਰਿਹਾ ਸੀ ਅਤੇ ਉਹਦੇ ਸਾਰੇ ਸਾਥੀ ਪਿੱਛੇ ਸਨ, ਤਦ ਉਸ ਵੇਲੇ ਹਸ਼ਮਤ ਖਾਂ ਚਠਾ ਵੀ ਇੱਕ ਪਾਸਿਓਂ ਨਿਕਲ ਆਇਆ ਤੇ ਅਚਨਚੇਤ ਮਹਾਰਾਜਾ ਰਣਜੀਤ ਸਿੰਘ ਤੇ ਤਲਵਾਰ ਦਾ ਵਾਰ ਕੀਤਾ। ਕਿੰਤੂ ਜਿਹਾ ਕਿ ਲੋਕੀਂ ਕਹਿੰਦੇ ਹਨ "ਰਖੇ ਰਾਮ ਤੇ ਮਾਰੇ ਕੌਨ" ਉਸ ਦਾ ਵਾਰ ਖ਼ਾਲੀ ਗਿਆ। ਤਲਵਾਰ ਘੋੜੇ ਦੀ ਕਾਠੀ ਤੇ ਲੱਗੀ ਜਿਸ ਦੇ ਨਾਲ ਕਾਠੀ ਦੋ
ਟੁਕੜੇ ਹੋ ਗਈ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਅਜਿਹਾ ਹੱਥ ਤੋਲ ਕੇ ਵਾਰ ਕੀਤਾ ਕਿ ਹਸ਼ਮਤ ਖਾਂ ਦੋ ਟੁਕੜੇ ਹੋ ਗਿਆ। ਓਸ ਦੇ ਮਰਨ ਤੇ ਮਹਾਰਾਜਾ ਸਾਹਿਬ ਨੇ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਕਰ ਲਿਆ। ਹੋਰ ਚੱਠੇ ਜ਼ਿਮੀਂਦਾਰਾਂ ਨੇ ਵੀ ਨਜ਼ਰਾਨੇ ਦੇ ਕੇ ਅਧੀਨਤਾ ਸ੍ਵੀਕਾਰ ਕੀਤੀ।
੨੪. ਰਾਣੀ ਸਦਾ ਕੌਰ ਦੀ ਸਹਾਇਤਾ
ਇਸ ਤੋਂ ਪਿਛੋਂ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਸ ਸਰਦਾਰਨੀ ਸਦਾ ਕੌਰ ਦੀ ਸਹਾਇਤਾ ਲਈ ਗਿਆ। ਸਰਦਾਰਨੀ ਸਾਹਿਬ ਨਾਲ ਰਾਮਗੜ੍ਹੀਆ ਸਰਦਾਰਾਂ ਦਾ ਟਾਕਰਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਜਾ ਕੇ ਮੁਦਤ ਤੱਕ ਮਿਆਣੀ ਦੇ ਕਿਲ੍ਹੇ ਦੇ ਪਾਸੀਂ ਘੇਰਾ ਪਾਈ ਰੱਖਿਆ। ਕਿੰਤੂ ਅਜੇ ਕਿਸੇ ਪਾਸੇ ਨੂੰ ਜਿੱਤ ਨਾ ਹੋਈ ਸੀ, ਕਿ ਬ੍ਰਖਾ ਰੁਤ ਆ ਗਈ। ਦਰਯਾਏ ਬਿਆਸ ਦੇ ਵਿੱਚ ਹੜ ਆ ਜਾਣ ਨੇ ਮਜਬੂਰ ਕੀਤਾ, ਜਿਸ ਤੇ ਰਣਜੀਤ ਸਿੰਘ ਵਾਪਸ ਚਲਾ ਗਿਆ।
੨੫. ਦੀਵਾਨ ਲਖਪਤ ਰਾਇ ਦੀ ਮੌਤ
ਇੱਥੋਂ ਮੁੜ ਕੇ ਸਰਦਾਰਨੀ ਸਦਾ ਕੌਰ ਦੇ ਕਹਿਣ ਤੇ ਦੀਵਾਨ ਲਖਪਤ ਰਾਇ ਨੂੰ ਧਨੀ ਦੇ ਇਲਾਕੇ ਵਿੱਚ ਭੇਜਿਆ ਗਿਆ। ਓਥੋਂ ਦੇ ਜ਼ਿਮੀਂਦਾਰਾਂ ਨੇ ਇਸ ਦੇ ਪੁੱਜਦਿਆਂ ਹੀ ਇਹਦਾ ਕੰਮ ਤਮਾਮ ਕਰ ਦਿੱਤਾ। ਹੁਣ ਮਹਾਰਾਜਾ ਰਣਜੀਤ ਸਿੰਘ ਨੇ ਦਲ ਸਿੰਘ ਨੂੰ ਆਪਣਾ ਕਰਮਚਾਰੀ ਬਣਾ ਕੇ ਕੰਮ ਅਰੰਭਿਆ। ਕਿੰਤੂ ਇਨ੍ਹਾਂ ਹੀ ਦਿਨਾਂ ਵਿੱਚ ਜ਼ਮਾਨ ਸ਼ਾਹ ਕਾਬਲ ਦੇ ਬਾਦਸ਼ਾਹ ਨੇ ਆਪਣੇ ਸਿਪਾਹ ਸਾਲਾਰ ਸ਼ਾਹਨਚੀ ਦਾ ਸਿੱਖਾਂ ਤੋਂ ਬਦਲਾ ਲੈਣ ਵਾਸਤੇ ਮਹੀਨੇ ਅੰਸੂ ਸੰਮਤ ੧੮੫੫ ਵਿੱਚ ਕਾਬਲੋਂ ਪੰਜਾਬ ਵੱਲ ਕੂਚ ਕੀਤਾ।
੨੬. ਜ਼ਮਾਨ ਸ਼ਾਹ ਦੀ ਚੜ੍ਹਾਈ
ਜ਼ਮਾਨ ਸ਼ਾਹ ਦੀ ਅਵਾਈ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਲੋਕ ਘਬਰਾ ਗਏ। ਬਾਦਸ਼ਾਹ ਨੇ ਪਿੰਡਾਂ ਦੇ ਪਿੰਡ ਖਾਲੀ ਵੇਖ ਕੇ ਬੜਾ ਪਸਚਾਤਾਪ ਕੀਤਾ। ਜਦ ਲਾਹੌਰ ਪੁੱਜਾ ਤਦ ਉੱਥੋਂ ਦੇ ਤਿੰਨੇ ਹਾਕਮ ਵੀ ਸ਼ਹਿਰ ਛੱਡ ਕੇ ਨੱਸ ਗਏ। ਓਹਨਾਂ ਦੇ ਫੜਨ ਵਾਸਤੇ ਫੌਜ ਭੇਜੀ ਗਈ, ਪਰੰਤੂ ਕੋਈ ਵੀ ਹੱਥ ਨਾ ਆਇਆ। ਜ਼ਮਾਨ ਸ਼ਾਹ ਇੱਕ ਮਹੀਨੇ ਤੱਕ ਲਾਹੌਰ ਬੈਠਾ ਰਿਹਾ। ਜਦ ਓਹਨੇ ਵੇਖਿਆ ਕਿ ਇਸ ਮੁਲਕ ਦਾ ਪ੍ਰਬੰਧ ਮੇਰੇ ਕਾਬੂ ਤੋਂ ਬਾਹਰ ਦੇ ਕੰਮ ਦਾ ਹੈ, ਤਦ ਕਾਬਲ ਵਾਲੇ ਪਾਸੇ ਮੁੜ ਪਿਆ।
੨੭. ਰਣਜੀਤ ਸਿੰਘ ਵੱਲੋਂ ਸਹਾਇਤਾ
ਜਦ ਜ਼ਮਾਨ ਸ਼ਾਹ ਮੁੜਦਾ ਹੋਇਆ ਗੁਜਰਾਂਵਾਲੇ ਆਇਆ ਤਦ ਓਸ ਵੇਲੇ ਰਣਜੀਤ ਸਿੰਘ ਨੇ ਜੋ ਓਹਨੀਂ ਦਿਨੀਂ ਰਾਮਨਗਰ ਵਿੱਚ ਸੀ, ਆਪਣੇ ਕਰਮਚਾਰੀਆਂ ਨੂੰ ਜੋ ਗੁਜਰਾਂਵਾਲੇ ਸਨ, ਕਹਿ ਭੇਜਿਆ ਕਿ ਜ਼ਮਾਨ ਸ਼ਾਹ ਲਈ ਰਸਦ ਤੇ ਅਸਬਾਬ ਲੈ ਜਾਣ ਦੇ ਵਾਸਤੇ ਪਸ਼ੂਆਂ ਦਾ ਪ੍ਰਬੰਧ ਕਰ ਦੇਣਾ। ਸੋ ਓਹਨਾਂ ਨੇ ਹਰ ਇੱਕ ਚੀਜ਼ ਬਿਨਾਂ ਮੰਗੇ ਦੁਖੀ ਬਾਦਸ਼ਾਹ ਦੇ ਡੇਰੇ ਤੇ ਇੰਨੀ ਪਹੁੰਚਾ ਦਿੱਤੀ ਕਿ ਜ਼ਮਾਨ ਸ਼ਾਹ ਖ਼ੁਸ਼ ਹੋ ਗਿਆ। ਜਦ ਇੱਥੋਂ ਜ਼ਮਾਨਸ਼ਾਹ ਨੇ ਕੂਚ ਕੀਤਾ ਤਦ ਮਹਾਰਾਜਾ ਰਣਜੀਤ ਸਿੰਘ ਨੇ ਸਿੰਘਾਂ ਨੂੰ ਲੋਭ ਦਿੱਤਾ ਕਿ ਇਹ ਅੱਜ ਕੱਲ੍ਹ ਦੁਖੀ ਹੈ। ਇਸ ਵਾਸਤੇ ਇਸ ਤੇ ਕੋਈ ਵਾਰ ਨਾ ਕੀਤਾ ਜਾਵੇ। ਝਨਾਂ ਦੇ ਹੜ ਦੇ ਕਾਰਨ ਇਸ ਨੂੰ ਬੜਾ ਕਸ਼ਟ ਹੋਇਆ। ੧੫ ਦਿਨ ਇਹਨੂੰ ਠਹਿਰਨਾ ਪਿਆ ਬੜੀ ਮੁਸ਼ਕਲ ਨਾਲ ਇਹਦਾ ਲਸ਼ਕਰ ਪਾਰ ਹੋਇਆ। ਕਿੰਤੂ ਫਿਰ ਵੀ ੧੨ ਤੋਪਾਂ ਦਰਯਾ ਵਿੱਚ ਡਿੱਗ ਪਈਆਂ। ਅੰਤ ਨੂੰ ਜ਼ਮਾਨ ਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ; ਜਿਸ ਦੇ ਇਲਾਕੇ ਵਿੱਚ ਘਟਨਾ ਹੋਈ ਸੀ, ਲਿਖਿਆ ਕਿ ਮੇਰੀਆਂ ੧੨ ਤੋਪਾਂ ਦਰ੍ਯਾ ਵਿੱਚ ਡਿੱਗ ਪਈਆਂ ਹਨ। ਪਾਣੀ ਦੇ ਉੱਤਰਨ ਤੇ ਜੇ ਨਿੱਕਲ ਸਕਣ ਤਦ ਬੜਾ ਚੰਗਾ ਹੋਵੇਗਾ। ਚਾਰ ਮਹੀਨੇ ਦੇ ਪਿੱਛੋਂ ਜਦ ਪਾਣੀ ਉੱਤਰਿਆ ਤਦ ਮਹਾਰਾਜਾ ਰਣਜੀਤ ਸਿੰਘ ਨੇ ਕੋਸ਼ਸ਼ ਕਰ ਕੇ ਤੋਪਾਂ ਕਢਵਾ ਲਈਆਂ।
੨੮. ਇਕ ਕਹਾਣੀ
ਜ਼ਮਾਨ ਸ਼ਾਹ ਕਿਉਂ ਇਸ ਤਰ੍ਹਾਂ ਚੁੱਪ ਚਾਪ ਲਾਹੌਰ ਤੋਂ ਵਾਪਸ ਮੁੜ ਗਿਆ? ਇਸ ਦੀ ਬਾਬਤ ਇੱਕ ਰਵਾਇਤ ਹੈ ਕਿ ਜ਼ਮਾਨ ਸ਼ਾਹ ਨੇ ਅਚਣਚੇਤ ਜਦ ਲਾਹੌਰ ਤੋਂ ਮੁੜਨ ਦੀ ਤਿਆਰੀ ਕਰ ਲਈ। ਤਦ ਓਹਦੇ ਵਜ਼ੀਰ ਨੇ ਅਜਿਹਾ ਕਰਨ ਦਾ ਕਾਰਨ ਪੁੱਛਿਆ, ਜਿਸ ਤੇ ਜ਼ਮਾਨ ਸ਼ਾਹ ਨੇ ਦੱਸਿਆ ਕਿ ਮੈਂ ਅੱਜ ਰਾਤ ਖਾਬ ਵਿਚ ਇੱਕ ਬੜਾ ਹੀ ਕੌਤਕ ਵੇਖਿਆ ਹੈ। ਮੈਂ ਇੱਕ ਦਰਬਾਰ ਲੱਗਾ ਹੋਇਆ ਤਕਿਆ, ਜਿਸ ਵਿੱਚ ਕਿ ਬੜੇ ਬੜੇ ਵਲੀ ਬੈਠੇ ਸਨ। ਹਜ਼ਰਤ ਮੁਹੰਮਦ ਸਾਹਿਬ ਵੀ ਓਹਦੇ ਵਿੱਚ ਹੀ ਸਨ, ਮੇਰੇ ਸਿਰ ਤੋਂ ਤਾਜ ਚੱਕ ਕੇ ਇੱਕ ਲੜਕੇ ਦੇ ਸਿਰ ਤੇ ਰੱਖ ਦਿੱਤਾ। ਮੈਂ ਹੈਰਾਨ ਹੋ ਕੇ ਹਜ਼ਰਤ ਮੁਹੰਮਦ ਸਾਹਿਬ ਅੱਗੇ ਸ਼ਕਾਇਤ ਕੀਤੀ ਕਿ ਮੇਰੇ ਤਾਜ ਨੂੰ ਚੱਕ ਕੇ ਦੂਜੇ ਦੇ ਸਿਰ ਤੇ ਕਿਉਂ ਰੱਖਿਆ ਗਿਆ ਹੈ? ਹਜ਼ਰਤ ਮੁਹੰਮਦ ਸਾਹਿਬ ਬੋਲੇ ਕਿ ਹੁਣ ਸਮਾਂ ਮੇਰਾ ਨਹੀਂ ਰਿਹਾ। ਐਸ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦਾ ਪਹਿਰਾ ਹੈ। ਏਨੇ ਨੂੰ ਮੇਰੀ ਅੱਖ ਖੁਲ੍ਹ ਗਈ, ਮੈਂ ਸਮਝ ਲਿਆ ਹੈ ਕਿ ਇਸ ਇਲਾਕੇ ਵਿੱਚ ਹੁਣ ਮੈਂ ਰਾਜ ਨਹੀਂ ਕਰ ਸਕਦਾ ਆਪਣੇ ਆਪ ਮੁੜਨਾ ਹੀ ਠੀਕ ਹੈ।
੨੯. ਲਾਹੌਰ ਤੇ ਕਬਜ਼ਾ
ਲਾਹੌਰ ਦੀ ਪਰਜਾ ਨੇ ਦੁਖੀ ਹੋ ਕੇ ਮਹਾਰਾਜਾ ਰਣਜੀਤ ਸਿੰਘ ਪਾਸ ਅਰਜ਼ੀ ਭੇਜੀ, ਜਿਸ ਵਿੱਚ ਆਪਣੇ ਦੁਖ ਦੀ ਵਿਥਿਆ ਵਿਸਥਾਰ ਨਾਲ ਲਿਖੀ ਤੇ ਲਿਖਿਆ ਕਿ ਆਪ ਬਿਨਾਂ ਕਿਸੇ ਭੈ ਦੇ ਆ ਕੇ ਲਾਹੌਰ ਤੇ ਕਬਜ਼ਾ ਕਰ ਲਵੋ। ਕੋਈ ਆਦਮੀ ਆਪ ਦੇ ਟਾਕਰੇ ਤੇ ਨਹੀਂ ਖੜਾ ਹੋਵੇਗਾ। ਇੱਥੋਂ ਦੇ ਹਾਕਮ ਬੇਪ੍ਰਵਾਹ ਹਨ। ਓਹਨਾਂ ਦੇ ਪਾਸ ਆਪ ਦੇ ਟਾਕਰੇ ਲਈ ਫੌਜ ਵੀ ਨਹੀਂ ਤੇ ਨਾ ਹੀ ਓਹਨਾਂ ਵਿੱਚ ਕੋਈ ਹਿੰਮਤ ਹੈ। ਖ਼ੁਦਾ ਦੀ ਖਲਕਤ ਬਰਬਾਦ ਹੋ ਰਹੀ ਹੈ। ਮਹੱਲਿਆਂ ਦੇ ਮਹੱਲੇ ਉਜੜ ਰਹੇ ਹਨ।
ਇਸ ਅਰਜ਼ੀ ਤੇ ਹਾਕਮ ਰਾਏ, ਭਾਈ ਗੁਰਬਖ਼ਸ਼ ਸਿੰਘ ਮੀਆਂ ਆਸ਼ਕ ਮੁਹੰਮਦ ਖਾਂ, ਮੀਆਂ ਮੋਹਕਮ ਦੀਨ, ਮੁਹੰਮਦ ਬਾਕਰ, ਆਦਿਕ ਸ਼ਹਿਰ ਦੇ ਸਰਕਰਦਿਆਂ ਦੇ ਦਸਤਖ਼ਤ ਹੋਏ ਹੋਏ ਸਨ ਤੇ ਸ਼ਹਿਰ ਦੇ ਕੁੱਲ ਵੱਡੇ ਵੱਡੇ ਰਈਸਾਂ ਨੇ ਆਪ ਹੀ ਸਹੀ ਪਾਈ ਹੋਈ ਸੀ। ਇਸ ਤਰ੍ਹਾਂ ਦੀ ਇੱਕ ਅਰਜ਼ੀ ਸਰਦਾਰਨੀ ਸਦਾ ਕੌਰ ਵੱਲ ਵੀ ਭੇਜੀ ਗਈ।
ਇਹ ਅਰਜੀ ਮਹਾਰਾਜਾ ਰਣਜੀਤ ਸਿੰਘ ਪਾਸ ਰਾਮਨਗਰ ਅਪੜੀ। ਓਸ ਵੇਲੇ ਓਸ ਨੇ ਕਾਜ਼ੀ ਅਬਦੁਲ ਰਹਿਮਾਨ ਨੂੰ ਲਾਹੌਰ ਭੇਜਿਆ, ਤਾਂ ਕਿ ਆਸ਼ਕ ਮੁਹੰਮਦ ਦੇ ਪਾਸ ਜਾ ਕੇ ਸਾਰੀਆਂ ਗੱਲਾਂ ਦਾ ਫੈਸਲਾ ਕਰ ਆਵੇ। ਜਦ ਸਾਰੀਆਂ ਗੱਲਾਂ ਦਾ ਫੈਸਲਾ ਹੋ ਗਿਆ ਤੇ ਆਸ਼ਕ ਮੁਹੰਮਦ ਨੇ ਕਹਿ ਭੇਜਿਆ ਕਿ ਜਦ ਆਓਗੇ ਤਦ ਆਪ ਵਾਸਤੇ ਲੁਹਾਰੀ ਦਰਵਾਜ਼ਾ ਖੋਹਲ ਦਿੱਤਾ ਜਾਵੇਗਾ, ਤਦ ਰਣਜੀਤ ਸਿੰਘ ਨੇ ਆਪਣੀ ਫੌਜ ਲੈ ਕੇ ਆਪਣੀ ਸੱਸ ਸਦਾ ਕੌਰ ਕੋਲੋਂ ਸਲਾਹ ਲੈਣ ਲਈ ਵਟਾਲੇ ਦੇ ਰਾਹ ਕੂਚ ਕਰ ਦਿੱਤਾ। ਸਦਾ ਕੌਰ ਦੇ ਪਾਸ ਵੀ ਬਿਨੈ ਪੱਤਰ ਲਾਹੌਰ ਵਾਲਿਆਂ ਦਾ ਪੁੱਜ ਚੁੱਕਾ ਸੀ। ਓਹ ਵੀ ਆਪਣੀ ਫੌਜ ਲੈ ਕੇ ਰਣਜੀਤ ਸਿੰਘ ਦੇ ਨਾਲ ਤਿਆਰ ਹੋ ਗਈ। ਪਹਿਲਾਂ ਰਣਜੀਤ ਸਿੰਘ ਅੰਮ੍ਰਿਤਸਰ ਗਿਆ ਤਾਂ ਜੋ ਸ੍ਰੀ ਅੰਮ੍ਰਿਤਸਰ ਜੀ ਦੇ ਅਸ਼ਨਾਨ ਕਰ ਚਲੀਏ। ਇਥੋਂ ਪੰਜ ਹਜ਼ਾਰ ਫੌਜ ਦੇ ਨਾਲ ਕੂਚ ਕਰ ਕੇ ਸਿੱਧਾ ਲਾਹੌਰ ਅੱਪੜਿਆ ਤੇ ਨਵਾਬ ਵਜ਼ੀਰ ਖਾਂ ਦੀ ਬਾਰਾਂਦਰੀ ਵਿੱਚ ਜਿੱਥੇ ਹੁਣ ਲਾਇਬ੍ਰੇਰੀ ਬਣੀ ਹੋਈ ਹੈ, ਡੇਰਾ ਕੀਤਾ। ਸ਼ਹਿਰ ਦੇ ਮਾਲਕ ਤਿੰਨੇ ਸਰਦਾਰਾਂ ਨੂੰ ਵੀ ਇਸ ਗੱਲ ਦੀ ਖ਼ਬਰ ਹੋ ਗਈ। ਉਹਨਾਂ ਰਣਜੀਤ ਸਿੰਘ ਦੀ ਫੌਜ ਲਈ ਇੱਕ ਦਸਤਾ ਸ਼ਹਿਰ ਤੋਂ ਬਾਹਰ ਭੇਜਿਆ, ਕਿੰਤੂ ਰਣਜੀਤ ਸਿੰਘ ਦੀ ਫੌਜ ਨੇ ਉਸ ਨੂੰ ਝਟ ਹੀ ਨਸਾ ਦਿੱਤਾ ਤੇ ਪੰਜ ਛੀ ਆਦਮੀ ਮਾਰੇ ਗਏ।
ਆਸ਼ਕ ਮੁਹੰਮਦ, ਮੋਹਕਮ ਦੀਨ ਤੇ ਹਾਕਮ ਰਾਏ ਨੇ ਸੁਨੇਹਾ ਭੇਜਿਆ ਕਿ ਆਪ ਕੱਲ੍ਹ ਹਾੜ ਸੁਦੀ ਪੰਚਵੀ ਸੰਮਤ ੧੮੫੬ ਬਿਕਰਮੀ ਨੂੰ ਸਵੇਰੇ ਲੁਹਾਰੀ ਦਰਵਾਜਾ ਦੇ ਰਾਹ ਸ਼ਹਿਰ ਵਿੱਚ ਆ ਜਾਓ। ਜਿਸ ਵੇਲੇ ਆਪ ਦਰਵਾਜ਼ੇ ਤੇ ਪੁੱਜੋਗੇ, ਝਟ ਦਰਵਾਜ਼ਾ ਖੋਹਲ ਦਿੱਤਾ ਜਾਵੇਗਾ। ਸੋ
ਅਜਿਹਾ ਹੀ ਹੋਇਆ। ਜਦ ਨੀਯਤ ਸਮੇਂ ਤੇ ਰਣਜੀਤ ਸਿੰਘ ਆਪਣੇ ਚੋਣਵੇਂ ਇੱਕ ਹਜ਼ਾਰ ਸੂਰਮੇ ਸਪਾਹੀ ਨਾਲ ਲੈ ਕੇ ਲੁਹਾਰੀ ਦਰਵਾਜਾ ਦੇ ਪਾਸ ਪੁੱਜਾ, ਤਦ ਮੀਆਂ ਮੋਹਕਮ ਦੀਨ ਦਰਵਾਜ਼ੇ ਦੇ ਰਾਖੇ ਨੇ ਝੱਟ ਬੂਹਾ ਖੋਲ੍ਹ ਦਿੱਤਾ। ਰਣਜੀਤ ਸਿੰਘ ਨੇ ਇਸ ਸਹਾਇਤਾ ਬਦਲੇ ਉਸੇ ਵੇਲੇ ਇੱਕ ਜੋੜੀ ਸੋਨੇ ਦੇ ਕੰਗਨਾਂ ਦੀ ਤੇ ਇੱਕ ਦੋਸ਼ਾਲਾ ਮੋਹਕਮ ਦੀਨ ਨੂੰ ਦਿੱਤਾ ਤੇ ਆਪ ਸ਼ਹਿਰ ਦੇ ਵਿੱਚ ਦਾਖਲ ਹੋ ਕੇ ਕਿਲ੍ਹੇ ਵੱਲ ਚਲਾ ਗਿਆ।
ਜਦ ਲਾਹੌਰ ਦੇ ਤਿੰਨਾਂ ਹਾਕਮਾਂ ਨੂੰ ਇਸ ਗੱਲ ਦੀ ਖ਼ਬਰ ਮਿਲੀ ਕਿ ਰਣਜੀਤ ਸਿੰਘ ਸ਼ਹਿਰ ਵਿੱਚ ਫੌਜ ਸਮੇਤ ਦਾਖਲ ਹੋ ਗਿਆ ਹੈ, ਤਦ ਦੋ ਸਰਦਾਰ ਤਾਂ ਨੱਸ ਗਏ। ਕੇਵਲ ਚੇਤ ਸਿੰਘ ਰਹਿ ਗਿਆ। ਰਣਜੀਤ ਸਿੰਘ ਦੀ ਫੌਜ ਨੇ ਕਿਲ੍ਹੇ ਦੇ ਗਿਰਦ ਘੇਰਾ ਪਾ ਦਿੱਤਾ। ਸਾਰਾ ਦਿਨ ਦੋਹਾਂ ਪਾਸਿਆਂ ਤੋਂ ਬੰਦੂਕਾਂ ਚਲਦੀਆਂ ਰਹੀਆਂ। ਸਰਦਾਰਨੀ ਸਦਾ ਕੌਰ ਨੇ ਸਲਾਹ ਦਿੱਤੀ ਕਿ ਹੁਣ ਗੋਲੀ ਚਲਾਣੀ ਬੇਅਰਥ ਹੈ। ਕੇਵਲ ਘੇਰਾ ਪਾਈ ਰੱਖੋ। ਚੇਤ ਸਿੰਘ ਆਪ ਹੀ ਰਸਦ ਦੀ ਕਮੀ ਦੇ ਕਾਰਨ ਸ਼ਰਨ ਆ ਜਾਵੇਗਾ। ਸੋ ਅਜਿਹਾ ਹੀ ਹੋਇਆ। ਦੂਜੇ ਦਿਨ ਹੀ ਚੇਤ ਸਿੰਘ ਨੇ ਸੁਲਾਹ ਕਰ ਲਈ ਤੇ ਕਿਲ੍ਹਾ ਛੱਡਣ ਨੂੰ ਤਿਆਰ ਹੋ ਗਿਆ। ਰਣਜੀਤ ਸਿੰਘ ਨੇ ਓਹਦੀ ਬਿਨੈ ਪ੍ਰਵਾਨ ਕਰ ਲਈ, ਜਿਸ ਤੇ ਚੇਤ ਸਿੰਘ ਆਪ ਹੀ ਕਿਲ੍ਹਾ ਛੱਡ ਕੇ ਚਲਾ ਗਿਆ। ਸਦਾ ਕੌਰ ਦੀ ਸਫਾਰਸ਼ ਤੇ ਦੋ ਪਿੰਡ ਗੁਜ਼ਾਰੇ ਵਾਸਤੇ ਚੇਤ ਸਿੰਘ ਨੂੰ ਦਿੱਤੇ ਗਏ ਤੇ ਆਪ ਕਿਲ੍ਹੇ ਵਿੱਚ ਦਾਖਲ ਹੋ ਕੇ ਸ਼ਹਿਰ ਤੇ ਮੁਲਕ ਦਾ ਪ੍ਰਬੰਧ ਕਰਨ ਲੱਗਾ। ਸਾਰੇ ਸ਼ਹਿਰ ਦੇ ਅਮੀਰਾਂ ਤੇ ਰਈਸਾਂ ਨੇ ਹਾਜ਼ਰ ਹੋ ਕੇ ਨਜ਼ਰਾਂ ਪੇਸ਼ ਕੀਤੀਆਂ ਤੇ ਜਿੱਤ ਹੋਣ ਦੀ ਵਧਾਈ ਦਿੱਤੀ। ਉੱਤਰ ਵਿਚ ਰਣਜੀਤ ਸਿੰਘ ਨੇ ਸਾਰੇ ਸ਼ਹਿਰ ਦੀ ਰੱਖਿਆ ਤੇ ਓਹਨਾਂ ਦੀ ਪਤ ਅਬਰੋ ਦੇ ਬਚਾਉਣ ਦਾ ਇਕਰਾਰ ਕੀਤਾ। ਇਸ ਫਤਹ ਦੀ ਖ਼ੁਸ਼ੀ ਵਿੱਚ ਗ਼ਰੀਬਾਂ ਨੂੰ ਬਹੁਤ ਕੁਝ ਦਾਨ ਕੀਤਾ ਗਿਆ ਤੇ ਆਮ ਡੌਂਡੀ ਪਿਟਵਾਈ ਗਈ ਕਿ ਹਰ ਇੱਕ ਦੁਕਾਨਦਾਰ, ਵਪਾਰੀ ਸ਼ਾਹੂਕਾਰ ਬੇਖਟਕੇ ਹੋ ਕੇ ਦੁਕਾਨਾਂ ਖੋਹਲ ਆਪਣਾ ਕੰਮ ਕਾਜ ਸ਼ੁਰੂ ਕਰ ਦੇਵੇ। ਕੋਈ ਆਦਮੀ ਰੋਕ ਨਹੀਂ ਕਰੇਗਾ। ਜੋ ਚੀਜ਼ ਸਰਕਾਰ ਦੇ ਵਾਸਤੇ ਖਰੀਦੀ ਜਾਵੇਗੀ, ਸਭ ਦਾ ਮੁੱਲ ਦਿੱਤਾ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਆਮ ਲੋਕਾਂ ਤੇ ਬੜਾ ਚੰਗਾ ਅਸਰ ਪਿਆ। ਥੋੜ੍ਹੇ ਹੀ ਸਮੇਂ ਵਿੱਚ ਸ਼ਹਿਰ ਵਿਚ ਲਹਿਰ ਤੇ ਚਹਿਲ ਪਹਿਲ ਆ ਗਈ ਤੇ ਇੱਥੋਂ ਦੀ ਪ੍ਰਜਾ ਨੂੰ ਇੱਕ ਲੰਮੇ ਸਮੇਂ ਦੇ ਕਸ਼ਟ ਮਗਰੋਂ ਸੁਖ ਪ੍ਰਾਪਤ ਹੋਇਆ, ਜਿਸ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਬ੍ਰਿਧੀ ਲਈ ਪ੍ਰਾਰਥਨਾ ਕਰਨ ਲੱਗੇ।
੩੦. ਭਸੀਨ ਦੀ ਲੜਾਈ
ਜਦ ਹੋਰ ਸਰਦਾਰਾਂ ਨੇ ਇਹ ਹਾਲ ਸੁਣਿਆ ਕਿ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਹੈ ਤਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਦੇ ਲੜਕੇ ਜੋਧ ਸਿੰਘ ਨੇ ਗੁਲਾਬ ਸਿੰਘ ਭੰਗੀ ਨਾਲ ਸਲਾਹ ਕਰ ਕੇ ਲੜਾਈ ਦੀ ਠਾਨੀ। ਵਜੀਰਾਬਾਦ ਤੋਂ ਜੋਧ ਸਿੰਘ ਕਸੂਰ ਤੋਂ ਨਜ਼ਾਮੁੱਦੀਨ ਆਦਿਕ ਫੌਜ ਲੈ ਕੇ ਅੱਪੜ ਗਏ। ਇਨਾਂ ਸਾਰੇ ਲੋਕਾਂ ਨੇ ਆਪਣੇ ਰਸਾਲੇ ਤੋਪਖਾਨੇ ਤੇ ਪੈਦਲ ਸੈਨਾ ਤਿਆਰ ਕਰ ਕੇ ਅੰਮ੍ਰਿਤਸਰ ਵੱਲੋਂ ਭੌਂ ਕੇ ਗੁਲਾਬ ਸਿੰਘ ਦੇ ਨਾਲ ਹੋ ਲਾਹੌਰ ਵੱਲ ਕੂਚ ਕੀਤਾ। ਜਦ ਇਹ ਭਸੀਨ ਪਿੰਡ ਪਾਸ: ਜੋ ਲਾਹੌਰ ਤੋਂ ਚੜ੍ਹਦੇ ਪਾਸੇ ੧੦ ਕੋਹ ਦੀ ਵਿੱਥ ਤੇ ਹੈ, ਪੁੱਜੇ ਤਦ ਉੱਥੇ ਉਡੀਕ ਵਿੱਚ ਡੇਰਾ ਕਰਾ ਦਿੱਤਾ ਤੇ ਆਪਣੇ ਬਾਕੀ ਸਾਥੀਆਂ ਦੀ ਉਡੀਕ ਕਰਨ ਲੱਗੇ ਕਿ ਓਹਨਾਂ ਦੇ ਆਉਣ ਤੇ ਇੱਕੋ ਵਾਰ ਲਾਹੌਰ ਸ਼ਹਿਰ ਤੇ ਹੱਲਾ ਕੀਤਾ ਜਾਵੇ।
ਰਣਜੀਤ ਸਿੰਘ ਦੀ ਹਾਲਤ ਇਸ ਵੇਲੇ ਬੜੀ ਅਜਬ ਸੀ, ਸ਼ਹਿਰ ਲਾਹੌਰ ਤੇ ਨਵਾਂ ਨਵਾਂ ਕਬਜ਼ਾ ਕੀਤਾ ਸੀ। ਇੱਥੇ ਫੌਜ ਦਾ ਰੱਖਣਾ ਜ਼ਰੂਰੀ ਸੀ। ਸਾਰੀ ਫੌਜ ਨਾਲ ਲੈ ਕੇ ਨਹੀਂ ਆਇਆ ਸੀ। ਬਾਕੀ ਫੌਜ ਰਾਮਨਗਰ ਤੇ ਗੁਜਰਾਂਵਾਲੇ ਵਿੱਚ ਸੀ। ਓਸ ਦਾ ਇੰਨੀ ਛੇਤੀ ਅਪੜਨਾ ਕਠਨ ਸੀ। ਫਿਰ ਖ਼ਜ਼ਾਨਾ ਸਾਰਾ ਗੁਜਰਾਂਵਾਲੇ ਸੀ, ਨਾਲ ਨਹੀਂ ਆਂਦਾ ਸੀ। ਇਹਨਾਂ ਗੱਲਾਂ ਤੋਂ ਰਣਜੀਤ ਸਿੰਘ ਕੁਝ ਸੋਚਾਂ ਵਿੱਚ ਸੀ।
ਕਿੰਤੂ ਸਰਦਾਰਨੀ ਸਦਾ ਕੌਰ ਉਸ ਨੂੰ ਤਸੱਲੀ ਦੇਣ ਲੱਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਤੁਹਾਨੂੰ ਬਾਦਸ਼ਾਹੀ ਦਿੱਤੀ ਹੈ। ਕੋਈ ਫਿਕਰ ਨਾ ਕਰੋ, ਆਪ ਤੁਹਾਡੀ ਮਦਦ ਕਰਨਗੇ। ਇੰਨੇ ਨੂੰ ਇੱਕ ਬੁੱਢਾ ੮੦ ਵਰਿਹਾਂ ਦਾ ਆਇਆ। ਓਹਨੇ ਆ ਕੇ ਕਿਹਾ, "ਜੇ ਮੈਨੂੰ ਕੁਝ ਮਿਲੇ ਤਦ ਮੈਂ ਇਸ ਕਿਲ੍ਹੇ ਵਿੱਚ ਦੱਬੇ ਹੋਏ ਖ਼ਜ਼ਾਨੇ ਦਾ ਪਤਾ ਦੱਸਦਾ ਹਾਂ।" ਇਹ ਗੱਲ ਸੁਣ ਕੇ ਹੀ ਮਹਾਰਾਜਾ ਰਣਜੀਤ ਸਿੰਘ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ। ਓਸ ਬੁੱਢੇ ਨੂੰ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਬੁੱਢੇ ਦੇ ਪਤਾ ਦੇਣ ਤੇ ਜਦ ਰਣਜੀਤ ਸਿੰਘ ਤਹਿ ਖਾਨਿਆਂ ਵਿੱਚ ਗਿਆ ਤਦ ਲੱਖਾਂ ਰੁਪਯਾਂ ਦਾ ਖ਼ਜ਼ਾਨਾ ਹੱਥ ਆ ਗਿਆ। ਕੁਝ ਤੋਪਾਂ ਵੀ ਮਿਲੀਆਂ। ਰਣਜੀਤ ਸਿੰਘ ਨੇ ਖ਼ਜ਼ਾਨਾ ਮਿਲਦੇ ਹੀ ਪਹਿਲਾਂ ਬੁੱਢੇ ਨੂੰ ਖ਼ੁਸ ਕੀਤਾ। ਫੇਰ ਬਹੁਤ ਸਾਰਾ ਦਾਨ ਕੀਤਾ। ਫਿਰ ਫੌਜ ਨੂੰ ਦੋ ਮਹੀਨੇ ਦੀ ਤਨਖਾਹ ਅਗਾਉਂ ਦੇ ਕੇ ਤਿਆਰ ਬਰ ਤਿਆਰ ਹੋ ਭਸੀਨ ਤੋਂ ਇੱਕ ਕੋਸ ਦੇ ਫਾਸਲੇ ਤੇ ਡੇਰਾ ਲਾ ਦਿੱਤਾ। ਤੋਪਾਂ ਤਖ਼ਤਾਂ ਤੇ ਰੱਖ ਦਿੱਤੀਆਂ।
ਦੋ ਮਹੀਨੇ ਤੱਕ ਆਪਸ ਵਿੱਚ ਮਾਮੂਲੀ ਲੜਾਈ ਹੁੰਦੀ ਰਹੀ। ਕੁਝ ਆਦਮੀ ਓਧਰੋਂ ਮੋਏ, ਕੁਝ ਇਧਰੋਂ। ਇੰਨੇ ਨੂੰ ਸਰਦਾਰ ਗੁਲਾਬ ਸਿੰਘ ਨੇ ਸਾਰਿਆਂ ਸਾਥੀਆਂ ਨੂੰ ਇਕੱਠਾ ਕਰ ਕੇ ਕਿਹਾ ਕਿ ਕਲ੍ਹ ਦੋ ਟੋਕ ਲੜਾਈ ਹੋਣੀ ਚਾਹੀਦੀ ਹੈ। ਇਹ ਭੀ ਗੱਲ ਸਭ ਨੂੰ ਪਸੰਦ ਆਈ, ਕਿੰਤੂ ਗੁਲਾਬ ਸਿੰਘ ਨੂੰ ਆਪਣੀ ਖਾਹਸ਼ ਪੂਰੀ ਕਰਨ ਦਾ ਸਮਾਂ ਨਾ ਮਿਲਿਆ। ਰਾਤੀ ਅਜਿਹਾ ਸੁੱਤਾ ਕਿ ਸੁੱਤੇ ਦਾ ਹੀ ਦਮ ਨਿੱਕਲ ਗਿਆ। ਫਿਰ ਨਹੀਂ ਉੱਠਿਆ। ਜਦ ਸਵੇਰ ਨੂੰ ਫੌਜ ਤਯਾਰ ਹੋ ਕੇ ਲੜਾਈ ਲਈ ਨਿੱਕਲਣ ਲੱਗੀ ਤਦ ਗੁਲਾਬ ਸਿੰਘ ਖੈਮੇ ਵਿੱਚ ਮੋਇਆ ਵੇਖਿਆ। ਜਦ ਲਸ਼ਕਰ ਵਿੱਚ ਇਹਦੇ ਮਰਨ ਦੀ ਖ਼ਬਰ ਪੁੱਜੀ, ਤਦ ਸਾਰੀ ਫੌਜ ਹੱਕੀ ਬੱਕੀ ਰਹਿ ਗਈ ਤੇ ਕਿਸੇ ਦਾ ਪੈਰ ਵੀ ਅੱਗੇ ਨਾ ਉੱਠਿਆ। ਰਾਮਗੜ੍ਹੀਏ ਸਰਦਾਰ ਤੇ ਕਸੂਰੀ ਪਠਾਣ ਮੈਦਾਨ ਛੱਡ ਕੇ ਪਿੱਛੇ ਟੁਰ ਪਏ। ਬਾਕੀ ਬਹੁਤ ਸਾਰੇ ਰਣਜੀਤ ਸਿੰਘ ਨੂੰ ਆ ਮਿਲੇ ਤੇ ਓਹਨੂੰ ਖ਼ਬਰ ਦਿੱਤੀ ਕਿ ਤੇਰੇ ਵੈਰੀ ਨੂੰ ਵਾਹਿਗੁਰੂ ਜੀ ਨੇ ਆਪਣੇ ਆਪ ਸਾਂਭ ਲਿਆ ਹੈ ਤੇ ਕੁਲ ਫੌਜ ਨੱਸ ਗਈ ਹੈ। ਰਣਜੀਤ ਸਿੰਘ ਇਸ ਖ਼ਬਰ ਤੋਂ ਬੜਾ ਖ਼ੁਸ਼ ਹੋਇਆ ਤੇ ਓਸ ਨੇ ਉਹਨਾਂ ਲੋਕਾਂ ਨੂੰ; ਜੋ ਉਸ ਨੂੰ ਆ ਮਿਲੇ ਸੀ, ਬੜੀ ਖੁੱਲ੍ਹ ਦਿਲੀ ਨਾਲ ਆਪਣੇ ਪਾਸ ਨੌਕਰ ਰੱਖ ਲਿਆ। ਰਾਮਗੜ੍ਹੀਆਂ ਦਾ ਪਿੱਛਾ ਕੀਤਾ, ਪਰ ਉਹ ਨੱਸ ਗਏ।
੩੧. ਫਤਹ ਪਾ ਕੇ ਮੁੜਨਾ
ਇਸ ਵਾਹਿਗੁਰੂ ਵੱਲੋਂ ਮਿਲੀ ਫਤਹ ਦੀਆਂ ਖੁਸ਼ੀਆਂ ਮਨਾਂਦਾ ਹੋਇਆ ਰਣਜੀਤ ਸਿੰਘ ਲਾਹੌਰ ਵੱਲ ਮੁੜਿਆ। ਸ਼ਹਿਰ ਦੇ ਚੌਧਰੀ ਤੇ ਰਈਸਾਂ ਨੇ ਇਕੱਠੇ ਹੋ ਕੇ ਫਤਹ ਦੀ ਵਧਾਈ ਦਿੱਤੀ। ਗ਼ਰੀਬਾਂ ਨੂੰ ਰੋਟੀ ਵੰਡੀ ਗਈ ਤੇ ਕਈ ਦਿਨ ਖੁਸ਼ੀ ਦੇ ਸ਼ਾਦਿਆਨੇ ਵਜਦੇ ਰਹੇ।
੩੨. ਖੜਕ ਸਿੰਘ ਦਾ ਜਨਮ
ਇਸੇ ਸਾਲ ੧੮੫੭ ਬਿਕਰਮੀ ਨੂੰ ਫਗਣ ਦੀ ਸਤਮੀ ਨੂੰ ਰਾਣੀ ਦਾਤਾਰ ਕੌਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਘਰ ਤਖ਼ਤ ਦੇ ਵਾਰਸ ਨੇ ਜਨਮ ਲਿਆ। ਇਸ ਦਾ ਨਾਮ ਕੰਵਰ ਖੜਗ ਸਿੰਘ ਰੱਖਿਆ ਗਿਆ। ਇਸ ਬਾਲ ਦੇ ਹੋਣ ਸਮੇਂ ਮਹਾਰਾਜਾ ਸਾਹਿਬ ਨੇ ਬੜੀ ਖ਼ੁਸ਼ੀ ਕੀਤੀ। ਹਜ਼ਾਰਾਂ ਰੁਪਯੇ ਗ਼ਰੀਬਾਂ ਤੇ ਅਨਾਥਾਂ ਵਿੱਚ ਵੰਡੇ।
੩੩. ਮਹਾਰਾਜਾ ਦਾ ਖਿਤਾਬ
ਇਕ ਮਹੀਨੇ ਪਿੱਛੋਂ ਇਹ ਵਿਚਾਰ ਹੋਈ ਕਿ ਇੱਕ ਆਮ ਦਰਬਾਰ ਕੀਤਾ ਜਾਵੇ, ਜਿਸ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਜਾਵੇ। ਸੋ ਜਿੱਥੋਂ ਤੱਕ ਰਣਜੀਤ ਸਿੰਘ ਦਾ ਇਲਾਕਾ ਸੀ, ਸਾਰੀਆਂ ਜਗ੍ਹਾ ਦੇ ਨੰਬਰਦਾਰ ਤੇ ਚੌਧਰੀ ਸੱਦੇ ਗਏ ਤੇ ਇੱਕ ਦਿਨ ਜਲਸੇ ਵਾਸਤੇ ਨੀਯਤ ਹੋਇਆ। ਉਸ ਦਿਨ ਮਹਾਰਾਜੇ ਦੇ ਮੱਥੇ ਤੇ ਟਿੱਕਾ ਲਾਇਆ ਗਿਆ ਤੇ ਹਰ ਪਾਸਿਓਂ ਖੁਸ਼ੀ ਦੇ ਜੈਕਾਰੇ ਛੱਡੇ ਗਏ। ਬੜੀ ਧਨ ਦੌਲਤ ਵੰਡੀ ਗਈ। ਗ਼ਰੀਬਾਂ, ਅਨਾਥਾਂ, ਨੌਕਰਾਂ, ਚਾਕਰਾਂ ਤੇ ਫੌਜ ਨੂੰ ਇਨਾਮ ਦਿੱਤੇ ਗਏ ਤੇ ਐਲਾਨ ਕੀਤਾ ਗਿਆ ਕਿ ਅੱਗੋਂ ਤੋਂ
ਮਹਾਰਾਜਾ ਨੂੰ "ਸਰਕਾਰ" ਕਹਿ ਕੇ ਪੁਕਾਰਿਆ ਜਾਵੇ ਤੇ ਲਿਖਤ ਵਿੱਚ "ਮਹਾਰਾਜਾ ਰਣਜੀਤ ਸਿੰਘ ਬਹਾਦਰ" ਲਿਖਿਆ ਜਾਇਆ ਕਰੇ।
੩੪. ਆਪਣਾ ਸਿੱਕਾ ਚਲਾਇਆ
ਫਿਰ ਵਿਚਾਰ ਹੋਈ ਕਿ ਆਪਣਾ ਸਿੱਕਾ ਚਲਾਇਆ ਜਾਵੇ। ਸੋਚਿਆ ਗਿਆ ਕਿ ਫ਼ਾਰਸੀ ਦਾ ਕੋਈ ਅਜਿਹਾ ਫਿਕਰਾ ਬਣਾਇਆ ਜਾਵੇ, ਜਿਸ ਵਿੱਚ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆ ਜਾਏ। ਸੋ ਬੜੀ ਸੋਚ ਵਿਚਾਰ ਦੇ ਮਗਰੋਂ ਇਹ ਪਸੰਦ ਆਇਆ:
ਦੇਗੋ ਤੇਗੋ ਫਤਹ ਨੁਸਰਤ ਬੇਦਰੰਗ
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਹੁਕਮ ਹੋਇਆ ਕਿ ਇੱਕ ਪਾਸੇ ਇੱਕ ਸ਼ੇਅਰ ਦਾ ਠੱਪਾ ਹੋਵੇ ਤੇ ਦੂਜੇ ਪਾਸੇ ਸ਼ਹਿਰ ਦਾ ਨਾਮ, ਜਿੱਥੇ ਠੱਪਾ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਹੋਵੇ। ਉਸੇ ਦਿਹਾੜੇ ਟਕਸਾਲ ਬਣਾਈ ਗਈ। ਦੂਜੇ ਦਿਨ ਕਈ ਸੌ ਰੁਪਯੇ ਤਿਆਰ ਹੋ ਗਏ ਜੋ ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤੇ ਗਏ, ਜਿਸ ਨੂੰ ਓਹਨਾਂ ਨੇ ਗ਼ਰੀਬਾਂ ਦੇ ਵਿੱਚ ਵੰਡ ਦਿੱਤਾ।
੩੫. ਸ਼ਹਿਰ ਲਾਹੌਰ ਦਾ ਪ੍ਰਬੰਧ
ਮਹਾਰਾਜਾ ਨੇ ਸ਼ਹਿਰ ਦੇ ਕਾਜ਼ੀ ਨਿਜਾਮਉਦੀਨ ਨੂੰ ਖਿਲਅਤ ਦੇ ਕੇ ਸ਼ਹਿਰ ਦੀਆਂ ਰਜਿਸਟਰੀਆਂ ਕਰਨ ਦਾ ਕੰਮ ਸੌਂਪਿਆ ਤੇ ਤਾਕੀਦ ਕੀਤੀ ਕਿ ਆਪਣਾ ਕੰਮ ਬੜੀ ਈਮਾਨਦਾਰੀ ਨਾਲ ਕਰਨਾ ਤੇ ਇਨਸਾਫ਼ ਕਰਨਾ ਤਾਂ ਜੋ ਪ੍ਰਜਾ ਨੂੰ ਸ਼ਕਾਇਤ ਦਾ ਮੌਕਾ ਨਾ ਮਿਲੇ। ਇਮਾਮਬਖਸ਼, ਜਿਸ ਨੂੰ ਲੋਕੀ 'ਖਰ ਸਵਾਰ' ਕਿਹਾ ਕਰਦੇ ਸਨ, ਸ਼ਹਿਰ ਦਾ ਕੋਤਵਾਲ ਨੀਯਤ ਕੀਤਾ। ਦੀਵਾਨ ਮੋਤੀ ਰਾਮ ਨੂੰ ਇੱਕ ਲੱਖ ਰੁਪਯਾ ਦੇ ਕੇ ਸ਼ਹਿਰ ਦੇ ਪਾਸਿਆਂ ਦੀ ਚਾਰ ਦੀਵਾਰੀ ਬਨਵਾਣ ਦਾ ਹੁਕਮ ਦਿੱਤਾ ਗਿਆ। ਹਕੀਮ ਨੂਰਦੀਨ ਨੂੰ ਹਕੀਮ ਬਣਾਇਆ ਗਿਆ। ਮਹਾਰਾਜਾ ਨੇ ਇਸ ਤਰ੍ਹਾਂ ਅਹੁਦੇ ਨੀਯਤ ਕਰ ਕੇ ਸਾਰੇ ਕੰਮ ਵੰਡ ਕੇ ਤਾਕੀਦ ਕੀਤੀ ਕਿ ਇਨਸਾਫ ਕਿਸੇ ਹਾਲਤ ਵਿੱਚ ਵੀ ਹੱਥੋਂ ਨਾ ਦਿੱਤਾ ਜਾਵੇ। ਮਹਾਰਾਜਾ ਭਾਵੇਂ ਕੁਝ ਲਿਖਿਆ ਪੜ੍ਹਿਆ ਨਹੀਂ ਸੀ, ਤਦ ਵੀ ਵਾਹਿਗੁਰੂ ਦੀ ਬਖ਼ਸ਼ੀ ਬੁੱਧੀ ਨਾਲ ਇਨ੍ਹਾਂ ਨੇ ਮੁਲਕ ਦਾ ਪ੍ਰਬੰਧ ਇਸ ਖੂਬੀ ਨਾਲ ਚਲਾਇਆ ਕਿ ਪੰਜਾਬ ਵਾਸੀਆਂ ਨੂੰ ਪਿਛਲੀਆਂ ਭਾਜੜਾਂ ਦੇ ਦੁਖ ਭੁਲ ਗਏ।
੩੬. ਸਾਹਿਬ ਸਿੰਘ ਤੇ ਹਮਲਾ
ਮਹਾਰਾਜੇ ਨੂੰ ਖ਼ਬਰ ਮਿਲੀ ਕਿ ਗੁਜਰਾਤ ਵਾਲਾ ਸਾਹਿਬ ਸਿੰਘ ਭੰਗੀ ਦਰਬਾਰ ਦੇ ਵਿਰੁੱਧ ਫੌਜ ਇਕੱਠੀ ਕਰ ਰਿਹਾ ਹੈ। ਇਨ੍ਹਾਂ ਝੱਟ ਫੌਜ ਲੈ ਕੇ ਓਹਨੂੰ ਕਿਲ੍ਹੇ ਵਿੱਚ ਜਾ ਘੇਰਿਆ। ਕੁਝ ਦਿਨ ਤਾਂ ਉਹ ਅੰਦਰੇ ਲੜਦਾ ਰਿਹਾ। ਅੰਤ ਨੂੰ ਤੰਗ ਹੋ ਕੇ ਬੇਦੀ ਸਾਹਿਬ ਸਿੰਘ ਦੀ ਰਾਹੀਂ ਇਕ ਤਕੜੀ ਨਜ਼ਰਾਨੇ ਦੀ ਰਕਮ ਦੇ ਕੇ ਅਧੀਨਤਾ ਸਵੀਕਾਰ ਕਰ ਲਈ।
੩੭. ਦਲ ਸਿੰਘ ਦੀ ਕੈਦ ਤੇ ਅਕਾਲ ਗੜ੍ਹ ਤੇ ਚੜ੍ਹਾਈ
ਮਹਾਰਾਜਾ ਨੂੰ ਖ਼ਬਰ ਮਿਲੀ ਕਿ ਦਲ ਸਿੰਘ ਅਕਾਲਗੜ੍ਹੀਆ: ਜਿਸ ਨੂੰ ਸਰਦਾਰ ਮਹਾਂ ਸਿੰਘ ਨੇ ਆਪਣੀ ਹੱਥੀਂ ਪਾਲ ਕੇ ਅਕਾਲ ਗੜ੍ਹ ਦਾ ਇਲਾਕਾ ਬਖਸਿਆ ਸੀ, ਸਰਦਾਰ ਸਾਹਿਬ ਸਿੰਘ ਭੰਗੀ ਦਾ ਦੋਸਤ ਬਣ ਗਿਆ ਹੈ ਤੇ ਦੋਵੇਂ ਮਿਲ ਕੇ ਚਾਹੁੰਦੇ ਹਨ ਕਿ ਲਾਹੌਰ ਤੇ ਹਮਲਾ ਕੀਤਾ ਜਾਏ। ਇਹ ਸੁਣ ਕੇ ਮਹਾਰਾਜਾ ਨੂੰ ਬੜਾ ਕ੍ਰੋਧ ਆਇਆ ਤੇ ਇਸ ਤੋਂ ਪਹਿਲਾਂ ਕਿ ਦਲ ਸਿੰਘ ਸਾਹਿਬ ਸਿੰਘ ਨੂੰ ਮਿਲ ਕੇ ਕੋਈ ਫਸਾਦ ਕਰਦਾ, ਮਹਾਰਾਜੇ ਨੇ ਓਹਨੂੰ ਲਾਹੌਰ ਬੁਲਾ ਕੇ ਨਜ਼ਰਬੰਦ ਕਰ ਲਿਆ ਤੇ ਆਪ ਦੂਜੇ ਦਿਨ ਫੌਜ ਲੈ ਕੇ ਅਕਾਲਗੜ੍ਹ ਤੇ ਚੜ੍ਹਾਈ ਕਰ ਦਿੱਤੀ। ਕਿੰਤੂ ਸਰਦਾਰ ਦਲ ਸਿੰਘ ਦੀ ਸਰਦਾਰਨੀ ਧਰਮ ਕੌਰ ਨੇ ਅਸਲ ਹਾਲ ਤੋਂ ਜਾਣੂ ਹੋ ਕੇ ਝਟ ਦਰਵਾਜ਼ੇ ਬੰਦ ਕਰ ਲਏ, ਕਿਲ੍ਹੇ ਦੀਆਂ ਦੀਵਾਰਾਂ ਤੇ ਤੋਪਾਂ ਚੜ੍ਹਾ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਦੋਹਾਂ ਪਾਸਿਆਂ ਤੋਂ ਅੱਗ ਵੱਸਣ ਲੱਗੀ ਤੇ ਇੱਕ ਮੁਦਤ ਤੱਕ ਲੜਾਈ ਹੋਂਦੀ
ਰਹੀ। ਕਈ ਵਾਰ ਧਰਮ ਕੌਰ ਨੇ ਕਿਲ੍ਹੇ ਵਿੱਚੋਂ ਨਿੱਕਲ ਕੇ ਮਹਾਰਾਜੇ ਦੀ ਫੌਜ ਤੇ ਮਰਦਾਂ ਵਾਂਗ ਹਮਲੇ ਕੀਤੇ। ਧਰਮ ਕੌਰ ਬੜੀ ਸਿਆਣੀ, ਦਲੇਰ ਤੇ ਬਹਾਦਰ ਸੀ। ਇਧਰ ਤਾਂ ਉਸ ਨੇ ਲੜਾਈ ਸ਼ੁਰੂ ਰਖੀ ਤੇ ਉਧਰ ਸਾਹਿਬ ਸਿੰਘ ਭੰਗੀ ਨੂੰ ਮਦਦ ਲਈ ਸੱਦ ਭੇਜਿਆ। ਸਾਹਿਬ ਸਿੰਘ ਤਿਆਰ ਹੋ ਗਿਆ ਤੇ ਓਹਨੇ ਜੋਧ ਸਿੰਘ ਵਜ਼ੀਰਾਬਾਦ ਦੇ ਹਾਕਮ ਨੂੰ ਆਪਣੇ ਨਾਲ ਮਿਲਾਣ ਵਾਸਤੇ ਬੁਲਾ ਭੇਜਿਆ। ਅਜੇ ਜੋਧ ਸਿੰਘ ਨੇ ਕੂਚ ਨਹੀਂ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦੀ ਖ਼ਬਰ ਹੋ ਗਈ। ਉਸ ਨੇ ਅਜਿਹੇ ਵੇਲੇ ਜਦ ਕਿ ਤਿੰਨ ਚਾਰ ਦੁਸਮਣ ਇਕੱਠੇ ਹੋਣ ਵਾਲੇ ਸਨ, ਅਕਾਲਗੜ੍ਹ ਦਾ ਘੇਰਾ ਛੱਡ ਕੇ ਸਾਹਿਬ ਸਿੰਘ ਵੱਲ ਮੂੰਹ ਕਰਨਾ ਉਚਿਤ ਜਾਤਾ। ਸੋ ਅਜਿਹਾ ਹੀ ਕੀਤਾ ਕਿ ਓਥੋਂ ਘੇਰਾ ਛੱਡ ਕੇ ਗੁਜਰਾਤ ਵੱਲ ਟੁਰ ਪਿਆ।
੩੮. ਗੁਜਰਾਤ ਤੇ ਦੂਜੀ ਵਾਰ ਲੜਾਈ
ਇਕ ਖੱਤ ਵਜੀਰਾਬਾਦ ਦੇ ਹਾਕਮ ਜੋਧ ਸਿੰਘ ਨੂੰ ਲਿਖਿਆ, ਜਿਸ ਵਿੱਚ ਉਸ ਨੂੰ ਤਕਤੀ ਝਾੜ ਪਾਈ, ਜਿਸ ਤੋਂ ਉਹ ਸਾਹਿਬ ਸਿੰਘ ਨੂੰ ਮਦਦ ਦੇਣ ਤੋਂ ਹਟ ਗਿਆ। ਜਦ ਮਹਾਰਾਜਾ ਰਣਜੀਤ ਸਿੰਘ ਗੁਜਰਾਤ ਦੇ ਨੇੜੇ ਪੁੱਜਾ ਤਦ ਸਾਹਿਬ ਸਿੰਘ ਆਪਣੀ ਫੌਜ ਲੈ ਕੇ ਸ਼ਹਿਰ ਤੋਂ ਬਾਹਰ ਦੋ ਮੀਲ ਖੜਾ ਸੀ। ਲੜਾਈ ਸ਼ੁਰੂ ਹੋ ਗਈ। ਤਿੰਨ ਦਿਨ ਦੋਹਾਂ ਧਿਰਾਂ ਤੋਂ ਮੀਂਹ ਵਾਂਗ ਗੋਲੀ ਚਲੀ। ਬਹੁਤ ਸਾਰੇ ਆਦਮੀ ਮਾਰੇ ਗਏ। ਚੌਥੇ ਦਿਨ ਸਾਹਿਬ ਸਿੰਘ ਭੰਗੀ ਕਿਲ੍ਹੇ ਵਿੱਚ ਘਿਰ ਗਿਆ। ਮਹਾਰਾਜੇ ਦੀ ਫੌਜ ਨੇ ਮੋਰਚਾ ਕਾਇਮ ਕਰ ਕੇ ਸ਼ਹਿਰ ਤੇ ਕਿਲ੍ਹੇ ਪੁਰ ਗੋਲੇ ਮਾਰਨੇ ਸੁਰੂ ਕਰ ਦਿੱਤੇ। ਕੁਝ ਦਿਨਾਂ ਤੀਕਨ ਇਹੋ ਹੀ ਹਾਲ ਰਿਹਾ। ਜਦ ਸਾਹਿਬ ਸਿੰਘ ਭੰਗੀ ਨੇ ਸਵਾਏ ਅਧੀਨਤਾ ਫੜਨ ਦੇ ਕੋਈ ਰਾਹ ਬਚਾਓ ਦੀ ਨਾ ਤੱਕੀ, ਤਦ ਸਾਹਿਬ ਸਿੰਘ ਬੇਦੀ ਨੂੰ ਵਿੱਚ ਪਾ ਕੇ ਬਹੁਤ ਸਾਰਾ ਨਜ਼ਰਾਨਾ ਤੇ ਜੁਰਮਾਨਾ ਦਿੱਤਾ ਤੇ ਲਿਖ ਦਿੱਤਾ ਕਿ ਮੈਂ ਅੱਗੋਂ ਨੂੰ ਲਾਹੌਰ ਦਰਬਾਰ ਦੇ ਅਧੀਨ ਰਹਾਂਗਾ। ਇਹ ਜਾਗੀਰ ਮਹਾਰਾਜਾ ਰਣਜੀਤ ਸਿੰਘ ਦੀ ਬਖ਼ਸ਼ੀ ਹੋਈ ਸਮਝਾਂਗਾ। ਇਸ ਤਰ੍ਹਾਂ ਨਾਲ ਮਹਾਰਾਜਾ ਬਹੁਤ ਸਾਰਾ ਨਜਰਾਨਾ ਤੇ ਫੌਜ ਦਾ ਕੁੱਲ ਖਰਚ ਲੈ ਕੇ ਲਾਹੌਰ ਵਾਪਸ ਆਇਆ ਤੇ ਇੱਥੇ ਆ ਕੇ ਉਸ ਨੇ ਆਪਣੇ ਇਕਰਾਰ ਅਨੁਸਾਰ ਦਲ ਸਿੰਘ ਨੂੰ ਵੀ ਛੱਡ ਦਿੱਤਾ।
੩੯. ਦਲ ਸਿੰਘ ਦਾ ਚਲਾਣਾ
ਦਲ ਸਿੰਘ ਦੇ ਦਿਲ ਤੇ ਇਸ ਕੈਦ ਦਾ ਬੜਾ ਸਖ਼ਤ ਸਦਮਾ ਹੋਇਆ, ਓਹ ਅਕਾਲ ਗੜ੍ਹ ਪੁੱਜਦੇ ਹੀ ਮਰ ਗਿਆ। ਮਹਾਰਾਜਾ ਨੇ ਅਕਾਲਗੜ੍ਹ ਪੁੱਜ ਕੇ ਦਲ ਸਿੰਘ ਦੀ ਸੁਪਤਨੀ ਧਰਮ ਕੌਰ ਨੂੰ ਦੋ ਪਿੰਡ ਗੁਜ਼ਾਰੇ ਵਾਸਤੇ ਦੇ ਕੇ ਬਾਕੀ ਇਲਾਕਾ ਲਾਹੌਰ ਰਾਜ ਨਾਲ ਮਿਲਾ ਲਿਆ।
੪੦. ਕਸੂਰ ਦੀ ਅਧੀਨਤਾ
ਇਸੇ ਸਾਲ ਇਸ ਲੜਾਈ ਤੋਂ ਪਹਿਲਾਂ ਸਰਦਾਰ ਫਤਹ ਸਿੰਘ ਕਾਲੇ ਵਾਲੇ ਦੇ ਨਾਲ ਕਸੂਰ ਨੂੰ ਫਤਹ ਕਰਨ ਵਾਸਤੇ ਇੱਕ ਫੌਜ ਭੇਜੀ ਸੀ, ਜਿੱਥੋਂ ਦੇ ਰਈਸ ਨਜ਼ਾਮੁੱਦੀਨ ਨੇ ਅਧੀਨਤਾ ਸ੍ਵੀਕਾਰ ਕੀਤੀ ਤੇ ਆਪਣੇ ਭਰਾ ਕੁਤਬਦੀਨ ਨੂੰ ਮਹਾਰਾਜੇ ਪਾਸ ਸਲਾਮ ਕਰਨ ਲਈ ਭੇਜਿਆ ਤੇ ਲਾਹੌਰ ਦਰਬਾਰ ਨੂੰ ਇੱਕ ਫੌਜ ਮਦਦ ਲਈ ਦੇਣ ਦਾ ਇਕਰਾਰ ਕੀਤਾ। ਕੁਤਬਦੀਨ ਜਦ ਲਾਹੌਰ ਆਇਆ, ਮਹਾਰਾਜ ਨੇ ਓਹਦੀ ਬੜੀ ਖਾਤਰ ਕੀਤੀ ਤੇ ਉਹਨੂੰ ਇੱਕ ਖਿਲਅਤ ਦੇ ਕੇ: ਜਿਸ ਵਿੱਚ ਇੱਕ ਹਾਥੀ ਦਾ ਜ਼ੰਜੀਰ ਤੇ ਇੱਕ ਘੋੜਾ ਸੀ, ਵਾਪਸ ਰਵਾਨਾ ਕੀਤਾ।
੪੧. ਫਤਹ ਸਿੰਘ ਨਾਲ ਮਿਤਰਾਨਾ
ਹੁਣ ੧੮੫੯ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਇਹ ਮਾਲੂਮ ਕਰਨਾ ਚਾਹਿਆ ਕਿ ਜਿਨ੍ਹਾਂ ਇਲਾਕਿਆਂ ਤੇ ਇਨ੍ਹਾਂ ਦਾ ਕਬਜਾ ਹੈ, ਓਹਨਾਂ ਵਿਚੋਂ ਕੇਹੜਾ ਕੇਹੜਾ ਸਰਦਾਰ ਇਨ੍ਹਾਂ ਦੇ ਨਾਲ ਮਿਤਰਾਨਾ ਸਲੂਕ ਰੱਖਦਾ ਹੈ ਤੇ ਕੇਹੜਾ ਕੇਹੜਾ ਦੁਸ਼ਮਣ। ਸੋ ਓਸ ਨੇ ਹਰ ਇੱਕ ਦੇ ਪਾਸ ਇੱਕ ਇੱਕ ਚਿੱਠੀ ਭੇਜੀ। ਕਿੰਤੂ ਨਾ ਤਾਂ ਕੋਈ ਆਇਆ ਤੇ ਨਾ ਹੀ ਕਿਸੇ ਨੇ ਸਵਾਏ
ਫਤਹ ਸਿੰਘ ਆਹਲੂਵਾਲੀਏ ਦੇ ਉੱਤਰ ਦਿੱਤਾ। ਉਕਤ ਸਰਦਾਰ ਜੀ ਨੇ ਆਪਣੇ ਪਿਤਾ ਦੇ ਚਲਾਣੇ ਦੀ ਖ਼ਬਰ (ਜਿਨ੍ਹਾਂ ਨੇ ਓਹਨਾਂ ਹੀ ਦਿਨਾਂ ਵਿੱਚ ਚਲਾਣਾ ਕੀਤਾ ਸੀ) ਲਿਖ ਕੇ ਹਾਜ਼ਰ ਹੋਣ ਤੋਂ ਖਿਮਾ ਮੰਗੀ। ਜਦ ਮਹਾਰਾਜੇ ਨੇ ਮਲੂਮ ਕੀਤਾ ਕਿ ਸਵਾਏ ਸਰਦਾਰ ਫਤਹ ਸਿੰਘ ਦੇ ਕੋਈ ਦੋਸਤ ਨਹੀਂ, ਤਦ ਇਹ ਖਿਆਲ ਕਰ ਕੇ ਕਿ ਦੋਸਤ ਦੇ ਪਿਤਾ ਨੇ ਚਲਾਣਾ ਕੀਤਾ, ਆਪ ਜਾਣਾ ਉਚਿਤ ਜਾਤਾ। ਤਰਨਤਾਰਨ ਸਾਹਿਬ ਅਸ਼ਨਾਨ ਕਰ ਕੇ ਪਿੰਡ ਫਤਹ ਆਬਾਦ ਜੋ ਕਪੂਰਥਲੇ ਦੀ ਰਿਆਸਤ ਵਿੱਚ ਹੈ, ਜਾ ਪੁੱਜਾ। ਫਤਹ ਸਿੰਘ ਨੇ ਇਹ ਖ਼ਬਰ ਸੁਣ ਕੇ ਸ਼ਹਿਰ ਤੋਂ ਬਾਹਰ ਮਹਾਰਾਜੇ ਦੇ ਵਾਸਤੇ ਤੰਬੂ ਲਵਾ ਦਿੱਤੇ ਤੇ ਆਪ ਦੋ ਮੀਲ ਅੱਗੋਂ ਜਾ ਕੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਤੇ ਨਾਲ ਲਿਆ ਕੇ ਸ਼ਹਿਰ ਤੋਂ ਬਾਹਰ ਤੰਬੂ ਵਿੱਚ ਉਤਾਰਿਆ। ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਰ ਤੋਂ ਬਾਹਰ ਉਤਾਰੇ ਦਾ ਮਤਲਬ ਸਮਝ ਲਿਆ। ਉਨ੍ਹਾਂ ਦੇ ਪਿਤਾ ਦੇ ਚਲਾਣੇ ਦਾ ਸ਼ੋਕ ਪ੍ਰਗਟ ਕਰ ਕੇ ਗੱਲਾਂ ਵਿੱਚ ਯਕੀਨ ਦਵਾਇਆ ਕਿ ਐਸ ਜ਼ਮਾਨੇ ਵਿੱਚ ਜਿੰਨਾ ਤੁਹਾਡੇ ਨਾਲ ਹਿਤ ਹੈ, ਕਿਸੇ ਨਾਲ ਨਹੀਂ। ਮੈਂ ਤੁਹਾਨੂੰ ਆਪਣਾ ਦੋਸਤ ਤੇ ਖੈਰਖਾਹ ਸਮਝਦਾ ਹਾਂ। ਤੁਸੀਂ ਇਸ ਗੱਲ ਦੀ ਤਸੱਲੀ ਰੱਖੋ। ਤੁਹਾਡੇ ਨਾਲ ਕੋਈ ਧੋਖਾ ਜਾਂ ਫਰੇਬ ਨਹੀਂ ਹੋਵੇਗਾ ਤੇ ਆਪਣੀ ਪਗੜੀ ਸਰਦਾਰ ਫਤਹ ਸਿੰਘ ਨਾਲ ਬਦਲ ਕੇ ਧਰਮ ਭਾਈ ਬਣਾ ਲਿਆ। ਫਿਰ ਸ੍ਰੀ ਅੰਮ੍ਰਿਤਸਰ ਪੁੱਜ ਕੇ ਦੁਹਾਂ ਨੇ ਅੱਗੋਂ ਨੂੰ ਇਕੱਠੇ ਰਹਿਣ ਤੇ ਮਿਲਾਪ ਰਖਣ ਦੀ ਸੋਂਹ ਚੁੱਕੀ ਤੇ ਇਸੇ ਭਾਵ ਦਾ ਇਕਰਾਰਨਾਮਾ ਲਿਖ ਕੇ ਓਸ ਤੇ ਦੁਹਾਂ ਨੇ ਦਸਖਤ ਕਰ ਦਿੱਤੇ।
੪੨. ਸਦਾ ਕੌਰ ਦੀ ਸਹਾਇਤਾ
ਮਹਾਰਾਜਾ ਨੂੰ ਖ਼ਬਰ ਮਿਲੀ ਕਿ ਕਾਂਗੜੇ ਦਾ ਰਾਜਾ ਸੰਸਾਰ ਚੰਦ ਉਨ੍ਹਾਂ ਦੀ ਸੱਸ ਸਦਾ ਕੌਰ ਦੇ ਇਲਾਕੇ ਵਿੱਚ ਹੱਥ ਖਲਾਰਦਾ ਹੈ। ਤਦ ਮਹਾਰਾਜਾ ਰਣਜੀਤ ਸਿੰਘ ਨੇ ਸ੍ਰਦਾਰ ਫਤਹ ਸਿੰਘ ਨੂੰ ਨਾਲ ਲੈ ਕੇ ਚੜ੍ਹਾਈ ਕਰ ਦਿੱਤੀ। ਸੰਸਾਰ ਚੰਦ ਦੇ ਨੌਕਰ ਮਹਾਰਾਜਾ ਦੀ ਆਵਾਜਾਈ ਸੁਣ ਕੇ ਸਾਰੇ ਇਲਾਕੇ ਛੱਡ ਕੇ ਨੱਸ ਗਏ। ਸਰਦਾਰਨੀ ਸਦਾ ਕੌਰ ਨੂੰ ਓਹ ਇਲਾਕਾ, ਜੇ ਓਸ ਤੋਂ ਅੱਗੇ ਖੋਹਿਆ ਹੋਇਆ ਸੀ, ਬਿਨਾਂ ਖੂਨ ਵੀਟੇ ਦੇ ਮਿਲ ਗਿਆ, ਸਗੋਂ ਕਾਂਗੜੇ ਦੀ ਮਲਕੀਅਤ ਦਾ ਇਲਾਕਾ ਓਹਦੇ ਹੱਥ ਆ ਗਿਆ। ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫਤਹ ਦਾ ਦਿੱਤਾ ਸੀ। ਫੇਰ ਮਹਾਰਾਜਾ ਨੇ ਨੂਰਪੁਰ ਦਾ ਇਲਾਕਾ ਫਤਹ ਕੀਤਾ ਤੇ ਰਾਜਾ ਸੰਸਾਰ ਚੰਦ ਮੁਕਾਬਲੇ ਦੀ ਹਿੰਮਤ ਨਾ ਵੇਖ ਕੇ ਪਹਾੜਾਂ ਵੱਲ ਨੱਸ ਗਿਆ।
੪੩. ਧਨੀ ਪੋਠੋਹਾਰ ਦੀ ਜਿੱਤ
ਇੱਥੋਂ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਪਠਾਨਕੋਟ ਦੇ ਨੇੜੇ ਕਿਲ੍ਹਾ ਸੁਜਾਨਪੁਰ ਜੋ ਕਿ ਸਰਦਾਰ ਬੁਧ ਸਿੰਘ, ਸੰਗਤ ਸਿੰਘ ਦੇ ਕਬਜ਼ੇ ਵਿੱਚ ਸੀ, ਫਤਹ ਕੀਤਾ। ਇੱਥੇ ਆਪਣਾ ਕਬਜਾ ਕਰ ਕੇ ਬਹਿਰਾਮ ਪੁਰ, ਸੁਕਾਲਗੜ੍ਹ ਤੇ ਧਰਮਕੋਟ ਆਦਿਕ ਲਾਗੇ ਦੇ ਇਲਾਕਿਆਂ ਨੂੰ ਵੀ ਆਪਣੀ ਤੈਹਤ ਵਿੱਚ ਆਂਦਾ। ਫਿਰ ਪਿੰਡੀ ਭੱਟੀਆਂ ਨੂੰ ਜਿੱਤ ਕੇ ਸਰਦਾਰ ਫਤਹ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਧਨੀ ਪੋਠੋਹਾਰ ਦਾ ਸਾਰਾ ਇਲਾਕਾ: ਜਿੱਥੋਂ ਦੇ ਘੋੜੇ ਮਸ਼ਹੂਰ ਹੋਂਦੇ ਹਨ, ਆਪਣੇ ਰਾਜ ਨਾਲ ਮਿਲਾ ਲਿਆ ਤੇ ਓਥੋਂ ੪੦੦੦ ਸੋਹਣੇ ਤੇ ਤੇਜ਼ ਚਲਣ ਵਾਲੇ ਘੋੜੇ ਲੈ ਕੇ ਮੁੜ ਆਇਆ।
੪੪. ਡਸਕਾ ਤੇ ਚਨਯੋਟ
ਸਰਦਾਰ ਫਤਹ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਨੇ ਡਸਕੇ ਵੱਲ ਕੂਚ ਕੀਤਾ। ਇੱਥੋਂ ਦੇ ਕਿਲ੍ਹੇ ਵਾਲਾ ਕਿਲ੍ਹਾ ਛੱਡ ਕੇ ਨੱਸ ਗਿਆ। ਇਸ ਕਿਲ੍ਹੇ ਵਿੱਚ ਆਪਣੇ ਆਦਮੀ ਬਿਠਾ ਕੇ ਮਹਾਰਾਜਾ ਵਾਪਸ ਆ ਗਿਆ।
ਚਨਯੋਟ ਵਿੱਚ ਜੱਸਾ ਸਿੰਘ ਭੰਗੀ: ਜਿਨ੍ਹਾਂ ਦੇ ਪਿਤਾ ਦਾ ਨਾਮ ਕਰਮ ਸਿੰਘ ਸੀ, ਰਹਿੰਦੇ ਸਨ। ਇਹਨਾਂ ਦੀ ਬਾਬਤ ਖ਼ਬਰ ਮਿਲੀ ਕਿ ਇਹਨਾਂ ਦੇ ਹੱਥੋਂ ਪ੍ਰਜਾ ਦੁਖੀ ਹੈ। ਮਹਾਰਾਜਾ ਨੇ ਝੱਟ ਉਧਰ
ਚੜ੍ਹਾਈ ਕਰ ਦਿੱਤੀ। ਜੱਸਾ ਸਿੰਘ ਨੂੰ ਕੁਝ ਇਲਾਕਾ ਗੁਜ਼ਾਰੇ ਵਾਸਤੇ ਦੇ ਕੇ ਬਾਕੀ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਲਿਆ ਤੇ ਲਾਹੌਰ ਚਲੇ ਆਏ।
੪੫. ਕਸੂਰ ਦਾ ਰਾਜ ਵਿਦਰੋਹ
ਅਜੇ ਮਹਾਰਾਜਾ ਨੂੰ ਇਸ ਪਾਸਿਓਂ ਆਇਆਂ ਸਾਹ ਲੈਣ ਦੀ ਵਿਹਲ ਨਹੀਂ ਮਿਲੀ ਕਿ ਖ਼ਬਰ ਆਈ ਕਿ ਕਸੂਰ ਵਿੱਚ ਬਗਾਵਤ ਹੋ ਗਈ ਹੈ। ਪਤਾ ਲੱਗਾ ਕਿ ਕਸੂਰ ਦੇ ਹਾਕਮ ਨਜ਼ਾਮੁਦੀਨ ਦੀ ਮਨਸ਼ਾ ਲਾਹੌਰ ਦਰਬਾਰ ਨਾਲ ਫਸਾਦ ਕਰਨ ਦੀ ਹੈ ਤੇ ਉਹਨੇ ਪਠਾਣਾਂ ਦੀ ਇੱਕ ਭਾਰੀ ਫੌਜ ਮੰਗਾ ਕੇ ਸਰਕਾਰ ਦੇ ਕੁਝ ਪਿੰਡਾਂ ਤੇ ਕਬਜ਼ਾ ਵੀ ਕਰ ਲਿਆ ਹੈ। ਮਹਾਰਾਜਾ ਨੇ ਆਪਣੀ ਬਹਾਦਰ ਤੇ ਚੋਣਵੀਂ ਫੌਜ ਲੈ ਕੇ ਕਸੂਰ ਤੇ ਚੜ੍ਹਾਈ ਕੀਤੀ ਤੇ ਸ੍ਰ. ਫਤਹ ਸਿੰਘ ਨੂੰ ਬੜੀ ਜ਼ਰੂਰੀ ਚਿੱਠੀ ਲਿਖੀ ਕਿ ਤੁਸੀਂ ਵੀ ਕਸੂਰ ਅੱਪੜੋ। ਉਧਰੋਂ ਪਠਾਣ ਸਰਦਾਰ ਨੇ ਵੀ ਬੜੀ ਸੂਰਮਤਾ ਨਾਲ ਦੋਹਾਂ ਲਸ਼ਕਰਾਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਤੇ ਕਈ ਦਿਨਾਂ ਤੱਕ ਲੜਦਾ ਰਿਹਾ। ਕਿੰਤੂ ਸਿੰਘਾਂ ਦੀ ਤਲਵਾਰ ਦੇ ਸਾਹਮਣੇ ਪਠਾਣਾਂ ਦਾ ਠਹਿਰਨਾ ਅਸੰਭਵ ਹੋ ਗਿਆ। ਕਹਿੰਦੇ ਹਨ ਕਿ ਇਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਫਤਹ ਸਿੰਘ ਨੇ ਕਈ ਵੇਰ ਆਪ ਜਾ ਕੇ ਬੜੀ ਬਹਾਦਰੀ ਦੇ ਹੱਥ ਵਖਾਏ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਜ਼ਾਮੁਦੀਨ ਨੂੰ ਹਾਰ ਕੇ ਕਿਲ੍ਹੇ ਵਿੱਚ ਪਨਾਹ ਲੈਣੀ ਪਈ। ਕਿੰਤੂ ਮਹਾਰਾਜਾ ਨੇ ਸ਼ਹਿਰ ਵਿੱਚ ਅੱਪੜ ਕੇ ਕਿਲ੍ਹੇ ਨੂੰ ਵੀ ਘੇਰ ਲਿਆ ਤੇ ਇੰਨੀ ਅੱਗ ਵਸਾਈ ਕਿ ਚਾਰਿਆਂ ਪਾਸਿਆਂ ਤੋਂ ਨਜ਼ਾਮੁਦੀਨ ਦੀ ਫੌਜ ਘਾਬਰ ਗਈ। ਇੱਕ ਤਕੜੀ ਲੜਾਈ ਦੇ ਮਗਰੋਂ ਕਿਲ੍ਹਾ ਵੀ ਮਹਾਰਾਜਾ ਨੇ ਫਤਹ ਕੀਤਾ। ਜਿੰਨੀ ਫੌਜ ਕਿਲ੍ਹੇ ਵਿੱਚ ਸੀ, ਸਾਰੀ ਮਾਰੀ ਗਈ। ਸਿੱਖਾਂ ਨੇ ਸਾਰੇ ਸ਼ਹਿਰ ਨੂੰ ਅਧੀਨ ਕਰ ਲਿਆ। ਕਾਫੀ ਸਿਪਾਹੀ ਕੈਦ ਕੀਤੇ, ਕਿੰਤੂ ਅੰਤ ਨੂੰ ਨਜਾਮੁਦੀਨ ਨੇ ਮਾਫੀ ਮੰਗ ਲਈ ਤੇ ਫੌਜ ਦਾ ਸਾਰਾ ਖਰਚ ਦੇ ਕੇ ਇੱਕ ਤਕੜੀ ਰਕਮ ਨਜ਼ਰਾਨੇ ਵਜੋਂ ਪੇਸ਼ ਕੀਤੀ ਤੇ ਅੱਗੋਂ ਵਾਸਤੇ ਲਾਹੌਰ ਦਰਬਾਰ ਦੇ ਅਧੀਨ ਰਹਿਣ ਦੀ ਬਾਬਤ ਲਿਖਤ ਕਰ ਦਿੱਤੀ। ਇਸ ਕਰ ਕੇ ਮਹਾਰਾਜਾ ਸਾਹਿਬ ਫਿਰ ਉਸੇ ਨੂੰ ਕਸੂਰ ਦਾ ਹਾਕਮ ਬਣਾ ਕੇ ਵਾਪਸ ਚਲੇ ਆਏ।
੪੬. ਫਗਵਾੜੇ ਦੀ ਫਤੇਹ
ਹੁਣ ਮਹਾਰਾਜਾ ਸਾਹਿਬ ਨੇ ਦਵਾਬੇ ਵੱਲ ਮੂੰਹ ਕੀਤਾ। ਚੂਹੜ ਮੱਲ ਓਸ ਪਾਸੇ ਇੱਕ ਆਜ਼ਾਦ ਹਾਕਮ ਸੀ। ਓਹਦਾ ਇਲਾਕਾ ਫਤੇਹ ਕਰ ਕੇ ਸਰਦਾਰ ਫਤੇਹ ਸਿੰਘ ਆਹਲੂਵਾਲੀਆ ਨੂੰ ਦੇ ਦਿੱਤਾ ਤੇ ਚੂਹੜ ਮੱਲ ਦੀ ਤੀਵੀਂ ਨੂੰ ਓਹਦੀ ਇੱਛਾ ਅਨੁਸਾਰ ਕਾਫੀ ਰਕਮ ਦੇ ਕੇ ਆਪਣੀ ਬਾਕੀ ਦੀ ਆਯੂ ਹਰਦਵਾਰ ਵਿੱਚ ਬਤੀਤ ਕਰਨ ਦੀ ਆਗਿਆ ਦੇ ਦਿੱਤੀ। ਇਥੋਂ ਮਹਾਰਾਜਾ ਸਾਹਿਬ ਨੇ ਸਰਦਾਰ ਫਤੇਹ ਸਿੰਘ ਦੇ ਕਹਿਣ ਤੇ ਕਪੂਰਥਲੇ ਜਾਣ ਦਾ ਨਿਸ਼ਚਾ ਕੀਤਾ ਤੇ ਇੱਥੇ ਜਾ ਕੇ ਸੁਲਤਾਨਪੁਰ ਦੇ ਇਲਾਕੇ ਜੰਗਲਾਂ ਵਿੱਚ ਕੁਝ ਦਿਨ ਸਰਦਾਰ ਫਤੇਹ ਸਿੰਘ ਨਾਲ ਰਹਿ ਕੇ ਸ਼ਿਕਾਰ ਖੇਡਦੇ ਰਹੇ। ਇੰਨੇ ਨੂੰ ਖ਼ਬਰ ਪੁੱਜੀ ਕਿ ਰਾਜ ਕੋਟ ਤੇ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਫਿਰ ਬਿਸਤ ਜਲੰਧਰ ਦੇ ਇਲਾਕੇ ਵਿੱਚ ਹੱਥ ਵਧਾਉਣਾ ਸ਼ੁਰੂ ਕੀਤਾ ਹੈ ਤੇ ਹੁਸ਼ਿਆਰਪੁਰ, ਬਜਵਾੜਾ ਆਦਿਕ ਇਲਾਕਿਆਂ ਵਿੱਚ ਆਪਣਾ ਕਬਜ਼ਾ ਵੀ ਕਰ ਲਿਆ ਹੈ। ਮਹਾਰਾਜਾ ਨੇ ਇਸ ਪਾਸੇ ਘੋੜੇ ਦੀਆਂ ਵਾਗਾਂ ਮੋੜੀਆਂ। ਉੱਥੇ ਪੁੱਜ ਕੇ ਕਾਂਗੜੇ ਦੇ ਰਾਜੇ ਨੂੰ ਸ਼ਕਸਤ ਦਿੱਤੀ ਤੇ ਸਾਰਾ ਇਲਾਕਾ ਜੋ ਪਹਾੜ ਦੇ ਹੇਠ ਸੀ, ਫਤੇਹ ਕਰ ਲਿਆ। ਰਾਜਾ ਸੰਸਾਰ ਚੰਦ ਪਹਾੜਾਂ ਵੱਲ ਨੱਸ ਗਿਆ।
੪੭. ਕਸੂਰ ਤੇ ਫਿਰ ਚੜ੍ਹਾਈ
ਕੁਤਬੁਦੀਨ ਨੇ ਆਪਣੇ ਵੱਡੇ ਭਰਾ ਨਜ਼ਾਮੁਦੀਨ ਨੂੰ ਕਤਲ ਕਰ ਕੇ ਆਪ ਤਖ਼ਤ ਸੰਭਾਲਿਆ। ਜਦ ਇਹ ਖ਼ਬਰ ਮਹਾਰਾਜਾ ਪਾਸ ਅੱਪੜੀ ਤਦ ਓਹਨੇ ਓਸੇ ਵੇਲੇ ਫਤੇਹ ਸਿੰਘ ਆਦਿਕ ਸਰਦਾਰਾਂ ਸਮੇਤ ਓਧਰ ਕੂਚ ਕੀਤਾ। ਓਧਰ ਕੁਤਬਦੀਨ ਵੀ ਤਿਆਰ ਸੀ। ਓਹਨੇ ਸ਼ਹਿਰ ਦੇ ਰਸਤਿਆਂ ਤੇ ਆਪਣੀ ਚੋਣਵੀਂ ਫੌਜ ਬਿਠਾ ਦਿੱਤੀ। ਇਹ ਹੀ ਕਾਰਨ ਹੈ ਕਿ ਕਈ ਦਿਨਾਂ ਤੱਕ ਸਖ਼ਤ
ਲੜਾਈ ਹੋਣ ਤੇ ਵੀ ਕਿਲ੍ਹੇ ਤੇ ਕਬਜਾ ਹੋਣ ਵਿਚ ਨਾ ਆਇਆ। ਅੰਤ ਨੂੰ ਮਹਾਰਾਜਾ ਨੇ ਇਕ ਘੋਰ ਸੰਗਰਾਮ ਕਰਨ ਲਈ ਹਮਲਾ ਕੀਤਾ। ਮੁਸਲਮਾਨੀ ਫੌਜ ਦੇ ਪੈਰ ਉੱਖੜ ਗਏ ਤੇ ਕਿਲ੍ਹਾ ਫਤੇਹ ਹੋ ਗਿਆ। ਕੁਤਬਦੀਨ ਨੇ ਗਲ ਵਿੱਚ ਪੱਲਾ ਪਾ ਕੇ ਮਾਫੀ ਮੰਗੀ ਤੇ ਫੌਜ ਦਾ ਖ਼ਰਚ ਤੇ ਨਜ਼ਰਾਨੇ ਵਜੋਂ ਰਕਮ ਪੇਸ਼ ਕੀਤੀ, ਜਿਸ ਤੋਂ ਮਹਾਰਾਜਾ ਸਾਹਿਬ ਨੇ ਓਹਦਾ ਕਸੂਰ ਮਾਫ਼ ਕਰ ਕੇ ਓਸੇ ਨੂੰ ਉੱਥੋਂ ਦਾ ਹਾਕਮ ਬਣਾ ਦਿੱਤਾ।
੪੮. ਮੁਲਤਾਨ ਦੀ ਲੜਾਈ
ਅਜੇ ਸੈਨਾ ਦਾ ਇਸ ਲੜਾਈ ਵਿੱਚ ਥਕੇਵਾਂ ਵੀ ਨਹੀਂ ਲੱਥਾ ਸੀ ਕਿ ਮੁਲਤਾਨ ਤੇ ਚੜ੍ਹਾਈ ਕਰ ਦਿੱਤੀ। ਇਸ ਵੇਲੇ ਮਹਾਰਾਜਾ ਸਾਹਿਬ ਦਾ ਪ੍ਰਤਾਪ ਮਧਯਾਨ ਤੇ ਸੀ। ਇਨ੍ਹਾਂ ਦੀ ਬਹਾਦਰੀ ਤੇ ਸੂਰਮਤਾ ਦਾ ਸਿੱਕਾ ਹਰ ਦਿਲ ਤੇ ਬੈਠ ਗਿਆ ਸੀ। ਇਨ੍ਹਾਂ ਦੀ ਤਲਵਾਰ ਦੀ ਦਮਕ ਤੋਂ ਵੱਡੇ ਵੱਡੇ ਬਹਾਦਰਾਂ ਦੇ ਦਿਲਾਂ ਵਿੱਚ ਖੌਫ ਤੇ ਖਤਰਾ ਛਾ ਜਾਂਦਾ ਸੀ। ਇਹ ਹੀ ਕਾਰਨ ਹੈ ਕਿ ਮੁਲਤਾਨ ਦੇ ਹਾਕਮ ਨੇ ਇਨ੍ਹਾਂ ਦੀ ਅਵਾਈ ਸੁਣ ਕਾਫੀ ਰਕਮ ਲੈ ਕੇ ੩੦ ਮੀਲ ਅੱਗੇ ਆ ਕੇ ਮਹਾਰਾਜਾ ਸਾਹਿਬ ਨਾਲ ਮੇਲ ਕਰ ਲਿਆ। ਮਹਾਰਾਜਾ ਸਾਹਿਬ ਨੂੰ ਵੀ ਪਤਾ ਸੀ ਕਿ ਓਹਨਾਂ ਦੀ ਫੌਜ ਥੱਕੀ ਹੋਈ ਹੈ। ਓਹਨਾਂ ਵੀ ਇਸ ਸਮੇਂ ਨੂੰ ਚੰਗਾ ਜਾਣ ਇੱਕ ਤਕੜੀ ਰਕਮ ਖਿਰਾਜ ਵਜੋਂ ਲੈਣੀ ਪ੍ਰਵਾਨ ਕਰ ਲਈ ਤੇ ਵਾਪਸ ਮੁੜ ਆਏ।
੪੯. ਸ੍ਰੀ ਅੰਮ੍ਰਿਤਸਰ ਤੇ ਅਧਿਕਾਰ
ਸਰਦਾਰ ਗੁਲਾਬ ਸਿੰਘ ਭੰਗੀ ਚਲਾਣਾ ਕਰ ਚੁੱਕਾ ਸੀ। ਓਹਦੀ ਤੀਵੀਂ ਸੁਖਾਂ ਸ਼ਹਿਰ ਅੰਮ੍ਰਿਤਸਰ ਦਾ ਪ੍ਰਬੰਧ ਕਰ ਰਹੀ ਸੀ। ਮਹਾਰਾਜਾ ਨੇ ਇਸ ਨੂੰ ਚਿੱਠੀ ਲਿਖ ਕੇ ਤੋਪ ਜਮਜਮ (ਜਿਸ ਨੂੰ ਅੱਜ ਕੱਲ੍ਹ ਭੰਗੀਆਂ ਵਾਲੀ ਤੋਪ ਕਹਿੰਦੇ ਹਨ ਤੇ ਲਾਹੌਰ ਅਜਾਇਬ ਘਰ ਦੇ ਸਾਹਮਣੇ ਪਈ ਹੈ) ਮੰਗੀ। ਓਹਨੇ ਦੇਣ ਤੋਂ ਇਨਕਾਰ ਕੀਤਾ, ਜਿਸ ਤੋਂ ਮਹਾਰਾਜਾ ਸਾਹਿਬ ਨੇ ਸ਼ਹਿਰ ਤੇ ਚੜ੍ਹਾਈ ਕੀਤੀ। ਮਾਈ ਸੁਖਾਂ ਨੇ ਵੀ ਕਿਲ੍ਹੇ ਦੀਆਂ ਦੀਵਾਰਾਂ ਤੇ ਤੋਪਾਂ ਰੱਖ ਕੇ ਡਟ ਕੇ ਮੁਕਾਬਲਾ ਕੀਤਾ। ਕੁਝ ਦਿਨ ਲਗਾਤਾਰ ਲੜਾਈ ਹੋਂਦੀ ਰਹੀ। ਅੰਤ ਨੂੰ ਮਹਾਰਾਜਾ ਸਾਹਿਬ ਨੇ ਇੱਕ ਪਾਸਿਓਂ ਤੇ ਸਰਦਾਰ ਫਤਹਿ ਸਿੰਘ ਨੇ ਦੂਜੇ ਪਾਸਿਓਂ ਕਿਲ੍ਹਾ ਲੋਹਗੜ੍ਹ ਤੇ ਸਖ਼ਤ ਅੱਗ ਵਸਾਈ। ਜਿਸ ਤੋਂ ਕਿਲ੍ਹੇ ਦੇ ਦਰਵਾਜ਼ੇ ਤੇ ਦੀਵਾਰ ਚੂਰ ਚੂਰ ਹੋ ਗਈ। ਇਸੇ ਤਰ੍ਹਾਂ ਕਿਲ੍ਹਾ ਭੰਗੀਆਂ ਤੇ ਵੀ ਮਹਾਰਾਜਾ ਨੇ ਕਬਜ਼ਾ ਕਰ ਲਿਆ।
ਮਾਈ ਸੁੱਖਾ ਆਪਣੇ ਲੜਕੇ ਨੂੰ ਨਾਲ ਲੈ ਕੇ ਸ਼ਹਿਰ ਤੋਂ ਬਾਹਰ ਨਿੱਕਲੀ। ਓਸ ਵੇਲੇ ਬੱਦਲ ਤੇ ਅੰਨੇਰੀ ਇਤਨੀ ਜ਼ੋਰ ਦੀ ਸੀ ਕਿ ਵਿਚਾਰੀ ਨੂੰ ਅੱਗਾ ਪਿੱਛਾ ਕੁਝ ਨਾ ਸੁਝਿਆ ਕਿ ਕਿਧਰ ਜਾਵਾਂ? ਬੱਦਲ ਵਿੱਚ ਭਿਜਦੀ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਦੀ ਹਵੇਲੀ ਵਿੱਚ ਸਹਾਰਾ ਲਿਆ, ਸ੍ਰ. ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਸੁਖਾਂ ਦੇ ਲੜਕੇ ਨੂੰ ਗੁਜ਼ਾਰੇ ਵਾਸਤੇ ਕੁਝ ਪਿੰਡ ਦਵਾ ਦਿੱਤੇ। ਮਹਾਰਾਜਾ ਨੇ ਅੰਮ੍ਰਿਤਸਰ ਤੇ ਅਧਿਕਾਰ ਕਰਨ ਤੇ ਬੜਾ ਦਾਨ ਦਿੱਤਾ। ਸ੍ਰੀ ਦਰਬਾਰ ਸਾਹਿਬ ਜੀ ਅਸ਼ਨਾਨ ਕਰ ਕੇ ਕੜਾਹ ਪ੍ਰਸ਼ਾਦ ਚੜ੍ਹਾਇਆ।
੫੦. ਝੰਗ ਤੇ ਹਮਲਾ
੧੮੬੧ ਬਿਕ੍ਰਮੀ ਨੂੰ ਲਾਹੌਰ ਵਿੱਚ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰੇ ਪਿੱਛੋਂ ਮਹਾਰਾਜਾ ਸਾਹਿਬ ਨੇ ਅਹਿਮਦ ਖਾਂ ਸਿਆਲ ਭੰਗ ਦੇ ਹਾਕਮ ਤੇ ਚੜ੍ਹਾਈ ਕੀਤੀ। ਪਹਿਲਾਂ ਤਾਂ ਅਹਿਮਦ ਖਾਂ ਨੇ ਡਟ ਕੇ ਮੁਕਾਬਲਾ ਕੀਤਾ, ਕਿੰਤੂ ਛੇਤੀ ਹੀ ਉਹਦੀ ਹਿੰਦੂ ਪ੍ਰਜਾ: ਜੋ ਓਹਦੇ ਹੱਥੋਂ ਸਖ਼ਤ ਤੰਗ ਸੀ, ਮਹਾਰਾਜੇ ਵੱਲ ਹੋ ਗਈ ਤੇ ਫੌਜ ਦੇ ਮੁਸਲਮਾਨ ਅਫਸਰ, ਜੋ ਐਹਮਦ ਖਾਂ ਦੇ ਅਤ੍ਯਾਚਾਰਾਂ ਤੋਂ ਤੰਗ ਆਏ ਹੋਏ ਸਨ, ਸ਼ੇਰੇ ਪੰਜਾਬ ਦੀ ਸ਼ਰਨ ਆ ਗਏ। ਹੁਣ ਅਹਿਮਦ ਖਾਂ ਵਾਸਤੇ ਲੜਨਾ ਮੁਸ਼ਕਲ ਸੀ। ਓਹ ਨੱਸ ਕੇ ਮੁਲਤਾਨ ਚਲਾ ਗਿਆ ਤੇ ਸ਼ਹਿਰ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ।
ਅਹਿਮਦ ਖਾਂ ਨੇ ਮੁਲਤਾਨ ਜਾ ਕੇ ਮਹਾਰਾਜੇ ਵੱਲ ਆਦਮੀ ਭੇਜ ਕੇ ਸੁਲਾਹ ਕਰ ਲਈ। ਫੌਜ ਦਾ ਖ਼ਰਚ ਤੇ ਨਜ਼ਰਾਨਾ ਪੇਸ਼ ਕੀਤਾ। ਅੱਗੋਂ ਨੂੰ ੬੦ ਹਜ਼ਾਰ ਸਾਲਾਨਾ ਦੇਣਾ ਕੀਤਾ। ਮਹਾਰਾਜਾ ਨੇ ਇਸੇ ਨੂੰ ਇਸ ਇਲਾਕੇ ਤੇ ਮੁੜ ਨੀਯਤ ਕਰ ਦਿੱਤਾ।
੫੧. ਸ੍ਰੀ ਅੰਮ੍ਰਿਤਸਰ ਜੀ ਦਾ ਪ੍ਰਬੰਧ
ਉੱਚ ਵੱਲੋਂ ਮੁੜ ਕੇ ਮਹਾਰਾਜਾ ਸਾਹਿਬ ਅੰਮ੍ਰਿਤਸਰ ਜੀ ਆਏ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਚੜ੍ਹਾਵਾ ਚੜ੍ਹਾਇਆ ਤੇ ਦਾਨ ਦਿੱਤਾ। ਇੱਥੇ ਇੱਕ ਆਮ ਦਰਬਾਰ ਕਰ ਕੇ ਫੌਜੀਆਂ ਨੂੰ ਅਹੁਦੇ ਦਿੱਤੇ ਤੇ ਸ਼ਹਿਰ ਦੇ ਪ੍ਰਬੰਧ ਲਈ ਨਿਮਨ ਲਿਖਤ ਹਾਕਮ ਚੁਣੇ:
ਸਰਦਾਰ ਹੁਕਮ ਖਾਂ ਤੇ ਗੋਸ਼ ਖਾਂ ਨੂੰ ਵੱਖੋ ਵੱਖ ਤੋਪਖਾਨਿਆਂ ਦਾ ਅਫਸਰ ਬਣਾਇਆ। ਹਰੀ ਸਿੰਘ ਨਲਵਾ ਜੋ ਪਹਿਲਾਂ ਮਹਾਰਾਜਾ ਸਾਹਿਬ ਦੇ ਖਾਸ ਆਦਮੀਆਂ ਵਿਚੋਂ ਸੀ, ੮੦੦ ਸਪਾਹੀ ਪੈਦਲ ਤੇ ਸਵਾਰ ਓਹਦੇ ਸਪੁਰਦ ਕੀਤੇ। ਸਰਦਾਰ ਦੇਸਾ ਸਿੰਘ ਨੂੰ ੪੦੦ ਸਿਪਾਹੀਆਂ ਦਾ ਅਫਸਰ ਬਣਾਇਆ। ਰੋਸ਼ਨ ਖਾਂ ਤੇ ਸ਼ੇਖ ਅਬਦੁਲਾ ਹਿੰਦੁਸਤਾਨੀ ਅਫਸਰਾਂ ਦੇ ਅਧੀਨ ੨੦੦੦ ਫੌਜ ਰੱਖੀ। ਮਿਲਖਾ ਸਿੰਘ ਨੂੰ ੭੦੦ ਸਵਾਰ ਦੇ ਕੇ ਰਾਵਲਪਿੰਡੀ ਨੀਯਤ ਕੀਤਾ। ਸਰਦਾਰ ਜੋਧ ਸਿੰਘ ਨੂੰ ੪੦੦ ਸਵਾਰ ਦੇ ਕੇ ਘੇਬ ਦਾ ਇਲਾਕਾ ਓਹਦੇ ਸਪੁਰਦ ਕੀਤਾ। ਸਰਦਾਰ ਫਤਹ ਸਿੰਘ ਧਾਰੀ ਦੇ ਲੜਕੇ ਅਤਰ ਸਿੰਘ ਨੂੰ ੫੦੦ ਸਵਾਰ ਤੇ ਰਸਾਲਦਾਰ ਬਣਾਇਆ। ਮਿਤ ਸਿੰਘ ਨੂੰ ੫੦੦ ਜਵਾਨਾਂ ਤੇ ਅਫਸਰ ਨੀਯਤ ਕੀਤਾ। ਕਿਰਪਾ ਸਿੰਘ ੧੦੦੦ ਸਿਪਾਹੀਆਂ ਤੇ, ਨਿਹਾਲ ਸਿੰਘ ੫੦੦ ਸਵਾਰਾਂ ਤੇ ਅਫਸਰ ਨੀਯਤ ਹੋਏ। ਬਾਜ ਸਿੰਘ ਤੇ ਭਾਗ ਸਿੰਘ ਨੂੰ ੫੦੦ ਸਪਾਹ ਤੇ ਅਫਸਰ ਬਣਾਇਆ। ਮੋਰਨੀਵਾਲਾ ਦਾ ਖ਼ਿਤਾਬ ਮਿਲਿਆ ਤੇ ਕੁਝ ਜਾਗੀਰ ਵੀ ਮਿਲੀ।
ਇਸ ਤੋਂ ਛੁਟ ਹੇਠ ਲਿਖੇ ਸਰਦਾਰਾਂ ਨੂੰ ਫੌਜ ਵਿੱਚ ਇੱਜ਼ਤ ਵਾਲੇ ਅਹੁਦੇ ਦਿੱਤੇ ਗਏ ਤੇ ਇਨ੍ਹਾਂ ਨੂੰ ਕਿਹਾ ਗਿਆ ਕਿ ਲੋੜ ਪੈਣ ਤੇ ਤੁਸਾਂ ਇੰਨੀ ਇੰਨੀ ਫੌਜ ਭਰਤੀ ਕਰਾਣੀ:
ਸਰਦਾਰ ਜੱਸਾ ਸਿੰਘ ਪੁੱਤ੍ਰ ਕਰਮ ਸਿੰਘ, ਜੀਤ ਸਿੰਘ ਪੁੱਤ੍ਰ ਲਹਿਣਾ ਸਿੰਘ, ਭਾਗ ਸਿੰਘ ਹਲੋਵਾਲੀਆ, ਸਾਹਿਬ ਸਿੰਘ ਪੁੱਤਰ ਗੁਜਰ ਸਿੰਘ ਤੇ ਤਾਰਾ ਸਿੰਘ ਚਮ੍ਯਾਰੀ ਵਾਲਿਆਂ ਤੋਂ ਦਸ ਹਜਾਰ ਸਪਾਹ, ਨਕੇ ਦੇ ਇਲਾਕੇ ਦੇ ਸਰਦਾਰਾਂ ਤੋਂ ੪੦੦੦, ਘਨੱਯਾਂ ਤੋਂ ੫੦੦੦, ਦਵਾਬੇ ਤੋਂ ੭੦੦੦, ਪਹਾੜੀ ਰਈਸਾਂ ਤੋਂ ੫੦੦੦।
੫੨. ਮੁਸਲਮਾਨ ਰਈਸਾਂ ਦਾ ਸ਼ਰਨ ਵਿੱਚ ਆਉਣਾ
ਕਾਬਲ ਦਾ ਰਾਜ ਪ੍ਰਬੰਧ ਖ਼ਰਾਬ ਹੋ ਚੁੱਕਾ ਸੀ। ਓਥੇ ਦੇ ਹਾਕਮਾਂ ਨੂੰ ਹੁਣ ਮਹਾਰਾਜਾ ਸਾਹਿਬ ਦੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਪੈਂਦੀ ਸੀ, ਜਿਸ ਤੋਂ ਪਰਜਾ ਨੂੰ ਇਨ੍ਹਾਂ ਦੇ ਆਉਣ ਤੇ ਜੋ ਕਸ਼ਟ ਹੁੰਦੇ ਸਨ, ਓਹਨਾਂ ਵੱਲੋਂ ਬੇਫਿਕਰੀ ਹੋ ਗਈ ਸੀ। ਦਰਯਾਏ ਜੇਹਲਮ ਤੇ ਝਨਾਂ ਦੇ ਕੰਢੇ ਦੇ ਮੁਸਲਮਾਨ ਹਾਕਮਾਂ ਨੇ ਵੀ ਹੁਣ ਇਸੇ ਵਿੱਚ ਕਲ੍ਯਾਨ ਜਾਤੀ ਕਿ ਮਹਾਰਾਜਾ ਸਾਹਿਬ ਨਾਲ ਮੇਲ ਕਰ ਕੇ ਅਧੀਨਤਾ ਸ੍ਵੀਕਾਰ ਕਰ ਲੈਣ। ਸੋ ਅਜਿਹਾ ਕਰਨ ਵਿੱਚ ਓਹਨਾਂ ਆਪਣਾ ਫਖਰ ਸਮਝਿਆ।
੫੩. ਰਾਜ ਪ੍ਰਬੰਧ ਵੱਲ ਧਿਆਨ
ਮਹਾਰਾਜਾ ਮੁਲਕ ਦਾ ਦੌਰਾ ਕਰਦੇ ਹਰਦਵਾਰ ਵੱਲ ਚਕਰ ਲਾਂਦੇ ਜਦ ਵਾਪਸ ਮੁੜੇ ਤਦ ਓਸ ਸਾਰੇ ਇਲਾਕੇ ਦੀ ਖ਼ਬਰ ਲਈ, ਜੋ ਅਹਿਮਦ ਸ਼ਾਹ ਫਤਹ ਕਰ ਗਿਆ ਸੀ। ਉੱਥੋਂ ਦੇ ਦੁਰਾਨੀ ਹਾਕਮਾਂ ਤੇ ਅਜਿਹਾ ਅਸਰ ਪਿਆ ਕਿ ਓਹਨਾਂ ਨੇ ਵੀ ਸਿਰ ਝੁਕਾ ਦਿੱਤਾ। ਮਹਾਰਾਜਾ ਸਾਹਿਬ ਨੇ ਮੁਲਕੀ ਲੋੜਾਂ ਤੇ ਪ੍ਰਜਾ ਦੇ ਸੁਖ ਨੂੰ ਸਾਹਮਣੇ ਰੱਖ ਕੇ ਕੁਝ ਮਾਮਲਾ ਵਧਾ ਦਿੱਤਾ। ਝੰਗ ਦੇ ਹਾਕਮ ਨੇ ਪਹਿਲਾਂ ੬੦ ਹਜ਼ਾਰ ਖਰਾਜ ਦੇਣਾ ਪ੍ਰਵਾਨ ਕੀਤਾ ਸੀ, ਹੁਣ ਇਸ ਨੇ ਇਹ ਰਕਮ ਦੂਣੀ ਦੇਣੀ ਪ੍ਰਵਾਨ ਕਰ ਲਈ।
੫੪. ਜਸਵੰਤ ਰਾਏ ਦੀ ਅੰਗਰੇਜ਼ਾਂ ਤੋਂ ਭਾਂਜ ਤੇ ਪੰਜਾਬ ਵਿਚੋਂ ਸਹਾਇਤਾ ਲਈ ਇੱਛਾ
ਮਹਾਰਾਜਾ ਮੁਲਤਾਨ ਵੱਲ ਦੌਰਾ ਕਰ ਕੇ ਅੱਪੜੇ। ਮਹਾਰਾਜਾ ਸਾਹਿਬ ਦੀ ਅਵਾਈ ਸੁਣ ਮੁਲਤਾਨ ਦਾ ਹਾਕਮ ਮੁਕਾਮ ਮਹਤਮ ਤੇ ਆ ਮਿਲਿਆ। ਇੱਕ ਤਕੜੀ ਰਕਮ ਨਜ਼ਰਾਨੇ ਵਜੋਂ ਪੇਸ਼ ਕੀਤੀ, ਇੱਥੇ ਮਹਾਰਾਜਾ ਸਾਹਿਬ ਨੂੰ ਖ਼ਬਰ ਮਿਲੀ ਕਿ ਜਸਵੰਤ ਰਾਓ ਹੁਲਕਰ ਅੰਗਰੇਜ਼ਾਂ ਤੋਂ ਸ਼ਕਸਤ ਖਾ ਕੇ ਪੰਜਾਬ ਵੱਲ ਆਇਆ ਹੈ ਤੇ ਉਹਦੇ ਨਾਲ ੮-੧੦ ਹਜ਼ਾਰ ਫੌਜ ਨੇ ਪੰਜਾਬ ਵਿੱਚ ਕਦਮ ਰੱਖ ਦਿੱਤਾ ਹੈ। ਮਹਾਰਾਜਾ ਸਾਹਿਬ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਮੁਲਕ ਵਿੱਚ ਕਿਸੇ ਦੂਜੇ ਰਾਜਾ ਦੀ ਫੌਜ ਕਦਮ ਰਖੇ। ਇਸ ਵਾਸਤੇ ਮਹਾਰਾਜਾ ਸਾਹਿਬ ਵਾਪਸ ਮੁੜੇ। ਜਸਵੰਤ ਰਾਏ ਅੰਮ੍ਰਿਤਸਰ ਪੁੱਜ ਚੁੱਕਾ ਸੀ। ਉਹਦਾ ਵਕੀਲ ਮਹਾਰਾਜਾ ਪਾਸ ਅਪੜਿਆ ਤੇ ਓਹਨੇ ਬੇਨਤੀ ਕੀਤੀ ਕਿ ਮਰਹੱਟਿਆਂ ਦਾ ਸਰਦਾਰ ਜਸਵੰਤ ਰਾਓ ਹੁਲਕਰ ਅੰਗਰੇਜ਼ਾਂ ਤੋਂ ਭਾਂਜ ਖਾ ਕੇ ਆਪ ਦੀ ਸ਼ਰਨ ਆਇਆ ਹੈ। ਐਸ ਵੇਲੇ ਲੋੜ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਵਾਸਤੇ ਤਿਆਰ ਹੋ ਜਾਈਏ। ਮਹਾਰਾਜਾ ਸਾਹਿਬ ਨੇ ਉੱਤਰ ਵਿੱਚ ਕਿਹਾ ਕਿ ਤੁਸੀਂ ਬੜੇ ਤੰਗ ਸਮੇਂ ਖ਼ਬਰ ਦਿੱਤੀ ਹੈ। ਇੱਕ ਤਾਂ ਇਹ ਕਿ ਤੁਸੀਂ ਅੰਮ੍ਰਿਤਸਰ ਪੁੱਜ ਚੁੱਕੇ ਹੋ ਤੇ ਦੂਜਾ ਲਾਰਡ ਲੀਕ ਅੰਗਰੇਜ਼ੀ ਲਸ਼ਕਰ ਦੇ ਨਾਲ ਤੁਹਾਡਾ ਪਿੱਛਾ ਕਰਦੇ ਸਤਲੁਜ ਨਦੀ ਤੋਂ ਲੰਘ ਆਇਆ ਹੈ। ਹੁਣ ਇੰਨੀ ਛੇਤੀ ਇਹ ਗੱਲ ਬੜੀ ਮੁਸ਼ਕਿਲ ਹੈ ਕਿ ਸਾਰੇ ਮੁਲਕ ਵਿੱਚੋਂ ਫੌਜ ਨੂੰ ਇਕਦਮ ਇਕੱਠਾ ਕੀਤਾ ਜਾਏ। ਹੱਛਾ, ਚਲੋ ਅੰਮ੍ਰਿਤਸਰ ਚਲਦੇ ਹਾਂ। ਉੱਥੇ ਤੁਹਾਡੇ ਰਾਜਾ ਨਾਲ ਮਿਲ ਕੇ ਗੱਲ ਬਾਤ ਕਰਾਂਗੇ।
ਮਹਾਰਾਜਾ ਨੇ ਇਸ ਗੱਲ ਦੀ ਸਲਾਹ ਲੈਣ ਲਈ ਆਪਣੇ ਮਿੱਤਰ ਸਰਦਾਰ ਫਤਰ ਸਿੰਘ ਨੂੰ ਸੱਦਿਆ ਤੇ ਆਪ ਵੀ ਅੰਮ੍ਰਿਤਸਰ ਪੁੱਜ ਗਿਆ। ਸਰਦਾਰ ਫਤਹ ਸਿੰਘ ਨਾਲ ਗੱਲਬਾਤ ਕਰਨ ਤੋਂ ਵੀ ਮਹਾਰਾਜਾ ਸਾਹਿਬ ਇਸੇ ਨਤੀਜੇ ਤੇ ਅੱਪੜੇ ਕਿ ਜਸਵੰਤ ਰਾਏ ਨੇ ਬੜੇ ਤੰਗ ਵੇਲੇ ਸਿਰ ਮਦਦ ਦੀ ਯਾਚਨਾ ਕੀਤੀ ਹੈ, ਇਸ ਸਮੇਂ ਜਿੰਨੀ ਫੌਜ ਦੀ ਲੋੜ ਹੈ ਉਨੀ ਦਾ ਇਕੱਠਾ ਕਰਨਾ ਅਸੰਭਵ ਹੈ।
ਉਧਰ ਗੋਰਾ ਫੌਜ ਬਿਆਸ ਤੱਕ ਆ ਪੁੱਜੀ। ਗੋਰੇ ਗੋਰੇ ਰੰਗ ਦੇ ਜਵਾਨ ਸਪਾਹੀ ਸੋਹਣੀਆਂ ਵਰਦੀਆਂ ਦੀਵਾਰ ਵਾਂਗ ਕਤਾਰ ਬੰਨ੍ਹੀ ਆ ਗਏ। ਇਸ ਤਰ੍ਹਾਂ ਦੀ ਸ੍ਵਸਿਖ੍ਯਤ ਫੌਜ ਇਸ ਤੋਂ ਪਹਿਲਾਂ ਪੰਜਾਬੀਆਂ ਨੇ ਕਿਥੋਂ ਵੇਖਣੀ ਸੀ? ਇਨ੍ਹਾਂ ਲਈ ਇੱਕ ਤਮਾਸ਼ਾ ਹੋ ਗਿਆ। ਜਿਸ ਪਾਸਿਓਂ ਗੋਰਾ ਫੌਜ ਵਾਜਾ ਵਜਾਂਦੀ ਲੰਘਦੀ ਹਜ਼ਾਰਾਂ ਤਮਾਸ਼ਾ ਵੇਖਣ ਵਾਲੇ ਇਕੱਠੇ ਹੋ ਜਾਂਦੇ।
ਪੰਜਾਬੀਆਂ ਨੇ ਅੱਗੇ ਦੁਰਾਨੀਆਂ ਦੀ ਫੌਜ ਵੇਖੀ ਸੀ। ਇਹ ਫੌਜ ਜਿਸ ਰਸਤੇ ਗੁਜ਼ਰ ਜਾਏ ਪਿੰਡਾਂ ਦੇ ਪਿੰਡ ਤਬਾਹ ਤੇ ਖੇਤਾਂ ਦੇ ਖੇਤ ਸਾਫ਼ ਕਰਦੀ ਚਲੀ ਜਾਂਦੀ ਸੀ। ਹੁਣ ਇਹ ਗੋਰਾ ਫੌਜ ਡਿੱਠੀ ਜੋ ਕਿਸੇ ਦਾ ਇੱਕ ਤੀਲਾ ਵੀ ਪੈਸਾ ਦਿੱਤੇ ਬਿਨਾਂ ਨਹੀਂ ਹਲਾਂਦੀ ਸੀ। ਪੰਜਾਬੀਆਂ ਤੇ ਗੋਰਾ ਫੌਜ ਦੀ ਇਸ ਸ਼ਾਂਤੀ ਅਮਨ ਪਸੰਦੀ ਤੇ ਕਿਸੇ ਨੂੰ ਦੁਖ ਨਾ ਦੇਣਾ। ਕਵਾਇਦ ਤੇ ਗੋਰੇ ਗੋਰੇ ਰੰਗ ਦਾ ਬੜਾ ਅਸਰ ਪਿਆ।
੫੫. ਲਾਰਡ ਲੀਕ ਦਾ ਸੰਦੇਸਾ
ਲਾਰਡ ਲੀਕ ਨੇ ਰਾਜਾ ਭਾਗ ਸਿੰਘ ਜੀਂਦ ਦੇ ਹਾਕਮ ਨੂੰ ਮਹਾਰਾਜਾ ਰਣਜੀਤ ਸਿੰਘ ਪਾਸ ਭੇਜਿਆ ਕਿ ਜਸਵੰਤ ਰਾਇ ਹੁਲਕਰ ਦੀ ਮਦਦ ਨਾ ਕੀਤੀ ਜਾਵੇ।
ਅੰਮ੍ਰਿਤਸਰ ਵਿੱਚ ਸਿੱਖ ਸਰਦਾਰ ਇਕੱਠੇ ਕਰ ਕੇ ਮਹਾਰਾਜਾ ਸਾਹਿਬ ਨੇ ਸਲਾਹ ਕੀਤੀ ਫੈਸਲਾ ਹੋਇਆ ਕਿ ਅਜੇ ਮਹਾਰਾਜਾ ਸਾਹਿਬ ਦਾ ਆਪਣੇ ਮੁਲਕ ਵਿਚ ਵੀ ਰਾਜ ਪ੍ਰਬੰਧ ਪੱਕਾ ਨਹੀਂ ਹੋਇਆ। ਅਜੇਹੀ ਹਾਲਤ ਵਿੱਚ ਅੰਗਰੇਜ਼ਾਂ ਜਹੀ ਜ਼ਬਰਦਸਤ ਕੌਮ ਨਾਲ ਲੜਾਈ ਲਈ ਤਿਆਰ ਹੋ ਜਾਣਾ ਉਚਿਤ ਨਹੀਂ। ਐਸ ਵੇਲੇ ਸਭ ਤੋਂ ਅੱਛੀ ਗੱਲ ਤੇ ਜਸਵੰਤ ਰਾਏ ਦੀ ਮਦਦ ਇਹੋ ਹੀ ਹੋ ਸਕਦੀ ਹੈ ਕਿ ਅੰਗਰੇਜ਼ ਨਾਲ ਓਹਦੀ ਸੁਲਾਹ ਕਰਾ ਦਿੱਤੀ ਜਾਵੇ। ਜੋ ਜਸਵੰਤ ਰਾਏ ਨਾਲ ਗੱਲਬਾਤ ਕਰ ਕੇ ਓਹਨੂੰ ਮਸ਼ਵਰਾ ਦਿੱਤਾ ਗਿਆ ਕਿ ਇਸ ਸਮੇਂ ਸਾਰੇ ਹਿੰਦ ਵਿੱਚ
ਕੋਈ ਅਜੇਹੀ ਤਾਕਤ ਨਹੀਂ ਜੋ ਤੁਹਾਡੀ ਮਦਦ ਕਰ ਸਕੇ। ਇਸ ਕਰ ਕੇ ਤੁਸੀਂ ਅੰਗਰੇਜਾਂ ਨਾਲ ਸੁਲਾਹ ਕਰ ਲਓ। ਜਸਵੰਤ ਰਾਏ ਹੁਲਕਰ ਇਹ ਗੱਲ ਮੰਨ ਗਿਆ ਕਿ ਮਹਾਰਾਜਾ ਸਾਹਿਬ ਆਪ ਵਿੱਚ ਆ ਕੇ ਸੁਲਾਹ ਕਰਾ ਦੇਣ।
੫੬. ਜਸਵੰਤ ਰਾਏ ਤੇ ਅੰਗਰੇਜ
੧੯ ਦਸੰਬਰ ੧੮੦੫ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਰਡ ਲੀਕ ਸਾਹਿਬ ਪਾਸ ਆਪਣਾ ਵਕੀਲ ਭੇਜ ਕੇ ਜਸਵੰਤ ਰਾਏ ਹੁਲਕਰ ਨਾਲ ਸੁਲਾਹ ਕਰ ਲੈਣ ਲਈ ਕਿਹਾ। ਗਵਰਨਰ ਦੀ ਮਨਸ਼ਾ ਵੀ ਲੜਾਈ ਕਰਨ ਦੀ ਨਹੀਂ ਸੀ। ਇਸ ਕਰ ਕੇ ਓਹਨਾਂ ਇਹ ਗੱਲ ਮੰਨ ਲਈ, ਜਿਸ ਤੋਂ ਇਕਰਾਰਨਾਮਾ ਤਰੀਕ ੧੧ ਜਨਵਰੀ ੧੮੦੬ ਈਸਵੀ ਨੂੰ ਜਸਵੰਤ ਰਾਏ ਹੁਲਕਰ ਤੇ ਅੰਗਰੇਜ਼ਾਂ ਦੇ ਵਿਚਕਾਰ ਲਿਖਿਆ ਗਿਆ ਤੇ ਜਸਵੰਤ ਰਾਏ ਦਾ ਓਹ ਸਾਰਾ ਇਲਾਕਾ ਜੋ ਜ਼ਬਤ ਕਰ ਲਿਆ ਗਿਆ ਸੀ, ਵਾਪਸ ਦੇ ਦਿੱਤਾ ਗਿਆ।
ਇਸ ਤੋਂ ਪਿੱਛੋਂ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਦੇ ਵਿਚਕਾਰ ਵੀ ਇੱਕ ਇਕਰਾਰਨਾਮਾ ਲਿਖ੍ਯਾ ਗਿਆ, ਜਿਸ ਵਿੱਚ ਇੱਕ ਦੂਜੇ ਦੇ ਮੁਲਕ ਵਿੱਚ ਦਖ਼ਲ ਨਾ ਦੇਣ ਦਾ ਪ੍ਰਣ ਸੀ। ਇਸ ਤਰ੍ਹਾਂ ਇਕਰਾਰਨਾਮਾ ਲਿਖੇ ਜਾਣ ਨਾਲ ਪੰਜਾਬ ਵਿੱਚ ਬਦੇਸ਼ੀ ਫੌਜ ਜੋ ਆਈ ਸੀ, ਵਾਪਸ ਚਲੀ ਗਈ ਤੇ ਜਸਵੰਤ ਰਾਓ ਵੀ ਵਾਪਸ ਮੁੜ ਗਿਆ।
ਸੰਮਤ ੧੮੬੩ ਬਿਕ੍ਰਮੀ ਨੂੰ ਮਹਾਰਾਜਾ ਸਾਹਿਬ ਨੇ ਵਿਸਾਖੀ ਕਟਾਸ ਤੀਰਥ ਤੇ ਕਰ ਕੇ ਇਲਾਕੇ ਦੇ ਜਿਮੀਂਦਾਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਸ਼ਾਲਾਮਾਰ ਬਾਗ ਦੀ ਮੁਰੰਮਤ ਕਰਾ ਕੇ ਓਸ ਵਿੱਚ ਅਲੀ ਮਰਦਾਨ ਖਾਂ ਵਾਲੀ ਨਹਿਰ ਦਾ ਪਾਣੀ ਪਵਾਇਆ। ਦੂਜੇ ਆਪਣੇ ਮੁਲਕ ਦੀ ਜਮ੍ਹਾਂ ਬੰਦੀ ਤੇ ਮਾਮਲੇ ਦੀ ਵਸੂਲੀ ਦਾ ਪੱਕਾ ਪ੍ਰਬੰਧ ਕੀਤਾ।
ਫਿਰ ਇਸੇ ਸਾਲ ਮਹਾਰਾਜਾ ਨੇ ਸਤਲੁਜ ਲੰਘ ਕੇ ਜ਼ੀਰਾ ਤੇ ਕਬਜਾ ਕਰ ਲਿਆ ਤੇ ਕੋਟ ਕਪੂਰਾ ਤੇ ਮੁਕਤਸਰ ਵੀ ਆਪਣੇ ਕਬਜ਼ੇ ਵਿੱਚ ਕਰ ਲਏ। ਇਸੇ ਤਰ੍ਹਾਂ ਨਾਲ ਧਰਮਕੋਟ ਮਾੜੀ ਤੇ ਕਬਜਾ ਕੀਤਾ। ਫਰੀਦਕੋਟ ਵੱਲ ਚੜ੍ਹਾਈ ਕੀਤੀ, ਕਿੰਤੂ ਓਥੋਂ ਦੇ ਰਈਸਾਂ ਨੇ ਇੱਕ ਤਕੜੀ ਰਕਮ ਨਜ਼ਰਾਨੇ ਵਜੋਂ ਦੇ ਕੇ ਸੁਲਾਹ ਕਰ ਲਈ।
੫੭. ਮਹਾਰਾਜਾ ਪਟਿਆਲੇ ਵਿੱਚ
ਇਸੇ ਸਮੇਂ ਰਾਜਾ ਸਾਹਿਬ ਸਿੰਘ ਪਟਿਆਲਾ ਵਾਲੇ ਤੇ ਨਾਭੇ ਦੇ ਰਾਜੇ ਦੀ ਅਣਬਣ ਹੋ ਗਈ, ਜਿਸ ਦੇ ਫੈਸਲੇ ਵਾਸਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਗਿਆ। ਸੋ ੧੭ ਕੱਤਕ ਸੰਮਤ ੧੮੬੪ ਨੂੰ ਇੱਕ ਭਾਰੀ ਫੌਜ ਦੇ ਨਾਲ ਮਹਾਰਾਜਾ ਸਾਹਿਬ ਨਾਭੇ ਪੁੱਜੇ ਤੇ ਇੱਕ ਮਾਮੂਲੀ ਜਿਹੀ ਲੜਾਈ ਦੇ ਮਗਰੋਂ, ਜਿਸ ਦਾ ਪੂਰਾ ਹਾਲ ਪਟਿਆਲੇ ਦੇ ਹਾਲ ਵਿੱਚ ਲਿਖਿਆ ਜਾ ਚੁੱਕਾ ਹੈ, ਦੋਹਾਂ ਦੀ ਆਪਸ ਵਿੱਚ ਸੁਲਾਹ ਹੋ ਗਈ ਤੇ ਓਹਨਾਂ ਨੇ ਮਹਾਰਾਜਾ ਨੂੰ ਬਹੁਤ ਸਾਰਾ ਧਨ ਦੇ ਕੇ ਵਾਪਸ ਕਰ ਦਿੱਤਾ।
੫੮. ਰਾਏ ਅਲਯਾਸ ਦੇ ਇਲਾਕੇ ਦੀ ਜ਼ਬਤੀ
ਇੱਥੋਂ ਵਾਪਸ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਰਾਏ ਅਲ੍ਯਾਸ ਦੀ ਵਿਧਵਾ ਤੋਂ ਓਸ ਦਾ ਇਲਾਕਾ ਲੁਧਿਆਣਾ ਆਦਿਕ ਲੈ ਕੇ ਆਪਣੇ ਮਾਮੂ ਰਾਜਾ ਜੀਂਦ ਨੂੰ ਦਿੱਤਾ ਤੇ ਥਾਂ ਦਾ ਪ੍ਰਗਣਾ ਜੋ ਬਿਆਸ ਦੇ ਇਲਾਕੇ ਵਿੱਚ ਹੈ, ਅਲ੍ਯਾਸ ਗੋਸ ਤੋਂ ਲੈ ਕੇ ਮੁਹਕਮ ਚੰਦ ਨੂੰ ਬਖਸ਼ਿਆ। ਜਗਰਾਓਂ, ਜੰਡ੍ਯਾਲਾ, ਬੱਦੋਵਾਲ, ਤਲਵੰਡੀ, ਢਾਕਾ ਤੇ ਬਸੀ ਆਦਿਕ ਸਾਰੇ ਪਿੰਡ ਜੋ ਰਾਏ ਅਲ੍ਯਾਸ ਦੇ ਕਬਜ਼ੇ ਵਿੱਚ ਸਨ, ਰਾਜਾ ਜੀਂਦ, ਨਾਭਾ, ਸਰਦਾਰ ਫਤੇਹ ਸਿੰਘ ਆਹਲੂਵਾਲੀਆ, ਦੀਵਾਨ ਮੋਹਕਮ ਚੰਦ, ਸਰਦਾਰ ਵਸਾਵਾ ਸਿੰਘ ਤੇ ਸਰਦਾਰ ਬੈਹਗਾ ਸਿੰਘ ਵਿੱਚ ਵੰਡ ਦਿੱਤੇ।
੫੯. ਜਵਾਲਾ ਮੁਖੀ ਦੇ ਦਰਸ਼ਨ ਤੇ ਗੋਰਖਿਆਂ ਦਾ ਜ਼ਿਕਰ
ਸਤਲੁਜ ਤੋਂ ਪਾਰ ਹੋ ਕੇ ਮਹਾਰਾਜਾ ਰਾਹੂ ਜੋ ਤਾਰਾ ਸਿੰਘ ਦੀ ਰਹਿਣ ਦੀ ਥਾਂ ਸੀ, ਮਿਲੇ। ਗੋਪੀਪੁਰੇ ਦੇ ਰਾਹ ਤੋਂ ਬਿਆਸ ਨੂੰ ਲੰਘ ਕੇ ਰਾਜਾ ਦੇ ਤਾਲਾਬ ਤੇ ਪੁੱਜੇ ਸੀ ਕਿ ਰਾਹ ਵਿੱਚੋਂ ਰਾਜਾ ਸੰਸਾਰ ਚੰਦ ਕਾਂਗੜੇ ਵਾਲੇ ਦਾ ਨਿੱਕਾ ਭਰਾ ਸਰਦਾਰ ਫਤੇ ਚੰਦ ਨੇ ਇਹ ਖ਼ਬਰ ਲਿਆਂਦੀ ਕਿ ਅਮਰ ਸਿੰਘ ਸਿਪਾਹ ਸਲਾਰ ਨੀਪਾਲ ਨੇ ਗੰਗਾ ਤੋਂ ਲੈ ਕੇ ਨਾਲਾ ਗੜ੍ਹ ਗੜਹੋਲ, ਸਰਮੋਰ, ਬਸਹਰ ਆਦਿਕ ਸਾਰੇ ਮੁਕਾਮਾਂ ਦੇ ਰਈਸਾਂ ਨੂੰ ਸ਼ਕਸਤ ਦੇ ਕੇ ਓਹਨਾਂ ਤੋਂ ਨਜ਼ਰਾਨੇ ਤੇ ਖਰਾਜ ਵਸੂਲ ਕਰ ਲਏ ਹਨ। ਹੁਣ ਕਾਂਗੜੇ ਦਾ ਕਿਲ੍ਹਾ ਆ ਘੇਰਿਆ ਹੈ। ਇਸ ਕਰ ਕੇ ਮੇਰਾ ਭਾਈ ਐਸ ਵੇਲੇ ਆਪ ਦੀ ਸਹਾਇਤਾ ਚਾਹੁੰਦਾ ਹੈ, ਜਿਸ ਦੇ ਬਦਲੇ ਆਪ ਨੂੰ ਇੱਕ ਮਾਕੂਲ ਨਜ਼ਰਾਨਾ ਦੇਵੇਗਾ। ਇਹ ਖ਼ਬਰ ਸੁਣਦੇ ਹੀ ਮਹਾਰਾਜਾ ਨੇ ਕਾਂਗੜੇ ਵੱਲ ਕੂਚ ਕੀਤਾ। ਭਾਵੇਂ ਜਰਨੈਲ ਅਮਰ ਸਿੰਘ ਥਾਪਾ ਦੇ ਵਕੀਲ ਜ਼ੋਰਾਵਰ ਸਿੰਘ ਨੇ ਵੀ ਹਾਜ਼ਰ ਹੋ ਕੇ ਸੰਸਾਰ ਚੰਦ ਨਾਲੋਂ ਦੂਣਾ ਨਜ਼ਰਾਨਾ ਵਾਪਸ ਜਾਣ ਦੀ ਸੂਰਤ ਵਿੱਚ ਦੇਣ ਦਾ ਇਕਰਾਰ ਕੀਤਾ। ਕਿੰਤੂ ਮਹਾਰਾਜਾ ਨੇ ਇਹ ਸੋਚ ਕੇ ਕਿ ਜੇ ਗੋਰਖਿਆਂ ਦੀ ਤਾਕਤ ਵਧਦੀ ਗਈ ਤਦ ਪੰਜਾਬ ਤੇ ਵੀ ਜਰੂਰ ਹੱਥ ਮਾਰਨਗੇ: ਇਸ ਕਰ ਕੇ ਇਨ੍ਹਾਂ ਨੂੰ ਇੱਥੋਂ ਹੀ ਵਾਪਸ ਕਰਨਾ ਚਾਹੀਦਾ ਹੈ, ਗੋਰਖਿਆਂ ਨੂੰ ਸਾਫ ਜਵਾਬ ਦੇ ਦਿੱਤਾ ਤੇ ਆਪਣੀ ਫੌਜ ਨੂੰ ਹਮਲਾ ਕਰਨ ਦੀ ਆਗਿਆ ਦੇ ਦਿੱਤੀ। ਅਜੇ ਲੜਾਈ ਸ਼ੁਰੂ ਵੀ ਨਹੀਂ ਹੋਈ ਸੀ ਕਿ ਗੋਰਖਿਆਂ ਦੇ ਲਸ਼ਕਰ ਵਿੱਚ ਬੀਮਾਰੀ ਪੈ ਗਈ ਤੇ ਸੌ ਸੌ ਆਦਮੀ ਰੋਜ਼ ਮਰਨ ਲੱਗੇ। ਅਮਰ ਸਿੰਘ ਥਾਪਾ ਬਹੁਤ ਘਾਬਰਿਆ ਤੇ ਓਹਦੀ ਫੌਜ ਬੀਮਾਰੀ ਦੇ ਡਰ ਤੋਂ ਵਾਪਸ ਜਾਣ ਲਈ ਤਿਆਰ ਹੋ ਗਈ। ਅੰਤ ਨੂੰ ਅਮਰ ਸਿੰਘ ਨੇ ਕਿਲ੍ਹੇ ਦਾ ਘੇਰਾ ਛੱਡ ਕੇ ਮਹਾਰਾਜਾ ਤੋਂ ਭਾਰ-ਬਰਦਾਰੀ ਮਦਦ ਲੈ ਕੇ ਦਰਯਾ ਸਤਲੁਜ ਤੋਂ ਪਾਰ ਹੋ ਗਿਆ।
ਗੋਰਖਿਆਂ ਦੇ ਜਾਣ ਤੋਂ ਮਗਰੋਂ ਰਾਜਾ ਸੰਸਾਰ ਚੰਦ ਕਿਲੇ ਤੋਂ ਬਾਹਰ ਨਿੱਕਲਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਓਹਨਾਂ ਦੀ ਕ੍ਰਿਪਾਲਤਾ ਦਾ ਧੰਨਵਾਦ ਕੀਤਾ ਤੇ ਪੰਜਾਹ ਹਜ਼ਾਰ ਰੁਪਯਾ ਨਜ਼ਰਾਨੇ ਦਾ ਦਾਖਲ ਕਰ ਕੇ ਮਹਾਰਾਜਾ ਦੇ ਨਾਲ ਜਵਾਲਾ ਮੁਖੀ ਪਹਾੜ ਤੱਕ ਗਿਆ। ਇੱਥੇ ਮਹਾਰਾਜਾ ਨੇ ਕੁਝ ਦਿਨ ਠਹਿਰ ਕੇ ਇਲਾਕੇ ਦੀ ਸੈਰ ਕੀਤੀ।
੬੦. ਸ਼ੇਰ ਸਿੰਘ ਦਾ ਜਨਮ
ਇਸੇ ਸਫਰ ਵਿੱਚ ਮਹਾਰਾਜਾ ਨੂੰ ਖ਼ਬਰ ਮਿਲੀ ਕਿ ਰਾਣੀ ਮਹਿਤਾਬ ਕੌਰ ਦੇ ਜੋੜਾ ਲੜਕਿਆਂ ਦਾ ਉਤਪੰਨ ਹੋਇਆ ਹੈ। ਮਹਾਰਾਜਾ ਨੇ ਇਹ ਖ਼ਬਰ ਸੁਣ ਕੇ ਬੜੀ ਖੁਸ਼ੀ ਕੀਤੀ। ਪਹਿਲੇ ਦਾ ਨਾਮ ਸ਼ੇਰ ਸਿੰਘ ਤੇ ਦੂਜੇ ਦਾ ਤਾਰਾ ਸਿੰਘ* ਰੱਖਿਆ।
੬੧. ਕਸੂਰ ਦੀ ਫਤਹ
ਮਹਾਰਾਜੇ ਪਾਸ ਖ਼ਬਰ ਪੁੱਜੀ ਕਿ ਕੁਤਬਦੀਨ ਖਾਂ ਰਈਸ ਕਸੂਰੀਆ ਨੇ ਮੁਲਤਾਨ ਦੇ ਸੂਬੇ ਦੇ ਨਾਲ ਮਿਲ ਕੇ ਇਹ ਮਨਸੂਬਾ ਕੀਤਾ ਹੈ ਕਿ ਫੌਜ ਇਕੱਠੀ ਕਰ ਕੇ ਇੱਕ ਹੋ ਫਿਰ ਮੁਸਲਮਾਨੀਆ ਸਲਤਨਤ ਕਾਇਮ ਕਰੀਏ। ਇਹ ਸੁਣਦੇ ਹੀ ਮਹਾਰਾਜਾ ਦੀ ਅੱਖਾਂ ਵਿਚ ਖੂਨ ਉੱਤਰ ਆਇਆ ਤੇ ਕ੍ਰੋਧ ਦੇ ਨਾਲ ਲੂੰ ਖੜੇ ਹੋ ਗਏ। ਹੁਕਮ ਦਿੱਤਾ ਕਿ ਫੌਜਾਂ ਇਕੱਠੀਆਂ ਕਰ ਕੇ ਕਸੂਰ ਤੇ ਹਮਲਾ ਕੀਤਾ ਜਾਵੇ। ਸਰਦਾਰ ਫਤਹ ਸਿੰਘ ਆਹਲੂਵਾਲੀਏ ਨੂੰ ਸਦ ਲਿਆ ਤੇ ਫੌਜਾਂ ਨੇ ਚੜ੍ਹਾਈ ਕਰ ਦਿੱਤੀ। ਇਲਾਕੇ ਵਿੱਚ ਦੇ ਆਕੀਆਂ ਦੀ ਹੋਸ਼ ਠਿਕਾਣੇ ਕਰ ਕੇ ਜਦ ਫੌਜਾਂ ਕਸੂਰ ਪਾਸ ਅੱਪੜੀਆਂ ਤਦ ਪਿਛੇ ਮਹਾਰਾਜਾ ਸਾਹਿਬ ਵੀ ਫਤਹ ਸਿੰਘ ਦੇ ਨਾਲ ਸ਼ਿਕਾਰ ਖੇਡਦੇ ਆ ਪੁਜੇ ਤੇ ਫੌਜ ਨੂੰ ਤਿਆਰ ਕਰ ਕੇ ਕਸੂਰ ਤੇ ਹਮਲਾ ਕਰ ਦਿੱਤਾ। ਉਧਰੋਂ
--------------------
*ਮਹਾਰਾਜਾ ਦੀ ਇਸ ਜੋੜੇ ਦੇ ਉਤਪਨ ਹੋਣ ਤੇ ਵੀ ਕਈ ਵੇਰੀ ਇਤਿਹਾਸਕਾਰਾਂ ਨੇ ਬਨਾਵਟੀ ਗੱਪਾਂ ਜੋ ਦੇਸੀ ਰਿਆਸਤਾਂ ਦੀ ਬਾਬਤ ਉਡਾਈਆਂ ਜਾਂਦੀਆਂ ਹਨ, ਲਿਖੀਆਂ ਹਨ ਤੇ ਮਹਾਰਾਜਾ ਦੀ ਇਸ ਸੰਤਾਨ ਨੂੰ ਬਨਾਵਟੀ ਦੱਸਿਆ ਹੈ (ਵੇਖੋ ਤਾਰੀਖ ਸੱਯਦ ਮੁਹੰਮਦ ਲਤੀਫ ਸਾਹਿਬ ਦਾ ਅੰਗਰੇਜ਼ੀ ਸਫਾ (70) ਕਿੰਤੂ ਜੇਹੀ ਕਦਰ ਐਹੋ ਜਿਹੀਆਂ ਗੱਪਾਂ ਦੀ ਹੁੰਦੀ ਹੈ, ਓਸ ਵੇਲੇ ਵੀ ਕੀਤੀ ਗਈ ਤੇ ਸਾਬਤ ਹੋ ਗਿਆ ਕਿ ਇਹ ਗੱਪ ਨਿਰਮੂਲ ਹੈ।
ਮੁਸਲਮਾਨੀ ਫੌਜ ਵੀ ਤਿਆਰ ਹੋ ਗਈ ਤੇ ਦੀਵਾਰਾਂ ਤੇ ਤੋਪਾਂ ਚੜ੍ਹਾ ਦਿੱਤੀਆਂ ਗਈਆ। ਸਾਰਿਆਂ ਰਾਹਾਂ ਤੇ ਦੋ ਦੋ ਤਿੰਨ ਤਿੰਨ ਦਸਤੇ ਖੜੇ ਕਰ ਕੇ ਆਪ ਫੌਜ ਲੈ ਕੇ ਲੜਾਈ ਵਾਸਤੇ ਖੁੱਲ੍ਹੇ ਮੈਦਾਨ ਆ ਗਿਆ। ਦੋਹਾਂ ਪਾਸਿਆਂ ਤੋਂ ਗੋਲਾਬਾਰੀ ਸ਼ੁਰੂ ਹੋਈ। ਦੋ ਰੋਜ ਤੀਕਣ ਲਗਾਤਾਰ ਗੋਲਾਬਾਰੀ ਹੁੰਦੀ ਰਹੀ। ਤੀਜੇ ਦਿਨ ਮੁਸਲਮਾਨੀ ਫੌਜ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ। ਦੋਨਾਂ ਪਾਸਿਆਂ ਤੋਂ ਸੂਰਮੇ ਬਿਜਲੀ ਵਾਂਗੂ ਗਜ ਕੇ ਸ਼ਤਰੂ ਤੇ ਪੈਂਦੇ ਸਨ। ਅੱਖ ਦੀ ਫੋਰ ਵਿੱਚ ਖੂਨ ਦੀ ਨਦੀ ਵਗ ਟੁਰੀ ਤੇ ਲੋਥਾਂ ਦੇ ਨਾਲ ਢੇਰ ਲੱਗ ਗਏ। ਚੌਥੇ ਦਿਨ ਖਾਲਸੇ ਨੇ ਤਲਵਾਰ ਸੰਭਾਲ ਕੇ ਹੱਲਾ ਬੋਲਿਆ। ਮਾਨੋਂ ਅਫਗਾਨਾਂ ਲਈ ਮੌਤ ਆ ਗਈ। ਤੀਜੇ ਪਹਿਰ ਤੱਕ ਮੈਦਾਨ ਗਰਮ ਰਿਹਾ। ਅੰਤ ਨੂੰ ਸੰਧ੍ਯਾ ਵੇਲੇ ਕਸੂਰ ਦੀ ਫੌਜ ਨੱਸ ਟੁਰੀ। ਮੁਸਲਮਾਨ ਨੱਸ ਕੇ ਸ਼ਹਿਰ ਦੇ ਅੰਦਰ ਜਾ ਵੜੇ ਤੇ ਦਰਵਾਜਾ ਬੰਦ ਕਰ ਕੇ ਅੰਦਰੋਂ ਗੋਲੇ ਮਾਰਨ ਲੱਗੇ। ਮਹਾਰਾਜਾ ਸਾਹਿਬ ਨੇ ਵੀ ਬਾਹਰੋਂ ਘੇਰਾ ਪਾਇਆ। ਦੋ ਮਹੀਨੇ ਤੱਕ ਅੱਗ ਵਸਦੀ ਰਹੀ। ਅੰਤ ਨੂੰ ਜਦ ਅੰਦਰ ਕਿਲ੍ਹੇ ਵਿੱਚ ਅਨਾਜ ਦਾ ਤੋਟਾ ਆ ਗਿਆ ਤੇ ਲੋਕੀਂ ਐਸੇ ਤੰਗ ਹੋਏ ਜੋ ਪਸ਼ੂਆਂ ਨੂੰ ਮਾਰ ਮਾਰ ਕੇ ਖਾਣ ਲੱਗੇ। ਜਦ ਉਹ ਵੀ ਮੁੱਕ ਗਏ ਤਦ ਘੋੜਿਆਂ ਤੱਕ ਖਾ ਜਾਣ ਦੀ ਨੌਬਤ ਆ ਪੁੱਜੀ। ਤਦ ਮਹਾਰਾਜਾ ਸਾਹਿਬ ਨੇ ਹੁਕਮ ਦਿੱਤਾ ਕਿ ਸ਼ਹਿਰ ਦੇ ਵਿਚੋਂ ਜੇ ਕੋਈ ਖ਼ਾਲੀ ਹੱਥ ਜਾਣਾ ਚਾਹੇ ਤਦ ਉਹਨੂੰ ਬੜੀ ਖ਼ੁਸ਼ੀ ਨਾਲ ਜਾਣ ਦਿਓ। ਕਸੂਰ ਦੀ ਵਸੋਂ ਆਪਣੇ ਖਾਨਾਂ ਦੇ ਕਸੂਰ ਦੇ ਬਦਲੇ ਭੁੱਖ ਦੇ ਦੁਖ ਉਠਾਂਦੀ ਮਹਾਰਾਜੇ ਵੱਲੋਂ ਬਾਹਰ ਜਾਣ ਦਾ ਹੁਕਮ ਮਿਲਣ ਤੇ ਧੰਨਵਾਦ ਕਰਦੀ ਬਾਹਰ ਨਿੱਕਲਣ ਲੱਗੀ। ਖਾਲਸਾ ਫੌਜ ਸ਼ਹਿਰ ਵਿੱਚ ਜਾ ਵੜੀ। ਜੋ ਅੱਗੋਂ ਅੜਿਆ, ਸੋ ਝੜਿਆ ਤੇ ਜੋ ਸ਼ਰਨ ਪਿਆ ਸੋ ਤਰਿਆ। ਬਜ਼ਾਰਾਂ ਦੇ ਵਿੱਚ ਦੀ ਹੁੰਦੀ ਫੌਜ ਉੱਥੇ ਪੁੱਜੀ। ਜਿਸ ਮਕਾਨ ਵਿੱਚ ਕੁਤਬਦੀਨ ਸੀ, ਪਾਸਿਆਂ ਤੇ ਤੋਪਾਂ ਰੱਖ ਦਿੱਤੀਆਂ। ਜਦ ਤੋਪਾਂ ਨੇ ਗੋਲੇ ਉਗਲਨੇ ਸ਼ੁਰੂ ਕਰ ਦਿੱਤੇ ਤਦ ਕੁਤਬਦੀਨ ਦੀ ਹੋਸ਼ ਟਿਕਾਣੇ ਆ ਗਈ। ਓਹਨੂੰ ਸਿਵਾਏ ਆਪਣੇ ਆਪ ਨੂੰ ਮਹਾਰਾਜੇ ਦੇ ਰਹਿਮ ਤੇ ਛਡਣ ਦੇ ਕੋਈ ਚਾਰਾ ਨਾ ਰਿਹਾ। ਕਿਲ੍ਹੇ ਦੇ ਦਰਵਾਜ਼ੇ ਖੋਹਲ ਦਿੱਤੇ ਤੇ ਕੁਝ ਆਦਮੀਆਂ ਨੂੰ ਆਪਣੇ ਨਾਲ ਲੈ ਕੇ ਮਹਾਰਾਜੇ ਦੇ ਸਾਹਮਣੇ ਜਾ ਹਾਜ਼ਰ ਹੋਇਆ। ਜਦ ਮਹਾਰਾਜੇ ਨੇ ਉਸ ਨੂੰ ਸ਼ਰਨ ਪਿਆ ਵੇਖਿਆ ਤਦ ਤਰਸ ਕਰ ਕੇ ਓਹਨੂੰ ਬੜੀ ਇੱਜਤ ਨਾਲ ਆਪਣੇ ਪਾਸ ਬਿਠਾ ਲਿਆ। ਸਤਲੁਜ ਤੋਂ ਪਾਰ ਦਾ ਇਲਾਕਾ ਜਿਸ ਦਾ ਨਾਮ ਮਮਦੋਟ ਸੀ, ਕੁਤਬਦੀਨ ਨੂੰ ਗੁਜ਼ਾਰੇ ਲਈ ਦੇ ਕੇ ਕਸੂਰ ਚੂਨੀਆਂ ਤੇ ਖੁਡੀਆਂ ਦੇ ਇਲਾਕੇ ਤੇ ਆਪ ਕਬਜ਼ਾ ਕਰ ਲਿਆ। ਕੁਤਬਦੀਨ ਖਾਂ ਨੇ ਇਸ ਨੂੰ ਗਨੀਮਤ ਸਮਝਿਆ ਤੇ ਝੱਟ ਮਹਾਰਾਜੇ ਪਾਸੋਂ ਆਗਿਆ ਲੈ ਕੇ ਸਤਲੁਜ ਤੋਂ ਪਾਰ ਮਮਦੋਟ ਦੇ ਇਲਾਕੇ ਵਿੱਚ ਚਲਾ ਗਿਆ। ਕੁਤਬਦੀਨ ਦਾ ਤਕੜਾ ਖ਼ਜ਼ਾਨਾ ਮਹਾਰਾਜੇ ਦੇ ਹੱਥ ਆਇਆ। ਹੁਣ ਇਸ ਮੁਹਿੰਮ ਤੋਂ ਵਿਹਲੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸ਼ਾਨ ਨਾਲ ਲਾਹੌਰ ਸ਼ਹਿਰ ਵਿਚ ਪ੍ਰਵੇਸ਼ ਕੀਤਾ ਤੇ ਇਸ ਫਤਹ ਦੀ ਖੁਸ਼ੀ ਵਿੱਚ ਇੱਕ ਆਮ ਦਰਬਾਰ ਕਰ ਕੇ ਫੌਜੀ ਤੇ ਹੋਰ ਆਦਮੀਆਂ, ਜਿਨ੍ਹਾਂ ਸੇਵਾ ਤੇ ਜਾਨ ਹੂਲਵੀਂ ਸੂਰਮਤਾ ਦੱਸੀ ਸੀ, ਓਹਨਾਂ ਨੂੰ ਇਨਾਮ ਆਦਿਕ ਵੰਡੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਚੜ੍ਹਾਵੇ ਚੜ੍ਹਾਏ ਤੇ ਫਿਰ ੧੫ ਦਿਨ ਲਾਹੌਰ ਠਹਿਰ ਕੇ ਮਹਾਰਾਜਾ ਨੇ ਮੁਲਤਾਨ ਤੇ ਫੌਜ ਦੀ ਚੜ੍ਹਾਈ ਕਰਾ ਦਿੱਤੀ।
੬੨. ਮੁਲਤਾਨ ਤੇ ਚੜ੍ਹਾਈ
ਜਦ ਫੌਜ ਨੇ ਮੁਲਤਾਨ ਵੱਲ ਕੂਚ ਕਰ ਦਿੱਤਾ, ਤਦ ਪਿੱਛੋਂ ਮਹਾਰਾਜਾ ਸਾਹਿਬ ਆਪਣੇ ਮੁਸਾਹਬਾਂ ਨਾਲ ਮੁਲਤਾਨ ਵੱਲ ਚਲੇ ਗਏ। ਜਦ ਮੁਲਤਾਨ ਦੇ ਪਾਸ ਅੱਪੜੇ ਤਦ ਸਰਦਾਰ ਫਤਹ ਸਿੰਘ ਕਾਲਿਆਂ ਵਾਲੇ ਨੂੰ ਮੁਲਤਾਨ ਦੇ ਨਵਾਬ ਮੁਜ਼ਫਰ ਖਾਂ ਪਾਸ ਭੇਜਿਆ ਕਿ ਉਸ ਨੂੰ ਜਾ ਕੇ ਕਹੇ ਕਿ ਜਦ ਤੁਸਾਂ ਸਾਡੀ ਅਧੀਨਤਾ ਸ੍ਵੀਕਾਰ ਕੀਤੀ ਸੀ, ਤਦ ਇਕਰਾਰ ਕੀਤਾ ਸੀ ਕਿ ਲਾਹੌਰ ਦਰਬਾਰ ਦੇ ਕਿਸੇ ਦੁਸ਼ਮਣ ਨਾਲ ਸਾਜ਼ਸ਼ ਨਹੀਂ ਕਰਾਂਗੇ। ਕਿੰਤੂ ਤੁਸਾਂ ਆਪਣੇ ਬਚਨ ਤੇ ਪਹਿਰਾ ਨਹੀਂ ਦਿੱਤਾ। ਜਦ ਝੰਗ ਦਾ ਰਈਸ ਐਹਮਦ ਖਾਂ ਸਿਆਲ ਨੱਸ ਕੇ ਤੁਹਾਡੇ ਪਾਸ
ਆਇਆ, ਤਦ ਤੁਸਾਂ ਓਹਨੂੰ ਪਨਾਹ ਦਿੱਤੀ। ਫਿਰ ਕੁਤਬਦੀਨ ਨਾਲ ਤੁਸਾਂ ਮਿਤਰਾਨਾ ਗੰਢ ਕੇ ਸਾਡੇ ਨਾਲ ਲੜਾਈ ਕਰਨ ਦੀ ਗੋਂਦ ਗੁੰਦੀ। ਹੁਣ ਚੂੰਕਿ ਤੁਸਾਂ ਆਪ ਬਚਨ ਭੰਗ ਕੀਤਾ ਹੈ। ਇਸ ਵਾਸਤੇ ਜਾਂ ਤਾਂ ਸਾਲਾਨਾ ਖਰਾਜ ਜੁਰਮਾਨੇ ਤੇ ਫੌਜ ਦੇ ਖ਼ਰਚ ਸਮੇਤ ਦੇਵੋ, ਨਹੀਂ ਤਾਂ ਖਾਲਸਾ ਫੌਜ ਸ਼ਹਿਰ ਵਿੱਚ ਦਾਖਲ ਹੋ ਕੇ ਤੁਹਾਨੂੰ ਬੇਦਖਲ ਕਰ ਦੇਵੇਗੀ ਤੇ ਆਪਣਾ ਕਬਜ਼ਾ ਕਰ ਲਏਗੀ। ਇਹ ਗੱਲ ਸੁਣਦੇ ਹੀ ਮੁਜ਼ੱਫਰ ਖਾਂ ਨੇ ਬੜੀ ਨਿਮਰਤਾ ਤੇ ਅਧੀਨਗੀ ਨਾਲ ਉੱਤਰ ਦਿੱਤਾ ਕਿ ਮਹਾਰਾਜਾ ਸਾਹਿਬ ਨੇ ਆਪ ਇੱਥੇ ਤੱਕ ਆਉਣ ਦੀ ਕਿਉਂ ਖੇਚਲ ਕੀਤੀ ਹੈ? ਮੈਂ ਤਾਂ ਹਰ ਵੇਲੇ ਨੌਕਰ ਹਾਂ। ਸਾਲਾਨਾ ਖਰਾਜ ਦੇਣ ਦਾ ਜੋ ਮੈਂ ਇਕਰਾਰ ਕੀਤਾ ਹੋਇਆ ਹੈ, ਉਹ ਕੁੱਤਾ ਭੇਜ ਕੇ ਮੰਗਵਾ ਸਕਦੇ ਸੀ। ਹਾਂ, ਜੇ ਮੈਂ ਕੋਈ ਬਗਾਵਤ ਕੀਤੀ ਹੋਂਦੀ, ਤਦ ਮੇਰੇ ਤੇ ਚੜ੍ਹਾਈ ਕਰਨੀ ਜ਼ਰੂਰੀ ਸੀ। ਮੈਂ ਅਹਿਮਦ ਖਾਂ ਸਿਆਲ ਨੂੰ ਉੱਕਾ ਪਨਾਹ ਨਹੀਂ ਦਿੱਤੀ। ਜਿਸ ਵੇਲੇ ਓਹ ਮੇਰੇ ਪਾਸ ਆਇਆ ਮੈਂ ਉਸੇ ਵੇਲੇ ਓਸ ਨੂੰ ਇਥੋਂ ਭੇਜ ਦਿੱਤਾ। ਹਾਂ, ਜੇ ਕਦੀ ਕੋਈ ਹੁਕਮ ਉਹਦੇ ਫੜਨ ਦਾ ਮੇਰੇ ਪਾਸ ਆਇਆ ਹੋਂਦਾ, ਤੇ ਮੈਂ ਉਹਨੂੰ ਨਾ ਫੜਦਾ ਤਦ ਵੀ ਮੈਂ ਕਸੂਰਵਾਰ ਸਾਂ। ਦੂਜਾ ਮੈਂ ਕੁਤਬਦੀਨ ਕਸੂਰ ਵਾਲੇ ਨਾਲ ਕੋਈ ਸਾਜ਼ਸ਼ ਨਹੀਂ ਕੀਤੀ। ਇਹ ਖ਼ਬਰ ਵੀ ਮਹਾਰਾਜਾ ਸਾਹਿਬ ਨੂੰ ਕਿਸੇ ਨੇ ਗ਼ਲਤ ਦਿੱਤੀ ਹੈ। ਹੁਣ ਇੰਨਾ ਖਰਾਜ ਹਰਜਾਨਾ ਜੋ ਮਹਾਰਾਜਾ ਸਾਹਿਬ ਨੇ ਮੰਗਿਆ ਹੈ, ਮੇਰੇ ਪਾਸ ਨਹੀਂ। ਨਹੀਂ ਤਾਂ ਇਹਦੇ ਮੰਨਣ ਵਿੱਚ ਵੀ ਨਾਂਹ ਨਾ ਕਰਦਾ। ਮੈਂ ਉਮੈਦ ਕਰਦਾ ਹਾਂ ਕਿ ਮਹਾਰਾਜਾ ਸਾਹਿਬ ਮੇਰੇ ਤੇ ਤਰਸ ਕਰਨਗੇ ਤੇ ਇੰਨੀ ਵਧੀਕੀ ਨਾ ਕਰਨਗੇ, ਜਿਸ ਦੇ ਨਾਲ ਕਿ ਮੈਂ ਤਬਾਹ ਹੋ ਜਾਵਾਂ।
ਜਦ ਮਹਾਰਾਜਾ ਸਾਹਿਬ ਵੱਲੋਂ ਕੁਤਬਦੀਨ ਨਾਲ ਕੀਤੀ ਸਾਜ਼ਸ਼ ਦੇ ਕੁਝ ਹਾਲ ਦੱਸੇ ਗਏ ਤਦ ਇਸ ਤੋਂ ਕੋਈ ਜਵਾਬ ਨਾ ਬਣ ਸਕਿਆ। ਮਹਾਰਾਜਾ ਨੇ ਫੌਜ ਨੂੰ ਹੱਲਾ ਬੋਲਣ ਦਾ ਹੁਕਮ ਦਿੱਤਾ। ਜਦ ਫੌਜ ਮੁਲਤਾਨ ਸ਼ਹਿਰ ਦੇ ਪਾਸ ਅਪੜੀ, ਤਦ ਨਵਾਬ ਨੇ ਦਰਵਾਜ਼ੇ ਬੰਦ ਕਰ ਲਏ ਤੇ ਫੌਜ ਲੈ ਸ਼ਹਿਰ ਦੇ ਗਿਰਦ ਘੇਰਾ ਘੱਤ ਲਿਆ ਤੇ ਬਾਹਰ ਦੀ ਆਵਜਾਈ ਬੰਦ ਕਰ ਦਿੱਤੀ। ਜਦ ਸ਼ਹਿਰ ਦੇ ਅੰਦਰ ਪ੍ਰਜਾ ਨੂੰ ਬੜੀ ਤਕਲੀਫ ਹੋਈ ਤੇ ਓਹਨਾਂ ਨੇ ਆਪਣੇ ਜਾਨ ਮਾਲ ਨੂੰ ਸਖ਼ਤ ਖਤਰੇ ਵਿੱਚ ਵੇਖਿਆ, ਤਦ ਸ਼ਹਿਰ ਦੇ ਸਾਰੇ ਚੌਧਰੀ ਇਕੱਠੇ ਹੋ ਕੇ ਨਵਾਬ ਮੁਜ਼ਫਰ ਖਾਂ ਦੇ ਪਾਸ ਗਏ ਤੇ ਓਹਨਾਂ ਜਾ ਕੇ ਕਿਹਾ ਕਿ ਆਪ ਦੀ ਅੜ ਤੋਂ ਸ਼ਹਿਰ ਤਬਾਹ ਹੋ ਜਾਏਗਾ। ਤੁਹਾਡੇ ਵਿੱਚ ਖਾਲਸੇ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ। ਤਾਂ ਤੇ ਚੰਗਾ ਹੋਵੇ ਜੋ ਤੁਸੀਂ ਸੁਲਾਹ ਕਰ ਕੇ ਜੰਗ ਦੀ ਜਵਾਲਾ ਤੋਂ ਸ਼ਹਿਰ ਨੂੰ ਬਚਾ ਲਓ।
ਪ੍ਰਜਾ ਦੀ ਬੇਨਤੀ ਸੁਣ ਮੁਜ਼ਫਰ ਖਾਂ ਨੂੰ ਵੀ ਹੋਸ਼ ਆ ਗਈ, ਇਨ੍ਹਾਂ ਨੇ ਇੱਕ ਲੱਖ ਰੁਪਯਾ ਦੇ ਕੇ ਮਹਾਰਾਜਾ ਸਾਹਿਬ ਨਾਲ ਸੁਲਾਹ ਕਰ ਲਈ।
੬੩. ਮੁਲਤਾਨ ਤੋਂ ਬਹਾਵਲਪੁਰ ਵੱਲ
ਜਦ ਨੀਯਤ ਰਕਮ ਮਹਾਰਾਜਾ ਸਾਹਿਬ ਪਾਸ ਅਪੜ ਗਈ ਤਦ ਓਹਨਾਂ ਨੇ ਮੁਲਤਾਨ ਦਾ ਘੇਰਾ ਚੁੱਕ ਲਿਆ ਤੇ ਬਹਾਵਲਪੁਰ ਵੱਲ ਕੂਚ ਕੀਤਾ। ਜਦ ਮਹਾਰਾਜਾ ਦੀ ਫੌਜ ਦਰਯਾ ਲੰਘ ਕੇ ਬਹਾਵਲਪੁਰ ਦੇ ਇਲਾਕੇ ਵਿੱਚ ਜਾ ਵੜੀ ਤਦ ਪ੍ਰਜਾ ਖਾਲਸੇ ਦੀ ਫੌਜ ਦੀ ਅਵਾਈ ਸੁਣ ਕੇ ਘਬਰਾ ਗਈ। ਨਵਾਬ ਨੇ ਆਪਣੇ ਵੱਲੋਂ ਪ੍ਰਤੀਨਿਧ ਭੇਜ ਕੇ ਬੇਨਤੀ ਕੀਤੀ ਕਿ ਮੈਂ ਆਪਦਾ ਹੁਕਮ ਮੰਨਣ ਵਾਲਾ ਹਾਂ। ਜੋ ਹੁਕਮ ਹੋਵੇ ਆਪ ਦੀ ਨਜ਼ਰ ਕਰਾਂ। ਅੰਤ ਨੂੰ ਬਹਾਵਲ ਖਾਂ ਨੇ ਇੱਕ ਤਕੜੀ ਰਕਮ ਨਜਰਾਨੇ ਵਜੋਂ ਪੇਸ਼ ਕੀਤੀ ਤੇ ਮਹਾਰਾਜੇ ਦੇ ਅਧੀਨ ਰਹਿਣਾ ਪ੍ਰਵਾਨ ਕੀਤਾ।
੬੪. ਫੌਜ ਵਿੱਚ ਵਾਧਾ
ਇਸ ਦੌਰੇ ਤੋਂ ਮਹਾਰਾਜਾ ਨੇ ਲਾਹੌਰ ਪੁੱਜ ਕੇ ਹੋਰ ਫੌਜ ਭਰਤੀ ਕਰ ਕੇ ਫੌਜ ਵਧਾਉਣ ਦਾ ਪ੍ਰਬੰਧ ਕੀਤਾ। ਵੱਖੋ ਵੱਖ ਤੋਪਖਾਨੇ ਨੀਯਤ ਕਰ ਕੇ ਓਹਨਾਂ ਵਿੱਚ ਆਪ ਨੇ ਸਿਆਣੇ ਅਫਸਰ ਮੁਕੱਰਰ ਕੀਤੇ ਤੇ ਤੋਪਾਂ ਬੰਦੂਕਾਂ ਬਣਨ ਦੇ ਕਾਰਖਾਨੇ ਜਾਰੀ ਕੀਤੇ।
੬੫. ਅਦੀਨਾ ਨਗਰ ਦੀ ਫਤਹ
ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਜਾ ਸਾਹਿਬ ਨੇ ਫੌਜ ਦਾ ਇੱਕ ਦਸਤਾ ਸਾਰੇ ਪਹਾੜੀ ਰਾਜਿਆਂ ਤੋਂ ਖਰਾਜ ਵਸੂਲ ਕਰਨ ਲਈ ਭੇਜਿਆ। ਇਹ ਇਲਾਕੇ ਘਨੱਯਾ ਸਰਦਾਰਾਂ ਵਿੱਚੋਂ ਸਰਦਾਰਨੀ ਸਦਾ ਕੌਰ ਦੇ ਮਾਤੈਹਤ ਸਨ, ਜੋ ਮਹਾਰਾਜੇ ਦੀ ਸੱਸ ਸੀ। ਇਸ ਕਰ ਕੇ ਸਰਦਾਰਨੀ ਜੀ ਨੂੰ ਆਪਣੇ ਦਾਮਾਦ ਵੱਲੋਂ ਇਹ ਗੱਲ ਸੁਣ ਕੇ ਦੁਖ ਹੋਇਆ।
੬੬. ਮਹਾਰਾਜੇ ਦਾ ਦੂਜੀ ਵੇਰ ਪਟਿਆਲੇ ਜਾਣਾ
ਪਟਿਆਲੇ ਦੇ ਮਹਾਰਾਜਾ ਸਾਹਿਬ ਸਿੰਘ ਦੀ ਰਾਣੀ ਆਸ ਕੌਰ ਸੀ। ਇਨ੍ਹਾਂ ਦੋਹਾਂ ਦਾ ਆਪਸ ਵਿਚ ਅਜੋੜ ਹੋ ਗਿਆ ਤੇ ਇਹ ਝਗੜਾ ਬਹੁਤ ਵਧ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਫੈਸਲੇ ਵਾਸਤੇ ਫਿਰ ਪਟਿਆਲੇ ਸੱਦਿਆ ਗਿਆ। ਮਹਾਰਾਜਾ ਨੇ ਇੱਕ ਤਕੜੀ ਫੌਜ ਲੈ ਕੇ ਸਰਦਾਰ ਫਤਹ ਸਿੰਘ ਆਹਲੂਵਾਲੀਆ ਤੇ ਦੀਵਾਨ ਮੋਹਕਮ ਚੰਦ ਸਮੇਤ ਪਟਿਆਲੇ ਵੱਲ ਕੂਚ ਕੀਤਾ। ਪਹਿਲਾਂ ਕੋਟਕਪੂਰਾ ਤੇ ਭਦੌੜ ਆਦਿਕ ਇਲਾਕਿਆਂ ਵਿੱਚ ਗਏ। ਇੱਥੋਂ ਚੱਲ ਕੇ ਮਲੇਰਕੋਟਲਾ ਦੇ ਰਈਸਾਂ ਤੋਂ ਨਜ਼ਰਾਨੇ ਵਸੂਲ ਕਰ ਕੇ ਰਿਆਸਤ ਨਾਭੇ ਵਿੱਚੋਂ ਹੋ ਕੇ ਸਤੰਬਰ ੧੮੦੭ ਵਿੱਚ ਖ਼ਾਸ ਪਟਿਆਲੇ ਪੁੱਜੇ। ਕਿੰਤੂ ਜਦ ਰਾਣੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਉਣ ਦੀ ਖ਼ਬਰ ਮਿਲੀ ਤਦ ਓਹਨੇ ਝਟ ਆਪਣੇ ਖਾਵੰਦ ਨਾਲ ਸੁਲਾਹ ਕਰ ਲਈ ਤੇ ਮਹਾਰਾਜਾ ਸਾਹਿਬ ਨੂੰ ਇੱਕ ਮੋਤੀਆਂ ਦਾ ਕੈਂਠਾ ਤੇ ਇੱਕ ਤੋਪ ਜੀਹਦਾ ਨਾਮ ਕੜੇ ਖਾਂ ਸੀ, ਦੇ ਕੇ ਓਹਨੀ ਪੈਰੀਂ ਵਾਪਸ ਟੋਰ ਦਿੱਤਾ।
੬੭. ਅੰਬਾਲੇ ਵੱਲ ਦੌਰਾ
ਪਟਿਆਲੇ ਤੋਂ ਹੋ ਕੇ ਮਹਾਰਾਜਾ ਸਾਹਿਬ ਅੰਬਾਲੇ ਵੱਲ ਗਏ। ਓਥੋਂ ਦੀ ਰਾਣੀ ਦਯਾ ਕੌਰ ਵਿਧਵਾ ਸਰਦਾਰ ਗੁਰਬਖਸ਼ ਸਿੰਘ, ਭਾਈ ਲਾਲ ਸਿੰਘ ਕੈਂਥਲ ਵਾਲੇ, ਸਰਦਾਰ ਗੁਰਦਿਤ ਸਿੰਘ, ਕਰਮ ਸਿੰਘ, ਸ਼ਾਹ ਆਬਾਦੀਆ, ਭਗਵਾਨ ਸਿੰਘ ਬੂੜੀਆਂ ਵਾਲਾ ਤੇ ਜੋਧ ਸਿੰਘ ਕਲਸੀਆਂ ਵਾਲਾ ਆਦਿਕ ਸਰਦਾਰਾਂ ਨੇ ਨਜ਼ਰਾਨੇ ਪੇਸ਼ ਕੀਤੇ ਤੇ ਖਿਲਅਤਾਂ ਲਈਆਂ।
੬੮. ਨਰਾਇਨ ਗੜ੍ਹ ਦਾ ਘੇਰਾ
ਨਰਾਇਨ ਗੜ੍ਹ ਦਾ ਕਿਲ੍ਹਾ ਅੰਬਾਲੇ ਤੇ ਪਹਾੜ ਦੇ ਵਿਚਕਾਰ ਹੈ। ਇਹ ਕਿਲ੍ਹਾ ਨਾਹਨ ਵਾਲੇ ਕੰਵਰ ਕ੍ਰਿਸ਼ਨ ਸਿੰਘ ਦੇ ਕਬਜ਼ੇ ਵਿੱਚ ਸੀ। ਇਸ ਪਾਸਿਓਂ ਕੁਝ ਵਧੀਕੀਆਂ ਹੋਈਆਂ ਸੁਣ ਮਹਾਰਾਜਾ ਨੇ ਚੜ੍ਹਾਈ ਕਰ ਦਿੱਤੀ। ਕਿਲ੍ਹਾ ਬੜਾ ਪੱਕਾ ਸੀ। ਕਿਲ੍ਹੇ ਦੀ ਫੌਜ ਨੇ ਬੜੀ ਜਾਨ ਹੂਲ ਕੇ ਮਹਾਰਾਜੇ ਦੀ ਫੌਜ ਦਾ ਟਾਕਰਾ ਕੀਤਾ। ਤਿੰਨ ਹਫਤੇ ਤੱਕ ਲੜਾਈ ਹੋਂਦੀ ਰਹੀ। ਸਰਦਾਰ ਫਤਹ ਸਿੰਘ ਕਾਲਿਆਂ ਵਾਲਾ, ਸੋਹਣ ਸਿੰਘ ਕੁਮੇਦਾਨ ਤੇ ਦੇਵਾ ਸਿੰਘ ਆਦਿਕ ਕੁਝ ਸਰਦਾਰ ਜੋ ਮਹਾਰਾਜੇ ਦੇ ਬੜੇ ਮਸ਼ਹੂਰ ਸਾਥੀ ਸਨ, ੪੦੦ ਆਦਮੀਆਂ ਸਮੇਤ ਮਾਰੇ ਗਏ ਤੇ ਕਿਲ੍ਹਾ ਫਤਹ ਹੋ ਗਿਆ। ਇਸ ਫਤਹ ਦੇ ਮਗਰੋਂ ਨਰਾਇਨ ਗੜ੍ਹ ਦਾ ਸਾਰਾ ਇਲਾਕਾ ਸਰਦਾਰ ਫਤਹ ਸਿੰਘ ਆਹਲੂਵਾਲੀਆ ਨੂੰ ਮਹਾਰਾਜੇ ਨੇ ਦੇ ਦਿੱਤਾ ਤੇ ਸਰਦਾਰ ਫਤਹ ਸਿੰਘ ਨੇ ੪੦ ਹਜ਼ਾਰ ਰੁਪਯਾ ਨਜ਼ਰਾਨੇ ਵਜੋਂ ਮਹਾਰਾਜਾ ਸਾਹਿਬ ਨੂੰ ਪੇਸ਼ ਕੀਤਾ। ਘੁੰਗਰਾਣੇ ਦਾ ਇਲਾਕਾ ਤਾਰਾ ਸਿੰਘ ਗੀਬੇ ਦੇ ਪਾਸ ਸੀ। ਇਸ ਦੇ ਮਰ ਜਾਣ ਤੇ ਇਸ ਦਾ ਲੜਕਾ ਦਸੌਂਧਾ ਸਿੰਘ ਓਥੋਂ ਦਾ ਹਾਕਮ ਬਣਿਆ। ਕਿੰਤੂ ਇਲਾਕੇ ਦਾ ਕੁਝ ਚੰਗਾ ਪ੍ਰਬੰਧ ਨਾ ਦੇਖ ਇਹ ਇਲਾਕਾ ਇਸੇ ਤਰ੍ਹਾਂ ਨਾਲ ਮੋੜਵਾ ਦਾ ਇਲਾਕਾ ਸਰਦਾਰ ਧਰਮ ਸਿੰਘ ਤੋਂ ਬਹਲੋਲਪੁਰ ਦਾ ਪ੍ਰਗਣਾ ਸ੍ਰ: ਭਾਗ ਸਿੰਘ ਦੀ ਵਿਧਵਾ ਤੋਂ ਲੈ ਕੇ ਮਹਾਰਾਜਾ ਨੇ ਸ੍ਰਦਾਰ ਫਤਹ ਸਿੰਘ ਆਹਲੂਵਾਲੀਆ, ਜਸਵੰਤ ਸਿੰਘ ਨਾਭੇ ਵਾਲਾ, ਦੀਵਾਨ ਮੋਹਕਮ ਚੰਦ, ਕਰਮ ਸਿੰਘ, ਬੀਰਭਾਨ ਤੇ ਰੂਪ ਚੰਦ ਆਦਿਕ ਆਪਣੇ ਸਰਦਾਰਾਂ ਵਿੱਚ ਵੰਡ ਦਿੱਤਾ।
ਗੁਪਾਲ ਸਿੰਘ ਮਨੀਮਾਜਰਾ ਵਾਲੇ ਤੋਂ ਤੀਹ ਹਜ਼ਾਰ, ਰਣਜੀਤ ਸਿੰਘ ਮਨੋਲੀ ਵਾਲੇ ਤੋਂ ੨੦ ਹਜਾਰ ਤੇ ਹਰੀ ਸਿੰਘ ਰੋਪੜੀਏ ਤੋਂ ੧੫ ਹਜ਼ਾਰ ਰੁਪੈਆ ਨਜ਼ਰਾਨਾ ਲੈ ਕੇ ਦਰਯਾਏ ਸਤਲੁਜ ਤੋਂ ਪਾਰ
ਚਲੇ ਗਏ। ਸਰਦਾਰ ਤਾਰਾ ਸਿੰਘ ਦੀ ਸਿੰਘਣੀ ਤੇ ਓਹਦੇ ਤਿੰਨ ਲੜਕਿਆਂ ਨੂੰ ਪੰਜ ਪਿੰਡ ਗੁਜਾਰੇ ਵਾਸਤੇ ਦਿੱਤੇ। ਇਹ ਪਿੰਡ ਕੁਝ ਚਿਰ ਮਗਰੋਂ ਬੇਦੀ ਬਿਕਰਮ ਸਿੰਘ ਨੇ ਇਨ੍ਹਾਂ ਤੋਂ ਲੈ ਲਏ।
੬੯. ਪਠਾਨਕੋਟ ਤੇ ਕਬਜਾ
ਪਠਾਨਕੋਟ ਦਾ ਇਲਾਕਾ ਸਰਦਾਰਨੀ ਸਦਾ ਕੌਰ ਦੇ ਕਬਜ਼ੇ ਵਿੱਚ ਸੀ, ਜੋ ਕਿ ਮਹਾਰਾਜਾ ਸਾਹਿਬ ਦੀ ਸੱਸ ਸੀ, ਜਿਸ ਤੋਂ ਸੰ. ੧੮੬੫ ਵਿੱਚ ਪਠਾਨਕੋਟ ਦੇ ਕਿਲ੍ਹੇ ਤੇ ਮਹਾਰਾਜਾ ਸਾਹਿਬ ਦਾ ਕਬਜਾ ਹੋ ਗਿਆ। ਫਿਰ ਓਥੋਂ ਕੂਚ ਕਰ ਕੇ ਰਾਜਾ ਜਸਰੋਟਾ ਤੇ ਚੰਬਾ ਵੱਲ ਵਾਗਾਂ ਮੋੜੀਆਂ, ਇਨ੍ਹਾਂ ਦੋਹਾਂ ਨੇ ਵੀ ਇੱਕ ਤਕੜੀ ਰਕਮ ਨਜ਼ਰਾਨੇ ਵਜੋਂ ਦਿੱਤੀ ਤੇ ਅਧੀਨਤਾ ਮੰਨੀ। ਇਸੇ ਤਰ੍ਹਾਂ ਨਾਲ ਬਸੌਲੀ ਵਾਲੇ ਰਾਜੇ ਨੇ ੮੦੦੦ ਰੁਪਯਾ ਸਲਾਨਾ ਦੇਣਾ ਕੀਤਾ।
ਜਿਸ ਵੇਲੇ ਮਹਾਰਾਜਾ ਸਾਹਿਬ ਪਹਾੜੀ ਰਾਜਿਆਂ ਵੱਲ ਚੱਕਰ ਲਾ ਰਹੇ ਸੀ, ਓਹਨਾਂ ਦਾ ਦੀਵਾਨ ਮੋਹਕਮ ਚੰਦ ਸਤਲੁਜ ਪਾਰ ਰਈਸਾਂ ਦੇ ਵੱਲ ਫਿਰਦਾ ਰਿਹਾ। ਜੇਹੜਾ ਜੇਹੜਾ ਰਈਸ ਨਜ਼ਰਾਨਾ ਲੈ ਕੇ ਮਿਲ ਪਿਆ, ਓਹਨੂੰ ਆਪਣੀ ਜਾਗੀਰ ਤੇ ਬਹਾਲ ਰੱਖਿਆ। ਕਿੰਤੂ ਜਿਸ ਨੇ ਆਣ ਨਾ ਮੰਨੀ ਓਸ ਨਾਲ ਜੰਗ ਕਰ ਕੇ ਇਲਾਕੇ ਫਤਹ ਕਰ ਕੇ ਲਾਹੌਰ ਦਰਬਾਰ ਨਾਲ ਮਿਲਾ ਦਿੱਤਾ।
੭੦. ਮਹਾਰਾਜੇ ਦਾ ਦਰਬਾਰ ਤੇ ਸਿਆਲਕੋਟ ਗੁਜਰਾਤ ਤੇ ਚੜ੍ਹਾਈ
ਪਹਾੜ ਤੋਂ ਮੁੜ ਕੇ ਮਹਾਰਾਜਾ ਨੇ ਇਕ ਆਮ ਦਰਬਾਰ ਕੀਤਾ, ਜਿਸ ਵਿਚ ਸਾਰੇ ਸਿੱਖ ਰਈਸ ਤੇ ਸਰਦਾਰ ਆਏ ਤੇ ਓਹਨਾਂ ਨਜ਼ਰਾਂ ਦਿੱਤੀਆਂ। ਕਿੰਤੂ ਇਸ ਦਰਬਾਰ ਵਿੱਚ ਜੀਵਨ ਸਿੰਘ ਸਿਆਲਕੋਟ ਵਾਲਾ ਤੇ ਸਾਹਬ ਸਿੰਘ ਗੁਜਰਾਤ ਵਾਲਾ ਨਹੀਂ ਆਏ ਸੀ। ਮਹਾਰਾਜਾ ਨੇ ਝੱਟ ਇਨ੍ਹਾਂ ਦੇ ਵਿਰੁੱਧ ਫੌਜੀ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਸਿਆਲਕੋਟ ਦੇ ਕਿਲ੍ਹੇ ਤੇ ਮੋਰਚਾ ਲਾਇਆ। ਇੱਥੇ ਚਾਰ ਹਾਕਮ ਸਨ: ਸ੍ਰ. ਜੀਵਣ ਸਿੰਘ, ਸਾਹਬ ਸਿੰਘ, ਮੇਹਰ ਸਿੰਘ ਤੇ ਬਾਬਾ ਨੱਥਾ ਸਿੰਘ ਜੀ ਸ਼ਹੀਦ।
ਬਾਬਾ ਨੱਥਾ ਸਿੰਘ ਸ਼ਹੀਦ ਬੜਾ ਕਰਨੀ ਵਾਲਾ ਆਦਮੀ ਸੀ। ਇਸ ਨੇ ਬਾਕੀ ਸਰਦਾਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਆਨ ਮੰਨ ਲਓ। ਕਿੰਤੂ ਓਹਨਾਂ ਨਾ ਮੰਨੀ, ਜਿਸ ਤੋਂ ਲੜਾਈ ਸ਼ੁਰੂ ਹੋ ਗਈ। ਅੱਠ ਦਿਨ ਲੜਾਈ ਦਾ ਮੈਦਾਨ ਗਰਮ ਰਿਹਾ। ਮਹਾਰਾਜਾ ਦੀਆਂ ਤੋਪਾਂ ਨੇ ਕਿਲ੍ਹੇ ਦਾ ਦਰਵਾਜਾ ਢਾਹ ਦਿੱਤਾ ਤੇ ਫੌਜ ਨੇ ਅੰਦਰ ਜਾ ਕੇ ਸਰਦਾਰ ਜੀਵਨ ਸਿੰਘ ਨੂੰ ਫੜ ਲਿਆ। ਮਹਾਰਾਜਾ ਨੇ ਓਹਨਾਂ ਨੂੰ ਪੰਜ ਪਿੰਡ ਗੁਜ਼ਾਰੇ ਵਾਸਤੇ ਦੇ ਕੇ ਬਾਕੀਆਂ ਨੂੰ ਲਾਹੌਰ ਰਾਜ ਨਾਲ ਮਿਲਾ ਲਿਆ। ਕਿੰਤੂ ਨੱਥਾ ਸਿੰਘ ਸ਼ਹੀਦ ਦੇ ਇਲਾਕੇ ਨੂੰ ਜਿਉਂ ਦਾ ਤਿਉਂ ਹੀ ਰਹਿਣ ਦਿੱਤਾ। ਸਿਆਲਕੋਟ ਦਾ ਹਾਕਮ ਆਪਣੇ ਸਰਦਾਰ ਹੁਕਮ ਸਿੰਘ ਚਿਮਨੀ ਵਾਲੇ ਨੂੰ ਨੀਯਤ ਕੀਤਾ ਤੇ ਆਪ ਗੁਜਰਾਤ ਵੱਲ ਚੜ੍ਹਾਈ ਕੀਤੀ। ਸਾਹਬ ਸਿੰਘ ਨੂੰ ਸਿਆਲਕੋਟ ਦਾ ਸਾਰਾ ਹਾਲ ਮਲੂਮ ਹੋ ਹੀ ਚੁੱਕਾ ਸੀ। ਇਸ ਕਰ ਕੇ ਝਟ ਆਪਣੇ ਆਦਮੀ ਭੇਜ ਕੇ ਰਾਹ ਵਿੱਚ ਹੀ ਨਜ਼ਰਾਨੇ ਦੀ ਇੱਕ ਤਕੜੀ ਰਕਮ ਪੇਸ਼ ਕਰ ਕੇ ਰਾਹ ਵਿੱਚੋਂ ਹੀ ਮੋੜ ਦਿੱਤਾ। ਮਹਾਰਾਜਾ ਸਾਹਿਬ ਨੇ ਗੁਜਰਾਤ ਦਾ ਖ਼ਿਆਲ ਛੱਡ ਕੇ ਅਖਨੂਰ ਵੱਲ ਵਾਗਾਂ ਮੋੜੀਆਂ। ਓਥੋਂ ਦੇ ਰਈਸ ਆਲਮ ਖਾਂ ਨੇ ਵੀ ਨਜ਼ਰਾਨਾ ਦੇ ਕੇ ਅਧੀਨਤਾ ਮੰਨੀ।
੭੧. ਸ਼ੇਖੂਪੁਰੇ ਦੀ ਜਿੱਤ
ਸ਼ੇਖੂਪੁਰੇ ਦੀ ਪਰਜਾ ਵੱਲੋਂ ਉੱਥੋਂ ਦੇ ਹਾਕਮਾਂ ਦੀ ਸ਼ਕਾਇਤ ਪੁੱਜਣ ਤੇ ਮਹਾਰਾਜਾ ਨੇ ਸ਼ਾਹਜ਼ਾਦਾ ਖੜਕ ਸਿੰਘ ਨੂੰ ਸੈਨਾਪਤੀ ਨੀਯਤ ਕਰ ਕੇ ਸਰਦਾਰ ਹਾਕਮਾਂ ਸਿੰਘ ਚਿਮਨੀਵਾਲਾ ਤੇ ਗੁਲਾਮ ਗੋਸ਼ ਅਫਸਰ ਤੋਪਖਾਨੇ ਵਾਲੇ ਨੂੰ ੪੦੦੦ ਜਵਾਨ ਦੇ ਕੇ ਸ਼ੇਖੂਪੁਰੇ ਵੱਲ ਭੇਜਿਆ। ਦੋਹਾਂ ਧਿਰਾਂ ਤੋਂ ਕਠਨ ਲੜਾਈ ਹੋਈ। ਮਹਾਰਾਜੇ ਦੀ ਫੌਜ ਨੇ ਭੰਗੀਆਂ ਵਾਲੀ ਤੋਪ ਲਿਆ ਕੇ ਕਿਲ੍ਹੇ ਤੇ ਗੋਲੇ ਮਾਰੇ। ਇਸ ਤੋਪ ਦੇ ੨੦ ਗੋਲਿਆਂ ਨਾਲ ਕਿਲ੍ਹੇ ਦਾ ਦਰਵਾਜ਼ਾ ਟੁਕੜੇ ਟੁਕੜੇ ਹੋ ਗਿਆ। ਰਾਹ ਹੋ ਜਾਣ ਤੇ ਫੌਜ ਨੇ ਅੰਦਰ ਜਾ ਕੇ ਸਰਦਾਰ ਅਰਬੇਲ ਸਿੰਘ ਤੇ ਅਮੀਰ ਸਿੰਘ ਨੂੰ ਫੜ ਲਿਆ
ਤੇ ਇਨ੍ਹਾਂ ਦੀ ਸਾਰੀ ਫੌਜ ਆਪਣੇ ਪਾਸ ਨੌਕਰ ਰੱਖ ਲਈ। ਇਹ ਸ਼ੇਖੂਪੁਰੇ ਦਾ ਇਲਾਕਾ ਮਹਾਰਾਜਾ ਸਾਹਿਬ ਨੇ ਆਪਣੀ ਰਾਣੀ ਨਕਾਇਨ ਨੂੰ ਜਾਗੀਰ ਵਜੋਂ ਦੇ ਦਿੱਤਾ।
੭੨. ਅੰਗਰੇਜ਼ਾਂ ਦਾ ਵਕੀਲ ਆਇਆ
ਅੰਗਰੇਜ਼ਾਂ ਵੱਲੋਂ ਇੱਕ ਵਕੀਲ ਮਹਾਰਾਜਾ ਸਾਹਿਬ ਪਾਸ ਬਹੁਤ ਸਾਰੇ ਤੋਹਫੇ ਲੈ ਕੇ ਆਇਆ। ਇਸ ਵਕੀਲ ਨੂੰ ਮਹਾਰਾਜਾ ਸਾਹਿਬ ਨੇ ਬੜੀ ਇੱਜਤ ਨਾਲ ਆਪਣੇ ਦਰਬਾਰ ਵਿੱਚ ਸੱਦਿਆ ਤੇ ਪੰਜ ਹਜ਼ਾਰ ਦਾ ਖਿਲਅਤ ਪੰਜਾਬ ਦੇ ਤੋਹਫੇ ਅੰਗਰੇਜ ਅਫਸਰਾਂ ਨੂੰ ਦੇ ਕੇ ਟੋਰਿਆ।
੭੩. ਗੋਬਿੰਦ ਗੜ੍ਹ ਦੇ ਕਿਲ੍ਹੇ ਦੀ ਉਸਾਰੀ
ਇਸ ਸਾਲ ਮਹਾਰਾਜੇ ਨੇ ਅੰਮ੍ਰਿਤਸਰ ਵਿਚ ਇੱਕ ਬੜਾ ਪੱਕਾ ਕਿਲ੍ਹਾ ਬਣਵਾ ਕੇ ਓਹਦਾ ਨਾਮ ਗੋਬਿੰਦਗੜ੍ਹ ਰੱਖਿਆ ਤੇ ਇਸ ਦੇ ਵਿੱਚ ਆਪਣੇ ਖ਼ਜ਼ਾਨੇ ਨੂੰ ਰੱਖ ਕੇ ੨੦ ਭਾਰੀਆਂ ਤੋਪਾਂ ਇਸ ਕਿਲ੍ਹੇ ਦੀਆਂ ਦੀਵਾਰਾਂ ਤੇ ਚੜ੍ਹਾ ਦਿੱਤੀਆਂ ਤੇ ਹਰ ਸਮੇਂ ਇੱਥੇ ੨੦ ਹਜ਼ਾਰ ਫੌਜ ਰਹਿਣ ਦਾ ਹੁਕਮ ਦਿੱਤਾ।
੭੪. ਮੁਲਤਾਨ ਤੋਂ ਖਰਾਜ ਦੀ ਵਸੂਲੀ
ਮੁਲਤਾਨ ਵੱਲੋਂ ਖਰਾਜ ਆਉਣ ਵਿੱਚ ਦੇਰ ਹੋ ਗਈ ਸੀ, ਇਸ ਕਰ ਕੇ ਸਰਦਾਰ ਬਾਜ ਸਿੰਘ, ਜਸਾ ਸਿੰਘ ਭੰਗੀ, ਕੁਤਬਦੀਨ ਖਾਂ, ਮਮਦੋਟ ਵਾਲਾ (ਰਈਸ ਕਸੂਰ) ਨੂੰ ਪੰਜ ਹਜਾਰ ਫੌਜ ਦੇ ਕੇ ਮੁਲਤਾਨ ਵਾਲਿਆਂ ਤੋਂ ਖਰਾਜ ਵਸੂਲ ਕਰਨ ਵਾਸਤੇ ਭੇਜਿਆ। ਤਿੰਨ ਮਹੀਨੇ ਪਿੱਛੋਂ ਇਹ ਖਰਾਜ ਵਸੂਲ ਕਰ ਕੇ ਆਏ। ਉਸ ਵੇਲੇ ਦੀਵਾਨ ਮੋਹਕਮ ਚੰਦ ਵੀ ਦਵਾਬੇ ਦੇ ਇਲਾਕੇ ਵਿਚੋਂ ਦੌਰਾ ਕਰਦਾ ਮਾਖੋਵਾਲ ਤੇ ਅਨੰਦਪੁਰ ਦਾ ਇਲਾਕਾ ਫਤਹ ਕਰ ਕੇ ਤੇ ੬ ਲੱਖ ਰੁਪ੍ਯਾ ਨਜ਼ਰਾਨੇ ਦਾ ਲੈ ਕੇ ਆਇਆ ਸੀ। ਮਹਾਰਾਜਾ ਨੇ ਦੀਵਾਨ ਦੇ ਇਸ ਕੰਮ ਦੀ ਪ੍ਰਸੰਸਾ ਕੀਤੀ।
੭੫, ਮਾਲ ਅਫਸਰ ਦਾ ਨੀਯਤ ਹੋਣਾ
ਸ਼ਾਹਸੁਜਾ ਪਾਸ ਭਵਾਨੀ ਦਾਸ ਨਾਮ ਦਾ ਇਕ ਬੜਾ ਸਿਆਣਾ ਹਾਕਮ ਸੀ। ਸ਼ਾਹ ਸੁਜਾ ਨਾਲ ਓਹਦੀ ਅਣਬਣ ਹੋ ਗਈ ਸੀ ਤੇ ਓਹ ਮਹਾਰਾਜਾ ਪਾਸ ਆ ਗਿਆ। ਮਹਾਰਾਜਾ ਨੇ ਓਹਦੀ ਬੜੀ ਇੱਜ਼ਤ ਕੀਤੀ ਤੇ ਓਹਨੂੰ ਆਪਣੇ ਦਰਬਾਰ ਦੇ ਮਾਲ ਦੇ ਮਹਿਕਮੇ ਦਾ ਵੱਡਾ ਅਫਸਰ ਨੀਯਤ ਕੀਤਾ। ਉਸ ਨੇ ਹਰ ਇੱਕ ਮਹਿਕਮੇ ਦੇ ਹਿਸਾਬ ਕਿਤਾਬ ਰੱਖਣ ਲਈ ਨਵੇਂ ਨਿਯਮ ਬਣਾਏ। ਉਸ ਸਮੇਂ ਲਾਹੌਰ ਦਰਬਾਰ ਨੂੰ ਜੋ ਮਾਮਲਾ ਮਿਲਦਾ ਸੀ, ਓਹ ੩੦ ਲੱਖ ਰੁਪਯਾ ਸੀ। ਇਹ ਰਕਮ ਵੀ ਅੰਮ੍ਰਿਤਸਰ ਦੇ ਰਾਮਨੰਦ ਪਾਸ ਜਮ੍ਹਾਂ ਹੁੰਦੀ ਸੀ ਤੇ ਉੱਥੋਂ ਹੀ ਲਾਹੌਰ ਦਰਬਾਰ ਦੇ ਖਰਚ ਚਲਦੇ ਸਨ। ਇਸ ਦੀ ਚੰਗੀ ਸੇਵਾ ਵੇਖ ਕੇ ਇਸ ਨੂੰ ਲੂਣ ਦੀ ਖਾਣ ਦਾ ਮਸੂਲ ਮਾਫ ਸੀ। ਹੁਣ ਭਵਾਨੀ ਦਾਸ ਨੇ ਖ਼ਜ਼ਾਨੇ ਦਾ ਇੱਕ ਖ਼ਾਸ ਕਾਨੂੰਨ ਬਣਾ ਕੇ ਮਹਾਰਾਜਾ ਸਾਹਿਬ ਦੇ ਪੇਸ਼ ਕੀਤਾ। ਮਹਾਰਾਜਾ ਸਾਹਿਬ ਨੇ ਹਰ ਇੱਕ ਤਜਵੀਜ਼ ਨੂੰ ਬੜਾ ਪਸੰਦ ਕੀਤਾ ਤੇ ਸਿਵਲ ਤੇ ਫੌਜ ਹਰ ਇੱਕ ਮਹਿਕਮੇ ਦੇ ਅਫਸਰਾਂ ਨੂੰ ਇਨ੍ਹਾਂ ਦੇ ਅਨੁਸਾਰ ਕੰਮ ਚਲਾਣ ਦਾ ਹੁਕਮ ਦਿੱਤਾ। ਇੱਕ ਵੱਡਾ ਖ਼ਜਾਨਚੀ ਨੀਯਤ ਹੋਇਆ ਤੇ ਲੂਣ ਦੀ ਖਾਣ ਦਾ ਮਸੂਲ ਬਕਾਇਦਾ ਸ਼ਾਹੀ ਖ਼ਜ਼ਾਨੇ ਵਿੱਚ ਦਾਖਲ ਹੋਣ ਲੱਗਾ। ਖ਼ਜ਼ਾਨਚੀ ਦੇ ਹੇਠ ਹਰ ਇੱਕ ਮਹਿਕਮੇ ਦੇ ਵੱਖਰੇ ਵਸੂਲੀ ਕਰਨ ਵਾਲੇ ਨੀਯਤ ਕੀਤੇ ਗਏ, ਜਿਨ੍ਹਾਂ ਦੇ ਹਰ ਇੱਕ ਮਹਿਕਮੇ ਦਾ ਮਾਹਵਾਰੀ ਹਿਸਾਬ ਲਾਲਾ ਭਵਾਨੀ ਦਾਸ ਪਾਸ ਪੜਤਾਲ ਲਈ ਜਾਣ ਲੱਗਾ, ਜਿਸ ਤੋਂ ਮਹਾਰਾਜਾ ਸਾਹਿਬ ਦੇ ਅਸਲ ਖ਼ਜ਼ਾਨੇ ਦੀ ਹਾਲਤ ਨੂੰ ਬੜਾ ਫਾਇਦਾ ਪੁੱਜਾ। ਮਹਾਰਾਜਾ ਬੜਾ ਖ਼ੁਸ਼ ਹੋਇਆ। ਦੂਜੇ ਸਾਲ ਭਵਾਨੀ ਦਾਸ ਦੇ ਭਰਾ ਨੂੰ ਜੋ ਸ਼ੇਰ ਮੁਹੰਮਦ ਦਾ ਦੀਵਾਨ ਤੇ ਵਜ਼ੀਰ ਸੀ, ਬੁਲਾ ਕੇ ਮਾਲ ਦੇ ਮੈਹਕਮੇ ਵਿੱਚ ਨੀਯਤ ਕੀਤਾ।
੭੬. ਅੰਗਰੇਜ਼ਾਂ ਨਾਲ ਸੰਬੰਧ
ਸੰਮਤ ੧੮੬੫ ਬਿਕ੍ਰਮੀ ਨੂੰ ਸਤਲੁਜ ਪਾਰ ਦੇ ਸਰਦਾਰਾਂ ਦੀ ਪਟਿਆਲੇ ਦੇ ਇਲਾਕੇ ਸਮਾਨਾ ਨਾਮ ਦੇ ਮੁਕਾਮ ਤੇ ਇੱਕ ਕਾਨਫਰੰਸ ਹੋਈ। ਇਸ ਇਕੱਠ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਚੜ੍ਹਦੀਆਂ ਕਲਾਂ ਨੂੰ ਆਪਣੇ ਲਈ ਹਾਨੀਕਾਰਕ ਦੱਸ ਕੇ ਫੈਸਲਾ ਕੀਤਾ ਗਿਆ ਕਿ ਅੰਗਰੇਜ਼ਾਂ ਦੇ ਅਧੀਨ ਆਪਣੇ ਆਪ ਨੂੰ ਕਰ ਲਿਆ ਜਾਵੇ। ਸੋ ਇਨ੍ਹਾਂ ਨੇ ਇੱਕ ਚਿੱਠੀ ਦਿੱਲੀ ਲਿਖੀ, ਜਿਸ ਵਿੱਚ ਦੱਸਿਆ ਕਿ ਅਸੀਂ ਸਦਾ ਤੋਂ ਦਿੱਲੀ ਦੇ ਅਧੀਨ ਰਹੇ ਹਾਂ। ਸਾਨੂੰ ਹੁਣ ਵੀ ਦਿੱਲੀ ਦੇ ਅਧੀਨ ਰੱਖਿਆ ਜਾਵੇ, ਨਹੀਂ ਤਾਂ ਅਸਾਨੂੰ ਇੱਕ ਨਾ ਇੱਕ ਦਿਨ ਸ਼ੇਰੇ ਪੰਜਾਬ ਦਾ ਸ਼ਿਕਾਰ ਹੋਣਾ ਪਏਗਾ। ਮਿਸਟਰ ਸਟੇਨ ਓਹਨਾਂ ਦਿਨਾਂ ਵਿੱਚ ਦਿੱਲੀ ਰੈਜੀਡੈਂਟ ਸੀ, ਉਸ ਨੇ ਇਨ੍ਹਾਂ ਦੇ ਪ੍ਰਤੀਨਿਧਾਂ ਦੀ ਬੜੀ ਆਓ ਭਗਤ ਕੀਤੀ ਤੇ ਦਰਖ਼ਾਸਤ ਨੂੰ ਗਵਰਨਮੈਂਟ ਪਾਸ ਮਨਜ਼ੂਰੀ ਵਾਸਤੇ ਭੇਜ ਦਿੱਤਾ। ਓਹ ਮਾਮਲਾ ਮਿਸਟਰ ਮਟਕਾਫ ਦੇ ਸਪੁਰਦ ਕੀਤਾ। ਮਿਸਟਰ ਮਟਕਾਫ ਰਾਜਸੀ ਮਾਮਲਿਆਂ ਦੇ ਸੁਲਝਾਣ ਵਿੱਚ ਬੜੀ ਯੋਗਤਾ ਰੱਖਦਾ ਸੀ। ਓਹਨਾਂ ਹੀ ਦਿਨਾਂ ਵਿੱਚ ਨਿਪੋਲੀਅਨ ਬੋਨਾਪਾਰਟ ਦੇ ਵੱਲੋਂ ਹਿੰਦ ਵਿੱਚ ਹਮਲੇ ਦਾ ਡਰ ਸੀ। ਇਸ ਲਈ ਸਰਕਾਰ ਨੇ ਆਪਣੀਆਂ ਹੱਦਾਂ ਪੱਕੀਆਂ ਕਰਨ ਲਈ ਸਰ ਜਾਨ ਮਲਕੋਲਮ ਤੈਹਰਾਨ ਵਿੱਚ, ਐਲਫਨ ਸਟੇਨ ਕਾਬਲ ਵਿੱਚ ਤੇ ਮਟਕਾਫ ਨੂੰ ਪੰਜਾਬ ਦੀ ਸਰਕਾਰ ਪਾਸ ਭੇਜਿਆ।
੭੭. ਅੰਗਰੇਜ਼ੀ ਸਫੀਰ ਤੇ ਮਹਾਰਾਜਾ ਦਾ ਮਿਲਾਪ
ਮਿਸਟਰ ਮਟਕਾਫ ਸਾਹਿਬ ਚੱਲ ਕੇ ਪਹਿਲਾਂ ੨੨ ਅਗਸਤ ੧੮੦੮ ਨੂੰ ਪਟਿਆਲੇ ਪੁੱਜੇ, ਜਿੱਥੋਂ ਦੇ ਰਈਸ ਸਾਹਿਬ ਸਿੰਘ ਨੇ ਬੜੇ ਚਾਓ ਨਾਲ ਇਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇੱਥੇ ਫਿਰ ਸਤਲਜ ਪਾਰ ਦੇ ਰਈਸਾਂ ਨੇ ਓਹ ਬਿਨੇ ਜੋ ਦਿੱਲੀ ਰੈਜ਼ੀਡੈਂਟ ਪਾਸ ਜਾ ਕੇ ਕੀਤੀ ਸੀ, ਫਿਰ ਮਿਸਟਰ ਮਟਕਾਫ ਅੱਗੇ ਕੀਤੀ। ਮਟਕਾਫ ਸਾਹਿਬ ਨੇ ਓਹਨਾਂ ਨੂੰ ਤਸੱਲੀ ਦਿੱਤੀ ਤੇ ਲਾਹੌਰ ਵੱਲ ਟੁਰ ਪਏ। ਇਧਰ ਮਹਾਰਾਜਾ ਨੂੰ ਵੀ ਪਤਾ ਲੱਗ ਗਿਆ ਕਿ ਮਿਸਟਰ ਮਟਕਾਫ ਆ ਰਿਹਾ ਹੈ। ਇਨ੍ਹਾਂ ਨੇ ਵੀ ਲਾਹੌਰ ਵੱਲੋਂ ਕੂਚ ਕਰ ਦਿੱਤਾ ਤੇ ਕਸੂਰ ਵੱਲ ਟੁਰ ਪਏ ਤੇ ਹੁਕਮ ਦਿੱਤਾ ਕਿ ਅਸੀਂ ਸਫੀਰ ਨੂੰ ਕਸੂਰ ਮਿਲਾਂਗੇ। ਜਦ ਮਿਸਟਰ ਮਟਕਾਫ ਨੂੰ ਖ਼ਬਰ ਮਿਲੀ ਕਿ ਮਹਾਰਾਜਾ ਸਾਹਿਬ ਕਸੂਰ ਠਹਿਰੇ ਹੋਏ ਹਨ, ਤਦ ਓਹ ਵੀ ਕਸੂਰ ਵਾਲੇ ਪਾਸੇ ਹੀ ਟੁਰ ਪਿਆ। ਜਦ ੧੧ ਸਤੰਬਰ ਨੂੰ ਅੰਗਰੇਜ਼ੀ ਸਫੀਰ ਕਸੂਰ ਦੇ ਪਾਸ ਪੁੱਜਾ। ਤਦ ਸਰਦਾਰ ਫਤਹ ਸਿੰਘ ਆਹਲੂਵਾਲੀਆ ਤੇ ਦੀਵਾਨ ਮੋਹਕਮ ਚੰਦ ਨੇ ੨੦੦੦ ਸਵਾਰਾਂ ਨੂੰ ਨਾਲ ਲੈ ਕੇ ਮਹਾਰਾਜਾ ਦੇ ਹੁਕਮ ਨਾਲ ਸ਼ਹਿਰ ਤੋਂ ਬਾਹਰ ਨਿੱਕਲ ਕੇ ਓਹਦਾ ਸਵਾਗਤ ਕੀਤਾ ਤੇ ਬੜੀ ਇੱਜ਼ਤ ਨਾਲ ਠਹਿਰਨ ਵਾਲੀ ਜਗ੍ਹਾ ਤੱਕ ਪਹੁੰਚਾਇਆ। ਦੂਜੇ ਦਿਨ ਮਹਾਰਾਜਾ ਸਾਹਿਬ ਨੇ ਸਫੀਰ ਨਾਲ ਮੁਲਾਕਾਤ ਕੀਤੀ। ਸਫੀਰ ਨੇ ਅੰਗਰੇਜ਼ਾਂ ਵੱਲੋਂ ਤਿੰਨ ਹਾਥੀ ਸੋਨੇ ਦੇ ਹੌਦਿਆਂ ਸਣੇ ਤੇ ਹੋਰ ਕੁਲ ਸੋਨੇ ਦੇ ਸਮਾਨ ਝਲ ਆਦਿਕ, ਇੱਕ ਵਲਾਇਤੀ ਬੱਘੀ, ਦੋ ਇੱਕ ਚੰਗੇ ਘੋੜਿਆਂ ਸਮੇਤ ਤੇ ਬਹੁਤ ਸਾਰੇ ਵਲਾਇਤੀ ਚੀਜਾਂ ਦੇ ਤੋਹਫੇ ਵਜੋਂ ਪੇਸ਼ ਕੀਤੀਆਂ। ਮਹਾਰਾਜਾ ਸਾਹਿਬ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਵਾਨ ਕਰ ਕੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ ਤੇ ਅੰਗਰੇਜਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਦਿਲੋਂ ਅੰਗਰੇਜ਼ਾਂ ਦੇ ਨਾਲ ਸੁਲਾਹ ਸਫ਼ਾਈ ਰਖਣ ਨੂੰ ਤਿਆਰ ਹਾਂ ਤੇ ਗ੍ਵਰਨਮੈਂਟ ਨੂੰ ਚਾਹੀਦਾ ਹੈ ਕਿ ਨਿਪੋਲੀਅਨ ਬੋਨਾਪਾਰਟ ਵਗੈਰਾ ਵੱਲੋਂ ਕਿਸੇ ਤਰ੍ਹਾਂ ਦਾ ਫ਼ਿਕਰ ਨਾ ਕਰੇ। ਬਾਕੀ ਦੀਆਂ ਦੂਜੀਆਂ ਗੱਲਾਂ ਤੇ ਪੂਰਨ ਵਿਚਾਰ ਕਰ ਕੇ ਉੱਤਰ ਦਿੱਤਾ ਜਾਵੇਗਾ।
ਮਿਸਟਰ ਮਟਕਾਫ ੪-੫ ਵੇਰ ਮਹਾਰਾਜਾ ਸਾਹਿਬ ਨੂੰ ਨਵੇਕਲਾ ਮਿਲਿਆ। ਹਰ ਵਾਰ ਮਹਾਰਾਜਾ ਸਾਹਿਬ ਨੇ ਗਵਰਨਮੈਂਟ ਅੰਗਰੇਜ਼ੀ ਨਾਲ ਸੁਲਾਹ ਤੇ ਹਮਦਰਦੀ ਰੱਖਣੀ ਪ੍ਰਗਟ ਕੀਤੀ, ਕਿੰਤੂ ਜਦ ਸਤਲੁਜ ਤੇ ਹਦ ਕਾਇਮ ਕਰਨ ਦੀ ਗੱਲ ਛਿੜਦੀ ਤਾਂ ਮਹਾਰਾਜਾ ਸਾਹਿਬ ਕੋਈ ਉੱਤਰ ਨਾ ਦਿੰਦੇ।
੭੮. ਸਤਲੁਜ ਤੋਂ ਪਾਰ ਚੜ੍ਹਾਈ
ਇਸ ਸਮੇਂ ਜਦ ਕਿ ਸਫੀਰ ਨਾਲ ਅਜੇ ਕਿਸੇ ਗੱਲ ਦਾ ਫੈਸਲਾ ਨਹੀਂ ਹੋਇਆ ਸੀ, ਮਹਾਰਾਜਾ ਸਾਹਿਬ ਨੇ ਸਤਲੁਜ ਦੇ ਪਾਰ ਦੇ ਇਲਾਕੇ ਤੇ ਚੜ੍ਹਾਈ ਕਰ ਦਿੱਤੀ ਤੇ ਆਪਣੇ ਸੈਕ੍ਰੇਟਰੀ ਅਜੀਜੁਦੀਨ ਨੂੰ ਹੁਕਮ ਦਿੱਤਾ ਕਿ ਮਿਸਟਰ ਮਟਕਾਫ ਦੇ ਪਿੱਛੇ ਪਿੱਛੇ ਆਓ। ਮਹਾਰਾਜੇ ਦਾ ਇੰਜ ਕਰਨਾ ਅੰਗਰੇਜ਼ੀ ਸਫੀਰ ਨੂੰ ਬੜਾ ਬੁਰਾ ਭਾਸਿਆ, ਕਿੰਤੂ ਓਹਨਾਂ ਨੇ ਸਹਿਨਸ਼ੀਲਤਾ ਤੋਂ ਕੰਮ ਲੈ ਕੇ ਕੋਈ ਪ੍ਰਵਾਹ ਨਾ ਕੀਤੀ। ਖਟੀ ਦੇ ਮੁਕਾਮ ਤੇ ਮਹਾਰਾਜਾ ਦੀ ਸਫੀਰ ਨਾਲ ਫੇਰ ਮੁਲਾਕਾਤ ਹੋਈ, ਕਿੰਤੂ ਕੋਈ ਚੰਗਾ ਸਿੱਟਾ ਨਾ ਨਿਕਲਿਆ।
੭੯. ਫਿਰੋਜ਼ਪੁਰ, ਫਰੀਦਕੋਟ ਤੇ ਮਲੇਰਕੋਟਲੇ ਦੀ ਫਤਹ
ਫਿਰ ਮਹਾਰਾਜਾ ਸਾਹਿਬ ਨੇ ਫਿਰੋਜ਼ਪੁਰ ਤੋਂ ਨਜ਼ਰਾਨਾ ਵਸੂਲ ਕਰ ਕੇ ਆਪਣੇ ਬਹਾਦਰ ਮੁਲਾਜ਼ਮ ਕਰਮ ਚੰਦ ਨੂੰ ਫਰੀਦਕੋਟ ਤੇ ਘੇਰਾ ਪਾਉਣ ਲਈ ਭੇਜਿਆ। ਦੂਜੇ ਦਿਨ ਮਹਾਰਾਜਾ ਆਪ ਵੀ ਅੱਪੜ ਗਿਆ। ਰਿਆਸਤ ਤੇ ਕਬਜਾ ਕਰ ਕੇ ਓਥੋਂ ਦਾ ਪ੍ਰਬੰਧ ਦੀਵਾਨ ਚੰਦ ਨੂੰ ਸੌਂਪ ਕਰ ਕੇ ਫੌਜ ਨੂੰ ਹੁਕਮ ਦਿੱਤਾ ਕਿ ਮਲੇਰਕੋਟਲੇ ਵੱਲ ਚੜ੍ਹਾਈ ਕੀਤੀ ਜਾਵੇ। ਮਲੇਰਕੋਟਲੇ ਦਾ ਹਾਕਮ ਅਤਾਉਲਾ ਸੀ। ਓਸ ਨੇ ਬੜੀ ਤਕਲੀਫ ਨਾਲ ਆਪਣੇ ਕੁਝ ਪਿੰਡ ਮਹਾਰਾਜਾ ਪਟਿਆਲਾ ਪਾਸ ਗਹਿਣੇ ਰੱਖ ਕੇ ਇੱਕ ਲੱਖ ਰੁਪਯਾ ਮਹਾਰਾਜਾ ਸਾਹਿਬ ਨੂੰ ਦਿੱਤਾ।
ਮਿਸਟਰ ਮਟਕਾਫ ਨੂੰ ਮਹਾਰਾਜੇ ਦੀ ਇਹ ਤੇਜ਼ੀ ਪਸੰਦ ਨਹੀਂ ਆਈ ਤੇ ਓਹਨਾਂ ਮਹਾਰਾਜਾ ਸਾਹਿਬ ਦੇ ਇੰਜ ਕਰਨ ਦੇ ਵਿਰੁੱਧ ਇਤਰਾਜ ਕਰ ਕੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਹਿ ਭੇਜਿਆ ਕਿ ਸ਼ੋਕ ਹੈ ਕਿ ਮਹਾਰਾਜਾ ਸਾਹਿਬ ਨੇ ਸਰਹੱਦ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਮੇਰੀ ਹੱਦ ਵਿੱਚ ਝਗੜੇ ਵਾਲੇ ਇਲਾਕੇ ਤੇ; ਜਿਸ ਦੇ ਫੈਸਲਾ ਕਰਨ ਲਈ ਮੈਂ ਸਫੀਰ ਨੀਯਤ ਹੋਇਆ ਹਾਂ, ਹਮਲਾ ਕਰ ਦਿੱਤਾ ਹੈ। ਕਿੰਤੂ ਮਹਾਰਾਜਾ ਸਾਹਿਬ ਦੀ ਇੱਛਾ ਇਹ ਸੀ ਕਿ ਫੈਸਲਾ ਹੋਣ ਤੋਂ ਪਹਿਲਾਂ ਪਹਿਲਾਂ ਜਮਨਾ ਤੱਕ ਦਾ ਇਲਾਕਾ ਦਰਬਾਰ ਲਾਹੌਰ ਨਾਲ ਸ਼ਾਮਲ ਹੋ ਜਾਵੇ। ਇਸ ਕਰ ਕੇ ਓਹਨਾਂ ਸਫੀਰ ਦੀ ਵਿਰੋਧਤਾ ਦੀ ਉੱਕਾ ਪ੍ਰਵਾਹ ਨਾ ਕੀਤੀ ਤੇ ਇਹ ਹੁਕਮ ਦੇ ਕੇ ਕਿ ਮੈਂ ਇਸ ਚੜ੍ਹਾਈ ਤੋਂ ਮੁੜ ਕੇ ਫੈਸਲਾ ਕਰਾਂਗਾ ਅੱਗੇ ਵਧੇ। ਮਿਸਟਰ ਮਟਕਾਫ ਇਹ ਸਲੂਕ ਹੋਇਆ ਵੇਖ ਕੇ ਚੁੱਪ ਚਾਪ ਬੈਠ ਗਏ ਤੇ ਸਤਲੁਜ ਦੇ ਮੁਕਾਮ ਫਤਿਆਬਾਦ ਤੇ ਡੇਰਾ ਕਰ ਦਿੱਤਾ ਤੇ ਇਸ ਉਡੀਕ ਵਿੱਚ ਰਹੇ ਕਿ ਮਹਾਰਾਜਾ ਸਾਹਿਬ ਆਪਣੇ ਆਪ ਅਸਲ ਗੱਲ ਵੱਲ ਆ ਜਾਣ।
੮੦. ਅੰਬਾਲੇ ਤੇ ਕਬਜ਼ਾ
ਮਹਾਰਾਜਾ ਸਾਹਿਬ ਅੰਬਾਲੇ ਪੁੱਜੇ। ਉੱਥੋਂ ਦੀ ਰਾਣੀ ਦਿਆ ਕੌਰ (ਜੋ ਸਰਦਾਰ ਗੁਰਬਖਸ਼ ਸਿੰਘ ਦੀ ਵਿਧਵਾ ਸੀ) ਦੇ ਇਲਾਕੇ ਨੂੰ ਆਪਣੇ ਮੁਲਕ ਨਾਲ ਮਿਲਾਇਆ। ਉੱਥੇ ਆਪਣੀ ਛਾਵਨੀ ਪਾ ਕੇ ਗੰਡਾ ਸਿੰਘ ਸਾਨੀ ਨੂੰ ੫੦੦੦ ਸਵਾਰਾਂ ਦੇ ਨਾਲ ਨੀਯਤ ਕੀਤਾ। ਫਿਰ ਸਾਹਨੇਵਾਲ, ਚਾਂਦਪੁਰ, ਧਾਰੀ, ਬਹਿਰਾਮਪੁਰ ਆਦਿਕ ਇਲਾਕੇ ਨੂੰ; ਜਿਸ ਦੀ ਆਮਦਨ ੫੦ ਹਜ਼ਾਰ ਰੁਪਏ ਦੇ ਕਰੀਬ ਹੋਵੇਗੀ, ਫਤੇਹ ਕਰ ਕੇ ਦੀਵਾਨ ਮੋਹਕਮ ਚੰਦ ਨੂੰ ਜਾਗੀਰ ਵਜੋਂ ਦੇ ਦਿੱਤਾ ਤੇ ਅੰਬਾਲਾ ਸ਼ਹਿਰ ਤੋਂ ਬਿਨਾਂ ਸਾਰਾ ਇਲਾਕਾ: ਜੋ ਮਹਾਰਾਣੀ ਦਿਆ ਕੌਰ ਦਾ ਲਿਆ ਸੀ, ਨਾਭੇ ਦੇ ਰਾਜਾ ਦੇ ਸਪੁਰਦ ਕਰ ਦਿੱਤਾ। ਸਰਦਾਰ ਕਰਮ ਸਿੰਘ ਸ਼ਾਹ ਅਬਾਦੀ ਤੋਂ ਨਜ਼ਰਾਨਾ ਵਸੂਲ ਕਰ ਕੇ ਰਹੀਮ ਅਬਾਦ, ਮਾਛੀਵਾੜਾ, ਕਾਹਨਾ, ਤਰਦਕੋਟ, ਛਲੋਦੀ ਆਦਿਕ ਇਲਾਕਿਆਂ ਵਿੱਚ ਸਰਦਾਰ ਫਤੇ ਸਿੰਘ ਆਹਲੂਵਾਲੀਆ ਤੇ ਕਰਮ ਸਿੰਘ ਨਾਗਲਾ ਦੇ ਵਿਚਕਾਰ ਵੰਡ ਦਿੱਤਾ।
੮੧. ਦਸਤਾਰ ਬਦਲਣਾ
ਮਹਾਰਾਜਾ ਸਾਹਿਬ ਲਖਨਊ ਅੱਪੜੇ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਨੂੰ ਇੱਥੇ ਸੱਦਿਆ ਤੇ ਇਨ੍ਹਾਂ ਦੇ ਨਾਲ ਮਿਤਰਾਨਾ ਸੰਬੰਧ ਕਾਇਮ ਕਰ ਕੇ ਆਪਸ ਵਿੱਚ ਇੱਕ ਦੂਜੇ ਨਾਲ ਦਸਤਾਰ ਬਦਲ ਲਈ ਤੇ ਓਹਨੂੰ ਆਪਣਾ ਧਰਮ ਭਾਈ ਕਰਾਰ ਦਿੱਤਾ ਤੇ ਭਰੋਸਾ ਦਵਾਇਆ ਕਿ ਮੈਂ ਤੁਹਾਡੇ ਮੁਲਕ ਤੇ ਕਦੇ ਹੱਥ ਨਹੀਂ ਵਧਾਵਾਂਗਾ ਤੇ ਸਦਾ ਹੀ ਤੁਹਾਡੇ ਨਾਲ ਸਲੂਕ ਰੱਖਾਂਗਾ। ਸੋ ਦੋਹਾਂ ਧਿਰਾਂ ਵਿੱਚ ਇੱਕ ਪ੍ਰਣ ਪੱਤਰ ਲਿਖਿਆ ਗਿਆ, ਜਿਸ ਤੇ ਦੋਹਾਂ ਦਸਖ਼ਤ ਕੀਤੇ ਤੇ ਮੋਹਰਾਂ ਲਾ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੇ ਜੋ ਕੁਝ ਕੀਤਾ ਜਮਨਾ ਤੱਕ ਦੇ ਇਲਾਕੇ ਨੂੰ ਕਬਜ਼ੇ ਵਿੱਚ ਰੱਖਣ ਲਈ ਤੇ ਰਾਜਾ ਸਾਹਿਬ ਸਿੰਘ ਤੇ ਮਹਾਰਾਜਾ ਸਾਹਿਬ ਦੇ ਡਰ ਨਾਲ ਲਿਖਤ ਕਰ ਦਿੱਤੀ।
ਜਮਨਾ ਦੇ ਹਦ ਬਣਨ ਵਿੱਚ ਕੋਈ ਸੱਕ ਨਹੀਂ ਸੀ, ਕਿੰਤੂ ਇਨ੍ਹਾਂ ਹੀ ਦਿਨਾਂ ਵਿੱਚ ਨਿਪੋਲੀਅਨ ਬੋਨਾਪਾਰਟ ਦੇ ਮਾਰੇ ਜਾਣ ਦੀ ਖ਼ਬਰ ਪੁੱਜੀ। ਹੁਣ ਅੰਗਰੇਜ਼ੀ ਗਵਰਨਮੈਂਟ ਦੇ ਡਰ ਦੇ ਦਿਨ ਗੁਜ਼ਰ ਗਏ ਸਨ। ਇਸ ਕਰ ਕੇ ਹੁਣ ਇਨ੍ਹਾਂ ਨੂੰ ਸਤਲੁਜ ਤੇ ਹਦ ਬਣਾਣ ਲਈ ਪੱਕਾ ਕਰ ਦਿੱਤਾ।
੮੨. ਮਹਾਰਾਜੇ ਦੀ ਵਾਪਸੀ
ਹੁਣ ਜਦ ਮਹਾਰਾਜਾ ਸਾਹਿਬ ਨੇ ਆਪਣੇ ਵੱਲੋਂ ਇੱਕ ਤਰ੍ਹਾਂ ਨਾਲ ਜਮਨਾ ਨੂੰ ਸਰਹਦ ਬਣਾਣ ਦਾ ਫੈਸਲਾ ਕਰ ਲਿਆ, ਤਦ ਝਟ ਪਿੱਛੇ ਵਾਗਾਂ ਮੋੜੀਆਂ ਤੇ ਸਤਲੁਜ ਨਦੀ ਲੰਘ ਕੇ ਦਸੰਬਰ ਨੂੰ ਅੰਮ੍ਰਿਤਸਰ ਪੁੱਜਾ। ਅੰਗਰੇਜ਼ੀ ਸਫੀਰ ਨੇ ਮਹਾਰਾਜਾ ਸਾਹਿਬ ਦੇ ਸਾਹਮਣੇ ਇਹ ਫੈਸਲਾ ਪੇਸ਼ ਕੀਤਾ ਕਿ:
ਸਤਲੁਜ ਦਰਯਾ ਦੇ ਇਸ ਪਾਰ ਦਾ ਮੁਲਕ ਸਦਾ ਤੋਂ ਦਿੱਲੀ ਰਾਜ ਦੇ ਅਧੀਨ ਰਿਹਾ ਹੈ ਤੇ ਇਸੇ ਤਰ੍ਹਾਂ ਸਿੱਖ ਸਰਦਾਰਾਂ ਦਾ ਸੰਬੰਧ ਵੀ ਦਿੱਲੀ ਦੇ ਬਾਦਸ਼ਾਹਾਂ ਨਾਲ ਰਿਹਾ ਹੈ। ਇਸ ਕਰ ਕੇ ਇਸ ਮੁਲਕ ਵਿੱਚ ਅੰਗਰੇਜ਼ਾਂ ਤੋਂ ਬਿਨਾਂ ਕਿਸੇ ਮੁਲਕ ਦਾ ਅਧਿਕਾਰ ਨਹੀਂ ਹੋ ਸਕਦਾ। ਫਿਰ ੧੮੦੫ ਵਿੱਚ ਮਹਾਰਾਜਾ ਲਾਹੌਰ ਨੇ ਲਾਰਡ ਲੀਕ ਨੂੰ ਆਪ ਕਿਹਾ ਸੀ ਕਿ ਸਤਲੁਜ ਨਦੀ ਸਾਡੇ ਤੇ ਤੁਹਾਡੇ ਵਿਚਕਾਰ ਹਦ ਰਹੇਗੀ ਹੁਣ ਉਸ ਦੇ ਵਿਰੁੱਧ ਕਰਨਾ ਆਪਣੇ ਕੀਤੇ ਇਕਰਾਰ ਦਾ ਤੋੜਨਾ ਹੈ, ਇਸ ਕਰ ਕੇ ਇਹ ਹੀ ਉਚਿਤ ਹੈ ਕਿ ਮਹਾਰਾਜਾ ਸਾਹਿਬ ਸਤਲਜ ਤੋਂ ਪਾਰ ਦੇ ਇਲਾਕੇ ਤੋਂ ਆਪਣਾ ਅਧਿਕਾਰ ਉਠਾ ਲੈਣ।
ਹੁਣ ਮਹਾਰਾਜਾ ਸਾਹਿਬ ਵਾਸਤੇ ਸਤਲੁਜ ਤੋਂ ਪਾਰ ਦੇ ਇਲਾਕੇ ਤੋਂ ਕਬਜਾ ਉਠਾਣਾ ਔਖਾ ਹੋ ਗਿਆ, ਜਿਸ ਤੋਂ ਓਹਨਾਂ ਨੇ ਝੱਟ ਇਸ ਮਾਮਲੇ ਤੇ ਅੰਗਰੇਜ਼ਾਂ ਨਾਲ ਲੜਾਈ ਕਰਨ ਦੀ ਤਿਆਰੀ ਕਰ ਲਈ ਤੇ ਹਰ ਪਾਸੇ ਤੋਂ ਫੌਜਾਂ ਨੂੰ ਅੰਮ੍ਰਿਤਸਰ ਪੁੱਜਣ ਦਾ ਹੁਕਮ ਦੇ ਦਿੱਤਾ। ਦੀਵਾਨ ਮੋਹਕਮ ਚੰਦ ਜੋ ਉਸ ਵੇਲੇ ਕਾਂਗੜੇ ਵੱਲ ਸੀ, ਨੂੰ ਬੁਲਾ ਲਿਆ ਤੇ ਇੱਕ ਤਕੜੀ ਫੌਜ ਦੇ ਕੇ ਫਲੌਰ ਦੇ ਮੁਕਾਮ ਤੇ ਨੀਯਤ ਕਰ ਦਿੱਤਾ। ਕਿਲ੍ਹਾ ਗੋਬਿੰਦਗੜ੍ਹ ਦੇ ਬੁਰਜਾਂ ਤੇ ਚਾਰ ਤੋਪਾਂ ਚੜ੍ਹਾ ਦਿੱਤੀਆਂ ਤੇ ਓਹਨੂੰ ਵੇਲੇ ਸਿਰ ਦੇ ਸਹਾਰੇ ਦੀ ਜਗ੍ਹਾ ਸਮਝ ਕੇ ਸਾਰੇ ਅਜਿਹੇ ਸਮਾਨ ਨਾਲ ਤਿਆਰ ਕਰ ਲਿਆ, ਜਿਸ ਦੀ ਲੋੜ ਹੋ ਸਕਦੀ ਸੀ ਤੇ ਆਪਣੀ ਫੌਜ ਵਿੱਚ ਗੋਲਾ ਬਾਰੂਦ ਵੰਡ ਕੇ ਇੱਕ ਭ੍ਯਾਨਕ ਟਕਰ ਅੰਗਰੇਜ਼ਾਂ ਨਾਲ ਲੈਣ ਲਈ ਤਿਆਰੀ ਕਰ ਲਈ।
੮੩. ਕਰਨਲ ਅਖਤਰ ਲੋਨੀ ਅੰਗਰੇਜ਼ੀ ਸਫੀਰ ਦੀ ਸਹਾਇਤਾ ਲਈ ਆਏ
ਇਧਰ ਲਾਰਡ ਮਿੰਟੂ ਨੇ ਝਟਪਟ ਪਟਿਆਲਾ, ਨਾਭਾ, ਜੀਂਦ, ਕੈਂਥਲ ਤੇ ਸ਼ਾਹਅਬਾਦ ਆਦਿਕ ਜਗ੍ਹਾ ਦੇ ਰਈਸਾਂ ਦੀ ਦਰਖ਼ਾਸਤ ਪ੍ਰਵਾਨ ਕਰ ਕੇ ਅਖਤਰ ਲੋਨੀ ਸਾਹਿਬ ਨੂੰ ਅੰਗਰੇਜ਼ੀ ਫੌਜ ਦੇ ਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ, ਤੇ ਹੁਕਮ ਦਿੱਤਾ ਕਿ ਜਿਨ੍ਹਾਂ ਰਈਸਾਂ ਦਾ ਇਲਾਕਾ ਇਸ ਝਗੜੇ ਦੇ ਛਿੜਨ ਤੋਂ ਪਿੱਛੋਂ ਲਾਹੌਰ ਦਰਬਾਰ ਨੇ ਫਤਹ ਕਰ ਕੇ ਆਪਣੇ ਕਬਜ਼ੇ ਵਿੱਚ ਕੀਤਾ ਹੈ, ਓਹਨਾਂ ਨੂੰ ਨਵੇਂ ਸਿਰੇ ਪਹਿਲੀ ਹਾਲਤ ਤੇ ਕਰ ਦਿੱਤਾ ਜਾਵੇ ਤੇ ਲਾਹੌਰ ਦਰਬਾਰ ਦੀ ਹੱਦ
ਸਤਲੁਜ ਤੱਕ ਰਖੀ ਜਾਏ। ਸੋ ਸਰ ਡੇਵਡ ਅਖਤਰ ਲੋਨੀ ਸਾਹਿਬ ਚੱਲ ਕੇ ਪੂਰਬਾਸੀ ਦੇ ਪੱਤਨ ਤੋਂ ਜਮਨਾ ਲੰਘੇ ਤੇ ੧੬ ਜਨਵਰੀ ੧੮੦੯ ਨੂੰ ਅੰਬਾਲੇ ਵਿੱਚ ਅੱਪੜੇ। ਰਾਣੀ ਦਿਆ ਕੌਰ ਨੂੰ ਓਹਦੇ ਇਲਾਕੇ ਤੇ ਕਬਜ਼ਾ ਦਵਾ ਕੇ ਪਟਿਆਲਾ ਨਾਭਾ ਆਦਿਕ ਰਿਆਸਤਾਂ ਵਿਚ ਦੀ ਹੋਂਦੇ (ਜਿਨ੍ਹਾਂ ਨੇ ਕਿ ਇਨ੍ਹਾਂ ਦੇ ਆਉਣ ਤੇ ਪ੍ਰਸੰਨਤਾ ਪ੍ਰਗਟ ਕੀਤੀ) ਜੀਂਦ ਦੇ ਰਾਜਾ ਭਾਗ ਸਿੰਘ ਨੂੰ ਜਿਸ ਦੇ ਕਬਜ਼ੇ ਵਿੱਚ ਲੁਧਿਆਣੇ ਦਾ ਇਲਾਕਾ ਸੀ, ਨਾਲ ਲਿਆ ਕੇ ਲੁਧਿਆਣੇ ਅੱਪੜੇ। ਇੱਥੇ ਪਹਿਲਾਂ ਵੀ ਕੁਝ ਅੰਗਰੇਜ਼ੀ ਸਪਾਹ ਆਈ ਹੋਈ ਸੀ, ਜਿਸ ਨੂੰ ਆਪਣੇ ਨਾਲ ਮਿਲਾ ਕੇ ਕਰਨਲ ਅਖਤਰ ਲੋਨੀ ਸਾਹਿਬ ਨੇ ਆਪਣੀ ਤਾਕਤ ਨੂੰ ਵਧਾ ਲਿਆ ਤੇ ਅੰਗਰੇਜ਼ੀ ਸਫੀਰ ਦੇ ਸੁਨੇਹੇ ਦੀ ਉਡੀਕ ਵਿੱਚ ਠਹਿਰ ਗਏ।
ਅੰਗਰੇਜ਼ੀ ਫੌਜ ਦੇ ਅੱਗੇ ਵਧਣ ਦੀ ਖ਼ਬਰ ਨੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਸੋਚ ਵਿੱਚ ਪਾ ਦਿੱਤਾ, ਕਿੰਤੂ ਓਹਨਾਂ ਆਪਣੇ ਵੱਡੇ ਹੌਂਸਲੇ ਨਾਲ ਇਸ ਗੱਲ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਨਾ ਹੀ ਕਿਸੇ ਢੰਗ ਨਾਲ ਸਫੀਰ ਦੀ ਰਾਏ ਮੰਨਣ ਦੀ ਇੱਛਾ ਪ੍ਰਗਟ ਕੀਤੀ। ਓਹ ਆਪਣੀ ਬਹਾਦਰ ਕੌਮ ਦੇ ਸਿਪਾਹੀਆਂ ਦੀ ਤਾਕਤ ਤੇ ਦਲੇਰੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਕੇਵਲ ਇਹ ਹੀ ਗੱਲ ਓਹਨੂੰ ਅੰਗਰੇਜ਼ਾਂ ਦੇ ਸਾਹਮਣੇ ਡਟ ਜਾਣ ਲਈ ਸਾਹਸ ਬੰਨ੍ਹਾਣ ਵਾਲੀ ਸੀ। ਨਹੀਂ ਤਾਂ ਉਹ ਅੰਗਰੇਜ਼ਾਂ ਦੀ ਕੁਵਾਇਦ ਜਾਨਣ ਵਾਲੀ ਤੇ ਅੱਗ ਵਸਾਣ ਵਾਲੀ ਫੌਜ ਦੀ ਲੜਾਈ ਦੇ ਢੰਗ ਤੋਂ ਅਨਜਾਣ ਨਹੀਂ ਸੀ।
੮੪. ਸਫੀਰ ਦੀ ਸਪਾਹ ਦੇ ਨਾਲ ਅਕਾਲੀਆਂ ਦਾ ਝਗੜਾ
ਦੋਹਾਂ ਪਾਸੀਂ ਇਹ ਖਿਚਾ ਖਿਚੀ ਹੋ ਰਹੀ ਸੀ ਤੇ ਕਿਸੇ ਗੱਲ ਦਾ ਫੈਸਲਾ ਨਾ ਹੋਇਆ ਸੀ ਕਿ ਅੰਮ੍ਰਿਤਸਰ ਵਿੱਚ ਇੱਕ ਨਵੀਂ ਘਟਨਾ ਹੋ ਗਈ, ਅਰਥਾਤ ਅੰਗਰੇਜ਼ੀ ਸਫ਼ੀਰ ਦੀ ਮੁਸਲਮਾਨ ਫੌਜ ਦਾ ਦੁਸਹਿਰੇ ਦੇ ਦਿਨ ਤਾਜ਼ੀਆ ਦੇ ਕਾਰਨ ਝਗੜਾ ਹੋ ਗਿਆ।
ਕਿਉਂਕਿ ਓਹ ਵਾਜਾ ਵਜਾਂਦੇ ਤੇ ਮਰਸੀਏ ਗਾਉਂਦੇ ਹੋਏ ਸਾਰੇ ਸ਼ਹਿਰ ਵਿੱਚ ਫਿਰਦੇ ਜਦ ਅਕਾਲੀਆਂ ਦੇ ਡੇਰੇ ਪਾਸ ਅਪੜੇ। ਤਦ ਅਕਾਲੀਆਂ ਨੇ ਹਮੇਸ਼ਾਂ ਦੇ ਰਿਵਾਜ ਦੇ ਉਲਟ ਹੁੰਦਾ ਵੇਖ ਰੋਕਿਆ, ਜਿਸ ਤੋਂ ਆਪਸ ਵਿੱਚ ਫਸਾਦ ਹੋ ਗਿਆ। ਦੋਹਾਂ ਧਿਰਾਂ ਨੇ ਪਹਿਲਾਂ ਲਾਠੀਆਂ ਵਰਤੀਆਂ। ਛੇਕੜ ਤਲਵਾਰ ਤੇ ਬੰਦੂਕਾਂ ਵਰਤੀਆਂ ਜਾਣ ਲੱਗੀਆਂ। ਦੋਹਾਂ ਪਾਸਿਆਂ ਤੋਂ ਕਟਾ ਵੱਢ ਸ਼ੁਰੂ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਘਟਨਾ ਦੀ ਗੱਲ ਕਿਲ੍ਹਾ ਗੋਬਿੰਦਗੜ੍ਹ ਵਿੱਚ ਬੈਠਿਆਂ ਸੁਣੀ। ਉਸੇ ਵੇਲੇ ਘੋੜੇ ਤੇ ਸਵਾਰ ਹੋ ਕੇ ਫਸਾਦ ਦੇ ਅਸਥਾਨ ਤੇ ਅੱਪੜੇ ਤੇ ਅਮਨ ਕਾਇਮ ਕਰ ਦਿੱਤਾ। ਦੋਨੋਂ ਧਿਰਾਂ ਪਿੱਛੇ ਹੱਟ ਗਈਆਂ, ਫਿਰ ਮਹਾਰਾਜਾ ਸਾਹਿਬ ਅੰਗਰੇਜ਼ੀ ਸਫੀਰ ਦੇ ਖੇਮੇ ਵਿੱਚ ਗਏ। ਓਸ ਵੇਲੇ ਇਹ ਹਾਲ ਸੁਣ ਗੁੱਸੇ ਨਾਲ ਲੋਹਾ ਲਾਖਾ ਹੋਇਆ ਬੈਠਾ ਸੀ, ਕਿੰਤੂ ਮਹਾਰਾਜਾ ਸਾਹਿਬ ਨੇ ਆਪਣੀ ਦਾਨਾਈ ਨਾਲ ਸਾਰੇ ਹਾਲ ਤੋਂ ਸਫੀਰ ਨੂੰ ਜਾਣੂ ਕਰ ਕੇ ਦੱਸਿਆ ਕਿ ਮਜ਼ਹਬੀ ਮਾਮਲਿਆਂ ਵਿੱਚ ਅਜੇਹੇ ਫਸਾਦ ਹੋ ਜਾਣੇ ਕੋਈ ਅਨੋਖੀ ਗੱਲ ਨਹੀਂ।
੮੫. ਫਸਾਦ ਦਾ ਅਸਰ
ਇਸ ਘਟਨਾ ਤੋਂ ਮਹਾਰਾਜਾ ਸਾਹਿਬ ਦੇ ਦਿਲ ਤੇ ਬੜਾ ਅਸਰ ਹੋਇਆ ਤੇ ਓਹਨਾਂ ਨੇ ਆਪਣੀਆਂ ਫੌਜਾਂ ਨੂੰ ਕਵਾਇਦ ਸਿਖਲਾਣ ਦਾ ਨਿਸਚਾ ਕਰ ਲਿਆ।
੮੬. ਸੁਲਾਹ ਦੀਆਂ ਗੱਲਾਂ
ਮਹਾਰਾਜਾ ਸਾਹਿਬ ਨੇ ਆਪਣੇ ਮਿੱਤ੍ਰਾਂ ਨੂੰ ਇਕੱਠਿਆਂ ਕੀਤਾ ਤੇ ਸਰਦਾਰ ਫਤਹ ਸਿੰਘ ਤੇ ਹੋਰ ਮੁਸਾਹਬਾਂ ਨੂੰ ਬੁਲਾਇਆ। ਬੜੀ ਲੰਮੀ ਚੌੜੀ ਸੋਚ ਵਿਚਾਰ ਦੇ ਮਗਰੋਂ ਇਹੀ ਫੈਸਲਾ ਹੋਇਆ ਕਿ ਐਸ ਵੇਲੇ ਅੰਗਰੇਜ਼ਾਂ ਨਾਲ ਲੜਾਈ ਕਰਨਾ ਠੀਕ ਨਹੀਂ ਕਿਉਂਕਿ ਮਹਾਰਾਜਾ ਸਾਹਿਬ ਦਾ ਅਜੇ ਜਿਸ ਤਰ੍ਹਾਂ ਚਾਹੀਦਾ ਹੈ ਆਪਣੇ ਮੁਲਕ ਵਿੱਚ ਹੀ ਪ੍ਰਬੰਧ ਠੀਕ ਨਹੀਂ ਹੋਇਆ। ਹੋ ਸਕਦਾ ਹੈ ਕਿ ਅੰਗਰੇਜ਼ਾਂ ਨਾਲ ਜੰਗ ਛਿੜਨ ਤੇ ਮੁਲਕ ਦੇ ਹੀ ਕੁਝ ਆਦਮੀ ਉਧਰ ਜਾ ਮਿਲਣ। ਤਦ ਬੜਾ ਸਖ਼ਤ ਨੁਕਸਾਨ ਉਠਾਣਾ ਪਏਗਾ, ਇਸ ਕਰ ਕੇ ਜੇ ਕਦੀ ਸਤਲੁਜ ਪਾਰ ਦਾ ਇਲਾਕਾ
ਓਧਰ ਚਲਿਆ ਜਾਵੇ ਤਦ ਸਾਡਾ ਕੁਝ ਹਰਜ ਨਹੀਂ, ਕਿਉਂਕਿ ਪੱਛਮ ਤੇ ਉੱਤਰ ਦਾ ਸਾਰਾ ਇਲਾਕਾ, ਕਸ਼ਮੀਰ ਤੇ ਕਾਬਲ ਫਤੇਹ ਕਰਨ ਵਾਸਤੇ ਸਾਡੇ ਸਾਹਮਣੇ ਪਿਆ ਹੈ। ਮਹਾਰਾਜਾ ਨੂੰ ਵੀ ਇਹ ਹੀ ਗੱਲ ਉਚਿਤ ਪ੍ਰਤੀਤ ਹੋਈ ਤੇ ਅੰਗਰੇਜ਼ੀ ਸਫੀਰ ਦੇ ਨਾਲ ਗੱਲ ਬਾਤ ਕਰ ਕੇ ਸੁਲਾਹਨਾਮੇ ਦੇ ਕਾਗ਼ਜ਼ ਤੇ ਦਸਖ਼ਤ ਕਰ ਦਿੱਤੇ ਤੇ ਹੁਕਮ ਦਿੱਤਾ ਕਿ ਸਤਲੁਜ ਤੋਂ ਪਾਰ ਜਿੰਨੀ ਫੌਜ ਹੋਵੇ ਵਾਪਸ ਮੰਗਾ ਲਈ ਜਾਵੇ।
੨੫ ਅਪ੍ਰੈਲ ੧੮੦੯ ਨੂੰ ਦੋਹਾਂ ਸਲਤਨਤਾਂ ਦੇ ਵਿਚਕਾਰ ਮਿੱਤ੍ਰਤਾ ਦਾ ਸੰਬੰਧ ਕਾਇਮ ਹੋ ਕੇ ਇਕਰਾਰਨਾਮਾ ਲਿਖਿਆ ਗਿਆ, ਜਿਸ ਦੇ ਨਾਲ ਦਰਯਾਏ ਸਤਲੁਜ ਅੰਗ੍ਰੇਜ਼ੀ ਰਾਜ ਤੇ ਲਾਹੌਰ ਦਰਬਾਰ ਦੀ ਹਦ ਠਹਿਰਾਇਆ ਗਿਆ ਤੇ ਨਿਸ਼ਚਾ ਹੋਇਆ ਕਿ ਸਰਕਾਰ ਅੰਗ੍ਰੇਜ਼ੀ ਨੂੰ ਸਤਲੁਜ ਤੋਂ ਇਸ ਪਾਰ ਮਹਾਰਾਜਾ ਸਾਹਿਬ ਦੇ ਇਲਾਕੇ ਵਿੱਚ ਹੱਥ ਵਧਾਣ ਦਾ ਕੋਈ ਹੱਕ ਨਹੀਂ ਹੋਵੇਗਾ ਤੇ ਨਾ ਹੀ ਮਹਾਰਾਜਾ ਸਾਹਿਬ ਨੂੰ ਸਤਲੁਜ ਤੋਂ ਉਸ ਪਾਰ ਅੰਗ੍ਰੇਜੀ ਇਲਾਕੇ ਵਿੱਚ ਛੇੜਛਾੜ ਕਰਨੀ ਚਾਹੀਦੀ ਹੈ। ਇਹ ਦੋਵੇਂ ਸਲਤਨਤਾਂ ਆਪੋ ਵਿੱਚ ਮਿੱਤਰਤਾ ਤੇ ਮੇਲ ਰੱਖਣਗੀਆਂ। ਇਸ ਇਕਰਾਰਨਾਮੇ ਦਾ ਲਿਖਿਆ ਜਾਣਾ ਬਹੁਤ ਹੱਦ ਤੱਕ ਮਿਸਟਰ ਮਟਕਾਫ ਦੀ ਸਿਆਣਪ, ਸਹਿਨਸ਼ੀਲਤਾ ਤੇ ਨਿਰਭਰ ਕਰਦਾ ਹੈ ਤੇ ਕਰਨਲ ਅਖਤਰਲੋਨੀ ਸਾਹਿਬ ਦਾ ਵੀ ਅਜੇਹੇ ਮੌਕੇ ਤੇ ਜਦ ਕਿ ਓਹਨਾਂ ਦੇ ਸਫੀਰ ਨੂੰ ਆਪਣਾ ਮਤਲਬ ਕੱਢਣ ਵਿੱਚ ਔਖਿਆਈ ਬਣ ਰਹੀ ਸੀ, ਇੱਕ ਤਕੜੀ ਫੌਜ ਦੇ ਨਾਲ ਲੁਧਿਆਣੇ ਪੁੱਜ ਜਾਣਾ ਖ਼ਾਸ ਅਰਥ ਰੱਖਦਾ ਸੀ।
੧ ਮਈ ੧੮੦੯ ਨੂੰ ਇਕਰਾਰਨਾਮੇਂ ਦੀਆਂ ਸਾਰੀਆਂ ਗੱਲਾਂ ਦਾ ਫੈਸਲਾ ਹੋ ਜਾਣ ਤੇ ਕਰਨਲ ਮਟਕਾਫ ਅੰਮ੍ਰਿਤਸਰ ਤੋਂ ਵਾਪਸ ਮੁੜ ਗਏ ਤੇ ਉਸ ਦਿਨ ਤੋਂ ਲੈ ਕੇ ਅੰਤਲੇ ਸਵਾਸਾਂ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਇਸ ਇਕਰਾਰਨਾਮੇ ਨੂੰ ਪੂਰਾ ਕਰ ਕੇ ਅੰਗ੍ਰੇਜਾਂ ਨਾਲ ਮਿੱਤ੍ਰਤਾ ਕਾਇਮ ਰੱਖੀ ਤੇ ਦੂਜੇ ਪਾਸੇ ਅੰਗ੍ਰੇਜ਼ਾਂ ਨੇ ਵੀ ਮਹਾਰਾਜੇ ਦੇ ਇਲਾਕੇ ਵਿੱਚ ਦਖਲ ਦੇਣ ਦੀ ਕਦੇ ਜੁਰਅਤ ਨਹੀਂ ਕੀਤੀ। ਓਹ ਵੀ ਲਾਹੌਰ ਦਰਬਾਰ ਦੇ ਸ਼ੁਭਚਿੰਤਕ ਰਹੇ।
---------------
*Treaty between the British Government and Maharaja Runjeet Singh of Lahore.
Whereas certain differences which had arisen berween the British Government and the Raja of Lahore have been happily and amiably adjusted and both parties being anxious to maintain the relations of perfect amity and concord, the following articles of treaty, which shall be binding on the heir's and successors of the two parties, have been concluded by Raja Runjeet Singh on his own part and by the agrucy of Charles Theophelus Metcalfe Esq., on the part of British Government.
Article I. Perpetual friendship shall subsist between the British Government and the state of Lahore. The latter shall be considered with respect to the former to be on the footing of most favoured powers, and the British Government will have no concern with the territories and subjects of Raja to the north ward of the river Satluj.
Article II. The Raja will never maintain in the territory occupied by him and his deprudents on the left bank of the river Satluj more troops than are necessary for the internal duties of that territory, nor commit or suffer any encroachments on the possession and rights at the chiefs in its vicinity
Article III. In the event of a violation of any of the proceeding articles or of a departure from of the the rules of friendship on the part of either state, this treaty shall be considered null and void.
Article IV. Relates to the ratification of the treaty by his Excellency the Governor General in Council.
Seal and Signature Signature & Seal of Raja Runjeet
Of C.I. Metcalfe. Singh
(Sd). Minto
Ratified by the Governor-General in Council on 30 May 1809
੮੭. ਮਹਾਰਾਜਾ ਦਾ ਹੱਦ ਦੀ ਪਕਿਆਈ ਕਰਨਾ
ਆਪਸ ਵਿੱਚ ਸਾਰੀਆਂ ਗੱਲਾਂ ਦੇ ਤਹਿ ਹੋ ਜਾਣ ਤੇ ਅੰਗ੍ਰੇਜੀ ਸਫੀਰ ਚਲਾ ਗਿਆ। ਹੁਣ ਮਹਾਰਾਜਾ ਸਾਹਿਬ ਨੇ ਸਭ ਤੋਂ ਪਹਿਲਾਂ ਜਿਸ ਕੰਮ ਵੱਲ ਧਿਆਨ ਦਿੱਤਾ, ਓਹ ਕਿਲ੍ਹੇ ਤੇ ਆਪਣੀ ਸਰਹੱਦ ਨੂੰ ਪੱਕਾ ਕਰਨਾ ਸੀ। ਫਲੌਰ ਵਿੱਚ ਸ਼ੇਰ ਸ਼ਾਹ ਬਾਦਸ਼ਾਹ ਦੀ ਸਰਾਂ ਜੋ ਸਤਲੁਜ ਦੇ ਕੰਢੇ ਤੇ ਬਣੀ ਹੋਈ ਸੀ, ਕਿਲ੍ਹੇ ਦੀ ਸਕਲ ਵਿੱਚ ਤਿਆਰ ਕਰ ਕੇ ਪੱਕਿਆਂ ਕੀਤਾ ਗਿਆ ਤੇ ਉੱਥੇ ਤੋਪਖਾਨਾਂ ਤੇ ਫੌਜ ਰਹਿਣ ਦਾ ਹੁਕਮ ਦਿੱਤਾ ਤੇ ਓਹਦੇ ਦਵਾਲੇ ਚਹੁੰ ਪਾਸੀਂ ਡੂੰਘੀ ਖਾਈ ਬਣਵਾਈ। ਇਸ ਤੋਂ ਪਹਿਲਾਂ ਫਲੌਰ ਸਰਦਾਰ ਧਰਮ ਸਿੰਘ ਦੇ ਕਬਜ਼ੇ ਵਿੱਚ ਸੀ, ਜਿਸ ਤੋਂ ਇਹ ਇਲਾਕਾ ਮਹਾਰਾਜਾ ਸਾਹਿਬ ਨੇ ਲਿਆ। ਫਲੌਰ ਦੇ ਕਿਲ੍ਹੇ ਵਿੱਚ ਦੀਵਾਨ ਮੋਹਕਮ ਚੰਦ ਫੌਜ ਦਾ ਅਫਸਰ ਨੀਯਤ ਹੋਇਆ। ਕਿਲ੍ਹਾ ਗੋਬਿੰਦਗੜ੍ਹ ਤੇ ਫਲੌਰ ਇਨ੍ਹਾਂ ਦੋਨਾਂ ਅਸਥਾਨਾਂ ਤੇ ਮੈਗਜ਼ੀਨ ਤੇ ਕਮਸਰੇਟ ਆਦਿਕ ਦਾ ਤੇ ਭਾਰ ਬਰਦਾਰੀ ਦਾ ਸਭ ਸਮਾਨ ਤੇ ਰਸਦ ਦਾ ਭਾਰੀ ਜਖੀਰਾ ਰੱਖਿਆ ਗਿਆ।
੮੮. ਗੋਰਖਿਆਂ ਨੂੰ ਭਾਂਜ ਤੇ ਕਾਂਗੜੇ ਦਾ ਕਬਜਾ
ਸੰਮਤ ੧੮੬੬ ਬਿ. ਨੂੰ ਗੋਰਖਿਆਂ ਨੇ ਪਹਾੜੀ ਇਲਾਕੇ ਵਿੱਚ ਫਿਰ ਸਿਰ ਆ ਕੱਢਿਆ ਤੇ ਅਮਰ ਸਿੰਘ ਥਾਪਾ ਨੇ ਸਾਰੇ ਇਲਾਕੇ ਤੇ ਕਬਜ਼ਾ ਕਰ ਕੇ ਕਾਂਗੜੇ ਦੇ ਕਿਲ੍ਹੇ ਦੇ ਪਾਸੀਂ ਘੇਰਾ ਪਾ ਲਿਆ। ਭਾਵੇਂ ਇਹ ਕਿਲ੍ਹਾ ਬੜਾ ਪੱਕਾ ਸੀ, ਤਦ ਵੀ ਰਾਜਾ ਸੰਸਾਰ ਚੰਦ ਨੇ ਆਪਣੇ ਭਰਾ ਫਤਹ ਚੰਦ ਨੂੰ ਲਾਹੌਰ ਦਰਬਾਰ ਪਾਸ ਮਦਦ ਵਾਸਤੇ ਭੇਜਿਆ।
ਮਹਾਰਾਜੇ ਨੇ ਝੱਟ ਓਸ ਪਾਸੇ ਚੜ੍ਹਾਈ ਕਰ ਦਿੱਤੀ। ਜਦ ਫੌਜ ਪੁੱਜੀ ਤਦ ਰਾਜੇ ਸੰਸਾਰ ਚੰਦ ਨੇ ਜਿਸ ਕਿਲ੍ਹੇ ਦੇ ਦੇਣ ਦਾ ਇਕਰਾਰ ਕਰ ਕੇ ਸਦ ਆਂਦਾ ਸੀ, ਓਹ ਕਿਲ੍ਹਾ ਦੇਣੋਂ ਨਾਂਹ ਕਰ ਦਿੱਤੀ। ਇਸ ਤੇ ਮਹਾਰਾਜਾ ਨੂੰ ਬੜਾ ਗੁੱਸਾ ਆਇਆ। ਉਨ੍ਹਾਂ ਨੇ ਸੰਸਾਰ ਚੰਦ ਤੇ ਗੋਰਖਿਆਂ ਨੂੰ ਸ਼ਕੱਸਤ ਦੇ ਕੇ ੧੦ ਭਾਦ੍ਰੋਂ ਸੰਮਤ ੧੮੬੬ ਬਿਕ੍ਰਮੀ ਨੂੰ ਕਿਲ੍ਹੇ ਤੇ ਕਬਜ਼ਾ ਕਰ ਲਿਆ। ਅਮਰ ਸਿੰਘ ਥਾਪਾ ਨੇ ਓਥੋਂ ਕੂਚ ਕਰ ਕੇ ਮਲਕਰ ਦੇ ਕਿਲ੍ਹੇ ਨੂੰ ਘੇਰ ਲਿਆ, ਕਿੰਤੂ ਸਿੱਖਾਂ ਦੀ ਫੌਜ ਨੇ ਓਥੇ ਵੀ ਉਸ ਦਾ ਪਿੱਛਾ ਕਰ ਕੇ ਨਸਾ ਦਿੱਤਾ। ਇਨ੍ਹਾਂ ਦੋਹਾਂ ਥਾਵਾਂ ਤੋਂ ਗੋਰਖਿਆਂ ਦੀ ਫੌਜ ਨੂੰ ਸਿੱਖਾਂ ਦੇ ਹੱਥੋਂ ਸਖਤ ਨੁਕਸਾਨ ਉਠਾਣਾ ਪਿਆ, ਜਿਸ ਤੋਂ ਅਮਰ ਸਿੰਘ ਨੂੰ ਹਾਰ ਕੇ ਆਪਣੇ ਮੁਲਕ ਨੂੰ ਜਾਣਾ ਪਿਆ, ਇਸ ਤੋਂ ਪਿੱਛੋਂ ਕਈ ਵੇਰ ਉਸ ਨੇ ਸਰ ਡੇਵਡ ਅਖਤਰ ਲੋਨੀ ਨੂੰ ਆਪਣੇ ਨਾਲ ਮਿਲਾ ਕੇ ਪੰਜਾਬ ਤੇ ਹਮਲਾ ਕਰਨ ਦੀ ਗੋਂਦ ਗੁੰਦੀ, ਕਿੰਤੂ ਓਹਨੂੰ ਕਾਮਯਾਬੀ ਨਹੀਂ ਹੋਈ। ੧੮੧੪-੧੫ ਈਸਵੀ ਨੂੰ ਗੋਰਖਿਆਂ ਦੀ ਅੰਗ੍ਰੇਜ਼ਾਂ ਨਾਲ ਲੜਾਈ ਹੋਈ, ਜਿਸ ਵਿਚ ਓਹਨਾਂ ਨੂੰ ਸਖ਼ਤ ਸ਼ਕਸਤ ਹੋਈ। ਇਸ ਤੋਂ ਮਗਰੋਂ ਗੋਰਖਿਆਂ ਨੂੰ ਫਿਰ ਕਦੇ ਪੰਜਾਬ ਵੱਲ ਮੂੰਹ ਕਰਨ ਦਾ ਹੌਂਸਲਾ ਨਾ ਪਿਆ।
ਕਾਂਗੜੇ ਦੇ ਕਿਲ੍ਹੇ ਦਾ ਇੰਤਜ਼ਾਮ ਮਹਾਰਾਜਾ ਨੇ ਸਰਦਾਰ ਦੇਸਾ ਸਿੰਘ ਮਜੀਠਾ ਦੇ ਸਪੁਰਦ ਕੀਤਾ ਤੇ ਇਹਨਾਂ ਨੂੰ ਨਾ ਕੇਵਲ ਓਸ ਕਿਲ੍ਹੇ ਤੇ ਅਫਸਰ ਨੀਯਤ ਕੀਤਾ, ਬਲਕਿ ਉਸ ਇਲਾਕੇ ਦੀਆਂ ਚੰਬਾ, ਨੂਰਪੁਰ, ਸ਼ਾਹਪੁਰ, ਕੋਟਲਾ ਜਸਰੋਟਾ ਬਸੋਹਲੀ, ਮਾਨਕੋਟ, ਜਸੋਰਨ ਸੇਬਾ, ਗੋਲਹ, ਖਲੇਰ, ਮੰਡੀ, ਸੁਕੇਤ, ਕੁਲੂ, ਦਾਤਾਪੁਰ ਆਦਿਕ ਨਿੱਕੀਆਂ ਰਿਆਸਤਾਂ ਦਾ ਅਫਸਰ ਵੀ ਮੁਕੱਰਰ ਕੀਤਾ।
੮੯. ਹਰਿਆਣਾ ਤੇ ਜੰਮੂ ਤੇ ਕਬਜ਼ਾ
ਫਿਰ ਇੱਥੋਂ ਮਹਾਰਾਜਾ ਸਾਹਿਬ ਜਵਾਲਾਮੁਖੀ ਪਹਾੜ ਦੀ ਸੈਰ ਕਰਦੇ ਹੋਏ ਸੁਕੇਤ ਮੰਡੀ ਤੇ ਕੁਲੂ ਆਦਿਕ ਰਜਵਾੜਿਆਂ ਤੋਂ ਨਜ਼ਰਾਨੇ ਲੈਂਦੇ ਹੋਏ ਜਾਲੰਧਰ ਦੁਆਬਾ ਵਿੱਚ ਆ ਗਏ। ਹਰਿਆਣਾ ਦਾ ਇਲਾਕਾ ਭੂਪ ਸਿੰਘ ਤੋਂ ਲੈ ਕੇ ਭਵਾਨੀ ਦਾਸ ਨੂੰ ਇੱਕ ਤਕੜੀ ਫੌਜ ਦੇ ਕੇ ਜੰਮੂ ਫਤਹ ਕਰਨ ਵਾਸਤੇ ਭੇਜਿਆ। ਉਸ ਵੇਲੇ ਜੰਮੂ ਦਾ ਇਲਾਕਾ ਡੇਢੂ ਨਾਮ ਦੇ ਇੱਕ ਡੋਗਰੇ ਦੇ ਅਧੀਨ ਸੀ। ਭਵਾਨੀ ਦਾਸ ਨੇ ਇੱਕ ਮਹੀਨਾ ਸਖ਼ਤ ਲੜਾਈ ਕਰ ਕੇ ਜੰਮੂ ਦਾ ਇਲਾਕਾ ਫਤਹ ਕਰ ਕੇ
ਲਾਹੌਰ ਦਰਬਾਰ ਨਾਲ ਮਿਲਾ ਦਿੱਤਾ ਤੇ ਕਿਲ੍ਹਾ ਸੈਦਗੜ੍ਹ ਨੂੰ ਮਹਾਰਾਜੇ ਦਾ ਥਾਣਾ ਨੀਯਤ ਕੀਤਾ।
ਓਹਨਾਂ ਹੀ ਦਿਨਾਂ ਵਿੱਚ ਜਦ ਵਜੀਰਾਬਾਦ ਦੇ ਰਈਸ ਜੋਧ ਸਿੰਘ ਨੇ ਚਲਾਣਾ ਕੀਤਾ। ਤਦ ਮਹਾਰਾਜਾ ਨੇ ਓਹਦੇ ਇਲਾਕੇ ਤੇ ਕਬਜਾ ਕਰਨ ਲਈ ਕੂਚ ਕੀਤਾ। ਕਿੰਤੂ ਜੋਧ ਸਿੰਘ ਦਾ ਪੁੱਤਰ ਸਰਦਾਰ ਗੰਡਾ ਸਿੰਘ ਮਹਾਰਾਜੇ ਨੂੰ ਅੱਗੋਂ ਆ ਮਿਲਿਆ। ਇੱਕ ਲੱਖ ਰੁਪਯਾ ਨਜ਼ਰਾਨਾ ਦੇ ਕੇ ਆਪਣੇ ਵੱਡਿਆਂ ਦੇ ਇਲਾਕੇ ਨੂੰ ਆਪਣੇ ਨਾਮ ਲਖਵਾਇਆ ਤੇ ਲਾਹੌਰ ਦਰਬਾਰ ਦਾ ਹੁਕਮ ਮੰਨਣਾ ਪ੍ਰਵਾਨ ਕਰ ਲਿਆ।
੯੦. ਗੁਜਰਾਤ ਤੇ ਕਬਜ਼ਾ
ਇੱਥੋਂ ਚੱਲ ਕੇ ਮਹਾਰਾਜਾ ਨੇ ਅਸਲਾਮਗੜ੍ਹ ਤੇ ਜਲਾਲਪੁਰ ਦੇ ਕਿਲ੍ਹੇ ਸਰਦਾਰ ਸਾਹਿਬ ਸਿੰਘ ਭੰਗੀ ਤੋਂ ਲੜਾਈ ਕਰ ਕੇ ਲੈ ਲਏ। ਸਰਦਾਰ ਸਾਹਿਬ ਸਿੰਘ ਇੱਥੋਂ ਚੱਲ ਕੇ ਕਿਲ੍ਹਾ ਮੰਗਲਾਂ ਜੋ ਮੀਰਪੁਰ ਦੇ ਪਾਸ ਹੈ, ਜਾ ਠਹਿਰਿਆ। ਫਕੀਰ ਅਜ਼ੀਜੂਦੀਨ ਨੂੰ ਇੱਕ ਤਕੜੀ ਫੌਜ ਦੇ ਕੇ ਮਹਾਰਾਜਾ ਨੇ ਓਹਦੀ ਰਾਜਧਾਨੀ ਗੁਜਰਾਤ ਤੇ ਵੀ ਕਬਜ਼ਾ ਕਰ ਲਿਆ। ਅਜ਼ੀਜੂਦੀਨ ਨੇ ਗੁਜਰਾਤ ਵਿਚੋਂ ਸਾਹਿਬ ਸਿੰਘ ਦਾ ਖਜਾਨਾ ਜਿਸ ਵਿੱਚ ੪੦ ਲੱਖ ਰੁਪਯਾ ਸੀ, ਜਲਾਲਪੁਰ ਮਹਾਰਾਜੇ ਪਾਸ ਭੇਜ ਦਿੱਤਾ। ਮਹਾਰਾਜੇ ਨੇ ਬੜਾ ਖ਼ੁਸ਼ ਹੋ ਕੇ ਓਹਨੂੰ ਖਿਲਅਤ ਦਿੱਤੀ ਤੇ ਇਹਦੇ ਭਰਾ ਨੂੰ ਗੁਜਰਾਤ ਦਾ ਗਵਰਨਰ ਬਣਾ ਦਿੱਤਾ। ਜਦ ਕਿਲ੍ਹਾ ਮੰਗਲਾ ਵੀ ਸਾਹਿਬ ਸਿੰਘ ਤੋਂ ਛੁਡਾਣ ਲਈ ਮਹਾਰਾਜੇ ਨੇ ਫੌਜ ਭੇਜੀ ਤਦ ਸਾਹਿਬ ਸਿੰਘ ਦੀ ਸਿੰਘਣੀ ਨੇ ਜੋ ਮਹਾਰਾਜੇ ਦੀ ਸਕੀ ਫੁਫੀ ਸੀ, ਗੁਰੂ ਦਾ ਵਾਸਤਾ ਪਾ ਕੇ ਬੇਨਤੀ ਕੀਤੀ ਕਿ ਓਹਦੇ ਖਾਵੰਦ ਦੀ ਜਾਨ ਬਖ਼ਸ਼ੀਸ਼ ਕੀਤੀ ਜਾਏ, ਮੰਗਲਾ ਦਾ ਕਿਲ੍ਹਾ ਓਹਦੇ ਪਾਸ ਗੁਜ਼ਾਰੇ ਵਾਸਤੇ ਛੱਡ ਦਿੱਤਾ ਜਾਏ, ਕਿਉਂਕਿ ਓਹਦੀ ਤਬਾਹੀ ਤੇ ਬਰਬਾਦੀ ਵਿੱਚ ਹੁਣ ਕੋਈ ਕਸਰ ਬਾਕੀ ਨਹੀਂ ਰਹੀ। ਮਹਾਰਾਜਾ ਨੇ ਆਪਣੀ ਫੁਫੀ ਦੀ ਗੱਲ ਮੰਨ ਲਈ।
੯੧. ਸ਼ਾਹਜ਼ਮਾਨ ਦਾ ਅੰਨ੍ਹਿਆਂ ਹੋ ਕੇ ਪੰਜਾਬ ਵਿੱਚ ਆਉਣਾ
ਇਸੇ ਥਾਂ ਤੇ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਸ਼ਾਹਜਮਾਨ ਕਾਬਲ ਦੇ ਬਾਦਸ਼ਾਹ ਨੂੰ ਵਜ਼ੀਰਾਂ ਨੇ ਅੰਨ੍ਹਾ ਕਰ ਕੇ ਤਖ਼ਤੋਂ ਉਤਾਰ ਦਿੱਤਾ ਹੈ ਤੇ ਓਹ ਆਪਣੀ ਜਾਨ ਬਚਾਣ ਲਈ ਰਾਵਲਪਿੰਡੀ ਨੱਸ ਆਇਆ ਹੈ। ਮਹਾਰਾਜਾ ਨੂੰ ਇਹ ਗੱਲ ਸੁਣ ਕੇ ਬੜਾ ਅਫਸੋਸ ਹੋਇਆ ਤੇ ਓਸ ਆਦਮੀ ਨੂੰ ਜੋ ਸ਼ਾਹ ਜ਼ਮਾਨ ਵੱਲੋਂ ਆਇਆ ਸੀ, ਮਹਾਰਾਜਾ ਨੇ ਹੁਕਮ ਲਿਖ ਦਿੱਤਾ ਕਿ ਰਾਵਲਪਿੰਡੀ ਵਿੱਚ ਓਹਨਾਂ ਦੇ ਕਰਮਚਾਰੀ ਨੂੰ ਦੇਵੇ। ਇਸ ਹੁਕਮ ਵਿੱਚ ਲਿਖਿਆ ਸੀ ਕਿ ੫੦ ਰੁਪਯੇ ਹਰ ਰੋਜ਼ ਆਪਣੀ ਹੱਥੀਂ ਜਾ ਕੇ ਸਾਹਜ਼ਮਾਨ ਨੂੰ ਖ਼ਰਚ ਵਾਸਤੇ ਦਿੱਤੇ ਜਾਣ।
੯੨. ਕਲਾਕਛ ਸ਼ਾਹੀਵਾਲ ਤੇ ਖੁਸ਼ਾਬ ਦੀ ਫਤਹ
ਇੱਥੋਂ ਮਹਾਰਾਜਾ ਰਣਜੀਤ ਸਿੰਘ ਖੁਸ਼ਾਬ ਵੱਲ ਗਿਆ। ਫਤਹ ਖਾਂ ਨਾਲ ਲੜਾਈ ਕਰ ਕੇ ਕਛ ਦੇ ਕਿਲ੍ਹੇ ਤੇ ਕਬਜਾ ਕਰ ਲਿਆ ਤੇ ਫਤਹ ਮੁਹੰਮਦ ਖਾਂ ਨੂੰ ਕੈਦ ਕਰ ਕੇ ਕਾਂਗੜੇ ਭੇਜ ਦਿੱਤਾ ਤੇ ਉਹਦਾ ਸਾਰਾ ਇਲਾਕਾ ਕਬਜ਼ੇ ਵਿੱਚ ਲੈ ਆਂਦਾ। ਫਿਰ ਸਰਦਾਰ ਅਤਰ ਸਿੰਘ ਨੂੰ ਹੁਕਮ ਦਿੱਤਾ ਗਿਆ ਕਿ ਓਹ ਤਕੜੀ ਫੌਜ ਲੈ ਜਾ ਕੇ ਸ਼ਾਹੀਵਾਲ ਤੇ ਖੁਸ਼ਾਬ ਨੂੰ ਫਤਹ ਕਰੇ, ਜਿਸ ਤੇ ਇਸ ਸਰਦਾਰ ਨੇ ਇਸ ਇਲਾਕੇ ਤੇ ਹਮਲਾ ਕਰ ਕੇ ਇਨ੍ਹਾਂ ਦੋਨਾਂ ਜਗ੍ਹਾ ਤੇ ਕਬਜਾ ਕਰ ਲਿਆ।
੯੩. ਸ਼ਾਹ ਸੁਜਾ ਨਾਲ ਮੁਲਾਕਾਤ
ਇਨ੍ਹਾਂ ਹੀ ਦਿਨਾਂ ਵਿੱਚ ਸ਼ਾਹ ਸ਼ੁਜਾ ਸ਼ਕਸਤ ਖਾ ਕੇ ਕਾਬਲੋਂ ਨੱਸ ਆਇਆ। ੨੨ ਫੱਗਣ ੧੮੯੭ ਬਿਕ੍ਰਮੀ ਮੁਤਾਬਕ ੩ ਫਰਵਰੀ ੧੮੧੦ ਨੂੰ ਖੁਸ਼ਾਬ ਦੇ ਮੁਕਾਮ ਤੇ ਮਹਾਰਾਜਾ ਸਾਹਿਬ ਨੂੰ ਮਿਲਿਆ। ਮਹਾਰਾਜਾ ਨੇ ਓਸ ਨਾਲ ਬੜੀ ਖੁਲ੍ਹਦਿਲੀ ਦਾ ਸਲੂਕ ਕੀਤਾ। ਖਾਤਰ ਨਾਲ ਮਿਲੇ ੧੨੫੦ ਰੁਪਯਾ ਓਹਦੀ ਰੋਟੀ ਤੇ ਖਰਚ ਕੀਤਾ। ਇੱਥੋਂ ਸ਼ਾਹ ਸ਼ੁਜਾ ਛੇਤੀ ਹੀ ਆਪਣੇ ਭਰਾ ਸ਼ਾਹ ਜ਼ਮਾਨ ਨੂੰ ਮਿਲਨ ਵਾਸਤੇ ਰਾਵਲਪਿੰਡੀ ਚਲਾ ਗਿਆ, ਜਿੱਥੋਂ ਸਰਹੱਦ ਦੇ ਭਾਰੀ
ਕਬੀਲਿਆਂ ਨੂੰ ਆਪਣੇ ਨਾਲ ਮਿਲਾ ਕੇ ਸ਼ਾਹ ਮੁਹੰਮਦ ਨੂੰ ਭਾਰੀ ਸ਼ਕਸਤ ਦਿੱਤੀ ਤੇ ੨੦ ਮਾਰਚ ਨੂੰ ਪਿਸ਼ਾਵਰ ਵਿੱਚ ਦਾਖਲ ਹੋ ਕੇ ਲਹਿੰਦੇ ਦੇ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ। ਕਿੰਤੂ ਛੇ ਮਹੀਨੇ ਪਿੱਛੋਂ ਓਹਦੀ ਕਿਸਮਤ ਨੇ ਫਿਰ ਪਲਟਾ ਖਾਧਾ ਤੇ ਮੰਦੇ ਦਿਹਾੜੇ ਆ ਗਏ ਤੇ ਮੁਹੰਮਦ ਅਜ਼ੀਮ ਖਾਂ, ਫਤਹ ਖਾਂ, ਵਜੀਰ ਦੇ ਭਰਾ ਨੇ ਸ਼ਾਹ ਸੁਜਾਉਲ ਮੁਲਕ ਨੂੰ ਸ਼ਕਸਤ ਦੇ ਕੇ ਅਟਕੋਂ ਪਾਰ ਨਸਾ ਦਿੱਤਾ।
੯੪. ਮੁਲਤਾਨ ਦੀ ਚੜ੍ਹਾਈ
ਸਾਹੀਵਾਲ ਤੇ ਖੁਸ਼ਾਬ ਨੂੰ ਫਤਹ ਕਰ ਕੇ ਮਹਾਰਾਜਾ ਸਾਹਿਬ ਨੇ ਸੰਮਤ ੧੮੬੭ ਬਿਕ੍ਰਮੀ ਨੂੰ ਚੌਥੀ ਵਾਰ ਮੁਲਤਾਨ ਤੇ ਚੜ੍ਹਾਈ ਕੀਤੀ। ਓਥੇ ਪੁੱਜਦਿਆਂ ਹੀ ਲੜਾਈ ਸ਼ੁਰੂ ਹੋ ਗਈ। ਮੁਲਤਾਨ ਦੇ ਨਵਾਬ ਦੀ ਮਨਸ਼ਾ ਲੜਾਈ ਕਰਨ ਦੀ ਨਹੀਂ ਸੀ। ਕਿੰਤੂ ਜਦ ਓਸ ਦੇ ਸਿਰ ਤੇ ਤਲਵਾਰ ਆ ਚਮਕੀ ਤਦ, ਓਸ ਨੂੰ ਤਲਵਾਰ ਚੁੱਕੇ ਬਿਨਾਂ ਰਹਿਣਾ ਕਠਨਾਈ ਦਾ ਸਾਹਮਣਾ ਸੀ। ਦੋਹਾਂ ਪਾਸਿਆਂ ਤੋਂ ਗੋਲਾ ਬਾਰੀ ਸ਼ੁਰੂ ਹੋ ਗਈ, ਦਿਨ ਰਾਤ ਅੱਗ ਵਰਸਣ ਲੱਗੀ, ਮਹਾਰਾਜਾ ਰਣਜੀਤ ਸਿੰਘ ਦੇ ਦੋ ਤਿੰਨ ਵੱਡੇ ਵੱਡੇ ਸਰਦਾਰ ਜਿਹਾ ਕਿ ਸਰਦਾਰ ਅਤਰ ਸਿੰਘ ਧਾਰੀ ਆਦਿਕ ਲੜਾਈ ਵਿੱਚ ਕੰਮ ਆਏ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਤੇ ਸਰਦਾਰ ਹਰੀ ਸਿੰਘ ਨਲੂਆ ਫੱਟੜ ਹੋਏ। ਐਥੋਂ ਤੱਕ ਕਿ ਜਮਜਮਾ ਤੋਪ ਜਿਸ ਵਿੱਚ ਢਾਈ ਮਣ ਕੱਚਾ ਗੋਲਾ ਪੈਂਦਾ ਸੀ, ਦਰਵਾਜ਼ੇ ਦੇ ਅੱਗੇ ਲਿਆ ਕੇ ਰੱਖੀ ਗਈ। ਕਿੰਤੂ ਤਦ ਵੀ ਕੁਝ ਵਾਹ ਨਾ ਚੱਲੀ ਅਤੇ ਘਮਸਾਨ ਦੇ ਧੁੰਧ ਤੋਂ ਘਬਰਾ ਕੇ ਨਵਾਬ ਨੇ ਆਪਣਾ ਆਦਮੀ ਭੇਜਿਆ ਕਿ ਤੁਸੀਂ ਘੇਰਾ ਉਠਾ ਲਓ ਤੇ ਨਜ਼ਰਾਨੇ ਹਰਜਾਨੇ ਤੇ ਖਰਾਜ ਵਜੋਂ ਮੇਰਾ ਕੋਈ ਆਦਮੀ ਨਾਲ ਲੈ ਜਾਓ। ਜਦ ਤੱਕ ਖਰਾਜ ਨਾ ਪੁੱਜੇ ਉਸ ਆਦਮੀ ਨੂੰ ਨਾ ਛੱਡਣਾ। ਮਹਾਰਾਜਾ ਸਾਹਿਬ ਦੀ ਫੌਜ ਵਿੱਚ ਬੀਮਾਰੀ ਫੈਲ ਗਈ ਸੀ। ਦੂਜਾ ਰੱਬ ਦੇ ਬੰਦਿਆਂ ਦੇ ਨਾਹੱਕ ਖੂਨ ਹੋਣ ਦੇ ਖਿਆਲ ਨੂੰ ਮੁੱਖ ਰੱਖ ਕੇ ਓਹਨਾਂ ਕਿਲ੍ਹੇ ਤੋਂ ਘੇਰਾ ਚੁੱਕ ਲਿਆ ਤੇ ਅਬੂਬਕਰ ਖਾਂ ਨਵਾਬ ਮੁਜਫਰ ਖਾਂ ਦੇ ਸੌਹਰੇ ਨੂੰ ਧਰਗ ਮਾਲ ਵਜੋਂ ਆਪਣੇ ਨਾਲ ਲਾਹੌਰ ਲੈ ਆਂਦਾ ਤੇ ਆਪਣੀ ਫੌਜ ਨੂੰ ਅੰਗਰੇਜ਼ੀ ਢੰਗ ਦੀ ਕਵਾਇਦ ਸਿਖਾਣ ਦਾ ਪ੍ਰਬੰਧ ਕਰਨ ਲੱਗੇ। ਕੁਝ ਪੂਰਬੀਏ ਆਦਮੀ ਜੋ ਅੰਗ੍ਰੇਜ਼ੀ ਕਵਾਇਦ ਸਿਖੇ ਹੋਏ ਸਨ, ਮੰਗਾਏ ਗਏ ਤੇ ਓਹਨਾਂ ਨੂੰ ਤਕੜੀਆਂ ਤਨਖਾਹਾਂ ਦੇ ਕੇ ਹਰ ਫੌਜ ਵਿੱਚ ਦੋ ਦੋ, ਤਿੰਨ ਤਿੰਨ ਆਦਮੀ ਕਵਾਇਦ ਸਿਖਾਣ ਲਈ ਨੌਕਰ ਰੱਖ ਲਏ।
ਉਧਰ ਦੀਵਾਨ ਮੋਹਕਮ ਚੰਦ ਦਾ ਵੀ ਸ਼ੁਜਾ ਆਬਾਦ ਦੇ ਘੇਰੇ ਵਿੱਚ ਇਹ ਹੀ ਹਾਲ ਹੋਇਆ, ਅਰਥਾਤ ੨੧ ਮਾਰਚ ਨੂੰ ਸਿੱਖਾਂ ਦੀ ਫੌਜ ਨੇ ਕਿਲ੍ਹੇ ਤੇ ਬੜੇ ਜੋਰ ਨਾਲ ਗੋਲਾਬਾਰੀ ਕੀਤੀ, ਕਿੰਤੂ ਕੁਝ ਕਾਮਯਾਬੀ ਨਾ ਹੋਈ। ੫ ਦਿਨਾਂ ਪਿੱਛੋਂ ੨੫ ਤਰੀਕ ਨੂੰ ਫਿਰ ਹਮਲਾ ਕੀਤਾ, ਕਿੰਤੂ ਇਸ ਦੇ ਵਿੱਚ ਵੀ ਕੋਈ ਚੰਗਾ ਨਤੀਜਾ ਨਾ ਨਿੱਕਲਿਆ। ਹੁਣ ਚਾਰ ਮਹੀਨੇ ਹੋ ਗਏ ਸਨ ਮੁਲਤਾਨ ਤੋਂ ਖਰਾਜ ਨਾ ਪੁੱਜਾ।
੯੫. ਮਿੱਠਾ ਟਿਵਾਣਾ ਤੇ ਉੱਚ ਦੀ ਫਤਹ
ਮਹਾਰਾਜਾ ਨੇ ਦਲ ਸਿੰਘ ਆਪਣੇ ਇੱਕ ਸਰਦਾਰ ਸਪਾਹ ਸਾਲਾਰ ਨੂੰ ਚਾਰ ਪਲਟਨਾਂ ਤੇ ਦੋ ਤੋਪਖਾਨੇ ਦੇ ਕੇ ਹੁਕਮ ਦਿੱਤਾ ਕਿ ਪਹਿਲਾਂ ਮਿੱਠਾ ਟਿਵਾਣਾ ਤੇ ਉੱਚ ਦਾ ਇਲਾਕਾ ਫਤਹ ਕਰੋ ਤੇ ਫਿਰ ਮੁਲਤਾਨ ਦੇ ਨਵਾਬ ਤੋਂ ੫੦ ਹਜ਼ਾਰ ਰੁਪਯਾ ਵਸੂਲ ਕਰ ਕੇ ਅਬੂਬਕਰ ਨੂੰ ਛੱਡ ਦੇਵੋ। ਸੋ ਮਹਾਰਾਜਾ ਸਾਹਿਬ ਦੇ ਹੁਕਮ ਅਨੁਸਾਰ ਦਲ ਸਿੰਘ ਨੇ ਕੂਚ ਕਰ ਕੇ ਬੜੀ ਬਹਾਦਰੀ ਤੇ ਜਵਾਂ ਮਰਦੀ ਨਾਲ ਮਿੱਠਾ ਟਿਵਾਣਾ ਤੇ ਉੱਚ* ਦਾ ਇਲਾਕਾ ਫਤਹ ਕੀਤਾ। ਫਿਰ ਮੁਲਤਾਨ ਪੁੱਜ ਕੇ
--------------------
*ਇਹ ਉੱਚ ਓਹ ਅਸਥਾਨ ਨਹੀਂ, ਜਿਸ ਦਾ ਜ਼ਿਕਰ ਝੰਗ ਦੀ ਲੜਾਈ ਵਿੱਚ ਹੋਇਆ ਹੈ। ਇਹ ਓਹ ਜਗ੍ਹਾ ਹੈ, ਜੋ ਹੁਣ ਰਿਆਸਤ ਬਹਾਵਲਪੁਰ ਵਿੱਚ ਵਾਕਿਆ ਹੈ। ਇੱਥੇ ਕੇਵਲ ਸਾਦਾਤ ਬੁਖਾਰੀ ਤੇ ਗੇਲਾਨੀ ਲੋਕ ਵਸਦੇ ਹਨ। ਦਿੱਲੀ ਦੇ ਸ਼ਾਹਾਂ ਦੇ ਵੇਲੇ ਇੱਥੋਂ ਦੇ ਸੱਯਦਾਂ ਦੀ ਬੜੀ ਖਾਤਰ ਤਵਜੋ ਹੋਂਦੀ ਸੀ। ਇਹ ਲੋਕ ਇੱਕ ਮੁਦਤ ਤੋਂ ਇੱਥੋਂ ਦੇ ਹਾਕਮ ਸਨ। ਇਨ੍ਹਾਂ ਲੋਕਾਂ ਨੂੰ ਹਿੰਦੂਆਂ ਦੀ ਸ਼ਕਲ ਤੋਂ ਘ੍ਰਿਣਾ ਸੀ। ਕੋਈ ਹਿੰਦੂ ਆਪਣੇ ਵਿੱਚ ਨਹੀਂ ਵਸਣ ਦੇਂਦੇ ਸਨ। ਜਦ ਦਲ ਸਿੰਘ ਪੁੱਜਾ ਤਦ ਇਹ ਮੁਕਾਬਲੇ ਲਈ ਪੇਸ਼ ਆਏ, ਚਾਰ
ਖਰਾਜ ਦੀ ਮੰਗ ਕੀਤੀ ਤੇ ਇੱਕ ਹਫਤੇ ਵਿੱਚ ੫੦ ਹਜ਼ਾਰ ਰੁਪਯਾ ਨਵਾਬ ਤੋਂ ਖਰਾਜ ਦਾ ਵਸੂਲ ਕਰ ਕੇ ਵਾਪਸ ਲਾਹੌਰ ਆ ਗਿਆ। ਮੁਲਤਾਨ ਤੋਂ ਚੱਲ ਕੇ ਸਰਦਾਰ ਦਲ ਸਿੰਘ ਨੇ ਕੋਟ ਕਮਾਲੀਏ ਦੇ ਇਲਾਕੇ ਤੇ ਹਮਲਾ ਕਰ ਕੇ ਓਹਨੂੰ ਫਤਹ ਕਰ ਲਿਆ। ਜਦ ਦਲ ਸਿੰਘ ਲਾਹੌਰ ਪੁੱਜਾ ਤੇ ਇਸ ਨੇ ਇੱਕ ਤਕੜੀ ਰਕਮ ਮਹਾਰਾਜਾ ਸਾਹਿਬ ਦੇ ਅੱਗੇ ਪੇਸ਼ ਕੀਤੀ, ਤਦ ਮਹਾਰਾਜਾ ਸਾਹਿਬ ਬੜੇ ਖੁਸ਼ ਹੋਏ। ਤਦ ਓਹਨਾਂ ਇੱਕ ਬਹੁਮੁੱਲਾ ਸਿਰੋਪਾ ਇਸ ਦੀ ਬਹਾਦਰੀ ਦੇ ਬਦਲੇ ਵਿੱਚ ਦਿੱਤਾ।
੯੬. ਵਜੀਰਾਬਾਦ ਤੇ ਨਕੇਈ ਸਰਦਾਰਾਂ ਦੇ ਇਲਾਕੇ ਦੀ ਜ਼ਬਤੀ
ਵਜ਼ੀਰਾਬਾਦ ਦੇ ਸਰਦਾਰ ਅਮਰੀਕ ਸਿੰਘ ਤੇ ਗੰਡਾ ਸਿੰਘ ਦੇ ਚਲਾਣਾ ਕਰ ਜਾਣ ਤੇ ਮਹਾਰਾਜਾ ਨੇ ਫਿਰ ਫੌਜ ਇਧਰ ਭੇਜੀ ਤੇ ਸੁਰਗਵਾਸੀ ਸਰਦਾਰ ਜੋਧ ਸਿੰਘ ਦੇ ਦੋਨਾਂ ਪੁੱਤਰਾਂ ਨੂੰ ੧੦ ਹਜ਼ਾਰ ਦੀ ਇਕ ਜਾਗੀਰ ਗੁਜ਼ਾਰੇ ਵਾਸਤੇ ਦਿੱਤੀ। ਨੱਕਾ ਇਲਾਕੇ ਦੇ ਸਰਦਾਰਾਂ ਵਿੱਚ ਹਮੇਸ਼ਾ ਹੀ ਝਗੜਾ ਹੋਂਦਾ ਰਹਿੰਦਾ ਸੀ। ਇਸ ਕਰ ਕੇ ਨਕੇ ਦਾ ਕੁਲ ਇਲਾਕਾ ਜ਼ਬਤ ਕਰ ਕੇ ਸ਼ਾਹਜ਼ਾਦਾ ਖੜਕ ਸਿੰਘ ਨੂੰ ਇੱਥੋਂ ਦਾ ਇਲਾਕਾ ਦੇ ਦਿੱਤਾ। ਕੇਵਲ ਇੱਕ ਇਲਾਕਾ ਭੜਵਾਲ ਤੇ ਦੂਜਾ ਸਰਦਾਰ ਕਾਹਨ ਸਿੰਘ ਨਕੇਈ ਪਾਸ ਰੈਹਣ ਦਿੱਤਾ।
੯੭. ਪਹਾੜੀ ਇਲਾਕੇ ਤੋਂ ਖਰਾਜ
ਦੀਵਾਨ ਮੋਹਕਮ ਚੰਦ ਦੀ ਬਿਨੈ ਤੇ ਦੀਵਾਨ ਭਵਾਨੀ ਦਾਸ ਤੇ ਮੀਆਂ ਮੋਟਾ (ਜੋ ਇੱਕ ਡੋਗਰਾ ਸੀ) ਚਾਰ ਪਲਟਣਾਂ ਤੇ ਦੋ ਤੋਪਖਾਨੇ ਦੇ ਕੇ ਭੇਜਿਆ ਤਾਂ ਜੋ ਮੰਡੀ ਸੁਕੇਤ ਦੇ ਮਹਾਰਾਜਿਆਂ ਵੱਲੋਂ ਖਰਾਜ ਵਸੂਲ ਕੀਤਾ ਜਾਵੇ। ਦੀਵਾਨ ਭਵਾਨੀ ਦਾਸ ਨੇ ਬੜੀ ਜਵਾਂਮਰਦੀ ਨਾਲ ੫੦ ਹਜ਼ਾਰ ਰੁਪਯਾ ਮੰਡੀ ਤੋਂ, ੭੦ ਹਜ਼ਾਰ ਰੁਪਯਾ ਰਾਜਾ ਕੁਲੂ ਤੋਂ, ੭੭ ਹਜ਼ਾਰ ਰੁਪਯਾ ਸੁਕੇਤ ਵਾਲੇ ਤੋਂ ਵਸੂਲ ਕਰ ਕੇ ਲਾਹੌਰ ਖ਼ਜ਼ਾਨੇ ਵਿੱਚ ਭੇਜਿਆ ਤੇ ਮੁੜਨ ਦੇ ਸਮੇਂ ਮਹਾਰਾਜੇ ਦੇ ਹੁਕਮ ਨਾਲ ਲਾਹੌਰ ਫਿਰੋਜ਼ਵਾਲਾ, ਮੁਹੀਓਦੀਨ ਪੁਰਾ ਜੋ ਸਰਦਾਰ ਗੁਰਬਖਸ਼ ਸਿੰਘ ਦਯਾ ਸਿੰਘ ਦੇ ਕਬਜ਼ੇ ਵਿੱਚ ਸੀ, ਫਤਹ ਕਰ ਕੇ ਸਾਰਾ ਇਲਾਕਾ ਮਹਾਰਾਜੇ ਦੇ ਕਬਜ਼ੇ ਵਿੱਚ ਕਰ ਦਿੱਤਾ।
੯੮. ਨਿਧਾਨ ਸਿੰਘ ਦੀ ਕੈਦ
ਇਨ੍ਹਾਂ ਹੀ ਦਿਨਾਂ ਵਿੱਚ ਰਾਣੀ ਰਾਮ ਕੌਰ ਵਿਧਵਾ ਸਰਦਾਰ ਬਘੇਲ ਸਿੰਘ ਦੀ ਆਪਣੀ ਜਾਗੀਰ ਬਹਾਦਰਗੜ੍ਹ ਵਿੱਚ ਬੇਦਖ਼ਲ ਕਰ ਦਿੱਤੀ ਗਈ ਤੇ ਸਰਦਾਰ ਨਿਧਾਨ ਸਿੰਘ ਹਟੂ ਨੂੰ ਇਸ ਅਪਰਾਧ ਵਿੱਚ ਕਿ ਓਹਨਾਂ ਇਕਰਾਰ ਅਨੁਸਾਰ ੨੫੦ ਆਦਮੀ ਨਾਲ ਲੈ ਕੇ ਮੁਲਤਾਨ ਦੀ ਲੜਾਈ ਵਿੱਚ ਸ਼ਾਮਲ ਨਹੀਂ ਹੋਇਆ, ਇੱਕ ਮਹੀਨੇ ਦੀ ਲਗਾਤਾਰ ਲੜਾਈ ਮਗਰੋਂ ਮਹਾਰਾਜੇ ਨੇ ਕੈਦ ਕਰ ਲਿਆ ਤੇ ਓਹਦਾ ਸਾਰਾ ਇਲਾਕਾ ਜ਼ਬਤ ਕਰ ਲਿਆ। ਇਸੇ ਤਰ੍ਹਾਂ ਦਵਾਬਾ ਰਚਨਾ ਵਿੱਚ ਭਾਗ ਸਿੰਘ ਆਹਲੂਵਾਲੀਆ ਨੂੰ ਕੈਦ ਕਰ ਕੇ ਓਹਦਾ ਇਲਾਕਾ ਵੀ ਜ਼ਬਤ ਕਰ ਲਿਆ, ਕਿੰਤੂ ਇੱਕ ਮਹੀਨੇ ਪਿੱਛੋਂ ਭਾਗ ਸਿੰਘ ਦੀ ਮਾਤਾ ਦੀ ਬਿਨੈ ਤੇ ਓਹਨੂੰ ਬਜਵਾਤ ਦੇ ਇਲਾਕੇ ਵਿੱਚ ਇੱਕ ਲੱਖ ਦੀ ਜਾਗੀਰ ਦੇ ਕੇ ਸੁਤੰਤਰ ਕਰ ਦਿੱਤਾ। ਮੁਲਕ ਰਾਜ ਤੇ ਜਮੀਅਤ ਸਿੰਘ ਬੇਦੀ ਨੇ ਸਰਦਾਰ ਨਿਧਾਨ ਸਿੰਘ ਹਟੂ ਦੀ ਸਫਾਰਸ਼ ਕੀਤੀ। ਮਹਾਰਾਜਾ ਨੇ ਵੀ ਚਾਹਿਆ ਕਿ ਓਹਨੂੰ ਜਾਗੀਰ ਦੇ ਕੇ ਛੱਡ ਦਿੱਤਾ ਜਾਵੇ, ਕਿੰਤੂ ਨਿਧਾਨ ਸਿੰਘ ਨੇ ਇਹ ਗੱਲ ਪ੍ਰਵਾਨ ਨਾ ਕੀਤੀ ਤੇ ਕਸ਼ਮੀਰ ਵਿੱਚ ਜਾ ਕੇ ਫਤੇਹ ਖਾਂ ਬਾਰਕਜ਼ੇਈ ਦੇ ਪਾਸ ਠਹਿਰ ਗਿਆ। ਸਾਹੀਵਾਲ ਤੇ ਰਤੇ ਖਾਂ ਨੂੰ ਛੱਡ ਕੇ ੧੪ ਹਜਾਰ ਦੀ ਜਾਗੀਰ ਝੰਗ ਦੇ ਇਲਾਕੇ ਵਿੱਚ ਦੇ ਦਿੱਤੀ। ਫਿਰ ਧਰਮ ਸਿੰਘ ਧਰਮ ਕੋਟੀਆ (ਜਿਸ ਦਾ ਮੁਲਕ ੧੮੦੬ ਵਿੱਚ ਜ਼ਬਤ ਹੋਇਆ ਸੀ) ਨੂੰ ਜਾਗੀਰ ਦੇ ਕੇ ਸੁਤੰਤਰ ਕਰ ਦਿੱਤਾ।
---------------------
ਦਿਨ ਦੀ ਲੜਾਈ ਹੋਂਦੀ ਰਹੀ। ਅੰਤ ਨੂੰ ਸਿੱਖਾਂ ਦੀਆਂ ਤੋਪਾਂ ਨੇ ਕਿਲ੍ਹਾ ਢਾਹ ਦਿੱਤਾ ਤੇ ਸਿੱਖਾਂ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਕਬਜਾ ਕਰ ਲਿਆ।
੯੯. ਭੰਬਰ ਦੇ ਰਈਸ ਤੇ ਚੜ੍ਹਾਈ
ਮਹਾਰਾਜਾ ਪਾਸ ਸ਼ਕਾਇਤ ਪੁੱਜੀ ਕਿ ਭੰਬਰ ਦੇ ਹਾਕਮ ਸੁਲਤਾਨ ਖਾਂ ਨੇ ਜੋਰ ਦੇ ਨਾਲ ਆਪਣੇ ਭਾਈ ਅਸਮਾਈਲ ਖਾਂ ਦੇ ਇਲਾਕੇ ਤੇ ਕਬਜ਼ਾ ਕਰ ਲਿਆ ਹੈ। ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਨੂੰ ਹੁਕਮ ਦਿੱਤਾ ਕਿ ਸੁਲਤਾਨ ਖਾਂ ਦੀ ਹੋਸ਼ ਟਿਕਾਣੇ ਕੀਤੀ ਜਾਵੇ। ਦੀਵਾਨ ਨੇ ਭੰਬਰ ਪੁੱਜਦਿਆਂ ਹੀ ਤੋਪਾਂ ਜੋੜ ਦਿੱਤੀਆਂ ਤੇ ਅੱਗ ਬਰਸਾਣ ਲੱਗਾ। ਸੁਲਤਾਨ ਖਾਂ ਨੇ ਬੜੀ ਜਵਾਂਮਰਦੀ ਨਾਲ ਮੁਕਾਬਲਾ ਕੀਤਾ। ਇੱਕ ਵਾਰ ਕਿਲ੍ਹੇ ਵਿਚੋਂ ਨਿੱਕਲ ਕੇ ਸਿੱਖਾਂ ਤੇ ਇਸ ਜ਼ੋਰ ਦਾ ਹਮਲਾ ਕੀਤਾ ਕਿ ਸਿੱਖ ਸੈਨਾ ਨੂੰ ਪੰਜ ਛੀ ਕੋਹ ਤੱਕ ਪਿੱਛੇ ਹਟਣਾ ਪਿਆ, ਕਿੰਤੂ ਦੂਜੇ ਦਿਨ ਜਦ ਸਿੱਖਾਂ ਨੇ ਇਕੱਠੇ ਹੋ ਹਮਲਾ ਕੀਤਾ ਤਦ ਸੁਲਤਾਨ ਖਾਂ ਤੇ ਓਹਦੀ ਫੌਜ ਦੇ ਵਾਸਤੇ ਅੱਗੇ ਠਹਿਰਨਾ ਮੁਸ਼ਕਲ ਹੋ ਗਿਆ, ਜਿਸ ਤੋਂ ਓਸ ਨੇ ੪੦ ਹਜ਼ਾਰ ਰੁਪਯੇ ਖਰਾਜ ਤੇ ਆਪਣੇ ਭਰਾ ਦਾ ਇਲਾਕਾ ਵਾਪਸ ਦੇਣ ਦਾ ਇਕਰਾਰ ਕੀਤਾ। ਦੀਵਾਨ ਮੋਹਕਮ ਚੰਦ ਖਰਾਜ ਤੋਂ ਵੱਖਰੀ ਇੱਕ ਤਕੜੀ ਰਕਮ ਨਜ਼ਰਾਨੇ ਤੇ ਹਰਜਾਨੇ ਵਜੋਂ ਲੈ ਕੇ ਵਾਪਸ ਚਲਾ ਆਇਆ।
੧੦੦. ਲੂਣ ਦੀਆਂ ਖਾਨਾਂ ਤੇ ਕਾਬਲ ਦਾ ਬਾਦਸ਼ਾਹ
ਇਸੇ ਸਾਲ ਦੇ ਅਖੀਰ ਵਿੱਚ ਮਹਾਰਾਜਾ ਸਾਹਿਬ ਨੇ ਲੂਣ ਦੀਆਂ ਖਾਨਾਂ ਦਾ ਮੁਲਾਹਜ਼ਾ ਕੀਤਾ ਤੇ ਪਿੰਡ ਦਾਦਨ ਖਾਂ ਦੇ ਲਾਗੇ ਤਿੰਨ ਕਿਲ੍ਹੇ ਫਤਹ ਕੀਤੇ। ਇਸੇ ਜਗ੍ਹਾ ਤੇ ਮਹਾਰਾਜਾ ਦੇ ਪਾਸ ਖ਼ਬਰ ਪੁੱਜੀ ਕਿ ਮਹਿਮੂਦ ਬਾਦਸ਼ਾਹ ੧੦੨ ਅਫਸਰ ਸਰਦਾਰਾਂ ਦੇ ਨਾਲ ਪੰਜਾਬ ਵਿੱਚ ਦਾਖਲ ਹੋਇਆ ਹੈ। ਸੋ ਮਹਾਰਾਜਾ ਸਾਹਿਬ ਝੱਟ ਫੌਜ ਲੈ ਕੇ ਰਾਵਲਪਿੰਡੀ ਪੁੱਜੇ ਤੇ ਉੱਥੋਂ ਆਪਣਾ ਇੱਕ ਆਦਮੀ ਭੇਜ ਕੇ ਬਾਦਸ਼ਾਹ ਤੋਂ ਪੁੱਛ ਭੇਜਿਆ ਕਿ ਓਹ ਪੰਜਾਬ ਵਿੱਚ ਕਿਸ ਤਰ੍ਹਾਂ ਆਇਆ ਹੈ? ਉੱਤਰ ਵਿੱਚ ਬਾਦਸ਼ਾਹ ਨੇ ਕਿਹਾ ਕਿ ਕਸ਼ਮੀਰ ਤੇ ਅਟਕ ਦੇ ਇਲਾਕੇ ਨੂੰ ਇਸ ਗੱਲ ਦੀ ਸਜ਼ਾ ਦੇਣ ਆਇਆ ਹਾਂ ਕਿ ਉਹਨਾਂ ਸ਼ੁਜਾਉਲ ਮੁਲਕ ਦੀ ਕਿਉਂ ਸਹਾਇਤਾ ਕੀਤੀ ਹੈ? ਜਦ ਇਹ ਹਾਲ ਮਹਾਰਾਜਾ ਨੂੰ ਮਲੂਮ ਹੋਇਆ ਤਦ ਓਹਦੀ ਚਿੰਤਾ ਦੂਰ ਹੋਈ ਤੇ ਮਹਾਰਾਜਾ ਸਾਹਿਬ ਨੇ ਰਾਵਲਪਿੰਡੀ ਸ਼ਹਿਰ ਵਿੱਚ ਬਾਦਸ਼ਾਹ ਨਾਲ ਬੜੇ ਦਿਲੀ ਚਾਓ ਨਾਲ ਮੁਲਾਕਾਤ ਕੀਤੀ। ਦੋਹਾਂ ਧਿਰਾਂ ਵੱਲੋਂ ਪਹਿਲਾਂ ਤੋਹਫੇ ਦਿੱਤੇ ਗਏ। ਫਿਰ ਮੁਲਾਕਾਤ ਹੋਈ। ਅੱਗੋਂ ਨੂੰ ਇੱਕ ਦੂਜੇ ਦੇ ਮਿਤਰ ਰਹਿਣ ਦਾ ਪ੍ਰਣ ਕਰ ਕੇ ਮਹਾਰਾਜਾ ਸਾਹਿਬ ਵਾਪਸ ਲਾਹੌਰ ਆ ਗਏ।
੧੦੧. ਰਾਜਪੂਤਾਂ ਤੋਂ ਖਰਾਜ ਲੈਣ ਤੇ ਕਿਲ੍ਹਾ ਗੁਲੇਰ ਦੀ ਜਿੱਤ
ਮਹਾਰਾਜਾ ਸਾਹਿਬ ਨੇ ਦੀਵਾਨ ਮੋਹਕਮ ਚੰਦ ਨੂੰ ਭੇਜਿਆ ਕਿ ਗੁਜਰਾਤ ਦੇ ਉੱਤਰੀ ਪਹਾੜਾਂ ਦੇ ਸਿੰਘ ਰਾਜਪੂਤਾਂ ਤੋਂ ਖਰਾਜ ਵਸੂਲ ਕਰੇ, ਜਿੱਥੇ ਉਹਨੇ ੪੦ ਹਜ਼ਾਰ ਰੁਪਯਾ ਵਸੂਲ ਕੀਤਾ। ਸਰਦਾਰ ਦੇਸਾ ਸਿੰਘ ਮਜੀਠਾ ਨੂੰ ਕਿਲ੍ਹਾ ਕੋਟਲਾ ਜੋ ਤਲੋਕਨਾਥ ਦੇ ਪਾਸ ਹੈ, ਫਤਹ ਕਰਨ ਲਈ ਨੂਰਪੁਰ ਵੱਲ ਭੇਜਿਆ। ਇਹ ਕਿਲ੍ਹਾ ਉਸ ਵੇਲੇ ਧਿਆਨ ਸਿੰਘ ਦੇ ਕਬਜ਼ੇ ਵਿੱਚ ਸੀ, ਜੋ ਕਿਸੇ ਸਮੇਂ ਵਿੱਚ ਗੁਲੇਰ ਦੇ ਰਾਜਾ ਦਾ ਵਜੀਰ ਰਹਿ ਚੁੱਕਾ ਸੀ। ਮਹਾਰਾਜ ਨੇ ਹੁਕਮ ਦਿੱਤਾ ਕਿ ਜੇ ਕਦੀ ਮਜੀਠਾ ਸਰਦਾਰ ਇੱਕ ਹਫਤੇ ਵਿੱਚ ਇਸ ਕਿਲ੍ਹੇ ਨੂੰ ਫਤਹ ਕਰ ਲਏ ਤਦ ਤਲੋਕ ਨਾਥ ਦਾ ਅੱਧਾ ਇਲਾਕਾ ਇਸ ਨੂੰ ਦੇ ਦਿੱਤਾ ਜਾਵੇਗਾ। ਸੋ ਸਰਦਾਰ ਨੇ ਅਜਿਹਾ ਹੀ ਕਰ ਵਿਖਾਇਆ, ਜਿਸ ਤੋਂ ਮਹਾਰਾਜਾ ਸਾਹਿਬ ਨੇ ੭ ਹਜ਼ਾਰ ਦੀ ਜਾਗੀਰ ਓਹਨੂੰ ਬਖ਼ਸੀ।
੧੦੨. ਫੈਜ਼ਲਾਪੁਰ ਦੀ ਜਿੱਤ
ਫੈਜਲਾਪੁਰ ਦਾ ਸਰਦਾਰ ਬੁਧ ਸਿੰਘ ਸੀ। ਓਸ ਦੀ ਮਹਾਰਾਜਾ ਸਾਹਿਬ ਨਾਲ ਕੁਝ ਅਜੋੜ ਹੋ ਗਈ, ਜਿਸ ਤੋਂ ਸਰਦਾਰ ਜੋਧ ਸਿੰਘ ਰਾਮਗੜ੍ਹੀਆ, ਫਤਹ ਸਿੰਘ ਆਹਲੂਵਾਲੀਆ ਤੇ ਮੋਹਕਮਚੰਦ ਨੇ ਓਹਦੇ ਇਲਾਕੇ ਵਿੱਚ ਅੱਪੜ ਕੇ ਜੰਗ ਛੇੜ ਦਿੱਤੀ। ਬੁੱਧ ਸਿੰਘ ਓਹ ਥਾਂ ਛੱਡ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਗਿਆ, ਕਿੰਤੂ ਓਹਦੀ ਫੌਜ ਬੜੇ ਚਿਰ ਤੱਕ ਲਾਹੌਰ ਦੀ ਸੈਨਾ ਨਾਲ ਲੜਦੀ ਰਹੀ। ਫਿਰ ਇੱਕ ਭਾਰੀ ਫੌਜ ਦੇ ਮਗਰੋਂ ਲਾਹੌਰ ਦਰਬਾਰ ਦੀ ਫੌਜ ਨੇ ਫਤਹ ਪਾਈ।
ਜਾਲੰਧਰ ਪੱਟੀ ਹੈਬਤ ਪੁਰਾ ਦੇ ਕਿਲ੍ਹੇ ਤੇ ਫੈਜਉਲਾਪੁਰ ਦਾ ਇਲਾਕਾ; ਜਿਸ ਦੀ ਆਮਦਨ ੩ ਲੱਖ ਰੁਪ੍ਯਾ ਸਾਲ ਦੇ ਕਰੀਬ ਸੀ, ਲਾਹੌਰ ਦਰਬਾਰ ਨਾਲ ਮਿਲਾ ਲਿਆ। ਬੁਧ ਸਿੰਘ ਦਾ ਜਿੰਨਾ ਖ਼ਜ਼ਾਨਾ ਤਿੰਨਾਂ ਕਿਲ੍ਹਿਆਂ ਵਿਚ ਸੀ, ਜਬਤ ਕਰ ਲਿਆ। ਇਸ ਬਹਾਦਰੀ ਦੇ ਬਦਲੇ ਮੋਹਕਮ ਚੰਦ ਨੂੰ ਇੱਕ ਬਹੁਮੁੱਲਾ ਸਿਰੋਪਾਓ ਤੇ 'ਦੀਵਾਨ' ਦਾ ਖ਼ਿਤਾਬ ਮਹਾਰਾਜਾ ਨੇ ਦਿੱਤਾ।
ਇਸ ਤੋਂ ਪਿੱਛੋਂ ਨਿਧਾਨ ਸਿੰਘ ਜੋ ਘਨੱਯਾ ਜੈ ਸਿੰਘ ਦਾ ਪੁੱਤਰ ਸੀ, ਕਿਸੇ ਗੱਲੋਂ ਮਹਾਰਾਜਾ ਸਾਹਿਬ ਨਾਲ ਵਿਗੜ ਬੈਠਾ। ਮਹਾਰਾਜਾ ਨੇ ਫੜ ਕੇ ਕੈਦ ਕਰ ਦਿੱਤਾ। ਹਾਜੀਪੁਰ ਫਗਵਾੜਾ ਜਿੰਨਾ ਓਹਦਾ ਇਲਾਕਾ ਜਾਗੀਰ ਦਾ ਸੀ, ਜ਼ਬਤ ਕਰ ਲਿਆ।
੧੦੩. ਜਮਾਂਦਾਰ ਖ਼ੁਸ਼ਹਾਲ ਸਿੰਘ ਦਾ ਹਾਲ
ਇਸੇ ਸਾਲ ਮਹਾਰਾਜਾ ਸਾਹਿਬ ਨੇ ਜਮਾਂਦਾਰ ਖੁਸ਼ਹਾਲ ਸਿੰਘ ਨੂੰ ਜੋ ਓਹਨਾਂ ਦੀ ਕਿਰਪਾ ਦਾ ਬੜਾ ਪਾਤਰ ਬਣਿਆ ਹੋਇਆ ਸੀ, ਡੇਉਡੀ ਦਾ ਅਫਸਰ ਨੀਯਤ ਕੀਤਾ। ਇਹ ਆਦਮੀ ਪਿੰਡ ਏਟਟਰੀ ਪ੍ਰਗਣਾ ਸਰਹੋਣਾ ਜਿਲ੍ਹਾ ਮੇਰਠ ਦਾ ਇੱਕ ਗਰੀਬ ਬ੍ਰਾਹਮਣ ਦਾ ਲੜਕਾ ਸੀ। ਲਾਹੌਰ ਆ ਕੇ ਧੋਕਲ ਸਿੰਘ ਵਾਲੀ ਪਲਟਨ ਵਿਚ ਸੰਮਤ ੧੮੬੭ ਨੂੰ ਪੰਜ ਰੁਪਏ ਮਹੀਨੇ ਤੇ ਨੌਕਰ ਹੋਇਆ। ਕੁਝ ਦਿਨਾਂ ਤੋਂ ਪਿੱਛੋਂ ਓਹਦੀ ਨੌਕਰੀ ਮਹਾਰਾਜਾ ਦੇ ਬਾਡੀਗਾਰਡ ਵਿੱਚ ਬੋਲੀ ਗਈ। ਇਹ ਨੌਜਵਾਨ ਸੁੰਦਰ ਤੇ ਸਜਿਆ ਫਬਿਆ ਆਦਮੀ ਸੀ। ਇਸ ਤੇ ਮਹਾਰਾਜਾ ਦੀ ਕ੍ਰਿਪਾ ਦ੍ਰਿਸ਼ਟੀ ਪਿਆ ਕਰਦੀ ਸੀ। ਇਹਦੀ ਅਵਾਜ਼ ਵੀ ਬੜੀ ਚੰਗੀ ਸੀ। ਇਕ ਦਿਨ ਰਾਤ ਦੇ ਵੇਲੇ ਪਹਿਰੇ ਤੇ ਖਲੋਤਾ ਮਿੱਠੀ ਮਿੱਠੀ ਸੁਰ ਨਾਲ ਕੁਝ ਗਾਉਂ ਰਿਹਾ ਸੀ। ਮਹਾਰਾਜਾ ਨੂੰ ਇਸ ਦੀ ਅਵਾਜ਼ ਬੜੀ ਪਸੰਦ ਆਈ ਤੇ ਸਵੇਰ ਨੂੰ ਹੀ ਓਹਨੂੰ ਅੰਮ੍ਰਿਤ ਛਕਾ ਕੇ ਆਪਣੇ ਨਾਲ ਰੱਖ ਲਿਆ। ਫਿਰ ਹੌਲੀ ਹੌਲੀ ਖਿਤਾਬ ਦੇ ਕੇ ਡੇਉਡੀ ਵਾਲੇ ਦੇ ਪਤਵੰਤੇ ਅਹੁਦੇ ਤੇ ਨੀਯਤ ਕਰ ਦਿੱਤਾ। ਮਹਾਰਾਜਾ ਸਾਹਿਬ ਦੇ ਘਰ ਦਾ ਸਾਰਾ ਪ੍ਰਬੰਧ ਇਸ ਆਦਮੀ ਦੇ ਹੱਥ ਵਿੱਚ ਸੀ। ਇਸ ਤੋਂ ਪਿੱਛੋਂ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਆਪਣੇ ਭਤੀਜੇ ਤੇਜਾ ਸਿੰਘ ਨੂੰ ਜੋ ਨੱਧਾ ਦਾ ਲੜਕਾ ਸੀ, ਆਪਣੇ ਸਹਾਇਕ ਵਜੋਂ ਨੌਕਰ ਰਖਾ ਲਿਆ।
੧੦੪. ਸ਼ਾਹਸ਼ੁਜਾ ਤੇ ਜ਼ਮਾਨਸ਼ਾਹ
ਇਸੇ ਸਾਲ ਸ਼ਾਹ ਸੁਜਾ ਤੇ ਜਮਾਨਸ਼ਾਹ ਤਖ਼ਤੋਂ ਉੱਤਰੇ ਹੋਏ ਕਾਬਲ ਦੇ ਬਾਦਸ਼ਾਹ ਲਾਹੌਰ ਆਏ ਤੇ ਅੰਗਰੇਜ਼ਾਂ ਦੀ ਰਾਹੀਂ ਲਿਖਾ ਪੜ੍ਹੀ ਕਾਬਲ ਨਾਲ ਕਰਨੀ ਚਾਹੀ, ਪਰੰਤੂ ਅੰਗਰੇਜਾਂ ਨੇ ਓਹਨਾਂ ਦੇ ਘਰ ਦੇ ਝੰਬੇਲੇ ਵਿੱਚ ਦਖ਼ਲ ਦੇਣੋਂ ਨਾਂਹ ਕਰ ਦਿੱਤੀ।
੧੦੫. ਸ਼ਾਹਜ਼ਾਦਾ ਖੜਕ ਸਿੰਘ ਦਾ ਵਿਆਹ
ਸੰਮਤ ੧੮੬੭ ਬਿ. ਦੇ ਅਖੀਰ ਫਰਵਰੀ ੧੮੧੨ ਈ. ਨੂੰ ਮਹਾਰਾਜਾ ਸਾਹਿਬ ਨੇ ਸ਼ਾਹਜਾਦਾ ਖੜਕ ਸਿੰਘ ਦੇ ਵਿਆਹ ਦੇ ਸਮੇਂ ਲਾਹੌਰ ਵਿੱਚ ਇੱਕ ਭਾਰੀ ਜਸ਼ਨ ਕੀਤਾ। ਪੰਜਾਬ ਦੇ ਸਾਰੇ ਸਰਦਾਰਾਂ ਪਟਿਆਲਾ, ਨਾਭਾ, ਜੀਂਦ ਤੇ ਕੈਥਲ ਦੇ ਰਾਜੇ ਤੇ ਸਰ ਡੇਵਡ ਅਖਤਰ ਲੋਨੀ ਇੱਕ ਮਾਮੂਲੀ ਜਹੀ ਫੌਜ ਦੇ ਨਾਲ ਆਏ। ਅਖਟਰ ਲੋਨੀ ਨੇ ਇੱਕ ਤੋਪ ਵੀ ਨਾਲ ਲਿਆਂਦੀ। ਇਹਦੇ ਵੇਖਣ ਦਾ ਮਹਾਰਾਜਾ ਸਾਹਿਬ ਨੂੰ ਬੜਾ ਸ਼ੌਕ ਸੀ। ਕਾਬਲ ਕਸ਼ਮੀਰ ਤੇ ਮੁਲਤਾਨ ਦੇ ਵਕੀਲ ਵੀ ਤੰਬੋਲ ਲੈ ਕੇ ਆਏ। ਵੱਡੀਆਂ ਵੱਡੀਆਂ ਰਕਮਾਂ ਜੋ ਇਸ ਵਿਆਹ ਦੇ ਸਮੇਂ ਤੰਬੋਲ ਵਿੱਚ ਮਹਾਰਾਜਾ ਸਾਹਿਬ ਨੂੰ ਮਿਲੀਆਂ ਇੰਜ ਸਨ:
੫੦੦੦) ਅੰਗ੍ਰੇਜ਼ਾਂ ਵੱਲੋਂ, ੧੧੦੦੦) ਤੇ ਹਾਥੀ ਮਹਾਰਾਜਾ ਜੀਂਦ, ੧੧੦੦੦) ਤੇ ਹਾਥੀ ਭਾਈ ਲਾਲ ਸਿੰਘ, ੧੧੦੦੦) ਰਾਜਾ ਸਾਹਿਬ ਨਾਭਾ, ੪੦੦੦) ਫ਼ਕੀਰ ਅਜ਼ੀਜੁਦੀਨ ੧੭੦੦੦) ਦੀਵਾਨ ਦੇਵੀਦਾਸ, ੧੦੦੦) ਭਵਾਨੀ ਦਾਸ, ੧੦੦੦) ਹੁਕਮ ਸਿੰਘ ਅਟਾਰੀ ਵਾਲਾ, ੬੦੦੦) ਦੀਵਾਨ ਦੇਵੀ ਦਾਸ, ੬੦੦੦) ਦੀਵਾਨ ਭਵਾਨੀ ਦਾਸ, ੬੦੦੦) ਹੁਕਮ ਸਿੰਘ ਅਟਾਰੀ ਵਾਲਾ, ੬੦੦੦) ਨਿਹਾਲ ਸਿੰਘ ਅਟਾਰੀ ਵਾਲਾ, ੬੦੦੦) ਦੀਵਾਨ ਹੁਕਮਾਲ ਸਿੰਘ
ਵਪਾਰੀ ਲਾਹੌਰ, ੪੦੦੦) ਹੁਕਮ ਸਿੰਘ ਚਿਮਨੀ, ੫੦੦੦) ਖਾਲਸਾ ਦਲ ਸਿੰਘ, ੫੦੦) ਧਨਾ ਸਿੰਘ ਮਲਵੱਈ, ੫੦੦੦) ਮਿਤ ਸਿੰਘ ਭੜਾਨੀਆ, ੧੬੦੦) ਰਾਮ ਨੰਦ ਸਰਾਫ, ੪੦੦੦) ਰਾਜਾ ਨੂਰਪੁਰ, ੯੦੦੦) ਰਾਜਾ ਚੰਬਾ ਵਾਲਾ, ੪੦੦੦) ਰਾਜਾ ਜਸਰੋਟਾ, ੨੧੦੦੦) ਖਾਲਸਾ ਫਤਹ ਸਿੰਘ ਆਹਲੂਵਾਲੀਆ, ੨੧੦੦੦) ਜੋਧ ਸਿੰਘ ਰਾਮਗੜ੍ਹੀਆ, ੭੦੦੦) ਰਾਜਾ ਸੰਸਾਰ ਚੰਦ, ੧੦੦੦੦) ਅਹਿਮਦ ਖਾਂ ਸਿਆਲ ਦੋ ਘੋੜਿਆਂ ਸਮੇਤ, ੫੦੦੦) ਰਾਜਾ ਬਸੋਲੀ, ੪੦੦੦) ਰਾਜਾ ਹਰੀ ਪੁਰੀਆ, ੪੦੦੦) ਰਾਜਾ ਸਕੋਟੀਆ, ੧੦੦੦੦) ਕੁਤਬ ਖਾਂ ਕਸੂਰੀਆ ਸਤ ਘੋੜਿਆਂ ਸਮੇਤ, ੨੦੦੦੦) ਨਵਾਬ ਰੁਕਮਉਦੌਲਾ ਮੁਹੰਮਦ ਸਾਦਕ ਖਾਂ, ੧੧੫੦੦) ਨਵਾਬ ਸਰ ਬਲੰਦ ਖਾਂ, ੫੦੦੦) ਨਵਾਬ ਮੁਲਤਾਨ, ੫੦੦) ਅਰੂੜ ਚੰਦ ਸਰਾਫ।
ਮਹਾਰਾਜਾ ਸਾਹਿਬ ਨੇ ਜ਼ੋਰ ਦਿੱਤਾ ਕਿ ਤੰਬੋਲ ਘੱਟ ਤੋਂ ਘੱਟ ਲਿਆ ਜਾਏ। ਕਿੰਤੂ ਤਦ ਵੀ ਤੰਬੋਲ ਦੀ ਰਕਮ ਤਿੰਨ ਲੱਖ ਤੋਂ ਵਧ ਗਈ। ਇਸ ਮੁਬਾਰਕ ਸਮੇਂ ਮਹਾਰਾਜਾ ਨੇ ਆਪਣੀ ਸਾਰੀ ਫੌਜ ਨੂੰ ਤਰ੍ਹਾਂ ਤਰ੍ਹਾਂ ਦੀਆਂ ਚਮਕੀਲੀਆਂ ਭੜਕੀਲੀਆਂ ਵਰਦੀਆਂ ਪਵਾਈਆਂ। ਇਹ ਮੁਬਾਰਕ ਸ਼ਾਦੀ ਸਰਦਾਰ ਜੈਮਲ ਸਿੰਘ ਘਨੱਯਾ (ਜੋ ਫਤੇਹਗੜ੍ਹ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੀ) ਦੀ ਸਪੁਤ੍ਰੀ ਚੰਦ ਕੌਰ ਦੇ ਨਾਲ ਹੋਈ ਸੀ। ਜਿਸ ਸ਼ਾਨ ਤੇ ਧੂਮ ਧਾਮ ਨਾਲ ਬਰਾਤ ਚੜ੍ਹੀ ਤੇ ਸ੍ਰਦਾਰ ਜੈਮਲ ਸਿੰਘ ਦੇ ਘਰ ਢੁਕੀ, ਦੇਖਣ ਯੋਗ ਸੀ। ਹਾਥੀਆਂ ਦੇ ਝੁੰਡ, ਸੋਨੇ, ਚਾਂਦੀ ਦੇ ਹੌਦੇ, ਸੋਨੇ ਦੇ ਝੁਲਾਂ ਨਾਲ ਸਵਾਰੇ, ਹਵਾ ਨੂੰ ਪਿੱਛੇ ਸੁਟਣ ਵਾਲੇ ਘੋੜੇ, ਸੋਨੇ ਚਾਂਦੀ ਦੇ ਗਹਿਣੇ ਪਾਈ ਉੱਛਲਦੇ ਕੁਦਦੇ ਅੱਗੇ ਅੱਗੇ ਧੌਂਸਾ ਜਿਸ ਦੇ ਪਿੱਛੇ ਊਠਵਾਨ ਫਿਰ ਰਸਾਲੇ ਦੇ ਸਵਾਰ ਜਿਨ੍ਹਾਂ ਦੇ ਪਿੱਛੇ ਪਲਟਨਾਂ ਦੀ ਕਤਾਰ, ਅੰਗ੍ਰੇਜ਼ੀ ਵਾਜਾ ਵਜਾਂਦੀ ਹੋਈ, ਫਿਰ ਚਲਦੇ ਤਖ਼ਤ ਸਜਾਵਟੀ ਦੀ ਫੁਲਵਾੜੀ ਜਿਸ ਵਿੱਚ ਸੋਨੇ ਚਾਂਦੀ ਦੇ ਫੁੱਲ ਟਿਕੇ ਹੋਏ ਸਨ, ਕਈ ਕੋਹਾਂ ਵਿੱਚ ਕਤਾਰ ਬੰਨ੍ਹੀ ਓਹਨਾਂ ਦੇ ਪਿੱਛੇ ਖ਼ਾਸੇ ਵਾਲੇ ਬ੍ਰਛੀਆਂ ਵਾਲੇ ਦਰਬਾਨਾਂ ਦੇ ਝੁੰਡਾਂ ਦੇ ਝੁੰਡ, ਫਿਰ ਸ਼ਾਹੀ ਬਾਡੀਗਾਰਡ ਸਵਾਰਾਂ ਦੇ ਪ੍ਰਜਰੀਨ ਵਰਦੀਆਂ ਪਾਈ; ਜਿਨ੍ਹਾਂ ਦੇ ਪਿੱਛੇ ਦੂਲਾ ਸ਼ਾਹੀ ਕਪੜੇ ਪਾਈ, ਫਿਰ ਖ਼ਾਸ ਮਹਾਰਾਜਾ ਬਹਾਦਰ ਦੀ ਸਵਾਰੀ ਜਿਨ੍ਹਾਂ ਦੇ ਸੱਜੇ ਖੱਬੇ ਪੰਜਾਬ ਦੇ ਕੁਲ ਰਾਜੇ ਤੇ ਸਰਦਾਰ ਭੜਕੀਲੇ ਤੇ ਰੰਗਬਰੰਗੀ ਕੱਪੜੇ ਪਾਏ ਹੋਏ ਸਨ।
ਜਦ ਜਨੇਤ ਪੁੱਜੀ ਤਦ ਸਰਦਾਰ ਜੈਮਲ ਸਿੰਘ ਵੱਲੋਂ ਰਵਾਜ ਅਨੁਸਾਰ ਚੰਗੇ ਚੰਗੇ ਸਰਦਾਰ ਸਵਾਗਤ ਲਈ ਆਏ। ਬਰਾਤ ਨੂੰ ਉਤਾਰਾ ਦਿੱਤਾ ਗਿਆ। ਰਾਤ ਨੂੰ ਆਤਸ਼ਬਾਜੀ ਸ਼ੁਰੂ ਹੋਈ। ਗੋਲੇ, ਅਨਾਰ, ਮਹਤਾਬੀ, ਬੁਰਜ ਗੁਲਦਾਓਦੀ, ਫੁਲਝੜੀ ਹਵਾਈ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਜਾਨਵਰ ਆਦਿਕ ਬਣੇ ਹੋਏ ਸਨ, ਜਿਨ੍ਹਾਂ ਦਾ ਵੇਰਵੇ ਨਾਲ ਹਾਲ ਲਿਖਣਾ ਇੱਕ ਵੱਖਰੀ ਪੁਸਤਕ ਬਣ ਜਾਂਦੀ ਹੈ। ਹਜ਼ਾਰਾਂ ਆਦਮੀ ਤਾਂ ਕੇਵਲ ਚੁੱਕਣ ਵਾਲੇ ਹੀ ਸੀ। ਓਧਰੋਂ ਸਰਦਾਰ ਜੈਮਲ ਸਿੰਘ ਨੇ ਵੀ ਬਰਾਤ ਦੀ ਖਾਤਰ ਤਵਾਜੋ ਸ਼ਾਹੀ ਢੰਗ ਤੇ ਕੀਤੀ। ੫੦ ਹਜ਼ਾਰ ਰੁਪਯਾ ਪਹਿਲੇ ਦਿਨ ਦੀ ਜ਼ਿਆਫਤ ਵਾਸਤੇ ਦਿੱਤਾ। ਇਸ ਤੋਂ ਪਿੱਛੋਂ ਜਿੰਨੇ ਦਿਨ ਬਰਾਤ ਰਹੀ ੧੫ ਹਜਾਰ ਰੋਜ਼ ਦਾ ਦੇਂਦਾ ਰਿਹਾ। ਫਰਵਰੀ ੧੮੧੨ ਨੂੰ ਸ਼ਾਹਜਾਦਾ ਖੜਕ ਸਿੰਘ ਦਾ ਵਿਆਹ ਸਰਦਾਰ ਜੈਮਲ ਸਿੰਘ ਦੀ ਲੜਕੀ ਚੰਦ ਕੌਰ ਨਾਲ ਪੜ੍ਹਿਆ ਗਿਆ। ਅੰਦਰ ਬਾਹਰ ਵਧਾਈਆਂ ਮਿਲਣ ਲੱਗੀਆਂ। ਵਹੁਟੀ ਤੇ ਦੂਲ੍ਹੇ ਦੇ ਸਿਰ ਤੋਂ ਅਸ਼ਰਫੀਆਂ ਵਾਰੀਆਂ ਗਈਆਂ, ਗਰੀਬਾਂ ਤੇ ਅਨਾਥਾਂ ਵਿੱਚ ਹਜ਼ਾਰਾਂ ਰੁਪਯੇ ਵੰਡੇ ਗਏ। ਜਦ ਤੱਕ ਓਥੇ ਬਰਾਤ ਰਹੀ, ਆਨੰਦ ਮੰਗਲਾਚਾਰ ਹੁੰਦਾ ਰਿਹਾ। ਬਰਾਤ ਦੇ ਟੁਰਨ ਸਮੇਂ ਸਰਦਾਰ ਜੈਮਲ ਸਿੰਘ ਨੇ ਦੋ-ਤਿੰਨ ਲੱਖ ਰੁਪਏ ਦਾ ਸਾਮਾਨ ਦੇ ਕੇ ਬਰਾਤ ਨੂੰ ਟੋਰਿਆ। ਫੇਰ ਉਸੇ ਸ਼ਾਨ ਨਾਲ ਬਰਾਤ ਵਹੁਟੀ ਤੇ ਸੋਨੇ ਚਾਂਦੀ ਦੇ ਫੁੱਲ ਲੁਟਾਂਦੀ ਵਾਪਸ ਲਾਹੌਰ ਆਈ। ਹੋਲੀ ਦੇ ਦਿਨ ਨੇੜੇ ਹੀ ਆ ਗਏ ਸਨ। ਇਸ ਕਰ ਕੇ ਬਾਹਰੋਂ ਆਏ ਹੋਏ ਮਹਿਮਾਨਾਂ ਵਿਚੋਂ ਕਿਸੇ ਨੂੰ ਨਾ ਟੋਰਿਆ। ਸਾਰੇ ਉੱਥੇ ਹੀ ਰਹੇ ਤੇ ਹੋਲੀਆਂ ਖੇਡ ਕੇ ਪਿੱਛੋਂ
ਸਭ ਨੂੰ ਵਿਦਾ ਕੀਤਾ। ਕਰਨਲ ਅਖਤਰ ਲੋਨੀ ਵੀ ਇਨ੍ਹਾਂ ਜਲਸਿਆਂ ਵਿੱਚ ਸ਼ਾਮਲ ਰਿਹਾ। ਹੋਲੀ ਤੋਂ ਪਿੱਛੋਂ ਹਰ ਇੱਕ ਨੂੰ ਯਥਾਯੋਗ ਸਿਰੋਪਾਓ ਦੇ ਕੇ ਟੋਰਿਆ।
੧੦੬. ਭਿੰਬਰ ਦੀ ਜ਼ਬਤੀ
ਭਿੰਬਰ ਤੋਂ ਖ਼ਬਰ ਪੁੱਜੀ ਕਿ ਓਥੋਂ ਦੇ ਰਈਸ ਸੁਲਤਾਨ ਖਾਂ ਨੇ ਆਪਣੇ ਭਰਾ ਅਸਮਾਈਲ ਖਾਂ ਨੂੰ ਕਤਲ ਕਰ ਕੇ ਓਹਦੇ ਇਲਾਕੇ ਤੇ ਕਬਜ਼ਾ ਕਰ ਲਿਆ ਹੈ। ਇਸ ਕਰ ਕੇ ਭਾਈ ਰਾਮ ਸਿੰਘ, ਜੋ ਕਿ ਸ਼ਾਹਜਾਦਾ ਖੜਕ ਸਿੰਘ ਦਾ ਉਸਤਾਦ ਸੀ, ੪ ਪਲਟਨਾਂ, ਦੋ ਸੌ ਸਵਾਰ ਤੇ ਇੱਕ ਜੰਗੀ ਤੋਪਖਾਨਾ ਦੇ ਕੇ ਓਹਦੇ ਨਾਲ ਭੇਜਿਆ ਤੇ ਸ਼ਾਹਜਾਦੇ ਨੂੰ ਵੀ ਨਾਮ ਮਾਤਰ ਇਸ ਜੰਗ ਦਾ ਅਫਸਰ ਬਣਾ ਕੇ ਭੇਜਿਆ। ਜਦ ਇਹ ਫੌਜ ਭਿੰਬਰ ਪੁੱਜੀ ਤਦ ਨਵਾਬ ਨੇ ਬੜੇ ਜ਼ੋਰ ਨਾਲ ਟਾਕਰਾ ਕੀਤਾ ਤੇ ਕਈ ਵੇਰ ਲਾਹੌਰ ਦੀ ਫੌਜ ਦਾ ਮੂੰਹ ਮੋੜ ਦਿੱਤਾ। ਕਿੰਤੂ ਅੰਤ ਨੂੰ ਜਦ ਦੀਵਾਨ ਮੋਹਕਮ ਚੰਦ ਲਾਹੌਰ ਤੇ ਗੁਜਰਾਤ ਤੋਂ ਸਹਾਇਕ ਫੌਜ ਲੈ ਕੇ ਅੱਪੜ ਗਿਆ ਤੇ ਸਿੱਖਾਂ ਨੇ ਕਦਮ ਜਮਾ ਕੇ ਅੱਗ ਵਸਾਣੀ ਸ਼ੁਰੂ ਕੀਤੀ, ਤਦ ਸੁਲਤਾਨ ਖਾਂ ਨੇ ਟਾਕਰੇ ਦੀ ਹਿੰਮਤ ਨਾ ਵੇਖ ਕੇ ਸੁਲਾਹ ਦਾ ਸਨੇਹਾ ਭੇਜਿਆ, ਜਿਸ ਨੂੰ ਦੀਵਾਨ ਮੋਹਕਮ ਚੰਦ ਨੇ ਵੀ ਮੰਨ ਲਿਆ ਤੇ ਅਹਿਮਦ ਖਾਂ ਨੂੰ ਇਹ ਕਹਿ ਕੇ ਕਿ ਮੈਂ ਅਪਰਾਧ ਲਾਹੌਰ ਚੱਲ ਕੇ ਮਾਫ ਕਰਾ ਦੇਵਾਂਗਾ, ਨਾਲ ਲੈ ਕੇ ਲਾਹੌਰ ਟੁਰ ਪਿਆ। ਕਿੰਤੂ ਜਦ ਓਹ ਲਾਹੌਰ ਪੁੱਜਾ ਤਦ ਓਹਦੀ ਹਾਲਤ ਵੇਖ ਕੈਦ ਕਰ ਲਿਆ ਗਿਆ ਤੇ ਓਹਦਾ ਜਿੰਨਾ ਇਲਾਕਾ ਸੀ, ਸਾਰਾ ਜ਼ਬਤ ਕਰ ਲਿਆ। ਫਿਰ ਮਹਾਰਾਜਾ ਨੇ ਦੀਵਾਨ ਮੋਹਕਮ ਚੰਦ ਨੂੰ ਰਾਜੋੜੀ ਵੱਲ ਤੇ ਸ਼ਾਹਜ਼ਾਦਾ ਖੜਕ ਸਿੰਘ ਨੂੰ ਅਖਨੂਰ ਤੇ ਜੰਮੂ ਵੱਲ ਭੇਜਿਆ। ਦੋਵੇਂ ਕਾਮਯਾਬੀ ਨਾਲ ਮੁੜ ਕੇ ਆਏ ਤੇ ਸ਼ਾਹਜਾਦਾ ਖੜਕ ਸਿੰਘ ਨੂੰ ਜੰਮੂ ਅਖਨੂਰ ਦਾ ਸਾਰਾ ਇਲਾਕਾ ਤੇ ਭਿੰਬਰ ਦੀ ਜਾਗੀਰ ਦੇ ਦਿੱਤੀ।
੧੦੭. ਜੈਮਲ ਸਿੰਘ ਦਾ ਚਲਾਣਾ
ਸੰਮਤ ੧੮੬੯ ਬਿ. ਨੂੰ ਗਰਮੀਆਂ ਵਿੱਚ ਸਰਦਾਰ ਜੈਮਲ ਸਿੰਘ ਚਲਾਣਾ ਕਰ ਗਏ। ਇਨ੍ਹਾਂ ਦੇ ਘਰ ਕੋਈ ਲੜਕਾ ਨਹੀਂ ਸੀ, ਜਿਸ ਦੀ ਕੁੱਲ ਜਾਇਦਾਦ ਮਹਾਰਾਜਾ ਨੇ ਆਪਣੇ ਅਧੀਨ ਕਰ ਲਈ ਤੇ ਸਰਦਾਰ ਰਾਮ ਸਿੰਘ ਨੂੰ ਮਾਤਮਪੁਰਸੀ ਵਾਸਤੇ ਭੇਜਿਆ, ਜਿਸ ਨੇ ਕਬਜ਼ਾ ਕਰ ਲਿਆ।
ਤਿੰਨ ਮਹੀਨੇ ਪਿੱਛੋਂ ਜੈਮਲ ਸਿੰਘ ਦੀ ਵਿਧਵਾ ਸਿੰਘਣੀ ਦੇ ਘਰ ਲੜਕਾ ਹੋਇਆ। ਓਹਦੇ ਗੁਜ਼ਾਰੇ ਵਾਸਤੇ ਮਹਾਰਾਜੇ ਨੇ ੧੫ ਹਜ਼ਾਰ ਦੀ ਜਾਗੀਰ ਦੇ ਦਿੱਤੀ।
ਇਨ੍ਹਾਂ ਹੀ ਦਿਨਾਂ ਵਿੱਚ ਅਸਮਾਈਲ ਖਾਂ ਦੇ ਵਾਰਸਾਂ ਤੇ ਰਾਜੋੜੀ ਵਾਲਿਆਂ ਮਿਲ ਕੇ ਰਾਜ ਵਿਦਰੋਹ ਕਰ ਦਿੱਤਾ। ਤਦ ਮਹਾਰਾਜਾ ਸਾਹਿਬ ਆਪ ਫੌਜ ਲੈ ਕੇ ਉੱਥੇ ਅਪੜੇ ਤੇ ਓਹਨੂੰ ਦੰਡ ਦਿੱਤਾ। ਰਾਜੋੜੀ ਦਾ ਸਾਰਾ ਇਲਾਕਾ: ਜੋ ਪੀਰ ਪੰਜਾਲ ਤੱਕ ਦਾ ਮੁਸਲਮਾਨਾਂ ਦੇ ਅਧੀਨ ਸੀ, ਸਾਰੇ ਇਲਾਕੇ ਤੇ ਕਬਜ਼ਾ ਕਰ ਕੇ ਸਰਦੀਆਂ ਦੇ ਆਰੰਭ ਵਿੱਚ ਲਾਹੌਰ ਵਾਪਸ ਆਇਆ।
੧੦੮. ਕਾਬਲ ਦੇ ਵਜ਼ੀਰ ਦੀ ਸਹਾਇਤਾ
ਇਨ੍ਹਾਂ ਹੀ ਦਿਨਾਂ ਵਿੱਚ ਫਤਹ ਮੁਹੰਮਦ ਖਾਂ ਕਾਬਲ ਦੇ ਵਜ਼ੀਰ ਨੇ ਓਹਨਾਂ ਲੋਕਾਂ ਦੇ ਵਿਰੁੱਧ ਚੜ੍ਹਾਈ ਕੀਤੀ, ਜਿਨ੍ਹਾਂ ਨੇ ਕਿ ਸ਼ਾਹ ਸ਼ੁਜਾ ਨੂੰ ਮਦਦ ਦਿੱਤੀ ਸੀ। ਕਸ਼ਮੀਰ ਤੇ ਅਟਕ ਦੇ ਸੂਬਿਆਂ ਨੂੰ ਓਹ ਸਜ਼ਾ ਦੇਣਾ ਚਾਹੁੰਦਾ ਸੀ। ਇਹ ਚੜ੍ਹਾਈ ਕਰਨ ਤੋਂ ਪਹਿਲਾਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਪਾਸੋਂ ਸਹਾਇਤਾ ਲੈਣ ਦੀ ਜਰੂਰਤ ਪਈ। ਆਪਸ ਵਿੱਚ ਇਸ ਤੋਂ ਪਹਿਲਾਂ ਇਕਰਾਰ ਹੋ ਚੁੱਕੇ ਸਨ। ਆਪਣੇ ਵਕੀਲ ਗੋਦੜਮਲ ਨੂੰ ਉਹਨੇ ਮਹਾਰਾਜਾ ਸਾਹਿਬ ਪਾਸ ਭੇਜਿਆ, ਤਾਂਕਿ ਉਹ ਪਿਛਲੇ ਇਕਰਾਰ ਯਾਦ ਕਰਾ ਕੇ ਸਹਾਇਤਾ ਦੇਣ ਦੀ ਪ੍ਰਾਰਥਨਾ ਕਰੇ ਤੇ ਮਿਲਣ ਲਈ ਬਿਨੇ ਵੀ ਕੀਤੀ। ਮਹਾਰਾਜੇ ਨੇ ਕਾਬਲ ਦੇ ਵਜ਼ੀਰ ਦੀ ਦਰਖ਼ਾਸਤ ਮਨਜ਼ੂਰ ਕਰ ਲਈ ਤੇ ਦੋਹਾਂ ਧਿਰਾਂ ਦਾ ਦਰਯਾਏ ਜੇਹਲਮ ਦੇ ਕੰਢੇ ਤੇ ਮੇਲ ਹੋਇਆ, ਜਿੱਥੇ ਫੈਸਲਾ ਹੋਇਆ ਕਿ ਇਸ ਲੜਾਈ ਵਿੱਚ ਮਹਾਰਾਜਾ ਸਾਹਿਬ ਕਾਬਲ ਵਾਲਿਆਂ ਦੀ ਮਦਦ ਲਈ ਫੌਜ ਭੇਜਣ ਤੇ ਜਿੱਤ ਦੇ
ਇਲਾਕੇ ਵਿਚੋਂ ਤੀਜਾ ਹਿੱਸਾ ਮਹਾਰਾਜਾ ਸਾਹਿਬ ਨੂੰ ਮਿਲੇਗਾ। ਸੋ ਮਹਾਰਾਜਾ ਸਾਹਿਬ ਨੇ ੧੨ ਹਜ਼ਾਰ ਸਵਾਰ ਦੇ ਕੇ ਦੀਵਾਨ ਮੋਹਕਮ ਚੰਦ ਨੂੰ ਕਸ਼ਮੀਰ ਵੱਲ ਭੇਜ ਦਿੱਤਾ।
੧੦੯. ਕਸ਼ਮੀਰ ਦੀ ਫਤਹ ਅਤਾ ਮੁਹੰਮਦ ਖਾਂ ਤੇ ਸ਼ਾਹ ਸੁਜਾ ਪਨਾਹ ਵਿੱਚ ਆ ਗਏ
ਸਭ ਤੋਂ ਪਹਿਲਾਂ ਤੀਰਪੁਰ ਦੇ ਪਾਸ ਇੱਕ ਸਖ਼ਤ ਲੜਾਈ ਹੋਈ, ਜਿਸ ਵਿੱਚ ਸਿੱਖਾਂ ਨੇ ਪਠਾਣਾਂ ਦੇ ਖੂਬ ਦੰਦ ਖੱਟੇ ਕੀਤੇ। ਸੂਬੇ ਦਾ ਭਰਾ ਸਮੁੰਦ ਖਾਂ ਮਾਰਿਆ ਗਿਆ। ਇੱਥੋਂ ਨੱਸ ਕੇ ਸੂਬੇ ਨੇ ਸ਼ੇਰਗੜ੍ਹ ਦੇ ਕਿਲ੍ਹੇ ਵਿੱਚ ਜਾ ਸਮਾਨ ਇਕੱਠਾ ਕੀਤਾ। ਵਜ਼ੀਰ ਨੇ ਦੀਵਾਨ ਮੋਹਕਮ ਚੰਦ ਨੂੰ ਕਿਹਾ ਕਿ ਇਸ ਕਿਲ੍ਹੇ ਦੇ ਪਾਸੀਂ ਘੇਰਾ ਘੱਤ ਲਓ। ਸਿੱਖ ਸੈਨਾ ਨੇ ਇਸ ਕਿਲ੍ਹੇ ਦੇ ਪਾਸੀਂ ਘੇਰਾ ਪਾ ਕੇ ਵੀ ਸੂਬੇ ਨੂੰ ਨਠਾ ਦਿੱਤਾ। ਦੋ ਦਿਨ ਦੇ ਵਿੱਚ ਸੂਬੇ ਦਾ ਸਾਹ ਨੱਕ ਵਿੱਚ ਆ ਗਿਆ। ਕਿਲ੍ਹਾ ਫਤਹ ਹੋ ਗਿਆ। ਕਿਲ੍ਹੇ ਵਿੱਚ ਸ਼ਾਹ ਸੁਜਾ ਤੇ ਅਤਾ ਮੁਹੰਮਦ ਖਾਂ ਚੁੱਪ ਚਾਪ ਨਿੱਕਲ ਕੇ ਦੀਵਾਨ ਮੋਹਕਮ ਚੰਦ ਦੇ ਪਾਸ ਆ ਗਏ। ਓਹਨਾਂ ਨੇ ਆਪਣੇ ਆਪ ਨੂੰ ਦੀਵਾਨ ਦੇ ਹਵਾਲੇ ਕਰ ਕੇ ਬੇਨਤੀ ਕੀਤੀ ਕਿ ਜੇ ਕਦੀ ਓਹਨਾਂ ਨੂੰ ਕਾਬਲ ਦੇ ਵਜ਼ੀਰ ਦੇ ਹਵਾਲੇ ਨਾ ਕੀਤਾ ਜਾਏ, ਤਦ ਅਟਕ ਦਾ ਕਿਲ੍ਹਾ ਜੋ ਐਸ ਵੇਲੇ ਓਹਨਾਂ ਦੇ ਕਬਜ਼ੇ ਵਿੱਚ ਹੈ, ਦੇ ਦੇਣਗੇ। ਦੀਵਾਨ ਨੇ ਇਹ ਗੱਲ ਮੰਨਜੂਰ ਕਰ ਲਈ। ਫਤਹ ਖਾਂ ਵਜ਼ੀਰ ਨੇ ਦੀਵਾਨ ਤੇ ਜ਼ੋਰ ਦਿੱਤਾ ਕਿ ਓਹ ਇਨ੍ਹਾਂ ਦੋਹਾਂ ਨੂੰ ਇਸ ਦੇ ਹਵਾਲੇ ਕਰ ਦੇਵੇ, ਕਿੰਤੂ ਦੀਵਾਨ ਨੇ ਕਿਹਾ ਕਿ ਐਸ ਵੇਲੇ ਮੇਰੀ ਪਨਾਹ ਵਿਚ ਆਏ ਹੋਏ ਹਨ, ਸੋ ਜਦ ਤੱਕ ਲਾਹੌਰ ਦਰਬਾਰ ਵੱਲੋਂ ਕੋਈ ਹੁਕਮ ਨਾ ਆਵੇ, ਇਨ੍ਹਾਂ ਨੂੰ ਦੇਣਾ ਅਸੰਭਵ ਹੈ। ਸੋ ਓਸ ਨੇ ਇੱਕ ਚਿੱਠੀ ਮਹਾਰਾਜਾ ਸਾਹਿਬ ਵੱਲ ਲਿਖੀ, ਜਿਸ ਵਿੱਚ ਪੂਰੇ ਹਾਲ ਲਿਖ ਦਿੱਤੇ। ਦੂਜੇ ਪਾਸੇ ਵਜ਼ੀਰ ਫਤਹ ਖਾਂ ਨੇ ਵੀ ਦੀਵਾਨ ਦੀ ਸ਼ਕਾਇਤ ਮਹਾਰਾਜਾ ਸਾਹਿਬ ਪਾਸ ਲਾਹੌਰ ਲਿਖ ਭੇਜੀ। ਜਦ ਇਹ ਦੋਨੋਂ ਚਿੱਠੀਆਂ ਲਾਹੌਰ ਪੁੱਜੀਆਂ ਤਦ ਸ਼ਾਹਸ਼ਜਾਉਲ ਮੁਲਕ ਦੀ ਦੇਸ਼ਾਹ ਬੇਗਮ ਦੀ ਇੱਕ ਚਿੱਠੀ ਵੀ ਮਹਾਰਾਜਾ ਸਾਹਿਬ ਪਾਸ ਅੱਪੜੀ, ਜਿਸ ਵਿੱਚ ਲਿਖਿਆ ਸੀ ਕਿ: 'ਫਤਹ ਖਾਂ ਵਜ਼ੀਰ ਕਾਬਲ ਮੇਰੇ ਪਤੀ ਦੇ ਖਾਨਦਾਨ ਦਾ ਪੁਰਾਣਾ ਦੁਸ਼ਮਣ ਹੈ। ਮੈਂ ਸੁਣਿਆ ਹੈ ਕਿ ਉਹ ਆਪ ਨੂੰ ਕਹਿ ਰਿਹਾ ਹੈ ਕਿ ਮੇਰੇ ਖਾਵੰਦ ਨੂੰ ਓਹਦੇ ਹਵਾਲੇ ਕਰ ਦਿੱਤਾ ਜਾਏ। ਜੇ ਕਦੀ ਮੇਰੇ ਖਾਵੰਦ ਨੂੰ ਓਹਦੇ ਹਵਾਲੇ ਕਰ ਦਿੱਤਾ ਗਿਆ ਤਦ ਓਹਦੀ ਜ਼ਿੰਦਗੀ ਦੀ ਆਸ ਨਹੀਂ। ਸੋ ਜੇ ਕਦੀ ਮੇਰੇ ਪਤੀ ਨੂੰ ਓਹਦੇ ਹਵਾਲੇ ਨਾ ਕੀਤਾ ਜਾਵੇ, ਤਦ ਇਸ ਸਲੂਕ ਦੇ ਬਦਲੇ ਵਿੱਚ ਇਕਰਾਰ ਕਰਦੀ ਹਾਂ ਕਿ ਜਦ ਮੇਰਾ ਪਤੀ ਲਾਹੌਰ ਪੁੱਜਾ, ਤਦ ਮੈਂ ਓਸ ਨੂੰ ਕਹਿ ਕੇ ਕੋਹਿਨੂਰ ਹੀਰਾ ਜੋ ਓਹਦੇ ਪਾਸ ਹੈ, ਤੁਹਾਨੂੰ ਦੁਆ ਦੇਵਾਂਗੀ।'
ਮਹਾਰਾਜਾ ਸਾਹਿਬ ਨੇ ਇਹ ਚਿੱਠੀਆਂ ਪੜ੍ਹ ਕੇ ਦੀਵਾਨ ਮੋਹਕਮ ਚੰਦ ਨੂੰ ਲਿਖਿਆ ਕਿ ਇਹ ਦੋਨੋਂ ਆਦਮੀ ਜੋ ਪਨਾਹ ਵਿੱਚ ਆ ਗਏ ਹਨ, ਇਹ ਵਜ਼ੀਰ ਦੇ ਹਵਾਲੇ ਨਹੀਂ ਕੀਤੇ ਜਾਣੇ ਚਾਹੀਦੇ। ਤੁਸੀਂ ਅਤਾ ਮੁਹੰਮਦ ਪਾਸੋਂ ਅਟਕ ਦੇ ਕਿਲ੍ਹੇਦਾਰ ਦੇ ਨਾਮ ਚਿੱਠੀ ਲਿਖਵਾ ਭੇਜੋ ਕਿ ਓਹ ਸਾਡਾ ਕਬਜਾ ਕਰਾ ਦੇਣ ਤੇ ਅਤਾ ਮੁਹੰਮਦ ਤੇ ਸ਼ਾਹ ਸ਼ਜਾਉਲਮੁਲਕ ਨੂੰ ਨਾਲ ਲੈ ਕੇ ਲਾਹੌਰ ਚਲੇ ਆਓ। ਜੇ ਵਜ਼ੀਰ ਫਤਹ ਖਾਂ ਤੁਹਾਡੇ ਰਾਹ ਵਿੱਚ ਕੋਈ ਰੋਕ ਪਾਵੇ ਤਦ ਲੜਾਈ ਕਰ ਕੇ ਏਥੇ ਆ ਜਾਓ। ਮੋਹਕਮ ਚੰਦ ਨੇ ਅਤਾ ਮੁਹੰਮਦ ਖਾਂ ਤੋਂ ਅਟਕ ਦੇ ਕਿਲ੍ਹੇ ਦੇ ਅਫਸਰ ਜਹਾਂਦਾਰ ਖਾਂ ਦੇ ਨਾਮ ਚਿੱਠੀ ਲਿਖਾ ਕੇ ਭੇਜ ਦਿੱਤੀ ਤੇ ਆਪ ਇਨ੍ਹਾਂ ਦੋਨਾਂ ਨੂੰ ਨਾਲ ਲੈ ਕੇ ਲਾਹੌਰ ਵੱਲ ਕੂਚ ਕਰ ਦਿੱਤਾ। ਫਤਹ ਖਾਂ ਨੂੰ ਪਤਾ ਸੀ ਕਿ ਜੇ ਕਦੀ ਸਿੱਖਾਂ ਨਾਲ ਜ਼ਰਾ ਵੀ ਛੇੜ ਕੀਤੀ, ਤਦ ਕਸ਼ਮੀਰ ਦਾ ਇਲਾਕਾ ਵੀ ਜਾਂਦਾ ਰਹੇਗਾ। ਓਸ ਨੇ ਕਿਸੇ ਤਰ੍ਹਾਂ ਦੀ ਰੋਕ ਦੀਵਾਨ ਮੋਹਕਮ ਚੰਦ ਦੇ ਰਾਹ ਵਿੱਚ ਨਹੀਂ ਪਾਈ।
੧੧੦. ਅਟਕ ਦੇ ਕਿਲ੍ਹੇ ਤੇ ਮਹਾਰਾਜਾ ਲਾਹੌਰ ਦਾ ਕਬਜ਼ਾ
ਅਤਾ ਮੁਹੰਮਦ ਦੀ ਚਿੱਠੀ ਪੁੱਜਣ ਤੇ ਮਹਾਰਾਜਾ ਸਾਹਿਬ ਨੇ ਆਪਣੇ ਅਫਸਰ ਫ਼ਕੀਰ ਅਜ਼ੀਜ਼ੁਦੀਨ ਨੂੰ ਫੌਜ ਦੇ ਕੇ ਕਿਲ੍ਹਾ ਅਟਕ ਤੇ ਕਬਜ਼ਾ ਕਰਨ ਲਈ ਭੇਜਿਆ। ਜਦ ਫ਼ਕੀਰ ਅਜ਼ੀਜੁਦੀਨ ਕਿਲ੍ਹਾ ਅਟਕ ਤੇ ਪੁੱਜਾ ਤਦ ਓਹਨੇ ਅਤਾ ਮੁਹੰਮਦ ਖਾਂ ਵਾਲੀ ਚਿੱਠੀ ਜਹਾਂਦਾਰ ਖਾਂ ਜੋ ਕਿਲ੍ਹੇ ਤੇ
ਅਫਸਰ ਸੀ, ਵੱਲ ਭੇਜੀ। ਜਹਾਂਦਾਰ ਖਾਂ ਨੇ ਕਿਲ੍ਹਾ ਹਵਾਲੇ ਕਰ ਦਿੱਤਾ। ਮਹਾਰਾਜਾ ਸਾਹਿਬ ਵੱਲੋਂ ਜਹਾਂਦਾਰ ਖਾਂ ਦੀ ਤਿੰਨ ਰੁਪਯੇ ਰੋਜ਼ ਮਰਦੇ ਦਮ ਤੱਕ ਦੀ ਪਿਨਸ਼ਨ ਨੀਯਤ ਕਰ ਗਈ।
ਜਦ ਸ਼ੁਜਾਓਲ ਮੁਲਕ ਦੀਵਾਨ ਮੋਹਕਮ ਚੰਦ ਦੇ ਨਾਲ ਲਾਹੌਰ ਆਇਆ ਤਦ ਮਹਾਰਾਜਾ ਸਾਹਿਬ ਨੇ ਓਹਦਾ ਬੜਾ ਸਵਾਗਤ ਕੀਤਾ। ਸ਼ਾਹਜਾਦਾ ਖੜਗ ਸਿੰਘ ਨੂੰ ਦਰੇ ਤੱਕ ਲੈਣ ਵਾਸਤੇ ਅੱਗੋਂ ਭੇਜਿਆ ਤੇ ਹਵੇਲੀ ਮੁਬਾਰਕ ਵਿੱਚ ਉਤਾਰਿਆ।
ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ੧੨ ਹਜ਼ਾਰ ਫੌਜ ਦੇ ਕੇ ਕਸ਼ਮੀਰ ਵੱਲ ਭੇਜਿਆ ਸੀ, ਉਸ ਵੇਲੇ ਸਾਰੇ ਪਹਾੜੀ ਰਾਜਿਆਂ ਨੂੰ ਲਿਖਿਆ ਸੀ ਕਿ ਫੌਜ ਲੈ ਕੇ ਮਦਦ ਲਈ ਜਾਵਣ। ਇਹ ਰਾਜੇ ਫੌਜਾਂ ਲੈ ਕੇ ਗਏ, ਕਿੰਤੂ ਅੱਧ ਵਿਚੋਂ ਹੀ ਵਾਪਸ ਮੁੜ ਗਏ ਸਨ। ਇਸ ਕਰ ਕੇ ਹੁਣ ਮਹਾਰਾਜਾ ਸਾਹਿਬ ਨੇ ਸਰਦਾਰ ਦੇਸਾ ਸਿੰਘ ਮਜੀਠਾ ਨੂੰ ੪ ਪਲਟਣਾਂ ਤੇ ਦੋ ਤੋਪਖਾਨੇ ਦੇ ਕੇ ਭੇਜਿਆ ਕਿ ਓਹ ਰਜਵਾੜਾ ਜਿਹਦੀ ਫੌਜ ਕਸ਼ਮੀਰ ਦੀ ਚੜ੍ਹਾਈ ਵਿੱਚ ਜਾ ਕੇ ਰਾਹ ਵਿਚੋਂ ਮੁੜ ਆਈ ਹੈ, ਧੋਖਾ ਦੇਣ ਦਾ ਕਸੂਰਵਾਰ ਹੈ; ਓਹਨਾਂ ਤੋਂ ਹੇਠ ਲਿਖੇ ਵੇਰਵੇ ਨਾਲ ਜੁਰਮਾਨਾ ਵਸੂਲ ਕੀਤਾ ਜਾਏ। ਜੇਹੜਾ ਜੁਰਮਾਨਾ ਨਾ ਦੇਵੇ, ਓਹਨੂੰ ਤਲਵਾਰ ਦੇ ਨਾਲ ਸਜਾ ਦਿੱਤੀ ਜਾਵੇ, ਜੁਰਮਾਨੇ ਦਾ ਵੇਰਵਾ ਇੰਜ ਸੀ:
੫੦੦) ਰਾਜਾ ਨੂਰਪੁਰ, ੨੦੦੦੦) ਰਾਜਾ ਸੁਕੇਤ, ੩੦੦੦੦) ਰਾਜਾ ਮੰਡੀ, ੫੦੦੦) ਰਾਜਾ ਚੰਬਾ, ੫੦੦੦) ਰਾਜਾ ਜਸਰੋਟਾ, ੧੫੦੦੦) ਰਾਜਾ ਹਰੀ ਪੁਰ।
ਸਰਦਾਰ ਦੇਸਾ ਸਿੰਘ ਮਹਾਰਾਜੇ ਦੇ ਹੁਕਮ ਨਾਲ ਫੌਜ ਲੈ ਕੇ ਪਹਾੜ ਵਿੱਚ ਪੁੱਜਾ। ਇਨ੍ਹਾਂ ਸਾਰੇ ਰਾਜਿਆਂ ਨੂੰ ਮਹਾਰਾਜੇ ਸਾਹਿਬ ਦਾ ਹੁਕਮ ਸੁਣਾਇਆ ਤੇ ਓਹਨਾਂ ਨੂੰ ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਜੋ ਦੰਡ ਮਿਲਣਾ ਸੀ, ਓਹ ਵੀ ਦਸ ਦਿੱਤਾ, ਜਿਸ ਤੋਂ ਰਾਜਿਆਂ ਨੇ ਆਪਣੇ ਆਪਣੇ ਜੁਰਮਾਨੇ ਦੀ ਰਕਮ ਦੇ ਦਿੱਤੀ ਤੇ ਸਰਦਾਰ ਦੇਸਾ ਸਿੰਘ ਜੁਰਮਾਨਾ ਵਸੂਲ ਕਰ ਕੇ ਵਾਪਸ ਲਾਹੌਰ ਆ ਗਿਆ।
੧੧੧. ਸ਼ਾਹ ਸ਼ੁਜਾਉਲ ਮੁਲਕ ਨੇ ਹੀਰਾ ਦੇ ਦਿੱਤਾ
ਸ਼ਾਹ ਸ਼ੁਜਾਉਲ ਮੁਲਕ ਨੂੰ ਲਾਹੌਰ ਆਇਆ ਦੋ ਮਹੀਨੇ ਹੋ ਚੁੱਕੇ ਸਨ। ਇੰਨੇ ਨੂੰ ਓਹਦੀ ਸ਼ਾਹਬੇਗਮ ਵੀ ਲਾਹੌਰ ਅੱਪੜ ਗਈ। ਮਹਾਰਾਜਾ ਨੇ ਸ਼ਾਹ ਬੇਗ਼ਮ ਨੂੰ ਓਹਦੀ ਚਿੱਠੀ ਵਿਖਾ ਕੇ ਕੋਹਿਨੂਰ ਹੀਰੇ ਦੀ ਮੰਗ ਕੀਤੀ, ਸ਼ਾਹ ਬੇਗਮ ਨੇ ਆਪਣੇ ਖਾਂਵੰਦ ਨੂੰ ਕਿਹਾ। ਸ਼ਾਹ ਸ਼ੁਜਾਉਲ ਮੁਲਕ ਨੇ ਹੀਰਾ ਦੇਣ ਤੋਂ ਨਾਂਹ ਤਾਂ ਨਾ ਕੀਤੀ। ਕਿੰਤੂ ਬਹਾਨੇ ਬਣਾ ਕੇ ਗਲ ਟਾਲਣੀ ਚਾਹੀ ਤੇ ਕਿਹਾ ਕਿ ਮੈਂ ਕਾਬਲ ਦੇ ਵਿੱਚ ਹੀਰਾ ਰਹਿਣ ਰੱਖਿਆ ਹੋਇਆ ਹੈ। ਮਹਾਰਾਜਾ ਸਾਹਿਬ ਨੇ ਕਿਹਾ ਕਿ ਜਿਸ ਆਦਮੀ ਪਾਸ ਰਹਿਣ ਰੱਖਿਆ ਹੋਇਆ ਹੈ, ਓਹਦਾ ਨਾਮ ਪਤਾ ਦਸੋ ਤਾਂ ਕਿ ਰੁਪਯਾ ਭੇਜ ਕੇ ਮੰਗਾ ਲਿਆ ਜਾਏ। ਜਦ ਸ਼ਾਹ ਸ਼ੁਜਾਉਲ ਮੁਲਕ ਨੇ ਵੇਖਿਆ ਕਿ ਇਸ ਤਰ੍ਹਾਂ ਨਾਲ ਕੋਈ ਬਹਾਨਾ ਨਹੀਂ ਚਲਦਾ, ਤਦ ਕਿਹਾ ਕਿ ਮਹਾਰਾਜਾ ਸਾਹਿਬ ਮੇਰੇ ਪਾਸ ਆਪ ਆਣ ਕੇ ਲੈ ਜਾਣ। ਤਦ ਮਹਾਰਾਜਾ ਸਾਹਿਬ ਆਪ ਸ਼ਾਹ ਸ਼ੁਜਾਉਲ ਮੁਲਕ ਦੇ ਪਾਸ ਗਏ ਤੇ ਓਹ ਕੋਹਿਨੂਰ ਹੀਰਾ ਜੋ ਹੁਣ ਤੱਕ ਆਪਣੇ ਮੂਲ ਸੁੰਦਰਤਾ ਤੇ ਕਦ ਦੇ ਲਿਹਾਜ਼ ਨਾਲ ਆਪਣਾ ਨਮੂਨਾ ਨਹੀਂ ਰੱਖਦਾ, ਮਹਾਰਾਜਾ ਸਾਹਿਬ ਦੇ ਹਵਾਲੇ ਸ਼ਾਹ ਸ਼ੁਜਾਉਲ ਮੁਲਕ ਨੇ ਕਰ ਦਿੱਤਾ।
੧੧੨. ਕੋਹਿਨੂਰ ਹੀਰੇ ਬਾਬਤ ਮਹਾਰਾਜਾ ਸਾਹਿਬ ਦੀ ਰਾਏ ਤੇ ਹੋਰ ਲੇਖਕਾਂ ਦੇ ਕਥਨ
ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਲੈ ਕੇ ਇੱਕ ਬੜਾ ਭਾਰਾ ਦਰਬਾਰ ਕੀਤਾ, ਜਿਸ ਵਿੱਚ ਇਹ ਹੀਰਾ ਸਭ ਨੂੰ ਵਿਖਾਇਆ ਗਿਆ। ਮਹਾਰਾਜਾ ਸਾਹਿਬ ਨੇ ਐਲਾਨ ਕੀਤਾ ਕਿ ਸ਼ਾਹ ਸ਼ਜਾਉਲ ਮੁਲਕ ਨੂੰ ੫੦ ਹਜ਼ਾਰ ਰੁਪਯਾ ਨਗਦ ਤੇ ੫੦ ਹਜ਼ਾਰ ਦੀ ਸਾਲਾਨਾ ਜਾਗੀਰ ਮਿਲੇਗੀ।
ਸਯਦ ਮੁਹੰਮਦ ਲਤੀਫ ਨੇ ਆਪਣੀ ਤਾਰੀਖ ਦੇ ਸਫਾ ੩੯੮ ਤੇ ਲਿਖਿਆ ਹੈ ਕਿ ਮਹਾਰਾਜਾ ਸਾਹਿਬ ਨੇ ਆਪਣੀ ਆਯੂ ਵਿੱਚ ਜੇ ਕਦੀ ਕੋਈ ਸਖ਼ਤੀ ਤੇ ਧੱਕਾ ਕੀਤਾ ਹੈ, ਤਦ ਕੋਹਿਨੂਰ ਹੀਰਾ ਲੈਣਾ
ਸੀ। ਸੱਯਦ ਮੁਹੰਮਦ ਲਤੀਫ ਦੀ ਇਹ ਲਿਖਤ ਕੋਈ ਸਬੂਤ ਨਹੀਂ ਰੱਖਦੀ ਕਿ ਮਹਾਰਾਜਾ ਨੇ ਧੱਕਾ ਕੀਤਾ ਹੈ, ਕਿਉਂਕਿ ਇੱਕ ਤਾਂ ਮਹਾਰਾਜਾ ਸਾਹਿਬ ਨੇ ਸ਼ੁਜਾਉਲ ਮੁਲਕ ਦੀ ਜਾਨ ਬਚਾਈ। ਦੂਜਾ ਸ਼ਾਹਬੇਗਮ ਨੇ ਮਹਾਰਾਜਾ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਗੱਲ ਛੇੜੇ ਬਿਨਾਂ ਆਪ ਹੀ ਇਕਰਾਰ ਕੀਤਾ ਸੀ ਕਿ ਜੇ ਕਦੀ ਓਹਦਾ ਪਤੀ ਲਾਹੌਰ ਆ ਜਾਏ ਤਦ ਓਹ ਕੋਹਿਨੂਰ ਦਵਾ ਦੇਵੇਗੀ। ਜੇ ਕਦੀ ਮਹਾਰਾਜਾ ਸਾਹਿਬ ਓਹਦੀ ਸਹਾਇਤਾ ਨਾ ਕਰਦੇ ਤਦ ਸ਼ਾਹ ਸ਼ੁਜਾਉਲ ਮੁਲਕ ਦਾ ਬਚਣਾ ਕਠਨ ਸੀ। ਇਸ ਤੇ ਵੀ ਮਹਾਰਾਜਾ ਸਾਹਿਬ ਨੇ ਪੰਜ ਹਜ਼ਾਰ ਦੀ ਜਾਗੀਰ ਤੇ ੫੦ ਹਜ਼ਾਰ ਰੁਪਯਾ ਨਕਦ ਸ਼ੁਜਾਉਲ ਨੂੰ ਦਿੱਤਾ। ਅਜੇਹੀ ਹਾਲਤ ਵਿੱਚ ਕੋਈ ਇਨਸਾਫ ਪਸੰਦ ਤੇ ਸੱਚ ਦਾ ਹਾਮੀ ਸੱਯਦ ਮੁਹੰਮਦ ਲਤੀਫ ਦੀ ਇਸ ਲਿਖਤ ਨੂੰ ਗਲਤ ਠਹਿਰਾਏ ਤੋਂ ਬਿਨਾਂ ਨਹੀਂ ਰਹਿ ਸਕਦਾ।
ਹਾਂ, ਹੁਣ ਸ਼ਾਹ ਸ਼ੁਜਾਉਲ ਮੁਲਕ ਦੀ ਕਿਸਮਤ ਨੇ ਫਿਰ ਚੱਕਰ ਖਾਧਾ। ਇਸ ਨੂੰ ਲਾਹੌਰ ਵਿੱਚ ਆਰਾਮ ਤੇ ਅਮੀਰੀ ਨਾਲ ਠਾਠ ਬਾਠ ਨਾਲ ਰਹਿਣ ਨੇ ਬਦਹਜ਼ਮੀ ਕਰ ਦਿੱਤੀ। ਅੱਗੇ ਆਪਣੀ ਬੇ ਅਕਲੀ ਦੇ ਕਾਰਨ ਤਾਂ ਕਾਬਲ ਛੱਡਿਆ ਤੇ ਦੇਸੋਂ ਬਦੇਸ ਧੱਕੇ ਖਾਧੇ ਸੀ, ਹੁਣ ਇਹ ਉਸ ਦੇ ਦਿਮਾਗ਼ ਵਿੱਚ ਨਵੀਂ ਸਾਜ਼ਸ ਫੁਰੀ। ਓਸ ਨੇ ਲਾਹੌਰ ਦੇ ਕੁਝ ਮੁਸਲਮਾਨਾਂ ਦੀ ਸਲਾਹ ਨਾਲ ਮੁਹੰਮਦ ਅਜ਼ੀਮ ਸੂਬੇਦਾਰ ਕਸ਼ਮੀਰ ਨੂੰ ਚਿੱਠੀ ਲਿਖੀ ਕਿ ਇਥੋਂ ਦਾ ਅਸਾਂ ਨੇ ਸਾਰਾ ਬੰਦੋਬਸਤ ਕਰ ਲਿਆ ਹੈ, ਜੇ ਕਦੀ ਤੁਸੀਂ ਪੰਜਾਬ ਤੇ ਹਮਲਾ ਕਰ ਦੇਵੋ, ਤਦ ਅਸੀਂ ਇੱਥੇ ਮਹਾਰਾਜਾ ਸਾਹਿਬ ਨੂੰ ਕਤਲ ਕਰ ਦੇਵਾਂਗੇ ਤੇ ਇਸ ਤਰ੍ਹਾਂ ਇੱਥੋਂ ਦੀ ਬਣੀ ਬਣਾਈ ਸਲਤਨਤ ਇਸਲਾਮ ਦੇ ਹੱਥ ਆ ਜਾਵੇਗੀ। ਇਹ ਚਿੱਠੀ ਮਹਾਰਾਜਾ ਦੇ ਇਤਬਾਰੀ ਸ਼ੇਰ ਮੁਹੰਮਦ ਖਾਂ ਜੋ ਖ਼ਾਸ ਅਹਿਲਕਾਰ ਤੇ ਕਾਜ਼ੀ ਸੀ ਓਹਦੇ ਹੱਥ ਦੀ ਲਿਖੀ ਹੋਈ ਸੀ। ਜਦ ਇਹ ਚਿੱਠੀ ਲੈ ਕੇ ਪਠਾਣ ਗਿਆ, ਤਦ ਉਹ ਗੁਜਰਾਂਵਾਲੇ ਦੇ ਥਾਣੇ ਵਿਚ ਕਿਸੇ ਹੋਰ ਆਦਮੀ ਦੇ ਭੁਲੇਖੇ ਵਿੱਚ ਫੜਿਆ ਗਿਆ, ਜਿੱਥੇ ਤਲਾਸ਼ੀ ਲੈਣ ਤੇ ਇਸ ਦੀ ਜੇਬ ਵਿਚੋਂ ਚਿੱਠੀ ਨਿੱਕਲ ਆਈ। ਜਦ ਇਹ ਚਿੱਠੀ ਤੇ ਪਠਾਣ ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤੇ ਗਏ, ਤਦ ਇਸ ਪਠਾਣ ਨੇ ਆਪਣੀ ਗਲਤੀ ਮੰਨ ਲਈ। ਸ਼ੇਰ ਮੁਹੰਮਦ ਖਾਂ ਨੇ ਇੰਨੀ ਗੱਲ ਮੰਨ ਲਈ ਕਿ ਇਹ ਚਿੱਠੀ ਮੇਰੀ ਲਿਖੀ ਹੋਈ ਹੈ, ਕਿੰਤੂ ਕਿਹਾ ਕਿ ਭਾਵੇਂ ਇਹ ਸ਼ਾਹ ਸ਼ੁਜਾਉਲ ਮੁਲਕ ਵੱਲੋਂ ਹੈ, ਪਰੰਤੂ ਲਿਖੀ ਮੈਂ ਹੈ ਤੇ ਇਸ ਦੀ ਬਾਬਤ ਸ਼ਾਹ ਸ਼ੁਜਾਉਲ ਨੂੰ ਕੋਈ ਖ਼ਬਰ ਨਹੀਂ। ਜਿਸ ਤੋਂ ਮਹਾਰਾਜਾ ਸਾਹਿਬ ਨੇ ੨੫ ਹਜ਼ਾਰ ਰੁਪਯਾ ਕਾਜ਼ੀ ਤੇ ਜੁਰਮਾਨਾ ਕੀਤਾ ਤੇ ਮੁਲਕ ਵਿਚੋਂ ਕੱਢ ਦਿੱਤਾ ਕਿ ਜਾਓ ਕਸ਼ਮੀਰ ਦੇ ਸ਼ਾਹ ਸ਼ੁਜਾਉਲ ਮੁਲਕ ਪਾਸ ਜਾਓ ਤੇ ਉਹਨੂੰ ਚੜਾ ਲਿਆਉ। ਕਾਜ਼ੀ ਸਾਹਿਬ ਦਾ ਜੁਰਮਾਨਾ ਸ਼ਾਹ ਸੁਜਾਉਲ ਮੁਲਕ ਨੇ ਦਿੱਤਾ ਇਸ ਤੋਂ ਹੋਰ ਵੀ ਸਬੂਤ ਮਿਲ ਗਿਆ ਕਿ ਸਾਹ ਸ਼ੁਜਾਉਲ ਮੁਲਕ ਨੇ ਜਰੂਰ ਸਾਜਸ਼ ਕੀਤੀ ਹੈ।
੧੧੩. ਨੂਰਪੁਰ ਦੇ ਇਲਾਕੇ ਦੀ ਜ਼ਬਤੀ
ਮਹਾਰਾਜੇ ਨੂੰ ਖ਼ਬਰ ਮਿਲੀ ਕਿ ਨੂਰਪੁਰ ਦੇ ਰਾਜਾ ਨੂੰ ਜਦ ਕਸ਼ਮੀਰ ਦੀ ਲੜਾਈ ਵਿੱਚ ਧੋਖਾ ਦੇਣ ਦੇ ਕਾਰਨ ੫੦੦੦੦ ਰੁਪਯਾ ਜੁਰਮਾਨਾ ਕੀਤਾ ਗਿਆ ਸੀ ਤਾਂ ਓਸ ਨੇ ਛੀ ਮਹੀਨੇ ਪਿੱਛੋਂ ਭੇਜਣ ਦਾ ਇਕਰਾਰ ਕੀਤਾ ਸੀ। ਹੁਣ ਆਪਣਾ ਸਭ ਮਾਲ ਅਸਬਾਬ ਚੁੱਕ ਕੇ ਅੰਗਰੇਜ਼ਾਂ ਦੇ ਇਲਾਕੇ ਵਿਚ ਨੱਸ ਗਿਆ ਹੈ। ਮਹਾਰਾਜਾ ਸਾਹਿਬ ਨੇ ਹੁਕਮ ਦਿੱਤਾ ਕਿ ਓਹਦਾ ਸਾਰਾ ਇਲਾਕਾ ਪੰਜਾਹ ਹਜ਼ਾਰ ਰੁਪਯੇ ਦੇ ਬਦਲੇ ਜ਼ਬਤ ਕਰ ਲਿਆ ਜਾਵੇ।
੧੧੪. ਹਜੂਰੀ ਬਾਗ਼
ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਜਾ ਸਾਹਿਬ ਨੇ ਹੁਕਮ ਦਿੱਤਾ ਕਿ ਕਿਲ੍ਹਾ, ਮੈਦਾਨ ਤੇ ਸ਼ਾਹੀ ਮਸਜਦ ਵਿਚਕਾਰ ਹਜੂਰੀ ਬਾਗ਼ ਬਣਵਾਇਆ ਜਾਵੇ। ਇਹਦੇ ਵਿੱਚ ਇੱਕ ਸੰਗਮਰਮਰ ਦੀ ਬਾਰਾਂਦਰੀ ਵੀ ਬਣਾਈ ਜਾਵੇ, ਜੋ ਅੱਜ ਤੱਕ ਮੌਜੂਦ ਹੈ।
੧੧੫. ਸ਼ਾਹ ਸ਼ੁਜਾਉਲ ਮੁਲਕ ਦੀ ਬਿਪਤਾ
ਮਹਾਰਾਜਾ ਸਾਹਿਬ ਨੇ ਕਸ਼ਮੀਰ ਤੇ ਚੜ੍ਹਾਈ ਕੀਤੀ। ਸ਼ਾਹ ਸ਼ੁਜਾਉਲ ਮੁਲਕ ਨੂੰ ਵੀ ਨਾਲ ਲੈ ਲਿਆ। ਰਸਤੇ ਵਿੱਚ ਹੀ ਬਰਫ ਪੈਣੀ ਸ਼ੁਰੂ ਹੋ ਗਈ, ਜਿਸ ਤੋਂ ਅਟਕ ਤੋਂ ਹੀ ਵਾਪਸ ਹੋ ਗਏ। ਓਸ ਦੇ ਘਰ ਦੇ ਭੇਤੀ ਅਬਦੁਲ ਹਸਨ ਨੇ ਸਾਰਾ ਮਾਲ ਉਡਵਾ ਦਿੱਤਾ।
੧੧੬. ਬੇਗਮ ਦਾ ਨਸਣਾ
ਇਹ ਹਾਲ ਸੁਣ ਕੇ ਬੇਗ਼ਮ ਤੇ ਬਾਦਸ਼ਾਹ ਬੜੇ ਦੁਖੀ ਹੋਏ। ਇੱਕ ਤਾਂ ਕੋਹਿਨੂਰ ਹੀਰਾ ਦੇਣਾ ਕਰ ਕੇ, ਫਿਰ ਹਟ ਜਾਣ ਦੀ ਸ਼ਰਮਿੰਦਗੀ ਸੀ। ਦੂਜਾ ਕਸ਼ਮੀਰ ਦੇ ਹਾਕਮ ਵੱਲ ਲਿਖੀ ਤੇ ਫੜੀ ਗਈ ਚਿੱਠੀ ਤੋਂ ਹੋਰ ਵੀ ਪਸ਼ੇਮਾਨੀ ਸੀ। ਤੀਜਾ ਹੁਣ ਇਸ ਤਰ੍ਹਾਂ ਮਾਲ ਜਾਂਦਾ ਰਿਹਾ।
ਬੇਗਮ ਕਿਸ਼ਨ ਚੰਦ ਖਤਰੀ ਤੇ ਗੋਸ਼ੇ ਖਾਂ ਫਕੀਰ ਦੀ ਰਾਹੀਂ ਠੇਕੇਦਾਰ ਬਾਲਕ ਰਾਮ ਦੇ ਘੋੜਿਆਂ ਤੇ ਮਰਦਾਨਾ ਕੱਪੜੇ ਪਾ ਕੇ ਰਾਤ ਦੇ ਵੇਲੇ ਲਾਹੌਰੋਂ ਨਿੱਕਲ ਗਈ ਤੇ ਲੁਧਿਆਣੇ ਅੰਗ੍ਰੇਜ਼ਾਂ ਦੇ ਪਾਸ ਜਾ ਪੁੱਜੀ। ਸਰਕਾਰ ਅੰਗ੍ਰੇਜ਼ੀ ਨੇ ੧੫੦੦ ਰੁਪਯਾ ਮਹੀਨਾ ਓਹਦੀ ਪਿਨਸ਼ਨ ਲਾ ਦਿੱਤੀ।
ਹੁਣ ਬੇਗਮ ਦੇ ਨੱਸ ਜਾਣ ਤੇ ਮਹਾਰਾਜਾ ਵੱਲੋਂ ਸ਼ਾਹ ਸ਼ੁਜਾਉਲ ਮੁਲਕ ਦੀ ਖਾਤਰ ਤੇ ਰਖਵਾਲੀ ਵਧੀਕ ਕਰੜਾਈ ਨਾਲ ਹੋਣ ਦਾ ਹੁਕਮ ਦਿੱਤਾ, ਕਿੰਤੂ ਬੇਗਮ ਨੂੰ ਗਿਆਂ ਅਜੇ ਦੋ ਮਹੀਨੇ ਨਹੀਂ ਗੁਜ਼ਰੇ ਸਨ ਕਿ ੧੪ ਵਿਸਾਖ ੧੮੭੨ ਨੂੰ ਰਾਤ ਦੇ ਵੇਲੇ ਫਰਾਸ਼ਖਾਨੇ ਦੀ ਪਿਛਲੀ ਕੰਧ ਨੂੰ ਪਾੜ ਕੇ ਸ਼ਾਹ ਸ਼ੁਜਾਉਲ ਮੁਲਕ ਆਪਣੇ ਦੋਨਾਂ ਲੜਕਿਆਂ ਸਮੇਤ ਬਾਹਰ ਨਿਕਲਿਆ। ਰਾਤ ਦੇ ਅੰਧੇਰੇ ਵਿੱਚ ਕੁਝ ਪਤਾ ਨਾ ਲੱਗਾ, ਤੰਗ ਪੈ ਕੇ ਲੁਹਾਰੀ ਦਰਵਾਜ਼ੇ ਦੀ ਗੰਦੀ ਮੋਰੀ ਦੇ ਵਿੱਚ ਦੀ ਬਾਹਰ ਨਿੱਕਲ੍ਯਾ। ਭਾਟੀ ਦਰਵਾਜ਼ੇ ਦੇ ਬਾਹਰ ਦਾਤਾ ਗੰਜ ਸਾਹਿਬ ਦੇ ਮਜਾਰ ਤੇ ਆਪਣੇ ਕੱਪੜੇ ਧੋਤੇ ਤੇ ਰਾਤੋ ਰਾਤ ਰਾਵੀ ਦਰਯਾ ਤਰ ਕੇ ਪਾਰ ਹੋ ਗਿਆ ਤੇ ਅੱਗੋਂ ਗੱਡਿਆਂ ਤੇ ਬੈਠ ਕੇ ਗੁਜਰਾਂਵਾਲੇ ਸਿਆਲਕੋਟ ਹੋਂਦਾ ਹੋਇਆ ਜੰਮੂ ਚਲਾ ਗਿਆ ਤੇ ਉੱਥੋਂ ਕਿਸ਼ਤਵਾੜ ਦੇ ਇਲਾਕੇ ਵਿੱਚ ਅੱਪੜ ਗਿਆ। ਇੱਥੋਂ ਦੇ ਹਾਕਮ ਨੇ ਇਹਦੀ ਬੜੀ ਖਾਤਰ ਕੀਤੀ।
ਦਿਨ ਚੜ੍ਹਨ ਤੇ ਜਦ ਮਹਾਰਾਜਾ ਨੂੰ ਸ਼ਾਹ ਸ਼ੁਜਾਉਲ ਮੁਲਕ ਦੇ ਨੱਸ ਜਾਣ ਦੀ ਖ਼ਬਰ ਮਿਲੀ ਤਦ ਓਹਨੇ ਮੁਬਾਰਕ ਹਵੇਲੀ ਦੇ ਪਹਿਰੇਦਾਰਾਂ ਤੇ ਬੜਾ ਗੁੱਸਾ ਪ੍ਰਗਟ ਕੀਤਾ। ਸ਼ਾਹ ਦੇ ਨੱਸ ਜਾਣ ਦਾ ਖ਼ਿਆਲ ਲੁਧਿਆਣੇ ਦਾ ਹੋ ਸਕਦਾ ਸੀ ਸੋ ਮਹਾਰਾਜੇ ਨੇ ਇਧਰ ਸਵਾਰ ਭੇਜੇ। ਕਿੰਤੂ ਓਹ ਜੰਮੂ ਵੱਲ ਗਿਆ ਸੀ, ਜਿਸ ਪਾਸੇ ਜਾਣ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਇਹੀ ਕਾਰਨ ਹੈ ਕਿ ਓਹ ਕਿਸ਼ਤਵਾੜ ਅੱਪੜ ਗਿਆ।
ਕਿਸ਼ਤਵਾੜ ਅੱਪੜ ਕੇ ਸ਼ਾਹ ਸ਼ੁਜਾਉਲ ਮੁਲਕ ਨੇ ਤਿੰਨ ਚਾਰ ਹਜਾਰ ਆਦਮੀ ਇਕੱਠਾ ਕੀਤਾ ਤੇ ਓਹ ਚਾਹੁੰਦਾ ਸੀ ਕਿ ਕਸ਼ਮੀਰ ਤੇ ਕਬਜ਼ਾ ਕਰ ਲਏ, ਕਿੰਤੂ ਕਾਮਯਾਬ ਨਾ ਹੋ ਸਕਿਆ। ਕੁਝ ਮਹੀਨੇ ਪਹਾੜੀ ਰਾਜਿਆਂ ਕੋਲ ਫਿਰ ਫਿਰਾ ਕੇ ਸ਼ਰਮਿੰਦਾ ਹੋ ੧੮੭੩ ਬਿਕ੍ਰਮੀ ਮਾਘ ਦੇ ਮਹੀਨੇ ਲੁਧਿਆਣੇ ਪੁੱਜਾ। ਅੰਗ੍ਰੇਜਾਂ ਨੇ ਓਹਦੇ ਨਾਲ ਬੜਾ ਚੰਗਾ ਸਲੂਕ ਕੀਤਾ, ਅੱਗੇ ਓਹਦੇ ਖਾਨਦਾਨ ਦੀ ਪਿਨਸ਼ਨ ੧੮ ਹਜ਼ਾਰ ਸੀ, ਇਸ ਨੂੰ ਵਧਾ ਕੇ ੫੦ ਹਜ਼ਾਰ ਕਰ ਦਿੱਤਾ। ਇਸ ਤੋਂ ਵੱਖਰੀ ੨੪ ਹਜ਼ਾਰ ਦੀ ਪਿਨਸ਼ਨ ਓਹਦੇ ਅੰਨ੍ਹੇ ਭਰਾ ਸ਼ਾਹਜ਼ਮਾਨ ਦੇ ਨਾਮ ਵੀ ਲਾ ਦਿੱਤੀ।
੧੧੭, ਅਟਕ ਦੇ ਕਿਲ੍ਹੇ ਦੀ ਲੜਾਈ
ਜਦ ਫਤਹ ਮੁਹੰਮਦ ਖਾਂ ਵਜ਼ੀਰ ਕਾਬਲ ਨੇ ਕਸ਼ਮੀਰ ਵਿੱਚ ਇਹ ਗੱਲ ਸੁਣੀ ਕਿ ਮਹਾਰਾਜਾ ਨੇ ਅਟਕ ਦੇ ਕਿਲ੍ਹੇ ਤੇ ਕਬਜਾ ਕਰ ਲਿਆ ਹੈ, ਤਦ ਓਹਨੇ ਕਸ਼ਮੀਰ ਦਾ ਪ੍ਰਬੰਧ ਆਪਣੇ ਭਰਾ ਅਜ਼ੀਮ ਖਾਂ ਨੂੰ ਸੌਂਪ ਕੇ ਅਟਕ ਦੇ ਕਿਲ੍ਹੇ ਵੱਲ ਕੂਚ ਕੀਤਾ ਤੇ ਮਹਾਰਾਜਾ ਨੂੰ ਚਿੱਠੀ ਲਿਖੀ ਕਿ ਅਟਕ ਦਾ ਕਿਲ੍ਹਾ ਫੌਰਨ ਖ਼ਾਲੀ ਕਰ ਦਿੱਤਾ ਜਾਵੇ। ਮਹਾਰਾਜੇ ਨੇ ਉੱਤਰ ਵਿੱਚ ਲਿਖਿਆ ਕਿ ਲਾਹੌਰ ਦਰਬਾਰ ਨਾਲ ਤੁਹਾਡਾ ਇਕਰਾਰਨਾਮਾ ਹੋਇਆ ਹੈ ਕਿ ਫਤਹ ਵਿੱਚੋਂ ਤੀਜਾ ਹਿੱਸਾ ਦੇਵਾਂਗਾ। ਸੋ ਕਸ਼ਮੀਰ ਦੇ ਮੁਲਕ ਦਾ ਤੀਜਾ ਹਿੱਸਾ ਦੇ ਦੇਵੋ, ਅਟਕ ਦਾ ਕਿਲ੍ਹਾ ਖਾਲੀ ਕਰ ਦੇਂਦੇ ਹਾਂ। ਇਹ ਉੱਤਰ ਸੁਣ ਫਤਹ ਮੁਹੰਮਦ ਖਾਂ ਕ੍ਰੋਧ ਨਾਲ ਆਪੇ ਤੋਂ ਬਾਹਰ ਹੋ ਗਿਆ ਤੇ ਓਸ ਨੇ
ਅਟਕ ਦੇ ਗਿਰਦ ਘੇਰਾ ਪਾ ਲਿਆ। ਅੰਦਰੋਂ ਮਹਾਰਾਜੇ ਦੀ ਫੌਜ ਵੀ ਟਾਕਰਾ ਕਰਨ ਲਗੀ। ਮਹਾਰਾਜੇ ਨੇ ਇਹ ਖ਼ਬਰ ਸੁਣ ਕਰਮ ਚੰਦ ਚਾਹਲ ਨੂੰ ਫੌਜ ਦੇ ਕੇ ਲੜਾਈ ਵਾਸਤੇ ਭੇਜਿਆ ਤੇ ਹੁਕਮ ਦਿੱਤਾ ਕਿ ਇਹ ਦਿਨ ਤੇ ਰਾਤ ਕੂਚ ਕਰ ਕੇ ਪਠਾਣਾਂ ਦੇ ਘੇਰੇ ਦਾ ਪ੍ਰਬੰਧ ਕਰਨ। ਪਿੱਛੋਂ ਦੀਵਾਨ ਮੋਹਕਮ ਚੰਦ ਨੂੰ ਕਾਫੀ ਫੌਜ ਦੇ ਕੇ ਭੇਜਿਆ। ਕਿਲ੍ਹੇ ਦੀ ਫੌਜ ਦੇ ਪਾਸ ਰਸਦ ਮੁੱਕ ਚਲੀ ਸੀ। ਰੱਸਿਆਂ ਨਾਲ ਬੰਨ੍ਹ ਕੇ ਓਹਨਾਂ ਨੂੰ ਰਸਦ ਪੁਚਾਈ ਗਈ ਤੇ ਬਾਹਰ ਮਾਮੂਲੀ ਜਹੀ ਲੜਾਈ ਸ਼ੁਰੂ ਰੱਖੀ। ਜਦ ਗਰਮੀਆਂ ਜ਼ੋਰ ਦੀਆਂ ਪੈਣ ਲੱਗੀਆਂ ਤੇ ਪਠਾਣ ਥੱਕ ਕੇ ਅਕ ਗਏ। ਤਦ ਦੀਵਾਨ ਮੋਹਕਮ ਚੰਦ ਨੇ ਫੌਜ ਨੂੰ ਨਾਲ ਲੈ ਕੇ ਕਦਮ ਅੱਗੇ ਵਧਾਯਾ। ਅਟਕ ਤੋਂ ੫ ਮੀਲ ਦੀ ਵਿਥ ਤੇ ਹੈਦਰੂ ਦੇ ਮੁਕਾਮ ਤੇ ਬੜੀ ਘਮਸਾਨ ਦੀ ਲੜਾਈ ਹੋਈ। ਦੋਸਤ ਮੁਹੰਮਦ ਖਾਂ ਜੋ ਕਾਬਲ ਦੇ ਵਜ਼ੀਰ ਦਾ ਭਰਾ ਸੀ, ਤੇ ਪਿੱਛੋਂ ਬੜੀ ਮੁਦਤ ਤੱਕ ਕਾਬਲ ਦਾ ਅਮੀਰ ਰਿਹਾ ਸੀ, ਓਹਨਾਂ ਦਾ ਸਪਾਹ ਸਾਲਾਰ ਸੀ। ਓਸ ਨੇ ਝਟਪਟ ਸਿੱਖਾਂ ਤੇ ਬਾੜ੍ਹ ਸਰ ਕੀਤੀ, ਜਿਸ ਦਾ ਜਵਾਬ ਸਿੱਖਾਂ ਵੱਲੋਂ ਵੀ ਮੂੰਹ ਭੰਨਵਾਂ ਮਿਲਿਆ। ਦੂਜੇ ਦਿਨ ਦੀਵਾਨ ਮੋਹਕਮ ਚੰਦ ਨੇ ਫੌਜ ਦੇ ਚਾਰ ਹਿੱਸੇ ਕਰ ਕੇ ਇੱਕ ਕਦਮ ਅੱਗੇ ਪੈਦਲ ਫੌਜ ਨੂੰ ਕੀਤਾ ਤੇ ਓਹਦੀ ਮਦਦ ਵਾਸਤੇ ਗੋਸ਼ੇ ਖਾਂ ਨੂੰ ਇੱਕ ਤੋਪਖਾਨਾ ਦੇ ਕੇ ਭੇਜਿਆ। ਅਫਗਾਨੀ ਫੌਜ ਜਿਸ ਵਿਚ ਮੁਲਖਯਾ ਬਹੁਤ ਸੀ, ਸਿੱਖਾਂ ਦੀ ਸੈਨਾ ਨਾਲ ਹੱਥੋਂ ਹੱਥ ਲੜਨ ਲੱਗੀ, ਜਿਸ ਵਿੱਚ ਦੋਹਾਂ ਧਿਰਾਂ ਨੇ ਆਪਣੀ ਬਹਾਦਰੀ ਤੇ ਜਵਾਂਮਰਦੀ ਦੇ ਕਰਤੱਵ ਵਿਖਾਏ। ਅੰਤ ਵਿੱਚ ਫਤਹ ਖਾਲਸੇ ਦੇ ਹੱਥ ਰਹੀ ਤੇ ਅਫਗਾਨੀ ਫੌਜ ਕਿਲ੍ਹਾ ਛੱਡ ਕੇ ਨੱਸ ਟੁਰੀ। ਇਸ ਕਰ ਕੇ ਦੀਵਾਨ ਮੋਹਕਮ ਚੰਦ ਨੇ ਓਹਨਾਂ ਦਾ ਪਿੱਛਾ ਕਰਨਾ ਉਚਿਤ ਨਾ ਜਾਣ ਕਿਲ੍ਹੇ ਵੱਲ ਵਾਂਗ ਮੋੜੀ ਤੇ ਫਤਹ ਦੇ ਨਗਾਰੇ ਵਜਾਂਦਾ ਕਿਲ੍ਹੇ ਵਿੱਚ ਜਾ ਵੜਿਆ। ਓਹਦੇ ਨਾਲ ਅਨਾਜ ਦਾ ੧੦੦੦ ਊਠ ਸੀ, ਜੋ ਫੌਜ ਵਿੱਚ ਵੰਡ ਦਿੱਤਾ, ਜਿਸ ਤੋਂ ਕਈ ਦਿਨਾਂ ਦੀ ਭੁੱਖੀ ਫੌਜ ਨੂੰ ਰੋਟੀ ਮਿਲੀ। ਉਸ ਕਿਲ੍ਹੇ ਵਿੱਚ ਹੋਰ ਤਰ੍ਹਾਂ ਦਾ ਬਹੁਤ ਸਾਰਾ ਸਾਮਾਨ ਜਮ੍ਹਾਂ ਕਰ ਕੇ ਆਪ ਲਾਹੌਰ ਗਿਆ, ਜਿੱਥੇ ਮਹਾਰਾਜਾ ਨੇ ਓਹਦੀ ਬੜੀ ਇੱਜ਼ਤ ਕੀਤੀ ਤੇ ਜਾਗੀਰ ਵੀ ਵਧਾ ਦਿੱਤੀ। ਇਸ ਫਤਹ ਨੇ ਮਹਾਰਾਜਾ ਦੀ ਤਾਕਤ ਨੂੰ ਪੱਕਾ ਤੇ ਮਜਬੂਤ ਕਰ ਦਿੱਤਾ, ਸਾਰੇ ਅਫਗਾਨ ਡਰ ਗਏ ਤੇ ਕਿਸੇ ਨੂੰ ਸਿਰ ਚੁੱਕਣ ਦੀ ਹਿੰਮਤ ਨਾ ਰਹੀ।
੧੧੮. ਕਸ਼ਮੀਰ ਦੀ ਚੜ੍ਹਾਈ ਰੋਕ ਦਿੱਤੀ
੧੮੭੧ ਨੂੰ ਮਹਾਰਾਜਾ ਨੇ ਵੇਖਿਆ ਕਿ ਅਟਕ ਦੀ ਫਤਹ ਦੇ ਕਾਰਨ ਖਾਲਸੇ ਦੇ ਹੌਂਸਲੇ ਵਧੇ ਹੋਏ ਹਨ। ਪਹਿਲਾਂ ਦੀਪਮਾਲਾ ਦਾ ਅਸ਼ਨਾਨ ਅੰਮ੍ਰਿਤਸਰ ਕੀਤਾ ਤੇ ਇੱਥੇ ਸਾਰੇ ਸਿੰਘ ਵਕੀਲਾਂ ਨੇ ਹਾਜ਼ਰ ਹੋ ਕੇ ਤੋਹਫੇ ਦਿੱਤੇ। ਹਦਬੰਦੀ ਤੇ ਹਮੇਸ਼ਾਂ ਦੀ ਦੋਸਤੀ ਕਾਇਮ ਰੱਖਣ ਦਾ ਇਕਰਾਰ ਕੀਤਾ ਤੇ ਸਭ ਧਿਰਾਂ ਚਲੀਆਂ ਗਈਆਂ। ਭਵਾਨੀ ਦਾਸ ਕਿਲ੍ਹਾ ਹਰੀਪੁਰ ਨੂੰ ਫਤਹ ਕਰ ਕੇ ਆਇਆ। ਮਹਾਰਾਜੇ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਤੇ ਸਰਦਾਰ ਭੂਪ ਸਿੰਘ ਨੂੰ ਜੋ ਕੈਦ ਵਿੱਚ ਸੀ, ਕੁਝ ਜਾਗੀਰ ਦੇ ਕੇ ਛੱਡ ਦਿੱਤਾ। ਇਨ੍ਹਾਂ ਹੀ ਦਿਨਾਂ ਵਿੱਚ ਕਸ਼ਮੀਰ ਤੇ ਚੜ੍ਹਾਈ ਕੀਤੀ। ਸ਼ਾਹਜ਼ਾਦਾ ਖੜਗ ਸਿੰਘ ਨੂੰ ਸੈਨਾਪਤੀ ਨੀਯਤ ਕਰ ਕੇ ਭੇਜਿਆ। ਸਾਰੇ ਪਹਾੜੀ ਰਾਜਿਆਂ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਨਾਲ ਜਾਓ। ਮਹਾਰਾਜਾ ਆਪ ਜਵਾਲਾਮੁਖੀ ਵੱਲ ਦੀ ਸੈਰ ਕਰਦਾ ਸਿਆਲਕੋਟ ਪੁੱਜਾ। ਇੱਥੇ ਇਸ ਨੇ ਸਾਰੇ ਪਹਾੜੀ ਰਾਜਿਆਂ ਦੀ ਹਾਜ਼ਰੀ ਲਈ। ਜਦ ਇਹ ਸਾਰੀ ਫੌਜ ਦਰਯਾਏ ਜੇਹਲਮ ਤੋਂ ਲੰਘ ਕੇ ਰੋਹਤਾਸ ਪਾਸ ਅੱਪੜੀ, ਤਦ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਦਰਾ ਪੀਰ ਪੰਜਾਲ ਤੇ ਬਰਫ ਪਈ ਹੋਈ ਹੈ, ਇਸ ਵਾਸਤੇ ਕਸ਼ਮੀਰ ਜਾਣ ਦਾ ਖ਼ਿਆਲ ਛੱਡ ਦਿੱਤਾ।
ਖਬਰ ਮਿਲੀ ਕਿ ਕਾਬਲ ਦਾ ਵਜ਼ੀਰ ਫਤਹ ਖਾਂ ਫੌਜ ਲੈ ਕੇ ਅਟਕ ਦਾ ਕਿਲ੍ਹਾ ਛੁਡਾਣ ਵਾਸਤੇ ਆ ਰਿਹਾ ਹੈ। ਮਹਾਰਾਜੇ ਨੇ ਸਾਹਜਾਦਾ ਖੜਗ ਸਿੰਘ ਨੂੰ ਫੌਜ ਦੇ ਕੇ ਮੁਕਾਬਲੇ ਲਈ ਭੇਜਿਆ। ਸਰਦਾਰ ਦਲ ਸਿੰਘ ਨੂੰ ਹੁਕਮ ਦਿੱਤਾ ਕਿ ਆਪਣੀ ਸੈਨਾ ਲੈ ਕੇ ਮਖਡ ਨੂੰ ਫਤਹਿ ਕਰਨ ਵਾਸਤੇ ਜਾਏ। ਦੀਵਾਨ ਮੋਹਕਮ ਚੰਦ ਨੂੰ ਫੌਜ ਲੈ ਕੇ ਰਾਵਲਪਿੰਡੀ ਠਹਿਰਨ ਦਾ ਹੁਕਮ ਹੋਇਆ ਤੇ ਬਾਕੀ ਦੀ
ਫੌਜ ਲਾਹੌਰ ਵਾਪਸ ਭੇਜ ਦਿੱਤੀ। ਇਸ ਰਾਹ ਆਪ ਮਹਾਰਾਜਾ ਪਿੰਡ ਦਾਦਨ ਖਾਂ, ਖੀਵੜਾ, ਲੂਣ ਮਿਆਣੀ ਫਿਰਦਾ ਲੂਣ ਦੀਆਂ ਖਾਣਾਂ ਵੇਖਦਾ ਕਟਾਂਸ ਤੋਂ ਹੋਂਦਾ ਹੋਇਆ ਲਾਹੌਰ ਪੁੱਜਾ।
੧੧੯. ਮਖਡ ਦੀ ਫਤੇਹ
ਸਰਦਾਰ ਦਲ ਸਿੰਘ ਨੇ ਜਦ ਫੌਜ ਲੈ ਕੇ ਮਖੜ ਤੇ ਚੜ੍ਹਾਈ ਕੀਤੀ ਤਦ ਉੱਥੋਂ ਦੇ ਹਾਕਮ ਦਾਦਨੀ ਖਾਂ ਨੇ ਮੁਕਾਬਲਾ ਕਰਨਾ ਚਾਹਿਆ, ਕਿੰਤੂ ਖਾਲਸੇ ਦੀ ਫੌਜ ਨੇ ਛੇਤੀ ਹੀ ਉਹਦੇ ਛੱਕੇ ਛੁਡਾ ਦਿੱਤੇ, ਜਿਸ ਤੋਂ ਉਹ ਮੈਦਾਨ ਛੱਡ ਕੇ ਨੱਸ ਗਿਆ। ਮਖਡ ਫਤੇ ਹੋਣ ਦੀ ਖ਼ਬਰ ਜਦ ਮਹਾਰਾਜਾ ਸਾਹਿਬ ਪਾਸ ਪੁੱਜੀ ਤਦ ਆਪਣੇ ਸਰਦਾਰ ਦਲ ਸਿੰਘ ਦੀ ਸੇਵਾ ਤੇ ਪ੍ਰਸੰਨ ਹੋ ਕੇ ਉੱਥੋਂ ਦਾ ਕਿਲ੍ਹੇਦਾਰ ਬਣਾ ਦਿੱਤਾ।
੧੨੦. ਵਜ਼ੀਰ ਖਾਂ ਦੀ ਮੁਲਤਾਨ ਤੇ ਚੜ੍ਹਾਈ
ਮੁਲਤਾਨ ਦੇ ਨਵਾਬ ਮੁਜੱਫਰ ਖਾਂ ਨੇ ਖ਼ਬਰ ਦਿੱਤੀ ਕਿ ਕਾਬਲ ਦਾ ਵਜ਼ੀਰ ਫਤਹ ਖਾਂ ਫੌਜ ਲੈ ਕੇ ਕਾਲਾ ਬਾਗ਼ ਤੱਕ ਅੱਪੜ ਗਿਆ ਹੈ। ਓਹਦਾ ਖ਼ਿਆਲ ਹੈ ਕਿ ਮੁਲਤਾਨ ਤੇ ਹਮਲਾ ਕੀਤਾ ਜਾਏ। ਮੁਲਤਾਨ ਬੜੀ ਮੁਦਤ ਤੋਂ ਲਾਹੌਰ ਦਰਬਾਰ ਦੇ ਅਧੀਨ ਹੈ। ਇਸ ਵਾਸਤੇ ਮਦਦ ਦਾ ਆਸਵੰਦ ਹਾਂ।
ਮਹਾਰਾਜਾ ਨੇ ਇਹ ਚਿੱਠੀ ਪੁੱਜਦੇ ਹੀ ਸਾਹਜ਼ਾਦਾ ਖੜਕ ਸਿੰਘ ਨੂੰ ਫੌਜ ਦੇ ਕੇ ਓਹਦਾ ਰਾਹ ਰੋਕਣ ਲਈ ਭੇਜਿਆ। ਜਦ ਫਤਹ ਖਾਂ ਨੂੰ ਖ਼ਬਰ ਮਿਲੀ ਕਿ ਮੁਲਤਾਨ ਦੇ ਨਵਾਬ ਦੀ ਮਦਦ ਲਈ ਲਾਹੌਰ ਦਰਬਾਰ ਦੀ ਫੌਜ ਆ ਗਈ ਹੈ ਤਦ ਪਿਛਲੇ ਪੈਰੀਂ ਹੀ ਉੱਥੋਂ ਵਾਪਸ ਮੁੜ ਗਿਆ।
੧੨੧. ਕਸ਼ਮੀਰ ਤੇ ਦੂਜੀ ਵਾਰ ਦੀ ਚੜ੍ਹਾਈ
ਹੁਣ ਫਿਰ ਮਹਾਰਾਜਾ ਸਾਹਿਬ ਨੇ ਕਸ਼ਮੀਰ ਤੇ ਹਮਲੇ ਦੀ ਤਿਆਰੀ ਦਾ ਹੁਕਮ ਦਿੱਤਾ ਤੇ ਸ਼ਾਹਜਾਦਾ ਖੜਗ ਸਿੰਘ ਨੂੰ ਕਿਹਾ ਗਿਆ ਕਿ ਆਪ ਫੌਜ ਲੈ ਕੇ ਸਿਆਲਕੋਟ ਪੁੱਜੋ। ਇਸ ਤਰ੍ਹਾਂ ਨਾਲ ਸਾਰੇ ਪਹਾੜੀ ਰਾਜਿਆਂ ਤੇ ਮਾਤੈਹਤ ਸਰਦਾਰਾਂ ਦੇ ਨਾਮ ਚਿੱਠੀਆਂ ਗਈਆਂ ਕਿ ਆਪਣੀ ਸੈਨਾ ਲੈ ਕੇ ਸਿਆਲਕੋਟ ਪੁੱਜ ਜਾਣ। ਮਹਾਰਾਜਾ ਨੇ ਸਿਆਲਕੋਟ ਅੱਪੜ ਕੇ ਸਾਰੀ ਫੌਜ ਨੂੰ ਆਪਣੀ ਅੱਖੀਂ ਡਿੱਠਾ। ਦੀਵਾਨ ਮੋਹਕਮ ਚੰਦ ਆਪ ਬੀਮਾਰ ਸੀ। ਇਸ ਕਰ ਕੇ ਇਸ ਲੜਾਈ ਵਿੱਚ ਸ਼ਾਮਲ ਨਹੀਂ ਹੋਇਆ, ਕਿੰਤੂ ਆਪਣੇ ਮੁਤਬੰਨਾ ਰਾਮ ਦਿਆਲ ਨੂੰ ਜਿਸ ਦੀ ਉਮਰ ੨੨ ਸਾਲ ਦੀ ਸੀ, ਫੌਜ ਦੇ ਨਾਲ ਘੱਲ ਦਿੱਤਾ।
ਜਦ ਭਿੰਬਰ, ਸੈਦਾ ਬਾਦ, ਨੌਸ਼ੈਹਰਾ, ਝੰਗ ਸਰਾਏ ਹੁੰਦੇ ਹੋਏ ਰਾਜੋੜੀ ਪੁੱਜੇ, ਤਦ ਇੱਥੋਂ ਦੇ ਹਾਕਮ ਅਗਰ ਖਾਂ ਨੇ ਬੜੀ ਚੰਗੀ ਤਰ੍ਹਾਂ ਸਵਾਗਤ ਕੀਤਾ। ਮਹਾਰਾਜੇ ਨੇ ਕਸ਼ਮੀਰ ਜਾਣ ਦਾ ਸੁਖੱਲਾ ਰਾਹ ਪੁੱਛਿਆ। ਅਗਰ ਖਾਂ ਨੇ ਬੜੀ ਬੇਈਮਾਨੀ ਤੇ ਧੋਖੇ ਦਾ ਕੰਮ ਕੀਤਾ। ਮਹਾਰਾਜੇ ਨੂੰ ਫੌਜ ਦੋ ਹਿੱਸਿਆਂ ਵਿੱਚ ਕਰ ਕੇ ਭੇਜਣ ਦੀ ਸਲਾਹ ਦਿੱਤੀ ਤੇ ਫੌਜ ਦਾ ਓਹ ਹਿੱਸਾ ਜੋ ਮਹਾਰਾਜਾ ਸਾਹਿਬ ਦੇ ਆਪਣੇ ਨਾਲ ਜਾਣਾ ਸੀ, ਉਸ ਨੂੰ ਸ਼ਿਵ ਮੈਦਾਨ ਹੋ ਕੇ ਪੁਣਛ ਪੁਜਣ ਦਾ ਰਾਹ ਦੱਸਿਆ, ਦੂਜੇ ਜੱਥੇ ਨੂੰ ਬਹਿਰਾਮ ਗਲਾਂ ਹੋ ਕੇ ਜਾਣ ਵਾਸਤੇ ਕਿਹਾ।
ਬਹਿਰਾਮ ਗੱਲਾਂ ਵੱਲ ਜੋ ਫੌਜ ਗਈ, ਓਹਦਾ ਸੈਨਾਪਤੀ ਰਾਮ ਦਿਆਲ ਨੀਯਤ ਹੋਇਆ। ਓਸ ਦੇ ਨਾਲ ਸਰਦਾਰ ਦਲ ਸਿੰਘ, ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਗੋਸ਼ਖਾਂ ਤੋਪਖਾਨੇ ਦਾ ਅਫਸਰ ਮਿਤ ਸਿੰਘ ਤੇ ਹੋਰ ਬਹੁਤ ਸਾਰੇ ਸਰਦਾਰ ਤੇ ਜਾਗੀਰਦਾਰ ਭੇਜੇ ਤੇ ਦੂਜੇ ਪਾਸੇ ਸਰਦਾਰ ਹਰੀ ਸਿੰਘ ਨਲਵਾ ਤੇ ਨਿਹਾਲ ਸਿੰਘ ਅਟਾਰੀ ਵਾਲਾ ਨੀਯਤ ਕੀਤੇ ਗਏ।
ਤਿੰਨ ਦਿਨਾਂ ਪਿੱਛੋਂ ਜਦ ਇਹ ਫੌਜ ੧੮ ਜੂਨ ੧੮੧੪ ਈਸਵੀ ਨੂੰ ਬਹਿਰਾਮ ਗਲਾਂ ਅੱਪੜੀ, ਤਦ ਓਥੋਂ ਦੀ ਕਿਲ੍ਹੇ ਵਿੱਚ ਬੈਠੀ ਫੌਜ ਨੇ ਟਾਕਰਾ ਕੀਤਾ, ਕਿੰਤੂ ਖਾਲਸੇ ਨੇ ਇੱਕ ਹੌਲੇ ਵਿੱਚ ਓਹਨਾਂ ਨੂੰ ਨਸਾ ਦਿੱਤਾ। ਕੁਝ ਥੋੜ੍ਹੀ ਜਹੀ ਫੌਜ ਇੱਥੇ ਛੱਡ ਕੇ ਪਹਾੜੀਆਂ ਤੋਂ ਵੀ ਪਠਾਣਾਂ ਨੂੰ ਧਕ ਦਿੱਤਾ। ਜਦ ਇਥੋਂ ਕੂਚ ਕਰ ਕੇ ਹਰੀਪੁਰ ਦੇ ਪਾਸ ਫੌਜ ਅਪੜੀ, ਤਦ ੨੨ ਜੁਲਾਈ ਨੂੰ ਦੁਸ਼ਮਣ ਦੀ ਫੌਜ ਨਾਲ ਟਾਕਰਾ ਹੋਇਆ। ਇਸ ਮੈਦਾਨ ਵਿੱਚ
ਵੀ ਖਾਲਸੇ ਨੇ ਵੈਰੀ ਦੇ ਖੂਬ ਦੰਦ ਖੱਟੇ ਕੀਤੇ ਤੇ ਸਪੇਨ ਦੇ ਪਾਸ ਤੱਕ ਓਹਨਾਂ ਨੂੰ ਨਸਾਂਦੇ ਲਈ ਗਏ। ੨੪ ਤਰੀਕ ਨੂੰ ਸਰਦਾਰ ਖੜਕ ਸਿੰਘ ਦੀ ਫੌਜ ਦਾ ਇੱਕ ਦਸਤਾ ਜਿਸ ਦਾ ਅਫਸਰ ਜੀਵਨ ਮਲ ਸੀ, ਅੱਗੇ ਕਰ ਕੇ ਖਾਸ ਸਪੇਨ ਤੇ ਹਮਲਾ ਕਰ ਦਿੱਤਾ। ਅਜ਼ੀਮ ਖਾਂ ਦਾ ਭਰਾ ਸਕੂਰ ਖਾਂ ਨੇ ਡਟ ਕੇ ਟਾਕਰਾ ਕੀਤਾ, ਸਿੱਖਾਂ ਦੀ ਫੌਜ ਬੜੀ ਜਵਾਂਮਰਦੀ ਨਾਲ ਲੜੀ। ਇੰਨੇ ਨੂੰ ਮੀਂਹ ਆ ਗਿਆ ਤੇ ਬਰਫ ਪੈਣੀ ਸ਼ੁਰੂ ਹੋ ਗਈ ਤੇ ਹਵਾ ਤੇਜ ਹੋ ਗਈ। ਸਿੱਖਾਂ ਨੇ ਇਹ ਸਰਦੀ ਅੱਗੇ ਕਿੱਥੇ ਵੇਖੀ ਸੀ? ਬੜੀ ਮੁਸ਼ਕਲ ਵਿੱਚ ਫਸ ਗਏ। ਹੱਥਾਂ ਪੈਰਾਂ ਹਲਣੋਂ ਜਵਾਬ ਦੇ ਦਿੱਤਾ। ਪਠਾਣ ਸਰਦ ਇਲਾਕੇ ਦੇ ਰਹਿਣ ਵਾਲੇ ਸਨ। ਓਹਨਾਂ ਦੀ ਬਣ ਆਈ। ਓਹਨਾਂ ਜ਼ੋਰ ਦੇ ਨਾਲ ਧਾਵਾ ਸ਼ੁਰੂ ਕੀਤਾ। ਸਿੰਘ ਇੱਕ ਸਰਦੀ ਤੋਂ ਘਾਬਰੇ ਹੋਏ ਦੂਜੇ ਰਾਹ ਤੋਂ ਅਨਜਾਣ ਸੀ, ਇਸ ਕਰ ਕੇ ਇਨ੍ਹਾਂ ਦਾ ਬਹੁਤ ਨੁਕਸਾਨ ਹੋਇਆ। ਜੀਵਣ ਮੱਲ ਤੇ ਸਰਦਾਰ ਫਤਹ ਸਿੰਘ ਆਦਿਕ ਕਈ ਮਸ਼ਹੂਰ ਸਰਦਾਰ ਮਾਰੇ ਗਏ। ਰਾਮ ਦਿਆਲ ਨੇ ਆਪ ਕੁਝ ਸਰਦਾਰਾਂ ਨਾਲ ਸ੍ਰੀ ਨਗਰ ਦੇ ਪਾਸ ਜਾ ਡੇਰਾ ਲਾਇਆ।
ਉਧਰ ਦੂਜੀ ਫੌਜ ਦਾ ਵੀ ਜੋ ਖ਼ਾਸ ਮਹਾਰਾਜਾ ਸਾਹਿਬ ਦੇ ਨਾਲ ਪੁਣਛ ਵੱਲ ਗਈ ਸੀ, ਇਹ ਹੀ ਹਾਲ ਹੋਇਆ, ਇਨ੍ਹਾਂ ਨੂੰ ਰਾਜੋੜੀ ਵਿੱਚ ਹੀ ਬਰਖਾ ਸ਼ੁਰੂ ਹੋ ਜਾਣ ਕਰ ਕੇ ੨੬ ਜੂਨ ਤੱਕ ਇੱਥੇ ਹੀ ਠਹਿਰਨਾ ਪਿਆ। ਫਿਰ ਜਦ ਅੱਗੇ ਵਧੇ ਤਾਂ ਪੁਣਛ ਤੇ ਮੰਡੀ ਫਤਹ ਕਰ ਚੁੱਕਣ ਦੇ ਮਗਰੋਂ ਸਰਦੀ ਬਹੁਤ ਜ਼ੋਰ ਦੀ ਹੋ ਗਈ। ਸ਼ਿਵ ਮੈਦਾਨ ਵਿੱਚ ਅੱਪੜਨ ਤੇ ਸਰਦੀ ਇੰਨੀ ਤੇਜ਼ ਹੋ ਗਈ ਕਿ ਫੌਜ ਦੇ ਹੱਥ ਪੈਰ ਸੰਨ ਹੋ ਰਹੇ ਸਨ। ਇੱਥੇ ਰਾਮ ਦਿਆਲ ਦੀ ਖ਼ਬਰ ਪੁੱਜੀ। ਮਹਾਰਾਜਾ ਸਾਹਿਬ ਨੇ ੫ ਹਜ਼ਾਰ ਸਵਾਰਾਂ ਨੂੰ ਸਰਦਾਰ ਰਾਮ ਸਿੰਘ ਤੇ ਕੁਤਬਦੀਨ ਖਾਂ ਕਸੂਰ ਵਾਲੇ ਦੇ ਨਾਲ ਰਾਮ ਦਿਆਲ ਦੀ ਮਦਦ ਲਈ ਭੇਜਿਆ, ਕਿੰਤੂ ਸਰਦੀ ਦੇ ਸਾਹਮਣੇ ਇਨ੍ਹਾਂ ਦੀ ਵੀ ਪੇਸ਼ ਨਹੀਂ ਗਈ। ਅਜੇਰੀ ਹਾਲਤ ਵਿੱਚ ਮਹਾਰਾਜੇ ਨੇ ਇਹ ਚੰਗਾ ਸਮਝਿਆ ਕਿ ਅੱਗੇ ਜਾਣ ਨਾਲੋਂ ਵਾਪਸ ਲਾਹੌਰ ਪੁੱਜੀਏ। ਇਸ ਲੜਾਈ ਵਿੱਚ ਮਹਾਰਾਜਾ ਦੇ ਕਈ ਸਰਦਾਰ ਕੰਮ ਆਏ। ਸਰਦਾਰ ਦਲ ਸਿੰਘ ਮਾਨ, ਗੁਰਬਖਸ਼ ਸਿੰਘ ਧਾਰੀ ਤੇ ਮਿਤ ਸਿੰਘ ਬੰਧਾਨੀਆਂ ਆਦਿਕ ਬਹੁਤ ਸਾਰੀ ਫੌਜ ਨਾਲ ਰਣਛੇਤ੍ਰ ਵਿੱਚ ਵੈਰੀ ਦੇ ਆਹੂ ਲਾਂਹਦੇ ਸਦਾ ਲਈ ਸੌਂ ਗਏ।
ਰਾਮ ਦਿਆਲ ਦੇ ਪਾਸ ਜੋ ਫੌਜ ਸੀ, ਉਸ ਨੇ ਸ੍ਰੀ ਨਗਰ ਦੇ ਪਾਸ ਜੰਗ ਸ਼ੁਰੂ ਕਰ ਦਿੱਤਾ। ਨੇੜੇ ਤੇੜੇ ਦੇ ਜਿੰਨੇ ਮੁਸਲਮਾਨ ਸਰ ਕੱਢਦੇ ਸੀ, ਸਾਰਿਆਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ। ਕਸ਼ਮੀਰ ਦੇ ਹਾਕਮ ਅਜ਼ੀਮ ਖਾਂ ਨੇ ਲਾਹੌਰ ਦਰਬਾਰ ਨੂੰ ਕਈ ਤੋਹਫੇ ਭੇਜ ਕੇ ਖਾਸ ਸ਼ਰਤਾਂ ਦੇ ਨਾਲ ਅਧੀਨਤਾ ਸਵੀਕਾਰ ਕੀਤੀ ਤੇ ਰਾਮ ਦਿਆਲ ਖਾਲਸਾ ਫੌਜ ਨੂੰ ਨਾਲ ਲੈ ਕੇ ਲਾਹੌਰ ਵਾਪਸ ਆ ਗਿਆ।
੧੨੨. ਦੀਵਾਨ ਮੋਹਕਮ ਚੰਦ ਦਾ ਚਲਾਣਾ
ਕਸ਼ਮੀਰ ਦੀ ਫਤੇਹ ਤੋਂ ਥੋੜ੍ਹੇ ਹੀ ਦਿਨ ਪਿੱਛੋਂ ਦੀਵਾਨ ਮੋਹਕਮ ਚੰਦ ੧੫ ਕੱਤਕ ੧੮੭੧ ਨੂੰ ਚਲਾਣਾ ਕਰ ਗਿਆ। ਮਹਾਰਾਜਾ ਨੂੰ ਮੋਹਕਮ ਚੰਦ ਦੇ ਚਲਾਣੇ ਦਾ ਬੜਾ ਸ਼ੋਕ ਹੋਇਆ। ਇਸ ਨੇ ਕਈ ਜੰਗਾਂ ਤੇ ਯੁੱਧਾਂ ਵਿੱਚ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਟਾਕਰਾ ਕੀਤਾ ਸੀ। ਮਹਾਰਾਜਾ ਨੇ ਇਸ ਦੇ ਪੁੱਤਰ ਮੋਤੀ ਰਾਮ ਨੂੰ ਫਲੌਰ ਦਾ ਕਿਲ੍ਹਾ ਦੇ ਕੇ ਉੱਥੋਂ ਦਾ ਕਿਲ੍ਹੇਦਾਰ ਨੀਯਤ ਕੀਤਾ ਤੇ ਮੋਹਕਮ ਚੰਦ ਦੇ ਪੋਤਰੇ ਰਾਮ ਦਿਆਲ ਨੂੰ ਜਿਸ ਨੇ ਕਸ਼ਮੀਰ ਦੀ ਜੰਗ ਵਿਚ ਦਾਨਾਈ, ਹੌਸਲਾ ਤੇ ਬਹਾਦਰੀ ਵਿਖਾਈ ਸੀ, ਫੌਜ ਵਿਚ ਆਲ੍ਹਾ ਅਫਸਰ ਬਣਾ ਦਿੱਤਾ।
ਕੁਝ ਦਿਨ ਮਹਾਰਾਜਾ ਸਾਹਿਬ ਸ਼ਾਲਾਮਾਰ ਬਾਗ਼ ਰਹੇ ਤੇ ਫਿਰ ਸ੍ਰੀ ਅੰਮ੍ਰਿਤਸਰ ਜੀ ਆ ਗਏ। ਇੱਥੇ ਅਬਦੁਲ ਨਬੀ ਖਾਂ ਅੰਗ੍ਰੇਜ਼ਾਂ ਦਾ ਵਕੀਲ ਵਾਇਸਰਾਏ ਹਿੰਦ ਤੇ ਸਰ ਡੇਵਡ ਅਖਤਰ ਲੋਨੀ ਸਾਹਿਬ ਵੱਲੋਂ ਮ੍ਰਿਤਾਨੇ ਦੀਆਂ ਚਿੱਠੀਆਂ ਲਿਆਯਾ ਸੀ, ਮਿਲਿਆ ਤੇ ਇੱਕ ਹਜ਼ਾਰ ਰੁਪਯਾ ਦਾ ਸਿਰੋਪਾ ਦੇ ਕੇ ਵਾਪਸ ਭੇਜਿਆ।
੧੨੩. ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ ਮਾਲਵੇ ਦੇ ਇਲਾਕੇ ਵਿੱਚ ਬੜਾ ਬਹਾਦਰ ਜਤੀ ਸਤੀ ਹਠੀ ਤੇ ਪੱਕਾ ਸਿੰਘ ਸੀ। ਇਸ ਦੀ ਇਸ ਇਲਾਕੇ ਵਿੱਚ ਵਧੀ ਹੋਈ ਤਾਕਤ ਵੇਖ ਮਹਾਰਾਜਾ ਨੇ ਦੀਵਾਨ ਮੋਤੀ ਰਾਮ ਨੂੰ ਫਲੌਰ ਭੇਜਿਆ ਕਿ ਅਕਾਲੀ ਜੀ ਨੂੰ ਲਾਹੌਰ ਭੇਜ ਦੇਵੋ। ਸੋ ਦੀਵਾਨ ਮੋਤੀ ਰਾਮ ਦੇ ਕਹਿਣ ਤੇ ਅਕਾਲੀ ਫੂਲਾ ਸਿੰਘ ਜੀ ਕੁਝ ਹੋਰ ਅਕਾਲੀ ਸਿੰਘਾਂ ਦੇ ਨਾਲ ਲਾਹੌਰ ਅੱਪੜੇ। ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ਸਾਰੀ ਅਕਾਲੀ ਸੈਨਾ ਦਾ ਸੈਨਾਪਤੀ ਬਣਾ ਦਿੱਤਾ।
੧੨੪. ਅੰਗਰੇਜ਼ਾਂ ਤੇ ਗੋਰਖਿਆਂ ਦਾ ਜੰਗ
ਮਹਾਰਾਜਾ ਸਾਹਿਬ ਨੂੰ ਖ਼ਬਰ ਮਿਲੀ ਕਿ ਅਮਰ ਸਿੰਘ ਥਾਪਾ ਨੇ ਸਤਲੁਜ ਪਾਰ ਦੇ ਪਹਾੜੀ ਇਲਾਕੇ ਵਿੱਚ ਅੰਗ੍ਰੇਜ਼ਾਂ ਨਾਲ ਜੰਗ ਸ਼ੁਰੂ ਕਰ ਦਿੱਤਾ ਹੈ। ਮਹਾਰਾਜਾ ਨੇ ਫਕੀਰ ਅਜ਼ੀਜ਼ੁਦੀਨ ਨੂੰ ਫੌਜ ਦੇ ਕੇ ਭੇਜਿਆ, ਕਿੰਤੂ ਇਨ੍ਹਾਂ ਦੇ ਉੱਥੇ ਅੱਪੜਨ ਤੇ ਇਸ ਫੌਜ ਦੀ ਲੋੜ ਨਾ ਰਹੀ।
੧੨੫. ਰਾਮਗੜ੍ਹੀਆ ਮਿਸਲ ਦਾ ਅੰਤ
ਇਸੇ ਸਾਲ ਸਰਦਾਰ ਜੋਧ ਸਿੰਘ ਦੇ ਚਲਾਣੇ ਨਾਲ ਹੀ ਰਾਮਗੜ੍ਹੀਆ ਦੀ ਮਿਸਲ ਵੀ ਮੁੱਕ ਗਈ ਅਰਥਾਤ ਇਨ੍ਹਾਂ ਦਾ ਸਾਰਾ ਇਲਾਕਾ ਲਾਹੌਰ ਦਰਬਾਰ ਵਿੱਚ ਸ਼ਾਮਲ ਹੋ ਗਿਆ। ਰਾਜੋੜੀ ਦੇ ਹਾਕਮ ਨੇ ਕਸ਼ਮੀਰ ਦਾ ਰਾਹ ਦੱਸਣ ਵਿੱਚ ਧੋਖਾ ਕੀਤਾ ਸੀ, ਇਸ ਕਰ ਕੇ ਦੀਵਾਨ ਰਾਮ ਦਿਆਲ ਤੇ ਸਰਦਾਰ ਦੂਲ ਸਿੰਘ ਨੂੰ ਓਹਦੀ ਸੋਧ ਲਈ ਭੇਜਿਆ ਗਿਆ। ਇਨ੍ਹਾਂ ਨੇ ਪੀਰ ਪੰਜਾਲ ਤੱਕ ਦਾ ਸਾਰਾ ਇਲਾਕਾ ਆਪਣੇ ਕਬਜ਼ੇ ਕਰ ਲਿਆ। ਰਾਜੋੜੀ ਦਾ ਕਾਇਰ ਹਾਕਮ ਇਨ੍ਹਾਂ ਦੀ ਅਵਾਈ ਸੁਣ ਨੱਸ ਟੁਰਿਆ ਤੇ ਕੋਟਲੀ ਵਿੱਚ ਜਾ ਸਿਰ ਲੁਕਾਇਆ। ਕਿੰਤੂ ਫੌਜ ਨੇ ਇਥੋਂ ਵੀ ਪਿੱਛਾ ਕੀਤਾ ਤੇ ਕੋਟਲੀ ਦਾ ਕਿਲ੍ਹਾ ਫਤਹ ਕਰ ਕੇ ਆਪਣੇ ਅਧੀਨ ਕਰ ਲਿਆ। ਹੁਣ ਫੇਰ ਠੰਢਕਾਂ ਸ਼ੁਰੂ ਹੋ ਗਈਆਂ ਸਨ। ਇਸ ਕਰ ਕੇ ਸਰੋਚੇ ਦੇ ਕਿਲ੍ਹੇ ਤੋਂ ਅੱਗੇ ਜਾਣਾ ਮੁਨਾਸਬ ਪ੍ਰਤੀਤ ਨਾ ਹੋਇਆ। ਇੱਥੋਂ ਹੀ ਵਾਪਸ ਮੁੜ ਆਏ।
੧੨੬. ਪੰਡਤ ਦੀਨਾ ਨਾਥ
ਦੀਨਾ ਨਾਥ ਜੋ ਪਿਛੋਂ ਰਾਜਾ ਦੀਨਾਨਾਥ ਦੇ ਨਾਮ ਤੋਂ ਪ੍ਰਸਿੱਧ ਹੋਇਆ। ਇਨ੍ਹੀਂ ਹੀ ਦਿਨੀਂ ਵਿੱਚ ਦਿੱਲੀ ਤੋਂ ਲਾਹੌਰ ਆਇਆ। ਮਹਾਰਾਜੇ ਨੇ ਇਸ ਨੂੰ ਮਾਲ ਤੇ ਸਿਵਲ ਦੇ ਮਸੂਲ ਆਦਿਕ ਦਾ ਵੱਡਾ ਅਫਸਰ ਬਣਾਇਆ ਤੇ ਪਿੱਛੋਂ ਰਾਜਾ ਦਾ ਖ਼ਿਤਾਬ ਬਖਸ਼ਿਆ।
੧੨੭. ਝੰਗ ਲਯਾ ਪਾਕਪਟਨ ਦਾ ਕਬਜ਼ਾ
੧੮੭੩ ਬਿਕ੍ਰਮੀ ਨੂੰ ਮਹਾਰਾਜਾ ਨੇ ਨੂਰਪੁਰ ਤੇ ਚੜ੍ਹਾਈ ਕੀਤੀ। ਇਸ ਇਲਾਕੇ ਤੇ ਕਬਜਾ ਕਰ ਕੇ ਝੰਗ ਤੇ ਲਯਾ ਦਾ ਇਲਾਕਾ ਲੈ ਲਿਆ। ਮਹਾਰਾਜਾ ਸਰਦਾਰ ਫਤੇਹ ਸਿੰਘ ਆਹਲੂਵਾਲੀਏ ਦੇ ਨਾਲ ਮੁਲਤਾਨ ਤੇ ਬਹਾਵਲਪੁਰ ਵੱਲ ਵਧਿਆ। ਜਦ ਪਾਕਪਟਨ ਪੁੱਜਾ, ਤਦ ਇੱਥੋਂ ਦੇ ਗੱਦੀ ਨਸ਼ੀਨ ਸ਼ੇਖ ਮੁਹੰਮਦ ਯਾਰ ਖਾਂ ਨੇ ਪਹਿਲਾਂ ਕੁਝ ਅੱਖਾਂ ਵਖਾਈਆਂ, ਜਿਸ ਤੋਂ ਇਹਦਾ ਇਲਾਕਾ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਦਿੱਤਾ ਗਿਆ। ਕਿੰਤੂ ਫਿਰ ਇਸ ਨੇ ਇੱਕ ਘੋੜਾ ਤੇ ਇੱਕ ਜਵਾਹਰਾਤ ਦੇ ਦਸਤੇ ਵਾਲੀ ਜੜਾਊ ਤਲਵਾਰ ਮਹਾਰਾਜੇ ਦੀ ਭੇਟ ਕੀਤੀ। ਮਹਾਰਾਜਾ ਸਾਹਿਬ ਨੇ ਬਾਬਾ ਫਰੀਦ ਦੀ ਕਬਰ ਦਾ ਇਸ ਨੂੰ ਮੁਜਾਵਰ ਜਾਣ ਇਹਦਾ ਸਾਰਾ ਇਲਾਕਾ ਵਾਪਸ ਦੇ ਦਿੱਤਾ ਤੇ ੯ ਹਜ਼ਾਰ ਰੁਪਯਾ ਸਾਲ ਦਾ ਖਰਾਜ ਨੀਯਤ ਕੀਤਾ।
੧੨੮. ਬਹਾਵਲ ਪੁਰ ਦਾ ਨਜ਼ਰਾਨਾ
ਇਨ੍ਹਾਂ ਹੀ ਦਿਨਾਂ ਵਿੱਚ ਬਹਾਵਲ ਪੁਰ ਦੇ ਸੂਬੇ ਵੱਲੋਂ ਰਾਓ ਕਿਸਨ ਦਾਸ ਵਕੀਲ ਮਹਾਰਾਜਾ ਦੀ ਸੇਵਾ ਵਿੱਚ ਹਾਜ਼ਰ ਹੋਇਆ ਤੇ ੮੦ ਹਜ਼ਾਰ ਨਜ਼ਰਾਨੇ ਵਜੋਂ ਭੇਟਾ ਕੀਤਾ ਤੇ ੭੦ ਹਜਾਰ ਸਾਲਾਨਾ ਖਰਾਜ ਦੇਣਾ ਪ੍ਰਵਾਨ ਕਰ ਕੇ ਨਵਾਂ ਇਕਰਾਰਨਾਮਾ ਲਿਖ ਕੇ ਅਧੀਨਤਾ ਸਵੀਕਾਰ ਕੀਤੀ।
੧੨੯. ਮੁਲਤਾਨ ਤੋਂ ਨਜ਼ਰਾਨਾ
ਮਹਾਰਾਜਾ ੧੫ ਚੇਤ ਨੂੰ ਹੜੱਪੇ ਪੁੱਜਾ ਤਦ ਸੱਯਦ ਮੋਹਕਮ ਸ਼ਾਹ ਮੁਲਤਾਨ ਦੇ ਵਕੀਲ ਨੇ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਕੁਝ ਘੋੜੇ ਨਜ਼ਰਾਨੇ ਵਜੋਂ ਪੇਸ਼ ਕੀਤੇ। ਮਹਾਰਾਜਾ ਨੇ ਇੱਕ ਲੱਖ ਤੇ ੨੦ ਹਜ਼ਾਰ ਹੋਰ ਮੰਗਿਆ। ਵਕੀਲ ਨੇ ਚਾਲੀ ਹਜ਼ਾਰ ਦੇ ਕੇ ਬਾਕੀ ਦੇ ਵਾਸਤੇ ਦੋ ਮਹੀਨੇ ਦੀ ਮੋਹਲਤ ਮੰਗੀ, ਜਿਸ ਨੂੰ ਮਹਾਰਾਜਾ ਸਾਹਿਬ ਨੇ ਚਾਲਾਕੀ ਜਾਣ ਕੇ ਪ੍ਰਵਾਨ ਨਾ ਕੀਤਾ। ਪਹਿਲਾਂ ਅਹਿਮਦਾਬਾਦ ਫਤਹ ਕੀਤਾ, ਫਿਰ ਜਦ ਦਰ੍ਯਾਏ ਚਨਾਬ ਲੰਘ ਕੇ ਮਹਾਰਾਜਾ ਸਾਲਰਵਾਹਨ ਤੇ ਪੁੱਜਾ ਤਦ ਇੱਕ ਦਸਤਾ ਫੌਜ ਦਾ ਇੱਥੋਂ ਭੇਜ ਕੇ ਹੁਕਮ ਦਿੱਤਾ ਕਿ ਝੱਟ ਮੁਲਤਾਨ ਪੁੱਜ ਕੇ ਨਵਾਬ ਨੂੰ ਬਾਕੀ ਰਕਮ ਭੇਜਣ ਲਈ ਜ਼ੋਰ ਦੇਵੋ। ਅਕਾਲੀ ਫੂਲਾ ਸਿੰਘ ਨੇ ਓਥੇ ਅੱਪੜ ਕੇ ਨਵਾਬ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ ਕਿ ਹੁਣ ਮਾਮਲਾ ਗੱਲਾਂ ਨਾਲ ਟਲਣ ਵਾਲਾ ਨਹੀਂ ਰਿਹਾ। ਜਦ ਨਵਾਬ ਨੂੰ ਨਰਮ ਹੁੰਦਾ ਨਾ ਵੇਖਿਆ ਤਦ ਸ਼ਹਿਰ ਦੇ ਬਾਹਰਲੇ ਹਿੱਸੇ ਤੇ ਕਬਜਾ ਕਰ ਲਿਆ। ਹੁਣ ਨਵਾਬ ਨੂੰ ਹੋਸ਼ ਆਈ ਤੇ ਓਸ ਨੇ ਝਟ ਰੁਪਯੇ ਦਾ ਪ੍ਰਬੰਧ ਕਰ ਕੇ ੮੦ ਹਜ਼ਾਰ ਰੁਪਯਾ ਦੀਵਾਨ ਭਵਾਨੀ ਦਾਸ ਦੇ ਹੱਥੀਂ ਭੇਜ ਦਿੱਤਾ ਤੇ ਬਾਕੀ ੪੦ ਹਜ਼ਾਰ ਦੇ ਵਾਸਤੇ ਥੋੜ੍ਹੇ ਸਮੇਂ ਦੀ ਮੋਹਲਤ ਮੰਗੀ।
੧੩੦. ਮਾਨਕੇਰਾ ਦਾ ਨਜ਼ਰਾਨਾ
ਹੁਣ ਮਹਾਰਾਜਾ ਨੇ ਫੌਜ ਨੂੰ ਮੁਲਤਾਨ ਤੋਂ ਵਾਪਸ ਮੁੜਨ ਦਾ ਹੁਕਮ ਦਿੱਤਾ ਤੇ ਮਾਨਕੇਰਾ ਵੱਲ ਵਾਗਾਂ ਮੋੜੀਆਂ। ਸੁਜਾਨ ਰਾਏ ਨੇ ਓਹਦੇ ਵੱਲ ਭੇਜ ਕੇ ਇੱਕ ਲੱਖ ੨੫ ਹਜ਼ਾਰ ਉਸ ਤੋਂ ਨਜ਼ਰਾਨਾ ਮੰਗਿਆ, ਕਿੰਤੂ ਨਵਾਬ ਨੇ ਇਹ ਰਕਮ ਆਪਣੇ ਵਿਤ ਤੋਂ ਬਾਹਰੀ ਦਸ ਕੇ ਰਾਏ ਪਿੰਡੀ ਦਾਸ ਦੇ ਹੱਥ ੨੦ ਹਜਾਰ ਰੁਪਯਾ ਭੇਜਿਆ, ਜਿਸ ਤੋਂ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ਓਥੇ ਜਾਣ ਲਈ ਕਿਹਾ। ਅਕਾਲੀ ਫੂਲਾ ਸਿੰਘ ਜੀ ਨੇ ਮੁਹੰਮਦ ਪੁਰ, ਖਾਨਗੜ੍ਹ ਤੇ ਮਹਮੂਦ ਕੋਟ ਤਿੰਨ ਕਿਲ੍ਹੇ ਫਤਹ ਕਰ ਲਏ। ਹੁਣ ਨਵਾਬ ਦੀ ਜਾਗ ਖੁੱਲ੍ਹੀ। ਰਾਏ ਪਿੰਡੀ ਦਾਸ ਦੇ ਹੱਥ ੫੦ ਹਜ਼ਾਰ ਰੁਪਯਾ ਭੇਜਿਆ ਤੇ ਹੱਥ ਜੋੜ ਕੇ ਅਧੀਨਤਾ ਸ੍ਵੀਕਾਰ ਕੀਤੀ। ਮਹਾਰਾਜਾ ਨੇ ਇਹ ਬਿਨੇ ਪ੍ਰਵਾਨ ਕਰ ਲਈ ਤੇ ਫੌਜ ਨੂੰ ਵਾਪਸ ਸੱਦ ਕੇ ਇਲਾਕਾ ਅੱਗੇ ਵਾਂਗ ਸ਼ੇਰ ਮੁਹੰਮਦ ਖਾਂ ਦੇ ਹੱਥ ਵਿੱਚ ਹੀ ਰਹਿਣ ਦਿੱਤਾ।
੧੩੧. ਝੰਗ ਅਕਾਲ ਗੜ੍ਹ ਤੇ ਉੱਚ ਦੇ ਰਈਸ ਕੈਦ ਹੋਏ
ਝੰਗ, ਉੱਚ ਤੇ ਅਕਾਲ ਗੜ੍ਹ ਦੇ ਰਈਸਾਂ ਦੀਆਂ ਸ਼ਕਾਇਤਾਂ ਪੁੱਜੀਆਂ, ਜਿਸ ਤੋਂ ਅਹਿਮਦ ਖਾਂ ਸਿਆਲ ਤੇ ਰਜਬ ਅਬੀ ਖਾਂ ਕੈਦ ਕਰ ਕੇ ਲਾਹੌਰ ਭੇਜੇ ਗਏ। ਝੰਗ ਦਾ ਇਲਾਕਾ ਜਿਸ ਦਾ ਮਾਹਸੂਲ ੪ ਲੱਖ ਦੇ ਕਰੀਬ ਸੀ, ਇੱਕ ਲਖ ਸਠ ਹਜ਼ਾਰ ਦੇ ਠੇਕੇ ਤੇ ਸੁਖਦਿਆਲ ਨੂੰ ਦਿੱਤਾ ਗਿਆ ਤੇ ਸੁਜਾਨ ਰਾਏ ਦੇ ਹੱਥ ਓਥੋਂ ਦਾ ਦੀਵਾਨੀ ਤੇ ਫੌਜਦਾਰੀ ਕੰਮ ਸਪੁਰਦ ਹੋਇਆ।
੧੩੨. ਭਾਈ ਰਾਮ ਸਿੰਘ ਕੈਦ ਹੋ ਗਿਆ
ਉਥੋਂ ਮੁੜਨ ਤੇ ਮਹਾਰਾਜਾ ਪਾਸ ਰਾਮ ਸਿੰਘ ਜੋ ਸ਼ਾਹਜ਼ਾਦਾ ਖੜਗ ਸਿੰਘ ਦਾ ਉਸਤਾਦ ਸੀ, ਦੀਆਂ ਸ਼ਿਕਾਇਤਾਂ ਪੁੱਜੀਆਂ। ਉੱਤਮ ਚੰਦ ਸ਼ਾਹੂਕਾਰ ਬਾਬਤ ਵੀ ਖ਼ਬਰ ਮਿਲੀ ਕਿ ਓਹ ਵੀ ਭਾਈ ਰਾਮ ਸਿੰਘ ਦੇ ਨਾਲ ਹੈ। ਇਸ ਕਰ ਕੇ ਇਨ੍ਹਾਂ ਦੋਨਾਂ ਨੂੰ ਕੈਦ ਕਰ ਲਿਆ ਤੇ ਇਨ੍ਹਾਂ ਦੇ ਇਲਾਕੇ ਦਾ ਪ੍ਰਬੰਧ ਮਹਾਰਾਜਾ ਖੜਗ ਸਿੰਘ ਨੇ ਲੈ ਕੇ ਦੀਵਾਨ ਭਵਾਨੀ ਦਾਸ ਪਸ਼ੌਰੀਆ ਦੇ ਹਵਾਲੇ ਕਰ ਦਿੱਤਾ।
੧੩੩. ਸਾਹਜ਼ਾਦਾ ਖੜਗ ਸਿੰਘ ਤਖ਼ਤ ਤੇ
੧੫ ਮਾਘ ੧੮੭੩ ਬਿ. ਨੂੰ ਮਹਾਰਾਜਾ ਨੇ ਇੱਕ ਆਮ ਦਰਬਾਰ ਕੀਤਾ, ਜਿਸ ਵਿੱਚ ਪੰਜਾਬ ਦੇ ਕੁਲ ਰਈਸ ਸ਼ਾਮਲ ਸਨ, ਆਪਣੀ ਹੱਥੀਂ ਖੜਗ ਸਿੰਘ ਨੂੰ ਰਾਜ ਗੱਦੀ ਦਾ ਤਿਲਕ ਦੇ ਕੇ ਆਪਣੇ ਪਿੱਛੇ ਲਾਹੌਰ ਦੇ ਰਾਜ ਤਖ਼ਤ ਦਾ ਵਾਰਸ ਪ੍ਰਗਟ ਕੀਤਾ। ਇਹ ਜਲਸਾ ਅਨਾਰਕਲੀ ਵਿੱਚ ਬੜੀ
ਧੂਮ ਧਾਮ ਨਾਲ ਹੋਇਆ ਤੇ ਹਰ ਇੱਕ ਜਾਗੀਰਦਾਰ ਰਈਸ ਨੇ ਸਰਦਾਰ ਖੜਗ ਸਿੰਘ ਨੂੰ ਨਜ਼ਰਾਨਾ ਦਿੱਤਾ।
੧੩੪. ਪਹਾੜੀ ਰਿਆਸਤਾਂ ਦਾ ਦੌਰਾ
ਸੰਮਤ ੧੮੭੪ ਬਿਕ੍ਰਮੀ ਨੂੰ ਮਹਾਰਾਜਾ ਸਾਹਿਬ ਦੁਸਹਿਰਾ ਕਰ ਕੇ ਪਹਾੜੀ ਰਿਆਸਤਾਂ ਦਾ ਦੌਰਾ ਕਰਨ ਵਾਸਤੇ ਲਾਹੌਰ ਤੋਂ ਚਲੇ। ਸਭ ਤੋਂ ਪਹਿਲੇ ਆਪ ਅੰਮ੍ਰਿਤਸਰ ਪੁੱਜੇ। ਸ੍ਰੀ ਦਰਬਾਰ ਸਾਹਿਬ ਜੀ ਅਸ਼ਨਾਨ ਕਰ ਕੇ ੧੦੦੦) ਭੇਟਾ ਚੜ੍ਹਾਈ ਤੇ ਹੁਕਮ ਦਿੱਤਾ ਕਿ ਮਾਧੋ ਪੁਰ ਵਾਲੀ ਨਹਿਰ ਤੋਂ ਇੱਕ ਸ਼ਾਖ ਕੱਢ ਕੇ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਜਲ ਪਾਇਆ ਜਾਵੇ ਤਾਂ ਜੋ ਜਲ ਸਦਾ ਹੀ ਬੜੀ ਚੰਗੀ ਹਾਲਤ ਵਿੱਚ ਰਹੇ। ਇੱਥੋਂ ਚੱਲ ਕੇ ਅਦੀਨਾ ਬੇਗ ਅੱਪੜੇ। ਉੱਥੇ ਚੰਬਾ ਰਿਆਸਤ ਦੇ ਵਕੀਲ ਨੇ ਹਾਜ਼ਰ ਹੋ ਕੇ ੪੦੦੦ ਰੁਪ੍ਯਾ ਖਰਾਜ ਦਿੱਤਾ ਤੇ ਕਈ ਪੰਛੀ ਜੰਗਲੀ ਪਹਾੜੀ ਜਾਨਵਰ ਚਿੜੀਆ ਘਰ ਲਈ ਦਿੱਤੇ। ਉੱਥੋਂ ਨੂਰਪੁਰ ਦੇ ਇਲਾਕੇ ਵਿੱਚ ਹੁੰਦੇ ਹੋਏ ਕਾਂਗੜੇ ਦੇ ਇਲਾਕੇ ਵਿੱਚ ਜਵਾਲਾਮੁਖੀ ਪਹਾੜ ਤੇ ਗਏ ਤੇ ਉੱਥੋਂ ਹੇਠ ਲਿਖੀਆਂ ਰਿਆਸਤਾਂ ਵਿੱਚ ਜਾ ਕੇ ਖਰਾਜ ਵਸੂਲ ਕਰ ਕੇ ਹੋਲੀ ਦੇ ਦਿਨਾਂ ਵਿਚ ਲਾਹੌਰ ਵਾਪਸ ਮੁੜ ਆਏ। ਰਾਜਾ ਈਸ਼ਰੀ ਪ੍ਰਸਾਦ ਮੰਡੀ ਵਾਲੇ ਨੇ ੬੨ ਹਜਾਰ ਖਰਾਜ ਤੇ ੩੦ ਹਜ਼ਾਰ ਨਜ਼ਰਾਨਾ, ਰਾਜਾ ਸੁਕੇਤ ੧੦੦੦੦ ਰੁਪਯਾ ਕੁੱਲੂ ਦਾ ਰਾਜਾ ਬਿਕ੍ਰਮਾ ਸੈਨ ਮਰ ਚੁੱਕਾ ਸੀ। ਓਹਦੇ ਲੜਕੇ ਠਾਕਰ ਦਾਸ ਨੇ ਇੱਕ ਲੱਖ ਰੁਪਯਾ ਦੇ ਕੇ ਆਪਣੇ ਨਾਮ ਰਿਆਸਤ ਕਰਵਾ ਲਈ।
੧੩੫. ਰਾਮਗੜ੍ਹੀਆ ਦੇ ਜ਼ਬਤ ਕੀਤੇ ਇਲਾਕੇ ਦਾ ਪ੍ਰਬੰਧ ਤੇ ਮੁਲਤਾਨ ਦੀ ਚੜ੍ਹਾਈ
ਇਸੇ ਸਾਲ ਮਾਘ ਦੇ ਮਹੀਨੇ ਵਿੱਚ ਪਹਾੜੀ ਇਲਾਕੇ ਤੋਂ ਮੁੜ ਕੇ ਮਹਾਰਾਜੇ ਨੇ ਫਕੀਰ ਨੂਰਦੀਨ ਨੂੰ ਤਾਂ ਰਾਮਗੜ੍ਹੀਆ ਸਰਦਾਰਾਂ ਦੇ ਜ਼ਬਤ ਕੀਤੇ ਹੋਏ ਇਲਾਕੇ ਦੇ ਪ੍ਰਬੰਧ ਕਰਨ ਵਾਸਤੇ ਨੀਯਤ ਕੀਤਾ ਤੇ ਦੀਵਾਨ ਮੋਤੀ ਰਾਮ ਭਵਾਨੀ ਦਾਸ ਪਸ਼ੌਰੀਆ ਤੇ ਹਰੀ ਸਿੰਘ ਨਲੂਆ ਨੂੰ ਮੁਲਤਾਨ ਵਲੋਂ ਖਰਾਜ ਵਸੂਲ ਕਰਨ ਵਾਸਤੇ ਭੇਜਿਆ। ਨਵਾਬ ਮੁਜ਼ਫਰ ਖਾਂ ਨੇ ਖਰਾਜ ਦੇਣ ਦੀ ਜਗ੍ਹਾ ਫੌਜ ਦਾ ਮੁਕਾਬਲਾ ਕੀਤਾ ਤੇ ਇੰਨੀ ਅੱਗ ਵਸਾਈ ਕਿ ਲਾਹੌਰ ਦੀ ਫੌਜ ਨੇ ਤੰਗ ਆ ਕੇ ਘੇਰਾ ਚੁੱਕ ਲਿਆ ਤੇ ਵਾਪਸ ਲਾਹੌਰ ਆ ਗਈ। ਮਹਾਰਾਜਾ ਸਾਹਿਬ ਨੇ ਇਸ ਤਰ੍ਹਾਂ ਮੁੜਨ ਕਰ ਕੇ ਭਵਾਨੀਦਾਸ ਤੇ ਬੜਾ ਗੁੱਸਾ ਪ੍ਰਗਟ ਕੀਤਾ ਤੇ ਇਸ ਤਰ੍ਹਾਂ ਮੁੜਨਾ ਓਹਦੀ ਕਮਜੋਰੀ ਦੱਸੀ ਤੇ ਕੈਦ ਕਰ ਕੇ ੧੦ ਹਜ਼ਾਰ ਰੁਪ੍ਯਾ ਜੁਰਮਾਨਾ ਕੀਤਾ।
੧੩੬. ਸ਼ਾਹਜ਼ਾਦਾ ਸ਼ੇਰ ਸਿੰਘ ਦਾ ਹਜ਼ਾਰੇ ਦਾ ਇਲਾਕਾ ਫਤੇਹ ਕਰਨਾ
ਇਨ੍ਹਾਂ ਹੀ ਦਿਨਾਂ ਵਿੱਚ ਰਾਏਜ਼ਾਦਾ ਪਿੰਡੀਦਾਸ ਦੀ ਰਾਹੀਂ ਮਾਨਕੇਰਾਂ ਦੇ ਨਵਾਬ ਦੇ ਨਾਲ ਇਕਰਾਰਨਾਮਾ ਹੋਇਆ, ਜਿਸ ਦੇ ਨਾਲ ੮੦ ਹਜ਼ਾਰ ਰੁਪਯੇ ਸਾਲਾਨਾ ਤੇ ਲੋੜ ਵੇਲੇ ਚੰਗੇ ਚੰਗੇ ਘੋੜੇ ਤੇ ਊਠ ਦੇਣ ਦਾ ਇਕਰਾਰ ਹੋਇਆ। ਫਿਰ ਮਹਾਰਾਜਾ ਨੇ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਤਾਰਾ ਸਿੰਘ ਦੋਨਾਂ ਭਰਾਵਾਂ ਨੂੰ ਹਜ਼ਾਰੇ ਦੀ ਲੜਾਈ ਵਾਸਤੇ ਭੇਜਿਆ ਕਿਉਂਕਿ ਉੱਥੋਂ ਦੇ ਰਈਸ ਮੁਹੰਮਦ ਖਾਂ ਨੇ ਅਟਕ ਦੇ ਕਿਲ੍ਹੇ ਵਿੱਚ ਬੈਠੇ ਸਰਦਾਰ ਹੁਕਮ ਸਿੰਘ ਚਿਮਨੀ ਨੂੰ ਬਹੁਤ ਤੰਗ ਕਰ ਰੱਖਿਆ ਸੀ। ਇਸ ਲੜਾਈ ਵਿੱਚ ਹਜ਼ਾਰੇ ਦੇ ਖਾਨ ਨਾਲ ਸਾਰੇ ਕਬੀਲੇ ਮਜ੍ਹਬੀ ਜੰਗ ਸਮਝ ਕੇ ਸ਼ਾਮਲ ਹੋ ਗਏ, ਕਿੰਤੂ ਸ਼ਾਹਜ਼ਾਦਾ ਸ਼ੇਰ ਸਿੰਘ ਦੇ ਸੂਰਮਿਆਂ ਦੇ ਸਾਹਮਣੇ ਕਿਸੇ ਦੀ ਪੇਸ਼ ਨਾ ਗਈ। ਇੱਕ ਇੱਕ ਦੇ ਨਾਲ ਡੱਟ ਕੇ ਟਾਕਰਾ ਕੀਤਾ। ਐਥੋਂ ਤੱਕ ਕਿ ਮੁਹੰਮਦ ਖਾਂ ਓਨ੍ਹਾਂ ਦਾ ਖ਼ਾਸ ਸਰਦਾਰ ਵੀ ਮਾਰਿਆ ਗਿਆ। ਸੱਯਦ ਅਹਿਮਦ ਖਾਂ ਓਹਦੇ ਵੱਡੇ ਪੁੱਤ੍ਰ ਨੇ ਅਧੀਨ ਹੋਣਾ ਸਵੀਕਾਰ ਕਰ ਲਿਆ ਤੇ ਸਜ਼ਾ ਵਜੋਂ ੫੦ ਹਜ਼ਾਰ ਦੀ ਥਾਂ ੭੫ ਹਜਾਰ ਰੁਪ੍ਯਾ ਅੱਗੋਂ ਵਾਸਤੇ ਲਾਹੌਰ ਦਰਬਾਰ ਨੂੰ ਖਰਾਜ ਦੇਣਾ ਮੰਨ ਲਿਆ। ਇਸ ਫਤਹ ਦੀ ਖ਼ਬਰ ਸੁਣ ਕੇ ਮਹਾਰਾਜਾ ਨੇ ਲਾਹੌਰ ਬੜੀ ਖੁਸ਼ੀ ਮਨਾਈ।
੧੩੭. ਸ਼ਾਹਜ਼ਾਦਾ ਖੜਕ ਸਿੰਘ ਦੀ ਮੁਲਤਾਨ ਤੇ ਚੜ੍ਹਾਈ
੧੮੭੫ ਬਿਕ੍ਰਮੀ ਦੇ ਅਖੀਰ ਤੇ ੧੮੧੮ ਈਸਵੀ ਦੇ ਸ਼ੁਰੂ ਵਿੱਚ ਕੁੱਲ ਬਾਰ ਬਰਾਦਾਰੀ ਤੇ ਰਸਦ ਦਾ ਸਮਾਨ ਬਹੁਤ ਸਾਰਾ ਇਕੱਠਾ ਕਰ ਕੇ ਸ਼ਾਹਜਾਦਾ ਖੜਕ ਸਿੰਘ ਨੂੰ ੨੫ ਹਜਾਰ ਫੌਜ ਦੇ ਕੇ ਮੁਲਤਾਨ ਭੇਜਿਆ, ਮਿਸਰ ਦੀਵਾਨ ਚੰਦ ਜੋ ਆਪਣੀ ਬਹਾਦਰੀ ਦੇ ਕਾਰਨ ਮਸ਼ਹੂਰ ਤੇ ਕੁਲ ਤੋਪਖਾਨਿਆਂ ਦਾ ਵੱਡਾ ਅਫਸਰ ਸੀ, ਜਮਜਮਾਂ ਤੋਪ ਦੇ ਕੇ ਨਾਲ ਭੇਜਿਆ ਤੇ ਤਾਕੀਦ ਕੀਤੀ ਕਿ ਬਿਨਾਂ ਫਤਹ ਕੀਤੇ ਦੇ ਵਾਪਸ ਨਾ ਮੁੜਨਾ। ਮਹਾਰਾਜਾ ਇਸ ਗੱਲ ਤੋਂ ਬੇਖਬਰ ਨਹੀਂ ਸੀ ਕਿ ਮੁਸਲਮਾਨ ਇਸ ਲੜਾਈ ਨੂੰ ਮਜ਼ਹਬੀ ਰੰਗ ਦੇ ਲੈਣਗੇ। ਮਹਾਰਾਜਾ ਅਜੇਹੇ ਮਾਮਲਿਆਂ ਵਿੱਚ ਬੜੀ ਦੂਰ ਦੀ ਸੋਚਦਾ ਸੀ। ਅਜਿਹੀਆਂ ਗੋਲਾਂ ਰੋਕਣ ਦਾ ਵੀ ਓਹਨੂੰ ਖੂਬ ਢੰਗ ਯਾਦ ਸੀ। ਇੱਕ ਪਾਸੇ ਤਾਂ ਮੁਲਤਾਨ ਤੇ ਚੜ੍ਹਾਈ ਕੀਤੀ ਤੇ ਦੂਜੇ ਪਾਸੇ ਅਹਿਮਦ ਖਾਂ ਸਿਆਲ ਜੋ ਕੁਝ ਚਿਰ ਤੋਂ ਕੈਦ ਸੀ, ਰਿਹਾ ਕਰ ਕੇ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਮੈਰੋਵਾਲ ਦੇ ਇਲਾਕੇ ਵਿੱਚ ੧੨ ਹਜ਼ਾਰ ਦਾ ਜਾਗੀਰਦਾਰ ਬਣਾ ਦਿੱਤਾ ਤੇ ਨੇਕ ਚਲਨੀ ਦੀ ਸ਼ਰਤ ਤੇ ਓਹਦੇ ਨਿੱਕੇ ਲੜਕੇ ਅਨਾਇਤ ਖਾਂ ਨੂੰ ਆਪਣੇ ਪਾਸ ਰੱਖਿਆ। ਓਧਰ ਫੌਜ ਨੇ ਮੁਲਤਾਨ ਦੇ ਲਾਗੇ ਅੱਪੜ ਕੇ ਇੱਕ ਕਾਫੀ ਰਕਮ ਨਜ਼ਰਾਨਾ ਤੇ ਬਹੁਮੁੱਲੇ ਘੋੜਿਆਂ ਦੀ ਮੰਗ ਕੀਤੀ।
ਨਵਾਬ ਨੇ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਤੇ ਇੱਕ ਇਸ਼ਤਿਹਾਰ ਕੱਢਿਆ ਕਿ ਇਹ ਦੀਨੀ ਲੜਾਈ ਹੈ, ਹਰ ਇੱਕ ਮੁਸਲਮਾਨ ਨੂੰ ਆਪਣੇ ਹਥ੍ਯਾਰ ਲੈ ਕੇ ਮੇਰੀ ਮਦਦ ਵਾਸਤੇ ਅੱਪੜਨਾ ਚਾਹੀਦਾ ਹੈ। ਮੁਸਲਮਾਨ ਗੋਲਾਂ ਦੇ ਗੋਲ ਬਣਾ ਕੇ ਆ ਗਏ। ਇਧਰ ਸਿੱਖ ਵੀ ਮੁਜਫਰਗੜ੍ਹ ਤੇ ਖਾਨਗੜ੍ਹ ਫਤਹ ਕਰ ਕੇ ਮੁਲਤਾਨ ਅੱਪੜੇ ਤੇ ਸ਼ਹਿਰ ਦੇ ਪਾਸੀਂ ਘੇਰਾ ਪਾ ਲਿਆ ਤੇ ਅੱਗ ਵਸਾਣੀ ਸ਼ੁਰੂ ਕਰ ਦਿੱਤੀ। ਮੁਜੱਫਰ ਖਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਕੇ ਗੋਲੀ ਬਾਰੂਦ ਨਾਲ ਜਵਾਬ ਦੇਣਾ ਸ਼ੁਰੂ ਕੀਤਾ। ਕਈ ਦਿਨਾਂ ਤੱਕ ਲਗਾਤਾਰ ਲੜਾਈ ਹੋਂਦੀ ਰਹੀ। ਸਿੱਖਾਂ ਦੇ ਗੋਲਿਆਂ ਨੇ ਦੀਵਾਰ ਵਿਚ ਕਈ ਜਗ੍ਹਾ ਤੇ ਰਾਹ ਬਣਾ ਲਏ ਸਨ। ਇਸ ਕਰ ਕੇ ਫਰਵਰੀ ੧੮੧੮ ਨੂੰ ਸਿੱਖਾਂ ਦਾ ਸ਼ਹਿਰ ਤੇ ਕਬਜਾ ਹੋ ਗਿਆ। ਹੁਣ ਓਸ ਕਿਲ੍ਹੇ ਦੀ ਵਾਰੀ ਆਈ, ਜਿਸ ਵਿੱਚ ਮੁਜ਼ੱਫਰ ਖਾਂ ੨੦੦੦ ਫੌਜ ਦਾ ਆਦਮੀ ਲੈ ਕੇ ਬੈਠਾ ਸੀ। ਸਿੱਖਾਂ ਦੇ ਦਿਨ ਰਾਤ ਨੂੰ ਚਲਣ ਵਾਲਿਆਂ ਗੋਲਿਆਂ ਨੇ ਕਿਲ੍ਹੇ ਨੂੰ ਹਿਲਾ ਦਿੱਤਾ, ਕਿੰਤੂ ਅੰਦਰੋਂ ਮੁਜਫਰ ਖਾਂ ਦੀ ਫੌਜ ਨੇ ਵੀ ਬੜਾ ਬਹਾਦਰੀ ਦਾ ਟਾਕਰਾ ਕੀਤਾ। ਅਜੇਹੀ ਕਠਨ ਲੜਾਈ ਸਿੱਖਾਂ ਨੂੰ ਅੱਗੇ ਕਦੇ ਵੇਖਣ ਦਾ ਸਮਾਂ ਨਹੀਂ ਮਿਲਿਆ ਸੀ। ਅੰਤ ਨੂੰ ਸਿੱਖਾਂ ਦੀਆਂ ਤੋਪਾਂ ਨੇ ਕਿਲ੍ਹੇ ਦੀ ਦੀਵਾਰ ਨੂੰ ਵੀ ਦੋ ਜਗ੍ਹਾ ਤੋਂ ਤੋੜ ਦਿੱਤਾ ਤੇ ਦਰਵਾਜ਼ਾ ਉਡਾ ਕੇ ਵੱਖਰਾ ਸੁਟ ਦਿੱਤਾ। ਅੰਦਰ ਦੀ ਸੈਨਾ ਨੇ ਮਿੱਟੀ ਦੇ ਢੇਰਾਂ ਨੂੰ ਮੋਰਚਾ ਬਣਾ ਰੱਖਿਆ ਸੀ, ਇਸ ਕਰ ਕੇ ਕੁਝ ਦੇਰ ਤੋਂ ਅੜੇ ਰਹੇ। ਕਿੰਤੂ ਇਹ ਕਦ ਤੱਕ? ਥੋੜ੍ਹੇ ਚਿਰ ਪਿੱਛੋਂ ਸਾਰੇ ਮਾਰੇ ਗਏ, ਕੇਵਲ ਦੋ ਤਿੰਨ ਸੌ ਆਦਮੀ ਮੁਜੱਫਰ ਖਾਂ ਦੇ ਪਾਸ ਰਹਿ ਗਏ। ਇੰਨੇ ਨੂੰ 2 ਜੂਨ ਦੀ ਸਵੇਰ ਨੂੰ ਸਾਧੂ ਸਿੰਘ ਨਿਹੰਗ 'ਅਕਾਲ' 'ਅਕਾਲ' ਕਹਿੰਦਾ ਹੋਇਆ ਦੀਵਾਰ ਤੇ ਚੜ੍ਹ ਗਿਆ ਤੇ ਕਿਲ੍ਹੇ ਦੀ ਦੀਵਾਰ ਤੇ ਆਪਣਾ ਝੰਡਾ ਜਾ ਝੁਲਾਇਆ। ਜਦ ਇਹ ਗੱਲ ਨਵਾਬ ਨੇ ਦੇਖੀ ਤਦ ਸਾਵੇ ਗਾਜ਼ੀਆਂ ਵਾਲੇ ਕੱਪੜੇ ਪਾ ਕੇ ਆਪਣੇ ਭਰਾ ਬੇਟੇ ਪੋਤਰੇ ਤੇ ਦੋਹਤਿਆਂ ਨੂੰ ਨਾਲ ਲੈ ਕੇ ਲੜਾਈ ਵਾਸਤੇ ਮੈਦਾਨ ਵਿੱਚ ਨਿੱਕਲਿਆ ਤੇ ਤਲਵਾਰ ਲੈ ਕੇ ਦੁਸ਼ਮਣਾਂ ਦੇ ਸਾਹਮਣੇ ਜਾ ਖਲੋਤਾ। ਪਹਿਲੇ ਨਵਾਬ ਦੇ ਪੁਰਾਣੇ ਨਿਮਕ ਹਲਾਲ ਤਲਵਾਰ ਲੈ ਕੇ ਮੈਦਾਨ ਵਿਚ ਨਿੱਕਲੇ ਤੇ ਦੋ ਦੋ, ਤਿੰਨ ਤਿੰਨ ਦਾ ਕੰਮ ਤਮਾਮ ਕੀਤਾ। ਮੁਜ਼ਫਰ ਖਾਂ ਦੇ ਤਿੰਨ ਬੇਟੇ-ਸ਼ਾਹਨਵਾਜ ਖਾਂ, ਸਾਹਬਾਜ਼ ਖਾਂ ਤੇ ਹੱਕ ਨਵਾਜ਼ ਖਾਂ ਆਪਣੇ ਬਾਪ ਤੋਂ ਆਗਿਆ ਲੈ ਕੇ ਅੱਗੇ ਹੋਏ ਤੇ ਬੜੀ ਜਵਾਂਮਰਦੀ ਤੇ ਬਹਾਦਰੀ ਨਾਲ ਲੜ ਕੇ ਮਰ ਗਏ। ਫਿਰ ਨਵਾਬ ਦਾ ਭਤੀਜਾ ਖੈਰ ਅੱਲਾ ਖਾਂ ਸਾਹਮਣੇ ਹੋਇਆ। ਉਹ ਵੀ ਬਹਾਦਰੀ ਵਿਖਾ ਕੇ ਮਾਰਿਆ ਗਿਆ। ਸਭ ਤੋਂ ਪਿੱਛੋਂ ਆਪ ਮੁਜ਼ਫਰ ਖਾਂ ਖਿਜਰੀ ਦਰਵਾਜ਼ੇ ਦੇ ਪਾਸ ਸਿੱਖਾਂ ਦੇ ਟਾਕਰੇ ਵਾਸਤੇ ਨਿੱਕਲਿਆ ਤੇ ਬੜੀ ਘਮਸਾਨ ਦੀ ਜੰਗ ਸ਼ੁਰੂ ਕਰ ਦਿੱਤੀ ਤੇ ਓਥੇ ਹੀ ਮਾਰਿਆ
ਗਿਆ। ਸ਼ਾਹਜ਼ਾਦਾ ਖੜਗ ਸਿੰਘ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਕਿਲ੍ਹੇ ਵਿੱਚੋਂ ਜੋ ਕੁਝ ਨਕਦੀ ਮਿਲੀ ਦੀਵਾਨ ਰਾਮ ਦਿਆਲ ਦੇ ਰਾਹੀਂ ਸੰਦੂਕਾਂ ਵਿੱਚ ਬੰਦ ਕਰਾ ਕੇ ਲਾਹੌਰ ਮਹਾਰਾਜਾ ਸਾਹਿਬ ਦੇ ਵੇਖਣ ਵਾਸਤੇ ਭੇਜ ਦਿੱਤੀ ਤੇ ਆਪ ਸੁਜਾ ਅਬਾਦ ਵੱਲ ਵਧਿਆ ਤੇ ੪ ਲੱਖ ਦੇ ਕਰੀਬ ਰੁਪਯਾ ਇੱਥੋਂ ਲੈ ਕੇ ਵਾਪਸ ਚਲਾ ਗਿਆ। ਜਦ ਇਹ ਖ਼ਬਰ ਲਾਹੌਰ ਅਪੜੀ ਤਦ ਮਹਾਰਾਜੇ ਨੇ ਬੜੀ ਖ਼ੁਸ਼ੀ ਮਨਾਈ ਤੇ ਖ਼ਬਰ ਦੇਣ ਵਾਲੇ ਨੂੰ ਜੋ ਰਿਆਸਤ ਕਪੂਰਥਲੇ ਦਾ ਚੋਬਦਾਰ ਸੀ, ਸੋਨੇ ਦੇ ਕੰਗਣ ਤੇ ਇੱਕ ਬਹੁਮੁਲਾ ਦੁਸ਼ਾਲਾ ਦਿੱਤਾ। ਜਦ ਇਹ ਖ਼ਬਰ ਬਕਾਇਦਾ ਪੁੱਜੀ, ਤਦ ਮਹਾਰਾਜਾ ਨੇ ਲਾਹੌਰ ਤੇ ਅੰਮ੍ਰਿਤਸਰ ੮ ਦਿਨ ਖੁਸ਼ੀ ਮਨਾਈ ਤੇ ਰੌਸ਼ਨੀ ਕੀਤੀ। ਜਿਨ੍ਹਾਂ ਜਿਨ੍ਹਾਂ ਸਿਪਾਹੀਆਂ ਤੇ ਅਫਸਰਾਂ ਨੇ ਇਸ ਲੜਾਈ ਵਿੱਚ ਬਹਾਦਰੀ ਨਾਲ ਕੰਮ ਕੀਤਾ ਸੀ, ਓਹਨਾਂ ਨੂੰ ਸੋਨੇ ਦੇ ਕੰਠੇ ਕੰਗਣਾਂ ਦੀਆਂ ਜੋੜੀਆਂ ਦੇ ਦੁਸ਼ਾਲੇ ਬਖ਼ਸ਼ੇ, ਜਿਨ੍ਹਾਂ ਦੀ ਕੀਮਤ ਚਾਰ ਚਾਰ ਪੰਜ ਸੌ ਰਖੀ ਸੀ।
ਹੁਣ ਮਹਾਰਾਜਾ ਨੇ ਮੁਲਕ ਦਾ ਪ੍ਰਬੰਧ ਇੰਜ ਕੀਤਾ: ਬਾਬੂ ਬਾਜ਼ ਸਿੰਘ ਮੁਲਤਾਨ ਦਾ ਹਾਕਮ ਬਣਾਇਆ, ਸੁਖਦ੍ਯਾਲ ਖਤਰੀ ਜੋ ਝੰਗ ਦੇ ਇਲਾਕੇ ਵਿੱਚ ਸੀ, ਹੁਣ ਦੀਵਾਨੀ ਜੰਗ ਓਹਦੇ ਸਪੁਰਦ ਕਰ ਦਿੱਤਾ। ਮੁਜ਼ਫਰਗੜ੍ਹ ਵਿੱਚ ਜਮਾਂਦਾਰ ਖ਼ੁਸ਼ਹਾਲ ਸਿੰਘ, ਖਾਨਗੜ੍ਹ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਪੁੱਤਰ ਨਿਹਾਲ ਸਿੰਘ ਤੇ ਤੋਲੰਬਾ ਵਿੱਚ ਸ੍ਰ. ਫਤਹ ਸਿੰਘ ਆਹਲੂਵਾਲੀਆ ਨੀਯਤ ਕੀਤਾ। ਦੂਲ ਸਿੰਘ ਨੈਹਰੀਨਾਂ ਤੇ ਧਨਾਂ ਸਿੰਘ ਆਦਿਕਾਂ ਨੂੰ ਮੁਲਤਾਨ ਦੀ ਦੀਵਾਰ ਵਖਾਈ ਤੇ ਸ਼ਹਿਰ ਦੀ ਮੁਰੰਮਤ ਤੇ ਦਰੁਸਤੀ ਦੇ ਕੰਮ ਤੇ ਨੀਯਤ ਕੀਤਾ। ਫਿਰ ਨਵਾਬ ਦੇ ਸਾਰਿਆਂ ਤੋਂ ਬੜੇ ਬੇਟੇ ਸਰਫਰਾਜ਼ ਖਾਂ ਜੋ ਆਪਣੇ ਨਿੱਕੇ ਭਰਾ ਜੁਲਫਕਾਰ ਖਾਂ ਨਾਲ ਫੱਟੜ ਹੋ ਕੇ ਲਾਹੌਰ ਆਇਆ ਸੀ, ਮਹਾਰਾਜਾ ਨੇ ਬੜੀ ਇੱਜ਼ਤ ਤੇ ਖਾਤਰ ਕੀਤੀ। ਸ਼ਰਕਪੁਰ ਤੇ ਨੌ ਲੱਖ ਦਾ ਇਲਾਕਾ ਓਸ ਨੂੰ ਜਾਗੀਰ ਵਿੱਚ ਦੇ ਦਿੱਤਾ ਤੇ ਜੁਲਫਕਾਰ ਖਾਂ ਦੀ ਵੀ ਕੁਝ ਪਿਨਸ਼ਨ ਨੀਯਤ ਕੀਤੀ।
੧੩੮. ਪਿਸ਼ਾਵਰ ਤੇ ਕਬਜ਼ਾ
ਇਸੇ ਸਾਲ ਕਾਬਲ ਦੇ ਵਜ਼ੀਰ ਫਤੇ ਖਾਂ ਨੂੰ ਕਾਮਰਾਨ ਨੇ ਅੰਨ੍ਹਾ ਕਰ ਕੇ ਮਾਰ ਦਿੱਤਾ ਤੇ ਮੁਹੰਮਦ ਅਜੀਮ ਖਾਂ ਓਹਦਾ ਭਰਾ ਇਹ ਖ਼ਬਰ ਸੁਣਦੇ ਹੀ ਕਸ਼ਮੀਰ ਵਿੱਚ ਹਯਾਰ ਖਾਂ ਨੂੰ ਛੱਡ ਕੇ ਕਾਬਲ ਪੁੱਜਾ ਤੇ ਅਯੂਬ ਖਾਂ ਨੂੰ ਬਾਦਸ਼ਾਹ ਬਣਾ ਦਿੱਤਾ। ਇਸ ਅਦਲਾ ਬਦਲੀ ਵਿੱਚ ਮਹਾਰਾਜਾ ਸਾਹਿਬ ਨੂੰ ਪਿਸ਼ਾਵਰ ਤੱਕ ਕਬਜ਼ਾ ਕਰਨ ਦਾ ਮੌਕਾ ਮਿਲ ਗਿਆ। ਮਹਾਰਾਜਾ ਝੱਟ ਦਰਯਾ-ਏ ਅਟਕ ਲੰਘ ਕੇ ਪਿਸ਼ਾਵਰ ਜਾ ਪੁੱਜਾ, ਜਿੱਥੋਂ ਦਾ ਕਬਜ਼ਾ ਓਸ ਵੇਲੇ ਬੜਾ ਸੁਖੱਲਾ ਮਿਲ ਗਿਆ, ਯਾਰ ਮੁਹੰਮਦ ਖਾਂ ਮਹਾਰਾਜੇ ਦੀ ਫੌਜ ਦਾ ਟਾਕਰਾ ਨਾ ਕਰ ਸਕਣ ਦੇ ਕਾਰਨ ਯੂਸਫ ਜ਼ੇਈ ਦੇ ਪਹਾੜ ਵਿੱਚ ਚਲਾ ਗਿਆ। ਮਹਾਰਾਜਾ ਨੇ ਸ਼ੇਰ ਸਿੰਘ ਨੂੰ ਪਿਸ਼ਾਵਰ ਦੇ ਲੋਕਾਂ ਤੋਂ ਨਜ਼ਰਾਨੇ ਵਸੂਲ ਕਰਨ ਦਾ ਹੁਕਮ ਦਿੱਤਾ, ੨੫੦੦੦ ਰੁਪਯਾ ਇਸ ਤਰ੍ਹਾਂ ਵਸੂਲ ਹੋਇਆ। ਮਹਾਰਾਜਾ ਸਾਹਿਬ ਤਿੰਨ ਦਿਨ ਪਿਸ਼ਾਵਰ ਰਹੇ, ਜਿੱਥੇ ਆਮ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਮਿਲਦੇ ਤੇ ਗੱਲਬਾਤ ਹੁੰਦੀ ਰਹੀ, ਚੌਥੇ ਦਿਨ ਜਹਾਂਦਾਰ ਖਾਂ ਨੂੰ ਓਥੋਂ ਦਾ ਹਾਕਮ ਨੀਯਤ ਕਰ ਕੇ ੧੬ ਤੋਪਾਂ ਜੋ ਇੱਥੋਂ ਮਿਲੀਆਂ ਸਨ, ਲੈ ਕੇ ਵਾਪਸ ਮੁੜਿਆ। ਅਟਕ ਤੋਂ ਲੰਘਿਆ ਹੀ ਸੀ ਕਿ ਦੋਸਤ ਮੁਹੰਮਦ ਖਾਂ ਬਾਰਕਜ਼ੇਈ ਯਾਰ ਮੁਹੰਮਦ ਖਾਂ ਦੇ ਭਰਾ ਨੇ ਆਪਣੇ ਵਕੀਲ ਦਾ ਮੌਦਰਾ ਤੇ ਹਾਫਜ਼ ਰੂਹਅਲਾਂ ਨੂੰ ਭੇਜਿਆ ਤੇ ਮਹਾਰਾਜੇ ਨੂੰ ਇੱਕ ਲੱਖ ਰੁਪਯਾ ਨਜ਼ਰਾਨਾ ਦੇ ਕੇ ਫਿਰ ਪਿਸ਼ਾਵਰ ਤੇ ਕਬਜਾ ਲੈਣ ਦਾ ਸੰਕਲਪ ਪ੍ਰਗਟ ਕੀਤਾ। ਮਹਾਰਾਜਾ ਨੇ ਇਸ ਵਕੀਲ ਨੂੰ ਖਿਲਅਤ ਦੇ ਕੇ ਰਵਾਨਾ ਕੀਤਾ। ਥੋੜ੍ਹੇ ਹੀ ਦਿਨਾਂ ਵਿੱਚ ਖ਼ਬਰ ਪੁੱਜੀ ਕਿ ਯਾਰ ਮੁਹੰਮਦ ਖਾਂ ਨੇ ਪਿਸ਼ਾਵਰ ਦਾਖਲ ਹੋ ਕੇ ਆਪਣਾ ਕਬਜ਼ਾ ਕਰ ਲਿਆ ਹੈ ਤੇ ਜਹਾਂਦਾਰ ਖਾਂ ਨੱਸ ਕੇ ਨਾਗਰ ਚਲਾ ਗਿਆ ਹੈ। ਮਹਾਰਾਜਾ ਨੂੰ ਸੁਣ ਕੇ ਗੁੱਸਾ ਆਇਆ, ਓਹਨਾਂ ੧੨੦੦੦ ਜਵਾਨ ਦੇ ਕੇ ਫਿਰ ਫੌਜ ਭੇਜੀ, ਕਿੰਤੂ ਦਾਮੋਦਰ
ਕਾਬਲ ਦੇ ਵਕੀਲ ਨੇ ੫੦ ਹਜ਼ਾਰ ਦੀ ਹੁੰਡੀ ਤੇ ਇੱਕ ਕਾਫੀ ਗਿਣਤੀ ਦੇ ਘੋੜੇ ਦੇ ਕੇ ਵਾਪਸ ਕਰ ਦਿੱਤਾ। ਮਹਾਰਾਜਾ ਕਟਾਸ ਤੋਂ ਹੋ ਕੇ ਲਾਹੌਰ ਪੁੱਜ ਗਿਆ।
੧੩੯. ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਕਰੋਪੀ
ਇਸੇ ਸਾਲ ਮਹਾਰਾਜਾ ਨੇ ਖ਼ੁਸ਼ਹਾਲ ਸਿੰਘ ਜਮਾਂਦਾਰ ਨੂੰ ਡੇਵਢੀ ਦੀ ਅਫਸਰੀ ਤੋਂ ਹਟਾ ਕੇ ਮੁਅੱਤਲ ਕਰ ਦਿੱਤਾ ਤੇ ੫੦ ਹਜ਼ਾਰ ਜੁਰਮਾਨਾ ਕੀਤਾ। ਇਸ ਗੁੱਸੇ ਦਾ ਸਬੱਬ ਇਹ ਸੀ ਕਿ ਰਾਮਲਾਲ, ਜੋ ਕੇ ਖ਼ੁਸ਼ਹਾਲ ਸਿੰਘ ਦਾ ਭਰਾ ਹੈ, ਸਿੰਘ ਬਣ ਜਾਏ। ਕਿੰਤੂ ਰਾਮ ਲਾਲ ਯੂ.ਪੀ. ਵੱਲ ਨੱਸ ਗਿਆ। ਇਸੇ ਗੱਲੋਂ ਮਹਾਰਾਜੇ ਨੂੰ ਬੜਾ ਗੁੱਸਾ ਆਇਆ ਕਿ ਅਸਾਂ ਇਨ੍ਹਾਂ ਦੀ ਇੰਨੀ ਪਾਲਣਾ ਕੀਤੀ, ਕਿੰਤੂ ਅੱਜ ਇਹ ਇਨ੍ਹਾਂ ਧੋਖਾ ਕੀਤਾ ਹੈ। ਖ਼ੁਸ਼ਹਾਲ ਸਿੰਘ ਨੇ ਰਾਮ ਲਾਲ ਨੂੰ ਸਿੰਘ ਸਜਾ ਦਿੱਤਾ, ਜਿਸ ਤੇ ਇਸ ਦਾ ਨਾਮ ਰਾਮ ਸਿੰਘ ਹੋ ਗਿਆ, ਤਦ ਮਹਾਰਾਜਾ ਨੇ ਖ਼ੁਸ਼ ਹੋ ਕੇ ਓਹਦੀ ਜਾਗੀਰ ਓਹਨੂੰ ਦੇ ਦਿੱਤੀ ਤੇ ੪੦੦੦ ਸਿਪਾਹੀਆਂ ਦਾ ਅਫਸਰ ਬਣਾ ਦਿੱਤਾ। ਤੇਜ ਸਿੰਘ ਨੂੰ ਸ਼ਾਹਜ਼ਾਦਾ ਖੜਗ ਸਿੰਘ ਦੀ ਫੌਜ ਦਾ ਜਨਰਲ ਨੀਯਤ ਕੀਤਾ ਤੇ ਮੀਆਂ ਧਿਆਨ ਸਿੰਘ ਨੂੰ ਖ਼ੁਸ਼ਹਾਲ ਸਿੰਘ ਦੀ ਜਗ੍ਹਾ ਡੇਵਢੀ ਵਾਲੇ ਦਾ ਅਹੁਦਾ ਦੇ ਦਿੱਤਾ।
੧੪੦. ਪਹਾੜੀ ਰਾਜਿਆਂ ਤੋਂ ਖਰਾਜ ਵਸੂਲ ਕਰਨਾ
ਪਿਸ਼ਾਵਰ ਤੋਂ ੧੮੧੮ ਮੁਤਾਬਕ ੧੮੭੬ ਬਿਕ੍ਰਮੀ ਨੂੰ ਮੁੜ ਕੇ ਮਹਾਰਾਜਾ ਨੇ ਸਰਦਾਰ ਦੇਸਾ ਸਿੰਘ ਮਜੀਠੇ ਨੂੰ ਪਹਾੜੀ ਰਾਜਿਆਂ ਤੋਂ ਖਰਾਜ ਲੈਣ ਲਈ ਭੇਜਿਆ। ਸਾਰੇ ਰਾਜਿਆਂ ਤੋਂ ਖਰਾਜ ਲੈ ਕੇ ਜਦ ਓਹਨੇ ਕਹਿਲੂਰ ਦੇ ਰਾਜੇ ਤੋਂ ਖਰਾਜ ਮੰਗਿਆ, ਤਦ ਓਹ ਨੱਠ ਕੇ ਸਤਲੁਜ ਤੋਂ ਪਾਰ ਅੰਗਰੇਜ਼ਾਂ ਦੇ ਪਾਸ ਚਲਾ ਗਿਆ ਤੇ ਬਲਾਸਪੁਰ ਜਾ ਠਹਿਰਿਆ। ਸਰਦਾਰ ਦੇਸਾ ਸਿੰਘ ਨੇ ਖ਼ਬਰ ਕੀਤੇ ਬਿਨਾਂ ਹੀ ਸਤਲੁਜ ਲੰਘ ਕੇ ਖਲੋਰ ਪਚਰਵਤਾਂ ਅਕਾਲ ਗੜ੍ਹ ਆਦਿਕ ਕੁਝ ਕਿਲ੍ਹੇ ਫਤੇਹ ਕੀਤੇ ਤੇ ਓਹਨੂੰ ਬਲਾਸਪੁਰ ਜਾ ਘੇਰਿਆ। ਮਹਾਰਾਜਾ ਸਾਹਿਬ ਨੇ ਇਹ ਖ਼ਬਰ ਸੁਣਦੇ ਹੀ ਫੌਜ ਨੂੰ ਪਿੱਛੇ ਹਟਾਉਣ ਵਾਸਤੇ ਹੁਕਮ ਦਿੱਤਾ ਤੇ ਦੇਸਾ ਸਿੰਘ ਨੂੰ ਕਿਹਾ ਏਜੰਟ ਤੋਂ ਮਾਫ਼ੀ ਮੰਗੇ।
੧੪੧. ਕਸ਼ਮੀਰ ਤੇ ਚੜ੍ਹਾਈ
੧੮੭੭ ਬਿਕ੍ਰਮੀ (ਅਪ੍ਰੈਲ ੧੮੧੯) ਨੂੰ ਮਹਾਰਾਜਾ ਸਾਹਿਬ ਨੇ ਕਸ਼ਮੀਰ ਦੇ ਰਾਜੇ ਤੇ ਚੜ੍ਹਾਈ ਕਰਨ ਦਾ ਫ਼ੈਸਲਾ ਕੀਤਾ। ਮਿਸਲ ਦੀਵਾਨ ਚੰਦ ਮੁਲਤਾਨ ਦੀ ਲੜਾਈ ਵਿੱਚ ਕਾਫੀ ਨੇਕ ਨਾਮ ਪ੍ਰਾਪਤ ਕਰ ਚੁੱਕਾ ਸੀ, ਇਸ ਕਰ ਕੇ ਉਸ ਨੂੰ ਫੌਜ ਤਿਆਰ ਕਰ ਕੇ ਰਵਾਨਾ ਹੋਣ ਦਾ ਹੁਕਮ ਮਿਲਿਆ। ਗਰਮੀਆਂ ਦੇ ਸ਼ੁਰੂ ਹੋਂਦੇ ਹੀ ਮਿਸਰ ਦੀਵਾਨ ਚੰਦ ਨੇ ਕੂਚ ਕੀਤਾ। ਓਹਦੇ ਪਿੱਛੇ ਪਿੱਛੇ ਸ਼ਾਹਜ਼ਾਦਾ ਖੜਗ ਸਿੰਘ ਫੌਜ ਲੈ ਕੇ ਰਵਾਨਾ ਹੋਇਆ ਤੇ ਉਸ ਤੋਂ ਪਿੱਛੇ ਮਹਾਰਾਜਾ ਨੇ ਆਪ ਕੂਚ ਕੀਤਾ। ਮਿਸਰ ਦੀਵਾਨ ਚੰਦ ਨੇ ਭਾਰੀਆਂ ਤੋਪਾਂ ਭਿੰਬਰ ਛੱਡ ਕੇ ਥੋੜ੍ਹੀਆਂ ਜੇਹੀਆਂ ਹੌਲੀਆਂ ਨਾਲ ਲੈ ਕੇ ਰਾਜੋੜੀ ਤੇ ਹਮਲਾ ਕੀਤਾ। ਮਹਾਰਾਜਾ ਸਾਹਿਬ ਵਜ਼ੀਰਾਬਾਦ ਠਹਿਰੇ ਤੇ ਇੱਥੋਂ ਬਾਰਬਰਾਦਰੀ, ਖ਼ੁਰਾਕ ਤੇ ਲੜਾਈ ਦਾ ਹੋਰ ਸਮਾਨ ਇਕੱਤ੍ਰ ਕਰ ਕੇ ਪਿੱਛੋਂ ਭੇਜਣ ਲੱਗੇ। ਮਿਸਰ ਦੀਵਾਨ ਚੰਦ ਦੇ ਰਾਜੋੜੀ ਦੇ ਨੇੜੇ ਪੁੱਜਣ ਤੇ ਨਵਾਬ ਨੇ ਆਕੀਆਂ ਵਾਲਾ ਰੰਗ ਢੰਗ ਦੱਸਿਆ, ਕਿੰਤੂ ਖਾਲਸਾ ਫੌਜ ਨੂੰ ਆਇਆ ਵੇਖ ਮੁਲਕ ਛੱਡ ਕੇ ਨੱਸ ਗਿਆ ਅਤੇ ਓਹਦਾ ਲੜਕਾ ਰਹੀਮਉਲਾ ਸਿੱਖਾਂ ਦੀ ਸ਼ਰਨ ਆ ਗਿਆ। ਮਿਸਰ ਦੀਵਾਨ ਚੰਦ ਨੇ ਉਸ ਨੂੰ ਵਜ਼ੀਰਾਬਾਦ ਮਹਾਰਾਜਾ ਸਾਹਿਬ ਪਾਸ ਭੇਜਿਆ, ਜਿੱਥੇ ਮਹਾਰਾਜਾ ਨੇ ਉਸ ਤੇ ਤਰਸ ਕਰ ਕੇ ਉਸ ਨੂੰ ਓਹਦੇ ਬਾਪ ਦੀ ਜਗ੍ਹਾ ਤੇ ਬਿਠਾ ਦਿੱਤਾ ਤੇ ਮਹਾਰਾਜਾ ਨੇ ਆਪਣਾ ਸਹਾਇਕ ਦਲ ਹੁਣ ਭੰਬਰ ਤੱਕ ਵਧਾਇਆ।
੧੪੨. ਕਸ਼ਮੀਰ ਦੀ ਫਤਹ
੨੩ ਜੂਨ ਨੂੰ ਮਿਸਰ ਦੀਵਾਨ ਚੰਦ ਰਾਜੋੜੀ ਫਤਹ ਕਰ ਕੇ ਬੈਹਰਮਗਲੇ ਪੁੱਜਾ। ਓਥੋਂ ਜਦ ਅੱਗੇ ਵਧਿਆ, ਤਦ ਮੀਰ ਮੁਹੰਮਦ ਖਾਂ ਥਾਣੇਦਾਰ ਪੁਣਛ, ਮੁਹੰਮਦ ਅਲੀ ਥਾਣੇਦਾਰ ਸਪੇਨ ਦੋਵੇਂ ਸ਼ਰਨ ਆਏ। ਕੇਵਲ ਜ਼ਬਰਦਸਤ ਖਾਂ ਜੋ ਪੁਣਛ ਦਾ ਰਾਜਾ ਸੀ, ਤਰੀ ਕਿਲ੍ਹੇ ਵਿੱਚ ਬੈਠ ਕੇ ਮੁਕਾਬਲਾ ਕਰਨ ਲੱਗਾ, ਕਿੰਤੂ ਮਾਮੂਲੀ ਜਿਹੀ ਝਪਟ ਪਿੱਛੋਂ ਓਹਨੇ ਵੀ ਹਾਰ ਖਾ ਕੇ ਸ਼ਰਨੀ ਪੈ ਕੇ ਆਪਣੀ ਜਾਨ ਬਚਾਈ।
ਪੀਰ ਪੰਜਾਲ ਦੀ ਉੱਚੀ ਚੋਟੀ ਤੇ ਖਾਲਸਾ ਫੌਜ ਜਾ ਚੜ੍ਹੀ। ਓਥੇ ਮਿਸਰ ਦੀਵਾਨ ਚੰਦ ਨੇ ਆਪਣੀ ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ। ਦੋ ਹਿੱਸੇ ਤਾਂ ਦੋਹਾਂ ਪਾਸੀਂ ਭੇਜ ਤੇ ਇੱਕ ਦਸਤਾ ਆਪ ਨਾਲ ਲੈ ਕੇ ਆਪ ਸਿੱਧਾ ਪੀਰ ਪੰਜਾਲ ਵੱਲੋਂ ਦੂਜੇ ਪਾਸੇ ਮੈਦਾਨੀ ਇਲਾਕੇ ਵਿੱਚ ਉੱਤਰਿਆ। ਅੱਗੇ ਪਠਾਣ ਵੀ ਖੜ੍ਹੇ ਰਾਹ ਵੇਖਦੇ ਸਨ। ਤਿੰਨ ਦਿਨ ਖੂਬ ਬੰਦੂਕਾਂ ਚੱਲੀਆਂ, ਕਿੰਤੂ ਖਾਲਸੇ ਦੀ ਤਲਵਾਰ ਦੇ ਸਾਹਮਣੇ ਕੋਈ ਠਹਿਰ ਨਾ ਸਕੇ। ਪਠਾਣਾਂ ਨੂੰ ਪਿੱਠ ਵਿਖਾ ਕੇ ਜਾਨ ਬਚਾਣੀ ਪਈ। ੨੬ ਜੂਨ ਨੂੰ ਸਿੱਖਾਂ ਦੀ ੧੨ ਫੌਜ ਮੈਦਾਨ ਵਿੱਚ ਜਾ ਦਾਖਲ ਹੋਈ। ਸਰਾਏਅਲੀ ਦੇ ਮੁਕਾਮ ਤੇ ਜੋ ਸਪੇਨ ਦੇ ਲਾਗੇ ਹੀ ਹੈ, ਸਿੱਖਾਂ ਨੇ ਦੁਸ਼ਮਣ ਨਾਲ ਮੁਕਾਬਲਾ ਕਰਨ ਦਾ ਨਿਸ਼ਚਾ ਕੀਤਾ। ਉਧਰੋਂ ਜਬਾਰ ਖਾਂ ਵੀ ਫੌਜ ਲੈ ਕੇ ਆ ਗਿਆ। ਦੋਹਾਂ ਪਾਸਿਓਂ ਤੋਂ ਬੰਦੂਕਾਂ ਚਲਣ ਲੱਗੀਆਂ। ੫ ਜੁਲਾਈ ਨੂੰ ਸਿੱਖਾਂ ਦੀ ਫੌਜ ਵਾਜਾ ਵਜਾਂਦੀ ਅੱਗੇ ਵਧੀ, ਪਠਾਣ ਵੀ ਸਿਰ ਤਲੀ ਤੇ ਧਰ ਕੇ ਸਾਹਮਣੇ ਆ ਗਏ। ਪਹਿਲਾਂ ਤਾਂ ਪਠਾਣਾਂ ਨੇ ਕੁਝ ਹਿੰਮਤ ਦੱਸੀ। ਸਿੱਖਾਂ ਦੀਆਂ ਦੋ ਤੋਪਾਂ ਵੀ ਲੈ ਲਈਆਂ। ਕਿੰਤੂ ਜਦ ਖਾਲਸੇ ਨੇ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਕੇ ਹੱਲਾ ਬੋਲਿਆ, ਤਦ ਹਜ਼ਾਰਾਂ ਪਠਾਣ ਮੈਦਾਨੇ ਜੰਗ ਵਿੱਚ ਮਾਰੇ ਗਏ ਤੇ ਬਾਕੀ ਜੋ ਬਚੇ, ਓਹ ਨੱਸ ਗਏ। ਸਰਦਾਰ ਮੇਹਰ ਦਲ ਖਾਂ, ਮੀਰ ਅਖੁਰ ਸਮਦ ਖਾਂ ਜਾਨ ਤੋਂ ਮਾਰੇ ਗਏ, ਜਬਾਰ ਖਾਂ ਫਟੜ ਹੋਯਾ, ਸਿੱਖਾਂ ਦੀ ਫਤਹ ਹੋਈ। ਦੂਜੇ ਦਿਨ ਖਾਲਸੇ ਦੀ ਫੌਜ ਨੇ ਸ਼ੇਰਗੜ੍ਹ ਤੇ ਕਬਜ਼ਾ ਕਰ ਲਿਆ ਤੇ ਜਬਾਰ ਖਾਂ ਆਪਣੀ ਥੋੜ੍ਹੀ ਜੇਹੀ ਫੌਜ ਸਮੇਤ ਜਿਸ ਨੇ ਨੱਸ ਕੇ ਜਾਨ ਬਚਾਈ ਸੀ, ਲੈ ਕੇ ਦਰਯਾ-ਏ ਅਟਕ ਵੱਲੋਂ ਲੰਘ ਕੇ ਪਹਾੜਾਂ ਵਿੱਚ ਹੀ ਹੋਂਦਾ ਪਿਸ਼ਾਵਰ ਵੱਲ ਚਲਾ ਗਿਆ।
ਜਦ ਇਹ ਫਤਹ ਦੀ ਖ਼ਬਰ ਮਹਾਰਾਜਾ ਸਾਹਿਬ ਤੱਕ ਪੁੱਜੀ, ਤਦ ਓਹ ਬੜਾ ਪ੍ਰਸੰਨ ਹੋਇਆ। ਗ਼ਰੀਬਾਂ ਨੂੰ ਦਾਨ ਦੇਂਦਾ ਲਾਹੌਰ ਪੁੱਜਾ। ਇੱਥੇ ਤਿੰਨ ਦਿਨ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਫਿਰ ਮਹਾਰਾਜਾ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਆਏ, ਇਸ਼ਨਾਨ ਕੀਤਾ। ਸ੍ਰੀ ਦਰਬਾਰ ਸਾਹਿਬ ਜੀ ਕੜਾਹ ਪ੍ਰਸ਼ਾਦ ਚੜ੍ਹਾਯਾ ਤੇ ਕਈ ਹਜ਼ਾਰ ਰੁਪਯੇ ਭੇਟਾ ਵਜੋਂ ਚੜ੍ਹਾ ਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ।
ਮਹਾਰਾਜਾ ਸਾਹਿਬ ਨੇ ਦੀਵਾਨ ਮੋਹਕਮ ਚੰਦ ਦੇ ਲੜਕੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬਾ ਨੀਯਤ ਕਰ ਕੇ ਭੇਜਿਆ ਤੇ ਪੰਡਤ ਬੀਰਧਰ ਨੂੰ ਓਹਦੇ ਨਾਲ ਮਾਲ ਅਫਸਰ ਬਣਾ ਕੇ ਜਾਣ ਦਾ ਹੁਕਮ ਦਿੱਤਾ। ਇਸ ਨੇ ਜਾ ਕੇ ਕਸ਼ਮੀਰ ਦੀ ਭੇਟਾ ੫ ਲੱਖ ਰੁਪਯੇ ਸਾਲ ਦਾ ਠੇਕਾ ਦਿੱਤਾ ਤੇ ਸ਼ਾਲਾ ਬਨਾਣ ਵਾਲੇ ਰਾਹ ਖਾਨੇ ੧੦ ਲੱਖ ਰੁਪਯੇ ਤੋਂ ਜਵਾਹਰ ਲਾਲ ਦੇ ਸਪੁਰਦ ਕੀਤਾ। ਮਹਾਰਾਜਾ ਸਾਹਿਬ ਕਸ਼ਮੀਰ ਦੇ ਪ੍ਰਬੰਧ ਵਿੱਚ ਹੀ ਲੱਗੇ ਰਹੇ। ਇਸ ਕੰਮ ਤੇ ਸ੍ਰਦਾਰ ਹਰੀ ਸਿੰਘ ਨਲਵਾ, ਦਲ ਸਿੰਘ ਦੀਵਾਨ, ਭਵਾਨੀ ਦਾਸ ਤੇ ਰਾਮ ਦਿਆਲ ਆਦਿਕ ਇਹ ਸਾਰੇ ਲੱਗੇ ਰਹੇ ਤੇ ਅਖੀਰ ਸਾਲ ਤੱਕ ਪੁਣਛ ਰਾਜੋੜੀ ਆਦਿਕ ਸਾਰੇ ਇਲਾਕੇ ਮਹਾਰਾਜਾ ਸਾਹਿਬ ਦੇ ਕਬਜ਼ੇ ਵਿੱਚ ਆ ਗਏ।
੧੪੩. ਮਹਾਰਾਜਾ ਦਾ ਮੁਲਤਾਨ ਵੱਲ ਦੌਰਾ
ਇਸੇ ਸਾਲ ਮਹਾਰਾਜਾ ਨੇ ਦੁਸਹਿਰੇ ਦੇ ਪਿੱਛੋਂ ਇੱਕ ਤਕੜੀ ਫੌਜ ਲੈ ਕੇ ਮੁਲਤਾਨ ਵੱਲ ਦੌਰਾ ਕੀਤਾ। ਸ਼ਾਮ ਸਿੰਘ ਪਸ਼ੌਰੀਏ ਨੇ ਇਹ ਜਗ੍ਹਾ ੬ ਲੱਖ ਸਲਾਨਾ ਤੋਂ ਦਿੱਤੀ ਹੋਈ ਸੀ। ਮਹਾਰਾਜਾ ਪਾਸ ਇਸ ਦੇ ਵਿਰੁੱਧ ਕਈ ਸ਼ਿਕਾਇਤਾਂ ਪੁੱਜੀਆਂ ਸਨ। ਇਸ ਕਰ ਕੇ ਇਸ ਨੂੰ ਕੈਦ ਕਰ ਲਿਆ ਤੇ
ਸਾਵਣ ਮੱਲ ਖੱਤ੍ਰੀ ਅਕਾਲ ਗੜ੍ਹੀਆ ਨੂੰ ੨੫੦ ਰੁਪਯਾ ਮਹੀਨੇ ਮੁਲਤਾਨ ਦਾ ਹਿਸਾਬ ਕਿਤਾਬ ਲਿਖਣ ਲਈ ਨੀਯਤ ਕੀਤਾ ਤੇ ਬਚਨ ਸਿੰਘ ਨੂੰ ਓਥੋਂ ਦਾ ਗਵਰਨਰ ਥਾਪਿਆ।
੧੪੪. ਕਸ਼ਮੀਰਾ ਸਿੰਘ ਤੇ ਮੁਲਤਾਨਾ ਸਿੰਘ ਦਾ ਜਨਮ
ਮਹਾਰਾਜਾ ਸਾਹਿਬ ਅਜੇ ਮੁਲਤਾਨ ਹੀ ਸਨ ਕਿ ਓਹਨਾਂ ਨੂੰ ਖ਼ਬਰ ਪੁੱਜੀ ਕਿ ਓਹਨਾਂ ਦੇ ਘਰ ਦਿਆ ਕੌਰ ਤੇ ਰਤਨ ਕੌਰ ਵਿੱਚੋਂ ਦੋ ਲੜਕੇ ਉਤਪੰਨ ਹੋਏ ਹਨ। ਇਹ ਲੜਕੇ ਕਸ਼ਮੀਰ ਤੇ ਮੁਲਤਾਨ ਦੀ ਜਿੱਤ ਹੋਣ ਦੇ ਮਗਰੋਂ ਹੋਏ ਸਨ। ਇਸ ਕਰ ਕੇ ਮਹਾਰਾਜਾ ਸਾਹਿਬ ਨੇ ਦਯਾ ਕੌਰ ਦੇ ਲੜਕੇ ਦਾ ਨਾਮ ਕਸ਼ਮੀਰਾ ਸਿੰਘ ਤੇ ਰਤਨ ਕੌਰ ਦੇ ਲੜਕੇ ਦਾ ਨਾਮ ਮੁਲਤਾਨਾ ਸਿੰਘ ਰੱਖਿਆ।
੧੪੫. ਡੇਹਰਾ ਜਾਤ ਦੇ ਇਲਾਕੇ ਦੀ ਫਤਹ
ਇਨ੍ਹਾਂ ਹੀ ਦਿਨਾਂ ਵਿੱਚ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਡੇਹਰਾ ਜਾਤ ਦੇ ਇਲਾਕੇ ਨੂੰ ਫਤੇਹ ਕਰ ਕੇ ਮਹਾਰਾਜਾ ਸਾਹਿਬ ਦੇ ਅਧੀਨ ਕੀਤਾ ਤੇ ਜ਼ਮਾਨ ਖਾਂ ਜੋ ਉੱਥੇ ਕਾਬਲ ਵੱਲੋਂ ਨੀਯਤ ਸੀ, ਕੱਢ ਦਿੱਤਾ।
੧੪੬. ਲਾਹੌਰ ਵੱਲ ਮੁੜਨਾ
ਵਿਸਾਖ ੧੮੭੮ ਬਿਕ੍ਰਮੀ (ਅਪ੍ਰੈਲ ੧੮੨੦) ਨੂੰ ਮਹਾਰਾਜਾ ਵਾਪਸ ਲਾਹੌਰ ਵੱਲ ਆਇਆ। ਸਫੈਦ ਪਰੀ ਨਾਮ ਦੀ ਇੱਕ ਘੋੜੀ ਜੋ ਆਪਣੀ ਸੁੰਦਰਤਾ ਬਰਫ ਵਾਂਗ ਚਿੱਟੇ ਰੰਗ ਫੁਰਤੀ ਦੌੜ ਆਦਿਕ ਦੇ ਕਾਰਨ ਆਪਣਾ ਨਮੂਨਾ ਆਪ ਹੀ ਸੀ, ਮਨਕੇਰਾਂ ਦੇ ਨਵਾਬ ਤੋਂ ਲੈ ਕੇ ਲਾਹੌਰ ਅਪੜਿਆ।
੧੪੭. ਹਜ਼ਾਰਾ ਦੇ ਮੁਸਲਮਾਨਾਂ ਦੀ ਬਗ਼ਾਵਤ
ਹਜ਼ਾਰੇ ਦੇ ਇਲਾਕੇ ਦੇ ਪਠਾਣਾਂ ਨੇ ਸਰਦਾਰ ਮੋਹਕਮ ਸਿੰਘ ਨੂੰ ਕਤਲ ਕਰ ਦਿੱਤਾ, ਜਿਸ ਤੋਂ ਓਸ ਪਾਸੇ ਸਰਦਾਰ ਹੁਕਮ ਸਿੰਘ ਚਿਮਨੀ ਵਾਲਾ ਨੀਯਤ ਕੀਤਾ ਗਿਆ, ਕਿੰਤੂ ਪਠਾਣਾਂ ਦੀ ਸ਼ੈਤਾਨੀ ਦਿਨ-ਬ-ਦਿਨ ਵਧਦੀ ਗਈ, ਜਿਸ ਤੋਂ ਮਹਾਰਾਜਾ ਨੇ ਸ੍ਰ. ਫਤਹ ਸਿੰਘ ਆਹਲੂਵਾਲੀਆ, ਸਰਦਾਰਨੀ ਸਦਾ ਕੌਰ ਨੂੰ ਆਪਣੀ ਫੌਜ ਭੇਜ ਕੇ ਯੋਗ ਕਾਰਵਾਈ ਕਰਨ ਦਾ ਹੁਕਮ ਦਿੱਤਾ ਤੇ ਲਾਹੌਰ ਦਰਬਾਰ ਵੱਲੋਂ ਇੱਕ ਤਕੜੀ ਫੌਜ ਸ਼ਾਹਜ਼ਾਦਾ ਸ਼ੇਰ ਸਿੰਘ ਦੇ ਨਾਲ ਰਵਾਨਾ ਕੀਤੀ। ਇਸ ਫੌਜ ਦੇ ਨਾਲ ਰਾਮ ਦਿਆਲ ਅਲਾਹੀ ਬਖ਼ਸ਼, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਗੰਡਾ ਸਿੰਘ ਲੀਂਬਾ ਆਦਿਕ ਮਸ਼ਹੂਰ ਸਰਦਾਰ ਸ਼ਾਹਜ਼ਾਦਾ ਦੇ ਨਾਲ ਭੇਜੇ। ਸਦਾ ਕੌਰ ਨੇ ਪੁੱਜਦੇ ਹੀ ਬਾਗ਼ੀਆਂ ਨੂੰ ਓਹਨਾਂ ਦੀ ਕਰਣੀ ਦਾ ਖੂਬ ਫ਼ਲ ਚਖਾਇਆ। ਜੋ ਅੱਗੇ ਅੜਿਆ ਤਲਵਾਰ ਦੇ ਘਾਟ ਪਾਰ ਉਤਾਰਦੀ ਗਈ ਤੇ ਹਜ਼ਾਰਾਂ ਆਦਮੀ ਮਾਰੇ ਗਏ। ਇੱਕ ਤੀਵੀਂ ਦੇ ਹੱਥੋਂ ਇੰਜ ਪਠਾਣਾਂ ਦੇ ਸਿਰ ਕਟੀਂਦੇ ਵੇਖ ਕੇ ਸ਼ਰਮਿੰਦੇ ਹੋ ਸਾਰੇ ਇਲਾਕੇ ਦੇ ਮੁਸਲਮਾਨ ਇੱਕੋ ਵੇਰ ਖਾਲਸੇ ਤੇ ਆ ਪਏ। ਸ਼ਾਹਜ਼ਾਦਾ ਸ਼ੇਰ ਸਿੰਘ ਨੇ ਜਨਰਲ ਅਲਾਹੀ ਬਖ਼ਸ਼ ਨੂੰ ਅੱਗੇ ਕੀਤਾ ਤੇ ਪਿੱਛੇ ਰਾਮ ਦਿਆਲ ਨੂੰ ਓਹਦੀ ਮਦਦ ਲਈ ਭੇਜਿਆ। ਪਠਾਣਾਂ ਨੇ ਜੋਸ਼ ਵਿੱਚ ਆ ਕੇ ਇਸ ਤਰ੍ਹਾਂ ਹਮਲਾ ਕੀਤਾ ਕਿ ਦੋਵੇਂ ਫੌਜਾਂ ਅੱਡ-ਅੱਡ ਹੋ ਗਈਆਂ। ਰਾਮ ਦਿਆਲ ਇਸੇ ਲੜਾਈ ਵਿੱਚ ਕੰਮ ਆਇਆ। ਪਠਾਣਾਂ ਦੀ ਗਿਣਤੀ ਖਾਲਸੇ ਦੀ ਫੌਜ ਨਾਲੋਂ ਕਈ ਗੁਣਾਂ ਵਧੀਕ ਸੀ ਤੇ ਰਸਤੇ ਵੀ ਬੜੇ ਖ਼ਰਾਬ ਸਨ, ਤਦ ਵੀ ਖਾਲਸੇ ਨੇ ਪਠਾਣਾਂ ਦੇ ਆਹੂ ਲਾਹ ਕੇ ਰੱਖ ਦਿੱਤੇ ਤੇ ਸ਼ਾਹਜ਼ਾਦਾ ਖੜਗ ਸਿੰਘ ਫੌਜ ਲੈ ਕੇ ਓਸੇ ਤਰ੍ਹਾਂ ਓਥੇ ਡਟਿਆ ਰਿਹਾ। ਮੁਹੰਮਦ ਖਾਂ ਰਈਸ ਗੁਲਢੇਰੀ, ਪਲਕੀ, ਧਮਤੋੜ ਆਦਿਕ ਦੇ ਸਰਬਲੰਦ ਖਾਂ ਆਦਿਕ ਰਈਸਾਂ ਤੇ ਜ਼ਿੰਮੀਦਾਰਾਂ ਨੂੰ ਸਰ ਕਰ ਕੇ ਤੇ ਓਹਨਾਂ ਤੋਂ ਜੁਰਮਾਨੇ ਲੈ ਕੇ ਵਾਪਸ ਮੁੜਿਆ।
੧੪੮. ਸਰਦਾਰ ਹਰੀ ਸਿੰਘ ਗਵਰਨਰ ਕਸ਼ਮੀਰ ਬਣਾਏ ਗਏ
ਰਾਮ ਦਿਆਲ ਦੀ ਮੌਤ ਦੀ ਖ਼ਬਰ ਸੁਣ ਕੇ ਓਹਦਾ ਪਿਤਾ ਮੋਤੀ ਰਾਮ ਗਵਰਨਰ ਕਸ਼ਮੀਰ ਗੱਸ਼ ਖਾ ਕੇ ਡਿੱਗ ਪਿਆ ਤੇ ਹੋਸ਼ ਆਉਣ ਤੇ ਓਸ ਨੇ ਮਹਾਰਾਜਾ ਸਾਹਿਬ ਪਾਸ ਦਰਖ਼ਾਸਤ ਕੀਤੀ ਕਿ ਓਹ
ਹੁਣ ਸਾਰੇ ਕੰਮ ਕਾਜ ਛੱਡ ਕੇ ਬਨਾਰਸ ਜਾ ਰਹਿਣਾ ਚਾਹੁੰਦਾ ਹੈ। ਕਸ਼ਮੀਰ ਦੇ ਇਲਾਕੇ ਦੇ ਪਠਾਣਾਂ ਦੀ ਹੈਂਕੜ ਵੇਖ ਮਹਾਰਾਜਾ ਸਾਹਿਬ ਨੇ ਦੀਵਾਨ ਮੋਤੀ ਰਾਮ ਦੀ ਜਗ੍ਹਾ ਸਰਦਾਰ ਹਰੀ ਸਿੰਘ ਨਲੂਏ ਨੂੰ ਗਵਰਨਰ ਮੁਕੱਰਰ ਕਰ ਕੇ ਕਸ਼ਮੀਰ ਭੇਜਿਆ। ਸਰਦਾਰ ਹਰੀ ਸਿੰਘ ਨੇ ਆਪਣੀ ਬੀਰਤਾ ਤੇ ਦਾਨਾਈ ਨਾਲ ਇਸ ਇਲਾਕੇ ਵਿੱਚ ਉਹ ਸਿੱਕਾ ਬਠਾਇਆ ਕਿ ਸਾਰੇ ਇਨ੍ਹਾਂ ਦੀ ਯੋਗਤਾ ਮੰਨਣ ਲੱਗੇ।
ਜਦ ਮੋਤੀ ਰਾਮ ਲਾਹੌਰ ਪੁੱਜਾ ਤਦ ਮਹਾਰਾਜਾ ਸਾਹਿਬ ਦੇ ਸਮਝਾਣ ਬੁਝਾਣ ਤੇ ਉਸ ਨੇ ਬਨਾਰਸ ਜਾਣ ਦਾ ਖ਼ਿਆਲ ਛੱਡ ਦਿੱਤਾ।
ਹਰੀ ਸਿੰਘ ਨਲੂਏ ਜਹੇ ਸੂਰਬੀਰ ਦਾ ਹਰ ਵੇਲੇ ਮਹਾਰਾਜਾ ਸਾਹਿਬ ਪਾਸ ਰਹਿਣਾ ਅਵੱਸ਼ਕ ਸੀ ਤੇ ਕਸ਼ਮੀਰ ਵਿੱਚ ਹੁਣ ਸ਼ਾਂਤੀ ਹੋ ਚੁੱਕੀ ਸੀ। ਇਸ ਕਰ ਕੇ ਮੋਤੀ ਰਾਮ ਨੂੰ ਫਿਰ ਓਥੇ ਗਵਰਨਰ ਬਣਾ ਕੇ ਭੇਜਿਆ ਤੇ ਸ੍ਰ. ਹਰੀ ਸਿੰਘ ਨੂੰ ਲਾਹੌਰ ਆਪਣੇ ਪਾਸ ਸੱਦ ਲਿਆ ਗਿਆ।
੧੪੯. ਮੀਆਂ ਗੁਲਾਬ ਸਿੰਘ ਨੂੰ ਜਾਗੀਰ
ਧਿਆਨ ਸਿੰਘ ਡੋਗਰਾ ਡੇਉਢੀ ਤੇ ਨੀਯਤ ਸੀ। ਇਸ ਦੇ ਭਰਾ ਗੁਲਾਬ ਸਿੰਘ ਨੇ ਅਗਰ ਖਾਂ ਰਾਜੋੜੀ ਵਾਲਾ; ਜੋ ਰਾਜ ਵਿਦਰੋਹ ਕਰ ਕੇ ਨੱਠਾ ਫਿਰਦਾ ਸੀ, ਫੜ ਕੇ ਮਹਾਰਾਜਾ ਸਾਹਿਬ ਪਾਸ ਲਾਹੌਰ ਭੇਜ ਦਿੱਤਾ ਤੇ ਲਿਖਿਆ ਕਿ ਡੇਡੂ ਡੋਗਰਾਂ ਜੋ ਪਹਾੜੀ ਇਲਾਕੇ ਵਿੱਚ ਬੜਾ ਬਦਮਾਸ਼ ਸੀ, ਲੜਾਈ ਵਿੱਚ ਮਾਰਿਆ ਗਿਆ। ਮਹਾਰਾਜਾ ਸਾਹਿਬ ਨੇ ਗੁਲਾਬ ਸਿੰਘ ਦੀ ਇਸ ਸੇਵਾ ਤੋਂ ਪ੍ਰਸੰਨ ਹੋ ਕੇ ਓਹਨੂੰ ਕਸ਼ਮੀਰ ਦੇ ਇਲਾਕੇ ਵਿੱਚ ਤਕੜੀ ਜਾਗੀਰ ਦੇ ਦਿੱਤੀ। ਇਸੇ ਤਰ੍ਹਾਂ ਨਾਲ ਰਹੀਮ ਖਾਂ ਤੇ ਗ਼ਰੀਬਉਲਾ ਖਾਂ ਨੂੰ ਇਸ ਸੇਵਾ ਦੇ ਬਦਲੇ ੧੨ ਹਜ਼ਾਰ ਦੀ ਜਾਗੀਰ ਕਸ਼ਮੀਰ ਦੇ ਇਲਾਕੇ ਵਿੱਚ ਦਿੱਤੀ।
੧੫੦. ਮਿਸਟਰ ਮੋਰ ਕਰਾਫਟ
ਇਸੇ ਸਾਲ ਮੋਰ ਕਰਾਫਟ ਨਾਮ ਦਾ ਇੱਕ ਅੰਗਰੇਜ਼ ਜੋ ਲੰਕਾਸ਼ਾਇਰ (ਇੰਗਲਸਤਾਨ) ਦਾ ਰਹਿਣ ਵਾਲਾ ਸੀ, ਸੈਰ ਕਰਦਾ ਪੰਜਾਬ ਵਿੱਚ ਆਇਆ। ਮਹਾਰਾਜਾ ਸਾਹਿਬ ਦੇ ਪਾਸ ਲਾਹੌਰ ਠਹਿਰਿਆ ਮਹਾਰਾਜਾ ਸਾਹਿਬ ਨੇ ਇਸ ਦੀ ਬੜੀ ਖਾਤਰ ਤਵਜੋ ਕੀਤੀ। ਆਪਣੀ ਸੈਨਾ ਤੋਪਖਾਨੇ ਰਸਾਲੇ ਤੇ ਪੈਦਲ ਫੌਜਾਂ ਆਦਿਕ ਵਖਾਈਆਂ, ਜਿਸ ਦਾ ਇਸ ਦੇ ਦਿਲ ਤੇ ਬੜਾ ਅਸਰ ਹੋਇਆ।
ਇਹ ਅੰਗਰੇਜ਼ ਯਾਰ ਕੰਦ ਘੋੜੇ ਖਰੀਦਣ ਵਾਸਤੇ ਜਾ ਰਿਹਾ ਸੀ। ਮਹਾਰਾਜਾ ਸਾਹਿਬ ਨੇ ਕਿਹਾ ਕਿ ਜੇ ਤਿੱਬਤ ਦੇ ਰਾਹ ਕੁਝ ਔਖ ਹੋਵੇ, ਤਦ ਕਸ਼ਮੀਰ ਤੇ ਕਾਬਲ ਦੇ ਰਾਹ ਚਲੇ ਜਾਓ, ਇਹ ਗੱਲ ਇਸ ਨੂੰ ਵੀ ਪਸੰਦ ਆਈ। ੧੮੨੧ ਵਿੱਚ ਮਿਸਟਰ ਮੋਰ ਕਰਾਫਟ ਲਦਾਖ ਪੁੱਜਾ ਤੇ ਇਸੇ ਸਫਰ ਵਿੱਚ ਓਸ ਨੂੰ ਮੁਲਕ ਰੂਸ ਦੇ ਵਜ਼ੀਰ ਤੇ ਸ਼ਾਹਜ਼ਾਦਾ ਨੈਸਲਰੋਡ ਨੇ ਮਹਾਰਾਜਾ ਸਾਹਿਬ ਵੱਲ ਚਿੱਠੀ ਦਿੱਤੀ, ਜਿਸ ਵਿੱਚ ਲਿਖਿਆ ਸੀ ਕਿ:
'ਸ਼ਾਹਨਸ਼ਾਹ ਰੂਸ ਦੀ ਹਰ ਮੁਲਕ ਦੇ ਬਾਦਸ਼ਾਹ ਬਾਬਤ ਬੜੇ ਨੇਕ ਖ਼ਿਆਲ ਕਰ ਰਹੇ ਹਨ, ਖ਼ਾਸ ਕਰ ਅਸੀਂ ਮਹਾਰਾਜਾ ਸਾਹਿਬ ਲਾਹੌਰ ਦੇ ਦਿਲੀ ਸ਼ੁਭਚਿੰਤਕ ਹਾਂ ਤੇ ਸਦਾ ਹੀ ਆਪ ਦੇ ਨਾਲ ਮਿੱਤ੍ਰਤਾ ਰਖਣਾ ਚਾਹੁੰਦੇ ਹਾਂ।‘ ਇਸ ਦੇ ਨਾਲ ਹੀ ਇੱਕ ਰੂਸੀ ਸੌਦਾਗਰ ਦੇ ਪੰਜਾਬ ਵਿੱਚ ਆਉਣ ਦੀ ਆਗਿਆ ਮੰਗੀ ਤੇ ਇਕਰਾਰ ਕੀਤਾ ਕਿ ਪੰਜਾਬ ਵਪਾਰ ਨੂੰ ਰੂਸ ਦੇ ਮੁਲਕ ਵਿੱਚ ਬੜੀ ਚੰਗੀ ਥਾਂ ਦਿੱਤੀ ਜਾਵੇਗੀ। ਕਿੰਤੂ ਮਿਸਟਰ ਮੋਰਕਰਾਫਟ ਜੋ ਇਹ ਚਿੱਠੀ ਲੈ ਕੇ ਆ ਰਿਹਾ ਸੀ, ਰਾਹ ਵਿੱਚ ਹੀ ਬੀਮਾਰ ਹੋ ਕੇ ਮਰ ਗਿਆ ਸੀ, ਇਸ ਕਰ ਕੇ ਮਹਾਰਾਜਾ ਸਾਹਿਬ ਤੱਕ ਨਾ ਪੁੱਜ ਸਕੀ।
੧੫੧. ਸਰਦਾਰਨੀ ਸਦਾ ਕੌਰ ਦੇ ਇਲਾਕੇ ਦੀ ਜ਼ਬਤੀ ਤੇ ਸ਼ੇਰ ਸਿੰਘ ਨੂੰ ਜਾਗੀਰ
ਜਦ ਮਹਾਰਾਜਾ ਸਾਹਿਬ ਨੇ ਹਜ਼ਾਰੇ ਦੇ ਜੰਗ ਵਿੱਚ ਸ਼ਾਹਜ਼ਾਦਾ ਸ਼ੇਰ ਸਿੰਘ ਦੀ ਬਹਾਦਰੀ ਤੇ ਲਿਆਕਤ ਦਾ ਚੰਗੀ ਤਰ੍ਹਾਂ ਅਨੁਮਾਨ ਲਾਇਆ, ਤਦ ਇਹ ਜ਼ਰੂਰੀ ਮਲੂਮ ਹੋਇਆ ਕਿ ਸਰਦਾਰ ਸ਼ੇਰ ਸਿੰਘ ਨੂੰ ਵੀ ਸ਼ਾਹਜ਼ਾਦਿਆਂ ਵਾਂਗ ਵਖਰੀ ਜਾਗੀਰ ਦਿੱਤੀ ਜਾਏ। ਮਹਾਰਾਜਾ ਸਾਹਿਬ ਦੀ ਸਭ ਤੋਂ
ਵੱਡੀ ਖਾਹਸ਼ ਇਹ ਸੀ ਕਿ ਪੰਜਾਬ ਵਿੱਚ ਇੱਕ ਵੱਡੀ ਸਲਤਨਤ ਕਾਇਮ ਕੀਤੀ ਜਾਏ, ਜਿਸ ਦੇ ਹੇਠ ਕਈ ਛੋਟੇ-ਛੋਟੇ ਰਜਵਾੜੇ ਹੋਣ ਤੇ ਇਹ ਸਾਰੇ ਮਿਲ ਕੇ ਦੁਸ਼ਮਣ ਦੇ ਬਾਹਰੋਂ ਹੋਏ ਹਮਲੇ ਦੇ ਵੇਲੇ ਇੱਕ ਹੋ ਜਾਣ। ਸੋ ਹੁਣ ਬਾਕੀ ਸਾਰੇ ਪੰਜਾਬ ਵਿੱਚ ਮਹਾਰਾਜਾ ਦਾ ਡੰਕਾ ਵੱਜ ਚੁੱਕਾ ਸੀ, ਇਸ ਕਰ ਕੇ ਹੋਰ ਕਿਸੇ ਇਲਾਕੇ ਦੇ ਸ਼ਾਹਜ਼ਾਦੇ ਨੂੰ ਸਪੁਰਦ ਕਰਨ ਦੀ ਥਾਂ ਇਹ ਹੀ ਮੁਨਾਸਬ ਸਮਝਿਆ ਕਿ ਸਰਦਾਰਨੀ ਸਦਾ ਕੌਰ ਜੋ ਸ੍ਰ. ਸ਼ੇਰ ਸਿੰਘ ਦੀ ਨਾਨੀ ਸੀ, ਦਾ ਇਲਾਕਾ ਸੌਂਪ ਦਿੱਤਾ ਜਾਏ। ਸਰਦਾਰਨੀ ਸਦਾ ਕੌਰ ਆਪਣੀ ਸੱਸ ਨੂੰ ਮਹਾਰਾਜੇ ਨੇ ਆਪਣੇ ਪਾਸ ਲਾਹੌਰ ਸਦ ਲਿਆ ਤੇ ਉਹ ਦੀ ਰਿਆਸਤ ਵਿੱਚ ਵਟਾਲੇ ਦਾ ਇਲਾਕਾ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਸੌਂਪ ਕੇ* ਬਾਕੀ ਲਾਹੌਰ ਦਰਬਾਰ ਨਾਲ ਮਿਲਾ ਲਿਆ।
ਸਰਦਾਰਨੀ ਸਦਾ ਕੌਰ, ਜਿਸ ਨੇ ਆਪਣੀ ਧੀਰਤਾ, ਬੀਰਤਾ ਅਤੇ ਗੰਭੀਰਤਾ ਦੇ ਨਾਲ ਸਾਰੇ ਪੰਜਾਬ ਵਿੱਚ ਆਪਣਾ ਸਿੱਕਾ ਬਿਠਾਇਆ, ਜਿਸ ਨੇ ਤਲਵਾਰ ਹੱਥ ਵਿੱਚ ਫੜ ਕੇ ਫੌਜ ਲੈ ਮੈਦਾਨ ਜੰਗ ਵਿੱਚ ਕਈ ਵੱਡੇ ਵੱਡੇ ਸੈਨਾਪਤੀਆਂ ਨੂੰ ਮਾਰ ਰਜਾਇਆ, ਓਹਦਾ ਸਾਰਾ ਇਲਾਕਾ ਇਸ ਤਰ੍ਹਾਂ ਨਾਲ ਸਦਾ ਵਾਸਤੇ ਓਹਨਾਂ ਦੇ ਜਵਾਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਲਤਨਤ ਵਿੱਚ ਮਿਲਾ ਲਿਆ।
ਇਸੇ ਸਾਲ ਮਹਾਰਾਜਾ ਪਹਾੜੀ ਇਲਾਕੇ ਦਾ ਦੌਰਾ ਕਰਦਾ ਰਾਵਲ ਪਿੰਡੀ ਪੁੱਜਾ। ਇੱਥੋਂ ਦੇ ਹਾਕਮ ਨੰਦ ਸਿੰਘ ਨੂੰ ਅੱਡ ਕਰ ਕੇ ਉਹਦੀ ਜਗ੍ਹਾ ਨਾਨਕ ਚੰਦੂ ਨੂੰ ਨੀਯਤ ਕੀਤਾ ਤੇ ੧੩ ਦਸੰਬਰ ੧੮੨੦ ਨੂੰ ਲਾਹੌਰ ਵਾਪਸ ਆਇਆ। ਫਗਣ ੧੮੭੭ ਬਿਕ੍ਰਮੀ ਅਰਥਾਤ ੯ ਮਾਰਚ ੧੮੨੧ ਨੂੰ ਸ਼ਾਹਜ਼ਾਦਾ ਖੜਕ ਸਿੰਘ ਦੇ ਘਰ ਤਾਜ ਤਖ਼ਤ ਮਾਲਕ ਜੈਮਲ ਸਿੰਘ ਫਤਹਗੜ੍ਹ ਵਾਲੇ ਦੀ ਲੜਕੀ ਰਾਣੀ ਚੰਦ ਕੌਰ ਦੇ ਘਰ ਲੜਕਾ ਜਨਮਿਆ, ਜਿਸ ਦੇ ਜਨਮ ਤੇ ਮਹਾਰਾਜਾ ਨੇ ਬੜੀ ਖ਼ੁਸ਼ੀ ਮਨਾਈ ਤੇ ਕਈ ਦਿਨਾਂ ਤੱਕ ਲਾਹੌਰ ਵਿੱਚ ਬੜੀ ਸਜ ਧਜ ਤੇ ਸ਼ਾਨ ਸ਼ੌਕਤ ਨਾਲ ਜਲਸੇ ਹੋਂਦੇ ਰਹੇ ਤੇ ਦੀਪਮਾਲਾ ਹੋਈ। ਇਸ ਲੜਕੇ ਦਾ ਨਾਮ ਕੰਵਰ ਨੌਨਿਹਾਲ ਸਿੰਘ ਰੱਖਿਆ ਗਿਆ।
੧੫੨. ਮੁੰਗੇਰਾਂ ਦੇ ਕਿਲ੍ਹੇ ਦਾ ਫਤਹ ਹੋਣਾ
੧੮੭੮ ਬਿਕ੍ਰਮੀ ਨੂੰ ਮਹਾਰਾਜਾ ਸਾਹਿਬ ਨੇ ਮੁੰਗੇਰਾਂ ਵੱਲ ਘੋੜੇ ਦੀ ਵਾਗ ਮੋੜੀ। ਨਵੰਬਰ ਵਿੱਚ ਮਿੱਠਾ ਟਿਵਾਣਾ ਤੇ ਦਰਯਾ ਸਿੰਧ ਲੰਘ ਕੇ ਫੌਜ ਨੂੰ ਹੁਕਮ ਦਿੱਤਾ ਕਿ ਪਹਿਲਾਂ ਕਿਲ੍ਹਾ ਭੱਖਰ ਫਤੇ ਕਰੋ। ਜਦ ਖਾਲਸੇ ਨੇ ਹੱਲਾ ਬੋਲਿਆ ਤਦ ਇੱਥੋਂ ਦਾ ਕਿਲ੍ਹੇਦਾਰ ਨੱਸ ਗਿਆ। ਮਹਾਰਾਜਾ ਨੇ ਜਮਾਂਦਾਰ ਖ਼ੁਸ਼ਹਾਲ ਸਿੰਘ ਤੇ ਸਰਦਾਰ ਦਲ ਸਿੰਘ ਨੂੰ ੮੦੦੦ ਜਵਾਨ ਦੇ ਕੇ ਡੇਹਰਾ ਅਸਮਾਈਲ ਖਾਂ ਵੱਲ ਵਧਣ ਦਾ ਹੁਕਮ ਦਿੱਤਾ। ਇਨ੍ਹਾਂ ਦੋਨਾਂ ਸਰਦਾਰਾਂ ਨੇ ਇੱਕ ਮਾਮੂਲੀ ਜਿਹੀ ਲੜਾਈ ਮਗਰੋਂ ਡੇਹਰਾ ਅਸਮਾਈਲ ਖਾਂ ਫਤਹ ਕਰ ਲਿਆ। ਓਥੋਂ ਦੇ ਕਿਲ੍ਹਾਦਾਰ ਨਾਨਕ ਚੰਦ ਨੇ ਸਭ ਮਾਲ ਦੌਲਤ ਜਮਾਂਦਾਰ ਖ਼ੁਸ਼ਹਾਲ ਸਿੰਘ ਦੇ ਹਵਾਲੇ ਕਰ ਦਿੱਤੀ। ਜਦ ਇਸ ਤਰ੍ਹਾਂ ਫਤੇ ਪਾ ਕੇ ਸਰਦਾਰ ਦਲ ਸਿੰਘ ਮੁੜਿਆ, ਤਦ ਮਹਾਰਾਜਾ ਨੇ ਸਾਰੀ ਫੌਜ ਇਕੱਠੀ ਕਰ ਕੇ ਮੁੰਗੇਰਾਂ ਤੇ ਹੱਲਾ ਬੋਲਿਆ। ਪਹਿਲਾਂ ਖਾਨ ਗੜ੍ਹ ਲਿਆ ਤੇ ਮਾਝਾ ਗੜ੍ਹ ਤੇ ਕਬਜ਼ਾ ਕੀਤਾ, ਓਥੋਂ ਨਵਾਬ ਕੱਢ ਦਿੱਤਾ।
ਜਦ ਖ਼ਾਸ ਮੁੰਗੇਰਾਂ ਦੀ ਵਾਰੀ ਆਈ, ਤਦ ਓਥੋਂ ਦਾ ਨਵਾਬ ਫੌਜ ਲੈ ਕੇ ਅੰਦਰ ਵੜ ਗਿਆ। ਦੋਨਾਂ ਪਾਸਿਆਂ ਤੋਂ ਦਿਨ ਰਾਤ ਅੱਗ ਵੱਸਣ ਲੱਗੀ। ਇਹ ਕਿਲ੍ਹਾ ਬੜਾ ਮਜ਼ਬੂਤ ਸੀ, ਦੂਜਾ ਰੇਤਲੇ
------------------------
*ਕਿਹਾ ਜਾਂਦਾ ਹੈ ਕਿ ਹੋਰ ਸਾਰਾ ਇਲਾਕਾ ਸਰਦਾਰਨੀ ਸਦਾ ਕੌਰ ਦਾ ਬਿਨਾਂ ਜੰਗ ਦੇ ਲਾਹੌਰ ਦਰਬਾਰ ਨਾਲ ਮਿਲ ਗਿਆ, ਕਿੰਤੂ ਜਦ ਮਿਸਰ ਦੀਵਾਨ ਚੰਦ ਨੇ ਮੁਕੇਰੀਆਂ ਤੇ ਹਮਲਾ ਕੀਤਾ, ਤਦ ਸਰਦਾਰਨੀ ਸਦਾ ਕੌਰ ਦੀ ਇੱਕ ਲੋਂਡੀ ਨੇ ਜੋ ਇਸ ਕਿਲੇ ਵਿੱਚ ਘਿਰੀ ਹੋਈ ਸੀ, ਬੜੀ ਜਵਾਂ ਮਰਦੀ ਨਾਲ ਟਾਕਰਾ ਕੀਤਾ। ਕਿਲ੍ਹਾ ਬੜਾ ਪੱਕਾ ਸੀ। ਜਦ ਕਈ ਦਿਨ ਰਾਤਾਂ ਅੱਗ ਵਸਾਣ ਤੇ ਵੀ ਕੋਈ ਪੇਸ਼ ਨਾ ਗਈ ਅਤੇ ਮਿਸਰ ਦੀਵਾਨ ਚੰਦ ਫਤਹ ਤੋਂ ਨਿਰਾਸ ਹੋ ਗਿਆ। ਤਦ ਸਰਦਾਰਨੀ ਸਦਾ ਕੌਰ ਵਲੋਂ ਇੱਕ ਚਿੱਠੀ ਆਪਣੀ ਗੋਲੀ ਦੇ ਨਾਮ ਲਿਖਵਾ ਕੇ ਭੇਜੀ, ਜਿਸ ਦਾ ਮਤਲਬ ਇਹ ਸੀ ਕਿ ਕਿਲ੍ਹਾ ਮਹਾਰਾਜਾ ਸਾਹਿਬ ਦੇ ਹਵਾਲੇ ਕਰ ਦੇਵੇ। ਜਦ ਇਹ ਲਿਖਤ ਕਿਲ੍ਹੇ ਵਿਚ ਅੱਪੜੀ, ਤਦ ਉਹਨਾਂ ਕਿਲ੍ਹਾ ਖਾਲੀ ਕਰ ਦਿੱਤਾ।
ਮੈਦਾਨ ਵਿੱਚ ਹੋਣ ਕਰ ਕੇ ਪਾਣੀ ਬਹੁਤ ਘੱਟ ਸੀ, ਜਿਸ ਤੋਂ ਮਹਾਰਾਜਾ ਸਾਹਿਬ ਨੂੰ ਫੌਜ ਦਾ ਇੱਕ ਹਿੱਸਾ ਤਾਂ ਕੇਵਲ ਪਾਣੀ ਲਿਆਉਣ ਵਾਸਤੇ ਨੀਯਤ ਕਰਨਾ ਪਿਆ, ਜੋ ਊਠਾਂ ਤੇ ਬੈਲਾਂ ਤੇ ਪਾਣੀ ਲੱਦ ਕੇ ਲਿਆਉਂਦੇ ਸੀ। ਕਿੰਤੂ ਤਦ ਵੀ ਜਿੰਨਾ ਚਾਹੀਦਾ ਸੀ, ਇਕੱਠਾ ਨਹੀਂ ਹੋ ਸਕਦਾ ਸੀ। ਏਹ ਮਹਾਰਾਜੇ ਨੇ ਹੁਕਮ ਦਿੱਤਾ ਕਿ ਰੇਤਲੇ ਇਲਾਕੇ ਵਿੱਚ ਆਪ ਕੱਚੇ ਖੂਹ ਕੱਢ ਲਏ ਜਾਣ। ਸੋ ਇਸੇ ਤਰ੍ਹਾਂ ਕੀਤਾ ਗਿਆ। ੨੫ ਦਿਨਾਂ ਤੱਕ ਬਰਾਬਰ ਲੜਾਈ ਹੋਂਦੀ ਰਹੀ, ਨਵਾਬ ਦੀ ਸੈਨਾ ਘਬਰਾ ਗਈ। ਓਹਦੇ ਕਈ ਸਾਥੀ ਨੱਸ ਕੇ ਖਾਲਸੇ ਦੀ ਸ਼ਰਨ ਆ ਗਏ, ਜਿਨ੍ਹਾਂ ਨੇ ਕਿਲ੍ਹੇ ਦੇ ਓਹਨਾਂ ਅਸਥਾਨਾਂ ਦਾ ਪਤਾ ਦਿੱਤਾ। ਜਿੱਥੇ ਗੋਲੇ ਚਲਾਨ ਨਾਲ ਝੱਟ ਹੀ ਕਿਲ੍ਹਾ ਟੁੱਟ ਗਿਆ। ਹੁਣ ਨਵਾਬ ਨੂੰ ਇਸ ਤੋਂ ਛੁਟ ਕੋਈ ਸੂਰਤ ਬਚਾਅ ਦੀ ਨਾ ਦਿੱਸੀ ਕਿ ਮਹਾਰਾਜੇ ਦੇ ਹਵਾਲੇ ਆਪਣੇ ਆਪ ਨੂੰ ਕਰ ਦੇਵੇ। ਸੋ ਜਦ ਉਹ ਮਹਾਰਾਜੇ ਪਾਸ ਆਇਆ, ਤਦ ਮਹਾਰਾਜੇ ਨੇ ਓਸ ਦਾ ਬੜਾ ਸਤਕਾਰ ਕੀਤਾ। ਨਵਾਬ ਨੇ ਦੋ ਗੱਲਾਂ ਦੀ ਬੇਨਤੀ ਕੀਤੀ (੧) ਇਸ ਇਲਾਕੇ ਦੀ ਵਸੋਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ। (੨) ਨਿਮਕ ਹਲਾਲ ਫੌਜ ਮਹਾਰਾਜਾ ਆਪਣੇ ਪਾਸ ਨੌਕਰ ਰੱਖ ਲਏ। ਸੋ ਦੋਨੋਂ ਗੱਲਾਂ ਪ੍ਰਵਾਨ ਕਰ ਲਈਆਂ ਗਈਆਂ। ਨਵਾਬ ਹਾਫਜ਼ ਅਹਿਮਦ ਖਾਂ ਨੂੰ ਡੇਹਰਾ ਅਸਮਾਈਲ ਖਾਂ ਦੀ ਜਾਗੀਰ ਦੇ ਦਿੱਤੀ ਤੇ ਮੁੰਗੇਰਾਂ ਦਾ ਇਲਾਕਾ ਜ਼ਬਤ ਕਰ ਕੇ ਸਰਦਾਰ ਅਮੀਰ ਸਿੰਘ ਸੰਧਾਵਾਲੀਏ ਨੂੰ ਓਥੋਂ ਦਾ ਹਾਕਮ ਬਣਾਇਆ ਗਿਆ ਤੇ ਰਾਜ ਕੌਰ ਨਾਮ ਦੇ ਖੱਤ੍ਰੀ ਨੂੰ ਇਹ ਇਲਾਕਾ ਠੇਕੇ ਤੇ ਦਿੱਤਾ ਗਿਆ।
੧੫੩. ਬਹਾਵਲਪੁਰ ਤੋਂ ਨਜ਼ਰਾਨਾ ਵਸੂਲ ਕਰਨਾ
ਮੁੰਗੇਰਾਂ ਤੋਂ ਮਹਾਰਾਜਾ ਨੇ ਬਹਾਵਲਪੁਰ ਵੱਲ ਕੂਚ ਕੀਤਾ। ਡੇਹਰਾ ਦੀਨ ਦੀ ਪਨਾਹ ਤੋਂ ਹੋ ਕੇ ਫੌਜਾਂ ਨੂੰ ਮੁਲਤਾਨ ਜਾਣ ਦਾ ਹੁਕਮ ਦਿੱਤਾ। ਜਦ ਮਹਾਰਾਜਾ ਸਾਹਿਬ ਨਵਾਬ ਬਹਾਵਲਪੁਰ ਦੇ ਇਲਾਕੇ ਵਿੱਚ ਡੇਹਰਾ ਗਾਜ਼ੀ ਖਾਂ ਅੱਪੜੇ, ਤਦ ਨਵਾਬ ਨੂੰ ਚਿੱਠੀ ਲਿਖੀ ਕਿ ੨੦ ਲੱਖ ਦਾ ਤੁਹਾਡੇ ਪਾਸ ਮੁਲਕ ਹੈ, ਇਸ ਕਰ ਕੇ ਢਾਈ ਲੱਖ ਤੋਂ ਘੱਟ ਦਾ ਖਰਾਜ ਅੱਗੋਂ ਨੂੰ ਨਹੀਂ ਲਿਆ ਜਾਵੇਗਾ, ਜੇ ਹੁਣੇ ਪੰਜ ਲੱਖ ਰੁਪਯਾ ਦੇ ਦੇਵੋ ਤਦ ਬੇਹਤਰ; ਨਹੀਂ ਤਾਂ ਫੌਜ ਹਮਲਾ ਕਰ ਦੇਵੇਗੀ। ਨਵਾਬ ਨੇ ਕਸੂਰ, ਮੁਲਤਾਨ, ਮਨਕੇਰਾਂ ਦਾ ਹਾਲ ਆਪਣੀ ਅੱਖੀਂ ਵੇਖ ਲਿਆ ਸੀ। ਚੁਪਚਾਪ ਪੰਜ ਲੱਖ ਰੁਪਯਾ ਦੇ ਦਿੱਤਾ। ਇਸ ਪਾਸੋਂ ਮੁੜ ਕੇ ਮੁਲਤਾਨ ਹੁੰਦੇ ਹੋਏ ੨੭ ਜਨਵਰੀ ੧੮੨੨ ਨੂੰ ਮਹਾਰਾਜਾ ਸਾਹਿਬ ਆਪਣੀ ਰਾਜਧਾਨੀ ਲਾਹੌਰ ਵਿੱਚ ਅੱਪੜੇ। ਅੱਠ ਮਹੀਨੇ ਇੱਥੇ ਰਹੇ। ਇਸ ਸਮੇਂ ਵਿੱਚ ਕਸ਼ਮੀਰ ਦੇ ਇਲਾਕੇ ਵਿੱਚ ਪਖਲੀ ਤੇ ਧਮਤੋੜ ਦਾ ਇਲਾਕਾ ਸਰਦਾਰ ਹਰੀ ਸਿੰਘ ਨਲੂਏ ਦੀ ਸੇਵਾ ਤੋਂ ਖ਼ੁਸ਼ ਹੋ ਕੇ ਓਹਨੂੰ ਦੇ ਦਿੱਤਾ। ਮਿਸਰ ਦੀਵਾਨ ਚੰਦ ਨੂੰ ਜ਼ਿਮੀਂਦਾਰ ਤਾਰਾ ਦੀ ਸੋਧ ਲਈ ਭੇਜਿਆ। ਇਸ ਨੇ ਸਰਦਾਰ ਅਮਰ ਸਿੰਘ ਮਜੀਠਾ ਨੂੰ ਕਤਲ ਕੀਤਾ ਸੀ। ਦੀਵਾਨ ਕ੍ਰਿਪਾ ਰਾਮ ਨੂੰ ਸਰਾਏ ਸਾਲਹ ਦੇ ਰਈਸ ਪੈਂਦੇ ਖਾਂ ਦੀ ਸੋਧ ਲਈ ਭੇਜਿਆ। ਇਹ ਰਈਸ ਕਈ ਤਰ੍ਹਾਂ ਦੇ ਤਾਣੇ ਬਾਣੇ ਤੇ ਅਯੋਗ ਢੰਗ ਵਰਤਦਾ ਰਹਿੰਦਾ ਸੀ। ਸੋ ਦੋਨੋਂ ਸਰਦਾਰ ਆਪਣੀ ਮੁਹਿੰਮ ਤੋਂ ਬੜੀ ਕਾਮਯਾਬੀ ਨਾਲ ਮੁੜੇ।
੧੫੪. ਦੋ ਫਰਾਂਸੀਸੀ ਫੌਜੀ ਅਫਸਰਾਂ ਦੀ ਲਾਹੌਰ ਦਰਬਾਰ ਦੀ ਨੌਕਰੀ
ਵਨਤੋਰਾ ਤੇ ਆਲਰਡ ਨਾਮ ਦੇ ਦੋ ਫਰਾਂਸੀਸੀ ਫੌਜੀ ਅਫਸਰ ਪੰਜਾਬ ਵਿੱਚ ਆਏ। ਇਹ ਨਿਪੋਲੀਅਨ ਬੋਨਾਪਾਰਟ ਦੇ ਫੜੇ ਜਾਣ ਦੇ ਕਾਰਨ ਬੇਰੋਕ ਸਨ, ਮਹਾਰਾਜਾ ਪਾਸ ਇਨ੍ਹਾਂ ਨੌਕਰਾਂ ਨੇ ਦਰਖ਼ਾਸਤ ਕੀਤੀ। ਸ਼ੇਰੇ ਪੰਜਾਬ ਆਪਣੀ ਫੌਜ ਯੂਰਪੀਨ ਮੁਲਕਾਂ ਦੀ ਤਰ੍ਹਾਂ ਕੁਵਾਇਦ ਸਿਖਾਣ ਦੀ ਇੱਛਾਵਾਨ ਸਨ ਹੀ, ਇਨ੍ਹਾਂ ਨੂੰ ਨੌਕਰ ਰੱਖ ਲਿਆ। ਥੋੜ੍ਹੇ ਹੀ ਸਮੇਂ ਵਿੱਚ ਇਨ੍ਹਾਂ ਨੇ ਫੌਜ ਨੂੰ ਯੂਰਪੀਨ ਮੁਲਕਾਂ ਦੇ ਢੰਗ ਦੀ ਕੁਵਾਇਦ ਸਿਖਲਾ ਦਿੱਤੀ। ਮਹਾਰਾਜਾ ਇਨ੍ਹਾਂ ਦੀ ਯੋਗਤਾ ਤੇ ਕੀਤੇ ਹੋਏ ਕੰਮ ਤੋਂ ਬੜੇ ਖ਼ੁਸ਼ ਹੋਏ।
ਚਾਰ ਸਾਲ ਮਗਰੋਂ ਪੰਜਾਬ ਵਿੱਚ ਫਰਾਂਸ ਦੇ ਦੋ ਅਫ਼ਸਰ ਹੋਰ ਹੋਏ। ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕੋਰਟ ਸਾਹਿਬ ਸੀ ਤੇ ਦੂਜੇ ਦਾ ਅਯੁਟੇਪਲ। ਪਹਿਲੇ ਨੇ ਪੈਰਸ ਵਿੱਚ ਸਿੱਖਿਆ ਪਾਈ ਸੀ ਤੇ ਕਾਫੀ
ਸਮੇਂ ਤੱਕ ਅਸਪੇਸ ਵਿੱਚ ਮਾਰਸ਼ਲ ਬਸੀਰੇਜ ਦੇ ਪਾਸ ਐਡੀਕਾਂਗ ਰਹਿ ਚੁੱਕਾ ਸੀ। ਇਨ੍ਹਾਂ ਦੋਹਾਂ ਨੂੰ ਵੀ ਮਹਾਰਾਜਾ ਨੇ ਫੌਜ ਵਿੱਚ ਨੌਕਰ ਕਰ ਕੇ ਜਨਰਲ ਦਾ ਅਹੁੱਦਾ ਦਿੱਤਾ। ਕੋਰਟ ਸਾਹਿਬ ਨੇ ਤੋਪਖਾਨੇ ਤੇ ਪਲਟਣਾਂ ਦੀ ਸਿਖਾਈ ਦਾ ਕੰਮ ਕੀਤਾ। ਇਸ ਵਿੱਚ ਸੰਦੇਹ ਨਹੀਂ ਕਿ ਸ਼ੁਰੂ ਸ਼ੁਰੂ ਵਿੱਚ ਸਿੱਖ ਫੌਜ ਨੂੰ ਨਵੇਂ ਤਰ੍ਹਾਂ ਦੇ ਹਥ੍ਯਾਰ ਵੇਖ ਕੇ ਕੁਝ ਓਪਰਾਪਨ ਜਿਹਾ ਮਲੂਮ ਹੋਇਆ, ਕਿੰਤੂ ਜਦ ਮਹਾਰਾਜਾ ਸਾਹਿਬ ਨੇ ਆਪ ਯੂਰਪੀ ਢੰਗ ਵਰਤ ਕੇ ਫੌਜਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਫੌਜ ਯੂਰਪੀਨ ਅਫਸਰਾਂ ਦੀ ਨਿਗਰਾਨੀ ਵਿੱਚ ਹੋ ਗਈ ਤੇ ਓਹਨਾਂ ਦੀ ਤਨਖਾਹ ਵਿੱਚ ਵੀ ਤਰੱਕੀ ਹੋ ਗਈ ਤਾਂ ਓਹਨਾਂ ਦੀ ਵਰਦੀ ਵੀ ਯੂਰਪੀਨ ਮੁਲਕਾਂ ਵਾਲੀ ਕਰ ਦਿੱਤੀ ਗਈ। ਇਸ ਤੇ ਓਪਰਾਪਨ ਛੇਤੀ ਹੀ ਦੂਰ ਹੋ ਗਿਆ ਤੇ ਥੋੜ੍ਹੇ ਚਿਰ ਵਿੱਚ ਹੀ ਮਹਾਰਾਜਾ ਸਾਹਿਬ ਪਾਸ ਪੰਜਾਹ ਹਜ਼ਾਰ ਤੋਂ ਵਧੀਕ ਫੌਜ ਹਰ ਤਰ੍ਹਾਂ ਨਾਲ ਅੰਗਰੇਜ਼ੀ ਕਵਾਇਦ ਦੀ ਜਾਣੂ ਤੇ ਚੁਸਤ ਚਾਲਾਕ ਤਿਆਰ ਬਰ ਤਿਆਰ ਹੋ ਗਈ।
ਮਹਾਰਾਜਾ ਸਾਹਿਬ ਨੇ ਇਨ੍ਹਾਂ ਅਫਸਰਾਂ ਦੀਆਂ ਤਨਖਾਹਾਂ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਤੱਕ ਨੀਯਤ ਕੀਤੀਆਂ। ਜਾਗੀਰਾਂ ਤੇ ਸਾਲਾਨਾ ਇਨਾਮ ਇਸ ਤੋਂ ਵੱਖਰੇ ਸਨ, ਅਨਾਰਕਲੀ ਵਿੱਚ ਇਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਗਈ, ਜਿੱਥੇ ਇਨ੍ਹਾਂ ਨੇ ਵਜ਼ੀਰ ਖਾਂ ਦੀ ਸਰਾਂ ਦੇ ਪਾਸ ਆਪਣੀਆਂ ਵੱਡੀਆਂ ਵੱਡੀਆਂ ਕੋਠੀਆਂ ਤੇ ਬਗੀਚੇ ਆਦਿਕ ਬਣਵਾ ਲਏ ਤੇ ਇੱਕ ਬਜ਼ਾਰ ਵੀ ਬੜਾ ਖੁੱਲਾ ਬਣਵਾਇਆ। ਜਦ ਮਹਾਰਾਜਾ ਸਾਹਿਬ ਨੇ ਇਨ੍ਹਾਂ ਅੰਗ੍ਰੇਜ਼ਾਂ ਨੂੰ ਨੌਕਰ ਰੱਖਿਆ, ਤਦ ਇਨ੍ਹਾਂ ਤੋਂ ਤਿੰਨ ਗੱਲਾਂ ਦੀ ਸ਼ਰਤ ਕੀਤੀ ਗਈ:
(੧) ਗਊ ਮਾਸ ਨਹੀਂ ਖਾਣਗੇ।
(੨) ਦਾੜੀ ਨਹੀਂ ਮੁਨਾਣਗੇ।
(੩) ਤੰਬਾਕੂ ਨਹੀਂ ਪੀਣਗੇ।
ਪਹਿਲੀਆਂ ਦੋ ਸ਼ਰਤਾਂ ਦੀ ਤਾਂ ਪਾਬੰਦੀ ਅਖੀਰ ਵੇਲੇ ਤੱਕ ਕੀਤੀ ਗਈ, ਕਿੰਤੂ ਤੀਜੀ ਸ਼ਰਤ ਚੋਰੀ ਛਪੇ ਨਾਲ ਪਾਲੀ।
੧੫੫. ਹਜ਼ਾਰਾ ਦਾ ਰਾਜ ਵਿਦਰੋਹ ਤੇ ਫਤੇ
ਸ਼ੁਰੂ ੧੮੭੯ ਬਿਕ੍ਰਮੀ ਵਿੱਚ ਖ਼ਬਰ ਪੁੱਜੀ ਕਿ ਹਜ਼ਾਰੇ ਦੇ ਜ਼ਿਲ੍ਹੇ ਦੇ ਅਫਗਾਨਾਂ ਨੇ ਇਕੱਠੇ ਹੋ ਕੇ ਰਾਜ ਵਿਦਰੋਹ ਕਰਨ ਦੀ ਸਲਾਹ ਕੀਤੀ ਹੈ। ਮੁਹੰਮਦ ਅਜ਼ੀਮ ਖਾਂ ਜਿਸ ਨੂੰ ਓਹਦੇ ਭਰਾ ਮੁਹੰਮਦ ਖਾਂ ਦੀ ਜਗ੍ਹਾ ਨੀਯਤ ਕੀਤਾ ਗਿਆ ਸੀ, ਓਹ ਵੀ ਓਹਨਾਂ ਦੀ ਮਦਦ ਕਰਨ ਲਈ ਪਿਸ਼ਾਵਰ ਵਲੇ ਜਾਣ ਲੱਗਾ ਹੈ। ਇਹਨਾਂ ਦੀ ਮਨਸ਼ਾ ਇਹ ਹੈ ਕਿ ਅਟਕ ਦੇ ਇਲਾਕੇ ਵਿੱਚੋਂ ਸਿੱਖਾਂ ਦਾ ਕਬਜ਼ਾ ਹਟਾ ਦਿੱਤਾ ਜਾਏ। ੧੦ ਹਜ਼ਾਰ ਪਠਾਣ ਇਕੱਠੇ ਹੋ ਗਏ ਹਨ ਤੇ ਦਿਨ ਪ੍ਰਤਿ ਦਿਨ ਵਧਦੇ ਜਾ ਰਹੇ ਹਨ। ਮਹਾਰਾਜਾ ਨੇ ਇਹ ਗੱਲ ਸੁਣਦੇ ਹੀ ਮਿਸਰ ਦੀਵਾਨ ਚੰਦ ਨੂੰ ਇੱਕ ਬੜੀ ਤਕੜੀ ਫੌਜ ਦੇ ਕੇ ਉਧਰ ਚੜ੍ਹਾਈ ਕਰਨ ਦਾ ਹੁਕਮ ਕਰ ਦਿੱਤਾ, ਜਿਸ ਨੇ ਅਟਕ ਦੇ ਪਾਸ ਅੱਪੜ ਕੇ ਸ਼ਤਰੂ ਨਾਲ ਜੰਗ ਸ਼ੁਰੂ ਕਰ ਦਿੱਤੀ। ਪਠਾਣਾਂ ਦੀ ਗਿਣਤੀ ਵਧੀਕ ਸੀ। ਇਸ ਕਰ ਕੇ ਓਹਨਾਂ ਨੂੰ ਤਿੰਨ ਚਾਰ ਜੰਗ ਕਰ ਕੇ ਖਿੰਡਾਣ ਵਿੱਚ ਕਾਮਯਾਬੀ ਨਹੀਂ ਹੋਈ, ਜਿਸ ਤੇ ਮਿਸਰ ਦੀਵਾਨ ਚੰਦ ਨੇ ਇੱਕ ਸਾਂਢਣੀ ਸਵਾਰ ਲਾਹੌਰ ਦੁੜਾਇਆ, ਜਿਸ ਦੇ ਪੁੱਜਣ ਤੇ ਜਨਰਲ ਅਲਾਹੀ ਬਖ਼ਸ਼ ਦਾ ਤੋਪਖਾਨਾ ਤੇ ਧੌਂਕਲ ਸਿੰਘ ਦੀਆਂ ਪਲਟਨਾਂ ਭੇਜੀਆਂ ਤੇ ਜਨਵਰੀ ੧੮੨੩ ਨੂੰ ਆਪਣੇ ਬੀਮਾਰ ਹੋਣ ਦੀ ਹਾਲਤ ਵਿੱਚ ਵੀ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ, ਕਿੰਤੂ ਧੌਂਕਲ ਸਿੰਘ ਦੀਆਂ ਪਲਟਨਾਂ ਦੇ ਪੁੱਜਣ ਅਤੇ ਮਹਾਰਾਜਾ ਸਾਹਿਬ ਦੇ ਅੱਪੜਨ ਤੋਂ ਪਹਿਲਾਂ ਹੀ ਅਫ਼ਗਾਨਾਂ ਦੀ ਫੌਜ ਨੂੰ ਖਿੰਡਾ ਦਿੱਤਾ ਗਿਆ। ਜਦ ਮਹਾਰਾਜਾ ਜਾਂਦੇ ਵੇਰ ਦਰਯਾ ਏ ਜੇਹਲਮ ਤੋਂ ਪਾਰ ਹੋਏ, ਤਦ ਇਹਨਾਂ ਦੇ ਜਾਣ ਦੀ ਖ਼ਬਰ ਨੇ ਪਠਾਣਾਂ ਦੇ ਹੋਰ ਵੀ ਹੌਂਸਲੇ ਤੋੜ ਦਿੱਤੇ, ਜਿਸ ਤੋਂ ਓਹ ਮੈਦਾਨ ਵਿੱਚੋਂ ਨੱਸ ਟੁਰੇ। ਮਿਸਰ ਦੀਵਾਨ ਚੰਦ ਨੇ ਨੱਠ ਕੇ ਮੁਲਖੱਯੇ ਦਾ ਪਿੱਛਾ ਕੀਤਾ, ਤੇ ਓਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੁਹੰਮਦ ਅਜ਼ੀਮ ਖਾਂ ਨੂੰ ਵੀ ਖ਼ਾਸ ਕੰਮ
ਪੈ ਜਾਣ ਦੇ ਕਾਰਨ ਪਿੱਛੇ ਕਾਬਲ ਮੁੜ ਕੇ ਜਾਣਾ ਪਿਆ। ਜਦ ਮਹਾਰਾਜਾ ਨੂੰ ਇਸ ਗੱਲ ਦੀ ਖ਼ਬਰ ਮਿਲੀ। ਤਦ ਓਹਨਾਂ ਨੇ ਫੌਜ ਨੂੰ ਸ਼ਾਹਜ਼ਾਦਾ ਖੜਗ ਸਿੰਘ ਦੇ ਨਾਲ ਲਾਹੌਰ ਜਾਣ ਦਾ ਹੁਕਮ ਦਿੱਤਾ ਤੇ ਆਪ ਵਜ਼ੀਰਾਬਾਦ ਦੇ ਮੁਕਾਮ ਤੇ ਠਹਿਰ ਕੇ ਕੁਝ ਦਿਨ ਸ਼ਿਕਾਰ ਤੇ ਸੈਰ ਕਰਨ ਲੱਗੇ। ਇਸੇ ਜਗ੍ਹਾ ਮਹਾਰਾਜਾ ਸਾਹਿਬ ਨੂੰ ਖ਼ਬਰ ਮਿਲੀ ਕਿ ਜੰਮੂ ਦਾ ਹਾਕਮ ਕਿਸ਼ੋਰ ਸਿੰਘ ਮਰ ਗਿਆ ਹੈ।
੧੫੬. ਗੁਲਾਬ ਸਿੰਘ ਨੂੰ ਰਾਜਾ ਦਾ ਖਿਤਾਬ
ਮਹਾਰਾਜਾ ਸਾਹਿਬ ਕਿਸ਼ੋਰ ਸਿੰਘ ਤੇ ਬੜੇ ਖ਼ੁਸ਼ ਸਨ, ਕਿਉਂਕਿ ਉਸ ਨੇ ਪਹਾੜੀ ਇਲਾਕੇ ਦਾ ਪ੍ਰਬੰਧ ਬੜੀ ਚੰਗੀ ਤਰ੍ਹਾਂ ਕੀਤਾ ਸੀ। ਇਸ ਕਰ ਕੇ ਕਿਸ਼ੋਰ ਸਿੰਘ ਦੇ ਲੜਕੇ ਗੁਲਾਬ ਸਿੰਘ ਨੂੰ ਲਾਹੌਰ ਸਦ ਕੇ ਰਾਜੇ ਦਾ ਖ਼ਿਤਾਬ ਦਿੱਤਾ ਤੇ ਓਹਨੂੰ ਉਸ ਦੇ ਬਾਪ ਦੀ ਜਗ੍ਹਾ ਤੇ ਨੀਯਤ ਕਰ ਦਿੱਤਾ। ਕਿਸ਼ੋਰ ਸਿੰਘ ਦੇ ਤਿੰਨ ਲੜਕੇ ਸਨ: ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ। ਇਨ੍ਹਾਂ ਵਿੱਚ ਧਿਆਨ ਸਿੰਘ ਮਹਾਰਾਜੇ ਦਾ ਡੇਉਢੀ ਵਾਲਾ ਸੀ, ਇਸ ਨੂੰ ਵੀ ਮਹਾਰਾਜਾ ਸਾਹਿਬ ਨੇ ਰਾਜਾ ਦਾ ਖ਼ਿਤਾਬ ਦੇ ਕੇ ਆਪਣਾ ਮੁਸਾਹਬ ਬਣਾਇਆ ਤੇ ਸੁਚੇਤ ਸਿੰਘ ਨੂੰ ਫੌਜ ਦਾ ਜਰਨੈਲ ਬਣਾਇਆ।
੧੫੭. ਪਖਲੀ ਤੇ ਧਮਤੋੜ ਦੇ ਜ਼ਿੰਮੀਦਾਰਾਂ ਦੀ ਬਗਾਵਤ
ਇਹ ਇਲਾਕਾ ਸਰਦਾਰ ਹਰੀ ਸਿੰਘ ਨਲਵਾ ਨੂੰ ਜਾਗੀਰ ਵਿੱਚ ਮਿਲਿਆ ਸੀ। ਇਸ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਵਿਦਰੋਹ ਕਰ ਦਿੱਤਾ। ਸਰਦਾਰ ਹਰੀ ਸਿੰਘ ਇਹ ਖ਼ਬਰ ਸੁਣਦੇ ਹੀ ਇਸ ਇਲਾਕੇ ਵਿੱਚ ਅੱਪੜੇ ਤੇ ਇਹਨਾਂ ਲੋਕਾਂ ਨੂੰ ਇਨ੍ਹਾਂ ਦੇ ਅਪਰਾਧਾਂ ਦਾ ਦੰਡ ਦੇ ਕੇ ਸਿੱਧਿਆਂ ਕਰ ਦਿੱਤਾ। ਇੱਕ ਵਾਰ ਫਿਰ ਇਸ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਦਾਰ ਹਰੀ ਸਿੰਘ ਨਲੂਏ ਦਾ ਬੜੀ ਜਵਾਂ ਮਰਦੀ ਨਾਲ ਡਟ ਕੇ ਮੁਕਾਬਲਾ ਕੀਤਾ, ਕਿੰਤੂ ਓਹਨਾਂ ਦੇ ਪੈਰ ਛੇਤੀ ਹੀ ਉੱਖੜ ਗਏ ਤੇ ਤਿੰਨ ਹਜ਼ਾਰ ਦੇ ਕਰੀਬ ਪਠਾਣ ਇਸ ਲੜਾਈ ਵਿੱਚ ਖਾਲਸੇ ਦੀ ਤਲਵਾਰ ਦੀ ਭੇਟ ਹੋਏ। ਜੋ ਫੱਟੜ ਹੋਏ ਸਨ, ਓਹਨਾਂ ਦੀ ਤਾਂ ਗਿਣਤੀ ਕਰਨੀ ਹੀ ਔਖੀ ਸੀ।
੧੫੮. ਰੋਹਤਾਸ ਦੇ ਮੁਕਾਮ ਤੇ ਫੌਜ ਦੀ ਗਿਣਤੀ
ਰੋਹਤਾਸ ਦੇ ਮੁਕਾਮ ਤੇ ਮਹਾਰਾਜਾ ਸਾਹਿਬ ਅੱਪੜੇ। ਦੁਸਹਿਰਾ ਹੋ ਚੁੱਕਾ ਸੀ, ਆਪ ਨੇ ਸਾਰੀ ਫੌਜ ਦੀ ਗਿਣਤੀ ਲੈਣ ਦਾ ਯਤਨ ਕੀਤਾ। ਹੁਕਮ ਭੇਜਿਆ ਕਿ ਹਰ ਇੱਕ ਰਈਸ ਆਪਣੀ ਠੀਕ ਫੌਜ ਨੂੰ ਨਾਲ ਲੈ ਕੇ ਅੱਪੜੇ, ਜੋ ਨਾ ਆਵੇਗਾ ਜਾਂ ਜਿਸ ਦੀ ਫੌਜ ਦੀ ਵਰਦੀ ਠੀਕ ਨਾ ਹੋਵੇਗੀ, ਓਸ ਤੋਂ ਸਖ਼ਤ ਨੋਟਸ ਲਿਆ ਜਾਵੇਗਾ। ਸੋ ਅਜਿਹਾ ਹੀ ਹੋਇਆ ਕਿ ਸਾਰੇ ਰਈਸ ਆਪਣੀ ਆਪਣੀ ਸੈਨਾ ਸਮੇਤ ਰੋਹਤਾਸ ਅੱਪੜ ਗਏ। ਮਹਾਰਾਜਾ ਸਾਹਿਬ ਨੇ ਆਪ ਬੈਠ ਕੇ ਹਾਜ਼ਰੀ ਲਈ। ਜਿਨ੍ਹਾਂ ਦੀ ਫੌਜ ਤਿਆਰ ਬਰ ਤਿਆਰ ਨਹੀਂ ਸੀ, ਓਹਨਾਂ ਨੂੰ ਝਾੜ ਝੰਬ ਕੀਤੀ ਤੇ ਅੱਗੋਂ ਨੂੰ ਅਜਿਹਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਹੋਣ ਦੀ ਧਮਕੀ ਦਿੱਤੀ। ਸਭ ਤੋਂ ਵਧੀਕ ਸਰਦਾਰ ਦਲ ਸਿੰਘ ਨੂੰ ਸ਼ਰਮਿੰਦਾ ਕੀਤਾ, ਜਿਸ ਤੋਂ ਇਸ ਨੇ ਆਤਮਘਾਤ ਕਰ ਲਿਆ। ਸਰਕਾਰ ਨੂੰ ਓਹਦੇ ਮਰਨੇ ਤੇ ਬੜਾ ਸ਼ੋਕ ਹੋਇਆ।
੧੫੯. ਪਿਸ਼ਾਵਰ ਤੋਂ ਨਜ਼ਰਾਨਾ ਲੈਣਾ ਤੇ ਮੁਹੰਮਦ ਅਜ਼ੀਮ ਖਾਂ ਦਾ ਜੰਗ ਦਾ ਇਸ਼ਤਹਾਰ
ਫ਼ਕੀਰ ਅਜ਼ੀਜ਼ਦੀਨ ਨੂੰ ਭੇਜ ਕੇ ਯਾਰ ਮੁਹੰਮਦ ਖਾਂ ਬਾਰਕਜ਼ੇਈ ਪਿਸ਼ਾਵਰ ਦੇ ਸੂਬੇਦਾਰ ਪਾਸੋਂ ਖਰਾਜ ਵਜੋਂ ਘੋੜੇ ਤੇ ਉਮਦਾ ਉਮਦਾ ਕੀਮਤੀ ਚੀਜ਼ਾਂ ਲੈ ਕੇ ਲਾਹੌਰ ਮੁੜਿਆ। ਤਦ ਮੁਹੰਮਦ ਅਜ਼ੀਮ ਖਾਂ ਨੇ ਬੜਾ ਕ੍ਰੋਧ ਕੀਤਾ ਤੇ ਓਹ ਯਾਰ ਮੁਹੰਮਦ ਖਾਂ ਤੋਂ ਪਿਸ਼ਾਵਰ ਛੁਡਾ ਲੈਣ ਲਈ ੧੮੮੦ ਬਿ. ਮਾਘ ਦੇ ਮਹੀਨੇ ਆ ਗਿਆ। ਜਲਾਲਾਬਾਦ ਤੋਂ ਚੱਲ ਕੇ ਜਦ ਖੈਬਰ ਦੇ ਦਰੇ ਤੱਕ ਦਾ ਇਲਾਕਾ ਇਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ, ਤਦ ਯਾਰ ਮੁਹੰਮਦ ਖਾਂ ਅਜ਼ੀਮ ਖਾਂ ਦੀ ਮਨਸ਼ਾ ਤੋਂ ਜਾਣੂ ਹੋ ਪਿਸ਼ਾਵਰ ਛੱਡ ਕੇ ਯੂਸਫ ਜੇਈ ਪਹਾੜ ਵਿੱਚ ਨੱਸ ਗਿਆ।
ਮੁਹੰਮਦ ਅਜ਼ੀਮ ਖਾਂ ੨੭ ਜਨਵਰੀ ੧੮੨੩ ਨੂੰ ਪਿਸ਼ਾਵਰ ਪੁੱਜਾ ਤੇ ਇਸ ਨੇ ਓਸੇ ਵੇਲੇ ਇੱਕ ਇਸ਼ਤਿਹਾਰ ਵੰਡਿਆ, ਜਿਸ ਵਿੱਚ ਲੋਕਾਂ ਨੂੰ ਕਿਹਾ ਕਿ ਇਹ ਲੜਾਈ ਮਜ੍ਹਬੀ ਲੜਾਈ ਹੈ, ਕਾਫਰ ਸਿੱਖਾਂ ਨੇ ਇਸਲਾਮੀ ਸਲਤਨਤ ਦਾ ਬਹੁਤ ਸਾਰਾ ਹਿੱਸਾ ਲੈ ਲਿਆ ਹੈ, ਜਿਸ ਤੋਂ ਛੁਡਾਣਾ ਸਾਡਾ ਫਰਜ਼ ਹੈ। ਇਸ ਵਾਸਤੇ ਹਰ ਮੁਸਲਮਾਨ ਨੂੰ ਜਹਾਦ ਦੇ ਵਾਸਤੇ ਸਾਡੇ ਝੰਡੇ ਦੇ ਹੇਠ ਆ ਜਾਣਾ ਚਾਹੀਦਾ ਹੈ। ਓਸ ਇਸ਼ਤਿਹਾਰ ਨੂੰ ਵੇਖ ਕੇ ਹਜ਼ਾਰਾਂ ਅਫ਼ਗਾਨ ਮਜ਼੍ਹਬ ਦੇ ਵਾਸਤੇ ਲੜਨ ਮਰਨ ਲਈ ਇਕੱਠੇ ਹੋ ਗਏ।
ਇਹ ਖ਼ਬਰ ਲਾਹੌਰ ਵਿੱਚ ਮਹਾਰਾਜਾ ਸਾਹਿਬ ਪਾਸ ਪੁੱਜੀ। ਤਦ ਓਹਨਾਂ ਫੌਰਨ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਇੱਕ ਬਲਵਾਨ ਫੌਜ ਦੇ ਕੇ ਭੇਜਿਆ ਤੇ ਓਹਨਾਂ ਦੇ ਜਾਣ ਦੇ ਮਗਰ ਹੀ ਸਰਦਾਰ ਹਰੀ ਸਿੰਘ ਨਲੂਆ ਦੀਵਾਨ ਕਿਰਪਾ ਰਾਮ ਸਰਦਾਰ ਅਤਰ ਸਿੰਘ ਤੇ ਸਰਦਾਰ ਧੰਨਾ ਸਿੰਘ ਆਦਿਕਾਂ ਨੂੰ ਸ਼ਾਹਜ਼ਾਦੇ ਦੀ ਫੌਜ ਵਿੱਚ ਸ਼ਾਮਲ ਹੋਣ ਲਈ ਰਵਾਨਾ ਕੀਤਾ।
੧੬੦. ਅਫ਼ਗਾਨਾਂ ਦੇ ਨਾਲ ਲੜਾਈ ਕਿਲ੍ਹਾ ਜਹਾਂਗੀਰਾ ਤੇ ਸਿੱਖਾਂ ਦਾ ਕਬਜ਼ਾ ਤੇ ਫਿਰ ਭਯਾਨਕ ਲੜਾਈ
ਇਸ ਫੌਜ ਨੇ ਦਰਯਾ-ਏ-ਅਟਕ ਲੰਘ ਕੇ ਜਹਾਂਗੀਰਾਂ ਦੇ ਗਿਰਦ ਘੇਰਾ ਪਾ ਲਿਆ। ਸਿੱਖਾਂ ਤੇ ਪਠਾਣਾਂ ਦੀ ਇਸ ਮੁਕਾਮ ਤੇ ਖੂਬ ਲੜਾਈ ਹੋਈ, ਕਿੰਤੂ ਖਾਲਸੇ ਦੀ ਤੇਜ਼ ਤਲਵਾਰ ਦੇ ਸਾਹਮਣੇ ਅਫ਼ਗਾਨ ਨਾ ਠਹਿਰ ਸਕੇ। ਕਿੰਤੂ ਇਸ ਭਾਂਜ ਤੋਂ ਅਫ਼ਗਾਨ ਚੁੱਪ ਹੋਣ ਦੀ ਜਗ੍ਹਾ ਹੋਰ ਭੜਕ ਉੱਠੇ ਤੇ ਠਠੇਰੀ ਪਹਾੜੀ, ਜੋ ਅਟਕ ਤੋਂ ੧੮ ਕੋਹ ਲਹਿੰਦੇ ਵੱਲ ਹੈ; ਸਵਾਤ, ਬੋਨੇਰ, ਅਫਰੀਦ, ਖਟਕ ਆਦਿਕ ਅਸਥਾਨਾਂ ਦੇ ਪਠਾਣ ਕੀੜੀ ਦਲ ਵਾਂਗ ਇਕੱਠੇ ਹੋ ਕੇ ਆਪਣੇ ਮਜ੍ਹਬ ਦੇ ਨਾਮ ਤੇ ਲੜ ਮਰਨ ਲਈ ਇਕੱਠੇ ਹੋ ਗਏ। ਸਾਰੇ ਮੁੱਲਾਂ ਤੇ ਕਾਜ਼ੀਆਂ ਨੇ ਜਹਾਦ ਦਾ ਫਤਵਾ ਦੇ ਦਿੱਤਾ। ਮੁਹੰਮਦ ਅਜ਼ੀਮ ਖਾਂ ਦੇ ਪਾਸ ਪਿਸ਼ਾਵਰ ਵਿੱਚ ਬਾਕਾਇਦਾ ਫੌਜ ਤੋਂ ਵੱਖਰਾ ਮੁਲਖੱਯਾ ਵੀ ਬੜਾ ਇਕੱਠਾ ਹੋ ਗਿਆ ਸੀ। ਓਸ ਨੇ ਓਥੋਂ ਅੱਗੇ ਕਦਮ ਵਧਾਇਆ।
੧੬੧. ਅਟਕ ਦਾ ਮਹਾਰਾਜੇ ਨੂੰ ਰਾਹ ਦੇਣਾ
ਜਦ ਇਹ ਖ਼ਬਰ ਲਾਹੌਰ ਅੱਪੜੀ, ਤਦ ਮਹਾਰਾਜਾ ਸਾਹਿਬ ਨੇ ਦਰਯਾ-ਏ-ਰਾਵੀ ਲੰਘ ਕੇ ਸ਼ਾਹਦਰੇ ਸ਼ਾਹੀ ਫੌਜ ਦੀ ਗਿਣਤੀ ਲਈ। ਪਹਿਲਾਂ ਸ਼ਾਹਜ਼ਾਦਾ ਖੜਗ ਸਿੰਘ ਤੇ ਮਿਸਰ ਦੀਵਾਨ ਚੰਦ ਨੂੰ ਭੇਜਿਆ ਤੇ ਪਿੱਛੇ ਆਪ ਵੀ ਕੂਚ ਕੀਤਾ। ੧੩ ਮਾਰਚ ਨੂੰ ਮਹਾਰਾਜਾ ਸਾਹਿਬ ਅਟਕ ਦਰਯਾ ਦੇ ਕੰਢੇ ਤੇ ਪੁੱਜੇ। ਤੋਪਾਂ ਨੂੰ ਹਾਥੀਆਂ ਤੇ ਲਦਵਾ ਕੇ ਪਾਰ ਕੀਤਾ। ਜਦ ਫੌਜ ਲਈ ਕਿਸ਼ਤੀਆਂ ਨਾ ਮਿਲੀਆਂ, ਤਦ ਸੋਚਾਂ ਵਿੱਚ ਹੀ ਸੀ ਕਿ ਦਰਯਾ ਵਿੱਚ ਜ਼ੋਰ ਦਾ ਹੜ੍ਹ ਆ ਗਿਆ। ਪਾਰ ਜਾਣਾ ਵੀ ਬੜਾ ਜ਼ਰੂਰੀ ਸੀ। ਕੋਈ ਮਲਾਹ ਨਾਲ ਲੈ ਜਾਣ ਦਾ ਹੌਸਲਾ ਨਹੀਂ ਕਰਦਾ ਸੀ।
ਮਹਾਰਾਜਾ ਸਾਹਿਬ ਨੇ ਖੜ੍ਹੇ ਹੋ ਗਲ ਵਿੱਚ ਦੁਪੱਟਾ ਪਾ ਅਰਦਾਸਾ ਸੋਧਿਆ ਤੇ ਘੋੜੇ ਤੇ ਅਸਵਾਰ ਹੋ ਘੋੜੇ ਨੂੰ ਅੱਡੀ ਲਾ ਦਰਯਾ ਵਿੱਚ ਕੁਦਾਂਦੇ ਹੋਏ ਕਿਹਾ ਕਿ: ਅਟਕ ਓਸ ਦੇ ਵਾਸਤੇ 'ਅਟਕ' (ਰੋਕ) ਹੈ, ਜਿਸ ਦੇ ਦਿਲ ਵਿੱਚ 'ਅਟਕ' ਹੈ। ਜਿਸ ਦੇ ਦਿਲ ਵਿੱਚ ਅਟਕ ਨਹੀਂ, ਉਸ ਦੇ ਵਾਸਤੇ ਅਟਕ (ਦਰਯਾ) ਅਟਕ (ਰੋਕ) ਨਹੀਂ ਹੋ ਸਕਦਾ।
ਆਪ ਘੋੜੇ ਨੂੰ ਕੁਦਾਂਦੇ ਦਰਯਾ ਦੇ ਪਾਰ ਹੋ ਗਏ। ਆਪ ਦੇ ਪਿੱਛੇ ਲਗਭਗ ਸਾਰੀ ਫੌਜ ਪਾਰ ਹੋ ਗਈ, ਇੰਨਾ ਸਮਾਂ ਅਟਕ ਵਿੱਚ ਪਾਣੀ ਇਤਨਾ ਘੱਟ ਗਿਆ ਕਿ ਮਾਮੂਲੀ ਆਦਮੀ ਦੇ ਗੋਡੇ ਗੋਡੇ ਹੋ ਗਿਆ। ਜਦ ਮਹਾਰਾਜਾ ਸਾਹਿਬ ਨੇ ਪਾਰ ਆਓਣ ਤੋਂ ਰੋਕਿਆ ਤਦ ਜੋ ਪਿੱਛੇ ਦਰਯਾ ਵਿੱਚ ਉੱਤਰੇ, ਓਹ ਰੁੜ੍ਹ ਗਏ ਕਿਹਾ ਜਾਂਦਾ ਹੈ ਕਿ ਇੰਜ ੫੦੦ ਦੇ ਕਰੀਬ ਪਿੱਛੇ ਦਰਯਾ ਵਿੱਚ ਉੱਤਰਨ ਵਾਲੇ ਰੁੜ੍ਹਦੇ ਮਰ ਗਏ।
ਫਕੀਰ ਅਜ਼ੀਜ਼ਦੀਨ ਉਸ ਵੇਲੇ ਮਹਾਰਾਜੇ ਦੇ ਨਾਲ ਸੀ, ਉਸ ਨੇ ਆਪਣੀ ਨੋਟ ਬੁਕ ਵਿੱਚ ਇਸ ਘਟਨਾ ਨੂੰ ਅੱਖੀਂ ਡਿੱਠਾ ਲਿਖਿਆ ਹੈ ਤੇ ਕਿਹਾ ਹੈ ਕਿ ਇਹ ਮਹਾਰਾਜਾ ਸਾਹਿਬ ਦੇ ਇਕਬਾਲ ਤੇ ਵਾਹਿਗੁਰੂ ਦੀ ਮਦਦ ਦੇ ਅਚੰਭੇ ਦੀ ਗੱਲ ਸੀ, ਕਿਉਂਕਿ ਓਹ ਦਰਿਆ ਅਟਕ ਜਿਸ ਵਿੱਚ
ਕਿਸ਼ਤੀਆਂ ਵਿੱਚ ਬੈਠ ਕੇ ਪਾਰ ਉੱਤਰਨ ਵਾਲਿਆਂ ਦੇ ਕਲੇਜੇ ਵੀ ਡੋਲ ਜਾਂਦੇ ਹਨ, ਫਿਰ ਉਸ ਵੇਲੇ ਜਦ ਹੜ੍ਹ ਆ ਜਾਣ ਤੇ ਦਰਯਾ ਹੋਰ ਵੀ ਜ਼ੋਰਾਂ ਤੇ ਹੋਵੇ, ਪੈਦਲ ਪਾਰ ਹੋ ਜਾਣਾ ਸਚਮੁਚ ਵਾਹਿਗੁਰੂ ਦਾ ਚੋਜ ਤੇ ਮਹਾਰਾਜੇ ਦਾ ਇਕਬਾਲ ਹੀ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜੇ ਦੇ ਨਾਲ ਨਾਲ ਇੱਕ ਸਪਾਹ ਦੀ ਭੇਡ ਨੇ ਵੀ ਜਿਸ ਦੇ ਗਲੇ ਵਿੱਚ ਘਿਓ ਦੀ ਕੁਪੀ ਬੱਧੀ ਹੋਈ ਸੀ, ਦਰ੍ਯਾ ਲੰਘੀ। ਮਹਾਰਾਜਾ ਦੀ ਨਜ਼ਰ ਓਸ ਭੇਡ ਤੇ ਪੈ ਗਈ, ਆਪ ਨੇ ਖ਼ੁਸ਼ ਹੋ ਕੇ ਓਹਦਾ ਰੋਜ਼ੀਨਾ ਨੀਯਤ ਕਰ ਦਿੱਤਾ।
ਖ਼ਾਸ ਭਰੋਸੇ ਤੇ ਜੋ ਮੁਹੰਮਦ ਅਜ਼ੀਮ ਖਾਂ ਨੇ ਲੜਾਈ ਸ਼ੁਰੂ ਕੀਤੀ ਸੀ, ਮਾਰੇ ਗਏ। ਦੂਜੇ ਦਿਨ ਮਹਾਰਾਜਾ ਨੇ ਫਤਹ ਦਾ ਕਦਮ ਅੱਗੇ ਵਧਾਇਆ ਤੇ ਹਸ਼ਤ ਨਗਰ ਤੇ ਆਪਣਾ ਕਬਜ਼ਾ ਕਰ ਕੇ ੧੭ ਮਾਰਚ ਨੂੰ ਖ਼ਾਸ ਪਿਸ਼ਾਵਰ ਵਿੱਚ ਦਾਖਲ ਹੋਇਆ। ਸਿੱਖਾਂ ਦਾ ਲਸ਼ਕਰ ਸਾਰੇ ਮੁਲਕ ਖ਼ੈਬਰ ਪਾਸ ਤੱਕ ਫਿਰ ਗਿਆ। ਮਹਾਰਾਜਾ ਨੇ ਹੁਕਮ ਦਿੱਤਾ ਕਿ ਪਿਸ਼ਾਵਰ ਸ਼ਹਿਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਅੱਪੜੇ। ਇਨ੍ਹਾਂ ਹੀ ਦਿਨਾਂ ਵਿੱਚ ਯਾਰ ਮੁਹੰਮਦ ਖਾਂ ਨੇ ਪੰਜ ਘੋੜੇ, ਜਿਨ੍ਹਾਂ ਵਿੱਚ ਇੱਕ ਗੌਹਰ ਨਾਮ ਦਾ ਬੜਾ ਮਸ਼ਹੂਰ ਘੋੜਾ ਸੀ ਤੇ ਜਿਸ ਦੀ ਤਾਰੀਫ਼ ਸੁਣ ਕੇ ਮਹਾਰਾਜਾ ਸਾਹਿਬ ਓਸ ਦੇ ਲੈਣ ਦੀ ਮੁਦਤ ਤੋਂ ਫਿਕਰ ਵਿੱਚ ਸਨ, ਲਿਆ ਕੇ ਪੇਸ਼ ਕੀਤੇ। ਮਹਾਰਾਜਾ ਗੋਹਰਬਾਦ ਨੂੰ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਯਾਰ ਮੁਹੰਮਦ ਖਾਂ ਤੋਂ ਇੱਕ ਲੱਖ ਦੀ ਜਗ੍ਹਾ ਸਵਾ ਲੱਖ ਰੁਪਯਾ ਖਰਾਜ ਦਾ ਲੈਣਾ ਕਰ ਕੇ ਪਿਸ਼ਾਵਰ ਦੀ ਹਕੂਮਤ ਫਿਰ ਉਸ ਨੂੰ ਦੇ ਦਿੱਤੀ ਤੇ ਆਪ ਫੌਜ ਸਮੇਤ ਵਾਪਸ ਮੁੜ ਆਇਆ।
੧੬੨. ਅੰਮ੍ਰਿਤਸਰ ਦੀ ਸ਼ਹਿਰ ਪਨਾਹ ਤੇ ਜਿੱਤ ਦੀ ਖ਼ੁਸ਼ੀ
੧੬ ਵਿਸਾਖ ੧੮੮੦ ਮੁਤਾਬਕ ੨੬ ਅਪ੍ਰੈਲ ੧੮੨੩ ਨੂੰ ਮਹਾਰਾਜਾ ਲਾਹੌਰ ਵਿੱਚ ਦਾਖਲ ਹੋਇਆ ਤੇ ਇਸ ਫਤਹ ਦੀ ਖ਼ੁਸ਼ੀ ਵਿੱਚ ਉਸ ਨੇ ੨੫ ਹਜ਼ਾਰ ਰੁਪਯਾ ਸ੍ਰੀ ਅੰਮ੍ਰਿਤਸਰ ਜੀ ਚੜ੍ਹਾਇਆ ਤੇ ਹੁਕਮ ਦਿੱਤਾ ਕਿ ਸ਼ਹਿਰ ਦੇ ਪਾਸੀਂ ਦੀਵਾਰ ਬਣਾਈ ਜਾਏ। ਸਰਦਾਰ ਫਤੇਹ ਸਿੰਘ ਆਹਲੂਵਾਲੀਆ ੧੦੦੦ ਰਾਜ ਲੈ ਕੇ ਆ ਗਿਆ। ਸਰਦਾਰ ਦਲ ਸਿੰਘ ਤੇ ਦੇਸਾ ਸਿੰਘ ਹੋਰ ਸਰਦਾਰਾਂ ਤੇ ਜਾਗੀਰਦਾਰਾਂ ਨੇ ਵੀ ਮਦਦ ਭੇਜੀ। ਮਹਾਰਾਜਾ ਚਾਰ ਮਹੀਨੇ ਆਪ ਅੰਮ੍ਰਿਤਸਰ ਰਹਿ ਕੇ ਦੀਵਾਲੀ ਤੇ ਲਾਹੌਰ ਆ ਗਿਆ।
੧੬੩. ਸੰਸਾਰਚੰਦ ਦੀ ਮੌਤ
ਚੇਤਰ ੧੮੯੧ ਨੂੰ ਕਟੋਚ ਦੇ ਰਾਜਾ ਸੰਸਾਰ ਚੰਦ ਚਲਾਣਾ ਕਰ ਗਿਆ। ਮਹਾਰਾਜਾ ਨੇ ਉਸ ਦੇ ਲੜਕੇ ਅਨਰੋਧ ਚੰਦ ਤੋਂ ੨ ਲੱਖ ਰੁਪਯਾ ਮੰਗਿਆ। ਉਸ ਨੇ ਇੱਕ ਲੱਖ ਉਸ ਵੇਲੇ ਦਿੱਤਾ ਤੇ ਇੱਕ ਲੱਖ ਫਿਰ ਦੇਣਾ ਕਰ ਕੇ ਬਾਪ ਦੀ ਜਗ੍ਹਾ ਆਪਣੇ ਨਾਮ ਲਿਖਵਾ ਲਈ।
੧੬੪. ਰਾਮਾਨੰਦ ਦੀ ਮੌਤ
ਇਨ੍ਹਾਂ ਹੀ ਦਿਨਾਂ ਵਿੱਚ ਰਾਮਾਨੰਦ ਅੰਮ੍ਰਿਤਸਰ ਦਾ ਸ਼ਾਹੂਕਾਰ ਬਹੁਤ ਸਾਰਾ ਧਨ ਛੱਡ ਕੇ ਮਰ ਗਿਆ, ਜਿਸ ਵਿੱਚੋਂ ਚੋਖਾ ਲਾਹੌਰ ਦੀ ਚਾਰਦੀਵਾਰੀ ਤੇ ਲੱਗਾ।
੧੬੫. ਮਿਸਰ ਦੀਵਾਨ ਚੰਦ ਦੀ ਮੌਤ
ਮਿਸਰ ਦੀਵਾਨ ਚੰਦ ਜੋ ਮਹਾਰਾਜਾ ਦਾ ਬੜਾ ਸੁਭਚਿੰਤਕ ਤੇ ਬਹਾਦਰ ਸੀ, ਇਸੇ ਸਾਲ ਚਲਾਣਾ ਕਰ ਗਿਆ। ਦੀਵਾਨ ਚੰਦ ਦੇ ਭਾਈ ਸੁਖਦਿਆਲ ਨੂੰ ਓਸ ਦੀ ਜਗ੍ਹਾ ਨੀਯਤ ਕੀਤਾ ਤੇ ਇਸੇ ਸਾਲ ਮਹਾਰਾਜਾ ਨੇ ਪਹਾੜੀ ਰਾਜਿਆਂ ਤੋਂ ਜੋ ਖਰਾਜ ਮਿਲਦਾ ਸੀ, ਓਹਨੂੰ ਅੱਗੇ ਨਾਲੋਂ ਡੇਉਢਾ ਕਰ ਦਿੱਤਾ।
੧੬੬. ਯੂਸਫ਼ਜ਼ੇਈ ਪਠਾਣਾਂ ਤੇ ਫਤਹ
ਦੁਸਹਿਰਾ ਕਰ ਕੇ ਮਹਾਰਾਜਾ ਸਾਹਿਬ ਵਜ਼ੀਰਾਬਾਦ ਸੈਰ ਤੇ ਸ਼ਿਕਾਰ ਦੇ ਵਾਸਤੇ ਗਏ। ਇੱਥੇ ਗਿਆਂ ਅਜੇ ਥੋੜ੍ਹੇ ਦਿਨ ਹੀ ਹੋਏ ਸਨ, ਖ਼ਬਰ ਪੁੱਜੀ ਕਿ ਪਿਸ਼ਾਵਰ ਦੇ ਇਲਾਕੇ ਦੇ ਯੂਸਫਜ਼ੇਈ ਪਠਾਣਾਂ ਨੇ
ਬਗਾਵਤ ਕਰ ਦਿੱਤੀ ਹੈ ਤੇ ਦਰਬੰਦ ਦੇ ਕਿਲ੍ਹੇ ਵਿੱਚ ਸਿੱਖ ਫੌਜ ਨੂੰ ਘੇਰਾ ਪਾ ਰੱਖਿਆ ਹੈ। ਇਹ ਗੱਲ ਸੁਣਦੇ ਹੀ ਮਹਾਰਾਜਾ ਸਾਹਿਬ ਨੇ ਉਸ ਪਾਸੇ ਕੂਚ ਕਰ ਦਿੱਤਾ। ਅਫ਼ਗਾਨ ਮਹਾਰਾਜੇ ਦੀ ਅਵਾਈ ਸੁਣ ਕੇ ਨੱਸ ਗਏ ਤੇ ਦਰਬੰਦ ਦਾ ਘੇਰਾ ਛੱਡ ਗਏ। ਅਟਕ ਦਾ ਪਾਸ ਅੱਪੜਨ ਤੇ ਮਹਾਰਾਜਾ ਨੂੰ ਪਠਾਣਾਂ ਦੀਆਂ ਟਾਂਵੀਆਂ ਟਾਂਵੀਆਂ ਝੰਡੀਆਂ ਨਜ਼ਰੀ ਆਈਆਂ, ਜਿਨ੍ਹਾਂ ਨੂੰ ਵੇਖ ਕੇ ਮਹਾਰਾਜਾ ਨੇ ਦਰਯਾ ਲੰਘ ਕੇ ਹਮਲਾ ਕਰ ਦਿੱਤਾ। ਮਾਮੂਲੀ ਜਿਹੀ ਲੜਾਈ ਨਾਲ ਹੀ ਪਠਾਣ ਨੱਸ ਟੁਰੇ। ਸਿੱਖਾਂ ਨੇ ਥੋੜ੍ਹੀ ਦੂਰ ਤੱਕ ਓਹਨਾਂ ਦਾ ਪਿੱਛਾ ਕਰ ਕੇ ਚੰਗੀ ਖ਼ਬਰ ਲਈ। ਦੂਜੇ ਦਿਨ ਮਹਾਰਾਜੇ ਨੇ ਛੜੀ ਸਵਾਰੀ ਗੜ੍ਹੀ ਲਕਵਾ ਵੱਲ ਗਏ। ਉੱਥੇ ਯਾਰ ਮੁਹੰਮਦ ਖਾਂ ਪਿਸ਼ਾਵਰ ਦਾ ਹਾਕਮ ਹਾਜ਼ਰ ਹੋਇਆ। ੧੮ ਮੱਘਰ ਨੂੰ ਮਹਾਰਾਜਾ ਸਾਹਿਬ ਇਧਰੋਂ ਮੁੜ ਕੇ ਵਾਪਸ ਚੱਲ ਪਏ। ਪਹਿਲਾਂ ਹਸਨ ਅਬਦਾਲ ਅੱਪੜ ਕੇ ਪੰਜੇ ਸਾਹਿਬ ਦੇ ਦਰਸ਼ਨ ਕੀਤੇ। ੨੨ ਪੋਹ ਤੱਕ ਲਾਹੌਰ ਪੁੱਜ ਗਏ।
੧੬੭. ਦੀਵਾਨ ਮੋਹਕਮ ਚੰਦ ਦੇ ਘਰਾਣੇ ਤੇ ਕ੍ਰੋਪੀ
ਸੰਮਤ ੧੮੮੨ ਬਿਕ੍ਰਮੀ ਦੇ ਆਰੰਭ ਵਿੱਚ ਦੀਵਾਨ ਮੋਤੀ ਰਾਮ (ਮੁਹਕਮ ਚੰਦ ਦਾ ਪੁਤ੍ਰ) ਕਸ਼ਮੀਰ ਦਾ ਹਾਕਮ ਸੀ। ਓਹਨੂੰ ਮੁਅੱਤਲ ਕਰ ਕੇ ਲਾਹੌਰ ਸੱਦਿਆ ਗਿਆ ਤੇ ੭੦੦੦੦ ਰੁਪਯਾ ਉਸ ਤੇ ਜੁਰਮਾਨਾ ਹੋਇਆ ਤੇ ਓਹਦੇ ਲੜਕੇ ਕਿਰਪਾ ਰਾਮ ਜਿਸ ਤੇ ਦੂਸ਼ਣ ਸੀ ਕਿ ਇਸ ਨੇ ਦਰਬੰਦ ਦੀ ਲੜਾਈ ਵਿੱਚ ਸੱਦੇ ਜਾਣ ਤੇ ਵੀ ਥੋੜ੍ਹੀ ਮਦਦ ਦਿੱਤੀ ਹੈ, ਕੈਦ ਕਰ ਦਿੱਤਾ ਗਿਆ। ਗੁਰਮੁਖ ਸਿੰਘ ਤੇ ਦੀਵਾਨ ਚੂਨੀ ਲਾਲ ਨੂੰ ੨੭ ਲੱਖ ੫੦ ਹਜ਼ਾਰ ਦਾ ਠੇਕਾ ਕਸ਼ਮੀਰ ਦੇ ਮੁਲਕ ਦਾ ਦਿੱਤਾ ਗਿਆ। ਕ੍ਰਿਪਾਰਾਮ ਦੀ ਮਿੰਨਤ ਕਰਨ ਤੇ ਫਿਰ ਓਹਨੂੰ ਛੱਡ ਦਿੱਤਾ ਤੇ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ ਗਿਆ। ਸ੍ਰੀ ਨਗਰ ਵਿੱਚ ਰਾਮ ਬਾਗ਼ ਦੀ ਇਮਾਰਤ, ਜਿਸ ਵਿੱਚ ਗੁਲਾਬ ਸਿੰਘ ਦੀ ਸਮਾਧ ਹੈ, ਇਸੇ ਨੇ ਬਣਵਾਇਆ ਸੀ।
ਇਸੇ ਸਾਲ ਸਰਦਾਰ ਫਤਹ ਸਿੰਘ ਆਹਲੂਵਾਲੀਆ ਕਿਸੇ ਗੱਲੋਂ ਮਹਾਰਾਜਾ ਨਾਲ ਅਨਬਣ ਹੋ ਜਾਣ ਦੇ ਕਾਰਨ ਨੱਸ ਕੇ ਅੰਗਰੇਜ਼ਾਂ ਦੇ ਇਲਾਕੇ ਵਿੱਚ ਚਲਾ ਗਿਆ। ਜਦ ਓਹਨਾਂ ਨੇ ਇਸ ਦੀ ਮਦਦ ਨਾ ਕੀਤੀ, ਤਦ ਫਿਰ ਮੁੜ ਕੇ ਆਪਣੇ ਮੁਲਕ ਵਿੱਚ ਆ ਗਿਆ। ਇਸ ਦਾ ਪੂਰਾ ਹਾਲ ਕਪੂਰਥਲਾ ਦੀ ਰਿਆਸਤ ਦੇ ਵਿੱਚ ਦੱਸਿਆ ਗਿਆ ਹੈ।
੧੬੮. ਜਨਰਲ ਵੰਟੋਰਾ ਸਾਹਿਬ ਦਾ ਵਿਵਾਹ
ਜਨਰਲ ਵੰਟੋਰਾ ਨੇ ਲੁਧਿਆਣੇ ਦੀ ਇੱਕ ਯੂਰਪੀਨ ਲੇਡੀ ਨਾਲ ਆਪਣੇ ਰਿਵਾਜ ਅਨੁਸਾਰ ਲਾਹੌਰ ਸ਼ਹਿਰ ਵਿੱਚ ਵਿਆਹ ਕੀਤਾ। ੧੦ ਹਜ਼ਾਰ ਰੁਪਿਆ ਮਹਾਰਾਜਾ ਸਾਹਿਬ ਨੇ ਲੇਡੀ ਨੂੰ ਦਿੱਤਾ ਤੇ ੨੦ ਹਜ਼ਾਰ ਰੁਪਯਾ ਜਨਰਲ ਨੂੰ ਦਰਬਾਰੀਆਂ ਵੱਲੋਂ ਤੰਬੋਲ ਵਜੋਂ ਮਿਲ ਗਿਆ।
੧੬੯. ਕੋਟਲੇਰ ਦੇ ਕਿਲ੍ਹੇ ਦੀ ਫਤਹ
ਸੰਮਤ ੧੮੮੩ ਬਿਕ੍ਰਮੀ ਨੂੰ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਕੋਟਲੇਰ ਫਤਹ ਕੀਤਾ ਤੇ ਓਥੋਂ ਕੱਢੇ ਗਏ ਰਾਜਾ ਸ਼ਮਸ਼ੇਰ ਸਿੰਘ ਨੂੰ ੧੨ ਹਜ਼ਾਰ ਦੀ ਜਾਗੀਰ ਗੁਜ਼ਾਰੇ ਵਾਸਤੇ ਮਿਲੀ। ਇਸੇ ਸਾਲ ਦੀਵਾਨ ਗੰਗਾਰਾਮ ਨੇ ਚਲਾਣਾ ਕੀਤਾ। ਉਸ ਦੀ ਜਗ੍ਹਾ ਮਹਾਰਾਜੇ ਨੇ ਪੰਡਤ ਦੀਨਾਨਾਥ ਨੂੰ, ਜਿਸ ਤੋਂ ਪਿੱਛੋਂ ਰਾਜਾ ਦੀਨਾਨਾਥ ਦਾ ਖ਼ਿਤਾਬ ਮਿਲਿਆ, ਮੋਹਰ ਸੌਂਪੀ।
੧੭੦. ਗੰਡਗੜ੍ਹ ਦੇ ਜ਼ਿਮੀਦਾਰਾਂ ਦਾ ਫਸਾਦ
ਇਸੇ ਸਾਲ ਗੰਡ ਗੜ੍ਹ ਦੇ ਜ਼ਿਮੀਦਾਰਾਂ ਨੇ ਫਸਾਦ ਕਰ ਦਿੱਤਾ ਤੇ ਉੱਥੋਂ ਦੇ ਹਾਕਮ ਅਬਾਸ ਖਾਂ ਨੂੰ ਜੋ ਮਹਾਰਾਜੇ ਵੱਲੋਂ ਨੀਯਤ ਸੀ, ਕੈਦ ਕਰ ਲਿਆ। ਮਹਾਰਾਜਾ ਨੇ ਸਰਦਾਰ ਹਰੀ ਸਿੰਘ ਨਲਵਾ ਤੇ ਜਨਰਲ ਵੰਟੋਰਾ ਨੂੰ ਝਟਪਟ ਓਧਰ ਜਾਣ ਦਾ ਹੁਕਮ ਦਿੱਤਾ। ਗੰਡ ਗੜ੍ਹ ਦੇ ਪਾਸ ਜ਼ਿਮੀਦਾਰਾਂ ਨੇ ਸਰਕਾਰੀ ਫੌਜ ਦਾ ਟਾਕਰਾ ਵੀ ਕੀਤਾ, ਕਿੰਤੂ ਪੈਰ ਉੱਖੜ ਗਏ ਤੇ ਬਹੁਤ ਸਾਰੇ ਜਿਮੀਦਾਰ ਮਾਰੇ ਗਏ ਅਤੇ ਆਗੂ ਫੜੇ ਗਏ। ਅਬਾਸ ਖਾਂ ਖਟਕ ਦਾ ਛੁਟਕਾਰਾ ਹੋਇਆ।
੧੭੧. ਕਿਲ੍ਹਾ ਸ੍ਰੀ ਕੋਟ ਦੀ ਜਿੱਤ
ਇੱਥੋਂ ਸਰਦਾਰ ਹਰੀ ਸਿੰਘ ਤੇ ਜਨਰਲ ਵੰਟੋਰਾ ਨੇ ਚੱਲ ਕੇ ਕਿਲ੍ਹਾ ਸ੍ਰੀ ਕੋਟ ਨੂੰ ਘੇਰ ਲਿਆ। ਓਥੋਂ ਦੇ ਪਠਾਣ ਬੜੀ ਹਿੰਮਤ ਨਾਲ ਲੜੇ ਤੇ ੧੫ ਦਿਨਾਂ ਤੱਕ ਬਰਾਬਰ ਲੜਾਈ ਹੋਂਦੀ ਰਹੀ, ਕਿੰਤੂ ਅੰਤ ਨੂੰ ਪਠਾਣ ਕਿਲ੍ਹਾ ਛੱਡ ਕੇ ਨੱਸ ਗਏ। ਮਹਾਰਾਜਾ ਸ੍ਰੀ ਕੋਟ ਦੇ ਕਿਲ੍ਹੇ ਦੀ ਫਤਹ ਦੀ ਖ਼ਬਰ ਸੁਣ ਕੇ ਬੜਾ ਖ਼ੁਸ਼ ਹੋਇਆ।
੧੭੨. ਪਿਸ਼ਾਵਰ ਤੋਂ ਖਰਾਜ ਵਸੂਲ ਕੀਤਾ ਗਿਆ
ਸਰਦਾਰ ਹਰੀ ਸਿੰਘ ਨੇ ਮਹਾਰਾਜਾ ਸਾਹਿਬ ਦੇ ਹੁਕਮ ਨਾਲ ਪਿਸ਼ਾਵਰ ਦੇ ਯਾਰ ਮੁਹੰਮਦ ਖਾਂ ਤੋਂ ਇੱਕ ਲੱਖ ਰੁਪਯਾ ਹਾਲੇ ਦਾ ਵਸੂਲ ਕੀਤਾ।
੧੭੩. ਬਹਾਵਲਪੁਰ ਦੇ ਨਵਾਬ ਤੇ ਮੰਡੀ ਦੇ ਰਾਜੇ ਦੀ ਮੌਤ
ਇਸ ਸਾਲ ਅਰਥਾਤ ਅਪ੍ਰੈਲ ੧੮੨੬ ਬਿ. ਨੂੰ ਸਦੀਕ ਮੁਹੰਮਦ ਖਾਂ ਨਵਾਬ ਬਹਾਵਲਪੁਰ ਤੇ ਹਾਫਜ਼ ਅਹਿਮਦ ਖਾਂ ਜਾਗੀਰਦਾਰ ਡੇਹਰਾ ਅਸਮਾਈਲ ਖਾਂ ਜੋ ਮਨਕੇਰਾਂ ਦਾ ਨਵਾਬ ਰਹਿ ਚੁੱਕਾ ਸੀ ਤੇ ਰਾਜਾ ਜ਼ਾਲਮਸੈਨ ਮੰਡੀ ਵਾਲਾ ਆਦਿਕ ਕਈ ਪ੍ਰਸਿੱਧ ਆਦਮੀ ਚਲਾਣਾ ਕਰ ਗਏ। ਸੋ ਇਨ੍ਹਾਂ ਦੀ ਜਗ੍ਹਾ ਬੈਠਣ ਵਾਲਿਆਂ ਤੋਂ ਲਾਹੌਰ ਦਰਬਾਰ ਨੇ ਨਜ਼ਰਾਨੇ ਵਸੂਲ ਕੀਤੇ ੨੫ ਹਜ਼ਾਰ ਰੁਪੱਯਾ ਪਹਿਲੇ ਦੋ ਜਾਨਸ਼ੀਨਾਂ ਤੋਂ ੫੦ ਹਜ਼ਾਰ ਰੁਪੱਯਾ ਜ਼ਾਲਮ ਸਿੰਘ ਦੇ ਪੁੱਤਰ ਸੁਚੇਤ ਸਿੰਘ ਤੋਂ ਵਸੂਲ ਕੀਤਾ।
੧੭੪. ਮਹਾਰਾਜੇ ਦੀ ਬੀਮਾਰੀ
ਇਸੇ ਸਾਲ ਦੇ ਅਖੀਰ ਵਿੱਚ ਮਹਾਰਾਜਾ ਸਾਹਿਬ ਸਖ਼ਤ ਬੀਮਾਰ ਹੋ ਗਏ। ਪਹਿਲਾਂ ਹਕੀਮ ਅਜ਼ੀਜ਼ਓਦੀਨ ਤੇ ਇਨਾਇਤ ਸ਼ਾਹ ਦਾ ਇਲਾਜ ਹੋਂਦਾ ਰਿਹਾ। ਫਿਰ ਡਾਕਟਰ ਐਡਰਯੂ ਮਰੇ ਸਾਹਿਬ ਅੰਗਰੇਜ਼ ਲੁਧਿਆਣੇ ਤੋਂ ਸੱਦੇ ਗਏ, ਜਿਨ੍ਹਾਂ ਦੀ ਬੜੀ ਖਾਤਰ ਕੀਤੀ ਗਈ, ਕਿੰਤੂ ਇਲਾਜ ਹਕੀਮਾਂ ਦਾ ਹੀ ਰਿਹਾ, ਜਿਸ ਦੇ ਨਾਲ ਮਹਾਰਾਜਾ ਸਾਹਿਬ ਨੂੰ ਹੋਲੀ ਤੱਕ ਅਰਾਮ ਆ ਗਿਆ।
ਸੰਮਤ ੧੮੮੪ ਬਿਕ੍ਰਮੀ ਦੇ ਅੰਤ ਤੇ ੧੮੨੭ ਈਸਵੀ ਦੇ ਸ਼ੁਰੂ ਵਿੱਚ ਸੱਯਦ ਅਹਿਮਦ ਸ਼ਾਹ* ਨਾਮ ਦੇ ਇੱਕ ਮੁਤਅੱਸਬ ਮੁਸਲਮਾਨ ਨੇ ਪਿਸ਼ਾਵਰ ਵੱਲ ਆ ਕੇ ਯੂਸਫਜ਼ੇਈ ਲੋਕਾਂ ਨੂੰ ਭੜਕਾਇਆ, ਤੇ ਮੁਹੰਮਦੀ ਝੰਡਾ ਖੜ੍ਹਾ ਕਰ ਕੇ ਚਾਹਿਆ ਕਿ ਸਿੱਖਾਂ ਦੇ ਨਾਲ ਮਜ਼ਹਬੀ ਲੜਾਈ ਲੜਾਂ। ਇਹ ਖ਼ਬਰ ਮਹਾਰਾਜੇ ਦੇ ਕੰਨਾਂ ਤੱਕ ਪੁੱਜੀ, ਓਹਨਾਂ ਨੇ ਸਰਦਾਰ ਬੁਧ ਸਿੰਘ ਤੇ ਅਤਰ ਸਿੰਘ ਨੂੰ ਫੌਜ ਦੇ ਕੇ ਭੇਜਿਆ। ਜਦ ਇਹ ਸਰਦਾਰ ਦਰਯਾ-ਏ-ਅਟਕ ਲੰਘ ਕੇ ਅਕੋੜਾ ਦੇ ਨੇੜੇ ਪੁੱਜੇ, ਤਦ ਸੱਯਦ ਐਹਮਦ ਵੀ ਸਬਜ਼ ਝੰਡੇ ਲਈ ਆ ਗਿਆ ਤੇ ਲੜਾਈ
--------------------
*ਇਹ ਆਦਮੀ ਬਰੇਲੀ ਦਾ ਰਹਿਣ ਵਾਲਾ ਸੀ ਤੇ ਨਿੱਕੇ ਹੁੰਦਿਆਂ ਅਮੀਰ ਖਾਂ ਦੇ ਪਾਸ ਫੌਜ ਦਾ ਅਫਸਰ ਬਣ ਗਿਆ, ਕਿੰਤੂ ਮਰਹੱਟੇ ਤੇ ਪਿੰਡੋਰਿਆਂ ਦੀ ਲੜਾਈ ਮਗਰੋਂ ਇਸ ਦੀ ਕੌਮੀ ਤਾਕਤ ਕਮਜ਼ੋਰ ਹੋ ਗਈ ਤੇ ਸਰਕਾਰ ਅੰਗ੍ਰੇਜ਼ੀ ਨੇ ਇਸ ਨੂੰ ਖੁਦ ਮੁਖਤਾਰ ਹਾਕਮ ਨਾ ਮੰਨਿਆ। ਤਦ ਇਹ ਓਥੋਂ ਨੌਕਰੀ ਛੱਡ ਕੇ ਦਿੱਲੀ ਵੱਲ ਆਇਆ ਤੇ ਇੱਥੇ ਮੌਲਵੀ ਅਬਦਲ ਹਈ, ਮੌਲਵੀ ਮੁਹੰਮਦ ਅਸਮਾਈਲ ਤੇ ਮੌਲਦੀ ਅਬਦੁਲ ਅਜ਼ੀਜ਼ ਦੇ ਪਾਸ ਰਹਿਣ ਕਰ ਕੇ ਮਜ਼ਹਬੀ ਮਾਮਲਿਆਂ ਵਿੱਚ ਤਕੜਾ ਹੋ ਗਿਆ। ਇਸ ਨੇ ਇਸਲਾਮ ਦੀ ਤਰੱਕੀ ਵਾਸਤੇ ਸਾਰੇ ਹਿੰਦ ਵਿੱਚ ਲੈਕਚਰ ਦੇਣੇ ਸ਼ੁਰੂ ਕੀਤੇ। ਆਦਮੀ ਵਿਦਵਾਨ ਤੇ ਚੰਗਾ ਬੋਲਣ ਵਾਲਾ ਸੀ। ਜਿੱਥੇ ਜਾਂਦਾ, ਇੱਜਤ ਪਾਂਦਾ ਰਿਹਾ। ੧੮੨੨ ਈਸਵੀ ਨੂੰ ਕਲਕੱਤੇ ਗਿਆ। ਓਥੇ ਇਹਦੇ ਬਹੁਤ ਸਾਰੇ ਪੈਰੋਕਾਰ ਹੋ ਗਏ। ਫਿਰ ਮੱਕੇ ਹਜ ਕਰਨ ਚਲਾ ਗਿਆ। ਓਥੋਂ ਮੁੜ ਕੇ ਫਿਰ ਹਿੰਦ ਵਿੱਚ ਆ ਕੇ ਲੈਕਚਰ ਸ਼ੁਰੂ ਕਰ ਦਿੱਤੇ। ਦਿੱਲੀ ਆਇਆ ਤੇ ਆਪਣੇ ਪੁਰਾਣੇ ਮਜ਼ਹਬੀ ਸੁਧਾਰ ਤੇ ਇਸਲਾਮ ਦੀ ਉੱਨਤੀ ਬਾਬਤ ਕਈ ਗੱਲਾਂ ਲਿਖੀਆਂ ਸਨ। ਇੱਥੇ ਵੀ ਉਹਦੇ ਬਹੁਤੇ ਮੰਨਣ ਵਾਲੇ ਹੋ ਗਏ। ਇਸ ਨੇ ਲੋਕਾਂ ਨੂੰ ਕਿਹਾ ਕਿ ਕਾਫਰ ਸਿੱਖਾਂ ਨੇ ਇਸਲਾਮੀ ਸਲਤਨਤ ਨੂੰ ਬੜਾ ਨੁਕਸਾਨ ਪੁਚਾਇਆ ਹੈ। ਮੈਂ ਇਹਨਾਂ ਦੇ ਨਾਲ ਜੰਗ ਕਰਾਂਗਾ, ਮੇਰੀ ਸਹਾਇਤਾ ਕਰੋ ਤੇ ਰੁਪਏ ਤੇ ਆਦਮੀ ਦੇਵੋ। ੫੦੦ ਦੇ ਕਰੀਬ ਆਦਮੀਆਂ ਨੂੰ ਨਾਲ ਲੈ ਕੇ ਟਾਂਕ ਦੇ ਪੀਰ ਪਾਸ ਪੁੱਜਾ। ਇਸ ਦਾ ਪੀਰ ਮਰ ਚੁੱਕਾ ਸੀ। ਓਸ ਦੇ ਲੜਕੇ ਨੂੰ ਕਿਹਾ, ਜਿਸ ਤੋਂ ਮਦਦ ਲਈ। ਫਿਰ ਸ਼ਕਾਰਪੁਰ, ਖੈਰਪੁਰ ਹੋਂਦਾ ਹੋਇਆ ਸਿੰਧ ਦੇ ਮੁਲਕ ਵਿਚ ਗਿਆ। ਇੱਥੋਂ ਦੇ ਰਈਸ ਰੁਸਤਮ ਖਾਂ ਨੇ ਓਹਦੀ ਬੜੀ ਸਹਾਇਤਾ ਕੀਤੀ। ਉੱਥੋਂ ਕੰਧਾਰ ਗਿਆ, ਕਿੰਤੂ ਬਾਰਕਜੇਈ ਸਰਦਾਰਾਂ ਤੇ ਇਸ ਦਾ ਅਸਰ ਨਾ ਹੋਇਆ। ਇਸ ਕਰ ਕੇ ਦਰਯਾ ਕਾਬਲ ਲੰਘ ਕੇ ਪੰਜੇਰ ਦੇ ਮੁਕਾਮ ਤੇ ਪੁੱਜਾ ਤੇ ਇੱਥੇ ਯੂਸਫਜ਼ੇਈ ਕੌਮ, ਜਿਸ ਨੂੰ ਸਿੱਖਾਂ ਨਾਲ ਕੋਈ ਹੱਡ ਦਾ ਵੈਰ ਸੀ, ਆਪਣੇ ਨਾਲ ਮਿਲਾ ਕੇ ਸਬਜ਼ ਝੰਡਾ ਖੜਾ ਕਰ ਦਿੱਤਾ ਤੇ ਜਹਾਦ ਦਾ ਐਲਾਨ ਕੀਤਾ।
ਸ਼ੁਰੂ ਹੋ ਗਈ, ਪ੍ਰੰਤੂ ਸਿੱਖਾਂ ਦੇ ਸਾਹਮਣੇ ਓਹਦੀ ਕੋਈ ਪੇਸ਼ ਨਹੀਂ ਗਈ। ਸਿੱਖਾਂ ਨੇ ਹਜ਼ਾਰਾਂ ਪਠਾਣਾਂ ਨੂੰ ਓਥੇ ਢੇਰ ਕਰ ਲਿਆ ਤੇ ਸੱਯਦ ਐਹਮਦ ਨੱਸ ਕੇ ਪਹਾੜਾਂ ਤੇ ਚਲਾ ਗਿਆ।
੧੭੫. ਲੇਲੀ ਘੋੜੇ ਦੇ ਵਾਸਤੇ ਪਿਸ਼ਾਵਰ ਵੱਲ ਫੌਜ
ਮਹਾਰਾਜੇ ਨੂੰ ਖ਼ਬਰ ਮਿਲੀ ਕਿ ਯਾਰ ਮੁਹੰਮਦ ਖਾਂ ਸੂਬਾ ਪਿਸ਼ਾਵਰ ਦੇ ਪਾਸ ਲੇਲੀ ਨਾਮ ਦਾ ਘੋੜਾ ਹੈ, ਜੋ ਆਪਣੀ ਸੁੰਦ੍ਰਤਾ ਦੇ ਕਾਰਨ ਜਗਤ ਪ੍ਰਸਿੱਧ ਤੇ ਤੇਜ਼ ਚਾਲ ਦੇ ਕਾਰਨ ਹਵਾ ਵੀ ਪਿੱਛੇ ਸੁਟਦਾ ਹੈ। ਮਹਾਰਾਜਾ ਸਾਹਿਬ ਨੂੰ ਇਹ ਵੀ ਪਤਾ ਲੱਗਾ ਕਿ ਫਤਹ ਅਲੀਸ਼ਾਹ ਈਰਾਨ ਦਾ ਬਾਦਸ਼ਾਹ ਇਸ ਘੋੜੇ ਦੇ ਬਦਲੇ ੫੦ ਹਜ਼ਾਰ ਦੀ ਜਾਗੀਰ ਦੇਂਦਾ ਹੈ, ਕਿੰਤੂ ਇਸ ਨੇ ਨਹੀਂ ਦਿੱਤਾ। ਮਹਾਰਾਜਾ ਨੇ ਸਰਦਾਰ ਬੁਧ ਸਿੰਘ ਨੂੰ ਭੇਜ ਕੇ ਇਹ ਘੋੜਾ ਮੰਗ ਭੇਜਿਆ। ਉੱਤਰ ਵਿੱਚ ਯਾਰ ਮੁਹੰਮਦ ਖਾਂ ਨੇ ਬੜੇ ਸ਼ੋਕ ਨਾਲ ਕਿਹਾ ਕਿ ਓਹ ਘੋੜਾ ਮਰ ਚੁੱਕਾ ਹੈ, ਨਹੀਂ ਤਾਂ ਮੈਨੂੰ ਦੇਣ ਵਿੱਚ ਕੋਈ ਉਜ਼ਰ ਨਾ ਹੁੰਦਾ। ਮਹਾਰਾਜੇ ਨੂੰ ਖ਼ਬਰ ਮਿਲੀ ਕਿ ਇਹ ਝੂਠਾ ਬਹਾਨਾ ਹੈ ਤੇ ਇਹ ਵੀ ਪਤਾ ਲੱਗਾ ਕਿ ਸੁਲਤਾਨ ਮੁਹੰਮਦ ਖਾਂ ਦੇ ਭਰਾ ਸ਼ੇਰ ਮੁਹੰਮਦ ਖਾਂ ਦੇ ਪਾਸ ਇੱਕ ਅਜਿਹਾ ਹੀ ਘੋੜਾ ਹੈ, ਜਿਸ ਦਾ ਨਾਮ ਸ਼ੀਰੀ ਹੈ। ਸੋ ਮਹਾਰਾਜਾ ਨੇ ਸ਼ੁਰੂ ੧੮੮੪ ਵਿੱਚ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਜਨਰਲ ਵੰਟੋਰਾ ਨੂੰ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਕਿ ਜਿੱਕਣ ਹੋ ਸਕੇ, ਇਨ੍ਹਾਂ ਘੋੜਿਆਂ ਨੂੰ ਨਾਲ ਲੈ ਆਓਣਾ। ਜਦ ਸ਼ਾਹਜ਼ਾਦਾ ਸ਼ੇਰ ਸਿੰਘ ਪਿਸ਼ਾਵਰ ਦੇ ਪਾਸ ਪੁੱਜਾ, ਤਦ ਯਾਰ ਮੁਹੰਮਦ ਖਾਂ ਨੱਠ ਕੇ ਦਰਾ ਖ਼ੈਬਰ ਵੱਲ ਚਲਾ ਗਿਆ। ਪਿਸ਼ਾਵਰ ਖ਼ਾਲੀ ਸੀ, ਮਹਾਰਾਜਾ ਸ਼ੇਰ ਸਿੰਘ ਨੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ ਤੇ ਅੱਠ ਮਹੀਨੇ ਤੱਕ ਓਥੇ ਹੀ ਰਿਹਾ। ਅੰਤ ਨੂੰ ਸੁਲਤਾਨ ਮੁਹੰਮਦ ਖਾਂ ਨੇ ਆਪਣੀ ਲਿਆਕਤ ਤੇ ਹੁਸ਼ਿਆਰੀ ਦੇ ਕਾਰਨ ਸ਼ਾਹਜ਼ਾਦੇ ਨੂੰ ਮਨਾ ਲਿਆ ਤੇ ਸ਼ੇਰ ਮੁਹੰਮਦ ਖਾਂ ਆਪਣੇ ਭਰਾ ਤੋਂ ਸ਼ੀਰੀ ਘੋੜਾ ਦਵਾ ਕੇ ਮਹਾਰਾਜਾ ਸਾਹਿਬ ਅੱਗੇ ਓਹਦੇ ਲਈ ੧੦ ਹਜ਼ਾਰ ਦੀ ਜਾਗੀਰ ਲਈ ਸਿਫਾਰਸ਼ ਕੀਤੀ। ਫਿਰ ਪਿਸ਼ਾਵਰ ਦੇ ਇਲਾਕੇ ਦਾ ਇੱਕ ਮਹਕੂਲ ਨਜ਼ਰਾਨਾ ਵਸੂਲ ਕਰ ਕੇ ਸ਼ਾਹਜ਼ਾਦਾ ਸ਼ੇਰ ਸਿੰਘ ਨੇ ਸੁਲਤਾਨ ਮੁਹੰਮਦ ਦੇ ਸਪੁਰਦ ਕਰ ਕੇ ਲਾਹੌਰ ਵੱਲ ਮੁੜਿਆ।
੧੭੬. ਇੰਗਲੈਂਡ ਦੇ ਬਾਦਸ਼ਾਹ ਨੂੰ ਤੋਹਫੇ
ਮਹਾਰਾਜਾ ਸਾਹਿਬ ਨੇ ਫ਼ਕੀਰ ਅਜ਼ੀਜ਼ਉਦੀਨ ਤੇ ਦੀਵਾਨ ਮੋਤੀ ਰਾਮ ਨੂੰ ਬਹੁਤ ਸਾਰੇ ਤੋਹਫੇ ਦੇ ਕੇ ਗਵਰਨਰ ਜਨਰਲ ਹਿੰਦ ਪਾਸ ਸ਼ਿਮਲੇ ਭੇਜੇ। ਇਨ੍ਹਾਂ ਵਿੱਚ ਇੱਕ ਪਸ਼ਮੀਨੇ ਦੀ ਚਾਦਰ, ਇੱਕ ਵੱਡਾ ਖੈਮਾਂ ਕੱਢਿਆ ਹੋਇਆ ਤੇ ਮੁਲਕ ਪੰਜਾਬ ਦੇ ਹੋਰ ਕਈ ਤੋਹਫੇ ਸਨ। ਇਹ ਇੰਗਲੈਂਡ ਦੇ ਬਾਦਸ਼ਾਹ ਵਾਸਤੇ ਸਨ। ਗਵਰਨਰ ਜਨਰਲ ਨੇ ਇਹ ਤੋਹਫੇ ਲੈ ਕੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਚੀਜ਼ਾਂ ਖ਼ਾਸ ਬਾਦਸ਼ਾਹ ਤੱਕ ਇੰਗਲਸਤਾਨ ਭੇਜੀਆਂ ਜਾਣਗੀਆਂ ਤੇ ਉੱਥੋਂ ਵੀ ਇਸੇ ਤਰ੍ਹਾਂ ਧੰਨਵਾਦ ਕੀਤਾ ਜਾਵੇਗਾ, ਗਵਰਨਰ ਜਨਰਲ ਨੇ ਸਫੀਰਾਂ ਨੂੰ ਬੜੀ ਇੱਜ਼ਤ ਨਾਲ ਭੇਜਿਆ।
੧੭੭. ਮਹਾਰਾਜਾ ਵੱਲ ਤੋਹਫੇ
ਥੋੜ੍ਹੇ ਦਿਨ ਮਗਰੋਂ ਗਵਰਨਰ ਜਨਰਲ ਵੱਲੋਂ ਕਪਤਾਨ ਵੈਡ ਦੇ ਹੱਥੀਂ ਮਹਾਰਾਜਾ ਸਾਹਿਬ ਵੱਲ ਕੁਝ ਤੋਹਫੇ ਭੇਜੇ ਗਏ। ਚੀਜ਼ਾਂ ਇਹ ਸਨ:-
ਦੋ ਘੋੜੀਆਂ ਬਹੁਤ ਸੋਹਣੀਆਂ ਤੇ ਬਹੁਮੁੱਲੀਆਂ, ਇੱਕ ਹਾਥੀ ਦੀ ਜ਼ੰਜ਼ੀਰ ਤੇ ਹੌਦੇ ਚਾਂਦੀ ਦੇ, ਇੱਕ ਤਲਵਾਰ ਜਿਸ ਦੇ ਕਬਜ਼ੇ ਤੇ ਅਲਮਾਸ ਦਾ ਕੰਮ ਸੀ, ਇੱਕ ਬੰਦੂਕ ਦੋ ਨਾਲੀ, ਮੋਤੀਆਂ ਦੇ ਕੰਠੇ, ਤਰ੍ਹਾਂ ਤਰ੍ਹਾਂ ਦੇ ਕੱਪੜੇ, ਕਮਖਾਬ ਤੇ ਪਸ਼ਮੀਨੇ ਦੇ ਥਾਨ, ਇਹ ਤੋਹਫੇ ਮਹਾਰਾਜਾ ਸਾਹਿਬ ਨੇ ਅੰਮ੍ਰਿਤਸਰ ਵਿੱਚ ਬੜੀ ਖ਼ੁਸ਼ੀ ਨਾਲ ਪ੍ਰਵਾਨ ਕੀਤੇ ਤੇ ਕਪਤਾਨ ਵੈੱਡ ਸਾਹਿਬ ਨਾਲ ਮੁਲਾਕਾਤ ਕਰ ਕੇ ਅੰਗਰੇਜ਼ਾਂ ਦਾ ਧੰਨਵਾਦ ਕੀਤਾ। ਪੰਜ ਹਜ਼ਾਰ ਨਕਦ, ਪੰਜ ਸੌ ਅਸ਼ਰਫੀਆਂ, ਦੋ ਸੌ ਥਾਲ ਮਠਾਈ ਤੇ ਮੇਵਿਆਂ ਤੇ ਕਪਤਾਨ ਵੈਡ ਸਾਹਿਬ ਦੇ ਪ੍ਰੀਤੀ ਭੋਜਨ ਤੇ ਟੁਰਨ ਦੇ ਸਮੇਂ ਦਿੱਤੇ। ਦੂਜੇ ਦਿਨ ਰਾਜਾ ਧਿਆਨ ਸਿੰਘ ਨੂੰ ਹੁਕਮ ਹੋਇਆ ਕਿ ਓਹ ਸਫੀਰ ਦੇ ਨਾਲ ਜਾ ਕੇ
ਸ਼ੈਹਰ ਤੇ ਦਰਬਾਰ ਸਾਹਿਬ ਆਦਿਕ ਜਗ੍ਹਾ ਵਿਖਾਣ। ਇਸੇ ਦਿਨ ਸੰਧ੍ਯਾ ਨੂੰ ਮਹਾਰਾਜਾ ਨੇ ਕਪਤਾਨ ਸਾਹਿਬ ਨੂੰ ਆਪਣੀ ਫੌਜ ਵੀ ਵਿਖਾਈ। ਉਸ ਵੇਲੇ ਸਾਰੀ ਫੌਜ ਬਸੰਤੀ ਪੁਸ਼ਾਕੀ ਵਿੱਚ ਸੀ, ਜੋ ਦੂਰੋਂ ਸੁਨਹਿਰੀ ਭਾਓ ਮਾਰਨ ਦੇ ਕਾਰਨ ਬੜੀ ਸੁੰਦਰ ਮਲੂਮ ਹੋਂਦੀ ਸੀ। ਅੰਗ੍ਰੇਜ਼ੀ ਸਫੀਰ ਮਹਾਰਾਜਾ ਸਾਹਿਬ ਦੀ ਸਜੀ ਧਜੀ ਹੋਈ ਫੌਜ ਦੇਖ ਕੇ ਦੰਗ ਰਹਿ ਗਿਆ।
੧੭੮. ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਚੜ੍ਹਦੀ ਕਲਾ ਵਿੱਚ
ਇਨ੍ਹਾਂ ਦਿਨਾਂ ਵਿੱਚ ਮਹਾਰਾਜਾ ਸਾਹਿਬ ਦੀ ਕ੍ਰਿਪਾ ਦਾ ਪਾਤਰ ਜੰਮੂ ਵਾਲੇ ਧਿਆਨ ਸਿੰਘ, ਗੁਲਾਬ ਸਿੰਘ ਤੇ ਓਹਨਾਂ ਦਾ ਭਰਾ ਚੇਤ ਸਿੰਘ ਹੋ ਰਹੇ ਸਨ। ਇਹ ਜਮਾਂਦਾਰ ਖ਼ੁਸ਼ਹਾਲ ਸਿੰਘ ਦੇ ਵੇਲੇ ਆ ਕੇ ਭਰਤੀ ਹੋਏ। ਪਹਿਲਾਂ ਮਹਾਰਾਜਾ ਸਾਹਿਬ ਦੇ ਅੱਗੇ ਦੌੜਨ ਵਾਲੇ ਸਿਪਾਹੀਆਂ ਵਿੱਚ ਸਨ। ਇਨ੍ਹਾਂ ਦਾ ਉੱਚਾ ਕੱਦ ਤੇ ਸੁੰਦਰ ਡੀਲ ਡੌਲ ਵੇਖ ਕੇ ਮਹਾਰਾਜਾ ਸਾਹਿਬ ਰੀਝ ਗਏ। ਉਸ ਵੇਲੇ ਕਿਸ ਨੂੰ ਪਤਾ ਸੀ ਕਿ ਸਾਰੀ ਖਾਲਸਾ ਸਲਤਨਤ ਦਾ ਆਸਰਾ ਪ੍ਰਨਾ ਹੀ ਕਦੇ ਇਹ ਬਣ ਜਾਣਗੇ? ਧਿਆਨ ਸਿੰਘ ਬੜੀ ਛੇਤੀ ਜਮਾਂਦਾਰ ਖ਼ੁਸ਼ਹਾਲ ਸਿੰਘ ਦੀ ਜਗ੍ਹਾ ਡੇਓਢੀ ਵਾਲਾ ਹੋ ਗਿਆ ਤੇ ਗੁਲਾਬ ਸਿੰਘ ਜੰਮੂ ਦੀ ਰਿਆਸਤ ਦੇ ਕੁਝ ਛੋਟੇ ਛੋਟੇ ਰਈਸ ਮੁਸਲਮਾਨਾਂ ਨੂੰ ਦਬਾਣ ਦੇ ਕਾਰਨ ਰਾਜਾ ਬਣਾ ਦਿੱਤਾ ਗਿਆ। ਹੌਲੀ ਹੌਲੀ ਧਿਆਨ ਸਿੰਘ ਡੇਓਢੀ ਵਾਲੇ ਤੋਂ ਮਹਾਰਾਜੇ ਦੇ ਮੁਸਾਹਬਾਂ ਵਿੱਚ ਚਲਾ ਗਿਆ ਤੇ ਫਿਰ ਵਜ਼ੀਰ ਆਜ਼ਮ ਹੋ ਗਿਆ। ਰਾਜਾਏ ਰਾਜਗਾਨ ਰਾਜਾਏ ਹਿੰਦ ਪਤਰਾਜਾ ਬਹਾਦਰ ਦਾ ਖ਼ਿਤਾਬ ਮਿਲਿਆ। ਸਚੇਤ ਸਿੰਘ ਫੌਜਾਂ ਦਾ ਵੱਡਾ ਅਫਸਰ ਨੀਯਤ ਹੋ ਗਿਆ। ਧਿਆਨ ਸਿੰਘ ਦਾ ਲੜਕਾ ਹੀਰਾ ਸਿੰਘ ਜੋ ਉਸ ਵੇਲੇ ੧੨ ਵਰਿਹਾਂ ਦਾ ਸੀ, ਮਹਾਰਾਜਾ ਸਾਹਿਬ ਦੀ ਨਜ਼ਰਾਂ ਵਿੱਚ ਜਚ ਗਿਆ। ਇਸ ਨੂੰ ਵੀ ਰਾਜੇ ਦਾ ਖ਼ਿਤਾਬ ਦਿੱਤਾ ਗਿਆ ਤੇ ਹੁਕਮ ਹੋਇਆ ਕਿ ਜਿਸ ਵੇਲੇ ਹੋਰ ਰਈਸ ਤੇ ਐਹਲਕਾਰ ਸਾਹਮਣੇ ਖੜ੍ਹੇ ਹੋਣ, ਓਹ ਮਹਾਰਾਜਾ ਸਾਹਿਬ ਦੇ ਸਾਹਮਣੇ ਕੁਰਸੀ ਤੇ ਬੈਠਾ ਰਹੇ। ਮਹਾਰਾਜਾ ਸਾਹਿਬ ਹਰ ਵੇਲੇ ਉਸ ਨੂੰ ਆਪਣੇ ਸਾਥ ਰੱਖਦੇ ਸਨ। ਮਹਾਰਾਜਾ ਨੇ ਚਾਹਿਆ ਕਿ ਇਸ ਲੜਕੇ ਦਾ ਵਿਆਹ ਕਟੋਚ ਦੇ ਰਾਜੇ ਸੰਸਾਰ ਚੰਦ ਦੇ ਲੜਕੇ ਅਨਰੋਧ ਚੰਦ ਦੀ ਭੈਣ ਨਾਲ ਕਰ ਦਿੱਤਾ ਜਾਏ। ਪੰਡਤ ਮਧਸੂਦਨ ਤੇ ਰਾਮ ਕਿਸ਼ਨ ਦੀ ਰਾਹੀਂ ਗੱਲਬਾਤ ਹੋਈ, ਕਿੰਤੂ ਰਾਜਾ ਅਨਰੋਧ ਚੰਦ ਨੇ ਜੋ ਆਪਣੇ ਆਪ ਨੂੰ ਉੱਚ ਖਾਨਦਾਨ ਵਿੱਚੋਂ ਸਮਝਦਾ ਸੀ, ਹੀਰਾ ਸਿੰਘ ਨੂੰ ਨਾਤਾ ਦੇਣਾ ਮਨਜ਼ੂਰ ਨਾ ਕੀਤਾ।
੧੭੯. ਲਾਹੌਰ ਵਿੱਚ ਹੈਜ਼ਾ ਤੇ ਕਸ਼ਮੀਰ ਵਿੱਚ ਭੁਚਾਲ
ਇਸ ਸਾਲ ਲਾਹੌਰ ਵਿੱਚ ਹੈਜ਼ੇ ਦੀ ਬੀਮਾਰੀ ਦਾ ਜ਼ੋਰ ਹੋ ਗਿਆ ਤੇ ਕਸ਼ਮੀਰ ਵਿੱਚ ਭਾਰੀ ਭੁਚਾਲ ਆਇਆ। ਦੋਹਾਂ ਘਟਨਾ ਨਾਲ ਜਾਨਾਂ ਤੇ ਮਾਲ ਦਾ ਬੜਾ ਸਖ਼ਤ ਨੁਕਸਾਨ ਹੋਇਆ। ਸਰਦਾਰ ਬੁਧ ਸਿੰਘ ਸੰਧਾਵਾਲੀਆ, ਜੋ ਮਹਾਰਾਜਾ ਸਾਹਿਬ ਦਾ ਬੜਾ ਬਹਾਦਰ ਸਰਦਾਰ ਸੀ, ਇਸ ਵਬਾ ਨਾਲ ਮਰ ਗਿਆ। ਕਸ਼ਮੀਰ ਵਿੱਚ ਹਜ਼ਾਰਾਂ ਮਕਾਨ ਢਹਿ-ਢੇਰੀ ਹੋ ਗਏ। ਦੀਵਾਨ ਅਮਰ ਨਾਥ ਦੇ ਹਿਸਾਬ ਅਨੁਸਾਰ ਡੇਢ ਲੱਖ ਦੇ ਕਰੀਬ ਭਾਰੀ ਜਾਨਾਂ ਦਾ ਨੁਕਸਾਨ ਹੋਇਆ।
੧੮੦. ਸੱਯਦ ਅਹਿਮਦ ਦੀ ਫਿਰ ਪਿਸ਼ਾਵਰ ਤੇ ਚੜ੍ਹਾਈ
ਪਿਸ਼ਾਵਰ ਤੋਂ ਖ਼ਬਰ ਪੁੱਜੀ ਕਿ ਸੱਯਦ ਅਹਿਮਦ ਖਾਂ ਜਿਸ ਨੇ ਅੱਗੇ ਜਹਾਦ ਕਰ ਕੇ ਮੁਲਖੱਯਾ ਇਕੱਠਾ ਕੀਤਾ ਸੀ, ਕਿੰਤੂ ਸ਼ਕਸਤ ਖਾ ਕੇ ਨੱਸ ਗਿਆ ਸੀ। ਹੁਣ ਫਿਰ ਕਬੀਲਿਆਂ ਨੂੰ ਨਾਲ ਲੈ ਕੇ ਆ ਰਿਹਾ ਹੈ। ਕਿਲ੍ਹਾ ਕੀਦੀ ਖਾਂ ਤੇ ਓਹਨੇ ਕਬਜ਼ਾ ਕਰ ਲਿਆ ਤੇ ਅੱਜ ਕੱਲ੍ਹ ਹੀ ਪਿਸ਼ਾਵਰ ਤੇ ਵੀ ਕਰਨਾ ਚਾਹੁੰਦਾ ਹੈ। ਮਹਾਰਾਜਾ ਸਾਹਿਬ ਨੇ ਸ਼ਾਹਜ਼ਾਦਾ ਸ਼ੇਰ ਸਿੰਘ, ਜਨਰਲ ਵੰਟੋਰਾ ਤੇ ਲਾਰਡ ਸਾਹਿਬ ਤਿੰਨਾਂ ਨੂੰ ਫੌਜ ਦੇ ਕੇ ਭੇਜਿਆ ਤੇ ਹੁਕਮ ਦਿੱਤਾ ਕਿ ਜੇ ਕਦੀ ਸੱਯਦ ਅਹਿਮਦ ਖਾਂ ਨੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ ਹੈ, ਤਦ ਲੜਾਈ ਕਰ ਕੇ ਪਿਸ਼ਾਵਰ ਓਸ ਤੋਂ ਖ਼ਾਲੀ ਕਰਾ ਲਿਆ ਜਾਵੇ ਤੇ ਜੇ ਪਿਸ਼ਾਵਰ ਯਾਰ ਮੁਹੰਮਦ ਖਾਂ ਤੇ ਸੁਲਤਾਨ ਮੁਹੰਮਦ ਖਾਂ ਦੇ ਕਬਜ਼ੇ ਵਿੱਚ ਹੈ, ਤਦ ਕੇਵਲ ਖਰਾਜ ਲੈ ਕੇ ਮੁੜ ਆਓ। ਜਦ ਇਹ ਫੌਜ ਅਟਕ ਤੇ ਅੱਪੜੀ ਤਦ ਪਤਾ ਲੱਗਾ
ਕਿ ਸੱਯਦ ਅਹਿਮਦ ਖਾਲਸੇ ਦੀ ਚੜ੍ਹਾਈ ਦੀ ਖ਼ਬਰ ਸੁਣ ਕੇ ਨੱਸ ਗਿਆ ਹੈ। ਸ਼ਾਹਜ਼ਾਦੇ ਨੇ ਜਨਰਲ ਵੰਟੋਰਾ ਨੂੰ ਥੋੜ੍ਹੀ ਜਿਹੀ ਫੌਜ ਦੇ ਕੇ ਖਰਾਜ ਲੈਣ ਲਈ ਭੇਜਿਆ। ਜਨਰਲ ਵੰਟੋਰਾ ਨੂੰ ਪਤਾ ਲੱਗਾ ਕਿ ਲੇਲੀ ਨਾਮ ਦੀ ਘੋੜੀ ਯਾਰ ਮੁਹੰਮਦ ਖਾਂ ਪਾਸ ਹੀ ਹੈ ਤੇ ਇਸ ਦੇ ਮਰਨ ਦੀ ਕਹਾਣੀ ਬਣਾਉਟੀ ਸੀ। ਇਸ ਕਰ ਕੇ ਜਨਰਲ ਨੇ ਖਰਾਜ ਤੇ ਲੇਲੀ ਦੀ ਮੰਗ ਕੀਤੀ। ਯਾਰ ਮੁਹੰਮਦ ਨੇ ਖਰਾਜ ਓਸੇ ਵੇਲੇ ਦੇ ਦਿੱਤਾ ਤੇ ਘੋੜੀ ਦੀ ਬਾਬਤ ਕਿਹਾ ਕਿ ਤਿੰਨ ਮਹੀਨੇ ਨੂੰ ਭੇਜ ਦੇਵਾਂਗਾ। ਇਸ ਤਰ੍ਹਾਂ ਵੰਟੋਰਾ ਖਰਾਜ ਲੈ ਕੇ ਮੁੜ ਆਇਆ ਤੇ ਸਾਰੀ ਫੌਜ ਲਾਹੌਰ ਚਲੀ ਗਈ।
੧੮੧. ਅਨਰੋਧ ਚੰਦ ਦਾ ਅੰਗਰੇਜ਼ੀ ਇਲਾਕੇ ਵਿੱਚ ਪਨਾਹ ਲੈਣੀ
ਮਹਾਰਾਜਾ ਨੇ ਅਨਰੋਧ ਚੰਦ ਨੂੰ ਆਪਣੀ ਭੈਣ ਦਾ ਨਾਤਾ ਹੀਰਾ ਸਿੰਘ ਨੂੰ ਦੇਣ ਲਈ ਕਿਹਾ ਸੀ। ਇਸ ਨੇ ਜੰਮੂ ਵਾਲਿਆਂ ਨੂੰ ਛੋਟੇ ਖਾਨਦਾਨ ਦੇ ਦੱਸਿਆ ਸੀ, ਜਿਸ ਤੋਂ ਧਿਆਨ ਸਿੰਘ ਇਸ ਦੇ ਨਾਲ ਵਿਗੜ ਗਿਆ। ਧਿਆਨ ਸਿੰਘ ਦੀ ਲਾਹੌਰ ਦਰਬਾਰ ਵਿੱਚ ਮਨੀਂਦੀ ਸੀ। ਬਹੁਤ ਤੰਗ ਕੀਤੇ ਜਾਣ ਤੇ ਅਨਰੋਧ ਚੰਦ ਨੱਸ ਕੇ ਅੰਗ੍ਰੇਜ਼ੀ ਇਲਾਕੇ ਵਿੱਚ ਚਲਾ ਗਿਆ, ਕਿੰਤੂ ਓਥੇ ਅੰਗ੍ਰੇਜ਼ਾਂ ਨੇ ਇਸ ਦੇ ਵੱਲ ਕੋਈ ਧਿਆਨ ਨਾ ਦਿੱਤਾ। ਇਸੇ ਗ਼ਮ ਵਿੱਚ ਇਹ ਤੇ ਇਸ ਦੀ ਮਾਂ ਮਰ ਗਏ ਤੇ ਇਨ੍ਹਾਂ ਦੇ ਮਰਨ ਮਗਰੋਂ ਮਹਾਰਾਜਾ ਸਾਹਿਬ ਨੇ ਇਨ੍ਹਾਂ ਦਾ ਸਾਰਾ ਇਲਾਕਾ ਜ਼ਬਤ ਕਰ ਲਿਆ। ਕੇਵਲ ੨੦ ਹਜ਼ਾਰ ਦਾ ਇਲਾਕਾ ਸੰਸਾਰ ਚੰਦ ਦੇ ਭਰਾਤਾ ਫਤਹ ਚੰਦ ਦੇ ਨਾਮ ਦਾ ਰਹਿ ਗਿਆ। ਕੁਝ ਚਿਰ ਮਗਰੋਂ ਮਹਾਰਾਜਾ ਨੇ ਇਹ ਇਲਾਕਾ ਬੀਰ ਚੰਦ ਸੰਸਾਰ ਚੰਦ ਦੇ ਪੁੱਤਰ ਨੂੰ ਦੇ ਕੇ ਰਾਜਾ ਬਣਾ ਦਿੱਤਾ।
੧੮੨. ਮਹਾਰਾਜਾ ਦਾ ਲੇਲੀ ਘੋੜੀ ਮੰਗਾਣਾ
੧੮੮੬ ਬਿਕ੍ਰਮੀ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਲੇਲੀ ਘੋੜੀ ਜੀਉਂਦੀ ਹੈ। ਜਨਰਲ ਵੰਟੋਰਾ ਨੂੰ ਹੁਕਮ ਹੋਇਆ ਕਿ ਪਿਸ਼ਾਵਰ ਜਾਓ ਤੇ ਯਾਰ ਮੁਹੰਮਦ ਖਾਂ ਤੋਂ ਘੋੜੀ ਲਿਆਓ। ਜਨਰਲ ਵੰਟੋਰਾ ਦੇ ਜਾਣ ਤੇ ਪਹਿਲਾਂ ਹੀ ਸੱਯਦ ਅਹਿਮਦ ਖਾਂ ਨੇ ਯਾਰ ਮੁਹੰਮਦ ਖਾਂ ਤੇ ਚੜ੍ਹਾਈ ਕਰ ਦਿੱਤੀ। ਯਾਰ ਮੁਹੰਮਦ ਖਾਂ ਮਾਰਿਆ ਗਿਆ। ਸੱਯਦ ਅਹਿਮਦ ਖਾਂ ਇਸ ਫਤਹ ਵਿੱਚ ਫੁਲਿਆ ਪਿਸ਼ਾਵਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਕਿ ਜਨਰਲ ਵੰਟੋਰਾ ਪੁੱਜ ਗਿਆ। ਇਸ ਨੇ ਜਾਂਦਿਆਂ ਸਭ ਤੋਂ ਪਹਿਲਾਂ ਲੇਲੀ ਘੋੜੀ ਨੂੰ ਕਾਬੂ ਕੀਤਾ। ਫਿਰ ਯਾਰ ਮੁਹੰਮਦ ਖਾਂ ਦੇ ਭਰਾ ਸੁਲਤਾਨ ਮੁਹੰਮਦ ਖਾਂ ਨੂੰ ਇਹ ਇਲਾਕਾ ਦੇ ਕੇ ਪਿਸ਼ਾਵਰ ਚਲਾ ਆਇਆ।
ਜਦ ਇਹ ਘੋੜੀ ਮਹਾਰਾਜਾ ਪਾਸ ਪੁੱਜੀ, ਤਦ ਮਹਾਰਾਜਾ ਸਾਹਿਬ ਬੜੇ ਖ਼ੁਸ਼ ਹੋਏ। ਬਹੁਮੁੱਲਾ ਸਿਰੋਪਾ ਦਿੱਤਾ, ਇੱਕ ਮਰਵਾਰੀ ਦੀ ਮਾਲਾ ਬਖ਼ਸ਼ੀ ਤੇ ਜਾਗੀਰ ਅੱਗੇ ਨਾਲੋਂ ਦੂਣੀ ਕਰ ਦਿੱਤੀ।
੧੮੩. ਸੱਯਦ ਅਹਿਮਦ ਖਾਂ ਦਾ ਅੰਤ
ਸੱਯਦ ਅਹਿਮਦ ਖਾਂ ਨੇ ਆਪਣੇ ਨਾਮ ਦੇ ਨਾਲ ਖਲੀਫਾ ਦਾ ਸ਼ਬਦ ਲਾ ਲਿਆ ਤੇ ਆਪਣੇ ਨਾਮ ਦਾ ਸਿੱਕਾ ਵੀ ਚਲਾ ਦਿੱਤਾ। ਮੁਲਖੱਯੇ ਨੂੰ ਨਾਲ ਲੈ ਕੇ ਪਿਸ਼ਾਵਰ ਤੇ ਚੜ੍ਹ ਆਇਆ। ਸੁਲਤਾਨ ਮੁਹੰਮਦ ਖਾਂ ਨੇ ਆਪਣੇ ਵਿੱਚ ਓਹਦੇ ਮੁਕਾਬਲੇ ਦੀ ਤਾਕਤ ਨਾ ਵੇਖ ਕੇ ਉਸ ਦੀ ਈਨ ਮੰਨ ਲਈ ਤੇ ੩ ਹਜ਼ਾਰ ਰੁਪਯੇ ਮਾਹਵਾਰ ਹਾਲਾ ਭਰਨਾ ਪ੍ਰਵਾਨ ਕਰ ਲਿਆ।
ਸੱਯਦ ਅਹਿਮਦ ਖਾਂ ਵਹਾਬੀ ਸੀ, ਪੁਰਾਣੇ ਖ਼ਿਆਲ ਦੇ ਮੁਸਲਮਾਨਾਂ ਦੇ ਨਿਸ਼ਚਿਆਂ ਦੇ ਵਿਰੁੱਧ ਇਸ ਦੇ ਲੈਕਚਰ ਹੋਇਆ ਕਰਦੇ ਸੀ। ਕਬਰ ਪ੍ਰਸਤੀ ਦਾ ਬੜਾ ਵਿਰੋਧੀ ਸੀ, ਜਿਸ ਤੋਂ ਮੁਸਲਮਾਨਾਂ ਵਿੱਚ ਇਸ ਦੀ ਵਿਰੋਧਤਾ ਸ਼ੁਰੂ ਹੋ ਗਈ। ਪਿਸ਼ਾਵਰ ਵਿੱਚ ਮੌਲਵੀਆਂ ਨੇ ਇਕੱਠੇ ਹੋ ਕੇ ਇਸ ਦੇ ਵਿਰੁੱਧ ਕੁਫਰ ਦਾ ਫਤਵਾ ਲਾ ਦਿੱਤਾ, ਜਿਸ ਤੋਂ ਯੂਸਫਜੇਈ ਇਲਾਕੇ ਦੇ ਮੁਸਲਮਾਨਾਂ ਨੇ ਇਸ ਨੂੰ ਲੜਾਈ ਕਰ ਕੇ ਨਸਾ ਦਿੱਤਾ। ਪਿਸ਼ਾਵਰ ਵਿੱਚ ਇਸ ਦੀ ਵਿਰੋਧਤਾ ਹੋ ਗਈ, ਜਿਸ ਤੋਂ ਇਹ ਇਲਾਕਾ ਛੱਡ ਕੇ ਮੁਜ਼ੱਫਰਾਬਾਦ ਦੇ ਇਲਾਕੇ ਵਿੱਚ ਚਲਾ ਗਿਆ ਤੇ ਉੱਥੇ ਲੁੱਟ ਮਾਰ ਕਰ ਕੇ ਗੁਜ਼ਾਰਾ ਕਰਨ ਲੱਗਾ।
ਇਹ ਖ਼ਬਰ ਮਹਾਰਾਜੇ ਦੇ ਪਾਸ ਅੱਪੜੀ ਕਿ ਸੱਯਦ ਅਹਿਮਦ ਹਜ਼ਾਰੇ ਦੇ ਇਲਾਕੇ ਵਿੱਚ ਲੁੱਟ ਮਾਰ ਕਰ ਰਿਹਾ ਹੈ। ਆਪ ਨੇ ਓਸੇ ਵੇਲੇ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਜਨਰਲ ਅਲਾਰਡ ਨੂੰ ਚਾਰ ਪਲਟਨਾਂ, ਇੱਕ ਰਸਾਲਾ ਤੇ ਦੋ ਤੋਪਖਾਨੇ ਦੇ ਕੇ ਹਜ਼ਾਰੇ ਵੱਲ ਭੇਜ ਦਿੱਤਾ। ਸ਼ਾਹਜ਼ਾਦਾ ਕੂਚ ਕਰਦਾ ਹੋਇਆ ਹਜ਼ਾਰੇ ਪੁੱਜਾ ਤੇ ਫਸਾਦੀਆਂ ਨੂੰ ਘੇਰ ਲਿਆ। ਸੱਯਦ ਅਹਿਮਦ ਦੀ ਲੜਨ ਦੀ ਮਨਸ਼ਾ ਨਹੀਂ ਸੀ, ਕਿੰਤੂ ਓਹਦੇ ਸਾਥੀ ਮਜ਼ਹਬ ਦੇ ਨਾਮ ਤੇ ਲੜ ਮਰਨ ਲਈ ਤਿਆਰ ਹੋ ਗਏ। ਖਾਲਸੇ ਦੇ ਗੋਲਿਆਂ ਦੇ ਸਾਹਮਣੇ ਓਹਨਾਂ ਦਾ ਠੈਹਰਨਾ ਅਸੰਭਵ ਸੀ। ਬੰਦੂਕਾਂ ਦੇ ਫਾਇਰ ਤੇ ਤੋਪਾਂ ਦੇ ਗੋਲਿਆਂ ਨਾਲ ਸੱਯਦ ਅਹਿਮਦ ਖਾਂ ਦੇ ਸਾਥੀਆਂ ਨੂੰ ਭੁੰਨ ਕੇ ਰੱਖ ਦਿੱਤਾ ਗਿਆ। ਸੱਯਦ ਅਹਿਮਦ ਖਾਂ ਤੇ ਓਹਦਾ ਵਜ਼ੀਰ ਮੁਹੰਮਦ ਅਸਮਾਈਲ ਦੋਵੇਂ ਕਤਲ ਹੋਏ ਤੇ ਓਹਨਾਂ ਦੇ ਸਿਰ ਕਟਵਾ ਕੇ ਲਾਹੌਰ ਭੇਜ ਦਿੱਤੇ ਗਏ।
੧੮੪. ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਤੋਹਫੇ
ਪਿੱਛੇ ਅਸੀਂ ਲਿਖ ਚੁੱਕੇ ਹਾਂ ਕਿ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਹਿੰਦ ਦੀ ਰਾਹੀਂ ਇੰਗਲਸਤਾਨ ਦੇ ਬਾਦਸ਼ਾਹ ਪਾਸ ਕਸ਼ਮੀਰ ਦਾ ਖੇਮਾ ਤੇ ਕੁਝ ਹੋਰ ਚੀਜ਼ਾਂ ਤੋਹਫੇ ਵਜੋਂ ਭੇਜੀਆਂ ਸਨ। ਇਹ ਚੀਜ਼ਾਂ ਲਾਰਡ ਐਮਹਰਸਟ ੧੮੨੮ ਵਿੱਚ ਵਲਾਇਤ ਲੈ ਗਿਆ। ਬਾਦਸ਼ਾਹ ਨੇ ਇਨ੍ਹਾਂ ਨੂੰ ਵੇਖ ਕੇ ਬੜੀ ਪ੍ਰਸੰਨਤਾ ਪ੍ਰਗਟ ਕੀਤੀ ਤੇ ਫ਼ੈਸਲਾ ਹੋਇਆ ਕਿ ਮਹਾਰਾਜਾ ਸਾਹਿਬ ਵੱਲ ਕੁਝ ਤੋਹਫਾ ਭੇਜਿਆ ਜਾਏ। ਸੋ ਪੰਜ ਘੋੜੇ ਅਤਿ ਸੁੰਦਰ ਵਲਾਇਤੀ ਤੇ ਇੱਕ ਚਿੱਠੀ, ਜਿਸ ਵਿੱਚ ਮਹਾਰਾਜੇ ਦੇ ਭੇਜੇ ਤੋਹਫੇ ਦੇ ਬਹੁਮੁੱਲੇ ਤੇ ਅਦਭੁੱਤ ਹੋਣ ਦਾ ਜ਼ਿਕਰ ਕਰ ਕੇ ਮਹਾਰਾਜੇ ਦੇ ਯਾਦ ਕਰਨ ਦਾ ਧੰਨਵਾਦ ਕੀਤਾ ਗਿਆ ਸੀ, ਭੇਜੇ ਗਏ। ੧੮੩੦ ਵਿੱਚ ਇਹ ਘੋੜੇ ਬੰਬਈ ਪੁੱਜੇ। ਇਨ੍ਹਾਂ ਨੂੰ ਪੰਜਾਬ ਵਿੱਚ ਲਿਆਉਣ ਦੇ ਵਾਸਤੇ ਸਿੰਧ ਦਾ ਰਾਹ ਪਸੰਦ ਕੀਤਾ ਗਿਆ। ਅਜਿਹਾ ਕਰਨ ਵਿੱਚ ਇੱਕ ਭੇਦ ਸੀ ਕਿ ਅੰਗ੍ਰੇਜ਼ ਸਿੰਧ ਦੀ ਰਾਜਸੀ ਹਾਲਤ ਤੋਂ ਜਾਣੂੰ ਹੋਣਾ ਚਾਹੁੰਦੇ ਸਨ। ਲਫਟੰਟ ਬਰਨਸ ਪੁਲੀਟੀਕਲ ਅਫਸਰ ਕਟਚ ਨੀਯਤ ਹੋਏ।
ਲਫਟੰਟ ਬਰਨਸ ਸਾਹਿਬ ਤੇ ਮਿਸਟਰ ਲੇਕੀ ੨੧ ਜਨਵਰੀ ੧੮੩੧ ਨੂੰ ਰਵਾਨਾ ਹੋ ਕੇ ਸਿੰਧ ਦੇ ਰਾਹ ਆਏ, ਕਿਉਂਕਿ ਲਫਟੰਟ ਬਰਨਸ ਨੇ ਸਿੰਧ ਦੇ ਅਮੀਰਾਂ ਲਈ ਵੀ ਬੰਬੇ ਦੇ ਗਵਰਨਰ ਵੱਲੋਂ ਕੁਝ ਤੋਹਫੇ ਲਿਆਂਦੇ ਸੀ। ਜਿਸ ਰਾਹ ਇਹ ਅੰਗ੍ਰੇਜ਼ ਲੰਘਦੇ ਸੀ, ਇਹਨਾਂ ਦਾ ਚਿੱਟਾ ਰੰਗ ਵੇਖਣ ਲਈ ਲੋਕਾਂ ਦੀ ਭੀੜ ਲੱਗ ਜਾਂਦੀ ਸੀ। ਜਦ ਇਹ ਬਹਾਵਲਪੁਰ ਅੱਪੜੇ ਤੇ ਗੁਲਾਮ ਕਾਦਰ ਖਾਂ ਅਹਿਲਕਾਰ ਨੇ ਇਨ੍ਹਾਂ ਦਾ ਰਿਆਸਤ ਵੱਲੋਂ ਸਵਾਗਤ ਕੀਤਾ। ਫਿਰ ਉਸ ਦੇ ਮੁਕਾਮ ਤੇ ਬਹਾਵਲਪੁਰ ਦੇ ਨਵਾਬ ਬਹਾਵਲ ਖਾਂ ਨਾਲ ਬਰਨਸ ਸਾਹਿਬ ਦੀ ਮੁਲਾਕਾਤ ਹੋਈ। ਇੱਕ ਪਿਸਤੌਲ, ਇੱਕ ਜੇਬ ਘੜੀ ਤੇ ਕੁਝ ਹੋਰ ਚੀਜ਼ਾਂ ਤੋਹਫੇ ਵਜੋਂ ਅੰਗ੍ਰੇਜ਼ਾਂ ਨੇ ਦਿੱਤੀਆਂ। ਇਨਫਨਸਟੋਨ ਸਾਹਿਬ ਦੀ ਚਿੱਠੀ ਨੂੰ ਬੜੇ ਸ਼ੌਕ ਨਾਲ ਵਖਾਇਆ ਤੇ ਗਵਰਨਮੈਂਟ ਨੇ ਜੋ ਤੋਹਫੇ ਭੇਜੇ ਸਨ, ਨਵਾਬ ਨੇ ਓਹਨਾਂ ਲਈ ਧੰਨਵਾਦ ਕੀਤਾ।
ਨਵਾਬ ਸਾਹਿਬ ਨੇ ਲਫਟੰਟ ਸਾਹਿਬ ਨੂੰ ਦੋ ਘੋੜੇ ਜਿਨ੍ਹਾਂ ਦਾ ਸਮਾਨ ਸੋਨੇ ਦਾ ਸੀ ਤੇ ਇੱਕ ਬਾਜ਼ ਤੇ ਦੋ ਹਜ਼ਾਰ ਰੁਪਯੇ ਚਲਣ ਸਮੇਂ ਦਿੱਤੇ ਤੇ ਇੱਕ ਤੋੜਾਦਾਰ ਬੰਦੂਕ ਆਪਣੀ ਯਾਦਗਾਰ ਵਿੱਚ ਦਿੱਤੀ। ਲਫਟੰਟ ਦੇ ਟੁਰਨ ਲੱਗਿਆਂ ਨਵਾਬ ਦੇ ਹੱਥ ਮਿਲਾਣ ਤੇ ਕਿਹਾ ਕਿ ਆਪਣੀ ਸੁਖ ਸਾਂਦ ਦੀ ਖ਼ਬਰ ਦੇਂਦੇ ਰਹਿਣਾ ਤੇ ਜੇ ਮੇਰੇ ਵਸ ਦਾ ਕੋਈ ਕੰਮ ਹੋਵੇ ਤਾਂ ਲਿਖਣਾ।
ਇੱਥੋਂ ਟੁਰ ਕੇ ਜਦ ਸਫੀਰ ਮਹਾਰਾਜੇ ਦੇ ਇਲਾਕੇ ਵਿੱਚ ਪੁੱਜਾ, ਤਦ ਸਰਦਾਰ ਲਹਿਣਾ ਸਿੰਘ ਨੇ ਇਸ ਦਾ ਸਵਾਗਤ ਕੀਤਾ ਤੇ ਮੁਲਤਾਨ ਸੁਜਾਬਾਦ ਆਦਿਕ ਇਲਾਕੇ ਵਿਖਾਂਦਾ ਜਦ ਛਾਂਗਾਮਾਂਗਾ ਪੁੱਜਾ (ਇਹ ਜਗ੍ਹਾ ਲਾਹੌਰ ਤੋਂ ੨੫ ਮੀਲ ਹੈ) ਤਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਫ਼ਕੀਰ ਨੂਰਦੀਨ ਤੇ ਹੋਰ ਪਤਵੰਤੇ ਸਰਦਾਰਾਂ ਨੇ ਲਫਟੰਟ ਦਾ ਸਵਾਗਤ ਕੀਤਾ ਤੇ ਹਰ ਇੱਕ ਸਦਰ ਮੁਕਾਮ ਤੇ ੧੧ ਤੋਪਾਂ ਦੀ ਸਲਾਮੀ ਕੀਤੀ ਗਈ। ਪਹਿਲੇ ਪੜਾਓ ਤੇ ੧੪੦੦ ਰੁਪਯਾ ਰੋਟੀ ਲਈ ਦਿੱਤਾ ਗਿਆ, ਸੁਜ਼ਾਬਾਦ ਵਿੱਚ ੧੧੦੦ ਰੁਪਯਾ ਦਿੱਤਾ ਗਿਆ, ਮੁਲਤਾਨ ਵਿੱਚ
੨੫੦੦ ਰੁਪਯਾ ਦਿੱਤਾ ਗਿਆ ਤੇ ਡੇਹਰਾ ਸੈਦਵਾਲਾ ਵਿੱਚ ੧੧੦੦ ਰੁਪਯਾ ਨਕਦ ਦਿੱਤਾ ਜਾਂਦਾ ਰਿਹਾ।
ਮੁਕਦੀ ਗੱਲ ਇਹ ਕਿ ੧੮ ਜੁਲਾਈ ਨੂੰ ਫ਼ਕੀਰ ਅਜ਼ੀਜ਼ਦੀਨ ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਨੇ ਸ਼ਹਿਰ ਤੋਂ ਬਾਹਰ ਜਾ ਕੇ ਤਿੰਨ ਕੋਸ ਦੇ ਫਾਸਲੇ ਤੇ ਬਰਨਸ ਸਾਹਿਬ ਦਾ ਸਵਾਗਤ ਕੀਤਾ। ਇੱਕ ਦਸਤਾ ਸਵਾਰਾਂ ਦਾ ਦੋ ਕੰਪਨੀਆਂ ਪੈਦਲ ਫੌਜ ਦੀਆਂ ਨਾਲ ਸਨ। ਲਫਟੰਟ ਬਰਨਸ ਸ਼ਹਿਰ ਵਿੱਚ ਜਨਰਲ ਅਲਾਰਡ ਦੀ ਕੋਠੀ ਵਿੱਚ ਉਤਾਰੇ ਗਏ। ਮਹਾਰਾਜੇ ਵੱਲੋਂ ਨਿਯਮਾਂ ਅਨੁਸਾਰ ਖ਼ਰਚ ਖ਼ੁਰਾਕ ਪੁੱਜਦਾ ਰਿਹਾ। ੨੦ ਤਾਰੀਖ (੭ ਸਾਵਨ) ਮੁਲਾਕਾਤ ਦਾ ਦਿਨ ਨੀਯਤ ਹੋਇਆ। ੮ ਵਜੇ ਸਵੇਰ ਦੇ ਹਜ਼ੂਰੀ ਬਾਗ਼ ਵਿੱਚ ਦਰਬਾਰ ਲੱਗਾ, ਫਰਸ਼, ਦਰੀਆਂ ਤੇ ਕਾਲੀਨ ਵਛਾਏ ਗਏ। ਝਾੜ ਫਾਨੂਸ ਲਟਕਾਏ ਗਏ, ਸਾਰੇ ਦਰਬਾਰੀ ਆਪਣੀ ਆਪਣੀ ਜਗ੍ਹਾ ਤੇ ਆ ਕੇ ਬੈਠ ਗਏ। ਕਪਤਾਨ ਵੈੱਡ ਮਹਾਰਾਜੇ ਦੇ ਨਾਲ ਲਫਟੰਟ ਬਰਨਸ ਸਾਹਿਬ ਦੀ ਜਾਨ ਪਛਾਣ ਕਰਾਣ ਲਈ ਆਏ ਸਨ। ਪਹਿਲਾਂ ਏਹ ਦਰਬਾਰ ਵਿੱਚ ਆਏ ਤੇ ਖ਼ਬਰ ਦਿੱਤੀ ਕਿ ਬਰਨਸ ਸਾਹਿਬ ਆਉਂਦੇ ਹਨ। ਜਿਸ ਰਾਹ ਤੋਂ ਸਾਹਿਬ ਨੇ ਆਉਣਾ ਸੀ, ਸੜਕਾਂ ਤੇ ਕੋਠਿਆਂ ਤੇ ਤਮਾਸ਼ਾਈ ਇਕੱਠੇ ਹੋਏ ਸਨ। ਫੌਜ ਦੋਨੋਂ ਪਾਸੀਂ ਕਤਾਰ ਬੰਨ੍ਹ ਕੇ ਖੜੀ ਸੀ। ਇੱਕ ਘੰਟੇ ਦੇ ਪਿੱਛੋਂ ਬਰਨਸ ਸਾਹਿਬ ਹਾਥੀ ਤੇ ਸਵਾਰ ਹੋ ਕੇ ਤੋਹਫਿਆਂ ਸਮੇਤ ਆਏ। ਪਹਿਲਾਂ ਰਾਜਾ ਧਿਆਨ ਸਿੰਘ ਨੇ ਦਰਵਾਜ਼ਿਓਂ ਨਿੱਕਲ ਕੇ 'ਜੀ ਆਇਆਂ ਨੂੰ' ਆਖਿਆ। ਓਹ ਅਜੇ ਫਰਸ਼ ਤੇ ਕਦਮ ਰੱਖਣ ਹੀ ਲੱਗੇ ਸਨ ਕਿ ਓਹਨਾਂ ਆਪਣੇ ਆਪ ਨੂੰ ਇੱਕ ਬੜੇ ਉੱਚੇ ਤੇ ਵੱਡੀ ਡੀਲ ਡੋਲ ਦੇ ਆਦਮੀ ਨਾਲ ਗਲਵਕੜੀ ਪਾਈ ਵੇਖਿਆ। ਇਹ ਮਹਾਰਾਜਾ ਰਣਜੀਤ ਸਿੰਘ ਜੀ ਆਪ ਸਨ। ਮਹਾਰਾਜਾ ਬਰਨਸ ਸਾਹਿਬ ਨੂੰ ਆਪਣੇ ਨਾਲ ਲੈ ਗਿਆ ਤੇ ਆਪਣੇ ਸਾਹਮਣੇ ਚਾਂਦੀ ਦੀ ਕੁਰਸੀ ਤੇ ਜੋ ਇਸੇ ਗੱਲ ਵਾਸਤੇ ਰੱਖੀ ਸੀ, ਬਿਠਾਇਆ! ਹਿਜ਼ ਮੈਜਿਟਟੀ ਦੀ ਸੁੱਖ ਸਾਂਦ ਪੁੱਛੀ। ਇਸ ਤੋਂ ਪਿੱਛੋਂ ਬਰਨਸ ਸਾਹਿਬ ਨੇ ਬਾਦਸ਼ਾਹ ਵੱਲੋਂ ਮਹਾਰਾਜਾ ਸਾਹਿਬ ਦੀ ਸੁੱਖ ਸਾਂਦ ਪੁੱਛ ਕੇ ਵਜ਼ੀਰ ਦੀ ਚਿੱਠੀ ਜੋ ਸੋਨੇ ਦੀ ਥੈਲੀ ਵਿੱਚ ਰੱਖੀ ਸੀ, ਕੱਢ ਕੇ ਤੋਹਫਿਆਂ ਦਾ ਜ਼ਿਕਰ ਕੀਤਾ। ਮਹਾਰਾਜਾ ਨੇ ਥੈਲੀ ਦੀ ਮੋਹਰ ਆਪਣੇ ਹੱਥ ਨਾਲ ਤੋੜੀ ਤੇ ਚਿੱਠੀ ਕੱਢ ਕੇ ਫ਼ਕੀਰ ਅਜ਼ੀਜ਼ਦੀਨ ਨੂੰ ਦਿੱਤੀ ਤੇ ਕਿਹਾ ਕਿ ਇਸ ਦਾ ਤਰਜ਼ਮਾ ਫ਼ਾਰਸੀ ਜ਼ਬਾਨ ਵਿੱਚ ਕਰ ਕੇ ਉੱਚੀ ਅਵਾਜ਼ ਨਾਲ ਸਾਰਿਆਂ ਨੂੰ ਸੁਣਾਓ। ਉਲਥਾ ਉਸੇ ਵੇਲੇ ਸੁਣਾਇਆ ਗਿਆ। ਜਿਸ ਵੇਲੇ ਚਿੱਠੀ ਪੜ੍ਹੀ ਜਾ ਰਹੀ ਸੀ, ਮਹਾਰਾਜਾ ਨੇ ੬੦ ਤੋਪਾਂ ਚਲਾਣ ਦਾ ਹੁਕਮ ਦਿੱਤਾ। ਫਿਰ ਮਹਾਰਾਜਾ ਸਾਹਿਬ ਨੇ ਆਪਣੇ ਮੁਸਾਹਬ ਦੇ ਨਾਲ ਮਿਲ ਕੇ ਤੋਹਫਿਆਂ ਨੂੰ ਵੇਖਿਆ। ਓਸ ਵੇਲੇ ਲਫਟੰਟ ਬਰਨਸ ਸਾਹਿਬ ਨੇ ਤੋਹਫੇ ਪੇਸ਼ ਕੀਤੇ ਤੇ ਕਿਹਾ ਕਿ ਚਾਰ ਘੋੜੀਆਂ ਤੇ ਇੱਕ ਘੋੜਾ ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਹੈ, ਇੱਕ ਬੱਘੀ ਸਰ ਜਾਨ ਮਲਕਮ ਇੰਗਲਸਤਾਨ ਦੇ ਵਜ਼ੀਰ ਵਲੋਂ। ਮਹਾਰਾਜਾ ਸਾਹਿਬ ਘੋੜਿਆਂ ਦਾ ਰੰਗ, ਢੰਗ, ਕਦ ਕਾਮਤ, ਸ਼ਕਲ ਸੂਰਤ ਵੇਖ ਕੇ ਬੜਾ ਖ਼ੁਸ਼ ਹੋਇਆ ਤੇ ਇੰਗਲਸਤਾਨ ਦੇ ਬਾਦਸ਼ਾਹ ਦਾ ਧੰਨਵਾਦ ਕੀਤਾ, ਦਰਬਾਰ ਵਿਸਰਜਨ ਹੋਇਆ।
੧੬ ਅਗਸਤ ਤੱਕ ਲਫਟੰਟ ਬਰਨਸ ਲਾਹੌਰ ਵਿੱਚ ਠਹਿਰੇ। ਇਸ ਸਮੇਂ ਵਿੱਚ ਮਹਾਰਾਜਾ ਨੇ ਆਪਨੇ ਯੂਰਪੀਨ ਮਹਿਮਾਨਾਂ ਨੂੰ ਹਰ ਇੱਕ ਚੀਜ਼ ਵਿਖਾਈ। ਪਹਿਲੇ ਫੌਜ ਦੀ ਕਵਾਇਦ ਦੱਸੀ। ਫਿਰ ਆਪਣੇ ਘੋੜੇ ਦੱਸੇ। ੨੫ ਜੁਲਾਈ ਨੂੰ ਮਹਾਰਾਜਾ ਸਾਹਿਬ ਦੀ ਇਕਾਂਤ ਵਿੱਚ ਮੁਲਾਕਾਤ ਹੋਈ, ਜਿੱਥੇ ਆਪਸ ਵਿੱਚ ਖੁੱਲ੍ਹੀਆਂ ਗੱਲਾਂ ਕਥਾਂ ਹੋਂਦੀਆਂ ਰਹੀਆਂ। ਇਸ ਸਮੇਂ ਮਹਾਰਾਜਾ ਸਾਹਿਬ ਕੁਰਸੀ ਤੇ ਬੈਠੇ ਸਨ, ਤੀਹ ਚਾਲੀ ਜਵਾਨ ਕਸ਼ਮੀਰੀ ਪਾਤਰੀਨ ਲੜਕੀਆਂ ਦੇ ਲਿਬਾਸ ਵਿੱਚ, ਹੱਥਾਂ ਵਿੱਚ ਤੀਰ ਕਮਾਨ ਲੈ ਕੇ ਆਪਣੇ ਕਰਤਬ ਕਰ ਰਹੀਆਂ ਸਨ।
ਫਿਰ ਆਪਣਾ ਜਵਾਹਰਖਾਨਾ ਸਫੀਰ ਨੂੰ ਵਿਖਾਇਆ, ਜਿਸ ਵਿੱਚ ਕਈ ਬਹੁਮੁੱਲੇ ਹੀਰਿਆਂ ਦੇ ਨਾਲ ਕੋਹਿਨੂਰ ਹੀਰਾ ਵੀ ਰੱਖਿਆ ਹੋਇਆ ਸੀ। ਇੱਕ ਜਵਾਹਰ ਚੌਦਾਂ ਰੁਪਯੇ ਭਰ ਤੋਲ ਵਿੱਚ ਸੀ, ਉਸ ਤੇ ਕਈ ਬਾਦਸ਼ਾਹਾਂ ਦੇ ਨਾਮ ਉਕਰੇ ਹੋਏ ਸਨ।
੧੬ ਅਗਸਤ ਦੀ ਸੰਧ੍ਯਾ ਨੂੰ ਮਹਾਰਾਜਾ ਨੇ ਲਫਟੰਟ ਬਰਨਸ ਨੂੰ ਵਿਦਾ ਕੀਤਾ। ਇੱਕ ਘੋੜਾ ਖ਼ਾਸ ਆਪਣੀ ਸਵਾਰੀ ਦਾ, ਇੱਕ ਹੀਰੇ ਦੀ ਅੰਗੂਠੀ, ਹੋਰ ਬਹੁਤ ਸਾਰੀਆਂ ਚੀਜ਼ਾਂ ਮਹਾਰਾਜਾ ਨੇ ਸਫੀਰ ਨੂੰ ਤੋਹਫੇ ਵਜੋਂ ਦਿੱਤੀਆਂ। ਲਫਟੰਟ ਬਰਨਸ ਇੱਥੋਂ ਆਪਣੇ ਸਫਰ ਦਾ ਸਾਰਾ ਹਾਲ ਲਾਰਡ ਬੈਟਿੰਗ ਸਾਹਿਬ ਬਹਾਦਰ ਗਵਰਨਰ ਜਨਰਲ ਹਿੰਦ ਨੂੰ ਦੱਸਣ ਲਈ ਸ਼ਿਮਲੇ ਗਏ।
੧੮੫. ਮਹਾਰਾਜਾ ਦੀ ਪ੍ਰਸਿੱਧਤਾ ਤੇ ਫੌਜੀ ਗਿਣਤੀ ਦਾ ਲੇਖਾ
ਹੁਣ ਖਾਲਸੇ ਦਾ ਝੰਡਾ ਬੜੀ ਉੱਚੀ ਸ਼ਾਨ ਨਾਲ ਝੂਲਣ ਲੱਗਾ। ਦੁਨੀਆਂ ਦੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਭ ਦੀ ਨਜ਼ਰ ਇਸ ਤੇ ਪੈਣ ਲੱਗੀ। ਮਹਾਰਾਜਾ ਰਣਜੀਤ ਸਿੰਘ ਦੇ ਐਸ਼ਵਰਜ ਦਾ ਸੂਰਜ ਪੂਰੀ ਸ਼ਾਨ ਨਾਲ ਚਮਕਣ ਲੱਗਾ। ਉਸ ਦੇ ਨਾਮ ਦਾ ਡੰਕਾ ਭੂਮੰਡਲ ਵਿੱਚ ਵੱਜਣ ਲੱਗਾ। ਮੁਲਤਾਨ, ਕਸ਼ਮੀਰ, ਪਿਸ਼ਾਵਰ ਤੇ ਵੱਡੀਆਂ ਵੱਡੀਆਂ ਤਕੜੀਆਂ ਰਿਆਸਤਾਂ ਫਤਹ ਹੋ ਕੇ ਈਨ ਮੰਨਣ ਲੱਗੀਆਂ। ਖ਼ਾਸ ਪੰਜਾਬ ਤੇ ਪਹਾੜੀ ਇਲਾਕਾ ਵੀ ਇਨ੍ਹਾਂ ਦੇ ਹੇਠ ਹੋ ਗਿਆ। ਸਿੰਧ ਤੇ ਲਦਾਖ ਵੱਲ ਹੁਣ ਇਹਨਾਂ ਨਜ਼ਰ ਮਾਰੀ। ਦੂਰ ਦੂਰ ਦੇ ਮੁਲਕ ਇਨ੍ਹਾਂ ਦੇ ਨਾਲ ਮਿੱਤ੍ਰਤਾ ਪਾਣ ਦੀ ਇੱਛਾ ਪ੍ਰਗਟ ਕਰਨ ਲੱਗੇ। ਹਰ ਮੁਲਕ ਤੇ ਹਰ ਗੁੱਠੇ ਖਾਲਸੇ ਦੀ ਤਲਵਾਰ ਦੀ ਧਾਂਕ ਪੈ ਗਈ। ੧੮੮੪ ਬਿ. ਨੂੰ ਨਜ਼ਾਮ ਹੈਦਰਾਬਾਦ ਤੇ ਹਰਾਤ ਦੇ ਸ਼ਾਹਜ਼ਾਦਾ ਕਾਮਰਾਨ ਨੇ ਤੋਹਫੇ ਤੇ ਸ਼ਾਹਜ਼ਾਦੇ ਵਾਸਤੇ ਹਾਥੀ ਤੇ ਘੋੜੇ ਭੇਜੇ। ੧੮੮੬ ਬਿ. ਨੂੰ ਬਲੋਚਿਸਤਾਨ ਦੇ ਹਾਕਮ ਵੱਲੋਂ ਤੋਹਫਾ ਆਇਆ। ੧੮੮੭ ਬਿਕ੍ਰਮੀ ਨੂੰ ਗਵਾਲੀਅਰ ਦੇ ਮਹਾਰਾਜਾ ਸਿੰਧੀਆ ਨੇ ਆਪਣੀ ਸ਼ਾਦੀ ਤੇ ਸੱਦਾ ਭੇਜਿਆ, ਕਿੰਤੂ ਜਦ ਪੰਜਾਬ ਦੇ ਮਹਾਰਾਜਾ ਦੇ ਸ਼ਾਹਜ਼ਾਦੇ ਦੀ ਸ਼ਾਦੀ ਤੇ ਗਵਾਲੀਅਰ ਵਾਲਾ ਨਹੀਂ ਆਇਆ ਸੀ, ਤਦ ਹੁਣ ਪੰਜਾਬ ਦਾ ਮਹਾਰਾਜਾ ਕਿੱਕੁਣ ਜਾ ਸਕਦਾ ਸੀ? ਰੂਸ ਦੇ ਜ਼ਾਰ ਨੇ ਵੀ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਆਪਸ ਵਿੱਚ ਮਿੱਤ੍ਰਾਨਾ ਸੰਬੰਧ ਬਣਾਨ ਦੀ ਕੋਸ਼ਸ਼ ਕੀਤੀ। ਇੰਗਲਸਤਾਨ ਦੇ ਬਾਦਸ਼ਾਹ ਨੇ ਤੋਹਫੇ ਭੇਜੇ ਤੇ ਬੜਾ ਡੂੰਘਾ ਮਿੱਤ੍ਰਾਨਾ ਪਾ ਲਿਆ। ਇਸ ਵਿਚ ਸ਼ੱਕ ਨਹੀਂ ਕਿ ਇਹ ਸਭ ਕੁਝ ਖਾਲਸੇ ਦੀ ਜੰਗੀ ਤਾਕਤ ਤੋਂ ਸੀ। ਜਿੰਨੀ ਤਕੜੀ ਫੌਜ ਓਸ ਵੇਲੇ ਲਾਹੌਰ ਦੇ ਮਹਾਰਾਜਾ ਪਾਸ ਸੀ, ਓਨੀਂ ਕਿਸੇ ਹੋਰ ਪਾਸ ਨਹੀਂ ਸੀ। ਮਹਾਰਾਜਾ ਸਾਹਿਬ ਦੀ ਇੱਕ ਲੱਖ ਦੇ ਕਰੀਬ ਤਾਂ ਸਿਰਫ ਪੈਦਲ ਫੌਜ ਸੀ, ੩੨ ਹਜ਼ਾਰ ਸਵਾਰ ਸਨ, ੩੮੪ ਮੈਦਾਨ ਜੰਗ ਵਿੱਚ ਜਾਣ ਵਾਲੇ ਤੋਪਖਾਨੇ, ਇਸ ਤੋਂ ਛੁੱਟ ਮਹਾਰਾਜੇ ਦੇ ਮਾਤੈਹਤ ਰਿਆਸਤਾਂ ਤੇ ਰਈਸਾਂ ਦੀ ਫੌਜ ਜੋ ਸਿਰਫ ਲੋੜ ਵੇਲੇ ਸੱਦੀ ਜਾ ਸਕਦੀ ਸੀ, ਬਹੁਤ ਜ਼ਿਆਦਾ ਸੀ।
੧੮੬. ਗਵਰਨਰ ਜਨਰਲ ਹਿੰਦ ਦਾ ਮਹਾਰਾਜਾ ਸਾਹਿਬ ਨਾਲ ਮਿਲਣ ਦਾ ਖਿਆਲ
ਲਾਰਡ ਬੈਂਟਿੰਗ ਗਵਰਨਰ ਜਨਰਲ ਹਿੰਦ ਨੇ ਬਰਨਸ ਸਾਹਿਬ ਦੀ ਜ਼ਬਾਨੀ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ, ਦਲੇਰੀ ਤੇ ਸੂਰਮਤਾ ਤੇ ਸਿੱਖ ਸਪਾਹ ਦੀ ਜ਼ੋਰਦਾਰ ਸ਼ਕਤੀ ਦਾ ਸਾਰਾ ਹਾਲ ਸੁਣ ਲਿਆ ਸੀ ਤੇ ਇਸ ਨੂੰ ਜ਼ਾਰ ਰੂਸ ਦੇ ਨਾਲ ਚਿੱਠੀਆਂ ਚੁਪੱਠੀਆਂ ਲਾਹੌਰ ਆਉਣ ਦਾ ਸ਼ੱਕ ਪਿਆ। ਇਸ ਕਰ ਕੇ ਇਸ ਨੇ ਚਾਹਿਆ ਕਿ ਆਪ ਮਹਾਰਾਜਾ ਸਾਹਿਬ ਨਾਲ ਮੁਲਾਕਾਤ ਕੀਤੀ ਜਾਏ, ਤਾਂ ਜੋ ਮਿੱਤ੍ਰਾਨਾ ਸੰਬੰਧ ਹੋਰ ਵੀ ਪੱਕਾ ਹੋ ਜਾਏ ਤੇ ਮਹਾਰਾਜਾ ਸਾਹਿਬ ਦੀ ਦਿਮਾਗੀ ਯੋਗਤਾ, ਜਿਸ ਦੀ ਸਾਰੇ ਪਾਸੀਂ ਮਹਿਮਾ ਹੋ ਰਹੀ ਹੈ, ਓਸ ਦੀ ਆਪ ਪ੍ਰੀਖ੍ਯਾ ਕਰਨ। ਸੋ ਓਹਨਾਂ ਨੇ ਲਫਟੰਟ ਬਰਨਸ ਨਾਲ ਕੀਤੇ ਗਏ ਸਲੂਕ ਤੇ ਇੰਗਲਸਤਾਨ ਦੇ ਬਾਦਸ਼ਾਹ ਵੱਲ ਭੇਜੇ ਗਏ ਤੋਹਫਿਆਂ ਦਾ ਧੰਨਵਾਦ ਕਰਨ ਲਈ ਵੈੱਡ ਸਾਹਿਬ ਨੂੰ ਮਹਾਰਾਜਾ ਸਾਹਿਬ ਪਾਸ ਭੇਜਿਆ ਤੇ ਇੱਛਾ ਪ੍ਰਗਟ ਕੀਤੀ ਕਿ ਗਵਰਨਰ ਆਪ ਨਾਲ ਮਿਲਣ ਦੇ ਇੱਛਾਵਾਨ ਹਨ। ਮਹਾਰਾਜਾ ਸਾਹਿਬ ਦੇ ਮੁਸਾਹਬਾਂ ਦੀ ਮਨਸ਼ਾ ਨਹੀਂ ਸੀ ਕਿ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ
ਜਾਏ, ਕਿੰਤੂ ਬਹੁਤ ਸਾਰੀ ਵਿਚਾਰ ਦੇ ਮਗਰੋਂ ਫ਼ੈਸਲਾ ਹੋਇਆ ਕਿ ਰੋਪੜ ਦੇ ਮੁਕਾਮ ਤੇ ਮੁਲਾਕਾਤ ਕੀਤੀ ਜਾਏ। ਹੁਣ ਇਹ ਗੱਲ ਦੁਹਾਂ ਪਾਸਿਆਂ ਤੋਂ ਤੈਅ ਹੋ ਕੇ ਪੱਕੀ ਹੋ ਗਈ ਕਿ ਰੋਪੜ ਵਿੱਚ ਦੋਨੋਂ ਸਰਕਾਰਾਂ ਦਾ ਮੇਲ ਹੋਵੇ।
ਮਹਾਰਾਜਾ ਨੇ ਜਿਨ੍ਹਾਂ ਫੌਜਾਂ ਨੂੰ ਨਾਲ ਲੈ ਜਾਣਾ ਸੀ, ਓਹਨਾਂ ਨੂੰ ਹੁਕਮ ਹੋਇਆ ਕਿ ਨਈ ਵਰਦੀਆਂ ਤੇ ਸੁੰਦਰ ਹਥ੍ਯਾਰ ਦਿੱਤੇ ਜਾਣ। ਉਧਰ ਗਵਰਨਰ ਜਨਰਲ ਨੇ ਵੀ ਆਪਣੀਆਂ ਹੇਠ ਲਿਖੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਆਪਣੇ ਅਸਥਾਨ ਤੋਂ ਚੱਲ ਕੇ ਰੋਪੜ ਇਕੱਠੀਆਂ ਹੋਣ:
ਦੋ ਦਸਤੇ ਯੂਰਪੀਨ ਨੇਜ਼ੇ ਵਾਲਿਆਂ ਦੇ, ਸੋਲ੍ਹਵਾਂ ਸ਼ਾਹੀ ਰਸਾਲਾ, ਇੱਕ ਰਜਮਟ ਗੋਰਾ ਪਲਟਨ ਦੀ, ਦੋ ਤੋਪਖਾਨੇ ਘੋੜਿਆਂ ਦੇ ਤੇ ਦੋ ਦਸਤੇ ਸਕਨਰ ਸਾਹਿਬ ਦੇ ਸਵਾਰਾਂ ਦੇ।
ਦੋਹਾਂ ਧਿਰਾਂ ਵੱਲੋਂ ਤਿਆਰੀਆਂ ਹੋ ਕੇ ਸਜਾਵਟ ਦਾ ਸਮਾਨ ਰੋਪੜ ਪੁੱਜ ਗਿਆ। ਸਤਲੁਜ ਤੋਂ ਪਾਰ ਗਵਰਨਰ ਦਾ ਖੇਮਾ ਲੱਗ ਗਿਆ ਤੇ ਇਸ ਪਾਸੇ ਕਾਠਗੜ੍ਹ ਵਿੱਚ ਜੋ ਰੋਪੜ ਦੇ ਠੀਕ ਸਾਹਮਣੇ ਹੈ, ਮਹਾਰਾਜੇ ਦਾ ਕੈਂਪ ਲੱਗਾ। ੧੯ ਅਕਤੂਬਰ ੧੮੩੧ ਨੂੰ ਗਵਰਨਰ ਜਨਰਲ ਸ਼ਿਮਲੇ ਤੋਂ ਚੱਲ ਕੇ ੨੨ ਨੂੰ ਰੋਪੜ ਪੁੱਜੇ। ਇਧਰ ਮਹਾਰਾਜਾ ਸਾਹਿਬ ਵੀ ੧੮੮੮ ਬਿ. ੨੨ ਭਾਦੋਂ ਨੂੰ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਆਏ। ਇੱਥੇ ਕਪਤਾਨ ਵੈੱਡ ਸਾਹਿਬ ਮਹਾਰਾਜੇ ਦੇ ਸਵਾਗਤ ਲਈ ਗਵਰਨਰ ਜਨਰਲ ਵੱਲੋਂ ਆਏ। ਮਹਾਰਾਜਾ ਅੱਸੂ ਦਾ ਸਾਰਾ ਮਹੀਨਾ ਸ੍ਰੀ ਅੰਮ੍ਰਿਤਸਰ ਜੀ ਰਹੇ। ਦੁਸਹਿਰੇ ਦਾ ਦਰਬਾਰ ਰਾਮ ਬਾਗ਼ ਵਿੱਚ ਬੜੀ ਧੂਮ ਧਾਮ ਨਾਲ ਕਰ ਕੇ ਇੱਥੋਂ ਬੜੀ ਸਜ ਧਜ ਨਾਲ ਚੱਲ ਕੇ ੧੧ ਕੱਤਕ ਨੂੰ ਰੋਪੜ ਦੇ ਸਾਹਮਣੇ ਕਾਠਗੜ੍ਹ ਆਪਣੇ ਖੇਮੇ ਵਿੱਚ ਜਾ ਬਿਰਾਜੇ। ਉਸ ਵੇਲੇ ਮਹਾਰਾਜਾ ਸਾਹਿਬ ਦੇ ਨਾਲ ੧੦ ਹਜ਼ਾਰ ਯੋਧੇ, ੬ ਹਜ਼ਾਰ ਪਿਆਦਾ ਤੇ ਦੋ ਤੋਪਖਾਨੇ ਸਨ। ਜਿਸ ਰਾਹ ਤੋਂ ਮਹਾਰਾਜੇ ਦੀ ਫੌਜ ਲੰਘਦੀ ਸੀ, ਵੇਖਣ ਵਾਲੇ ਦੰਗ ਰਹਿ ਜਾਂਦੇ ਸਨ। ਜਿਸ ਵੇਲੇ ਮਹਾਰਾਜਾ ਸਾਹਿਬ ਆਪਣੇ ਖੇਮੇ ਵਿੱਚ ਪੁੱਜੇ, ਮੇਜਰ ਜਨਰਲ ਅਨਰੀ ਸਾਹਿਬ ਤੇ ਗਵਰਨਰ ਜਨਰਲ ਸਾਹਿਬ ਬਹਾਦਰ ਦੇ ਚੀਫ ਸਕੱਤਰ ਹੋਰ ਦੋ ਤਿੰਨ ਵੱਡੇ ਅੰਗਰੇਜ਼ ਅਫਸਰਾਂ ਸਮੇਤ ਗਵਰਨਰ ਜਨਰਲ ਵੱਲੋਂ ਸੁੱਖ ਸਾਂਦ ਪੁੱਛਣ ਤੇ ਰਾਹ ਦੇ ਕਸ਼ਟਾਂ ਲਈ ਖਿਮਾਂ ਮੰਗਣ ਵਾਸਤੇ ਆਏ ਤੇ ਮਿਲ ਕੇ ਚਲੇ ਗਏ। ਫਿਰ ਮਹਾਰਾਜਾ ਸਾਹਿਬ ਨੇ ਸ਼ਾਹਜ਼ਾਦਾ ਖੜਗ ਸਿੰਘ ਨੂੰ ਗਵਰਨਰ ਜਨਰਲ ਪਾਸ ਮਿਲਣ ਵਾਸਤੇ ਭੇਜਿਆ। ਜੀਂਦਾ ਦਾ ਰਾਜਾ ਸੰਗਤ ਸਿੰਘ, ਰਾਜਾ ਗੁਲਾਬ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਅਤਰ ਸਿੰਘ ਸੰਧਾਵਾਲੀਆ ਨੂੰ ਸ਼ਾਹਜ਼ਾਦਾ ਸਾਹਿਬ ਦੇ ਨਾਲ ਭੇਜਿਆ। ਸਕੱਤਰ ਸਾਹਿਬ ਤੇ ਸੈਨਾਪਤੀ ਨੇ ਕੁਝ ਕਦਮ ਅੱਗੇ ਵੱਧ ਕੇ ਸ਼ਾਹਜ਼ਾਦੇ ਦਾ ਸਵਾਗਤ ਕੀਤਾ ਤੇ ਬੜੀ ਇੱਜ਼ਤ ਨਾਲ ਸ਼ਾਹਜ਼ਾਦੇ ਨੂੰ ਗਵਰਨਰ ਜਰਨਲ ਦੇ ਕੈਂਪ ਵਿੱਚ ਲੈ ਗਏ। ਓਥੋਂ ਗਵਰਨਰ ਜਨਰਲ ਨੇ ਉੱਠ ਕੇ ਹੱਥ ਮਿਲਾਇਆ ਤੇ ਬੜੀ ਇੱਜ਼ਤ ਦੇ ਨਾਲ ਆਪਣੇ ਸੱਜੇ ਹੱਥ ਬਠਾਇਆ ਤੇ ਸੁੱਖ ਸਾਂਦ ਪੁੱਛੀ ਤੇ ਮਹਾਰਾਜਾ ਸਾਹਿਬ ਦਾ ਇੰਨੀ ਖੇਚਲ ਉਠਾਣ ਦਾ ਧੰਨਵਾਦ ਕੀਤਾ। ਸ਼ਾਹਜ਼ਾਦਾ ਸਾਹਿਬ ਤੇ ਇਨ੍ਹਾਂ ਦੇ ਸਾਥੀਆਂ ਨੇ ਵੀ ਬੜੀ ਯੋਗਤਾ ਦਾ ਉੱਤਰ ਦਿੱਤਾ। ਹਰ ਇੱਕ ਨੇ ਯਾਰਾਂ ਯਾਰਾਂ ਸੌ ਰੁਪਯਾ ਗਵਰਨਰ ਦੇ ਸਿਰ ਤੋਂ ਸਿਰ ਵਾਰਨਾ ਕੀਤਾ ਤੇ ਯਥਾ ਯੋਗ ਸਿਰੋਪਾ ਲੈ ਕੇ ਚਲੇ ਆਏ ਤੇ ੨੬ ਅਕਤੂਬਰ ਨੂੰ ਸ਼ਾਮ ਮਹਾਰਾਜਾ ਸਾਹਿਬ ਨਾਲ ਮਿਲਣ ਦਾ ਦਿਨ ਨੀਯਤ ਹੋਇਆ।
ਇਸ ਸਮੇਂ ਕਿਸੇ ਨੇ ਮਹਾਰਾਜਾ ਸਾਹਿਬ ਦੇ ਦਿਲ ਵਿਚ ਸ਼ੱਕ ਪਾ ਦਿੱਤਾ ਕਿ ਅੰਗਰੇਜ਼ ਤੁਹਾਡੇ ਨਾਲ ਧੋਖਾ ਕਰ ਰਹੇ ਹਨ, ਤੁਸਾਂ ਜੋ ਓਹਨਾਂ ਦੀ ਸਰਹੱਦ ਤੇ ਆ ਕੇ ਮਿਲਣ ਦਾ ਫ਼ੈਸਲਾ ਕੀਤਾ ਹੈ, ਬੜੀ ਉਕਾਈ ਕੀਤੀ ਹੈ। ਜੇ ਗਵਰਨਰ ਨੇ ਮਿਲਣਾ ਹੈ, ਤਦ ਅੰਮ੍ਰਿਤਸਰ ਆ ਕੇ ਤੁਹਾਨੂੰ ਮਿਲੇ: ਹਾਲੀ ਮੁਲਾਕਾਤ ਰੋਕ ਦਿੱਤੀ ਜਾਏ। ਰਾਤ ਨੂੰ ਜਨਰਲ ਅਲਾਰਡ ਨੂੰ ਮਹਾਰਾਜਾ ਸਾਹਿਬ ਨੇ ਬੁਲਾ ਕੇ ਕਿਹਾ ਕਿ ਕੱਲ੍ਹ ਦਾ ਦਿਨ ਮੁਲਾਕਾਤ ਨਾ ਹੋਵੇ। ਜਨਰਲ ਨੇ ਬੜੀ ਧੀਰਜ ਨਾਲ ਮਹਾਰਾਜਾ ਸਾਹਿਬ ਨੂੰ ਤਸੱਲੀ ਦਿੱਤੀ ਕਿ ਕੋਈ ਚਿੰਤਾ ਨਾ ਕਰੋ, ਮੁਲਾਕਾਤ ਵਿੱਚ ਕੋਈ
ਵਿਘਨ ਨਹੀਂ ਪਏਗਾ ਤੇ ਨਾ ਹੀ ਅੰਗਰੇਜ਼ਾਂ ਦਾ ਇਰਾਦਾ ਆਪ ਦੇ ਵਿਰੁੱਧ ਕੋਈ ਮੰਦੀ ਚਾਲ ਦਾ ਹੈ। ਇੱਕ ਆਦਮੀ ਨੇ ਜੋ ਜੋਤਸ਼ੀ ਸੀ, ਉਸ ਨੇ ਕਿਹਾ ਕਿ ਮੁਲਾਕਾਤ ਦੇ ਵੇਲੇ ਦੋ ਸੇਬ ਹੱਥ ਵਿੱਚ ਲੈ ਜਾਓ, ਜਦ ਗਵਰਨਰ ਮਿਲੇ, ਤਦ ਇੱਕ ਸੇਬ ਉਹਨਾਂ ਨੂੰ ਦੇ ਦਿੱਤਾ ਜਾਏ ਤੇ ਇੱਕ ਆਪਣੇ ਪਾਸ ਰੱਖਿਆ ਜਾਏ।
ਜਦ ਮਹਾਰਾਜਾ ਸਾਹਿਬ ਦੀ ਚੰਗੀ ਤਰ੍ਹਾਂ ਤਸੱਲੀ ਹੋ ਗਈ। ਤਦ ੨੬ ਤਰੀਕ ਨੂੰ ਮੁਲਾਕਾਤ ਦੀ ਤਿਆਰੀ ਹੋਈ। ਪਹਿਲਾਂ ਗਵਰਨਰ ਜਨਰਲ ਵੱਲੋਂ ਵੱਡੇ ਅਹੁਦੇਦਾਰ ਅਫਸਰਾਂ ਦੀ ਇੱਕ ਪਾਰਟੀ ਮਹਾਰਾਜਾ ਸਾਹਿਬ ਪਾਸ ਆਈ ਤੇ ਮੁਲਾਕਾਤ ਕਰਨ ਲਈ ਦਰਖ਼ਾਸਤ ਕੀਤੀ। ਮਹਾਰਾਜਾ ਨੇ ਓਸ ਨੂੰ ਪ੍ਰਵਾਨ ਕਰ ਲਿਆ। ਪਹਿਲਾਂ ਜਨਰਲ ਅਲਾਰਡ ਸਾਹਿਬ ਦੇ ੮੦੦ ਸਵਾਰਾਂ ਨੂੰ ਭੜਕੀਲੀਆਂ ਵਰਦੀਆਂ ਪਾ ਕੇ ਅੱਗੇ ਭੇਜਿਆ, ਜਿਸ ਦੇ ਪਿੱਛੇ ਮਹਾਰਾਜਾ ਦੀ ਖ਼ਾਸ ਅਰਦਲ ਦੇ ੩੦੦੦ ਘੋੜ ਚੜੇ ਅਸਵਾਰ ਰਵਾਨਾ ਹੋਏ। ਫਿਰ ਕੁਲ ਸਰਦਾਰ ਤੇ ਦਰਬਾਰ ਦੇ ਕਰਮਚਾਰੀ ਬਹੁਮੁਲੇ ਕੱਪੜੇ, ਗਹਿਣੇ, ਢਾਲ, ਬੰਦੂਕ, ਕਟਾਰ ਆਦਿਕ ਲਗਾ ਦਾੜੀਆਂ ਤੇ ਮੁੱਛਾਂ ਸਵਾਰ ਨਿੱਕਲੇ। ਮਹਾਰਾਜਾ ਨੇ ਵੀ ਸ਼ਾਹਾਨਾਂ ਕੱਪੜੇ ਪਾਏ। ਜਿਗਾ ਕਲਗੀ ਲਗਾਈ ਤੇ ਰੋਟੀ ਖਾ ਕੇ ਹਾਥੀਆਂ ਤੇ ਸਵਾਰ ਹੋ ਸਾਰੇ ਹੌਲੀ-ਹੌਲੀ ਦਰਯਾ ਵੱਲ ਚੱਲ ਪਏ। ਜਦ ਨਾਲ ਦਾ ਸਾਰਾ ਲਸ਼ਕਰ ਦਰਯਾ ਲੰਘ ਚੁੱਕਾ, ਤਦ ਇਹ ਹੁਕਮ ਦੇ ਕੇ ਕਿ ਹੁਣ ਫੌਜ ਦਾ ਕੋਈ ਆਦਮੀ ਪਾਰ ਨਾ ਉੱਤਰੇ, ਫੌਜ ਦੀ ਦੋ ਪਾਸਿਆਂ ਦੀ ਕਤਾਰ ਵਿੱਚ ਦੀ ਸਲਾਮੀ ਲੈਂਦੇ ਹੋਏ ਹੌਲੀ-ਹੌਲੀ ਗਵਰਨਰ ਦੇ ਖੇਮੇ ਵੱਲ ਰਵਾਨਾ ਹੋਏ। ਜਦ ਨੇੜੇ ਪੁੱਜੇ ਤਦ ਲਾਰਡ ਬੈਂਟਿੰਗ ਸਾਹਿਬ ਬਹਾਦਰ ਗਵਰਨਰ ਜਨਰਲ ਹਿੰਦ ਨੇ ਆਪ ਹਾਥੀ ਤੇ ਸਵਾਰ ਹੋ ਕੇ ਮਹਾਰਾਜਾ ਦਾ ਸਵਾਗਤ ਕੀਤਾ। ਜਦ ਦੋਨੋਂ ਹਾਥੀ ਆਮੋ-ਸਾਹਮਣੇ ਆਏ, ਤਦ ਮਹਾਰਾਜਾ ਨੇ ਹੱਥ ਦਾ ਸੇਬ ਗਵਰਨਰ ਜਨਰਲ ਦੀ ਭੇਟਾ ਕੀਤਾ, ਜਿਸ ਨੂੰ ਓਹਨਾਂ ਇੱਜ਼ਤ ਵਾਸਤੇ ਲੈ ਲਿਆ। ਫਿਰ ਹੱਥ ਮਿਲਾ ਕੇ ਦੋਹਾਂ ਨੇ ਸੁੱਖ ਸਾਂਦ ਪੁੱਛੀ ਤੇ ਮਹਾਰਾਜਾ ਆਪਣੇ ਹਾਥੀ ਤੋਂ ਉੱਠ ਕੇ ਗਵਰਨਰ ਜਨਰਲ ਦੇ ਹੌਦੇ ਵਿੱਚ ਜਾ ਬੈਠਾ। ਜਦ ਸੁਲਾਹ ਦੀਆਂ ਗੱਲਾਂ ਆਪੋ ਵਿੱਚ ਕਰਦੇ ਹੋਏ ਦਰਵਾਜ਼ੇ ਤੱਕ ਅੱਪੜੇ, ਤਦ ਦੋਵੇਂ ਹਾਥੀ ਤੋਂ ਉੱਤਰੇ। ਮਹਾਰਾਜਾ ਨੇ ਹੁਕਮ ਦਿੱਤਾ ਕਿ ਪਹਿਲਾਂ ਸਲਤਨਤ ਦੇ ਕਰਮਚਾਰੀ ਤੇ ਦਰਬਾਰੀ ਖੇਮੇ ਵਿੱਚ ਜਾ ਕੇ ਕੁਰਸੀਆਂ ਤੇ ਬੈਠ ਜਾਣ। ਸੋ ਹੁਕਮ ਸੁਣ ਕੇ ਸਾਰੇ ਸਰਦਾਰ ਤੇ ਦਰਬਾਰੀ ਜੋ ਮਹਾਰਾਜਾ ਦੇ ਨਾਲ ਲਾਹੌਰ ਤੋਂ ਆਏ ਸਨ, ਅੰਦਰ ਜਾ ਕੇ ਕੁਰਸੀਆਂ ਤੇ ਬੈਠ ਗਏ। ਫਿਰ ਮਹਾਰਾਜਾ ਸਾਹਿਬ ਤੇ ਗਵਰਨਰ ਜਨਰਲ ਹਿੰਦ ਦੋਨੋਂ ਆਪਸ ਵਿੱਚ ਹੱਥ ਨਾਲ ਹੱਥ ਮਿਲਾ ਕੇ ਅੰਦਰ ਗਏ। ਦੋਨੋਂ ਸੋਨੇ ਦੀਆਂ ਕੁਰਸੀਆਂ ਤੇ ਬੈਠ ਗਏ। ਮਹਾਰਾਜਾ ਸਾਹਿਬ ਨੂੰ ਇੱਜ਼ਤ ਦੇ ਵਾਸਤੇ ਸੱਜੇ ਪਾਸੇ ਜਗ੍ਹਾ ਦਿੱਤੀ ਗਈ। ਮਹਾਰਾਜਾ ਸਾਹਿਬ ਅੰਗ੍ਰੇਜ਼ੀ ਜ਼ਬਾਨ ਨਹੀਂ ਜਾਣਦੇ ਸੀ ਤੇ ਗਵਰਨਰ ਪੰਜਾਬੀ ਤੋਂ ਨਾਵਾਕਫ ਸੀ। ਸੋ ਫ਼ਕੀਰ ਅਜ਼ੀਜ਼ਦੀਨ ਤੇ ਕਪਤਾਨ ਵੈੱਡ ਸਾਹਿਬ ਇੱਕ ਦੂਜੇ ਦੀਆਂ ਗੱਲਾਂ ਦਾ ਤਰਜਮਾ ਕਰ ਕੇ ਸੁਨਾਣ ਵਾਸਤੇ ਨੀਯਤ ਹੋਏ।
ਕੁਝ ਚਿਰ ਤੱਕ ਦੋਨੋਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਗਵਰਨਰ ਜਨਰਲ ਨੇ ਮਹਾਰਾਜਾ ਦੀ ਫੌਜ ਦੀ ਬਹਾਦਰੀ ਤੇ ਦਲੇਰੀ ਦੀ ਤਾਰੀਫ਼ ਕੀਤੀ ਤੇ ਮਹਾਰਾਜਾ ਸਾਹਿਬ ਨੇ ਅੰਗ੍ਰੇਜ਼ੀ ਸੈਨਾ ਦੀ ਕਵਾਇਦ ਜਾਣਨ ਤੇ ਸਭ੍ਯਤਾ ਦੀ ਮਹਿਮਾ ਕੀਤੀ। ਦੋਨੋਂ ਸਰਕਾਰਾਂ ਆਪਸ ਵਿੱਚ ਮਿਲ ਕੇ ਬੜੀਆਂ ਪ੍ਰਸੰਨ ਹੋਈਆਂ। ਇਸ ਤੋਂ ਪਿੱਛੋਂ ਮਹਾਰਾਜਾ ਸਾਹਿਬ ਨੇ ੧੧ ਸੌ ਸੋਨੇ ਦੀ ਬੁਤਕੀ ਗਵਰਨਰ ਜਨਰਲ ਦੇ ਸਿਰ ਤੋਂ ਵਾਰੀ। ਫਿਰ ਮਹਾਰਾਜਾ ਸਾਹਿਬ ਨੇ ਆਪਣੇ ਹਰ ਇੱਕ ਸਰਦਾਰ ਦੀ ਬਹਾਦਰੀ ਤੇ ਗੁਣ ਦੱਸ ਦੱਸ ਕੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਾਈ। ਗਵਰਨਰ ਨੇ ਸਾਰਿਆਂ ਦੇ ਨਾਲ ਹੱਥ ਮਿਲਾਇਆ ਅਤੇ ਹਰ ਇੱਕ ਦੇ ਨਾਲ ਸਮੇਂ ਅਨੁਸਾਰ ਦੋ ਦੋ ਚਾਰ ਚਾਰ ਗੱਲਾਂ ਕੀਤੀਆਂ। ਇਸੇ ਤਰ੍ਹਾਂ ਗਵਰਨਰ ਨੇ ਆਪਣੇ ਅਹੁਦੇਦਾਰ ਨੂੰ ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤਾ। ਇਸ ਦਰਬਾਰ ਦਾ ਵੇਲਾ ਇੱਕ ਵੇਖਣ ਯੋਗ ਸੀ। ਇੱਕ ਪਾਸੇ ਅੰਗਰੇਜ਼ ਤੇ ਰੂਪਵਾਨ ਸੁੰਦਰ ਲੇਡੀਆਂ ਬੈਠੀਆਂ ਸਨ। ਦੂਜੇ ਪਾਸੇ ਮਹਾਰਾਜਾ ਸਾਹਿਬ ਦੇ
ਅਹਿਲਕਾਰ ਬਸੰਤੀ ਰੰਗ ਦੇ ਕੱਪੜੇ ਭੜਕੀਲੇ ਪਾਏ ਸਜੇ ਹੋਏ ਬੈਠੇ ਸਨ। ਜਦ ਇਸ ਤਰ੍ਹਾਂ ਆਪਸ ਵਿੱਚ ਗੱਲ ਬਾਤ ਹੋ ਚੁੱਕੀ, ਤਦ ਗਵਰਨਰ ਜਨਰਲ ਨੇ ੫੧ ਕਿਸ਼ਤੀਆਂ, ਤਰ੍ਹਾਂ-ਤਰ੍ਹਾਂ ਦੇ ਕੱਪੜਿਆਂ, ਕਮਖ਼ਾਬ, ਢਾਕਾ ਤੇ ਬਨਾਰਸ ਦੀਆਂ ਬਣੀਆਂ, ਗਹਿਣੇ, ਜਵਾਹਰਾਤ, ਤਲਵਾਰ ਦਾ ਇੱਕ ਅਲਮਾਸ ਦਾ ਦਸਤਾ, ਦੋ ਘੋੜੇ ਬਾਬੂਗੜ੍ਹ ਦੇ ਪੂਰਬੀ ਮੁਲਕਾਂ ਦੇ ਰਵਾਜ ਅਨੁਸਾਰ ਸੋਨੇ ਦੀ ਕਾਠੀ, ਸੋਨੇ ਚਾਂਦੀ ਦੇ ਗਹਿਣਿਆਂ ਨਾਲ ਜੜੇ ਹੋਏ, ਇੱਕ ਜ਼ੰਜੀਰ, ਹਾਥੀ ਬ੍ਰਹਮਾ ਦੇ ਮੁਲਕ ਦਾ, ਸੋਨੇ ਦੇ ਹੌਦੇ, ਮਖਮਲੀ ਝੁਲ ਜਿਸ ਤੇ ਸਾਰਾ ਸੋਨੇ ਦਾ ਕੰਮ ਹੋਇਆ ਸੀ, ਤੋਹਫੇ ਵਜੋਂ ਪੇਸ਼ ਕੀਤੀਆਂ। ਇਸੇ ਤਰ੍ਹਾਂ ੨੧ ਕਿਸ਼ਤੀਆਂ ਕਪੜਿਆਂ ਗਹਿਣਿਆਂ ਤੇ ਇੱਕ ਘੋੜਾ ਜਿਸ ਤੇ ਸੋਨੇ ਦੀ ਜ਼ੀਨ ਕੱਸੀ ਹੋਈ ਸੀ, ਸੋਨੇ ਚਾਂਦੀ ਦੇ ਗਹਿਣੇ ਪਏ ਹੋਏ ਸ਼ਾਹਜ਼ਾਦੇ ਵਾਸਤੇ ਇੱਕ ਇੱਕ ਸਰੋਪਾਓ ਨਾਲ ਦੇ ਸਾਰੇ ਸਰਦਾਰਾਂ ਲਈ ਦਿੱਤਾ ਗਿਆ ਤੇ ਦਰਬਾਰ ਖਤਮ ਹੋਇਆ। ਮਹਾਰਾਜਾ ਸਾਹਿਬ ਨੇ ੨੦੦੦ ਰੁਪਯਾ ਤੋਹਫੇ ਚੁੱਕਣ ਵਾਲਿਆਂ ਨੂੰ ਇਨਾਮ ਦਿੱਤਾ।
ਗਵਰਨਰ ਜਨਰਲ ਆਪ ਮਹਾਰਾਜਾ ਸਾਹਿਬ ਨੂੰ ਖੈਮੇਂ ਤੋਂ ਬਾਹਰ ਸਵਾਰ ਕਰਾਣ ਵਾਸਤੇ ਆਏ, ਬਲਕਿ ਕੁਝ ਦੂਰ ਤੱਕ ਨਾਲ ਜਾ ਕੇ ਪੁਚਾਣ ਦਾ ਖ਼ਿਆਲ ਪ੍ਰਗਟ ਕੀਤਾ। ਕਿੰਤੂ ਮਹਾਰਾਜਾ ਸਾਹਿਬ ਨੇ ਕਿਹਾ, “ਤੁਸੀਂ ਤਕਲੀਫ਼ ਨਾ ਕਰੋ।" ਚਲਣ ਲੱਗਿਆਂ ਮਹਾਰਾਜਾ ਸਾਹਿਬ ਨੇ ਆਪਣੇ ਨਾਲ ਖੜੇ ਕੋਤਲ ਘੋੜੇ ਗਵਰਨਰ ਨੂੰ ਵਖਾਏ। ਗਵਰਨਰ ਘੋੜੇ ਵੇਖ ਕੇ ਬਹੁਤ ਖ਼ੁਸ਼ ਹੋਏ। ਹਰ ਇੱਕ ਘੋੜਾ ਜਦ ਪਾਸ ਦੀ ਲੰਘਦਾ ਸੀ, ਤਦ ਮਹਾਰਾਜਾ ਸਾਹਿਬ ਹਰ ਇੱਕ ਘੋੜੇ ਦਾ ਨਾਮ ਤੇ ਓਹਦੇ ਗੁਣ ਦੱਸਦੇ ਜਾਂਦੇ ਸੀ। ਇਸ ਵਿੱਚ ਸੰਦੇਹ ਨਹੀਂ ਕਿ ਮਹਾਰਾਜਾ ਸਾਹਿਬ ਪਾਸ ਬੜੇ ਮੁੱਲ ਦੇ ਤੇ ਅਦਭੁਤ ਘੋੜੇ ਸਨ, ਜੋ ਸ਼ਾਇਦ ਹੀ ਕਿਸੇ ਹੋਰ ਦੇ ਅਸਤਬਲ ਤੋਂ ਮਿਲ ਸਕਣ। ਲੇਲੀ, ਸ਼ੀਰੀ ਤੇ ਗੋਹਰ ਬਾਰੇ ਜਿਨ੍ਹਾਂ ਘੋੜਿਆਂ ਦਾ ਜ਼ਿਕਰ ਪਿੱਛੇ ਆ ਚੁੱਕਿਆ ਹੈ, ਆਪਣੇ ਜਹੇ ਗੁਣਾਂ ਦੇ ਪ੍ਰਿਥਵੀ ਤੇ ਆਪ ਹੀ ਸਨ। ਜਦ ਸਾਰੇ ਘੋੜੇ ਲੰਘ ਚੁੱਕੇ, ਤਦ ਮਹਾਰਾਜਾ ਸਾਹਿਬ ਅੰਗ੍ਰੇਜ਼ੀ ਫੌਜ ਤੋਂ ਜੋ ਦੋਨੋਂ ਪਾਸੀਂ ਕਤਾਰ ਬੰਨ੍ਹੀ ਖੜ੍ਹੀ ਸੀ, ਸਲਾਮੀ ਲੈਂਦੇ ਹੋਏ ਦਰਯਾ ਦੇ ਕੰਢੇ ਤੇ ਪੁੱਜੇ ਤੇ ਬੰਗਲੇ ਦੀ ਤਰ੍ਹਾਂ ਦੀ ਬਾਦਸ਼ਾਹ ਵਾਲੀ ਕਿਸ਼ਤੀ ਵਿੱਚ ਬੈਠ ਕੇ ਦਰਯਾ ਤੋਂ ਪਾਰ ਉੱਤਰ ਆਏ ਤੇ ਆਪਣੇ ਕੈਂਪ ਵਿੱਚ ਅੱਪੜ ਕੇ ਤਿੰਨ ਕਲਮਦਾਨ ਕਸ਼ਮੀਰ ਦੇ ਬਣੇ ਹੋਏ, ਜਿਨ੍ਹਾਂ ਵਿੱਚ ਜਵਾਹਰਾਤ ਜੜੇ ਹੋਏ ਸਨ, ਫ਼ਕੀਰ ਅਜ਼ੀਜ਼ਦੀਨ ਦੀ ਰਾਹੀਂ: ਇਕ ਖ਼ਾਸ ਗਵਰਨਰ ਦੇ ਵਾਸਤੇ, ਦੂਜੀ ਲੇਡੀ ਸਾਹਿਬ ਵਾਸਤੇ ਤੇ ਤੀਜਾ ਚੀਫ ਸਕੱਤਰ ਵਾਸਤੇ ਤੋਹਫੇ ਵਜੋਂ ਭੇਜੇ।
ਦੂਜੇ ਦਿਨ ਗਵਰਨਰ ਜਨਰਲ ਆਪ ਮਹਾਰਾਜਾ ਸਾਹਿਬ ਨੂੰ ਦੂਜੀ ਵੇਰ ਮਿਲਣ ਦੀ ਰਸਮ ਅਦਾ ਕਰਨ ਵਾਸਤੇ ਆਏ ਤੇ ਮਹਾਰਾਜਾ ਸਾਹਿਬ ਨੇ ਇਨ੍ਹਾਂ ਦੇ ਸਵਾਗਤ ਲਈ ਹਰ ਤਰ੍ਹਾਂ ਦਾ ਸਮਾਨ ਇਕੱਠਾ ਕੀਤਾ। ਕਸ਼ਮੀਰ ਦੇ ਖੇਮੇ ਪਸ਼ਮੀਨੇ ਦੇ ਜਿਨ੍ਹਾਂ ਤੇ ਤਿੱਲੇ ਦਾ ਕੰਮ ਹੋਇਆ ਸੀ, ਲਗਵਾਏ। ਮਖਮਲੀ ਤੇ ਕਮਖਾਬ ਦੇ ਸ਼ਾਮਿਆਨੇ, ਜਿਨ੍ਹਾਂ ਦੇ ਨਾਲ ਮੋਤੀ ਲਟਕਦੇ ਸੀ ਤੇ ਸੋਨੇ ਚਾਂਦੀ ਦੇ ਬਣੇ ਵਾਂਸ ਲੱਗੇ ਹੋਏ ਸਨ, ਵੱਖਰੇ ਖੜ੍ਹੇ ਕੀਤੇ ਗਏ। ਕਨਾਤਾਂ ਲੱਗ ਗਈਆਂ, ਫਰਸ਼ ਵਿਛ ਗਏ, ਰੂਮੀ ਕਾਲੀਨ ਕਸ਼ਮੀਰ ਦੇ ਗਲੀਚੇ ਮਖਮਲੀ ਕੱਢੀਆਂ ਹੋਈਆਂ ਮਸਨਦਾਂ ਥਾਂ ਥਾਂ ਆਪਣੇ ਅਸਥਾਨ ਤੇ ਰੱਖ ਦਿੱਤੀਆਂ ਗਈਆਂ। ਸੋਨੇ ਚਾਂਦੀ ਦੀਆਂ ਕੁਰਸੀਆਂ ਦੋਨੋਂ ਪਾਸੀਂ ਲੱਗ ਗਈਆਂ। ਚਬੂਤਰੇ ਤੇ ਦੋ ਸੋਨੇ ਦੀਆਂ ਕੁਰਸੀਆਂ ਇੱਕੋ ਜਹੀਆਂ ਸੋਨੇ ਦੇ ਤਖ਼ਤ ਤੇ ਮਹਾਰਾਜਾ ਤੇ ਗਵਰਨਰ ਜਨਰਲ ਵਾਸਤੇ ਰਖੀਆਂ ਗਈਆਂ। ਜਿੱਥੇ ਇਹ ਦੋ ਕੁਰਸੀਆਂ ਰੱਖੀਆਂ ਸਨ, ਓਥੇ ਉੱਪਰ ਇੱਕ ਛੋਟਾ ਜਿਹਾ ਜ਼ਰਬਫਤ ਦਾ ਸ਼ਾਮਿਆਨਾ: ਜਿਸ ਦੇ ਨਾਲ ਮੋਤੀ ਤੇ ਜਵਾਹਰਾਤ ਦੀ ਝਾਲਰ ਲਮਕਦੀ ਸੀ, ਤਾਣਿਆ ਗਿਆ। ਕੈਂਪ ਤੋਂ ਦਰਯਾ ਤੱਕ ਮਹਾਰਾਜਾ ਸਾਹਿਬ ਦੀ ਫੌਜ ਸੁੰਦਰ ਪੁਸ਼ਾਕੇ ਪਾਈ ਦੋ ਕਤਾਰਾਂ ਵਿੱਚ ਖੜ੍ਹੀ ਸੀ। ਜਦ ਇਹ ਸਾਰੀ ਤਿਆਰੀ ਹੋ ਗਈ, ਤਦ ਨਵਾਬ ਗਵਰਨਰ ਜਨਰਲ ਸਾਹਿਬ ਦੀ ਉਡੀਕ ਹੋਣ ਲੱਗੀ। ਪਹਿਲਾਂ ਸ਼ਾਹਜ਼ਾਦਾ ਖੜਗ ਸਿੰਘ ਤੇ ਸ਼ੇਰ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਦਰਯਾ ਤੋਂ ਪਾਰ ਗਵਰਨਰ ਜਨਰਲ ਨੂੰ ਲੈਣ ਵਾਸਤੇ ਗਏ। ਫਿਰ ਗਵਰਨਰ ਜਨਰਲ ਆਪਣੇ ਕਰਮਚਾਰੀਆਂ ਨੂੰ ਨਾਲ ਲੈ
ਕੇ ਸਵਾਰ ਹੋ ਜਦ ਪੁਲ ਪਾਸ ਪੁੱਜੇ, ਤਦ ਉੱਥੇ ਮਹਾਰਾਜ ਨੇ ਆਪ ਹਾਥੀ ਤੇ ਜਾ ਕੇ ਸਵਾਗਤ ਕੀਤਾ ਤੇ ਸੁੱਖ ਸਾਂਦ ਪੁੱਛਣ ਮਗਰੋਂ ਆਪਣੇ ਖਾਸ ਹਾਥੀ ਤੇ ਬਿਠਾ ਕੇ ਹੌਲੀ ਹੌਲੀ ਦੋਨਾਂ ਪਾਸਿਆਂ ਤੋਂ ਸਲਾਮਾਂ ਲੈਂਦੇ ਖੇਮੇ ਵੱਲ ਆਏ। ਜਦ ਦਰਵਾਜ਼ੇ ਤੇ ਅੱਪੜੇ ਤਦ ਤੋਪਾਂ ਦੀ ਸਲਾਮੀ ਦੀ ਸ਼ਲਕ ਹੋਈ। ਮਹਾਰਾਜਾ ਨੇ ਗਵਰਨਰ ਦੇ ਹੱਥ ਨਾਲ ਹੱਥ ਮਿਲਾਈ ਨਾਲ ਲੈ ਜਾ ਕੇ ਆਪਣੇ ਸੱਜੇ ਹੱਥ ਕੁਰਸੀਆਂ ਤੇ ਬਿਠਾ ਦਿੱਤਾ। ਇੱਕ ਪਾਸੇ ਮਹਾਰਾਜਾ ਸਾਹਿਬ ਦੇ ਅਫਸਰ ਤੇ ਦੂਜੇ ਪਾਸੇ ਸਰਦਾਰ ਕੁਰਸੀਆਂ ਤੇ ਬੈਠ ਗਏ।
ਪਹਿਲਾਂ ਮਹਾਰਾਜਾ ਦੇ ਕਰਮਚਾਰੀਆਂ ਨੇ ਗਵਰਨਰ ਤੇ ਫਿਰ ਆਪਣੇ ਮਹਾਰਾਜਾ ਸਾਹਿਬ ਦੇ ਸਾਹਮਣੇ ਨਜ਼ਰਾਂ ਪੇਸ਼ ਕੀਤੀਆਂ ਤੇ ਕਪਤਾਨ ਵੈਂਡ ਸਾਹਿਬ ਨੇ ਹਰ ਇੱਕ ਸਰਦਾਰ ਦਾ ਨਾਮ ਲੈ ਕੇ ਓਹਦੇ ਗੁਣ ਪ੍ਰਗਟ ਕੀਤੇ। ਫਿਰ ਚੀਫ ਸਕੱਤ੍ਰ ਸਾਹਿਬ ਨੇ ਹਰ ਇੱਕ ਯੂਰਪੀਨ ਅਫਸਰਾਂ ਦੇ ਨਾਮ ਦੱਸੇ ਤੇ ਓਹਨਾਂ ਦੇ ਅਹੁਦੇ ਤੇ ਲਿਆਕਤ ਦਾ ਜ਼ਿਕਰ ਕੀਤਾ। ਮਹਾਰਾਜਾ ਨੇ ਹਰ ਇੱਕ ਅਫਸਰ ਨਾਲ ਹੱਥ ਮਲਾਇਆ ਤੇ ਸੁੱਖ ਸਾਂਦ ਪੁੱਛੀ। ਫਿਰ ਅਤਰ ਪਾਨ ਵੰਡਿਆ ਗਿਆ। ਫਿਰ ਰਾਗ ਗਵੱਈਆਂ ਨੇ ਸੁਣਾਇਆ, ਇਸ ਤੋਂ ਪਿੱਛੋਂ ੧੫੧ ਕਿਸ਼ਤੀਆਂ ਕਪੜਿਆਂ ਦੀਆਂ, ਪਸ਼ਮੀਨਾਂ, ਪੰਜਾਬ ਦੇ ਤੋਹਫੇ, ਗਹਿਣੇ, ਜਵਾਹਰ, ਇੱਕ ਤਲਵਾਰ, ਇੱਕ ਕਮਾਨ ਜੜਾਊ, ਦੋ ਘੋੜੇ ਸੋਨੇ ਦੇ ਅਸਬਾਬ ਸੋਨੇ ਦੇ ਗਹਿਣਿਆਂ ਨਾਲ ਸਜੇ ਹੋਏ, ਇੱਕ ਜ਼ੰਜ਼ੀਰ ਹਾਥੀ ਸੋਨੇ ਚਾਂਦੀ ਦੇ ਹੌਦੇ, ਮਖਮਲੀ ਝੁਲ, ਜਿਸ ਤੇ ਸੋਨੇ ਦਾ ਕੰਮ ਨਿਕਲਿਆ ਹੋਇਆ ਸੀ, ਗਵਰਨਰ ਜਨਰਲ ਦੇ ਅੱਗੇ ਦੋਸਤੀ ਦੇ ਢੰਗ ਤੇ ਤੋਹਫੇ ਵਜੋਂ ਪੇਸ਼ ਕੀਤੇ ਗਏ ਤੇ ਇਸੇ ਤਰ੍ਹਾਂ ਦੂਜੇ ਸਾਥੀਆਂ ਨੂੰ ਵੀ ਓਹਨਾਂ ਦੇ ਅਹੁਦਿਆਂ ਅਨੁਸਾਰ ਤੋਹਫੇ ਤੇ ਸਿਰੋਪਾਓ ਵੰਡੇ ਗਏ। ਸ਼ਾਹਜ਼ਾਦਾ ਖੜਗ ਸਿੰਘ ਤੇ ਸ਼ੇਰ ਸਿੰਘ ਸਾਹਿਬ ਬਹਾਦਰ ਨੂੰ ਆਪਣੇ ਅਸਥਾਨ ਤੱਕ ਪੁਚਾਣ ਵਾਸਤੇ ਨਾਲ ਗਏ।
ਅਗਲੇ ਦਿਨ ਮਹਾਰਾਜਾ ਨੇ ਅੰਗ੍ਰੇਜ਼ੀ ਫੌਜ ਦੀ ਕਵਾਇਦ ਵੇਖੀ ਤੇ ਸੰਧ੍ਯਾ ਨੂੰ ਗਵਰਨਰ ਜਨਰਲ ਦੇ ਅਸਥਾਨ ਤੇ ਰਾਤ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਰੋਟੀ ਖਾਧੀ। ਦੋਨੋਂ ਸਰਕਾਰਾਂ ਨੇ ਇੱਕ ਦੂਜੇ ਦੀ ਅਰੋਗਤਾ ਦਾ ਗਲਾਸ ਪੀਤਾ। ਅੱਧੀ ਰਾਤ ਤੱਕ ਦਰਬਾਰ ਲੱਗਾ ਰਿਹਾ। ਯੂਰਪੀਨ ਲੇਡੀਆਂ ਦੇ ਨਾਚ, ਅੰਗ੍ਰੇਜ਼ੀ ਵਾਜੇ ਦੀਆਂ ਸੁਰਾਂ ਨੂੰ ਸੁਣਦੇ ਰਹੇ। ਚੌਥੇ ਦਿਨ ਗਵਰਨਰ ਨੇ ਮਹਾਰਾਜਾ ਸਾਹਿਬ ਦੀ ਫੌਜ ਦੀ ਕਵਾਇਦ ਵੇਖੀ, ਜਿਨ੍ਹਾਂ ਦੇ ਲੜਾਈ ਦੇ ਕਰਤਬ ਵੇਖ ਕੇ ਸਾਰੇ ਅੰਗ੍ਰੇਜ਼ ਤੇ ਗਵਰਨਰ ਜਨਰਲ ਚਕ੍ਰਿਤ ਰਹਿ ਗਏ। ਸੰਧ੍ਯਾ ਨੂੰ ਗਵਰਨਰ ਸਾਹਿਬ ਮਹਾਰਾਜਾ ਦੇ ਪਾਸ ਪ੍ਰੀਤੀ ਭੋਜਨ ਵਿੱਚ ਸ਼ਾਮਿਲ ਹੋਏ। ਕਈ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਮਹਾਰਾਜਾ ਸਾਹਿਬ ਵੱਲੋਂ ਪੇਸ਼ ਕੀਤੀਆਂ ਗਈਆਂ। ਦੋਹਾਂ ਸਰਕਾਰਾਂ ਨੇ ਇੱਕ ਦੂਜੇ ਨੂੰ ਗਲਾਸ ਭਰ ਭਰ ਕੇ ਦਿੱਤੇ ਤੇ ਬੜੇ ਦਿਲੀ ਸਫਾਈ ਨਾਲ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਰਹੇ। ਰਾਤ ਦੇ ਇੱਕ ਵਜੇ ਦੇ ਕਰੀਬ ਗਵਰਨਰ ਨੇ ਜਾਣ ਦੀ ਆਗਿਆ ਮੰਗੀ। ਮਹਾਰਾਜਾ ਸਾਹਿਬ ਨੇ ਕਿਹਾ, "ਆਪ ਤੋਂ ਵਿਛੜਨ ਤੇ ਜੀ ਨਹੀਂ ਕਰਦਾ, ਕਿੰਤੂ ਕੀ ਕੀਤਾ ਜਾਵੇ? ਜਿਵੇਂ ਆਪ ਦੀ ਰਜ਼ਾ!” ਇਹ ਕਹਿ ਕੇ ਰਿਵਾਜ ਅਨੁਸਾਰ ਤੋਹਫੇ ਪੇਸ਼ ਕੀਤੇ ਗਏ। ਮਹਾਰਾਜ ਸਾਹਿਬ ਗਵਰਨਰ ਨੂੰ ਦਰਵਾਜ਼ੇ ਤੱਕ ਪੁਚਾਣ ਵਾਸਤੇ ਆਏ। ਫਿਰ ਗਵਰਨਰ ਜਨਰਲ ਬੱਘੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਸਮੇਤ ਠਹਿਰਨ ਦੀ ਜਗ੍ਹਾ ਤੇ ਆ ਗਿਆ।
੩੧ ਅਕਤੂਬਰ ਵਾਲੇ ਦਿਨ ਗਵਰਨਰ ਦੇ ਮੁਕਾਮ ਤੇ ਨੇਜ਼ਾਬਾਜ਼ੀ ਦੀ ਪ੍ਰੀਖਯਾ ਹੋਈ। ਪਹਿਲਾਂ ਅੰਗ੍ਰੇਜ਼ ਤੋਪਖਾਨੇ ਵਾਲਿਆਂ ਇੱਕ ਛਾਨੇ ਦਾ ਨਿਸ਼ਾਨਾ ਡਾਹਿਆ, ਫਿਰ ਅਸਕਨਰ ਸਾਹਿਬ ਦੇ ਸਵਾਰਾਂ ਨੇ ਨੇਜ਼ਾਬਾਜ਼ੀ ਕੀਤੀ। ਹਰ ਇੱਕ ਅੰਗਰੇਜ਼ੀ ਫੌਜ ਦੇ ਅਫਸਰ ਨੇ ਆਪਣੀ ਬਹਾਦਰੀ ਦੇ ਕਰਤੱਬ ਵਿਖਾਏ। ਜਦ ਅੰਗ੍ਰੇਜ਼ੀ ਫੌਜ ਦੇ ਲੋਕ ਆਪਣੇ ਕਰਤੱਬ ਵਿਖਾ ਚੁੱਕੇ, ਤਦ ਫਿਰ ਮਹਾਰਾਜਾ ਸਾਹਿਬ ਨੇ ਆਪਣੇ ਸਰਦਾਰਾਂ ਨੂੰ ਹੁਕਮ ਦਿੱਤਾ। ਸਭ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਨੇ ਘੋੜਾ ਦੁੜਾ ਕੇ ਆਪਣੀ ਸ਼ਾਹ ਸਵਾਰੀ ਤੇ ਨੇਜਾਬਾਜ਼ੀ ਦਾ ਕਰਤੱਬ ਦੱਸਿਆ। ਕਈ ਇੱਕ ਨਿੰਬੂ ਕਪੇ, ਦੌੜਦੇ ਹੋਏ ਘੋੜੇ ਤੇ ਨਿਸ਼ਾਨਾ ਲਾਇਆ, ਫਿਰ ਸੁਚੇਤ ਸਿੰਘ, ਗੁਲਾਬ
ਸਿੰਘ, ਸਰਦਾਰ ਹਰੀ ਸਿੰਘ ਨਲਵਾ, ਵੰਟੋਰਾ, ਅਲਾਰਡ ਤੇ ਅਲਾਹੀ ਬਖ਼ਸ਼ ਆਦਿਕਾਂ ਨੇ ਓਹ ਕਰਤੱਬ ਦਿਖਾਏ ਕਿ ਸਾਰੀ ਅੰਗਰੇਜ਼ੀ ਫੌਜ ਦੰਗ ਰਹਿ ਗਈ। ਜੋ ਕੰਮ ਓਹਨਾਂ ਕਰ ਕੇ ਦੱਸੇ, ਅੰਗ੍ਰੇਜ਼ੀ ਫੌਜ ਨੇ ਕਦੇ ਵੇਖੇ ਸੁਣੇ ਵੀ ਨਹੀਂ ਸੀ। ਫਿਰ ਸਭ ਤੋਂ ਪਿੱਛੋਂ ਮਹਾਰਾਜਾ ਆਪ ਮੈਦਾਨ ਵਿੱਚ ਆਇਆ! ਘੋੜਾ ਦੌੜਾ ਕੇ ਇੱਕ ਬ੍ਰੰਜੀ ਲੋਟੇ ਤੇ ਤਿੰਨ ਵਾਰ ਤਲਵਾਰ ਦੀ ਨੋਕ ਨਾਲ ਲਕੀਰ ਖਿੱਚੀ। ਮਹਾਰਾਜਾ ਸਾਹਿਬ ਤੇ ਓਹਨਾਂ ਦੇ ਕਰਮਚਾਰੀਆਂ ਦੇ ਮਰਦਾਨਾ ਕਰਤਬਾਂ ਨੇ ਅੰਗ੍ਰੇਜ਼ਾਂ ਨੂੰ ਹੱਕਾ ਬੱਕਾ ਕਰ ਦਿੱਤਾ। ਜਿਸ ਦਿਨ ਗਵਰਨਰ ਜਨਰਲ ਨੇ ਸਿੱਖਾਂ ਦੀ ਫੌਜ ਦੀ ਕਵਾਇਦ ਵੇਖੀ, ਓਸ ਦਿਨ ਭੀ ਇਨ੍ਹਾਂ ਦੇ ਮੂੰਹ ਤੋਂ ਬੇ ਵਸੇ ਪ੍ਰਸੰਸਾ ਦੇ ਵਾਕ ਨਿੱਕਲਦੇ ਸਨ। ਇਸ ਦਿਨ ਸੰਧਯਾ ਵੇਲੇ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਨਾਲ ਅੰਤਮ ਮੁਲਾਕਾਤ ਕੀਤੀ ਤੇ ਗਵਰਨਰ ਜਨਰਲ ਨੇ ਮਹਾਰਾਜਾ ਸਾਹਿਬ ਨੂੰ ਦੋ ਘੋੜਿਆਂ ਵਾਲੀਆਂ ਤੋਪਾਂ ਤੇ ਸਾਰੇ ਸਾਮਾਨ ਸਮੇਤ ਮਹਾਰਾਜਾ ਸਾਹਿਬ ਦੀ ਭੇਟਾ ਕੀਤੀਆਂ ਤੇ ਇੱਕ ਲੋਹੇ ਦੇ ਫੁੱਲ ਦਾ ਸੱਚਾ ਜੋ ਮਹਾਰਾਜਾ ਸਾਹਿਬ ਵਾਸਤੇ ਕਲਕੱਤੇ ਬਣਵਾਇਆ ਗਿਆ ਸੀ, ਆਪਣੀ ਯਾਦਗਾਰ ਵਿੱਚ ਭੇਟਾ ਕੀਤਾ। ਮਹਾਰਾਜਾ ਸਾਹਿਬ ਨੇ ਲਾਟ ਸਾਹਿਬ ਦਾ ਬੜਾ ਧੰਨਵਾਦ ਕੀਤਾ। ਦੋਹਾਂ ਸਰਕਾਰਾਂ ਵਿੱਚ ਨਵਾਂ ਇਕਰਾਰਨਾਮਾ ਓਸੇ ਮਜ਼ਮੂਨ ਦਾ; ਜੋ ਮਿਸਟਰ ਮਿਟਕਾਫ ਦੇ ਸਮੇਂ ਲਿਖਿਆ ਗਿਆ ਸੀ, ਲਿਖਿਆ। ਜਾ ਕੇ ਦੋਹਾਂ ਸਰਕਾਰਾਂ ਦੀਆਂ ਮੋਹਰਾਂ ਤੇ ਦਸਤਖ਼ਤ ਹੋ ਗਏ।
9 ਨਵੰਬਰ ਨੂੰ ਗਵਰਨਰ ਤੇ ਮਹਾਰਾਜਾ ਸਾਹਿਬ ਆਪਣੀ ਆਪਣੀ ਰਾਜਧਾਨੀ ਵਿੱਚ ਵਾਪਸ ਮੁੜ ਆਏ। ਰੋਪੜ ਦੇ ਵਿੱਚ ਠਹਿਰਨ ਦੇ ਦਿਨਾਂ ਵਿੱਚ ਮਹਾਰਾਜਾ ਸਾਹਿਬ ਨੇ ਚੀਫ ਸਕੱਤ੍ਰ ਤੇ ਇੱਕ ਹੋਰ ਅੰਗ੍ਰੇਜ਼ ਅਫਸਰ ਨੂੰ ਆਪਣੇ ਖੇਮੇ ਵਿੱਚ ਸੱਦ ਕੇ ਰਾਜਸੀ ਤੇ ਵਪਾਰੀ ਮਾਮਲਿਆਂ ਤੇ ਗੱਲਬਾਤ ਕੀਤੀ। ਸਿੰਧ ਦੇ ਸੋਨਾ ਉਗਲਣ ਵਾਲੇ ਇਲਾਕੇ ਤੇ ਮਹਾਰਾਜਾ ਸਾਹਿਬ ਤੇ ਅੰਗ੍ਰੇਜ਼ ਦੋਨਾਂ ਦੀ ਨਜ਼ਰ ਸੀ। ਇਸ ਦਾ ਜ਼ਿਕਰ ਛਿੜਿਆ, ਕਿੰਤੂ ਗਵਰਨਮੈਂਟ ਵੱਲੋਂ ਇੱਕ ਵੱਡਾ ਪੋਲੀਟੀਕਲ ਅਫਸਰ ਸਿੰਧ ਦੇ ਮਾਮਲਿਆਂ ਨੂੰ ਨਜਿੱਠਣ ਲਈ ਗਿਆ ਹੋਇਆ ਸੀ, ਇਸ ਕਰ ਕੇ ਕੋਈ ਨਿਸ਼ਚਤ ਫ਼ੈਸਲਾ ਨਾ ਹੋਇਆ।
੧੮੭. ਕਪੂਰਥਲੇ ਦੇ ਸਰਦਾਰ ਪਾਸ ਠਹਿਰਨਾ
ਰੋਪੜ ਤੋਂ ਚੱਲ ਕੇ ੯ ਨਵੰਬਰ ਨੂੰ ਮਹਾਰਾਜਾ ਸਾਹਿਬ ਕਪੂਰਥਲੇ ਪੁੱਜੇ। ਕੁਝ ਦਿਨ ਇੱਥੇ ਸਰਦਾਰ ਫਤਹ ਸਿੰਘ ਆਹਲੂਵਾਲੀਏ ਪਾਸ ਰਹਿ ਕੇ ੧੬ ਤਰੀਕ ਨੂੰ ਲਾਹੌਰ ਅੱਪੜੇ। ਕੰਧਾਰ ਦੇ ਸਰਦਾਰ ਪ੍ਰਦਲ ਖਾਂ ਵੱਲੋਂ ਮੀਰਾਖੂਰ ਵਕੀਲ ਤੋਹਫੇ ਲੈ ਕੇ ਆਇਆ। ਉਸ ਨੂੰ ਇੱਕ ਸਿਰੋਪਾ ਦਿੱਤਾ ਗਿਆ।
੧੮੮. ਡੇਹਰਾ ਗਾਜ਼ੀ ਖਾਂ ਦੇ ਇਲਾਕੇ ਦੀ ਜ਼ਬਤੀ ਤੇ ਮੁਲਤਾਨ ਦਾ ਖਰਾਜ ਵਸੂਲ ਕਰਨਾ
ਬਹਾਵਲਪੁਰ ਦੇ ਨਵਾਬ ਨੂੰ ਡੇਹਰਾ ਗਾਜ਼ੀ ਖਾਂ ਦਾ ਇਲਾਕਾ ੨੫ ਹਜ਼ਾਰ ਰੁਪਯਾ ਸਾਲ ਦੇ ਠੇਕੇ ਤੇ ਦਿੱਤਾ ਹੋਇਆ ਸੀ, ਕਿੰਤੂ ਦੋ ਸਾਲ ਤੋਂ ਨਾ ਤਾਂ ਉਸ ਵੱਲੋਂ ਠੇਕੇ ਦੀ ਰਕਮ ਆਈ ਸੀ ਤੇ ਨਾ ਹੀ ਖਰਾਜ ਪੁੱਜਾ ਸੀ। ਇਸ ਕਰ ਕੇ ਜਨਰਲ ਵੰਟੋਰਾ ਸਾਹਿਬ ਨੂੰ ਹੁਕਮ ਹੋਇਆ ਕਿ ਉਹ ਜਾ ਕੇ ਠੇਕੇ ਤੇ ਖਰਾਜ ਦੀ ਰਕਮ ਲਿਆਵੇ। ਸਾਦਿਕ ਅਲੀ ਖਾਂ ਹਾਕਮ ਡੇਰਾ ਗਾਜ਼ੀ ਖਾਂ ਠੇਕੇ ਦੀ ਰਕਮ ਨਾ ਦੇ ਸਕਿਆ। ਇਸ ਵਾਸਤੇ ਇਹ ੬ ਲੱਖ ਦਾ ਇਲਾਕਾ ਕੁਲ ਸਾਮਾਨ ਸਮੇਤ ਜ਼ਬਤ ਹੋ ਕੇ ਲਾਹੌਰ ਦਰਬਾਰ ਨਾਲ ਮਿਲਾਇਆ। ਇੱਥੋਂ ਵੰਟੋਰਾ ਸਾਹਿਬ ਬਹਾਵਲਪੁਰ ਪੁੱਜੇ, ਉੱਥੋਂ ਦੇ ਨਵਾਬ ਨੇ ਖਰਾਜ ਦੇਣ ਵਿੱਚ ਟਾਲਮਟੋਲਾ ਕਰਨਾ ਚਾਹਿਆ। ਓਹਨੇ ਇੱਕ ਚਿੱਠੀ ਅੰਗਰੇਜ਼ਾਂ ਵੱਲ ਲਿਖ ਕੇ ਆਪਣੇ ਆਪ ਨੂੰ ਓਹਨਾਂ ਦੇ ਅਧੀਨ ਕਰਨ ਦਾ ਲਿਖਿਆ ਸੀ। ਓਹਦੀ ਮਨਸ਼ਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਖਰਾਜ ਦੀ ਰਕਮ ਦੇਣ ਤੋਂ ਸ਼ਾਇਦ ਬਚ ਜਾਵਾਂ। ਜਦ ਅੰਗ੍ਰੇਜ਼ਾਂ ਵੱਲੋਂ ਕੋਈ ਤਸੱਲੀ ਵਾਲਾ ਉੱਤਰ ਨਾ ਮਿਲਿਆ, ਤਦ ਇੱਕ ਲੱਖ ਰੁਪਯਾ ਦੇ ਕੇ ਬਾਕੀ ਰਕਮ ਲਈ ਦੋ ਤਿੰਨ ਮਹੀਨੇ ਦਾ ਇਕਰਾਰ ਕਰ ਦਿੱਤਾ।
੧੮੯. ਸ਼ਾਹਜ਼ਾਦਾ ਸ਼ੇਰ ਸਿੰਘ ਕਸ਼ਮੀਰ ਦਾ ਗਵਰਨਰ ਨੀਯਤ ਹੋਇਆ
ਕਸ਼ਮੀਰ ਦੇ ਪ੍ਰਬੰਧਕਾਂ ਦੀਆਂ ਬਹੁਤ ਸਾਰੀਆਂ ਸ਼ਕਾਇਤਾਂ ਨੂੰ ਮੁੱਖ ਰੱਖ ਕੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਬਣਾ ਕੇ ਭੇਜਿਆ ਗਿਆ। ਆਪ ਥੋੜ੍ਹਾ ਜਿਹਾ ਚਿਰ ਉੱਥੇ ਠਹਿਰੇ। ਫਿਰ ਵਾਪਸ ਲਾਹੌਰ ਆ ਗਏ ਤੇ ਇਨ੍ਹਾਂ ਦੀ ਜਗ੍ਹਾ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਭੇਜਿਆ ਗਿਆ। ਇਹ ਸੰਮਤ ੧੮੯੦ ਦੀ ਗੱਲ ਹੈ। ਇਸ ਸਾਲ ਕਸ਼ਮੀਰ ਵਿੱਚ ਬੜਾ ਦੁਰਭਿਖ ਕਾਲ ਪਿਆ, ਜਿਸ ਤੋਂ ਪਰਜਾ ਅਤਿ ਦੁਖੀ ਸੀ। ਲੋੜ ਸੀ ਕਿ ਇਸ ਵੇਲੇ ਪ੍ਰਜਾ ਦੀ ਸਹਾਇਤਾ ਕੀਤੀ ਜਾਂਦੀ, ਕਿੰਤੂ 'ਕਾਲ ਬਾਗੜੋ ਉਪਜੇ ਬੁਰਾ ਬ੍ਰਹਮਨ ਤੇ ਹੋਏ’ ਜਮਾਂਦਾਰ ਖ਼ੁਸ਼ਹਾਲ ਸਿੰਘ ਨੇ ਪ੍ਰਜਾ ਨੂੰ ਏਨਾ ਦੁਖੀ ਕੀਤਾ ਕਿ ਲੋਕਾਂ ਦੀ ਨੱਕ ਵਿੱਚ ਜਾਨ ਲੈ ਆਂਦੀ। ਪਰਜਾ ਆਪਣਾ ਵਤਨ ਛੱਡਣ ਲਈ ਤਿਆਰ ਹੋ ਗਈ। ਕੁਝ ਕਸ਼ਮੀਰੀਆਂ ਨੇ ਲਾਹੌਰ ਆ ਕੇ ਮਹਾਰਾਜਾ ਸਾਹਿਬ ਦੇ ਅੱਗੇ ਜਮਾਂਦਾਰ ਖ਼ੁਸ਼ਹਾਲ ਸਿੰਘ ਦੀ ਸ਼ਕਾਇਤ ਕੀਤੀ। ਆਪ ਨੇ ਓਸੇ ਵੇਲੇ ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ਮੁਅੱਤਲ ਕਰ ਕੇ ਓਸ ਦੀ ਜਗਾ ਸਰਦਾਰ ਮੀਹਾਂ ਸਿੰਘ ਨੂੰ ਨੀਯਤ ਕੀਤਾ, ਜਿਸ ਨੇ ਆਪਣੇ ਨਿਆਇਕਾਰੀ ਹੋਣ ਦੇ ਕਾਰਨ ਪਰਜਾ ਦੇ ਦਿਲਾਂ ਨੂੰ ਮੋਹ ਲਿਆ। ਜਾਂਦਿਆਂ ਹੀ ਇੱਕ ਸਾਲ ਦਾ ਮਾਮਲਾ ਮਾਫ਼ ਕਰ ਦਿੱਤਾ ਤੇ ਹੋਰ ਸੰਭਵ ਤਰੀਕਾ ਮੁਲਕ ਵਸਾਣ ਦਾ ਕੀਤਾ। ਕਸ਼ਮੀਰ ਵਿੱਚ ੨੨ ਹਜ਼ਾਰ ਕਾਰਖਾਨੇ ਸ਼ਾਲ ਬਾਫਾਂ ਦੇ ਸਨ, ਜੋ ਖ਼ੁਸ਼ਹਾਲ ਸਿੰਘ ਦੀ ਹਿੰਮਤ ਨਾਲ ਸਭ ਬੰਦ ਹੋ ਗਏ ਸਨ। ਸਰਦਾਰ ਮੀਹਾਂ ਸਿੰਘ ਦੇ ਯਤਨ ਨਾਲ ਫਿਰ ਜਾਰੀ ਹੋ ਗਏ।
ਜਮਾਂਦਾਰ ਖ਼ੁਸ਼ਹਾਲ ਸਿੰਘ ਬ੍ਰਾਹਮਣ ਨੇ ਤਾਂ ਇੱਕ ਕਸ਼ਮੀਰ ਨੂੰ ਬਰਬਾਦ ਕੀਤਾ, ਤੇਜਾ ਸਿੰਘ ਤੇ ਲਾਲ ਸਿੰਘ ਬ੍ਰਾਹਮਣਾਂ ਨੇ ਤਾਂ ਸਾਰਾ ਪੰਜਾਬ ਹੀ ਤਬਾਹ ਕਰ ਦਿੱਤਾ। ਜਿਸ ਦਾ ਲੂਣ ਖਾਧਾ, ਓਸ ਦੀ ਬਾਦਸ਼ਾਹੀ ਦਾ ਚਿੰਨ੍ਹ ਤੱਕ ਵੀ ਨਾ ਛੱਡਿਆ।
ਹਾਂ! ਸਰਦਾਰ ਮੀਹਾਂ ਸਿੰਘ ਨੇ ੮) ਹਜ਼ਾਰ ਰੁਪਯੇ ਖਿਰਵਾਰ ਅਨਾਜ ਮੰਗਾ ਕੇ ੩) ਰੁਪਯੇ ਤੇ ਵੇਚਿਆ (ਇਕ ਖਿਰਵਾਰ ਦੋ ਮਨ ੧੬ ਸੇਰ ਦਾ ਹੋਂਦਾ ਹੈ) ਜਿਸ ਤੋਂ ਪ੍ਰਜਾ ਦਾ ਕਾਲ ਨਿੱਕਲ ਗਿਆ।
ਸਰਦਾਰ ਮੀਹਾਂ ਸਿੰਘ ਬੜਾ ਸਮਝਦਾਰ ਨਿਆਇਕਾਰੀ ਤੇ ਅਕਲ ਵਾਲਾ ਸੀ। ਕਸ਼ਮੀਰ ਦੇ ਇਲਾਕੇ ਵਿੱਚ ਅੱਜ ਤੱਕ ਲੋਕੀਂ ਇਨ੍ਹਾਂ ਦਾ ਨਾਮ ਇੱਜ਼ਤ ਤੇ ਅਦਬ ਨਾਲ ਲੈਂਦੇ ਹਨ ਤੇ ਹੁਣ ਵੀ ਜਦ ਕਸ਼ਮੀਰੀ ਦੋ ਚਾਰ ਮਿਲ ਕੇ ਇਕੱਠੇ ਬੈਠਦੇ ਹਨ, ਤਦ ਇਨ੍ਹਾਂ ਦੇ ਨਿਆਏ ਦੀਆਂ ਕਹਾਣੀਆਂ ਕਰਦੇ ਹਨ।
ਕਸ਼ਮੀਰ ਵਿੱਚ ਅੱਜ ਕੱਲ੍ਹ ਗੁਲਮਰਗ ਦੇ ਨਾਮ ਤੇ ਇੱਕ ਜਗ੍ਹਾ ਮਸ਼ਹੂਰ ਹੈ। ਇੱਥੇ ਹੀ ਰੈਜ਼ੀਡੈਂਟ ਆਦਿਕ ਪੋਲੀਟੀਕਲ ਕਰਮਚਾਰੀ ਰਹਿੰਦੇ ਹਨ। ਰਵਾਇਤ ਹੈ ਇਹ ਜਗ੍ਹਾ ਪਹਿਲਾਂ ਘੋੜੀਆਂ ਦੇ ਚਾਰਾ ਚਰਨ ਦੀ ਜਗ੍ਹਾ (ਚਰਗਾਹ) ਸੀ। ਕਸ਼ਮੀਰੀ ਬੋਲੀ ਵਿੱਚ ਘੋੜੇ ਨੂੰ (ਗੋਰ) ਤੇ ਚਰਾਂਦ ਨੂੰ "ਮਰਗ" ਕਹਿੰਦੇ ਹਨ। ਇੱਥੇ ਦੋ ਆਦਮੀਆਂ ਦੀਆਂ ਦੋ ਘੋੜੀਆਂ ਚਰਦੀਆਂ ਸਨ, ਇਨ੍ਹਾਂ ਨੇ ਦੋ ਵਛੇਰੀਆਂ ਦਿੱਤੀਆਂ। ਇੱਕ ਨੂੰ ਸ਼ੇਰ ਖਾ ਗਿਆ, ਦੂਜੀ ਦੋਹਾਂ ਦਾ ਦੁੱਧ ਪੀ ਕੇ ਪਲਦੀ ਰਹੀ। ਕੁਝ ਸਮੇਂ ਪਿੱਛੋਂ ਜਦ ਦੋਨਾਂ ਘੋੜੀਆਂ ਦੇ ਮਾਲਕ ਅੱਪੜੇ ਤਦ ਵਛੇਰੀ ਬਾਬਤ ਝਗੜਾ ਪੈ ਗਿਆ। ਇੱਕ ਕਹੇ ਮੇਰੀ ਘੋੜੀ ਦੀ ਹੈ, ਦੂਜੀ ਕਹੇ ਮੇਰੀ ਘੋੜੀ ਦੀ। ਜਦ ਆਪੋ ਵਿੱਚ ਗਲ ਨਾ ਨਿਪਟ ਸਕੀ, ਤਦ ਸਰਦਾਰ ਮੀਹਾਂ ਸਿੰਘ ਪਾਸ ਨਿਪਟਾਨ ਲਈ ਗਏ। ਸਰਦਾਰ ਮੀਹਾਂ ਸਿੰਘ ਨੇ ਦਰਯਾ ਦੇ ਇੱਕ ਪਾਸੇ ਦੋਨੋਂ ਘੋੜੀਆਂ ਤੇ ਦੂਜੇ ਪਾਸੇ ਵਛੇਰੀ ਖੜੀ ਕੀਤੀ। ਜਦ ਵਛੇਰੀ ਹਿਣਕੀ, ਤਦ ਘੋੜੀ ਦੀ ਮਾਂ ਵਿਆਕੁਲ ਹੋ ਦਰਯਾ ਵਿੱਚ ਠਲ ਕੇ ਆਪਣੀ ਵਛੇਰੀ ਪਾਸ ਚਲੀ ਗਈ ਤੇ ਦੂਜੀ ਘੋੜੀ ਉਸੇ ਥਾਂ ਤੇ ਖਲੋਤੀ ਰਹੀ, ਜਿਸ ਤੋਂ ਸਰਦਾਰ ਮੀਹਾਂ ਸਿੰਘ ਨੇ ਵਛੇਰੀ ਉਸ ਘੋੜੀ ਵਾਲੇ ਨੂੰ ਦੇ ਦਿੱਤੀ।
ਮਹਾਰਾਜਾ ਸਾਹਿਬ ਇੱਕ ਮਹੀਨਾ ਤੱਕ ਜਮਾਂਦਾਰ ਖੁਸ਼ਹਾਲ ਸਿੰਘ ਤੇ ਬੜੇ ਕ੍ਰੋਧਵਾਨ ਰਹੇ। ਉਸ ਨੂੰ ਮੂੰਹ ਨਹੀਂ ਲਾਇਆ। ਕਿੰਤੂ ਫਿਰ ਰਾਜਾ ਧਿਆਨ ਸਿੰਘ ਦੀ ਸਫਾਰਸ਼ ਤੇ ਓਹਦਾ ਅਪਰਾਧ ਬਖ਼ਸ਼ ਦਿੱਤਾ।
ਸੰਮਤ ੧੮੮੯ ਬਿਕ੍ਰਮੀ ਨੂੰ ਲਫਟੰਟ ਅਲਗਜ਼ੈਂਡਰ ਬਰਨਸ ਸਾਹਿਬ ਲਾਹੌਰ ਆਏ। ਇਹ ਓਹੀ ਸਾਹਿਬ ਸਨ, ਜੋ ਪਹਿਲਾਂ ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਮਹਾਰਾਜਾ ਸਾਹਿਬ ਪਾਸ ਤੋਹਫੇ ਲੈ ਕੇ ਆਏ ਸੀ। ਇਨ੍ਹਾਂ ਨੇ ਆਣ ਕੇ ਦੱਸਿਆ ਕਿ ਇਨ੍ਹਾਂ ਦੀ ਇੱਛਾ ਕਾਬਲ ਕੰਧਾਰ ਬਲਖ ਬੁਖਾਰਾ ਜਾਣ ਦੀ ਹੈ। ਮਹਾਰਾਜਾ ਨਾਲ ਇਨ੍ਹਾਂ ਦਾ ਮੇਲ ਮਿਲਾਪ ਪਹਿਲਾਂ ਦਾ ਹੀ ਸੀ। ਇਸ ਕਰ ਕੇ ਇਨ੍ਹਾਂ ਦੇ ਨਾਲ ਦੋ ਦਸਤੇ ਹਿਫਾਜ਼ਤ ਵਾਸਤੇ ਭੇਜੇ ਤੇ ਰਸਤੇ ਦੇ ਸਰਦਾਰਾਂ ਦੇ ਨਾਮ ਹੁਕਮ ਲਿਖ ਦਿੱਤਾ ਕਿ ਇਨ੍ਹਾਂ ਦੀ ਚੰਗੀ ਤਰ੍ਹਾਂ ਖਾਤਰ ਕੀਤੀ ਜਾਏ। ਮਹਾਰਾਜਾ ਸਾਹਿਬ ਨੇ ਬਰਨਸ ਸਾਹਿਬ ਨੂੰ ਕਿਹਾ ਕਿ ਆਪ ਜਿਸ ਜਿਸ ਇਲਾਕੇ ਵਿੱਚ ਜਾਓਗੇ, ਓਥੋਂ ਦੀ ਰਾਜਸੀ ਤੇ ਭਾਈਚਾਰਕ ਦਸ਼ਾ ਸਾਨੂੰ ਖਤ ਦਵਾਰੇ ਲਿਖਦੇ ਰਹਿਣਾ, ਸਾਨੂੰ ਭੁੱਲ ਨਾ ਜਾਣਾ। ਬਰਨਸ ਸਾਹਿਬ ਆਪਣੀ ਦੇਸ਼ਾਟਨ ਦੀ ਪੁਸਤਕ ਵਿੱਚ ਲਿਖਦਾ ਹੈ ਕਿ ਮੈਂ ਭਾਵੇਂ ਮਹਾਰਾਜਾ ਸਾਹਿਬ ਦਾ ਇਲਾਕਾ ਛੱਡ ਆਇਆ ਹਾਂ, ਕਿੰਤੂ ਓਹ ਮੈਨੂੰ ਨਹੀਂ ਭੁਲੇ। ਮਹਾਰਾਜਾ ਦੇ ਖਤ ਬੁਖਾਰਾ ਤੇ ਤਾਤਾਰ ਤੱਕ ਮੈਨੂੰ ਆਉਂਦੇ ਰਹੇ ਹਨ।
ਫਿਰ ਓਹ ਲਿਖਦਾ ਹੈ ਕਿ: ਮੈਂ ਕਦੇ ਵੀ ਕਿਸੇ ਏਸ਼ੀਆ ਦੇ ਰਈਸ ਪਾਸੋਂ ਇੰਨੇ ਉੱਚੇ ਖਿਆਲਾਂ ਨਾਲ ਵਿਦਾ ਨਹੀਂ ਹੋਇਆ। ਬਿਨਾਂ ਵਿੱਦ੍ਯਾ ਤੇ ਬਿਨਾਂ ਕਿਸੇ ਆਦਮੀ ਦੀ ਸਲਾਹ ਦੇ ਇਹ ਆਪਣੀ ਸਲਤਨਤ ਦਾ ਕੰਮ ਬੜੀ ਯੋਗਤਾ ਤੇ ਹਿੰਮਤ ਨਾਲ ਚਲਾ ਰਿਹਾ ਹੈ।
੧੯੦. ਸ਼ਾਹਸ਼ੁਜਾ ਦੀ ਸਹਾਇਤਾ ਲਈ ਯਾਚਨਾ
ਸ਼ਾਹਸੁਜਾ ਖੁਰਾਸਾਨ ਤੇ ਹਮਲਾ ਕਰਨਾ ਚਾਹੁੰਦਾ ਸੀ। ਉਸ ਨੇ ਮਹਾਰਾਜਾ ਸਾਹਿਬ ਪਾਸੋਂ ਸਹਾਇਤਾ ਮੰਗੀ। ਮਹਾਰਾਜਾ ਸਾਹਿਬ ਸ਼ਾਹ ਸ਼ੁਜਾ ਦੀਆਂ ਗੱਲਾਂ ਤੋਂ ਤਾੜ ਗਏ ਕਿ ਓਹਦੇ ਦਿਲ ਵਿੱਚ ਕੁਝ ਹੋਰ ਤੇ ਜ਼ੁਬਾਨ ਤੇ ਹੋਰ ਹੈ। ਇਸ ਵਾਸਤੇ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਇਸ ਦਾ ਫ਼ਲ ਇਹ ਹੋਇਆ ਕਿ ਸ਼ਾਹ ਸ਼ੁਜਾ ਖੁਰਾਸਾਨ ਤੇ ਹਮਲਾ ਕਰ ਕੇ ਆਪਣਾ ਸਾਰਾ ਮਾਲ ਵੀ ਕਾਬਲ ਵਾਲੇ ਪਾਸੋਂ ਖੁਹਾ ਬੈਠਾ ਤੇ ਉਸੀ ਤਰ੍ਹਾਂ ਭਾਂਜ ਖਾ ਕੇ ਫਿਰ ਲੁਧਿਆਣੇ ਮੁੜ ਆਇਆ।
੧੯੧. ਸੱਖਰ ਤੇ ਕਬਜ਼ਾ
ਇਨ੍ਹਾਂ ਦਿਨਾਂ ਵਿੱਚ ਸ਼ਾਹਜ਼ਾਦਾ ਖੜਗ ਸਿੰਘ ਸੱਖਰ ਵੱਲ ਨੀਯਤ ਹੋਇਆ, ਕਿੰਤੂ ਸ਼ਾਹਜ਼ਾਦਾ ਦੇ ਉੱਥੇ ਪੁੱਜਦਿਆਂ ਹੀ ਸਾਦਕ ਖਾਂ ਨੱਸ ਗਿਆ ਤੇ ਸ਼ਾਹਜ਼ਾਦੇ ਨੇ ਇਹ ਇਲਾਕਾ ੧ ਲੱਖ ੫੦ ਹਜ਼ਾਰ ਤੋਂ ਜਨਰਲ ਵੰਟੋਰਾ ਦੇ ਹਵਾਲੇ ਕਰ ਦਿੱਤਾ।
੧੯੨. ਜਨਰਲ ਅਲਾਰਡ ਵਲਾਇਤ ਨੂੰ
ਜਨਰਲ ਅਲਾਰਡ ਸਾਹਿਬ ਨੇ ਵਲਾਇਤ ਜਾਣ ਦੀ ਬੇਨਤੀ ਕੀਤੀ। ਮਹਾਰਾਜਾ ਸਾਹਿਬ ਨੇ ਪੰਜ ਹਜ਼ਾਰ ਨਕਦ ਤੇ ੨੫ ਹਜ਼ਾਰ ਦਾ ਪਸ਼ਮੀਨਾ ਓਹਨੂੰ ਦਿੱਤਾ ਤੇ ਰਾਹ ਦੇ ਖ਼ਰਚ ਵਾਸਤੇ ਪੰਜ ਹਜ਼ਾਰ ਰੁਪਯੇ ਦਿੱਤੇ। ਇਨ੍ਹਾਂ ਹੀ ਦਿਨਾਂ ਵਿੱਚ ਦੀਵਾਨ ਤਾਰਾ ਚੰਦ ਨੂੰ ਬੰਨੂ ਦਾ ਹਾਕਮ ਨੀਯਤ ਕੀਤਾ ਤੇ ਵੈੱਡ ਸਾਹਿਬ ਜੋ ਇਨ੍ਹਾਂ ਦੇ ਨਾਲ ਹੀ ਰਿਹਾ ਕਰਦੇ ਸਨ, 'ਫਰਜ਼ੰਦੇ ਦਿਲਬੰਦ' ਦਾ ਖ਼ਿਤਾਬ ਦਿੱਤਾ। "
-----------------------
I never with the presence of a native of Asia with such impressions as I left this man without education and without a guide. He conducts all the affairs of his kingdom with surpassing energy and vigour and yet he wirlds his power with a moderation quite unprecedented in an eastern prince.
੧੯੩. ਅਨਰੋਧ ਚੰਦ ਨੂੰ ਕਾਂਗੜੇ ਦੀ ਜਾਗੀਰ ਦਿੱਤੀ
ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਜੇ ਅਨਰੋਧ ਚੰਦ ਨੂੰ ਜੋ ਕਿ ਸੰਸਾਰ ਚੰਦ ਦਾ ਪੋਤਰਾ ਸੀ, ਰਾਜਾ ਸੁਚੇਤ ਸਿੰਘ ਦੀ ਸਿਫਾਰਸ਼ ਤੇ ਕਾਂਗੜੇ ਦੇ ਇਲਾਕੇ ਵਿੱਚ ੫੦ ਹਜ਼ਾਰ ਦੀ ਜਾਗੀਰ ਦੇ ਦਿੱਤੀ।
੧੯੪. ਭਵਾਨੀ ਦਾਸ ਦੀ ਮੌਤ
ਸੰਮਤ ੧੮੯੧ ਬਿਕ੍ਰਮੀ ਨੂੰ ਦੀਵਾਨ ਭਵਾਨੀ ਦਾਸ ਜੋ ਕਿ ਮਾਲ ਦੇ ਮਹਿਕਮੇ ਦਾ ਵੱਡਾ ਅਫਸਰ ਸੀ, ਮਰ ਗਿਆ ਤੇ ਓਹਦੀ ਜਗ੍ਹਾ ਪੰਡਤ ਦੀਨਾਨਾਥ ਨੀਯਤ ਕੀਤਾ ਗਿਆ।
ਬਾਰਕਜ਼ੇਈ ਪਠਾਣਾਂ ਨੇ ਫਿਰ ਹਮਲਾ ਕਰ ਕੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ ਤੇ ਓਥੋਂ ਦਾ ਹਾਕਮ ਸੁਲਤਾਨ ਮੁਹੰਮਦ ਖਾਂ ਵੀ ਓਹਨਾਂ ਦੇ ਨਾਲ ਮਿਲ ਗਿਆ। ਜਦ ਇਹ ਖ਼ਬਰ ਮਹਾਰਾਜਾ ਸਾਹਿਬ ਨੇ ਸੁਣੀ, ਤਦ ਆਪ ਨੇ ਇਸ ਜਗ੍ਹਾ ਦਾ ਨਿਤਾਪ੍ਰਤੀ ਟੰਟਾ ਮੁਕਾਣ ਲਈ ਕੰਵਰ ਨੌਨਿਹਾਲ ਸਿੰਘ ਨੂੰ ਇੱਕ ਭਾਰੀ ਫੌਜ ਦੇ ਕੇ ਪਿਸ਼ਾਵਰ ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਜਨਰਲ ਵੰਟੋਰਾ ਤੇ ਕੋਰਟ ਸਾਹਿਬ ਇਨ੍ਹਾਂ ਦੇ ਨਾਲ ਸਨ।
ਸਰਦਾਰ ਹਰੀ ਸਿੰਘ ਨਲੂਆ ਉਸ ਵੇਲੇ ਯੂਸਫਜ਼ੇਈ ਪਠਾਣਾਂ ਦੀ ਸੋਧ ਕਰ ਰਿਹਾ ਸੀ। ਮਹਾਰਾਜਾ ਵੱਲੋਂ ਸੁਨੇਹਾ ਗਿਆ ਕਿ ਓਹ ਵੀ ਕੰਵਰ ਦੇ ਨਾਲ ਹੋ ਜਾਣ। ਜਿਸ ਵੇਲੇ ਇਸ ਫੌਜ ਦੇ ਅਟਕੋਂ ਪਾਰ ਲੰਘਣ ਤੇ ਪਿਸ਼ਾਵਰ ਵਿੱਚ ਖਾਲਸਾ ਫੌਜ ਦੀ ਚੜ੍ਹਾਈ ਦੀ ਖ਼ਬਰ ਪੁੱਜੀ, ਬਾਰਕਜ਼ੇਈ ਪਠਾਣਾਂ ਨੇ ਝੱਟ ਆਪਣਾ ਅਸਬਾਬ ਲੱਦ ਕੇ ਦਰਯਾ-ਏ-ਕਾਬਲ ਤੋਂ ਪਾਰ ਮੁਕਾਮ ਮਦੀਨੇ ਤੇ ਭੇਜ ਦਿੱਤਾ ਤੇ ਆਪ ਘੋੜੀਆਂ ਤੇ ਕਾਠੀਆਂ ਪਾ ਕੇ ਨੱਸਣ ਦੀਆਂ ਤਿਆਰੀਆਂ ਵਿੱਚ ਬੈਠ ਗਏ।
੧੯੫. ਪਿਸ਼ਾਵਰ ਤੇ ਕਬਜ਼ਾ
ਬਾਰਕਜ਼ੇਈ ਪਠਾਣ ਸੁੰਨੀ ਮੁਸਲਮਾਨ ਹਨ ਤੇ ਪਿਸ਼ਾਵਰ ਦੀ ਮੁਸਲਮਾਨੀ ਵਸੋਂ ਸ਼ਈਆ। ਗੁਲਾਮ ਖਾਂ ਪਿਸ਼ਾਵਰੀਆਂ ਨੇ ਮੁਸਲਮਾਨਾਂ ਵੱਲੋਂ ਸਰਦਾਰ ਹਰੀ ਸਿੰਘ ਅੱਗੇ ਬਿਨੇ ਪੱਤ੍ਰ ਭੇਜਿਆ ਕਿ ਅਸੀਂ ਲਾਹੌਰ ਦਰਬਾਰ ਦੇ ਅਧੀਨ ਰਹਿਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਪਿਸ਼ਾਵਰ ਦੇ ਹਿੰਦੂਆਂ ਦਾ ਬੇਨਤੀ ਪੱਤਰ ਪੁੱਜਾ। ਸਰਦਾਰ ਹਰੀ ਸਿੰਘ ਨੇ ਸੁਲਤਾਨ ਮੁਹੰਮਦ ਖਾਂ ਨੂੰ ਲਿਖਿਆ ਕਿ ਫੌਰਨ ਸ਼ਹਿਰ ਛੱਡ ਕੇ ਮਰਦਾਨ ਖਾਂ ਦੇ ਬਾਗ਼ ਵਿੱਚ ਚਲੇ ਜਾਓ, ਕਿਉਂਕਿ ਕੰਵਰ ਨੌਨਿਹਾਲ ਸਿੰਘ ਸ਼ਹਿਰ ਵੇਖਣਾ ਚਾਹੁੰਦੇ ਹਨ। 'ਤਾਰ ਵਜੀ ਤੇ ਰਾਗ ਪਛਾਤਾ' ਵਾਲੀ ਗੱਲ ਇੱਥੇ ਸੀ। ਸੁਲਤਾਨ ਮੁਹੰਮਦ ਖਾਂ ਆਪਣੇ ਬਾਰਕਜ਼ੇਈ ਪਠਾਣਾਂ ਨੂੰ ਨਾਲ ਲੈ ਕੇ ਪਹਾੜੀਆਂ ਵਿੱਚ ਨੱਸ ਗਿਆ।
੧੯੬. ਲਾਹੌਰ ਦੀ ਫੌਜ ਦਾ ਪਿਸ਼ਾਵਰ ਸ਼ਹਿਰ ਤੇ ਕਬਜ਼ਾ
ਸਿੱਖਾਂ ਦੀ ਫੌਜ ਦੇ ਪਹਿਲੇ ਦਸਤੇ ਦੇ ਸ਼ਹਿਰ ਵਿੱਚ ਦਾਖਲ ਹੋਣ ਤੇ ਹਾਜ਼ੀ ਖਾਂ ਨੇ ਥੋੜ੍ਹਾ ਜਿਹਾ ਚਿਰ ਲੜਾਈ ਕੀਤੀ, ਕਿੰਤੂ ਅੰਤ ਨੂੰ ਓਹ ਵੀ ਨੱਸ ਗਿਆ। ੬ ਮਈ ੧੮੩੪ (ਸੰ: ੧੮੯੨) ਦੇ ਸ਼ੁਰੂ ਵਿੱਚ ਪਿਸ਼ਾਵਰ ਤੇ ਸਿੱਖਾਂ ਨੇ ਕਬਜ਼ਾ ਕੀਤਾ, ਕਿੰਤੂ ਮਹਾਰਾਜਾ ਸਾਹਿਬ ਨੂੰ ਇਸ ਪਾਸੇ ਦੀ ਪੂਰੀ ਤਰ੍ਹਾਂ ਤਸੱਲੀ ਨਹੀਂ ਹੋਈ ਸੀ। ਇਸ ਕਰ ਕੇ ਇੱਧਰ ਫੌਜ ਭੇਜਦੇ ਹੀ ਰਹੇ। ਪਹਿਲਾਂ ਸ਼ਾਹਜ਼ਾਦਾ ਕਸ਼ਮੀਰਾ ਸਿੰਘ ਨੂੰ ਫੌਜ ਦੇ ਕੇ ਭੇਜਿਆ, ਫਿਰ ਸ੍ਰ. ਤੇਜਾ ਸਿੰਘ ਨੂੰ ਫੌਜ ਦੇ ਕੇ ਖ਼ਾਸ ਪਿਸ਼ਾਵਰ ਰਵਾਨਾ ਕੀਤਾ। ਫਿਰ ਇੱਕ ਮਹੀਨਾ ਆਪ ਰੋਹਤਾਸ ਠਹਿਰ ਕੇ ਖੁਦ ਪਿਸ਼ਾਵਰ ਵੱਲ ਫੌਜ ਲੈ ਕੇ ਚਲੇ ਗਏ।
ਜਿਸ ਵੇਲੇ ਪਿਸ਼ਾਵਰ ਤੇ ਸਿੱਖਾਂ ਦੇ ਕਬਜ਼ੇ ਦੀ ਖ਼ਬਰ ਅਮੀਰ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਨੇ ਸੁਣੀ, ਉਸ ਵੇਲੇ ਓਸ ਨੇ ਝਟ ਜਹਾਦ ਦਾ ਇਸ਼ਤਿਹਾਰ ਕੱਢ ਦਿੱਤਾ ਤੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ। ਪਹਿਲਾਂ ਜਲਾਲਾਬਾਦ ਆਇਆ। ਕੁਰਬਾਨੀ ਦੀ ਈਦ ਵਾਲੇ ਦਿਨ ਨਸਵਾਲ ਦੇ ਮੁਕਾਮ ਤੇ ਨਿਮਾਜ਼ ਪੜ੍ਹੀ, ਜਿੱਤ ਦੀ ਦੁਆ ਮੰਗੀ। ਸਰਹੱਦੀ ਮਜ਼੍ਹਬੀ ਦੀਵਾਨੇ ਵੀ ਬਹੁਤ ਸਾਰੇ ਨਾਲ ਸਨ ਤੇ ਓਹ ਸੀਕਾਨ ਦੇ ਮੁਕਾਮ ਤੇ ਖ਼ੈਬਰ ਪਾਸ ਅੱਪੜ ਗਿਆ।
ਮਹਾਰਾਜਾ ਰਣਜੀਤ ਸਿੰਘ ਸਰਹੱਦੀ ਇਲਾਕੇ ਦਾ ਦੌਰਾ ਕਰ ਕੇ ਪਿਸ਼ਾਵਰ ਪੁੱਜ ਚੁੱਕੇ ਸਨ। ਦੋਸਤ ਮੁਹੰਮਦ ਖਾਂ ਦੀ ਅਵਾਈ ਸੁਣ ਕੇ ਇਨ੍ਹਾਂ ਆਪਣੀ ਫੌਜ ਦੇ ਤਿੰਨ ਹਿੱਸੇ ਕਰ ਕੇ ਖ਼ੈਬਰ ਤੱਕ ਖੜ੍ਹਾ ਕਰ ਦਿੱਤਾ ਤਾਂ ਕਿ ਲੋੜ ਪੈਣ ਤੇ ਜੰਗ ਸ਼ੁਰੂ ਕਰ ਦਿੱਤਾ ਜਾਵੇ। ਫਿਰ ਆਪਣੇ ਮੁਨਸ਼ੀ ਫ਼ਕੀਰ ਅਜ਼ੀਜ਼ੁਦੀਨ ਤੇ ਮਿਸਟਰ ਬਰਲਨ ਜੋ ਐਂਗਲੋ ਇੰਡੀਅਨ ਸਨ, ਤਿਨ੍ਹਾਂ ਨੂੰ ਭੇਜਿਆ ਕਿ ਦੋਸਤ ਮੁਹੰਮਦ ਖਾਂ ਨੂੰ ਸਮਝਾਓ ਕਿ ਚੁੱਪਚਾਪ ਵਾਪਸ ਚਲਾ ਜਾਏ। ਨਾਹੱਕ ਪ੍ਰਜਾ ਦਾ ਖੂਨ ਨਾ ਵੀਟੇ। ਦੋਸਤ ਮੁਹੰਮਦ ਖਾਂ ਨੇ ਇਹ ਨਸੀਅਤ ਤੇ ਭਲਿਆਈ ਦੀ ਗੱਲ ਮੰਨਣ ਦੀ ਜਗ੍ਹਾ ਦੋਨਾਂ ਸਫੀਰਾਂ ਨੂੰ ਫੜ ਕੇ ਕੈਦ ਕਰ ਲਿਆ। ਸੁਲਤਾਨ ਮੁਹੰਮਦ ਖਾਂ ਬਾਰਕਜ਼ੇਈ ਓਥੇ ਹੀ ਸੀ। ਇਨ੍ਹਾਂ ਦੋਨਾਂ ਨੂੰ ਓਹਦੇ ਹਵਾਲੇ ਕੀਤਾ ਗਿਆ। ਇਹ ਪਹਿਲਾਂ ਤਾਂ ਇਨ੍ਹਾਂ ਨੂੰ ਆਪਣੇ ਤੰਬੂ ਵਿੱਚ ਲੈ ਗਿਆ ਪਰ ਫੇਰ ਚੁਪਾਤੇ ਹੀ ਮਹਾਰਾਜਾ ਸਾਹਿਬ ਪਾਸ ਭੇਜ ਦਿੱਤਾ।
ਜਦ ਇਹ ਗੱਲ ਮਹਾਰਾਜਾ ਸਾਹਿਬ ਨੇ ਸੁਣੀ, ਤਦ ਬੜੀ ਸਖ਼ਤੀ ਨਾਲ ਟਾਕਰਾ ਕਰਨ ਦਾ ਹੁਕਮ ਦੇ ਦਿੱਤਾ। ਦੋਸਤ ਮੁਹੰਮਦ ਖਾਂ ਮਹਾਰਾਜਾ ਸਾਹਿਬ ਦੀ ਅਵਾਈ ਸੁਣ ਰਾਤੋ ਰਾਤ ਨੱਸ ਗਿਆ। ਸ਼ੇਰੇ ਪੰਜਾਬ ਨੇ ਸਰਹੱਦ ਤੇ ਇੱਕ ਪੱਕਾ ਕਿਲ੍ਹਾ ਬਨਾਣ ਲਈ ਸਰਦਾਰ ਹਰੀ ਸਿੰਘ ਨੂੰ, ਮਾਲੀ ਪ੍ਰਬੰਧ ਲਈ ਰਾਜਾ ਗੁਲਾਬ ਸਿੰਘ ਤੇ ਜੰਗੀ ਕੰਮਾਂ ਦੇ ਵਾਸਤੇ ਜਨਰਲ ਅਵੀਟੇਬਲ ਸਾਹਿਬ ਨੂੰ ਨੀਯਤ ਕੀਤਾ ਤੇ ਆਪ ਕੰਵਰ ਨੌਨਿਹਾਲ ਸਿੰਘ ਸਮੇਤ ਲਾਹੌਰ ਮੁੜ ਆਏ। ਕੰਵਰ ਨੌਨਿਹਾਲ ਸਿੰਘ ਨੇ ਇਸ ਲੜਾਈ ਦਾ ਕੰਮ ਬੜੀ ਯੋਗਤਾ ਨਾਲ ਨਜਿੱਠਿਆ ਸੀ। ਇਸ ਕਰ ਕੇ ਇਨ੍ਹਾਂ ਨੂੰ ਇੱਕ ਲੱਖ ਦੀ ਜਾਗੀਰ ਮਿਲੀ।
ਇਸੇ ਸਾਲ ਮਹਾਰਾਜਾ ਨੇ ਇੰਗਲਸਤਾਨ ਦੇ ਬਾਦਸ਼ਾਹ ਵੱਲ ਤੋਹਫੇ ਸਰਦਾਰ ਗੁਜਰ ਸਿੰਘ ਤੇ ਗੋਬਿੰਦ ਜਸ ਦੇ ਹੱਥੀਂ ਕਲਕੱਤੇ ਭੇਜੇ ਤੇ ਆਪਣੇ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਆਪਣੀ ਆਪਣੀ ਫੌਜ ਦੇ ਘੋੜਿਆਂ ਤੇ ਨੰਬਰ ਲਾਇਆ ਜਾਇਆ ਕਰਨ। ਮਹਾਰਾਜਾ ਸਾਹਿਬ ਵਟਾਲੇ ਗਏ। ਇਹ ਸਰਦਾਰ ਸ਼ੇਰ ਸਿੰਘ ਦੀ ਜਾਗੀਰ ਦਾ ਸ਼ਹਿਰ ਹੈ। ਆਪ ਇੱਥੇ ਨਹੀਂ ਸੀ, ਓਹਨਾਂ ਦੇ ਲੜਕੇ ਪ੍ਰਤਾਪ ਸਿੰਘ ਜੀ ਨੇ ਸਵਾਗਤ ਕੀਤਾ। ਇੱਕ ਹਾਥੀ ਦੋ ਘੋੜੇ ੨੧੦੦ ਨਕਦ ਤੇ ੧੦੧ ਕਿਸ਼ਤੀਆਂ ਕੱਪੜਿਆਂ ਤੇ ਮੇਵਿਆਂ ਦੀਆਂ ਭੇਟਾਂ ਕੀਤੀਆਂ। ਮਹਾਰਾਜਾ ਵੱਲੋਂ ਇੱਕ ਸਿਰੋਪਾ ਦਿੱਤਾ ਗਿਆ। ਇਸੇ ਤਰ੍ਹਾਂ ਸਿਆਲਕੋਟ ਵਿੱਚ ਸਰਦਾਰ ਪਸ਼ੌਰਾ ਸਿੰਘ ਨੇ ਹਾਥੀ ਘੋੜੇ ਨਜ਼ਰ ਵਜੋਂ ਦਿੱਤੇ। ਫਿਰ ਆਪ ਰੋਹਤਾਸ ਪੁੱਜੇ, ਇਸ ਇਲਾਕੇ ਦਾ ਦੌਰਾ ਕੀਤਾ। ਜੀਂਦ ਦਾ ਰਾਜਾ ਭਗਤ ਸਿੰਘ ਜੋ ਸਬੰਧੀ ਹੋਣ ਤੋਂ ਇਤਬਾਰੀ ਸੀ, ਦੇ ਚਲਾਣੇ ਦੀ ਖ਼ਬਰ ਸੁਣ ਕੇ ਲਾਹੌਰ ਵਾਪਸ ਆ ਗਏ।
੧੮੯੩ ਵਿੱਚ ਮਹਾਰਾਜਾ ਸਾਹਿਬ ਫਿਰ ਪਿਸ਼ਾਵਰ ਦੇ ਦੌਰੇ ਤੇ ਗਏ। ਸੁਲਤਾਨ ਮੁਹੰਮਦ ਖਾਂ ਨੂੰ ਤਿੰਨ ਲੱਖ ਦੀ ਜਾਗੀਰ ਬਖ਼ਸ਼ੀ। ਇੱਕ ਪਾਸੋਂ ਮੁੜ ਕੇ ਦੁਸਹਿਰੇ ਦੇ ਪਿੱਛੋਂ ਆਪ ਨੂੰ ਅਧਰੰਗ ਦੀ ਬੀਮਾਰੀ ਹੋ ਗਈ। ਕਿੰਤੂ ਛੇਤੀ ਹੀ ਆਰਾਮ ਆ ਗਿਆ। ਅਰੋਗ ਹੋ ਕੇ ਆਪ ਨੇ ਗ਼ਰੀਬਾਂ ਨੂੰ ਬੜਾ ਦਾਨ ਦਿੱਤਾ।
੧੯੭. ਲਦਾਖ ਤੇ ਤਿੱਬਤ ਦੀ ਫਤਹ ਦਾ ਇਨਾਮ
ਇਸੇ ਸਾਲ ਜ਼ੋਰਾਵਰ ਸਿੰਘ ਨੇ ਲਦਾਖ ਤੇ ਤਿੱਬਤ ਦੇ ਇਲਾਕੇ ਵਿੱਚ ਬੜੀਆਂ ਜਿੱਤਾਂ ਪ੍ਰਾਪਤ ਕੀਤੀਆਂ ਸੀ। ਮਹਾਰਾਜਾ ਸਾਹਿਬ ਪਾਸ ਹਾਜ਼ਰ ਹੋਇਆ ਤੇ ਬਹੁਤ ਸਾਰੇ ਤੋਹਫੇ, ਪੋਸਤੀਨਾ ਆਦਿਕ ਮਹਾਰਾਜਾ ਸਾਹਿਬ ਦੇ ਪੇਸ਼ ਕੀਤੀਆਂ। ਮਹਾਰਾਜਾ ਸਾਹਿਬ ਨੇ ਓਹਨੂੰ ਬਹਮੁੱਲਾ ਸਿਰੋਪਾ ਦਿੱਤਾ ਤੇ ਓਹਦੀ ਬਹਾਦਰੀ ਦੀ ਪ੍ਰਸੰਸਾ ਕੀਤੀ।
ਉੱਤਰ ਵਿੱਚ ਜ਼ੋਰਾਵਰ ਸਿੰਘ ਨੇ ਧੰਨਵਾਦ ਕਿਹਾ ਅਤੇ ਇਹ ਵੀ ਆਖਿਆ ਕਿ ਜੇ ਕਦੀ ਹੁਕਮ ਹੋਵੇ ਤਦ ਚੀਨ ਦੇ ਮੁਲਕ ਤੇ ਹਮਲਾ ਕਰ ਕੇ ਓਹਨੂੰ ਵੀ ਆਪ ਦੇ ਮੁਲਕ ਵਿੱਚ ਸ਼ਾਮਲ ਕਰ ਦੇਵਾਂ? ਮਹਾਰਾਜਾ ਸਾਹਿਬ ਇਹ ਗੱਲ ਸੁਣ ਕੇ ਹੱਸੇ ਤੇ ਓਹਨਾਂ ਕਿਹਾ, "ਅਜੇ ਸਮਾਂ ਨਹੀਂ ਆਇਆ, ਜਦ ਵੇਲਾ ਆਇਆ ਲਿਖਾਂਗੇ। ਸਾਨੂੰ ਤੁਹਾਡੇ ਜਹੇ ਬਹਾਦਰਾਂ ਤੇ ਇਹੋ ਹੀ ਆਸ ਹੈ।" ਫਿਰ
ਜ਼ੋਰਾਵਰ ਸਿੰਘ ਨੇ ਲਾਂਬਾ ਆਦਮੀ ਜੋ ਲਾਸਿਓਂ ਫੜ ਕੇ ਆਂਦੇ ਸੀ, ਮਹਾਰਾਜਾ ਸਾਹਿਬ ਦੇ ਪੇਸ਼ ਕੀਤੇ। ਮਹਾਰਾਜਾ ਨੇ ਇਨ੍ਹਾਂ ਨੂੰ ਗਰਮੀ ਨਾਲ ਵਿਆਕੁਲ ਵੇਖ ਕੇ ਛੱਡ ਦੇਣ ਦਾ ਹੁਕਮ ਦਿੱਤਾ ਤਾਂ ਜੋ ਆਪਣੇ ਆਪਣੇ ਘਰਾਂ ਨੂੰ ਚਲੇ ਜਾਣ।
੧੯੮. ਫਰਾਂਸ ਵੱਲੋਂ ਤੋਹਫੇ
ਲਾਰਡ ਅਲਾਰਡ ਆਪਣੀ ਛੁੱਟੀ ਦੇ ਦਿਨ ਭੁਗਤਾ ਕੇ ਵਾਪਸ ਆਇਆ। ਫਰਾਂਸ ਦੇ ਬਾਦਸ਼ਾਹ ਨੇ ਇਨ੍ਹਾਂ ਦੇ ਹੱਥ ਮਹਾਰਾਜਾ ਸਾਹਿਬ ਵੱਲ ਤੋਹਫੇ ਭੇਜੇ।
ਮੁਲਤਾਨ ਦੇ ਸੂਬੇ ਨੇ ਇੱਕ ਕਿਲ੍ਹਾ ਅਰਕਾਨ ਤੇ ਰੂਜਹਾਨ ਜੋ ਸਿੰਧ ਦੇ ਇਲਾਕੇ ਵਿੱਚ ਸੀ, ਫਤਹ ਕਰ ਕੇ ਲਾਹੌਰ ਦਰਬਾਰ ਨਾਲ ਮੇਲ ਦਿੱਤੇ। ਓਸ ਵੇਲੇ ਸ਼ਾਹਜ਼ਾਦਾ ਖੜਗ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਸਿੰਧ ਨਦੀ ਦੇ ਕੰਢੇ ਤੇ ਸਨ। ਇਸ ਕਰ ਕੇ ਸਰਕਾਰ ਅੰਗ੍ਰੇਜ਼ੀ ਨੂੰ ਇਹ ਗੱਲ ਬੁਰੀ ਮਾਲੂਮ ਹੋਈ।
ਇਸੇ ਸਾਲ ਮਹਾਰਾਜਾ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਵਿਵਾਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਲੜਕੀ ਨਾਨਕੀ ਨਾਲ ਬੜੀ ਧੂਮ ਧਾਮ ਨਾਲ ਕੀਤਾ। ਅਜਿਹਾ ਵਿਵਾਹ ਤੇ ਧੂਮ ਧਾਮ ਦੇ ਜਸ਼ਨ ਇਸ ਤੋਂ ਪਹਿਲਾਂ ਪੰਜਾਬ ਵਿੱਚ ਕਦੇ ਨਹੀਂ ਹੋਏ ਸਨ। ਕੁਲ ਰਾਜਗਾਨ ਫੂਲ (ਪਟਿਆਲਾ, ਨਾਭਾ, ਜੀਂਦ) ਪਹਾੜੀ ਰਾਜੇ (ਸੁਕੇਤ, ਮੰਡੀ, ਚੰਬਾ ਤੇ ਕਾਂਗੜਾ) ਆਦਿਕ ਤੇ ਦੂਰ-ਦੂਰ ਦੀਆਂ ਸਲਤਨਤਾਂ ਦੇ ਵਕੀਲ ਇਕੱਠੇ ਹੋਏ।
੧੯੯ . ਕੰਵਰ ਨੌਨਿਹਾਲ ਸਿੰਘ ਦਾ ਵਿਵਾਹ
ਮਹਾਰਾਜਾ ਨੇ ਇਸ ਸਮੇਂ ਗਵਰਨਰ ਜਨਰਲ ਹਿੰਦੂ, ਗਵਰਨਰ ਬੰਬੇ, ਮਦਰਾਸ ਆਦਿਕ ਅੰਗ੍ਰੇਜ਼ੀ ਅਫਸਰਾਂ ਨੂੰ ਸੱਦਿਆ, ਕਿੰਤੂ ਕੇਵਲ ਜਨਰਲ ਸਰਹਨਰੀ ਫੇਨ ਸਾਹਿਬ ਬਹਾਦਰ ਕਮਾਂਡਰ ਇਨ-ਚੀਫ ਹਿੰਦੀ ਫੌਜਾਂ ਦੇ ਹੀ ਆਏ, ਬਾਕੀ ਦੇ ਫੁਰਸਤ ਘੱਟ ਹੋਣ ਦੇ ਕਾਰਨ ਨਾ ਆ ਸਕੇ। ਇਸ ਵਿਵਾਹ ਤੇ ਪੰਜ ਲੱਖ ਦੇ ਲਗਭਗ ਮਹਿਮਾਨ ਆਏ, ਜਿਨ੍ਹਾਂ ਨੂੰ ਲਾਹੌਰ ਦਰਬਾਰ ਵੱਲੋਂ ਖ਼ਰਚ ਮਿਲਦਾ ਰਿਹਾ। ੬ ਮਾਰਚ ਦੀ ਸੰਧਯਾ ਨੂੰ ਤੰਬੋਲ ਲਿਆ ਗਿਆ। ਪਹਿਲਾਂ ੧੧ ਹਜ਼ਾਰ ਰੁਪਯਾ ਜਨਰਲ ਸਰ ਹਨਰੀਫੇਨ ਸਾਹਿਬ ਹਿੰਦੀ ਫੌਜਾਂ ਦੇ ਸੈਨਾਪਤੀ ਨੇ, ਇੱਕ ਲੱਖ ੨੫ ਹਜ਼ਾਰ ਰਾਜਾ ਧਿਆਨ ਸਿੰਘ ਪ੍ਰਧਾਨ ਵਜ਼ੀਰ ਨੇ, ਰਾਜਾ ਗੁਲਾਬ ਸਿੰਘ, ਸੁਚੇਤ ਸਿੰਘ, ਮਿਸਰ ਰੂਪ ਲਾਲ ਆਦਿਕ ਇੱਕ ਸੌ ਸਰਦਾਰਾਂ ਨੇ ਇਕਵੰਜਾ ਇਕਵੰਜਾ ਹਜ਼ਾਰ ਰੁਪਯਾ ਹਰ ਇੱਕ ਨੇ ਦਿੱਤਾ। ਬਾਕੀ ਦੇ ਸਰਦਾਰਾਂ ਤੇ ਰਈਸਾਂ ਨੇ ਵੀ ਵਿਖਾਵੇ ਦੇ ਵਾਸਤੇ ਆਪਣੇ ਵਿੱਤ ਨਾਲੋਂ ਵੱਧ ਕੇ ਤੰਬੋਲ ਦਿੱਤਾ। ਇਸੇ ਤਰ੍ਹਾਂ ਰਸਾਲੇ ਪਲਟਨਾਂ ਤੇ ਤੋਪਖਾਨਿਆਂ ਦੇ ਸਾਰੇ ਸਪਾਹੀਆਂ ਨੇ ਇੱਕ ਇੱਕ ਮਹੀਨੇ ਦੀ ਤਨਖਾਹ ਤੰਬੋਲ ਵਿੱਚ ਦੇਣ ਲਈ ਬਿਨੈ ਕੀਤੀ, ਜਿਸ ਤੋਂ ਇਨ੍ਹਾਂ ਦੀ ਇੱਕ ਇੱਕ ਮਹੀਨੇ ਦੀ ਤਨਖਾਹ ਕਾਟ ਕਰ ਲਈ ਗਈ। ਤੰਬੋਲ ਦੀ ਕੁਲ ਰਕਮ ੫੦ ਲੱਖ ਤੱਕ ਅੱਪੜ ਗਈ। ਮਹਾਰਾਜਾ ਸਾਹਿਬ ਨੇ ਵੀ ਇਸ ਵਿਵਾਹ ਤੇ ਦਿਲ ਖੋਲ੍ਹ ਕੇ ਖ਼ੁਸ਼ੀ ਕੀਤੀ, ਹਰ ਫੌਜੀ ਸਿਪਾਹੀ ਨੂੰ ਮਿਠਾਈ ਦਿੱਤੀ ਤੇ ਇੱਕ ਤਿੱਲੇ ਦਾ ਕੱਢਿਆ ਹੋਇਆ ਮੰਦੇਲ ਹਰ ਇੱਕ ਫੌਜੀ ਸਿਪਾਹੀ ਨੂੰ ਇਨਾਮ ਵਜੋਂ ਮਿਲਿਆ। ਇਸ ਸ਼ਾਦੀ ਦਾ ਸਾਰਾ ਪ੍ਰਬੰਧ ਅੰਮ੍ਰਿਤਸਰ ਸ਼ਹਿਰ ਵਿੱਚ ਹੋਇਆ ਤੇ ਅੰਮ੍ਰਿਤਸਰ ਹੀ ਸਾਰੇ ਮਹਿਮਾਨ 'ਕੱਠੇ ਹੋਏ ਸਨ।
੫ ਮਾਰਚ ਨੂੰ ਜਨਰਲ ਸਰ ਹਨਰੀ ਫੇਨ ਸਾਹਿਬ ਆਏ। ਇਨ੍ਹਾਂ ਦੀ ਅਗਵਾਈ ਲਈ ਰਾਜਾ ਧਿਆਨ ਸਿੰਘ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਗਏ ਤੇ ਪਿੰਡ ਕਥਾਲੀ ਦੇ ਲਾਗੇ ਇਨ੍ਹਾਂ ਨੂੰ ਉਤਾਰਾ ਦਿੱਤਾ ਗਿਆ। ਦੂਜੇ ਦਿਨ ੬ ਤਰੀਕ ਨੂੰ ਰਾਮ ਬਾਗ਼ ਵਿੱਚ ਇਨ੍ਹਾਂ ਦੀ ਮਹਾਰਾਜਾ ਸਾਹਿਬ ਨਾਲ ਬੜੀ ਧੂਮ ਧਾਮ ਨਾਲ ਮੁਲਾਕਾਤ ਹੋਈ। ਇਸ ਸਮੇਂ ਵੀ ਮਹਾਰਾਜਾ ਨੇ ਰੋਪੜ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਰੌਣਕ ਕੀਤੀ।
੭ ਮਾਰਚ ਮੁਤਾਬਕ ੨੧ ਫੱਗਣ ੧੮੯੩ ਨੂੰ ਲਾੜੇ ਦੇ ਸਿਰ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਜਾ ਕੇ ਫੁੱਲਾਂ ਤੇ ਜ੍ਵਾਹਰਾਤ ਦਾ ਸੇਹਰਾ ਬੰਨ੍ਹਿਆ ਗਿਆ। ੫੦੦ ਰੁਪਯਾ ਨਕਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਭੇਟਾ ਚੜ੍ਹਾਯਾ ਗਿਆ। ਇਸੇ ਤਰ੍ਹਾਂ ਨਾਲ ੧੫੦ ਸ੍ਰੀ ਅਕਾਲ ਤਖ਼ਤ ਤੇ ੧੨੫ ਰੁਪਯੇ ਹਰ ਇੱਕ ਗੁਰਦੁਆਰੇ ਵਿੱਚ ਅਰਦਾਸ ਕਰਾਈ। ੫੦੦ ਅਕਾਲੀ ਸਿੰਘਾਂ ਨੂੰ ਦਿੱਤਾ ਗਿਆ। ਤੀਜੇ ਪਹਿਰ ਬੜੀ ਸਜ ਧਜ ਨਾਲ ਬਰਾਤ ਚੜ੍ਹ ਕੇ ਰਵਾਨਾ ਹੋਈ। ਸੱਚ ਤਾਂ ਇਹ ਹੈ ਕਿ ਜਿਸ ਸ਼ਾਨ ਤੇ ਸਜ ਧਜ ਨਾਲ ਇਹ ਬਰਾਤ ਸ੍ਰੀ ਅੰਮ੍ਰਿਤਸਰ ਜੀ ਤੋਂ ਚੱਲ ਕੇ ਅਟਾਰੀ ਸਰਦਾਰ ਸ਼ਾਮ ਸਿੰਘ ਜੀ ਦੇ ਘਰ ਪੁੱਜੀ। ਓਸ ਦਾ ਵਰਣਨ ਕਰਨਾ ਕਲਮ ਦੀ ਤਾਕਤ ਤੋਂ ਬਾਹਰ ਦੀ ਗੱਲ ਹੈ। ਪਾਠਕ ਆਪ ਸੋਚ ਸਕਦੇ ਹਨ ਕਿ ਜਿਸ ਵਿਆਹ ਵਿੱਚ ਪੰਜ ਲੱਖ ਮਹਿਮਾਨ ਆਏ ਹੋਣ, ਓਸ ਬਰਾਤ ਦੀ ਧੂਮ ਧਾਮ ਤੇ ਭੀੜ ਦਾ ਕੀ ਠਿਕਾਣਾ ਹੈ? ਨਾ ਹਾਥੀਆਂ ਦੀ ਗਿਣਤੀ ਸੀ, ਨਾ ਘੋੜਿਆਂ ਦਾ ਲੇਖਾ ਤੇ ਭੀੜ ਇੰਨੀ ਸੀ ਕਿ ਰਾਹ ਚੱਲਣ ਨੂੰ ਨਹੀਂ ਮਿਲਦਾ ਸੀ। ਕਦਮ-ਕਦਮ ਤੇ ਤੋਪਾਂ ਦੀ ਸ਼ਲਕ ਤੇ ਗੋਲਿਆਂ ਦੀ ਧਮਕ ਨਾਲ ਧਰਤੀ ਤੇ ਅਕਾਸ਼ ਗੂੰਜ ਰਹੇ ਸਨ। ਭੀੜ ਦੇ ਸ਼ੋਰ ਥੋਂ ਵਾਜਿਆਂ ਦੇ ਜ਼ੋਰ ਨਾਲ ਕੰਨ ਪਾਟੇ ਜਾਂਦੇ ਸਨ। ਇੱਕ ਦੂਜੇ ਦੀ ਗੱਲ ਔਖਿਆਈ ਨਾਲ ਸੁਣੀ ਜਾ ਸਕਦੀ ਸੀ। ਅੱਗੇ ਅੱਗੇ ਤਖ਼ਤ ਰਵਾਂ, ਓਸ ਦੇ ਪਿੱਛੇ ਸਜਾਵਟ ਦਾ ਸਾਮਾਨ ਭਾਂਤ- ਭਾਂਤ ਦੇ ਬੇਲ ਬੂਟੇ, ਫੁਲ, ਬਾਗ਼, ਮਹਿਲ, ਮਾੜੀਆਂ, ਜਿਨ੍ਹਾਂ ਵਿੱਚ ਹਜ਼ਾਰਾਂ ਰੁਪਯਾਂ ਦਾ ਸੋਨਾ ਟਿਕਿਆ ਹੋਇਆ ਸੀ, ਫਿਰ ਮਹਾਰਾਜਾ ਦੇ ਕੋਤਲ ਘੋੜੇ, ਸੋਨੇ ਚਾਂਦੀ ਦੇ ਗਹਿਣੇ ਪਾਈ ਨੱਚਦੇ, ਕੁੱਦਦੇ, ਟੱਪਦੇ, ਜਿਨ੍ਹਾਂ ਦੇ ਪਿੱਛੇ ਮਹਾਰਾਜਾ ਦਾ ਬਾਡੀਗਾਰਡ ਸਵਾਰ ਜ਼ਰਬਫਤ ਤੇ ਕੀਮਖਾਬ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ, ਹਾਥੀਆਂ ਦੀ ਕਤਾਰ ਸੋਨੇ ਚਾਂਦੀ ਦੇ ਰਥਾਂ ਦੀ ਛਨਕਾਰ, ਕੋਈ ਪਿਆਦਾ, ਕੋਈ ਸਵਾਰ, ਚਲੋ ਚਲੋ, ਅੱਗੇ ਵਧੋ ਵਧੋ, ਦੀ ਭਰਮਾਰ ਮੁਕਦੀ ਗੱਲ ਇਹ ਕਿ ਹਰ ਇੱਕ ਸਰਦਾਰ ਤੇ ਜਾਗੀਰਦਾਰ ਆਪਣੀ ਫੌਜ ਸਮੇਤ ਦਰਜੇਵਾਰ ਬਰਾਤ ਦੇ ਨਾਲ ਸ਼ਾਮਲ ਸੀ।
ਮਹਾਰਾਜਾ ਸਾਹਿਬ ਨੇ ਸੈਨਾਪਤੀ ਤੇ ਹੋਰ ਵੱਡੇ ਵੱਡੇ ਸਰਦਾਰਾਂ ਦੇ ਹਾਥੀਆਂ ਤੇ ਲੁਟਾਣ ਲਈ ਅਸ਼ਰਫੀਆਂ ਦੀਆਂ ਥੈਲੀਆਂ ਰਖਵਾ ਦਿੱਤੀਆਂ। ਸੋ ਸਾਰੇ ਹੀ ਆਪਣੇ ਆਪਣੇ ਹੱਥਾਂ ਨਾਲ ਰੁਪਯੇ ਲੁਟਾਂਦੇ ਅਟਾਰੀ ਦਾਖਲ ਹੋਏ। ਜਦ ਬਰਾਤ ਸਰਦਾਰ ਸ਼ਾਮ ਸਿੰਘ ਲੜਕੀ ਵਾਲੇ ਦੇ ਦਰਵਾਜ਼ੇ ਤੇ ਪੁੱਜੀ। ਤਦ ਉਸ ਨੇ ਪੈਦਲ ਟੁਰ ਕੇ ਸਵਾਗਤ ਕੀਤਾ। ਇੱਕ ਸੌ ਇੱਕ ਅਸ਼ਰਫੀ ਤੇ ਪੰਜ ਘੋੜੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੇ ਹੋਏ ਮਹਾਰਾਜਾ ਸਾਹਿਬ ਦੀ ਭੇਟਾ ਕੀਤੇ। ੫੧ ਮੋਹਰਾਂ ਤੇ ਇੱਕ ਘੋੜਾ ਸ਼ਾਹਜ਼ਾਦਾ ਖੜਗ ਸਿੰਘ ਨੂੰ, ਯਾਰਾਂ ਯਾਰਾਂ ਅਸ਼ਰਫੀਆਂ ਤੇ ਇੱਕ ਇੱਕ ਘੋੜਾ ਬਾਕੀ ਸ਼ਾਹਜ਼ਾਦਿਆਂ ਨੂੰ ਭੇਟ ਕੀਤਾ। ਸਮੇਂ ਸਿਰ ਮਿਲਨੀ ਦੀ ਰਸਮ ਹੋਈ। ਤੋਪਾਂ ਦੀ ਸਲਾਮੀ ਹੋਈ, ਗੋਲੇ ਛੁਟੇ, ਮਤਾਬੀਆਂ ਚਲੀਆਂ, ਸਜਾਵਟ ਲੁਟੀ ਗਈ, ਆਸਮਾਨੀ ਗੋਲੇ ਤੇ ਅਨਾਰ ਛੱਡੇ, ਬੁਰਜ ਚੜ੍ਹੇ। ਫਿਰ ਸਰਦਾਰ ਸ਼ਾਮ ਸਿੰਘ ਮਹਾਰਾਜਾ ਸਾਹਿਬ ਨੂੰ ਉਤਾਰ ਕੇ ਓਹਨਾਂ ਦੇ ਵੱਡੇ ਵੱਡੇ ਦਰਬਾਰੀਆਂ ਤੇ ਸੈਨਾਪਤੀ ਜਨਰਲ ਸਰਹਨਰੀ ਫੇਨ ਸਮੇਤ ਆਪਣੇ ਮਕਾਨ ਦੀ ਉੱਪਰਲੀ ਛੱਤ ਤੇ ਲੈ ਗਿਆ, ਜਿੱਥੇ ਇੱਕ ਬੜਾ ਸੋਹਣਾ ਸ਼ਾਮਿਆਨਾ ਲੱਗਾ ਹੋਇਆ ਸੀ। ਓਥੇ ਮਹਾਰਾਜਾ ਸਾਹਿਬ ਨੂੰ ਸੋਨੇ ਦੀ ਕੁਰਸੀ ਤੇ ਬਿਠਾ ਕੇ ਗਵਰਨਰ ਜਨਰਲ ਨੂੰ ਵੀ ਓਹਨਾਂ ਦੇ ਨਾਲ ਜਗ੍ਹਾ ਦਿੱਤੀ ਤੇ ਲਾੜੇ ਨੂੰ ਵਿਚਕਾਰ ਸੋਨੇ ਦੀ ਕੁਰਸੀ ਤੇ ਬਠਾਇਆ। ਬਾਕੀ ਮੁਲਕਾਂ ਦੇ ਰਾਜੇ ਤੇ ਸਰਦਾਰ ਵੀ ਆਪਣੇ ਆਪਣੇ ਨੀਯਤ ਅਸਥਾਨ ਤੇ ਬੈਠ ਗਏ। ਓਸ ਵੇਲੇ ਮਹਾਰਾਜਾ ਸਾਹਿਬ ਦੀ ਛਾਤੀ, ਜਿਸ ਤੇ ਮੋਤੀਆਂ ਦੇ ਗੁੱਛੇ ਲਟਕ ਰਹੇ ਸਨ, ਚੰਦਰਮਾ ਵਾਂਗ ਚਮਕ ਰਹੀ ਸੀ ਤੇ ਓਹਨਾਂ ਦੇ ਡੌਲੇ ਤੇ ਕੋਹਿਨੂਰ ਹੀਰਾ ਜੋ ਦੁਨੀਆਂ ਭਰ ਦੇ ਜਵਾਹਰਾਤ ਦਾ ਸਿਰਤਾਜ ਹੈ, ਸੂਰਜ ਵਾਂਗ ਚਮਕ ਰਿਹਾ ਸੀ। ਹਰ ਇੱਕ ਦਾ ਲਿਬਾਸ ਏਨਾ ਚਮਕੀਲਾ ਤੇ ਭੜਕੀਲਾ ਸੀ ਕਿ ਨਜ਼ਰ ਨਹੀਂ ਠਹਿਰਦੀ ਸੀ। ੯ ਵਜੇ ਦੇ ਕਰੀਬ ਲਾੜੇ ਨੂੰ ਅੰਦਰ ਬੁਲਾਯਾ ਗਿਆ ਤੇ ਰਿਵਾਜ ਅਨੁਸਾਰ ਵਿਆਹ ਪੜ੍ਹਿਆ ਗਿਆ। ਹਰ ਪਾਸੋਂ ਵਧਾਈ ਦੀ ਧੁਨੀ ਉਠੀ, ਫਿਰ ਆਤਸ਼ਬਾਜ਼ੀ ਜੋ ਕਈ ਕੋਹਾਂ ਵਿੱਚ ਗੱਡੀ ਹੋਈ ਸੀ, ਚਲਾਈ ਗਈ ਅਤੇ ਸਾਰੀ ਰਾਤ ਗਹਿਮਾ ਗਹਿਮ ਲੱਗੀ ਰਹੀ।
ਦੂਜੇ ਦਿਨ ਸਵੇਰੇ ਵਾੜਾ ਦੇਣ ਦਾ ਪ੍ਰਬੰਧ ਮਹਾਰਾਜਾ ਸਾਹਿਬ ਨੇ ਇਸ ਤਰ੍ਹਾਂ ਕੀਤਾ ਕਿ ਚਹੁੰ ਪਾਸੀਂ ਫੌਜ ਨੂੰ ਇਕੱਠਾ ਕਰ ਕੇ ਖਲਕਤ ਨੂੰ ਵਿਚਕਾਰ ਲੈ ਗਿਆ ਤੇ ਚਾਰ ਪੰਜ ਰਾਹ ਤੋਂ ਇੱਕ ਇੱਕ ਦੋ ਦੋ ਰੁਪਯੇ ਦੇ ਕੇ ਬਾਹਰ ਖ਼ਲਕਤ ਨੂੰ ਕੱਢਣਾ ਸ਼ੁਰੂ ਕੀਤਾ। ਇੱਕ ਲੱਖ ਦੇ ਉੱਪਰ ਆਦਮੀਆਂ ਨੂੰ ਤੇ ਇਸ ਤਰ੍ਹਾਂ ਨਾਲ ਗ਼ਰੀਬਾਂ ਨੂੰ ਦਿੱਤਾ ਗਿਆ। ਫਿਰ ਪਿਛਲੇ ਪੈਹਰ ਸਰਦਾਰ ਸ਼ਾਮ ਸਿੰਘ ਅਟਾਰੀ ਵੱਲੋਂ ਹੇਠ ਲਿਖੀਆਂ ਦਾਜ ਦੀਆਂ ਚੀਜ਼ਾਂ ਖਿਲਾਰ ਕੇ ਵਿਖਾਈਆਂ ਗਈਆਂ।
੧੦੧ ਘੋੜੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੇ ਹੋਏ, ੧੦੧ ਗਊਆਂ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੀਆਂ ਹੋਈਆਂ, ੧੦੧ ਮੱਝਾਂ, ੧੦੦ ਊਠ, ੧੧ ਹਾਥੀਆਂ ਦੀਆਂ ਜ਼ੰਜੀਰਾਂ ਤਿੱਲੇ ਦੇ ਕੱਢੇ ਹੋਏ ਝੁਲ ਤੇ ਚਾਂਦੀ ਸੋਨੇ ਦੋ ਹੌਂਦੇ, ਹਜ਼ਾਰ ਰੁਪਯਾਂ ਦੇ ਸੋਨੇ ਚਾਂਦੀ ਦੇ ਬਰਤਨ, ਜੜਾਊ ਸੋਨੇ ਦੇ ਗਹਿਣੇ ਲੱਖਾਂ ਰੁਪਯਾਂ ਦੇ ਬਹੁਮੁੱਲੇ ਜਵਾਹਰਾਤ ਕਪੜੇ, ਰੇਸ਼ਮ, ਕਮਖਾਬ ਤੇ ਬਨਾਰਸੀ ਆਦਿਕ ਕਸ਼ਮੀਰੀ ਦੋਸ਼ਾਲੇ ੫੦੦ ਇਸ ਦੇ ਬਿਨਾਂ ਤਰੀਮਤਾਂ ਦੇ ਤਰੇਵਰਾਂ ਦਾ ਕੋਈ ਹਿਸਾਬ ਨਹੀਂ ਸੀ। ਸੰਧ੍ਯਾ ਨੂੰ ਫਿਰ ਬਹੁਤ ਸਾਰੀ ਆਤਸ਼ਬਾਜ਼ੀ ਚਲਾਈ ਗਈ। ਅੱਜ ਦੀ ਆਤਸ਼ਬਾਜ਼ੀ ਕੱਲ ਨਾਲੋਂ ਵਧੀਆ ਸੀ। ਇੱਕ ਇੱਕ ਵਿੱਚੋਂ ਕਿੰਨੇ ਰੰਗ ਨਿੱਕਲਦੇ ਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਝੜਦੇ ਸਨ। ਸਾਰੀ ਰਾਤ ਰੌਣਕ ਰਹੀ, ਤੀਜੇ ਦਿਨ ਸਵੇਰੇ ਚਲਣ ਦੀ ਤਿਆਰੀ ਹੋਈ। ਲੜਕੀ ਨੂੰ ਸੋਨੇ ਦੀ ਡੋਲੀ ਵਿੱਚ ਬਿਠਾਇਆ ਗਿਆ ਤੇ ਸ੍ਰ. ਸ਼ਾਮ ਸਿੰਘ ਨੇ ਮਹਾਰਾਜਾ ਸਾਹਿਬ ਤੇ ਓਹਨਾਂ ਦੇ ਦਰਬਾਰੀਆਂ ਨੂੰ ਇੱਕ ਇੱਕ ਬਹੁਮੁਲਾ ਸਿਰੋਪਾ ਦਿੱਤਾ। ਫੇਰ ਹੱਥ ਜੋੜ ਕੇ ਮਹਾਰਾਜਾ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੈਂ ਆਪ ਦੀ ਸ਼ਾਨ ਦਾ ਟਾਕਰਾ ਕਰਨ ਜੋਗਾ ਨਹੀਂ। ਮੈਥੋਂ ਆਪ ਦੀ ਕੋਈ ਸੇਵਾ ਨਹੀਂ ਹੋ ਸਕੀ। ਆਪ ਨੇ ਅਪਾਰ ਕ੍ਰਿਪਾ ਨਾਲ ਨਿਵਾਜਿਆ ਤੇ ਪਰਦਾ ਪਾਇਆ ਹੈ, ਜਿਸ ਲਈ ਧੰਨਵਾਦੀ ਹਾਂ।
ਇਸ ਵਿੱਚ ਸ਼ੱਕ ਨਹੀਂ ਕਿ ਇਸ ਵਿਆਹ ਤੇ ਸ੍ਰ. ਸ਼ਾਮ ਸਿੰਘ ਨੇ ਹਰ ਇੱਕ ਗੱਲ ਵੱਧ ਕੇ ਤੇ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਕੀਤੀ, ਦੋ ਰਾਤਾਂ ਬਰਾਤ ਨੂੰ ਆਪਣੇ ਘਰ ਰੱਖਿਆ ਅਤੇ ਖਾਣ ਪੀਣ ਦੀ ਹਰ ਇੱਕ ਚੀਜ਼ ਖੁੱਲ੍ਹੇ ਦਿਲ ਪੁਚਾਈ। ਗੱਲ ਕੀ, ਕਿਸੇ ਤਰ੍ਹਾਂ ਦੀ ਕਸਰ ਬਾਕੀ ਨਹੀਂ ਰਹਿਣ ਦਿੱਤੀ।
ਮਹਾਰਾਜਾ ਸਾਹਿਬ ਨੇ ਆਪਣੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੂੰ ਵਿਆਹ ਕੇ ਘਰ ਆਂਦਾ। ਹੋਲੀ ਦਾ ਤਿਉਹਾਰ ਬਹੁਤ ਨੇੜੇ ਸੀ। ਇਸ ਕਰ ਕੇ ਕਿਸੇ ਮਹਿਮਾਨ ਨੂੰ ਹੋਲੀ ਤੱਕ ਟੁਰਨ ਨਹੀਂ ਦਿੱਤਾ। ੧੨ ਤਰੀਕ ਨੂੰ ਸ਼ਾਲਾਮਾਰ ਬਾਗ਼ ਵਿੱਚ ਭਾਰੀ ਜਲਸਾ ਹੋਇਆ, ਜਿਸ ਦੀ ਤਿਆਰੀ ਵਿੱਚ ਸ਼ਾਲਮਾਰ ਬਾਗ਼ ਦੀਆਂ ਦੀਵਾਰਾਂ ਤੇ ਸੜਕਾਂ ਤੇ ਦੋ ਦੋ, ਤਿੰਨ ਤਿੰਨ ਦੀਵਿਆਂ ਦੀਆਂ ਕਿਤਾਰਾਂ ਰਖਾਈਆਂ ਗਈਆਂ, ਦਸ ਦਸ ਬਾਰਾਂ ਬਾਰਾਂ ਚਰਾਗ ਛੱਡ ਕੇ ਫਾਨੂਸ ਰਖੇ ਗਏ ਅੰਗਰੇਜ਼ਾਂ ਨੂੰ ਸ਼ਾਹਜਹਾਨ ਦੇ ਸੰਗਮਰਮਰ ਦੀ ਬੈਠਣ ਦੀ ਜਗ੍ਹਾ ਦੇ ਸਾਹਮਣੇ ਵਾਲੀ ਬਾਰਾਦਰੀ ਦੀ ਛੱਤ ਤੇ ਸ਼ਾਮਿਆਨੇ ਲਾ ਕੇ ਡਿਨਰ ਦਿੱਤਾ ਗਿਆ। ਦੇਸੀ ਸਰਦਾਰਾਂ ਤੇ ਰਈਸਾਂ ਵਾਸਤੇ ਅੱਡਰਾ ਪ੍ਰਬੰਧ ਸੀ। ਸਾਰੀ ਰਾਤ ਫਵਾਰੇ ਚਲਦੇ ਰਹੇ, ਪਾਣੀ ਝਰਨਿਆਂ ਵਿੱਚੋਂ ਛਨਛਨ ਹੌਜਾਂ ਵਿੱਚ ਡਿੱਗਣ ਤੇ ਰੌਸ਼ਨੀ ਦਾ ਪਾਣੀ ਵਿੱਚ ਦਾ ਅਕਸ ਬੜਾ ਹੀ ਮਨੋਹਰ ਨਜ਼ਾਰਾ ਦੱਸਦਾ ਸੀ। ਇੱਕ ਪਾਸੇ ਯੂਰਪੀਨ ਲੇਡੀਆਂ ਸੁੰਦਰ ਗੌਨ ਪਾਈ ਅੰਗ੍ਰੇਜ਼ਾਂ ਦੇ ਨਾਲ ਸੜਕਾਂ ਤੇ ਫਿਰਦੀਆਂ, ਫੁੱਲਾਂ ਦੀ ਖ਼ੁਸ਼ਬੋਂ ਲੈਂਦੀਆਂ ਸਨ। ਜਦ ਰਾਤ ਬਹੁਤ ਗੁਜ਼ਰ ਗਈ, ਤਦ ਲੇਡੀਆਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਤੇ ਅੰਗ੍ਰੇਜ਼ ਓਸ ਥਾਂ ਤੇ ਸੱਦੇ ਗਏ, ਜਿੱਥੇ ਸਰਦਾਰਾਂ ਦਾ ਜਲਸਾ ਹੋ ਰਿਹਾ ਸੀ।
੨੦੦. ਮਹਾਰਾਜਾ ਦਾ ਜੰਗੀ ਲਾਟ ਨੂੰ ਬਾਗ਼ ਵਿਖਾਣਾ ਤੇ ਫਿਰ ਮਿਲਨਾ
ਦੂਜੇ ਦਿਨ ਮਹਾਰਾਜਾ ਸਾਹਿਬ ਨੇ ਸੈਨਾਪਤੀ ਨੂੰ ਆਪਣੇ ਨਾਲ ਲੈ ਕੇ ਆਪਣੇ ਬਾਗ਼ ਤੇ ਹੋਰ ਵੇਖਣ ਜੋਗ ਇਮਾਰਤਾਂ ਦੱਸੀਆਂ। ੧੪ ਨੂੰ ਮਹਾਰਾਜਾ ਸਾਹਿਬ ਸੈਨਾਪਤੀ ਦੇ ਖੇਮੇ ਵਿੱਚ ਗਏ। ਚੋਖਾ ਚਿਰ ਗੱਲਾਂ ਹੁੰਦੀਆਂ ਰਹੀਆਂ। ਰਾਜਸੀ ਮਾਮਲਿਆਂ ਤੇ ਕਈ ਪ੍ਰਸ਼ਨ ਮਹਾਰਾਜੇ ਨੇ ਅਜੇਹੇ ਕੀਤੇ, ਜਿਨ੍ਹਾਂ ਦੇ ਉੱਤਰ ਵਿੱਚ ਸੈਨਾਪਤੀ ਨੂੰ ਬੜਾ ਸੋਚਣਾ ਪਿਆ।
ਮਹਾਰਾਜੇ ਦੇ ਪ੍ਰਸ਼ਨ ਇਸ ਤਰ੍ਹਾਂ ਦੇ ਸਨ:
ਹਿੰਦ ਵਿੱਚ ਸਰਕਾਰ ਅੰਗ੍ਰੇਜ਼ੀ ਦੀ ਜੰਗੀ ਤਾਕਤ ਕਿੰਨੀ ਹੈ? ਕੀ ਫਰਾਂਸ ਦੀ ਤਾਕਤ ਹਿੰਦ ਵੱਲ ਆਉਣ ਲੱਗੇ ਰੂਸ ਨੂੰ ਰੋਕਣ ਲਈ ਕਾਫੀ ਹੈ? ਕੀ ਰੂਸ ਦਾ ਫਰਾਂਸ ਨਾਲ ਮਿਲ ਜਾਣਾ ਸੱਚ ਮੁੱਚ ਅੰਗ੍ਰੇਜ਼ਾਂ ਲਈ ਹਾਨੀਕਾਰਕ ਹੈ? ਜੇ ਅਜਿਹਾ ਹੈ ਤਾਂ ਕਿਸ ਤਰ੍ਹਾਂ ਦਾ?
ਫਿਰ ਸੈਨਾਪਤੀ ਨੇ ਅੰਗ੍ਰੇਜ਼ਾਂ ਵੱਲੋਂ ਮਹਾਰਾਜਾ ਸਾਹਿਬ ਅੱਗੇ ਇਹ ਤੋਹਫਾ ਦਿੱਤਾ—ਇਕ ਹਾਥੀ ਦੀ ਜ਼ੰਜੀਰ, ੮ ਘੋੜੇ ਇੱਕ ਦੋਨਾਲੀ ਬੰਦੂਕ, ਇੱਕ ਇੱਕ ਨਾਲੀ ਪਸਤੌਲ, ੫੧ ਕਿਸ਼ਤੀਆਂ ਕਪੜਿਆਂ ਤੇ ਗਹਿਣਿਆਂ ਦੀਆਂ। ਸਭ ਰਸਮਾਂ ਹੋ ਚੁੱਕਣ ਤੇ ਮਹਾਰਾਜਾ ਸਾਹਿਬ ਹਾਥੀ ਤੇ ਸਵਾਰ ਹੋ ਕੇ ਅੰਗ੍ਰੇਜ਼ੀ ਤੋਪਖਾਨੇ ਦੀ ਕਵਾਇਦ ਵੇਖਣ ਲਈ ਗਏ। ਓਥੇ ਵੀ ਓਹਨਾਂ ਤੋਪਖਾਨੇ ਬਾਬਤ ਜ਼ਰਾ ਜ਼ਰਾ ਗੱਲ ਪੁੱਛੀ, ਘੋੜਿਆਂ ਦਾ ਸਾਮਾਨ ਕਿਸ ਕਿਸ ਮੁਲਕ ਵਿੱਚੋਂ ਆਉਂਦਾ ਹੈ? ਤੋਪਾਂ ਕਿੱਥੇ ਢਾਲਦੇ ਹਨ? ਕਿੰਨਾ ਗੋਲਾ ਇਨ੍ਹਾਂ ਵਿੱਚ ਪੈਂਦਾ ਹੈ?
੧੬ ਤਰੀਕ ਨੂੰ ਮਹਾਰਾਜਾ ਸਾਹਿਬ ਨੇ ਆਪਣੀ ੧੮ ਹਜ਼ਾਰ ਫੌਜ ਦੀ ਕਵਾਇਦ ਵਿਖਾਈ। ਇਹ ਫੌਜ ਅੰਗ੍ਰੇਜ਼ੀ ਲਿਬਾਸ ਵਿੱਚ ਯੂਰਪੀਨ ਅਫਸਰਾਂ ਪਾਸੋਂ ਯੂਰਪੀਨ ਢੰਗ ਦੀ ਕਵਾਇਦ ਸਿੱਖੀ ਸੀ। ਫੌਜ ਦੀ ਕਵਾਇਦ ਤੇ ਚੁਸਤੀ ਵੇਖ ਕੇ ਸੈਨਾਪਤੀ ਦੰਗ ਰਹਿ ਗਿਆ।
੧੭ ਤਰੀਕ ਨੂੰ ਮਹਾਰਾਜਾ ਸਾਹਿਬ ਨੇ ਅੰਗ੍ਰੇਜ਼ੀ ਫੌਜ ਦੀ ਕਵਾਇਦ ਵੇਖੀ। ਘੋੜਿਆਂ ਦੀ ਦੌੜ ਤੇ ਗੋਲਿਆਂ ਦਾ ਚਲਣਾ, ਤੋਪ ਦੇ ਅੰਗ-ਅੰਗ ਅੱਡ ਕਰ ਲੈਣੇ, ਫਿਰ ਜੋੜ ਦੇਣੇ ਆਦਿਕ ਵੇਖ ਮਹਾਰਾਜਾ ਅਚੰਭਾ ਰਹਿ ਗਿਆ। ਪਹਿਲਾਂ ਤਾਂ ਓਹਨਾਂ ਸਮਝਿਆ ਕਿ ਕਿਸੇ ਘੋੜੇ ਦੇ ਸਾਜ਼ ਦਾ ਤਸਮਾ ਟੁੱਟ ਗਿਆ ਹੈ, ਜਾਂ ਪੱਯੇ ਦਾ ਧੁਰਾ ਟੁੱਟ ਗਿਆ ਹੈ, ਕਿੰਤੂ ਜਦ ਦੂਜੀ ਵਾਰ ਫੇਰ ਓਹਨਾਂ ਇੰਜ ਹੀ ਕਰ ਕੇ ਦੱਸਿਆ ਤੇ ਇੱਕ ਲਮਹੇ ਵਿੱਚ ਤੋਪ ਦੇ ਪੁਰਜੇ ਅੱਡ ਕਰ ਕੇ ਫਿਰ ਜੋੜ ਲਏ, ਤਦ ਮਹਾਰਾਜਾ ਨੂੰ ਯਕੀਨ ਹੋਇਆ ਕਿ ਸੱਚਮੁੱਚ ਇਨ੍ਹਾਂ ਆਪਣੇ ਕਰਤੱਵ ਵਿੱਚ ਕਮਾਲ ਕਰ ਰੱਖਿਆ ਹੈ। ਸੰਧ੍ਯਾ ਨੂੰ ਮਹਾਰਾਜਾ ਸਾਹਿਬ ਦੀ ਫੌਜ ਨੇ ਆਪਣੀਆਂ ਤੋਪਾਂ ਨਾਲ ਇਸ ਤਰ੍ਹਾਂ ਨਸ਼ਾਨੇ ਮਾਰ ਕੇ ਵਿਖਾਏ ਕਿ ਸੈਨਾਪਤੀ ਦੰਗ ਰਹਿ ਗਿਆ। ਫਿਰ ਜਦ ਮਹਾਰਾਜੇ ਨੇ ਚਮੜੇ ਦੀ ਤੋਪ ਚਲਵਾ ਕੇ ਦੱਸੀ, ਜਿਸ ਦੇ ਨਾਲ ਸੱਤ ਸੱਤ ਅੱਠ ਅੱਠ ਫਾਇਰ ਬਰੰਜੀ ਆਹਨੀ ਤੋਪਾਂ ਦੇ ਬਰਾਬਰ ਹੁੰਦੇ ਸਨ, ਦੱਸ ਦੱਸ ਨੂੰ ਚੁੱਕ ਕੇ ਇੱਕ ਇੱਕ ਸਿਪਾਹੀ ਪਹਾੜ ਤੇ ਲੈ ਜਾਂਦਾ ਵੇਖ ਕੇ ਲਾਟ ਸਾਹਿਬ ਚਕ੍ਰਿਤ ਰਹਿ ਗਿਆ। ਪੁੱਛਣ ਲੱਗਾ, "ਇਹ ਕਿੱਥੋਂ ਆਂਦੀ ਹੈ?" ਮਹਾਰਾਜਾ ਨੇ ਸਰਦਾਰ ਲਹਿਣਾ ਸਿੰਘ ਮਜੀਠਾ ਨੂੰ ਅੱਗੇ ਕਰ ਕੇ ਕਿਹਾ ਕਿ ਇਹ ਇਸ ਵਲਾਇਤੋਂ ਨਿੱਕਲੀ ਹੈ। ਗਵਰਨਰ ਸਰਦਾਰ ਲਹਿਣਾ ਸਿੰਘ ਨਾਲ ਹੱਥ ਮਿਲਾ ਕੇ ਬੜਾ ਖ਼ੁਸ਼ ਹੋਇਆ ਤੇ ਓਹਨਾਂ ਦੇ ਹੁਨਰ ਦੀ ਤਾਰੀਫ਼ ਕੀਤੀ।
੧੮ ਤਰੀਕ ਨੂੰ ਮਹਾਰਾਜਾ ਨੇ ਅੰਗ੍ਰੇਜ਼ੀ ਤੋਪਖਾਨੇ ਦੀ ਫੇਰ ਕਵਾਇਦ ਵੇਖੀ, ੪੦੦ ਗਜ਼ ਦੀ ਵਿਥ ਤੇ ਇੱਕ ਛਤਰੀ ਰੱਖੀ ਗਈ, ਜਿਸ ਨੂੰ ਪੰਜ ਛੀ ਫਾਇਰਾਂ ਵਿੱਚ ਉਡਾ ਦਿੱਤਾ ਗਿਆ। ਮਹਾਰਾਜੇ ਨੇ ਖ਼ੁਸ਼ ਹੋ ਕੇ ੧੨੦੦ ਰੁਪਯਾ ਤੋਪਖਾਨੇ ਦੇ ਸਪਾਹੀਆਂ ਨੂੰ ਇਨਾਮ ਵਜੋਂ ਦਿੱਤਾ।
੨੦੧. ਲੇਡੀ ਦਾ ਰਣਵਾਸ ਵਿੱਚ ਜਾਣਾ ਤੇ ਰਾਣੀਆਂ ਨੂੰ ਮਿਲਣਾ
੧੯ ਤਰੀਕ ਨੂੰ ਸੈਨਾਪਤੀ ਦੀ ਮੇਮ ਕੁਝ ਹੋਰ ਮੇਮਾਂ ਦੇ ਨਾਲ ਸਮਨ ਬੁਰਜ ਵਿੱਚ ਰਾਣੀਆਂ ਨੂੰ ਮਿਲਣ ਗਈ। ਅੰਦਰ ਸਵਾਏ ਮਹਾਰਾਜਾ ਸਾਹਿਬ ਦੇ ਹੋਰ ਕੋਈ ਮਰਦ ਨਹੀਂ ਸੀ। ਸ਼ਾਹਜ਼ਾਦਾ ਖੜਗ ਸਿੰਘ ਦੀ ਮਾਤਾ ਨੇ ਹੋਰ ਰਾਣੀਆਂ ਸਮੇਤ ਦਰਵਾਜ਼ੇ ਤੱਕ ਸਵਾਗਤ ਕੀਤਾ ਤੇ ਬੈਠਣ ਲਈ ਸੋਨੇ ਦੀਆਂ ਕੁਰਸੀਆਂ ਦਿੱਤੀਆਂ। ਮੇਮਾਂ ਰਾਣੀਆਂ ਦੇ ਲਿਬਾਸ ਤੇ ਕੱਪੜਿਆਂ ਨੂੰ ਵੇਖ ਵੇਖ ਤੇ ਰਾਣੀਆਂ ਮੇਮਾਂ ਦੀ ਸਜ ਧਜ ਵੇਖ ਖ਼ੁਸ਼ ਹੁੰਦੀਆਂ ਰਹੀਆਂ। ਆਪਸ ਦੀਆਂ ਗੱਲਾਂ ਦਾ ਉਲਥਾ ਜਨਰਲ ਅਲਾਰਡ ਤੇ ਵੰਟੋਰਾ ਦੀਆਂ ਮੇਮਾਂ ਜੋ ਪੰਜਾਬਣਾਂ ਵਾਂਗ ਕਪੜੇ ਪਾਈ ਨਾਲ ਹੀ ਸਨ, ਸੁਣਾਂਦੀਆਂ ਰਹੀਆਂ। ਮੇਮਾਂ ਦੇ ਜਾਣ ਸਮੇਂ ਮਹਾਰਾਣੀ ਸਾਹਿਬਾਂ ਨਕਾਇਨ ਨੇ ਇਨ੍ਹਾਂ ਨੂੰ ਬਹੁਮੁੱਲੇ ਤੋਹਫੇ ਦੇ ਕੇ ਭੇਜਿਆ।
੨੦੨. ਹੋਲੀ ਦਾ ਤਿਉਹਾਰ
੨੨ ਮਾਰਚ ਨੂੰ ਹੋਲੀ ਸੀ, ਸਰਹਨਰੀ ਫੇਨ ਵੀ ਇੱਥੇ ਹੀ ਸੀ। ਇੱਕ ਹਫਤਾ ਬੜੀ ਸੱਜ ਧਜ ਨਾਲ ਜਲਸੇ ਹੁੰਦੇ ਰਹੇ।
੨੦੩. ਅੰਗ੍ਰੇਜ਼ਾਂ ਦੀ ਵਿਦਾਇਗੀ
੨੭ ਤਰੀਕ ਨੂੰ ਆਏ ਹੋਏ ਅੰਗ੍ਰੇਜ਼ ਮਹਿਮਾਨ ਟੁਰੇ। ਸੈਨਾਪਤੀ ਉਸ ਵੇਲੇ ਮਹਾਰਾਜਾ ਸਾਹਿਬ ਨੂੰ ਮਿਲਿਆ, ਜਦ ਕਿ ਮਹਾਰਾਜਾ ਸਾਹਿਬ ਤਖ਼ਤ ਤੇ ਬੈਠੇ ਆਪਣੇ ਪਾਲਤੂ ਕਬੂਤਰਾਂ ਨੂੰ ਫਰਸ਼ ਤੇ ਦਾਣਾ ਸੁੱਟ ਕੇ ਖਿਲਾ ਰਹੇ ਸਨ। ਮਹਾਰਾਜਾ ਸਾਹਿਬ ਨੇ ਸੈਨਾਪਤੀ ਨਾਲ ਹੱਥ ਮਿਲਾ ਕੇ ਕਿਹਾ ਕਿ ਮੈਂ ਬੜਾ ਖੁਸ਼ ਹਾਂ ਕਿ ਆਪ ਲੋਕ ਮੇਰੇ ਸੁੱਖ ਦੁੱਖ ਵਿੱਚ ਆ ਕੇ ਸ਼ਾਮਲ ਹੋਂਦੇ ਹੋ। ਇਸ ਦੇ ਉੱਤਰ ਵਿੱਚ ਗਵਰਨਰ ਨੇ ਕਿਹਾ ਕਿ ਵੇਲੇ ਕੁ ਵੇਲੇ ਜਿੰਨੇ ਹੀ ਅੰਗ੍ਰੇਜ਼ ਯਾਤਰੂ ਪੰਜਾਬ ਵਿੱਚ ਆਏ ਹਨ, ਉਹ ਵਲਾਇਤ ਜਾ ਕੇ ਮਹਾਰਾਜਾ ਸਾਹਿਬ ਦੀ ਪ੍ਰਾਹੁਣਾਚਾਰੀ ਤੇ ਮੇਹਰਬਾਨੀ ਦੇ ਸਲੂਕ ਦੀ ਪ੍ਰਸੰਸਾ ਕਰਦੇ ਹਨ।
ਮਹਾਰਾਜਾ ਨੇ ਬਹੁਮੁੱਲੇ ਕਪੜੇ, ਕੁਝ ਘੋੜੇ ਤੇ ਇੱਕ ਹਾਥੀ ਦੀ ਜ਼ੰਜੀਰੀ ਤੇ ਇੱਕ ਤਲਵਾਰ ਦੀ ਮੁੱਠ ਤੋਹਫੇ ਵਿੱਚ ਦਿੱਤੀ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਸੈਨਾਪਤੀ ਨੂੰ ਦਰਯਾ ਏ ਸਤਲੁਜ ਤੱਕ ਛੱਡਣ ਗਿਆ।
੨੦੪. ਪੀਰ ਮੁਹੰਮਦ ਖਾਂ ਦਾ ਆਉਣਾ
ਅਜੇ ਗਵਰਨਰ ਸਾਹਿਬ ਲਾਹੌਰ ਹੀ ਸਨ ਕਿ ਸੁਲਤਾਨ ਮੁਹੰਮਦ ਖਾਂ ਦਾ ਭਰਾ ਪੀਰ ਮੁਹੰਮਦ ਖਾਂ ੧੨ ਹਜ਼ਾਰ ਅਫ਼ਗ਼ਾਨ ਸੈਨਾ ਦੇ ਨਾਲ ਮੁਲਾਕਾਤ ਲਈ ਲਾਹੌਰ ਆਇਆ। ਕੋਹਿਨੂਰ ਨਾਮ ਦਾ ਇੱਕ ਘੋੜਾ ਜਿਸ ਦੀ ਮੁੱਦਤ ਤੋਂ ਮਹਾਰਾਜਾ ਛਿਕ ਵਿੱਚ ਸੀ, ਇੱਕ ਖੁਰਾਸਾਨੀ ਤਲਵਾਰ ਜਿਸ ਦੀ ਮੁੱਠ ੧੦ ਹਜ਼ਾਰ ਰੁਪਯੇ ਦੀ ਸੀ, ਮਹਾਰਾਜੇ ਦੀ ਨਜ਼ਰ ਕੀਤੀ।
੨੦੫. ਸਰਦਾਰ ਹਰੀ ਸਿੰਘ ਦਾ ਜਮਰੋਦ ਤੇ ਕਬਜ਼ਾ ਤੇ ਕਾਬਲ ਨਾਲ ਲੜਾਈ
ਕੰਵਰ ਨੌਨਿਹਾਲ ਦੀ ਸ਼ਾਦੀ ਹੋਣ ਤੋਂ ਥੋੜ੍ਹੇ ਹੀ ਦਿਨ ਮਗਰੋਂ ਸਰਦਾਰ ਹਰੀ ਸਿੰਘ ਨਲਵਾ ਨੇ ਜਮਰੋਦ ਦੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਅਮੀਰ ਦੋਸਤ ਮੁਹੰਮਦ ਖਾਂ ਕਾਬਲ ਵਾਲਾ ਇਸ ਖ਼ਬਰ ਨੂੰ ਸੁਣਦੇ ਹੀ ਫੌਜ ਲੈ ਕੇ ਚੜ੍ਹ ਆਇਆ ਤੇ ਉਸ ਨੇ ਇਸ਼ਤਿਹਾਰ ਕੱਢਿਆ ਕਿ ਮੈਂ ਸਿੱਖਾਂ ਨਾਲ ਮਜ਼ਹਬੀ ਆਨ ਵਾਸਤੇ ਲੜਨ ਲੱਗਾ ਹਾਂ। ਜਿਨ੍ਹਾਂ ਸਵਾਬ ਲੈਣਾ ਹੈ ਆ ਜਾਓ। ਹਾਜੀ ਅਬਦੁਲਰਜਾਕ ੧੦ ਹਜ਼ਾਰ ਮੁਲਖੱਯਾ ਨਾਲ ਲੈ ਕੇ ਜਮਰੋਦ ਪਾਸ ਆ ਗਿਆ। ਸਰਦਾਰ ਹਰੀ ਸਿੰਘ ਵੀ ਫੌਜ ਲੈ ਕੇ ਅੱਪੜ ਗਿਆ। ਜੰਗ ਸ਼ੁਰੂ ਹੋ ਗਈ। ਪਹਿਲੇ ਦਿਨ ਪਠਾਣਾਂ ਨੂੰ ਸ਼ਕਸਤ ਹੋਈ ਤੇ ਓਹਨਾਂ ਨੂੰ ਬੜਾ ਨੁਕਸਾਨ ਪੁੱਜਾ। ਦੂਜੇ ਦਿਨ ਪਠਾਣਾਂ ਨੇ ਸਿੱਖਾਂ ਤੇ ਅਚਣਚੇਤ ਹਮਲਾ ਕਰ ਦਿੱਤਾ। ਜਦ ਇਹ ਖ਼ਬਰ ਮਹਾਰਾਜੇ ਨੇ ਸੁਣੀ, ਤਦ ਓਸ ਨੇ ਝਟਪਟ ਪਿਸ਼ਾਵਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਤੇ ਆਪ ਵੀ ਸਾਰੇ ਵੱਡੇ ਵੱਡੇ ਸਰਦਾਰਾਂ ਨੂੰ ਨਾਲ ਲੈ ਕੇ ਓਸ ਪਾਸੇ ਰਵਾਨਾ ਹੋ ਗਿਆ। ਇੰਨੇ ਨੂੰ ਸਰਦਾਰ ਹਰੀ ਸਿੰਘ ਨਲੂਆ ਨੇ ਫਿਰ ਹਾਜੀ ਖਾਂ ਕਾਕੜਾ ਨੂੰ ਸ਼ਕੱਸਤ ਦਿੱਤੀ ਤੇ ਪਿੱਛੇ ਹਟਾ ਕੇ ਪਿਸ਼ਾਵਰ ਆਇਆ। ਕਿੰਤੂ ਇੰਨੇ ਚਿਰ ਨੂੰ ਪਿੱਛੋਂ ਦੋਸਤ ਮੁਹੰਮਦ ਖਾਂ ਦੀ ਫੌਜ ਆ ਪੁੱਜੀ ਤੇ ਓਸ ਨੇ ਦਰਾ ਖ਼ੈਬਰ ਤੋਂ ਨਿੱਕਲ ਕੇ ਜਮਰੋਦ ਤੇ ਘੇਰਾ ਕਰ ਲਿਆ। ਓਸ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਲੈ ਪਾਲਕ ਪੁੱਤਰ ਮਹਾਂ ਸਿੰਘ ਥੋੜ੍ਹੀ ਜਿਹੀ ਫੌਜ ਦੇ ਨਾਲ ਮੌਜੂਦ ਸੀ। ਓਸ ਨੇ ਬੜੀ ਬਹਾਦਰੀ ਤੇ ਜਵਾਂਮਰਦੀ ਨਾਲ ਟਾਕਰਾ ਕਰ ਕੇ ਪਠਾਣਾਂ ਦੇ ਖੂਬ ਦੰਦ ਭੰਨੇ, ਜਿਸ ਤੋਂ ਪਠਾਣਾਂ ਦਾ ਬੜਾ ਨੁਕਸਾਨ ਹੋਇਆ। ਫਿਰ ਪਠਾਣਾਂ ਨੇ ਅੱਛੇ ਅੱਛੇ ਮੁਕਾਮ ਚੁਣ ਕੇ ਓਹਨਾਂ ਤੇ ਮੋਰਚੇ ਲਾ ਦਿੱਤੇ ਤੇ ਲੜਾਈ ਸ਼ੁਰੂ ਕਰ ਦਿੱਤੀ। ਕਿਲ੍ਹੇ ਵਿੱਚ ਘਿਰਿਆ ਹੋਇਆਂ ਦੇ ਪਾਸ ਰਸਦ ਘੱਟ ਸੀ। ਕਿੰਤੂ ਸਭ ਤੋਂ ਵੱਧ ਕੇ ਜਿਸ ਚੀਜ਼ ਨੇ ਤੰਗ ਕੀਤਾ, ਓਹ ਪਾਣੀ ਦੀ ਅਣਹੋਂਦ ਸੀ। ਇੰਨੇ ਨੂੰ ਪਠਾਣ ਕਿਲ੍ਹੇ ਦਾ ਇੱਕ ਪਾਸਾ ਗਿਰਾਣ ਵਿੱਚ ਕਾਮਯਾਬ ਹੋ ਗਏ, ਕਿੰਤੂ ਓਹਨਾਂ ਨੂੰ ਸਿੱਖਾਂ ਦੇ ਟਾਕਰੇ ਤੇ ਅੰਦਰ ਜਾਣ
ਦੀ ਹਿੰਮਤ ਨਾ ਪਈ। ਮਹਾਂ ਸਿੰਘ ਨੇ ਓਸ ਪਾਸੇ ਨੂੰ ਜਿਸ ਨੂੰ ਪਠਾਣਾਂ ਨੇ ਤੋੜਿਆ ਸੀ, ਜਾ ਰੋਕਿਆ। ਜਦ ਪਠਾਣਾਂ ਨੇ ਓਸ ਰਾਹ ਥੀਂ ਅੰਦਰ ਆਉਣਾ ਚਾਹਿਆ, ਤਦ ਸਿੱਖਾਂ ਨੇ ਇੱਕੋ ਵਾਰ ਸਾਰੀਆਂ ਬੰਦੂਕਾਂ ਤੇ ਤੋਪਾਂ ਦੇ ਫਾਇਰ ਕਰ ਦਿੱਤੇ, ਜਿਸ ਤੋਂ ੫੦੦ ਪਠਾਣ ਇੱਕ ਦਮ ਗਿਰ ਗਏ, ਪਠਾਣ ਮੁਕਾਬਲੇ ਦੀ ਸ਼ਕਤੀ ਨਾ ਵੇਖ ਪਿੱਛੇ ਹਟ ਗਏ।
ਜਿਸ ਵੇਲੇ ਇਸ ਲੜਾਈ ਦੀ ਖ਼ਬਰ ਪਿਸ਼ਾਵਰ ਪੁੱਜੀ, ਸਰਦਾਰ ਹਰੀ ਸਿੰਘ ਤਿਆਰ ਹੋ ਲਾਹੌਰ ਦੀ ਫੌਜ ਦੀ ਉਡੀਕ ਕਰਨ ਲੱਗਾ। ਕਿੰਤੂ ਜਦ ਲਾਹੌਰ ਤੋਂ ਫੌਜ ਨਾ ਪੁੱਜੀ, ਤਦ ਪਿਸ਼ਾਵਰ ਦੀ ਫੌਜ ਲੈ ਕੇ ਕੂਚ ਕਰ ਦਿੱਤਾ ਤੇ ਜਮਰੋਦ ਪਾਸ ਅੱਪੜਦਿਆਂ ਹੀ ਅੱਗ ਵਸਾਣੀ ਸ਼ੁਰੂ ਕਰ ਦਿੱਤੀ। ਪਠਾਣਾਂ ਦਾ ਸਖ਼ਤ ਨੁਕਸਾਨ ਹੋਇਆ ਤੇ ਓਹ ਮੈਦਾਨ ਛੱਡ ਕੇ ਨੱਸ ਤੁਰੇ। ਸਿੱਖਾਂ ਨੇ ਅਲੀ ਮਸਜਦ ਤੱਕ ਪਿੱਛਾ ਕੀਤਾ। ਸਰਦਾਰ ਹਰੀ ਸਿੰਘ ਦੋ ਚਾਰ ਸਾਥੀਆਂ ਸਮੇਤ ਮੈਦਾਨ ਵਿੱਚ ਖਲੋਤਾ ਇਹ ਹਾਲਤ ਵੇਖ ਰਿਹਾ ਸੀ।
੨੦੬. ਸਰਦਾਰ ਹਰੀ ਸਿੰਘ ਦਾ ਚਲਾਣਾ
ਇੰਨੇ ਨੂੰ ਪਠਾਣਾਂ ਦਾ ਇੱਕ ਦਸਤਾ ਇੱਕ ਪਾਸਿਓਂ ਨਿੱਕਲ ਆਇਆ, ਓਹਨਾਂ ਦੀ ਇੱਕ ਗੋਲੀ ਨਾਲ ਸਰਦਾਰ ਹਰੀ ਸਿੰਘ ਜ਼ਖ਼ਮੀ ਹੋ ਗਏ। ਸਿੱਖ ਸਿਪਾਹੀ ਜਦ ਇਧਰ ਆਏ, ਤਦ ਸਰਦਾਰ ਹਰੀ ਸਿੰਘ ਨੂੰ ਘਾਇਲ ਵੇਖ ਬੜੇ ਸੋਚਾਂ ਵਿੱਚ ਪੈ ਗਏ। ਹਾਥੀ ਤੇ ਚੜ੍ਹਾ ਇਨ੍ਹਾਂ ਨੂੰ ਕਿਲ੍ਹੇ ਵਿੱਚ ਲੈ ਆਂਦਾ। ਜਿੱਥੇ ਅੱਪੜਦਿਆਂ ਹੀ ਇਨ੍ਹਾਂ ਦਾ ਦੇਹਾਂਤ ਹੋ ਗਿਆ। ਸਰਦਾਰ ਮਹਾਂ ਸਿੰਘ ਨੇ ਇਸ ਵੇਲੇ ਬੜੀ ਸਿਆਣਪ ਕੀਤੀ। ਉਸ ਨੇ ਸਰਦਾਰ ਜੀ ਦੇ ਸਰੀਰ ਨੂੰ ਇੱਕ ਵੱਖਰੇ ਕਮਰੇ ਵਿੱਚ ਰੱਖ ਦਿੱਤਾ ਤੇ ਓਥੇ ਜਾਣ ਦੀ ਮਨਾਹੀ ਕਰ ਦਿੱਤੀ, ਜੋ ਪੁੱਛਦਾ ਉਸ ਨੂੰ ਕਹਿ ਦੇਂਦੇ ਕਿ ਹੁਣ ਅੱਗੇ ਨਾਲੋਂ ਆਰਾਮ ਹੈ, ਇਸ ਤਰ੍ਹਾਂ ਕਰਨ ਤੋਂ ਇੱਕ ਤਾਂ ਸਿੱਖਾਂ ਦੇ ਦਿਲ ਨਾ ਟੁੱਟੇ ਤੇ ਦੂਜਾ ਦੁਸ਼ਮਣ ਜੋ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਸੁਣ ਕੇ ਕੰਬ ਉਠਦਾ ਸੀ, ਉਸ ਨੂੰ ਹਮਲਾ ਕਰਨ ਦੀ ਹਿੰਮਤ ਨਾ ਪਈ।
ਕਈ ਆਦਮੀਆਂ ਦਾ ਖ਼ਿਆਲ ਹੈ ਕਿ ਜੰਮੂ ਵਾਲੇ ਡੋਗਰੇ ਤੇ ਸਰਦਾਰ ਹਰੀ ਸਿੰਘ ਦੀ ਆਪੋ ਵਿੱਚ ਖਿੱਚਾ ਖਿੱਚੀ ਰਹਿੰਦੀ ਸੀ, ਪਿਸ਼ਾਵਰ ਦੀ ਦੀਵਾਨੀ ਤੇ ਮਾਲ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਦੇ ਹੱਥ ਵਿੱਚ ਸੀ, ਕਿਹਾ ਜਾਂਦਾ ਹੈ ਕਿ ਲਾਹੌਰ ਦਰਬਾਰ ਨੇ ਸਾਢੇ ਤੇਰਾਂ ਲੱਖ ਰੁਪਯਾ ਪਿਸ਼ਾਵਰ ਦੇ ਯਾਰ ਮੁਹੰਮਦ ਖਾਂ ਤੋਂ ਲੈਣਾ ਸੀ, ਗੁਲਾਬ ਸਿੰਘ ਨੇ ਇਸ ਦੇ ਨਾਲ ਸਾਜ਼ਸ਼ ਕਰ ਕੇ ਉਸ ਵੇਲੇ ਜਦ ਕਿ ਸਰਦਾਰ ਹਰੀ ਸਿੰਘ ਘੋੜੇ ਤੇ ਚੜ੍ਹਿਆ ਦੁਸ਼ਮਣ ਨੂੰ ਦਬਾਂਦਾ ਚਲਾ ਜਾ ਰਿਹਾ ਸੀ, ਆਪਣੀ ਫੌਜ ਦੇ ਇੱਕ ਆਦਮੀ ਨੂੰ ਕਹਿ ਕੇ ਜੋ ਸਿੱਖਾਂ ਦੀ ਫੌਜ ਦੇ ਨਾਲ ਸੀ, ਪਿੱਛੋਂ ਗੋਲੀ ਮਰਵਾ ਦਿੱਤੀ। ਫਿਰ ਤਾਂ ਸਰਦਾਰ ਹਰੀ ਸਿੰਘ ਗੋਲੀ ਦੇ ਲੱਗਣ ਨਾਲ ਘੋੜੇ ਦੀ ਗਰਦਨ ਤੇ ਜਾ ਪਿਆ। ਸਰਦਾਰ ਜੀ ਦਾ ਘੋੜੇ ਦੀ ਗਰਦਨ ਤੇ ਪੈਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਗੋਲੀ ਪਿੱਛੋਂ ਲੱਗੀ ਸੀ। ਲੋਕਾਂ ਨੂੰ ਗੁਲਾਬ ਸਿੰਘ ਦੀ ਸਾਜ਼ਸ਼ ਦਾ ਸ਼ੱਕ ਉਸੇ ਵੇਲੇ ਹੋ ਗਿਆ। ਕਿੰਤੂ ਜਦ ਗੁਲਾਬ ਸਿੰਘ ਨੇ ਯਾਰ ਮੁਹੰਮਦ ਖਾਂ ਨੂੰ ਸਾਢੇ ਤੇਰਾਂ ਲੱਖ ਰੁਪਯਾ ਮਾਫ਼ ਕਰ ਦਿੱਤਾ, ਤਦ ਲੋਕਾਂ ਨੂੰ ਹੋਰ ਵੀ ਪੱਕਾ ਸਬੂਤ ਮਿਲ ਗਿਆ। ਬਿਜੈ ਸਿੰਘ ਡੋਗਰੇ ਦੀ ਜ਼ਬਾਨੀ ਇਹ ਗੱਲ ਪ੍ਰਗਟ ਹੋ ਗਈ। ਸਿੱਖਾਂ ਦੇ ਦਿਲ ਇਸ ਗੱਲ ਤੋਂ ਬੜੇ ਦੁਖੀ ਹੋਏ ਤੇ ਮਹਾਰਾਜਾ ਨੂੰ ਡੋਗਰਿਆਂ ਦੇ ਹੱਥ ਚੜ੍ਹਿਆ ਵੇਖ ਕੇ ਓਹਨਾਂ ਨੂੰ ਬੜਾ ਕਸ਼ਟ ਹੋਇਆ। ਗੁਲਾਬ ਸਿੰਘ ਨੇ ਮਹਾਰਾਜਾ ਨੂੰ ਕਹਿ ਕੇ ਸਰਦਾਰ ਹਰੀ ਸਿੰਘ ਦਾ ਮੁਲਕ ਜ਼ਬਤ ਕਰ ਦਿੱਤਾ। ਓਸ ਸਰਦਾਰ, ਜਿਸ ਨੇ ਆਪਣੇ ਬਾਹੂਬਲ ਨਾਲ ਅਨੇਕਾਂ ਇਲਾਕੇ ਲਾਹੌਰ ਦਰਬਾਰ ਨਾਲ ਮਿਲਾਏ, ਇਹ ਹਾਲ ਹੁੰਦਾ ਵੇਖ ਕੇ ਬਾਕੀ ਸਿੱਖ ਸਰਦਾਰ ਬੜੇ ਮਾਯੂਸ ਹੋਏ। ਬੱਸ! ਇਹ ਆਖ਼ਰੀ ਦਿਨ ਹੋ ਗਿਆ। ਇਸ ਤੋਂ ਪਿੱਛੋਂ ਲਾਹੌਰ ਦਰਬਾਰ ਨਾਲ ਕੋਈ ਇਲਾਕਾ ਸ਼ਾਮਲ ਨਹੀਂ ਹੋਇਆ, ਬਲਕਿ ਡੋਗਰਿਆਂ ਦੀ ਵੱਧਦੀ ਜਾ ਰਹੀ ਤਾਕਤ ਨੇ ਥਾਂ ਥਾਂ ਤੇ ਨੁਕਸਾਨ ਪੁਚਾਣਾ ਸ਼ੁਰੂ ਕਰ ਦਿੱਤਾ।
ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮਹਾਂ ਸਿੰਘ ਨੇ ਚੁੱਪ ਚਾਪ ਬਿਨਾਂ ਕਿਸੇ ਨੂੰ ਦੱਸੇ ਸਰਦਾਰ ਹਰੀ ਸਿੰਘ ਦੀ ਲਾਸ਼ ਦਾ ਦਾਹਕਰਨ ਕਰ ਦਿੱਤਾ ਸੀ, ਕਿੰਤੂ ਸਰਦਾਰ ਹਰੀ ਸਿੰਘ ਦੇ ਇੱਕ ਖ਼ਾਸ ਨੌਕਰ ਦਾ ਜੋ ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਦੇ ਨਾਲ ਸੀ, ਕਥਨ ਹੈ ਕਿ ਸਰਦਾਰ ਜੀ ਦਾ ਪੇਟ ਚਾਕ ਕਰ ਕੇ ਤੇ ਤੇਲ ਲਾ ਕੇ ਇੱਕ ਖ਼ਾਸ ਖੇਮੇ ਵਿੱਚ ਰੱਖ ਦਿੱਤਾ ਗਿਆ। ਲਾਂਗਰੀ ਹਰ ਰੋਜ਼ ਪ੍ਰਸ਼ਾਦ ਤਿਆਰ ਕਰ ਕੇ ਲੈ ਜਾਂਦਾ ਤੇ ਜਾ ਕੇ ਕਹਿ ਦਿੰਦਾ ਕਿ ਹੁਣ ਅੱਗੋਂ ਨਾਲੋਂ ਕੁਝ ਆਰਾਮ ਹੈ। ਇਸ ਤਰ੍ਹਾਂ ਓਸ ਵੇਲੇ ਤੱਕ ਅਸਲ ਹਾਲ ਤੋਂ ਕਿਸੇ ਨੂੰ ਜਾਣੂੰ ਨਾ ਹੋਣ ਦਿੱਤਾ। ਜਦ ਤੱਕ ਲਾਹੌਰ ਤੋਂ ਸਹਾਇਕ ਫੌਜ ਨਾ ਅੱਪੜ ਗਈ, ਸਾਰੀ ਫੌਜ ਨੂੰ ਦਲੇਰੀ ਦਿੱਤੀ ਰੱਖੀ।
੨੦੭. ਮਹਾਰਾਜੇ ਦਾ ਸ਼ੋਕ ਕਰਨਾ
ਜਦ ਇਹ ਖ਼ਬਰ ਮਹਾਰਾਜੇ ਨੇ ਸੁਣੀ, ਤਦ ਓਹਨੂੰ ਬੜਾ ਸ਼ੋਕ ਹੋਇਆ। ਇੱਕ ਨਿੱਕੇ ਹੁੰਦੇ ਦੇ ਸਾਥੀ, ਅਦੁੱਤੀ ਬਹਾਦਰ, ਖੈਰ ਖਾਹ, ਨਮਕ ਹਲਾਲ ਤੇ ਵਫ਼ਾਦਾਰ ਸਰਦਾਰ ਦੇ ਚਲਾਣਾ ਕਰ ਜਾਣ ਤੇ ਓਸ ਨੂੰ ਸੋਚਾਂ ਵਿੱਚ ਪਾ ਦਿੱਤਾ ਤੇ ਓਸ ਨੂੰ ਫ਼ਿਕਰ ਲੱਗ ਗਿਆ ਕਿ ਪਿਸ਼ਾਵਰ ਇਲਾਕੇ ਦੇ ਪਠਾਣ ਸਰਦਾਰ ਹਰੀ ਸਿੰਘ ਦੇ ਨਾਮ ਤੋਂ ਕੰਬਦੇ ਸਨ। ਜਦ ਬਾਲ ਬੱਚੇ ਨੂੰ ਡਰਾਉਣਾ ਤੇ ਸੁਆਣਾ ਹੁੰਦਾ ਸੀ, ਤਦ ਇਹ ਕਹਿ ਕੇ ਕਿ 'ਹਰੀਆ ਆ ਗਿਆ' ਚੁੱਪ ਕਰਾ ਦਿੰਦੇ ਸੀ। ਹੁਣ ਓਹ ਪਠਾਣ ਹਮਲਾ ਕਰ ਕੇ ਪਿਸ਼ਾਵਰ ਨਾ ਲੈ ਲੈਣ।
ਰਵਾਇਤ ਹੈ ਕਿ ਜਦ ਸਰਦਾਰ ਹਰੀ ਸਿੰਘ ਦੇ ਚਲਾਣੇ ਦੀ ਖ਼ਬਰ ਲਾਹੌਰ ਪੁੱਜੀ। ਤਦ ਰਾਜਾ ਧਿਆਨ ਸਿੰਘ ਨੇ ਇਹ ਖ਼ਬਰ ਮਹਾਰਾਜੇ ਤੋਂ ਛੁਪਾਈ ਰੱਖੀ। ਜਦ ਮਹਾਰਾਜਾ ਸਾਹਿਬ ਨੇ ਇਹ ਗੱਲ ਸੁਣੀ ਤੱਦ ਹੱਥ ਦਾ ਲੋਟਾ ਧਿਆਨ ਸਿੰਘ ਨੂੰ ਮਾਰਿਆ ਤੇ ਕਿਹਾ ਕਿ ਹੁਣ ਤੇਰੀ ਛਾਤੀ ਠੰਢੀ ਹੋਈ ਹੈ, ਹੁਣ ਜਾਹ ਓਧਰ ਦਾ ਪ੍ਰਬੰਧ ਕਰ। ਸੋ ਧਿਆਨ ਸਿੰਘ ਤੇ ਸੁਚੇਤ ਸਿੰਘ ਨੂੰ ਫੌਜ ਦੇ ਕੇ ਸਰਹੱਦ ਵੱਲ ਟੋਰਿਆ। ਫਤਹ ਖਾਂ ਹਜ਼ਾਰੇ ਦੇ ਪਠਾਨ ਨੇ ਮੁਲਖੱਯਾ ਇਕੱਠਾ ਕਰ ਕੇ ਰਾਹ ਰੋਕਿਆ। ਕਿੰਤੂ ਸਿੱਖਾਂ ਨੇ ਇੱਕ ਹੀ ਹੱਲੇ ਵਿੱਚ ਓਹਦੇ ਪੈਰ ਉਖੇੜ ਦਿੱਤੇ, ਖਾਲਸਾ ਕੇਲਾਸ ਕਿਲ੍ਹੇ ਤੱਕ ਗਿਆ ਤੇ ਫਿਰ ਉੱਥੋਂ ਮੁੜ ਕੇ ਪਿਸ਼ਾਵਰ ਪੁੱਜ ਕੇ ਅਮਨ ਕਾਇਮ ਕੀਤਾ। ਇਨ੍ਹਾਂ ਦੇ ਪਿਸ਼ਾਵਰ ਪੁੱਜਣ ਤੇ ਸਰਦਾਰ ਮਹਾਂ ਸਿੰਘ, ਜਿਨ੍ਹਾਂ ਹੁਣ ਤੱਕ ਸਰਦਾਰ ਹਰੀ ਸਿੰਘ ਦੇ ਚਲਾਣੇ ਦੀ ਖ਼ਬਰ ਛੁਪਾ ਰਖੀ ਸੀ, ਓਹਨਾਂ ਦੀ ਤਸੱਲੀ ਹੋਈ।
ਮਹਾਂ ਸਿੰਘ ਨੇ ਹੁਣ ਇਹ ਗੱਲ ਦੱਸੀ ਤੇ ਖੇਮੇ ਵਿੱਚੋਂ ਬੜੀ ਧੂਮ ਧਾਮ ਨਾਲ ਉਨ੍ਹਾਂ ਦੀ ਅਰਥੀ ਨਿੱਕਲੀ। ਸਾਰੇ ਸਰਦਾਰ ਸਿਪਾਹੀ ਨਾਲ ਸਨ। ਕਈ ਲੋਕਾਂ ਦਾ ਖ਼ਿਆਲ ਹੈ ਕਿ ਸ੍ਰ. ਹਰੀ ਸਿੰਘ ਦੇ ਚਲਾਣੇ ਦੀ ਖ਼ਬਰ ਸੁਣ ਮਹਾਰਾਜਾ ਵੀ ਜਮਰੌਦ ਅੱਪੜ ਗਿਆ ਸੀ ਤੇ ਰਾਜਾ ਧਿਆਨ ਸਿੰਘ ਤੇ ਮਹਾਰਾਜਾ ਸਾਹਿਬ ਦੋਨੋਂ ਅਰਥੀ ਦੇ ਨਾਲ ਸਨ। ਕਾਰ ਕਰਮ ਕਰ ਕੇ ਜਮਰੋਦ ਦੇ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਦੀ ਸਮਾਧੀ ਬਣਾਈ ਗਈ, ਜੋ ਹੁਣ ਤੱਕ ਮੌਜੂਦ ਹੈ।
੨੦੮. ਪਠਾਣਾਂ ਦੀ ਸ਼ਕੱਸਤ ਤੇ ਫਤਹਿਗੜ੍ਹ ਦਾ ਕਿਲ੍ਹਾ
ਕੋਰਟ ਸਾਹਿਬ ਗੁਲਾਬ ਸਿੰਘ ਤੇ ਸੁਚੇਤ ਸਿੰਘ ਦਰਾ ਖ਼ੈਬਰ ਤੱਕ ਦੁਸ਼ਮਣ ਨੂੰ ਹਟਾਂਦੇ ਚਲੇ ਗਏ ਤੇ ਹਰ ਥਾਂ ਤੋਂ ਖਾਲਸੇ ਦੀ ਤੇਗ ਨੇ ਪਠਾਣਾਂ ਦੇ ਪੈਰ ਉਖਾੜ ਦਿੱਤੇ। ਰਾਜਾ ਧਿਆਨ ਸਿੰਘ ਨੇ ਪਕਿਆਈ ਵਾਸਤੇ ਜਮਰੋਦ ਦੇ ਪਾਸ ਇੱਕ ਹੋਰ ਕਿਲ੍ਹਾ ਬਣਵਾਇਆ, ਜਿਸ ਦਾ ਨਾਮ ਫਤਹਿਗੜ੍ਹ ਰੱਖਿਆ। ਕਿਹਾ ਜਾਂਦਾ ਹੈ ਕਿ ਇਸ ਕਿਲ੍ਹੇ ਦੇ ਬਣਨ ਵਿੱਚ ਸਾਰੀ ਸਿੱਖ ਫੌਜ ਨੇ ਹਿੱਸਾ ਲਿਆ ਤੇ ਰਾਜਾ ਧਿਆਨ ਸਿੰਘ ਆਪਣੀ ਹੱਥੀਂ ਇੱਟਾਂ ਲੈਂਦਾ ਸੀ ਤੇ ਦਿਨ ਰਾਤ ਲਗਾ ਕੇ ਇਸ ਕਿਲ੍ਹੇ ਨੂੰ ਸਿਰੇ ਚਾੜ੍ਹਿਆ ਗਿਆ। ਰਾਜਾ ਗੁਲਾਬ ਸਿੰਘ ਤੇ ਜਨਰਲ ਓਟੇਬਲ ਸਾਹਿਬ ਨੂੰ ਪਿਸ਼ਾਵਰ ਦਾ ਪ੍ਰਬੰਧ ਸੌਂਪ ਮਹਾਰਾਜਾ ਲਾਹੌਰ ਆਇਆ। ਇੱਥੇ ਆਉਣ ਤੇ ਨੀਪਾਲ ਦੇ ਰਾਜੇ ਵੱਲੋਂ ਗਲੋਜੀ ਆਦਿਕ ਸਰਦਾਰ ਤੋਹਫੇ ਲੈ ਕੇ ਆ ਮਿਲੇ, ਜਿਨ੍ਹਾਂ ਨੂੰ ਮਹਾਰਾਜਾ ਸਾਹਿਬ ਬੜੀ ਚੰਗੀ ਤਰ੍ਹਾਂ ਮਿਲੇ ਤੇ ਪੰਜਾਬ ਦੇ ਕੁਝ ਤੋਹਫੇ ਦੇ ਕੇ ਨੀਪਾਲ ਓਹਨਾਂ ਨੂੰ ਵਾਪਸ ਭੇਜਿਆ।
੨੦੯. ਮੁਲਤਾਨ ਦਾ ਰਾਜ ਵਿਦਰੋਹ
ਇਸੇ ਸਾਲ ਭਾਦੋਂ ਦੇ ਮਹੀਨੇ ਖ਼ਬਰ ਆਈ ਕਿ ਮੁਲਤਾਨ ਦੇ ਇਲਾਕੇ ਦੇ ਪਠਾਣ ਮਿਲ ਕੇ ਫਸਾਦ ਕਰਨਾ ਚਾਹੁੰਦੇ ਹਨ। ਪਿੰਡ ਰਜਿਆਲ ਦੇ ਲਾਗੇ ਮੁਸਲਮਾਨ ਜਹਾਦ ਲਈ ਇਕੱਠੇ ਹੋ ਰਹੇ ਹਨ ਤੇ ਬਹਿਰਾਮ ਖਾਂ ਮਜ਼ਾਰੀ ਓਹਨਾਂ ਦਾ ਆਗੂ ਬਣਿਆ ਹੈ। ਮੀਰ ਰੁਸਤਮ ਖਾਂ ਸਿੰਧੀਆਂ ਨੇ ਵੀ ਰੁਪਯੇ ਦੀ ਮੱਦਦ ਦਿੱਤੀ ਹੈ। ਹੁਣ ਓਹਨਾਂ ਦੀ ਮਨਸ਼ਾ ਹੈ ਕਿ ਮੁਲਤਾਨ ਤੇ ਹਮਲਾ ਕਰਨ। ਮਹਾਰਾਜਾ ਸਾਹਿਬ ਨੇ ਸਾਵਣ ਮੱਲ ਸੂਬਾ ਮੁਲਤਾਨ ਨੂੰ ਲਿਖਿਆ ਕਿ ਜੇ ਕਦੀ ਤੁਸੀਂ ਪਹਿਲਾਂ ਪ੍ਰਬੰਧ ਕਰਦੇ, ਤਦ ਇਹ ਮਾਮਲਾ ਇੱਥੋਂ ਤੱਕ ਨਹੀਂ ਪੁਜਣਾ ਸੀ। ਹੁਣ ਅਸੀਂ ਫੌਜ ਨਹੀਂ ਭੇਜ ਸਕਦੇ, ਤੁਸੀਂ ਟਾਕਰਾ ਕਰੋ। ਇਹ ਹੁਕਮ ਅੱਪੜਦਿਆਂ ਹੀ ਸਾਵਣ ਮੱਲ ਨੇ ਚੜ੍ਹਾਈ ਕਰ ਦਿੱਤੀ। ਸਾਰੇ ਦੁਸ਼ਮਣਾਂ ਤੇ ਅੱਗ ਵਸਾਣੀ ਸ਼ੁਰੂ ਕਰ ਦਿੱਤੀ, ਜਿਸ ਦਾ ਸਿੱਟਾ ਇਹ ਨਿੱਕਲ੍ਯਾ ਕਿ ਸਾਵਣ ਮੱਲ ਫਤਹਯਾਬ ਹੋਇਆ। ਮਹਾਰਾਜਾ ਨੇ ਇਹ ਖ਼ਬਰ ਸੁਣ ਕੇ ਸਾਵਣ ਮੱਲ ਨੂੰ ਬਹਾਦਰੀ ਦਾ ਖ਼ਿਤਾਬ ਦਿੱਤਾ।
੨੧੦. ਦੀਵਾਨ ਸਾਵਣ ਮੱਲ
ਇਹ ਦੀਵਾਨ ਜਾਤ ਦਾ ਖੱਤਰੀ ਅਕਾਲ ਗੜ੍ਹ ਦਾ ਰਹਿਣ ਵਾਲਾ ਸੀ। ਇਸ ਨੇ ਆਪਣੀ ਯੋਗਤਾ ਤੇ ਬਹਾਦਰੀ ਦੇ ਨਾਲ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਚੰਗੀ ਜਗ੍ਹਾ ਪ੍ਰਾਪਤ ਕਰ ਲਈ। ਐਥੋਂ ਤੱਕ ਕਿ ਇਸ ਦੇ ਗੁਣਾਂ ਦੀ ਕਦਰ ਵਿੱਚ ਮਹਾਰਾਜਾ ਨੇ ਇਸ ਨੂੰ ਮੁਲਤਾਨ ਦਾ ਸੂਬਾ ਬਣਾ ਦਿੱਤਾ। ਜਿੱਥੇ ਇਸ ਨੇ ਆਪਣੀ ਦਾਨਾਈ, ਸਿਆਣਪ ਤੇ ਇਨਸਾਫ਼ ਕਰਨ ਦੇ ਕਾਰਨ ਨੌਸ਼ੀਰਵਾਂ ਵਾਂਗ ਮਸ਼ਹੂਰ ਹੋਇਆ। ਇਸ ਦੇ ਸਮੇਂ ਵਿੱਚ ਚੋਰ ਡਾਕੂ ਇਸ ਦੇ ਇਲਾਕੇ ਵਿੱਚ ਜਾਣ ਤੋਂ ਡਰਦੇ ਸਨ। ਸਾਵਣ ਮੱਲ ਦੀ ਦੁਹਾਈ ਸੁਣ ਚੋਰ ਚੋਰੀ ਦਾ ਮਾਲ ਸੁੱਟ ਜਾਂਦੇ ਸਨ। ਸਾਵਣ ਮੱਲ ਦੀ ਇਸ ਤਰ੍ਹਾਂ ਦੀ ਕੀਰਤੀ ਦੇ ਗੀਤ ਅੱਜ ਤੱਕ ਮੁਲਤਾਨ ਦੇ ਲੋਕੀਂ ਗਾਉਂਦੇ ਹਨ। ਇਹ ਮਹਾਰਾਜਾ ਸਾਹਿਬ ਦਾ ਬੜਾ ਫਰਮਾਂਬਰਦਾਰ ਤੇ ਵਫ਼ਾਦਾਰ ਨੌਕਰ ਸੀ। ਕਿੰਤੂ ਸ਼ੋਕ ਹੈ ਕਿ ਇਸ ਦਾ ਲੜਕਾ ਅਜਿਹਾ ਨਾ ਨਿੱਕਲਿਆ, ਸਗੋਂ ਉਸ ਨੇ ਬਗਾਵਤ ਕਰ ਦਿੱਤੀ, ਜਿਸ ਤੋਂ ਓਹਨੂੰ ਦੇਸ ਨਿਕਾਲੇ ਦਾ ਡੰਡ ਮਿਲਿਆ।
੨੧੧. ਕਪਤਾਨ ਬਰਨਸ ਸਾਹਿਬ ਕਾਬਲ ਭੇਜੇ ਗਏ
ਇਸੇ ਸਾਲ ਸਰਕਾਰ ਅੰਗ੍ਰੇਜ਼ੀ ਨੂੰ ਸਫੀਰ ਬਣਾ ਕੇ ਕਾਬਲ ਭੇਜਿਆ। ਇਹ ਸਫੀਰ ਅੱਗੇ ੧੮੩੧ ਈਸਵੀ ਨੂੰ ਬੁਖਾਰਾ ਤੀਕਨ ਹੋ ਆਇਆ ਸੀ। ਇਸੇ ਨੇ ਮਹਾਰਾਜਾ ਸਾਹਿਬ ਵਾਸਤੇ ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਤੋਹਫੇ ਆਂਦੇ ਸਨ। ਹੁਣ ਇਹ ਦੋਸਤ ਮੁਹੰਮਦ ਖਾਂ ਅਮੀਰ ਕਾਬਲ ਦੇ ਪਾਸ ਗਿਆ, ਤਾਂ ਜੋ ਵਪਾਰ ਦੀ ਸੁਖੈਨਤਾ ਤੋਂ ਪਿਛਲੇ ਇਕਰਾਰਨਾਮਿਆਂ ਨੂੰ ਪੱਕਾ ਕਰੇ। ਕਿੰਤੂ ਜਦ ਬਰਨਸ ਕਾਬਲ ਪੁੱਜਾ, ਤਦ ਦੋਸਤ ਮੁਹੰਮਦ ਖਾਂ ਇਸ ਨਾਲ ਬੜੀ ਬੇਰੁਖੀ ਨਾਲ ਪੇਸ਼ ਆਇਆ, ਐਥੋਂ ਤੱਕ ਕਿ ਅੰਗ੍ਰੇਜ਼ਾਂ ਨੂੰ ਚਿੜਾਣ ਲਈ ਓਸ ਨੇ ਰੂਸ ਦੇ ਬਾਦਸ਼ਾਹ ਨਾਲ ਗੱਲਬਾਤ ਕਰ ਲਈ ਤੇ ਓਹਨਾਂ ਦਾ ਸਫੀਰ ਵਨਕੋਚ ਕਾਬਲ ਬੁਲਾ ਲਿਆ ਤੇ ਓਹਦਾ ਕਾਬਲ ਵਿੱਚ ਬੜਾ ਸ਼ਾਨਦਾਰ ਸਵਾਗਤ ਕੀਤਾ।
ਦੋਸਤ ਮੁਹੰਮਦ ਖਾਂ ਨੂੰ ਅੰਗ੍ਰੇਜ਼ਾਂ ਦੇ ਵਿਰੁੱਧ ਇੱਕ ਸ਼ਕਾਇਤ ਇਹ ਸੀ ਕਿ ਉਸ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੰਗ ਕਰ ਕੇ ਮੈਨੂੰ ਪਿਸ਼ਾਵਰ ਲੈ ਦਿਓ। ਮਹਾਰਾਜਾ ਰਣਜੀਤ ਸਿੰਘ ਨਾਲ ਜੰਗ ਕਰਨਾ ਮਖ਼ੌਲ ਨਹੀਂ ਸੀ ਤੇ ਇਹ ਅੰਗ੍ਰੇਜ਼ਾਂ ਦੇ ਲਾਹੌਰ ਦਰਬਾਰ ਨਾਲ ਜੋ ਇਕਰਾਰਨਾਮੇ ਹੋਏ ਹੋਏ ਸਨ, ਓਹਨਾਂ ਦੀ ਮੌਜੂਦਗੀ ਵਿੱਚ ਓਹ ਕੁਝ ਨਹੀਂ ਕਰ ਸਕਦੇ ਸੀ। ਇਸੇ ਦੁੱਖ ਤੋਂ ਦੋਸਤ ਮੁਹੰਮਦ ਖਾਂ ਨੇ ਰੂਸ ਤੋਂ ਸਫੀਰ ਸੱਦ ਕੇ ਓਹਦੀ ਇੱਜ਼ਤ ਕੀਤੀ ਤੇ ਅੰਗ੍ਰੇਜ਼ੀ ਸਫੀਰ ਦਾ ਇੱਕ ਦਿਨ ਦਰਬਾਰ ਦੇ ਵਿੱਚ ਅਪਮਾਨ ਕਰ ਦਿੱਤਾ, ਜਿਸ ਤੋਂ ੧੮੩੮ ਨੂੰ ਬਰਨਸ ਸਾਹਿਬ ਵਾਪਸ ਆ ਗਿਆ।
੨੧੨. ਦੋਸਤ ਮੁਹੰਮਦ ਖਾਂ ਨੂੰ ਹਟਾ ਕੇ ਸ਼ਾਹ ਸ਼ੁਜਾ ਨੂੰ ਗੱਦੀ ਤੇ ਬਿਠਾਣ ਦੀ ਵਿਚਾਰ
ਅੰਗਰੇਜ਼ਾਂ ਨੇ ਦੋਸਤ ਮੁਹੰਮਦ ਖਾਂ ਨੂੰ ਇਸ ਗੁਸਤਾਖੀ ਦੀ ਸਜ਼ਾ ਦੇਣ ਲਈ ਇਹ ਵਿਉਂਤ ਕੱਢੀ ਕਿ ਲਾਹੌਰ ਦਰਬਾਰ ਦੀ ਸਹਾਇਤਾ ਨਾਲ ਦੋਸਤ ਮੁਹੰਮਦ ਖਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਜਾਵੇ ਤੇ ਇਸ ਦੀ ਜਗ੍ਹਾ ਸ਼ਾਹ ਸੁਜਾਉਲ ਮੁਲਕ ਨੂੰ: ਜੋ ਗੱਦੀ ਦਾ ਅਸਲੀ ਮਾਲਕ ਹੈ, ਇਸ ਸ਼ਰਤ ਤੇ ਬਿਠਾ ਦਿੱਤਾ ਜਾਵੇ ਕਿ ਉਹ ਲਾਹੌਰ ਦਰਬਾਰ ਤੇ ਅੰਗ੍ਰੇਜ਼ਾਂ ਨਾਲ ਸਦਾ ਮਿਤਰਾਨਾ ਸਬੰਧ ਰਖੇ ਤੇ ਕਿਸੇ ਹੋਰ ਮੁਲਕ ਨਾਲ ਮਿਤਰਾਨਾ ਸਲੂਕ ਨਾ ਪਾਏ। ਇਸ ਵਿਉਂਤ ਨੂੰ ਸਿਰੇ ਚਾੜ੍ਹਨ ਤੋਂ ਪਹਿਲਾਂ ਲਾਹੌਰ ਦਰਬਾਰ ਨਾਲ ਸਲਾਹ ਕਰਨੀ ਜ਼ਰੂਰੀ ਸੀ। ਇਸ ਕਰ ਕੇ ੧੮੩੮ ਈਸਵੀ ਨੂੰ ਹੇਠ ਲਿਖੇ ਅੰਗ੍ਰੇਜ਼ ਅਫਸਰ ਮਹਾਰਾਜਾ ਸਾਹਿਬ ਦੇ ਪਾਸ ਆਏ।
੨੧੩. ਅੰਗ੍ਰੇਜ਼ੀ ਸਫੀਰ ਮਹਾਰਾਜ ਪਾਸ
ਮਿਸਟਰ ਮੈਗਨਾਟਨ ਸਾਹਬ ਪੋਲੀਟੀਕਲ ਸਕੱਤ੍ਰ ਗਵਰਮੈਂਟ ਹਿੰਦ ਕਪਤਾਨ ਵੈੱਡ ਸਾਹਿਬ ਪੋਲੀਟੀਕਲ ਏਜੰਟ ਲੁਧਿਆਣਾ, ਕਪਤਾਨ ਆਸਬੋਰਨ ਸਾਹਿਬ ਫੌਜੀ ਸਲਾਹਕਾਰ ਗਵਰਨਮੈਂਟ ਹਿੰਦ, ਡਾਕਟਰ ਡਰਮੰਟ ਸਾਹਿਬ ਤੇ ਕਪਤਾਨ ਮੈਗ੍ਰੇਗਰ ਸਾਹਿਬ ਆਏ। ਓਹਨਾਂ ਦਿਨਾਂ ਵਿੱਚ ਮਹਾਰਾਜਾ ਸਾਹਿਬ ਆਦੀਨਾ ਬੇਗ ਸਨ, ਇਸ ਕਰ ਕੇ ਸਫੀਰਾਂ ਨੂੰ ਵੀ ਉੱਥੇ ਆਉਣ ਦਾ ਹੁਕਮ ਆਇਆ। ਜਦ ਇਹ ਸਫੀਰ ਅਦੀਨਾ ਨਗਰ ਤੋਂ ਦੋ ਪੜਾਓ ਰਹਿ ਗਏ, ਤਦ ਕੰਵਰ ਪ੍ਰਤਾਪ ਸਿੰਘ (ਜੋ ਸ਼ਾਹਜ਼ਾਦਾ ਸ਼ੇਰ ਸਿੰਘ ਦਾ ਲੜਕਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀ) ਨੂੰ ਇਨ੍ਹਾਂ ਦੇ ਸਵਾਗਤ ਲਈ ਜਾਣ ਦਾ ਹੁਕਮ ਹੋਇਆ। ਕੰਵਰ ਪ੍ਰਤਾਪ ਸਿੰਘ ਦੀ ਆਯੂ ਉਸੇ ਵੇਲੇ ਕੇਵਲ ੭ ਸਾਲ ਦੀ ਸੀ। ਓਸ ਨੇ ਛੋਟੇ ਛੋਟੇ ਆਪਣੇ ਸਾਰੇ ਹਥ੍ਯਾਰ ਲਾ ਸੁੰਦਰ ਕੱਪੜੇ ਪਾ ੩੦੦ ਸਵਾਰ ਨਾਲ ਲੈ ਕੇ ਇਨ੍ਹਾਂ ਅੰਗ੍ਰੇਜ਼ ਸਫੀਰਾਂ ਦਾ ਸਵਾਗਤ ਜਾ ਕੀਤਾ। ਜਦ ਅਦੀਨਾ ਨਗਰ ਇੱਕ ਪੜਾਓ ਰਹਿ ਗਿਆ ਤਦ ਕੰਵਰ ਸਾਹਿਬ ਨੇ ਆਗਿਆ ਮੰਗੀ ਕਿ ਜਾ ਕੇ ਮਹਾਰਾਜਾ ਸਾਹਿਬ ਨੂੰ ਸਫੀਰਾਂ ਦੇ ਆਉਣ ਦੀ ਖ਼ਬਰ ਦੇਵੇ। ਤੁਰਨ ਸਮੇਂ ਮਿਸਟਰ ਮੈਗਨਾਟਨ ਨੇ ਇੱਕ ਸੋਨੇ ਦੀ ਘੜੀ ਤੇ ਜ਼ੰਜੀਰ ਗਵਰਨਰ ਜਨਰਲ ਹਿੰਦ ਵੱਲੋਂ ਕੰਵਰ ਪ੍ਰਤਾਪ ਸਿੰਘ ਨੂੰ ਦਿੱਤੀ, ਜਿਸ ਦੇ ਉੱਤਰ ਵਿੱਚ ਕੰਵਰ ਨੇ ਬੜੀ ਸੰਜੀਦਗੀ ਨਾਲ ਸੋਹਣੇ ਸ਼ਬਦਾਂ ਵਿੱਚ ਕਿਹਾ ਕਿ ਆਪ ਜਦ ਵਾਪਸ ਜਾਓਗੇ, ਤਦ ਲਾਰਡ ਆਕਲੈਂਡ ਸਾਹਿਬ ਬਹਾਦਰ ਨੂੰ ਕਹਿਣਾ ਕਿ ਤੁਸੀਂ ਹਮੇਸ਼ਾ ਹੀ ਸ਼ਾਹਜ਼ਾਦਾ ਸ਼ੇਰ ਸਿੰਘ ਦੇ ਲੜਕੇ ਨੂੰ ਸਲਤਨਤ ਅੰਗਰੇਜ਼ੀ ਦਾ ਸ਼ੁਭਚਿੰਤਕ ਪਾਓਗੇ।
ਇਹ ਕਹਿ ਕੇ ਕੰਵਰ ਸਾਰੇ ਅੰਗਰੇਜ਼ ਅਫਸਰਾਂ ਨਾਲ ਹੱਥ ਮਿਲਾ ਕੇ ਬੜੀ ਫੁਰਤੀ ਨਾਲ ਘੋੜੇ ਦੀ ਪਿੱਠ ਤੇ ਜਾ ਬੈਠਾ ਤੇ ਘੋੜੇ ਤੇ ਬੈਠਦੇ ਹੀ ਘੋੜੇ ਨੂੰ ਪੋਯੇ ਲਾ ਦਿੱਤਾ। ਜਦ ਤੱਕ ਕੰਵਰ ਅੱਖਾਂ ਤੋਂ ਓਹਲੇ ਨਾ ਹੋ ਗਿਆ, ਤਦ ਤੱਕ ਅੰਗ੍ਰੇਜ਼ ਖਲੋਤੇ ਇਹਨਾਂ ਨੂੰ ਵੇਖਦੇ ਰਹੇ ਤੇ ਆਪਸ ਵਿੱਚ ਇਸ ਨਿੱਕੇ ਜਿਹੇ ਕੰਵਰ ਦੀ ਸਿਆਣਪ, ਸਮੇਂ ਅਨੁਕੂਲ ਉੱਤਰ ਪ੍ਰਸ਼ਨ ਕਰਨ, ਫੁਰਤੀ ਤੇ ਦਲੇਰੀ ਦੀ ਮਹਿਮਾ ਕਰਦੇ ਰਹੇ।
ਮਿਸਟਰ ਆਸਬੋਰਨ ਇਸ ਕੰਵਰ ਬਾਬਤ ਇੰਜ ਆਖਦੇ ਹਨ: ਅੱਜ ਤੱਕ ਇਸ ਲੜਕੇ ਜਿੰਨਾ ਆਲਾ ਦਰਜੇ ਦਾ ਹੁਸ਼ਿਆਰ ਲੜਕਾ ਮੇਰੀ ਨਜ਼ਰ ਵਿੱਚੋਂ ਕੋਈ ਨਹੀਂ ਲੰਘਿਆ। ਇਹ ਬੜਾ ਹੀ ਸੋਹਣਾ ਹੈ, ਮੋਟੀਆਂ ਮੋਟੀਆਂ ਰਸੀਲੀਆਂ ਤੇ ਕੀਤੀ ਜਾਨਨ ਵਾਲੀਆਂ ਅੱਖਾਂ, ਇਸ ਦਾ ਬੋਲ ਚਾਲ ਦਾ ਢੰਗ ਬੜਾ ਹੀ ਦਿਲ ਖਿੱਚਵਾਂ ਸਭ੍ਯਤਾ ਦਾ ਸ਼ਰੀਫਾਨਾਂ ਹੈ, ਓਹਨਾਂ ਦੀਆਂ ਬੇਹੁਦਗੀਆਂ ਤੋਂ ਜੋ ਇਸ ਉਮਰ ਦੇ ਵਲਾਇਤ ਦੇ ਲੜਕਿਆਂ ਵਿੱਚ ਹੁੰਦੀਆਂ ਹਨ, ਰਹਿਤ ਹੈ। ਮੈਂ ਗੱਲਾਂ ਕਥਾਂ ਕਰਦੇ ਹੋਏ ਇਸ ਲੜਕੇ ਤੋਂ ਪੁੱਛਿਆ ਕਿ ਕੀ ਇਹ ਤੁਹਾਡੀ ਤੋੜੇਦਾਰ ਬੰਦੂਕ ਅਸਲੀ ਹੈ ਅਤੇ ਤੁਸਾਂ ਕਦੇ ਇਸ ਨੂੰ ਚਲਾਇਆ ਵੀ ਹੈ? ਜਿਸ ਤੇ ਓਹ ਬੜੇ ਗੁੱਸੇ ਵਿੱਚ ਆ ਕੇ ਕੁਰਸੀ ਤੋਂ ਉੱਛਲ ਕੇ ਫੁਰਤੀ ਨਾਲ ਆਪਣੀ ਬੰਦੂਕ ਭਰ ਕੇ ਕਹਿਣ ਲੱਗਾ ਕਿ ਆਪ ਦੱਸੋ ਕਿਸ ਨੂੰ ਮਾਰਾਂ? ਜਿਸ ਦਾ ਉੱਤਰ ਮੈਂ ਇਹ ਦਿੱਤਾ ਕਿ, ਹਾਲੀ ਮੈਨੂੰ ਇੱਥੇ ਕੋਈ ਚੀਜ਼ ਨਜ਼ਰੀ ਨਹੀਂ
ਪੈਂਦੀ। ਇਸ ਨੂੰ ਉੱਪਰ ਕਰ ਕੇ ਛੱਡ ਦੇਵੋ। ਕਿੰਤੂ ਇਹ ਤਾਂ ਦੱਸੋ ਕਿ ੧੦੦ ਗਜ਼ ਦੇ ਫਾਸਲੇ ਤੋਂ ਤੁਸੀਂ ਕਿਸੇ ਆਦਮੀ ਨੂੰ ਮਾਰ ਸਕਦੇ ਹੋ? ਜਿਸ ਦੇ ਉੱਤਰ ਵਿੱਚ ਉਸ ਨੇ ਓਹਨਾਂ ਸਾਰੇ ਸਿੱਖ ਸਰਦਾਰਾਂ ਨੂੰ ਜੋ ਉਹਦੇ ਸਾਥੀ ਸਨ ਤੇ ਖੇਮੇ ਦੇ ਗਿਰਦ ਖੜੇ ਸਨ, ਇਸ਼ਾਰਾ ਕਰ ਕੇ ਕਿਹਾ ਕਿ ਇਹ ਸਭ ਆਪ ਦੇ ਦੋਸਤ ਹਨ। ਕੋਈ ਅਜਿਹਾ ਆਦਮੀ ਦੱਸੋ, ਜੋ ਸਲਤਨਤ ਅੰਗ੍ਰੇਜ਼ੀ ਦਾ ਦੁਸ਼ਮਣ ਹੋਵੇ ਤੇ ਫਿਰ ਵੇਖਨਾ ਮੈਂ ਉਹਦੇ ਨਾਲ ਕੀ ਕਰਦਾ ਹਾਂ।
੨੧੪. ਸਫੀਰਾਂ ਦਾ ਆਦੀਨਾ ਨਗਰ ਜਾ ਕੇ ਪੁੱਜਣਾ ਤੇ ਮਹਾਰਾਜਾ ਨੇ ਤੋਹਫੇ ਦੇਣੇ
ਦੂਜੇ ਦਿਨ ਆਦੀਨਾ ਬੇਗ ਤੋਂ ੫ ਮੀਲ ਦੇ ਫਾਸਲੇ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਤੇ ਸੁਚੇਤ ਸਿੰਘ ਨੇ ਹਾਥੀ ਤੇ ਸਵਾਰ ਹੋ ਕੇ ਸਫੀਰਾਂ ਦਾ ਸਵਾਗਤ ਕੀਤਾ ਤੇ ਇੱਕ ਸੋਹਣੇ ਜਿਹੇ ਬਾਗ਼ ਵਿੱਚ ਜੋ ਮਹਾਰਾਜਾ ਸਾਹਿਬ ਦੇ ਉਤਾਰੇ ਦੇ ਅਸਥਾਨ ਤੋਂ ਬਹੁਤ ਨੇੜੇ ਸੀ, ਉਤਾਰਾ ਦਿੱਤਾ ਗਿਆ। ਇੱਥੇ ਓਹਨਾਂ ਦੇ ਆਰਾਮ ਲਈ ਹਰ ਤਰ੍ਹਾਂ ਦਾ ਸਾਮਾਨ ਇਕਤ੍ਰ ਕਰ ਦਿੱਤਾ ਗਿਆ ਸੀ। ਸਫੀਰਾਂ ਦੇ ਨਾਲ ਪਹਿਲੀ ਮੁਲਾਕਾਤ ਮਹਾਰਾਜਾ ਸਾਹਿਬ ਦੀ ੨੯ ਮਈ ੧੮੩੮ ਨੂੰ ਹੋਈ, ਜਿਸ ਵਿੱਚ ਲਾਰਡ ਆਕਲੈਂਡ ਸਾਹਿਬ ਵੱਲੋਂ ਮਹਾਰਾਜਾ ਦੇ ਵਾਸਤੇ ਹੇਠ ਲਿਖੇ ਤੋਹਫੇ ਪੇਸ਼ ਕੀਤੇ ਤੇ ਸਵਾਏ ਖੁਸ਼ੀ ਤੇ ਸੁੱਖ ਸਾਂਦ ਦੀਆਂ ਗੱਲਾਂ ਦੇ ਹੋਰ ਕੋਈ ਜ਼ਿਕਰ ਨਾ ਕੀਤਾ। ਤੋਹਫੇ ਇਹ ਸਨ:
ਗਵਰਨਰ ਦੀ ਤਸਵੀਰ ਜਵਾਹਰਾਤ ਨਾਲ ਜੜੀ ਹੋਈ, ਪਸਤੌਲ ਜਿਸ ਤੇ ਸੋਨੇ ਦਾ ਕੰਮ ਹੋਇਆ ਹੋਇਆ ਸੀ ੧, ਅਤੀ ਸੁੰਦਰ ਤਲਵਾਰ ੧, ਘੋੜੇ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੇ ਹੋਏ ੨।
੩੧ ਮਈ ਨੂੰ ਸਫੀਰਾਂ ਦੀ ਦੂਜੀ ਮੁਲਾਕਾਤ ਮਹਾਰਾਜਾ ਸਾਹਿਬ ਨਾਲ ਹੋਈ। ਮਿਸਟਰ ਮੈਗਨਾਟਨ ਨੇ ਪਹਿਲਾਂ ਲਾਰਡ ਆਕਲੈਂਡ ਦਾ ਮੁਰਾਸਲਾ ਪੜ੍ਹ ਕੇ ਸੁਣਾਇਆ, ਫਿਰ ਗਵਰਨਰਮੈਂਟ ਦੀ ਤਜਵੀਜ਼ ਦੀ ਅਤਿ ਲੋੜ ਪ੍ਰਗਟ ਕਰ ਕੇ ਕਿਹਾ ਕਿ ਇਹ ਮਾਮਲਾ ਉੱਕਾ ਹੀ ਮਹਾਰਾਜਾ ਦੀ ਮਰਜ਼ੀ ਤੇ ਨਿਰਭਰ ਹੈ। ਭਾਵੇਂ ਉਹ ਆਪ ਹੀ ਦੋਸਤ ਮੁਹੰਮਦ ਖਾਂ ਤੇ ਚੜ੍ਹਾਈ ਕਰ ਕੇ ਸੁਜਾਉਲ ਮੁਲਕ ਨੂੰ ਤਖ਼ਤ ਵਾਪਸ ਦਵਾ ਦੇਣ ਤੇ ਚਾਹੁਣ ਤਾਂ ਸਰਕਾਰ ਅੰਗਰੇਜ਼ੀ ਦੀ ਵੀ ਆਪਣੇ ਨਾਲ ਮਦਦ ਲੈਣ, ਕਿੰਤੂ ਜਿਕੁਣ ਹੋਵੇ ਦੋਸਤ ਮੁਹੰਮਦ ਖਾਂ ਨੂੰ ਜ਼ਰੂਰ ਗਦੀਓਂ ਉਠਾ ਦਿੱਤਾ ਜਾਵੇ। ਜੇ ਓਸ ਨੇ ਰੂਸ ਨਾਲ ਸਮਝੌਤਾ ਕਰ ਲਿਆ, ਤਦ ਪੰਜਾਬ ਦੀ ਪੱਛਮੀ ਬਾਹੀਂ ਬੜੀ ਖਤਰਨਾਕ ਹੋ ਜਾਵੇਗੀ। ਮਹਾਰਾਜਾ ਨੇ ਇਸ ਗੱਲ ਨਾਲ ਪੂਰਨ ਸੰਮਤੀ ਪ੍ਰਗਟ ਕੀਤੀ, ਸਫੀਰਾਂ ਨੂੰ ਆਪਣੇ ਨਾਲ ਲਾਹੌਰ ਲੈ ਗਿਆ, ਜਿੱਥੇ ੧੩ ਜੁਲਾਈ ਨੂੰ ਇੱਕ ਆਮ ਦਰਬਾਰ ਕਰ ਕੇ ਸਫੀਰਾਂ ਨੂੰ ਬਹੁਮੁਲੇ ਸਿਰੋਪਾ ਦਿੱਤੇ।
੨੧੫. ਸ਼ਾਹ ਸ਼ੁਜਾ ਨਾਲ ਇਕਰਾਰ ਹੋਣਾ
ਜਦ ਸਫੀਰਾਂ ਦਾ ਮਤਲਬ ਪੂਰਾ ਹੋ ਗਿਆ, ਤਦ ਮਿਸਟਰ ਮੈਗਨਾਟਨ ਲੁਧਿਆਣੇ ਗਏ ਤਾਂ ਜੋ ਸ਼ਾਹ ਸ਼ੁਜਾ ਨੂੰ ਓਸ ਦੇ ਆਉਣ ਵਾਲੇ ਚੰਗੇ ਦਿਨਾਂ ਦੀ ਖ਼ੁਸ਼ਖਬਰੀ ਦੇਣ। ਗਵਰਨਮੈਂਟ ਅੰਗਰੇਜ਼ੀ ਦੀ ਇਸ ਸੋਹਣੀ ਤਜਵੀਜ਼ ਨੂੰ ਦੱਸ ਕੇ ਅੰਗ੍ਰੇਜ਼ਾਂ ਤੇ ਲਾਹੌਰ ਦਰਬਾਰ ਦਾ ਓਸ ਨੂੰ ਧੰਨਵਾਦੀ ਬਣਾਇਆ। ਲਾਹੌਰ ਦਰਬਾਰ ਅੰਗ੍ਰੇਜ਼ ਤੇ ਸ਼ੁਜਾਉਲ ਮੁਲਕ ਤਿੰਨਾਂ ਦੇ ਵਿਚਕਾਰ ਇੱਕ
-----------------
The Hon: Mr. Asborne says about Partap Singh. He is one of the most intelligent boys I ever met with very good looking, with singularily large and expressive eyes. His manners are in the highest degree attractive, polished and gentlemen like and totally free from all manvar's honte and awkwardness so generally found in European children of that age. In the course of conversation I asked him if his match look was a real one and if he ever shot with it. He jumped off his chair highly indignant at the question, and after rapidly loading his musket exclaimed, now what shall I shot? I replied I saw nothing in the camp at present, it would be safe to shoot at, and asked him if he thought he could hit a man at hundred yards' distance, to which he replied without a moments hesitation, pointing to a crowd of sikh chiefs and soldiers, that surrounded the true. "These are all your friends, but show me an enemy to the British Government and you shall soon see what I can do.
ਇਕਰਾਰਨਾਮਾ ਲਿਖਿਆ ਜਾਵੇ, ਨਿਸ਼ਚੇ ਹੋਇਆ ਕਿ ਸ਼ਾਹ ਸ਼ੁਜਾ ਆਪ ਆਪਣੀ ਫੌਜ ਨਾਲ ਅਮੀਰ ਕਾਬਲ ਤੇ ਚੜ੍ਹਾਈ ਕਰੇ। ਅੰਗਰੇਜ਼ਾਂ ਨੇ ਸ਼ਿਕਾਰਪੁਰ (ਸਿੰਧ) ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹਿਆ। ਇਸ ਕਰ ਕੇ ਮਹਾਰਾਜਾ ਨੇ ਵੀ ਜਲਾਲਾਬਾਦ ਤੇ ਕਬਜ਼ਾ ਰੱਖਣਾ ਜ਼ਰੂਰੀ ਸਮਝਿਆ। ਸ਼ਾਹ ਸ਼ੁਜਾ ਨੇ ਆਪਣੀ ਵੱਲੋਂ ਦੋ ਲੱਖ ਰੁਪਯਾ ਨਕਦ ਸਾਲਾਨਾ ਖਰਾਜ ਦਾ ਇਸ ਰਿਆਇਤ ਦੇ ਬਦਲੇ ਕਿ ਓਹਦੇ ਪੰਜ ਹਜ਼ਾਰ ਮੁਸਲਮਾਨ ਸਵਾਰਾਂ ਦੀ ਫੌਜ ਪਿਸ਼ਾਵਰ ਦੀ ਸਰਹੱਦ ਤੇ ਓਸ ਦਾ ਖ਼ਾਸ ਪ੍ਰਬੰਧ ਕਰਨ ਲਈ ਰਹੇਗੀ, ਇਕਰਾਰ ਕੀਤਾ ਤੇ ਖਰਾਜ ਤੋਂ ਵੱਖਰਾ ਬਹੁਤ ਸਾਰੇ ਚੰਗੀ ਨਸਲ ਦੇ ਘੋੜੇ, ਖੱਚਰਾਂ ਤੇ ਹੋਰ ਬਹੁਤ ਸਾਰੇ ਅਫ਼ਗ਼ਾਨਿਸਤਾਨ ਦੇ ਤੋਹਫਿਆਂ ਦੇ ਹਰ ਸਾਲ ਦੇਣ ਦਾ ਇਕਰਾਰ ਵੀ ਕੀਤਾ।
ਇਹ ਸਾਰੀਆਂ ਗੱਲਾਂ ਦਾ ਫ਼ੈਸਲਾ ਹੋ ਜਾਣ ਤੇ ਅੰਗਰੇਜ਼ੀ ਫੌਜ ਫਿਰੋਜ਼ਪੁਰ ਇਕੱਠੀ ਹੋਣ ਲੱਗੀ ਤੇ ਇਹ ਜ਼ਰੂਰੀ ਸਮਝਿਆ ਗਿਆ ਕਿ ਚੜ੍ਹਾਈ ਕਰਨ ਤੋਂ ਪਹਿਲਾਂ ਗਵਰਨਰ ਜਨਰਲ ਆਕਲੈਂਡ ਮਹਾਰਾਜਾ ਸਾਹਿਬ ਨਾਲ ਆਪ ਮਿਲ ਕੇ ਗੱਲਬਾਤ ਕਰ ਕੇ ਇਕਰਾਰਨਾਮੇ ਨੂੰ ਪੱਕਾ ਕਰ ਲੈਣ।
੨੧੬. ਲਾਰਡ ਆਕਲੈਂਡ ਤੇ ਮਹਾਰਾਜੇ ਦੀ ਮੁਲਾਕਾਤ
ਸੋ ਇਹ ਫ਼ੈਸਲਾ ਹੋਇਆ ਕਿ ਫਿਰੋਜ਼ਪੁਰ ਵਿੱਚ ਸ਼ੇਰਿ-ਇ-ਪੰਜਾਬ ਤੇ ਲਾਰਡ ਆਕਲੈਂਡ ਦੀ ਮੁਲਾਕਾਤ ਹੋਵੇ। ਭਾਵੇਂ ਮਹਾਰਾਜਾ ਸਾਹਿਬ ਬੀਮਾਰ ਸਨ, ਤਦ ਵੀ ਓਹਨਾਂ ਪ੍ਰਵਾਨ ਕਰ ਲਿਆ। ੩੦ ਨਵੰਬਰ ਨੂੰ ਮੁਲਾਕਾਤ ਦਾ ਦਿਨ ਨੀਯਤ ਹੋਇਆ। ਰੋਪੜ ਵਾਂਗ ਮੁਲਾਕਾਤਾਂ ਦੀਆਂ ਰਸਮਾਂ ਅਦਾ ਹੋਈਆਂ। ਬਹੁਮੁਲੇ ਤੋਹਫੇ ਇੱਕ ਦੂਜੇ ਨੂੰ ਦਿੱਤੇ ਗਏ। ਲਾਰਡ ਆਕਲੈਂਡ ਨੇ ਆਦਮੀ ਦੇ ਕਦ ਜਿੰਨੀ ਮਲਕਾਂ ਦੀ ਤਸਵੀਰ ਮਹਾਰਾਜਾ ਸਾਹਿਬ ਨੂੰ ਦਿੱਤੀ। ਤਿੰਨ ਦਿਨ ਆਪਸ ਵਿੱਚ ਕਾਬਲ ਤੇ ਸਿੰਧ ਦੀ ਬਾਬਤ ਗੱਲਬਾਤ ਹੋਂਦੀ ਰਹੀ। ਮਹਾਰਾਜਾ ਨੇ ਸਾਰੀਆਂ ਗੱਲਾਂ ਪ੍ਰਵਾਨ ਕਰ ਲਈਆਂ।
੨੧੭. ਗਵਰਨਰ ਦਾ ਲਾਹੌਰ ਤੇ ਅੰਮ੍ਰਿਤਸਰ ਆਉਣਾ
ਮਹਾਰਾਜਾ ਨੇ ਲਾਰਡ ਆਕਲੈਂਡ ਨੂੰ ਕਿਹਾ ਕਿ ਜਿਕਣ ਦੋ ਦਫਾ ਅਸਾਂ ਤੁਹਾਡੇ ਇਲਾਕੇ ਵਿੱਚ ਆ ਕੇ ਮੁਲਾਕਾਤ ਕੀਤੀ ਹੈ, ਉਵੇਂ ਹੀ ਤੁਹਾਨੂੰ ਸਾਡੇ ਇਲਾਕੇ ਵਿੱਚ ਆ ਕੇ ਖਾਤਰ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਗਵਰਨਰ ਨੇ ਇਹ ਗੱਲ ਮੰਨ ਲਈ। ਮਹਾਰਾਜਾ ਸਾਹਿਬ ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਆ ਗਏ ਤੇ ਸਵਾਗਤ ਦਾ ਪ੍ਰਬੰਧ ਕੀਤਾ। ਤਿੰਨ ਦਿਨ ਪਿੱਛੋਂ ਗਵਰਨਰ ਆਇਆ। ਬੜੀ ਸ਼ਾਨੋ ਸ਼ੌਕਤ ਤੇ ਸਜ ਧਜ ਨਾਲ ਸਵਾਗਤ ਕੀਤਾ। ਤਿੰਨ ਦਿਨ ਸ਼ਹਿਰ ਅੰਮ੍ਰਿਤਸਰ ਵਿੱਚ ਰੌਸ਼ਨੀ ਹੋਂਦੀ ਰਹੀ, ਗਵਰਨਰ ਮਹਾਰਾਜਾ ਸਾਹਿਬ ਦੀ ਮਹਿਮਾਨਦਾਰੀ ਤੋਂ ਬੜਾ ਪ੍ਰਸੰਨ ਹੋਇਆ। ਇਨ੍ਹਾਂ ਹੀ ਦਿਨਾਂ ਵਿੱਚ ਕੰਵਰ ਨੌਨਿਹਾਲ ਸਿੰਘ ਨੂੰ ਹੈਜ਼ਾ ਹੋ ਗਿਆ, ਜਿਸ ਤੋਂ ਮਹਾਰਾਜਾ ਸਾਹਿਬ ਨੂੰ ਬੜੀ ਚਿੰਤਾ ਹੋਈ। ਲਾਰਡ ਆਕਲੈਂਡ ਪੁੱਛਣ ਲਈ ਗਏ। ਇੱਕ ਹਫਤੇ ਦੇ ਅੰਦਰ ਅੰਦਰ ਕੰਵਰ ਸਾਹਿਬ ਨੂੰ ਬਿਲਕੁਲ ਅਰਾਮ ਆ ਗਿਆ।
ਇੱਥੋਂ ਮਹਾਰਾਜਾ ਸਾਹਿਬ ਤੇ ਗਵਰਨਰ ਇੱਕ ਸਵਾਰੀ ਵਿੱਚ ਹੀ ਬੈਠ ਕੇ ਲਾਹੌਰ ਪੁੱਜੇ। ਸ਼ਾਲਾਮਾਰ ਬਾਗ਼ ਵਿੱਚ ਇੱਕ ਭਾਰੀ ਦਰਬਾਰ ਹੋਇਆ। ਗੁਲਾਬ ਤੇ ਕੇਵੜਾ ਸੜਕਾਂ ਤੇ ਛਿੜਕਿਆ ਗਿਆ। ਬੂਟਿਆਂ ਤੇ ਦੀਵਾਰਾਂ ਤੇ ਰੌਸ਼ਨੀ ਕੀਤੀ ਗਈ, ਫੁਵਾਰੇ ਛੱਡੇ ਗਏ, ਝਰਨੇ ਚੱਲ ਪਏ, ਨਹਿਰ ਜਾਰੀ ਹੋ ਗਈ। ਸਰਦਾਰ ਬਹੁਮੁੱਲੇ ਲਿਬਾਸ ਵਿੱਚ ਆ ਗਏ, ਇੱਕ ਖੁੱਲ੍ਹੇ ਸ਼ਮਿਆਨੇ ਦੇ ਹੇਠ ਸੋਨੇ ਦੀਆਂ ਕੁਰਸੀਆਂ ਤੇ ਗਵਰਨਰ ਜਨਰਲ ਤੇ ਮਹਾਰਾਜਾ ਸਾਹਿਬ ਬੈਠੇ। ਦੇਸੀ ਰਾਗ ਰੰਗ ਸੁਣ ਕੇ ਗਵਰਨਰ ਬੜਾ ਪ੍ਰਸੰਨ ਹੋਇਆ, ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੇ ਜਲਸੇ ਤੋਂ ਮਗਰੋਂ ਸਭ ਤੋਂ ਵੱਡਾ ਜਲਸਾ ਇਹ ਹੀ ਹੋਇਆ। ਦੂਜੀ ਰਾਤ ਬੜੀ ਹੀ ਸ਼ੋਕਦਾਇਕ ਆਈ ਕਿ ਮਹਾਰਾਜਾ ਸਾਹਿਬ ਨੂੰ ਅਚਣਚੇਤ ਲਕਵਾ ਹੋ ਗਿਆ। ਮੂੰਹ ਤੋਂ ਪਾਣੀ ਜਾਨ ਲੱਗਾ ਤੇ ਜ਼ੁਬਾਨ ਬੰਦ ਹੋ ਗਈ, ਇਸ ਤੇ ਵੀ ਮਹਾਰਾਜਾ ਸਾਹਿਬ ਨੇ ਗਵਰਨਰ ਜਨਰਲ ਦੀ ਸੇਵਾ ਵਿੱਚ ਕੋਈ ਫ਼ਰਕ ਨਹੀਂ ਪੈਣ ਦਿੱਤਾ। ਇਸ਼ਾਰਿਆਂ ਨਾਲ ਆਪ ਹਰ ਇੱਕ ਗੱਲ ਦਾ ਹੁਕਮ ਦੇਂਦੇ ਰਹੇ।
ਇਸ ਸਮੇਂ ਵਿੱਚ ਸ਼ਾਹ ਸ਼ੁਜਾ ਨੇ ਨਾਮ ਮਾਤਰ ਆਪਣੀ ਫੌਜ ਰੱਖ ਕੇ ਨੌ ਹਜ਼ਾਰ ਅੰਗਰੇਜ਼ੀ ਸੈਨਾ ਨਾਲ ਲੈ ਕੇ ਜਦ ਸਿੰਧ ਤੇ ਕੋਇਟੇ ਦੇ ਰਾਹ ਕੰਧਾਰ ਪੁੱਜਣ ਦੀ ਕੋਸ਼ਿਸ਼ ਕੀਤੀ, ਤਦ ਇਧਰ ਕਰਨਲ ਵੈੱਡ ਸਾਹਿਬ ਨੂੰ ਹੁਕਮ ਹੋਇਆ ਕਿ ਪੰਜਾਬੀ ਫੌਜ ਦੇ ਨਾਲ ਲਾਹੌਰ ਦੇ ਰਾਹ ਪਿਸ਼ਾਵਰ ਪੁੱਜੇ। ਇਸ ਗੱਲ ਦੀ ਦਰਖ਼ਾਸਤ ਮਹਾਰਾਜਾ ਨੇ ਮਨਜ਼ੂਰ ਕਰ ਲਈ, ਕਿੰਤੂ ਸ਼ਰਤ ਇਹ ਸੀ ਕਿ ਮਹਾਰਾਜਾ ਦੇ ਇਲਾਕੇ ਵਿੱਚ ਗਊਕਸ਼ੀ ਨਾ ਕੀਤੀ ਜਾਏ। ਗਵਰਨਰ ਤਾਂ ਇਸ ਫ਼ੈਸਲੇ ਦੇ ਮਗਰੋਂ ਚਲਾ ਗਿਆ, ਕਿੰਤੂ ਵੈਂਡ ਸਾਹਿਬ ਫੌਜ ਤੇ ਤੋਪਾਂ ਦੇ ਆਉਣ ਦੀ ਉਡੀਕ ਵਿੱਚ ਲਾਹੌਰ ਠਹਿਰਿਆ ਰਿਹਾ।
੨੧੮. ਅੰਗਰੇਜ਼ੀ ਫੌਜ ਦੀ ਸਹਾਇਤਾ
ਮਾਘ ਦੇ ਅੰਤ ਵਿੱਚ ਅੰਗਰੇਜ਼ੀ ਫੌਜ ਜਦ ਲਾਹੌਰ ਅੱਪੜ ਗਈ, ਤਦ ੬ ਹਜ਼ਾਰ ਸਿੱਖਾਂ ਦੀ ਬਹਾਦਰ ਫੌਜ ਵੀ ਕਰਨਲ ਵੈਂਡ ਸਾਹਿਬ ਦੀ ਸਹਾਇਤਾ ਲਈ ਨਾਲ ਗਈ, ਜਿਸ ਨੂੰ ਨਾਲ ਲੈ ਕੇ ਉਕਤ ਸਾਹਿਬ ਨੇ ਤਹਿਮੂਰ ਤੇ ਸ਼ਾਹ ਸੁਜਾ ਦੇ ਨਾਲ ਪਿਸ਼ਾਵਰ ਵੱਲ ਕੂਚ ਕੀਤਾ। ਇਸ ਤੋਂ ਪਿੱਛੋਂ ਕੰਵਰ ਨੌਨਿਹਾਲ ਸਿੰਘ ਨੇ ਇੱਕ ਹੋਰ ਜਗ੍ਹਾ ਫੌਜ ਵੀ ਭੇਜੀ, ਜੋ ਪਿਸ਼ਾਵਰ ਵਿੱਚ ਪਹਿਲੀ ਫੌਜ ਦੇ ਨਾਲ ਜਾ ਮਿਲੀ।
੨੧੯. ਕਾਬਲ ਤੇ ਕੰਧਾਰ ਦੀ ਫਤਹ
ਸ਼ੁਰੂ ੧੮੯੬ ਬਿ. ਵਿੱਚ ਸ਼ਾਹ ਸੁਜਾ ਕੰਧਾਰ ਪੁੱਜਾ। ਇਸ ਦੇ ਪੁੱਜਣ ਸਾਰ ਸਾਰੇ ਬਾਕਰਜ਼ੇਈ ਪਠਾਣ ਨੱਸ ਗਏ। ੮ ਮਈ ੧੮੩੯ ਈਸਵੀ ਨੂੰ ਸ਼ਾਹ ਸ਼ੁਜਾ ਤਖ਼ਤ ਤੇ ਬੈਠ ਗਿਆ। ਮਿਸਟਰ ਮੈਗਨਾਟਨ ਤੇ ਸਰ ਜਾਨ ਕੇਨ ਸਾਹਿਬ ਨੇ ਜੋ ਓਸ ਵੇਲੇ ਨਾਲ ਸਨ, ਅੰਗ੍ਰੇਜ਼ੀ ਗਵਨਰਮੈਂਟ ਵੱਲੋਂ ਤੋਹਫੇ ਪੇਸ਼ ਕੀਤੇ। ਤਖ਼ਤ ਤੇ ਬੈਠਣ ਦੀ ਹਰ ਇੱਕ ਰਸਮ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ੧੧ ਜੁਲਾਈ ਨੂੰ ਗ਼ਜ਼ਨੀ ਲੁੱਟੀ। ਕਾਬਲ ੧੮ ਅਗਸਤ ਨੂੰ ਫਤਹ ਕਰ ਕੇ ਸ਼ਾਹ ਸੁਜਾ ਨੂੰ ਤਖ਼ਤ ਤੇ ਬਿਠਾਇਆ ਗਿਆ।
੨੨੦. ਸ਼ਾਹਜ਼ਾਦਾ ਖੜਕ ਸਿੰਘ ਨੂੰ ਰਾਜ ਤਿਲਕ
ਮਹਾਰਾਜਾ ਰਣਜੀਤ ਸਿੰਘ ਨੂੰ ਇਲਾਜ ਕਰਾਣ ਤੇ ਵੀ ਕੋਈ ਲਾਭ ਨਾ ਹੋਇਆ। ਦਿਨ-ਬ-ਦਿਨ ਕਮਜ਼ੋਰ ਹੋਂਦੇ ਚਲੇ ਗਏ। ਜਦ ਓਹਨਾਂ ਨੂੰ ਬਿਲਕੁਲ ਨਿਰਾਸ਼ਤਾ ਹੋ ਗਈ, ਤਦ ਇੱਕ ਦਿਨ ਸਾਰੇ ਸਰਦਾਰਾਂ ਤੇ ਦਰਬਾਰੀਆਂ ਦੇ ਸਾਹਮਣੇ ਆਪਣੇ ਵੱਡੇ ਲੜਕੇ ਸ਼ਾਹਜ਼ਾਦਾ ਖੜਕ ਸਿੰਘ ਨੂੰ ਜੋ ਪਹਿਲਾਂ ਹੀ ਤਾਜ ਤਖ਼ਤ ਦਾ ਵਾਰਸ ਨਿਸ਼ਚਤ ਹੋ ਚੁੱਕਾ ਸੀ, ਬੁਲਾ ਕੇ ਰਾਜ ਤਿਲਕ ਦੇ ਦਿੱਤਾ ਤੇ ਰਾਜ ਪ੍ਰਬੰਧ ਓਹਦੇ ਹੱਥ ਵਿੱਚ ਦੇ ਕੇ ਰਾਜਾ ਧਿਆਨ ਸਿੰਘ ਨੂੰ ਓਹਦਾ ਵਜ਼ੀਰ ਬਣਾ ਦਿੱਤਾ ਤੇ ਸ਼ਾਹਜਾਦਾ ਖੜਕ ਸਿੰਘ; ਜੋ ਬਿਲਕੁਲ ਸੂਧਾ ਤੇ ਭਗਤ ਸੁਭਾਵ ਮਨੁੱਖ ਸੀ, ਦੀ ਬਾਂਹ ਰਾਜਾ ਧਿਆਨ ਸਿੰਘ ਦੇ ਹੱਥ ਦੇ ਕੇ ਇਸ਼ਾਰੇ ਨਾਲ ਕਿਹਾ ਕਿ ਇਸ ਨੂੰ ਮੇਰੀ ਜਗ੍ਹਾ ਤੇ ਸਮਝਣਾ। ਇਸ ਦੇ ਮੰਦੇ ਚੰਗੇ ਦੇ ਰਖਵਾਲੇ ਰਹਿਣਾ। ਇਸ ਤੋਂ ਪਿੱਛੋਂ ਮਹਾਰਾਜਾ ਦੇ ਹੱਥੋਂ ਧਿਆਨ ਸਿੰਘ ਨੂੰ ਇੱਕ ਬਹੁਮੁਲਾ ਸਿਰੋਪਾਓ ਦੇ ਕੇ ਇਹ ਖ਼ਿਤਾਬ ਦਵਾਯਾ ਗਿਆ:
'ਰਾਜਾ ਧਿਆਨ ਸਿੰਘ ਨਾਇਬ ਉਲਸਲਤਨਤ ਉਜ਼ਮਾ। ਖੈਰ ਖਾਹ ਸ਼ਮੀਮੀ ਦੌਲਤੇ ਸਰਕਾਰ ਵਜ਼ੀਰ ਆਜ਼ਮ। ਦਸਤੂਰ ਮੁਕਰਮ ਮੁਖਤਾਰ ਵ ਮਦਾਰਉਲ ਮਹਾਮ ਕੁਲ ਮੁਲਕ ਪੰਜਾਬ।' ਤੇ ਇਹ ਕਾਰਵਾਈ ਨਿਯਮ ਅਨੁਸਾਰ ਸਾਰੇ ਮੁਲਕ ਵਿੱਚ ਪ੍ਰਗਟ ਕਰ ਦਿੱਤੀ ਗਈ।
੨੨੧. ਸ਼ੇਰਿ ਪੰਜਾਬ ਦਾ ਚਲਾਣਾ
ਜਦ ਮਹਾਰਾਜੇ ਦੇ ਚਲਾਣਾ ਕਰਨ ਦਾ ਸਮਾਂ ਬਹੁਤ ਨੇੜੇ ਆ ਗਿਆ, ਤਦ ਲੱਖਾਂ ਰੁਪਯੇ ਗ਼ਰੀਬਾਂ ਅਨਾਥਾਂ ਵਿੱਚ ਵੰਡੇ ਗਏ। ਹਰ ਇੱਕ ਮੱਤ ਵਾਲੇ ਨੇ ਆਪਣੇ ਧਾਰਮਿਕ ਅਸਥਾਨ ਵਿੱਚ ਮਹਾਰਾਜੇ ਦੀ ਆਤਮਾ ਲਈ ਸ਼ੁਭ ਪ੍ਰਾਰਥਨਾ ਕੀਤੀ। ਅੰਤ ਨੂੰ ਰਾਜਾ ਧਿਆਨ ਸਿੰਘ ਨੇ ੧੦ ਲੱਖ ਦਾ ਚਬੂਤਰਾ ਬਣਾ ਕੇ ਓਸ ਤੇ ਬਹੁਮੁੱਲੇ ਦੋਸ਼ਾਲੇ ਵਿਛਾ ਕੇ ਮਹਾਰਾਜਾ ਸਾਹਿਬ ਨੂੰ ਉਸ ਤੇ ਲਿਟਾ
ਦਿੱਤਾ। ਉਸ ਚਾਂਦੀ ਦੇ ਚਬੂਤਰੇ ਤੇ ੧੫ ਹਾੜ ੧੮੯੬ ਬਿਕ੍ਰਮੀ ਮੁਤਾਬਕ ੨੭ ਜੂਨ ੧੮੩੯ ਨੂੰ ਪੰਜ ਸ਼ੰਬੇ ਦੇ ਦਿਨ ਛੇ ਘੜੀ ਦਿਨ ਰਹਿੰਦੇ ਸ਼ੇਰੇ ਪੰਜਾਬ; ਜਿਸ ਦਾ ਦਬਦਬਾ ਸਾਰੇ ਮੁਲਕ ਤੇ ਛਾ ਰਿਹਾ ਸੀ, ਜਿਸ ਦੀ ਬਹਾਦਰੀ, ਦਲੇਰੀ ਤੇ ਦਾਨੀ ਸੁਭਾਵ ਦੇ ਹਾਲ ਇਤਿਹਾਸ ਦੇ ਪੰਨਿਆਂ ਤੇ ਸ਼ੋਭਾ ਦੇ ਰਹੇ ਹਨ, ਅਜਿਹੇ ਆਰਾਮ ਦੇ ਨਾਲ ਸੌਂ ਗਿਆ ਕਿ ਫਿਰ ਪਾਸਾ ਨਹੀਂ ਬਦਲਿਆ। ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਨੇ ਪ੍ਰਾਣ ਛੱਡਣ ਸਮੇਂ ਚਾਹਿਆ ਕਿ ਕੋਹਿਨੂਰ ਹੀਰਾ ਹੋਰ ਬਹੁਮੁੱਲੇ ਜਵਾਹਰਾਤ ਦੇ ਨਾਲ ਦਰਬਾਰ ਸਾਹਿਬ ਅਰਪਨ ਕਰ ਦਿੱਤਾ ਜਾਵੇ, ਜੋ ਓਸ ਦੇ ਦਾਨੀ ਸੁਭਾਵ ਦਾ ਅੰਤਲਾ ਨਮੂਨਾ ਸੀ ਤੇ ਸਦਾ ਰਹਿੰਦਾ। ਕਿੰਤੂ ਰਾਜਾ ਧਿਆਨ ਸਿੰਘ ਤੇ ਜਮਾਂਦਾਰ ਖੁਸ਼ਹਾਲ ਸਿੰਘ ਨੇ ਮਿਸਰ ਬੇਲੀਰਾਮ ਤੋਸ਼ਾ ਖਾਨਾ ਵਾਲੇ ਦੀ ਸਹਾਇਤਾ ਨਾਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ, "ਇਹ ਉਸ ਆਦਮੀ ਦੀ ਮਾਲਕੀ ਹੈ, ਜਿਸ ਦੇ ਸਿਰ ਤੇ ਤਾਜ ਹੋਵੇ, ਖੈਰਾਤ ਵਿੱਚ ਨਹੀਂ ਦੇਣੀ ਚਾਹੀਦੀ।" ਸਿੱਟਾ ਇਹ ਕਿ ਮਹਾਰਾਜਾ ਦਾ ਅੱਖਾਂ ਬੰਦ ਕਰਨਾ ਸੀ ਕਿ ਘਰ ਘਰ ਮਾਤਮ ਹੋ ਗਿਆ।
ਰਾਜਾ ਧਿਆਨ ਸਿੰਘ ਵਿਖਾਵੇ ਵਾਸਤੇ ਬਹੁਤ ਰੋਂਦਾ ਸੀ। ਬਾਕੀ ਬਹੁਤ ਸਾਰੇ ਸਿੱਖ ਸਰਦਾਰਾਂ ਦੇ ਤਾਂ ਰੋਂਦੇ ਸਾਹ ਰੁਕ ਰੁਕ ਜਾਂਦੇ ਸਨ। ਉਸ ਦਿਨ ਕਵੇਲਾ ਹੋ ਗਿਆ ਸੀ। ਇਸ ਕਰ ਕੇ ਦੂਜੇ ਦਿਨ ਬੜੀ ਸ਼ਾਨ ਨਾਲ ਮਹਾਰਾਜਾ ਸਾਹਿਬ ਦਾ ਬਬਾਣ ਕੱਢਿਆ। ਰਾਜਿਆਂ ਦੇ ਰਵਾਜ ਅਨੁਸਾਰ ਪਹਿਲਾਂ ਮਹਾਰਾਜਾ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਜਲ ਨਾਲ ਅਸ਼ਨਾਨ ਕਰਾ ਕੇ ਸ਼ਾਹਨਾ ਕਪੜੇ ਪਵਾਏ ਗਏ ਤੇ ਬਹੁਮੁੱਲੇ ਗਹਿਣੇ ਤੇ ਸ਼ਸਤ੍ਰ ਜੋ ਓਹ ਜੀਉਂਦਿਆਂ ਪਾਇਆ ਕਰਦੇ ਸਨ, ਪਾਏ ਗਏ। ਉਸ ਵੇਲੇ ਮਹਾਰਾਜੇ ਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਤੇ ਰਾਣੀਆਂ ਨੇ ਵਜ਼ੀਰ ਧਿਆਨ ਸਿੰਘ ਨੂੰ ਗੀਤਾ, ਸਾਲਗਰਾਮ ਤੇ ਮਹਾਰਾਜੇ ਦੇ ਪੈਰਾਂ ਨੂੰ ਹੱਥ ਲੁਆ ਕੇ ਸਪਤ ਲਈ ਗਈ ਕਿ ਓਹ ਉਮਰ ਭਰ ਮਹਾਰਾਜੇ ਦੀ ਸਲਤਨਤ ਦਾ ਸ਼ੁਭਚਿੰਤਕ ਰਹੇਗਾ। ਸ਼ਾਹਜ਼ਾਦਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੇ ਨਾਲ ਕਦੇ ਬੇਵਫ਼ਾਈ ਨਹੀਂ ਕਰੇਗਾ। ਮਹਾਰਾਜੇ ਦੇ ਸਰੀਰ ਨੂੰ ਚੰਦਨ ਆਦਿਕ ਲਾ ਬਬਾਣ ਬਾਹਰ ਕੱਢਿਆ ਗਿਆ। ਸਿੱਖ ਸਰਦਾਰਾਂ ਨੇ ਨੰਗੇ ਪੈਰ ਹੋ ਕੇ ਉਠਾਇਆ ਤੇ ਜਿੱਥੇ ਚੰਦਨ ਦੀ ਚਿਖਾ ਤਿਆਰ ਸੀ, ਉੱਥੇ ਲੈ ਚਲੇ। ਤੋਪਾਂ ਦੀ ਸਲਾਮੀ ਹੋਈ, ਝੰਡੇ ਗਿਰਾ ਦਿੱਤੇ ਗਏ, ਮਾਤਮੀ ਵਾਜਾ ਵਜਣ ਲੱਗਾ, ਹਰ ਇੱਕ ਆਦਮੀ ਚੁੱਕ ਕੇ ਫ਼ਿਕਰ ਵਿੱਚ ਸੀ। ਅੱਗੇ ਅੱਗੇ ਮਹਾਰਾਜੇ ਦੇ ਬਾਡੀਗਾਰਡ ਦੇ ਸਵਾਰ ਤੇ ਪਿਆਦਾ ਪਲਟਨ ਮਾਤਮੀ ਕਦਮ ਰੱਖਦੀ ਜਾ ਰਹੀ ਸੀ। ਮਹਾਰਾਜਾ ਸਾਹਿਬ ਦੇ ਨਾਲ ਮਹਾਰਾਜੇ ਦੇ ਪੁੱਤ੍ਰ ਤੇ ਪੋਤਰੇ ਚੌਰ ਕਰ ਰਹੇ ਸਨ। ਨਾਲ ਹੀ ਰਾਜਾ ਧਿਆਨ ਸਿੰਘ, ਜਿਸ ਨੂੰ ਕਿ ਮਹਾਰਾਜੇ ਨੇ ਇੱਕ ਸਪਾਹੀ ਦੇ ਦਰਜੇ ਤੋਂ ਵਜ਼ੀਰ ਬਣਾ ਦਿੱਤਾ ਸੀ, ਚੌਰ ਕਰ ਰਿਹਾ ਸੀ। ਪਿੱਛੇ ਪਿੱਛੇ ਰਾਣੀਆਂ ਆਪਣੀਆਂ ਨੌਕਰਾਣੀਆਂ ਸਮੇਤ ਜਾ ਰਹੀਆਂ ਸਨ। ਜਦ ਮਹਾਰਾਜਾ ਦਾ ਬਬਾਣ ਕਿਲ੍ਹੇ ਤੋਂ ਬਾਹਰ ਨਿੱਕਲਿਆ, ਤਦ ਅੱਗੇ ਬੇਅੰਤ ਖ਼ਲਕਤ ਆਪਣੇ ਪਿਆਰੇ ਮਹਾਰਾਜੇ ਦੇ ਅੰਤਮ ਦਰਸ਼ਨ ਕਰਨ ਲਈ ਇਕੱਠੀ ਹੋਈ ਹੋਈ ਸੀ। ਕੋਈ ਅਜਿਹਾ ਆਦਮੀ ਨਹੀਂ ਸੀ, ਜਿਸ ਦੇ ਚੇਹਰੇ ਤੇ ਉਦਾਸੀਨਤਾ, ਫ਼ਿਕਰ ਤੇ ਸ਼ੋਕ ਦੇ ਚਿੰਨ੍ਹ ਪ੍ਰਗਟ ਨਾ ਹੁੰਦੇ ਹੋਣ। ਮਹਾਰਾਜਾ ਤੋਂ ਸਾਰੀ ਪ੍ਰਜਾ ਤੇ ਅਹਿਲਕਾਰ ਖ਼ੁਸ਼ ਸਨ ਤੇ ਇਸ ਨੂੰ ਹਰ ਇੱਕ ਕੌਮ ਮੁਹੱਬਤ ਤੇ ਪਿਆਰ ਦੀ ਨਿਗਾਹ ਨਾਲ ਵੇਖਦੀ ਸੀ, ਇਸ ਕਰ ਕੇ ਸਾਰੀ ਪਰਜਾ ਗ਼ਮਾਂ ਦੇ ਸਮੁੰਦਰ ਵਿੱਚ ਡੁੱਬੀ ਵਿਖਾਈ ਦਿੰਦੀ ਸੀ।
ਮਹਾਰਾਜੇ ਦਾ ਉਹ ਹਜ਼ੂਰੀ ਬਾਗ਼ ਜੋ ਅੱਗੇ ਗ਼ਮ, ਫ਼ਿਕਰ ਤੇ ਸੋਚਾਂ ਵਿੱਚ ਪਿਆਂ ਦੇ ਚੇਹਰਿਆਂ ਨੂੰ ਖਿੜਾ ਦੇਂਦਾ ਸੀ, ਅੱਜ ਜਦ ਮਹਾਰਾਜਾ ਦੀ ਲਾਸ਼ ਪਾਸ ਦੀ ਗੁਜ਼ਰੀ, ਤਦ ਹੈਰਾਨ, ਪਸ਼ੇਮਾਨ ਤੇ ਗ਼ਮ ਦੀ ਮੂਰਤ ਬਣਿਆ ਹੋਇਆ ਸੀ। ਪੰਛੀ ਚੁੱਪ, ਫੁੱਲਾਂ ਦੇ ਸੀਨੇ ਚਾਕ ਤੇ ਬੂਟੇ ਸਿਰ ਝੁਕਾਈ ਖੜ੍ਹੇ ਸਨ, ਸ਼ਮਸ਼ਾਦ ਹੈਰਾਨ ਪਸ਼ੇਮਾਨ ਖਲੋਤਾ ਸੀ। ਸੋਸਨ ਦਾ ਗ਼ਮ ਨਾਲ ਮੂੰਹ ਕਾਲਾ ਹੋ ਗਿਆ ਸੀ, ਬਨਫ਼ਸ਼ਾ ਸਿਰ ਦੇ ਵਾਲ ਖੋਹ ਰਿਹਾ ਸੀ, ਮਹਿੰਦੀ ਖੂਨ ਉਗਲ ਰਹੀ ਸੀ, ਫੁੱਲ
ਕੁਮਲਾ ਰਹੇ ਸਨ, ਬੁਲਬੁਲ ਫਲਾਂ ਦੇ ਪੱਤੇ ਨਾਲ ਅੱਥਰੂ ਪੂੰਝ ਰਹੀ ਸੀ। ਹਰ ਸੜਕ ਮਿੱਟੀ ਉਡਾ-ਉਡਾ ਕੇ ਆਪਣੇ ਸਿਰ ਵਿੱਚ ਪਾ ਰਹੀ ਸੀ। ਸਾਰੇ ਦਰੱਖਤ ਹੈਰਾਨ ਖੜੇ ਸੀ। ਫੁਹਾਰਿਆਂ ਦਾ ਰੋਂਦੇ ਰੋਂਦੇ ਸੰਘ ਸੁੱਕ ਗਿਆ ਸੀ। ਝਰਨਿਆਂ ਦੀਆਂ ਅੱਖਾਂ ਅੱਥਰੂ ਵਗਾ ਵਗਾ ਕੇ ਪੱਥਰ ਹੋ ਗਈਆਂ ਸਨ।
ਮਹਾਰਾਜੇ ਦੇ ਬਬਾਣ ਤੋਂ ਲੱਖਾਂ ਰੁਪਯੇ ਅਸ਼ਰਫੀਆਂ ਤੇ ਬੁਤਕੀਆਂ ਸੁੱਟੀਆਂ ਗਈਆਂ। ਮਹਾਰਾਜੇ ਦਾ ਬਬਾਣ ਜਦ ਚੰਦਨ ਦੀ ਚਿਖਾ ਤੇ; ਜੋ ਛੀ ਫੁੱਟ ਉੱਚੀ ਮਰੱਬਾ ਸ਼ਕਲ ਦੀ ਬਣਾਈ ਗਈ ਸੀ, ਪੁੱਜਾ, ਤਦ ਪਹਿਲਾਂ ਸਰਦਾਰਾਂ ਨੇ ਮਹਾਰਾਜਾ ਨੂੰ ਹੱਥਾਂ ਤੇ ਚੱਕ ਕੇ ਸੀੜ੍ਹੀ ਨਾਲ ਚਿਖਾ ਤੇ ਰੱਖਿਆ ਤੇ ਬਬਾਣ ਦੇ ਉੱਪਰ ਸੋਨੇ ਚਾਂਦੀ ਤੇ ਜਵਾਹਰਾਤ ਆਦਿਕ ਦੇ ਬਣੇ ਹੋਏ ਫੁੱਲ ਤੇ ਝੰਡੀਆਂ ਜਿੰਨੀਆਂ ਲੱਗੀਆਂ ਹੋਈਆਂ ਸਨ, ਲੋਕਾਂ ਨੇ ਰਿਵਾਜ ਅਨੁਸਾਰ ਲੁੱਟ ਲਈਆਂ।
ਅੰਤ ਨੂੰ ਸ਼ਾਹਜ਼ਾਦਾ ਖੜਕ ਸਿੰਘ ਨੇ ਖ਼ੁਸ਼ਬੋਦਾਰ ਤੇਲ ਤੇ ਅਤਰ ਪਾ ਕੇ ਆਪਣੀ ਹੱਥੀਂ ਚਿਖਾ ਨੂੰ ਅਗਨੀ ਵਖਾਈ। ਸ਼ੋਅਲੇ ਉੱਠ ਕੇ ਅਕਾਸ਼ ਨੂੰ ਜਾ ਲੱਗੇ। ਰਾਜਾ ਧਿਆਨ ਸਿੰਘ ਨੇ ਆਪਣੇ ਆਪ ਨੂੰ ਇੰਨਾ ਗ਼ਮ ਤੇ ਫਿਕਰ ਵਿੱਚ ਦੱਸਿਆ ਕਿ ਦੋ ਤਿੰਨ ਵਾਰ ਦੌੜ ਦੌੜ ਕੇ ਚਿਖਾ ਵਿੱਚ ਮਹਾਰਾਜਾ ਦੇ ਨਾਲ ਸੜਨ ਲਈ ਯਤਨ ਕਰਨ ਲੱਗਾ, ਕਿੰਤੂ ਲੋਕਾਂ ਨੇ ਫੜ ਫੜ ਕੇ ਰੱਖਿਆ। ਜਿਸ ਵੇਲੇ ਅੱਗ ਪੂਰੇ ਜ਼ੋਰ ਨਾਲ ਬਲਣ ਲੱਗੀ, ਤਦ ਇੱਕ ਜੋੜਾ ਕਬੂਤਰਾਂ ਦਾ ਆਇਆ ਤੇ ਚਿਤਾ ਵਿੱਚ ਡਿੱਗ ਕੇ ਓਹ ਵੀ ਮਹਾਰਾਜਾ ਸਾਹਿਬ ਨਾਲ ਸਤੀ ਹੋ ਗਿਆ। ਫਿਰ ਓਸ ਵੇਲੇ ਨਿੱਕੀ ਜਿਹੀ ਬੱਦਲੀ ਅਕਾਸ਼ ਵਿੱਚ ਵੇਖੀ ਗਈ। ਕੁਝ ਬੂੰਦਾਂ ਪੈਣ ਲੱਗੀਆਂ। ਮਾਨੋ ਮਹਾਰਾਜਾ ਦੇ ਚਲਾਣੇ ਦੇ ਗ਼ਮ ਵਿੱਚ ਅਕਾਸ਼ ਵੀ ਰੋਂਦਾ ਰਿਹਾ। ਮੁਕਦੀ ਗੱਲ ਇਹ ਕਿ ਇਸ ਤਰ੍ਹਾਂ ਨਾਲ ਸ਼ੇਰੇ ਪੰਜਾਬ ਜਿਸ ਦੇ ਦਬਦਬੇ ਤੇ ਰੋਅਬ ਦੇ ਨਾਲ ਧਰਤੀ ਵੀ ਕੰਬ ਜਾਂਦੀ ਸੀ, ਵੇਖਦੇ ਵੇਖਦੇ ਰਾਖ ਦਾ ਢੇਰ ਹੋ ਗਿਆ।
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥੪੫॥ (ਸਲੋਕ, ਸ਼ੇਖ ਫਰੀਦ ਜੀ- ੧੩੮੦)
੨੨੨. ਮਹਾਰਾਜਾ ਰਣਜੀਤ ਸਿੰਘ ਦੇ ਗੁਣ ਤੇ ਸੁਭਾਵ
ਮਹਾਰਾਜਾ ਰਣਜੀਤ ਸਿੰਘ ਇੱਕ ਦਰਮਿਆਨੇ ਕੱਦ ਤੇ ਸਾਵਲੇ ਰੰਗ ਦਾ ਮਨੁੱਖ ਸੀ। ਚੇਹਰੇ ਤੇ ਚੀਚਕ ਦੇ ਦਾਗ਼ ਸਨ ਤੇ ਇਸ ਬੀਮਾਰੀ ਵਿੱਚ ਸੱਜੇ ਪਾਸੇ ਦੀ ਅੱਖ ਜਾਂਦੀ ਰਹੀ ਸੀ। ਦੂਜੀ ਅੱਖ ਬੜੀ ਦਲੇਰ ਤੇ ਨਜ਼ਰ ਬੜੀ ਤੇਜ਼ ਸੀ। ਮਹਾਰਾਜਾ ਦੇ ਚੇਹਰੇ ਤੇ ਕੁਦਰਤੀ ਨੂਰ ਵੱਸਦਾ ਸੀ, ਜਿਸ ਤੋਂ ਓਸ ਦੀ ਸ਼ਕਲ ਬੜੀ ਰੋਬਦਾਬ ਤੇ ਦਬਦਬੇ ਵਾਲੀ ਸੀ। ਮੱਥਾ ਬਹੁਤ ਖੁੱਲਾ ਸੀ। ਓਸ ਦੀ ਚਿੱਟੀ ਤੇ ਲੰਮੀ ਦਾੜੀ ਚੇਹਰੇ ਤੇ ਬੜੀ ਹੀ ਚੰਗੀ ਮਲੂਮ ਹੁੰਦੀ ਸੀ। ਮਹਾਰਾਜੇ ਨੂੰ ਦਾੜ੍ਹੀ ਇੰਨੀ ਹੱਛੀ ਮਲੂਮ ਹੁੰਦੀ ਸੀ ਕਿ ਜਿਸ ਸਿਪਾਹੀ ਜਾਂ ਸਰਦਾਰ ਦੀ ਲੰਮੀ ਦਾੜ੍ਹੀ ਵੇਖਦਾ, ਉਸ ਤੇ ਬੜਾ ਖ਼ੁਸ਼ ਹੁੰਦਾ, ਬਲਕਿ ਅੱਠ ਅੱਠ ਆਨੇ ਰੁਪਯਾ ਰੁਪਯਾ ਨਿਤਾ ਪ੍ਰਤਿ ਦਾ ਕੇਵਲ ਦਾੜ੍ਹੀ ਦੇ ਵਾਸਤੇ ਉਹਨਾਂ ਦੀ ਤਨਖਾਹ ਵਿੱਚ ਵਧਾ ਦੇਂਦਾ, ਜਿਸ ਤੇ ਕਈ ਆਦਮੀਆਂ ਨੇ ਇਸੇ ਲਾਲਚ ਵਿੱਚ ਆ ਕੇ ਦਾੜ੍ਹੀ ਰੱਖਣੀ ਸ਼ੁਰੂ ਕਰ ਦਿੱਤੀ। ਮਹਾਰਾਜਾ ਆਪ ਭਾਵੇਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ, ਕਿੰਤੂ ਵਿਦਵਾਨਾਂ ਦੀ ਬੜੀ ਕਦਰ ਕਰਦਾ ਸੀ। ਬੜਾ ਹੀ ਸਮਝਦਾਰ ਤੇ ਪ੍ਰਬੰਧਕ ਸੀ। ਇਸ ਨੇ ਆਪਣੇ ਦਰਬਾਰ ਵਿੱਚ ਬੜੇ ਬੜੇ ਲਾਇਕ ਤੇ ਵਿਦਵਾਨ ਨੌਕਰ ਰੱਖੇ ਹੋਏ ਸਨ। ਹਰ ਇੱਕ ਕਾਗ਼ਜ਼ ਆਪ ਸੁਣਦਾ ਤੇ ਉਸ ਤੇ ਆਪ ਹੁਕਮ ਦੇਂਦਾ ਸੀ। ਕੋਈ ਅਫਸਰ ਓਸ ਦੀ ਮਨਜ਼ੂਰੀ ਬਿਨਾਂ ਇੱਕ ਅੱਖਰ ਤੱਕ ਵਧਾ ਘਟਾ ਨਹੀਂ ਸੀ ਸਕਦਾ। ਹਰ ਇੱਕ ਮੁਲਕੀ ਤੇ ਬਾਹਰ ਦੇ ਮਾਮਲੇ ਵਿੱਚ ਇਸ ਦੀ ਅਕਲ ਬੜੀ ਪੁੱਜਦੀ ਸੀ ਤੇ ਜੋ ਗੱਲ ਆਪਣੇ ਤਜ਼ਰਬੇ ਤੇ ਵਾਹਿਗੁਰੂ ਦੀ ਦਿੱਤੀ ਅਕਲ ਦੇ ਨਾਲ ਕਹਿ ਦੇਂਦਾ ਸੀ, ਓਹੋ ਹੀ ਹੋ ਜਾਂਦੀ ਸੀ। ਸੱਚ ਦਾ ਪਾਰਖੂ ਤੇ ਨਿਆਇਕਾਰੀ ਹੋਣ ਵਿੱਚ ਅਦੁਤੀ ਸੀ। ਭਾਵੇਂ ਆਪਣੇ ਸਿੱਖੀ ਧਰਮ ਵਿੱਚ ਬੜਾ ਹੀ
ਪੱਕਾ ਸੀ, ਕਿੰਤੂ ਹੱਠ ਧਰਮੀ ਉੱਕਾ ਨਹੀਂ ਸੀ। ਮੁਸਲਮਾਨ ਤੇ ਹਿੰਦੂ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ ਸੀ। ਕਹਿੰਦੇ ਹਨ ਕਿ ਇੱਕ ਵੇਰ ਕਿਸੇ ਹਿੰਦੂ ਨੇ ਸ਼ਰਾਬ ਦੇ ਨਸ਼ੇ ਵਿੱਚ ਕਿਸੇ ਮੁਸਲਮਾਨ ਮਾਸ਼ਕੀ ਤੇ ਸੂਰ ਦਾ ਮਾਸ ਸੁੱਟ ਦਿੱਤਾ। ਓਸ ਨੇ ਮਹਾਰਾਜਾ ਸਾਹਿਬ ਪਾਸ ਜਾ ਕੇ ਫਰਯਾਦ ਕੀਤੀ। ਮਹਾਰਾਜਾ ਨੇ ਖੋਜ ਕਰ ਕੇ ਉਸ ਸਰਦਾਰ ਨੂੰ ਸਜ਼ਾ ਦਿੱਤੀ। ਜਦ ਤੱਕ ਮਹਾਰਾਜੇ ਦਾ ਰਾਜ ਪੰਜਾਬ ਵਿੱਚ ਰਿਹਾ, ਹਿੰਦੂ ਮੁਸਲਮਾਨ ਕਿਸੇ ਨੂੰ ਉਸ ਤੋਂ ਸ਼ਕਾਇਤ ਨਹੀਂ ਹੋਈ ਤੇ ਸਾਰੇ ਮੁਲਕ ਵਿੱਚ ਅਮਨ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਨੇ ਸਾਰੀਆਂ ਮਿਸਲਾਂ ਨੂੰ ਆਪਣੀ ਸਲਤਨਤ ਵਿੱਚ ਅਭੇਦ ਕਰ ਲਿਆ ਤੇ ਓਹਨਾਂ ਦੇ ਵੱਖਰੇ ਇਲਾਕੇ ਨਾ ਰਹੇ, ਕਿੰਤੂ ਇਹ ਸਾਰੀ ਓਹਦੀ ਕੇਵਲ ਸਿਆਣਪ ਸੀ, ਜੋ ਪੰਜਾਬ ਵਿੱਚ ਇੱਕ ਸਲਤਨਤ ਕਾਇਮ ਕਰ ਦਿੱਤੀ। ਮਹਾਰਾਜਾ ਇੱਕ ਬੜਾ ਜਵਾਂਮਰਦ ਤੇ ਬਹਾਦਰ ਸਿਪਾਹੀ ਸੀ। ਉਸ ਨੂੰ ਘੋੜੇ ਦੀ ਸਵਾਰੀ ਦਾ ਬੜਾ ਸ਼ੌਕ ਸੀ। ਉਸ ਦੀ ਯਾਦ ਸ਼ਕਤੀ ਇੰਨੀ ਤਕੜੀ ਸੀ ਕਿ ਉਸ ਨੂੰ ਕੌਡੀ ਕੌਡੀ ਦਾ ਹਿਸਾਬ ਜ਼ਬਾਨੀ ਯਾਦ ਰਹਿੰਦਾ ਸੀ। ਸੱਚ ਤਾਂ ਇਹ ਹੈ ਕਿ ਬੜਾ ਹੀ ਅਜੀਬ ਆਦਮੀ ਸੀ। ਦਾਨੀ, ਹਿੰਮਤ, ਬਹਾਦਰੀ ਤੇ ਮਨੁੱਖਾਂ ਦੀ ਪਛਾਣ ਕਰਨ ਵਿੱਚ ਖ਼ਾਸ ਯੋਗਤਾ ਰੱਖਦਾ ਸੀ। ਕਿਹਾ ਜਾਂਦਾ ਹੈ ਕਿ ਓਹ ਆਪਣੇ ਆਪ ਨੂੰ ਸਰਕਾਰ ਦੇ ਨਾਮ ਨਾਲ ਪੁਕਾਰਦਾ ਸੀ। ਜਦ ਕਿਸੇ ਨੂੰ ਕੋਈ ਹੁਕਮ ਦੇਂਦਾ, ਤਦ ਕਹਿੰਦਾ ਕਿ ਸਰਕਾਰ ਦਾ ਇਹ ਹੁਕਮ ਹੈ। ਸਰਕਾਰ ਦੇ ਸ਼ਬਦ ਵਿੱਚ ਓਹਨੇ ਇੱਕ ਭੇਦ ਰੱਖ ਛੱਡਿਆ ਸੀ ਤੇ ਇਹ ਇਸ਼ਾਰਾ ਓਹਦਾ ਸਦਾ ਆਪਣੇ ਵੱਲ ਨਹੀਂ ਹੋਂਦਾ ਸੀ, ਬਲਕਿ ਆਪਣੇ ਤੋਂ ਕਿਸੇ ਉੱਚੀ ਜਾਤ ਵੱਲ ਹੋਂਦਾ ਸੀ।
ਇਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਪਾਸ ਇੱਕ ਬ੍ਰਾਹਮਣ ਆਇਆ ਤੇ ਉਸ ਨੇ ਕਿਹਾ, "ਮਹਾਰਾਜ! ਮੇਰੀ ਲੜਕੀ ਦਾ ਵਿਵਾਹ ਹੈ, ਗ਼ਰੀਬ ਆਦਮੀ ਹਾਂ, ਕੁਝ ਮਦਦ ਕਰੋ?" ਮਹਾਰਾਜਾ ਨੇ ਕਿਹਾ ਕਿ ਸਰਕਾਰ ਦਾ ਹੁਕਮ ਹੈ, ਪੰਜ ਰੁਪਯੇ ਇਸ ਨੂੰ ਦੇ ਦੇਵੋ। ਬ੍ਰਾਹਮਣ ਨੇ ਪੰਜ ਰੁਪਯੇ ਲੈਣ ਤੋਂ ਇਨਕਾਰ ਕੀਤਾ ਤੇ ਰੁਪਯੇ ਸੁੱਟ ਕੇ ਟੁਰ ਪਿਆ। ਮਧਸੂਦਨ ਪੰਡਤ ਪਾਸ ਬੈਠਾ ਸੀ। ਓਸ ਨੇ ਸਿਫਾਰਸ਼ ਕੀਤੀ ਕਿ ਇਸ ਨੂੰ ਜ਼ਰੂਰ ਕੁਝ ਤਕੜੀ ਰਕਮ ਮਿਲਣੀ ਚਾਹੀਦੀ ਹੈ, ਮਹਾਰਾਜੇ ਨੇ ੫ ਬਰਤਨ ਮੰਗਾਏ, ਇੱਕ ਵਿੱਚ ੫ ਦੂਜੇ ਵਿਚ ੫੦ ਤੀਜੇ ਵਿਚ ੫੦੦ ਚੌਥੇ ਵਿਚ ੫੦੦੦ ਤੇ ਪੰਜਵੇਂ ਵਿੱਚ ੫੦੦੦੦ ਰੁਪਯੇ ਰੱਖ ਕੇ ਓਹਨਾਂ ਦੇ ਮੂੰਹ ਬੰਦ ਕਰਾ ਕੇ ਰੱਖ ਦਿੱਤੇ ਤੇ ਓਸ ਬ੍ਰਾਹਮਣ ਨੂੰ ਇੱਕ ਇੱਕ ਬਰਤਨ ਉਠਾ ਲੈਣ ਦਾ ਹੁਕਮ ਦਿੱਤਾ। ਜਦ ਓਸ ਬ੍ਰਾਹਮਣ ਨੇ ਇੱਕ ਬਰਤਨ ਚੁੱਕ ਲਿਆ ਤੇ ਖੋਹਲਿਆ ਤਦ ਓਸ ਵਿੱਚੋਂ ੫ ਰੁਪਯੇ ਹੀ ਨਿੱਕਲੇ ਤਦ ਪੰਡਤ ਨੂੰ ਭਾਗਾਂ ਤੇ ਸ਼ਾਕਰ ਰਹਿਣ ਦਾ ਉਪਦੇਸ਼ ਦਿੱਤਾ।
ਟਿਲੇ ਬਾਲ ਗਦਾਈ ਦੇ ਮਹੰਤ ਪਰੇਮ ਨਾਥ ਨੇ ਆ ਕੇ ਇੱਕ ਪਿੰਡ ਦੀ ਮਾਫ਼ੀ ਚਾਹੀ, ਮਹਾਰਾਜਾ ਨੇ ਜਿਸ ਪਿੰਡ ਦੀ ਮਾਫ਼ੀ ਦੇਣੀ ਚਾਹੀ, ਜੋਗੀ ਨੇ ਓਸ ਦੇ ਲੈਣ ਤੋਂ ਇਨਕਾਰ ਕੀਤਾ ਤੇ ਇੱਕ ਹੋਰ ਪਿੰਡ ਦੀ ਮਾਫ਼ੀ ਮੰਗੀ। ਪੰਜ ਦਫੇ ਚਿੱਠੀਆਂ ਪਾਈਆਂ ਗਈਆਂ ਤਾਂ ਪੰਜ ਵੇਰ ਓਸੇ ਪਿੰਡ ਦਾ ਨਾਮ ਨਿੱਕਲਿਆ, ਜਿਸ ਦੀ ਮਾਫ਼ੀ ਮਹਾਰਾਜਾ ਦੇਣਾ ਚਾਹੁੰਦੇ ਸੀ।
ਇਸੇ ਤਰ੍ਹਾਂ ਦੀਆਂ ਹੋਰ ਅਨੇਕਾਂ ਘਟਨਾਵਾਂ ਦੱਸੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਓਸ ਦੇ ਬਚਨ ਸਿੱਧ ਹੋਣ ਦਾ ਪਤਾ ਲੱਗਦਾ ਹੈ।
ਆਪਣੀ ਡੇਉਢੀ ਤੇ ਹਰ ਵਕਤ ਦੋ ਮੁਨਸ਼ੀ ਬਹਾ ਰੱਖਦਾ ਸੀ। ਜਿਸ ਵੇਲੇ ਕੋਈ ਗੱਲ ਚੇਤੇ ਆਈ ਭਾਵੇਂ ਅੱਧੀ ਰਾਤ ਹੋਵੇ ਮੁਨਸ਼ਿਆਂ ਨੂੰ ਬੁਲਾ ਕੇ ਲਿਖਵਾ ਦੇਂਦਾ। ਹਰ ਇੱਕ ਪਿੰਡ ਦੇ ਨੰਬਰਦਾਰ ਤੇ ਅਹਿਲਕਾਰ ਨੂੰ ਜਾਣਦਾ ਸੀ। ਸਵੇਰੇ ਤਿੰਨ ਵਜੇ ਉਠਦਾ ਤੇ ਓਸ ਵੇਲੇ ਖੁਫੀਆ ਖਬਰਾਂ ਦੇਣ ਵਾਲੇ ਮਹਿਕਮੇ ਦੇ ਮੁਨਸ਼ੀ ਅੱਡ ਅੱਡ ਪੇਸ਼ ਹੋਂਦੇ। ਓਹਨਾਂ ਤੋਂ ਅੱਡ ਅੱਡ ਹੋ ਕੇ ਅਹਿਲਕਾਰਾਂ, ਜਾਗੀਰਦਾਰਾਂ ਤੇ ਸਰਦਾਰਾਂ ਦੀ ਰੀਪੋਰਟ ਸੁਣਦਾ ਤੇ ਦਾਤਨ ਕਰਦਾ ਰਹਿੰਦਾ। ਇੱਕ ਮਹਿਕਮੇ ਦੇ ਮੁਨਸ਼ੀ ਦੀ ਖ਼ਬਰ ਦੂਜੇ ਨੂੰ ਨਾ ਹੋਣ ਦੇਂਦਾ। ਫਿਰ ਅਸ਼ਨਾਨ ਕਰ ਕੇ ਦਸਤਾਰ ਬੰਨ੍ਹਦਾ ਤੇ ਕਪੜੇ ਪਾਂਦਾ। ਹਰ ਰੋਜ਼ ਅੱਧਾ ਘੰਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ। ੧੧ ਦਾ
ਪ੍ਰਸ਼ਾਦ ਤੇ ੨੫ ਭੇਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਕੇ ਫਿਰ ਘੋੜੇ ਤੇ ਸਵਾਰ ਹੋ ਸੈਰ ਕਰਨ ਲਈ ਚਲਾ ਜਾਂਦਾ। ਇੱਥੋਂ ਮੁੜ ਕੇ ਦਰਬਾਰ ਵਿਚ ਆਉਂਦਾ। ਪਹਿਲਾ ਜ਼ਰੂਰੀ ਡਾਕ ਸੁਣਦਾ। ਫਿਰ ਮਹਿਮਾਨਾਂ ਦੀ ਮੁਲਾਕਾਤ ਕਰਦਾ। ਫਿਰ ਦਾਤਣ ਕਰਨ ਵੇਲੇ ਮੁਨਸ਼ੀ ਜਿਸ- ਜਿਸ ਮਹਿਕਮੇ ਦੀ ਗੱਲ ਆ ਕੇ ਸੁਣਾ ਗਏ ਸੀ, ਓਸ ਵੇਲੇ ਓਹਨਾਂ ਦੇ ਮਾਮਲੇ ਦੀ ਜਾਂਚ ਕਰ ਕੇ ਇਨਾਮ ਜਾਂ ਸਜ਼ਾ ਜੋ ਦੇਣੀ ਹੁੰਦੀ ਦੇ ਦੇਂਦਾ। ਦੋ ਦੋ ਤਿੰਨ ਤਿੰਨ ਲੱਖ ਰੁਪਯਾ ਜੁਰਮਾਨੇ ਦਾ ਹਰ ਰੋਜ਼ ਲੈ ਕੇ ਉਠਦਾ। ਓਹ ਆਪਣੇ ਵੱਡੇ ਸਰਦਾਰਾਂ ਤੇ ਜਾਗੀਰਦਾਰਾਂ ਪਾਸੋਂ ਆਪਣੀ ਸਰਦਿਆਈ, ਰੋਟੀ ਤੇ ਕੱਪੜੇ ਦਾ ਖ਼ਰਚ ਲੈਂਦਾ ਸੀ।
ਹਰ ਇੱਕ ਆਦਮੀ ਦੇ ਚੇਹਰੇ ਨੂੰ ਵੇਖ ਓਹਦੀ ਸਿਆਣਪ, ਈਮਾਨਦਾਰੀ ਤੇ ਸੁਭਾਵ ਦੀਆਂ ਕਈ ਗੱਲਾਂ ਮਲੂਮ ਕਰ ਲੈਂਦਾ ਸੀ। ਗੱਲਾਂ ਕਰਨ ਦਾ ਓਹਨੂੰ ਅਜੇਹਾ ਢੰਗ ਯਾਦ ਸੀ ਕਿ ਗੱਲਾਂ ਸੁਣਨ ਵਾਲਾ ਮੋਹਤ ਹੋ ਜਾਂਦਾ। ਜਿਸ ਤੋਂ ਹਰ ਇੱਕ ਦੇ ਦਿਲ ਦੀ ਗੱਲ ਮਲੂਮ ਹੋ ਜਾਂਦੀ। ਮਹਾਰਾਜਾ ਸਾਹਿਬ ਬਹਾਦਰ, ਸੱਚੇ ਵਫ਼ਾਦਾਰ ਤੇ ਅਨਾਥਾਂ ਦੀ ਪਾਲਣਾ ਕਰਨ ਵਾਲਾ ਸੀ। ਜਿਸ ਤੋਂ ਕੋਈ ਕਸੂਰ ਹੋਇਆ ਹੋਵੇ ਜੇ ਕਦੀ ਉਹ ਸਾਹਮਣੇ ਆ ਕੇ ਸੱਚ ਕਹਿ ਦੇਵੇ, ਤਦ ਓਸ ਤੇ ਖ਼ਿਮਾ ਕਰ ਦੇਂਦੇ ਸਨ। ਇਸ ਨੂੰ ਤਜ਼ਰਬੇ ਤੇ ਸਿਆਣਪ ਨਾਲ ਗੱਲਾਂ ਕਰਨ ਦਾ ਅਜਿਹਾ ਢੰਗ ਆ ਗਿਆ ਸੀ ਕਿ ਜਦ ਕਿਸੇ ਨਾਲ ਗੱਲਬਾਤ ਕਰਦਾ, ਤਦ ਬੜੀਆਂ ਖੁਲ੍ਹੀਆਂ ਗੱਲਾਂ ਹੁੰਦੀਆਂ, ਐਸੇ ਢੰਗ ਵਰਤਦਾ ਕਿ ਦੂਜੇ ਦੇ ਦਿਲ ਵਿੱਚ ਜੋ ਕੁਝ ਹੋਵੇ, ਉਹ ਆਖ ਦੇਂਦਾ।
ਲੜਾਈ ਵਿੱਚ ਬੜਾ ਚਤੁਰ ਤੇ ਰਣ ਦਾ ਅਜਿਹਾ ਪੰਡਤ ਸੀ ਕਿ ਮੈਦਾਨ ਜੰਗ ਵਿੱਚ ਬਹੁਤ ਥੋੜ੍ਹੇ ਆਦਮੀਆਂ ਦਾ ਖੂਨ ਹੋ ਕੇ ਵੱਧ ਤੋਂ ਵੱਧ ਲਾਭ ਉਠਾਣ ਦੇ ਸਦਾ ਹੀ ਤਰੀਕੇ ਵਰਤਦਾ ਰਿਹਾ। ਬੜਾ ਸਾਦਾ ਸੀ ਤੇ ਆਪਣੇ ਦਰਬਾਰੀਆਂ ਨੂੰ ਵੀ ਸਦਾ ਇਸ ਗੱਲ ਦੀ ਤਾਕੀਦ ਕਰਦਾ ਕਿ ਹੀਰੇ ਜਵਾਹਰਾਤ ਆਦਿਕ ਪਹਿਨਣੇ ਤੀਵੀਆਂ ਦਾ ਕੰਮ ਹੈ। ਮਰਦ ਸ਼ਸਤ੍ਰਾਂ ਨਾਲ ਸੋਭਦੇ ਹਨ। ਫੌਜ ਦੀ ਸਿਖਾਈ ਦੀ ਲੜਾਈ ਆਪ ਵੇਖਦਾ ਤੇ ਜਵਾਨਾਂ ਦੇ ਹੌਂਸਲੇ ਵਧਾਂਦਾ। ਵਾਹਿਗੁਰੂ ਦੀ ਭਗਤੀ ਕਰਨ ਵਾਲਿਆਂ ਦੀ ਬੜੀ ਸਹਾਇਤਾ ਕਰਦਾ। ਆਪਣੇ ਦਿਲ ਦੀ ਗੱਲ ਕਦੇ ਕਿਸੇ ਨੂੰ ਨਾ ਦੱਸਦਾ। ਜੇ ਕੁਝ ਕਰਨਾ ਹੁੰਦਾ ਸਲਾਹਕਾਰਾਂ ਦੀ ਰਾਏ ਲੈ ਲੈਂਦਾ, ਪਰ ਕਰਦਾ ਓਹ ਜੋ ਆਪਣੇ ਦਿਲ ਲੱਗੇ। ਅਯੋਗ ਖ਼ਰਚ ਨਾ ਕਰਦਾ ਤੇ ਖ਼ਰਚ ਕਰਨ ਦੀ ਜਗ੍ਹਾ ਲੱਖਾਂ ਖ਼ਰਚ ਕਰਦਾ ਨਾ ਸੰਗਦਾ। ਧਰਮ ਅਸਥਾਨਾਂ ਤੇ ਬਹੁਤ ਦਾਨ ਦੇਂਦਾ, ਹਿੰਦੂ ਮੰਦਰਾਂ ਤੇ ਮੁਸਲਮਾਨਾਂ ਦੀਆਂ ਮਸਜਦਾਂ ਨੂੰ ਇਸ ਨੇ ਜਾਗੀਰਾਂ ਦਿੱਤੀਆਂ। ਹੱਥ ਦਾ ਬੜਾ ਸਖੀ ਸੀ, ਅਕਲ ਦਾ ਪੁਤਲਾ ਤੇ ਆਪਣੇ ਢੰਗ ਦਾ ਨਿਰਾਲਾ ਆਦਮੀ ਸੀ। ਆਪਣੀ ਅਕਲ ਤੇ ਬਾਹੂਬਲ ਨਾਲ ਇੱਕ ਅਜਿਹੀ ਸਲਤਨਤ ਕਾਇਮ ਕਰ ਲਈ ਕਿ ਜਿਸ ਤੋਂ ਇੰਗਲੈਂਡ, ਫਰਾਂਸ ਤੇ ਰੂਸ ਆਦਿਕ ਸਲਤਨਤਾਂ ਕੰਬਦੀਆਂ ਸਨ।
ਮਹਾਰਾਜਾ ਸਾਹਿਬ ਦੇ ਇਹ ਲੜਕੇ ਸਨ: ਸ. ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਮੁਲਤਾਨਾ ਸਿੰਘ, ਕਸ਼ਮੀਰਾ ਸਿੰਘ, ਪਸ਼ੌਰਾ ਸਿੰਘ, ਦਲੀਪ ਸਿੰਘ। ਇਨ੍ਹਾਂ ਵਿੱਚ ਸਭ ਤੋਂ ਵੱਡਾ ਜੋ ਮਹਾਰਾਜਾ ਸਾਹਿਬ ਤੋਂ ਪਿੱਛੋਂ ਤਖ਼ਤ ਤੇ ਬੈਠਾ ਸ਼ਾਹਜ਼ਾਦਾ ਖੜਕ ਸਿੰਘ ਸੀ ਤੇ ਸ਼ਾਹਜ਼ਾਦਾ ਦਲੀਪ ਸਿੰਘ ਸਭ ਤੋਂ ਛੋਟਾ ਸੀ, ਇਹ ਅਭਾਗਾ ਪੰਜਾਬ ਦਾ ਅੰਤਮ ਸਿੱਖ ਬਾਦਸ਼ਾਹ ਸੀ।
ਮਹਾਰਾਜਾ ਖੜਕ ਸਿੰਘ
੧. ਮਹਾਰਾਜਾ ਖੜਕ ਸਿੰਘ ਦਾ ਤਖ਼ਤ ਤੇ ਬੈਠਣਾ
ਮਹਾਰਾਜਾ ਰਣਜੀਤ ਸਿੰਘ ਦੇ ਚਲਾਣਾ ਕਰ ਜਾਣ ਮਗਰੋਂ ਸ਼ਾਹਜ਼ਾਦਾ ਖੜਕ ਸਿੰਘ ਤਖ਼ਤ ਤੇ ਬੈਠਾ ਤੇ ਰਾਜਾ ਧਿਆਨ ਸਿੰਘ ਵਜ਼ੀਰ ਹੋਇਆ। ਕਿੰਤੂ 'ਮਨੁੱਖ ਦੀ ਮਾਇਆ ਤੇ ਬ੍ਰਿਖ ਦੀ ਛਾਇਆ ਨਾਲ ਹੀ ਹੁੰਦੀ ਹੈ' ਵਾਲੀ ਗੱਲ ਹੋਈ। ਲਾਹੌਰ ਦਰਬਾਰ ਨੇ ਜੋ ਤਰੱਕੀ ਤੇ ਉੱਨਤੀ ਸ਼ੇਰੇ ਪੰਜਾਬ ਦੇ ਵੇਲੇ ਕੀਤੀ ਸੀ, ਓਹ ਮਹਾਰਾਜਾ ਸਾਹਿਬ ਦੇ ਨਾਲ ਹੀ ਗਈ। ਓਹ ਹਾਨੀਕਾਰਕ ਸ਼ਕਤੀਆਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿਰ ਲੁਕਾਈ ਬੈਠੀਆਂ ਸਨ, ਓਹ ਪ੍ਰਗਟ ਹੋ ਗਈਆਂ ਤੇ ਓਨ੍ਹਾਂ ਸਲਤਨਤ ਵਿੱਚ ਓਹ ਆਪਾ ਧਾਪ ਮਚਾਈ ਤੇ ਪ੍ਰੀਵਰਤਨ ਕੀਤੇ ਕਿ ਸ਼ੇਰੇ ਪੰਜਾਬ ਦੀ ਮੇਹਨਤ, ਜਾਣ ਹੂਲਣੇ ਯਤਨਾਂ ਤੇ ਅਨਥੱਕ ਕੋਸ਼ਿਸ਼ਾਂ ਨਾਲ ਕਾਇਮ ਕੀਤੀ ਸਲਤਨਤ ਅਜੇ ਸ਼ੇਰੇ ਪੰਜਾਬ ਨੂੰ ਅੱਖਾਂ ਮੀਟਿਆਂ ਛੀ ਮਹੀਨੇ ਵੀ ਨਹੀਂ ਗੁਜ਼ਰੇ ਸਨ ਕਿ ਅੰਤਲੇ ਸਵਾਸਾਂ ਤੇ ਆ ਗਈ।
ਮਹਾਰਾਜਾ ਦੇ ਚਲਾਣੇ ਕਰਨ ਮਗਰੋਂ ਛੀ ਮਹੀਨੇ ਸ੍ਰ. ਖੜਕ ਸਿੰਘ ਦੇ ਵੇਲੇ ਬੜਾ ਚੰਗੀ ਤਰ੍ਹਾਂ ਕੰਮ ਚਲਿਆ। ਇਸ ਤੋਂ ਪਿੱਛੋਂ ਜ਼ਮਾਨੇ ਨੇ ਰੰਗ ਬਦਲਿਆ, ਹਰ ਇੱਕ ਦੇ ਦਿਲ ਵਿੱਚ ਫਸਾਦ ਤੇ ਝਗੜੇ ਨੇ ਘਰ ਕਰ ਲਿਆ। ਦਰਬਾਰ ਵਿੱਚ ਧੜੇਬੰਦੀ ਅਤੇ ਇੱਕ ਦੂਜੇ ਦੇ ਵਿਰੁੱਧ ਸਾਜ਼ਸ਼ਾਂ ਦਾ ਚੱਕਰ ਚੱਲ ਪਿਆ। ਵਜ਼ੀਰ ਧਿਆਨ ਸਿੰਘ ਨੂੰ ਆਪਣੇ ਕੀਤੇ ਬਚਨ ਤੇ ਉਠਾਈਆਂ ਹੋਈਆਂ ਸਪਥਾਂ ਭੁੱਲ ਗਈਆਂ ਤੇ ਉਸ ਨੇ ਮਹਾਰਾਜੇ ਦੇ ਹਰ ਕੰਮ ਵਿੱਚ ਰੋਕ ਪਾਣੀ ਤੇ ਆਪਣਾ ਆਪ ਜਿਤਾਣਾ ਸ਼ੁਰੂ ਕਰ ਦਿੱਤਾ।
ਮਹਾਰਾਜਾ ਖੜਕ ਸਿੰਘ ਨੇ ਪਾਣੀ ਨੂੰ ਸਿਰ ਤੋਂ ਲੰਘਦਾ ਵੇਖ ਕੇ ਵਜ਼ੀਰ ਧਿਆਨ ਸਿੰਘ ਨੂੰ ਕਿਹਾ ਕਿ ਤੁਸੀਂ ਹੁਣ ਅੰਦਰ ਮਹਲਾਂ ਵਿੱਚ ਨਾ ਜਾਣਾ। ਇਸ ਤੇ ਤੁਹਾਡੇ ਅਖਤਿਆਰਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਕਰਨ ਦਾ ਖ਼ਿਆਲ ਨਹੀਂ, ਕਿੰਤੂ ਇਹ ਗੱਲ ਸ਼ੋਭਾ ਨਹੀਂ ਦੇਂਦੀ। ਬਾਕੀ ਕੰਮ ਕਾਜ ਜਿਸ ਤਰ੍ਹਾਂ ਅੱਗੇ ਕਰਦੇ ਹੋ ਕਰੀ ਚਲੋ। ਧਿਆਨ ਸਿੰਘ ਆਪਣੀ ਪ੍ਰਕ੍ਰਿਤੀ ਦਾ ਇੱਕ ਮਨੁੱਖ ਸੀ। ਮਹਾਰਾਜਾ ਰਣਜੀਤ ਸਿੰਘ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਇਹ ਹੀ ਕਾਰਨ ਹੈ ਕਿ ਉਹਨਾਂ ਅੰਤਲੇ ਸਮੇਂ ਮਹਾਰਾਜਾ ਖੜਕ ਸਿੰਘ ਦੀ ਬਾਂਹ ਓਹਦੇ ਹੱਥ ਫੜਾਈ, ਕਿੰਤੂ ਧਿਆਨ ਸਿੰਘ ਇਨ੍ਹਾਂ ਗੱਲਾਂ ਨੂੰ ਕੀ ਸਮਝਦਾ ਸੀ? ਹਰ ਗੱਲ ਵਿੱਚ ਮਹਾਰਾਜਾ ਖੜਕ ਸਿੰਘ ਦੀ ਵਿਰੋਧਤਾ ਕਰਨ ਲੱਗਾ।
ਦਰਬਾਰ ਵਿੱਚ ਇੱਕ ਸਰਦਾਰ ਚੇਤ ਸਿੰਘ ਸੀ, ਇਸ ਦਾ ਮਹਾਰਾਜਾ ਖੜਕ ਸਿੰਘ ਦੇ ਨਾਲ ਸਲੂਕ ਵਧਣ ਲੱਗ ਪਿਆ। ਐਥੋਂ ਤੱਕ ਕਿ ਮਹਾਰਾਜਾ ਨੇ ਓਹਨੂੰ ਆਪਣਾ ਵੱਡਾ ਸਲਾਹਕਾਰ ਬਣਾਇਆ। ਇਹ ਗੱਲ ਧਿਆਨ ਸਿੰਘ ਲਈ ਅਸਹਿ ਸੀ, ਇਸ ਵਾਸਤੇ ਉਸ ਨੇ ਇੱਕ ਨਵੀਂ ਚਾਲ ਚਲੀ। ਓਹ ਚਾਲ ਇਹ ਸੀ ਕਿ ਮਹਾਰਾਜਾ ਖੜਕ ਸਿੰਘ ਦਾ ਲੜਕਾ ਕੰਵਰ ਨੌਨਿਹਾਲ ਉਹਨੀ ਦਿਨੀਂ ਪਿਸ਼ਾਵਰ ਸੀ। ਕੰਵਰ ਬੜਾ ਹੀ ਹੋਣਹਾਰ, ਸਿਆਣਾ ਦੂਰਦਰਸ਼ੀ ਤੇ ਗੱਲ ਸਮਝਣ ਵਾਲਾ ਸੀ। ਉਹ ਸਾਰੇ ਗੁਣ ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਵੇਖੇ ਜਾਂਦੇ ਸਨ, ਇਹਦੇ ਵਿੱਚ ਮੌਜੂਦ ਸਨ। ਇਹ ਹੀ ਕਾਰਨ ਹੈ ਕਿ ਸ਼ੇਰੇ ਪੰਜਾਬ ਆਪਣੀ ਜ਼ਿੰਦਗੀ ਵਿੱਚ ਇਸ ਦੇ ਨਾਲ ਬੜਾ ਪਿਆਰ ਕਰਦਾ ਸੀ। ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਤੇ ਆਪਣੇ ਜਾਲ ਦੇ ਡੋਰੇ ਪਾਣੇ ਸ਼ੁਰੂ ਕੀਤੇ ਤੇ ਆਪਣੀ ਇਸ ਚਾਲ ਨਾਲ ਆਪਣੇ ਭਰਾ ਰਾਜਾ ਗੁਲਾਬ ਸਿੰਘ ਨੂੰ ਸ਼ਾਮਲ ਕਰ ਲਿਆ। ਕੰਵਲ ਨੌਨਿਹਾਲ ਸਿੰਘ ਤੇ ਓਹਦੀ ਮਾਤਾ ਨੂੰ ਕੁਝ ਅਜਿਹੀ ਪੱਟੀ ਪੜ੍ਹਾਈ ਕਿ ਦੋਹਾਂ ਨੂੰ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਮਹਾਰਾਣੀ ਇਹ ਗੱਲ ਮੰਨ ਗਈ ਕਿ ਮੇਰੇ ਪਤੀ ਨੂੰ ਤਖ਼ਤੋਂ ਉਤਾਰ ਦੇਵੋ ਤੇ ਓਸ ਦੀ ਜਗ੍ਹਾ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਦਿੱਤਾ ਜਾਵੇ।
ਦੂਜੇ ਪਾਸੇ ਧਿਆਨ ਸਿੰਘ ਨੇ ਫੌਜ ਤੇ ਸ਼ਹਿਰ ਵਿੱਚ ਇਹ ਨਿਰਮੂਲ ਗੱਲ ਉਡਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਨੇ ਸਰਦਾਰ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਦੀ ਆਮਦਨੀ ਵਿੱਚੋਂ ਛੀ ਆਨੇ ਅੰਗ੍ਰੇਜ਼ਾਂ ਨੂੰ ਦੇਣੇ ਕਰ ਲਏ ਹਨ। ਅੱਵਲ ਤਾਂ ਇਸੇ ਸਾਲ: ਨਹੀਂ ਤਾਂ ਅਗਲੇ ਸਾਲ ਇਨ੍ਹਾਂ ਨੂੰ ਤਖ਼ਤ ਤੋਂ ਅੱਡ ਕਰ ਦਿੱਤਾ ਜਾਵੇਗਾ। ਇਹ ਗੱਲ ਹਰ ਗਲੀ ਤੇ ਕੂਚੇ ਵਿੱਚ ਫੈਲ ਗਈ। ਘਰ ਘਰ ਇਸ ਗੱਲ ਦੀ ਚਰਚਾ ਹੋਣ ਲੱਗੀ। ਇਸ ਗੱਲ ਨੂੰ ਸੁਣਦੇ ਹੀ ਖਾਲਸਾ ਫੌਜ ਤੇ ਸਰਦਾਰ ਸੋਚਾਂ ਵਿੱਚ ਪੈ ਗਏ। ਧਿਆਨ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਕਈ ਬਨਾਵਟੀ ਖਤ ਜਿਨ੍ਹਾਂ ਤੇ ਮਹਾਰਾਜਾ ਖੜਕ ਸਿੰਘ ਦੀ ਮੋਹਰ ਲਈ ਹੋਈ ਸੀ, ਜੁਮੇਵਾਰ ਤੇ ਮੁਖੀਏ ਸਰਦਾਰਾਂ ਨੂੰ ਵਿਖਾਏ।
੨. ਚੇਤ ਸਿੰਘ ਦਾ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਤਖ਼ਤ ਤੋਂ ਅਲੈਹਦਗੀ
ਜਦ ਧਿਆਨ ਸਿੰਘ ਨੇ ਵੇਖਿਆ ਕਿ ਓਹਦਾ ਜਾਦੂ ਚੱਲ ਗਿਆ ਹੈ, ਤਦ ਇੱਕ ਦਿਨ ਸਵੇਰ ਵੇਲੇ ਜਦ ਕਿ ਅਜੇ ਦੋ ਘੰਟੇ ਰਾਤ ਬਾਕੀ ਸੀ, ਕੰਵਰ ਨੌਨਿਹਾਲ ਸਿੰਘ ਤੇ ਆਪਣੇ ਭਾਈ ਰਾਜਾ ਗੁਲਾਬ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵਿੱਚ ਜਾ ਵੜਿਆ ਤੇ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਇਹ ਗੱਲ ਕੋਈ ਅਸੰਭਵ ਨਹੀਂ ਸੀ ਜੋ ਧਿਆਨ ਸਿੰਘ ਕਸਾਈ ਚੇਤ ਸਿੰਘ ਦੇ ਨਾਲ ਮਹਾਰਾਜਾ ਖੜਕ ਸਿੰਘ ਦਾ ਕੰਮ ਵੀ ਕਰ ਦੇਂਦਾ। ਕਿੰਤੂ ਕੰਵਰ ਨੌਨਿਹਾਲ ਸਿੰਘ ਤੇ ਰਾਣੀ ਚੰਦ ਕੌਰ ਦੇ ਜ਼ੋਰ ਦੇਣ ਤੇ ਓਸ ਨੇ ਇਹ ਕੰਮ ਨਾ ਕੀਤਾ।
ਮਹਾਰਾਜਾ ਖੜਕ ਸਿੰਘ ਇੱਕ ਸੁਧੇ ਸੁਭਾ ਤੇ ਵਾਹਿਗੁਰੂ ਦਾ ਭਗਤ ਸੀ। ਇਨ੍ਹਾਂ ਹਤ੍ਯਾਰਿਆਂ ਦੀ ਇਸ ਕਾਰਵਾਈ ਤੋਂ ਗੁੱਸੇ ਹੋ ਕੇ ਓਹ ਆਪ ਤਖ਼ਤ ਤੋਂ ਅੱਡ ਹੋ ਗਏ ਤੇ ਲੁਹਾਰੀ ਦਰਵਾਜ਼ੇ ਦੀ ਸ਼ਾਹੀ ਹਵੇਲੀ ਵਿੱਚ ਜਾ ਰਹੇ, ਜਿੱਥੋਂ ਵਜ਼ੀਰ ਨੇ ਓਹਨਾਂ ਨੂੰ ਮਰਨ ਪਿੱਛੋਂ ਹੀ ਬਾਹਰ ਨਿੱਕਲਣ ਦਿੱਤਾ।
੩. ਮਹਾਰਾਜਾ ਖੜਕ ਸਿੰਘ ਦਾ ਚਲਾਣਾ
ਮਹਾਰਾਜਾ ਖੜਕ ਸਿੰਘ ਇੱਕ ਸਾਲ ਬੀਮਾਰ ਰਹਿ ਕੇ ੫ ਨਵੰਬਰ ੧੮੪੦ ਸੰਮਤ ੧੮੯੭ ਬਿਕ੍ਰਮੀ ਨੂੰ ੩੮ ਵਰਿਹਾਂ ਦੀ ਆਯੂ ਵਿੱਚ ਇਸ ਦੁਨੀਆਂ ਤੋਂ ਕੂਚ ਕਰ ਗਏ।
ਕਈ ਲੇਖਕਾਂ ਦਾ ਇਹ ਵੀ ਖ਼ਿਆਲ ਹੈ ਕਿ ਰਾਜਾ ਧਿਆਨ ਸਿੰਘ ਨੇ ਹਕੀਮ ਨਾਲ ਮਿਲ ਕੇ ਜਾਣ ਬੁਝ ਕੇ ਇਨ੍ਹਾਂ ਦਾ ਕੰਮ ਤਮਾਮ ਕਰ ਦਿੱਤਾ। ਜੇ ਇਹ ਸੱਚ ਹੋਵੇ ਤਦ ਕੋਈ ਵੱਡੀ ਗੱਲ ਨਹੀਂ, ਕਿਉਂਕਿ ਧਿਆਨ ਸਿੰਘ ਜੇਹੀ ਪ੍ਰਕ੍ਰਿਤੀ ਦੇ ਮਨੁੱਖ ਤੋਂ ਹੋਣਾ ਕੁਝ ਵੀ ਅਸੰਭਵ ਨਹੀਂ ਸੀ।
੪. ਕੰਵਰ ਨੌਨਿਹਾਲ ਸਿੰਘ
ਕੰਵਰ ਨੌਨਿਹਾਲ ਸਿੰਘ ੧੮ ਸਾਲ ਦੀ ਆਯੂ ਵਿੱਚ ਤਖ਼ਤ ਤੇ ਬੈਠਾ। ਇਹ ਇੱਕ ਅਜੇਹਾ ਹੋਣਹਾਰ, ਸਮਝਦਾਰ, ਪ੍ਰਾਕਰਮੀ ਤੇ ਦੂਰਦਰਸ਼ੀ ਸੀ ਕਿ ਇਸ ਦੇ ਸਮੇਂ ਨੇ ਥੋੜ੍ਹੇ ਹੀ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਯਾਦ ਕਰਾ ਦਿੱਤਾ। ਕੁਝ ਚਿਰ ਤੋਂ ਜੋ ਨਿਰਾਸ਼ਤਾ ਤੇ ਨਾ ਉਮੈਦੀ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ, ਓਹ ਦੂਰ ਹੋਣ ਲੱਗੇ ਤੇ ਲੋਕਾਂ ਨੂੰ ਫਿਰ ਖਾਲਸਾ ਸਲਤਨਤ ਦੀ ਬ੍ਰਿਧੀ ਦੇ ਚਿੰਨ੍ਹ ਵਿਖਾਈ ਦੇਣ ਲੱਗ ਪਏ ਤੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਹੁਣ ਪੰਜਾਬ ਦਾ ਰਾਜ ਵਿਗੜਨ ਨਹੀਂ ਲੱਗਾ। ਇਸ ਦੇ ਸਮੇਂ ਵਿੱਚ ਮੰਡੀ ਰਿਆਸਤ ਤੇ ਹਮਲਾ ਹੋ ਕਮਲਾਗੜ੍ਹ ਦਾ ਕਿਲ੍ਹਾ ਫਤਹ ਹੋਇਆ। ਇਸ ਨੇ ਇੱਕ ਸਾਲ ਵਿੱਚ ਹੋਰ ਕਈ ਅਜਿਹੇ ਚੰਗੇ ਚੰਗੇ ਕੰਮ ਕੀਤੇ, ਜਿਸ ਤੋਂ ਸਾਰਿਆਂ ਦੇ ਦਿਲਾਂ ਵਿੱਚੋਂ ਉਦਾਸੀ ਉੱਠ ਗਈ। ਕਿੰਤੂ ਵਾਹਿਗੁਰੂ ਨੂੰ ਇਸ ਦਾ ਜੀਉਣਾ ਬਹੁਤ ਦਿਨ ਰੱਖਣਾ ਮਨਜ਼ੂਰ ਨਹੀਂ ਸੀ। ਜੋ ਜਿਸ ਵੇਲੇ ਆਪਣੇ ਪਿਤਾ ਸਰਦਾਰ ਖੜਕ ਸਿੰਘ ਦਾ ਦਾਹ ਕਰਮ ਕਰ ਕੇ ਮੁੜਿਆ ਤੇ ਰਾਜਾ ਗੁਲਾਬ ਸਿੰਘ ਦੇ ਲੜਕੇ ਊਧਮ ਸਿੰਘ ਨਾਲ ਹੱਥ ਵਿੱਚ ਹੱਥ ਮਿਲਾਈ ਕਿਲ੍ਹੇ ਦੇ ਦਰਵਾਜ਼ੇ ਹੇਠ ਆਇਆ, ਤਦ ਉੱਪਰੋਂ ਦੋ ਵੱਡੀਆਂ ਵੱਡੀਆਂ ਸਿਲਾਂ ਅਚਣਚੇਤ ਆ ਪਈਆਂ, ਜਿਨ੍ਹਾਂ ਨਾਲ ਊਧਮ ਸਿੰਘ ਤਾਂ ਉਸੇ ਵੇਲੇ ਚਲਾਣਾ ਕਰ ਗਿਆ ਤੇ ਕੰਵਰ ਸਖ਼ਤ ਫੱਟੜ ਹੋਇਆ। ਇਸ ਨੂੰ ਪਾਲਕੀ ਵਿੱਚ ਪਾ ਕੇ ਕਿਲ੍ਹੇ ਦੇ ਅੰਦਰ ਲੈ ਗਏ।
੫. ਕੰਵਰ ਦਾ ਚਲਾਣਾ
ਕੰਵਰ ਜੀ ਨੂੰ ਚੋਟ ਅਜੇਹੀ ਸਖ਼ਤ ਲੱਗੀ ਸੀ ਕਿ ਇਹ ਵੀ ਚਲਾਣਾ ਕਰ ਗਏ। ਰਾਜਾ ਧਿਆਨ ਸਿੰਘ ਨੇ ਕਿਸੇ ਨੂੰ ਕੰਵਰ ਦੀ ਲਾਸ਼ ਪਾਸ ਨਾ ਜਾਣ ਦਿੱਤਾ ਤੇ ਤਿੰਨ ਦਿਨ ਤੱਕ ਜਦ ਤੱਕ ਕਿ ਉਸ ਨੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਵਟਾਲੇ ਤੋਂ ਲਾਹੌਰ ਨਹੀਂ ਸੱਦ ਲਿਆ, ਕਿਸੇ ਨੂੰ ਇਸ ਗੱਲ ਦੀ ਖ਼ਬਰ ਨਹੀਂ ਹੋਣ ਦਿੱਤੀ। ਇਸ ਤਰ੍ਹਾਂ ਪੱਥਰ ਦੇ ਗਿਰਨੇ ਨੂੰ ਵੀ ਲੋਕੀ ਧਿਆਨ ਸਿੰਘ ਦੀ ਚਲਾਕੀ ਸਮਝਦੇ ਸਨ, ਕਿਉਂਕਿ ਇਸ ਨੇ ਕੰਵਰ ਨੌਨਿਹਾਲ ਸਿੰਘ ਨੂੰ ਰਾਜਾ ਬਣਾਇਆ ਸੀ ! ਕਿੰਤੂ ਜਦ ਕੰਵਰ ਨੇ ਰਾਜ ਕਾਜ ਦਾ ਸਾਰਾ ਕੰਮ ਆਪਣੇ ਹੱਥ ਲੈਣਾ ਚਾਹਿਆ, ਤਦ ਧਿਆਨ ਸਿੰਘ ਭੜਕ ਉੱਠਿਆ ਤੇ ਰਾਜ ਕਾਜ ਦਾ ਕੰਵਰ ਦੇ ਹੱਥ ਵਿੱਚ ਜਾਣਾ ਪਸੰਦ ਨਾ ਕਰ ਕੇ ਇਹ ਕੁਚਾਲ ਚਲੀ।
ਕੰਵਰ ਧਿਆਨ ਸਿੰਘ ਦੀ ਆਦਤ ਦਾ ਜਾਣੂ ਹੋ ਗਿਆ ਸੀ। ਉਸ ਨੇ ਇਸ ਵਧਦੇ ਜਾ ਰਹੇ ਹੌਸਲੇ ਤੇ ਆਪਾਧਾਪੀ ਨੂੰ ਪਸੰਦ ਨਾ ਕਰ ਕੇ ਕਸ਼ਮੀਰ ਦੇ ਪਹਾੜ ਵਿੱਚ ਕੁਝ ਫੌਜ ਇਕੱਠੀ ਵੀ ਕੀਤੀ। ਕਿੰਤੂ ਇਸ ਤੋਂ ਪਹਿਲਾਂ ਕਿ ਕੰਵਰ ਧਿਆਨ ਸਿੰਘ ਦੀ ਤਾਕਤ ਨੂੰ ਤੋੜਦਾ, ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੀ ਜਾਨ ਲੈ ਲਈ।
ਕਰਨਲ ਬਿਜੈ ਸਿੰਹ ਰਾਜਾ ਗੁਲਾਬ ਸਿੰਘ ਦੇ ਖ਼ਾਸ ਆਦਮੀਆਂ ਵਿੱਚੋਂ ਸੀ। ਜਿਸ ਦਿਨ ਮਹਾਰਾਜਾ ਖੜਕ ਸਿੰਘ ਦਾ ਦਾਹ ਕਰਮ ਹੋਇਆ, ਓਸ ਦਿਨ ਇਸੇ ਆਦਮੀ ਦੀ ਫੌਜ ਦਾ ਪਹਿਰਾ ਸੀ। ਕਿਸੇ ਸਿੱਖ ਫੌਜ ਨੂੰ ਪਹਿਰੇ ਤੇ ਨਹੀਂ ਰੱਖਿਆ ਗਿਆ ਸੀ। ਕਰਨਲ ਬਿਜੈ ਸਿੰਹ ਨੇ ਆਪਣੀ ਜ਼ਬਾਨੀ ਦੱਸਿਆ ਕਿ ਜਦ ਮਹਾਰਾਜਾ ਖੜਕ ਸਿੰਘ ਨੂੰ ਲੈ ਕੇ ਜਾ ਰਹੇ ਸੀ, ਤਦ ਧਿਆਨ ਸਿੰਘ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਕੰਵਰ ਹੁਣ ਸਾਨੂੰ ਓਹਨਾਂ ਅੱਖਾਂ ਨਾਲ ਨਹੀਂ ਵੇਖਦਾ, ਜਿਨ੍ਹਾਂ ਨਾਲ ਪਹਿਲਾਂ ਵੇਖਦਾ ਸੀ। ਇਸ ਕਰ ਕੇ ਜੇ ਕਦੀ ਅੱਜ ਇਸ ਨੂੰ ਵੀ ਇਸ ਦੇ ਪਿਤਾ ਦੇ ਨਾਲ ਹੀ ਭੇਜ ਦਿੱਤਾ ਜਾਏ, ਤਦ ਇਸ ਦੇ ਪਿੱਛੋਂ ਸ਼ਾਹਜ਼ਾਦਾ ਸ਼ੇਰ ਸਿੰਘ ਜਾਂ ਰਾਣੀ ਚੰਦ ਕੌਰ ਨੂੰ ਤਖ਼ਤ ਤੇ ਬਿਠਾ ਕੇ ਮਨ ਮੰਨੀ ਹਕੂਮਤ ਕਰਾਂਗੇ। ਤਾਂ ਤੇ ਅੱਜ ਕੰਵਰ ਕਿਲ੍ਹੇ ਵਿੱਚ ਜੀਉਂਦਾ ਜਾਣਾ ਨਾ ਪਾਵੇ। ਇਹ ਸੋਚ ਕੇ ਦਰਵਾਜ਼ੇ ਦੇ ਉੱਤੇ ਕੁਝ ਡੋਗਰੇ ਚੜ੍ਹਾ ਦਿੱਤੇ, ਜਿਨ੍ਹਾਂ ਪੱਥਰ ਦੀਆਂ ਸਿਲਾਂ ਉਖੇੜ ਕੇ ਸੁੱਟਣ ਲਈ ਤਿਆਰ ਕਰ ਲਈਆਂ। ਜਿਸ ਵੇਲੇ ਕੰਵਰ ਮੁੜ ਕੇ ਆਇਆ, ਉਸ ਵੇਲੇ ਗੁਲਾਬ ਸਿੰਘ ਦਾ ਲੜਕਾ ਊਧਮ ਸਿੰਘ ਓਹਨਾਂ ਦੇ ਨਾਲ ਹੱਥ ਵਿੱਚ ਹੱਥ ਮਲਾਈ ਆ ਰਿਹਾ ਸੀ। ਕਿਸੇ ਨੇ ਰਾਜਾ ਗੁਲਾਬ ਸਿੰਘ ਨੂੰ ਕਿਹਾ ਕਿ ਸੰਭਵ ਹੈ ਕਿ ਕੰਵਰ ਦੇ ਨਾਲ ਆਪ ਦੇ ਲੜਕੇ ਨੂੰ ਵੀ ਚੋਟ ਆਵੇ। ਕਿੰਤੂ ਰਾਜਾ ਗੁਲਾਬ ਸਿੰਘ ਨੇ ਕਿਹਾ ਕਿ ਮੇਰੇ ਤਿੰਨ ਲੜਕੇ ਹਨ, ਜੋ ਊਧਮ ਸਿੰਘ ਮਰ ਗਿਆ ਤਦ ਕੋਈ ਪ੍ਰਵਾਹ ਨਹੀਂ। ਦੋ ਬਾਕੀ ਦੇ ਜੀਉਂਦੇ ਹਨ। ਊਧਮ ਸਿੰਘ ਨੇ ਵੀ ਕੰਵਰ ਤੋਂ ਅੱਡ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਪਿਸ਼ਾਬ ਆਦਿਕ ਦਾ ਬਹਾਨਾ ਕਰ ਕੇ ਵੱਖ ਹੋਣਾ ਚਾਹਿਆ। ਕਿੰਤੂ ਕੰਵਰ ਨੇ ਨਾ ਜਾਣ ਦਿੱਤਾ। ਜਦ ਇਹ ਦਰਵਾਜ਼ੇ ਦੇ ਪਾਸ ਆਏ, ਤਦ ਕਰਨਲ ਬਿਜੈ ਸਿੰਹ ਦੇ ਇਸ਼ਾਰੇ ਤੇ ਉੱਪਰੋਂ ਪੱਥਰ ਸੁਟ ਦਿੱਤੇ, ਜਿਸ ਦੇ ਨਾਲ ਇਹ ਅਕਹਿ ਘਟਨਾ ਹੋਈ। ਪਾਲਕੀ ਜੋ ਪਹਿਲਾਂ ਹੀ ਲਿਆ ਰੱਖੀ ਗਈ ਸੀ। ਝੱਟ ਕੱਢ ਕੇ ਓਸ ਵਿੱਚ ਕੰਵਰ ਨੂੰ ਪਾ ਕੇ ਅੰਦਰ ਲੈ ਗਏ ਤੇ ਜਦ ਤੱਕ ਸ਼ੇਰ ਸਿੰਘ ਨਾ ਆ ਗਿਆ। ਰਾਣੀ ਨੂੰ ਵੀ ਆਪਣੇ ਪੁੱਤ ਪਾਸ ਜਾਣ ਦੀ ਆਗਿਆ ਨਾ ਦਿੱਤੀ ਗਈ। ਇਹ ਗੱਲਾਂ ਕਰਨਲ ਬਿਜੈ ਸਿੰਹ ਨੇ ਓਸ ਵੇਲੇ ਦੱਸੀਆਂ ਜਦ ਕਿ ਓਸ ਨੂੰ ਇਹ ਕਾਰਾ ਕਰਨ ਦੇ ਬਦਲੇ ਦਿੱਤੀ ਜਾਣ ਵਾਲੀ ਜਾਗੀਰ ਨਾ ਮਿਲੀ। ਕੰਵਰ ਨੌਨਿਹਾਲ ਸਿੰਘ ਦੇ ਖੂਨ ਦੀ ਹਤਯਾ ਧਿਆਨ ਸਿੰਘ ਦੇ ਸਿਰ ਤੇ ਲਾਈ ਹੈ। ਕੁਝ ਆਦਮੀਆਂ ਦੀ ਜ਼ਬਾਨੀ ਸੁਣਿਆ ਗਿਆ ਹੈ ਕਿ ਕਲਾਰਕ ਸਾਹਿਬ ਜੋ ਲੁਧਿਆਣੇ ਡਿਪਟੀ ਕਮਿਸ਼ਨਰ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ 'ਫਰਜੰਦੇ ਖ਼ਾਸ' ਦਾ ਖ਼ਿਤਾਬ ਦੇ ਰੱਖਿਆ ਸੀ, ਇੱਕ ਦਿਨ ਜਨਰਲ ਵੰਟੋਰਾ ਦੇ ਸਾਹਮਣੇ ਇਕਾਂਤ ਵਿੱਚ ਮਹਾਰਾਜਾ ਨੂੰ ਕਿਹਾ
ਕਿ ਡੋਗਰੇ ਜੋ ਆਪ ਦੇ ਮੁਖੀਏ ਬਣੇ ਹੋਏ ਹਨ, ਜਦ ਆਪ ਦੇ ਰਾਜ ਨੂੰ ਨੁਕਸਾਨ ਹੋਣਾ ਹੈ, ਇਨ੍ਹਾਂ ਦੇ ਹੱਥੋਂ ਹੀ ਹੋਣਾ ਹੈ। ਸੋ ਇਨ੍ਹਾਂ ਦਾ ਪ੍ਰਬੰਧ ਜ਼ਰੂਰ ਕਰੋ ਤੇ ਇਨ੍ਹਾਂ ਨੂੰ ਬਹੁਤਾ ਸਿਰੇ ਚਾੜ੍ਹਨਾ ਠੀਕ ਨਹੀਂ। ਮਹਾਰਾਜਾ ਨੇ ਇੱਕ ਦਿਨ ਧਿਆਨ ਸਿੰਘ, ਗੁਲਾਬ ਸਿੰਘ, ਚੇਤ ਸਿੰਘ ਤੇ ਹੀਰਾ ਸਿੰਘ ਨੂੰ ਸੱਦ ਕੇ ਕਿਹਾ ਕਿ ਮੈਂ ਇਹ ਚੰਗੀ ਤਰ੍ਹਾਂ ਜਾਣ ਚੁੱਕਾ ਹਾਂ ਕਿ ਮੇਰੇ ਪਿੱਛੇ ਰਾਜ ਪ੍ਰਬੰਧ ਵਿੱਚ ਤੁਹਾਡਾ ਹੀ ਹੱਥ ਬਹੁਤ ਹੋਵੇਗਾ। ਸੋ ਖੜਕ ਸਿੰਘ ਸਾਧੂ ਸੁਭਾਵ ਹੈ, ਉਸ ਦਾ ਬੁਰਾ ਨਾ ਚਿਤਵਨਾ ਤੇ ਨਾ ਹੀ ਓਹਦੀ ਬੇਅਦਬੀ ਕਰਨੀ। ਤਿੰਨਾਂ ਭਰਾਵਾਂ ਨੇ ਤਲਵਾਰਾਂ ਕੱਢ ਕੇ ਮਹਾਰਾਜਾ ਦੇ ਅੱਗੇ ਰੱਖ ਦਿੱਤੀਆਂ ਤੇ ਕਿਹਾ ਕਿ ਸਾਨੂੰ ਜਿਵੇਂ ਹੁਕਮ ਦੇਵੋ। ਅਸੀਂ ਕਰਨ ਨੂੰ ਤਿਆਰ ਹਾਂ। ਜੇ ਹੁਕਮ ਦੇ ਦੇਵੋ ਤਦ ਬਨਾਰਸ ਚਲੇ ਜਾਂਦੇ ਹਾਂ ਜਾਂ ਜਿਵੇਂ ਤੁਹਾਡੀ ਮਰਜ਼ੀ ਹੋਵੇ ਹੁਕਮ ਦੇਵੋ। ਫਿਰ ਜਦ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਨੇ ਪਿਸ਼ਾਵਰ ਤੇ ਹਮਲਾ ਕੀਤਾ ਤਦ ਵੀ ਲੋਕਾਂ ਦਾ ਖ਼ਿਆਲ ਸੀ ਕਿ ਇਹ ਗੁਲਾਬ ਸਿੰਘ ਦੀ ਚੁੱਕ ਦਾ ਸਿੱਟਾ ਹੈ, ਕਿਉਂਕਿ ਗੁਲਾਬ ਸਿੰਘ ਦੇ ਕੁਝ ਆਦਮੀ ਇਸ ਹਮਲੇ ਤੋਂ ਦੋ ਮਹੀਨੇ ਪਹਿਲਾਂ ਕਾਬਲ ਗਏ ਸਨ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਉੱਥੇ ਦੋਸਤ ਮੁਹੰਮਦ ਖਾਂ ਨਾਲ ਇਹ ਫ਼ੈਸਲਾ ਕੀਤਾ ਸੀ ਕਿ ਤੁਸੀਂ ਪਿਸ਼ਾਵਰ ਤੇ ਹਮਲਾ ਕਰੋ। ਜਦ ਮਹਾਰਾਜਾ ਦੇ ਹੁਕਮ ਨਾਲ ਅਸੀਂ ਲੜਨ ਆਵਾਂਗੇ, ਤਦ ਸਿੱਖਾਂ ਨੂੰ ਨਸਾ ਕੇ ਅਟਕ ਤੋਂ ਇਧਰ ਲੈ ਆਵਾਂਗੇ। ਤੁਸਾਂ ਪਿਸ਼ਾਵਰ ਤੇ ਕਬਜ਼ਾ ਕਰ ਲੈਣਾ, ਫਿਰ ਤੁਸਾਂ ਸਾਨੂੰ ਕਸ਼ਮੀਰ ਦਵਾ ਦੇਣਾ, ਕਿੰਤੂ ਮਹਾਰਾਜੇ ਦਾ ਪ੍ਰਤਾਪ ਜ਼ੋਰਾਂ ਤੇ ਸੀ, ਇਸ ਲਈ ਇਨ੍ਹਾਂ ਦੀ ਕੋਈ ਪੇਸ਼ ਨਾ ਗਈ। ਮਹਾਰਾਜੇ ਦੀ ਅਵਾਈ ਸੁਣ ਕੇ ਹੀ ਦੋਸਤ ਮੁਹੰਮਦ ਖਾਂ ਨੱਠ ਗਿਆ ਤੇ ਇਨ੍ਹਾਂ ਦੀਆਂ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ।
ਇਸ ਗੱਲ ਦੀ ਮਹਾਰਾਜਾ ਸਾਹਿਬ ਨੂੰ ਕੁਝ ਭਿਣਕ ਪੈ ਗਈ। ਉਹਨਾਂ ਨੇ ਹਸਨ ਅਬਦਾਲ ਤਿੰਨਾਂ ਭਰਾਵਾਂ ਨੂੰ ਇਕੱਠਿਆਂ ਕਰ ਕੇ ਸਮਝਾਇਆ ਕਿ ਤੁਸੀਂ ਮੇਰੇ ਪਿੱਛੋਂ ਸਰਦਾਰ ਖੜਕ ਸਿੰਘ ਦੇ ਅਨੁਸਾਰ ਰਹਿਣਾ। ਉਹ ਬੜਾ ਸੂਧਾ ਤੇ ਦਿਲ ਦਾ ਸਾਫ਼ ਹੈ। ਉਹਦੇ ਨਾਲ ਛਲ ਕਪਟ ਨਾ ਕਰਨਾ, ਜਿਸ ਤੇ ਇਨ੍ਹਾਂ ਕਸਮਾਂ ਉਠਾਈਆਂ ਕਿ ਸਾਡੇ ਦਿਲ ਸਾਫ਼ ਹਨ। ਅਸਾਂ ਵਿੱਚ ਕੋਈ ਖੋਟ ਨਹੀਂ। ਜੇ ਮਹਾਰਾਜਾ ਸਾਹਿਬ ਨੂੰ ਕੋਈ ਸ਼ੱਕ ਹੋਵੇ, ਤਦ ਬੇਸ਼ੱਕ ਸਾਨੂੰ ਕੱਢ ਦੇਵੇ। ਮਹਾਰਾਜਾ ਨੇ ਕਿਹਾ ਕਿ ਮੈਂ ਤੁਹਾਡੇ ਭਲੇ ਵਾਸਤੇ ਕਿਹਾ ਹੈ, ਹੋਰ ਕੋਈ ਗੱਲ ਨਹੀਂ। ਇਨ੍ਹਾਂ ਤਿੰਨਾਂ ਭਰਾਵਾਂ ਨੇ ਮਹਾਰਾਜੇ ਨੂੰ ਹੋਰ ਪਤਿਆਣ ਲਈ ਮਹਾਰਾਜੇ ਨੂੰ ਜੰਮੂ ਲੈ ਜਾਣ ਦੀ ਗੋਂਦ ਗੁੰਦੀ ਤੇ ਜਦ ਮਹਾਰਾਜਾ ਜੰਮੂ ਗਿਆ। ਤਦ ਇਨ੍ਹਾਂ ਨੇ ਮਹਾਰਾਜੇ ਨੂੰ ਆਪਣੇ ਰਣਵਾਸ ਵਿੱਚ ਲੈ ਜਾ ਕੇ ਰਾਣੀਆਂ ਤੋਂ ਮਹਾਰਾਜੇ ਦੀ ਪ੍ਰਕਰਮਾ ਕਰਾਈ ਤੇ ਆਪ ਕੀਤੀ ਅਤੇ ਫਿਰ ਪੂਜਾ ਕੀਤੀ। ਜਿਸ ਤੋਂ ਓਹਨਾਂ ਨੇ ਮਹਾਰਾਜੇ ਨੂੰ ਇਹ ਦੱਸਿਆ ਕਿ ਅਸੀਂ ਤੈਨੂੰ ਪ੍ਰਮੇਸ਼ਰ ਦਾ ਅਵਤਾਰ ਮੰਨਦੇ ਹਾਂ। ਇਨ੍ਹਾਂ ਦੇ ਇੰਜ ਕਰਨ ਨਾਲ ਉਹ ਮਹਾਰਾਜੇ ਦੇ ਹੋਰ ਵੀ ਵਿਸ਼ਵਾਸ ਪਾਤਰ ਬਣ ਗਏ ਤੇ ਇਹਨਾਂ ਦਾ ਜ਼ੋਰ ਇੰਨਾ ਵਧ ਗਿਆ ਕਿ ਸ਼ਾਹਜ਼ਾਦੇ ਤੱਕ ਇਨ੍ਹਾਂ ਦੀ ਮਨਜੂਰੀ ਬਿਨਾਂ ਮਹਾਰਾਜੇ ਦੇ ਪਾਸ ਨਹੀਂ ਅੱਪੜ ਸਕਦੇ ਸੀ। ਕਈ ਵਾਰ ਸ਼ਾਹਜ਼ਾਦਾ ਖੜਕ ਸਿੰਘ ਤੇ ਸ਼ੇਰ ਸਿੰਘ ਘੰਟਿਆਂ ਬੱਧੀ ਬਾਹਰ ਖੜ੍ਹੇ ਰਹੇ। ਇਨ੍ਹਾਂ ਨੇ ਮਿਲਣ ਨਹੀਂ ਦਿੱਤਾ। ਜ਼ਰਾ ਜ਼ਰਾ ਗੱਲ ਤੇ ਸ਼ਾਹਜ਼ਾਦਿਆਂ ਨੂੰ ਲਾਹੌਰ ਤੋਂ ਬਾਹਰ ਭੇਜ ਦਿੱਤਾ ਜਾਂਦਾ। ਧਿਆਨ ਸਿੰਘ ਆਪਣੇ ਲੜਕੇ ਹੀਰਾ ਸਿੰਘ ਨੂੰ ਹਰ ਵੇਲੇ ਮਹਾਰਾਜਾ ਸਾਹਿਬ ਦੇ ਪਾਸ ਰੱਖਦਾ ਸੀ। ਮਹਾਰਾਜਾ ਸਾਹਿਬ ਹੀਰਾ ਸਿੰਘ ਨਾਲ ਇੰਨਾ ਪਿਆਰ ਕਰਦੇ ਕਿ ਹਰ ਵੇਲੇ ਇਸ ਨੂੰ ਆਪਣੇ ਪਾਸ ਰੱਖਦੇ। ਹਰ ਰੋਜ਼ ਰਾਤ ਨੂੰ ੪੦੦ ਰੁਪਯਾ ਹੀਰਾ ਸਿੰਘ ਦੇ ਸਿਰਹਾਣੇ ਹੇਠ ਰਖਾਇਆ ਜਾਂਦਾ ਸੀ ਤਾਂ ਜੋ ਸਵੇਰੇ ਉੱਠ ਕੇ ਦਾਨ ਪੁੰਨ ਕਰੇ। ਹੀਰਾ ਸਿੰਘ ੧੦-੨੦ ਦੇ ਕੇ ਬਾਕੀ ਸਾਰੀ ਰਕਮ ਘਰ ਪੁਚਾ ਦੇਂਦਾ। ਧਿਆਨ ਸਿੰਘ ਨੂੰ ਮਹਲਾਂ ਵਿੱਚ ਆਉਣ ਜਾਣ ਦੀ ਖੁੱਲ੍ਹ ਹੋਣ ਕਰ ਕੇ ਰਾਣੀਆਂ ਇਸ ਤੋਂ ਬੜੀਆਂ ਡਰਦੀਆਂ ਸੀ ਤੇ ਹੀਰਾ ਸਿੰਘ ਦੇ ਮਹਾਰਾਜੇ ਦੇ ਪਾਸ ਹਰ ਵੇਲੇ ਰਹਿਣ ਦੇ ਕਾਰਨ ਧਿਆਨ ਸਿੰਘ ਨੂੰ ਹਰ
ਨਿੱਕੀ ਨਿੱਕੀ ਗੱਲ ਦੀ ਖ਼ਬਰ ਮਿਲਦੀ ਰਹਿੰਦੀ ਸੀ, ਜਿਸ ਤੋਂ ਇਹ ਆਪਣਾ ਜਾਲ ਵਿਛਾਉਣ ਵਿੱਚ ਕਾਮਯਾਬ ਹੋ ਜਾਂਦਾ ਸੀ।
੬. ਕੰਵਰ ਨੌਨਿਹਾਲ ਸਿੰਘ ਦੇ ਗੁਣ
ਕੰਵਰ ਨੌਨਿਹਾਲ ਸਿੰਘ ਬੜਾ ਬਹਾਦਰ ਤੇ ਸਿਪਾਹੀਆਂ ਦੇ ਗੁਣਾਂ ਵਾਲਾ ਹਾਕਮ ਸੀ ਤੇ ਹਕੂਮਤ ਦੀਆਂ ਗੱਲਾਂ ਸਮਝਣ ਦੀ ਇਸ ਵਿੱਚ ਬੜੀ ਯੋਗਤਾ ਸੀ। ਕਿੰਤੂ ਸ਼ੋਕ ਹੈ ਕਿ ਇਸ ਦੀ ਆਯੂ ਨੇ ਸਾਥ ਨਾ ਦਿੱਤਾ ਤੇ ਇਹ ਹੋਣਹਾਰ ਨੌਜਵਾਨ ਇਸ ਨਾਸਮਾਨ ਜਗਤ ਨੂੰ ਛੱਡ ਕੇ ਪਧਾਰ ਗਏ।
ਰਾਣੀ ਚੰਦ ਕੌਰ
ਕੰਵਰ ਨੌਨਿਹਾਲ ਸਿੰਘ ਦੇ ਚਲਾਣੇ ਮਗਰੋਂ ਧਿਆਨ ਸਿੰਘ ਦੀ ਮਨਸਾ ਸੀ ਕਿ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਤਖ਼ਤ ਤੇ ਬਠਾਇਆ ਜਾਵੇ, ਇਸੇ ਕਰ ਕੇ ਇਸ ਨੇ ਇਸ ਨੂੰ ਵਟਾਲੇ ਤੋਂ ਮੰਗਾਇਆ। ਪਰ ਫੇਰ ਇਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੰਧਾਵਾਲੀਏ ਸ੍ਰਦਾਰ ਇਸ ਦੇ ਵਿਰੁੱਧ ਹਨ ਤੇ ਰਾਣੀ ਚੰਦ ਕੌਰ ਵਿਧਵਾ ਸ੍ਰ. ਖੜਕ ਸਿੰਘ ਆਪ ਹਕੂਮਤ ਕਰਨਾ ਚਾਹੁੰਦੀ ਹੈ। ਕਿਉਂਕਿ ਰਾਣੀ ਚੰਦ ਕੌਰ ਨੇ ਰਾਜਾ ਧਿਆਨ ਸਿੰਘ ਨੂੰ ਸੱਦ ਕੇ ਕਿਹਾ ਕਿ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਗਰਭਵਤੀ ਹੈ। ਇਸ ਵਾਸਤੇ ਬਾਲ ਦੇ ਜੰਮਣ ਤੱਕ ਉਡੀਕ ਕਰਨੀ ਚਾਹੀਦੀ ਹੈ। ਓਸ ਵੇਲੇ ਤੱਕ ਮੈਂ ਆਪ ਰਾਜ ਪ੍ਰਬੰਧ ਕਰਾਂਗੀ।
ਧਿਆਨ ਸਿੰਘ ਨੇ ਜਦ ਸਾਰੇ ਸਰਦਾਰਾਂ ਦਾ ਖ਼ਿਆਲ ਰਾਣੀ ਵੱਲ ਹੀ ਵੇਖਿਆ, ਤਦ ਇਸ ਨੇ ਵੀ ਇਹ ਗੱਲ ਮੰਨ ਲਈ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਵਾਪਸ ਚਲੇ ਜਾਣ ਵਾਸਤੇ ਕਿਹਾ। ਸ਼ਾਹਜ਼ਾਦਾ ਆਪਣੇ ਦਿਲ ਵਿੱਚ ਸ਼ਰਮਿੰਦਾ ਤਾਂ ਬਹੁਤ ਹੋਇਆ, ਕਿੰਤੂ ਵਟਾਲੇ ਹੀ ਮੁੜ ਗਿਆ ਤੇ ਰਾਣੀ ਚੰਦ ਕੌਰ ਜਨਮ ਲੈਣ ਵਾਲੇ ਬਾਲ ਦੀ ਉਡੀਕ ਵਿੱਚ ਲਾਹੌਰ ਦਰਬਾਰ ਦਾ ਪ੍ਰਬੰਧ ਕਰਨ ਲੱਗੀ।
ਇਹ ਪ੍ਰਬੰਧ ਰਾਜਾ ਧਿਆਨ ਸਿੰਘ ਦੀ ਮਰਜ਼ੀ ਦੇ ਵਿਰੁੱਧ ਹੋਇਆ ਸੀ, ਇਸ ਕਰ ਕੇ ਉਸ ਨੇ ਹੁਣ ਦੂਜਾ ਰਾਹ ਫੜਿਆ ਕਿ ਫੌਜ ਵਿੱਚ ਆਪਣੇ ਆਦਮੀ ਛੱਡੇ ਜੋ ਇਸ ਪ੍ਰਬੰਧ ਦੇ ਉਲਟ ਲੋਕਾਂ ਦੇ ਖ਼ਿਆਲ ਕਰ ਕੇ ਫਿਰਦੇ ਸਨ। ਸਪਾਹੀਆਂ ਨੂੰ ਕਿਹਾ ਜਾਂਦਾ ਕਿ ਹੁਣ ਤੁਹਾਡੀ ਕਦਰ ਕਰਨ ਵਾਲਾ ਕੌਣ ਰਹਿ ਗਿਆ ਹੈ ਕੀ ਓਹ ਵੀ ਕੋਈ ਮਰਦ ਹਨ, ਜਿਨ੍ਹਾਂ ਤੇ ਤੀਵੀਂ ਰਾਜ ਕਰੇ? ਹੁਣ ਸੰਧਾਵਾਲੀਏ ਜ਼ੋਰ ਫੜ ਜਾਣਗੇ। ਜੇਹੜਾ ਓਹਨਾਂ ਦੀਆਂ ਜੁੱਤੀਆਂ ਝਾੜੇਗਾ, ਉਹਨਾਂ ਨੂੰ ਰਹਿਣਾ ਮਿਲੇਗਾ। ਬਾਕੀ ਦਿਆਂ ਨੂੰ ਹਟਾ ਕੇ ਆਪਣੀ ਮਰਜ਼ੀ ਦੀ ਫੌਜ ਰੱਖ ਲੈਣਗੇ। ਤਖ਼ਤ ਤੇ ਬੈਠਣ ਦੀ ਖ਼ੁਸ਼ੀ ਵਿੱਚ ਇਨਾਮ ਮਿਲਣਾ ਚਾਹੀਦਾ ਸੀ, ਓਹ ਵੀ ਕਿਸੇ ਨੇ ਨਹੀਂ ਦਿੱਤਾ। ਜੇ ਕਦੀ ਸ਼ਾਹਜ਼ਾਦਾ ਸ਼ੇਰ ਸਿੰਘ ਤਖ਼ਤ ਤੇ ਬੈਠਦਾ ਤਦ ਇਨਾਮ ਮਿਲਦੇ, ਤਨਖਾਹਾਂ ਵਧਦੀਆਂ: ਆਦਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਫੌਜਾਂ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ। ਜਦ ਸਮਝਿਆ ਕਿ ਮੇਰਾ ਮੰਤਰ ਚੱਲ ਗਿਆ ਹੈ। ਤਦ ਆਪ ਤਾਂ ਬੀਮਾਰੀ ਦਾ ਬਹਾਨਾ ਬਣਾ ਕੇ ਜੰਮੂ ਚਲਾ ਗਿਆ, ਕਿੰਤੂ ਉਹਦੇ ਸੂਹੀਏ ਅੱਗੇ ਨਾਲੋਂ ਵੀ ਵਧੀਕ ਤੇਜ਼ੀ ਨਾਲ ਕੰਮ ਕਰਦੇ ਰਹੇ। ਇਸ ਨੂੰ ਘੜੀ ਘੜੀ ਦੇ ਲਾਹੌਰ ਦੀ ਖ਼ਬਰ ਪੁੱਜਦੀ ਰਹਿੰਦੀ ਸੀ। ਦੂਜੇ ਪਾਸੇ ਸ਼ਾਹਜ਼ਾਦਾ ਸ਼ੇਰ ਸਿੰਘ ਨਾਲ ਵੀ ਇਸ ਦੀ ਚਿੱਠੀ ਚਪੱਠੀ ਰਹਿੰਦੀ ਸੀ। ਜਵਾਲਾ ਸਿੰਘ ਨਾਮ ਦਾ ਇੱਕ ਸਰਦਾਰ ਫੌਜ ਵਿੱਚ ਸ਼ਾਹਜ਼ਾਦਾ ਸ਼ੇਰ ਸਿੰਘ ਦੇ ਏਜੰਟ ਦੀ ਸੂਰਤ ਵਿੱਚ ਕੰਮ ਕਰ ਰਿਹਾ ਸੀ ਤੇ ਫੌਜ ਨੂੰ ਸ਼ਾਹਜ਼ਾਦਾ ਸ਼ੇਰ ਸਿੰਘ ਵਾਸਤੇ ਵਰਗਲਾ ਰਿਹਾ ਸੀ। ਫੌਜ ਜਵਾਲਾ ਸਿੰਘ ਦੀਆਂ ਗੱਲਾਂ ਵਿੱਚ ਆ ਗਈ ਤੇ ਓਸ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਗੱਦੀ ਤੇ ਬਿਠਾਣਾ ਪ੍ਰਵਾਨ ਕਰ ਲਿਆ। ਸ਼ਾਹਜ਼ਾਦਾ ਸ਼ੇਰ ਸਿੰਘ ਨੇ ਧਿਆਨ ਸਿੰਘ ਨਾਲ ਜੰਮੂ ਲਿਖਾ ਪੜ੍ਹੀ ਕਰ ਕੇ ਦਿਨ ਮੁਕੱਰਰ ਕੀਤਾ ਤੇ ੩੦੦ ਜਵਾਨਾਂ ਨੂੰ ਨਾਲ ਲੈ ਕੇ ਮੁਕੇਰੀਆ ਤੋਂ ਕੂਚ ਕਰ ਕੇ ਲਾਹੌਰ ਸ਼ਾਲਾਮਾਰ ਬਾਗ਼ ਵਿੱਚ ਆ ਡੇਰਾ ਲਾਇਆ ਤੇ ਓਹਨੇ ਜਵਾਲਾ ਸਿੰਘ ਨੂੰ ਮੀਆਂਮੀਰ ਤੋਂ ਭੇਜ ਕੇ ਸਿੱਧੀ ਫੌਜਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਤਖ਼ਤ ਮਿਲ ਜਾਣ ਦੀ ਸੂਰਤ ਇਨਾਮ ਤੋਂ ਵੱਖਰਾ ਤਨਖਾਹ ਵਿੱਚ ਤਰੱਕੀ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ੫ ਮਾਘ ੧੮੯੮ ਬਿਕ੍ਰਮੀ ਮੁਤਾਬਕ ੪ ਜਨਵਰੀ ੧੮੪੧ ਈਸਵੀ ਦੀ ਸਵੇਰ ਨੂੰ ਬੁਧੂ ਸ਼ਾਹ ਦੇ ਆਵੇ ਪਾਸ ਸਿੱਖਾਂ ਦੀਆਂ ਚਾਰ ਪਲਟਣਾਂ, ਦੋ ਰਸਾਲੇ ਤੇ ਕੁਝ ਤੋਪਖਾਨੇ ਮਹਾਰਾਜਾ ਸ਼ੇਰ ਸਿੰਘ ਨੂੰ ਜਾ ਮਿਲੇ ਤੇ ਓਹਨਾਂ ਬਕਾਇਦਾ ਤੋਪਾਂ ਦੀ ਸਲਾਮੀ ਕਰ ਕੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਆਪਣਾ ਬਾਦਸ਼ਾਹ ਮੰਨ ਲਿਆ। ਇਹ ਸੁਣ ਸ਼ਹਿਰ ਦੇ ਹੋਰ ਰਈਸ ਤੇ ਅਮੀਰ ਵੀ ਸ਼ਾਹਜ਼ਾਦਾ ਸ਼ੇਰ ਸਿੰਘ ਜਾ ਮਿਲੇ। ਜਨਰਲ ਵੰਟੋਰਾ ਤੇ ਸਰਦਾਰ ਸੁਚੇਤ ਸਿੰਘ ਵੀ ਸ਼ੇਰ ਸਿੰਘ ਪਾਸ ਅੱਪੜ ਗਏ। ਜਦ ਇਸ ਤਰ੍ਹਾਂ ਸਾਰੇ ਇਕੱਠੇ ਹੋ ਗਏ, ਤਦ
ਫਿਰ ਇੱਕ ਵਾਰ ਤੋਪਾਂ ਦੀ ਸਲਾਮੀ ਕੀਤੀ ਗਈ। ਸ਼ਾਹਜ਼ਾਦਾ ਸ਼ੇਰ ਸਿੰਘ ਪਾਸ ਇੰਜ ੫੦ ਹਜ਼ਾਰ ਫੌਜ ਇਕੱਠੀ ਹੋ ਗਈ। ਸੰਧਾਵਾਲੀਏ ਸਰਦਾਰ ਤੇ ਰਾਜਾ ਗੁਲਾਬ ਸਿੰਘ ਕਿਲ੍ਹੇ ਵੱਲ ਗਏ ਤਾਂ ਕਿ ਸ਼ਾਹਜ਼ਾਦੇ ਸ਼ੇਰ ਸਿੰਘ ਦੇ ਹਮਲੇ ਨੂੰ ਰੋਕਿਆ ਜਾਵੇ।
ਉਧਰ ਰਾਣੀ ਚੰਦ ਕੌਰ ਨੂੰ ਸ਼ੇਰ ਸਿੰਘ ਦੇ ਆਉਣ ਦੀ ਖ਼ਬਰ ਮਿਲ ਗਈ। ਉਸ ਨੇ ਕਿਲ੍ਹੇ ਦੀ ਰੱਖਿਆ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਦੇ ਹਵਾਲੇ ਕਰ ਦਿੱਤਾ। ਰਾਜਾ ਗੁਲਾਬ ਸਿੰਘ ਨੇ ਆਪਣੀ ਫੌਜ ਸ਼ਾਹਦਰੇ ਤੋਂ ਸੱਦ ਲਈ ਤੇ ਫਤਹ ਸਿੰਘ ਸੰਧਾਵਾਲੀਏ ਤੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਫੌਜ ਨੂੰ ਨਾਲ ਲੈ ਕੇ ਕਿਲ੍ਹੇ ਵਿੱਚ ਦਾਖਲ ਹੋ ਗਿਆ ਤੇ ਹਰ ਇੱਕ ਨਾਕੇ ਤੇ ਫੌਜ ਨੀਯਤ ਕਰ ਕੇ ਕਿਲ੍ਹੇ ਵਿੱਚ ਬੈਠ ਸ਼ੇਰ ਸਿੰਘ ਦੇ ਹਮਲੇ ਨੂੰ ਰੋਕਣ ਲਈ ਹਰ ਤਰ੍ਹਾਂ ਤਿਆਰ ਹੋ ਗਿਆ। ਸ਼ੇਰ ਸਿੰਘ ਦੀ ਫੌਜ ਬਾਕੀ ਟਕਸਾਲੀ ਤੇ ਦੇਹਲੀ ਦਰਵਾਜ਼ੇ ਦੇ ਰਾਹ ਸ਼ਹਿਰ ਵਿੱਚ ਵੜੀ ਤੇ ਸਵੇਰ ਹੋਂਦੇ ਹੀ ਹਜ਼ੂਰੀ ਬਾਗ਼ ਵਿੱਚ ਵੜ ਗਈ। ਸ਼ਾਹੀ ਮਸਜਦ ਜਿਸ ਵਿੱਚ ਰਾਜਾ ਗੁਲਾਬ ਸਿੰਘ ਨੇ ਸਭ ਸਿੱਕਾ ਤੇ ਬਾਰੂਦ ਆਦਿਕ ਜਮ੍ਹਾਂ ਕਰ ਰੱਖਿਆ ਸੀ, ਕਬਜ਼ਾ ਕਰ ਲਿਆ। ਤਿੰਨ ਦਿਨ ਬਰਾਬਰ ਦੋਹਾਂ ਪਾਸਿਆਂ ਤੋਂ ਤੋਪਾਂ ਚਲਦੀਆਂ ਰਹੀਆਂ। ਬਾਹਰ ਦੀ ਫੌਜ ਦੇ ਸੈਂਕੜੇ ਆਦਮੀਆਂ ਦਾ ਨੁਕਸਾਨ ਹੋਇਆ। ਬਾਹਰ ਦੀਆਂ ਤੋਪਾਂ ਨੇ ਕਿਲ੍ਹੇ ਦੀ ਪੱਛਮੀ ਦੀਵਾਰ ਨੂੰ ਢਾਹ ਦਿੱਤਾ, ਕਿੰਤੂ ਜਦ ੩੦੦ ਸਿੰਘਾਂ ਨੇ ਜੋਸ਼ ਵਿੱਚ ਆ ਅੰਦਰ ਵੜਨਾ ਚਾਹਿਆ, ਤਦ ਅੰਦਰੋਂ ਡੋਗਰਿਆਂ ਨੇ ਇੱਕੇ ਵਾਰ ਤੋਪਾਂ ਦੀ ਬੁਛਾੜ ਕਰ ਦਿੱਤੀ, ਜਿਸ ਤੋਂ ਇੱਕ ਸੌ ਆਦਮੀ ਇੱਥੇ ਮਾਰਿਆ ਗਿਆ ਤੇ ਫਿਰ ਇਨ੍ਹਾਂ ਅੰਦਰੋਂ ਅੱਗ ਵਸਾਈ ਤੇ ਬਾਹਰ ਦੀ ਫੌਜ ਨੂੰ ਵਾਪਸ ਮੁੜਨਾ ਪਿਆ ਤੇ ਤੋਪਾਂ ਮੈਦਾਨ ਵਿੱਚ ਛੱਡ ਕੇ ਪਿੱਛੇ ਸ਼ਹਿਰ ਵਿੱਚ ਪਨਾਹ ਲੈਣ ਲੱਗੇ। ਹੁਣ ਉਹ ਵੇਲਾ ਆ ਗਿਆ ਸੀ ਕਿ ਅੰਦਰ ਦੇ ਵੀ ਤੰਗ ਆ ਕੇ ਸੁਲਾਹ ਕਰਨਾ ਚਾਹੁੰਦੇ ਸਨ ਕਿ ਇੰਨੇ ਨੂੰ ਰਾਜਾ ਧਿਆਨ ਸਿੰਘ ਆ ਗਿਆ ਤੇ ਉਹਨੇ ਲੜਾਈ ਬੰਦ ਕਰ ਕੇ ਇਹ ਤਜਵੀਜ਼ ਕੀਤੀ ਕਿ ਰਾਣੀ ਚੰਦ ਕੌਰ ਕਿਲ੍ਹਾ ਛੱਡ ਦੇਵੇ ਤੇ ਤਖ਼ਤ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਬੈਠੇ। ਚੰਦ ਕੌਰ ਨੂੰ ਜੰਮੂ ਦੇ ਇਲਾਕੇ ਵਿੱਚ ੧੬ ਲੱਖ ਦੀ ਜਾਗੀਰ ਦਿੱਤੀ ਜਾਵੇ, ਜਿਸ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਕਰੇਗਾ। ਦੋਹਾਂ ਧਿਰਾਂ ਨੇ ਇਹ ਗੱਲ ਮੰਨ ਲਈ। ੧੮ ਜਨਵਰੀ ੧੮੪੧ ਨੂੰ ਕਿਲ੍ਹੇ ਵਿੱਚ ਨਵੇਂ ਮਹਾਰਾਜਾ ਦਾ ਦਖ਼ਲ ਹੋ ਗਿਆ। ਕਿਲ੍ਹੇ ਦਾ ਕੁਲ ਸਾਮਾਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਖ਼ਜ਼ਾਨਾ ਜੋ ਕਿਲ੍ਹੇ ਵਿੱਚ ਰਾਣੀ ਚੰਦ ਕੌਰ ਦੇ ਕਬਜ਼ੇ ਵਿੱਚ ਸੀ, ਇਸ ਬਹਾਨੇ ਕਿ ਮੈਂ ਰਾਣੀ ਦਾ ਇਹ ਅਸਬਾਬ ਆਪਣੇ ਪਾਸ ਇਮਾਨਤ ਕਰ ਕੇ ਰਖਾਂਗਾ, ਊਠਾਂ ਤੇ ਲਦਵਾ ਕੇ ਜੰਮੂ ਭੇਜ ਦਿੱਤਾ।
ਮਹਾਰਾਜਾ ਸ਼ੇਰ ਸਿੰਘ
੯ ਮਾਘ ੧੮੯੮ ਬਿਕ੍ਰਮੀ ਨੂੰ ਸ਼ਾਹਜ਼ਾਦਾ ਸ਼ੇਰ ਸਿੰਘ ਨੇ ਤਖ਼ਤ ਤੇ ਬੈਠ ਕੇ ਰਾਜਾ ਧਿਆਨ ਸਿੰਘ ਨੂੰ ਵਜ਼ੀਰੀ ਦਾ ਸਿਰੋਪਾਓ ਦਿੱਤਾ ਤੇ ਇਕਰਾਰ ਅਨੁਸਾਰ ਸਾਰੀ ਫੌਜ ਦੀ ਤਨਖਾਹ ਵਿੱਚ ਇੱਕ ਰੁਪਯਾ ਮਹਾਵਾਰ ਵਧਾਯਾ। ਸੰਧਾਵਾਲੀਏ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਨੱਸ ਕੇ ਸਤਲੁਜ ਤੋਂ ਪਾਰ ਚਲੇ ਗਏ ਤੇ ਲਹਿਣਾ ਸਿੰਘ ਨੂੰ ਕੈਦ ਕਰ ਲਿਆ।
ਡੋਗਰਿਆਂ ਨੇ ਫੌਜ ਨੂੰ ਬੇਮੁਹਾਰਾ ਕਰ ਦਿੱਤਾ। ਜਿਨ੍ਹਾਂ ਨੇ ਫੌਜ ਦੀ ਤਨਖਾਹ ਰੋਕੀ ਜਾਂ ਦਬਾਈ ਹੋਈ ਸੀ, ਓਹਨੂੰ ਲੁੱਟ ਕੇ ਕਤਲ ਕਰ ਦਿੱਤਾ ਤੇ ਇਹ ਵਿਦਰੋਹ ਸਿਰਫ ਲਾਹੌਰ ਦੀਆਂ ਕੰਧਾਂ ਤੱਕ ਹੀ ਨਹੀਂ ਰਿਹਾ, ਬਲਕਿ ਜੰਮੂ, ਕਸ਼ਮੀਰ ਤੇ ਪਿਸ਼ਾਵਰ ਤੱਕ ਜਿੱਥੇ ਵੀ ਲਾਹੌਰ ਦਰਬਾਰ ਦੀ ਫੌਜ ਸੀ, ਓਸ ਵਿੱਚ ਇੱਕ ਤਰ੍ਹਾਂ ਦਾ ਭੂਚਾਲ ਜਿਹਾ ਆ ਗਿਆ। ਜਨਰਲ ਕੋਰਟ ਸਾਹਿਬ ਪੰਜਾਬ ਛੱਡ ਗਏ, ਅਵੇਟੇਬਲ ਸਾਹਿਬ ਪਿਸ਼ਾਵਰ ਤੋਂ ਜਲਾਲਾਬਾਦ ਚਲੇ ਗਏ।
ਅਜੇਹੇ ਮੌਕੇ ਤੇ ਸਰਕਾਰ ਅੰਗ੍ਰੇਜ਼ੀ ਨੇ ਫੌਜ ਭੇਜ ਕੇ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ ਮਦਦ ਦੇਣੀ ਚਾਹੀ, ਕਿੰਤੂ ਮਹਾਰਾਜਾ ਸ਼ੇਰ ਸਿੰਘ ਨੇ ਅਜਿਹੇ ਨਾਜ਼ੁਕ ਸਮੇਂ ਬਦੇਸ਼ੀ ਫੌਜ ਦਾ ਪੰਜਾਬ ਵਿੱਚ ਆਉਣਾ ਉਚਿਤ ਨਾ ਸਮਝਿਆ ਤੇ ਬੜੀ ਸਰਗਰਮੀ ਤੇ ਯਤਨ ਨਾਲ ਵਿਗੜੀ ਹੋਈ ਫੌਜ ਨੂੰ ਕਾਬੂ ਕਰ ਲਿਆ ਤੇ ਥੋੜ੍ਹੇ ਹੀ ਦਿਨਾਂ ਵਿੱਚ ਇਹ ਫਸਾਦ ਠੀਕ ਠਾਕ ਹੋ ਗਿਆ ਅਤੇ ਹਰ ਤਰ੍ਹਾਂ ਅਮਨ ਹੋ ਗਿਆ।
ਮਹਾਰਾਜਾ ਸ਼ੇਰ ਸਿੰਘ ਨੇ ਫੌਜਾਂ ਨੂੰ ਅੰਗ੍ਰੇਜ਼ੀ ਢੰਗ ਤੇ ਵੰਡਿਆ ਤੇ ਇਨ੍ਹਾਂ ਦੀਆਂ ਅੱਡ ਅੱਡ ਛਾਵਣੀਆਂ ਨੀਯਤ ਕਰ ਕੇ ਭੇਜੀਆਂ। ਜਿੰਨੇ ਬੁੱਢੇ ਨੌਕਰ ਸੀ, ਸਭ ਨੂੰ ਘਰੀਂ ਭੇਜ ਕੇ ਨੌਜਵਾਨਾਂ ਨੂੰ ਭਰਤੀ ਕਰ ਲਿਆ।
ਮਹਾਰਾਜਾ ਸ਼ੇਰ ਸਿੰਘ ਖੂਬਸੂਰਤ, ਜਵਾਨ ਤੇ ਬਹਾਦਰ ਆਦਮੀ ਸੀ। ਸਲਤਨਤ ਦੇ ਮਾਮਲਿਆਂ ਵਿੱਚ ਬੜੀ ਦਿਲਚਸਪੀ ਲੈਂਦਾ ਰਿਹਾ। ਹਰ ਫੌਜ ਦੀ ਕਵਾਇਦ ਵੇਖਦਾ ਤੇ ਸਵੇਰ ਤੋਂ ਲੈ ਕੇ ੧੧ ਵਜੇ ਤੱਕ ਮੁਲਕ ਦੇ ਕੰਮਾਂ ਵਿੱਚ ਲੱਗਾ ਰਹਿੰਦਾ ਸੀ।
ਪਿੱਛੇ ਜ਼ਿਕਰ ਕਰ ਚੁੱਕੇ ਹਾਂ ਕਿ ਜਵਾਲਾ ਸਿੰਘ ਨਾਮ ਦਾ ਸਰਦਾਰ ਸ਼ਾਹਜ਼ਾਦਾ ਸ਼ੇਰ ਸਿੰਘ ਦਾ ਖ਼ਾਸ ਆਦਮੀ ਸੀ, ਜਿਸ ਨੇ ਫੌਜ ਨੂੰ ਵਰਗਲਾਨ ਵਿੱਚ ਬੜਾ ਕੰਮ ਕੀਤਾ। ਫਿਰ ਲਾਹੌਰ ਦੀ ਲੜਾਈ ਵਿੱਚ ਵੀ ਤਿੰਨ ਦਿਨ ਤੇ ਤਿੰਨ ਰਾਤਾਂ ਇੱਕ ਕਰ ਕੇ ਜਦ ਕਿਲ੍ਹਾ ਫਤਹ ਹੋਣ ਤੇ ਆਇਆ, ਤਦ ਧਿਆਨ ਸਿੰਘ ਨੇ ਵਿੱਚ ਆ ਕੇ ਸੁਲਾਹ ਕਰਾ ਦਿੱਤੀ। ਜਦ ਕਿਲ੍ਹੇ ਦਾ ਸਾਰਾ ਮਾਲ ਮਤਾ ਜੰਮੂ ਵੱਲ ਜਾਣ ਲੱਗਾ ਤਦ ਕੁਝ ਸਰਦਾਰਾਂ ਦੇ ਕਹਿਣ ਤੇ ਜਵਾਲਾ ਸਿੰਘ ਨੇ ਚਾਹਿਆ ਕਿ ਖ਼ਜ਼ਾਨੇ ਨੂੰ ਡਕ ਲਿਆ ਜਾਵੇ। ਕਿੰਤੂ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਦਾ ਹੁਕਮ ਲਿਆ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਦੂਜਾ ਇਸ ਨੂੰ ਆਸ ਸੀ ਕਿ ਸ਼ੇਰ ਸਿੰਘ ਦੇ ਕਾਮਯਾਬ ਹੋ ਜਾਣ ਤੇ ਮੈਨੂੰ ਵਜ਼ੀਰ ਬਣਾਇਆ ਜਾਵੇਗਾ।
ਧਿਆਨ ਸਿੰਘ ਨੇ ਤਾੜ ਲਿਆ ਕਿ ਜਵਾਲਾ ਸਿੰਘ ਦੀ ਹੋਂਦ ਇਸ ਦੇ ਖਾਨਦਾਨ ਵਾਸਤੇ ਹਰ ਵੇਲੇ ਦਾ ਖਟਕਾ ਹੈ। ਉਸ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਚਾਰ ਪੰਜ ਬਨਾਵਟੀ ਚਿੱਠੀਆਂ ਵਿਖਾਈਆਂ, ਜਿਨ੍ਹਾਂ ਤੋਂ ਮਹਾਰਾਜੇ ਦੇ ਦਿਲ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਜਵਾਲਾ ਸਿੰਘ ਸੰਧਾਵਾਲੀਏ ਸਰਦਾਰ ਨਾਲ ਮਿਲ ਗਿਆ ਹੈ ਤੇ ਓਹ ਪਿਸ਼ੌਰਾ ਸਿੰਘ ਦੇ ਨਾਲ ਫੌਜ ਦਾ ਜੋੜ ਕਰ ਰਹਾ ਹੈ, ਜਿਸ ਤੋਂ ਮਹਾਰਾਜਾ ਸ਼ੇਰ ਸਿੰਘ ਜਵਾਲਾ ਸਿੰਘ ਦਾ ਦੁਸ਼ਮਣ ਹੋ ਗਿਆ ਤੇ ਆਪਣੇ ਪੁਰਾਣੇ ਸ਼ੁਭਚਿੰਤਕ ਤੇ ਇੰਨੀ ਘ੍ਰਿਣਾ ਕਰ ਲਈ ਕਿ ਇਹਨੂੰ ਵੇਖਣਾ ਵੀ ਨਾ ਚਾਹਿਆ। ਇਕ ਦਿਨ ਜਵਾਲਾ ਸਿੰਘ ਦੇ ਬੁਲਾਣ ਲਈ ਮਹਾਰਾਜੇ ਨੇ ਇੱਕ ਆਦਮੀ ਭਜਵਾਇਆ। ਇਹ ਆਦਮੀ ਧਿਆਨ ਸਿੰਘ ਦਾ ਹੀ ਸੀ। ਇਹ ਜਵਾਲਾ ਸਿੰਘ ਨੂੰ ਮਿਲੇ ਬਿਨਾਂ ਆ ਗਿਆ ਤੇ ਕਹਿ ਦਿੱਤਾ ਕਿ ਓਹ ਆਉਣ ਤੇ ਇਨਕਾਰੀ ਹੈ। ਇਸ ਤਰ੍ਹਾਂ ਇੱਕ ਹੋਰ ਆਦਮੀ ਭੇਜਿਆ, ਓਹ ਵੀ
ਡੋਗਰਾ ਧਿਆਨ ਸਿੰਘ ਦਾ ਹੀ ਸੀ। ਉਸ ਵੀ ਰਸਤੇ ਵਿੱਚੋਂ ਮੁੜ ਕੇ ਹੀ ਕਹਿ ਦਿੱਤਾ ਕਿ ਉਹ ਮਹਾਰਾਜਾ ਸਾਹਿਬ ਦੇ ਹੁਕਮ ਦੀ ਕੋਈ ਪ੍ਰਵਾਹ ਨਹੀਂ ਕਰਦਾ। ਇਹ ਗੱਲ ਸੁਣ ਕੇ ਮਹਾਰਾਜਾ ਨੂੰ ਬੜਾ ਕ੍ਰੋਧ ਆਇਆ। ਧਿਆਨ ਸਿੰਘ ਨੇ ਪਾਸੋਂ ਹੋਰ ਵੀ ਚੁੱਕ ਦੇ ਦਿੱਤੀ। ਫੌਰਨ ਗ੍ਰਿਫਤਾਰੀ ਦਾ ਹੁਕਮ ਜਾਰੀ ਹੋ ਗਿਆ। ਜਵਾਲਾ ਸਿੰਘ ਦੀ ਫੌਜ ਨੇ ਇਸ ਤਰ੍ਹਾਂ ਜਾਣ ਨਾਲੋਂ ਲੜ ਕੇ ਮਰਨਾ ਪਸੰਦ ਕੀਤਾ, ਕਿੰਤੂ ਜਵਾਲਾ ਸਿੰਘ ਨੇ ਅਜਿਹਾ ਕਰਨ ਤੋਂ ਫੌਜ ਨੂੰ ਰੋਕ ਦਿੱਤਾ ਤੇ ਆਪ ਕੱਪੜੇ ਪਾ ਕੇ ਮਿਲਣ ਦੇ ਵਾਸਤੇ ਤਿਆਰੀ ਕਰ ਲਈ। ਇਧਰੋਂ ਧਿਆਨ ਸਿੰਘ ਨੇ ਮਹਾਰਾਜੇ ਨੂੰ ਫੌਜ ਦੇ ਕੇ ਚੜ੍ਹਾਈ ਕਰਾ ਦਿੱਤੀ।
ਇਹ ਗੱਲ ਸੁਣਦੇ ਹੀ ਝੱਟ ਜਵਾਲਾ ਸਿੰਘ ਮਹਾਰਾਜਾ ਦੇ ਪੈਰਾਂ ਤੇ ਆ ਕੇ ਡਿੱਗ ਪਿਆ ਤੇ ਮਾਫ਼ੀ ਚਾਹੀ, ਕਿੰਤੂ ਮਹਾਰਾਜੇ ਨੇ ਡੋਗਰਿਆਂ ਦੇ ਕਹੇ ਤੇ ਇੱਕ ਨਾ ਮੰਨੀ। ਹੁਕਮ ਨਾ ਮੰਨਣ ਦੇ ਅਪਰਾਧ ਵਿੱਚ ਇੱਕ ਭਯਾਨਕ ਸਜ਼ਾ ਕੈਦ ਦੀ ਦਿੱਤੀ। ਉਮੈਦ ਸੀ ਕਿ ਮਹਾਰਾਜਾ ਸਾਹਿਬ ਉਹਦੀਆਂ ਪੁਰਾਣੀਆਂ ਖਿਦਮਤਾਂ ਤੇ ਵਫ਼ਾਦਾਰੀ ਨੂੰ ਚੇਤੇ ਕਰ ਕੇ ਉਹਨੂੰ ਬਖ਼ਸ਼ ਦੇਣਗੇ, ਕਿੰਤੂ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕੁਝ ਅਜੇਹਾ ਭੜਕਾਇਆ ਕਿ ਇਹਨਾਂ ਹੁਕਮ ਦਿੱਤਾ ਕਿ ਅੱਧ ਸੇਰ ਆਟਾ ਤੇ ਇਤਨਾ ਹੀ ਲੂਣ ਖਾਣ ਜੋਗਾ ਦਿੱਤਾ ਜਾਇਆ ਕਰੇ ਤੇ ਹਰ ਰੋਜ਼ ਬੈਂਤ ਮਾਰੇ ਜਾਇਆ ਕਰਨ। ਇੱਕ ਮਹੀਨੇ ਤੱਕ ਇਸ ਹਾਲਤ ਵਿੱਚ ਰਹਿਣ ਤੇ ਕਈ ਸਰਦਾਰ ਓਹਦੀ ਸਫਾਰਸ਼ ਲੈ ਕੇ ਮਹਾਰਾਜੇ ਪਾਸ ਪੁੱਜੇ, ਜਿਸ ਤੇ ਧਿਆਨ ਸਿੰਘ ਨੇ ਉਸ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਭੇਜ ਦਿੱਤਾ, ਜਿੱਥੇ ਜਾ ਕੇ ੧੦ ਦਿਨ ਪਿੱਛੋਂ ਚਲਾਣਾ ਕਰ ਗਿਆ।
ਮਹਾਰਾਜਾ ਸ਼ੇਰ ਸਿੰਘ ਆਪਣੇ ਹੁਕਮ ਦਾ ਪੱਕਾ ਤੇ ਸਖ਼ਤ ਆਦਮੀ ਸੀ। ਚੋਰਾਂ ਡਾਕੂਆਂ ਤੇ ਹੋਰ ਇਸੇ ਤਰ੍ਹਾਂ ਦੇ ਅਪਰਾਧੀਆਂ ਨੂੰ ਬੜੀ ਸਖ਼ਤ ਸਜ਼ਾ ਦੇਂਦਾ ਸੀ। ਇਹ ਹੀ ਕਾਰਨ ਹੈ ਕਿ ਉਹਦੇ ਵੇਲੇ ਚੋਰੀ ਚਕਾਰੀ ਦਾ ਨਾਮ ਨਿਸ਼ਾਨ ਨਹੀਂ ਸੀ, ਅਰਥਾਤ ਅਮਨ ਅਮਾਨ ਰਿਹਾ।
ਰਖ ਵਿੱਚ ਚਰਨ ਲਈ ਜਦ ਊਠ ਜਾਂਦੇ ਸਨ, ਤਦ ਓਹਨਾਂ ਦੇ ਨਾਲ ਚਾਰ ਕੰਪਨੀਆਂ ਜਾਇਆ ਕਰਦੀਆਂ ਸਨ। ਧਿਆਨ ਸਿੰਘ ਨੇ ਚਾਰ ਕੰਪਨੀਆਂ ਭੇਜਣ ਦੀ ਆਗਿਆ ਮੰਗੀ। ਮਹਾਰਾਜੇ ਨੇ ਉੱਤਰ ਦਿੱਤਾ ਕਿ ਮਾਮੂਲੀ ਚਰਵਾਹੇ ਕਾਫੀ ਹਨ, ਚਾਰ ਕੰਪਨੀਆਂ ਦਾ ਨਾਲ ਭੇਜਣਾ ਇਹ ਅਰਥ ਰੱਖਦਾ ਹੈ ਕਿ ਰਾਜ ਸ਼ੇਰ ਸਿੰਘ ਦਾ ਨਹੀਂ ਬਲਕਿ ਚੋਰਾਂ ਦਾ ਹੈ। ਸੋ ਬਿਨਾਂ ਕੰਪਨੀਆਂ ਦੇ ਊਠ ਭੇਜੇ ਗਏ, ਜੋ ਜਿੰਨੇ ਗਏ ਉਨੇ ਹੀ ਮੁੜ ਆਏ, ਅੱਗੇ ਫੌਜ ਦੀਆਂ ਕੰਪਨੀਆਂ ਭੇਜਣ ਤੇ ੫੦-੬੦ ਘੱਟ ਜਾਇਆ ਕਰਦੇ ਸਨ, ਕਿੰਤੂ ਇਸ ਵਾਰ ਇੱਕ ਊਠ ਦਾ ਵੀ ਨੁਕਸਾਨ ਨਾ ਹੋਇਆ।
੭. ਲਾਰਡ ਐਲਨ ਬਰਗ ਦੀ ਸ਼ਾਹਜ਼ਾਦਾ ਪ੍ਰਤਾਪ ਸਿੰਘ ਨਾਲ ਮੁਲਾਕਾਤ
੧੮੪੨ ਈਸਵੀ ਨੂੰ ਲਾਰਡ ਐਲਨ ਬਰਗ ਨੇ ਮਹਾਰਾਜਾ ਸ਼ੇਰ ਸਿੰਘ ਨਾਲ ਮੁਲਾਕਾਤ ਕਰਨੀ ਚਾਹੀ, ਸੋ ਇਸ ਤਿਆਰੀ ਵਿੱਚ ਫਿਰੋਜ਼ਪੁਰ ਬਹੁਤ ਸਾਰੀ ਅੰਗ੍ਰੇਜ਼ੀ ਫੌਜ ਇਕੱਠੀ ਹੋਈ, ਜਿਸ ਤੋਂ ਲੋਕਾਂ ਦੇ ਦਿਲਾਂ ਵਿੱਚ ਸ਼ੱਕ ਪੈ ਗਿਆ ਕਿ ਅੰਗ੍ਰੇਜ਼ ਪੰਜਾਬ ਤੇ ਹਮਲਾ ਕਰਨ ਵਾਲੇ ਹਨ। ਇਹ ਹੀ ਸ਼ੱਕ ਧਿਆਨ ਸਿੰਘ ਨੇ ਮਹਾਰਾਜਾ ਦੇ ਦਿਲ ਵਿੱਚ ਪਾ ਕੇ ਇਹਨਾਂ ਨੂੰ ਮਿਲਣ ਜਾਣ ਤੋਂ ਰੋਕ ਦਿੱਤਾ ਤੇ ਆਪ ਸ਼ਾਹਜ਼ਾਦਾ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਜਾ ਮਿਲਿਆ। ਪਹਿਲਾਂ ਤਾਂ ਲਾਰਡ ਮਹਾਰਾਜਾ ਸਾਹਿਬ ਦੇ ਨਾ ਜਾਣ ਤੋਂ ਬੜਾ ਲਾਲ ਪੀਲਾ ਹੋਇਆ, ਕਿੰਤੂ ਧਿਆਨ ਸਿੰਘ ਤੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਦੇ ਨਾਲ ਮਿਲ ਕੇ ਗੱਲਬਾਤ ਕਰਨ ਤੇ ਖਾਲਸਾ ਦੀ ਕੁਵਾਇਦ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਅੱਗੇ ਨਾਲੋਂ ਵੀ ਦੋਨਾਂ ਸਰਕਾਰਾਂ ਦੇ ਇਕਰਾਰ ਪੱਕੇ ਹੋ ਗਏ ਤੇ ਮਿਲਾਪ ਵੱਧ ਗਿਆ। ਹੁਣ ਜਦ ਵਾਪਸ ਮੁੜਿਆ ਤਦ ਲੋਕਾਂ ਦੀ ਤਸੱਲੀ ਹੋਈ।
ਇਨ੍ਹਾਂ ਹੀ ਦਿਨਾਂ ਵਿੱਚ ਕਾਬਲ ਦੇ ਜੰਗ ਦਾ ਖਤਰਨਾਕ ਹਿੱਸਾ ਮੁੱਕਾ, ਅਰਥਾਤ ਜਦ ਕਾਬਲ ਵਾਲਿਆਂ ਨੇ ਸ਼ਾਹ ਸ਼ੁਜਾ ਨੂੰ ਕਤਲ ਕਰ ਕੇ ਅੰਗ੍ਰੇਜ਼ੀ ਫੌਜ ਤੇ ਮੇਮਾਂ ਨੂੰ ਕੈਦ ਕਰ ਲਿਆ ਤਦ ਅੰਗ੍ਰੇਜ਼ਾਂ ਦੇ ਵਾਸਤੇ ਬੜੀ ਕਠਨਾਈ ਹੋ ਗਈ, ਉਸ ਵੇਲੇ ਇਸ ਨੇਕ ਦਿਲ, ਦਾਨਾ ਤੇ ਸ਼ਰੀਫ ਮਹਾਰਾਜਾ ਨੇ
ਸਭ ਤੋਂ ਪਹਿਲਾਂ ਜੋ ਕੰਮ ਕੀਤਾ, ਓਹ ਇਹ ਸੀ ਕਿ ਅੰਗ੍ਰੇਜ਼ੀ ਫੌਜ ਨੂੰ ਆਪਣੇ ਮੁਲਕ ਵਿੱਚ ਦੀ ਲੰਘਣ ਦਿੱਤਾ, ਤਾਂ ਜੋ ਇਹ ਇੱਥੇ ਇਹ ਝਟਪਟ ਪੁੱਜ ਕੇ ਅੰਗ੍ਰੇਜ਼ ਤੇ ਲੇਡੀਆਂ ਨੂੰ ਬਚਾ ਸਕਣ। ਦੂਜਾ ਕੰਮ ਇਹ ਕੀਤਾ ਕਿ ਰਾਜਾ ਗੁਲਾਬ ਸਿੰਘ ਨੂੰ ਹੁਕਮ ਦਿੱਤਾ ਕਿ ਝਟਪਟ ਫੌਜ ਲੈ ਕੇ ਪਿਸ਼ਾਵਰ ਪੁੱਜੇ ਤੇ ਅੰਗ੍ਰੇਜ਼ਾਂ ਦੀ ਮੱਦਦ ਕਰੋ। ਤੀਜਾ ਜਦ ਦੋਸਤ ਮੁਹੰਮਦ ਖਾਂ ਕਾਬਲ ਦੇ ਤਖ਼ਤੋਂ ਉਤਾਰੇ ਹੋਏ ਅਮੀਰ ਨੂੰ ਅੰਗ੍ਰੇਜ਼ਾਂ ਨੇ ਛੱਡਿਆ, ਤਦ ਮਹਾਰਾਜਾ ਸ਼ੇਰ ਸਿੰਘ ਨੇ ਵਿੱਚ ਪੈ ਕੇ ਆਪ ਜ਼ਮਾਨਤ ਦਿੱਤੀ ਕਿ ਅੰਗ੍ਰੇਜ਼ ਲੇਡੀਆਂ ਨੂੰ ਛਡਵਾ ਦੇਵਾਂਗਾ।
ਮਹਾਰਾਜੇ ਦੇ ਇਹ ਕੰਮ ਅੰਗ੍ਰੇਜ਼ਾਂ ਲਈ ਇੰਨੇ ਲਾਭਦਾਇਕ ਸਾਬਤ ਹੋਏ ਕਿ ਇਨ੍ਹਾਂ ਦੀ ਬਾਬਤ ਪਾਰਲੀਮੈਂਟ ਵਿੱਚ ਇੱਕ ਮੇਮ ਨੇ ਬਿਆਨ ਦੇਂਦੇ ਹੋਏ ਮਹਾਰਾਜਾ ਸ਼ੇਰ ਸਿੰਘ ਨੂੰ ਆਪਣੀ ਜਾਨ ਬਚਾਨ ਵਾਲਾ ਦੱਸਿਆ। ਜੇ ਕਦੀ ਮਹਾਰਾਜਾ ਇਸ ਮਾਮਲੇ ਵਿੱਚ ਨਾ ਪੈਂਦਾ ਤਾਂ ਅੰਗ੍ਰੇਜ਼ਾਂ ਲਈ ਆਪਣੇ ਆਦਮੀ ਛੁਡਾਣੇ ਮੁਸ਼ਕਲ ਹੋ ਜਾਂਦੇ।
ਅਸੀਂ ਉੱਪਰ ਦੱਸ ਚੁੱਕੇ ਹਾਂ ਕਿ ਰਾਣੀ ਚੰਦ ਕੌਰ ਨੂੰ ੧੬ ਲੱਖ ਰੁਪਯੇ ਦੀ ਸਾਲਾਨਾ ਜਾਗੀਰ ਦਿੱਤੀ ਗਈ ਸੀ, ਜਿਸ ਦਾ ਪ੍ਰਬੰਧਕ ਰਾਜਾ ਗੁਲਾਬ ਸਿੰਘ ਬਣਾਯਾ ਗਿਆ ਸੀ। ਰਾਜਾ ਗੁਲਾਬ ਸਿੰਘ ਇਸ ੧੬ ਲੱਖ ਦੀ ਜਾਗੀਰ ਵਿੱਚੋਂ ਕੇਵਲ ਗੁਜ਼ਾਰੇ ਵਾਸਤੇ ਥੋੜ੍ਹੀ ਜਹੀ ਰਕਮ ਦੇ ਕੇ ਬਾਕੀ ਸਾਰੀ ਆਮਦਨੀ ਆਪ ਹਜ਼ਮ ਕਰ ਜਾਂਦਾ ਸੀ। ਰਾਣੀ ਦੇ ਨਾਮ ਤੇ ਜੋ ਖ਼ਜ਼ਾਨਾ ਕਿਲ੍ਹੇ ਵਿੱਚੋਂ ਗੁਲਾਬ ਸਿੰਘ ਲੈ ਗਿਆ ਸੀ, ਓਹ ਵੀ ਸਾਰਾ ਗੁਲਾਬ ਸਿੰਘ ਦੇ ਪਾਸ ਸੀ। ਓਸ ਵਿੱਚੋਂ ਇੱਕ ਭੰਨੀ ਕੌਡੀ ਵੀ ਰਾਣੀ ਨੂੰ ਓਹਨੇ ਨਾ ਦਿੱਤੀ ਤੇ ਨਾ ਦੇਣ ਨੂੰ ਤਿਆਰ ਸੀ।
ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਨਾਲ ਚਾਦਰ ਪਾਣ ਦੀ ਸਲਾਹ ਕੀਤੀ, ਰਾਣੀ ਵੀ ਮੰਨ ਗਈ, ਕਿੰਤੂ ਜਿਸ ਵੇਲੇ ਇਸ ਗੱਲ ਦਾ ਪਤਾ ਗੁਲਾਬ ਸਿੰਘ ਨੂੰ ਲੱਗਾ, ਤਦ ਓਹ ਕੰਬ ਗਿਆ। ਓਸ ਨੇ ਸਮਝ ਲਿਆ ਕਿ ਜੇ ਚੰਦ ਕੌਰ ਸ਼ੇਰ ਸਿੰਘ ਦੇ ਘਰ ਬੈਠ ਗਈ ਤਦ ਇੱਕ ਤਾਂ ਕਿਲ੍ਹੇ ਵਿੱਚੋਂ ਆਂਦਾ ਖ਼ਜ਼ਾਨਾ ਵਾਪਸ ਦੇਣਾ ਪਏਗਾ; ਦੂਜਾ ੧੬ ਲੱਖ ਦੀ ਜਾਗੀਰ ਵੀ ਹੱਥੋਂ ਜਾਂਦੀ ਰਹੇਗੀ। ਇਹ ਸੋਚ ਓਸ ਨੇ ਅਜੇਹੇ ਜੋੜ ਤੋੜ ਸ਼ੁਰੂ ਕੀਤੇ ਕਿ ਇਹ ਕੰਮ ਨਾ ਹੋ ਸਕੇ। ਸ਼ੇਰ ਸਿੰਘ ਨੂੰ ਕਈ ਗੱਲਾਂ ਅਜੇਹੀਆਂ ਕਹੀਆਂ, ਜਿਸ ਤੋਂ ਚੰਦ ਕੌਰ ਦਾ ਦੁਸ਼ਮਣ ਹੋ ਗਿਆ। ਚੰਦ ਕੌਰ ਨੂੰ ਅਜੇਹੀ ਪੱਟੀ ਪੜ੍ਹਾਈ ਕਿ ਓਹ ਇਸ ਗੱਲ ਤੋਂ ਹਟ ਗਈ। ਭਾਵੇਂ ਓਸ ਵੇਲੇ ਇਸ ਦੇ ਚਾਲ ਚਲਣ ਨਾਲ ਇਨ੍ਹਾਂ ਦੋਨਾਂ ਵਿੱਚ ਫੋਟਕ ਪੈ ਗਈ ਤੇ ਇਹ ਕੰਮ ਨਾ ਹੋ ਸਕਿਆ, ਕਿੰਤੂ ਖਤਰਾ ਫਿਰ ਵੀ ਸੀ ਕਿ ਸ਼ਾਇਦ ਫਿਰ ਕਦੇ ਇਹ ਕੰਮ ਹੋ ਜਾਏ। ਇਸ ਕਰ ਕੇ ਗੁਲਾਬ ਸਿੰਘ ਨੇ ਰਾਜਾ ਧਿਆਨ ਸਿੰਘ ਨਾਲ ਸਲਾਹ ਕਰ ਕੇ ਇੱਕ ਦਿਨ ਜਦ ਕਿ ਰਾਜਾ ਸ਼ੇਰ ਸਿੰਘ ਵਜ਼ੀਰਾਬਾਦ ਦੇ ਇਲਾਕੇ ਵਿੱਚ ਦੌਰੇ ਤੇ ਗਿਆ ਹੋਇਆ ਸੀ। ਚਾਰ ਗੋਲੀਆਂ ਨੂੰ ਇਨਾਮ ਦੇਣਾ ਕਰ ਕੇ ਰਾਣੀ ਚੰਦ ਕੌਰ ਨੂੰ ਜਿਸ ਵੇਲੇ ਟੱਟੀ ਗਈ ਹੋਈ ਸੀ, ਗੋਲੀਆਂ ਦੇ ਹੱਥੋਂ ਉੱਥੇ ਹੀ ਪੱਥਰਾਂ ਨਾਲ ਮਰਵਾ ਕੇ ਗੰਦੀ ਨਾਲੀ ਵਿੱਚ ਸੁਟਾ ਦਿੱਤਾ ਤੇ ਇਸੇ ਤਰ੍ਹਾਂ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਨੂੰ ਵੀ ਕਤਲ ਕਰ ਦਿੱਤਾ।
ਧਿਆਨ ਸਿੰਘ ਨੇ ਇਸ ਗੱਲ ਤੇ ਪਰਦਾ ਪਾਣ ਲਈ ਚਾਰੇ ਨੌਕਰਾਣੀਆਂ ਪਕੜਵਾ ਲਈਆਂ, ਜਿਨ੍ਹਾਂ ਵਿਚੋਂ ਇੱਕ ਤਾਂ ਨੱਸ ਗਈ ਤੇ ਬਾਕੀ ਤਿੰਨ ਲੂਣ ਹਰਾਮ ਨੌਕਰਾਣੀਆਂ ਨੂੰ ਇਨਾਮ ਦੇਣ ਦੀ ਜਗ੍ਹਾ ਫਾਂਸੀ ਤੇ ਲਟਕਾ ਦਿੱਤਾ ਤੇ ਰਾਜਾ ਗੁਲਾਬ ਸਿੰਘ ਲਾਹੌਰੋਂ ਆਂਦੇ ਖ਼ਜ਼ਾਨੇ ਤੇ ੧੬ ਲੱਖ ਦਾ ਜਾਗੀਰ ਦਾ ਬੇਖਟਕੇ ਮਾਲਕ ਹੋ ਗਿਆ।
ਹੁਣ ਜ਼ਮਾਨੇ ਨੇ ਫਿਰ ਰੰਗ ਬਦਲਿਆ। ਧਿਆਨ ਸਿੰਘ ਆਪਣੇ ਦਿਲ ਦੇ ਵਿੱਚ ਸਮਝਦਾ ਸੀ ਕਿ ਮੇਰੀ ਮਦਦ ਦੇ ਨਾਲ ਸ਼ੇਰ ਸਿੰਘ ਨੂੰ ਰਾਜ ਮਿਲਿਆ ਹੈ। ਇਸ ਵਾਸਤੇ ਓਹ ਹਰ ਗੱਲ ਦੇ ਵਿੱਚ ਆਪਣੀ ਲੱਤ ਅੜਾਨ ਦੀ ਕੋਸ਼ਸ਼ ਕਰਦਾ ਸੀ ਤੇ ਚਾਹੁੰਦਾ ਸੀ ਕਿ ਮਹਾਰਾਜਾ ਸ਼ੇਰ ਸਿੰਘ ਓਹਦੇ ਹੱਥ ਵਿੱਚ ਕਠਪੁਤਲੀ ਬਣਿਆ ਰਹੇ। ਕਿੰਤੂ ਮਹਾਰਾਜਾ ਸ਼ੇਰ ਸਿੰਘ ਜਿਹਾ ਦੂਰ ਅੰਦੇਸ਼ੀ ਤੇ ਬਹਾਦਰ ਮਹਾਰਾਜਾ ਇਸ ਗੱਲ ਨੂੰ ਕਦ ਪਸੰਦ ਕਰਦਾ ਸੀ ਕਿ ਓਹ ਦੂਜਿਆਂ ਦੇ ਹੱਥ ਵਿੱਚ
ਖਿਡਾਉਣਾ ਬਣਿਆ ਰਹੇ? ਸੋ ਉਸ ਨੇ ਆਪਣੇ ਆਪ ਨੂੰ ਸੁਤੰਤ੍ਰ ਕਰਨ ਦੇ ਵਸੀਲੇ ਸੋਚਣੇ ਸ਼ੁਰੂ ਕੀਤੇ। ਭਾਈ ਰਾਮ ਸਿੰਘ ਤੇ ਗੁਰਮੁਖ ਸਿੰਘ ਆਦਿਕਾਂ ਨੇ ਮਹਾਰਾਜੇ ਨੂੰ ਸਲਾਹ ਦਿੱਤੀ ਕਿ ਡੋਗਰਿਆਂ ਦੀ ਬਹੁਤੀ ਦੁਸ਼ਮਣੀ ਸੰਧਾਵਾਲੀਏ ਸਰਦਾਰਾਂ ਨਾਲ ਹੈ ਤੇ ਓਹੋ ਹੀ ਇਨ੍ਹਾਂ ਦੇ ਦੰਦ ਖੱਟੇ ਕਰ ਸਕਦੇ ਹਨ। ਮਹਾਰਾਜਾ ਇਸ ਗੱਲ ਨੂੰ ਸੋਚ ਹੀ ਰਿਹਾ ਸੀ ਕਿ ਇੱਕ ਦਿਨ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਜਿਸ ਵੇਲੇ ਗਿਆ, ਤਦ ਇੱਥੋਂ ਦੇ ਗ੍ਰੰਥੀ ਨੂੰ, ਜਿਸ ਨੂੰ ਦੋ ਗੱਲਾਂ ਮਨਾਣ ਦਾ ਅਖਤਿਆਰ ਸੀ, ਬੇਨਤੀ ਕੀਤੀ ਕਿ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਛੱਡ ਦਿੱਤਾ ਜਾਏ। ਦੂਜਾ ਸਰਦਾਰ ਅਤਰ ਸਿੰਘ ਤੇ ਅਜੀਤ ਸਿੰਘ ਜੋ ਅੰਗ੍ਰੇਜ਼ੀ ਇਲਾਕੇ ਵਿੱਚ ਗਏ ਹੋਏ ਹਨ, ਵਾਪਸ ਸੱਦ ਲਏ ਜਾਣ। ਮਹਾਰਾਜਾ ਸਾਹਿਬ ਨੇ ਉਸੇ ਵੇਲੇ ਸਰਦਾਰ ਲਹਿਣਾ ਸਿੰਘ ਨੂੰ ਛੁਡਾ ਦਿੱਤਾ ਤੇ ਸਰਦਾਰ ਅਜੀਤ ਸਿੰਘ, ਅਤਰ ਸਿੰਘ ਨੂੰ ਵਾਪਸ ਆਉਣ ਦਾ ਹੁਕਮ ਦੇ ਦਿੱਤਾ। ਸੰਧਾਵਾਲੀਏ ਸਰਦਾਰ ਨੇ ਪ੍ਰਣ ਕੀਤਾ ਕਿ ਅਸੀਂ ਮਹਾਰਾਜਾ ਸ਼ੇਰ ਸਿੰਘ ਦੇ ਸਹਾਇਕ ਰਹਾਂਗੇ।
ਮਹਾਰਾਜਾ ਸ਼ੇਰ ਸਿੰਘ ਦਿਲ ਦਾ ਸਾਫ਼ ਤੇ ਬੜਾ ਨੇਕ ਪੁਰਸ਼ ਸੀ। ਉਸ ਨੇ ਸੰਧਾਵਾਲੀਏ ਸਰਦਾਰਾਂ ਦਾ ਕਸੂਰ ਮਾਫ਼ ਕਰ ਦਿੱਤਾ। ਸਰਦਾਰ ਅਤਰ ਸਿੰਘ ਤਾਂ ਆਪਣੀ ਜਾਗੀਰ ਵਿੱਚ ਚਲਾ ਗਿਆ ਤੇ ਸਰਦਾਰ ਅਜੀਤ ਸਿੰਘ, ਲਹਿਣਾ ਸਿੰਘ ਲਾਹੌਰ ਦਰਬਾਰ ਵਿੱਚ ਆਪਣੇ ਅਹੁਦਿਆਂ ਤੇ ਨੀਯਤ ਹੋ ਗਏ। ਇਹ ਗੱਲ ਧਿਆਨ ਸਿੰਘ ਲਈ ਅਸਹਿ ਸੀ। ਓਸ ਨੇ ਜਦ ਵੇਖਿਆ ਕਿ ਮਹਾਰਾਜਾ ਨਾਲ ਇਨ੍ਹਾਂ ਦੀ ਸੁਲਾਹ ਸਫ਼ਾਈ ਹੋ ਗਈ ਹੈ, ਤਦ ਇੱਕ ਨਵੀਂ ਚਾਲ ਚਲੀ। ਸੰਧਾਵਾਲੀਏ ਸਰਦਾਰਾਂ ਨਾਲ ਮਿਤਰਾਨਾ ਗੰਢ ਲਿਆ। ਜਦ ਸਮਝਿਆ ਕਿ ਓਹ ਹੁਣ ਇਸ ਤੇ ਇਤਬਾਰ ਕਰਨ ਲੱਗ ਪਏ ਹਨ, ਤਦ ਉਹਨਾਂ ਨੂੰ ਕਿਹਾ ਕਿ ਮਹਾਰਾਜੇ ਦਾ ਦਿਲ ਸਾਫ਼ ਨਹੀਂ। ਤੁਹਾਨੂੰ ਜੋ ਇੱਥੇ ਸੱਦਿਆ ਗਿਆ ਹੈ, ਇਹ ਸਿਰਫ ਬਦਲਾ ਲੈਣ ਦੇ ਵਾਸਤੇ ਹੈ। ਭਾਵੇਂ ਉੱਪਰੋਂ ਤੁਹਾਡੇ ਨਾਲ ਮਹਾਰਾਜਾ ਸੁਲਾਹ ਸਫ਼ਾਈ ਦੀਆਂ ਗੱਲਾਂ ਕਰਦਾ ਹੈ, ਕਿੰਤੂ ਅੰਦਰ ਖਾਨੇ ਤੁਹਾਡੇ ਮਰਵਾਣ ਦੇ ਉੱਪਰਾਲੇ ਹੋ ਰਹੇ ਹਨ। ਇਹ ਗੱਲਾਂ ਸੁਣ ਸੰਧਾਵਾਲੀਏ ਸਰਦਾਰਾਂ ਦੇ ਅੰਦਰ ਗੁੱਸੇ ਤੇ ਵੈਰ ਦੀ ਜਵਾਲਾ ਭੜਕ ਉੱਠੀ ਤੇ ਪੁਰਾਣੇ ਬਦਲੇ ਲੈਣ ਦੇ ਖ਼ਿਆਲ ਆ ਗਏ। ਉਹ ਪਹਿਲਾਂ ਮਹਾਰਾਜਾ ਸਾਹਿਬ ਪਾਸ ਗਏ ਤੇ ਜਾ ਕੇ ਬੇਨਤੀ ਕੀਤੀ ਕਿ ਅਸੀਂ ਆਪ ਦੇ ਆਗਿਆਕਾਰ ਹਾਂ। ਰਾਤ ਦਿਨ ਤੁਹਾਡੇ ਐਸ਼ਵਰਜ ਤੇ ਪ੍ਰਤਾਪ ਦੀ ਬ੍ਰਿਧੀ ਦੇ ਅਰਦਾਸੇ ਅਕਾਲ ਪੁਰਖ ਅੱਗੇ ਕਰਦੇ ਹਾਂ, ਕਿੰਤੂ ਡੋਗਰਾ ਵਜ਼ੀਰ ਆਪ ਦੀ ਜਾਨ ਦਾ ਦੁਸ਼ਮਨ ਹੋ ਰਿਹਾ ਹੈ। ਨੌਨਿਹਾਲ ਸਿੰਘ ਦੀ ਤਰ੍ਹਾਂ ਆਪ ਦੀ ਜਾਨ ਵੀ ਲੈਣੀ ਚਾਹੁੰਦਾ ਹੈ, ਅੱਜ ਸਾਨੂੰ ਕਹਿਣ ਲੱਗਾ ਕਿ ਮਹਾਰਾਜਾ ਸਾਹਿਬ ਨੂੰ ਕਤਲ ਕਰ ਦਿਓ। ਮਹਾਰਾਜਾ ਨੇ ਇਹ ਗੱਲ ਸੁਣ ਕੇ ਤਲਵਾਰ ਓਹਨਾਂ ਦੇ ਸਾਹਮਣੇ ਰੱਖ ਦਿੱਤੀ ਤੇ ਕਿਹਾ ਕਿ ਜੇ ਆਪ ਮੈਨੂੰ ਕਤਲ ਕਰਨਾ ਚਾਹੁੰਦੇ ਹੋ, ਤਦ ਇਹ ਤਲਵਾਰ ਲਓ ਤੇ ਮੇਰਾ ਸਿਰ ਹਾਜ਼ਰ ਹੈ, ਕਿੰਤੂ ਇਹ ਕਿੰਨੇ ਸ਼ੋਕ ਦੀ ਗੱਲ ਹੈ ਕਿ ਤੁਸੀਂ ਮੇਰੇ ਸਾਥੀ ਹੋਵੋ ਤੇ ਧਿਆਨ ਸਿੰਘ ਨੂੰ ਇਨ੍ਹਾਂ ਗੱਲਾਂ ਦੀ ਸਜ਼ਾ ਨਾ ਦੇਵੋ। ਸੰਧਾਵਾਲੀਆ ਨੇ ਕਿਹਾ ਕਿ ਸਾਨੂੰ ਹੁਕਮ ਲਿਖ ਦੇਵੋ ਕਿ ਰਾਜਾ ਧਿਆਨ ਸਿੰਘ ਨੂੰ ਕਤਲ ਕਰ ਦਿਓ। ਇਸ ਦਾ ਬਦਲਾ ਤੁਹਾਥੋਂ ਨਹੀਂ ਲਿਆ ਜਾਵੇਗਾ, ਤਦ ਲਓ ਅਸੀਂ ਹੁਣੇ ਹੀ ਧਿਆਨ ਸਿੰਘ ਦਾ ਸਿਰ ਵੱਢ ਲਿਆਂਦੇ ਹਾਂ। ਮਹਾਰਾਜਾ ਸ਼ੇਰ ਸਿੰਘ ਜੋ ਇੱਕ ਸਾਫ਼ ਦਿਲ ਆਦਮੀ ਸੀ, ਉਸ ਨੇ ਡੋਗਰਿਆਂ ਦੀ ਸਾਜ਼ਸ਼ ਦਾ ਹਾਲ ਸੁਣ ਕੇ ਕਾਗ਼ਜ਼ ਸੰਧਾਵਾਲੀਆਂ ਨੂੰ ਲਿਖ ਦਿੱਤਾ। ਸੰਧਾਵਾਲੀਏ ਓਹ ਕਾਗ਼ਜ਼ ਲੈ ਕੇ ਸਿੱਧੇ ਧਿਆਨ ਸਿੰਘ ਪਾਸ ਪੁੱਜੇ ਤੇ ਕਾਗਤ ਵਿਖਾ ਕੇ ਕਿਹਾ ਕਿ ਵੇਖੋ ਤੁਹਾਡੀ ਬਾਬਤ ਸ਼ੇਰ ਸਿੰਘ ਦੇ ਕੀ ਖ਼ਿਆਲ ਹਨ। ਤੁਸਾਂ ਓਹਦੇ ਨਾਲ ਇੰਨੀ ਨੇਕੀ ਕੀਤੀ ਕਿ ਰਾਜ ਦਵਾਇਆ, ਵੇਖੋ ਓਹ ਤੁਹਾਡਾ ਕਿਸ ਤਰ੍ਹਾਂ ਵੈਰੀ ਹੋ ਰਿਹਾ ਹੈ? ਧਿਆਨ ਸਿੰਘ ਨੇ ਕਿਹਾ, ਜਿਵੇਂ ਤੁਹਾਡੀ ਮਰਜ਼ੀ ਮੈਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ।
ਸੰਧਾਵਾਲੀਆਂ ਕਿਹਾ ਕਿ ਸ਼ੇਰ ਸਿੰਘ ਤੁਹਾਡਾ ਵੀ ਦੁਸ਼ਮਣ ਤੇ ਸਾਡਾ ਵੀ ਦੁਸ਼ਮਣ, ਇਸ ਲਈ ਸਭ ਤੋਂ ਪਹਿਲਾਂ ਓਸੇ ਦਾ ਸਿਰ ਕਿਉਂ ਨਾ ਵਢਿਆ ਜਾਏ ਤੇ ਉਸ ਦੀ ਜਗ੍ਹਾ ਨਾਬਾਲਗ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਕੇ ਤੁਸੀਂ ਵਜ਼ਾਰਤ ਦਾ ਕੰਮ ਸੰਭਾਲੀ ਰੱਖੋ। ਇਹ ਸੁਣ ਕੇ ਰਾਜਾ ਧਿਆਨ ਸਿੰਘ ਨੇ ਵੀ ਮੰਨ ਲਈ। ਸੰਧਾਵਾਲੀਆਂ ਨੇ ਇਸੇ ਤਰ੍ਹਾਂ ਦੀ ਇੱਕ ਲਿਖਤ ਵਜ਼ੀਰ ਪਾਸੋਂ ਵੀ ਲਿਖਵਾ ਲਈ ਤੇ ਇਸ ਕੰਮ ਨੂੰ ਸ਼ੁਕਰਵਾਰ ਕਰਨ ਦਾ ਫ਼ੈਸਲਾ ਕਰ ਕੇ ਆਪਣੇ ਪਿੰਡ ਰਾਜਾਸਾਂਸੀ ਚਲੇ ਗਏ। ਹੁਣ ਰਾਜਾ ਸ਼ੇਰ ਸਿੰਘ ਤਾਂ ਧਿਆਨ ਸਿੰਘ ਵਜ਼ੀਰ ਦੇ ਮਰਨ ਦੇ ਸੁਪਨੇ ਲੈ ਰਿਹਾ ਸੀ ਤੇ ਧਿਆਨ ਸਿੰਘ ਮਹਾਰਾਜੇ ਨੂੰ ਕਤਲ ਹੋਇਆ ਵੇਖਣ ਦੇ ਖਿਆਲੀ ਰੰਗ ਜਮ੍ਹਾਂ ਰਿਹਾ ਸੀ। ਕਿੰਤੂ ਸੰਧਾਂਵਾਲੀਏ ਦੋਹਾਂ ਨੂੰ ਇੱਕ ਥਾਂ ਪੁਚਾਣ ਦੇ ਆਹਰ ਵਿੱਚ ਲੱਗੇ ਹੋਏ ਸਨ। ਪਹਿਲੀ ਅੱਸੂ ਸੰਗਰਾਂਦ ਵਾਲੇ ਦਿਨ ੧੫ ਸਤੰਬਰ ਨੂੰ ਮਹਾਰਾਜਾ ਸ਼ੇਰ ਸਿੰਘ ਸ਼ਾਹ ਬਿਲਾਵਲ ਦੇ ਪਾਸ ਜਾ ਕੇ ਬਾਰਾਂਦਰੀ ਵਿੱਚ ਬੈਠ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖ ਰਿਹਾ ਸੀ ਤੇ ਓਹਦਾ ਵੱਡਾ ਲੜਕਾ ਪ੍ਰਤਾਪ ਸਿੰਘ ਭੜਾਨੀਏ ਸਰਦਾਰਾਂ ਦੇ ਬਾਗ਼ ਵਿੱਚ ਤੁਲਾਦਾਨ ਕਰਾ ਰਿਹਾ ਸੀ। ਤਿੰਨ ਤੁਲਾ ਤੇ ੧੧ ਗਊਆਂ ਤੇ ੫ ਘੋੜੇ ਦਾਨ ਕਰ ਚੁੱਕਿਆ ਸੀ। ਚੌਥੇ ਚਾਂਦੀ ਦੇ ਤੁਲੇ ਤੇ ਬੈਠਣ ਵਾਲਾ ਸੀ, ਇਤਨੇ ਵਿੱਚ ਸੰਧਾਵਾਲੀਏ ਆ ਗਏ। ਇਹਨਾਂ ਦੇ ਨਾਲ ਆਪਣੇ ਨਵੀਂ ਭਰਤੀ ਕੀਤੇ ਸਰਦਾਰ ਵੀ ਸਨ ਤੇ ਇਹ ਓਹਨਾਂ ਦੀ ਹਾਜ਼ਰੀ ਦੇਣ ਆਏ ਸਨ। ਅਜੀਤ ਸਿੰਘ ਤਾਂ ਮਹਾਰਾਜਾ ਵੱਲ ਗਿਆ ਤੇ ਲਹਿਣਾ ਸਿੰਘ ਸ਼ਾਹਜ਼ਾਦੇ ਵੱਲ ਤੇ ਫ਼ੈਸਲਾ ਇਹ ਹੋਇਆ ਕਿ ਬਾਰਾਂਦਰੀ ਵਿਚ ਬੰਦੂਕ ਛੁਟਣ ਦੀ ਅਵਾਜ਼ ਸੁਣਦੇ ਹੀ ਸ਼ਾਹਜ਼ਾਦਾ ਪ੍ਰਤਾਪ ਸਿੰਘ ਦਾ ਸਿਰ ਤਨ ਨਾਲੋਂ ਜੁਦਾ ਕਰ ਦਿੱਤਾ ਜਾਵੇ।
ਅਜੀਤ ਸਿੰਘ ੫੦ ਸਵਾਰਾਂ ਦੇ ਨਾਲ ਬਾਰਾਂਦਰੀ ਵਿੱਚ ਪੁੱਜਾ। ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਜਿੱਤਣ ਵਾਲੇ ਪਹਿਲਵਾਨਾਂ ਨੂੰ ਇਨਾਮ ਵੰਡ ਰਿਹਾ ਸੀ ਤੇ ਮੌਤ ਓਹਦੇ ਸਿਰ ਤੇ ਖੜ੍ਹੀ ਮਿੰਟ ਗਿਣ ਰਹੀ ਸੀ, ਜਿਸ ਦੀ ਬਾਬਤ ਓਹਨੂੰ ਕੋਈ ਖ਼ਬਰ ਨਹੀਂ ਸੀ। ਅਜੀਤ ਸਿੰਘ ਨੇ ਬੇਨਤੀ ਕੀਤੀ ਕਿ ਫੌਜ ਹਾਜ਼ਰ ਹੈ ਗਿਣ ਲਈ ਜਾਵੇ। ਮਹਾਰਾਜਾ ਨੇ ਦੀਨਾਨਾਥ ਨੂੰ ਹੁਕਮ ਦਿੱਤਾ ਕਿ ਆਦਮੀ ਗਿਣ ਕੇ ਨਾਮ ਲਿਖ ਲਓ। ਫਿਰ ਅਜੀਤ ਸਿੰਘ ਨੇ ਇੱਕ ਸੰਦੂਕ ਵਿੱਚੋਂ ਬੰਦੂਕ ਕੱਢੀ ਤੇ ਹੱਸਦੇ ਹੋਏ ਕਿਹਾ ਕਿ ਦੇਖੋ ਇਹ ਬੰਦੂਕ ਕਹੀ ਸੋਹਣੀ ਦੋਨਾਲੀ ਅੰਗ੍ਰੇਜ਼ੀ ਬੰਦੂਕ ਹੈ ਤੇ ਮੈਂ ੧੪੦੦ ਰੁਪਯੇ ਤੋਂ ਖਰੀਦੀ ਹੈ।
੮. ਮਹਾਰਾਜਾ ਸ਼ੇਰ ਸਿੰਘ ਤੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਦਾ ਕਤਲ ਹੋਣਾ
ਜਿਸ ਵੇਲੇ ਮਹਾਰਾਜਾ ਸ਼ੇਰ ਸਿੰਘ ਹੱਥ ਵਧਾ ਕੇ ਬੰਦੂਕ ਫੜਨ ਲੱਗਾ, ਤਦ ਧੋਖੇਬਾਜ਼ ਪਾਪੀ ਤੇ ਬੇਈਮਾਨ ਅਜੀਤ ਸਿੰਘ ਨੇ ਬੰਦੂਕ ਦੇ ਦੋਨੋਂ ਘੋੜੇ ਦਬਾ ਦਿੱਤੇ, ਜਿਸ ਤੋਂ ਦੋਨੋਂ ਗੋਲੀਆਂ ਸਿੱਧੀਆਂ ਓਹਦੀ ਛਾਤੀ ਵਿੱਚ ਲੱਗੀਆਂ ਤੇ ਮਹਾਰਾਜਾ "ਓਏ! ਇਹ ਕੀ ਦਗਾ ਕੀਤਾ?" ਕਹਿੰਦੇ ਚਲਾਣਾ ਕਰ ਗਏ। ਮਹਾਰਾਜੇ ਦੇ ਇੱਕ ਨਮਕ ਹਲਾਲ ਨੌਕਰ ਨੇ ਤਲਵਾਰ ਸੰਭਾਲ ਅਜੀਤ ਸਿੰਘ ਦੇ ਦੋ ਸਾਥੀ ਵੱਢ ਸੁਟੇ। ਜਦ ਅਜੀਤ ਸਿੰਘ ਨੂੰ ਉਸ ਨੇ ਤਲਵਾਰ ਮਾਰੀ ਤਦ ਤਲਵਾਰ ਦੀਵਾਰ ਦੀ ਚੋਖਟ ਤੇ ਲਗ ਕੇ ਦੋ ਟੁਕੜੇ ਹੋ ਗਈ। ਅਜੀਤ ਸਿੰਘ ਦੇ ਸਾਥੀਆਂ ਓਹਨੂੰ ਵੱਢ ਸੁਟਿਆ ਬਾਕੀ ਦੇ ਸਾਰੇ ਆਦਮੀ ਨੱਸ ਗਏ ਤੇ ਅਜੀਤ ਸਿੰਘ ਨੇ ਮਹਾਰਾਜਾ ਦਾ ਸਿਰ ਵਢਾ ਕੇ ਹੱਥ ਵਿੱਚ ਲੈ ਲਿਆ ਤੇ ਘੋੜੇ ਪਰ ਸਵਾਰ ਹੋ ਗਿਆ।
ਜਦ ਬਾਰਾਂਦਾਰੀ ਵਿੱਚ ਬੰਦੂਕ ਚਲਣ ਦੀ ਅਵਾਜ਼ ਲਹਿਣਾ ਸਿੰਘ ਨੇ ਸੁਣੀ, ਤਦ ਨੰਗੀ ਤਲਵਾਰ ਲੈ ਕੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਵੱਲ ਵਧਿਆ। ਜਦ ਸ਼ਾਹਜ਼ਾਦੇ ਨੇ ਇਸ ਹਤਯਾਰੇ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਦ ਹੱਥ ਜੋੜ ਕੇ ਕਿਹਾ ਕਿ ਚਾਚਾ ਜੀ! ਮੈਂ ਤੁਹਾਡਾ ਨੌਕਰ ਹੋ ਕੇ ਰਹਾਂਗਾ, ਮੇਰੀ ਜਾਨ ਬਖ਼ਸ਼ੀ ਕਰੋ? ਕਿੰਤੂ ਚਾਚਾ ਇੰਨਾ ਪੱਥਰ ਦਿਲ ਤੇ ਬੇਤਰਸ ਸੀ ਕਿ ਉਸ ਜ਼ਾਲਮ ਨੂੰ ਰਤੀ ਜਿੰਨਾ ਤਰਸ ਨਾ ਆਇਆ। ਆਪਣੇ ਮਾਸੂਮ ਤੇ ਸੁੰਦਰ ਭਤੀਜੇ ਦਾ ਸਿਰ ਵੱਢ ਲਿਆ। ਹੁਣ ਅਜੀਤ ਸਿੰਘ ਤੇ ਲਹਿਣਾ ਸਿੰਘ ਦੋਵੇਂ ਸਿਰ ਲੈ ਕੇ ਫੌਜ ਸਮੇਤ ਕਿਲ੍ਹੇ ਵੱਲ ਗਏ।
ਜਦ ਕਿਲ੍ਹੇ ਦੇ ਲਾਗੇ ਪੁੱਜੇ, ਤਦ ਅੰਦਰੋਂ ਰਾਜਾ ਧਿਆਨ ਸਿੰਘ ਘੋੜੇ ਤੇ ਚੜ੍ਹਿਆ ਆਉਂਦਾ ਮਿਲਿਆ। ਅਜੀਤ ਸਿੰਘ ਨੇ ਅੱਗੇ ਵੱਧ ਕੇ ਕਿਹਾ, ਇਹ ਲਓ ਆਪ ਦੇ ਦੁਸ਼ਮਣਾਂ ਦੇ ਸਿਰ ਹਨ। ਅਸੀਂ ਤਾਂ ਆਪਣਾ ਕੰਮ ਕਰ ਆਏ, ਹੁਣ ਚਲੋ ਕਿਲ੍ਹੇ ਵਿੱਚ ਤੇ ਦਲੀਪ ਸਿੰਘ ਨੂੰ ਬਠਾਓ ਗੱਦੀ ਤੇ।
ਧਿਆਨ ਸਿੰਘ ਇਨ੍ਹਾਂ ਦੇ ਨਾਲ ਕਿਲ੍ਹੇ ਵੱਲ ਟੁਰ ਪਿਆ। ਉਸ ਵੇਲੇ ਧਿਆਨ ਸਿੰਘ ਦੇ ਨਾਲ ਥੋੜ੍ਹੇ ਜਿਹੇ ਆਦਮੀ ਸਨ, ਜਿਨ੍ਹਾਂ ਨੂੰ ਪਹਿਲੇ ਦਰਵਾਜ਼ੇ ਤੇ ਹੀ ਰੋਕ ਲਿਆ ਗਿਆ। ਕਿਲ੍ਹੇ ਵਿੱਚ ਵੜਦਿਆਂ ਹੀ ਅਜੀਤ ਸਿੰਘ ਨੇ ਕਿਹਾ ਕਿ ਹੁਣ ਗੱਦੀ ਤੇ ਕੌਣ ਬੈਠੇਗਾ? ਧਿਆਨ ਸਿੰਘ ਨੇ ਕਿਹਾ ਕਿ ਸਵਾਏ ਦਲੀਪ ਸਿੰਘ ਦੇ ਹੋਰ ਕੌਣ ਗੱਦੀ ਤੇ ਬੈਠ ਸਕਦਾ ਹੈ? ਅਜੀਤ ਸਿੰਘ ਬੋਲਿਆ ਕਿ ਦਲੀਪ ਸਿੰਘ ਮਹਾਰਾਜਾ ਬਣ ਗਿਆ ਤੇ ਤੁਸੀਂ ਵਜ਼ੀਰ। ਦੱਸੋ ਅਸਾਂ ਇਹ ਕੰਮ ਕਿਸ ਲਈ ਕਰਨਾ ਸੀ?
੯. ਧਿਆਨ ਸਿੰਘ ਦਾ ਕਤਲ ਹੋਣਾ
ਅਜੀਤ ਸਿੰਘ ਦੀ ਇਹ ਗੱਲ ਸੁਣ ਕੇ ਧਿਆਨ ਸਿੰਘ ਨੂੰ ਆਪਣੇ ਕੀਤੇ ਹੋਏ ਸਾਰੇ ਪਾਪ ਚੇਤੇ ਆ ਗਏ। ਪਾਸੋਂ ਗੁਰਮੁਖ ਸਿੰਘ ਬੋਲਿਆ ਕਿ ਜਦ ਵਲਟੋਹਾ ਨਵਾਂ ਲਾਣਾ ਹੈ, ਤਦ ਕੜਛਾ ਪੁਰਾਣਾ ਰੱਖਣ ਦਾ ਕੀ ਲਾਭ? ਅਰਥਾਤ ਜਦ ਬਾਦਸ਼ਾਹ ਨਵਾਂ ਬਨਾਣਾ ਹੈ, ਤਦ ਵਜ਼ੀਰ ਪਰਾਣਾ ਰੱਖਣ ਦੀ ਕੀ ਲੋੜ ਹੈ? ਅਜੀਤ ਸਿੰਘ ਦੇ ਇਸਾਰੇ ਤੇ ਓਹਦੇ ਇੱਕ ਸਾਥੀ ਨੇ ਪਿੱਛੋਂ ਗੋਲੀ ਦਾ ਫਾਇਰ ਕੀਤਾ, ਜੋ ਧਿਆਨ ਸਿੰਘ ਦੇ ਪਿੱਛੋਂ ਲੱਗ ਕੇ ਅੱਗੋਂ ਨਿੱਕਲ ਗਿਆ। ਧਿਆਨ ਸਿੰਘ ਦੇ ਇੱਕ ਮੁਲਾਜ਼ਮ ਮੁਸਲਮਾਨ ਨੇ ਬਦਲਾ ਲੈਣਾ ਚਾਹਿਆ, ਪਰ ਉਸ ਨੂੰ ਵੀ ਓਥੇ ਕਤਲ ਕਰ ਦਿੱਤਾ ਗਿਆ। ਧਿਆਨ ਸਿੰਘ ਦੀ ਲਾਸ਼ ਚੁੱਕ ਕੇ ਉਸੇ ਗੰਦੀ ਨਾਲੀ ਵਿੱਚ ਸੁੱਟ ਦਿੱਤੀ ਗਈ, ਜਿਸ ਵਿੱਚ ਉਸ ਨੇ ਚੰਦ ਕੌਰ ਦੀ ਸੁਟਵਾਈ ਸੀ।
ਅਜੀਤ ਸਿੰਘ ਸਿੱਧਾ ਜ਼ਨਾਨ ਖਾਨੇ ਗਿਆ, ੫ ਸਾਲ ਦੇ ਬਾਲ ਦਲੀਪ ਸਿੰਘ ਨੂੰ ਨਾਲ ਲੈ ਕੇ ਤਖ਼ਤ ਤੇ ਬਿਠਾ ਦਿੱਤਾ ਤੇ ਓਹਦੇ ਮੱਥੇ ਤੇ ਸ਼ੇਰ ਸਿੰਘ ਦੇ ਸਿਰ ਤੇ ਚੋ ਰਹੇ ਖੂਨ ਦਾ ਟਿੱਕਾ ਲਾਇਆ। ਸ਼ੋਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਹੂਲ ਕੇ ਕਾਇਮ ਕੀਤੀ ਸਲਤਨਤ ਕੌਮ ਫਰੋਸ਼ ਦੇ ਗ਼ਦਾਰਾਂ ਦੇ ਹੱਥ ਆ ਗਈ, ਜਿਸ ਦੇ ਦਿਨ ਵਿੱਚ ਕਈ ਵਾਰ ਜੋੜ-ਤੋੜ ਹੋਣ ਲੱਗੇ।
੧੦. ਮਹਾਰਾਜਾ ਸ਼ੇਰ ਸਿੰਘ ਦੇ ਗੁਣ
ਮਹਾਰਾਜਾ ਸ਼ੇਰ ਸਿੰਘ ਇੱਕ ਬੜਾ ਜਵਾਨ, ਸੁੰਦਰ ਤੇ ਦਾਨਾ ਮਹਾਰਾਜਾ ਸੀ। ਇਸ ਦੀਆਂ ਅੱਖਾਂ ਮੋਟੀਆਂ ਮੋਟੀਆਂ ਤੇ ਚੇਹਰਾ ਗੋਲ ਵੇਖਣ ਵਾਲੇ ਤੇ ਬੜਾ ਅਸਰ ਪਾਂਦਾ ਸੀ। ਰਾਜਸੀ ਮਾਮਲਿਆਂ ਵਿੱਚ ਇਹਦਾ ਦਿਮਾਗ਼ ਦੂਰ ਤੱਕ ਪੁੱਜਦਾ ਸੀ। ਸਿੱਖਾਂ ਦੇ ਦਾੜ੍ਹੀ ਬੰਨਣ ਦਾ ਰਿਵਾਜ਼ ਇਸੇ ਮਹਾਰਾਜਾ ਦੇ ਵੇਲੇ ਹੀ ਪਿਆ।
ਇਕ ਵੇਰ ਦਾ ਜ਼ਿਕਰ ਹੈ ਕਿ ਹਜ਼ਾਰੇ ਦੀ ਲੜਾਈ ਤੇ ਮਹਾਰਾਜਾ ਸ਼ੇਰ ਸਿੰਘ ਗਿਆ। ਜਦ ਦੋਨੋਂ ਪਾਸਿਆਂ ਤੋਂ ਜੰਗ ਸ਼ੁਰੂ ਹੋਣ ਲੱਗੀ। ਤਦ ਇੱਕ ਵੱਡੇ ਗਰਾਂਡੀਲ ਕਦ ਦੇ ਪਠਾਣ ਨੇ ਕਿਹਾ ਕਿ ਫੌਜਾਂ ਨੂੰ ਮਰਵਾਨ ਦਾ ਕੀਲਾ ਮਚੰਗ ਹੋਵੇ ਕਿ ਸਰਦਾਰ ਆਪਸ ਵਿੱਚ ਨਿਪਟ ਲੈਣ। ਇਹ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਝਟ ਘੋੜੇ ਤੋਂ ਉੱਤਰ ਕੇ ਉਹਦੇ ਸਾਹਮਣੇ ਜਾ ਖਲੋਤਾ ਤੇ ਕਿਹਾ ਕਿ ਪਹਿਲਾਂ ਆਪਣੀ ਵਾਰ ਕਰ ਲੈ। ਪਠਾਣ ਨੇ ਤਦ ਤਲਵਾਰ ਖਿਚ ਕੇ ਭਰਵਾਂ ਵਾਰ ਕੀਤਾ, ਕਿੰਤੂ ਮਹਾਰਾਜਾ ਸ਼ੇਰ ਸਿੰਘ ਦੀ ਕੋਕ ਦੇ ਨਾਲ ਤਲਵਾਰ ਦੇ ਦੋ ਟੁਕੜੇ ਹੋ ਗਏ। ਫਿਰ ਮਹਾਰਾਜਾ ਸ਼ੇਰ ਸਿੰਘ ਨੇ ਇੱਕ ਹੀ ਵਾਰ ਨਾਲ ਪਠਾਣ ਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਨਾਲ ਇਹ ਜੰਗ ਮਹਾਰਾਜਾ ਇਕੱਲਾ ਜਿੱਤ ਕੇ ਆ ਗਿਆ। ਮਹਾਰਾਜਾ ਰਣਜੀਤ ਸਿੰਘ ਇਹ ਗੱਲ ਸੁਣ ਕੇ ਬੜਾ ਖ਼ੁਸ਼ ਹੋਇਆ। ਸ਼ੇਰ ਸਿੰਘ ਨੂੰ ਬੁਲਾ ਕੇ ਓਹਦੀ ਪ੍ਰਸੰਸਾ ਕੀਤੀ ਤੇ ਗੋਦੀ ਵਿੱਚ ਬਿਠਾਇਆ। ਸ਼ੋਕ ਹੈ ਕਿ ਅਜੇਹੇ ਬਹਾਦਰ ਮਹਾਰਾਜੇ ਤੇ ਓਹਦੇ ਲੜਕੇ ਨੂੰ ਪਾਪੀਆਂ ਨੇ ਧੋਖੇ ਨਾਲ ਮਾਰ ਦਿੱਤਾ।
ਮਹਾਰਾਜਾ ਦਲੀਪ ਸਿੰਘ
ਰਾਜਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੇ ਪਿਤਾ ਦੇ ਮਰਨ ਦੀ ਖ਼ਬਰ ਜਿਸ ਵੇਲੇ ਸੁਣੀ, ਉਸ ਵੇਲੇ ਉਹ ਬੁੱਧੂਸ਼ਾਹ ਦੇ ਆਵੇ ਤੇ ਸੀ, ਉਹ ਮੱਛੀ ਵਾਂਗ ਤੜਫਨ ਲੱਗਾ। ਉਹਦਾ ਦਾਦਾ ਰਾਜਾ ਸੁਚੇਤ ਸਿੰਘ ਤੇ ਰਾਏ ਕੇਸਰੀ ਸਿੰਘ ਓਸ ਵੇਲੇ ਪਾਸ ਸਨ। ਉਹਨਾਂ ਉਸ ਨੂੰ ਬੜਾ ਹੌਸਲਾ ਦਿੱਤਾ ਤੇ ਧੀਰਜ ਬਨ੍ਹਾਈ ਕਿ ਇਸ ਤਰ੍ਹਾਂ ਤੀਵੀਆਂ ਵਾਂਗ ਰੋਣ ਧੋਣ ਦਾ ਕੀ ਲਾਭ ਹੈ? ਜੇ ਮਰਦ ਹੈਂ ਤਾਂ ਆਪਣੇ ਪਿਤਾ ਦਾ ਬਦਲਾ ਲੈਣ ਦੀ ਫ਼ਿਕਰ ਕਰ। ਇਹ ਗੱਲਾਂ ਸੁਣ ਕੇ ਹੀਰਾ ਸਿੰਘ ਉੱਠਿਆ ਤੇ ਫੌਜ ਖਾਲਸਾ ਦੇ ਪਾਸ ਗਿਆ ਅਤੇ ਸੰਧਾਵਾਲੀਆਂ ਦੇ ਜ਼ੁਲਮ ਦਾ ਸਾਕਾ ਸੁਣਾਇਆ ਅਤੇ ਇਹ ਵੀ ਕਿਹਾ ਕਿ ਖਾਲਸਾ ਜੀ! ਉਨ੍ਹਾਂ ਪਾਪੀਆਂ ਨੇ ਪਹਿਲਾਂ ਮਹਾਰਾਜੇ ਨੂੰ ਮਾਰਿਆ, ਫਿਰ ਮੇਰੇ ਪਿਤਾ ਨੂੰ। ਜਿਸ ਨੇ ਸਿੱਖ ਰਾਜ ਦੇ ਮੁੱਢ ਤੋਂ ਹੀ ਬਿਨਾਂ ਭਲਿਆਈ ਤੇ ਕਦੇ ਵੀ ਬੁਰਿਆਈ ਨਹੀਂ ਕੀਤੀ, ਉਸ ਬੇਗੁਨਾਹ ਵਿਚਾਰੇ ਨੂੰ ਮਾਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਜੀ ਮੇਰੇ ਪਿਤਾ ਨੂੰ ਆਪਣਾ ਸੱਜਾ ਹੱਥ ਸਮਝਦੇ ਸਨ ਅਤੇ ਮੈਨੂੰ ਸਪੁੱਤ੍ਰ ਕਹਿੰਦੇ ਸਨ। ਬੜੇ ਅਫ਼ਸੋਸ ਦੀ ਗੱਲ ਹੈ ਕਿ ਜੇਹੜਾ ਵਜ਼ੀਰ ਖਾਲਸਾ ਫੌਜ ਦੀ ਆਦ ਤੋਂ ਹੀ ਭਲਿਆਈ ਕਰਦਾ ਆਇਆ ਹੋਵੇ, ਉਸ ਬੇਗੁਨਾਹ ਨੂੰ ਪਾਪੀ ਸੰਧਾਵਾਲੀਏ ਮਾਰ ਦੇਣ ਤੇ ਤਦ ਵੀ ਤੁਸੀਂ ਚੁੱਪ ਕਰ ਕੇ ਬੈਠੇ ਰਵੋ? ਪਿਆਰੇ ਖਾਲਸੇ ਜੀ ! ਤੁਹਾਨੂੰ ਪਤਾ ਹੋਸੀ ਕਿ ਸੰਧਾਵਾਲੀਆਂ ਨੇ ਇਹ ਕੰਮ ਕਿਉਂ ਕੀਤਾ ਹੈ? ਜਦ ਇਹ ਹਿੰਦੁਸਤਾਨ ਵਿੱਚ ਸਨ, ਤਦ ਇਨ੍ਹਾਂ ਅੰਗ੍ਰੇਜ਼ਾਂ ਨਾਲ ਅੰਦਰੋਂ ਅੰਦਰ ਇਹ ਮਤਾ ਪਕਾਇਆ, ਜੇਹੜਾ ਕਿ ਉਨ੍ਹਾਂ ਅੱਜ ਕਰ ਵਿਖਾਇਆ ਹੈ। ਹੁਣ ਉਹ ਅੰਗ੍ਰੇਜ਼ਾਂ ਨੂੰ ਬੁਲਾ ਕੇ ਪੰਜਾਬ ਉਨ੍ਹਾਂ ਨੂੰ ਦੇ ਦੇਣਗੇ ਤੇ ਇਸੇ ਲਈ ਉਨ੍ਹਾਂ ਅੱਜ ਹੀ ਦਸ ਬਾਰਾਂ ਖਤ ਲੁਧਿਆਣੇ ਤੇ ਫਿਰੋਜ਼ਪੁਰ ਵੱਲ ਪਾਏ ਹਨ ਅਤੇ ਉਨ੍ਹਾਂ ਖਤਾਂ ਵਿੱਚ ਇਹ ਲਿਖਿਆ ਹੈ ਕਿ ਜੇਹੜਾ ਕੰਮ ਅਸਾਂ ਕਰਨਾ ਸੀ ਸੋ ਉਹ ਕਰ ਲੀਤਾ ਹੈ। ਹੁਣ ਤੁਸੀਂ ਨਿਧੜਕ ਅਤੇ ਬੜੀ ਜਲਦੀ ਪੰਜਾਬ ਵਿੱਚ ਆ ਜਾਵੋ। ਹੁਣ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਰਿਹਾ। ਐ ਖਾਲਸਾ ਜੀ ! ਜੇ ਐਸ ਵੇਲੇ ਤੁਸਾਂ ਬਹਾਦਰਾਂ ਵਾਲੇ ਕੰਮ ਨਾ ਕੀਤੇ, ਤਦ ਓਸ ਵੇਲੇ ਜਦ ਕਿ ਅੰਗ੍ਰੇਜ਼ਾਂ ਦੀ ਚਾਲੀ ਪੰਜਾਹ ਹਜ਼ਾਰ ਫੌਜ ਇੱਥੇ ਅੱਪੜ ਗਈਂ, ਤੁਸਾਥੋਂ ਕੁਝ ਹੋ ਨਾ ਸਕੇਗਾ। ਓਸ ਵੇਲੇ ਤੁਹਾਡੀ ਬਹਾਦਰੀ ਤੇ ਕੀਰਤੀ ਜੋ ਸੰਸਾਰ ਵਿੱਚ ਫੈਲੀ ਹੋਈ ਹੈ, ਮਿੱਟੀ ਵਿੱਚ ਮਿਲ ਜਾਏਗੀ। ਅੰਗ੍ਰੇਜ਼ ਤੁਹਾਡੀਆਂ ਫੌਜਾਂ ਨੂੰ ਹਟਾ ਦੇਣਗੇ ਤੇ ਫਿਰ ਤੁਹਾਨੂੰ ਕ੍ਰਿਸਾਨੀ ਦਾ ਕੰਮ ਕਰਨਾ ਪਏਗਾ। ਐ ਭਰਾਵੋ! ਜੇ ਤੁਸੀਂ ਆਪਣੇ ਮੁਲਕ ਨੂੰ ਇਸ ਖਰਾਬੀ ਤੇ ਤਬਾਹੀ ਤੋਂ ਬਚਾਣਾ ਚਾਹੁੰਦੇ ਹੋ ਤਾਂ ਮੇਰੇ ਕਹੇ ਲਗੋ। ਵੱਡੇ ਮਹਾਰਾਜਾ ਸਾਹਿਬ ਦਾ ਖ਼ਜ਼ਾਨਾ ਜਿਉਂ ਦਾ ਤਿਉਂ ਭਰਿਆ ਪਿਆ ਹੈ। ਮੇਰੇ ਬਾਪ ਤੇ ਦਾਦਾ ਨੇ ਇੰਨਾ ਧਨ ਇਕੱਠਾ ਕੀਤਾ ਹੋਇਆ ਹੈ ਕਿ ਜੇ ਕਦੀ ਮੈਂ ਇੱਕ ਲੱਖ ਜਵਾਨ ਨੌਕਰ ਰੱਖ ਲਵਾਂ ਤਦ ਵੀ ਕੋਈ ਪ੍ਰਵਾਹ ਨਹੀਂ। ਮੈਂ ਇਕਰਾਰ ਕਰਦਾ ਹਾਂ ਕਿ ਜੋ ਕੁਝ ਮੇਰੇ ਪਾਸ ਹੈ ਤੁਹਾਡੀ ਭਲਿਆਈ ਤੇ ਖ਼ਰਚ ਕਰਾਂਗਾ, ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਘਰ ਦਾ ਧਨ ਤੁਹਾਡੇ ਹੀ ਕੰਮ ਆਵੇ। ਮੈਂ ਸਪਥ ਖਾ ਕੇ ਕਹਿੰਦਾ ਹਾਂ ਕਿ ਅੱਜ ਤੋਂ ਹਰ ਇੱਕ ਸਪਾਹੀ ਨੂੰ ੧੨ ਤੇ ਸਵਾਰ ਨੂੰ ੩੦ ਰੁਪਯੇ ਮਹੀਨਾ ਤਨਖਾਹ ਦਿੱਤੀ ਜਾਵੇਗੀ। ਤੁਸੀਂ ਮੇਰੇ ਆਖੇ ਲੱਗੋ, ਇੱਕ ਵਾਰ ਦੇ ਯਤਨ ਨਾਲ ਨਾ ਕੇਵਲ ਮੁਲਕ ਤੇ ਮਜ਼੍ਹਬ ਨੂੰ ਖਤਰੇ ਵਿੱਚੋਂ ਕੱਢ ਸਕੋਗੇ, ਬਲਕਿ ਪਾਪੀ ਸੰਧਾਵਾਲੀਆਂ ਤੋਂ ਮਹਾਰਾਜਾ ਸਾਹਿਬ, ਸ਼ਾਹਜ਼ਾਦਾ ਸਾਹਿਬ ਤੇ ਮੇਰੇ ਪਿਤਾ ਦਾ ਬਦਲਾ ਲੈ ਲਓਗੇ, ਮੈਂ ਤੁਹਾਡਾ ਇਹ ਉਪਕਾਰ ਆਯੂ ਭਰ ਨਾ ਭੁੱਲਾਂਗਾ। ਹੀਰਾ ਸਿੰਘ ਦੀ ਇੱਕ ਦਰਦਨਾਕ ਪੁਕਾਰ ਸੁਣ ਕੇ ਖਾਲਸਾ ਜੋਸ਼ ਵਿੱਚ ਆ ਗਿਆ। ਬੇਗੁਨਾਹ ਮਹਾਰਾਜਾ ਸਾਹਿਬ ਤੇ ਓਹਨਾਂ ਦੇ ਸ਼ਾਹਜ਼ਾਦੇ ਦੇ ਕਤਲ ਨੇ ਫੌਜਾਂ ਦੀਆਂ ਅੱਖਾਂ ਵਿੱਚ ਖੂਨ ਲੈ ਆਂਦਾ ਤੇ ਓਹ ਸੰਧਾਵਾਲੀਆਂ ਤੋਂ ਬਦਲਾ ਲੈਣ ਲਈ ਤਿਆਰ ਹੋ ਗਏ। ਅੱਧੀ ਫੌਜ ਰੋਟੀ ਖਾ ਰਹੀ ਸੀ,
ਓਹਨਾਂ ਓਥੇ ਹੀ ਰੋਟੀ ਖਾਣੀ ਛੱਡ ਦਿੱਤੀ। ਇਸ ਤਰ੍ਹਾਂ ਹੀਰਾ ਸਿੰਘ ਨੇ ਬੜੀ ਚਾਲਾਕੀ ਨਾਲ ਚਾਲੀ ਪੰਜਾਹ ਹਜ਼ਾਰ ਫੌਜ ਤੇ ਤੋਪਖਾਨੇ ਨੂੰ ਆਪਣਾ ਸਾਥੀ ਬਣਾ ਲਿਆ।
ਓਧਰ ਸੰਧਾਵਾਲੀਆ ਨੇ ਪ੍ਰਗਟ ਕਰ ਦਿੱਤਾ ਕਿ ਸ਼ਾਹਜ਼ਾਦਾ ਦਲੀਪ ਸਿੰਘ ਨੂੰ ਮਹਾਰਾਜਾ ਤੇ ਸਰਦਾਰ ਲਹਿਣਾ ਸਿੰਘ ਵਜ਼ੀਰ ਬਣਾਯਾ ਗਿਆ ਹੈ, ਕਿੰਤੂ ਜਿਸ ਵੇਲੇ ਫੌਜਾਂ ਦੇ ਭੜਕਣ ਦੀ ਗੱਲ ਸੁਣੀ, ਤਦ ਧਿਆਨ ਸਿੰਘ ਵਜ਼ੀਰ ਦੀ ਲਾਸ਼ ਤੇ ਬਹੁਮੁੱਲਾ ਦੁਸ਼ਾਲਾ ਪਾ ਕੇ ਗੁਲਾਬ ਛਿਣਕ ਛਿਣਕ ਕੇ ਫੌਜ ਪਾਸ ਭੇਜ ਦਿੱਤਾ ਤੇ ਨਾਲ ਹੀ ਇੱਕ ਮੁਸਲਮਾਨ ਦੀ ਲਾਸ਼ ਦੇ ਤਿੰਨ ਟੁਕੜੇ ਕਰ ਕੇ ਭੇਜ ਦਿੱਤੇ। ਇਹ ਓਹ ਆਦਮੀ ਸੀ ਜੋ ਧਿਆਨ ਸਿੰਘ ਨਾਲ ਮਰਿਆ ਗਿਆ ਸੀ, ਕਿੰਤੂ ਫੌਜ ਦੇ ਪਾਸ ਭੇਜ ਕੇ ਦੱਸਿਆ ਗਿਆ ਕਿ ਇਸ ਹਤਿਆਰੇ ਨੇ ਸਾਡੀ ਬੇਖਬਰੀ ਵਿੱਚ ਧਿਆਨ ਸਿੰਘ ਨੂੰ ਮਾਰ ਦਿੱਤਾ ਹੈ। ਇਸ ਦੇ ਇਸ ਅਪਰਾਧ ਦਾ ਦੰਡ ਇਹਨੂੰ ਦਿੱਤਾ ਗਿਆ ਹੈ। ਸੰਧਾਵਾਲੀਆ ਦਾ ਖ਼ਿਆਲ ਸੀ ਕਿ ਹੀਰਾ ਸਿੰਘ ਦੇ ਕਹਿਣ ਤੇ ਫੌਜ ਓਹਦੇ ਬਾਪ ਦਾ ਬਦਲਾ ਲੈਣ ਲਈ ਤਿਆਰ ਹੋਈ ਹੈ। ਜੇ ਕਦੀ ਇਹ ਗੱਲ ਹੋਂਦੀ ਤਦ ਤਾਂ ਫੌਜ ਇਹ ਗੱਲ ਸੁਣ ਕੇ ਚੁੱਪ ਹੋ ਜਾਂਦੀ। ਫੌਜ ਚੁੱਪ ਨਹੀਂ ਹੋਈ ਉਹਨੂੰ ਤਾਂ ਸ਼ਾਹਜ਼ਾਦੇ ਤੇ ਮਹਾਰਾਜਾ ਦੇ ਕਤਲ ਦਾ ਗੁੱਸਾ ਸੀ। ਫੌਜ ਦੇ ਗੁੱਸਾ ਦੂਰ ਕਰਨ ਦਾ ਵੇਲਾ ਤਾਂ ਓਹ ਸੀ ਜਦ ਮਹਾਰਾਜਾ ਦਲੀਪ ਸਿੰਘ ਨੂੰ ਤਿਲਕ ਦੇਣ ਸਮੇਂ ਸਰਦਾਰ ਗਰਭਾ ਸਿੰਘ ਨੇ ਕਿਹਾ ਸੀ ਇਨ੍ਹਾਂ ਨੂੰ ਫੌਜ ਵਿੱਚ ਲੈ ਚਲੋ, ਓਥੇ ਸਭ ਦੀ ਸਲਾਹ ਨਾਲ ਇਹ ਕੰਮ ਕੀਤਾ ਜਾਵੇ। ਓਸ ਵੇਲੇ ਤਾਂ ਸਰਦਾਰ ਲਹਿਣਾ ਸਿੰਘ ਨੂੰ ਕਹਿ ਦਿੱਤਾ ਗਿਆ ਕਿ ਇਹ ਜੋ ਕੁਝ ਕੀਤਾ ਹੈ, ਫੌਜ ਦੇ ਭਰੋਸੇ ਤੇ ਨਹੀਂ ਕੀਤਾ, ਆਪਣੀਆਂ ਬਾਹਾਂ ਦੇ ਜ਼ੋਰ ਨਾਲ ਕੀਤਾ ਹੈ। ਇਹਨਾਂ ਦੀਆਂ ਇੰਨੀਆਂ ਹੰਕਾਰ ਵਾਲੀਆਂ ਗੱਲਾਂ ਤੋਂ ਫੌਜ ਹੋਰ ਵੀ ਭੜਕ ਪਈ। ਜ਼ਾਲਮ ਦੀ ਉਮਰ ਲੰਮੀ ਨਹੀਂ ਹੁੰਦੀ। ਜੋ ਕਿਸੇ ਵਾਸਤੇ ਖਾਤਾ ਪੁੱਟਦਾ ਹੈ, ਓਹਦੇ ਵਾਸਤੇ ਖੂਹ ਪੁੱਟਿਆ ਜਾਂਦਾ ਹੈ। ਜਿਹਾ ਓਹਨਾਂ ਕੀਤਾ ਸੀ, ਤਿਹਾ ਉਹਨਾਂ ਦੇ ਅੱਗੇ ਆਇਆ। ਫੌਜ ਨੇ ਸ਼ਹਿਰ ਵਿੱਚ ਆ ਕੇ ਕਿਲ੍ਹੇ ਦੇ ਚੋਹੀਂ ਪਾਸੀਂ ਘੇਰਾ ਪਾ ਲਿਆ, ਗੋਲਾਬਾਰੀ ਸ਼ੁਰੂ ਹੋ ਗਈ। ਸਾਰੀ ਰਾਤ ਤੋਪ ਚਲਦੀ ਰਹੀ। ਸਵੇਰ ਵੇਲੇ ਸੰਧਾਵਾਲੀਆਂ ਦੀ ਅੱਖ ਖੁੱਲ੍ਹੀ, ਅੰਦਰ ਦੀ ਫੌਜ ਦਾ ਅੱਧ ਤੋਂ ਵਧੀਕ ਨੁਕਸਾਨ ਹੋ ਚੁੱਕਾ ਸੀ। ਸਰਦਾਰ ਅਜੀਤ ਸਿੰਘ ਆਪਣੀ ਫੌਜ ਨੂੰ ਇਨਾਮ ਤੇ ਦਲੇਰੀ ਦੇਂਦਾ ਲੜਾ ਰਿਹਾ ਸੀ। ਸਰਦਾਰ ਲਹਿਣਾ ਸਿੰਘ ਜੋ ਆਪਣੀ ਬਹਾਦਰੀ ਦਾ ਬਹੁਤ ਘੁਮੰਡ ਕਰਦਾ ਸੀ, ਜਿਸ ਵੇਲੇ ਇੱਕ ਮੋਰਚੇ ਤੇ ਜਾ ਕੇ ਗੱਜਿਆ, ਤਦੋਂ ਇੱਕ ਗੋਲੀ ਬੰਦੂਕ ਦੀ ਲੱਗਣ ਨਾਲ ਡਿੱਗ ਪਿਆ! ਪੱਟੀ ਬੰਨ੍ਹ ਕੇ ਫਿਰ ਉੱਠਿਆ, ਕਿੰਤੂ ਇੰਨੇ ਨੂੰ ਬਾਹਰ ਦੀ ਫੌਜ ਅੰਦਰ ਅੱਪੜ ਗਈ। ਓਹ ਆਪਣੇ ਕਾਰਦਾਰ ਘਸੀਟੇ ਦੇ ਨਾਲ ਗੰਦੀ ਨਾਲੀ ਦੇ ਰਾਹ ਨੱਸਣ ਲੱਗਾ ਸੀ ਕਿ ਫੜਿਆ ਗਿਆ ਤੇ ਓਥੇ ਹੀ ਮਾਰਿਆ ਗਿਆ। ਇੱਕ ਮੁਸਲਮਾਨ ਸਿਪਾਹੀ ਸਿਰ ਕੱਟ ਕੇ ਹੀਰਾ ਸਿੰਘ ਪਾਸ ਲੈ ਗਿਆ, ਜਿਸ ਨੂੰ ਬਹੁਤ ਸਾਰਾ ਇਨਾਮ ਮਿਲਿਆ। ਸੰਧਾਵਾਲੀਏ ਮਾਰੇ ਗਏ ਤੇ ਓਹਨੇ ਆਪਣੇ ਕੀਤੇ ਦਾ ਫਲ ਪਾ ਲਿਆ ਤੇ ਕਿਲ੍ਹਾ ਫਤਹ ਹੋ ਕੇ ਰਾਜਾ ਹੀਰਾ ਸਿੰਘ ਦੇ ਹੱਥ ਆਇਆ।
ਇਸ ਦੇ ਮਗਰੋਂ ਮਹਾਰਾਜਾ ਦਲੀਪ ਸਿੰਘ ਨੂੰ ਦੂਜੀ ਵੇਰ ਰਾਜ ਗੱਦੀ ਤੇ ਬਿਠਾਇਆ ਅਤੇ ਆਪ ਵਜ਼ੀਰ ਬਣਿਆ ਤੇ ਆਪਣੇ ਦੋਸਤ ਪੰਡਤ ਜਲਾ ਨੂੰ ਆਪਣਾ ਨਾਇਬ ਬਣਾ ਕੇ ਸਿੱਖ ਰਾਜ ਦਾ ਇੰਤਜ਼ਾਮ ਕਰਨ ਲੱਗ ਪਿਆ।
ਸਰਦਾਰ ਗੁਰਮੁਖ ਸਿੰਘ ਅਤੇ ਗਿਆਨੀ ਅਤੇ ਮਿਸ਼ਰ ਬੇਲੀ ਰਾਮ ਨੂੰ ਵੀ ਕਤਲ ਕੀਤਾ ਗਿਆ ਅਤੇ ਰਾਜਾ ਹੀਰਾ ਸਿੰਘ ਨੇ ਸੰਧਾਵਾਲੀਆਂ ਸਰਦਾਰਾਂ ਦੀ ਸਾਰੀ ਜਾਗੀਰ ਜ਼ਬਤ ਕਰ ਲੀਤੀ। ਰਾਜਾਸਾਂਸੀ ਵਿਚ ਉਹਨਾਂ ਦੇ ਸਾਰੇ ਮੁਕਾਮ ਢਾਹ ਦਿੱਤੇ। ਅਜੀਤ ਸਿੰਘ ਤੇ ਲਹਿਣਾ ਸਿੰਘ ਦੀਆਂ ਲਾਸ਼ਾਂ ਨੂੰ ਲਾਹੌਰ ਦੇ ਬਜ਼ਾਰਾਂ ਵਿੱਚ ਘਸੀਟਵਾਇਆ। ਲਾਸ਼ਾਂ ਕਾਂਵਾਂ, ਕੁੱਤਿਆਂ ਅੱਗੇ ਪਾਈਆਂ ਗਈਆਂ, ਉਹਨਾਂ ਦੇ ਹਮਾਇਤੀਆਂ ਨੂੰ ਵੀ ਮਰਵਾ ਦਿੱਤਾ। ਕੇਵਲ ਸਰਦਾਰ ਅਤਰ ਸਿੰਘ ਤੇ ਉਸ ਦਾ ਪੁੱਤ੍ਰ ਬਾਬਾ ਬੀਰ ਸਿੰਘ ਕੋਲ ਨੱਸ ਕੇ ਚਲੇ ਗਏ। ਜਾਂ ਸਰਦਾਰ ਸ਼ਮਸ਼ੇਰ
ਸਿੰਘ ਜੇਹੜਾ ਕਿ ਹਰ ਵੇਲੇ ਅਜੀਤ ਸਿੰਘ ਦਾ ਵੈਰੀ ਰਿਹਾ ਸੀ, ਬਚ ਗਿਆ। ਜਦੋਂ ਬਗ਼ਾਵਤ ਦੂਰ ਹੋਈ ਤਾਂ ਰਾਜਾ ਹੀਰਾ ਸਿੰਘ ਨੇ ਆਪਣੇ ਇਕਰਾਰ ਅਨੁਸਾਰ ਫੌਜ ਦੀ ਤਨਖਾਹ ਵਧਾਈ ਅਤੇ ਜੇਹੜੀ ਤਨਖਾਹ ਉਹਨਾਂ ਨੂੰ ਅੱਜ ਤੱਕ ਨਹੀਂ ਮਿਲੀ ਸੀ, ਪੈਸਾ ਪੈਸਾ ਕਰ ਕੇ ਦੇ ਦਿੱਤੀ, ਜਿਸ ਨੇ ਨਾਲ ਫੌਜ ਬੜੀ ਪ੍ਰਸੰਨ ਹੋਈ। ਪਰ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਜਵਾਹਰ ਸਿੰਘ ਨੂੰ ਬੜਾ ਗੁੱਸਾ ਲੱਗਾ, ਇਸ ਲਈ ਉਹ ਇੱਕ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਝੋਲੀ ਵਿੱਚ ਲੈ ਕੇ ਫੌਜ ਦੇ ਸਰਦਾਰਾਂ ਪਾਸ ਚਲਾ ਗਿਆ ਅਤੇ ਉਹਨਾਂ ਨੂੰ ਕਹਿਣ ਲੱਗਾ ਜੇ ਤੁਸੀਂ ਡੋਗਰਿਆਂ ਨੂੰ ਵਜ਼ੀਰ ਬਣਾਇਆ ਤਦ ਕਿਸੇ ਦੀ ਇੱਜ਼ਤ ਖਤਰੇ ਤੋਂ ਬਾਹਰ ਨਹੀਂ। ਮੈਂ ਆਪਣੇ ਭਣੇਵੇਂ ਨੂੰ ਲੈ ਕੇ ਅੰਗ੍ਰੇਜ਼ਾਂ ਪਾਸ ਚਲਾ ਜਾਵਾਂਗਾ। ਅੰਗ੍ਰੇਜ਼ਾਂ ਦਾ ਨਾਮ ਸੁਣਦਿਆਂ ਹੀ ਸਿੱਖਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਿੱਕਲ ਆਏ। ਕਿੰਤੂ ਡੋਗਰਿਆਂ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਰਾਜਾ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ। ਰਾਜਾ ਹੀਰਾ ਸਿੰਘ ਨੇ ਜਵਾਹਰ ਸਿੰਘ ਨੂੰ ਸਖ਼ਤ ਕੈਦ ਵਿੱਚ ਭੇਜ ਦਿੱਤਾ। ਹਾਲੀ ਇਹ ਰੌਲਾ ਖਤਮ ਨਹੀਂ ਸੀ ਹੋਇਆ ਕਿ ਵਜ਼ੀਰੀ ਲਈ ਇੱਕ ਹੋਰ ਉਮੀਦਵਾਰ ਬਣ ਗਿਆ। ਦੂਜੇ ਅੱਖਰਾਂ ਵਿੱਚ ਰਾਜਾ ਸੁਚੇਤ ਸਿੰਘ ਮਹਾਰਾਜਾ ਦਲੀਪ ਸਿੰਘ ਦੇ ਚਾਚੇ ਦੀ ਮਰਜ਼ੀ ਹੋਈ ਕਿ ਮੈਂ ਵਜ਼ੀਰ ਬਣ ਜਾਵਾਂ ਅਤੇ ਇਸ ਲਈ ਉਹ ਰੌਲਾ ਪਾਵਣ ਲੱਗਾ। ਉਹਨਾਂ ਦਿਨਾਂ ਵਿੱਚ ਹੀ ਹੀਰਾ ਸਿੰਘ ਨੇ ਦੋ ਪਲਟਨਾਂ ਜੇਹੜੀਆਂ ਰਾਜਾ ਸੁਚੇਤ ਸਿੰਘ ਦੇ ਕਿਲ੍ਹੇ ਵਿੱਚ ਰਹਿੰਦੀਆਂ ਸਨ, ਨਿੱਕਲ ਜਾਣ ਦਾ ਹੁਕਮ ਦਿੱਤਾ। ਜਦ ਉਨ੍ਹਾਂ ਨੇ ਹੁਕਮ ਨਾ ਮੰਨਿਆ ਤਦ ਵਜ਼ੀਰ ਨੇ ਉਨ੍ਹਾਂ ਦੇ ਹਥ੍ਯਾਰ ਖੋਹ ਲੀਤੇ ਅਤੇ ਦੁਰਗਤੀ ਨਾਲ ਕੱਢ ਦਿੱਤਾ। ਹੀਰਾ ਸਿੰਘ ਦੇ ਇਸ ਕੰਮ ਤੋਂ ਰਾਜਾ ਸੁਚੇਤ ਸਿੰਘ ਨੂੰ ਬੜਾ ਗੁੱਸਾ ਲੱਗਾ ਅਤੇ ਤੇਜ਼ੀ ਵਿੱਚ ਆ ਕੇ ਆਪਣੀ ਸਾਰੀ ਘੋੜ ਚੜ੍ਹੀ ਫੌਜ ਜਿਸ ਦਾ ਉਹ ਜਰਨੈਲ ਸੀ, ਆਪਣੇ ਨਾਲ ਰਲਾ ਕੇ ਹੀਰਾ ਸਿੰਘ ਤੋਂ ਬਦਲਾ ਲੈਣਾ ਦਿਲ ਵਿੱਚ ਧਾਰ ਲੀਤਾ, ਪਰ ਰਾਜਾ ਗੁਲਾਬ ਸਿੰਘ ਨੇ ਇਸ ਕੰਮ ਨੂੰ ਕਰਨ ਤੋਂ ਵਰਜਿਆ ਅਤੇ ਉਸ ਨੂੰ ਜੰਮੂ ਲੈ ਗਿਆ ਤਾਂ ਜੋ ਹੀਰਾ ਸਿੰਘ ਤੋਂ ਬਦਲਾ ਨਾ ਲਵੇ। ਓਥੇ ਲੈ ਜਾ ਕੇ ਆਪਣੇ ਨਿੱਕੇ ਪੁੱਤਰ ਰਣਧੀਰ ਸਿੰਘ ਨੂੰ ਉਸ ਦੀ ਗੋਦ ਵਿੱਚ ਪਾ ਦਿੱਤਾ ਅਤੇ ਉਸ ਦਾ ਮੁਤੰਬਨਾ ਅਤੇ ਵਾਰਸ ਬਣਾ ਦਿੱਤਾ। ਇਹ ਗੱਲ ਰਾਜਾ ਹੀਰਾ ਸਿੰਘ ਨੂੰ ਬੁਰੀ ਲੱਗੀ।
ਕੰਵਰ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਦੀ ਜਾਗੀਰ ਪਰਗਨਾ ਸਿਆਲਕੋਟ ਅਤੇ ਕਿਲ੍ਹਾ ਕੜਿਆਂ ਵਾਲਾ ਰਿਆਸਤ ਜੰਮੂ ਦੀ ਸਰਹੱਦ ਨਾਲ ਮਿਲਦੀ ਸੀ ਅਤੇ ਇਸ ਦੇ ਕਾਰਣ ਰਾਜਾ ਗੁਲਾਬ ਸਿੰਘ ਦੇ ਨਾਲ ਹਰ ਵੇਲੇ ਅਣਬਣ ਰਹਿੰਦੀ ਸੀ। ਗੁਲਾਬ ਸਿੰਘ ਹਰ ਵੇਲੇ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਾਬੂ ਕਰੇ, ਪਰ ਉਸ ਦੀ ਉਨ੍ਹਾਂ ਤੇ ਕੁਛ ਪੇਸ਼ ਨਹੀਂ ਜਾਂਦੀ ਸੀ। ਹੁਣ ਬਹੁਤ ਰੌਲਾ ਵੇਖ ਕੇ ਦੇ ਤਿੰਨ ਜਾਹਲੀ ਖਤ ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਦੇ ਵਜ਼ੀਰ ਨੂੰ ਦਿਖਾ ਕੇ ਭਰੋਸਾ ਦਵਾਇਆ ਕਿ ਇਹ ਦੋਨੋਂ ਭਰਾਵਾਂ ਨੇ ਮਹਾਰਾਜਾ ਤੇ ਵਜ਼ੀਰ ਦੇ ਕਤਲ ਕਰਾਉਣ ਲਈ ਸੰਧਾਵਾਲੀਆਂ ਨੂੰ ਮਦਦ ਦਿੱਤੀ ਸੀ ਅਤੇ ਇਸ ਦੇ ਸੱਚ ਕਰਾਉਣ ਲਈ ਕਪੂਰ ਸਿੰਘ ਜੋ ਬੜੀ ਦੇਰ ਦਾ ਕਸ਼ਮੀਰਾ ਸਿੰਘ ਦਾ ਕੰਮ ਕਰਨ ਵਾਲਾ ਸੀ, ਉਸ ਕੋਲੋਂ ਗਵਾਹੀ ਦੁਆ ਦਿੱਤੀ।
ਇਹ ਸੁਣਦੇ ਹੀ ਲਾਹੌਰ ਦਰਬਾਰ ਵੱਲੋਂ ਹੁਕਮ ਭੇਜਿਆ ਗਿਆ ਕਿ ਇਹਨਾਂ ਦੋਨਾਂ ਸ਼ਾਹਜ਼ਾਦਿਆਂ ਨੂੰ ਫੜ ਕੇ ਲਾਹੌਰ ਭੇਜ ਦਿੱਤਾ ਜਾਏ ਤੇ ਇਨ੍ਹਾਂ ਦੀ ਜਾਗੀਰ ਜ਼ਬਤ ਕਰ ਲਈ ਜਾਏ। ਇਸ ਹੁਕਮ ਦੇ ਅੱਪੜਨ ਤੇ ਇਸ ਨੇ ਆਪਣੀ ਫੌਜ ਸਿਆਲਕੋਟ ਤੇ ਕੜੀਆਂ ਵਾਲਾ ਭੇਜੀ, ਜਿਸ ਨੇ ਕੜੀਆਂਵਾਲੇ ਦਾ ਕਿਲ੍ਹਾ ਸ਼ਾਹਜ਼ਾਦੇ ਤੋਂ ਛੁਡਾ ਲਿਆ ਤੇ ਸਿਆਲਕੋਟ ਵਿੱਚ ਓਹਨਾਂ ਨੂੰ ਘੇਰੇ ਵਿੱਚ ਲੈ ਲਿਆ। ਸ਼ਾਹਜ਼ਾਦਿਆਂ ਨੇ ਬੜੀਆਂ ਗੱਲਾਂ ਸਫ਼ਾਈ ਦੀਆਂ ਦੱਸੀਆਂ ਕਿ ਸਾਡਾ ਸੰਧਾਵਾਲੀਆਂ ਨਾਲ ਕਿਸੇ ਤਰ੍ਹਾਂ ਦਾ ਮੇਲ ਗੋਲ ਨਹੀਂ। ਕਿੰਤੂ ਇਨ੍ਹਾਂ ਦੀਆਂ ਗੱਲਾਂ ਤੇ ਕੋਈ ਧਿਆਨ ਨਾ ਦਿੱਤਾ ਗਿਆ, ਸਗੋਂ ਇਹ ਗੱਲ ਉਡਾ ਦਿੱਤੀ ਕਿ ਇਹ ਅੰਗ੍ਰੇਜ਼ਾਂ ਨਾਲ ਮਿਲੇ ਹੋਏ ਹਨ। ਇਨ੍ਹਾਂ ਗੱਲਾਂ ਦੇ ਹੋਂਦਿਆਂ ਵੀ ਗੁਲਾਬ ਸਿੰਘ ਨੇ ਪ੍ਰਗਟ ਰੂਪ ਵਿੱਚ ਇਸ ਮਾਮਲੇ ਦੇ
ਨਿਪਟਾਣ ਲਈ ਜੰਮੂ ਵਿੱਚ ਪਹਿਰਾ ਲਾ ਦਿੱਤਾ ਤੇ ਕਿਹਾ ਕਿ ੫੦ ਹਜ਼ਾਰ ਜੁਰਮਾਨਾ ਦੇ ਕੇ ਛੁਟਕਾਰਾ ਪਾ ਸਕਦੇ ਹੋ। ਅੰਤ ਨੂੰ ੨੦ ਹਜ਼ਾਰ ਲੈ ਕੇ ਛੱਡਿਆ ਤੇ ਲਾਹੌਰ ਦਰਬਾਰ ਨੂੰ ਲਿਖ ਭੇਜਿਆ ਕਿ ਓਹ ਨੱਸ ਗਏ ਹਨ ਤੇ ਉਸ ਨੇ ਕਪੂਰ ਸਿੰਘ ਨੂੰ ਵੀ ਗਵਾਹੀ ਦੇਣ ਦੇ ਬਦਲੇ ਕਤਲ ਕਰ ਦਿੱਤਾ। ਗੁਲਾਬ ਸਿੰਘ ਦੇ ਧੋਖੇ, ਫਰੇਬ ਤੇ ਇਹ ਬੇਈਮਾਨੀਆਂ ਵੇਖ ਕੇ ਇਨ੍ਹਾਂ ਦੋਨਾਂ ਭਰਾਵਾਂ ਨੇ ਫ਼ੈਸਲਾ ਕਰ ਲਿਆ ਕਿ ਇਨ੍ਹਾਂ ਬੇਧਰਮੇ ਡੋਗਰਿਆਂ ਦੇ ਹੱਥ ਆਪਣੇ ਆਪ ਨੂੰ ਸੌਂਪਣ ਲਈ ਲੜ ਕੇ ਮਰਨਾ ਚੰਗਾ ਹੈ। ਆਪ ਨੇ ੨੦੦ ਸਿਪਾਹੀਆਂ ਦੇ ਨਾਲ ਗੁਲਾਬ ਸਿੰਘ ਦੇ ੭੦੦ ਸਿਪਾਹੀਆਂ ਨੂੰ ਨਸਾ ਦਿੱਤਾ। ਇਹ ਸੁਣ ਕੇ ਗੁਲਾਬ ਸਿੰਘ ਨੇ ਬਹੁਤ ਸਾਰੀ ਫੌਜ ਤੇ ਤੋਪਖਾਨੇ ਸਿਆਲਕੋਟ ਦਾ ਕਿਲ੍ਹਾ ਲੈਣ ਲਈ ਭੇਜੇ, ਪ੍ਰੰਤੂ ਉਹ ਵੀ ਕਾਮਯਾਬ ਨਾ ਹੋਈ, ਸਗੋਂ ਨੱਸ ਕੇ ਪੰਜ ਕੋਹ ਪਿੱਛੇ ਹੱਟ ਕੇ ਜਾ ਡੇਰੇ ਲਾਏ। ਸ਼ਾਹਜ਼ਾਦਿਆਂ ਨਾਲ ਕੁਲ ੩੦੦ ਸਵਾਰ ਤੇ ੫੦੦ ਪਿਆਦਾ ਸੀ, ਸੋ ਹਜ਼ਾਰਾਂ ਨੂੰ ਮਾਰ ਕੇ ਨਸਾ ਦੇਂਦੇ ਰਹੇ। ਕਈ ਵਾਰ ੧੫੦ ਸਵਾਰਾਂ ਨੂੰ ਨਾਲ ਲੈ ਕੇ ਦੁਸ਼ਮਣ ਦੀ ਫੌਜ ੯੦੦੦ ਦੀ ਗਿਣਤੀ ਵਿੱਚ ਸੀ, ਉਸ ਤੇ ਛਾਪਾ ਮਾਰ ਕੇ ਲੋੜੀਂਦੀਆਂ ਚੀਜ਼ਾਂ ਲੈ ਜਾਂਦੇ ਸਨ ਤੇ ੩੦-੩੦ ੪੦-੪੦ ਸਵਾਰਾਂ ਦੇ ਨਾਲ ਸ਼ਿਕਾਰ ਖੇਡਦੇ ਦੂਰ-ਦੂਰ ਤੱਕ ਨਿੱਕਲ ਜਾਂਦੇ ਸਨ। ਗੁਲਾਬ ਸਿੰਘ ਦੀ ੯੦੦੦ ਫੌਜ ਜਿਸ ਵਿੱਚ ੨੦੦੦ ਸਵਾਰ ਹੁੰਦੇ ਸਨ ਵੇਖਦੇ ਰਹਿ ਜਾਂਦੇ ਸੀ। ਇਨ੍ਹਾਂ ਤੇ ਹਮਲਾ ਕਰਨ ਦੀ ਦਲੇਰੀ ਨਹੀਂ ਹੁੰਦੀ ਸੀ। ਗੁਲਾਬ ਸਿੰਘ ਦੀ ਫੌਜ ਤੇ ਇਨ੍ਹਾਂ ਦੋਹਾਂ ਭਰਾਵਾਂ ਦਾ ਇੱਥੋਂ ਤੱਕ ਭੈਅ ਬੈਠਾ ਹੋਇਆ ਸੀ ਕਿ ਲਾਹੌਰ ਤੋਂ ਫੌਜ ਮੰਗਾਣੀ ਪਈ। ਪਹਿਲਾਂ ਤਾਂ ਸਿੱਖਾਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਦਿੱਤੀ ਜਾਏਗੀ। ਤਦ ਮਜੀਠੇ ਸਰਦਾਰਾਂ ਦੀ ਮੁਸਲਮਾਨਾਂ ਤੇ ਡੋਗਰਿਆਂ ਦੀ ਫੌਜ ਆਈ, ਕਿੰਤੂ ਇਸ ਦੇ ਵੀ ਸ਼ਾਹਜ਼ਾਦਿਆਂ ਨੇ ਅਜੇਹੇ ਦੰਦ ਖੱਟੇ ਕੀਤੇ ਕਿ ਇਨ੍ਹਾਂ ਨੂੰ ਹੋਰ ਫੌਜ ਲਾਹੌਰ ਤੋਂ ਮੰਗਵਾਣ ਦੀ ਲੋੜ ਪਈ। ਇਸ ਲਈ ਦੋ ਪਲਟਣਾਂ ਰਾਜਾ ਧਿਆਨ ਸਿੰਘ ਵਾਲੀਆਂ, ਪੰਜ ਸੌ ਸਵਾਰ ਤੇ ੬ ਤੋਪਾਂ ਪੁੱਜ ਗਈਆਂ। ਇਸ ਫੌਜ ਨੇ ਇੱਕ ਤਕੜੀ ਲੜਾਈ ਦੇ ਮਗਰੋਂ ਸ਼ਹਿਰ ਛੁਡਾਯਾ ਤੇ ਕਿਲ੍ਹੇ ਨੂੰ ਘੇਰ ਲਿਆ। ਅੰਤ ਨੂੰ ਸ਼ਾਹਜ਼ਾਦਿਆਂ ਨੇ ਆਪਣਾ ਅਸਬਾਬ ਲੈ ਕੇ ਨਿੱਕਲ ਜਾਣ ਦਾ ਇਕਰਾਰ ਤੇ ਕਿਲ੍ਹਾ ਖ਼ਾਲੀ ਕਰ ਦਿੱਤਾ ਤੇ ਓਹ ਭਾਈ ਬੀਰ ਸਿੰਘ ਦੇ ਪਾਸ ਚਲੇ ਗਏ।
ਇਥੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਦ ਰਾਜਾ ਧਿਆਨ ਸਿੰਘ ਦੀ ਡੋਗਰਾ ਫੌਜ ਸਿਆਲਕੋਟ ਵੱਲ ਗਈ, ਤਦ ਸਿੱਖ ਸਰਦਾਰ ਸਮਝ ਗਏ ਕਿ ਇਹ ਫੌਜ ਸ਼ਾਹਜ਼ਾਦਿਆਂ ਦੇ ਨਾਲ ਜੰਗ ਕਰਨ ਗਈ ਹੈ। ਹੀਰਾ ਸਿੰਘ ਦਾ ਇੰਜ ਕਰਨਾ ਇਨ੍ਹਾਂ ਨੂੰ ਪਸੰਦ ਨਾ ਆਇਆ। ਦੂਜੇ ਹੀਰਾ ਸਿੰਘ ਦਾ ਸਭ ਤੋਂ ਵੱਡਾ ਸਲਾਹਕਾਰ ਜੱਲਾ ਪੰਡਤ ਸੀ, ਜੋ ਸਿੱਖਾਂ ਦਾ ਮਸ਼ਹੂਰ ਵੈਰੀ ਸੀ। ਇਸ ਕਰ ਕੇ ਸਿੱਖ ਫੌਜ ਨੇ ਹੀਰਾ ਸਿੰਘ ਦੇ ਮਕਾਨ ਨੂੰ ਘੇਰ ਲਿਆ ਤੇ ਕਦੀ ਸ਼ਾਹਜ਼ਾਦਿਆਂ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪੁੱਜੇਗਾ, ਤਦ ਓਸ ਦਾ ਬਦਲਾ ਵਜ਼ੀਰ ਤੇ ਓਹਦੇ ਸਾਥੀਆਂ ਤੋਂ ਲੈ ਲਿਆ ਜਾਵੇਗਾ। ਓਸ ਵੇਲੇ ਫੌਜ ਵਿੱਚ ਪੰਚ ਨੀਯਤ ਹੋ ਰਹੇ ਸਨ, ਪੰਚਾਂ ਨੇ ਫੈਸਲਾ ਕੀਤਾ ਕਿ ਹੇਠ ਲਿਖੀਆਂ ਸ਼ਰਤਾਂ ਤੇ ਘੇਰਾ ਚੁੱਕਿਆ ਜਾਵੇਗਾ:
(੧) ਪਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਦਿੱਤੀ ਜਾਵੇ, ਓਹ ਤੇ ਫੌਜੀ ਲਾਹੌਰ ਆ ਜਾਣ।
(੨) ਜਲਾ ਪੰਡਤ (ਜਿਸ ਦਾ ਅਸਲੀ ਨਾਮ ਜਵਾਲਾ ਸਹਾਏ ਸੀ) ਖਾਲਸਾ ਜੀ ਦੇ ਹਵਾਲੇ ਕਰ ਦਿੱਤਾ ਜਾਏ।
(੩) ਬੇਲੀ ਰਾਮ ਮਿਸਰ ਜੋ ਪੁਰਾਣੇ ਮਹਾਰਾਜਾ ਸਾਹਿਬ ਦੇ ਵੇਲੇ ਖ਼ਜ਼ਾਨਚੀ ਸੀ, ਫਿਰ ਬੁਲਾ ਕੇ ਖ਼ਜ਼ਾਨਚੀ ਬਣਾ ਦਿੱਤਾ ਜਾਵੇ।
(੪) ਗੁਰਮੁਖ ਸਿੰਘ ਗਿਆਨੀ ਸੱਦਿਆ ਜਾਵੇ।
(੫) ਜਵਾਹਰ ਸਿੰਘ ਜੋ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਹੈ, ਉਸ ਨੂੰ ਕੈਦ ਤੋਂ ਛੁਡਾ ਦਿੱਤਾ ਜਾਏ।
ਪਹਿਲੀ ਸ਼ਰਤ ਮੰਨ ਕੇ ਹੀਰਾ ਸਿੰਘ ਨੇ ਝਟਪਟ ਖਤ ਲਿਖ ਦਿੱਤੇ, ਕਿੰਤੂ ਇਸ ਦੇ ਖਤ ਅੱਪੜਨ ਤੋਂ ਪਹਿਲਾਂ ਹੀ ਸ਼ਾਹਜ਼ਾਦੇ ਕਿਲ੍ਹਾ ਖ਼ਾਲੀ ਕਰ ਗਏ ਸਨ। ਜਲੇ ਪੰਡਤ ਬਾਬਤ ਕਿਹਾ ਗਿਆ ਕਿ ਜਦ ਇਹ ਕੋਈ ਕਸੂਰ ਕਰੇਗਾ, ਤਦ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਸਲਤਨਤ ਦੇ ਕੰਮ ਵਿੱਚ ਹੁਣ ਓਹਦਾ ਹੱਥ ਨਹੀਂ ਰਹੇਗਾ। ਮਿਸਰ ਬੇਲੀ ਰਾਮ ਤੇ ਭਾਈ ਗੁਰਮੁਖ ਸਿੰਘ ਧੋਖੇ ਦੇ ਦੋਸ਼ੀ ਸਮਝੇ ਗਏ, ਜਵਾਹਰ ਸਿੰਘ ਨੂੰ ਦੋ ਹਜ਼ਾਰ ਰੁਪਯਾ ਆਪਣੇ ਵਾਸਤੇ ਤੇ ਦੋ ਹਜ਼ਾਰ ਫੌਜ ਵਾਸਤੇ ਦੇਣਾ ਕਰ ਕੇ ਝੱਟਪੱਟ ਛੱਡ ਦਿੱਤਾ ਗਿਆ, ਤਦ ਫੌਜ ਨੇ ਵਜ਼ੀਰ ਦੇ ਮਕਾਨ ਤੋਂ ਘੇਰਾ ਚੁੱਕ ਲਿਆ।
ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਦੀ ਜਾਏਦਾਦ ਦਾ ਮਾਲਕ ਆਪਣੇ ਲੜਕੇ ਨੂੰ ਬਣਾ ਦਿੱਤਾ ਸੀ। ਇਹ ਗੱਲ ਹੀਰਾ ਸਿੰਘ ਨੂੰ ਬੁਰੀ ਲੱਗੀ। ਦੂਜਾ ਰਾਜਾ ਸੁਚੇਤ ਸਿੰਘ ਰਾਣੀ ਚੰਦ ਕੌਰ ਨੂੰ ਮੱਥਾ ਟੇਕਣ ਜਾਇਆ ਕਰਦਾ ਸੀ। ਇਹ ਗੱਲ ਵੀ ਓਹਨੂੰ ਬੁਰੀ ਲੱਗੀ, ਇਸ ਕਰ ਕੇ ਸੁਚੇਤ ਸਿੰਘ ਹੀਰਾ ਸਿੰਘ ਤੇ ਗੁੱਸੇ ਹੋ ਕੇ ਘੋੜ ਚੜੇ ਸਰਦਾਰਾਂ ਤੇ ਸਰਦਾਰ ਜਵਾਹਰ ਸਿੰਘ ਦੀ ਸਲਾਹ ਨਾਲ ਵਜ਼ੀਰ ਬਣਨ ਲਈ ਜੋੜ-ਤੋੜ ਕਰ ਰਿਹਾ ਸੀ। ਹੁਣ ਉਸ ਨੂੰ ਇਹ ਪਤਾ ਲੱਗ ਗਿਆ ਕਿ ਫੌਜ ਹੀਰਾ ਸਿੰਘ ਤੇ ਨਰਾਜ਼ ਹੈ, ਇਸ ਕਰ ਕੇ ਓਸ ਨੇ ਫੀ ਸਪਾਹੀ ਇੱਕ ਮੋਹਰ ਇਨਾਮ ਤੇ ਇੱਕ ਰੁਪਯਾ ਫੀ ਸਪਾਹੀ ਮਹੀਨਾ ਤਰੱਕੀ ਦੇਣ ਦਾ ਇਕਰਾਰ ਕਰ ਕੇ ਫੌਜ ਨੂੰ ਆਪਣੇ ਹੱਕ ਵਿੱਚ ਕਰ ਲਿਆ। ਇਸ ਕਰ ਕੇ ਇਹ ਵਜ਼ੀਰ ਬਣਨ ਦੀ ਆਸ ਤੇ ਜੰਮੂ ਤੋਂ ਚੱਲ ਕੇ ੧੬ ਮਾਰਚ ੧੮੪੩ ਨੂੰ ਲਾਹੌਰ ਤੋਂ ਬਾਹਰ ਮੀਆਂ ਖਾਂ ਦੀ ਖਾਨਗਾਹ ਤੇ ਜਿੱਥੇ ਕਿ ਓਹਦੀਆਂ ਚਾਰ ਪਲਟਨਾਂ ਉੱਤਰੀਆਂ ਹੋਈਆਂ ਸਨ ਆ ਗਿਆ। ਇਹ ਗੱਲ ਸੁਣ ਕੇ ਹੀਰਾ ਸਿੰਘ ਨੇ ਵਕੀਲਾਂ ਦੀ ਰਾਹੀਂ ਓਸ ਨੂੰ ਸਮਝਾਇਆ ਕਿ ਵਾਪਸ ਜੰਮੂ ਚਲੇ ਜਾਓ, ਨਹੀਂ ਤਾਂ ਆਪ ਦੇ ਹੱਕ ਵਿੱਚ ਚੰਗਾ ਨਹੀਂ ਹੋਵੇਗਾ। ਕਿੰਤੂ ਓਸ ਨੇ ਕੁਝ ਨਾ ਮੰਨਿਆ ਤੇ ਫੌਜ ਦੀ ਮਦਦ ਦੀ ਆਸ ਤੇ ਕਿਹਾ ਕਿ ਹੁਣ ਤਾਂ ਬਿਨਾਂ ਲੜੇ ਮਰੇ ਦੇ ਇੱਥੋਂ ਨਹੀਂ ਜਾਵਾਂਗਾ। ਓਹਦੀ ਇਸ ਗੱਲ ਤੋਂ ਹੀਰਾ ਸਿੰਘ ਨੂੰ ਯਕੀਨ ਹੋ ਗਿਆ ਕਿ ਫੌਜ ਓਹਦੇ ਨਾਲ ਹੋ ਗਈ ਹੈ। ਵਜ਼ੀਰ ਨੇ ਓਸੇ ਵੇਲੇ ਸਾਰੇ ਫੌਜੀ ਸਰਦਾਰਾਂ ਨੂੰ ਸੱਦ ਕੇ ਤਲਵਾਰ ਓਹਨਾਂ ਦੇ ਸਾਹਮਣੇ ਰੱਖ ਦਿੱਤੀ ਕਿ ਮੈਨੂੰ ਤੁਸਾਂ ਹੀ ਵਜ਼ੀਰ ਬਣਾਇਆ ਹੈ ਤੇ ਹੁਣ ਆਪ ਹੀ ਮਾਰ ਦੇਵੋ। ਅਜਾਂਈ ਲੜਾਈ ਕਰ ਕੇ ਰੱਬ ਦੇ ਜੀਵਾਂ ਦਾ ਨੁਕਸਾਨ ਕਿਉਂ ਕਰਾਂਦੇ ਹੋ? ਤੇ ਮੈਨੂੰ ਇਹ ਵੀ ਦੱਸੋ ਕਿ ਮੈਥੋਂ ਕੀ ਕਸੂਰ ਹੋਇਆ ਹੈ ਕਿ ਮੈਨੂੰ ਮੇਰੇ ਵੈਰੀ ਚਾਚੇ ਤੋਂ ਮਰਵਾਣਾ ਚਾਹੁੰਦੇ ਹੋ ਤੇ ਉਹਨੂੰ ਮੇਰੀ ਥਾਂ ਤੇ ਵਜ਼ੀਰ ਕਰਨਾ ਚਾਹੁੰਦੇ ਹੋ? ਓਹ ਤਾਂ ਮੇਰਾ ਦੁਸ਼ਮਣ ਇਸ ਕਰ ਕੇ ਬਣਿਆ ਹੈ ਕਿ ਓਹਨੂੰ ਵੱਡੇ ਮਹਾਰਾਜਾ ਦੇ ਮਹਲਾਂ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਦੂਜਾ ਉਹਦੀਆਂ ਦੋਨਾਂ ਪਲਟਣਾਂ ਦਾ ਡੇਰਾ ਸ਼ਹਿਰ ਤੋਂ ਬਾਹਰ ਕਰਾਇਆ ਗਿਆ ਹੈ। ਤੀਜਾ ਸਰਕਾਰੀ ਮਾਮਲਾ ਜੋ ਓਹਦੇ ਵੱਲ ਕਈ ਸਾਲ ਦਾ ਵਸੂਲ ਹੋਣ ਗੋਚਰਾ ਇੱਕ ਕਰੋੜ ਦੇ ਕਰੀਬ ਹੈ, ਮੰਗਿਆ ਗਿਆ ਹੈ, ਇਸ ਕਰ ਕੇ ਓਹਨੇ ਇਹ ਸੁਣ ਕੇ ਮੇਰੇ ਛੋਟੇ ਭਰਾ ਨੂੰ ਆਪਣਾ ਮੁਤਬੰਨਾ ਬਣਾ ਕੇ ਮੇਰੇ ਘਰ ਨੂੰ ਨੁਕਸਾਨ ਪੁਚਾਇਆ ਹੈ। ਪੈਦਲ ਫੌਜ ਦੇ ਸਰਦਾਰਾਂ ਨੇ ਇਨਕਾਰ ਕੀਤਾ ਕਿ ਅਸਾਂ ਅਜਿਹਾ ਨਹੀਂ ਕੀਤਾ, ਅਸੀਂ ਤੇਰੇ ਹੁਕਮ ਦੇ ਉਡੀਕਵਾਨ ਹਾਂ, ਜੇ ਹੁਕਮ ਦੇਵੇਂ ਤਦ ਹੁਣੇ ਸੁਚੇਤ ਸਿੰਘ ਨੂੰ ਕਤਲ ਕਰ ਦੇਂਦੇ ਹਾਂ? ਸਵਾਰਾਂ ਨੇ ਜਦ ਵੇਖਿਆ ਕਿ ਪੈਦਲ ਫੌਜ ਓਹਦੇ ਵੱਲ ਹੈ ਤੇ ਤੋਪਖਾਨਾ ਵੀ ਓਹਨਾਂ ਦੇ ਪਾਸ ਹੈ, ਇਸ ਕਰ ਕੇ ਅਜੇਹੇ ਵੇਲੇ ਓਹਨਾਂ ਨੇ ਵਿਗੜਨਾ ਉਚਿਤ ਨਾ ਸਮਝਿਆ, ਓਹਨਾਂ ਨੇ ਵੀ ਪੈਦਲ ਫੌਜ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ! ਜਦ ਹੀਰਾ ਸਿੰਘ ਨੇ ਵੇਖਿਆ ਕਿ ਸਾਰੀ ਫੌਜ ਓਹਦੇ ਹੱਥ ਵਿੱਚ ਹੈ, ਤਦ ਉਸ ਨੇ ਹੁਕਮ ਦਿੱਤਾ ਕਿ ਜੇ ਕਦੀ ਮੇਰੇ ਚਾਚੇ ਨੂੰ ਮਾਰ ਦਿਓ, ਤਦ ਹਰ ਸਿਪਾਹੀ ਨੂੰ ਇੱਕ ਬੁਤਕੀ, ਅਫਸਰਾਂ ਨੂੰ ਕੈਂਠਾ ਤੇ ਮਰਵਾਰੀਦ ਦੀ ਮਾਲਾ ਦੇਵਾਂਗਾ। ਦੂਜੇ ਦਿਨ ਫੌਜ ਨੇ ਓਥੇ ਪੁੱਜ ਕੇ ਸੁਚੇਤ ਸਿੰਘ ਨੂੰ ਘੇਰ ਲਿਆ! ਓਹ ਬੜੀ ਬਹਾਦਰੀ ਨਾਲ ਲੜਿਆ, ਕਿੰਤੂ ਓਹਦੇ ਪਾਸ ਕੇਵਲ ੧੭੦ ਜਵਾਨ ਸਨ, ਇਸ ਕਰ ਕੇ ਓਹ ਕੀ ਕਰ ਸਕਦਾ ਸੀ?
ਸਾਰੀ ਫੌਜ ਪਿੱਛੇ ਛੱਡ ਆਇਆ ਸੀ। ਉਸ ਨੂੰ ਇਹ ਆਸ ਨਹੀਂ ਕਿ ਸਾਰੀ ਫੌਜ ਮੇਰੀ ਦੁਸ਼ਮਣ ਹੋ ਜਾਵੇਗੀ, ਇਸ ਕਰ ਕੇ ਓਹ ਰਾਏ ਕੇਸਰੀ ਸਿੰਘ ਤੇ ਹੋਰ ੫੦ ਆਦਮੀਆਂ ਦੇ ਨਾਲ ਮਾਰਿਆ ਗਿਆ ਤੇ ੧੬੦ ਆਦਮੀ ਇਧਰੋਂ ਫੌਜ ਦੇ ਮਾਰੇ ਗਏ। ਇਸ ਤੋਂ ਹੀਰਾ ਸਿੰਘ ਨੂੰ ਭਾਵੇਂ ਤਸੱਲੀ ਹੋਈ, ਕਿੰਤੂ ਥੋੜ੍ਹਾ ਚਿਰ ਮਗਰੋਂ ਹੀ ਇਹ ਗੱਲ ਮਸ਼ਹੂਰ ਹੋ ਗਈ ਕਿ ਸਰਦਾਰ ਅਤਰ ਸਿੰਘ ਸੰਧਾਵਾਲੀਆ ਭਾਈ ਬੀਰ ਸਿੰਘ ਦੀ ਸਹਾਇਤਾ ਨਾਲ ਲਾਹੌਰ ਦਰਬਾਰ ਵਿੱਚ ਵੜਨਾ ਚਾਹੁੰਦਾ ਹੈ।
ਭਾਈ ਬੀਰ ਸਿੰਘ ਸਿੱਖਾਂ ਵਿੱਚ ਬੜਾ ਹੀ ਨਾਮਦਾਰ ਸੀ ਅਤੇ ਕਰਨੀ ਵਾਲਾ ਮਹਾਤਮਾ ਸੀ। ਓਹ ਹਰ ਵੇਲੇ ਵਾਹਿਗੁਰੂ ਦੇ ਭਜਨ ਵਿੱਚ ਰਹਿੰਦੇ ਤੇ ਓਹਨਾਂ ਦੇ ਲੰਗਰ ਵਿੱਚੋਂ ੧੦੦੦-੧੨੦੦ ਆਦਮੀ ਰੋਟੀ ਖਾਣ ਵਾਲੇ ਹੋ ਜਾਂਦੇ ਸਨ। ਸਿੱਖ ਇਨ੍ਹਾਂ ਦਾ ਬੜਾ ਅਦਬ ਕਰਦੇ ਸਨ। ਹੀਰਾ ਸਿੰਘ ਨੂੰ ਇਹ ਵੀ ਪਤਾ ਲੱਗਾ ਕਿ ਭਾਈ ਬੀਰ ਸਿੰਘ ਫੌਜ ਦੀ ਮਦਦ ਨਾਲ ਵਜ਼ੀਰੀ ਕਿਸੇ ਸਿੱਖ ਨੂੰ ਦਵਾਣਾ ਚਾਹੁੰਦਾ ਹੈ। ਓਹਨੂੰ ਇਹ ਗੱਲ ਪਸੰਦ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਮੋਨਿਆਂ ਦੇ ਹੱਥ ਵਿੱਚ ਰਹੇ। ਰਾਜਾ ਹੀਰਾ ਸਿੰਘ ਦੇ ਦਿਲ ਵਿੱਚ ਇਸ ਗੱਲ ਦਾ ਬੜਾ ਭੈਅ ਹੋਇਆ ਤੇ ਓਸ ਨੇ ਇਹ ਚਾਲ ਚਲੀ ਕਿ ਉਸ ਨੇ ਫੌਜ ਦੇ ਸਰਦਾਰਾਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਅਤਰ ਸਿੰਘ ਅੰਗ੍ਰੇਜ਼ਾਂ ਪਾਸੋਂ ਆਇਆ ਹੈ ਓਹਨੇ ਓਥੇ ਇਕਰਾਰ ਕੀਤਾ ਹੈ ਕਿ ਜੇ ਕਦੀ ਮੈਨੂੰ ਭਾਈ ਬੀਰ ਸਿੰਘ ਜੀ ਮਦਦ ਕਰ ਕੇ ਲਾਹੌਰ ਦਾ ਵਜ਼ੀਰ ਬਣਵਾ ਦੇਣ ਤਦ ਸੁੱਖ, ਨਹੀਂ ਤਾਂ ਅੰਗ੍ਰੇਜ਼ ਮਦਦ ਦੇਣ ਤੇ ਆਪਣੀ ਫੌਜ ਲਾਹੌਰ ਵਿੱਚ ਠਹਿਰਾਈ ਰੱਖਣ। ਸੋ ਖਾਲਸਾ ਜੀ! ਜੇ ਤੁਸੀਂ ਭਾਈ ਬੀਰ ਸਿੰਘ ਦੇ ਕਹਿਣ ਤੇ ਮੈਨੂੰ ਵਜ਼ੀਰੀ ਤੋਂ ਹਟਾਨਾ ਹੈ, ਤਦ ਮੈਨੂੰ ਹੁਕਮ ਦੇਵੋ ਕਿ ਮੈਂ ਹੁਣੇ ਹੀ ਆਪਣੇ ਮੁਲਕ ਵਿੱਚ ਚਲਾ ਜਾਵਾਂ। ਇੱਥੇ ਰਹਿ ਕੇ ਆਪਣੀ ਜਾਨ ਅਜਾਈਂ ਕਿਉਂ ਗਵਾਵਾਂ? ਜੇ ਖਾਲਸਾ ਜੀ ਦੀ ਮਰਜ਼ੀ ਮੈਨੂੰ ਕਤਲ ਕਰਨ ਦੀ ਹੈ, ਤਦ ਇਹ ਲਓ ਤਲਵਾਰ ਹਜ਼ਾਰ ਵੇਰਾਂ ਸਿਰ ਵੱਢ ਸੁੱਟੋ। ਇਹ ਕਹਿ ਕੇ ਤਲਵਾਰ ਅੱਗੇ ਰੱਖ ਕੇ ਗਰਦਨ ਨੀਵੀਂ ਕਰ ਲਈ। ਰਾਜਾ ਹੀਰਾ ਸਿੰਘ ਨੇ ਇਸ ਤਰ੍ਹਾਂ ਨਰਮ ਗੱਲਾਂ ਕਰ ਕੇ ਫੌਜ ਨੂੰ ਮੋਹ ਲਿਆ ਤੇ ਉਹਨਾਂ ਨੇ ਇੱਕ ਜ਼ਬਾਨ ਹੋ ਕੇ ਕਿਹਾ ਕਿ ਬੀਰ ਸਿੰਘ ਸੰਤ ਆਦਮੀ ਹੈ। ਓਹਨਾਂ ਨੂੰ ਰਾਜ ਦੇ ਮਾਮਲਿਆਂ ਵਿੱਚ ਕੀ ਸੰਬੰਧ? ਅਸੀਂ ਅਜੇਹੇ ਬੇਵਕੂਫ ਨਹੀਂ ਹਾਂ ਕਿ ਇੱਕ ਸੰਤ ਦੇ ਕਹਿਣ ਤੇ ਇੱਕ ਅਜੇਹੇ ਆਦਮੀ ਨੂੰ ਜਿਸ ਦੇ ਖਾਨਦਾਨ ਦੇ ਆਦਮੀਆਂ ਨੇ ਸਾਡੇ ਰਾਜ ਨੂੰ ਬਰਬਾਦ ਕਰ ਦਿੱਤਾ ਹੈ, ਵਜ਼ੀਰ ਬਣਾ ਲਵੀਏ। ਅਸੀਂ ਤਾਂ ਅਤਰ ਸਿੰਘ ਦੇ ਖੂਨ ਦੇ ਪਿਆਸੇ ਬੈਠੇ ਹਾਂ। ਸਾਨੂੰ ਹੁਣੇ ਹੁਕਮ ਮਿਲੇ ਤੇ ਓਹਦੇ ਸਿਰ ਨੂੰ ਕੱਟ ਕੇ ਲੈ ਆਵੀਏ? ਇਸ ਤਰ੍ਹਾਂ ਨਾਲ ਹੀਰਾ ਸਿੰਘ ਦੇ ਕਹਿਣ ਤੇ ਬਹੁਤ ਸਾਰੀ ਫੌਜ ਅਤਰ ਸਿੰਘ ਵੱਲ ਟੁਰ ਪਈ। ਭਾਈ ਬੀਰ ਸਿੰਘ ਓਸ ਵੇਲੇ ਮੁਖੀਆ ਵਾਲਾਂ ਤੇ ਤੂਤਾਂ ਵਾਲੇ ਦੇ ਇਲਾਕੇ ਸਤਲੁਜ ਦੇ ਕੰਢੇ ਤੇ ਸੀ ਤੇ ਕੰਵਰ ਕਸ਼ਮੀਰਾ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ, ਅੰਗ੍ਰੇਜ਼ੀ ਇਲਾਕੇ ਵਿੱਚੋਂ ਫਿਰ ਕੇ ਇਨ੍ਹਾਂ ਦੇ ਪਾਸ ਹੀ ਆ ਗਿਆ ਸੀ। ਪੰਜ ਦਿਨਾਂ ਵਿੱਚ ਓਥੇ ਫੌਜ ਨੇ ਪੁੱਜ ਕੇ ਭਾਈ ਬੀਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਜਾਂ ਤਾਂ ਅਤਰ ਸਿੰਘ ਨੂੰ ਕੈਦ ਕਰ ਕੇ ਸਾਡੇ ਪਾਸ ਭੇਜ ਦੇਵੋ ਜਾਂ ਆਪਣੇ ਡੇਰੇ ਵਿੱਚੋਂ ਕੱਢ ਦੇਵੇ ਤੇ ਜੋ ਇਹ ਦੋ ਗੱਲਾਂ ਵਿੱਚੋਂ ਕੋਈ ਨਾ ਕਰੋ ਤਦ ਆਪ ਡੇਰਾ ਛੱਡ ਕੇ ਨੱਸ ਜਾਓ। ਭਾਈ ਬੀਰ ਸਿੰਘ ਨੇ ਇਨ੍ਹਾਂ ਵਿੱਚੋਂ ਕੋਈ ਗੱਲ ਵੀ ਨਾ ਮੰਨੀ। ਦੂਜੇ ਦਿਨ ਸਿੱਖਾਂ ਨੇ ਫਿਰ ਓਹੋ ਹੀ ਸਵਾਲ ਪੇਸ਼ ਕੀਤੇ, ਕਿੰਤੂ ਭਾਈ ਬੀਰ ਸਿੰਘ ਜੀ ਨੇ ਇਸ ਵੇਰ ਵੀ ਇਹ ਗੱਲ ਨਾ ਮੰਨੀ। ਤੀਜੀ ਵੇਰ ਫੌਜ ਨੇ ਸਰਦਾਰ ਗਲਾਬ ਸਿੰਘ ਕਲਕੱਤੀਯਾ ਤੇ ਬਾਗ਼ ਸਿੰਘ ਮੁਰਾੜੀਆਂ ਨੂੰ ਵਕੀਲ ਬਣਾ ਕੇ ਭੇਜਿਆ ਤੇ ਇਨ੍ਹਾਂ ਭਾਈ ਸਾਹਿਬ ਨੂੰ ਬਹੁਤ ਸਮਝਾਯਾ। ਕਿੰਤੂ ਜਦ ਓਨ੍ਹਾਂ ਨੇ ਇਸ ਤੇ ਵੀ ਗੱਲ ਨਾ ਮੰਨੀ ਤਦ ਇਨ੍ਹਾਂ ਵਕੀਲਾਂ ਨੇ ਜੋਸ਼ ਵਿੱਚ ਆ ਕੇ ਅਤਰ ਸਿੰਘ ਨੂੰ ਮੰਦੀਆਂ ਗੱਲਾਂ ਆਖਣੀਆਂ ਸ਼ੁਰੂ ਕੀਤੀਆਂ, ਜਿਸ ਤੇ ਅਤਰ ਸਿੰਘ ਨੇ ਜੋਸ਼ ਵਿੱਚ ਆ ਕੇ ਦੋਨਾਂ ਨੂੰ ਮਾਰ ਦਿੱਤਾ। ਸਫੀਰਾਂ ਦੇ ਮਰਨ ਦੀ ਖ਼ਬਰ ਸੁਣ
ਫੌਜ ਉਲਟ ਪਈ ਤੇ ਭਾਈ ਬੀਰ ਸਿੰਘ ਤੇ ਲੱਗੀ ਤੋਪ ਚਲਣ ਤੇ ਉਹਨਾਂ ਦੇ ਮੇਲੂ ਤੇ ਸਤਸੰਗੀ ਮਰਨ ਲੱਗੇ। ਸਤਸੰਗੀਆਂ ਨੇ ਭਾਈ ਸਾਹਿਬ ਜੀ ਤੋਂ ਲੜਨ ਦੀ ਆਗਿਆ ਮੰਗੀ, ਕਿੰਤੂ ਭਾਈ ਸਾਹਿਬ ਜੀ ਨੇ ਅੱਗੋਂ ਆਖਿਆ ਕਿ ਤੁਸਾਂ ਵਿੱਚੋਂ ਜੇਹੜਾ ਹੱਥ ਚੁੱਕੇਗਾ, ਮੇਰੇ ਨਾਲ ਸੱਚਖੰਡ ਵਿੱਚ ਨਹੀਂ ਜਾਵੇਗਾ, ਉਲਟਾ ਨਰਕਾਂ ਵਿੱਚ ਜਾਵੇਗਾ। ਉਹ ਵੀ ਸਿੱਖ ਹਨ ਤੇ ਅਸੀਂ ਵੀ ਸਿੱਖ ਹਾਂ। ਉਹ ਸਾਡੇ ਭਰਾ ਹਨ, ਅਸਾਂ ਭਰਾਵਾਂ ਤੇ ਵਾਰ ਨਹੀਂ ਕਰਨਾ। ਉਹਨਾਂ ਨੂੰ ਅਸਾਂ ਕੀ ਕਰਨਾ ਹੈ? ਉਹ ਆਪ ਆਪਣੇ ਕੀਤੇ ਦੀ ਸਜ਼ਾ ਪਾਉਣਗੇ। ਵਾਹਿਗੁਰੂ ਦੇ ਪਿਆਰਿਆਂ ਨਾਲ ਜਿਸ ਨੇ ਮੱਥਾ ਲਾਇਆ, ਓਹੋ ਹੀ ਗਿਆ।
ਇੰਨੇ ਨੂੰ ਇੱਕ ਗੋਲਾ ਭਾਈ ਸਾਹਿਬ ਜੀ ਨੂੰ ਲੱਗਾ, ਤਿੰਨ ਚਾਰ ਹੋਰ ਬਹਾਦਰ: ਜੋ ਵਾਰੀ ਵਾਰੀ ਉੱਠਦੇ ਰਹੇ, ਮਾਰੇ ਜਾਂਦੇ ਰਹੇ ਤੇ ਭਾਈ ਸਾਹਿਬ ਵੀ ਇਹ ਕਹਿੰਦੇ ਕਿ: 'ਯਾਰੀ ਪਰਖੀਏ ਯਾਰਾਂ ਦੀ ਜਦ ਮਾਰ ਪਏ ਤਲਵਾਰਾਂ ਦੀ’ ਮਾਰੇ ਗਏ! ਉਹਨਾਂ ਨੂੰ ਪਲੰਘ ਸਮੇਤ ਉਹਨਾਂ ਦੇ ਸਾਥੀਆਂ ਨੇ ਦਰਯਾ ਵਿੱਚ ਪਾ ਦਿੱਤਾ।
ਭਾਈ ਬੀਰ ਸਿੰਘ ਦੇ ਪਿੱਛੋਂ ਕਸ਼ਮੀਰਾ ਸਿੰਘ ਨਾਲ ਗੱਲਬਾਤ ਹੋਈ ਤੇ ਇਹ ਤਲਵਾਰਾਂ ਲੈ ਕੇ ਨਿੱਕਲ ਆਏ ਤੇ ਕਈ ਆਦਮੀਆਂ ਦੀਆਂ ਜਾਨਾਂ ਲੈ ਕੇ ਸ਼ਹੀਦ ਹੋ ਗਏ। ਇਹ ਵੇਖ ਕੇ ਕੋਰਟ ਦੀਆਂ ਚਾਰ ਪਲਟਣਾਂ ਜੋ ਓਥੇ ਗਈਆਂ ਸਨ, ਬੜੀਆਂ ਸ਼ਰਮਿੰਦਾ ਹੋਈਆਂ ਤੇ ਆਪਣੇ ਕੀਤੇ ਤੇ ਪਛਤਾਣ ਲੱਗੀਆਂ, ਬਲਕਿ ਉਸ ਫੌਜ ਦਾ ਨਾਮ ਹੀ ਗੁਰੂ ਮਾਰੀ ਪੈ ਗਿਆ। ਇਸੇ ਸ਼ਰਮ ਦੇ ਮਾਰੇ ਉਸ ਫੌਜ ਨੇ ਉਹ ਇਨਾਮ ਵੀ ਨਾ ਲਿਆ ਜੋ ਹੀਰਾ ਸਿੰਘ ਨੇ ਦੇਣਾ ਕੀਤਾ ਸੀ।
ਕਸ਼ਮੀਰਾ ਸਿੰਘ ਦੇ ਮਾਰੇ ਜਾਣ ਤੇ ਲਾਭ ਸਿੰਘ ਡੋਗਰੇ ਨੇ ਉਹਨਾਂ ਦੇ ਪਰਿਵਾਰ ਨੂੰ ਬੈਲ ਗੱਡੀਆਂ ਤੇ ਬਿਠਾ ਕੇ ਲਾਹੌਰ ਭਿਜਵਾ ਦਿੱਤਾ। ਉਹਨਾਂ ਵਿਚਾਰੀਆਂ ਤੀਵੀਂਆਂ ਪਾਸ ਜੋ ਕੁਝ ਸੀ ਡੋਗਰਿਆਂ ਨੇ ਖੋਹ ਲਿਆ, ਕਿੰਤੂ ਸਿੱਖਾਂ ਨੂੰ ਪਤਾ ਲੱਗਣ ਤੇ ਉਹਨਾਂ ਲਾਭ ਸਿੰਘ ਦੇ ਆਦਮੀਆਂ ਤੋਂ ਸਾਰਾ ਮਾਲ ਖੋਹ ਕੇ ਉਹਨਾਂ ਨੂੰ ਦੇ ਦਿੱਤਾ ਤੇ ਬੜੀ ਤਸੱਲੀ ਨਾਲ ਲਾਹੌਰ ਲੈ ਆਏ। ਸਰਦਾਰ ਕਸ਼ਮੀਰਾ ਸਿੰਘ ਤੇ ਭਾਈ ਬੀਰ ਸਿੰਘ ਦੇ ਚਲਾਣੇ ਨੇ ਫੌਜ ਨੂੰ ਬੇਚੈਨ ਕਰ ਦਿੱਤਾ।
ਇਨ੍ਹਾਂ ਹੀ ਦਿਨਾਂ ਵਿੱਚ ਕੰਵਰ ਪਿਸ਼ੌਰਾ ਸਿੰਘ ਨੇ ਅੰਗ੍ਰੇਜ਼ਾਂ ਦੇ ਇਲਾਕੇ ਵਿੱਚ ਜੋ ਲੁਧਿਆਣੇ ਵਿੱਚ ਸੀ, ਕਿਸੇ ਢੰਗ ਨਾਲ ਓਥੋਂ ਚੁੱਪ ਚਾਪ ਚਲਾ ਆਇਆ ਤੇ ਲਾਹੌਰ ਬੁੱਧੂ ਦੇ ਆਵੇ ਆ ਗਿਆ। ਫੌਜ ਓਸ ਨੂੰ ਵੇਖ ਕੇ ਬੜੀ ਖ਼ੁਸ਼ੀ ਹੋਈ ਤੇ ਓਹਨੂੰ ਵੇਖਦੇ ਹੀ ਤੋਪਾਂ ਦੀ ਸ਼ਾਹੀ ਸਲਾਮੀ ਦੇ ਦਿੱਤੀ, ਜਿਸ ਤੋਂ ਵਜ਼ੀਰ ਹੀਰਾ ਸਿੰਘ ਨੂੰ ਫ਼ਿਕਰ ਪੈ ਗਿਆ। ਓਹਨੇ ਫੌਜੀ ਸਰਦਾਰ ਸੱਦੇ ਤੇ ਬਹੁਤ ਸਾਰਾ ਰੁਪਯਾ ਵੰਡਿਆ ਤੇ ਚਾਹਿਆ ਕਿ ਕੰਵਰ ਸਾਹਿਬ ਨੂੰ ਫੜ ਕੇ ਕੈਦ ਕਰ ਲਵੇ। ਜਦ ਕੰਵਰ ਸਾਹਿਬ ਨੇ ਫੌਜ ਦੀ ਹਾਲਤ ਬਦਲੀ ਵੇਖੀ ਤਦ ਸਿਆਲਕੋਟ ਵੱਲ ਚਲਾ ਗਿਆ। ਇਸ ਦੇ ਇੱਥੇ ਪੁੱਜਦੇ ਹੀ ਵਿਦਰੋਹ ਦੀ ਸੂਰਤ ਬਣ ਗਈ, ਜਿਸ ਤੋਂ ਹੀਰਾ ਸਿੰਘ ਨੇ ਇਸ ਨੂੰ ਇਹ ਇਲਾਕਾ ਦੇ ਕੇ (ਜੋ ਕਿ ਪਹਿਲਾਂ ਵੀ ਇਨ੍ਹਾਂ ਦੀ ਹੀ ਜਾਗੀਰ ਸੀ) ਇਨਾਂ ਨਾਲ ਸੁਲਾਹ ਕਰ ਲਈ।
ਐਸ ਵੇਲੇ ਲਾਹੌਰ ਦਰਬਾਰ ਦੀ ਹਾਲਤ ਬੜੀ ਅਦਭੁੱਤ ਸੀ। ਹੀਰਾ ਸਿੰਘ ਦੀ ਪਾਰਟੀ ਇੱਕ ਪਾਸੇ ਤੇ ਕੰਵਰ ਨਾਲ ਸ੍ਰ. ਜਵਾਹਰ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਸਲਤਨਤ ਦੇ ਸ਼ੁਭਚਿੰਤਕ ਦੂਜੇ ਪਾਸੇ ਸਨ। ਵਜ਼ੀਰ ਦੇ ਮੂੰਹ ਜ਼ੋਰੀ ਵੇਖ ਕੇ ਸਭ ਦੁਖੀ ਸਨ ਤੇ ਕਾਮਯਾਬੀ ਦੀ ਉਸੇ ਨੂੰ ਆਸ ਹੋ ਸਕਦੀ ਸੀ, ਜਿਸ ਦੇ ਹੱਥ ਵਿੱਚ ਫੌਜੀ ਤਾਕਤ ਹੋਵੇ। ਫੌਜ ਇਹ ਤਾਂ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਸਲਤਨਤ ਕਾਇਮ ਰਹੇ, ਕਿੰਤੂ ਹੀਰਾ ਸਿੰਘ ਜਿਸ ਦੇ ਪਾਸ ਖ਼ਜ਼ਾਨਾ ਸੀ, ਰੁਪਯੇ ਦੀ ਚਾਟ ਲਾ ਕੇ ਆਪਣਾ ਉੱਲੂ ਸਿੱਧਾ ਕਰੀ ਜਾਂਦਾ ਸੀ। ਬਾਕੀਆਂ ਦੇ ਪਾਸ ਰੁਪਯਾ ਨਹੀਂ ਸੀ। ਇਸ ਕਰ ਕੇ ਹੀਰਾ ਸਿੰਘ ਦੀ ਬਿਨਾਂ ਕਿਸੇ ਕਾਰਨ ਵਿਰੋਧਤਾ ਕਰ ਕੇ ਓਹ ਫੌਜ ਨੂੰ ਆਪਣੇ ਨਾਲ ਨਹੀਂ ਮਿਲਾ ਸਕਦੇ ਸਨ। ਲਾਹੌਰ ਦਰਬਾਰ ਵਿੱਚ ਇੰਜ ਖਿਚਾ ਖਿਚੀ ਵੇਖ ਕੇ ਬਾਹਰ ਦੇ ਜਾਗੀਰਦਾਰਾਂ ਤੇ ਤਅੱਲਕੇਦਾਰਾਂ ਵੱਲੋਂ ਖਰਾਜ ਆਉਣਾ ਬੰਦ ਹੋ
ਗਿਆ। ਹੀਰਾ ਸਿੰਘ ਨੇ ਆਪਣੀਆਂ ਅਯੋਗ ਵਾਸ਼ਨਾਂ ਦੀ ਪੂਰਤੀ ਲਈ ਖ਼ਜ਼ਾਨਾ ਲੁੱਟਾ ਦਿੱਤਾ ਸੀ। ਹੁਣ ਉਹਨੂੰ ਫ਼ਿਕਰ ਪਿਆ ਕਿ ਕੰਮ ਕਿਕੁਣ ਚੱਲੂ? ਸੋ ਓਹਨੇ ਜਲੇ ਪੰਡਤ ਨੂੰ ਬਿਠਾ ਕੇ ਜਾਗੀਰਦਾਰਾਂ ਤੋਂ ਖਰਾਜ ਦੀ ਰਕਮ ਵਸੂਲ ਕਰਨ ਦੀ ਸੋਚੀ, ਹਿਸਾਬ ਕਰਨ ਤੇ ਪਤਾ ਲੱਗਾ ਕਿ ਐਸ ਵੇਲੇ ਕੋਈ ਜਾਗੀਰਦਾਰ ਅਜਿਹਾ ਨਹੀਂ, ਜਿਸ ਦੇ ਵੱਲ ਲੱਖਾਂ ਰੁਪਯੇ ਨਾ ਨਿੱਕਲਦੇ ਹੋਣ। ਇਸ ਰਕਮ ਦੀ ਵਸੂਲੀ ਲਈ ਜੱਲੇ ਨੇ ਸਖ਼ਤੀ ਸ਼ੁਰੂ ਕੀਤੀ, ਜਿਸ ਨਾਲ ਜਲੇ ਦੇ ਹੱਥੋਂ ਲੋਕੀਂ ਤੰਗ ਆ ਗਏ। ਇਨ੍ਹਾਂ ਹੀ ਦਿਨਾਂ ਵਿੱਚ ਸੁਲਤਾਨ ਦੇ ਦੀਵਾਨ ਸਾਵਣ ਮੱਲ ਨੂੰ ਇੱਕ ਸਿਪਾਹੀ ਨੇ ਮਾਰ ਦਿੱਤਾ, ਜਿਸ ਦੀ ਜਗ੍ਹਾ ਤੇ ਓਹਦਾ ਲੜਕਾ ਦੀਵਾਨ ਮੂਲਰਾਜ ਨੀਯਤ ਹੋਇਆ। ਇਸ ਦੇ ਵੱਲ ਲਾਹੌਰ ਦਰਬਾਰ ਦਾ ਖਰਾਜ ੬੦ ਲੱਖ ਰੁਪਯਾ ਨਿੱਕਲਦਾ ਸੀ, ਜਿਸ ਦੇ ਦੇਣ ਵਿੱਚ ਇਸ ਨੇ ਟਾਲ ਮਟੋਲਾ ਕੀਤਾ। ਕਿੰਤੂ ਜਦ ਲਾਹੌਰ ਤੋਂ ਫੌਜ ਦੀ ਚੜ੍ਹਾਈ ਦੀ ਧਮਕੀ ਪੁੱਜੀ, ਤਦ ਗੱਦੀ ਤੇ ਬੈਠਣ ਦਾ ਨਜ਼ਰਾਨਾ ਭੇਜ ਦਿੱਤਾ ਤੇ ਬਾਕੀ ਦੀ ਰਕਮ ਵੀ ਕਿਸ਼ਤਾਂ ਨਾਲ ਦੇਣ ਦਾ ਇਕਰਾਰ ਕੀਤਾ।
ਹੁਣ ਜਲੇ ਪੰਡਤ ਦੀ ਦਰਬਾਰ ਵਿੱਚ ਫਿਰ ਗੱਲ ਚੱਲਣ ਲੱਗੀ ਤੇ ਇਹ ਹਰ ਗੱਲ ਵਿੱਚ ਦਖ਼ਲ ਦੇਣ ਲੱਗਾ। ਕਿੰਤੂ ਇਸ ਦੀ ਨਿਡਰਤਾ, ਅਸਭ੍ਯਤਾ, ਕੁਬੋਲ ਤੇ ਭੈੜੀਆਂ ਆਦਤਾਂ ਤੋਂ ਸਭ ਦੁਖੀ ਹੋ ਗਏ ਤੇ ਫੌਜ ਵੀ ਇਹਦੀ ਦੁਸ਼ਮਣ ਹੋ ਗਈ। ਇਸ ਦਾ ਹੌਂਸਲਾ ਏਨਾ ਵੱਧ ਗਿਆ ਕਿ ਦਰਬਾਰ ਵਿੱਚ ਕਈ ਵੇਰ ਇਸ ਨੇ ਸਰਦਾਰ ਜਵਾਹਰ ਸਿੰਘ ਨੂੰ ਜੋ ਕਿ ਰਾਣੀ ਜਿੰਦਾ ਦਾ ਭਰਾ ਸੀ, ਝਾੜ ਪਾ ਦਿੱਤੀ ਤੇ ਰਾਣੀ ਜਿੰਦਾ ਦੀ ਸ਼ਾਨ ਵਿੱਚ ਵੀ ਅਯੋਗ ਗੱਲਾਂ ਕਹੀਆਂ। ਇਕ ਦਿਹਾੜੇ ਹੀਰਾ ਸਿੰਘ ਵਜ਼ੀਰ ਨੇ ਆਮ ਦਰਬਾਰ ਵਿੱਚ ਕਿਹਾ ਕਿ ਰਾਜਾ ਗੁਲਾਬ ਸਿੰਘ ਜੰਮੂ (ਜੋ ਹੀਰਾ ਸਿੰਘ ਦਾ ਸਕਾ ਚਾਚਾ ਸੀ) ਵੱਲ ਕਈ ਸਾਲ ਦਾ ਖਿਰਾਜ ਬਾਕੀ ਹੈ। ਕਈ ਵੇਰ ਮੰਗ ਕੀਤੀ ਗਈ ਹੈ, ਓਹਨੇ ਅਜੇ ਤੱਕ ਨਹੀਂ ਭੇਜਿਆ ਤੇ ਨਾ ਹੀ ਦੇਣਾ ਚਾਹੁੰਦਾ ਹੈ, ਇਸ ਕਰ ਕੇ ਇਹਦੇ ਪਾਸੋਂ ਹੇਠ ਲਿਖੀਆਂ ਸ਼ਰਤਾਂ ਮਨਾਣੀਆਂ ਚਾਹੀਦੀਆਂ ਹਨ।
(੧) ਉਹ ਆਪਣੇ ਖਰਾਜ ਦਾ ਚੌਥਾ ਹਿੱਸਾ ਵਧਾ ਦੇਵੇ।
(੨) ਰਾਜਾ ਸੁਚੇਤ ਸਿੰਘ (ਆਪਣੇ ਭਰਾ) ਦੀ ਜਾਗੀਰ ਤੇ ਧਨ ਮਾਲ ਦੇ ਦੇਵੇ।
(੩) ਰਾਜਾ ਧਿਆਨ ਸਿੰਘ (ਆਪਣੇ ਭਰਾ ਤੇ ਹੀਰਾ ਸਿੰਘ ਦੇ ਪਿਓ) ਦਾ ਧਨ ਮਾਲ ਮੇਰੇ ਹਵਾਲੇ ਕਰੇ।
(੪) ਲਾਹੌਰ ਵਿੱਚ ਹਾਜ਼ਰ ਹੋਵੇ।
( ੫) ਖਰਾਜ ਦੀ ਜੋ ਰਕਮ ਨਿੱਕਲਦੀ ਹੈ, ਉਹ ਦੀਆਂ ਕਿਸ਼ਤਾਂ ਨੀਯਤ ਕਰ ਦੇਵੇ।
ਇਹ ਸ਼ਰਤਾਂ ਮਨਾਉਣ ਲਈ ਜੰਮੂ ਵੱਲ ੨੦ ਫੌਜਾਂ ਜਿਸ ਵਿੱਚ ਅਸਵਾਰ ਤੇ ਤੋਪਖਾਨਾ ਵੀ ਸੀ, ਭੇਜਿਆ। ਇਹ ਗੱਲ ਸੁਣ ਗੁਲਾਬ ਸਿੰਘ ਨੇ ਇੱਕ ਤਾਂ ੩੦ ਹਜ਼ਾਰ ਫੌਜ ਤਿਆਰ ਕਰ ਲਈ ਤੇ ਦੂਜੇ ਸਰਦਾਰ ਤੇਜਾ ਸਿੰਘ ਪਿਸ਼ਾਵਰ ਤੇ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਨੂੰ ਉਭਾਰ ਕੇ ਰਾਜ ਵਿਦਰੋਹ ਖੜਾ ਕਰਨ ਦੀ ਵਿਉਂਤ ਬਣਾ ਦਿੱਤੀ। ਇਸ ਗੱਲ ਤੋਂ ਜਾਣੂੰ ਹੋ ਹੀਰਾ ਸਿੰਘ ਨੇ ਫੌਜ ਨੂੰ ਉੱਥੇ ਹੀ ਠਹਿਰਾ ਭਾਈ ਰਾਮ ਸਿੰਘ, ਦੀਵਾਨ ਦੀਨਾ ਨਾਥ, ਸ਼ੇਖ ਇਮਾਨਦੀਨ ਤੇ ਆਪਣੇ ਭਰਾ ਮੀਆਂ ਜਵਾਹਰ ਸਿੰਘ ਨੂੰ ਵਿੱਚ ਪਾ ਕੇ ਸੁਲਾਹ ਕਰ ਲਈ ਤੇ ਖਰਾਜ ਦੀਆਂ ਕਿਸ਼ਤਾਂ ਨੀਯਤ ਕਰ ਦਿੱਤੀਆਂ।
ਇਹਨਾਂ ਹੀ ਦਿਨਾਂ ਵਿੱਚ ਨਵਾਬ ਜ਼ਬਰਦਸਤ ਖਾਂ ਨੇ ਹਜ਼ਾਰਾ ਮੁਜਫਰ ਨਗਰ ਤੇ ਤੀਰਨੇਲ ਦੇ ਇਲਾਕੇ ਵਿੱਚ ਫਸਾਦ ਸ਼ੁਰੂ ਕਰ ਦਿੱਤਾ। ਇਸ ਕਰ ਕੇ ੬ ਪਲਟਨਾਂ ਉਧਰ ਭੇਜਣੀਆਂ ਪਈਆਂ। ਫਿਰ ਖ਼ਬਰ ਆਈ ਕਿ ਇਸ ਇਲਾਕੇ ਵਿੱਚ ੩੦ ਹਜ਼ਾਰ ਫਸਾਦੀ ਇਕੱਠਾ ਹੋ ਗਿਆ ਹੈ ਤੇ ਅਮੀਰ ਕਾਬਲ ਦਾ ਲੜਕਾ ਨਾਲ ਹੈ ਤੇ ਇਹਨਾਂ ਦੇ ਉਭਾਰਨ ਨਾਲ ੧੨ ਸੌ ਰੁਹੇਲਾ ਜੋ ਕਸ਼ਮੀਰ ਵਿੱਚ ਲਾਹੌਰ ਦਰਬਾਰ ਦਾ ਨੌਕਰ ਹੈ, ਵਿਗੜ ਗਿਆ ਹੈ। ਇਸ ਕਰ ਕੇ ੬ ਪਲਟਣਾਂ ਸਿੱਖਾਂ ਦੀਆਂ ਸ਼ੇਖ ਇਮਾਨਦੀਨ ਸੂਬਾ ਕਸ਼ਮੀਰ ਦੀ ਸਹਾਇਤਾ ਲਈ ਭੇਜੀਆਂ ਗਈਆਂ, ਜਿਸ ਦੇ ਡਰ ਨਾਲ ਹੀ ਸਾਰਾ ਫਸਾਦ ਦੂਰ ਹੋ ਗਿਆ। ਜਿਸ ਵੇਲੇ ਲਾਹੌਰ ਦੀ ਫੌਜ ਜੰਮੂ ਤੇ ਚੜ੍ਹਾਈ ਗਈ ਸੀ,
ਉਸ ਵੇਲੇ ਰਾਜਾ ਗੁਲਾਬ ਸਿੰਘ ਨੇ ਕੰਵਰ ਪਸ਼ੌਰਾ ਸਿੰਘ ਨੂੰ ਲਾਹੌਰ ਦਾ ਰਾਜ ਦਵਾਣ ਦਾ ਭਰੋਸਾ ਦੇ ਕੇ ਆਪਣੇ ਨਾਲ ਮਿਲਾ ਕੇ ਫੌਜ ਭਰਤੀ ਕਰਨ ਦੀ ਬਾਬਤ ਕਿਹਾ ਸੀ ਤੇ ਇਨਕਾਰ ਕੀਤਾ ਸੀ ਕਿ ਤਨਖਾਹ ਮੈਂ ਦਿਆਂਗਾ। ਜਦ ਕੰਵਰ ਸਾਹਿਬ ਨੇ ਜੋ ਕੜਯਾਂ ਵਾਲੇ ਰਿਹਾ ਕਰਦੇ ਸਨ, ਫੌਜ ਭਰਤੀ ਕਰ ਲਈ, ਤਦ ਉਧਰ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਨਾਲ ਸੁਲਾਹ ਹੋ ਜਾਣ ਦੇ ਕਾਰਨ ਤਨਖਾਹ ਦੇਣ ਤੋਂ ਜਵਾਬ ਦੇ ਦਿੱਤਾ ਸੀ। ਇਸ ਕਰ ਕੇ ਕੰਵਰ ਸਾਹਿਬ ਕਿਸੇ ਮੌਕੇ ਦੀ ਢੂੰਡ ਵਿੱਚ ਸੀ। ਉਹਨਾਂ ਨੂੰ ਪਤਾ ਲੱਗਾ ਕਿ ਜੰਮੂ ਦੀ ਇੱਕ ਪਲਟਣ ਜਿਸ ਦੇ ਨਾਲ ਚਾਰ ਤੋਪਾਂ ਵੀ ਹਨ, ਖ਼ਜ਼ਾਨਾ ਲੈ ਕੇ ਜੰਮੂ ਵੱਲ ਜਾ ਰਹੇ ਹਨ। ਸੋ ਉਹਨਾਂ ੫੦੦ ਸਵਾਰ ਲੈ ਕੇ ਗੁਜਰਾਤ ਆ ਘੇਰਿਆ ਤੇ ਫੌਜ ਨੂੰ ਸ਼ਕਸਤ ਦੇ ਕੇ ਖ਼ਜ਼ਾਨਾ ਖੋਹ ਲਿਆ ਤੇ ਜਿਹੜੀ ਫੌਜ ਰਾਜਾ ਗੁਲਾਬ ਸਿੰਘ ਦੇ ਆਖੇ ਤੇ ਰੱਖੀ ਸੀ, ਓਹਨੂੰ ਵੀ ਰਕਮ ਵੰਡ ਦਿੱਤੀ। ਇਸ ਗੱਲੋਂ ਖਿੱਝ ਕੇ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਵਿੱਚ ਕੰਵਰ ਦੇ ਵਿਰੁੱਧ ਫੌਜਦਾਰੀ ਮੁਕੱਦਮਾ ਚਲਵਾ ਕੇ ਸਜ਼ਾ ਦੇਣ ਦੀ ਵਿਚਾਰ ਕੀਤੀ ਤੇ ਬਹੁਤ ਸਾਰੀ ਫੌਜ ਓਹਨੂੰ ਫੜਨ ਲਈ ਭੇਜ ਦਿੱਤੀ। ਇਹ ਸੁਣਦੇ ਹੀ ਸ਼ਾਹਜ਼ਾਦਾ ਅਕਾਲੀਆਂ ਦੇ ਭੇਸ ਵਿੱਚ ਕਿਤੇ ਚਲਾ ਗਿਆ, ਜਿਸ ਕਰ ਕੇ ਮੁਕੱਦਮੇਂ ਦੀ ਕਾਰਵਾਈ ਰੋਕ ਦਿੱਤੀ ਗਈ। ਮਹਾਰਾਜਾ ਦਲੀਪ ਸਿੰਘ ਤੇ ਉਹਨਾਂ ਦੀ ਮਾਤਾ ਰਾਣੀ ਜਿੰਦਾਂ ਨੂੰ ਨਜ਼ਰਬੰਦ ਰੱਖਣ ਲਗੇ। ਵਜ਼ੀਰ ਤੇ ਜਲਾ ਪੰਡਤ ਰਾਣੀ ਨੂੰ ਧਮਕਾਣ ਲਗੇ। ਕਹਿੰਦੇ ਹਨ ਕਿ ਇੱਕ ਵੇਰ ਜਲੇ ਨੇ ਰਾਣੀ ਨੂੰ ਜ਼ਹਿਰ ਵੀ ਦਵਾ ਦਿੱਤਾ, ਕਿੰਤੂ ਓਹਦੀ ਇੱਛਾ ਪੂਰੀ ਨਾ ਹੋਈ। ਜਦ ਇਹ ਸਾਰੀਆਂ ਗੱਲਾਂ ਸਰਦਾਰ ਜਵਾਹਰ ਸਿੰਘ, ਜੋ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਸੀ, ਦੀ ਰਾਹੀਂ ਫੌਜ ਨੂੰ ਮਲੂਮ ਹੋਈਆਂ, ਤਦ ਉਹਨਾਂ ਨੇ ਹੀਰਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਜਲਾ ਪੰਡਤ ਸਾਡੇ ਹਵਾਲੇ ਕਰ ਦੇਵੋ ਤੇ ਦੂਜਾ ਅੱਗੋਂ ਨੂੰ ਮਹਾਰਾਣੀ ਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਦਿੱਤੀ ਜਾਏ। ਕੁਝ ਦਿਨ ਹੀਰਾ ਸਿੰਘ ਨੇ ਇਸ ਗੱਲ ਨੂੰ ਐਧਰ ਉਧਰ ਕਰ ਕੇ ਟਾਲਣਾ ਚਾਹਿਆ ਤੇ ਉਹਨੂੰ ਨਿਸਚਾ ਹੋ ਗਿਆ ਕਿ ਹੁਣ ਮੇਰੇ ਪਾਪਾਂ ਦਾ ਕਟੋਰਾ ਭਰ ਗਿਆ ਹੈ। ਹੁਣ ਫੌਜ ਪਿੱਛਾ ਨਹੀਂ ਛੱਡੇਗੀ ਤੇ ਮੇਰਾ ਗੁਜ਼ਾਰਾ ਇੱਥੇ ਹੋਣਾ ਮੁਸ਼ਕਲ ਹੈ। ਤਦ ਉਹਨੇ ਚੁਪਚਾਪ ਜਲੇ ਨੂੰ ਨਾਲ ਲੈ ਕੇ ਆਪਣਾ ਧਨ ਮਾਲ ਸਾਂਭ ਕੇ ਜੰਮੂ ਜਾਣ ਵਾਸਤੇ ਤਿਆਰੀ ਕਰ ਲਈ।
ਇਕ ਦਿਨ ਹੀਰਾ ਸਿੰਘ ਆਪਣਾ ਸਾਰਾ ਖ਼ਜ਼ਾਨਾ ਊਠਾਂ 'ਤੇ ਲਦਵਾ ਕੇ ਆਪਣੇ ਸਾਥੀਆਂ ਸੋਹਣ ਸਿੰਘ ਲਾਭ ਸਿੰਘ ਆਦਿਕਾਂ ਨਾਲ ਲਾਹੌਰ ਤੋਂ ਚੱਲ ਪਿਆ। ਜਦ ਇਹ ਰਾਵੀ ਦਰਯਾ ਲੰਘ ਗਿਆ ਤਦ ਫੌਜ ਨੂੰ ਖ਼ਬਰ ਮਿਲੀ। ਫੌਜ ਨੇ ਲਾਹੌਰ ਤੋਂ ਪੰਜ ਕੋਹ ਦੇ ਫਾਸਲੇ 'ਤੇ ਜਾ ਘੇਰਿਆ। ਇਸ ਨੇ ਇੱਥੇ ਵੀ ਲਾਲਚ ਦੇ ਕੇ ਸਮਝਾਣਾ ਚਾਹਿਆ, ਕਿੰਤੂ ਇਸ ਦੀ ਇਹ ਚਾਲ ਪੂਰੀ ਨਾ ਹੋ ਸਕੀ। ਪਿੱਛੋਂ ਸਿੱਖ ਸਰਦਾਰਾਂ ਨੇ ਇਸ ਨੂੰ ਸਲਾਹ ਦਿੱਤੀ ਕਿ ਜਲਾ ਪੰਡਤ ਲਾਹੌਰ ਦਰਬਾਰ ਦੇ ਹਵਾਲੇ ਕਰ ਦਿਓ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ? ਕਿੰਤੂ ਜਦ ਜਲੇ ਦੇ ਕਹਿਣ ਤੇ ਓਹਨੇ ਇਹ ਗੱਲ ਨਾ ਮੰਨੀ, ਤਦ ਸ਼ਾਮ ਸਿੰਘ ਅਟਾਰੀ ਵਾਲੇ ਤੇ ਸੇਵਾ ਸਿੰਘ ਮਜੀਠੇ ਨੇ ਆਪਣੇ ਦਸਤੇ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ, ਇਸ ਤਰ੍ਹਾਂ ਨਾਲ ਲੜ ਭਿੜ ਕੇ ੧੨ ਕੋਹ ਦਾ ਫਾਸਲਾ ਚਲੇ ਗਏ। ਪਿੱਛੋਂ ਸਰਦਾਰ ਜਵਾਹਰ ਸਿੰਘ ਦੋ ਤੋਪਾਂ ਤੇ ਕੁਝ ਸਪਾਹੀ ਲੈ ਕੇ ਆ ਗਿਆ। ਹੀਰਾ ਸਿੰਘ ਇੱਕ ਪਿੰਡ ਵਿੱਚ ਪਾਣੀ ਪੀਣ ਲੱਗਾ ਸੀ ਕਿ ਉੱਪਰੋਂ ਫੌਜ ਆ ਗਈ, ਪਾਣੀ ਪੀਣ ਦਾ ਮੌਕਾ ਨਾ ਮਿਲਿਆ। ਲੜਾਈ ਸ਼ੁਰੂ ਹੋ ਗਈ, ਜਿਸ ਵਿੱਚ ਰਾਜਾ ਹੀਰਾ ਸਿੰਘ, ਸੋਹਨ ਸਿੰਘ, ਲਾਭ ਸਿੰਘ ਤੇ ਜਲਾ ਪੰਡਤ ਮਾਰੇ ਗਏ। ਓਸ ਦਾ ਮਾਲ ਧਨ ਜਿੰਨਾ ਸੀ, ਸਿੱਖਾਂ ਦੇ ਹੱਥ ਆਇਆ। ਇਹ ਘਟਨਾ ੨੧ ਦਸੰਬਰ ੧੮੪੪ ਦੀ ਹੈ।
੧੧. ਸ੍ਰਦਾਰ ਜਵਾਹਰ ਸਿੰਘ ਵਜ਼ੀਰ ਹੋ ਗਏ
ਸ੍ਰਦਾਰ ਜਵਾਹਰ ਸਿੰਘ ਹੀਰਾ ਸਿੰਘ ਆਦਿਕਾਂ ਨੂੰ ਮਾਰ ਫੌਜ ਲੈ ਕੇ ਲਾਹੌਰ ਪੁੱਜਾ। ਹੀਰਾ ਸਿੰਘ ਦਾ ਸਿਰ ਲੁਹਾਰੀ ਦਰਵਾਜ਼ੇ, ਲਾਭ ਸਿੰਘ ਦਾ ਮੋਰੀ ਦਰਵਾਜ਼ੇ, ਸੋਹਨ ਸਿੰਘ ਦਾ ਸ਼ਾਹਅਲਮੀਂ ਦਰਵਾਜ਼ੇ 'ਤੇ ਬਹੁਤ ਦਿਨ ਲਟਕੇ ਰਹੇ ਤੇ ਪੰਡਤ ਜਲੇ ਦੇ ਸਿਰ ਦੀ ਤਾਂ ਬਹੁਤ ਹੀ ਮਿੱਟੀ ਬਲੀ। ਹਰ
ਇੱਕ ਹੱਟੀ ਅਰ ਦੁਕਾਨ 'ਤੇ ਫਿਰਾਇਆ ਗਿਆ। ਸਾਰੇ ਲੋਕੀਂ ਓਹਦੇ ਹੱਥੋਂ ਤੰਗ ਸਨ। ਕੋਈ ਅਜੇਹਾ ਨਹੀਂ ਸੀ, ਜਿਸ ਨੇ ਜਲੇ ਦਾ ਸਿਰ ਵੇਖ ਕੇ ਦੋ ਚਾਰ ਗਾਲ੍ਹਾਂ ਨਾ ਕੱਢੀਆਂ ਹੋਣ। ਹੀਰਾ ਸਿੰਘ ਤੇ ਲਾਭ ਸਿੰਘ ਦਾ ਸਿਰ ਗੰਦੀ ਮੋਰੀ ਵਿੱਚ ਸੁੱਟ ਦਿੱਤਾ ਗਿਆ, ਜਿੱਥੋਂ ਕਿਸੇ ਨੇ ਚੁੱਕ ਕੇ ਰਾਜਾ ਧਿਆਨ ਸਿੰਘ ਦੀ ਪੁਰਾਣੀ ਹਵੇਲੀ ਵਿੱਚ ਜਾ ਰੱਖਿਆ। ੧੯੦੨ ਬਿਕ੍ਰਮੀ ਨੂੰ ਜਦ ਰਾਜਾ ਗੁਲਾਬ ਸਿੰਘ ਲਾਹੌਰ ਲਾਟ ਸਾਹਿਬ ਨੂੰ ਮਿਲਣ ਆਇਆ, ਤਦ ਓਹਨੇ ਆਪਣੇ ਰਿਵਾਜ ਅਨੁਸਾਰ ਓਹਨਾਂ ਨੂੰ ਸਾੜ ਦਿੱਤਾ। ਹੁਣ ਇੱਥੇ ਇਹ ਗੱਲ ਵਿਚਾਰ ਗੋਚਰੀ ਹੈ ਕਿ ਸੰਧਾਵਾਲੀਆਂ ਨੇ ਸਿੱਖਾਂ ਨੂੰ ਨੁਕਸਾਨ ਪੁਚਾਇਆ ਜਾਂ ਡੋਗਰਿਆਂ ਨੇ।
ਉਪ੍ਰੋਕਤ ਵਿਥਿਆ ਪੜ੍ਹਨ ਤੋਂ ਇਹ ਗੱਲ ਮਲੂਮ ਹੋਏ ਬਿਨਾਂ ਨਹੀਂ ਰਹਿ ਸਕਦੀ ਕਿ ਸਿੱਖ ਫੌਜ ਤੇ ਸਿੱਖ ਸਰਦਾਰਾਂ ਨੂੰ ਲਾਹੌਰ ਦਰਬਾਰ ਨਾਲ ਪ੍ਰੇਮ ਸੀ। ਓਹ ਚਾਹੁੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਕਾਇਮ ਕੀਤੀ ਸਲਤਨਤ ਕਾਇਮ ਰਹਿ ਜਾਵੇ, ਕਿੰਤੂ ਡੋਗਰਿਆਂ ਨੇ ਆਪਣੇ ਸਵਾਰਥ ਤੇ ਲਾਲਚ ਦੇ ਵਾਸਤੇ ਸ਼ਾਹਜ਼ਾਦਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਆਦਿਕਾਂ ਨਾਲ ਹੀ ਅਜਿਹਾ ਨਿਮਕ ਹਰਾਮੀ, ਨਿਰਯਤਾ ਤੇ ਕਠੋਰ ਦਿਲਾਂ ਵਾਲਾ ਸਲੂਕ ਕੀਤਾ ਕਿ ਜਿਸ ਦਾ ਉਦਾਹਰਨ ਮਿਲਣਾ ਕਠਨ ਹੈ। ਫਿਰ ਨਾ ਸਿਰਫ ਇਨ੍ਹਾਂ ਨਾਲ ਹੀ ਸਲੂਕ ਕੀਤਾ, ਬਲਕਿ ਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਦੀ ਰਾਣੀ ਨੂੰ ਬੜੀ ਬੇਦਰਦੀ ਨਾਲ ਕਤਲ ਕਰਵਾਇਆ। ਪਾਠਕ ਸਾਰੇ ਮਾਮਲਿਆਂ ਵਿੱਚ ਜੋ ਲਾਹੌਰ ਦਰਬਾਰ ਦੀ ਤਬਾਹੀ ਦਾ ਕਾਰਨ ਹੋਏ, ਡੋਗਰਿਆਂ ਦਾ ਹੱਥ ਪਿਛੇ ਕੰਮ ਕਰਦਾ ਵੇਖਣਗੇ। ਸੰਧਾਵਾਲੀਏ ਵੀ ਜੋ ਕੁਝ ਕੀਤਾ ਇਨ੍ਹਾਂ ਦੀ ਚਾਲ ਵਿੱਚ ਆ ਕੇ ਹੀ ਕੀਤਾ। ਜੇ ਓਹਨਾਂ ਨੂੰ ਪੰਜਾਬ ਛੱਡ ਕੇ ਨੱਸਣਾ ਪਿਆ ਤਦ ਡੋਗਰਿਆਂ ਦੀ ਸ਼ਰਾਰਤ ਤੋਂ, ਜੇ ਲਾਹੌਰ ਦਰਬਾਰ ਨਾਲ ਓਹਨਾਂ ਦੀ ਵਿਗੜੀ ਤਦ ਡੋਗਰਿਆਂ ਦੇ ਕੰਮਾਂ ਤੋਂ, ਤੇ ਜੇ ਇਨ੍ਹਾਂ ਨੇ ਮਹਾਰਾਜਾ ਸ਼ੇਰ ਸਿੰਘ ਤੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਦੀ ਹੱਤ੍ਯਾ ਕੀਤੀ ਤਦ ਇਨ੍ਹਾਂ ਦੇ ਕਹੇ 'ਤੇ। ਅਜੇਹੀ ਹਾਲਤ ਵਿੱਚ ਇਸ ਸਾਰੀ ਤਬਾਹੀ ਤੇ ਬਰਬਾਦੀ ਦਾ ਕਾਰਨ ਇਹ ਡੋਗਰੇ ਹੀ ਸਮਝੇ ਜਾਣੇ ਚਾਹੀਦੇ ਹਨ। ਸੰਧਾਵਾਲੀਆ ਦਾ ਇੰਨਾ ਕਸੂਰ ਜ਼ਰੂਰ ਹੈ ਕਿ ਓਹ ਡੋਗਰਿਆਂ ਦੀਆਂ ਚਲਾਕੀਆਂ ਨੂੰ ਨਾ ਸਮਝ ਸਕੇ। ਜੇ ਸਮਝੇ ਤਦ ਆਪਣੀ ਕਿਸੇ ਕਮਜ਼ੋਰੀ ਦੇ ਕਾਰਨ ਓਹਦਾ ਟਾਕਰਾ ਨਾ ਕਰ ਸਕੇ।
ਹੀਰਾ ਸਿੰਘ ਦਾ ਵਜ਼ੀਰ ਬਣਦਿਆਂ ਹੀ ਚੁਣ ਚੁਣ ਕੇ ਸਿੱਖਾਂ ਨੂੰ ਮਰਵਾਣਾ ਤੇ ਆਪਣੀਆਂ ਘਰ ਦੀਆਂ ਦੁਸ਼ਮਣੀਆਂ ਲਈ ਗੁਲਾਬ ਸਿੰਘ ਤੇ ਚੇਤ ਸਿੰਘ ਨਾਲ ਲੜਾਈਆਂ ਸ਼ੁਰੂ ਰੱਖਣਾ, ਗੁਲਾਬ ਸਿੰਘ ਦਾ ਸ਼ਾਹਜ਼ਾਦਾ, ਕਸ਼ਮੀਰਾ ਸਿੰਘ ਤੇ ਪਸ਼ੌਰਾ ਸਿੰਘ ਨਾਲ ਸਲੂਕ ਸਾਫ਼ ਪ੍ਰਗਟ ਕਰ ਰਿਹਾ ਹੈ ਕਿ ਸਿੱਖ ਸਲਤਨਤ ਦੀ ਤਬਾਹੀ ਤੇ ਬਰਬਾਦੀ ਦਾ ਸਾਰਾ ਭਾਰ ਡੋਗਰਿਆਂ ਦੇ ਸਿਰ 'ਤੇ ਹੀ ਹੈ। ਸਰਦਾਰ ਜਵਾਹਰ ਸਿੰਘ ਨੇ ਡੋਗਰਿਆਂ ਦੀ ਵਜ਼ੀਰੀ ਮੁਕਾ ਕੇ ਇੰਤਜ਼ਾਮ ਆਪਣੇ ਹੱਥ ਵਿੱਚ ਲਿਆ। ਹੀਰਾ ਸਿੰਘ ਡੋਗਰੇ ਨੇ ਫੌਜ ਨੂੰ ਲਾਲਚ ਦੇ ਕੇ ਜੋ ਤਾਕਤ ਬਣਾ ਦਿੱਤੀ ਸੀ, ਉਸ ਦੀਆਂ ਪਾਈਆਂ ਅਲਤਾਂ 'ਤੇ ਇਸ ਨੂੰ ਵੀ ਕਿਸੇ ਹੱਦ ਤੱਕ ਚਲਣਾ ਪਿਆ। ਖ਼ਜ਼ਾਨੇ ਵਿੱਚ ਗਹਿਣੇ ਆਦਿਕ ਤੁੜਵਾ ਕੇ ਕੰਠੇ ਬਣਵਾਏ ਤੇ ਹਰ ਇੱਕ ਸਿਪਾਹੀ ਨੂੰ ਇੱਕ ਇੱਕ ਕੰਠਾ ਇਨਾਮ ਦਿੱਤਾ।
ਜੰਮੂ ਤੋਂ ਖਰਾਜ ਲੈਣ ਵਾਲਾ ਸੀ, ਸਰਦਾਰ ਸ਼ਾਮ ਸਿੰਘ ਅਟਾਰੀ ਤੇ ਮੇਵਾ ਸਿੰਘ ਮਜੀਠੀਆ ਫੌਜ ਲੈ ਕੇ ਜੰਮੂ ਵਲ ਭੇਜੇ ਗਏ। ਰਾਜਾ ਗੁਲਾਬ ਸਿੰਘ ਮੁਕਾਬਲੇ ਲਈ ਨਿੱਕਲ੍ਯਾ। ਇੱਕ ਸਖ਼ਤ ਲੜਾਈ ਹੋਈ, ਜਿਸ ਵਿੱਚ ਸਰਦਾਰ ਫਤਹ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੱਕੇ ਸਾਥੀਆਂ ਵਿੱਚੋਂ ਇੱਕ ਸਾਥੀ ਸੀ, ਮਾਰਿਆ ਗਿਆ। ਇਸ ਖ਼ਬਰ ਨੇ ਖਾਲਸੇ ਦੇ ਗੁੱਸੇ ਨੂੰ ਆਪੇ ਤੋਂ ਬਾਹਰ ਕਰ ਦਿੱਤਾ ਤੇ ਜੋਸ਼ ਵਿੱਚ ਆ ਕੇ ਦਰਯਾਏ ਤੋਂ ਵੀ ਲੰਘ ਕੇ ਖ਼ਾਸ ਸ਼ਹਿਰ ਜੰਮੂ 'ਤੇ ਧਾਵਾ ਬੋਲ ਦਿੱਤਾ।
ਗੁਲਾਬ ਸਿੰਘ ਖਾਲਸਾ ਫੌਜ ਦੀ ਹਿੰਮਤ ਤੇ ਬਹਾਦਰੀ ਤੋਂ ਅਨਜਾਣ ਨਹੀਂ ਸੀ, ਉਹਨੂੰ ਡੋਗਰਿਆਂ ਦੇ ਬਲ ਦਾ ਵੀ ਪਤਾ ਸੀ। ਝੱਟ ਸਿੱਖਾਂ ਨਾਲ ਸੁਲਾਹ ਦੀ ਗੱਲ ਸ਼ੁਰੂ ਕਰ ਦਿੱਤੀ ਤੇ ਬੇਨਤੀ ਕੀਤੀ ਕਿ ਖਾਲਸਾ ਜੀ! ਮੈਂ ਆਪਣੇ ਖਾਨਦਾਨ ਦਾ ਅੰਤਮ ਮਨੁੱਖ ਹਾਂ। ਮੈਂ ਹੁਣ ਤਕ ਖਾਲਸੇ ਦਾ ਦਾਸ ਰਿਹਾ ਹਾਂ ਤੇ ਅੱਗੋਂ ਨੂੰ ਵੀ ਦਾਸ ਹੀ ਰਹਾਂਗਾ। ਮੈਂ ਜੋ ਕੁਛ ਰੱਖਯਾ ਤੇ ਇਕੱਠਾ ਕੀਤਾ ਹੈ, ਖਾਲਸੇ ਦਾ ਹੀ ਹੈ ਤੇ ਫਿਰ ਰਾਜਾ ਧਿਆਨ ਸਿੰਘ ਮਰਦੀ ਵਾਰ ਜਿਸ ਦੱਬੇ ਹੋਏ ਰੁਪਯੇ ਦਾ ਜ਼ਿਕਰ ਕਰ ਗਿਆ ਹੈ, ਓਹਦਾ ਮੈਨੂੰ ਹੀ ਪਤਾ ਹੈ। ਜੇ ਮੈਨੂੰ ਮਾਰ ਦੇਵੋਗੇ ਤਦ ਓਹ ਖ਼ਜ਼ਾਨਾ ਧਰਤੀ ਦੇ ਹੇਠ ਦੱਬਿਆ ਰਹਿ ਜਾਏਗਾ। ਕਿਸੇ ਦੇ ਕੰਮ ਨਾ ਆਵੇਗਾ? ਮੈਂ ਖਾਲਸਾ ਪੰਥ ਦੇ ਟਾਕਰੇ 'ਤੇ ਹੱਥ ਨਹੀਂ ਚੱਕਣਾ, ਅੱਗੋਂ ਤੁਸੀਂ ਜਿਵੇਂ ਚਾਹੋ ਕਰੋ। ਇਹ ਬੇਨਤੀ ਕਰ ਕੇ ੩ ਲੱਖ ਰੁਪਯਾ ਊਠਾਂ 'ਤੇ ਲਦਵਾ ਕੇ ਭੇਜਿਆ। ਖਾਲਸਾ ਦਿਲ ਦਾ ਸਾਫ਼ ਹੋਣ ਕਰ ਕੇ ਛੇਤੀ ਹੀ ਪਤੀਜ਼ ਜਾਂਦਾ ਹੈ। ਸੋ ਗੁਲਾਬ ਸਿੰਘ ਦੀਆਂ ਇਨ੍ਹਾਂ ਗੱਲਾਂ ਦੇ ਵਿੱਚ ਆ ਗਿਆ। ਇਹ ਰਕਮ ਲੈਣੀ ਪ੍ਰਵਾਨ ਕਰ ਲਈ ਤੇ ਹਿਸਾਬ ਸਮਝਾਣ ਵਾਸਤੇ ਗੁਲਾਬ ਸਿੰਘ ਨੂੰ ਲਾਹੌਰ ਤੱਕ ਨਾਲ ਆਂਦਾ।
੧੮੪੫ ਨੂੰ ਰਾਜਾ ਗੁਲਾਬ ਸਿੰਘ ਲਾਹੌਰ ਪੁੱਜਾ। ਰਾਣੀ ਜਿੰਦਾਂ ਨੇ ਓਹਦੀ ਬੜੀ ਇੱਜ਼ਤ ਕੀਤੀ। ਵਜ਼ੀਰੀ ਦਾ ਅਹੁਦਾ ਓਸੇ ਨੂੰ ਦੇਣਾ ਚਾਹਿਆ, ਕਿੰਤੂ ਰਾਣੀ ਜਿੰਦਾਂ ਦਾ ਭਰਾ ਜਵਾਹਰ ਸਿੰਘ ਆਪ ਵਜ਼ੀਰ ਬਣਨਾ ਚਾਹੁੰਦਾ ਸੀ। ਸੋ ੧੪ ਮਈ ੧੮੪੫ ਈਸਵੀ ਨੂੰ ਜਵਾਹਰ ਸਿੰਘ ਨੂੰ ਹੀ ਵਜ਼ੀਰ ਬਣਾਇਆ ਗਿਆ ਤੇ ਲਾਲ ਸਿੰਘ ਓਹਦਾ ਸਹਾਇਕ ਬਣਾ ਕੇ ਰਾਜੇ ਦਾ ਖ਼ਿਤਾਬ ਉਸ ਨੂੰ ਦਿੱਤਾ ਗਿਆ। ਰਾਜਾ ਗੁਲਾਬ ਸਿੰਘ ਦਰਬਾਰ ਵਿੱਚ ਇਸ ਤਰ੍ਹਾਂ ਦੀਆਂ ਬਦਲੀਆਂ ਵੇਖ ਖਰਾਜ ਦੇਣ ਦਾ ਇਕਰਾਰ ਕਰ ਕੇ ਜੰਮੂ ਚਲਾ ਗਿਆ। ਇਨ੍ਹਾਂ ਹੀ ਦਿਨਾਂ ਵਿੱਚ ਮੂਲਰਾਜ ਸੂਬੇਦਾਰ ਮੁਲਤਾਨ ਤੋਂ ਵੀ ਦੋ ਲੱਖ ਦੇ ਲਗਭਗ ਰੁਪਯਾ ਖਰਾਜ ਦਾ ਵਸੂਲ ਹੋਇਆ।
ਹੁਣ ਮੁੜ ਕੇ ਰਾਜਾ ਗੁਲਾਬ ਸਿੰਘ ਨੇ ਇੱਕ ਨਵੀਂ ਚਾਲ ਚਲੀ। ਉਹ ਇਹ ਸੀ ਕਿ ਇੱਕ ਪਾਸੇ ਤਾਂ ਕੰਵਰ ਪਸ਼ੌਰਾ ਸਿੰਘ ਨੂੰ ਮੱਦਦ ਦੇ ਕੇ ਲਾਹੌਰ ਦਾ ਤਖ਼ਤ ਦੁਵਾਣ ਦਾ ਲਾਲਚ ਦਿੱਤਾ, ਅਤੇ ਦੂਜੇ ਪਾਸੇ ਜਵਾਹਰ ਸਿੰਘ ਨੂੰ ਇਹ ਪੱਟੀ ਪੜ੍ਹਾਈ ਕਿ ਜਦ ਤਕ ਤੁਸੀਂ ਕੰਵਰ ਪਸ਼ੌਰਾ ਸਿੰਘ ਨੂੰ ਜੇਹੜਾ ਤਖ਼ਤ ਦਾ ਵਾਰਸ ਬਣ ਬੈਠਾ ਹੈ, ਨਾ ਕਢੋਗੇ ਉਦੋਂ ਤਕ ਆਪਣੀ ਬਾਦਸ਼ਾਹੀ ਪੱਕੀ ਨ ਸਮਝੋ। ਇਸ ਗੱਲ ਤੋਂ ਰਾਜਾ ਗੁਲਾਬ ਸਿੰਘ ਦਾ ਇਹ ਮਨੋਰਥ ਸੀ ਕਿ ਜਦ ਜਵਾਹਰ ਸਿੰਘ ਪਸ਼ੌਰਾ ਸਿੰਘ ਨੂੰ ਮਰਵਾ ਦੇਵੇਗਾ, ਤਦ ਖਾਲਸਾ ਫੌਜ ਉਸ ਦੀ ਜਾਨੀ ਦੁਸ਼ਮਨ ਹੋ ਜਾਵੇਗੀ ਅਤੇ ਜਵਾਹਰ ਸਿੰਘ ਨੂੰ ਵੀ ਜ਼ਿੰਦਾ ਨਾ ਛੋੜੇਗੀ। ਪਿੱਛੋਂ ਮੈਂ ਆਪ ਹੀ ਮਾਲਕ ਬਣ ਜਾਵਾਂਗਾ, ਪਰੰਤੂ ਇਸ ਦਾ ਸਿੱਟਾ ਉਸ ਦੀ ਮਨਸ਼ਾ ਅਨੁਸਾਰ ਹੀ ਹੋਇਆ।
ਜਦ ਕੰਵਰ ਪਸ਼ੌਰਾ ਸਿੰਘ ਖਾਲਸਾ ਫੌਜ ਨੂੰ ਆਪਣੇ ਨਾਲ ਰਲਾ ਕੇ ਲਾਹੌਰ ਗਿਆ, ਤਦ ਫੌਜੀ ਅਫਸਰ ਉਸ ਨੂੰ ਅੱਗੋਂ ਲੈਣ ਗਏ। ਰਾਣੀ ਨੇ ਵੀ ਦਰਬਾਰ ਵਿੱਚ ਉਸ ਦੀ ਇੱਜ਼ਤ ਆਪਣੇ ਪੁੱਤ੍ਰ ਦਲੀਪ ਸਿੰਘ ਜਿਡੀ ਕੀਤੀ, ਪਰ ਜਵਾਹਰ ਸਿੰਘ ਇਸ ਗੱਲ ਤੋਂ ਬੜਾ ਨਾਰਾਜ਼ ਹੋਇਆ। ਕੰਵਰ ਸਾਹਿਬ ਨੇ ਬੁੱਧੂ ਦੇ ਆਵੇ ਕੋਲ ਔਟੀਟੇਬਾਇਲ ਸਾਹਿਬ ਦੇ ਮਕਾਨ ਵਿੱਚ ਡੇਰਾ ਲਾਇਆ: ਨੇੜੇ ਹੀ ਸੀ ਕਿ ਸਾਰੀ ਫੌਜ ਉਸ ਦੇ ਨਾਲ ਹੋ ਕੇ ਰਾਜ ਦਵਾ ਦੇਂਦੀ, ਪਰ ਜਵਾਹਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਸ ਨੇ ਜਲਦੀ ਹੀ ਆਪਣੀ ਭੈਣ ਕੋਲੋਂ ਸਲਾਹ ਲੈ ਕੇ ਫੌਜ ਨੂੰ ਪੰਜੀ 2 ਰੁਪਯੇ ਦਾ ਕੈਂਠਾ ਦੇਣ ਦਾ ਇਕਰਾਰ ਕੀਤਾ, ਅਤੇ ਪਸ਼ੌਰਾ ਸਿੰਘ ਦੀ ਮਦਦ ਤੋਂ ਰੋਕ ਲੀਤਾ। ਫੌਜ ਦੇ ਨੰਬਰਦਾਰਾਂ ਨੇ ਪਸ਼ੌਰਾ ਸਿੰਘ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਹੁਣ ਤੁਸੀਂ ਵਾਪਸ ਚਲੇ ਜਾਵੋ, ਕਿਉਂ ਜੋ ਹੁਣ ਮੌਕਿਆਂ ਨਹੀਂ ਅਤੇ ਜਦ ਅਸੀਂ ਬੁਲਾਵਾਂਗੇ, ਉਸ ਵੇਲੇ ਤੁਸਾਂ ਆ ਜਾਣਾ। ਅਸੀਂ ਤੁਹਾਨੂੰ ਲਾਹੌਰ ਦਾ ਤਖ਼ਤ ਜ਼ਰੂਰ ਦਵਾਵਾਂਗੇ।
ਹੁਣ ਪਸ਼ੌਰਾ ਸਿੰਘ ਨੇ ਮੁੜ ਕੇ ਐਸੀ ਹਿੰਮਤ ਕੀਤੀ ਕਿ ਅਟਕ ਦਾ ਕਿਲ੍ਹਾ ਫਤਹ ਕਰ ਲੀਤਾ ਅਤੇ ਜਦ ਨੇੜੇ ਤੇੜੇ ਦੇ ਸਾਰੇ ਮੁਸਲਮਾਨ ਤੇ ਪਠਾਨ ਉਸ ਦੇ ਨਾਲ ਹੋ ਗਏ ਤਦ ਦੋਸਤ ਮੁਹੰਮਦ ਖਾਂ ਕਾਬਲ ਦੇ ਬਾਦਸ਼ਾਹ ਨਾਲ ਚਿੱਠੀ ਚਪੱਠੀ ਲਿਖਣੀ ਅਰੰਭ ਦਿੱਤੀ। ਜਦ ਜਵਾਹਰ ਸਿੰਘ ਨੇ
ਸੁਣਿਆ ਕਿ ਪਸ਼ੌਰਾ ਸਿੰਘ ਨੇ ਅਟਕ ਦਾ ਕਿਲ੍ਹਾ ਫਤਹ ਕਰ ਲੀਤਾ ਹੈ ਅਤੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕਾਬਲ ਦੇ ਬਾਦਸ਼ਾਹ ਕੋਲੋਂ ਮੱਦਦ ਲੈ ਕੇ ਲਾਹੌਰ 'ਤੇ ਚੜ੍ਹਾਈ ਕਰਨ ਦਾ ਇਰਾਦਾ ਵੀ ਕੀਤਾ ਹੋਯਾ ਹੈ ਤਾਂ ਉਸ ਨੇ ਉਸੇ ਵੇਲੇ ਲਾਹੌਰ ਤੋਂ ਇੱਕ ਤਗੜੀ ਫੌਜ ਪਸ਼ੌਰਾ ਸਿੰਘ ਦੇ ਨਾਲ ਯੁੱਧ ਕਰਨ ਲਈ ਭੇਜੀ, ਪਰ ਉਸ ਫੌਜ ਨੇ ਉੱਥੇ ਜਾ ਕੇ ਪਸ਼ੌਰਾ ਸਿੰਘ ਅੱਗੇ ਹਥ੍ਯਾਰ ਸੁੱਟ ਦਿੱਤੇ। ਤਦ ਜਵਾਹਰ ਸਿੰਘ ਨੇ ਆਪਣੇ ਦੋਸਤ ਫਤਹ ਖਾਂ ਟਵਾਨਾ ਨੂੰ ਡੇਰਾ ਅਸਮਾਈਲ ਖਾਂ ਤੋਂ ਅਤੇ ਚਤਰ ਸਿੰਘ ਅਟਾਰੀ ਵਾਲੇ ਨੂੰ: ਜਿਸ ਦੀ ਧੀ ਦਲੀਪ ਸਿੰਘ ਨਾਲ ਮੰਗੀ ਹੋਈ ਸੀ, ਨੌਸ਼ਹਿਰੇ ਤੋਂ ਸ਼ਾਹਜ਼ਾਦੇ ਨਾਲ ਯੁੱਧ ਕਰਨ ਲਈ ਹੁਕਮ ਦਿੱਤਾ। ਦੋਨੋਂ ਸਰਦਾਰ ਆਪਣੀ ਆਪਣੀ ਫੌਜ ਲੈ ਕੇ ਅਟਕ ਗਏ। ਪਸ਼ੌਰਾ ਸਿੰਘ ਨੂੰ ਤਾਕਤਵਰ ਸਮਝ ਕੇ ਉਨ੍ਹਾਂ ਦਗੇ ਅਤੇ ਫਰੇਬ ਤੋਂ ਕੰਮ ਲੈਣਾ ਦਿਲ ਵਿੱਚ ਧਾਰ ਲੀਤਾ ਅਤੇ ਉਸ ਨਾਲ ਉਹਨਾਂ ਸਾਰੀ ਪਹਿਲੀ ਜਾਗੀਰ ਅਤੇ ਇੱਕ ਲਖ ਰੁਪਯੇ ਦੀ ਹੋਰ ਜਾਗੀਰ ਅਤੇ ਬਾਦਸ਼ਾਹੀ ਇੱਜ਼ਤ ਦਰਬਾਰ ਵਿੱਚ ਮਿਲਣ ਦੀ ਲਿਖਤ ਵਜ਼ੀਰ ਦੇ ਦਸਖ਼ਤਾਂ ਵਾਲੀ ਵਿਖਾਈ ਤੇ ੧੨ ਦਿਨ ਸੁਲਾਹ ਲਈ ਗੱਲਾਂ ਕਰ ਕੇ ਸੁਲਾਹ ਤੇ ਰਾਜ਼ੀ ਕਰ ਲਿਆ ਤੇ ਕਿਲ੍ਹਾ ਖ਼ਾਲੀ ਕਰਵਾ ਕੇ ਕੰਵਰ ਨਾਲ ਬੜੀ ਇੱਜ਼ਤ ਨਾਲ ਪੇਸ਼ ਆਏ। ਕੰਵਰ ਉਨ੍ਹਾਂ ਦੀਆਂ ਸੁਗੰਧਾਂ ਅਤੇ ਵਤੀਰੇ ਨੂੰ ਦੇਖ ਕੇ ੩੦ ਅਗਸਤ ਨੂੰ ਕਿਲ੍ਹਾ ਛੋੜ ਕੇ ਉਨ੍ਹਾਂ ਨਾਲ ਟੁਰ ਪਿਆ ਉਹਨਾਂ ਬੇਈਮਾਨਾਂ ਨੇ ਸ਼ਾਹਜ਼ਾਦੇ ਨੂੰ ਬੜੇ ਦਿਨ ਸੈਰ ਅਤੇ ਸ਼ਿਕਾਰ ਵਿੱਚ ਲਾਈ ਰੱਖਿਆ ਅਤੇ ਮੁਹੱਬਤ ਕਰਦੇ ਰਹੇ। ਥੋੜ੍ਹੇ ਦਿਨਾਂ ਪਿੱਛੋਂ ਜਵਾਹਰ ਸਿੰਘ ਨੇ ਚਤਰ ਸਿੰਘ ਨੂੰ ਪੰਜੇ ਸਾਹਿਬ ਇੱਕ ਚਿੱਠੀ ਲਿਖੀ ਕਿ ਤੁਸਾਂ ਉਸ ਨੂੰ ਕਿਉਂ ਇਤਨੇ ਦਿਨ ਜੀਵਨ ਦਿੱਤਾ ਹੈ? ਜੇ ਤੁਸੀਂ ਮੇਰੇ ਮਿਤ੍ਰ ਹੋ ਤਾਂ ਉਸ ਨੂੰ ਮਾਰ ਦੇਵੋ। ਇਹ ਚਿੱਠੀ ਪੜ੍ਹਦਿਆਂ ਹੀ ਉਨ੍ਹਾਂ ਨੇ ਧੋਖੇ ਨਾਲ ਸੁਤੇ ਹੋਏ ਸ਼ਾਹਜ਼ਾਦੇ ਨੂੰ ਪਕੜ ਲੀਤਾ ਅਤੇ ਉਸ ਨੂੰ ਅਟਕ ਦੇ ਕਿਲ੍ਹੇ ਵਿੱਚ ਲੈ ਜਾ ਕੇ ਉਸ ਹਨੇਰੇ ਬੁਰਜ ਜਿਸ ਦਾ ਨਾਮ 'ਕਾਲਾ ਬੁਰਜ' ਹੈ, ਕਤਲ ਕਰ ਦਿੱਤਾ ਅਤੇ ਮੁਰਦਾ ਸਰੀਰ ਦਰਯਾ ਅਟਕ ਵਿੱਚ ਸੁਟ ਦਿੱਤਾ।
ਭਾਵੇਂ ਜਵਾਹਰ ਸਿੰਘ ਨੇ ਕੰਵਰ ਪਸ਼ੌਰਾ ਸਿੰਘ ਦੀ ਮੌਤ ਸੁਣ ਕੇ ਖੁਸ਼ੀ ਮਨਾਈ, ਪਰ ਜਦ ਖਾਲਸਾ ਫੌਜ ਨੂੰ ਪਤਾ ਲਗਾ ਤਾਂ ਗੁੱਸੇ ਨਾਲ ਅੱਖਾਂ ਵਿਚੋਂ ਲਹੂ ਨਿੱਕਲ ਆਇਆ (ਪ੍ਰਿਥੀ ਸਿੰਘ ਬੇਲਾ ਸਿੰਘ ਆਦਿ) ਗੁਲਾਬ ਸਿੰਘ ਦੇ ਵਕੀਲਾਂ ਨੇ ਫੌਜ ਨੂੰ ਇਤਨਾ ਭੜਕਾਯਾ ਕਿ ਫੌਜ ਨੇ ਕਸਮ ਖਾ ਲੀਤੀ ਕਿ ਜਦ ਤਕ ਅਸੀਂ ਸ਼ਾਹਜ਼ਾਦੇ ਦਾ ਬਦਲਾ ਜਵਾਹਰ ਸਿੰਘ ਕੋਲੋਂ ਨਾ ਲੈ ਲਵਾਂਗੇ, ਉਤਨਾ ਚਿਰ ਸਾਨੂੰ ਰੋਟੀ ਖਾਣੀ ਹਰਾਮ ਹੈ। ਇਸ ਲਈ ਜਵਾਹਰ ਸਿੰਘ ਨੂੰ ਖਾਲਸਾ ਫੌਜ ਦੇ ਸਾਹਮਣੇ ਬੁਲਾਇਆ। ਪਹਿਲਾਂ ਤਾਂ ਜਵਾਹਰ ਸਿੰਘ ਨੇ ਫੌਜ ਦੇ ਸਰਦਾਰਾਂ ਨੂੰ ਵੱਢੀ ਦੇ ਕੇ ਬਚਣਾ ਚਾਹਿਆ, ਪਰ ਉਸ ਦੀ ਚਾਲ ਕਾਮਯਾਬ ਨ ਹੋਈ। ਰਾਣੀ ਸਾਹਿਬਾ ਨੇ ਤਨਖਾਹ ੧੫ ਰੁਪਏ ਕਰ ਦੇਣ ਦਾ ਇਕਰਾਰ ਕੀਤਾ ਅਤੇ ਬੜੀ ਮਿੰਨਤ ਮੁਥਾਜੀ ਕੀਤੀ ਕਿ ਕਿਸੇ ਤਰ੍ਹਾਂ ਮੇਰੇ ਭਰਾ ਦੀ ਜਾਨ ਬਚ ਜਾਵੇ, ਪਰ ਇਹ ਤਦਬੀਰਾਂ ਅਧੂਰੀਆਂ ਹੀ ਰਹੀਆਂ ਕਿਉਂ ਜੋ ਰਾਜਾ ਗੁਲਾਬ ਸਿੰਘ ਨੇ ਆਪਣੇ ਸਰਦਾਰਾਂ ਦੇ ਰਾਹੀਂ ਫੌਜ ਨੂੰ ਅਠਾਰਾਂ ਰੁਪਯੇ ਦੇਣ ਦਾ ਇਕਰਾਰ ਕੀਤਾ ਹੋਇਆ ਸੀ। ੧੨ ਸਤੰਬਰ ੧੮੪੫ ਨੂੰ ਜਦ ਬੇਅੰਤ ਫੌਜ ਕਰਨੈਲ ਪ੍ਰਿਥੀ ਸਿੰਘ ਨਾਲ ਤੋਪਖਾਨਾ ਲੈ ਕੇ ਕਿਲ੍ਹੇ ਵਲ ਗਈ ਤਾਂ ਜਵਾਹਰ ਸਿੰਘ ਨੇ ਕਿਲ੍ਹੇ ਵਿੱਚ ਰਹਿਣਾ ਬੇਅਰਥ ਸਮਝਿਆ। ਸੋ ਆਪਣੀ ਭੈਣ ਰਾਣੀ ਜਿੰਦਾਂ ਨੂੰ ਅਤੇ ਭਣੇਵੇਂ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਹਾਥੀ ਉੱਤੇ ਚੜ੍ਹ ਸਣੇਂ ਇੱਕ ਹਜ਼ਾਰ ਸਵਾਰ ਦੇ ਦੁਸ਼ਮਨ ਨੂੰ ਵੱਢੀ ਦੇਣ ਲਈ ਜਦ ਕਿਲ੍ਹੇ ਵਿੱਚੋਂ ਬਾਹਰ ਨਿੱਕਲਿਆ ਤਾਂ ਪ੍ਰਿਥੀ ਸਿੰਘ ਇਹ ਗੱਲ ਸੁਣਦਿਆਂ ਹੀ ਝੱਟ ਪਟ ਆਪਣੀ ਸਾਰੀ ਫੌਜ ਛਾਵਣੀ ਵਿੱਚ ਲੈ ਗਿਆ। ਜਦ ਜਵਾਹਰ ਸਿੰਘ ਫੌਜ ਦੇ ਸਾਹਮਣੇ ਪੁੱਜਾ ਤਦ ਫੌਜ ਨੇ ਬੜੀ ਸਜ ਧਜ ਨਾਲ ਸਲਾਮੀ ਲੀਤੀ, ਉਸ ਵੇਲੇ ਕਰਨੈਲ ਲਾਲ ਸਿੰਘ ਮਗਰਚੀਆਂ ਨੇ ਆਪਣੀ ਫੌਜ ਵਿੱਚ ਉਤ੍ਰਨ ਲਈ ਬਹੁਤ ਕੁਝ ਕਹਿਆ ਅਤੇ ਸੁਲਾਹ ਸਫ਼ਾਈ ਦਾ ਝਾਂਸਾ ਦਿੱਤਾ ਅਤੇ ਇਹ ਭੀ ਕਿਹਾ ਕਿ ਪਹਿਲਾਂ ਅਸੀਂ ਮਰਾਂਗੇ ਫਿਰ ਕੋਈ ਤੁਹਾਡੀ ਹਵਾ ਵਲ ਦੇਖੇਗਾ। ਜਵਾਹਰ ਸਿੰਘ ਨੇ
ਵੀ ਕਹਿਆ ਕਿ ਫੌਜ ਮੇਰਾ ਨੁਕਸਾਨ ਨਹੀਂ ਚਾਹੁੰਦੀ ਅਤੇ ਨਾ ਹੀ ਮੈਂ ਤੁਹਾਨੂੰ ਲੜਾਉਣਾ ਚਾਹੁੰਦਾ ਹਾਂ। ਜਦ ਉਹ ਜਰਨੈਲ ਫੌਜ ਵਿੱਚ ਗਿਆ ਤਾਂ ਫੌਜ ਨੇ ਇੱਕੋ ਵੇਰੀ ਵਜ਼ੀਰ ਜਵਾਹਰ ਸਿੰਘ ਤੇ ਹੱਲਾ ਕਰ ਦਿੱਤਾ। ਹਾਥੀ ਨੂੰ ਬਠਾ ਕੇ ਵਜ਼ੀਰ ਕੋਲੋਂ ਪੁਛਿਆ ਕਿ ਤੂੰ ਕੰਵਰ ਪਸ਼ੌਰਾ ਸਿੰਘ ਨੂੰ ਕਿਉਂ ਮਰਵਾਇਆ ਹੈ? ਹਾਲੀ ਉਹ ਜਵਾਬ ਦੇਣ ਹੀ ਲੱਗਾ ਸੀ ਕਿ ਇੱਕ ਜਮਾਂਦਾਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੀ ਗੋਦ ਵਿੱਚੋਂ ਖੋਹ ਲੀਤਾ ਅਤੇ ਇੱਕ ਹੋਰ ਸਪਾਹੀ ਨੇ ਉਸ ਦੀ ਕੱਛ ਵਿੱਚ ਸੰਗੀਨ ਖੋਭ ਦਿੱਤੀ, ਦੂਜੇ ਸਪਾਹੀ ਨੇ ਮੱਥੇ ਵਿੱਚ ਦੀ ਗੋਲੀ ਪਾਰ ਬੁਲਾਈ ਜਿਸ ਦੇ ਨਾਲ ਉਹ ਮਰ ਗਿਆ। ਉਸ ਦੀ ਲਾਸ਼ ਹੋਦੇ ਵਿੱਚੋਂ ਸੁੱਟ ਕੇ ਟੋਟੇ ਟੋਟੇ ਕੀਤੀ ਗਈ। ਬਾਬਾ ਰਤਨ ਸਿੰਘ ਤੇ ਸਰਦਾਰ ਚੇਤ ਸਿੰਘ ਆਦਿ ਵਜ਼ੀਰ ਦੇ ਥੋੜੇ ਜਿੰਨੇ ਆਦਮੀ ਜਿਨ੍ਹਾਂ ਉਸ ਵੇਲੇ ਸ੍ਰੀ ਸਾਹਿਬ ਚੁੱਕੀ, ਮਾਰੇ ਗਏ। ਉਸ ਦੀ ਭੈਣ ਰਾਣੀ ਜਿੰਦਾਂ ਨੂੰ ਰੋਂਦਿਆਂ ਅਤੇ ਕੁਰਲਾਂਦਿਆਂ ਨੂੰ ਇੱਕ ਤੰਬੂ ਵਿੱਚ ਲੈ ਗਏ, ਜਿੱਥੇ ਓਹ ਸਾਰੀ ਰਾਤ ਰੋਂਦੀ ਅਰ ਫੌਜ ਨੂੰ ਗਾਲ਼ਾਂ ਦਿੰਦੀ ਰਹੀ ਅਤੇ ਸ਼ੋਕ ਨਾਲ ਹੱਥ ਮਲਦੀ ਰਹੀ। ਜਿਤਨਾ ਮਾਲ ਅਤੇ ਅਸ਼ਰਫੀਆਂ ਖਾਲਸਾ ਫੌਜ ਨੂੰ ਵੱਢੀ ਦੇਣ ਲਈ ਕਿਲ੍ਹੇ ਵਿੱਚੋਂ ਨਿੱਕਲੀਆਂ ਸਨ ਉਹ ਸਾਰੇ ਦਾ ਸਾਰਾ ਮਾਲ ਮਤਾ ਫੌਜ ਨੇ ਲੁੱਟ ਲੀਤਾ। ਜਿਸ ਵੇਲੇ ਦਿਨ ਚੜ੍ਹਿਆ ਤਾਂ ਰਾਣੀ ਨੂੰ ਉਸ ਦੇ ਭਰਾ ਦੀ ਲਾਸ਼ ਦਿੱਤੀ ਗਈ, ਓਹ ਰੋਂਦੀ ਪਿਟਦੀ ਆਪਣੇ ਭਰਾ ਦੀ ਲਾਸ਼ ਲੈ ਕੇ ਸ਼ਹਿਰ ਨੂੰ ਚਲੀ ਗਈ, ਅਤੇ ਮਸਤੀ ਦਰਵਾਜ਼ੇ ਦੇ ਬਾਹਰ ਸਾੜਨ ਲਈ ਜ਼ਾਰੀ ਕੀਤੀ।
ਰਾਣੀ ਜਿੰਦਾਂ ਨੇ ਇਹ ਹਾਲ ਦੇਖ ਕੇ ਆਪਣੇ ਭਰਾ ਦੇ ਵੈਰਾਗ ਵਿੱਚ ਆਪਣੀ ਛਾਤੀ ਅਤੇ ਮੂੰਹ ਨੂੰ ਸੁਜਾ ਲੀਤਾ ਅਤੇ ਐਸੇ ਵਿਰਲਾਪ ਕਰਦੀ ਸੀ, ਕਿ ਜਿਸ ਨੂੰ ਪੱਥਰ ਦਿਲ ਸੁਣ ਕੇ ਮੋਮ ਹੋ ਜਾਂਦੇ ਸਨ। ਇਹ ਰੋ ਰੋ ਕੇ ਕਹਿੰਦੀ ਸੀ, ਜਿਤਨਾ ਚਿਰ ਮੈਂ ਇਸ ਫੌਜ ਦਾ ਸਤ੍ਯਾਨਾਸ ਨਾ ਕਰ ਲਵਾਂਗੀ, ਉਤਨਾ ਚਿਰ ਅੰਨ ਪਾਣੀ ਖਾਣਾ ਬੇਅਰਥ ਹੈ। ਜਵਾਹਰ ਸਿੰਘ ਨੇ ਤਾਂ ਆਪਣਾ ਕੀਤਾ ਪਾ ਲੀਤਾ। ਉਧਰ ਰਾਜਾ ਗੁਲਾਬ ਸਿੰਘ ਦੀ ਮੁਰਾਦ ਪੂਰੀ ਹੋ ਗਈ। ਹੁਣ ਕੰਵਰ ਪਸ਼ੌਰਾ ਸਿੰਘ ਦਾ ਬਦਲਾ ਲੈ ਕੇ ਸ਼ਾਹੀ ਫੌਜ ਰਾਣੀ ਦੀਆਂ ਮਿੰਨਤਾਂ ਮੁਥਾਜੀਆਂ ਕਰਨ ਲੱਗ ਪਈ ਅਤੇ ਹੱਥ ਜੋੜ ਕੇ ਅਰਜ਼ ਕੀਤੀ ਕਿ ਇਹ ਸਭ ਪ੍ਰਮੇਸ਼ਰ ਦਾ ਭਾਣਾ ਸੀ, ਇਹ ਤਾਂ ਜਵਾਹਰ ਸਿੰਘ ਦੇ ਨਸੀਬਾਂ ਦਾ ਕੰਮ ਸੀ ਜੇਹੜਾ ਉਸ ਪਸ਼ੌਰਾ ਸਿੰਘ ਨੂੰ ਮਰਵਾਇਆ ਸੀ। ਹੁਣ ਤੁਸੀਂ ਜੋ ਹੁਕਮ ਕਰੋ, ਉਹ ਕਰੀਏ? ਰਾਣੀ ਨੇ ਕਿਹਾ ਕਿ ਮੇਰੇ ਭਰਾ ਦੇ ਕਾਤਲਾਂ ਨੂੰ ਅਤੇ ਦੀਵਾਨ ਜਵਾਹਰ ਮੱਲ, ਪ੍ਰਿਥੀ ਸਿੰਘ ਜੰਮੂ ਵਾਲਿਆਂ ਜਿਹਨਾਂ ਮੇਰੇ ਭਰਾ ਦੇ ਮਰਵਾਣ ਲਈ ਕੋਸ਼ਸ਼ ਕੀਤੀ ਹੈ ਅਤੇ ਬਹੁਤ ਸਾਰਾ ਰੁਪਯਾ ਵੱਢੀ ਦਿੱਤੀ ਹੈ, ਮੇਰੇ ਪਾਸ ਲਿਆਵੋ ਤਦ ਮੈਂ ਰਾਜ਼ੀ ਹੋਵਾਂਗੀ। ਇਸ ਮਤੇ ਲਈ ਬਹੁਤ ਦਿਨ ਸਮਨ ਬੁਰਜ ਵਿੱਚ ਇਕੱਤ੍ਰਤਾਂ ਹੁੰਦੀਆਂ ਰਹੀਆਂ। ਪਹਿਲਾਂ ਤਾਂ ਜਰਨੈਲ ਕੋਰਟ ਵਾਲੀ ਫੌਜ ਜਿਸ ਨੇ ਵਜ਼ੀਰ ਨੂੰ ਮਾਰਿਆ ਸੀ, ਬਚਾਉਣ ਦੀ ਕੋਸ਼ਸ਼ ਕੀਤੀ। ਪਰ ਜਦ ਉਹ ਲੜਾਈ ਤੇ ਤੁਲ ਗਏ, ਤਦ ਸਿਰਫ ਦੀਵਾਨ ਜਵਾਹਰ ਮੱਲ ਅਤੇ ਪੰਜ ਸਪਾਹੀਆਂ ਨੂੰ ਕੈਦ ਕਰ ਕੇ ਰਾਣੀ ਸਾਹਿਬਾਂ ਕੋਲ ਘੱਲ ਦਿਤੇ ਅਤੇ ਪ੍ਰਿਥੀ ਸਿੰਘ ਜੰਮੂ ਨੂੰ ਨੱਸ ਗਏ। ਜਦ ਰਾਣੀ ਸਾਹਿਬਾ ਨੇ ਫੌਜ ਨੂੰ ਆਪਣੇ ਭਰਾ ਦਾ ਖੂਨ ਮੁਆਫ ਕਰ ਦਿੱਤਾ ਅਤੇ ਸਾਰੀ ਫੌਜ ਹੁਕਮ ਮੰਨਣ ਲੱਗ ਪਈ ਤਦ ਰਾਣੀ ਸਾਹਿਬ ਨੇ ਕਹਿਆ ਕਿ ਜਿਸ ਨੂੰ ਤੁਹਾਡਾ ਦਿਲ ਮੰਨੇ ਵਜ਼ੀਰ ਬਨਾ ਲਵੋ, ਮੈਨੂੰ ਉਸ ਵਿੱਚ ਕੋਈ ਉਜ਼ਰ ਨਹੀਂ। ਇਹ ਗੱਲ ਰਾਣੀ ਫੌਜ ਨੂੰ ਸੁਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਚਲੀ ਗਈ ਅਤੇ ਉੱਥੇ ਜਾ ਕੇ ਕਈ ਮਹਾਤਮਾਂ ਪੁਰਸ਼ ਭਾਈ ਦਯਾਲ ਸਿੰਘ, ਚਾਨਾਂ ਸਿੰਘ, ਖ਼ੁਦਾ ਸਿੰਘ ਵਰਗੇ ਸੰਤਾਂ ਦੀ ਸਤਿਸੰਗਤ ਵਿੱਚ ਦਿਲ ਨੂੰ ਪ੍ਰਚਾਣ ਲੱਗ ਪਈ ਅਤੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ, ਪੁੰਨ ਦਾਨ ਕੀਤਾ। ਇਸ ਤਰ੍ਹਾਂ ਉਸ ਨੇ ੨੦ ਦਿਨ ਸਾਧ ਸੰਗਤ ਦੀ ਸੇਵਾ ਕੀਤੀ। ਫਿਰ ਜਦ ਲਾਹੌਰ ਆਈ ਤਦ ਬਹੁਤ ਸਾਰੇ ਸ੍ਰਦਾਰਾਂ ਦੀ ਸਲਾਹ ਲੈ ਕੇ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਨਾਣ ਲਈ ਸੱਦ ਭੇਜਿਆ ਪਰ ਰਾਜਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਖਾਲਸਾ ਫੌਜ ਮੇਰੇ ਵੱਸ
ਨਹੀਂ ਰਹੇਗੀ। ਇਸ ਡਰ ਤੋਂ ਉਸ ਨੇ ਨਾਂਹ ਕੀਤੀ, ਇਸ ਤੋਂ ਪਿੱਛੋਂ ਥੋੜ੍ਹਾ ਚਿਰ ਰਾਣੀ ਜਿੰਦਾਂ ਰਾਜਾ ਲਾਲ ਸਿੰਘ ਤੇ ਸਰਦਾਰ ਤੇਜਾ ਸਿੰਘ ਦੀ ਮੱਦਦ ਲੈ ਕੇ ਦਰਬਾਰ ਦਾ ਕੰਮ ਕਰਦੀ ਰਹੀ। ਪਰ ਖਾਲਸਾ ਫੌਜ ਦੇ ਬੇਮੁਹਾਰਾਪਨ ਤੋਂ ਕੀ ਬਾਦਸ਼ਾਹ ਕੀ ਵਜ਼ੀਰ ਸਭ ਨੂੰ ਅਪਨੀ ਜਾਨ ਦਾ ਡਰ ਸੀ ਅਤੇ ਜੇਹੜਾ ਦਿਨ ਲੰਘ ਜਾਂਦਾ ਉਸ ਨੂੰ ਉਹ ਸੁਭਾਗਾ ਸਮਝਦੇ ਸਨ।
ਅੰਗ੍ਰੇਜ਼ਾਂ ਨੂੰ ਪੰਜਾਬ ਦੀ ਰਾਜਧਾਨੀ ਦੀ ਸਾਰੀ ਜ਼ਰਾ ਜਰਾ ਗੱਲ ਦਾ ਰੋਜ਼ ਪਤਾ ਲੱਗ ਜਾਂਦਾ ਸੀ। ਲਾਹੌਰ ਦੀ ਇਸ ਬੇਅਮਨੀ ਤੋਂ ਸਪਸ਼ਟ ਸਿੱਟਾ ਨਿੱਕਲਦਾ ਸੀ ਕਿ ਇੱਕ ਦਿਨ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਕਦਮ ਰੱਖਣ ਦਾ ਮੌਕਾ ਮਿਲ ਜਾਵੇਗਾ। ਫੌਜ ਦੇ ਬੇਮੁਹਾਰਾਪਨ ਨੇ ਅੰਗਰੇਜ਼ਾਂ ਨੂੰ ਇਹ ਨਿਸ਼ਚਾ ਦਵਾ ਦਿੱਤਾ ਸੀ ਕਿ ਕਿਸੇ ਨਾ ਕਿਸੇ ਦਿਨ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਹੋਵੇਗੀ। ਫਰੰਗੀਆਂ ਨੇ ਆਪਨੀ ਸਰਹੱਦ ਦੀ ਪਕ੍ਯਾਈ ਲਈ ਪਹਿਲਾਂ ਤੋਂ ਹੀ ਬਹੁਤੀ ਫੌਜ ਰੱਖੀ ਹੋਈ ਸੀ, ਪਰ ਸਿੱਖਾਂ ਨੇ ਇਸ ਗੱਲ ਨੂੰ ਦੂਜੇ ਪਾਸੇ ਖਿੱਚ ਖੜਿਆ ਅਤੇ ਸਮਝਿਆ ਕਿ ਇਹਨਾਂ ਦੇ ਖੈਰ ਖਾਹ ਦੋਸਤ ਦੀ ਨੀਯਤ ਵਿੱਚ ਸ਼ਾਇਦ ਕੁਝ ਫ਼ਰਕ ਆ ਗਿਆ ਹੈ। ਅੱਗੋਂ ਦੀ ਰਖ੍ਯਾ ਲਈ ਕੀਤੇ ਕੰਮਾਂ ਨੂੰ ਬਦਲੀ ਹੋਈ ਸੂਰਤ ਵਿੱਚ ਵੇਖ ਕੇ ਇਹ ਸਿੱਟਾ ਕੱਢਿਆ ਕਿ ਸਰਕਾਰ ਅੰਗਰੇਜ਼ੀ ਆਪਣੇ ਕੀਤੇ ਪ੍ਰਣ ਪਤਰਾਂ ਦੇ ਉਲਟ ਇਹਨਾਂ ਦਾ ਮੁਲਕ ਲੈਣ ਦੇ ਵਾਸਤੇ ਸਰਹੱਦ ਤੇ ਫੌਜ ਇਕੱਠੀ ਕਰ ਰਹੀ ਹੈ। ਇਹ ਸਿੱਖਾਂ ਦਾ ਹੀ ਖ਼ਿਆਲ ਨਹੀਂ ਸੀ, ਬਲਕਿ ਸਾਰੇ ਹਿੰਦੁਸਤਾਨ ਦੀ ਵੱਸੋਂ ਨੇ ਸਰਕਾਰ ਅੰਗਰੇਜ਼ੀ ਦੀਆਂ ਫੌਜੀ ਤਯਾਰੀਆਂ ਤੋਂ ਇਹੋ ਹੀ ਸਿੱਟਾ ਕੱਢਿਆ ਸੀ ਕਿ ਛੇਤੀ ਹੀ ਪੰਜਾਬ ਦੀ ਸਲਤਨਤ ਵੀ ਸਰਕਾਰ ਅੰਗਰੇਜ਼ੀ ਲੈਣ ਵਾਲੀ ਹੈ। ਇਸ ਤੋਂ ਛੁਟ ਮੇਜਰ ਬ੍ਰਾਡਫੁਨ ਸਾਹਿਬ ਏਜੰਟ ਲੁਧਿਆਣਾ ਦਾ ਆਨੰਦਪੁਰ ਦੇ ਸੋਢੀਆਂ ਦੀ ਜਾਗੀਰ ਵਿੱਚ (ਜਿਸ ਦਾ ਪ੍ਰਬੰਧ ਅੱਜ ਤੋਂ ਕੁਝ ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ 'ਤੇ ਸਾਰਾ ਛੱਡ ਦਿੱਤਾ ਗਿਆ ਸੀ, ਤੇ ਸਰਕਾਰ ਅੰਗਰੇਜ਼ੀ ਇਸ ਇਲਾਕੇ ਵਲ ਹੱਥ ਵਧਾਣ ਤੋਂ ਇਨਕਾਰ ਕਰ ਚੁੱਕੀ ਸੀ) ਆਪਣਾ ਦਖ਼ਲ ਕਾਇਮ ਕਰਨਾ ਤੇ ਲਾਹੌਰ ਦਰਬਾਰ ਦੇ ਓਹ ਇਲਾਕੇ ਜੋ ਸਤਲੁਜ ਦੇ ਇਸ ਪਾਰ ਸਨ, ਜਿਹਾ ਕਿ ਪਟ੍ਯਾਲਾ ਤੇ ਦੂਜੀਆਂ ਰਿਆਸਤਾਂ ਦੇ ਮਹਾਰਾਜਾ ਸ਼ੇਰ ਸਿੰਘ ਦੇ ਚਲਾਣੇ ਦੇ ਮਗਰੋਂ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਕਰਾਰ ਦੇਣਾ ਸਿੱਖਾਂ ਨੂੰ ਅਯੋਗ ਮਲੂਮ ਹੋਇਆ ਤੇ ਇਹਨਾਂ ਨੂੰ ਭੜਕਾਣ ਦਾ ਕਾਰਨ* ਬਣਿਆ।
ਓਨਾਂ ਹੀ ਦਿਨਾਂ ਵਿੱਚ ਇਹ ਅਫਵਾਹ ਵੀ ਉਡੀ ਕਿ ਲਾਹੌਰ ਦਰਬਾਰ ਦਾ ਓਹ ਇਲਾਕਾ ਜੋ ਦਰਯਾਏ ਸਤਲੁਜ ਦੇ ਚੜ੍ਹਦੇ ਤੇ ਦੱਖਣ ਵਾਲੇ ਪਾਸੇ ਹੈ, ਓਸ ਤੇ ਅੰਗ੍ਰੇਜ਼ਾਂ ਨੇ ਕਬਜ਼ਾ ਕਰਨ ਦਾ ਪੱਕਾ ਨਿਸਚਾ ਕਰ ਲਿਆ ਹੈ। ਰਾਜਾ ਲਾਲ ਸਿੰਘ ਨੇ ਇਸ ਇਲਾਕੇ ਦੇ ਸਿੱਖ ਸਰਦਾਰਾਂ ਤੇ ਕਾਰਦਾਰਾਂ ਦੇ ਕਈ ਵੇਰ ਖਤ ਦਰਬਾਰ ਵਿੱਚ ਪੜ੍ਹ ਕੇ ਸੁਣਾਏ, ਜਿਨ੍ਹਾਂ ਵਿੱਚ ਲਿਖਿਆ ਸੀ ਕਿ ਅੰਗ੍ਰੇਜ਼ੀ ਫੌਜ ਹੌਲੀ ਹੌਲੀ ਸਾਡੇ ਇਲਾਕੇ ਵਿੱਚ ਵਧ ਰਹੀ ਹੈ, ਜੋ ਪ੍ਰਬੰਧ ਦੇ ਨਾ ਠੀਕ ਹੋਣ ਦਾ ਕਾਰਨ ਹੈ। ਕਈ ਪਿੰਡਾਂ ਵਿੱਚ ਅੰਗ੍ਰੇਜ਼ਾਂ ਨੇ ਇਹ ਹੁਕਮ ਵੀ ਸੁਣਾ ਦਿੱਤਾ ਕਿ ਸਾਡੇ ਤੋਂ ਬਿਨਾਂ ਕਿਸੇ ਨੂੰ ਖਰਾਜ ਨਾ ਦੇਵੋ, ਕਿਉਂਕਿ ਇਸ ਮੁਲਕ ਦੇ ਹੁਣ ਅਸੀਂ ਮਾਲਕ ਹਾਂ। ਇਸੇ ਕਰ ਕੇ ਇੱਥੇ ਦਿਨ-ਬ-ਦਿਨ ਬੇਅਮਨ ਹੋਂਦਾ ਜਾਂਦਾ ਹੈ। ਇਹ ਗੱਲਾਂ ਸੁਣ ਕੇ ਲੋਕ ਬੜੇ ਡਰੇ ਤੇ ਥਾਂ ਥਾਂ ਤੇ ਇਹੋ ਹੀ ਚਰਚਾ ਹੋਣ ਲਗੀ।
ਲਾਹੌਰ ਦਰਬਾਰ ਨੂੰ ਆਪਣੇ ਕਾਬੂ ਤੋਂ ਬਾਹਰ ਹੋ ਰਹੀ ਫੌਜ ਨੂੰ ਅੰਗ੍ਰੇਜ਼ਾਂ ਜਹੀ ਜ਼ੋਰ ਵਾਲੀ ਤਾਕਤ ਨਾਲ ਭਿੜਾ ਕੇ ਨਾਸ਼ ਕਰਨ ਦਾ ਬੜਾ ਚੰਗਾ ਮੌਕਾ ਨਜ਼ਰੀਂ ਆਇਆ। ਓਹਨਾਂ ਨੇ ਰਾਣੀ ਜਿੰਦਾਂ ਨਾਲ ਸਲਾਹ ਕਰ ਕੇ ਇੱਕ ਦਿਨ ਸ਼ਾਲਾਮਾਰ ਬਾਗ਼ ਵਿੱਚ ਇੱਕ ਆਮ ਦਰਬਾਰ ਕੀਤਾ, ਜਿਸ ਵਿੱਚ ਖਾਲਸਾ ਫੌਜ ਦੇ ਮੁਖੀਆਂ ਨੂੰ ਇਕੱਠਾ ਕਰ ਕੇ ਦੀਵਾਨ ਦੀਨਾਨਾਥ ਨੇ ਇੱਕ ਬੜੀ ਜ਼ੋਰਦਾਰ ਤਕਰੀਰ ਕੀਤੀ ਤੇ ਪੁਰ ਜੋਸ਼ ਸ਼ਬਦਾਂ ਵਿੱਚ ਕਿਹਾ ਕਿ ਖਾਲਸਾ ਜੀ! ਅੰਗ੍ਰੇਜ਼ਾਂ ਨੇ ਆਪਣੇ ਸਾਰੇ ਓਹਨਾਂ ਪ੍ਰਣਾਂ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਹੋਏ ਸਨ, ਛਿੱਕੇ 'ਤੇ ਰੱਖ ਦਿੱਤਾ
-------------------
* ਦੇਖੋ ਕਨਿੰਘਮ ਦੀ ਤਾਰੀਖ ਸਫਾ ੨੯੫ ਤੇ ੨੯੬
ਹੈ ਤੇ ਦਿਨ-ਬ-ਦਿਨ ਅੱਗੇ ਵਧਦੇ ਚਲੇ ਆ ਰਹੇ ਹਨ। ਫਿਰੋਜ਼ਪੁਰ ਫੌਜ ਜਮ੍ਹਾਂ ਕਰ ਰਹੇ ਹਨ। ਪਿੰਡ ਮੋੜਾਂ; ਜੋ ਸਤਲੁਜ ਤੋਂ ਪਾਰ ਲਾਹੌਰ ਦਰਬਾਰ ਦੀ ਜਗ੍ਹਾ ਸੀ, ਮਹਾਰਾਜਾ ਨਾਭਾ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਅੰਗ੍ਰੇਜ਼ ਵੀ ਓਸੇ ਵੱਲ ਹੋ ਗਏ ਹਨ। ੧੫ ਲੱਖ ਰੁਪਯਾ ਜੋ ਰਾਜਾ ਸੁਚੇਤ ਸਿੰਘ ਦਾ ਫਿਰੋਜ਼ਪੁਰ ਵਿੱਚ ਜਮ੍ਹਾਂ ਸੀ, ਓਸ ਤੇ ਵੀ ਅੰਗ੍ਰੇਜ਼ਾਂ ਨੇ ਕਬਜ਼ਾ ਕਰ ਲੀਤਾ ਹੈ ਤੇ ਦੇਣ ਵਿੱਚ ਨਹੀਂ ਆਉਂਦੇ। ਇਨ੍ਹਾਂ ਹੀ ਦਿਨਾਂ ਇੱਕ ਹੋਰ ਨਵੀਂ ਗਲ ਵਧੀਕੀ ਦੀ ਅੰਗ੍ਰੇਜ਼ਾਂ ਵੱਲੋਂ ਹੋਈ ਸੀ, ਓਹ ਇਹ ਸੀ ਕਿ ਲਾਹੌਰ ਦਰਬਾਰ ਦੇ ਪਿੰਡ ਜੋ ਲੁਧਿਆਣੇ ਦੇ ਪਾਸ ਸਨ, ਅੰਗ੍ਰੇਜ਼ ਏਜੰਟ ਨੇ ਕਬਜ਼ੇ ਵਿੱਚ ਕਰ ਲਏ ਤੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸਾਡੇ ਭਗੌੜੇ ਪਨਾਹ ਲੈਂਦੇ ਹਨ। ਕਿੰਤੂ ਇਸ ਗੱਲ ਬਾਬਤ ਲਾਹੌਰ ਦਰਬਾਰ ਨਾਲ ਕਿਸੇ ਗੱਲ ਦੀ ਪੁੱਛ ਗਿੱਛ ਨਾ ਕੀਤੀ ਤੇ ਵਾਕਈ ਇਹ ਗੱਲ ਏਜੰਟ ਕੋਲੋਂ ਸ਼ਰਤਾਂ ਦੇ ਵਿਰੁੱਧ ਹੋਈ**, ਕਿਉਂਕਿ ਦੋਨਾਂ ਸਲਤਨਤਾਂ ਵਿੱਚ ਏਕਤਾ ਦੇ ਪ੍ਰਣ ਹੋਏ ਹੋਏ ਸੀ। ਇਸ ਦਾ ਜ਼ਿਕਰ ਵੀ ਕੀਤਾ ਤੇ ਇਹ ਵੀ ਕਿਹਾ ਕਿ ਕਸ਼ਮੀਰ ਤੇ ਪਿਸ਼ਾਵਰ ਨੇ ਵੀ ਕਿੰਨੇ ਚਿਰ ਤੋਂ ਇੱਕ ਪੈਸਾ ਖ਼ਜ਼ਾਨੇ ਵਿੱਚ ਦਾਖਲ ਨਹੀਂ ਕੀਤਾ। ਸੋ ਜੇ ਕਦੀ ਇਹਨਾਂ ਗੱਲਾਂ ਦਾ ਕੋਈ ਉਪਰਾਲਾ ਨਾ ਕੀਤਾ ਗਿਆ ਤਦ ਇਸ ਦਾ ਨਤੀਜਾ ਬਿਨਾਂ ਬਰਬਾਦੀ ਤੇ ਤਬਾਹੀ ਦੇ ਹੋਰ ਕੁਝ ਨਹੀਂ ਹੋਵੇਗਾ ਤੇ ਇੱਕ ਬਨਾਵਟੀ ਖਤ ਸਤਲੁਜ ਦੇ ਉਸ ਪਾਰ ਦੇ ਇਲਾਕੇ ਦੀਆਂ ਰਿਆਸਤਾਂ ਵੱਲੋਂ ਸੁਨਾਇਆ, ਜਿਸ ਦਾ ਮਜ਼ਮੂਨ ਇਹ ਸੀ ਕਿ ਅੰਗ੍ਰੇਜ਼ ਸਾਡੇ ਤੇ ਬਹੁਤ ਵਧੀਕੀਆਂ ਕਰ ਰਹੇ ਹਨ। ਜੇ ਕਦੀ ਲਾਹੌਰ ਦਰਬਾਰ ਉਨ੍ਹਾਂ ਨੂੰ ਸਿੱਧਾ ਕਰਨ ਲਈ ਲੱਕ ਬੰਨ੍ਹੇ, ਤਦ ਅਸੀਂ ਖਾਲਸੇ ਦੀ ਸਹਾਇਤਾ ਕਰਨ ਨੂੰ ਤਯਾਰ ਹਾਂ ਤੇ ਫਿਰ ਇਹ ਵੀ ਕਿਹਾ ਕਿ ਰਾਣੀ ਸਾਹਿਬਾਂ ਦੀ ਮਰਜ਼ੀ ਹੈ ਕਿ ਇੱਕ ਹੋਰ ਤਰੀਕ ਨੀਯਤ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਸਥਾਨ ਤੇ ਇਕੱਠ ਕਰ ਕੇ ਫੌਜ ਨੂੰ ਅੰਗ੍ਰੇਜ਼ਾਂ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਜਾਏ। ਇਹ ਗੱਲਾਂ ਸੁਣ ਕੇ ਸਾਰੇ ਫੌਜੀ ਅਫਸਰਾਂ ਤੇ ਪੈਂਚਾਂ ਨੇ ਕਿਹਾ ਕਿ ਸਾਨੂੰ ਰਾਣੀ ਸਾਹਿਬ ਦੀ ਤਜਵੀਜ਼ ਪਸੰਦ ਹੈ ਤੇ ਅਸਾਂ ਨੂੰ ਹਰ ਤਰ੍ਹਾਂ ਮਨਜੂਰ ਹੈ।
੬ ਨਵੰਬਰ ਨੂੰ (ਉਪਰਲੀ ਇਕੱਤਰਤਾ ਤੋਂ ਤਿੰਨ ਦਿਨ ਪਿਛੋਂ) ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਮਹਾਰਾਜਾ ਸਾਹਿਬ ਮਹਾਰਾਣੀ ਸਾਹਿਬ ਤੇ ਦਰਬਾਰੀ ਸਾਰੇ ਇਕੱਠੇ ਹੋਏ। ਵਜ਼ੀਰ ਦੀ ਖਿਲਅਤ ਰਾਜਾ ਲਾਲ ਸਿੰਘ ਨੂੰ ਦਿੱਤੀ ਗਈ ਤੇ ਸੈਨਾਪਤੀ ਰਾਜਾ ਤੇਜਾ ਸਿੰਘ ਹੋਇਆ। ਸਾਰੇ ਦਰਬਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਹਾਰਾਜਾ ਦੀ ਸਮਾਧ ਤੇ ਹੱਥ ਰੱਖ ਕੇ ਇਹਨਾਂ ਦੋਨਾਂ ਦੇ ਹੁਕਮ ਮੰਨਣ ਦੀ ਸ਼ਪਤ ਉਠਾਈ।
ਹੁਕਮ ਹੋਇਆ ਕਿ ੧੦੦੦ ਸਵਾਰ ਤੇ ੪੦ ਤੋਪਾਂ ਰਾਜਾ ਲਾਲ ਸਿੰਘ ਨਾਲ ਲੈ ਕੇ ਫਿਰੋਜ਼ਪੁਰ ਵੱਲ ਤੇ ਹਜ਼ਾਰ ਸਵਾਰ ੪ ਤੋਪਖਾਨੇ ਤੇ ਪਿਆਦੇ ਰਣਜੋਧ ਸਿੰਘ ਮਜੀਠੇ ਵਾਲੇ ਦੇ ਅਧੀਨ ਜਲੰਧਰ ਵਲ ਕੂਚ ਕਰਨ। ਇਹ ਹੁਕਮ ਸੁਣ ਕੇ ਫੌਜ ਨੂੰ ਬੜੀ ਖ਼ੁਸ਼ੀ ਹੋਈ। ਉਸ ਵੇਲੇ ਕੋਈ ਕਹਿੰਦਾ ਸੀ ਕਿ ਅਸੀਂ ਕਲਕੱਤੇ ਤੱਕ ਮਾਰ ਕਰਾਂਗੇ, ਕੋਈ ਮਦਰਾਸ ਤੇ ਬੰਬਈ ਤਕ ਹੱਥ ਮਾਰਦਾ ਸੀ ਤੇ ਕਈ ਇਹ ਵੀ ਕਹਿੰਦੇ ਸਨ ਕਿ ਅੰਗ੍ਰੇਜ਼ਾਂ ਨੂੰ ਲੰਡਨ ਤੱਕ ਜਿੱਤ ਕੇ ਖ਼ਜ਼ਾਨੇ ਦੀਆਂ ਬੋਰੀਆਂ ਅਤੇ ਗੋਰੀਆਂ ਉੱਥੋਂ ਲਿਆਵਾਂਗੇ। ਕਿੰਤੂ ਦੂਜੇ ਪਾਸੇ ਮਹਾਰਾਣੀ ਤੇ ਉਹਦੇ ਸਲਾਹਕਾਰਾਂ ਨੇ ਇਹ ਗੋਂਦ ਗੁੰਦ ਰੱਖੀ ਸੀ ਕਿ ਇਸ ਬੇਮੁਹਾਰੀ ਫੌਜ ਨੂੰ ਅੰਗ੍ਰੇਜ਼ਾਂ ਪਾਸੋਂ ਮਰਵਾ ਕੇ ਨਵੇਂ ਸਿਰੇ ਹੱਦਾਂ ਬਣਾ ਕੇ ਹੋਰ ਫੌਜ ਭਰਤੀ ਕਰ ਲਵਾਂਗੇ ਜੋ ਹਰ ਵੇਲੇ ਸਾਡਾ ਹੁਕਮ ਮੰਨਦੀ ਰਹੇਗੀ। ਇਸ ਤਰ੍ਹਾਂ ਦੇ ਖਿਆਲੀ ਪਲਾਉ ਪਕਾਂਦੇ ਸਨ, ਕਿੰਤੂ ਇਹ ਨਹੀਂ ਜਾਣਦੇ ਸੀ ਕਿ ਜੇ ਕਦੀ ਇੱਕ ਬ੍ਰਾਹਮਨ ਅਗੋਂ ਮਿਲ ਜਾਏ ਤਦ ਜਿਸ ਕੰਮ ਨੂੰ ਜਾਈਏ ਉਹ ਨਹੀਂ ਹੁੰਦਾ, ਪਰ ਇਹਨਾਂ ਤਾਂ ਲਾਲ ਸਿੰਘ ਤੇ ਤੇਜਾ ਸਿੰਘ ਦੋ ਬ੍ਰਾਹਮਨ ਆਪਣੇ ਆਗੂ ਹੀ ਬਨਾ ਲਏ ਸਨ। ਇਨ੍ਹਾਂ ਦੀ ਇੱਛਾ ਕਿਕੁਣ ਪੂਰੀ ਹੁੰਦੀ।
-------------------
**ਤਾਰੀਖ ੨. ਕਨਿੰਘਮ ਸਫ਼ਾ ੩੦੦
ਚੱਲਣ ਵੇਲੇ ਫੌਜ ਨੇ ਤਨਖਾਹ ਮੰਗੀ। ਮਹਾਰਾਣੀ ਨੇ ਕਿਹਾ ਕਿ ਖ਼ਜ਼ਾਨਾ ਤਾਂ ਖ਼ਾਲੀ ਪਿਆ ਹੈ, ਜਾਓ ਅੰਗ੍ਰੇਜ਼ਾਂ ਨੂੰ ਲੁੱਟ ਖਾਓ। ਇਹ ਸੁਣ ਕੇ ਵੀ ਖਾਲਸੇ ਨੇ ਜੋ ਆਪਣੇ ਆਪ ਨੂੰ ਗੁਰੂ ਦਾ ਦਲ ਤੇ ਮੁਲਕ ਨੂੰ ਗੁਰੂ ਸਾਹਿਬ ਦਾ ਮੁਲਕ ਜਾਣ ਰੱਖੀ ਬੈਠਾ ਸੀ, ਬਿਨਾਂ ਕੁਝ ਕਹੇ ਆਪਣੇ ਨਾਮ ਦੀ ਲਾਜ ਰੱਖਣ ਲਈ ਰਵਾਨਾ ਹੋਇਆ। ਸਿਰਫ ਮੈਗਜ਼ੀਨ ਆਪਣੇ ਨਾਲ ਲੈ ਲਿਆ ਤੇ ਜਿਕਣ ਹੋ ਸਕਿਆ ਖ਼ਰਚ ਦਾ ਪ੍ਰਬੰਧ ਕਰ ਕੇ ਅੰਗ੍ਰੇਜ਼ਾਂ ਨਾਲ ਲੜਨ ਲਈ ਤਿਆਰ ਹੋ ਗਿਆ।
ਰਾਜਾ ਗੁਲਾਬ ਸਿੰਘ ਨੇ ੨੩ ਨਵੰਬਰ ੧੮੪੫ ਈਸਵੀ ਨੂੰ ੨੨ ਹਜ਼ਾਰ ਸਵਾਰ ਤੇ ੪੦ ਤੋਪਾਂ ਲੈ ਕੇ ਲਾਹੌਰ ਤੋਂ ਕੂਚ ਕੀਤਾ ਤੇ ੨੪ ਕੋਹ ਸਰਦਾਰ ਤੇਜਾ ਸਿੰਘ ਦੀ ਫੌਜ ਨੇ ਵੀ ਚੜ੍ਹਾਈ ਕੀਤੀ। ਓਸੇ ਦਿਨ ਸਰਦਾਰ ਰਣਜੋਧ ਸਿੰਘ ਵੀ ਆਪਣੀ ਫੌਜ ਲੈ ਕੇ ਬੜੀ ਸਜ ਧਜ ਨਾਲ ਲੁਧਿਆਣੇ ਵਲ ਚੱਲ ਪਿਆ ਤੇ ਫਲੌਰ ਦੇ ਮੁਕਾਮ ਤੇ ਜਾ ਠਹਿਰਿਆ। ਏਧਰ ੧੧ ਦਸੰਬਰ ਨੂੰ ਹਰੀਕੇ ਪੱਤਨ ਤੋਂ ਲੰਘ ਕੇ ਮਿਸਰ ਲਾਲ ਸਿੰਘ ਦੀ ਫੌਜ ਤਾਂ ਫਿਰੋਜ਼ਪੁਰ ਤੋਂ ੧੫ ਮੀਲ ਦੀ ਵਿੱਥ ਤੇ ਜਾ ਠਹਿਰੀ ਤੇ ਤੇਜਾ ਸਿੰਘ ਦੀ ਫੌਜ ਮੁਦਕੀ ਜਾ ਡੇਰਾ ਕੀਤਾ। ਹੁਣ ਇਹ ੮੦ ਹਜ਼ਾਰ ਸਿਪਾਹੀ ਤੇ ਕੁਲ ੨ ਲੱਖ ਆਦਮੀ ਸਤਲੁਜ ਤੋਂ ਪਾਰ ਉੱਤਰ ਗਿਆ। ੧੪ ਦਸੰਬਰ ਮੁਤਾਬਕ ੨੧ ਮੱਘਰ ਨੂੰ ਜਨਰਲ ਲਾਲ ਸਿੰਘ ਈਸੜੂ ਵਾਲਾ, ਜਨਰਲ ਬੁਧ ਸਿੰਘ, ਜਨਰਲ ਮਤਾਬ ਸਿੰਘ ਮਜੀਠਾ ਆਦਿਕ ਸਰਦਾਰਾਂ ਦੀ ੧੦ ਹਜ਼ਾਰ ਫੌਜ ਨੇ ਅੱਗੇ ਵੱਧਕੇ ਅੰਗ੍ਰੇਜ਼ੀ ਲੈਣਡੋਰੀ ਜੋ ਉਧਰ ਵੱਧ ਰਹੀ ਸੀ, ਲੁੱਟ ਲਈ। ਇੱਕ ਭਾਰੀ ਲੜਾਈ ਦੇ ਮਗਰੋਂ ਉਸ ਨੂੰ ਨਸਾ ਦਿੱਤਾ ਤੇ ਪਾਣੀਛੰਬ ਜਿਸ ਨੂੰ ਅੰਗ੍ਰੇਜ਼ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸੀ ਜਾ ਕੇ ਆਪ ਮੇਲ ਲਈ ਤੇ ਆਖਣ ਲੱਗੇ ਕਿ ਅੰਗ੍ਰੇਜ਼ਾਂ ਦੀ ਕੀ ਤਾਕਤ ਹੈ, ਜੋ ਖਾਲਸੇ ਦੇ ਮੁਲਕ ਤੇ ਮਾਲ ਵੱਲ ਨਿਗਾਹ ਰੱਖ ਸਕਣ? ਖਾਲਸਾ ਜੀ ਅਜੇ ਤਿਆਰ ਹੋ ਕੇ ਅੰਗ੍ਰੇਜ਼ਾਂ ਵਲ ਕੂਚ ਕਰੇਗਾ ਤੇ ਓਹਨਾਂ ਨੂੰ ਓਹਨਾਂ ਦੀਆਂ ਵਧੀਕੀਆਂ ਦੀਆਂ ਸਜ਼ਾਵਾਂ ਦੇਵੇਗਾ।
ਇਥੇ ਲੜਾਈ ਦੇ ਹਾਲ ਲਿੱਖਣ ਤੋਂ ਪਹਿਲਾਂ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਸੱਚਮੁਚ ਅੰਗ੍ਰੇਜ਼ਾਂ ਦੀਆਂ ਵਧੀਕੀਆਂ ਤੋਂ ਇਹ ਲੜਾਈ ਹੋਈ ਸੀ, ਜਾਂ ਖਾਹਮਖਾਹ ਪਹਾੜ ਨਾਲ ਸਿੱਖਾਂ ਨੇ ਟੱਕਰ ਮਾਰੀ ਸੀ? ਕਿੰਤੂ ਇਹ ਇੱਕ ਬੜਾ ਹੀ ਪੇਚੀਦਾ ਪ੍ਰਸ਼ਨ ਹੈ, ਜਿਸ ਦਾ ਫ਼ੈਸਲਾ ਕਰਨਾ ਬੜਾ ਮੁਸ਼ਕਲ ਹੈ। ਖ਼ਿਆਲ ਤਾਂ ਇਹ ਸੀ ਕਿ ਇਸ ਦਾ ਫ਼ੈਸਲਾ ਆਪ ਹੀ ਸਿਆਣੇ ਤੇ ਨਿਆਏਸ਼ੀਲ ਪਾਠਕ ਕਰ ਲੈਣਗੇ, ਕਿੰਤੂ ਕੁਝ ਦੱਸਣਾ ਜ਼ਰੂਰੀ ਸਮਝ ਕੇ ਇੱਥੇ ਲਿਖਦੇ ਹਾਂ। ਜਿੱਥੋਂ ਤੱਕ ਸਾਡਾ ਖ਼ਿਆਲ ਹੈ ਅੱਖੀ ਡਿੱਠਾ ਤੇ ਕੰਨੀ ਸੁਣਿਆ ਹੈ ਤੇ ਨਿਆਏਸ਼ੀਲ ਜਰਨੈਲ ਕਨਿੰਘਮ ਸਾਹਿਬ ਆਦਿਕਾਂ ਦੀਆਂ ਤਾਰੀਖਾਂ ਇਤਿਹਾਸ, ਸਿੰਘ ਯੁੱਧ ਆਦਿਕ ਪੁਸਤਕਾਂ ਵਿੱਚ ਲਿਖਿਆ ਮਿਲਿਆ ਹੈ, ਉਹ ਸੰਖੇਪ ਨਾਲ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਦੇ ਹਾਂ:
ਜਦ ਸਰਕਾਰ ਅੰਗ੍ਰੇਜ਼ੀ ਦੇ ਵਪਾਰੀ ਭਾਰਤਵਰਸ਼ ਵਿੱਚ ਆ ਕੇ ਦੇਸਾਂ ਦੇ ਦੇਸ ਜਿੱਤਦੇ ਚਲੇ ਆਏ। (ਹੋਰ ਰਾਜਿਆਂ ਦੀ ਬਾਬਤ ਤਾਂ ਕਹਿਣਾ ਕੀ ਹੈ) ਤਦ ਮੁਗਲ ਬਾਦਸ਼ਾਹਾਂ ਦੀ ੪੬ ਕਰੋੜ ਦੀ ਆਮਦਨੀ ਤੇ ੨੨ ਕਰੋੜ ਆਮਦਨੀ ਦੀ ਮਾਲਕੀ ਮਰਹੱਟਿਆਂ ਨੂੰ ਦਰਬਦਰ ਤੇ ਭਖਾਰੀ ਕਰ ਕੇ ੧੮੦੯ ਈਸਵੀ ਨੂੰ ਲੁਧਿਆਣੇ ਤਕ ਪੁੱਜੇ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਸ਼ੇਰਿ ਪੰਜਾਬ ਦੇ ਨਾਲ ਪ੍ਰਣ ਪੱਤ੍ਰ ਲਿਖੇ ਜਾਣ ਤੋਂ ਦੋਹਾਂ ਸਰਕਾਰਾਂ ਦਾ ਆਪੋ ਵਿੱਚ ਮੇਲ ਮਿਲਾਪ ਹੋ ਗਿਆ ਤੇ ਇਨ੍ਹਾਂ ਪ੍ਰਣਾਂ ਤੇ ਕਿੰਨੀ ਮੁਦਤ ਤਕ ਦੋਹਾਂ ਧਿਰਾਂ ਵੱਲੋਂ ਬੜੀ ਪਕਿਆਈ ਨਾਲ ਵਰਤੋਂ ਹੋਂਦੀ ਰਹੀ ਤੇ ਫਿਰ ਜਿਸ ਦਾ ਅਚਣਚੇਤ ਕੱਚ ਵਾਂਗ ਟੁੱਟਣਾ ਵੇਖਣ ਵਿੱਚ ਆਇਆ ਓਹਦੇ ਪੂਰੇ ਬਿਆਨ ਦਾ ਲਿਖਣਾ ਭਾਵੇਂ ਬੜਾ ਹੀ ਗੁੰਝਲ ਵਾਲਾ ਕੰਮ ਹੈ, ਕਿੰਤੂ ਕਨਿੰਘਮ ਜਹੇ ਨਿਆਏਸ਼ੀਲ ਅੰਗ੍ਰੇਜ਼ਾਂ ਦਾ ਬਿਆਨ ਹੈ ਕਿ ਭਾਵੇਂ ਜ਼ਾਹਰਾ ਵਧੀਕੀ ਸਿੱਖਾਂ ਵੱਲੋਂ ਨਜ਼ਰੀ ਆਈ, ਕਿੰਤੂ ਅੰਦਰੋਂ ਬਹੁਤ ਸਾਰੀਆਂ ਚਾਲਾਂ ਕੀਤੇ ਹੋਏ ਇਕਰਾਰ ਤੋੜਨ ਦੀਆਂ ਤੇ ਦੋਸਤੀ ਨੂੰ ਦੂਰ ਕਰਨ ਦੀਆਂ ਅੰਗਰੇਜ਼ਾਂ ਵੱਲੋਂ ਪ੍ਰਗਟ ਹੋਈਆਂ (ਵੇਖੋ ਕਨਿੰਘਮ ਦਾ ਇਤਿਹਾਸ ਸਫਾ ੨੧੭ ਤੇ ਇਤਹਾਸ ਯੁੱਧ ਪੰਨਾ ੨੯ ਤੋਂ ੪੭ ਤਕ) ਇਹ ਲਿਖਦੇ ਹਨ ਕਿ ਅੱਵਲ ਤਾਂ ਬੇਲਿਹਾਜ਼ੀ ਸਿੰਧ
ਦੇ ਕਬਜ਼ੇ ਵੇਲੇ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਅੰਗ੍ਰੇਜ਼ਾਂ ਨਾਲ ਮਿਲ ਕੇ ਫਤਹ ਕਰਨਾ ਚਾਹੁੰਦਾ ਸੀ, ਕਿੰਤੂ ਅੰਗ੍ਰੇਜ਼ਾਂ ਨੇ ਚੁੱਪ ਚਾਪ ਕਬਜ਼ਾ ਕਰ ਲਿਆ। ਦੂਜਾ ਬਹਾਵਲਪੁਰ ਦੀ ਰਿਆਸਤ ਜੋ ਖਾਲਸੇ ਨੂੰ ਖਰਾਜ ਦੇਂਦੀ ਸੀ, ਅੰਗਰੇਜ਼ਾਂ ਨੇ ਭਚਲਾ ਕੇ ਆਪਨੇ ਅਧੀਨ ਕਰ ਲਿਆ। ਤੀਜਾ ੧੮੩੮ ਨੂੰ ਸ਼ਾਹ ਸ਼ੁਜਾ ਨੂੰ ਕਾਬਲ ਦੇ ਤਖ਼ਤ ਤੇ ਬਿਠਾਣ ਦੇ ਬਹਾਨੇ ਸਿੱਖਾਂ ਦੇ ਮੁਲਕ ਤੇ ਫੌਜ ਵਿੱਚ ਦਾਖਲ ਹੋ ਕੇ ਭੇਤ ਲਿਆ ਗਿਆ ਤੇ ਇਨ੍ਹਾਂ ਹੀ ਦਿਨਾਂ ਵਿੱਚ ਤਿੰਨ ਚਾਰ ਵੇਰ ਜਦ ਕਾਬਲ ਵੱਲ ਜਾਣ ਦਾ ਮੌਕਾ ਬਣਿਆ ਤਦ ਇਸ ਸਮੇਂ ਵਿੱਚ ਖਾਲਸੇ ਦੇ ਬਲ ਦਾ ਅਟਾ ਸਟਾ ਲਾ ਲਿਆ ਤੇ ਅੰਦਰ ਦੇ ਹਾਲ ਦਾ ਜਾਣੂੰ ਹੋ ਗਏ। ਤਦ ਵੀ ੧੮੩੮ ਤੋਂ ਲੈ ਕੇ ੧੮੪੩ ਤਕ ਜੋ ਜੋ ਮਦਦ ਖਾਲਸੇ ਨੇ ਅੰਗਰੇਜ਼ਾਂ ਦੀ ਕੀਤੀ, ਅਫਸਰਾਂ ਦੇ ਦਿਲ ਤੇ ਉਕਰ ਗਈ ਸੀ, ਜਿਸ ਦਾ ਜ਼ਿਕਰ ਕਈ ਨਿਆਏਸ਼ੀਲ ਅੰਗਰੇਜ਼ਾਂ ਤੇ ਲੇਡੀਆਂ ਨੇ: ਜੋ ਕਾਬਲ ਦੇ ਪਠਾਣਾਂ ਦੇ ਹੱਥੋਂ ਛੁਟਕਾਰਾ ਪਾ ਕੇ ਵਲਾਇਤ ਗਈਆਂ ਸਨ, ਕੀਤਾ ਤੇ ਸਿੱਖਾਂ ਦਾ ਧੰਨਵਾਦ ਵੀ ਕੀਤਾ। ਚੌਥੇ ਜੇ ਉਸ ਵੇਲੇ ਸਿੱਖ ਅੰਗਰੇਜ਼ਾਂ ਦੀ ਮਦਦ ਨਾ ਕਰਦੇ ਅਤੇ ਅੰਗਰੇਜ਼ੀ ਫੌਜ ਨੂੰ ਕਾਬਲ ਤੱਕ ਨਾ ਜਾਣ ਦੇਂਦੇ ਅਤੇ ਮਹਾਰਾਜਾ ਸ਼ੇਰ ਸਿੰਘ, ਅਮੀਰ ਅਕਬਰ ਅਲੀ ਖਾਂ ਨੂੰ ਧਮਕੀ ਨਾ ਦੇਂਦਾ ਤਦ ਓਹ ਅੰਗਰੇਜ਼ ਲੇਡੀਆਂ: ਜੋ ਕਾਬਲ ਵਿੱਚ ਕੈਦ ਸਨ, ਓਹਨਾਂ ਦਾ ਜੀਉਂਦਿਆਂ ਰਹਿਣਾ ਅਸੰਭਵ ਸੀ, ਕਿਉਂਕਿ ਜ਼ਾਲਮ ਅਫਗਾਨ ਓਹਨਾਂ ਨੂੰ ਹਦ ਤੋਂ ਵਧ ਤੰਗ ਕਰ ਰਹੇ ਸਨ। ਇਸ ਕਰ ਕੇ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਜ਼ੁੰਮੇਵਾਰੀ ਤੇ ਲੈ ਕੇ ਇਨ੍ਹਾਂ ਨੂੰ ਪੁਚਾ ਦਿੱਤਾ, ਅਰਥਾਤ ਦੋਸਤ ਮੁਹੰਮਦ ਖਾਂ ਨੂੰ ਕਲਕੱਤੇ ਤੋਂ ਮੰਗਾ ਕੇ ਕਾਬਲ ਵਿੱਚ ਦਾਖਲ ਕੀਤਾ ਤੇ ਕਾਬਲ ਵਿੱਚ ਅੰਗਰੇਜ਼ ਤੇ ਮੇਮਾਂ ਕੈਦ ਸਨ, ਓਹਨਾਂ ਨੂੰ ਲਿਆ ਕੇ ਫਿਰੋਜ਼ਪੁਰ ਪਹੁੰਚਾ ਦਿੱਤਾ। ਜੇ ਕਦੀ ਇਹ ਕੰਮ ਮਹਾਰਾਜਾ ਸ਼ੇਰ ਸਿੰਘ ਵਿੱਚ ਪੈ ਕੇ ਨਾ ਕਰਦੇ ਤਦ ਪਤਾ ਨਹੀਂ ਕਿੰਨੀ ਕੁ ਖਲਕਤ ਕੱਟ ਮਰਦੀ ਤੇ ਪਤਾ ਨਹੀਂ ਕਿਸ ਦੀ ਫਤੇ ਹੁੰਦੀ। ਸਿੱਖਾਂ ਦੀ ਇਹ ਸਹਾਇਤਾ ਭੁੱਲਣ ਜੋਗ ਨਹੀਂ ਸੀ, ਜਿਨ੍ਹਾਂ ਦੇ ਬਦਲੇ ਅਹਸਾਨ ਮੰਨਨ ਦੀ ਥਾਂ ਜਨਰਲ ਬ੍ਰਾਡਫੁਟ ਸਾਹਿਬ ਵੱਲੋਂ ਕੁਝ ਅਜੇਹੀਆਂ ਗੱਲਾਂ ਹੋਈਆਂ ਜਿਨ੍ਹਾਂ ਤੋਂ ਸਿੱਖਾਂ ਦੇ ਦਿਲ ਚਿੜ੍ਹ ਗਏ।
੧-ਜਦ ਸਿੱਖਾਂ ਦੀ ਫੌਜ ੧੮੨੯ ਨੂੰ ਅੰਗ੍ਰੇਜ਼ਾਂ ਦੀ ਮਦਦ ਲਈ ਰਾਵੀ ਦੇ ਕੰਢੇ ਜਾ ਰਹੀ ਸੀ, ਤਦ ਇੱਕ ਮਾਮੂਲੀ ਜਹੀ ਗੱਲ ਤੇ ਗੋਰਿਆਂ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ।
੨-ਇਸੇ ਤਰ੍ਹਾਂ ਜਦ ਸੜਕ ਤੇ ਚਲਦਿਆਂ ਲਾਹੌਰ ਵਿੱਚ ਗਊ ਬਧ ਨਾ ਕਰਨ ਦਾ ਇਕਰਾਰ ਕਰ ਕੇ ਵੀ ਗਊ ਕੁਸ਼ੀ ਕਰਨ ਲੱਗਿਆਂ ਨੂੰ ਸਿੱਖਾਂ ਨੇ ਰੋਕਿਆ ਤਦ ਮੇਹਜਰ ਸਾਹਿਬ ਦੇ ਹੁਕਮ ਨਾਲ ਗੋਰਿਆਂ ਨੇ ਸਿੱਖਾਂ ਤੇ ਹਮਲਾ ਕੀਤਾ, ਜਿਸ ਦੀ ਬਾਬਤ ਪਿਸ਼ਾਵਰ ਦੇ ਸਪਾਹ ਸਲਾਰ ਜਨਰਲ ਅਬੀਟੇਬਲ ਸਾਹਿਬ ਨੇ ਮੇਹਜਰ ਸਾਹਿਬ ਨੂੰ ਬਹੁਤ ਸ਼ਰਮਿੰਦਾ ਕੀਤਾ ਤੇ ਸਿੱਖਾਂ ਨੇ ਬੇਹੱਦ ਤਾਕਤ ਰਖਦਿਆਂ ਹੋਇਆਂ ਵੀ ਅੰਗ੍ਰੇਜ਼ਾਂ ਨੂੰ ਘਰ ਆਇਆ ਜਾਣ ਇਨ੍ਹਾਂ ਦੀਆਂ ਦੋਨਾਂ ਵਧੀਕੀਆਂ ਦਾ ਕੋਈ ਨੋਟਸ ਨਾ ਲਿਆ।
੩-ਸਿੱਖਾਂ ਦੀ ਮਦਦ ਨਾਲ ਜਦ ਸ਼ਾਹ ਸੁਜਾ ਨੂੰ ਕਾਬਲ ਤਖ਼ਤ ਤੇ ਬਠਾਇਆ ਤਦ ਪਿਸ਼ਾਵਰ ਦਾ ਇਲਾਕਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਦੇ ਰਖ੍ਯਾ ਸੀ, ਕੰਵਰ ਦੇ ਚਲਾਣਾ ਕਰ ਜਾਣ ਤੇ ਅੰਗ੍ਰੇਜ਼ਾਂ ਨੇ ਕਾਬਲ ਵਾਲਿਆਂ ਨੂੰ ਦਵਾਣ ਦਾ ਪੱਕਾ ਫੈਸਲਾ ਕਰ ਲਿਆ ਜੋ ਫਰਾਂਸੀਸੀ ਜਨਰਲ ਅਬੀਟੇਬਲ ਦੀਆਂ ਕੋਸ਼ਸ਼ਾਂ ਨਾਲ ਸਿੱਖਾਂ ਦੇ ਕਾਬੂ ਰਹਿ ਗਿਆ ਸੀ।
੪-ਜਦ ਸ਼ਾਹ ਸ਼ੁਜਾ ਦੀ ਮੱਦਦ ਲਈ ਅੰਗ੍ਰੇਜ਼ ਕਾਬਲ ਵਿੱਚ ਰਹਿਣ ਲੱਗੇ, ਤਦ ਇਨ੍ਹਾਂ ਵਿੱਚੋਂ ਕੁਝ ਅੰਗ੍ਰੇਜ਼ਾਂ ਨੇ ਅਫਗਾਨਾਂ ਨੂੰ ਸਿੱਖਾਂ ਦੇ ਵਿਰੁੱਧ ਉਕਸਾਣਾ ਸ਼ੁਰੂ ਕੀਤਾ।
ਪ-ਜਦ ਸਿੱਖਾਂ ਦੀ ਫੌਜ ਨਾਲ ਲੈ ਕੇ ਜਲਾਲਾਬਾਦ ਫਤਹ ਕੀਤਾ, ਤਦ ਪਲਕ ਸਾਹਿਬ ਨੇ ਆਪਣੀ ਫੌਜ ਨੂੰ ਹੀ ਸ਼ਹਿਰ ਤੇ ਬਾਜ਼ਾਰ ਲੁਟਣ ਦਾ ਹੁਕਮ ਦਿੱਤਾ ਤੇ ਸਿੱਖਾਂ ਨੂੰ ਨਾ ਲੁੱਟਣ ਦਿੱਤਾ। ਸੋ ਇਸੇ ਤਰ੍ਹਾਂ ਨਾਲ ਕਈ ਹੋਰ ਕੰਮ ਸਿੱਖਾਂ ਨੂੰ ਚਿੜਾਨ ਵਾਲੇ ਅੰਗ੍ਰੇਜ਼ਾਂ ਨੇ ਕੀਤੇ, ਜੋ ਬਹੁਤੇ ਹੋਣ ਕਰ ਕੇ
ਛੱਡੇ ਜਾਂਦੇ ਹਨ, ਜਿਨ੍ਹਾਂ ਦੀ ਬਾਬਤ ਸਰ ਹਨਰੀ ਲਾਰੰਸ ਸਾਹਿਬ ਨੂੰ ਸਿੱਖਾਂ ਦੇ ਹੱਕ ਵਿੱਚ ਮੇਹਜਰ ਸਾਹਿਬ ਨਾਲ ਬੜਾ ਸਿਰ ਖਪਾਣਾ ਪੈਂਦਾ ਸੀ। ਉਪ੍ਰੋਕਤ ਗੱਲਾਂ ਤੋਂ ਛੁੱਟ ਹੇਠ ਲਿਖੇ ਕਾਰਨ ਵੀ ਲੜਾਈ ਦੇ ਹੋਣ ਦੇ ਸਨ, ਸੋ ਨਿਆਏਸ਼ੀਲ ਇਤਿਹਾਸਕਾਰਾਂ ਨੇ ਲਿਖੇ ਹਨ:
੧. ਆਪੋ ਵਿੱਚ ਦੋਸਤੀ ਦਾ ਇਕਰਾਰ ਹੋਣ ਸਮੇਂ ਅੰਗ੍ਰੇਜ਼ਾਂ ਨੇ ਇਕਰਾਰ ਕੀਤਾ ਸੀ ਕਿ ਸਿੱਖਾਂ ਦੀ ਸਰਹੱਦ ਦੇ ਪਾਸ ਛਾਵਣੀ ਨਾ ਬਣਾਵਾਂਗੇ, ਇਸ ਦੇ ਵਿਰੁੱਧ ਲੁਧਿਆਣੇ ਛਾਵਣੀ ਬਣਾਈ ਗਈ।
੨. ਗੋਰਖਿਆਂ ਦੇ ਜੰਗ ਪਿੱਛੋਂ ਸਪਾਟੂ ਵਿੱਚ ਫੌਜ ਇਕੱਤ੍ਰ ਕੀਤੀ ਗਈ।
੩. ਸੰ: ੧੮੩੮ ਨੂੰ ਗਜ਼ਨੀ ਤੇ ਫੌਜ ਲੈ ਜਾਣ ਦੇ ਬਹਾਨੇ ਫਿਰੋਜ਼ਪੁਰ ਵਿੱਚ ਜੋ ਲਾਹੌਰ ਦੇ ਨਜ਼ਦੀਕ ਹੈ, ੧੨ ਹਜ਼ਾਰ ਫੌਜ ਰੱਖੀ ਗਈ। ਏਥੇ ਕੇਵਲ ਇੱਕ ਸਾਲ ਵਾਸਤੇ ਹੀ ਫੌਜ ਰੱਖਣ ਦਾ ਇਕਰਾਰ ਹੋਇਆ ਸੀ, ਕਿੰਤੂ ੧੮੪੩ ਤੱਕ ਕਾਬਲ ਦੀ ਲੜਾਈ ਬਣੀ ਰਹਿਣ ਕਰ ਕੇ ਇੱਥੇ ਛਾਵਣੀ ਪੱਕੀ ਕਰ ਲਈ।
੪. ਪਹਾੜੀ ਰਾਜਿਆਂ ਦੇ ਰਾਜ ਵਿੱਚ ਪ੍ਰੈਜ਼ੀਡੰਟਾਂ ਦੇ ਰਹਿਣ ਕਰ ਕੇ ਅੰਗ੍ਰੇਜ਼ੀ ਫੌਜ ਰੱਖਿਆ ਦੇ ਬਹਾਨੇ ਕਈ ਥਾਵੇਂ ਰੱਖੀ ਗਈ।
੫. ਫਿਰੋਜ਼ਪੁਰ ਦਾ ਰਈਸ ਧੰਨਾ ਸਿੰਘ ਵੀ ਸ਼ੁਕਰਚੱਕੀਆਂ ਦੀ ਮਿਸਲ ਟੁੱਟ ਜਾਣ ਮਗਰੋਂ ਉਜੇਹਾ ਹੀ ਲਾਹੌਰ ਦਰਬਾਰ ਦੇ ਅਧੀਨ ਹੋ ਗਿਆ ਸੀ, ਇਸ ਕਰ ਕੇ ਸਰਦਾਰ ਮਹਾਂ ਸਿੰਘ ਤੇ ਮਹਾਰਾਜਾ ਰਣਜੀਤ ਸਦਾ ਹੀ ਉਹਨੂੰ ਮੱਦਦ ਦੇਂਦੇ ਰਹੇ। ਬਲਕਿ ਧੰਨਾ ਸਿੰਘ ਦੇ ਗੁਜ਼ਰ ਜਾਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪ ਦੂਜਿਆਂ ਨਾਲ ਲੜ ਕੇ ਇਸ ਦਾ ਮੁਲਕ ਬਚਾਇਆ ਤੇ ਓਹਦੀ ਸੰਤਾਨ ਹੀਨ ਰਾਣੀ ਲਛਮਨ ਕੌਰ ਦੇ ਅਧੀਨ ਰੱਖੀ ਰੱਖਿਆ। ਓਹ ਅੰਗ੍ਰੇਜ਼ਾਂ ਦੇ ਫਸਲਾਣ ਤੇ ਸਿਰਫ ਰਾਣੀ ਦਾ ਖ਼ਿਤਾਬ ਲੈ ਕੇ ਹੀ ਅੰਗ੍ਰੇਜ਼ਾਂ ਵਲ ਹੋ ਗਈ ਤੇ ਓਹਦੇ ਮਰ ਜਾਣ ਤੇ ਇਹ ਕਹਿ ਕੇ ਇਹਦਾ ਇਲਾਕਾ ਸਤਲੁਜ ਤੋਂ ਦੱਖਣ ਵੱਲ ਹੈ, ਅੰਗ੍ਰੇਜ਼ਾਂ ਨੇ ਆਪਣੇ ਇਲਾਕੇ ਵਿੱਚ ਮਿਲਾ ਲਿਆ।
੬. ਸਤਲੁਜ ਪਾਰ ਲਾਹੌਰ ਦਰਬਾਰ ਦੇ ਮੁਲਕ ਦੀ ਰੱਖ੍ਯਾ ਲਈ ਜੋ ਸਿੱਖ ਸਵਾਰਾਂ ਦੀ ਚੌਂਕੀ ਰਹਿੰਦੀ ਸੀ, ਜਦ ਓਹਨੂੰ ਛੁਟੀ ਦੇ ਕੇ ਓਹਦੀ ਜਗ੍ਹਾ ਤੇ ਦੂਜੀ ਪਾਰਟੀ ਭੇਜੀ ਗਈ, ਤਦ ਉਸ ਸਮੇਂ ਲੁਧਿਆਣੇ ਵਿੱਚ ਕਰਨੈਲ ਰਜਮੈਂਡ ਦੀ ਜਗਾ ਮੇਹਜਰ ਬ੍ਰਾਡਫੁਟ ਜੋ ਸਿੱਖਾਂ ਦਾ ਮਸ਼ਹੂਰ ਦੁਸ਼ਮਣ ਸੀ, ਆ ਗਿਆ ਸੀ। ਇਨ੍ਹਾਂ ਨੇ ਉਹਨਾਂ ਸਿੱਖ ਸਵਾਰਾਂ ਤੇ ਜਿਨ੍ਹਾਂ ਨੂੰ ੧੮੦੯ ਦੇ ਇਕਰਾਰ ਨਾਮੇ ਅਨੁਸਾਰ ਸਤਲੁਜ ਤੋਂ ਪਾਰ ਹੋਣਾ ਜ਼ਰੂਰੀ ਸੀ, ਆਪਣੀ ਫੌਜ ਦਾ ਹਮਲਾ ਕਰਾ ਕੇ ਗੋਲੀਆਂ ਦੀ ਬਰਖਾ ਕਰ ਦਿੱਤੀ। ਕਿੰਤੂ ਸ਼ਾਬਾਸ਼ ਹੈ ਉਸ ਸਿੱਖ ਰਸਾਲਦਾਰ ਨੂੰ ਕਿ ਜਿਸ ਨੇ ਇਹ ਸਮਝ ਕੇ ਅੰਗ੍ਰੇਜ਼ਾਂ ਦੀ ਬੇਸਮਝੀ ਦੀ ਚਾਲ ਤੇ ਜੇ ਅਸਾਂ ਵੀ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ, ਤਦ ਅੰਗ੍ਰੇਜ਼ਾਂ ਤੇ ਸਿੱਖਾਂ ਵਿੱਚ ਲੜਾਈ ਸ਼ੁਰੂ ਹੋ ਜਾਵੇਗੀ। ਇਸ ਦਾਨਾ ਅਫਸਰ ਨੇ ਆਪਣੀ ਫੌਜ ਨੂੰ ਵੀ ਬਚਾ ਲਿਆ ਤੇ ਅੰਗ੍ਰੇਜ਼ਾਂ ਨਾਲ ਵੀ ਵਿਗਾੜ ਨਾ ਹੋਣ ਦਿੱਤਾ।
੭. ਫਿਰੋਜ਼ਪੁਰ ਤੇ ਪੁਲ ਬਨਾਣ ਲਈ ਜੋ ਵੱਡੀ-ਵੱਡੀ ਕਿਸ਼ਤੀਆਂ ਬੰਬੇ ਤੋਂ ਮੰਗਾਈਆਂ ਗਈਆਂ, ਉਹ ਬ੍ਰਾਟਫੁਟ ਦੇ ਸਾਹਮਣੇ ਹੀ ਫੀਰੋਜ਼ਪੁਰ ਮੰਗਾਈਆਂ।
੮. ਇਨ੍ਹਾਂ ਹੀ ਦਿਨਾਂ ਵਿੱਚ ਇੱਕ ਤਕੜੀ ਫੌਜ ਸਿੰਧ ਵਿੱਚ ਲਿਆ ਕੇ ਸਿੱਖਾਂ ਦੀ ਸਰਹੱਦ ਤੇ ਰੱਖੀ ਗਈ।
੯. ਸੰ: ੧੮੩੮ ਨੂੰ ਸਿੱਖਾਂ ਦੀ ਹੱਦ ਤੇ ੨੫੦੦ ਸਿਪਾਹੀ ੬ ਤੋਪਾਂ ਸਨ। ਫਿਰ ਐਲਨਬਰਗ ਦੇ ਸਮੇਂ ੧੪ ਹਜ਼ਾਰ ਸਪਾਹ ਹੋ ਗਈ ਤੇ ੫੭ ਤੋਪਾਂ ਕਰ ਦਿੱਤੀਆਂ ਗਈਆਂ ਤੇ ਫਿਰ ਲਾਰਡ ਹਾਰਡਿੰਗ ਨੇ ੩੦ ਹਜ਼ਾਰ ਸਪਾਹੀ ੬੯ ਤੋਪਾਂ ਨਾਲ ਸਿੱਖਾਂ ਦੀ ਹੱਦ ਘੇਰ ਲਈ। ਇਸ ਤੋਂ ਛੁਟ ੧੦ ਹਜ਼ਾਰ ਸਪਾਹੀ ਮੇਰਠ ਵਿੱਚ, ੧੨ ਹਜ਼ਾਰ ਅੰਬਾਲੇ ਤਯਾਰ ਰੱਖੇ ਗਏ। ਇਹ ਤੇ ਐਹੋ ਜਹੀਆਂ ਹੋਰ ਗੱਲਾਂ ਦੇ ਹੁੰਦਿਆਂ ਕੌਣ ਹੈ ਜੋ ਕਹਿ ਸਕੇ ਕਿ ਪ੍ਰਣ ਪਤਰ ਦੇ ਵਿਰੁੱਧ ਕਾਰਵਾਈ ਨਹੀਂ ਸੀ ਤੇ ਇਹ ਬਿਨਾਂ ਜੰਗ ਦੇ ਗੁਜ਼ਰ ਜਾਣ ਵਾਲੀ ਗੱਲ ਸੀ?
ਕਨਿੰਘਮ ਜਹੇ ਨਿਆਏਸ਼ੀਲ ਇਤਹਾਸਕਾਰਾਂ ਨੇ ਲਿਖਿਆ ਹੈ ਕਿ ਬ੍ਰਾਟਫੁਟ ਜਹੇ ਆਦਮੀ ਦਾ ਏਜੰਟ ਹੋਣਾ ਹੀ ਲੜਾਈ ਦਾ ਕਾਰਨ ਸੀ, ਕਿਉਂਕਿ ਇਸ ਨੇ ਜੋ ਕੰਮ ਵੀ ਕੀਤਾ, ਦੋਨਾਂ ਸਰਕਾਰਾਂ ਵਿੱਚ ਲੜਾਈ ਝਗੜਾ ਵਧਾਣ ਦਾ ਕੀਤਾ।
ਦੀਵਾਨ ਮੂਲਰਾਜ ਹਾਕਮ ਮੁਲਤਾਨ ਵੱਲੋਂ ਜਦ ਕੁਛ ਚਿਰ ਦਾ ਖਰਾਜ ਵਸੂਲ ਨਾ ਹੋਇਆ ਤਦ ਸਿੱਖ ਫੌਜ ਨੇ ਮੁਲਤਾਨ ਤੇ ਚੜ੍ਹਾਈ ਕਰਨੀ ਚਾਹੀ। ਮੂਲਰਾਜ ਨੇ ਇਹ ਗੱਲ ਸੁਣਦਿਆਂ ਹੀ ਬ੍ਰਾਟਫੁਟ ਸਾਹਿਬ ਨੂੰ ਚਿੱਠੀ ਲਿਖੀ ਕਿ ਸਿੱਖ ਫੌਜ ਦੇ ਹਮਲਾ ਕਰਨ ਦੀ ਸੂਰਤ ਵਿੱਚ ਇਸ ਦੀ ਅੰਗ੍ਰੇਜ਼ ਵੱਲੋਂ ਸਹਾਇਤਾ ਹੋ ਸਕਦੀ ਹੈ? ਮੁਲਰਾਜ ਦੀ ਇਹ ਚਿੱਠੀ ਬਿਨਾ ਕਿਸੇ ਹੀਲ ਹੁਜਤ ਦੇ ਪਾੜ ਸੁੱਟਣ ਯੋਗ ਸੀ, ਕਿੰਤੂ ਬ੍ਰਾਡਫੁਟ ਨੇ ਇਹ ਕਹਿ ਕੇ ਕਿ ਜੇ ਸਿੱਖ ਫੌਜ ਮੁਲਤਾਨ ਤੇ ਹਮਲਾ ਕਰ ਸਕਦੀ ਹੈ ਤਦ ਕੀ ਓਹ ਅੰਗਰੇਜ਼ੀ ਇਲਾਕੇ ਤੇ ਨਹੀਂ ਕਰ ਸਕਦੀ? ਸਿੱਖਾਂ ਦੀ ਹੱਦ ਤੇ ਆਪਣੀ ਫੌਜ ਹਮਲੇ ਦੀ ਰੋਕ ਲਈ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੰਗਰੇਜ਼ ਅਫਸਰਾਂ ਨੂੰ ਚਿੱਠੀਆਂ ਲਿਖ ਕੇ ਮੂਲਰਾਜ ਦੀ ਮਦਦ ਕਰਨ ਲਈ ਉਭਾਰਿਆ ਤੇ ਸਿੰਧ ਨੂੰ ਫਤਹ ਕਰਨ ਵਾਲੇ ਨੇਪੀਅਰ ਸਾਹਿਬ ਨੂੰ ਵੀ ਜੋ ਕਿ ਇਸ ਦਾ ਮਾਸੀ ਦਾ ਪੁੱਤਰ ਸੀ, ਮੂਲਰਾਜ ਦੀ ਮਦਦ ਲਈ ਲਿਖਿਆ। ਨੇਪੀਅਰ ਸਾਹਿਬ ਓਹੋ ਹੀ ਹਨ, ਜਿਨ੍ਹਾਂ ਨੇ ਸਿੱਖ ਸਵਾਰਾਂ ਦੇ ਇੱਕ ਦਸਤੇ ਤੇ ਜੋ ਡਾਕੂਆਂ ਦਾ ਪਿੱਛਾ ਕਰਦਾ ਸਿੰਧ ਵਿੱਚ ਪੁਜਾ ਸੀ, ਬਜਾਏ ਡਾਕੂਆਂ ਤੇ ਹਮਲਾ ਕਰਨ ਦੇ ਸਿੱਖਾਂ ਤੇ ਹਮਲਾ ਕਰ ਦਿੱਤਾ, ਜਿਸ ਤੋਂ ਸਿੱਖ ਦਰਬਾਰ ਨੇ ਨੇਪੀਅਰ ਤੇ ਬ੍ਰਾਟਫੁਟ ਦੋਨਾਂ ਨੂੰ ਬਹੁਤ ਸ਼ਰਮਿੰਦਾ ਕੀਤਾ, ਕਿੰਤੂ ਇਹ ਫਿਰ ਵੀ ਛੇੜ ਛਾੜ ਤੋਂ ਬਾਜ ਨਹੀਂ ਆਏ।
ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਪ੍ਰਗਟ ਹੋਣ ਤੇ ਸਿਆਣੇ ਆਦਮੀ ਕਹਿ ਰਹੇ ਸਨ ਕਿ ਹੁਣ ਪੰਜਾਬ ਤੇ ਅੰਗ੍ਰੇਜ਼ ਜ਼ਰੂਰ ਹਮਲਾ ਕਰਨਗੇ, ਬਲਕਿ ਓਹਨਾਂ ਦਿਨਾਂ ਦੇ ਅੰਗ੍ਰੇਜ਼ੀ ਅਖਬਾਰਾਂ ਵਿੱਚ ਵੀ ਇਹੋ ਹੀ ਖਿਲਬਿਲੀ ਮਚ ਰਹੀ ਸੀ। ਜਨਰਲ ਕਨਿੰਘਮ ਤੇ ਸਿੰਘ ਯੁੱਧ ਵਿੱਚ ਲਿਖਿਆ ਹੈ ਕਿ ਇਸ ਧੋਖੇਬਾਜ਼ ਤੇ ਤੇਜ਼ ਮਿਜਾਜ਼ ਬ੍ਰਾਟਫੁਟ ਦੇ ਕੰਮਾਂ ਤੋਂ ਗਵਰਨਮੈਂਟ ਅੰਗ੍ਰੇਜ਼ੀ ਵੀ ਖ਼ੁਸ਼ ਨਹੀਂ ਸੀ ਤੇ ਨਾ ਹੀ ਓਹਦੀਆਂ ਚਾਲਾਂ ਨੂੰ: ਜੋ ਪ੍ਰਤੱਖ ਖਰਾਬੀ ਦੀਆਂ ਸਨ, ਕਦੇ ਰੋਕਿਆ। ਸੋ ਜੇ ਕਦੀ ਉਪਰੋਕਤ ਕੰਮਾਂ ਦੇ ਅੰਗ੍ਰੇਜ਼ਾਂ ਦੀ ਮਨਸ਼ਾ ਅਨੁਸਾਰ ਹੋਣ ਦਾ ਸਿੱਖਾਂ ਦੇ ਦਿਲ ਵਿੱਚ ਵਿਸ਼ਵਾਸ ਹੋ ਜਾਏ, ਤਦ ਕੋਈ ਨਿਆਏਸ਼ੀਲ ਓਹਨਾਂ ਨੂੰ ਬੁਰਾ ਨਹੀਂ ਕਹਿ ਸਕਦਾ। ਭਾਵੇਂ ਸਿੱਖ ਕਿਸੇ ਤਰ੍ਹਾਂ ਵੀ ਅੰਗ੍ਰੇਜ਼ਾਂ ਨਾਲ ਵਿਗਾੜ ਕਰਨਾ ਪਸੰਦ ਨਹੀਂ ਕਰਦੇ ਸਨ, ਕਿੰਤੂ ਉਪਰੋਕਤ ਗੱਲਾਂ ਤੋਂ ਸਿੱਖਾਂ ਦੇ ਦਿਲ ਵਿੱਚ ਹਿਲਜੁਲ ਆ ਗਈ ਤੇ ਮੇਹਜਰ ਬ੍ਰਾਟਫੁਟ ਦੀ ਇੱਕ ਹੋਰ ਕਾਰਵਾਈ ਨੇ ਤਾਂ ਸਿੱਖਾਂ ਦੇ ਅੰਦਰ ਉਬਾਲ ਲਿਆ ਦਿਤੇ। ਓਹ ਇਹ ਕਿ ਲੁਧਿਆਣੇ ਦੇ ਪਾਸ ਜੋ ਦੋ ਪਿੰਡ ਲਾਹੌਰ ਦਰਬਾਰ ਦੇ ਸਨ, ਬ੍ਰਾਟਫੁਟ ਨੇ ਓਹ ਅੰਗ੍ਰੇਜ਼ੀ ਇਲਾਕੇ ਵਿੱਚ ਮਿਲਾ ਲਏ ਤੇ ਇਸ ਦੀ ਲੁੱਟ ਦਾ ਬਹਾਨਾ ਇਹ ਬਨਾਇਆ ਕਿ ਸਾਡੇ ਅਪਰਾਧੀ ਇਨਾਂ ਪਿੰਡਾਂ ਵਿੱਚ ਆ ਕੇ ਲੁਕੇ ਰਹਿੰਦੇ ਹਨ। ਸੋ ਕੀ ਉਹ ਆਪਣੇ ਦੋਸਤ ਮਹਾਰਾਜੇ ਦੇ ਇਲਾਕੇ ਵਿੱਚੋਂ ਇਨ੍ਹਾਂ ਨੂੰ ਪ੍ਰਵਾਨੇ ਲਿਖ ਕੇ ਨਹੀਂ ਲੈ ਸਕਦੇ ਸੀ? ਪ੍ਰੰਤੂ ਇੱਥੇ ਤਾਂ ਓਹ ਗੱਲ ਕੀਤੀ ਗਈ ਕਿ ਮੈਂ ਤੁਹਾਡੇ ਨਾਲ ਮਿੱਤਰਤਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਰੋਟੀ ਖਾਣ ਲੱਗਿਆਂ ਤੁਹਾਡੀ ਦਾੜ੍ਹੀ ਹਿਲਦੀ ਹੈ। ਸੋ ਹੁਣ ਸੋਚੋ ਕਿ ਇਕਰਾਰਨਾਮੇ ਕਿਸ ਨੇ ਤੋੜੇ? ਜਦ ਐਹੋ ਜੇਹੇ ਅਨਗਿਣਤ ਇਸ਼ਾਰਿਆਂ ਤੋਂ ਫੌਜ ਖਾਲਸਾ ਨੇ ਜਾਣ ਲਿਆ ਕਿ ਅੰਗ੍ਰੇਜ਼ ਹੁਣ ਸਾਡੇ ਅਨਜਾਣ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੋਹਣਾ ਚਾਹੁੰਦੇ ਹਨ ਤਦ ਓਹਨਾਂ ਦੇ ਦਿਲਾਂ ਵਿੱਚ ਹੀ ਲੜਾਈ ਦੀ ਅੱਗ ਸੁਲਗ ਪਈ। ਓਹਨਾਂ ਦੇ ਦਗੇਬਾਜ਼ ਅਫਸਰਾਂ ਨੇ ਜੋ ਕੁਝ ਮੁੱਦਤ ਪਹਿਲਾਂ ਹੀ ਅੰਗ੍ਰੇਜ਼ਾਂ ਨਾਲ ਮਿਲੇ ਹੋਏ ਸਨ ਤੇ ਅੰਗ੍ਰੇਜ਼ਾਂ ਨਾਲ ਸਾਜ਼ਸ਼ ਕਰ ਕੇ ਅਜਿਹੇ ਸਮੇਂ ਦੀ ਉਡੀਕ ਵਿੱਚ ਸਨ, ਸਿੱਖਾਂ ਨੂੰ ਭੜਕਾਇਆ, ਜਿਸ ਤੋਂ ਸਿੱਖ ਫੌਜ ਅੰਗ੍ਰੇਜ਼ਾਂ ਦੇ ਗਲੇ ਜਾ ਪਈ ਤੇ ਇਕਰਾਰ ਭੰਗ ਕਰਨ ਦਾ ਦੂਸ਼ਣ ਸਿੱਖਾਂ ਤੇ ਲਵਾ ਦਿੱਤਾ।
ਜਦ ਤਕ ਤਾਰੀਖਾਂ ਵਿੱਚ ਹਾਲ ਲਿਖੇ ਰਹਿਣਗੇ ਤਦ ਤਕ ਆਦਮੀਆਂ ਵਿੱਚ ਇਨਸਾਨੀਅਤ ਰਹੇਗੀ ਤੇ ਬੇਈਮਾਨ ਮਨੁੱਖਾਂ ਦੇ ਨਾਮ ਤੇ ਲਾਹਨਤ ਦਾ ਧੱਬਾ ਸਦਾ ਲਗਾ ਰਹੇਗਾ, ਕਿਉਂਕਿ ਇਨ੍ਹਾਂ ਭਿਖ ਮੰਗੇ ਲੋਕਾਂ ਨੇ ਰਾਜਿਆਂ ਦੇ ਖ਼ਿਤਾਬ ਸਿੱਖਾਂ ਤੋਂ ਪਾ ਫਿਰ ਇਸੇ ਰਾਜ ਨੂੰ ਉਖੇੜਨ ਦੀ ਨਿਮਕ ਹਰਾਮੀ ਕੀਤੀ। 'ਜਿਸ ਹਾਂਡੀ ਵਿੱਚ ਖਾਈਏ, ਉਸੇ ਵਿੱਚ ਛੇਕ ਕਰੀਏ' ਅੰਗ੍ਰੇਜ਼ਾਂ ਨੇ ਵੀ ਇਨ੍ਹਾਂ ਦਗੇਬਾਜ਼ ਅਫਸਰਾਂ ਦੀ ਇੱਛਾ ਪੂਰੀ ਕਰਨ ਦਾ ਬਹੁਤ ਭਰੋਸਾ ਦਿੱਤਾ, ਜਿਸ ਤੋਂ ਇਨ੍ਹਾਂ ਨੇ ਸਿੱਖ ਫੌਜ ਨੂੰ ਘੜੀ ਘੜੀ ਜੰਗ ਕਰਨ ਦੀ ਪ੍ਰੇਰਨਾ ਕਰ ਕੇ ਲੜਾਈ ਦਾ ਧੌਂਸਾ ਵਜਾ ਦਿੱਤਾ। ਹੁਣ ਅੰਗ੍ਰੇਜ਼ਾਂ ਦੀਆਂ ਪੋਲੀਟੀਕਲ ਚਾਲਾਂ ਦਾ ਤੇ ਸਿੱਖਾਂ ਦੀ ਜ਼ਬਰਦਸਤੀ ਦਾ ਜੋ ਦਗੇਬਾਜ਼ ਅਫਸਰਾਂ ਦੇ ਉਭਾਰੇ ਹੋਏ ਬਿਨਾਂ ਸੋਚੇ ਅਚਣਚੇਤ ਜਾ ਕੇ ਅੰਗ੍ਰੇਜ਼ਾਂ ਦੇ ਗਲ ਜਾ ਪਏ ਹਿਸਾਬ ਲਾਇਆ ਗਿਆ ਤਦ ਸਾਡੀ ਸਮਝ ਵਿੱਚ ਦੋਵੇਂ ਧਿਰਾਂ ਦੂਸ਼ਣ ਤੋਂ ਬਚ ਨਹੀਂ ਸਕਦੀਆਂ।
ਮਿਸਟਰ ਕਨਿੰਘਮ ਨੇ ਲਿਖਿਆ ਹੈ ਕਿ ਅੰਗ੍ਰੇਜ਼ੀ ਏਜੰਟ ਮਿਸਟਰ ਬ੍ਰਾਟਫੁਟ ਸਾਹਿਬ ਦੀ ਉਸ ਵੇਲੇ ਦੀ ਪਾਲਸੀ ਜੋ ਓਹਨਾਂ ਨੇ ਸਰਹਦੀ ਫੌਜ ਵਧਾਣ ਤੇ ਦਰਯਾਏ ਸਤਲੁਜ ਦੇ ਇਸ ਪਾਰ ਦੇ ਲਾਹੌਰ ਦਰਬਾਰ ਦੇ ਇਲਾਕੇ ਤੇ ਕਬਜ਼ਾ ਕਰਨ ਤੇ ਇੱਕ ਦੋ ਮਾਮਲਿਆਂ ਵਿੱਚ (ਜੇਹਾ ਕਿ ਆਨੰਦਪੁਰ ਆਦਿ ਕਦੇ ਸੋਢੀਆਂ ਦੀ ਜਾਗੀਰ ਮਾਖੋਵਾਲ ਤੇ ਸਰਹੱਦੀ ਪਿੰਡਾਂ ਦੀ ਕੁਰਕੀ ਜਿਨ੍ਹਾਂ ਵਿੱਚ ਅਪਰਾਧੀਆਂ ਦੇ ਲੁਕਣ ਦਾ ਦੂਸ਼ਣ ਸੀ) ਪ੍ਰਤਖ ਰੂਪ ਵਿੱਚ ਅੱਗੇ ਵਧਣਾ ਸੀ, ਅਜੇਹੀ ਨਹੀਂ ਸੀ ਕਿ ਇੱਕ ਕੌਮ ਨੂੰ ਭੜਕਾਣ ਦਾ ਕਾਰਨ ਨਾ ਹੋਂਦਾ। ਸੋ ਇਨ੍ਹਾਂ ਹੀ ਕਾਰਨਾਂ ਤੋਂ ਉਪ੍ਰੋਕਤ ਸਾਹਿਬ ਨੇ ਲਿਖਿਆ ਹੈ ਕਿ:
'ਮੇਹਜਰ ਬ੍ਰਾਟਫੁਟ ਸਾਹਿਬ ਦੇ ਹਰ ਇੱਕ ਕੰਮ ਤੋਂ ਪਹਿਲਾਂ ਦੀ ਰੋਕ ਮਾਲੂਮ ਹੋਂਦੀ ਸੀ ਤੇ ਉਹਨਾਂ ਵਿੱਚੋਂ ਸ਼ੁਭਚਿੰਤਕ ਹੋਣ ਦੀ ਜਗਾ ਵਿਰੋਧਤਾ ਦੀ ਬੂ ਆਉਂਦੀ ਸੀ। ਉਹਨਾਂ ਨੇ ਆਪਣੀ ਇਸ ਰਾਏ ਤੇ ਨੋਟ ਦਿੱਤਾ ਹੈ ਕਿ:
'ਮੇਹਜਰ ਬ੍ਰਾਟਫੁਟ ਦੇ ਪੰਜਾਬ ਵਿੱਚ ਨੀਯਤ ਹੋਣ ਤੋਂ ਲੋਕਾਂ ਨੇ ਲੜਾਈ ਛਿੜਣ ਦਾ ਅਨੁਮਾਨ ਲਾਇਆ ਸੀ ਤੇ ਸਾਰਿਆਂ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਕਾਸ਼! ਕਲਾਰਕ ਸਾਹਿਬ ਹੀ ਏਜੰਟ ਰਹਿੰਦੇ। ਤਦ ਕਦੇ ਵੀ ਸਿੱਖਾਂ ਦੀ ਅੰਗ੍ਰੇਜ਼ਾਂ ਨਾਲ ਲੜਾਈ ਨਾ ਹੋਂਦੀ, ਕਿਉਂਕਿ ਮੇਹਜਰ ਬ੍ਰਾਟਫੁਟ ਬਾਬਤ ਇਹ ਆਮ ਖ਼ਿਆਲ ਸੀ ਕਿ ਓਹ ਸਿੱਖਾਂ ਦਾ ਦੁਸ਼ਮਨ ਹੈ।' ਸੋ ਇਸ ਗੱਲ ਨੂੰ ਸਹੀ ਸਾਬਤ ਕਰਨ ਲਈ ਕਨਿੰਘਮ ਸਾਹਿਬ ਨੇ ਮੇਹਜਰ ਬ੍ਰਾਟਫੁਟ ਦੀਆਂ ਲਿਖਤਾਂ ਦਾ ਹਵਾਲਾ ਵੀ ਦਿੱਤਾ ਹੈ। (ਵੇਖੋ ਤਾਰੀਕ ਕਨਿੰਘਮ ਪੰਨਾ ੨੯੭)
ਕਨਿੰਘਮ ਸਾਹਿਬ ਨੇ ਉਪ੍ਰੋਕਤ ਗੱਲਾਂ ਨੂੰ ਮੁਖ ਰੱਖ ਕੇ ਅੰਗ੍ਰੇਜ਼ਾਂ ਤੇ ਹੀ ਲੜਾਈ ਕਰਨ ਦਾ ਦੂਸ਼ਨ ਲਾਇਆ ਹੈ ਤੇ ਬਿਲਕੁਲ ਸਾਫ਼ ਤੇ ਸਪਸ਼ਟ ਲਫਜ਼ਾਂ ਵਿੱਚ ਲਿਖਿਆ ਹੈ ਕਿ:
'ਭਾਵੇਂ ਇਸ ਗੱਲ ਦਾ ਮੁਢ ਸਿੱਖਾਂ ਵਲੋਂ ਹੋਇਆ, ਕਿੰਤੂ ਇਹ ਖ਼ਿਆਲ ਕਰਨ ਦਾ ਕੋਈ ਸਬੂਤ ਨਹੀਂ ਕਿ ਅੰਗੇਜ਼ਾਂ ਨੇ ਜੋ ਪਾਲਸੀ ਵਰਤੀ, ਉਹ ਪੰਜਾਬ ਵਾਸੀਆਂ ਨਾਲ ਅਮਨ ਨਾਲ ਰਹਿਣ ਵਾਲੀ ਸੀ ਤੇ ਨਾ ਹੀ ਉਸ ਤੋਂ ਇਹ ਪ੍ਰਗਟ ਹੋਂਦਾ ਹੈ ਕਿ ਅੰਗ੍ਰੇਜ਼ਾਂ ਨੇ ਆਪਣੇ ਕੌਲ ਇਕਰਾਰਾਂ ਤੇ ਸਖ਼ਤੀ ਨਾਲ ਪਾਬੰਦੀ ਕੀਤੀ ਸੀ, ਜਾਂ ਬੜੀ ਲੜਾਈ ਤੇ ਦੂਰ ਦਰਸ਼ਤਾ ਤੋਂ ਕੰਮ ਲਿਆ, ਜਿਸ ਤੋਂ ਕਿ ਉਹ ਇੱਕ ਸਭਿਅ ਸਲਤਨਤ ਦੇ ਮੈਂਬਰ ਕਹੇ ਜਾ ਸਕਦੇ, ਖ਼ਾਸ ਕਰ ਅਜੇਹੀ ਹਾਲਤ ਵਿੱਚ ਜਦ ਕਿ ਓਹ ਸਿੱਖਾਂ ਦੀ ਤਾਰੀਖ ਤੇ ਜ਼ਿੰਦਗੀ ਦੇ ਹਾਲਾਤ ਤੋਂ ਜਾਣੂੰ ਸਨ।'
ਗਵਰਨਮੈਂਟ ਦੇ ਸੱਚੀ ਗੱਲ ਕਹਿਣ ਵਿੱਚ ਤਾਂ ਕੋਈ ਸ਼ੁਬ੍ਹਾ ਨਹੀਂ, ਕਿੰਤੂ ਓਹਨਾਂ ਦੀ ਈਮਾਨਦਾਰੀ ਕੇਵਲ ਉਹਨਾਂ ਦੀ ਆਪਣੀ ਅਕਲ ਤੇ ਇਨਸਾਨ ਮਾਤ੍ਰ ਦੇ ਤਕਾਜ਼ੇ ਤੋਂ ਪ੍ਰਵਾਨ ਕੀਤੀ ਜਾ ਸਕਦੀ ਹੈ। (ਵੇਖੋ ਕਨਿੰਘਮ ਸਫਾ ੩੫੦) ਸਾਡਾ ਕਨਿੰਘਮ ਸਾਹਿਬ ਨਾਲ ਇਸ ਕਦਰ ਜ਼ੋਰ ਨਾਲ ਜੋ ਓਹਨਾਂ ਦੀ ਲਿਖਤ ਵਿੱਚ ਹੈ: ਸੰਮਤੀ ਨਹੀਂ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜੇ ਕਦੀ ਮੇਹਜਰ ਬ੍ਰਾਡਫੁਟ ਵਲੋਂ ਇਸ ਤਰ੍ਹਾਂ ਦੀਆਂ ਵਿਰੋਧੀ ਗੱਲਾਂ ਨਾ ਹੋਈਆਂ ਹੋਂਦੀਆਂ, ਤਦ ਸ਼ਾਇਦ ਫੌਜ ਖਾਲਸਾ ਨੂੰ ਭਾਵੇਂ ਦਰਬਾਰ ਵਾਲੇ ਕਿੰਨਾ ਹੀ ਭੜਕਾਉਂਦੇ, ਅੰਗ੍ਰੇਜ਼ਾਂ ਦੇ ਗਲੇ ਪੈਣ ਦੀ ਕਦੇ
ਦਲੇਰੀ ਨਾ ਕਰਦੇ। ਹਾਂ, ਜੇ ਕਦੀ ਪਹਿਲੇ ਸਮੇਂ ਵਿੱਚ ਜਦ ਓਹਨਾਂ ਦਾ ਮਹਾਰਾਜਾ ਜ਼ਿੰਦਾ ਸੀ, ਓਹਨਾਂ ਨੂੰ ਜ਼ਰਾ ਵੀ ਇਸ਼ਾਰਾ ਹੋ ਜਾਂਦਾ ਤਦ ਦਿੱਲੀ ਤਕ ਪੁੱਜਣ ਨੂੰ ਤਯਾਰ ਹੋ ਜਾਂਦੇ। ਕਿੰਤੂ ਜਦ ਲਾਹੌਰ ਦਰਬਾਰ ਦਾ ਆਪਣਾ ਪ੍ਰਬੰਧ ਹੀ ਠੀਕ ਨਹੀਂ ਸੀ, ਤੇ ਲਾਹੌਰ ਦਰਬਾਰ ਪਾਸ ਸਿਵਾਏ ਲੜਾਈ ਝਗੜੇ ਤੇ ਸਾਜ਼ਸ਼ਾਂ ਕਰਨ ਦੇ ਕੋਈ ਕੰਮ ਹੀ ਨਹੀਂ ਰਹਿ ਗਿਆ ਸੀ, ਸਾਲ ਵਿੱਚ ਕਈ ਬਾਦਸ਼ਾਹ ਬਣਦੇ ਤੇ ਕਈ ਵਜ਼ੀਰ ਹੋਂਦੇ ਸਨ, ਸੋ ਜੇ ਕਦੀ ਅਜੇਹੀ ਹਾਲਤ ਵਿੱਚ ਸਰਕਾਰ ਅੰਗ੍ਰੇਜ਼ੀ ਨੇ ਆਪਣੀ ਪਾਲਸੀ ਨੂੰ ਬਦਲਿਆ ਤਾਂ ਕੀ ਗੁਨਾਹ ਕੀਤਾ? ਹਾਂ, ਜੇ ਕਦੀ ਲਾਹੌਰ ਦਰਬਾਰ ਦਾ ਪ੍ਰਬੰਧ ਹੱਛਾ ਹੋਂਦਾ, ਫੌਜ ਵੀ ਆਪਣੀ ਯਾ ਹੁਕਮ ਪਾਬੰਦ ਹੋਂਦੀ ਤੇ ਜਿਹਾ ਕਿ ਵੱਡੇ ਮਹਾਰਾਜਾ ਸਾਹਿਬ ਦੇ ਵੇਲੇ ਹਰ ਇੱਕ ਆਪਣੀ ਜਗ੍ਹਾ ਤੇ ਸੀ, ਓਸੇ ਤਰ੍ਹਾਂ ਇਸ ਵੇਲੇ ਵੀ ਹੋਂਦਾ ਤੇ ਫਿਰ ਸਰਕਾਰ ਅੰਗ੍ਰੇਜ਼ੀ ਆਪਣੀ ਪਾਲਸੀ ਨੂੰ ਬਦਲ ਦੇਂਦੀ ਤਦ ਬੇਸ਼ੱਕ ਸ਼ਕਾਇਤ ਦੀ ਜਗ੍ਹਾ ਸੀ।
੧੨. ਸਿੱਖਾਂ ਦੀ ਪਹਿਲੀ ਲੜਾਈ
ਸਿੱਖ ਫੌਜ ਲੜਾਈ ਦੀ ਤਯਾਰੀ ਕਰ ਕੇ ਸਤਲੁਜ ਦੇ ਕਨਾਰੇ ਤੱਕ ਪੁੱਜ ਗਈ, ਕਿੰਤੂ ਸਰਕਾਰ ਅੰਗ੍ਰੇਜ਼ੀ ਨੇ ਓਸ ਵੇਲੇ ਤਕ ਇਹ ਨਹੀਂ ਸਮਝਿਆ ਸੀ ਕਿ ਸਿੱਖਾਂ ਨੂੰ ਸਾਡੇ ਨਾਲ ਲੜਾਈ ਕਰਨ ਦੀ ਦਲੇਰੀ ਪਵੇਗੀ, ਇਸ ਕਰ ਕੇ ਲੁਧਿਆਣਾ, ਫਿਰੋਜ਼ਪੁਰ ਤੇ ਅੰਬਾਲਾ ਆਦਿਕ ਜਗ੍ਹਾ ਤੇ ਜੇਹੜੀ ਫੌਜ ਕਿ ਪਹਿਲਾਂ ਰੱਖੀ ਹੋਈ ਸੀ, ਓਸ ਵਿੱਚ ਹੋਰ ਕੋਈ ਅਦਲਾ ਬਦਲੀ ਨਹੀਂ ਹੋਈ ਸੀ, ਬਲਕਿ ਦਰਬਾਰ ਲਾਹੌਰ ਦੇ ਫਸਾਦ ਦੇ ਦਿਨਾਂ ਵਿੱਚ ਅੰਗ੍ਰੇਜ਼ਾਂ ਦੀ ਨੀਯਤ ਸਾਫ਼ ਤੇ ਸਹਿਨਸ਼ੀਲਤਾ ਵਾਲੀ ਰਹੀ ਸੀ ਤੇ ਹਰ ਇੱਕ ਅਜੇਹੀ ਗੱਲ ਤੋਂ ਜੋ ਕਿਸੇ ਜ਼ਬਰਦਸਤ ਸਲਤਨਤ ਦੇ ਸਿਰ ਤੇ ਲਗ ਸਕਦੀ ਸੀ, ਆਪਣੇ ਆਪ ਨੂੰ ਬਚਾਈ ਰਖ੍ਯਾ।
੧੩ ਦਸੰਬਰ ਨੂੰ ਸਰ ਹੈਨਰੀ ਸਾਹਿਬ ਦੇ ਹੁਕਮ ਨਾਲ ਬਲੇਂਟਨ ਸਾਹਬ ਨੇ ਜੋ ਬੜੇ ਬਹਾਦਰ ਤੇ ਤਾਕਤਵਰ ਸੀ, ਲਾਰਡ ਗਫ ਨੂੰ ਜੋ ਨਪੋਲੀਅਨ ਦੇ ਸਪਾਹ ਸਲਾਰਾਂ ਵਿੱਚੋਂ ਲੜਾਈ ਦੇ ਹਰ ਢੰਗ ਦਾ ਜਾਣੂੰ ਸੀ, ਮੰਗਾ ਕੇ ਆਪਣੀ ਫੌਜ ਵਿੱਚ ਚੀਫ ਕਮਾਨੀਅਰ ਨੀਯਤ ਕਰ ਦਿੱਤਾ। ਸਿੱਖਾਂ ਦੀ ਫੌਜ ਨੂੰ ਇੱਕ ਆਮ ਇਸ਼ਤਿਹਾਰ ਵਿੱਚ ਪ੍ਰਗਟ ਕੀਤਾ ਗਿਆ ਕਿ:
'ਅੱਜ ਤਕ ਸਾਡੇ ਤੇ ਲਾਹੌਰ ਦਰਬਾਰ ਦੇ ਵਿੱਚ ਮਿੱਤਰਤਾ ਦਾ ਸੰਬੰਧ ਰਿਹਾ ਹੈ ਤੇ ਗ੍ਵਰਨਮੈਂਟ ਅੰਗ੍ਰੇਜ਼ੀ ਨੇ ੧੮੦੯ ਦੇ ਅਹਿਦਨਾਮੇ ਨੂੰ ਮਹਾਰਾਜੇ ਦੇ ਰਾਜ ਅਧਕਾਰੀਆਂ ਨਾਲ ਵੀ ਕਾਇਮ ਰਖ੍ਯਾ ਹੈ। ਪ੍ਰੰਤੂ ਹੁਣ ਫੌਜ ਨੇ ਲਾਹੌਰ ਦਰਬਾਰ ਦੇ ਕਹੇ ਤੇ ਸਾਡੇ ਨਾਲ ਲੜਾਈ ਕਰਨ ਦੀ ਇੱਛਾ ਕਰ ਕੇ ਇਕਰਾਰ ਨਾਮੇ ਨੂੰ ਤੋੜ ਦਿੱਤਾ ਹੈ। ਇਸ ਕਰ ਕੇ ਗਵਰਨਰ ਜਨਰਲ ਬਹਾਦਰ ਦੀ ਮਨਸ਼ਾ ਹੈ ਕਿ ਅਜੇ ਵੀ ਸਿੱਖ ਆਪਣੇ ਖ਼ਿਆਲ ਤੋਂ ਹਟ ਜਾਣ, ਨਹੀਂ ਤਾਂ ਗਵਰਨਮੈਂਟ ਅੰਗ੍ਰੇਜ਼ੀ ਨੂੰ ਮਜਬੂਰ ਹੋ ਕੇ ਆਪਣੇ ਦਰਜੇ ਤੇ ਰੁਤਬੇ ਨੂੰ ਕਾਇਮ ਰਖਣ ਲਈ ਪ੍ਰਣ ਤੋੜਨ ਵਾਲਿਆਂ ਨੂੰ ਸਖ਼ਤ ਡੰਡ ਦੇਣਾ ਪਏਗਾ।'
ਇਸ ਇਸ਼ਤਹਾਰ ਵਿੱਚ ਇਹ ਵੀ ਪ੍ਰਗਟ ਕੀਤਾ ਗਿਆ ਸੀ 'ਦਰਯਾਏ ਸਤਲੁਜ ਦੇ ਇਸ ਪਾਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਜ਼ਬਤ ਹੋ ਕੇ ਸਰਕਾਰ ਅੰਗ੍ਰੇਜ਼ੀ ਦੇ ਇਲਾਕੇ ਵਿੱਚ ਸ਼ਾਮਲ ਹੋ ਗਿਆ ਹੈ' ਕਿੰਤੂ ਜਦ ਸਰਕਾਰ ਅੰਗਰੇਜ਼ੀ ਨੇ ਵੇਖਿਆ ਕਿ ਇਸ ਇਸ਼ਤਿਹਾਰ ਦਾ ਕੁਝ ਅਸਰ ਨਹੀਂ ਹੋਇਆ ਤਦ ਲਾਰਡ ਹਾਰਡਿੰਗ ਨੇ ਫੌਜੀ ਅਫਸਰਾਂ ਦੇ ਨਾਮ ਜ਼ਰੂਰੀ ਹੁਕਮ ਜਾਰੀ ਕਰ ਕੇ ਸਰਕਾਰੀ ਫੌਜ ਨੂੰ ਅੱਗੇ ਵਧਣ ਵਾਸਤੇ ਕਿਹਾ ਤੇ ਆਪ ਲੁਧਿਆਣੇ ਅੱਪੜ ਕੇ ਜਿੱਥੇ ਪੰਜ ਦੇਸੀ ਪਲਟਣਾਂ, ਇੱਕ ਦੇਸੀ ਰਸਾਲਾ ਤੇ ਦੋ ਤੋਪਖਾਨੇ ਸਨ, ਪੱਕਾ ਕੀਤਾ ਤੇ ਉੱਤਰ ਤੇ ਲਹਿੰਦੇ ਦੀ ਫੌਜ ਨੂੰ ਵੀ ਪੰਜਾਬ ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ ਤੇ ਹਰ ਇੱਕ ਮੁਕਾਮ ਤੋਂ ਫੌਜਾਂ ਚੱਲ ਪਈਆਂ। ਉਸ ਵੇਲੇ ਸਭ ਤੋਂ ਨੇੜੇ ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲੇ ਦੀ ਫੌਜ ਸੀ।
ਕਨਿੰਘਮ ਸਾਹਿਬ ਲਿਖਦੇ ਹਨ ਕਿ ਉਸ ਵੇਲੇ ਸਿੱਖਾਂ ਦੀ ਫੌਜ ਜੋ ਫਿਰੋਜ਼ਪੁਰ ਵਲ ਵਧੀ, ੩੦-੩੨ ਹਜ਼ਾਰ ਸਪਾਹੀ ਤੇ ੬੨ ਤੋਪਾਂ ਸਨ, ਜਿਸ ਦੀ ਅਫਵਾਹ ੬੦-੭੦ ਹਜ਼ਾਰ ਫੌਜ ਤੇ ੧੫੦ ਤੋਪ ਰਹੀ ਸੀ, ਕਿਉਂਕਿ ਵਿਰੋਧੀ ਫੌਜ ਦੀ ਗਿਣਤੀ ਜਿੰਨੀ ਵਧੀਕ ਕਹੀ ਜਾਏ ਓਨਾ ਹੀ ਆਪਣੀ ਫੌਜ ਦਾ ਹੌਂਸਲਾ ਵਧਦਾ ਹੈ। ਕਈ ਇਤਿਹਾਸਕਾਰਾਂ ਨੇ ਵੀ ਇਸ ਅਫਵਾਹ ਅਨੁਸਾਰ ਹੀ ਫੌਜ ਦੀ ਗਿਣਤੀ ਲਿਖ ਰਖੀ ਹੈ ਤੇ ਹੈ ਵੀ ਠੀਕ, ਅਜੇਹੇ ਮੌਕੇ ਤੇ ਦੋਨੋਂ ਧਿਰਾਂ ਆਪਣੀ ਗਿਣਤੀ ਵਧਾ ਕੇ ਦਸਦੇ ਹਨ। ਨਹੀਂ ਤਾਂ ਸਾਨੂੰ ਕੋਈ ਅਜਿਹਾ ਪੱਕਾ ਸਬੂਤ ਨਹੀਂ ਮਿਲਦਾ, ਜਿਸ ਤੋਂ ਇਹ ਲਿਖ ਸਕੀਏ ਕਿ ਸਿੱਖ ਫੌਜ ਦੀ ਗਿਣਤੀ ਅੰਗ੍ਰੇਜ਼ੀ ਫੌਜ ਨਾਲੋਂ ਵਧੀਕ ਸੀ। ਰਾਜਾ ਲਾਲ ਸਿੰਘ ਜੋ ਉਸ ਵੇਲੇ ਖਾਲਸਾ ਫੌਜਾਂ ਦਾ ਕਮਾਂਡਿੰਗ ਅਫਸਰ ਸੀ, ਸਤਲੁਜ ਤੋਂ ਪਾਰ ਲੰਘ ਕੇ ਫਿਰੋਜ਼ਪੁਰ ਵੱਲ ਮੂੰਹ ਕੀਤਾ। ਇੱਥੇ ਸਰ ਜਾਨ ਲਿਟਲਰ ਸਾਹਿਬ ੮ ਹਜ਼ਾਰ ਸਿਪਾਹ ਤੇ ੩੧ ਤੋਪਾਂ ਲੈ ਕੇ ਸਿੱਖਾਂ ਨਾਲ ਟਾਕਰਾ ਕਰਨ ਲਈ ਤਿਆਰ ਸੀ। ਕਿੰਤੂ ਇੰਨੀ ਫੌਜ ਸਿੱਖਾਂ ਦੇ ਟਾਕਰੇ ਲਈ ਕਾਫੀ ਨਹੀਂ ਸੀ। ਇਸ ਕਰ ਕੇ ਫਿਰੋਜ਼ਪੁਰ ਦੇ ਏਜੰਟ ਕਪਤਾਨ ਨਿੱਕਲਸਨ ਸਾਹਿਬ ਨੇ ਰਾਜਾ ਲਾਲ ਸਿੰਘ ਨੂੰ ਇਹ ਲਿਖਿਆ ਕਿ ਤੁਸੀਂ ਜੋ ਆਪਣੇ ਆਪ ਨੂੰ ਸਰਕਾਰ ਅੰਗ੍ਰੇਜ਼ੀ ਦੇ ਖੈਰਖਾਹ ਤੇ ਦੋਸਤ ਲਿਖਦੇ ਹੋ ਤੇ ਖਤਾਂ ਵਿੱਚ ਪੁੱਛਦੇ ਹੋ ਕਿ ਕੀ ਕਰੀਏ? ਸੋ ਖਾਲਸਾ ਫੌਜ ਨੂੰ ਫਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕੋ। ਲਾਲ ਸਿੰਘ ਨੇ ਇਸ ਹੁਕਮ ਨੂੰ ਨੌਕਰਾਂ ਵਾਂਗ ਮੰਨਿਆ ਤੇ ਜੇਹੜੀ ਖਾਲਸਾ ਫੌਜ ਫਿਰੋਜ਼ਪੁਰ ਤੇ ਹਮਲਾ ਕਰਨਾ ਚਾਹੁੰਦੀ ਸੀ ਕਿਹਾ ਕਿ ਖਾਲਸਾ ਜੀ! ਗੁਰੂ ਸਾਹਿਬ ਨੇ ਖਾਲਸੇ ਨੂੰ ਸਿੰਘ, ਅਰਥਾਤ ਸ਼ੇਰ ਬਣਾਇਆ ਹੈ। ਸ਼ੇਰ ਹਾਥੀਆਂ ਦੇ ਝੁੰਡਾਂ ਤੇ ਹਮਲਾ ਕਰਦਾ ਸੋਭਦਾ ਹੈ ਨਾ ਕਿ ਬੱਕਰੀਆਂ ਦੇ ਅੱਯੜ ਤੇ। ਇਸ ਕਰ ਕੇ ਮੈਂ ਲਾਟ ਸਾਹਿਬ ਤੋਂ ਬਿਨਾਂ ਕਿਸੇ ਹੋਰ ਨਾਲ ਲੜਨਾ ਆਪਣੀ ਹੱਤਕ ਸਮਝਦਾ ਹਾਂ। ਇਹ ਤੇ ਐਹੋ ਜੇਹੀਆਂ ਹੋਰ ਗੱਲਾਂ ਕਹਿੰਦੇ ਦਗੇਬਾਜ਼ ਬ੍ਰਾਹਮਣਾਂ ਨੇ ਫੌਜ ਖਾਲਸਾ ਨੂੰ ਫੇਰੂ ਕੇ ਸ਼ਹਿਰ ਦੇ ਪਾਸ ਰੇਤ ਦੇ ਟਿੱਬਿਆਂ ਤੇ ਜਿੱਥੇ ਪਾਣੀ ਵੀ ਪੀਣ ਜੋਗਾ ਨਹੀਂ ਮਿਲਦਾ ਸੀ, ਲੈ ਆਂਦਾ ਤੇ ਨਾ ਹੀ ਓਥੇ ਕੁਝ ਕਮਸਰੇਟ ਦਾ ਸਾਮਾਨ ਤੇ ਪ੍ਰਬੰਧ ਸੀ, ਕਿਉਂਕਿ ਲਾਲ ਸਿੰਘ ਤੇ ਤੇਜਾ ਸਿੰਘ ਦੀ ਮਨਸ਼ਾ ਤਾਂ ਸਿੱਖ ਫੌਜ ਨੂੰ ਤਾਕਤਵਰ ਫੌਜ ਤੋਂ ਤਬਾਹ ਕਰਾਣ ਦਾ ਸੀ ਨਾ ਕਿ ਅੰਗ੍ਰੇਜ਼ਾਂ ਤੇ ਫਤਹ ਹਾਸਲ ਕਰਨ ਦਾ ਸੀ। ਜੇ ਕਦੀ ਇਹ ਦੋਨੋਂ ਅਫਸਰ ਸਿੱਖ ਸੈਨਾ ਦਾ ਨਾਸ ਕਰਨਾ ਹੀ ਆਪਣਾ ਪ੍ਰੋਯਜਨ ਨਾ ਬਣਾ ਲੈਂਦੇ ਤਦ ਉਸ ਵੇਲੇ ਹਮਲਾ ਕਰ ਕੇ ਖਾਲਸਾ ਫੌਜ ਫਿਰੋਜ਼ਪੁਰ ਦੀ ਅੰਗ੍ਰੇਜ਼ ਸੈਨਾ ਨੂੰ ਪਲਕਾਰੇ ਵਿੱਚ ਢੇਰ ਕਰ ਦੇਂਦੀ। ਫਿਰੋਜ਼ਪੁਰ ਦਾ ਮੈਗਜ਼ੀਨ ਤੇ ਖ਼ਜ਼ਾਨਾ (੪੫ ਲੱਖ ਰੁਯਾ) ਤੇ ਇਸੇ ਤਰ੍ਹਾਂ ਬਿਨਾ ਲੜਾਈ ਕੀਤੇ ਲੁਧਿਆਣਾ ਤੇ ਅੰਬਾਲਾ ਵੀ ਸਿੱਖਾਂ ਦੇ ਕਬਜ਼ੇ ਵਿੱਚ ਆ ਜਾਂਦਾ, ਕਿੰਤੂ ਖਾਲਸਾ ਫੌਜ ਦੇ ਬੇਧਰਮੇਂ ਸੈਨਾਪਤੀਆਂ ਦੀ ਇਹ ਇੱਛਾ ਸੀ ਕਿ ਅਸੀਂ ਅੰਗ੍ਰੇਜ਼ਾਂ ਦੀ ਥੋੜੀ ਜੇਹੀ ਫੌਜ ਨਾਲ ਹੀ ਸਿੱਖ ਸੈਨਾ ਦਾ ਨਾਸ ਕਰਾਣਾ ਹੈ। ਫਿਰ ਉਹ ਕਿੱਕੁਣ ਸਿੱਖਾਂ ਨੂੰ ਫਤਹਯਾਬ ਹੋਣ ਦੇਂਦੇ? (ਦੇਖੋ ਸਿੰਘ ਯੁੱਧ ਪੰਨਾ ੨੯) ਸਰ ਚਾਰਲਸ ਸਾਹਿਬ ਆਪਣੀ ਹਿਸਟਰੀ ਵਿੱਚ ਲਿਖਦੇ ਹਨ ਕਿ ਜੇ ਕਦੀ ਖਾਲਸਾ ਫੌਜ ਨੂੰ ਫ਼ਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕ ਕੇ ਧੋਖੇਬਾਜ਼ ਲਾਲ ਸਿੰਘ ਅੱਗੇ ਨਾ ਲੈ ਜਾਂਦਾ ਜਾਂ ਜਿਸ ਤਰ੍ਹਾਂ ਖਾਲਸਾ ਫੌਜ ਨੂੰ ਲੈ ਕੇ ਲਾਰਡ ਹਾਰਡਿੰਗ ਦੇ ਕੈਂਪ ਤੇ ਗਿਆ ਸੀ ਹਮਲਾ ਕਰ ਦੇਂਦਾ ਤਦ ਪੂਰਾ ਯਕੀਨ ਸੀ ਕਿ ਸਿੱਖਾਂ ਦੀ ਇੱਛਾ ਪੂਰੀ ਹੋ ਜਾਂਦੀ। ਦੂਜਾ ਲਡਲੂ ਸਾਹਿਬ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੋ ਕੰਮਾਂ ਦੇ ਹੋ ਜਾਣ ਪਿੱਛੋਂ ਵੀ ਸਿੱਖਾਂ ਦੇ ਇਹਨਾਂ ਵੱਡੇ ਅਫਸਰਾਂ ਦੀਆਂ ਹਜ਼ਾਰਾਂ ਦਗੇਬਾਜ਼ੀਆਂ ਹੋਣ ਤੇ ਵੀ ਅੰਗ੍ਰੇਜ਼ ਜਿੱਤ ਨਹੀਂ ਸਕਦੇ ਸਨ। ਤੀਜਾ ਇੱਕ ਹੋਰ ਸਾਹਿਬ ਲਿਖਦੇ ਹਨ ਕਿ ਜੇ ਕਦੀ ਤੇਜਾ ਸਿੰਘ ਅਤੇ ਲਾਲ ਸਿੰਘ ਦੋ ਦਗੇਬਾਜ਼ ਖਾਲਸਾ ਫੌਜ ਵਿੱਚ ਨਾ ਹੁੰਦੇ ਜਾਂ ਖਾਲਸਾ ਇਨ੍ਹਾਂ ਦਾ ਹੁਕਮ ਨਾ ਮੰਨਦਾ ਤਦ ਜ਼ਰੂਰ ਹਿੰਦੁਸਤਾਨ ਖਾਲਸੇ ਦੇ ਹੱਥ ਆ ਜਾਂਦਾ ਤੇ ਅੰਗ੍ਰੇਜ਼ਾਂ ਨੂੰ ਝਟਪਟ ਹੀ ਸੁਲਾਹ ਕਰਨੀ ਪੈਂਦੀ।
ਚੌਥਾ ਮਕ ਸਾਹਿਬ ਨੇ ਸਿੱਖਾਂ ਦੀ ਤਾਰੀਖ ਲਿਖਦੇ ਹੋਏ ਦੱਸਿਆ ਹੈ ਕਿ ਜੇ ਕਦੀ ਲਾਲ ਸਿੰਘ ਤੇ ਤੇਜਾ ਸਿੰਘ ਸਿੱਖਾਂ ਨੂੰ ਧੋਖੇ ਦੇ ਨਾਲ ਸੁਵਾ ਰਖਾਨ ਦੀ ਜਗ੍ਹਾ ਅੱਗੇ ਵਧਾ ਕੇ ਮੁਲਕ ਵਿੱਚ ਫੈਲਾ ਦੇਂਦੇ ਤਦ ਇੰਨੀ ਜਲਦੀ ਅੰਗ੍ਰੇਜ਼ ਕਦੇ ਵੀ ਫਤਹ ਨਾ ਪਾ ਸਕਦੇ, ਕਿਉਂਕਿ ਇਹ ਸਾਰਾ ਇਲਾਕਾ ਸਿੱਖਾਂ ਦਾ ਸੀ; ਆਮ ਲੋਕੀ ਵੀ ਨਾਲ ਮਿਲ ਜਾਂਦੇ, ਫਿਰ ਜੇ ਕਦੀ ਕੋਈ ਮੁਲਕ ਦਾ ਮਾਲਕ ਬਣਦਾ ਤਾਂ ਦੇਸੀ ਰਾਜਾ ਬਣਦਾ, ਪ੍ਰਦੇਸੀ ਕਦੇ ਬਾਦਸ਼ਾਹੀ ਨਹੀਂ ਕਰ ਸਕਦਾ ਸੀ। ਭਾਵੇਂ ਉਸ ਵੇਲੇ ਸਿੱਖਾਂ ਦੇ ਦੋਨੋਂ ਅਫਸਰ ਬੁਰੀਆਂ ਸੋਚਾਂ ਵਿੱਚ ਸਨ, ਕਿੰਤੂ ਸਿੱਖ ਆਪਣੀ ਕੌਮ ਲਈ ਆਪਣਾ ਖ਼ੂਨ ਵੀਟਨ ਨੂੰ ਤਯਾਰ ਸਨ ਤੇ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਜਿਉਂਦੇ ਜੀ ਕੋਈ ਬਦੇਸ਼ੀ ਉਹਨਾਂ ਤੇ ਹਕੂਮਤ ਕਰੇ। ਹਰ ਇੱਕ ਸਿੱਖ ਆਪਨੇ ਆਪ ਨੂੰ ਬਾਦਸ਼ਾਹ ਦਾ ਨੌਕਰ ਸਮਝ ਕੇ ਆਇਆ ਸੀ। ਉਹਨਾਂ ਦੀ ਦਿਲੀ ਖਿੱਚ ਤੇ ਹਮਦਰਦੀ ਇਸ ਗੱਲ ਤੋਂ ਪ੍ਰਗਟ ਹੁੰਦੀ ਹੈ ਕਿ ਹਰ ਇੱਕ ਸਪਾਹੀ ਮਜ਼ਦੂਰਾਂ ਤਕ ਦੇ ਕੰਮ ਆਪ ਕਰ ਲੈਂਦਾ ਸੀ। ਬੰਦੂਕ ਚਕਦਾ, ਤਲਵਾਰ ਚਲਾਂਦਾ ਤੇ ਗੱਡੀ ਵੀ ਟੋਰ ਲੈਂਦਾ ਸੀ। ਖਾਲਸਾ ਭਾਵੇਂ ਬੜਾ ਤਯਾਰ ਬਰ-ਤਯਾਰ ਤੇ ਪੱਕੇ ਦਿਲ ਵਾਲਾ ਸਪਾਹੀ ਸੀ, ਕਿੰਤੂ ਇਸ ਤੋਂ ਪਹਿਲਾਂ ਉਸ ਨੂੰ ਵੀ ਅਜੇਹੇ ਦੁਸ਼ਮਨ ਨਾਲ ਕਦੇ ਵਾਹ ਨਹੀਂ ਪਿਆ ਸੀ। ਸੋ ਖਾਲਸੇ ਨੇ ਮੁਦਕੀ ਦੇ ਮੁਕਾਮ ਤੇ ਫਿਰੋਜ਼ਪੁਰ ਛੱਡ ਕੇ ਮੋਰਚੇ ਜਾ ਲਾਏ। ਜਦ ਇਹ ਖ਼ਬਰ ਲਾਰਡ ਹਾਰਡਿੰਗ ਨੂੰ ਜੋ ਬੜਾ ਬਹਾਦਰ ਸਪਾਹੀ ਸੀ ਪੁੱਜੀ ਕਿ ਸਿੱਖ ਫੌਜ ਜੰਗ ਦੀ ਇੱਛਾ ਨਾਲ ਆ ਰਹੀ ਹੈ, ਤਦ ਓਹ ਘੋੜਾ ਦੁੜਾ ਕੇ ਆਪਣੀ ਫੌਜ ਦੇ ਵਿਚਕਾਰ ਜਾ ਖਲੋਤਾ। ਪੂਰਬੀਏ ਸਪਾਹੀ ਕੋਈ ਰੋਟੀ ਖਾਂਦੇ ਤੇ ਕੋਈ ਖਾ ਚੁੱਕੇ ਸਨ ਤੇ ਕੋਈ ਪਕਾ ਹੀ ਰਹੇ ਸਨ। ਜੰਗ ਦਾ ਬਿਗਲ ਵੱਜਣ ਤੇ ਫੌਜ ਖਾਣਾ ਪੀਣਾ ਛੱਡ ਕੇ ਝਟ ਲੜਾਈ ਤੇ ਤਯਾਰ ਹੋ ਗਈ। ਜਨਰਲ ਸਰ ਹੈਨਰੀ ਸਮਿਥ ਸਾਹਿਬ ਇੱਕ ਹਿੱਸਾ ਸਵਾਰ ਫੌਜ ਤੇ ਘੋੜਿਆਂ ਦੇ ਤੋਪਖਾਨੇ ਨਾਲ ਲੈ ਕੇ ਅੱਗੇ ਵਧਿਆ, ਜਿਸ ਵਿੱਚ ਮੇਜਰ ਸਰਜੇਲ ਮੈਕਸਲ ਸਾਹਿਬ ਇੱਕ ਬਰਗੇਡ ਤੇ ਜਰਨਲ ਗਿਲਬਰਟ ਸਾਹਿਬ ਆਪਣੇ ਪੰਜ ਤੁਰਪ ਤੋਪਖਾਨੇ ਸਮੇਤ ਕਰਨੈਲ ਬਰਕ ਸਾਹਿਬ ੧੨ ਘੋੜਿਆਂ ਵਾਲੀਆਂ ਤੋਪਾਂ ਸਮੇਤ ਤੇ ਇੱਕ ਡਵੀਜ਼ਨ ਅਰਥਾਤ ਫੌਜ ਦਾ ਹਿੱਸਾ, ਜਿਸ ਵਿੱਚ ਇੱਕ ਰਸਾਲਾ ਈਟਡਰੇਗਨ, ਦੂਜਾ ਬਾਡੀਗਾਰਡ ਰਸਾਲਾ, ਤੀਜਾ ਲਾਈਟ ਕੇਵਲਰੀ ਤੁਰਕ ਸਵਾਰਾਂ ਦਾ, ਚੌਥਾ ੯ ਨੰਬਰ ਦੀ ਰਜਮਟ ਹਿੰਦੁਸਤਾਨੀ ਸਵਾਰਾਂ ਦੀ ਸਿੱਖਾਂ ਦੇ ਮੁਕਾਬਲੇ ਦੇ ਵਾਸਤੇ ੧੨ ਘੋੜਿਆਂ ਵਾਲੀਆਂ ਤੋਪਾਂ ਲੈ ਕੇ ਅੱਗੇ ਵਧੀ ਤੇ ਪੈਦਲ ਫੌਜ ਜਮਾ ਕੇ ਖੜੀ ਕੀਤੀ।
ਇਸ ਮੈਦਾਨ ਵਿੱਚ ਦਰੱਖਤ ਘਟ ਤੇ ਬਾਲੂ ਦੇ ਟਿੱਬੇ ਬਹੁਤ ਸਨ, ਜਿਨ੍ਹਾਂ ਦੀ ਆੜ ਵਿੱਚ ਸਿੱਖ ਫੌਜ ਆ ਰਹੀ ਸੀ। ਜਦ ਸਿੱਖਾਂ ਨੇ ਅੰਗ੍ਰੇਜ਼ੀ ਫੌਜ ਨੂੰ ਖੜਿਆਂ ਵੇਖਿਆ ਤਦ ਇੱਕ ਦਮ ਗੋਲਾਬਾਰੀ ਸ਼ੁਰੂ ਕਰ ਦਿੱਤੀ ਤਦ ਫਿਰ ਉਧਰੋਂ ਅੰਗ੍ਰੇਜ਼ਾਂ ਨੇ ਵੀ ਤੋਪਾਂ ਦੇ ਮੂੰਹ ਖੋਹਲ ਦਿਤੇ। ਓਸ ਵੇਲੇ ਦੀ ਸਿੱਖ ਫੌਜ ਦੀ ਗਿਣਤੀ ਭਾਵੇਂ ੨੦-੨੫ ਹਜ਼ਾਰ ਲਿਖੀ ਹੈ, ਕਿੰਤੂ ਜਨਰਲ ਕਨਿੰਘਮ ਸਾਹਿਬ ਲਿਖਦੇ ਹਨ ਕਿ ੨ ਹਜ਼ਾਰ ਪੈਦਲ ੧੦ ਹਜ਼ਾਰ ਸਵਾਰ ੨੨ ਤੋਪਾਂ ਤੋਂ ਵਧੀਕ ਨਹੀਂ ਸੀ। ਅੰਗਰੇਜ਼ੀ ਫੌਜ ੧੧ ਹਜ਼ਾਰ, ੪੨ ਘੋੜਿਆਂ ਵਾਲੀਆਂ ਤੋਪਾਂ ਸਨ। ਜਦ ਇਧਰੋਂ ਅੰਗਰੇਜ਼ੀ ਫੌਜ ਅੱਗੇ ਵਧੀ ਤਦ ਓਧਰੋਂ ਖਾਲਸਾ ਵੀ ਸ਼ੇਰਾਂ ਦੀ ਤਰ੍ਹਾਂ ਗਜਦਾ ਧਰਤੀ ਨੂੰ ਕੰਬਾਦਾ ਸਿਰ ਤੇ ਆ ਪੁੱਜਾ। ਸਿੱਖ ਗੋਲ ਅੰਦਾਜ਼ਾਂ ਨੇ ਇੱਕੋ ਵੇਰ ਇੰਜ ਤੋਪਾਂ ਚਲਾਈਆਂ ਕਿ ਅੱਗੇ ਵਧਣ ਵਾਲੀ ਪੈਦਲ ਫੌਜ ਨੂੰ ਰੋਕ ਦਿੱਤਾ।
ਜਨਰਲ ਬੇਲੰਗਟਨ ਤੇ ਬਰਕ ਸਾਹਿਬ ਜੋ ਹੁਣੇ ਹੀ ਇੱਕ ਮਸ਼ਹੂਰ ਟਗਸੀਉ ਨਪੋਲੀਅਨ ਬੋਨਾਪਾਰਟ ਨੂੰ ਜਿੱਤ ਕੇ ਆਏ ਸਨ, ਆਪਣੀ ੬ ਹਜ਼ਾਰ ਘੋੜ ਚੜੀ ਫੌਜ ਨੂੰ ਪਿੱਛੋਂ ਦੂਰ ਦੂਰ ਤੋਂ ਲਿਆ ਕੇ ਸੱਜੇ ਖੱਬੇ ਪਾਸਿਆਂ ਤੋਂ ਸਿੱਖਾਂ ਤੇ ਹਮਲਾ ਕੀਤਾ ਤੇ ਅੱਗੋਂ ਅੰਗ੍ਰੇਜ਼ੀ ਤੋਪਾਂ ਨੇ ਅੱਗ ਵਸਾ ਸਿੱਖਾਂ ਦੀ ਤੋਪਾਂ ਦੇ ਮੂੰਹ ਬੰਦ ਕਰ ਦਿੱਤੇ। ਬਹੁਤ ਸਾਰੇ ਗੋਰੇ ਮਤਵਾਲੇ ਹੋ ਕੇ ਸਿੱਖਾਂ ਦੀਆਂ ਤੋਪਾਂ ਤੇ ਆ ਪਏ ਤੇ ਕਿੱਲ ਠੋਕ ਕੇ ਤੋਪਾਂ ਨਕੰਮੀਆਂ ਕਰ ਦਿੱਤੀਆਂ। ਭਾਵੇਂ ਓਹ ਉੱਥੇ ਹੀ ਮਾਰੇ ਗਏ,
ਕਿੰਤੂ ਆਪਣੀ ਕੌਮ ਨੂੰ ਜਿੱਤ ਦਵਾਣ ਲਈ ਕੁਰਬਾਨ ਹੋ ਗਏ। ਅੰਗ੍ਰੇਜ਼ੀ ਪਲਟਨ ਵੀ ਸਿੱਖ ਫੌਜ ਤੇ ਹਮਲਾ ਕਰ ਕੇ ਆ ਗਈ। ਫਿਰ ਦੁਹਾਂ ਸਿਰਾਂ ਤੋਂ ਤੱਕੜੀ ਮੁੱਠਭੇੜ ਹੋ ਪਈ। ਅੰਗਰੇਜ਼ੀ ਪਿਆਦੇ, ਫੌਜ ਦੇ ਅਫਸਰ, ਸਰ ਜਾਨ ਮੈਕਸਲ, ਸਰ ਐਜ਼ ਸਮਿਥ ਤੇ ਗਿਲਬਰਟ ਸਾਹਿਬ ਸਨ।
ਸਿੱਖ ਫੌਜ ਦੇ ਅਫਸਰ ਦਗ਼ੇਬਾਜ਼ ਲਾਲ ਸਿੰਘ ਤੋਂ ਬਿਨਾਂ ਅਜੁਧਿਆ ਪ੍ਰਸ਼ਾਦ, ਅਮਰ ਨਾਥ, ਬਖ਼ਸ਼ੀ ਘਨੱਯਾ ਲਾਲ, ਜਨਰਲ ਚਤਰ ਸਿੰਘ ਕਾਲਿਆਂ ਵਾਲਾ, ਜਨਰਲ ਰਾਮ ਸਿੰਘ, ਜਨਰਲ ਬੁਧ ਸਿੰਘ ਆਦਿਕ ਮਸ਼ਹੂਰ ਜਰਨੈਲ ਸਨ, ਜਿਨ੍ਹਾਂ ਦੇ ਪ੍ਰੇਰੇ ਹੋਏ ਸਿੱਖ ਇਸ ਬਹਾਦਰੀ ਨਾਲ ਲੜੇ ਕਿ ਉਹਨਾਂ ਦਾ ਕਦਮ ਅੱਗੇ ਹੀ ਅੱਗੇ ਵਧਦਾ ਗਿਆ ਤੇ ਲਾਸ਼ਾਂ ਦੇ ਢੇਰ ਲਾ ਦਿਤੇ। ਜੇ ਕਦੀ ਇੱਕ ਦੋ ਘੜੀਆਂ ਹੋਰ ਅਜੇਹੀ ਲੜਾਈ ਹੋਂਦੀ, ਜਿਸ ਨੂੰ ਵੇਖ ਕੇ ਗਿਲਬਰਟ ਤੇ ਗਫ ਸਾਹਿਬ ਘਬਰਾ ਗਏ ਸਨ, ਤਦ ਜ਼ਰੂਰ ਫਤਹ ਸਿੱਖ ਫੌਜ ਦੇ ਹੱਥ ਆਉਂਦੀ। ਕਿੰਤੂ ਦਗੇਬਾਜ਼ ਤੇ ਨਿਮਕ ਹਰਾਮ ਲਾਲ ਸਿੰਘ ਨੇ ਜੋ ਪਹਿਲਾਂ ਹੀ ਅੰਗ੍ਰੇਜ਼ਾਂ ਨਾਲ ਫੈਸਲਾ ਕਰ ਚੁੱਕਾ ਸੀ ਕਿ ਸਿੱਖਾਂ ਨੂੰ ਦੌੜਾ ਕੇ ਪਿੱਛੇ ਲੈ ਜਾਵਾਂਗਾ, ਜਦ ਵੇਖਿਆ ਕਿ ਸਿੱਖਾਂ ਦਾ ਪੈਰ ਅੱਗੇ ਵਧ ਰਿਹਾ ਹੈ ਤਦ ਠੀਕ ਉਸ ਵੇਲੇ ਜਦ ਕਿ ਫਤਹ ਹੋਣ ਲੱਗੀ ਸੀ, ਆਪਣੀ ਸੈਨਾ ਨੂੰ ਖੁਆਰ ਕਰਨ ਲਈ ੪ ਹਜ਼ਾਰ ਸਪਾਹੀ ਜਿਨ੍ਹਾਂ ਵਿੱਚ ਡੋਗਰੇ ਤੇ ਮੁਸਲਮਾਨ ਵੀ ਸਨ, ਲੈ ਕੇ ਮੈਦਾਨ ਛੱਡ ਕੇ ਨੱਸ ਪਿਆ (ਕਿਉਂਕਿ ਓਹ ਤਾਂ ਪਹਿਲਾਂ ਹੀ ਲਾਰਡ ਨੂੰ ਲਿਖ ਚੁੱਕਾ ਸੀ ਕਿ ਮੈਂ ਲੜਾਈ ਕਰਨ ਵਾਸਤੇ ਨਹੀਂ ਆਇਆ ਸਿੱਖਾਂ ਨੂੰ ਭਾਂਜ ਤੇ ਸ਼ਿਕਸਤ ਦਿਵਾਣੇ ਆਇਆ ਹਾਂ) ਭਾਵੇਂ ਲਾਲ ਸਿੰਘ ਦੇ ਪਿੱਛੋਂ ਬਖ਼ਸ਼ੀ ਘਨੱਯਾ ਲਾਲ, ਅਜੁੱਧਯਾ ਪ੍ਰਸ਼ਾਦ ਤੇ ਅਮਰਨਾਥ ਆਦਿਕ ਕਈ ਹੋਰ ਵੀ ਵੱਡੇ ਵੱਡੇ ਅਫਸਰ ਸਿੱਖਾਂ ਦੇ ਨੱਸ ਗਏ ਸਨ, ਕਿੰਤੂ ਤਦ ਵੀ ਸਿੱਖਾਂ ਦੀ ਫੌਜ ਜੋ ਜਨਰਲ ਵੰਟੋਰਾ ਨੇ ਬੜੀ ਹਛੀ ਤਰ੍ਹਾਂ ਸਿਖਾਈ ਹੋਈ ਸੀ, ਆਪਣੇ ਸ੍ਰਦਾਰ ਚਤਰ ਸਿੰਘ ਤੇ ਬੁਧ ਸਿੰਘ ਦੀ ਬਹਾਦਰੀ ਵਿਖਾਣ ਲਈ ਬੜੀ ਦੇਰ ਤਕ ਲੜੀ। ਚਾਰ ਘੰਟੇ ਰਾਤ ਚਲੀ ਗਈ। ਓਧਰ ਅੰਗ੍ਰੇਜ਼ੀ ਫੌਜ ਨੇ ਤਾਂ ਮਹਤਾਬ ਜਲਾ ਕੇ ਚਾਨਣਾ ਕੀਤਾ ਤੇ ਪਿੱਛੇ ਹੋਰ ਫੌਜ ਵੀ ਮਦਦ ਲਈ ਆ ਪੁਜੀ। ਲਾਰਡ ਹਾਰਡਿੰਗ* ਤੇ ਹੋਰ ਵੱਡੇ ਅਫਸਰ ਸੈਨਾ ਦਾ ਹੌਂਸਲਾ ਵਧਾਂਦੇ ਸੀ। ਪਰੰਤੂ ਇਧਰ ਖਾਲਸਾ ਫੌਜ ਦੇ ਪਿੱਛੇ ਮਿਸਰ ਲਾਲ ਸਿੰਘ ਦੇ ਆਦਮੀ 'ਖਾਲਸਾ ਜੀ ਨੱਸ ਚਲੋ ਖਾਲਸਾ ਜੀ ਨੱਸ ਚਲੋ' ਦੇ ਅਵਾਜੇ ਦੇਂਦੇ ਸਨ।
ਸਿੱਖ ਬੜੀ ਜਵਾਂ ਮਰਦੀ ਨਾਲ ਲੜੇ। ਬਹੁਤ ਸਾਰੇ ਸਵਾਰ ਘੋੜਿਆਂ ਤੋਂ ਉੱਤਰ ਅੰਗ੍ਰੇਜ਼ੀ ਫੌਜ ਵਿੱਚ ਧਸ ਕੇ ਤਲਵਾਰ ਨਾਲ ਆਪਣੀ ਅਦੁਤੀ ਸੂਰਮਤਾ ਵਿਖਾ ਰਹੇ ਸਨ ਤੇ ਅਖੀਰ ਸ਼ਹੀਦ ਹੋ ਜਾਂਦੇ ਸਨ। ਜਦ ਬਹੁਤ ਅੰਧੇਰਾ ਹੋ ਗਿਆ ਤਦ ਗਵਰਨਰ ਜਨਰਲ ਆਪ ਕ੍ਰਿਚ ਖਿਚ ਕੇ ਮੈਦਾਨ ਵਿੱਚ ਜਾ ਖਲੋਤਾ। ਮਿਸਟਰ ਕਰੀ ਦੇ ਮਨ੍ਹਾਂ ਕਰਨ ਦੀ ਕੋਈ ਪ੍ਰਵਾਹ ਨਾ ਕੀਤੀ। ਇਨ੍ਹਾਂ ਦੇ ਜਾਣ ਨਾਲ ਹਾਰ ਮੰਨ ਚੁੱਕੀ ਅੰਗ੍ਰੇਜ਼ੀ ਫੌਜ ਦੀ ਜਾਨ ਵਿੱਚ ਜਾਨ ਆ ਗਈ ਤੇ ਸਾਰਿਆਂ ਮਿਲ ਕੇ ਇਸ ਜ਼ੋਰ ਨਾਲ ਸਿੱਖਾਂ ਤੇ ਹਮਲਾ ਕੀਤਾ ਕਿ ਇਨ੍ਹਾਂ ਨੂੰ ਮੈਦਾਨ ਛਡਣਾ ਪਿਆ। ਇਸ ਅੰਧੇਰੀ ਰਾਤ ਵਿੱਚ ਜਿਧਰ ਕਿਸੇ ਦਾ ਮੂੰਹ ਹੋਇਆ, ਉਧਰ ਹੀ ਚਲਾ ਗਿਆ। ਇਹ ਹੀ ਹਾਲ ਓਸ ਵੇਲੇ ਅੰਗਰੇਜ਼ੀ ਫੌਜ ਦਾ ਸੀ, ਜੋ ਬਹੁਤ ਸਾਰੇ ਸਪਾਹੀ ਤੇ ਅਫਸਰ ਦੂਜੇ ਦਿਨ ਆਪਣੇ ਕੈਂਪ ਵਿੱਚ ਪੁਜੇ। ੧੯ ਦਸੰਬਰ ਨੂੰ ਸੂਰਜ ਨਿੱਕਲਦੇ ਹੀ ਅੰਗਰੇਜ਼ਾਂ ਨੇ ਮੈਦਾਨ ਵਿੱਚ ੧੭ ਤੋਪਾਂ ਜੋ ਸਿੱਖਾਂ ਦੀਆਂ ਰਹਿ ਗਈਆਂ ਸਨ, ਓਹਨਾਂ ਤੇ ਕਬਜ਼ਾ ਕਰ ਕੇ ਫਤਹ ਦੀ ਸ਼ਲਕ ਕਰਾ ਦਿੱਤੀ। ਓਧਰ ਸਿੱਖ ਸੈਨਾ ਦਾ ਕੋਈ ਮਾਲਕ ਨਹੀਂ ਸੀ, ਜੋ ਸਵੇਰੇ ਜਾ ਕੇ ਆਪਣੀਆਂ ਤੋਪਾਂ ਸੰਭਾਲਦਾ। ਭਾਵੇਂ ਇਹ ੧੭ ਤੋਪਾਂ ਸਿੱਖਾਂ ਦੀਆਂ ਅੰਗਰੇਜ਼ਾਂ ਦੇ ਹੱਥ ਆਈਆਂ, ਕਿੰਤੂ ਇਹ ਫਤਹ ਕੋਈ ਅਜੇਹੀ ਫਤਹ ਨਹੀਂ ਸੀ, ਜਿਸ ਤੇ ਫਖਰ ਕਰ ਸਕਦੇ। ਸਿੰਘਾਂ ਦੇ ਹੱਥ ਵੇਖ ਕੇ
------------------
*ਇਹ ੧੮੪੪ ਵਿੱਚ ਲਾਟ ਬਣ ਕੇ ਹਿੰਦ ਵਿਚ ਆਇਆ। ਪੁਰਤਗਾਲ ਤੇ ਫਰਾਂਸੀਸਾਂ ਦੇ ਜੰਗ ਵਿੱਚ ਹੱਥ ਕੱਟ ਜਾਣ ਕਰ ਕੇ ਟੁੰਡਾ ਲਾਟ ਦੇ ਨਾਮ ਤੇ ਮਸ਼ਹੂਰ ਹੋਇਆ।
ਅੰਗ੍ਰੇਜ਼ੀ ਫੌਜ ਦੇ ਦੰਦ ਖੱਟੇ ਹੋ ਗਏ ਸਨ। ਇਸ ਕਰ ਕੇ ਫ਼ੈਸਲਾ ਹੋਇਆ ਕਿ ਜਦ ਤਕ ਸਰ ਜਾਨ ਲਿਟਲਰ ਦੀ ਫੌਜ ਫਿਰੋਜ਼ਪੁਰ ਨਾ ਆ ਜਾਵੇ, ਤਦ ਤਕ ਓਸ ਸਿੱਖ ਸੈਨਾ ਤੇ ਜੋ ਇੱਥੋਂ ੧੦ ਮੀਲ ਦੀ ਵਿਥ ਤੇ ਫੇਰੂ ਸ਼ਹਿਰ ਤੇ ਇਕੱਤ੍ਰ ਹੈ, ਹਮਲਾ ਨਾ ਕੀਤਾ ਜਾਵੇ। ਭਾਵੇਂ ਇਸ ਜੰਗ ਵਿੱਚ ਸਿੱਖ ਹਾਰ ਗਏ, ਕਿੰਤੂ ਇਸ ਵਿਚ ਬਹੁਤ ਸਾਰੇ ਨਾਮਵਰ ਅੰਗਰੇਜ਼ ਅਫਸਰ ਤੇ ਸਪਾਹੀ ਮਾਰੇ ਗਏ, ਜਿਹਾ ਕਿ ਇਸ ਵੇਰਵੇ ਤੋਂ ਪ੍ਰਗਟ ਹੈ:
ਅਫਸਰ ਵਲਾਇਤੀ |
ਮੋਏ |
੧੩ |
ਫੱਟੜ |
੩੯ |
|
ਅਫਸਰ ਹਿੰਦੀ |
ਮੋਏ |
੨ |
ਫੱਟੜ |
੯ |
|
ਸਿਪਾਹੀ ਵਲਾਇਤੀ |
ਮੋਏ |
੧੯੨ |
ਫੱਟੜ |
੫੮੮ |
|
ਸਿਪਾਹੀ ਹਿੰਦੀ |
ਮੋਏ |
੬੩ |
ਫੱਟੜ |
੯੨ |
|
ਕੁੱਲ |
ਮੋਏ |
੨੭੦ |
ਫੱਟੜ |
੭੨੮ |
ਅਤੇ ਇਹ ਵੀ ਨਿਯਮ ਹੈ ਕਿ ਬਾਕੀ ਫੌਜ ਉਦਾਸ ਨਾ ਹੋ ਜਾਏ, ਇਸ ਕਰ ਕੇ ਫਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਘਟਾ ਕੇ ਦੱਸੀ ਜਾਂਦੀ ਹੈ। ਸਿੱਖ ਫੌਜ ਦਾ ਕੋਈ ਮਾਲਕ ਜਾਂ ਅਫਸਰ ਨਹੀਂ ਸੀ ਜੋ ਇਹਨਾਂ ਦੇ ਫਟੜਾਂ ਦੇ ਮਰਨ ਵਾਲਿਆਂ ਦੀ ਗਿਣਤੀ ਕਰਦਾ। ਜੇਹੜੇ ਸਿੱਖ ਫੱਟੜ ਸਨ, ਓਹ ਆਪ ਉੱਠ ਕੇ ਕੈਂਪ ਤੱਕ ਨਾ ਆ ਸਕੇ। ਦਿਨ ਚੜ੍ਹਦੇ ਹੀ ਓਹਨਾਂ ਨੂੰ ਗੋਰਿਆਂ ਮਾਰ ਦਿੱਤਾ, ਤੇ ਲੁਟੇਰਿਆਂ ਨੇ ਓਹਨਾਂ ਦੇ ਕੱਪੜੇ ਤੇ ਨਕਦੀ ਲੁੱਟ ਲਈ।
ਇਸ ਲੜਾਈ ਵਿੱਚ ਦੋਹਾਂ ਪਾਸਿਆਂ ਵੱਲੋਂ ਕਈ ਬਹਾਦਰ ਬੜੀ ਸੂਰਮਤਾ ਵਖਾ ਕੇ ਸ਼ਹੀਦ ਹੋਏ। ਰਾਜਾ ਲਾਲ ਸਿੰਘ ਗਿੱਦੜਾਂ ਵਾਂਗ ਨੱਸ ਕੇ ਸਤਲੁਜ ਪਾਰ ਦੇ ਜੰਗਲ ਵਿੱਚ ਅਜਿਹੀ ਥਾਂ ਤੇ ਲੁਕ ਕੇ ਜਾ ਬੈਠਾ, ਜਿੱਥੇ ਓਹਨੂੰ ਕੋਈ ਵੇਖ ਨਾ ਸਕੇ। ਦੂਜੇ ਦਿਨ ਸੰਧ੍ਯਾ ਵੇਲੇ ਕੈਂਪ ਵਿੱਚ ਆਇਆ। ਇਸੇ ਤਰ੍ਹਾਂ ਅਮਰਨਾਥ ਆਦਿਕ ਨੱਠੇ ਹੋਏ ਤੀਜੇ ਦਿਨ ਆਏ। ਜਰਨੈਲ ਮਹਤਾਬ ਸਿੰਘ ਬੁਧ ਸਿੰਘ ਤੇ ਸੁਚੇਤ ਸਿੰਘ ਆਦਿਕ ਅਫਸਰਾਂ ਨੇ ਫੌਜ ਨੂੰ ਸੰਭਾਲਿਆ ਤੇ ਹੌਸਲਾ ਦਿੱਤਾ। ਕਈ ਇੱਕ ਨਿਆਏਸ਼ੀਲ ਸੁਤੰਤਰ ਖ਼ਿਆਲ ਦੇ ਅੰਗ੍ਰੇਜ਼ ਕਿਹਾ ਕਰਦੇ ਹਨ ਕਿ ਹਿੰਦੋਸਤਾਨੀਆਂ ਨੇ ਹੀ ਹਿੰਦ ਦੇ ਬਹਾਦਰ ਮਰਹਟੇ ਤੇ ਸਿੱਖ ਆਦਿਕ ਸਾਰੇ ਰਾਜੇ ਮਹਾਰਾਜੇ ਜਿੱਤ ਕੇ ਅੰਗ੍ਰੇਜ਼ਾਂ ਨੂੰ ਦਿੱਤੇ ਹਨ। ਆਪ ਅੰਗ੍ਰੇਜ਼ਾਂ ਨੇ ਕਿਸੇ ਨੂੰ ਨਹੀਂ ਜਿੱਤਿਆ। ਸਿਰਫ ਹਿੰਦੋਸਤਾਨੀਆਂ ਦੇ ਹੱਥੀਂ ਹਿੰਦੋਸਤਾਨੀਆਂ ਦਾ ਗਲਾ ਕਟਵਾਣ ਦੀ ਪ੍ਰੇਰਨਾ ਕਰਨਾ ਹੀ ਅੰਗ੍ਰੇਜ਼ਾਂ ਦਾ ਕੰਮ ਹੈ। ਓਹਨਾਂ ਦਾ ਇਹ ਆਖਣਾ ਮੁਦਕੀ ਦੇ ਮੈਦਾਨ ਦਾ ਅੱਖਰ ਅੱਖਰ ਸੱਚ ਹੋਇਆ।
੧੩. ਫੇਰੂ ਸ਼ਹਿਰ ਦੀ ਦੂਜੀ ਲੜਾਈ ਜਿਸ ਨੂੰ ਦੂਜਾ ਮਹਾਂਭਾਰਤ ਕਹਿਣਾ ਠੀਕ ਹੈ
ਮੁਦਕੀ ਦੀ ਲੜਾਈ ਪਿੱਛੋਂ ਅੰਗ੍ਰੇਜ਼ ਅਫਸਰਾਂ ਨੇ ਤਿੰਨ ਦਿਨ ਤਕ ਫਿਰੋਜ਼ਪੁਰ ਤੋਂ ਲਿਟਲਰ ਸਾਹਿਬ ਦੀ ਆਉਣ ਵਾਲੀ ਫੌਜ ਦੀ ਉਡੀਕ ਕੀਤੀ। ਜਦ ਇਹ ੮੦੦੦ ਜਵਾਨ ਤੇ ੨੨ ਤੋਪਾਂ ਫੇਰੂ ਸ਼ਹਿਰ ਜਿੱਥੇ ਸਿੱਖਾਂ ਨੇ ਲੜਾਈ ਕਰਨ ਲਈ ਮੋਰਚਾ ਬਣਾ ਰੱਖਿਆ ਸੀ, ਤਿੰਨ ਮੀਲ ਦੇ ਫਾਸਲੇ ਤੇ ਰਹਿ ਗਏ ਤਦ ਮੁਦਕੀ ਤੋਂ ਲਾਰਡ ਗਫ ਸਾਹਿਬ ਆਪਣੀ ੧੫ ਹਜ਼ਾਰ ਫੌਜ ਤੇ ੬੫ ਤੋਪਾਂ ਲੈ ਕੇ ੨੧ ਦਸੰਬਰ ਨੂੰ ਲਿਟਲਰ ਸਾਹਿਬ ਦੀ ਫੌਜ ਨੂੰ ਜਾ ਮਿਲਿਆ। ਇਸ ਤਰ੍ਹਾਂ ਦੋਹਾਂ ਪਾਸਿਆਂ ਦੀ ਅੰਗ੍ਰੇਜ਼ੀ ਫੌਜ ਮਿਲ ਕੇ ੨੩-੨੪ ਹਜ਼ਾਰ ਦੇ ਕਰੀਬ ਹੋ ਗਈ ਸੀ। ਓਸ ਵੇਲੇ ਇਸ ਫੌਜ ਵਿੱਚ ਇੱਕ ਬੜੀ ਹੈਰਾਨੀ ਦੀ ਗਲ ਹੋਈ। ਉਹ ਇਹ ਸੀ ਕਿ ਹਿੰਦੁਸਤਾਨ ਦੀਆਂ
ਸਾਰੀਆਂ ਫੌਜਾਂ ਦੇ ਵੱਡੇ ਅਫਸਰ ਲਾਰਡ ਹਾਰਡਿੰਗ ਨੇ ਆਪਣੇ ਵੱਡੇ ਅਹੁਦੇ ਦੀ ਕੋਈ ਪ੍ਰਵਾਹ ਨਾ ਕੀਤੀ। ਕੇਵਲ ਫਤਹ ਦਾ ਖ਼ਿਆਲ ਰੱਖ ਕੇ ਕਮਾਂਡਰ ਇਨ ਚੀਫ ਗਫ ਸਾਹਿਬ ਦੇ ਅਧੀਨ ਹੋ ਸਿੱਖਾਂ ਜਿਹੀ ਬਹਾਦਰ ਕੌਮ ਦੇ ਨਾਲ ਟਾਕਰਾ ਕਰਨ ਲਈ ਮੈਦਾਨ ਵਿੱਚ ਆ ਖਲੋਤਾ। ਓਧਰ ਲਾਲ ਸਿੰਘ ਨੇ ੧੨ ਪਲਟਣਾਂ ਤੇਜ ਸਿੰਘ ਪਾਸੋਂ ਮੰਗਾਈਆਂ। ਜਦ ਇਹ ਫੌਜ ੧੯ ਦਸੰਬਰ ਨੂੰ ਲਾਲ ਸਿੰਘ ਦੀ ਫੌਜ ਨਾਲ ੫੨ ਤੋਪਾਂ ਲੈ ਕੇ ਆ ਮਿਲੀ, ਤਦ ਫੇਰੂ ਸ਼ਹਿਰ ਜੋ ਫਿਰੋਜ਼ਪੁਰ ਤੋਂ ੫ ਕੋਹ ਤੇ ਮੁਦਕੀ ਵਾਲੇ ਪਾਸੇ ਹੈ, ਸਿੱਖਾਂ ਦੀ ਕੁਲ ਵਿੱਚ ਅਫਵਾਹ ਅਨੁਸਾਰਤਾ ੫੦ ਹਜ਼ਾਰ ਦੇ ਕਰੀਬ ਤੇ ੧੦੮ ਤੋਪਾਂ ਹੋ ਗਈਆਂ। ਕਿੰਤੂ ਅਸਲ ਵਿੱਚ ੧੫ ਪਲਟਣਾਂ ੧੦ ਰਸਾਲੇ ਅੰਗਰੇਜ਼ੀ ਫੌਜ ਨਾਲੋਂ ਕੁਝ ਬਹੁਤ ਜ਼ਿਆਦਾ ਨਹੀਂ ਸਨ (ਵੇਖੋ ਕਨਿੰਘਮ ਦਾ ਇਤਹਾਸ ਪੰਨਾ ੩੦੭) ਹੁਣ ਜਦ ੨੧ ਦਸੰਬਰ ਨੂੰ ਸਿੱਖਾਂ ਤੇ ਹਮਲਾ ਕਰਨ ਵਾਸਤੇ ਅੰਗਰੇਜ਼ੀ ਫੌਜ ਨੇ ਕੂਚ ਕੀਤਾ, ਤਦ ਸਿੱਖ ਫੌਜ ਅੰਗਰੇਜ਼ੀ ਫੌਜ ਨੂੰ ਵੇਖ ਕੇ ਝਟਪਟ ਤਯਾਰ ਬਰ ਤਯਾਰ ਹੋ ਗਈ। ਸਰ ਜਾਨ ਲਿਟਲਰ ਤੇ ਬਰਗੇਡੀਅਰ ਵੈਲ ਸਾਹਿਬ ਇਕੱਠੇ ਹੋ ਕੇ ਸਿੱਖ ਸੈਨਾ ਤੇ ਅੱਗ ਵਸਾਂਦੇ ਅੱਗੇ ਵਧੇ। ਤਿੰਨ ਤੁਰਪ ਇੱਕ ਪਿਛੇ ਤੇ ਇੱਕ ਇੱਕ ਸਜੇ ਖਬੇ ਨੀਯਤ ਕੀਤੇ, ਤਾਂ ਕਿ ਲੜਾਈ ਦੇ ਵੇਲੇ ਜਿੱਥੇ ਲੋੜ ਹੋਵੇ ਕੰਮ ਆਉਣ। ਇੱਕ ਡਵੀਜ਼ਨ ਸਰ ਹੈਨਰੀ ਸਮਿਥ ਦੇ ਹੁਕਮ ਵਿੱਚ ਖੜਾ ਹੋਇਆ। ਥੋੜੇ ਜਹੇ ਸਵਾਰ ਵੀ ਇਹਦੇ ਨਾਲ ਸਨ। ਇਨ੍ਹਾਂ ਤਯਾਰੀਆਂ ਵਿੱਚ ਕੇਵਲ ਡੇਢ ਘੰਟਾ ਦਿਨ ਰਹਿ ਗਿਆ। ਇਹ ਫੌਜ ਸਿੱਖਾਂ ਤੇ ਅੱਗ ਵਸਾਂਦੀ ਹੋਈ ਅੱਗੇ ਵਧੀ ਤੇ ਸਿੱਖਾਂ ਵਲੋਂ ਵੀ ਉੱਤਰ ਮਿਲਣ ਲੱਗਾ।
ਸਿੱਖਾਂ ਦੀਆਂ ਤੋਪਾਂ ਵੱਡੇ ਪਲੇ ਦੀਆਂ ਸਨ, ਇਸ ਕਰ ਕੇ ਅੰਗਰੇਜ਼ੀ ਤੋਪਾਂ ਓਹਨਾਂ ਦਾ ਟਾਕਰਾ ਨਾ ਕਰ ਸਕੀਆਂ। ਕਈ ਵੇਰ ਅੰਗ੍ਰੇਜ਼ੀ ਸਪਾਹ ਦਲੇਰਾਨਾ ਹਮਲਾ ਕਰ ਕੇ ਸਿੱਖਾਂ ਤੇ ਪਈ, ਕਿੰਤੂ ਹਰ ਵਾਰ ਸਿੱਖਾਂ ਨੇ ਇਸ ਤਰ੍ਹਾਂ ਤੇਜ਼ੀ ਨਾਲ ਬੰਦੂਕਾਂ ਤੋਂ ਕੰਮ ਲਿਆ ਕਿ ਸ਼ਤਰੂ ਦੀਆਂ ਧਜੀਆਂ ਉਡਾ ਦਿੱਤੀਆਂ। ਭਾਵੇਂ ਗੋਰਾ ਫੌਜ ਨੇ ਬੜੀ ਜਵਾਂ ਮਰਦੀ ਨਾਲ ਕਈ ਵੇਰ ਧਾਵਾ ਕੀਤਾ, ਕਿੰਤੂ ਸਿੱਖਾਂ ਨੂੰ ਜ਼ਰਾ ਵੀ ਹਾਨੀ ਨਾ ਪੁਚਾ ਸਕੀ। ਜਿਸ ਕੌਮ ਨੇ ਯੂਰਪ ਦੇ ਸੱਚੇ ਜਵਾਂਮਰਦ ਨਿਪੋਲੀਅਨ ਨੂੰ ਜਿੱਤ ਕੇ ਆਪਣੀ ਫਤਹ ਦਾ ਡੰਕਾ ਵਜਾਇਆ ਸੀ, ਅੱਜ ਓਹਨੂੰ ਸਿੱਖਾਂ ਦੀ ਬਹਾਦਰ ਧੀਰਜ ਵਾਲੀ ਫੌਜ ਦੀ ਸੂਰਮਤਾ ਵੇਖ ਘਾਬਰ ਕੇ ਪਸੀਨੇ ਨਾਲ ਤਰ ਹੋਣਾ ਪਿਆ। ਜਿਉਂ ਹੀ ਅੰਗ੍ਰੇਜ਼ਾਂ ਨੇ ਬੜੇ ਜ਼ੋਰ ਨਾਲ ਸਿੱਖਾਂ ਤੇ ਹਮਲੇ ਕਰਨੇ ਸ਼ੁਰੂ ਕੀਤੇ, ਤਿਉਂ ਹੀ ਨੁਕਸਾਨ ਤੇ ਸ਼ਰਮਿੰਦਗੀ ਉਠਾਈ। ਇਸ ਤੋਂ ਪਹਿਲਾਂ ਕਦੇ ਏਸ਼ਿਆਈ ਲੜਾਈਆਂ ਵਿੱਚ ਇੰਨੀ ਤਕਲੀਫ਼ ਨਹੀਂ ਉਠਾਣੀ ਪਈ ਸੀ, ਜੇੜ੍ਹੀ ਕਿ ਸਿੱਖਾਂ ਦੇ ਨਾਲ ਲੜਾਈ ਕਰਨ ਤੇ ਸਹਾਰਨੀ ਪਈ। ਸਿੱਖਾਂ ਦੀਆਂ ਤੋਪਾਂ ਨੇ ਬਹੁਤ ਸਾਰੀਆਂ ਗੱਡੀਆਂ ਰਸਦ ਦੀਆਂ ਤੇ ਸਮਾਨ ਦੀਆਂ ਭਰੀਆਂ ਹੋਈਆਂ ਨਕੰਮੀਆਂ ਕਰ ਦਿੱਤੀਆਂ। ਇਹ ਹਾਲਤ ਵੇਖ ਕੇ ਕਪਤਾਨ ਲੰਗਲ ਤੇ ਹੇਲਨ ਆਪਣੀ ਸਾਰੀ ਫੌਜ ਨੂੰ ਲੈ ਕੇ ਬਿਜਲੀ ਵਾਂਗ ਕੜਕ ਕੇ ਸਿੱਖਾਂ ਦੀ ਅੱਗੇ ਵਧਣ ਵਾਲੀ ਸੈਨਾ ਤੇ ਆ ਪਏ। ਮੋਰਚਾ ਖੋਹ ਕੇ ਛੇ ਤੋਪਾਂ ਤੇ ਕਬਜ਼ਾ ਕਰ ਲਿਆ, ਕਿੰਤੂ ਇਸੇ ਸਿੱਖ ਫੌਜ ਦੇ ਪਿੱਛੇ ਚਾਰ ਪਲਟਣਾਂ ਮਾਨਾਂਵਾਲੀਆਂ ਦੀਆਂ ਖੜੀਆਂ ਸਨ, ਓਹਨਾਂ ਨੇ ਇੰਨੀ ਜਵਾਂਮਰਦੀ ਨਾਲ ਹੱਲਾ ਕੀਤਾ ਕਿ ਅੰਗ੍ਰੇਜ਼ੀ ਫੌਜ ਜਿਸ ਤਰ੍ਹਾਂ ਅੱਗੇ ਵਧਦੀ ਚਲੀ ਆ ਰਹੀ ਸੀ ਉਸੇ ਤਰ੍ਹਾਂ ਤੋਪਾਂ ਬੰਦੂਕਾਂ ਨਾਲ ਇਨ੍ਹਾਂ ਨੂੰ ਨਸਾ ਦਿੱਤਾ, ਤੇ ਓਹ ਤੋਪਾਂ ਵੀ ਖੋਹ ਲਈਆਂ ਤੇ ਅਜੇਹੇ ਗੋਲੇ ਮਾਰੇ ਕਿ ਕਈ ਅੰਗ੍ਰੇਜ਼ੀ ਤੋਪਾਂ ਤਖ਼ਤ ਤੋਂ ਗਿਰਾ ਦਿੱਤੀਆਂ ਤੇ ਬਾਰੂਦ ਦਾ ਢੇਰ ਆਸਮਾਨ ਨੂੰ ਉਡਾ ਦਿੱਤਾ, ਜਿਸ ਨਾਲ ਸੈਂਕੜੇ ਜਵਾਨ ਮਰ ਗਏ ਤੇ ਬੇਸ਼ੁਮਾਰ ਜਵਾਨ ਤੇ ਘੋੜੇ ਝੁਲਸ ਕੇ ਡਿਗ ਪਏ। ਇਹ ਰਣਛੇਤਰ ਬੜਾ ਹੀ ਡਰਾਉਣਾ ਹੋ ਗਿਆ। ਕਿੰਤੂ ਅੰਗ੍ਰੇਜ਼ਾਂ ਨੇ ਸਿੱਖਾਂ ਤੇ ਇੰਨੇ ਜ਼ੋਰਦਾਰ ਹਮਲੇ ਦੇ ਸਾਹਮਣੇ ਪਿੱਠ ਨਾ ਵਿਖਾਈ ਤੇ ਸਾਬਤ ਕਦਮੀ ਨਾਲ ਲੜਦੇ ਰਹੇ। ਵਾਹਵਾ ! ਇੰਨਾ ਭੁਚਾਲ ਆਉਣ ਨਾਲ ਵੀ ਜਿਨ੍ਹਾਂ ਦੀ ਹਿੰਮਤ ਨਾ ਟੁੱਟੀ, ਓਹਨਾਂ ਸਿਵਾ ਇਸ ਸੋਨਾ ਉਗਲਣ ਵਾਲੀ ਤੇ ਦ੍ਰਿਸ਼ ਦੇ ਰੰਗ ਨਾਲ ਰੰਗੀ ਹੋਈ ਧਰਤੀ ਦਾ ਮਾਲਕ ਕੌਣ ਹੋਵੇ? ਸੱਚ ਹੈ! ਡੇਗਣ ਨਾਲੋਂ ਜੋ
ਡਿੱਗਾ ਹੋਇਆ ਉੱਠ ਕੇ ਦੁਸ਼ਮਣ ਦੇ ਸਾਹਮਣੇ ਖੜਾ ਹੋ ਜਾਏ, ਓਹ ਬਹੁਤ ਬਹਾਦਰ ਹੁੰਦਾ ਹੈ। ਓਸ ਵੇਲੇ ਅੰਗ੍ਰੇਜ਼ੀ ਫੌਜ ਇੰਨੀ ਘਾਬਰ ਗਈ ਕਿ ਓਸ ਤੋਂ ਆਪਣਾ ਆਪ ਸੰਭਾਲਣਾ ਵੀ ਮੁਸ਼ਕਲ ਹੋ ਗਿਆ। ਸਿੱਖਾਂ ਦੀਆਂ ਤੋਪਾਂ ਨੇ ਅੰਗ੍ਰੇਜ਼ੀ ਤੋਪਾਂ ਨੂੰ ਤਖ਼ਤ ਤੋਂ ਗਿਰਾ ਦਿੱਤਾ। ਉਹਨਾਂ ਦਾ ਮੈਗਜ਼ੀਨ ਹਵਾ ਵਿੱਚ ਉਡਾ ਦਿੱਤਾ। ਇਨ੍ਹਾਂ ਦੀਆਂ ਫੌਜਾਂ ਪਿੱਛੇ ਮੁੜ ਕੇ ਘਾਬਰੀਆਂ ਹੋਈਆਂ ਇੱਕ ਦੂਜੇ ਤੇ ਡਿੱਗਣ ਲਗੀਆਂ। ਅੰਗ੍ਰੇਜ਼ ਅਫਸਰ ਫਤਹ ਵਲੋਂ ਨਿਰਾਸ ਹੋ ਹੱਕੇ ਬੱਕੇ ਖੜੇ ਸਨ। ਕਰਨੈਲਾਂ ਦਾ ਇਹ ਹਾਲ ਸੀ ਕਿ ਉਨ੍ਹਾਂ ਨੂੰ ਆਪਣੀ ਆਪਣੀ ਫੌਜ ਦੀ ਕੋਈ ਖ਼ਬਰ ਨਹੀਂ ਸੀ ਕਿ ਓਹ ਕਿੱਥੇ ਹੈ ਤੇ ਕਿੱਥੇ ਨਹੀਂ। ਸਾਰੀਆਂ ਫੌਜਾਂ ਆਪਸ ਵਿੱਚ ਮਿਲ ਗਈਆਂ, ਸਪਾਹੀ, ਅਫਸਰ ਤੇ ਕੁਲੀ ਸਾਰਿਆਂ ਤੋਂ ਆਪਣੀ ਜਗ੍ਹਾ ਛੁਟ ਗਈ ਸੀ। ਸਭ ਦੇ ਸਭ ਝੱਲਿਆਂ ਵਾਂਗ ਫਿਰ ਰਹੇ ਸਨ। ਭਾਵੇਂ ਤੋਪਾਂ ਤੇ ਬੰਦੂਕਾਂ ਚਲਾ ਤਾਂ ਰਹੇ ਸਨ, ਕਿੰਤੂ ਪਤਾ ਨਹੀਂ ਕਿਸ ਤੇ ਕਿਸ ਪਾਸੇ ਛੱਡ ਰਹੇ ਸਨ। ਅਫਸਰ ਇੱਧਰ ਉੱਧਰ ਫਿਰਦੇ ਤਾਂ ਹਨ, ਕਿੰਤੂ ਪਤਾ ਨਹੀਂ ਨੁਕਸਾਨ ਕਿਸ ਦਾ ਹੋ ਰਿਹਾ ਹੈ। ਘਬਰਾਹਟ ਵਿੱਚ ਨਾ ਕੋਈ ਕਿਸੇ ਨੂੰ ਹੁਕਮ ਦੇਂਦਾ ਹੈ ਤੇ ਨਾ ਕੋਈ ਕਿਸੇ ਦਾ ਹੁਕਮ ਸੁਣਦਾ ਹੈ, ਵਰਤੋਂ ਕੌਣ ਕਰੇ? ਸਾਰੇ ਕੰਬ ਰਹੇ ਸਨ। ਇਹ ਸਮਾਂ ਅੰਗ੍ਰੇਜ਼ਾਂ ਲਈ ਬੜੀ ਮੁਸ਼ਕਲ ਤੇ ਖਤਰੇ ਦਾ ਸੀ। ਇਨ੍ਹਾਂ ਦੀ ਫੌਜ ਨੂੰ ਅੱਜ ਤੱਕ ਕਿਸੇ ਅਜੇਹੇ ਕਰੜੇ ਸ਼ਤਰੂ ਨਾਲ ਕਦੇ ਵਾਹ ਨਹੀਂ ਪਿਆ ਸੀ। ਓਹਨਾਂ ਇਸ ਤੋਂ ਪਹਿਲਾਂ ਸਦਾ ਫਤਹ ਪਾਈ ਸੀ, ਕਿੰਤੂ ਅੱਜ ਫਤਹ ਦੇ ਚਿੰਨ੍ਹ ਸੌ ਸੌ ਕੋਹ ਦੂਰ ਦਿੱਸਦੇ ਸਨ ਤੇ ਓਹ ਅੰਗ੍ਰੇਜ਼ ਬਹਾਦਰ ਸਪਾਹੀ ਜਿਨ੍ਹਾਂ ਨੂੰ ਹਿੰਦ ਤੋਂ ਬਾਹਰ ਕਦੇ ਵੀ ਫਤਹ ਪ੍ਰਾਪਤ ਕਰਨ ਵਿੱਚ ਤਕਲੀਫ਼ ਨਹੀਂ ਹੋਈ ਸੀ, ਅੱਜ ਉਹੋ ਹੀ ਫਤਹ ਇੱਕ ਟੇਢੀ ਖੀਰ ਨਜ਼ਰ ਆ ਰਹੀ ਹੈ। ਓਹ ਸਲਾਹ ਕਰ ਰਹੇ ਸਨ ਕਿ ਪਿੱਛੇ ਫਿਰੋਜ਼ਪੁਰ ਨੂੰ ਮੁੜ ਚੱਲੀਏ। ਕਿੰਤੂ ਬਹਾਦਰ ਸਪਾਹ ਸਾਲਾਰ ਤੇ ਲਾਰਡ ਹਾਰਡਿੰਗ ਨੇ ਇਹ ਗੱਲ ਨਾ ਮੰਨੀ ਤੇ ਕਿਹਾ ਕਿ ਸਾਡੀ ਫੌਜ ਜੋ ਸਦਾ ਜਿੱਤ ਪ੍ਰਾਪਤ ਕਰਦੀ ਰਹੀ ਹੈ, ਅੱਜ ਪਿੱਛੇ ਹੱਟ ਜਾਣਾ ਸ਼ਰਮ ਦੀ ਗੱਲ ਹੈ। ਅੰਗ੍ਰੇਜ਼ੀ ਫ਼ੌਜ ਨੂੰ ਨਾਲ ਲੈ ਕੇ ਕਿਹਾ ਕਿ ਆਓ ਪਿੱਛੇ ਨੱਸ ਕੇ ਜੀਵਣ ਨਾਲੋਂ ਅੱਗੇ ਵਧ ਕੇ ਕੌਮ ਦੀ ਖਾਤਰ ਕੁਰਬਾਨ ਹੋ ਕੇ ਮਰ ਜਾਈਏ ਜਾਂ ਫਤੇ ਪ੍ਰਾਪਤ ਕਰੀਏ। ਲਾਰਡ ਹਾਰਡਿੰਗ ਦੀ ਹਿੰਮਤ ਤੇ ਕਮਾਂਡਰ ਇਨ-ਚੀਫ ਦੀ ਬਹਾਦਰੀ ਨਾਲ ਦਿਨ ਡੁੱਬਣ ਵੇਲੇ ਅੰਗ੍ਰੇਜ਼ਾਂ ਨੂੰ ਕੁਝ ਕਾਮਯਾਬੀ ਹੋ ਗਈ ਤੇ ਥੋੜੇ ਜੇਹੇ ਚਿਰ ਵਾਸਤੇ ਉਹਨਾਂ ਨੂੰ ਆਰਾਮ ਮਿਲਿਆ। ਅਰਥਾਤ ਮੇਹਜਰ ਜਨਰਲ ਹੈਨਰੀ ਸਮਿਥ ਸਾਹਿਬ ਦੀ ਬਰਗੇਡ ਨੇ ਫੇਰੂ ਸ਼ਹਿਰ ਨੂੰ ਥੋੜੇ ਚਿਰ ਵਾਸਤੇ ਸਿੱਖਾਂ ਤੋਂ ਖੋਹ ਲਿਆ, ਕਿਉਂਕਿ ਰਾਤ ਨੂੰ ਉਸ ਤੇ ਓਹ ਆਪਣਾ ਕਬਜ਼ਾ ਨਾ ਰੱਖ ਸਕੇ, ਇਸ ਕਰ ਕੇ ਪਿੱਛੇ ਹਟ ਆਏ। ਕੈਸਰ ਹਿੰਦ ਦੀ ਤੀਜੀ ਡਰਗੂਨ ਨੇ ਬਹੁਤਾ ਜ਼ੋਰ ਮਾਰਿਆ। ਪ੍ਰੰਤੂ ਫਿਰ ਵੀ ਸਿੱਖ ਆਪਣੇ ਮੋਰਚਿਆਂ ਤੇ ਡਟੇ ਰਹੇ ਤੇ ਬੜੀ ਹਿੰਮਤ ਤੇ ਜਵਾਂਮਰਦੀ ਨਾਲ ਅੰਗ੍ਰੇਜ਼ਾਂ ਤੇ ਅੱਗ ਵਸਾਂਦੇ ਰਹੇ। ਇਹ ਰਾਤ ਅੰਗ੍ਰੇਜ਼ਾਂ ਲਈ ਕਟਕਾਂ ਦੀ ਰਾਤ ਸੀ। ਇੱਕ ਤਾਂ ਵਿਚਾਰੇ ਦਿਨ ਭਰ ਦੇ ਭੁੱਖੇ ਤੇ ਤਿਹਾਏ ਸਨ, ਦੂਜਾ ਸਰਦੀ ਨਾਲ ਹੱਥ ਪੈਰ ਸੁੰਨ ਹੁੰਦੇ ਜਾ ਰਹੇ ਸਨ। ਤੀਜੇ ਉੱਪਰੋਂ ਦੁਸ਼ਮਨ ਅੱਗ ਵਸਾ ਰਿਹਾ ਸੀ। ਇੱਕ ਬਿਪਤਾ ਨਹੀਂ ਸੀ, ਕਦਮ ਕਦਮ ਤੇ ਮੁਸੀਬਤਾਂ ਮੂੰਹ ਵਿਖਾ ਰਹੀਆਂ ਸਨ। ਸਿੱਖ ਸਾਰੀ ਰਾਤ ਅੱਗ ਬਾਲ ਬਾਲ ਕੇ ਸੇਕਦੇ ਰਹੇ, ਕਿੰਤੂ ਇਹਨਾਂ ਦੀਆਂ ਤੋਪਾਂ ਸਾਰੀ ਰਾਤ ਚਲਦੀਆਂ ਰਹੀਆਂ। ਅੰਗ੍ਰੇਜ਼ਾਂ ਨੇ ਇਹ ਤਕਲੀਫ਼ ਦੀ ਰਾਤ ਬਿਨਾਂ ਬਿਸਤਰਿਆਂ ਦੇ ਹੀ ਕੱਟੀ। ਸਿੱਖਾਂ ਦਾ ਇਹ ਹਾਲ ਸੀ ਕਿ ਜਿਸ ਪਾਸੇ ਪੈਂਦੇ, ਸਫ਼ਾਈ ਕਰਦੇ ਚਲੇ ਜਾਂਦੇ ਸਨ। ੨੨ ਦੀ ਸਵੇਰ ਨੂੰ ਲਾਰਡ ਹਾਰਡਿੰਗ ਤੇ ਗਫ ਸਾਹਿਬ ਆਪਸ ਵਿੱਚ ਸੋਚ ਰਹੇ ਸਨ ਕਿ ਹੁਣ ਕੀ ਕੀਤਾ ਜਾਏ। ਪਿਛੇ ਹਟੀਏ ਜਾਂ ਦੁਸ਼ਮਣ ਤੇ ਹਮਲਾ ਕਰੀਏ? ਉਸੇ ਵੇਲੇ ਫੌਜ ਖਾਲਸਾ ਦਾ ਦਿਲੀ ਦੁਸ਼ਮਣ ਲਾਲ ਸਿੰਘ ੪੦੦੦ ਆਦਮੀ ਲੈ ਕੇ ਮੁਦਕੀ ਤੋਂ ਆ ਗਿਆ, ਜਿਸ ਦੇ ਆਉਣ ਤੇ ਸਿੱਖਾਂ ਵਿੱਚ 'ਫਤਹ' 'ਫਤਹ' ਦੇ ਆਵਾਜ਼ੇ ਉਠਣ ਲਗੇ, ਕਿੰਤੂ ਅੰਗ੍ਰੇਜ਼ਾਂ ਦੇ ਬਾਕੀ ਦੇ ਹੌਸਲੇ ਵੀ ਟੁੱਟ ਗਏ।
ਲਾਰਡ ਹਾਰਡਿੰਗ ਗਵਰਨਰ ਜਨਰਲ ਨੇ ਆਪਣੀ ਫੌਜ ਦੀ ਅਤੀ ਖ਼ਰਾਬ ਹਾਲਤ ਵੇਖ ਕੇ ਆਪਣੀ ਘੜੀ ਤੇ ਤਮਗੇ ਆਦਿਕ ਲੜਕੇ ਦੇ ਸਪੁਰਦ ਕਰ ਕੇ ਸ਼ਪਥ ਉਠਾਈ ਕਿ ਅੱਜ ਯਾ ਤਾਂ ਰਣ ਵਿੱਚ ਹੀ ਸਦਾ ਲਈ ਸੌਂ ਜਾਵਾਂਗਾ ਜਾਂ ਫਤਹ ਪਾਵਾਂਗਾ। ਜਿਸ ਵੇਲੇ ਲਾਰਡ ਹਾਰਡਿੰਗ ਇੱਕ ਮਾਮੂਲੀ ਸਪਾਹੀ ਵਾਂਗ ਲੜਾਈ ਵਿੱਚ ਲੱਗ ਪਿਆ, ਤਦ ਇਹਨਾਂ ਨੂੰ ਇਸ ਤਰ੍ਹਾਂ ਲੜਦਾ ਵੇਖ ਕੇ ਅੰਗ੍ਰੇਜ਼ੀ ਫੌਜ ਤੇ ਅਫਸਰਾਂ ਦੇ ਹੌਸਲੇ ਵਧ ਗਏ। ਸਿੱਖਾਂ ਦੀ ਇੱਕ ਤੋਪ ਜੋ ਹਰ ਵੇਲੇ ਅੱਗ ਵਸਾਂਦੀ ਅੰਗ੍ਰੇਜ਼ੀ ਫੌਜ ਦਾ ਖੂਨ ਪੀ ਰਹੀ ਸੀ, ਲਾਟ ਸਾਹਿਬ ਆਪਣੀ ਥੋੜ੍ਹੀ ਜਹੀ ਫੌਜ ਨਾਲ ਆਪਣੀ ਜਾਨ ਦੀ ਉਮੈਦ ਛੱਡ ਕੇ ਉਸ ਤੇ ਜਾ ਚੜ੍ਹਿਆ। ਕਿੱਲਾਂ ਨਾਲ ਤੋਪ ਦਾ ਮੂੰਹ ਬੰਦ ਕਰ ਦਿੱਤਾ ਤੇ ਆਪਣੀ ਫੌਜ ਨੂੰ ਮੌਤ ਦੇ ਮੂੰਹ ਤੋਂ ਬਚਾ ਲਿਆ।
ਵਾਹ ਕਹੀ ਗੱਲ ਹੈ ਕਿ ਜਿਸ ਕੌਮ ਦੇ ਵਿੱਚ ਇੰਨੀ ਕੌਮੀ ਹਮਦਰਦੀ ਤੇ ਹਿੰਮਤ ਹੋਵੇ ਉਸ ਕੌਮ ਦੀ ਵਡਿਆਈ ਤੇ ਹਕੂਮਤ ਰੱਖਣ ਦੀ ਇੱਛਾ ਆਪ ਵਾਹਿਗੁਰੂ ਰੱਖਦਾ ਹੈ। ਹੁਣ ਉਹਨਾਂ ਦਗ਼ੇਬਾਜ਼ ਅਫਸਰਾਂ ਨੇ ਜਿਨ੍ਹਾਂ ਪਹਿਲਾਂ ਸਤਲੁਜ ਤੋਂ ਪਾਰ ਕਰਨ ਵਿੱਚ ਦੇਰੀ ਲਾ ਕੇ ਅੰਗ੍ਰੇਜ਼ਾਂ ਨੂੰ ਸਾਮਾਨ ਇਕੱਤਰ ਕਰਨ ਦਾ ਮੌਕਾ ਦਿੱਤਾ ਸੀ, ਦੂਜਾ ਫਿਰੋਜ਼ਪੁਰ ਫਤਹ ਕਰਨ ਤੇ ਸਿੱਖ ਫੌਜ ਨੂੰ ਰੋਕਿਆ, ਤੀਜਾ ਮੁਦਕੀ ਦੇ ਮੈਦਾਨ ਵਿੱਚ ਸ਼ਕਸਤ ਦਵਾਈ। ਹੁਣ ਇਸ ਬਹਾਦਰ ਖਾਲਸਾ ਫੌਜ ਨੂੰ ਦਲਾਸਾ ਤੇ ਹੌਸਲਾ ਦੇ ਕੇ ਨੱਸਨ ਨੂੰ ਤਿਆਰ ਅੰਗ੍ਰੇਜ਼ੀ ਫੌਜ ਤੇ ਹਮਲਾ ਕਰਾਣਾ ਸੀ ਜਾਂ ਤੇਜ ਸਿੰਘ ਦੀ ੧੦ ਹਜ਼ਾਰ ਫੌਜ ਜੋ ਸਾਰੀ ਰਾਤ ਲੜਦੀ ਰਹੀ ਫੌਜ ਦੀ ਥਾਂ ਸੰਭਾਲਣੀ ਸੀ, ਮੈਦਾਨ ਵਿੱਚ ਉੱਤਰਨਾ ਸੀ। ਸੋ ਇਹ ਤਾਂ ਕੁਝ ਨਾ ਹੋਇਆ, ਸਗੋਂ ਜਿਸ ਵੇਲੇ ਇਸ ਫੌਜ ਨੇ ਤਯਾਰੀ ਕਰਦੇ ਇੰਨੀ ਦੇਰ ਲਾ ਦਿੱਤੀ ਕਿ ਜਦ ਤਕ ਲਾਲ ਸਿੰਘ ਨੇ ਆਪਣੀ ਮਾਤੈਹਤ ਫੌਜ ਨੂੰ ਤਿਤਰ ਬਿਤਰ ਨਾ ਕਰ ਦਿੱਤਾ, ਇਹ ਕੈਂਪ ਵਿੱਚੋਂ ਬਾਹਰ ਨਹੀਂ ਨਿਕਲਿਆ। ਆਖ਼ਰ ਨੂੰ ਜਦ ਸਿੱਖ ਫੌਜ ਨੇ ਆਪਣੇ ਭਰਾਵਾਂ ਨੂੰ ਜੋ ਛੀ ਪਹਿਰ ਤੋਂ ਲੜ ਰਹੇ ਸਨ, ਬੁਰੀ ਹਾਲਤ ਵਿੱਚ ਵੇਖਿਆ, ਤਦ ਆਪ ਹੀ ਉਸ ਪਾਸੇ ਟੁਰ ਪਏ, ਜਿਸ ਤੋਂ ਤੇਜ ਸਿੰਘ ਵੀ ਮਜਬੂਰ ਹੋ ਨਾਲ ਤੁਰ ਪਿਆ। ਤਦ ਵੀ ਜਦ ਤਕ ਅੰਗ੍ਰੇਜ਼ੀ ਫੌਜ ਨੇ ਨਵੇਂ ਸਿਰੇ ਲੜਨ ਦੀ ਤਯਾਰੀ ਪੂਰੀ ਤਰ੍ਹਾਂ ਨਾ ਕਰ ਲਈ, ਇਸ ਨੇ ਮੈਦਾਨ ਵਿੱਚ ਜਾ ਕੇ ਵੀ ਆਪਣੀ ਫੌਜ ਨੂੰ ਨਹੀਂ ਲੜਾਇਆ; ਅੰਤ ਨੂੰ ਜਦ ਓਹਦੇ ਹੇਠ ਦੇ ਅਫਸਰਾਂ ਤੇ ਸਪਾਹੀਆਂ ਨੇ ਹਾਰ ਹੁੰਦੀ ਵੇਖੀ ਤਦ ਤੇਜ ਸਿੰਘ ਦੇ ਹੁਕਮ ਦੀ ਵੀ ਕੁਝ ਪ੍ਰਵਾਹ ਨਾ ਕਰ ਕੇ ਆਪਣੇ ਆਪ ਹੀ ਬੜੀ ਜਵਾਂਮਰਦੀ ਨਾਲ ਲੜਨਾ ਸ਼ੁਰੂ ਕਰ ਦਿੱਤਾ ਤੇ ਇਸ ਬਹਾਦਰੀ ਨਾਲ ਲੜੇ ਕਿ ਭਾਵੇਂ ਤੇਜ ਸਿੰਘ ਨੇ ਅੰਗ੍ਰੇਜ਼ੀ ਫੌਜ ਨੂੰ ਫਤਹ ਦਾ ਮੌਕਾ ਦੇ ਦਿੱਤਾ ਸੀ, ਕਿੰਤੂ ਤਦ ਵੀ ਤੇਜ ਸਿੰਘ ਦੀ ਫੌਜ ਨੇ ਅੰਗ੍ਰੇਜ਼ੀ ਫੌਜ ਦੇ ਛੱਕੇ ਛੁਡਾ ਦਿੱਤੇ।
ਇਨ੍ਹਾਂ ਨਿਮਕ ਹਲਾਲ ਤੇ ਸੂਰਮੇ ਸਪਾਹੀਆਂ ਦੀ ਇਸ ਜਾਨ ਹੂਲਵੀਂ ਲੜਾਈ ਤੋਂ ਅੰਗਰੇਜ਼ ਸਵਾਰ ਫੌਜ ਨੂੰ ਮੈਦਾਨ ਛੱਡਣਾ ਪਿਆ। ਫਿਰ ਤਾਂ ਓਹਨਾਂ ਦੇ ਪਿੱਛੇ ਸਾਰੇ ਲੜਾਕੇ ਅੰਗਰੇਜ਼ ਅਫਸਰਾਂ ਨੇ ਵੀ ਕਦਮ ਚੁੱਕਿਆ। ਫਿਰੋਜ਼ਪੁਰ ਸ਼ਹਿਰ ਫੇਰੂਕੇ ਤੇ ਪਿੰਡ ਬਧਨੀ ਦੇ ਵਿਚਕਾਰ ਸਾਰੇ ਅੰਗਰੇਜ਼ੀ ਫੌਜ ਫੈਲ ਗਈ। ਇਸ ਮੌਕੇ ਤੇ ਵੀ ਜਦ ਕਿ ਅੰਗਰੇਜ਼ੀ ਫੌਜ ਦਾ ਗੋਲਾ ਬਾਰੂਦ ਸਾਰਾ ਖਤਮ ਹੋ ਚੁੱਕਾ ਸੀ ਤੇ ਕੁਝਕੁ ਓਹਨਾਂ ਦੀ ਫੌਜ ਪਿੱਛੇ ਵੀ ਮੁੜ ਚੁੱਕੀ ਸੀ, ਉਸ ਵੇਲੇ ਉਚਿਤ ਸੀ ਕਿ ਅੰਗਰੇਜ਼ੀ ਫੌਜ ਦੇ ਪਿੱਛੇ ਆਪਣੀ ਫੌਜ ਨੂੰ ਵਧਾਇਆ ਜਾਂਦਾ ਤੇ ਹੌਸਲਾ ਦਿੱਤਾ ਜਾਂਦਾ। ਕਿੰਤੂ ਤੇਜ ਸਿੰਘ ਦੀ ਦਿਲੀ ਮਨਸ਼ਾ ਸਿੱਖਾਂ ਨੂੰ ਸ਼ਰਮਿੰਦਾ ਤੇ ਖੁਆਰ ਕਰਨ ਦੀ ਸੀ, ਇਸ ਕਰ ਕੇ ਇਸ ਨੇ ਜਾਣ ਕੇ ਸਿੱਖ ਫੌਜ ਨੂੰ ਅੰਗਰੇਜ਼ਾਂ ਤੇ ਹਮਲਾ ਕਰਨ ਤੋਂ ਰੋਕ ਰੱਖਿਆ। ਓਸ ਨੇ ਆਪਣੀ ਮੈਦਾਨ ਵਿੱਚ ਲੜ ਰਹੀ ਫੌਜ ਨੂੰ ਨਸਦੀ ਅੰਗਰੇਜ਼ੀ ਫੌਜ ਦੇ ਪਿੱਛੇ ਜਾਣੋਂ ਹੀ ਨਹੀਂ ਰੋਕਿਆ, ਬਲਕਿ ਆਪ ਜਿਸ ਵੇਲੇ ਹਾਥੀ ਤੇ ਬੈਠਾ ਲੜਾਈ ਦਾ ਰੰਗ ਢੰਗ ਵੇਖ ਰਿਹਾ ਸੀ, ਪਤਾ ਨਹੀਂ ਓਸ ਨੂੰ ਦਰਬਾਰ ਲਾਹੌਰ ਦੀ ਫਤਹ ਹੋਣ ਨਾਲ ਕਿਉਂ ਦੁਸ਼ਮਣੀ ਸੀ ਕਿ ਅੰਗਰੇਜ਼ਾਂ ਨੂੰ ਮੈਦਾਨ ਛੱਡ ਜਾਂਦਾ ਵੇਖ ਕੇ ਵੀ ਆਪਣੀ ਹਰਾਵਲ ਫੌਜ ਸਮੇਤ ਪਿੱਛੇ ਨੱਸ ਪਿਆ। ਜਿਸ ਨੂੰ ਵੇਖ ਕੇ ਦੂਜੀ ਸਿੱਖ ਫੌਜ ਵੀ ਕਦਮ ਕਦਮ ਤੇ ਪਿੱਛੇ ਹਟਣ ਲਗ ਪਈ। ਕਾਸ਼! ਓਸ ਵੇਲੇ ਤੇਜ
ਸਿੰਘ ਪਿੱਛੇ ਨਾ ਹਟਦਾ। ਜਿਸ ਜੋਸ਼ ਖਰੋਸ਼ ਨਾਲ ਓਸ ਦੀ ਫੌਜ ਦਾ ਕਦਮ ਅੱਗੇ ਵਧ ਰਿਹਾ ਸੀ ਤੇ ਅੰਗਰੇਜ਼ੀ ਫੌਜ ਅੱਗੇ ਨੱਸ ਰਹੀ ਸੀ, ਓਹਨਾਂ ਦਾ ਗੋਲਾ ਬਾਰੂਦ ਵੀ ਮੁੱਕ ਚੁੱਕਾ ਸੀ। ਇਸ ਲਈ ਜੇ ਦਬਾਈ ਚਲਿਆ ਜਾਂਦਾ ਤਦ ਅੰਗਰੇਜ਼ੀ ਫੌਜ ਦਾ ਕਿਤੇ ਠਿਕਾਣਾ ਨਾ ਮਿਲਦਾ ਤੇ ਸਿੱਖ ਫੌਜ ਜ਼ਰੂਰ ਕਾਮਯਾਬ* ਹੋਂਦੀ।
ਅੰਗ੍ਰੇਜ਼ੀ ਫੌਜ ਦੇ ਇੱਕ ਅਫਸਰ ਨੇ ਲਿਖਿਆ ਹੈ ਕਿ ਅੰਗਰੇਜ਼ੀ ਫੌਜ ਨੂੰ ਲੜਾਈ ਤੋਂ ਇੰਨਾ ਬੇਦਿਲ ਤੇ ਡਰਿਆ ਹੋਇਆ ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਵੇਖਿਆ। ਇੱਕ ਗੋਲਾ ਅੰਦਾਜ਼ ਨੇ ਮੇਰੇ ਵੇਖਦੇ ਤਿੰਨ ਵਾਰ ਬਤੀ ਲਾਣ ਦੀ ਕੋਸ਼ਸ਼ ਕੀਤੀ। ਓਹਦੇ ਹੱਥ ਕੰਬ ਰਹੇ ਸਨ। ਤਿੰਨੇ ਵੇਰ ਬਤੀ ਡਿਗ ਪਈ, ਕਿੰਤੂ ਨੱਸਣ ਦੀ ਹਿੰਮਤ ਵੀ ਨਾ ਰਹੀ ਤੇ ਓਥੇ ਹੀ ਡਿਗ ਪਿਆ। ਰਸਦ, ਫੱਟੜਾਂ ਤੇ ਮੁਰਦਿਆਂ ਨਾਲ ਭਰਿਆ ਹੋਇਆ ਲੜਾਈ ਦਾ ਮੈਦਾਨ ਬੜੀ ਡਰਾਉਣੀ ਸ਼ਕਲ ਬਣ ਰਿਹਾ ਸੀ। ਦੁਪਹਿਰ ਦੇ ਵੇਲੇ ਦੋਨਾਂ ਪਾਸਿਆਂ ਦੀਆਂ ਫੌਜਾਂ ਲੜਾਈ ਦੇ ਮੈਦਾਨ ਵਿੱਚ ਤੋਪਖਾਨਾ ਤੇ ਸ਼ਾਹੀ ਸਾਮਾਨ ਛੱਡ ਕੇ ਓਧਰ ਤਾਂ ਸਿੱਖ ਫੌਜ ਪਿੱਛੇ ਪੰਜ ਛੀ ਕੋਹ ਤਕ ਚਲੀ ਗਈ। ਦੂਜੇ ਪਾਸੇ ਅੰਗ੍ਰੇਜ਼ ਪਿੰਡ ਬਧਨੀ ਤਕ ਚਲੇ ਗਏ। ਸਿੱਖਾਂ ਦੇ ਵੱਡੇ ਅਫ਼ਸਰਾਂ ਨੇ ਜੋ ਬੜੇ ਹੀ ਨਿਮਕ ਹਰਾਮ ਤੇ ਬੇਈਮਾਨ ਸਨ, ਜਾਣ ਕੇ ਮੈਦਾਨ ਜੰਗ ਨੂੰ ਭੁਲਾ ਦਿੱਤਾ ਸੀ। ਕੋਈ ਗੱਲ ਪਤਾ ਕਰਨ ਵਾਸਤੇ ਕਿਸੇ ਆਦਮੀ ਨੂੰ ਨਾ ਭੇਜਿਆ। ਦੂਜੇ ਪਾਸੇ ਸਰਕਾਰ ਅੰਗ੍ਰੇਜ਼ੀ ਦੇ ਨਿਮਕ ਹਲਾਲ ਤੇ ਵਫ਼ਾਦਾਰ ਜਦ ਮੌਕਾ ਹਥੋਂ ਦੇਂਦੇ ਸਨ, ਤਦ ਝੱਟ ਓਹਨਾਂ ਦੇ ਆਦਮੀ ਮੈਦਾਨ ਖ਼ਾਲੀ ਪਿਆ ਵੇਖ ਜਾਂਦੇ ਸਨ। ਪਹਾੜਾ ਸਿੰਘ ਜੋ ਕਿ ਫਰੀਦਕੋਟ ਰਿਆਸਤ ਦੇ ਬਾਨੀਆਂ ਵਿੱਚੋਂ ਸੀ, ਅੰਗ੍ਰੇਜ਼ਾਂ ਨਾਲ ਮਿਲਿਆ ਹੋਇਆ ਸੀ ਤੇ ਹਰ ਤਰਾਂ ਦੀ ਓਹਨਾਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਸੀ। ਮੁਕਾਮ ਬਧਨੀ ਤੇ ਅੰਗਰੇਜ਼ਾਂ ਨੂੰ ਜਾ ਮਿਲਿਆ ਤੇ ਕਹਿਣ ਲੱਗਾ ਕਿ ਤੁਸੀਂ ਮੈਦਾਨ ਕਿਉਂ ਛੱਡ ਆਏ ਹੋ? ਸਿੱਖ ਫੌਜ ਤਾਂ ਨੱਸ ਗਈ ਹੈ, ਜਿਸ ਨੂੰ ਸੁਣ ਕੇ ਅੰਗ੍ਰੇਜ਼ੀ ਫੌਜ ਨੇ ਫਿਰ ਮੈਦਾਨੇ ਜੰਗ ਵਿੱਚ ਆ ਕੇ ਸਾਰੇ ਤੋਪਖਾਨੇ ਤੇ ਸ਼ਾਹੀ ਸਾਮਾਨ ਸੰਭਾਲ ਕੇ ਫਤਹ ਦੀ ਸ਼ਲਕ ਕਰ ਦਿੱਤੀ। ਇਸ ਲੜਾਈ ਵਿੱਚ ਸ਼ਾਹ ਮੁਹੰਮਦ ਮੌਜੂਦ ਸੀ। ੩੦੦ ਅੰਗ੍ਰੇਜ਼ ਅਫਸਰਾਂ ਦੇ ਮਰਨ ਦਾ ਜ਼ਿਕਰ ਕੀਤਾ ਹੈ। ਕਿੰਤੂ ਮੇਹਜਰ ਬ੍ਰਾਟਫੁਟ ਸਾਹਿਬ, ਪੋਲੀਟੀਕਲ ਅਫਸਰ ਤੇ ਡੀ.ਆਰ. ਸੇਮਰਟਾਪ ਸਾਹਿਬ ਤੇ ਬ੍ਰਗੇਡੀਅਰ ਵਾਲ ਸਾਹਿਬ ਆਦਿਕ ਵੱਡੇ ਵੱਡੇ ਅਫਸਰ ਵੀ ਕਈ ਮਾਰੇ ਗਏ। ਕੁਝ ਹਾਲ ਇਸ ਹੇਠ ਦਿੱਤੇ ਚਿਤ੍ਰ ਤੋਂ ਵਿੱਦਤ ਹੈ:
ਅਫਸਰ ਵਲਾਇਤੀ |
ਮੋਏ |
੩੭ |
ਫੱਟੜ |
੭੮ |
|
ਅਫਸਰ ਹਿੰਦੀ |
ਮੋਏ |
੧੭ |
ਫੱਟੜ |
੧੮ |
|
ਸਿਪਾਹੀ ਵਲਾਇਤੀ ਅਤੇ ਹਿੰਦੀ |
ਮੋਏ |
੬੩੦ |
ਫੱਟੜ |
੧੬੧੦ |
|
ਸਾਈਸ ਆਦਿਕ |
ਮੋਏ |
੬੯੪ |
ਫੱਟੜ |
੧੭੧੧ |
ਜਨਰਲ ਕਨਿੰਘਮ ਨੇ ਆਪਣੀ ਹਿਸਟਰੀ ਵਿੱਚ ਲਿਖਿਆ ਹੈ ਕਿ ਇਸ ਲੜਾਈ ਵਿੱਚ ਅੰਗ੍ਰੇਜ਼ੀ ਫੌਜ ਦਾ ਸਤਵਾਂ ਹਿੱਸਾ ਮਾਰਿਆ ਗਿਆ। ਇਸ ਤੋਂ ਪਤਾ ਲਗਦਾ ਹੈ ਕਿ ਫੌਜ ਦਾ ਦਿਲ ਟੁੱਟ ਜਾਣ ਤੇ ਡਰਦਿਆਂ ਫੌਜ ਦਾ ਨੁਕਸਾਨ ਘੱਟ ਦਸਿਆ ਗਿਆ ਹੈ।
ਓਧਰ ਰਾਜਾ ਲਾਲ ਸਿੰਘ ਤਾਂ ਅਜਿਹਾ ਨੱਸਿਆ ਕਿ ਸਤਲੁਜ ਤੋਂ ਪਾਰ ਤਕ ਚਲਾ ਗਿਆ, ਓਹਦੇ ਬਹੁਤ ਸਾਰੇ ਸਾਥੀ ਦਰਯਾ ਵਿੱਚ ਡੁੱਬ ਗਏ। ਲਾਲ ਸਿੰਘ ਜੋ ਪਹਿਲਾਂ ਨੱਠਾ ਸੀ; ਅੰਮ੍ਰਿਤਸਰ ਪੁੱਜ ਕੇ
-----------------
*'ਕਲਕੱਤਾ ਰੀਵੀਊ ਮਾਹ ਦਸੰਬਰ ੧੮੪੭ ਸਫਾ ੪੯੮ ਵੇਖਣ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੋ ਸਕਦੀ ਹੈ, ਇੱਥੇ ਤਾਂ ਕੇਵਲ ਇੰਨਾ ਲਿਖਣਾ ਹੀ ਉਚਿਤ ਹੈ।
ਕਈ ਦਿਨ ਅੰਦਰ ਲੁਕਿਆ ਰਿਹਾ। ਤੇਜ ਸਿੰਘ ਵੀ ਸਤਲੁਜ ਦੇ ਕੰਢੇ ਸਭਰਾਓ ਪਿੰਡ ਵਿੱਚ ਜਾ ਠਹਿਰਿਆ। ਮੈਦਾਨ ਜੰਗ ਵਿੱਚ ਫੱਟੜ ਹੋਏ ਸਿੱਖ ਜੋ ਜੋ ਉੱਠਣ ਯੋਗ ਨਹੀਂ ਸਨ, ਓਥੇ ਹੀ ਪਏ ਰਹਿ ਗਏ। ਇਹ ਸਾਰੇ ਗੋਰਿਆਂ ਨੇ ਕਤਲ ਕਰ ਦਿੱਤੇ ਤੇ ਓਹਨਾਂ ਦਾ ਸਾਮਾਨ ਲੁਟੇਰਿਆਂ ਨੇ ਲੁੱਟ ਲਿਆ, ਕਿਉਂਕਿ ਸਿੱਖਾਂ ਦੀ ਫੌਜ ਦਾ ਤਾਂ ਮਾਲਕ ਕੋਈ ਸੀ ਹੀ ਨਹੀਂ ਜੋ ਫੱਟੜ ਸਿੱਖਾਂ ਨੂੰ ਚੁੱਕ ਕੇ ਓਹਨਾਂ ਦਾ ਇਲਾਜ ਕਰਾਂਦਾ, ਜਾਂ ਮਰਨ ਵਾਲੇ ਤੇ ਫੱਟੜਾਂ ਦੀ ਗਿਣਤੀ ਕਰਦਾ। ਇਸ ਵਿੱਚ ਸ਼ੱਕ ਨਹੀਂ ਕਿ ਇਸ ਤੋਂ ਪਹਿਲਾਂ ਜਦੋਂ ਤੋਂ ਕਿ ਅੰਗ੍ਰੇਜ਼ਾਂ ਨੇ ਹਿੰਦੋਸਤਾਨ ਵਿੱਚ ਕਦਮ ਰੱਖ੍ਯਾ ਹੈ ਓਹਨਾਂ ਨੂੰ ਕਦੇ ਕਿਸੇ ਜਗ੍ਹਾ ਅਜੇਹੀ ਭ੍ਯਾਨਕ ਲੜਾਈ ਨਹੀਂ ਵੇਖਣੀ ਪਈ ਸੀ ਤੇ ਨਾ ਹੀ ਓਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹਾਦਰ ਕੌਮ ਜਹੇ ਸੂਰਮੇਂ ਕਿਤੇ ਵੇਖੇ ਸਨ। ਸਿੱਖਾਂ ਦੀਆਂ ਭਾਰੀ ਤੋਪਾਂ, ਸਿੱਖਾਂ ਦੀ ਨਿਸ਼ਾਨਾਬਾਜ਼ੀ ਨੇ ਅੰਗ੍ਰੇਜ਼ਾਂ ਨੂੰ ਚਕ੍ਰਿਤ ਕਰ ਦਿੱਤਾ, ਸਿੱਖਾਂ ਦਾ ਕੋਈ ਨਿਸ਼ਾਨਾ ਖ਼ਾਲੀ ਨਹੀਂ ਜਾਂਦਾ ਸੀ ਤੇ ਸਿੱਖਾਂ ਦੀਆਂ ਤੋਪਾਂ ਤੇ ਗੋਲੀਆਂ ਦਾ ਕੋਈ ਨਿਸ਼ਾਨ ਨਹੀਂ ਸੀ, ਕਿੰਤੂ ਅੰਗਰੇਜ਼ਾਂ ਦੀਆਂ ਤੀਜਾ ਹਿੱਸਾ ਤੋਪਾਂ ਸਿੱਖਾਂ ਨੇ ਛਕੜਿਆਂ ਤੇ ਨਕੰਮੀਆਂ* ਕਰ ਦਿੱਤੀਆਂ ਸਨ।
ਮੁਦਕੀ ਤੇ ਫੇਰੂ ਸ਼ਹਿਰ ਦੀ ਲੜਾਈ ਦੇ ਮਗਰੋਂ ਗਵਰਨਰ ਜਨਰਲ ਨੇ ਇੱਕ ਇਸ਼ਤਿਹਾਰ ਇਸ ਮਜ਼ਮੂਨ ਦਾ ੩੧ ਦਸੰਬਰ ੧੮੪੫ ਨੂੰ ਪ੍ਰਕਾਸ਼ਤ ਕੀਤਾ ਕਿ:
'ਅੰਗ੍ਰੇਜ਼ਾਂ ਤੇ ਲਾਹੌਰ ਦਰਬਾਰ ਵਿੱਚ ਮਿਤਰਤਾ ਦਾ ਇਕਰਾਰਨਾਮਾ ਹੋਇਆਂ ਲਾਹੌਰ ਦਰਬਾਰ ਦੀ ਫੌਜ ਨੇ ਅੰਗਰੇਜ਼ੀ ਇਲਾਕੇ ਤੇ ਚੜ੍ਹਾਈ ਕਰ ਦਿੱਤੀ ਤੇ ਸ਼ਕਸਤ ਖਾ ਕੇ ਸਤਲੁਜ ਤੋਂ ਉਸ ਪਾਰ ਉੱਤਰ ਗਈ। ੫੧ ਤੋਪਾਂ ਫਤਹਮੰਦ ਫੌਜ ਦੇ ਹੱਥ ਆਈਆਂ। ਸੋ ਜ਼ਰੂਰੀ ਹੈ ਕਿ ਹਿੰਦੋਸਤਾਨ ਦੇ ਸਾਰੇ ਆਦਮੀ ਜੋ ਲਾਹੌਰ ਦਰਬਾਰ ਦੇ ਨੌਕਰ ਹਨ, ਓਧਰੋਂ ਨੌਕਰੀ ਛੱਡ ਕੇ ਗਵਰਨਰ ਜਨਰਲ ਹਿੰਦ ਪਾਸ ਨੌਕਰੀ ਵਾਸਤੇ ਆ ਜਾਣ ਤੇ ਆਪਣੇ ਮੁਲਕ ਦੇ ਹਾਕਮਾਂ ਨਾਲ ਮਿਲ ਜਾਣ। ਸਤਲੁਜ ਤੋਂ ਇਸ ਪਾਸੇ ਉੱਤਰ ਕੇ ਆਪਣੇ ਨਾਮ ਹਾਕਮਾਂ ਨੂੰ ਲਿਖਾ ਦੇਣ ਤਾਂ ਜੋ ਓਹਨਾਂ ਦੇ ਜਾਨ ਤੇ ਮਾਲ ਦੀ ਰੱਖ੍ਯਾ ਹੋ ਸਕੇ। ਜੇਹੜੇ ਆਦਮੀ ਸਪਾਹੀ ਹੋਣ ਦੇ ਯੋਗ ਹੋਣਗੇ ਓਹ ਅੰਗਰੇਜ਼ੀ ਫੌਜ ਵਿੱਚ ਭਰਤੀ ਕਰ ਲਏ ਜਾਣਗੇ। ਤਨਖਾਹ ਸਫਰ ਖ਼ਰਚ; ਜਿਹਾ ਕਿ ਅੰਗਰੇਜ਼ੀ ਸਿਪਾਹ ਨੂੰ ਮਿਲਦਾ ਹੈ, ਓਹਨਾਂ ਨੂੰ ਮਿਲਦਾ ਰਹੇਗਾ ਤੇ ਜੇਹੜਾ ਆਦਮੀ ਇਸ ਹੁਕਮ ਨੂੰ ਨਹੀਂ ਮੰਨੇਗਾ ਓਹ ਆਪਣੇ ਮੁਲਕ ਦਾ ਦੁਸ਼ਮਨ ਤੇ ਸਰਕਾਰ ਦਾ ਮੰਦਾ ਚਿਤਵਣ ਵਾਲਾ ਸਮਝਿਆ ਜਾਵੇਗਾ।'
ਜਦ ਇਸ ਲੜਾਈ ਦੀ ਖ਼ਬਰ ਰਾਣੀ ਜਿੰਦਾਂ ਨੇ ਸੁਣੀ ਤਦ ਇਸ ਖ਼ਿਆਲ ਤੋਂ ਕਿ ਸ਼ਾਇਦ ਖਾਲਸਾ ਫੌਜ ਸਾਡੀ ਚਾਲ ਤੋਂ ਜਾਣੂੰ ਹੋ ਲਾਹੌਰ ਆ ਵੜੇ ਤੇ ਮੈਨੂੰ ਤੇ ਮੇਰੇ ਲੜਕੇ ਨੂੰ ਮਾਰ ਦੇਵੇ, ਸਾਰੇ ਦਰਵਾਜ਼ਿਆਂ ਤੇ ਪਹਿਰੇ ਲਾ ਦਿੱਤੇ ਤੇ ਹੁਕਮ ਦਿੱਤਾ ਕਿ ਕਿਸੇ ਸਿੱਖ ਨੂੰ ਜੋ ਲੜਾਈ ਵਿੱਚੋਂ ਆਇਆ ਹੋਵੇ, ਸ਼ਹਿਰ ਵਿੱਚ ਵੜਨ ਨਾ ਦਿੱਤਾ ਜਾਵੇ। ਦੂਜੇ ਦਿਨ ਇਸ਼ਤਿਹਾਰ ਵੰਡਿਆ ਗਿਆ ਕਿ 'ਜੋ ਸਿੱਖ ਲੜਾਈ ਵਿੱਚੋਂ ਨੱਸ ਕੇ ਲਾਹੌਰ ਆਵੇਗਾ ਉਹ ਕੈਦ ਕਰ ਲਿਆ ਜਾਵੇਗਾ ਤੇ ਉਹਦੀ ਜਾਏਦਾਦ ਜ਼ਬਤ ਕੀਤੀ ਜਾਵੇਗੀ।'
ਜਿੰਦਾਂ ਨੇ ਤੇਜ ਸਿੰਘ ਨੂੰ ਵੀ ਕਹਿ ਭੇਜਿਆ ਕਿ ਤੁਸੀਂ ਦ੍ਰਿੜ੍ਹ ਰਹੋ। ਆਪਣੀ ਹਿਫਾਜ਼ਤ ਕਰੋ ਤੇ ਫੌਜ ਖਾਲਸਾ ਨੂੰ ਲਾਹੌਰ ਨਾ ਆਉਣ ਦੇਵੋ ਤੇ ਲੜਾਈ ਕਰਨ ਦੀ ਪ੍ਰੇਰਨਾ ਕਰੋ। ਇਹ ਸੁਣ ਕੇ ਬਹੁਤ ਸਾਰੇ ਆਦਮੀ ਜੋ ਲਾਹੌਰ ਗਏ ਸਨ, ਨੱਸ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।
ਇਧਰ ਖਾਲਸਾ ਫੌਜ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਹੁਣ ਤੱਕ ਜੇ ਹਾਰ ਹੋਈ ਹੈ, ਧੋਖੇਬਾਜ਼, ਫਰੇਬੀ ਤੇ ਨਿਮਕ ਹਰਾਮ ਅਫਸਰਾਂ ਦੀ ਬੇਈਮਾਨੀ ਦਾ ਸਿੱਟਾ ਹੈ ਤੇ ਰਾਣੀ ਜਿੰਦਾਂ ਆਪਣੇ ਭਰਾ ਹੀਰਾ ਸਿੰਘ ਦਾ ਬਦਲਾ ਲੈਣ ਲਈ ਇਹ ਸਾਰੀਆਂ ਚਾਲਾਂ ਚੱਲ ਰਹੀ ਹੈ। ਤਾਂ ਤੇ ਹੁਣ ਜੋ ਲੜਾਈ ਹੋਵੇਗੀ ਉਸ ਵਿੱਚ ਅਸੀਂ ਅਫਸਰਾਂ ਦੇ ਹੁਕਮ ਨਹੀਂ ਮੰਨਾਂਗੇ ਤੇ ਆਪਣੇ ਆਪ ਆਪਣੇ ਮੁਲਕ ਤੇ ਕੌਮ ਦੇ ਵਾਸਤੇ ਲੜ ਕੇ ਮਰ ਜਾਂਵਾਗੇ, ਕਿੰਤੂ ਪੈਰ ਨਹੀਂ ਹਟਾਵਾਂਗੇ। ਖਾਲਸਾ ਫੌਜ
-----------------
*ਕਨਿੰਘਮ ਸਾਹਿਬ ਸਫਾ ੩੦੯।
ਦੇ ਦਿਲ ਵਿੱਚ ਮੁਲਕ ਤੇ ਕੌਮ ਲਈ ਬੜਾ ਪਿਆਰ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਬਦੇਸ਼ੀ ਉਹਨਾਂ ਤੇ ਹਕੂਮਤ ਕਰੇ।
ਇਹਨਾਂ ਦੀ ਦਿਨਾਂ ਵਿੱਚ ਰਾਣੀ ਜਿੰਦਾਂ ਨੇ ਸਿੱਖਾਂ ਨੂੰ ਭੜਕਾਨ ਲਈ ਇੱਕ ਹੋਰ ਅਫਵਾਹ ਉਡਾ ਦਿੱਤੀ ਕਿ ਰਣਜੋਧ ਸਿੰਘ ਸਰਦਾਰ ਨੇ ਸਤਲੁਜ ਲੰਘ ਕੇ ਲੁਧਿਆਣੇ ਦੀ ਛਾਵਨੀ ਸਾੜ ਸੁਟੀ ਹੈ ਤੇ ਸ਼ਹਿਰ ਤੇ ਕਬਜ਼ਾ ਕਰ ਲਿਆ ਹੈ। ਤੁਸੀਂ ਅਜੇ ਤਕ ਹਰੀ ਕੇ ਪਤਨ ਹੀ ਬੈਠੇ ਹੋਏ ਹੋ, ਦੁਸ਼ਮਣ ਦੀ ਫੌਜ ਤੇ ਕਿਉਂ ਨਹੀਂ ਹਮਲਾ ਕਰਦੇ? ਹਾਲਾਂਕਿ ਉਸ ਵੇਲੇ ਤਕ ਰਣਜੋਧ ਸਿੰਘ ਫਲੌਰ ਹੱਥ ਤੇ ਹੱਥ ਧਰੀ ਬੈਠਾ ਸੀ ਤੇ ਉਸ ਨੇ ਅੰਗ੍ਰੇਜ਼ਾਂ ਨਾਲ ਕੋਈ ਲੜਾਈ ਨਹੀਂ ਕੀਤੀ ਸੀ। ਹਰੀ ਕੇ ਪਤਨ ਤੇ ਜੋ ਸਿੱਖ ਫੌਜ ਠਹਿਰੀ ਹੋਈ ਸੀ, ਓਹਦਾ ਅਫਸਰ ਤੇਜ ਸਿੰਘ ਸੀ। ਇਸ ਦੇ ਟਾਕਰੇ ਤੇ ਜੋ ਅੰਗ੍ਰੇਜ਼ੀ ਫੌਜ ਸੀ ਉਸਨੂੰ:
(੧) ਮਦਦ ਤੇ ਰਸਦ ਦੀ ਲੋੜ ਸੀ ਤੇ ਓਹ ਉਡੀਕ ਵਿੱਚ ਨਿਢਾਲ ਹੋਈ ਬੈਠੀ ਸੀ। ਇੱਕ ਤਾਂ ਰਸਦ ਘਟ ਸੀ। ਦੂਜਾ ਵੱਡੇ ਅਫਸਰ ਮਾਰੇ ਜਾ ਚੁੱਕੇ ਸਨ, ਜਿਸ ਤੋਂ ਇੰਨੀ ਕਮਜ਼ੋਰ ਸੀ ਕਿ ਓਹਦਾ ਵਰਨਣ ਹੋਣਾ ਅਸੰਭਵ ਹੈ।
(੨) ਗੋਲਾ ਬਰੂਦ ਉੱਕਾ ਮੁੱਕ ਚੁੱਕਾ ਸੀ।
(੩) ਸਿੱਖਾਂ ਦੀਆਂ ਜੇਹੜੀਆਂ ਤੋਪਾਂ ਅੰਗ੍ਰੇਜ਼ਾਂ ਦੇ ਹੱਥ ਆਈਆਂ ਸਨ, ਓਹਨਾਂ ਨੂੰ ਸਿੱਖ ਤਾਂ ਗੇਂਦ ਵਾਂਗ ਲਈ ਫਿਰਦੇ ਸਨ, ਕਿੰਤੂ ਗੋਰਿਆਂ ਤੋਂ ਹਿਲਦੀਆਂ ਭੀ ਨਹੀਂ ਸਨ।
(੪) ਜੇਹੜੇ ਸਿੱਖ ਸਰਦਾਰਾਂ ਨੂੰ ਅੰਗ੍ਰੇਜ਼ਾਂ ਨੇ ਤੰਗ ਕਰ ਰੱਖ੍ਯਾ ਸੀ, ਉਹ ਬਾਹਰੋਂ ਅੰਗਰੇਜ਼ਾਂ ਦੇ ਨਾਲ ਸਨ, ਕਿੰਤੂ ਵਿਚੋਂ ਮੱਦਦ ਨਹੀਂ ਕਰਦੇ ਸਨ।
(੫) ਫ਼ਿਰੋਜ਼ਪੁਰ ਦਾ ਸਾਰਾ ਇਲਾਕਾ ਬੇਅਮਨੀ ਦਾ ਕੇਂਦ੍ਰ ਬਣਿਆ ਹੋਇਆ ਸੀ। ਸ੍ਰ: ਅਜੀਤ ਸਿੰਘ ਬਦੋਵਾਲੀਆ ਦਾ ਇਲਾਕਾ ਅੰਗ੍ਰੇਜ਼ਾਂ ਨੇ ਖੋਹ ਲਿਆ ਸੀ। ਓਹਨੇ ਲੁਧਿਆਣੇ ਦੀ ਛਾਉਣੀ ਸਾੜ ਕੇ ਬੱਦੋਵਾਲ ਤੇ ਕਬਜ਼ਾ ਕਰ ਲਿਆ ਸੀ।
(੬) ਮੁਕਤਸਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੀ ਬੇਅੰਤ ਸੈਨਾ ਨੂੰ ਸ਼ਕਸਤ ਦਿੱਤੀ ਸੀ, ਓਹਦਾ ਦਰਵਾਜ਼ਾ ਵੀ ਅੰਗ੍ਰੇਜ਼ਾਂ ਲਈ ਬੰਦ ਹੋ ਗਿਆ ਸੀ। ਉਸ ਇਲਾਕੇ ਦੇ ਧਰਮਕੋਟ ਆਦਿਕ ਕਿਲ੍ਹੇ ਵਾਲਿਆਂ ਨੇ ਰਸਦ ਆਦਿਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
(੭) ਅੰਗ੍ਰੇਜ਼ਾਂ ਨੂੰ ਇੱਕ ਹੋਰ ਡਰ ਇਹ ਸੀ ਕਿ ਵਾਇਸਰਾਇ ਦੇ ਲਿਖਣੇ ਤੇ ਦਿੱਲੀ ਤੇ ਆਗਰੇ ਤੋਂ ਸ਼ਾਹੀ ਖ਼ਜ਼ਾਨਾ ਆ ਰਿਹਾ ਸੀ, ਉਸ ਦੀ ਉਡੀਕ ਵਿੱਚ ਹੀ ਫੌਜ ਬੈਠੀ ਸੀ ਕਿ ਓਹ ਆਵੇ ਤਦ ਹਮਲਾ ਕੀਤਾ ਜਾਏ। ਇਸ ਦੇ ਲੁੱਟੇ ਜਾਣ ਦਾ ਡਰ ਅੰਗ੍ਰੇਜ਼ਾਂ ਨੂੰ ਬੇਤਾਬ ਕਰ ਰਿਹਾ ਸੀ ਤੇ ਓਹ ਹਰ ਵੇਲੇ ਦੁਆ ਮੰਗ ਰਹੇ ਸਨ ਕਿ ਕਿਸੇ ਤਰ੍ਹਾਂ ਓਹ ਸਹੀ ਸਲਾਮਤ ਪੁੱਜ ਜਾਵੇ। ਅੰਗ੍ਰੇਜ਼ੀ ਫੌਜ ਦੀਆਂ ਇਨ੍ਹਾਂ ਸਾਰੀਆਂ ਗੱਲਾਂ ਦੀ ਉਸ ਨੂੰ ਖ਼ਬਰ ਸੀ। ਜੇ ਕਦੀ ਓਹ ਥੋੜ੍ਹੀ ਜੇਹੀ ਫੌਜ ਚੁਪਾਤੇ ਭੇਜ ਦੇਂਦਾ ਤਾਂ ਦਿੱਲੀ ਤੋਂ ਆ ਰਿਹਾ ਮੈਗਜ਼ੀਨ ਤੇ ਰੁਪਯਾ ਰਾਹ ਵਿੱਚ ਲੈ ਸਕਦਾ ਸੀ ਅਤੇ ਇਸੇ ਸਮੇਂ ਜੇ ਕਦੀ ਅੰਗਰੇਜ਼ੀ ਫੌਜ ਤੇ ਹਮਲਾ ਕਰ ਦੇਂਦਾ ਤਦ ਲੜਾਈ ਜਿੱਤੀ ਪਈ ਸੀ, ਕਿੰਤੂ ਓਹਨੂੰ ਤਾਂ ਆਪਣੀ ਪੂਰੀ ਨਿਮਕਹਲਾਲੀ ਵਿਖਾਣ ਦੇ ਮੌਕੇ ਦੀ ਢੂੰਡ ਸੀ। ਇਸ ਕਰ ਕੇ ਜਦ ਤਕ ਅੰਗਰੇਜ਼ਾਂ ਨੂੰ ਪਿਛੋਂ ਹਰ ਤਰ੍ਹਾਂ ਦਾ ਸਾਮਾਨ ਤੇ ਖ਼ਜ਼ਾਨਾ ਨਾ ਮਿਲ ਗਿਆ, ਤਦ ਤਕ ਓਹਨੇ ਸਿੱਖਾਂ ਨੂੰ ਹੱਥ ਹਿਲਾਣ ਨਹੀਂ ਦਿੱਤੇ।
੧੪. ਬਦੋਵਾਲ ਦਾ ਜੰਗ (ਤੀਜੀ ਲੜਾਈ)
ਫੇਰੂ ਸ਼ਹਿਰ ਦੀ ਲੜਾਈ ਨੇ ਅੰਗਰੇਜ਼ਾਂ ਨੂੰ ਬੜਾ ਹੁਸ਼ਿਆਰ ਕਰ ਦਿੱਤਾ। ਮੈਦਾਨ ਜੰਗ ਵਿੱਚ ਆਪਣੇ ਨਾਮ ਦੀ ਗੌਰਵਤਾ ਕਾਇਮ ਰੱਖਣ ਲਈ ਹਰ ਇੱਕ ਉਚਿਤ ਢੰਗ ਵਰਤਣ ਲਗੇ। ਸਾਰੇ ਹਿੰਦ ਵਿੱਚ ਜਿੱਥੇ ਜਿੱਥੇ ਇਨ੍ਹਾਂ ਦੀ ਫੌਜ ਦੇ ਬਹਾਦਰ ਜਰਨੈਲ ਸਨ, ਸਭ ਨੂੰ ਆਪਣੀਆਂ ਫੌਜਾਂ ਸਮੇਤ ਪੰਜਾਬ ਵਲ ਆਉਣ ਦਾ ਹੁਕਮ ਦਿੱਤਾ ਗਿਆ ਤੇ ਦਿੱਲੀ ਤੇ ਆਗਰੇ ਤੋਂ ਖ਼ਜ਼ਾਨਾ ਤੇ ਮੈਗਜ਼ੀਨ ਮੰਗਾਉਣ ਲਈ ਆਦਮੀ ਭੇਜੇ ਤੇ ਅੰਗ੍ਰੇਜ਼ੀ ਫੌਜ ਇਸ ਉਡੀਕ ਵਿੱਚ ਬੈਠੀ ਰਾਹ ਵੇਖਣ ਲਗੀ।
ਰਣਜੋਧ ਸਿੰਘ ਮਜੀਠੀਆ ਫਲੌਰ ਬੈਠਾ ਹੋਇਆ ਸੀ। ਓਹਨੇ ਸਤਲੁਜ ਲੰਘ ਕੇ ਲੁਧਿਆਣੇ ਤੇ ਹੱਲਾ ਬੋਲ ਦਿੱਤਾ। ਰਾਜਾ ਅਜੀਤ ਸਿੰਘ ਲਾਡੂਏ ਵਾਲੇ ਨੇ ਵੀ, ਜਿਸ ਦਾ ਬਦੋਵਾਲ ਦੇ ਇਲਾਕੇ ਨੂੰ ਬਿਨਾਂ ਕਿਸੇ ਕਸੂਰ ਦੇ ਹੀ ਗਵਰਨਮੈਂਟ ਨੇ ਖੋਹ ਲਿਆ ਸੀ, ਓਸੇ ਦਿਨ ਆਪਣੀ ਫੌਜ ਲੈ ਜਾ ਕੇ ਛਾਵਣੀ ਸਾੜ ਦਿੱਤੀ ਤੇ ਲਾਹੌਰ ਦੀ ਫੌਜ ਨਾਲ ਮਿਲਣ ਵਾਸਤੇ ਓਧਰ ਚੱਲ ਪਿਆ ਤੇ ਬਦੋਵਾਲ ਕਿਲ੍ਹੇ ਵਿੱਚ ਜਾ ਵੜਿਆ। ਉਸ ਵੇਲੇ ਲੁਧਿਆਣੇ ਦੀ ਫੌਜ ਕੇਵਲ ਕਿਲ੍ਹੇ ਦਾ ਪ੍ਰਬੰਧ ਰੱਖਣ ਯੋਗ ਬਹੁਤੀ ਨਹੀਂ ਸੀ। ਲੁਧਿਆਣੇ ਤੋਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਆਪਾਧਾਪੀ ਮਚੀ ਹੋਈ ਸੀ। ਅੰਗ੍ਰੇਜ਼ੀ ਫੌਜ ਨੂੰ ਰਾਸ਼ਣ ਦਾ ਬੜਾ ਤੋੜਾ ਸੀ। ਇਸ ਕਰ ਕੇ ਕੁਝ ਫੌਜ ਬੀਕਾਨੀਰ ਦੇ ਵਾਸਤੇ ਮੁਕਤਸਰ ਦੇ ਕਿਲ੍ਹੇ ਵਿੱਚ ਰਖੀ ਗਈ। ੧੭ ਜਨਵਰੀ ੧੮੪੭ ਈਸਵੀ ਨੂੰ ਜਨਰਲ ਹੈਨਰੀ ਸਮਿਥ ਸਾਹਿਬ ਨੂੰ ਧਰਮਕੋਟ ਆਦਿਕ ਫਤਹ ਕਰਨ ਲਈ ਭੇਜਿਆ ਗਿਆ। ਇੱਕ ਬ੍ਰਗੇਡ ਫੌਜ ਦਾ ਉਹਦੇ ਨਾਲ ਸੀ। ਬਿਨਾ ਕੋਈ ਖੂਨ ਵੀਟੇ ਦੇ ਇਹ ਕਿਲ੍ਹਾ ਓਹਦੇ ਹੱਥ ਆ ਜਾਣ ਦੇ ਕਾਰਨ ਰਸਦ ਦੀ ਆਵਾਜਾਦੀ ਬਿਨਾ ਕਿਸੇ ਰੋਕ ਟੋਕ ਦੇ ਸ਼ੁਰੂ ਹੋ ਗਈ। ਇਸ ਫੌਜ ਦੇ ਭੇਜਣ ਦਾ ਮਨੋਰਥ ਇਹ ਸੀ ਕਿ ਦਿੱਲੀ ਤੋਂ ਆਗਰੇ ਵੱਲੋਂ ਆਉਣ ਵਾਲੇ ਮੈਗਜ਼ੀਨ ਤੇ ਖ਼ਜ਼ਾਨੇ ਦੀ ਰਖਵਾਲੀ ਕੀਤੀ ਜਾਏ ਤੇ ਨਿੱਕੇ ਨਿੱਕੇ ਸਰਦਾਰ ਜੋ ਰਾਸ਼ਣ ਦੇ ਆਉਣ ਵਿੱਚ ਰੁਕਾਵਟ ਪਾਂਦੇ ਸਨ, ਓਹਨਾਂ ਤੋਂ ਰਾਹ ਸਾਫ਼ ਕੀਤਾ ਜਾਏ। ਕਿੰਤੂ ਸਮਿਥ ਸਾਹਿਬ ਨੇ ਲੁਧਿਆਣੇ ਦਾ ਹਾਲ ਸੁਣਦੇ ਹੀ ਉਧਰ ਘੋੜੇ ਦੀਆਂ ਵਾਗਾਂ ਮੋੜੀਆਂ। ੨੦ ਜਨਵਰੀ ਨੂੰ ਪਿੰਡ ਜਗਰਾਓਂ ਪੁੱਜਾ। ਤਦ ਓਥੇ ਸਰਦਾਰ ਨਿਹਾਲ ਸਿੰਘ ਆਹਲੂਵਾਲੀਏ ਦੇ ਕਰਮਚਾਰੀਆਂ ਨੇ ੧੮੦੫ ਦੇ ਇਕਰਾਰਨਾਮੇ ਅਨੁਸਾਰ ਆਪਣਾ ਕਿਲ੍ਹਾ ਉਕਤ ਸਾਹਿਬ ਦੇ ਹਵਾਲੇ ਕਰ ਦਿੱਤਾ ਤੇ ਰਾਸ਼ਣ ਆਦਿਕ ਦੀ ਬਹੁਤ ਮਦਦ ਦਿੱਤੀ।
ਉਹ ਆਪਣੇ ਤਿੰਨ ਹਜ਼ਾਰ ਸਵਾਰ ਚਾਰ ਹਜ਼ਾਰ ਪੈਦਲ ਤੇ ੧੮ ਤੋਪਾਂ ਲੈ ਕੇ ਰਾਤੋ ਰਾਤ ਚੱਲ ਕੇ ਅਗਲੇ ਦਿਨ ੯ ਵਜੇ ਦੇ ਕਰੀਬ ਸਿੱਖ ਫੌਜ ਨੂੰ ਇੱਕ ਪਾਸੇ ਛੱਡਦਾ ਹੋਇਆ ਬਦੋਵਾਲ ਤੋਂ ਦੋ ਕੋਹ ਖੱਬੇ ਹੱਥ ਵਲ ਹੋ ਕੇ ਡਬਲ ਕੂਚ ਕਰਦਾ ਨਿੱਕਲਦਾ ਜਾ ਰਿਹਾ ਸੀ, ਇਸ ਖ਼ਿਆਲ ਤੋਂ ਕਿ ਜੇ ਸਿੱਖ ਫੌਜ ਨੇ ਹਮਲਾ ਕੀਤਾ ਤਦ ਰਸਦ ਆਦਿਕ ਸਾਮਾਨ ਬਚ ਕੇ ਲੁਧਿਆਣੇ ਅੱਪੜ ਜਾਏਗਾ। ਸਾਮਾਨ ਨੂੰ ਖੱਬੇ ਹੱਥ ਰੱਖਯਾ, ਕਿੰਤੂ ਸਿੱਖ ਤਾਂ ਪਹਿਲਾਂ ਹੀ ਇਨ੍ਹਾਂ ਦੀ ਤਾੜ ਵਿੱਚ ਬੈਠੇ ਸਨ। ਜਦ ਅੰਗ੍ਰੇਜ਼ੀ ਫੌਜ ਇਨ੍ਹਾਂ ਦੀ ਨਜ਼ਰੀ ਪਈ ਤਦ ਧੜਾ ਧੜ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਲਗਾਤਾਰ ਜਵਾਬ ਜਨਰਲ ਸਮਿਥ ਸਾਹਿਬ ਨੂੰ ਵੀ ਦੇਣਾ ਪਿਆ। ਬਾਲੂ ਰੇਤ ਦੇ ਟਿੱਬੇ ਜੋ ਉਸ ਇਲਾਕੇ ਵਿੱਚ ਬਹੁਤ ਸਨ, ਓਹਨਾਂ ਦੀ ਆੜ ਵਿੱਚ ਲੜਦੇ ਹੋਏ ਇਸ ਆਸ ਤੇ ਕਿ ਕਿਸੇ ਤਰ੍ਹਾਂ ਇੰਜ ਲੜਦੇ ਲੁਧਿਆਣੇ ਅੱਪੜ ਜਾਈਏ, ਉਧਰ ਕਦਮ ਉਠਾਂਦੇ ਚਲੇ ਗਏ। ਕਿਧਰੇ ਕਿਧਰੇ ਪਿਛਲੀ ਫੌਜ ਨੂੰ ਮਿਲਾਣ ਲਈ ਠਹਿਰ ਕੇ ਵੀ ਗੋਲਾਬਾਰੀ ਕਰਦੇ ਸਨ, ਕਿੰਤੂ ਤਿੰਨ ਕੋਹ ਤਕ ਪੁੱਜੇ ਹੋਣਗੇ ਕਿ ਸਿੱਖਾਂ ਨੇ ਬੜੇ ਜੋਸ਼ ਦੇ ਵਿੱਚ ਆ ਕੇ ਅਜਿਹਾ ਹੱਲਾ ਕੀਤਾ ਤੇ ਇੰਨੀ ਤੇਜ਼ੀ ਨਾਲ ਤਲਵਾਰ ਚਲਾਈ ਕਿ ਸੈਂਕੜੇ ਗੋਰੇ ਮਦਾਨ ਵਿੱਚ ਲਿਟਾ ਦਿਤੇ। ਭਾਵੇਂ ਅੰਗਰੇਜ਼ੀ ਫੌਜ ਵੀ ਬਹੁਤ ਬਹਾਦਰੀ ਨਾਲ ਲੜੀ, ਕਿੰਤੂ ਰਾਹ ਦੀਆਂ ਤਕਲੀਫ਼ਾਂ ਤੇ ਥੋੜ੍ਹੀ ਹੋਣ ਦੇ ਕਾਰਨ ਨੱਸ ਟੁਰੀ। ਜਨਰਲ ਸਮਿਥ ਆਪਣੀ ਫੌਜ ਨੂੰ ਨਸਦਿਆਂ ਵੇਖ ਕੇ ਸਾਰਾ ਰਾਸ਼ਣ ਤੇ ਗੋਲਾ ਬਾਰੂਦ ਛੱਡ ਕੇ ਫੌਜ ਨੂੰ ਨਾਲ ਲੈ ਕੇ ਲੁਧਿਆਣੇ ਵੱਲ ਚਲਾ ਗਿਆ। ਜਨਰਲ ਕਨਿੰਘਮ ਤੇ ਹਰਕਨ ਸਾਹਿਬ ਲਿਖਦੇ ਹਨ ਕਿ ਜੇ ਕਦੀ ਰਣਜੋਧ ਸਿੰਘ ਵੀ ਤੇਜ ਸਿੰਘ ਤੇ ਲਾਲ ਸਿੰਘ ਦੀ ਤਰ੍ਹਾਂ ਅੰਦਰੋਂ ਅੰਗ੍ਰੇਜ਼ਾਂ ਨਾਲ ਮਿਲਿਆ ਹੋਇਆ ਨਾ ਹੋਂਦਾ, ਤਦ ਬੱਦੋਵਾਲ ਦੀ ਲੜਾਈ ਠੀਕ ਫਤਹ ਹੋਣ ਦੇ ਵੇਲੇ ਫੌਜ ਨੂੰ ਲੜਦਿਆਂ ਛੱਡ ਇਕਲਵੰਜੇ ਨਾ ਹੋ ਜਾਂਦਾ। ਦੂਜਾ ਨੱਠੀ ਜਾਂਦੀ ਅੰਗਰੇਜ਼ੀ ਫੌਜ ਤੇ ਹੱਲਾ ਕਰਨ ਦਾ ਖਾਲਸੇ ਨੂੰ ਹੁਕਮ ਦੇਂਦਾ। ਜੇ ਕਦੀ ਓਹ ਅਜਿਹਾ ਕਰਦਾ ਤਦ ਸਿੱਖ ਜ਼ਰੂਰ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਕੱਢ ਦੇਂਦੇ। ਕਿੰਤੂ ਇਹ ਤਾਂ ਸਿੱਖਾਂ ਨੂੰ ਅੰਗ੍ਰੇਜ਼ਾਂ ਦਾ ਸਾਮਾਨ ਲੁੱਟਣ ਤੇ ਲਾ ਕੇ ਆਪ ਅੱਡ ਹੋ ਗਿਆ (ਵੇਖੋ ਸਿੰਘ ਯੁੱਧ ਸਫਾ ੬੫)
ਜੇ ਕਦੀ ਰਣਜੋਧ ਸਿੰਘ ਪਿੱਛਾ ਕਰਦਾ ਤੇ ਹੋਰ ਮਾਲ ਮਤਾਂ ਜੋ ਦਿੱਲੀ ਤੋਂ ਆਉਂਦਾ ਨੇੜੇ ਆ ਗਿਆ ਸੀ ਤੇ ਓਹਦੇ ਨਾਲ ਥੋੜੀ ਜਹੀ ਫੌਜ ਵੀ ਸੀ ਤੇ ਓਹਦੀ ਖ਼ਬਰ ਓਹਨੂੰ ਮਿਲ ਗਈ ਸੀ ਜਿਸ ਨੂੰ ਸਿੱਖ ਵੀ ਚਾਹੁੰਦੇ ਸਨ ਕਿ ਓਹ ਸਾਮਾਨ ਰੋਕਿਆ ਜਾਵੇ, ਜ਼ਰੂਰ ਹੱਥ ਲੱਗ ਜਾਂਦਾ। ਕਿੰਤੂ ਓਸ ਗੀਦੀ, ਬੁਜ਼ਦਿਲ ਤੇ ਫਰੇਬੀ ਤੋਂ ਸਵਾਏ ਸਤਲੁਜ ਦੇ ਕੰਢੇ ਸਿੰਘਾਂ ਨੂੰ ਸਵਾ ਰੱਖਣ ਦੇ ਹੋਰ ਕੁਝ ਨਾ ਬਣਿਆ। ਇਸ ਵਿੱਚ ਕੁਝ ਸ਼ੱਕ ਨਹੀਂ ਕਿ ਬਦੋਵਾਲ ਦੀ ਲੜਾਈ ਵਿੱਚ ਸਿੱਖ ਜਿੱਤੇ ਤੇ ਅੰਗ੍ਰੇਜ਼ਾਂ ਨੂੰ ਹਾਰ ਹੋਈ ਤੇ ਅੰਗ੍ਰੇਜ਼ਾਂ ਦਾ ਬਹੁਤ ਸਾਰਾ ਸਾਮਾਨ ਵੀ ਸਿੱਖਾਂ ਦੇ ਹੱਥ ਆਇਆ। ਜੇ ਕਦੀ ਬਰਗੇਡੀਅਰ ਕਰਟਨ ਸਾਹਿਬ ਦੇ ਰਸਾਲੇ ਦੀ ਮਦਦ ਜੋ ਉਸ ਵੇਲੇ ਧਰਮਕੋਟ ਵੱਲੋਂ ਆ ਰਿਹਾ ਸੀ, ਨਾ ਪੁਜਦੀ ਤਦ ਅੰਗ੍ਰੇਜ਼ਾਂ ਦਾ ਬਹੁਤ ਸਾਰਾ ਨੁਕਸਾਨ ਹੁੰਦਾ। ਕਿੰਤੂ ਤਦ ਵੀ ਇੱਕ ਸੌ ਦੇ ਕਰੀਬ ਆਦਮੀ ਮਾਰੇ ਗਏ, ੬੮ ਫੱਟੜ ਹੋਏ, ੭੭ ਬੇਪਤਾ ਹੋ ਗਏ, ਜਿਨ੍ਹਾਂ ਵਿੱਚੋਂ ੧੭ ਗੋਰੇ ਕਪੂਰਥਲੇ ਵਾਲਿਆਂ ਫੜ ਕੇ ਕਪੂਰਥਲੇ ਤੋਂ ੪੫ ਗੋਰੇ ਲਾਹੌਰ ਭੇਜੇ ਗਏ, ਜਿਨ੍ਹਾਂ ਵਿੱਚ ਡਾਕਟਰ ਬਾਰਲ ਸਾਹਿਬ ਵੀ ਸੀ। ਬਾਕੀ ਗੋਰੇ ਜੇ ਐਧਰ ਉੱਧਰ ਦੌੜ ਗਏ ਉਹ ਇੱਕ ਦੋ ਦਿਨਾਂ ਵਿੱਚ ਆਪਣੀ ਆਪਣੀ ਫੌਜ ਨੂੰ ਲੁਧਿਆਣੇ ਆ ਮਿਲੇ। ਸਿੱਖ ਆਪਣੀ ਇਸ ਜਿੱਤ ਤੋਂ ਕੱਪੜਿਆਂ ਵਿੱਚ ਨਹੀਂ ਸਮਾਂਦੇ ਸਨ। ਘਰ ਘਰ ਇਸ ਫਤਹ ਦਾ ਜ਼ਿਕਰ ਹੁੰਦਾ ਸੀ। ਇਹ ਲੜਾਈ ੨੧ ਜਨਵਰੀ ੧੮੪੬ ਮਾਘ ਸੰਮਤ ੧੮੦੨ ਬਿਕਰਮੀ ਨੂੰ ਹੋਈ। ਇਸ ਤੋਂ ਪਿੱਛੋਂ ਭਾਵੇਂ ਅੰਗ੍ਰੇਜ਼ੀ ਫੌਜ ਨੇ ਲੁਧਿਆਣੇ ਅੱਪੜ ਕੇ ਆਪਣਾ ਆਪ ਸੰਭਾਲ ਲਿਆ, ਕਿੰਤੂ ਇਸ ਨਿੱਕੀ ਜਹੀ ਲੜਾਈ ਵਿੱਚ ਅੰਗ੍ਰੇਜ਼ਾਂ ਨੂੰ ਮਿਲੀ ਸ਼ਕਸਤ ਨਾ ਸਿਰਫ ਸਿੱਖਾਂ ਲਈ ਭੀ ਫਖਰ ਦੀ ਗੱਲ ਹੋਈ, ਬਲਕਿ ਕਨਿੰਘਮ ਸਾਹਿਬ ਦੇ ਲਿਖੇ ਅਨੁਸਾਰ ਹਿੰਦੋਸਤਾਨ ਦੀਆਂ ਫਤਹ ਹੋ ਚੁੱਕੀਆਂ ਸਾਰੀਆਂ ਰਿਆਸਤਾਂ ਦੇ ਰਈਸਾਂ ਨੂੰ ਖ਼ੁਸ਼ੀ ਦੇ ਨਾਲ ਇਹ ਗੱਲ ਪ੍ਰਗਟ ਕਰਨ ਦਾ ਮੌਕਾ ਮਿਲ ਗਿਆ ਕਿ ਉਹਨਾਂ ਦੇ ਬਦੇਸੀ ਮਾਲਕ ਦੀ ਤਕੜੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੈਰੋਕਾਰਾਂ ਦੀ ਬਹਾਦਰੀ ਤੇ ਜਵਾਂਮਰਦੀ ਨੇ ਜੋ ਅਸਲ ਵਿੱਚ ਉਹਨਾਂ ਦੇ ਮੁਲਕ ਦੇ ਤੇ ਉਹਨਾਂ ਵਿੱਚੋਂ ਹੀ ਹਨ, ਸ਼ਕਸਤ ਦਿੱਤੀ। ਉਸ ਵੇਲੇ ਅੰਗ੍ਰੇਜ਼ੀ ਫੌਜ ਦੇ ਹਿੰਦੀ ਸਪਾਹੀ ਵੀ ਇੱਕ ਦੂਜੇ ਨਾਲ ਚੋਰੀ ਨਜ਼ਰ ਮਿਲਾ ਕੇ ਯੂਰਪ ਵੱਲ ਵੇਖ ਰਹੇ ਸਨ ਤੇ ਅੰਗ੍ਰੇਜ਼ਾਂ ਦਾ ਰੰਗ ਵੀ ਪੀਲਾ ਹੋ ਰਿਹਾ ਸੀ। ਗਵਰਨਰ ਜਨਰਲ ਤੇ ਕਮਾਂਡਰ ਇਨ-ਚੀਫ਼ ਮੈਗਜ਼ੀਨ ਜਿਸ ਦੀ ਅਤਯੰਤ ਲੋੜ ਤੇ ਅਤਿ ਉਡੀਕ ਸੀ, ਉਹਦੇ ਵਲੋਂ ਬੜੀ ਬੇਸਬਰੀ ਨਾਲ ਵੇਖ ਰਹੇ ਸਨ ਤੇ ਚਾਹੁੰਦੇ ਸੀ ਕਿ ਓਹ ਸੁਖ ਸਾਂਦ ਨਾਲ ਅੱਪੜ ਜਾਏ।
ਹੁਣ ੨੨ ਜਨਵਰੀ ਨੂੰ ਰਣਜੋਧ ਸਿੰਘ ਕੁਲ ਫੌਜ ਸਮੇਤ ਬਦੋਵਾਲ ਤੋਂ ਕੂਚ ਕਰ ਕੇ ਲੁਧਿਆਣਾ ਤੋਂ ੧੫ ਕੋਹ ਦੀ ਵਿਥ ਤੇ ਸਤਲੁਜ ਦੇ ਲਾਗੇ ਡੇਰਾ ਲਾ ਕੇ ਬੈਠ ਗਿਆ ਤੇ ਕਿਸ਼ਤੀਆਂ ਇਕੱਠੀਆਂ ਕਰਨ ਲੱਗਾ। ਇਸ ਕੂਚ ਬਾਬਤ ਦੋ ਹੋਰ ਵੀ ਰਵਾਇਤਾਂ ਹਨ। ਇੱਕ ਤਾਂ ਉੱਥੇ ਸਿੱਖ ਫੌਜ ਥੋੜ੍ਹੀ ਸੀ ਤੇ ਅੰਗ੍ਰੇਜ਼ੀ ਫੌਜ ਨੂੰ ਲੈ ਕੇ ਸਮਿਥ ਸਾਹਿਬ ਜਿਸ ਦੇ ਪਾਸ ਹੁਣ ਫੌਜ ਇਕੱਠੀ ਹੋ ਗਈ ਸੀ ਤੇ ਬਦੋਵਾਲ ਤੇ ਹਮਲਾ ਕਰਨ ਵਾਲਾ ਸੀ। ਦੂਜਾ, ਬਦੋਵਾਲ ਦੀ ਲੜਾਈ ਤੋਂ ਮਗਰੋਂ ਤੇਜ ਸਿੰਘ ਨੇ ਓਹਨੂੰ ਲਿਖਿਆ ਸੀ ਕਿ ਤੂੰ ਕਿਉਂ ਨਹੀਂ ਅੰਗ੍ਰੇਜ਼ਾਂ ਦੇ ਵਾਸਤੇ ਬਦੋਵਾਲ ਤੇ ਕਬਜ਼ਾ ਕਰ ਲਿਆ। ਤੀਜਾ, ਸਤਲੁਜ ਦੇ ਕੰਢੇ ਤੇ ਜੰਗ ਸ਼ੁਰੂ ਕਰ ਕੇ ਨੱਸ ਜਾਣ ਦੇ ਇਰਾਦੇ ਤੋਂ ਇੱਥੇ ਆਇਆ ਸੀ। ਕਈ ਕਹਿੰਦੇ ਹਨ ਕਿ ਸਿੱਖ ਫੌਜ ਲੁਧਿਆਣੇ ਤੇ ਹੱਲਾ ਕਰਨਾ ਚਾਹੁੰਦੀ ਸੀ। ਇਧਰੋਂ ਫੌਜ ਨੂੰ ਰੋਕ ਕੇ ਦਰਯਾ ਦੇ ਕੰਢੇ ਤੇ ਜਾ ਪਿਆ। ਇੱਥੇ ੪ ਪਲਟਣਾਂ, ੧੨ ਤੋਪਾਂ, ਇੱਕ ਰਜਮੰਟ ਸਵਾਰਾਂ ਦੀ ੨੪ ਜਨਵਰੀ ਨੂੰ ਸਤਲੁਜ ਦੇ ਦਰ੍ਯਾਏ ਤੋਂ ਆ ਕੇ ਦਰਯਾਏ ਸਤਲੁਜ ਲੰਘ ਕੇ ਇਨ੍ਹਾਂ ਦੇ ਲਸ਼ਕਰ ਨਾਲ ਸ਼ਾਮਲ ਹੋ ਗਈ।
ਪ੍ਰਗਟ ਹੋਵੇ ਕਿ ਮੁਦਕੀ ਦੇ ਜੰਗ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੱਖ ਸਰਦਾਰਾਂ ਤੇ ਫੌਜ ਦੇ ਪੈਂਚਾਂ ਨੇ ਇਕੱਠੇ ਹੋ ਕੇ ਰਾਜਾ ਗੁਲਾਬ ਸਿੰਘ ਨੂੰ ਜਾ ਕੇ ਕਿਹਾ ਸੀ ਕਿ ਆਪ ਨੂੰ ਲਾਹੌਰ ਦਰਬਾਰ ਵਲੋਂ ਸੁਤੰਤਰ ਹੋ ਕੇ ਅੰਗ੍ਰੇਜ਼ਾਂ ਦੇ ਨਾਲ ਲੜਨਾ ਚਾਹੀਦਾ ਹੈ, ਕਿਉਂਕਿ ਸਾਰੀ ਖਾਲਸਾ ਫੌਜ ਤੁਹਾਡੇ ਤੇ
ਭਰੋਸਾ ਰੱਖਦੀ ਹੈ ਤੇ ਤੁਹਾਡਾ ਹੁਕਮ ਦਿਲ ਜਾਨ ਤੋਂ ਮੰਨਣ ਨੂੰ ਤ੍ਯਾਰ ਹੈ, ਕਿੰਤੂ ਓਹ ਬਹਾਨੇ ਤੇ ਝੂਠੇ ਲਾਰੇ ਲਾ ਕੇ ਇਨ੍ਹਾਂ ਨੂੰ ਟਾਲਦਾ ਰਿਹਾ ਤੇ ਕਹਿੰਦਾ ਰਿਹਾ ਕਿ ਮੈਂ ਛੇਤੀ ਹੀ ਜਾ ਕੇ ਅੰਗ੍ਰੇਜ਼ਾਂ ਨਾਲ ਲੜਾਂਗਾ ਤੁਸੀਂ ਤਸੱਲੀ ਰੱਖੋ। ਅਸਲ ਗੱਲ ਇਹ ਹੈ ਕਿ ਉਹਨੂੰ ਪਤਾ ਸੀ ਕਿ ਅੱਜ ਕੱਲ ਅੰਗ੍ਰੇਜ਼ ਫੌਜ ਸਿੱਖਾਂ ਨੂੰ ਸ਼ਿਕਸਤ ਦੇ ਕੇ ਪੰਜਾਬ ਵਿੱਚ ਆਉਣ ਵਾਲੀ ਹੈ। ਆਪ ਤਾਂ ਓਹਦੀ ਉਡੀਕ ਵਿੱਚ ਰਿਹਾ ਤੇ ਫੌਜ ਲੜਾਈ ਵਿੱਚ ਭੇਜ ਦਿੱਤੀ।
ਆਖਰ ਨੂੰ ਰਾਣੀ ਸਾਹਿਬ ਦੇ ਬਹੁਤ ਜ਼ੋਰ ਦੇਣ ਤੇ ੨੭ ਜਨਵਰੀ ੧੮੪੬ ਨੂੰ ਤਿੰਨ ਹਜ਼ਾਰ ਸਪਾਹੀ ਤੇ ਸਮਾਨ ਜੰਗ ਤੇ ਰਸਦ ਲੈ ਕੇ ਲਾਹੌਰ ਆਇਆ ਤੇ ਰਾਣੀ ਸਾਹਿਬ ਨੇ ਓਹਨੂੰ ਵਜ਼ੀਰ ਬਣਾ ਕੇ ਕਿਹਾ ਕਿ ਜਿਸ ਤਰ੍ਹਾਂ ਹੋ ਸਕੇ ਆਪਣੇ ਮੁਲਕ ਨੂੰ ਬਚਾਓ ਤੇ ਖਾਲਸਾ ਫੌਜ ਨੂੰ ਆਪਣੇ ਅਧਿਕਾਰ ਵਿੱਚ ਰੱਖੋ।
੧੫. ਚੌਥੀ ਲੜਾਈ ਅਲੀਵਾਲ ਤੇ
ਉਸ ਵੇਲੇ ਸਰ ਹੈਨਰੀ ਸਮਿਥ ਸਾਹਿਬ ਦੀ ਮੱਦਦ ਤੇ ਅੰਗ੍ਰੇਜ਼ੀ ਫੌਜ ਆ ਪੁੱਜੀ ਸੀ ਤੇ ਲੁਧਿਆਣਾ ਆਦਿਕ ਦੀ ਕੁਲ ਫੌਜ ਮਿਲਾ ਕੇ ਜਦ ਓਹਦੇ ਪਾਸ ੧੧ ਹਜ਼ਾਰ ਸਿਪਾਹ ਹੋ ਗਈ ਤਦ ਓਹਨੇ ਝੱਟ ਪੱਟ ੨੮ ਤਾਰੀਖ ਨੂੰ ਕੂਚ ਕਰ ਦਿੱਤਾ ਤਾਂ ਜੋ ਰਣਜੋਧ ਸਿੰਘ ਫੌਜ ਤੇ ਹੱਲਾ ਕਰੇ। ਇਸ ਵੇਲੇ ਸਿੱਖਾਂ ਦੀ ਫੌਜ ਲੁਧਿਆਣੇ ਤੋਂ ੧੦ ਮੀਲ ਦੀ ਵਿੱਥ ਤੇ ਸੀ। ਜਦ ਅੰਗ੍ਰੇਜ਼ੀ ਫੌਜ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ, ਸਿੱਖਾਂ ਨੇ ਅੰਗ੍ਰੇਜ਼ਾਂ ਦੇ ਹਮਲੇ ਨੂੰ ਬੜੀ ਜਵਾਂ ਮਰਦੀ ਨਾਲ ਰੋਕਿਆ, ਕਿੰਤੂ ਉਸ ਵੇਲੇ ਸਮਿਥ ਸਾਹਿਬ ਨੇ ਸਭ ਤੋਂ ਵੱਡਾ ਕੰਮ ਅਲੀਵਾਲ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਸਲਾਹ ਕੀਤੀ, ਸੋ ਪਿਆਦਾ ਪਲਟਣ ਦੇ ਸੱਜੇ ਪਾਸੋਂ ਬਹੁਤ ਜ਼ੋਰ ਲਾਇਆ ਗਿਆ। ਇੱਧਰ ਪਹਾੜੀ ਡੋਗਰੇ ਖੜੇ ਸਨ, ਓਹਨਾਂ ਪਹਿਲਾਂ ਹੀ ਬੜੀ ਜ਼ੋਰ ਨਾਲ ਬੰਦੂਕਾਂ ਚਲਾਈਆਂ, ਕਿੰਤੂ ਓਹਨਾਂ ਨੂੰ ਕੋਈ ਖ਼ਾਸ ਪਿਆਰ ਨਹੀਂ ਸੀ। ਇਸ ਕਰ ਕੇ ਬਹੁਤ ਦੇਰ ਤੱਕ ਸਾਹਮਣੇ ਨਾ ਠਹਿਰ ਸਕੇ ਤੇ ਝੱਟ ਪੇਟ ਖਿੰਡ ਪੁੰਡ ਗਏ। ਰਣਜੋਧ ਸਿੰਘ ਵੀ ਆਪਣੀ ਬਹਾਦਰ ਫੌਜ ਨੂੰ ਮੈਦਾਨ ਵਿੱਚ ਲੜਦਿਆਂ ਵੇਖ ਨੱਸ ਗਿਆ। ਕਿੰਤੂ ਸ਼ਾਬਾਸ਼ ਸਿੱਖਾਂ ਦੇ ਜਿਨ੍ਹਾਂ ਮੈਦਾਨ ਵਿੱਚ ਟੋਟੇ ਟੋਟੇ ਹੋਣਾ ਪ੍ਰਵਾਨ ਕਰ ਲਿਆ, ਕਿੰਤੂ ਪੈਰ ਪਿੱਛੇ ਨਹੀਂ ਹਟਾਇਆ। ਹਾਲਾਂ ਕਿ ਉਸ ਵੇਲੇ ਅੰਗ੍ਰੇਜ਼ੀ ਫੌਜ ਨੇ ਇਸ ਜ਼ੋਰ ਦਾ ਹੁਕਮ ਦੇ ਦਿੱਤਾ ਕਿ ਸਿੱਖਾਂ ਦੀ ਅੱਧੀ ਤੋਂ ਵਧੀਕ ਫੌਜ ਨੂੰ ਖੇਰੂੰ ਖੇਰੂੰ ਕਰ ਦਿੱਤਾ, ਬਲਕਿ ਬੜੀ ਬਹਾਦਰੀ ਤੇ ਜਵਾਂ ਮਰਦੀ ਨਾਲ ਬਾਹਾਂ ਫੈਲਾਈਆਂ ਹੋਈਆਂ ਸਾਹਮਣੇ ਆਉਂਦੇ ਸਨ ਤੇ ਇੱਕ ਸੱਚੇ ਖਾਲਸਾ ਲਈ ਅੰਗ੍ਰੇਜ਼ਾਂ ਦਾ ਦਬਾ ਲੈਣਾ ਕੋਈ ਸੁਖੈਨ ਗੱਲ ਨਹੀਂ ਹੁੰਦੀ ਸੀ। ਸਿੱਖਾਂ ਨੂੰ ਸ਼ਕਸਤ ਦੇਣ ਲਈ ਅਜੇ ਇਸ ਤੋਂ ਵਧੀਕ ਤਾਕਤ ਦੀ ਲੋੜ ਸੀ। ਅੰਤ ਨੂੰ ਇੱਕ ਅੰਗ੍ਰੇਜ਼ੀ ਰਸਾਲਾ, ਹਿੰਦੀ ਰਸਾਲਾ ਬੜੇ ਜੋਸ਼ ਦੇ ਨਾਲ ਸਿੱਖਾਂ ਦੀ ਪੈਦਲ ਫੌਜ ਦੇ ਸਾਹਮਣੇ ਕੀਤਾ ਗਿਆ। ਸਮੇਤ ਬਹਾਦਰ ਖਾਲਸੇ ਨੇ ਇਨ੍ਹਾਂ ਦੇ ਇਸ ਹਮਲੇ ਨੂੰ ਬੜੀ ਜਵਾਂ ਮਰਦੀ ਨਾਲ ਰੋਕਿਆ, ਕਿੰਤੂ ਤਦ ਵੀ ਅੰਗ੍ਰੇਜ਼ਾਂ ਦੇ ਢੰਗ ਦੀ ਲੜਾਈ ਦੇ ਸਾਹਮਣੇ ਓਹਨਾਂ ਦੀ ਸੱਚੀ ਸੂਰਬੀਰਤਾ ਕਦ ਤਕ ਕੰਮ ਦੇ ਸਕਦੀ ਸੀ? ਓਹਨਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ, ਕਿੰਤੂ ਬਹਾਦਰ ਸਿੱਖਾਂ ਨੇ ਕੁਝ ਪ੍ਰਵਾਹ ਨਹੀਂ ਕੀਤੀ ਅਤੇ ਢਹਿੰਦੇ ਡਿਗਦੇ ਫਿਰ ਉੱਠ ਖਲੋਤੇ ਤੇ ਅੰਗ੍ਰੇਜ਼ਾਂ ਤੇ ਅੱਗ ਵਸਾਣੀ ਸ਼ੁਰੂ ਕਰ ਦਿੱਤੀ। ਕਿੰਤੂ ਸਰਦਾਰ ਬਿਨਾਂ ਫੌਜ ਕਦ ਤੱਕ ਲੜਦੀ? ਅੰਤ ਨੂੰ ਤਿੰਨ ਵੇਰੀ ਇਸੇ ਤਰ੍ਹਾਂ ਅੰਗ੍ਰੇਜ਼ਾਂ ਨੇ ਬੜੇ ਜ਼ੋਰ ਦੇ ਹਮਲੇ ਕੀਤੇ ਜਿਸ ਤੇ ਸਿੱਖਾਂ ਦਾ ਕਦਮ ਮੈਦਾਨ ਵਿੱਚੋਂ ਉਖੇੜ ਦਿੱਤਾ। ਇਸ ਵਿੱਚ ਸ਼ੱਕ ਨਹੀਂ ਕਿ ਸਿੱਖਾਂ ਤੇ ਬੜੀ ਹਿੰਮਤ ਤੇ ਜਵਾਂ ਮਰਦੀ ਨਾਲ ਹੱਲੇ ਕੀਤੇ ਗਏ ਸਨ, ਤੇ ਅਜਿਹਾ ਢੰਗ ਵਰਤਿਆ ਗਿਆ ਜੋ ਬੜੀ ਸਿਆਣਪ ਤੇ ਜ਼ਰੂਰ ਫਤਹ ਪ੍ਰਾਪਤ ਕਰਨ ਵਾਲਾ ਸੀ, ਕਿੰਤੂ ਕਨਿੰਘਮ ਸਾਹਿਬ ਜੋ ਉਸ ਵੇਲੇ ਮੈਦਾਨੇ ਜੰਗ ਵਿੱਚ ਮੌਜੂਦ ਸਨ, ਲਿਖਦੇ ਹਨ ਕਿ ਭਾਵੇਂ ਹਮਲਾ ਬੜੀ ਸਿਆਣਪ ਤੇ ਦਾਨਾਈ ਨਾਲ ਕੀਤਾ ਗਿਆ, ਕਿੰਤੂ ਤਦ ਵੀ ਅੰਗ੍ਰੇਜ਼ੀ ਰਸਾਲੇ ਦੇ ਸਵਾਰਾਂ ਦੀਆਂ ਲਾਸ਼ਾਂ ਹਾਰਨ ਵਾਲੀ ਸਿੱਖ ਪੈਦਲ ਫੌਜ ਦੀਆਂ ਲਾਸ਼ਾਂ ਨਾਲੋਂ ਜ਼ਿਆਦਾ ਪਈਆਂ
ਹੋਈਆਂ ਸਨ, ਜਿਸ ਤੋਂ ਸਿੱਖਾਂ ਦੀ ਅਦੁੱਤੀ ਬਹਾਦਰੀ ਤੇ ਜਵਾਂ ਮਰਦੀ ਪ੍ਰਗਟ ਹੁੰਦੀ ਹੈ। ਅੰਗ੍ਰੇਜ਼ਾਂ ਦੀ ਫਤਹ ਹੋਈ ਤੇ ਜਿਨ੍ਹਾਂ ਦੀ ਕਿ ਉਹਨਾਂ ਨੂੰ ਬਦੋਵਾਲ ਦੀ ਹਾਰ ਦਾ ਰੰਜ ਸੀ ਸਾਰਾ ਦੂਰ ਹੋ ਗਿਆ। ਸਿੱਖਾਂ ਦੀਆਂ ੫੦ ਤੋਪਾਂ ਅੰਗ੍ਰੇਜ਼ਾਂ ਦੇ ਹੱਥ ਆਈਆਂ। ਸਿੱਖ ਫੌਜ ਦਰਯਾ ਤੋਂ ਉਸ ਪਾਰ ਚਲੀ ਗਈ। ਦਰਯਾ ਲੰਘਣ ਸਮੇਂ ਬਹੁਤ ਸਾਰੇ ਸਿੱਖ ਦਰਯਾਏ ਸਤਲੁਜ ਵਿੱਚ ਡੁੱਬ ਗਏ। ਇਸ ਦਾ ਸਬੱਬ ਇਹ ਸੀ ਕਿ ਦਰਯਾ ਤੇ ਪੁਲ ਨਹੀਂ ਸੀ। ਕਈ ਕਹਿੰਦੇ ਹਨ ਕਿ ਜਦ ਸਿੱਖ ਪਹਿਲਾਂ ਸਤਲੁਜ ਲੰਘੇ ਸੀ ਤਦ ਜਿਸ ਰਾਹ ਤੋਂ ਪਹਿਲਾਂ ਲੰਘੇ ਸੀ, ਉਹ ਰਾਹ ਉਹਨਾਂ ਨੂੰ ਭੁਲ ਗਿਆ ਤੇ ਡੂੰਘੇ ਪਾਣੀ ਦੇ ਰਾਹ ਜਾ ਪਏ, ਜਿਸ ਤੋਂ ਨੁਕਸਾਨ ਹੋਇਆ। ਕਈ ਕੈਂਹਦੇ ਹਨ ਕਿ ਰਾਤ ਨੂੰ ਅਚਨਚੇਤ ਹੜ ਆ ਗਿਆ, ਜਿਸ ਤੋਂ ਨੁਕਸਾਨ ਹੋਇਆ।
ਇਸ ਲੜਾਈ ਵਿੱਚ ਅੰਗ੍ਰੇਜ਼ੀ ਫੌਜ ਦੇ ੧੫੧ ਆਦਮੀ ਮਾਰੇ ਗਏ, ੪੧੩ ਫੱਟੜ ਤੇ ੨੫ ਬੇ ਪਤਾ ਹੋ ਗਏ। ਸਿੱਖਾਂ ਨੂੰ ਆਪਣੇ ਅਫਸਰਾਂ ਦੀ ਬਦਨੀਯਤੀ ਦੇ ਕਾਰਨ ਹਰ ਇੱਕ ਮੈਦਾਨ ਵਿੱਚ ਬਦੋਵਾਲ ਦੀ ਲੜਾਈ ਤੋਂ ਬਿਨਾਂ ਸਾਰੀਆਂ ਥਾਵਾਂ ਤੇ ਸ਼ਕਸਤ ਹੁੰਦੀ ਰਹੀ ਫਿਰ ਵੀ ਸਿੱਖਾਂ ਦੇ ਦਿਲ ਨਹੀਂ ਡਿੱਗੇ ਸਨ ਤੇ ਓਹ ਅੰਗ੍ਰੇਜ਼ਾਂ ਦੇ ਸਾਹਮਣੇ ਜਾਣੋਂ ਪਿੱਛੇ ਨਹੀਂ ਹਟਦੇ ਸੀ। ਹਰ ਇੱਕ ਸਿੰਘ ਆਪਣੇ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਪੰਚਾਇਤੀ ਨਿਯਮਾਂ ਦੀ ਖਾਤਰ ਦਿਲੋਂ (ਜਾਨ ਤੋਂ) ਆਪਣਾ ਤਨ, ਮਨ ਤੇ ਧਨ ਦੇਸ਼ ਤੇ ਕੌਮ ਲਈ ਕੁਰਬਾਨ ਕਰਨ ਨੂੰ ਤਯਾਰ ਸੀ।
ਕਿਤਾਬ ਸਿੰਘ ਯੁੱਧ ਦੇ ਪੰਨਾ ੬੭ ਵਿੱਚ ਲਿਖਿਆ ਹੈ ਕਿ ਜਦ ਅਲੀਵਾਲ ਦੀ ਲੜਾਈ ਵਿੱਚੋਂ ਰਣਜੋਧ ਸਿੰਘ ਨੱਸ ਗਿਆ ਤਦ ਇੱਕ ਸਿੰਘ ਨੇ ਬੜੀ ਬਹਾਦਰੀ ਨਾਲ ਜੰਗ ਕੀਤਾ। ਇਹ ਇਕੱਲਾ ਹੀ ਤੋਪਾਂ ਨੂੰ ਬੱਤੀ ਦੇਂਦਾ ਰਿਹਾ ਤੇ ਤਲਵਾਰ ਨਾਲ ਟਾਕਰਾ ਕਰਦਾ ਰਿਹਾ। ਸਮਿਥ ਸਾਹਿਬ ਨੇ ਇਸ ਦੀ ਵਫਾਦਾਰੀ ਤੇ ਨਿਮਕ ਹਲਾਲੀ ਦੀ ਪ੍ਰਸੰਸਾ ਕਰ ਕੇ ਚਲੇ ਜਾਣ ਲਈ ਕਿਹਾ ਕਿੰਤੂ ਇਸ ਨੇ ਕਿਸੇ ਦੀ ਇੱਕ ਨਹੀਂ ਮੰਨੀ। ਆਪਣੀ ਥਾਂ ਤੇ ਡਟ ਕੇ ਤੋਪ ਚਲਾਂਦਾ, ਟੁਕੜੇ ਟੁਕੜੇ ਹੋ ਗਿਆ। ਐਡਵਰਡ ਸਾਹਿਬ ਲਿਖਦੇ ਹਨ ਕਿ ਸਿੱਖਾਂ ਵਿੱਚ ਕੁਦਰਤੀ ਬਹਾਦਰੀ ਤੇ ਜਵਾਂ ਮਰਦੀ ਦਾ ਇੱਕ ਖ਼ਾਸ ਗੁਣ ਹੈ ਕਿ ਇੱਕ ਪਾਸੇ ਜੇ ਕਦੀ ਓਹ ਸ਼ਕਸਤ ਖਾਂਦੇ ਹਨ ਤਾਂ ਦੂਜੇ ਪਾਸੇ ਖ਼ੁਸ਼ੀ ਖ਼ੁਸ਼ੀ ਨਾਲ ਫਿਰ ਲੜਨ ਲਈ ਹੌਂਸਲੇ ਨਾਲ ਤਯਾਰ ਹੋ ਜਾਂਦੇ ਹਨ।
ਇਹ ਹੀ ਸਾਹਿਬ ਫਿਰ ਲਿਖਦੇ ਹਨ ਕਿ ਅਲੀਵਾਲ ਦੀ ਫਤਹ ਤੋਂ ਸਮਿਥ ਸਾਹਿਬ ਤੇ ਓਹਨਾਂ ਦੇ ਸਾਥੀਆਂ ਨੂੰ ਬਦੋਵਾਲ ਦਾ ਸ਼ੋਕ ਕਰਨ ਲਈ ਖ਼ੁਸ਼ੀ ਤਾਂ ਬਹੁਤ ਹੋਈ, ਕਿੰਤੂ ਮੈਦਾਨ ਵਿੱਚ ਸਿੱਖਾਂ ਨਾਲ ਅੰਗ੍ਰੇਜ਼ੀ ਫੌਜ ਬਹੁਤ ਮੋਈ ਵੇਖ ਓਹਨਾਂ ਦੀਆਂ ਖ਼ੁਸ਼ੀਆਂ ਤੇ ਗੜੇ ਪੈ ਗਏ।
ਫਿਰ ੬੮ ਸਫੇ ਤੇ ਲਿਖਿਆ ਹੈ ਕਿ ੧੮੪੪ ਈਸਵੀ ਨੂੰ ਬਲਬਾਸ ਅਫਗਾਨੀ ਪਸ਼ਤੋ ਬੋਲਣ ਵਾਲਾ ਗੋਲ ਅੰਦਾਜ਼ੀ ਦੇ ਕੰਮ ਦਾ ਪੂਰਾ ਜਮਾਂਦਾਰੀ ਦੇ ਅਹੁਦੇ ਤੇ ਨੀਯਤ ਹੋ ਗਿਆ। ਮੁਦਕੀ ਦੀ ਲੜਾਈ ਦੇ ਵੇਲੇ ਜਦ ਇਹ ਅੰਗ੍ਰੇਜ਼ੀ ਫੌਜ ਵਿੱਚ ਭਰਤੀ ਹੋਣ ਲਗਾ ਤਦ ਇਸ ਨੂੰ ਕਮਾਂਡਰ ਇਨ-ਚੀਫ ਨੇ ਕਿਹਾ ਕਿ ਜਿੰਨਾ ਤੂੰ ਸਾਡੀ ਫੌਜ ਵਿੱਚ ਭਰਤੀ ਹੋ ਕੇ ਫਾਇਦਾ ਪੁਚਾ ਸਕਦਾ ਹੈਂ ਸਿੱਖਾਂ ਦੀ ਫੌਜ ਵਿੱਚ ਭਰਤੀ ਹੋ ਕੇ ਇਸ ਤੋਂ ਵਧੀਕ ਫਾਇਦਾ ਪੁਚਾ ਸਕਦਾ ਹੈਂ। ਸੋ ਅਲੀਵਾਲ ਦੀ ਲੜਾਈ ਦੇ ਮਗਰੋਂ ਓਹਨੇ ਆਣ ਕੇ ਕਿਹਾ ਕਿ ਮੈਂ ਇੰਨੀ ਉਚਾਈ ਤੇ ਤੋਪ ਰੱਖ ਕੇ ਗੋਲੇ ਮਾਰਦਾ ਰਿਹਾ ਹਾਂ ਇੱਕ ਅੰਗ੍ਰੇਜ਼ ਨੂੰ ਵੀ ਗੋਲਾ ਨਾ ਲਗੇ, ਓਹਦੀ ਗੱਲ ਸੱਚੀ ਸਮਝ ਕੇ ਉਸ ਦੀ ਸੇਵਾ ਦਾ ਬਦਲਾ ਦਿੱਤਾ ਗਿਆ। ਜਿਸ ਕੌਮ ਦੇ ਆਦਮੀ ਇਸ ਤਰ੍ਹਾਂ ਆਪਣੀ ਖੈਰਖਾਹੀ ਵਿੱਚ ਤਤਪਰ ਹੋਣ, ਉਹ ਕਿਉਂ ਨਾ ਫਤਹ ਪ੍ਰਾਪਤ ਕਰਣ ਤੇ ਬਾਦਸ਼ਾਹ ਬਣਨ?
੧੬. ਸੁਭਰਾਵਾਂ ਦਾ ਮੈਦਾਨ (ਪੰਜਵੀਂ ਲੜਾਈ)
ਸੁਭਰਾਵਾਂ ਦੀ ਲੜਾਈ ਦਾ ਹਾਲ ਲਿਖਣ ਤੋਂ ਪਹਿਲਾਂ ਪੰਜਾਬ ਦੀ ਅਵਸਥਾ ਦੱਸਣੀ ਠੀਕ ਹੋਵੇਗੀ। ਮਲੂਮ ਹੋਵੇ ਕਿ ਫੇਰੂ ਸ਼ਹਿਰ ਦੀ ਲੜਾਈ ਦੇ ਮਗਰੋਂ ਸਪਾਹੀ ਤਾਂ ਆਪਣੇ ਅਫਸਰਾਂ ਦੀ ਬਦਨੀਤੀ ਵੇਖ ਕੇ ਅੰਗਰੇਜ਼ ਅਫਸਰ ਦੇ ਇਸ਼ਤਿਹਾਰ ਅਨੁਸਾਰ ਸਤਲੁਜ ਦੇ ਓਸ ਪਾਰ ਦੇ ਆਪੋ ਆਪਣੀ ਘਰੀਂ ਚਲੇ ਗਏ। ਤੇ ਕੁਝ ਜਦ ਅਲੀਵਾਲ ਦੀ ਲੜਾਈ ਤੋਂ ਮੁੜ ਕੇ ਲਾਹੌਰ
ਵਲ ਗਏ, ਤਦ ਰਾਣੀ ਜਿੰਦਾਂ ਨੇ ਇਸ ਖ਼ਿਆਲ ਤੋਂ ਕਿ ਸ਼ਾਇਦ ਇਸ ਨੂੰ ਨਾ ਮਾਰ ਦੇਣ, ਹੁਕਮ ਦੇ ਦਿੱਤਾ ਕਿ ਜੰਗ ਤੋਂ ਮੁੜੇ ਕਿਸੇ ਸਿੱਖ ਨੂੰ ਸ਼ਹਿਰ ਵਿੱਚ ਨਾ ਵੜਨ ਦਿੱਤਾ ਜਾਏ। ਇਸ ਕਰ ਕੇ ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ਤੇ ਪਹਿਰੇ ਲਾ ਦਿੱਤੇ, ਜਿਸ ਤੇ ਬਹੁਤ ਸਾਰੇ ਸਤਲੁਜੋਂ ਪਾਰ ਦੇ ਸਿੰਘ ਘਰਾਂ ਨੂੰ ਚਲੇ ਗਏ। ਸੋ ਕੁਝ ਸਿੰਘ ਇੰਜ ਚਲੇ ਗਏ ਤੇ ਕੁਝ ਪਹਿਲੀਆਂ ਲੜਾਈਆਂ ਵਿੱਚ ਮਾਰੇ ਜਾ ਚੁੱਕੇ ਸਨ। ਇਸ ਕਰ ਕੇ ਸੁਭਰਾਓਂ ਦੇ ਮੈਦਾਨ ਵਿੱਚ ਲੜਨ ਵਾਲੇ ਬਹੁਤ ਥੋੜ੍ਹੇ ਰਹਿ ਗਏ ਸਨ। ਕਿੰਤੂ ਤਦ ਵੀ ਜੋ ਥੋੜ੍ਹੇ ਜਿਹੇ ਸਨ, ਓਹਨਾਂ ਦਾ ਇਰਾਦਾ ਸੀ ਕਿ ਇੰਜ ਜੀਉਣ ਨਾਲੋਂ ਲੜਾਈ ਦੇ ਮੈਦਾਨ ਵਿੱਚ ਲੜ ਕੇ ਮਰ ਜਾਣਾ ਉਚਿਤ ਹੈ।
ਪਾਠਕ ਵੇਖ ਚੁੱਕੇ ਹਨ ਕਿ ਬਹਾਦਰ ਖਾਲਸਾ ਫੌਜ ਨੇ ਲੜਨ ਵਿੱਚ ਕਿਸੇ ਤਰ੍ਹਾਂ ਦੀ ਕਸਰ ਬਾਕੀ ਨਹੀਂ ਰੱਖੀ, ਕਿੰਤੂ ਬੇਈਮਾਨ ਅਫਸਰਾਂ ਦੇ ਫਰੇਬ ਤੇ ਧੋਖੇ ਦੇ ਨਾਲ ਪੰਜਾਬ ਨੂੰ ਨੁਕਸਾਨ ਤੇ ਨੁਕਸਾਨ ਹੀ ਪੁੱਜਾ। ਪਹਾੜੀਆਂ ਤੇ ਬ੍ਰਾਹਮਣਾਂ ਨੇ ਹਰ ਮੈਦਾਨ ਵਿੱਚ ਖਾਲਸੇ ਨੂੰ ਧੋਖਾ ਦੇ ਕੇ ਮਰਵਾਣ ਦੀ ਕੋਸ਼ਸ਼ ਕੀਤੀ। ਇਸ ਤੇ ਵੀ ਖਾਲਸਾ ਫੌਜ ਦੇ ਪੰਚਾਂ ਤੇ ਮਹਾਰਾਣੀ ਸਾਹਿਬ ਨੇ ੩੧ ਜਨਵਰੀ ੧੮੪੬ ਨੂੰ ਰਾਜਾ ਗੁਲਾਬ ਸਿੰਘ ਜੰਮੂ ਵਾਲਾ ਜੋ ਮਕਰ, ਫਰੇਬ ਤੇ ਧੋਖੇ ਦਾ ਪੁਤਲਾ ਸੀ, ਵਜ਼ੀਰ ਬਣਾ ਕੇ ਸਾਰੇ ਸਰਦਾਰਾਂ, ਜਾਗੀਰਦਾਰਾਂ ਤੇ ਫੌਜੀ ਅਫਸਰਾਂ ਨੂੰ ਹੁਕਮ ਭੇਜ ਦਿੱਤਾ ਕਿ ਰਾਜਾ ਗੁਲਾਬ ਸਿੰਘ ਜੋ ਮੁਦਤ ਤੋਂ ਲਾਹੌਰ ਆਇਆ ਹੋਇਆ ਹੈ, ਵਜ਼ੀਰ ਬਣਾ ਦਿੱਤਾ ਗਿਆ ਹੈ, ਓਹਦਾ ਹੁਕਮ ਮੰਨਣਾ ਹਰ ਇੱਕ ਤੇ ਵਾਜਬ ਹੈ। ਤੇਜ ਸਿੰਘ ਤੇ ਲਾਲ ਸਿੰਘ ਬ੍ਰਾਹਮਣ ਤਾਂ ਸਿੱਖ ਫੌਜ ਨੂੰ ਹੀ ਤਬਾਹ ਕਰਾਣਾ ਚਾਹੁੰਦੇ ਸਨ, ਤੇ ਰਾਜਾ ਗੁਲਾਬ ਸਿੰਘ ਪੁਰਾਣਾ ਪਾਪੀ ਲਾਹੌਰ ਦਰਬਾਰ ਦਾ ਹੀ ਸ਼ਤਰੂ ਸੀ। ਓਸ ਨੇ ਵਜ਼ੀਰ ਬਣਦਿਆਂ ਹੀ ਅੰਗਰੇਜ਼ਾਂ ਨੂੰ ਅਜਿਹਾ ਰਾਹ ਬਣਾ ਦਿੱਤਾ, ਜਿਸ ਤੋਂ ਓਹ ਬੇਖਟਕੇ ਲਾਹੌਰ ਆ ਜਾਣ।
ਇਸ ਵਿੱਚ ਸ਼ੱਕ ਨਹੀਂ ਕਿ ਬੇਈਮਾਨ ਅਫਸਰ ਸਿੱਖ ਫੌਜ ਨੂੰ ਬਹੁਤ ਸਾਰਾ ਨੁਕਸਾਨ ਪੁਚਾ ਚੁੱਕੇ ਸਨ, ਕਿੰਤੂ ਤਦ ਵੀ ਸਿੱਖ ਫੌਜ ਦੀ ਬੇਅੰਤ ਹੀ ਬਹਾਦਰੀ, ਨਿਡਰਤਾ ਤੇ ਜਵਾਂ ਮਰਦੀ ਤੋਂ ਅੰਗ੍ਰੇਜ਼ ਅਜਾਣੂ ਨਹੀਂ ਸਨ।
ਐਡਵਰਡ ਸਾਹਿਬ ਆਪਣੀ ਤਾਰੀਖ ਵਿੱਚ ਲਿਖਦੇ ਹਨ ਕਿ ਭਾਵੇਂ ਹੁਣ ਤਕ ਦੀਆਂ ਲੜਾਈਆਂ ਵਿੱਚ ਅੰਗਰੇਜ਼ਾਂ ਨੂੰ ਫਤਹ ਹੀ ਪ੍ਰਾਪਤ ਹੋਂਦੀ ਰਹੀ ਹੈ, ਕਿੰਤੂ ਤਦ ਵੀ ਲਾਰਡ ਹਾਰਡਿੰਗ ਗਵਰਨਰ ਜਨਰਲ ਤੇ ਗਫ ਸਾਹਿਬ ਕਮਾਂਡਰ ਇਨ-ਚੀਫ ਸਿੱਖਾਂ ਦੇ ਨਾਲ ਲੜਾਈ ਹੋਣ ਦੀ ਖ਼ਬਰ ਤੋਂ ਭੈ ਭੀਤ ਹੋ ਜਾਂਦੇ ਸਨ, ਕਿਉਂਕਿ ਇਹ ਜਾਣਦੇ ਸਨ ਕਿ ਹੁਣ ਤਕ ਜਿੰਨੀ ਭਾਂਜ ਸਿੱਖਾਂ ਨੂੰ ਹੋਈ ਹੈ, ਓਹਨਾਂ ਦੇ ਅਫਸਰਾਂ ਦੀ ਬੇਈਮਾਨੀ ਤੋਂ ਹੋਈ ਹੈ। ਜੇ ਕਦੀ ਕੋਈ ਸਿੱਖ ਸਰਦਾਰ ਕੌਮ ਤੇ ਦੇਸ਼ ਦਾ ਖੈਰਖਾਹ ਫੌਜ ਨੂੰ ਲੈ ਕੇ ਉੱਠ ਖਲੋਤਾ, ਤਦ ਦਿੱਲੀ ਤਕ ਦਾ ਇਲਾਕਾ ਸੰਭਾਲਣਾ ਮੁਸ਼ਕਲ ਹੋ ਜਾਏਗਾ। ਇਹ ਵਿਚਾਰ ਸੀ ਜੋ ਅਫਸਰਾਂ ਦੇ ਰੰਗ ਪੀਲੇ ਕਰੀ ਰੱਖਦੀ ਸੀ। ਸਿੰਧ ਦਾ ਇਲਾਕਾ ਫਤਹ ਕਰਨ ਵਾਲੇ ਨੇਪੀਅਰ ਸਾਹਿਬ ਲਿਖਦੇ ਹਨ ਕਿ ਜੇ ਕਦੀ ਰਾਜਾ ਗੁਲਾਬ ਸਿੰਘ ਜਿਸ ਤੇ ਸਿੱਖਾਂ ਨੂੰ ਬੜਾ ਵਿਸ਼ਵਾਸ ਸੀ, ਸਿੱਖਾਂ ਨੂੰ ਨਾਲ ਲੈ ਕੇ ਦ੍ਰਿੜ ਵਿਸ਼ਵਾਸ ਹੋ ਅੰਗਰੇਜ਼ਾਂ ਨਾਲ ਲੜਾਈ ਕਰਨ ਲਈ ਤਤਪਰ ਹੋ ਜਾਂਦਾ, ਤਦ ਅੰਗਰੇਜ਼ੀ ਫੌਜ ਜੋ ਪੰਜਾਬ ਦੀਆਂ ਹੱਦਾਂ ਤੇ ਪਈ ਸੀ ਤਲਵਾਰ ਨਾਲ ਕੱਟ ਦੇਂਦਾ ਜਿਸ ਤੋਂ ਨਵੇਂ ਸਿਰੇ ਸਿੱਖਾਂ ਦੀ ਮਰਜ਼ੀ ਨਾਲ ਅੰਗਰੇਜ਼ਾਂ ਨੂੰ ਸਰਹੱਦ ਕਾਇਮ ਕਰਨੀ ਪੈਂਦੀ। ਕਿੰਤੂ ਗੁਲਾਬ ਸਿੰਘ ਨੂੰ ਅਜੇਹੀ ਗੱਲ ਨਾ ਸੁੱਝੀ, ਜਿਸ ਤੋਂ ਓਹ ਨਿਮਕ ਹਰਾਮ ਵੀ ਨਾ ਬਣਦਾ ਤੇ ਲਾਹੌਰ ਸਲਤਨਤ ਨੂੰ ਕਾਇਮ ਰੱਖ ਕੇ ਆਪਣਾ ਮੁਲਕ ਵੀ ਦਸ ਗੁਣਾਂ ਕਰ ਲੈਂਦਾ। ਕਿੰਤੂ ਸਮੇਂ ਦੇ ਚੱਕਰ ਨੇ ਰਾਜਾ ਗੁਲਾਬ ਸਿੰਘ ਨੂੰ ਤੇਜ ਸਿੰਘ ਤੇ ਲਾਲ ਸਿੰਘ ਨਾਲੋਂ ਵੀ ਸਿੱਖਾਂ ਦਾ ਕੱਟਰ ਵੈਰੀ ਬਣਾ ਦਿੱਤਾ ਤੇ ਇਸ ਨੇ ਰਾਣੀ ਦੇ ਮਸ਼ਵਰੇ ਨਾਲ ਪੰਜਾਬ ਦੀ ਫਤਹ ਤੋਂ ਨਿਰਾਸ ਹੋਏ ਲਾਰਡ ਹਾਰਡਿੰਗ ਤੋਂ ਲਾਹੌਰ ਦਾ ਰਾਜ ਕਾਇਮ ਬਣੇ ਰਹਿਣ ਦਾ ਲਿਖਤੀ ਇਕਰਾਰ ਕਰ ਲਿਆ, ਕਿ ਜਦ ਅੰਗ੍ਰੇਜ਼ੀ ਫੌਜ ਸਿੱਖਾਂ ਤੇ ਹੱਲਾ ਕਰੇਗੀ ਤਦ ਸਿੱਖ ਫੌਜ ਦੇ ਅਫਸਰ ਫੌਜ
ਨਾਲੋਂ ਅੱਡ ਹੋ ਜਾਣਗੇ, ਜਿਸ ਤੋਂ ਫੌਜ ਖਾਲਸਾ ਆਪ ਹੀ ਤਬਾਹ ਹੋ ਜਾਵੇਗੀ ਤੇ ਮੈਗਜ਼ੀਨ ਆਦਿਕ ਦੀ ਜੰਗੀ ਮਦਦ ਵੀ ਫੌਜ ਖਾਲਸਾ ਨੂੰ ਨਾ ਦਿੱਤੀ ਜਾਵੇਗੀ। ਸੋ ਅਜਿਹਾ ਹੀ ਹੋਇਆ।
ਫੌਜ ਖਾਲਸਾ ਨੂੰ ਇੱਕ ਮਹੀਨੇ ਤੋਂ ਉੱਪਰ ਦਰ੍ਯਾਏ ਸਤਲੁਜ ਦੇ ਇਧਰ ਉਧਰ ਪਿਆਂ ਹੋ ਗਿਆ ਸੀ। ਫੌਜ ਕਹਿੰਦੀ ਸੀ ਕਿ ਹੁਣ ਤੱਕ ਸਾਨੂੰ ਜਿਨੀਆਂ ਸ਼ਕਸਤਾਂ ਹੋਈਆਂ ਹਨ, ਇਹ ਵੱਡੇ ਅਫਸਰਾਂ ਦੀ ਬੇਈਮਾਨੀ ਤੋਂ ਹੋਈਆਂ ਹਨ। ਇਸ ਕਰ ਕੇ ਸਾਨੂੰ ਲੜਾਈ ਦਾ ਸਾਮਾਨ ਦੇ ਦਿੱਤਾ ਜਾਵੇ, ਅਸੀਂ ਸੁਤੰਤ੍ਰ ਹੋ ਕੇ ਛੋਟੇ ਅਫਸਰਾਂ ਦੇ ਵਿੱਚ ਇਸ ਵੇਰ ਲੜਾਈ ਕਰਾਂਗੇ। ਕਿੰਤੂ ਮਿਸਰ ਲਾਲ ਸਿੰਘ ਤੇ ਤੇਜ ਸਿੰਘ ਬ੍ਰਾਹਮਣ ਇਹ ਗੱਲ ਨਹੀਂ ਮੰਨਦੇ ਸੀ। ਓਹ ਜਾਣਦੇ ਸੀ ਕਿ ਜੇ ਕਦੀ ਹੁਣ ਫੌਜ ਨੂੰ ਸੁਤੰਤ੍ਰ ਹੋ ਕੇ ਲੜਨ ਦਾ ਮੌਕਾ ਮਿਲ ਜਾਏ, ਤਦ ਇਹ ਇੰਨੀ ਜੋਸ਼ ਵਿੱਚ ਆ ਕੇ ਲੜੇਗੀ ਕਿ ਨਾ ਤਾਂ ਸਾਡੀ ਸੁੱਖ ਹੈ ਤੇ ਨਾ ਹੀ ਅੰਗ੍ਰੇਜ਼ਾਂ ਦੀ। ਇਸ ਕਰ ਕੇ ਉਹ ਮਿੱਠੀ ਛੁਰੀ ਬਣੇ ਤੇ ਕਹਿਣ ਲੱਗੇ ਕਿ ਪਿਛਲੀਆਂ ਹਾਰਾਂ ਤੋਂ ਅਸੀਂ ਬੜੇ ਸ਼ਰਮਿੰਦੇ ਹਾਂ। ਨਾ ਸਾਨੂੰ ਖਾਣ ਦਾ ਸਵਾਦ ਹੈ ਨਾ ਸੌਣ ਦਾ। ਸ਼ਰਮ ਦੇ ਮਾਰੇ ਮਰਦੇ ਜਾ ਰਹੇ ਹਾਂ। ਜੇ ਕਦੀ ਤੁਸੀਂ ਸਾਨੂੰ ਅੱਡ ਕਰ ਕੇ ਲੜੋਗੇ ਤਦ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ।
ਵੇਸਵਾ ਆਪਣੇ ਕਪਟ ਭਰੀਆਂ ਚਾਲਾਂ ਵਿੱਚ ਪੂਰੀ ਉੱਤਰਨ ਲਈ ਪਤੀਬ੍ਰਤਾ ਇਸਤ੍ਰੀਆਂ ਨਾਲੋਂ ਬਹੁਤੀ ਮੁਹੱਬਤ ਤੇ ਪਿਆਰ ਦੇ ਡੋਰੇ ਸੁਟਦੀ ਹੈ। ਫਰੇਬ ਦਗੇਬਾਜ ਤੇ ਗੰਢਾਂ ਕੱਟਣ ਵਾਲੇ ਸੱਚੇ ਮਿੱਤ੍ਰਾਂ ਨਾਲੋਂ ਵਧੀਕ ਨਿਮ੍ਰਤਾ ਤੇ ਮਿੱਠੀਆਂ ਗੱਲਾਂ ਕਰ ਕੇ ਜਾਲ ਵਿੱਚ ਫਸਾਂਦੇ ਹਨ। ਇਸ ਤਰ੍ਹਾਂ ਇਨ੍ਹਾਂ ਦਿਲ ਦੇ ਕਾਲੇ ਬੇਈਮਾਨ ਅਫਸਰਾਂ ਨੇ ਹਜ਼ਾਰਾਂ ਸਪਥਾਂ ਉਠਾਣੀਆਂ ਸ਼ੁਰੂ ਕੀਤੀਆਂ ਤੇ ਮਿੰਨਤਾਂ ਤਰਲੇ ਕਰ ਕੇ ਫੌਜ ਖਾਲਸਾ ਨੂੰ ਮੋਮ ਵਾਂਗ ਨਰਮ ਕਰ ਹੀ ਲਿਆ।
ਪਿਛਲੀਆਂ ਲੜਾਈਆਂ ਵਿੱਚ ਹੋਏ ਫੱਟੜਾਂ ਦੀ ਦੁਰਗਤੀ ਫੌਜ ਵੇਖ ਚੁੱਕੀ ਸੀ। ਦਰਯਾ ਸਤਲੁਜ ਸਿੰਘ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣਿਓਂ ਵਗ ਰਿਹਾ ਸੀ। ਘੜੀ ਘੜੀ ਵੱਡੇ ਅਫਸਰਾਂ ਵਲੋਂ ਹੋਏ ਫਰੇਬ ਤੇ ਧੋਖੇ ਨੇ ਫੌਜ ਦੇ ਦਿਲ ਲੜਨ ਤੋਂ ਖੱਟੇ ਕਰ ਦਿੱਤੇ ਸਨ ਤੇ ਓਹ ਨਹੀਂ ਚਾਹੁੰਦੇ ਸੀ ਕਿ ਇਨ੍ਹਾਂ ਅਫਸਰਾਂ ਦੇ ਅਧੀਨ ਹੋ ਕੇ ਫਿਰ ਲੜਾਈ ਕੀਤੀ ਜਾਏ। ਕਿੰਤੂ ਸ੍ਰ: ਸ਼ਾਮ ਸਿੰਘ ਜੀ ਅਟਾਰੀ ਵਾਲੇ ਸੱਚੇ ਤੇ ਬਹਾਦਰ ਸਿੰਘ; ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਰਹਿ ਕੇ ਜੰਗ ਜਿੱਤੇ ਸਨ, ਕਹਿਣ ਤੇ ਭਾਈ ਮਨੀ ਸਿੰਘ ਤਾਰੂ ਸਿੰਘ ਆਦਿਕ ਕੌਮੀ ਸ਼ਹੀਦਾਂ ਦੇ ਜੀਉਣ ਦੇ ਹਾਲਾਤ ਸੁਣ ਕੇ ਸੁਭਰਾਓਂ ਦੇ ਪਾਸ ਲੜਾਈ ਕਰਨ ਲਈ ਫਿਰ ਤਿਆਰ ਹੋ ਗਏ। ਸੋ ਸੁਭਰਾਓਂ ਦੇ ਲਾਗੇ ਇੱਕ ਕੱਚਾ ਕਿਲ੍ਹਾ ਤੇ ਖਾਈ ਬਣਾ ਕੇ ੬੮ ਤੋਪਾਂ ਐਸੇ ਢੰਗ ਤੇ ਬੀੜੀਆਂ ਕਿ ਅੰਗ੍ਰੇਜ਼ ਇੰਜੀਨੀਅਰ ਵੀ ਵੇਖ ਕੇ ਦੰਗ ਰਹਿ ਗਏ। ਸਿੱਖਾਂ ਦੀ ਓਸ ਵੇਲੇ ਦੀ ਫੌਜ ਦੀ ਗਿਣਤੀ ਦਾ ਅਨੁਮਾਨ ਕਈ ੩੦ ਹਜ਼ਾਰ ਲਗਾਂਦੇ ਹਨ। ਕਨਿੰਘਮ ਸਾਹਿਬ ਨੇ ੨੦ ਹਜ਼ਾਰ ਲਿਖਿਆ ਹੈ। ਕਿੰਤੂ ਸਿੰਘ ਯੁੱਧ ਦੇ ਕਰਤਾ ਦਾ ਖ਼ਿਆਲ ਹੈ ਕਿ ਇਸ ਲੜਾਈ ਵਿੱਚ ਸਿੱਖ ੧੫ ਹਜ਼ਾਰ ਸਨ (ਵੇਖੋ ਸਫਾ ੭੧)
ਅੰਗ੍ਰੇਜ਼ਾਂ ਦੇ ਹੌਸਲੇ ਬਹੁਤ ਵਧ ਰਹੇ ਸਨ। ਅਲੀਵਾਲ ਦੀ ਫਤਹ ਨੇ ਓਹਨਾਂ ਨੂੰ ਅੱਗੇ ਨਾਲੋਂ ਦੂਣਾ ਕਰ ਦਿੱਤਾ ਸੀ। ਬਦੋਵਾਲ ਦੀ ਜਿੱਤ ਤੋਂ ਓਹਨਾਂ ਦੇ ਵਿੱਚ ਨਵਾਂ ਜੋਸ਼ ਆ ਗਿਆ ਤੇ ਸਭ ਤੋਂ ਵਧ ਕੇ ਗੱਲ ਜਿਸ ਨੇ ਓਹਨਾਂ ਨੂੰ ਹੋਰ ਵੀ ਤਕੜਾ ਕਰ ਦਿੱਤਾ, ਸਾਰੇ ਹਿੰਦ ਚੋਣਵੇਂ ਫੌਜੀ ਅਫਸਰਾਂ ਦਾ ਆਪਣੀਆਂ ਸੈਨਾ ਸਮੇਤ ਆ ਜਾਣਾ ਸੀ। ੧੦ ਫਰਵਰੀ ਨੂੰ ਲੜਾਈ ਦਾ ਦਿਨ ਨੀਯਤ ਹੋਇਆ। ਅੰਗਰੇਜ਼ਾਂ ਨੇ ਇੱਕ ਨਵੇਂ ਹੀ ਢੰਗ ਨਾਲ ਹਮਲੇ ਦੀ ਤਯਾਰੀ ਕੀਤੀ, ਕਿੰਤੂ ਤਿੰਨ ਪਾਸੇ ਤੋਂ ੧੫ ਹਜ਼ਾਰ ਪੈਦਲ ਫੌਜ ੧੨੦ ਤੋਪਾਂ ਨਾਲ ਹਮਲਾ ਕਰਨ ਲਗੀ। ੧੨ ਹਜ਼ਾਰ ਸਵਾਰ ਇਸ ਗੱਲ ਵਾਸਤੇ ਨੀਯਤ ਕੀਤੇ ਗਏ ਕਿ ਰਾਜਾ ਲਾਲ ਸਿੰਘ ਦੇ ਅਧੀਨ ਜੋ ਸਿੱਖ ਫੌਜ ਹੈ, ਉਸ ਨੂੰ ਰੋਕਣ। ਫਿਰੋਜ਼ਪੁਰ ਦੀ ਫੌਜ ਨੂੰ ਹੁਕਮ ਹੋਇਆ ਕਿ ਜਿਸ ਵੇਲੇ ਫਤਹ ਦੀ ਖ਼ਬਰ ਪੁੱਜੇ, ਵੱਡੀਆਂ ਕਿਸ਼ਤੀਆਂ ਜੋ ਬੰਬਈ ਤੋਂ ਆਈਆਂ ਹਨ ਓਹਨਾਂ ਤੇ ਸਵਾਰ ਹੋ ਕੇ ਝੱਟ ਕਸੂਰ ਅੱਪੜ ਜਾਣ।
੯ ਫਰਵਰੀ ਨੂੰ ਤਿੰਨ ਵਜੇ ਇਹ ਗੋਂਦ ਗੁੰਦੀ ਜਾ ਰਹੀ ਸੀ। ਨਜ਼ਾਮਉਦੀਨ ਕਸੂਰ ਦਾ ਅਫਗਾਨ ਜੋ ਰਾਜਾ ਲਾਲ ਸਿੰਘ ਦੀਆਂ ਚਿੱਠੀਆਂ ਨਿਕਲਸਨ ਸਾਹਿਬ ਕੋਲ ਲੈ ਜਾਂਦਾ ਸੀ, ਦੇ ਹੱਥ ਨਿਮਕਹਰਾਮ ਲਾਲ ਸਿੰਘ ਨੇ ਚਿੱਠੀ ਭੇਜੀ, ਜਿਸ ਵਿੱਚ ਲਿਖਿਆ ਕਿ ਪੈਦਲ ਫੌਜ ਦਾ ਅਫਸਰ ਤੇਜ ਸਿੰਘ ਨੀਯਤ ਹੋਇਆ ਹੈ। ਓਹ ਆਪਣੇ ਇਕਰਾਰ ਤੇ ਪੱਕਾ ਰਹੇਗਾ। ਘੋੜ ਸਵਾਰ ਮੇਰੇ ਅਧੀਨ ਹਨ, ਇਨ੍ਹਾਂ ਨੂੰ ਖਿੰਡਾਣ ਦਾ ਕੰਮ ਮੈਂ ਕਰਾਂਗਾ। ਆਪਣੇ ਵਲੋਂ ਹਰ ਸੰਭਵ ਚਾਲ ਅੰਗ੍ਰੇਜ਼ਾਂ ਦੇ ਲਾਭ ਦੀ ਚੱਲਾਂਗੇ ਤੇ ਯਤਨ ਕੀਤਾ ਜਾਵੇਗਾ ਕਿ ਬਿਨਾਂ ਇੱਕ ਪਲੀਤਾ ਦਾਗੇ ਦੇ ਕੰਮ ਹੋ ਜਾਏ। ਸਿੱਖਾਂ ਦੇ ਕਿਲ੍ਹੇ ਦੀ ਦੱਖਣ ਵਾਲੀ ਦੀਵਾਰ ਬਹੁਤ ਕਮਜ਼ੋਰ ਹੈ, ਉਸ ਪਾਸੋਂ ਹਮਲਾ ਕਰਨਾ। ਇਹ ਹਾਲ ਸਰਦਾਰ ਮਹਤਾਬ ਸਿੰਘ ਲੰਡੀ ਦੀ ਲਿਖਤੀ ਕਿਤਾਬ ਦੇ ਸਫਾ ੭੩ ਤੇ ਲਿਖਿਆ ਹੋਇਆ ਮਿਲਿਆ ਹੈ।
ਨਿਮਕਹਰਾਮ ਗੁਲਾਬ ਸਿੰਘ ਦੇ ਇਸ ਸੁਨੇਹੇ ਨੇ ਅੰਗ੍ਰੇਜ਼ਾਂ ਨੂੰ ਬੜਾ ਲਾਭ ਪੁਚਾਇਆ। ਕਮਾਂਡਰ ਇਨ ਚੀਫ ਗਫ ਸਾਹਿਬ ਤੇ ਅਬਲਾਟ ਸਾਹਿਬ ਨੇ ਕਿਲ੍ਹੇ ਦੀ ਇਸ ਦੀਵਾਰ ਤੇ ਹਮਲਾ ਕਰਨ ਵਾਸਤੇ ਸਰ ਰਾਬੂਟ ਡਿਕ ਸਾਹਿਬ ਨੂੰ ਜੋ ਫੌਜ ਦੇ ਇੱਕ ਵੱਡੇ ਹਿੱਸੇ ਦਾ ਕਮਾਨੀਅਰ ਸੀ, ਨੀਯਤ ਕੀਤਾ। ੧੦ ਫਰਵਰੀ ਸਵੇਰ ਦੇ ਵੇਲੇ ੧੨੦ ਤੋਪਾਂ ਜੋ ਪਹਾੜਾਂ ਨੂੰ ਉਡਾਣ ਦੀ ਸ਼ਕਤੀ ਰੱਖਦੀਆਂ ਸਨ, ਸਿੱਖਾਂ ਦੇ ਮੋਰਚੇ ਵੱਲ ਜੋੜ ਦਿੱਤੀਆਂ ਗਈਆਂ। ਇਸ ਤੋਂ ਛੁਟ ਸਰਬਾਲ ਗ੍ਰਿਲਬਾਟ ਸਾਹਿਬ ਆਪਣੀ ਫੌਜ ਲੈ ਕੇ ਇੱਕ ਸਾਹਿਬ ਦੇ ਸੱਜੇ ਹੱਥ ਜਾ ਖੜੋਤੇ। ਸਮਿਥ ਸਾਹਿਬ ਵੀ ਇੰਜ ਹੀ ਆਪਣੀ ਸੈਨਾ ਸਮੇਤ ਇੱਕ ਸਾਹਿਬ ਦੇ ਸੱਜੇ ਪਾਸੇ ਹੋ ਖਲੋਤਾ। ਇਨ੍ਹਾਂ ਤਿੰਨਾਂ ਹਿੱਸਿਆਂ ਵਿੱਚ ੧੬ ਹਜ਼ਾਰ ਸਵਾਰ ਰਾਜਪੂਤ ਤੇ ਗੋਰੇ ਸਨ। ਦੂਜੇ ਪਾਸੇ ਲਾਲ ਸਿੰਘ ਦੀ ਨਿਗਰਾਨੀ ਵਿੱਚ ੮ ਹਜ਼ਾਰ ਸਵਾਰ ਫੌਜ ਇਸ ਕਰ ਕੇ ਖੜੀ ਕਰ ਦਿੱਤੀ ਕਿ ਮਤਾਂ ਓਹ ਵੀ ਅੱਗੇ ਵਧ ਆਏ।
ਠੀਕ ਸਾਢੇ ਛੇ ਵਜੇ ੧੨੦ ਤੋਪਾਂ ਨੇ ਇੱਕੋ ਵਾਰ ਅਕਾਸ਼ ਨੂੰ ਗੁੰਜਾ ਦੇਣ ਵਾਲੀ ਆਵਾਜ਼ ਦੇ ਨਾਲ ਸਿੰਘਾਂ ਤੇ ਗੋਲੇ ਸੁੱਟਣੇ ਸ਼ੁਰੂ ਕਰ ਦਿਤੇ, ਜਿਨ੍ਹਾਂ ਨਾਲ ਸਿੱਖਾਂ ਦੀਆਂ ਬਾਲੂ ਦੀਆਂ ਬਣਾਈਆਂ ਦੀਵਾਰਾਂ ਡਿਗਣ ਤੇ ਸਾਮਾਨ ਦੀਆਂ ਭਰੀਆਂ ਕਿਸ਼ਤੀਆਂ ਚੂਰ ਚੂਰ ਹੋਣ ਲਗੀਆਂ, ਬੇ ਇੰਤਹਾ ਗੋਲੇ ਫੱਟ ਕੇ ਵੇਹੁਲੀ ਗੈਸ ਤੇ ਕਿੱਲ ਗੋਲੀਆਂ ਤੇ ਛਰੇ ਆਦਿਕ ਫੌਜ ਖਾਲਸਾ ਨੂੰ ਬੇਚੈਨ ਕਰਨ ਲਗੇ। ਤਿੰਨ ਘੰਟੇ ਇੰਨੀ ਅੱਗ ਵਰਸੀ ਕਿ ਜਿਸ ਦਾ ਕੋਈ ਠਿਕਾਣਾ ਨਹੀਂ। ਕਿੰਤੂ ਸਿੰਘਾਂ ਨੇ ਹੌਸਲਾ ਨਹੀਂ ਹਾਰਿਆ ਨਿਡਰ ਹੋ ਕੇ ਮੈਦਾਨ ਵਿੱਚ ਖਲੋਤੇ ਗੋਲੇ ਦਾ ਉੱਤਰ ਗੋਲੇ ਨਾਲ ਦੇਂਦੇ ਰਹੇ, ਇੱਕ ਕਦਮ ਵੀ ਪਿੱਛੇ ਨਾ ਹਟੇ। ਬਾਰੂਦ ਦੇ ਧੂੰਏ ਦਾ ਇੱਕ ਦੂਜਾ ਆਕਾਸ਼ ਬਣ ਗਿਆ। ਦੋਹਾਂ ਪਾਸਿਆਂ ਤੋਂ ੨੦੦ ਤੋਪ ਨੂੰ ਰੋਕ ਰੋਕ ਕੇ ਬੱਤੀ ਲਾਈ ਜਾਂਦੀ ਸੀ, ਜਿਨ੍ਹਾਂ ਦੀ ਧਮਕ ਨਾਲ ੪੦-੪੦ ਤੇ ੫੦-੫੦ ਕੋਹ ਦੇ ਫਾਸਲੇ ਤੇ ਬੈਠਿਆਂ ਦੇ ਕੰਨ ਪਾਟਦੇ ਜਾ ਰਹੇ ਸਨ, ਤੇ ਧਰਤੀ ਵੀ ਕੰਬਦੀ ਸੀ। ਸਿੱਖਾਂ ਦੀ ਫੁਰਤੀ ਨਾਲ ਅੰਗ੍ਰੇਜ਼ੀ ਫੌਜ ਵਿੱਚੋਂ ਹਰ ਘੜੀ ਵਾਹ! ਵਾਹ! ਦੀ ਆਵਾਜ਼ ਆਉਂਦੀ ਸੀ, ਕਿਉਂਕਿ ਅੱਜ ਤਕ ਅੰਗ੍ਰੇਜ਼ਾਂ ਨੂੰ ਸਿੱਖਾਂ ਜਹੀ ਬਹਾਦਰ ਕੌਮ ਨਾਲ ਕਦੇ ਵਾਹ ਨਹੀਂ ਸੀ ਪਿਆ। ਇਸ ਕਰ ਕੇ ਇਸ ਲੜਾਈ ਵਿੱਚ ਅੰਗ੍ਰੇਜ਼ਾਂ ਦੇ ਮੂੰਹ ਤੋਂ ਸਵਾਏ ਵਾਹ! ਵਾਹ! ਦੇ ਸਿੱਖਾਂ ਲਈ ਹੋਰ ਕੋਈ ਲਫਜ਼ ਨਹੀਂ ਨਿੱਕਲਦਾ ਸੀ। ਤਿੰਨ ਘੰਟੇ ਬਰਾਬਰ ਤੋਪ ਦੀ ਲੜਾਈ ਹੋਂਦੀ ਰਹੀ। ਦੋਹਾਂ ਪਾਸਿਆਂ ਤੋਂ ਕਿਸੇ ਨੇ ਕਮਜ਼ੋਰੀ ਨਹੀਂ ਵਿਖਾਈ। ਇਹ ਸਭ ਕੁਝ ਕਨਿੰਘਮ ਸਾਹਿਬ ਨੇ ਲਿਖਿਆ ਹੈ ਤੇ ਇਹ ਵੀ ਲਿਖਿਆ ਹੈ ਕਿ ਅੰਗ੍ਰੇਜ਼ੀ ਫੌਜ ਨੂੰ ਜੇ ਕਿਸੇ ਬਹਾਦਰ ਕੌਮ ਨਾਲ ਵਾਹ ਪਿਆ ਹੈ ਤਾਂ ਸਿੱਖਾਂ ਨਾਲ ਹੀ ਪਿਆ ਹੈ। ਸੋ ਜਿੰਨਾ ਹੀ ਦਿਨ ਚੜ੍ਹਦਾ ਗਿਆ ਲੜਾਈ ਜ਼ੋਰ ਫੜਦੀ ਗਈ। ਧੂੰਏ ਦੇ ਘਿਰੇ ਹੋਏ ਬਦਲਾਂ ਵਿੱਚ ਤੋਪਾਂ ਦੀ ਗਰਦ ਪਲੀਤਿਆਂ ਦੀ ਚਮਕ, ਤਲਵਾਰਾਂ ਤੇ ਸੰਗੀਨਾਂ ਦੀ ਝਲਕ ਬਿਜਲੀ ਵਾਂਗ ਭਯੰਕਰ ਸਮਾਂ ਅੱਖਾਂ ਅੱਗੇ ਲਿਆਉਂਦੀ ਸੀ। ਅੰਤ ਨੂੰ ਅੰਗ੍ਰੇਜ਼ਾਂ ਨੇ ਇਸ ਤਰ੍ਹਾਂ ਫਤਹ ਹੋਣੀ ਅਸੰਭਵ ਜਾਣ ਕੇ ਦੀਵਾਰਾਂ ਵਿੱਚ ਜੋ ਸੁਰਾਖ ਹੋ ਗਏ ਸਨ, ਓਹਨਾਂ ਦੇ ਰਾਹ ਪੈਦਲ ਫੌਜ ਨੂੰ ਅੱਗੇ ਕਰਨ ਦੀ
ਕੋਸ਼ਿਸ਼ ਕੀਤੀ। ਡਿਕ ਤੇ ਸਟੇਸ਼ੀ ਸਾਹਿਬ ਨੇ ਕਿਲ੍ਹੇ ਦੀ ਦੱਖਣ ਵਾਲੀ ਦੀਵਾਰ ਜਿਸ ਦੀ ਕਚਿਆਈ ਦੀ ਖ਼ਬਰ ਲਾਲ ਸਿੰਘ ਦੇ ਚੁੱਕਾ ਸੀ, ਹਮਲਾ ਕੀਤਾ। ਸਿੱਖ ਵੀ ਇਸ ਚਾਲ ਨੂੰ ਤਾੜ ਗਏ। ਓਹਨਾਂ ਵੀ ਆਪਣਾ ਸਾਰਾ ਜ਼ੋਰ ਇਸੇ ਪਾਸੇ ਲਾ ਦਿੱਤਾ। ਬੰਦੂਕਾਂ ਤੇ ਤੋਪਾਂ ਦੇ ਨਾਲ ਓਹ ਅੱਗ ਵਸਾਈ ਕਿ ਡਿਕ ਸਾਹਿਬ ਦੀ ਫੌਜ ਨੂੰ ਬੇਹੱਦ ਨੁਕਸਾਨ ਪੁੱਜਾ ਤੇ ਪਿੱਛੇ ਹਟਣ ਲਈ ਮਜਬੂਰ ਹੋਈ। ਇਹ ਹਾਲ ਵੇਖ ਕੇ ਗਿਲਬਰਟ ਸਾਹਿਬ ਫੌਜ ਲੈ ਕੇ ਡਿਕ ਸਾਹਿਬ ਨੂੰ ਆ ਮਿਲੇ, ਜਿਸ ਤੋਂ ਇਹਨਾਂ ਦੀ ਨਸਦੀ ਫੌਜ ਦੇ ਪੈਰ ਫਿਰ ਜੰਮ ਗਏ।
ਇਸ ਵੇਲੇ ਲੜਾਈ ਬੜੀ ਬੇਜਿਗਰੀ ਨਾਲ ਸ਼ੁਰੂ ਹੋ ਗਈ। ਡਿਕ ਸਾਹਿਬ ਇੱਕ ਬੜਾ ਹੀ ਸਿਆਣਾ ਤੇ ਬਹਾਦਰ ਅਫਸਰ ਸੀ। ਇਹ ਆਪਣੀ ਫੌਜ ਲੈ ਕੇ ਖਾਈ ਟੱਪ ਕੇ ਫਤਹ ਦਾ ਨਾਹਰਾ ਮਾਰਦਾ ਹੋਇਆ ਸਿੱਖਾਂ ਦੀਆਂ ਤੋਪਾਂ ਦੇ ਵਿਚਕਾਰ ਅੱਪੜ ਗਿਆ, ਕਿੰਤੂ ਸਿੱਖ ਹੀ ਸਨ ਜੋ ਇਸ ਹਮਲੇ ਨੂੰ ਰੋਕ ਸਕੇ। ਸਿੱਖਾਂ ਨੇ ਆਪਣੀਆਂ ਤੋਪਾਂ ਦੇ ਝੱਟ ਪਲੀਤੇ ਦਾਗ ਦਿਤੇ, ਜਿਸ ਤੋਂ ਅੰਗ੍ਰੇਜ਼ ਸਿਪਾਹ ਦਾ ਬਹੁਤ ਸਾਰਾ ਨੁਕਸਾਨ ਹੋਇਆ। ਡਿਕ ਸਾਹਿਬ ਵੀ ਫੱਟੜ ਹੋ ਗਏ। ਅੰਗ੍ਰੇਜ਼ੀ ਫੌਜ ਪਿੱਛੇ ਮੁੜਨ ਲੱਗੀ ਸੀ ਕਿ ਇੰਨੇ ਨੂੰ ਸਟੇਸ਼ੀ ਸਾਹਿਬ ਬਹੁਤ ਸਾਰੀ ਫੌਜ ਲੈ ਕੇ ਅੱਪੜ ਗਿਆ, ਜਿਸ ਤੋਂ ਭ੍ਯਾਨਕ ਜੰਗ ਸ਼ੁਰੂ ਹੋ ਗਈ। ਇਸ ਦਾ ਸਿੱਟਾ ਇਹ ਤਾਂ ਜ਼ਰੂਰ ਹੋਇਆ ਕਿ ਅੰਗ੍ਰੇਜ਼ਾਂ ਨੇ ਇਹ ਮੋਰਚਾ ਸਿੱਖਾਂ ਤੋਂ ਛੁਡਾ ਲਿਆ, ਕਿੰਤੂ ਇਸ ਦਾ ਕੋਈ ਲਾਭ ਨਹੀਂ ਸੀ, ਕਿਉਂਕਿ ਅਜੇ ਤਕ ਵਿਚਕਾਰਲੇ ਮੈਦਾਨ ਵਿੱਚ ਸਿੱਖ ਬੜੀ ਜਵਾਂਮਰਦੀ ਨਾਲ ਲੜ ਰਹੇ ਸਨ। ਇਸ ਸਮੇਂ ਕਿਲ੍ਹੇ ਵਿੱਚ ਵੜਨ ਲਈ ਅੰਗ੍ਰੇਜ਼ ਜਿੰਨਾ ਜ਼ੋਰ ਦੇ ਰਹੇ ਸਨ, ਸਿੱਖ ਉਨੀ ਹੀ ਸਖ਼ਤੀ ਨਾਲ ਮਾਰ ਮਾਰ ਕੇ ਪਿੱਛੇ ਹਟਾ ਰਹੇ ਸਨ। ਅਗਲੇ ਹਿੱਸੇ ਦਾ ਪਿੱਛੇ ਹਟਨਾ, ਪਿਛਲੇ ਦਾ ਅੱਗੇ ਵਧਣਾ, ਇਸ ਧੱਕੇ ਵਿੱਚ ਅੰਗੇਜ਼ੀ ਫੌਜ ਦਾ ਕਾਫੀ ਨੁਕਸਾਨ ਹੋਇਆ। ਜੋ ਡਿੱਗਾ, ਫਿਰ ਨਹੀਂ ਉੱਠਿਆ। ਲਾਸ਼ਾਂ ਤੇ ਲਾਸ਼ਾਂ ਚੜ੍ਹ ਗਈਆਂ। ਰਣ ਛੇਤਰ ਵੇਖਿਆਂ ਦਿਲ ਕੰਬ ਉਠਦਾ ਸੀ।
ਲੜਦੇ ਹੋਏ ਤਾਂ ਬਹੁਤ ਸਾਰੇ ਅੰਗਰੇਜ਼ ਮੈਦਾਨ ਵਿੱਚ ਲੇਟ ਗਏ ਸਨ। ਨੱਸਦੇ ਹੋਏ ਵੀ ਅਣਗਿਣਤ ਸਿੰਘਾਂ ਦੀ ਤਲਵਾਰ ਨਾਲ ਦੋਫਾੜ ਹੋਏ। ਹੈਨਰੀ ਸਮਿਥ ਫੌਜ ਨੂੰ ਗਿਲਬਰਟ ਦੀ ਫੌਜ ਦੇ ਸਜੇ ਪਾਸੇ ਰਹਿਣ ਦਾ ਹੁਕਮ ਸੀ, ਕਿੰਤੂ ਇਸ ਆਪਾਧਾਪੀ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਹਾਂ, ਜਿਸ ਤੋਂ ਸਮਿਥ ਸਾਹਿਬ ਨੂੰ ਵੀ ਪਿੱਛੇ ਹਟਣਾ ਪਿਆ। ਕਿੰਤੂ ਅੰਗਰੇਜ਼ ਗਿੱਦੜਾਂ ਵਾਂਗ ਪਿੱਛੇ ਹਟਣ ਲਈ ਹਿੰਦੁਸਤਾਨ ਵਿੱਚ ਨਹੀਂ ਸਨ ਆਏ। ਜਿਸ ਈਸ਼ਰ ਦੀ ਕ੍ਰਿਪਾ ਨਾਲ ਇਹਨਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਦਾ, ਅਥਵਾ ਕਿਸੇ ਨਾ ਕਿਸੇ ਵਿੱਚ ਰੌਸ਼ਨੀ ਦੇਂਦਾ ਰਹਿੰਦਾ ਹੈ, ਜਿਸ ਈਸ਼ਰ ਦੀ ਕ੍ਰਿਪਾ ਨਾਲ ਹਿੰਦੋਸਤਾਨ ਜਵਾਹਰਾਂ ਦੀ ਖਾਨ ਤੇ ਸੋਨਾ ਉਗਲਣ ਵਾਲੇ ਮੁਲਕ ਦੀ ਹਕੂਮਤ ਬਿਨਾਂ ਖੂਨ ਵੀਟੇ ਮਿਲ ਗਈ, ਓਸ ਈਸ਼ਰ ਦੀ ਕ੍ਰਿਪਾ ਨਾਲ ਇਨ੍ਹਾਂ ਨੂੰ ਅਕਲ, ਏਕਤਾ, ਹਿੰਮਤ ਤੇ ਕੌਮੀ ਪਿਆਰ ਵੀ ਅਦੁਤੀ ਮਿਲਿਆ ਹੈ, ਜਿਸ ਦੇ ਨਾਲ ਨੱਸਦੇ ਹੋਏ ਵੀ ਫਿਰ ਪੈਰ ਜਮਾ ਕੇ ਖੜੇ ਹੋ ਜਾਂਦੇ ਹਨ।
ਸਿੱਖਾਂ ਦੇ ਧੂੜ ਕੋਟ ਵਿੱਚ ਭਾਵੇਂ ਰਸਤੇ ਬਹੁਤ ਸਾਰੇ ਬਣ ਗਏ ਸਨ, ਕਿੰਤੂ ਸਿੱਖਾਂ ਦੇ ਜੰਬੂਰਕਾਂ ਤੇ ਹਲਕੀਆਂ ਤੋਪਾਂ ਅੰਗਰੇਜ਼ਾਂ ਨੂੰ ਅੰਦਰ ਨਹੀਂ ਜਾਣ ਦੇਂਦੀਆਂ ਸਨ। ਸਿੱਖ ਓਹਨਾਂ ਤੋਂ ਬੜੀ ਦਲੇਰੀ ਤੇ ਤੇਜ਼ੀ ਨਾਲ ਕੰਮ ਲੈ ਰਹੇ ਸੀ ਹਰ ਇੱਕ ਸਿੱਖ ਹੱਥ ਹਥ ਭਰ ਧਰਤੀ ਛੱਡਣ ਪਿੱਛੇ ਆਪਣਾ ਖੂਨ ਵੀਟ ਰਿਹਾ ਸੀ, ਕਿੰਤੂ ਸ਼ੋਕ ਕਿ ਉਨ੍ਹਾਂ ਦੀ ਹਿੰਮਤ ਤੇ ਬਹਾਦਰੀ ਵੇਖ ਕੇ ਮਦਦ ਦੇਣ ਵਾਲਾ ਕੋਈ ਨਹੀਂ ਸੀ। ਇਸ ਕਰ ਕੇ ਓਹਨਾਂ ਦੇ ਭਾਗਾਂ ਵਿੱਚ ਕੁਝ ਹੋਰ ਹੀ ਲਿਖਿਆ ਸੀ, ਅੱਗੇ ਬਹਾਦਰ ਦੁਸ਼ਮਣ ਪਿੱਛੇ ਦਗੇਬਾਜ਼ ਅਫਸਰ ਜਾਨ ਦੇ ਵੈਰੀ ਹੋ ਰਹੇ ਸਨ। ਨਿਮਕ ਹਰਾਮ ਲਾਲ ਸਿੰਘ ਫੌਜ ਲਈ ਖੜੋਤਾ ਲੜਾਈ ਦਾ ਤਮਾਸ਼ਾ ਵੇਖ ਰਿਹਾ ਸੀ। ਓਸ ਦੀ ਫੌਜ ਨੇ ਸਿੱਖ ਸੈਨਾ ਦਾ ਸੱਜਾ ਹੱਥ ਖ਼ਾਲੀ ਹੋਂਦਾ ਵੇਖ ਕੇ ਕਈ ਵਾਰ ਓਹ ਜਗ੍ਹਾ ਮੱਲਣ ਦੀ ਗੱਲ ਕਹੀ, ਕਿੰਤੂ ਜਿਸ ਬੇ-ਧਰਮੇ ਨੇ ਖਾਲਸਾ ਫੌਜ ਦਾ ਕਟਵਾਣਾ ਹੀ ਆਪਣੀ ਜਿੱਤ ਸਮਝ ਰੱਖੀ ਸੀ,
ਉਸ ਨੇ ਜ਼ਰਾ ਜਿੰਨੀ ਭੀ ਗੱਲ ਨਾ ਸੁਣੀ। ਹੁਣ ਇਸ ਸੱਜੇ ਪਾਸੇ ਨੂੰ ਖ਼ਾਲੀ ਵੇਖ ਕੇ ਡਿਕ ਸਾਹਿਬ ਦੀ ਹਾਰੀ ਹੋਈ ਫੌਜ ਨੂੰ ਅਪਣੀ ਸ਼ਰਮਿੰਦਗੀ ਧੋਣ ਦਾ ਕਾਫੀ ਸਮਾਂ ਮਿਲ ਗਿਆ। ਡਿਕ ਸਾਹਿਬ ਨੇ ਇਸ ਹਿੱਸੇ ਤੇ ਸਹਿਜ ਨਾਲ ਹੀ ਕਬਜ਼ਾ ਕਰ ਲਿਆ, ਜਿਸ ਤੋਂ ਦਰਮਿਆਨੀ ਹਿੱਸੇ ਤੇ ਕਬਜ਼ਾ ਕਰਨ ਵਾਲੀ ਗਿਲਬਰਟ ਸਾਹਿਬ ਦੀ ਫੌਜ ਨੂੰ ਬਹੁਤ ਮਦਦ ਮਿਲ ਗਈ ਅਤੇ ਉਹ ਵੀ ਬੜੀ ਤੇਜ਼ੀ ਨਾਲ ਅੱਗੇ ਵਧਣ ਲੱਗੀ। ਫਿਰ ਗਿਲਬਰਟ ਸਾਹਿਬ ਦੀ ਮਦਦ ਨੂੰ ਸਮਿਥ ਤੇ ਸਟੇਸ਼ੀ ਸਾਹਿਬ ਦੀ ਫੌਜ ਆ ਗਈ। ਉਸ ਵੇਲੇ ਤਿੰਨਾਂ ਪਾਸਿਆਂ ਤੋਂ ੨੦੦ ਤੋਪਾਂ ਦੀ ਮਾਰ ੧੮੦੦੦ ਬੰਦੂਕਾਂ ਦੀਆਂ ਗੋਲੀਆਂ ਦੀ ਬੁਛਾੜ ਇੰਨੀ ਤਿੱਖੀ ਸਿੱਖਾਂ ਤੇ ਪੈ ਰਹੀ ਸੀ ਕਿ ਜਿਸ ਦੇ ਸਾਹਮਣੇ ਸਾਵਨ ਦਾ ਮੀਂਹ ਸ਼ਰਮਿੰਦਾ ਸੀ। ਕਿੰਤੂ ਸਿੱਖਾਂ ਨੇ ਜ਼ਰਾ ਵੀ ਹਿੰਮਤ ਨਹੀਂ ਹਾਰੀ, ਸਗੋਂ ਸ਼ੇਰਾਂ ਵਾਂਗ ਛਾਲਾਂ ਮਾਰਦੇ ਅੰਗ੍ਰੇਜ਼ੀ ਫੌਜ ਤੇ ਆ ਪਏ। ਕੇਲਿਆਂ ਵਾਂਗ ਗੋਰੇ ਕਟੀਣ ਲੱਗੇ ਤੇ ਪਿਛੇ ਨੱਠੇ। ਕਦੇ ਤਾਂ ਸਿੱਖਾਂ ਦੀ ਫੌਜ ਅੰਗ੍ਰੇਜ਼ੀ ਸੈਨਾ ਨੂੰ ਅੱਗੇ ਲਾ ਲੈਂਦੀ ਤੇ ਕਦੇ ਅੰਗ੍ਰੇਜ਼ੀ ਸੈਨਾ ਸਿੱਖ ਸੈਨਾ ਨੂੰ ਅੱਗੇ ਲਾ ਲੈਂਦੀ। ਦੋ ਘੰਟੇ ਤਕ ਇਹੋ ਹੀ ਹਾਲ ਰਿਹਾ। ਇਸ ਜੰਗ ਨੂੰ ਵੇਖ ਕੇ ਉਹ ਅੰਗ੍ਰੇਜ਼: ਜਿਨ੍ਹਾਂ ਨਿਪੋਲੀਅਨ ਦੇ ਜੰਗ ਵੇਖੇ ਸਨ, ਦੰਦਾਂ ਦੇ ਵਿੱਚ ਉਂਗਲੀ ਦੇ ਕੇ ਰਹਿ ਗਏ ਤੇ ਸਿੱਖਾਂ ਨੂੰ ਵਾਹ ਵਾਹ ਕਰਦੇ ਸਨ। ਦੋਨਾਂ ਪਾਸਿਆਂ ਤੋਂ ਬਹਾਦਰ ਬੜੀ ਹਿੰਮਤ ਤੇ ਜਵਾਂ ਮਰਦੀ ਨਾਲ ਲੜਦੇ ਸਨ। ਕੋਈ ਇੱਕ ਦੂਜੇ ਤੋਂ ਘੱਟ ਨਜ਼ਰ ਹੀ ਨਹੀਂ ਆਉਂਦਾ ਸੀ, ਬਲਕੇ ਤਲਵਾਰ ਦੀ ਲੜਾਈ ਵਿੱਚ ਸਿੱਖਾਂ ਦਾ ਕਦਮ ਅੱਗੇ ਸੀ। ਅਜੇਹੇ ਕਠਨ ਮੌਕੇ ਤੇ ਮਦਦ ਦੇ ਕੇ ਫੌਜ ਦਾ ਹੌਸਲਾ ਵਧਾਣਾ ਸੈਨਾਪਤੀ ਦਾ ਕੰਮ ਹੁੰਦਾ ਹੈ। ਕਿੰਤੂ ਮੰਦਭਾਗੇ ਸਿੱਖਾਂ ਦਾ ਵੈਰੀ ਲਾਲ ਸਿੰਘ ਤਾਂ ੧੦ ਹਜ਼ਾਰ ਆਪਣੀ ਸੈਨਾ ਨੂੰ ਅੱਗੇ ਪਿੱਛੇ ਕਰ ਕੇ ਤਮਾਸ਼ਾ ਵੇਖਦਾ ਰਿਹਾ ਤੇ ਲੂਣਹਰਾਮੀ ਤੇਜ ਸਿੰਘ ਆਪਣੀ ਅਰਦਲ ਦੇ ੫੦੦੦ ਜਵਾਨਾਂ ਨੂੰ ਨਾਲ ਲੈ ਕੇ ਨੱਸ ਪਿਆ ਤੇ ਜਾਂਦੀ ਵੇਰ ਦਰਯਾ ਤੇ ਜੋ ਪੁਲ ਬੱਧਾ ਹੋਇਆ ਸੀ, ਉਸ ਵਿੱਚੋਂ ਦੋ ਕਿਸ਼ਤੀਆਂ ਜਾਣ ਕੇ ਡੋਬ ਗਿਆ ਅਤੇ ਗੋਲ ਅੰਦਾਜ਼ਾਂ ਨੂੰ ਬਾਰੂਦ ਦੇਣਾ ਭੀ ਬੰਦ ਕਰ ਦਿੱਤਾ।
ਕਈ ਗੋਲਅੰਦਾਜ਼ਾਂ ਤੋਂ ਸੁਣਿਆ ਹੈ ਕਿ ਓਹਨਾਂ ਦੀਆਂ ਕੁਝ ਪੇਟੀਆਂ ਵਿੱਚੋਂ ਬਾਰੂਦ ਦੀ ਥਾਂ ਸਰਸੋਂ ਨਿੱਕਲੀ ਹੈ। ਸੋਚੋ! ਜਿਸ ਫੌਜ ਦੇ ਅਫਸਰਾਂ ਦੀ ਬਦਨੀਤੀ ਦਾ ਇਹ ਹਾਲ ਹੋਵੇ ਓਹ ਵਿਚਾਰੀ ਕਿਕੁਣ ਜਿੱਤ ਸਕਦੀ ਹੈ? ਬਿਨਾਂ ਸਰਦਾਰ ਦੇ ਫੌਜ ਕਦ ਤਕ ਲੜ ਸਕਦੀ ਸੀ? ਨੱਸਣ ਨੂੰ ਤਯਾਰ ਸੀ ਕਿ ਸਿੱਖਾਂ ਦਾ ਇੱਕ ਪੁਰਾਣਾ ਬਹਾਦਰ ਤੇ ਨੇਕਨਾਮ ਸਰਦਾਰ ਸ਼ਾਮ ਸਿੰਘ ਘੋੜੇ ਤੇ ਅਸਵਾਰ ਹੋ ਅੱਗੇ ਵਧਿਆ। ਇਹ ਘਰ ਤੋਂ ਹੀ ਸਰਬੰਸ ਦਾਨ ਕਰ ਕੇ ਸ਼ਹੀਦੀ ਦੀ ਪ੍ਰਾਪਤੀ ਲਈ ਚਿੱਟੇ ਰੇਸ਼ਮੀ ਕੱਪੜੇ ਪਾਈ ਆਇਆ ਸੀ। ਇਸ ਨੇ ਘੋੜੇ ਨੂੰ ਅੱਡੀ ਲਾ ਕੇ ਹਰ ਪਾਸੇ ਫੌਜ ਵਿੱਚ ਕਹਿਣਾ ਸ਼ੁਰੂ ਕੀਤਾ ਕਿ:
'ਐ ਬਹਾਦਰ ਖਾਲਸਾ ਕੌਮ! ਲੂਣ ਤੇ ਧਰਮ ਦੀ ਸ਼ਰਤ ਤੇ ਇਸ ਜੀਉਣ ਨਾਲੋਂ ਮਰ ਜਾਣਾ ਹੱਛਾ ਹੈ ਜੋ ਆਪਣੇ ਸਿੰਘ ਨਾਮ ਤੇ ਵੱਟਾ ਲਾ ਜਾਂਦੇ ਹਨ, ਆਪਣੇ ਗੁਰੂ ਸਾਹਿਬਾਨ ਦਾ ਹੁਕਮ ਪੂਰਾ ਕਰੋ ਕਿਉਂਕਿ ਉਸ ਤੇ ਚਲਣਾ ਆਪ ਦਾ ਧਰਮ ਹੈ। ਅੱਗੇ ਵਧ ਕੇ ਮਰੋ ਮਾਰੋ, ਜਿਸ ਤੋਂ ਉਹ ਦਰਜਾ ਮਿਲੇਗਾ ਜਿਸ ਦੇ ਵਾਸਤੇ ਬੜੇ ਬੜੇ ਰਿਖੀ ਮੁਨੀ ਤੇ ਤਪੱਸਵੀ ਯਾਚਨਾ ਕਰਦੇ ਹਨ। ਪਿਆਰੇ ਭਰਾਓ! ਲੂਣ ਦੀ ਸ਼ਰਤ ਤੇ ਜਾਨ ਦੇ ਦੇਣੀ ਹੀ ਫਤਹ ਹੈ। ਲੜਾਈ ਦੇ ਮੈਦਾਨ ਵਿੱਚੋਂ ਨੱਸ ਜਾਣਾ ਸਿੰਘਾਂ ਦਾ ਕੰਮ ਨਹੀਂ ਤੇ ਇਹ ਵੀ ਸਮਝ ਲਓ ਕਿ ਹੁਣ ਨੱਸ ਕੇ ਵੀ ਜਾਨ ਨਾ ਬਚੇਗੀ, ਕਿਉਂਕਿ ਕੋਈ ਰਾਹ ਨੱਸ ਜਾਣ ਨੂੰ ਨਹੀਂ ਰਿਹਾ। ਤਿੰਨ ਪਾਸੀਂ ਦੁਸ਼ਮਣ ਦੀ ਸੈਨਾ ਤੁਹਾਡੀ ਜਾਨ ਲੈਣ ਲਈ ਤਯਾਰ ਖੜੀ ਹੈ। ਚੌਥੇ ਪਾਸੇ ਦਰਯਾਏ ਸਤਲੁਜ ਜ਼ੋਰਾਂ ਤੇ ਹੈ ਜੋ ਪੁਲ ਸੀ, ਬੇਧਰਮੀਆਂ ਤੇਜ ਸਿੰਘ ਓਹ ਤੋੜ ਗਿਆ ਹੈ। ਹੁਣ ਸਵਾਏ ਸਾਮ੍ਹਣੇ ਹੋ ਕੇ ਲੜਨ ਦੇ ਹੋਰ ਕੋਈ ਰਾਹ ਨਹੀਂ ਦੀਹਦਾ, ਜਿਹਾ ਕਿ ਗੁਰੂ ਜੀ ਕਹਿੰਦੇ ਹਨ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥੨੨॥ (ਦਸਮ -ਜਫਰਨਾਮਰ- ।।੨੨।।)
(ਜਦ ਕੰਮ ਸਾਰਿਆਂ ਹੀਲਿਆਂ ਤੋਂ ਲੰਘ ਜਾਵੇ ਤਦ ਤਲਵਾਰ ਨੂੰ ਹੱਥ ਵਿੱਚ ਲੈਣਾ ਜਾਇਜ਼ ਹੈ।)
ਸਰਦਾਰ ਸ਼ਾਮ ਸਿੰਘ ਦੀਆਂ ਇਨ੍ਹਾਂ ਗੱਲਾਂ ਨੇ ਸਿੰਘਾਂ ਵਿੱਚ ਜਾਨ ਪਾ ਦਿੱਤੀ। ਤੋਪਾਂ ਨੂੰ ਤਖਤਿਆਂ ਤੋਂ ਗਿਰਾ ਕੇ ਬੰਦੂਕਾਂ ਨੂੰ ਮੋਢਿਆਂ ਤੋਂ ਸੁੱਟ ਆਪਣੀ ਸਦਾ ਦੀ ਪਿਆਰੀ ਕ੍ਰਿਪਾਨ (ਸ੍ਰੀ ਸਾਹਿਬ) ਨੂੰ ਧੂਹ ਕੇ ਵੈਰੀ ਦੇ ਦਲਾਂ ਉੱਤੇ ਸ਼ੇਰਾਂ ਵਾਂਗ ਗੱਜ ਕੇ ਜਾ ਪਏ। ਇੱਕ ਘੰਟਾ ਤਕ ਇਨ੍ਹਾਂ ਸ਼ੇਰਾਂ ਦੇ ਅੱਗੇ ਅੰਗਰੇਜ਼ੀ ਸਿਪਾਹ ਬੱਕਰੀਆਂ ਦੀ ਤਰ੍ਹਾਂ ਨੱਸਦੀ ਰਹੀ। ਜਿਧਰ ਚਿੱਟੇ ਚਮੜੇ ਵਾਲਿਆਂ ਦਾ ਝੁੰਡ ਵੇਖਦੇ, ਉਧਰ ਹੀ ਜਾ ਪੈਂਦੇ। ਇਨ੍ਹਾਂ ਦੇ ਪੈਂਦੇ ਹੀ ਮੈਦਾਨ ਖ਼ਾਲੀ ਨਜ਼ਰ ਆ ਜਾਂਦਾ। ਸਿੱਖਾਂ ਤੇ ੧੨੦ ਤੋਪਾਂ ਤੇ ੧੮੦੦੦ ਬੰਦੂਕਾਂ ਅੱਗ ਵਸਾ ਰਹੀਆਂ ਸਨ, ਜਿਸ ਤੋਂ ਛਾਨਣੀ ਵਾਂਗ ਛੇਕ ਛੇਕ ਹੋ ਸਿੱਖ ਪਤੰਗਿਆਂ ਦੀ ਤਰ੍ਹਾਂ ਗਿਰ ਰਹੇ ਸਨ, ਪਰੰਤੂ ਪਿਛੇ ਨਹੀਂ ਹਟਦੇ ਸੀ। ਲਾਸ਼ਾਂ ਦੇ ਢੇਰ ਲਗ ਪਏ, ਜ਼ਮੀਨ ਲਾਲ ਹੋ ਗਈ। ਇਸ ਲੜਾਈ ਦਾ ਹਾਲ ਲਿਖਦਿਆਂ ਤਾਂ ਕਲਮ ਦਾ ਸੀਨਾ ਵੀ ਫੱਟਦਾ ਹੈ। ਲਾਰਡ ਗਫ਼ ਤੇ ਲਾਰਡ ਹਾਰਡਿੰਗ ਆਦਿਕ ਵੱਡੇ ਵੱਡੇ ਅੰਗ੍ਰੇਜ਼ਾਂ ਨੇ ਬੜੇ ਸੁਨੇਹੇ ਭੇਜੇ ਕਿ ਤੁਸੀਂ ਹਥ੍ਯਾਰ ਸਿੱਟ ਦੇਵੋ ਤਾਂ ਜੋ ਤੁਹਾਡੀ ਜਾਨ ਬਖ਼ਸ਼ੀ ਕੀਤੀ ਜਾਵੇ, ਕਿੰਤੂ ਸਿੱਖਾਂ ਨੇ ਦੁਸ਼ਮਨ ਦਾ ਪੱਲਾ ਫੜ ਕੇ ਜੀਉਣ ਨਾਲੋਂ ਸ਼ਹੀਦ ਹੋਣਾ ਹੀ ਠੀਕ ਸਮਝਿਆ ਅਰਥਾਤ ਅਧੀਨਤਾ ਸਵੀਕਾਰ ਨਹੀਂ ਕੀਤੀ। ਸਰਦਾਰ ਸ਼ਾਮ ਸਿੰਘ ਗਲ੍ਹ ਵਿੱਚ ਕਫਨੀ ਪਾਈ, ਘੋੜੇ ਤੇ ਸਵਾਰ ਹੱਥ ਵਿੱਚ ਨੰਗੀ ਤਲਵਾਰ ਲਈ 'ਕਿੱਥੇ ਹੈ ਲਾਟ? ਕਿੱਥੇ ਹੈ ਲਾਟ?' ਕਹਿੰਦਾ ਅੰਗਰੇਜ਼ਾਂ ਦੀ ਫੌਜ ਦੇ ਸਮੁੰਦਰ ਵਿੱਚ ਜਾ ਵੜਿਆ, ਦਸਾਂ ਵੀਹਾਂ ਨੂੰ ਕਤਲ ਕਰਦਾ ਆਪ ਵੀ ਟੁਕੜੇ ਟੁਕੜੇ ਹੋ ਆਪਣੇ ਭਰਾਵਾਂ ਦੀਆਂ ਲਾਸ਼ਾਂ ਵਿੱਚ ਸੌਂ ਗਿਆ। ਭਾਵੇਂ ਸਰਦਾਰ ਸ਼ਾਮ ਸਿੰਘ ਦੇ ਡਿਗਦੇ ਹੀ ਲਾਹੌਰ ਦਰਾਬਰ ਦਾ ਝੰਡਾ ਡਿੱਗ ਪਿਆ ਤੇ ਮੈਦਾਨ ਅੰਗ੍ਰੇਜ਼ਾਂ ਦੇ ਹੱਥ ਆਇਆ। ਅੰਤ ਨੂੰ ਜਦ ਅੰਗ੍ਰੇਜ਼ੀ ਰਸਾਲੇ ਤੇ ਪਲਟਣਾਂ ਜਿਨ੍ਹਾਂ ਦੀ ਗਿਣਤੀ ੩੦ ਹਜ਼ਾਰ ਦੇ ਕਰੀਬ ਸੀ, ਇੱਕੋ ਵੇਰ ਤਿੰਨਾਂ ਪਾਸਿਆਂ ਤੋਂ ਸਿੱਖਾਂ ਨੂੰ ਘੇਰ ਕੇ ਅੱਗ ਵਸਾਂਦੇ ਹੋਏ ਅੱਗੇ ਵਧਣਾ ਸ਼ੁਰੂ ਕੀਤਾ। ਭਲਾ ਫਿਰ ਤਲਵਾਰ ਦੀ ਲੜਾਈ ਕਿਸ ਤਰ੍ਹਾਂ ਲੜੀ ਜਾਵੇ? ਬਹੁਤ ਸਾਰੇ ਸਿੱਖ ਤਾਂ ਸਾਹਮਣੇ ਹੋ ਕੇ ਮਰ ਗਏ। ਬਾਕੀ ਸਾਰੇ ਗੋਲ ਬੰਨ੍ਹ ਕੇ ਦੁਸ਼ਮਣ ਦੇ ਨਾਲ ਲੜਦੇ ਪਿੱਛੇ ਹਟਦੇ ਹਟਦੇ ਸਤਲੁਜ ਦੇ ਕੰਢੇ ਤਕ ਅੱਪੜੇ। ਜੇ ਕਦੀ ਉਸ ਕੌਮ ਦੇ ਵੈਰੀ ਤੇਜ ਸਿੰਘ ਨੇ ਪੁਲ ਵੀ ਨਾ ਤੋੜਿਆ ਹੋਂਦਾ ਤਦ ਬਹੁਤ ਸਾਰੇ ਸਿੱਖ ਬਚ ਜਾਂਦੇ। ਹੁਣ ਤੰਗ ਪੈ ਕੇ ਦਰਯਾ ਵਿੱਚ ਛਾਲਾਂ ਮਾਰਨੀਆਂ ਪਈਆਂ ਤੇ ਤਰਨ ਲਗੇ, ਫਿਰ ਵੀ ਬੇਤਰਸ ਸੰਗਦਿਲ ਅੰਗ੍ਰੇਜ਼ਾਂ ਨੇ ਗੋਲੀਆਂ ਦਾ ਮੀਂਹ ਬੰਦ ਨਾ ਕੀਤਾ, ਬਲਕਿ ਸਾਰੀਆਂ ਤੋਪਾਂ ਤੇ ਬੰਦੂਕਾਂ ਓਹਨਾਂ ਤੇ ਜੋੜ ਦਿੱਤੀਆਂ। ਸਿੱਖਾਂ ਦੇ ਖੂਨ ਦੇ ਨਾਲ ਦਰਯਾ ਦਾ ਰੰਗ ਲਾਲ ਹੋ ਗਿਆ। ਘੋੜੇ ਤੇ ਮਾਲ ਅਸਬਾਬ ਸਾਰਾ ਪਾਣੀ ਵਿੱਚ ਰੁੜ੍ਹ ਗਿਆ। ਪਾਣੀਪਤ ਦੇ ਜੰਗ ਦੇ ਪਿੱਛੋਂ ਦੁਰਾਨੀਆਂ ਤੇ ਮਰਹੱਟਿਆਂ ਦੇ ਵਿਚਕਾਰ ਹੋਇਆ ਸੀ ਇਤਨੇ ਜਵਾਨ ਤੇ ਘੋੜੇ ਸ਼ਾਇਦ ਕਿਸੇ ਜੰਗ ਵਿੱਚ ਨਹੀਂ ਮੋਏ ਹੋਣਗੇ, ਜਿੰਨੇ ਕਿ ਸਭਰਾਵਾਂ ਦੇ ਜੰਗ ਵਿੱਚ ਮੋਏ। ਇਹ ਜੰਗ ਵੀ ਦੂਜਾ ਮਹਾਂਭਾਰਤ ਦਾ ਯੁੱਧ ਕਿਹਾ ਜਾ ਸਕਦਾ ਹੈ। ਸਿੱਖਾਂ ਨੂੰ ਬੇਹੱਦ ਹਾਨੀ ਤੇ ਨੁਕਸਾਨ ਪੁੱਜਾ, ਕਿੰਤੂ ਅੰਗਰੇਜ਼ਾਂ ਨੂੰ ਵੀ ਮੁਰਦਿਆਂ ਤੇ ਗੋਲੀ ਚਲਾਣ ਦੇ ਕਾਰਣ ਬੇਹੱਦ ਬਦਨਾਮੀ ਮਿਲੀ। ਕਨਿੰਘਮ ਸਾਹਿਬ ਲਿਖਦੇ ਹਨ ਕਿ
‘ਭਾਵੇਂ ਇਹ ਸਭ ਕੁਝ ਹੋਇਆ, ਕਿੰਤੂ ਕਿਸੇ ਸਿੱਖ ਨੇ ਅਧੀਨਤਾ ਸਵੀਕਾਰ ਨਹੀਂ ਕੀਤੀ ਤੇ ਨਾ ਕਿਸੇ ਨੇ ਪਨਾਹ ਮੰਗੀ। ਓਹ ਬਰਾਬਰ ਆਪਣੇ ਦੁਸ਼ਮਣ ਦੇ ਸਾਹਮਣੇ ਤਲਵਾਰਾਂ ਉਠਾ ਉਠਾ ਕੇ ਗਜਦੇ ਰਹੇ। ਫਤਹ ਪਾਣ ਵਾਲੀ ਕੌਮ ਹਾਰਨ ਵਾਲਿਆਂ ਦੀ ਇਸ ਬੇਅੰਤ ਦਲੇਰੀ ਤੇ ਅਦੁਤੀ ਬਹਾਦਰੀ ਵੇਖ ਕੇ ਹੈਰਾਨ ਸੀ। ਸਾਰੇ ਅੰਗ੍ਰੇਜ਼ ਅਫਸਰਾਂ ਦੇ ਮੂੰਹ ਤੋਂ ਅਵੱਸੋਂ ਵਾਹ! ਵਾਹ! ਨਿੱਕਲਦੀ ਸੀ।'
ਇਸ ਲੜਾਈ ਵਿੱਚ ੨੦੮੩ ਅੰਗ੍ਰੇਜ਼ੀ ਫੌਜ ਦੇ ਫਟੜ ਤੇ ੩੨੦ ਮਾਰੇ ਗਏ। ੫-੬ ਹਜ਼ਾਰ ਸਿੱਖ ਉਸ ਦਿਨ ਲੂਣ ਹਲਾਲ ਕਰਦੇ ਸ਼ਹੀਦ ਹੋ ਸਦਾ ਲਈ ਸ੍ਵਰਗਾਂ ਵਿੱਚ ਚਲੇ ਗਏ।
ਇਹ ਭਾਰੀ ਸ਼ਕਸਤ ਸਿੱਖਾਂ ਨੂੰ ਨਿਮਕ ਹਰਾਮੀ ਆਗੂਆਂ ਤੇ ਵਿਸ਼ਵਾਸ ਕਰਨ ਦੀ ਸਜ਼ਾ ਮਿਲੀ। ਇਨ੍ਹਾਂ ਲੜਾਈਆਂ ਵਿੱਚ ਸਿੱਖਾਂ ਨੂੰ ਮਲੂਮ ਹੋ ਗਿਆ ਕਿ ਅੰਗ੍ਰੇਜ਼ਾਂ ਤੋਂ ਬਾਜ਼ੀ ਜਿੱਤ ਖੜਨਾ ਬਹੁਤ ਮੁਸ਼ਕਲ ਹੈ। ਭਾਵੇਂ ਮੈਦਾਨ ਜੰਗ ਵਿੱਚ ਸਿੱਖਾਂ ਨੇ ਬਹਾਦਰੀ ਤੇ ਦਲੇਰੀ ਅੰਗਰੇਜ਼ਾਂ ਨਾਲੋਂ ਘਟ ਕੇ ਨਹੀਂ ਵਿਖਾਈ, ਕਿੰਤੂ ਜਦ ਸਿੱਖਾਂ ਦੇ ਅਫਸਰਾਂ ਦੀ ਨੀਯਤ ਵਿੱਚ ਹੀ ਬਦੀ ਹੋਵੇ ਤਦ ਸਿੱਖ ਵਿਚਾਰੇ ਕੀ ਕਰ ਸਕਦੇ ਹਨ? ਕਨਿੰਘਮ ਸਾਹਿਬ ਦੇ ਲਿਖੇ ਅਨੁਸਾਰ:
'ਬਹਾਦਰੀ ਵਾਲੇ ਦਿਲ ਤੇ ਕੰਮ ਕਰਨ ਵਾਲੇ ਹੱਥ ਸਿੱਖਾਂ ਜਹੇ ਸ਼ਾਇਦ ਹੀ ਕਿਸੇ ਦੂਜੀ ਕੌਮ ਦੇ ਹੋਣਗੇ। ਕਿੰਤੂ ਸ਼ੋਕ ਹੈ ਕਿ ਇਨ੍ਹਾਂ ਨੂੰ ਹੌਸਲਾ ਤੇ ਇੱਕ ਬਣਾਨ ਵਾਲਾ ਆਗੂ ਨਾ ਮਿਲਿਆ।'
ਹੁਣ ਸੁਭਰਾਓਂ ਦੀ ਜਿੱਤ ਦੇ ਮਗਰੋਂ ੧੧ ਫਰਵਰੀ ਨੂੰ ਫੌਜ ਸਮੇਤ ਅੰਗ੍ਰੇਜ਼ੀ ਲਾਟ ਨੇ ਦਰਯਾਏ ਸਤਲੁਜ ਤੋਂ ਲੰਘ ਕੇ ੧੨ ਫਰਵਰੀ ਨੂੰ ਇੱਕ ਇਸ਼ਤਿਹਾਰ ਆਪਣੇ ਵਲੋਂ ਇਸ ਮਜ਼ਮੂਨ ਦਾ ਕੱਢਿਆ ਕਿ ਜੋ ਮਿਤਰਤਾ ਦਾ ਸੰਬੰਧ ਦੋਨਾਂ ਸਰਕਾਰਾਂ ਦੇ ਵਿਚਕਾਰ ੧੮੦੯ ਨੂੰ ਬੱਝਾ ਸੀ ੧੧ ਦਸੰਬਰ ੧੮੪੫ ਤਕ ਉਸ ਤੇ ਅਮਲ ਹੁੰਦਾ ਰਿਹਾ ਹੈ। ਇਸ ਦੇ ਉਲਟ ਫੌਜ ਖਾਲਸਾ ਅੰਗ੍ਰੇਜ਼ੀ ਇਲਾਕੇ ਵਿੱਚ ਖਲਲ ਪਾਂਦੀ ਰਹੀ, ਜਿਸ ਦੀ ਸਜਾ ਉਹਨਾਂ ਨੂੰ ਮਿਲੀ। ਹਰ ਇੱਕ ਲੜਾਈ ਵਿੱਚ ਸ਼ਕਸਤ ਹੋਈ। ੧੫੦ ਤੋਪਾਂ ਤੇ ਸਾਰਾ ਅਸਬਾਬ ਉਸ ਦਾ ਈਸ਼ਵਰ ਦੀ ਕ੍ਰਿਪਾ ਨਾਲ ਸਰਕਾਰ ਅੰਗ੍ਰੇਜ਼ੀ ਦੇ ਕਬਜ਼ੇ ਵਿੱਚ ਆ ਗਿਆ। ਹੁਣ ਸਰਕਾਰ ਦੀ ਫਤਹਮੰਦ ਫੌਜ ਸਤਲੁਜ ਲੰਘ ਕੇ ਪੰਜਾਬ ਦੇ ਮੁਲਕ ਵਿੱਚ ਦਾਖਲ ਹੋ ਗਈ ਹੈ। ਜਦ ਤਕ ਫਸਾਦੀਆਂ ਨੂੰ ਆਪਣੀ ਕੀਤੀ ਦੀ ਸਜ਼ਾ ਮਿਲ ਜਾਵੇ, ਉਸ ਵੇਲੇ ਤਕ ਭਾਵੇਂ ਸਰਕਾਰ ਦੀ ਪੰਜਾਬ ਤੇ ਕਬਜ਼ਾ ਕਰਨ ਦੀ ਨੀਯਤ ਨਹੀਂ, ਤਦ ਵੀ ਪੰਜਾਬ ਅੰਗ੍ਰੇਜ਼ੀ ਫੌਜ ਦੇ ਕਬਜ਼ੇ ਵਿੱਚ ਰਹੇਗਾ। ਲੜਾਈ ਦਾ ਖ਼ਰਚ ਵਸੂਲ ਕਰਨ ਤੇ ਅੱਗੋਂ ਨੂੰ ਬੇਇੰਤਜ਼ਾਮੀ ਦੂਰ ਕਰਨ ਵਾਸਤੇ ਤੇ ਦਰਬਾਰ ਲਾਹੌਰ ਦੇ ਕਈ ਇਲਾਕੇ ਅੰਗ੍ਰੇਜ਼ੀ ਅਮਲਦਾਰੀ ਦੇ ਅਖਤਯਾਰ ਵਿੱਚ ਰੱਖੇ ਜਾਣਗੇ ਤੇ ਲਾਹੌਰ ਦਰਬਾਰ ਨੂੰ ਵੀ ਆਪਣੀ ਕਰਨੀ ਦੀ ਸਜ਼ਾ ਮਿਲੇਗੀ। ਇਹ ਸਭ ਕੁਝ ਹੁਣ ਲਾਹੌਰ ਪੁੱਜ ਕੇ ਵਰਤੋਂ ਵਿੱਚ ਆਵੇਗਾ। ਕਿੰਤੂ ਗਵਰਨਰ ਸਾਹਿਬ ਬਹਾਦਰ ਸਰਕਾਰ ਅੰਗ੍ਰੇਜ਼ੀ ਦੇ ਸੱਚੇ ਖੈਰਖਾਹ ਦਿਲੀ ਦੋਸਤ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀ ਸਲਤਨਤ ਨੂੰ ਕਾਇਮ ਰੱਖਣ ਦੀ ਮਨਸ਼ਾ ਤੋਂ ਲਾਹੌਰ ਨੂੰ ਮੌਕਾ ਦੇਂਦੇ ਹਨ। ਜੇ ਸਿੱਖ ਕੌਮ ਨੂੰ ਇਹ ਬੰਦੋਬਸਤ ਮਨਜ਼ੂਰ ਨਾ ਹੋਵੇ ਤੇ ਫਿਰ ਅੰਗ੍ਰੇਜ਼ਾਂ ਦੇ ਨਾਲ ਲੜਾਈ ਦੀ ਤਯਾਰੀ ਕੀਤੀ ਜਾਵੇ। ਤਦ ਇਸ ਤੋਂ ਪਿੱਛੋਂ ਜਿਕਣ ਸਰਕਾਰ ਨੂੰ ਪੰਜਾਬ ਦਾ ਆਪਣੇ ਕਬਜ਼ੇ ਵਿੱਚ ਲਿਆਉਣਾ ਉਚਿਤ ਸਮਝਿਆ ਜਾਵੇਗਾ, ਉਕਣ ਹੀ ਕੀਤਾ ਜਾਵੇਗਾ।'
ਇਸ ਇਸ਼ਤਿਹਾਰ ਤੋਂ ਅੰਗ੍ਰੇਜ਼ੀ ਫੌਜ ਤੇ ਲਾਟ ਸਾਹਿਬ ਦਾ ਲਾਹੌਰ ਆਉਣਾ ਸੁਣ ਕੇ ਪੰਜਾਬ ਦੀ ਵਸੋਂ ਤੇ ਸਰਦਾਰ ਸੋਚਾਂ ਵਿੱਚ ਪੈ ਗਏ। ਹੁਣ ਤਾਂ ਲੂਣ ਹਰਾਮੀ ਵੱਡੇ ਅਫਸਰਾਂ ਨੂੰ ਵੀ ਆਪਣੇ ਕੀਤੇ ਤੇ ਹੱਥ ਮਲ ਕੇ ਪਸਚਾਤਾਪ ਕਰਨਾ ਪਿਆ। ਅੰਤ ਨੂੰ ਇਸ ਦਗੇਬਾਜ਼ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਾ ਗੁਲਾਬ ਸਿੰਘ ਨੇ ਆਪਣੀ ਡੋਗਰਾ ਫੌਜ ਤੇ ਕੁਝ ਸਰਦਾਰਾਂ ਸਮੇਤ ਸੁਲਾਹ ਸਫ਼ਾਈ ਕਰਨ ਦੀ ਇੱਛਾ ਤੋਂ ਕਸੂਰ ਤੋਂ ਦਸ ਮੀਲ ਦੀ ਵਿੱਥ ਤੇ ਕਾਹਨੇ ਕਾਛੇ ਅੱਪੜ ਕੇ ਵੈਸਰਾਏ ਸਾਹਿਬ ਨੂੰ ਆਪਣੇ ਆਉਣ ਦੀ ਖ਼ਬਰ ਭੇਜੀ। ਤਦ ਵੈਸਰਾਏ ਨੇ ਵਕੀਲ ਦੀ ਰਾਹੀਂ ਪੁੱਛ ਭੇਜਿਆ ਕਿ ਤੁਸੀਂ ਹੁਣ ਕਿਉਂ ਆਏ ਹੋ? ਓਹਨਾਂ ਨੇ ਜਵਾਬ ਦਿੱਤਾ ਕਿ ਜਿਸ ਕੰਮ ਲਈ ਸਪਾਹੀ ਆਇਆ ਕਰਦੇ ਹਨ। ਵਕੀਲ ਨੇ ਕਿਹਾ ਕਿ ਪਹਿਲਾਂ ਵੀ ਤੇਰਾ ਹੀ ੫੦ ਹਜ਼ਾਰ ਭਰਾ ਸਪਾਹੀ ਆ ਚੁੱਕਾ ਹੈ। ਰਾਜਾ ਗੁਲਾਬ ਸਿੰਘ ਨੇ ਕਿਹਾ ਕਿ ਹਾਂ, ਬੇਸ਼ੱਕ ਓਹ ਮੇਰੇ ਭਰਾ ਹਨ, ਕਿੰਤੂ ਜੇ ਕਦੀ ਮੈਂ ਇਸ ਲੜਾਈ ਵਿੱਚ ਆਉਂਦਾ ਤਦ ਲੜਾਈ ਦਾ ਨਤੀਜਾ ਕੁਝ ਹੋਰ ਹੁੰਦਾ, ਮੈਂ ਅੰਗ੍ਰੇਜ਼ੀ ਜਾਲ ਵਿੱਚ ਚੂਹੇ ਦੀ ਤਰ੍ਹਾਂ ਬੰਦ ਨਾ ਰਹਿੰਦਾ, ਮੈਂ ਛਤ੍ਰੀ ਪੁਤਰ ਹਾਂ। ਦਾਵਤਾਂ ਖਾਣ ਵਾਲੀ ਕੌਮ ਨਹੀਂ ਜੋ ਕੇਵਲ ਸਲਾਮ ਤੇ ਹੀ ਖ਼ੁਸ਼ ਹੋ ਕੇ ਪੇਟ ਭਰਨ ਜੋਗੀ ਰੋਟੀ ਵੀ ਨਾ ਲਈ ਉਂਜ ਹੀ ਸੁਕਾ
ਜਾਲ ਵਿੱਚ ਫਸ ਕੇ ਆਪਣੇ ਅੰਗ ਕਟਵਾ ਬੈਠੇ: ਮੇਰਾ ਇੱਕ ਵੇਰ ਇਸ਼ਾਰਾ ਕਰਨਾ ਕਾਫੀ ਸੀ ੮੦ ਹਜ਼ਾਰ ਲੜਾਕੀ ਫੌਜ ਫਿਰੋਜ਼ਪੁਰ ਤੇ ਦਿੱਲੀ ਦੇ ਵਿਚਕਾਰ ਭੜਥੂ ਪਾ ਕੇ ਤੁਹਾਨੂੰ ਓਹ ਓਹ ਸਤਾਰੇ ਵਿਖਾਂਦੀ ਜੋ ਕਦੇ ਨਾ ਵੇਖੇ ਹੁੰਦੇ। ਜੇ ਦਿਲ ਵਿੱਚ ਕੁਝ ਹੋਵੇ ਤਦ ਹੁਣ ਵੀ ਲਾਟ ਸਾਹਿਬ ਤੋਂ ਆਗਿਆ ਲੈ ਦੇਵੋ। ਹੁਣ ਤਾਂ ਅਸੀਂ ਕੇਵਲ ਬੇਨਤੀ ਕਰਨ ਆਏ ਹਾਂ। ਜੇ ਕਦੀ ਲਾਟ ਸਾਹਿਬ ਸਾਡੀ ਬੇਨਤੀ ਧਿਆਨ ਪੂਰਬਕ ਸੁਣ ਲੈਣਗੇ, ਤਦ ਅਸੀਂ ਵੀ ਓਹਨਾਂ ਦੇ ਨੌਕਰ ਹਾਂ। ਨਹੀਂ ਤਾਂ ਅਸੀਂ ਸਾਰੇ ਲਾਹੌਰ ਦਰਬਾਰ ਦੇ ਕਰਮਚਾਰੀ ਆਪਣੀ ਆਪਣੀ ਫੌਜ ਸਮੇਤ ਲੂਣ ਦੇ ਪਿੱਛੇ ਲੜ ਮਰਨ ਨੂੰ ਤਿਆਰ ਹਾਂ। ਸੂਬੇਦਾਰ ਲਾਹੌਰ ਦੀ ਫੌਜ ਤਾਂ ਅੱਡ ਰਹੀ, ੮੦ ਹਜ਼ਾਰ ਫੌਜ ਕੇਵਲ ਮੇਰੇ ਨਾਲ ਹੈ। ਇੰਨੀ ਦੂਜੇ ਜਾਗੀਰਦਾਰਾਂ ਦੀ ਫੌਜ ਮੌਜੂਦ ਹੈ। ਇਹ ਜੋ ਖਾਲਸਾ ਫੌਜ ਲੜੀ ਇਹ ਸਾਡੀ ਫੌਜ ਨਹੀਂ ਸੀ। ਸੋ ਰਾਜਾ ਗੁਲਾਬ ਸਿੰਘ ਦੀਆਂ ਇਹ ਬਹਾਦਰੀ ਦੀਆਂ ਗੱਲਾਂ ਸੁਣ ਕੇ ਤੇ ੨੦ ਹਜ਼ਾਰ ਸਿੱਖ ਅੰਮ੍ਰਿਤਸਰ ਦੇ ਪਾਸ ਇਕੱਠੇ ਹੋਣ ਦੀ ਖ਼ਬਰ ਪਾ ਕੇ ਲਾਟ ਸਾਹਿਬ ਨੇ ਸਮਝ ਲਿਆ ਕਿ ਜਿਸ ਦਾ ਘਰ ਤੇ ਗੁਜ਼ਾਰਾ ਖੋਹਿਆ ਜਾਂਦਾ ਹੈ, ਓਹ ਜ਼ਰੂਰ ਮਰਨ ਮਾਰਨ ਨੂੰ ਤਯਾਰ ਹੋ ਜਾਂਦਾ ਹੈ। ਇਹ ਸਾਰਾ ਮੁਲਕ ਸਿੱਖਾਂ ਦਾ ਹੈ ਤੇ ਐਸ ਵੇਲੇ ਸਾਰੇ ਪੰਜਾਬੀਆਂ ਦੇ ਦਿਲ ਭੜਕ ਰਹੇ ਹਨ। ਇਸ ਕਰ ਕੇ ਇਨ੍ਹਾਂ ਨੂੰ ਸੁਲਾਹ ਸਫ਼ਾਈ ਦੀ ਠੰਢਕ ਦੇ ਕੇ ਕਾਬੂ ਕਰਨਾ ਉਚਿਤ ਹੈ। ਇਹ ਸੋਚ ਕੇ ਲਾਟ ਸਾਹਿਬ ਨੇ ਮਿਲਣ ਦੀ ਆਗਿਆ ਦਿੱਤੀ, ਤਦ ੧੫ ਫਰਵਰੀ ਨੂੰ ਗੁਲਾਬ ਸਿੰਘ ਨੇ ਕਸੂਰ ਦੇ ਮੁਕਾਮ ਤੇ ਖੇਮੇ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਜੋ ਕੁਝ ਵਧੀਕੀ ਹੋਈ ਹੈ ਖਾਲਸਾ ਫੌਜ ਵਲੋਂ ਹੋਈ ਹੈ। ਦਰਬਾਰ ਲਾਹੌਰ ਨੇ ਜਿੰਨੀ ਫੌਜ ਦੀ ਮਦਦ ਕੀਤੀ ਹੈ ਓਹ ਕੇਵਲ ਆਪਣੀ ਜਾਨ ਜਾਣ ਦੇ ਖੌਫ ਤੋਂ ਕੀਤੀ ਹੈ, ਕਿਉਂਕਿ ਉਸ ਵੇਲੇ ਜੋ ਕੋਈ ਸਰਦਾਰ ਫੌਜ ਦੀ ਰਾਇ ਦੇ ਵਿਰੁੱਧ ਹੁੰਦਾ ਸੀ ਤਦ ਫੌਰਨ ਟੁਕੜੇ ਟੁਕੜੇ ਕੀਤਾ ਜਾਂਦਾ ਸੀ। ਇਹ ਸਾਰੀ ਖੁਦਸਰੀ ਤੇ ਸਰਕਸ਼ੀ ਫੌਜ ਦੀ ਸੀ, ਜੋ ਆਪਣੇ ਕੀਤੇ ਦੀ ਸਜ਼ਾ ਪਾ ਚੁੱਕੀ। ਮਹਾਰਾਜਾ ਦਲੀਪ ਸਿੰਘ ਉਸ ਵੱਡੇ ਮਹਾਰਾਜਾ ਰਣਜੀਤ ਸਿੰਘ ਦਾ ਲੜਕਾ ਹੈ ਜੋ ਸਰਕਾਰ ਅੰਗ੍ਰੇਜ਼ੀ ਦਾ ਦੋਸਤ ਸੀ। ੭ ਸਾਲ ਦਾ ਅਨਜਾਣ ਬੱਚਾ ਤਰਸਯੋਗ ਹਾਲਤ ਵਿੱਚ ਹੈ, ਸਰਕਾਰ ਅੰਗ੍ਰੇਜ਼ੀ ਨੂੰ ਓਹਦੇ ਪਿਤਾ ਦਾ ਮਿੱਤਰ ਹੋਣ ਦੇ ਕਾਰਣ ਜਦ ਤਕ ਕਿ ਦਲੀਪ ਸਿੰਘ ਬਾਲਗ ਨਾ ਹੋ ਜਾਵੇ, ਓਹਦੀ ਪਾਲਣਾ ਕਰਨੀ ਚਾਹੀਦੀ ਹੈ। ਲਾਟ ਸਾਹਿਬ ਨੇ ਗੁਲਾਬ ਸਿੰਘ ਦੀਆਂ ਗੱਲਾਂ ਸੁਣ ਕੇ ਤਾਂ ਇਹ ਦਿਲ ਵਿੱਚ ਫ਼ੈਸਲਾ ਕਰ ਲਿਆ ਕਿ ਦਲੀਪ ਸਿੰਘ ਨਾਲ ਕੋਈ ਸਖ਼ਤੀ ਨਾ ਕੀਤੀ ਜਾਵੇਗੀ, ਕਿੰਤੂ ਗੁਲਾਬ ਸਿੰਘ ਨੂੰ ਸ਼ਰਾਰਤੀ ਤੇ ਫਸਾਦ ਦੀ ਜੜ੍ਹ ਜਾਣ ਕੇ ਓਹਦੀਆਂ ਗੱਲਾਂ ਦੀ ਕੁਝ ਪ੍ਰਵਾਹ ਨਾ ਕੀਤੀ। ਤਦ ਗੁਲਾਬ ਸਿੰਘ ਨੇ ਸੋਚਿਆ ਕਿ ਜੇ ਕਦੀ ਦਲੀਪ ਸਿੰਘ ਨੂੰ ਲਾਟ ਸਾਹਿਬ ਦੇ ਪੇਸ਼ ਕੀਤਾ ਜਾਵੇ ਤਦ ਸ਼ਾਇਦ ਗਵਰਨਰ ਇਹਦੇ ਤੇ ਤਰਸ ਕਰ ਦੇਵੇ ਤੇ ਅੰਗਰੇਜ਼ੀ ਫੌਜ ਸਮੇਤ ਲਾਹੌਰ ਤੱਕ ਨਾ ਜਾਏ। ਜੇ ਇਸੇ ਥਾਂ ਤੇ ਸੁਲਾਹ ਸਫ਼ਾਈ ਦੀ ਗੱਲ ਬਾਤ ਹੋ ਜਾਏ, ਤਾਂ ਠੀਕ ਹੈ। ਇਸ ਗੱਲ ਨੂੰ ਵਿਚਾਰ ਕੇ ਰਾਜਾ ਗੁਲਾਬ ਸਿੰਘ ਲਾਹੌਰ ਪੁੱਜਾ ਤੇ ਓਥੇ ਰਾਜਾ ਲਾਲ ਸਿੰਘ, ਤੇਜ ਸਿੰਘ, ਭਾਈ ਰਾਮ ਸਿੰਘ, ਰਣਜੋਧ ਸਿੰਘ, ਦੀਨਾਨਾਥ ਤੇ ਫ਼ਕੀਰ ਨੂਰਦੀਨ ਦਰਬਾਰ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਲੁਲਿਆਨੀ ਦੇ ਮੁਕਾਮ ਤੇ ਜਿੱਥੇ ਕਿ ਗਵਰਨਰ ਠਹਿਰਿਆ ਹੋਇਆ ਸੀ, ਅੱਪੜਿਆ। ੨੦ ਫਰਵਰੀ ਨੂੰ ਮਹਾਰਾਜਾ ਦਲੀਪ ਸਿੰਘ ਨੇ ਮੁਲਾਕਾਤ ਕਰ ਕੇ ਆਪਣੇ ਆਪ ਨੂੰ ਸਰਕਾਰ ਅੰਗ੍ਰੇਜ਼ੀ ਦੇ ਹਵਾਲੇ ਕੀਤਾ। ਗਵਰਨਰ ਨੇ ਦਲੀਪ ਸਿੰਘ ਤੇ ਤਰਸ ਕਰ ਕੇ ਬੜੀ ਤਸੱਲੀ ਦਿੱਤੀ ਤੇ ਓਹਦੀ ਹਕੂਮਤ ਅੱਗੇ ਵਾਂਗ ਪੰਜਾਬ ਵਿੱਚ ਰਹਿਣ ਦੇਣ ਦਾ ਇਕਰਾਰ ਕਰ ਕੇ ਕਿਹਾ ਕਿ ਸਰਕਾਰ ਅੰਗ੍ਰੇਜ਼ੀ ਦਾ ਇਹ ਉੱਕਾ ਮਨੋਰਥ ਨਹੀਂ ਹੈ ਕਿ ਆਪਣੇ ਇੱਕ ਮਿੱਤਰ ਦੀ ਸਲਤਨਤ ਓਹਦੇ ਮਰਨ ਮਗਰੋਂ ਵਿਗਾੜੇ। ਸਾਡੀ ਮਨਸ਼ਾ ਹੈ ਕਿ ਲਾਹੌਰ ਵਿੱਚ ਸਿੱਖਾਂ ਦੀ ਹਕੂਮਤ ਰਹੇ ਤੇ ਦਲੀਪ ਸਿੰਘ ਨਾਲ ਸਰਕਾਰ ਅੰਗਰੇਜ਼ੀ ਦਾ ਅਜਿਹਾ ਹੀ ਸੰਬੰਧ ਰਹੇਗਾ, ਜਿਹਾ ਕਿ ਵੱਡੇ ਮਹਾਰਾਜਾ ਦੇ ਨਾਲ ਸੀ। ਕਿੰਤੂ ਚੂੰਕੇ ਇਸ ਝਗੜੇ ਵਿੱਚ ਮੁਢ ਸਿੱਖਾਂ ਵੱਲੋਂ ਹੋਇਆ ਹੈ, ਇਸ ਕਰ ਕੇ ਸਤਲੁਜ ਤੇ
ਬਿਆਸ ਦੇ ਵਿਚਕਾਰ ਦਾ ਸਾਰਾ ਲਾਹੌਰ ਦਰਬਾਰ ਦਾ ਇਲਾਕਾ ਪਹਾੜੀ ਇਲਾਕੇ ਸਮੇਤ ਸਰਕਾਰ ਅੰਗ੍ਰੇਜ਼ੀ ਦੇ ਅਧੀਨ ਹੋਵੇਗਾ ਤੇ ਦੋਨੋ ਦਰਯਾ ਗ੍ਵਰਨਮੈਂਟ ਦੇ ਅਖਤਯਾਰ ਵਿੱਚ ਹੋਣਗੇ। ਇਸ ਤੋਂ ਛੁਟ ਡੇਢ ਕਰੋੜ ਰੁਪਯਾ ਲੜਾਈ ਦਾ ਖ਼ਰਚ ਤੇ ਅੰਗ੍ਰੇਜ਼ੀ ਫੌਜ ਦੇ ਅਫਸਰਾਂ ਦੇ ਖੂਨ ਦੇ ਬਦਲੇ ਲਾਹੌਰ ਦਰਬਾਰ ਤੋਂ ਹਰਜਾਨੇ ਵਜੋਂ ਲਏ ਜਾਣਗੇ। ਇਸ ਤਰ੍ਹਾਂ ਲਾਹੌਰ ਰਾਜ ਦੇ ਕਰਮਚਾਰੀਆਂ ਨੂੰ ਸਾਨੂੰ ਤਸੱਲੀ ਦੇ ਕੇ ਇਸੇ ਮਤਲਬ ਦਾ ਇੱਕ ਇਸ਼ਤਿਹਾਰ ਅੰਗ੍ਰੇਜ਼ਾਂ ਨੇ ਕੱਢਿਆ ਕਿ ਅੱਜ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਫੌਜ ਦੀ ਗੁਸਤਾਖੀ ਤੇ ਆਪਣੀ ਬੇਬਸੀ ਪ੍ਰਗਟ ਕਰ ਕੇ ਮਾਫ਼ੀ ਮੰਗੀ ਹੈ ਤੇ ਆਪਣੇ ਰਾਜ ਦੇ ਕੀਤੇ ਕੰਮ ਤੇ ਅਫ਼ਸੋਸ ਕੀਤਾ ਹੈ। ਸਾਨੂੰ ਉਮੈਦ ਹੈ ਕਿ ਦੋਨਾਂ ਸਰਕਾਰਾਂ ਦੇ ਵਿਚਕਾਰ ਫਿਰ ਅੱਗੇ ਵਾਂਗ ਸੰਬੰਧ ਕਾਇਮ ਹੋ ਜਾਵੇਗਾ। ਪੰਜਾਬ ਦੀ ਪ੍ਰਜਾ ਨੂੰ ਤਸੱਲੀ ਰੱਖਣੀ ਚਾਹੀਦੀ ਹੈ ਕਿ ਅੰਗਰੇਜ਼ੀ ਫੌਜ ਦੇ ਵਲੋਂ ਕਿਸੇ ਨੂੰ ਰਤੀ ਜਿੰਨੀ ਵੀ ਤਕਲੀਫ ਨਹੀਂ ਹੋਵੇਗੀ। ਇਸ ਇਸ਼ਤਿਹਾਰ ਦੇ ਨਿੱਕਲਣ ਨਾਲ ਆਮ ਲੋਕਾਂ ਨੂੰ ਆਮ ਕਰ ਕੇ ਤੇ ਲਾਹੌਰ ਤੇ ਅੰਮ੍ਰਿਤਸਰ ਦੀ ਵੱਸੋਂ ਨੂੰ ਖ਼ਾਸ ਕਰ ਕੇ ਜਿਨ੍ਹਾਂ ਨੂੰ ਲੁੱਟਣ ਦਾ ਡਰ ਲਗਾ ਹੋਇਆ ਸੀ, ਤਸੱਲੀ ਹੋ ਗਈ।
ਹੁਣ ਰਾਜਾ ਗੁਲਾਬ ਸਿੰਘ ਦੀ ਨੀਯਤ ਇਸ ਗੱਲੋਂ ਬਦਲੀ ਕਿ ਅੰਗਰੇਜ਼ਾਂ ਨੇ ਤਾਂ ਮੁਲਕ ਤੇ ਰੁਪਯਾ ਲੈ ਲਿਆ ਤੇ ਮਹਾਰਾਜ ਦਲੀਪ ਸਿੰਘ ਦੀ ਸਲਤਨਤ ਭੀ ਬਨੀ ਰਹੀ। ਮੈਨੂੰ ਵਿੱਚ ਆਉਣ ਦਾ ਕੀ ਮਿਲਿਆ? ਜੇ ਕਦੀ ਲਾਟ ਸਾਹਿਬ ਫੌਜ ਸਮੇਤ ਲਾਹੌਰ ਜਾਵੇ ਅਤੇ ਰਾਣੀ ਸਮੇਤ ਸਾਰੇ ਕਰਮਚਾਰੀਆਂ ਨੂੰ ਭੜਕਾਇਆ ਜਾਵੇ ਤਦ ਮੇਰਾ ਮਨੋਰਥ ਪੂਰਾ ਹੋਵੇ, ਅਰਥਾਤ ਆਪਣੇ ਮੁਲਕ ਦਾ ਸੁਤੰਤਰ ਰਾਜਾ ਲਾਹੌਰ ਦਰਬਾਰ ਤੋਂ ਅਡ ਬਣ ਸਕਦਾ ਹਾਂ।
ਇਸ ਸਵਾਰਥ ਨੂੰ ਮੁਖ ਰੱਖ ਕੇ ਗੁਲਾਬ ਸਿੰਘ ਨੇ ਲਾਟ ਸਾਹਿਬ ਨੂੰ ਕਿਹਾ ਕਿ ਦਲੀਪ ਸਿੰਘ ਨੂੰ ਆਪਣੀ ਨਿਗਰਾਨੀ ਵਿੱਚ ਲਾਹੌਰ ਅਪੜਾਇਆ ਜਾਏ। ਇਸ ਗੱਲ ਨੂੰ ਗਵਰਨਰ ਨੇ ਮੰਨ ਲਿਆ। ਭਾਵੇਂ ਦੀਵਾਨ ਦੀਨਾਨਾਥ ਆਦਿਕ ਮੁਲਾਜ਼ਮਾਂ ਨੇ ਲੁਲਿਆਨੀ ਦੇ ਵਿੱਚ ਹੀ ਸਾਰੇ ਕਾਗ਼ਜ਼ ਲਿਖ ਕੇ ਦਸਤਖ਼ਤ ਹੋ ਜਾਣ ਨੂੰ ਜ਼ੋਰ ਦਿੱਤਾ, ਕਿੰਤੂ ਗੁਲਾਬ ਸਿੰਘ ਦੇ ਕਹਿਣ ਤੇ ਗਵਰਨਰ ਨੇ ਕਿਹਾ ਕਿ ਸਾਰੇ ਕਾਗ਼ਜ਼ ਲਾਹੌਰ ਅੱਪੜ ਕੇ ਹੀ ਪੂਰੇ ਹੋਣਗੇ। ਇਸ ਵਾਸਤੇ ਲਾਹੌਰ ਦੀ ਤਰਫ ਕੂਚ ਕਰ ਦਿੱਤਾ। ੨੧ ਫਰਵਰੀ ਨੂੰ ਲਾਟ ਸਾਹਿਬ ਨੇ ਲਾਹੌਰ ਅੱਪੜ ਕੇ ਦਲੀਪ ਸਿੰਘ ਨੂੰ ਤਾਂ ਮਹਲਾਂ ਵਿੱਚ ਭੇਜ ਦਿੱਤਾ ਤੇ ਸਾਰੇ ਦਰਵਾਜ਼ਿਆਂ ਤੋਂ ਸਿੱਖਾਂ ਦੇ ਪਹਿਰੇ ਉਠਾ ਕੇ ਅੰਗ੍ਰੇਜ਼ਾਂ ਦੇ ਬਿਠਾ ਦਿਤੇ। ਇਸ ਗੱਲ ਤੋਂ ਸਾਰੇ ਦਰਬਾਰੀ ਤੇ ਰਾਣੀ ਸਾਹਿਬ ਨੂੰ ਬੜਾ ਦੁਖ ਹੋਇਆ। ਇਹ ਸਾਰੀਆਂ ਗੱਲਾਂ ਗੁਲਾਬ ਸਿੰਘ ਨੇ ਰਾਣੀ ਨੂੰ ਦੱਸ ਕੇ ਲਾਟ ਸਾਹਿਬ ਨੂੰ ਚਿੱਠੀ ਲਿਖਵਾਈ ਕਿ ਰਾਜਾ ਗੁਲਾਬ ਸਿੰਘ ਸਾਡਾ ਜਾਗੀਰਦਾਰ ਹੈ। ਸੁਤੰਤਰ ਮੁਖਤਾਰ ਵਜ਼ੀਰ ਨਹੀਂ। ਵਜ਼ੀਰ ਮੁਖਤਾਰ ਲਾਲ ਸਿੰਘ ਨੂੰ ਸਮਝਣਾ ਚਾਹੀਦਾ ਹੈ, ਇਸੇ ਦੀ ਗੱਲ ਤੇ ਇਤਬਾਰ ਹੋਵੇ। ਰਾਜਾ ਲਾਲ ਸਿੰਘ ਨੂੰ ਇਹ ਵੀ ਸ਼ੱਕ ਸੀ ਕਿ ਜੋ ਕੁਝ ਮੈਂ ਕਹਾਂਗਾ, ਅੰਗ੍ਰੇਜ਼ ਮੰਨ ਲੈਣਗੇ, ਕਿਉਂਕਿ ਪਿਛਲੀਆਂ ਲੜਾਈਆਂ ਵਿੱਚ ਮੇਰੇ ਖਤ ਅੰਗ੍ਰੇਜ਼ਾਂ ਪਾਸ ਅੱਪੜਦੇ ਰਹੇ ਹਨ ਤੇ ਮੇਰੇ ਤੇ ਤੇਜ ਸਿੰਘ ਦੇ ਸਹਾਰੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸ ਤੋਂ ਰਾਜਾ ਗੁਲਾਬ ਸਿੰਘ ਲਾਹੌਰ ਦਰਬਾਰ ਦਾ ਹੋਰ ਵੀ ਦੁਸ਼ਮਣ ਬਣ ਗਿਆ। ਸਾਰੇ ਅੰਗ੍ਰੇਜ਼ ਮੈਨੂੰ ਆਪਣਾ ਖੈਰਖਾਹ ਮੰਨਦੇ ਹਨ। ਕਿੰਤੂ ਜਦ ੨੨ ਫਰਵਰੀ ਨੂੰ ਕਿਲ੍ਹੇ ਵਿੱਚੋਂ ਵੀ ਸਿੱਖ ਫੌਜ ਨੂੰ ਉਠਾ ਕੇ ਆਪਣੇ ਪੈਹਰੇ ਲਾਏ ਗਏ, ਤਦ ਬਹੁਤ ਹੀ ਘਬਰਾਹਟ ਹੋਈ, ਫਿਰ ਤਾਂ ਪ੍ਰਗਟ ਤੌਰ ਤੇ ਖ਼ਰਾਬ ਚਾਲਾਂ ਦਾ ਬੋਝ ਗੁਲਾਬ ਸਿੰਘ ਤੇ ਰੱਖ੍ਯਾ ਗਿਆ। ਜਦ ਲਾਟ ਸਾਹਿਬ ਨੇ ਦਰਬਾਰ ਲਾਹੌਰ ਨੂੰ ਬਹੁਤ ਸਾਰੀ ਘਬਰਾਹਟ ਵਿੱਚ ਵੇਖਿਆ ਤਦ ਇਸ ਖ਼ਿਆਲ ਤੋਂ ਕਿ ਸ਼ਾਇਦ ਵਿਗੜ ਨਾ ਜਾਣ, ਇਹ ਮੁਲਕ ਸਾਰਾ ਸਿੱਖਾਂ ਦਾ ਹੈ ਤੇ ਇਹ ਲੋਕ ਚਿੜੇ ਹੋਏ ਹਨ ਅਤੇ ਤੰਗ ਹੋ ਕੇ ਗਲ ਪੈ ਜਾਣ। ਇਹ ਸੋਚ ਕੇ ੨੬ ਫਰਵਰੀ ਨੂੰ ਲਾਟ ਸਾਹਿਬ ਨੇ ਇੱਕ ਭਾਰੀ ਦਰਬਾਰ ਕੀਤਾ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਫਿਰ ਆਪਣੇ ਵਲੋਂ ਗੱਦੀ ਤੇ ਬਿਠਾ ਕੇ ਇੱਕ ਇਸ਼ਤਿਹਾਰ ਦੇ ਵਿੱਚ
ਕੁਲ ਹਾਲਾਤ ਜਿਨ੍ਹਾਂ ਵਿੱਚ ਚਾਰ ਲੜਾਈਆਂ ਦਾ ਹਾਲ ਦੇ ਕੇ ੨੨੦ ਤੋਪਾਂ ਖੋਹਣ ਦਾ ਵਰਨਣ ਕੀਤਾ, ਤੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਿਤ੍ਰਤਾ ਤੇ ਮਹਾਰਾਜਾ ਦਲੀਪ ਸਿੰਘ ਤੇ ਤਰਸ ਕਰ ਕੇ ਫਿਰ ਇਸ ਨੂੰ ਲਾਹੌਰ ਦੀ ਗੱਦੀ ਤੇ ਬਿਠਾ ਦਿੱਤਾ ਗਿਆ ਹੈ। ਇਸ ਇਸ਼ਤਿਹਾਰ ਨੂੰ ਕਈ ਲੋਕ ਇਹ ਸਮਝ ਕੇ ਕਿ ਸਿੱਖਾਂ ਦੀ ਸਲਤਨਤ ਸਰਕਾਰ ਅੰਗਰੇਜ਼ੀ ਜਿਓਂ ਦੀ ਤਿਓਂ ਕਾਇਮ ਰੱਖਦੀ ਹੈ, ਧੰਨਵਾਦ ਕਰਨ ਲਗੇ ਤੇ ਕਈਆਂ ਨੇ ਮਹਾਰਾਜਾ ਨੂੰ ਨਵੇਂ ਸਿਰੇ ਗੱਦੀ ਤੇ ਬਠਾਣ ਨੂੰ ਅੰਗਰੇਜ਼ਾਂ ਵਲੋਂ ਦਾਤ ਸਮਝ ਖਾਲਸਾ ਸਲਤਨਤ ਕੁਝ ਦਿਨਾਂ ਦੀ ਗੱਲ ਹੀ ਸਮਝੀ।
ਹੁਣ ਲਾਟ ਸਾਹਿਬ ਨੇ ਇਰਾਦਾ ਕਰ ਕੇ ਕਿ ਸਿੱਖਾਂ ਨੂੰ ਇਨ੍ਹਾਂ ਦੇ ਕੀਤੇ ਦਾ ਦੰਡ ਹੀ ਨਹੀਂ ਮਿਲਣਾ ਚਾਹੀਦਾ, ਬਲਕਿ ਅਗੋਂ ਲਈ ਇਨ੍ਹਾਂ ਦੀ ਤਾਕਤ ਵੀ ਤੋੜ ਦੇਣੀ ਚਾਹੀਦੀ ਹੈ ਤਾਂ ਜੋ ਫਿਰ ਅਜਿਹਾ ਨਾ ਕਰਨ। ਇਹਨਾਂ ਸੋਚਿਆ ਕਿ ਲਾਹੌਰ ਦੇ ਦਰਬਾਰ ਵਿੱਚ ਸਭ ਤੋਂ ਵਧ ਕੇ ਚਾਲਾਕ, ਚਲਤਾ ਪੁਰਜ਼ਾ, ਦਾਨਾ ਤੇ ਦੌਲਤਮੰਦ ਰਾਜਾ ਗੁਲਾਬ ਸਿੰਘ ਹੈ। ਜੇ ਇਹ ਆਪਣੇ ਹੱਥ ਵਿੱਚ ਕਰ ਲਿਆ ਜਾਏ, ਤਦ ਸੁਖ, ਨਹੀਂ ਤਾਂ ਇਸ ਨੇ ਜਿਹਾ ਕਿ ਕਾਹਨੇ ਕਾਛੇ ਸਾਡੇ ਵਕੀਲ ਨੂੰ ਕਿਹਾ ਸੀ, ਕਿ ੮੦ ਹਜਾਰ ਸਵਾਰ ਕੀ ਗੱਲ ਹੈ? ਇੱਕ ਲਖ ਫੌਜ ਇਕੱਠੀ ਕਰ ਕੇ ਸਾਡੇ ਮੁਸ਼ਕਲਾਂ ਨਾਲ ਲਏ ਹੋਏ ਇਲਾਕੇ ਦੀ ਸੂਰਤ ਬਦਲ ਦੇਵੇਗਾ। ਤਾਂ ਤੇ ਇਸ ਨੂੰ ਜੇ ਜੰਮੂ ਕਸ਼ਮੀਰ ਦਾ ਆਜ਼ਾਦ ਰਾਜਾ ਬਣਾ ਦਿੱਤਾ ਜਾਏ ਤਦ ਇਹ ਸਦਾ ਲਈ ਧੰਨਵਾਦੀ ਰਹੇਗਾ ਤੇ ਲਾਹੌਰ ਦਰਬਾਰ ਨਾਲੋਂ ਇਸ ਦਾ ਸੰਬੰਧ ਟੁੱਟ ਜਾਏਗਾ। ਲਾਟ ਸਾਹਿਬ ਨੇ ਗੁਲਾਬ ਸਿੰਘ ਨੂੰ ਇਸ ਗੱਲ ਦਾ ਭਰੋਸਾ ਦੇ ਕੇ ਕਿ ਤੈਨੂੰ ਸੁਤੰਤ੍ਰ ਰਾਜ ਦੇ ਦਿੱਤਾ ਜਾਏਗਾ, ਆਪਣਾ ਸ਼ੁਭਚਿੰਤਕ ਬਣਾ ਲਿਆ। ਇਸ ਕਰ ਕੇ ਗੁਲਾਬ ਸਿੰਘ ਨੇ ਹੁਣ ਕਸ਼ਮੀਰ ਤੇ ਹਜ਼ਾਰੇ ਦਾ ਇਲਾਕਾ ਲੈਣ ਦੀ ਤਜਵੀਜ਼ਾਂ ਠਹਿਰਾ ਕੇ ਮਹਾਰਾਜਾ ਦਲੀਪ ਸਿੰਘ ਨਾਲ ਇੱਕ ਨਵੇਂ ਪ੍ਰਣ ਪੱਤਰ ਤੇ ਦਸਤਖ਼ਤ ਕੀਤੇ ਜਿਸ ਦੀਆਂ ਸ਼ਰਤਾਂ ਇਹ ਸਨ:
(੧) ਰਾਜਾ ਦਲੀਪ ਸਿੰਘ ਤੇ ਉਸ ਦੇ ਜਾਨਸ਼ੀਨਾਂ ਤੇ ਸਰਕਾਰ ਅੰਗਰੇਜ਼ੀ ਦੇ ਵਿਚਕਾਰ ਦੀ ਮਿੱਤਰਤਾ ਦਾ ਸੰਬੰਧ ਹਮੇਸ਼ਾਂ ਵਾਸਤੇ ਰਹੇਗਾ।
(੨) ਮਹਾਰਾਜਾ ਲਾਹੌਰ ਮੰਨਦੇ ਹਨ ਕਿ ਦਰਯਾਏ ਸਤਲੁਜ ਤੇ ਬਿਆਸਾ ਦਾ ਵਿਚਕਾਰਲਾ ਇਲਾਕਾ ਅਸਾਂ ਛੱਡਿਆ।
(੩) ਇਸ ਇਲਾਕੇ ਦੀ ਵੱਸੋਂ ਨਾਲ ਸਾਡਾ ਕੋਈ ਮਤਲਬ ਨਹੀਂ ਰਿਹਾ ਅਤੇ ਸਾਰੇ ਹੱਕ ਹਕੂਕ ਸਰਕਾਰ ਕੰਪਨੀ ਬਹਾਦਰ ਨੂੰ ਦੇ ਦਿੱਤੇ ਹਨ।
(੪) ਉਪ੍ਰੋਕਤ ਇਲਾਕੇ ਤੋਂ ਛੁੱਟ ਡੇਢ ਕ੍ਰੋੜ ਰੁਪਯਾ ਸਰਕਾਰ ਨੇ ਲਾਹੌਰ ਦਰਬਾਰ ਤੋਂ ਮੰਗਿਆ ਹੈ, ਜੋ ਖ਼ਜ਼ਾਨੇ ਵਿੱਚ ਨਾ ਹੋਣ ਦੇ ਕਾਰਣ ਕਸ਼ਮੀਰ ਤੇ ਹਜ਼ਾਰੇ ਦਾ ਇਲਾਕਾ ਸਾਰੇ ਕਿਲ੍ਹਿਆਂ ਸਮੇਤ ਇੱਕ ਕਰੋੜ ਰਕਮ ਦੇ ਬਦਲੇ ਸਰਕਾਰ ਕੰਪਨੀ ਬਹਾਦਰ ਦੇ ਪਾਸ ਰਹੇਗਾ।
(੫) ਬਾਕੀ ੫੦ ਲਖ ਸੁਲਾਹ ਦੇ ਕਾਗ਼ਜ਼ ਤੇ ਦਸਤਖ਼ਤ ਹੋਣ ਵੇਲੇ ਦੇ ਦਿੱਤਾ ਜਾਵੇਗਾ।
(੬) ਸਾਡੀ ਸਰਕਸ਼ ਫੌਜ ਨੂੰ ਪਿੱਛਲਾ ਹਿਸਾਬ ਚੁਕਾ ਕੇ ਅੱਡ ਕਰ ਦਿੱਤਾ ਜਾਵੇਗਾ ਤੇ ਅੱਗੋਂ ਨੂੰ ਫੌਜ ਦੀ ਤਨਖਾਹ ਓਹੋ ਹੀ ਹੋਵੇਗੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸੀ।
(੭) ੨੫ ਪਲਟਣਾਂ ਤੇ ੧੨ ਹਜ਼ਾਰ ਸਵਾਰ ਜੋ ਸਿੱਖ ਹੀ ਹੋਣਗੇ, ਇਨ੍ਹਾਂ ਤੋਂ ਛੁੱਟ ਹੋਰ ਫੌਜ ਮਹਾਰਾਜਾ ਦਲੀਪ ਸਿੰਘ ਨਾ ਰੱਖ ਸਕੇਗਾ।
(੮) ਸਿੱਖਾਂ ਦਾ ਸਾਰਾ ਤੋਪਖਾਨਾ ਜੋ ਜੰਗ ਵਿੱਚ ਗਿਆ ਸੀ, ਸਰਕਾਰ ਦੇ ਹਵਾਲੇ ਕੀਤਾ ਜਾਵੇਗਾ।
(੯) ਦਰ੍ਯਾਏ ਸਤਲੁਜ ਤੇ ਬਿਆਸਾ ਦਰਯਾਏ ਅੰਡਸ ਸਮੇਤ ਮੁਕਾਮ ਪਠਾਨਕੋਟ ਤੱਕ ਮਸੂਲ ਪੁਲ, ਤੇ ਕਿਸ਼ਤੀਆਂ ਦੇ ਸਰਕਾਰ ਅੰਗ੍ਰੇਜ਼ੀ ਦੇ ਸਪੁਰਦ ਹੋਵੇਗਾ। ਵਪਾਰ ਦਾ ਅਸਬਾਬ ਤੇ ਸਪਾਹੀਆਂ ਦੇ ਆਉਣ ਜਾਣ ਦੀ ਸਰਕਾਰ ਨੂੰ ਮਨਾਹੀ ਨਾ ਹੋਵੇਗੀ।
(੧੦) ਜੇ ਕਿਸੇ ਮੌਕੇ ਤੇ ਅੰਗ੍ਰੇਜ਼ੀ ਸਪਾਹ ਨੂੰ ਲਾਹੌਰ ਦਰਬਾਰ ਦੇ ਇਲਾਕੇ ਵਿਚੋਂ ਲੰਘਣਾ ਪੈ ਜਾਏ ਤਦ ਪਤਾ ਦੇਣ ਤੇ ਲਾਹੌਰ ਦਰਬਾਰ ਦੇ ਕਰਮਚਾਰੀਆਂ ਨੂੰ ਰਸਦਾਂ ਤੇ ਭਾਰ ਬਰਦਾਰੀ ਆਦਿਕ ਦਾ ਪ੍ਰਬੰਧ ਕਰਨਾ ਪਵੇਗਾ, ਜਿਸ ਦਾ ਕੁਲ ਖ਼ਰਚ ਪ੍ਰਜਾ ਦਾ ਨੁਕਸਾਨ ਪੈਸਾ ਪੈਸਾ ਕਰ ਕੇ ਸਰਕਾਰ ਦੇਵੇਗੀ।
(੧੧) ਮਹਾਰਾਜਾ ਸਾਹਿਬ ਇੰਗਲਸਤਾਨ ਜਾਂ ਅਮ੍ਰੀਕਾ ਦਾ ਕੋਈ ਨੌਕਰ ਸਰਕਾਰ ਅੰਗ੍ਰੇਜ਼ੀ ਦੀ ਮਰਜ਼ੀ ਤੋਂ ਬਿਨਾਂ ਨੌਕਰ ਨਹੀਂ ਰੱਖ ਸਕਣਗੇ।
(੧੨) ਮਹਾਰਾਜਾ ਗੁਲਾਬ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਤੇ ਸਰਕਾਰ ਅੰਗ੍ਰੇਜ਼ੀ ਵਿੱਚ ਸੁਲਾਹ ਕਰਾਣ ਦੀ ਜੋ ਕੋਸ਼ਸ਼ ਕੀਤੀ ਹੈ, ਇਸ ਦੇ ਬਦਲੇ ਉਹਨਾਂ ਨੂੰ ਸੁਤੰਤਰ ਰਾਜਾ ਮਹਾਰਾਜਾ ਦਲੀਪ ਸਿੰਘ ਨੂੰ ਕਹਿ ਕੇ ਖ਼ਾਸ ਸ਼ਰਤਾਂ ਦਾ ਇਕਰਾਰ ਕੀਤਾ ਹੈ।
(੧੩) ਜੇ ਕਦੀ ਮਹਾਰਾਜਾ ਗੁਲਾਬ ਸਿੰਘ ਤੇ ਲਾਹੌਰ ਦਰਬਾਰ ਵਿੱਚ ਕੋਈ ਝਗੜਾ ਹੋਵੇਗਾ ਤਦ ਅੰਗ੍ਰੇਜ਼ ਉਹਦਾ ਫੈਸਲਾ ਕਰਨਗੇ ਜੋ ਦੋਹਾਂ ਰਾਜਿਆਂ ਨੂੰ ਮਨਜ਼ੂਰ ਹੋਵੇਗਾ।
(੧੪) ਲਾਹੌਰ ਦਰਬਾਰ ਦੀ ਹੱਦ ਸਰਕਾਰ ਅੰਗ੍ਰੇਜ਼ੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਬਦਲ ਸਕੇਗੀ।
(੧੫) ਸਰਕਾਰ ਅੰਗ੍ਰੇਜ਼ੀ ਲਾਹੌਰ ਦਰਬਾਰ ਦੇ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗੀ।
(੧੬) ਦੋਨਾਂ ਸਰਕਾਰਾਂ ਦੀ ਪਰਜਾ ਇੱਕੋ ਜਹੀ ਸਮਝੀ ਜਾਵੇਗੀ, ਇੱਕ ਦੂਜੇ ਦਾ ਅਪ੍ਰਾਧੀ ਨਹੀਂ ਦੇਵੇਗਾ। ਇਹ ਪ੍ਰਣ ਪੱਤ੍ਰ ੯ ਮਾਰਚ ੧੮੪੬ ਈਸਵੀ ਨੂੰ ਲਾਹੌਰ ਲਿਖਿਆ ਗਿਆ ਤੇ ਇਸ ਤੇ ਦੋਹਾਂ ਧਿਰਾਂ ਦੇ ਦਸਤਖ਼ਤ ਹੋ ਗਏ। ਦਸਤਖ਼ਤ ਮਹਾਰਾਜਾ ਦਲੀਪ ਸਿੰਘ ਤੇ ਓਹਨਾਂ ਦੀ ਮੋਹਰ, ਦਸਤਖ਼ਤ ਰਾਜਾ ਲਾਲ ਸਿੰਘ, ਸਰਦਾਰ ਤੇਜ ਸਿੰਘ, ਰਣਜੋਧ ਸਿੰਘ, ਚਤਰ ਸਿੰਘ, ਦੀਵਾਨ ਦੀਨਾ ਨਾਥ, ਫ਼ਕੀਰ ਨੂਰਓਦੀਨ ਤੇ ਇਨ੍ਹਾਂ ਦੀਆਂ ਮੋਹਰਾਂ ਸਰਕਾਰ ਕੰਪਨੀ ਵਲੋਂ ਜਨਰਲ ਹਾਰਡਿੰਗ ਦੇ ਦਸਤਖ਼ਤ ਤੇ ਮੋਹਰ ਐੱਫ. ਕਰੀ ਸਾਹਿਬ ਚੀਫ ਸੈਕ੍ਰੇਟਰੀ ਗਵਰਨਮੈਂਟ ਹਿੰਦ ਤੇ ਬੇਰੂਟ ਮੇਜਰ ਹੈਨਰੀ ਮਿੰਟਗੁਮਰੀ ਸਾਹਿਬ ਤੇ ਮੇਜਰ ਲਾਰੰਸ ਸਾਹਿਬ ਏਜੰਟ ਲਾਹੌਰ* ਦੇ ਦਸਤਖ਼ਤ ਸੀ।
੧੧ ਤਰੀਕ ਨੂੰ ਲਾਹੌਰ ਦੇ ਸਰਦਾਰਾਂ ਨੇ ਮੇਜਰ ਲਾਰੰਸ ਪਾਸ ਤੰਬੂ ਵਿੱਚ ਹਾਜ਼ਰ ਹੋ ਕੇ ਮਹਾਰਾਜ ਵਲੋਂ ਦਰਖ਼ਾਸਤ ਪੇਸ਼ ਕੀਤੀ ਕਿ ਜਦ ਤਕ ਨਵੀਂ ਫੌਜ ਦਾ ਪ੍ਰਬੰਧ ਨਾ ਹੋਵੇ ਤਦ ਤਕ ਕੁਛ ਅੰਗ੍ਰੇਜ਼ੀ ਤੋਪਖਾਨੇ ਸਮੇਤ ਮਹਾਰਾਜਾ ਦੀ ਜਾਨ ਤੇ ਮਾਲ ਦੀ ਰਖਯਾ ਵਾਸਤੇ ਇੱਕ ਸਾਲ ਦੇ ਲਈ ਲਾਹੌਰ ਵਿੱਚ ਠਹਿਰੇ, ਕਿਉਂਕਿ ਅਜੇ ਤਕ ਸਾਨੂੰ ਖਾਲਸਾ ਫੌਜ ਤੇ ਤੱਸਲੀ ਨਹੀਂ। ਗਵਰਨਰ ਜਨਰਲ ਨੇ ਇਸ ਦਰਖ਼ਾਸਤ ਨੂੰ ਹੇਠ ਲਿਖੀਆਂ ਸ਼ਰਤਾਂ ਤੇ ਮਨਜੂਰ ਕੀਤਾ:
੧. ਜੇਹੜੀ ਫੌਜ ਮਹਾਰਾਜੇ ਦੀ ਮੰਗ ਤੇ ਲਾਹੌਰ ਠਹਿਰੇਗੀ ਓਹ ੧੮੪੬ ਦੇ ਮੁੱਕਣ ਤੇ ਇੱਥੋਂ ਵਾਪਸ ਬੁਲਾ ਲਈ ਜਾਵੇਗੀ।
੨. ਜਿੰਨੀ ਅੰਗਰੇਜ਼ੀ ਫੌਜ ਲਾਹੌਰ ਰਹੇਗੀ, ਉਸ ਦੀ ਤਨਖਾਹ ਤੇ ਕੁਲ ਖ਼ਰਚ ਆਦਿਕ ਲਾਹੌਰ ਦਰਬਾਰ ਦੇ ਜੁਮੇਂ ਹੋਵੇਗਾ।
੩. ਜੇਹੜੀ ਜੇਹੜੀ ਨਵੀਂ ਫੌਜ ਖੜੀ ਕੀਤੀ ਜਾਵੇਗੀ ਤੇ ਜਿੱਥੇ ਜਿੱਥੇ ਉਹ ਠਹਿਰੇਗੀ, ਓਹਦਾ ਪਤਾ ਸਰਕਾਰ ਅੰਗ੍ਰੇਜ਼ੀ ਨੂੰ ਦੇਣਾ ਪਏਗਾ।
੪. ਜੇ ਕਦੀ ਇਨ੍ਹਾਂ ਸ਼ਰਤਾਂ ਦੇ ਮੰਨਣ ਵਿੱਚ ਕੁਝ ਫਸਾਦ ਹੋਇਆ, ਤਦ ਉਨ੍ਹਾਂ ਸ਼ਰਤਾਂ ਦੇ ਬਦਲਣ ਦਾ ਸਰਕਾਰ ਅੰਗਰੇਜ਼ੀ ਨੂੰ ਅਖਤਯਾਰ ਹੋਵੇਗਾ।
੫. ਜੇਹੜੀਆਂ ਜਾਗੀਰਾਂ ਦਰਬਾਰ ਲਾਹੌਰ ਤੇ ਓਹਦੇ ਸੰਬੰਧੀਆਂ ਦੀਆਂ ਸਰਕਾਰ ਅੰਗਰੇਜ਼ੀ ਦੇ ਇਲਾਕੇ ਵਿੱਚ ਆ ਗਈਆਂ ਹਨ, ਓਹ ਓਹਨਾਂ ਦੀ ਆਯੂ ਭਰ ਵਾਸਤੇ ਹੋਣਗੀਆਂ।
------------------
*ਇਸ ਇਕਰਾਰਨਾਮੇ ਤੇ ਦਸਤਖ਼ਤ ਹੋਣ ਸਮੇਂ ੫੦ ਲੱਖ ਰੁਪਯਾ ਖ਼ਜ਼ਾਨੇ ਵਿਚੋਂ ਨਾ ਨਿਕਲਣ ਤੇ ੧੩ ਲੱਖ ਸੂਬਾ ਮੁਲਤਾਨ ਤੋਂ, ੮ ਲੱਖ ਕਸ਼ਮੀਰ ਤੋਂ ੨੨ ਲੱਖ ਵੱਡੇ ਵੱਡੇ ਸਰਦਾਰਾਂ ਤੋਂ ਲੈ ਕੇ ਤੇ ਬਾਕੀ ੭ ਲੱਖ ਦੇ ਜਵਾਹਰ ਮੋਤੀ ਮੰਦਰ ਵਿੱਚੋਂ ਕੱਢ ਕੇ ਵੇਚੇ। ੫੦ ਲੱਖ ਸਰਕਾਰ ਨੂੰ ਦਿੱਤਾ ਗਿਆ ਤੇ ਇੱਕ ਕ੍ਰੋੜ ਦੇ ਬਦਲੇ ਕਸ਼ਮੀਰ ਦਾ ਇਲਾਕਾ ਸਰਕਾਰ ਨੂੰ ਦਿੱਤਾ ਜੋ ਓਹਨਾਂ ਇੰਨੇ ਤੋਂ ਹੀ ਗੁਲਾਬ ਸਿੰਘ ਨੂੰ ਦੇ ਦਿੱਤਾ।
੬. ਸਰਕਾਰ ਅੰਗਰੇਜ਼ੀ ਦੀ ਰਾਹੀਂ ਓਹਨਾਂ ਨੂੰ ਮਾਮਲਾ ਉਗਰਾਹ ਕੇ ਦੇ ਦਿੱਤਾ ਜਾਵੇਗਾ।
੭. ਸਰਕਾਰ ਲਾਹੌਰ ਨੂੰ ਅਖਤਯਾਰ ਹੈ ਕਿ ਤੋਪਾਂ ਤੋਂ ਬਿਨਾਂ ਜੋ ਸਾਮਾਨ ਓਹਨਾਂ ਕਿਲਿਆਂ ਵਿੱਚ ਹੈ, ਜੋ ਅੰਗ੍ਰੇਜ਼ਾਂ ਨੂੰ ਦਿੱਤੇ ਗਏ ਹਨ, ਭਾਵੇਂ ਰਖੇ ਤੇ ਭਾਵੇਂ ਵੇਚ ਦੇਵੇ।
੮. ਦੋ ਅਹਿਲਕਾਰ ਦੋਨਾਂ ਸਰਕਾਰਾਂ ਵਲੋਂ ਨੀਯਤ ਹੋਏ ਜੋ ਹਦਬੰਦੀ ਕਰ ਦੇਣ।
ਇਹ ਇਕਰਾਰਨਾਮਾ ੧੧ ਮਾਰਚ ਨੂੰ ਤਯਾਰ ਹੋ ਕੇ ਲਾਹੌਰ ਦਰਬਾਰ ਦਾ ਇੰਤਜ਼ਾਮ ਰੱਖਣ ਲਈ ਹੇਠ ਲਿਖੇ ਸਰਦਾਰਾਂ ਦੀ ਕੌਂਸਲ ਬਣਾਈ ਗਈ:
ਰਾਜਾ ਲਾਲ ਸਿੰਘ ਵਜ਼ੀਰ, ਸਰਦਾਰ ਤੇਜ ਸਿੰਘ, ਦੀਵਾਨ ਦੀਨਾ ਨਾਥ, ਸ਼ੇਰ ਸਿੰਘ ਅਟਾਰੀਵਾਲਾ ਇਨ੍ਹਾਂ ਤਿੰਨਾਂ ਸਜਨਾਂ ਨੂੰ ਵੀ ਰਾਜਾ ਦਾ ਖ਼ਿਤਾਬ ਤੇ ਜਾਗੀਰਾਂ ਦਿੱਤੀਆਂ ਗਈਆਂ ਤੇ ਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤਕ ਓਹਨਾਂ ਦੀ ਸਰਪ੍ਰਸਤ ਬਣਾਈ ਗਈ।
ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦ ਕੌਰ ਦਾ ਇੱਕ ਇੱਕ ਲਖ ਰੁਪਯਾ ਜਾਤੀ ਖ਼ਰਚਾਂ ਵਾਸਤੇ ਨੀਯਤ ਕੀਤਾ ਗਿਆ।
੧੨ ਮਾਰਚ ਨੂੰ ਲਾਹੌਰ ਵਿੱਚ ਲਾਟ ਸਾਹਿਬ ਨੇ ਆਮ ਦਰਬਾਰ ਕੀਤਾ, ਇਸ ਵਿੱਚ ਸਾਰੇ ਪੰਜਾਬ ਦੇ ਰਈਸ ਤੇ ੩੩੨ ਅੰਗ੍ਰੇਜ਼ ਅਫਸਰ ਬੈਠੇ ਹੋਏ ਸਨ। ਸਾਰੇ ਰਈਸਾਂ ਨੇ ਦੋਨਾਂ ਸਰਦਾਰਾਂ ਦੇ ਅੱਗੇ ਨਿਯਮ ਪੂਰਬਕ ਨਜ਼ਰਾਨੇ ਪੇਸ਼ ਕੀਤੇ। ਫਿਰ ਗਵਰਨਰ ਨੇ ਇੱਕ ਤਕਰੀਰ ਕੀਤੀ, ਜਿਸ ਵਿੱਚ ਦਸਿਆ ਕਿ ਅਸੀਂ ਉਮੈਦ ਕਰਦੇ ਹਾਂ ਕਿ ਨਵੀਂ ਦੋਸਤੀ ਜੋ ਸਰਕਾਰ ਅੰਗਰੇਜ਼ੀ ਤੇ ਲਾਹੌਰ ਦਰਬਾਰ ਦੇ ਵਿਚਕਾਰ ਹੋਈ ਹੈ; ਓਹਨੂੰ ਓਸੇ ਤਰ੍ਹਾਂ ਕਾਇਮ ਰਖਯਾ ਜਾਵੇਗਾ, ਜਿਕਣ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਰਖਯਾ ਸੀ। ਇੱਥੇ ਜੋ ਅੰਗਰੇਜ਼ੀ ਫੌਜ ਰੱਖੀ ਗਈ ਹੈ, ਓਹ ਲਾਹੌਰ ਦਰਬਾਰ ਦੀ ਦਰਖ਼ਾਸਤ ਤੇ ਬੜੀ ਮੁਸ਼ਕਲ ਨਾਲ ਰੱਖੀ ਗਈ ਹੈ। ਉਮੈਦ ਹੈ ਕਿ ਲਾਹੌਰ ਦਰਬਾਰ ਦੇ ਕਰਮਚਾਰੀ ਆਪਣੇ ਮੁਲਕ ਦੇ ਪ੍ਰਬੰਧ ਨੂੰ ਬੜੀ ਸਿਆਣਪ ਦੇ ਨਾਲ ਕਰਨਗੇ। ਜੇ ਕਦੀ ਇਨ੍ਹਾਂ ਗੱਲਾਂ ਦੇ ਕਰਨ ਵਿੱਚ ਲਾਹੌਰ ਦਰਬਾਰ ਵਲੋਂ ਕੋਈ ਬੇਪਰਵਾਹੀ ਹੋਈ ਤਦ ਮੁਲਕ ਨੂੰ ਬਚਾਣ ਵਾਸਤੇ ਸਰਕਾਰ ਅੰਗ੍ਰੇਜ਼ੀ ਦੀ ਕੋਈ ਮਦਦ ਕੰਮ ਨਾ ਦੇ ਸਕੇਗੀ। ਗਵਰਨਰ ਜਨਰਲ ਦੀ ਇਸ ਰਾਜਸੀ ਚਾਲ ਨੂੰ ਜੋ ਓਹਨਾਂ ਲਾਹੌਰ ਦਰਬਾਰ ਨੂੰ ਆਪਣੀ ਸਲਤਨਤ ਵਿੱਚ ਨਾ ਮਿਲਾਇਆ, ਲੋਕੀ ਦੂਰ ਦਰਸ਼ਤਾ ਸਮਝਦੇ ਸਨ, ਕਿਉਂਕਿ ਉਸ ਵੇਲੇ ਸਿੱਖ ਅਜੇ ਭੜਕੇ ਹੋਏ ਸਨ। ੨੦ ਹਜ਼ਾਰ ਫੌਜ ਅੰਮ੍ਰਿਤਸਰ ਦੇ ਲਾਗੇ ਤਯਾਰ ਸੀ, ੧੬ ਹਜ਼ਾਰ ਲੜਾਈ ਤੋਂ ਬਚੀ ਫੌਜ ਕਸੂਰ ਦੇ ਲਾਗੇ ਡੇਰੇ ਲਾਈ ਬੈਠੀ ਸੀ। ਜੇ ਕਦੀ ਲਾਹੌਰ ਦਾ ਰਾਜ ਅੰਗਰੇਜ਼ੀ ਸਲਤਨਤ ਵਿੱਚ ਮਿਲਾ ਦਿੱਤਾ ਜਾਂਦਾ ਤਦ ਇਹ ੧੬ ਹਜ਼ਾਰ ਫੌਜ ੨੦ ਹਜ਼ਾਰ ਨਾਲ ਆ ਕੇ ਮਿਲ ਜਾਂਦੀ, ਹੋਰ ਸਾਰੀ ਫੌਜ ਸੂਬੇਦਾਰ ਦੇ ਇਲਾਕਿਆਂ ਵਿੱਚ ਠਹਿਰੀ ਹੋਈ ਸੀ ਤੇ ਜੰਗ ਵਿੱਚ ਨਹੀਂ ਗਈ ਸੀ ਜੋ ੬੦ ਹਜ਼ਾਰ ਤੋਂ ਘਟ ਨਹੀਂ ਸੀ। ਇਸ ਤਰ੍ਹਾਂ ਇਹ ਸਾਰੀ ਫੌਜ ਇਕੱਠੀ ਹੋ ਕੇ ਸੁਭਰਾਓ ਦੀ ਕਾਲਖ ਦੇ ਟਿੱਕੇ ਨੂੰ ਉਤਾਰ ਸਕਦੀ ਸੀ। ਕਮੀ ਸਿਰਫ ਲਾਇਕ ਆਗੂ ਮਿਲਣ ਦੀ ਸੀ। ਜਿਨ੍ਹਾਂ ਅਫਸਰਾਂ ਨੇ ਪਹਿਲੇ ਜੰਗਾਂ ਵਿੱਚ ਗ਼ਦਾਰੀ, ਕੌਮ ਫਰੋਸ਼ੀ ਤੇ ਲੂਣ ਹਰਾਮੀ ਪੁਣਾ ਕੀਤਾ ਸੀ, ਉਹ ਇਸ ਨਵੇਂ ਪ੍ਰਬੰਧ ਤੋਂ ਹੱਥ ਮਲ ਰਹੇ ਸਨ ਤੇ ਪਛਤਾਂਦੇ ਸਨ। ਸੰਭਵ ਸੀ ਕਿ ਇਹਨਾਂ ਦੇ ਵਿੱਚੋਂ ਭੀ ਕੋਈ ਉੱਠ ਕੇ ਅੰਗਰੇਜ਼ਾਂ ਦੇ ਟਾਕਰੇ ਤੇ ਖੜਾ ਹੋ ਜਾਂਦਾ ਤਦ ਨਾ ਕੇਵਲ ਪੰਜਾਬ ਬਲਕਿ ਸਾਰੇ ਹਿੰਦੁਸਤਾਨ ਵਿੱਚ ਅੰਗ੍ਰੇਜ਼ਾਂ ਦਾ ਰਹਿਣਾ ਅਸੰਭਵ ਹੋ ਜਾਂਦਾ। ਇਹ ਹੀ ਕਾਰਨ ਕਿ ਲਾਰਡ ਹਾਰਡਿੰਗ ਨੇ ਇਸ ਹਾਲਤ ਨੂੰ ਜਾਣ ਕੇ ਇਹ ਚਾਲ ਚੱਲੀ ਕਿ ਰਾਜਾ ਗੁਲਾਬ ਸਿੰਘ ਨੂੰ ਇੱਕ ਵੱਡੇ ਇਲਾਕੇ ਦਾ ਸੁਤੰਤਰ ਰਾਜਾ ਕਰ ਦਿੱਤਾ। ਤੇਜ ਸਿੰਘ ਨੂੰ ਸਿਆਲਕੋਟ ਦਾ ਇਲਾਕਾ ਸੌਂਪ ਨਵੀਂ ਫੌਜ ਦਾ ਅਫਸਰ ਬਣਾਇਆ। ਦੀਵਾਨ ਦੀਨਾਨਾਥ ਨੂੰ ਰਾਜੇ ਦਾ ਖਿਤਾਬ ਦੇ ਕੇ ਕਲਾਨੌਰ ਦਾ ਇਲਾਕਾ ਸੌਂਪ ਦਿੱਤਾ ਤੇ ਰਾਜਾ ਲਾਲ ਸਿੰਘ ਨੂੰ ਵਜ਼ੀਰ ਬਣਾ ਦਿੱਤਾ, ਜਿਸ ਤੋਂ ਇਹ ਸਾਰੇ ਪ੍ਰਸੰਨ ਹੋ ਗਏ ਤੇ ਇਨ੍ਹਾਂ ਨੂੰ ਅੰਗ੍ਰੇਜ਼ਾਂ ਦੀ ਵਿਰੋਧਤਾ ਕਰਨ ਦਾ ਖ਼ਿਆਲ ਸੁਪਨੇ ਵਿੱਚ ਆਉਣਾ ਵੀ ਅਸੰਭਵ ਹੋ ਗਿਆ। ਕਿੰਤੂ ਮੰਦ ਬੁੱਧੀ ਵਾਲੇ ਘਰ ਲੁਟਦੇ ਹੋਏ ਚੋਰਾਂ ਤੋਂ
ਲੰਗੋਟੀ ਟੋਪੀ ਹੱਥ ਲੱਗੀ ਹੀ ਵੱਡੀ ਗੱਲ ਸਮਝ ਖ਼ੁਸ਼ ਹੋ ਗਏ ਕਿ ਸਾਨੂੰ ਕੇਵਲ ਸੁਪਨੇ ਦੀ ਸਲਤਨਤ ਕਾਇਮ ਕਰ ਕੇ ਓਹਦੇ ਮੋਤੀ ਇਕੱਠੇ ਕਰਨੇ ਦਾ ਹੁਕਮ ਮਿਲਿਆ ਹੈ। ੧੩ ਮਾਰਚ ਨੂੰ ਗ੍ਵਰਨਰ ਜਨਰਲ ਨੇ ਸੰਮਨ ਬੁਰਜ ਵਿੱਚ ਮਹਾਰਾਜਾ ਦਲੀਪ ਸਿੰਘ ਨਾਲ ਮੁਲਾਕਾਤ ਕੀਤੀ। ੧੪ ਨੂੰ ਅੰਮ੍ਰਿਤਸਰ ਠਹਿਰੇ, ੧੫ ਨੂੰ ਰਾਜਾ ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਦਾ ਇਲਾਕਾ ਦੇ ਕੇ ਓਹਦਾ ਸੁਤੰਤਰ ਰਾਜ ਇੱਕ ਇਕਰਾਰ ਨਾਮੇਂ ਅਨੁਸਾਰ ਬਣਾਇਆ। ਇੱਕ ਕ੍ਰੋੜ ਰੁਪਯਾ ਜੋ ਲੈਣਾ ਸੀ, ਉਸ ਵਿੱਚ ੧੫ ਲੱਖ ਰੁਪਯਾ ਜੋ ਸੁਚੇਤ ਸਿੰਘ ਦਾ ਫਿਰੋਜ਼ਪੁਰ ਜਮ੍ਹਾਂ ਸੀ, ਮੁਜਰਾ ਦਿੱਤਾ। ੧੨ ਲੱਖ ਦੀ ਲਾਹੌਰ ਦੀ ਜਾਇਦਾਦ ਦਿੱਤੀ ਤੇ ਬਾਕੀ ਰਕਮ ਆਪਣੇ ਖ਼ਜ਼ਾਨੇ ਵਿੱਚੋਂ ਦੇ ਕੇ ਉਪ੍ਰੋਕਤ ਮੁਲਕ ਤੇ ਕਬਜ਼ਾ ਕਰ ਲਿਆ। ੧੬ ਤਰੀਕ ਨੂੰ ਰਾਜਾ ਗੁਲਾਬ ਸਿੰਘ ਤੇ ਸਰਕਾਰ ਦੇ ਵਿਚਕਾਰ ਹੇਠ ਲਿਖਿਆ ਇਕਰਾਰਨਾਮਾ ਲਿਖਿਆ ਗਿਆ:
(੧) ਮਹਾਰਾਜਾ ਗੁਲਾਬ ਸਿੰਘ ਤੇ ਓਹਦੇ ਜਾਂ ਨਸ਼ੀਨ ਸੁਤੰਤਰ ਰਾਜੇ ਹੋਣਗੇ।
(੨) ਹੱਦ ਬੰਦੀ ਵਾਸਤੇ ਦੋਹਾਂ ਧਿਰਾਂ ਦੇ ਅਹਿਲਕਾਰ ਨੀਯਤ ਕੀਤੇ ਜਾਣਗੇ, ਜੇਹੜੀ ਹੱਦ ਬੰਦੀ ਹੋਵੇਗੀ, ਓਹ ਲਿਖਤ ਵਿੱਚ ਆ ਜਾਏਗੀ।
(੩) ਇਸ ਪ੍ਰਣ ਪੱਤ੍ਰ ਦੇ ਲਿਖੇ ਜਾਣ ਤੇ ੭੩ ਲੱਖ ਰੁਪਯਾ ਨਾਨਕ ਸ਼ਾਹੀ ਜੋ ਰਾਜਾ ਗੁਲਾਬ ਸਿੰਘ ਨੇ ਅਜੇ ਦੇਣਾ ਹੈ, ਓਹਦੇ ਵਿੱਚੋਂ ੫੦ ਲੱਖ ਰੁਪਯਾ ਦੇਵੇਗਾ ਤੇ ਬਾਕੀ ਰਕਮ ੧ ਅਕਤੂਬਰ ਨੂੰ ਦੇਵੇਗਾ।
(੪) ਮਹਾਰਾਜਾ ਗੁਲਾਬ ਸਿੰਘ ਦੇ ਇਲਾਕੇ ਦੀ ਹੱਦ ਸਰਕਾਰ ਅੰਗ੍ਰੇਜ਼ੀ ਦੀ ਮਨਜ਼ੂਰੀ ਬਿਨਾਂ ਬਦਲੀ ਨਹੀਂ ਜਾਵੇਗੀ।
(੫) ਜੇ ਕੋਈ ਝਗੜਾ ਦਰਬਾਰ ਲਾਹੌਰ ਜਾਂ ਕਿਸੇ ਹੋਰ ਨਾਲ ਦੀ ਰਿਆਸਤ ਦਾ ਰਾਜਾ ਗੁਲਾਬ ਸਿੰਘ ਨਾਲ ਹੋਵੇਗਾ ਤਦ ਉਸ ਦਾ ਫ਼ੈਸਲਾ ਸਰਕਾਰ ਅੰਗ੍ਰੇਜ਼ੀ ਕਰ ਦੇਵੇਗੀ।
(੬) ਸਰਕਾਰ ਅੰਗ੍ਰੇਜ਼ੀ ਨੂੰ ਲੜਾਈ ਦੇ ਸਮੇਂ ਲੋੜ ਪੈਣ ਤੇ ਮਹਾਰਾਜਾ ਗੁਲਾਬ ਸਿੰਘ ਉਹਦੇ ਜਾਨਸ਼ੀਨ ਤੇ ਫੌਜ ਮਦਦ ਦੇਵੇਗੀ।
(੭) ਅੰਗਰੇਜ਼ਾਂ ਦੀ ਮਨਜ਼ੂਰੀ ਬਿਨਾਂ ਕੋਈ ਯੂਰਪੀਨ ਨੌਕਰ ਨਹੀਂ ਰੱਖਣਾ ਹੋਵੇਗਾ।
(੮) ਪੰਜਵੀਂ ਛੀਵੀਂ ਤੇ ਸੱਤਵੀਂ ਸ਼ਰਤ ਜੋ ਲਾਹੌਰ ਦਰਬਾਰ ਨਾਲ ਅੰਗਰੇਜ਼ਾਂ ਦੀ ਹੋਈ ਹੈ, ਉਹਨੂੰ ਰਾਜਾ ਗੁਲਾਬ ਸਿੰਘ ਨੇ ਵੀ ਪ੍ਰਵਾਨ ਕੀਤਾ।
(੯) ਜੇ ਕੋਈ ਰਈਸ ਮਹਾਰਾਜਾ ਗੁਲਾਬ ਸਿੰਘ ਨਾਲ ਆਕੀ ਹੋ ਕੇ ਜੰਗ ਕਰੇਗਾ ਤਦ ਸਰਕਾਰ ਅੰਗਰੇਜ਼ੀ ਇਹਦੀ ਮਦਦ ਕਰੇਗੀ।
(੧੦) ਰਾਜਾ ਗੁਲਾਬ ਸਿੰਘ ਹਰ ਸਾਲ ੧ ਘੋੜਾ, ੧੨ ਦੁੰਬੇ, ਪਸ਼ਮ ਪਸ਼ਮੀਨੇ ਵਾਲੀ ਤੇ ਤਿੰਨ ਸ਼ਾਲ ਕਸ਼ਮੀਰੀ ਸਰਕਾਰ ਅੰਗਰੇਜ਼ੀ ਨੂੰ ਨਜ਼ਰਾਨੇ ਵਜੋਂ ਦਿੱਤਾ ਕਰੇਗਾ।
ਇਹ ਇਕਰਾਰਨਾਮਾ ੧੬ ਮਾਰਚ ੧੮੪੬ ਨੂੰ ਅੰਮ੍ਰਿਤਸਰ ਵਿੱਚ ਲਿਖਿਆ ਤੇ ਇਸ ਤੇ ਦਸਤਖ਼ਤ ਹੋਏ। ਦਸਤਖ਼ਤ ਤੇ ਮੋਹਰਾਂ ਲਾਰਡ ਐੱਚ ਹਾਰਡਿੰਗ ਸਾਹਿਬ ਬਹਾਦਰ ਤੇ ਐੱਫ ਕਰਈ ਸਾਹਿਬ ਬਹਾਦਰ ਤੇ ਐੱਮ.ਐੱਚ. ਲਾਰੰਸ ਸਾਹਿਬ ਰੈਜ਼ੀਡੈਂਟ ਲਾਹੌਰ ਤੇ ਮਹਾਰਾਜਾ ਗੁਲਾਬ ਸਿੰਘ।
ਦਸਤਖ਼ਤ ਹੋ ਜਾਣ ਤੇ ਰਾਜਾ ਗੁਲਾਬ ਸਿੰਘ ਨੇ ਲਾਟ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਇਸ ਕ੍ਰਿਪਾਲਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਆਪਣਾ ਮੁਲ ਖਰੀਦਿਆ ਗੋਲਾ ਜਾਣੋ ਤੇ ਮੇਰੀ ਸੰਤਾਨ ਸਦਾ ਹੀ ਸਰਕਾਰ ਅੰਗਰੇਜ਼ੀ ਦੀ ਖੈਰ ਖਾਹ ਤੇ ਨੌਕਰ ਬਣੀ ਰਹੇਗੀ। ਸੋ ਇਸ ਤਰ੍ਹਾਂ ਪੰਜਾਬ ਦੀ ਸਲਤਨਤ ਜੋ ਕਦੇ ਅੰਗਰੇਜ਼ੀ ਸਲਤਨਤ ਦੇ ਟਾਕਰੇ ਦੀ ਸਲਤਨਤ ਹੋਣ ਦਾ ਦਾਵਾ ਕਰਦੀ ਤੇ ਦਰਜਾ ਰੱਖਦੀ ਸੀ, ਆਪਣੇ ਅਫਸਰਾਂ ਦੀ ਬੇਈਮਾਨੀ ਤੇ ਦਗੇ ਬਾਜ਼ੀ ਨਾਲ ਤਬਾਹ ਹੋ ਗਈ।
ਉੱਪਰ ਦੱਸਿਆ ਗਿਆ ਹੈ ਕਿ ਸਿੱਖ ਫੌਜ ਸਤਲੁਜ ਤੇ ਠਹਿਰੀ ਹੋਈ ਸੀ, ਉਹ ਨਵੇਂ ਸਿਰੇ ਇੰਤਜ਼ਾਮ ਹੋਣ ਦੇ ਪਿੱਛੋਂ ਲਾਹੌਰ ਬੁਲਾਈ ਜਾਣ ਲੱਗੀ। ਜਦ ਉਹ ਲਾਹੌਰ ਆਈ ਤਦ ਉਹਦਾ ਪੈਸਾ ਪੈਸਾ
ਤਨਖਾਹ ਦਾ ਦੇ ਕੇ ਹਥ੍ਯਾਰ ਰਖਵਾ ਲਏ ਗਏ ਤੇ ਓਹਨਾਂ ਨੂੰ ਨੌਕਰੀ ਤੋਂ ਅੱਡ ਕਰ ਦਿੱਤਾ ਗਿਆ, ਜਿਸ ਤੋਂ ਓਹ ਵਿਚਾਰੇ ਦਿਲ ਦੇ ਅਰਮਾਨ ਦਿਲ ਵਿੱਚ ਹੀ ਲੈ ਕੇ ਘਰਾਂ ਨੂੰ ਚਲੇ ਗਏ ਤੇ ਲਾਹੌਰ ਦਰਬਾਰ ਫੌਜ ਹੀਨ ਹੋਣ ਦੇ ਕਾਰਨ ਪੰਛੀ ਬਿਨਾਂ ਪਰਾਂ ਦੇ ਹੋ ਗਿਆ।
ਮੁਕਦੀ ਗੱਲ ਇਹ ਕਿ ਖਾਲਸਾ ਸਲਤਨਤ ਦੀ ਸੁਤੰਤਰਤਾ ਜਾਂਦੀ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਆਪਣੇ ਜਾਤੀ ਗੁਣਾਂ ਤੇ ਬਹਾਦਰੀ ਨਾਲ ਕਾਇਮ ਕੀਤੀ ਸਲਤਨਤ ਇਸ ਦੁਰਦਸ਼ਾ ਨੂੰ ਅੱਪੜ ਗਈ ਕਿ ਓਹਨੂੰ ਆਪਣੀ ਕਾਇਮੀ ਲਈ ਬਦੇਸ਼ੀ ਹਕੂਮਤ ਦੀ ਸਹਾਇਤਾ ਦੀ ਲੋੜ ਪਈ। ਮੇਹਜਰ ਲਾਰੰਸ ਜੋ ਪਿੱਛੇ ਸਰ ਹੈਨਰੀ ਲਾਰੰਸ ਦੇ ਨਾਮ ਤੋਂ ਪ੍ਰਸਿੱਧ ਹੋਏ ਲਾਹੌਰ ਦਰਬਾਰ ਵਿੱਚ ਰੈਜ਼ੀਡੈਂਟ ਦੀ ਹੈਸੀਅਤ ਵਿੱਚ ਰਹਿਣ ਲਗੇ। ਰਾਜਾ ਲਾਲ ਸਿੰਘ ਵਜ਼ੀਰ ਬਣਿਆ। ਮਹਾਰਾਣੀ ਜਿੰਦਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਸਰਪਰਸਤ ਨੀਯਤ ਹੋਈ।
ਰਾਜਾ ਲਾਲ ਸਿੰਘ ਨੇ ਲਾਹੌਰ ਦਰਬਾਰ ਦੀ ਵਜ਼ੀਰੀ ਕਲਮਦਾਨ ਸੰਭਾਲਦੇ ਹੀ ੫੦ ਲਖ ਰੁਪਯਾ ਜੋ ਅੰਗ੍ਰੇਜ਼ਾਂ ਨੂੰ ਦਿੱਤਾ ਸੀ, ਓਹ ਇਲਾਕੇ ਦੇ ਸਰਦਾਰਾਂ ਕੋਲੋਂ ਵਸੂਲ ਕਰਨ ਲਈ ਬੜੀ ਸਖ਼ਤੀ, ਬੇਤਰਸੀ ਤੇ ਅਨਿਆਏ ਦੇ ਤਰੀਕੇ ਵਰਤਣੇ ਸ਼ੁਰੂ ਕੀਤੇ। ਫਿਰ ਜੋ ਰੁਪਯਾ ਵਸੂਲ ਹੋਇਆ, ਓਹਨੂੰ ਖ਼ਜ਼ਾਨੇ ਵਿੱਚ ਦਾਖਲ ਨਹੀ ਕਰਦਾ ਸੀ, ਬਲਕਿ ਆਪਣੀ ਮੰਨੋ ਮੌਜ ਪੂਰੇ ਕਰਨ ਵਿੱਚ ਉਡਾਣਾ ਸ਼ੁਰੂ ਕੀਤਾ। ਅੰਗ੍ਰੇਜ਼ਾਂ ਨੂੰ ਖੁਲ੍ਹੀਆਂ ਦਾਵਤਾਂ ਮਿਲਣ ਲੱਗੀਆਂ ਤੇ ਰੁਪਯਾ ਅੰਨ੍ਹੇ ਵਾਹ ਲੁਟਾਣ ਲੱਗਾ।
ਸਿੱਖ ਅੱਗੇ ਹੀ ਇਸ ਦੀ ਕੌਮ ਫਰੋਸ਼ੀ ਗ਼ੱਦਾਰੀ ਦੇ ਹੱਥੋਂ: ਜੋ ਰਣ ਵਿੱਚ ਵਿਖਾਈ ਸੀ, ਤੰਗ ਸਨ ਕਿੰਤੂ ਇਨ੍ਹਾਂ ਚਾਲਾਂ ਤੋਂ ਹੋਰ ਵੀ ਦੁਖੀ ਹੋ ਗਏ। ਕੌਮ ਫਰੋਸ਼ਾਂ ਤੇ ਜ਼ਾਲਮਾਂ ਦੀ ਆਯੂ ਛੋਟੀ ਹੀ ਹੁੰਦੀ ਹੈ। ਜਿੱਕਣ ਇਸ ਨੇ ਪਹਿਲਾਂ ਖਾਲਸਾ ਫੌਜ ਨੂੰ ਧੋਖਾ ਦਿੱਤਾ ਸੀ, ਹੁਣ ਓਸੇ ਤਰ੍ਹਾਂ ਅੰਗ੍ਰੇਜ਼ਾਂ ਨਾਲ ਚਾਲਾਕੀ ਖੇਡਣ ਲੱਗਾ। ਇਸ ਨੇ ਕਸ਼ਮੀਰ ਦੇ ਸੂਬੇ ਨਿਜ਼ਾਮਉਦੀਨ ਨੂੰ ਚਿੱਠੀ ਲਿਖੀ ਕਿ ਕਸ਼ਮੀਰ ਦਾ ਕਬਜ਼ਾ ਰਾਜਾ ਗੁਲਾਬ ਸਿੰਘ ਨੂੰ ਨਾ ਦਿੱਤਾ ਜਾਵੇ। ਸੋ ਜਦ ਰਾਜਾ ਗੁਲਾਬ ਸਿੰਘ ਦੀ ਫੌਜ ਕਬਜ਼ਾ ਕਰਨ ਗਈ ਤਦ ਸ਼ੇਖ ਸਾਹਿਬ ਜੰਗ ਲਈ ਤਯਾਰ ਹੋ ਗਏ। ਮਹਾਰਾਜਾ ਗੁਲਾਬ ਸਿੰਘ ਦੀ ਫੌਜ ਨੇ ਸ਼ੇਖ ਇਮਾਮਉਦੀਨ ਦੀ ਫੌਜ ਨਾਲ ਕਈ ਲੜਾਈਆਂ ਕੀਤੀਆਂ, ਕਿੰਤੂ ਫਤਹ ਨਾ ਹੋਈ। ਫੌਜ ਦੇ ਅਫਸਰ ਦੀਵਾਨ ਲਖਪਤ ਰਾਏ ਦੇ ਮਰ ਜਾਣ ਤੇ ਫੌਜ ਵਾਪਸ ਮੁੜ ਆਈ।
ਇਹ ਮਲੂਮ ਕਰ ਕੇ ਕਿ ਰਾਜਾ ਗੁਲਾਬ ਸਿੰਘ ਦੀ ਫੌਜ ਕਸ਼ਮੀਰ ਫਤਹ ਨਹੀਂ ਕਰ ਸਕੀ। ਮੇਹਜਰ ਲਾਰੰਸ ਅਫਟੰਟ ਐਡਵਰਡ ਤੇ ਸਰਦਾਰ ਤੇਜ ਸਿੰਘ ਦੀ ਫੌਜ ਨਾਲ ਲੈ ਕੇ ਕਸ਼ਮੀਰ ਪੁੱਜੇ। ੬ ਅਕਤੂਬਰ ੧੮੪੬ ਨੂੰ ਸ਼ੇਖ ਇਮਾਮਉਦੀਨ ਨੇ ਲਾਲ ਸਿੰਘ ਦੀ ਓਹ ਚਿੱਠੀ, ਜਿਸ ਵਿੱਚ ਕਸ਼ਮੀਰ ਦਾ ਕਬਜ਼ਾ ਨਾ ਦੇਣ ਦਾ ਹੁਕਮ ਸੀ, ਵਿਖਾ ਕੇ ਆਪਣੇ ਆਪ ਨੂੰ ਰੈਜ਼ੀਡੈਂਟ ਦੇ ਹਵਾਲੇ ਕਰ ਦਿੱਤਾ। ੭ ਤਰੀਕ ਨੂੰ ਕਸ਼ਮੀਰ ਦਾ ਇਲਾਕਾ ਰਾਜਾ ਗੁਲਾਬ ਸਿੰਘ ਦੇ ਹਵਾਲੇ ਕਰ ਕੇ ਰੈਜ਼ੀਡੈਂਟ ਲਾਹੌਰ ਵਾਪਸ ਆਇਆ ਤੇ ਲਾਲ ਸਿੰਘ ਵਾਲੀ ਚਿੱਠੀ ਦੀ ਖੋਜ ਸ਼ੁਰੂ ਕੀਤੀ। ਲਾਲ ਸਿੰਘ ਚਿੱਠੀ ਲਿਖਣ ਤੋਂ ਇਨਕਾਰੀ ਸੀ, ਕਿੰਤੂ ਓਹਦੇ ਮੁਨਸ਼ੀ ਪੂਰਨ ਚੰਦ ਰਾਹੋਂ ਵਾਲੇ ਨੇ ਮੰਨ ਲਿਆ ਕਿ ਇਹ ਚਿੱਠੀ ਮੇਰੀ ਲਿਖੀ ਹੋਈ ਤੇ ਮੇਰੇ ਸਾਹਮਣੇ ਰਾਜਾ ਗੁਲਾਬ ਸਿੰਘ ਨੇ ਮੋਹਰ ਲਾ ਕੇ ਭੇਜੀ ਹੈ। ਰੈਜ਼ੀਡੈਂਟ ਨੇ ਆਮ ਦਰਬਾਰ ਕਰ ਕੇ ਲਾਲ ਸਿੰਘ ਦੇ ਵਿਰੁੱਧ ਰਾਜ ਵਿਦਰੋਹ ਦਾ ਜੁਰਮ ਦੱਸਿਆ ਤੇ ਸਰਦਾਰਾਂ ਦੀ ਰਾਏ ਨਾਲ ਇਸ ਮਸ਼ਹੂਰ ਦੇਸ ਦਰੋਹੀ ਕੌਮ ਫਰੋਸ ਬੇਈਮਾਨ ਨੂੰ ਦੇਸ ਨਿਕਾਲੇ ਦੀ ਸਜ਼ਾ ਦੇ ਕੇ ਆਗਰੇ ਦੇ ਕਿਲ੍ਹੇ ਵਿੱਚ (੧੦੦੦) ਮਹੀਨਾ ਪਿਨਸ਼ਨ ਤੇ ਭੇਜ ਦਿੱਤਾ। ਰਾਣੀ ਜਿੰਦਾਂ ਨੇ ਇਸ ਦੇ ਲਾਹੌਰ ਵਿੱਚ ਰਖੇ ਜਾਣ ਤੇ ਬਹੁਤ ਜ਼ੋਰ
--------------------
*ਸ਼ੇਖ ਨਜਾਮਉਦੀਨ, ਸ਼ੇਖ ਗੁਲਾਮ ਮੁਹੱਯੂਦੀਨ ਦਾ ਲੜਕਾ ਜਾਤ ਦਾ ਜੁਲਾਹਾ ਜਾਲੰਧਰ ਦਾ ਵਸਨੀਕ ਸੀ। ਇਸ ਦੇ ਬਾਪ ਨੇ ਦੀਵਾਨ ਮੋਹਕਮ ਚੰਦ ਦੀ ਮਿੰਨਤ ਕਰ ਕੇ ਦਵਾਬੇ ਦਾ ਠੇਕਾ ਲਿਆ ਸੀ ਤੇ ਦੀਵਾਨ ਕ੍ਰਿਪਾ ਰਾਮ ਦੀ ਕ੍ਰਿਪਾ ਨਾਲ ਕਸ਼ਮੀਰ ਦੀ ਸੂਬੇਦਾਰੀ ਪਾਈ।
ਲਾਇਆ। ਬਲਕਿ ਏਥੋਂ ਤਕ ਕਿ ਕੋਹਿਨੂਰ ਹੀਰਾ ਕਰਈ ਸਾਹਿਬ ਨੂੰ ਵੱਢੀ ਵਿੱਚ ਦੇਣਾ ਚਾਹਿਆ, ਕਿੰਤੂ ਕੋਈ ਫ਼ਲ ਨਹੀਂ ਹੋਇਆ।
ਲਾਲ ਸਿੰਘ ਦੇ ਵਜ਼ੀਰੀ ਤੋਂ ਹਟਣ ਤੇ ਲਾਹੌਰ ਦਰਬਾਰ ਦੀ ਸੂਰਤ ਹੀ ਬਦਲ ਗਈ। ਭਾਵੇਂ ਲਾਲ ਸਿੰਘ ਵਿੱਚ ਸੰਸਾਰ ਭਰ ਦੇ ਐਬ ਸਨ, ਕਿੰਤੂ ਇਸ ਦੇ ਵਜ਼ੀਰ ਹੋਣ ਦੀ ਹਾਲਤ ਵਿੱਚ ਅੰਗਰੇਜ਼ਾਂ ਵਲੋਂ ਰਾਜ ਪਰਬੰਧ ਵਿੱਚ ਕੋਈ ਦਖ਼ਲ ਨਹੀਂ ਸੀ। ਹੁਣ ਵਜ਼ੀਰੀ ਦਾ ਅਹੁੱਦਾ ਹਟਾ ਕੇ ਇੱਕ ਕੌਂਸਲ ਕੰਮ ਕਾਜ ਕਰਨ ਲਈ ਬਣਾ ਦਿੱਤੀ ਗਈ। ਇਸ ਵਿੱਚ ਅੱਗੇ ਲਿਖੇ ਮੈਂਬਰ ਸੀ:
ਸ੍ਰਦਾਰ ਤੇਜ ਸਿੰਘ, ਸ਼ਮਸ਼ੇਰ ਸਿੰਘ ਸੰਧਾਵਾਲੀਆ, ਭਾਈ ਨਿਧਾਨ ਸਿੰਘ, ਸਰਦਾਰ ਰਣਜੋਧ ਸਿੰਘ, ਅਤਰ ਸਿੰਘ ਕਾਲਿਆਂ ਵਾਲਾ, ਦੀਵਾਨ ਦੀਨਾ ਨਾਥ, ਖਲੀਫਾ ਨੂਰਦੀਨ ਇਹ ਸਤ ਮੈਂਬਰ ਰੈਜ਼ੀਡੈਂਟ ਦੇ ਨਾਇਬ ਸਮਝ ਕੇ ਹੁਕਮ ਹੋਇਆ ਕਿ ਹਰ ਇੱਕ ਕੰਮ ਵਿੱਚ ਰੈਜ਼ੀਡੈਂਟ ਦੀ ਸਲਾਹ ਲੈਣ ਤੇ ਹਰ ਸਾਤੇ ਸਾਰਾ ਹਾਲ ਦੱਸਣ ਤੇ ਸਲਾਹ ਲੈਣ। ਕੁਝ ਮਹੀਨਿਆਂ ਪਿੱਛੋਂ ਜਦ ਇਸ ਤਰ੍ਹਾਂ ਪ੍ਰਬੰਧ ਹੋਣਾ ਔਖਾ ਜਾਪਿਆ ਤਦ ਕੌਂਸਲ ਦੇ ਮੈਂਬਰਾਂ ਨੇ ਸਰਕਾਰ ਨੂੰ ਦਰਖ਼ਾਸਤ ਦਿੱਤੀ ਕਿ ਕਿਸੇ ਹੋਰ ਢੰਗ ਨਾਲ ਪ੍ਰਬੰਧ ਕੀਤਾ ਜਾਵੇ ਕਿ ਜਿਸ ਤੋਂ ਮੁਲਕ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਤੇ ਮਹਾਰਾਜਾ ਦਲੀਪ ਸਿੰਘ ਦੀ ਛੋਟੀ ਆਯੂ ਦੇ ਦਿਨ ਨਿਡਰ ਹੋ ਕੇ ਲੰਘ ਜਾਣ।
ਦਰਬਾਰ ਵਾਲਿਆਂ ਦੀ ਬਿਨੇ ਤੇ ਪੁਰਾਣੀਆਂ ਸ਼ਰਤਾਂ ਵਿੱਚ ਅਦਲਾ ਬਦਲੀ ਕਰ ਕੇ ੯ ਮਾਰਚ ੧੮੪੬ ਨੂੰ ਇੱਕ ਨਵਾਂ ਇਕਰਾਰਨਾਮਾ ਲਿਖਿਆ ਗਿਆ ਜੋ ਇੰਜ ਸੀ:
(੧) ਸੁਲਾਹਨਾਮਾ ਜੋ ੯ ਮਾਰਚ ੧੮੪੬ ਨੂੰ ਲਿਖਿਆ ਗਿਆ ਸੀ, ਉਸ ਦੇ ਹਰ ਇੱਕ ਅੰਗ ਵਿੱਚ ਦੋਹਾਂ ਸਰਕਾਰਾਂ ਵਾਸਤੇ ਰਿਆਇਤ ਹੋਵੇਗੀ।
(੨) ਸਰਕਾਰ ਅੰਗ੍ਰੇਜ਼ੀ ਲਾਹੌਰ ਵਿੱਚ ਆਪਣਾ ਇੱਕ ਰੈਜ਼ੀਡੈਂਟ ਰਖੇਗੀ, ਜਿਸ ਦੇ ਹੇਠ ਕੁਝ ਅਸਿਸਟੰਟ ਵੀ ਹੋਣਗੇ ਤੇ ਇਨ੍ਹਾਂ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਦੇ ਅਖਤਯਾਰ ਹੋਣਗੇ।
(੩) ਪ੍ਰਬੰਧ ਦੇ ਕਰਨ ਵਿੱਚ ਕੋਈ ਗੱਲ ਅਜੇਹੀ ਨਹੀਂ ਕੀਤੀ ਜਾਵੇਗੀ, ਜੋ ਪਰਜਾ ਦੇ ਰਿਵਾਜ ਤੇ ਮਜ਼ਹਬ ਦੇ ਵਿਰੁੱਧ ਹੋਵੇ, ਹਰ ਇੱਕ ਦਾ ਹੱਕ ਕਾਇਮ ਰਹੇਗਾ।
(੪) ਮੁਲਾਜ਼ਮਾਂ ਦਾ ਰਖਣਾ ਇੱਕ ਕੌਂਸਲ ਦੇ ਅਖਤਿਆਰ ਵਿੱਚ ਹੋਵੇਗਾ। ਇਹ ਕੌਂਸਲ ਹਿੰਦੁਸਤਾਨੀ ਰਿਵਾਜ ਅਨੁਸਾਰ ਰੈਜ਼ੀਡੈਂਟ ਦੀ ਸਲਾਹ ਨਾਲ ਬਨਾਈ ਜਾਵੇਗੀ।
(੫) ਹਾਲ ਦੀ ਘੜੀ ਇਸ ਕੌਂਸਲ ਵਾਸਤੇ ਹੇਠ ਲਿਖੇ ਨਾਮ ਦੇ ਆਦਮੀ ਚੁਣੇ ਗਏ ਹਨ: ਰਾਜਾ ਤੇਜ ਸਿੰਘ, ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ, ਰਾਏ ਕਿਸ਼ਨ ਚੰਦ, ਸਰਦਾਰ ਰਣਜੋਧ ਸਿੰਘ, ਅਤਰ ਸਿੰਘ ਕਾਲਿਆਂ ਵਾਲਾ, ਭਾਈ ਨਿਧਾਨ ਸਿੰਘ, ਸਰਦਾਰ ਕਾਹਨ ਸਿੰਘ, ਸਰਦਾਰ ਸ਼ਮਸ਼ੇਰ ਸਿੰਘ, ਲਾਲ ਸਿੰਘ ਮੁਰਾਣਯਾਂ, ਕੇਹਰ ਸਿੰਘ ਸੰਧਾਵਾਲੀਆ, ਅਰਜਨ ਸਿੰਘ ਰੰਗੜ ਨੰਗਲੀਆ। ਇਨ੍ਹਾਂ ਵਿੱਚ ਅਦਲਾ ਬਦਲੀ ਨਹੀਂ ਹੋਵੇਗੀ, ਕਿੰਤੂ ਰੈਜ਼ੀਡੈਂਟ ਦੀ ਮਰਜ਼ੀ ਨਾਲ ਜੋ ਕਿ ਹਰ ਗੱਲ ਵਿੱਚ ਗਵਰਨਰ ਜਨਰਲ ਦੇ ਹੁਕਮ ਦੇ ਅਧੀਨ ਹੈ।
(੬) ਮੁਲਕ ਦਾ ਪ੍ਰਬੰਧ ਕੌਂਸਲ ਦੇ ਹੁਕਮ ਨਾਲ ਹੋਵੇਗਾ ਤੇ ਕੌਂਸਲ ਦੇ ਮੈਂਬਰ ਹਰ ਮਾਮਲੇ ਵਿੱਚ ਰੈਜ਼ੀਡੈਂਟ ਨਾਲ ਸਲਾਹ ਕਰ ਲਿਆ ਕਰਨਗੇ ਤੇ ਜੋ ਕੁਝ ਰੈਜ਼ੀਡੈਂਟ ਕਹੇਗਾ ਓਹੋ ਹੀ ਪੱਕੀ ਗੱਲ ਹੋਵੇਗੀ।
(੭) ਅੰਗ੍ਰੇਜ਼ੀ ਫੌਜ ਮੁਲਕ ਤੇ ਮਹਾਰਾਜਾ ਦੀ ਰਖ੍ਯਾ ਲਈ ਲਾਟ ਸਾਹਿਬ ਜਿੰਨੀ ਚਾਹੁਣ ਲਾਹੌਰ ਵਿੱਚ ਰੱਖਣ।
(੮) ਵੈਸਰਾਏ ਹਿੰਦ ਨੂੰ ਅਖਤਿਆਰ ਹੋਵੇਗਾ ਕਿ ਦਰਬਾਰ ਲਾਹੌਰ ਦੇ ਜਿਸ ਇਲਾਕੇ ਜਾਂ ਕਿਲ੍ਹੇ ਵਿੱਚ ਅੰਗਰੇਜ਼ੀ ਫੌਜ ਦਾ ਰਖਣਾ ਜ਼ਰੂਰੀ ਹੋਵੇ, ਓਥੇ ਰੱਖ ਸਕਣਗੇ।
(੯) ੨੨ ਲੱਖ ਰੁਪਯਾ ਨਾਨਕ ਸ਼ਾਹੀ ਹਰ ਸਾਲ ਦਰਬਾਰ ਲਾਹੌਰ ਫੌਜ ਦੇ ਖ਼ਰਚ ਵਜੋਂ ਦਿੱਤਾ ਕਰੇਗਾ।
(੧੦) ਡੇਢ ਲੱਖ ਰੁਪਯਾ ਸਾਲਾਨਾ ਮਹਾਰਾਣੀ ਸਾਹਿਬ (ਮਾਤਾ ਮਹਾਰਾਜਾ ਦਲੀਪ ਸਿੰਘ) ਤੇ ਓਹਨਾਂ ਦੇ ਨੌਕਰਾਂ ਦਾ ਨੀਯਤ ਕੀਤਾ ਗਿਆ।
(੧੧) ਇਸ ਇਕਰਾਰਨਾਮੇ ਦੀਆਂ ਸ਼ਰਤਾਂ ੪ ਦਸੰਬਰ ੧੮੫੪ ਤੱਕਣ ਅਰਥਾਤ ਮਹਾਰਾਜਾ ਦਲੀਪ ਸਿੰਘ ਦੇ ੧੬ ਸਾਲ ਬਾਲਗ ਹੋਣ ਤੱਕ ਰਹਿਣਗੀਆਂ। ਇਸ ਤੋਂ ਪਿੱਛੋਂ ਗਵਰਨਰ ਇਨ੍ਹਾਂ ਸ਼ਰਤਾਂ ਨੂੰ ਹਟਾ ਕੇ ਮਹਾਰਾਜਾ ਨੂੰ ਸੁਤੰਤਰ ਰਾਜ ਦੇ ਦੇਣਗੇ। ਫਿਰ ਕਿਸੇ ਨੂੰ ਤਕਲੀਫ਼ ਉਠਾਣ ਦੀ ਲੋੜ ਨਾ ਰਹੇਗੀ।
ਇਹ ਇਕਰਾਰਨਾਮਾ ੧੬ ਸਤੰਬਰ ੧੮੪੭ ਨੂੰ ਲਿਖਿਆ ਗਿਆ। ਦਸਤਖ਼ਤ ਤੇ ਮੋਹਰ ਕੌਂਸਲ ਦੇ ਮੈਂਬਰਾਂ ਦੀ ਫ੍ਰੈਡਰਕ ਕਰਈ ਸਾਹਿਬ ਹੈਨਰੀ ਮਿੰਟਗੁਮਰੀ ਲਾਰੰਸ ਸਾਹਿਬ।
ਦਰਬਾਰ ਲਾਹੌਰ ਤਾਂ ਸਤਬਚਨੀਆਂ ਸੀ। ਇਨ੍ਹਾਂ ਸ਼ਰਤਾਂ ਨੂੰ ਮਨਜ਼ੂਰ ਕਰ ਕੇ ਰਾਣੀ ਤੋਂ ਪੁੱਛੇ ਬਿਨਾਂ ਦਸਤਖ਼ਤ ਕਰ ਦਿਤੇ ਤੇ ਵਰਤੋਂ ਹੋਣ ਲਗੀ।
ਜਦ ਰਾਜ੍ਯ ਦੇ ਕੰਮਾਂ ਵਿੱਚੋਂ ਰਾਣੀ ਦਾ ਦਖ਼ਲ ਉੱਠ ਗਿਆ ਤਦ ਓਸ ਨੇ ਕੌਂਸਲ ਦੇ ਸਰਦਾਰਾਂ ਨੂੰ ਸੱਦ ਕੇ ਬੜੇ ਗੁੱਸੇ ਦੇ ਨਾਲ ਕਿਹਾ ਕਿ ਤੁਹਾਡੀ ਹੀ ਚਾਲ ਨਾਲ ਲਾਲ ਸਿੰਘ ਨੂੰ ਦੇਸ ਨਿਕਾਲਾ ਦਿੱਤਾ ਗਿਆ ਹੈ, ਤੁਹਾਡੇ ਰਾਹੀਂ ਹੀ ਰਾਜ੍ਯ ਨਸ਼ਟ ਹੋਇਆ, ਹੁਣ ਵੀ ਆਪਣੀ ਦਾੜੀ ਸ਼ਕਤੀਵਾਨ ਦੇ ਹੱਥ ਫੜਾ ਕੇ ਆਪਣੇ ਆਪ ਨੂੰ ਉੱਕਾ ਕਮਜ਼ੋਰ ਬਣਾ ਲਿਆ ਹੈ, ਇਹ ਤੁਸੀਂ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਰਹੇ ਹੋ। ਹਾਥੀ ਨੂੰ ਗੰਨਾ ਫੜਾ ਦੇਣਾ ਸੁਖੱਲਾ ਹੈ, ਕਿੰਤੂ ਛੁਡਾਣਾ ਮੁਸ਼ਕਲ ਹੋ ਜਾਂਦਾ ਹੈ। ਆਪਣੇ ਉੱਪਰ ਦੂਜੀ ਕੌਮ ਦਾ ਵਧ ਤੋਂ ਵਧ ਬੋਝ ਉਨਾਂਦੇ ਜਾਣਾ ਇੱਕ ਦਿਨ ਰਾਜ੍ਯ ਦੀ ਤਬਾਹੀ ਤੇ ਤੁਹਾਡੀ ਬਰਬਾਦੀ ਦਾ ਕਾਰਨ ਹੋਵੇਗਾ, ਹੁਣ ਮੇਰੇ ਆਖੇ ਕੀ ਹੋ ਸਕਦਾ ਹੈ, ਜਦ ਤੁਸੀਂ ਹੀ ਮਹਾਰਾਜੇ ਦਾ ਘਰ ਖ਼ਰਾਬ ਕਰਨ ਲੱਗੇ ਹੋ? ਫਿਰ ਅੱਖਾਂ ਵਿੱਚੋਂ ਹੰਝੂ ਵਹਾ ਕੇ ਠੰਢਾ ਸਾਹ ਭਰ ਕੇ ਕਿਹਾ, ਕਿ ਮੈਂ ਚੰਗੀ ਤਰ੍ਹਾਂ ਸਮਝ ਚੁੱਕੀ ਹਾਂ ਕਿ ਤੁਹਾਡਾ ਸਤਬਚਨੀਏ ਬਣੀ ਜਾਣ ਨੇ ਹੀ ਇਹ ਦਿਨ ਆਂਦਾ ਹੈ ਤੇ ਤੁਹਾਡੀ ਬੁਜ਼ਦਿਲੀ ਤੇ ਬੇਈਮਾਨੀ ਮੈਨੂੰ ਤੇ ਮੇਰੇ ਪੁੱਤ੍ਰ ਨੂੰ ਲਾਹੌਰ ਨਹੀਂ ਰਹਿਣ ਦੇਵੇਗੀ। ਸਾਨੂੰ ਤਾਂ ਫਿਰ ਵੀ ਚੰਗਾ ਮੰਦਾ ਟੁਕੜਾ ਮਿਲ ਹੀ ਰਹੇਗਾ, ਕਿੰਤੂ ਤੁਹਾਡੀਆਂ ਸਰਦਾਰੀਆਂ ਨਹੀਂ ਰਹਿਣਗੀਆਂ। ਤੁਹਾਡੀ ਸੰਤਾਨ ਨੂੰ ਸੇਰ ਭਰ ਆਟੇ ਦੇ ਵਾਸਤੇ ਅੰਗ੍ਰੇਜ਼ਾਂ ਦੀਆਂ ਜੁੱਤੀਆਂ ਉਠਾਣੀਆਂ ਪੈਣਗੀਆਂ। ਤੁਹਾਡੀ ਇਸ ਲੂਣਹਰਾਮੀ ਤੇ ਭੈੜੀ ਨੀਤ ਦੇ ਹਾਲ ਇਤਿਹਾਸ ਦੇ ਵਰਕਿਆਂ ਤੇ ਲਿਖੇ ਜਾਣਗੇ, ਜਦ ਤਕ ਜਗਤ ਰਹੇਗਾ ਤੁਹਾਨੂੰ ਫਿਟਕਾਰਾਂ ਪੁਵਾਂਦੇ ਰਹਿਣਗੇ। ਸੋ ਮੈਂ ਤਾਂ ਜੋ ਕੁਝ ਤੁਹਾਨੂੰ ਕਹਿਣਾ ਸੀ ਅੱਜ ਹੀ ਕਹਿ ਦਿੱਤਾ ਹੈ। ਫਿਰ ਤੁਸਾਂ ਮੈਨੂੰ ਆਖਣ ਦਾ ਸਮਾਂ ਨਹੀਂ ਦੇਣਾ, ਤੇ ਨਾ ਮੈਂ ਆਖਣਾ ਹੈ।
ਇਸ ਵਿੱਚ ਕੁਝ ਸ਼ੱਕ ਨਹੀਂ ਕਿ ਰਾਣੀ ਨੇ ਜੋ ਕੁਝ ਇਹ ਕਿਹਾ ਸੀ ਮੁਲਕ ਤੇ ਆਪਣੇ ਰਾਜ੍ਯ ਦੀ ਹਮਦਰਦੀ ਲਈ ਕਿਹਾ ਸੀ, ਕਿੰਤੂ ਰਾਜਾ ਤੇਜ ਸਿੰਘ ਤੇ ਦੋ ਤਿੰਨ ਹੋਰ ਮੈਂਬਰ ਜੋ ਮਹਾਰਾਣੀ ਤੇ ਲਾਲ ਸਿੰਘ ਦਾ ਧੜਾ ਕਰਨ ਦੇ ਕਾਰਨ ਗੁੱਸੇ ਸਨ, ਇਨ੍ਹਾਂ ਲੂਣਹਰਾਮਾਂ ਨੇ ਇਹ ਸਾਰੀ ਗੱਲ ਅਜੇਹੇ ਢੰਗ ਨਾਲ ਜਾ ਕੇ ਅੰਗ੍ਰੇਜ਼ ਅਫਸਰਾਂ ਨੂੰ ਸੁਣਾਈ ਕਿ ਜਿਸ ਤੋਂ ਗ੍ਵਰਨਰ ਜਨਰਲ ਤੇ ਰੈਜ਼ੀਡੈਂਟ ਦੀ ਸ਼ਕਾਇਤ ਮਲੂਮ ਹੋਵੇ। ਰੈਜ਼ੀਡੈਂਟ ਅੱਗੇ ਹੀ ਰਾਣੀ ਸਾਹਿਬ ਵੱਲੋਂ ਕਈ ਗੱਲਾਂ ਤੋਂ ਗ਼ੁੱਸੇ ਵਿੱਚ ਸੀ। ਹੁਣ ਤੇਜ ਸਿੰਘ ਦੇ ਤੇਜ਼ ਕਰਨ ਨਾਲ ਹੋਰ ਵੀ ਅਗਬਗੋਲਾ ਹੋ ਗਿਆ। ਹੁਣ ਇਸ ਨਵੇਂ ਇਕਰਾਰਨਾਮੇ ਅਨੁਸਾਰ ਰੈਜ਼ੀਡੈਂਟ ਕਰਈ ਸਾਹਿਬ ਨੇ ਜੋ ਲਾਰੰਸ ਸਾਹਿਬ ਦੀ ਥਾਂ ਆਇਆ ਸੀ, ਦੀਵਾਨੀ ਤੇ ਫੌਜਦਾਰੀ ਹਰ ਇੱਕ ਮਹਿਕਮੇ ਦੀ ਸ਼ਕਲ ਹੀ ਬਦਲ ਦਿੱਤੀ।
ਪੰਜਾਬ ਦੀ ਕੁਦਰਤੀ ਬਹਾਦਰ ਪਰਜਾ ਦਾ ਰੰਗ ਢੰਗ ਤੇ ਚਾਲ ਚਲਨ ਹੀ ਹਿੰਦੁਸਤਾਨੀ ਵਾਂਗ ਹੋਣ ਲੱਗਾ। ਜੋ ਸਿੱਖ ਹਰ ਸਮੇਂ ਆਪਣੀ ਤਲਵਾਰ ਨੂੰ ਵੈਰੀ ਦੇ ਖੂਨ ਨਾਲ ਤਰ ਰੱਖਣ ਵਿੱਚ ਖ਼ੁਸ਼ ਰਹਿੰਦੇ ਸਨ, ਓਹ ਹੁਣ ਤਲਵਾਰ ਦੀ ਮੁਠ ਬਦਲੇ ਹਲ ਦੀ ਮੁਠ ਫੜਨ ਲੱਗੇ। ਓਹ ਸਿੱਖ ਜੋ ਅੱਜ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੇਰ ਤੇ ਅੰਗ੍ਰੇਜ਼ਾਂ ਨੂੰ ਬੱਕਰੀ ਸਮਝ ਕੇ ਲਾਟ ਸਾਹਿਬ ਨੂੰ ਪੰਜਾਬ
ਵਿੱਚ ਆਇਆ ਵੇਖ ਗੁੱਸੇ ਨਾਲ ਅੱਖਾਂ ਲਾਲ ਕਰ ਕੇ ਤਲਵਾਰ ਦੀ ਮੁਠ ਤੇ ਹੱਥ ਲੈ ਜਾਂਦੇ ਸਨ, ਓਹ ਅੰਗ੍ਰੇਜ਼ਾਂ ਨੂੰ ਦੂਰੋਂ ਵੇਖ ਕੇ ਹੀ ਝੁਕ ਝੁਕ ਕੇ ਸਲਾਮ ਕਰਨ ਲੱਗੇ। ੨੩ ਅਕਤੂਬਰ ੧੮੪੭ ਨੂੰ ਇੱਕ ਚਿੱਠੀ ਲਾਟ ਸਾਹਿਬ ਦੀ ਮੰਗਵਾ ਕੇ ਰੈਜ਼ੀਡੈਂਟ ਸਾਹਿਬ ਨੇ ਬਿਲਕੁਲ ਸਾਰੇ ਕੰਮ ਸਲਤਨਤ ਦੇ ਆਪਣੇ ਹੱਥ ਵਿੱਚ ਲੈ ਲਏ। ਕੋਈ ਕੰਮ ਮੈਂਬਰਾਂ ਦੇ ਕਬਜ਼ੇ ਵਿੱਚ ਨਾ ਰਹਿਣ ਦਿੱਤਾ, ਕੌਂਸਲ ਨਾਮ ਧਰੀਕ ਰਹਿ ਗਈ।
ਲਾਲ ਸਿੰਘ ਦੇ ਜਾਣ ਮਗਰੋਂ ਤੇਜ ਸਿੰਘ ਨੇ ਮਹਲਾਂ ਵਿੱਚ ਜਾ ਕੇ ਰਾਣੀ ਦੀਆਂ ਖੁਲਮ ਖੁਲ੍ਹੀਆਂ ਗੱਲਾਂ ਕਰਨ ਦਾ ਯਤਨ ਕੀਤਾ। ਇੱਕ ਦਿਨ ਤੇਜ ਸਿੰਘ ਸ਼ਰਾਬ ਪੀ ਕੇ ਮਹਲਾਂ ਵਿੱਚ ਚਲਾ ਗਿਆ। ਮਹਾਰਾਣੀ ਨੇ ਇਸ ਨੂੰ ਫਿਟਕਾਰ ਪਾਈ ਤੇ ਨੌਕਰਾਣੀਆਂ ਤੋਂ ਧੱਕੇ ਦਵਾ ਕੇ ਮਹਲਾਂ ਵਿਚੋਂ ਬਾਹਰ ਕੱਢ ਦਿੱਤਾ ਤੇ ਅੱਗੋਂ ਨੂੰ ਅੰਦਰ ਆਉਣ ਦੀ ਰੋਕ ਕਰ ਦਿੱਤੀ। ਇਸ ਤੋਂ ਤੇਜ ਸਿੰਘ ਨੂੰ ਹੋਰ ਵੀ ਅੱਗ ਲਗ ਗਈ। ਉਹਨੇ ਰੈਜ਼ੀਡੰਟ ਨੂੰ ਸਿੱਧੀਆਂ ਪੁੱਠੀਆਂ ਗੱਲਾਂ ਕੈਹਕੇ ਰਾਣੀ ਦੇ ਵਿਰੁੱਧ ਹੋਰ ਵੀ ਕਰ ਦਿੱਤਾ। ਹੁਣ ਰੈਜ਼ੀਡੈਂਟ ਸਾਹਿਬ ਨੂੰ ਰਾਣੀ ਦੀ ਗਲ ਗਲ ਤੇ ਸ਼ੁਬ੍ਹਾ ਹੋਣ ਲਗਾ।
੮ ਨਵੰਬਰ ੧੮੪੭ ਨੂੰ ਰਾਣੀ ਦੇ ਨਾਮ ਰੈਜ਼ੀਡੈਂਟ ਵਲੋਂ ਇੱਕ ਚਿੱਠੀ ਪੁੱਜੀ, ਜਿਸ ਲਿਖਿਆ ਸੀ ਕਿ:
'ਅਫਵਾਹ ਉਡ ਰਹੀ ਹੈ ਕਿ ਮਹਾਰਾਣੀ ੧੫-੨੦ ਸਰਦਾਰਾਂ ਨੂੰ ਵੇਲੇ ਕੁਵੇਲੇ ਰੋਟੀ ਦੇ ਬਹਾਨੇ ਘਰ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਇਕਾਂਤ ਵਿੱਚ ਸਲਾਹਾਂ ਕਰਦੀ ਹੈ ਤੇ ਹਰ ਰੋਜ਼ ੫੦ ਬ੍ਰਾਹਮਣਾਂ ਨੂੰ ਚੰਗਾ ਚੋਖਾ ਪ੍ਰਸ਼ਾਦ ਛਕਾ ਕੇ ਨਕਦੀ ਵੀ ਦੇਂਦੀ ਹੈ ਤੇ ਆਪ ਉਹਨਾਂ ਦੇ ਪੈਰ ਧੋਂਦੀ ਹੈ ਤੇ ਹੁਣ ੧੦੦ ਬ੍ਰਾਹਮਣ ਦੀ ਰੋਟੀ ਕਰਨ ਦੀ ਤਜਵੀਜ਼ ਕਰ ਰਹੀ ਹੈ। ਨੌਕਰ ਚਾਕਰ ਤੇ ਨੌਕਰਾਣੀਆਂ ਕਈ ਸਰਦਾਰਾਂ ਪਾਸ ਸਲਾਹਾਂ ਕਰਨ ਵਾਸਤੇ ਭੇਜੀਆਂ ਜਾਂਦੀਆਂ ਹਨ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਇੱਜ਼ਤ ਕਾਇਮ ਰਖਣ ਦਾ ਜ਼ੁਮੇਵਾਰ ਹਾਂ। ਇਸ ਕਰ ਕੇ ਕਹਿੰਦਾ ਹਾਂ ਕਿ ਮਹਾਰਾਣੀ ਨੂੰ ਇਹ ਕੰਮ ਉੱਕਾ ਨਹੀਂ ਕਰਨੇ ਚਾਹੁੰਦੇ। ਹੁਣ ਤੋਂ ਆਪਣੇ ਕਿਸੇ ਆਦਮੀ ਨੂੰ ਕਿਸੇ ਸਰਦਾਰ ਦੇ ਘਰ ਨਾ ਜਾਣ ਦਿਓ। ਨਾ ਕਿਸੇ ਸਿੱਖ ਨੂੰ ਜਾਂ ਬ੍ਰਾਹਮਣ ਨੂੰ ਦਾਨ ਦੇਵੋ। ਜੋ ਕੋਈ ਖੈਰਾਤ ਕਰਨੀ ਹੋਵੇ ਤਦ ਹਰ ਮਹੀਨੇ ਦੀ ਸੰਗਰਾਂਦ ਨੂੰ ਕੌਂਸਲ ਦੇ ਮੈਂਬਰਾਂ ਦੇ ਸਾਹਮਣੇ ਭੇਜ ਦਿੱਤਾ ਕਰੋ।'
ਮਹਾਰਾਜਾ ਦਲੀਪ ਸਿੰਘ ਨੂੰ ਇਸ ਚਿੱਠੀ ਦਾ ਉੱਤਰ ਬੜੇ ਨਰਮ ਸ਼ਬਦਾਂ ਵਿੱਚ ਦੇਣਾ ਪਿਆ ਜੋ ਉਸ ਨੇ ਹੰਝੂ ਕੇਰ ਕੇ ਕਿਹਾ। ਰਾਣੀ ਸਾਹਿਬ ਨੇ ਜੋ ਚਿੱਠੀ ਲਿਖੀ ਉਹਦੇ ਨਾਲ ਰੈਜ਼ੀਡੈਂਟ ਦੀ ਹਰ ਤਰ੍ਹਾਂ ਤਸੱਲੀ ਹੋ ਗਈ, ਕਿੰਤੂ ਦਵੈਖੀਆਂ ਤੇ ਦਵੈਸ਼ੀਆਂ ਦੇ ਹਰ ਵੇਲੇ ਸਿਖਾਣ ਪੜ੍ਹਾਣ ਤੋਂ ਰੈਜ਼ੀਡੈਂਟ ਦੇ ਦਿਲ ਵਿੱਚ ਰਾਣੀ ਬਾਬਤ ਸ਼ਕ ਵਧਦਾ ਹੀ ਗਿਆ। ਇੱਕ ਦਿਨ ਇੱਕ ਖਤਰਾਣੀ ਜੋ ਮਹਾਰਾਣੀ ਸਾਹਿਬਾਂ ਦੀ ਸਹੇਲੀ ਸੀ, ਮੁਲਤਾਨ ਤੋਂ ਆਉਂਦੀ ਵੇਰ ਇੱਕ ਚਿੱਟਾ ਗੰਨਾ ਜੋ ਹਿੰਦੂ ਸ਼ਾਸਤਰਾਂ ਵਿੱਚ ਚੰਗੀ ਚੀਜ਼ ਦੱਸੀ ਹੈ, ਆਉਂਦੀ ਵੇਰ ਲੈ ਆਈ। ਰੈਜ਼ੀਡੈਂਟ ਨੇ ਇਸ ਦੇ ਆਉਣ ਤੋਂ ਇਹ ਨਤੀਜਾ ਕੱਢਿਆ ਕਿ ਇਸ ਆਵਾਜਾਈ ਦੇ ਬਹਾਨੇ ਰਾਣੀ ਜਿੰਦਾਂ ਮੁਲਤਾਨ ਦੇ ਦੀਵਾਨ ਮੂਲ ਰਾਜ ਨੂੰ ਅੰਗਰੇਜ਼ਾਂ ਦੇ ਵਿਰੁੱਧ ਭੜਕਾਉਣ ਦੀ ਗੋਂਦ ਗੁੰਦ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਮਾਮਲਿਆਂ ਤੇ ਰੈਜ਼ੀਡੈਂਟ ਦਾ ਸ਼ੱਕ ਵਧਦਾ ਹੀ ਗਿਆ। ਬ੍ਰਹਮਾ ਨਾਮ ਦਾ ਇੱਕ ਆਦਮੀ ਜੋ ਪਹਿਲਾਂ ਗੁਲਾਬ ਸਿੰਘ ਦਾ ਖ਼ਾਸ ਨੌਕਰ ਸੀ, ਮਹਾਰਾਣੀ ਪਾਸ ਨੌਕਰ ਰਖਾਇਆ ਗਿਆ। ਫਿਰ ਇਸ ਦੀ ਜ਼ਬਾਨੀ ਤੇਜ ਸਿੰਘ ਤੇ ਗੁਲਾਬ ਸਿੰਘ ਨੇ ਜੋ ਰਾਣੀ ਦੇ ਬੜੇ ਦੁਸ਼ਮਣ ਬਣ ਰਹੇ ਸਨ, ਮਹਾਰਾਣੀ ਦੀ ਸ਼ਾਨ ਵਿਚ ਬੜੀਆਂ ਹੀ ਅਯੋਗ ਗੱਲਾਂ ਰੈਜ਼ੀਡੈਂਟ ਸਾਹਿਬ ਦੇ ਸਾਹਮਣੇ ਅਖਵਾਈਆਂ। ਰੈਜ਼ੀਡੈਂਟ ਨੇ ਇਹ ਸਾਰੀਆਂ ਗੱਲਾਂ ਲਿਖ ਕੇ ਰਾਣੀ ਦੇ ਵਿਰੁੱਧ ਗਵਰਨਰ ਜਨਰਲ ਪਾਸ ਸ਼ਕਾਇਤ ਕਰ ਦਿੱਤੀ। ਅਜੇ ਇਸ ਸ਼ਕਾਇਤ ਦਾ ਕੋਈ ਉੱਤਰ ਨਹੀਂ ਆਇਆ ਸੀ ਕਿ ਤੇਜ ਸਿੰਘ ਨੂੰ, ਜਿਸ ਨੂੰ ਸਿਆਲਕੋਟ ਦੇ ਇਲਾਕੇ ਵਿੱਚ ੩੦ ਹਜ਼ਾਰ ਜਾਗੀਰ ਦਿੱਤੀ ਗਈ ਸੀ, ਆਮ ਦਰਬਾਰ ਵਿੱਚ ਰਾਜਾ ਦਾ ਖ਼ਿਤਾਬ ਦਿੱਤਾ ਜਾਣ ਲੱਗਾ ਜੋ
ਤਿਲਕ ਦੇਣ ਦੇ ਦਿਨ ਮਹਾਰਾਜਾ ਦਲੀਪ ਸਿੰਘ ਨੇ ਤੇਜ ਸਿੰਘ ਦੀਆਂ ਚਲਾਕੀਆਂ, ਬੇਈਮਾਨੀਆਂ ਤੇ ਫਰੇਬਾਂ ਨੂੰ ਮੁਖ ਰੱਖ ਕੇ ਆਪਣੀ ਹੱਥੀਂ ਅਜੇਹੇ ਆਦਮੀ ਨੂੰ ਤਿਲਕ ਦੇਣਾ ਉਚਿਤ ਨਾ ਸਮਝਿਆ। ਤੇਜ ਸਿੰਘ ਦੀਆਂ ਚੁਗਲੀਆਂ ਤੇ ਰੈਜ਼ੀਡੈਂਟ ਨੇ ਇਹ ਗੱਲ ਬਣਾ ਕੇ ਕਿ ਰਾਣੀ ਜਿੰਦਾਂ ਨੇ ਹੀ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿਖਲਾ ਕੇ ਤਿਲਕ ਨਹੀਂ ਦੇਣ ਦਿੱਤਾ। ਸੋ ਕੌਂਸਲ ਦੇ ਮੈਂਬਰਾਂ ਦੇ ਪਾਸੋਂ ਇੱਕ ਦਰਖ਼ਾਸਤ ਲਿਖਵਾਈ ਕਿ ਰਾਣੀ ਦਰਬਾਰ ਦੇ ਕੰਮਾਂ ਵਿੱਚ ਰੋਕ ਪਾਂਦੀ ਹੈ। ਸੋ ਇਸ ਸਕਾਇਤ ਨੂੰ ਰੈਜ਼ੀਡੈਂਟ ਨੇ ਗਵਰਨਰ ਪਾਸ ਭੇਜ ਕੇ ਮਨਜ਼ੂਰੀ ਮੰਗਾ ਲਈ ਤੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ; ਜੋ ਲਾਹੌਰ ਤੋਂ ੧੩ ਕੋਹ ਦੀ ਵਿਥ ਤੇ ਹੈ, ਭਿਜਵਾ ਦਿੱਤਾ ਤੇ ਨਜ਼ਰਬੰਦ ਕਰ ਦਿੱਤਾ। ਹੁਣ ਮਹਾਰਾਣੀ ਨੂੰ (੪੦੦੦) ਦੀ ਪਿਨਸ਼ਨ ਤੇ ਗੁਜ਼ਾਰਾ ਕਰਨਾ ਪਿਆ ਤੇ ਜਿਨ੍ਹਾਂ ਅੰਗ੍ਰੇਜ਼ਾਂ ਦੇ ਪ੍ਰਬੰਧ ਵਾਸਤੇ ਓਸ ਨੇ ਖਾਲਸਾ ਫੌਜ ਨੂੰ ਤਬਾਹ ਕਰਵਾਯਾ ਸੀ, ਕੈਦ ਰਹਿਣਾ ਪਿਆ ਤੇ ਇਸ ਤਰ੍ਹਾਂ ਰਾਣੀ ਜਿੰਦਾਂ ਆਪਣੇ ਪੁੱਤਰ ਦਾ ਮੂੰਹ ਵੇਖਣ ਤੋਂ ਵੀ ਵੰਚਤ ਕਰ ਦਿੱਤੀ ਗਈ। ਇਹ ਕਲੰਕ ਦਾ ਟਿੱਕਾ ਵੀ ਤੇਜ ਸਿੰਘ ਦੇ ਮੱਥੇ ਲੱਗਾ। ਰੈਜ਼ੀਡੈਂਟ ਨੇ ਇਸ ਖ਼ਿਆਲ ਤੋਂ ਕਿ ਕਿਤੇ ਸਰਦਾਰ ਨਾ ਵਿਗੜ ਜਾਣ, ਗਵਰਨਰ ਤੋਂ ਮਨਜ਼ੂਰੀ ਮੰਗਾ ਕੇ ਓਹਨਾਂ ਨੂੰ ਹੇਠ ਲਿਖੇ ਵੇਰਵੇ ਅਨੁਸਾਰ ਜਾਗੀਰਾਂ ਦੇ ਦਿੱਤੀਆਂ:
੨੨ ਫਰਵਰੀ ੧੮੪੩ ਨੂੰ ਪ੍ਰਗਟ ਕੀਤਾ ਗਿਆ ਕਿ ਰਾਜਾ ਤੇਜ ਸਿੰਘ ੩੦ ਹਜ਼ਾਰ, ਸਰਦਾਰ ਸ਼ੇਰ ਸਿੰਘ ੨੧ ਹਜ਼ਾਰ, ਸਰਦਾਰ ਚਤਰ ਸਿੰਘ ਦੋਨਾਂ ਪੁਤਰਾਂ ਸਮੇਤ ਇਕੀ ਹਜ਼ਾਰ, ਅਤਰ ਸਿੰਘ ਕਾਲਿਆਂ ਵਾਲਾ ੨੧ ਹਜ਼ਾਰ, ਰਾਮ ਸਿੰਘ ੧੧ ਹਜ਼ਾਰ, ਗੁਲਾਬ ਸਿੰਘ ਧੋਂਦੀਆਂ, ੧੮ ਹਜ਼ਾਰ; ਫ਼ਕੀਰ ਨੂਰਓਦੀਨ ੨੧ ਹਜ਼ਾਰ, ਲੈਹਣਾ ਸਿੰਘ ੨੫ ਹਜ਼ਾਰ, ਸ਼ਮਸ਼ੇਰ ਸਿੰਘ ੧੧ ਹਜ਼ਾਰ, ਭਾਈ ਨਿਧਾਨ ਸਿੰਘ ੧੧ ਹਜ਼ਾਰ, ਦੀਵਾਨ ਦੀਨਾਨਾਥ ੨੧ ਹਜ਼ਾਰ, ਦੀਵਾਨ ਅਜੁੱਧਯਾ ਪ੍ਰਸ਼ਾਦਿ ੧੧ ਹਜ਼ਾਰ, ਦੀਵਾਨ ਸ਼ੰਕਰ ਨਾਥ ਦੋ ਹਜ਼ਾਰ, ਬਖ਼ਸ਼ੀ ਘਨੱਯਾ ਲਾਲ ੪ ਹਜ਼ਾਰ, ਮੁਤਸਦੀ ਲਾਲ ਦੋ ਹਜ਼ਾਰ, ਅਮਰ ਨਾਥ ਫਰਜੰਦ ਦੀਨਾਨਾਥ ੫ ਹਜ਼ਾਰ, ਅਤਰ ਮੱਲ ੨ ਹਜ਼ਾਰ, ਲੱਛਮਨ ਪ੍ਰਸ਼ਾਦ ੧੪੦੦), ਮੂਲ ਸਿੰਘ ੭੦੦੦), ਰਤਨ ਚੰਦ ੨੦੦੦), ਰਤਨ ਚੰਦ ਰਸਾਲਾ ਵਾਲਾ ੧੦੦੦), ਰਾਏ ਕਿਸ਼ਨ ਚੰਦ ੧੦੦੦), ਸਰਦਾਰ ਕ੍ਰਿਪਾਲ ਸਿੰਘ ੪੦੦੦), ਬਖ਼ਸ਼ੀ ਭਗਤ ਰਾਮ ੧੪) ਰੁਪਯੇ ਰੋਜ਼, ਜਮੀਤ ਰਾਏ ੧੦) ਰੋਜ਼, ਦਿਆਲ ਸਿੰਘ ੯) ਰੋਜ਼, ਰਾਮਚੰਦ ੪), ਰਾਮਚੰਦ ੨) ਰੋਜ਼।
ਸਿੱਖਾਂ ਦੇ ਦੂਜੇ ਜੰਗ ਦਾ ਪ੍ਰਾਰੰਭ
੧੭. ਮੁਲਤਾਨ ਦੇ ਸੂਬੇ ਦੀਵਾਨ ਮੂਲਰਾਜ ਦਾ ਰਾਜ ਵਿਦਰੋਹ
ਅੰਗ੍ਰੇਜ਼ਾਂ ਦੇ ਪੰਜਾਬ ਵਿੱਚ ਆਉਣ ਤੇ ਸਰ ਹੈਨਰੀ ਲਾਰੰਸ ਰੈਜ਼ੀਡੰਟ ਤੇ ਲਾਰਡ ਹਾਰਡਿੰਗ ਗਵਰਨਰ ਜਨਰਲ ਦੇ ਸਮੇਂ ਦੋ ਸਾਲ ਹੱਛੇ ਬੀਤੇ। ਕਿੰਤੂ ਸਰ ਹੈਨਰੀ ਲਾਰੰਸ ਦੇ ਵਲਾਇਤ ਚਲੇ ਜਾਣ ਦੇ ਮਗਰੋਂ ਜਦ ਕਰੀ ਸਾਹਿਬ ਨੇ ੬ ਅਪ੍ਰੈਲ ੧੮੪੮ ਨੂੰ ਰੈਜ਼ੀਡੈਂਟ ਦਾ ਚਾਰਜ ਲਿਆ, ਤਦ ਪਹਿਲਾਂ ਤਾਂ ਇਸ ਨੇ ਤੇਜ ਸਿੰਘ ਦੇ ਕਹੇ ਕਹਾਏ ਤੇ ਰਾਣੀ ਜਿੰਦਾਂ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਨਜ਼ਰਬੰਦ ਕੀਤਾ। ਫਿਰ ਅਜੇਹੀਆਂ ਪੁਲੀਟੀਕਲ ਚਾਲਾਂ ਚਲਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਤੇ ਸਿੱਖ ਸਰਦਾਰ ਤੰਗ ਆ ਕੇ ਦੰਦਾਂ ਹੇਠ ਉਂਗਲਾਂ ਕੱਟਣ ਲੱਗੇ। ਓਹ ਨਹੀਂ ਚਾਹੁੰਦੇ ਸਨ ਕਿ ਓਹਨਾਂ ਦੇ ਸਾਹਮਣੇ ਸਖ਼ਤੀ ਦਾ ਵਰਤਾਉ ਹੋਵੇ, ਕਿੰਤੂ ਓਹਨਾਂ ਨੂੰ ਪਤਾ ਨਹੀਂ ਸੀ ਕਿ ਇੱਕ ਨਵੀਂ ਬਿਪਤਾ ਦੇਸ਼ ਤੇ ਆਉਣ ਵਾਲੀ ਹੈ ਜਿਸ ਨਾਲ ਬੇਅੰਤ ਕਲੇਸ਼ ਉਠਾਣਾ ਪਏਗਾ। ਲਾਰਡ ਹਾਰਡਿੰਗ ਆਪਣਾ ਗਵਰਨਰ ਜਨਰਲ ਦਾ ਅਹੁਦਾ ਡਲਹੌਜ਼ੀ ਨੂੰ ਦੇ ਗਏ, ਜੋ ਆਪਣੀ ਕਮਰ ਨਾਲ ਲੜਾਈ ਦੀ ਤਲਵਾਰ ਬੰਨੀ ਦੁਖਾਂ ਦਾ ਨਗਾਰਾ ਵਜਾਂਦੇ ਆ ਗਏ।
ਜਾਂਦੀ ਵੇਰ ਲਾਰਡ ਹਾਰਡਿੰਗ ਨੇ ਇੱਕ ਢੰਗ ਦੇ ਨਾਲ ਡਲਹੌਜ਼ੀ ਨੂੰ ਕਹਿ ਦਿੱਤਾ ਸੀ ਕਿ ਜੇ ਤੁਸੀਂ ਪੰਜਾਬ ਤੇ ਸਖ਼ਤੀ ਨਹੀਂ ਕਰੋਗੇ ਤਦ ਤੁਹਾਨੂੰ ਹਿੰਦੁਸਤਾਨ ਵਿੱਚ ਇੱਕ ਗੋਲੀ ਭੀ ਨਹੀਂ ਚਲਾਣੀ ਪਏਗੀ। ਕਿੰਤੂ ਲਾਰਡ ਹਾਰਡਿੰਗ ਅਜੇ ਮੁਸ਼ਕਲ ਨਾਲ ਵਲਾਇਤ ਹੀ ਅੱਪੜੇ ਸਨ ਕਿ ਲਾਰਡ ਡਲਹੌਜ਼ੀ ਨੇ ਆਪਣੀ ਚਾਲ ਨਾਲ ਮੁਲਕ ਦੀ ਹਾਲਤ ਹੀ ਬਦਲ ਦਿੱਤੀ। ਇਨ੍ਹਾਂ ਦੀ ਪਾਲਸੀ ਨੇ ਮੁਲਕ ਦੇ ਰਈਸਾਂ ਦਾ ਖੂਨ ਪੀ ਲਿਆ, ਜਿਸ ਦਾ ਸਿੱਟਾ ੧੮੫੭ ਦਾ ਗਦਰ ਸੂਰਤ ਵਿੱਚ ਪ੍ਰਗਟ ਹੋਇਆ। ਪੰਜਾਬ ਤਾਂ ਸਾਰਾ ਝੁਲਸ ਗਿਆ। ਖੈਰ ਸਾਨੂੰ ਇਸ ਨਾਲ ਕੁਝ ਮਤਲਬ ਨਹੀਂ, ਅਸਾਂ ਤਾਂ ਓਹ ਹਾਲ ਦੱਸਣਾ ਹੈ ਜੋ ਸਿੱਖਾਂ ਨਾਲ ਵਰਤਿਆ। ਸਲਤਨਤ ਲਾਹੌਰ ਦੀ ਵਿਗੜੀ ਹੋਈ ਹਾਲਤ ਸਰ ਹੈਨਰੀ ਲਾਰੰਸ ਤੇ ਲਾਰਡ ਹਾਰਡਿੰਗ ਨੇ ਇੱਕ ਢਬ ਤੇ ਕਰ ਕੇ ਚਲਾਈ ਸੀ, ਕਿੰਤੂ ਜਦ ਕਰੀ ਸਾਹਿਬ ਰੈਜ਼ੀਡੰਟ ਤੇ ਲਾਰਡ ਹਾਰਡਿੰਗ ਦੀ ਜਗ੍ਹਾ ਡਲਹੌਜੀ ਗਵਰਨਰ ਜਨਰਲ ਹਿੰਦ ਹੋ ਗਿਆ ਤਦ ਇਨ੍ਹਾਂ ਦੀ ਵਧੀਕੀ ਤੇ ਸਖ਼ਤੀ ਤੋਂ ਪੰਜਾਬ ਵਿੱਚ ਛੇਤੀ ਹੀ ਅੱਗ ਭੜਕਣ ਲੱਗ ਪਈ।
ਮਹਾਰਾਣੀ ਜਿੰਦਾਂ ਨੂੰ ਸ਼ੇਖੂਪੂਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਹੋਇਆ ਦੋ ਮਹੀਨੇ ਵੀ ਅਜੇ ਨਹੀਂ ਹੋਏ ਸਨ ਕਿ ਮੁਲਤਾਨ ਵਿੱਚ ਫਸਾਦ ਦੀ ਅੱਗ ਭੜਕ ਉਠੀ। ਇਸ ਦਾ ਕਾਰਨ ਇਹ ਸੀ ਕਿ ਮੁਲਤਾਨ ਦੇ ਸੂਬੇ ਸਾਵਣ ਮਲ ਦੇ ਮਰਨ ਤੇ ਓਹਦਾ ਲੜਕਾ ਮੂਲਰਾਜ ਸੂਬੇਦਾਰ ਮੁਕੱਰਰ ਹੋਇਆ। ਓਸ ਨੇ ਗੱਦੀ ਤੇ ਬੈਠਣ ਦਾ ਨਜ਼ਰਾਨਾ ਤੇ ਕੁਝ ਸਾਲਾਂ ਦਾ ਖਰਾਜ ਨਹੀਂ ਦਿੱਤਾ ਸੀ, ਕਿਉਂਕਿ ਸਤਲੁਜ ਦੇ ਜੰਗ ਦਾ ਝਗੜਾ ਸ਼ੁਰੂ ਹੋ ਗਿਆ ਸੀ। ਹੁਣ ਰੈਜ਼ੀਡੰਟ ਵਲੋਂ ਜਦ ਇਸ ਇੱਕ ਕਰੋੜ ਦੇ ਕਰੀਬ ਰਕਮ ਦੀ ਮੰਗ ਹੋਈ ਤਦ ਓਹਨੇ ਇੱਕ ਦਮ ਇਹ ਸਾਰੀ ਰਕਮ ਨਾ ਦੇ ਸਕਣ ਬਾਬਤ ਕਿਹਾ, ਕਿੰਤੂ ਓਹਨੂੰ ਲਾਹੌਰ ਸੱਦਿਆ ਗਿਆ। ਇਹਦੇ ਲਾਹੌਰ ਆਉਣ ਤੇ ਇਸ ਗਲ ਨੂੰ ਨਿਪਟਾਣ ਦੀ ਜਗ੍ਹਾ ਓਹਨੂੰ ਕਿਹਾ ਗਿਆ ਕਿ ਅਗੋਂ ਨੂੰ ਤੇਰੇ ਫੈਸਲਿਆਂ ਦੀ ਅਪੀਲ ਲਾਹੌਰ ਹੋਇਆ ਕਰੇਗੀ। ਇਹ ਨਵੀਂ ਗੱਲ ਜੋ ਅੱਗੇ ਓਹਦੇ ਵਡਕਿਆਂ ਦੇ ਵੇਲੇ ਕਦੀ ਨਹੀਂ ਹੋਈ ਸੀ, ਮੂਲ ਰਾਜ ਨੂੰ ਬੁਰੀ ਭਾਸੀ। ਓਹਨੇ ਇਨ੍ਹਾਂ ਤਿੰਨਾਂ ਗੱਲਾਂ ਤੋਂ ਘਬਰਾ ਕੇ ਮੁਲਤਾਨ ਦੀ ਸੂਬੇਦਾਰੀ ਛੱਡਣ ਦਾ ਇਰਾਦਾ ਹੀ ਨਹੀਂ ਕੀਤਾ, ਬਲਕਿ ਅਸਤੀਫਾ ਲਿਖ ਕੇ ਦੇ ਵੀ ਦਿੱਤਾ। ਜਦ ਇਸ ਤੋਂ ਅਸਤੀਫੇ ਦਾ ਕਾਰਨ ਪੁਛਿਆ ਗਿਆ ਤਦ ਓਹਨੇ ਕਿਹਾ ਕਿ:
(੧) ਮੈਂ ਖਰਾਜ ਦੀ ਸਾਰੀ ਰਕਮ ਇੱਕ ਵੇਰ ਦੇਣ ਤੋਂ ਅਸਮਰਥ ਹਾਂ।
(੨) ਮੈਂ ਅੱਗੇ ਆਪਣੀ ਪਰਜਾ ਨੂੰ ਮੁਸ਼ਕਲ ਨਾਲ ਕਾਬੂ ਰਖ੍ਯਾ ਹੋਇਆ ਹੈ, ਜੇ ਤੁਹਾਡੇ ਆਖੇ ਲਗ ਕੇ ਮਾਮਲਾ ਵਧਾ ਦਿੱਤਾ ਤਦ ਮੁਲਕ ਵਿੱਚ ਬੇਅਮਨੀ ਹੋ ਜਾਣ ਦਾ ਡਰ ਹੈ।
(੩) ਮੇਰੇ ਫ਼ੈਸਲਾ ਹੋਏ ਹੋਏ ਮੁਕੱਦਮਿਆਂ ਦੀ ਜਦ ਲਾਹੌਰ ਦਰਬਾਰ ਵਿੱਚ ਅਪੀਲ ਹੋਵੇਗੀ ਤਦ ਮੇਰਾ ਲੋਕਾਂ ਦੇ ਦਿਲਾਂ ਵਿੱਚੋਂ ਰੋਅਬ ਉੱਠ ਜਾਏਗਾ। ਇਹ ਹਨ ਔਕੜਾਂ ਜਿਨ੍ਹਾਂ ਦੇ ਕਾਰਨ ਮੈਂ ਅਸਤੀਫਾ ਦੇਂਦਾ ਹਾਂ।
ਦੀਵਾਨ ਮੂਲਰਾਜ ਦਾ ਅਸਤੀਫਾ ਮਨਜ਼ੂਰ ਕਰ ਕੇ ਓਹਦੀ ਜਗਾ ਸਰਦਾਰ ਕਾਹਨ ਸਿੰਘ ਨੂੰ ਮੁਲਤਾਨ ਦਾ ਸੂਬੇਦਾਰ ਨੀਯਤ ਕੀਤਾ ਗਿਆ। ਐਗਨੀਊ ਤੇ ਐਂਡਰਸਨ ਸਾਹਿਬ ਚਾਰਜ ਦਵਾਣ ਲਈ ਮੁਲਤਾਨ ਗਏ। ਗਰਮੀਆਂ ਦਾ ਮੌਸਮ ਹੋਣ ਕਰ ਕੇ ਐਗਨਯੂ ਤੇ ਐਂਡਰਸਨ ਸਾਹਿਬ ੫੦੦ ਫੌਜੀ ਨਾਲ ਲੈ ਕੇ ਦਰਯਾ ਦੇ ਰਾਹ ਗਏ। ਸ੍ਰਦਾਰ ਕਾਹਨ ਸਿੰਘ ੮੦੦ ਸਵਾਰ ੬ ਤੋਪਾਂ ਘੋੜਿਆਂ ਵਾਲੀਆਂ ਲੈ ਕੇ ਖ਼ੁਸ਼ਕੀ ਦੇ ਰਾਹ ਗਏ। ਕਿੰਤੂ ਮੁਲਤਾਨ ਪੁੱਜਣ ਤੇ ਦੋਨੋਂ ਪਲਟਣਾਂ ਆਪਸ ਵਿੱਚ ਮਿਲ ਗਈਆਂ। ੧੮ ਅਪ੍ਰੈਲ ੧੮੪੮ ਨੂੰ ਮੁਲਤਾਨ ਅੱਪੜ ਕੇ ਈਦਗਾਹ ਦੇ ਮੈਦਾਨ ਵਿੱਚ ਤੰਬੂ ਲਾ ਦਿਤੇ। ਦੀਵਾਨ ਮੂਲਰਾਜ ਓਸੇ ਦਿਨ ਦੋ ਵਾਰੀ ਅੰਗ੍ਰੇਜ਼ ਅਫਸਰਾਂ ਨੂੰ ਮਿਲਣ ਵਾਸਤੇ ਆਇਆ ਤੇ ਬੜੀ ਇੱਜ਼ਤ ਨਾਲ ਮਿਲਿਆ ਤੇ ਨਵੇਂ ਦੀਵਾਨ ਨੂੰ ਸੂਬੇਦਾਰੀ ਖ਼ੁਸ਼ੀ ਖੁਸ਼ੀ ਦੇਣੀ ਪ੍ਰਗਟ ਕੀਤੀ।
ਦੂਜੇ ਦਿਨ ੧੯ ਅਪ੍ਰੈਲ ਨੂੰ ਮੂਲਰਾਜ ਨੇ ਆ ਕੇ ਦੋਨਾਂ ਅੰਗਰੇਜ਼ਾਂ ਤੇ ਸਰਦਾਰ ਕਾਹਨ ਸਿੰਘ ਨੂੰ ਨਾਲ ਲੈ ਲਿਆ ਤੇ ਕਿਲ੍ਹੇ ਦੇ ਅੰਦਰ ਦੀ ਹਰ ਇੱਕ ਜਗ੍ਹਾ ਵਿਖਾਈ। ਜਿੱਥੇ ਜਿੱਥੇ ਆਪਣੇ ਪਹਿਰੇ ਬਠਾਏ ਹੋਏ ਸਨ, ਉਠਾ ਲਏ ਤੇ ਸ੍ਰਦਾਰ ਕਾਹਨ ਸਿੰਘ ਦੇ ਨਾਲ ਗਏ। ਗੋਰਖਿਆਂ ਦੇ ਪਹਿਰੇ ਬਠਾਂਦਾ ਚਲਾ ਆਇਆ। ਜਦ ਕਿਲ੍ਹੇ ਦੇ ਦਰਵਾਜ਼ੇ ਪਾਸ ਪੁੱਜਾ ਤਦ ਕਿਲ੍ਹੇ ਦੀਆਂ ਕੁੰਜੀਆਂ ਦੇ ਦਿੱਤੀਆਂ। ਇੰਨੇ ਨੂੰ ਸਰਦਾਰ ਕਾਹਨ ਸਿੰਘ ਦੇ ਮੁਨਸ਼ੀ ਰਾਮ ਨਾਥ ਖੱਤਰੀ ਨੇ ਦੀਵਾਨ ਮੂਲ ਰਾਜ ਨੂੰ ਆਪਣਾ ਖੱਤਰੀ ਭਰਾ ਜਾਣ ਕੇ ਦਸ ਦਿੱਤਾ ਕਿ ਜਿਸ ਵੇਲੇ ਤੁਸੀਂ ਕਿਲ੍ਹੇ ਦਾ ਕਬਜ਼ਾ ਦੇ ਲਵੋਗੇ, ਤਦ ਤੁਸਾਥੋਂ ੧੦ ਸਾਲ ਦਾ ਹਿਸਾਬ ਮੰਗਿਆ ਜਾਵੇਗਾ। ਇਹ ਗੱਲ ਸੁਣ ਕੇ ਦੀਵਾਨ ਮੂਲ ਰਾਜ ਤੇ ਓਹਦੇ ਮਿਤਰ ਕੰਬ ਗਏ ਤੇ ਓਹਨਾਂ ਦੀਆਂ ਅੱਖਾਂ ਵਿੱਚੋਂ ਅੱਗ ਵੱਸਣ ਲੱਗੀ। ਓਹਨਾਂ ਆਪਣੇ ਸੂਬੇਦਾਰ ਨੂੰ ਇੰਜ ਗੀਧੀਆਂ ਵਾਂਗ ਮਰਨ ਦੇਣਾ ਉਚਿਤ ਨਾ ਸਮਝਿਆ ਤੇ ਮਰਨ ਮਾਰਨ ਲਈ ਤ੍ਯਾਰ ਹੋ ਗਏ। ਜਦ ਦੋਨੋਂ ਅੰਗਰੇਜ਼ ਸਰਦਾਰ ਕਾਹਨ ਸਿੰਘ ਨੂੰ ਨਾਲ ਲੈ ਕੇ ਕਿਲ੍ਹੇ ਦੇ ਪਾਸ ਪੁਲ ਦੇ ਉੱਤੋਂ ਆ ਰਹੇ ਸਨ, ਤਦ ਅਮੀਰ ਚੰਦ ਨਾਮ ਦੇ ਇੱਕ ਸਿਪਾਹੀ ਨੇ ਜੋ ਇਸੇ ਦਾਓ ਵਿੱਚ ਬੈਠਾ ਸੀ, ਜਾਚ ਕੇ ਇੱਕ ਬ੍ਰਛੀ ਐਗਨੀਓ ਸਾਹਿਬ ਨੂੰ ਮਾਰੀ, ਜਿਸ ਤੋਂ ਓਹਨਾਂ ਦੇ ਧਰਤੀ ਤੇ ਡਿੱਗਦੇ ਹੀ ਤਲਵਾਰ ਖਿੱਚ ਕੇ ਓਹਨੇ ਤਿੰਨ ਚਾਰ ਵਾਰ ਕਰ ਕੇ ਫੱਟੜ ਕਰ ਦਿੱਤਾ। ਇਹ ਘਟਨਾ ਹੋਂਦੀ ਵੇਖ ਦੀਵਾਨ ਮੂਲਰਾਜ ਆਪਣੀ ਜਾਨ ਬਚਾਣ ਵਾਸਤੇ ਨਸ ਗਿਆ। ਐਂਡਰਸਨ ਸਾਹਿਬ ਘੋੜਾ ਦੌੜਾ ਕੇ ਨੱਸਣ ਲੱਗੇ ਸਨ ਕਿ ਕਿਸੇ ਨੇ ਇਨ੍ਹਾਂ ਨੂੰ ਵੀ ਫੱਟੜ ਕਰ ਦਿੱਤਾ। ਸਰਦਾਰ ਕਾਹਨ ਸਿੰਘ ਤੇ ਗੰਗਾ ਰਾਮ ਜੋ ਦੀਵਾਨ ਮੂਲਰਾਜ ਦਾ ਸਾਲਾ ਸੀ, ਇਨ੍ਹਾਂ ਦੋਨਾਂ ਨੇ ਦੋਨਾਂ ਅੰਗਰੇਜ਼ਾਂ ਨੂੰ ਬੜੀ ਸਾਵਧਾਨੀ ਨਾਲ ਹਾਥੀ ਤੇ ਲੱਦ ਕੇ ਈਦਗਾਹ ਵਿੱਚ ਪੁਚਾ ਦਿੱਤਾ, ਜਿੱਥੇ ਡਾਕਟਰ ਨੇ ਇਨ੍ਹਾਂ ਦੀ ਮਰਹਮ ਪੱਟੀ ਕਰ ਦਿੱਤੀ।
ਦੀਵਾਨ ਮੂਲਰਾਜ ਆਪਣਾ ਘੋੜਾ ਦੁੜਾ ਕੇ ਈਦਗਾਹ ਤੋਂ ਤਿੰਨ ਮੀਲ ਦੀ ਵਿੱਥ ਤੇ ਜਿੱਥੇ ਕਿ ਓਹ ਬਾਗ਼ ਦੇ ਵਿੱਚ ਰਹਿੰਦਾ ਸੀ, ਚਲਾ ਗਿਆ। ਗੰਗਾਰਾਮ ਉਹਦਾ ਸਾਲਾ ਬਾਗ਼ ਵਿੱਚ ਪੁੱਜਾ ਤੇ ਉਸ ਨੇ ਦੀਵਾਨ ਮੂਲਰਾਜ ਨੂੰ ਕਿਹਾ ਕਿ ਤੂੰ ਅੰਗਰੇਜ਼ਾਂ ਦੇ ਪਾਸ ਜਾ ਕੇ ਖਿਮਾਂ ਮੰਗ ਲੈ। ਜਦ ਦੀਵਾਨ ਮੂਲਰਾਜ ਅੰਗਰੇਜ਼ਾਂ ਦੇ ਪਾਸ ਜਾਣ ਨੂੰ ਤਯਾਰ ਹੋਇਆ ਤਦ ਉਹਦੀ ਬਾਗ਼ੀ ਫੌਜ ਨੇ ਓਹਦੇ ਸਾਲੇ ਗੰਗਾਰਾਮ ਨੂੰ ਫੱਟੜ ਕਰ ਦਿੱਤਾ ਤੇ ਦੋ ਏਲਚੀ ਜੋ ਐਗਨੀਓ ਸਾਹਿਬ ਵਲੋਂ ਮੂਲਰਾਜ ਨੂੰ ਸੱਦਣ ਆਏ ਸਨ, ਓਹਨਾਂ ਨੂੰ ਵੀ ਲੋਕਾਂ ਨੇ ਫੱਟੜ ਕਰ ਦਿੱਤਾ ਤੇ ਮੂਲਰਾਜ ਨੂੰ ਸਾਫ਼ ਕਹਿ ਦਿੱਤਾ ਕਿ ਜੇ ਕਦੀ ਤੁਸੀਂ ਅੰਗਰੇਜ਼ਾਂ ਪਾਸ ਜਾਓਗੇ ਤਦ ਤੁਹਾਡੀ ਵੀ ਸੁਖ ਨਹੀਂ। ਗੋਲੀ ਨਾਲ ਮਾਰ ਦਿਤੇ ਜਾਓਗੇ। ਇਹ ਸੁਣ ਕੇ ਮੂਲਰਾਜ ਸੋਚਾਂ ਵਿੱਚ ਪੈ ਗਿਆ। ਓਹਨੇ ਪਹਿਲਾਂ ਆਪਣੀ ਮਾਂ ਤੋਂ ਸਲਾਹ ਪੁੱਛੀ। ਓਹਨੇ ਕਿਹਾ ਕਿ ਬੇਟਾ! ਹੁਣ ਅੰਗ੍ਰੇਜ਼ ਤੈਨੂੰ ਕਿਸੇ ਹਾਲਤ ਵਿੱਚ ਵੀ
ਨਹੀਂ ਛਡਣਗੇ। ਇਸ ਕਰ ਕੇ ਲੜ ਕੇ ਮਰਨਾ ਹੀ ਚੰਗਾ ਹੈ, ਤਾਂ ਤੇ ਛੱਤਰੀਆਂ ਵਾਂਗ ਜੰਗ ਕਰ ਕੇ ਮੇਰੀ ਕੁਖ ਸਫਲੀ ਕਰੋ।
ਮੂਲਰਾਜ ਨੇ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ਦਾ ਇੱਕ ਆਮ ਜਲਸਾ ਕੀਤਾ, ਜਿਸ ਵਿੱਚ ਸ਼ਹਿਰ ਦੇ ਚੋਣਵੇਂ ਆਦਮੀ ਤੇ ਚੌਧਰੀ ਸ਼ਾਮਲ ਸਨ। ਸਾਰਿਆਂ ਨੇ ਮੂਲਰਾਜ ਨੂੰ ਜੰਗ ਕਰਨ ਦੀ ਰਾਏ ਦੇ ਦਿੱਤੀ ਤੇ ਕਸਮਾਂ ਚੁੱਕੀਆਂ ਕਿ ਜਦ ਤਕ ਸਾਡੇ ਵਿੱਚ ਜਾਨ ਤੇ ਪ੍ਰਾਣ ਹਨ, ਅਸੀਂ ਲੜਾਂਗੇ ਤੇ ਮੱਦਦ ਦੇਵਾਂਗੇ। ਉਸੇ ਵੇਲੇ ਇੱਕ ਬ੍ਰਾਹਮਣ ਨੇ ਉੱਠ ਕੇ ਮੂਲਰਾਜ ਦੇ ਹਥੀਂ ਲੜਾਈ ਦਾ ਗਾਨਾ ਬੱਧਾ। ਇੱਕ ਝੰਡਾ ਖੜਾ ਕਰ ਦਿੱਤਾ ਗਿਆ, ਜਿਸ ਦੇ ਦੁਆਲੇ ਹਿੰਦੂ ਮੁਸਲਮਾਨ ਇਕੱਠੇ ਹੋ ਗਏ।
ਦੂਜੇ ਪਾਸੇ ਐਗਨੀਉ ਤੇ ਐਂਡਰਸਨ ਸਾਹਿਬ ਨੇ ਆਪਣੀਆਂ ਪੱਟੀਆਂ ਬਨ੍ਹਵਾ ਕੇ ਇੱਥੋਂ ਦਾ ਸਾਰਾ ਹਾਲ ਲਾਰਡ ਡਲਹੌਜ਼ੀ ਰੈਜ਼ੀਡੈਂਟ ਲਾਹੌਰ ਨੇਪਰ ਸਾਹਿਬ ਗਵਰਨਰ ਐਡਵਰਡ ਸਾਹਿਬ ਹਾਕਮ ਬੰਨੂੰ ਨੂੰ ਸਾਰੇ ਹਾਲ ਲਿਖ ਦਿਤੇ। ਉਧਰ ਉਸੇ ਦਿਨ ਜਦ ਅੰਗਰੇਜ਼ਾਂ ਦੇ ਊਠ ਚਾਰਾ ਲੈਣ ਗਏ ਤਦ ਜੋ ਪਸ਼ੂ ਲੈ ਕੇ ਗਏ ਸਨ ਉਹ ਉਹਨਾਂ ਤੋਂ ਖੋਹ ਲਏ ਗਏ। ੧੩ ਅਪ੍ਰੈਲ ਨੂੰ ਲੜਾਈ ਦਾ ਇਸ਼ਤਿਹਾਰ ਦੇ ਕੇ ਮੂਲਰਾਜ ਨੇ ਆਪਣਾ ਸਾਰਾ ਪ੍ਰਵਾਰ ਬਾਗ਼ ਤੋਂ ਕਿਲ੍ਹੇ ਵਿੱਚ ਭੇਜ ਦਿੱਤਾ ਤੇ ਬਾਗ਼ ਦੇ ਵਿੱਚੋਂ ਈਦਗਾਹ ਤੇ ੧੯ ਅਪ੍ਰੈਲ ਨੂੰ ੮ ਵਜੇ ਸਵੇਰ ਦੇ ਅੱਗ ਵਸਾਣੀ ਸ਼ੁਰੂ ਕਰ ਦਿੱਤੀ, ਇਸ ਤੋਂ ਕੋਈ ਬਹੁਤ ਨੁਕਸਾਨ ਨਹੀਂ ਪੁੱਜਾ।
ਕਰਮ ਅਲਾਹੀ ਨੂੰ ਹੁਕਮ ਦਿੱਤਾ ਗਿਆ ਕਿ ਜੋ ੬ ਤੋਪਾਂ ਉਹਦੇ ਨਾਲ ਹਨ, ਉਹਨਾਂ ਨੂੰ ਚਲਾਵੇ। ਇਹ ੬ ਤੋਪਾਂ ਲੈ ਕੇ ਨੱਸ ਕੇ ਮੂਲਰਾਜ ਦੀ ਫੌਜ ਵਿੱਚ ਜਾ ਮਿਲਿਆ। ਇੰਜ ਹੀ ਸਿੰਘਾਂ ਦੀ ਫੌਜ ਮੁਲਤਾਨ ਵਾਲਿਆਂ ਦੇ ਵਰਗਲਾਣ ਤੇ ਓਧਰ ਜਾ ਮਿਲੀ।
ਮਜ਼ਹਬੀ ਸਿੰਘਾਂ ਦੀ ਫੌਜ ਦੀਆਂ ੨ ਕੰਪਨੀਆਂ ਈਦਗਾਹ ਵਿੱਚ ਆ ਵੜੀਆਂ। ਕਾਹਨ ਸਿੰਘ, ਜੋ ਦੋਨੋਂ ਸਾਹਿਬਾਂ ਦੇ ਪਾਸ ਬੈਠਾ ਇਲਾਜ ਕਰਾ ਰਿਹਾ ਸੀ, ਉੱਠ ਕੇ ਗਲੇ ਵਿੱਚ ਪੱਲਾ ਪਾ ਕੇ ਕਹਿਣ ਲਗਾ ਕਿ ਇਹਨਾਂ ਦੋਨਾਂ ਸਾਹਿਬਾਂ ਦੀ ਜਾਨ ਬਖ਼ਸ਼ੀ ਕੀਤੀ ਜਾਵੇ। ਐਗਨੀਓ ਸਾਹਿਬ ਨੇ ਕਿਹਾ ਕਿ ਸਰਦਾਰ ਸਾਹਿਬਾਨ! ਅਸੀਂ ਦੋ ਅੰਗਰੇਜ਼ਾਂ ਦੇ ਮਾਰੇ ਜਾਣ ਦੇ ਨਾਲ ਅੰਗਰੇਜ਼ ਮੁੱਕ ਨਹੀਂ ਜਾਣਗੇ, ਬਲਕਿ ਤੁਸੀਂ ਵੇਖੋਗੇ ਕਿ ਇੱਥੇ ਅੰਗਰੇਜ਼ ਹੀ ਅੰਗਰੇਜ਼ ਇਕੱਠੇ ਹੋ ਜਾਣਗੇ ਤੇ ਮੂਲਰਾਜ ਨੂੰ ਉਹਦੀ ਬੇਈਮਾਨੀ ਦਾ ਫ਼ਲ ਭੁਗਤਣਾ ਪਏਗਾ। ਅਜੇ ਇਹ ਗਲ ਐਗਨੀਓ ਸਾਹਿਬ ਨੇ ਖਤਮ ਵੀ ਨਹੀਂ ਕੀਤੀ ਸੀ ਕਿ ਸਪਾਹੀਆਂ ਨੇ ਦੀਵਾਨ ਕਾਹਨ ਸਿੰਘ ਨੂੰ ਉਹਦੇ ਪੰਜ ਲੜਕਿਆਂ ਸਮੇਤ ਕੈਦ ਕਰ ਲਿਆ ਤੇ ਦੋਨਾਂ ਅੰਗਰੇਜ਼ਾਂ ਨੂੰ ਕਤਲ ਕਰ ਦਿੱਤਾ। ਗੁਦੜ ਸਿੰਘ ਹਵਾਲਦਾਰ ਦੋਨਾਂ ਅੰਗਰੇਜ਼ਾਂ ਦੇ ਸਿਰ ਵੱਢ ਕੇ ਮੂਲਰਾਜ ਪਾਸ ਲੈ ਗਿਆ। ਮੂਲਰਾਜ ਨੇ ਸਪਾਹ ਨੂੰ ਭੜਕਾਣ ਲਈ ਗੁੱਦੜ ਸਿੰਘ ਨੂੰ ੫੦੦੦ ਰੁਪਯਾ ਤੇ ਇੱਕ ਹਾਥੀ ਦਿੱਤਾ ਤੇ ਉਹਦੇ ਬਾਕੀ ਸਾਥੀਆਂ ਵਿੱਚੋਂ ਹਰ ਇੱਕ ਨੂੰ ੧੦੦-੧੦੦ ਰੁਪਯਾ ਇਨਾਮ ਦਿੱਤਾ।
ਜਦ ਇਹ ਖ਼ਬਰ ਰੈਜ਼ੀਡੈਂਟ ਨੂੰ ਪੁੱਜੀ ਤਦ ਓਹ ਗੁੱਸੇ ਨਾਲ ਲੋਹਾ ਲਾਖਾ ਹੋ ਗਿਆ। ਬਹਾਵਲਪੁਰ ਦੇ ਨਵਾਬ ਨੂੰ ਲਿਖ੍ਯਾ ਕਿ ਫੌਜ ਲੈ ਕੇ ਮੁਲਤਾਨ ਪੁਜੋ। ਫਿਰੋਜ਼ਪੁਰ ਤੋਂ ਫੌਜ ਭੇਜਣ ਲਈ ਲਿਖਿਆ ਤੇ ਕਿਹਾ ਕਿ ਲੁਧਿਆਣੇ ਤੋਂ ਹੋਰ ਫੌਜ ਫਿਰੋਜ਼ਪੁਰ ਮੰਗਾ ਲਈ ਜਾਵੇ। ਕਮਾਂਡਰ ਇਨ ਚੀਫ ਨੇ ਗਰਮੀਆਂ ਦਾ ਮੌਸਮ ਤੇ ਮੁਲਤਾਨ ਦਾ ਇਲਾਕਾ ਵੇਖ ਗਰਮੀਆਂ ਦੇ ਦਿਨਾਂ ਵਿੱਚ ਗੋਰਾ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਤੇ ਹੁਕਮ ਦਿੱਤਾ ਕਿ ਲਾਹੌਰ ਤੋਂ ਸਿੱਖ ਸਵਾਰ ਭੇਜੇ ਜਾਣ। ਕੌਂਸਲ ਨੂੰ ਪਤਾ ਲੱਗਣ ਤੇ ਕਿਹਾ ਕਿ ਸਿੱਖ ਸਪਾਹੀ ਪਿਛਲੀਆਂ ਲੜਾਈਆਂ ਵਿੱਚ ਆਪਣੇ ਅਫਸਰਾਂ ਦੀ ਬੇਈਮਾਨੀ ਤੋਂ ਤੇ ਪੰਜਾਬ ਦੀ ਓਸ ਵੇਲੇ ਦੀ ਹਾਲਤ ਵੇਖ ਕੇ ਅੰਗ੍ਰੇਜ਼ਾਂ ਦੇ ਵਿਰੁੱਧ ਭੜਕੇ ਹੋਏ ਹਨ। ਅਜਿਹਾ ਨਾ ਹੋਵੇ ਕਿ ਮੁਲਤਾਨ ਜਾ ਕੇ ਵੈਰੀ ਨਾਲ ਮਿਲ ਜਾਣ, ਇਸ ਕਰ ਕੇ ਗੋਰਾ ਫੌਜ ਹੀ ਭੇਜੀ ਜਾਵੇ।
ਇਹ ਕਹਿਣ ਵਿੱਚ ਕੌਂਸਲ ਸੱਚੀ ਸੀ, ਕਿਉਂਕਿ ਜੋ ਆਪੋ ਵਿੱਚ ਇਕਰਾਰਨਾਮਾ ਹੋਇਆ ਹੋਇਆ ਸੀ, ਓਹਦੇ ਵਿੱਚ ਲਿਖਿਆ ਸੀ ਕਿ ਮੁਲਕ ਦੇ ਕਿਸੇ ਹਿੱਸੇ ਵਿੱਚ ਵੀ ਰਾਜ ਵਿਦਰੋਹ ਹੋਵੇ, ਰੈਜ਼ੀਡੈਂਟ ਨੂੰ ਫੌਜ ਭੇਜਣੀ ਪਏਗੀ। ਕਿੰਤੂ ਹੁਣ ਰੈਜ਼ੀਡੈਂਟ ਨੇ ਕਿਹਾ ਕਿ ਮੌਸਮ ਦੀ ਖਰਾਬੀ ਵੇਖ ਕੇ ਇਹ ਗੱਲ ਠੀਕ ਨਹੀਂ ਜਾਪਦੀ ਕਿ ਅੰਗਰੇਜ਼ ਜਾਣ, ਕਿਉਂਕਿ ਇਨ੍ਹਾਂ ਦੇ ਜਾਣ ਨਾਲ ਫਸਾਦ ਦੇ ਸਾਰੇ ਮੁਲਕ ਵਿੱਚ ਫੈਲ ਜਾਣ ਦਾ ਡਰ ਹੈ। ਇਸ ਵਾਸਤੇ ਖਾਲਸਾ ਫੌਜ ਹੀ ਭੇਜਣੀ ਚਾਹੀਦੀ ਹੈ।
ਲਾਟ ਸਾਹਿਬ ਦੀ ਇਸ ਗੱਲ ਤੇ ਸਿਆਣੇ ਆਦਮੀ ਵਿਚਾਰ ਕਰ ਲੈਣ ਕਿ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਦਲੀਪ ਸਿੰਘ ਦਾ ਭਾਰ ਆਪਣੇ ਸਿਰ ਲਿਆ ਹੋਇਆ ਹੈ ਓਹ ਉੱਤਰ ਦੇ ਸਕਦੇ ਹਨ? ਕਦੇ ਨਹੀਂ। ਫਿਰ ਇੱਕ ਪਲਟਣ ਨੂੰ ਮੁਲਤਾਨ ਨੂੰ ਜਾਣ ਨਾਲ ਬਰਸਾਤ ਹੋਣ ਦੇ ਕਾਰਨ ਤਕਲੀਫ਼ ਪੁੱਜਣ ਦਾ ਡਰ ਸੀ। ਕਿੰਤੂ ਗੋਰਾ ਫੌਜ ਦੇ ਨਾ ਜਾਣ ਤੋਂ ਜੋ ਫਸਾਦ ਸਾਰੇ ਪੰਜਾਬ ਵਿੱਚ ਹੋ ਗਿਆ ਓਹਦਾ ਕੋਈ ਡਰ ਨਹੀਂ ਸੀ।
ਲਾਰਡ ਲਾਰੰਸ ਨੇ ਲਿਖਿਆ ਹੈ ਕਿ ਸਾਨੂੰ ਹਿੰਦ ਵਿੱਚ ਸਾਰੇ ਮੌਸਮ ਸਹਾਰਨ ਦੀ ਸੱਤ੍ਯਾ ਰੱਖਣੀ ਚਾਹੀਦੀ ਹੈ, ਤਾਂ ਹੀ ਸਾਡੇ ਪੈਰ ਜੰਮ ਸਕਣਗੇ। ਟਰਾਟਰ ਸਾਹਿਬ ਦੇ ਇਤਿਹਾਸ ਵਿੱਚ ਰੀਵਾਨਸ ਮੈਨ ਸਾਹਿਬ ਦੀ ਤਕਰੀਰ ਹੈ ਕਿ ਜੇ ਕਦੀ ਫੌਜ ਭੇਜਣ ਵਿੱਚ ਕੁਝ ਦੇਰ ਕਿਸੇ ਪੁਲੀਟੀਕਲ ਵਜ੍ਹਾ ਤੋਂ ਕੀਤੀ ਗਈ ਸੀ, ਤਦ ਬਾਦਸ਼ਾਹਾਂ ਦੀ ਸ਼ਾਨ ਦੇ ਉੱਕਾ ਵਿਰੁੱਧ ਸੀ। ਜੇ ਕਦੀ ਪੰਜਾਬ ਵਿੱਚ ਬਲਵਾ ਪੈ ਜਾਣ ਦਾ ਡਰ ਦੱਸ ਕੇ ਦਲੀਪ ਸਿੰਘ ਦਾ ਸਾਰਾ ਮੁਲਕ ਖੋਹ ਲੈਣ ਦੀ ਦਿਲੀ ਮਨਸ਼ਾ ਸੀ, ਤਦ ਇਹ ਵਿਚਾਰ ਵੀ ਬੇਹੱਦ ਸ਼ਰਮ ਵਾਲੀ ਸੀ (ਵੇਖੋ ਸਿੰਘ ਯੁੱਧ ਸਫਾ ੧੦੭)
ਜਦ ਲਾਰਡ ਡਲਹੋਜੀ ਦੀਆਂ ਪੰਜਾਬ ਖੋਹਣ ਦੀਆਂ ਚਾਲਾਂ ਓਹਦੇ ਭਾਈ ਬੰਦਾਂ ਨੂੰ ਵੀ ਬੁਰੀਆਂ ਲਗਦੀਆਂ ਸਨ, ਤਦ ਪੰਜਾਬ ਦੀ ਪ੍ਰਜਾ ਨੂੰ ਤਾਂ ਬੁਰੀਆਂ ਭਾਸਨੀਆਂ ਹੀ ਸਨ।
ਅੰਤ ਨੂੰ ਰੈਜ਼ੀਡੰਟ ਦੇ ਬਹੁਤ ਜ਼ੋਰ ਦੇਣ ਤੇ ਦਰਬਾਰ ਲਾਹੌਰ ਨੇ ੩੦ ਅਪ੍ਰੈਲ ਨੂੰ ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਰਿਆਸਤ ਦੀ ਫੌਜ ਕੁਝ ਕਿਲ੍ਹੇ ਦੀ ਕੱਢ ਕੇ ਮੁਲਤਾਨ ਭੇਜੀ, ਜਿਸ ਵਿੱਚ ਸ਼ੇਖ ਇਮਾਮ ਦੀਨ, ਸਰਦਾਰ ਸ਼ਮਸ਼ੇਰ ਸਿੰਘ ਸੰਧਾਵਾਲੀਆ, ਅਤਰ ਸਿੰਘ ਕਾਲਿਆਂ ਵਾਲਿਆਂ, ਸਰਦਾਰ ਤੇਜ ਸਿੰਘ ਦੀ ਕਮਾਨ ਵਿੱਚ ਸੀ। ਇਸ ਤੋਂ ਪਿੱਛੋਂ ਅੰਗਰੇਜ਼ ਵੀ ਕੁਝ ਐਡਵਰਡ ਦੀ ਕਮਾਨ ਵਿੱਚ ਆ ਗਏ, ਪ੍ਰੰਤੂ ਉਸ ਵੇਲੇ ਐਡਵਰਡ ਸਾਹਿਬ ਬੰਨੂੰ ਦੇ ਲਾਗੇ ਤਖ਼ਤ ਸੁਲੇਮਾਨ ਡੇਹਰਾ ਫਤੇ ਖਾਂ ਵਿੱਚ ਠਹਿਰਿਆ ਹੋਇਆ ਸੀ। ਉਸ ਦੇ ਪਾਸ ੨੪ ਅਪ੍ਰੈਲ ਨੂੰ ਚਿੱਠੀ ਪੁਜੀ, ਜਿਸ ਦੇ ਪੁੱਜਦੇ ਹੀ ਉਨ੍ਹਾਂ ਨੇ ੨ ਤੋਪਾਂ ੧੨ ਸੌ ਪੈਦਲ ੬ ਸੌ ਸਵਾਰ ਬੰਨੂੰ ਲੈ ਕੇ ਕੂਚ ਕਰ ਦਿੱਤਾ। ਅਟਕ ਲੰਘ ਕੇ ਇੱਥੋਂ ਸਿੰਧ ਦੀ ਰਾਜਧਾਨੀ ਲੀਹਾ ੨੫ ਕੋਹ ਹੈ, ਇਸ ਪਾਸੇ ਆਏ। ਮੂਲਰਾਜ ਦੇ ਕਾਰਦਾਰ ਅੰਗਰੇਜ਼ੀ ਫੌਜ ਦੀ ਅਗਵਾਈ ਸੁਣ ਕੇ ਨੱਸ ਗਏ। ਐਡਵਰਡ ਸਾਹਿਬ ਨੇ ਕਿਲ੍ਹੇ ਤੇ ਕਬਜ਼ਾ ਕਰ ਲਿਆ ਤੇ ਪੰਜ ਦਿਨ ਇੱਥੇ ਠਹਿਰਿਆ। ਜੋ ਫੌਜ ਭਰਤੀ ਕੀਤੀ ਸੀ ਓਹਦੇ ਵਿੱਚੋਂ ਕੁਝ ਤਾਂ ਇੱਥੇ ਹੀ ਛੱਡੀ। ਬਾਕੀ ਦੀ ਫੌਜ ਲੈ ਕੇ ੪ ਮਈ ਨੂੰ ਸਿੰਧ ਪਾਰ ਹੋ ਕੇ ਪੀਰ ਅਨਵਰ ਗਾਉ ਉੱਤੇ ੩੨ ਕੋਹ ਪੰਧ ਕਰ ਕੇ ਛਾਪਾ ਮਾਰਿਆ। ਇੱਥੇ ੬ ਹਜ਼ਾਰ ਆਕੀ ਰਹਿੰਦੇ ਸਨ। ਬਹੁਤ ਸਾਰੇ ਮਾਰੇ ਗਏ ਬਾਕੀ ਦੇ ਨੱਸ ਗਏ। ਐਡਵਰਡ ਸਾਹਿਬ ਡੇਹਰਾ ਗਾਜ਼ੀ ਖਾਂ ਦੇ ਲਾਗੇ ਕੋਰਟ ਲੈਂਡ ਸਾਹਿਬ ਨੂੰ ਆ ਮਿਲੇ, ਜੋ ਕਿ ਇਸ ਇਲਾਕੇ ਦਾ ਪ੍ਰਬੰਧ ਕਰ ਰਹੇ ਸੀ। ਕੋਰਟਲੈਂਡ ਦੀ ਫੌਜ ਵਿੱਚ ਸੁਬਹਾਨ ਖਾਂ ਦੀ ਫੌਜ ਮੌਜੂਦ ਸੀ, ਜਿਸ ਵਿੱਚ ੬ ਤੋਪਾਂ ਸਨ। ਇਨ੍ਹਾਂ ਦੋਨਾਂ ਅਫਸਰਾਂ ਨੇ ਪਹਿਲਾਂ ਤਾਂ ਓਸ ਵਿਦਰੋਹ ਨੂੰ ਜੋ ਇਧਰ ਫੁਟ ਪਿਆ ਸੀ, ਦੂਰ ਕਰਨ ਦੀ ਕੋਸ਼ਸ਼ ਕੀਤੀ। ੧੨ ਮਈ ਨੂੰ ਡੇਹਰਾ ਗ਼ਾਜ਼ੀ ਖਾਂ ਦੇ ਸੂਬੇਦਾਰ ਲੌਂਗੇ ਮੱਲ (ਜੋ ਮੂਲਰਾਜ ਵੱਲੋਂ ਇੱਥੇ ਨੀਯਤ ਸੀ) ਲੜਾਈ ਹੋਈ, ਕਿੰਤੂ ਜਲਾਲ ਖਾਂ ਸ: ਜੋ ਉਸ ਇਲਾਕੇ ਵਿੱਚ ਬੜਾ ਸ਼ਕਤੀਵਾਨ ਸੀ, ਆਪਣੀ ਫੌਜ ਲੈ ਕੇ ਲੌਂਗਾ ਮੱਲ ਦੀ ਮਦਦ ਨੂੰ ਪੁੱਜਾ। ਇਸ ਕਰ ਕੇ ਅੰਗਰੇਜ਼ੀ ਫੌਜ ਨੂੰ ਸ਼ਕਸਤ ਹੋਈ, ਕਿੰਤੂ ੧੪ ਮਈ ਨੂੰ ਕੌਮ ਖੋਸਾ ਦਾ ਸਰਦਾਰ ਕੌੜਾ ਖਾਂ ਜੋ
ਜਲਾਲ ਖਾਂ ਵਰਗਾ ਬਹਾਦਰ ਤੇ ਪ੍ਰਸਿੱਧ ਸੀ, ਹੋਣ ਤੋਂ ਛੁਟ ਜਲਾਲ ਖਾਂ ਦਾ ਜਾਨੀ ਦੁਸ਼ਮਣ ਸੀ। ੨੮ ਅਪ੍ਰੈਲ ਨੂੰ ਅੰਗਰੇਜ਼ਾਂ ਦੇ ਅਧੀਨ ਆ ਚੁੱਕਾ ਸੀ। ਹੁਣ ਆਪਣੇ ਲੜਕੇ ਗੁਲਾਮ ਹੈਦਰ ਖਾਂ ਸਮੇਤ ਇੱਕ ਤਕੜੀ ਫੌਜ ਲੈ ਕੇ ਅੰਗਰੇਜ਼ਾਂ ਦੀ ਮੱਦਦ ਨੂੰ ਆ ਗਿਆ ਤੇ ਉਸੇ ਦਿਨ ਉਹਨੇ ਅੰਗਰੇਜ਼ਾਂ ਦੀ ਆਗਿਆ ਲੈ ਕੇ ਲੌਂਗਾ ਮੱਲ ਨਾਲ ਡੇਹਰਾ ਗਾਜ਼ੀ ਖਾਂ ਤੇ ਲੜਾਈ ਸ਼ੁਰੂ ਕਰ ਦਿੱਤੀ ਤੇ ਸਾਰੀ ਰਾਤ ਲੜਦਾ ਰਿਹਾ। ਲੌਂਗਾ ਮੱਲ ਵਲੋਂ ਜਲਾਲ ਖਾਂ ਦੀ ਕੌਮ ਲੰਗਹਾੜਾ ਨੇ ਕਈ ਵੇਰ ਇਹਨਾਂ ਨੂੰ ਸ਼ੈਹਰ ਤੋਂ ਪਿੱਛੇ ਹਟਾਇਆ। ਸ਼ਕਸਤ ਹੋ ਜਾਣ ਦੀ ਪੂਰੀ ਆਸ ਸੀ, ਦਿਨ ਚੜ੍ਹਨ ਵੇਲੇ ਕੌੜਾ ਖਾਂ ਨੇ ਆਪਣੇ ਸਾਰੇ ਸਰਦਾਰਾਂ ਨੂੰ ਕਿਹਾ ਕਿ ਜੇ ਖੋਸਾ ਹੋ ਤਦ ਆਪਣੇ ਘੋੜੇ ਛੱਡ ਕੇ ਦੁਸ਼ਮਣ ਦੇ ਨੱਸਣ ਲਈ ਛੱਡ ਦੇਵੋ ਤੇ ਆਪ ਤਲਵਾਰਾਂ ਧੂਹ ਕੇ ਵੈਰੀ ਤੇ ਇੱਕ ਵਾਰ ਜ਼ੋਰਦਾਰ ਹੱਲਾ ਬੋਲ ਦੇਵੋ ਤੇ ਸ਼ਹੀਦ ਹੋ ਜਾਓ। ਇਹੋ ਗੱਲ ਉਹਦੇ ਪੁੱਤਰ ਗ਼ੁਲਾਮ ਹੈਦਰ ਨੇ ਸਪਾਹੀਆਂ ਨੂੰ ਕਹੀ, ਫਿਰ ਤਾਂ ਖੋਸਾ ਕੌਮ ਘੋੜੇ ਛੱਡ ਤਲਵਾਰਾਂ ਧੂਹ ਸ਼ੇਰਾਂ ਵਾਂਗ ਗਜਦੀ ਲੌਂਗਾ ਮੱਲ ਦੀ ਫੌਜ ਤੇ ਜਾ ਪਈ। ਤਿੰਨ ਘੰਟੇ ਲਗਾਤਾਰ ਤਲਵਾਰ ਚਲੀ। ਲਾਸ਼ਾਂ ਤੇ ਲਾਸ਼ਾਂ ਚੜ੍ਹ ਗਈਆਂ, ਖੂਨ ਦੀ ਨਦੀ ਵਹਿਣ ਲਗੀ, ਉਹ ਘਮਸਾਨ ਦਾ ਜੰਗ ਹੋਇਆ ਕਿ ਉਹਦੇ ਬਿਆਨ ਕਰਨ ਦੀ ਕਲਮ ਵਿੱਚ ਸਮਰੱਥਾ ਨਹੀਂ: ਅੰਤ ਨੂੰ ਕੌੜਾ ਖਾਂ ਜਿੱਤਿਆ ਤੇ ਲੌਂਗਾ ਮੱਲ ਫੱਟੜ ਹੋ ਕੇ ਪਕੜਿਆ ਗਿਆ। ਇਸ ਲੜਾਈ ਨੇ ਇਸ ਮੁਲਕ ਦੀ ਬਲਵੇ ਦੀ ਅੱਗ ਨੂੰ ਦਬਾ ਦਿੱਤਾ।
ਰੈਜ਼ੀਡੈਂਟ ਲਾਹੌਰ ਦੀ ਆਗਿਆ ਨਾਲ ਕੋਰਟਲੈਂਡ ਤਾਂ ਡੇਹਰਾ ਗਾਜ਼ੀ ਖਾਂ ਦੇ ਇਲਾਕੇ ਦੇ ਵਿਦਰੋਹ ਨੂੰ ਦਬਾਣ ਲਗਾ ਤੇ ਕੌੜਾ ਖਾਂ ਆਪਣੀ ਕੌਮ ਖੋਸਾ ਨੂੰ ਨਾਲ ਲੈ ਕੇ ਐਡਵਰਡ ਸਮੇਤ ਮੁਲਤਾਨ ਵੱਲ ਕੂਚ ਕੀਤਾ। ਇਤਨੇ ਵਿੱਚ ਬਹਾਵਲਪੁਰ ਦੀ ਫੌਜ ਫਤਹ ਮੁਹੰਮਦ ਗੌਰੀ ਦੇ ਨਾਲ ੧੧ ਹਜ਼ਾਰ ਦੀ ਗਿਣਤੀ ਵਿੱਚ ਦਰਯਾ ਨੂੰ ਬੱਕਰੀ ਘਾਟ ਤੋਂ ਲੰਘ ਕੇ ੧ ਜੂਨ ਨੂੰ ਕੁਝ ਫੌਜ ਤਾਂ ਪੀਰ ਮੁਹੰਮਦ ਖਾਂ ਮੁਲਤਾਨ ਦੀ ਸਰਹੱਦ ਤੇ ਸ਼ਾਹਜਹਾਨ ਆਬਾਦ ਠਹਿਰੀ। ਇਹ ਖ਼ਬਰ ਸੁਣਦੇ ਹੀ ੭ ਹਜ਼ਾਰ ਅੰਗਰੇਜ਼ੀ ਫੌਜ ਖੋਸਾ ਕੌਮ ਸਮੇਤ ਬਹਾਵਲਪੁਰ ਦੀ ਫੌਜ ਨੂੰ ਆ ਮਿਲੀ।
੧੮ ਜੂਨ ਨੂੰ ਦਰਯਾਏ ਚਨਾਬ ਦੇ ਕੰਢੇ ਤੇ ਕੇਨਰੀ ਮੁਕਾਮ ਤੇ ਟਾਕਰਾ ਹੋਇਆ। ਨੌ ਘੰਟੇ ਤਕ ਸਖ਼ਤ ਲੜਾਈ ਹੋਈ। ਦੋਹਾਂ ਧਿਰਾਂ ਦੀਆਂ ਫੌਜਾਂ ਬੜੀ ਬਹਾਦਰੀ ਤੇ ਜਵਾਂ ਮਰਦੀ ਨਾਲ ਲੜੀਆਂ। ਇਸ ਵਿੱਚ ਐਡਵਰਡ ਸਾਹਿਬ ਨੂੰ ਬਹਾਵਲਪੁਰ ਦੀ ਫੌਜ ਬੜੀ ਨਕੰਮੀ ਤੇ ਡਰਾਕਲ ਮਿਲੀ। ਇਸ ਕਰ ਕੇ ਓਹਨੇ ਲਿਖ ਦਿੱਤਾ ਸੀ ਕਿ ਬਹਾਵਲਪੁਰ ਦੀ ਅਜੇਹੀ ਡਰਾਕਲ ਫੌਜ ਤੋਂ ਕੁਝ ਲਾਭ ਨਹੀਂ। ਗੰਗਾਰਾਮ ਦੀ ਫੌਜ ਬੜੀ ਜਵਾਂ ਮਰਦੀ ਨਾਲ ਅੱਗੇ ਵਧਦੀ ਹੋਈ ਫੌਜ ਨੂੰ ਦਬਾਂਦੀ ਹੋਈ ਚਲੀ ਆਉਂਦੀ ਸੀ। ਇਧਰ ਦੀ ਫੌਜ ਘਬਰਾ ਕੇ ਨੱਸਣ ਨੂੰ ਤਯਾਰ ਸੀ। ਐਡਵਰਡ ਸਾਹਿਬ ਵੀ ਨੱਸਣ ਦਾ ਰਾਹ ਵੇਖ ਰਹੇ ਸਨ, ਕਿੰਤੂ ਓਸੇ ਵੇਲੇ ਕੋਰਟ ਲੈਂਡ ਦੀਆਂ ਭੇਜੀਆਂ ਹੋਈਆਂ ਸੁਬਹਾਨ ਖ਼ਾਂ ਦੇ ਪਲਟਨਾਂ ੬ ਤੋਪਾਂ ਸਮੇਤ ਆ ਪੁੱਜਾ। ਫਿਰ ਤਾਂ ਨੱਸਣ ਵਾਲੀ ਫੌਜ ਵੀ ਸ਼ੇਰ ਹੋ ਕੇ ਇਸ ਤਰ੍ਹਾਂ ਦੁਸ਼ਮਣ ਤੇ ਜਾ ਪਈ ਕਿ ਗੰਗਾ ਰਾਮ ਨੂੰ ਬਹੁਤ ਸਾਰਾ ਸਾਮਾਨ ਤੇ ੮ ਤੋਪਾਂ ਛੱਡ ਕੇ ਨੱਸਣਾ ਪਿਆ। ਇਸ ਲੜਾਈ ਵਿੱਚ ਦੋਹਾਂ ਧਿਰਾਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ। ੧੧ ਹਜ਼ਾਰ ਤੋਂ ਉੱਪਰ ਅੰਗ੍ਰੇਜ਼ੀ ਫੌਜ ਤੇ ੭੦੦੦ ਮੁਲਤਾਨ ਫੌਜ ਸੀ।
ਇਸ ਫਤਹ ਤੋਂ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸੈਨਾ ਬਾਬਤ ਖ਼ਿਆਲ ਬਦਲ ਗਏ, ਜਿਸ ਤੋਂ ਵਿਦ੍ਰੋਹੀ ਆਪਣੇ ਆਪ ਹੀ ਦਬ ਗਏ। ਇਸ ਸ਼ਕਸਤ ਤੋਂ ਮੂਲਰਾਜ ਦੇ ਹਥੋਂ ਸਿੰਧ ਸਾਗਰ ਤੇ ਚਨਾਬ ਦੇ ਅੰਦਰ ਦਾ ਮੁਲਕ ਜਾਂਦਾ ਰਿਹਾ। ਸ਼ਾਹਜਹਾਨਾਬਾਦ ਦੇ ਕਿਲੇਦਾਰ ਨੇ ਵੀ ਕਿਲ੍ਹਾ ਅੰਗ੍ਰੇਜ਼ਾਂ ਦੇ ਹਵਾਲੇ ਕਰ ਦਿੱਤਾ। ਇਸ ਬਹਾਵਲਪੁਰ ਦੇ ਨਵਾਬ ਨੇ ੫੦ ਹਜ਼ਾਰ ਰੁਪਯਾ ਐਡਵਰਡ ਸਾਹਿਬ ਨੂੰ ਕਰਜ਼ ਦੇ ਕੇ ਖ਼ੁਸ਼ ਕਰ ਲਿਆ, ਤੇ ਜੇਹੜੀ ਚਿੱਠੀ ਇਸ ਦੇ ਵਿਰੁੱਧ ਲਿਖੀ ਸੀ, ਓਹ ਪੜਵਾ ਸੁੱਟੀ। ਇਸੇ ਥਾਂ ਤੇ ੪੦੦੦ ਫੌਜ ਦਰਬਾਰ ਲਾਹੌਰ ਦੀ ਲੈ ਕੇ ਸ਼ੇਖ ਇਮਾਮ ਦੀਨ ਆ ਗਿਆ ਤੇ ਐਡਵਰਡ ਸਾਹਿਬ ਦੀ ਫੌਜ ਨਾਲ ਸ਼ਾਮਲ ਹੋ ਗਿਆ। ਹੁਣ ਅੰਗ੍ਰੇਜ਼ੀ ਫੌਜ ੧੮ ਹਜ਼ਾਰ ਹੋ
ਗਈ ਤੇ ੧੨ ਤੋਪਾਂ ਹੋ ਗਈਆਂ। ਇਨ੍ਹਾਂ ਜਦ ਮੁਲਤਾਨ ਵਲ ਕੂਚ ਕੀਤਾ, ਤਦ ਮੂਲਰਾਜ ਨੇ ਆਪ ੧੧ ਹਜ਼ਾਰ ਫੌਜ ਤੇ ੧੦ ਤੋਪਾਂ ਲੈ ਕੇ ਮੁਲਤਾਨ ਤੋਂ ੮ ਕੋਹ ਦੇ ਫਾਸਲੇ ਤੇ ਸਦਾ ਸ਼ਾਹ ਦੇ ਮੈਦਾਨ ਤੇ ੧ ਜੁਲਾਈ ਨੂੰ ਬੜੀ ਬਹਾਦਰੀ ਨਾਲ ਲੜਾਈ ਕੀਤੀ। ਭਾਵੇਂ ਮੂਲਰਾਜ ਦੀਆਂ ਫੌਜਾਂ ਤੇ ਤੋਪਾਂ ਦੀ ਗਿਣਤੀ ਅੰਗ੍ਰੇਜ਼ੀ ਸੈਨਾ ਨਾਲੋਂ ਘੱਟ ਸੀ, ਕਿੰਤੂ ਤਦ ਵੀ ਇਨ੍ਹਾਂ ੬ ਘੰਟੇ ਇੰਨੀ ਜ਼ੋਰਦਾਰ ਲੜਾਈ ਕੀਤੀ ਕਿ ਅੰਗ੍ਰੇਜ਼ੀ ਫੌਜ ਦਾ ਰੰਗ ਫੱਕ ਹੋ ਗਿਆ। ਫਤਹ ਦੀ ਪੂਰਨ ਆਸ ਸੀ, ਮੰਦੇ ਭਾਗਾਂ ਨੂੰ ਜੰਬੂਰ ਦਾ ਇੱਕ ਗੋਲਾ ਮੂਲਰਾਜ ਦੇ ਹਾਥੀ ਨੂੰ ਲੱਗਾ। ਮੂਲਰਾਜ ਨੇ ਇਸ ਖ਼ਿਆਲ ਤੋਂ ਕਿ ਓਹਨੂੰ ਗੋਲੇ ਦਾ ਨਸ਼ਾਨਾ ਨਾ ਬਣਾਇਆ ਜਾਵੇ, ਹਾਥੀ ਤੋਂ ਉੱਤਰ ਕੇ ਘੋੜੇ ਤੇ ਸਵਾਰ ਹੋ ਗਿਆ। ਕਿੰਤੂ ਫੌਜ ਨੇ ਇਹ ਸਮਝਿਆ ਕਿ ਮੂਲਰਾਜ ਮਾਰਿਆ ਗਿਆ, ਜਿਸ ਤੋਂ ਫੌਜ ਖਿੰਡ ਗਈ। ਇੰਨੇ ਨੂੰ ਐਡਵਰਡ ਸਾਹਿਬ ਨੇ ਹਮਲਾ ਕਰ ਦਿੱਤਾ, ਜਿਸ ਤੋਂ ਝੱਟ ਹੀ ਮੈਦਾਨ ਛੱਡਣਾ ਪਿਆ ਤੇ ਵੇਖਦੇ ਵੇਖਦੇ ੨੮੧ ਆਦਮੀਆਂ ਦੀ ਬਲੀ ਮੈਦਾਨ ਵਿੱਚ ਦੇ ਕੇ ਪਨਾਹ ਲੈਣੀ ਪਈ। ਹੁਣ ਅੰਗ੍ਰੇਜ਼ੀ ਫੌਜ ਨੇ ਸ਼ਹਿਰ ਤੇ ਕਿਲ੍ਹੇ ਨੂੰ ਦੋ ਪਾਸੀਂ ਘੇਰ ਲਿਆ ਤੇ ਆਉਣ ਜਾਣ ਦੇ ਸਾਰੇ ਰਾਹ ਬੰਦ ਕਰ ਦਿੱਤੇ। ੧੮ ਹਜ਼ਾਰ ਛੀ ਸੌ ਬੰਦੂਕ ਤੇ ੩੨ ਤੋਪਾਂ ਨੇ ਗੋਲੇ ਗੋਲੀਆਂ ਦੀ ਝੜੀ ਲਾ ਦਿੱਤੀ। ਇਸ ਲੜਾਈ ਤੋਂ ਅੰਗਰੇਜ਼ੀ ਫੌਜ ਦਾ ਮੁਲਤਾਨੀ ਫੌਜ ਤੇ ਇੰਨਾ ਰੋਅਬ ਪਿਆ ਕਿ ਬਹੁਤ ਸਾਰੀ ਮੂਲਰਾਜ ਦੀ ਫੌਜ ਨੌਕਰੀ ਛੱਡ ਗਈ।
੨ ਜੂਨ ਨੂੰ ਓਹ ਫੌਜ ਜਿਸ ਦਾ ਜ਼ਿਕਰ ਪਿੱਛੇ ਆ ਚੁੱਕਾ ਹੈ, ਸਰਦਾਰ ਸ਼ੇਰ ਸਿੰਘ ਦੀ ਕਮਾਨ ਵਿੱਚ ਕੂਚ ਕਰਦੀ ਐਡਵਰਡ ਸਾਹਿਬ ਨੂੰ ਆ ਮਿਲੀ। ਇਸ ਸਾਰੀ ਸੈਨਾ ਨੂੰ ਲੈ ਕੇ ਅੰਗਰੇਜ਼ੀ ਫੌਜ ਮੁਲਤਾਨ ਤੋਂ ੩ ਕੋਹ ਦੇ ਫਾਸਲੇ ਤੇ ਸੂਰਜ ਕੁੰਡ ਤੇ ਆ ਉੱਤਰੀ। ਜੋ ਕਦੀ ਉਸ ਵੇਲੇ ਕਿਲ੍ਹਾ ਤੋੜਨ ਵਾਲੀਆਂ ਤੋਪਾਂ ਅੰਗ੍ਰੇਜ਼ਾਂ ਦੇ ਪਾਸ ਹੁੰਦੀਆਂ ਜਾਂ ਸੀੜੀਆਂ ਤੇ ਚੜਾ ਕੇ ਸ਼ਹਿਰ ਤੇ ਹਮਲਾ ਕਰ ਦਿੱਤਾ ਜਾਂਦਾ ਤਦ ਫਤਹ ਯਕੀਨੀ ਸੀ। ਇਹ ਇੱਕ ਤਰ੍ਹਾਂ ਦੀ ਹੋਈ ਹੋਈ ਫਤਹ ਨੂੰ ਹੱਥੋਂ ਛੱਡਿਆ ਗਿਆ। ਜੇ ਕਦੀ ਇਸ ਦਿਨ ਮੁਲਤਾਨ ਫਤਹ ਕਰ ਲਿਆ ਜਾਂਦਾ ਤਦ ਸਿੱਖਾਂ ਦਾ ਰਾਜ ਵੀ ਨਾ ਜਾਂਦਾ ਤੇ ਸਿੱਖਾਂ ਨਾਲ ਦੂਜਾ ਜੰਗ ਵੀ ਨਾ ਹੁੰਦਾ। ਕਿੰਤੂ ਲਫਟੰਟ ਬਹਾਦਰ ਨੂੰ ਇਸ ਦੇ ਉਲਟ ਸੁੱਝੀ। ਓਹ ਓਹਨਾਂ ੧੭ ਵੱਡੀਆਂ ਵੱਡੀਆਂ ਤੋਪਾਂ ਨੂੰ ਜੋ ਹਿੰਦੁਸਤਾਨ ਵਿੱਚੋਂ ਆ ਰਹੀਆਂ ਸਨ ਤੇ ਜਨਰਲ ਵੈਸ ਸਾਹਿਬ ਜੋ ੮ ਹਜ਼ਾਰ ਫੌਜ ਤੇ ੧੮ ਤੋਪਾਂ ਲੈ ਕੇ ਕਰਾਚੀ ਵੱਲੋਂ ਆ ਰਿਹਾ ਸੀ, ਉਡੀਕਨ ਲਗਾ।
ਮੁਲਤਾਨ ਦਾ ਕਿਲ੍ਹਾ ਬੜਾ ਪੱਕਾ ਕਿਲ੍ਹਾ ਸੀ ਤੇ ਸ਼ਹਿਰ ਪਨਾਹ ਵੀ ਇੰਨੀ ਹੀ ਪੱਕੀ ਸੀ ਕਿ ਓਹਦਾ ਤੋੜਨਾ ਕਠਨ ਸੀ। ਇੱਥੇ ਵੱਡੀਆਂ ਵਡੀਆਂ ਤੋਪਾਂ ਤੇ ਚੋਣਵੇਂ ਅੰਜੀਨੀਅਰਾਂ ਦੀ ਬਹੁਤ ਲੋੜ ਸੀ। ਇਸ ਦੇਰੀ ਨੇ ਮੂਲਰਾਜ ਨੂੰ ਆਪਣੀ ਫੌਜ ਦਾ ਪ੍ਰਬੰਧ ਕਰ ਲੈਣ ਦਾ ਕਾਫੀ ਮੌਕਾ ਦੇ ਦਿੱਤਾ।
ਸਿੱਖ ਫੌਜ ਪਹਿਲਾਂ ਚਿੜ੍ਹੀ ਹੋਈ ਸੀ, ਫਿਰ ਅੰਗਰੇਜ਼ਾਂ ਤੇ ਖ਼ੁਸ਼ ਹੋ ਗਈ ਸੀ। ਹੁਣ ਪਹਿਲਾਂ ਨਾਲੋਂ ਵੀ ਵਧੀਕ ਗੁੱਸੇ ਵਿੱਚ ਆ ਗਈ। ਲਾਰਡ ਹਾਰਡਿੰਗ ਤੇ ਸਰ ਹੈਨਰੀ ਲਾਰੰਸ ਸਾਹਿਬ ਦੀ ਪਾਲਸੀ ਹੋਰ ਤਰ੍ਹਾਂ ਦੀ ਸੀ। ਇਨ੍ਹਾਂ ਦੇ ਟੁਰ ਜਾਣ ਦੇ ਮਗਰੋਂ ਲਾਰਡ ਡਲਹੌਜ਼ੀ ਕਪਤਾਨ ਏਬਟ ਤੇ ਰੈਜ਼ੀਡੰਟ ਕਰਈ ਸਾਹਿਬ ਦਾ ਜ਼ਮਾਨਾ ਆਇਆ। ਸਿੱਖ ਇਨ੍ਹਾਂ ਦੇ ਪ੍ਰਬੰਧ ਤੋਂ ਤੰਗ ਸਨ। ਪਰਜਾ ਇਨ੍ਹਾਂ ਦੀ ਸਖ਼ਤੀ ਤੋਂ ਘਬਰਾ ਰਹੀ ਸੀ। ਰਾਣੀ ਜਿੰਦਾਂ ਦੀ ਕੈਦ ਦੇ ਮਾਮਲੇ ਨੇ ਸਿੱਖਾਂ ਵਿੱਚ ਕਰੋਧ ਦੀ ਜਵਾਲਾ ਹੋਰ ਵੀ ਭੜਕਾ ਦਿੱਤੀ। ਰਾਣੀ ਜਿੰਦਾਂ ਨਾਲ ਜੋ ਸਲੂਕ ਕੀਤਾ ਗਿਆ, ਓਹ ਅਜਿਹਾ ਅਨਿਆਏ ਤੇ ਸਭ੍ਯਤਾ ਹੀਨ ਸੀ ਕਿ ਓਸ ਨੂੰ ਦੂਜੇ ਵੀ ਸੁਣ ਕੇ ਉਂਗਲਾਂ ਮੂੰਹ ਵਿੱਚ ਪਾ ਕੇ ਰਹਿ ਜਾਂਦੇ ਸਨ, ਸਿੱਖਾਂ ਦੀ ਤਾਂ ਭਲਾ ਗੱਲ ਹੀ ਕੀ ਕਰਨੀ ਹੈ?
ਰਾਣੀ ਜਿੰਦਾਂ ਲਾਹੌਰ ਤੋਂ ੧੩ ਕੋਹ ਦੇ ਫਾਸਲੇ ਤੇ ਨਿਰਜਨ ਬਨ ਵਿੱਚ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਨਜ਼ਰਬੰਦ ਸੀ। ਇਹ ਓਹ ਕਿਲ੍ਹਾ ਸੀ ਜਿੱਥੇ ਕਿ ਬੜੇ ਸਖ਼ਤ ਜੁਰਮਾਂ ਵਾਲੇ ਅਪਰਾਧੀ ਭੇਜੇ ਜਾਇਆ
ਕਰਦੇ ਸਨ। ਇੱਥੇ ਮਹਾਰਾਣੀ ਨੂੰ ਸਵਾਏ ਇੱਕ ਦੋ ਨੌਕਰਾਣੀਆਂ ਦੇ ਮਨੁੱਖ ਜਾਤ ਵੀ ਨਜ਼ਰੀ ਨਹੀਂ ਪੈਂਦੇ ਸੀ। ਫਿਰ ਗੱਲ ਇੱਥੇ ਹੀ ਨਹੀਂ ਮੁੱਕ ਗਈ। ਕਰੀ ਸਾਹਿਬ ਇਸ ਜਗ੍ਹਾ ਮਹਾਰਾਣੀ ਨੂੰ ਰੱਖ ਕੇ ਵੀ ਜ਼ਰਾ ਜ਼ਰਾ ਗੱਲ ਤੇ ਨੁਕਤਾਚੀਨੀ ਕਰਦਾ ਸੀ। ਜਿੰਨੇ ਆਦਮੀ ਮਹਾਰਾਣੀ ਦੇ ਦੁਸ਼ਮਣ ਸਨ, ਓਹਨਾਂ ਨੂੰ ਚੁਣ ਚੁਣ ਕੇ ਰਾਣੀ ਉੱਤੇ ਪਹਿਰੇਦਾਰੀ ਵਾਸਤੇ ਲਾਇਆ ਗਿਆ। ਇਸ ਤਰ੍ਹਾਂ ਦਾ ਅਨ੍ਯਾਏ ਹੋਂਦੇ ਵੇਖ ਕੇ ਮਹਾਰਾਣੀ ਦੇ ਇੱਕ ਨੌਕਰ ਜਮੀਅਤ ਸਿੰਘ ਨੇ ਦਰਖ਼ਾਸਤ ਦਿੱਤੀ ਕਿ ਮਹਾਰਾਣੀ ਦੇ ਨਾਲ ਜੋ ਸਲੂਕ ਹੋ ਰਿਹਾ ਹੈ, ਓਹ ਬੜਾ ਹੀ ਅਨੁਚਿਤ ਹੈ, ਇਸ ਨੂੰ ਅਜੇਹੇ ਕਿਲ੍ਹੇ ਵਿੱਚ ਜਿੱਥੇ ਆਦਮ ਜ਼ਾਤ ਨਫ਼ਰੀ ਨਾ ਪਵੇ, ਰੱਖਣਾ ਹਦੋਂ ਵਧ ਸਖ਼ਤੀ ਦਾ ਵਰਤਾਓ ਹੈ। ਜੇ ਇਸ ਨੂੰ ਨਜ਼ਰਬੰਦ ਰਖਣਾ ਹੈ, ਤਦ ਓਹ ਰਾਜਸੀ ਕੈਦੀਆਂ ਵਾਲਾ ਇਹਦੇ ਨਾਲ ਸਲੂਕ ਕੀਤਾ ਜਾਣਾ ਚਾਹੀਦਾ ਹੈ।
ਲਾਟ ਸਾਹਿਬ ਨੇ ਇਸ ਦਰਖ਼ਾਸਤ ਦਾ ਉੱਤਰ ਓਹ ਦਿੱਤਾ ਜੋ ਨਹੀਂ ਦੇਣਾ ਚਾਹੀਦਾ ਸੀ। ਓਹਨੇ ਕਿਹਾ ਕਿ ਰਾਣੀ ਜਮੀਅਤ ਸਿੰਘ ਨੂੰ ਆਪਣਾ ਵਕੀਲ ਨਹੀਂ ਮੰਨਦੀ, ਜੇ ਰਾਣੀ ਨੇ ਕੁਝ ਕਹਿਣਾ ਹੈ ਤਾਂ ਰੈਜ਼ੀਡੰਟ ਦੀ ਰਾਹੀਂ ਕਹੇ। ਜਮੀਅਤ ਸਿੰਘ ਨੇ ਫਿਰ ਦਰਖ਼ਾਸਤ ਦਿੱਤੀ ਕਿ ਰਾਣੀ ਇੱਕ ਅਜੇਹੀ ਥਾਂ ਤੇ ਨਜ਼ਰਬੰਦ ਹੈ, ਜਿੱਥੇ ਕਿ ਮਹਾਂ ਅਪਰਾਧੀ ਰਖੇ ਜਾਂਦੇ ਸਨ। ਫਿਰ ਓਥੇ ਹੀ ਓਸ ਦੇ ਨਾਲ ਕਿਸੇ ਨੂੰ ਗੱਲ ਬਾਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ। ਓਸ ਤੇ ਪਹਿਰੇਦਾਰ ਓਹ ਮੁਕੱਰਰ ਕੀਤੇ ਗਏ ਹਨ, ਜੋ ਓਸ ਦੇ ਦੁਸ਼ਮਣ ਹਨ। ਓਹਨੂੰ ਖ਼ੁਰਾਕ ਭੀ ਓਹ ਦਿੱਤੀ ਜਾਂਦੀ ਹੈ ਜੋ ਓਸ ਦੇ ਸੁਭਾ ਦੇ ਪ੍ਰਤੀਕੂਲ ਹੈ। ਰੈਜ਼ੀਡੰਟ ਸਾਹਿਬ ਹਰ ਅਜੇਹੇ ਮਨੁੱਖ ਨੂੰ ਜੋ ਰਾਣੀ ਨਾਲ ਗੱਲਬਾਤ ਕਰਨਾ ਚਾਹੇ, ਕਹਿਰ ਦੀਆਂ ਅੱਖਾਂ ਨਾਲ ਵੇਖਦਾ ਹੈ। ਅਜੇਹੀ ਹਾਲਤ ਵਿੱਚ ਰਾਣੀ ਰੈਜ਼ੀਡੰਟ ਦੀ ਰਾਹੀਂ ਕੀਕਣ ਆਪਣੇ ਦੁਖ ਦੱਸ ਸਕਦੀ ਹੈ? ਲਾਰਡ ਡਲਹੌਜ਼ੀ ਨੇ ਜਮੀਅਤ ਸਿੰਘ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਤੇ ਇਹ ਸਾਰੇ ਕਾਗ਼ਜ਼ ਕਰੀ ਸਾਹਿਬ ਦੇ ਪਾਸ ਭੇਜ ਦਿੱਤੇ। ਕਰੀ ਸਾਹਿਬ ਉਸ ਵੇਲੇ ਤਾਂ ਇਹ ਕਾਗ਼ਜ਼ ਪੜ੍ਹ ਕੇ ਚੁੱਪ ਹੋ ਗਿਆ, ਕਿੰਤੂ ਪਿੱਛੋਂ ਥੋੜੇ ਚਿਰ ਮਗਰੋਂ ਹੀ ਇੱਕ ਸਾਜ਼ਸ਼ ਦੇ ਮੌਕੇ ਤੇ ਓਹਨੂੰ ਦਿੱਲੀ ਗੁੱਸਾ ਕੱਢਣ ਦਾ ਸਮਾਂ ਮਿਲ ਗਿਆ, ਉਸ ਸਾਜ਼ਸ਼ ਦਾ ਹਾਲ ਇੰਜ ਹੈ:
ਇਕ ਮੁਨਸ਼ੀ ਗੰਗਾ ਰਾਮ ਵਕੀਲ ਰਾਣੀ, ਦੂਜਾ ਕਾਹਨ ਸਿੰਘ ਜੋ ਤੋਪਖਾਨੇ ਵਿਚ ਜਮਾਂਦਾਰ ਸੀ; ਤੀਜਾ ਗੁਲਾਬ ਸਿੰਘ ਚਾਬਕ ਸਵਾਰ; ਪਿਛਲੇ ਦੋ ਆਦਮੀਆਂ ਨੂੰ ਰਾਣੀ ਜਾਣਦੀ ਤਕ ਨਹੀਂ: ਇਨ੍ਹਾਂ ਤਿੰਨਾਂ ਦੀ ਬਾਬਤ ਕਈ ਇਤਿਹਾਸਕਾਰਾਂ ਲਿਖਿਆ ਹੈ ਇਹ ਅੰਗ੍ਰੇਜ਼ਾਂ ਦੇ ਵਿਰੁੱਧ ਫੌਜਾਂ ਵਿੱਚ ਜਾ ਕੇ ਸਪਾਹੀਆਂ ਨੂੰ ਭੜਕਾਉਂਦੇ ਸੀ ਤੇ ਕਹਿੰਦੇ ਸੀ ਕਿ ਲਾਹੌਰ ਦੇ ਵਿੱਚ ਜੇਹੜੇ ਚਾਰ ਪੰਜ ਅੰਗਰੇਜ਼ ਹਨ, ਇਨ੍ਹਾਂ ਨੂੰ ਤੁਸੀਂ ਮਾਰ ਦੇਵੋ, ਤੁਹਾਨੂੰ ੬੦-੬੦ ਰੁਪਯੇ ਮਾਹਵਾਰ ਤਨਖਾਹ ਦਿੱਤੀ ਜਾਵੇਗੀ। ਇੱਕ ਸਵਾਰ ਵਰਦੀ ਮੇਹਜਰ ਲੈਸ ਦਫੇਦਾਰ ਹਿੰਦੁਸਤਾਨੀ ਸਤਵੀਂ ਰਜਮੰਟ ਦਾ ਦਯਾ ਰਾਮ ਨਾਮ ਦਾ ਸੀ: ਇਹ ਬਾਹਰੋਂ ਤਾਂ ਫਸਾਦੀਆਂ ਨਾਲ ਮਿਲਿਆ ਹੋਇਆ ਸੀ, ਕਿੰਤੂ ਅੰਦਰੋਂ ਇਨ੍ਹਾਂ ਦਾ ਦੁਸ਼ਮਣ ਸੀ। ਇਸ ਨੇ ਇਹ ਸਾਰੀ ਗੱਲ ਆਪਣੇ ਅਫਸਰ ਨੂੰ ਦੱਸ ਦਿੱਤੀ, ਜਿਸ ਨੇ ਇਹ ਰੈਜ਼ੀਡੰਟ ਸਾਹਿਬ ਤਕ ਖ਼ਬਰ ਪੁਚਾ ਦਿੱਤੀ। ੭ ਮਈ ੧੮੪੮ ਨੂੰ ਰੈਜ਼ੀਡੰਟ ਨੇ ਲਫਟੰਟ ਮਲੇਡਨ ਸਾਹਿਬ ਨੂੰ ਕਿਹਾ ਕਿ ਅਪ੍ਰਾਧੀਆਂ ਨੂੰ ਫੜ ਲਿਆਵੇ। ੯ ਬਜੇ ਰਾਤ ਦੇ ਕੁਝ ਸਵਾਰ ਨਾਲ ਲੈ ਕੇ ਜਿਸ ਮਕਾਨ ਵਿੱਚ ਇਹ ਆਦਮੀ ਰਹਿੰਦੇ ਸਨ, ਜਾ ਫੜਿਆ। ਦਿਨ ਚੜ੍ਹਦੇ ਹੀ ੮ ਮਈ ਨੂੰ ਗੰਗਾ ਰਾਮ ਤੇ ਕਾਹਨ ਸਿੰਘ ਨੂੰ ਬਿਨਾਂ ਕੁਝ ਪੁੱਛ ਗਿੱਛ ਕੀਤੇ ਦੇ ਲਾਹੌਰੀ ਦਰਵਾਜ਼ੇ ਤੇ ਫਾਂਸੀ ਲਗਾ ਦਿੱਤਾ ਗਿਆ। ਗੁਲਾਬ ਸਿੰਘ ਨੇ ਫਾਂਸੀ ਲੱਗਣ ਸਮੇਂ ਮਾਫ਼ੀ ਮੰਗ ਕੇ ਕੁਝ ਹੋਰ ਆਦਮੀਆਂ ਦੇ ਨਾਮ ਦਸੇ ਜੋ ਸਾਰੇ ਨੱਸ ਗਏ, ਹੱਥ ਨਾ ਆਏ। ਗੁਲਾਬ ਸਿੰਘ ਨੂੰ ਸੱਤ ਸਾਲ ਦੀ ਕੈਦ ਸਖ਼ਤ ਹੋਈ। ਦਯਾ ਰਾਮ ਸਪਾਹੀ, ਜਿਸ ਨੇ ਇਹ ਗੱਲ ਦੱਸੀ ਸੀ, ਓਹਨੂੰ ਸਾਰੀ ਫੌਜ ਇਕੱਠੀ ਕਰ ਕੇ ਇੱਕ ਤਲਵਾਰ, ਜੋੜੀ ਪਸਤੌਲ, ਦੋ ਹਜ਼ਾਰ ਨਕਦ ਇਨਾਮ ਦਿੱਤਾ। ਪਿੱਛੋਂ ਰੈਜ਼ੀਡੰਟ ਦੀ ਖੋਜ ਤੋਂ ਸਿੱਟਾ ਕੱਢਿਆ ਗਿਆ ਕਿ ਇਹ
ਸਾਜ਼ਸ਼ ਰਾਣੀ ਸਾਹਿਬ ਨੇ ਆਪਣੇ ਵਕੀਲ ਗੰਗਾਰਾਮ ਦੀ ਰਾਹੀਂ ਕੀਤੀ ਹੈ। ਇਸ ਵਾਸਤੇ ਫ਼ੈਸਲਾ ਹੋਇਆ ਕਿ ਰਾਣੀ ਨੂੰ ਬਨਾਰਸ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਜਾਵੇ, ਤਾਂ ਕਿ ਇਹ ਅੰਗ੍ਰੇਜ਼ਾਂ ਦੇ ਵਿਰੁੱਧ ਫਿਰ ਕੋਈ ਸਾਜ਼ਸ਼ ਨਾ ਕਰ ਸਕੇ। ਸੋ ੧੬ ਮਈ ਨੂੰ ਰੈਜ਼ੀਡੰਟ ਸਾਹਿਬ ਦੇ ਹੁਕਮ ਨਾਲ ਲਫਟੰਟ ਮਲੇਡਨ ਹਾਜਸ ਸਾਹਿਬ ਕੁਝ ਫੌਜ ਲੈ ਕੇ ਸ਼ੇਖੂਪੁਰੇ ਗਏ, ਜਿੱਥੋਂ ਰਾਣੀ ਨੂੰ ਲੈ ਆਏ। ੧੭ ਤਰੀਕ ਨੂੰ ਬਿਨਾਂ ਕੋਈ ਗੱਲ ਬਾਤ ਪੁੱਛੇ ਫਿਰੋਜ਼ਪੁਰ ਪੁਚਾ ਦਿੱਤਾ। ਓਥੋਂ ਲੁਧਿਆਣਾ, ਮੇਰਠ ਆਦਿਕ ਜਗ੍ਹਾ ਤੇ ਹੁੰਦੀ ਹੋਈ ੨ ਅਗਸਤ ਨੂੰ ਬਨਾਰਸ ਦੇ ਕਿਲ੍ਹੇ ਵਿੱਚ ਭੇਜ ਦਿੱਤੀ ਗਈ ਤੇ ਇਸ ਨੂੰ ਚਿੱਠੀ ਚੁਪੱਠੀ ਲਿਖਣ ਦੀ ਵੀ ਮਨਾਹੀ ਕਰ ਦਿੱਤੀ ਗਈ। ਕਈ ਕੁ ਇਤਹਾਸਕਾਰਾਂ ਨੇ ਇੰਜ ਲਿਖਿਆ ਹੈ ਕਿ ਮਹਾਰਾਣੀ ਜਿੰਦਾਂ ਨੇ ਆਪਣੇ ਵਕੀਲ ਗੰਗਾ ਰਾਮ ਤੇ ਕਾਹਨ ਸਿੰਘ ਦੀ ਰਾਹੀਂ ਨਿਸਕੋਟ ਦੇ ਖਾਨਸਾਮਿਆਂ ਦੀ ਰਾਹੀਂ ਅੰਗ੍ਰੇਜ਼ ਲੋਕਾਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦੇਣ ਬਾਬਤ ਕਹਿ ਕੇ ਲਾਲਚ ਦਿੱਤਾ। ਇਸ ਸਾਜ਼ਸ਼ ਦੇ ਪ੍ਰਗਟ ਹੋ ਜਾਣ ਤੇ ਰਾਣੀ ਜਿੰਦਾਂ ਨੂੰ ਦੇਸ ਨਿਕਾਲੇ ਦੀ ਸਜ਼ਾ ਦਿੱਤੀ ਗਈ।
ਇਸ ਰਵਾਇਤ ਨੂੰ ਹਿਸਟਰੀ ਸਿੰਘ ਯੁੱਧ ਵਿੱਚ ਟਰਾਟਰ ਸਾਹਿਬ ਨੇ ਤੇ ਏ ਬਾਨ ਸਬੇਲ ਸਾਹਿਬ ਆਦਿਕ ਦੀਆਂ ਚਾਰ ਤਾਰੀਖਾਂ ਦਾ ਹਵਾਲਾ ਦੇ ਕੇ ਇਸ ਤਰ੍ਹਾਂ ਲਿਖਿਆ ਹੈ। (ਵੇਖੋ ਪੰਨਾ १०५)
'ਜਦ ਜਮੀਅਤ ਸਿੰਘ ਦੀ ਦਰਖ਼ਾਸਤ ਤੇ ਬਿਆਨ ਲਿਖ ਕੇ ਰੈਜ਼ੀਡੰਟ ਸਾਹਿਬ ਨੂੰ ਭੇਜ ਦਿਤੇ ਗਏ ਤਦ ਰਾਣੀ ਸਾਹਿਬ ਦਾ ਸਖ਼ਤ ਦੁਸ਼ਮਣ ਹੋ ਗਿਆ ਸੀ। ਉਸ ਦੇ ਕੁਝ ਹੀ ਦਿਨ ਬਾਦ ਮਹਾਰਾਣੀ ਜ਼ੁਮੇਂ ਮਿਸਕੋਟ ਦੇ ਖਾਣੇ ਵਿੱਚ ਅੰਗ੍ਰੇਜ਼ਾਂ ਦੇ ਵਾਸਤੇ ਜ਼ਹਿਰ ਮਿਲਾਵਣ ਦਾ ਦੂਜਾ ਅੰਗਰੇਜ਼ੀ ਫੌਜ ਵਿੱਚ ਬਗਾਵਤ ਕਰਾਣ ਤੇ ਲੋਕਾਂ ਨੂੰ ਭੜਕਾਣ ਦਾ ਦੂਸ਼ਣ ਲਾ ਕੇ ਓਹਦੇ ਵਕੀਲ ਗੰਗਾ ਰਾਮ ਤੇ ਕਾਹਨ ਸਿੰਘ ਸਮੇਤ ਜਿਸ ਦੇ ਨਾਲ ਰਾਣੀ ਦਾ ਕੋਈ ਸੰਬੰਧ ਨਹੀਂ ਸੀ, ਫਾਂਸੀ ਦੇ ਦਿਤੇ। ਰੈਜ਼ੀਡੰਟ ਸਾਹਿਬ ਦੀ ਚਿੱਠੀ ਵਿੱਚ ਇੰਨੀ ਗੱਲ ਲਿਖਣ ਤੇ ਵੀ (ਇਸ ਸਾਜ਼ਸ਼ ਵਿੱਚ ਮਹਾਰਾਣੀ ਦੇ ਫਸੇ ਹੋਣ ਦਾ ਕੋਈ ਵੀ ਸਬੂਤ ਨਹੀਂ ਦੇ ਸਕਦਾ ਹਾਂ) ਮਹਾਰਾਣੀ ਜਿੰਦਾਂ ਨੂੰ ਜਲਾਵਤਨੀ ਦੀ ਸਜ਼ਾ ਦੇਣ ਵਿੱਚ ਅੰਗ੍ਰੇਜ਼ਾਂ ਨੇ ਜ਼ਰਾ ਭੀ ਸਹਾਰੇ ਤੋਂ ਕੰਮ ਨਾ ਲਿਆ। ਸ਼ੋਕ ਹੈ ਕਿ ਉਸ ਮੰਦਭਾਗੀ ਰਾਣੀ ਨੇ ਭਾਵੇਂ ਆਪਣੀ ਸਚਾਈ ਲਈ ਪ੍ਰਮਾਣ ਪੇਸ਼ ਕੀਤੇ, ਕਿੰਤੂ ਰੈਜ਼ੀਡੰਟ ਨੇ ਇੱਕ ਨਾ ਸੁਣੀ ਤੇ ਕਲਮ ਦੀ ਇੱਕ ਨੋਕ ਨਾਲ ਅੰਗਰੇਜਾਂ ਦੇ ਸੱਚੇ ਮਿੱਤ੍ਰ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਨੂੰ ਓਹਦੇ ਪਤੀ ਤੇ ਪੁੱਤ੍ਰ ਦੇ ਮੁਲਕ ਵਿੱਚੋਂ ਬਾਹਰ ਕੱਢ ਮਾਰਿਆ। ਓਹਦੀ ਤਬੀਅਤ ਜ਼ਰਾ ਜਿੰਨੀ ਵੀ ਇਨਸਾਫ਼ ਤੇ ਰਹਿਮ ਵਲ ਨਾ ਝੁਕੀ। ਬਨਾਰਸ ਦੇ ਕੈਦਖਾਨੇ ਵਿੱਚ ਮੇਹਜਰ ਮੈਕਗ੍ਰੇਗਰ ਸਾਹਿਬ ਮਹਾਰਾਣੀ ਦੇ ਰਾਖੇ ਬਣੇ ਤੇ ਕਿਹਾ ਗਿਆ ਕਿ ਜੇ ਕੋਈ ਹੋਰ ਸਾਜ਼ਸ਼ ਕਰੋਗੇ, ਤਦ ਇਸ ਤੋਂ ਵੀ ਵਧੀਕ ਸਖ਼ਤੀ ਕੀਤੀ ਜਾਵੇਗੀ। ਰਾਣੀ ਨਾਲ ਇੱਕ ਹੋਰ ਬੇਇਨਸਾਫੀ ਇਹ ਹੋਈ ਕਿ ਭਰੋਵਾਲ ਦੇ ਇਕਰਾਰਨਾਮੇ ਅਨੁਸਾਰ ਰਾਣੀ ਜਿੰਦਾਂ ਨੂੰ ਡੇਢ ਲੱਖ ਰੁਪਯਾ ਸਾਲਾਨਾ ਦਿੱਤਾ ਜਾਣਾ ਚਾਹੀਦਾ ਸੀ ਜੋ ਮਿਲਦਾ ਰਿਹਾ, ਕਿੰਤੂ ਸ਼ੇਖੂਪੁਰੇ ਕੈਦ ਕਰਨ ਤੇ ੪੮੦੦੦ ਰਹਿ ਗਿਆ ਤੇ ਬਨਾਰਸ ਆਉਣ ਤੇ ਕੇਵਲ ੧੨੦੦੦ ਰਹਿ ਗਿਆ। ਇਸ ਕਮੀ ਦਾ ਬਹਾਨਾ ਇਹ ਦਸਿਆ ਗਿਆ ਕਿ ਰਾਣੀ ਦੇ ਪਾਸ ਗਹਿਣਾ ਬਹੁਤ ਹੈ। ਕਿੰਤੂ ਚੇਤੇ ਰਹੇ ਕਿ ਇਹ ਜ਼ੇਵਰ ਵੀ ਰਾਣੀ ਦੇ ਪਾਸ ਥੋੜੇ ਹੀ ਦਿਨ ਰਿਹਾ। ਬਨਾਰਸ ਪੁੱਜਣ ਦੇ ਮਗਰੋਂ ਛੇਤੀ ਹੀ ਲਾਹੌਰ ਦੇ ਰੈਜ਼ੀਡੰਟ ਨੇ ਕਿਹਾ, ਕੁਝ ਸਾਜ਼ਸ਼ ਦੀ ਚਿੱਠੀ ਮਿਲੀ ਹੈ, ਕਿੰਤੂ ਠੀਕ ਨਹੀਂ ਕਿਹਾ ਜਾ ਸਕਦਾ ਕਿ ਦਰੁਸਤ ਹੈ ਯਾ ਗਲਤ। ਕਿੰਤੂ ਇਨੀਂ ਖ਼ਬਰ ਤੇ ਹੀ ਰਾਣੀ ਦੀ ਕੈਦ ਸਖ਼ਤ ਕਰ ਦਿੱਤੀ ਗਈ। ਰਾਣੀ ਪਾਸ ੫੦ ਲੱਖ ਦਾ ਗੈਹਣਾ ਸੀ ਜੋ ਸਾਰੇ ਦਾ ਸਾਰਾ ਲੈ ਕੇ ਇਮਾਨਤ ਵਜੋਂ ਰੱਖ ਲਿਆ ਗਿਆ। ਡੇਢ ਲੱਖ ਰੁਪਯਾ ਨਕਦ ਸੀ, ਓਹ ਭੀ ਲੈ ਲਿਆ। ਰਾਣੀ ਦੀ ਐਸੇ ਢੰਗ ਨਾਲ ਤਲਾਸ਼ੀ ਲਈ ਗਈ ਕਿ ਜਿਸ ਦਾ ਜ਼ਿਕਰ ਕਰਦਿਆਂ ਕਲਮ ਵੀ ਸ਼ਰਮ ਦੇ ਮਾਰੇ ਰੋਂਦੀ
ਹੈ। ਕਿੰਤੂ ਇੰਨੀ ਗੱਲ ਅੱਛੀ ਹੋਈ ਕਿ ਰਾਣੀ ਦੇ ਪਾਸ ਜਿੰਨੇ ਕਾਗ਼ਜ਼ ਸਨ, ਓਹਨਾਂ ਵਿੱਚੋਂ ਕੋਈ ਵੀ ਅਜਿਹਾ ਨਾ ਨਿੱਕਲਿਆ, ਜਿਸ ਤੋਂ ਕਿਸੇ ਤਰ੍ਹਾਂ ਦੀ ਸਾਜ਼ਸ਼ ਸਬਤ ਹੋ ਸਕਦੀ।
ਮਹਾਰਾਣੀ ਦੇ ਪੁਰਾਣੇ ਵਫ਼ਾਦਾਰ ਨੌਕਰ ਜਮੀਅਤ ਸਿੰਘ ਨੇ ਰਾਣੀ ਦੇ ਨਾਲ ਹੋ ਰਹੇ ਸਲੂਕ ਦੀ ਕਲਕੱਤੇ ਅੱਠ ਕੌਂਸਲ ਵਿੱਚ ਅਪੀਲ ਕੀਤੀ, ਕਿੰਤੂ ਸੁੱਤੇ ਨੂੰ ਤਾਂ ਜਗਾਇਆ ਜਾ ਸਕਦਾ ਹੈ ਪ੍ਰੰਤੂ ਜਾਗਦੇ ਨੂੰ ਕੌਣ ਜਗਾ ਸਕਦਾ ਹੈ? ਸੋ ਕੁਝ ਲਾਭ ਨਾ ਹੋਇਆ, ਆਖ਼ਰ ਨੀਓ ਮਾਰਟ ਸਾਹਿਬ ਦੀ ਰਾਹੀਂ ਵਲਾਇਤ ਵਿੱਚ ਅਪੀਲ ਦੀ ਕੋਸ਼ਸ਼ ਕੀਤੀ ਗਈ, ਕਿੰਤੂ ਇਹਨੇ ੫੦ ਹਜ਼ਾਰ ਰੁਪਯਾ ਅਪੀਲ ਲਈ ਮੰਗਿਆ। ਇੰਨੀ ਰਕਮ ਰਾਣੀ ਵਿਚਾਰੀ ਕਿੱਥੋਂ ਦੇ ਸਕਦੀ ਸੀ? ਓਹਦਾ ਤਾਂ ਇੱਕ ਹਜ਼ਾਰ ਰੁਪਯੇ ਨਾਲ ਮੁਸ਼ਕਲ ਗੁਜ਼ਾਰਾ ਹੀ ਹੋਂਦਾ ਸੀ। ਜੋ ਏਹ ਕੋਸ਼ਸ਼ ਵੀ ਬੇਅਰਥ ਗਈ।
ਇਡਬਨ ਆਰਨੌਲਡ ਸਾਹਿਬ ਲਿਖਦੇ ਹਨ ਕਿ ਮਹਾਰਾਣੀ ਦੀ ਸਖ਼ਤ ਸਜ਼ਾ ਨੇ ਸਿੱਖਾਂ ਦੇ ਦਿਲਾਂ ਵਿੱਚ ਕੌਤੂਹਲ ਮਚਾ ਦਿੱਤਾ। ਓਹਨਾਂ ਦੇ ਕਲੇਜੇ ਫਟ ਗਏ ਤੇ ਓਹ ਜ਼ਬਾਨੀ ਬੜਾ ਗੁੱਸਾ ਪ੍ਰਗਟ ਕਰਦੇ ਸਨ। ਜੋ ਕੁਝ ਸਿੱਖ ਜ਼ਬਾਨੀ ਕਹਿੰਦੇ ਸਨ ਓਸ ਤੋਂ ਚਾਰ ਗੁਣਾਂ ਵਧ ਕੇ ਦੂਜੇ ਮਤਾਂ ਵਾਲੇ ਕਹਿੰਦੇ ਸੀ। ਐਡਵਰਡ ਸਾਹਿਬ ਨੇ ਲਿਖਿਆ ਹੈ ਕਿ ਮਹਾਰਾਣੀ ਜਿੰਦਾਂ ਦੇ ਦੇਸ਼ ਨਿਕਾਲੇ ਦੀ ਖ਼ਬਰ ਮੁਲਤਾਨ ਵਿੱਚ ਖਾਲਸੇ ਨੂੰ ਸੁਣਾਈ ਗਈ। ਤਦ ਓਸ ਦਿਨ ਓਹਨਾਂ ਨੇ ਰੋਟੀ ਨਹੀਂ ਖਾਧੀ, ਓਹਨਾਂ ਦੇ ਹੌਸਲੇ ਟੁੱਟ ਗਏ। ਇਸ ਗੱਲ ਤੋਂ ਜਾਣੂੰ ਹੋ ਕੇ ਰੈਜ਼ੀਡੰਟ ਸਾਹਿਬ ਨੇ ਲਾਰਡ ਡਲਹੌਜ਼ੀ ਨੂੰ ਲਿਖਿਆ ਕਿ ਸ਼ੇਰ ਸਿੰਘ ਦੇ ਕੈਂਪ ਤੋਂ ਖ਼ਬਰ ਆਈ ਹੈ ਕਿ ਸਿੱਖਾਂ ਨੇ ਰਾਣੀ ਦੀ ਜਲਾਵਤਨੀ ਦੀ ਖ਼ਬਰ ਨੂੰ ਬੜੇ ਬੇਕਰਾਰ ਹੋ ਕੇ ਸੁਣਿਆ ਤੇ ਸਾਰੇ ਸਪਾਹੀ ਕਹਿ ਰਹੇ ਹਨ ਕਿ ਮਹਾਰਾਣੀ ਖਾਲਸਾ ਫੌਜ ਦੀ ਮਾਤਾ ਹੈ। ਜਦ ਓਹਨੂੰ ਕੈਦ ਕਰ ਕੇ ਮੰਦੀ ਰਾਹੀਂ ਤਲਾਸ਼ੀ ਲਈ ਗਈ ਹੈ ਤੇ ਅਨਜਾਣ ਪੁੱਤ ਤੋਂ ਅੱਡ ਕਰ ਦਿੱਤੀ ਗਈ, ਤਦ ਓਸ ਬਾਲਕ ਮਹਾਰਾਜੇ ਦੀ ਪਾਲਣਾ ਕੌਣ ਕਰੇਗਾ? ਜਿਸ ਤਰ੍ਹਾਂ ਨਿਰਅਪਰਾਧ ਰਾਣੀ ਨੂੰ ਦੇਸ ਨਿਕਾਲਾ ਦਿੱਤਾ ਗਿਆ ਹੈ. ਸ਼ਾਇਦ ਸਾਡੇ ਮਹਾਰਾਜੇ ਨਾਲ ਵੀ ਇਹੋ ਹੀ ਸਲੂਕ ਕੀਤਾ ਜਾਵੇ। ਫਿਰ ਅਸੀਂ ਕਿਸ ਵਾਸਤੇ ਲੜੀਏ ਤੇ ਜਾਨ ਵਾਰੀਏ? ਇਨ੍ਹਾਂ ਗੱਲਾਂ ਤੋਂ ਸ਼ੱਕ ਹੁੰਦਾ ਹੈ ਕਿ ਸ਼ਾਇਦ ਖਾਲਸਾ ਫੌਜ ਮੂਲਰਾਜ ਨਾਲ ਮਿਲ ਜਾਏ।
ਪੰਜਾਬ ਦੇ ਸਰਕਾਰੀ ਕਾਗ਼ਜ਼ਾਂ ਤੋਂ ਇਹ ਗੱਲ ਸਪੱਸ਼ਟ ਹੈ ਕਿ ਜਦ ੨੪ ਨਵੰਬਰ ੧੮੪੮ ਨੂੰ ਬਹੁਤ ਸਾਰੇ ਸਰਦਾਰਾਂ ਨੇ ਕਹਿ ਦਿੱਤਾ ਸੀ ਕਿ ਮਹਾਰਾਣੀ ਦੇ ਕੈਦ ਕਰਨ ਤੋਂ ਦਰਬਾਰ ਦਾ ਕੰਮ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਮਹਾਰਾਣੀ ਨਾਲ ਜੋ ਸਲੂਕ ਕੀਤਾ ਗਿਆ ਹੈ ਉਸ ਤੋਂ ਸਾਰੇ ਪੰਜਾਬੀ ਕ੍ਰੋਧਾਤਰ ਹੋ ਗਏ ਹਨ। ਉਹਨਾਂ ਤੇ ਡਰ ਤੇ ਰੰਜ ਛਾ ਗਿਆ ਹੈ ਤੇ ਉਹ ਕਹਿ ਰਹੇ ਹਨ ਕਿ ਅਗ੍ਰੇਜ਼ਾਂ ਨੇ ਆਪਣਾ ਧਰਮ, ਈਮਾਨ, ਕਾਨੂੰਨ ਤੇ ਇਕਰਾਰਨਾਮੇ ਛੱਡ ਦਿੱਤੇ ਹਨ। ਇਹਨਾਂ ਨੇ ਜੋ ਕੁਝ ਕੀਤਾ ਹੈ, ਦੋਸਤੀ ਦੇ ਨਿਯਮਾਂ ਦੇ ਵਿਰੁੱਧ ਹੈ। ਇਹ ਹੁਣ ਪੰਜਾਬ ਨੂੰ ਆਪਣੇ ਮੁਲਕ ਵਿੱਚ ਸ਼ਾਮਲ ਕਰ ਲੈਣਗੇ। ਇਸ ਤਰ੍ਹਾਂ ਦੀ ਇੱਕ ਚਿੱਠੀ ਅਮੀਰ ਕਾਬਲ ਦੋਸਤ ਮੁਹੰਮਦ ਖਾਂ ਨੇ ੨੭ ਨਵੰਬਰ ਨੂੰ ਹਜ਼ਾਰੇ ਦੇ ਹਾਕਮ ਕਪਤਾਨ ਐਬਟ ਸਾਹਿਬ ਨੂੰ ਲਿਖੀ ਕਿ ਮਹਾਰਾਨੀ ਜਿੰਦਾਂ ਨੂੰ ਤੁਸਾਂ ਕੈਦ ਕਰ ਕੇ ਸਿੱਖਾਂ ਨੂੰ ਆਪਣੇ ਮੁਕਾਬਲੇ ਤੇ ਖੜਾ ਕਰ ਲਿਆ ਹੈ। ਰਾਣੀ ਦੇ ਨਾਲ ਜੋ ਸਲੂਕ ਕੀਤਾ ਗਿਆ ਹੈ ਇਸ ਨੂੰ ਸਿੱਖ ਆਪਣੀ ਕੌਮੀ ਹੱਤਕ ਮੰਨਦੇ ਹਨ। ਉਹ ਕੇਹੜਾ ਨਿੱਕਾ ਵੱਡਾ ਪੰਜਾਬੀ ਹੈ ਜੋ ਅੰਗ੍ਰੇਜ਼ਾਂ ਤੇ ਦੰਦ ਨਹੀਂ ਪੀਂਹਦਾ ਹੋਵੇਗਾ? ਬਲਕਿ ਇਹ ਲੋਕ ਆਪਣੇ ਜੀਉਣ ਨਾਲੋਂ ਮਰ ਜਾਣਾ ਬੇਹਤਰ ਜਾਣਦੇ ਹਨ। ਹੁਣ ਹੋਰ ਲੋਕਾਂ ਦੇ ਲਿਖਣ ਤੇ ਕਹਿਣ ਨੂੰ ਜਾਣ ਦਿਓ। ਅੰਗ੍ਰੇਜ਼ਾਂ ਦਾ ਇੰਗਲਿਸ਼ ਮੈਨ ਅਖਬਾਰ ਜੋ ਉਸ ਵੇਲੇ ਹਿੰਦੁਸਤਾਨ ਦੇ ਹਾਲ ਲਿਖਦਾ ਸੀ, ਓਹਨੇ ੧ ਜਨਵਰੀ ੧੮੪੮ ਨੂੰ ਲਿਖਿਆ ਹੈ ਕਿ:
'ਮਹਾਰਾਣੀ ਜਿੰਦਾਂ ਦੇ ਨਾਲ ਜੋ ਕੈਦ ਤੇ ਦੇਸ ਨਿਕਾਲੇ ਦਾ ਪੱਥਰ-ਦਿਲੀ ਦਾ ਵਰਤਾਓ ਕੀਤਾ ਗਿਆ ਹੈ ਉਹ ਇੱਕ ਬੜਾ ਹੀ ਭ੍ਯਾਨਕ ਭੂਚਾਲ ਵਿਖਾਣ ਵਾਲਾ ਤੇ ਸਾਡੀ ਕੌਮ ਦੇ ਧੱਬੇ ਦੀ ਮਸਾਲ ਹੈ।'
ਇਸ ਤਰ੍ਹਾਂ ਬਹੁਤ ਸਾਰਿਆਂ ਨੇ ਇਸ ਘ੍ਰਿਣਤ ਕੰਮ ਦੇ ਰੋਕਣ ਲਈ ਸਿਰ ਪਟਕੇ, ਕਿੰਤੂ ਕਿਸੇ ਗੱਲ ਦੀ ਪ੍ਰਵਾਹ ਨਾ ਕਰ ਕੇ ਲਾਰਡ ਡਲਹੌਜ਼ੀ ਨੇ ਇਸ਼ਤਿਹਾਰ ਦੇ ਦਿੱਤਾ ਕਿ ਰਾਣੀ ਜਿੰਦਾਂ ਦੀ ਕੈਦ ਤੇ ਦੇਸ ਨਿਕਾਲਾ ਕੇਵਲ ਅੰਗ੍ਰੇਜ਼ਾਂ ਦੀ ਹੁਸ਼ਿਆਰੀ ਦਾ ਕੰਮ ਨਹੀਂ, ਬਲਕਿ ਸਜ਼ਾ ਦਾ ਨਮੂਨਾ ਹੈ। ਇਸ ਤੇ ਵੈਲ ਸਾਹਿਬ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਇਹ ਧੱਕਾ ਤੇ ਵਧੀਕੀ ਕੀਤੀ ਗਈ ਹੈ, ਓਹੋ ਜਿਹਾ ਇਨਸਾਫ਼ ਹੋਂਦਾ ਹੋਵੇਗਾ। ਜੇਹੜੇ ਸਿੱਖ ਲੋਕ ਰਾਜ ਦੇ ਚਾਹਵਾਨ ਹਨ, ਓਹਨਾਂ ਦੀ ਨਜ਼ਰ ਵਿੱਚ ਰਾਣੀ ਦੀ ਜਲਾਵਤਨੀ ਕੌਮੀ ਬੇਪਤੀ ਤੇ ਰਾਜ ਖੋਹਣ ਦੀ ਪਹਿਲੀ ਪੌੜੀ ਹੈ। ਇਸ ਵੇਲੇ ਬਹੁਤ ਸਾਰੀਆਂ ਤਕਲੀਫਾਂ ਦੇ ਡਰ ਤੋਂ ਪੰਜਾਬੀਆਂ ਦਾ ਚੁੱਪ ਰਹਿਣਾ ਇੱਕ ਖਤਰਨਾਕ ਅੱਗ ਭੜਕਣ ਦਾ ਸ਼ੁਬ੍ਹਾ ਹੈ।
ਸੋ ਅੰਤ ਨੂੰ ਵੈਲ ਸਾਹਿਬ ਦੀ ਗਲ ਭੀ ਸੱਚ ਨਿੱਕਲੀ। ਰਾਣੀ ਜਿੰਦਾਂ ਦੇ ਫੜੇ ਜਾਣ ਦੀ ਖ਼ਬਰ ਸੁਣ ਕੇ ਸਿੱਖ ਫੌਜ ਵਿੱਚ ਇਸ ਗੁੱਸੇ ਤੇ ਕ੍ਰੋਧ ਦੀ ਅਗਨੀ ਭੜਕ ਉੱਠੀ, ਜਿਸ ਦਾ ਭਬਾਕਾ ਸਭ ਤੋਂ ਪਹਿਲਾਂ ਹਜ਼ਾਰੇ ਦੇ ਜ਼ਿਲੇ ਵਿੱਚੋਂ ਉੱਠ ਕੇ ਅਕਾਸ਼ ਨੂੰ ਚੰਮੜਣ ਲੱਗਾ, ਜਿਸ ਦਾ ਅਸਲ ਕਾਰਨ ਇਹ ਹੈ ਕਿ ਸਰਦਾਰ ਚਤਰ ਸਿੰਘ ਹਜ਼ਾਰੇ ਵਾਲਾ ਜਿਸ ਦੀ ਲੜਕੀ ਤੇਜ ਕੌਰ ਦਾ ਵਿਵਾਹ ਮਹਾਰਾਜਾ ਦਲੀਪ ਸਿੰਘ ਨਾਲ ਹੋਣ ਦਾ ਨਿਸਚਾ ਹੋਇਆ ਹੋਯਾ ਸੀ, ਹਜ਼ਾਰੇ ਦਾ ਗਵਰਨਰ ਸੀ। ਓਸ ਨੇ ਵਿਆਹ ਕਰਨ ਦਾ ਦਿਨ ਨੀਯਤ ਕਰਨ ਵਾਸਤੇ ਗਵਰਨਰ ਜਨਰਲ ਨੂੰ ਲਿਖਿਆ, ਜਿਸ ਨੂੰ ਮਨਜ਼ੂਰ ਕਰਾਣ ਵਾਸਤੇ ਲਫਟੰਟ ਐਡਵਰਡਸ ਸਾਹਿਬ ਨੇ ਵੀ ਸਫਾਰਸ਼ ਕਰ ਕੇ ਲਿਖਿਆ ਕਿ ਦਿਨ ਨੀਯਤ ਹੋ ਜਾਣ ਤੋਂ ਬੁੱਢੇ ਸਰਦਾਰ ਚਤਰ ਸਿੰਘ ਦੀ ਆਸ਼ਾ ਹੀ ਪੂਰੀ ਨਹੀਂ ਹੋ ਜਾਏਗੀ, ਬਲਕਿ ਸਾਰੇ ਪੰਜਾਬੀਆਂ ਦੇ ਦਿਲ ਵਿੱਚ ਅਨਜਾਣ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੋਹਣ ਬਾਬਤ ਜੋ ਸੂਬੇ ਹੋ ਰਹੇ ਸਨ, ਓਹ ਸਾਰੇ ਦੂਰ ਹੋ ਜਾਣਗੇ। ਇਸ ਦਰਖ਼ਾਸਤ ਦਾ ਉਤ੍ਰ ਸਰਦਾਰ ਚਤਰ ਸਿੰਘ ਨੂੰ ਓਹਦੇ ਲੜਕੇ ਗੁਲਾਬ ਸਿੰਘ ਦੇ ਹੱਥ ਅਜਿਹਾ ਸਖ਼ਤ ਰੈਜ਼ੀਡੰਟ ਨੇ ਦਿੱਤਾ, ਜਿਸ ਤੋਂ ਸਰਦਾਰ ਚਤਰ ਸਿੰਘ ਦਾ ਦਿਲ ਬੜਾ ਦੁਖੀ ਹੋਇਆ ਤੇ ਅਗੋਂ ਨੂੰ ਵਿਆਹ ਹੋਣ ਤੇ ਵੀ ਓਹਨੂੰ ਨਿਰਾਸ਼ ਹੋਣਾ ਪਿਆ। ਇਸ ਤੋਂ ਪਿੱਛੋਂ ਕਪਤਾਨ ਐਬਟ ਸਾਹਿਬ ਨੇ ਜੋ ਸਰਦਾਰ ਚਤਰ ਸਿੰਘ ਦੇ ਮੱਦਦੀ ਬਣਾ ਕੇ ਹਜ਼ਾਰੇ ਦੇ ਜ਼ਿਲੇ ਵਿੱਚ ਭੇਜੇ ਗਏ ਸਨ, ਸ਼ਕਾਇਤ ਕਰਨ ਤੇ ਜੋ ਸਲੂਕ ਸ੍ਰਦਾਰ ਚਤਰ ਸਿੰਘ ਨਾਲ ਕੀਤਾ ਗਿਆ, ਓਹ ਅੰਗ੍ਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਦੂਜੇ ਸੰਗਰਾਮ ਹੋਣ ਦਾ ਕਾਰਣ ਹੋਇਆ।
ਸ੍ਰਦਾਰ ਚਤਰ ਸਿੰਘ ਹਜ਼ਾਰੇ ਦੇ ਜ਼ਿਲੇ ਦਾ ਹਾਕਮ ਸੀ, ਇਸ ਇਲਾਕੇ ਵਿੱਚ ਮੁਸਲਮਾਨਾਂ ਦੀ ਵੱਸੋਂ ਬਹੁਤੀ ਹੈ ਤੇ ਓਹ ਕੌਮਾਂ ਰਹਿੰਦੀਆਂ ਹਨ, ਜਿਨ੍ਹਾਂ ਦਾ ਕਿ ਸਦਾ ਹੀ ਲੜਨਾ ਭਿੜਨਾ ਆਪਸ ਵਿੱਚ ਬਣਿਆ ਰਹਿੰਦਾ ਹੈ। ਕਪਤਾਨ ਐਬਟ ਸਾਹਿਬ ਨੂੰ ਸਰਦਾਰ ਚਤਰ ਸਿੰਘ ਦੀ ਮਦਦ ਵਾਸਤੇ ਭੇਜਿਆ ਗਿਆ। ਓਹਨੇ ਜਾਂਦੇ ਹੀ ਦੀਵਾਨ ਜਵਾਲਾ ਸਹਾਇ ਤੇ ਸਰਦਾਰ ਝੰਡਾ ਸਿੰਘ ਨੂੰ ਬੇਪਤ ਕਰਾ ਦਿੱਤਾ, ਤੇ ਇਹਨਾਂ ਦੇ ਵਿਰੁੱਧ ਓਹ ਦੂਸ਼ਣ ਲਾਏ ਕਿ ਜਿਨ੍ਹਾਂ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ।
ਦੀਵਾਨ ਜਵਾਲਾ ਸਹਾਏ ਇੱਕ ਬੜਾ ਹੀ ਭਲਾ ਮਾਨਸ ਤੇ ਸ਼ਰੀਫ ਆਦਮੀ ਸੀ। ਹਰ ਚੰਦ ਐਬਟ ਸਾਹਿਬ ਤੋਂ ਬਚਨ ਦਾ ਯਤਨ ਕਰਦਾ ਰਿਹਾ, ਕਿੰਤੂ ਕਪਤਾਨ ਸਾਹਿਬ ਨੇ ਓਹਦੀ ਇੱਜ਼ਤ ਨੂੰ ਵਿਗਾੜ ਹੀ ਦਿੱਤਾ। ਇਸੇ ਤਰ੍ਹਾਂ ਸ੍ਰਦਾਰ ਝੰਡਾ ਸਿੰਘ ਦੀ ਫੌਜ ਦੇ ਕੁਝ ਆਦਮੀ ਬਾਗ਼ੀ ਹੋ ਗਏ। ਓਹਨੇ ਸਰਦਾਰ ਝੰਡਾ ਸਿੰਘ ਨੂੰ ਵੀ ਬਾਗ਼ੀ ਦੱਸਿਆ, ਜਿਸ ਤੇ ਰੈਜ਼ੀਡੰਟ ਸਾਹਿਬ ਨੇ ਇਸ ਨੂੰ ਲਿਖਿਆ ਕਿ ਆਪ ਦੀ ਰਾਏ ਉੱਕਾ ਹੀ ਨਿਰਮੂਲ ਹੈ।
ਸਰ ਹੈਨਰੀ ਲਾਰੰਸ ਸਾਹਿਬ ਨੇ ਐਬਟ ਸਾਹਿਬ ਬਾਬਤ ਰੈਜ਼ੀਡੰਟ ਨੂੰ ਲਿਖਿਆ ਸੀ ਕਿ ਕਪਤਾਨ ਐਬਟ ਹਰ ਇੱਕ ਗੱਲ ਦੇ ਉਲਟੇ ਪੁਲਟੇ ਅਰਥ ਕਰ ਕੇ ਧੋਖੇ ਦੇ ਭਾਵ ਕੱਢ ਕੇ ਬਾਕੀ ਟੇਡੀਆਂ ਚਾਲਾਂ ਚਲਦਾ ਹੈ।
ਰੈਜ਼ੀਡੈਂਟ ਕਰਈ ਸਾਹਿਬ ਨੇ ਲਾਰਡ ਡਲਹੌਜ਼ੀ ਨੂੰ ਐਬਟ ਸਾਹਿਬ ਬਾਬਤ ਲਿਖਿਆ ਕਿ ਤੁਸਾਂ ਕਪਤਾਨ ਐਬਟ ਸਾਹਿਬ ਦੇ ਸੁਬ੍ਹੇ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਓਹ ਕਿਸੇ ਸਾਜ਼ਸ਼ ਬਾਬਤ ਕਿਸੇ ਝੂਠੀ ਖ਼ਬਰ ਨੂੰ ਸੁਣ ਕੇ ਸੱਚ ਮੰਨ ਲੈਂਦਾ ਹੈ ਤੇ ਹਰ ਇੱਕ ਮਾਮਲੇ ਵਿੱਚ ਹਰ ਇੱਕ ਆਦਮੀ ਤੇ ਸ਼ੱਕ ਰੱਖਦਾ ਹੈ ਤੇ ਆਪਣੀ ਰਾਏ ਨੂੰ ਕਦੇ ਗਲਤ ਨਹੀਂ ਸਮਝਦਾ।
ਸੋ ਜਿਸ ਕਪਤਾਨ ਐਬਟ ਬਾਬਤ ਓਹਦੇ ਦੇਸ ਵਾਸੀ ਭਰਾਵਾਂ ਦੇ ਇਹ ਖ਼ਿਆਲ ਸਨ, ਓਹ ਸਰਦਾਰ ਚਤਰ ਸਿੰਘ ਪਾਸ ਜਾ ਕੇ ਆਪਣੇ ਸੁਬ੍ਹੇ ਨੂੰ ਕਿੱਕਣ ਬਦਲਦਾ? ਸੋ ਓਹਨੇ ਪਹਿਲਾਂ ਜਾਂਦਿਆਂ ਹੀ ਬੁੱਢੇ ਸਰਦਾਰਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਦੀਵਾਨੀ ਤੇ ਫ਼ੌਜਦਾਰੀ ਮਾਮਲਿਆਂ ਵਿੱਚ ਇੰਨਾ ਵਿਗਾੜ ਕੀਤਾ ਕਿ ਸਰਦਾਰ ਚਤਰ ਸਿੰਘ ਤੋਂ ੩੬ ਮੀਲ ਦੀ ਵਾਟ ਤੇ ਸਰੋਦ ਅਸਥਾਨ ਤੇ ਜਾ ਰਿਹਾ। ਓਹ ਸਪਾਹੀਆਂ ਤੇ ਸਰਦਾਰਾਂ ਨੂੰ ਬਹੁਤ ਗਾਲ੍ਹੀਆਂ ਦਿੱਤਾ ਕਰਦਾ ਸੀ, ਜਿਸ ਤੋਂ ਸਪਾਹੀ ਬੜੇ ਨਰਾਜ਼ ਰਹਿੰਦੇ ਸਨ।
ਪਲਕੀ ਵਿੱਚ ਚਤਰ ਸਿੰਘ ਦੀ ਜੋ ਫ਼ੌਜ ਰਹਿੰਦੀ ਸੀ। ਓਸ ਵਿੱਚੋਂ ਤਿੰਨ ਸੌ ਸਵਾਰ ਦੀਵਾਨ ਮੂਲਰਾਜ ਮੁਲਤਾਨ ਵਾਲੇ ਦੀ ਬਗਾਵਤ ਕਰਨ ਦੀ ਖ਼ਬਰ ਸੁਣ ਕੇ ਉਧਰ ਟੁਰ ਪਏ। ਸਰਦਾਰ ਚਤਰ ਸਿੰਘ ਦੇ ਅਫਸਰਾਂ ਨੂੰ ਭੇਜਿਆ ਕਿ ਓਹਨਾਂ ਨੂੰ ਮੋੜ ਲਿਆਓ। ਐਬਟ ਸਾਹਿਬ ਨੇ ਫੌਜ ਸਮੇਤ ਸਰਦਾਰ ਚਤਰ ਸਿੰਘ ਨੂੰ ਵੀ ਬਾਗ਼ੀ ਠਹਿਰਾ ਦਿੱਤਾ। ਸਰਦਾਰ ਚਤਰ ਸਿੰਘ ਜਿਸ ਤਰ੍ਹਾਂ ਦਾ ਨੇਕ (ਸ਼ਰੀਫ) ਸੀ, ਓਹ ਰੈਜ਼ੀਡੰਟ ਕਰਈ ਸਾਹਿਬ ਦੀ ਓਸ ਚਿੱਠੀ ਤੋਂ ਹੀ ਮਾਲੂਮ ਹੋ ਜਾਂਦਾ ਹੈ ਜੋ ਓਸ ਨੇ ੧੩ ਜੂਨ ੧੮੪੮ ਨੂੰ ਲਾਟ ਸਾਹਿਬ ਨੂੰ ਲਿਖੀ ਸੀ। ਓਸ ਵਿੱਚ ਲਿਖਿਆ ਸੀ ਕਿ ਸਰਦਾਰ ਚਤਰ ਸਿੰਘ ਪੁਰਾਣਾ ਆਦਮੀ, ਸਾਦਾ ਸੁਭਾਵ ਤੇ ਸਰਕਾਰ ਅੰਗ੍ਰੇਜ਼ੀ ਤੇ ਖਾਲਸਾ ਫੌਜ ਦੀ ਤਰੱਕੀ ਦਾ ਚਾਹਵਾਨ ਹੈ। ਓਸ ਨੇ ਕਦੇ ਵੀ ਕਿਸੇ ਅਫਸਰ ਤੋਂ ਅਯੋਗ ਵਾਕ ਨਹੀਂ ਸੁਣੇ ਸਨ, ਕਿੰਤੂ ਅੰਗ੍ਰੇਜ਼ੀ ਪ੍ਰਬੰਧ ਵਿੱਚ ਓਹਨੂੰ ਗਾਲ੍ਹੀਆਂ ਤੇ ਝਿੜਕਾਂ ਝੱਲਣੀਆਂ ਪਈਆਂ। ਓਸ ਦੀ ਤੇ ਓਹਦੇ ਲੜਕਿਆਂ ਦੀ ਉੱਨਤੀ ਜੋ ਮਹਾਰਾਜਾ ਦਲੀਪ ਸਿੰਘ ਦੇ ਨਾਲ ਰਿਸ਼ਤਾ ਹੋਣ ਕਰ ਕੇ ਸੰਭਵ ਸੀ, ਓਸ ਤੋਂ ਕਈ ਲੋਕ ਈਰਖਾ ਕਰਨ ਲੱਗ ਪਏ ਸੀ। ਕਪਤਾਨ ਐਬਟ ਦੀ ਨਜ਼ਰ ਵਿੱਚ ਕੋਈ ਦੂਜਾ ਮਨੁੱਖ ਅਕਲ ਵਾਲਾ ਸੀ ਹੀ ਨਹੀਂ। ਇਸ ਲਈ ਜਦ ਓਹ ਓਹਨਾਂ ਦਾ ਸਹਾਇਕ ਹੋ ਕੇ ਰੈਜ਼ੀਡੰਟ ਦੇ ਕਥਨ ਨੂੰ ਵੀ ਮੰਨਦਾ, ਤਦ ਸਰਕਾਰ ਦੀ ਗੱਲ ਓਹਨੂੰ ਕਦ ਭਾਉਂਦੀ ਸੀ?
ਸ੍ਰਦਾਰ ਚਤਰ ਸਿੰਘ ਐਬਟ ਸਾਹਿਬ ਦੇ ਹੱਥੋਂ ਬਹੁਤ ਤੰਗ ਆ ਗਿਆ। ਐਬਟ ਸਾਹਿਬ ਨਾ ਤਾਂ ਨਾਲ ਮਿਲ ਕੇ ਕੰਮ ਕਰੇ ਤੇ ਨਾ ਹੀ ਅੱਗੇ। ਇੱਕ ਦਿਨ ਇਸ ਨੇ ਸ੍ਰਦਾਰ ਦੇ ਵਕੀਲ ਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਮਾਲਕ ਤੇ ਇਤਬਾਰ ਨਹੀਂ ਕਰਦਾ। ਇੰਜ ਦੁਸ਼ਮਣੀ ਦੇ ਭਾਵ ਪ੍ਰਗਟ ਹੋਣ ਤੇ ਵੀ ਇਸ ਸਰਦਾਰ ਨੇ ਸ਼ਕਾਇਤ ਨਹੀਂ ਕੀਤੀ, ਜਿਸ ਤੋਂ ਹੋਰ ਵੀ ਤੇਜ਼ ਹੋ ਗਿਆ। ਇਸ ਇਲਾਕੇ ਦੇ ਮੁਸਲਮਾਨਾਂ ਨੂੰ ਸਰਦਾਰ ਚਤਰ ਸਿੰਘ ਦੇ ਵਿਰੁੱਧ ਭੜਕਾਣ ਲੱਗਾ। ਮੁਸਲਮਾਨਾਂ ਤੇ ਸਿੱਖਾਂ ਦੀ ਆਪੋ ਵਿੱਚ ਅੱਗੇ ਅਣਬਣ ਤਾਂ ਸੀ ਹੀ। ਕਿੰਤੂ ਜਦ ਓਹਨਾਂ ਨੂੰ ਪਤਾ ਲੱਗਾ ਕਿ ਇੱਕ ਅੰਗ੍ਰੇਜ਼ ਓਹਨਾਂ ਦੀ ਮਦਦ ਤੇ ਹੈ ਤਦ ਓਹ ਭੁੜਕ ਪਏ। ਇੱਕ ਦਫਾ ਓਹਨਾਂ ਨੇ ਸਰਦਾਰ ਚਤਰ ਸਿੰਘ ਦੇ ਹਰੀਪੁਰ ਵਾਲੇ ਮਕਾਨ ਨੂੰ ਆ ਘੇਰਿਆ। ਤਿੰਨ ਦਿਨ ਤੱਕ ਇਹ ਲੋਕੀ ਵਧਦੇ ਗਏ। ਜਦ ਇਹਨਾਂ ਦੀ ਗਿਣਤੀ ਬਹੁਤੀ ਵਧ ਗਈ ਤਦ ਇਨ੍ਹਾਂ ਨੂੰ ਹਟਾਣ ਵਾਸਤੇ ਸਰਦਾਰ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਤੋਪਾਂ ਸਮੇਤ ਮੈਦਾਨ ਵਿੱਚ ਆ ਜਾਓ। ਇਸ ਵਾਰੀ ਫੌਜ ਵਿੱਚ ਕੇਨਰਾ ਨਾਮ ਦਾ ਅਮੀਰ, ਅਮੀਰ ਦੇ ਰਹਿਣ ਵਾਲਾ ਤੋਪਖਾਨੇ ਦਾ ਜਮਾਂਦਾਰ ਸੀ, ਉਸ ਨੇ ਤੋਪਖਾਨਾ ਲੈ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਐਬਟ ਸਾਹਿਬ ਦੀ ਆਗਿਆ ਬਿਨਾਂ ਨਹੀਂ ਜਾਵਾਂਗਾ। ਜ਼ੋਰ ਦੇਣ ਤੇ ਓਹਨੇ ਚਾਰ ਤੋਪਾਂ ਭਰ ਲਈਆਂ ਤੇ ਕਿਹਾ ਕਿ ਜੇ ਕੋਈ ਮੇਰੇ ਸਾਹਮਣੇ ਆਵੇਗਾ, ਤਾਂ ਓਹਨੂੰ ਮਾਰ ਦੇਵਾਂਗਾ। ਜਦ ਸਰਦਾਰ ਚਤਰ ਸਿੰਘ ਨੇ ਪੈਦਲ ਫੌਜ ਨੂੰ ਆਪਣੀ ਤੋਪ ਲਿਆਉਣ ਦਾ ਹੁਕਮ ਦਿੱਤਾ, ਤਦ ਇਸ ਜਮਾਂਦਾਰ ਨੇ ਆਪਣੇ ਇੱਕ
ਹਵਾਲਦਾਰ ਸਿੱਖ ਨੂੰ ਕਿਹਾ ਕਿ ਇਸ ਪਲਟਣ ਤੇ ਤੋਪ ਚਲਾਓ, ਕਿੰਤੂ ਉਸ ਹਵਾਲਦਾਰ ਨੇ ਇਸ ਸ਼ੁਦਾਈ ਦੀ ਗੱਲ ਨਾ ਮੰਨੀ। ਅੱਖ ਬਚਾ ਕੇ ਝਟ ਉਸ ਹਵਾਲਦਾਰ ਦਾ ਸਿਰ ਕੱਟ ਦਿੱਤਾ ਤੇ ਪੈਦਲ ਫੌਜ ਤੇ ਆਪ ਤੋਪਾਂ ਦੀ ਬੱਤੀ ਦੇ ਦਿੱਤੀ। ਗੋਲੇ ਅਸਮਾਨ ਵਲ ਚਲੇ ਗਏ, ਫਿਰ ਪਸਤੌਲ ਲੈ ਕੇ ਸਿੱਖਾਂ ਨੂੰ ਮਾਰ ਦਿੱਤਾ। ਪ੍ਰੰਤੂ ਉਸੇ ਵੇਲੇ ਕਨੇਰਾ ਆਪ ਵੀ ਇੱਕ ਸਿੱਖ ਦੀ ਤਲਵਾਰ ਦੀ ਭੇਟਾ ਹੋ ਗਿਆ। ਐਬਟ ਸਾਹਿਬ ਨੇ ਇਸ ਮਾਮਲੇ ਨੂੰ ਬੜਾ ਖਿਚਿਆ ਤੇ ਵਧਾਇਆ। ਰੈਜ਼ੀਡੰਟ ਨੇ ਸ: ਚਤਰ ਸਿੰਘ ਤੇ ਐਬਟ ਸਾਹਿਬ ਤੋਂ ਇਸ ਝਗੜੇ ਦੀ ਬਾਬਤ ਬਿਆਨ ਲਏ, ਜਿਸ ਤੋਂ ਰੈਜ਼ੀਡੰਟ ਨੂੰ ਯਕੀਨ ਹੋ ਗਿਆ ਕਿ ਇਹ ਸਾਰੀ ਵਧੀਕੀ ਐਬਟ ਸਾਹਿਬ ਦੀ ਹੈ। ਸੋ ਰੈਜ਼ੀਡੰਟ ਨੇ ੧੧ ਅਗਸਤ ਨੂੰ ਐਬਟ ਸਾਹਿਬ ਨੂੰ ਇੱਕ ਬੜੀ ਝਾੜ ਪਾਣ ਵਾਲੀ ਚਿੱਠੀ ਲਿਖੀ, ਕਿੰਤੂ ਇਸ ਦਾ ਐਬਟ ਸਾਹਿਬ ਤੇ ਕੋਈ ਅਸਰ ਨਾ ਹੋਇਆ ਉਲਟਾ ਉਹਨੇ ਸਰਦਾਰ ਚਤਰ ਸਿੰਘ ਨੂੰ ਚਿੱਠੀ ਲਿਖੀ ਕਿ ਕਨੇਰਾ ਨੂੰ ਮਾਰਨ ਵਾਲਾ ਮੇਰੇ ਹਵਾਲੇ ਕਰ ਦਿੱਤਾ ਜਾਏ। ਨਹੀਂ ਤਾਂ ਤੁਹਾਡੀ ਜਾਗੀਰ ਤੇ ਅਹੁਦਾ ਨਹੀਂ ਰਹੇਗਾ। ਇਸ ਚਿੱਠੀ ਦੇ ਉੱਤਰ ਵਿੱਚ ਸਰਦਾਰ ਚਤਰ ਸਿੰਘ ਨੇ ਲਿਖਿਆ ਕਿ ਤਿੰਨ ਬੇਗੁਨਾਹ ਆਦਮੀਆਂ ਦੀ ਹੱਤ੍ਯਾ ਕਰਨ ਵਾਲੇ ਨੂੰ ਮਾਰਨ ਵਾਲਾ ਸਜ਼ਾ ਪਾਣ ਯੋਗ ਨਹੀਂ ਹੋ ਸਕਦਾ, ਉਹਨੂੰ ਉਚਿਤ ਜਾਣ ਕੇ ਇਨਾਮ ਦਿੱਤਾ ਗਿਆ ਹੈ।
ਬੈਲ ਸਾਹਿਬ ਨੇ ਆਪਣੀ ਤਾਰੀਖ ਵਿੱਚ ਲਿਖਿਆ ਹੈ (ਦੇਖੋ ਸਫਾ ੧੪੨) ਕਿ ਜੇ ਸ੍ਰ: ਚਤਰ ਸਿੰਘ ਉਸ ਬੇਗੁਨਾਹ ਆਦਮੀ ਨੂੰ ਐਬਟ ਸਾਹਿਬ ਦੇ ਪਾਸ ਭੇਜ ਦੇਂਦਾ ਤਦ ਉਹ ਲਾਲਚੀ ਤੇ ਅਨਿਆਈ ਕਪਤਾਨ ਉਹਨੂੰ ਬੁਰੀ ਤਰ੍ਹਾਂ ਮਰਵਾ ਦੇਂਦਾ। ਕਿੰਤੂ ਉਹ ਸਪਾਹੀ ਤਾਂ ਨਿਆਕਾਰੀ ਸਰਦਾਰ ਨੇ ਨਾ ਦਿੱਤਾ, ਆਪਣੀ ਸਫ਼ਾਈ ਤੇ ਖਾਨਦਾਨ ਦੀ ਇੱਜ਼ਤ ਬਣਾ ਰਖਣ ਦੇ ਵਾਸਤੇ ਉਸ ਤੇ ਕਾਲੇ ਦਿਲ ਵਾਲੇ ਬੇਤਮੀਜ਼ ਨੂੰ ਮਾਫ਼ੀ ਮੰਗੌਣ ਲਈ ਚਲਾ ਗਿਆ। ਕਪਤਾਨ ਨੇ ਸਰਦਾਰ ਜੀ ਦੇ ਜਾਣ ਦਾ ਮੁਲ ਕੀ ਪਾਣਾ ਸੀ? ਉਲਟਾ ਉਹਨਾਂ ਤੇ ਇਹ ਦੂਸ਼ਣ ਲਾਇਆ ਕਿ ਜੰਮੂ ਦੇ ਰਾਜਾ ਗੁਲਾਬ ਸਿੰਘ ਉਹਦੇ ਪੁੱਤਰ ਰਣਧੀਰ ਸਿੰਘ ਤੇ ਭਤੀਜੇ ਜਵਾਹਰ ਸਿੰਘ ਨੂੰ ਅੰਗਰੇਜ਼ਾਂ ਦੇ ਵਿਰੁੱਧ ਭੜਕਾਉਂਦਾ ਹੈ। ਰੈਜ਼ੀਡੰਟ ਨੇ ਇਸ ਮਾਮਲੇ ਦੀ ਖੋਜ ਲਈ ਨਿਕਲਸਨ ਸਾਹਿਬ ਨੂੰ ਨੀਯਤ ਕੀਤਾ। ਇਸ ਨੇ ਸਾਰਿਆਂ ਪਾਸਿਆਂ ਦੀ ਗੱਲਬਾਤ ਸੁਣ ਕੇ ਦਰਬਾਰ ਦੇ ਸਾਹਮਣੇ ਪ੍ਰਗਟ ਕੀਤਾ ਕਿ ਇਸ ਸਾਰੇ ਝਗੜੇ ਦੀ ਜੜ੍ਹ ਐਬਟ ਸਾਹਿਬ ਹੈ। ਉਹ ਬਿਲਕੁਲ ਝੂਠ ਬੋਲ ਰਿਹਾ ਹੈ, ਜਿਨ੍ਹਾਂ ਚਿੱਠੀਆਂ ਦੇ ਆਧਾਰ ਤੇ ਸਰਦਾਰ ਚਤਰ ਸਿੰਘ ਨੂੰ ਬਾਗ਼ੀ ਦੱਸਿਆ ਜਾਂਦਾ ਹੈ, ਉਹਨਾਂ ਤੋਂ ਉਹਦੀ ਵਫ਼ਾਦਾਰੀ ਤੇ ਸ਼ਰਾਫਤ ਸਾਬਤ ਹੁੰਦੀ ਹੈ। ਨਿਕਲਸਨ ਸਾਹਿਬ ਦੀ ਇਸ ਤਰ੍ਹਾਂ ਦੀ ਰੀਪੋਰਟ ਹੋਣ ਤੇ ਵੀ ਰੈਜ਼ੀਡੰਟ ਆਪਣੇ ਦੇਸੀ ਭਰਾ ਦੇ ਪੱਖ ਤੇ ਹੋ ਗਿਆ ਤੇ ਉਹਨੇ ਸ੍ਰ: ਚਤਰ ਸਿੰਘ ਨੂੰ ਲਿਖਿਆ ਕਿ ਕਨੇਰਾ ਦੀ ਹੱਤਯਾ ਕਰਨ ਵਾਲੇ ਨੂੰ ਲੈ ਕੇ ਮੇਰੇ ਸਾਹਮਣੇ ਹਾਜ਼ਰ ਹੋਵੋ ਤੇ ਅੱਜ ਤੋਂ ਆਪਣੀ ਜਾਗੀਰ ਤੇ ਅਹੁਦੇ ਦੀ ਆਸ ਨਾ ਰੱਖੋ।
ਪੰਜਾਬ ਦੇ ਸਬੰਧੀ ਕਾਗਜ਼ਾਂ ਵਾਲੀ ਕਿਤਾਬ ਵੇਖਣ ਤੋਂ ਪਤਾ ਲੱਗ ਜਾਂਦਾ ਹੈ ਕਿ ਰੈਜ਼ੀਡੰਟ ਦੇ ਪਾਸੀਂ ਚਾਲ ਚਲਦਾ ਸੀ। ਕਿਉਂਕਿ ੨੩ ਅਗਸਤ ਦੀ ਚਿੱਠੀ ਵਿੱਚ ਤਾਂ ਰਾਜਾ ਸ਼ੇਰ ਸਿੰਘ ਨੂੰ ਤਸੱਲੀ ਦੇਣ ਵਾਸਤੇ ਮੇਹਜਰ ਐਡਵਰਡਸ ਸਾਹਿਬ ਨੂੰ ਚਿੱਠੀ ਲਿਖੀ ਕਿ ਸਰਦਾਰ ਚਤਰ ਸਿੰਘ ਸੱਚਾ, ਖੈਰਖਾਹ ਤੇ ਬੜਾ ਚੰਗਾ ਆਦਮੀ ਤੇ ਬੇਗੁਨਾਹ ਹੈ। ਦੂਜੇ ਪਾਸੇ ਨਿਕਲਸਨ ਸਾਹਿਬ ਨੂੰ ਲਿਖਿਆ ਕਿ ਹਜ਼ਾਰੇ ਜਾ ਕੇ ਸ੍ਰਦਾਰ ਚਤਰ ਸਿੰਘ ਦੀ ਜਾਗੀਰ ਤੇ ਅਹੁਦਾ ਜ਼ਬਤ ਕਰ ਕੇ ਓਹਨਾਂ ਨੂੰ ਉਚਿਤ ਡੰਡ ਦੇਵੋ ਤੇ ੨੪ ਅਗਸਤ ਨੂੰ ਐਬਟ ਸਾਹਿਬ ਨੂੰ ਲਿਖਿਆ ਕਿ ਇਹ ਸਾਰਾ ਫਸਾਦ ਤੁਹਾਡਾ ਖੜਾ ਕੀਤਾ ਹੋਇਆ ਹੈ। ਕਨੇਰਾ ਦੇ ਕਾਤਲ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਇਨਸਾਫ਼ ਦੇ ਵਿਰੁੱਧ ਨਹੀਂ ਕਹਿ ਸਕਦੇ। ਤੁਹਾਡੀਆਂ ਚਾਲਾਂ ਇਨਸਾਫ਼ ਤੋਂ ਦੂਰ ਤੇ ਬੁਰਾ ਅਸਰ ਪਾਣ ਵਾਲੀਆਂ ਹਨ।
ਇਸ ਕਾਰਵਾਈ ਦੇ ਨਮੂਨੇ ਤੋਂ ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਰੈਜ਼ੀਡੰਟ ਨੇ ਕਿੰਨੀ ਕੁ ਅਕਲ ਤੇ ਇਨਸਾਫ਼ ਤੋਂ ਕੰਮ ਲਿਆ ਤੇ ਓਹ ਜ਼ਮਾਨਾ ਕਿਹੋ ਜਿਹਾ ਸੀ ਜਦ ਕਿ ਓਸ ਨੇ ਇੱਕ ਵੱਡੇ ਪਤਵੰਤੇ ਘਰਾਣੇ ਦੇ ਸਰਦਾਰ ਚਤਰ ਸਿੰਘ ਨੂੰ ਸਜ਼ਾ ਦੇਣ ਦਾ ਹੁਕਮ ਦੇ ਦਿੱਤਾ? ਇਹ ਪੜ੍ਹ ਕੇ ਕਿਸ ਨੂੰ ਹੈਰਾਨੀ ਤੇ ਅਫ਼ਸੋਸ ਨਹੀਂ ਹੋਵੇਗਾ ਕਿ ਬੇਗੁਨਾਹ ਸਰਦਾਰ ਚਤਰ ਸਿੰਘ ਨੂੰ ਜਾਣ ਬੁੱਝ ਕੇ ਰੈਜ਼ੀਡੰਟ ਨੇ ਸਜ਼ਾ ਦੇਣ ਦਾ ਹੁਕਮ ਦੇ ਕੇ ਧੋਖੇ ਤੇ ਜ਼ੁਲਮ ਦਾ ਕੰਮ ਕੀਤਾ। ਇਸ ਤਰ੍ਹਾਂ ਦੀਆਂ ਹੋਰ ਵੀ ਕਈਆਂ ਕੰਮਾਂ ਤੋਂ ਪ੍ਰਗਟ ਹੋਂਦਾ ਹੈ ਕਿ ਓਸ ਵੇਲੇ ਪੰਜਾਬ ਦਾ ਪ੍ਰਬੰਧ ਕਰਨ ਆਏ ਹੋਏ ਅੰਗ੍ਰੇਜ਼ ਇਨਸਾਫ਼ ਦਾ ਮਾਦਾ ਨਹੀਂ ਰੱਖਦੇ ਸਨ ਬਲਕਿ ਇਹ ਗੱਲ ਕਹੀ ਜਾ ਸਕਦੀ ਹੈ ਕਿ ਓਹ ਜਾਣ ਬੁੱਝ ਕੇ ਇਨਸਾਫ਼ ਦੇ ਰਾਹ ਵਿੱਚ ਰੋੜੇ ਅਟਕਾਂਦੇ ਸਨ। ਫਸਾਦ ਵਧਾਂਦੇ ਸਨ ਤੇ ਇਸੇ ਵਿੱਚ ਓਹਨਾਂ ਨੇ ਆਪਣਾ ਨਫ਼ਾ ਸਮਝ ਰਖ੍ਯਾ ਸੀ। ਇਸੇ ਕਰ ਕੇ ਓਹਨਾਂ ਨੇ ਹਰ ਇੱਕ ਆਦਮੀ ਨੂੰ ਮਿੱਟੀ ਦਾ ਖਡਾਵਣਾ ਸਮਝ ਰੱਖਿਆ ਸੀ, ਜਿਸ ਨੂੰ ਕਦੇ ਓਹ ਚੱਕ ਕੇ ਉੱਚੀ ਜਗ੍ਹਾ ਤੇ ਰੱਖ ਦੇਂਦੇ ਸਨ ਤੇ ਕਦੇ ਧਰਤੀ ਤੇ ਪਟਕ ਦੇਂਦੇ ਸੀ।
ਹਾਂ ਸਰਦਾਰ ਚਤਰ ਸਿੰਘ ਨੂੰ ਸਜ਼ਾ ਦਿੱਤੀ ਗਈ, ਕਿੰਤੂ ਓਹਦਾ ਕਸੂਰ ਓਹਨੂੰ ਨਹੀਂ ਦਸਿਆ ਗਿਆ ਜਿਸ ਤੋਂ ਓਸ ਨੇ ਬੜਾ ਹੈਰਾਨ ਹੋ ਕੇ ਦੁਖੀ ਭਰੇ ਦਿਲ ਤੇ ਨਿਮ੍ਰਤਾ ਨਾਲ ਰੈਜ਼ੀਡੰਟ ਸਾਹਿਬ ਵੱਲ ਅਰਜ਼ੀ ਭੇਜੀ ਕਿ ਮੇਰੇ ਜਹੇ ਵਫ਼ਾਦਾਰ ਤੇ ਅੰਗ੍ਰੇਜ਼ਾਂ ਦੀ ਜਗ੍ਹਾ ਤੇ ਆਪਣਾ ਖੂਨ ਵੀਟਣ ਵਾਲੇ ਨੂੰ ਇਹ ਸਜ਼ਾ ਕਿਓਂ ਦਿੱਤੀ ਗਈ ਹੈ? ਜੇ ਮੈਥੋਂ ਕੋਈ ਕਸੂਰ ਹੋਇਆ ਹੈ ਤਾਂ ਮੈਨੂੰ ਦੱਸਿਆ ਜਾਵੇ, ਤਾਂਕਿ ਮੈਂ ਓਸ ਕੰਮ ਨੂੰ ਅੱਗੋਂ ਵਾਸਤੇ ਛੱਡ ਕੇ ਮਾਫ਼ੀ ਮੰਗਾਂ ਜਾਂ ਆਪਣੇ ਕੀਤੇ ਦਾ ਫ਼ਲ ਸਮਝ ਕੇ ਸੰਤੋਖ ਨਾਲ ਬੈਠ ਜਾਵਾਂ?
ਸਰਦਾਰ ਚਤਰ ਸਿੰਘ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਰੈਜ਼ੀਡੰਟ ਇਨ੍ਹਾਂ ਨੂੰ ਬੇਕਸੂਰ ਤੇ ਨਿਰਅਪਰਾਧ ਤੇ ਐਬਟ ਸਾਹਿਬ ਨੂੰ ਸ਼ਰਾਰਤੀ ਜਾਣਦਾ ਹੋਇਆ ਵੀ ਇਨ੍ਹਾਂ ਨੂੰ ਸਜ਼ਾ ਦਿੱਤੇ ਤੋਂ ਬਿਨਾਂ ਨਹੀਂ ਛੱਡੇਗਾ। ਜਦ ਓਸ ਨੂੰ ਇਧਰੋਂ ਕੋਈ ਉੱਤਰ ਨਾ ਗਿਆ, ਤਦ ਓਸ ਨੇ ਸਮਝ ਲਿਆ ਕਿ ਧਨ, ਇੱਜ਼ਤ, ਤੇ ਜਾਗੀਰ ਦੇ ਚਲੇ ਜਾਣ ਤੇ ਬੇਪਤੀ ਨਾਲ ਮਰਨ ਤੋਂ ਲੜ ਕੇ ਮਰਨਾ ਚੰਗਾ ਹੈ। ਸੋ ਇਸ ਬੁੱਢੇ ਤੇ ਕਮਜ਼ੋਰ ਸਰਦਾਰ ਦੀਆਂ ਰਗਾਂ ਵਿੱਚ ਵੀ ਜਵਾਨਾਂ ਵਾਲੇ ਖੂਨ ਨੇ ਜੋਸ਼ ਮਾਰਿਆ। ਓਸ ਨੇ ਆਪਣੀ ਫੌਜ ਵਿੱਚ ਜਾ ਕੇ ਸਾਰਾ ਹਾਲ ਸਰਦਾਰਾਂ ਨੂੰ ਕਿਹਾ, ਜਿਸ ਨੂੰ ਸੁਣਦੇ ਹੀ ਸਿੱਖ ਸਰਦਾਰ ਉਹਦੇ ਹਾਮੀ ਬਣ ਗਏ ਤੇ ਧਰਮ ਯੁੱਧ ਦਾ ਝੰਡਾ ਅੰਗ੍ਰੇਜ਼ਾਂ ਦੇ ਵਿਰੁੱਧ ਖੜਾ ਕਰ ਦਿੱਤਾ। ਮਹਾਰਾਣੀ ਨੂੰ ਦੇਸ ਨਿਕਾਲਾ ਦੇਣ ਤੇ ਮਹਾਰਾਜਾ ਨੂੰ ਸਖ਼ਤੀ ਨਾਲ ਰੱਖਣ ਤੇ ਹੋਰ ਕਈ ਤਰ੍ਹਾਂ ਦੀਆਂ ਬੇਇਨਸਾਫੀਆਂ, ਵਧੀਕੀਆਂ ਤੇ ਸਖ਼ਤੀਆਂ ਜੋ ਕਰਈ ਸਾਹਿਬ ਵੱਲੋਂ ਹੋ ਰਹੀਆਂ ਸਨ, ਓਹਨਾਂ ਨੂੰ ਵੇਖ ਵੇਖ ਕੇ ਲੋਕੀਂ ਦਿਲੋਂ ਤੰਗ ਬੈਠੇ ਸਨ ਤੇ ਕੋਈ ਸਹਾਰਾ ਢੂੰਡਦੇ ਸਨ। ਸੋ ਇਸ ਖ਼ਬਰ ਦੇ ਸੁਣਦੇ ਹੀ ਹਿੰਦੂ ਮੁਸਲਮਾਨ ਤੇ ਸਿੱਖ ਜੱਥੇ ਬਣਾ ਬਣਾ ਕੇ ਇਸ ਝੰਡੇ ਦੇ ਹੇਠ ਅੰਗ੍ਰੇਜ਼ਾਂ ਨਾਲ ਲੜਨ ਲਈ ਤਯਾਰ ਹੋ ਗਏ।
੨੯ ਅਗਸਤ ਨੂੰ ਇਹ ਫਸਾਦ ਦੀ ਜਵਾਲਾ ਭੜਕੀ। ਪਸ਼ਾਵਰ ਆਦਿਕ ਦੀਆਂ ਫੌਜਾਂ ਚੱਲ ਕੇ ਸਰਦਾਰ ਚਤਰ ਸਿੰਘ ਨੂੰ ਆ ਮਿਲੀਆਂ। ੩ ਨਵੰਬਰ ਨੂੰ ਲਾਰੰਸ ਸਾਹਿਬ ਜੋ ਪਸ਼ਾਵਰ ਦੇ ਹਾਕਮ ਨਿਯਤ ਹੋਏ ਹੋਏ ਸਨ, ਹੋਰ ਅੰਗ੍ਰੇਜ਼ਾਂ ਸਮੇਤ ਪਿਸ਼ਾਵਰ ਤੋਂ ਕੈਦ ਹੋ ਕੇ ਸਰਦਾਰ ਚਤਰ ਸਿੰਘ ਪਾਸ ਆ ਗਏ। ਸਰਦਾਰ ਚਤਰ ਸਿੰਘ ਨੇ ਪਿਸ਼ਾਵਰ ਦੇ ਅਮੀਰ ਨੂੰ ਵੀ ਇਸ ਸ਼ਰਤ ਤੇ ਆਪਣੇ ਨਾਲ ਮਿਲਾ ਲਿਆ ਕਿ ਅੰਗ੍ਰੇਜ਼ਾਂ ਨੂੰ ਪੰਜਾਬ ਵਿੱਚੋਂ ਕੱਢਣ ਤੇ ਪਿਸ਼ਾਵਰ ਤੇ ਡੇਹਰਾਜਾਤ ਦਾ ਇਲਾਕਾ ਉਹਨੂੰ ਅੱਗੇ ਵਾਂਗ ਦੇ ਦਿੱਤਾ ਜਾਏਗਾ। ਫਿਰ ਪੰਜਾਬ ਵਿੱਚ ਇਸ ਝਗੜੇ ਦਾ ਇਸ਼ਤਿਹਾਰ ਦਿੱਤਾ ਗਿਆ ਕਿ ਇਹ ਧਰਮ ਤੇ ਮਜ਼ਹਬ ਦੀ ਲੜਾਈ ਹੈ ਜੋ ਇਸ ਦੇ ਵਿੱਚ ਸ਼ਾਮਲ ਹੋਵੇਗਾ, ਰਾਜ ਜਾਂ ਸ਼ਾਹਦਤ ਪਾ ਕੇ ਅਗਲੇ ਜਹਾਨ ਯਸ਼ ਪ੍ਰਾਪਤ ਕਰੇਗਾ। ਇਹ ਖ਼ਬਰ ਸੁਣਦੇ ਸਾਰ ਪੰਜਾਹ ਹਜ਼ਾਰ ਦੇ ਕਰੀਬ ਆਦਮੀ ਜਿਨ੍ਹਾਂ ਵਿੱਚ ਬਹੁਤ ਸਾਰੇ ਓਹ ਆਦਮੀ ਸਨ ਜੋ ਫੌਜ ਵਿੱਚੋਂ ਅੱਡ ਕੀਤੇ ਗਏ ਸੀ, ਇਕੱਠੇ ਹੋ ਗਏ, ਪ੍ਰੰਤੂ ਸਾਮਾਨ ਉਨ੍ਹਾਂ ਪਾਸ ਕੋਈ ਨਹੀਂ
ਸੀ। ਜੋ ਕੁਝ ਇਨ੍ਹਾਂ ਦੇ ਹੱਥ ਆਇਆ, ਲੈ ਕੇ ਚੱਲ ਪਏ ਤੇ ਅੰਗ੍ਰੇਜ਼ਾਂ ਦੇ ਵਿਰੁੱਧ ਖੜੇ ਹੋ ਗਏ। ਜਦ ਇਹ ਖ਼ਬਰ ਮੁਲਤਾਨ ਵਿੱਚ ਸਰਕਾਰੀ ਫੌਜ ਨੂੰ ਮਲੂਮ ਹੋਈ ਤਦ ਇਸ ਖ਼ਿਆਲ ਤੇ ਕਿ ਸ਼ਾਇਦ ਸ਼ੇਰ ਸਿੰਘ ਵੀ ਬਾਗ਼ੀ ਨਾ ਹੋ ਜਾਏ, ਕਿਲ੍ਹੇ ਦਾ ਘੇਰਾ ਛੱਡ ਕੇ ੩੬ ਮੀਲ ਪਿੱਛੇ ਹਟ ਜਾਣ ਦਾ ਹੁਕਮ ਦਿੱਤਾ।
ਸਰਦਾਰ ਚਤਰ ਸਿੰਘ ਦਾ ਵੱਡਾ ਲੜਕਾ ਸ਼ੇਰ ਸਿੰਘ ਜੋ ਮੁਲਤਾਨ ਤੇ ਗਈ ਫੌਜ ਦਾ ਚੀਫ ਅਫਸਰ ਸੀ, ਉਸ ਨੂੰ ਓਹਨਾਂ ਅਨੀਤੀਆਂ, ਵਧੀਕੀਆਂ ਤੇ ਸਖ਼ਤੀਆਂ ਦੀ ਖ਼ਬਰ ਸੀ ਜੋ ਕਿ ਐਬਟ ਸਾਹਿਬ ਓਹਦੇ ਪਿਤਾ ਦੇ ਨਾਲ ਕਰ ਰਿਹਾ ਸੀ, ਕਿੰਤੂ ਇਸ ਤੇ ਵੀ ਉਸ ਨੇ ਸ਼ਾਂਤੀ ਤੇ ਧੀਰਜ ਨੂੰ ਹੱਥੋਂ ਨਾ ਜਾਣ ਦਿੱਤਾ ਤੇ ਅੰਗ੍ਰੇਜ਼ਾਂ ਦਾ ਸ਼ੁਭਚਿੰਤਕ ਬਣਿਆ ਰਿਹਾ। ਵੇਖੋ ਚਿੱਠੀ ਮੇਹਜਰ ਐਡਵਰਡਸ ਸਾਹਿਬ ਜੋ ਉਸ ਨੇ ੨੩ ਜੁਲਾਈ ੧੮੪੮ ਨੂੰ ਰੈਜ਼ੀਡੰਟ ਨੂੰ ਇਸ ਭਾਵ ਦੀ ਲਿਖੀ ਸੀ ਕਿ ਭਾਵੇਂ ਮੂਲ ਰਾਜ ਦੇ ਨਾਲ ਮਿਲ ਜਾਣ ਵਾਸਤੇ ਸਿੱਖ ਫੌਜ ਬਹੁਤ ਉੱਛਲਦੀ ਹੈ, ਕਿੰਤੂ ਸ੍ਰਦਾਰ ਸ਼ੇਰ ਸਿੰਘ ਦੇ ਅੱਗੇ ਕੋਈ ਉਫ ਨਹੀਂ ਕਰ ਸਕਦਾ, ਕਿਉਂਕਿ ਇਹ ਸੱਚੇ ਦਿਲੋਂ ਅੰਗਰੇਜ਼ਾਂ ਦਾ ਖੈਰ ਖਾਹ ਹੈ। ਜਦ ਕਦੀ ਕੋਈ ਸਿੱਖਾਂ ਵਿੱਚੋਂ ਜ਼ਰਾ ਜਿੰਨੀ ਵੀ ਸਾਜ਼ਸ਼ ਕਰਨ ਦੀ ਆਵਾਜ਼ ਕੱਢਦਾ ਹੈ ਤਦ ਝੱਟ ਸਰਦਾਰ ਸ਼ੇਰ ਸਿੰਘ ਓਹਨੂੰ ਡੰਡ ਦੇ ਦੇਂਦਾ ਹੈ। ਇਸ ਕਰ ਕੇ ਮੂਲ ਰਾਜ ਵੀ ਡਰ ਰਿਹਾ ਹੈ। ਇੱਕ ਵੇਰ ਮੂਲ ਰਾਜ ਨੇ ਆਪਣੇ ਵੱਲੋਂ ਵਕੀਲ ਨੂੰ ਸਰਦਾਰ ਸ਼ੇਰ ਸਿੰਘ ਦੇ ਪਾਸ ਭੇਜਿਆ ਤੇ ਆਪਣੇ ਨਾਲ ਮਿਲਾਣ ਵਾਸਤੇ ਬੜੇ ਲਾਲਚ ਦਿੱਤੇ, ਕਿੰਤੂ ਸਰਦਾਰ ਸ਼ੇਰ ਸਿੰਘ ਨੇ ਓਹਦਾ ਮੂੰਹ ਕਾਲਾ ਕਰਾ ਕੇ ਮੂਲ ਰਾਜ ਪਾਸ ਵਾਪਸ ਭੇਜ ਦਿੱਤਾ, ਜਿਸ ਤੋਂ ਮੂਲ ਰਾਜ ਨੇ ਚਿੜ੍ਹ ਕੇ ਸੁਜਾਨ ਸਿੰਘ ਜੋ ਕਿ ਸਰਦਾਰ ਸ਼ੇਰ ਸਿੰਘ ਦੇ ਰਿਸ਼ਤੇਦਾਰਾਂ ਵਿੱਚੋਂ ਸੀ, ਭੇਜਿਆ ਤਾਂ ਕਿ ਸ਼ੇਰ ਸਿੰਘ ਨੂੰ ਕਤਲ ਕਰ ਦੇਵੇ। ਜਦ ਸੁਜਾਨ ਸਿੰਘ ਸ਼ੇਰ ਸਿੰਘ ਪਾਸ ਆਇਆ ਤੇ ਉਸ ਨੇ ਤਲਵਾਰ ਕੱਢੀ ਤਦ ਸਰਦਾਰ ਸ਼ੇਰ ਸਿੰਘ ਨੇ ਉਸ ਨੂੰ ਫੜ ਕੇ ਤੋਪ ਦੇ ਅੱਗੇ ਰੱਖ ਕੇ ਉਡਵਾ ਦਿੱਤਾ।
ਇਹ ਕੇਵਲ ਸਰਦਾਰ ਸ਼ੇਰ ਸਿੰਘ ਦਾ ਹੀ ਪ੍ਰਤਾਪ ਸੀ, ਜੋ ਖਾਲਸਾ ਫੌਜ ਨੂੰ ਮੂਲ ਰਾਜ ਨਾਲ ਮਿਲਣ ਨਹੀਂ ਦੇਂਦਾ ਸੀ। ਰਾਜਾ ਸ਼ੇਰ ਸਿੰਘ ਦੇ ਦਿਲ ਵਿੱਚ ਅੰਗਰੇਜ਼ਾਂ ਦੀ ਕਦਰਦਾਨੀ ਇਨਸਾਫ਼ ਪਸੰਦੀ ਦਾ ਬੜਾ ਖ਼ਿਆਲ ਸੀ। ਇਹ ਵੀ ਕਾਰਨ ਹੈ ਕਿ ਓਸ ਦੇ ਪਿਤਾ ਨਾਲ ਐਬਟ ਸਾਹਿਬ ਵੱਲੋਂ ਵਧੀਕੀ ਤੇ ਵਧੀਕੀ ਹੋਣ ਤੇ ਵੀ ਉਸ ਨੇ ਚੁੱਪ ਰੱਖੀ। ਓਹਦਾ ਖ਼ਿਆਲ ਸੀ ਕਿ ਰੈਜ਼ੀਡੰਟ ਇਨਸਾਫ਼ ਕਰੇਗਾ। ਇਨ੍ਹਾਂ ਇੱਕ ਵੇਰ ਐਡਵਰਡਸ ਸਾਹਿਬ ਨੂੰ ਐਬਟ ਸਾਹਿਬ ਦੀ ਵਧੀਕੀ ਤੇ ਸ਼ਰਾਰਤ ਤੇ ਆਪਣੇ ਪਿਤਾ ਦੇ ਬੁਢਾਪੇ ਦਾ ਜ਼ਿਕਰ ਤਾਂ ਕੀਤਾ, ਕਿੰਤੂ ਸਫਾਰਸ਼ ਤੱਕ ਦੀ ਚਿੱਠੀ ਵਾਸਤੇ ਨਹੀਂ ਕਿਹਾ। ਓਹਦਾ ਖ਼ਿਆਲ ਸੀ ਕਿ ਜ਼ਰੂਰ ਇਨਸਾਫ਼ ਕੀਤਾ ਜਾਏਗਾ, ਇਸ ਕਰ ਕੇ ਓਹ ਹਰ ਵੇਲੇ ਅੰਗਰੇਜ਼ਾਂ ਦਾ ਸ਼ੁਭਚਿੰਤਕ ਰਿਹਾ, ਜਿਹਾ ਕਿ:
ਸਤੰਬਰ ਨੂੰ ਮੁਲਤਾਨ ਦੇ ਸਾਹਮਣੇ ਜੰਗਲ ਵਿੱਚ ਅੰਗਰੇਜ਼ੀ ਫੌਜ ਤੇ ਜਦ ਮੂਲ ਰਾਜ ਨੇ ਹਮਲਾ ਕਰ ਕੇ ਕੱਟਕਾਂ ਦੀ ਅੱਗ ਵਸਾਣੀ ਸ਼ੁਰੂ ਕਰ ਦਿੱਤੀ ਤੇ ਐਡਵਰਡਸ ਸਾਹਿਬ ਸਮੇਤ ਫੌਜ ਦਾ ਬੁਰਾ ਹਾਲ ਕੀਤਾ। ਤਦ ਸਰਦਾਰ ਸ਼ੇਰ ਸਿੰਘ ਨੇ ਇਹ ਗੱਲ ਸੁਣਦਿਆਂ ਹੀ ਰੋਟੀ ਖਾਣੀ ਛੱਡ ਦਿੱਤੀ ਤੇ ਚੜ੍ਹਾਈ ਕਰ ਕੇ ਮੂਲ ਰਾਜ ਨੂੰ ਸ਼ਕਸਤ ਦੇ ਕੇ ਅੰਗਰੇਜ਼ੀ ਫੌਜ ਨੂੰ ਛੁਡਾ ਆਂਦਾ, ਨਹੀਂ ਤਾਂ ਓਸ ਦਿਨ ਕਿਸੇ ਦੇ ਬਚਣ ਦੀ ਆਸ ਨਹੀਂ ਸੀ। ਫਿਰ ਤੀਜੀ ਸਤੰਬਰ ਨੂੰ ਬੜੀ ਬਹਾਦਰੀ ਨਾਲ ਓਸ ਜੰਗਲ ਵਿੱਚੋਂ ਦੁਸ਼ਮਣ ਨੂੰ ਕੱਢ ਦਿੱਤਾ। ਅਜੇਹੇ ਕੰਮਾਂ ਤੋਂ ਖ਼ੁਸ਼ ਹੋ ਕੇ ੫ ਸਤੰਬਰ ਨੂੰ ਐਡਵਰਡਸ ਸਾਹਿਬ ਨੇ ਸਫਾਰਸ਼ ਦੀ ਚਿੱਠੀ ਰੈਜ਼ੀਡੰਟ ਵੱਲ ਲਿਖੀ ਕਿ ਅਜੇ ਤੱਕ ਤਾਂ ਸ਼ੇਰ ਸਿੰਘ ਅੰਗਰੇਜ਼ਾਂ ਦੀ ਮੁਹੱਬਤ ਦਾ ਨਮੂਨਾ ਬਣ ਰਿਹਾ ਹੈ। ਓਸ ਨੇ ਮੁਲਤਾਨ ਵਿੱਚ ਆ ਕੇ ਵਿਦਰੋਹ ਨੂੰ ਦਬਾਣ ਵਿੱਚ ਬੜੀ ਮੱਦਦ ਦਿੱਤੀ ਹੈ। ਕਈ ਸਿੱਖਾਂ ਨੂੰ ਜੋ ਸਾਜ਼ਸ਼ ਕਰਨਾ ਚਾਹੁੰਦੇ ਸਨ, ਸਜ਼ਾ ਦਿੱਤੀ ਹੈ, ਜਿਸ ਤੋਂ ਓਹ ਇਸ ਨੂੰ ਬੁਰਾ ਭਲਾ ਕਹਿੰਦੇ ਹਨ।
ਇਸ ਤਰ੍ਹਾਂ ੧੦ ਸਤੰਬਰ ਦੀ ਚਿੱਠੀ ਵਿੱਚ ਐਡਵਰਡਸ ਸਾਹਿਬ ਨੇ ਸਰਦਾਰ ਸ਼ੇਰ ਸਿੰਘ ਦੀ ਬੜੀ ਪ੍ਰਸੰਸਾ ਕਰਦੇ ਹੋਏ ਲਿਖਿਆ ਹੈ ਕਿ ਜੇ ਕਦੀ ਕੋਈ ਆਦਮੀ ਅੰਗਰੇਜ਼ਾਂ ਨੂੰ ਜ਼ਬਾਨ ਨਾਲ ਵੀ ਬੁਰਾ ਕਹਿਣ ਲਗਦਾ ਹੈ ਤਦ ਸ਼ੇਰ ਸਿੰਘ ਉਹਨੂੰ ਦਬਾਣ ਵਾਸਤੇ ਤਯਾਰ ਹੋ ਜਾਂਦਾ ਹੈ:
੪ ਸਤੰਬਰ ਨੂੰ ਘੇਰੇ ਦੇ ਵਾਸਤੇ ੩੩ ਤੋਪਾਂ ਵੱਡੀਆਂ ੩੮੦ ਗੱਡੀਆਂ ਬਾਰੂਦ ਤੇ ਗੋਲੇ ਦੀਆਂ ੩੫੦੦ ਊਠ ਲੱਦੇ ਹੋਏ ਲੜਾਈ ਦੇ ਸਾਮਾਨ ਦੇ ਮੁਲਤਾਨ ਕੈਂਪ ਵਿੱਚ ਪੁੱਜੇ ਤੇ ਇਸ ਤੋਂ ਪਹਿਲਾਂ ਕਰਾਚੀ ਆਦਿਕ ਅਸਥਾਨਾਂ ਤੋਂ ਚੱਲ ਕੇ ੧੨ ਹਜ਼ਾਰ ਫੌਜ ਪੁੱਜ ਗਈ ਸੀ। ੬ ਸਤੰਬਰ ਨੂੰ ਮੁਲਤਾਨ ਨੂੰ ਫਤਹ ਕਰਨ ਦੀ ਨੀਯਤ ਤੋਂ ਜਦ ਸਰਕਾਰੀ ਫੌਜ ਨੇ ਤੋਪਖਾਨੇ ਸਮੇਤ ਲਾਗੇ ਦੇ ਇੱਕ ਪਿੰਡ ਤੋਂ ਜਿੱਥੇ ਮੂਲਰਾਜ ਉੱਤਰਿਆ ਹੋਇਆ ਸੀ, ਹਮਲਾ ਕੀਤਾ ਤਦ ਥੋੜ੍ਹੀ ਜਿਹੀ ਲੜਾਈ ਦੇ ਮਗਰੋਂ ਇਹ ਫੌਜ ਨਾਲ ਦੇ ਇੱਕ ਬਾਗ਼ ਵਿੱਚ ਜਾ ਠਹਿਰੀ, ਜਿੱਥੋਂ ਅਠ ਪਹਿਰ ਲਗਾਤਾਰ ਗੋਲੇ ਚਲਦੇ ਰਹੇ, ਜਿਸ ਤੋਂ ਅੰਗਰੇਜ਼ੀ ਸਪਾਹ ਨੂੰ ਬਹੁਤ ਨੁਕਸਾਨ ਪੁੱਜਾ। ਫਿਰ ਅੰਗਰੇਜ਼ੀ ਫੌਜ ਨੇ ਹਮਲਾ ਕੀਤਾ, ਦੋ ਘੰਟੇ ਸਖ਼ਤ ਲੜਾਈ ਹੋਈ, ਜਿਸ ਨੂੰ ਵੇਖ ਵੇਖ ਕੇ ਵੱਡੇ ਵੱਡੇ ਅਫਸਰ ਦੰਗ ਸਨ। ਸਿੰਧ ਦੇ ਗਵਰਨਰ ਨੇਪਰ ਸਾਹਿਬ ਨੇ ਲਿਖਿਆ ਹੈ ਕਿ ਸਿੱਖ ਇੰਨੀ ਬਹਾਦਰੀ ਨਾਲ ਲੜੇ ਕਿ ਅੱਗੇ ਕਦੇ ਨਹੀਂ ਲੜੇ ਸੀ ਤੇ ਨਾ ਕਦੀ ਇੰਨੀ ਤੇਜ਼ੀ ਨਾਲ ਇਨ੍ਹਾਂ ਦੀਆਂ ਤੋਪਾਂ ਹੀ ਚੱਲੀਆਂ ਸਨ।
ਇਸ ਲੜਾਈ ਵਿੱਚ ਬਹੁਤ ਸਾਰੇ ਅੰਗਰੇਜ਼ ਅਫਸਰ ਮਾਰੇ ਗਏ, ਜਿਸ ਤੋਂ ਅੰਗਰੇਜ਼ੀ ਫੌਜ ਨੂੰ ਪਿੱਛੇ ਹਟਣਾ ਪਿਆ। ਇਹ ਬਦਲਾ ੯ ਸਤੰਬਰ ਨੂੰ ਸ਼ੇਰ ਸਿੰਘ ਦੀ ਫੌਜ ਨੇ ਹਮਲਾ ਕਰ ਕੇ ਲਿਆ। ੧੨ ਸਤੰਬਰ ਨੂੰ ਸ਼ੇਰ ਸਿੰਘ ਨੂੰ ਖ਼ਬਰ ਮਿਲੀ ਕਿ ਉਸ ਦੇ ਪਿਤਾ ਸ੍ਰ: ਚਤਰ ਸਿੰਘ ਦੀ ਅੰਗਰੇਜ਼ਾਂ ਨੇ ਬੜੀ ਬੇਪਤੀ ਕੀਤੀ ਹੈ, ਜਿਸ ਤੋਂ ਉਹ ਉੱਛਲਿਆ ਤਾਂ ਨਹੀਂ, ਕਿੰਤੂ ਸੋਚਾਂ ਵਿੱਚ ਪੈ ਗਿਆ। ਮੇਹਜਰ ਐਡਵਰਡਸ ਸਾਹਿਬ ਪਾਸ ਜਾ ਕੇ ਐਬਟ ਸਾਹਿਬ ਦੀ ਸਖ਼ਤੀ ਤੇ ਰੈਜ਼ੀਡੰਟ ਦੀ ਵਧੀਕੀ ਦੀ ਸ਼ਕਾਇਤ ਕੀਤੀ। ੧੩ ਸਤੰਬਰ ਨੂੰ ਸਰਦਾਰ ਚਤਰ ਸਿੰਘ ਦੀ ਜਾਗੀਰ ਤੇ ਅਹੁਦਾ ਖੁੱਸਨ ਦੀ ਖ਼ਬਰ ਸੁਣੀ ਤਦ ਇੱਕ ਦਮ ਅੰਗਰੇਜ਼ਾਂ ਵਲੋਂ ਜੋ ਜੋ ਵਧੀਕੀਆਂ ਹੋਈਆਂ ਸਨ, ਇੱਕ ਇੱਕ ਕਰ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਆ ਗਈਆਂ। ਸਿੱਖਾਂ ਦੇ ਮੁਲਕ ਤੇ ਧੱਕੇ ਨਾਲ ਕਬਜ਼ਾ ਕਰਨਾ, ਜਿੰਦਾਂ ਦੀ ਜਲਾਵਤਨੀ, ਕਈ ਸਿੱਖ ਸਰਦਾਰਾਂ ਦਾ ਬਿਨਾਂ ਅਪਰਾਧ ਹਿੰਦੋਸਤਾਨ ਭੇਜਿਆ ਜਾਣਾ, ਉਸ ਦੀ ਭੈਣ ਦੇ ਵਿਆਹ ਦੀ ਰੁਕਾਵਟ ਆਦਿਕ ਗੱਲਾਂ ਅਠੂਹਿਆਂ ਵਾਂਗ ਉਸ ਨੂੰ ਡੰਗਣ ਲਗੀਆਂ। ਹੁਣ ਤੱਕ ਜੋ ਤਲਵਾਰ ਓਸ ਨੇ ਅੰਗਰੇਜ਼ਾਂ ਦੀ ਮਦਦ ਲਈ ਚੱਕੀ ਸੀ, ਇਹਨਾਂ ਦੀ ਜੜ੍ਹ ਉਖੇੜਨ ਲਈ ਸੈਟਲ ਹੋਣ ਲੱਗੀ। ਜਿਸ ਮੂਲ ਰਾਜ ਦੇ ਵਕੀਲ ਨੂੰ ਬੇਪਤ ਕੀਤਾ ਤੇ ਸੁਜਾਨ ਸਿੰਘ ਨੂੰ ਮਾਰਿਆ, ਹੁਣ ਓਸੇ ਦਾ ਪੱਖ ਲੈਣਾ ਪਿਆ।
ਐਡਵਰਡਸ ਸਾਹਿਬ ਨੇ ਲਿਖਿਆ ਹੈ ਕਿ ਸ੍ਰਦਾਰ ਸ਼ੇਰ ਸਿੰਘ ਜਿੰਨੀ ਬਹਾਦਰੀ ਨਾਲ ਮੁਲਤਾਨ ਆਦਿਕ ਇਲਾਕੇ ਫਤਹ ਕਰਨ ਲਈ ਤਿਆਰ ਸੀ, ਉੱਨਾ ਹੀ ਆਪਣੇ ਪਿਤਾ ਦੀ ਇੱਜ਼ਤ ਦਾ ਵੀ ਹਰ ਵੇਲੇ ਖ਼ਿਆਲ ਰੱਖਦਾ ਸੀ। ਰੈਜ਼ੀਡੰਟ ਦੀ ਬੇਇਨਸਾਫੀ ਤੇ ਬੇਰਹਿਮੀ ਦੀ ਗੱਲ ਸੁਣ ਓਸ ਦਾ ਬਹਾਦਰ ਦਿਲ ਅੰਗਰੇਜ਼ਾਂ ਦਾ ਓਨਾ ਹੀ ਦੁਸ਼ਮਣ ਹੋ ਗਿਆ ਤੇ ਓਸ ਨੇ ਆਪਣੇ ਭਰਾ ਗੁਲਾਬ ਸਿੰਘ ਨੂੰ ਜੋ ਓਸ ਵੇਲੇ ਲਾਹੌਰ ਸੀ, ਚਿੱਠੀ ਲਿਖੀ ਕਿ ਸਿੰਘ ਸਾਹਿਬ (ਆਪਣੇ ਪਿਤਾ) ਦੀਆਂ ਚਿੱਠੀਆਂ ਤੋਂ ਪਤਾ ਲੱਗਾ ਹੈ ਕਿ ਭਾਵੇਂ ਓਹਨਾਂ ਨੇ ਐਬਟ ਸਾਹਿਬ ਦੇ ਹੁਕਮ ਤੋਂ ਜਾਨ ਦਿਲ ਤੋਂ ਯਤਨ ਕੀਤਾ, ਕਿੰਤੂ ਕਦੇ ਕਿਸੇ ਤਰ੍ਹਾਂ ਦਾ ਫ਼ਰਕ ਨਹੀਂ ਪਾਇਆ। ਓਸ ਦੇ ਨਾਲ ਸੁਲਾਹ ਸਫ਼ਾਈ ਰੱਖੀ। ਕਿੰਤੂ ਇਸ ਸੁਭਾਵਕ ਦਵੈਖੀ ਗੁਸੈਲਾ, ਕਾਲੇ ਦਿਲ ਵਾਲੇ ਤੇ ਬੇਇਨਸਾਫ਼ ਅੰਗਰੇਜ਼ ਨੇ ਹਜ਼ਾਰੇ ਦੇ ਮੁਸਲਮਾਨਾਂ ਨਾਲ ਮਿਲ ਕੇ ਪਿਤਾ ਜੀ ਨੂੰ ਬੇਹੱਦ ਕਸ਼ਟ ਅਪੜਾਏ, ਇਸ ਤੇ ਵੀ ਰੈਜ਼ੀਡੰਟ ਲਾਹੌਰ ਨੇ ਕਪਤਾਨ ਐਬਟ ਨੂੰ ਸ਼ਰਾਰਤੀ ਤੇ ਸਿੰਘ ਸਾਹਿਬ ਨੂੰ ਬੇਕਸੂਰ ਤੇ ਸਾਫ਼ ਦਿਲ ਮੰਨਦੇ ਹੋਏ ਵੀ ਆਪਣੇ ਦੇਸ ਦੇ ਭਰਾ ਦਾ ਧੜਾ ਕੀਤਾ ਹੈ। ਸਿੰਘ ਸਾਹਿਬ ਦੀ ਜਾਗੀਰ ਤੇ ਇੱਜ਼ਤ ਲੈਣ ਤੇ ਹੀ ਸਬਰ ਨਹੀਂ ਕੀਤਾ, ਸਗੋਂ ਓਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣ
ਦਾ ਹੁਕਮ ਦਿੱਤਾ ਗਿਆ ਹੈ। ਹੁਣ ਓਹਨਾਂ ਨੇ ਆਪਣੇ ਦੋਸਤ ਦੀ ਸਲਾਹ ਮੰਨ ਕੇ ਸ਼ਹੀਦ ਹੋਣ ਵਾਸਤੇ ਤਿਆਰੀ ਕਰ ਲਈ ਹੈ।
ਜੇਹੜੇ ਲੋਕ ਅੰਗਰੇਜ਼ਾਂ ਦੇ ਧੱਕੇ ਤੇ ਜੁਲਮ ਤੋਂ ਤੰਗ ਸਨ, ਓਹ ਓਹਨਾਂ ਦੇ ਸਾਥੀ ਬਣ ਗਏ ਹਨ। ਹੁਣ ਪਿਤਾ ਦਾ ਹੁਕਮ ਮੰਨਣਾ ਫਰਜ਼ ਜਾਣ ਕੇ ਮੈਂ ਤਾਂ ਓਧਰ ਜਾਂਦਾ ਹਾਂ। ਜੀਉਂਦੇ ਰਹੇ ਤੇ ਫਿਰ ਮਿਲਾਂਗੇ, ਨਹੀਂ ਤਾਂ ਸਾਡੀ ਤੁਹਾਡੀ ਆਖ਼ਰੀ ‘ਫਤਹ' ਹੈ। ਤੁਹਾਡਾ ਦਿਲ ਚਾਹੇ ਤਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਓ। ਓਹਨਾਂ ਨਾਲ ਸਹਾਇਤਾ ਤੇ ਸੇਵਾ ਦਾ ਫਰਜ਼ ਅਦਾ ਕਰੋ। ਨਹੀਂ ਤਾਂ ਲਾਹੌਰ ਛੱਡ ਕੇ ਜੰਮੂ ਆਦਿਕ ਕਿਸੇ ਹੋਰ ਜਗ੍ਹਾ ਤੇ ਜ਼ਰੂਰ ਚਲੇ ਜਾਓ, ਦੂਜੇ ਖਤ ਦੀ ਉਡੀਕ ਉੱਕਾ ਨਹੀਂ ਕਰਨੀ।
੧੫ ਸਤੰਬਰ ਨੂੰ ਰਾਜਾ ਸ਼ੇਰ ਸਿੰਘ ਆਪਣੀ ਫੌਜ ਸਮੇਤ ਅੰਗ੍ਰੇਜ਼ਾਂ ਤੋਂ ਅੱਡ ਹੋ ਕੇ ਦੋ ਵਾਰ ਮੂਲਰਾਜ ਨੂੰ ਮਿਲਿਆ। ਤੋਹਫੇ ਦਿੱਤੇ ਗਏ। ੧੯ ਸਤੰਬਰ ਨੂੰ ਸ਼ੇਰ ਸਿੰਘ ਆਪਣੀ ਤੇ ਮੂਲਰਾਜ ਦੀ ਫੌਜ ਲੈ ਕੇ ਅੰਗ੍ਰੇਜ਼ੀ ਫੌਜ ਦੇ ਕੈਂਪ ਦੇ ਪਾਸ ਆਇਆ, ਕਿੰਤੂ ਲੜਾਈ ਨਾ ਹੋਈ। ੨੩ ਸਤੰਬਰ ਨੂੰ ਅੰਗਰੇਜ਼ਾਂ ਦੇ ਮੁਕਾਬਲੇ ਵਾਸਤੇ ਫਿਰ ਫੈਜ਼ਾਬਾਦ ਵਿੱਚ ਪੁੱਜਾ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਅੰਗਰੇਜ਼ੀ ਫੌਜ ਦਾ ਨੁਕਸਾਨ ਬਹੁਤ ਘੱਟ ਹੋਇਆ। ਇਸ ਤੋਂ ਮੁਲਤਾਨ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਸ਼ੇਰ ਸਿੰਘ ਅੰਗਰੇਜ਼ਾਂ ਵਲੋਂ ਹੋ ਕੇ ਸਾਡੇ ਨਾਲ ਧੋਖਾ ਕਰ ਰਿਹਾ ਹੈ। ਇਸ ਸ਼ੁਬੇ ਨੂੰ ਪੱਕਾ ਕਰਨ ਦਾ ਕੰਮ ਐਡਵਰਡ ਸਾਹਿਬ ਦੇ ਚਾਲਾਕੀ ਨਾਲ ਲਿਖੇ ਖਤ ਨੇ ਕੀਤਾ ਜੋ ਵਧਾਈ ਦਾ ਖਤ ਸ਼ੇਰ ਸਿੰਘ ਦੇ ਨਾਮ ਲਿਖਿਆ ਸੀ ਤੇ ਸ਼ੇਰ ਸਿੰਘ ਨੂੰ ਓਹਦੇ ਕੰਮ ਦੀ ਕਾਮਯਾਬੀ ਤੇ ਵਧਾਈ ਦਿੱਤੀ ਗਈ ਸੀ ਤੇ ਲਿਖਿਆ ਸੀ ਕਿ ਅਸੀਂ ਹਰ ਤਰ੍ਹਾਂ ਤਯਾਰ ਹਾਂ। ਜਦ ਇੱਕ ਜ਼ਰਾ ਜਿੰਨਾ ਇਸ਼ਾਰਾ ਕਰੋਗੇ ਤਦ ਆ ਜਾਵਾਂਗੇ। ਇਹ ਖਤ ਇੱਕ ਸਿੱਖ ਹਲਕਾਰੇ ਦੇ ਹੱਥ ਮੂਲਰਾਜ ਤੱਕ ਪੁਚਾ ਦਿੱਤਾ, ਜਿਸ ਨੂੰ ਪੜ੍ਹਦਿਆਂ ਹੀ ਦੀਵਾਨ ਮੂਲਰਾਜ ਨੂੰ ਬੜਾ ਗੁੱਸਾ ਆਇਆ ਤੇ ਓਹਨੂੰ ਯਕੀਨ ਹੋ ਗਿਆ ਕਿ ਸ਼ੇਰ ਸਿੰਘ ਸੱਚ ਮੁਚ ਅੰਗਰੇਜ਼ਾਂ ਦਾ ਦੋਸਤ ਹੈ। ਕੇਵਲ ਸਾਡੇ ਨਾਲ ਦਗਾ ਕਰਨ ਵਾਸਤੇ ਪੰਜਾਬ ਵਿੱਚ ਆਇਆ ਹੈ। ਉਸ ਨੇ ਕੁਝ ਆਪਣੇ ਸਲਾਹਕਾਰਾਂ ਦੀ ਰਾਏ ਨਾਲ ਫੈਸਲਾ ਕੀਤਾ ਕਿ ਸ਼ੇਰ ਸਿੰਘ ਨੇ ਜੋ ਧੋਖਾ ਦਿੱਤਾ ਹੈ ਓਹਦਾ ਜੁਰਮਾਨਾ ਨਾ ਦੇ ਕੇ ਜਿੱਥੇ ਜੀ ਚਾਹੇ ਟੁਰ ਜਾਵੇ। ਸੋ ਅਕਤੂਬਰ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਮਗਰੋਂ ਸ਼ੇਰ ਸਿੰਘ ਹਜਾਰੇ ਵੱਲ ਚਲਾ ਗਿਆ। ਫਿਰ ਤਾਂ ਮੂਲਰਾਜ ਨੇ ਬਹੁਤ ਚਾਹਿਆ ਕਿ ਸ਼ੇਰ ਸਿੰਘ ਆ ਜਾਵੇ, ਪਰੰਤੂ ਓਹ ਨਾ ਮੁੜਿਆ, ਸਗੋਂ ਮੂਲਰਾਜ ਦੀ ਬਹੁਤ ਸਾਰੀ ਫੌਜ ਵੀ ਸਰਦਾਰ ਸ਼ੇਰ ਸਿੰਘ ਦੇ ਨਾਲ ਹੀ ਚਲੀ ਗਈ, ਜਿਸ ਤੋਂ ਓਹਨਾਂ ਨੂੰ ਬੜਾ ਸ਼ੋਕ ਹੋਇਆ, ਆਪਣੀ ਬੇ ਅਕਲੀ ਤੇ ਸ਼ੋਕ ਕੀਤਾ। ੧੧ ਅਕਤੂਬਰ ਨੂੰ ਜਦ ਕਿ ਪੰਜਾਬ ਵਿੱਚ ਰੌਲਾ ਮਚ ਰਿਹਾ ਸੀ, ਸ਼ੇਰ ਸਿੰਘ ਨੇ ਅੰਮ੍ਰਿਤਸਰ ਆਦਿਕ ਸ਼ਹਿਰਾਂ ਵਿੱਚ ਇਸ਼ਤਿਹਾਰ ਦਿੱਤਾ ਕਿ ਹਰ ਇੱਕ ਆਦਮੀ ਨੂੰ ਮਲੂਮ ਹੈ ਕਿ ਅੰਗ੍ਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਲਾਹੌਰ ਦਰਬਾਰ ਦੇ ਨਾਲ ਜੋ ਇਕਰਾਰ ਕੀਤੇ ਸਨ, ਸਾਰੇ ਤੋੜ ਦਿੱਤੇ ਹਨ ਤੇ ਪਰਜਾ ਤੇ ਧੱਕਾ ਤੇ ਵਧੀਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ:
੧. ਰਾਣੀ ਨੂੰ ਬੇਕਸੂਰ ਹੀ ਹਿੰਦੁਸਤਾਨ ਵਲ ਦੇਸ ਨਿਕਾਲਾ ਦੇ ਕੇ ਓਹਦੀ ਜ਼ੋਰ ਨਾਲ ਤਲਾਸ਼ੀ ਲਈ ਤੇ ਸਭ ਮਾਲ ਧਨ ਖੋਹ ਲਿਆ, ਕਿਉਂਕਿ ਓਹ ਈਸਾਈ ਮਜ਼ਹੱਬ ਗ੍ਰਹਿਣ ਨਹੀਂ ਕਰਦੀ ਸੀ।
੨. ਦਰਬਾਰ ਲਾਹੌਰ ਵਿੱਚੋਂ ਓਹਨਾਂ ਨੇ ਸਿੱਖਾਂ ਦੇ ਅਖਤਿਆਰ ਉੱਕਾ ਹੀ ਤੋੜ ਦਿੱਤੇ ਹਨ।
੩. ਪਰਜਾ ਦੇ ਨਾਲ ਉਲਟ ਪੁਲਟ ਜ਼ੁਲਮ ਵਰਤਿਆ ਜਾ ਰਿਹਾ ਹੈ।
੪. ਦਲੀਪ ਸਿੰਘ ਦਾ ਮਜ਼ਹਬ ਤੇ ਰਸਮੋਂ ਰਵਾਜ ਲੈ ਰਹੇ ਹਨ। ਇਸ ਵਾਸਤੇ ਈਸ਼ਵਰ ਦੇ ਹੁਕਮ ਨਾਲ ਰਾਜਾ ਸ਼ੇਰ ਸਿੰਘ ਅੰਗਰੇਜ਼ਾਂ ਦੀ ਵਿਰੋਧਤਾ ਲਈ ਕਮਰਕੱਸਾ ਕਰ ਕੇ ਖੜਾ ਹੋ ਗਿਆ ਹੈ। ਨਿਮਕ ਹਲਾਲ ਮੂਲਰਾਜ ਵੀ ਇਨ੍ਹਾਂ ਦੀ ਜੜ੍ਹ ਪੁੱਟਣ ਨੂੰ ਤਯਾਰ ਹੈ। ਇਸ ਵਾਸਤੇ ਸਾਰੇ ਪੰਜਾਬ ਨਿਵਾਸੀਆਂ ਦਾ ਫਰਜ਼ ਹੈ ਕਿ ਜਾਂ ਤਾਂ ਦੀਵਾਨ ਮੂਲਰਾਜ ਦੀ ਫੌਜ ਵਿੱਚ ਭਰਤੀ ਹੋ ਜਾਣ ਜਾਂ
ਰਾਜਾ ਸ਼ੇਰ ਸਿੰਘ ਤੇ ਚਤਰ ਸਿੰਘ ਦੀ ਫੌਜ ਵਿਚ ਆ ਮਿਲਣ। ਓਹਨਾਂ ਦਾ ਅਜਿਹਾ ਕਰਨਾ ਪ੍ਰਜਾ ਦਾ ਭਲਾ ਤੇ ਅੱਗੇ ਦਾ ਲਾਭ ਹੋਵੇਗਾ। ਇਸ ਇਸ਼ਤਿਹਾਰ ਨੂੰ ਪੜ੍ਹ ਕੇ ਹਜ਼ਾਰਾਂ ਲੋਕੀਂ ਹਜ਼ਾਰਾ ਤੇ ਮੁਲਤਾਨ ਵਿੱਚ ਇਨ੍ਹਾਂ ਨੂੰ ਆ ਮਿਲੇ।
ਇਨ੍ਹਾਂ ਹੀ ਦਿਨਾਂ ਵਿੱਚ ਨੂਰਪੁਰ ਦੇ ਰਾਮ ਸਿੰਘ ਨੇ ਇਸ ਪਾਸੋਂ ਅੰਗਰੇਜ਼ੀ ਇਲਾਕੇ ਤੇ ਬਹੁਤ ਸਾਰੇ ਹੱਲੇ ਕੀਤੇ ਸਨ, ਉਹਦੇ ਫੜਨ ਵਾਲੇ ਵਾਸਤੇ ਸਰਕਾਰ ਨੇ ਇੱਕ ਹਜ਼ਾਰ ਰੁਪਯਾ ਇਨਾਮ ਰਖਯਾ। ਜਦ ਅੰਗ੍ਰੇਜ਼ੀ ਫੌਜ ਓਥੇ ਗਈ ਤਦ ਉਹ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਜਾ ਵੜਿਆ।
੨੩ ਅਕਤੂਬਰ ਨੂੰ ਦਰਯਾਏ ਰਾਵੀ ਦੇ ਪੁਲ ਤੇ ਅੰਗ੍ਰੇਜ਼ੀ ਸਪਾਹੀਆਂ ਦੇ ਰਾਖਿਆਂ ਤੇ ਕੁਝ ਸਿੱਖਾਂ ਨੇ ਹਮਲਾ ਕਰ ਦਿੱਤਾ ਓਹਨਾਂ ਦੇ ਹਥਯਾਰ ਖੋਹ ਕੇ ਲੈ ਗਏ ਤੇ ਕਈ ਫੱਟੜ ਹੋਏ ਤੇ ਮਾਰੇ ਗਏ। ਮੁਲਤਾਨ ਤੋਂ ਸਰਦਾਰ ਸ਼ੇਰ ਸਿੰਘ ਦੇ ਚਲੇ ਆਉਣ ਤੇ ਦੋਹਾਂ ਧਿਰਾਂ ਦੀ ਫੌਜੀ ਤਾਕਤ ਘੱਟ ਗਈ। ੧੩ ਅਕਤੂਬਰ ੧੮੪੮ ਨੂੰ ਮੁਲਤਾਨ ਵਿੱਚ ਇੱਕ ਲੜਾਈ ਹੋਈ, ਜਿਸ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਇਸ ਕਰ ਕੇ ਅੰਗਰੇਜ਼ੀ ਫੌਜ ਦੇ ਅਫਸਰ ਨੇ ਦੂਜੀ ਜਗ੍ਹਾ ਆਪਣੀ ਫੌਜ ਲੈ ਜਾ ਕੇ ਹਮਲਾ ਕੀਤਾ, ਕਿੰਤੂ ਕਾਮਯਾਬੀ ਨਾ ਹੋਈ। ਇਸੇ ਦਿਨ ਕੋਰਟ ਲੈਂਡ ਦੀ ਫੌਜ ਵਿੱਚੋਂ ੫੦੦ ਪੂਰਬੀਏ ਸਪਾਹੀ ਮੂਲਰਾਜ ਦੀ ਫੌਜ ਵਿੱਚ ਜਾ ਮਿਲੇ। ੧੨ ਨਵੰਬਰ ਨੂੰ ਮੁਲਤਾਨੀ ਫੌਜ ਨੇ ਐਡਵਰਡਸ ਸਾਹਿਬ ਦੀ ਫੌਜ ਤੇ ਹਮਲਾ ਕੀਤਾ। ਅੰਗ੍ਰੇਜ਼ੀ ਫੌਜ ਐਸੇ ਢੰਗ ਨਾਲ ਲੜਾਈ ਗਈ ਕਿ ਇਹ ਮੁਲਤਾਨੀਆਂ ਦੇ ਮੋਰਚਿਆਂ ਤੇ ਜਾ ਪਈ। ਦੋ ਤੋਪਾਂ ਸਮੇਤ ਮੋਰਚਾ ਛੁਡਾ ਲਿਆ, ਜਿਸ ਤੋਂ ਮੁਲਤਾਨ ਦੀ ਫੌਜ ਦਾ ਹੌਸਲਾ ਟੁੱਟ ਗਿਆ। ਇਨ੍ਹਾਂ ਹੀ ਦਿਨਾਂ ਵਿੱਚ ਜੱਸ ਮੱਲ ਜੋ ਕਿ ਜੰਗ ਦਾ ਮੂਲਰਾਜ ਵਲੋਂ ਕਾਰਦਾਰ ਸੀ, ਪ੍ਰਜਾ ਨੇ ਘੇਰ ਲਿਆ ਤੇ ਉਹ ਇਲਾਕਾ ਲੁੱਟ ਲਿਆ। ਇਹ ਸੁਣ ਕੇ ਮੂਲਰਾਜ ਨੇ ਸਰਦਾਰ ਨਰਾਇਣ ਸਿੰਘ ਨੂੰ ਦੋ ਹਜ਼ਾਰ ਸਵਾਰ ਦੇ ਕੇ ਜੱਸ ਮੱਲ ਦੀ ਸਹਾਇਤਾ ਤੇ ਆਕੀਆਂ ਨੂੰ ਸਜ਼ਾ ਦੇਣ ਵਾਸਤੇ ਭੇਜਿਆ, ਦੋ ਤੋਪਾਂ ਵੀ ਨਾਲ ਸਨ। ਇਧਰੋਂ ਐਡਵਰਡਸ ਸਾਹਿਬ ਨੇ ਸ਼ੇਖ ਇਮਾਮ ਦੀਨ ਨੂੰ ਜੋ ਫੌਜ ਵਿੱਚ ਸੀ, ਫੌਜ ਦੇ ਕੇ ਭੇਜ ਦਿੱਤਾ। ਇਮਾਮਦੀਨ ਸਰਦਾਰ ਨਰਾਇਣ ਸਿੰਘ ਤੋਂ ਪਹਿਲਾਂ ਪੁੱਜ ਗਿਆ ਤੇ ਓਹਨੇ ਬਾਗ਼ੀਆਂ ਦੀ ਮਦਦ ਕੀਤੀ ਤੇ ਝੰਗ ਦਾ ਕਿਲ੍ਹਾ ਫਤਹ ਕਰ ਕੇ ਕਿਲ੍ਹਾ ਕਨਯੋਟ ਜਿੱਥੋਂ ਦੀ ਮਦਦ ਵਾਸਤੇ ਸਰਦਾਰ ਨਰਾਇਣ ਸਿੰਘ ਗਏ ਸਨ, ਉਹਦਾ ਘੇਰਾ ਪਾ ਕੇ ਦੀਵਾਰ ਗਿਰਾ ਦਿੱਤੀ ਤੇ ਇੱਕ ਸੁਰੰਗ ਉਡਾ ਕੇ ਕਿਲ੍ਹੇ ਵਿੱਚ ਬੈਠਿਆਂ ਨੂੰ ਬੜਾ ਨੁਕਸਾਨ ਪੁਚਾਇਆ। ਨਰਾਇਣ ਸਿੰਘ ਨੇ ਹੱਥਯਾਰ ਰੱਖ ਦਿਤੇ। ਨਰਾਇਨ ਸਿੰਘ ਨੂੰ ਕੈਦ ਕਰ ਕੇ ਲਾਹੌਰ ਭੇਜਿਆ ਗਿਆ। ਇਸ ਫਤਹ ਤੋਂ ਪਿੱਛੋਂ ਅੰਗਰੇਜ਼ੀ ਫੌਜ ਬੰਬੇ, ਫਿਰੋਜ਼ਪੁਰ, ਲੁਧਿਆਣਾ ਤੇ ਅੰਬਾਲੇ ਤੋਂ ਮੁਲਤਾਨ ਪੁੱਜ ਗਈ।
੨੭ ਦਸੰਬਰ ਨੂੰ ਇੱਕ ਬੜੀ ਭਾਰੀ ਲੜਾਈ ਤੋਂ ਪਿੱਛੋਂ ਮੰਡੀ ਆਮ ਖ਼ਾਸ ਬਾਗ਼ ਸਾਵਨ ਮਲ ਦੀ ਸਮਾਧ, ਮਕਬਰਾ ਸ਼ਮਸਤਬਰੇਜ਼ ਆਦਿਕ ਮਕਾਨਾਂ ਤੇ ਕਬਜ਼ਾ ਕਰ ਲਿਆ ਤੇ ਮੁਲਤਾਨ ਨੂੰ ਫਿਰ ਨਵੇਂ ਸਿਰੇ ਘੇਰਾ ਪਾ ਲਿਆ ਗਿਆ। ਉਸ ਵੇਲੇ ਮੂਲਰਾਜ ਦੇ ਪਾਸ ਕੇਵਲ ੧੪ ਹਜ਼ਾਰ ਸਪਾਹ ਤੇ ੨੨ ਤੋਪਾਂ ਸਨ। ਅੰਗਰੇਜ਼ਾਂ ਦੀ ੨੨ ਹਜ਼ਾਰ ਤੋਂ ਉੱਤੇ ਫੌਜ ਤੇ ੧੦੦ ਤੋਪ ਸੀ ਮੁਲਤਾਨ ਦਾ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ੨੯ ਦਸੰਬਰ ਨੂੰ ਮੂਲਰਾਜ ਦੇ ੨੦੦੦ ਮਜ਼ਹਬੀ ਸਿੰਘਾਂ ਦੀ ਫੌਜ ਨੇ ਦਿੱਲੀ ਦਰਵਾਜ਼ੇ ਤੋਂ ਨਿੱਕਲ ਕੇ ਬੜਾ ਨੁਕਸਾਨ ਪਹੁੰਚਾਇਆ ਕਿਉਂਕਿ ਇਹ ਕੇਵਲ ਤਲਵਾਰਾਂ ਧੂਹ ਕੇ ਅੰਗਰੇਜ਼ੀ ਸੈਨਾ ਤੇ ਆ ਪਏ ਸਨ।
੩੦ ਦਸੰਬਰ ਨੂੰ ਮੂਲਰਾਜ ਦੇ ਕਰਮਚਾਰੀ ਸ਼ਾਹਬਾਜ਼ ਖਾਂ ਨੇ ਜੋ ਅੰਗਰੇਜ਼ਾਂ ਨਾਲ ਮਿਲ ਗਿਆ ਸੀ, ਤੋਪਚੀਆਂ ਨੂੰ ਉਹ ਜਗ੍ਹਾ ਦੱਸੀ, ਜਿੱਥੇ ਮੂਲਰਾਜ ਦਾ ਮੈਗਜ਼ੀਨ ਤੇ ੫੦੦੦ ਮਣ ਬਾਰੂਦ ਰੱਖ੍ਯਾ ਸੀ। ਉਹਦੇ ਵਿੱਚ ਅੱਗ ਰੱਖ ਦਿੱਤੀ, ਜਿਸ ਤੋਂ ਕਿਲ੍ਹੇ ਵਾਲਿਆਂ ਨੂੰ ਬੜਾ ਭਾਰੀ ਨੁਕਸਾਨ ਪੁੱਜਾ। ੫੦੦ ਆਦਮੀ ਦਾ ਪਤਾ ਹੀ ਨਾ ਲੱਗਾ ਤੇ ਬਹੁਤ ਸਾਰੀਆਂ ਲਾਸ਼ਾਂ ਦੇ ਢੇਰ ਲੱਗ ਗਏ। ਉਸੇ ਦੇ ਧਮਾਕੇ ਨਾਲ ਕਿਲ੍ਹੇ ਦੀ ਦੱਖਣ ਵਾਲੀ ਦੀਵਾਰ ਫਟ ਗਈ। ਲੜਾਈ ਤੋਂ ਪਿੱਛੋਂ ੨
ਜਨਵਰੀ ੧੮੪੯ ਨੂੰ ਅੰਗਰੇਜ਼ਾਂ ਨੇ ਦਿੱਲੀ ਦਰਵਾਜ਼ੇ ਤੇ ਹੱਲਾ ਕੀਤਾ। ਇਹ ਦਰਵਾਜ਼ਾ ਇੱਕ ਮੁਸਲਮਾਨ ਦਰਬਾਨ ਨੇ ਖੋਹਲਣ ਦਾ ਇਕਰਾਰ ਕੀਤਾ ਸੀ। ਕਿੰਤੂ ਉੱਥੇ ਮੁਲਤਾਨੀ ਫੌਜ ਆ ਪੁੱਜੀ ਜੋ ਬੜੀ ਬਹਾਦਰੀ ਨਾਲ ਲੜੀ ਤੇ ਅੰਗਰੇਜ਼ੀ ਫੌਜ ਨੂੰ ਪਿੱਛੇ ਹਟਣਾ ਪਿਆ। ਓਸ ਵੇਲੇ ਕਈ ਮੁਸਲਮਾਨ ਲਾਲਚੀ ਦਰਬਾਨ ਅੰਗਰੇਜ਼ਾਂ ਨਾਲ ਮਿਲ ਰਹੇ ਸਨ, ਇਸ ਕਰ ਕੇ ਅੰਗਰੇਜ਼ੀ ਫੌਜ ਇੱਕ ਹੋਰ ਰਾਹ ਥੀਂ ਸ਼ਹਿਰ ਦੇ ਵਿੱਚ ੩ ਜਨਵਰੀ ੧੮੪੦ ਨੂੰ ਦਾਖਲ ਹੋ ਗਈ। ਮੂਲਰਾਜ ਦੀ ਫੌਜ ਜਾਨ ਤੋੜ ਕਰ ਲੜੀ, ਕਿੰਤੂ ਥੋੜਿਆਂ ਦਾ ਬਹੁਤਿਆਂ ਦੇ ਸਾਹਮਣੇ ਕੀ ਚਾਰਾ ਚੱਲ ਸਕਦਾ ਹੈ? ਲਾਸ਼ਾਂ ਦੇ ਢੇਰਾਂ ਦੇ ਢੇਰ ਲਗ ਗਏ। ਗਲੀਆਂ ਕੂਚੇ ਖੂਨ ਨਾਲ ਲਿਬੜ ਗਏ। ਕਾਂ ਕੁੱਤੇ ਈਦ ਕਰਨ ਲਗੇ। ਮੁਲਤਾਨ ਦੀ ਬਾਕੀ ਫੌਜ ਸ਼ਹਿਰ ਛੱਡ ਕੇ ਸਰਦਾਰ ਪੁਰੇ ਟੁਰ ਗਈ। ੧੪ ਤੋਪਾਂ ਤੇ ੨੦ ਲੱਖ ਦਾ ਸਾਮਾਨ ਅੰਗਰੇਜ਼ਾਂ ਦੇ ਹੱਥ ਆਇਆ। ਮੂਲਰਾਜ ਨੇ ਤਿੰਨ ਹਜ਼ਾਰ ਜਵਾਨਾਂ ਦੇ ਨਾਲ ਲੜਾਈ ਜਾਰੀ ਰੱਖੀ, ਕਿੰਤੂ ਅੰਤ ਨੂੰ ਜਦ ਅੰਗ੍ਰੇਜ਼ੀ ਤੋਪਾਂ ਨੇ ਕਿਲ੍ਹੇ ਦੀਆਂ ਦੀਵਾਰਾਂ ਕਈ ਜਗ੍ਹਾ ਤੋਂ ਗਿਰਾ ਦਿੱਤੀਆਂ ਤੇ ਇੱਕ ਸੁਰੰਗ ਦੇ ਨਾਲ ਕਿਲ੍ਹਾ ਉਡਾਣ ਦੀ ਕੋਸ਼ਸ਼ ਕਰ ਲਈ, ਤਦ ਮੂਲਰਾਜ ਦੀ ਫੌਜ ਵਿੱਚ ਬੜੀ ਨਿਰਾਸਤਾ ਵਰਤ ਗਈ। ਹੁਣ ਸਵਾਏ ਅਧੀਨਤਾ ਸਵੀਕਾਰ ਕਰਨ ਦੇ ਕੋਈ ਰਾਹ ਨਹੀਂ ਸੀ। ੨੧ ਜਨਵਰੀ ੧੮੪੯ ਨੂੰ ਮੂਲਰਾਜ ਨੇ ਆਪਣਾ ਵਕੀਲ ਐਡਵਰਡਸ ਸਾਹਿਬ ਦੇ ਪਾਸ ਭੇਜ ਕੇ ਅਧੀਨ ਹੋਣਾ ਪਰਵਾਨ ਕਰ ਲਿਆ।
ਇਸ ਵਿੱਚ ਸ਼ਕ ਨਹੀਂ ਕਿ ਮੂਲਰਾਜ ਨੇ ਬੜੀ ਬਹਾਦਰੀ ਤੇ ਜਵਾਂਮਰਦੀ ਨਾਲ ਲੜਾਈ ਕੀਤੀ, ਕਿੰਤੂ ਓਹਦੀ ਫੌਜ ਦਿਨ-ਬ-ਦਿਨ ਤਬਾਹ ਹੋਂਦੀ ਗਈ ਤੇ ਕਈ ਮੁਸਲਮਾਨਾਂ ਨੇ ਲਾਲਚ ਵਿੱਚ ਆ ਕੇ ਸਾਰੇ ਭੇਦ ਅੰਗਰੇਜ਼ਾਂ ਨੂੰ ਦੱਸ ਦਿਤੇ। ਇਸ ਕਰ ਕੇ ਦੀਵਾਨ ਬਹਾਦਰ ਨੂੰ ਤਾਬਿਆਦਾਰੀ ਮੰਨਣੀ ਪਈ। ਸੋ ੨੨ ਜਨਵਰੀ ਨੂੰ ਸਫੈਦ ਕੱਪੜੇ ਪਾ ਕੇ ਅਰਬੀ ਘੋੜੇ ਤੇ ਸਵਾਰ ਹੋ ਅੰਗ੍ਰੇਜ਼ਾਂ ਤੋਂ ਰਹਿਮ ਦੀ ਯਾਚਨਾ ਕਰਨ ਲਈ ਓਸ ਨੇ ਆਪਣੇ ਆਪ ਨੂੰ ਅੰਗਰੇਜ਼ੀ ਕੈਂਪ ਦੇ ਹਵਾਲੇ ਕਰ ਦਿੱਤਾ। ਮੇਹਜਰ ਐਡਵਰਡਸ ਨੇ ਓਸ ਨੂੰ ਚੀਫ ਅੰਜੀਨੀਅਰ ਦੇ ਖੇਮੇ ਵਿੱਚ ਕੈਦ ਕਰ ਕੇ ਕਿਲ੍ਹੇ ਤੇ ਕਬਜ਼ਾ ਕਰ ਲਿਆ। ਅੰਦਰ ਜੋ ਫੌਜ ਬੈਠੀ ਸੀ, ਹਥਯਾਰ ਰੱਖ ਕੇ ਚੁੱਪ ਚਾਪ ਘਰਾਂ ਨੂੰ ਚਲੀ ਗਈ। ਜਿਸ ਅੰਗਰੇਜ਼ੀ ਝੰਡੇ ਦੇ ਹੇਠ ਅੱਧਾ ਮੁਲਤਾਨ ਸੁੱਖ ਪਾ ਰਿਹਾ ਸੀ, ਹੁਣ ਓਹ ਝੰਡਾ ਕਿਲ੍ਹੇ ਦੇ ਉੱਤੇ ਗੱਡਿਆ ਗਿਆ। ਮੂਲਰਾਜ ਨੂੰ ਪਹਿਲਾਂ ਵਜ਼ੀਰਾਬਾਦ ਰੱਖਿਆ ਗਿਆ, ਫਿਰ ੨੯ ਫਰਵਰੀ ਨੂੰ ਲਾਹੌਰ ਕਿਲ੍ਹੇ ਵਿੱਚ ਕੈਦ ਕੀਤਾ ਗਿਆ, ਤੇ ਓਹਦਾ ਸਾਰਾ ਪਰਿਵਾਰ ਇੱਕ ਸਗਨ ਵਿੱਚ ਰੱਖਿਆ ਗਿਆ। ਦੀਵਾਨ ਮੂਲ ਰਾਜ ਦੇ ਮੁਕੱਦਮੇਂ ਦੀ ਖੋਜ ਕੋਰਟ ਮਾਰਸ਼ਲ ਦੀ ਰਾਹੀਂ ਕੀਤੀ ਗਈ ਤੇ ਇਸ ਨੂੰ ਕਾਲੇ ਪਾਣੀ (ਜਜ਼ੀਰਾ ਅੰਡੇਮਾਨ) ਭੇਜ ਦਿੱਤਾ ਗਿਆ, ਜਿੱਥੇ ਜਾ ਕੇ ਦੋ ਮਹੀਨੇ ਪਿੱਛੋਂ ਮਰ ਗਿਆ। ਇਸ ਦੇ ਖਾਨਦਾਨ ਦਾ ਹਾਲ ਚੌਥੇ ਹਿੱਸੇ ਵਿੱਚ ਦਰਜ ਹੈ।
ਮੁਲਤਾਨ ਦੇ ਫਤਹ ਹੋ ਜਾਣ ਤੇ ਸਾਰੇ ਇਲਾਕੇ ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ। ਲਾਰਡ ਡਲਹੌਜੀ ਨੇ ਬਹਾਵਲਪੁਰ ਦੇ ਨਵਾਬ ਨੂੰ ਜੰਗੀ ਖਿਦਮਤਾਂ ਦੇ ਬਦਲੇ ੧ ਲੱਖ ਰੁਪਯਾ ਸਾਲ ਦੀ ਪਿਨਸ਼ਨ ਦੇਣੀ ਪ੍ਰਵਾਨ ਕੀਤੀ ਤੇ ਜੰਗ ਦੇ ਦਿਨਾਂ ਦਾ ਫੌਜੀ ਖ਼ਰਚ ੧ ਲੱਖ ਰੁਪਯਾ ਮਾਹਵਾਰ ਦੇ ਹਿਸਾਬ ਦਿੱਤਾ।
੧੮. ਸਿੱਖਾਂ ਦਾ ਦੂਜਾ ਜੰਗ ਰਾਮਨਗਰ ਦੀ ਲੜਾਈ
ਸੱਚੇ ਹਾਲ ਦੱਸਣ ਵਾਲੇ ਕਹਿੰਦੇ ਹਨ ਕਿ ੯ ਅਕਤੂਬਰ ਨੂੰ ਜਦ ਸਰਦਾਰ ਸ਼ੇਰ ਸਿੰਘ ਆਪਣੇ ਪਿਤਾ ਸ੍ਰਦਾਰ ਚਤਰ ਸਿੰਘ ਨੂੰ ਮਿਲਣ ਵਾਸਤੇ ਟੁਰ ਗਿਆ, ਤਦ ਓਹਨੇ ਇੱਕ ਇਸ਼ਤਿਹਾਰ ਜਿਸ ਦਾ ਭਾਵ ਉੱਪਰ ਦੇ ਚੁੱਕੇ ਹਾਂ ਵੰਡਿਆ, ਜਿਸ ਤੋਂ ੧੫ ਹਜ਼ਾਰ ਦੇ ਕਰੀਬ ਸਿੱਖ ਹੋਰ ਓਹਦੇ ਨਾਲ ਮਿਲ ਪਏ ਤੇ ਬੰਨੂੰ ਦੀ ਸਿੱਖ ਫੌਜ ਵੀ ਚਤਰ ਸਿੰਘ ਵਲ ਚੱਲ ਪਈ। ਕਰਨਲ ਹੋਮ ਸਾਹਿਬ ਤੇ ਫਤਹ ਖਾਂ ਟਿਵਾਣਾ ਉਸ ਇਲਾਕੇ ਦਾ ਪ੍ਰਬੰਧ ਕਰ ਰਹੇ ਸਨ। ਓਹਨਾਂ ਕੋਸ਼ਸ਼ ਕੀਤੀ ਕਿ ਫੌਜ
ਨੂੰ ਰੋਕਿਆ ਜਾਏ। ਕਰਨੈਲ ਹੋਮ ਮਾਰਿਆ ਗਿਆ ਤੇ ਫਤੇ ਖਾਂ ਟਿਵਾਣਾ ਨੱਸ ਪਿਆ। ਸਿੱਖਾਂ ਨੇ ਆਵਾਜ਼ ਦਿੱਤੀ, "ਐ ਨਾਲਾਇਕ! ਤੂੰ ਧੋਖਾ ਦੇ ਕੇ ਕੰਵਰ ਪਸ਼ੌਰਾ ਸਿੰਘ ਨੂੰ ਫੜਾਇਆ ਤੇ ਕਤਲ ਕਰਵਾਇਆ ਸੀ। ਹੁਣ ਖਾਲਸੇ ਦੇ ਸਾਹਮਣੇ ਹੋ ਕੇ ਬਹਾਦਰਾਂ ਵਾਂਗ ਲੜ।" ਕਿੰਤੂ ਇਸ ਨੇ ਇਨ੍ਹਾਂ ਗੱਲਾਂ ਦੀ ਪ੍ਰਵਾਹ ਨਾ ਕੀਤੀ ਤੇ ਨੱਸ ਗਿਆ, ਛੀ ਕੋਹ ਦੇ ਫਾਸਲੇ ਤੇ ਖਾਲਸੇ ਨੇ ੨੦ ਆਦਮੀਆਂ ਸਮੇਤ ਜਾ ਫੜਿਆ ਤੇ ਕਤਲ ਕਰ ਕੇ ਕੰਵਰ ਪਸ਼ੌਰਾ ਸਿੰਘ ਦਾ ਬਦਲਾ ਲਿਆ।
ਹੁਣ ਤਾਂ ਇਸ ਗੁੱਸੇ ਦੀ ਜਵਾਲਾ ਹੋਰ ਵੀ ਪ੍ਰਚੰਡ ਹੋ ਗਈ। ਪਿਸ਼ਾਵਰ ਦੇ ਵਿੱਚ ਜੋ ਸਿੱਖ ਫੌਜ ਸੀ, ਉਸ ਵਿੱਚੋਂ ਕੁਝ ੨੪ ਅਕਤੂਬਰ ੧੮੪੮ ਨੂੰ ਸ੍ਰ: ਚਤਰ ਸਿੰਘ ਵਲ ਚੱਲ ਪਈ। ਮੇਹਜਰ ਲਾਰੰਸ ਤੇ ਲੋਈ ਸਾਹਿਬ ਉੱਥੋਂ ਦੇ ਅਫਸਰ ਸਨ। ਇਨ੍ਹਾਂ ਕਈ ਹਜ਼ਾਰ ਪਠਾਣਾਂ ਨੂੰ ਨਾਲ ਲੈ ਕੇ ਇਸ ਫੌਜ ਨੂੰ ਰੋਕਣਾ ਚਾਹਿਆ, ਕਿੰਤੂ ਖਾਲਸੇ ਦੀ ਤੇਜ਼ ਤਲਵਾਰ ਦੇ ਸਾਹਮਣੇ ਪਠਾਣ ਨਾ ਠਹਿਰ ਸਕੇ ਤੇ ਪਿੱਠ ਵਿਖਾ ਕੇ ਨੱਸ ਗਏ। ਇੱਕ ਜਗ੍ਹਾ ਤੇ ਰੈਜ਼ੀਡੰਟੀ ਜਿੱਤ ਲਈ। ਸਾਹਿਬ ਬਹਾਦਰ ਉੱਥੋਂ ਨੱਸ ਕੇ ਕੋਹਾਟ ਦਾ ਕਿਲ੍ਹਾ ਜੋ ਉੱਥੋਂ ੩੦ ਮੀਲ ਸੀ, ਉਸ ਵਿੱਚ ਜਾ ਵੜੇ। ਉੱਥੋਂ ਦਾ ਹਾਕਮ ਸੁਲਤਾਨ ਮੁਹੰਮਦ ਖਾਂ ਸੀ ਤੇ ਇਹ ਸਰਦਾਰ ਚਤਰ ਸਿੰਘ ਦਾ ਦੋਸਤ ਸੀ, ਇਸ ਨੇ ਇਨ੍ਹਾਂ ਨੂੰ ਫੜ ਕੇ ਸਰਦਾਰ ਚਤਰ ਸਿੰਘ ਦੇ ਪਾਸ ਭੇਜ ਦਿੱਤਾ, ਜਿਨ੍ਹਾਂ ਨੂੰ ਸਰਦਾਰ ਚਤਰ ਸਿੰਘ ਨੇ ਬੜੀ ਹਿਫਾਜ਼ਤ ਨਾਲ ਆਪਣੇ ਪਾਸ ਰੱਖ੍ਯਾ। ਜਦ ਉਧਰੋਂ (ਮੁਲਤਾਨ ਵਲੋਂ) ਸਰਦਾਰ ਸ਼ੇਰ ਸਿੰਘ ਕੂਚ ਕਰਦਾ ੧੧ ਨਵੰਬਰ ਨੂੰ ਸੈਦੁਲਾਪੁਰ (ਰਾਮਨਗਰ ਦੇ ਲਾਗੇ) ਪੁੱਜਾ ਤਦ ਉਸ ਵੇਲੇ ੬੦ ਹਜ਼ਾਰ ਆਦਮੀ ਤਲਵਾਰ ਉਠਾਣ ਵਾਲਾ ਸੀ। ਜੇ ਕਦੀ ਸਾਰੇ ਸਿੱਖਾਂ ਦਾ ਉਸ ਵੇਲੇ ਇਤਫਾਕ ਹੋ ਜਾਂਦਾ ਤਦ ਅੰਗਰੇਜ਼ਾਂ ਦਾ ਪੰਜਾਬ ਵਿੱਚੋਂ ਹੀ ਨਹੀਂ, ਬਲਕਿ ਹਿੰਦੋਸਤਾਨ ਵਿੱਚੋਂ ਨਿੱਕਲ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਪ੍ਰੰਤੂ ਲਾਹੌਰ ਦਰਬਾਰ ਸ੍ਰ: ਸ਼ੇਰ ਸਿੰਘ ਤੇ ਚਤਰ ਸਿੰਘ ਦੇ ਨਾਲ ਨਹੀਂ ਸੀ। ਲਾਹੌਰ ਦਰਬਾਰ ਦੇ ਸਿੱਖ ਸਰਦਾਰ ਇਸ ਵਿਦਰੋਹ ਨੂੰ ਦਬਾਣ ਲਈ ਫਿਰ ਰਹੇ ਸਨ। ਜਿਹਾ ਕਿ ਮਿਸਰ ਸਾਹਿਬ ਦਿਆਲ ੩ ਹਜ਼ਾਰ ਸਿੱਖਾਂ ਦੀ ਫ਼ੌਜ ਲੈ ਕੇ ਇਸ ਇਲਾਕੇ ਦੇ ਵਿਦਰੋਹ ਨੂੰ ਦਬਾ ਰਿਹਾ ਸੀ। ਭਾਈ ਬੀਰ ਸਿੰਘ ਜੀ ਦਾ ਚੇਲਾ ਮਹਾਰਾਜ ਸਿੰਘ ਜੋ ੫੦੦ ਸਵਾਰ ਨਾਲ ਲੈ ਕੇ ਇਲਾਕੇ ਦੇ ਲੋਕਾਂ ਨੂੰ ਵਿਦਰੋਹ ਲਈ ਪ੍ਰੇਰਨਾ ਕਰ ਰਿਹਾ ਸੀ, ਸਾਹਿਬ ਦਿਆਲ ਨੇ ਬੜੀ ਆਸ ਪਤਾ ਦੇ ਕੇ ਮੇਲ ਮਿਲਾਪ ਕਰ ਕੇ ਨੇਮ ਧਰਮ ਨੂੰ ਛਿਕੇ ਤੇ ਰੱਖ ਫੜਵਾ ਦਿੱਤਾ ਤੇ ਲਾਹੌਰ ਭੇਜ ਦਿੱਤਾ, ਜਿੱਥੋਂ ਮਹਾਰਾਜ ਸਿੰਘ ਕਿਸੇ ਢੰਗ ਨਾਲ ਨਿੱਕਲ ਕੇ ਸਰਦਾਰ ਸ਼ੇਰ ਸਿੰਘ ਦੀ ਫੌਜ ਦੇ ਨਾਲ ਫਿਰ ਜਾ ਮਿਲਿਆ। ਗੁਜਰਾਤ ਦੇ ਜੰਗ ਪਿਛੇ ਉਹਨੂੰ ਫਿਰ ਆਦਮਪੁਰ ਜ਼ਿਲਾ ਹੁਸ਼ਿਆਰਪੁਰ ਵਿੱਚ ਫੜ ਲਿਆ ਗਿਆ ਤੇ ਆਗਰੇ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ, ਜਿੱਥੋਂ ਨਿੱਕਲ ਕੇ ਪਤਾ ਨਹੀਂ ਉਹ ਕਿਧਰ ਚਲਾ ਗਿਆ।
ਦੂਜਾ ਦੀਵਾਨ ਦੀਨਾਨਾਥ ਬਹੁਤ ਸਾਰੀ ਸਿੱਖ ਫੌਜ ਲੈ ਕੇ ਮੁਲਕ ਹਜ਼ਾਰੇ ਦੇ ਬਲਵੇ ਨੂੰ ਦਬਾਣ ਵਾਸਤੇ ਫਿਰ ਰਿਹਾ ਸੀ। ਇਸ ਨੇ ਵੀ ਸਰਦਾਰ ਚਤਰ ਸਿੰਘ ਦੀ ਤਾਕਤ ਨੂੰ ਬੜਾ ਨੁਕਸਾਨ ਪੁਚਾਇਆ। ਰਾਜਾ ਤੇਜ ਸਿੰਘ, ਸ੍ਰ: ਮੰਗਲ ਸਿੰਘ ਰਾਮਗੜ੍ਹੀਆ ਆਦਿਕ ਹੋਰ ਵੀ ਕਈ ਸਰਦਾਰ ਆਪਣੀਆਂ ੨ ਫੌਜਾਂ ਲੈ ਕੇ ਸਿੱਖਾਂ ਦੀ ਮਦਦ ਕਰਨ ਦੀ ਜਗ੍ਹਾ ਤੇ ਮੁਖਾਲਫਤ ਕਰ ਰਹੇ ਸਨ। ਗੋਇਆ ਕਿ ਇਸ ਵੇਲੇ ਇੱਕ ਪਾਸੇ ਸਰਦਾਰ ਚਤਰ ਸਿੰਘ ਤੇ ਸ਼ੇਰ ਸਿੰਘ ਕੁਝ ਹਜ਼ਾਰ ਸਿੰਘ ਸਮੇਤ ਸਨ, ਤੇ ਦੂਜੇ ਪਾਸੇ ਲਾਹੌਰ ਦਰਬਾਰ, ਉਹਦੀ ਸਿੱਖ ਸੈਨਾ ਇਲਾਕਿਆਂ ਦੇ ਸਿੱਖ ਸਰਦਾਰ ਤੇ ਅੰਗਰੇਜ਼ ਸੀ। ਲਾਰਡ ਡਲਹੌਜ਼ੀ ਨੇ ਇੱਕ ਇਸ਼ਤਿਹਾਰ ਕੱਢਿਆ ਕਿ ਜੇਹੜਾ ਸਿੱਖ ਸਰਦਾਰ ਅੰਗਰੇਜ਼ੀ ਫੌਜ ਦੇ ਵਾਸਤੇ ਰਸਦ ਆਦਿਕ ਇਕੱਠੀ ਕਰੇਗਾ ਤੇ ਹੋਰ ਮੱਦਦ ਕਰਨ ਦਾ ਯਤਨ ਕਰੇਗਾ ਉਹ ਸਰਕਾਰ ਦਾ ਸ਼ੁਭਚਿੰਤਕ, ਤੇ ਵਿਦਰੋਹ ਵਿਚ ਸ਼ਾਮਲ ਹੋਣ ਵਾਲਾ ਦੁਸ਼ਮਣ ਸਮਝਿਆ ਜਾਵੇਗਾ। ਇਸ ਇਸ਼ਤਿਹਾਰ ਦੇ ਨਿੱਕਲਣ ਤੇ ਜੰਮੂ ਦਾ ਰਾਜਾ ਮੋਤੀ ਸਿੰਘ, ਤੇਜ ਸਿੰਘ, ਰਾਏ ਮੂਲ ਸਿੰਘ, ਮੰਗਲ ਸਿੰਘ ਰਾਮਗੜ੍ਹੀਆ, ਨਿਹਾਲ ਸਿੰਘ ਛਾਛੀ, ਮਿਸਰ ਸਾਹਿਬ ਦਿਆਲ, ਜਨਰਲ
ਹਰਸੁਖ ਰਾਏ ਆਦਿਕ ਬਹੁਤ ਸਾਰੇ ਸਰਦਾਰ ਅੰਗਰੇਜ਼ਾਂ ਵੱਲ ਹੋ ਕੇ ਸਿੱਖਾਂ ਦੀ ਵਿਰੋਧਤਾ ਲਈ ਖੜੇ ਹੋ ਗਏ।
ਇਸ ਤੋਂ ਪਿੱਛੋਂ ਗਫ ਸਾਹਿਬ ਨੂੰ ਹੁਕਮ ਹੋਇਆ ਕਿ ਫਿਰੋਜ਼ਪੁਰ ਦੇ ਵਿੱਚ ਫੌਜਾਂ ਇਕੱਤ੍ਰ ਕਰਨ। ਥੋੜ੍ਹੇ ਹੀ ਸਮੇਂ ਵਿੱਚ ਰਾਜਪੂਤਾਨਾ ਤੇ ਹੋਰ ਸਾਰੇ ਹਿੰਦੁਸਤਾਨ ਵਿੱਚੋਂ ੨੫ ਹਜ਼ਾਰ ਦੇ ਕਰੀਬ ਫੌਜ ਸਰਦਾਰ ਸ਼ੇਰ ਸਿੰਘ ਨਾਲ ਲੜਨ ਲਈ ੧੦੦ ਤੋਪਾਂ ਲੈ ਕੇ ਆ ਗਈ। ੧੩ ਨਵੰਬਰ ੧੮੪੮ ਨੂੰ ਜਨਰਲ ਗਫ ਸਾਹਿਬ ਨੇ ਫੌਜਾਂ ਦੇ ਸਰਦਾਰਾਂ ਨੂੰ ਇਕੱਠਿਆਂ ਕਰ ਕੇ ਦਾਵਤ ਦਿੱਤੀ ਤੇ ਖ਼ੁਸ਼ ਕੀਤਾ। ਬ੍ਰਗੇਡੀਅਰ ਕੋਨਸ ਕੈਂਬਲ ਤੇ ਕੋਰਟਨੂੰਨ ਸਾਹਿਬ ਨੂੰ ਹੁਕਮ ਹੋਇਆ ਕਿ ਤੁਸੀਂ ਆਪਣੀਆਂ ਫੌਜਾਂ ਲੈ ਜਾ ਕੇ ਰਾਮਨਗਰ ਤੇ ਚੜ੍ਹਾਈ ਕਰੋ। ਇਹ ਹੁਕਮ ਝਟ ਵਰਤੋਂ ਵਿੱਚ ਆ ਗਿਆ। ਇੱਥੇ ੧੫ ਹਜ਼ਾਰ ਸਿੱਖ ਸਪਾਹੀ ਜ਼ਮੀਨ ਨੂੰ ਕੰਬਾ ਦੇਣ ਵਾਲੀਆਂ ੨੭ ਤੋਪਾਂ ਲੈ ਕੇ ਮੈਦਾਨ ਵਿੱਚ ਉੱਤਰਨ ਲਈ ਅੰਗਰੇਜ਼ਾਂ ਦੀ ਉਡੀਕ ਵਿੱਚ ਬੈਠੇ ਸਨ। ੨੨ ਨਵੰਬਰ ਨੂੰ ਜਦ ਇਹ ਅੰਗਰੇਜ਼ੀ ਫੌਜ ਰਾਮਨਗਰ ਪੁੱਜੀ ਤਦ ਓਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਇੱਥੇ ਸਿੱਖਾਂ ਦਾ ਥਹੁ ਥਿਤਾ ਹੀ ਕੋਈ ਨਹੀਂ। ਸਿੱਖਾਂ ਵਾਲੀ ਚਾਲ ਨੂੰ ਵੇਖ ਕੇ ਅੰਗਰੇਜ਼ ਚਕ੍ਰਿਤ ਰਹਿ ਗਏ। ਜ਼ਰਾ ਅੱਗੇ ਵਧੇ ਤਾਂ ਫੌਜ ਖਾਲਸਾ ਦੇ ਨਜ਼ਰੀ ਪੈਂਦਿਆਂ ਹੀ ਤੋਪਾਂ ਦੀ ਗਰਜ ਨੇ ਅਕਾਸ਼ ਗੁੰਜਾ ਦਿੱਤਾ। ਦੋ ਘੰਟੇ ਬਰਾਬਰ ਅੱਗ ਵਰਸਦੀ ਰਹੀ, ਕਿੰਤੂ ਸਿੱਖਾਂ ਦਾ ਵਾਲ ਵੀ ਵਿੰਗਾ ਨਾ ਹੋਯਾ। ਓਹ ਚੁੱਪ ਚਾਪ ਖਲੋਤੇ ਰਹੇ, ਕਿਉਂਕਿ ਸਿੱਖ ਫੌਜ ਦਰਯਾ ਦੀ ਓਟ ਵਿੱਚ ਇੱਕ ਅਜੇਹੀ ਥਾਂ ਤੇ ਖਲੋਤੀ ਸੀ, ਜਿੱਥੇ ਉਹਨਾਂ ਨੂੰ ਗੋਲਾ ਅਸਰ ਨਹੀਂ ਕਰ ਸਕਦਾ ਸੀ। ਤਦ ਅੰਗਰੇਜ਼ੀ ਫੌਜ ਨੂੰ ਸ਼ੱਕ ਪਿਆ ਕਿ ਸ਼ਾਇਦ ਸਿੱਖ ਫੌਜ ਨੇ ਸਾਨੂੰ ਧੋਖਾ ਦੇਣ ਵਾਸਤੇ ਸਾਹਮਣੇ ਬਣਾਉਟੀ ਆਦਮੀ ਖੜੇ ਕਰ ਰਖੇ ਹਨ, ਇੱਥੇ ਅਸਲ ਵਿੱਚ ਕੋਈ ਫੌਜ ਨਹੀਂ, ਸਾਨੂੰ ਖ਼ਬਰ ਦੇਣ ਵਾਲੇ ਨੇ ਧਰੋਹ ਕੀਤਾ ਹੈ। ਅੰਗਰੇਜ਼ੀ ਫੌਜ ਇਸ ਵਿਚਾਰ ਵਿੱਚ ਪੈ ਗਈ ਇਸ ਗੋਰਖ ਧੰਧੇ ਨੂੰ ਕੁਝ ਸਮਝ ਨਾ ਸਕੇ। ਤੋਪਾਂ ਬੰਦ ਕਰ ਕੇ ਬੜੀ ਦੇਰ ਤੱਕ ਸੋਚਾਂ ਵਿੱਚ ਪਏ ਰਹੇ ਕਿੰਤੂ ਜਦ ਗਫ ਸਾਹਿਬ ਦੇ ਹੁਕਮ ਨਾਲ ਗੋਲਾਬਾਰੀ ਕਰਦੇ ਫਿਰ ਅੱਗੇ ਸਿੱਖਾਂ ਦੇ ਪਾਸ ਜਾ ਪੁੱਜੇ, ਤਦ ਸਿੱਖਾਂ ਨੇ ਇਕੋਵਾਰ ੧੫ ਹਜ਼ਾਰ ਬੰਦੂਕ ਤੇ ੨੭ ਤੋਪਾਂ ਨਾਲ ਅੱਗ ਵਸਾ ਦਿੱਤੀ। ਬੜੀ ਤਕੜੀ ਲੜਾਈ ਹੋਈ। ਲਾਸ਼ਾਂ ਦੇ ਢੇਰ ਲਗ ਗਏ। ਕੁਝ ਤਾਂ ਸਿੱਖਾਂ ਨੇ ਅੰਗਰੇਜ਼ਾਂ ਦੀਆਂ ਤੋਪਾਂ ਦੇ ਮੂੰਹ ਤੋੜ ਦਿੱਤੇ। ਕੁਝ ਅੰਗਰੇਜ਼ੀ ਤੋਪਾਂ ਰੇਤਲੀ ਜ਼ਮੀਨ ਵਿੱਚ ਖਿੱਚੀਆਂ ਨਾ ਜਾ ਸਕਣ ਕਰ ਕੇ ਉਂਜ ਰਹਿ ਗਈਆਂ। ਓਸ ਵੇਲੇ ਸਿੱਖਾਂ ਨੇ ਆਪਣੀਆਂ ਤੋਪਾਂ ਖੱਬੇ ਪਾਸੇ ਲਿਆ ਕੇ ਓਹ ਅੱਗ ਵਸਾਈ ਕਿ ਅੰਗਰੇਜ਼ਾਂ ਨੂੰ ਲਾਚਾਰ ਹੋ ਕੇ ਆਪਣੀਆਂ ਤੋਪਾਂ ਉੱਥੇ ਹੀ ਸੁੱਟ ਕੇ ਪਿਛੇ ਹਟਣਾ ਪਿਆ। ਮਿੱਟੀ ਤੇ ਧੂੜ ਨਾਲ ਸਾਰਾ ਅਕਾਸ਼ ਭਰਿਆ ਗਿਆ। ਅੰਗਰੇਜ਼ੀ ਸਵਾਰ ਉਸ ਹਨੇਰ ਘੁੱਪ ਘੇਰ ਵਿੱਚ ਕੁਝ ਨਾ ਦਿੱਸਣ ਦੇ ਕਾਰਨ ਘਬਰਾ ਗਏ। ਬਹੁਤ ਸਾਰੇ ਤਾਂ ਸਿੱਖਾਂ ਦੇ ਲਸ਼ਕਰ ਵਿੱਚ ਹੀ ਜਾ ਵੜੇ। ਸਰਦਾਰ ਸ਼ੇਰ ਸਿੰਘ ਨੇ ਹੁਕਮ ਦਿੱਤਾ ਕਿ ਅੰਗਰੇਜ਼ੀ ਫੌਜ ਦਾ ਜੋ ਆਦਮੀ ਸਾਡੇ ਕਾਬੂ ਆ ਜਾਏ, ਉਸ ਨੂੰ ਨਾ ਮਾਰਿਆ ਜਾਵੇ। ਦੂਜੇ ਦਿਨ ਅੰਗਰੇਜ਼ੀ ਕੈਂਪ ਵਿੱਚ ਪੁਚਾ ਦਿੱਤਾ ਜਾਏ। ਇਸ ਲੜਾਈ ਵਿੱਚ ਹੈਕਲ ਸਾਹਿਬ ਨੇ ਬੜੇ ਢੰਗ ਨਾਲ ਹਮਲਾ ਕੀਤਾ ਸੀ, ਕਿੰਤੂ ਅੰਗਰੇਜ਼ਾਂ ਦਾ ਭਾਰਾ ਨੁਕਸਾਨ ਹੋਇਆ ਤੇ ਨਾਕਾਮਯਾਬ ਰਹੇ। ਸਿੱਖਾਂ ਦੀ ਅਦੁਤੀ ਬਹਾਦਰੀ ਤੇ ਜੰਗ ਦੀ ਤੇਜ਼ੀ ਵੇਖ ਕੇ ਕੇਲਿਆਂ ਵਾਂਗ ਕਟੀਣ ਨਾਲੋਂ ਅੰਗਰੇਜ਼ਾਂ ਨੇ ਪਿਛੇ ਹਟਣਾ ਹੀ ਉਚਿਤ ਜਾਤਾ। ੬ ਤੋਪਾਂ ਤੇ ੧੩੨ ਊਠ ਸਾਮਾਨ ਦੇ ਛੱਡ ਕੇ ਅੰਗਰੇਜ਼ ਪਿੱਛੇ ਨੱਠ ਆਏ। ਇਸ ਜੰਗ ਵਿੱਚ ਲਫਟੰਟ ਵਿਲੀਅਮ, ਹਯੂਲਾਕ, ਕਾਟਨ ਸਾਹਿਬ ਤੇ ਹੋਰ ਕਈ ਜ਼ਿੰਮੇਵਾਰ ਅਫਸਰ ਮਾਰੇ ਗਏ, ਸੈਂਕੜੇ ਫੱਟੜ ਹੋਏ। ਇਹ ਲੜਾਈ ਤੋਪਾਂ ਦੀ ਹੀ ਸੀ, ਇਸ ਤੋਂ ਲਾਰਡ ਗਫ ਨੂੰ ਬੜਾ ਸ਼ਰਮਿੰਦਾ ਹੋਣਾ ਪਿਆ ਤੇ ਬ੍ਰਿਟਸ਼ ਫੌਜ ਵਿੱਚ ਇੰਨੀ ਘਬਰਾਹਟ ਹੋਈ ਕਿ ਨੱਸ ਜਾਨ ਦੀਆਂ ਸੋਚਾਂ ਪੈ ਗਈਆਂ। ਕਈ ਅਫਸਰ ਅਜੇਹੇ ਡਰੇ ਕਿ ਲੜਨ ਦਾ ਨਾਮ ਨਹੀਂ ਲੈਂਦੇ ਸਨ। ਸਿੱਖ ਸਿਪਾਹੀ ਉਹਨਾਂ ਦੇ ਪਾਸ ਜਾ ਕੇ ਛਾਤੀ ਠੋਕ ਠੋਕ ਕੇ ਕਹਿੰਦੇ ਸਨ ਕਿ ਲੜਾਈ
ਤੋਂ ਬੇਦਿਲ ਹੋ ਜਾਣਾ ਜਵਾਨਾਂ ਦਾ ਕੰਮ ਨਹੀਂ ਤੇ ਖੇਤ ਵਿੱਚੋਂ ਨੱਸ ਜਾਣਾ ਕਾਇਰਾਂ ਦਾ ਕੰਮ ਹੈ। "ਐ ਸਾਡੇ ਨਾਲ ਲੜਨ ਆਏ ਭਰਾਓ! ਜਿੱਕਣ ਤੁਹਾਡੇ ਪਾਸ ਸਾਮਾਨ ਹੈ, ਜਿੱਕਣ ਤੁਹਾਡੇ ਸਰਕਾਰ ਹੌਂਸਲੇ ਵਧਾਂਦੀ ਹੈ, ਜੇ ਕਦੀ ਸਾਡੇ ਮੁਲਕ ਪਾਸ ਇੰਜ ਸਮਾਨ ਹੋਵੇ ਅਤੇ ਸਾਡੇ ਹੌਸਲੇ ਵਧਾਣ ਵਾਲੇ ਇੰਜ ਕੋਈ ਹੋਣ, ਤਦ ਅਸੀਂ ਲੜਾਈ ਤੋਂ ਕਦੇ ਦਿਲ ਨਾ ਚੁਰਾਈਏ। ਹਾਇ ਅਫ਼ਸੋਸ! ਇਸ ਵੇਲੇ ਸਾਡਾ ਕੋਈ ਮਹਾਰਾਜਾ ਹੁੰਦਾ ਤਦ ਅਸੀਂ ਅੰਗਰੇਜ਼ਾਂ ਨੂੰ ਆਪਣੇ ਸਿੰਘ ਨਾਮ ਦਾ ਸਿੱਟਾ ਵਿਖਾਂਦੇ। ਪ੍ਰੰਤੂ ਕੀ ਕੀਤਾ ਜਾਏ ਤਿੰਨ ਤਿੰਨ ਦਿਨ ਦੇ ਭੁੱਖੇ ਤੇ ਬੇ ਮਾਲਕ ਹਾਂ, ਤਦ ਵੀ ਜੰਗ ਲਈ ਤਯਾਰ ਹਾਂ। ਆਓ, ਦੀਨ ਧਰਮ ਦੀ ਲੜਾਈ ਹੈ ਲੜੋ: 'ਮਰੇ ਮੁਕਤ, ਜੀਏ ਭੁਗਤ' ਲਵਾਂਗੇ, ਲੜਨੇ ਵਾਲੇ ਦੇ ਦੋਨਾਂ ਹੱਥਾਂ ਵਿੱਚ ਲੱਡੂ ਹਨ।"
ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਡਰਾਕਲ ਤਾਂ ਬੁਰਾ ਮੰਨਦੇ ਸੀ, ਕਿੰਤੂ ਹੌਸਲੇ ਵਾਲੇ ਅੰਗਰੇਜ਼ ਖ਼ੁਸ਼ ਹੁੰਦੇ ਸਨ। ਇਸ ਜੰਗ ਤੋਂ ਅੰਗਰੇਜ਼ ਅਜਿਹੇ ਡਰੇ ਕਿ ਕੀ ਕਿਹਾ ਜਾਏ? ਜਿਸ ਵਿਲੀਅਮ ਹੀਓਲਾਕ ਨੇ ਵਾਟਰਲੂ ਦੇ ਮੈਦਾਨ ਵਿੱਚ ਦੁਨੀਆਂ ਭਰ ਦੇ ਚੋਣਵੇਂ ਬਹਾਦਰ ਨਿਪੋਲੀਅਨ ਬੋਨਾਪਾਰਟ ਨੂੰ ਸ਼ਕਸਤ ਦਿੱਤੀ ਸੀ, ਜਦ ਉਹਦਾ ਵੀ ਹੌਸਲਾ ਟੁੱਟ ਗਿਆ, ਤਦ ਬਾਕੀਆਂ ਦਾ ਕੀ ਕਹਿਣਾ ਹੈ? ਹੀਓਲਾਕ ਨੂੰ ਹੁਕਮ ਹੋਇਆ ਕਿ ਤੁਸੀਂ ਕਮਾਨੀਅਰ ਹੋ ਕੇ ਸਿੱਖਾਂ ਤੇ ਹਮਲਾ ਕਰੋ ਤਦ ਓਸ ਨੇ ਹਾਂ ਨਹੀਂ ਕੀਤੀ ਕਿਉਂਕਿ ਓਹਨਾਂ ਨੂੰ ਸਿੱਖ ਲੜਾਈ ਦੇ ਮੈਦਾਨ ਵਿੱਚ ਸੱਚਮੁਚ ਸ਼ੇਰ ਵਿਖਾਈ ਦੇਂਦੇ ਸਨ। ਅੰਤ ਨੂੰ ਜਦ ਹੋਰ ਕਿਸੇ ਅਫਸਰ ਨੇ ਹਮਲਾ ਕਰਨ ਲਈ ਹਾਂ ਨਾ ਕੀਤੀ ਤਦ ਤਾਨਿਆਂ ਤੋਂ ਤੰਗ ਆ ਕੇ ਇਸੇ ਹੀਓਲਾਕ ਨੇ ਬੀੜਾ ਚੁੱਕਿਆ। ਤਦ ਵੀ ਜਨਰਲ ਗਫ ਨੇ ਕਿਹਾ ਕਿ ਵੇਖ ਕੇ ਹਮਲਾ ਕਰਨਾ ਐਵੇਂ ਅੰਗਰੇਜ਼ਾਂ ਦਾ ਖੂਨ ਨਾ ਵੀਟਣਾ।
੪ ਨਵੰਬਰ ਨੂੰ ਪਲਟਣਾਂ ਤੇ ਤਿੰਨ ਰਜਮੰਟਾਂ ਲੈ ਕੇ ਸਿੱਖਾਂ ਤੇ ਅਚਨਚੇਤ ਬਿਜਲੀ ਵਾਂਗ ਜਾ ਪਿਆ। ਇਸ ਵੇਲੇ ਸਿੱਖ ਫੌਜ ਲੜਾਈ ਲਈ ਤਯਾਰ ਨਹੀਂ ਸੀ, ਕਿੰਤੂ ਉਹਨਾਂ ਤਦ ਵੀ ਝਟ ਪਟ ਫੌਜ ਦਾ ਕਿਲ੍ਹਾ ਬਨਾ ਕੇ ਵੈਰੀ ਦੇ ਹਮਲੇ ਨੂੰ ਬੜੀ ਹਿੰਮਤ ਨਾਲ ਰੋਕਿਆ, ਜਿਸ ਨੂੰ ਵੇਖ ਕੇ ਅੰਗਰੇਜ਼ ਦੰਗ ਰਹਿ ਗਏ। ਬਹੁਤ ਸਾਰੇ ਅੰਗਰੇਜ਼ ਮੈਦਾਨ ਵਿੱਚ ਲੇਟ ਗਏ। ਮਰਦਾ ਕੀ ਨਾ ਕਰਦਾ? ਹੀਓਲਾਕ ਨੇ ਇੱਕ ਨਵੇਂ ਢੰਗ ਦੀ ਲੜਾਈ ਲੜ ਕੇ ਇਸੇ ਕਿਲ੍ਹੇ ਨੂੰ ਤੋੜਨ ਵਿੱਚ ਭਾਵੇਂ ਕਾਮਯਾਬੀ ਹਾਸਲ ਕਰ ਲਈ। ਕਿੰਤੂ ਸਿੱਖਾਂ ਨੇ ਕਿਲ੍ਹੇ ਦੇ ਟੁੱਟਣ ਦਾ ਗੁੱਸਾ ਕਰ ਕੇ ਇਸ ਤਰ੍ਹਾਂ ਜਾਨ ਹੂਲਵਾਂ ਹੱਲਾ ਕੀਤਾ ਕਿ ਜਨਰਲ ਹੀਓਲਾਕ ਜੋ ਆਪਣੀ ਬਹਾਦਰ ਅੰਗਰੇਜ਼ੀ ਫੌਜ ਨਾਲ ਲਈ ਮਾਰੋ ਮਾਰ ਕਰਦਾ ਚਲਾ ਆ ਰਿਹਾ ਸੀ, ਆਪਣੇ ਭਾਈ ਬੰਦ ਫੌਜ ਸਮੇਤ ਓਸੇ ਰੰਗੀਲੀ ਧਰਤੀ ਤੇ ਸਦਾ ਲਈ ਸੌਂ ਗਿਆ, ਫਿਰ ਨਾ ਉੱਠਿਆ। ਕਈ ਸੌ ਅੰਗਰੇਜ਼ਾਂ ਦੇ ਨਾਲ ਬਹਿਸ਼ਤਾਂ ਨੂੰ ਚਲਾ ਗਿਆ। ਬ੍ਰਿਟਸ਼ ਫੌਜ ਆਪਣੇ ਸਪਾਹਸਾਲਾਰ ਨੂੰ ਅਕਾਰਨ ਹਮਲਾ ਕਰਨ ਦਾ ਦੋਸ਼ ਲਾਂਦੀ ਬਹੁਤ ਛੇਤੀ ਸਰਪਟ ਪਿਛੇ ਦੌੜ ਆਈ। ਸੋ ਹੀਓਲਾਕ ਸਾਹਿਬ ਦੀ ਬਲੀ ਲੈ ਕੇ ਰਾਮਨਗਰ ਦਾ ਜੰਗ ਤਾਂ ਮੁੱਕ ਗਿਆ, ਕਿੰਤੂ ਲਾਰਡ ਗਫ ਬਹੁਤ ਪਛਤਾਇਆ। ਜੋ ਬਹੁਤ ਸਾਰੇ ਅੰਗਰੇਜ਼ ਸਿੱਖਾਂ ਦੀ ਕੈਦ ਵਿੱਚ ਆ ਗਏ, ਰਾਜਾ ਸ਼ੇਰ ਸਿੰਘ ਨੇ ਉਹਨਾਂ ਨੂੰ ਬਹੁਤ ਚੰਗਾ ਖਾਣਾ ਖੁਆ ਕੇ ਬੜੀ ਹਿਫ਼ਾਜ਼ਤ ਨਾਲ ਅੰਗਰੇਜ਼ੀ ਕੈਂਪ ਵਿੱਚ ਭੇਜ ਦਿੱਤਾ। ਇਸ ਬਹਾਦਰੀ ਦੀ ਸਖਾਵਤ ਤੇ ਅੰਗਰੇਜ਼ ਸ਼ੇਰ ਸਿੰਘ ਦੀ ਪ੍ਰਸੰਸਾ ਕਰਨ ਲਗੇ।
ਲਾਰਡ ਗਫ ਨੇ ਇੱਥੋਂ ਤਿੰਨ ਮੀਲ ਪਿਛੇ ਹਟ ਕੇ ਡੇਰਾ ਕੀਤਾ ਤੇ ਸਾਰੀਆਂ ਤੋਪਾਂ ਆਦਿਕ ਇਕੱਠੀਆਂ ਕਰਨ ਲਗਾ।
ਅਜੇ ਸਰਦਾਰ ਚਤਰ ਸਿੰਘ ਆਪਣੇ ਲੜਕੇ ਨੂੰ ਨਹੀਂ ਮਿਲਿਆ ਸੀ, ਕਿ ਉਸ ਨੇ ਦੋਸਤ ਮੁਹੰਮਦ ਖਾਂ ਕਾਬਲ ਵਾਲੇ ਤੇ ਉਹਦੇ ਤਿੰਨ ਲੜਕੇ ਤੇ ੮੦੦੦ ਸਪਾਹੀ ਸਮੇਤ ਪਿਸ਼ਾਵਰ ਤੇ ਅਟਕ ਦੇ ਕਿਲ੍ਹੇ ਤੇ ਹਮਲਾ ਕਰ ਕੇ ਹਰਬਟ ਸਾਹਿਬ ਤੇ ਲੋਈ ਸਾਹਿਬ ਨੂੰ ਕੈਦ ਕਰ ਕੇ ਇਹਨਾਂ ਦਾ ਕਬਜ਼ਾ ਕਰਾ ਦਿੱਤਾ।
ਇਧਰ ਹੁਣ ਜਦ ਲਾਰਡ ਗਫ ਪਾਸ ਵੱਡੀਆਂ ਵੱਡੀਆਂ ਤੋਪਾਂ ਤੇ ਅੰਗਰੇਜ਼ੀ ਫੌਜ ਆ ਪੁੱਜੀ ਤਦ ਇਸ ਨੇ ਇੱਕ ਤਾਂ ਸਿੱਖਾਂ ਤੇ ਧੋਖਾ ਦੇ ਕੇ ਦੋਹਾਂ ਪਾਸਿਆਂ ਤੋਂ ਹਮਲਾ ਕਰਨ ਦੀ ਤ੍ਯਾਰੀ ਕੀਤੀ। ਦੂਜੇ ਕਈ ਇੱਕ ਬਹਾਦਰ ਅਫਸਰਾਂ ਨੂੰ ਪਿੱਛੇ ਜਾਣ ਲਈ ਨੀਯਤ ਕੀਤਾ ਤੇ ਸਾਹਮਣਿਓਂ ਆਪ ਹਮਲਾ ਕਰਨ ਦੀ ਨੀਯਤ ਕੀਤੀ। ਜਨਰਲ ਥੇਕਵਲ ਨੂੰ ੮ ਹਜ਼ਾਰ ਸਵਾਰ ਤੇ ੧੬ ਤੋਪਾਂ ਨਾਲ ਦਰਯਾਏ ਚਨਾਬ ਲੰਘਣ ਦਾ ਹੁਕਮ ਦਿੱਤਾ ਤਾਂ ਜੋ ਓਹ ਸਿੱਖਾਂ ਤੇ ਪਿੱਛੋਂ ਹਮਲਾ ਕਰੇ। ਦੂਜੀ ਅਯੋਗ ਕਾਰਵਾਈ ਇਹ ਕੀਤੀ ਕਿ ਸਿੱਖਾਂ ਦੀ ਫੌਜ ਵਿੱਚ ਜੋ ਤਿੰਨ ਹਜ਼ਾਰ ਪੂਰਬੀਏ ਸਨ, ਆਪਣੇ ਪੂਰਬੀਏ ਭੇਜ ਕੇ ਓਹਨਾਂ ਨੂੰ ਲਾਲਚ ਦੇ ਕੇ ਲੜਾਈ ਦੇ ਵੇਲੇ ਸਿੱਖਾਂ ਨੂੰ ਪਿੱਛਾ ਕਰਾ ਦੇਣ ਦਾ ਇਕਰਾਰ ਲਿਆ।
੨ ਦਸੰਬਰ ਨੂੰ ਰਾਤ ਦੇ ਵੇਲੇ ਚੁੱਪ ਚਾਪ ਬਿਨਾ ਵਾਜਾ ਵਜਾਏ ਜਦ ਥੇਕਵਲ ਸਾਹਿਬ ਫੌਜ ਲਿਆ ਕੇ ਦਰਯਾ ਚਨਾਬ ਤੋਂ ਲੰਘਿਆ, ਤਦ ਸ੍ਰਦਾਰ ਸ਼ੇਰ ਸਿੰਘ ਵੀ ਇਨ੍ਹਾਂ ਅੰਗ੍ਰੇਜ਼ਾਂ ਦੀ ਚਾਲ ਨੂੰ ਤਾੜ ਗਿਆ। ਇਸ ਨੇ ਰਾਮ ਸਿੰਘ ਦੇ ਮਾਤੋਹਤ ਥੋੜੀ ਜਹੀ ਫੌਜ ਛੱਡ ਕੇ ਓਹਨੂੰ ਗਫ ਸਾਹਿਬ ਦੇ ਸਾਹਮਣੇ ਡਟੇ ਰਹਿਣ ਦਾ ਕਹਿ ਕੇ ਆਪ ਚੁੱਪ ਚਾਪ ਫੌਜ ਲੈ ਕੇ ਥੇਕਵਲ ਸਾਹਿਬ ਦੇ ਮੁਕਾਬਲੇ ਲਈ ਸਾਹਮਣੇ ਚਲਾ ਗਿਆ। ਕਿੰਤੂ ਲਾਰਡ ਗਫ ਦੀ ਤਜਵੀਜ਼ ਨੂੰ ਤੋੜਨ ਵਾਲੀ ਸ਼ੇਰ ਸਿੰਘ ਦੀ ਖ਼ਬਰ ਇੱਕ ਸਵਾਰ ਦੀ ਰਾਹੀਂ ਜਨਰਲ ਗਫ ਨੂੰ ਮਾਲੂਮ ਹੋ ਗਈ, ਕਿਉਂਕਿ ਇਸ ਤਰ੍ਹਾਂ ਖਬਰਾਂ ਦੇਣ ਵਾਸਤੇ ਤੇਜ ਸਿੰਘ ਨੇ ਆਪਣੇ ਸਵਾਰ ਜਾਸੂਸ ਬਣਾ ਕੇ ਸ਼ੇਰ ਸਿੰਘ ਦੀ ਫੌਜ ਵਿੱਚ ਰਖਾਏ ਹੋਏ ਸਨ। ਥੇਕਵਲ ਸਾਹਿਬ ਨੇ ਲਿਖਿਆ ਹੈ ਕਿ ਕੱਲ੍ਹ ਸ਼ੇਰ ਸਿੰਘ ਦੀ ਫੌਜ ਦਾ ਇੱਕ ਸਵਾਰ ਮੈਨੂੰ ਮਿਲਿਆ, ਜਿਸ ਨੇ ਕੁਝ ਹਾਲ ਦੱਸਿਆ, ਜਿਸ ਤੋਂ ਹੁਸ਼ਿਆਰ ਹੋ ਗਿਆ, ਬਲਕਿ ਓਸ (ਆਪਣੀ ਕੌਮ ਦੇ ਸ਼ਤਰ) ਨੇ ਮੈਨੂੰ ਇਹ ਵੀ ਕਿਹਾ ਕਿ ਕੱਲ ਦੋ ਵਜੇ ਦੇ ਕਰੀਬ ਸਿੱਖ ਅੰਗਰੇਜ਼ੀ ਫੌਜ ਤੇ ਖੱਬੇ ਪਾਸਿਓਂ ਹੱਲਾ ਕਰਨਗੇ। ਇਹ ਖ਼ਬਰ ਸੁਣ ਕੇ ਅਸਾਂ ਆਪਣਾ ਚੰਗੀ ਤਰ੍ਹਾਂ ਬੰਦੋਬਸਤ ਕਰ ਲਿਆ। ਕਿੰਤੂ ਤਦ ਵੀ ਇਹ ਸੋਚਿਆ ਕਿ ਵੈਰੀ ਦਾ ਹੱਲਾ ਰੋਕਣਾ ਮੁਸ਼ਕਲ ਹੈ। ਇਸ ਕਰ ਕੇ ਆਪ ਹਮਲਾ ਕਰ ਦੇਣਾ ਉਚਿਤ ਹੈ। ਇਹ ਕੁੱਲ ਹਾਲ ਲਾਰਡ ਗਫ ਨੂੰ ਲਿਖਿਆ। ਓਹਨਾਂ ਨੇ ਜਵਾਬ ਦਿੱਤਾ ਕਿ ਗੋਡਵੀ ਸਾਹਿਬ ਤੁਹਾਡੀ ਮਦਦ ਦੇ ਵਾਸਤੇ ਬਰਗੇਡ ਲੈ ਕੇ ਆਉਂਦੇ ਹਨ। ਉਹਨਾਂ ਦੇ ਪੁੱਜੇ ਤੋਂ ਬਿਨਾਂ ਤੁਸਾਂ ਸਿੱਖਾਂ ਨਾਲ ਲੜਾਈ ਨਾ ਕਰਨਾ। ਗੋਡਵੀ ਸਾਹਿਬ ਦੇ ਪਿੱਛੇ ਪਿੱਛੇ ਸਰ ਵਾਲਰ ਸਾਹਿਬ ਨੂੰ ਰਸਾਲਾ ਦੇ ਕੇ ਭੇਜਿਆ। ਸੋ ਸ਼ੇਰ ਸਿੰਘ ਵੀ ਅਜੇਹੇ ਮੌਕੇ ਤੋਂ ਕਦ ਖੁੰਝਣ ਵਾਲਾ ਸੀ? ਓਸ ਨੇ ਥੇਕਵਲ ਸਾਹਿਬ ਪਰ ਧਾਵਾ ਕਰ ਦਿੱਤਾ। ਥੇਕਵਲ ਸਾਹਿਬ ਨੇ ਸਮਝਿਆ ਕਿ ਜੇ ਇੱਕ ਜਗ੍ਹਾ ਤੇ ਹੋ ਕੇ ਜੰਗ ਕੀਤਾ ਤਦ ਬਹੁਤਾ ਨੁਕਸਾਨ ਹੋਵੇਗਾ। ਇਸ ਕਰ ਕੇ ਜਿਸ ਪਾਸੇ ਗੋਡਵੀ ਸਾਹਿਬ ਆ ਰਿਹਾ ਸੀ, ਉਧਰ ਬੜੀ ਤੇਜ਼ੀ ਨਾਲ ਕਦਮ ਉਠਾਇਆ। ਇੰਨੇ ਨੂੰ ਸ੍ਰ: ਸ਼ੇਰ ਸਿੰਘ ਨੇ ਥੇਕਵਲ ਸਾਹਿਬ ਨੂੰ ਸਾਹਦੋਲਾ ਪੁਰ ਦੇ ਪਾਸ ਜਾ ਘੇਰਿਆ। ਅੰਗਰੇਜ਼ੀ ਫੌਜ ਤੇ ਧੜਾ ਧੜ ਗੋਲਾਬਾਰੀ ਸ਼ੁਰੂ ਹੋ ਗਈ। ਥੇਕਵਲ ਸਾਹਿਬ ਦੀ ਨਜ਼ਰ ਇੱਕ ਕਮਾਦ ਦੇ ਖੇਤ ਤੇ ਪਈ। ਇਸ ਨੇ ਉਸ ਦੀ ਓਟ ਲੈਣੀ ਚਾਹੀ, ਜਿਸ ਤੇ ਖਾਲਸੇ ਨੇ ਲਲਕਾਰ ਕੇ ਕਿਹਾ ਕਿ ਫਰੰਗੀ ਨੱਠੇ ਜਾਂਦੇ ਹਨ। ਹਮਲਾ ਕਰ ਕੇ ਅੰਗਰੇਜ਼ਾਂ ਤੇ ਜਾ ਪਏ। ੨ ਵਜੇ ਦਿਨ ਦੇ ਸ਼ੁਰੂ ਹੋ ਕੇ ਨੌ ਬਜੇ ਰਾਤ ਤੱਕ ਦੋਨਾਂ ਪਾਸਿਆਂ ਦੇ ਬਹਾਦਰ ਖੂਬ ਜਾਨਾਂ ਤੋੜ ਕੇ ਲੜਦੇ ਰਹੇ। ਹਨੇਰਾ ਪੈ ਜਾਣ ਤੇ ਦੋਹਾਂ ਧਿਰਾਂ ਨੇ ਲੜਾਈ ਬੰਦ ਕਰ ਦਿੱਤੀ। ਥੇਕਵਲ ਸਾਹਿਬ ਨੇ ਫਿਰ ਓਸੇ ਪਾਸੇ ਕਦਮ ਉਠਾਇਆ, ਜਿਧਰੋਂ ਗੋਡਵੀ ਸਾਹਿਬ ਆ ਰਿਹਾ ਸੀ। ਸ੍ਰ: ਸ਼ੇਰ ਸਿੰਘ ਨੇ ਨੱਸਦੇ ਦੇ ਪਿਛੇ ਜਾਣਾ ਉਚਿਤ ਨਾ ਜਾਣ ਕੇ ਆਪਣੇ ਰਹਿਣ ਵਾਸਤੇ ਛਾਉਣੀ ਲਈ ਇੱਕ ਜਗ੍ਹਾ ਵੇਖੀ ਹੋਈ ਸੀ, ਸੋ ਫੌਜ ਲੈ ਕੇ ਉੱਥੇ ਅੱਪੜ ਗਿਆ।
ਇਸ ਅਸਦੁਲਾ ਪੁਰ (ਸ਼ਾਹਦੋਲਾਪੁਰ) ਦੀ ਲੜਾਈ ਵਿੱਚ ਅੰਗਰੇਜ਼ੀ ਫੌਜ ਦਾ ਨੁਕਸਾਨ ਕਾਫੀ ਹੋਇਆ। ਇਹ ਜਾਣਦੇ ਹੋਏ ਵੀ ਫੌਜ ਦਾ ਹੌਸਲਾ ਵਧਾਣ ਵਾਸਤੇ ਉਸ ਨੇ ਦੂਜੇ ਦਿਨ ਫਤੇਹ ਦੀ ਖ਼ੁਸ਼ੀ
ਵਿੱਚ ਤੋਪਾਂ ਦੀ ਸ਼ਲਕ ਕਰਾਈ ਤੇ ਇੱਕ ਇਸ਼ਤਿਹਾਰ ਛੱਡ ਦਿੱਤਾ। ਇਸ ਕਾਰਵਾਈ ਤੇ ਕਲਕੱਤਾ ਰੀਵੀਊ ਅਤੇ ਮਾਰਸਬੈਨ ਸਾਹਿਬ ਦੇ ਇਤਹਾਸ ਵਿੱਚ ਬੜੇ ਵਿਸਥਾਰ ਨਾਲ ਹਾਲ ਲਿਖਿਆ ਹੈ। ਇਸ ਸ਼ਾਹਦੌਲਾ ਦੀ ਲੜਾਈ ਤੋਂ ਸਰਦਾਰ ਸ਼ੇਰ ਸਿੰਘ ਨੇ ਲਾਭ ਉਠਾਇਆ, ਕਿਉਂਕਿ ਉਹ ਅੰਗਰੇਜ਼ਾਂ ਦੇ ਬਣਾਏ ਹੋਏ ਪ੍ਰੋਗਰਾਮ ਨੂੰ ਤੋੜ ਕੇ ਆਪਣੇ ਨਿਸ਼ਚਤ ਅਸਥਾਨ ਤੇ ਅੱਪੜ ਗਿਆ। ਜੇ ਕਦੀ ਇਸ਼ਤਿਹਾਰ ਦੀ ਲਿਖਤ ਅਨੁਸਾਰ ਜਨਰਲ ਗਫ ਦੀ ਫਤਹ ਹੋਈ ਸੀ, ਤਦ ਸ਼ਾਹਦੌਲਾ ਦੇ ਜੰਗ ਦੇ ਪਿੱਛੋਂ ੪੦ ਦਿਨ ਤਕ ਲਸੂੜੀ ਦੇ ਪਾਸ ਕਿਉਂ ਪਿਆ ਰਹਿੰਦਾ ਅਤੇ ਸਿੱਖਾਂ ਤੇ ਹਮਲਾ ਕਿਉਂ ਨਾ ਕਰਨ ਦੀ ਹਿੰਮਤ ਪਈ?
ਇੱਧਰ ਸ੍ਰ: ਸ਼ੇਰ ਸਿੰਘ ਨੇ ਅਜੇਹੇ ਅਸਥਾਨ ਤੇ ਆਪਣੀ ਛਾਉਣੀ ਬਣਾ ਲਈ, ਜਿੱਥੇ ਵੈਰੀ ਨੂੰ ਕਿਸੇ ਤਰ੍ਹਾਂ ਵੀ ਕਾਮਯਾਬੀ ਨਾ ਹੋ ਸਕੇ, ਅਤੇ ਵਿਚਾਰ ਕਰਨ ਤੋਂ ਪਤਾ ਲਗਦਾ ਹੈ ਕਿ ਸਰਦਾਰ ਸ਼ੇਰ ਸਿੰਘ ਲੜਾਈ ਕਰਨ ਦੇ ਕੰਮ ਵਿੱਚ ਬੜੀ ਹੀ ਯੋਗਤਾ ਰੱਖਦਾ ਸੀ। ਇਹ ਉਸ ਨੇ ਇੱਕ ਅਜਿਹਾ ਉਧਰ ਮੌਕਾ ਢੂੰਢਿਆ ਕਿ ਜਿਸ ਦੇ ਖੱਬੇ ਹੱਥ ਇੱਕ ਨਿੱਕੀ ਜਿਹੀ ਪਹਾੜੀ ਸੀ, ਜਿਸ ਵਿਚੋਂ ਇੱਕ ਡੂੰਘਾ ਨਾਲਾ ਚੱਲ ਰਿਹਾ ਸੀ। ਪਿੱਛੇ ਦਰਯਾਏ ਜਿਹਲਮ ਬੜੀ ਤੇਜ਼ੀ ਨਾਲ ਵਗ ਰਿਹਾ ਸੀ। ਸਾਹਮਣੇ ਇੱਕ ਨਿੱਕਾ ਜਿਹਾ ਜੰਗਲ ਸੀ, ਜਿਸ ਦੇ ਵਿੱਚੋਂ ਦੀ ਵੈਰੀ ਨੂੰ ਰਾਹ ਦਾ ਪਤਾ ਵੀ ਨਾ ਲਗ ਸਕੇ, ਸੱਜੇ ਹੱਥ ਮੌਂਗ ਰਸੂਲ ਆਦਿਕ ਪਿੰਡ ਸਨ। ਇਹ ਜਗ੍ਹਾ ਇੱਕ ਕੁਦਰਤੀ ਕਿਲ੍ਹਾ ਸੀ ਤੇ ਖ਼ਾਸ ਮੋਰਚਾ ਛਾਵਣੀ ਤੋਂ ਤਿੰਨ ਮੀਲ ਦੀ ਵਿੱਥ ਤੇ ਚੇਲੀਆਂ ਵਾਲੇ ਕੀਤਾ। ਇਨ੍ਹਾਂ ਕਾਰਨਾਂ ਕਰ ਕੇ ਸਿੱਖਾਂ ਦੀ ਫੌਜ ਦਾ ਹਾਲ ਕਾਫੀ ਚਿਰ ਤਕ ਅੰਗਰੇਜ਼ਾਂ ਦੀ ਸਮਝ ਵਿੱਚ ਨਾ ਆਇਆ।
ਹੁਣ ਮੌਂਗ ਰਸੂਲ ਦੇ ਨੇੜੇ ਪਿੰਡ ਢੇਰੀ: ਜਿੱਥੇ ਸ਼ੇਰ ਸਿੰਘ ਦੀ ਫੌਜ ਉੱਤਰੀ ਹੋਈ ਸੀ, ਅੰਗਰੇਜ਼ੀ ਫੌਜ ਮੁਕਾਬਲੇ ਲਈ ਤਯਾਰ ਹੋਈ। ੧੩ ਦਸੰਬਰ ੧੮੪੮ ਤੇ ੧੨ ਜਨਵਰੀ ੧੮੪੯ ਤਕ ਫੌਜ ਪਈ ਰਹੀ ਅਤੇ ਨਿਤਾ ਪ੍ਰਤਿ ਨਿੱਕੇ ਜਿਹੇ ਟਾਕਰੇ ਹੁੰਦੇ ਰਹੇ, ਜਿਨ੍ਹਾਂ ਵਿੱਚ ਬਹੁਤਾ ਨੁਕਸਾਨ ਅੰਗਰੇਜ਼ੀ ਫ਼ੌਜ ਦਾ ਹੀ ਹੁੰਦਾ ਰਿਹਾ। ਅੰਤ ਨੂੰ ੧੨ ਜਨਵਰੀ ਵਾਲੇ ਦਿਨ ਜੰਗੀ ਲਾਟ ਫੌਜ ਸਮੇਤ ਪਿੰਡ ਢੇਗੀ ਤੇ ਪੁੱਜਾ। ੧੩ ਜਨਵਰੀ ਨੂੰ ਲਾਰਡ ਗਫ ਨੇ ਸਿੱਖ ਫੌਜ ਦੇ ਪਿੱਛੇ ਦੀ ਰਾਹ ਰੋਕ ਕੇ ਆਪ ਅੰਗਰੇਜ਼ੀ ਫੌਜ ਨੂੰ ਅਗੋਂ ਦੀ ਵਧਾ ਕੇ ਵਜ੍ਹਾ ਵਜਾਂਦਾ ਹੋਇਆ ਪੈਰ ਜਮਾਏ ਹੋਏ ਦੋ ਬਜੇ ਦਿਨ ਦੇ ਚੇਲੀਆਂ ਵਾਲੇ ਸਿੱਖਾਂ ਦੀ ਫੌਜ ਤੇ ਜਾ ਹਮਲਾ ਕੀਤਾ। ਜੰਗ ਦੇ ਕੰਮਾਂ ਦੇ ਜਾਣੂੰ ਰਾਜਾ ਸ਼ੇਰ ਸਿੰਘ ਨੇ ਦੁਸ਼ਮਣ ਦੀ ਫੌਜ ਨੂੰ ਸਿਰ ਤੇ ਆਇਆ ਵੇਖ ਸਾਹਮਣੇ ਤੋਂ ਤੋਪਾਂ ਦੇ ਮੂੰਹ ਖੋਹਲ ਦਿਤੇ ਅਤੇ ਆਪ ਸੱਜੇ ਹਥੋਂ ਆ ਕੇ ਅਚਣਚੇਤ ਅੰਗਰੇਜ਼ੀ ਫੌਜ ਦੀ ਛਾਵਨੀ ਤੇ ਹੱਲਾ ਕਰ ਦਿੱਤਾ, ਜਿਸ ਨੂੰ ਵੇਖ ਕੇ ਅੰਗਰੇਜ਼ ਹੈਰਾਨ ਤੇ ਪ੍ਰੇਸ਼ਾਨ ਰਹਿ ਗਏ।
ਲਾਰਡ ਗਫ ਨੂੰ ਆਪ ਹੀ ਆਪਣਾ ਇਰਾਦਾ ਬਦਲ ਕੇ ਪਿੱਛੇ ਹਟਣਾ ਪਿਆ। ਉਸ ਵੇਲੇ ਅੰਗ੍ਰੇਜ਼ੀ ਫੌਜ ਘਬਰਾ ਕੇ ਇਸ ਤਰ੍ਹਾਂ ਪਿੱਛੇ ਨੱਠੀ ਕਿ ਆਪਣੇ ਹੀ ਤੋਪਖਾਨੇ ਤੇ ਜਾ ਪਈ, ਜਿਸ ਤੇ ਕਾਫੀ ਨੁਕਸਾਨ ਹੋਇਆ। ਸਿੱਖ ਵੀ ਉਹਨਾਂ ਦੇ ਪਿਛੇ ਪਿਛੇ ਚਲੇ ਆਏ ਅਤੇ ਤਲਵਾਰਾਂ ਧੂਹ ਕੇ ਅੰਗ੍ਰੇਜ਼ਾਂ ਤੇ ਜਾ ਪਏ। ਬਹੁਤ ਸਾਰੇ ਗੋਲੇ ਪਾਣ ਵਾਲਿਆਂ ਨੂੰ ਕਤਲ ਕਰ ਕੇ ੬ ਤੋਪਾਂ ਨੂੰ ਖਿਦੂ ਵਾਂਗ ਰੋੜ੍ਹ ਕੇ ਲੈ ਆਏ। ਸਿੱਖਾਂ ਦਾ ਇਸ ਤਰ੍ਹਾਂ ਜ਼ੋਰ ਵੇਖ ਕੇ ਅੰਗ੍ਰੇਜ਼ ਵੀ ਗੁੱਸੇ ਵਿੱਚ ਆ ਗਏ ਤੇ ਅੱਗ ਬਗੋਲਾ ਹੋ ਗਏ। ਭਾਵੇਂ ਸਿੱਖਾਂ ਦਾ ਇਹ ਘੁਮੰਡ ਤੋੜਨ ਵਾਸਤੇ ਬ੍ਰਿਟਿਸ਼ ਫੌਜ ਨੇ ਬੜੀ ਬਹਾਦਰੀ ਨਾਲ ਦੋ ਘੰਟੇ ਅੱਗ ਵਸਾਈ, ਕਿੰਤੂ ਦ੍ਰਿੜ ਸੰਕਲਪ ਸਿੱਖਾਂ ਨੂੰ ਖਿੰਡਾ ਨਾ ਸਕੇ, ਵਿਅਰਥ ਗੋਲਾ ਬਾਰੂਦ ਗਵਾਇਆ। ਹੁਣ ਕਮਾਂਡਰ ਇਨ ਚੀਫ ਨੇ ਸਾਰੀ ਫੌਜ ਨੂੰ ਲੜਾਈ ਦੀ ਸੂਰਤ ਵਿੱਚ ਬਦਲ ਕੇ ਇੱਕ ਵਾਰ ਹਮਲਾ ਕਰਨ ਦਾ ਹੁਕਮ ਦਿੱਤਾ, ਜਿਸ ਤੋਂ ਅੰਗ੍ਰੇਜ਼ੀ ਤੋਪਾਂ ਨੇ ਸਿੱਖਾਂ ਤੇ ਮੀਂਹ ਦੀ ਤਰ੍ਹਾਂ ਗੋਲੇ ਵਸਾਣੇ ਸ਼ੁਰੂ ਕਰ ਦਿਤੇ। ਇਹ ਦਸ਼ਾ ਵੇਖ ਕੇ ਸਿੱਖਾਂ ਨੇ ਵੀ ਆਪਣੀਆਂ ਤੋਪਾਂ ਤੋਂ ਅਜੇਹੀ ਬਹਾਦਰੀ ਨਾਲ ਕੰਮ ਲਿਆ ਕਿ ਅੰਗ੍ਰੇਜ਼ਾਂ ਦੀ ਹੋਸ਼ ਗੁੰਮ ਹੋ ਗਈ। ਸਿੱਖਾਂ ਦਾ ਕੋਈ ਨਿਸ਼ਾਨਾ ਖ਼ਾਲੀ ਨਾ ਗਿਆ। ਐਥੋਂ ਤਕ ਕਿ ਪ੍ਰਿਥੀ ਸਿੰਘ ਜਮਾਂਦਾਰ
ਰਾਹ ਵਿੱਚ ਆਬੀ ਗੋਲਾ ਮਾਰ ਕੇ ਪਿੱਛੇ ਮੁੜ ਆਇਆ। ਜਿਸ ਨੂੰ ਵੇਖ ਕੇ ਅੰਗਰੇਜ਼ ਮੂੰਹ ਵਿੱਚ ਉਂਗਲੀਆਂ ਪਾ ਕੇ ਰਹਿ ਗਏ ਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਨੇਰ ਘੁਪਘੇਰ ਹੋ ਗਿਆ। ਲੜਦੇ ਹੋਏ ਤਿੰਨ ਘੰਟੇ ਰਾਤ ਗੁਜ਼ਰ ਗਈ। ਅੰਗਰੇਜ਼ਾਂ ਦੀਆਂ ਥੋੜੀਆਂ ਤੋਪਾਂ ਹੀ ਤਖ਼ਤਾਂ ਤੇ ਰਹੀਆਂ ਸਨ, ਬਾਕੀ ਸਾਰੀਆਂ ਸਿੱਖਾਂ ਨੇ ਚੂਰ ਕਰ ਦਿੱਤੀਆਂ। ਅੰਤ ਨੂੰ ਤੰਗ ਪੈ ਕੇ ਲਾਰਡ ਗਫ ਨੇ ਫੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਤਦ ਬ੍ਰਗੇਡੀਅਰ ਜਨਰਲ ਕੌਨਸ ਤੇ ਕੈਮਲ ਸਾਹਿਬ ਦੀ ਪੈਦਲ ਫੌਜ ਦੋ ਥਾਂ ਤੇ ਹੋ ਕੇ ਇੱਕ ਹਿੱਸਾ ਕੈਮਲ ਸਾਹਿਬ ਦੇ, ਦੂਜਾ ਪੇਨੀਕੁਇਕ ਸਾਹਿਬ ਦੇ ਹੁਕਮ ਵਿੱਚ ਤੇ ਰਸਾਲਾ ਟਾਲਟਰ ਸਾਹਿਬ ਤੇ ਗਲੋਰਟ ਸਾਹਿਬ ਵਾਲਾ ਇਹ ਤਿੰਨੇ ਅੰਗਰੇਜ਼ ਜਿਨ੍ਹਾਂ ਨੇ ਚੀਨ ਫਤਹ ਕੀਤੀ ਸੀ, ਆਪਣੀ ਆਪਣੀ ਫੌਜ ਲੈ ਕੇ ਅੱਗੇ ਵਧੇ। ਲਾਟ ਸਾਹਿਬ ਦੇ ਹੁਕਮ ਨਾਲ ਇੱਕ ਹਾਥੀਆਂ ਵਾਲੀ ਬਾਤਰੀ ਨੇ ਵੀ ਅੱਗੇ ਵਧ ਕੇ ਇਨ੍ਹਾਂ ਤੋਂ ਕੰਮ ਲੈਣਾ ਸ਼ੁਰੂ ਕੀਤਾ। ਫਿਰ ਤਾਂ ਅੰਗਰੇਜ਼ਾਂ ਨੇ ਇਸ ਤਰ੍ਹਾਂ ਦਾ ਘੋਰ ਸੰਗਰਾਮ ਕੀਤਾ ਕਿ ਗੋਰਿਆਂ ਨੇ ਮਤਵਾਲੇ ਹੋ ਕੇ ਸਿੱਖਾਂ ਦੀਆਂ ਤੋਪਾਂ ਦੇ ਵਿੱਚ ਕਿੱਲ ਜਾ ਠੋਕੇ ਕਿੰਤੂ ਸਿੱਖ ਨਾ ਦੱਬੇ ਤੇ ਕਿੱਲ ਠੋਕਣ ਵਾਲੇ ਸਵਾਰਾਂ ਨੂੰ ਤਲਵਾਰ ਦੀ ਧਾਰ ਨਾਲ ਸਵਾ ਕੇ ਤੋਪਾਂ ਵਿੱਚੋਂ ਕਿੱਲ ਕੱਢ ਕੇ ਫਿਰ ਓਹਨਾਂ ਨਾਲ ਹੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਲੜਾਈ ਵਿੱਚ ਕੈਮਲ ਸਾਹਿਬ ਫੱਟੜ ਹੋ ਗਏ, ਕਿੰਤੂ ਉਨ੍ਹਾਂ ਦੀ ਫੌਜ ਨੇ ਇਸ ਬਹਾਦਰੀ ਨਾਲ ਲੜਾਈ ਕੀਤੀ ਕਿ ਜੇੜੀਆਂ ਛੀ ਤੋਪਾਂ ਅੰਗਰੇਜ਼ਾਂ ਦੀਆਂ ਸਿੱਖਾਂ ਨੇ ਖੋਹੀਆਂ ਸਨ, ਓਹਨਾਂ ਵਿੱਚੋਂ ੨ ਤੋਪਾਂ ਇਨ੍ਹਾਂ ਨੇ ਵਾਪਸ ਲੈ ਆਂਦੀਆਂ। ਸਿੱਖਾਂ ਦੀ ਬਹਾਦਰੀ ਦਾ ਨਮੂਨਾ ਥੇਕਵਲ ਸਾਹਿਬ ਨੇ ਇੰਜ ਲਿਖਿਆ ਹੈ ਕਿ ਇੱਕ ਸਿੱਖ ਨੇ ਕੈਮਲ ਸਾਹਿਬ ਤੇ ਤਲਵਾਰ ਚਲਾਈ ਇੱਕ ਗੋਰੇ ਨੇ ਫੁਰਤੀ ਨਾਲ ਆਪਨੀ ਕ੍ਰਿਚ ਅੱਗੇ ਕਰ ਦਿੱਤੀ। ਸੋ ਸਿੱਖ ਦੀ ਤਲਵਾਰ ਕ੍ਰਿਚ ਨੂੰ ਕੱਟਦੀ ਤੇ ਕੈਮਲ ਸਾਹਿਬ ਦੇ ਮੋਢੇ ਤੋਂ ਲੋਹੇ ਦਾ ਜਾਲ ਦੂਹਰੀ ਚਮੜੇ ਦੀ ਦਵਾਲ ਪੇਟੀ ਸੀ, ਸਾਰਿਆਂ ਨੂੰ ਵਰਦੀ ਸਮੇਤ ਕੱਟਦੀ ਹੱਡੀਆਂ ਤੇ ਮਾਸ ਦੇ ਵਿੱਚ ਦੀ ਹੁੰਦੀ ਹੇਠ ਉੱਤਰ ਗਈ, ਜਿਸ ਤੋਂ ਕੈਮਲ ਸਾਹਿਬ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ। ਵੇਖਣ ਵਾਲੇ ਅੰਗਰੇਜ਼ ਇਸ ਸਿੱਖ ਦੀ ਦਲੇਰੀ, ਨਿਡਰਤਾ ਤੇ ਬਹਾਦਰੀ ਵੇਖ ਕੇ ਕਿ ਇਹ ਛੀ ਅੰਗਰੇਜ਼ਾਂ ਨੂੰ ਵੱਢ ਕੇ ਵਾਪਸ ਚਲਾ ਗਿਆ ਹੈ, ਦੰਗ ਰਹਿ ਗਏ। ਕੈਮਲ ਸਾਹਿਬ ਦੇ ਡਿੱਗਣ ਤੇ ਅੰਗਰੇਜ਼ੀ ਫੌਜ ਬੇਦਿਲ ਹੋ ਕੇ ਨੱਸਣ ਨੂੰ ਤਯਾਰ ਸੀ ਕਿ ਮੇਹਜਰ ਕੋਬ੍ਰਿਕ ਝੱਟ ਬਹੁਤ ਸਾਰੀ ਫੌਜ ਲੈ ਕੇ ਓਹਦੀ ਮਦਦ ਲਈ ਆ ਪੁੱਜਾ। ਬੜੀ ਤੇਜ਼ੀ ਤੇ ਬਹਾਦਰੀ ਨਾਲ ਅੱਗ ਵਸਾਂਦਾ ਹੋਇਆ ਸਿੱਖਾਂ ਤੇ ਜਾ ਪਿਆ, ਜਿਸ ਨੇ ਇੱਕ ਵਾਰ ਓਹ ਸਮਾਂ ਵਖਾਇਆ ਕਿ ਸਿੱਖ 'ਵਾਹਿਗੁਰੂ! ਵਾਹਿਗੁਰੂ!' ਕੈਹ ਉੱਠੇ ਤੇ ਪਿੱਠ ਵਿਖਾਣ ਨੂੰ ਤਯਾਰ ਹੋ ਗਏ। ਕਿੰਤੂ ਇੰਨੇ ਨੂੰ ਰਾਜਾ ਸ਼ੇਰ ਸਿੰਘ ਆ ਪੁੱਜਾ ਤੇ ਉਸ ਨੇ ਤਲਵਾਰ ਨਾਲ ਹਮਲਾ ਕਰਨ ਦਾ ਹੁਕਮ ਦੇ ਦਿੱਤਾ, ਜਿਸ ਤੋਂ ਸਿੱਖ ਤਲਵਾਰਾਂ ਧੂਹ ਕੇ ਜਾ ਪਏ। ਅੰਗਰੇਜ਼ੀ ਫੌਜ ਟਾਕਰਾ ਨਾ ਕਰ ਸਕਣ ਕਰ ਕੇ ਅੱਗੇ ਨੱਸ ਪਈ। ਕੁਇਕ ਸਾਹਿਬ ਦਾ ਤਦ ਵੀ ਬਚਾਉ ਨਾ ਹੋਇਆ ਕਿਉਂਕਿ ਭਜਦੇ ਹੋਏ ਗੋਰਿਆਂ ਦਾ ਪਿੱਛਾ ਕਰ ਕੇ ਸਿੱਖਾਂ ਨੇ ਜ਼ਮੀਨ ਨੂੰ ਲਹੂ ਦੇ ਨਾਲ ਰੰਗ ਦਿੱਤਾ। ਜਿੱਥੇ ਦੇਸਵਾਸੀ ਭਰਾਵਾਂ ਦੇ ਖੂਨ ਵਿੱਚ ਕੈਮਲ ਸਾਹਿਬ ਜਹੇ ਅੰਗਰੇਜ਼ ਲੇਟੇ ਹੋਏ ਸਨ, ਪੱਨੀਕੋਇਕ ਸਾਹਿਬ ਵੀ ਅਜਿਹਾ ਲੇਟਿਆ ਕਿ ਫਿਰ ਨਾ ਉੱਠਿਆ। ਕੈਮਲ ਸਾਹਿਬ ਦੀ ਫੌਜ ਨੇ ਦੋ ਤੋਪਾਂ ਲੈ ਜਾਣ ਕਰ ਕੇ ਜੋ ਬਹਾਦਰੀ ਵਿਖਾਈ ਸੀ ਕੁਇਕ ਸਾਹਿਬ ਦੇ ਨਸਣ ਨੇ ਉੱਥੇ ਬਹਾਦਰੀ ਨੂੰ ਕਲੰਕ ਦਾ ਟਿੱਕਾ ਲਾ ਦਿੱਤਾ। ਸਿੱਖ ਇਹ ਤੋਪਾਂ ਫਿਰ ਵਾਪਸ ਲੈ ਆਏ। ਕੈਮਲ ਤੇ ਕੁਇਕ ਸਾਹਿਬ ਦੇ ਹਮਲਾ ਕਰਨ ਸਮੇਂ ਸਰ ਜਾਨ ਗਿਲਬਰਟ ਸਾਹਿਬ ਦੀ ਪੈਦਲ ਫੌਜ ਲਈ ਸੀ, ਦੋ ਹਿੱਸੇ ਹੋ ਕੇ ਸਿੱਖਾਂ ਦੇ ਮੋਰਚਿਆਂ ਤੇ ਹਮਲਾ ਕੀਤਾ। ਇੱਕ ਹਿੱਸਾ ਬ੍ਰਗੇਡੀਅਰ ਗੌਡਵੀ ਸਾਹਿਬ ਤੇ ਇੱਕ ਹੋਰ ਅੰਗਰੇਜ਼ ਅਫਸਰ ਦੇ ਸਾਥ ਸੀ। ਗੋਡਵੀ ਸਾਹਿਬ ਦੇ ਹਮਲੇ ਦੀ ਤਾਬ ਨਾ ਲਿਆ ਕੇ ਸਿੱਖ ਅੱਗੇ ਨੱਸ ਤਾਂ ਗਏ ਕਿੰਤੂ ਅੰਗਰੇਜ਼ੀ ਫੌਜ ਨੇ ਪਿੱਛਾ ਨਹੀਂ ਕੀਤਾ। ਆਪਣੇ ਬੇਸ਼ੁਮਾਰ ਫੱਟੜ ਤੇ ਮਰਨ ਵਾਲੇ ਫੌਜੀਆਂ ਨੂੰ ਸੰਭਾਲਣ ਵਿੱਚ ਲਗ ਗਏ। ਇਸ ਤਰ੍ਹਾਂ
ਇਨ੍ਹਾਂ ਨੂੰ ਰੋਕਿਆ ਵੇਖ ਕੇ ਸਿੱਖ ਇਸ ਜਵਾਂਮਰਦੀ ਨਾਲ ਮੁੜ ਆ ਪਏ ਕਿ ਬ੍ਰਿਟਸ਼ ਫੌਜ ਨੂੰ ਨੱਸਦਿਆਂ ਰਾਹ ਨਾ ਮਿਲਿਆ। ਕਿੰਤੂ ਇਨ੍ਹਾਂ ਸਬਰਾਂ ਦੇ ਸਬਰ ਹੋ ਧਰਤੀ ਤੇ ਲੇਟ ਜਾਣ ਤੋਂ ਮਗਰੋਂ ਕਪਤਾਨ ਡੇਨ ਸਾਹਿਬ ਤੋਪਾਂ ਤੇ ਫੌਜ ਲੈ ਕੇ ਸਹਾਇਤਾ ਲਈ ਆ ਗਿਆ। ਇਸ ਨੇ ਬੇਹੱਦ ਗੋਲਾਬਾਰੀ ਕੀਤੀ, ਜਿਸ ਨੂੰ ਨਾ ਸਹਾਰ ਸਕਣ ਦੇ ਕਾਰਨ ਸਿੱਖ ਹਰਨ ਹੋ ਗਏ। ਸਿੱਖਾਂ ਦੀਆਂ ਤਿੰਨ ਤੋਪਾਂ ਇਨ੍ਹਾਂ ਨੇ ਤੇ ਪੰਜ ਤੋਪਾਂ ਕਪਤਾਨ ਡੇਨ ਦੀ ਮੱਦਦ ਨਾਲ ਫਾਂਟ ਸਾਹਿਬ ਦੀ ਫੌਜ ਨੇ ਤੇ ੫ ਤੋਪਾਂ ਗਿਲਬਰਟ ਸਾਹਿਬ ਦੀ ਫੌਜ ਨੇ ਖੋਹ ਲਈਆਂ, ਕਿੰਤੂ ਇਨ੍ਹਾਂ ਤਿੰਨਾਂ ਹਿੱਸਿਆਂ ਦੀ ਇਹ ਬਹਾਦਰੀ ਥੋੜ੍ਹੇ ਚਿਰ ਵਿੱਚ ਹੀ ਮਿੱਟੀ ਵਿੱਚ ਮਿਲ ਗਈ, ਕਿਉਂਕਿ ਉਸ ਵੇਲੇ ਅੰਗਰੇਜ਼ੀ ਫੌਜ ਕਮਜ਼ੋਰ ਤੇ ਹੈਰਾਨੀ ਦਸ਼ਾ ਵਿੱਚ ਸੀ। ਅਜੇ ਸਿੱਖਾਂ ਦੀਆਂ ਤੋਪਾਂ ਥੋੜ੍ਹੀ ਦੂਰ ਤਕਣ ਹੀ ਗੋਰਿਆਂ ਨੇ ਧੂਹੀਆਂ ਸਨ ਕਿ ਇੰਨੇ ਨੂੰ ਸਰਦਾਰ ਰਾਮ ਸਿੰਘ ਸਿੱਖਾਂ ਦੀ ਫੌਜ ਦਾ ਇੱਕ ਦਸਤਾ ਲੈ ਕੇ ਜਾ ਪਿਆ। ਅੰਗਰੇਜ਼ੀ ਫੌਜ ਟਾਕਰੇ ਦੀ ਹਿੰਮਤ ਨਾ ਕਰ ਕੇ ਤੋਪਾਂ ਛੱਡ ਕੇ ਨੱਸ ਗਈ। ਸਿੱਖ ਆਪਣੀਆਂ ਤੋਪਾਂ ਸੁਖੈਨਤਾ ਨਾਲ ਘਸੀਟ ਲਿਆਏ। ਹੱਲਾ ਕਰ ਕੇ ਸਾਰਾ ਖਾਲਸਾ ਜਾ ਪਿਆ। ਇੰਨੀ ਜ਼ੋਰ ਦੀ ਅੱਗ ਵਸਾਈ ਕਿ ਅੰਗਰੇਜ਼ੀ ਫੌਜ ਦੇ ਸਥਰਾਂ ਦੇ ਸਥਰ ਲਾਹ ਸੁੱਟੇ। ਜਿਸ ਤਰ੍ਹਾਂ ਮਹਾਰਾਜ ਨੂੰ ਝੰਗ ਦੀ ਲੜਾਈ ਵਿੱਚ ਮਰਹੱਟਿਆਂ ਨੇ ਪਿਛੇ ਹੱਟ ਕੇ ਫਿਰ ਲੜਾਈ ਦੇ ਹੱਥ ਵਿਖਾਏ ਸਨ, ਇਸ ਤਰ੍ਹਾਂ ਸਿੱਖਾਂ ਦੇ ਅੱਗੇ ਫਵਾਂਟ ਸਾਹਿਬ ਦੀ ਫੌਜ ਨੱਸ ਟੁਰੀ। ਜਿਨ੍ਹਾਂ ਚਾਰ ਮੋਰਚਿਆਂ ਤੇ ਹਮਲਾ ਕਰ ਕੇ ਅੰਗਰੇਜ਼ੀ ਫੌਜ ਨੇ ਸਿੱਖਾਂ ਨੂੰ ਦੋ ਮੋਰਚਿਆਂ ਤੇ ਨੁਕਸਾਨ ਅਪੜਾਇਆ ਸੀ, ਓਸ ਤੋਂ ਚੌਣਾਂ ਨੁਕਸਾਨ ਸਿੱਖਾਂ ਨੇ ਹੋਰ ਮੋਰਚਿਆਂ ਤੇ ਹੱਲਾ ਕਰ ਕੇ ਅਪੜਾ ਦਿੱਤਾ। ਹੁਣ ਪੈਦਲ ਫੌਜ ਦੇ ਬਦਲੇ ਸਵਾਰ ਫੌਜ ਤੋਂ ਅੰਗਰੇਜ਼ਾਂ ਨੇ ਕੰਮ ਲੈਣਾ ਚਾਹਿਆ। ਜਨਰਲ ਜੋਜ਼ਫ਼ ਤੇ ਥੇਕਵਲ ਸਾਹਿਬ ਦਾ ਹੁਕਮ ਸੁਣਦੇ ਹੀ ਅੰਗਰੇਜ਼ੀ ਫੌਜ ਸਿੱਖਾਂ ਤੇ ਜਾ ਪਈ। ਜੰਗੀ ਲਾਟ ਕਰਨੈਲ ਜਵਾਇੰਟ ਸਾਹਿਬ ਨੇ ਹੁਕਮ ਸੁਣਦੇ ਹੀ ਦੋ ਪਲਟਣਾਂ ਤੋਪਖਾਨੇ ਸਮੇਤ ਲੈ ਕੇ ਸਰਦਾਰ ਸ਼ੇਰ ਸਿੰਘ ਵਾਲੀ ਫੌਜ ਦੇ ਹਿੱਸੇ ਤੇ ਹੱਲਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ਪਲਟਣ ਨੂੰ ਤਾਂ ਸਿੱਖਾਂ ਨੇ ਆਉਂਦਿਆਂ ਹੀ ਘਬਰਾ ਕੇ ਨਸਾ ਦਿੱਤਾ। ਜਵਾਇੰਟ ਸਾਹਿਬ ਨੇ ਦੂਜੀ ਫੌਜ ਲੈ ਕੇ ਸਿੱਖਾਂ ਦਾ ਕਿਲ੍ਹਾ ਤੋੜਨ ਵਾਸਤੇ ਅਜੇਹੀ ਸਖ਼ਤ ਲੜਾਈ ਕੀਤੀ ਕਿ ਵੇਖਣ ਵਾਲੇ ਦੰਗ ਰਹਿ ਗਏ ਕਿੰਤੂ ਇਸ ਅੰਗਰੇਜ਼ ਦੇ ਮਾਰੇ ਜਾਣ ਦੇ ਕਾਰਨ ਸਿੱਖਾਂ ਦੇ ਪੈਰ ਜੰਮੇ ਰਹੇ। ਥੇਕਵਲ ਸਾਹਿਬ ਲਿਖਦਾ ਹੈ ਕਿ ਜਵਾਇੰਟ ਸਾਹਿਬ ਦੇ ਡਿੱਗਦੇ ਮੈਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਫੌਜ ਦਾ ਇੱਕ ਸਿਪਾਹੀ ਵੀ ਜੀਉਂਦਾ ਨਹੀਂ ਬਚੇਗਾ। ਕਿੰਤੂ ਇੰਨੇ ਵਿੱਚ ਪੋਪ ਸਾਹਿਬ ਚਾਰ ਰਜਮੰਟਾਂ ਲੈ ਕੇ ਜਿਨ੍ਹਾਂ ਵਿਚ ਭਾਲਿਆਂ ਵਾਲੀ ਫੌਜ ਵੀ ਸ਼ਾਮਲ ਸੀ, ਮਦਦ ਲਈ ਆ ਪੁੱਜਾ। ਸਿੱਖਾਂ ਨੇ ਇਨ੍ਹਾਂ ਸਾਰੀਆਂ ਫੌਜਾਂ ਦਾ ਟਾਕਰਾ ਬੜੀ ਹਿੰਮਤ ਨਾਲ ਕੀਤਾ। ਜਦ ਭਾਲਿਆਂ ਵਾਲੀ ਰਜਮੰਟ ਭਾਲਿਆਂ ਨਾਲ ਸਿੱਖਾਂ ਨੂੰ ਉਡਾਣ ਲਗੀ ਤਦ ਇਹ ਢਾਲਾਂ ਤੇ ਭਾਲਿਆਂ ਦੇ ਵਾਰ ਸਹਾਰ ਕੇ ਤਲਵਾਰਾਂ ਦੇ ਨਾਲ ਘੋੜਿਆਂ ਨੂੰ ਕੱਟਣ ਲਗੇ। ਢਾਲਾਂ ਨਾਲ ਟੱਕਰ ਖਾ ਕੇ ਤਲਵਾਰਾਂ ਦੀਆਂ ਚੋਟਾਂ ਨਾਲ ਭਾਲੇ ਟੁਕੜੇ-ਟੁਕੜੇ ਹੋਣ ਲਗੇ। ਥੇਕਵਲ ਸਾਹਿਬ ਦੀ ਲਿਖਤ ਤੋਂ ਇਹ ਵੀ ਪਤਾ ਲਗਦਾ ਹੈ ਕਿ ਉਸ ਵੇਲੇ ਜਦ ਕਿ ਇੱਕ ਇੱਕ ਸਿੱਖ ਸਪਾਹੀ ਤਿੰਨ ਤਿੰਨ ਚਾਰ ਚਾਰ ਗੋਰਾ ਸਪਾਹੀਆਂ ਨੂੰ ਰਣ ਵਿੱਚ ਲਿਟਾਂਦਾ ਬਿਜਲੀ ਵਾਂਗ ਅੰਗਰੇਜ਼ੀ ਫੌਜ ਵਿੱਚ ਧਸ ਕੇ ਮੁਕਾਣ ਲਗਾ ਤੇ ਪੋਪ ਸਾਹਿਬ ਵੀ ਮਾਰਿਆ ਗਿਆ ਤਦ ਇਸ ਜੰਗ ਦੇ ਜ਼ੋਰ ਨੂੰ ਵੇਖ ਕੇ ਫੌਜ ਨੱਸਣ ਨੂੰ ਤਯਾਰ ਹੋਈ। ਜਦ ਸਿੱਖਾਂ ਨੇ ਇੰਨਾ ਜ਼ੋਰ ਦਿੱਤਾ ਤਦ ਫਟੜਾਂ ਨੂੰ ਉਠਾਣ ਵਾਲੇ ਕਹਾਰ ਵੀ ਪੈਰਾਂ ਦੇ ਹੇਠ ਦਬੇ ਜਾਣ ਲੱਗੇ ਅਤੇ ਤੋਪਾਂ ਦੀ ਮਦਦ ਨਾ ਪੁੱਜੀ। ਮੇਹਜਰ ਕਰਨੈਲ ਕਰਸ਼ਟੀ ਸਾਹਿਬ ਨੇ ਆਪਣੀ ਫੌਜ ਨੂੰ ਪਿੱਛੇ ਲੈ ਜਾਣਾ ਚਾਹਿਆ, ਕਿੰਤੂ ਓਹ ਵੀ ਗੋਲ ਅੰਦਾਜ਼ਾ ਦੇ ਨਾਲ ਓਥੇ ਹੀ ਸੌਂ ਗਿਆ। ਇਨ੍ਹਾਂ ਦੀ ਸਹਾਇਤਾ ਲਈ ਇੱਕ ਗੋਰਾ ਪਲਟਣ ਸੰਗੀਨਾਂ ਚੜ੍ਹਾ ਕੇ ਅੱਗੇ ਕੀਤੀ ਗਈ। ਕਿੰਤੂ ਓਹ ਵੀ ਸੰਗੀਨਾਂ ਹੱਥ ਵਿੱਚ ਲੈ ਕੇ ਧਰਤੀ ਤੇ
ਲੇਟਣ ਲਗੀ ਤੇ ਫਿਰ ਬੜ ਬੜਾ ਕੇ ਪਿੱਛੇ ਦੌੜੀ ਜਿਸ ਤੇ ਦੋ ਤੋਪਾਂ ਭੀ ਸਿੱਖਾਂ ਦੇ ਹੱਥ ਆਈਆਂ। ਹੁਣ ਲਾਰਡ ਗਫ ਸਾਹਿਬ ਨੇ ਫਤਹ ਹਾਸਲ ਕਰਨ ਲਈ ਇਹ ਚਾਲ ਚਲੀ ਕਿ ਆਪਣੇ ਖੱਬੇ ਪਾਸਿਓਂ ਸਿੱਖਾਂ ਦੇ ਸੱਜੇ ਪਾਸੇ ਹਮਲਾ ਕਰਨ ਲਈ ਦੋ ਅੰਗਰੇਜ਼ ਤਯਾਰ ਕੀਤੇ। ਓਹ ਆਪਣੀਆਂ ੪੦ ਤੋਪਾਂ ਦੀ ਗਰਜ ਨਾਲ ਅਕਾਸ਼ ਗੁਜਾਂਦੇ ਅੱਗੇ ਵਧੇ, ਕਿੰਤੂ ਸਰਦਾਰ ਅਤਰ ਸਿੰਘ ਦੀਆਂ ਤੋਪਾਂ ਨੇ ਓਹਨਾਂ ਦੇ ਓਹ ਧੁਰਰੇ ਉਡਾਏ ਕਿ ਓਹਨਾਂ ਦੀਆਂ ਬਹੁਤ ਸਾਰੀਆਂ ਤੋਪਾਂ ਤਖਤਿਆਂ ਤੋਂ ਡਿੱਗ ਪਈਆਂ ਤੇ ਰਸਦ ਦੀਆਂ ਗੱਡੀਆਂ ਚੂਰ ਚੂਰ ਹੋ ਗਈਆਂ। ਉਸ ਵੇਲੇ ਰਾਤ ਦੇ ੧੧ ਵਜ ਚੁੱਕੇ ਸਨ। ਹੁਣ ਗਫ ਸਾਹਿਬ ਨੇ ਆਪਣੀ ਜਾਨ ਤੇ ਭਡਿਆਈ ਰਖਣ ਲਈ ਭੁੱਖੇ ਪਿਆਸੇ ਆਪਣੇ ਦੇਸੀ ਭਰਾਵਾਂ ਨੂੰ ਤੋਪਾਂ ਸਮੇਤ ਪਿੱਛੇ ਹਟਾ ਲਿਆਏ। ਅੰਗਰੇਜ਼ਾਂ ਦੇ ਬੜੇ ਚੰਗੇ ਭਾਗ ਸਨ ਕਿ ਸਿੱਖਾਂ ਨੇ ਉਸ ਵੇਲੇ ਅੰਗਰੇਜ਼ਾਂ ਦਾ ਪਿੱਛਾ ਨਾ ਕੀਤਾ। ਇਹ ਆਪਣੇ ਫਟੜ ਤੇ ਮੋਏ ਭਰਾਵਾਂ ਨੂੰ ਸੰਭਾਲਣ ਲਗ ਪਏ ਨਹੀਂ ਤਾਂ ਅੰਗਰੇਜ਼ਾਂ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸਿੱਖ ਗਫ ਸਾਹਿਬ ਦੇ ਕੈਂਪ ਤਕ ਪੁੱਜਣਗੇ। ਇਸ ਕਰ ਕੇ ਗਫ ਸਾਹਿਬ ਨੂੰ ਬਹੁਤ ਸਾਰੇ ਅਫਸਰ ਦੂਜੇ ਪਾਸੇ ਨੱਸਣ ਦੀ ਸਲਾਹ ਦੇ ਰਹੇ ਸਨ, ਕਿੰਤੂ ਸਿੱਖ ਉਸ ਤੱਕ ਨਾ ਪੁੱਜੇ ਤੇ ਓਹਨੂੰ ਰੱਬ ਨੇ ਨੱਸ ਜਾਣ ਦੀ ਬੇਪਤੀ ਤੋਂ ਬਚਾ ਲਿਆ। ਸਿੱਖਾਂ ਨੇ ਅੰਗਰੇਜ਼ੀ ਮੋਰਚਿਆਂ ਵਿੱਚ ਅੱਪੜ ਕੇ ਗੋਲ ਅੰਦਾਜ਼ਾ ਦਾ ਕੰਮ ਪੂਰਾ ਕਰ ਕੇ ਮੈਦਾਨ ਵਿੱਚ ਜੋ ਅੰਗਰੇਜ਼ ਲੇਟੇ ਹੋਏ ਕਸ਼ਟ ਉਠਾ ਰਹੇ ਸਨ, ਓਹਨਾਂ ਨੂੰ ਸੁੱਖ ਦੀ ਨੀਂਦ ਸਵਾ ਕੇ ੧੨ ਤੋਪਾਂ ਇਨਾਮ ਵਜੋਂ ਲੈ ਕੇ ਆਪਣੀ ਛਾਵਣੀ ਵਿੱਚ ਆ ਗਏ। ਜੇ ਕਦੀ ਉਸ ਵੇਲੇ ਸਿੱਖ ਹੱਲਾ ਕਰ ਕੇ ਲਾਟ ਸਾਹਿਬ ਦੇ ਕੈਂਪ ਤੇ ਆ ਪੈਂਦੇ ਤਦ ਫਤਹ ਓਹਨਾਂ ਦੀ ਸੀ। ਕਿੰਤੂ ਈਸ਼ਵਰ ਨੂੰ ਜੋ ਮਨਜ਼ੂਰ ਸੀ ਹੋਣਾ ਓਹੋ ਹੀ ਸੀ।
ਖਾਲਸੇ ਦੀ ਇਹ ਭਿਆਨਕ ਲੜਾਈ ਚੇਲਿਆਂ ਵਾਲੇ ਦੀ ਲੜਾਈ ਦੇ ਨਾਮ ਤੋਂ ਪ੍ਰਸਿੱਧ ਹੈ, ਜਿਸ ਵਿੱਚ ਸਿੱਖ ਬੜੀ ਬਹਾਦਰੀ ਤੇ ਜਵਾਂਮਰਦੀ ਨਾਲ ਲੜੇ ਤੇ ਇਸ ਲੜਾਈ ਦਾ ਆਖ਼ਰ ਤੱਕ ਸਿੱਟਾ ਸਿੱਖਾਂ ਦੇ ਹੱਕ ਵਿੱਚ ਰਿਹਾ। (ਵੇਖੋ ਮੁਹੰਮਦ ਲਤੀਫ ਦੀ ਤਾਰੀਖ ਸਫ਼ਾ ੫੭੦)
ਇਸ ਲੜਾਈ ਵਿੱਚ ਸਿੱਖਾਂ ਨੇ ਆਪਣੀ ਫਤਹ ਸਮਝ ਕੇ ੨੧ ਤੋਪਾਂ ਦੀ ਸ਼ਲਕ ਕੀਤੀ। ਦੂਜੇ ਪਾਸੇ ਗਫ ਸਾਹਿਬ ਨੇ ਆਪਣੀ ਫੌਜ ਦਾ ਹੌਸਲਾ ਵਧਾਣ ਲਈ ਆਪਣੀ ਫਤਹ ਦਾ ਡੰਕਾ ਵਜਾ ਦਿੱਤਾ। ਅਸਲ ਵਿੱਚ ਇਸ ਲੜਾਈ ਵਿੱਚ ਅੰਗਰੇਜ਼ੀ ਫੌਜ ਦਾ ਬੇਹੱਦ ਨੁਕਸਾਨ ਹੋਇਆ। ੩੪ ਵੱਡੇ ਅਫਸਰ, ਕਰਨਲ ਵਿਲੀਅਮ, ਜਨਰਲ ਹੀਓਲਾਕ, ਜਨਰਲ ਕਰਟਨ, ਜਨਰਲ ਟਾਈ, ਕਰਨਲ ਨਿਕਲਸਨ ਆਦਿਕ ਮਾਰੇ ਗਏ ਤੇ ੬੩ ਫੱਟੜ ਹੋਏ। ਮਸ਼ਹੂਰ ਅੰਗਰੇਜ਼ ੮੫੧ ਤੇ ਛੋਟੇ ਛੋਟੇ ਅਫਸਰ ਹਿੰਦੀ ਤੇ ਗੋਰੇ ੧੫੦੦ ਮਾਰੇ ਗਏ। ਲਿਖਿਆ ਹੈ ਕਿ ਤਿੰਨ ਰਜਮੰਟਾਂ ਦਾ ਨਾਮ ਨਿਸ਼ਾਨ ਤਕ ਬਾਕੀ ਨਹੀਂ ਰਿਹਾ ਸੀ। ਸ਼ਾਇਦ ਸਿੱਖਾਂ ਨੇ ਮਾਰ ਕੇ ਦਰਯਾ ਵਿੱਚ ਰੋਹੜ ਦਿੱਤੀਆਂ ਹੋਣਗੀਆਂ ਜਿਨ੍ਹਾਂ ਦਾ ਇੱਕ ਘੋੜਾ ਤੇ ਇੱਕ ਆਦਮੀ ਵੀ ਮੋਇਆ ਹੋਇਆ ਮੈਦਾਨ ਵਿੱਚੋਂ ਨਹੀਂ ਮਿਲਿਆ। ਇਸ ਤੋਂ ਛੁਟ ਸਿੱਖ ਫੌਜ ਜੋ ਲਾਹੌਰ ਤੋਂ ਗਫ ਸਾਹਿਬ ਦੀ ਮਾਤਹੈਤੀ ਵਿੱਚ ਆਈ ਸੀ, ਓਹਨੂੰ ਬਹੁਤ ਨੁਕਸਾਨ ਪੁੱਜਾ। ਦੂਜੇ ਪਾਸੇ ਸਿੱਖਾਂ ਦੇ ਵੀ ਕਈ ਬਹਾਦਰ ਤੇ ਪ੍ਰਸਿੱਧ ਸਰਦਾਰ ਸ਼ਹੀਦ ਹੋ ਗਏ।
'ਡਲਹੌਜ਼ੀ ਭਾਰਤ' ਨਾਮ ਦੀ ਤਾਰੀਖ ਵਿੱਚ ਇੱਕ ਅੰਗਰੇਜ਼ ਲਿਖਦਾ ਹੈ ਕਿ ਜੇ ਕਦੀ ਇਸੇ ਤਰ੍ਹਾਂ ਦੀ ਇੱਕ ਫਤਹ ਹੋਰ ਸਿੱਖ ਪ੍ਰਾਪਤ ਕਰ ਲੈਂਦੇ, ਤਦ ਇੱਕ ਪੰਜਾਬ ਦੀ ਕੀ ਗੱਲ ਹੈ, ਸਾਰੇ ਹਿੰਦ ਵਿੱਚੋਂ ਅੰਗਰੇਜ਼ਾਂ ਨੂੰ ਹੱਥ ਕੱਢਣਾ ਪੈਂਦਾ।
ਓਸ ਵੇਲੇ ਦੇ ਕਲਕੱਤਾ ਰਿਵੀਊ ਵਿੱਚ ਇੱਕ ਅੰਗਰੇਜ਼ ਦੀ ਚਿੱਠੀ ਛਪੀ ਹੈ ਕਿ ਚੇਲਿਆਂ ਵਾਲਾ ਦੀ ਲੜਾਈ ਦੇ ਟਾਕਰੇ ਦੀ ਕੋਈ ਲੜਾਈ ਅੰਗਰੇਜ਼ਾਂ ਦੇ ਸਾਹਮਣੇ ਨਹੀਂ ਆਈ। ਲੈਪਲ ਗ੍ਰਿਫਨ ਸਾਹਿਬ ਵੀ ਚੀਫ ਪੰਜਾਬ ਵਿੱਚ ਲਿਖਦੇ ਕਿ ਚੇਲਿਆਂ ਵਾਲੇ ਦੀ ਲੜਾਈ ਅੰਗਰੇਜ਼ਾਂ ਵਾਸਤੇ ਅਫਗਾਨਸਤਾਨ ਦੇ ਖੌਫਨਾਕ ਕਤਲ ਵਾਂਗ ਸਦਾ ਮਸ਼ਹੂਰ ਰਹੇਗੀ।
ਸਪਾਹੀ ਜੰਗਨਾਮੇ ਦੀ ਕਿਤਾਬ ਵਿੱਚ ਅੰਗਰੇਜ਼ ਮੁਸੱਨਫ ਨੇ ਲਿਖਿਆ ਹੈ ਕਿ ਬ੍ਰਿਟਿਸ਼ ਸਵਾਰ ਫੌਜ ਨੂੰ ਸਿੱਖਾਂ ਅੱਗੇ ਬਕਰੀਆਂ ਵਾਂਗ ਨੱਸਣਾ ਪਿਆ। ਹਮੇਸ਼ਾਂ ਵਧਦੀ ਆਈ ਅੰਗਰੇਜ਼ੀ ਕੌਮ ਨੂੰ ਅੱਗੋਂ ਵਾਸਤੇ ਯਕੀਨ ਹੋ ਗਿਆ ਕਿ ਲਾਰਡ ਗਫ ਜਹੇ ਬਹਾਦਰ ਨੂੰ ਅੱਡ ਕਰ ਦੇਣਾ ਚਾਹੀਦਾ ਹੈ।
ਨੇਪਰ ਸਾਹਿਬ ਦੀ ਤਾਰੀਖ ਤੋਂ ਪਤਾ ਲਗਦਾ ਹੈ ਕਿ ਨਿਪੋਲੀਅਨ ਨੂੰ ਜਿੱਤਨ ਵਾਲੇ ਇੰਗਲੈਂਡ ਦੇ ਪ੍ਰਸਿੱਧ ਬਹਾਦਰ ਡੀਓਨ ਆਫ ਡੈਲਟਨ ਨੂੰ ਵੀ ਇਸ ਹਾਲ ਤੋਂ ਬੜਾ ਸ਼ਰਮਿੰਦਾ ਹੋਣਾ ਪਿਆ, ਜਿਸ ਨੇ ਸਿੰਧ ਫਤਹ ਕਰਨ ਵਾਲੇ ਨੇਪਰ ਸਾਹਿਬ ਨੂੰ ਕਮਾਂਡਰ ਇਨ-ਚੀਫ ਬਨਾਣ ਸਮੇਂ ਕਿਹਾ ਸੀ ਕਿ ਜੇ ਤੁਸੀਂ ਨਹੀਂ ਜਾਂਦੇ ਤਦ ਸਿੱਖਾਂ ਤੇ ਫਤਹ ਹਾਸਲ ਕਰਨ ਲਈ ਮੈਨੂੰ ਆਪ ਜਾਣਾ ਪਏਗਾ। ਇਹ ਓਹਦਾ ਹੰਕਾਰ ਵੀ ਟੁੱਟ ਗਿਆ। ਇਸ ਕਰ ਕੇ ਚੇਲੀਆਂ ਵਾਲੇ ਦੀ ਲੜਾਈ ਤੋਂ ਪਹਿਲਾਂ ਜਦ ਦੋਨੋਂ ਫੌਜਾਂ ਇੱਕ ਮਹੀਨੇ ਤੱਕ ਆਹਮੋਂ ਸਾਹਮਣੇ ਪਈਆਂ ਸਨ, ਅੰਗਰੇਜ਼ ਨੇ ਬਹੁਤ ਤਜਵੀਜ਼ਾਂ ਕੀਤੀਆਂ ਅਤੇ ਬੇਸ਼ੁਮਾਰ ਚਾਲਾਂ ਚਲੀਆਂ, ਕਿੰਤੂ ਜਿਨ੍ਹਾਂ ਸਿੰਘਾਂ ਨੇ ਰਣਛੇਤਰ ਵਿੱਚ ਆਪਣਾ ਸਿੰਘ ਨਾਮ ਸਫ਼ਲ ਕਰਨਾ ਤੇ ਸ਼ਹੀਦੀ ਪ੍ਰਾਪਤ ਕਰਨਾ ਹੀ ਆਪਣਾ ਫਰਜ਼ ਸਮਝ ਲਿਆ ਸੀ, ਉਹ ਕਿਸ ਤਰ੍ਹਾਂ ਧੋਖੇ ਵਿਚ ਆਉਂਦੇ।
ਇਸ ਲੜਾਈ ਵਿੱਚ ਸਿੰਘਾਂ ਨੇ ਭੁੱਖੇ ਪਿਆਸੇ ਰਹਿ ਰਹਿ ਤੇ ਗਾਜਰ ਮੂਲੀ ਖਾ ਖਾ ਕੇ ਬੜੀ ਬਹਾਦਰੀ ਨਾਲ ਜੰਗ ਕੀਤਾ, ਕਈ ਵਾਰ ਤਾਂ ਰਾਤ ਨੂੰ ਛਾਪੇ ਮਾਰ ਮਾਰ ਕੇ ਅੰਗਰੇਜ਼ਾਂ ਦੀ ਰਸਦ ਲੈ ਆਉਂਦੇ ਰਹੇ। ਕਹਿੰਦੇ ਹਨ ਕਿ ਸਰਦਾਰ ਹਰਸਾ ਸਿੰਘ ਸੁਲਤਾਨ ਪਿੰਡ ਵਾਲੇ ਨੇ ਆਪਣੇ ਹੱਥੀਂ ੯ ਅੰਗਰੇਜ਼ ਅਫਸਰ ਮਾਰੇ, ਸਰਦਾਰ ਹਰੀ ਸਿੰਘ ਦੇ ਪੁੱਤਰ ਜਵਾਹਰ ਸਿੰਘ ਨੇ ੭ ਅੰਗਰੇਜ਼ ਕਤਲ ਕੀਤੇ। ਸਰਦਾਰ ਜੋਧ ਸਿੰਘ ਤੇ ਰਾਮ ਸਿੰਘ ਨੇ ੧੧ ਮਾਰੇ। ਇੱਕਣ ਹੀ ਹੇਠ ਲਿਖੇ ਸਰਦਾਰਾਂ ਨੇ ਬੜੀ ਬਹਾਦਰੀ ਵਿਖਾਈ:
ਸਰਦਾਰ ਚਤਰ ਸਿੰਘ, ਸਰਦਾਰ ਸ਼ੇਰ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਹਰੀ ਸਿੰਘ, ਬਚਨ ਸਿੰਘ ਛੀਨਾ, ਅਰਜਨ ਸਿੰਘ, ਚੰਦਾ ਸਿੰਘ ਰੰਗੜ ਨੰਗਲ ਵਾਲੇ, ਸਰਦਾਰ ਸ਼ੇਰ ਸਿੰਘ, ਬੂਟਾ ਸਿੰਘ ਖਮਲੇ ਮੰਡਿਆਲੇ ਵਾਲੇ, ਸੁਜਾਨ ਸਿੰਘ, ਫੌਜਦਾਰ ਸਿੰਘ ਪੰਜ ਹਥੇ, ਜਵਾਲਾ ਸਿੰਘ ਬੁੰਡਾਲਾ, ਬਚਨ ਸਿੰਘ, ਸ਼ੇਰ ਸਿੰਘ ਠੱਠਰ, ਕਰਮ ਸਿੰਘ ਫਤਹ ਸਿੰਘ ਓਪਦਰੀ ਓਦੀਆ ਵਾਲੇ, ਸਰਦਾਰ ਰਤਨ ਸਿੰਘ ਜੋਧ ਸਿੰਘ ਕੜੀਆਂ ਵਾਲੇ, ਜੀਵਨ ਸਿੰਘ ਨਿਧਾਨ ਸਿੰਘ ਫੀਡੇ, ਗਜਾ ਸਿੰਘ ਅਵਤਾਰ ਸਿੰਘ ਹਸਨ ਵਾਲੇ, ਪ੍ਰਮੇਸ਼ਰ ਸਿੰਘ ਪਾੜੀ ਵਾਲੇ, ਗੰਡਾ ਸਿੰਘ ਮਟੂ, ਜੋਧ ਸਿੰਘ ਚਸ਼ਮਾ, ਮੀਹਾਂ ਸਿੰਘ ਗਠਾਇਆ, ਧਾਰਾ ਸਿੰਘ ਨਕੇਲੀ, ਅਤਰ ਸਿੰਘ ਲਮਬਾ, ਸਰਦਾਰ ਨਿਹਾਲ ਸਿੰਘ ਲਮਬੜ, ਮਹਾਂ ਸਿੰਘ, ਹਿੰਮਤ ਸਿੰਘ, ਬੁਧ ਸਿੰਘ, ਸੁਧ ਸਿੰਘ, ਹਰੀ ਸਿੰਘ, ਗੁਰਦਿੱਤ ਸਿੰਘ ਚਮਾਰੀ ਵਾਲਾ, ਨੰਦ ਸਿੰਘ ਕੱਥੂ ਨੰਗਲ ਵਾਲਾ, ਚੰਦਾ ਸਿੰਘ ਗੁਰਦਿਤ ਸਿੰਘ ਕਲਹਲ ਵਾਲੇ, ਫਤਹ ਸਿੰਘ ਹਾਥ ਪੁਰੀਆ, ਹਰਦਿਤ ਸਿੰਘ ਕਾਹਨ ਸਿੰਘ ਪਧਾਨੇਕੇ, ਹਾਕਮ ਰਾਏ ਸਿਆਲ ਕੋਟੀਆ, ਅਤਰ ਸਿੰਘ ਰੋਸਾ, ਕਾਹਨ ਸਿੰਘ ਰੋਸਾ, ਖ਼ਜ਼ਾਨ ਸਿੰਘ ਕਾਹਨ ਸਿੰਘ ਬੇਲਾ ਸਿੰਘ ਮਕਲਾ।
੧੯. ਗੁਜਰਾਤ ਦੀ ਲੜਾਈ
ਚੇਲਿਆਂ ਵਾਲੇ ਦੀ ਲੜਾਈ ਦੇ ਮਗਰੋਂ ੨੫ ਦਿਨ ਅੰਗਰੇਜ਼ੀ ਫੌਜ ਤਾਂ ਚੇਲੀਆਂ ਵਾਲੇ ਅਤੇ ਸਿੱਖ ਫੌਜ ਮੋਂਗ ਰਸੂਲ ਪਈ ਰਹੀ। ਇੰਨੇ ਦਿਨ ਸਿੱਖ ਫੌਜ ਦੇ ਚੁੱਪ ਬੈਠੇ ਰਹਿਣ ਨੇ ਲਾਰਡ ਗਫ ਨੂੰ ਆਪਣੀ ਫੌਜ ਇਕੱਤ੍ਰ ਕਰ ਲੈਣ ਦਾ ਮੌਕਾ ਦੇ ਦਿੱਤਾ ਤੇ ਓਹ ਹਾਰ ਦੀ ਬਦਨਾਮੀ ਤੋਂ ਬਚ ਗਏ। ਜੇ ਸੱਚ ਪੁੱਛੋ ਤਾਂ ਇਹ ੨੫ ਦਿਨ ਚੁੱਪ ਕਰ ਰਹਿਣ ਨੇ ਹੀ ਅੰਗਰੇਜ਼ੀ ਰਾਜ ਨੂੰ ਸਾਰੇ ਹਿੰਦ ਵਿੱਚ ਕਾਇਮ ਕਰ ਦਿੱਤਾ, ਕਿਉਂਕਿ ਏਹਨਾਂ ਦਿਨਾਂ ਵਿਚ ਮੁਲਤਾਨ ਦੀ ਫਤਹ ਹੋ ਜਾਣ ਕਰ ਕੇ ੧੨ ਹਜ਼ਾਰ ਸਵਾਰ ਤੇ ੩੬ ਤੋਪਾਂ ਲੈ ਕੇ ਵੇਰਸ ਸਾਹਿਬ ਇਸ ਦੀ ਮਦਦ ਨੂੰ ਆ ਪੁੱਜਾ, ਓਧਰ ੧੪ ਜਨਵਰੀ ੧੮੪੯ ਨੂੰ ਸਰਦਾਰ ਚਤਰ ਸਿੰਘ ਰਾਵਲਪਿੰਡੀ ਤੋਂ ਕੂਚ ਕਰ ਕੇ ਆਪਣੀ ਚੌਦਾਂ ਹਜ਼ਾਰ ਫੌਜ ਸਮੇਤ ਸਰਦਾਰ ਸ਼ੇਰ ਸਿੰਘ ਨੂੰ ਆ ਮਿਲਿਆ। ਸਰਦਾਰ ਚਤਰ
ਸਿੰਘ ਨਾਲ ਕਾਬਲ ਅਮੀਰ ਦੋਸਤ ਮੁਹੰਮਦ ਖਾਂ ਨੇ ਆਪਣਾ ਲੜਕਾ ਆਕਰਮ ਖਾਂ ੩੦੦੦ ਪਠਾਣ ਦੇ ਕੇ ਭੇਜਿਆ ਸੀ। ਸਰਦਾਰ ਸ਼ੇਰ ਸਿੰਘ ਨੇ ਆਪਣੇ ਪਿਤਾ ਜੀ ਨੂੰ ਸਾਫ਼ ਕਹਿ ਦਿੱਤਾ ਕਿ ਪਠਾਣਾਂ ਨੂੰ ਨਾਲ ਲਿਆਉਣ ਵਾਲੀ ਗੱਲ ਤੁਸੀਂ ਹਛੀ ਨਹੀਂ ਕੀਤੀ ਕਿਉਂਕਿ ਇਨ੍ਹਾਂ ਤੇ ਲਾਲਚ ਵਿੱਚ ਆ ਜਾਣ ਦਾ ਸ਼ੱਕ ਹੈ ਤੇ ਖਤਰਾ ਹੈ ਕਿ ਇਹ ਅੰਗਰੇਜ਼ਾਂ ਦੇ ਮਾਇਆ ਜਾਲ ਵਿੱਚ ਨਾ ਫਸ ਜਾਣ। ਉੱਤਰ ਵਿੱਚ ਸ੍ਰਦਾਰ ਚਤਰ ਸਿੰਘ ਨੇ ਕਿਹਾ ਕਿ ਹਛਾ ਹੁਣ ਜੋ ਹੋਣਾ ਸੀ ਹੋ ਗਿਆ।
ਸਰਦਾਰ ਚਤਰ ਸਿੰਘ ਦੀ ਫੌਜ ਨਾਲ ਮੇਹਜਰ ਲਾਰੰਸ ਹਰਬ੍ਰਟ ਤੇ ਲੋਈ ਸਾਹਿਬ ਕੈਦੀ ਸਨ। ਇਨ੍ਹਾਂ ਨੂੰ ਸਿੱਖਾਂ ਨੇ ਬੜਾ ਖ਼ੁਸ਼ ਰੱਖਿਆ ਸੀ। ੨੪ ਘੰਟੇ ਦੀ ਛੁਟੀ ਦੇ ਕੇ ਸਿੱਖਾਂ ਨੇ ਇਨ੍ਹਾਂ ਨੂੰ ਭੇਜ ਦਿੱਤਾ ਕਿ ਕਮਾਂਡਰ ਇਨ-ਚੀਫ ਦੇ ਦਫਤਰ ਜਾ ਕੇ ਮਿਲ ਆਉਣ। ਸੋ ਇਹ ੨੪ ਘੰਟੇ ਆਪਣੀ ਅੰਗਰੇਜ਼ੀ ਫੌਜ ਵਿੱਚ ਜਾ ਕੇ ਅਫਸਰਾਂ ਨੂੰ ਮਿਲ ਗਿਲ ਕੇ ਆ ਗਏ ਤੇ ਇਸੇ ਤਰ੍ਹਾਂ ਨਾਲ ਇਹ ਕਈ ਵੇਰ ਜਾਂਦੇ ਰਹੇ।
ਸਿੱਖਾਂ ਦੀ ਨੇਕ ਨੀਯਤੀ, ਸ਼ਰਾਫਤ ਤੇ ਸਫ਼ਾਈ ਵੇਖੋ ਕਿ ਅੰਗਰੇਜ਼ ਕੈਦੀਆਂ ਨੂੰ ਜਦ ਤਕ ਆਪਣੇ ਪਾਸ ਰਖ੍ਯਾ, ਬੜੀ ਚੰਗੀ ਤਰ੍ਹਾਂ ਰੱਖਿਆ ਤੇ ਆਪਣੇ ਕੈਦ ਦੇ ਦਿਨਾਂ ਵਿੱਚ ਵੀ ਆਪਣੀ ਫੌਜ ਵਿੱਚ ਖੁਲਮਖੁਲਾ ਜਾਣ ਦੇਂਦੇ ਰਹੇ। ਕਿੰਤੂ ਇਹ ਸ਼ਰਾਫਤ, ਸਫ਼ਾਈ ਤੇ ਨੇਕ ਨੀਯਤੀ ਸਿੱਖਾਂ ਨੂੰ ਬਹੁਤ ਮਹਿੰਗੇ ਮੁੱਲ ਪਈ, ਕਿਉਂਕਿ ਇਹ ਅੰਗਰੇਜ਼ ਜਦ ਆਪਣੀ ਫੌਜ ਵਿੱਚ ਜਾਂਦੇ ਸਨ ਤਦ ਸਿੱਖ ਫੌਜ ਦਾ ਸਾਰਾ ਹਾਲ ਜਾ ਕੇ ਦੱਸ ਆਉਂਦੇ ਸਨ।
ਇਕ ਸਾਹਿਬ ਲਿਖਦੇ ਹਨ ਕਿ ਇਹ ਅੰਗਰੇਜ਼ ਸਿੱਖਾਂ ਦੇ ਚੰਗੇ ਸਲੂਕ ਤੇ ਮੋਹਤ ਸਨ, ਕਿੰਤੂ ਸਿੱਖਾਂ ਵਿੱਚ ਰਹਿਣ ਤੇ ਜੋ ਭੇਦ ਦੀ ਗੱਲ ਇਨ੍ਹਾਂ ਨੂੰ ਮਲੂਮ ਹੁੰਦੀ, ਉਹ ਚਿੱਠੀ ਲਿਖ ਕੇ ਅੰਗਰੇਜ਼ੀ ਕੈਂਪ ਵਿੱਚ ਭੇਜ ਦੇਂਦੇ।
ਇਕ ਦਿਨ ਰਾਜਾ ਸ਼ੇਰ ਸਿੰਘ ਨੇ ਇਨ੍ਹਾਂ ਨੂੰ ਕਿਹਾ ਕਿ ਸਾਡਾ ਅੰਗਰੇਜ਼ਾਂ ਨਾਲ ਲੜਨ ਨੂੰ ਦਿਲ ਨਹੀਂ ਕਰਦਾ, ਸੁਲਾਹ ਹੋ ਜਾਣ ਵਿੱਚ ਬਹੁਤ ਖ਼ੁਸ਼ੀ ਹੈ, ਕਿਉਂਕਿ ਮੇਰਾ ਅੰਗਰੇਜ਼ਾਂ ਨਾਲ ਬੜਾ ਸਲੂਕ ਰਹਿ ਚੁੱਕਾ ਹੈ ਤੇ ਮੇਰੇ ਕ੍ਰਿਪਾਲੂ ਹਨ। ਇਹ ਗਲ ਸੁਣ ਕੇ ਇਹਨਾਂ ਅੰਗਰੇਜ਼ਾਂ ਨੇ ਭਰੋਸਾ ਦਿੱਤਾ ਕਿ ਕੋਈ ਫ਼ਿਕਰ ਦੀ ਗੱਲ ਨਹੀਂ। ਤੁਸੀਂ ਹੁਣ ਲੜਾਈ ਦਾ ਕੋਈ ਸਾਮਾਨ ਤਯਾਰ ਨਾ ਕਰੋ, ਮਨਜ਼ੂਰੀ ਆਉਣ ਤੇ ਛੇਤੀ ਤੁਹਾਡੀ ਮਨਸ਼ਾ ਅਨੁਸਾਰ ਸੁਲਾਹ ਹੋ ਜਾਵੇਗੀ। ਸਿੱਖ ਸਰਦਾਰਾਂ ਨੇ ਇਨ੍ਹਾਂ ਦੀ ਇਸ ਗੱਲ ਤੇ ਭਰੋਸਾ ਕਰ ਕੇ ਅੰਗਰੇਜ਼ਾਂ ਤੇ ਹਮਲਾ ਕਰਨ ਦਾ ਖ਼ਿਆਲ ਛੱਡ ਦਿੱਤਾ। ਜਦ ਇਸ ਸਮੇਂ ਵਿੱਚ ਅੰਗਰੇਜ਼ਾਂ ਨੇ ਆਪਣੀ ਤਾਕਤ ਵਧਾ ਲਈ ਤਦ ਜਵਾਬ ਦਿੱਤਾ ਕਿ ਸੁਲਾਹ ਨਹੀਂ ਹੋ ਸਕਦੀ।
੧੨ ਫਰਵਰੀ ੧੮੪੯ ਨੂੰ ਰਸੂਲਪੁਰ ਦੀ ਮੋਰਚਾ ਬੰਦੀ ਦੇ ਮਜ਼ਬੂਤ ਹੋਣ ਤੇ ਵੀ ਸਿੱਖਾਂ ਨੇ ਗੁਜਰਾਤ ਵੱਲ ਕੂਚ ਕਰ ਦਿੱਤਾ। ਰਸੂਲ ਦੀ ਪਕਿਆਈ ਨੂੰ ਮੁਖ ਰੱਖ ਕੇ ਕਿਹਾ ਜਾ ਸਕਦਾ ਸੀ ਕਿ ਇੱਥੇ ਅੰਗਰੇਜ਼ ਕਦੇ ਵੀ ਸਿੱਖਾਂ ਤੇ ਫਤਹ ਨਹੀਂ ਪਾ ਸਕਣਗੇ। ਅਜਿਹੀ ਹਾਲਤ ਵਿੱਚ ਸਿੱਖਾਂ ਦੇ ਰਸੂਲ ਛੱਡਣ ਨੂੰ ਲੋਕਾਂ ਨੇ ਇਨ੍ਹਾਂ ਦੀ ਭੁੱਲ ਸਮਝਿਆ। ਕਿੰਤੂ ਜਦ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਸ਼ੇਰ ਸਿੰਘ ਦੀ ਮਰਜ਼ੀ ਲਾਹੌਰ ਜਾਣ ਦੀ ਹੈ, ਤਦ ਉਹ ਘਾਬਰ ਗਏ। ਸ਼ੇਰ ਸਿੰਘ ਨੂੰ ਕੁਝ ਵਿਸ਼ਵਾਸ ਹੋਰ ਸੂਬਿਆਂ ਵਲੋਂ ਉੱਠਣ ਦਾ ਦਵਾਇਆ ਸੀ, ਇਸ ਗੱਲ ਤੋਂ ਵੀ ਸ਼ੇਰ ਸਿੰਘ ਨੇ ਰਸੂਲ ਨੂੰ ਛੱਡਿਆ। ਜੋ ਕਦੀ ਸ਼ੇਰ ਸਿੰਘ ਲਾਹੌਰ ਤੇ ਅਪੜ ਜਾਂਦਾ ਤਦ ਸਚਮੁਚ ਉਹਦੀ ਚਾਲ ਅਦੁਤੀ ਰਹਿੰਦੀ, ਕਿੰਤੂ ਜੋ ਹੋਣਾ ਸੀ ਸੋ ਹੀ ਹੋਇਆ।
ਲਾਰਡ ਗਫ ਨੇ ਲਾਹੌਰ ਦੇ ਰਾਹ ਵਿੱਚ ਲੋਹੇ ਦੇ ਕੰਡੇ ਇੱਕ ਤਰ੍ਹਾਂ ਨਾਲ ਵਛਾ ਦਿਤੇ, ਜਿਸ ਤੇ ਸ਼ੇਰ ਸਿੰਘ ਨੂੰ ਗੁਜਰਾਤ ਦੇ ਮੁਕਾਮ ਤੇ ਹੀ ਆਖ਼ਰੀ ਲੜਾਈ ਕਰਨੀ ਪਈ। ੨੧ ਜਨਵਰੀ ਨੂੰ ਅੰਗਰੇਜ਼ਾਂ ਨੇ ਸਿੱਖਾਂ ਤੇ ੧੩੩ ਤੋਪਾਂ ਜੋੜ ਦਿੱਤੀਆਂ, ਜਿਨ੍ਹਾਂ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਭਾਵੇਂ ਉਸ ਵੇਲੇ ਸਿੱਖਾਂ ਪਾਸ ੫੯ ਛੋਟੀਆਂ ਛੋਟੀਆਂ ਤੋਪਾਂ ਸਨ,
ਜਿਨ੍ਹਾਂ ਨਾਲ ਉਹਨਾਂ ਨੂੰ ਜਵਾਬ ਦੇਣਾ ਪਿਆ, ਕਿੰਤੂ ਸਿੱਖਾਂ ਪਾਸ ਬਾਰੂਦ ਨਹੀਂ ਸੀ। ਜਦ ਸਿੱਖਾਂ ਦੀਆਂ ਕੁਝ ਤੋਪਾਂ ਨਕੰਮੀਆਂ ਹੋ ਗਈਆਂ ਤੇ ਮੈਗਜ਼ੀਨ ਵੀ ਨਾ ਰਿਹਾ ਤਦ ਸਿੱਖਾਂ ਨੇ ਸਦਾ ਦੀ ਸਾਥਣ ਤਲਵਾਰ ਨੂੰ ਹੱਥ ਵਿੱਚ ਲਿਆ ਤੇ ਕੇਲਿਆਂ ਵਾਂਗ ਸਥਰ ਵਛਾਂਦੇ ੪ ਮੀਲ ਤੱਕ ਮਾਰ ਕਰਦੇ ਲਾਰਡ ਗਫ ਤਕ ਜਾ ਪੁੱਜੇ। ਰਾਜਾ ਸ਼ੇਰ ਸਿੰਘ ਤੇ ਸਰਦਾਰ ਜਵਾਹਰ ਸਿੰਘ 'ਕਿੱਥੇ ਹੈ ਲਾਟ? ਕਿੱਥੇ ਹੈ ਲਾਟ?' ਪੁਕਾਰਦੇ ਪੰਜ ਹਜ਼ਾਰ ਸਿੱਖ ਨਾਲ ਲਈ ਤਲਵਾਰਾਂ ਚਲਾਂਦੇ ਅੰਗਰੇਜ਼ੀ ਫੌਜ ਦੀਆਂ ਸਫਾਂ ਦੀਆਂ ਸਫਾਂ ਉਲਟਦੇ, ਜੋ ਸਾਹਮਣੇ ਆਉਂਦਾ ਤਲਵਾਰ ਦੇ ਘਾਟ ਉਤਾਰਦੇ ਚਲੇ ਗਏ। ਕੋਈ ਸਾਹਮਣੇ ਨਾ ਠਹਿਰਿਆ। ਕਈ ਮੀਲ ਤਕ ਅੰਗਰੇਜ਼ੀ ਫੌਜ ਪਿੱਛੇ ਹਟਾ ਦਿੱਤੀ। ਜੇ ਕਦੀ ਚਾਰ ਪੰਜ ਹੱਲੇ ਐਹੋ ਜੇਹੇ ਹੋਰ ਕਰ ਦੇਂਦੇ ਤਦ ਅੰਗਰੇਜ਼ ਪੰਜਾਬ ਜ਼ਰੂਰ ਖ਼ਾਲੀ ਕਰ ਜਾਂਦੇ। ਹੁਣ ਜਦ ਅੰਗਰੇਜ਼ਾਂ ਨੇ ਵੇਖਿਆ ਕਿ ਸਿੱਖ ਲੜਾਈ ਕਰ ਕੇ ਥੱਕ ਗਏ ਹਨ, ਤਦ ਖੱਬੇ ਪਾਸਿਓਂ ਓਹਨਾਂ ਹੱਲਾ ਬੋਲ ਦਿੱਤਾ ਤੇ ਤੋਪਾਂ ਧਰਤੀ ਨੂੰ ਹਲਾਣ ਲੱਗੀਆਂ। ਥੇਕਵਲ ਸਾਹਿਬ ਨੇ ਓਸ ਪਾਸੇ ਹੱਲਾ ਕੀਤਾ ਜਿਧਰ ਤਿੰਨ ਹਜ਼ਾਰ ਪਠਾਣ ਖੜਾ ਸੀ। ਪਠਾਣਾਂ ਨੇ ਹਮਲਾ ਰੋਕਣ ਦੀ ਕੋਸ਼ਸ਼ ਨਹੀਂ ਕੀਤੀ, ਕਿੰਤੂ ਨਮਰਦਾਂ ਵਾਂਗ ਦਿਲ ਛੱਡ ਦਿਤੇ ਤੇ ਡਰਦੇ ਮਾਰੇ ਓਸ ਰਾਹ ਨੱਠੇ ਜਿਧਰ ਕਿ ਸਿੱਖ ਖੜੇ ਸਨ। ਜਦ ਤਿੰਨ ਹਜ਼ਾਰ ਫੌਜ ਖਾਲਸਾ ਵਿੱਚ ਦੀ ਨਠਦੇ ਲੰਘੇ ਤਦ ਜੰਗ ਦੀ ਦਸ਼ਾ ਬਦਲ ਗਈ। ਪਠਾਣਾਂ ਦੇ ਨੱਸਣ ਨੇ ਸਿੱਖਾਂ ਦਾ ਕਿਲ੍ਹਾ ਤੋੜ ਦਿੱਤਾ ਤੇ ਅੰਗਰੇਜ਼ੀ ਫੌਜ ਲਈ ਵਿੱਚੋਂ ਲੰਘਣ ਦਾ ਰਾਹ ਬਣ ਗਿਆ। ਕਿੰਤੂ ਇਸ ਵੇਲੇ ਖੱਬੇ ਹੱਥ ਵਿੱਚ ਸੰਗੀਨਾਂ ਤੇ ਸਜੇ ਹੱਥ ਵਿੱਚ ਤਲਵਾਰਾਂ ਲੈ ਕੇ ਇਸ ਤਰ੍ਹਾਂ ਸੂਰਮਤਾ ਨਾਲ ਪੈਰ ਜਮਾ ਕੇ ਸਿੰਘਾਂ ਨੇ ਸੰਗਰਾਮ ਕੀਤਾ ਤੇ ਵੈਰੀ ਤੇ ਇਸ ਤਰ੍ਹਾਂ ਮੌਤ ਆਂਦੀ ਕਿ ਜਿਸ ਦਾ ਠੀਕ ਹਾਲ ਵਰਨਣ ਕਰਨਾ ਕਲਮ ਦੀ ਤਾਕਤ ਤੋਂ ਬਾਹਰ ਹੈ। ਕੁਝ ਓਹੋ ਹੀ ਲੋਕ ਜਾਣ ਸਕਦੇ ਹਨ ਜੋ ਓਸ ਵੇਲੇ ਜੰਗ ਵਿੱਚ ਮੌਜੂਦ ਸਨ।
ਜਦ ਸਿੱਖਾਂ ਦੀ ਫੌਜ ਵਿੱਚ ਬੇਤਰਤੀਬੀ ਤੇ ਅਫ਼ਗਾਨਾਂ ਦੀ ਭਾਜ ਤੋਂ ਪਾਈ ਬੇਦਿਲੀ ਅੰਗਰੇਜ਼ਾਂ ਨੇ ਵੇਖੀ ਤਦ ਖੱਬੇ ਹੱਥੋਂ ਇੱਕੋ ਵਾਰ ੧੨੫ ਤੋਪਾਂ ਨਾਲ ਹੱਲਾ ਬੋਲ ਦਿੱਤਾ। ਅਸੀਂ ਪਿੱਛੇ ਦਸ ਆਏ ਹਾਂ ਕਿ ਇਸ ਲੜਾਈ ਵਿੱਚ ਸਰਦਾਰ ਸ਼ੇਰ ਸਿੰਘ ਤੇ ਚਤਰ ਸਿੰਘ ਇੱਕ ਪਾਸੇ ਸੀ, ਤੇ ਦੂਜੇ ਪਾਸੇ ਲਾਹੌਰ ਦਰਬਾਰ ਦੇ ਵੱਡੇ ਵੱਡੇ ਸਿੱਖ ਸਰਦਾਰ ਤੇ ਅੰਗਰੇਜ਼ੀ ਸਲਤਨਤ ਸੀ। ਸਰਦਾਰ ਸ਼ੇਰ ਸਿੰਘ ਪਾਸ ਖ਼ਜ਼ਾਨਾ ਤੇ ਮੈਗਜ਼ੀਨ ਨਹੀਂ ਸੀ, ਇਨ੍ਹਾਂ ਦੇ ਸਪਾਹੀ ਰੋਟੀ ਦੀ ਜਗ੍ਹਾ ਗਾਜਰਾਂ ਮੂਲੀਆਂ ਖਾ ਕੇ ਜੰਗ ਦੇ ਵਿੱਚ ਆ ਡਟਦੇ ਸੀ। ਰੋਟੀ ਦਾ ਕੰਮ ਗਾਜਰਾਂ ਮੂਲੀਆਂ ਨਾਲ ਤਾਂ ਪੂਰਾ ਹੋ ਸਕਦਾ ਸੀ, ਕਿੰਤੂ ਮੈਗਜ਼ੀਨ ਦੀ ਕਮੀ ਪੂਰੀ ਹੋਣੀ ਅਸੰਭਵ ਸੀ। ਇਹ ਹੀ ਕਾਰਨ ਹੈ ਕਿ ਤੋਪਾਂ ਦੀ ਇਸ ਲੜਾਈ ਵਿੱਚ ਤਲਵਾਰਾਂ ਲੈ ਕੇ ਕਾਮਯਾਬੀ ਦਾ ਕੋਈ ਰਾਹ ਨਹੀਂ ਸੀ। ੧੨੫ ਤੋਪਾਂ ਦੀ ਮਾਰ ਦੇ ਸਾਹਮਣੇ ਗੋਲਾ ਬਾਰੂਦ ਵਲੋਂ ਖ਼ਾਲੀ ਫੌਜ ਵਾਸਤੇ ਠਹਿਰਨਾ ਅਸੰਭਵ ਸੀ। ਸਵਾਏ ਨੱਸਣ ਦੇ ਹੁਣ ਕਿਸੇ ਨੂੰ ਕੁਝ ਨਾ ਸੁਝਿਆ। ਸਿੱਖਾਂ ਦਾ ਜਿੰਨਾ ਸਾਮਾਨ ਸੀ, ਅੰਗਰੇਜ਼ਾਂ ਦੇ ਹੱਥ ਆਇਆ, ਕੇਵਲ ੫ ਤੋਪਾਂ ਤੇ ੧੬ ਹਜ਼ਾਰ ਸਪਾਹੀਆਂ ਦੇ ਨਾਲ ਸਰਦਾਰ ਚਤਰ ਸਿੰਘ, ਰਾਜਾ ਸ਼ੇਰ ਸਿੰਘ, ਦੀਵਾਨ ਹਾਕਮ ਰਾਇ, ਸਰਦਾਰ ਜਵਾਹਰ ਸਿੰਘ ਤੇ ਹੋਰ ਬਹੁਤ ਸਾਰੇ ਸਰਦਾਰਾਂ ਨੇ ਜੇਹਲਮ ਵਲ ਕੂਚ ਕੀਤਾ। ਇਸ ਲੜਾਈ ਵਿੱਚ ੨੬੨ ਅੰਗਰੇਜ਼ ਅਫਸਰ ਕੰਮ ਆਏ, ਸਿੱਖਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ।
ਇਸ ਲੜਾਈ ਤੋਂ ਪਿੱਛੋਂ ਕਿਸੇ ਸਿੱਖ ਸਰਦਾਰ ਨੂੰ ਅੰਗਰੇਜ਼ਾਂ ਦੇ ਨਾਲ ਲੜਨ ਦਾ ਹੀਆ ਨਹੀਂ ਪਿਆ। ਅੰਗਰੇਜ਼ੀ ਫੌਜ ਨੇ ਮੇਹਜਰ ਗਿਲਬ੍ਰਟ ਤੇ ਜਨਰਲ ਸਰ ਵਾਲਟਰ ਨੇ ਸਿੱਖ ਫੌਜ ਦਾ ਪਿੱਛਾ ਕਰ ਕੇ ਹੋਰ ਵੀ ਸਖ਼ਤ ਨੁਕਸਾਨ ਪਹੁੰਚਾਇਆ। ੧ ਮਾਰਚ ੧੮੪੯ ਨੂੰ ਅੰਗਰੇਜ਼ੀ ਫੌਜ ਨੇ ਜੇਹਲਮ ਲੰਘ ਕੇ ਸਿੱਖਾਂ ਦੀ ਫੌਜ ਦੇ ਪਿੱਛੇ ਕਦਮ ਉਠਾਇਆ ਜੋ ਰਾਵਲਪਿੰਡੀ ਤਕ ਪੁੱਜ ਗਈ। ਰਾਵਲਪਿੰਡੀ ਉਸ ਵੇਲੇ ਇੱਕ ਨਿੱਕਾ ਜਿਹਾ ਪਿੰਡ ਸੀ। ਗੋਲਾ ਬਾਰੂਦ ਤੇ ਰਸਦ ਦੀ ਕਮੀ ਤੋਂ ਤੰਗ ਆ ਕੇ ਸ੍ਰ: ਸ਼ੇਰ ਸਿੰਘ ਤੇ ਚਤਰ ਸਿੰਘ ਨੇ ੧੪ ਮਾਰਚ ਵਾਲੇ ਦਿਨ ਆਪਣੇ ਆਪ ਨੂੰ
ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਅੰਗਰੇਜ਼ਾਂ ਨੇ ੧੬ ਹਜ਼ਾਰ ਦੇ ਲਗਭਗ ਸਪਾਹੀਆਂ ਨੂੰ ਇੱਕ ਇੱਕ ਰੁਪਯਾ ਫੀ ਸਪਾਹੀ ਦੇ ਕੇ ਹਥ੍ਯਾਰ ਰਖਾ ਲਏ ਤੇ ਸਪਾਹੀ ਆਪੋ ਆਪਣੇ ਘਰੀਂ ਚਲੇ ਗਏ।
ਗੁਜਰਾਤ ਦੀ ਜੰਗ ਫਤਹ ਹੋਣ ਤੇ ਮੇਹਜਰ ਲਾਰੰਸ ਤੇ ਹੋਰ ਅੰਗਰੇਜ਼ ਜੋ ਸਰਦਾਰ ਚਤਰ ਸਿੰਘ ਦੀ ਕੈਦ ਵਿੱਚ ਸਨ, ਆਪਣੀ ਫੌਜ ਵਿੱਚ ਚਲੇ ਗਏ ਤੇ ਆਪਣੇ ਮਿੱਤਰਾਂ ਨਾਲ ਜਾ ਮਿਲੇ।
ਮੇਹਜਰ ਲਾਰੰਸ ਸਰਦਾਰ ਚਤਰ ਸਿੰਘ ਦੀ ਕੈਦ ਵਿੱਚ ਬੜੇ ਖ਼ੁਸ਼ ਰਹੇ ਸਨ। ਇਨ੍ਹਾਂ ਦੀ ਸਫਾਰਸ਼ ਤੇ ਸਰਦਾਰ ਸ਼ੇਰ ਸਿੰਘ, ਚਤਰ ਸਿੰਘ, ਲਾਲ ਸਿੰਘ ਮੁਰਾੜੀਆ, ਦੀਵਾਨ ਹਾਕਮ ਰਾਏ, ਸੂਰਤ ਸਿੰਘ ਮਜੀਠਾ ਆਦਿਕ ਮਸ਼ਹੂਰ ਸਰਦਾਰਾਂ ਨੂੰ ਹੁਕਮ ਹੋਇਆ ਕਿ ਤੁਸੀਂ ਆਪੋ ਆਪਣੀ ਘਰੀਂ ਬੈਠੋ। ਗਵਰਨਮੈਂਟ ਇਨ੍ਹਾਂ ਦੀ ਪਿਨਸ਼ਨ ਲਈ ਵਿਚਾਰ ਕਰ ਰਹੀ ਸੀ, ਬਲਕਿ ਸਰਦਾਰ ਚਤਰ ਸਿੰਘ ਤੇ ਸ਼ੇਰ ਸਿੰਘ ਵਾਸਤੇ ੭੦ ਹਜ਼ਾਰ ਰੁਪਯਾ ਸਾਲਾਨਾ ਪਿਨਸ਼ਨ ਦਾ ਹੁਕਮ ਹੋ ਕੇ ਕਿਹਾ ਗਿਆ ਕਿ ਤੁਸੀਂ ਆਪਣੇ ਪਿੰਡ ਅਟਾਰੀ ਵਿੱਚ ਰਹੋ। ਇਸ ਇਲਾਕੇ ਦੇ ਤਿੰਨ ਮੀਲ ਤੋਂ ਬਾਹਰ ਕਿਤੇ ਨਾ ਜਾਓ ਤੇ ਨਾ ਕਿਸੇ ਸਿੱਖ ਸਰਦਾਰ ਨਾਲ ਲਿਖ ਪੜ੍ਹੀ ਕਰੋ। ਜੇ ਇਸ ਹੁਕਮ ਦੇ ਉਲਟ ਕਰੋਗੇ ਤਦ ਸਖ਼ਤ ਕੈਦ ਦੀ ਸਜ਼ਾ ਦਿੱਤੀ ਜਾਵੇਗੀ। ਦੀਵਾਨ ਹਾਕਮ ਰਾਏ ਨੂੰ ਵੀ ਆਪਣੇ ਪਿੰਡ ਰਹਿਣ ਦਾ ਹੁਕਮ ਦਿੱਤਾ ਗਿਆ, ਕਿੰਤੂ ਕਈ ਇੱਕ ਸਿੱਖ ਸਰਦਾਰ ਵੇਲੇ ਕਵੇਲੇ ਅਟਾਰੀ ਵਾਲਿਆਂ ਨੂੰ ਮਿਲਣ ਆਉਣ ਲਗੇ, ਜਿਨ੍ਹਾਂ ਦੇ ਕਹਿਣ ਤੇ ਰਾਜਾ ਸ਼ੇਰ ਸਿੰਘ ਤੇ ਚਤਰ ਸਿੰਘ ਨੇ ਜੰਮੂ ਦੇ ਰਾਜਾ ਗੁਲਾਬ ਸਿੰਘ (ਜਿਸ ਦੇ ਪਾਸ ਸਰਦਾਰ ਚਤਰ ਸਿੰਘ ਦਾ ਲੜਕਾ ਗੁਲਾਬ ਸਿੰਘ ਫੌਜੀ ਕਪਤਾਨ ਸੀ) ਨੂੰ ਚਿੱਠੀ ਲਿਖੀ ਕਿ ਜੇ ਕਦੀ ਤੁਸੀਂ ਅਮਰਨਾਥ ਦੇ ਮੇਲੇ ਤੇ ਜੋ ਕਸ਼ਮੀਰ ਵਿੱਚ ਹੁੰਦਾ ਹੈ, ਪਧਾਰੇ ਤਦ ਅਸੀਂ ਵੀ ਉੱਥੇ ਆ ਕੇ ਆਪ ਦੇ ਨਾਲ ਪੰਜਾਬ ਦੇ ਮੁਲਕ ਬਾਬਤ ਕੁਝ ਗੱਲਬਾਤ ਕਰੀਏ। ਜੇ ਕਦੀ ਤੁਸੀਂ ਸਾਨੂੰ ਮਦਦ ਦੇਵੇਗੇ ਤਦ ਅਸੀਂ ਫਿਰ ਇੱਕ ਵੇਰ ਆਪਣੇ ਭਾਗਾਂ ਦੀ ਪ੍ਰੀਖਯਾ ਕਰਾਂਗੇ। ਦੂਜਾ ਖਤ ਇਸ ਭਾਵ ਦਾ ਉਹਨਾਂ ਨੇ ਕਾਬਲ ਦੇ ਅਮੀਰ ਵਲ ਲਿਖਿਆ, ਉਹ ਖਤ ਤਾਂ ਰਾਹ ਵਿੱਚ ਹੀ ਫੜਿਆ ਗਿਆ ਤੇ ਰਾਜਾ ਗੁਲਾਬ ਸਿੰਘ ਨੇ ਝਟ ਹੀ ਓਹ ਅਸਲ ਖਤ ਅੰਗਰੇਜ਼ਾਂ ਦੇ ਲਾਹੌਰ ਵਾਲੇ ਰੈਜ਼ੀਡੰਟ ਪਾਸ ਭੇਜ ਦਿੱਤਾ। ਇਹ ਖਤ ਤੱਕਦੇ ਹੀ ਰੈਜ਼ੀਡੰਟ ਅਗਭਬੂਕਾ ਹੋ ਗਿਆ। ਝਟ ਫੌਜ ਲੈ ਕੇ ਅਟਾਰੀ ਆਇਆ ਤੇ ਸਰਦਾਰ ਚਤਰ ਸਿੰਘ, ਸ਼ੇਰ ਸਿੰਘ ਤੇ ਗੁਲਾਬ ਸਿੰਘ ਜੋ ਉਸ ਵੇਲੇ ਘਰ ਆਇਆ ਹੋਇਆ ਸੀ, ਅਤਰ ਸਿੰਘ, ਤੇਜ ਸਿੰਘ, ਨਾਹਰ ਸਿੰਘ ਤੇ ਰਤਨ ਸਿੰਘ ਨੂੰ ਕੈਦ ਕਰ ਕੇ ਲਾਹੌਰ ਲੈ ਗਿਆ ਤੇ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਕੇ ਮਕਾਨ ਢਵਾ ਦਿਤੇ। ਸਰਦਾਰ ਲਾਲ ਸਿੰਘ ਤੇ ਮਤਾਬ ਸਿੰਘ ਮਰਾੜੀਆ ਸ਼ਾਮ ਸਿੰਘ ਤੇ ਸੂਰਤ ਸਿੰਘ ਮਜੀਠਾ, ਦੀਵਾਨ ਹਾਕਮ ਰਾਏ ਦੋਨਾਂ ਪੁੱਤਰਾਂ ਸਮੇਤ ਕਿਸ਼ਨ ਕੌਰ ਅਰਜਨ ਸਿੰਘ ਜਨਰਲ ਹਰਸਾ ਸਿੰਘ ਸੁਲਤਾਨਵਿੰਡੀਆ ਆਦਿਕ ਸਾਰੇ ਸਿੱਖ ਸਰਦਾਰ ਫੜ ਕੇ ਲਾਹੌਰ ਆਂਦੇ ਗਏ ਤੇ ਸਾਰਿਆਂ ਦੀ ਜਾਇਦਾਦ ਜ਼ਬਤ ਕਰ ਲਈ ਗਈ। ਇਹ ਸਾਰੇ ਸਰਦਾਰ ਇੱਕ ਵੱਡਾ ਦਰਬਾਰ ਕਰ ਕੇ ਹਿੰਦੁਸਤਾਨ ਭੇਜੇ ਗਏ। ਪਿਨਸ਼ਨਾਂ ਨੀਯਤ ਕੀਤੀਆਂ ਗਈਆਂ। ਕਈ ਲੱਖਾਂ ਦੀਆਂ ਜਾਏਦਾਦਾਂ ਤੇ ਜਾਗੀਰਾਂ ਜ਼ਬਤ ਕੀਤੀਆਂ ਗਈਆਂ, ਜਿਸ ਵਿੱਚ ਕੇਵਲ ਅਟਾਰੀ ਵਾਲਿਆਂ ਦੀ ਜਾਗੀਰ ੧੪ ਲੱਖ ੭੨ ਹਜ਼ਾਰ ਤੇ ਜਾਏਦਾਦ ਇੱਕ ਕਰੋੜ ਰੁਪਯੇ ਦੀ ਸੀ। ਇਸੇ ਤਰ੍ਹਾਂ ਦੂਜੇ ਸਿੱਖ ਸਰਦਾਰਾਂ ਦੀ ਜਾਏਦਾਦ ਜ਼ਬਤ ਕੀਤੀ ਗਈ। ਇਹ ਸਾਰੇ ਸਰਦਾਰ ੨ ਜਨਵਰੀ ੧੮੫੦ ਨੂੰ ਲਾਹੌਰ ਤੋਂ ਚੱਲ ਕੇ ੧੨ ਮਾਰਚ ਨੂੰ ਅਲਾਹਬਾਦ ਪੁੱਜੇ। ਉੱਥੇ ਸਾਰੇ ਵੱਖੋ ਵੱਖ ਜਗ੍ਹਾ ਤੇ ਭੇਜ ਦਿੱਤੇ ਗਏ। ਜੇਹੜੇ ਸਰਦਾਰ ਪਹਿਲਾਂ ਫੜੇ ਗਏ ਤੇ ਬੇਕਸੂਰ ਸਮਝੇ ਗਏ, ਛੱਡੇ ਗਏ ਤੇ ਉਹਨਾਂ ਦੀਆਂ ਜਾਏਦਾਦਾਂ ਜੋ ਜ਼ਬਤ ਕੀਤੀਆਂ ਗਈਆਂ ਸਨ, ਵਾਪਸ ਦੇ ਦਿੱਤੀਆਂ। ਇਸ ਤੋਂ ਪਿੱਛੋਂ ਸਰਕਾਰ ਅੰਗਰੇਜ਼ੀ ਨੇ ਉੱਪਰਲੇ ਕਾਰਨ ਤੋਂ ਦਰਬਾਰ ਲਾਹੌਰ ਦਾ ਮੁਲਕ ਪੰਜਾਬ ਦਾ ਪ੍ਰਬੰਧ ਨਾ ਕਰ ਸਕਦਾ ਵੇਖ ਕੇ ਰਾਜਾ ਤੇਜ ਸਿੰਘ ਮਿਸਰ ਤੇ ਸਾਹਿਬ ਦਿਆਲ ਆਦਿਕ ਦੀ
ਸਲਾਹ ਨਾਲ ਸਲਤਨਤ ਲਾਹੌਰ ਨੂੰ ਹਮੇਸ਼ਾਂ ਦੇ ਵਾਸਤੇ ਅੰਗਰੇਜ਼ੀ ਸਲਤਨਤ ਵਿੱਚ ਸ਼ਾਮਲ ਕਰ ਲੈਣ ਦਾ ਨਿਸ਼ਚਾ ਕਰ ਕੇ ੨੧ ਮਾਰਚ ੧੮੫੦ ਮੁਤਾਬਕ ੧੭ ੧੯੦੬ ਬਿਕ੍ਰਮੀ ਨੂੰ ਜਨਾਬ ਈਲਸਟ ਸਾਹਿਬ ਸਕੱਤਰ ਗਵਰਨਰ ਜਨਰਲ ਡਲਹੌਜ਼ੀ ਸਾਹਿਬ ਬਹਾਦਰ ਵੈਸਰਾਏ ਦਾ ਹੁਕਮ ਸੁਨਾਣ ਵਾਸਤੇ ਲਾਹੌਰ ਆਏ। ਲਾਹੌਰ ਦੇ ਕਿਲ੍ਹੇ ਵਿੱਚ ਤਖ਼ਤ ਤੇ ਇੱਕ ਭਾਰੀ ਦਰਬਾਰ ਹੋਇਆ, ਜਿਸ ਵਿੱਚ ਮਹਾਰਾਜਾ ਦਲੀਪ ਸਿੰਘ ਅਹਿਲਕਾਰ ਤੇ ਪੰਜਾਬ ਦੇ ਸਾਰੇ ਰਈਸ ਸ਼ਾਮਲ ਸਨ। ਰੈਜ਼ੀਡੰਟ ਸਾਹਿਬ ਦੇ ਮੁਨਸ਼ੀ ਸੱਯਦ ਰਜਬ ਅਲੀ ਖਾਂ ਨੇ ਉੱਠ ਕੇ ਅੰਗਰੇਜ਼ੀ ਗਵਰਨਮੈਂਟ ਦਾ ਇੱਕ ਇਸ਼ਤਿਹਾਰ ਉੱਚੀ ਅਵਾਜ਼ ਨਾਲ ਪੜ੍ਹ ਕੇ ਸੁਣਾਇਆ, ਜਿਸ ਦੇ ਅਨੁਸਾਰ ਪੰਜਾਬ ਦੇ ਸੋਨਾ ਉਗਲਣ ਵਾਲੇ ਮੁਲਕ ਨੂੰ ਜ਼ਬਤ ਕੀਤਾ ਗਿਆ ਸੀ। ਪਹਿਲਾਂ ਓਹ ਸਾਰਾ ਅਹਿਦਨਾਮਾ ਪੜ੍ਹਿਆ ਜੋ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ ਸੀ। ਫਿਰ ਅੰਗਰੇਜ਼ਾਂ ਤੇ ਸਿੱਖਾਂ ਵਿੱਚ ਲੜਾਈਆਂ ਜੋ ਹੋਈਆਂ ਓਹਨਾਂ ਦੇ ਕਾਰਨ ਦੱਸੇ ਗਏ, ਫਿਰ ਕਿਹਾ ਕਿ ਹੁਣ ਮਜਬੂਰ ਹੋ ਕੇ ਇਸ ਦੇ ਬਿਨਾਂ ਕੋਈ ਇਲਾਜ ਨਹੀਂ ਦਿੱਸਦਾ ਕਿ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਕੇ ਅਮਨ ਵਰਤਾਇਆ ਜਾਵੇ।
ਮਹਾਰਾਜਾ ਦਲੀਪ ਸਿੰਘ ਦੀ ਪੰਜ ਲੱਖ ਸਾਲਾਨਾ ਪਿਨਸ਼ਨ ਹੋਈ। ਮਹਾਰਾਜਗੀ ਦਾ ਖ਼ਿਤਾਬ ਓਹਨਾਂ ਦੀ ਇੱਜ਼ਤ ਅੱਗੇ ਵਾਂਗ ਕਾਇਮ ਰਹੇਗੀ। ਇਨ੍ਹਾਂ ਨੂੰ ਹਿੰਦੁਸਤਾਨ ਭੇਜਿਆ ਜਾਵੇਗਾ। ਡਾਕਟਰ ਗੋਮਨ, ੧੨੦੦ ਮਾਹਵਾਰ ਤੇ ਇਨ੍ਹਾਂ ਨੂੰ ਸਿੱਖਿਆ ਦੇਣ ਲਈ ਨੀਯਤ ਕੀਤੇ ਗਏ, ਮਹਾਰਾਜੇ ਦੀ ਖਬਰਗੀਰੀ ਇਨ੍ਹਾਂ ਦੇ ਸਪੁਰਦ ਰਹੇਗੀ। ਮਹਾਰਾਜੇ ਦੇ ਸੰਬੰਧੀਆਂ ਨੂੰ ਵੀ ਪਿਨਸ਼ਨਾਂ ਮਿਲਣਗੀਆਂ। ਤੋਸ਼ਾਖਾਨਾ ਜ਼ਬਤ ਕੀਤਾ ਗਿਆ। ਕੋਹਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਵੱਲੋਂ ਮਲਕਾ ਮਹਾਰਾਣੀ ਵਿਕਟੋਰੀਆ ਸ਼ਹਿਨਸ਼ਾਹ ਇੰਗਲਸਤਾਨ ਦੀ ਭੇਟਾ ਕੀਤਾ ਗਿਆ।
ਜਿਸ ਵੇਲੇ ਇਹ ਇਸ਼ਤਿਹਾਰ ਪੜ੍ਹਿਆ ਗਿਆ ਤਦ ਸਵਾਏ ਤੇਜ ਸਿੰਘ ਮਿਸਰ ਤੇ ਓਹੋ ਜੇਹੇ ਦੋ ਚਾਰ ਹੋਰ ਲੂਣ ਹਰਾਮੀ ਸਰਦਾਰਾਂ ਦੇ ਸਾਰਿਆਂ ਦੀਆਂ ਅੱਖਾਂ ਅੱਗੇ ਅਨੇਰਾ ਛਾ ਗਿਆ ਤੇ ਰੰਗ ਉਡ ਗਏ, ਚਿਹਰਿਆਂ ਤੇ ਨਿਰਾਸਤਾ ਛਾ ਗਈ, ਹਵਾਈਆਂ ਉੱਡਣ ਲੱਗੀਆਂ, ਕੋਈ ਅਜੇਹਾ ਨਹੀਂ ਸੀ, ਜਿਸ ਦੀਆਂ ਅੱਖਾਂ ਵਿੱਚੋਂ ਅੱਥਰੂ ਨਾ ਵਗੇ ਹੋਣ, ਚੁੱਪ ਚਾਂ ਵਰਤ ਗਈ। ਓਸ ਵੇਲੇ ਰੈਜ਼ੀਡੰਟ ਤੇ ਈਲੀਅਟ ਸਾਹਿਬ ਵੈਸਰਾਏ ਦੇ ਸਕੱਤ੍ਰ ਨੇ ਦਰਬਾਰੀਆਂ ਦੇ ਦਸਤਖ਼ਤ ਕਰਾਣੇ ਸ਼ੁਰੂ ਕਰ ਦਿਤੇ, ਉਸ ਵੇਲੇ ਕਈ ਸਿੱਖ ਸਰਦਾਰਾਂ ਦੇ ਹੱਥ ਵਿੱਚੋਂ ਕਲਮ ਡਿਗ ਡਿਗ ਕੇ ਪੈਂਦੀ ਸੀ। ਕਈਆਂ ਨੇ ਦਸਖ਼ਤ ਕਰਨ ਤੋਂ ਨਾਂਹ ਕੀਤੀ, ਕਿੰਤੂ ਰੈਜ਼ੀਡੰਟ ਨੇ ਕਿਸੇ ਨੂੰ ਕੁਝ ਕਹਿ ਕੇ, ਕਿਸੇ ਤੋਂ ਜ਼ੋਰ ਨਾਲ, ਕਿਸੇ ਨੂੰ ਦਲਾਸਾ ਦੇ ਕੇ ਸਭ ਤੋਂ ਦਸਤਖ਼ਤ ਕਰਾ ਲਏ, ਕਿੰਤੂ ਬਖ਼ਸ਼ੀ ਭਗਤ ਰਾਮ ਨੇ ਕਿਹਾ ਕਿ ਹਾਏ ਸ਼ੋਕ! ਮੈਂ ਆਪਣੇ ਮਾਲਕ ਦੇ ਦੇਸ ਨਿਕਾਲੇ ਤੇ ਮੁਲਕ ਦੀ ਜ਼ਬਤੀ ਦੇ ਕਾਗ਼ਜ਼ ਤੇ ਦਸਤਖ਼ਤ ਕਰ ਕੇ ਜੀਉਂਦਾ ਰਹਾਂ? ਅਜੇਹਾ ਕਦੇ ਨਹੀਂ ਹੋਵੇਗਾ, ਭਾਵੇਂ ਗਵਰਨਮੈਂਟ ਅੰਗਰੇਜ਼ੀ ਵਲੋਂ ਮੇਰੇ ਵਾਸਤੇ ਕਿੰਨਾ ਹੀ ਭੈੜਾ ਨਤੀਜਾ ਨਿੱਕਲੇ। ਮਹਾਰਾਜਾ ਦਲੀਪ ਸਿੰਘ ਨੇ ਮੁਲਕ ਦੇ ਛੱਡਣ ਦੇ ਕਾਗ਼ਜ਼ ਤੇ ਦਸਤਖ਼ਤ ਕਰਨ ਤੋਂ ਕਾਫੀ ਚੁੱਪ ਵੱਟੀ ਕਿੰਤੂ ਮਜਬੂਰਨ ਕਰਨੇ ਪਏ, ਜਿਸ ਤੋਂ ਦਰਬਾਰ ਦੇ ਵਿੱਚ ਬੈਠਿਆਂ ਨੂੰ ਬੜਾ ਰੰਜ ਹੋਇਆ।
ਇਸ ਤੋਂ ਪਿੱਛੋਂ ੧ ਅਪਰੈਲ ਨੂੰ ਗਵਰਨਮੈਂਟ ਅੰਗਰੇਜ਼ੀ ਨੇ ਅਜੇਹੀ ਫਰੰਗੀਆਂ ਵਾਲੀ ਚਾਲ ਚੱਲੀ ਕਿ ਆਪਣੇ ਕੀਤੇ ਹੋਏ ਸਾਰੇ ਇਕਰਾਰਨਾਮਿਆਂ ਨੂੰ ਛਿੱਕੇ ਤੇ ਰੱਖ ਕੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦੇਣ ਦੀ ਥਾਂ ਸ਼ਾਹਜ਼ਾਦਾ ਸ਼ਿਵਦੇਵ ਸਿੰਘ (ਸਰਦਾਰ ਸ਼ੇਰ ਸਿੰਘ ਦੇ ਸਪੁੱਤਰ) ਸਮੇਤ ਦੇਸੋਂ ਬਾਹਰ ਭੇਜ ਦਿੱਤੇ। ਫਿਰ ਪੰਜਾਬ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈ ਕੇ ਗਵਰਨਮੈਂਟ ਅੰਗਰੇਜ਼ੀ ਨੇ ਜੋ ਜੋ ਕੁਝ ਉਚਿਤ ਸਮਝਿਆ, ਪ੍ਰਬੰਧ ਕੀਤਾ।
੧. ੨ ਅਪ੍ਰੈਲ ੧੮੫੦ ਨੂੰ ਅੱਧੀ ਰਾਤ ਦੇ ਵੇਲੇ ਸਾਰੇ ਸਿੱਖ ਸਰਦਾਰਾਂ ਨੂੰ ਜੋ ਆਪਣੇ ਆਪਣੇ ਟਿਕਾਣਿਆਂ ਤੇ ਸੁੱਤੇ ਸਨ, ਅੰਗਰੇਜ਼ੀ ਫੌਜ ਨੇ ਜਾ ਫੜਿਆ। ਇੱਕ ਦੀ ਖ਼ਬਰ ਦੂਜੇ ਨੂੰ ਨਾ ਦਿੱਤੀ। ਹਰ ਇੱਕ ਦੇ ਹਥ੍ਯਾਰ ਲੈ ਲਏ ਜਿਹਾ ਕਿ ਵਾਜਬ ਸਮਝਿਆ, ਸਲੂਕ ਕੀਤਾ।
੨. ਮਹਾਰਾਜਾ ਦਲੀਪ ਸਿੰਘ ਦੀ ਜਿੰਨੀ ਫ਼ੌਜ ਸੀ, ਸਭ ਨੂੰ ਇੱਕ ਵਾਰ ਹਟਾ ਦਿੱਤਾ। ਕੇਵਲ ਉਹ ਅਫਸਰ ਜਿਨ੍ਹਾਂ ਨੇ ਸਰਕਾਰ ਦੇ ਅਨੁਸਾਰੀ ਰਹਿਣਾ ਮੰਨਿਆ ਤੇ ਨੌਕਰੀ ਕਰਨ ਯੋਗ ਸਨ, ਰੱਖ ਲਏ ਬਾਕੀਆਂ ਨੂੰ ਪਿਨਸ਼ਨਾਂ ਤੇ ਇਨਾਮ: ਜੋ ਉਚਿਤ ਸਮਝਿਆ, ਦੇ ਦਿਤੇ ਤੇ ਘਰਾਂ ਨੂੰ ਟੋਰ ਦਿੱਤਾ।
ਸ਼ੁਕਰ ਹੈ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਲੈ ਕੇ ਅਜਿਹਾ ਸਲੂਕ ਸਿੱਖਾਂ ਦੇ ਨਾਲ ਨਹੀਂ ਕੀਤਾ ਜਿਹਾ ਕਿ ਇੱਕ ਫਤਹਮੰਦ ਕੌਮ ਹਾਰੀ ਹੋਈ ਕੌਮ ਦੇ ਨਾਲ ਕਰਦੀ ਹੈ। ਸਾਰਿਆਂ ਦੇ ਹਰ ਹਕੂਕ ਨੂੰ ਕਾਇਮ ਰਖ੍ਯਾ, ਬਲਕਿ ਕਈ ਅਜੇਹੇ ਸਰਦਾਰ ਜਿਨ੍ਹਾਂ ਨੇ ਖ਼ਾਲੀ ਵਿਰੋਧਤਾ ਕੀਤੀ ਤੇ ਲੜਾਈ ਵਿੱਚ ਕਈ ਅੰਗਰੇਜ਼ ਅਫਸਰਾਂ ਨੂੰ ਆਪਣੀ ਹਥੀਂ ਮਾਰਿਆ ਸੀ, ਉਹਨਾਂ ਦੀਆਂ ਜਾਗੀਰਾਂ ਜ਼ਬਤ ਹੋਣ ਦੇ ਪਿੱਛੋਂ ਉਹਨਾਂ ਨੂੰ ਵੀ ਆਪਣੀ ਪ੍ਰਜਾ ਜਾਣ ਕੇ ਹੈਸੀਅਤ ਅਨੁਸਾਰ ਪਿਨਸ਼ਨਾਂ ਤੇ ਗੁਜ਼ਾਰੇ ਆਦਿਕ ਦਿਤੇ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿੰਨੀਆਂ ਰਾਣੀਆਂ ਤੇ ਟੈਹਲਣਾਂ ਸਨ, ਸਭ ਨੂੰ ਕਾਫੀ ਪਿਨਸ਼ਨਾਂ ਦਿੱਤੀਆਂ। ਇਨ੍ਹਾਂ ਦਾ ਵੇਰਵਾ ਚੌਥੇ ਹਿੱਸੇ ਦੇ ਸਰਦਾਰ ਖਾਲਸਾ ਵਿੱਚ ਦਿੱਤਾ ਜਾਏਗਾ।
ਇਹ ਗੱਲ ਲੁਕੀ ਨਾ ਰਹੇ ਕਿ ਸਿੱਖਾਂ ਦੇ ਵਾਸਤੇ ਇਹ ਭੀ ਫਖਰ ਦੀ ਗੱਲ ਹੈ ਕਿ ਜਿਹਾ ਕਿ ਖ਼ਾਸ ਤਰ੍ਹਾਂ ਦੀ ਕ੍ਰਿਪਾ ਤੇ ਇਨਸਾਫ਼ ਦਾ ਸਲੂਕ ਅੰਗਰੇਜ਼ੀ ਗਵਰਨਮੈਂਟ ਨੇ ਪੰਜਾਬ ਫਤਹ ਕਰ ਕੇ ਕੀਤਾ ਹੈ, ਓਹ ਅਦੁੱਤੀ ਹੈ ਤੇ ਸਿੱਖਾਂ ਨੇ ਵੀ ਆਪਣੇ ਆਪ ਨੂੰ ਵਫ਼ਾਦਾਰ, ਨਿਮਕ ਹਲਾਲ ਤੇ ਪ੍ਰਜਾ ਦੇ ਖ਼ੈਰਖ਼ਾਹ ਸਾਬਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੀ। ਏਥੋਂ ਤਕ ਕਿ ਜਿਸ ਜ਼ਮਾਨੇ ਵਿੱਚ ਸਿੱਖਾਂ ਦੇ ਖ਼ਾਸ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਵੀ ਸਰਕਾਰ ਅੰਗਰੇਜ਼ੀ ਦੀਆਂ ਸ਼ਾਹੀ ਕ੍ਰਿਪਾਲਤਾਵਾਂ ਨੂੰ ਭੁਲ ਕੇ ਆਪਹੁਦਰੀ ਕੀਤੀ, ਸਿੱਖਾਂ ਨੇ ਜ਼ਰਾ ਕਰ ਕੇ ਨਹੀਂ ਕੀਤੀ, ਸਗੋਂ ਇੱਕ ਚਿੱਠੀ ਮਹਾਰਾਜਾ ਦਲੀਪ ਸਿੰਘ ਵੱਲੋਂ ਸਹਾਇਤਾ ਲਈ ਸਿਵਲ ਮਿਲਟਰੀ ਗਜ਼ਟ ੨੦ ਜੂਨ ੧੮੮੯ ਵਿੱਚ ਛਪੀ ਸੀ ਜੋ ਸਿੱਖ ਕੌਮ ਦੇ ਪਾਸ ਪੁੱਜੀ ਸੀ। ਓਹ ਸਮਾਂ ਵੀ ਸਿੱਖਾਂ ਦੀ ਇੱਕ ਵੱਡੀ ਪ੍ਰੀਖ੍ਯਾ ਦਾ ਸੀ, ਜਿਸ ਵਿੱਚ ਸਿੱਖ ਕੌਮ ਨੇ ਕੇਵਲ ਆਪਣੀ ਦ੍ਰਿੜਤਾ ਦਿਲ ਜਾਨ ਤੋਂ ਸੱਚੀ ਖੈਰਖਾਹੀ ਤੇ ਮਦਦ ਨਾ ਦੇਣ ਤੇ ਚੁੱਪ ਹੀ ਨਹੀਂ ਰੱਖੀ, ਸਗੋਂ ਉਸ ਚਿੱਠੀ ਦੇ ਉੱਤਰ ਤੋਂ ਹੀ ਸਾਬਤ ਹੈ ਕਿ ਸਰਕਾਰ ਅੰਗਰੇਜ਼ੀ ਦੀ ਕ੍ਰਿਪਾਲਤਾ ਤੇ ਕਦਰ ਪਛਾਨਣ ਤੇ ਸਿੱਖ ਕੌਮ ਕਿੰਨੀ ਵਾਰਨੇ ਜਾ ਰਹੀ ਹੈ, ਜੋ ਖਾਲਸਾ ਪੰਥ ਨੇ ਇਕੱਠਿਆਂ ਹੋ ਗੁਜਰਾਂਵਾਲਾ ਤੋਂ ੩੦ ਅਕਤੂਬਰ ੧੮੮੯ ਉਪ੍ਰੋਕਤ ਅਖਬਾਰ ਵਿੱਚ ਛਪਵਾ ਕੇ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਜੀ। ਜਿੰਨੀ ਸਿੱਖ ਕੌਮ ਸਰਕਾਰ ਦੀ ਵਫ਼ਾਦਾਰ ਤੇ ਸ਼ੁਭਚਿੰਤਕ ਦਿਲੋਂ ਹੈ, ਉਹਨਾਂ ਸਾਰੀਆਂ ਗੱਲਾਂ ਦਾ ਪੂਰਾ ਵੇਰਵਾ ਇਸ ਪੁਸਤਕ ਦੇ ਪੰਜਵੇਂ ਹਿੱਸੇ ਵਿੱਚ ਹੋਵੇਗਾ ਤੇ ਦੱਸਿਆ ਜਾਵੇਗਾ ਕਿ ਸਿੱਖ ਕਿੰਨੇ ਕੁ ਨਿਮਕ ਹਲਾਲ ਤੇ ਵਫ਼ਾਦਾਰ ਤਾਜ ਬਰਤਾਨੀਆਂ ਦੇ ਹਨ। ਮਹਾਰਾਜਾ ਦਲੀਪ ਸਿੰਘ ਦੇ ਤਖ਼ਤ ਤੋਂ ਅੱਡ ਹੋਣ ਮਗਰੋਂ ਜੋ ਕੁਝ ਸਿੱਖਾਂ ਦਾ ਇਤਹਾਸਕ ਹਾਲ ਸਰਕਾਰ ਅੰਗਰੇਜ਼ੀ ਦੇ ਨਿਆਏਂ ਪੂਰਬਕ ਜ਼ਮਾਨੇ ਨਾਲ ਸੰਬੰਧ ਰੱਖਦਾ ਹੈ, ਇਸ ਕਿਤਾਬ ਦੇ ਅੰਤ ਵਿੱਚ ਹੀ ਓਹਦਾ ਲਿਖਣਾ ਠੀਕ ਜਾਪਦਾ ਹੈ।
੨੦. ਹੁਣ ਥੋੜ੍ਹਾ ਜਿਹਾ ਹਾਲ ਰਾਣੀ ਸਾਹਿਬਾਂ ਜਿੰਦ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਪਾਠਕਾਂ ਦੀ ਭੇਟਾ ਕੀਤਾ ਜਾਂਦਾ ਹੈ
ਅਸੀਂ ਦਸ ਚੁੱਕੇ ਹਾਂ ਕਿ ਰਾਣੀ ਜਿੰਦਾਂ ਮਾਤਾ ਮਹਾਰਾਜਾ ਦਲੀਪ ਸਿੰਘ ੧੭ ਮਈ ੧੮੪੮ ਨੂੰ ਕਿਲ੍ਹਾ ਸ਼ੇਖੂਪੁਰੇ ਤੋਂ ਬਨਾਰਸ ਭੇਜੀ ਗਈ ਜੋ ੩ ਅਪ੍ਰੈਲ ੧੮੩੯ ਨੂੰ ਫਿਰ ਨੱਸ ਜਾਣ ਦੇ ਸ਼ੁਬੇ ਵਿੱਚ ਮਹਾਰਾਣੀ ਨੂੰ ਚੰਦਾਲਗੜ੍ਹ ਭੇਜਿਆ ਗਿਆ। ਕਿੰਤੂ ਓਥੋਂ ਵੀ ਓਹ ਆਪਣੇ ਮੋਹਤਬਿਰ ਜਮੀਅਤ ਰਾਏ ਦੀ ਰਾਹੀਂ ੨੧ ਅਪ੍ਰੈਲ ਨੂੰ ਬੈਰਾਗਣ ਦੇ ਭੇਸ ਵਿੱਚ ਹੋ ਕੇ ਨਿੱਕਲ ਗਈ ਤੇ ਨੀਪਾਲ ਜਾ ਪੁੱਜੀ। ਉੱਥੇ ਉਸ ਨੂੰ ਮਹਾਰਾਜਾ ਨੀਪਾਲ ਵਲੋਂ ਇੱਕ ਹਜ਼ਾਰ ਰੁਪਯਾ ਮਹਾਵਾਰ ਗੁਜ਼ਾਰਾ ਮਿਲਦਾ ਰਿਹਾ।
ਰਾਣੀ ਜਿੰਦਾਂ ਦੇ ਨਿੱਕਲ ਜਾਣ ਦਾ ਬਿਰਤਾਂਤ ਬੜਾ ਹੀ ਅਦਭੁਤ ਹੈ। ਮਹਾਰਾਣੀ ਦਾ ਨੌਕਰ ਜਮੀਅਤ ਰਾਏ ਸਦਾ ਦੇ ਰਿਵਾਜ ਅਨੁਸਾਰ ਇੱਕ ਮਣ ਕਣਕ ਰੋਜ਼ ਅੰਦਰ ਲੈ ਜਾਂਦਾ ਤੇ ਮਹਾਰਾਣੀ ਦੇ ਹੱਥ ਲਵਾ ਕੇ ਬਾਹਰਲਿਆਂ ਗ਼ਰੀਬਾਂ ਤੇ ਅਨਾਥਾਂ ਵਿੱਚ ਵੰਡ ਦੇਂਦਾ ਸੀ। ਫਿਰ ਓਸ ਨੇ ਕਣਕ ਬਰਤਨਾਂ ਵਿੱਚ ਪਾ ਕੇ ਲੈ ਜਾਣੀ ਸ਼ੁਰੂ ਕੀਤੀ: ਅੰਤ ਨੂੰ ਇੱਕ ਦਿਨ ਬਰਤਨ ਤਾਂ ਅੰਦਰ ਹੀ ਛੱਡ ਆਇਆ ਤੇ ਮਹਾਰਾਣੀ ਨੂੰ ਉਸੇ ਘੋੜੇ ਵਿੱਚ ਬਿਠਾ ਕੇ ਨੀਪਾਲ ਪੁਚਾ ਦਿੱਤਾ। ਕਪਤਾਨ ਜੋ ਮਹਾਰਾਣੀ ਤੇ ਰਾਖਾ ਸੀ, ਰੋਜ਼ ਹਾਲ ਪੁੱਛਦਾ। ਮਹਾਰਾਣੀ ਸਾਹਿਬ ਅੰਦਰੋਂ ਆਪਣਾ ਹੱਥ ਚੂੜੇ ਵਾਲਾ ਅੰਗੂਠੀ ਸਮੇਤ ਬਾਹਰ ਕੱਢ ਕੇ ਵਿਖਾ ਦੇਂਦੀ ਸੀ। ਮਹਾਰਾਣੀ ਨੇ ਇੱਕ ਨੌਕਰਾਣੀ ਨੂੰ ਆਪਣਾ ਚੂੜਾ ਅਤੇ ਅੰਗੂਠੀ ਪਾ ਕੇ ਬਿਠਾ ਦਿੱਤਾ ਤੇ ਓਹ ਬਰਾਬਰ ਪੁੱਛ ਤੇ ਬਾਂਹ ਬਾਹਰ ਕੱਢ ਕੇ ਦਸਦੀ ਰਹੀ। ਕਪਤਾਨ ਸਾਹਿਬ ਨੇ ਮਹਾਰਾਣੀ ਦੀ ਤਲਾਸ਼ੀ ਲੈ ਕੇ ਲੱਕ ਨਾਲੋਂ ਲੱਖਾਂ ਰੁਪਿਆ ਤੇ ਜਵਾਹਰਾਤ ਖੁੱਲਾ ਕੇ ਖ਼ਜ਼ਾਨੇ ਵਿੱਚ ਦਾਖਲ ਕਰਾਏ ਸਨ। ਗੋਲੀ ਨੇ ਇਸ ਗੱਲ ਦਾ ਬਦਲਾ ਲੈਣ ਲਈ ਬਾਹਰ ਨਿੱਕਲ ਕੇ ਮਸ਼ਹੂਰ ਕਰ ਦਿੱਤਾ ਕਿ ਕਪਤਾਨ ਸਾਹਿਬ ਰਾਣੀ ਨੂੰ ਨਸਾ ਕੇ ਕਿਤੇ ਲੈ ਗਏ ਹਨ। ਇਸ ਸ਼ੁਬੇ ਵਿੱਚ ਕਪਤਾਨ ਸਾਹਿਬ ਮੁਅੱਤਲ ਕਰ ਦਿੱਤੇ ਗਏ। ਫਿਰ ਇਸੇ ਗੋਲੀ ਨੇ; ਜੋ ਖਲਾਸੀ ਪਾ ਕੇ ਨੀਪਾਲ ਪੁੱਜ ਗਈ ਸੀ, ਇਹ ਇਸ਼ਤਿਹਾਰ ਦੇ ਦਿੱਤਾ ਕਿ ਸਾਡੀ ਮਹਾਰਾਣੀ ਸਾਹਿਬਾਂ ਨੂੰ ਕਪਤਾਨ ਸਾਹਿਬ ਨੀਪਾਲ ਦੀ ਹਦ ਤੇ ਛੱਡ ਗਏ ਹਨ, ਜੋ ਇਸ ਵੇਲੇ ਇੱਥੇ ਮੌਜੂਦ ਹੈ। ਇੱਥੇ ਮਹਾਰਾਣੀ ਸਾਹਿਬਾ ੧੪ ਵਰਿਹਾਂ ਤਕ ਵਜ਼ੀਫਾ ਲੈਂਦੀ ਰਹੀ।
੧੮੬੪ ਨੂੰ ਜਦ ਮਹਾਰਾਜਾ ਦਲੀਪ ਸਿੰਘ ਕਲਕੱਤੇ ਆਏ, ਤਦ ਮਹਾਰਾਣੀ ਨੇ ਆਪਣੇ ਬੇਟੇ ਨੂੰ ਮਿਲਣ ਲਈ ਨੀਪਾਲ ਦੇ ਮਹਾਰਾਜੇ ਪਾਸ ਦਰਖ਼ਾਸਤ ਦਿੱਤੀ। ਨੀਪਾਲ ਵਾਲਿਆਂ ਨੇ ਬਹੁਤੇਰਾ ਕਿਹਾ ਕਿ ਜੇ ਤੂੰ ਉੱਥੇ ਜਾਏਂਗੀ ਤਦ ਤੈਨੂੰ ਫੜ ਕੇ ਵਲਾਇਤ ਭੇਜ ਦੇਣਗੇ। ਕਿੰਤੂ ਮਹਾਰਾਣੀ ਨੇ ਪੁੱਤਰ ਦੀ ਜੁਦਾਈ ਨਾ ਸਹਾਰਦੇ ਹੋਏ ਹਰ ਆਉਣ ਵਾਲੀ ਬਿਪਤਾ ਨੂੰ ਸਹਾਰਨ ਦਾ ਖ਼ਿਆਲ ਪ੍ਰਗਟ ਕੀਤਾ। ਜਦ ਮਹਾਰਾਣੀ ਆਪਣੀ ਗੱਲ ਤੋਂ ਨਾ ਟਲੀ ਤਦ ਨੀਪਾਲ ਦੇ ਮਹਾਰਾਜੇ ਨੇ ਇਸ ਤੋਂ ਇੱਕ ਲਿਖਤ ਲਿਖਵਾ ਲਈ, ਜਿਸ ਵਿੱਚ ਲਿਖਿਆ ਸੀ ਕਿ ਮੈਂ ਆਪਣੀ ਖ਼ੁਸ਼ੀ ਨਾਲ ਨੀਪਾਲ ਤੋਂ ਜਾਂਦੀ ਹਾਂ। ਫਿਰ ਨੀਪਾਲ ਦੇ ਮਹਾਰਾਜੇ ਨੇ ਆਪਣੇ ਵਜ਼ੀਰ ਜੰਗ ਬਹਾਦਰ ਨੂੰ ਭੇਜਿਆ ਕਿ ਕੁਝ ਫੌਜ ਨਾਲ ਲੈ ਕੇ ਜਾਓ ਤੇ ਮਹਾਰਾਣੀ ਦੀ ਬਾਂਹ ਮਹਾਰਾਜਾ ਦਲੀਪ ਸਿੰਘ ਦੇ ਹੱਥ ਫੜਾ ਕੇ ਆਉਣੀ, ਸੋ ਅਜੇਹਾ ਹੀ ਹੋਇਆ।
ਮਹਾਰਾਣੀ ਸਾਹਿਬਾਂ ਨੂੰ ਮਹਾਰਾਜਾ ਦਲੀਪ ਸਿੰਘ ਸਮੇਤ ਵਲਾਇਤ ਭੇਜਿਆ ਗਿਆ ਜਿੱਥੇ ਓਹ ੬ ਮਹੀਨੇ ਬੀਮਾਰ ਰਹਿ ਕੇ ੧੮੬੬ ਵਿੱਚ ਚਲਾਣਾ ਕਰ ਗਈ। ਭਾਵੇਂ ਉਸ ਦੀ ਲਾਸ਼ ਨੂੰ ਉਸ ਮੁਲਕ ਦੇ ਰਿਵਾਜ ਅਨੁਸਾਰ ਦੱਬਿਆ ਗਿਆ ਸੀ, ਕਿੰਤੂ ਓਹਦੇ ਨੌਕਰ ਕਿਸ਼ਨ ਸਿੰਘ ਤੇ ਅੱਛਰ ਸਿੰਘ ਨੇ ਵਲਾਇਤੋਂ ਲਿਆ ਕੇ ਨਾਸਕ ਸ਼ਹਿਰ ਦੇ ਲਾਗੇ ਗੋਦਾਵਰੀ ਨਦੀ ਦੇ ਕੰਢੇ ਤੇ ਦਾਹ ਕਰਮ ਕੀਤਾ ਤੇ ਓਥੇ ਹੀ ਓਹਦੀ ਸਮਾਧ ਬਣਾਈ ਤੇ ਇਸ ਸਮਾਧ ਦੇ ਨਾਮ ਤੇ ਇੱਕ ਪਿੰਡ ਖਰੀਦ ਕੇ ਨਾਲ ਲਗਾ ਦਿੱਤਾ ਤਾਂ ਜੋ ਓਸ ਦੀ ਆਮਦਨ ਨਾਲ ਸਮਾਧ ਦੀ ਰੱਖਿਆ ਤੇ
ਆਉਣ ਜਾਣ ਵਾਲੇ ਅਭਿਆਗਤ ਨੂੰ ਰੋਟੀ ਮਿਲਦੀ ਰਹੇ। ਇਸ ਥਾਂ ਤੇ ਇਸ ਪਿੰਡ ਦੇ ਖ਼ਰਚ ਤੋਂ ਗੁਰਦੁਆਰਾ ਵੀ ਬਣਾ ਦਿੱਤਾ, ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋਂਦਾ ਰਹਿੰਦਾ ਹੈ।
ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਲੈ ਜਾ ਕੇ ਪਹਿਲਾਂ ਕੁਝ ਦਿਨ ਫਰੂਖਾਬਾਦ ਫਿਰ ਮਨਸੂਰੀ ਦੇ ਪਹਾੜ ਤੇ ੧੦ ਮਹੀਨੇ ਰੱਖ ਕੇ ਕਲਕੱਤੇ ਵਿੱਚ ਲੈ ਗਏ। ਡਾਕਟਰ ਲਾਗਣ ਇਸ ਦਾ ਪ੍ਰਬੰਧ ਕਰਦੇ ਸੀ। ਨਿੱਕੇ ਹੁੰਦਿਆਂ ਹੀ ਮਹਾਰਾਜਾ ਦੇ ਪਾਸ ਜਿੰਨੇ ਪੰਜਾਬੀ ਨੌਕਰ ਸਨ, ਸਭ ਹਟਾ ਕੇ ਓਹਨਾਂ ਦੀ ਜਗ੍ਹਾ ਹਿੰਦੁਸਤਾਨੀ ਰਖਾ ਦਿਤੇ। ਈਸਾਈਆਂ ਵਿੱਚ ਰਹਿਣ ਦੇ ਕਾਰਨ ੧੮੫੨ ਵਿੱਚ ਮਹਾਰਾਜੇ ਨੇ ਈਸਾਈ ਧਰਮ ਗ੍ਰਹਿਣ ਕਰ ਲਿਆ। ੧੮੫੩ ਨੂੰ ਵਲਾਇਤ ਭੇਜਿਆ ਗਿਆ। ਮਹਾਰਾਜਾ ਦਲੀਪ ਸਿੰਘ ਦੀ ਮਲਕਾ ਵਿਕਟੋਰੀਆ ਦੇ ਦਰਬਾਰ ਵਿੱਚ ਬੜੀ ਇੱਜ਼ਤ ਸੀ। ਮਲਕਾ ਮਹਾਰਾਣੀ ਇਨ੍ਹਾਂ ਨੂੰ ਆਪਣਾ ਪੁੱਤਰ ਕਹਿ ਕੇ ਸੱਦਦੀ ਸੀ। ਸ਼ਾਹੀ ਦਾਵਤਾਂ ਤੇ ਜਲਸਿਆਂ ਵਿੱਚ ਮਹਾਰਾਜਾ ਸਾਹਿਬ ਨੂੰ ਸ਼ਾਮਲ ਕੀਤਾ ਜਾਂਦਾ ਸੀ ਤੇ ਉੱਥੇ ਹੀ ਮਹਾਰਾਜੇ ਸਾਹਿਬ ਨੇ ਇੱਕ ਮਿਸਰ ਦੀ ਲੇਡੀ ਨਾਲ ਵਿਆਹ ਕਰ ਲਿਆ, ਜਿਸ ਵਿੱਚੋਂ ਦੋ ਬੇਟੇ ਤੇ ਦੋ ਬੇਟੀਆਂ ਸਨ। ਮਹਾਰਾਜਾ ਸਾਹਿਬ ਨੇ ਉਧਰ ਇੱਕ ਇਲਾਕਾ ਖਰੀਦ ਰੱਖਯਾ ਸੀ ਜੋ ਮਹਾਰਾਜਾ ਸਾਹਿਬ ਨੇ ੧੮੮੭ ਨੂੰ ਪੰਜਾਬ ਵਿੱਚ ਮੁੜਨ ਦੀ ਇੱਛਾ ਨਾਲ ਮੋਹਰਾਂ ਤੋਂ ਖ੍ਰੀਦਿਆ ਹੋਇਆ ਕੌਡੀਆਂ ਦੇ ਮੁੱਲ ਵੇਚ ਦਿੱਤਾ, ਕਿਉਂਕਿ ਉਹਨਾਂ ਨੂੰ ਪਾਰਲੀਮੈਂਟ ਤੋਂ ਆਪਣੇ ਮੁਲਕ ਵਿੱਚ ਆਉਣ ਦੀ ਖੁੱਲ ਹੋ ਗਈ ਸੀ। ਕਿੰਤੂ ਨਸੀਬਾਂ ਵਿੱਚ ਨਹੀਂ ਸੀ। ਕਈ ਇੱਕ ਪੰਜਾਬੀ ਤੇ ਪਹਾੜੀ ਰਈਸਾਂ ਨੇ ਜੋ ਮਹਾਰਾਜਾ ਸਾਹਿਬ ਦੇ ਆਉਣ ਤੇ ਵੈਸਰਾਏ ਦੇ ਦਰਬਾਰ ਵਿੱਚ ਆਪਣਾ ਦਰਜਾ ਘਟ ਜਾਣ ਦਾ ਖ਼ਿਆਲ ਰੱਖਦੇ ਸੀ, ਲਾਰਡ ਡਫਰਨ ਨੂੰ ਜਾ ਕੇ ਮਿਲੇ ਤੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਜਾਂ ਹਿੰਦੋਸਤਾਨ ਵਿੱਚ ਆ ਜਾਣ ਤੇ ਗਦਰ ਹੋ ਜਾਵੇਗਾ। ਸੋ ਲਾਰਡ ਡਫਰਨ ਨੇ ਇਹ ਗੱਲ ਪਰਾਲੀਮੈਂਟ ਨੂੰ ਲਿਖ ਦਿੱਤੀ, ਇਸ ਕਰ ਕੇ ਮਹਾਰਾਜਾ ਸਾਹਿਬ ਨੂੰ ਅਦਨ ਵਿੱਚ ਹੀ ਰੋਕ ਲਿਆ ਗਿਆ। ਉਸ ਵੇਲੇ ਅਚਨਚੇਤ ਸਿੱਖ ਫੌਜ ਹਵਾਸੀ ਦਾ ਮੁਲਕ ਫਤਹ ਕਰ ਕੇ ਆਈ ਤੇ ਉਹਦਾ ਜਹਾਜ਼ ਉੱਥੇ ਆ ਲੱਗਾ। ਮਹਾਰਾਜੇ ਨੂੰ ਇਹ ਫੌਜ ਮਿਲੀ। ਮਹਾਰਾਜੇ ਨੇ ਇਸ ਫੌਜ ਤੋਂ ਅੰਮ੍ਰਿਤ ਛਕ ਲਿਆ, ਜਿਸ ਤੋਂ ਸਰਕਾਰ ਨੂੰ ਹੋਰ ਵੀ ਸ਼ੱਕ ਜ਼ਿਆਦਾ ਹੋ ਗਿਆ। ਹੁਣ ਮਹਾਰਾਜਾ ਨੇ ਇੰਗਲੈਂਡ ਵਿੱਚ ਮੁੜ ਕੇ ਜਾਣਾ ਆਪਣੀ ਹੱਤਕ ਤੇ ਨੁਕਸਾਨ ਵਾਲੀ ਗੱਲ ਸਮਝੀ ਤੇ ਇੱਕ ਵਪਾਰੀ ਸਟੀਮਰ ਤੇ ਸਵਾਰ ਹੋ ਕੇ ਫ੍ਰਾਂਸ ਵਿੱਚ ਚਲਾ ਗਿਆ ਤੇ ਓਹਨਾਂ ਦੀ ਮਹਾਰਾਣੀ ਸੰਤਾਨ ਸਮੇਤ ਇੰਗਲੈਂਡ ਵਿੱਚ ਵਾਪਸ ਕਰ ਦਿੱਤੀ ਗਈ, ਜਿੱਥੇ ਓਹ ਮਹਾਰਾਜਾ ਦੇ ਵਿਜੋਗ ਵਿੱਚ ਬੀਮਾਰ ਹੋ ਕੇ ਗੁਜ਼ਰ ਗਈ।
ਮਹਾਰਾਜਾ ਸਾਹਿਬ ਫ੍ਰਾਂਸ ਵਿਚ ਕੁਝ ਦਿਨ ਰਹਿ ਕੇ ਰੂਸ ਵਿੱਚ ਚਲੇ ਗਏ। ਸਚ ਹੈ ਆਦਮੀ ਦੇ ਭਾਗ ਹਰ ਥਾਂ ਉਹਦੇ ਨਾਲ ਰਹਿੰਦੇ ਹਨ। ਜਿਸ ਅਖਬਾਰ ਦੇ ਐਡੀਟਰ ਨੇ ਜੋ ਮਹਾਰਾਜਾ ਦਾ ਬੜਾ ਪੱਕਾ ਦੋਸਤ ਸੀ ਤੇ ਰੂਸ ਦੇ ਸ਼ਾਹਜ਼ਾਦੇ ਦਾ ਵੀ ਬੜਾ ਮਿਤਰ ਸੀ, ਰੂਸ ਦੇ ਵਜ਼ੀਰ ਨਾਲ ਮਹਾਰਾਜੇ ਦੀ ਮੁਲਾਕਾਤ ਕਰਾਈ ਸੀ, ਉਸ ਨੇ ਮਦਦ ਦਾ ਇਕਰਾਰ ਵੀ ਕੀਤਾ ਸੀ। ਵਜ਼ੀਰ ਤੇ ਅਖਬਾਰ ਦਾ ਐਡੀਟਰ ਉਹਨਾਂ ਹੀ ਦਿਨਾਂ ਵਿੱਚ ਮਰ ਗਏ ਤੇ ਉਹਨਾਂ ਹੀ ਦਿਨਾਂ ਵਿੱਚ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਜੋ ਮਹਾਰਾਜੇ ਦਾ ਬੜਾ ਪੱਕਾ ਮਿਤਰ ਸੀ ਤੇ ਆਪਣੇ ਤਿੰਨੋ ਲੜਕੇ ਤੇ ਪ੍ਰਵਾਰ ਛੱਡ ਕੇ ਪਾਂਡੀਚਰੀ ਚਲਾ ਗਿਆ ਸੀ, ਉੱਥੇ ਗੁਜ਼ਰ ਗਿਆ। ਮਹਾਰਾਜਾ ਨੇ ਇੱਕ ਚਿੱਠੀ ਖਾਲਸਾ ਪੰਥ ਦੇ ਨਾਮ ਫਰਾਂਸ ਵਿੱਚੋਂ ਛਪਵਾ ਕੇ ਭੇਜੀ, ਜਿਸ ਦੇ ਉੱਤਰ ਨੇ ਮਹਾਰਾਜੇ ਦੀਆਂ ਆਸਾਂ ਦਾ ਲੱਕ ਉੱਕਾ ਹੀ ਤੋੜ ਸੁੱਟਿਆ ਕਿਉਂਕਿ ਉਸ ਚਿੱਠੀ ਦਾ ਮਤਲਬ ਮਹਾਰਾਜੇ ਦੀ ਮਨਸ਼ਾ ਦੇ ਵਿਰੁੱਧ ਸੀ। ਮਹਾਰਾਜਾ ਦਾ ਵੱਡਾ ਲੜਕਾ ਵਿਕਟਰ ਦਲੀਪ ਸਿੰਘ ਜੋ ਇੱਕ ਫੌਜ ਦਾ ਜਨਰਲ ਸੀ, ਗੁਜ਼ਰ ਗਿਆ ਤੇ ਮਹਾਰਾਣੀ ਵੀ ਉਹਨਾਂ ਦੇ ਵਿਯੋਗ ਵਿੱਚ ਬੀਤ ਚੁੱਕੀ ਸੀ। ਇਨ੍ਹਾਂ ਗੱਲਾਂ ਤੋਂ ਬੇਹੌਸਲਾ ਹੋ ਕੇ ਜਦ ਮਹਾਰਾਜੇ ਨੇ ਵੇਖਿਆ ਕਿ ਮਲਕਾ ਮਹਾਰਾਣੀ
ਦੇ ਅਧੀਨ ਹੋ ਕੇ ਰੈਹਣ ਤੋਂ ਛੁਟ ਕੋਈ ਜਗ੍ਹਾ ਸੁਖ ਤੇ ਚੈਨ ਨਾਲ ਵਤੀਤ (ਜੀਉਣ) ਕਰਨ ਦੀ ਨਹੀਂ ਹੈ ਤਦ ਓਹਨੇ ਮਲਕਾ ਮਹਾਰਾਣੀ ਤੋਂ ਆਪਣੇ ਸਾਰੇ ਕਸੂਰਾਂ ਦੀ ਖਿਮਾ ਮੰਗਦੇ ਹੋਏ ਓਹਨਾਂ ਆਪਣੇ ਸਾਰੇ ਦਾਵਿਆਂ ਨੂੰ ਜੋ ਆਪਣੇ ਤੇ ਆਪਣੇ ਪਿਤਾ ਦੇ ਮੁਲਕ ਸੰਬੰਧੀ ਪਰਾਲੀਮੈਂਟ ਵਿੱਚ ਕੀਤੇ ਹੋਏ ਸਨ ਵਾਪਸ ਲੈ ਲਏ ਤੇ ਹਰ ਤਰ੍ਹਾਂ ਦੇ ਹੱਕ ਹਕੂਕ ਤੋਂ ਹੱਥ ਉਠਾ ਲਿਆ, ਜਿਸ ਤੇ ਮਲਕਾ ਨੇ ਮਹਾਰਾਜਾ ਦਾ ਕਸੂਰ ਮਾਫ਼ ਕਰ ਦਿੱਤਾ ਤੇ ਉਸ ਨੂੰ ਵਾਪਸ ਵਲਾਇਤ ਬੁਲਾਇਆ ਤੇ ਅੱਗੇ ਵਾਂਗ ਹੀ ਉਹਦੀ ਇੱਜ਼ਤ ਹਰ ਥਾਂ ਹੋਣ ਲੱਗੀ। ਇਸ ਤਰ੍ਹਾਂ ਨਾਲ ਮਹਾਰਾਜਾ ਸਾਹਿਬ ਨੇ ੧੮੯੧ ਵਿੱਚ ਲੰਡਨ ਆ ਕੇ ਫਿਰ ਵਸੇਬਾ ਕਰ ਲਿਆ। ਕਿੰਤੂ ਮੌਤ ਨੂੰ ਉਹਦਾ ਉੱਥੇ ਰਹਿਣਾ ਪਸੰਦ ਨਹੀਂ ਸੀ।
ਰਾਜਾ ਦਲੀਪ ਸਿੰਘ ਨੂੰ ਮੁਲਕਾਂ ਦੀ ਸੈਰ ਕਰਨ ਦੀ ਬੜੀ ਆਦਤ ਪੈ ਗਈ ਸੀ। ਇਸ ਕਰ ਕੇ ਮੁਲਕ ਫਰਾਂਸ ਦੇ ਪੈਰਸ ਸ਼ਹਿਰ ਦੇ ਇਲਾਕੇ ਇੱਕ ਹੋਟਲ ਵਿੱਚ ਇੰਨੀ ਸ਼ਰਾਬ ਪੀ ਕੇ ਸੁੱਤਾ ਕਿ ਫਿਰ ਪਾਸਾ ਨਾ ਬਦਲਿਆ। ੨੨ ਅਕਤੂਬਰ ੧੮੯੩ ਨੂੰ ਮਰ ਗਿਆ। ਇਨ੍ਹਾਂ ਦੀ ਲਾਸ਼ ਲੰਡਨ ਲਿਆ ਕੇ ਮਹਲ ਅਲ ਬੇਡਨ ਜਿੱਥੇ ਇਨ੍ਹਾਂ ਦੀ ਮਹਾਰਾਣੀ ਦੱਬੀ ਹੋਈ ਸੀ, ਦਬਾ ਦਿੱਤਾ ਤੇ ਇੱਕ ਪੱਥਰ ਇਨ੍ਹਾਂ ਦੀ ਕਬਰ ਤੇ ਲਾਇਆ, ਜਿਸ ਤੇ ਲਿਖਿਆ ਹੈ:
ਦਲੀਪ ਸਿੰਘ ਮਹਾਰਾਜਾ ਵਾਲੀਏ ਲਾਹੌਰ ਜੀ ਸੀ ਐਸ.ਆਈ. ਨੇ ੪ ਸਤੰਬਰ ੧੮੩੮ ਨੂੰ ਉਤਪਨ ਹੋ ਕੇ ੫੫ ਸਾਲ ਡੇਢ ਮਹੀਨਾ ਜੀਉਂਦੇ ਰਹਿ ਕੇ ੨੨ ਅਕਤੂਬਰ ੧੮੯੩ ਨੂੰ ਬਹਿਸ਼ਤਾਂ ਵਿੱਚ ਨਿਵਾਸ ਕੀਤਾ।
ਇਹ ਮਹਾਰਾਜਾ ਬੜਾ ਖੂਬਸੂਰਤ, ਕਣਕ ਵੰਨਾ ਰੰਗ, ਉੱਚਾ ਕੱਦ, ਲੰਮੇ ਹੱਥ, ਹਿਰਨ ਵਾਂਗ ਅੱਖਾਂ, ਚੌੜੀ ਛਾਤੀ, ਬੜਾ ਮਿਲਣ ਸਾਰ, ਨਿਮਰ ਸੁਭਾਉ ਤੇ ਦਾਨੀ ਸੀ। ਆਪਣੀ ਸਾਰੀ ਉਮਰ ਸਰਕਾਰ ਦੀ ਤਾਬਿਆਦਾਰੀ ਤੇ ਈਸ਼ਵਰ ਦੀ ਬੰਦਗੀ ਵਿੱਚ ਕੱਟ ਕੇ ਤਿੰਨ ਲੜਕੇ ਤੇ ਤਿੰਨ ਲੜਕੀਆਂ ਛੱਡ ਕੇ ਪ੍ਰਲੋਕ ਗਮਨ ਕਰ ਗਿਆ।
ਇਸ ਮਹਾਰਾਜੇ ਦੇ ਖਾਨਦਾਨ ਦਾ ਬਾਕੀ ਹਾਲ ਚੌਥੇ ਹਿੱਸੇ ਵਿੱਚ ਦਰਜ ਹੈ।