ਰੂਪ ਲੇਖਾ
ਪ੍ਰਕਾਸ਼ਕ:-
ਹਰਿੰਦਰ ਸਿੰਘ “ਰੂਪ”
ਵੇਰਵਾ
੧. ਕਲਾ
੨. ਮੀਰਾਂ ਬਾਈ
੩. ਜੀਵਨ ਦੇ ਹਿਮਾਲਾ ਤੇ
੪. ਨੀ
੫. ਗਿਰਝ
੬. ਗੱਭਰੂ ਦਾ ਗੀਤ
੭. ਦੋ ਖਿਆਲ
੮. ਕਿਰਨਾਂ
੯. ਸਰੂ
੧੦. ਵਾਰਸ
੧੧. ਤੁਲਸੀ ਪੂਜਾ
੧੨. ਸਾਈਆਂ
੧੩. ਹੱਲ ਰੱਖ
੧੪. ਬੁੱਤ ਘਾੜੇ ਨੂੰ
੧੫. ਕਵੀਆ
੧੬. ਤਾਨ ਸੈਣ
੧੭. ਗੁਲਦਸਤਾ
੧੮. ਆਜ਼ਾਦੀ
੧੯. ਕਸ਼ਮੀਰ ਦੀ ਧਰਤੀ
੨੦. ਚਾਣਕੇ
੨੧. ਖਿਆਲੀ ਤਸਵੀਰ
੨੨. ਭਾਈ ਗੁਰਦਾਸ
੨੩. ਗੁਲਦਸਤਾ
੨੪. ਮਾਨਣੀ
२५.ਮਾਂ
੨੬. ਨਮੋ ਅੰਧਕਾਰੇ
੨੭. ਕਲਜੁਗ
੨੮. ਦੇਸ ਦਾ ਗੀਤ
੨੯. ਗੁਲਦਸਤਾ
੩੦. ਹੁਨਰ ਵਿੱਚ ਲੀਨ
੩੧. ਡਾਕਟਰ ਰਵਿੰਦਰ ਨਾਥ ਟੈਗੋਹ
੩੨. ਇਕ ਸੀਨ ਦੇਖ ਕੇ
੩੩. ਪੰਜਾਬੀ
੩੪. ਰੇਸ਼ਮ ਦਾ ਕੀੜਾ
੩੫. ਵੀਹਵੀਂ ਸਦੀ
੩੬. ਨਿੱਕੇ ਵਿੱਚ ਵੀ ਜੋਤ
੩੭. ਗੁਲਦਸਤਾ
੩੮. ਉੱਨੀ ਸੌ ਸੰਤਾਲੀ
੩੯. ਲੌ ਜੀ
੪੦. ਸੋਰਠਾ
੪੧. ਇਨਸਾਨੀ ਜੁਗ
੪੨. ਗੁਲਦਸਤਾ
੪੩. ਮਹਾਂ ਕਵੀ ਡਾਂਟੇ ਨਾਲ
੪੪. ਭਾਈ ਨੰਦ ਲਾਲ
੪੫. ਮਹਾਂ ਚਿਤਰਕਾਰ ਨਿਕੋਲਸ ਰੋਰਿਕ
੪੬. ਮਹਾਂ ਕਵੀਆ
੪੭. ਸੋਰਠਾ
੪੮. ਗਲਦਸਤਾ
੪੯. ਪੰਜਾਬ ਦਾ ਦਿਲ ( ਗੀਤ )
੫੦. ਚਿੱਟੇ ਤੇ ਕਾਲੇ ਬੱਦਲ
੫੧. ਬੋਲੀਆਂ
੫੨. ਗੁਲਦਸਤਾ
੫੩. ਹੁਨਰ
੫੪. ਤੇਰੀ ਮਹਾਨਤਾ
੫੫. ਸੰਗੀਤ-ਰੈਣ
ਭੂਮਿਕਾ
ਕੋਮਲ ਹੁਨਰ ਮੁੱਢ ਤੋਂ ਇਨਸਾਨ ਦੇ ਪਿਆਰੇ ਰਹੇ ਹਨ, ਜੇ ਇਉਂ ਕਹਿ ਲਈਏ ਕਿ ਮਨੁੱਖ ਦਾ ਰੂਪ ਬਣਕੇ ਉਹਦੇ ਨਾਲ ਚਲਦੇ ਰਹੇ ਹਨ ਤਾਂ ਵੀ ਕੋਈ ਅਲੋਕਾਰ ਗੱਲ ਨਹੀਂ। ਹਾਲੀ ਤਕ ਮਨੁੱਖ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਿਆ ਤੇ ਅਗੇ ਤੋਂ ਵੀ ਅਜਿਹੀ ਆਸ ਹੈ। ਕੋਮਲ ਹੁਨਰ ਸਿਆਣੇ ਮਿਤਰ ਵਾਂਙ ਸਾਡੇ ਨਾਲ ਰਹਿ ਕੇ ਸਾਨੂੰ ਕਈ ਗੱਲਾਂ ਸੁਝਾਉਂਦੇ ਹਨ । ਦਾਨਾ ਦੋਸਤ ਉਸਤਾਦ ਨਹੀਂ ਬਣਦਾ ਪਰ ਸਾਡੇ ਜੀਵਨ ਨੂੰ ਪਲਟਾ ਦੇਂਦਾ ਹੈ, ਉਹ ਸਾਥੋਂ ਵੱਖਰਾ ਨਹੀਂ ਹੁੰਦਾ, ਸਾਥੋਂ ਓਪਰੀ ਸ਼ਕਲ ਨਹੀਂ ਧਾਰਦਾ। ਸਾਡੇ ਹੀ ਚੁਗਿਰਦੇ ਵਿਚ ਸਾਡੇ ਵਾਂਙ ਹੀ ਗੁਜ਼ਰ ਕਰਕੇ ਸਾਨੂੰ ਉਚਿਆਂ ਲੈ ਜਾਂਦਾ ਹੈ । ਸਾਡੀਆਂ ਹੀ ਗੱਲਾਂ ਸੁਣਕੇ ਸਾਨੂੰ ਤਰੀਕੇ ਨਾਲ ਸੁਣਾਂਦਾ ਹੈ ਤੇ ਇਹ ਗੱਲਾਂ ਆਪਣੀਆਂ ਹੁੰਦੀਆਂ ਹੋਈਆਂ ਵੀ ਸੋਹਣੀਆਂ ਤੇ ਨਵੀਆਂ ਲਗਦੀਆਂ ਹਨ । ਗੂੜਾ ਮਿੱਤਰ ਰੋਣੇ ਧੋਣੇ ਸੁਣ ਕੇ ਮੋਢੇ ਹੱਥ ਧਰ ਕੇ ਹੰਝੂਆਂ ਨੂੰ ਪੋਟੇ ਨਾਲ ਝਾੜ ਕੇ ਸਾਡੀ ਦਰਦ ਕਹਾਣੀ ਤੇ ਵਿਚਾਰ ਕਰਦਾ ਹੈ । ਅਸੀਂ ਗ਼ਮੀ ਵਿੱਚ ਬੈਠੇ ਤੇ ਹੰਝੂ ਸੁਟਦੇ ਹੋਏ ਵੀ ਇਕ ਟਿਕਾਣੇ ਸਿਰ ਪੁਜੇ ਹੋਂਦੇ ਹਾਂ, ਡੁਸਕਦੇ ਹੋਏ ਵੀ ਸ਼ਾਂਤੀ ਦੇ “ਆ ਵਾਲੇ ਮੁਕਾਮ ਉੱਤੇ ਅੱਪੜੇ ਹੋਏ ਹੋਂਦੇ ਹਾਂ । ਮੁਕਦੀ ਗੱਲ ਇਹ ਹੋਈ ਪਈ ਕਵਿਤਾ ਡੂੰਘੀ ਸਾਥਣ ਹੈ। ਉਹ ਸੁਰ ਸਿਰ ਸਾਡੀਆਂ ਗੱਲਾਂ ਸਾਨੂੰ ਸੁਣਾ ਕੇ ਸੁਖੀ ਬਣਾਉਂਦੀ ਹੈ । ਸਾਡੀਆਂ ਗੱਲਾਂ ਸੁਣਾਉਣਾ ਜਾਂ ਸਾਨੂੰ ਸ਼ਾਂਤੀ ਦੇਣ ਲਈ, ਕੁਝ ਸੁਝਾਉਣ ਲਈ ਜੀਵਨ ਨਾਲ
ਮਿਲਦੀਆਂ ਜੁਲਦੀਆਂ ਗੱਲਾਂ ਕਰਨੀਆਂ ਸਭ ਸਚਿਆਈ ਹੈ । ਸੱਚ ਸੁਖ ਦੇਂਦਾ ਹੈ, ਖੁਸ਼ੀ ਬਖਸ਼ਦਾ ਹੈ, ਖੁਸ਼ੀ ਕੀ ਹੈ ? ਸੁੰਦਰਤਾ ਸੁਹੱਪਣ । ਏਸੇ ਲਈ ਕਵਿਤਾ ਨੂੰ ਸਾਡੇ ਤੱਤ ਵੇਤੇ ਬਜ਼ੁਰਗਾਂ “ਸਤਿਅਮ ਸ਼ਿਵਮ ਸੁੰਦਰਮ” ( ਸੱਚੀ, ਸੁਖਦਾਈ ਤੇ ਸੁੰਦਰ ) ਕਿਹਾ ਹੈ ।
ਕਲਾ ਕੋਈ ਵੀ ਹੋਵੇ ਓਸ ਨੇ ਸੁੰਦਰਤਾ ਰੂਪ ਦੀ ਭਾਲ ਕਰਨੀ ਹੈ । ਸਤਿ ਦਾ ਰੂਪ ਵੀ ਸੁੰਦਰਤਾ ਹੈ। ਏਸੇ ਗੱਲ ਨੂੰ ਏਸ ਤਰ੍ਹਾਂ ਕਹਿ ਦਿਓ ਪਈ:-
ਕਲਾ ਯੋਗ ਦਾ ਨਾਮ ਹੈ ਰੂਪ ਜਿਦ੍ਹਾ ਹੈ ਧਿਆਨ ।
ਕਲਾ ਸਵਾਰੇ ਜਗਤ ਨੂੰ ਕਲਾ ਰਚੇ ਭਗਵਾਨ ।
ਕਲਾ ਨੇ ਜੱਗ ਨੂੰ ਸੁੰਦਰ ਬਣਾਉਣਾ ਹੈ । ਸਮਾਜੀ ਭਾਰ ਨੂੰ ਹੌਲਾ ਕਰਨਾ ਹੈ, ਰਾਜਨੀਤਕ ਕੁਹਜਾਂ ਨੂੰ ਦੂਰ ਕਰਨ ਦੇ ਸੁਝਾਅ ਦਸਣੇ ਹਨ। ਗੱਲ ਕੀ ਦੁਨੀਆਂ ਨੂੰ ਹਰ ਪਾਸਿਓਂ ਸੁੰਦਰ ਬਣਾ- ਉਣਾ ਹੈ । ਸੁੰਦਰ ਬਣਾਉਣਾ ਹੀ ਅਗਾਂਹ ਵਧੂ ਖਿਆਲ ਹੈ । ਸੁੰਦਰਤਾ ਨੇ ਹੀ ਭਗਵਾਨ ਨੂੰ ਰਚਿਆ ਹੈ। ਅਸੀਂ ਭਗਵਾਨ ਨੂੰ ਸੁੰਦਰਤਾ ਦਾ ਸੋਮਾਂ ਮੰਨਿਆ ਤੇ ਨਮਸਕਾਰਿਆ। “ਨਮੋ ਚੰਦਰ ਚੰਦਰੇ” ਕਹਿਕੇ ਸਤਿਕਾਰ ਕੀਤਾ। ਸਾਡੀ ਸੂਝ ਕਲਾ ਜਾਂ ਹੁਨਰ ਨੇ ਜੋ ਸੁੰਦਰ ਸ਼ੈ ਤੱਕੀ ਜਾਂ ਓਹਦੇ ਧਿਆਨ ਵਿਚ ਸੋਹਣੀ ਹੋ ਸਕਦੀ ਸੀ ਓਹਨੂੰ ਭਗਵਾਨ ਦਾ ਰੂਪ ਆਖਿਆ । ਭਗਵਾਨ ਸਾਡੀਆਂ ਸੂਝਾਂਦੀਆਂ ਸੁੰਦਰਤਾਈਆਂ ਦੇ ਇਕੱਠ ਨਾਂ ਹੈ।
ਹੁਨਰ ਸੱਚੇ ਹੁਸਨ ਨੂੰ ਪੂਜਣ ਵਾਲਾ ਤੇ ਬਣਾਉਣ ਵਾਲਾ ਹੈ । ਮੀਰਾਂ ਬਾਈ ਦੀ ਬਾਣੀ ਵਿਚ "ਗਿਰਧਰ" ਜੀ ਅਨਾਸ ਰੂਪ ਦੀ ਮੂਰਤੀ ਹਨ । ਭਗਤਣੀ ਨੇ ਰਾਜਸੀ ਠਾਠ ਵਿਚ ਹੈਂਕੜ, ਬੋ ਤੇ ਜਬਰ ਦੀ ਕੁਸੁੰਦਰਤਾ ਦੇਖੀ। ਦਿਲ ਉਟਕਿਆ
ਦਿਮਾਗ਼ ਲੜਾਇਆ ਸੂਝ ਨਾਲ, “ਗਿਰੰਧਰ” ਜੀ ਪਰਤੱਖ ਦਿਸਣ ਲੱਗ ਪਏ । ਅਨਾਸ ਰੂਪ ਨੇ ਧੂਹ ਪਾਈ ਜਾਂ ਸਵਾਰੀ ਹੋਈ ਕਲਾ ਨੇ ਖਿੱਚਿਆ, ਤਨ ਮਨ ਖਿੜਿਆ । ਜਿਸ ਤਰ੍ਹਾਂ ਫੁਲ ਲੱਗਣ ਤੋਂ ਪਹਿਲਾਂ ਡੋਡੀ ਲਗਦੀ ਹੈ ਓਸੇ ਤਰ੍ਹਾਂ ਪਹਿਲਾਂ ਮੀਰਾਂ ਜੀ ਦੇ ਦਿਮਾਗ਼ ਵਿਚ ਸੂਝ ਦੀ ਡੋਡੀ ਲੱਗੀ ਤੇ ਫੇਰ ਅਨਾਸ ਰੂਪ ਫੁੱਲ ਟਹਿਕਿਆ । ਕਈ ਵਾਰੀ ਅਸੀਂ ਡੋਡੀ ਨਹੀਂ ਚਾਹੁੰਦੇ ਜਾਂ ਡੋਡੀ ਦੀ ਥਾਂ ਤੇ ਫੁਲ ਦਾਹੁੰਦੇ ਹਾਂ । ਅਸੀਂ ਨਹੀਂ ਚਾਹੁੰਦੇ ਚੁਗਿਰਦਾ ਭੈੜਾ ਹੋਵੇ ਤੇ ਰੋਡੀ ਭੋਡੀ ਡੋਡੀ ਹੋਵੇ ਪਰ ਅਜਿਹੀ ਡੋਡੀ ਫੁਲ ਸਮਝਣਾ ਚਾਹੀਦਾ ਹੈ ਜਾਂ ਫੁਲ ਦੀ ਆਸ ਸਮਝਣੀ ਚਾਹੀਦੀ ਹੈ। ਕਿਸੇ ਵੇਲੇ ਉੱਚਾ ਸ਼ਾਇਰ, ਪੱਧਰ ਤੇ ਆਇਆ ਹੁੰਦਾ ਹੈ ਨੀਵੇਂ ਚੁਗਿਰਦੇ ਵਿਚ ਘਿਰਿਆ ਹੁੰਦਾ ਹੈ, ਪਰ ਜੇ ਉਹ ਸਤਿ ਸ਼ਿਵ ਦਾ ਪ੍ਰੇਮੀ ਹੋਵੇ ਤਾਂ ਓਹਨੇ ਏਸ ਡੋਡੀ ਨੂੰ ਸੁੰਦਰ ਫੁਲ ਬਣਾ ਦੇਣਾ ਹੈ । ਮੀਰਾਂ ਅਸਲੀ ਹੁਸਨ ਦੀ ਪੁਜਾਰਨ ਸੀ, ਓਸ ਦਾ ਜੀਵਨ ਨਿਤ ਰਹਿਣਾ ਸੁੰਦਰ ਫੁਲ ਬਣਿਆ ।
ਲਯ ਰਾਗਾਂ ਦੀ ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ ।
ਸਤਿ ਸ਼ਿਵ ਤੇ ਸੁੰਦਰ ਭੁਲ ਦੀ,
ਓਹ ਰਸ ਭਿੰਨੀ ਵਾਸ ।
ਵੱਡਾ ਕਵੀ ਸਤਿ ਦਾ ਪ੍ਰੇਮੀ ਹੈ, ਦੂਜੇ ਲਫਜ਼ਾਂ ਨਿਤ ਰਹਿਣੇ ਹੂਸਨ ਦਾ ਆਸ਼ਿਕ ਹੈ। ਹੁਨਰ ਭੈੜੇ ਪਨ ਨੂੰ ਸਦਾ ਦੂਰ ਕਰਦਾ ਹੈ। ਭਾਈ ਨੰਦ ਲਾਲ ਜੀ ਸੱਚੇ ਹੁਸਨ ਦੇ ਚਾਹਵਾਨ ਸਨ ਤੇ ਓਹਨਾਂ ਨੂੰ ਸ਼ਿਵ (ਕਲਿਆਣ ਦੇਣ ਵਾਲਾ) ਸਤਿ ਮਿਲਿਆ ।
ਉਹ ਅਜਿਹੇ ਗੁਣਾਂ ਵਾਲੇ ਮੁਰਸ਼ਦ ਦੀ ਮੂੰਹ ਚੋਪੜੀ, ਓਪਟ ਲਫਜ਼ੀ ਤੇ ਅਢੁੱਕਵੀਂ ਤਾਰੀਫ਼ ਨਹੀਂ ਸਨ ਕਰਨਾ ਚਾਹੁੰਦੇ । ਸਭ ਨੋਲਫਜ਼ ਸੁਝਾਇਆ "ਮਾਸ਼ੂਕ" ਸ਼ਿਵ ਤੇ ਸੁੰਦਰ ਨੇ ਉਹਦੀ ਬੋ ਮਾਰਿਆ । ਦੁਨਿਆਵੀ ਜਾਂ ਆਮ ਗੱਲ ਨਾ ਰਹੀ । ਹੁ "ਮਾਸ਼ੂਕ" ਪਦ ਸੁੱਚਾ ਹੋ ਗਿਆ । ਸੱਚੇ ਦਿਲੋਂ ਨਿਕਲਿਆ ਸੀ। ਨੰਦ ਲਾਲ ਹੋਰ ਲਫਜ਼ਾਂ ਨਾਲ ਏਨਾ ਭਾਵ ਦੇ ਨਹੀਂ ਸਕਦਾ ਸੀ ਸੱਚੀ ਤਸਵੀਰ ਦੱਸਣ ਵੇਲੇ ਢੁਕਵੇਂ ਅੱਖਰ ਦੀ ਹੱਦੋਂ ਵਧ ਲੋ ਹੁੰਦੀ ਹੈ । ਨੰਦ ਲਾਲ ਦੇ ਦਿਲ ਵਿਚ ਪ੍ਰੀਤਮ ਲਈ ਲਫਜ਼ ਆ ਪਰ ਚੁੱਕੇ ਨਾ, ਸਜੇ ਨਾ, ਸੁੰਦਰਤਾ ਪੈਦਾ ਨਾ ਹੋਈ। ਅਖੀ “ਮਾਸ਼ੂਕ” ਜਾਂ “ਪਰੀ” ਉੱਤੇ ਹੁਨਰ ਨੇ ਜ਼ਿਲਾ ਕੀਤੀ ਤੇ ਦਸਮੇ ਦੀ ਸ਼ਾਨ ਜਿਡਾ ਕਰ ਦਿੱਤਾ:-
ਹੁਨਰ ਬਣਾਉਟ ਦਿਖਾਉਂਦਾ ਹੀ ਨਹੀਂ,
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਜਿਸ ਦਮ,
ਆਸ਼ਕ ਬਣਿਆ "ਗੋਇਆ” ।
ਹੁਨਰ ਸਦਾ ਸੱਚੀ ਸੁਣਣਾ ਚਾਹੁੰਦਾ ਹੈ। ਭਗਤ ਜੈ ਦੇਵ ਜੀ ਸੰਸਕ੍ਰਿਤ ਦੇ ਅੱਵਲ ਦਰਜੇ ਦੇ ਮਿੱਠ-ਬੋਲੇ ਕਵੀ ਮੰਨੇ ਗਏ ਹਨ। ਉਹ ਗੀਤ ਗੋਬਿੰਦ ਪੁਸਤਕ ਵਿਚ ਰਾਸ ਲੀਲਾ ਵਰਣਨ ਕਰ ਰਹੇ ਸਨ । ਇਕ ਗੱਲ ਉੱਤੇ ਆ ਅਟਕੇ, ਭਾਈ ਗੁਰਦਾਸ ਇਉਂ ਲਿਖਿਆ ਹੈ:-
"ਅੱਖਰ ਇਕ ਨ ਆਹੁੜੇ,
ਪੁਸਤਕ ਬੰਨ੍ਹ ਸੰਧਿਆ ਘਰ ਆਵੇ”।
ਭਗਤ ਜੀ ਲਿਖਣੋਂ ਘਬਰਾਉਣ । ਸ਼ਾਮ ਸੁੰਦਰ ਜੀ ਦੇ
ਮੁਖੋਂ ਇਹ ਕਹਾਉਣਾ ਨਹੀਂ ਸਨ ਚਾਹੁੰਦੇ "ਹੇ ਰਾਧਕੇ ਮੇਰੇ ਹਿਰਦੇ ਤੇ ਆਪਣੇ ਚਰਣ ਰਖੋ" ਇਕ ਪਾਸੇ ਦਾਸ ਭਾਵ ਸੀ ਦੂਜੇ ਪਾਸੇ ਸਚਿਆਈ ਪ੍ਰੇਮੀ ਦਾ ਹੱਦੋਂ ਵੱਧ ਪਿਆਰ ਸੀ । ਹਿਰਦੇ ਦੀ ਅਸਲੀ ਤਸਵੀਰ ਸੀ। ਅਖੀਰ ਸਤਿ ਤੇ ਕਲਾ ਪ੍ਰੇਮੀ ਨੂੰ ਗਿਆਨ ਹੋਇਆ । ਕਿਹਾ ਜਾਂਦਾ ਹੈ ਕਿ ਪੱਤ ਪੱਤ ਉੱਤੇ ਲਿਖੇ ਅੱਖਰ ਦਿਸੇ । ਕਵੀ ਨੇ ਸ਼ਲੋਕ (ਗੀਤ) ਗੋਬਿੰਦ ਜੀ ਦੀ ਭੇਟਾ ਕੀਤਾ। ਸਚਿਆਈ ਨੂੰ ਲਿਖਣ ਲਈ ਕਵੀ ਕਿਉਂ ਝੱਕੇ, ਏਸ ਪ੍ਰਸੰਗ ਦਾ ਇਸ਼ਾਰਾ ਮੈਂ ਵੀ ਕੀਤਾ ਹੈ:-
ਜੇ ਦਿਲ ਦੀਆਂ ਦੱਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸੁਣਾਉਣਾ ਕੀ ?
ਕਵੀ ਦਾ ਕਮਾਲ ਓਥੇ ਹੋਂਦਾ ਹੈ ਜਦੋਂ ਸਤਿ ਨੂੰ ਸੁੰਦਰ ਬਣਾਏ । ਸਤਿ ਸੁੰਦਰਤਾ ਹੈ ਪਰ ਓਹਨੂੰ ਕਲਾ ਨੇ ਪਰਤੱਖ ਸੰਦਰ ਬਣਾਉਣਾ ਹੈ । ਸੋਹਣੀ ਸ਼ੈ ਨੂੰ ਕਵੀ ਨੇ ਹਰ ਥਾਂ ਤੋਂ ਲੈ ਲੈਣਾ ਹੈ ਜਾਂ ਹਰ ਮੰਦੀ ਨੂੰ ਸੁੰਦਰ ਕਰ ਦੇਣਾ ਹੈ । ਸ਼ਹਿਦ ਗੜੁੱਚੀ ਕਲਾਮ ਦੇ ਮਾਲਕ ਹਾਵਿਜ਼ ਨੇ ਆਪਣੇ ਦੀਵਾਨ ਦੇ ਮੁੱਢ ਵਿਚ ਯਜ਼ੀਦ ਦੇ ਅਰਬੀ ਸ਼ੇਅਰ ਦਾ ਮਿਸਰਾਅ ਰਖ ਲਿਆ। ਸੁੰਦਰਤਾ ਦੇ ਸਵਾਦੋਂ ਘੁੱਣਿਆਂ, ਹਾਵਿਜ਼ ਨੂੰ ਬੁਰਾ ਭਲਾ ਕਿਹਾ, ਏਸ ਲਈ ਕਿ ਯਜ਼ੀਦ ਨੇ ਹਸਨ ਹੁਸੈਨ ਨੂੰ ਸ਼ਹੀਦ ਕਰਾਇਆ ਸੀ । ਸਤਿ ਤੇ ਸੁੰਦਰਤਾ ਦੇ ਰਾਖੇ ਹਾਵਿਜ਼ ਨੇ ਜਵਾਬ ਦਿੱਤਾ:-
"ਜੀ ਮੈਂ ਤੇ ਕੂੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ” ।
ਕਲਾ ਸਾਡੀ ਨਜ਼ਰ ਨੂੰ ਖੁਲਿਆਂ ਕਰਦੀ ਹੈ । ਸਾਡੀ ਸੋਚ ਨੂੰ ਵਧਾਉਂਦੀ ਹੈ। ਉਹ ਤੰਗ ਖਿਆਲੀ ਤੋਂ ਜਿੱਚ ਆ ਕੇ ਇਕ ਬੰਨੇ ਹੋ ਜਾਂਦੀ ਹੈ । ਜਿਹੜਾ ਕਵੀ ਜਾਂ ਚਿਤਰਕਾਰ ਤੰਗ ਖਿਆ-
ਲੀਆ ਹੁਨਰ ਪੇਸ਼ ਕਰਦਾ ਹੈ ਓਹ ਸਮਝੋ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ । ਕਲਾ ਮੰਦੀ ਤੋਂ ਮੰਦੀ ਸ਼ੈ ਦੀ ਬਦਬੋ ਨੂੰ ਮਾਰਨ ਦੀ ਹਿੱਮਤ ਰਖਦੀ ਹੈ । ਪੰਜਾਬੀ ਕਵਿਤਾ ਵਿਚ ਵਿਭਤਸ ਰਸ ਸ਼ਾਇਦ ਏਸੇ ਲਈ ਘਟ ਲਿਖਿਆ ਗਿਆ ਤੇ ਲਿਖਿਆ ਜਾ ਰਿਹਾ ਹੈ ਪਈ ਓਸ ਵਿਚ ਭੈੜੀਆਂ ਚੀਜ਼ਾਂ ਦੀ ਤਸਵੀਰ ਹੋਂਦੀ ਹੈ । ਅਸਲ ਵਿਚ ਕਵਿਤਾ ਜਾਂ ਚਿਤਰਕਾਰੀ ਉਹਨੂੰ ਸੋਹਣਾ ਕਰ ਦੇਂਦੀਆਂ ਹਨ । "ਦੇਖੋ ਗਿਰੜ":-
ਘਸਮੈਲੀ ਘਸਮੈਲੀ
ਸਿਰ ਗੰਜਾ ਗੰਜਾ
ਚੁੰਝ ਲੰਮੀ ਲੰਮੀ
ਖੰਭ ਜ਼ੋਰੋਂ ਖੁੱਸੇ, ( ਦੇਖੋ ਸਫਾ ੬ )
* * * *
ਗਿਰਝ ਦੀ ਸ਼ਕਲ ਦੇਖੋ ਤਾਂ ਜੀਅ ਖਰਾਬ ਹੋ ਜਾਵੇਗਾ, ਪਰ ਕਲਾ ਅਸਲੀਅਤ ਉੱਤੇ ਅਜਿਹਾ ਰੰਗ ਚੜ੍ਹਾਉਂਦੀ ਹੈ ਕਿ ਭੈੜੀ ਸ਼ੈ ਵੀ ਬਹੁਤ ਹੀ ਸੋਹਣੀ ਹੋ ਜਾਂਦੀ ਹੈ ।
ਏਸ ਨਿੱਕੀ ਜਿਹੀ ਪੁਸਤਕ ਦਾ ਨਾਂ "ਰੂਪ ਲੇਖਾ" ਏਸੇ ਲਈ ਰਖਿਆ ਹੈ ਪਈ ਏਸ ਵਿਚ ਸੁੰਦਰਤਾ ਉਘਾੜਣ ਲਈ ਕਈ ਥਾਈਂ ਨਮਾਣੇ ਜਤਨ ਕੀਤੇ ਹਨ । ਦੋ ਤਰ੍ਹਾਂ ਦੇ ਜਤਨ ਪਰਧਾਨ ਹਨ। ਇਕ ਤਾਂ ਭਾਵਾਂ ਵਿਚ ਸੁੰਦਰਤਾ ਲਿਆਉਣ ਦੀ ਚਾਹ ਰਹੀ ਹੈ, ਦੂਜੇ ਚਿਤਰਕਲਾ ਨਾਲ ਕਵਿਤਾ ਨੂੰ ਮਿਲਾ ਕੇ ਜਾਂ ਚਿਤਰਕਲਾ ਦੇ ਸੁਹੱਪਣ ਨੂੰ ਲਗਦੀ ਵਾਹ ਕਵਿਤਾ ਵਿਚ ਲਿਆ ਕੇ ਚਮਕ ਪੈਦਾ ਕਰਨ ਤੇ ਜੀਅ ਉਮਲਿਆ ਰਿਹਾ ਹੈ।
ਭਾਵਾਂ ਦੀ ਸੁੰਦਰਤਾ ਤੋਂ ਭਾਵ ਹੈ ਅਪਣੇ ਚੁਗਿਰਦੇ ਦੀ ਹਰ ਬੁਰਾਈ ਸੁਝਾਉਣੀ। ਮੇਰੀ ਜਾਚੇ ਸੁੰਦਰਤਾ ਉਹ ਹੈ ਜਿੱਥੇ ਸਾਫ
ਖਿਆਲ ਮਰਦਉ ਪੁਣੇ ਨਾਲ ਸਜ ਸਜਾ ਕੇ ਬੈਠੇ ਹੋਣ । ਲਫਜ਼ੀ ਜਾਲ ਜਾਂ ਓਪਰੇ ਬਣਾਉਟੀ, ਮਿੱਠੇ ਮਿੱਠੇ ਘੜੇ ਲਵਜ਼ਾਂ ਦੀਆਂ ਪਾਲਾਂ ਨਾ ਹੋਣ । ਲਵਜ਼ਾਂ ਦੀ ਜ਼ਾਹਿਰੀ ਝਣਕਾਰ ਨਾ ਹੋਵੇ । ਇਕ ਹਵਾਈ ਵਾਹਵਾ ਲੈਣ ਵਾਲੀ ਗੂੰਜ ਜਿਹੀ ਨਾ ਹੋਵੇ । ਲਫਜ਼ ਆਪਣੇ ਭਾਵ ਨੂੰ ਬਿਆਨ ਕਰੇ ਜੇ ਤਾਂ ਭਾਵ ਦੇ ਨਾਲ ਦਾ ਨਰਮ ਸਹਲ ਲਵਜ਼ ਲੱਭ ਪਵੇ ਤਾਂ ਪੈਂ ਬਾਰਾਂ ਨਹੀਂ ਤਾਂ ਭਾਵ ਨੂੰ ਕਾਇਮ ਰੱਖਣ ਵਾਲਾ ਕੁਝ ਠੇਠ ਜਾਂ ਕਰੜਾ ਸ਼ਬਦ ਰੱਖ ਲੈਣ। ਮੈਂ ਤਾਂ ਲਫਜ਼ੀ ਘੁਕਰ ਦੇ ਮੁਕਾਬਲੇ ਤੋਂ ਲੱਖ ਗੁਣਾ ਚੰਗਾ ਸਮਝਦਾ ਹਾਂ। ਭਾਵ ਭਰੇ ਰੁਕਵੇਂ ਆਦਿ ਸ਼ਬਦ ਸੁਣਕੇ ਮਤਲਬ ਦੀ ਸੁੰਦਰਤਾ ਦੇ ਸਤਿ ਨੂੰ ਕਾਇਮ ਰੱਖਣਾ ਹੈ ਤੇ ਓਪਰੀ ਮਿਠਾਸ ਵਾਲੇ ਨੇ ਛੂਈ ਮੂਈ ਦੇ ਬੂਟੇ ਵਾਂਙ, ਜਦੋਂ ਸੂਝ ਦਾ ਹੱਥ ਲਾਇਆ ਤਾਂ ਵਿਚਾਰੇ ਧੌਣ ਲਟਕਾ ਦੇਣੀ ਹੈ । ਬੋਲੀ ਰਗੜੀ ਰਗੜੀ ਕੇ ਆਪੇ ਅੱਖਾਂ ਵਿਚ ਪਾਉਣ ਵਾਲੀ ਹੋ ਜਾਣੀ ਹੈ । ਜਿਹੜੇ ਸ਼ਬਦ ਅੱਜ ਓਪਰੇ ਤੇ ਅਣਛੁਕਵੇਂ ਹੋਣ ਕਰ ਕੇ ਸਾਨੂੰ ਜਲਦੀ ਸਮਝ ਨਹੀਂ ਆਉਂਦੇ ਓਹ ਕਲ ਨੂੰ ਵਰਤਣ ਨਾਲ ਡੂੰਘੇ ਭਾਵ ਦੱਸਣ ਨਾਲ ਸਾਨੂੰ ਚੰਗੇ ਲਗ ਜਾਣਗੇ ਪਰ ਭਾਵ ਤਾਂ ਉੱਚੇ ਆਉਣਗੇ । ਸਾਨੂੰ ਡੂੰਘੀ ਗੱਲ ਲਿਖਣ ਦੀ ਜਾਚ ਆਵੇਗੀ। ਅਸੀਂ ਬਹੁਤੇ ਠੇਠ ਲਫਜ਼ਾਂ ਤੋਂ ਅਨਜਾਣ ਹਾਂ। ਦੂਜਾ ਅਸੀਂ ਡੂੰਘੇ ਖ਼ਿਆਲ ਸੁਣਣੋਂ ਵੀ ਕੰਨੀਂ ਕਤਰਾਉਂਦੇ ਹਾਂ । ਤੀਜਾ ਅਸੀਂ ਆਪਣੇ ਨੂੰ ਨਿੰਦਣਾ ਫੈਸ਼ਨ ਵੀ ਸਮਝਿਆ ਹੋਇਆ ਹੈ। ਏਸ ਲਈ ਜ਼ਾਹਿਰਾ ਸੋਹਣੀ ਕਵਿਤਾ ਵਲ ਝੁਕਾਅ ਹੈ ਤੇ ਪੜ੍ਹੀ ਜਨਤਾ ਨੇ ਭਾਵਿਕ ਸੁੰਦਰਤਾ ਨੂੰ ਦੇਖਣਾ ਸੀ ਓਹ ਗਿਣੇ ਮਿਥੇ ਸ਼ਾਇਰਾਂ ਤੋਂ ਬਿਨਾਂ ਅਗਾਂਹ ਵਧਣ ਨੂੰ ਤਿਆਰ ਨਹੀਂ। ਸਿੱਟਾ ਇਹ ਨਿਕਲਿਆ ਕਿ ਗਿਣੇ ਮਿਥੇ ਕਵੀ ਕਿੰਨੀ ਕੁ
ਸੁੰਦਰਤਾ ਪੈਦਾ ਕਰੀ ਜਾਣ ਤੇ ਨਵੇਂ ਹੌਂਸਲਾ ਕਰ ਕੇ ਡੂੰਘੇ ਭਾਵਾਂ ਦੀ ਸੁੰਦਰਤਾ ਵੱਲ ਨਹੀਂ ਆਉਂਦੇ। ਹਾਲੀ ਏਸ ਪਾਸੇ ਪੁੱਛ ਪਰਤੀਤ ਘੱਟ ਹੈ। ਸੋ ਸਾਡੀ ਕਵਿਤਾ ਵਿਚ ਅਜਿਹੀਆਂ ਗੱਲਾਂ ਕਰ ਕੇ ਵੀ ਭਾਵ ਦੀ ਡੂੰਘਾਈ, ਜੋ ਲਿਖਦੇ ਹਾਂ ਓਹਦੀ ਔਸਤ ਘੱਟ ਹੈ।
ਅਸਲ ਸਾਹਿੱਤ, ਭਾਵ ਦੀ ਡੂੰਘਾਈ ਜਾਂ ਸੁੰਦਰਤਾ ਉੱਤੇ ਕਾਇਮ ਰਹਿਣਾ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਏਸ ਸਾਹਿੱਤ ਨੂੰ ਉਪਜਾ ਰਿਹਾ ਹਾਂ । ਏਨਾ ਜ਼ਰੂਰ ਹੈ। ਏਸ ਪਾਸੇ ਜਾਣ ਦਾ ਜਤਨ ਕਰਨਾ ਚਾਹੁੰਦਾ ਹਾਂ। ਇਹ ਜਤਨ ਵੱਡੀ ਨੀਂਹ ਨੂੰ ਭਰਨ ਵਾਲੇ ਇੱਟਾਂ ਰੋੜਿਆਂ ਸਾਮਾਨ ਹੈ । ਅਜਿਹੀ ਨੀਂਹ ਉੱਤੇ ਹੀ ਸਾਹਿੱਤਕ ਬੁਰਜ ਬਣਨਾ ਹੈ । ਜ਼ਮਾਨਾ ਜ਼ੋਰਾਂ ਨਾਲ ਏਧਰ ਆ ਰਿਹਾ ਹੈ । ਨਵੀਨਤਾ ਤੇ ਭਾਵ ਨੂੰ, ਜ਼ਮਾਨੇ ਨੇ ਹਿੱਕੇ ਲਾਉਣਾ ਹੈ। ਗਵਾਂਢੀ ਬੋਲੀਆਂ ਨੂੰ ਭਾਵ ਨੇ ਆਪਣਾ ਚਮਤਕਾਰਾ ਦਿਖਾਉਣਾ ਹੈ। ਓਪਰੇ ਮਿੱਠੇ ਪਦਾਂ ਦੇ ਕੀ ਅਰਥ ਹੋਏ? ਏਸ ਪੁਸਤਕ ਵਿਚ ਭਾਵ ਦਾ ਪਰਵਾਹ ਰੱਖਣ ਲਈ ਕਿਤੇ ਕਿਤੇ ਕਾਫੀਏ ਦੀ ਖੁਲ੍ਹ ਦਾ ਖਿਆਲ ਤੇ ਸਤਰਾਂ ਦੀ ਲੰਬਾਈ ਘਟਾਈ ਵਧਾਈ ਹੈ।
ਹੇ ਬੱਤ ਬਣਾਉਣ ਵਾਲਿਆ
ਤੂੰ ਬੁੱਤ ਬਣਾਉਂਦਾ ਜਾ ਜੀਵੇਂ
ਬੇਸ਼ਕ ਹਟ ਸਜਾਵਣ ਖਾਤਰ
ਉੱਚੇ ਨੀਵੇਂ ਅੱਗੇ ਪਿੱਛੇ
ਲਾਂਦਾ ਜਾ ਤੂੰ, ਖੂਬ ਫਬਾ ਤੂੰ ।
ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ
ਫਰਕ ਪਿਆ ਨ ਜਾਪੇ ।
ਹਰ ਇਕ ਹੈ ਵੀ ਤੇ ਜਾਣੇ ਵੀ
ਮੈਂ ਹਾਂ ਹਟ ਦੀ ਸ਼ਾਨ ਅਨੋਖੀ।
ਭਾਵ ਨੂੰ ਅਟੱਟ ਤੇ ਇਕ ਸਾਰ ਰੱਖਣ ਦਾ ਜਤਨ ਕੀਤਾ ਹੈ ਤੇ ਏਸ ਨੂੰ ਮੈਂ ਸੰਦਰਤਾ ਕਹਿੰਦਾ ਹਾਂ।
ਕਈ ਨਜ਼ਮਾਂ ਵਿਚ ਬੋਲੀ ਭਾਵ ਦੀ ਲਯ ਨਾਲ ਵਗੀ ਹੈ। ਕਾਫੀਏ ਦਾ ਧਿਆਨ ਰਖਦਿਆਂ ਵੀ ਭਾਵ ਨਿਭਾਣ ਦਾ ਖਿਆਲ ਰਿਹਾ ਹੈ:-
* * * * * * * *
ਦਿਲ ਦਿਮਾਗ ਨੂੰ ਸਾਂਝਾ ਕਰ ਦੇ
ਜੀਵਨ ਰੱਤੀਆਂ ਹਿੱਮਤਾਂ ਭਰ ਦੇ
ਜਗਤ ਬਰਾਗੀ ਨੂੰ ਗੁਰ ਵਾਕਰ
ਬੰਦਾ ਦਈਂ ਬਣਾ।
ਕਵੀਆ ਐਸਾ ਤੀਰ ਚਲਾ ।
* * * * * * * *
ਮੈਂ ਕਹਾਂ ਕਸ਼ਮੀਰ ਨੂੰ ਕੁਝ ਕਰ ਦਿਖਾ
ਹੱਥਲੀ ਬਾਜ਼ੀ ਨੂੰ ਹੱਥੀਂ ਹੀ ਬਣਾ
ਬਣ ਦਿਖਾ ਤੂੰ ਮੋਹਿਨੀ ਅਵਤਾਰ ਹੁਣ
ਡੋਬ ਦੈਂਤਾਂ ਨੂੰ ਦਿਓਤੇ ਤਾਰ ਹੁਣ।
* * * * * * * *
ਟਿੱਬਾ ਅਪਣੀ ਹੈਂਕੜ ਛੱਡੇ
ਟੋਇਆ ਹਿੱਕ ਉਭਾਰੇ,
ਜੀਵਨ ਦੀ ਅਸਵਾਰੀ ਖਾਤਰ
ਪਧਰਾ ਪੰਧ ਬਣਾ ਖਾਂ ।
ਭਾਵਾਂ ਦੀ ਸੁੰਦਰਤਾ ਲਈ ਮੈਂ ਗੁਲਦਸਤੇ ਰਖੇ ਹਨ । ਗੁਲਦਸਤੇ ਵਿਚ ਜਿਸ ਤਰ੍ਹਾਂ ਵਖੋ ਵੱਖਰੇ ਫੁਲ ਹੋਂਦੇ ਹਨ ਓਸੇ ਤਰ੍ਹਾਂ ਦੋ ਦੋ ਕਲੀਆਂ ਵਿਚ ਅੱਡੋ ਅੱਡ ਭਾਵ ਦਿੱਤਾ ਹੈ। ਸਾਨੂੰ ਅਜਿਹੇ ਵਜ਼ਨ ਕਾਫ਼ੀਆਂ ਜਾਂ ਸੋਹਲਿਆਂ ਵਿਚੋਂ ਕਾਫੀ ਮਿਲ ਸਕਦੇ ਹਨ, ਜਿਹੜੇ ਭਾਵ ਨਿਭਾਉਣ ਲਈ ਲੰਬੇ ਤੇ ਬੋਲੀ ਨੂੰ ਵੀ ਭਾਵ ਨਾਲ ਤੋਰੀ ਜਾਣ । ਮੈਂ ਅਜਿਹੇ ਦੋ ਚਾਰ ਉਪਰਾਲੇ ਕੀਤੇ ਹਨ:-
ਸਾਕੀ ਨੇ ਪਰੇਹ ਜਮਾਈ ਹੈ
ਪਰ ਆਕੇ ਆਪ ਪਿਆਉਂਦਾ ਨਹੀਂ ।
ਏਸੇ ਹੀ ਆਪਾ ਧਾਪੀ ਵਿਚ
ਸੁਰ ਸਵਾਦ ਕਿਸੇ ਨੂੰ ਆਉਂਦਾ ਨਹੀਂ ।
ਕਹਿੰਦਾ ਹੈ ਮੇਰੀ ਉਂਗਲੀ ਤੋਂ
ਸਾਰੇ ਹੀ ਆਕੇ ਨਾਚ ਕਰੋ ।
ਸਾਡੀ ਤਾਂ ਮੌਜ ਬਣਾਈ ਸੂ,
ਤੇ ਅਪਨਾ ਨਾਚ ਦਿਖਾਉਂਦਾ ਨਹੀਂ ।
* * * *
ਇਕ ਹੋਰ ਗੁਲਦਸਤੇ ਦਾ ਫੁਲ ਤੱਕੋ:-
ਮੁੱਖ ਬਾਝੋਂ ਛਾਇਆ ਭਟਕੀ ਸੀ
ਤਕਦੇ ਹੀ ਟਿੱਕੀ ਹੋਈ ਹੈ।
ਕਹਿੰਦੇ ਨੇਂ ਰਾਏ ਬੁਲਾਰ ਜਿਹੇ,
ਬਿਨ ਬ੍ਰਹਮ ਨਹੀਂ ਟਿਕਦੀ ਮਾਇਆ ਹੈ।
ਏਸੇ ਗੁਲਦਸਤੇ ਦਾ ਹੋਰ ਫੁਲ ਤੱਕੋ:-
ਇਹਦੇ ਤਾਂ ਕੱਖ ਵੀ ਜੁਗ ਲੀਤੇ,
ਤੇ ਓਧਰ ਕੱਖ ਵੀ ਪੁੱਛਿਆ ਨਹੀਂ ।
ਏਧਰ ਮੁੱਠ ਦਾਣੇ ਖਾਣ ਲਈ,
ਤੇ ਓਧਰ ਬੋਲ੍ਹ ਲਵਾਇਆ ਹੈ।
ਮੈਂ ਉੱਤੇ ਇਸ਼ਾਰਾ ਕੀਤਾ ਸੀ ਪਈ ਚਿਤਰਕਲਾ ਸੁੰਦਰ ਹੈ ਤੇ ਕਵਿਤਾ ਦੀ ਭੈਣ ਹੋਈ ਏਸ ਲਈ ਡੂੰਘੇ ਭਾਵ ਦੱਸਣ ਲਈ ਮੁਸੱਵਰੀ ਦਾ ਗੁਣ ਗਾਉਂਦਾ ਤੇ ਫਾਇਦਾ ਉਠਾਉਣਾ ਚਾਹੁੰਦਾ ਹਾਂ:-
ਜੀਵਨ ਦਾ ਤੱਤ ਹੈ ਸੁੰਦਰਤਾ
ਸੱਤ ਸੁੰਦਰਤਾ ਦਾ ਚਿਤਰਕਲਾ
ਤੂੰ ਚਿਤਰ ਸ਼ਾਲਾ ਰਚਦਾ ਜਾ
ਮੜ੍ਹੀਆਂ ਤੇ ਪੱਥਰ ਲਾਉਣਾ ਕੀ ।
ਪਰਸਿੱਧ ਚਿਤਰਕਾਰ ਸਰਦਾਰ ਠਾਕਰ ਸਿੰਘ ਦੀਆਂ ਦੋ ਤਸਵੀਰਾਂ ਉੱਤੇ ਆਪਣੇ ਭਾਵ ਦਿਤੇ ਹਨ । ਸ੍ਰੀ ਸੁਸ਼ੀਲ ਸਰਕਾਰ ਦੀ ਤਸਵੀਰ "ਮਾਨਣੀ" ਦਾ ਸੀ ਐਮ. ਐਸ. ਰਣਧਾਵਾ ਨੇ ਹੁਨਰੀ ਪੱਖੋਂ ਤੇ ਭਾਵ ਵਲੋਂ ਵੀ ਭੂਮਿਕਾ ਵਿਚ ਸਲਾਹਿਆ। ਮੈਂ ਓਸ ਦਾ ਭਾਵ ਵੱਖਰਾ ਕਢਿਆ ਹੈ ਦੇਖੋ "ਮਾਨਣੀ" ।
ਮੇਰੀ ਜਾਚੇ ਕਵਿਤਾ ਦਾ ਪਰਚਾਰ ਚਿਤਰਕਲਾ ਰਾਹੀਂ ਵੀ ਕਰਨਾ ਚਾਹੀਦਾ ਹੈ। ਸੇ ਏਸ ਸੰਚੀ ਵਿਚ ਭਾਈ ਸੋਹਣ ਸਿੰਘ ਆਰਟਿਸਟ ਦੀ ਹੇਠਲੀ ਬੋਲੀ ਰੰਗੀ ਹੋਈ ਦੇਣੀ ਸੀ।
ਹਲ ਰਖ ਮੋਢੇ ਤੇ ਅੱਜ ਮੈਂ ਵੀ ਖੇਤੀਂ ਜਾਣਾ ।
ਕਾਂਗੜਾ ਕਲਮ ਦੀ ਤਰਜ਼ ਦਾ ਚਿਹਰਾ ਹੈ, ਕਪੜੇ ਵੀ ਓਸੇ ਢੱਬ ਦੇ ਚੁਸਤ ਤੇ ਕੁੜਤੇ ਦੀ ਰਵਾਨੀ ਰੱਖੀ ਹੈ। ਇਹ ਤਸਵੀਰ ਮਾਈ ਭਾਗੋ ਦੀ ਹੈ ਜੋ ਪਿੱਛੇ ਰਹਿ ਚੁੱਕੇ ਸਾਥੀਆਂ ਨੂੰ ਵੰਗਾਰ ਰਹੀ ਹੈ । ਪੰਜਾਬ ਦੀ ਮਸ਼ਹੂਰ ਕਾਂਗੜਾ ਕਲਮ ਤੇ ਪੰਜਾਬ ਦਾ ਮਸ਼ਹੂਰ ਪਰਸੰਗ ਤੇ ਪੰਜਾਬ ਦੀ ਸਭ ਤੋਂ ਮਸ਼ਹੂਰ
ਸਿਫਤ "ਬੀਰਤਾ" ਏਸ ਤਸਵੀਰ ਨੇ ਬੰਨ ਬਹਾਈ ਹੈ। ਅਫਸੋਸ ਰਿਹਾ ਕਿ ਤਸਵੀਰ ਪਟਿਆਲਾ ਨਮਾਇਸ਼ੋਂ ਜਲਦੀ ਨ ਆਈ।
ਸਾਨੂੰ ਚਿਤਰਕਲਾ ਵਲੋਂ ਕਿਸੇ ਤਰ੍ਹਾਂ ਮੂੰਹ ਨਹੀਂ ਮੋੜਨਾ ਚਾਹੀਦਾ । ਇਹਦਾ ਸਤਿਕਾਰ ਸਾਹਿੱਤ ਜਿੰਨਾ ਕਰਨਾ ਚਾਹੀਦਾ ਹੈ। ਇਹ ਇਕ ਅਜਿਹੀ ਸਾਂਇੰਸ ਦਾ ਰੂਪ ਧਾਰੀ ਜਾ ਰਹੀ ਹੈ ਜਿਦੇ ਨਾਲ ਸਾਹਿੱਤ ਨੂੰ ਦੱਖਣਾ ਹੀ ਪੈਣਾ ਹੈ।
ਮੈਂ ਆਪਣੇ ਉਸਤਾਦਾਂ ਬਾਬੂ ਫੀਰੋਜ਼ ਦੀਨ ਸ਼ਰਫ ਤੇ ਲਾਲਾ ਧਨੀ ਰਾਮ ਜੀ ਚਾਤ੍ਰਿਕ ਦਾ ਸਤਿਕਾਰ ਕਰਦਾ ਹੋਇਆ ਦੋ ਬਜ਼ੁਰਗ ਮਹਾਂ ਕਵੀਆਂ ਦੀ ਭੇਟਾ ਦੋ ਦੋ ਕਲੀਆਂ ਚੜ੍ਹਾਉਣੀਆਂ ਚਾਹੁੰਦਾ ਹਾਂ ।
ਭਾਈ ਗੁਰਦਾਸ
ਤੂੰ ਆਇਓਂ ਤਾਂ ਚੇਤੇ ਆਇਆ
ਸਾਨੂੰ ਵੇਦ ਵਿਆਸ ।
ਚੱਪੇ ਚੱਪੇ ਆਨ ਖਲਾਰੀ,
ਕਈ ਇਲਮਾਂ ਦੀ ਰਾਸ।
ਵਾਰਸ
ਤੂੰ ਪੰਜਾਬ ਤੇ ਆਬ ਲਿਆਂਦੀ,
ਸੋਹਣੀ ਕਲਮ ਵਗਾ ਕੇ।
ਇਸ਼ਕ ਵਿਚਾਰੇ ਨੂੰ ਰੰਗ ਲਾਇਆ,
ਮੋਈ ਹੀਰ ਜਵਾ ਕੇ ।
ਮੈਂ ਆਪ ਨੂੰ ਬਹੁਤ ਕੁਝ ਨਹੀਂ ਦੱਸ ਸਕਦਾ। ਮੇਰਾ ਕੰਮ ਹੈ ਆਪ ਅਗੇ ਲਿਖ ਕੇ ਭੇਟਾ ਕਰਨਾ ਤੇ ਤੁਹਾਡਾ ਕੰਮ ਆਰਾਮ ਨਾਲ ਸਮਝਾਉਣਾ।
૧੭. ੧੧.੪੯ ਹਰਿੰਦਰ ਸਿੰਘ "ਰੂਪ”
ਕਲਾ
ਕਲਾ ਯੋਗ ਦਾ ਨਾਮ ਹੈ,
ਰੂਪ ਜਿਦਾ ਹੈ ਧਿਆਨ ।
ਕਲਾ ਸਵਾਰੇ ਜਗਤ ਨੂੰ,
ਕਲਾ ਰਚੇ ਭਗਵਾਨ ।
ਮੀਰਾਂ ਬਾਈ
ਲਯ ਰਾਗਾਂ ਦੀ, ਰੂਹ ਨਾਚਾਂ ਦੀ,
ਤੇ ਪ੍ਰੀਤੀ ਦੀ ਰਾਸ ।
ਸ਼ਿਵ ਸਤਿ ਤੇ ਸੁੰਦਰ ਫੁਲ ਦੀ,
ਉਹ ਰਸ ਭਿੰਨੀ ਵਾਸ ।
ਜੀਵਨ ਦੇ ਹਿਮਾਲਾ ਤੇ
(৭)
ਜੀਵਨ ਦੇ ਹਿਮਾਲਾ ਤੇ,
ਸਜਰੇ ਖਿਆਲਾਂ ਦੀ,
ਬਰਫ ਨ ਜੰਮੀ ਰਹੇ ।
ਵਰਤੋਂ ਦੀਆਂ ਇਕ ਰਸ ਕਿਰਨਾਂ,
ਪਾ ਪਾ ਪੰਘਰਾਂਦਾ ਜਾ,
ਤੇ ਜ਼ੋਰਾਂ-ਮੱਤੀਆਂ ਕੂਲਾਂ,
ਅਪਨੇ ਵਸ ਵਿਚ ਚਲਾਂਦਾ ਜਾ ।
ਕੋਈ ਕਵਿਤਾ ਕੂਲ੍ਹ ਬਣੇ,
ਕੋਈ ਚਿਤਰ ਕਾਰੀ ਬਣ ਕੇ,
ਨਿੱਘੀ ਮੌਜ ਦੇਵੇ ਹਰ ਮਨ ਨੂੰ ।
ਅਕਲੋਂ ਖਾਲੀ ਥਲ ਉੱਤੇ,
ਨਿਤ ਸੂਝ ਹਰਿਔਲ ਵਿਛਾਂਦਾ ਜਾ।
(२)
ਜੀਵਨ ਦੇ ਹਿਮਾਲਾ ਤੇ,
ਮੌਲੇ ਹੋਏ ਝੁਕਦੇ ਦਿਸਦੇ,
ਕੁਝ ਡਲ੍ਹ ਡਲ੍ਹ ਕਰਦੇ ਤਾਰੇ,
ਗੁਰ ਨਾਨਕ, ਭਗਤ ਕਬੀਰ,
ਮਾਰਕਸ ਤੇ ਲੈਨਿਨ
ਚੁੱਪ-ਖਿੱਚਾਂ ਪਾਂਦੇ ।
ਗ਼ਮ-ਰੱਤੀ ਰਾਤ ਹਨੇਰੀ,
ਉਹ ਤਾਰੇ ਕਟਦੇ ਜਾਂਦੇ ।
(३)
ਤਾਂ ਦੂਜਾ ਸੋਹਣਾ ਦਿਸਦਾ,
ਜੇ ਉੱਚੇ ਹੋਕੇ ਤੱਕੀਏ।
ਤੂੰ ਧੌਲ ਗਿਰੀ ਤੇ ਚੜ੍ਹ ਜਾ,
ਲੋਕੀ ਨਹੀਂ ਚੜ੍ਹਣਾ ਚਾਹੁੰਦੇ ।
ਥੱਲਿਓਂ ਹੀ ਮੂੰਹ ਅਡ ਅਡ ਕੇ,
ਅਸਮਾਨਾਂ ਵਲ ਪਏ ਤਕਦੇ
ਤੇ ਲਾਉਂਦੇ ਜਾਣ ਕਿਆਫੇ।
ਨੀ
ਹੇ ਕਾਲੀ ਘਟ ਮਤਵਾਲੀਏ,
ਤੂੰ ਵੱਸੀ ਜਾ ।
ਹੇ ਨੂਰਾਨੀ ਅੰਗੀਏ,
ਤੂੰ ਲੱਸੀ ਜਾ ।
ਕਈ ਗੁਣ ਦੂਰੋਂ ਸੋਭਦੇ,
ਤੂੰ ਦੱਸੀ ਜਾ।
ਹੋ ਨਦੀਏ ਖੇਤ ਲਹਿਰਾਉਣੀਏਂ,
ਨ ਨੱਸੀ ਜਾ।
ਇਸ ਕਲਰੀ ਪਾਸੇ ਵਿਚ ਵੀ,
ਨੀ ਰੱਸੀ ਜਾ।
ਉਜੜੇ ਨੂੰ ਦੂਰੋਂ ਤਕ ਕੇ,
ਨ ਹੱਸੀ ਜਾ।
ਗਿਰਝ
ਘਸਮੈਲੀ ਘਸਮੈਲੀ,
ਸਿਰ ਗੰਜਾ ਗੰਜਾ,
ਚੁੰਜ ਲੰਮੀ ਲੰਮੀ,
ਖੰਭ ਜੋਰੋਂ ਖੁੱਸੇ ।
ਜੜ੍ਹੋਂ ਉਖੜੇ,
ਨੜਿਆਂ ਵਾਂਙ,
ਟੰਗਾਂ ਤੇ ਪੰਜੇ ।
ਗੰਨੇ ਦੀ ਛਿਲ
ਬਾਂਕ ਜਿਵੇਂ
ਹੈ ਲਾਹੀ ਜਾਂਦੀ,
ਸੜਿਹਾਂਦ ਪਏ
ਮੁਰਦਾਰ ਦਾ,
ਇਹ ਮਾਸ ਖੁਰਚਦੀ,
ਲੋਹਿਆ ਲੋਹੇ ਨੂੰ ਕਟਦਾ ।
ਗਭਰੂ ਦਾ ਗੀਤ
ਜਾਗ ਜਵਾਨਾ ਜਾਗ ਜਵਾਨਾ,
ਉਠ ਵੀ ਕਦਮ ਵਧਾ ਖਾਂ ।
ਦਕੀਆਨੂਸੀ ਪੈਂਡੇ ਦੀ ਤੂੰ,
ਦਬਕੇ ਖਾਕ ਉਡਾ ਖਾਂ।
ਟਿੱਬਾ ਹੈਂਕੜ ਛਡ ਦੇਵੇ ਤੇ
ਟੋਇਆ ਹਿੱਕ ਉਭਾਰੇ ।
ਜੀਵਨ ਦੀ ਅਸਵਾਰੀ ਖਾਤਰ,
ਪਧਰਾ ਪੰਧ ਬਣਾ ਖਾਂ।
ਦੇਖ ਪਰਾਏ ਨੂੰ ਨ ਚਿੜਕੀਂ,
ਸੀਨਾ ਤਾਣੀਂ ਚਲੀ।
ਭਵਾਂ ਚੜ੍ਹਾਕੇ, ਮੁੱਛਾਂ ਤਾ ਕੇ,
ਅੱਖੀਂ ਰੋਅਬ ਜਮਾ ਖਾਂ।
ਗੁੱਤੀਆਂ ਗੁੱਤੀਆਂ ਲੰਮੀਆਂ ਬਾਹਾਂ,
ਹਿਮੱਤ ਨਾਲ ਹਿਲਾ ਕੇ,
ਪੰਜਾਂ ਉਂਗਲਾਂ ਨੂੰ ਅਕੜਾ ਕੇ,
ਹਕ ਲਈ ਹੱਥ ਅਜ਼ਮਾ ਖਾਂ ।
ਹੈ ਜਮਾਂਦਰੂ ਹਕ ਅਸਾਡਾ,
ਆਜ਼ਾਦੀ ਸੰਗ ਰਹਿਣਾ ।
ਖੁਲ੍ਹ ਲੈਣੋਂ ਜਿਹੜਾ ਵੀ ਠਾਕੇ,
ਓਸੇ ਨੂੰ ਠੁਕਰਾ ਖਾਂ।
ਪਾਣੀ ਪਰਬਤ ਅੰਬਰ ਤਾਰੇ,
ਤੇਰੇ ਹੀ ਨੇਂ ਤੇਰੇ,
ਹਿੰਦੂ ਮੁਸਲਿਮ ਭਾਰਤ ਮੇਰਾ,
ਸ਼ੇਰਾ ਗੱਜ ਸੁਣਾ ਤੇਰੇ, ਖਾਂ ।
ਹਰ ਇਕ ਤਾਰਾ ਅਪਨੇ ਗ੍ਰਹਿ ਵਿਚ
ਆ ਕੇ ਚਮਕ ਦਿਖਾਂਦਾ ।
ਭਾਰਤ ਦੀ ਅੱਖ ਦੇ ਵਿਚ ਬਹਿਕੇ
ਤੂੰ ਵੀ ਚਮਕ ਦਿਖਾ ਖਾਂ।
ਜਾਗ ਜਵਾਨਾ ਜਾਗ ਜਵਾਨਾ,
ਉਠ ਵੀ ਕਦਮ ਵਧਾ ਖਾਂ।
ਦੋ ਖਿਆਲ
(৭)
ਔਹ ਬੱਦਲ ਆਇਆ,
ਆਹ ਕਿਣ ਮਿਣ ਹੋਈ ।
ਔਹ ਬਿਰਹੋਂ ਮਾਰੀ,
ਬੁਕੱਲ ਵਿਚ ਰੋਈ।
ਇਹ ਦਿਲ ਦੀ ਤਾਕਤ,
ਹੈ ਰੋੜ੍ਹੀ ਜਾਂਦੀ ।
ਅਸ਼ਕੇ ਕਵਿਤਾ ਦੀ
ਰੂਹ ਹੈ ਸਦਵਾਂਦੀ ।
(२)
ਓਹ ਬੱਦਲ ਝੁਕਿਆ
ਇਹ ਬਾਰਸ਼ ਆਈ ।
ਔਹ ਪੱਥਰ ਚੀਰੀ
ਧਾਰਾ ਹੈ ਧਾਈ।
ਇਸ ਖੇਤ ਵਸਾਏ
ਜੀਵਨ ਲਈ ਨੱਸੀ।
ਪਰ ਸ਼ਾਇਰ ਦੇ ਦਿਲ
ਅੰਦਰ ਨਹੀਂ ਵੱਸੀ।
ਕਿਰਨਾਂ
ਕਿਰਨਾਂ ਸੂਰਜ ਗੋਦੀ ਪਲੀਆਂ,
ਰਾਹ ਅਣਡਿੱਠੇ ਆਈਆਂ ।
ਗੁਰ ਆਸਾਂ ਜਿਉਂ ਨੂਰੀ ਲਗਰਾਂ,
ਜੀਵਨ ਬਣਕੇ ਛਾਈਆਂ ।
ਹਸ ਹਸ ਕੇ ਨਿਤ ਜਾਂਦੀਆਂ ਰਹਿੰਦੀਆਂ,
ਤੇ ਨਸ ਨਸ ਕੇ ਆਉਂਦੀਆਂ ।
ਆਉਣੋਂ ਜਾਣੋਂ ਭਗਤ ਘਬਰਾਉਂਦੇ,
ਪਰ ਇਹ ਨਹੀਂ ਕਤਰਾਉਂਦੀਆਂ ।
ਸਰੂ
ਸਰੂ ਨੂੰ ਸ਼ਾਹ ਹਿੰਦ ਵਿਚ ਲਿਆਏ,
ਸ਼ਾਹੀ ਬਾਗੀਂ ਡੇਰੇ ਲਾਏ।
ਮਰਮਰ ਦੇ ਫੁਹਾਰੇ ਦੇਖੇ,
ਝਰਨੇ ਪਿਆਰੇ ਪਿਆਰੇ ਦੇਖੋ।
ਚਾਣਨੀਆਂ ਵਿਚ ਨਾਚ ਰੰਗੀਲੇ
ਤੱਕੇ *ਕਤਾਨੋਂ ਜੋਬਨ ਉਠਦੇ ।
ਜਾਮ ਸੁਰਾਹੀਆਂ ਸਾਕੀ ਤੱਕੇ,
ਪੀਂਦੇ ਤੱਕੇ ਮੋਮਨ ਪੱਕੇ।
ਕੰਧਾਂ ਦੇ ਵਿਚ ਸ਼ਾਹਾਂ ਡਕਿਆ,
ਜਨਤਾ ਦੇ ਵਲ ਜਾ ਨ ਸਕਿਆ।
ਸੁਣ ਨਹੀਂ ਸਕਿਆ ਸੱਦ ਮਿਰਜ਼ੇ ਦੀ
ਜਾਤਾ ਨਹੀਂ ਸੁ ਗਿੱਧਾ ਹੈ ਕੀ ?
ਨਿੱਤ ਹੈਂਕੜ ਦੀ ਬੋ ਸੰਗ ਸੜਿਆ,
ਲੋਕਾਂ ਦੇ ਨਹੀਂ ਵਿਹੜੇ ਵੜਿਆ ।
ਰੁਖ ਰੁੱਖਾ ਜਿਹਾ ਜਾਪ ਰਿਹਾ ਹੈ
ਪਰਦੇਸੀ ਦੇ ਵਾਂਙ ਖੜਾ ਹੈ ।
------------------
*ਉਹ ਕਪੜਾ ਜਿਹੜਾ ਚਾਨਣੀ ਰਾਤ ਵਿਚ ਵਿਸ ਜਾਂਦਾ ਸੀ ।
ਵਾਰਸ
ਤੂੰ ਪੰਜਾਬ ਤੇ ਆਬ ਲਿਆਂਦੀ,
ਸੋਹਣੀ ਕਲਮ ਵਗਾ ਕੇ ।
ਇਸ਼ਕ ਵਿਚਾਰੇ ਨੂੰ ਰੰਗ ਲਾਇਆ,
ਮੋਈ ਹੀਰ ਜਵਾ ਕੇ ।
“ਤੁਲਸੀ ਪੂਜਾ”
( ਤਸਵੀਰ ਦੇਖ ਕੇ )
ਜੋਬਨ ਮੱਤੀ ਰੂਪ ਸਵਾਰੀ,
ਧੋਤੀ ਸਣੇ ਨਹਾ ਕੇ ।
ਨਿਕਲੀ ਦੂਹਰੀ ਚੌਹਰੀ ਹੋ ਕੇ,
ਲੱਜਾ ਦੀ ਵਾ ਖਾ ਕੇ ।
ਜੱਫੀ ਮਾਰ ਖਲੋਤੀ ਧੋਤੀ,
ਰੋਂਦੀ ਤੇ ਵਿਲਲਾਂਦੀ :--
"ਕੋਮਲ ਅੰਗੀਏ ! ਲਾਹ ਨ ਮਾਰੀਂ,
ਮੈਂ ਹਾਂ ਤੇਰੀ ਬਾਂਦੀ” ।
ਵਿੱਚੋਂ ਵਿੱਚੋਂ ਤਨ ਗੋਰੀ ਦਾ,
ਮਾਰੇ ਇਉਂ ਲਿਸ਼ਕਾਰੇ,
ਤਿੱਤਰਖੰਭੀ ਬਦਲੀ ਚੋਂ ਜਿਉਂ,
ਰਿਜ਼ਮਾਂ ਚੰਨ ਖਿਲਾਰੇ ।
ਜਲ ਤੋਂ ਤਾਂ ਤੁਲਸੀ ਸੜਦੀ ਨਹੀਂ,
ਹਰਦਮ ਪਈ ਚੜ੍ਹਾਂਦੀ ।
ਸਜਣ ਹੱਥੋਂ ਜ਼ਹਿਰ ਨਿਕਾਰੀ,
ਅੰਮ੍ਰਿਤ ਬਣ ਬਣ ਜਾਂਦੀ ।
ਹੁਨਰ "ਠਾਕਰ” ਦੀ ਪੂਜਾ ਖਾਤਰ,
ਤੁਲਸੀ ਲਹਿ ਲਹਿ ਕਰਦੀ ।
ਮੇਰੀ ਨਿਗਹ ਪੁਜਾਰਨ ਬਣ ਕੇ,
ਇਹਦੇ ਉੱਤੇ ਮਰਦੀ ।
ਸਾਈਆਂ
ਲਖ ਜੁਗ ਪਹਿਲਾਂ,
ਸ਼ੀਂਹ, ਬਘੇਲੇ, ਰਿਛ, ਤਕ ਤਕ ਕੇ,
ਹਾਬੜਿਆ ਹੋਇਆ ਪੈਂਦਾ ਸਾਂ ।
ਪਲ ਵਿਚ ਬੇਰੇ ਕਰ ਲੈਂਦਾ ਸਾਂ।
ਚੱਜੋਂ ਜੁਗਤੋਂ ਖਾਲਮ ਖਾਲੀ,
ਜਿਸਮ ਹੰਡਾ ਕੇ ਵਕਤ ਲੰਘਾਇਆ ।
ਇਲਮਾਂ ਦੇ ਭੰਡਾਰੇ ਸਾਈਆਂ
ਉਚਿਓਂ ਉੱਚਿਆ ਨੂਰੋ ਨੂਰਾ,
ਕੀ ਓਦੋਂ ਵੀ ਤੇਰਾ ਮੇਰਾ,
ਭਿੰਨ ਭੇਦ ਨਹੀਂ ਸੀ, ਇੱਕੋ ਸਾਂ ?
ਹੱਲ ਰੱਖ ਮੋਢੇ ਤੇ
ਅਜ
ਮੈਂ ਵੀ ਖੇਤੀਂ ਜਾਣਾ।
ਬੁੱਤ ਘਾੜੇ ਨੂੰ
ਓ ਬੁੱਤ ਬਣਾਉਣ ਵਾਲਿਆ !
ਤੂੰ ਆਪਣਾ ਬੁੱਤ ਬਣਾ।
ਜੇ ਦੱਸੇ ਅਪਣੇ ਆਪ ਨੂੰ,
ਹੁਨਰ ਦਿਊ ਰੰਗ ਲਾ।
ਹੇ ਬੁੱਤ ਬਣਾਉਣ ਵਾਲਿਆ !
ਤੂੰ ਬੁੱਤ ਬਣਾਉਂਦਾ ਜਾ, ਜੀਵੇਂ !
ਬੇਸ਼ਕ ਹੱਟ ਸਜਾਵਣ ਖਾਤਰ,
ਉੱਚੇ ਨੀਵੇਂ, ਅੱਗੇ ਪਿੱਛੇ,
ਲਾਂਦਾ ਜਾ ਤੂੰ, ਖੂਬ ਫਬਾ ਤੂੰ,
ਪਰ ਸਭਨਾਂ ਦੀ ਸ਼ਾਨ ਨਿਰਾਲੀ ਵਿਚ
ਫ਼ਰਕ ਪਿਆ ਨ ਜਾਪੇ ।
ਹਰ ਇਕ ਹੈ ਵੀ
ਤੇ ਜਾਣੇ ਵੀ
ਮੈਂ ਹਾਂ ਹੱਟ ਦੀ
ਸ਼ਾਨ ਅਨੋਖੀ।
ਕਵੀਆ
ਢੋਲੇ ਦੇ ਦਿਨ ਬੀਤ ਗਏ ਨੇਂ,
ਮਾਹੀਏ ਝਨਾਓਂ ਪਾਰ ਪਏ ਨੇਂ,
ਗਿੱਧੇ ਵੀ ਨਹੀਂ ਬੋਲ ਰਹੇ ਨੇਂ,
ਹੁਣ ਤੂੰ ਬੋਲ ਸੁਣਾ ।
ਕਵੀਆ ! ਅਪਣਾ ਗੀਤ ਬਣਾ ।੧।
ਵਖਰੀ ਲਯ ਸੁਰ, ਵਖਰੀ ਤਾਨ,
ਸ਼ਬਦਾਂ ਦੇ ਵਿਚ ਪਾਵੀਂ ਜਾਨ,
ਦੁਸ਼ਮਨ ਸੁਣਨੋਂ ਨ ਘਬਰਾਨ,
ਦੇਈਂ ਜ਼ਮਾਨੇ ਨੂੰ ਪਲਟਾ ।
ਕਵੀਆ ! ਅਪਣਾ ਗੀਤ ਸੁਣਾ ।੨।
ਮਿੱਲ ਦੇ ਵਿਚ ਮਜ਼ਦੂਰ ਸੁਣਾਏ,
ਪੈਲੀ ਵਿਚ ਜੱਟ ਗਾਉਂਦਾ ਜਾਏ,
ਗਾਧੀਓਂ ਕਾਮਾ ਹੇਕਾਂ ਲਾਏ,
ਹਰ ਦਿਲ ਦੇ ਵਿਚ ਦੇਈਂ ਵਸਾ।
ਸੁਹਣਾ ਜੇਹਾ ਗੀਤ ਬਣਾ ।੩
ਲੋਕੀ ਤੈਨੂੰ ਕਹਿਣ ਨਿਕਾਰਾ,
ਇਸ਼ਕੀ ਕੀੜਾ ਕਾਮ-ਪਿਆਰਾ,
ਅਨਪੜ੍ਹਤਾ ਦੀ ਅਖ ਦਾ ਤਾਰਾ,
ਭੰਡਾਂ ਵਾਕਰ ਹੁਨਰ ਅਨੋਖਾ,
ਐਵੇਂ ਨਾ ਭੰਡਵਾ।
ਕਵੀਆ ! ਹੁਣ ਤੇ ਗੀਤ ਸੁਣਾ
ਦਿਲ ਦਿਮਾਗ਼ ਨੂੰ ਸਾਂਝਾ ਕਰ ਦੇ,
ਜੀਵਨ ਰੱਤੀਆਂ ਜੁਗਤਾਂ ਭਰ ਦੇ,
ਜਗਤ ਬਰਾਗੀ ਨੂੰ ਗੁਰ ਵਾਕਰ,
ਬੰਦਾ ਦੇਈਂ ਬਣਾ।
ਕਵੀਆ ! ਐਸਾ ਤੀਰ ਚਲਾ ।
ਤਾਨ ਸੈਣ
ਰਾਗਾਂ ਤੋਂ ਤੂੰ ਨਹੀਂ ਅਲਹਿਦਾ,
ਪਰ ਵਖਰੀ ਹੈ ਸ਼ਾਨ ।
ਰਾਗ ਸਦਾ ਹੀ ਤੇਰਾ ਗਾਉਂਦਾ,
ਮੇਰਾ ਹਿੰਦੁਸਤਾਨ ।
ਗੁਲਦਸਤਾ
ਕਹਿੰਦੇ ਨੇ ਸ਼ੇਖ ਫਰੀਦ ਪਏ,
ਬਿਰਹੋਂ ਬਿਨ ਕਿਸ ਨੇ ਪਾਇਆ ਹੈ ?
ਸ਼ੁਧ ਹੋਇਆ ਨਹੀਂ ਕੁਠਾਲੀ ਵਿਚ,
ਓਹ ਕੁੰਦਨ ਕਿਵੇਂ ਕਹਾਇਆ ਹੈ ?
ਡਰ ਨਹੀਂ ਹੈ ਰਾਤ ਹਨੇਰੀ ਦਾ,
ਭਉ ਲੱਥਾ ਸ਼ੂਕਦੇ ਦਰਿਆ ਦਾ ।
ਓ ਸਾਕੀ ਅੱਖਾਂ ਖੁਲ੍ਹ ਗਈਆਂ,
ਮੈਨੂੰ ਕੀ ਅਜ ਪਿਆਇਆ ਹੈ।
ਹਾਫਿਜ਼ ਨੂੰ ਪੁੱਛਿਆ ਮੁੱਲਾਂ ਨੇ,
ਕਿਉਂ ਸ਼ੇਅਰ ਯਜ਼ੀਦੀ ਮੂੰਹ ਲਾਇਆ ?
"ਜੀ ਮੈਂ ਤੇ ਕੂੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ ।"
ਮਜਲਿਸ ਲੱਗੀ ਸਾਕੀ ਬਾਝੋਂ,
ਟੋਟੇ ਪਏ ਹੋਣ ਸੁਰਾਹੀਆਂ ਦੇ ।
ਕਈ ਚਤੁਰ ਸਿਆਣੇ ਕਹਿੰਦੇ ਨੇਂ:-
“ਏਥੇ ਹੀ ਸੀ ਔਹ ਆਇਆ ਹੈ।"
ਮੁਖ ਬਾਝੋਂ ਛਾਇਆ ਭਟਕਦੀ ਸੀ
ਤਕਦੇ ਹੀ ਟਿੱਕੀ ਹੋਈ ਹੈ ।
ਕਹਿੰਦੇ ਨੇਂ ਰਾਏ ਬੁਲਾਰ ਜਿਹੇ,
ਬਿਨ ਬ੍ਰਹਮ ਨਹੀਂ ਟਿਕਦੀ ਮਾਇਆ ਹੈ।
ਇਹਦੇ ਤਾਂ ਕੱਖ ਹੀ ਚੁਗ ਲੀਤੇ,
ਤੇ ਉਹਨੂੰ ਕੱਖ ਵੀ ਪੁੱਛਿਆ ਨਹੀਂ ।
ਏਧਰ ਮੁੱਠ ਦਾਣੇ ਖਾਣ ਲਈ,
ਤੇ ਓਧਰ ਬੋਹਲ ਲਵਾਇਆ ਹੈ।
ਮੈਂ ਮੰਨ ਲੀਤਾ ਕਿ ਦੋਸ਼ੀ ਹਾਂ,
ਪਰ ਓਹ ਗੁਨਾਹ ਤਾਂ ਮਾਫ ਕਰੋ।
ਜਿਹੜੇ ਹਾਲੀ ਤਕ ਕੀਤੇ ਨਹੀਂ,
ਤੇ ਲੇਖਾ ਪਹਿਲਾਂ ਲਾਇਆ ਹੈ।
ਬੁਲ੍ਹੇ ਨੂੰ ਕਿਹਾ ਫਕੀਰਾਂ ਨੇ,
ਹੈਂ ਬਾਹਰ ਸੁਰਤ ਜਮਾਈ ਜੇ ।
ਓਸੇ ਦੀ ਬਾਹਰ ਬਹਾਰ ਲਗੀ,
ਜਿਸ ਅੰਦਰ ਰੰਗ ਜਮਾਇਆ ਹੈ ।
ਮੈਂ ਉਮਰ ਖਿਆਮੀ ਪੀਂਦਾ ਨਹੀਂ,
ਤੇ ਹਾਫਿਜ਼ ਦੀ ਵੀ ਚਖਦਾ ਨਹੀਂ ।
ਅਪਣੀ ਹੀ ਸੋਚ-ਸੁਰਾਹੀ ਚੋਂ,
ਪੀ ਪੀ ਕੇ ਨਸ਼ਾ ਚੜ੍ਹਾਇਆ ਹੈ ।
ਆਜ਼ਾਦੀ
ਆਜ਼ਾਦੀ ਦੇ ਨਾਲ,
ਕਾਇਆ ਪਲਟੀ ਹੀ ਨਹੀਂ ।
ਸਾਨੂੰ ਖੇੜੇ ਜਾਣ,
ਛਡ ਜਾਵੇ ਇਹ ਹੀਰ ਨਾ ।
ਕਸ਼ਮੀਰ ਦੀ ਧਰਤੀ
ਰੱਬ ਦੇ ਹੁਨਰਾਂ ਭਰੀ ਤਸਵੀਰ ਨੂੰ,
ਹਿੰਦ ਦੀ ਹੀ ਭਗਤਣੀ ਕਸ਼ਮੀਰ ਨੂੰ,
ਰਾਜਿਆਂ ਤੇ ਆਲਸਾਂ ਨੇ ਘੇਰਿਆ,
ਭਾਗ ਦੇ ਚੱਕਰ ਨੂੰ ਉਲਟਾ ਫੇਰਿਆ।
ਦਾਤੇ ਲਾਈ ਏਸ ਦੀ ਹੀ ਜ਼ਿੰਦਗੀ,
ਹੱਸ ਗਵਾਈ ਅਪਣਿਆਂ ਨੇ ਆਪ ਹੀ।
ਬੋਚਿਆ ਦੁਸ਼ਾਸਨਾਂ ਨੇ ਏਸ ਨੂੰ ।
ਧੂ ਲਿਆ ਇਸ ਦੇ ਸੁਹਾਣੇ ਵੇਸ ਨੂੰ ।
ਕੇਸ ਪੁੱਟੇ ਲੁੱਟਿਆ ਸ਼ਿੰਗਾਰ ਸਭ,
ਕਰ ਲਏ ਦੁਰਯੋਧਨਾਂ ਨੇ ਵਾਰ ਸਭ ।
ਰੋਂਵਦੀ ਤੇ ਵਿਲਕਦੀ ਨੂੰ ਤੱਕਿਆ ।
ਦਰਦ ਵਿੰਨ੍ਹਿਆ ਹਿੰਦ ਰਹਿ ਨ ਸੱਕਿਆ।
ਬੱਸ ਓਹਦਾ ਹਿੰਦ ਓਹਨੂੰ ਬਹੁੜਿਆ,
ਮੌਤ ਦੇ ਮੂੰਹ ਜਾ ਰਹੀ ਲੀਤੀ ਬਚਾ ।
ਏਸਦੀ ਜਿੰਦ ਨਾਲ ਹਿੰਦ ਦਾ ਮਾਨ ਹੈ ।
ਅੰਤ ਕਲਗੀ ਨਾਲ ਸਿਰ ਦੀ ਸ਼ਾਨ ਹੈ।
ਮੂਰਤੀ ਦੇ ਬਾਝ ਮੰਦਰ ਕੀ ਭਲਾ ?
ਕੀ ਸਜੇਗਾ ਰੰਗ ਬਾਝ ਹਿਮਾਲੀਆ ?
ਮੈਂ ਕਹਾਂ ਕਸ਼ਮੀਰ ਨੂੰ ਕੁਝ ਕਰ ਦਿਖਾ,
ਹੱਥਲੀ ਬਾਜ਼ੀ ਨੂੰ ਹੱਥੀਂ ਹੀ ਬਣਾ।
ਬਣ ਦਿਖਾ ਤੂੰ ਮੋਹਨੀ ਅਵਤਾਰ ਹੁਣ,
ਡੋਬ ਦੈਂਤਾਂ ਨੂੰ ਦਿਓਤੇ ਤਾਰ ਹੁਣ।
ਹੈ ਮਲੈਮੀ ਰੂਪ ਦੀ ਸੋਹਣੀ ਵਹੀ,
ਹੁਨਰ ਬਾਰਸ਼ ਬਾਅਦ ਚਮਕੀ ਪੀਂਘ ਹੀ।
ਜਿੰਦ ਹੈ ਦੁਨੀਆਂ ਦੇ ਰਾਜ ਵਿਹਾਰ ਦੀ,
ਚਾਣਕੇ ਦੀ ਸਮਝ ਲੌ ਹੈ ਰੂਹ ਨਿਰੀ ।
ਭਾਲਦੇ ਨੇਂ ਸ਼ਾਹ ਸਿਆਣੇ ਏਸ ਨੂੰ,
ਢੂੰਡਦੇ ਨੇਂ ਜਾਂ ਨਿਤਾਣੇ ਏਸ ਨੂੰ ।
ਇਹ ਨਹੀਂ ਹੈ ਹੀਰ ਪਾਲੇ ਸਿਦਕ ਨੂੰ,
ਇਹ ਨਹੀਂ ਸੋਹਣੀ ਕਿ ਤਾਰੇ ਇਸ਼ਕ ਨੂੰ ।
ਇਸ ਦੇ ਹੱਥ ਜੈ ਮਾਲ ਹੈ ਗਭਰੂ ਲਈ,
ਨਿਤ ਸਿਆਸਤ ਖਾਸ ਵੇਲਾ ਢੂੰਡਦੀ ।
ਨਾਮ ਵੇਲੇ ਦਾ ਹੀ ਰਖਿਆ ਭਾਗ ਹੈ,
ਵਕਤ ਦੇ ਹੀ ਹੱਥ ਜੀਵਨ ਵਾਗ ਹੈ।
(३)
ਪੁੰਨਿਆ ਸਾਹਵੇਂ ਹੈ ਮੱਸਿਆ ਔਹ ਖੜੀ,
ਮਹਿਕ ਅੱਗੇ ਹੈ ਨਿਰੀ ਰੂੜੀ ਪਈ ।
ਕੁਹਜਤਾਈਆਂ ਇਸ ਤੇ ਡੁਲ੍ਹੀਆਂ ਹਨ ਕਿਵੇਂ,
ਭੈੜਤਾਈਆਂ ਦੀ ਹੈ ਵੱਡੀ ਮਾਂ ਜਿਵੇਂ ।
ਝੁਰੜੀਆਂ ਦਾ ਜਾਲ ਵਿਛਿਆ ਇਸ ਤਰ੍ਹਾਂ,
ਖੁਸ਼ਕ ਛਪੜੀ ਵਿੱਚ ਲੀਕਾਂ ਜਿਸ ਤਰ੍ਹਾਂ ।
ਹੈ ਅਜਬ ਕੁਟਣੀ ਤੇ ਹੱਦਾਂ ਤੋਂ ਵਧੀ,
ਈਰਖਾ ਤੇ ਕਹਿਰ ਦੀ ਮੂਰਤ ਜਿਹੀ।
ਖੋਪਰੀ ਤੇ ਵਾਲ ਜਾਪਣ ਇਸ ਤਰ੍ਹਾਂ,
ਬੋ ਭਰੀ ਛਪੜੀ ਚਿ ਜਾਲਾ ਜਿਸ ਤਰ੍ਹਾਂ ।
ਰੰਗ ਚੋਂ ਬਦਰੌਂ ਜਿਹੀ ਸੜਿਹਾਂਦ ਹੈ,
ਬੋ ਮਹੀਨੇ ਦੀ ਜਿਵੇਂ ਸੰਗਰਾਂਦ ਹੈ ।
ਤਰਸਦੀ ਮੁਟਿਆਰ ਖੇਡੇ ਹੱਥ ਤੇ,
ਲੋਚਦੀ ਗਭਰੂ ਨੂੰ ਰੱਖੇ ਨੱਥ ਕੇ ।
ਯਾਦ ਰੱਖੋ ਨਾਂ ਅਵਿਦਿਆ ਏਸ ਦਾ,
ਹਾਲ ਕੀਤਾ ਸੂ ਬੁਰਾ ਇਸ ਦੇਸ ਦਾ।
ਭਾਈ ਗੁਰਦਾਸ
ਤੂੰ ਆਇਓਂ ਤਾਂ ਚੇਤੇ ਆਇਆ,
ਸਾਨੂੰ ਵੇਦ ਵਿਆਸ ।
ਚੱਪੇ ਚੱਪੇ ਆਨ ਖਲਾਰੀ,
ਕਈ ਇਲਮਾਂ ਦੀ ਰਾਸ ।
ਗੁਲਦਸਤਾ
ਹੈਂ ਦਿਲ ਦੀਆਂ ਦਸਣੋਂ ਸੰਗੇ ਹੋ,
ਤਾਂ ਗੀਤ ਗੋਬਿੰਦ ਸੁਣਾਉਣਾ ਕੀ ?
ਜੇ ਮੀਰਾਂ ਵਾਂਙ ਨਹੀਂ ਨੱਚਣਾ,
ਤਾਂ ਐਵੇਂ ਸ਼ੋਰ ਮਚਾਉਣਾ ਕੀ ?
ਕਿਉਂ ਰਹਿਮ ਰਹਿਮ ਹੈਂ ਕੂਕ ਰਿਹਾ,
ਪਰ ਰਹਿਮ ਕਿਤੇ ਵੀ ਦਿੱਸਿਆ ਈ ?
ਜੇ ਅੰਦਰ ਵੱਸਿਆ ਉਹ ਨਹੀਂ,
ਤਾਂ ਬਾਹਰੋਂ ਵੇਸ ਬਣਾਉਣਾ ਕੀ ?
ਜੀਵਨ ਦਾ ਤੱਤ ਹੈ ਸੁੰਦਰਤਾ,
ਸੱਤ ਸੁੰਦਰਤਾ ਦਾ ਚਿਤਰਕਲਾ ।
ਤੂੰ ਚਿਤਰ ਸ਼ਾਲਾਂ ਰਚਦਾ ਜਾ,
ਮੜ੍ਹੀਆਂ ਤੇ ਪੱਥਰ ਲਾਉਣਾ ਕੀ ?
ਕਰ ਪਰਾਂਹ ਸੁਰਾਹੀਆਂ ਜਾਮਾਂ ਨੂੰ,
ਲੈ ਕਲਮ ਮੁਸੱਵਰ ਬਣ ਜਾ ਹੁਣ,
ਹਾਫਿਜ਼ ਦੇ ਵੇਲੇ ਚਲੇ ਗਏ,
ਮੈ ਖਾਨੇ ਵਿਚੋਂ ਪਾਉਣਾ ਕੀ ?
ਇਹ ਜੁਗ ਤਾਂ ਚਿਤਰਕਲਾ ਦਾ ਹੈ,
ਜਨਤਾ ਨੂੰ ਰਜ ਕੇ ਦੇਖਣ ਦੇ,
ਇਸ ਕੁੱਲੀਆਂ ਦੇ ਵਿਚ ਵੱਸਣਾ ਹੈ,
ਮਹਿਲਾਂ ਵਿਚ ਰੰਗ ਜਮਾਉਣਾ ਕੀ ?
ਹੁਣ ਦਿਲ ਦਿਮਾਗ਼ ਨੂੰ ਸਾਂਝਾ ਕਰ,
ਤੇ ਅੰਦਰ ਦੇ ਰੰਗ ਦਸ ਜੀਵੇਂ !
ਜੇ ਚਿਤਰਕਾਰ ਸਦਵਾਉਣਾ ਈਂ,
ਤਾਂ ਬਾਹਰੋਂ ਰੰਗ ਚੁਰਾਉਣਾ ਕੀ ?
ਮੈਨੂੰ ਤਾਂ ਤੇਰਿਆਂ ਰੰਗਾਂ ਨੇ,
ਮੋਹ ਲੀਤਾ ਦਰ ਦਾ ਹੀ ਕੀਤਾ।
ਦੁਨੀਆਂ ਦੇ ਰੰਗਾਂ ਨੂੰ ਤਕ ਤਕ,
ਮੈਂ ਅਪਣਾ ਦਿਲ ਪਰਚਾਉਣਾ ਕੀ ?
ਤਸਵੀਰਾਂ ਤੋਂ ਲਾਹ ਲੈਣਾ ਜੇ,
ਤਾਂ ਜਿਹਲਾਂ ਦੇ ਵਿਚ ਲਾ ਦੇਵੋ,
ਉਪਦੇਸ਼ਾਂ, ਡੰਨਾਂ, ਕੈਦਾਂ ਨੇ,
ਭੁਲਿਆਂ ਨੂੰ ਰਾਹ ਦਿਖਾਉਣਾ ਕੀ ?
ਜੇ ਰੂਪ ਓਸ ਦਾ ਤੱਕਣਾ ਹੈ,
ਤਾਂ ਤੱਕੋ ਭਿੰਨੀਆਂ ਰੈਣਾਂ ਨੂੰ,
ਬਸ ਮੱਕਿਓਂ ਕੁਝ ਵੀ ਪਰ੍ਹੇ ਨਹੀਂ,
ਤੇ ਇਸ ਤੋਂ ਵਧ ਸਮਝਾਉਣਾ ਕੀ ?
ਮਾਨਣੀ
( ਤਸਵੀਰ ਦੇਖ ਕੇ )
ਮੋਰ ਪੰਖ ਆਹ, ਸਾਂਵਲੇ ਦੇ ਮੁਕਟ ਦਾ,
ਤਰਲਿਆਂ ਤੇ ਮਿੱਨਤਾਂ ਨੇ ਭੇਜਿਆ।
ਬਣ ਗਿਆ ਜੋ ਸ਼ਾਮ ਜੀ ਦਾ ਵਲਵਲਾ,
ਜਾਂ ਕਹੋ ਖਤ ਓਸ ਨੂੰ ਅਰਮਾਨ ਦਾ।
ਚਲਿਆ ਸੀ ਹੁਸਨ ਦੇ ਦਰਬਾਰ ਵਿਚ,
ਪਰ ਖਲੋਤੇ ਚਰਣ ਪਹਿਰੇਦਾਰ ਵਿਚ ।
ਰੋਕਿਆ ਤੇ ਰੋਲਿਆ ਹੰਕਾਰੀਆਂ,
ਮਾਨ ਦੇਂਦਾ ਹੈ ਸਜ਼ਾਵਾਂ ਭਾਰੀਆਂ ।
ਪੰਖ ਕੀ ਹੈ ? ਸ਼ਾਮ ਜੀ ਪੈਰੀਂ ਪਏ,
ਚਰਣ ਕੀ ? ਪਰਤੱਖ ਹੀ ਹੈ ਰਾਧਕੇ ।
ਮਾਂ
ਕਾਰੇ ਹੱਥਿਆ ਇਹ ਕੀ ਕੀਤਾ ?
ਪਿਓ ਦਾਦੇ ਦਾ ਨੱਕ ਵੱਢ ਲੀਤਾ ?
ਇਹ ਬਿਮਾਰੀ ਮੁਲ ਕਿਉਂ ਲੀਤੀ ?
ਕੋੜ੍ਹ ਸਮਾਨ ਜਿਸ ਕਾਇਆਂ ਕੀਤੀ।
ਇਹ ਬਿਮਾਰੀ ਅੱਗ ਨਿਆਰੀ,
ਹੇ ਅਮੀਰਾਂ ਦੀ ਹੀ ਪਿਆਰੀ ।
ਮੈਂ ਗ੍ਰੀਬਣੀ ਕਿਵੇਂ ਬੁਝਾਵਾਂ ?
ਵੈਦਾਂ ਨੂੰ ਦਸਣੋਂ ਘਬਰਾਵਾਂ ।
ਔਹ ਸ਼੍ਰੀਕਾ ਹੱਸੇ ਤੈਨੂੰ,
ਆਹ ਗਵਾਂਢੀ ਪੁੱਛੇ ਮੈਨੂੰ ।
ਰਾਤ ਪਈ ਲੋਕੀ ਸਭ ਸੁੱਤੇ,
ਪੁੱਤ ਪਿਆ ਜਾ ਮੰਜੀ ਉੱਤੇ ।
ਲਟ ਲਟ ਕਰਦਾ ਦੀਵਾ ਲੈਕੇ,
ਅੰਮੀ ਪੁੱਜੀ ਪੁੱਤਰ ਲਾਗੇ ।
ਚਾਨਣ ਦੇ ਵਿਚ ਮੁਖੜਾ ਤੱਕਿਆ,
ਅੰਦਰ ਠਰਿਆ ਚਿਹਰਾ ਹੱਸਿਆ।
ਕਹਿੰਦੀ ਸਦਕੇ ਚੜ੍ਹੀ ਜਵਾਨੀ ।
ਖਲਕਤ ਸੜਦੀ ਖਸਮਾਂ ਖਾਣੀ ।
ਨਮੋ ਅੰਧਕਾਰੇ
ਉਸ ਪਰਬਤ ਵਿਚ ਇਉਂ ਪਿਆ ਜਾਪੇ,
ਰਾਤ ਪਈ ਹੈ ਗਹਿਣੇ ਲਾਹ ਕੇ ।
ਕੋਇਲ ਵਾਂਙ ਨਹੀਂ ਕੁਕ ਸੁਣਾਂਦੀ,
ਕਾਲੀ ਹੈ ਨਹੀਂ ਬਿਰਹੋਂ ਮਾਰੀ।
ਖੇੜੇ ਦੇ ਭੱਠ ਵਿਚ ਨਹੀਂ ਰਹਿੰਦੀ,
ਬਿੰਗ ਕਸਾਬੀ ਇਹ ਨਹੀਂ ਸਹਿੰਦੀ।
ਮਿੱਤਰ ਵਾਕਰ ਕੰਨ ਧਰ ਧਰ ਕੇ,
ਹਾਲ ਮੁਰੀਦਾਂ ਦਾ ਸੁਣਦੀ ਏ ।
ਚੁੰਬਕ ਵਾਕਰ ਇਹ ਅਨ੍ਹੇਰਾ,
ਮੇਰੀ ਨਿਗਹ ਨੂੰ ਖਿੱਚਾਂ ਪਾਂਦਾ ।
ਦਰਦੀ ਦੇ ਵਲ ਨਜ਼ਰ ਵਿਚਾਰੀ,
ਅਪਣੇ ਆਪ ਹੀ ਉੱਡੀ ਜਾਂਦੀ।
ਅਪਣਾ, ਰੋਣਾ ਸੁਣ ਨਹੀਂ ਹਸਦਾ,
ਚੁੱਪ ਰਹਿ ਕੇ ਵੀ ਸਭ ਕੁਝ ਦਸਦਾ।
ਜਿਹੜਾ ਲੈਂਦਾ ਦਿਲ ਦੀਆਂ ਸਾਰਾਂ।
ਓਸ ਹਨੇਰੇ ਨੂੰ ਸਤਿਕਾਰਾਂ ।
ਕਲਜੁਗ
ਰਿਸ਼ੀਆਂ ਤੇ ਪੰਡਤਾਂ ਨੇ,
ਅਪਣਾ ਸਮਾਂ ਸਲਾਹਿਆ।
ਜਿੰਨਾ ਅਗਾਂਹ ਵਧਿਆ,
ਓਨਾ ਕਲੰਕ ਲਾਇਆ ।
ਅਪਣੀ ਹੀ ਮੱਝ ਮਾਰੀ,
ਅਪਣੀ ਹੀ ਕੰਧ ਢਾ ਕੇ ।
ਨਿੰਦੀ ਉਲਾਦ ਅਪਣੀ,
ਕਲਜੁਗ ਨੂੰ ਲੀਕ ਲਾ ਕੇ ।
ਪੀੜ੍ਹੀ ਦੇ ਹੇਠ ਸੋਟਾ,
ਦਾਨੇ ਨੇ ਫੇਰ ਤੱਕੇ।
ਕਲਜੁਗ ਦੇ ਸੋਹਣੇ ਰੁਖ ਨੂੰ,
ਹਾਏ ! ਨ ਦੇਖ ਸੱਕੇ ।
ਭਾਂਬੜ ਦੇ ਵਾਂਙ ਇਹ ਜੁਗ,
ਧੂਆਂ ਗੁਨਾਹ ਦਸਦਾ ।
ਗੁੱਝੇ ਗੁਨਾਹ-ਗੜੁੱਚੇ,
ਜੁਗ ਤੋਂ ਪਿਆ ਹੈ ਜੁਗ ਨਸਦਾ ।
ਚਾਹੁੰਦਾ ਨਹੀਂ ਚਲਾਕੀ
ਦੇ ਨਾਲ ਕੋਈ ਖਾਏ ।
ਇਹ ਲੋਚਦਾ ਹੈ ਹਰ ਇਕ,
ਪੈਰੀਂ ਖੜਾ ਹੋ ਜਾਏ ।
ਰਿਸ਼ੀਆਂ ਵੈਰਾਗ ਕਰਕੇ,
ਮਿਥਿਆ ਕਿਹਾ ਜਗਤ ਸੀ।
ਇਹਨੇ ਵਿਚਾਰ ਡਿੱਠਾ,
ਹਰ ਸ਼ੈ ਬਦਲਦੀ ਜਾਂਦੀ ।
ਬਦਲਣ ਤੇ ਮਿਥਿਆ ਵਿਚ,
ਹੈ ਭੇਤ ਬਹੁਤ ਸਾਰਾ ।
ਓਹ ਜ਼ਿੰਦਗੀ ਬਣਾਉਂਦਾ,
ਇਹ ਦਿਲ ਬੁਝਾਉਣ ਹਾਰਾ ।
ਬਦਲਣ ਦਾ ਫਲਸਫਾ ਤਾਂ,
ਅਮਲਾਂ ਲਈ ਵੰਗਾਰੇ ।
ਜਿੰਦ ਦੇ ਕੇ ਜਗਤ ਖਾਤਰ,
ਮੁੜ ਮੌਤ ਨੂੰ ਸਵਾਰੇ ।
ਦੇਸ ਦਾ ਗੀਤ
ਕਮਲੋਂ ਮੋਹਣਾ ਮਾਖਿਓਂ ਮਿੱਠਾ,
ਮੇਰਾ ਦੇਸ ਪਿਆਰਾ,
ਚੰਨ ਸੂਰਜ ਵੀ ਇਹਨੂੰ ਆਖਣ,
ਅਪਣੀ ਅੱਖ ਦਾ ਤਾਰਾ ।
ਫਲਸਫੇ ਦੇ ਗ੍ਰੰਥਾਂ ਨੂੰ ਤਕ,
ਦੁਨੀਆਂ ਹੈ ਚੁੰਧਿਆਈ ।
ਯੂਰਪ ਇਹਨੂੰ ਮੰਨ ਰਿਹਾ ਹੈ,
ਉੱਚਾ ਇਲਮ-ਮੁਨਾਰਾ ।
ਇਹਦੀ ਚਿਤਰਕਾਰੀ ਜਗ ਨੂੰ,
ਆਤਮ ਗਿਆਨ ਸੁਝਾਉਂਦੀ,
ਤ ਸੰਗੀਤ ਕਲਾ ਚੋਂ ਨਿਕਲੀ,
ਬ੍ਰਹਮ ਵਿਦਿਆ ਦੀ ਧਾਰਾ ।
ਇਹਦਿਆਂ ਨਾਚਾਂ ਨੇ ਰੰਗ ਲਾਇਆ,
ਉਤਲਾ ਗਿਆਨ ਜਗਾਇਆ ।
ਏਸ ਰਮਜ਼ ਦੀ ਮੀਰਾਂ ਰੂਹ ਸੀ,
ਮੋਹਿਆ ਆਲਮ ਸਾਰਾ।
ਇਹਦੀ ਕਵਿਤਾ ਜਗ ਨੂੰ ਭਾਉਂਦੀ,
ਇਹਦੇ ਨਾਟਕ ਖਿਚਦੇ,
ਫਰਸ਼ਾਂ ਤੋਂ ਅਰਸ਼ਾਂ ਤੇ ਖੜਦੇ,
ਦੇਂਦੇ ਅਜਬ ਹੁਲਾਰਾ ।
ਨਾਨਕ ਗੁਰੂ ਕਬੀਰ ਸਾਹਿਬ ਕੀ,
ਲਹਿ ਸਕਦੇ ਨੇਂ ਮਨ ਤੋਂ ?
ਇਹਦਾ ਤੇ ਸਾਨੂੰ ਭੁਲਣਾ ਨਹੀਂ,
ਮੁਗਲ ਸ਼ਹਿਜ਼ਾਦਾ ਦਾਰਾ ।
ਇਹਦਾ ਅੰਗ ਅੰਗ ਨ ਹੋਵੇ,
ਤੇਗ ਬਹਾਦਰ ਜੀ ਨੇ ।
ਗਰਦਨ ਤੇ ਤਲਵਾਰ ਫਿਰਾਈ,
ਮਤੀ ਦਾਸ ਸਿਰ ਆਰਾ।
ਨਲੂਆ ਤੇ ਫੂਲਾ ਸਿੰਘ ਜਿਸ ਦਿਨ,
ਪਹਿਰੇਦਾਰ ਬਣਾਏ।
ਕੜੇ ਕਬਾਇਲੀ ਬਿਰਕ ਨ ਸੱਕੇ,
ਧੜਕੇ ਸਨ ਜਿਉਂ ਪਾਰਾ ।
ਇਸ ਤੋਂ ਰਾਜ ਹਿਮਾਲੀ ਜਿਸ ਦਮ,
ਰੋਰਿਕ ਨੇ ਆ ਲੀਤਾ,
ਤਾਂ ਉਹ ਪਰਬਤ ਨਾਇਕ ਬਣਿਆ,
ਚਿਤਰਕਾਰ ਨਿਆਰਾ ।
ਇਹਦੇ ਵਿਚ ਹੀ ਇਹਦਾ ਜੱਨਤ,
ਆਹ ਕਸ਼ਮੀਰ ਸੁਹਾਉਣਾ ।
ਸ਼ਾਲ੍ਹਾ ! ਨਹੁੰ ਮਾਸ ਰਹੇ ਜੁੜਿਆ,
ਤੋੜੇ ਨ ਹਤਿਆਰਾ ।
ਗੁਲਦਸਤਾ
ਮਨਸੂਰ ਵਾਂਙ ਸੂਲੀ ਚੜ੍ਹ ਕੇ,
ਜਿੰਦ ਹੱਕ ਤੇ ਲਾਂਦਾ ਕੋਈ ਕੋਈ।
ਅਪਣੇ ਦਿਲ ਉੱਤੋਂ ਦੂਈ ਦਾ,
ਪਰਦਾ ਉਠਵਾਂਦਾ ਕੋਈ ਕੋਈ।
ਜ਼ਾਹਿਦ ਦਾ ਦਾਰੂ ਚਲਿਆ ਹੈ,
ਸਾਰੇ ਉਲਟੇ ਰਾਹ ਪੈ ਗਏ ਨੇਂ,
ਮੰਦਰ ਮਸਜਿਦ ਮੈ ਖਾਨੇ ਸਨ,
ਪਰ ਪੀਂਦਾ ਪਿਆਂਦਾ ਕੋਈ ਕੋਈ।
ਲੰਮੀਆਂ ਵਾਟਾਂ ਤੇ ਪੈ ਪੈ ਕੇ,
ਅਧਵਾਟੇ ਹੀ ਦਮ ਛੱਡ ਗਏ,
ਸੋਹਣੀ ਦੇ ਵਾਂਙ ਨਿਡਰ ਹੋਕੇ,
ਮੰਜ਼ਿਲ ਤੇ ਜਾਂਦਾ ਕੋਈ ਕੋਈ।
ਆਹ ਮਾਲਾ ਫੇਰੀ ਜਾਂਦਾ ਹੈ,
ਔਹ ਤਸਬੀ ਹੀ ਖੜਕਾਂਦਾ ਹੈ,
ਦੋਵੇਂ ਹਥ ਫੇਰੀ ਕਰਦੇ ਨੇਂ,
ਪਰ ਦਿਲ ਨੂੰ ਵਿਰਾਂਦਾ ਕੋਈ ਕੋਈ ।
ਇਸ ਖੁੱਲ੍ਹੀ ਚਿਤਰ ਸ਼ਾਲਾ ਵਿਚ,
ਵਾਧੂ ਦੀ ਗਹਿਮਾ ਗਹਿਮੀ ਹੈ,
ਬੁਧ ਵਾਕਰ ਦਰਦੀ ਰੰਗ ਵਾਲਾ,
ਚਿੱਤਰ ਲਟਕਾਂਦਾ ਕੋਈ ਕੋਈ।
ਟੀਚਾ ਤੇ ਭਾਵ ਨਹੀਂ ਜਾਤਾ,
ਨਿਤ ਪਾਠ ਕਰਾਈ ਜਾਂਦੇ ਹਾਂ,
ਫੋਕਟ ਕਰਮਾਂ ਵਿਚ ਰੁੱਝੇ ਹਾਂ,
ਦਿਲ ਨੂੰ ਸਮਝਾਂਦਾ ਕੋਈ ਕੋਈ।
ਬੁੱਲਾਂ ਤੇ ਫੇਰੇਂ ਜੀਭ ਪਿਆ,
ਕਿ ਦਿਲ ਦੀ ਭਟਕੀ ਬੁਝ ਗਈ ਏ,
ਸ਼ੇਖ਼ਾ ਸ਼ੇਖ਼ੀ ਕਿਉਂ ਮਾਰ ਰਿਹੋਂ,
ਅੰਦਰੋਂ ਰਸ ਪਾਂਦਾ ਕੋਈ ਕੋਈ।
ਆਹ ਉਮਰ ਖਿਆਮੀ ਮਨ ਲੱਗੀ,
ਔਹ ਹਾਫਿਜ਼ ਦੀ ਮੂੰਹ ਲਗਦੀ ਨਹੀਂ,
ਦੋਹਾਂ ਨੂੰ ਇਕ ਪਿਆਲੇ ਵਿਚ,
ਪਾਂਦਾ ਤੇ ਚੜ੍ਹਾਂਦਾ ਕੋਈ ਕੋਈ।
ਬੁਲ੍ਹੇ ਨੇ ਜਿਸ ਦਮ ਪੀ ਲੀਤੀ,
ਥਈਆ ਥਈਆ ਕਰ ਨੱਚ ਉਠਿਆ,
ਬਿਰਹੋਂ ਦੀ ਲਯ ਦੇ ਵਿਚ ਰਹਿ ਕੇ,
ਮੁਰਸ਼ਦ ਨੂੰ ਰਿਝਾਂਦਾ ਕੋਈ ਕੋਈ।
ਹੁਨਰ ਵਿੱਚ ਲੀਨ
( ਤਸਵੀਰ ਦੇਖ ਕੇ )
ਖਿਆਲ ਦੀ ਮੂਰਤੇ,
ਖਿਆਲ ਮਸਤਾਨੀਏਂ ।
ਹੁਨਰਾਂ ਰੱਤੀ ਏ,
ਹੁਨਰ ਜਵਾਨੀ ਏਂ ।
ਫੱਬੇ ਸੁਰਾਹੀ ਤੇ,
ਹੱਥ ਪਿਆਰ ਦਾ।
ਰੱਬ ਦੀ ਖਲਕ ਨੂੰ,
ਹੁਨਰ ਸਵਾਰਦਾ ।
ਰੱਬ ਦੇ ਵਾਂਙਰਾਂ,
ਹੁਨਰ ਨੂੰ ਦੇਖ ਕੇ,
ਹੋਈ ਏਂ ਮਸਤ ਕਿਉਂ ?
ਅਖੀਆਂ ਖੋਲ੍ਹਦੇ ।
ਡਾਕਟਰ ਰਵਿੰਦਰ ਨਾਥ ਟੈਗੋਰ
ਕਹਿਣੀ ਦੇ ਹੋ ਠਾਕੁਰ,
ਸ਼ਾਂਤੀ ਬਾਗ ਦੇ ਮਾਲੀ,
ਹੁਸਨ-ਖੁਲ੍ਹ ਹਵਾ ਦੇ ਪ੍ਰੇਮੀ,
ਹੁਨਰ ਹਿਮਾਲਾ ਦਿਆ ਸਿਖਰਾ,
ਕਵਿਤਾ ਰਾਧਾ ਦਿਆ ਸ਼ਾਮਾ,
ਗੀਤਾ ਜਿਹੀ ਗੀਤਾਂਜਲੀ ਆਖੀ,
ਲਹਿੰਦਾ ਅਰਜਨ ਵਾਂਙ ਨਿਵਾਇਆ।
ਪਰ ਪਤਾ ਈ ? ਮਹਾਂ ਕਵੀ ਤਾਂ,
ਨਵਾਂ ਫਲਸਫਾ ਦਸਦਾ,
ਨਵਜੀਵਨ ਲਈ ਤਰਲੇ ਲੈਂਦਾ,
ਸੁਥਰੇ ਖਿਆਲਾਂ ਦੀ ਹੀ,
ਪੂਜਾ ਕਰਨੀ ਚਾਹੁੰਦਾ ।
ਪਿਛਲੇ ਸਮੇਂ-ਦਿਓਤੇ ਦੀ ਓਹ,
ਕੀਤੀ ਤੇ ਨਹੀਂ ਭੁਲਦਾ ।
ਪਰ ਕਿਸੇ ਵੀ ਮੁੱਲੋਂ,
ਨਵੇਂ ਖਿਆਲ ਦੀ,
ਬਲੀ ਦੇਣੋਂ ਹੈ ਰੁਕਦਾ ।
ਤੇਰਾ ਫਲਸਫਾ ਸੀ ਬਹੁਤ ਪੁਰਾਣਾ,
ਟੀਚਾ ਸੀ ਪਿਛਲੇ ਭਾਰਤ ਨੂੰ ਸਦਣਾ,
ਤੇਰੀ ਚਾਹ ਸੀ ਅਣਡਿੱਠੇ ਨੂੰ,
ਮਿਨਤ ਝਰੋਖੇ ਵਿਚੋਂ ਤਕਣਾ।
ਗਏ ਜਗਰਾਤੇ,
ਅਨਡਿੱਠੇ ਦੇ,
ਬਿਰਹੋਂ ਦੇ ਵਿਚ ਸਾੜਨ ਵਾਲੇ,
ਚਲੇ ਗਏ ਦਿਨ ਤਰਲਿਆਂ ਵਾਲੇ,
ਹੁਣ ਵੇਲਾ ਹੈ ਅਪਣੇ ਗੁਣ ਦੀ,
ਅਪਣੀ ਸੂਝ ਦੀ,
ਅਪਣੀ ਖੁਦੀ ਦੀ,
ਜੋਤ ਜਗਾ ਕੇ,
ਆਪ ਨੂੰ ਤਕਣਾ,
ਅਤੇ ਤਕਾਣਾ ।
ਇਕ ਸੀਨ ਦੇਖ ਕੇ
ਪੌਣ ਪੁਰੇ ਦੀ ਵੱਗੀ ਡਾਲਾਂ ਝੂੰਮ ਗਈਆਂ।
ਜਿਉਂ ਅੰਬੀਂ ਮੁਟਿਆਰਾਂ ਝੂਟੇ ਲੈਣ ਪਈਆਂ ।
ਚਰੀਆਂ ਸਰ ਸਰ ਕੀਤੀ ਜੀਆ ਮੌਲ ਗਿਆ।
ਜੰਮੂ ਰੰਗੀ ਘਟ ਦਾ ਸਾਇਆ ਆਣ ਪਿਆ ।
ਸਜ਼ਬਾ ਸਾਇਆ ਮਿਲ ਜੰਗਾਲੀ ਹੋਣ ਲੱਗਾ।
ਮੇਰੇ ਦਿਲ ਦੀ ਸਾਰੀ ਕਾਲਖ ਧੋਣ ਲੱਗਾ।
ਅੰਬਰੋਂ ਲਿਸ਼ਕੀ ਬਿਜਲੀ ਦੋਧੀ ਰੰਗ ਬਣਿਆ।
ਪਲ ਵਿਚ ਪੁੰਨਿਆ ਮੱਸਿਆ ਤਾਣਾ ਆ ਤਣਿਆ
ਬੱਦਲ ਸਹਿਜੇ ਸਹਿਜੇ ਅਰਸ਼ੋਂ ਝੁੱਕ ਪਿਆ ।
ਧਰਤੀ ਦੀ ਤਕ ਰੌਣਕ ਸੋਹਣਾ ਰੁੱਕ ਗਿਆ ।
ਗੁਣ ਉੱਤੇ ਗੁਣ ਵਾਲਾ ਰੀਝਾਂ ਕਰ ਬਹਿੰਦਾ ।
ਰੀਝ ਭਰੀ ਭੋਂ ਵੱਲੇ ਦਰਿਆ ਖੁਦ ਵਹਿੰਦਾ ।
ਰੀਝਾਂ ਦਾ ਸਰਦਾਰ ਮੋਰ ਔਹ ਆਇਆ ਹੈ।
ਅੱਖਾਂ ਵਿਚ ਬੱਦਲ ਦਾ ਰੰਗ ਸਮਾਇਆ ਹੈ ।
ਰੋਮ ਰੋਮ ਵਿਚ ਰੰਗ ਅਨੋਖਾ ਜਾਣ ਲੱਗਾ।
ਮਸਤੀ ਦੇ ਵਿਚ ਆ ਕੇ ਪੈਲਾਂ ਪਾਣ ਲੱਗਾ।
ਪੈਲੀ-ਰੰਗਤ ਦਾ ਹੁਣ ਝਰਣਾ ਝਰਨ ਲੱਗਾ।
ਮੋਰ, ਅੰਦਰ ਦੀਆਂ ਗੱਲਾਂ ਉੱਚੀ ਕਰਨ ਲੱਗਾ ।
ਬੱਦਲ ਦੀ ਧੂਹ ਕਰ ਕੇ ਚੁੱਕਣ ਪੈਰ ਲੱਗਾ ।
ਸੱਪ ਸਰਕਿਆ ਸਾਹਵੇਂ ਵਿਸਰਨ ਵੇਰ ਲੱਗਾ ।
ਅਜਬ ਹਨੇਰੇ ਵਿੱਚੋਂ ਚਾਨਣ ਪਾਇਆ ਹੈ।
ਬੁੱਧ ਜੀ ਵਾਕਰ ਇਸ ਵਿਚ ਨੂਰ ਸਮਾਇਆ ਹੈ ।
ਪੰਜਾਬੀ
ਅਪਭ੍ਰੰਸ਼ ਦੀ ਜੋ ਨਹੀਂ ਪਿਆਰੀ,
ਤਦ ਭਵ ਵਿਚ ਜਿਸ ਉਮਰ ਗੁਜ਼ਾਰੀ।
ਜਿਹੜੀ ਪੰਜਾਂ ਵਹਿਣਾਂ ਉੱਤੇ,
ਰਾਜ ਬਿਨਾਂ ਪਈ ਹੁਕਮ ਚਲਾਵੇ ।
ਜਿਸ ਫਰੀਦ ਨੂੰ ਬੋਲ ਸੁਣਾਏ,
ਤੇ ਨਾਨਕ ਤੋਂ ਗੀਤ ਗਵਾਏ।
ਅਮਰ ਦਾਸ ਨੇ ਆਨੰਦ ਲੀਤਾ,
ਗੋਗੀ ਮੰਗੀ ਮਾਈਂ ਮੀਤਾ !
ਦਾਮੋਦਰ ਦੇ ਸਿਰ ਹੱਥ ਧਰ ਕੇ,
ਅੱਖੀਂ ਡਿੱਠੇ ਲੇਖ ਲਿਖਾਏ।
ਸ਼ਾਹ ਹੁਸੈਨ ਨੇ ਦੁੱਧੂ ਪੀ ਪੀ,
ਖੂਬ ਪਿਆਈ ਸੂਫੀ ਮੱਤ ਦੀ।
ਬੁੱਲ੍ਹੇ ਛੱਡੀ ਲੀਹ ਸ਼ੀਰਾਜ਼ੀ,
ਜਿਸ ਕਰਕੇ ਇੱਜ਼ਤ ਲਈ ਕਾਫ਼ੀ ।
ਜਿਸ ਦੇ ਸਦਕੇ ਵਾਰਸ ਸ਼ਾਹ ਨੇ,
ਦਿਲ ਤੇ ਵਾਹੇ ਵਤਨੀ ਨਕਸ਼ੇ ।
ਜਿਸ ਨੇ ਸੋਹਣੀ ਲਹਿਰਾਂ ਅੰਦਰ,
ਰਚਦੀ ਦੇਖੀ ਪ੍ਰੀਤੀ ਮੰਦਰ ।
ਤਪਦੀ ਸੱਸੀ ਹਿੱਕੇ ਲਾਈ,
ਸਾਹਿਬਾਂ ਦੀ ਜਿਸ ਕਦਰ ਕਰਾਈ।
ਬਾਲ ਹਕੀਕਤ ਰਾਏ ਜੀ ਦੀ
ਬਾਲੀ ਚਿਖਾ ਜਿੰਨ੍ਹੇ ਵਿਚ ਛਾਤੀ।
ਜਿਹੜੀ ਵੈਣ ਅਨੋਖੋ ਪਾਉਂਦੀ,
ਨੈਣੋਂ ਦਿਲ ਦੇ ਵਹਿਣ ਵਹਾਉਂਦੀ।
ਜਿਸ ਦੇ ਢੋਲੇ, ਮਾਹੀਏ, ਟੱਪੇ,
ਇਸ਼ਕੀ ਬੇੜੀ ਦੇ ਲਈ ਚੱਪੇ ।
ਜਿਦੀ ਬੁਝਾਰਤ ਸਨ ਪਰਚਾਉਂਦੀ,
ਨਾਲ ਸਿਆਣਪ ਅਕਲ ਸਿਖਾਉਂਦੀ,
ਜਿਹੜੀ ਨੱਚਦੀ ਗਿੱਧੇ ਪਾ ਪਾ,
ਜਿਹੜੀ ਮੱਚਦੀ ਵਾਰਾਂ ਗਾ ਗਾ ।
ਦੇਂਦੀ ਅਤੀ ਰਸੀਲੇ ਹੋਕੇ,
ਆੜੂਆਂ ਨੂੰ ਆਖੇ ਪੇੜੇ।
ਜਿਦੇ ਸੁਹਾਗਾਂ ਘੋੜੀਆਂ ਕਰ ਕੇ,
ਹੋ ਜਾਂਦੇ ਨੇਂ ਪੱਕੇ ਰਿਸ਼ਤੇ ।
ਜਿਦੇ ਅਖਾਣਾਂ ਦੀਆਂ ਖਾਣਾਂ,
ਲਾਉਣ ਬਹਾਰਾਂ ਨੀਤੀ ਦੀਆਂ।
ਗਾਧੀ ਬੈਠਾ ਜਿਨੂੰ ਧਿਆਏ,
ਹਲ ਵਾਹੁੰਦਾ ਜਿਸ ਦੇ ਗੁਣ ਗਾਏ,
ਬਾਲ ਨਿਆਣਾ ਬੋਲ ਸਿਞਾਣੇ,
ਅਨਪੜ੍ਹਿਆ ਵੀ ਰਮਜ਼ ਪਛਾਣੇ ।
ਦੱਸੋ ਓਹਨੂੰ ਕਿਵੇਂ ਭੁਲਾਵਾਂ,
ਅਪਣੀ ਆਬ ਨੂੰ ਆਪ ਗਵਾਵਾਂ।
ਰੇਸ਼ਮ ਦਾ ਕੀੜਾ
ਅੰਦਰੋਂ ਅਪਣਾ ਆਪ,
ਦਸਦਾ ਕੀੜਾ ਰੇਸ਼ਮੀ ।
ਅਚਕਨ ਪੱਗ ਸਵਾਰ,
ਬਣ ਬੈਠਾ ਸਰਦਾਰ ਮੈਂ ।
ਵੀਹਵੀਂ ਸਦੀ
ਇਸ ਅਧਖੜ ਸਦੀ ਸਿਆਣੀ ਨੇ,
ਹਿਮਤਾਂ ਰੱਤੀਆਂ ਜੀਵਨ ਜੁਗਤਾਂ,
ਹਰ ਇਕ ਬੰਦੇ ਨੂੰ ਦੇ ਦਿਤੀਆਂ।
ਪਰ ਨਹੀਂ ਮਜ਼ਦੂਰ ਸੰਭਾਲ ਸਕੇ,
ਸਚ ਨਹੀਂ ਰਖਦੇ ਫੋਕਟ ਧਰਮੀ।
ਇਨਸਾਫ਼ਾਂ ਨੂੰ ਰਮਜ਼ਾਂ ਦਸਦੀ:-
ਏਨਾ ਡੰਨ ਚਾਹੀਏ ਮੁਜਰਮ ਨੂੰ,
ਜੋ ਬਾਪੂ ਵਾਂਙ ਸੁਧਾਰ ਦਏ।
ਕੈਦੀ ਨੂੰ ਫਾਂਸੀ ਲਾਉਣਾ ਕੀ ?
ਜੀਵਣ ਦਾ ਵਾਂਸ ਮੁਕਾਉਣਾ ਕੀ ?
ਚੱਜ ਸਦਕਾ ਰੁੱਖੇ ਵਾਂਸੋਂ ਹੀ,
ਵੰਝਲੀ ਦੀ ਕੂਕ ਸੁਣੀਂਦੀ ਹੈ ।
ਨਹੀਂ ਉਡਦੀਆਂ ਗੱਲਾਂ ਤੇ ਮਰਦੀ,
ਰਚਦੀ ਨਹੀਂ ਨਗਰ ਅਫ਼ਲਾਤੂ ਦਾ,
ਤੇ ਖ਼ਿਆਲੀ ਰਾਜ ਚਲਾਉਂਦੀ ਨਹੀਂ ।
ਵਰਤੋਂ ਬਾਹਰੇ ਇਖ਼ਲਾਕਾਂ ਤੋਂ,
ਕੰਨੀ ਕਤਰਾਂਦੀ ਜਾਂਦੀ ਹੈ।
ਮਮਤਾ ਤੇ ਮਿੱਤਰਤਾ ਕੋਲੋਂ,
ਵਧ ਜਗਤ ਪ੍ਰੀਤ ਸੁਣਾਈ ਸੂ ।
ਕਹਿੰਦੀ ਹੈ ਹੀਰ ਵਿਚਾਟੀ ਦਾ,
ਕੋਈ ਵਾਧਾ ਨਹੀਂ, ਕੋਈ ਦੋਸ਼ ਨਹੀਂ ।
ਰਾਂਝਣ ਨੂੰ ਆਪ ਉਕਸਾਇਆ ਸੀ,
ਮਾਪੇ ਮੁਕਰੇ ਸਨ ਕੌਲਾਂ ਤੋਂ ।
ਚੰਨੇ ਦੀ ਖਿੱਚ ਨਹੀਂ ਇਹਨੂੰ,
ਉਹ ਤਾਰੇ ਮੱਧਮ ਪਾਉਂਦਾ ਹੈ ।
ਇਸ ਵੱਖਰਾ ਦੰਨ ਚਮਕਾਉਣਾ ਹੈ,
ਜਿਸ ਨੇ ਹਰ ਤਾਰੇ ਦੀ ਰੌਣਕ,
ਖੋਹਣੀ ਨਹੀਂ ਚੌਣੀ ਕਰਨੀ ਹੈ।
ਸਮਰਾਜੀ ਜੰਗੀ ਲੀਲਾ ਨੂੰ,
ਤਕਦੇ ਹੀ ਡੋਬਾਂ ਪੈਣ ਪਈਆਂ ।
ਤੁਹਿੰਦੀ ਨਹੀਂ ਹੱਕ ਲੜਾਈ ਤੋਂ,
ਟੁੰਬਦੀ ਪਈ ਹੈ ਮਜ਼ਦੂਰਾਂ ਨੂੰ ।
ਨਿੱਕੇ ਵਿੱਚ ਵੀ ਜੋਤ
ਤਾਰੇ ਡਲਕੂੰ ਡਲਕੂੰ ਕਰਦੇ,
ਜਦ ਸੂਰਜ ਆਣ ਦਬਾ ਲੈਂਦਾ,
ਅੰਬਰ ਹਿਕ ਵਿਚ ਲੁਕਾਂਦਾ ਹੈ।
ਵੱਡੇ ਦੇ ਉਤੇ ਮਰਦਾ ਨਹੀਂ,
ਨਿਕਚੂ ਤੋਂ ਨਿਕਚੂ ਤਾਰੇ ਵਿਚ,
ਇਕ ਜੋਤ ਨਿਰਾਲੀ ਤਕਦਾ ਹੈ ।
ਤੇ ਏਸ ਨਿਗਾਹ ਦੇ ਉਤੇ ਹੀ,
ਰਬ ਰਸ਼ਕ ਜਿਹਾ ਹੀ ਕਰਦਾ ਹੈ।
ਗੁਲਦਸਤਾ
ਹਰ ਬੋਲੋਂ ਰਮਜ਼ ਸੁਝਾਵ ਵੀ,
ਹਰ ਰੰਗੋਂ ਰੂਪ ਦਿਖਾਵੋ ਵੀ।
ਮੈਥੋਂ ਜੇ ਸ਼ਕਲ ਵਹਾਉਣੀ ਜੇ,
ਤਾਂ ਹੱਥੀਂ ਕਲਮ ਫੜਾਵੋ ਵੀ।
ਜੇ ਅਪਣਾ ਭਗਤ ਰਿਝਾਉਣਾ ਹੈ,
ਤਾਂ ਤੀਰ ਕਮਾਨ ਸਜਾਵੋ ਵੀ।
ਜੇ ਬਾਪੂ ਬਣਨਾ ਚਾਹੁੰਦੇ ਹੋ,
ਤਾਂ ਪੁੱਤਾਂ ਨੂੰ ਪਰਚਾਵੇ ਵੀ ।
ਕੁਲ ਰੰਗ ਕੁਰੰਗਤ ਫੜ ਗਏ ਨੇਂ,
ਹੁਣ ਇੱਕੋ ਰੰਗ ਲਿਆਵੋ ਵੀ।
ਸਦੀਆਂ ਤੋਂ ਜੋ ਹਾਂ ਪੀਂਦੇ ਪਏ,
ਉਸ ਮੁੱਸੀ ਨੂੰ ਉਲਟਾਵੋ ਵੀ।
ਬੇਸ਼ਕ ਮਜਲਿਸ ਹੈ ਸਾਕੀ ਦੀ,
ਪਰ ਅਪਣਾ ਰੰਗ ਜਮਾਵੋ ਵੀ।
ਗੁਣ ਗੁਣ ਵਿਚ ਉਮਰ ਗੁਜ਼ਾਰੀ ਜੇ,
ਮੀਰਾਂ ਦੇ ਵਾਂਙੂ ਗਾਵੋ ਵੀ।
ਮਾਲੀ ਨੇ, ਫੁੱਲ ਉਡਾਉਣੇ ਨੇਂ,
ਵੇਲਾ ਹੈ ਬਾਗ਼ ਮਹਿਕਾਵੋ ਵੀ।
ਜੋ ਬੈਠੇ ਮੌਜਾਂ ਮਾਣ ਰਹੇ,
ਓਹਨਾ ਨੂੰ ਤਾਂ ਸਮਝਾਵੋ ਵੀ ।
ਹਰਨਾਖਸ਼ ਨੂੰ ਜੋ ਮੱਤ ਦਏ,
ਇਕੋ ਹੀ ਪੁੱਤ ਬਣਾਵੋ ਵੀ।
ਸੰਸਾਰ ਬਣਾ ਤਾਂ ਬੈਠੇ ਹੋ,
ਪਰ ਮੱਛੀਆਂ ਨੂੰ ਬਚਵਾਵੋ ਵੀ ।
ਕਿਉਂ ਪੰਜੇ ਵਹਿਣ ਸੁਕਾਏ ਜ,
ਇਸ ਕੀਤੀ ਤੇ ਸ਼ਰਮਾਵੋ ਵੀ।
ਉੱਨੀ ਸੌ ਸੰਤਾਲੀ
ਚੜ੍ਹਿਆ ਮਾਂਹ ਅਗਸਤ ਦਾ ਫੁੱਟ ਵਜਾਇਆ ਢੋਲ,
ਹਿੰਦੂ ਮੁਸਲਿਮ ਰਾਜ ਦਾ, ਜਾਤਾ ਹੋਣਾ ਘੋਲ ।
ਪਿੜ ਬੱਧਾ ਸੀ ਕੂੜ ਨੇ, ਫਰਜ਼ ਨ ਢੁੱਕਾ ਕੋਲ,
ਖਾਰਾਂ ਛਿੰਝਾਂ ਪਾਈਆਂ, ਦਰਦ ਨ ਸਕਿਆ ਬੋਲ ।
ਡੰਡ ਪੇਲੇ ਸ਼ੈਤਾਨ ਨੇ, ਸਾਰੇ ਕਪੜੇ ਖੋਲ੍ਹ,
ਹਠ ਨੇ ਕੱਢੀਆਂ ਬੈਠਕਾਂ ਸਬਰ ਗਿਆ ਸੀ ਡੋਲ ।
ਗਰਜ਼ਾਂ ਪਗੜਾਂ ਕੀਤੀਆਂ, ਪ੍ਰੀਤ ਰਹੀ ਅਨਭੋਲ,
ਕਢਿਆ ਪੈਰੋਂ ਅਮਨ ਨੂੰ ਸਿਰ ਫੜ ਸੁੱਟਿਆ ਰੋਲ।
ਖੁੱਲ੍ਹ ਗਿਆ ਮੈਦਾਨ ਵਿਚ ਦੀਨ ਧਰਮ ਦਾ ਪੋਲ ।
ਲੀਕਾਂ ਪਾ ਪਾ ਤਾਣਿਆ, ਬਦਲਿਆਂ ਨੇ ਜਾਲ,
ਪੰਜੇ ਪਾਣੀ ਰੋ ਪਏ, ਜਾਲ ਖਿਚੀਵਣ ਨਾਲ ।
ਡੋਲੇ ਸਹਿਕਣ ਜਿਸ ਤਰ੍ਹਾਂ ਤੜਫ ਤੜਫ ਗਏ ਬਾਲ,
ਮੱਛੀਆਂ ਵਾਂਙ ਤਰੀਮਤਾਂ ਹੋਈਆਂ ਬਹੁਤ ਬੇਹਾਲ ।
ਚਾਨਿਆਂ ਵਾਂਙੂ ਰੁਲ ਗਏ ਪੋਟੇ ਡੇਲੇ ਵਾਲ,
ਲੋਥਾਂ ਦੇ ਇਉਂ ਢੇਰ ਸਨ ਜਿਉਂ ਲਕੜਾਂ ਦੇ ਟਾਲ ।
ਗੋਰਾ ਲਾਂਭੇ ਹੋ ਗਿਆ ਸਿਰ ਸਿਰ ਭਾਂਬੜ ਬਾਲ,
ਕਾਲ ਦਿਓਤਾ ਸਮਝਿਆ ਆਹਾਂ ਨੂੰ ਝਣਕਾਰ,
ਜਾਣ ਲਿਆ ਕਿ ਮਿੱਝ ਨੇ ਦਿੱਤਾ ਫਰਸ਼ ਸਵਾਰ।
ਉੱਠੀ ਸੀ ਸੜਿਹਾਂਦ ਜੋ ਉਸ ਜਾਤੀ ਮਹਿਕਾਰ,
ਹੌਂਕੇ ਲੀਤੇ ਗਭਰੂਆਂ ਉਹਨੇ ਲਿਆ ਵਿਚਾਰ,
ਵਜਦੇ ਪਏ ਮਿਰਦੰਗ ਨੇ ਗੱਤ ਦੀ ਲਾਣ ਬਹਾਰ ।
ਖੋਪਰੀਆਂ ਜਿਉਂ ਕੈਂਸੀਆਂ ਪਈਆਂ ਬਾਝ ਸ਼ੁਮਾਰ ।
ਢਿਡ ਸਨ ਲੰਬੇ ਸਾਹ ਤੇ ਤਬਲੇ ਸਮਝ ਹਜ਼ਾਰ,
ਨਾਰਾਂ ਵੀਣਾਂ ਜਾਤੀਆਂ ਅਬਰਾਂ ਬੱਧੀ ਤਾਰ ।
ਗਿਰਝਾਂ ਕਾਂ ਪਖਾਵਜੀ ਬੰਨ੍ਹ ਬੰਨ੍ਹ ਆਏ ਡਾਰ,
ਮਚਿਆ ਤੇ ਮੱਛਰ ਪਿਆ ਉਹ ਕਿਲਕਾਰੀ ਮਾਰ।
ਕੀਤਾ ਤਾਂਡਵ ਨਾਚ ਉਸ ਧਮਕ ਪਿਆ ਸੰਸਾਰ ।
ਲੌ ਜੀ
ਦਿਲ ਨੂੰ ਨਾ ਰੋਕੋ ਇਲਮਾਂ ਤੋਂ,
ਸਿਰ ਨੂੰ ਨਾ ਟੋਕੋ ਖੋਜਾਂ ਤੋਂ।
ਇਲਮਾਂ ਤੇ ਖੋਜਾਂ ਕਰ ਕੇ ਹੀ,
ਜੀਵਨ ਜੁਗਤੀ ਲਭ ਲਭ ਪੈਂਦੀ।
ਇਹ ਵਰਤੋਂ ਵਿੱਚ ਜਦੋਂ ਆਵੇ,
ਕੁਲ ਫਲਸਫਿਆਂ ਤੋਂ ਵਧ ਜਾਵੇ।
ਅਰਜਨ ਗੁਰ ਸਤਿਆ ਗ੍ਰਹਿ ਕਰ
ਜੁਗਤੀ ਨੂੰ ਜੀਵਨ ਦੇਂਦੇ ਗਏ।
ਪਰ ਜੁਗਤੀ ਵਕਤ ਸਮਾਂ ਤੱਕੇ,
ਜਗ ਖਾਤਰ ਰੰਗ ਵਟਾਂਦੀ ਏ।
ਟਿੱਕੀ ਹੋਵੇ ਉਸ ਰੰਗਤ ਤੇ,
ਨਾ ਨਿੰਦੋ ਨਾਸਤਕਤਾ ਕਹਿ ਕੇ।
ਜਿਉਂ ਵਹਿਣ ਹਿਮਾਲਾ ਤੋਂ ਨਦੀਆ
ਨਿੱਕੀਆਂ ਕੁਝ ਵੱਡੀਆਂ ਅੱਤ ਦੀਆਂ
ਭਾਵੇਂ ਸਭ ਦੇ ਰਸਤੇ ਵੱਖਰੇ,
ਪਰ ਪੁਜਦੇ ਇੱਕੋ ਟੀਚੇ ਤੇ ।
ਸਾਰੇ ਹੀ ਵਡਿਆਂ ਦਾ ਨੁਕਤਾ,
ਇੱਕੋ ਹੈ ਜਗਤ ਪ੍ਰੀਤੀ ਦਾ ।
ਸੋਰਠਾ
ਇਸ ਖੇੜੇ ਦਾ ਰਾਜ਼,
ਦਸਿਆ ਨਹੀਂ ਬਸੰਤ ਨੇ ।
ਹੁਣ ਫੁੱਲਾਂ ਨੇ ਆਪ,
ਅਪਣਾ ਆਪ ਦਿਖਾਉਣਾ ।
ਇਨਸਾਨੀ ਜੁਗ
ਉਠ ਦੇਖ ਮਨਾ ਕੀ ਬਣਿਆ ਹੈ ?
ਵਕਤਾਂ ਕੀ ਤਾਣਾ ਤਣਿਆ ਹੈ ?
ਹੁਣ ਦੌਰ ਖਿਆਮੀ ਨਹੀਂ ਚਲਣਾ।
ਲੈਲਾ ਮਜਨੂੰ ਪਿੜ ਨਹੀਂ ਮਲਣਾ ।
ਰੂਮੀ ਦੀ ਦਾਲ ਨਹੀਂ ਗਲਣੀ ।
ਹਾਫਿਜ਼ ਦੀ ਸੁਰ ਵੀ ਨਹੀਂ ਰਲਣੀ।
ਹੁਣ ਵਾਰਸ ਦਾ ਰੰਗ ਰਹਿਣਾ ਨਹੀਂ ।
ਹਾਸ਼ਮ ਦਾ ਵੀ ਢੰਗ ਰਹਿਣਾ ਨਹੀਂ ।
ਸ਼ੰਕਰ ਦੇ ਉੱਤੇ ਰਹਿਣਾ ਕਿਸ ?
ਅਦਵੈਤਾਂ ਉੱਤੇ ਬਹਿਣਾ ਕਿਸ ?
ਸੋਚੀ ਹੋਈ ਸੋਚ ਵਧਾਉਣੀ ਹੈ ।
ਤੇ ਰੱਬੀ ਖੋਜ ਪੁਗਾਉਣੀ ਹੈ ।
ਹੁਣ ਰੱਬ ਡਰਾਉਣਾ ਨਹੀਂ ਰਹਿਣਾ।
ਭਰਮਾਂ ਦਾ ਖਿਡਾਉਣਾ ਨਹੀਂ ਰਹਿਣਾ।
ਨਹੀਂ ਵੱਖਰਾ ਵੇਸ ਬਣਾਵੇਗਾ ।
ਨਹੀਂ ਓਪਰਾ ਨਜ਼ਰੀਂ ਆਵੇਗਾ।
ਨਹੀਂ ਖ਼ੁਦੀ ਖ਼ਰੀਦੇ ਗਾ ਸਾਡੀ।
ਨਹੀਂ ਅਪਣਾ ਬਣਾਏ ਗਾ ਢਾਡੀ।
ਹੁਣ ਹੁਨਰ ਹੀ ਰੱਬ ਕਹਾਉਣਾ ਹੈ।
ਇਹ ਹਰਿ ਹਰ ਵਿੱਚ ਸਮਾਉਣਾ ਹੈ।
ਹੁਣ ਲਗਣੇ ਗੇੜ ਚੁਰਾਸੀ ਦੇ,
ਕਿ ਹਰ ਜੂਨੀ ਦੀ ਸਾਰ ਮਿਲੇ ।
ਆਉਣਾ ਹੈ ਜੁਗ ਇਨਸਾਨਾਂ ਦਾ,
ਝੁਕਣਾ ਹੈ ਸਿਰ ਅਸਮਾਨਾਂ ਦਾ
ਗੁਲਦਸਤਾ
ਅਜ ਵੱਖਰੀ ਚੀਜ਼ ਸੁਣਾਈਂ,
ਹੁਣ ਵੱਖਰਾ ਰਾਗ ਬਣਾਈਂ ।
ਹੋਰਾਂ ਰੰਗਾਂ ਕੀ ਕਰਨਾ ?
ਇਕ ਰੰਗ ਮਜੀਠ ਕਰਾਈਂ ।
ਸਾਰੀ ਤਸਵੀਰ ਬਣੇ ਆਪੇ,
ਦੋ ਚਾਰ ਲਕੀਰਾਂ ਪਾਈਂ ।
ਫੁਲਾਂ ਨੂੰ ਪਾਣੀ ਲਾ ਲੈ,
ਇਹਨਾਂ ਨੂੰ ਫੇਰ ਫਬਾਈਂ ।
ਔਹ ਵਖਰੀ ਬੋਲੀ ਬੋਲਣ,
ਤੂੰ ਅਪਣੀ ਠੇਠ ਸੁਣਾਈ ।
ਲੋਹਿਆ ਲਾਲ ਮਸਾਂ ਹੋਇਆ,
ਵੇਲਾ ਈ ਸੱਟਾਂ ਲਾਈਂ ।
ਪਹੁ ਫੁੱਟੀ ਲਾਲੀ ਚਮਕੀ,
ਨੈਣਾਂ ਦੇ ਵਿੱਚ ਵਸਾਈਂ ।
ਮਹਾਂ ਕਵੀ ਡਾਂਟੇ ਨਾਲ
ਮੁੱਲਾਂ ਪੰਡਤਾਂ ਸੁਰਗ ਰਚਾਏ,
ਦਿੱਤੇ ਭਰਮੀ ਜਾਲ ਖਲਾਰ ।
ਪਰ ਭਾਵੇਂ ਤੂੰ ਨਰਕ ਬਣਾਏ,
ਕੀਤਾ ਸਤਿ ਦਾ ਹੀ ਸਤਿਕਾਰ।
ਹੰਢੇ ਵਰਤੇ ਲੋਕ ਵਸਾਏ,
ਜਿਹੜੇ ਦਿਲ ਦੇ ਕਾਲੇ ਸਨ,
ਪਰ ਕੀ ਤੇਰੇ ਨਰਕਾਂ ਰਖਿਆ,
ਤੇਜਾ ਸਿੰਘ ਜਿਹਾ ਗੱਦਾਰ ?
ਕੀ ਗੁਰਦਾਸ ਦਾ ਉਹ ਤੱਕਿਆ ਈ-
ਜਿਸ ਨੇ ਕੀਤੀ ਜਾਣੀ ਨਹੀਂ ?
ਚੇਤੇ ਈ ਉਸ ਦੀਆਂ ਨਜ਼ਰਾਂ,
ਜੋ ਜੋ ਵੀ ਕੀਤੀ ਸੀ ਕਾਰ ?
ਕੀ ਤੂੰ ਗੰਗੂ ਲੱਭ ਸਕਦਾ ਹੈਂ,
ਅਪਣੇ ਨਰਕਾਂ ਦੇ ਵਿੱਚੋਂ ?
ਪ੍ਰਿਥੀਏ ਵਰਗਾ ਹੀ ਇਕ ਦਸ ਦੇ,
ਜਿਸ ਨੇ ਕੀਤਾ ਵੀਰ ਪਿਆਰ ?
ਤੇਰੇ ਨਰਕਾਂ ਹੱਦੋਂ ਵਧ ਕੇ,
ਅਪਣੇ ਪੈਰ ਪਸਾਰੇ ਨੇਂ,
ਕਿਹੜੀ ਕਾਲ ਕੋਠੜੀ ਪਾਇਆ,
ਕੈਦੋ ਵਰਗਾ ਭਾਜੀ ਮਾਰ ?
ਹੁਨਰੋਂ ਸਖਣੇ ਕਲਾ ਪ੍ਰੇਮੀ,
ਕੀ ਤੂੰ ਪਿੰਜਰੀਂ ਪਾਏ ਨੇਂ,
ਜਿਨ੍ਹਾਂ ਸਾਹਿੱਤਕ ਤੇਜ ਗਵਾਇਆ,
ਪਾ ਲਿਹਾਜ਼ਾਂ ਦਾ ਅੰਧਕਾਰ ?
ਕੀ ਤੂੰ ਉਹ ਵੀ ਸ਼ਾਇਰ ਟੰਗੋ,
ਜੋ ਦਬਾਉਂਦੇ ਸੰਗ ਅਪਣਾ,
ਮੂੰਹੋਂ ਫੁਲ ਕਿਰਦੇ ਪਏ ਜਾਪਣ,
ਤੇ ਵਿੱਚੋਂ ਹਨ ਖਾਰੇ ਖਾਰ ?
ਕੀ ਤੂੰ ਉਹ ਵੀ ਲੇਖਕ ਨੱਪੇ,
ਜੋ ਅਪਣਾ ਹੀ ਰੋਣਾ ਰੋਣ,
ਲੋਕ ਪਿਆਰੋਂ ਪੂਰੀ ਪਤ ਝੜ,
ਪਰ ਲਾਉਂਦੇ ਨੇਂ ਲਾਲ ਬਹਾਰ ?
ਕੀ ਤੂੰ ਵਿੱਸ ਭਰੀ ਗੰਦਲ ਦੀ,
ਜ਼ਰਾ ਛਿਲਾਈ ਕਰਨੀ ਨਹੀਂ,
ਨਾਂ ਲਈ ਅਣਖਾਂ ਰੋੜ੍ਹੀ ਜਾਂਦੀ,
ਬਣ ਬੈਠੀ ਗੰਗਾ ਦੀ ਧਾਰ ।
ਸੱਚ ਮੈਨੂੰ ਦਸ ਇਹਨਾਂ ਨੂੰ ਵੀ,
ਕੋਹਲੂ ਅੱਗੇ ਜੋਵੇਂਗਾ ।
ਬੇ-ਪਰਬੰਧੀ ਵੰਡ ਕਤਾ ਕੇ,
ਜਿਹੜੇ ਕਰ ਗਏ ਦੇਸ ਖਵਾਰ ?
ਓ ਉਸਤਾਦਾ ਮੇਰੀ ਜਾਚੇ,
ਓਹਨਾਂ ਲਈ ਅੱਡ ਨਰਕ ਬਣਾ,
ਜੋ ਸਦੀਆਂ ਦਾ ਹੁਨਰ ਲੁਕਾ ਕੇ,
ਬਨਣਾ ਚਾਹੁੰਦੇ ਚਿਤਰਕਾਰ ।
ਪਰ ਕੀ ਤੂੰ ਨਿੱਤ ਨਰਕ ਬਣਾ ਕੇ,
ਦੁਨੀਆਂ ਸੌਖੀ ਕਰ ਦਏਂਗਾ ?
ਨਰਕਾਂ ਦੀ ਜੜ੍ਹ ਮੂਲ ਭੁੱਖ ਜੋ,
ਉਸ ਦੀ ਵੀ ਕਰ ਸੋਚ ਵਿਚਾਰ ।
ਭਾਈ ਨੰਦ ਲਾਲ
ਨੰਦ ਲਾਲ ਦੇ ਕੋਲੋਂ ਇੱਕੋ,
ਹੁਨਰ ਇਸ਼ਕ ਹੀ ਹੋਇਆ।
ਹੁਨਰਾਂ ਦੇ ਭੰਡਾਰੇ ਮੁਰਸ਼ਦ
ਦੇ ਉੱਤੇ ਸੀ ਮੋਇਆ।
ਹੁਨਰ ਬਣਾਉਟ ਦਿਖਾਉਂਦਾ ਹੀ ਨਹੀ
ਇਹ ਗੱਲ ਪੱਕੀ ਜਾਤੀ।
ਦਿਲ ਦੀ ਸਾਫ ਸੁਣਾਈ ਤਾਹੀਏਂ,
ਆਸ਼ਕ ਬਣਿਆ "ਗੋਇਆ
ਮਹਾਂ ਚਿਤਰਕਾਰ ਨਿਕੋਲਸ ਰੋਰਿਕ
ਨਿਤ ਅਨੰਤੀ ਰਾਗ ਸੁਣਾਏ,
ਅਪਣੀ ਸੂਝ ਰਬਾਬੋਂ।
ਚਿਤਰ ਕਲਾ ਦੀ ਬਾਣੀ ਗੂੰਜੀ,
ਮੇਰੇ ਹੀ ਪੰਜਾਬੋਂ ।
ਮਹਾਂ ਕਵੀਆ
ਕਾਲੀ ਦਾਸਾ !
ਤੇਰੀ ਸੋਚ ਉਡਾਰੀ ਅੱਗੇ
ਬੱਦਲ ਆਣ ਖਲੋਏ ।
ਭੜਕੀ ਭਾਹ ਬਿਰਹੋਂ ਦੀ ਸੀਨੇ,
ਨੈਣੋਂ ਗੰਗਾ ਜਮਨਾ ਚਲੀਆਂ।
ਖੂਬ ਪਰੋਤੀ ਰਘੁਵੰਸ਼ ਮਣੀਆਂ ਦੀ
ਮਾਲਾ ਪੰਡਤਾਂ ਹਿੱਕੇ ਲਾਈ,
ਬਉਰੇ ਬਉਰੇ ਹੋਏ।
ਰੁੱਤਾਂ ਨੂੰ ਤੂੰ ਨੀਝਾਂ ਲਾ ਲਾ ਤਕਿਆ,
ਗਰਮੀ ਦੇ ਵਿਚ ਖੰਭ ਖਿਲਾਰੀ,
ਮੋਰ ਘਰਕਦੇ ਤੱਕੇ,
ਫਣੀਅਰ ਮੋਰਾਂ ਦੀ ਛਾਂ ਅੰਦਰ,
ਧੁੱਪੋਂ ਛਹਿੰਦੇ ਵੇਖੋ,
ਪਰ ਨਹੀਂ ਦੇਖੋ ਬਾਹਮਣ ਲਾਗੇ,
ਭੀਲ ਧੁੱਪ ਵਿਚ ਸੜਦੇ ।
ਨਿੱਤ ਅਕਾਸ਼ ਬਾਣੀਆਂ ਸੁਣੀਆਂ,
ਰਾਜ ਸਮਾਜਾਂ ਦੇ ਰੌਲੇ ਵਿਚ
ਸੁਣੀ ਨ ਬੁੱਧ ਦੀ ਬਾਣੀ
ਪੰਡਤਾਂ ਦੀਆਂ
ਲੀਹਾਂ ਦੇ ਵਿਚ
ਸ਼ਕੁੰਤਲਾ ਰੱਬ
ਅਰਸ਼ੇ ਚਾੜ੍ਹ ਦਿਖਾਇਆ,
ਪਰ ਅਛੂਤ ਕੁੜੀ ਵੀ ਦਸ ਕਿਉਂ ਨਹੀਂ,
ਬਦਰੋਂ ਲਾਗੇ ਦਿੱਸੀ ।
ਹਾਂ ਜ਼ਮਾਨੇ ਸਾਜ਼ੀ ਤੋਂ ਤੂੰ
ਜ਼ਰਾ ਕੰਮ ਨਹੀਂ ਲੀਤਾ ।
ਅੱਜ ਕੱਲ ਦੇ ਸ਼ਾਇਰਾਂ ਵਾਕਰ
ਦਿਲ ਨਾਲ
ਦਗਾ ਨਹੀਂ ਕੀਤਾ ।
ਸੋਰਠਾ
ਕਾਲੀ ਡੂੰਘੀ ਰਾਤ,
ਤਕਦੇ ਤਕਦੇ ਜਾਪਿਆ।
ਜਿਉਂ ਸ਼ੀਸ਼ੇ ਵਿਚਕਾਰ,
ਦੇਖ ਰਿਹਾ ਹਾਂ ਆਪ ਨੂੰ ।
ਗੁੰਲਦਸਤਾ
ਓ ਮਾਲੀ ਫੁਲ ਸਜਾਂਦਾ ਜਾ,
ਇਹ ਬਾਗ ਬਹਿਸ਼ਤ ਬਣਾਂਦਾ ਜਾ ।
ਤੈਨੂੰ ਇਹ ਕਿਸ ਨੇ ਦੱਸਿਆ ਸੀ,
ਭਰਮਾਂ ਦੇ ਜਾਲ ਵਿਛਾਂਦਾ ਜਾ ?
ਮੁਰਸ਼ਦ ਵੀ ਆਸ਼ਕ ਬਣ ਜਾਵੇ,
ਬੁੱਲ੍ਹੇ ਦੇ ਵਾਕਰ ਗਾਂਦਾ ਜਾ ।
ਮਾਲੀ ਨਾ ਤੋੜੀਂ ਕੰਡਿਆਂ ਨੂੰ,
ਕੰਡਿਆਂ ਦੇ ਫੁਲ ਬਣਾਂਦਾ ਜਾ ।
ਇਹ ਹੱਕ ਕਿਵੇਂ ਤੂੰ ਲੀਤਾ ਪਈ,
ਅੰਮ੍ਰਿਤ ਵਿਚ ਜ਼ਹਿਰ ਮਿਲਾਂਦਾ ਜਾ ।
ਮੈਂ ਸੂਰ ਦਾਸ ਬਣਨਾ ਹੀ ਨਹੀਂ,
ਸਾਮਰਤੱਖ ਚੋਲ੍ਹ ਦਿਖਾਂਦਾ ਜਾ ।
ਹਰ ਤਾਰੇ ਦਾ ਮੁਲ ਪਾਉਣਾ ਹੈ,
ਪੁੰਨਿਆ ਨੂੰ ਰਾਜ਼ ਸੁਝਾਂਦਾ ਜਾ ।
ਜੇ ਅਰਸ਼ਾਂ ਉੱਤੇ ਰਹਿਣਾ ਈਂ,
ਫਰਸ਼ਾਂ ਦੇ ਭੇਦ ਸੁਣਾਂਦਾ ਜਾ ।
ਹਰ ਵਿਚੋਂ ਰੂਪ ਦੇਖਾ ਪਹਿਲਾਂ,
ਪਿਛੋਂ ਹਰ ਵਿਚ ਸਮਾਂਦਾ ਜਾ।
ਪੰਜਾਬ ਦਾ ਦਿਲ
(ਗੀਤ—ਢੋਲੇ ਦੀ ਧਾਰਨਾ)
ਲਟ ਪਟੀਆਂ ਪੰਗਾਂ ਮਾਹੀ ਵੇ,
ਬੰਨ੍ਹ ਗੱਭਰੂ ਆਏ ਢੋਲਾ ।
ਚਦਰਾਂ ਲਕ ਗਿਰਦੇ ਮਾਹੀ ਵੇ,
ਗਲ ਕੁੜਤੇ ਪਾਏ ਢੋਲਾ ।
ਅਗਲੇ ਅਲਗੋਜੇ ਮਾਹੀ ਵੇ,
ਔਹ ਜਾਣ ਵਜਾਂਦੇ ਢੋਲਾ ।
ਹੱਥ ਕੰਨੀਂ ਧਰ ਕੇ ਮਾਹੀ ਵੇ,
ਪਏ ਹੇਕਾਂ ਲਾਂਦੇ ਢੋਲਾ ।
ਹੱਥ ਈਕਣ ਵਜਦੇ ਮਾਹੀ ਵੇ,
ਜੀਕਣ ਖੜਤਾਲਾਂ ਢੋਲਾ ।
ਓਪਰੀਆਂ ਖੁਸ਼ੀਆਂ ਮਾਹੀ ਵੇ,
ਨਿਤ ਰਹਿਣ ਦੁਰਾਡੇ ਢੋਲਾ ।
ਇਹਨਾਂ ਨੇ ਟੁੰਬੇ ਮਾਹੀ ਵੇ,
ਤਨ ਮਨ ਹਨ ਸਾਡੇ ਢੋਲਾ।
ਬਿਆਸ ਦੇ ਜਾਏ ਮਾਹੀ ਵੇ,
ਰਾਵੀ ਦੇ ਪਾਲੇ ਢੋਲਾ ।
ਪੰਜਾਬ ਦਾ ਦਿਲ ਨੇ ਮਾਹੀ ਵੇ,
ਇਹ ਮਾਝੇ ਵਾਲੇ ਢੋਲਾ ।
ਚਿੱਟੇ ਤੇ ਕਾਲੇ ਬੱਦਲ
ਹੇ ਬੱਦਲੋ ਵੱਸਣ ਵਸਾਉਣ ਲਈ ।
ਹੇ ਕਾਲਿਓਂ ਹੱਕ ਮਨਾਉਣ ਲਈ ।
ਵੱਸੋ ਵੀ ਅੱਗ ਬੁਝਾਉਣ ਲਈ ।
ਕੜਕੋ ਖਾਂ ਮੋਏ ਜਿਵਾਉਣ ਲਈ ।
ਹੁਣ ਰਹੋ ਪਹਾੜਾਂ ਉੱਤੇ ਹੀ ਨਾ।
ਹੁਣ ਚੜ੍ਹੋ ਅਕਾਸਾਂ ਉੱਤੇ ਹੀ ਨਾ।
ਹੁਣ ਮਸਤੋ ਰੰਗਾਂ ਉੱਤੇ ਹੀ ਨਾ।
ਤੇ ਬੈਠੋ ਬੜਕਾਂ ਉੱਤੇ ਹੀ ਨਾ ।
ਜੀਵਨ ਤਾਂ ਤੱਤ ਹੈ ਸੋਚਾਂ ਦਾ,
ਜੀਵਨ ਮਜਮੂਆ ਅਮਲਾਂ ਦਾ ।
ਜੀਵਨ ਹੈ ਜੁੜਨਾ ਸੂਬਿਆਂ ਦਾ ।
ਤੇ ਬਦਲਦੇ ਰਹਿਣਾ ਬੱਦਲਾਂ ਦਾ ।
ਬਦਲੋਂ ਬਦਲਾਵੋ ਰਸਤੇ ਨੂੰ ।
ਪਰ ਬਦਲ ਨ ਜਾਣਾ ਟੀਚੇ ਨੂੰ ।
ਬਦਲਾਉਣਾ ਹੱਕ ਹੈ ਕਾਲੇ ਨੂੰ ।
ਚੱਜ ਨਹੀਂ ਆਉਂਦਾ ਜੇ ਗੋਰੇ ਨੂੰ ।
ਜਿਹੇ ਵੱਸੋ ਕਿ ਟੋਏ ਜਾਣ ਭਰੇ ।
ਜਗ ਵਿਚ ਕਾਲੇ ਦੀ ਵਾਰ ਬਣੇ।
ਚੌਧਰ ਛਡ ਗੋਰਾ ਰੀਝ ਪਵੇ
ਬਸ ਮੁੜ ਨ ਕੁਚਜੇ ਚੋਜ ਕਰੋ ।
ਬੋਲੀਆਂ
ਸੋਚਾਂ ਜਿਊਣ ਲਈ,
ਪਰ ਜੋਬਨ ਤਿਲਕਿਆ ਕੋਲੋਂ । ੧ ।
ਕਾਲੀ ਰਾਤ ਸਦਾ,
ਜੋਬਨ ਨੂੰ ਚਾਨਣੀ ਲਗਦੀ ।੨।
ਤਾਰੇ ਰੋਣ ਪਏ,
ਪਰ ਡਲ੍ਹਕਾਂ ਮਾਰੀ ਜਾਂਦੇ । ੩ ।
ਮੋਰੋ ਖੰਭ ਦਿਓ,
ਮੈਂ ਕਾਨ੍ਹ ਬਣਾਂਗੀ ਆਪੇ । ੪।
ਵੰਝਲੀ ਕੂਕ ਪਈ,
ਪਰ ਹੀਰ ਨਹੀਂ ਹੈ ਬੇਲੇ । ੫।
ਹੁਸਨ ਜਵਾਨੀ ਵੀ,
ਸਾਵਨ ਦਾ ਬੱਦਲ ਹੋਵੇ । ੬ ।
ਗੁਲਦਸਤਾ
ਜਿਸ ਚਿੱਤਰ ਨੂੰ ਰੰਗ ਲਾਇਆ ਜੇ,
ਓਹਨੂੰ ਤਾਂ ਤੋੜ ਚੜ੍ਹਾ ਜਾਣਾ ।
ਦਿੱਸਣ ਹੀਰਾਂ ਰਾਂਝੇ ਪੈਰੀਂ,
ਏਨਾ ਉੱਚਾ ਲਟਕਾ ਜਾਣਾ।
ਜਿਹੜਾ ਉਠਦਾ ਹੈ ਓਹੋ ਹੀ,
ਵਿਜੋਗੀ ਕਿੱਸਾ ਲਿਖਦਾ ਹੈ ।
ਹੈ ਆਸ ਤੁਹਾਥੋਂ ਹੀ ਮੈਨੂੰ,
ਸੰਜੋਗੀ ਕਾਵ ਬਣਾ ਜਾਣਾ।
ਹੁਣ ਲਾਲ ਜਿਹਾ ਰੰਗ ਭਾਉਣਾ ਹੈ,
ਜੇ ਪੱਕਾ ਵਾਂਙ ਮਜੀਠ ਚੜ੍ਹੇ ।
ਹੋਰਾਂ ਰੰਗਾਂ ਚੜ੍ਹ ਕੇ ਲਹਿਣਾ,
ਪਰ ਰੱਤੇ ਨੇ ਹੈ ਛਾ ਜਾਣਾ।
ਸਾਕੀ ਦਾ ਦਾਰੂ ਚਲਿਆ ਨਹੀਂ,
ਭਾਵੇਂ ਰਜ ਰਜ ਕੇ ਪੀਤਾ ਹੈ।
ਜੇ ਮੇਰਾ ਦਾਰੂ ਕਰਨਾ ਜੇ,
ਤਾਂ ਹੱਥੀਂ ਆਪ ਪਿਆ ਜਾਣਾ।
ਇਸ ਗੁੱਝੀ ਪ੍ਰੇਮ ਬੁਝਾਰਤ ਨੂੰ,
ਮੈਂ ਤਾਂ ਮਰ ਕੇ ਹੀ ਬੁਝਿਆ ਹੈ।
ਗਿਰਧਰ ਜੀ ਨੇ ਬੁੱਤ ਬਣ ਜਾਣਾ,
ਮੀਰਾਂ ਨੇ ਰੰਗ ਜਮਾ ਜਾਣਾ।
ਜੇ ਤੈਨੂੰ ਤੇਹ ਹੈ ਇਲਮਾਂ ਦੀ,
ਤਾਂ ਲੜ ਫੜ ਇਲਮ ਪਿਆਰੇ ਦਾ ।
ਇਲਮਾਂ ਨੇ ਕੁਹਜੀ ਸ਼ੈ ਤੇ ਵੀ,
ਜੀਵਣ ਦਾ ਰੰਗ ਵਿਖਾ ਜਾਣਾ।
ਸਾਹਿਤ ਨੂੰ ਕਰ ਬਦਨਾਮ ਲਿਆ,
ਗਰਜ਼ਾਂ ਭਰੀਆਂ ਪੜਚੋਲਾਂ ਨੇ,
ਹੁਣ ਚਿੱਤ੍ਰ ਕਲਾ ਤੇ ਮਿਹਰ ਕਰੋ,
ਇਹਨੂੰ ਨਾ ਦਾਗ਼ ਲੁਆ ਜਾਣਾ ।
ਤੂੰ ਅੱਖਾਂ ਹੀ ਬੰਦ ਕਰ ਲਈਆਂ,
ਔਹ ਆਇਆ ਹੰਸ ਜ਼ਮਾਨੇ ਦਾ,
ਇਸ ਦੁੱਧ ਨੂੰ ਹੀ ਮੂੰਹ ਲਾਣਾ ਹੈ,
ਪਾਣੀ ਦਾ ਮਾਣ ਰੁਲਾ ਜਾਣਾ ।
ਹਿਮੱਤ ਤੋੜੂ ਇਕ ਅੱਖਰ ਹੈ,
ਜਿਸ ਨੂੰ ਕਿ ਭਾਣਾ ਕਹਿੰਦੇ ਨੇਂ,
ਇਸ ਚਤਰ ਨੂੰ ਪਾਰ ਲੁਆ ਜਾਣਾ,
ਸਿੱਧੇ ਨੂੰ ਗਰਕ ਕਰਾ ਜਾਣਾ ।
ਹੁਨਰ
ਫੁੱਲਾਂ ਨੇਂ ਜਾਤਾ ਪੱਤੀਆਂ ਬਿਨ,
ਸਾਡੀ ਤੇ ਰਹਿਣੀ ਸ਼ਾਨ ਨਹੀਂ ।
ਪੱਤੀਆਂ ਨੇ ਜਾਣ ਲਈ ਇੱਕੋ,
ਫੁੱਲਾਂ ਬਿਨ ਕੌਡੀ ਮਾਨ ਨਹੀਂ ।
ਗੁਲਦਸਤੇ ਵਿਚ ਸਜੇ ਸਾਰੇ,
ਮਾਲੀ ਦਾ ਹੁਨਰ ਸਲਾਹੁੰਦੇ ਨੇਂ ।
ਜੋ ਏਸ ਹੁਨਰ ਨੂੰ ਚਾਹੁੰਦਾ ਨਹੀਂ,
ਉਹ ਆਗੂ ਕੀ ਇਨਸਾਨ ਨਹੀਂ ।
ਤੇਰੀ ਮਹਾਨਤਾ
ਇਸ ਦੇਹੀ ਨੂੰ ਵਿਓਤੇ ਸਿਮਰਨ,
ਦਿਲ ਦਿਮਾਗ਼ ਨੂੰ ਕਵਿਤਾ ਲੋਚੇ,
ਵਲਵਲਿਆਂ ਨੂੰ ਚਿਤਰਕਾਰੀ,
ਵੇਖ ਵੇਖ ਕੇ ਮੂਰਤ ਬਣਦੀ ।
ਤੇਰੇ ਬੰਨ੍ਹੇ ਰੱਬ ਕੋਲੋਂ ਵੀ,
ਛੁੱਟ ਨਹੀਂ ਸਕਦੇ ਖੁਲ੍ਹ ਨਹੀਂ ਸਕਦੇ ।
ਮੈਂ ਸਹੀ ਕਰਕੇ ਜਾਤਾ ਹੈ
ਰਬ ਦਾ ਬਸ ਤੂੰ ਹੀ ਹੈਂ ਮਾਨ । ੧ ।
ਤੇਰੇ ਬਿਨ ਧਰਤੀ ਤਪਦੀ ਰਹੀ,
ਮੁੜ ਜੁੱਗਾਂ ਤਕ ਠੰਢੀ ਪਈ ਰਹੀ,
ਗੋਰੀ-ਮੌਤ ਬਰਤ ਨੇ ਘੇਰੀ,
ਚਰਣਾਂ ਦੀ ਛੋਹ ਨੇ ਗਰਮਾ ਕੇ,
ਪਾ ਦਿੱਤੀ ਮਿੱਟੀ ਵਿਚ ਜਾਨ । ੨ ।
ਅਪਣੀ ਹਿੱਕ ਤੇ ਡੌਲਿਆਂ ਸਦਕਾ,
ਕੁਦਰਤ ਨੂੰ ਸੀ ਸਿੱਧਾ ਕੀਤਾ,
ਵੀਰਾਂ ਵਾਕਰ ਸਾਥੀ ਜਾਤੇ,
ਵੰਡ ਛਕਿਆ ਨ ਮਾਇਆ ਜੋੜੀ,
ਏਸੇ ਕਰਕੇ ਦੂਜੇ ਖਾਤਰ,
ਦੁਖ ਸਹਿ ਸਹਿ ਕੇ ਰਸਤਾ ਲੱਭ ਕੇ,
ਬਣਿਓਂ ਤੂੰ ਸਾਦਾ ਇਨਸਾਨ । ੩ ।
ਪਿੱਛੋਂ ਹੋਰ ਤੱਕੀ ਕੀਤੀ,
ਜੀਵਨ ਜੁਗਤਾਂ ਨਜ਼ਰੇ ਪਈਆਂ,
ਹੱਕਦਾਰਾਂ ਲਈ ਲੱਕ ਬੰਨ੍ਹ ਲੀਤਾ,
ਗੀਤਾ ਰਚ ਹੋਇਓਂ ਭਗਵਾਨ ।੪।
ਅਪਣੇ ਹੱਥੀਂ ਮੇਟ ਨ ਹਸਤੀ।
ਅਪਣੇ ਇਲਮੋਂ ਅਪਣੀ ਅਕਲੋਂ,
ਜਗਤ ਵਸਾਉਣੀ ਸਿਆਸਤ ਛਡ ਕੇ,
ਭੁਲ ਗਿਓਂ ਕਿਉਂ ? ਭਰਮ ਪਿਓਂ ਕਿਉਂ?
ਹਰ ਇਕ ਗੁਣ ਨੂੰ ਹਰ ਇਕ ਸਿਫਤ ਨੂੰ,
ਪਰ੍ਹਾਂ ਸਮਝ ਤੋਂ ਦੂਰ ਕਿਆਸੋਂ,
ਜਾਨਣ ਕਰ ਕੇ ਮਾਨਣ ਕਰ ਕੇ,
ਹੱਥ ਤੇ ਹੱਥ ਧਰ ਬੈਠ ਗਿਆ ਹੈਂ ।
ਅੱਝਾ ਬਣਿਓਂ ਸਹਿਮ ਸਹਿਮ ਕੇ,
ਆਖ ਰਿਹਾ ਹੈਂ "ਮੈਂ ਕਤਰਾ ਹਾਂ",
ਮੈਂ ਆਖਾਂ ਤੂੰ ਓਹ ਕਤਰਾ ਹੈਂ
ਜਿਸ ਵਿਚ ਸਾਗਰ ਲਹਿਰਾਂ ਲਾਣ । ੫ ॥
ਸੰਗੀਤ-ਰੈਣ
{ਸਰਦਾਰ ਸੋਭਾ ਸਿੰਘ ਆਰਟਿਸਟ ਨੇ ਕਾਲੀ ਜ਼ਮੀਨ ਕਰ ਕੇ ਗਿਣਤੀ ਦੇ ਸਫੈਦ ਖਤਾਂ ਨਾਲ ਤਸਵੀਰ ਵਾਹੀ ਹੈ।}
ਪਾ ਲਈ ਹੈ ਚੰਨ ਦੀ ਹੀ
ਬਾਂਕ ਸਾਉਲੀ ਰਾਤ ਨੇ ।
ਹੁਸਨ ਦਾ ਹੈ ਰਾਜ਼ ਦੱਸਿਆ,
ਸਤਿ ਸ਼ਿਵ ਦੀ ਜ਼ਾਤ ਨੇ ।
ਸਾਜ਼ ਸੁਰ ਕਰਦੀ ਜਿਵੇਂ ਹੈ,
"ਰੂਪ" ਹੁਸਨਾਂ ਦੀ ਪਰੀ ।
ਹੁਨਰ ਨੇ ਰੰਗ ਲਾਇਆ,
ਦੋ ਚਾਰ ਲੀਕਾਂ ਨਾਲ ਹੀ ।
ਹੋ ਰਿਹਾ ਨਹੀਂ ਰਾਗ ਤਾਂ ਵੀ,
ਮੈਂ ਹਾਂ ਸੁਣਦਾ ਜਾ ਰਿਹਾ ।
ਤਿੰਨ ਕਲਾਂ ਦੇ ਮੇਲ ਤੋਂ,
ਆਨੰਦ ਅਨੋਖਾ ਪਾ ਰਿਹਾ।