ਰਾਣੀ- ਤੁਸੀਂ ਇਕ ਰਾਜਨੀਤੀ ਦੀ ਗੱਲ ਬੀ ਸੁਣ ਲਓ, ਕਦੇ ਤੁਸੀਂ ਗੁਰੂ ਜੀ ਦੇ ਵਿਰੁੱਧ ਜੰਗ ਵਿਚ ਸ਼ਰੀਕ ਨਹੀਂ ਹੋਏ, ਇਸ ਕਰਕੇ ਰਾਜੇ ਤੁਸਾਂ ਨਾਲ ਰਾਜ਼ੀ ਨਹੀ, ਸਾਰੇ ਕੀਨਾਖੋਰ ਹਨ, ਜਦ ਤੁਸੀ ਅੜਿੱਕੇ ਆਏ ਕਸਰ ਨਹੀ ਕਰਨਗੇ । ਇਧਰ ਸਿਖਾਂ ਨਾਲ ਨਿਹੁੰ ਨਹੀ, ਇਧਰੋ ਆੜੇ ਵਕਤ ਮਦਦ ਨਹੀ ਮਿਲਣੀ। ਕੀਹ ਚੰਗੀ ਗੱਲ ਨਹੀ ਕਿ ਇਧਰ ਪ੍ਰਗਟ ਨੇਹੁੰ ਲੱਗੇ ਤੇ ਇਕ ਆਸਰਾ ਤਾਂ ਪੱਕਾ ਹੋ ਜਾਵੇ ?
ਰਾਉ- ਹੁਣ ਤੁਸੀ ਗੱਲ ਦੇ ਹੋਰ ਨੇੜੇ ਆਗਏ ਹੋ, ਰਾਜਨੀਤਿ ਤੇ ਪਿਆਰ ਦੋ ਗੱਲਾਂ ਕੱਠੀਆਂ ਨਹੀ ਹੋ ਸਕਦੀਆਂ। ਜੇ ਇਸ ਤੁਹਾਡੀ ਵਿਚਾਰ ਨੂੰ ਅੱਗੇ ਧਰਕੇ ਮਿਲਾਂ ਤਾਂ ਪਿਆਰ ਨਹੀ, ਜੇ ਅੰਦਰ ਹੋਵੇ ਬੀ ਤਾਂ ਮੇਰਾ ਮਨ ਕਹਿੰਦਾ ਹੈ ਕਿ ਉਹ ਭੁਲੇਖਾ ਹੈ। ਇਹ ਨੀਤੀ ਦੀ ਵਿਚਾਰ ਨਹੀ, ਇਹ ਪ੍ਰੇਮ ਨੂੰ ਭੁਲੇਵੇਂ ਵਿਚ ਪਾਉਣ ਵਾਲੀ ਗੱਲ ਹੈ, ਨਾ ਮਿਲਿਆਂ ਪਿਆਰ ਦੀ ਕਣੀ ਨਿਰਮਲ ਦਿੱਸ ਰਹੀ ਹੈ, ਪਰ ਮਿਲਿਆਂ ਨੀਤੀ ਦਾ ਹਨੇਰਾ ਨਾਲ ਪੈਂਦਾ ਹੈ । ਹਾਇ। ਮੇਰੀ ਨਿੱਕੀ ਨਿੱਕੀ, ਨਿੱਕੀ ਨਿੱਕੀ ਕਣੀ ਨਿਰਮਲ ਰਹੇ, ਕਿਵੇਂ ਨਿਰਮਲ ਰਹੇ? ਇਵੇਂ ਨਿਰਮਲ ਰਹੇ ਜਿਵੇਂ ਮੈਂ ਤੁਰਦਾ ਹਾਂ । ਬਾਕੀ ਰਿਹਾ ਰਾਜਭਾਗ, ਮੈਂ ਨਹੀਂ ਤੇਗ਼ ਮਾਰੀ, ਆਪੇ ਮਿਲਿਆ ਹੈ; ਜਾਏਗਾ ਤਾਂ ਤੇਗ਼ ਮਾਰਾਂਗਾ: ਤੇਗ਼ ਨਾਲ ਰਹਿ ਗਿਆ ਜੀ ਸਦਕੇ; ਤੇਗ ਮਾਰਦਿਆਂ ਟੁਰ ਗਿਆ ਜੀ ਸਦਕੇ। ਨਾ ਛੱਡਣਾ ਹੈ, ਨਾ ਦੇਣਾ ਹੈ, ਜਾਣ ਲੱਗੇ ਤਾਂ ਨਾ ਜਾਣ ਦੇਣ ਦਾ ਸਾਰਾ ਤਾਣ ਲਾਉਣਾ ਹੈ; ਚਲਾ ਜਾਏ ਤਾਂ ਸੀ ਨਹੀਂ ਕਰਨੀ; ਇਕ ਪਿਆਰ ਦੀ ਕਣੀ ਅੰਦਰ ਤੱਕਣੀ ਹੈ।
ਰਾਣੀ ਹੁਣ ਬੱਸ ਹੋ ਗਈ, ਮੈਂ ਅੱਜ ਆਪਣੇ ਪਿਆਰੇ ਸਿਰਤਾਜ ਨੂੰ ਬਹੁਤ ਖੋਚਲ ਦਿੱਤੀ ਹੈ, ਤੁਸੀ ਚੰਗੇ ਹੋ ਤੇ ਦਾਨੇ ਹੋ, ਮੈਂ ਕਾਹਲੀ ਹਾਂ ਤੇ ਜੇਰਾ ਨਹੀ ਰੱਖਦੀ, ਤੁਸੀ ਤੁਰੇ ਉਸ ਰਾਹੇ ਜੋ ਤੁਸਾਂ ਨੂੰ ਖੁਸ਼ ਆਉਂਦਾ ਹੈ, ਪ੍ਰੀਤ-ਤਾਰ ਨਾ ਟੁੱਟੇ, ਪ੍ਰੇਮ ਕਣੀ ਨਾ ਖੁੱਸੇ, ਪਿਆਰ-ਲਸ ਨਾ ਮਿਟੇ, ਸੋ ਕਰੋ ਜੋ ਇਹ ਸਲਾਮਤ ਰਹੇ, ਮੈਨੂੰ ਖਿਮਾਂ ਕਰੋ ਕਿ ਆਪ ਦਾ ਭੇਤ ਲੱਭਿਆ ਤੇ ਆਪ ਦਾ ਇੰਨਾਂ ਧਿਆਨ ਇਸ ਬਹਿਸ ਵਿਚ ਪਾਇਆ ।