ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥
ਰਾਣਾ ਭਬੋਰ*
੧.
ਰਾਤ ਕਿੰਨੀ ਹੀ ਲੰਘ ਗਈ, ਰਾਣਾ ਜੀ ਘਰ ਨਹੀਂ ਆਏ। ਰਾਣੀ ਬੇਸੁਧ ਪਈ ਹੈ, ਗੋਲੀਆਂ ਬਾਂਦੀਆਂ ਵੀਣੀ ਫੜੀ ਬੈਠੀਆਂ ਹਨ, ਵੈਦ ਜੀ ਪਾਸ ਹਨ, ਦਵਾਈ ਦੇ ਰਹੇ ਹਨ, ਪਰ ਹੰਸ ਨੇ ਪਰਤਾ ਨਹੀਂ ਖਾਧਾ। ਰਾਜੇ ਵੱਲ ਆਦਮੀ ਤੇ ਆਦਮੀ ਜਾ ਰਿਹਾ ਹੈ, ਪਰ ਉਹ ਆਏ ਨਹੀਂ।
ਸਵਾ ਪਹਿਰ ਲੰਘ ਗਈ ਤਾਂ ਰਾਣਾ ਉਦੇ ਸੈਨ ਮਹੱਲੀ ਆਏ, ਅੱਗੇ ਰਾਣੀ ਦੀ ਇਹ ਦਸ਼ਾ ਵੇਖਕੇ ਬੜੇ ਘਬਰਾਏ। ਵੈਦ ਨੂੰ ਪੁਛਿਆ। ਉਸ ਦੱਸਿਆ। ਕੋਈ ਡਾਢਾ ਸਦਮਾ ਹੋਇਆ ਹੈ, ਜਿਸਦੀ ਚੋਟ ਦਾ ਅਸਰ ਹੈ, ਨਾਜ਼ਕ ਵੇਲਾ ਬੀਤ ਚੁਕਾ ਹੈ, ਹੁਣ ਤਬੀਅਤ ਵਾਪਸ ਆ ਰਹੀ ਹੈ। ਨਬਜ਼ ਠੀਕ ਹੈ, ਹੋਸ਼ ਪਰਤਣ ਵਾਲੀ ਹੈ, ਹੁਣ ਖ਼ਤਰਾ ਨਹੀ। ਫੇਰ ਰਾਜੇ ਨੇ ਇਕ ਗੋਲੀ ਤੋਂ ਕਾਰਨ ਪੁਛਿਆ, ਗੋਲੀ ਬੋਲੀ :
ਮਹਾਰਾਉ ਜੀ। ਚੰਗੇ ਭਲੇ ਬੈਠੇ ਗੰਲਾਂ ਕਰਦੇ ਰਹੇ ਪਾਰ ਜੋ ਜੰਗ ਮਚਿਆ ਹੈ, ਉਸ ਦੇ ਹਾਲ ਪੁਛਦੇ ਸੁਣਦੇ ਰਹੇ ਹਨ। ਜਦੋ ਕਿਸੇ ਨੇ ਇਹ ਖਬਰ ਦੱਸੀ ਕਿ ਪਹਾੜੀਆਂ ਦੀ ਜਿੱਤ ਹੋ ਗਈ ਹੈ ਤੇ ਗੁਰੂ ਜੀ ਘੇਰੇ ਵਿਚ ਘਿਰਕੇ ਘਾਇਲ ਹੋ ਦੇਹ ਤਿਆਗ ਗਏ ਹਨ, ਤਦੋਂ ਐਧਰ ਓਧਰ ਤੱਕਕੇ ਚੁਪ ਜਿਹੇ ਹੋ ਗਏ, ਅੱਖਾਂ ਨਹੀਂ ਝਮਕੀਆਂ ਤੇ ਫੇਰ ਧੜ ਕਰਦੇ ਢਹਿ ਪਏ। ਉਸ ਵੇਲੇ ਤੋ ਹੋਸ਼ ਨਹੀਂ ਪਰਤੀ। ਵੈਦ ਜੀ ਸਾਰਾ ਜ਼ੋਰ ਲਾ ਥੱਕੇ ਹਨ, ਉਹੋ ਹਾਲ ਹੈ।
------------------
ਸੂਰਜ ਪ੍ਰਕਾਸ਼ ਨੇ ਇਸ ਨੂੰ 'ਬਿਭੋਰ ਤੇ ਭਬੋਰ ਦੋਹਾਂ ਤਰ੍ਹਾਂ ਲਿਖਿਆ ਹੈ।
ਰਾਣਾ ਸਮਝ ਗਿਆ ਕਿ ਰਾਣੀ ਦੇ ਅੰਦਰ ਕਿਸੇ ਡੂੰਘੀ ਤਰਬ ਨੂੰ ਸੱਟ ਵੱਜੀ ਹੈ। ਜਿਸਨੇ ਇਹ ਅਸਰ ਪਾਇਆ ਹੈ। ਥੋੜਾ: ਚਿਰ ਸੋਚਕੇ ਰਾਣੇ ਨੇ ਵੈਦ ਤੇ ਗੋਲੀਆਂ ਨੂੰ ਥੋੜੇ ਚਿਰ ਲਈ ਬਾਹਰ ਟੋਰਿਆ ਤੇ ਆਪ ਰਾਣੀ ਦਾ ਹੱਥ ਹੱਥਾਂ ਵਿਚ ਲੈਕੇ ਪਿਆਰ ਨਾਲ ਮਲਿਆ ਤੇ ਨਰਮ ਨਰਮ ਘੁੱਟਿਆ, ਤੇ ਕੰਨਾਂ ਨਾਲ ਮੂੰਹ ਲਾਕੇ ਸਹਿਜੇ ਸਹਿਜੇ ਕਹਿਣਾ ਸ਼ੁਰੂ ਕੀਤਾ : ਪ੍ਰਿਯਾਵਰ *। ਗੁਰੂ ਜੀ ਰਾਜ਼ੀ ਖੁਸ਼ੀ ਉਰਾਰ ਆ ਗਏ ਹਨ।" ਇਹ ਗੱਲ ਕੋਈ ਘੜੀ ਪੱਕੀ ਆਪ ਉਸ ਦੇ ਕੰਨ ਵਿਚ ਦੁਹਰਾਈ ਗਏ, ਕਿ ਅਚਾਨਕ ਅੱਖ ਖੁਲ੍ਹ ਗਈ, ਇਹ ਦੇਖ ਰਾਣੇ ਨੇ ਸਹਿਜ ਨਾਲ ਸਿਰ ਤੇ ਹੱਥ ਫੇਰਿਆ ਤੇ ਆਖਿਆ: ਗੁਰੂ ਜੀ ਰਾਜੀ ਖੁਸੀ ਉਰਾਰ ਆ ਪਹੁੰਚੇ ਹਨ।"
ਰਾਣੀ - ਹੈ, ਕੀ.. (ਚੁੱਪ ਹੋਕੇ ਫੇਰ ਸਹਿਜੇ) ਕੀ ਆਖਿਆ ਨੇ ?
ਰਾਜਾ - ਗੁਰੂ ਜੀ ਰਾਜ਼ੀ ਖੁਸ਼ੀ ਹਨ।
ਰਾਣੀ - ਹੈਂ । ਉਰਾਰ ਆ ਗਏ ਨੇਂ। ਕੀ ?
ਰਾਜਾ - ਗੁਰੂ ਜੀ ਰਾਜੀ ਖੁਸੀ ਹਨ।
ਰਾਣੀ - ਹੈਂ। ਸੱਚ ਰਾਜ਼ੀ ਖੁਸ਼ੀ । ਨਿੱਕੇ ਦੀ ਜੀਭ ਸਾੜ ਦਿਓ। ਸੱਚ ?
ਰਾਜਾ - ਸੱਚ ਰਾਜ਼ੀ ਖੁਸੀ ਹਨ।
ਰਾਣੀ - ਮੇਰੀ ਸਹੁੰ, ਸੱਚ ਦੱਸੋ ?
ਰਾਜਾ - ਸੱਚ ਹੈ, ਸੱਚ ਹੈ, ਉਹ ਤਾਂ ਦੁਸ਼ਮਨਾਂ ਨੂੰ ਮਾਰ ਪਛਾੜ ਉਰਾਰ ਆ ਗਏ ਹਨ।
ਰਾਣੀ - ਕਿੱਥੇ ?
ਰਾਜਾ - ਬਸਾਲੀ ਦੇ ਰਾਜ ਵਿਚ ਪਰਵਾਰ ਤੇ ਲਸ਼ਕਰ ਸਣੇ ਆ ਗਏ ਹਨ।
ਰਾਣੀ - ਤੇ ਵੈਰੀ ?
--------------------
ਰਾਜਾ ਜੀ ਇੰਵ ਬੁਲਾਇਆ ਕਰਦੇ ਸਨ ਤੇ ਏਹੋ ਫੇਰ ਨਾਉਂ ਪੱਕ ਗਿਆ: ਪ੍ਰਿਯਾਵਰ'
ਰਾਜਾ- ਪਾਰ ਆਪਣਾ ਸਿਰ ਧੁਣ ਰਹੇ ਹਨ, ਜਿੱਤ ਨਾ ਸਕਣ ਉੱਤੇ ਪਿੱਟ ਰਹੇ ਹਨ।
ਰਾਣੀ ਦੀਆਂ ਅੱਖਾਂ ਮਿਟ ਗਈਆਂ, ਹੁਣ ਬੇਹੋਸ਼ ਨਹੀ ਹੋਈ, ਕਿਸੇ ਸ਼ੁਕਰ ਤੇ ਸਵਾਦ ਵਿਚ ਗੁੰਮ ਹੋਕੇ ਅੱਖਾਂ ਵਿਚੋਂ ਪਾਣੀ ਕਿਰਿਆ, ਜਿਉਂ ਜਿਉਂ ਹੰਝੂ ਕਿਸੇ ਸੁਰਤ ਤਕੜੀ ਹੋਈ, ਸਿਰ ਸਾਫ ਹੋ ਗਿਆ ਤੇ ਤਾਕਤ ਬਣ ਆਈ, ਪਰ ਅਜੇ ਹਿਲ ਜੁਲ ਨਹੀ ਹੁੰਦਾ।
२.
ਦੋ ਕੁ ਦਿਨ ਰਾਣੀ ਪਲੰਘ ਪਰ ਰਹੀ, ਤਾਕਤ ਕੁਛ ਘੱਟ ਸੀ, ਉਂਞ ਵੱਲ ਸੀ, ਕੇਵਲ ਸਰਦੀ ਤੇ ਨਤਾਕਤੀ ਆਪਣਾ ਅਸਰ ਨਹੀਂ ਛੇੜਦੀ ਸੀ। ਤੀਏ ਦਿਨ ਤਾਕਤ ਨੇ ਚੰਗਾ ਮੋੜਾ ਖਾਧਾ।
ਸ਼ਾਮਾਂ ਦਾ ਵੇਲਾ ਹੈ, ਤਾਰੇ ਡਲ੍ਹਕ ਉਠੇ ਹਨ, ਨੀਲਾ ਨੀਲਾ ਅਕਾਸ਼ ਕੁਛ ਕਣੀਆਂ ਵਸਾਕੇ ਨਿਰਮਲ ਲਸ ਰਿਹਾ ਹੈ, 'ਵਾ ਹਾਰੇ ਪਲੰਘ ਡੱਠਾ ਹੈ, ਰਾਣਾ ਪਾਸ ਬੈਠਾ ਹੈ, ਗੋਲੀ ਬਾਂਦੀ ਪਾਸ ਕੋਈ ਨਹੀਂ, ਸਹਿਜੇ ਸਹਿਜੇ ਕੋਈ ਮਰਮਾਂ ਦੀਆਂ ਗੱਲਾਂ ਜਾਰੀ ਹਨ -
ਰਾਣੀ ਸਾਈ ਜੀਓ ! ਕਦ ਤੱਕ ਇਹ ਚੁਪ ? ਕਦ ਦਰਸ਼ਨ ਹੋਣਗੇ ?
ਰਾਣਾ - ਜਦ ਕਰਮ। ਹਾਂ ਦੱਸੋ ਤਾਂ ਸਹੀ ਤੁਸਾਂ ਨੂੰ ਕਿਵੇਂ ਸੱਟ ਲੱਗੀ ?
ਰਾਣੀ - ਹਾਇ ਯਾਦ ਕੀਤਿਆਂ ਫੇਰ ਉਹ ਪੀੜ ਪੈਂਦੀ ਹੈ। ਸਾਈ । ਉਹ ਘੜੀ ਸਿਰ ਦੇ ਵੈਰੀ ਨੂੰ ਨਾ ਦਿੱਸੇ।
ਰਾਣਾ - ਜੇ ਦੁਖ ਹੁੰਦਾ ਹੈ ਤਾਂ ਨਾ ਦੱਸੋ।
ਰਾਣੀ - ਜੀਓ ਦੱਸਦੀ ਹਾਂ, ਨਿੱਕੋ ਬਾਹਰੋਂ ਭੱਜੀ ਭੱਜੀ ਆਈ ਤੇ ਕਹਿਣ ਲੱਗੀ, ਪਾਪੀਆਂ ਦਾ ਜ਼ੋਰ ਚਲ ਗਿਆ, ਗੁਰੂ ਗੋਬਿੰਦ ਸਿੰਘ ਜੀ ਘਾਇਲ ਹੋਕੇ.. ਬੱਸ ਕੀ ਕਹਾਂ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਹੋਸ਼ ਗੁੰਮ ਹੋ ਗਈ, ਕਾਲਾ ਅੰਧਕਾਰ ਜਗਤ ਦਿੱਸਿਆ ਤੇ ਮੈਂ ਵਿਚ ਇਕੱਲੀ ਡਰ ਨਾਲ ਮਾਨੋ ਮਰ ਗਈ।
ਰਾਣਾ - ਨਿੱਕੋ ਬੜੀ ਮੂਰਖ ਹੈ, ਉਹ ਤਾਂ ਮਹਾਂਬਲੀ ਹੈਨ। ਅਸਲ ਵਿਚ ਉਨ੍ਹਾਂ ਦਾ
ਇਕ ਸੈਨਾਪਤੀ ਸਾਹਿਬ ਚੰਦ ਉਸ ਦਿਨ ਮਾਰਿਆ ਗਿਆ ਸੀ, ਤੇ ਉਸ ਮਹਾਂ ਸੂਰਮੇ ਦਾ ਘੋਰ ਸੰਗ੍ਰਾਮ ਰਚਕੇ ਸੂਰਮਗਤੀ ਦੀ ਅਉਧੀ ਕਰਕੇ ਸ਼ਹੀਦੀ ਪਾਣਾ ਇਹ ਖ਼ਬਰ ਧੁਮਾ ਗਿਆ ਸੀ ਕਿ ਉਹ ਗੁਰੂ ਜੀ ਆਪ ਸਨ, ਉਹ ਪਹਿਲੀ ਉਡਦੀ ਬੇਥਵੀ ਖ਼ਬਰ ਨਿੱਕੋ ਨੇ ਲਿਆ ਤੁਹਾਡੇ ਕੰਨੀ ਪਾਈ। ਦੁਖ ਹੋਇਆ ਪਰ ਸ਼ੁਕਰ ਹੈ ਕਿ ਖ਼ਬਰ ਝੂਠੀ ਨਿਕਲੀ, ਤੇ ਅਸਲ ਗੱਲ ਉਲਟੀ ਨਿਕਲੀ, ਜੋ ਉਹ ਫਤੇ ਪਾ ਕੇ ਉਰਾਰ ਆ ਗਏ ਹਨ।
ਘੋਰ ਸੰਗ੍ਰਾਮ ਕਰਕੇ ਦਰਯਾ ਟੱਪ ਜਾਣਾ ਸੈਨਾਂ ਸਣੇ, ਤੇ ਮੁਰਦਿਆਂ ਤੱਕ ਨੂੰ ਸੰਭਾਲ ਲੈਣਾ ਇਹ ਇਕ ਫਤਿਹ ਸੀ, ਜਿਸ ਨੇ ਮੂਰਖਾਂ ਦੇ ਦਿਲ ਤੋੜ ਦਿਤੇ ਤੇ ਵਜ਼ੀਰ ਖਾਂ ਸਿਰ ਧੁਣਦਾ ਪਹਾੜੀਆਂ ਤੋਂ ਜੰਗ ਦਾ ਖਰਚ ਲੈ ਕੇ ਮੁੜ ਗਿਆ, ਤੇ ਰਾਜੇ ਸਾਰੇ ਪਏ ਖਾਲੀ ਖ਼ਜ਼ਾਨੇ ਤੇ ਮੁਕਾਲਕਾਂ ਵੇਖਕੇ ਪਿੱਟਦੇ ਹਨ।
ਰਾਣੀ - ਗੁਰੂ ਜੀ ਹੁਣ ਕਿੱਥੇ ਹਨ ?
ਰਾਣਾ - ਰਾਜਾ ਬਸਾਲੀ ਦੀ ਰਾਜਧਾਨੀ ਵਿਚ ਟਿਕ ਰਹੇ ਹਨ, ਉਥੇ ਸਾਰੇ ਜੋਧੇ ਆਰਾਮ ਪਾ ਰਹੇ ਹਨ, ਆਪ ਸ਼ਿਕਾਰ ਚੜ੍ਹਦੇ ਹਨ, ਪਾਰ ਜਾਂਦੇ ਹਨ ਤੇ ਭੀਮ ਦੇ ਰਾਜ ਵਿਚ ਨਿਰਭੈ ਵਿਚਰ ਆਉਦੇ ਹਨ ਪਰ ਉਸ ਦੀ ਕੋਈ ਪੇਸ਼ ਨਹੀ ਜਾਂਦੀ।
ਰਾਣੀ - ਕਦੋ ਚੱਲੋਗੇ, ਕਦੋ ਸੱਦੋਗੇ ?
ਰਾਣਾ - ਜਦੋਂ ਸੱਦਣਗੇ, ਜਦੋਂ ਆਉਣਗੇ।
ਰਾਣੀ - ਹੁਣ ਤਾਂ ਪੰਘਰ ਪਵੋ, ਹੁਣ ਤਾਂ ਆਪਣੇ ਤੇ ਮੇਰੇ ਤੇ ਤਰਸ ਖਾਓ। ਪਿਆਰ ਕੀਹ ਤੇ ਚੁੱਪ ਦਾ ਕੀਹ ਉਪਦੇਸ਼ ਦੇਂਦੇ ਹੋ ?
ਰਾਣਾ - ਆਪਣੇ ਤੇ ਪਿਆਰਿਆਂ ਤੇ ਕੌਣ ਤਰਸ ਨਹੀਂ ਕਰਦਾ, ਪਰ ਦੇਵਗਤੀ ਪ੍ਰਬਲ ਹੈ। ਪਿਆਰ ਤੇ ਚੁੱਪ, ਇਹੋ ਸੁਆਦ ਹੈ। ਪਿਆਰ ਤੇ ਰੌਲਾ, ਪਿਆਰ ਦੇ ਪੁਕਾਰ, ਇਹ ਤਾਂ ਪਿਆਰ ਦੇ ਕੱਚੇ ਹੋਣ ਦੀ ਨਿਸ਼ਾਨੀ ਹੈ।
ਇੰਨੇ ਨੂੰ ਨਿੱਕੋ ਪਟਿੱਕੋ ਫੇਰ ਆ ਗਈ, ਪਰ ਅੱਜ ਹੱਸਦੀ ਹੱਸਦੀ ਆਈ ਹੈ, ''ਜੀ ਮੈਂ ਸੋਹਣੀ ਸੋ ਲਿਆਈ ਹਾਂ।"
ਰਾਣੀ - ਕੋਈ ਪੱਕੀ ਗਲ ਹੋਵੇ ਤਾਂ ਦੱਸੀ, ਐਵੇਂ ਲਾਰੇ ਲਾ ਲਾ ਨਾ ਖਪਾਵੀ।
ਨਿੱਕੋ - ਜੀ ਪੱਕੀ ਗੱਲ ਹੈ ਸਤਿਗੁਰ ਜੀ ਨੇ ਬਸਾਲੀ ਡੇਰੇ ਲਾ ਦਿੱਤੇ ਹਨ, ਸੰਗਤਾਂ ਓਥੇ ਹੀ ਆਉਣ ਜਾਣ ਲਗ ਪਈਆਂ ਹਨ, ਪਰ ਲਾਗ ਲਾਗ ਦੀਆਂ। ਖਿਆਲ ਪੈਂਦਾ ਹੈ ਕਿ ਸ਼ਾਇਦ ਇਥੇ ਹੀ ਰਹਿ ਪੈਣ, ਪਾਰ ਨਾ ਹੀ ਜਾਣ, ਨੇੜੇ ਆ ਗਏ।
ਰਾਣੀ - ਸੋਇ ਤਾਂ ਸੋਹਣੀ ਹੈ, ਪਰ ਹੈ ਕੱਚੀ, ਕੋਈ ਵਧੇਰੇ ਸੋਹਣੀ ਗਲ ਦੱਸ ?
ਨਿੱਕੋ ਦੱਸਾਂ - ਜ਼ਰੂਰ? ਜੀਓ, ਮੈਂ ਸਦਕੇ ਆਪ ਸ਼ਿਕਾਰ ਚੜ੍ਹਦੇ ਹਨ ਤਾਂ ਦੂਰ ਦੂਰ ਨਿਕਲ ਜਾਂਦੇ ਹਨ। ਕੱਲ ਸਾਡੇ ਰਾਜ ਵਿਚ ਬੀ ਚਰਨ ਪਾ ਗਏ ਰੰਗ ਲਾ ਗਏ ਹਨ।
ਇਹ ਸੁਣ ਕੇ ਰਾਣੀ ਦੇ ਨੈਣ ਭਰ ਆਏ, ਪਰ ਰਾਜਾ ਦੇ ਬੰਦ ਹੋ ਗਏ।
३.
ਇਹ ਰਾਣਾ ਰਾਣੀ ਕੌਣ ਹਨ ?
ਜਦੋਂ ਸਤਿਗੁਰੂ ਜੀ ਨੇ ਨਾਹਨ ਦੇ ਰਾਜ ਵਿਚ ਪਾਉਂਟਾ ਵਸਾਇਆ ਤੇ ਜਮਨਾ ਤਟ ਖੇਲ ਮਚਾਏ ਸਨ, ਤਦੋਂ ਰਾਜੇ ਨਾਹਨ ਨੂੰ ਤਾਰਿਆਂ ਸੀ। ਉਸ ਨੇ ਹੀ ਆਪਣੀ ਰਾਜਧਾਨੀ ਵਿਚ ਬਹੁਤ ਚਿਰ ਰੱਖਿਆ, ਸੇਵਾ ਤੇ ਭਾਉ ਭਗਤੀ ਕੀਤੀ ਸੀ। ਇਹ ਰਾਣੀ ਤਦੋਂ ਇੱਕ ਮੁਟਿਆਰ ਕੰਨਿਆਂ ਸੀ ਤੇ ਨਾਹਨ ਦੇ ਰਾਜ ਘਰਾਣੇ ਦੀ ਇਕ ਪੁਤ੍ਰੀ ਸੀ। ਗੁਰੂ ਜੀ ਫੇਰ ਪਾਉਂਟੇ ਚਲੇ ਗਏ। ਫੇਰ ਸਮਾਂ ਪਾ ਕੇ ਅਨੰਦਪੁਰ ਟੁਰ ਗਏ। ਇਸ ਬੀਬੀ ਦੇ ਵਿਆਹ ਦਾ ਪ੍ਰਬੰਧ ਮਾਪੇ ਕਰਨ ਲੱਗੇ। ਗੁਰਬਾਣੀ ਦਾ ਪਿਆਰ ਬੀਬੀ ਦੇ ਅੰਦਰ ਪੈ ਚੁਕਾ ਸੀ, ਪਾਠ ਦੀ ਨੇਮਣ ਤੇ ਪ੍ਰੇਮਣ ਸੀ। ਸਤਿਗੁਰ ਜੀ ਦੇ ਇਲਾਹੀ ਦਰਸ਼ਨਾਂ ਨਾਲ ਜੀਉ ਉਠੀ ਸੀ। ਉਨ੍ਹਾਂ ਦੀ ਕਦਰ ਤੇ ਪ੍ਰੀਤ ਨਾਲ ਸੁਰਜੀਤ ਹੋਈ ਹੋਈ ਸੀ। ਜਦੋਂ ਮਾਪੇ ਵਰ ਢੂੰਡਣ ਲੱਗੇ ਤਾਂ ਇਸ ਨੇ ਦੇਸ ਚਾਲ ਦਾ ਭੈ ਛੋੜ ਮਾਂ ਨੂੰ ਕਹਿ ਦਿੱਤਾ ਸੀ ਕਿ ਕਿਸੇ ਐਸੇ ਘਰਾਣੇ ਮੈਨੂੰ ਨਹੀਂ ਟੋਰਨਾ ਕਿ ਜਿਥੇ ਗੁਰੂ ਜੀ ਦਾ ਵਿਰੋਧ ਵਸਦਾ ਹੋਵੇ। ਲਗ ਪਗ ਸਾਰੇ ਪਹਾੜੀ ਰਾਜ ਉਨ੍ਹਾਂ ਨਾਲ ਈਰਖਾ ਰੱਖਦੇ ਹਨ। ਜਿਵੇਂ ਸਾਡਾ ਨਾਹਨ ਦਾ ਘਰਾਣਾ ਪਿਆਰ ਰਖਦਾ ਹੈ ਐਸੇ ਕਿਸੇ ਪਿਆਰ ਵਾਲੇ ਥਾਵੇਂ ਮੈਨੂੰ ਤੋਰਨਾ। ਮਾਵਾਂ ਦੇ ਦਿਲ ਜਿੰਨੇ ਨਰਮ ਧੀਆਂ ਲਈ
ਹੋਇਆ ਕਰਦੇ ਹਨ, ਉਹ ਨਰਮੀ ਦਿਲ ਦੀ ਅਦੁਤੀ ਹੈ। ਸਤਲੁਜ ਉਰਾਰ ਪਾਰ, ਜਮਨਾਂ ਤੋਂ ਲੈ ਰਾਵੀ ਤੱਕ ਪਰਵਾਰ ਨੇ ਟੋਲ ਕੀਤੀ ਯਾਂ ਤਾਂ ਵੈਰੀ ਬਿਨਾਂ ਰਾਜ ਘਰ ਨਾ ਲੱਭੇ, ਜੇ ਲੱਭੇ ਤਾਂ ਉਥੇ ਵਰ ਨਾ ਲੱਭ। ਬੜੀ ਖੋਜ ਭਾਲ ਮਗਰੋਂ ਭਬੋਰ ਦਾ ਰਾਜ ਘਰ ਲੱਭਾ। ਏਥੋਂ ਦਾ ਇਹ ਪਤਾ ਤਾਂ ਲਗ ਗਿਆ ਕਿ ਕਦੇ ਸਤਿਗੁਰਾਂ ਨਾਲ ਲੜਿਆ ਨਹੀਂ, ਪਰ ਟਿੱਕੇ ਦੇ ਸੁਭਾ ਦਾ ਪਤਾ ਨਾ ਲੱਗੇ ਕਿ ਕਿਹੋ ਜਿਹਾ ਹੈ, ਸਤਿਗੁਰਾਂ ਦੇ ਪਿਆਰ ਵਾਲਾ ਹੈ ਕਿ ਵੈਰ ਵਾਲਾ? ਜਤਨਾਂ ਮਗਰੋਂ ਇਸ ਨਿੱਕੇ ਤੋਂ ਮਾਂ ਨੂੰ ਪਤਾ ਲੱਗਾ ਕਿ ਟਿੱਕਾ ਇਕ ਚੁਪ ਰਹਿਣ ਵਾਲਾ ਲੜਕਾ ਹੈ, ਜਿਸ ਦੇ ਅੰਦਰ ਦਾ ਬਹੁ ਨਹੀ। ਪਰ ਜਦ ਕਦੇ ਕੋਈ ਜੰਗ ਛਿੜਦਾ ਹੈ ਤੇ ਭਬੋਰ ਦੇ ਦਰਬਾਰ ਗੱਲ ਛਿੜਦੀ ਹੈ ਤਾਂ ਟਿੱਕਾ ਕਰਵਟ ਦੇ ਕਹਿ ਦੇਂਦਾ ਹੈ, ਛੋੜੋ ਰਾਜਿਆਂ ਦੇ ਵਿਰੋਧੀ ਪੱਖ, ਕਿਉਂ ਇਨ੍ਹਾਂ ਨਾਲ ਰਲਿਆ ਜਾਵੇ ? ਮੂਰਖ ਹਨ। ਇੱਕੇ ਦਾ ਇਹ ਰੁਖ਼ ਰਾਜੇ ਨੂੰ ਬੀ ਬਚਾਈ ਰਖਦਾ ਹੈ ਰੁਖ਼ ਦਾ ਪਤਾ ਲੱਗ ਜਾਣ ਤੇ ਮਾਂ ਨੇ ਧੀ ਦਾ ਸਾਕ ਪਾ ਦਿਤਾ ਤੇ ਚੌਪਾ ਨਾਲ ਪਿਆਰ ਹੋ ਗਿਆ।
ਜਾਂ ਕਾਕੀ ਨਾਹਨ ਤੋਂ ਭਬੋਰ ਆਈ ਤਾਂ ਉਸ ਨੇ ਸਹੁਰੇ ਘਰ ਨੂੰ ਗੁਰੂ ਵੈਰ ਤੋਂ ਖਾਲੀ ਪਾਇਆ, ਜੇ ਕਦੇ ਸੁਣਿਆ ਤਾਂ ਇਹ ਕਿ ਵਡੇ ਰਾਉ ਜੀ ਗੁਰੂ ਜੀ ਦੇ ਪੱਖ ਦੀ ਗੱਲ ਕਰਦੇ ਹਨ। ਹੁਣ ਉਸ ਨੂੰ ਚਾਉ ਚੜੇ ਕਿ ਕਿਵੇਂ ਪਤੀ ਨੂੰ ਪ੍ਰੇਮੀ ਬਣਾਵਾਂ। ਬਾਣੀ ਦੀ ਨੇਮਣ, ਸੁਖਮਨੀ ਸਾਹਿਬ ਦੀ ਖਾਸ ਪ੍ਰੇਮਣ ਪਾਠ ਕਰਿਆ ਕਰੇ, ਪਤੀ ਸੁਣਿਆ ਕਰੇ, ਪਰ ਕੁਛ ਕਿਹਾ ਨਾ ਕਰੇ। ਇਹ ਬਹੁਤ ਵੇਰੀ ਗੁਰੂ ਜੀ ਦਾ ਜੱਸ ਕਰੇ, ਬਾਣੀ ਦੀ ਮਹਿਮਾ ਆਖੇ, ਆਪਣੀ ਨਾਮ ਦੀ ਪ੍ਰਾਪਤੀ ਦੀ ਅਭਿਲਾਖ ਦੱਸ, ਟਿੱਕਾ ਸੁਣੇ, ਪਰ ਜਵਾਬ ਲਗਦੇ ਚਾਰੇ ਕਦੇ ਕੁਛ ਨਾ ਦੇਵੇ, ਦੇਵੇ ਤਾਂ ਚੁੱਪ ਦਾ ਉਪਦੇਸ਼।
ਸਮਾਂ ਥੋੜਾ ਹੋਰ ਲੰਘਿਆ ਤਾਂ ਟਿੱਕਾ ਜੀ ਰਾਜਾ ਹੋ ਗਏ, ਹੁਣ ਇਹ ਰਾਣੀ ਹੋ ਗਈ। ਖੁੱਲ ਤੇ ਸਵੀਕਾਰ ਵਧ ਗਏ। ਹੋਰ ਵਿਆਹ ਹੋਣ ਦੀ ਥਾਵੇਂ ਰਾਜੇ ਦਾ ਪਿਆਰ ਸਗੋਂ ਹੋਰ ਵਧ ਗਿਆ। ਹੁਕਮ ਹਾਸਲ ਵਧ ਗਏ। ਪਰ ਨਾ ਵਧੀ ਤਾਂ ਇਕ ਗੱਲ, ਜੋ ਪਤੀ ਇਸ ਦੇ ਵਾਙ ਬਾਣੀ ਤੇ ਗੁਰੂ ਚਰਨਾਂ ਦਾ ਪ੍ਰੇਮੀ ਹੋਇਆ ਨਾ ਦਿੱਸੇ, ਪਰ ਇਹ ਅਚਰਜ ਗੱਲ ਵੇਖੋ ਕਿ ਕਿਸੇ ਜੁੱਧ ਵਿਚ ਵੀ ਭਬੋਰ ਨਾ ਜਾਕੇ ਰਲੇ। ਕੋਈ ਗੱਲ ਸਿੱਖਾਂ ਵਿਰੁੱਧ ਕਿ ਗੁਰੂ ਵਿਰੁਧ ਰਾਜ ਭਰ ਵਿਚ ਨਾ ਹੋਵੇ, ਕਿਤੇ ਰਾਣੇ ਨੂੰ ਕੋਈ ਸੂਹ ਪਵੇ ਤਾਂ ਉਸ ਦੀ ਦਰੁਸਤੀ ਤੱਤਕਾਲ ਹੋ ਜਾਵੇ, ਪਰ ਗੁਰੂ ਜੱਸ ਕਿ ਗੁਰੂ ਨਾਮ ਗੁਰਬਾਣੀ ਦਾ ਪਾਠ ਕਿ ਸੁਣਨ ਦਾ ਉੱਦਮ ਰਾਣੇ ਵਿਚ ਨਾ ਵੇਖ ਵੇਖ ਰਾਣੀ ਕਿਹਾ ਕਰੋ- ਹੇ ਬਿਧਨਾ। ਮੇਰੇ ਲੇਖ ਲਿਖਦਿਆਂ
ਦੁਖਾਂ ਤੋਂ ਸਾਫ ਰਖਦਿਆਂ, ਜਦ ਮੇਰੀ ਦਿਲੀ ਮੁਰਾਦ ਦੀ ਲਕੀਰ ਦਾ ਵੇਲਾ ਆਉਦਾ ਸੀ ਤਾਂ ਤੂੰ ਖਾਲੀ ਛੱਡ ਜਾਂਦੀ ਸੈਂ, ਪਰ ਹੱਛਾ ਏਥੇ ਮੇਰਾ ਗੁਰਬਾਣੀ ਦਾ ਪਿਆਰ ਆਪ ਲੀਕ ਵਾਹੇਗਾ ਤੇ ਆਪ ਸੋਹਣੀ ਕਕੇ ਵਾਹੇਗਾ। ਪਰ ਜਿੰਨੇ ਜ਼ੋਰ ਰਾਣੀ ਵਿਚ ਸਨ, ਤੇ ਜਿੰਨੀ ਹਿੰਮਤ ਕੋਈ ਪਤਿਬ੍ਰਤਾ ਕਰ ਸਕਦੀ ਹੈ, ਰਾਣੀ ਨੇ ਕੀਤੀ, ਮੁਰਾਦ ਸਿਰੇ ਚੜ੍ਹਾਈ ਨਾ ਦਿੱਸੀ, ਪਰ ਨਾ ਦਿੱਸੀ। ਹਾਂ, ਭਰਮ ਰਾਣੀ ਨੂੰ ਰਹਿੰਦਾ ਸੀ ਕਿ ਕੋਈ ਲੁਕਵੀ ਗੱਲ ਹੈ ਜ਼ਰੂਰ।
ਇਕ ਦਿਨ ਰਾਤ ਦੇ ਪਹਿਰ ਬੀਤਦੀ ਤੱਕ ਰਾਣਾ ਰਾਣੀ ਗੱਲੀ ਲੱਗੇ ਰਹੇ, ਪਿਆਰ ਤੇ ਸਤਿਕਾਰ ਦੇ ਪ੍ਰਸੰਗ ਟੁਰੇ ਰਹੇ ਰਾਣੀ ਨੇ ਗੁਰੂ ਜੱਸ ਸੁਣਾਇਆ, ਫੁਨਿਹਾਂ ਦਾ ਪਾਠ ਸੁਣਾਇਆ, ਰਾਣੇ ਸੁਣਿਆਂ, ਪਰ ਆਖਿਆ ਕੁਝ ਨਾ। ਫੇਰ ਸੌ ਗਏ, ਕੋਈ ਦੋ ਕੁ ਵਜੇ ਨਾਲ ਰਾਣਾ ਮਲਕੜੇ ਉਠਿਆ, ਪਲ ਭਰ ਰਾਣੀ ਦੇ ਪਲੰਘ ਸਿਰ੍ਹਾਣੇ ਖੜਾ ਤੱਕਦਾ ਰਿਹਾ, ਨਿਸਚੇ ਹੋ ਗਿਆ ਕਿ ਘੂਕ ਸੁੱਤੀ ਪਈ ਹੈ ਫੇਰ ਮਲਕੜੇ ਤਿਲਕ ਗਿਆ, ਪਰ ਰਾਣੀ ਵਿਚੋਂ ਜਾਗਦੀ ਸੀ। ਰਾਜੇ ਦੇ ਇਸ ਤਰ੍ਹਾਂ ਖਿਸਕਣ ਪਰ ਅਚਰਜ ਹੋ ਉਠੀ ਤੇ ਦੱਬੇ ਪੈਰ ਮਗਰੇ ਗਈ। ਰਾਜੇ ਨੇ ਅੰਦਰੋ ਅੰਦਰ ਇਕ ਕਮਰੇ ਜਾਕੇ ਇਕ ਚਾਬੀ ਕੱਢੀ, ਉਹ ਇਕ ਲੰਮੀ ਤਾਕੀ (ਅਲਮਾਰੀ) ਨੂੰ ਲਾਈ, ਬੂਹੇ ਖੁੱਲ੍ਹੇ ਤਾਂ ਅੰਦਰ ਪੌੜੀਆਂ ਸਨ। ਇਨ੍ਹਾਂ ਥਾਣੀ ਹੇਠਾਂ ਉਤਰ ਗਿਆ ਤਾਂ ਉਸ ਅਲਮਾਰੀ ਵਿਚੋਂ ਆਹਟ ਰੋਈ, ਰਾਣੀ ਤਾੜ ਗਈ ਤਾਂ ਉਸ ਅਲਮਾਰੀ ਵਿਚੋਂ ਆਹਟ ਹੋਈ, ਰਾਣੀ ਤਾੜ ਗਈ ਕਿ ਮੁੜ ਕੇ ਆ ਰਹੇ ਹਨ, ਸੋ ਛੇਤੀ ਛੇਤੀ ਆਪਣੇ ਮੰਜੇ ਤੇ ਜਾ ਲੇਟੀ, ਰਾਜੇ ਨੇ ਆਕੇ ਵੇਖਿਆ, ਰਾਣੀ ਓਸੇ ਤਰ੍ਹਾਂ ਸੁੱਤੀ ਪਈ ਤੱਕੀ ਤੇ ਆਪ ਬੀ ਸੌਂ ਗਿਆ।
ਹੁਣ ਰਾਣੀ ਦੇ ਜਾਗਣ ਦਾ ਵੇਲਾ ਸੀ, ਉਸ ਨੇ ਉਠਕੇ ਇਸ਼ਨਾਨ ਕੀਤਾ ਤੇ ਪਾਠ ਵਿਚ ਲੱਗੀ। ਭੋਗ ਪਾਇਆ। ਦਿਨ ਚੜ੍ਹ ਆਇਆ, ਰਾਣੀ ਨੇ ਰੋਜ਼ ਵਾਂਗ ਰਾਜੇ ਨੂੰ ਜਗਾਇਆ, ਇਸ਼ਨਾਨ ਕਰਾਇਆ, ਕੱਪੜੇ ਪਹਿਰਾਏ ਤੇ ਕੁਛ ਖਿਲਾਕੇ ਦਰਬਾਰ ਟੋਰਿਆ।
ਤ੍ਰੀਮਤਾਂ ਨੂੰ ਹੈਰਾਨੀ' ਛੇਤੀ ਚੰਬੜ ਜਾਇਆ ਕਰਦੀ ਹੈ। ਏਡੀ ਸੋਹਣੀ ਤੇ ਚੰਗੀ ਰਾਣੀ ਬੀ ਹੈਰਾਨੀ ਵਿਚ ਰੁੜ੍ਹ ਰਹੀ ਹੈ ਕਿ ਅਲਮਾਰੀ ਦੇ ਰਸਤੇ ਕੀ ਹੁੰਦਾ ਹੈ? ਤੇ ਅੱਜ ਦੈਵ ਵਲੋਂ ਮਦਦ ਮਿਲ ਗਈ, ਕੁੰਜੀਆਂ ਰਾਣਾ ਜੀ ਭੁੱਲ ਗਏ ਸਨ, ਇਹ ਲੈ ਤਤਕਾਲ
ਉੱਥੇ ਪੁਜੀ, ਉਸ ਅਲਮਾਰੀ ਨੂੰ ਖੋਲ੍ਹਿਆ, ਕਮਰੇ ਦਾ ਬੂਹਾ ਅੰਦਰੋ ਮਾਰ ਲਿਆ, ਪਰ ਅਲਮਾਰੀ ਦਾ ਬੂਹਾ ਖੁੱਲ੍ਹਾ ਛੱਡਕੇ ਹੇਠਾਂ ਉਤਰ ਗਈ, ਅੱਗੇ ਇਕ ਹੋਰ ਬੂਹਾ ਸੀ, ਪਰ ਉਹ ਢੋਇਆ ਹੋਇਆ ਸੀ, ਇਸ ਨੂੰ ਖੋਲ੍ਹਕੇ ਅੰਦਰ ਗਈ ਤਾਂ ਇਕ ਛੋਟਾ ਜਿਹਾ ਕਮਰਾ ਸੀ, ਕਾਲੀਨ ਵਿਛਿਆ ਹੋਇਆ ਸੀ, ਤਖਤ ਪੋਸ਼ ਡੱਠਾ ਹੋਇਆ ਸੀ, ਉਤੇ ਮੰਜੀ ਸਾਹਿਬ ਤੇ ਚੌਰ ਸੀ। ਇਕ ਪਾਸੇ ਖੁਰਾ ਸੀ, ਜਿਸ ਤੇ ਚੌਕੀ ਤੇ ਜਲ ਦਾ ਗੜਵਾ ਸੀ. ਕਮਰੇ ਨੂੰ ਟੋਲਦਿਆਂ ਇਕ ਲੰਮੀ ਅਲਮਾਰੀ ਦਿੱਸੀ। ਇਹ ਖੁੱਲ੍ਹੀ ਤਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆਰਾਮ ਵਿਚ ਬਿਰਾਜਮਾਨ ਸੀ।
ਡਾਢੇ ਪਿਆਰ ਤੇ ਬਿਹਬਲਤਾ ਦੇ ਗੁੱਸੇ ਵਿਚ ਬੋਲੀ : ‘ਹਾਇ ਬਿਧਨਾਂ । ਤੇਰੇ ਛਲ। ਮੈਨੂੰ ਐਡਾ ਗੁਰੂ ਪ੍ਰੇਮੀ ਪਤੀ ਦੇਕੇ ਫਿਰ ਕਿਉ ਤੜਫਣੀਆਂ ਵਿਚ ਰਖਿਆ। ਮੇਰੀ ਮੁਰਾਦ ਮੇਰੀ ਬੁੱਕਲ ਵਿਚ ਦੇਕੇ, ਮੇਰੇ ਸੀਨੇ ਨਾਲ ਲਾਕੇ ਫੇਰ ਵਿਯੋਗ ਵਰਤਾਈ ਰਖਿਆ, ਇਹ ਅਨੋਖਾ ਚਾਲਾਂ ਤੈਂ ਮੇਰੇ ਨਾਲ ਹੀ ਵਰਤਿਆ ਹੈ। (ਸਿਰ ਹਿਲਾਕੇ) ਵਾਹਵਾ। ਸ਼ੁਕਰ! ਮੇਰਾ ਇਹ ਨਿਕਾਰਾ ਸਰੀਰ ਗੁਰੂ ਕੇ ਸਿਖ ਦੀ ਸੇਵਾ ਵਿਚ ਸੁਫਲ ਹੋਇਆ ਹੈ, ਮੈਂ ਬੰਦੀ ਨੂੰ ਸਿਖ ਦਾ ਸਿਰ ਛਤਰ ਮਿਲਿਆ, ਉਹ ਜਾਣੇ ਮੈਨੂੰ ਪਤਾ ਨਹੀਂ ਸੀ ਤਾਂ ਕੀ ਹੋਇਆ, ਬਿਧਨਾਂ ਬੇਦਰਦ ਹੈ: ਕਿਸੇ ਦੀ ਝੋਲੀ ਮੁਰਾਦ ਪਾਂਦੀ ਨਹੀਂ। ਪਾਵੇ ਤਾਂ ਨੈਣਾਂ ਅਗੇ ਪਰਦਾ ਤਾਣ ਦੇਂਦੀ ਹੈ। ਸ਼ੁਕਰ ਹੈ, ਅੱਜ ਕਿਸੇ ਮਿਹਰ ਨੇ ਮੇਰੇ ਛੇੜ ਕੱਟ ਘੱਤੇ ਹਨ।
ਰਾਣੀ ਨੇ ਹੁਣ ਬੜੇ ਪ੍ਰੇਮ ਤੇ ਅਦਬ ਨਾਲ ਪ੍ਰਕਾਸ਼ ਕੀਤਾ, ਰੋ ਰੋ ਕੇ ਸ਼ੁਕਰ ਨਾਲ ਗਦ ਗਦ ਹੋ ਕੇ ਪਾਠ ਕੀਤਾ, ਸਦਕੇ ਵਾਰੀ ਗਈ, ਰੁਮਾਲ ਪਾਇਆ, ਕਮਰੇ ਨੂੰ ਸਿਰ ਦੇ ਦੁਪੱਟੇ ਨਾਲ ਮਲਕੜੇ ਪੂੰਝਿਆ ਤੇ ਸਿਰ ਤੇ ਉਹ ਦੁਪੱਟਾ ਲੈ ਕੇ, ਰੇ ਕੇ ਕਿਹਾ-
ਗੁਰ ਸਿਖਾਂ ਦੀ ਹਰਿ ਧੂੜਿ ਦੇਹਿ
ਹਮ ਪਾਪੀ ਭੀ ਗਤਿ ਪਾਂਹਿ।। (ਸਲੋਕ ਮ:੪)
ਕ੍ਰਿਪਾਨ ਚਾਈ, ਦੇਖੀ ਤੇ ਫੇਰ ਧਰ ਦਿੱਤੀ, ਫੇਰ ਗੁਰੂ ਬਾਬੇ ਨੂੰ ਮੱਥਾ ਟੇਕਿਆ, ਸ਼ੁਕਰ ਵਿਚ ਭਰੀ, ਰੋਈ ਅਰਦਾਸ ਕੀਤੀ ਤੇ ਸੁਆਦ ਭਰੀ ਪਿਛੇ ਪਰਤ ਪਈ। ਬਾਬਾ ਜੀ ਦਾ ਅਸਵਾਰਾ ਕਰਨਾ ਉਸੇ ਰਸ ਤਾਰ ਵਿਚ ਭੁੱਲ ਗਈ, ਪੌੜੀਆਂ ਚੜ੍ਹ ਆਈ ਤੇ ਬੂਹਾ ਮੀਟਿਆ, ਕੁੰਜੀ ਫੇਰੀ ਤੇ ਆਪਣੇ ਕਮਰੇ ਵਿਚ ਆ ਗਈ।
੪.
ਰਾਤ ਪਈ, ਰਾਣਾ ਜੀ ਅੱਜ ਦਿਨੇ ਬਹੁਤ ਕੰਮ ਕਰਕੇ ਥੱਕੇ ਹੋਏ ਸਵੀ ਸਾਂਝੀ ਸੌ ਗਏ। ਰਾਤ ਦੇ ਦੋ ਪਹਿਰ ਲੰਘ ਜਾਣ ਮਗਰੋਂ ਜਦੋਂ ਘੜਿਆਲੀ ਦੀ ਟੰਕਾਰ ਰਾਜੇ ਦੇ ਟੀਚੇ ਦੀ ਵੱਜੀ ਤਾਂ ਰਾਜਾ ਉਠਿਆ, ਰਾਣੀ ਸੁੱਤੀ ਵੇਖ ਟੁਰ ਗਿਆ। ਰਾਣੀ ਜਾਗਦੀ ਸੀ, ਮਗਰੇ ਉਠੀ ਤੇ ਮਗਰੇ ਗਈ, ਰਾਣਾ ਜੀ ਉਸੇ ਤਰ੍ਹਾਂ ਅਲਮਾਰੀ ਖੋਲ੍ਹ, ਮੋਮਬੱਤੀ ਜਗਾ, ਅੰਦਰੋ ਬੂਹੇ ਮਾਰ ਹੇਠਾਂ ਉਤਰ ਗਏ। ਅੱਗੇ ਜਾਕੇ ਕੀ ਦੇਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰਿਹਾ ਹੈ। ਇਕ ਵਾਰੀ ਤਾਂ ਹੈਰਾਨੀ ਤੇ ਅਚਰਜਤਾ ਛਾ ਗਈ, ਇੰਨੀ ਕਿ ਇਕ ਛਿਨ ਲਈ ਮੱਥਾ ਟੇਕਣਾ ਭੀ ਭੁੱਲ ਗਏ। ਫਿਰ ਖਿਆਲ ਨੇ ਮੋੜਾ ਖਾਧਾ ਕਿ ਮਤੋਂ ਮੈਂ ਹੀ ਕੱਲ ਅਸਵਾਰਾ ਕਰਨਾਂ ਭੁੱਲ ਗਿਆ ਹਾਂ। ਇਹ ਖਿਆਲ ਆਂਦੇ ਹੀ ਅਫਸੋਸ ਹੋਇਆ ਤੇ ਨਿੰਮ੍ਰੀ ਭੂਤ ਹੋਕੇ ਗੋਡੇ ਟੇਕੇ, ਫਿਰ ਮੱਥਾ ਟੇਕ ਕੇ ਰੋ ਪਿਆ। 'ਹਾਇ ਰਾਜ ਮਦ । ਇਸ ਦਰਬਾਰ ਬੀ ਮੈਥੋਂ ਬੇਪਰਵਾਹੀਆਂ ਹੁੰਦੀਆਂ ਹਨ, ਕਿਉਂ ਮੈਂ ਇਕ ਪਿਆਰ ਵਾਲੇ ਆਦਮੀ ਦੀ ਤਰ੍ਹਾਂ, ਇਕ ਦਾਸਾ ਭਾਵ ਵਾਲੇ ਗੁਲਾਮ ਦੀ ਤਰ੍ਹਾਂ ਏਥੇ ਖ਼ਬਰਦਾਰ ਤੇ ਸਾਵਧਾਨ ਨਹੀ ਰਹਿੰਦਾ। ਇਸ ਤਰ੍ਹਾਂ ਦੇ ਹਾਵੇ ਕਰ ਕਰ ਰਾਜੇ ਦਾ ਖਿਆਲ ਫਿਰ ਪਰਤਿਆ, 'ਅੱਛਾ ਜੋ ਹੋ ਗਈ ਸੋ ਵਾਹ ਵਾਹ ਮੈਨੂੰ ਗੁਰੂ ਅੰਤਰਜਾਮੀ ਬਖਸ਼ੇ।" ਫੇਰ ਪਾਣੀ ਲਿਆ, ਪੰਜ ਇਸ਼ਨਾਨਾ ਕੀਤਾ ਤੇ ਇਕ ਨੁੱਕਰੇ ਬੈਠ ਗਿਆ। ਕਿੰਨਾ ਚਿਰ ਚੁੱਪ ਬੈਠਾ ਰਿਹਾ, ਮਾਨੋ ਧਿਆਨ ਕਿਤੇ ਜੋੜ ਕੇ ਬੈਠਾ ਹੈ, ਪਰ ਫੇਰ ਘਬਰਾ ਪਿਆ ਤੇ ਮਨ ਕਿਤੇ ਜੁੜਨ ਦੀ ਥਾਂ ਏਸੇ ਵਹਿਮ ਵਿਚ ਗਿਆ ਕਿ ਨਹੀ ਮੈਂ ਤਾਂ ਮਹਾਰਾਜ ਦਾ ਅਸਵਾਰਾ ਕਰਕੇ ਗਿਆ ਸਾਂ। ਹੁਣ ਇਕ ਵਹਿਸ਼ਤ ਛਾਈ, ਕਿ ਹੈ ਮੇਰਾ ਭੇਤ ਕਿਸ ਤਰ੍ਹਾਂ ਖੁੱਲ ਗਿਆ? ਉਸ ਦਾ ਦਿਲ ਅੰਦਰ ਇਕ ਖਉਲਰ ਪਿਆ, ਉਠ ਖੜਾ ਹੋਇਆ, ਕਮਰੇ ਵਿਚ ਇਧਰ ਉਧਰ ਲੱਗਾ ਫਿਰਨ, ਫਿਰਦਿਆਂ ਨਜ਼ਰ ਹੇਠਾਂ ਗਲੀਚੇ ਤੇ ਪਈ, ਕੁਛ ਚਮਕਦਾ ਸੀ, ਨਿਊ ਕੇ ਤੱਕਿਆ ਤਾਂ ਕੋਈ ਕੋਈ ਤਾਰ ਤਿੱਲੇ ਦੀ ਦਿੱਸੀ, ਹੁਣ ਤਲਾਸ਼ ਢੂੰਡ ਦਾ ਸ਼ੌਕ ਹੋਰ ਵਧਿਆ ਨੀਝ ਲਾ ਲਾ ਕੇ ਲੱਗਾ ਵੇਖਣ ਤਾਂ ਇਕ ਨਿੱਕਾ ਮੋਤੀ ਦਿੱਸਿਆ, ਇਹ ਚਾ ਕੇ ਤੱਕਿਆ : 'ਭਗਵਾਨ ਹੇ ਭਗਵਾਨ। ਫੇਰ ਹੋਰ ਤੱਕਿਆ ਤਾਂ ਇਕ ਨਿੱਕੀ ਜੇਹੀ ਲੜੀ ਨਿੱਕੇ ਮੋਤੀਆਂ ਦੀ ਟੁੱਟੀ ਹੋਈ ਮਿਲੀ। 'ਹਾਂ । ਪ੍ਰਿਯਾਵਰ ਜੀ, ਤੁਸਾਂ ਆਖਰ ਮੇਰਾ ਭੇਤ ਭੰਨ ਲਿਆ ਪਰ ਭੰਨ ਲਿਆ। ਹੇ ਦਾਤਾ । ਮੇਰੀ ਇਹ ਚਾਹ ਕਿ ਪਿਆਰ ਮੇਰੇ ਨੂੰ ਵਾ ਨਾ ਲੱਗੇ, ਪੂਰੀ ਨਾ ਹੋਈ। ਆਦਮੀ ਜੇ ਬੋਲੇ ਨਾ ਤਾਂ ਇਕ ਬੰਦ ਸ਼ੀਸ਼ੀ ਹੈ, ਜਿਸ ਦੇ ਵਿਚ ਪਾਈ ਸ਼ੈ ਦਾ ਕੋਈ
ਬਹੁ ਨਹੀ, ਆਪੇ ਬੋਲੇ ਖੁੱਲ੍ਹੇ ਤਾਂ ਅੰਦਰ ਦਾ ਪਤਾ ਦੇਵੇ। ਮੈਂ ਬਥੇਰੀ ਚੁੱਪ ਰੱਖੀ, ਬਥੇਰਾ ਢੱਕਣ ਦੱਬੀ ਰੱਖਿਆ, ਪਰ ਚੰਚਲ ਪ੍ਰਿਯਾਵਰ । ਤੂੰ ਮੇਰੇ ਅੰਦਰਲੇ ਭੇਤ ਨੂੰ ਹਵਾ ਲਾ ਹੀ ਲਈ। ਚੰਗਾ। ਹੈਂ, ਕੋਈ ਹੋਰ ਨ ਹੋਵੇ। ਹੋਰ ਕੌਣ ਹੋ ਸਕਦਾ ਹੈ, ਇਹ ਤਿੱਲੇ ਦੀਆਂ ਤਾਰਾਂ ਉਸੇ ਦੇ ਦੁਪੱਟੇ ਦੀਆਂ ਹਨ, ਇਹ ਮੋਤੀ ਦੁਪੱਟੇ ਦੇ ਸਿਰ ਦੇ ਪੱਲੂ ਉਤੇ ਮੈਂ ਹੀ ਕਹਿਕੇ ਲੁਆਏ ਸੀ, ਮੈਂ ਹੀ ਲਾਹੌਰ ਤੋਂ ਮੰਗਾਏ ਸੀ। ਹਾਂ ਪਿਆਰੀ, ਹਰ ਚੋਰ ਪ੍ਰਿਯਾਵਰ। ਚੋਰ ਦਾ ਚੇਤਾ ਚੰਗਾ ਨਹੀਂ ਰਹਿੰਦਾ, ਉਸ ਨੂੰ ਆਪਣੀ ਸਲਾਮਤੀ ਪਿਛੇ ਕਾਹਲੀ ਹੁੰਦੀ ਹੈ ਕਿ ਕਿਵੇਂ ਇਸ ਹਾਲਤ ਤੋਂ ਛੇਤੀ ਉਸ ਹਾਲਤ ਵਿਚ ਅੱਪੜਾਂ ਜਿਸ ਵਿਚ ਕਿ ਮੇਰੀ ਚੋਰੀ ਸਿਰੋਂ ਨਾ ਫੜੀ ਜਾਵੇ, ਇਹ ਕਾਹਲੀ ਉਸ ਦੇ ਚੇਤੇ ਨੂੰ ਮੈਲਿਆਂ ਕਰਦੀ ਹੈ, ਉਹ ਅਧੂਰੇ ਕੰਮ ਛੱਡ ਜਾਂਦਾ ਹੈ ਤੇ ਕਈ ਵੇਰ ਆਪਣੇ ਖੁਰੇ ਤੇ ਨਿਸ਼ਾਨ ਛੋੜ ਤੁਰਦਾ ਹੈ। ਜਿਸ ਤੋਂ ਸੂੰਹ ਕੀਤਿਆਂ ਚੋਰ ਫੜਿਆ ਜਾਂਦਾ ਹੈ। ਕਾਹਲੀ ਵਿਚ ਦੁਪੱਟੇ ਦੇ ਢੱਠੇ ਮੋਤੀਆਂ ਵਲੋਂ ਬੇ ਖਿਆਲ ਟੁਰ ਗਈ। ਕਾਹਲੀ ਵਿਚ ਪ੍ਰਿਯਾਵਰ ਅਸਵਾਰਾ ਕਰਨਾ ਭੁੱਲ ਗਈ।''
ਇਸ ਤਰ੍ਹਾਂ ਮਨੋਵਾਦ ਕਰਦੇ ਰਾਜਾ ਜੀ ਫਿਰ ਉੱਪਰ ਗਏ, ਜਾ ਕੇ ਛੇਤੀ ਨਾਲ ਇਸਨਾਨ ਕੀਤਾ ਤੇ ਕਪੜੇ ਪਾਏ। ਫਿਰ ਆ ਗਏ, ਪਾਠ ਕੀਤਾ, ਅਸਵਾਰਾ ਕਰਾਇਆ। ਫਿਰ ਮੱਥਾ ਟੇਕ ਕੇ ਬੜੀ ਪਿਆਰਾਂ ਵਾਲੀ ਅਰਦਾਸ ਕੀਤੀ: 'ਹੇ ਦਾਤਾ। ਮੇਰਾ ਪਿਆਰ ਨਿਭੇ, ਜੋ ਆਪੇ ਲਾਇਆ ਜੇ ਆਪੇ ਤੋੜ ਚੜ੍ਹਾਓ, ਇਹ ਹੀਰਾ-ਕਣੀ ਮੇਰੇ ਦਿਲ ਦੀ ਤੈ ਤੋਂ ਬਾਹਰ ਨ ਜਾਵੇ, ਅੱਜ ਮੇਰਾ ਭੇਤ ਖੁੱਲ੍ਹਾ ਹੈ, ਪ੍ਰਿਯਾਵਰ ਦੇ ਮੂੰਹ ਨੂੰ ਜੰਦਰਾ ਦੇਹ, ਉਸ ਤੋਂ ਅੱਗੇ ਭੇਤ ਨਾ ਟੁਰੇ। ਹਾਂ ਮੈਨੂੰ ਜੇ ਮੇਹਰ ਹੋਵੇ ਤਾਂ ਦੀਦਾਰ ਬਖਸ਼, ਪਰ ਹਯਾ ਵਾਲੇ ਪਰਦੇ ਵਿਚ, ਮੇਰਾ ਪਿਆਰ ਇਕ ਨਾਂ ਦਿੱਸਣ ਵਾਲੀ ਪੀੜ ਹੋਵੇ, ਤੇਰਾ ਦੀਦਾਰ ਇਕ ਗੁਣਕਾਰ ਦਵਾ ਹੋਵੇ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪੇ ਟੁਰ ਜਾਣ ਦੀ ਕਾਮਨਾਂ ਪੂਰਨ ਹੋਵੇ।
੫.
ਰਾਣੀ ਆਪਣੇ ਕਮਰੇ ਬੈਠੀ ਹੈ, ਹਵਾ ਆ ਰਹੀ ਹੈ, ਰਾਜਾ ਜੀ ਵਕਤ ਤੋਂ ਪਹਿਲਾਂ ਆ ਗਏ ਹਨ, ਰਾਣੀ ਸੁਖਮਨੀ ਦਾ ਪਾਠ ਕਰ ਰਹੀ ਹੈ। ਆਪ ਆ ਗਏ, ਬਹਿ ਗਏ ਤੇ ਪਾਠ ਸੁਣਦੇ ਰਹੇ, ਭੋਗ ਪੈ ਗਿਆ 'ਉਤਮ ਸਲੋਕ ਸਾਧ ਕੇ ਬਚਨ। ਅਮੁਲੀਕ ਲਾਲ ਏਹਿ ਰਤਨ।' ਇਹ ਤੁਕ ਬਾਰ ਬਾਰ ਕੰਨਾਂ ਵਿਚ ਗੂੰਜ ਰਹੀ ਹੈ ਤੇ ਇਕ ਸੁਆਦ ਦੇ ਰਹੀ ਹੈ। 'ਇਹ ਸਾਧੂ ਦੇ ਬਚਨ, ਇਹ ਪਿਆਰੇ ਦੇ ਵਾਕ ਅਮੋਲਕ ਲਾਲ ਤੇ ਰਤਨ ਹਨ,
ਲਾਲ ਤੇ ਰਤਨ ਛਿਪਾ ਕੇ ਰੱਖੀ ਦੇ ਹਨ, ਪਿਆਰ ਕੀਕੂੰ ਛੱਜਾਂ ਨਾਲ ਛੱਟੀਦਾ ਹੈ, ਇਹ ਤਾਂ ਰਤਨ ਹੈ।' ਇਉਂ ਸੋਚਦੇ ਆਪ ਨੇ ਮੋਤੀਆਂ ਦੀ ਟੁੱਟੀ ਸਰੀ ਤੇ ਵਿਚੋਂ ਨਿਕਲੇ ਮੋਤੀ ਤੇ ਕੱਠੀਆਂ ਕੀਤੀਆਂ ਤਿੱਲੇ ਦੀਆਂ ਤਾਰਾਂ ਰਾਣੀ ਦੇ ਅੱਗੇ ਕਰਕੇ ਕਿਹਾ: ਜਿਹੜੇ ਰਤਨਾਂ ਨੂੰ ਐਉਂ ਖਿਲਾਰ ਖਿਲਾਰ ਸੁੱਟਣ ਉਹ ਕਿੰਕੂ ਪੜ੍ਹ ਜਾਂਦੇ ਹਨ : 'ਅਮੁਲੀਕ ਲਾਲ ਏਹਿ ਰਤਨ?'
ਰਾਣੀ ਦਾ ਰੰਗ ਪਲਟਿਆ, ਪਰ ਛੇਤੀ ਮੋੜਾ ਖਾ ਗਿਆ, ਹਾਏ ਮੇਰਾ ਭੇਤ ਬੀ ਖੁੱਲ੍ਹ ਗਿਆ, ਰਾਣੇ ਦੀ ਚੋਰੀ ਰਾਣੀ ਨੇ ਲੱਭਕੇ ਖਿਆਲ ਕੀਤਾ ਸੀ ਕਿ ਮੈਂ ਮੱਲ ਮਾਰੀ ਹੈ, ਪਰ ਰਾਣੇ ਦੇ ਹੱਥ ਮੋਤੀ ਤਾਰਾਂ ਵੇਖਕੇ ਰਾਣੀ ਨੂੰ ਭਾਸ ਆਇਆ ਕਿ ਮੇਰੀ ਚੋਰੀ ਵੀ ਫੜੀ ਗਈ। ਦੋਵੇਂ ਇਕ ਦੂਜੇ ਦੇ ਸਾਮ੍ਹਣੇ ਮਾਨੋ ਇਕ ਦੂਜੇ ਦੇ ਚੋਰ ਬੈਠੇ ਹਨ।
ਪਰ ਸ਼ਰਮ ਦੋਹਾਂ ਨੂੰ ਸ਼ਰਮਿੰਦਿਆਂ ਨਹੀ ਕਰ ਰਹੀ, ਕਿਉਂਕਿ ਚੋਰ ਕੋਈ ਬੀ ਨਹੀਂ, ਦੋਨੋ ਇਕ ਅਸੂਲ ਤੇ ਖੜੇ ਹਨ। ਇਕ ਦੂਜੇ ਦੇ ਸਾਹਮਣੇ ਬੈਠੇ ਹਨ, ਆਪੋ ਵਿਚ ਪਿਆਰ ਤੇ ਸਤਿਕਾਰ ਹੈ, ਇਕ ਅਚਰਜ ਭਾਵ ਦਿਲਾਂ ਵਿਚ ਫਿਰ ਰਹੇ ਹਨ। ਰਾਣੀ ਪਤੀ ਦਾ ਵਾਕ ਸੁਣਕੇ ਚੁੱਪ ਰਹੀ ਪਰ ਫਿਰ ਬੋਲੀ : ਲਾਲ ਤੇ ਰਤਨ ਡੱਬਿਆਂ ਵਿਚ ਸਾਂਭੀ ਦੇ ਹਨ, ਪਰ ਕਦੇ ਪ੍ਰਗਟ ਕਰਨ ਲਈ। ਜੇ ਕਦੇ ਬੀ ਪ੍ਰਗਟ ਨਹੀਂ ਹੋਣੇ ਤਾਂ ਖਾਨ ਵਿਚ ਲੁਕੇ ਬੈਠੇ ਤੇ ਡੱਬਿਆਂ ਵਿਚ ਲੁਕਾਇ ਰੱਖੋ ਇੱਕ ਜੇਹੇ ਹਨ, ਜੌਹਰੀਆਂ ਦੀ ਸਾਂਭ ਤੇ ਖਰੀਦਾਰਾਂ ਦੀ ਖ਼ਰੀਦ ਫਿਰ ਕਿਸ ਲਈ ?'
ਰਾਜਾ - ਪਰ ਚੋਰਾਂ ਤੋਂ ਤਾਂ ਡੱਬੇ ਜੰਦਰੇ ਹੀ ਬਚਾਂਦੇ ਹਨ ਨਾਂ ?
ਰਾਣੀ - ਪਰ ਕੁੰਜੀਆਂ ਦੇ ਲੱਛੇ ਭੀ ਤਾਂ ਸਾਧਾਂ ਦੇ ਹੱਥ ਹੀ ਆਉਂਦੇ ਹਨ ?
ਰਾਜਾ - ਕੁੰਜੀਆਂ ਦੀ ਸਾਂਭ ਤੇ ਲੁਕੇ ਰਤਨਾਂ ਤੋਂ ਬੀ ਵਧੇਰੇ ਕਰੀਦੀ ਹੈ।
ਰਾਣੀ - ਕੁੰਜੀ ਬਰਬਾਦ ਅਪਣੇ ਮਾਲਕ ਤੋਂ ਬਿਨਾਂ ਹੋਰ ਕਿਸੇ ਨੂੰ ਕੁੰਜੀ ਦਾ ਭੇਤ ਨਹੀਂ ਦਿਆ ਕਰਦਾ।
ਰਾਜਾ - ਧੰਨਵਾਦ ਹੈ, ਪਰ ਪ੍ਰਿਯਾਵਰ । ਧੂੰ ਨਿਕਲ ਗਿਆਂ ਆਵਾ ਪਿੱਲਾ ਪੈ ਜਾਂਦਾ ਹੈ।
ਰਾਣੀ - ਚੰਗੀਆਂ ਚੀਜ਼ਾਂ ਚਾਨਣੇ ਵਿਚ ਵਸਦੀਆਂ ਹਨ, ਸੂਰਜ ਤੇ ਚੰਦ ਨੂੰ ਬੁਰਕੇ ਤੇ ਘੁੰਡ ਦੀ ਕਦੇ ਲੋੜ ਨਹੀਂ ਪਈ।
ਰਾਜਾ - ਬੀਜ ਜੇ ਲੁਕਣ ਨਾਂ ਤਾਂ ਫੁੱਟਦੇ ਨਹੀ, ਵਧਦੇ ਨਹੀਂ, ਮੌਲਦੇ ਨਹੀ, ਬ੍ਰਿਛ ਨਹੀ ਬਣਦੇ। ਜੜ੍ਹਾਂ ਜੇ ਪਰਦਿਆਂ ਵਿਚ ਨਾਂ ਰਹਿਣ ਤਾਂ ਬ੍ਰਿਛ ਬੂਟੇ ਮੁਰਝਾ ਜਾਂਦੇ ਹਨ।
ਰਾਣੀ - ਪਰ ਪੱਕ ਗਏ ਫਲ ਤਾਂ ਹਨੇਰੇ ਨਹੀ ਬਹਿੰਦੇ।
ਰਾਜਾ- ਪਰ ਉੱਗਣ ਵਾਲਾ ਅੰਗੂਰ ਤਾਂ ਪੱਕੇ ਫਲ ਦੇ ਅੰਦਰ ਬੀ ਪਰਦੇ ਦਰ ਪਰਦੇ ਛਿਪਕੇ ਬਹਿੰਦਾ ਹੈ।
ਰਾਣੀ - ਕਦੇ ਚਾਨਣੇ ਨੂੰ ਲੁਕਣ ਦੀ ਲੋੜ ਪੈਂਦੀ ਹੈ ?
ਰਾਜਾ - ਚਾਨਣਾ ਆਪਣੇ ਤ੍ਰਿਖਪਨ ਵਿਚ ਲੁਕਦਾ ਹੈ, ਸੂਰਜ ਪਰਦਾ ਨਹੀ ਕਰਦਾ, ਪਰ ਕੌਣ ਹੈ ਜੋ ਉਸ ਪਰ ਅੱਖ ਧਰ ਸਕੇ ?
ਰਾਣੀ - ਸੱਚ ਤੇ ਚੰਗਿਆਈ ਨੂੰ ਕਿਉਂ ਲੁਕਾ? -
ਰਾਜਾ - ਪਿਆਰ ਦੀ ਕਣੀ ਛਿਪੀ ਮਘਦੀ ਹੈ, ਪ੍ਰਗਟ ਰਹਵੇ ਤਾਂ ਹਵਾ ਦੇ ਬੁੱਲੇ ਨਹੀਂ ਝੱਲਦੀ।
ਰਾਣੀ - ਕਦੇ ਅੱਗ ਰੂੰ ਦੇ ਡੱਬਿਆਂ ਵਿਚ ਛਿਪੀ ਹੈ, ਕਿ ਕਦੇ ਪ੍ਰੇਮ ਸੀਨਿਆਂ ਵਿਚ ਲੁਕਿਆ ਹੈ ?
ਰਾਜਾ - ਪਰ ਕੋਈ ਛੱਜਾਂ ਵਿਚ ਪਾ ਕੇ ਵੇਚਦਾ ਫਿਰਦਾ ਬੀ?
ਰਾਣੀ - ਇਹ ਤਾਂ ਠੀਕ ਹੈ, ਪਰ ਪਰਵਾਨੇ ਦੀਵੇ ਤੇ ਆਏ ਕਿਹੜਾ ਘੁੰਡ ਬਣਵਾ ਕੇ ਤੇ ਕਿਸ ਬੁੱਕਲ ਵਿਚ ਲੁਕ ਕੇ ?
ਰਾਜਾ - ਪਰ ਕਦੇ ਪਰਵਾਨ ਆਉਂਦੇ ਸਦਕੇ ਹੁੰਦੇ, ਤੜਫਦੇ ਮਰਦੇ ਅਵਾਜ਼ ਬੀ ਕੱਢਦੇ ਹਨ? ਪਿਆਰ ਤੇ ਪਰਦਾ ਪਿਆਰ ਤੇ ਚੁੱਪ।
ਰਾਣੀ - ਪਿਆਰ ਗੁੰਗਾ ਹੈ?
ਰਾਜਾ - ਨਾਂ। ਹਿਆ ਦਾਰ ਹੈ; ਸ਼ਰਮ ਵਾਲਾ ਹੈ ।
ਰਾਣੀ- ਬੋਲੇ ਤਾਂ ਮਾਰੀਏ, ਦਿਸੀਵੇ ਤਾਂ ਪੀੜੀਏ ?
ਰਾਜਾ - ਨਾਂ ਬੋਲਣ ਤੇ ਦਿੱਸਣ ਤੋਂ ਬੇਲੋੜ ਹੈ।
ਰਾਣੀ - ਆਵੇ ਦੀ ਅੱਗ, ਵਿਚੋਂ ਵਿਚ ਧੁਖੇ?
ਰਾਜਾ - ਨਾਂ; ਜਿਉਦੇ ਸਰੀਰ ਦੀ ਨਿੱਘ; ਨਾ ਲਾਟ ਨਾ ਚੰਗਿਆੜ, ਨਾ ਧੂੰ ਨਾ ਲੰਬ, ਫੇਰ ਬਲੇ, ਫੇਰ ਮਘੇ ਫਿਰ ਨਿੰਘਿਆਂ ਰੱਖੇ। ਜਾਨ ਦੀ ਸਲਾਮਤੀ ਦੀ ਜਾਮਨ ਹੋਵੇ। ਕਦੇ ਆਪਣੇ ਸਰੀਰ ਦੀ ਅੱਗ ਬਲਦੀ ਤੱਕੀ ਨੇ ? ਪਰ ਹੈ, ਤੇ ਬਲਦੀ ਹੈ, ਤੇ ਜਾਨ ਦੀ ਰਖਵਾਲੀ ਹੈ।
ਰਾਣੀ - ਜਦੋਂ ਲੈ ਲੱਗੀ ਹੋਵੇ ਧੁਰੋਂ; ਭਲਾ ਫਿਰ ਅੰਦਰ ਹੋਰ ਬਾਹਰ ਹੋਰ ਕਿੱਕੂੰ ਨਿੱਭੇ ?
ਰਾਜਾ - ਅੰਦਰਲੀ ਲੋ ਅੰਦਰ ਰਹੇ, ਬਾਹਰ ਦੀ ਸੋ ਬਾਹਰ। ਅੰਦਰਲੀ ਨੇ ਬਾਹਰ ਦੇ ਪਰਦੇ ਨਾਂ ਪਾੜੇ, ਬਾਹਰ ਦੀ ਸੋ ਬਾਹਰ ਦਾ ਸਵਾਰੇ। ਲੋਕਾਂ ਨਾਲ ਮੇਲ ਮੁਲਾਕਾਤ ਬਾਗ ਬਗ਼ੀਚੇ ਬਜਾਰਾਂ ਵਿਚ ਪਈ ਹੋਵੇ, ਪਿਆਰੇ ਦਾ ਮੇਲ ਮਹੱਲਾਂ ਦੇ ਅੰਦਰ।
ਰਾਣੀ - 'ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ਗੁਰ ਵਾਕ ਹੈ।
ਰਾਜਾ - ਗੋਦ ਨਾਲ ਮੱਥੇ ਉਤੇ ਬਿੰਦੀ ਬਣਾਕੇ ਤਾਂ ਨਹੀ ਲਾ ਲਿਆ। ਗੁੱਝਾ ਲਾਲ ਲੱਧਾ, ਉਹ ਮੁੱਠ ਵਿਚ ਸੰਭਾਲ ਸਾਂਭਕੇ ਰੱਖਿਆ। ਪਰ ਉਸ ਦੇ ਪਾਸ ਹੋਣ ਦੀ ਤਾਸੀਰ ਇਹ ਹੈ ਕਿ ਮੱਥੇ ਤੇ ਹੋਣ ਦੇ ਚਿੰਨ੍ਹ ਲੈ ਆਈ, ਤਾਂ ਪਰਗਟ ਹੋ ਗਿਆ। ਹਾਂ 'ਅਨਿਕ ਜਤਨ ਕਰਿ ਹਿਰਦੇ ਰਾਖਿਆ ਰਤਨੁ ਨ ਛਪੈ ਛਪਾਇਆ।" ਨਹੀਂ ਛਪਾਇਆ ਛਿਪਦਾ ਤਾਂ ਇਹ ਉਸ ਦਾ ਆਪਣਾ ਧਰਮ ਹੈ, ਉਸ ਦਾ ਕੋਈ ਖਾਸਾ ਤੇ ਖਾਸੀਅਤ ਹੈ, ਪਰ ਜਿਸ ਨੂੰ ਲੱਧਾ ਉਸ ਦਾ ਕੀ ਧਰਮ ਹੈ? 'ਅਨਿਕ ਜਤਨ ਕਰ ਹਿਰਦੇ ਰੱਖਣਾ ਤੇ ਛਿਪਾਣਾ'।
ਰਾਣੀ ਹਨ ਗੁਰਵਾਕ; ਪਰ ਸੂਰਜ ਕਿਸ ਤੋਂ ਲੁਕੇ, ਰੱਬ ਕਿਸ ਤੋਂ ਛੁਪੇ, ਪ੍ਰੇਮ ਕਿਸ ਤੋਂ ਘੁੰਡ ਵਿਚ ਪਵੇ?
ਰਾਜਾ - 'ਕਾਂਇ ਰੇ ਬਕਬਾਦੁ ਲਾਇਓ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ।।"
ਰਾਣੀ - ਫੇਰ ਸਾਡਾ ਕੀ ਹਾਲ? ਦਰਸ਼ਨ ਹੋਏ, ਮਿੱਠੇ ਲੱਗੇ, ਰੱਬੀ ਝਰਨਾਟ ਛਿੜੀ। ਮਾਪੇ ਵਿਆਹ ਸੋਚਣ ਲੱਗੇ, ਸਾਥੋਂ ਝਰਨਾਟ ਨਾਂ ਛੁਪੀ। ਕੁਲ ਲਾਜ, ਲੋਕ ਲਾਜ ਛੱਡ ਮਾਂ ਨੂੰ ਕਹਿ ਦਿੱਤਾ 'ਗੁਰੂ ਮਿੱਠੇ ਲੱਗਦੇ ਹਨ, ਗੁਰੂ-ਨਿੰਦਕ ਦਾ ਘਰ ਨਾਂ ਦੇਈ'। ਜੇ ਮੈਂ ਗੁਰੂ ਪ੍ਰੀਤ ਛਿਪਾਂਦੀ, ਮੈਂ ਕਿਸੇ ਬੇਮੁਖ ਦੇ ਘਰ ਹੁੰਦੀ। ਮੈਨੂੰ ਘਬਰਾ ਪੈਂਦਾ ਹੈ। ਅਸੂਲ ਜੇ 'ਛਿਪਾ' ਹੈ ਤਾਂ ਮੈਂ ਅਪਰਾਧਣ ਹਾਂ।
ਰਾਜਾ - ਅਸੂਲ ਨਾ 'ਛਿਪਾ' ਹੈ ਨਾ 'ਪ੍ਰਗਟ ਕਰਨਾ'। ਅਸਲ ਹੈ ਪ੍ਰੇਮ ਤੇ ਇਸ ਦੀ ਲਗਨ। ਇਸ ਦਾ ਅਪਣਾ ਸੁਆਦ ਹੈ ਉਸ ਨੂੰ ਮਾਣਨਾਂ ਤੇ ਉਸ ਤੋਂ ਅੱਗੋਂ ਹੋਰ ਨਾਂ ਲੱਭਣਾ। ਜੋ ਪ੍ਰਗਟ ਕਰਦੇ ਹਨ, ਓਹ ਪ੍ਰਗਟ ਹੋਣ ਦੀ ਕਦਰ ਦੇ ਭਿਖਾਰੀ ਤੇ ਲੋਕਾਂ ਦੀ ਮਹਿਮਾਂ ਦੇ ਰਸੀਏ ਹਨ, ਜੋ ਲੁਕਾਉਦੇ ਹਨ, ਉਹ ਇਸ ਲਈ ਕਿ ਸਾਡਾ ਇਹ ਲੁਕੇ ਪ੍ਰਗਟ ਹੋਵੇ ਤਾਂ ਕਦਰ ਵਧੇਰੇ ਪਵੇ। ਸੋ ਦੋਵੇਂ ਗੱਲਾਂ ਹਨ ਇੱਕੋ ਜੇਹੀਆਂ। ਪਿਆਰ ਹੋਵੇ, ਇਸ ਦੀ ਕਦਰ ਹੋਵੇ, ਇਸ ਦੀ ਕੀਮਤ ਦਾ ਪਤਾ ਹੋਵੇ; ਇਸ ਨੂੰ ਛਿਪਾ ਕੇ ਰੱਖੇ ਸੁਖੀ ਰਹੇਗਾ। ਇਹ ਮੱਲੋਮੱਲੀ ਅਚਾਹੇ ਪ੍ਰਗਟ ਹੋਵੇ, ਬੇਬਸੀ ਹੈ। ਜਿਨ੍ਹਾਂ ਤੇ ਲੋਕਾਂ ਦੀ ਵਾਹ ਵਾਹ ਅਸਰ ਨਹੀਂ ਕਰਦੀ ਨੱਚਕੇ ਪਿਆਰ ਕਰਨ ਜਿਨ੍ਹਾਂ ਨੂੰ ਨਿੰਦਾ ਘੇਰ ਨਹੀ ਪਾਉਦੀ, ਜਿਵੇਂ ਚਾਹੁਣ ਕਰਨ। ਪਰ ਮੇਰੇ ਵਰਗੇ ਦਾ ਅਸੂਲ ਛਿਪਾ ਹੈ। ਮੈਨੂੰ ਅਪਣੇ ਲਈ ਇਹੋ ਭਾਸਦਾ ਹੈ ਕਿ ਮੇਰਾ ਪਰਦਾ ਨਾਂ ਫਟੇ, ਮੇਰੀ ਚਿਣਗ ਮੇਰੇ ਅੰਦਰ ਰਹੇ, ਮੇਰੀ ਪੁਕਾਰ ਮੇਰੇ ਪ੍ਰੀਤਮ ਤੱਕ ਮੇਰੀ ਜ਼ਬਾਨੋ ਨਾ ਅੱਪੜੇ, ਇਹ ਮੇਰਾ ਅਸੂਲ ਹੈ, ਮੇਰ ਭਲਿਆਈ ਇਸੇ ਵਿਚ ਹੈ।
ਰਾਣੀ - ਸੰਸਾਰਿਕ ਕਿ ਪਰਮਾਰਥਿਕ?
ਰਾਜਾ- ਮਨ ਦੇ ਸੁਖ ਦੀ, ਕੇਵਲ ਅੰਦਰਲੇ ਦੇ ਸੁਖ ਦੀ।
ਮੈਂ ਇਸ ਕਰਕੇ ਲੁਕੋ ਨਹੀ ਕਰਦਾ ਕਿ ਪਹਾੜੀ ਰਾਜ ਪ੍ਰੀਤਮ ਜੀ ਦੇ ਦੁਸ਼ਮਨ ਹਨ ਤੇ ਉਹ ਮੇਰੇ ਰਿੰਜ ਹੋ ਜਾਣਗੇ, ਜਾਂ ਮੈਂ ਜੇ ਖੁੱਲਮ ਖੁੱਲ੍ਹਾ ਪ੍ਰੀਤਮ ਜੀ ਦਾ ਹੋ ਰਿਹਾ ਤਾਂ ਤੁਰਕ ਪਾਤਸ਼ਾਹ ਰਾਜ ਖੋਹ ਲਏਗਾ, ਇਹ ਖਿਆਲ ਮੈਨੂੰ ਨਹੀ ਮੋਹਦੇ। ਜੇ ਮੈਂ ਪ੍ਰਗਟ ਕਰਾਂ ਤਾਂ ਸਿੱਖ ਮੇਰੇ ਸਹਾਈ ਹੋ ਜਾਣਗੇ ਇਹ ਲਾਭ ਹੈ, ਪਰ ਮੈਨੂੰ ਨਹੀ ਮੋਹਦਾ। ਮੇਰੇ ਪਿਆਰ ਦੀ ਕਣੀ ਨਿੱਕੀ ਹੈ, ਸੂਮ ਦੇ ਧਨ ਵਾਂਙੂ ਮੈਨੂੰ ਪਿਆਰੀ ਹੈ, ਮਤਾਂ ਇਸ ਨੂੰ ਕੋਈ ਨਜ਼ਰ ਲੱਗੇ.
ਮਤਾਂ ਮੈਥੋਂ ਇਹ ਖਿਸਕੇ, ਮਤਾਂ ਕੋਈ ਖੋਹੇ, ਮੈਂ ਛਿਪਾਂਦਾ ਹਾਂ ਕਿ ਸਲਾਮਤ ਰਹੇ। ਬੁਲਬੁਲ ਪਿਆਰ ਦੇ ਭਾਉ ਨੂੰ ਗਾਉ ਗਾਉ ਕੇ ਜਗਤ ਮੋਂਹਦੀ ਹੈ, ਪਰ ਪਰਵਾਨਾ ਚੁਪ ਚਾਪ ਸ਼ਹੀਦ ਹੁੰਦਾ ਹੈ, ਚਕੋਰ ਪਿਆਰ ਨੂੰ ਕੁਹਕਦਾ ਤੇ ਪੈਲਾਂ ਪਾਂਦਾ ਹੈ, ਪਰ ਕਮਲ ਚੁਪ ਦਿਦਾਰੇ ਵਿਚ ਅੱਖ ਨਹੀ ਝਮਕਦਾ। ਪਪੀਹਾ ਪ੍ਰਿਉ ਪ੍ਰਿਉ' ਦੀ ਪੁਕਾਰ ਨਾਲ ਬਨ ਨੂੰ ਰਾਗ ਘਰ ਬਣਾ ਦੇਂਦਾ ਹੈ, ਪਰ ਸੁਰਖ਼ਾਬ ਦਾ ਜੋੜਾ ਚੁਪਚਾਪ ਆਪੋ ਵਿਚ ਅਵਿੱਛੜ ਤੇ ਨਾਨਿੱਖੜ ਹਾਲ ਰਹਿੰਦੇ ਹਨ ਇਕ ਨੂੰ ਤੀਰ ਲੱਗੇ ਤਾਂ ਦੂਆ ਨਾਲ ਹੀ ਪ੍ਰਾਣ ਅਰਪਦਾ ਹੈ। ਪ੍ਰੇਮ ਦੇ ਅਨੇਕ ਰੰਗ ਹਨ, ਬਨਾਵਟ ਨਹੀ ਤੇ ਪ੍ਰੇਮ ਹੈ: ਉਹ ਚਾਹੇ ਕਿਸੇ ਹਾਲ ਰਹੇ, ਮੇਰਾ ਅਸੂਲ ਤੇ ਮੈਨੂੰ ਸਉਜਣ ਵਾਲੀ ਗੱਲ ਛਿਪਾ ਹੈ।
ਰਾਣੀ- ਮੈਥੋਂ ਇਸ ਸਿੱਕ ਵਿਚ ਕਿ 'ਤੁਸੀ ਕਿਵੇਂ ਦਾਤਾ ਜੀ ਦੇ ਪਿਆਰ ਵਿਚ ਆਓ ਭੁੱਲ ਹੋਈ, ਕਿ ਆਪ ਜੋ ਰੱਤੇ ਹੋਏ ਸਾਓ ਤੇ ਨਹੀਂ ਚਾਹੁੰਦੇ ਸਾਓ ਕਿ ਕੋਈ ਹੋਰ ਅੱਖ ਆਪ ਦੇ ਪਿਆਰ ਦੀ ਜਾਣੂੰ ਹੋਵੇ ਮੈਂ ਦਖ਼ਲ ਦਿੱਤਾ ਤੇ ਨਾ ਜਾਣਨੇ ਵਾਲੀ ਗੱਲ ਨੂੰ ਜ਼ੋਰ ਦੇਕੇ ਚੋਰੀ ਟੁਰਕੇ ਜਾਣਿਆਂ, ਮੈਂ ਖਿਮਾਂ ਦੀ ਯਾਚਕ ਹਾਂ, ਪਰ ਮੇਰੀ ਕੋਈ ਯਾਚਨਾਂ, ਕੋਈ ਪਛੁਤਾਵਾ, ਕੋਈ ਮਾਫੀ ਦੀ ਮੰਗ ਹੁਣ ਉਹ ਹਾਲਤ ਪੈਦਾ ਨਹੀਂ ਕਰ ਸਕਦੀ ਕਿ ਜੋ ਪਹਿਲਾਂ ਸੀ। ਆਪ' ਸਾਓ ਤੇ ਆਪ ਦੇ ਪਿਆਰ' ਤੇ ਤੀਏ ਨੂੰ ਸੌ ਤੱਕ ਨਹੀਂ ਸੀ।
ਰਾਜਾ - ਫਿਕਰ ਨਾ ਕਰ, ਮੈਂ ਰਿੰਜ ਨਹੀ, ਮੈਨੂੰ ਨਿਸਚਾ ਹੈ ਕਿ ਇਸ ਤੋਂ ਅੱਗੇ ਭੇਤ ਨਹੀ ਜਾਏਗਾ ਤੇ ਪਤਾ ਮਰਮੀ ਤੇ ਮਹਿਰਮ ਨੂੰ ਲੱਗਾ ਹੈ, ਕਿਸੇ 'ਨਾ-ਅਹਿਲ' ਨੂੰ ਪਤਾ ਨਹੀ ਲੱਗਾ। ਇਹ ਬੀ ਕੋਈ ਰੱਬੀ ਰਜ਼ਾ ਹੈ। ਕੀ ਪਤਾ ਹੈ ਕਿ ਕਿਸੇ ਸੁਖ ਦਾ ਹੀ ਇਹ ਆਗਮ ਹੋਵੇ। ਮੇਰੇ ਅੰਦਰ ਬੀ ਅਬੂਝ ਅੱਗ ਚਰਨ ਪਰਸਨ ਦੀ ਹੈ, ਤੇ ਉਸ ਨੂੰ ਬੀ ਦਿਲਾਂ ਦੇ ਮਹਿਰਮ ਨੇ ਪੂਰਨਾਂ ਹੈ, ਇਹ ਕੋਈ ਉਸ ਸੁਭਾਗ ਘੜੀ ਦਾ ਪਹਿਲਾ ਲਿਸ਼ਕਾਰਾ ਹੈ, ਮੈਂ ਬੀ ਤੜਫਨਹਾਰ ਹਾਂ ਦੀਦਾਰ ਦਾ ਕੀ ਪਤਾ ਹੈ ਕਿ ਇਹ ਕੋਈ ਪੂਰਨਤਾ ਦਾ ਪਹਿਲਾ ਬੁੱਲਾ ਆਇਆ ਹੈ। ਆਹ। ਮਾਲਕਾ ਆਹ । ਸਾਹਿਬਾ, ਇਹ ਕਹਿੰਦਿਆਂ ਰਾਜੇ ਨੇ ਬੁੱਲ੍ਹ ਘੁੱਟ, ਨੈਣ ਮੀਟੇ, ਚਿਹਰਾ ਤੇ ਸਰੀਰ ਕੰਬਿਆ, ਨੈਣਾਂ ਤੋਂ ਤ੍ਰਪ ਤ੍ਰਪ ਹੋਈ ਤੇ ਮਗਨਤਾ ਛਾ ਗਈ, ਰਾਣੀ ਇਤਨੀ ਤ੍ਰਿੱਖੀ ਪਰ ਘੁੱਟਵੀਂ ਖਿੱਚ ਤੋਂ ਅਜਾਣ ਸੀ, ਪਰ ਹੁਣ ਨੈਣ ਭਰ ਆਈ।
੬.
ਅਜੀਤ ਸਿੰਘ *- ਇਹ ਬਨ ਬੜਾ ਸੁੰਦਰ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ - ਨਾਲੇ ਵੜਦਿਆਂ ਸਾਰ ਐਉ ਲਗਾ ਹੈ ਜਿਵੇਂ ਪਰਦੇਸਾਂ ਤੋਂ ਮੁੜ ਆ ਕੇ ਆਪਣੇ ਘਰ ਵੜੀਦਾ ਹੈ।
ਅਜੀਤ ਸਿੰਘ - ਬੜਾ ਰਮਣੀਕ ਤੇ ਪਿਆਰਾ ਲੱਗਾ ਹੈ।
ਗੁਰੂ ਜੀ - ਕੀ ਇਹ ਬਸਾਲੀ ਦਾ ਇਲਾਕਾ ਹੈ?
ਸੋਭਾ ਸਿੰਘ - ਪਾਤਸ਼ਾਹ। (ਉਂਗਲ ਕਰਕੇ) ਬੱਸ ਐਹ ਹੀ ਮੁੱਕੀ ਜੇ ਬਸਾਲੀ ਦੀ ਹੱਦ।
ਗੁਰੂ ਜੀ- ਤਦੇ ਹੱਛਾ। ਰਾਜ ਬਦਲ ਗਿਆ, ਪਹਾੜ ਦੇ ਰਾਜ ਬੀ ਕਿਆ ਛੋਟੇ ਛੋਟੇ ਹਨ।
ਸੋਭਾ ਸਿੰਘ-ਜੀ ਇਹ ਭਬੋਰ ਦਾ ਇਲਾਕਾ ਹੈ।
ਗੁਰੂ ਜੀ - ਹੂੰ। ਭਬੋਰ।
ਅਜੀਤ ਸਿੰਘ ਸ਼ਿਕਾਰ ਬੀ ਚੰਗਾ ਮਿਲੇਗਾ।
ਗੁਰੂ ਜੀ (ਮੁਸਕ੍ਰਾ ਕੇ) ਬਹੁਤ ਚੰਗਾ।
(ਇੰਨੇ ਨੂੰ ਇਕ ਚਿਤ- ਮਿਤਾਲੇ ਮਿਰਗਾਂ ਦੀ ਡਾਰ ਅੱਗੋਂ ਲੰਘ ਗਈ)।
ਅਜੀਤ ਸਿੰਘ - ਹੈ। ਇੱਥੇ ਤਾਂ ਸ਼ਿਕਾਰ ਆਪੇ ਨਿਸ਼ਾਨੇ ਹੇਠ ਆਉਂਦਾ ਹੈ, ਅੱਗੋ -ਭੱਜ ਭੱਜ ਕੇ ਪਿਆ ਮਿਲਦਾ ਹੈ।
ਗੁਰੂ ਜੀ - ਕੁਛ ਪਿਆਰ ਦੀ ਵਾਸ਼ਨਾਂ ਦਾ ਦੇਸ ਹੈ।
ਸੋਭਾ ਸਿੰਘ - ਰਾਣਾ ਬੜਾ ਚੁੱਪ ਚਾਪ ਹੈ. ਘੱਟ ਬੋਲਦਾ ਹੈ, ਦੋ ਪਹਿਰ ਆਪ ਬੈਠਕੇ ਰਿਆਸਤ ਦਾ ਕੰਮ ਕਰਦਾ ਹੈ; ਦੁੱਖ ਏਥੇ ਘੱਟ ਹੈ, ਪ੍ਰਜਾ ਸੁਖੀ ਹੈ। ਵਿਆਹ
----------------
ਇਹ ਭਾਈ ਅਜੀਤ ਸਿੰਘ ਜੀ ਜੋਧੇ ਹਨ, ਸਾਹਿਬਜ਼ਾਦੇ ਅਜੀਤ ਸਿੰਘ ਜੀ ਇਹ ਨਹੀਂ।
ਬੀ ਇੱਕੋ ਕੀਤਾ ਸੂ, ਰਾਣੀ ਨਾਲ ਪਿਆਰ ਬੀ ਹੈ, ਰਾਣੀ ਗੁਰੂ ਦੀ ਸ਼ਰਧਾਲੂ ਹੈ, ਨਾਹਨ ਦੇ ਰਾਜ ਘਰਾਣੇ ਦੀ ਧੀ ਹੈ, ਬਾਣੀ ਦੀ ਪ੍ਰੇਮਣ ਹੈ, ਦਾਨ ਬੀ ਕਰਦੀ ਹੈ। ਰਾਜਾ ਪ੍ਰੇਮੀ ਨਹੀ, ਨਾਂ ਦਾਨ ਦਾ ਸ਼ੌਕ ਹੈ, ਨਾ ਸ਼ਿਕਾਰ ਦਾ, ਉੱਞ ਕਦੇ ਕਦੇ ਆ ਜਾਂਦਾ ਹੈ ਸ਼ਿਕਾਰ ਨੂੰ। ਕੁਛ ਅਛੇੜ ਤੇ ਅਡੋਲ ਆਦਮੀ ਹੈ।
ਗੁਰੂ ਜੀ - ਅਡੋਲ ਪਾਣੀ ਡੂੰਘੇ ਵਗਦੇ ਹਨ, ਡੂੰਘੇ ਪਾਣੀ ਅਡੋਲ ਵਗਦੇ ਹਨ।
ਅਜੀਤ ਸਿੰਘ - ਮਹਾਰਾਜ । ਅਸੀ ਦੂਰ ਨਿਕਲ ਆਏ ਹਾਂ, ਸੰਗ ਸਾਰਾ ਪਿੱਛੇ ਰਹਿ ਗਿਆ ਹੈ, ਹੁਣ ਮੁੜਨਾ ਚਾਹੀਏ।
ਗੁਰੂ ਜੀ - ਸੋਚ ਤਾਂ ਪਿਛਾਹਾਂ ਦੀ ਆਉਂਦੀ ਹੈ, ਪਰ ਕਦਮ ਅੱਗੇ ਪੈਂਦੇ ਹਨ।
ਅਜੀਤ ਸਿੰਘ - ਫੇਰ ਏਥੇ ਡੇਰੇ ਲਾ ਦਿਓ। ਆਪ ਕਮਰਕੱਸਾ ਖੋਹਲੋ, ਵੇਖੋ ਕੈਸਾ ਸੋਹਣਾ ਪਾਣੀ ਆ ਗਿਆ ਹੈ। ਮੈਂ ਜਾਕੇ ਡੇਰੇ ਨੂੰ ਏਥੇ ਲੈ ਆਉਂਦਾ ਹਾਂ।
ਗੁਰੂ ਜੀ - ਦਿਲ ਏਥੇ ਬੀ ਨਹੀਂ ਠਹਿਰਦਾ, ਅੱਗੇ ਹੀ ਅੱਗੇ ਜਾਂਦਾ ਹੈ।
ਸੋਭਾ ਸਿੰਘ - ਚਲੇ ਚਲੋ ਫੇਰ ਮਹਾਰਾਜ ! ਭੀਮ ਦੇ ਰਾਜ ਵਿਚ ਅਸੀਂ ਕਦੇ ਅਟਕੇ ਨਹੀਂ ਤੇ ਇਹ ਰਿਆਸਤ ਤਾਂ ਭਲਿਆਂ ਦੀ ਹੈ।
ਗੁਰੂ ਜੀ - ਨਿਰੀ ਭਲਿਆਈ ਨਹੀਂ, ਏਥੇ ਕੁਝ ਹੋਰ ਬੀ ਹੈ। ਸੁਗੰਧੀ ਹੈ, ਪਿਆਰ ਹੈ।
ਸੋਭਾ ਸਿੰਘ - ਰਾਣੀ ਗੁਰੂ ਘਰ ਦੀ ਸ਼ਰਧਾਲੂ ਹੈ।
ਗੁਰੂ ਜੀ- ਹਾਂ ਪਰ ਕੁਛ ਹੋ ਬੀ ਹੈ। -
ਇੰਨੇ ਨੂੰ ਇਕ ਹੋਰ ਸ਼ਿਕਾਰੀ ਜੱਥਾ ਸਾਹਮਣੇ ਪਾਸਿਓ ਆਉਦਾ ਦੱਸਿਆ, ਥੋੜੀ ਦੇਰ ਨੂੰ ਓਹ ਨੇੜੇ ਆ ਗਿਆ। ਜੱਥੇ ਦਾ ਮੋਹਰੀ ਘੋੜੇ ਤੋਂ ਉਤਰ ਕੇ ਅਗੇ ਆਇਆ. ਤੇ ਮੱਥਾ ਟੇਕਕੇ ਬੋਲਿਆ। 'ਧੰਨ ਭਾਗ । ਆਪ ਦੇ ਚਰਨ ਇਸ ਰਿਆਸਤ ਵਿਚ ਪਏ।"
ਗੁਰੂ ਜੀ (ਤੀਰ ਨਾਲ ਥਾਪੜਾ ਦਿੱਤਾ) - ਆਪ ਦੀ ਰਿਆਸਤ ਵਿਚ ਆਕੇ ਜੀ ਬੜਾ ਰਾਜ਼ੀ ਹੋਇਆ ਹੈ, ਪ੍ਰਭਾਉ ਬੜਾ ਸੁੰਦਰ ਹੈ। ਆਪ ਅੱਛੇ ਹੋ?
ਮੋਹਰੀ - ਆਪ ਦੀ ਮੇਹਰ ਹੈ। ਮੈਂ ਰਿਆਸਤ ਦਾ ਵਜ਼ੀਰ ਹਾਂ। ਸਾਡੇ ਮਹਾਂ ਰਾਉ ਬੜੇ ਬੀਬੇ ਹਨ। ਮੈਂ ਕੋਲ ਪੁਛਿਆ ਸੀ ਕਿ ਆਪ ਸ਼ਿਕਾਰ ਖੇਡਦੇ ਸਾਡੀ ਸਰਹੱਦ ਤੋੜੀ ਕਈ ਵੇਰ ਆਏ ਹੋ, ਜੇ ਅਗੇ ਆ ਜਾਓ ਤਾਂ ਅਸਾਂ ਕਿਵੇਂ ਕਰਨਾ ਹੈ? ਸ੍ਰੀ ਹਜ਼ੂਰ ਆਖਣ ਲਗੇ, 'ਸਭ ਧਰਤੀ ਰੱਬ ਤੇ ਗੁਰੂ ਜੀ ਦੀ ਹੈ, ਰਾਜੇ ਰਾਣੇ ਪ੍ਰਬੰਧਕ ਹਨ, ਮਾਲਕ ਨਹੀਂ।' ਦੇਖੋ ਨਾ ਮਹਾਰਾਜ ਜੀ! ਸਾਡੇ ਮਹਾਰਾਉ ਬੜੇ ਗੰਭੀਰ ਹਨ, ਥੋੜਾ ਬੋਲਦੇ ਹਨ, ਇਸ਼ਾਰਾ ਦੇਂਦੇ ਹਨ, ਅਸੀ ਉਨ੍ਹਾਂ ਦੇ ਰੁਖ਼ ਨੂੰ ਲੱਭਦੇ ਹਾਂ। ਸੋ ਉਨ੍ਹਾਂ ਦੇ ਉਪਰਲੇ ਵਾਕ ਤੋਂ ਦਾਸ ਨੇ ਸਾਰੀ ਰਿਆਸਤ ਵਿਚ ਨੰਬਰਦਾਰਾਂ ਨੂੰ ਹੁਕਮ ਦੇ ਘੱਲਿਆ ਹੈ ਕਿ ਆਪ ਜਦ ਆਓ ਸਤਿਕਾਰ ਕਰਨ ਅਰ ਜਿਸ ਸ਼ੈ ਦੀ ਲੋੜ ਹੋਵੇ ਦੁਧ ਰਸਦ ਪਾਣੀ ਲੈਕੇ ਹਾਜ਼ਰ ਹੋਣ। ਜੋ ਆਪ ਮੰਗੋ ਪੈਦਾ ਕਰ ਦੇਣ, ਤੇ ਮੈਂ ਹੁਣ ਸ਼ਿਕਾਰ ਵਿਚ ਸਾਂ ਤਾਂ ਆਪ ਦੇ ਚਰਨ ਪਾਉਣ ਦੀ ਸੁਧ ਅੱਪੜੀ, ਇਸ ਲਈ ਹਾਜ਼ਰ ਹੋਇਆ ਹਾਂ ਕਿ ਕੋਈ ਸੇਵਾ ਆਪ ਪੁੱਛਾਂ ?
ਗੁਰੂ ਜੀ - ਮੰਤ੍ਰੀ ਜੀ ! ਸਾਨੂੰ ਤਾਂ ਇਉ ਭਾਸ ਰਿਹਾ ਹੈ ਕਿ ਅਨੰਦਪੁਰ ਆ ਗਏ ਹਾਂ, ਤੁਸੀਂ ਐਉ ਲਗੇ ਹੈ ਜਿਵੇਂ ਆਪਣੇ ਹੋ। ਸੋ ਅਸੀ ਏਥੇ ਐਉਂ ਹੀ ਵਿਚਰਾਂਗੇ, ਸਾਡਾ ਘਰ ਹੈ ਤੇ ਆਪਣੀ ਰਿਆਸਤ ਹੈ। ਤੁਸੀ ਸੁਖੀ ਰਹੋ, ਰਾਜ ਭਾਗ। ਬਣੇ ਰਹਿਣ, ਰਾਜਾ ਸੁਖੀ ਰਹੇ।
੭.
ਰਾਣੀ - ਮਹਾਰਾਜ । ਮੈਂ ਸੁਣਿਆ ਹੈ ਸ੍ਰੀ ਜੀ ਸਾਡੇ ਰਾਜ ਨੂੰ ਚਰਨ ਕਮਲਾਂ ਨਾਲ ਪਵਿਤ੍ਰ ਕਰ ਗਏ ਹਨ।
ਰਾਜਾ - ਕਿਸ ਤੋਂ ਸੁਣਿਆ ਨੇ ?
ਰਾਣੀ - ਨਿੱਕੋ ਤੋਂ।
ਰਾਜਾ - ਨਿੱਕੋ ਪਟਿੱਕੋ ਬੜੀ ਪਾੜੇ ਪੱਟੜੀ ਏ। ਅੱਜ ਦੁਪਹਿਰਾਂ ਦੀ ਗੱਲ ਹੈ, ਮੇਰੇ ਪਾਸ ਸਰਕਾਰੀ ਸੋ ਹੁਣੇ ਅੱਪੜੀ ਹੈ, ਇਹ ਪਹਿਲਾਂ ਹੀ ਕਿਥੋਂ ਉੱਡਕੇ ਤੱਕ ਆਈ ?
ਰਾਣੀ - ਹਾਥੀ ਕੰਨ ਰੱਖਦੀ ਹੈ।
ਰਾਜਾ - ਤਦ ਬੀ ?
ਰਾਣੀ - ਕੋਈ ਗੁਆਲਨ ਆਈ ਹੈ; ਜੋ ਪੋਠੋਹਾਰ ਤੋਂ ਉਜੜਕੇ ਆਇਆਂ ਵਿਚੋਂ ਹੈ। ਉਹ ਆਪਣੇ ਪਿੰਡੋਂ ਨੱਗਰ ਨੂੰ ਆ ਰਹੀ ਸੀ, ਦੁਧ ਦੀ ਮਟਕੀ ਸਿਰ ਤੇ ਸਾਸੁ। ਬਨ ਵਿਚ ਸਤਿਗੁਰਾਂ ਨੂੰ ਤੱਕ ਕੇ ਖੜੀ ਹੋ ਗਈ ਤੇ ਬੋਲੀ : 'ਘੁੱਟ ਦੁਧ ਦਾ ਪੀ ਲਓ।' ਸਤਿਗੁਰਾਂ ਆਖਿਆ: 'ਕਿਉ ? ਤਾਂ ਕਹਿਣ ਲੱਗੀ: ' ਮੈਨੂੰ ਪਤਾ ਨਹੀ, ਤੁਸਾਂਦਾਰ ਤੱਕਕੇ ਚਾਉ ਚੜ੍ਹ ਆਇਆ ਹੈ।' ਆਪ ਬੋਲੇ : 'ਕਿਉ ?' ਬੋਲੀ : 'ਮੈਨੂੰ ਪਤਾ ਨਹੀਂ, ਕਲੇਜਾ ਧੜਕਨਾ ਹੈ; ਅੱਖਾਂ ਫੁਰਕਣੀਆਂ ਹਨ, ਸਿਰ ਮਘਦਾ ਹੈ ਤੇ ਇਹ ਉਮੰਗ ਹੁੰਦੀ ਹੈ ਕਿ ਦੁਧ ਆਪ ਪੀ ਲਓ। ਮਹਾਰਾਜ ਬੋਲੇ। ਅਸੀ ਕਉਣ ਹਾਂ ?' ਕਹਿਣ ਲੱਗੀ: 'ਨਹੀ ਜਾਣਦੀ ਤੁਸੀ ਕਉਣ ਹੈ, ਆਮੁਹਾਰਾ ਮਨ ਚਾਉ ਭਰ ਆਇਆ ਹੈ।'। ਸਤਿਗੁਰਾਂ ਕਿਹਾ: 'ਮੁੱਲ ਲੈਸੇ?" ਕਹਿਣ ਲੱਗੀ: ਦੁਧ ਵੇਚਿਆ ਤਾਂ ਪੁਤ ਵੇਚਿਆ, ਪਤ ਵੇਚਿਆ ਤਾਂ ਰਿਹਾ ਕੀ ? ' ਆਪ ਬੋਲੇ: 'ਬਿਨਾਂ ਮੁਲ ਕਿੰਝ ਪੀਵੀਏ ?' ਬੋਲੀ : 'ਅਸਾਂ ਕੰਗਾਲਾਂ ਦਾਰ ਤੱਕਨੇ ਹੋ; ਤੱਕਣੀ ਨਾਲ ਠੰਢ ਪੈਨੀ ਏ, ਹੋਰ ਕੇ ਮੁੱਲ ਮੰਗਾਂ ?' ਆਪ ਬੋਲੇ: ਇੰਵੇ ਨਾ ਪੀਂਦੇ ਹਾਂ। ਏਹ ਸੁਣ ਰੋ ਪਈ, ਨੈਣ ਮਿਟ ਗਏ, ਰੰਗ ਬਦਲ ਗਿਆ। ਫੇਰ ਨੈਣ ਖੋਲ੍ਹੇ, ਹਾਉਂਕਾ ਲਿਆ। 'ਖ਼ਬਰੇ ਕਿੰਨੇ ਜੁਗਾਂ ਦੀ ਦੁਧ ਲਈ ਪਈ ਮਗਰੇ ਮਗਰੇ ਫਿਰਨੀ ਹਾਂ, ਮੈਥੋਂ ਕਿਉ ਨਹੀ ਪੀਂਦੇ ? ਪੈਸੇ ਜਿੰਨੇ ਲੈਸਾਂ ਦੂਏ ਦਿਨ ਮੁੱਕ ਜਾਸਣ। ਮੁੱਲ ਹੀ ਦੇਕੇ ਪੀਓਗੇ ? ਪੀਓ, ਪੀਓ ਸਹੀ, ਮੁੱਲ ਹੀ ਦਿਓ, ਦਿਓ ਨਾ ਤੇ ਪੀਓ ਨਾ; ਤੁਸੀ ਦਾਤੇ ਜੁ ਹੋਏ, ਦਿਓ ਨਾਂ, ਪਰ ਜੋਡੇ ਵੱਡੇ ਹੋ ਓਡਾ ਮੁੱਲ ਦਿਓ, ਪੈਸੇ ਮੁੱਕ ਜਾਸਣ, ਤੁਸਾਂ ਪਾਸ ਵੇਚਾਂ ਤਾਂ ਕੁਛ ਤੁਹਾਡੇ ਜੇਡਾ ਮੁੱਲ ਪਵੇ, ਹਾਏ ਰਾਮ । ਰਾਮ ਹੈ ਕਿ ਕ੍ਰਿਸ਼ਨ, ਕ੍ਰਿਸ਼ਨ ਹੈ ਕਿ ਰੱਬ, ਰੱਬ ਹੈ ਕਿ ਓਹ, ਓਹ ਹੈ ਕਿ ਮੈਂ, ਮੈਂ ਹਾਂ ਕਿ ਦੁੱਧ, ਦੁੱਧ ਹੈ ਕਿ ਪੈਸੇ, ਪੈਸੇ ਹਨ ਕਿ ਦਰਸ਼ਨ, ਦਰਸ਼ਨ ਹਨ ਕਿ ਤੂੰ, ਤੂੰ ਹੈ ਕਿ ਮੈਂ ਹੈ। ਹੋ, ਆਹ ਚੱਲਿਆ ਜੇ ਦੁਧ ਖੀਰ ਸਮੁੰਦਰ ਨੂੰ ਆਪ ਪਿਆ ਰਿੜਕੀ ਆਪੇ ਪਿਆ ਪੀਵੀ, ਅਸੀਂ ਚੱਲੇ ਹਾਂ ਚਾਹਨਾਂ ਦੇ ਦੇਸ। ਇਸ ਤਰ੍ਹਾਂ ਦੇ ਔਲੇ ਮੇਲੇ ਵਾਕ
ਕਹਿ ਰਹੀ ਸੀ ਕਿ ਕਲਗੀਧਰ ਜੀ ਦੇ ਚਿਹਰੇ ਨੇ ਵੱਟ ਖਾਧਾ, ਭਰਵੱਟਿਆਂ ਵਿਚ ਵੱਟ ਪਿਆ, ਬੁਲ੍ਹ ਦੰਦਾਂ ਵਿਚ ਦੱਬੇ ਗਏ, ਨੈਣ ਮੁੰਦ ਗਏ, ਤੇ ਪਲ ਮਗਰੋਂ ਛਾਲ ਮਾਰਕੇ ਉਤਰੇ, ਮਟਕੀ ਆਪ ਸਿਰੋ ਚਾਈ, ਮੂੰਹ ਲਾ ਲਿਆ ਤੇ ਸਾਰਾ ਮੱਘਾ ਦੁਧ ਦਾ ਪੀ ਗਏ। ਜਿਉਂ ਜਿਉਂ ਦੁਧ ਪੀਤਾ ਉਸ ਦੀ ਹੋਸ਼ ਫਿਰਦੀ ਗਈ, ਸ਼ੁਕਰ ਸ਼ੁਕਰ ਆਖਣ ਲੱਗ ਗਈ: 'ਹੈਂ ! ਮੈਂ ਕਿਥੇ ਸਾਂ ? 'ਵਾਹਿਗੁਰੂ' ਕੀ ਹੋਇਆ ? ਵਾਹਿਗੁਰੂ ਦਾ ਦੇਸ ਕੇਹੜਾ ਹੋਇਆ, ਕੌਣ ਰਾਜਾ ਹੈ ਓਸ ਦੇਸ ਦਾ ? ਮੈਨੂੰ ਓਸ ਦੇਸ ਕੌਣ ਲੈ ਗਿਆ, ਓਸ ਦੇਸ ਨੇ ਜੋਰੀ ਆਪੇ ਮੇਰੀ ਮਟਕੀ ਚਾ ਕੇ ਸਾਰਾ ਦੁਧ ਪੀ ਲਿਆ, ਕਉਣ ਰਾਜਾ ਸੀ। ਐਡਾ ਸੋਹਣਾ ਤੇ ਬਲੀ, ਮੈਨੂੰ ਫੇਰ ਏਥੇ ਛੋੜ ਗਿਆ ਹੈ। ਹੈਂ, ਏਹ ਮੇਰੇ ਅੰਦਰ ਧੁਨਿ ਕੀ ਪੈ ਗਈ। ਲੂੰ ਲੂੰ ਵਾਹਿਗੁਰੂ ਕਹਿ ਰਹੇ ਹਨ। ਮੈਂ ਹਲਕੀ ਫੁੱਲ ਹੋ ਗਈ ਹਾਂ, ਮੇਰਾ ਭਾਰ ਤੋਲ ਕੋਈ ਨਹੀ ਰਿਹਾ। 'ਵਾਹਿਗੁਰੂ' ਕਿਉ ਮੱਲੋ ਮੱਲੀ ਹੋ ਰਿਹਾ ਹੈ, ਏਸ ਵਿਚ ਸੁਆਦ ਕੇਹਾ ਆ ਰਿਹਾ ਹੈ। ਹੱਛਾ, ਇਹ ਦੁਧ ਦਾ ਮੁੱਲ ਹੈ, ਵਾਹਿਗੁਰੂ ਦੇ ਦੇਸ ਇਹੋ ਸਿੱਕਾ ਟੁਰਦਾ ਹਉ, ਚੰਗਾ ਮੁੱਲ ਮਿਲ ਗਿਆ, ਮੈਂ ਮੂਰਖ ਆਖਾਂ ਇਜੇ ਪੀਓ ਤੇ ਓਹ ਆਖਣ ਮੁੱਲ ਲਓ। ਮੈਂ ਕੀ ਜਾਣਾਂ ਮੁੱਲ ਪੈਸੇ ਨਹੀਂ, ਪਰ ਆਹ ਰਸ ਮਿਲੇਗਾ। ਦੁਹਾਈ ਵੇ ਲੋਕਾ । ਮੈਂ ਗੋਰਸ ਦਿੱਤਾ ਤੇ ਰਾਮ ਰਸ ਪਾਇਆ ਨੇ, ਆਓ ਵੇ ਲੋਕੋ । ਵਪਾਰੀ ਆਇਆ ਨੇ, ਕਰੋ ਵ ਸੌਦੇ, ਦਿਓ ਵੇ ਸੌਦੇ, ਦਿਓ ਵੇ ਗੈਰਸ, ਲਓ ਵੇ ਮੁੱਲ, ਹਾਂ ਮੁੱਲ ਰਾਮ ਰਸ।'
ਇਉ ਰਾਜਾ ਜੀ। ਇਹ ਗੁਆਲਨ ਕਿਸੇ ਅਚਰਜ ਹੀ ਹਾਲ ਤੇ ਰਸਮਤੀ ਨਗਰੀ ਆਈ, ਨਿੱਕੇ ਦੀ ਇਹ ਜਾਣ ਸੀ, ਇਸ ਨੇ ਘਰ ਲੈ ਆਂਦਾ, ਪਿਆਰ ਕੀਤਾ, ਬਿਠਾਇਆ। ਇਸ ਦੀ ਹੁਣ ਹੋਸ਼ ਸਾਰੀ ਸਲਾਮਤ ਹੋ ਗਈ ਹੈ ਤੇ ਸਿਰ ਬੀਤੀ ਸਾਰੀ ਆਪੇ ਦੱਸੀ ਸੁ, ਜਿੰਨੀ ਕੁ ਯਾਦ ਸਾਸੁ; ਇਕ ਇਸ ਦੀ ਸਹੇਲੀ ਨਾਲ ਸੀ, ਬਾਕੀ ਸਾਰਾ ਹਾਲ ਉਸ ਨੇ ਦੱਸਿਆ ਹੈ। ਓਹ ਆਖਦੀ ਹੈ ਕਿ ਓਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ, ਉਹ ਅਨੰਦਪੁਰ ਰਹਿ ਆਈ ਹੋਈ ਹੈ। ਪਰ ਇਸ ਨੂੰ ਹੁਣ ਤੱਕ ਪਤਾ ਨਹੀ ਸੀ, ਪੂਰੀ ਹੋਸ਼ ਆਈ ਤੇ ਪਤਾ ਲੱਗਾ ਸੂ ਕਿ ਉਹ ਦੁਧ ਕਲਗੀਧਰ ਜੀ ਨੂੰ ਪਿਲਾ ਆਈ ਹੈ ਤੇ ਵਾਹਿਗੁਰੂ ਨਾਮ ਲੈ ਆਈ
ਰਾਜੇ ਨੇ ਵਾਰਤਾ ਸੁਣੀ, ਰਾਣੀ ਚਿਹਰਾ ਤੱਕਦੀ ਸੀ, ਕਿੰਨੀ ਵੇਰ ਰਾਣੀ ਦੇ ਲੂੰ ਕੰਡੇ ਹੋਏ, ਕਿੰਨੀ ਵੇਰ ਰੋਈ, ਪਰ ਰਾਜੇ ਦਾ ਚਿਹਰਾ ਇਕੋ ਜਿਹਾ ਰਿਹਾ, ਕੋਈ ਭਾਵ ਪ੍ਰਤੀਤ ਨਹੀ ਦਿੱਤਾ, ਇਕ ਦੋ ਵੇਰ ਰਤਾ ਰਤਾ ਬੁਲ੍ਹ ਟੁਕੇ ਤੇ ਰਤਾ ਰਤਾ ਅੱਖਾਂ ਅਨੋਖੇ ਜਿਹੇ ਝਮਕਾਰ ਵਿਚ ਗਈਆਂ, ਪਰ ਬੇ-ਮਲੂਮੇ।
ਰਾਣੀ ਤੋਂ ਹੁਣ ਰਿਹਾ ਨਾ ਗਿਆ, ਬੇਤਾਬ ਹੋਕੇ ਬੋਲੀ : ਹੁਣ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਵਿਚ ਹੋ, ਐਡੀ ਖੁਸ਼ੀ ਦੀ, ਐਡੀ ਅਚਰਜ, ਐਡੀ ਸ਼ਕਤੀ ਤੇ ਪਿਆਰ ਦੀ ਗੱਲ ਸੁਣਕੇ ਵੀ ਤੁਸਾਡੇ ਦਿਲ ਨੂੰ ਕੋਈ ਪਿਆਰ, ਕੋਈ ਖਿੱਚ ਦਾ ਤਣੁੱਕਾ ਨਹੀ ਵੱਜਾ ?
ਰਾਜਾ - ਅੰਦਰ ਦੀ ਦੁਨੀਆਂ ਦੇ ਕਰਤਬ ਅੰਦਰ।
ਰਾਣੀ - ਕੋਈ ਓਪਰਾ ਨਹੀ ਬੈਠਾ, ਮਹਰਮ ਬੈਠੀ ਹਾਂ ਦਿਲ ਨੂੰ ਖੁੱਲ੍ਹਾ ਛੱਡਦੇ ਰਤਾ, ਅੰਦਰਲੇ ਭਾਵਾਂ ਦਾ ਰਸ ਆ ਜਾਂਦਾ।
ਰਾਜਾ - ਕੋਈ ਬੁਲਬੁਲ ਹੈ ਕੋਈ ਪਰਵਾਨਾ ਪਰਵਾਨਾ ਬੁਲਬੁਲ ਕਿਵੇਂ ਬਣੇ?
ਰਾਣੀ - ਪਰ ਤੁਸੀਂ ਤਾਂ ਆਪਣੇ ਦਿਲ ਨੂੰ ਡੱਕਦੇ ਹੋ ਮੇਰੀ ਜਾਚੇ ?
ਰਾਜਾ - ਭਤ ਡੱਕੇ ਹੀ ਚੰਗੇ, ਖੁਲ ਦਿੱਤੀ ਨਹੀਂ, ਇਹ ਫੇਰ ਸਵਾਰ ਹੋਏ ਨਹੀਂ।
ਰਾਣੀ - ਐਨਾ ਨਾ ।
ਰਾਜਾ - ਜੇ ਪ੍ਰੀਤ ਕਣੀ ਅੰਦਰ ਹੋਵੇ ਤਾਂ ਨੱਪ ਕੇ ਰੱਖੇ, ਬੋਲੇ ਤਾਂ ਚਮਕ ਘਟਦੀ ਹੈ, ਹਾਵਾਂ ਭਾਵਾਂ ਨਾਲ ਪ੍ਰਗਟ ਕਰੋ ਤਾਂ ਚਮਕ ਟੁਟਦੀ ਹੈ, ਅੰਦਰਲਾ ਪਿਆਰ ਨਾਲ ਘੁਲ ਘੁਲ ਕੇ ਵਗ ਟੁਰੇ ਪਰ ਨੈਣਾਂ ਨੂੰ, ਮੱਥੇ ਨੂੰ, ਬੁਲ੍ਹਾਂ ਨੂੰ ਰੋਮਾਵਲ ਨੂੰ ਖਬਰ ਨਾਂ ਹੋਣ ਦੇਵੇ। ਦਾਨ ਕਰੋ ਸੱਜਾ ਹੱਥ ਖੱਬੇ ਨੂੰ ਸਾਰ ਨਾ ਪਵੇ: ਪਿਆਰ ਕਰੋ ਦਿਲ ਤਾਂ ਝਰਨਾਟ ਪਿਛਲੇ ਪਾਸੇ ਆਤਮਾ ਨੂੰ ਜਾਵੇ, ਬਾਹਰਲੇ ਪਾਸ ਇੰਦਿਆਂ ਵੱਲ ਨੂੰ ਕਿਉ ਜਾਵੇ ?
ਰਾਣੀ - ਹਾਏ। ਮੈਂ ਨਿਕਾਰੀ, ਏਡੇ ਜੇਰੇ। ਪਰ ਤੁਸਾਡਾ ਜੀ ਦਰਸ਼ਨਾਂ ਨੂੰ ਨਹੀ ਤੜਫਦਾ ?
ਰਾਜਾ - ਤੜਫਦਾ ਹੈ। ਹੁਣ ਬੱਸ ਚਾ ਕਰੋ।
ਰਾਣੀ - ਬੇਅਦਬੀ ਦੀ ਖਿਮਾਂ, ਜੇ ਤੜਫਨਾ ਹੈ ਤਾਂ ਮੁਰਾਦ ਕਿਸ ਤਰ੍ਹਾਂ ਪੁੱਗੂ, ਚੁਪ ਬੈਠਿਆਂ ਕੀ ਬਣੂ ?
ਰਾਜਾ - ਅਗੇ ਇਹ ਸਰੀਰ, ਮਨ, ਆਤਮਾ; ਜਨਮ, ਰਾਜ ਭਾਗ ਤੇ ਤੁਸੀ ਪ੍ਰਿਯਵਰ, ਬਿਨ ਬੋਲੇ ਮਿਲੇ ਹਨ; ਦਾਤਾ ਬੇ-ਜ਼ਬਾਨਾਂ ਦੀ ਬੀ ਸੁਣਦਾ ਹੈ।
ਰਾਣੀ (ਰੋ ਕੇ) - ਚਲੋ ਬਸਾਲੀ ਦਰਸ਼ਨ ਕਰੀਏ।
ਰਾਜਾ - ਕਦੇ ਬ੍ਰਿਛ ਬੂਟੇ ਬੂਟੀਆਂ ਮਾਲੀਆਂ ਪਾਸ ਟੁਰਕੇ ਗਏ ਹਨ ? ਮਾਲੀ ਆਪ ਉਨ੍ਹਾਂ ਨੂੰ - ਬੂਟੇ ਬੂਟੇ ਫਿਰਕੇ ਪਾਣੀ ਪਾਂਦਾ ਹੈ - ਪਾਲਦਾ ਹੈ। ਰਾਣੀਏਂ ! ਬੂਟੇ ਕਦੇ ਮਾਲੀਆਂ ਦੇ ਮਗਰ ਨਹੀ ਭੱਜੇ।
ਰਾਣੀ - ਤਾਂ ਕੋਈ ਸਿਖ, ਜਗਯਾਸੂ, ਰੱਬ ਦਾ ਤਲਾਸੂ, ਪੀਰਾਂ, ਫਕੀਰਾਂ, ਸੰਤਾਂ ਪਾਸ - ਨਾ ਜਾਇਆ ਕਰੇ ?
ਰਾਜਾ - ਜਾਣ, ਜਰੂਰ ਜਾਣ, ਪਰ ਕਦੇ ਮੂਰਖ ਤੇ ਸਾਕਤ, ਕਦੇ ਭੁੱਲੇ ਹੋਏ ਤੇ ਅਞਾਣ ਬੀ ਜਾਂਦੇ ਹਨ ? ਉਹਨਾਂ ਨੂੰ ਜਾਣ ਦੀ ਜਾਚ ਨਹੀ, ਬੂਟੇ ਮਾਲੀ ਦੇ ਘਰ ਜਾਣੋ ਇਸ ਕਰਕੇ ਤਾਂ ਨਹੀ ਰੁਕਦੇ ਕਿ ਉਹਨਾਂ ਨੂੰ ਕੋਈ ਤਾਣ ਹੈ ਤੇ ਨਹੀਂ ਜਾਂਦੇ। ਖਬਰੇ ਜੇ ਪੈਰ ਹੁੰਦੇ ਤਾਂ ਓਹ ਭੱਜੇ ਹੀ ਫਿਰਦੇ, ਵਿਚਾਰਿਆਂ ਨੂੰ ਪੈਰ ਨਹੀਂ। ਮੇਰੇ ਬੀ ਓਹ ਸੇ ਹੈ ਨਹੀ ਜੋ ਟੋਰਕੇ ਲੈ ਜਾਇਆ ਕਰਦੀ ਹੈ।
ਰਾਣੀ - ਫੇਰ ਸੱਦ ਹੀ ਘੱਲੀਏ, ਬਸਾਲੀ ਵਾਲੇ ਰਾਜੇ ਨੇ ਉਹਨਾਂ ਨੂੰ ਸੱਦਿਆ ਹੀ ਹੈ। ਉਹ ਦੀਨ ਦਿਆਲ ਹਨ, ਆ ਜਾਣਗੇ।
ਰਾਉ- ਇਹ ਪ੍ਰੇਮ ਦੇ ਰਸਤੇ ਵਿਚ ਮੇਰੀ ਜਾਚੇ ਬੇਅਦਬੀ ਹੈ ।
ਰਾਣੀ- ਤਾਂ ਜਿੰਨੇ ਲੋਕ ਅਪਣੇ ਵਡਿਆ ਨੂੰ ਘਰੀ ਨਿਉਤਾ ਦੇਂਦੇ ਹਨ ਬੇਅਦਬੀ ਕਰਦੇ ਹਨ ?
ਰਾਉ- ਨਹੀ, ਬੂਟਿਆਂ ਨੂੰ ਜੀਭ ਨਹੀ, ਕਿ ਮਾਲੀ ਨੂੰ ਸੱਦ ਘੱਲਣ।
'ਮੈਂ ਸੱਦ ਘੱਲਾਂ ?' ਇਹ ਕਹਿੰਦਿਆਂ ਐਉਂ ਜਾਪਿਆ ਕਿ ਰਾਜੇ ਦੇ ਨੈਣਾਂ ਤੋਂ ਹੰਝੂ ਕਿਰਨ ਲੱਗਾ ਹੈ, ਪਰ ਅੱਖਾਂ ਨੇ ਪਾਟਣਾਂ ਖਾਧੀ ਤੇ ਉਹ ਉਥੇ ਨੈਣਾਂ ਵਿਚ ਹੀ ਪੀਤਾ ਗਿਆ।
ਰਾਣੀ- ਫੇਰ ਕਿੰਞ ਸਿੱਕ ਪੂਰੀ ਹੋਸੀ ?
ਰਾਉ- ਮਾਲੀ ਬੂਟਿਆਂ ਦੀ 'ਚੁੱਪ ਆਵਾਜ' ਦਾ ਜਾਣੂ ਹੈ । ਉਹਨਾਂ ਦੇ ਨਾਂ ਟੁਰ ਸਕਣ ਦੇ ਨਿਤਾਣਪੁਣੇ ਦਾ ਵਾਕਬ ਹੈ।
ਰਾਣੀ- ਜੇ ਮਾਲੀ ਨੂੰ ਕੋਈ ਖ਼ਬਰ ਕਰ ਦੇਵੇ ਤਾਂ ?
ਰਾਉ- ਇਹ ਮਾਲੀ ਅੰਤਰਯਾਮੀ ਹੈ। ਧੁਰੋ ਆਇਆ ਹੈ।
ਰਾਣੀ- ਤੁਸਾਡਾ ਜੇਰਾ ਬੜਾ ਵੱਡਾ ਹੈ, ਪਰ ਜੇ ਸਾਰਾ ਜਗਤ ਇਸ ਰਾਹੇ ਟੁਰੇ ਤਾਂ ਮਾਲੀ ਦਾ ਭਾਰ ਕਿੰਨਾਂ ਕੁ ਵਧੇ ?
ਰਾਉ- ਮਾਲੀ ਭਾਰ ਤਾਂ ਹਰਨ ਆਇਆ ਹੈ । ਸਾਰਾ ਜਗਤ ਮੇਰੇ ਰਸਤੇ ਕਿਉਂ ਟੁਰੇ, ਮੈਂ ਤਦੇ ਤਾਂ ਚੁਪ ਹਾਂ ਕਿ ਜਿਸ ਰਾਹੇ ਮੈਂ ਪਿਆ ਹਾਂ, ਕੋਈ ਨਾ ਪਵੇ।
ਰਾਣੀ- ਸਾਰੇ ਸਿੱਖ ਸੰਗਤ, ਲੋੜਵੰਦ, ਪ੍ਰੇਮੀ ਨੇਮੀ ਦਰਸ਼ਨ ਨੂੰ ਆਉਦੇ ਹਨ।
ਰਾਉ- ਰੱਬ ਨੇ ਉਹਨਾਂ ਦੇ ਸੁਭਾ ਵਿਚ ਟੁਰਕੇ ਜਾਣ ਦੀ ਚਾਹਨਾ ਤੇ ਟੁਰਨ ਦਾ ਬਲ ਬਖਸ਼ਿਆ ਹੈ, ਮੈਂ ਇਹੋ ਜਿਹਾ ਘੜਿਆ ਗਿਆ ਤੇ ਮੇਰਾ ਸੁਭਾਉ ਜਿਸ ਤਰ੍ਹਾਂ ਦਾ ਜਿਵੇਂ ਬਣ ਗਿਆ ਹੈ, ਉਸ ਤਰ੍ਹਾਂ ਦਾ ਹਾਂ, ਮੈਂ ਜਗਤ ਨੂੰ ਜੋ ਜਾਂਦਾ ਹੈ ਭਾਗਾਂ ਵਾਲਾ ਤੇ ਚੰਗਾ ਸਮਝਦਾ ਹਾਂ, ਮੇਰੇ ਵਿਚ ਜੋ ਕੁਛ ਹੈ ਇਹ ਨਕਲ ਕਰਨੇ ਜੋਗ ਨਹੀਂ ਹੈ, ਪਰ ਮੈਂ ਜੋ ਕੁਛ ਹਾਂ ਉਸ ਤੋਂ ਹੋਰਵੇਂ ਨਹੀਂ ਹੋ ਸਕਦਾ। ਪ੍ਰਿਯਾਵਰ ! ਕਾਸ਼ । ਤੁਹਾਨੂੰ ਹੈਰਾਨੀ ਮੇਰੇ ਪੜਦੇ ਪਾੜਨ ਤੱਕ ਨਾ ਲੈ ਜਾਂਦੀ, ਮਨੁੱਖ ਬਹੁਤ ਕੁਛ ਜਾਣਨੇ ਦੀ ਲੋੜ ਹੈ, ਪਰ ਕਦੇ ਕੋਈ ਐਸਾ ਬੀ ਹੈ ਕਿ ਜੋ ਨਾ ਜਾਣਿਆਂ ਚੰਗਾ ਹੁੰਦਾ ਹੈ। ਤੁਸਾਂ ਮੇਰਾ ਨਾ ਜਾਣਨੇ ਯੋਗ ਭੇਤ ਜਾਣਕੇ ਆਪਣੇ ਆਪ ਨੂੰ ਘਬਰਾ ਵਿਚ ਤੇ ਮੇਰੇ ਲਈ ਚਿੰਤਾ ਵਿਚ ਪਾਇਆ ਹੈ, ਮੈਂ ਜੋ ਕੁਛ ਦੱਸ ਰਿਹਾ ਹਾਂ ਦੱਸਕੇ ਖੁਸ਼ ਨਹੀ, ਤੁਹਾਨੂੰ ਤਸੱਲੀ ਹੁੰਦੀ ਨਹੀ ਤੇ ਮੈਨੂੰ ਦੱਸਣਾ ਇਸ ਕਰਕੇ ਪਿਆ ਕਿ ਤੁਸੀਂ ਭੇਤ ਦੇ ਜਾਣੂ ਹੋਕੇ ਪੁੱਛਦੇ ਹੋ, ਤੁਸਾਡੀ ਮੇਰੀ ਪੀੜ ਇਕ ਹੈ, ਦੁਖ ਸੁਖ ਸਾਂਝਾ ਹੈ, ਪਿਆਰ
ਦਾ ਨਾਤਾ ਹੈ, ਕਿੰਞ ਹੁਣ ਨਾ ਦੱਸਾਂ । ਜੇ ਤੁਸੀ ਭੇਤ ਨਾ ਕੱਢਦੇ ਤਾਂ ਨਾ ਪੁੱਛਣ ਦੀ ਤੇ ਨਾ ਹੀ ਤਸੱਲੀ ਕਰਾਉਣ ਵਾਲੇ ਉੱਤਰਾਂ ਦੀ ਲੋੜ ਪੈਂਦੀ ।
ਪ੍ਰਿਯਾਵਰ - ਤੁਸਾਂ ਨੇ ਅੱਜ ਪਹਿਲਾ ਦਿਨ ਹੈ ਕਿ ਮੈਨੂੰ ਇਹ ਗੱਲ ਆਖੀ ਹੈ ਕਿ ਤੁਸਾਡਾ ਪਿਆਰ ਦਾ ਨਾਤਾ ਹੈ, ਮੈਥੋਂ ਭੁੱਲ ਹੋਈ, ਪਰ ਪਿਆਰ ਦੀ ਲਹਿਰ ਵਿਚ। ਤੁਸਾਂ ਮੇਹਰ ਕੀਤੀ, ਔਗੁਣ ਨਹੀ ਛਾਣਿਆਂ, ਸਗੋ ਆਪਣਾ ਖਿਆਲ ਸਾਰਾ ਸਮਝਾਇਆ ਹੈ, ਜੋ ਕਹਿੰਦੇ ਹੋ ਠੀਕ ਹੈ, ਪਰ ਇਹ ਮੈਂ ਨਹੀ ਅਜੇ ਬੀ ਸਮਝ ਸਕੀ ਕਿ ਤੁਸੀ ਪਿਆਰ ਛੁਪਾਂਦੇ ਕਿਉ ਹੋ ?
ਰਾਉ- ਮੈਂ ਛੁਪਾਂਦਾ ਨਹੀ। ਹਨੇਰੇ ਰਹਿਣ ਵਾਲੀਆਂ ਚੀਜ਼ਾਂ ਹਨੇਰੇ ਹੀ ਠੀਕ ਹਨ; ਇਹ ਮੇਰਾ ਸੁਭਾ ਹੈ, ਜੜ੍ਹਾਂ ਹਨੇਰੇ ਤੇ ਬ੍ਰਿੱਛ ਚਾਨਣੇ ਹੀ ਸੋਭਦੇ ਹਨ।
ਪ੍ਰਿਯਾਵਰ- ਮੈਨੂੰ ਇੰਨੇ ਵਰ੍ਹਿਆਂ ਵਿਚ ਮਸਾਂ ਸੋਝੀ ਆਈ ਹੈ ਕਿ ਤੁਸਾਡੇ ਰੁੱਖੇ ਤੇ ਖੁਰਦਰੇ ਬਾਹਰਲੇ ਦੇ ਅੰਦਰ ਅਤਿ ਪਿਆਰ ਵਾਲਾ, ਕਮਲ ਤੇ ਦਰਦਾਂ ਭਰਿਆ ਦਿਲ ਹੈ, ਤੁਸੀ ਜਿਉ ਜਿਉ ਪਿਆਰ ਕਰਦੇ ਹੋ, ਬਾਹਰੋਂ ਖੁਰਦਰੇ ਲਗਦੇ ਹੋ, ਤੁਸਾਡਾ ਰੁਖੇਵਾਂ ਅੰਦਰਲੇ ਪਸੀਜਨ ਦੀ ਨਿਸ਼ਾਨੀ ਹੁੰਦੀ ਹੈ, ਪਰ ਜਗਤ ਵਿਚ ਕੌਣ ਜਾਣੇ ਤੇ ਤੁਸਾਡਾ ਕੋਈ ਮਿੱਤਰ ਕਿਵੇਂ ਬਣੇ, ਜੋ ਬਣੇ ਤਾਂ ਕਿਵੇਂ ਰਹੇ ?
ਰਾਉ- ਇਹ ਮੇਰੇ ਅਭਾਗ ਜਾਣੋ, ਮੈਨੂੰ ਮਿੱਤਰਾਂ ਦੇ ਟੋਟੇ ਦੀ ਹੀ ਦਾਤ ਮਿਲੀ ਹੋਊ। ਇਹੋ ਸਹੀ, ਇਕਨਾਂ ਵਿਚ ਬਹੁਤਿਆਂ ਨੂੰ ਪਿਆਰ ਕਰਨੇ ਦੀ ਸੱਤਿਆ ਹੁੰਦੀ ਹੈ, ਇਕਨਾਂ ਵਿਚ ਇਕ ਦੇਹ ਨੂੰ ਪਿਆਰ ਕਰਨੇ ਦੀ ਸੱਤਿਆ ਹੁੰਦੀ ਹੈ। ਇਹ ਆਪੋ ਆਪਣੀ ਸੱਤਿਆ ਹੈ, ਕੋਈ ਗੱਲ ਮਾੜੀ ਕੋਈ ਚੰਗੀ ਨਹੀ। ਜਿਹੀ ਅੰਦਰਲੀ ਦਸ਼ਾ ਤਿਹੇ ਅਮਲ, ਮੇਰੇ ਦਿਲ ਤੋਂ ਜ਼ਬਾਨ ਤੱਕ ਰਸਤਾ ਤੰਗ ਬਣਿਆ ਹੈ, ਪਿਆਰ ਜਦ ਉਸ ਗਲੀ ਥਾਣੀ ਲੰਘਦਾ ਹੈ ਤਾਂ ਫਸ ਫਸ ਜਾਂਦਾ ਹੈ, ਮੈਨੂੰ ਇਹ ਮੁਸ਼ਕਲ ਹੈ, ਮੈਂ ਕਿਸੇ ਸੇਖੀ ਵਿਚ ਤਾਂ ਨਹੀ ਹਾਂ।
ਪ੍ਰਿਯਾਵਰ- ਹੱਛਾ ਸਿਰਤਾਜ ਜੀਓ, ਜਗਤ ਨਾਲ ਤਾਂ ਜਿਵੇਂ ਵਰਤਿਆ, ਉਹ ਤਾਂ ਚਾਰ ਦਿਨਾਂ ਦੀ ਗੱਲ ਹੈ, ਪਰ ਜਿਥੇ ਦਿਲ ਦਿੱਤਾ ਉਥੇ ਵੀ ਨਾ ਜਾਣਾ, ਨਾ
ਸੱਦਣਾ, ਨਾ ਮਿਲਣਾ, ਨਾ ਪੱਤਰ ਪਾਣਾ, ਨਾ ਸੰਦੇਸ ਪਾਨਾ ਵਾਏ ਨਾ ਸੋਏ? ਮੇਰਾ ਜੀ ਕਾਹਲਾ ਪੈਂਦਾ ਹੈ।
ਰਾਉ- ਜੋ ਮੇਰਾ ਭੇਤ ਜਾਣਿਆ ਜੇ ਉਹ ਅਜਾਣਿਆਂ ਕਰ ਦਿਓ, ਤੁਸਾਡੀ ਕਾਹਲ ਹਟ ਜਾਏਗੀ, ਯਾ ਮੈਨੂੰ ਮੇਰੇ ਸੁਭਾ ਉੱਤੇ ਛਡ ਦਿਓ, ਜੋ ਹੋਊ ਦੇਖੀ ਚਲੋ।
ਰਾਣੀ- ਮੇਰੀ ਕਾਹਲ ਤੁਸਾਂ ਦੇ ਪਿਆਰ ਦੀ ਹੈ, ਕਹਿਂਦੀ ਹਾਂ, ਹੁਣ ਤਾਂ ਘਰ ਆ ਗਏ ਨਰੈਣ, ਗੰਗਾ ਹਿਮਾਲਿਆ ਛੱਡਕੇ ਸਾਡੇ ਨਗਰ ਆ ਗਈ, ਅਸੀ ਫੇਰ ਬੀ ਵਾਂਜੇ ਰਹੀਏ। ਤੁਸਾਨੂੰ ਮਨ ਦੀ ਮੁਰਾਦ ਮਿਲੇ, ਮੈਂ ਬੀ ਚਰਨਾਂ ਵਿਚ ਠੰਢ ਵੰਡਾਵਾਂ।
ਰਾਉ- ਤੁਸੀਂ ਬਸਾਲੀ ਚਲੇ ਜਾਓ, ਏਥੇ ਸੱਦ ਲਵੋ, ਜਿਵੇਂ ਮਨੋ ਕਾਮਨਾ ਪੂਰਨ ਹੋਵੇ ਕਰ ਲਓ, ਮੇਰੀ ਰੋਕ ਨਹੀਂ। ਮੇਰੇ ਕੋਲ ਉਹ ਕੁਛ ਨਾ ਕਰਾਓ ਜੋ ਕੁਛ ਕਿ ਮੇਰੇ ਅੰਦਰ ਨਹੀ ਹੈ। ਟੁਰਕੇ ਜਾਣ ਦਾ ਤਾਣ, ਸੱਦ ਬੁਲਾਉਣ ਦੀ ਹੈਸੀਅਤ ਮੇਰੀ ਨਹੀਂ, ਪਿਆਰ ਮੇਰੇ ਅੰਦਰ ਕੋਈ ਬਖਸ਼ਿਸ਼ ਹੈ, ਪਰ ਉਹ ਮੇਰੀ ਨਹੀ, ਮੈਂ ਉਸ ਨੂੰ ਘੁਟ ਘੁਟਕੇ ਰਖਣਾ ਹੈ ਕਿ ਕਿਤੇ ਕਿਸੇ ਦਿਖਾਵੇ ਵੇਲੇ ਮੇਰੇ ਹਥੋਂ ਤਿਲਕ ਨਾ ਜਾਵੇ।
ਰਾਣੀ- ਜੇ ਆਪ ਅਨੰਦਪੁਰ ਚਲੇ ਗਏ ਤਾਂ ਫੇਰ ?
ਰਾਉ- ਜੇ ਅੱਜ ਮੇਰਾ ਘਟ ਬਿਨਸ ਜਾਵੇ ਤਾਂ.....?
ਰਾਣੀ(ਰੋ ਪਈ)- ਬੱਸ ਕਰੋ। ਮੈਂ ਭੁੱਲੀ, (ਹੱਥ ਜੋੜਕੇ) ਕੁਵਾਕ ਨਾ ਕੱਢੋ।
ਰਾਉ- ਮੈਂ ਤੁਸਾਡੀ ਵੱਲੋਂ ਆਪੇ ਪੁੱਛਦਾ ਹਾਂ, ਫੇਰ ਕੀ ਹੋਸੀ ? ਤੇ ਮੈਂ ਉੱਤਰ ਦੇਂਦਾ ਹਾਂ:
'ਜੇ ਘਟੁ ਜਾਇ ਤ ਭਾਉ ਨ ਜਾਸੀ'।
ਪਿਆਰ ਦੀ ਕਣੀ ਅੰਦਰ ਨਾ ਜਾਵੈ, ਮੈਂ ਸੂਮ ਦਾ ਏਹੇ ਧਨ ਹੈ, ਇਹ ਨਾ ਜਾਏ, ਜਿਸ ਦੇ ਨਾਲ ਇਹ ਪ੍ਰੇਮ-ਕਣੀ ਹੈ, ਉਹ ਅੰਤਰਯਾਮੀ ਹੈ, ਲੋਕ ਪ੍ਰਲੋਕ ਦਾ ਮਾਲਕ ਹੈ, ਜੋ ਉਹ ਕਰੇ ਠੀਕ ਹੋਊ।
ਰਾਣੀ- ਤੁਸੀਂ ਇਕ ਰਾਜਨੀਤੀ ਦੀ ਗੱਲ ਬੀ ਸੁਣ ਲਓ, ਕਦੇ ਤੁਸੀਂ ਗੁਰੂ ਜੀ ਦੇ ਵਿਰੁੱਧ ਜੰਗ ਵਿਚ ਸ਼ਰੀਕ ਨਹੀਂ ਹੋਏ, ਇਸ ਕਰਕੇ ਰਾਜੇ ਤੁਸਾਂ ਨਾਲ ਰਾਜ਼ੀ ਨਹੀ, ਸਾਰੇ ਕੀਨਾਖੋਰ ਹਨ, ਜਦ ਤੁਸੀ ਅੜਿੱਕੇ ਆਏ ਕਸਰ ਨਹੀ ਕਰਨਗੇ । ਇਧਰ ਸਿਖਾਂ ਨਾਲ ਨਿਹੁੰ ਨਹੀ, ਇਧਰੋ ਆੜੇ ਵਕਤ ਮਦਦ ਨਹੀ ਮਿਲਣੀ। ਕੀਹ ਚੰਗੀ ਗੱਲ ਨਹੀ ਕਿ ਇਧਰ ਪ੍ਰਗਟ ਨੇਹੁੰ ਲੱਗੇ ਤੇ ਇਕ ਆਸਰਾ ਤਾਂ ਪੱਕਾ ਹੋ ਜਾਵੇ ?
ਰਾਉ- ਹੁਣ ਤੁਸੀ ਗੱਲ ਦੇ ਹੋਰ ਨੇੜੇ ਆਗਏ ਹੋ, ਰਾਜਨੀਤਿ ਤੇ ਪਿਆਰ ਦੋ ਗੱਲਾਂ ਕੱਠੀਆਂ ਨਹੀ ਹੋ ਸਕਦੀਆਂ। ਜੇ ਇਸ ਤੁਹਾਡੀ ਵਿਚਾਰ ਨੂੰ ਅੱਗੇ ਧਰਕੇ ਮਿਲਾਂ ਤਾਂ ਪਿਆਰ ਨਹੀ, ਜੇ ਅੰਦਰ ਹੋਵੇ ਬੀ ਤਾਂ ਮੇਰਾ ਮਨ ਕਹਿੰਦਾ ਹੈ ਕਿ ਉਹ ਭੁਲੇਖਾ ਹੈ। ਇਹ ਨੀਤੀ ਦੀ ਵਿਚਾਰ ਨਹੀ, ਇਹ ਪ੍ਰੇਮ ਨੂੰ ਭੁਲੇਵੇਂ ਵਿਚ ਪਾਉਣ ਵਾਲੀ ਗੱਲ ਹੈ, ਨਾ ਮਿਲਿਆਂ ਪਿਆਰ ਦੀ ਕਣੀ ਨਿਰਮਲ ਦਿੱਸ ਰਹੀ ਹੈ, ਪਰ ਮਿਲਿਆਂ ਨੀਤੀ ਦਾ ਹਨੇਰਾ ਨਾਲ ਪੈਂਦਾ ਹੈ । ਹਾਇ। ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਕਣੀ ਨਿਰਮਲ ਰਹੇ, ਕਿਵੇਂ ਨਿਰਮਲ ਰਹੇ? ਇਵੇਂ ਨਿਰਮਲ ਰਹੇ ਜਿਵੇਂ ਮੈਂ ਤੁਰਦਾ ਹਾਂ । ਬਾਕੀ ਰਿਹਾ ਰਾਜਭਾਗ, ਮੈਂ ਨਹੀਂ ਤੇਗ਼ ਮਾਰੀ, ਆਪੇ ਮਿਲਿਆ ਹੈ; ਜਾਏਗਾ ਤਾਂ ਤੇਗ਼ ਮਾਰਾਂਗਾ: ਤੇਗ਼ ਨਾਲ ਰਹਿ ਗਿਆ ਜੀ ਸਦਕੇ; ਤੇਗ ਮਾਰਦਿਆਂ ਟੁਰ ਗਿਆ ਜੀ ਸਦਕੇ। ਨਾ ਛੱਡਣਾ ਹੈ, ਨਾ ਦੇਣਾ ਹੈ, ਜਾਣ ਲੱਗੇ ਤਾਂ ਨਾ ਜਾਣ ਦੇਣ ਦਾ ਸਾਰਾ ਤਾਣ ਲਾਉਣਾ ਹੈ; ਚਲਾ ਜਾਏ ਤਾਂ ਸੀ ਨਹੀਂ ਕਰਨੀ; ਇਕ ਪਿਆਰ ਦੀ ਕਣੀ ਅੰਦਰ ਤੱਕਣੀ ਹੈ।
ਰਾਣੀ ਹੁਣ ਬੱਸ ਹੋ ਗਈ, ਮੈਂ ਅੱਜ ਆਪਣੇ ਪਿਆਰੇ ਸਿਰਤਾਜ ਨੂੰ ਬਹੁਤ ਖੋਚਲ ਦਿੱਤੀ ਹੈ, ਤੁਸੀ ਚੰਗੇ ਹੋ ਤੇ ਦਾਨੇ ਹੋ, ਮੈਂ ਕਾਹਲੀ ਹਾਂ ਤੇ ਜੇਰਾ ਨਹੀ ਰੱਖਦੀ, ਤੁਸੀ ਤੁਰੇ ਉਸ ਰਾਹੇ ਜੋ ਤੁਸਾਂ ਨੂੰ ਖੁਸ਼ ਆਉਂਦਾ ਹੈ, ਪ੍ਰੀਤ-ਤਾਰ ਨਾ ਟੁੱਟੇ, ਪ੍ਰੇਮ ਕਣੀ ਨਾ ਖੁੱਸੇ, ਪਿਆਰ-ਲਸ ਨਾ ਮਿਟੇ, ਸੋ ਕਰੋ ਜੋ ਇਹ ਸਲਾਮਤ ਰਹੇ, ਮੈਨੂੰ ਖਿਮਾਂ ਕਰੋ ਕਿ ਆਪ ਦਾ ਭੇਤ ਲੱਭਿਆ ਤੇ ਆਪ ਦਾ ਇੰਨਾਂ ਧਿਆਨ ਇਸ ਬਹਿਸ ਵਿਚ ਪਾਇਆ ।
ਰਾਉ- ਜੋ ਧੁਰੋਂ ਹੁਕਮ ਸੀ ਹੋ ਗਿਆ। ਕੁਦਰਤ ਨੇ ਜੋ ਚਾਹਿਆ ਕੀਤਾ, ਹੁਣ ਸੋਚ ਨਾ ਕਰੋ, ਪਰ ਮੈਨੂੰ ਤੁਰਨ ਦਿਓ ਉਸੇ ਰਸਤੇ ਜੋ ਮੈਨੂੰ ਦਿਖਾਇਆ ਹੈ ਦਾਤੇ ਨੇ।
ਵਜ਼ੀਰ- ਮਹਾਰਾਜ । ਉਸ ਦਿਨ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਚਾਨਕ ਦਰਸ਼ਨ ਦਿਦਾਰੇ ਹੋ ਜਾਣ ਦੇ ਤੇ ਜੋ ਮੈਂ ਉਸ ਵੇਲੇ ਕੀਤਾ ਆਪ ਨੂੰ ਦੱਸਿਆ ਸੀ, ਰਿਆਸਤ ਵਿਚ ਆਗਿਆ ਘੱਲ ਦਿੱਤੀ ਹੈ ਕਿ ਉਹਨਾਂ ਦਾ ਆਦਰ ਹੋਵੇ, ਜਿਸ ਸ਼ੈ ਦੀ ਲੋੜ ਪਵੇ ਪੈਚ ਹਾਜ਼ਰ ਕਰਨ, ਖ਼ਬਰਾਂ ਆਉਦੀਆਂ ਹਨ ਕਿ ਆਪ ਕਦੇ ਕਦੇ ਸ਼ਿਕਾਰ ਕਰਦੇ ਇਧਰ ਆ ਨਿਕਲਦੇ ਹਨ, ਤੇ ਇਹੋ ਜਿਹੇ ਵਾਕ ਕਰਦੇ ਹਨ। ਇਥੇ ਆਕੇ ਅਨੰਦਪੁਰ ਦੀ ਹਵਾ ਝੁੱਲ ਪੈਂਦੀ ਹੈ' । ਜਾਪਦਾ ਹੈ ਜੋ ਉਹਨਾਂ ਦਾ ਚਿਤ ਇਥੇ ਰਹਿਣ ਨੂੰ ਕਰਦਾ ਹੈ, ਨੀਤੀ ਹੈ ਤੇ ਧਰਮ ਹੈ ਕਿ ਆਦਰ ਨਾਲ ਸੱਦ ਲਈਏ ਤੇ ਰੱਖਕੇ ਸੇਵਾ ਕਰੀਏ। ਆਪ ਦੀ ਜਿਵੇਂ ਰਜ਼ਾ ਹੋਵੇ ?
ਰਾਉ- ਅਨੰਦਪੁਰ ਦੀ ਹਵਾ ਝੱਲ ਪੈਂਦੀ ਹੈ' ਮਾਨੋ ਉਹਨਾਂ ਨੂੰ ਆਪਣਾ ਘਰ ਲਗਦਾ ਹੈ । ਰੱਬ ਤੇ ਗੁਰੂ ਮਾਲਕ ਜੁ ਹੋਏ । ਘਰ ਲਗਦਾ ਹੈ, ਘਰ ਜੁ ਹੋਇਆ।
ਵਜ਼ੀਰ- ਸੱਦ ਲਈਏ ?
ਰਾਉ- ਪਉਣ ਕਿਸੇ ਦੇ ਨਿਉਤੇ ਉਡੀਕਦੀ ਹੈ ? ਮੀਹ ਕਿਸੇ ਦਾ ਸੱਦਿਆ ਆਉਦਾ ਹੈ ?
ਮੰਤ੍ਰੀ - ਸੱਤਿ ਹੈ, ਪਰ ਮੈਂ ਮੰਤ੍ਰੀ ਹਾਂ ਜੋ ਫੁਰੇ ਬਿਨੈ ਕਰਨਾ ਹੈ, ਆਗਿਆ ਵਿਚ ਟੁਰਨਾ ਹੈ, ਸੱਦਣ ਬਾਬਤ ਕਿਵੇਂ ਆਗਿਆ ਹੈ ?
ਰਾਜਾ ਚੁਪ ਹੋ ਗਿਆ ਤੇ ਕੋਈ ਉੱਤਰ ਨਾ ਦਿੱਤਾ । ਮੰਤ੍ਰੀ ਇਸ ਸਭਾ ਨੂੰ ਜਾਣਦਾ ਸੀ, ਕੁਝ ਚਿਰ ਮੰਗਰੋਂ ਰਾਜਸੀ ਕੰਮ ਕਰਕੇ ਮੰਤ੍ਰੀ ਚਲਾ ਗਿਆ, ਉਸ ਦਾ ਸੁਭਾ ਸੀ ਕਿ ਜਾਕੇ ਏਕਾਂਤ ਬੈਠਕੇ ਰਾਉ ਦੇ ਕਦੇ ਕਦੇ ਨਸਾਫ ਤੇ ਬੂਝਾਰਤਾਂ ਵਰਗੇ ਉੱਤਰਾਂ ਦੇ ਅਰਥ
ਸੋਚਿਆ ਕਰਦਾ ਸੀ । ਹੁਣ ਘਰ ਜਾ ਕੇ ਅੱਜ ਦੇ ਕਹੇ ਵਾਕਾਂ ਦਾ ਅਰਥ ਲੱਭਣ ਲੱਗਾ। 'ਪਉਣ ਕਿਸੇ ਦੇ ਨਿਉਤੇ ਉਡੀਕਦੀ ਹੈ ? ਮੀਹ ਕਿਸੇ ਦਾ ਸੱਦਿਆ ਆਉਂਦਾ ਹੈ ?' ਪੌਣ ਆਪੇ ਆਉਦੀ ਹੈ-ਉਹ ਆਪੇ ਆਉਣਗੇ । ਮੀਹ ਕਿਸ ਦਾ ਸੱਦਿਆ ਆਉਦਾ ਹੈ-ਸੱਦਿਆਂ ਮੀਹ ਨਹੀ ਆਉਂਦਾ । ਅਰਥ ਹੋਇਆ ਕਿ ਸੱਦਣਾ ਯੋਗ ਨਹੀਂ, ਉਹ ਬੜੇ ਵੱਡੇ ਹਨ, ਚਾਹੁਣਗੇ ਤਾਂ ਆਪੇ ਆਉਣਗੇ, ਇਉ ਆਏ ਤਾਂ ਜੀ ਸਦਕੇ । ਇਹ ਅਰਥ ਕੱਢਕੇ ਮੰਤ੍ਰੀ ਨੇ ਇਸ ਤੋਂ ਵਧੇਰੇ ਹੋਰ ਕੁਝ ਨਾ ਕੀਤਾ। ਪਰ ਇਹ ਸੋਚਕੇ ਕਿ ਮੈਂ ਮੰਤ੍ਰੀ ਹਾਂ, ਮੈਂ ਮਾਲਕ ਦੀ ਖ਼ੈਰਖਾਹੀ ਕਰਨੀ ਹੈ, ਤੇ ਖ਼ੈਰਖਾਹੀ ਇਸ ਗੱਲ ਵਿਚ ਹੈ ਕਿ ਗੁਰੂ ਜੀ ਆਉਣ, ਅਸੀ ਆਦਰ ਸਤਿਕਾਰ ਕਰੀਏ, ਪਹਾੜੀ ਰਾਜੇ ਸਮਝਣ ਕਿ ਇਹਨਾਂ ਦੀ ਧਿਰ ਹੈ, ਜੇ ਦੋਵੱਲੀ ਅਟੰਕ ਰਹੀਏ ਤਾਂ ਭੀੜ ਪਈ ਤੇ ਮਦਦ ਕਿਸ ਤੋਂ ਲਈਏ ? ਰਾਜੇ ਦੇ ਸੁਭਾ ਦਾ ਪਤਾ ਨਹੀ ਲਗਦਾ । ਭਲਾ ਹੈ, ਬੁਰਾ ਕਦੇ ਨਹੀ ਕਰਦਾ, ਰੁੱਖਾ ਹੈ ਕੁਛ ਖੁਰਦਰਾ ਹੈ, ਪਰ ਹੈ ਸਿਆਣਾ ਤੇ ਨੇਕੀ ਵਾਲਾ। ਚੁਪ ਰਹਿੰਦਾ ਹੈ, ਘੱਟ ਬੋਲਦਾ ਹੈ, ਪਰ ਜੋ ਬੋਲਦਾ ਹੈ ਤੁਲਵਾਂ, ਟਿਕਾਣੇ ਦਾ ਅਰ ਠੀਕ, ਫੇਰ ਨਾ ਉਹ ਝੂਠ ਹੁੰਦਾ ਹੈ ਨਾ ਉਹ ਨੀਤੀ ਵਿਰੁੱਧ ਹੁੰਦਾ। ਪਿਆਰ ਕਿਸੇ ਨਾਲ ਜਾਪਦਾ ਨਹੀ। ਰਾਣੀ ਬੜੀ ਚੰਗੀ ਹੈ, ਪਰ ਬਾਂਦੀਆਂ ਦਸਦੀਆਂ ਹਨ ਕਿ ਰਾਣੀ ਨਾਲ ਕੋਈ ਖਾਸ ਪਿਆਰ ਨਹੀ, ਪਰ ਅਚਰਜ ਹੈ ਕਿ ਦੂਜਾ ਵਿਆਹ ਨਹੀਂ ਕਰਦਾ, ਕਿਸ ਗਲੀ ਬਾਂਦੀ ਵੱਲ ਨਹੀ ਤੱਕਦਾ। ਕਿਸੇ ਪਾਸੇ ਮੈਲੀ ਅੱਖ ਤੱਕ ਨਹੀ ਪਾਉਂਦਾ । ਠਾਕਰ ਦੁਆਰੇ ਕਿ ਸ਼ਿਵ ਦੁਆਰੇ ਨਹੀ ਵੜਦਾ ਕਥਾ ਨਹੀ ਸੁਣਦਾ, ਤੀਰਥ ਪਰਸਨ ਨਹੀ ਗਿਆ, ਗੁਰੂ ਨਹੀਂ ਧਾਰਿਆ, ਪਰ ਆਇਆ ਅਤਿਥੀ ਖਾਲੀ ਵੀ ਕੋਈ ਨਹੀ ਜਾਂਦਾ, ਕਿਸੇ ਮੰਦਰ ਦਾ ਰੁਜ਼ੀਨਾਂ ਬੰਦ ਨਹੀ, ਹਿੰਦੂ ਮੁਸਲਮਾਨ ਫਕੀਰ ਸੁਆਲੀ ਆਵੇ ਤਾਂ ਹੱਥੋਂ ਕਿਰ ਪੈਂਦਾ ਹੈ । ਸਾਧੂ ਸੰਤ ਆਵੇ ਤਾਂ ਸੁਣ ਗਿਣ ਬੀ ਲੈਂਦਾ ਹੈ, ਭਿੱਜਦਾ ਕਿਸੇ ਫਕੀਰ ਨਾਲ ਨਹੀਂ। ਮੇਰੇ ਨਾਲ ਓਪਰਾ ਰਹਿੰਦਾ ਹੈ, ਪਰ ਮੇਰੀ ਤਰੱਕੀ ਕੀਤੀ ਹੈ; ਮੇਰੇ ਬੱਚੇ ਦੇ ਵਿਆਹ ਦਾ ਸਾਰਾ ਖਰਚ ਦਿਤਾ ਹੈ । ਜੇ ਕਹੋ ਰੁੱਖਾ ਹੈ ਤਾਂ ਨਹੀ, ਜੇ ਕਹੋ ਪਿਆਰ ਵਾਲਾ ਹੈ ਤਾਂ ਖਹੁ ਨਹੀਂ ਪੈਂਦਾ । ਇਕ ਗੱਲ ਪੱਕੀ ਹੈ ਕਿ ਭਲਾ ਹੈ, ਸਮਝ ਵਾਲਾ ਹੈ, ਪਰ ਕਮ-ਗੋ ਹੈ ਤੇ ਨਿਆਰਾ ਰਹਿਣ ਵਾਲਾ ਹੈ। ਕਿਸ ਆਹਰੇ ਪਰਚਦਾ ਹੈ ਤੇ ਕਿਥੇ ਜਾਕੇ ਖੁੱਲ੍ਹਦਾ ਹੈ ? ਇਹ ਖਹੁ ਨਹੀ । ਬਿਧਨਾ ਐਸੇ ਸੁਭਾ ਕਦੇ ਕਦੇ ਹੀ ਰਚਦੀ ਹੈ। ਹੱਛਾ ਮੇਰਾ ਸੁਆਮੀ ਹੈ ਤੇ ਮੈ ਉਹਨਾਂ ਦੇ ਪਾਣੀ ਦੀ ਥਾਂ ਲਹੂ ਆਪਣਾ ਡੋਹਲਣਾ ਹੈ।
੯.
ਇਕ ਦਿਨ ਰਾਉ ਜੀ ਕੁਝ ਢਿੱਲੇ ਢਿੱਲੇ ਸਨ, ਮੰਤ੍ਰੀ ਨੇ ਵੈਦ ਦੇ ਸਾਹਮਣੇ ਬਿਨੈ ਕੀਤੀ ਕਿ ਚੰਗਾ ਨਾ ਹੋਵੇ ਕੁਛ ਦਿਨ ਮਹਾਰਾਜ ਸ਼ਿਕਾਰ ਚਲਿਆ ਕਰਨ ? ਆਖ਼ਰ ਬੀਮਾਰੀ ਤਾਂ ਕੋਈ ਨਹੀਂ, ਤੁਸੀ ਦੱਸਦੇ ਹੋ ਕਿ ਜ਼ਰਾ ਸਰਦੀ ਦਾ ਅੰਗ ਹੈ, ਸੋ ਠੀਕ ਹੈ, ਕਈ ਦਿਨ ਬਹੁਤ ਕੰਮ ਹੋਣ ਕਰਕੇ ਹਿੱਲੇ ਜੁੱਲੇ ਨਹੀਂ । ਵੈਦ ਨੇ ਕਿਹਾ: ਬਹੁਤ ਠੀਕ ਹੈ। ਰਾਜਾ ਜੀ ਨੇ ਕਿਹਾ ਸੱਤ ਬਰਨ।
ਅਗਲੇ ਦਿਨ ਮੰਤ੍ਰੀ ਸ਼ਿਕਾਰ ਲੈ ਚੜਿਆ, ਦੇ ਚਾਰ ਦਿਨ ਏਸੇ ਤਰ੍ਹਾਂ ਸ਼ਿਕਾਰ ਦਾ ਰੰਗ ਬੱਝ ਗਿਆ। ਰਾਣਾ ਜੀ ਦੀ ਤਬੀਅਤ ਬਹੂੰ ਚੰਗੀ ਹੋ ਗਈ। ਇਕ ਦੋ ਵੇਰੀ ਕੰਨੀ ਅਵਾਜ਼ ਪਈ ਕਿ ਗੁਰੂ ਜੀ ਸ਼ਿਕਾਰ ਆਏ ਹੋਏ ਹਨ, ਪਰ ਬਨਾਂ ਵਿਚ ਆਹਮੋ ਸਾਹਮਣਾ ਮੇਲ ਕਦੇ ਨਹੀਂ ਹੋਇਆ।
ਇਕ ਦਿਨ ਰਾਉ ਸ਼ਿਕਾਰ ਤੋ ਮੁੜਕੇ ਆਇਆ, ਘਰ ਗਿਆ, ਪ੍ਰਿਯਾਵਰ ਦੇ ਕਮਰੇ ਵੱਲ ਗਿਆ ਤਾਂ ਬਾਹਰੋਂ ਨਿੱਕੀ ਨਿੱਕੀ ਅਵਾਜ਼ ਆਈ, ਠਠੰਬਰ ਕੇ ਟੁਰਿਆ। ਮਲਕੜੇ ਪੜਦਾ ਚਾ ਕੇ ਅੰਦਰ ਕਦਮ ਧਰਿਆ ਤਾਂ ਪ੍ਰਿਯਾਵਰ ਗਲ ਪੱਲਾ ਪਾਈ ਖੜੀ ਅਰਦਾਸ ਕਰ ਰਹੀ ਸੀ, ਅਰਦਾਸੇ ਦੀ ਅਵਾਜ਼ ਆ ਰਹੀ ਸੀ, ਮਤਲਬ ਸਮਝ ਪੈਂਦਾ ਸੀ, ਮਲਕੜੇ ਰਾਜਾ ਪਿਛੇ ਹਟਿਆ ਕਿ ਮੈਂ ਮਤੇ ਕੋਈ ਆਹਟ ਕਰਕੇ ਧਿਆਨ ਨਾ ਉਕਾ ਬੈਠਾਂ, ਯਾ ਰਾਣੀ ਮਤੇ ਇਹ ਮਗਰੋਂ ਵੇਖਕੇ ਕਿ ਉਸ ਦੀ ਅਰਦਾਸ ਮੈਂ ਸੁਣ ਲਈ ਹੈ, ਸ਼ਰਮਾਵੇ; ਚੰਗਾ ਹੈ ਕਿ ਪੁਜਾਰੀ ਆਪਣੇ ਪੂਜਯ ਦੇ ਮਿਲਾਪ ਵਿਚ ਇਕਾਂਤ ਰਹੇ। ਪਰ ਦਲੀਜਾਂ ਤੋਂ ਬਾਹਰ ਕਦਮ ਰਖਦੇ ਸਾਰ ਹੀ ਰਾਣੀ ਦੀ ਅਵਾਜ਼ ਤੇ ਕੰਨੀ ਪੈ ਗਏ ਲਫਜ਼ਾਂ ਦੇ ਪਿਆਰੇ ਭਾਵ ਦਾ ਅਸਰ ਹੋ ਗਿਆ। ਰਾਣੀ ਰੋ ਰੋ ਕੇ ਅਰਜ਼ਾਂ ਕਰ ਰਹੀ ਸੀ, ਡਾਢੀ ਜੁੜੀ ਹੋਈ ਖੜੀ ਸੀ, ਅਵਾਜ਼ ਸੱਚੇ ਪਿਆਰ ਤੇ ਮਿੰਨਤ ਦੀ ਸੀ, ਰਾਜਾ ਦੇ ਦਿਮਾਗ ਤੇ ਐਸਾ ਅਸਰ ਉਸ ਕੌਮਲਤਾ ਦਾ ਪਿਆ ਕਿ ਸਾਰੀ ਵਿਚਾਰ, ਜੋ ਫੁਰੀ ਸੀ, ਭੁੱਲ ਗਈ। ਸੁਰ ਹੋਇਆ ਸਾਜ਼ ਜਿਵੇਂ ਦੂਸਰੇ ਬੋਲਦੇ ਸਾਜ਼ ਦੀਆਂ ਸੁਰਾਂ ਛਿੜਨ ਨਾਲ ਥਰਰਾਟ ਲੈ ਲੈਂਦਾ ਹੈ, ਤਿਵੇਂ ਪਿਆਰ-ਤਾਰ ਪੁਰੋਤਾ, ਪਰ ਪਰਦੇ ਲੁਕਿਆ ਮਨ ਰਾਉ ਦਾ ਪੰਘਰਕੇ ਉਸੇ ਰੰਗ ਵਹਿ ਟੁਰਿਆ।
ਬਾਹਰ ਦਲੀਜਾਂ ਨਾਲ ਸਿਰ ਦਾ ਢੋ ਲਾ ਕੇ ਰਾਉ ਖਲੋ ਗਿਆ, ਆਪਾ ਭੁੱਲ ਗਿਆ ਤੇ ਅਰਦਾਸ ਵਿਚ ਤਦਰੂਪ ਹੋ ਗਿਆ। ਰਾਣੀ ਕਹਿ ਰਹੀ ਸੀ: ''ਹੇ ਪਰਮੇਸ਼ਰ ਜੀ। ਮੇਰੇ
ਪਤੀ ਤੇ ਮੇਹਰ ਕਰੋ, ਕਿੰਨੇ ਚੰਗੇ ਤੇ ਉੱਚੇ ਹਨ, ਕਿੰਨੇ ਪਿਆਰ ਤੇ ਸਿਦਕ ਵਿਚ ਹਨ, ਉਹਨਾਂ ਨੂੰ ਦੀਦਾਰ ਬਖਸ਼ੋ, ਓਹ ਤਕੜੇ ਹਨ ਆਪਣੇ ਟਿਕਾਉ ਵਿਚ ਟਿਕੇ ਹਨ । ਮੈਂ ਨਿਤਾਣੀ ਹਾਂ, ਬੋਲਦੀ ਹਾਂ, ਘਬਰਾਂਦੀ ਹਾਂ, ਮੋਹਰਾਂ ਕਰੋ, ਦਾਤਾ ਜੀ ਨੂੰ ਸਾਡੀ ਕੁਟੀਆ ਭੇਜੋ । ਸਾਨੂੰ ਦਰਸ਼ਨ ਕਰਾਓ। ਨਾ ਮੈਨੂੰ ਤੇ ਨਾ ਪਤੀ ਜੀ ਨੂੰ ਨਾਮ ਪ੍ਰਾਪਤ ਹੋਇਆ ਹੈ, ਅਸੀ ਅਜੇ ਉਸਦੇ-ਜਿਸਨੂੰ ਨਾਮ ਨਿਵਾਸ ਲਿਖਿਆ ਹੈ-ਪਿਆਸੇ ਹਾਂ।
ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ।।
ਹਰਿਹਾਂ ਤਿਉ ਹਰਿ ਜਨੁ ਮਾਂਗੇ ਨਾਮੁ ਨਾਨਕ ਬਲਿਹਾਰਣੇ।।
ਮੈਂ ਪੁਕਾਰਾਂ ਕਰਦੀ ਹਾਂ, ਪਤੀ ਜੀ ਤਾਂ ਰਜ਼ਾ ਵਿਚ ਅਹਿੱਲ ਖੜੇ ਹਨ, ਮੈਂ ਪਪੀਹੇ ਵਾਗ ਪ੍ਰਿਉ ਪ੍ਰਿਉ ਦੀ ਕੂਕ ਨਾਲ ਆਪ ਨੂੰ ਬੇਅਰਾਮ ਕੀਤਾ ਹੈ, ਬੇਅਦਬੀ ਹੈ, ਪਰ ਮੈਂ ਪੰਛੀ ਹਾਂ, ਦੋ ਹੱਦ ਤ੍ਰੈ ਸੁਰਾਂ ਮੇਰਾ ਰਾਗ ਹੈ, ਸੁਣ ਤੇ ਪਸੀਜ । ਪਾਤਸ਼ਾਹ। ਸੱਤ ਸੁਰਾਂ ਦੇ ਗਿਆਤਾ ਤੇ ੮੪ ਰਾਗਾਂ ਦੇ ਵੇਤਾ, ਸੰਗੀਤ ਦੇ ਸਿਆਣੇ ਪੰਛੀਆਂ ਦੇ ਇਕ- ਸੁਰੇ, ਦੋ-ਸੁਰੇ, ਤ੍ਰੈ-ਸੁਰੇ ਰਾਗ ਸੁਣਕੇ ਪਸੀਜਦੇ ਹਨ, ਆਪ ਸੰਗੀਤ ਰੂਪ ਹੋ, ਸੰਗੀਤ ਦੇ ਸੰਗੀਤ ਹੋ, ਮੇਰੀ ਇਸ ਪੰਛੀ ਪੁਕਾਰ ਤੇ ਰੀਝੋ, ਮੇਹਰ ਕਰੋ। ਦਾਤਾ ਜੀ ਰਿਆਸਤ ਵਿਚ ਆਉਂਦੇ ਹਨ, ਪੰਛੀਆਂ ਮਿਰਗਾਂ ਦੇ ਸ਼ਿਕਾਰ ਕਰਕੇ ਚਲੇ ਜਾਂਦੇ ਹਨ, ਮੇਹਰ ਹੋਵੇ ਕਿ ਸਾਡੇ ਦੁਹਾਂ ਦਾ ਸ਼ਿਕਾਰ ਬੀ ਕਰਨ, ਕੋਈ ਬਾਣ ਚਿੱਲਿਓ ਨਿਕਲੇ ਜੋ ਸਾਡੇ ਕਲੇਜੇ ਬੀ ਆ ਵੱਜੇ: ਨੈਣਾਂ ਤੋਂ ਕੋਈ ਤੀਰ ਛੁੱਟਣ ਜੋ ਸਾਡੀਆਂ ਅੱਖੀਆਂ, ਸਿੱਕ ਭਰੀਆਂ ਅੱਖੀਆਂ, ਥਾਣੀ ਕਾਲਜੇ ਵਿਚ ਲੁਕੇ ਦਿਲ ਨੂੰ ਚੀਰ ਜਾਣ। ਸਾਡਾ ਇਹ ਮਨੁੱਖਾ ਜਨਮ ਬਚਾਓ, ਸਾਨੂੰ ਨਾਮ ਦਿਓ, ਲਿਵ ਦਿਓ, ਨਾਮ ਦਾ ਰਸ ਦਿਓ, ਨਾਮ ਮਹਾਂ ਰਸ ਦਿਓ, ਰਸ ਲੀਨ ਕਰੋ, ਕਰ ਮੇਹਰ ਮੇਲ ਸਤਿਗੁਰ ਦਾਤਾ। ਕਰ ਮੇਹਰ, ਮੇਲ ਅਰਸ਼ਾਂ ਦਾ ਦਾਤਾ ਸੁਆਮੀ ਕਲਗੀਆਂ ਵਾਲਾ। ਨੈਣ ਤਰਸਦੇ ਹਨ, ਦਿਲ ਸਿੱਕਦਾ ਹੈ, ਹੇ ਸਿੱਕਾਂ ਪੂਰਨ ਵਾਲੇ । ਸੱਧਰਾਂ ਪੂਰਨ ਕਰੋ।''
ਘੜੀ ਸਵਾ ਘੜੀ ਅਰਦਾਸ ਹੋਈ, ਰਾਣੀ ਦਾ ਦੁਪੱਟਾ ਤਰ ਹੋ ਗਿਆ। ਰਾਉ ਕੰਧ ਨਾਲ ਸਿਰ ਲਾਈ ਲੀਨ ਰਿਹਾ। ਉਹ ਜੋ ਖੁਰਦਰਾ ਤੇ ਰੁੱਖਾ ਜਾਪਦਾ ਸੀ ਐਨਾ ਰਸੀਆ ਤੇ ਵਲਵਲਿਆਂ ਦਾ ਨਰਮ ਤੇ ਚਿੱਤ ਦਾ ਕੋਮਲ ਸੀ ਕਿ ਅਰਦਾਸ ਤੇ ਕੋਮਲਤਾ ਦੀ ਲੈ
ਵਿਚ ਉੱਕਾ ਲੀਨ ਹੋ ਗਿਆ, ਰਾਣੀ ਨੇ ਅਰਦਾਸ ਮਗਰੋਂ ਆਪਾ ਸੰਭਾਲਿਆ, ਸਰੀਰ ਨਿਰਬਲ ਪਰ ਹਲਕਾ ਫੁੱਲ ਸੀ। ਮੂੰਹ ਪੂੰਝਕੇ ਸਹਿਜੇ ਸਹਿਜੇ ਬਾਹਰ ਨੂੰ ਟੁਰੀ, ਦਲੀਜਾਂ ਟੱਪੀ ਤਾਂ ਪਿਆਰੇ, ਪ੍ਰਾਣ ਪਿਆਰੇ, ਦੀ ਮੂਰਤੀ ਅਚੱਲ ਹੋਈ ਦੇਖੀ, ਦੇਖ ਕੇ ਮਨ ਨੂੰ ਕਹਿੰਦੀ ਹੈ :
"ਹੇ । ਪਟ ਅੰਦਰ ਤੇ ਬਾਹਰੋ ਗੁੱਦੜ ! ਪਿਆਰੇ ਸਿਰਤਾਜ । ਤੂੰ ਧੰਨ, ਤੇਰੀ ਕੋਮਲਤਾ ਤੇ ਲਯਤਾ ਧੰਨ ਹੈ ! ਮੈਂ ਅਰਦਾਸ ਕਰਨ ਵਾਲੀ ਮੁੱਕ ਚੁਕੀ, ਤੂੰ ਸੁਣਨ ਵਾਲਾ ਅਜੇ ਤਾਈਂ ਰਸ ਲੀਨ ਹੈਂ। ਧੰਨ ਹੋ। ਧੰਨ ਹੋ ।।"
ਏਸ ਤਰ੍ਹਾਂ ਸੋਚ ਦੂਸਰੇ ਪਾਸੇ ਦਲੀਜਾਂ ਦੇ ਹੱਥ ਜੋੜਕੇ ਰਾਣੀ ਖਲੋ ਗਈ। ਕੁਛ ਸੰਸਾ ਉਠਿਆ ਕਿ ਰਾਉ ਜੀ ਗੁੱਸੇ ਨਾ ਹੋਣ ਕਿ ਤੂੰ ਦਰਸ਼ਨਾਂ ਲਈ ਅਰਦਾਸ ਕਿਉ ਕੀਤੀ ਹੈ ? ਇਹ ਬੀ ਬਿਅਦਬੀ ਹੈ। ਪਰ ਹੱਛਾ ਆਪੋ ਆਪਣਾ ਤਾਣ ਹੈ ।
ਇੰਨੇ ਨੂੰ ਰਾਉ ਜੀ ਨੇ ਸਿਰ ਚਾਇਆ, ਨੈਣ ਖੋਹਲੇ, ਕੰਨਾਂ ਨੇ ਦੱਸਿਆ ਕਿ ਧੁਨਿ ਬੰਦ ਹੈ, ਨੈਣਾਂ ਨੇ ਦਸਿਆ ਕਿ ਧੁਨਿ ਕਰਨਹਾਰ ਸਾਹਮਣੇ ਹੱਥ ਬੰਧੇ ਖੜੀ ਹੈ। ਰਾਣਾ ਜੀ ਨੇ ਕਿਹਾ : ਪ੍ਰਿਯਾਵਰ । ਤੇਰੀ ਅਰਦਾਸ ਬੜੀ ਮਿੱਠੀ, ਦਿਲ ਦੀ ਤੇ ਡੂੰਘੀ ਥਾਉਂ ਦੀ ਹੈ, ਜਿਸ ਨੇ ਮੈਨੂੰ ਐਨਾ ਮੋਹਿਆ ਕਿ ਮੈਨੂੰ ਇਹ ਵਿਚਾਰ ਆਕੇ ਵਿਜਰ ਗਈ ਕਿ ਤੈਨੂੰ ਤੇ ਤੇਰੇ ਪਰਮੇਸ਼ੁਰ ਨੂੰ ਕੱਲਿਆਂ ਰਹਿਣ ਦਿਆਂ, ਤੁਹਾੜੀ ਏਕਾਂਤ ਤੇ ਏਕਾਂਤ ਦੀ ਅਰਦਾਸ ਦਾ ਹਿੱਸੇਦਾਰ ਨਾ ਬਣਾਂ, ਪਰ ਹੋ ਗਈ ਅਵਗਿਆ ਤੇ ਮੱਲੋ ਮੱਲੀ । ਤੁਸੀ ਉਦਾਸ ਤਾਂ ਨਹੀ ਹੋਏ।
ਰਾਣੀ - ਨਹੀਂ ਜੀ, ਤੁਸੀ ਦਸੋ ਮੇਰੀ ਅਰਦਾਸ ਤੁਹਾਡੇ ਸੰਕਲਪ ਮੂਜਬ ਬੇਅਦਬੀ ਤਾਂ ਨਹੀਂ ਸੀ ?
ਰਾਉ- ਪ੍ਰਿਯਾਵਰ, ਰਾਜ ਦੇ ਦਰ ਉਤੇ ਵਾਜੇ ਵਜਦੇ ਹਨ, ਸੰਕੀਰਤਨ ਹੁੰਦਾ ਹੈ, ਢੋਲ ਵਾਲਾ ਢੋਲ, ਤੂਤੀ ਵਾਲਾ ਤੂਤੀ, ਬੀਨ ਵਾਲਾ ਬੀਨ, ਦੰਫ ਵਾਲਾ ਦੱਫ ਵਜਾਂਦਾ ਹੈ। ਜੋ ਸਾਜ਼ ਰਾਜੇ ਨੇ ਜਿਸ ਨੂੰ ਦਿੱਤਾ ਹੈ, ਉਸ ਨੇ ਉਹੀ ਵਜਾਉਣਾ ਹੈ ਤੇ ਉਹੀ ਪ੍ਰਵਾਣ ਹੈ ।
१०.
ਠਾਹ ! ਆਹ ਗੋਲੀ ਚੱਲੀ, ਹੀਰਾ ਮਿਰਗ ਕਾਲੇ ਰੰਗ ਦਾ ਬੜੀ ਵੱਡੀ ਡੀਲ ਦਾ ਮਾਰਿਆ ਗਿਆ। ਕਿਸ ਦੀ ਗੋਲੀ ਲੱਗੀ ? ਵਜੀਰ ਦੀ। ਸਾਰਾ ਜੱਥਾ ਦੌੜਕੇ ਪੁੱਜਾ। ਰਾਉ ਨੇ ਡਿੱਠਾ, ਹੱਸਕੇ ਪਰ ਫੇਰ ਤੱਕ ਕੇ ਰਾਉ ਬੋਲਿਆ : ਆਹਾ। ਕੈਸਾ ਸਰਦਾਰ ਮਿਰਗ ਹੈ ? ਵਜ਼ੀਰ! ਤੁਸਾਂ ਮਿਰਗ ਮਾਰਿਆ, ਖੁਸ਼ੀ ਮਨਾਈ, ਅਸਾਂ ਨਿਸ਼ਾਨੇ ਬਾਜ਼ੀ ਦੀ ਵਧਾਈ ਦਿਤੀ। ਪਰ ਇਸ ਦੀ ਡਾਰ ਦਾ ਕੀ ਹਾਲ ? ਕਿਸ ਤਰ੍ਹਾਂ ਚਉਕੜੀਆਂ ਭਰਦਾ ਸੀ, ਹੁਣ ਜਾਨ ਤੋੜ ਰਿਹਾ ਹੈ, ਕੈਸਾ ਛੈਲ ਬਾਂਕਾ ਖੜਾ ਸੀ, ਹੁਣ ਤੜਫਨ ਦੀ ਤਾਣ ਨਹੀ ਰਹੀ। ਵਾਹ ਮ੍ਰਿਗ ਰਾਜਾ। ਅਰਾਮ ਕਰ, ਦੇਹ ਦਾ ਪ੍ਰਣਾਮ ਇਹੀ ਹੈ, ਕਾਰਣ ਕੋਈ ਬਣੇ। ਦੇਖੋ ਮੰਤ੍ਰੀ ਜੀ। ਬਾਕੀ ਦੀ ਡਾਰ ਕਿੰਨੀ ਦੂਰ ਨਿਕਲ ਗਈ ਜੇ, ਹੈਂ, ਭੱਜ ਗਈ ਜੇ । ਸਾਈਂ! ਬਿਪਤ ਪਈ ਤੇ ਕੌਣ ਬਲੀ । ਕੋਈ ਕੋਈ ਮਿਰਗੀ ਪਿੱਛੇ ਤੱਕਦੀ ਹੈ, ਵਿਚਾਰੀਆਂ ਵਿਚ ਤਾਣ ਨਹੀਂ, ਪਰ ਪਿਆਰ ਹੈ । ਰਹੇ ਪਿਆਰ ਦੀ ਚਿਣਗ । ਬੇ-ਜੁਬਾਨ ਪਸ਼ੂ । ਜੀਵਨ ਕਿੰਨਾ ਕੀਮਤੀ ਹੈ, ਪਰ ਕਿੰਨਾ ਸਸਤਾ ਜਾਂਦਾ ਹੈ । ਜੀਵਨ ਦੀ ਬਹੁਲਤਾ ਕਿੰਨੀ ਹੈ, ਪਰ ਨਿੱਕੀ ਤੋਂ ਨਿੱਕੀ ਜਿੰਦ ਬੀ ਜਾਣਾ ਨਹੀਂ ਮੰਗਦੀ ਤੇ ਜਾਂਦੀ ਹੈ ਤਾਂ ਕਿੰਨਿਆਂ ਨੂੰ ਹਾਵਾ ਲਾ ਜਾਂਦੀ ਹੈ । ਤੜਪਦਾ ਹੈ, ਇਹ ਅੰਤਲੀ ਕਚੀਚੀ ਹੈ। ਪੀੜ, ਹਾਏ ਪੀੜ। ਸਾਰੇ ਇਸ ਤੋਂ ਭੱਜਦੇ ਹਨ। ਪਰ ਕੌਣ ਇਸ ਤੋਂ ਬਚਦਾ ਹੈ ? ਗੱਲ ਗੱਲ ਤੇ ਪੀੜ ਤੇ ਹਰ ਪੀੜ ਕਿਸੇ ਪੀੜ ਦਾ ਇਲਾਜ । ਪੀੜ ਤੋਂ ਨੱਸਣ ਦੇ ਉਪਰਾਲੇ ਪੀੜਾਂ ਵਾਲੇ। ਪੀੜ ਸਹਿਣਾ ਪੀੜ, ਪੀੜ ਹਟਾਉਣੀ ਪੀੜ। ਪੀੜ ਹੋਵੇ ਤਾਂ ਹੋਸ਼ ਆਵੇ, ਤੇ ਬਿਨ ਹੋਸੇ ਨੂੰ ਪੀੜ ਤੋਂ ਛੁੱਟੀ। ਹੋਸ ਤੇ ਪੀੜ ਦਾ ਵਿਆਹ। ਪੀੜ ਗੁਰੂ, ਪੀੜ ਉਸਤਾਦ ਪੀੜ ਪਾਵੇ ਰਾਹ। ਜੇ ਆਪੇ ਪੈ ਜਾਏ ਰਾਹ ਤਾਂ ਪੀੜ ਆਵੇ ਕਿਉ, ਅਵਿਦਿਆ ਨਹੀ ਰਾਹੇ ਪੈਣ ਦੇਂਦੀ। ਪਰ ਪੀੜ ਹੋਵੇ ਤਾਂ ਗਿਆਨ ਆਵੇ ਕਿ ਇਧਰ ਪੀੜ ਹੈ, ਇਸ ਦੇ ਉਲਟ ਪਾਸੇ ਨਾ-ਪੀੜ ਯਾ ਅਰਾਮ ਹੋਊ? ਇਹੋ ਪੀੜ-ਲੜੀ ਗਿਆਨ ਹੈ । ਹੂੰ !?
ਰਾਣਾ ਤ੍ਰਬਕ ਗਿਆ, ਰਾਣਾ ਅੱਜ ਬੋਲ ਪਿਆ, ਮੰਤ੍ਰੀ ਤੇ ਸ਼ਿਕਾਰੀਆਂ ਰਾਣੇ ਦਾ ਮਨੋ ਸੰਬਾਦ ਸੁਣ ਲਿਆ । ਕਦੇ ਭੁੱਲ ਨਹੀਂ ਸੀ ਹੋਈ, ਅੱਜ ਕਿਉ ਹੋਈ ? ਰਾਣੀ ਦਾ ਸੰਗ ਦੋਸ਼ ਲਗ ਗਿਆ ? ਪਤਾ ਨਹੀਂ, ਪਰ ਵਜ਼ੀਰ ਉਧਰ ਪੀਲੇ ਰੰਗ ਹੋ ਰਿਹਾ ਹੈ। ਸਮਝਦਾ ਹੈ ਕਿ ਰਾਣਾ ਜੀ ਖ਼ਫਗੀ ਦੇ ਘਰ ਹਨ। ਮ੍ਰਿਗ ਮਰਦਾ ਵੇਖਕੇ ਦਯਾ ਵਿਚ ਆ ਗਏ ਹਨ। ਕਦੇ ਨਹੀ ਸੇ ਐਨਾਂ ਬੋਲੇ, ਅੱਜ ਤਦੇ ਬੋਲੇ ਹਨ ਜੋ ਦਿਲ ਨੇ ਜ਼ਰਬ ਡੂੰਘੀ ਖਾਧੀ
ਹੈ, ਕਿਤੇ ਰਾਜਸੀ ਕੋਪ ਨਾ ਭੜਕ ਉਠੇ, ਸ਼ਿਕਾਰ ਲਿਆਉਣਾ ਚੰਗਾ ਨਹੀ। ਇਧਰ ਰਾਜਾ ਦੀ ਜ਼ਬਾਨ ਫੇਰ ਬੇ-ਵੱਸ ਹੋ ਗਈ-''ਇੰਞ ਜੇ ਮੈਨੂੰ ਤੀਰ ਲੱਗੇ, ਗੋਲੀ ਵੱਜੇ, ਤੇ ਮਾਰਨ ਵਾਲਾ ਹੱਸੇ, ਮੈਂ ਮਰਾਂ ਤੇ ਪਰਜਾ ਰੋਵੇ ਤੇ ਸਾਥੀ ਭੱਜ ਜਾਣ । ਹਾਂ, ਕੀ ਹੈ ਜ਼ਿੰਦਗੀ। ਸ਼ਿਕਾਰ ਕਰਦਿਆਂ ਜੇ ਕੋਈ ਸ਼ੇਰ ਆ ਪਵੇ ਤਾਂ ਮੌਤ ਕਿਤੋਂ ਮੁੱਲ ਲੈਣੀ ਹੈ ? ਪਰ ਏਹ ਖਿਆਲ ਸਾਧੂਆਂ ਦੇ ਹਨ, ਮੈਂ ਰਾਜਾ ਹਾਂ, ਸ਼ਿਕਾਰ ਕਰਨੇ ਹਨ, ਪਰ ਰਾਜਾ ਤੇ ਸਾਧੂ ਆਦਮੀ ਹਨ ਤੇ ਆਦਮੀ ਵਿਚ ਤਰਸ ਬੀ ਹੈ।"
ਹੁਣ ਸੱਚੀ ਮੁੱਚੀ ਇਕ ਤੀਰ ਆਇਆ, ਸਰਰ ਕਰਦਾ ਲੰਘਿਆ ਤੇ ਮਰੇ ਪਏ ਮ੍ਰਿਗ ਵਿਚ ਜਾ ਵੱਜਾ। ਇੰਨੇ ਨੂੰ ਨੰਬਰਦਾਰ ਆਇਆ, ਕਹਿਣ ਲੱਗਾ: "ਮੰਤ੍ਰੀ ਜੀ। ਕਲਗੀਧਰ ਜੀ ਮਹਾਰਾਜ ਸ਼ਿਕਾਰ ਆਏ ਹਨ, ਔਹ ਦੇਖੋ ਜੇ ਤੀਰ ਤੁਸਾਡੇ ਮਾਰੇ ਮ੍ਰਿਗ ਵਿਚ ਵੱਜਾ ਹੈ, ਉਹਨਾਂ ਦਾ ਹੈ । ਚਾ ਕੇ ਤੱਕੋ ਇਸ ਵਿਚ ਦੋ ਰੱਤੀ ਸੋਨਾ ਹੋਵੇਗਾ, ਏਹ ਉਹਨਾਂ ਦੇ ਤੀਰ ਦੀ ਨਿਸ਼ਾਨੀ ਹੈ। ਆਓ, ਬਹੁਤ ਨੇੜੇ ਹਨ, ਦਰਸ਼ਨਾਂ ਦੀ ਤਾਂਘ ਆਖਦੇ ਸਾਓ, ਅੱਜ ਕਰੋ।"
ਮੰਤ੍ਰੀ (ਰਾਜਾ ਨੂੰ)— ਆਗਿਆ ਹੋਵੇ ਤਾਂ ਮੈਂ ਦਰਸ਼ਨ ਕਰ ਆਵਾਂ ?
ਰਾਜਾ - ਹਰ ਦਿਲ ਦਾ ਅਪਣੇ ਰੱਬ ਨਾਲ ਸਿੱਧਾ ਨਾਤਾ ਹੈ, ਰੋਕਣ ਵਾਲਾ ਕੌਣ ?
ਮੰਤ੍ਰੀ - ਆਪ ਬੀ ਚੱਲਦੇ ਹੋ ਕਿ ਯਾਚਨਾ ਕਰਕੇ ਏਥੇ ਲੈ ਆਵਾਂ ? ਹੁਣ ਇੰਨੇ ਨੇੜੇ ਹੋ ਕਿ ਨਾ ਮਿਲਣਾ ਮੁਨਾਸਬ ਨਹੀਂ।
ਰਾਜਾ (ਮੁਸਕਰਾਕੇ)- ਰਾਜਾ ਕਿਸ ਤਰ੍ਹਾਂ ਜਾਏ ? ਬ੍ਰਹਮ ਵੇਤਾ, ਬ੍ਰਹਮ ਰੂਪ ਕਿਸ ਤਰ੍ਹਾਂ ਆਵੇ ? ਹੈਂ ? ਕਿਉ ? ਨੀਤੀ ਹੈ ? ਹੇ ਮੰਤ੍ਰੀ । ਬ੍ਰਿਛ ਨਹੀ ਜਾਣਦੇ "ਟੁਰਨਾ ਤੇ ਬੋਲਣਾ।"
ਮੰਤ੍ਰੀ - ਮੇਰੇ ਲਈ ਕੀ ਹੁਕਮ ਹੈ ?
ਰਾਜਾ - ਇਕ ਆਤਮਾ ਦਾ ਚਾਨਣਾ, ਇਕ ਅਕਲ ਦੀ ਰੋਸ਼ਨੀ, ਇਕ ਮਨ ਦਾ ਪ੍ਰਕਾਸ਼, ਗੁਰੂ ਪਰਮੇਸ਼ਰ ਵਲ ਜਾਏ ਤਾਂ ਤ੍ਰੈ ਦੀਵੇ ਹਨ, ਇਹਨਾਂ ਦੇ ਚਾਨਣੇ ਟੁਰੋ। ਰੋਜੀ ਦੇ ਮਾਲਕਾਂ ਦਾ ਚਾਨਣਾ ਕੀ ?
ਮੰਤ੍ਰੀ (ਵਿਚਾਰ ਕੇ) ਮੈਂ ਫਿਰ ਜਾਂਦਾ ਹਾਂ, ਜੋਗ ਇਹੋ ਹੈ।
ਰਾਜਾ- ਜੋਗ ਮਾਰਗ ਇਹੋ ਹੈ । ਮੰਤ੍ਰੀ । 'ਯੋਗ, ਅਯੋਗ' ਰਾਜ ਵਿਚ ਤੇ 'ਜੋਗ ਮਾਰਗ' ਫਕੀਰਾਂ ਵੰਨੇ। 'ਯੋਗ' ਤੇ ਜੋਗ' ਕੱਠੇ ਨਾ ਹੋਣ ਤਾਂ ਚੰਗਾ।
ਇਹ ਮੰਤ੍ਰੀ ਨਾ ਸਮਝ ਸੱਕਿਆ, ਪਰ ਟੁਰ ਗਿਆ।
ਜਾ ਮੱਥਾ ਟੇਕਿਆ ਸ੍ਰੀ ਗੁਰੂ ਜੀ ਬੜੇ ਪਿਆਰ ਨਾਲ ਮਿਲੇ । ਬੋਲੇ : 'ਮੰਤ੍ਰੀ ! ਤੁਸਾਡੇ ਰਾਜ ਵਿਚ ਬੜਾ ਪਿਆਰ ਹੈ, ਜਿੱਧਰ ਜਾਂਦੇ ਹਾਂ ਲੋਕ ਖੁਰਦਰੇ ਤੇ ਖਰਵੇ ਦਿੱਸਦੇ ਹਨ, ਜਦ ਕੋਈ ਕੰਮ ਆਖਦੇ ਹਾਂ ਤਾਂ ਅੱਗੋਂ ਕੂਲੇ ਤੇ ਨਰਮ ਭਾਵ ਨਾਲ ਸਤਿ ਬਚਨ ਕਰਕੇ ਕਰਦੇ ਹਨ।
ਮੰਤ੍ਰੀ - ਆਪ ਜੀ ਦੀ ਕਿਰਪਾ ਹੈ, ਰਾਜਾ ਜੀ ਦੇ ਹਿਰਦੇ ਦਾ ਲੋਕਾਂ ਪਰ ਪਰਭਾਉ ਹੈ।
ਗੁਰੂ ਜੀ - ਕੁਛ ਤੁਸਾਂ ਵੱਲੋਂ ਪਰਜਾ ਨੂੰ ਆਗਿਆ ਬੀ ਹੈ ?
ਮੰਤ੍ਰੀ - ਯਥਾ ਰਾਜਾ ਤਥਾ ਪਰਜਾ, ਤੇ ਮੰਤ੍ਰੀ ਤਾਂ ਹੁਕਮ ਕਮਾਉਣ ਦਾ ਜੰਤ੍ਰੀ ਹੈ, ਰਾਜਾ ਦੀ ਇੱਛਾ ਪਰਜਾ ਵਿਚ ਅਮਲ ਹੈ, ਮੈਂ ਤਾਂ ਬਾਸ ਦੀ ਟੋਰੀ-ਸੁਹਣੇ ਗਲੇ ਦੀ ਸੁਰ ਵਾਯੂ ਮੰਡਲ ਨੂੰ ਦੇਣ ਦਾ ਸੇਵਕ- ਹਾਂ ।
ਗੁਰੂ ਜੀ- ਸ਼ਾਬਾਸ਼, ਮੰਤ੍ਰੀ। ਅੱਜ ਅਜੇ ਤੱਕ ਸਾਨੂੰ ਸ਼ਿਕਾਰ ਨਹੀਂ ਲੱਭਾ, ਅੱਗੇ ਤਾਂ ਅੱਗੇ ਪਿੱਛੇ ਪਏ ਸ਼ਿਕਾਰ ਫਿਰਦੇ ਸਨ, ਅੱਜ ਕਿਤੇ ਭੱਜ ਗਏ ਹਨ ਸਾਰੇ ਬਨ-ਪਸੂ
ਮੰਤ੍ਰੀ- ਅੱਜ ਆਪ ਦਾ ਤੀਰ ਇਕ ਸਾਡੇ ਸਿਕਾਰੇ ਮਿਰਗ ਨੂੰ ਲੱਗਾ ਹੈ, ਸਾਡਾ ਮਾਰਿਆ ਤਾਂ ਰੁਲਦਾ ਨਰਕਾਂ ਵਿਚ ,ਆਪ ਮੁਕਤੀ ਦਾਤਾ ਦੇ ਕਰ ਕਮਲਾਂ ਦਾ ਲੋਹਾ ਉਸ ਦੀ ਦੇਹੀ ਨੂੰ ਛੂਹ ਗਿਆ, ਉਹ ਗਿਆ ਬੈਕੁੰਠ ਧਾਮ ਨੂੰ । ਆਪ ਨੇ ਉਸ ਦੇ ਪਾਰ ਉਤਾਰਨ ਲਈ ਤੀਰ ਮਾਰਿਆ ਹੈ।
ਗੁਰੂ ਜੀ (ਮੁਸਕ੍ਰਾਕੇ)- ਮੰਤ੍ਰੀ ਅੱਜ ਸਵੇਰ ਦਾ ਚਿੱਤ ਕਰਦਾ ਹੈ ਆਦਮੀ ਦਾ ਸ਼ਿਕਾਰ ਕਰੀਏ, ਆਦਮੀ ਸ਼ਿਕਾਰਨਾ ਪਾਪ ਹੈ ?
ਮੰਤ੍ਰੀ-
ਤੇਰੇ ਹੱਥੀ ਮੌਤ ਜੀਵਨ ਹੈ । ਸੁਭਾਗ ਹੈ ਤਨ ਜਿਸ ਨੂੰ ਆਪ ਦਾ ਤੀਰ ਲੱਗੇ, ਮੈਂ ਕਠੋਰ ਪੁਰਖ ਹਾਂ, ਨੀਤੀ ਵਾਲਾ ਤੇ ਚਾਲਾਂ ਵਾਲਾ ਹਾਂ । ਸੁਗੰਦ ਹੋ ਪਰ ਤੇਰੇ ਇਸੇ ਸਾਵੇ ਕਮਾਨ ਦੀ ਕਿ ਮੈਂ ਵਡਭਾਗ ਹੋਵਾਂ ਜੇ ਇਹ ਕਮਾਨ ਮੇਰੇ ਤਨ ਵਿਚ ਇਕ ਤੀਰ ਸਰ ਕਰੇ । ਇਸ ਵੇਲੇ ਇਹ ਭਾਉ ਹੈ, ਇਹ ਮੇਰਾ ਨਹੀ, ਇਹ ਆਪ ਦੇ ਦਰਸ਼ਨ ਦਾ ਪ੍ਰਤਾਪ ਹੈ। ਆਪ ਨੇ ਅਪਣੇ ਪਿਆਰ ਨਾਲ ਮੈਨੂੰ ਇਸ ਵੇਲੇ ਮਾਇਲ ਤੇ ਘਾਇਲ ਕਰ ਲਿਆ ਹੈ। ਮੈਂ ਇਕ ਮ੍ਰਿਗ ਨੂੰ ਮਾਰਿਆ ਹੈ, ਰਾਜਾ ਜੀ ਨੇ ਉਸ ਪਰ ਵੈਰਾਗ ਕੀਤਾ ਹੈ, ਉਸ ਵੈਰਾਗ ਨੇ ਮੈਨੂੰ ਪਿਆਰ ਦੀ ਘੇਰ ਵਿਚ ਲੈ ਆਂਦਾ ਹੈ। ਆਪ ਦੇ ਦਰਸ਼ਨਾਂ ਨੇ ਤੱਤ ਫੱਟ ਆ ਕੇ ਮੈਨੂੰ ਵੇਧ ਲਿਆ ਹੈ ।
ਗੁਰੂ ਜੀ ਨੇ ਅੱਗੇ ਹੋਕੇ ਮੰਤ੍ਰੀ ਨੂੰ ਛਾਤੀ ਨਾਲ ਲਾਇਆ ਤੇ ਕਿਹਾ 'ਵਾਹਿਗੁਰੂ'। ਮੰਤ੍ਰੀ ਤੇ ਪਿਆਰ, ਇਹ ਬਭੋਰ ਹੈ ਕਿ ਭੰਬੋਰ ਹੈ, ਪਿਆਰ ਦੇ ਚੱਕ ਚੱਲ ਰਹੇ ਹਨ। ਰਾਜਾ ਕਿੱਥੇ ਹੈ ?
ਮੰਤ੍ਰੀ - ਮਰੇ ਮ੍ਰਿਗ ਪਾਸ।
ਗੁਰੂ ਜੀ - ਚਲੋ ਚੱਲੀਏ ।
ਮੰਤ੍ਰੀ - ਮੇਰਾ ਸੁਆਮੀ ਹੈ, ਪਰ ਆਪ ਰੱਬੀ ਜੋਤ ਹੋ, ਆਪ ਖੇਚਲ ਨਾ ਕਰੋ, ਮੈਂ (ਝਿਜਕ ਕੇ) ਉਹਨਾਂ ਨੂੰ ਲਿਆ... ਵਾਂ ?
ਗੁਰੂ ਜੀ- ਮੰਤ੍ਰੀ । ਪ੍ਰੇਮ ਨੇਮ ਹੀਨ ਹੈ, ਪ੍ਰੇਮ ਦਾ ਨੇਮ ਪ੍ਰੇਮ ਹੈ । ਡੂੰਘੀਆਂ ਅੱਗਾਂ ਪਰਬਤ ਪਾੜਦੀਆਂ ਹਨ। ਮਾਪੇ ਬੱਚੇ ਪਾਲਦੇ ਹਨ, ਬੱਚਿਆਂ ਨੂੰ ਚਾਂਦੇ ਹਨ, ਸਾਫ਼ ਕਰਦੇ ਹਨ, ਸੋਵਦੇ ਹਨ, ਤਦ ਉਹ ਪਲਦੇ ਹਨ, ਪਰ ਸਿਆਣੇ ਨੂੰ ਆਪਣੇ ਫ਼ਿਕਰ ਆਪ ਕਰਨੇ ਲਗਦੇ ਹਨ। ਬਾਲਕ ਦੇ ਫਿਕਰ ਮਾਪਿਆਂ ਨੂੰ । ਸੁਰਤ ਬਾਲਕ ਹੋ ਜਾਏ ਫਿਰ ਸਾਈ ਆਪ ਪਾਲੇ। ਓਹ ਬਾਲਕ ਵਾਗੀ ਪਾਲੀਐ" "ਓਹੁ ਬਾਲਕ ਵਾਗੀ ਪਾਲੀਐ *।"
----------------
ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ"।
ਮੰਤ੍ਰੀ- ਆਪ ਦਾ ਬਿਰਦ ਪਤਿਤ ਪਾਵਨ ਹੈ, ਆਪ ਹੀ ਭੀਲਣੀ ਦੇ ਘਰ ਗਏ ਸਾਓ, ਉਹ ਨਹੀਂ ਸੀ ਆਈ, ਆਪ ਹੀ ਦਰਯੋਧਨ ਦਾ ਰਾਜ ਮੰਦਰ ਛੱਡ ਬਿਦਰ ਦੇ ਘਰ ਰਾਤ ਰਹਿਣ ਤੇ ਸਾਗ ਖਾਣ ਗਏ ਸਾਓ, ਆਪ ਨੇ ਹੀ ਗੁਰੂ ਨਾਨਕ ਹੋਕੇ, ਇਕ ਭੀਲਣੀ ਨਹੀਂ, ਇਕ ਬਿਦਰ ਨਹੀ, ਪੂਰਬ, ਪੱਛਮ, ਉੱਤਰ, ਦੱਖਣ ਘਰ ਘਰ ਦਰ ਦਰ ਜਾ ਕੇ ਜਗਤ ਤਾਰਿਆ । ਆਪ ਦਾ ਬਿਰਦ ਹੈ ਮਾਲੀਆਂ ਵਾਲਾ, ਆਪਣਿਆਂ ਨੂੰ ਆਪ ਪਾਲਣਾ। "ਬ੍ਰਹਮ ਬਿਰਦ ਹੈ ਆਪ ਦਾ, ਚੀਟੀ ਤੋਂ ਰਾਜਾ ਤਕ ਦਾ ਫਿਕਰ ਕਰਨਾ। ਧੰਨ ਹੋ। ਧੰਨ ।।
ਗੁਰੂ ਜੀ- ਜਿਵੇਂ ਤੁਸਾਡੇ ਚਿੱਤ ਨੂੰ ਰੁਚੇ ਕਹੋ। ਪਰ ਅਸਾਂ ਤਾਂ ਆਪਣੇ ਲੱਭਣੇ ਹਨ ਤੇ ਸਾਈ ਦਰ ਪੁਚਾਉਣੇ ਹਨ, "ਲੋਕ ਸੁਖੀ ਪਰਲੋਕ ਸੁਹੇਲੇ ਕਰਨੇ ਹਨ, ਚੱਲੋ।
ਮੰਤ੍ਰੀ ਰਤਾ ਸਹਿਜੇ ਟੁਰਿਆ, ਪਰ ਬਿਰਟਪਾਲ ਹੁਣ ਕਾਹਲੇ ਹੋਏ। ਫਿਰ ਅੜਕੇ, ਮੰਤ੍ਰੀ ਵੱਲ ਤੱਕੇ, ਮੰਤ੍ਰੀ। ਬਈ ਤੁਸੀ ਸਾਰੇ ਏਥੇ ਠਹਿਰੋ ਸਾਨੂੰ ਪਤਾ ਦਿਓ ਰਾਜਾ ਕਿਸ ਦਿਸ਼ਾ ਹਨ ? ਮੰਤ੍ਰੀ ਦੇ ਕਲੇਜੇ ਹੋਰ ਤੀਰ ਵੱਜਾ ਕਿ ਪੂਰਨ ਅੰਤਰਯਾਮੀ ਹਨ। ਉਸ ਦਿਸ਼ਾ ਵੱਲ ਉਂਗਲ ਕੀਤੀ।
ਦਿਲਾਂ ਦੇ ਮਹਿਰਮ ਟੁਰ ਪਏ ਇਕੱਲੇ। ਮੰਤ੍ਰੀ ਅੜਕਦਾ ਸੀ ਕਿ ਕਿਵੇਂ ਇਕੱਲੇ ਜਾਣ, ਰਾਜਾ ਨੇ ਕਿਸੇ ਹੋਰਸ ਦੇ ਸਾਹਮਣੇ ਖੁੱਲਣਾ ਨਹੀ ਤੇ ਇਹ ਕਰਾਮਾਤੀ ਹਨ, ਕਿਤੇ ਉਹਨਾਂ ਦੀ ਚੁੱਪ ਨੂੰ ਅਦਬ ਦੀ ਕਮੀ ਸਮਝਕੇ ਰਿੰਜ ਨਾ ਹੋ ਜਾਣ । ਪਰ ਮੰਤ੍ਰੀ ਪਤੀਆ ਵੇਖਕੇ ਭੀ ਆਪ ਦ੍ਰੱਵ ਕੇ ਭੀ ਅਜੇ ਰੱਬੀ ਰੰਗ ਤੋਂ ਅਜਾਣ ਸੀ, ਜੋ ਵਹਿਮ ਕਰਦਾ ਹੈ ਕਿ ਮਿਠ-ਬੋਲੜੇ ਸੱਜਣ ਸੁਆਮੀ ਬੀ ਕਦੇ ਰਿੰਜ ਹੋ ਸਕਦੇ ਹਨ। ਮਹਾਰਾਜ ਗਏ ਇਕੱਲੇ। ਅੱਗ ਕੀ ਦੇਖਦੇ ਕਿ ਸ਼ਿਕਾਰ ਹੋਏ ਕਾਲੇ ਮ੍ਰਿਗ ਤੋ ਪਰੇ ਵਾਰ ਰਾਜਾ ਜੀ ਨੈਣ ਬੰਦ ਕੀਤੇ ਇਕੱਲੇ ਬਨ ਵਿਚ ਬੈਠੇ ਹਨ, ਪਾਸ ਕੋਈ ਨੌਕਰ ਨਹੀਂ, ਸਾਥੀ ਸ਼ਿਕਾਰੀ ਰਾਜਾ ਨੇ ਟੋਰ ਛੱਡੇ ਹਨ। ਇਕੱਲਾ ਕਿਸੇ ਪੀੜ ਨੂੰ ਅੰਦਰ ਨੱਪੀ ਰਾਜਾ ਮਗਨ ਬੈਠਾ ਸੀ, ਅੱਖਾਂ ਬੰਦ ਸਨ, ਪਰ ਦਿਲ ਘੁਲ ਰਿਹਾ ਸੀ, ਦਾਤੇ ਦੀ ਸੂਰਤ, ਜੋ ਇਕ ਵਾਰੀ ਵਣਜਾਰੇ ਦਾ ਭੇਖ ਬਣਾਕੇ ਅਨੰਦਪੁਰ ਜਾ ਕੇ ਵੇਖ ਆਇਆ ਸੀ, ਅੰਦਰ ਵਸ ਰਹੀ ਸੀ । ਉਸ ਦੀ ਲੁਕੇ ਰਹਿਣ ਦੀ
ਚਾਹ' ਇਸ ਹੱਦ ਦੀ ਸੀ ਕਿ ਜਦੋਂ ਦਰਸ਼ਨ ਕਰਨ ਗਿਆ ਤਦ ਭੀ ਚੁਪ ਚਾਪ ਤੇ ਬਿਨਾਂ ਲਿਖਾਏ ਮੂਰਤ ਕਲੇਜੇ ਤੇ ਖਿੱਚਕੇ ਲੈਕੇ ਆ ਗਿਆ ਸੀ, ਮੁੜ ਉਹ ਸੂਰਤ ਵਿੱਸਰੀ ਨਹੀ, ਉਹ ਪ੍ਰੀਤ ਤਾਰ ਟੁੱਟੀ ਨਹੀ, ਯਾਦ ਦਿਲੋਂ ਹੁਟੀ ਨਹੀਂ ।
ਜੋ ਕੋਮਲਤਾ, ਦ੍ਰਵਣਤਾ ਰਾਜੇ ਦੇ ਦਿਲ ਨੇ ਹੀਰੇ ਮ੍ਰਿਗ ਦੇ ਮਰਨ ਵੇਲੇ ਖਾਧੀ ਸੀ, ਉਸ ਤੋਂ ਰਾਜਾ ਰਤਾ ਕੁ ਆਪੇ ਤੋਂ ਬਾਹਰ ਹੋ ਗਿਆ ਸੀ, ਫੇਰ ਮੁੜ ਅੰਦਰ ਘੁੱਟਿਆ ਤੇ ਆਪਣੇ ਪ੍ਰੀਤ ਦੇ ਸੰਗੀਤ ਵਿਚ ਗੁੰਮ ਹੋ ਗਿਆ ਸੀ। ਨੌਕਰ ਰਾਜੇ ਨੇ ਮੰਤ੍ਰੀ ਦੇ ਜਾਂਦਿਆਂ ਸਾਰ ਸ਼ਹਿਰ ਨੂੰ ਟੋਰ ਦਿੱਤੇ ਸੀ ਤੇ ਆਪ ਧਿਆਨ ਮਗਨ ਹੋ ਬੈਠਾ ਸੀ । ਐਸਾ ਜੁੜਿਆ ਕਿ ਗੁਰੂ ਜੀ ਦੇ, ਹਾਂ ਅਪਣੇ ਧਿਆਨਿਸ਼ਟ ਜੀ ਦੇ ਪ੍ਰਤੱਖ ਦਰਸ਼ਨ ਪਾਸ ਖੜਿਆਂ ਦੀ ਹੋਸ਼ ਨਹੀ। ਮਹਾਰਾਜ ਉਸ ਦੇ ਆਤਮ ਰਸ ਵਿਚ ਲੀਨ ਚਿਹਰੇ ਨੂੰ ਦੇਖ ਦੇਖਕੇ ਗਦਗਦ ਹੋ ਰਹੇ ਹਨ, ਗਊ ਵਾਂਙੂ ਵੱਛੇ ਨੂੰ ਧਾ ਕੇ ਗਲ ਲਾਇਆ ਚਾਹੁੰਦੇ ਹਨ, ਦ੍ਰਵਦੇ ਹਨ ਤੇ ਪਿਆਰ ਵਿੱਚ ਘੁਲਦੇ ਹਨ, ਪਰ ਉਹ ਆਪਣੇ ਧਿਆਨ ਦੀ ਮੋਹਣੀ ਮੂਰਤ ਵਿਚ ਮਗਨ ਤੇ ਅਹਿੱਲ ਤੇ ਬੇ-ਖਬਰ ਬੈਠਾ ਹੈ । ਜਿਸ ਦੇ ਪਿਆਰ ਪ੍ਰੋਤਾ ਬੈਠਾ ਹੈ, ਜਿਸ ਦੇ ਰਸ ਵਿਚ ਲੀਨ ਹੈ, ਇਸ ਵੇਲੇ ਉਸ ਦੇ ਪ੍ਰਤੱਖ ਦਰਸ਼ਨਾਂ ਤੋਂ ਅਸਾਰ ਹੈ। ਹਾਂ ਉਹ ਅਪਣੇ ਅੰਦਰਲੇ ਦੇਸ਼ ਵਿਚ ਚਰਨ ਪਰਸ ਰਿਹਾ ਹੈ, ਤੇ ਬਾਹਰ ਦੇ ਦੇਸ ਵੱਲੋਂ ਸੁਰਤ ਮੁੜ ਹੋਈ ਹੈ।
ਸਤਿਗੁਰੂ ਜੀ ਚੋਜਾਂ ਤੇ ਪਿਆਰਾਂ ਦੀਆਂ ਸਾਰਾਂ ਵਾਲੇ ਉਸ ਦੇ ਇਸ ਰੰਗ ਦੇ ਅਨੁਪਮ ਨਜ਼ਾਰੇ ਨੂੰ ਤੱਕ ਤੱਕ ਕੇ ਪ੍ਰਸੰਨ ਹੋ ਰਹੇ ਹਨ ਤੇ ਪ੍ਰੇਮ ਦੀ ਖਿੱਚ ਨਾਲ ਖਿਚੀਦੇ ਜਾ ਰਹੇ ਹਨ, ਪਰ ਹਿਲਾਉਂਦੇ ਨਹੀਂ । ਕੁਛ ਸਮਾਂ ਇਹ ਰੰਗ ਤੱਕਕੇ ਆਪ ਖੜੇ ਖੜੇ ਧਿਆਨ ਦੇ ਦੇਸ਼ ਚਲੇ ਗਏ, ਜਿਸ ਦੇਸ਼ ਰਾਜਾ ਉਹਨਾਂ ਦੇ ਜਿਸ ਸਰੂਪ ਵਿਚ ਮਗਨ ਸੀ, ਉਸ ਰੂਪ ਵਿਚ ਹੋਕੇ ਆਗਿਆ ਕੀਤੀ ਨੈਣ ਖੋਹਲੋ ।"
ਰਾਜਾ ਦੇ ਨੈਣ ਖੁੱਲ੍ਹੇ, ਜੋ ਦਰਸ਼ਨ ਬੰਦ ਨੈਣਾਂ ਵਿਚ ਤੱਕ ਰਿਹਾ ਸੀ ਤੇ ਜੋ ਆਖ਼ਰੀ ਝਲਕਾ ਵੱਜਾ ਸੀ, ਹੁਣ ਪਰਤੱਖ ਦਿੱਸ ਰਿਹਾ ਹੈ, ਬੇ-ਵਸਾ ਹੋ ਚਰਨਾਂ ਨੂੰ ਲਿਪਟ ਗਿਆ, ਨੈਣਾਂ ਦੇ ਬੰਦ ਫੁਹਾਰੇ, ਜੋ ਠੋਕ ਠੋਕਕੇ ਬੰਦ ਰਖੇ ਹੋਏ ਸੇ, ਪਾਟ ਪਏ ਵਹਿ ਤੁਰੇ ਤੇ ਲਗੇ ਚਰਨ ਧੋਣ । ਜਦੋ ਪਿਆਰ ਦਾ ਇਹ ਦਰਿਆ ਵਹਿ ਚੁਕਾ, ਜਦੋ ਵਿਛੋੜੇ ਤੇ ਤਾਂਘਾਂ ਦੀ ਇਹ ਸਮੁੰਦਰ ਜਾਰ ਭਾਟਾ ਹੰਭ ਗਈ, ਤਦ ਇਕ ਹੋਰ ਸੁਆਦ ਦੇ ਝਲਕੇ ਨੇ ਚਰਨ ਘੁਟਵਾਏ । ਹੁਣ ਦਾਤਾ ਜੀ ਨੇ ਨੈਣ ਖੁਹਲੇ, ਬਹਿ ਗਏ, ਸਿਰ ਚਾਯਾ, ਗੋਦੀ ਵਿਚ
ਰੱਖਿਆ, ਪਿਆਰ ਦਿਤਾ । ਕਿੰਨਾ ਕੁ ? ਜਿੰਨਾ ਕੁ ਕਵੀ ਅਤਯੋਕਤੀ ਅਲੰਕਾਰ ਵਿਚ ਬੰਨ੍ਹ ਸਕਣ। ਉਞ ਕਲਗੀਧਰ ਚੁੱਪ ਹਨ, ਸਿਰ ਤੇ ਹੱਥ ਫੇਰਦੇ ਹਨ, ਮੱਥੇ ਤੇ ਪਿਆਰ ਦੇ ਕਰ ਕਮਲ ਲਾਂਦੇ ਹਨ, ਸਿਰ ਦੇ ਕਪਾਲ ਮੱਥੇ ਸਹਲਾਹਟ ਕਰਦੇ ਹਨ, ਪਰ ਮੂੰਹੋਂ ਕੁਝ ਨਹੀ ਆਖ ਰਹੇ, ਪਰ ਰਾਜਾ ਦੇ ਲੂੰਆਂ ਵਿਚ ਵਾਹਿਗੁਰੂ ਦੀ ਧੁਨਿ ਹੋ ਰਹੀ ਹੈ । ਦਿਲ ਘੁਲ ਮਿਲ, ਘੁਲ ਮਿਲ ਪਤਾ ਨਹੀਂ ਕਿਸ ਦ੍ਰਵਣਤਾ ਵਿਚ ਜਾ ਰਿਹਾ ਹੈ ਕਿ ਨਾਮੁ ਮਹਾ ਰਸੁ ਪੀਓ।"
ਨਾਮ ਮਹਾ ਰਸ ਪੀਤਾ ਗਿਆ । ਪ੍ਰੇਮ ਵਾਲੇ ਦਿਲ ਵਿਚ, ਬਾਣੀ ਨਾਲ ਉੱਜਲੇ ਹੋ ਚੁਕੇ ਮਨ ਵਿਚ, ਸਭ ਮੈਲਾਂ ਤੋਂ ਬੰਦ ਰੱਖੇ ਮਨ ਵਿਚ ਨਾਮ ਦਾ ਪ੍ਰਵੇਸ, ਨਾਮ ਰਸ ਦਾ ਪ੍ਰਵੇਸ਼ ਹੋ ਗਿਆ । ਪਰ ਚੁੱਪ, ਨਾ ਜੀਭਾ ਬੋਲੀ, ਨਾ ਕੰਨਾਂ ਸੁਣਿਆਂ। ਜੈਸੀ ਰੁਖ ਤੈਸੀ ਕਾ ਪੂਰਕੁ' ਦਾਤਾ ਰਾਜਾ ਨੂੰ ਨਿਹਾਲ ਕਰ ਗਿਆ, ਨੈਣ ਚਾਏ, ਦਰਸ਼ਨ ਡਿੱਠਾ, ਫੇਰ ਡਿੱਠਾ, ਖੀਵਾ ਹੋਇਆ, ਝੂਮਿਆ - ਵਾਹਿਗੁਰੂ !
ਹੁਣ ਰਾਉ ਦੀ ਸਦਾ ਚੁੱਪ ਨੇ ਅਪਣੀ ਮੋਹਰ ਤੋੜੀ ਪਿਆਰ ਦੇ ਇਕ ਹੋਰ ਲਹਿਰੇ ਵਿਚ। ਰਾਉ ਦਾ ਇਸਤ੍ਰੀ ਨਾਲ ਪ੍ਰੇਮ ਇਸਤ੍ਰੀ ਪ੍ਰੇਮ ਨਹੀਂ ਸੀ। ਉਸ ਦਾ ਉਸ ਨਾਲ ਜੋ ਪ੍ਰੇਮ ਸੀ, ਉਹ ਵਾਹਿਗੁਰੂ-ਪ੍ਰੇਮ ਦੇ ਚਾਨਣੇ ਵਿਚ ਸੀ, ਰਾਉ ਦਾ ਮਨੋਰਥ ਪੂਰਨ ਹੋ ਗਿਆ ਹੈ, ਹੁਣ ਉਹ ਚਾਹੁੰਦਾ ਹੈ ਕਿ ਰਾਣੀ ਦੀ ਮੁਰਾਦ ਦਰਸ਼ਨਾਂ ਵਾਲੀ ਬੀ ਪੂਰਨ ਹੋਵੇ, ਸੋ ਉਸ ਪਿਆਰ ਨੇ ਆਖਿਆ : ਕਹੁ - ਮਹਾਰਾਜ ਜੀ । ਘਰ ਚਲੇ । ਜੇ ਏਥੋਂ ਮੁੜ ਗਏ ਤਾਂ ਪ੍ਰਿਯਾਵਰ ਸੱਖਣੀ ਰਹਿ ਜਾਸੀ । ਮਲਕੜੇ ਜਿਹੇ ਹੱਥ ਬੰਨਕੇ ਰਾਉ ਬੋਲਿਆ "ਕ੍ਰਿਪਾ...." ਪਰ ਫੇਰ ਅਝਕ ਗਿਆ।
ਇੰਨਾਂ ਰਾਜੇ ਦੇ ਮੂੰਹ ਵਿਚ ਸੀ ਕਿ ਬਿਰਦਪਾਲ ਜੀ ਬੋਲੇ : ਸਤਿ ਬਚਨ, ਚਲੋ ਅੱਜ ਰਾਤ ਭਬੋਰ ਹੀ ਠਹਿਰਾਂਗੇ। ਉੱਠ ਚੱਲੀਏ।' ਰਾਜਾ ਉਠਿਆ, ਦੋਵੇਂ ਟੁਰ ਪਏ, ਪੈਦਲ। ਸ਼ਿਕਾਰ ਪਏ ਰਹਿ ਗਏ, ਸ਼ਸਤ੍ਰ ਧਰੇ ਰਹਿ ਗਏ, ਘੋੜੇ ਬ੍ਰਿਛਾਂ ਨਾਲ ਬੱਝੇ ਰਹਿ ਗਏ। ਰਹਿ ਗਏ ਮੰਤ੍ਰੀ ਤੇ ਦਾਸ ਇਕ ਪਾਸੇ, ਸਿਖ ਤੇ ਸੇਵਕ ਦੂਏ ਪਾਸੇ ਤੇ ਜਿੱਥੇ ਸੇ ਉਡੀਕਾਂ ਵਿਚ ਬੈਠ ਰਹਿ ਗਏ, ਪ੍ਰੇਮ ਦੀ ਕਾਂਗ ਕਿਸੇ ਹੋਰ ਪਾਸੇ ਰੁਖ ਕਰ ਗਈ । ਸਜੋ ਸਾਹਿਬ ਆਪ, ਖੱਬੇ ਰਾਜਾ। ਰਾਜਾ ਦਾ ਹੱਥ ਮਹਾਰਾਜ ਜੀ ਦੇ ਆਪਣੇ ਹੱਥ ਵਿਚ । ਪੈਦਲ ਟੁਰਕੇ ਭਬੋਰ ਅੱਪੜ ਗਏ । ਕੁਦਰਤ ਬੀ ਸਿਆਣੀ ਹੈ, ਰਾਜਾ ਚੁੱਪ ਹੈ ਤੇ ਲੁਕੋ ਦਾ ਆਦਤਗੀਰ ਹੈ, ਬਨ ਵਿਚ ਮ੍ਰਿਗ ਨਹੀ ਮਿਲਿਆ, ਅਸਮਾਨ ਵਿਚ ਪੰਛੀ ਨਹੀਂ
ਆਇਆ, ਅਸਮਾਨਾਂ ਤੇ ਬੱਦਲ ਹੋ ਗਏ ਕਿ ਕੋਈ ਵੇਖੇ ਨਾ, ਰਾਹ ਖਹਿੜੇ ਕੋਈ ਨਹੀ ਟੱਕਰਿਆ। ਨਗਰ ਅੱਪੜੇ ਤਾਂ ਰਾਤ ਪੈ ਗਈ ਸੀ, ਬਿਨਾਂ ਕਿਸੇ ਦੇ ਧਿਆਨੇ ਸਾਹਿਬ ਤੇ ਦਾਸ ਲੰਘ ਗਏ, ਡਿਉਢੀ ਤੇ ਅੱਪੜਕੇ ਪਹਿਰੇਦਾਰ ਨੂੰ ਰਾਜਾ ਹੁਕਮ ਦੇ ਗਿਆ ਕਿ ਫਲਾਣੇ ਥਾਉ ਵਜ਼ੀਰ ਤੇ ਸਿੱਖਾਂ ਨੂੰ ਸੱਦਾ ਘੱਲ ਦਿਓ ਕਿ ਆ ਜਾਣ।
ਅੰਦਰ ਲੰਘ ਗਏ । ਅੱਗੇ ਅੱਗੇ ਟੁਰਦੇ ਗਏ । ਪ੍ਰਿਯਾਵਰ ਦੇ ਕਮਰੇ ਪਾਸ ਚਲੇ ਗਏ। ਅੱਗੇ ਕੱਲ੍ਹ ਵਾਲਾ ਹੀ ਨਕਸ਼ਾ ਬੱਝਾ ਪਿਆ ਸੀ । ਪ੍ਰਿਯਾਵਰ ਅਰਦਾਸ ਕਰ ਰਹੀ ਸੀ, ਜਿਸ ਤਰ੍ਹਾਂ ਦੀ ਕਲ੍ਹ ਕੀਤੀ ਸੀ । ਦੋਵੇਂ ਬਾਹਰ ਖੜੇ ਗਏ, ਪਰ ਮਹਾਰਾਜ ਅੰਦਰ ਇਕ ਕਦਮ ਹੋਰ ਧਰਕੇ ਖਲੋ ਗਏ। ਨਿਰੋਲ ਆਤਮ ਰੋਗ ਤੇ ਪਤੀ ਪ੍ਰੇਮ ਵਿਚ ਬਿਹਬਲ ਦੁਲਾਰੀ ਦੀ ਅਰਦਾਸ ਸੁਣੀ। ਆਪ ਦੇ ਦੈਵੀ ਨੈਣ ਭਰ ਭਰ ਆਏ । ਹਾਏ ਪ੍ਰੇਮ ਕੀ ਜਾਦੂ ਹੈ। ਹੇ ਵਾਹਿਗੁਰੂ । ਇਸੇ ਪ੍ਰੇਮ ਰਸ ਲਈ ਹੀ ਇਹ ਸੰਸਾਰ ਹੈ।
ਜਦ ਅਰਦਾਸ ਹੋ ਮੁੱਕੀ, ਰਾਣੀ ਨੇ ਨੈਣ ਖੋਹਲੇ, ਅੱਖਾਂ ਦੇ ਅੱਗੇ ਧਿਆਨ ਮੂਰਤੀ ਖੜੀ ਹੈ, ਪਰ ਉਸ ਜਾਤਾ ਕਿ ਮੇਰੇ ਧਿਆਨ ਦੀ ਮੂਰਤੀ ਹੀ ਹੈ। ਫੇਰ ਨੈਣ ਮੀਟ, ਫੇਰ ਖੋਹਲੇ। ਰਾਜਾ ਦਾ ਸੁਭਾਉ ਨਾਂ ਦਿਖਾਵੇ ਦਾ ਹੈ, ਨਹੀ ਵਧਦਾ ਅੱਗੇ ਤੇ ਨਹੀ ਕਹਿੰਦਾ ਆ ਗਏ ਹਨ । ਚੁੱਪ ਅਦਬ ਨਾਲ ਦਲੀਜਾਂ ਵਿਚ ਸਿਰ ਤਾਕ ਨਾਲ ਲਾਈ ਪਿਆਰ ਵਿਚ ਮਗਨ ਤੇ ਨਾਮ ਰਸ ਵਿਚ ਨਿਮਗਨ ਰਾਜਾ ਮੂਰਤ ਵਾਂਙੂ ਖੜਾ ਹੈ । ਪਰ ਦਾਤਾ ਜੀ ਅਨਬੋਲਤ ਪੀੜਾ ਦੇ ਜਾਨਣਹਾਰ ਹਨ: ਦਾਤਾ ਜੀ ਆਪ ਬੋਲੇ: ਬੇਟਾ ਜੀਉ । ਅਸੀ ਆ ਗਏ ਹਾਂ, ਤੇਰੇ ਪਤੀ ਨੂੰ ਵਾਹਿਗੁਰੂ ਜੀ ਨੇ ਅਪਣੇ ਪਿਆਰ ਮੰਡਲ ਵਿਚ ਵਸਾ ਲਿਆ ਹੈ, ਆਓ, ਤੁਸੀ ਵੀ ਵਾਹਿਗੁਰੂ ਦੇ ਦੇਸ਼ ਚੱਲੋ।'
ਪ੍ਰਿਯਾਵਰ- ਤੁਸੀ ਹੋ ? (ਧਾ ਕੇ) ਆਪ ਹੋ? ਹੈ, ਸੱਚ ਮੁੱਚ ਹੋ, ਆ ਗਏ ਹੋ ? ਨਹੀ, ਮੇਰੇ ਨੈਣ ਧਿਆਨ ਨੂੰ ਵੇਖਦੇ ਹਨ ਤੇ ਮੇਰੇ ਕੰਨ ਧਿਆਨ ਮੂਰਤੀ ਦੀ ਬਾਣੀ ਸੁਣਦੇ ਹਨ।
ਗੁਰੂ ਜੀ- ਆਓ, ਪੁੱਤਰ ਜੀ। ਆ ਗਏ ਹਾਂ।
ਰਾਣੀ ਹੇਠਾਂ ਉੱਪਰ ਵੇਖਦੀ ਹੈ, ਅੱਗੇ ਵਧਦੀ ਹੈ, ਝਿਜਕਦੀ ਹੈ, ਫੇਰ ਘੁਸਮੁਸੇ ਵਿਚ ਪਤੀ ਦਲਹੀਜ਼ੇ ਲੱਗਾ ਦਿੱਸਦਾ ਹੈ। ਹ ਠੀਕ, ਇਹ ਤਾਂ ਜਾਗ੍ਰਤ ਹੈ, ਹੋਸ਼ ਹੈ ਆ ਗਏ ।'' ਧਾਈ ਤੇ ਚਰਨਾਂ ਤੇ ਢੱਠੀ, ਪਰ ਫੇਰ ਗੋਡੇ ਟਿਕਵੇਂ ਦਾ ਉੱਠੀ ਤੇ ਕੋਮਲਤਾ ਵਿਚ
ਬੋਲੀ : ''ਦਾਤਾ ਜੀਓ ! ਪਤੀ ਜੀ ਨੂੰ ਮਿਲੇ ਹੋ ?"
ਗੁਰੂ ਜੀ - ਪੁੱਤਰ ਜੀਓ। ਮਿਲੇ ਹਾਂ ।
ਪ੍ਰਿਯਾਵਰ- ਮੈਂ ਕਾਹਲੀ ਹਾਂ ਸਾਹਿਬ ਜੀਓ। ਪਹਿਲਾਂ ਫੇਰ ਮਿਲੋ, ਜੀ ਮਿਲੇ ਨਾਂ ਮੇਰੇ ਬੇ-ਜੁਬਾਨ ਮਾਲਕ ਜੀ ਨੂੰ, ਗਲ ਲਾਓ ਨਾਂ, ਮੈਂ ਤੱਕਾਂ, ਮੇਰੇ ਨੈਣ ਠਰਨ, ਮੈਂ ਫੇਰ ਇਹ ਜੁਗਾਂ ਤੋਂ ਅਰਾਧੇ ਚਰਨ ਕਮਲ ਪਰਸਾਂ। ਦਾਤਾ। ਮੇਹਰ ਕਰ, ਪਹਿਲਾਂ ਮੇਰੇ ਪਿਆਰੇ ਨੂੰ ਗਲ ਲਾ।
ਇਸ ਪਿਆਰ ਤੇ ਆਪਾ ਨੁਛਾਵਰ ਪ੍ਰੀਤੀ ਨੂੰ ਤੱਕ ਕੇ ਸਾਹਿਬਾਂ ਦੇ ਨੈਣ ਫੇਰ ਭਰ ਆਏ, ਰਾਜਾ ਨੂੰ ਗਲ ਲਾਇਆ ਤਾਂ ਰਾਣੀ ਨੇ ਡਿੱਠਾ, ਅੱਖਾਂ ਠਰੀਆਂ । ਹੁਣ ਬਿਹਬਲ ਹੋਕੇ ਧੜ ਕਰਦੀ ਚਰਨਾਂ ਤੇ ਡਿੱਗੀ, ਡਿੱਗੀ ਤੇ ਚਰਨਾਂ ਨੂੰ ਚੰਬੜਕੇ ਬੇ-ਸੁੱਧ ਹੋ ਗਈ।
ਹਾਇ। ਇਨਸਾਨ ਦੇ ਅੰਦਰਲੇ ਦੀ ਭੁੱਖ ਆਪਣੇ ਤੋਂ ਉੱਚੇ ਲਈ ਹਾਂ ਤੇਰੇ ਲਈ, ਹੇ ਅਦ੍ਰਿਸ਼ਾਯ, ਹੇ ਨਾ ਦਿੱਸਣਹਾਰ। ਤੇਰੇ ਲਈ, ਪ੍ਰੀਤ । ਇਨਸਾਨ ਤੇਰੇ ਇਹਨਾਂ ਦਰਸ਼ਨਾਂ ਨੂੰ ਤੜਫਦਾ ਹੈ, ਕਿ ਤੂੰ ਸਾਡੇ ਨੈਣਾਂ ਗੋਚਰੇ ਰੂਪ ਵਿਚ ਪ੍ਰਕਾਸ ਪਾਵੇਂ ਤਾਂ ਸਾਡੀਆਂ ਰੂਪ ਦੇਖਣਹਾਰ ਅੱਖੀਆਂ ਬੀ ਦਰਸ਼ਨ ਕਰਨ ਤੇ ਸਾਡੀਆਂ ਅੰਦਰਲੀਆਂ ਸੱਧਰਾਂ ਪੂਰੀਆਂ ਹੋਣ।
ਹਾਂ ਜੀ, ਜ਼ਰਾ ਦਰਸ਼ਨ ਕਰਨੇ, ਰੱਬੀ ਨੂਰ ਕੀਕੂੰ ਖੜਾ ਹੈ ਤੇ ਪਿਆਰ ਦੇ ਸਦਕੜੇ ਹੋਣ ਵਾਲਾ ਰਾਉ ਕੀਕੂੰ ਖੱਬੇ ਪਾਸੇ ਛਾਤੀ ਨਾਲ ਲੱਗਾ, ਅਰਸ਼ੀ ਪਿਆਰ ਵਾਲੀ ਕਲਾਈ ਨਾਲ ਗਲਵੱਕੜੀ ਵਿਚ ਹੈ, ਤੇ ਕੀਕੂੰ ਆਤਮ ਰਸ ਵਿਚ ਰੱਤੀ ਪ੍ਰਿਯਾਵਰ ਚਰਨਾਂ ਨੂੰ ਗਲਵੱਕੜੀ ਪਾਈ ਢੱਠੀ ਪਈ ਹੈ। ਮਹਾਰਾਜ ਦਾ ਸੱਜਾ ਹੱਥ ਨਿਵਿਆਂ, ਬਾਹੋ ਫੜ ਰਾਣੀ ਨੂੰ ਉਠਾਇਆ, ਖੜਾ ਕੀਤਾ, ਸਿਰ ਤੇ ਪਿਆਰ ਦਿੱਤਾ ਤੇ ਆਖਿਆ: ਕਹੁ ਬੇਟਾ 'ਵਾਹਿਗੁਰੂ'।
ਵਾਹਿਗੁਰੂ ਕੌਣ ਕਹੇ ਜੀਭ ਨੇ ਕਿਹਾ, ਪਰ ਉਹ ਤਾਂ ਇਕੱਲੀ ਜੀਭ ਉਤੇ ਸਮਾਉਦਾ ਨਹੀਂ, ਸਾਰੇ ਲੂੰ ਜੀਭਾ ਹੋ ਗਏ, ਉਹ ਅਜੇ ਬੀ ਨਹੀ ਸਮਾਉਂਦਾ, ਲੰਘ ਤੁਰਿਆ ਹੇਠਾਂ ਹਿਰਦੇ ਵਿਚ। ਹਾਂ । ਰਾਣੀ ਨੂੰ ਹੁਣ ਤਾਣ ਆਈ, ਇਹ ਤਾਣ ਆਈ ਤਾਂ ਆਖਿਆ: 'ਵਾਹਿਗੁਰੂ'
ਵਣ ਤ੍ਰਿਣ ਵਾਹਿਗੁਰੂ ਹੋ ਦਿੱਸਿਆ, ਆਤਮ ਲਹਿਰਾ ਆਇਆ, ਰਸ ਛਾ ਗਿਆ।
ਰੰਗਿਆ ਗਿਆ ਜੋੜਾ, ਜੋ ਆਪੋ ਵਿਚ ਪਿਆਰ ਕਰਦਾ, ਪਰਮੇਸ਼ੁਰ ਨੂੰ ਪਿਆਰ ਕਰਦਾ, ਪਰਮੇਸ਼ੁਰ ਦੇ ਚਾਨਣੇ ਵੱਲ ਟੁਰ ਰਿਹਾ ਸੀ, ਰੰਗਿਆ ਗਿਆ ਰੱਬੀ ਇਲਾਹੀ ਰੰਗ ਵਿਚ ਰਸ ਰੰਗ ਵਾਲਾ ਪਵਿੱਤ੍ਰ ਜੋੜਾ।
ਹੁਣ ਮਹਾਰਾਜ ਜੀ ਨੂੰ ਚੌਕੀ ਤੇ ਬਿਠਾਇਆ। ਚਰਨ ਧੋਤੇ, ਪੂੰਝੇ, ਪੰਜ ਇਸ਼ਨਾਨਾ ਕਰਵਾਇਆ। ਪ੍ਰਸਾਦ ਤਿਆਰ ਹੋਇਆ :-
ਭਖਯ ਭੇਜ ਲੇਹਜ ਅਰ ਚੋਸਾ। ਕਰ ਤਿਆਰ ਵਡ ਥਾਹ ਪਰੋਸਾ।
ਚੌਕੀ ਚਾਰੁ ਬਿਸਾਲ ਡਸਾਏ। ਤਾਂ ਪਰ ਸੁਜਨੀ ਬਿਸਦ ਬਿਛਾਏ।
ਤਾਂ ਪਰ ਬਿਨਤੀ ਭਾਖਿ ਬਿਠਾਏ। ਦੂਸਰ ਚੌਕੀ ਅਗਰ ਟਿਕਾਏ।
ਤਿਸ ਪਰ ਧਾਰ ਪਰੋਸਿ ਧਰਯੋ ਹੈ। ਹਾਥ ਜੋਰਿ ਦਿਗ ਆਪ ਖਰਯੋ ਹੈ। (ਸੂਰਜ ਪ੍ਰਕਾਸ਼)
ਮਹਾਰਾਜ ਜੀ ਨੇ ਪ੍ਰਸ਼ਾਦ ਛਕਿਆ। ਇੰਨੇ ਨੂੰ ਡੇਰਾ ਆ ਗਿਆ ਸੀ, ਸਾਰੇ ਸਿੰਘਾਂ ਨੂੰ, ਜੋ ਨਾਲ ਸੇ, ਮੋਹਣੇ ਥਾਂ ਡੇਰਾ ਮਿਲਿਆ। ਰਸਦ ਪ੍ਰਸ਼ਾਦ, ਮੰਜੇ, ਬਿਸਤਰੇ, ਦਾਣਾ ਪੱਠੇ ਪਹੁੰਚ ਗਏ। ਚੁਪ ਰਹਿਣ ਵਾਲੇ ਰਾਜਾ ਜੀ ਨੇ ਹੁਣ ਆਪਣੇ ਪੁਰਾਣੇ ਸੁਭਾਵ ਵਿਰੁੱਧ ਸਾਫ ਤੇ ਨਿੰਮ੍ਰਤਾ ਵਿਚ ਬੇਨਤੀ ਕੀਤੀ ਕਿ "ਕ੍ਰਿਪਾ ਕਰਕੇ ਏਥੇ ਠਹਿਰੋ।"
ਦਾਤਾ ਜੀਉ ਰਹਿ ਪਏ, ਬਸਾਲੀ ਤੋਂ ਸਾਰੇ ਸਿੱਖ, ਪਰਵਾਰ, ਸੰਗਤਾਂ, ਡੇਰਾ ਭਬੋਰ ਆ ਗਿਆ। ਰਾਜੇ ਦੇ ਅਨੋਖੇ ਪ੍ਰੇਮ, ਤੇ ਰਾਣੀ ਦੇ ਅਦੁਤੀ ਪ੍ਰੀਤੀ ਭਾਵ ਕਰਕੇ ਸਤਿਗੁਰ ਇੰਨਾ ਚਿਰ ਉਥੇ ਰਹੇ ਕਿ ਦੂਰ ਦੂਰ ਦੀਆਂ ਸੰਗਤਾਂ ਉਥੇ ਪੁੱਜਣ ਲਗ ਪਈਆਂ।
ਅਨੰਦਪੁਰ ਦਾ ਆਨੰਦ ਏਥੇ ਸੀ, ਸੋਹਣੀ ਛਾਇਆ, ਫਲਾਂ ਤੇ ਫੁੱਲਾਂ ਵਾਲੇ ਬਨ ਉਚੇ ਨੀਵੇਂ ਥਾਂ ਦੇ ਨਜ਼ਾਰੇ ਮਾਣਦੇ ਜਗਤ ਨੂੰ ਤਾਰਦੇ ਮਾਲਕ ਜੀ, ਸਾਹਿਬ ਜੀ, ਡੇਰ ਤੱਕ ਓਥੇ ਰਹੇ-
ਇਸ ਪ੍ਰਕਾਰ ਪ੍ਰਭ ਸੈਰ ਸਰਾਹਾ। ਬਸੇ ਤਰ੍ਹਾਂ ਮਨ ਆਨੰਦ ਪਾਹਾ। ....
ਊਚਨੀਚ ਬਲ ਬਿਖਮ ਕਿ ਸਮ ਹੈ, ਬਹੁ ਰਮਣੀਕ ਸੁਗਮ ਦੁਰਗਮ ਹੈ।
ਚਲਤ ਬੇਗ ਤੇ ਨਿਰਮਲ ਵਾ ਹੈ ਬਿਨਾਂ ਧੂਲ, ਬਨ ਬਹੁ ਅਵਗਾਹੈ।
ਕੁਸਮਤ ਬਨ ਕੀ ਪ੍ਰਭਾ ਬਿਲੋਕੈ। ਸੰਘਨੇ ਅਧਿਕ ਸੁਗੰਧੀ ਰੋਕੈ।
ਜਹਲਗ ਇੱਛਹਿ ਬਿਚਰਤ ਆਵੈ। ਇਸ ਪ੍ਰਕਾਰ ਨਿਸ ਦਯੋਸ ਬਿਤਾਵੈ।
ਸੁਨਿ ਸੁਨਿ ਕਰਿ ਸਿਖ ਸੰਗਤ ਸਾਰੀ, ਆਵਹਿ ਦਰਸ਼ਨ ਇੱਛਾ ਧਾਰੀ।
ਪੂਰਬ ਦੱਖਣ ਪਸਚਮ ਕੇਰੇ, ਲੈ ਲੈ ਕਰ ਉਪਹਾਰ ਘਨੇਰੇ।
ਪਰੇ ਬਹੀਰ ਚਲੇ ਬਹੁ ਆਵੈ ਗੁਰ ਬਾਣੀ ਪਠਿ ਗੁਰ ਗੁਰ ਧਿਆਵੈ।....
ਇਸ ਪ੍ਰਕਾਰ ਸਤਿਗੁਰ ਬਿਸਰਾਮ। ਅਚਲ ਸਥਾਨ ਸੈਲ ਅਭਿਰਾਮੇ। (ਸੂਰਜ ਪ੍ਰਕਾਸ਼)
ਅੱਜ ਇਸ ਦਾਤੇ ਮਹਾਂ ਬਲੀ ਦਾ ਪੁਰਬ ਦਿਨ ਹੈ। ਹਾਂ ਉਸੇ ਦੇ ਦੱਸੇ ਮਾਰਗ ਤੇ ਟੁਰੋ, ਜੀਵਨ ਪ੍ਰੇਮ ਨਾਲ ਰੰਗੋ, ਰੱਬ ਸਾਈ ਨਾਲ ਜੁੜੋ, ਨਾਮ ਵਿਚ ਨਿਵਾਸ ਪਾਓ। ਅੱਜ ਤੋਂ ਹੀ ਉੱਦਮ ਕਰੋ।