ਬੋਲੀ : ''ਦਾਤਾ ਜੀਓ ! ਪਤੀ ਜੀ ਨੂੰ ਮਿਲੇ ਹੋ ?"
ਗੁਰੂ ਜੀ - ਪੁੱਤਰ ਜੀਓ। ਮਿਲੇ ਹਾਂ ।
ਪ੍ਰਿਯਾਵਰ- ਮੈਂ ਕਾਹਲੀ ਹਾਂ ਸਾਹਿਬ ਜੀਓ। ਪਹਿਲਾਂ ਫੇਰ ਮਿਲੋ, ਜੀ ਮਿਲੇ ਨਾਂ ਮੇਰੇ ਬੇ-ਜੁਬਾਨ ਮਾਲਕ ਜੀ ਨੂੰ, ਗਲ ਲਾਓ ਨਾਂ, ਮੈਂ ਤੱਕਾਂ, ਮੇਰੇ ਨੈਣ ਠਰਨ, ਮੈਂ ਫੇਰ ਇਹ ਜੁਗਾਂ ਤੋਂ ਅਰਾਧੇ ਚਰਨ ਕਮਲ ਪਰਸਾਂ। ਦਾਤਾ। ਮੇਹਰ ਕਰ, ਪਹਿਲਾਂ ਮੇਰੇ ਪਿਆਰੇ ਨੂੰ ਗਲ ਲਾ।
ਇਸ ਪਿਆਰ ਤੇ ਆਪਾ ਨੁਛਾਵਰ ਪ੍ਰੀਤੀ ਨੂੰ ਤੱਕ ਕੇ ਸਾਹਿਬਾਂ ਦੇ ਨੈਣ ਫੇਰ ਭਰ ਆਏ, ਰਾਜਾ ਨੂੰ ਗਲ ਲਾਇਆ ਤਾਂ ਰਾਣੀ ਨੇ ਡਿੱਠਾ, ਅੱਖਾਂ ਠਰੀਆਂ । ਹੁਣ ਬਿਹਬਲ ਹੋਕੇ ਧੜ ਕਰਦੀ ਚਰਨਾਂ ਤੇ ਡਿੱਗੀ, ਡਿੱਗੀ ਤੇ ਚਰਨਾਂ ਨੂੰ ਚੰਬੜਕੇ ਬੇ-ਸੁੱਧ ਹੋ ਗਈ।
ਹਾਇ। ਇਨਸਾਨ ਦੇ ਅੰਦਰਲੇ ਦੀ ਭੁੱਖ ਆਪਣੇ ਤੋਂ ਉੱਚੇ ਲਈ ਹਾਂ ਤੇਰੇ ਲਈ, ਹੇ ਅਦ੍ਰਿਸ਼ਾਯ, ਹੇ ਨਾ ਦਿੱਸਣਹਾਰ। ਤੇਰੇ ਲਈ, ਪ੍ਰੀਤ । ਇਨਸਾਨ ਤੇਰੇ ਇਹਨਾਂ ਦਰਸ਼ਨਾਂ ਨੂੰ ਤੜਫਦਾ ਹੈ, ਕਿ ਤੂੰ ਸਾਡੇ ਨੈਣਾਂ ਗੋਚਰੇ ਰੂਪ ਵਿਚ ਪ੍ਰਕਾਸ ਪਾਵੇਂ ਤਾਂ ਸਾਡੀਆਂ ਰੂਪ ਦੇਖਣਹਾਰ ਅੱਖੀਆਂ ਬੀ ਦਰਸ਼ਨ ਕਰਨ ਤੇ ਸਾਡੀਆਂ ਅੰਦਰਲੀਆਂ ਸੱਧਰਾਂ ਪੂਰੀਆਂ ਹੋਣ।
ਹਾਂ ਜੀ, ਜ਼ਰਾ ਦਰਸ਼ਨ ਕਰਨੇ, ਰੱਬੀ ਨੂਰ ਕੀਕੂੰ ਖੜਾ ਹੈ ਤੇ ਪਿਆਰ ਦੇ ਸਦਕੜੇ ਹੋਣ ਵਾਲਾ ਰਾਉ ਕੀਕੂੰ ਖੱਬੇ ਪਾਸੇ ਛਾਤੀ ਨਾਲ ਲੱਗਾ, ਅਰਸ਼ੀ ਪਿਆਰ ਵਾਲੀ ਕਲਾਈ ਨਾਲ ਗਲਵੱਕੜੀ ਵਿਚ ਹੈ, ਤੇ ਕੀਕੂੰ ਆਤਮ ਰਸ ਵਿਚ ਰੱਤੀ ਪ੍ਰਿਯਾਵਰ ਚਰਨਾਂ ਨੂੰ ਗਲਵੱਕੜੀ ਪਾਈ ਢੱਠੀ ਪਈ ਹੈ। ਮਹਾਰਾਜ ਦਾ ਸੱਜਾ ਹੱਥ ਨਿਵਿਆਂ, ਬਾਹੋ ਫੜ ਰਾਣੀ ਨੂੰ ਉਠਾਇਆ, ਖੜਾ ਕੀਤਾ, ਸਿਰ ਤੇ ਪਿਆਰ ਦਿੱਤਾ ਤੇ ਆਖਿਆ: ਕਹੁ ਬੇਟਾ 'ਵਾਹਿਗੁਰੂ'।
ਵਾਹਿਗੁਰੂ ਕੌਣ ਕਹੇ ਜੀਭ ਨੇ ਕਿਹਾ, ਪਰ ਉਹ ਤਾਂ ਇਕੱਲੀ ਜੀਭ ਉਤੇ ਸਮਾਉਦਾ ਨਹੀਂ, ਸਾਰੇ ਲੂੰ ਜੀਭਾ ਹੋ ਗਏ, ਉਹ ਅਜੇ ਬੀ ਨਹੀ ਸਮਾਉਂਦਾ, ਲੰਘ ਤੁਰਿਆ ਹੇਠਾਂ ਹਿਰਦੇ ਵਿਚ। ਹਾਂ । ਰਾਣੀ ਨੂੰ ਹੁਣ ਤਾਣ ਆਈ, ਇਹ ਤਾਣ ਆਈ ਤਾਂ ਆਖਿਆ: 'ਵਾਹਿਗੁਰੂ'