ਰੂਹਾਂ ਦੂਰ ਨਈਂ ਹੁੰਦੀਆਂ
ਖੁਸ਼ਪ੍ਰੀਤ ਕੌਰ ਸੀਂਗੋ
ਰੂਹਾਂ ਦੂਰ ਨਈਂ ਹੁੰਦੀਆਂ
ਇਹ ਕਿੱਥੇ ਲਿਖਿਆ ਭਲਾਂ ਕਿ ਕਿਸੇ ਨਾਲ ਨਜ਼ਰਾਂ ਮਿਲਾ ਲੈਣ ਜਾਂ ਓਹਨੂੰ ਛੂਹ ਲੈਣ ਨਾਲ ਹੀ ਮੁਲਾਕਾਤ ਮੁਕੰਮਲ ਹੁੰਦੀ ਏ ? ਕਿਸੇ ਨੂੰ ਮਹਿਸੂਸ ਕਰਨਾ ਵੀ ਤਾਂ ਮੁਲਾਕਾਤ ਹੀ ਏ ਨਾ ..? ਫੇਰ ਇਹ ਕਹਿਣਾ ਤਾਂ ਗਲਤ ਹੋਇਆ ਨਾ ?... ਕਿ ਆਪਾਂ ਇੱਕ ਦੂਜੇ ਨੂੰ ਕਦੇ ਨਹੀਂ ਮਿਲੇ ਜਾਂ ਆਪਾਂ ਇੱਕ ਦੂਜੇ ਤੋਂ ਦੂਰ ਆਂ। ਆਪਾਂ ਤਾਂ ਹਰ ਰੋਜ਼ ਮਿਲਦੇ ਆਂ ਦਿਨੇ ਖਿਆਲਾਂ ਵਿੱਚ ਤੇ ਰਾਤੀਂ ਖੁਆਬਾਂ ਵਿੱਚ । ਦਿਲ ਤੋਂ ਜੁੜਿਆਂ ਦੀਆਂ ਰੂਹਾਂ ਕਦੇ ਦੂਰ ਨਹੀਂ ਹੁੰਦੀਆਂ ਤੇ ਪਿੰਡਿਆਂ ਦੀ ਦੂਰੀ ਮੁਹੱਬਤ ਵਿੱਚ ਮਾਇਨੇ ਨਹੀਂ ਰੱਖਦੀ!
ਆਪਣੀਆਂ ਗੱਲਾਂ
ਨਿੱਤ ਮਿਲ ਜਾਇਆ ਕਰ ਖੁਆਬ ਬਹਾਨੇ
ਆਜਾ ਵੇ ਦੋ ਗੱਲਾਂ ਕਰੀਏ ਕਿਤਾਬ ਬਹਾਨੇ
ਮੈਂ ਕਿਹਾ ਸੁਣਦਾ ਏਂ
ਮੈਂ ਕਿਹਾ ਸੁਣਦਾ ਏਂ ..?
ਆਪਾਂ ਦੋਵੇਂ ਇੱਕ ਦੂਜੇ ਨਾਲ
ਬੱਝੇ ਹੋਏ ਆਂ ..!!
ਕਹਿੰਦਾ ਜਿਵੇਂ ਰੱਸੀ ਨਾਲ ਜਨੌਰ ?
ਮੈਂ ਕਿਹਾ...
ਉਹੂੰ...
ਕਹਿੰਦਾ ਹੋਰ ...?
ਮੈਂ ਕਿਹਾ ਜਿਵੇਂ ਪਤੰਗ ਨਾਲ ਡੋਰ..!!
ਜੀਅ ਕਰਦੈ
ਜਿਹਨੂੰ ਪੜਕੇ ਆਪ ਮੁਹਾਰੇ ਹੱਸੇਂ ਤੂੰ
ਕੁਝ ਐਸਾ ਲਿਖਣ ਨੂੰ ਜੀਅ ਕਰਦੈ,
ਤੂੰ ਸਾਹਾਂ ਤੋਂ ਜ਼ਰੂਰੀ ਏਂ ਸੱਜਣਾਂ
ਤੇਰੀ ਖਾਤਿਰ
ਮਰ ਮਿਟਣ ਨੂੰ ਜੀਅ ਕਰਦੇ ..!!
ਇੱਕੋ ਮਿੱਕੇ
ਤੂੰ ਤੇ ਮੈਂ ਇੱਕੋ ਮਿੱਕੇ ਵੇ ਮਾਹੀਆ
ਤੇਰੇ ਨਾਲ ਪੁਗਾਉਣੇ ਆ ਚਾਅ
ਮੈਂ ਨਿੱਕੇ ਨਿੱਕੇ ਵੇ ਮਾਹੀਆ
ਪੂਰੇ ਹੱਕ ਨਾਲ ਬਾਂਹ ਫੜ ਕੇ ਲੈ
ਚੱਲੀਂ ਤੂੰ ਮਰਜੀ ਜਿੱਥੇ ਵੇ ਮਾਹੀਆ
ਸਾਨੂੰ ਕਰਮਾਂ ਦੇ ਨਾਲ ਤੂੰ ਮਿਲਿਆ
ਤੇਰੇ ਵਰਗੇ ਸੱਜਣ ਅੱਜ ਕੱਲ
ਲੱਭਦੇ ਕਿੱਥੇ ਵੇ ਮਾਹੀਆ..!!
ਤੇਰੇ ਖਿਆਲ
ਤੈਨੂੰ ਪਤੈ..?
ਤੇਰੇ ਖਿਆਲਾਂ ਵਿੱਚ ਗੁਆਚਣਾ
ਮੈਨੂੰ ਚੰਗਾ ਲੱਗਦਾ ਏ ..
ਜਿਸ ਦਿਨ ਤੂੰ ਹਾਲ ਨਹੀਂ ਪੁੱਛਦਾ
ਓਸ ਦਿਨ ਹਾਲ ਮੰਦਾ ਲੱਗਦਾ ਏ
ਇੱਕੋ ਝਟਕੇ ਵਿੱਚ ਤੇਰੀ ਹੋ ਜਾਂਨੀਂ ਆਂ ..
ਤੇਰੇ ਬਾਰੇ ਸੋਚਦੀ ਸੋਚਦੀ
ਤੇਰੇ ਵਿੱਚ ਹੀ ਖੋਹ ਜਾਨੀਂ ਆਂ ..
ਤੇਰੀ ਮੁਸਕੁਰਾਹਟ ਦੇਖਕੇ
ਹੋਸ਼ ਗੁਆ ਬੈਠਦੀ ਆਂ ..
ਤੈਨੂੰ ਚੇਤੇ ਕਰਦੀ ਕਰਦੀ
ਆਪਣਾ ਆਪ ਭੁਲਾ ਬੈਠਦੀ ਆਂ ..!!
ਲੈ ਦੱਸ ਭਲਾਂ !
ਲੋਈ ਤੇਰੀ ਚੈਨ-ਵੈਨ ਲੈਗੀ
ਲੁੱਟ ਕੇ ਚੁੰਨੀ ਸਾਡੀ ਨਾਲ ਖਹਿ,
ਤੇਰੇ ਬਿਨਾਂ ਚਿੱਤ ਕਿਤੇ ਲੱਗਦਾ ਨਹੀਂ
ਖੌਰੇ ਕਿਹੜਾ ਟੋਣਾ ਕੀਤਾ ਤੈਂ,
ਬੁਖਾਰ ਚੜਿਆ ਹੋਵੇ ਤੈਨੂੰ
ਤੇ ਰੋਟੀ ਖਾ ਲਵਾਂ ਮੈਂ
ਲੈ ਦੱਸ ਭਲਾਂ ।
ਕਮਲਾ ਹੋ ਗਿਐਂ ਹੈਂ ?
ਤੇਰੀਆਂ ਗੱਲਾਂ
ਤੇਰੀਆਂ ਗੱਲਾਂ ਦੀ ਗੱਲ ਅਵੱਲੀ ਏ
ਤੇਰੀ ਅਵਾਜ ਦੇ ਸ਼ੋਰ ਬਾਝੋਂ ਸਾਡੇ
ਸ਼ਹਿਰ ਦੀ ਰੌਣਕ ਗੂੰਗੀ ਬੋਲੀ ..
ਬੱਸ ਕਰਜਾ ਕਾਹਤੋਂ ਇੰਨਾਂ ਕਹਿਰ
ਢਾਇਆ ਈ ਇੱਕ ਤਾਂ ਤੇਰਾ ਰੰਗ
ਸਾਵਲਾ ਤੇ ਦੂਜੀ ਤੇਰੀ ਸੂਰਤ ਭੋਲੀ..
ਹਨਾ?
ਪਹਿਲੀ ਗੱਲ ਤਾਂ
ਤੈਥੋਂ ਚੰਗਾ ਕੋਈ ਹੈ ਹੀ ਨਹੀਂ
ਤੇ ਜੇ ਹੋਇਆ ਵੀ ਤਾਂ
ਚਾਹੀਦਾ ਕੀਹਨੂੰ ਏ,
ਇੱਕ ਤੂੰ ਹੀ ਤਾਂ ਹੈਂ
ਬੇਬੇ ਬਾਪੂ ਵਾਂਗੂੰ
ਫਿਕਰ ਮੇਰੀ ਜੀਹਨੂੰ ਏ..!!
ਹਮਸਫਰ
ਲੜਦਾ ਵੀ ਹੈ ਕਦੇ ਕਦੇ
ਪਰ ਲੋਕਾਂ ਮੂਹਰੇ ਹਮੇਸ਼ਾ
ਪੱਖ ਪੂਰਦਾ ਏ,
ਸੱਚਾ ਹਮਸਫਰ ਓਹੀ ਏ
ਜੋ ਬੇਬੇ ਵਾਂਗੂੰ ਪਿਆਰ ਕਰਦਾ
ਅਤੇ ਬਾਪੂ ਵਾਂਗੂ ਘੂਰਦਾ ਏ..!!
ਅੱਜ ਵੀ ਚੇਤੇ ਆ
ਮੁਲਾਕਾਤਾਂ ਦੀ ਲੋੜ ਕੋਈ ਨਾ
ਉਹ ਤਾਂ ਮੇਰੇ ਦਿਲ ਵਿੱਚ ਵੱਸਦਾ ਏ ..
ਅੱਜ ਵੀ ਆ ਚੇਤੇ ਚੰਦਰਾ ਨੀਵੀਂ
ਪਾਕੇ ਜੇ ਹੱਸਦਾ ਏ .,
ਉਂਝ ਮੇਰਾ ਕਰਦਾ ਬੜਾ
ਬੱਸ ਕਹਿਣ ਤੋਂ ਸੰਗਦਾ ਏ ..
ਸੁਭਾ ਸ਼ਾਮ ਸੱਚੇ ਰੱਬ ਤੋਂ
ਉਹ ਮੈਨੂੰ ਹੀ ਮੰਗਦਾ ਏ ...!!
ਹਿਚਕੀਆਂ
ਮਨ ਦੇ ਕੈਦ ਪੰਛੀ ਨੂੰ ਆਜ਼ਾਦ ਕੀਤਾ ਮੈਂ
ਖਿਆਲਾਂ ਦੇ ਧਾਗਿਆਂ ਨਾਲ ..
ਰਿਸ਼ਤਾ ਆਪਣਾ ਆਬਾਦ ਕੀਤਾ ਮੈਂ ..
ਜਿਆਦਾ ਨਹੀਂ ਤਾਂ ਤਿੰਨ ਚਾਰ ਹਿਚਕੀਆਂ
ਤਾਂ ਤੈਨੂੰ ਵੀ ਆਈਆਂ ਈ ਹੋਣੀਆਂ
ਇੰਨੀ ਸ਼ਿੱਦਤ ਨਾਲ ਜੋ ਯਾਦ ਕੀਤਾ ਮੈਂ..!!
ਤੇਰੇ ਮੇਚ ਦੇ
ਤੇਰੇ ਨਾਂ ਦੀ ਬੂਟੀ ਪਾਵਾਂ
ਬਹਿਕੇ ਹੇਠਾਂ ਡੇਕ ਦੇ,
ਚੰਨ ਤਾਰੇ ਸੜਦੇ ਆ
ਨਾਲੇਂ ਰਹਿੰਦੇ ਦੇਖਦੇ,
ਤੇਰੇ ਨਾਲ ਮਿਲਗੇ ਜੋ
ਸਦਕੇ ਜਾਵਾਂ ਲੇਖ ਦੇ,
ਸਾਨੂੰ ਕਰਮਾਂ ਨਾਲ ਮਿਲ ਗਿਆ
ਤੂੰ ਢੋਲਾ ਵੇ ਅਸਾਂ ਤਾਂ
ਕਿੱਥੇ ਸੀ ਤੇਰੇ ਮੇਚ ਦੇ..!!
ਮੈਂ ਝੱਲੀ
ਹਾਲ ਹੀ ਵਿੱਚ ਫਿਲਹਾਲ ਨਹੀਂ ਕੀਤੀ
ਬੇਸ਼ੱਕ ਮੈਂ ਓਹਨੂੰ ਕਦੇ ਕਾਲ ਨਹੀਂ ਕੀਤੀ
ਪਰ ਫੇਰ ਵੀ ਜੇ ਅੱਖਾਂ ਬੰਦ ਕਰਾਂ ਤਾਂ
ਓਹਦੀ ਅਵਾਜ ਸੁਣ ਲੈਨੀ ਆਂ
ਮਨ ਹੀ ਮਨ ਕਿੰਨੇ ਖੁਆਬ ਬੁਣ ਲੈਨੀਂ ਆਂ
ਭੀੜ ਪਸੰਦ ਨਹੀਂ ਏ ਮੈਨੂੰ ਤਾਂਹੀ
ਲੱਖਾਂ ਵਿੱਚੋਂ ਸਿਰਫ ਓਹਨੂੰ ਚੁਣ ਲੈਨੀਂ ਆਂ
ਕਿ ਬਾਹਵਾਂ ਵੱਢ ਕੇ ਦਿਖਾਵੇ ਕੀ ਕਰਨੇ
ਮੈਂ ਯਾਦਾਂ ਵਾਲੀ ਛੁਰੀ ਨਾਲ ਦਿਲ ਤੇ
ਓਹਦਾ ਨਾਮ ਖੁਣ ਲੈਨੀਂ ਆਂ,
"ਕਿ ਮੈਨੂੰ ਨਹੀਂ ਏ ਫਿਕਰ ਤੇਰੀ "
ਹਜ਼ੂਰ ਇਹ ਗੱਲ ਤਾਂ ਮੈਂ ਉੱਤੋਂ ਉੱਤੋਂ ਕਹਿਨੀਂ ਆਂ,
ਸੱਚ ਦੱਸਾਂ ਤਾਂ ਮੈਂ ਝੱਲੀ ਓਹਦੇ ਨਰਾਜ਼ ਹੋਣ ਤੇ
ਰੋਟੀ ਛੱਡ ਬਹਿਨੀਂ ਆਂ,
ਓਹਦੇ ਆਲਾ ਹੱਕ ਕਿਸੇ ਨੂੰ ਮੈਂ
ਕਦੇ ਖੁਆਬਾਂ ਵਿੱਚ ਵੀ ਦਿੱਤਾ ਨਹੀਂ,
ਜਿੰਨੇ ਪਿਆਰ ਨਾਲ ਮੈਂ ਨਾਮ ਓਹਦਾ ਲਵਾਂ
ਓਨੀਂ ਸ਼ਿੱਦਤ ਨਾਲ ਮੈਂ ਕਦੇ
ਰੱਬ ਦਾ ਨਾਮ ਵੀ ਲਿੱਤਾ ਨਹੀਂ,
" ਹਾਂ, ਥੋੜੀ ਅੜੀਅਲ ਮੈਂ ਵੀ ਆਂ "
ਨਿੱਕੀ ਨਿੱਕੀ ਗੱਲੋਂ ਓਹਦੇ ਨਾਲ
ਲੜਦੀ ਰਹਿਨੀਂ ਆਂ,
ਪਰ ਇਹ ਗੱਲ ਵੀ ਸੱਚ ਏ
ਕਿ ਮੈਂ ਝੱਲੀ ਓਹਦੇ ਨਰਾਜ਼ ਹੋਣ ਤੇ
ਰੋਟੀ ਛੱਡ ਬਹਿਨੀ ਆਂ...!!
ਜਦ ਤੱਕਿਆ ਤੂੰ
ਸਾਡੇ ਵੱਲ ਜਦ ਤੱਕਿਆ ਤੂੰ,
ਮੱਠਾ ਜਿਹਾ ਜਦ ਹੱਸਿਆ ਤੂੰ,
ਅੱਖਾਂ ਨੂੰ ਇੰਨਾਂ ਜੱਚਿਆ ਤੂੰ,
ਸਿੱਧਾ ਈ ਦਿਲ ਵਿੱਚ ਵਸਿਆ ਤੂੰ,
ਖੇਲ ਕੋਈ ਐਸਾ ਰਚਿਆ ਤੂੰ,
ਆਪਣਾ ਆਪ ਗਵਾ ਬੈਠੇ
ਹੁਣ ਬਾਕੀ ਬਚਿਆ ਤੂੰ ..!!
ਮਿੱਠੜੇ ਬੋਲ
ਨੀਂਦਾਂ ਲੁੱਟ ਲਈਆਂ ਤੇਰੇ
ਮਿੱਠੜੇ ਬੋਲਾਂ ਨੇ,
ਸਾਡੇ ਪਿੰਡ ਤਾਂ ਕੱਲ ਧਰਨਾ
ਲਾ ਲਿਆ ਕੋਲਾਂ ਨੇ,
ਕਦੇ ਬਹਿ ਤਾਂ ਅੱਖਾਂ ਸਾਹਵੇਂ
ਦਿਲ ਦੇ ਵਰਕੇ ਫੋਲਾਂ ਵੇ,
ਅਸੀਂ ਤੇਰੇ ਤੇ ਮਰਦੇ ਆਂ
ਤੈਥੋਂ ਕਾਹਦਾ ਓਹਲਾ ਵੇ ..!!
ਤਾਰੀਫ
ਤੱਕਦਾ ਚੰਨ ਤੇ ਚਮਕਣ ਤਾਰੇ,
ਲਿਖਣ ਲੱਗੀ ਜਦ ਓਹਦੇ ਬਾਰੇ,
ਰੱਬ ਜਿੱਡਾ ਕਰਦਾ ਮਾਣ ਮੇਰੇ ਤੇ
ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ..
ਓਹੀ ਕੱਲਾ ਮਿਲਜੇ ਮੈਨੂੰ
ਚਾਹੀਦੇ ਹਜ਼ਾਰ ਜਾਂ ਲੱਖ ਨਹੀਂ,
ਗਲਤ ਰਾਹਾਂ ਵੱਲ ਜਾਣ ਨਹੀਂ ਦਿੰਦਾ
ਮੇਰੇ ਬਾਪੂ ਵਾਂਗੂ ਰੋਕੇ ਮੈਨੂੰ,
ਆਹ ਨੀਂ ਖਾਣਾ ਔਹ ਨੀਂ ਖਾਣਾ ਕਹਿ ਕੇ
ਮੇਰੀ ਬੇਬੇ ਵਾਂਗੂੰ ਟੋਕੇ ਮੈਨੂੰ,
ਉਂਝ ਤੇ ਹਰ ਰੰਗ ਜੱਚਦਾ ਓਹਨੂੰ
ਪਰ ਕਾਲੇ ਕੁੜਤੇ ਚ ਬਾਹਲਾ ਫੱਬਦਾ ਏ,
ਗੱਲਾਂ ਗੱਲਾਂ ਵਿੱਚ ਆਖ ਦਿੰਦਾ ਕਿ
ਤੇਰੇ ਸਿਰ ਤੇ ਦੁਪੱਟਾ ਸੋਹਣਾ ਲੱਗਦਾ ਏ,
ਸਾਵਲੇ ਜਿਹੇ ਰੰਗ ਦਾ ਆ
ਨਾ ਗੋਰਾ ਨਾ ਕਾਲਾ ਆ,
ਹੋਰ ਕੀ ਕਰਾਂ ਤਾਰੀਫ ਓਹਦੀ
ਮੁੱਕਦੀ ਗੱਲ ਮੇਰਾ ਮਾਹੀ ਇੱਜਤਾਂ ਆਲਾ ਆ..!!
ਕਸਮ ਖੁਦਾ ਦੀ
ਤੇਰੇ ਰਾਹਾਂ ਵਿੱਚ ਪਲਕਾਂ ਵਿਛਾ ਦਈਏ
ਤੂੰ ਕੇਰਾਂ ਨਜ਼ਰਾਂ ਮਿਲਾ ਤਾਂ ਸਹੀ,
ਕਸਮ ਖੁਦਾ ਦੀ ਦੂਰ ਨੀਂ ਜਾਂਦੇ
ਤੂੰ ਕੇਰਾਂ ਨੇੜੇ ਆ ਤਾਂ ਸਹੀ,
ਅਸੀਂ ਕਮੀ ਨੀਂ ਛੱਡਦੇ ਚਾਹਤਾਂ ਚ
ਤੂੰ ਵੀ ਦਿਲ ਤੋਂ ਚਾਅ ਤਾਂ ਸਹੀ
ਮਿਲ ਜਾਵੇ ਸਕੂਨ ਰੂਹ ਸਾਡੀ ਨੂੰ
ਇੱਕ ਵਾਰੀ ਹੱਸ ਕੇ ਵਿਖਾ ਤਾਂ ਸਹੀ..!!
ਤੌਬਾ
ਓਹਦੇ ਮਿੱਠੜੇ ਹਾਸੇ ਨੇ
ਚੈਨ ਮੇਰਾ ਜੀ ਠੱਗਿਆ ਏ,
ਸਹੁੰ ਲੱਗੇ ਉਹ ਪਹਿਲਾ ਏ
ਜੋ ਦਿਲ ਮੇਰੇ ਨੂੰ ਲੱਗਿਆ ਏ,
ਸੀ ਬੰਦ ਕੋਠੜੀ ਆਸਾਂ ਦੀ
ਉਹ ਦੀਵੇ ਵਾਂਗਰ ਜਗਿਆ ਏ,
ਹੋਰ ਕੋਈ ਚੰਗਾ ਹੁਣ ਲੱਗਦਾ ਈ ਨੀਂ
ਤੌਬਾ ਤੌਬਾ ਮੇਰੀਆਂ ਅੱਖਾਂ ਨੂੰ
ਉਹ ਇੰਨਾਂ ਜਿਆਦਾ ਫੱਬਿਆ ਏ ..!!
ਸੋਹਣਾ
ਸੋਹਣੇ ਵੀ ਓਨੇਂ ਸੋਹਣੇ ਨਹੀਂ ਹੋਣੇ
ਜਿੰਨਾਂ ਸੋਹਣਾ ਮੇਰੀਆਂ ਅੱਖਾਂ ਨੂੰ
ਤੂੰ ਲੱਗਦਾ ਏਂ,
ਤੂੰ ਆਹਨਾਂ ਏਂ ਕਿ ਲੋਕ ਹੋਰ ਬਥੇਰੇ ਨੇ
ਪਰ ਮੈਂ ਕਹਿਨੀਂ ਆਂ ਊਂਹੰ...
ਮੈਨੂੰ ਤਾਂ ਤੂੰ ਹੀ ਫੱਬਦਾ ਏਂ,
ਤੂੰ ਨਾਲ ਖੜਾ ਏਂ ਮੇਰੇ ਫੇਰ
ਮੈਨੂੰ ਕੀ ਡਰ ਜੱਗ ਦਾ ਏ,
ਹਾਂ ਸੱਚ ! ਇੱਕ ਡਰ ਤਾਂ ਹੈ
ਮੈਨੂੰ ਤੈਥੋਂ ਦੂਰ ਜਾਣ ਤੋਂ
ਬੜਾ ਡਰ ਲੱਗਦਾ ਏ..!!
ਫੁਰਸਤ
ਕਿੰਨੇ ਵਾਰੀ ਸੋਚਿਆ ਹੋਣਾ ..
ਦਿਲ ਆਪਣੇ ਨੂੰ ਬੋਚਿਆ ਹੋਣਾ ..
ਤੇਰੀਆਂ ਅੱਖਾਂ ਜਦ ਬਣਾਈਆਂ ਸੀ
ਪੱਕਾ ਕੋਈ ਨਾ ਕੋਈ ਜਾਦੂ ਟੋਣਾ ਕਰਿਆ ਹੋਣਾ,
ਲੈ ਕੇ ਫੁਰਸਤ ਦੁਨੀਆਂ ਤੋਂ
ਰੱਬ ਨੇ ਤੈਨੂੰ ਵਿਹਲੇ ਬਹਿਕੇ ਘੜਿਆ ਹੋਣਾ।
ਸ਼ਰਤ ਲੱਗੀ ਹੋਊ ਫੁੱਲਾਂ ਤੇ,
ਜਦ ਰੰਗ ਭਰਿਆ ਹੋਣਾ ਤੇਰੇ ਬੁੱਲਾਂ ਤੇ ..
ਦੰਦਾਂ ਆਲੀ ਥਾਵੇਂ ਓਹਨੇ
ਮੋਤੀਆਂ ਨੂੰ ਜੜਿਆ ਹੋਣਾ ..
ਲੈ ਕੇ ਫੁਰਸਤ ਦੁਨੀਆਂ ਤੋਂ
ਰੱਬ ਨੇ ਤੈਨੂੰ ਵਿਹਲੇ ਬਹਿਕੇ ਘੜਿਆ ਹੋਣਾ.!!
ਰੀਝ ਪੂਰੀ ਲਾਈ ਹੋਣੀ
ਨੱਕ, ਕੰਨ ਮੱਥੇ ਤੇ ਠੋਡੀ ਤੇ,
ਜੇ ਕਿਸੇ ਪਰੀ ਨੇ ਤੱਕ ਲਿਆ ਤੈਨੂੰ
ਜਾਨ ਨਿੱਕਲਗੀ ਹੋਣੀ ਓਹਦੀ ਤੇ,
ਦੇਖ ਕੇ ਨੂਰ ਮੁੱਖ ਤੇਰੇ ਤੇ
ਓਹਨੇ ਹੱਥ ਵਿੱਚ ਦਿਲ ਨੂੰ ਫੜਿਆ ਹੋਣਾ,
ਲੈ ਕੇ ਫੁਰਸਤ ਦੁਨੀਆਂ ਤੋਂ
ਰੱਬ ਨੇ ਤੈਨੂੰ ਵਿਹਲੇ ਬਹਿਕੇ ਘੜਿਆ ਹੋਣਾ ..
ਕਾਲੇ ਭੂਰੇ ਜਿਹੇ ਬਾਲ ਤੇਰੇ,
ਰੰਗ, ਢੰਗ ਤੇ ਚਾਲ ਤੇਰੇ,
ਸਾਰੇ ਬਾਕਮਾਲ ਤੇਰੇ,
ਜਦੋਂ ਤੈਨੂੰ ਧਰਤੀ ਤੇ ਭੇਜਿਆ ਸੀ
ਤਾਂ ਦਿਨ ਸੁਲੱਖਣਾ ਚੜਿਆ ਹੋਣਾ,
ਲੈ ਕੇ ਫੁਰਸਤ ਦੁਨੀਆਂ ਤੋਂ
ਰੱਬ ਨੇ ਤੈਨੂੰ ਵਿਹਲੇ ਬਹਿ ਕੇ ਘੜਿਆ ਹੋਣਾ..!!
ਲਾਵਾਂ
ਬਾਕੀ ਗੱਲਾਂ ਤਾਂ ਚੱਲ
ਹੁੰਦੀਆਂ ਈ ਰਹਿਣੀਆਂ ਨੇ,
ਫਿਲਹਾਲ ਮੈਂ ਤੈਨੂੰ ਗੱਲਾਂ
ਦੋ ਹੀ ਕਹਿਣੀਆਂ ਨੇ,
ਤੇਰੇ ਬੇਬੇ ਬਾਪੂ ਤੋਂ ਮੈਂ ਪੈਰੀਂ ਹੱਥ
ਲਾ ਕੇ ਦੁਆਵਾਂ ਲੈਣੀਆਂ ਨੇ,
ਇੱਕੋ ਰੀਝ ਏ ਦਿਲ ਮੇਰੇ ਦੀ ਮੈਂ
ਤੇਰੇ ਨਾਲ ਲਾਵਾਂ ਲੈਣੀਆਂ ਨੇ..!!
ਇੱਕ ਕਵੀ
ਜਦੋਂ ਇੱਕ ਕਵੀ ਕਿਸੇ ਚੀਜ਼ ਵੱਲ
ਲਗਾਤਾਰ ਟਿਕਟਿਕੀ ਲਗਾ ਕੇ
ਵੇਖਦਾ ਏ ਤਾਂ,
ਉਹ ਕੁਝ ਸੋਚਦਾ ਏ,
ਜਦੋਂ ਉਹ ਸੋਚਦਾ ਏ ਤਾਂ,
ਉਹ ਕੁਝ ਸਿਰਜਦਾ ਏ,
ਤੇ ਮੈਂ ਚਾਹੁੰਦੀ ਹਾਂ ਕਿ
ਤੂੰ ਮੇਰੇ ਸਾਹਮਣੇ ਬੈਠਾ ਰਵੇਂ
ਤੇ ਮੈਂ ਤੈਨੂੰ ਟਿਕਟਿਕੀ ਲਾ ਕੇ
ਵੇਖਦੀ ਰਹਾਂ,
ਤੇ ਸਿਰਜਣਾ ਕਰਾਂ ਮੁਹੱਬਤ ਦੀ,
ਐਸੀ ਮੁਹੱਬਤ ਜੋ ਜਿਸਮਾਂ ਤੋਂ ਪਾਰ ਹੋਵੇ,
ਤੇ ਦੁਨੀਆਂ ਦੇ ਹੱਦਾਂ ਬੰਨਿਆਂ ਤੋਂ ਬਾਹਰ ਹੋਵੇ
ਥੋੜੀ ਬਹੁਤੀ ਨਹੀਂ ਬੇਸ਼ੁਮਾਰ ਹੋਵੇ ..!!
ਚਾਹ
ਇਹ ਜ਼ਿੰਦਗੀ ਬੜੀ ਸੋਹਣੀ ਏ
ਤੇ ਇਹ ਸੋਹਣੀ ਜ਼ਿੰਦਗੀ ਮੈਂ
ਤੇਰੇ ਨਾਲ ਬਿਤਾਉਣੀ ਏ,
ਕਰਾਰਾਂ ਤੋਂ ਮੁੱਕਰਾਂ ਤਾਂ ਓਸੇ ਪਲ
ਮਰ ਜਾਵਾਂ ਨਾਲੇ ਉਂਝ ਵੀ ਤਾਂ ਇਹ
ਜ਼ਿੰਦ ਤੇਰੇ ਨਾਮੇਂ ਲਾਉਣੀ ਏ,
ਇਹ ਮੁਹੱਬਤ ਕਰ ਤਾਂ ਹਰ ਕੋਈ ਲੈਂਦਾ
ਪਰ ਮੈਂ ਤਾਂ ਅੜਿਆ ਨਿਭਾਉਣੀ ਏ,
ਜੇ ਤੂੰ ਸੱਚੀਂ ਮੁੱਚੀਂ ਦਿਲੋਂ ਪੁੱਛਦੈ
ਕੀ ਚਾਅ ਨੇ ਮੇਰੇ,
ਤਾਂ ਸੁਣ ਫੇਰ !
ਮੈਂ ਉਮਰ ਭਰ ਤੈਨੂੰ ਆਪਣੇ ਹੱਥਾਂ
ਦੀ ਚਾਹ ਪਿਆਉਣੀ ਏ ..!!
ਦਿਲ ਜਾਨੀ
ਦਿਲਾਂ ਦਿਆਂ ਜਾਨੀਆਂ ਨੂੰ
ਦਿਲ ਜਾਨੀਆਂ ਵੇ।
ਇੰਝ ਜਾਣ ਜਾਣ ਕੇ ਸਤਾਈਦਾ ਨਈਂ
ਬੜੇ ਨਾਜ਼ੁਕ ਦਿਲ ਦੇ ਹੁੰਦੇ ਨੇ ਕੁਝ ਲੋਕ
ਉਹਨਾਂ ਨੂੰ ਭੀੜ ਚ ਕੱਲਿਆਂ ਛੱਡ ਕੇ ਜਾਈਦਾ ਨਈ
ਮੁਹੱਬਤ ਵਿੱਚ ਵਫ਼ਾਦਾਰ ਹੋਣਾ ਪੈਂਦਾ ਏ
ਇੱਕ ਦੂਜੇ ਤੋਂ ਕੁਝ ਵੀ ਕਦੇ ਲੁਕਾਈਦਾ ਨਈਂ,
ਅੱਖ ਤੇਰੀ ਦੇ ਅੱਥਰੂ ਅੜਿਆ ਮੋਤੀ ਨੇ
ਇਹਨਾਂ ਮੋਤੀਆਂ ਨੂੰ ਇੰਝ
ਰੋ ਰੋ ਕੇ ਵਹਾਈਦਾ ਨਈਂ ..!!
ਕਮਲਿਆ ਦਿਲਾ
ਕਿਸਮਤ ਦੇ ਨਾਲ ਆਉਣ ਬਹਾਰਾਂ
ਬਿਨ ਬੱਦਲਾਂ ਦੇ ਬਰਸਾਤ
ਥੋੜੀ ਹੋਇਆ ਕਰਦੀ ਏ,
ਭਾਗਾਂ ਦੇ ਨਾਲ ਆਉਂਦੀ ਪੁੰਨਿਆਂ
ਹਰ ਰੋਜ ਪੂਰੇ ਚੰਨ ਨਾਲ
ਗੱਲਬਾਤ ਥੋੜੀ ਹੋਇਆ ਕਰਦੀ ਏ,
ਕੀ ਕਿਹਾ, ਓਹਨੂੰ ਵੇਖਣਾ ਏ ?
ਕਮਲਿਆ ਦਿਲਾ !
ਆਪਣੇ ਜਿਹੇ ਗਰੀਬੜਿਆਂ ਦੀ
ਰਾਜਿਆਂ ਨਾਲ ਮੁਲਾਕਾਤ
ਥੋੜੀ ਹੋਇਆ ਕਰਦੀ ਏ..!!
ਮੇਰੇ ਤੋਂ ਤੇਰੇ ਤੱਕ
ਵਿਹੜੇ ਦੀ ਕੰਧੋਲੀ ਤੋਂ ਘਰ ਦੇ ਬਨੇਰੇ ਤੱਕ,
ਨਿੱਕੀ ਜਿਹੀ ਵਾਟ ਤੋਂ ਪੈਂਡੇ ਲੰਮੇਰੇ ਤੱਕ,
ਮੈਂ ਕੁਝ ਐਸਾ ਲਿਖਣਾ ਚਾਹੁੰਨੀਂ ਆਂ
ਜੋ ਢੁਕ ਜਾਵੇ ਮੇਰੇ ਤੋਂ ਤੇਰੇ ਤੱਕ..!!
ਥੋੜੇ ਤੋਂ ਵਥੇਰੇ ਤੱਕ,
ਹਨੇਰੇ ਤੋਂ ਸਵੇਰੇ ਤੱਕ,
ਮੈਂ ਕੁਝ ਐਸਾ ਲਿਖਣਾ ਚਾਹੁੰਨੀਂ ਆਂ
ਜੋ ਢੁਕ ਜਾਵੇ ਮੇਰੇ ਤੋਂ ਤੇਰੇ ਤੱਕ..!!
ਛੋਟੀ ਜਿਹੀ ਨਰਾਜ਼ਗੀ ਤੋਂ
ਮੁਹੱਬਤ ਦੇ ਵੱਡੇ ਸਾਰੇ ਘੇਰੇ ਤੱਕ,
ਮੇਰੇ ਪਿੰਡ ਤੋਂ ਲੈ ਕੇ ਤੇਰੇ ਸ਼ਹਿਰ
ਦੇ ਚਾਰ ਚੁਫੇਰੇ ਤੱਕ,
ਮੈਂ ਕੁਝ ਐਸਾ ਲਿਖਣਾ ਚਾਹੁੰਨੀਂ ਆਂ
ਜੋ ਢੁਕ ਜਾਵੇ ਮੇਰੇ ਤੋਂ ਤੇਰੇ ਤੱਕ ..!!
ਵੀਡੀਓ ਕਾਲ
ਤੇਰੇ ਬਾਝੋਂ ਰੂਹ ਸਾਡੀ
ਖੁਸ਼ੀਆਂ ਤੋਂ ਬਾਂਝੀ ਏ,
ਤੇਰੇ ਨਾਲ ਦਿਲ ਸਾਡੇ ਦੀ
ਹਰ ਇੱਕ ਗੱਲ ਸਾਂਝੀ ਏ,
ਕਦੇ ਤੇਰੇ ਤੋਂ ਲੁਕਾ ਕੇ ਰੱਖਿਆ
ਅਸੀਂ ਕੋਈ ਰਾਜ ਤੇ ਨਈਂ ਨਾ,
ਅੱਖਾਂ ਬੰਦ ਕਰਕੇ ਤੇਰਾ ਚਿਹਰਾ
ਦੇਖ ਸਕਦੀ ਆਂ ਮੈਂ ਆਪਣੀ ਮੁਹੱਬਤ
ਵੀਡੀਓ ਕਾਲਾਂ ਦੀ ਮੁਹਤਾਜ ਤੇ ਨਈਂ ਨਾ..!!
ਤੇਰੀਆਂ ਖੁਸ਼ੀਆਂ, ਤੇਰੇ ਚਾਅ
ਮੈਨੂੰ ਜਾਨੋਂ ਵੱਧ ਪਿਆਰੇ ..
ਤੂੰ ਹੱਸਦਾ ਏਂ ਤਾਂ ਮੈਂ ਮੁਸਕੁਰਾ
ਦਿਨੀਂ ਆਂ ਆਪ ਮੁਹਾਰੇ .,
ਨਿੱਕੀਆਂ ਮੋਟੀਆਂ ਲੜਾਈਆਂ ਦਾ ਕੀ ਏ
ਆਪਾਂ ਮਿਲਕੇ ਸੁਲਝਾ ਲਿਆ ਕਰਾਂਗੇ
ਸ਼ੁਕਰ ਮਨਾ ਕਿ ਕੋਈ ਵੱਡਾ
ਵਾਦ ਵਿਵਾਦ ਤੇ ਨਈਂ ਨਾ ..
ਅੱਖਾਂ ਬੰਦ ਕਰਕੇ ਤੇਰਾ ਚਿਹਰਾ
ਦੇਖ ਸਕਦੀ ਆਂ ਮੈਂ ਆਪਣੀ ਮੁਹੱਬਤ
ਵੀਡੀਓ ਕਾਲਾਂ ਦੀ ਮੁਹਤਾਜ ਤੇ ਨਈਂ ਨਾ..!!
ਤੇਰਾ ਰੰਗ
ਤੇਰਾ ਰੰਗ ਧੁੱਪਾਂ ਦੇ ਰੰਗ ਵਰਗਾ
ਮੈਨੂੰ ਸਾਂਵਲੇ ਜਿਹੇ ਨੂੰ ਚੜ ਗਿਆ ਏ,
ਕੋਈ ਤੇਰੇ ਜਿਹਾ ਹੁਣ ਲੱਗਦਾ ਈ ਨੀਂ
ਦਿਲ ਇੱਕੋ ਜ਼ਿਦ ਤੇ ਅੜ ਗਿਆ ਵੇ
ਸਾਡੀ ਗੱਲ ਆਖੀ ਤੇ ਗੌਰ ਕਰੀਂ ਤੂੰ
ਦਿਲ ਸਾਡੇ ਵਿੱਚ ਵਸਣ ਆਲਿਆ ਵੇ,
ਤੈਂ ਸਾਨੂੰ ਆਕੜਾਂ ਦਿਆਂ ਪੱਟਿਆਂ ਨੂੰ
ਆਪ ਮੁਹਾਰੇ ਹੱਸਣ ਲਾ ਲਿਆ ਵੇ...
ਤੂੰ ਤੇ ਘਰਦੇ
ਮੈਨੂੰ ਚੰਗਾ ਲੱਗ ਹੀ ਨਈਂ ਸਕਦਾ
ਰੌਲਾ-ਰੱਪਾ, ਭੀੜ-ਭੜੱਕਾ ਤੇ
ਮੈਸਿਜ ਦਾ ਜਵਾਬ ਹੂੰ,
ਮੈਂ ਕਦੇ ਛੱਡ ਹੀ ਨਈਂ ਸਕਦਾ
ਚਾਹ, ਘਰਦੇ ਤੇ ਤੂੰ..
ਤੇਰੇ ਪਿੰਡ ਦੇ ਰਾਹ ਵਾਂਗੂੰ
ਧਿਆਉਂਦੇ ਹਾਂ ਤੈਨੂੰ ਖੁਦਾ ਵਾਂਗੂੰ,
ਤੂੰ ਆਦਤ ਸਾਡੀ ਬਣ ਗਿਆ ਚਾਹ ਵਾਂਗੂੰ,
ਉਂਝ ਤਾਂ ਜੰਨਤ ਅਸੀਂ ਕਦੇ ਦੇਖੀ ਨਹੀਂ
ਪਰ ਯਕੀਨ ਏ ਕਿ ਹੋਵੇਗੀ ਜਰੂਰ
ਪਿੰਡ ਤੇਰੇ ਦੇ ਰਾਹ ਵਾਂਗੂੰ...
ਛੱਡ ਨਹੀਂ ਸਕਦੇ
ਸਾਹਾਂ ਵਿੱਚ ਵਸੇਂਦਿਆ
ਤੈਨੂੰ ਦਿਲ ਚੋਂ ਕੱਢ ਨਹੀਂ ਸਕਦੇ,
ਲੜ ਛੁਡਾ ਕੇ ਤੈਥੋਂ
ਪੱਲਾ ਕਿੱਧਰੇ ਅੱਡ ਨਹੀਂ ਸਕਦੇ
ਚਾਈਂ ਚਾਈਂ ਲਾਏ ਬੂਟੇ ਮੁਹੱਬਤ ਦੇ
ਆਪਣੇ ਹੱਥੀਂ ਵੱਢ ਨਹੀਂ ਸਕਦੇ,
ਤੂੰ ਕਰੇਂ ਹੁਕਮ ਤਾਂ ਜੀਣਾ ਛੱਡ ਦਈਏ
ਪਰ ਕਿਸੇ ਹੀਲੇ ਵੀ ਤੇਰੇ ਤੇ ਮਰਨਾ
ਛੱਡ ਨਹੀਂ ਸਕਦੇ ..!!
ਖੂਬੀ
ਉਹ ਚੰਨ ਤੋਂ ਸੋਹਣਾ
ਸੂਰਜਾਂ ਦੇ ਹਾਣ ਦਾ
ਅਸੀਂ ਜ਼ਿੰਦ ਜੀਹਦੇ ਤੋਂ ਵਾਰੀ ਆ
ਓਹਦੇ ਕੰਨ ਆਲੀ ਨੱਤੀ
ਓਹਦੀ ਮੁੱਛ ਆਲਾ ਵੱਟ,
ਕਦੇ ਕਦੇ ਪੈਂਦਾ ਏ ਜਦ ਹੱਸ,
ਖੂਬੀ ਇੱਕ ਹੋਵੇ ਤਾਂ ਦੱਸੀਏ ਜੀ
ਓਹਦੀ ਤਾਂ ਹਰ ਅਦਾ ਪਿਆਰੀ ਆ...
ਰੂਹਾਂ ਵਾਲੀ ਬਾਤ
ਕਿਰਦਾਰ ਸੋਹਣਾ ਸੀ ਤੇਰਾ
ਤੈਂਤਾਂ ਦਿਲ ਜਿੱਤ ਲਿਆ ਮੇਰਾ
ਹੋਰ ਮੰਗਦੇ ਅਸੀਂ ਤੈਥੋਂ ਕੋਈ ਹਾਰ ਥੋੜੀ ਆਂ ..
ਹਰ ਇੱਕ ਤੋਂ ਫੜ ਮੈਂ ਫੁੱਲ ਜਾਵਾਂ
ਜਣੇ-ਖਣੇ ਤੇ ਸੱਜਣਾਂ ਡੁੱਲ ਜਾਵਾਂ
ਪਾਣੀ ਵਰਗਾ ਸਾਡਾ ਕਿਰਦਾਰ ਥੋੜੀ ਆ ..
ਆਪ ਵਫ਼ਾਦਾਰ ਹਾਂ
ਤਾਹੀਂ ਤੈਥੋਂ ਵਫਾ ਦੀ ਮੰਗ ਕਰਦੇ ਆਂ
ਹੋਰ ਕਰਦੇ ਅਸੀਂ ਕੋਈ ਵਪਾਰ ਥੋੜੀ ਆਂ ..
ਛੱਡ ਕੇ ਗੱਲ ਸਰੀਰਾਂ ਦੀ
ਬਾਤ ਰੂਹਾਂ ਵਾਲੀ ਪਾਵਾਂਗੇ
ਮੁਹੱਬਤ ਆ ਤੇਰੇ ਨਾਲ, ਅਸੀਂ ਕਰਦੇ
ਤੈਨੂੰ ਪਿਆਰ ਥੋੜੀ ਆਂ ..!!
ਗੱਲ
ਦੱਸ ਖਾਂ ਅਸੀਂ ਤੈਨੂੰ ਕਦ ਰੋਕਿਆ ਏ
ਤੂੰ ਝਿੜਕਿਆ ਕਰ ਚਾਹੇ ਲੜਿਆ ਕਰ,
ਮੈਨੂੰ ਹੋਰਾਂ ਵਾਂਗੂੰ ਰੌਲੇ ਪੌਣੇ ਨਹੀਂ ਆਉਂਦੇ
ਤੂੰ ਮੇਰੀ ਚੁੱਪ ਨੂੰ ਪੜਿਆ ਕਰ,
ਸੁੱਖ ਭਾਵੇਂ ਕਿਸੇ ਨਾਲ ਵੀ ਵੰਡ ਆਪਣੇ
ਪਰ ਦੁੱਖ 'ਚ ਬੇਝਿਜਕ ਹੋ ਕੇ ਹੱਥ ਮੇਰਾ ਫੜਿਆ ਕਰ,
ਨਹੀਂ ਛੱਡਦੇ ਸਾਥ ਤੇਰਾ ਕਿਸੇ ਵੀ ਹੀਲੇ
ਐਵੇਂ ਬਿਨਾਂ ਗੱਲੋਂ ਨਾ ਤੂੰ ਡਰਿਆ ਕਰ,
ਬਾਅਦ 'ਚ ਕੋਈ ਗੱਲ ਨਹੀਂ ਔੜਦੀ
ਉਹ ਗੱਲ ਵੱਖਰੀ ਆ ਪਰ ਕੇਰਾਂ ਹਾਲ ਚਾਲ
ਪੁੱਛਣ ਦੇ ਬਹਾਨੇ ਗੱਲ ਸ਼ੁਰੂ ਤਾਂ ਕਰਿਆ ਕਰ..!!
ਸਹੁੰ ਲੱਗੇ
ਸਾਡੇ ਦਿਲ ਦੇ ਮਕਾਨ ਅੰਦਰ
ਮੁਹੱਬਤ ਤੇਰੀ ਅੱਜ ਵੀ ਆਬਾਦ ਆ,
ਮੈਨੂੰ ਸਿਰੇ ਦੇ ਭੁਲੱਕੜ ਨੂੰ
ਅੱਜ ਵੀ ਤੇਰੀ ਉਹ ਪਹਿਲੀ
ਤੱਕਣੀ ਯਾਦ ਆ...
ਤੇਰਾ ਗੋਤ
ਜਿੰਨੇਂ ਅੰਬਰਾਂ ਦੇ ਵਿੱਚ ਤਾਰੇ
ਮੈਂ ਓਨਾਂ ਤੈਨੂੰ ਚਾਹੁਣਾ ਏ,
ਤੇਰੀ ਥਾਂ ਤੇ ਹੋਰ ਕੋਈ ਨਾ ਕਦੇ ਆਇਆ
ਤੇ ਨਾ ਹੀ ਕਦੇ ਆਉਣਾ ਏ,
ਹੱਥਾਂ ਉੱਤੇ ਲਾ ਕੇ ਮਹਿੰਦੀ ਤੇਰੇ
ਨਾਂ ਦਾ ਚੂੜਾ ਪਾਉਣਾ ਏ,
ਕਿੰਨਾਂ ਸੋਹਣਾ ਏ ਗੋਤ ਤੇਰਾ ਮੈਂ
ਮੇਰੇ ਨਾਂ ਦੇ ਪਿੱਛੇ ਲਾਉਣਾ ਏ..!!
ਹਸਰਤ
ਮੇਰੇ ਦਿਲ ਵਿੱਚ ਹਸਰਤ ਇੱਕ ਬਾਕੀ
ਏ ਜੀਅ ਭਰਕੇ ਦੇਖਣਾ ਤੈਨੂੰ,
ਨਾ ਪੁੱਛਿਆ ਕਰ ਕਿੰਨਾਂ ਪਿਆਰ ਏ ਤੇਰੇ ਨਾਲ
ਤੇਰੇ ਪਿੰਡ ਵੱਲੋਂ ਆਉਂਦੀ
ਹਵਾ ਨਾਲ ਵੀ ਮੁਹੱਬਤ ਏ ਮੈਨੂੰ..!!
ਪਸੰਦ
ਤੈਨੂੰ ਪਤੈ ?
ਉਮਰਾਂ ਬੀਤ ਜਾਂਦੀਆਂ ਨੇ
ਕਿਸੇ ਦੀ ਪਸੰਦ ਬਣਨ ਲੱਗਿਆਂ
ਤੇ ਇੱਕ ਤੂੰ ਏਂ ਜਿਹੜਾ ਇੱਕੋ ਪਲ 'ਚ
ਮੇਰੀ ਜ਼ਿੰਦਗੀ ਬਣ ਬਹਿ ਗਿਐਂ,
ਅਸਾਂ ਨਜ਼ਰਾਂ ਨਹੀਂ ਸੀ ਮਿਲਾਈਆਂ
ਕਦੇ ਕਿਸੇ ਨਾਲ ਤੇ ਤੂੰ ਇੱਕੋ ਤੱਕਣੀ
ਨਾਲ ਸਾਡੀ ਜ਼ਿੰਦ ਕੱਢ ਲੈ ਗਿਆ..!!
ਇੱਕੋ ਤੱਕਣੀ
ਤੈਥੋਂ ਦੂਰ ਨਹੀਂ ਰਹਿ ਸਕਦੇ
ਤੇਰਾ ਨਾ ਸਾਹਾਂ ਤੇ ਲਿਖ ਲਿਆ,
ਤੇਰੇ ਬਾਝੋਂ ਕਿਸੇ ਨੂੰ ਤੱਕਦੇ ਨਹੀਂ
ਤੇਰਾ ਚਿਹਰਾ ਵਸਾ ਨੈਣਾਂ ਵਿੱਚ ਲਿਆ,
ਮਹਿੰਗੇ ਭਾਅ ਦਾ ਦਿਲ ਸਾਡਾ ਤੂੰ
ਇੱਕੋ ਤੱਕਣੀ ਨਾਲ ਜਿੱਤ ਲਿਆ..!!
ਤੁਰੇਂਗਾ ਨਾ ?
ਨਰਾਜ਼ ਹੋ ਕੇ ਵੀ
ਨਰਾਜ਼ ਨਹੀਂ ਹੁੰਦੀ ਮੈਂ ਤੇਰੇ ਨਾਲ,
ਖੌਰੇ ਕਿੰਝ ਧੁਰ ਅੰਦਰ ਤੱਕ
ਜੁੜਿਆ ਹੋਇਆ ਏਂ ਤੂੰ ਮੇਰੇ ਨਾਲ,
ਤੇਰੇ ਬਾਝੋਂ ਹਾਮੀ ਕਿੱਧਰੇ ਭਰ ਨਾ ਹੋਵੇ
ਉਂਝ ਰਹਿਣਾ ਤਾਂ ਚਾਹੁੰਦੇ ਨੇ ਸਾਡੇ ਬਥੇਰੇ ਨਾਲ,
ਜਿੰਦਗੀ ਦੇ ਪੰਧ ਨੇ ਬੜੇ ਲੰਬੇ ਦੱਸ
ਇੰਝ ਹੀ ਉਮਰ ਭਰ ਹੱਥ ਫੜਕੇ
ਤੁਰੇਂਗਾ ਤੂੰ ਮੇਰੇ ਨਾਲ ?
ਹਾਲ ਮੇਰਾ
ਮੈਂ ਕਦੇ ਵੀ ਕਿਤੇ ਵੀ ਕੱਲੀ ਨਹੀਂ ਹੁੰਦੀ
ਜਿੱਥੇ ਵੀ ਜਾਵਾਂ ਹਰ ਵਖਤ ਮੇਰੇ ਨਾਲ ਹੁੰਦੇ ਨੇ,
ਮੇਰੇ ਆਸੇ-ਪਾਸੇ, ਚਾਰ-ਚੁਫੇਰੇ
ਬੱਸ ਤੇਰੇ ਹੀ ਖਿਆਲ ਹੁੰਦੇ ਨੇ,
ਜਦ ਵੀ ਤੇਰੀ ਯਾਦ ਆਉਂਦੀ ਏ
ਪੁੱਛ ਨਾ ਬੁਰੇ ਫੇਰ ਹਾਲ ਹੁੰਦੇ ਨੇ,
ਜਦ ਕੋਈ ਤੇਰਾ ਨਾਂ ਲੈ ਕੇ ਬੁਲਾ ਲੈਂਦਾ ਏ
ਕੰਬਦੇ ਬੁੱਲ ਤੇ ਥਿੜਕਦੇ ਜਜਬਾਤ ਫੇਰ
ਮਸਾਂ ਹੀ ਸਾਥੋਂ ਸੰਭਾਲ ਹੁੰਦੇ ਨੇ..!!
ਦੁਆ
ਰੱਬ ਤੋਂ ਤੇਰੀਆਂ ਖੈਰਾਂ ਮੰਗਾਂ
ਲਵਾਂ ਜਦ ਵੀ ਸਾਹ ਅੜਿਆ,
ਤੂੰ ਜਦ ਹੱਸ ਕੇ ਬੁਲਾ ਲਵੇਂ
ਤਾਂ ਚੜ ਜਾਂਦਾ ਏ ਚਾਅ ਅੜਿਆ,
ਮੈਨੂੰ ਜੰਨਤ ਵਾਂਗੂ ਜਾਪਦੇ ਆ
ਪਿੰਡ ਤੇਰੇ ਦੇ ਰਾਹ ਅੜਿਆ,
ਚਾਰ ਚੰਦ ਲੱਗ ਜਾਵਣ ਤੇਰੇ ਹਾਸਿਆਂ ਨੂੰ
ਨਿੱਤ ਇਹੀ ਕਰਾਂ ਦੁਆ ਅੜਿਆ..।
ਗੱਲਬਾਤ
ਜ਼ਿੰਦਗੀ ਜਿਉਣੀ ਏ ਤੇਰੇ ਨਾਲ
ਜ਼ਿੰਦਗੀ ਕੱਟਣੀ ਨਈਂ,
ਸਭ ਕੁਝ ਤੇਰੇ ਨਾਲ ਸਾਂਝਾ ਕਰਨਾ
ਕੋਈ ਸ਼ਿਕਾਇਤ ਦਿਲ ਵਿੱਚ ਰੱਖਣੀ ਨਈਂ,
ਅਸੀਂ ਤਾਂ ਸਿਰਫ ਤੈਨੂੰ ਚਾਹੁੰਦੇ ਆਂ
ਸਾਡੀ ਜ਼ਿੰਦਗੀ ਭਾਵੇਂ ਚਾਹੁਣ ਆਲਿਆਂ
ਵਜੋਂ ਸੱਖਣੀ ਨਈਂ,
ਪਤਾ ਨਹੀਂ ਐਸੀ ਕੀ ਗੱਲਬਾਤ ਏ
ਤੇਰੇ ਵਿੱਚ ਕਿ ਕਿਸੇ ਹੋਰ ਨਾਲ
ਗੱਲਬਾਤ ਸਾਥੋਂ ਹੋ ਸਕਣੀ ਨਈਂ..!!
ਉਡੀਕ ਤੇਰੀ
ਤੁਸੀਂ ਪੁੱਛਦੇ ਓ ਨਾ ?
ਕਿ ਉਡੀਕ ਉਹਦੀ ਵਿੱਚ
ਦਿਨ ਕਿਵੇਂ ਕੱਢਦੇ ਆਂ,
ਜਦ ਯਾਦ ਉਹਦੀ ਸਭੇ ਹੱਦਾਂ ਟੱਪ ਜਾਂਦੀ ਏ
ਤਾਂ ਮਨ ਆਪਣਾ ਸਮਝਾ ਛੱਡਦੇ ਆਂ,
ਖੌਰੇ ਕਦ ਹੋਣੇ ਦੀਦਾਰ ਉਹਦੇ
ਨਿੱਤ ਕੋਰੇ ਕਾਗਜ ਉੱਤੇ ਤਰੀਕਾਂ ਵਾਹ ਛੱਡਦੇ ਆਂ,
ਅੱਜ ਨਹੀਂ ਤਾਂ ਕੱਲ ਉਹਨੇ ਆ ਹੀ ਜਾਣਾ ਏ
ਇਹ ਕਹਿਕੇ ਦਿਲ ਨੂੰ ਆਹਰੇ ਲਾ ਛੱਡਦੇ ਆਂ..!!
ਕਿਰਦਾਰ
ਹਰ ਇੱਕ ਤੇ ਮਰ ਮਿਟਣ ਵਾਲਾ
ਕਿਰਦਾਰ ਨਹੀਂ ਏ ਸਾਡਾ,
ਸਾਨੂੰ ਤਸਵੀਰਾਂ ਤੇ ਤਕਦੀਰਾਂ
ਦੋਵਾਂ ਵਿੱਚ ਸਿਰਫ ਤੂੰ ਚਾਹੀਦੈਂ
ਦੋ ਗੱਲਾਂ
ਦੋ-ਚਾਰ ਗੱਲਾਂ ਕਰਨੀਆਂ ਨੇ
ਘੜੀ ਬਿੰਦ ਕੋਲ ਬੈਠਕੇ ਨਬੇੜ,
"ਮੈਂ-ਤੂੰ "ਨੂੰ ਛੱਡ !
ਚੱਲ ਕੋਈ ਆਪਣੀ ਗੱਲ ਛੇੜ..!!
ਮਿਸ ਕਾਲ
ਸੁਫਨਿਆਂ ਵਿੱਚ ਦੀਂਹਦੀਆਂ ਨੇ
ਪੈੜਾਂ ਉਹਦੀਆ,
ਪਰ ਸੱਚੀਂ-ਮੁੱਚੀਂ ਚ ਆਉਣ ਦੀ
ਕੋਈ ਉੱਗ ਸੁੱਗ ਨਹੀਂ ਦੇਂਦਾ,
ਹਾਂ ਜੀ ਹਾਂ ! ਇਉਂ ਹੀ ਕਰਦਾ ਏ
ਉਹ ਮੇਰੇ ਨਾਲ ਨਿੱਤ
ਜਿਉਂ ਕੋਈ ਫੋਨ ਮਿਲਾਉਂਦਾ ਮਿਲਾਉਂਦਾ
ਮਿਸ ਕਾਲ ਮਾਰ ਛੱਡਦਾ ਈ,
ਮੁਹੱਬਤ ਦੀ ਲਾਜ
ਮੁਹੱਬਤ ਮੇਰੀ ਦੀ ਸੱਜਣਾਂ
ਤੂੰ ਲਾਜ ਰੱਖੀਂ,
ਹੋਰ ਕੁਝ ਨਹੀਂ ਚਾਹੀਦਾ
ਬੱਸ ਮੇਰੇ ਬਾਪੂ ਦੀ ਪੱਗ
ਬੇਦਾਗ ਰੱਖੀਂ ..!!
ਦੀਦ
ਦੀਦ ਤੇਰੀ ਨੂੰ ਤਰਸਾਂ
ਮੈਂ ਮਰਜਾਣੀ ਵੇ,
ਤੇਰੇ ਬੁੱਲਾਂ ਦੀ ਸ਼ੋਅ ਨੂੰ ਤਰਸੇ
ਮੇਰੇ ਪਿੰਡ ਦਾ ਪਾਣੀ ਵੇ..!!
ਸੁਫਨੇ
ਸੁਪਨਿਆਂ ਵਿੱਚ ਸੱਜਦਾ ਕਰ ਲਈਏ
ਪਿੰਡ ਤੇਰੇ ਦੀਆਂ ਨਹਿਰਾਂ ਨੂੰ,
ਬੱਸ ਇੰਨਾਂ ਕੁ ਹੱਕ ਦਵਾ ਦੇ ਅੜਿਆ
ਰੋਜ ਸਵੇਰੇ ਹੱਥ ਲਾ ਸਕਾਂ ਮੈਂ
ਬੇਬੇ ਤੇਰੀ ਦੇ ਪੈਰਾਂ ਨੂੰ..!!
ਮੈਂ ਤੇ ਤੂੰ
ਖਾਮੋਸ਼ ਰਹਿੰਦਾ ਹੋਇਆ ਵੀ
ਕਿੰਨਾਂ ਹੀ ਕੁਝ ਬੋਲਣ ਲੱਗਿਆ,
ਦਿਲ ਦੇ ਵਰਕੇ ਫੋਲਣ ਲੱਗਿਆ,
ਡੂੰਘੇ ਰਾਜ ਗਹਿਰਾਈ ਵਾਲੇ
ਇੱਕ ਇੱਕ ਕਰਕੇ ਖੋਲਣ ਲੱਗਿਆ,
ਮੈਨੂੰ ਤੂੰ ਹੀ ਤੂੰ ਦਿਸਿਆ ਹਰ ਪਾਸੇ
ਮੈਂ ਆਪਣਾ ਆਪ ਜਦ ਟੋਲਣ ਲੱਗਿਆ.!!
ਮੁਹੱਬਤ ਮੁਕੰਮਲ ਏ
ਤੇਰੀਆਂ ਅਦਾਵਾਂ
ਮੇਰੀਆਂ ਵਫਾਵਾਂ
ਮੁਹੱਬਤ ਮੁਕੰਮਲ ਏ...
ਕੁਝ ਅਧੂਰਾ ਨਈਂ ਲੱਗਦਾ,
ਸੁਣ ਮੇਰੀ ਜਾਨ
ਨਾਲ ਤੇਰੀ ਮੁਸਕਾਨ
ਮੇਰਾ ਦਿਨ ਬਣ ਜਾਂਦਾ ਏ...
ਤੇਰੇ ਬਾਝੋਂ ਇੱਕ ਪਹਿਰ ਵੀ
ਪੂਰਾ ਨਈਂ ਲੱਗਦਾ,
ਤੇਰੇ ਅਹਿਸਾਸ
ਮੇਰੇ ਜ਼ਜ਼ਬਾਤ
ਬੜੇ ਮਹਿੰਗੇ ਨੇ
ਇਹ ਇਸ਼ਕ ਸੌਦਾ
ਅਸਾਂ ਨੂੰ ਮੰਦਾ ਨਈਂ ਲੱਗਦਾ,
ਗੁੱਸਾ ਤੇਰੇ ਤੇ ਕਰਕੇ
ਤੇਰੇ ਨਾਲ ਲੜ ਕੇ
ਦੁਨੀਆਂ ਦੀ ਗੱਲ ਛੱਡ ਸਾਨੂੰ ਤਾਂ
ਆਪਣਾ ਆਪ ਵੀ ਚੰਗਾ ਨਈਂ ਲੱਗਦਾ...
ਹੂੰ
ਮੇਰੀਆਂ ਲਿਖੀਆਂ
ਹਜ਼ਾਰ ਗ਼ਜ਼ਲਾਂ ਵੀ
ਫਿੱਕੀਆਂ ਨੇ
ਤੇ ਤੇਰੀ ਭੇਜੀ
ਇੱਕ ਹੂੰ ਵੀ
ਸੋਹਣੀ ਏਂ,
ਕੱਲੀ ਮੈਂ ਹੀ ਤਾਂ ਨੀਂ
ਝੱਲੀ ਤੇਰੇ ਪਿੱਛੇ
ਕੋਈ ਉਮੀਦ ਤਾਂ ਲਾਈ
ਤੂੰ ਵੀ ਹੋਣੀ ਏ...
ਤੂੰ ਤੇ ਮੈਂ
ਤੇਰੀਆਂ ਟੌਹਰਾਂ ਮੂਹਰੇ ਫਿੱਕਾ ਏ
ਰੰਗ ਮੇਰੀ ਰੰਗਤ ਫੱਬਤ ਦਾ,
ਖੌਰੇ ਕਿੰਝ ਚੰਗਾ ਲੱਗਣ ਲੱਗਿਆ
ਤੂੰ ਅੜਿਆ ਉਂਝ ਸਾਨੂੰ ਬਹੁਤਾ ਸ਼ੌਂਕ
ਨਹੀਂ ਸੀ ਮੁਹੱਬਤ ਦਾ,
ਕਿੰਝ ਮਿਲਣਗੇ ਲੇਖ ਅਸਾਡੇ ਵੇ
ਮੈਂ ਇਸੇ ਗੱਲ ਤੋਂ ਡਰਦੀ ਆਂ,
ਤੂੰ ਖ਼ਾਸਾਂ ਤੋਂ ਵੀ ਖਾਸ ਏਂ ਅੜਿਆ
ਤੇ ਮੈਂ ਆਮ ਜਿਹੇ ਘਰ ਦੀ ਆਂ...
ਇਬਾਦਤ
ਸਭ ਦੀ ਆਪੋ ਆਪਣੀ ਸ਼ਰਧਾ ਏ ,
ਹਰ ਕੋਈ ਆਪਣੇ ਤਰੀਕੇ ਨਾਲ
ਇਬਾਦਤ ਕਰਦਾ ਏ ..
ਜਿਵੇਂ ਕਿ ਮੈਨੂੰ ਤੇਰੇ ਬਾਰੇ
ਲਿਖਦੇ ਰਹਿਣਾ ਵਧੀਆ ਲੱਗਦਾ..!!
ਅੜਿਆ
ਇਹ ਜੋ ਕੁੜਤਾ ਪਜਾਮਾ
ਕਾਲਾ ਵੇ ਅੜਿਆ,
ਜੱਚਦਾ ਤੈਨੂੰ
ਬਾਹਲਾ ਵੇ ਅੜਿਆ,
ਨਿੱਕਾ ਜਿਹਾ ਇੱਕ ਟਿੱਕਾ ਸੁਰਮੇ ਦਾ
ਕੰਨ ਦੇ ਥੱਲੇ ਲਾਲਾ ਵੇ ਅੜਿਆ,
ਤੇਰੇ ਬਾਝੋਂ ਮਰਦੇ ਜਾਈਏ
ਸਾਨੂੰ ਹੁਣ ਤਾਂ ਆਪਣੇ
ਬਣਾਲਾ ਵੇ ਅੜਿਆ..!!
ਆਦਤ
ਨਹੀਂ ਛੁੱਟ ਸਕਦੀ !
ਫੁੱਲਾਂ ਨੂੰ ਖੁਸ਼ਬੋ ਦੀ ਆਦਤ
ਧੁੰਦਾਂ ਨੂੰ ਪੋਹ ਦੀ ਆਦਤ
ਦੀਵਿਆਂ ਨੂੰ ਲੋਅ ਦੀ ਆਦਤ ..
ਠੀਕ ਓਵੇਂ ਹੀ ਤਾਂ ਹੈ
ਓਹਨੂੰ ਮੇਰੀ ਆਦਤ
ਤੇ ਮੈਨੂੰ ਓਹਦੀ ਆਦਤ ..!!
ਮਸਾਂ ਤਾਂ ਤੂੰ ਮਿਲਿਐਂ
ਸਾਡਾ ਦਿਲ ਤੇਰੀ ਅਮਾਨਤ ਏ ਸੱਜਣਾਂ
ਸਾਥੋਂ ਸਾਂਭ ਕੇ ਰੱਖ ਨਈਂ ਹੋਣਾ,
ਤੇਰੇ ਨਾਲ ਅਸੀਂ ਲੱਖ ਦੇ ਆਂ ਤੈਥੋਂ ਵਿਛੜ ਕੇ
ਚਾਹੁੰਦੇ ਕੱਖ ਨਈਂ ਹੋਣਾ,
ਤੇਰਾ ਪਿਆਰ ਤਾਂ ਮਨੋਂ ਵਿਸਾਰ
ਆਖਰੀ ਸਾਹ ਤੱਕ ਨਈਂ ਹੋਣਾ,
ਮਸਾਂ ਤਾਂ ਸਾਨੂੰ ਤੂੰ ਮਿਲਿਆਂ
ਅਸੀਂ ਕਿਸੇ ਵੀ ਕੀਮਤ ਤੇ
ਤੈਥੋਂ ਵੱਖ ਨਈਂ ਹੋਣਾ..!!
ਸੁਣ !
ਗਲਤੀ ਕਰਾਂ ਤਾਂ ਟੋਕ ਦਿਆ ਕਰ ।
ਮੈਨੂੰ ਹਮਸਫਰ ਚਾਹੀਦਾ ਗੁਲਾਮ ਨਹੀਂ ..
ਸਕੂਨ
ਪਹਿਲਾਂ ਨਜ਼ਰਾਂ ਮਿਲੀਆਂ
ਫੇਰ ਰੂਹ ਮਿਲੀ
ਬਾਕੀ ਸਭ ਜੋ ਸੀ
ਉਹ ਅਟਚਣਾ ਮੁੱਕ ਗਈ,
ਸਕੂਨ ਦੀ ਤਲਾਸ਼ ਵਿੱਚ ਸਾਂ
ਤੂੰ ਮਿਲਿਆ
ਤੇ ਭਟਕਣਾ ਮੁੱਕ ਗਈ..!!
ਬੇਹਿਸਾਬ ਮੋਹ
ਦਿਨ-ਰਾਤ, ਉਠਦੇ-ਬਹਿੰਦੇ ਬੱਸ
ਓਹਦਾ ਹੀ ਖੁਆਬ ਆਉਂਦਾ ਏ,
ਹੱਦਾਂ ਬੰਨੇਂ ਟੱਪਕੇ ਸਾਰੇ,
ਮੋਹ ਓਹਦਾ ਬੇਹਿਸਾਬ ਆਉਂਦਾ ਏ..
ਹੁਣ ਕੀ ਦੱਸੀਏ ਲੋਕਾਂ ਨੂੰ ਕਿ
ਉਹ ਕਿੰਨਾਂ ਯਾਦ ਆਉਂਦਾ ਏ,
ਬੱਸ ਇੰਝ ਕਹਿਲੋ ਕਿ
ਉਹ ਰੱਬ ਤੋਂ ਪਹਿਲਾਂ ਤੇ
ਮਾਂ ਤੋਂ ਬਾਅਦ ਆਉਂਦਾ ਏ..!!
ਤੇਰੀ ਫੋਟੋ
ਕਿੰਝ ਦੱਸੀਏ ਕਿ ਤੇਰੇ ਬਾਝੋਂ
ਕਿੱਦਾਂ ਵਖਤ ਗੁਜ਼ਾਰਦੇ ਪਏ ਆਂ..
ਸਰਦਾ ਨਹੀਂ ਏ ਸਾਡਾ ਸੱਜਣਾਂ
ਫੇਰ ਵੀ ਸਾਰਦੇ ਪਏ ਆਂ,
ਤੇਰੀ ਫੋਟੋ ਰੱਖ ਕੇ ਅੱਖਾਂ ਸਾਹਮਣੇ
ਸਾਰੀ ਰਾਤ ਨਿਹਾਰਦੇ ਪਏ ਆਂ,
ਤੇਰੇ ਨਾਲ ਜ਼ਿੰਦਗੀ ਬਿਤਾਵਣ ਦੇ ਖੁਆਬ
ਅਸਾਂ ਉਸਾਰਦੇ ਪਏ ਆਂ..!!
ਚਾਹ ਦੀ ਘੁੱਟ
ਸਾਨੂੰ ਓਹਦਾ ਮੜੰਗਾ
ਅੱਜ ਵੀ ਯਾਦ ਏ,
ਓਹਦਾ ਨੰਬਰ ਪਹਿਲਾ
ਬਾਕੀ ਸਭ ਕੁਝ ਓਹਦੇ ਬਾਅਦ ਏ,
ਓਹਦੀਆਂ ਮਿੱਠੀਆਂ ਯਾਦਾਂ ਦਾ
ਚਾਹ ਦੀ ਆਖਰੀ ਘੁੱਟ ਜਿਹਾ ਸਵਾਦ ਏ,
ਮਿਸ ਕਾਲ 2
ਤੂੰ ਦਸਤਕ ਦਿੱਤੀ ਦਿਲ ਦੇ ਬੂਹੇ 'ਤੇ
ਅਸੀਂ ਖੋਲ ਬੈਠੇ ਬਾਰੀ ਸੀ,
ਤੂੰ ਮੁਹੱਬਤ ਲਿਖਣੀ ਸਿਖਾਤੀ ਓਹਨੂੰ
ਜਿਹੜਾ ਕੱਚਾ ਜਿਹਾ ਲਿਖਾਰੀ ਸੀ,
ਓਦਾਂ ਕਿਸੇ 'ਤੇ ਡੁੱਲਦੇ ਨਈਂ ਅਸੀਂ ਪਰ
ਤੇਰੀ ਇੱਕ ਮੁਸਕਾਨ ਤੋਂ ਜਿੰਦੜੀ ਹਾਰੀ ਸੀ,
ਪੱਥਰ ਦਿਲ ਪਿਘਲਾ ਕੇ ਰੱਖਤਾ ਨਾ
ਦੱਸ ਖਾਂ ਅੜਿਆ ਮਿਸ ਕਾਲ ਕਿਉਂ ਮਾਰੀ ਸੀ..!!
ਮੁਲਾਕਾਤ
ਤੈਨੂੰ ਪਤੈ । ਮੈਂ ਬੈਠੀ ਬੈਠੀ ਨੇ ਕੱਲ ਸੋਚੀ ਏ ..
ਮੇਰੇ ਵਾਂਗੂੰ ਝੱਲੀ ਜਿਹੀ ਤੇਰੇ ਵਾਂਗੂ ਅਵੱਲੀ ਜਿਹੀ
ਮੈਂ ਬਾਹਲੀ ਸੋਹਣੀ ਇੱਕ ਗੱਲ ਸੋਚੀ ਏ,
ਤੂੰ ਦੇਖੀ ਜਾਈਂ ਆਪਾਂ ਨਾ ਚਾਹ ਤੇ ਮਿਲਾਂਗੇ,
ਜਿੱਥੇ ਪਹਿਲੀ ਵਾਰੀ ਮਿਲੇ ਸੀ
ਕਦੇ ਤਾਂ ਉਸੇ ਥਾਂ ਤੇ ਮਿਲਾਂਗੇ ..
ਤੂੰ ਕਰ ਵਾਅਦਾ ਕਿ ਇੱਕ ਦੂਜੇ ਲਈ
ਸਿਰਫ ਇੱਕ ਦੂਜੇ ਨੂੰ ਚਾਹ ਕੇ ਮਿਲਾਂਗੇ
ਸਾਰੀਆਂ ਅਧੂਰੀਆਂ ਗੱਲਾਂ ਕਰਾਂਗੇ ਪੂਰੀਆਂ
ਉਸ ਦਿਨ ਬਾਕੀ ਸਭ ਫਿਕਰਾਂ ਨੂੰ
ਜਿੰਦਰੇ ਲਾ ਕੇ ਮਿਲਾਂਗੇ,
ਜੇ ਮੈਂ ਆਖਾਂ ਦੇਰ ਹੋ ਗਈ ਤਾਂ
ਤੂੰ ਮੇਰੀ ਗੱਲ ਨੂੰ ਗੌਲੀਂ ਨਾ,
ਜਿਵੇਂ ਸੁਪਨੇ ਵਿੱਚ ਨਿੱਤ ਕਰਦਾ ਏਂ
ਓਵੇਂ "ਅੱਛਾ ਹੁਣ ਚੱਲਦਾ ਹਾਂ" ਕਹਿਕੇ
ਬਾਏ ਬੋਲੀਂ ਨਾ ..!!
ਪਸੰਦ
ਕੱਲਿਆਂ ਬੈਠ ਕੁਝ ਲਿਖਣ ਤੇ ਪੜਨ ਦੀ
ਆਦੀ ਆਂ ਮੈਂ ਮੈਨੂੰ ਬੇਵਜਾਹ ਸ਼ੋਰ ਨੀਂ ਪਸੰਦ,
ਮੈਨੂੰ ਤਾਂ ਤੂੰ ਹੀ ਜਚ ਗਿਆ ਏਂ
ਕੋਈ ਤੇਰੇ ਵਰਗਾ ਜਾਂ ਤੇਰੇ ਤੋਂ
ਬਿਹਤਰ ਹੋਰ ਨੀਂ ਪਸੰਦ,
ਜਿੱਥੇ ਰਿਸ਼ਤਿਆਂ ਤੋਂ ਵੱਧ ਅਹਿਮੀਅਤ
ਹੋਵੇ ਪੈਸੇ ਦੀ ਥਾਂ ਮੈਨੂੰ ਉਹ ਨੀਂ ਪਸੰਦ,
ਹਾਂ ਠੀਕ ਏ, ਜੇ ਤੂੰ ਆਹਨਾਂ ਏਂ ਤਾਂ
ਚੱਲਾਂਗੇ ਘੁੰਮਣ ਵੀ ਪਰ ਚੇਤੇ ਰੱਖੀਂ !
ਚਹਿਕਦੀਆਂ ਚਿੜੀਆਂ ਤੇ ਕੋਸੀਆਂ ਧੁੱਪਾਂ
ਨਾਲ ਮੁਹੱਬਤ ਕਰਦੀ ਹਾਂ
ਬਾਕੀਆਂ ਵਾਂਗੂੰ ਮੈਨੂੰ ਸਨੋਅ ਨੀਂ ਪਸੰਦ...
ਦਿਲ
ਮੁਰਝਾਇਆ ਚਿਹਰਾ ਖਿਲ ਜਾਂਦਾ ਏ,
ਰੂਹ ਨੂੰ ਸਕੂਨ ਮਿਲ ਜਾਂਦਾ ਏ,
ਤੈਨੂੰ ਨਹੀਂ ਪਤਾ
ਮੈਨੂੰ ਕਿੰਨਾਂ ਚਾਅ ਚੜਦੈ
ਜਦੋਂ ਮੇਰੀਆਂ ਲਿਖਤਾਂ ਦੇ ਜਵਾਬ ਵਜੋਂ
ਤੇਰੇ ਵੱਲੋਂ ਭੇਜਿਆ ਦਿਲ ਜਾਂਦਾ ਏ...
ਸਾਕ
ਸਾਕ ਤੇਰਾ ਮੇਰਾ ਹੋਜੇ
ਹੋਰ ਕਾਸੇ ਦੀ ਨਾ ਭਾਲ ਵੇ..
ਤੂੰ ਹੀ ਖੜਾ ਜੱਚਦਾ ਏਂ
ਚੰਨਾਂ ਮੇਰੇ ਨਾਲ ਵੇ ..!!
ਕਮਾਲ ਦੀ ਗੱਲ
ਤੇਰੇ ਪਿੰਡੋਂ ਆਉਂਦੀਆਂ ਨੇ
ਪੌਣਾਂ ਠੰਡੀਆਂ ਕੈਸਾ ਇਹ
ਕਮਾਲ ਹੋ ਗਿਆ ..
ਜਦੋਂ ਕਿਵੇਂ ਆਂ ਪੁੱਛ ਲਿਆ
ਤੈਂ ਸਾਨੂੰ ਸਾਡਾ ਪਹਿਲਾਂ ਨਾਲੋਂ
ਬਿਹਤਰ ਹਾਲ ਹੋ ਗਿਆ..!!
ਚੰਗਾ !
ਤੂੰ ਮੇਰੀਆਂ ਇੱਜਤਾਂ ਸੰਭਾਲ ਲਵੀਂ
ਮੈਂ ਤੇਰਾ ਘਰ ਸੰਭਾਲ ਲਵਾਂਗੀ…
ਕਿੰਨਾ ਸੋਹਣਾ
ਉਹ ਲੱਗਦਾ ਪਿਆਰਾ
ਕਿੰਨਾਂ ਹੋਣਾ ਏ,
ਜਦ ਹੱਸਦਾ
ਮਿੰਨਾ ਮਿੰਨਾ ਹੋਣਾ ਏ,
ਬੜਾ ਨੂਰ ਏ ਮੁੱਖ ਓਹਦੇ ਤੇ
ਉਹ ਕੱਤੇ ਦੇ ਸਵੇਰਿਆਂ
ਜਿੰਨਾ ਸੋਹਣਾ ਏ,
ਓਹਨੂੰ ਰੱਜ ਰੱਜ ਤੱਕੀਏ
ਤੱਕਦੇ ਨਾ ਅਸੀਂ ਥੱਕੀਏ
ਸੱਚੀਂ ਉਹ ਇੰਨਾਂ ਸੋਹਣਾ ਏ..!!
ਤੇਰੇ ਹੀ ਖਿਆਲ
ਸਰਦ ਰੁੱਤੇ
ਮੱਠੀ ਮੱਠੀ ਧੁੱਪੇ ਬਹਿਕੇ,
ਹੱਥ 'ਚ ਖੋਏ ਆਲੀ ਪਿੰਨੀ
ਤੇ ਚਾਹ ਦਾ ਕੱਪ ਲੈ ਕੇ,
ਤੇਰੇ ਬਾਰੇ ਸੋਚਣ ਦਾ
ਨਜ਼ਾਰਾ ਹੀ ਅਵੱਲਾ ਏ..!!
ਚਾਅ
ਇੱਕ ਤਾਂ ਮੈਨੂੰ ਚਾਹ ਦਾ ਚਾਅ ਏ,
ਦੂਜਾ ਤੇਰੇ ਨਾਲ ਵਿਆਹ ਦਾ ਚਾਅ ਏ,
ਜਿਸ ਚਾਅ ਵਿੱਚ ਤੇਰੇ ਆਉਣ ਦਾ ਚਾਅ
ਨਹੀਂ ਉਹ ਚਾਅ ਵੀ ਦੱਸ ਭਲਾਂ ਫੇਰ
ਕਾਹਦਾ ਚਾਅ ਏ ..
ਹਾਂ ਪਤਾ ਏ, ਤੂੰ ਕਈ ਚਾਅ ਦਿਲ ਚ
ਸੰਭਾਲੇ ਹੋਣੇ ਪਰ ਫੇਰ ਵੀ ਯਾਰ
ਮੈਨੂੰ ਤੇਰੇ ਨਾਲੋਂ ਜ਼ਿਆਦਾ ਚਾਅ ਏ
ਕੱਚਾ ਨਾਂ
ਚਾਅ ਚੜਿਆ ਰਹਿੰਦਾ
ਸ਼ਹਿਰ ਤੇਰੇ ਦੀਆਂ ਧੂੜਾਂ ਦਾ
ਉਂਝ ਪਿੰਡ ਮੇਰੇ ਨਾਲ ਤਾਂ
ਹੋਰ ਵੀ ਕਈ ਗਰਾਂ ਲੱਗਦੇ ਆ,
ਤੇਰੀਆਂ ਨਿੱਕੀਆਂ ਨਿੱਕੀਆਂ ਸ਼ਿਕਾਇਤਾਂ ਤੇ
ਤੇਰੇ ਨਿੱਕੇ ਨਿੱਕੇ ਰੋਸੇ ਮੈਨੂੰ
ਮੇਰੇ ਹੱਸਣ ਦੀ ਵਜਾਹ ਲੱਗਦੇ ਆ ..
ਇੱਕ ਤੈਨੂੰ ਹੀ ਸੁਣਨਾ ਚੰਗਾ ਲੱਗਦਾ
ਬਾਕੀ ਸਾਰੇ ਝਮੇਲੇ ਮੈਨੂੰ
ਖਾਮਖਾਹ ਲੱਗਦੇ ਆ,
ਤੇਰੇ ਬਾਝੋਂ ਹੋਰ ਕੁਝ ਸੁੱਝਦਾ ਹੀ ਨਹੀਂ
ਸ਼ਾਇਦ ਤਾਂ ਲੱਗਦੇ ਆ ..
ਮੁਹੱਬਤ, ਚਾਹਤ ਤੇ ਇਬਾਦਤ
ਇਹ ਸਭ ਮੈਨੂੰ ਤੇਰੇ ਹੀ
ਕੱਚੇ ਨਾਂ ਲੱਗਦੇ ਆਂ... !!
ਤਸੀਰਾਂ
ਤਸਵੀਰਾਂ ਤੋਂ ਨਹੀਂ ਤਸੀਰਾਂ ਤੋਂ ਹੁੰਦੀ ਏ
ਕੁੜੀਆਂ ਦੀ ਪਹਿਚਾਣ
ਤੇਰੀ ਬੇਬੇ ਵੀ ਤਾਂ ਤੇਰੇ ਲਈ
ਸੋਹਣੀ ਦੀ ਥਾਂ ਸਿਆਣੀ ਕੁੜੀ ਲੱਭਦੀ ਏ ਨਾ ?
ਹੱਕ
ਤੈਥੋਂ ਚੋਰੀ ਬੱਸ ਤੇਰੇ ਤੇਰੇ ਤੇ
ਇੰਨਾਂ ਕੁ ਹੱਕ ਜਤਾ ਕੇ ਦੇਖਿਆ ਮੈਂ,
ਬੜਾ ਸੋਹਣਾ ਲੱਗਦਾ ਮੇਰੇ ਨਾਂ ਦੇ ਪਿੱਛੇ
ਗੋਤ ਤੇਰਾ, ਕਈ ਵਾਰੀ ਲਾ ਕੇ ਦੇਖਿਆ ਮੈਂ,
ਪੱਕੀ ਗੱਲ
ਨਾਮ ਤੇਰੇ ਦੇ ਅੱਖਰ ਬਾਝੋਂ ਮਹਿੰਦੀ
ਹੱਥਾਂ ਸਾਡਿਆਂ ਤੇ ਕਦੇ ਰਚੀ ਨਹੀਂ,
ਉਂਝ ਦਿਨ ਵਿੱਚ ਮਿਲਦੇ ਨੇ ਲੋਕ ਹਜ਼ਾਰਾਂ
ਪਰ ਤੇਰੇ ਵਾਂਗੂੰ ਸੂਰਤ ਸੀਰਤ ਸਾਨੂੰ
ਕਿਸੇ ਦੀ ਜਚੀ ਨਹੀਂ,
ਚੱਲ ਮੰਨਦੇ ਆਂ ਉਮਰ ਨਿਆਣੀ ਜਿਹੀ
ਪਰ ਕੀਤੇ ਵਾਅਦਿਆਂ ਤੋਂ ਮੁੱਕਰ ਜਾਈਏ
ਜੁਬਾਨ ਅਸਾਂ ਦੀ ਇੰਨੀਂ ਕੱਚੀ ਨਹੀਂ,
ਊਂ ਇੱਕ ਗੱਲ ਤਾਂ ਖਰ ਪੱਕੀ ਏ
ਤੇਰੇ ਤੇ ਮਰਨ ਤੋਂ ਬਾਅਦ ਕਿਸੇ ਹੋਰ
ਨਾਲ ਜੀਣ ਦੀ ਖਵਾਇਸ਼ ਬਾਕੀ ਬਚੀ ਨਹੀਂ..!!
ਲਕੀਰਾਂ
ਤੈਨੂੰ ਨਹੀਂ ਪਤਾ ਮੈਂ ਕਿੰਨੀਆਂ
ਸੁੱਖਾਂ ਸੁੱਖੀਆਂ ਨੇ ਤੂੰ ਲਿਖਿਆ
ਜਾਵੇਂ ਜੇ ਤਕਦੀਰਾਂ 'ਚ,
ਮੈਂ ਤੇਰਾ ਨਿੱਤ ਹੀ ਲੱਭਦੀ ਨਾਮ ਰਵਾਂ
ਮੇਰੇ ਹੱਥਾਂ ਦੀਆਂ ਲਕੀਰਾਂ 'ਚ..!!
ਸੁਣ ਚਾਨਣ ਵਰਗਿਆ
ਤੂੰ ਹੀ ਦੱਸ !
ਮੈਂ ਸੋਨੇ ਚਾਂਦੀ ਕੀ ਕਰਨੇ ?
ਤੂੰ ਜਦ ਮੇਰਾ ਆਂ,
ਮੈਂ ਕੀ ਲੈਣਾ ਏ ਦੁਨੀਆਂ ਤੋਂ ?
ਇੱਕੋ ਤੇਰਾ ਸਾਥ ਬਥੇਰਾ ਆ,
ਸਾਨੂੰ ਜਦ ਨਹੀਂ ਦਿਸਦਾ ਮੁੱਖ ਤੇਰਾ
ਲੱਗਦਾ ਏ ਜੱਗ ਸੁੰਨਾਂ ਸੁੰਨਾਂ ਤੇ
ਜਾਪੇ ਚਾਰੇ ਪਾਸੇ ਹਨੇਰਾ ਆ,
ਸੁਣ ਚਾਨਣ ਵਰਗਿਆ ਚੰਨਾਂ ਵੇ !
ਸਾਡੀ ਹਰ ਸ਼ਾਮ ਅਧੂਰੀ ਤੇਰੇ ਬਾਝੋਂ
ਤੇਰੇ ਨਾਲ ਹੀ ਪੂਰਾ ਹੁੰਦਾ ਹਰ ਸਵੇਰਾ ਆ..!!
ਕੀ ਕਰਾਂ ।
ਕੁਦਰਤ ਬਾਰੇ ਸੋਚਣ ਲੱਗਦੀ ਹਾਂ
ਤਾਂ ਤੇਰੇ ਤੇ ਲਿਖਣ ਬੈਠ ਜਾਂਦੀ ਹਾਂ ..
ਤੂੰ ਹੀ ਦੱਸ ਹੁਣ ਕੀ ਕਰਾਂ ?
ਝਰਨੇ ਇੰਝ ਹੀ ਵਹਿਣ ਦਿਆਂ
ਜਾਂ ਫਿਰ ਰਹਿਣ ਦਿਆਂ ..
ਕੀ ਕਰਾਂ ।
ਇਹ ਪੱਤ ਗੁਲਾਬੀ ਬੁੱਲੀਆਂ
ਤੈਨੂੰ ਹਾਲ-ਏ-ਦਿਲ
ਸੁਣਾਉਣਾ ਚਾਹੁੰਦੀਆਂ ਨੇ ..
ਇਹਨਾਂ ਨੂੰ ਕਹਿਣ ਦਿਆਂ
ਜਾਂ ਰਹਿਣ ਦਿਆਂ ..
ਕੀ ਕਰਾਂ !
ਤੇਰੀ ਆਵਾਜ਼ ਸੁੱਚੇ ਸਾਜ਼
ਦੇ ਵਰਗੀ ਲੱਗਦੀ ਏ
ਕੰਨਾਂ ਨੂੰ ਇਹ ਸਾਜ਼ ਸੁਣ ਲੈਣ ਦਿਆਂ
ਜਾਂ ਰਹਿਣ ਦਿਆਂ ..
ਦੱਸ ਨਾ ਅੜਿਆ ।
ਕੀ ਕਰਾਂ?
ਤੇਰਾ ਪਿੰਡ
ਇੱਕ ਤੂੰ ਹੀ ਦਿਲ ਦੇ ਨੇੜੇ
ਹੋਰ ਕੋਈ ਵੀ ਖਾਸ ਨਾ,
ਅੱਖਾਂ ਬੰਦ ਕਰ ਮਹਿਸੂਸ ਕਰਾਂ
ਜਦੋਂ ਤੇਰੇ ਪਿੰਡ ਵੱਲੋਂ ਆਉਂਦੀ
ਚੰਨਾਂ ਲਾਚੀਆਂ ਦੀ ਬਾਸ਼ਨਾ..!!
ਪਸੰਦ ਦੀ ਗੱਲ
ਖੜਾ ਸਾਡੇ ਨਾਲ ਉਹਦੇ ਜਿੰਨਾਂ
ਹੋਰ ਕੌਣ ਫੱਬ ਸਕਦੈ ?
ਗੱਲ ਪਸੰਦ ਦੀ ਜੇ ਕਰਾਂ ਉਹਦੇ ਬਿਨਾਂ
ਸੋਹਣਾ ਭਲਾਂ ਹੋਰ ਕੌਣ ਲੱਗ ਸਕਦੈ ?
ਸਾਹਾਂ ਦੇ ਮਣਕਿਆਂ ਵਾਲੀ ਗਾਨੀ
ਉਹਦੇ ਨਾਂ ਲਿਖਵਾਉਣ ਨੂੰ ਜੀਅ ਕਰਦੈ,
ਉਹਨੂੰ ਕੁਦਰਤ ਵਰਗੇ ਨੂੰ
ਘੁੱਟ ਗਲਵਕੜੀ ਪਾਉਣ ਨੂੰ ਜੀਅ ਕਰਦੈ ..!! "
ਉਹ
ਥੋੜਾ ਅਜੀਬ ਏ ਉਹ
ਬੋਲਦਾ ਘੱਟ ਏ
ਸੁਣਨਾ ਵੱਧ ਪੈਂਦਾ ਏ,
ਦੱਸਦਾ ਘੱਟ ਏ
ਸਮਝਣਾ ਵੱਧ ਪੈਂਦਾ ਏ,
ਇਸੇ ਲਈ ਡਰਦੀ ਆਂ
ਕਿ ਮੇਰੇ ਬਿਨਾਂ ਕੋਈ ਹੋਰ
ਓਹਨੂੰ ਸੁਣੇਗੀ, ਸਮਝੇਗੀ
ਤੇ ਸੰਭਾਲੇਗੀ ਕਿਵੇਂ,
ਕਿਉਂਕਿ ਥੋੜਾ ਅਜੀਬ
ਏ ਨਾ ਉਹ
ਪਤਾ ਹੀ ਨਈਂ ਲੱਗਿਆ
ਤੇਰੇ ਨਾਲ ਗੱਲ ਕਰਨ ਦਾ ਚਾਅ
ਕਦੋਂ ਤੇਰੇ ਤੋਂ ਦੂਰ ਹੋਣ ਦਾ ਡਰ ਬਣ ਗਿਆ
ਪਤਾ ਹੀ ਨਈਂ ਲੱਗਿਆ,
ਕੋਈ ਸਾਡੇ ਖਿਆਲਾਂ ਦੇ ਨੇੜੇ ਤੇੜੇ ਵੀ ਨਹੀਂ ਸੀ
ਕਦੋਂ ਤੇਰਾ ਦਿਲ ਚ ਘਰ ਬਣ ਗਿਆ
ਪਤਾ ਹੀ ਨਈਂ ਲੱਗਿਆ,
ਕਾਇਦਾ ਤੇਰੀ ਸੰਗ ਤੇ ਸਾਦਗੀ ਦਾ
ਕਦੋਂ ਸਾਡੀ ਮੁਹੱਬਤ ਦਾ ਕਿੱਸਾ ਬਣ ਗਿਆ
ਪਤਾ ਹੀ ਨਈਂ ਲੱਗਿਆ,
ਸਾਡੀ ਬੇਰੰਗ ਜਿਹੀ ਜ਼ਿੰਦਗੀ ਦਾ
ਤੂੰ ਕਦੋਂ ਅਹਿਮ ਹਿੱਸਾ ਬਣ ਗਿਆ
ਪਤਾ ਹੀ ਨਈਂ ਲੱਗਿਆ...