ਰਾਜੇ ਨੇ ਵਾਰਤਾ ਸੁਣੀ, ਰਾਣੀ ਚਿਹਰਾ ਤੱਕਦੀ ਸੀ, ਕਿੰਨੀ ਵੇਰ ਰਾਣੀ ਦੇ ਲੂੰ ਕੰਡੇ ਹੋਏ, ਕਿੰਨੀ ਵੇਰ ਰੋਈ, ਪਰ ਰਾਜੇ ਦਾ ਚਿਹਰਾ ਇਕੋ ਜਿਹਾ ਰਿਹਾ, ਕੋਈ ਭਾਵ ਪ੍ਰਤੀਤ ਨਹੀ ਦਿੱਤਾ, ਇਕ ਦੋ ਵੇਰ ਰਤਾ ਰਤਾ ਬੁਲ੍ਹ ਟੁਕੇ ਤੇ ਰਤਾ ਰਤਾ ਅੱਖਾਂ ਅਨੋਖੇ ਜਿਹੇ ਝਮਕਾਰ ਵਿਚ ਗਈਆਂ, ਪਰ ਬੇ-ਮਲੂਮੇ।
ਰਾਣੀ ਤੋਂ ਹੁਣ ਰਿਹਾ ਨਾ ਗਿਆ, ਬੇਤਾਬ ਹੋਕੇ ਬੋਲੀ : ਹੁਣ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਪਿਆਰ ਵਿਚ ਹੋ, ਐਡੀ ਖੁਸ਼ੀ ਦੀ, ਐਡੀ ਅਚਰਜ, ਐਡੀ ਸ਼ਕਤੀ ਤੇ ਪਿਆਰ ਦੀ ਗੱਲ ਸੁਣਕੇ ਵੀ ਤੁਸਾਡੇ ਦਿਲ ਨੂੰ ਕੋਈ ਪਿਆਰ, ਕੋਈ ਖਿੱਚ ਦਾ ਤਣੁੱਕਾ ਨਹੀ ਵੱਜਾ ?
ਰਾਜਾ - ਅੰਦਰ ਦੀ ਦੁਨੀਆਂ ਦੇ ਕਰਤਬ ਅੰਦਰ।
ਰਾਣੀ - ਕੋਈ ਓਪਰਾ ਨਹੀ ਬੈਠਾ, ਮਹਰਮ ਬੈਠੀ ਹਾਂ ਦਿਲ ਨੂੰ ਖੁੱਲ੍ਹਾ ਛੱਡਦੇ ਰਤਾ, ਅੰਦਰਲੇ ਭਾਵਾਂ ਦਾ ਰਸ ਆ ਜਾਂਦਾ।
ਰਾਜਾ - ਕੋਈ ਬੁਲਬੁਲ ਹੈ ਕੋਈ ਪਰਵਾਨਾ ਪਰਵਾਨਾ ਬੁਲਬੁਲ ਕਿਵੇਂ ਬਣੇ?
ਰਾਣੀ - ਪਰ ਤੁਸੀਂ ਤਾਂ ਆਪਣੇ ਦਿਲ ਨੂੰ ਡੱਕਦੇ ਹੋ ਮੇਰੀ ਜਾਚੇ ?
ਰਾਜਾ - ਭਤ ਡੱਕੇ ਹੀ ਚੰਗੇ, ਖੁਲ ਦਿੱਤੀ ਨਹੀਂ, ਇਹ ਫੇਰ ਸਵਾਰ ਹੋਏ ਨਹੀਂ।
ਰਾਣੀ - ਐਨਾ ਨਾ ।
ਰਾਜਾ - ਜੇ ਪ੍ਰੀਤ ਕਣੀ ਅੰਦਰ ਹੋਵੇ ਤਾਂ ਨੱਪ ਕੇ ਰੱਖੇ, ਬੋਲੇ ਤਾਂ ਚਮਕ ਘਟਦੀ ਹੈ, ਹਾਵਾਂ ਭਾਵਾਂ ਨਾਲ ਪ੍ਰਗਟ ਕਰੋ ਤਾਂ ਚਮਕ ਟੁਟਦੀ ਹੈ, ਅੰਦਰਲਾ ਪਿਆਰ ਨਾਲ ਘੁਲ ਘੁਲ ਕੇ ਵਗ ਟੁਰੇ ਪਰ ਨੈਣਾਂ ਨੂੰ, ਮੱਥੇ ਨੂੰ, ਬੁਲ੍ਹਾਂ ਨੂੰ ਰੋਮਾਵਲ ਨੂੰ ਖਬਰ ਨਾਂ ਹੋਣ ਦੇਵੇ। ਦਾਨ ਕਰੋ ਸੱਜਾ ਹੱਥ ਖੱਬੇ ਨੂੰ ਸਾਰ ਨਾ ਪਵੇ: ਪਿਆਰ ਕਰੋ ਦਿਲ ਤਾਂ ਝਰਨਾਟ ਪਿਛਲੇ ਪਾਸੇ ਆਤਮਾ ਨੂੰ ਜਾਵੇ, ਬਾਹਰਲੇ ਪਾਸ ਇੰਦਿਆਂ ਵੱਲ ਨੂੰ ਕਿਉ ਜਾਵੇ ?
ਰਾਣੀ - ਹਾਏ। ਮੈਂ ਨਿਕਾਰੀ, ਏਡੇ ਜੇਰੇ। ਪਰ ਤੁਸਾਡਾ ਜੀ ਦਰਸ਼ਨਾਂ ਨੂੰ ਨਹੀ ਤੜਫਦਾ ?
ਰਾਜਾ - ਤੜਫਦਾ ਹੈ। ਹੁਣ ਬੱਸ ਚਾ ਕਰੋ।